ਆਧੁਨਿਕਤਾ
ਦੇ ਇਸ ਦੌਰ ’ਚ ਅੱਜ ਸਾਡੇ ਨਿੱਤਨੇਮ ਦੇ ਕਾਰਜਾਂ ਵਿੱਚ ਦਾਤਣ-ਪਾਣੀ, ਨਹਾਉਣ-ਧੋਣ ਅਤੇ
ਅਕਾਲ ਪੁਰਖ ਦੀ ਉਸਤਤ ਦੇ ਨਾਲ-ਨਾਲ, ਜਿਹੜਾ ਇੱਕ ਜ਼ਰੂਰੀ ਅਧਿਆਏ ਹੋਰ ਜੁੜ ਗਿਆ ਹੈ, ਉਹ
ਹੈ ਸੋਸ਼ਲ ਨੈੱਟਵਰਕਿੰਗ। ਭਾਵੇਂ ਉਹ ਫੇਸਬੁੱਕ ਹੋਵੇ ਭਾਵੇਂ ਯੂ-ਟਿਊਬ ਤੇ ਭਾਵੇਂ ਕੁਝ
ਹੋਰ। ਜੇਕਰ ਹੁਣ ਇਹ ਕਹਿ ਲਈਏ ਕਿ ਅੱਜ-ਕਲ ਇਸ ਦੀ ਸਾਡੇ ਸਰੀਰ ਨੂੰ ਭੁੱਖ ਹੀ ਨਹੀਂ, ਤੋੜ
ਜਿਹੀ ਵੀ ਲਗਦੀ ਹੈ ਤਾਂ ਗ਼ਲਤ ਨਹੀਂ ਹੋਵੇਗਾ । ਜਿਸ ਦਾ ਇੱਕ ਵੱਡਾ ਕਾਰਨ ਇਹ ਹੈ ਕਿ
ਸਾਨੂੰ ਡਰ ਲੱਗਦਾ ਹੈ ਕਿ ਇਸ ਤੇਜ਼ ਤਰਾਰ ਯੁੱਗ ’ਚ ਕਿਤੇ ਅਸੀਂ ਪਛੜ ਹੀ ਨਾ ਜਾਈਏ।
ਕਿਉਂਕਿ ਜੇ ਕਿਸੇ ਮਿੱਤਰ ਪਿਆਰੇ ਨੇ ਸਾਨੂੰ ਕੋਈ ਤਾਜ਼ਾ ਕਾਂਡ ਪਹਿਲਾਂ ਸੁਣਾ ਦਿੱਤਾ ਤਾਂ
ਅਸੀਂ ਆਪਣੇ ਆਪ ਨੂੰ ਹੀਣ ਭਾਵਨਾ ਦਾ ਸ਼ਿਕਾਰ ਸਮਝਣ ਲੱਗ ਜਾਂਦੇ ਹਾਂ ਤੇ ਮੂਹਰਲਾ ਤੁਹਾਨੂੰ
ਡੰਗਰ ਸਮਝਣ ਲੱਗ ਜਾਂਦਾ ਹੈ। ਉਹ ਸੋਚਦਾ ਕਿ ਪਤਾ ਨਹੀਂ ਇਹ ਕਿਹੜੇ ਜਹਾਨ ’ਚ ਰਹਿੰਦਾ ਹੈ
! ਮੈਨੂੰ ਲੋਕਾਂ ਦਾ ਤਾਂ ਪਤਾ ਨਹੀਂ ਪਰ ਮੇਰੀ ਰੋਜ਼ਮੱਰਾ ਦੀ ਜ਼ਿੰਦਗੀ ਤਾਂ ਬਿਸਤਰੇ ਚੋਂ
ਉੱਠ ਕੇ ਲੈਪਟਾਪ ਦਾ ਬਟਨ ਦੱਬਣ ਤੋ ਸ਼ੁਰੂ ਹੁੰਦੀ ਹੈ। ਫੇਰ ਦਾਤਣ ਕੁਰਲੇ ਵੱਲ ਨੂੰ ਜਾਈਦਾ
ਹੈ ਤੇ ਸੋਚ ਇਹੀ ਹੁੰਦੀ ਹੈ ਕਿ ਆਉਂਦੇ ਨੂੰ ਲੈਪਟਾਪ ਖੁੱਲ੍ਹ ਕੇ ਤਿਆਰ ਹੋਵੇ, ਕਿਤੇ
ਕੋਈ ਵਕਤ ਬਰਬਾਦ ਨਾ ਹੋ ਜਾਵੇ।
ਜੀਵਨ ’ਚ ਆਈ ਤੇਜ਼ੀ ਦਾ ਅੱਜ ਇਹ ਆਲਮ ਹੋ ਗਿਆ ਹੈ ਕਿ ਕੁਝ ਸਾਲ ਪਹਿਲਾਂ ਜੋ ਅਸੀਂ ਟੀ.ਵੀ. ਚੈਨਲਾਂ ਦੇ ਦਾਅਵੇ ਸੁਣਦੇ ਹੁੰਦੇ ਸੀ ਕਿ ਸਭ ਤੋਂ ਪਹਿਲਾਂ ਫਲਾਂ ਖ਼ਬਰ ਸਿਰਫ਼ ਸਾਡੇ ਚੈਨਲ ਨੇ ਦਿਖਾਈ, ਪਰ ਅੱਜ ਇਹ ਤੇਜ਼ੀ ਇਕੱਲੇ ਇਕੱਲੇ ਸ਼ਖ਼ਸ ਦੇ ਹੱਥ ਆ ਚੁੱਕੀ ਹੈ। ਇਸ ਦੌੜ ’ਚ ਆਪਣੇ ਆਪ ਨੂੰ ਫੰਨੇ ਖ਼ਾਂ ਦਰਸਾਉਣ ਲਈ ਕਈ ਬਾਰ ਮੇਰੇ ਮਿੱਤਰ-ਪਿਆਰੇ ਸਾਰੀਆਂ ਹੱਦਾਂ ਬੰਨੇ ਹੀ ਟੱਪ ਜਾਂਦੇ ਹਨ। ਭਾਵੇਂ ਇਸ ਨਾਲ ਕਿਸੇ ਦਾ ਜਿੰਨ੍ਹਾਂ ਮਰਜ਼ੀ ਨੁਕਸਾਨ ਹੋ ਜਾਵੇ। ਬੱਸ ਦੁਨੀਆਂ ਤੱਕ ਇਹ ਖ਼ਬਰ ਪਹੁੰਚਾਉਣ ਵਾਲੇ ਆਪਾਂ ਪਹਿਲੇ ਇਨਸਾਨ ਹੋਣੇ ਚਾਹੀਦੇ ਹਾਂ। ਦੋਸਤੋ! ਬਹੁਤ ਘੱਟ ਲਿਖਣ ਦੀ ਕੋਸ਼ਿਸ਼ ਕਰੀ ਦੀ ਹੈ। ਪਰ ਜਦੋਂ ਪਾਣੀ ਪੁੱਲਾਂ ਉੱਤੋਂ ਦੀ ਲੰਘ ਜਾਵੇ ਤਾਂ ਕਾਗ਼ਜ਼ ‘ਤੇ ਗ਼ੁੱਸਾ ਲਾਹਉਣ ਬੈਠ ਜਾਈਦਾ ਹੈ। ਬੱਸ ਅੱਜ ਵੀ ਇਹੀ ਸਬੱਬ ਬਣਿਆ। ਦੋ ਚਾਰ ਦਿਨਾਂ ਦਾ ਫੇਸਬੁੱਕ ਦੇ ਡਾਕੀਆਂ ਦੀ ਤੇਜ਼ੀ ਤੋਂ ਹੈਰਾਨ ਹਾਂ। (ਮਾਫ਼ ਕਰਨਾ ਇਹ ਡਾਕੀਆ ਸ਼ਬਦ ਮੇਰੀ ਕਲਮ ਦੀ ਉਪਜ ਨਹੀਂ ਹੈ, ਇਹ ਉੱਘੇ ਪੰਜਾਬੀ ਗਾਇਕ ਦਿਲਜੀਤ ਦੁਸਾਂਝ ਹੋਰਾਂ ਦੇ ਸ਼ਬਦ ਹਨ। ਜਿੰਨਾ ਦਾ ਖ਼ੁਲਾਸਾ ਇਸ ਲੇਖ ’ਚ ਅੱਗੇ ਜਾ ਕੇ ਕਰਦੇ ਹਾਂ) ।
ਸਾਰੇ ਜਹਾਨ ’ਚ ਵੱਸਦੇ ਪੰਜਾਬੀਆਂ ਨੂੰ ‘ਮਾਣਕ ਸਾਹਿਬ’ ਦੇ ਇਸ ਜਹਾਨ ਤੋਂ ਰੁਖ਼ਸਤ ਹੋਣ ਦੀ ਖ਼ਬਰ ਨੇ ਧੁਰ ਅੰਦਰੋਂ ਹਿਲਾ ਦਿੱਤਾ ਸੀ। ਪਰ ਸਾਡੇ ਆਧੁਨਿਕ ਯੁੱਗ ਦੇ ਤੇਜ਼ ਤਰਾਰ ਲੋਕਾਂ ਨੇ ਉਨ੍ਹਾਂ ਨੂੰ ਦੋ ਦਿਨ ਪਹਿਲਾ ਹੀ ਇਸ ਜਹਾਨ ਤੋਂ ਤੋਰ ਦਿੱਤਾ ਸੀ। ਦੋਸਤੋ! ਪਤਾ ਨਹੀਂ ਇਸ ਦੁੱਖ ਭਰੀ ਝੂਠੀ ਖ਼ਬਰ ਨਾਲ ਇਹਨਾਂ ਲੋਕਾਂ ਨੂੰ ਕਿਹੜਾ ਤਮਗ਼ਾ ਮਿਲਣਾ ਸੀ, ਜੋ ਇਨ੍ਹਾਂ ਨੇ ਅਜਿਹਾ ਕੀਤਾ!
