ਆਸਟ੍ਰੇਲੀਆ ਪੰਜਾਬੀ ਚੋਰਾਂ ਤੇ ਵੇਸਵਾਵਾਂ ਦਾ ਘਰ (?)..........ਰਿਸ਼ੀ ਗੁਲਾਟੀ

ਸਪੋਕਸਮੈਨ ‘ਚ 20 ਦਸੰਬਰ ਨੂੰ ਛਪਿਆ ਲੇਖ਼ ਪੜ੍ਹ ਕੇ ਲੱਗਦਾ ਤਾਂ ਨਹੀਂ ਕਿ ਡਾਕਟਰ ਹਰਸਿ਼ੰਦਰ ਕੌਰ ਇਸ ਕਾਬਲ ਹੈ ਕਿ ਉਸਨੂੰ “ਪੰਜਾਬਣ ਆਫ਼ ਦਾ ਯੀਅਰ” ਐਵਾਰਡ ਦਿੱਤਾ ਜਾਏ । ਡਾਕਟਰ ਸਾਹਿਬਾ ਕੁੱਲ 15-20 ਦਿਨ ਲਈ ਆਸਟ੍ਰੇਲੀਆ ਵਿਖੇ ਸੈਰ ਸਪਾਟੇ ਲਈ ਆਏ ਸਨ, ਰੱਬ ਜਾਣੇ ਉਨ੍ਹਾਂ ਦੇ ਮਨ ‘ਚ ਸਾਡੇ ਖਿਲਾਫ਼ ਕਿੰਨਾਂ ਕੁ ਜ਼ਹਿਰ ਭਰਿਆ ਪਿਆ ਸੀ ਕਿ ਭਾਰਤ ਵਾਪਸ ਪੁੱਜ ਕੇ ਅਜਿਹੀ ਚੁਆਤੀ ਲਾਈ ਕਿ ਸਾਡੇ ਕਾਲਜਿਆਂ ਦੇ ਕੋਲੇ ਹੋ ਗਏ । ਲੇਖ਼ ਲਿਖਣ ਤੋਂ ਪਹਿਲਾਂ ਉਨ੍ਹਾਂ ਇੱਕ ਪਲ ਲਈ ਵੀ ਨਹੀਂ ਸੋਚਿਆ ਕਿ ਭਾਵੇਂ ਅਸੀਂ ਆਸਟ੍ਰੇਲੀਆ ਵਸਦੇ ਹਾਂ, ਪਰ ਹਾਂ ਤਾਂ ਪੰਜਾਬੀ ਮਾਂ ਦੇ ਪੁੱਤਰ-ਧੀਆਂ ਹੀ । ਜੇਕਰ ਇੱਕ ਪਲ ਲਈ ਮੰਨ ਵੀ ਲਈ ਲਈਏ ਕਿ ਕੁਝ ਲੜਕੀਆਂ ਅਜਿਹੀਆਂ ਹੋ ਸਕਦੀਆਂ ਹਨ, ਜੋ ਕਿ ਸਾਡੇ ਵਿਰਸੇ, ਸਾਡੇ ਸੱਭਿਆਚਾਰ ਨੂੰ ਸ਼ਰਮਿੰਦਾ ਕਰ ਰਹੀਆਂ ਹਨ, ਤਾਂ ਵੀ ਕੀ ਇਹ ਜ਼ਾਇਜ ਹੈ ਕਿ ਡਾਕਟਰ ਸਾਹਿਬਾ ਅਜਿਹਾ ਕੁਝ ਲਿਖ ਦੇਵੇ ਕਿ ਭਵਿੱਖ ‘ਚ ਇੱਥੇ ਵਸਦੀਆਂ ਕੁੜੀਆਂ ਦੇ ਰਿਸ਼ਤੇ ਵੀ ਨਾ ਹੋ ਸਕਣ । ਲੇਖ਼ ਪੜ੍ਹ ਕੇ ਜਾਪਦਾ ਹੈ ਕਿ ਆਸਟ੍ਰੇਲੀਆ ‘ਚ ਵੱਸਦੀਆਂ ਕੁੜੀਆਂ ਡਾਕਟਰ ਸਾਹਿਬਾ ਦੀ ਹੀ ਇੰਤਜ਼ਾਰ ਕਰ ਰਹੀਆਂ ਸਨ, ਕਿ ਉਹ ਇੱਥੇ ਆਉਣ ਤੇ ਉਨ੍ਹਾਂ ਨੂੰ ਆਪਣੇ ਦੁੱਖੜੇ ਰੋ ਸਕਣ । ਪਤਾ ਨਹੀਂ ਕਿਉਂ ਸਾਨੂੰ ਅਜਿਹੀਆਂ ਕੁੜੀਆਂ ਬਾਰੇ ਜਾਣਕਾਰੀ ਨਹੀਂ, ਜੋ ਕਿ ਆਪਣਾ ਪੇਟ ਭਰਨ ਲਈ ਜੂਠ ਖਾ ਕੇ ਗੁਜ਼ਾਰਾ ਕਰ ਰਹੀਆਂ ਹਨ । ਲੱਗਦਾ ਹੈ ਜਿਵੇਂ ਹੀ ਡਾਕਟਰ ਸਾਹਿਬਾ ਦਾ ਜਹਾਜ਼ ਆਸਟ੍ਰੇਲੀਆ ਦੀ ਧਰਤੀ ਤੇ ਉਤਰਿਆ, ਅਜਿਹੀਆਂ ਕੁੜੀਆਂ ਬਰਸਾਤ ਦੇ ਡੱਡੂਆਂ ਦੀ ਤਰ੍ਹਾਂ ਉਨ੍ਹਾਂ ਦੇ ਦੁਆਲੇ ‘ਕੱਠੀਆਂ ਹੋ ਗਈਆਂ ਤੇ ਲੱਗ ਪਈਆਂ, ਗੜੈਂ-ਗੜੈਂ ਕਰਨ । ਪਹਿਲੀ ਕੁੜੀ ਦੀ ਗੱਲ ਕਰਦੇ ਹਾਂ । ਉਸਨੇ ਕਿਹਾ ਕਿ ਤਿੰਨ ਦਿਨ ਤੋਂ ਭੁੱਖੀ ਹਾਂ । ਜੇਕਰ ਇਹ ਕੁੜੀ ਡਾਕਟਰ ਸਾਹਿਬਾ ਦਾ ਕਾਲਪਨਿਕ ਪਾਤਰ ਨਹੀਂ ਹੈ ਤਾਂ ਸ਼ੱਕ ਹੁੰਦਾ ਹੈ ਕਿ ਕੀ ਵਾਕਈ ਹੀ ਇਹ ਕੁੜੀ ਪੰਜਾਬਣ ਹੈ ? ਜੇਕਰ ਹੁੰਦੀ ਤਾਂ ਘੱਟੋ-ਘੱਟ ਉਸਨੂੰ ਸਾਡੇ ਗੁਰੂਘਰਾਂ ਦੀ ਮਰਿਆਦਾ ਦਾ ਪਤਾ ਹੁੰਦਾ । ਗੁਰੂਘਰ ‘ਚ ਲੰਗਰ ਚਲਦੇ ਨੇ, ਕੀ ਉਹ ਕੁੜੀ ਕਿਸੇ ਗੁਰੂਘਰ ‘ਚ ਗਈ ? ਕਿਸੇ ਪ੍ਰਬੰਧਕ ਕੋਲ ਆਪਣਾ ਦੁੱ਼ਖੜਾ ਜ਼ਾਹਿਰ ਕੀਤਾ ? ਜੇਕਰ ਨਹੀਂ ਤਾਂ ਡਾਕਟਰ ਸਾਹਿਬਾ ‘ਚ ਉਹਨੂੰ ਕਿਹੜੀ “ਦੇਵੀ ਮਾਤਾ” ਨਜ਼ਰ ਆ ਗਈ ਸੀ, ਜਿਸਨੇ ਚੁਟਕੀ ਮਾਰ ਕੇ ਉਸਦੇ ਦੁੱਖਾਂ ਦਾ ਅੰਤ ਕਰ ਦੇਣਾ ਸੀ ? ਹਾਲਾਂਕਿ ਮੈਨੂੰ ਆਸਟ੍ਰੇਲੀਆ ਆਇਆਂ ਕੇਵਲ ਇੱਕ ਸਾਲ ਹੀ ਹੋਇਆ ਹੈ, ਪਰ ਨਾ ਤਾਂ ਅਜਿਹਾ ਕੋਈ ਕੇਸ ਨਿਗ੍ਹਾ ‘ਚ ਆਇਆ ਕਿ ਕਿਸੇ ਵਿਦਿਆਰਥੀ ਨੂੰ ਜੂਠ ਖਾ ਕੇ ਪੇਟ ਭਰਨਾ ਪਿਆ ਹੋਵੇ ਤੇ ਨਾ ਹੀ ਅਜਿਹਾ ਕੇਸ ਜਿਸ ‘ਚ ਮਾਪਿਆਂ ਨੇ ਆਪਣੀ ਧੀ ਸਿਰਫ਼ ਪੈਸਾ ਕਮਾਉਣ ਲਈ ਜੰਮੀ ਹੋਵੇ । ਡਾਕਟਰ ਸਾਹਿਬਾ ਦੇ ਲੇਖ਼ ਮੁਤਾਬਿਕ ਇਸ ਲੜਕੀ ਨੂੰ ਉਸਦੇ ਮਾਪਿਆਂ ਨੇ ਵਿਦੇਸ਼ ਆਉਣ ਦੀ ਪੌੜੀ ਬਨਾਉਣ ਲਈ ਜੰਮਿਆ ਸੀ । ਡਾਕਟਰ ਸਾਹਿਬਾ ਪੜ੍ਹੇ-ਲਿਖੇ ਹਨ, ਜੇਕਰ ਉਨ੍ਹਾਂ ਨੇ ਕੇਵਲ ਸ਼ੋਹਰਤ ਖੱਟਣ ਲਈ ਇਹ ਲੇਖ਼ ਲਿਖਿਆ ਹੈ ਤਾਂ ਸ਼ਾਬਾਸ਼ੇ ਉਨ੍ਹਾਂ ਦੇ.... ਪਰ ਇੱਕ ਬੇਵਕੂਫ਼ ਤੋਂ ਲੈ ਸਮਝਦਾਰ ਇਨਸਾਨ ਤੱਕ ਹਰ ਕੋਈ ਇਹ ਲੇਖ ਪੜ੍ਹ ਕੇ ਹੈਰਾਨ-ਪ੍ਰੇਸ਼ਾਨ ਹੋਵੇਗਾ ਕਿ ਕੁੜੀ ਦੇ ਮਾਪੇ ਅਜਿਹੀ ਕਿਹੜੀ “ਗੌਰਮਿੰਟ” ਹੈ ਜਿਸਨੇ ਵੀਹ ਸਾਲਾ ਯੋਜਨਾ ਬਣਾਈ । ਸਰਕਾਰ ਦੀਆਂ ਤਾਂ ਪੰਜ ਸਾਲਾ ਯੋਜਨਾਵਾਂ ਵੀ ਰਾਹ ‘ਚ ਹੀ ਦਮ ਤੋੜ ਦਿੰਦੀਆਂ ਨੇ । ਪਰ ਧੰਨ ਹਨ ਇਹ ਮਾਪੇ, ਜਿਨ੍ਹਾਂ ਇਹੀ ਸੋਚ ਕੇ ਧੀ ਜੰਮੀ ਕਿ ਜਦੋਂ ਉਹ ਜਵਾਨ ਹੋ ਜਾਵੇਗੀ ਤਾਂ ਉਨ੍ਹਾਂ ਨੂੰ ਵਿਦੇਸ਼ ਦੀ ਸੈਰ ਕਰਵਾਏਗੀ । ਹੋਰ ਤਾਂ ਹੋਰ ! ਉਨ੍ਹਾਂ ਦੀ ਵੀਹ ਸਾਲਾ ਯੋਜਨਾ ਵੀ ਅੱਧੀ ਸਿਰੇ ਚੜ੍ਹ ਗਈ । ਡਾਕਟਰ ਸਾਹਿਬਾ ! ਦੇਖਿਓ ਕਿਤੇ ਤੁਹਾਡਾ ਇਹ ਲੇਖ਼ ਇਹ ਅਮਰੀਕਾ, ਕੈਨੇਡਾ ਆਦਿ ਛਪ ਜਾਵੇ ਤੇ ਉਹ ਲੋਕ ਸਾਡੇ ਅਜਿਹੇ “ਹੀਰੇ” ਚੁਰਾ ਲੈਣ ਜੋ ਕਿ ਵੀਹ ਸਾਲਾ ਯੋਜਨਾਵਾਂ ਬਨਾਉਣ ਤੇ ਸਿਰੇ ਚੜ੍ਹਾਉਣ ‘ਚ ਮਾਹਿਰ ਹਨ । ਉਸ ਕੁੜੀ ਮੁਤਾਬਿਕ “ਆਇਆਂ ਨੂੰ ਚਾਰ ਮਹੀਨੇ ਹੋਏ ਹਨ ਪਰ ਘਰ ਦੇ ਪੈਸੇ ਮੰਗਦੇ ਹਨ ।” ਵਿਆਹ ਨਕਲੀ ਹੋਇਆ, ਇਹ ਤਾਂ ਡਾਕਟਰ ਸਾਹਿਬਾ ਖ਼ੁਦ ਹੀ ਦੱਸ ਚੁੱਕੇ ਹਨ । ਇਹ ਵੀ ਜ਼ਾਹਿਰ ਜਿਹੀ ਗੱਲ ਹੈ ਕਿ ਇਹ ਜੋੜੀ ਪੜ੍ਹਾਈ ਦੇ ਆਧਾਰ ਤੇ ਆਸਟ੍ਰੇਲੀਆ ਆਈ ਹੋਵੇਗੀ । ਇੱਥੇ ਦੋ ਗੱਲਾਂ ਪੈਦਾ ਹੁੰਦੀਆਂ ਹਨ । ਪਹਿਲੀ ਗੱਲ ਇਹ ਹੈ ਕਿ ਪੜ੍ਹਦਾ ਕੌਣ ਹੈ । ਲੇਖ਼ ਮੁਤਾਬਿਕ ਖ਼ਰਚਾ ਕੁੜੀ ਦੇ ਮਾਪਿਆਂ ਨੇ ਕੀਤਾ ਤਾਂ ਪੜ੍ਹਾਈ ਲੜਕਾ ਹੀ ਕਰਦਾ ਹੋਵੇਗਾ, ਕਿਉਂ ਜੋ ਅਜਿਹੇ ਵਿਆਹਾਂ ਵਿੱਚ ਲੜਕੀ ਪੜ੍ਹਦੀ ਹੈ ਤੇ ਲੜਕੇ ਵਾਲੇ ਖ਼ਰਚਾ ਕਰਦੇ ਹਨ । ਇੱਥੇ ਪੁਜੀਸ਼ਨ ਉਲਟ ਹੈ । ਜਿਨ੍ਹਾਂ ਕੁ ਖ਼ਰਚ ਲੜਕੀ ਦੇ ਮਾਪਿਆਂ ਨੇ ਉਸਦੇ ਇੱਥੇ ਆਉਣ ਤੇ ਕੀਤਾ ਹੈ, ਜੇਕਰ ਆਪਣੇ ਲੜਕੇ ਨੂੰ ਇੱਥੇ ਭੇਜਣ ‘ਤੇ ਕਰਦੇ ਤਾਂ ਕੀ ਉਹ ਠੀਕ ਨਹੀਂ ਸੀ ? ਲੱਖਾਂ ਰੁਪਏ ਵੀ ਲਗਾ ਦਿੱਤੇ, ਕੁੜੀ ਪੱਕੀ ਤਾਂ ਫਿਰ ਵੀ ਨਾ ਹੋਈ । ਉਨ੍ਹਾਂ ਦੇ ਆਪਣੇ ਮੁੰਡੇ ਦੇ ਪੜ੍ਹਾਈ ਛੱਡ ਕੇ ਭੈਣ ਦੁਆਰਾ ਬਾਹਰ ਬੁਲਾਉਣ ਦੀ ਉਮੀਦ ਵੀ ਸ਼ੱਕ ਦੇ ਘੇਰੇ ਤੋਂ ਬਾਹਰ ਨਹੀਂ ਹੈ । ਅਗਲੀ ਗੱਲ ਇਹ ਹੈ ਕਿ ਵੀਹ ਸਾਲ ਪਹਿਲਾਂ ਵਿਦੇਸ਼ ਸੈੱਟ ਹੋਣਾ ਅੱਜ ਦੇ ਮੁਕਾਬਲੇ ਅਸਾਨ ਸੀ । ਜੇਕਰ ਕੁੜੀ ਦਾ ਪਿਓ ਖੁਦ ਬਾਹਰ ਸੈੱਟ ਹੋਣ ਦੀ ਕੋਸਿ਼ਸ਼ ਕਰਦਾ ਤਾਂ ਅੱਜ ਨੂੰ ਉਹ ਵਿਦੇਸ਼ ‘ਚ ਕਰੋੜਾਂਪਤੀ ਹੁੰਦੇ । ‘ਤੇ ਜਦੋਂ ਉਨ੍ਹਾਂ ਵੀਹ ਸਾਲਾ ਯੋਜਨਾ ਦਾ ਨੀਂਹ ਪੱਥਰ ਧਰਿਆ ਸੀ, ਜੇ ਮੁੰਡਾ ਜੰਮ ਪੈਂਦਾ ਤਾਂ..... ?

ਡਾਕਟਰ ਸਾਹਿਬਾ ਦੀ ਕਹਾਣੀ.... ਮੁਆਫ਼ ਕਰਨਾ ਲੇਖ਼ ਦਾ ਅਗਲਾ ਸੀਨ ਹੈ ਇੱਕ ਗਲੀ ਦਾ । ਜਿੱਥੇ ਕਿ ਭਾਰਤੀ ਮੁੰਡੇ ਕੁੜੀਆਂ ਦੀ ਭਰਮਾਰ ਹੈ । ਏਧਰ ਓਧਰ ਤੁਰੇ ਫਿਰਦੇ ਇਨ੍ਹਾਂ ਪਾਤਰਾਂ ਦੇ ਚਿਹਰੇ ਮਲੀਨ ਹਨ । ਦੁਨੀਆਂ ਭਰ ਦਾ ਦਰਦ ਹੈ । ਹੰਝੂ ਹਨ । ਹਰ ਪਾਤਰ ਬੇਤਾਬ ਹੈ, ਡਾਕਟਰ ਹਰਸਿ਼ੰਦਰ ਕੌਰ ਦੇ ਆਉਣ ਦੀ ਇੰਤਜ਼ਾਰ ਵਿੱਚ । ਬਿਲਕੁੱਲ ਕਿਸੇ ਫਿਲਮੀ ਕਹਾਣੀ ਦੀ ਤਰ੍ਹਾਂ । ਜਦ ਡਾਕਟਰ ਸਾਹਿਬਾ ਗਲੀ ‘ਚ ਆਉਂਦੇ ਹਨ ਤਾਂ ਇੱਕ ਕੁੜੀ ਪਾਤਰ ਡਾਕਟਰ ਸਾਹਿਬਾ ਦੇ ਨਾਲ਼ ਦੇ ਸੱਜਣ ਨੂੰ ਮੁਖ਼ਾਤਿਬ ਹੋ ਕੇ ਬੋਲਦੀ ਹੈ, ਬਿਨਾਂ ਕੁਝ ਪੁੱਛਿਆਂ ਹੀ...

“ਭਾ ਜੀ, ਤੁਸੀਂ ਕਿੰਨਿਆਂ ਦੀ ਮੱਦਦ ਕਰੋਗੇ ? ਪਹਿਲੇ ਦਿਨ, ਇਥੇ ਹਵਾਈ ਅੱਡੇ ‘ਤੇ ਉਤਰਦੇ ਸਾਰ, ਇੱਕ ਭਾਰਤੀ ਹੋਟਲ ਮਾਲਕ ਵੱਲੋਂ ਪੱਤ ਲੁੱਟੀ ਗਈ ਸੀ । ਤੁਸੀਂ ਛੇ ਮਹੀਨੇ ਸਹਾਰਾ ਦਿੱਤਾ ਪਰ ਹੁਣ ਢਿੱਡ ਭਰਨ ਲਈ ਸਿਵਾਏ ਜਿਸਮ ਵੇਚਣ ਦੇ ਕੋਈ ਚਾਰਾ ਹੀ ਨਹੀਂ ਰਿਹਾ । ਤੁਸੀਂ ਅਖ਼ਬਾਰ ਕਢਦੇ ਹੋ । ਕਿਉਂ ਨਹੀਂ ਲਿਖਦੇ ਕਿ ਮਾਪੇ ਆਪਣੀਆਂ ਬੱਚੀਆਂ ਨੂੰ ਇਸ ਨਰਕ ਵਿਚ ਨਾ ਘੱਲਣ । ਹਰ ਰੋਜ਼ ਇਕ ਭੈਣ ਭਾਰਤ ਤੋਂ ਇਥੇ ਪੜ੍ਹਨ ਲਈ ਪਹੁੰਚ ਰਹੀ ਹੈ ਤੇ ਖੱਜਲ ਖੁਆਰ ਹੋ ਰਹੀ ਹੈ ।”

ਇਹ ਪੜ੍ਹ ਕੇ ਜਾਪਦਾ ਹੈ ਕਿ ਜਿਵੇਂ ਆਲੋਕ ਨਾਥ ਦੀ ਕਿਸੇ ਫਿਲਮ ਦਾ ਡਾਇਲਾਗ ਹੋਵੇ, ਡਾਕਟਰ ਸਾਹਿਬਾ ਨੇ ਸਿਰਫ਼ ਤੇ ਸਿਰਫ਼ ਨਾਲ਼ ਦੇ ਸੱਜਣ ਦੀ ਵਾਹ-ਵਾਹੀ ਲਈ ਹੀ ਇਹ ਪਾਤਰ ਚਿਤਰਣ ਕੀਤਾ ਹੋਵੇ । ਜਿਵੇਂ ਕਿ ਹੀਰੋਇਨ ਜਾਂ ਹੀਰੋ ਕਹਿ ਰਿਹਾ ਹੋਵੇ...

