ਸ਼ਬਦ ਸਾਂਝ – ਕੱਲ ਤੇ ਅੱਜ.......... ਸੰਪਾਦਕੀ / ਰਿਸ਼ੀ ਗੁਲਾਟੀ (ਆਸਟ੍ਰੇਲੀਆ)


ਪਤਾ ਹੀ ਨਹੀਂ ਲੱਗਾ ਕਿ ਇੱਕ ਸਾਲ ਕਿੱਦਾਂ ਤੇ ਕਦੋਂ ਲੰਘ ਗਿਆ । ਅਜੇ ਕੱਲ ਦੀਆਂ ਹੀ ਤਾਂ ਗੱਲਾਂ ਨੇ, ਜਦ ਕਿ ਮੇਰਾ ਸ਼ਾਇਰ ਮਿੱਤਰ ਸੁਨੀਲ ਚੰਦਿਆਣਵੀ “ਅਕਾਊਂਟਿੰਗ ਪੁਆਇੰਟ, ਫਰੀਦਕੋਟ” ਵਿਖੇ ਮਿਲਣ ਲਈ ਆਇਆ ਸੀ । ਮਜ਼ੇਦਾਰ ਗੱਲ ਇਹ ਹੈ ਕਿ ਫਰੀਦਕੋਟ ਰਹਿੰਦਿਆਂ ਮੈਂ ਸੁਨੀਲ ਦੇ ਗੁਆਂਢ ਰਿਹਾਇਸ਼ ਕੀਤੀ, ਪਰ ਬਾਰ ਨਾਲ ਬਾਰ ਭਿੜਨ ਦੇ ਬਾਵਜੂਦ, ਉਸ ਨਾਲ਼ ਮੁਲਾਕਾਤ ਦਾ ਸਬੱਬ ਕਈ ਮਹੀਨਿਆਂ ਬਾਅਦ ਬਣਿਆ, ਹਾਲਾਂਕਿ ਸੁਨੀਲ ਦਾ ਨਾਮ ਕਾਫ਼ੀ ਸੁਣ ਚੁੱਕਿਆ ਸੀ । ਖ਼ੈਰ ! ਦਫ਼ਤਰ ਬੈਠਿਆਂ ਉਸਨੂੰ ਆਪਣੀਆਂ ਰਚਨਾਵਾਂ ਵੱਖ-ਵੱਖ ਵੈੱਬਸਾਈਟਾਂ ਤੇ ਛਪੀਆਂ ਦਿਖਾਈਆਂ ਤੇ ਉਸਨੂੰ ਵੀ ਆਪਣੀਆਂ ਰਚਨਾਵਾਂ ਦੇਣ ਲਈ ਕਿਹਾ ਤਾਂ ਜੋ ਟਾਈਪ ਕਰਕੇ ਵੈੱਬਸਾਈਟਾਂ ਤੇ ਛਪਵਾ ਸਕੀਏ । ਕੁਝ ਸਮੇਂ ਬਾਅਦ ਸੁਨੀਲ ਨਾਲ਼ ਸਲਾਹ ਕੀਤੀ ਕਿ ਕਿਉਂ ਨਾ ਆਪਣੇ ਇਲਾਕੇ ਦੇ ਲੇਖਕ/ਕਵੀ ਵੀਰਾਂ ਦੀਆਂ ਰਚਨਾਵਾਂ ਅੰਤਰ-ਰਾਸ਼ਟਰੀ ਪੱਧਰ ‘ਤੇ ਛਪਵਾਉਣ ਦਾ ਉਪਰਾਲਾ ਕੀਤਾ ਜਾਏ । ਆਧੁਨਿਕ ਸਮੇਂ ‘ਚ ਵਿਚਰਨ ਦੇ ਬਾਵਜੂਦ ਬਹੁਤੇ ਲੇਖਕ/ਕਵੀ ਅਖਬਾਰਾਂ ਜਾਂ ਰਸਾਲਿਆਂ ਰਾਹੀਂ ਕੇਵਲ ਪੰਜਾਬ ਪੱਧਰ ਤੱਕ ਦੇ ਪਾਠਕਾਂ ਤੱਕ ਹੀ ਸੀਮਿਤ ਹਨ । ਕੇਵਲ ਜਾਣਕਾਰੀ ਦੀ ਅਣਹੋਂਦ ਵਿੱਚ ਉਨ੍ਹਾਂ ਨੇ ਆਪਣੀਆਂ ਸੀਮਾਵਾਂ ਨਿਯੁਕਤ ਕਰ ਰੱਖੀਆਂ ਹਨ, ਜਦ ਕਿ ਉੱਚੀ ਉਡਾਰੀ ਮਾਰਨ ਦੇ ਸ਼ੌਕੀਨਾਂ ਲਈ ਅਸਮਾਨ ਬੜਾ ਖੁੱਲਾ ਪਿਆ ਹੈ । ਕੰਪਿਊਟਰ ਜਾਂ ਇੰਟਰਨੈੱਟ ਅਜੇ ਵੀ ਬਹੁਤੇ ਲੋਕਾਂ ਲਈ ਹਊਆ ਹਨ । ਆਪਣੇ ਇਲਾਕੇ ਦੇ ਲੇਖਕ/ਕਵੀ ਵੀਰਾਂ ਦੀਆਂ ਇਨ੍ਹਾਂ ਸੀਮਾਵਾਂ ਤੋੜਨ ਤੇ ਉਨ੍ਹਾਂ ਨੂੰ ਅੰਤਰ-ਰਾਸ਼ਟਰੀ ਪੱਧਰ ਤੇ ਛਪਵਾਉਣ ਲਈ ਮੈਂ ਇਹ ਸੋਚ ਸੁਨੀਲ ਨਾਲ਼ ਸਾਂਝੀ ਕੀਤੀ । ਸੁਨੀਲ ਨੂੰ ਇਹ ਆਈਡੀਆ ਪਸੰਦ ਆਇਆ ਤੇ ਉਸਨੇ ਭਰਪੂਰ ਯੋਗਦਾਨ ਦੇਣ ਦਾ ਭਰੋਸਾ ਦਿੱਤਾ । ਕਈ ਦਿਨਾਂ ਦੀ ਦਿਮਾਗੀ ਕਸਰਤ ਤੇ ਮੋਬਾਇਲ ਕੰਪਨੀ ਨੂੰ ਖੂਬ ਕਮਾਈ ਕਰਵਾਉਣ ਦੇ ਬਾਅਦ ਨਵੀਂ ਸ਼ੁਰੂ ਕੀਤੀ ਜਾਣ ਵਾਲੀ ਵੈੱਬਸਾਈਟ ਦਾ ਨਾਮ “ਸ਼ਬਦ ਸਾਂਝ” ਰੱਖਣ ਦਾ ਫੈਸਲਾ ਕੀਤਾ ਗਿਆ । “ਸ਼ਬਦ ਸਾਂਝ” ਉਹ ਨਾਮ ਸੀ, ਜਿਸਦੇ ਜ਼ਰੀਏ ਆਪਣੇ ਇਲਾਕੇ ਦੇ ਉਨ੍ਹਾਂ ਲੇਖਕ/ਕਵੀ ਵੀਰਾਂ ਦੀ ਸਾਂਝ ਅੰਤਰ-ਰਾਸ਼ਟਰੀ ਪਾਠਕਾਂ ਨਾਲ਼ ਪੁਆਉਣ ਦਾ ਸੁਪਨਾ ਤੱਕਿਆ ਸੀ, ਜਿਨ੍ਹਾਂ ਨੂੰ ਮੈਂ ਜਾਣਦਾ ਤੱਕ ਨਹੀਂ ਸੀ । ਰਚਨਾਵਾਂ ਦੀ ਚੋਣ ਦੇ ਕੰਮ ਦੀ ਜਿੰਮੇਵਾਰੀ ਸੁਨੀਲ ਦੇ ਹਿੱਸੇ ਆਈ ਤੇ ਮੇਰੇ ਹਿੱਸੇ ਬਟਨਾਂ ਨਾਲ਼ ਖੇਡਣਾ ਆਇਆ । ਪਿਛਲੇ ਸਾਲ (ਦਸੰਬਰ 2008) ਇੱਕ ਸੱਭਿਆਚਾਰਕ ਪ੍ਰੋਗਰਾਮ ਦੇ ਦੌਰਾਨ “ਸ਼ਬਦ ਸਾਂਝ” ਨੂੰ ਪਾਠਕਾਂ ਦੇ ਸਨਮੁੱਖ ਪੇਸ਼ ਕੀਤਾ ਗਿਆ । ਸਮੇਂ ਦੀ ਚਾਲ ਚਲਦਿਆਂ ਦੇਸ਼-ਵਿਦੇਸ਼ ਦੇ ਅਨੇਕਾਂ ਨਾਮਵਰ ਤੇ ਪਹਿਲਾਂ ਤੋਂ ਹੀ ਅੰਤਰ-ਰਾਸ਼ਟਰੀ ਪੱਧਰ ਤੇ ਛਪ ਰਹੇ ਲੇਖਕਾਂ ਤੇ ਕਵੀਆਂ ਨੇ “ਸ਼ਬਦ ਸਾਂਝ” ਲਈ ਆਪਣੀਆਂ ਵਡਮੁੱਲੀਆਂ ਰਚਨਾਵਾਂ ਦਾ ਯੋਗਦਾਨ ਦਿੱਤਾ ।

“ਸ਼ਬਦ ਸਾਂਝ” ਦੇ ਹੋਂਦ ‘ਚ ਆਉਣ ਦੇ ਕੁਝ ਦਿਨਾਂ ਬਾਅਦ ਹੀ ਮੈਂ ਪੰਜਾਬੋਂ ਉਡਾਰੀ ਮਾਰ ਮੈਲਬੌਰਨ (ਆਸਟ੍ਰੇਲੀਆ) ਆ ਗਿਆ । ਆਉਂਦਿਆਂ ਹੀ ਨਵਾਂ ਲੈਪਟਾਪ ਖਰੀਦਿਆ ਤਾਂ ਜੋ “ਸ਼ਬਦ ਸਾਂਝ” ਦਾ ਸਫ਼ਰ ਨਿਰਵਿਘਨ ਜਾਰੀ ਰਹੇ । ਜਦ ਧਰਤੀ ਤੋਂ ਹਵਾ ‘ਚ ਉਡਾਰੀ ਮਾਰੀ ਸੀ ਤਾਂ ਸਰਦ ਰੁੱਤ ਸੀ ਪਰ ਕਰੀਬ ਚੌਵੀ-ਪੱਚੀ ਘੰਟੇ ਬਾਅਦ ਅਜਨਬੀ ਧਰਤੀ ਤੇ ਕਦਮ ਧਰਨ ਤੇ ਗਰਮੀਆਂ ਦੇ ਮੌਸਮ ਦਾ ਅਹਿਸਾਸ ਹੋਇਆ । ਕੁਝ ਮਹੀਨਿਆਂ ਦੀ ਜੱਦੋ-ਜਹਿਦ ਤੋਂ ਬਾਅਦ ਐਡੀਲੇਡ ਆ ਗਿਆ । ਇਸ ਸਮੇਂ ਦੌਰਾਨ ਸੁਨੀਲ ਨੇਮ ਨਾਲ਼ ਪਾਠਕਾਂ ਦੀਆਂ ਰਚਨਾਵਾਂ “ਸ਼ਬਦ ਸਾਂਝ” ਲਈ ਭੇਜਦਾ ਰਿਹਾ । ਮੇਰੇ ਘਰ ਇੰਟਰਨੈੱਟ ਨਾ ਹੋਣ ਕਰਕੇ ਲਾਇਬਰੇਰੀ ਜਾ ਕੇ “ਸ਼ਬਦ ਸਾਂਝ” ਦੁਆਰਾ ਪਾਠਕਾਂ ਨਾਲ਼ ਲੇਖਕਾਂ ਦੀ ਸਾਂਝ ਪੁਆਉਂਦਾ ਰਿਹਾ । ਇੱਕ-ਦੋ ਹੋਰ ਮਹੀਨੇ ਬੀਤੇ ਤੇ ਸਰਦੀਆਂ ਸ਼ੁਰੂ ਹੋ ਗਈਆਂ । ਸਰਦੀਆਂ ਦਾ ਮੌਸਮ ਹੋਣ ਕਰਕੇ ਦਿਨ ਜਲਦੀ ਛਿਪ ਜਾਂਦਾ । ਲਾਇਬਰੇਰੀ ਦੇ ਬਾਹਰ ਕਾਰ ‘ਚ ਬੈਠਕੇ “ਵਾਈ-ਫਾਈ” ਦੁਆਰਾ ਇੰਟਰਨੈੱਟ ਨਾਲ਼ ਜੁੜਦਾ ਤੇ “ਸ਼ਬਦ ਸਾਂਝ” ਦਾ ਕੰਮ ਕਰਦਾ । ਕਾਰ ‘ਚ ਹੀਟਰ ਨਾ ਹੋਣ ਕਰਕੇ ਬੜੀ ਪ੍ਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪੈਂਦਾ, ਕਿਉਂ ਜੋ ਰਾਤ ਨੂੰ ਤਾਪਮਾਨ -4 ਤੋਂ ਲੈ ਕੇ -9 ਤੱਕ ਪੁੱਜ ਜਾਂਦਾ । ਖ਼ੈਰ ! ਸੁਨੀਲ ਦੀ ਭਰਪੂਰ ਮਿਹਨਤ, ਲੇਖਕਾਂ/ਕਵੀਆਂ ਦੀਆਂ ਰਚਨਾਵਾਂ ਤੇ ਪਾਠਕਾਂ ਦੀਆਂ ਸ਼ੁਭਇੱਛਾਵਾਂ ਸਦਕਾ “ਸ਼ਬਦ ਸਾਂਝ” ਸੁੱਖੀਂ ਸਾਂਦੀਂ ਆਪਣੇ ਦੂਜੇ ਵਰ੍ਹੇ ‘ਚ ਕਦਮ ਧਰ ਰਿਹਾ ਹੈ । ਮੈਂ ਸਭ ਲੇਖਕਾਂ, ਪਾਠਕਾਂ ਤੇ ਸ਼ੁਭਚਿੰਤਕਾਂ ਨੂੰ ਇਸ ਸ਼ੁਭ ਮੌਕੇ ਤੇ ਵਧਾਈ ਪੇਸ਼ ਕਰਦਾ ਹਾਂ । ਨਵੇਂ ਵਰ੍ਹੇ ‘ਚ “ਸ਼ਬਦ ਸਾਂਝ” ਦੀ ਦਿੱਖ ਹੋਰ ਮਨਮੋਹਣੀ ਕਰਨ ਦਾ ਯਤਨ ਕੀਤਾ ਹੈ । ਨਾਲ਼ ਹੀ ਸਾਹਿਤਕ ਸਰਗਰਮੀਆਂ ਤੇ ਨਵੀਆਂ ਕਿਤਾਬਾਂ ਬਾਰੇ ਜਾਣਕਾਰੀ ਦੇ ਕਾਲਮ ਵੀ ਸ਼ੁਰੂ ਕੀਤੇ ਹਨ । ਅੱਗੇ ਤੋਂ ਲੇਖਕਾਂ/ਕਵੀਆਂ ਦੀ ਫੋਟੋ ਹਰ ਰਚਨਾ ਦੇ ਨਾਲ਼ ਹੀ ਲਗਾਉਣ ਦਾ ਵੀ ਪ੍ਰੋਗਰਾਮ ਹੈ । ਸੋ, ਸਭ ਲੇਖਕ/ਕਵੀ ਆਪਣੀ ਫੋਟੋ ਵੀ ਭੇਜਣ ਦੀ ਖੇਚਲ ਕਰਨ । ਸਭ ਲੇਖਕ/ਕਵੀ ਵੀਰਾਂ ਦਾ ਸਹਿਯੋਗ ਲਈ ਹਾਰਦਿਕ ਧੰਨਵਾਦ ਤੇ ਉਮੀਦ ਕਰਦਾ ਹਾਂ ਕਿ ਭਵਿੱਖ ਵਿੱਚ ਵੀ ਆਪਜੀ ਦਾ ਸਹਿਯੋਗ ਤੇ ਪਿਆਰ ਇਸੇ ਤਰ੍ਹਾਂ ਹੀ ਮਿਲਦਾ ਰਹੇਗਾ ।

ਹਾਂ ਸੱਚ ! ਇੱਕ ਗੱਲ ਹੋਰ ਸੋਚ ਰਿਹਾ ਹਾਂ ਕਿ ਜਿਨ੍ਹਾਂ ਲੇਖਕਾਂ ਕੋਲ ਕੰਪਿਊਟਰ ਹਨ ਪਰ ਪੰਜਾਬੀ ਟਾਈਪ ਕਰਨੀ ਨਹੀਂ ਆਉਂਦੀ, ਉਨ੍ਹਾਂ ਲਈ ਮੈਂ ਆਪਣੀਆਂ “ਮੁਫ਼ਤ ਪੰਜਾਬੀ ਟਾਈਪ ਟ੍ਰੇਨਿੰਗ ਸੇਵਾਵਾਂ” ਪੇਸ਼ ਕਰਨੀਆਂ ਚਾਹੁੰਦਾ ਹਾਂ । ਜੋ ਵੀਰ ਇਸ ਸੁਵਿਧਾ ਦਾ ਫਾਇਦਾ ਉਠਾਉਣਾ ਚਾਹੁੰਦੇ ਹਨ, ਉਹ ਈ-ਮੇਲ ਕਰ ਸਕਦੇ ਹਨ ।

“ਸ਼ਬਦ ਸਾਂਝ” ਦੀ ਬੇਹਤਰੀ ਲਈ ਆਪਜੀ ਦੇ ਸੁਝਾਵਾਂ ਦਾ ਇੰਤਜ਼ਾਰ ਰਹੇਗਾ ।

ਰਿਸ਼ੀ ਗੁਲਾਟੀ (ਸੰਪਾਦਕ)
ਐਡੀਲੇਡ (ਆਸਟ੍ਰੇਲੀਆ)
+61 433 442 722
E-Mail : rishi22722@yahoo.com