ਜਦੋਂ ਹਰ ਰੋਜ਼ ਵਾਂਗ ਲੈਪਟਾਪ ਖੋਲ੍ਹਿਆ ਤਾਂ ਮੂਹਰੋਂ ਇਹ ਖ਼ਬਰ ਪੜ੍ਹ ਕੇ ਦਿਲ ਬਹੁਤ ਔਖਾ ਹੋਇਆ। ਪਰ ਪਤਾ ਨਹੀਂ ਕਿਉਂ ਦਿਲ ਨੇ ਮੰਨਿਆਂ ਨਹੀਂ ਤੇ ਇੰਡੀਆ ’ਚ ਦਿਨ ਚੜ੍ਹਨ ਦੀ ਉਡੀਕ ‘ਚ ਬਹਿ ਗਿਆ ਕਿ ਕਿਸੇ ਸਾਂਝੇ ਮਿੱਤਰ ਤੋਂ ਸਹੀ ਜਾਣਕਾਰੀ ਲੈਂਦੇ ਹਾਂ। ਪਰ ਇੰਨੇ ਚਿਰ ਨੂੰ ਜਿਸ ਮਿੱਤਰ ਨੇ ਇਹ ਖ਼ਬਰ ਪਾਈ ਸੀ, ਉਸੇ ਨੂੰ ਸੁਨੇਹਾ ਛੱਡਿਆ ਕਿ ਕੀ ਹੋ ਗਿਆ? ਤਾਂ ਮੂਹਰੋਂ ਜਨਾਬ ਕਹਿੰਦੇ “ਮਾਣਕ ਡੀ.ਐੱਮ.ਸੀ. ’ਚ ਦਾਖਿਲ ਸੀ, ਉੱਥੇ ਹੀ ਇਹ ਭਾਣਾ ਵਰਤ ਗਿਆ।”
ਮੈਂ ਫੇਰ ਦੁਹਰਾ ਕੇ ਪੁੱਛਿਆ “ਕੀ ਇਹ ਸੱਚੀ ਗੱਲ ਹੈ?”
“ਬਿਲਕੁੱਲ ਜੀ ਸੌ ਫ਼ੀਸਦੀ ਸੱਚ ਹੈ ਜੀ।” ਉਸ ਕਿਹਾ ।
ਚਲੋ ਜੀ, ਏਨੇ ਨੂੰ ਦਿਨ ਚੜ੍ਹ ਆਇਆ ਤੇ ਮੈਂ ਹਾਲੇ ਸੋਚ ਹੀ ਰਿਹਾ ਸੀ ਕਿ ਕਿਸ ਨੂੰ ਫ਼ੋਨ ਕਰਾਂ! ਏਨੇ ਨੂੰ ਮੇਰੇ ਇੱਕ ਪੁਰਾਣੇ ਮਿੱਤਰ ਪਲਾਜ਼ਮਾ ਰਿਕਾਰਡਿੰਗ ਦੇ ਮਾਲਕ ਦੀਪਕ ਬਾਲੀ ਹੋਰਾਂ ਦਾ ਫ਼ੋਨ ਆ ਗਿਆ। ਦੁੱਖ ਸੁੱਖ ਤੋਂ ਬਾਅਦ ਜਦੋਂ ਮੈਂ ਡਰਦੇ-ਡਰਦੇ ਨੇ ਮਾਣਕ ਸਾਹਿਬ ਵਾਲੀ ਖ਼ਬਰ ਦੀ ਪੁਸ਼ਟੀ ਕਰਨੀ ਚਾਹੀ ਤਾਂ ਉਹ ਕਹਿੰਦੇ! ਨਾ ਵੀਰ ਇਹ ਝੂਠੀ ਖ਼ਬਰ ਹੈ ਉਹ ਢਿੱਲੇ ਜ਼ਰੂਰ ਹਨ ਪਰ ਰੱਬ ਦੀ ਖ਼ੈਰ ਸਦਕਾ ਨੌਂ-ਬਰ-ਨੌਂ ਹਨ। ਜਦੋਂ ਮੈਂ ਉਨ੍ਹਾਂ ਨੂੰ ਫੇਸਬੁੱਕ ਵਾਲੀ ਅਫ਼ਵਾਹ ਬਾਰੇ ਦੱਸਿਆ ਤਾਂ ਕਹਿੰਦੇ ਹੋਲਡ ਰੱਖੋ ਮੈਂ ਹੋਰ ਕਲੀਅਰ ਕਰਦਾ ਹਾਂ। ਜਦੋਂ ਮੈਂ ਖ਼ੁਦ ਆਪਣੇ ਕੰਨੀਂ ਇਹ ਸੁਣ ਲਿਆ ਕਿ ਸਭ ਠੀਕ ਹੈ ਤਾਂ ਦਿਲ ’ਚ ਉਸ ਵੀਰ ਪ੍ਰਤੀ ਬਹੁਤ ਗ਼ੁੱਸਾ ਆਇਆ, ਜੋ ਫੇਸ ਬੁੱਕ ਤੇ ਆਉਂਦੇ ਕਮੈਂਟਸ ਦੇ ਬੜੀ ਸ਼ਿੱਦਤ ਨਾਲ ਜਵਾਬ ਦੇ ਰਿਹਾ ਸੀ ਤੇ ਆਪਣੇ ਆਪ ਨੂੰ ਮਾਣਕ ਦੇ ਟੱਬਰ ਦਾ ਜੀਅ ਮਹਿਸੂਸ ਕਰ ਰਿਹਾ ਸੀ। ਜਿਵੇਂ ਲੋਕ ਉਸ ਕੋਲ ਗੋਡਾ ਨਿਵਾਉਣ ਆ ਰਹੇ ਹੋਣ! ਭਾਵੇਂ ਖ਼ੁਦ ਮੈਂ ਸਲਾਮਤੀ ਦੀ ਖ਼ਬਰ ਸੁਣ ਲਈ ਸੀ ਪਰ ਫੇਰ ਵੀ ਦਿਲ ਹੋਰ ਤਸੱਲੀ ਚਾਹੁੰਦਾ ਸੀ। ਇੰਗਲੈਂਡ ਬੈਠੇ ਬਾਈ ਸ਼ਿਵਚਰਨ ਜੱਗੀ ਕੁੱਸੇ ਨੂੰ ਸੁਨੇਹਾ ਲਾਇਆ ਤਾਂ ਉਹ ਕਹਿੰਦੇ, “ਨਿੱਕਿਆ ! ਦੋ ਮਿੰਟ ਦੇ ਬੱਸ ਹੁਣੇ ਦੱਸਦਾ”। ਦੋ ਕਿਹੜੇ ਇੱਕ ਮਿੰਟ ’ਚ ਹੀ ਉਹ ਕਹਿੰਦੇ; “ਓਏ ਐਵੇਂ ਭੌਂਕੀ ਜਾਂਦੇ ਆ, ਸਾਡਾ ਬਾਈ ਮਾਣਕ ਟੱਲੀ ਵਰਗਾ। ਹੁਣੇ ਮੇਰੀ ਦੇਵ ਥਰੀਕੇ ਵਾਲੇ ਬਾਈ ਨਾਲ ਗੱਲ ਹੋਈ ਹੈ”। ਚਲੋ ਜੀ ਏਨੇ ਨੂੰ ਇੱਕ ਹੋਰ ਮਿੱਤਰ ਰਾਣਾ ਬੈਨੀਪਾਲ ਦਾ ਸੁਨੇਹਾ ਮਿਲ ਗਿਆ, ਕਹਿੰਦੇ ਭਗਵੰਤ ਮਾਨ ਹੋਰਾਂ ਤੋਂ ਪੁੱਛਿਆ ਸਭ ਠੀਕ ਹੈ। ਫੇਰ ਜਦੋਂ ਮੈਨੂੰ ਏਨੀ ਕੁ ਤਸੱਲੀ ਮਿਲੀ ਤਾਂ ਮੈਂ ਉਸੇ ਮਿੱਤਰ ਨਾਲ ਪਾ ਲਿਆ ਪੇਚਾ।
ਮੂਹਰੋਂ ਕਹਿੰਦਾ, “ਬਾਈ ਅੱਜ ਨਹੀਂ ਤਾਂ ਕੱਲ੍ਹ ਕਿੰਨੇ ਦਿਨ ਵੈਂਟੀਲੇਟਰ ਤੇ ਸਾਹ ਲਊਗਾ”।
“ਤੁਹਾਡੀ ਕੋਈ ਨਿੱਜੀ ਰੰਜਸ਼ ਹੈ ਮਾਣਕ ਪਰਵਾਰ ਨਾਲ?” ਮੈਂ ਪੁੱਛਿਆ ।
“ਨਹੀਂ ਬਾਈ ਅਸੀਂ ਤਾਂ ਕਿ ਲੈਣਾ ਕੋਈ ਜੀਵੇ ਕੋਈ ਮਰੇ”।
“ਫੇਰ ਤੁਸੀਂ ਆਹ ਜਿਊਂਦੇ ਜੀ ਨੂੰ ਕਿਉਂ ਮਾਰ ਰਹੇ ਹੋ?”
“ਮੈਂ ਸੋਚਿਆ ਕਿ ਆਈ.ਸੀ.ਯੂ. ’ਚ ਹੈ, ਹੋਰ ਕਿੰਨਾ ਕੁ ਚਿਰ ਕੱਟੂ” !!! ਸੋ ਫੇਸਬੁੱਕ ਤੇ ਲਿਖ ਦਿੱਤਾ”। ਜੁਆਬ ਮਿਲਿਆ ।
ਮੈਂ ਸੋਚਿਆ ਇਸ ਇਨਸਾਨ ਨਾਲ ਬਹਿਸ ਕਰਨ ਦਾ ਕੋਈ ਫ਼ਾਇਦਾ ਨਹੀਂ। ਜਦੋਂ ਇਸ ਨੂੰ ਯੁੱਗਪੁਰਸ਼ ਦੀ ਕਦਰ ਨਹੀਂ ਤਾਂ ਤੂੰ ਮੈਂ ਕੀ ਚੀਜ਼ ਹਾਂ?
ਅਗਲੀ ਗੱਲ ਸਾਡੇ ਸੱਭਿਆਚਾਰ ’ਚ ਆ ਰਹੇ ਨਿਘਾਰ ਦੀ ਹੈ। ਇਸ ਮੁੱਦੇ ਨੂੰ ਉਠਾ ਕੇ ਹੁਣ ਤੱਕ ਇੱਕਾ-ਦੁੱਕਾ ਕਲਮਾਂ ਵਾਲੇ ਆਪਣੇ ਗਲ-ਗ਼ਲਾਮੇ ਪਾ ਰਹੇ ਸਨ। ਪਰ ਫੇਸ ਬੁੱਕ ਦੇ ਯੁੱਗ ’ਚ ਉਸਾਰੂ ਸੋਚ ਵਾਲੇ ਮਿੱਤਰਾਂ ਦੀ ਵੀ ਕੋਈ ਕਮੀ ਨਹੀਂ, ਜੋ ਉਸਾਰੂ ਢੰਗ ਨਾਲ ਇਸ ਦੀ ਵਰਤੋਂ ’ਚ ਲੱਗੇ ਹੋਏ ਹਨ। ਜਾਗਰੂਕ ਲੋਕਾਂ ਦਾ ਕਾਫ਼ਲਾ ਬਣਦਾ ਜਾ ਰਿਹਾ ਹੈ ਤੇ ਨਿਘਾਰ ਲਿਆਉਣ ਵਾਲਿਆਂ ਦੀ ਵੀ ਕਮੀ ਨਹੀਂ । ਸਭ ਤੋਂ ਵੱਧ ਗੰਦ ਪਾ ਰਹੇ ਹਨ ਸਾਡੇ ਪੰਜਾਬੀ ਸੱਭਿਆਚਾਰ ਦੇ ਸੇਵਕ ਕਹਾਉਣ ਵਾਲੇ ਗਾਇਕ ਤੇ ਗੀਤਕਾਰ। ਜਿੰਨ੍ਹਾਂ ਨੇ ਪਹਿਲਾਂ ਤਾਂ ਗੀਤਾਂ ਨੂੰ ਸੁਣਨ ਨਾਲੋਂ ਦੇਖਣ ਵਾਲੇ ਬਣਾ ਦਿੱਤਾ ਤੇ ਅੱਜ ਕੱਲ੍ਹ ਬੋਲਾਂ ’ਚ ਵੀਰ ਰਸ ਜਾਂ ਸ਼ਿੰਗਾਰ ਰਸ ਦੀ ਥਾਂ ਕਾਮ ਰਸ ਤੇ ਮਾਰ ਧਾੜ ਰਸ ਭਰ ਕੇ ਨਾ ਸੁਣਨ ਜੋਗੇ ਛੱਡੇ ਨਾ ਦੇਖਣ ਜੋਗੇ!