“ਕਾਕਾ ! ਆਪਨੇ ਅਪਨੀ ਸਾਰੀ ਜਿ਼ੰਦਗੀ ਹਮਾਰੀ ਪਰਵਰਿਸ਼ ਮੇਂ ਲਗਾ ਦੀ । ਆਪਨੇ ਹਮਾਰੇ ਭਵਿਸ਼ ਕੀ ਖਾਤਿਰ ਸ਼ਾਦੀ ਭੀ ਨਹੀਂ ਕੀ । ਮੈਂ ਆਪ ਕੋ ਅਬ ਔਰ ਕਾਮ ਨਹੀਂ ਕਰਨੇ ਦੂੰਗਾ । ਮੈਂ ਅਪਨੀ ਪੜ੍ਹਾਈ ਛੋੜ ਕਰ ਕਲ ਸੇ ਨੌਕਰੀ ਕੀ ਤਾਲਾਸ਼ ਮੇਂ ਜੁੱਟ ਜਾਊਂਗਾ ।”

ਪਹਿਲੀ ਗੱਲ ਤਾਂ ਇਹ ਹੈ ਕਿ ਜਦ ਵੀ ਕੋਈ ਆਸਟ੍ਰੇਲੀਆ ਆਉਂਦਾ ਹੈ ਤਾਂ ਘੱਟੋ-ਘੱਟ ਕੋਈ ਇੱਕ ਵਾਕਫ਼ਕਾਰ ਤਾਂ ਹੁੰਦਾ ਹੀ ਹੈ, ਜੋ ਕਿ ਨਵੇਂ ਆਏ ਨੂੰ ਕੁਝ ਦਿਨ ਸਾਂਭਦਾ ਹੈ । ਪਰ ਲੇਖ਼ ਮੁਤਾਬਿਕ “ਜਹਾਜ਼ ਤੋਂ ਉਤਰਦੇ ਸਾਰ ਪੱਤ ਲੁੱਟਣ” ਵਾਲੀ ਗੱਲ ਫਿਲਮ ਦਾ ਸੀਨ ਹੀ ਜਾਪਦਾ ਹੈ ਕਿ ਹੀਰੋਇਨ ਏਅਰਪੋਰਟ ਤੋਂ ਬਾਹਰ ਆਉਂਦੀ ਹੈ, ਉੱਚੀ ਅੱਡੀ ਵਾਲੇ ਸੈਂਡਲਾਂ ਦੀ ਠੱਕ-ਠੱਕ ਦੀ ਆਵਾਜ਼ ਗੂੰਜਦੀ ਹੈ ਤੇ ਹੀਰੋਇਨ ਬਾਹਰ ਆ ਕੇ ਪੁਕਾਰਦੀ ਹੈ....

“ਟੈਕਸੀ...”

ਇੱਕ ਟੈਕਸੀ ਉਸਨੂੰ ਲੈ ਕੇ ਚੱਲ ਪੈਂਦੀ ਹੈ, ਜਿਸਨੂੰ ਵਿਲੇਨ ਦਾ ਗੁੰਡਾ ਚਲਾ ਰਿਹਾ ਹੁੰਦਾ ਹੈ । ਦੇਖੋ ! ਹੀਰੋਇਨ ਉਸੇ ਹੋਟਲ ‘ਚ ਜਾਣ ਲਈ ਕਹਿੰਦੀ ਹੈ, ਜਿੱਥੋਂ ਦਾ ਮਾਲਕ ਵਿਲੇਨ ਹੁੰਦਾ ਹੈ । ਜਦੋਂ ਹੋਟਲ ਪੁੱਜਦੀ ਹੈ ਤਾਂ ਬੈਕ ਗਰਾਊਂਡ ਮਿਊਜ਼ਕ ਡਰਾਵਣਾ ਤੇ ਕਾਲਜਾ ਕੱਢਣ ਵਾਲਾ ਹੋ ਜਾਂਦਾ ਹੈ ਪਰ ਭੋਲੀ ਹੀਰੋਇਨ ਏਧਰ-ਓਧਰ ਵੇਖਦੀ ਹੋਈ “ਨਾਈਸ ਹੋਟਲ, ਨਾਈਸ ਰੂਮ” ਕਹਿੰਦੀ ਹੈ ਤੇ ਗੁਣਗੁਣਾਉਂਦੀ ਹੋਈ ਇਸ਼ਨਾਨ ਪਾਣੀ ਕਰਦੀ ਹੈ । ਮੁੜ ਹੀਰੋਇਨ ਨੂੰ ਹਾਲਾਤਾਂ ਦਾ ਅਹਿਸਾਸ ਉਦੋਂ ਹੁੰਦਾ ਹੈ ਜਦੋਂ ਵਿਲੇਨ ਉਸਦੀ “ਘੁੱਗੀ ਘੈਂ” ਕਰ ਦਿੰਦਾ ਹੈ । ਬਿਲਕੁੱਲ ਇੰਝ ਦੇ ਹਾਲਤਾਂ ਦਾ ਬਿਆਨ ਡਾਕਟਰ ਸਾਹਿਬਾ ਦੇ ਲੇਖ਼ ‘ਚ ਕੀਤਾ ਜਾਪਦਾ ਹੈ । ਕੁੜੀ ਏਅਰਪੋਰਟ ‘ਚੋਂ ਬਾਹਰ ਆਈ ਤੇ.... ।

ਕੀ ਇਸ ਲੜਕੀ ਨੇ ਅੱਜ ਤੱਕ ਕਿਸੇ ਗੁਰੂਘਰ ਜਾਂ ਸਮਾਜਿਕ ਸੰਸਥਾ ਦੇ ਨੁਮਾਇੰਦੇ ਨਾਲ਼ ਆਪਣੀ ਇੱਜ਼ਤ ਰੋਲਣ ਸਬੰਧੀ ਜਿ਼ਕਰ ਕੀਤਾ ? ਜੇਕਰ ਹਾਂ ਤਾਂ ਕਿਸੇ ਨੇ ਉਸਦੀ ਮੱਦਦ ਕਿਉਂ ਨਹੀਂ ਕੀਤੀ ? ਜੇਕਰ ਉਸਨੇ ਕਿਸੇ ਨਾਲ਼ ਗੱਲ ਨਹੀਂ ਕੀਤੀ ਤਾਂ ਗੁਰੂਘਰ ‘ਚ ਸ਼ਰਣ ਲੈਣ ਦੀ ਬਜਾਏ ਪੰਦਰਾਂ-ਵੀਹ ਦਿਨਾਂ ਦੇ ਟੂਰਿਸਟ ਵੀਜ਼ੇ ਤੇ ਆਈ ਡਾਕਟਰ ਹਰਸਿ਼ੰਦਰ ਕੌਰ ‘ਚ ਉਹਨੂੰ ਕੀ ਨਜ਼ਰ ਆ ਗਿਆ, ਜੋ ਉਸਨੂੰ ਗੁਰੂ ਨਾਲੋਂ ਉੱਪਰ ਸਮਝ ਉਸਦੇ ਸਾਹਮਣੇ ਸਭ ਦੁੱਖੜੇ ਫਿਰੋਲ ਸੁੱਟੇ ? ਗੱਲ ਸੁਣ ਕੁੜੀਏ ! ਹਕੀਕਤ ਜਾਂ ਤਾਂ ਤੈਨੂੰ ਪਤਾ ਹੋਵੇਗੀ ਜਾਂ ਰੱਬ ਨੂੰ, ਪਰ ਥੋਡੀਆਂ ਕਹੀਆਂ ਗੱਲਾਂ ਕਰਕੇ ਡਾਕਟਰ ਸਾਹਿਬਾ ਨੇ ਆਪਣੇ ਲੇਖ਼ ਰਾਹੀਂ ਸਮੁੱਚੇ ਆਸਟ੍ਰੇਲੀਆ ਦੀਆਂ ਵਿਦਿਆਰਥਣਾਂ ਦਾ ਭਵਿੱਖ ਦਾਅ ਤੇ ਲਗਾ ਦਿੱਤਾ ਹੈ । ਜੇ ਰੱਬ ਨੇ ਭੋਰਾ ਅਕਲ ਦਿੱਤੀ ਹੈ ਤਾਂ ਸੋਚ ਕੇ ਦੇਖੋ ਥੋਡੀ ਬਿਆਨਬਾਜ਼ੀ ਤੇ ਡਾਕਟਰ ਸਾਹਿਬਾ ਦੇ ਲੇਖ਼ ਕਰਕੇ ਨਤੀਜੇ ਕਿੰਨੇ ਭਿਆਨਕ ਹੋਣਗੇ । ਪਹਿਲੀ ਗੱਲ ਤਾਂ ਆਪਣੇ ਮਾਪਿਆਂ ਬਾਰੇ ਸੋਚੋ । ਜਦੋਂ ਗੁਆਂਢੀ ਕਹਿਣਗੇ...

“ਬਾਈ ਫਲਾਣਾ ਸਿਆਂ ! ਥੋਡੀ ਕੁੜੀ ਆਸਟ੍ਰੇਲੀਆ ਗਈ ਹੈ, ਆਹ ਅਖ਼ਬਾਰ ਪੜ੍ਹ ਕੇ ਦੇਖ ਖਾਂ, ਕੀ ਉਲਟ-ਸ਼ੁਲਟ ਲਿਖਿਆ ਹੈ ।”

“ਨਹੀਂ ਯਾਰ ! ਤੇਰੀ ਭਤੀਜੀ ਤੇ ਮੈਨੂੰ ਪੂਰਾ ਭਰੋਸਾ ਹੈ । ਉਹ ਅਜਿਹੀ ਨਹੀਂ ਹੈ । ਉਸਨੂੰ ਆਪਣੇ ਬਾਪ ਦੀ ਇੱਜ਼ਤ ਦਾ ਪੂਰਾ ਖਿਆਲ ਹੈ ।”

“ਬਾਈ ! ਫਿਰ ਵੀ ਫੋਨ ਕਰਕੇ ਪੁੱਛ ਲੈ, ਖਰਬੂਜ਼ੇ ਨੂੰ ਦੇਖ ਕੇ ਹੀ ਖਰਬੂਜ਼ਾ ਰੰਗ ਫੜਦਾ ਹੈ ।”

ਥੋਡਾ ਮਜ਼ਬੂਰ ਬਾਪ ਪਾਸੇ ਮੂੰਹ ਕਰਕੇ ਪੱਗ ਨਾਲ਼ ਆਪਣੀਆਂ ਅੱਖਾਂ ਪੂੰਝ, ਨੀਵੀਂ ਪਾਉਣ ਤੋਂ ਇਲਾਵਾ ਕੁਝ ਨਹੀਂ ਕਰ ਸਕੇਗਾ ਤੇ ਗੁਆਂਢਣ ਥੋਡੀ ਮਾਂ ਨੂੰ ਅੱਡ ਸੂਲਾਂ ਤੇ ਘਸੀਟੇਗੀ...

“ਬੂ... ਨੀ... ਮੈਂ ਮਰਗੀ ਭੈਣੇ ! ਗੁਰੋ ਦਾ ਬਾਪੂ ‘ਖਬਾਰ ਪੜ੍ਹ ਕੇ ਦੱਸਦਾ ਸੀ ਪਈ ‘ਸਟ੍ਰੇਲੀਆ ‘ਚ ਕੁਆਰੀਆਂ ਕੁੜੀਆਂ ਜੁਆਕ ਜੰਮੀ ਜਾਂਦੀਆਂ ਨੇ । ਸ਼ੁਕਰ ਐ ਸੱਚੇ ਪਾਤਸ਼ਾਹ ਦਾ, ‘ਗਰੇਜ਼ੀ ਦੇ ਟੈਸ਼ਟ ‘ਚੋਂ ਗੁਰੋ ਦੇ ਲੰਬਰ ਪੂਰੇ ਨਹੀਂ ਆਏ । ਨਹੀਂ ਤਾਂ ਇਹ ਵੀ ਕਹਿੰਦੀ ਸੀ ਪਈ ਮੈਂ ਵੀ ‘ਸਟ੍ਰੇਲੀਆ ਜਾਣੈ । ਨਾ ਭੈਣੇ ! ਥੋਡੀ ਰਾਮੋ ਵੀ ਤਾਂ ‘ਸਟ੍ਰੇਲੀਆ ਗਈ ਹੋਈ ਐ । ਭੈਣ ! ਮੇਰੀ ਗੱਲ ਮੰਨ । ਓਹਨੂੰ ਵਾਪਸ ਬੁਲਾ ਲੈ । ਹੋਰ ਨਾ ਡੁੱਬੜੀ ਕੋਈ ਚੰਨ ਚਾੜ੍ਹ ਦੇ । ਕੀ ਲੈਣੇ ਐਹੋ ਜਿਹੀਆਂ ਪੜ੍ਹਾਈਆਂ ਤੋਂ ?”

ਇਸ ਡਰਾਮੇ ਦੀ ਅਗਲੀ ਪਾਤਰ ਨੇ ਆਈਲੈਟਸ ਪਾਸ ਕੀਤੀ ਹੋਈ ਹੈ ਤੇ ਉਸਦਾ ਘਰ ਵਾਲਾ ਕੋਰਾ ਅੰਗੂਠਾ ਛਾਪ ਹੈ । ਇਸ ਜੋੜੇ ਨੇ “ਮਾਪਿਆਂ ਦੇ ਕਹਿਣ ‘ਤੇ” ਪੱਕੇ ਹੋਣ ਲਈ ਨਿਆਣਾ ਵੀ ਜੰਮ ਧਰਿਆ । ਪਹਿਲੀ ਗੱਲ ਤਾਂ ਇਹ ਹੈ ਕਿ ਪੱਕੇ ਹੋਣ ਲਈ ਅਪਲਾਈ ਕਰਨ ਤੋਂ ਪਹਿਲਾਂ ਪੜ੍ਹਾਈ ਪੂਰੀ ਹੋਣੀ ਜ਼ਰੂਰੀ ਹੈ । ਹਰ ਵਿਦਿਆਰਥੀ ਕੋਈ ਵੀ ਕਦਮ ਚੁੱਕਣ ਤੋਂ ਪਹਿਲਾਂ ਇਹ ਜ਼ਰੂਰ ਪਤਾ ਕਰਦਾ ਹੈ ਕਿ ਇਸ ਕਦਮ ਚੁੱਕਣ ਨਾਲ਼ ਸੰਬੰਧਿਤ ਕਾਨੂੰਨ ਕੀ ਕਹਿੰਦਾ ਹੈ । ਹਰ ਕੋਈ ਪਹਿਲਾਂ ਆਪਣੀ ਜੇਬ ਤੇ ਨਿਯਮਾਵਲੀ ਵੱਲ ਨਿਗ੍ਹਾ ਮਾਰਦਾ ਹੈ, ਮੁੜ ਕੋਈ ਕਦਮ ਚੁੱਕਣ ਦੀ ਹਿੰਮਤ ਕਰਦਾ ਹੈ । ਨਿਆਣਾ ਕੋਈ ਦਹੀਂ ਹੈ, ਜੋ ਰਾਤ ਦੁੱਧ ਨੂੰ ਜਾਗ ਲਾਈ ਤੇ ਤੜਕੇ ਦਹੀਂ ਜੰਮ ਗਿਆ । ਡਾਕਟਰ ਸਾਹਿਬਾ ! ਤੁਹਾਡੀ ਕਹਾਣੀ ਦੇ ਪਾਤਰ ਏਨੇ ਭੋਲੇ ਨਹੀਂ ਜੇ, ਜਿੰਨੇ ਭੋਲੇ ਬਣਾ ਕੇ ਤੁਸੀਂ ਪੇਸ਼ ਕੀਤੇ ਨੇ । ਇਸ ਮਾਮਲੇ ‘ਤੇ ਆਪਣੇ ਪਾਤਰਾਂ ਕੋਲੋਂ ਕੁਝ ਹੋਰ ਪੜਤਾਲ ਕਰੋ । ਇਹ ਜਿਹੜੇ ਖੰਡ ਦੇ ਖਿਡੌਣੇ ਬਣਾ ਤੁਸੀਂ ਸਮਾਜ ਦੇ ਸਾਹਮਣੇ ਪੇਸ਼ ਕੀਤੇ ਹਨ, ਪੜਤਾਲ ਕੀਤਿਆਂ ਉਨ੍ਹਾਂ ਦੀ ਖੰਡ ਵੀ ਤੁਸਾਂ ਨੂੰ ਨਹੀਂ ਮਿਲੇਗੀ । ਪਹਿਲੀ ਗੱਲ ਤਾਂ ਇਸ ਗੱਲ ਦੀ ੳਮੀਦ ਹੀ ਨਹੀਂ ਕਿ ਕੋਈ ਵੀ ਆਈਲੈਟਸ ਪਾਸ ਲੜਕੀ ਅਜਿਹੇ ਲੜਕੇ ਨਾਲ਼ ਵਿਆਹ ਕਰੇਗੀ, ਜੋ ਕੋਰਾ ਅਨਪੜ੍ਹ ਹੈ । ਜ਼ਰਾ ਅਖ਼ਬਾਰਾਂ ਚੁੱਕ ਕੇ ਦੇਖੋ, ਪੜ੍ਹੇ-ਲਿਖੇ ਲੜਕਿਆਂ ਦੀਆਂ ਲਾਈਨਾਂ ਲੱਗੀਆਂ ਨਜ਼ਰ ਆਉਣਗੀਆਂ, ਜੋ ਜ਼ਹਾਜ਼ ਚੜ੍ਹਨ ਦੀ ਉਮੀਦ ‘ਚ ਪੈਸੇ ਤੇ ਸ਼ਕਲ ਦੋਹਾਂ ਵੱਲੋਂ ਗ਼ਰੀਬ ਲੜਕੀ ਨਾਲ਼ ਵਿਆਹ ਕਰਨ ਲਈ ਰਾਜ਼ੀ ਹਨ । ਚਲੋ, ਕੋਈ ਨਾ ਤੁਸੀਂ ਜੇ ਸਾਨੂੰ ਅਕਲੋਂ ਏਨੇ ਹੀ ਕੋਰੇ ਸਮਝ ਕੇ ਖੰਡ ਦੇ ਖਿਡੌਣੇ ਪੇਸ਼ ਕੀਤੇ ਹਨ ਤਾਂ ਤੁਹਾਡਾ ਮਾਣ ਰੱਖਣ ਲਈ, ਉਨ੍ਹਾਂ ਨੂੰ ਪ੍ਰਵਾਨ ਕਰਦਿਆਂ ਇੱਕ ਸਵਾਲ ਕਰਦੇ ਹਾਂ ਕਿ ਅਨਪੜ੍ਹ ਬੰਦਾ ਖੇਤਾਂ ‘ਚ ਵੀ ਕੰਮ ਨਹੀਂ ਕਰ ਸਕਦਾ ? ਬਥੇਰੇ ਸਥਾਪਿਤ ਪੰਜਾਬੀ ਖੇਤਾਂ ਦੇ ਮਾਲਕ ਹਨ, ਜਿਨ੍ਹਾਂ ਕੋਲ ਪੰਜਾਬੀ ਲੜਕੇ ਕੰਮ ਕਰਦੇ ਹਨ । ਕੀ ਇਸ ਸੱਜਣ ਨੂੰ ਪੰਜਾਬੀ ਵੀ ਨਹੀਂ ਆਉਂਦੀ ? ਬਲਕਿ ਇਸਦੀ ਤਾਂ ਖੇਤਾਂ ‘ਚ ਕੰਮ ਕਰਨ ਦੀ ਸਮਰੱਥਾ ਬਾਕੀਆਂ ਨਾਲੋਂ ਜਿ਼ਆਦਾ ਹੋਵੇਗੀ ਕਿਉਂ ਜੋ ਪੰਜਾਬ ‘ਚੋਂ ਕਿਹੜਾ ਕੁਰਸੀ ਛੱਡ ਕੇ ਆਇਆ ਹੈ । ਇਹ ਕੁੜੀ ਸ਼ਾਮ ਨੂੰ ਕੰਮ ਤੇ ਨਿਆਣਾ ਲੈ ਕੇ ਜਾਂਦੀ ਹੈ, ਕਰੈੱਚ ‘ਚ ਪੈਸੇ ਭਰਦੀ ਹੈ । ਕਿਉਂ ਭਲਾ ? ਘਰ ਵਾਲਾ ਨਿਆਣਾ ਵੀ ਨਹੀਂ ਸਾਂਭਦਾ ? ਗੱਲ ਕੁਝ ਹਜ਼ਮ ਨਹੀਂ ਹੋ ਰਹੀ ਕਿ ਇੱਕ ਪਾਸੇ ਤਾਂ ਆਮਦਨ ਘੱਟ ਹੈ ਜਾਂ ਨਹੀਂ ਹੈ ਤੇ ਦੂਜੇ ਪਾਸੇ ਘਰ ਵਾਲਾ ਵਿਹਲਾ ਰਹਿੰਦਾ ਹੈ ਪਰ ਨਿਆਣਾ ਕਰੈੱਚ ‘ਚ ਪਲਦਾ ਹੈ । ਕਿਸੇ ਚੰਗੇ ਕਰੈੱਚ ‘ਚ ਬੱਚਾ ਰੱਖਣ ਦਾ ਖ਼ਰਚ ਕਰੀਬ 15-20 ਡਾਲਰ ਪ੍ਰਤੀ ਘੰਟਾ ਹੈ । ਸੋਚਣ ਵਾਲੀ ਗੱਲ ਇਹ ਹੈ ਕਿ ਕੀ ਇਹ ਲੜਕੀ ਇਤਨੇ ਪੈਸੇ ਕਮਾ ਰਹੀ ਹੈ ਜੋ ਕਰੈੱਚ ਦਾ ਖ਼ਰਚ ਝੱਲ ਸਕੇ । ਜੇ ਕਮਾ ਹੀ ਰਹੀ ਹੈ ਤਾਂ ਰੌਲਾ ਕਿਸ ਗੱਲ ਦਾ ਹੈ ? ਕਿਉਂ ਐਂਵੀ ਝੂਠਾਂ ਦੇ ਪੁਲੰਦੇ ਬੰਨੀ ਜਾਂਦੇ ਹੋ ? ਇਸ ਸਭ ਕਾਸੇ ਤੋਂ ਮਹਿਸੂਸ ਹੋ ਰਿਹਾ ਹੈ ਕਿ ਗੱਲਾਂ ਤਾਂ ਦੋ ਹੀ ਹੋ ਸਕਦੀਆਂ ਨੇ, ਜਾਂ ਤਾਂ ਇਨ੍ਹਾਂ ਕੁੜੀਆਂ ਨੇ ਮੁਫ਼ਤ ਦੀ ਹਮਦਰਦੀ ਬਟੋਰਨ ਲਈ ਤੁਹਾਡੇ ਨਾਲ਼ ਘਟੀਆ ਚਾਲ ਚੱਲੀ ਹੈ ਤੇ ਜਾਂ ਤੁਸੀਂ ਮੁਫ਼ਤ ਦੀ ਵਾਹ-ਵਾਹੀ ਬਟੋਰਨ ‘ਚ ਆਸਟ੍ਰੇਲੀਆ ਵਸਦੇ ਆਪਣੇ ਹੀ ਧੀਆਂ ਪੁੱਤਰਾਂ ਦੀ ਇੱਜ਼ਤ ਰੋਲਣ ‘ਚ ਕੋਈ ਕਸਰ ਬਾਕੀ ਨਹੀਂ ਛੱਡੀ ।

ਇੱਕ ਗੱਲ ਦੀ ਮੈਨੂੰ ਸਮਝ ਨਹੀਂ ਆ ਰਹੀ ਕਿ ਸਿਰਫ਼ ਤੁਹਾਨੂੰ ਹੀ ਅਜਿਹੀਆਂ ਲੜਕੀਆਂ ਕਿਉਂ ਮਿਲੀਆਂ ਜੋ ਕਿ ਅਨਪੜ੍ਹ ਮੁੰਡਿਆਂ ਨਾਲ਼ ਵਿਆਹ ਕਰਵਾ ਕੇ ਆਈਆਂ ਹਨ । ਜੋ ਪੇਟ ਪਾਲਣ ਲਈ ਆਪਣਾ ਜਿਸਮ ਵੇਚਣ ਲਈ ਮਜ਼ਬੂਰ ਹਨ । ਇਹ ਮੰਨਿਆ ਕਿ ਕੁਝ ਕੁ ਵਿਦਿਆਰਥੀ ਆਪਣੇ ਅਸੱਭਿਅਕ ਵਿਹਾਰ ਕਰਕੇ ਇੱਥੋਂ ਦੇ ਵਸਨੀਕਾਂ ਜਾਂ ਆਪਣੇ ਸਾਥੀਆਂ ਲਈ ਪ੍ਰੇਸ਼ਾਨੀ ਦਾ ਕਾਰਨ ਬਣਦੇ ਹਨ । ਅਜਿਹਿਆਂ ਨੂੰ ਸਮਝਾਉਣ ਲਈ ਆਸਟ੍ਰੇਲੀਆ ਦੇ ਅਖ਼ਬਾਰਾਂ ‘ਚ ਕੁਝ ਨਾ ਕੁਝ ਛਪਦਾ ਹੀ ਰਹਿੰਦਾ ਹੈ । ਮੈਂ ਇਸ ਵਿਸ਼ੇ ‘ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ, ਪੱਤਰਕਾਰਾਂ, ਲੇਖਕਾਂ ਤੇ ਹੋਰ ਲੋਕਾਂ ਨਾਲ਼ ਗੱਲ-ਬਾਤ ਕੀਤੀ ਪਰ ਅਫਸੋਸ, ਇੱਕ ਵੀ ਅਜਿਹਾ ਨਾ ਮਿਲਿਆ ਜਿਸਨੇ ਡਾਕਟਰ ਸਾਹਿਬਾ ਦੇ ਹੱਕ ਦੀ ਗੱਲ ਕੀਤੀ ਹੋਵੇ ਜਾਂ ਉਨ੍ਹਾਂ ਨੂੰ ਕੋਈ ਅਜਿਹੀ ਲੜਕੀ ਮਿਲੀ ਹੋਵੇ । ਸ਼ਾਇਦ ਉਨ੍ਹਾਂ ਨੂੰ ਸਨਮਾਨਿਤ ਕਰਨ ਵਾਲੀਆਂ ਸੰਸਥਾਵਾਂ ਦੇ ਮੈਂਬਰ ਵੀ ਡਾਕਟਰ ਸਾਹਿਬਾ ਦੀ ਇਸ ਕੋਝੀ ਲੇਖਣੀ ਕਰਕੇ ਅਫਸੋਸ ਕਰਦੇ ਹੋਣਗੇ । ਤੁਸੀਂ ਤਾਂ ਸਨਮਾਨਿਤ ਹੋ ਕੇ ਚਲੇ ਗਏ ਪਰ ਸਨਮਾਨਿਤ ਕਰਨ ਵਾਲਿਆਂ ਨੂੰ ਕਿਸ ਗੁਨਾਹ ਕਰਕੇ ਅਪਮਾਨਿਤ ਕਰ ਰਹੇ ਹੋ ? ਕੀ ਤੁਹਾਨੂੰ ਸਨਮਾਨਿਤ ਕਰਨ ਵਾਲੀਆਂ ਸੰਸਥਾਵਾਂ ਨੂੰ ਇਹ ਨਹੀਂ ਚਾਹੀਦਾ ਕਿ ਉਹ ਤੁਹਾਨੂੰ ਦਿੱਤਾ ਗਿਆ ਸਨਮਾਨ ਵਾਪਸ ਲੈਣ । ਪਹਿਲੀ ਗੱਲ ਤਾਂ ਇਹ ਹੈ ਕਿ ਜਦ ਆਸਟ੍ਰੇਲੀਆ ‘ਚ ਭਰੂਣ ਹੱਤਿਆ ਦੀ ਕੋਈ ਸਮੱਸਿਆ ਹੀ ਨਹੀਂ ਹੈ, ਤਾਂ ਤੁਹਾਨੂੰ ਇੱਥੇ ਬੁਲਾਉਣ ਦਾ ਕੀ ਮਤਲਬ ਸੀ ? ਚਲੋ, ਜੇਕਰ ਬੁਲਾ ਵੀ ਲਿਆ ਤੇ ਸਨਮਾਨਿਤ ਵੀ ਕਰ ਦਿੱਤਾ ਤਾਂ ਤੁਸੀਂ ਆਪਣੇ ਮੇਜ਼ਬਾਨਾਂ ਕੋਲ ਇਨ੍ਹਾਂ ਸਮੱਸਿਆਵਾਂ ਦਾ ਜਿ਼ਕਰ ਕੀਤਾ ? ਕੀ ਤੁਹਾਨੂੰ ਉਨ੍ਹਾਂ ਨੇ ਅਜਿਹੀਆਂ ਮਨਘੜਤ ਗੱਲਾਂ ਲਿਖਣ ਤੋਂ ਵਰਜਿਆ ਨਹੀਂ ? ਇਹ ਤੁਹਾਡੇ ਤੇ ਨਿਰਭਰ ਕਰਦਾ ਹੈ ਕਿ ਪੰਜਾਬੀ ਮੁੰਡੇ-ਕੁੜੀਆਂ ਦੇ ਭਵਿੱਖ ਨਾਲ਼ ਖੇਡਣ ਦੇ ਗੁਨਾਹ ਵਿੱਚ ਤੁਸੀਂ ਕੇਵਲ ਆਪਣੇ ਆਪ ਨੂੰ ਗੁਨਾਹਗਾਰ ਮੰਨਦੇ ਹੋ ਜਾਂ ਆਪਣੇ ਮੇਜ਼ਬਾਨਾਂ ਨੂੰ ਵੀ । ਤੁਹਾਡੀ ਲੇਖਣੀ ਪੜ੍ਹ ਕੇ ਲੱਗਦਾ ਨਹੀਂ ਕਿ ਇਹ ਲੇਖ਼ ਕਿਸੇ ਔਰਤ ਦਾ ਲਿਖਿਆ ਹੋਇਆ ਹੈ । ਜਾਪਦਾ ਹੈ ਜਿਵੇਂ ਅਸ਼ਲੀਲ ਕਿਤਾਬਾਂ ਲਿਖਣ ਵਾਲੇ ਕਿਸੇ ਲੇਖਕ ਨੇ ਇਹ ਲੇਖ ਲਿਖਿਆ ਹੈ । ਕਿਵੇਂ ਵਿਰੋਧ ਕਰਾਂ ਤੁਹਾਡੇ ਇਸ ਲੇਖ ਦਾ ? ਤੁਹਾਡੇ ਲਿਖੇ ਇੱਕ-ਇੱਕ ਸ਼ਬਦ ਸਾਹਮਣੇ ਮੇਰੀ ਕਲਮ ਦੀ ਸਿਆਹੀ ਸੁੱਕ ਰਹੀ ਹੈ । ਜਾਪ ਰਿਹਾ ਹੈ ਕਿ ਇਸ ਚਿੱਕੜ ਦੇ ਫੈਲਣ ਦਾ ਵਿਰੋਧ ਕਰਕੇ ਮੈਂ ਵੀ ਇਸ ਵਿੱਚ ਲਿੱਬੜ ਜਾਵਾਂਗਾ, ਪਰ ਵਿਰੋਧਤਾ ਮੇਰੀ ਮਜ਼ਬੂਰੀ ਹੈ, ਚਾਹੇ ਲਿੱਬੜਾਂ ਜਾਂ ਪਾਕ-ਸਾਫ਼ ਰਹਾਂ । ਇਸ ਗੱਲ ਦਾ ਫੈਸਲਾ ਪਾਠਕ ਕਰਨਗੇ ।