ਪਹਿਲਾਂ ਇੱਕ ਵਾਕਿਆ ਹੋਰ ਸਾਂਝਾ ਕਰ ਲਈਏ, ਫੇਰ ਅੱਗੇ ਦੀ ਗੱਲ ਕਰਦੇ ਹਾਂ। ਪਿਛਲੇ ਦਿਨੀਂ ਗਾਇਕ ਦਲਜੀਤ ਦੁਸਾਂਝ ਕਿਸੇ ਸਟੇਜ ਤੇ ਟਪੂਸੀਆਂ ਮਾਰਦਾ ਡਿੱਗ ਪਿਆ ਸੀ। ਲੋਕਾਂ ਉਸ ਦੀ ਇਸ ਵੀਡੀਓ ‘ਤੇ ਪੁੱਠੇ ਸਿੱਧੇ ਕਮੈਂਟ ਕਰ ਦਿੱਤੇ ਸਨ। ਉੱਧਰ ਦਲਜੀਤ ਨੇ ਆਪਣੇ ਨਵੇਂ ਗਾਣੇ ਦਾ ਪ੍ਰੋਮੋ ਨੈੱਟ ਤੇ ਪਾ ਦਿੱਤਾ। ਹਮੇਸ਼ਾ ਵਾਂਗ ਉਸ ਦੇ ਫੈਨ ਵਾਹ-ਵਾਹ ਕਰੀ ਜਾ ਰਹੇ ਸਨ। ਪਰ ਕੁਝ ਜਾਗਰੂਕ ਮਿੱਤਰ ਇਸ ਵਿਚਲੇ ਗੰਦੇ ਬੋਲਾਂ ਤੇ ਉਂਗਲ਼ਾਂ ਚੁੱਕ ਕੇ ਦਿਲਜੀਤ ਦਾ ਦਿਲ ਨਹੀਂ ਜਿੱਤ ਸਕੇ। ਗਾਇਕ ਸਾਹਿਬ ਨੂੰ ਗ਼ੁੱਸਾ ਆ ਗਿਆ। ਉਹ ਨੇ ਸੋਚਿਆ, ਇਹੋ ਜਿਹੇ ਲੋਕਾਂ ਨੂੰ ਸਬਕ ਸਿਖਾਉਣਾ ਚਾਹੀਦਾ ਹੈ। ਉਨ੍ਹਾਂ ਚੁੱਕ ਲਿਆ ਆਪਣਾ ਵਾਜਾ ਤੇ ਆਪਣੀ ਭੜਾਸ ਕੈਮਰੇ ਮੂਹਰੇ ਕੱਢ ਦਿੱਤੀ। ਇਸੇ ਕ੍ਰੋਧ ਨੇ ‘ਫੇਸਬੁੱਕ ਦੇ ਡਾਕੀਏ’ ਸ਼ਬਦ ਦੀ ਉਤਪਤੀ ਕੀਤੀ। ਇਹ ਸ਼ਬਦ ਵਿਚ ਏਨੀ ਬੁਰਾਈ ਨਹੀਂ ਦਿਖਾਈ ਦੇ ਰਹੀ ਪਰ ਜੋ ਗਾਲ਼ੀ-ਗਲੋਚ ਤੇ ਉਹ ਉੱਤਰ ਆਇਆ ਉਸ ਲਈ ਤਾਂ ਇਹ ਹੀ ਕਿਹਾ ਜਾ ਸਕਦਾ ਕਿ ਕ੍ਰੋਧ ਅਕਲ ਨੂੰ ਖਾ ਜਾਂਦਾ। ਸੋ, ਉਹੀ ਕੁਝ ਇਸ ਗਾਇਕ ਨਾਲ ਹੋਇਆ।
ਅੱਗੇ ਜਾਣ ਤੋਂ ਪਹਿਲਾਂ ਦਲਜੀਤ ਬਾਰੇ ਜਿੰਨਾ ਕੁ ਮੈਂ ਅੱਖੀਂ ਦੇਖਿਆ, ਤੁਹਾਡੇ ਨਾਲ ਸਾਂਝਾ ਕਰਨਾ ਚਾਹਾਂਗਾ। ਸੁਣਿਆ ਹੈ ਕਿ ਦਿਲਜੀਤ ਇੱਕ ਉੱਘੇ ਕੀਰਤਨੀਏ ਸਿੰਘ ਦਾ ਨੇੜੇ ਦਾ ਰਿਸ਼ਤੇਦਾਰ ਹੈ। ਕਈ ਸਾਲਾਂ ਤੋਂ ਬਹੁਤ ਸਾਰੇ ਹਿੱਟ ਗੀਤ ਗਾ ਚੁੱਕਿਆ ਹੈ। ਜਦੋਂ ਤੱਕ ਇਹ ਗਾਇਕ ‘ਹਨੀ ਸਿੰਘ’ ਨਾਮੀ ਸੰਗੀਤਕਾਰ ਦੇ ਸੰਪਰਕ ’ਚ ਨਹੀਂ ਆਇਆ ਸੀ, ਉਦੋਂ ਤੱਕ ਇਸ ਤੇ ਕੋਈ ਉਂਗਲ ਨਹੀਂ ਉੱਠੀ ਸੀ। ਪਰ ‘ਦਿਲਜੀਤ’ ਦਾ ਮੰਨਣਾ ਹੈ ਕਿ ‘ਹਨੀ ਸਿੰਘ’ ਨੇ ਉਸ ਦਾ ਦਾਇਰਾ ਵਿਸ਼ਾਲ ਕੀਤਾ ਹੈ। ਸੋ, ਉਹ ਉਸ ਦਾ ਦੇਣ ਨਹੀਂ ਦੇ ਸਕਦਾ। ਮੇਰੀ ਜਿੰਨੀ ਕੁ ਸਾਂਝ ਇਸ ਗਾਇਕ ਨਾਲ ਪਈ ਹੈ, ਉਹ ਵੀ ਸਾਂਝੀ ਕਰ ਲਵਾਂ। ਪਿਛਲੇ ਵਰ੍ਹੇ ਜਦੋਂ ਇਹ ਗਾਇਕ ਐਡੀਲੇਡ ਵਿੱਚ ਆਪਣਾ ਸ਼ੋਅ ਕਰਨ ਆਇਆ ਸੀ ਤਾਂ ਤਕਰੀਬਨ ਇੱਕ ਘੰਟਾ ਮੇਰੀ ਇਸ ਗਾਇਕ ਨਾਲ ਕਈ ਮੁੱਦਿਆਂ ਤੇ ਗੱਲ ਹੋਈ ਸੀ। ਗੱਲਬਾਤ ਤੋਂ ਬਾਅਦ ਇਹ ਇੱਕ ਸੁਲਝਿਆ ਹੋਇਆ ਮੁੰਡਾ ਜਾਪਿਆ। ਗੱਲਾਂ-ਬਾਤਾਂ ਦੌਰਾਨ ਸਮਾਜ ਪ੍ਰਤੀ ਕਾਫ਼ੀ ਚਿੰਤਤ ਲੱਗਿਆ। ਉਸਨੇ ਚੰਗਾ ਕੰਮ ਕਰਨ ਪ੍ਰਤੀ ਵਚਨਬੱਧਤਾ ਦਰਸਾਈ। ਮੈਂ ਵੀ ਆਪਣੇ ਦਿਲ ਦੀ ਇੱਕ ਗੱਲ ਇਸ ਨਾਲ ਸਾਂਝੀ ਕੀਤੀ ਕਿ ਜੋ ਅੱਜਕੱਲ੍ਹ ਨਵੀਂ ਪੀੜ੍ਹੀ ਵਿੱਚ ਫਿਰ ਤੋਂ ਪੱਗ ਬੰਨ੍ਹਣ ਦਾ ਰੁਝਾਨ ਵਧਿਆ ਹੈ, ਉਸ ਪਿੱਛੇ ਤੁਹਾਡੇ ਸਮੇਤ ਤੁਹਾਡੇ ਕੁਝ ਸਮਕਾਲੀ ਗਾਇਕਾਂ ਦਾ ਬਹੁਤ ਵੱਡਾ ਰੋਲ ਹੈ। ਸੋ, ਤੁਸੀਂ ਵਧਾਈ ਦੇ ਪਾਤਰ ਹੋ। ਪਰ ਅੱਜ ਇਸ ਕਲਾਕਾਰ ਵੱਲੋਂ ਕੈਮਰੇ ਮੂਹਰੇ ਸ਼ਰੇਆਮ ਇਹੋ ਜਿਹਾ ਵਤੀਰਾ ਕਰਦੇ ਦੇਖ ਕੇ ਬੜਾ ਅਜੀਬ ਲੱਗਿਆ ਕਿ ਜਾਂ ਤਾਂ ਮੈਂ ਇਸ ਇਨਸਾਨ ਨੂੰ ਪੜ੍ਹਨ ’ਚ ਨਾਕਾਮ ਰਿਹਾ ਜਾਂ ਫੇਰ ਹਾਥੀ ਦੇ ਦੰਦ ਦਿਖਾਉਣ ਦੇ ਹੋਰ ਤੇ ਖਾਣ ਦੇ ਹੋਰ ਵਾਲੀ ਗੱਲ ਹੋ ਸਕਦੀ ਹੈ।
‘ਹਨੀ ਸਿੰਘ’ ਦੇ ਮਾਮਲੇ ’ਚ ਤਾਂ ਮੈਂ ਸਿਰਫ਼ ਏਨਾ ਹੀ ਲਿਖਾਂਗਾ ਕਿ ਜੇ ਇਹ ਉਹ “ਪੱਚੀ ਪਿੰਡਾਂ ਵਾਲਾ” ‘ਹਨੀ ਸਿੰਘ’ ਹੈ ਤਾਂ, ਮੈਂ ਆਪਣੀ ਜ਼ਿੰਦਗੀ ’ਚ ਕਦੇ ਵੀ ਇਹੋ ਜਿਹੇ ਇਨਸਾਨ ਦਾ ਮੂੰਹ ਨਹੀਂ ਦੇਖਣਾ ਚਾਹਾਂਗਾ। ਖ਼ੁਦਾ ਨਾ ਖਾਸਤਾ ਕਦੇ ਸਾਹਮਣਾ ਹੋ ਗਿਆ ਤਾਂ ਫੇਰ ਰੱਬ ਜਾਣੇ ਸਾਡੇ ਅਮੀਰ ਸੱਭਿਆਚਾਰ ਦੇ ਇਸ ਕਾਤਿਲ ਨੂੰ ਕਿਵੇਂ ਮਾਫ਼ ਕਰਾਂਗਾ।
ਪਿਛਲੇ ਦਿਨੀਂ ਬਹੁਤ ਸਾਰੇ ਫੇਸਬੁੱਕੀਆਂ ਨੇ ਇਸ ਖ਼ਿਲਾਫ਼ ਇੱਕ ਮੁਹਿੰਮ ਵਿੱਢੀ ਹੈ। ਉਹ ਹੈ ਤਾਂ ਕਾਬਿਲ-ਏ-ਤਾਰੀਫ਼ ਪਰ ਨਿਧੜਕ ਨੌਜਵਾਨ ਲੇਖਕ ਸਵਰਨ ਸਿੰਘ ਟਹਿਣਾ ਹੋਰਾਂ ਨੇ ਆਪਣੇ ਇੱਕ ਲੇਖ ’ਚ ਇਸ ਮੁੱਦੇ ਨੂੰ ਚੁੱਕਿਆ ਸੀ। ਉਨ੍ਹਾਂ ਲਿਖਿਆ ਸੀ ਕਿ ਅਸੀਂ ਫੇਸਬੁੱਕ ‘ਤੇ ਇੱਕ ਕਮੈਂਟ ਦੇ ਕੇ ਕੱਦੂ ’ਚ ਤੀਰ ਮਾਰਿਆ ਸਮਝ ਕੇ ਬਹਿ ਜਾਂਦੇ ਹਾਂ। ਉਨ੍ਹਾਂ ਸਹੀ ਗੱਲ ਕਹੀ ਹੈ ਕਿ ਚਾਰ ਅੱਖਰ ਲਿਖ ਕੇ ਇਸ ਬੁਰਾਈ ਨੂੰ ਖ਼ਤਮ ਨਹੀਂ ਕੀਤਾ ਜਾ ਸਕਦਾ ਇਸ ਲਈ ਪੂਰਾ ਮੋਰਚਾ ਚਲਾਉਣ ਦੀ ਲੋੜ ਹੈ।
ਸੋ, ਇਸੇ ਗੱਲ ਨੂੰ ਮੁੱਖ ਰੱਖਦਿਆਂ ਆਸਟ੍ਰੇਲੀਆ ਦੇ 24 ਘੰਟੇ ਚੱਲਣ ਵਾਲੇ ਪਹਿਲੇ ਪੰਜਾਬੀ ਰੇਡੀਓ “ਹਰਮਨ ਰੇਡੀਓ” ਨੇ ਇਸ ਮਾਮਲੇ ’ਚ ਪਹਿਲ ਕਦਮੀ ਕੀਤੀ ਹੈ। ਹੁਣ ਤੱਕ ਇਸ ਦਾ ਚੰਗਾ ਹੁੰਗਾਰਾ ਵੀ ਮਿਲ ਰਿਹਾ ਹੈ। ਪਰ ਸੋਚਣ ਦੀ ਗੱਲ ਇਹ ਹੈ ਕਿ ਜਦੋਂ ਆਪਣੇ ਸੰਘਰਸ਼ ਅਤੇ ਸ਼ੁਰੂਆਤੀ ਦੌਰ ਚੋਂ ਲੰਘ ਰਿਹਾ ਇੱਕ ਰੇਡੀਓ ਅਦਾਰਾ ਇਹ ਕਦਮ ਚੁੱਕ ਸਕਦਾ ਹੈ, ਤਾਂ ਸਥਾਪਿਤ ਲੋਕ ਇਸ ਮੁਹਿੰਮ ਵਿਚ ਹਿੱਸਾ ਕਿਉਂ ਨਹੀਂ ਪਾ ਸਕਦੇ? ਹੁਣ ਸੁਣ ਲਵੋ ਕਿ ਹਰਮਨ ਰੇਡੀਓ ਨੇ ਇਸ ਕੰਮ ਨੂੰ ਨੱਥ ਪਾਉਣ ਲਈ ਇਹੋ ਜਿਹਾ ਕੀ ਕਰ ਦਿੱਤਾ ।
ਜਦੋਂ ਨਿੱਤ ਦਿਹਾੜੇ ਜਾਗਰੂਕ ਸਰੋਤਿਆਂ ਵੱਲੋਂ ਲੱਚਰਤਾ ਦੇ ਮੁੱਦੇ ਨੂੰ ਚੁੱਕਿਆ ਜਾਂਦਾ ਰਿਹਾ ਤਾਂ ‘ਹਰਮਨ ਰੇਡੀਓ’ ਨੇ ਆਪਣੇ ਸਹਿਯੋਗੀਆਂ ਨਾਲ ਇੱਕ ਮੀਟਿੰਗ ਕੀਤੀ। ਉਸ ਵਿਚ ਸਭ ਨੇ ਆਪਣਾ ਆਪਣਾ ਨਜ਼ਰੀਆ ਰੱਖਿਆ ਕਿ ਇਸ ਕੰਮ ’ਚ ਰੇਡੀਓ ਕਿਸ ਤਰ੍ਹਾਂ ਯੋਗਦਾਨ ਪਾ ਸਕਦਾ ਹੈ। ਜ਼ਿਆਦਾਤਰ ਸਹਿਯੋਗੀਆਂ ਦਾ ਮੰਨਣਾ ਸੀ ਕਿ ਜਿਸ ਗਾਣੇ ਦੇ ਬੋਲਾਂ ਵਿਚ ਮਾਰ-ਧਾੜ ਜਾਂ ਅਸ਼ਲੀਲਤਾ ਆਉਂਦੀ ਹੈ, ਉਨ੍ਹਾਂ ਨੂੰ ਰੇਡੀਓ ਤੇ ਚਲਾਉਣਾ ਹੀ ਨਹੀਂ ਚਾਹੀਦਾ। ਪਰ ਇਹਨਾਂ ਗੱਲਾਂ ਨੂੰ ਚੁੱਪ ਚਾਪ ਸੁਣ ਰਹੇ ਰੇਡੀਓ ਦੇ ਡਾਇਰੈਕਟਰ ‘ਅਮਨਦੀਪ ਸਿੱਧੂ’ ਜ਼ਿਆਦਾ ਸੰਤੁਸ਼ਟ ਨਹੀਂ ਦਿਸੇ। ਉਹ ਕਹਿੰਦੇ ਇਸ ਨਾਲ ਅਸਲੀ ਸਮੱਸਿਆ ਦਾ ਹੱਲ ਨਹੀਂ ਹੋਣ ਵਾਲਾ, ਕਿਉਂਕਿ ਇੱਕ ਅਦਾਰੇ ਵੱਲੋਂ ਇਹੋ ਜਿਹਾ ਕਰਨ ਨਾਲ ਇਹਨਾਂ ਲੋਕਾਂ ਨੂੰ ਕੋਈ ਫ਼ਰਕ ਨਹੀਂ ਪੈਣ ਲੱਗਿਆ। ਜਦੋਂ ਮੈਂ ਉਨ੍ਹਾਂ ਨੂੰ ਪੁੱਛਿਆ ਕਿ ਤੁਹਾਡੀ ਇਸ ਵਿਚ ਕੀ ਰਾਏ ਹੈ ਤਾਂ ਉਹ ਕਹਿੰਦੇ; "ਭਾਅ ਜੀ! “ਮੈਂ ਚਾਹੁੰਦਾ ਕਿ ਇਹਨਾਂ ਦੇ ਤੀਰਾਂ ਦਾ ਮੂੰਹ ਇਹਨਾਂ ਵੱਲ ਹੀ ਕਰ ਦੇਈਏ। ਤਾਂ ਕਿ ਜਿੰਨੇ ਵਾਰ ਇਹ ਸਾਡੇ ਸੱਭਿਆਚਾਰ ਤੇ ਕਰ ਰਹੇ ਹਨ, ਉਹ ਸਾਰੇ ਇਹਨਾਂ ਨੂੰ ਆਪਣੀ ਹਿੱਕ ਤੇ ਝੱਲਣੇ ਪੈਣ। ਇੱਕ ਹੋਰ ਵੱਡੀ ਸਚਾਈ ਇਹ ਹੈ ਕਿ ਇਸ ਕੰਮ ’ਚ ਸਰੋਤੇ ਜੋ ਇਹਨਾਂ ਦੇ ਗਾਣਿਆਂ ਦੀ ਫ਼ਰਮਾਇਸ਼ ਕਰਦੇ ਹਨ, ਬਰਾਬਰ ਦੇ ਗੁਨਾਹਗਾਰ ਹਨ। ਜੋ ਵਿਚਾਰ ਮੇਰੇ ਮਨ ‘ਚ ਹੈ, ਉਸ ਨਾਲ ਇਹਨਾਂ ਦੋਹਾਂ ਧਿਰਾਂ ਨੂੰ ਸ਼ਰਮ ਝੱਲਣੀ ਪੈਣੀ ਹੈ"।
ਮੇਰੀ ਉਤਸੁਕਤਾ ਵੱਧ ਗਈ ਕਿ ਸਿੱਧੂ ਸਾਹਿਬ ਆਪਣੇ ਤਰਕਸ਼ ’ਚ ਇਹੋ ਜਿਹਾ ਕਿਹੜਾ ਬ੍ਰਹਮ ਅਸਤਰ ਪਾਈ ਬੈਠੇ ਹਨ! ਉਨ੍ਹਾਂ ਜੋ ਸੁਝਾਅ ਦਿੱਤਾ ਉਹ ਸਭ ਦੇ ਸੀਨੇ ਵੱਜਿਆ। ਜਿਸ ਤਹਿਤ ਇਹ ਫ਼ੈਸਲਾ ਲਿਆ ਗਿਆ ਕਿ ਦੋ ਕਿਸਮ ਦੀਆਂ ਚੇਤਾਵਨੀਆਂ ਬਣਾਈਆਂ ਜਾਣ। ਜਿਨ੍ਹਾਂ ਵਿਚ ਇੱਕ ਮਾਰ ਧਾੜ ਤੇ ਹਿੰਸਕ ਵਿਸ਼ੇ ਪ੍ਰਤੀ ਚੇਤਾਵਨੀ ਹੋਵੇ ਤੇ ਦੂਜੀ ਲੱਚਰਤਾ ਪ੍ਰਤੀ। ਜਦੋਂ ਵੀ ਕੋਈ ਸਰੋਤਾ ਇਹੋ ਜਿਹੇ ਗੀਤ ਦੀ ਫ਼ਰਮਾਇਸ਼ ਕਰੇ ਤਾਂ ਗੀਤ ਤੋਂ ਪਹਿਲਾਂ ਇਹ ਚੇਤਾਵਨੀ ਚਲੇ ਕਿ “ਹੁਣ ਚੱਲਣ ਵਾਲੇ ਗੀਤ ਵਿਚ ਅਸੱਭਿਅਕ ਵਿਸ਼ੇ ਜਾਂ ਭਾਸ਼ਾ ਦੀ ਵਰਤੋਂ ਕੀਤੀ ਗਈ ਹੈ, ਸਰੋਤਿਆਂ ਨੂੰ ਪ੍ਰੇਸ਼ਾਨੀ ਹੋ ਸਕਦੀ ਹੈ”। ਜਾਂ “ਹੁਣ ਚੱਲਣ ਵਾਲੇ ਗੀਤ ਵਿਚ ਮਾਰ ਧਾੜ ਜਾਂ ਹਿੰਸਕ ਵਿਸ਼ਾ ਹੈ, ਸਰੋਤਿਆਂ ਨੂੰ ਪ੍ਰੇਸ਼ਾਨੀ ਹੋ ਸਕਦੀ ਹੈ”। ਉਮੀਦ ਹੈ ਇਸ ਚੇਤਾਵਨੀ ਨਾਲ ਸੂਝਵਾਨ ਸਰੋਤੇ ਆਪਣੇ ਰੇਡੀਓ ਦੀ ਆਵਾਜ਼ ਘੱਟ ਕਰ ਲੈਣਗੇ, ਤਾਂ ਕਿ ਆਪਣੇ ਸੱਭਿਆਚਾਰ ਨੂੰ ਬਚਾਇਆ ਜਾ ਸਕੇ।
ਇਹੋ ਜਿਹੀ ਚੇਤਾਵਨੀ ਸੁਣਨ ਤੋਂ ਬਾਅਦ ਮੈਨੂੰ ਨਹੀਂ ਲੱਗਦਾ ਕੋਈ ਸੂਝਵਾਨ ਸਰੋਤਾ ਦੁਬਾਰਾ ਉਸ ਗਾਣੇ ਦੀ ਫ਼ਰਮਾਇਸ਼ ਕਰੇਗਾ। ਹਾਂ ! ਵਿਰਸੇ ਦਾ ਘਾਣ ਕਰਕੇ ਆਪਣੀਆਂ ਜੇਬਾਂ ਭਰਨ ਵਾਲਿਆਂ ਨੂੰ ਸ਼ਾਇਦ ਇਹ ਚੇਤਾਵਨੀ ਗੀਤ ਨਾਲੋਂ ਵੀ ਹਿੰਸਕ ਜਾਂ ਲੱਚਰ ਲੱਗੇ। ਹੁਣ ਸੋਚਣ ਦੀ ਗੱਲ ਇਹ ਹੈ ਕਿ ਹਰਮਨ ਰੇਡੀਓ ਨੇ ਤਾਂ ਇਹ ਰੀਤ ਚੜ੍ਹਦੇ ਸਾਲ ਤੋਂ ਸ਼ੁਰੂ ਕਰ ਦੇਣੀ ਹੈ। ਪਰ ਕੀ ਇਹ ਦੂਜੇ ਅਦਾਰੇ ਵੀ ਇਸ ਨੂੰ ਲਾਗੂ ਕਰਨ ’ਚ ਦਿਲਚਸਪੀ ਦਿਖਾਉਣਗੇ ਕਿ ਸਿਰਫ਼ ਚਾਰ ਛਿੱਲੜਾਂ ਲਈ ਆਪਣੇ ਅਮੀਰ ਵਿਰਸੇ ’ਚ ਇਹ ਗਾਲੀ ਗਲੋਚ ਦੇ ਦੌਰ ਨੂੰ ਹੱਲਾਸ਼ੇਰੀ ਦੇਣਗੇ!
ਗਲ ਮੋੜ ਕੇ ਫੇਸਬੁੱਕ ਦੇ ਡਾਕੀਆਂ ਤੇ ਲੈ ਕੇ ਆਉਂਦੇ ਹਾਂ। ਦੋਸਤੋ! ਇਹ ਜਿਹੜਾ ਰੁਝਾਨ ਚੱਲਿਆ ਹੈ, ਇਸ ਬਾਰੇ ਜੇ ਇੰਝ ਕਹਿ ਲਈਏ ਕਿ ਵਕਤ ਨੇ ਹਰ ਬੰਦੇ ਦੇ ਹੱਥ ਇੱਕ ਇਹੋ ਜਿਹੀ ਤਾਕਤ ਦੇ ਦਿੱਤੀ ਹੈ, ਜਿਸ ਨਾਲ ਘੱਟੋ-ਘੱਟ ਅਸੀਂ ਆਪਣੇ ਅਧਿਕਾਰਾਂ ਦੀ ਰਾਖੀ ਕਰ ਸਕਦੇ ਹਾਂ। ਬਸ਼ਰਤੇ, ਇਸ ਦੀ ਵਰਤੋਂ ਉਸਾਰੂ ਸੋਚ ਨਾਲ ਤੇ ਚੰਗੇ ਕਾਰਜਾਂ ਲਈ ਕੀਤੀ ਜਾਵੇ। ਨਾ ਕੀ ਲੱਚਰਤਾ ਫੈਲਾਉਣ ਲਈ ਜਾਂ ਫੇਰ ਇੱਕ ਦੂਜੇ ਨਾਲ ਕਿੜ ਕੱਢਣ ਲਈ। ਪਰ ਅਫ਼ਸੋਸ ! ਇਹੋ ਜਿਹਾ ਹੋ ਬਹੁਤ ਘੱਟ ਰਿਹਾ ਹੈ। ਮੇਰੇ ਇੱਕ ਕਲਮੀ ਮਿੱਤਰ ਗਿੰਨੀ ਸੱਗੂ ਦੇ ਕਹਿਣ ਵਾਂਗ ਬਾਈ ਜੀ ਫੇਸਬੁੱਕ ਟੁੱਚ ਘੜੁੱਚ ਸ਼ਾਇਰੀ, ਲੱਚਰ ਗੀਤ, ਗੰਦੀਆਂ ਫ਼ੋਟੋ, ਅਸ਼ਲੀਲ ਵੀਡੀਓ ਦਾ ਅੱਡਾ ਬਣ ਕੇ ਰਹਿ ਗਈ ਹੈ। ਗੱਲ ਹੈ ਵੀ ਸੌ ਫ਼ੀਸਦੀ ਸੱਚੀ। ਅੱਜ ਕੱਲ੍ਹ ਤਾਂ ਇਹ ਲੜਾਈ ਦਾ ਅੱਡਾ ਵੀ ਬਣ ਗਈ ਹੈ ।
ਹੋਰ ਤਾਂ ਹੋਰ ਅੱਜ ਕੱਲ੍ਹ ਜੋ ਵਾਇਰਸ ਦਾ ਹਮਲਾ ਫੇਸਬੁੱਕ ਤੇ ਹੋ ਰਿਹਾ ਉਹ ਸਭ ਤੋਂ ਹੀ ਸ਼ਰਮਸਾਰ ਹੈ। ਜਦੋਂ ਮਰਜ਼ੀ ਆਪਣਾ ਅਕਾਉਂਟ ਖੋਲ੍ਹੋ, ਮੂਹਰੋਂ ਪੰਜ-ਚਾਰ ਇਹੋ ਜਿਹੀਆਂ ਪੋਸਟਾਂ ਤੁਹਾਡੀ ਵਾਲ ਤੇ ਪੋਸਟ ਕੀਤੀਆਂ ਪਈਆਂ ਹੋਣ ਗਈਆਂ ਜਿੰਨਾਂ ਨੂੰ ਦੇਖ ਕੇ ਛੇਤੀ ਛੇਤੀ ਲੈਪਟਾਪ ਦਾ ਮੂੰਹ ਕੰਧ ਵੱਲ ਕਰਨਾ ਪੈਂਦਾ ਹੈ, ਖੌਰੇ ਕੋਈ ਦੇਖ ਹੀ ਨਾ ਲਵੇ। ਇਸ ਵਿਚਲੀ ਇੱਕ ਹੋਰ ਸੱਚਾਈ ਨੂੰ ਵੀ ਸਾਂਝਾ ਕਰ ਹੀ ਲਈਏ। ਜਦੋਂ ਕਿਸੇ ਮੇਰੇ ਮਿੱਤਰ ਦੇ ਖਾਤੇ ਚੋਂ ਇਹ ਅਸ਼ਲੀਲ ਪੋਸਟਾਂ ਆਉਂਦੀਆਂ ਹਨ ਤਾਂ ਉਹ ਮਿੱਤਰ ਦੂਜਿਆਂ ਤੋਂ ਮਾਫ਼ੀ ਮੰਗਦਾ ਹੈ ਕਿ ਮੇਰੇ ਖਾਤੇ ਚੋਂ ਜੋ ਗ਼ਲਤ ਪੋਸਟਾਂ ਹੋ ਰਹੀਆਂ ਹਨ ਉਸ ’ਚ ਮੇਰਾ ਕਸੂਰ ਨਹੀਂ ਹੈ । ਇਹ ਸਭ ਕੁਝ ਖ਼ੁਦ ਹੀ ਹੋਈ ਜਾਂਦਾ ਹੈ। ਪਰ ਸੱਚ ਇਹ ਹੁੰਦਾ ਹੈ ਕਿ ਅਣਜਾਣ ਪੁਣੇ ਵਿੱਚ ਕਈ ਵਾਰ ਸਾਡਾ ਮਨ ਲਲਚਾ ਜਾਂਦਾ ਤੇ ਅਸੀਂ ਵੇਲੇ-ਕੁਵੇਲੇ ਪਰਦੇ ਨਾਲ ਦੁਨੀਆਂ ਤੋਂ ਅੱਖ ਬਚਾ ਕੇ ਉਸ ਅਸ਼ਲੀਲ ਤਸਵੀਰ ਜਾਂ ਵੀਡੀਓ ਤੇ ਕਲਿੱਕ ਕਰ ਬਹਿੰਦੇ ਹਾਂ। ਬੱਸ ਇਹੀ ਗੁਸਤਾਖ਼ੀ ਫੇਰ ਸਾਨੂੰ ਥਾਂ-ਥਾਂ ਜ਼ਲੀਲ ਕਰਦੀ ਹੈ।
ਫੇਸ ਬੁੱਕ ਦੇ ਡਾਕੀਆਂ ਦੀ ਨਿੰਦਿਆ ਤਾਂ ਬਹੁਤ ਹੋ ਗਈ । ਆਓ, ਹੁਣ ਇਸ ਦਾ ਚੰਗਾ ਪੱਖ ਵੀ ਦੇਖ ਲਈਏ। ਚੰਗੀ ਸੋਚ ਵਾਲੇ ਬੰਦੇ ਅੱਜ ਵੀ ਇਸ ਸਾਧਨ ਦੀ ਵਰਤੋਂ ਬੜੇ ਸੁਚੱਜੇ ਢੰਗ ਨਾਲ ਕਰ ਰਹੇ ਹਨ। ਜਿਨ੍ਹਾਂ ਵਿਚੋਂ ਮੈਂ ਇਨਸਾਨੀਅਤ ਗਰੁੱਪ ਦੀ ਗੱਲ ਕਰਨੀ ਚਾਹਾਂਗਾ। ਇਸ ਗਰੁੱਪ ਦੇ ਤਹਿਤ ਦੁਨੀਆ ਭਰ ਦੇ ਜਾਗਰੂਕ ਸੱਜਣ ਲੋੜਵੰਦਾਂ ਦੀ ਮਦਦ ਕਰ ਕੇ ਇਨਸਾਨੀਅਤ ਦੀ ਸੇਵਾ ਕਰ ਰਹੇ ਹਨ। ਇਹ ਗਰੁੱਪ ਹੁਣ ਤੱਕ ਬਹੁਤ ਸਾਰੇ ਲੋਕਾਂ ਦੀ ਮੱਦਦ ਕਰ ਚੁੱਕਿਆ ਹੈ । ਇਸ ਗਰੱਪ ਵਿਚ ਪੰਜਾਬੀ ਨਿਊਜ਼ ਆਨਲਾਈਨ ਦੇ ਚੀਫ਼ ਐਡੀਟਰ ਸੁਖਨੈਬ ਸਿੰਘ ਸਿੱਧੂ, ਕੈਨੇਡਾ ਤੋਂ ਗੁਰਮੁਖ ਸਿੰਘ ਝੁੱਟੀ, ਦੁਬਈ ਤੋਂ ਖੀਵਾ ਮਾਹੀ ਅਤੇ ਹੋਰ ਬਹੁਤ ਸਾਰੇ ਮਿੱਤਰ ਹਰ ਵਕਤ ਮਦਦ ਲਈ ਤਿਆਰ-ਬਰ-ਤਿਆਰ ਰਹਿੰਦੇ ਹਨ। ਬਹੁਤ ਸਾਰੇ ਉੱਦਮੀ ਪੰਜਾਬੀ ਮਾਂ ਬੋਲੀ ਦੇ ਫੈਲਾਓ ਲਈ ਇਸ ਸਾਧਨ ਦੀ ਵਰਤੋਂ ਕਰ ਕੇ ਮਾਂ ਬੋਲੀ ਦੀ ਅਸਲੀ ਸੇਵਾ ਕਰ ਰਹੇ ਹਨ। ਕਈ ਲੋਕ ਸਮਾਜ ’ਚ ਫੈਲ ਚੁੱਕੀਆਂ ਬੁਰਾਈਆਂ ਨਾਲ ਦੋ-ਦੋ ਹੱਥ ਕਰ ਰਹੇ ਹਨ। ਕਈ ਅਖੌਤੀ ਗਾਇਕਾਂ ਤੇ ਅਖੌਤੀ ਸਾਧਾਂ ਨੂੰ ਨੱਥ ਪਾਉਣ ਲਈ ਜੱਦੋ-ਜਹਿਦ ਕਰ ਰਹੇ ਹਨ। ਕੁਝ ਮੇਰੇ ਵੀਰ ਪੰਜਾਬੀ ਵਿਚ ਹਾਇਕੂ ਵਿਧੀ ਨੂੰ ਦੁਨੀਆਂ ਤੱਕ ਪਹੁੰਚਾਉਣ ’ਚ ਯਤਨਸ਼ੀਲ ਹਨ। ਸੋ, ਮੁੱਕਦੀ ਗੱਲ ਇਹ ਹੈ ਕਿ ਚੰਗੇ ਕੰਮ ਕਰਨ ਵਾਲਿਆਂ ਦਾ ਵੀ ਤੋੜਾ ਨਹੀਂ। ਪਰ ਪਤਾ ਨਹੀਂ ਕਿਉਂ ਮਾੜੇ ਕੰਮ ਵਾਲਿਆਂ ਦੀ ਬਹੁਤਾਤ ਹੈ।
ਪਰ ਜੇ ਹੁਣ ਪੰਜਾਬੀਆਂ ਦੀ ਅਣਖ ਦੀ ਗੱਲ ਕਰੀਏ ਤਾਂ ਇਤਿਹਾਸ ਕਹਿੰਦਾ ਹੈ ਕਿ ਅਸੀਂ ਪਹਿਲਾਂ ਵਾਰ ਕਰਦੇ ਨਹੀਂ, ਪਰ ਜੇ ਕੋਈ ਵਾਰ ਕਰਦਾ ਤਾਂ ਸਾਨੂੰ ਉਸ ਦਾ ਮੂੰਹ ਤੋੜ ਜਵਾਬ ਦੇਣਾ ਵੀ ਆਉਂਦਾ ਹੈ। ਬੱਸ ਲੋੜ ਹੈ, ਇੱਕ ਜੁੱਟਤਾ ਦਿਖਾਉਣ ਦੀ । ਹੁਣ ਜਦੋਂ ਇੱਕ ਗਾਇਕ ਨੇ ਆਪਣੀ ਲੱਚਰਤਾ ਫੈਲਾਉਣ ਲਈ ਸਾਨੂੰ ਸਭਨਾਂ ਨੂੰ ਫੇਸਬੁੱਕ ਦੇ ਡਾਕਆਂਿ ਦਾ ਦਰਜਾ ਦੇ ਹੀ ਦਿੱਤਾ ਹੈ, ਤਾਂ ਆਓ ਸਾਰੇ ਰਲ ਕੇ ਦਿਖਾ ਦੇਈਏ ਕਿ ‘ਡਾਕੀਆ’ ਜਿਸ ਨੂੰ ਸਾਡੇ ਸਮਾਜ ਨੇ ‘ਵਿਚਾਰੇ’ ਦੀ ਪਰਿਭਾਸ਼ਾ ਦੇ ਰੱਖੀ ਹੈ, ਉਸ ਵਿਚ ਅਸਲ ਵਿਚ ਕਿੰਨੀ ਤਾਕਤ ਹੁੰਦੀ ਹੈ। ਨਾਲੇ ਉਹ ਦਿਨ ਗਏ ਹੁਣ ਜਦੋਂ ਇਬਰਾਹੀਮ ਲਿੰਕਨ ਦੇ ਮਰਨ ਦੀ ਖ਼ਬਰ ਅਮਰੀਕਾ ਤੋਂ ਇੰਗਲੈਂਡ ਤਕ ਛੇ ਮਹੀਨਿਆਂ ’ਚ ਪਹੁੰਚੀ ਸੀ। ਅੱਜ ਤਾਂ ਆਧੁਨਿਕਤਾ ਨਾਲ ਲੈਸ ਡਾਕੀਆ ਜੇ ਆਪਣੀ ਆਈ ਤੇ ਆ ਜਾਵੇ ਤਾਂ ਇੱਕ ਅੱਧਾ ਗਾਇਕ ਤਾਂ ਕਿ ਮਾਂ ਬੋਲੀ ਦਾ ਘਾਣ ਕਰਨ ਵਾਲਿਆਂ ਨੂੰ ਹੀ ਲੁਕਣ ਦਾ ਥਾਂ ਨਹੀਂ ਥਿਆਉਣੀ।
ਜਾਂਦੇ-ਜਾਂਦੇ ਹੋਰ ਸੁਣ ਲਵੋ ਅੱਜ ਕੱਲ੍ਹ ਸਾਡਾ ਨੌਜਵਾਨ ਵਰਗ ਇਹਨਾਂ ਅਖੌਤੀ ਗਾਇਕਾਂ ਨੂੰ ਆਪਣੇ ਰੋਲ ਮਾਡਲ ਬਣਾ ਲੈਂਦਾ ਹੈ, ਕਿਉਂਕਿ ਉਨ੍ਹਾਂ ਨੂੰ ਇਹਨਾਂ ਦੀ ਬਾਹਰੀ ਦਿੱਖ ਆਪਣੇ ਵੱਲ ਖਿੱਚਦੀ ਹੈ। ਪਰ ਅਸਲੀਅਤ ਕੁਝ ਹੋਰ ਹੁੰਦੀ ਹੈ। ਉਦਾਹਰਨ ਦੇ ਤੌਰ ਤੇ ਪਿਛਲੇ ਦਿਨੀਂ ਅਖ਼ਬਾਰ ’ਚ ਇੱਕ ਖ਼ਬਰ ਛਪੀ ਸੀ। "ਹੱਥ ਕੋਈ ਨਹੀਂ ਪਾਉਂਦਾ ਸਾਨੂੰ ਖੁੱਲ੍ਹੇ ਸ਼ੇਰਾਂ ਨੂੰ" ਨਾਂ ਦਾ ਇੱਕ ਗੀਤ ਗਾਉਣ ਵਾਲਾ ਬੇਨਤੀ ਕਰ ਰਿਹਾ ਸੀ ਕਿ ਮੇਰੀ ਜਾਨ ਨੂੰ ਖ਼ਤਰਾ ਹੈ, ਇਸ ਲਈ ਅੱਜਕੱਲ੍ਹ ਡਰਦਾ ਮਾਰਿਆ ਮੈਂ ਘਰੋਂ ਬਾਹਰ ਨਹੀਂ ਨਿਕਲਦਾ। ਬਾਕੀ ਤੁਸੀਂ ਆਪ ਸਿਆਣੇ ਹੋ। ਮੇਰੀ ਤਾਂ ਜਿੰਨੀ ਕੁ ਮੱਤ ਸੀ ਉਨ੍ਹੀਂ ਕੁ ਗੱਲ ਕਰ ਦਿੱਤੀ ਹੁਣ ਫ਼ੈਸਲਾ ਤੁਹਾਡੇ ਹੱਥ ਹੈ।
****