ਡਾਕਟਰ ਸਾਹਿਬਾ ਦੇ ਅਗਲੇ ਪਾਤਰਾਂ ‘ਚ “ਅਨਪੜ੍ਹ ਖਸਮ” ਆ ਜਾਂਦੇ ਨੇ । ਜਿਹੜੇ ਕੋਈ ਕੰਮ ਨਹੀਂ ਕਰਦੇ ਬਲਕਿ ਵਕਤ ਕੱਟਣ ਲਈ ਸਾਰਾ ਦਿਨ ਅਵਾਰਾ ਘੁੰਮਦੇ ਨੇ ਜਾਂ ਚੋਰੀ ਚਕਾਰੀ ਕਰਦੇ ਨੇ । ਇਹ ਲੇਖ਼ ਲਿਖਦਿਆਂ ਮੈਂ ਤਾਂ ਖ਼ੁਦ ਪ੍ਰੇਸ਼ਾਨ ਹੋ ਗਿਆ ਹਾਂ ਕਿ ਡਾਕਟਰ ਸਾਹਿਬਾ ਨੇ ਕੀ ਸੋਚ ਕੇ ਸਾਡੀ ਮਿੱਟੀ ਪਲੀਤ ਕੀਤੀ ਹੈ ? ਆਪਣੇ ਪੰਜਾਬੀ ਸਮਾਜ ਨੂੰ ਕਿਵੇਂ ਯਕੀਨ ਦਿਵਾਵਾਂ ਕਿ ਡਾਕਟਰ ਸਾਹਿਬਾ ਨੇ ਜੋ ਕੁਝ ਲਿਖਿਆ ਹੈ, ਉਹ ਸਿਵਾਏ ਸਸਤੀ ਸ਼ੋਹਰਤ ਹਾਸਲ ਕਰਨ ਦੇ ਕੋਈ ਮਾਇਨੇ ਨਹੀਂ ਰੱਖਦਾ । ਹੁਣ ਤੁਸੀਂ ਖੁਦ ਦੱਸੋ ਕਿ ਚੋਰੀ ਕਰਨ ਨੂੰ ਇਹ ਪਟਿਆਲਾ ਹੈ, ਜਿੱਥੇ ਕੋਈ ਕੁਝ ਨਹੀਂ ਕਹੇਗਾ ਜਾਂ ਗੱਲ ਲੁਕ ਜਾਵੇਗੀ ? ਮੈਡਮ ਜੀ ! ਇਹ ਆਸਟ੍ਰੇਲੀਆ ਹੈ, ਜੇ ਕਿਤੇ ਅਜਿਹੀ ਗੱਲ ਹੋਈ ਹੁੰਦੀ ਤਾਂ ਇਨ੍ਹਾਂ ਲੋਕਾਂ ਨੇ ਸਾਨੂੰ ਬਖ਼ਸ਼ਣਾ ਨਹੀਂ ਸੀ । ਡਾਕਟਰ ਸਾਹਿਬਾ ਨੂੰ ਅੱਠ ਮਹੀਨੇ ਦੀ ਗਰਭਵਤੀ ਲੜਕੀ ਮਿਲੀ, ਜਿਸਨੂੰ ਇਹੀ ਨਹੀਂ ਪਤਾ ਕਿ ਉਸਦੇ ਹੋਣ ਵਾਲੇ ਬੱਚੇ ਦਾ ਬਾਪ ਕੌਣ ਹੈ ? ਹੋਰ ਤਾਂ ਹੋਰ, ਉਸਦੇ ਨਾਲ਼ ਦੀਆਂ ਤਿੰਨ-ਚਾਰ ਹੋਰ ਕੁੜੀਆਂ ਵੀ ਗਰਭਵਤੀ ਸਨ, ਜਿਨ੍ਹਾਂ ਨੂੰ ਆਪਣੇ ਬੱਚਿਆਂ ਦੇ ਬਾਪ ਦਾ ਪਤਾ ਨਹੀਂ ਸੀ । ਛੱਡੋ ਡਾਕਟਰ ਸਾਹਿਬਾ ! ਕਿਉਂ ਮੁੰਡਿਆਂ ਨੂੰ “ਸ਼ਰਮ” ਨਾਲ਼ ਮਰਨ ਲਈ ਮਜ਼ਬੂਰ ਕਰਨ ਤੇ ਤੁਲੇ ਪਏ ਹੋ ? ਮੁੰਡਿਆਂ ਨੇ ਊਂ ਹੀ “ਸ਼ਰਮ” ਨਾਲ਼ ਮਰ ਜਾਣਾ ਹੈ ਕਿ “ਖੀਰ” ਸਾਰੀ ਵੰਡੀ ਗਈ ਪਰ ਉਨ੍ਹਾਂ ਨੂੰ ਪਤਾ ਵੀ ਨਹੀਂ ਲੱਗਾ । ਜੇ ਆਪਣੀ ਬੇਇੱਜ਼ਤੀ ਹੀ ਕਰਵਾਉਣੀ ਸੀ ਤਾਂ ਘੱਟੋ-ਘੱਟ “ਖੀਰ” ਤਾਂ ਛਕ ਲੈਂਦੇ, ਹੁਣ ਤਾਂ ਮੁਫ਼ਤ ‘ਚ ਹੀ ਬਦਨਾਮੀ ਹੋ ਗਈ । ਗੁਰਦੁਆਰਾ ਸਾਹਿਬ ‘ਚ ਅੱਧਨੰਗੀ ਕੁੜੀ ਦੋ ਮੁੰਡਿਆਂ ਨਾਲ਼ ਜੱਫੀ ਪਾਈ ਖੜ੍ਹੀ ਡਾਕਟਰ ਸਾਹਿਬਾ ਨੂੰ ਤਾਂ ਨਜ਼ਰ ਆ ਗਈ ਪਰ ਪ੍ਰਬੰਧਕਾਂ ਨੂੰ ਪਤਾ ਨਹੀਂ ਦਿਸੀ ਜਾਂ ਨਹੀਂ । ਸ਼ਾਇਦ ਉਸਨੇ ਪਹਿਲੀ ਵਾਰੀ ਹੀ ਗੁਰਦੁਆਰਾ ਸਾਹਿਬ ‘ਚ ਖੜ੍ਹ ਕੇ ਮੁੰਡਿਆਂ ਨੂੰ ਜੱਫੀ ਪਾਈ ਹੋਵੇਗੀ, ਤੇ ਡਾਕਟਰ ਸਾਹਿਬਾ ਨੇ ਉਸਨੂੰ ਦੇਖ ਲਿਆ । ਜੇਕਰ ਉਸਨੇ ਪਹਿਲਾਂ ਕੋਈ ਅਜਿਹੀ ਹਰਕਤ ਕੀਤੀ ਹੁੰਦੀ ਤਾਂ ਪ੍ਰਬੰਧਕਾਂ ਨੇ ਉਸਨੂੰ ਅਜਿਹਾ ਸਬਕ ਸਿਖਾਉਣਾ ਸੀ, ਕਿ ਉਹ ਯਾਦ ਰੱਖਦੀ ।

ਇਹ ਗੱਲ ਸਮਝ ਤੋਂ ਬਾਹਰ ਹੈ ਕਿ ਆਸਟ੍ਰੇਲੀਆ ਅੱਜ ਤੱਕ ਇਤਨੇ ਪ੍ਰਚਾਰਕ ਆਏ, ਵਿਦਿਆਰਥੀਆਂ ਦੇ ਮਾਪੇ ਉਨ੍ਹਾਂ ਨੂੰ ਮਿਲਣ ਲਈ ਆਏ, ਕੀ ਕਿਸੇ ਨੂੰ ਕੋਈ ਅਜਿਹਾ ਮੁੰਡਾ ਕੁੜੀ ਨਹੀਂ ਮਿਲਿਆ ਜੋ ਕਿ ਚੋਰੀ ਕਰਦਾ ਹੋਵੇ ਜਾਂ ਕੁੜੀ ਵੇਸਵਾ ਹੋਵੇ । ਕਿਸੇ ਨੂੰ ਅਜਿਹੇ ਪੁਰਾਣੇ ਪੰਜਾਬੀ ਨਹੀਂ ਮਿਲੇ, ਜਿਨ੍ਹਾਂ ਆਉਣ ਵਾਲਿਆਂ ਨੂੰ ਆਸਟ੍ਰੇਲੀਆ ਦੀਆਂ “ਬਦਨਾਮ ਗਲੀਆਂ” ਬਾਰੇ ਜਾਣਕਾਰੀ ਦਿੱਤੀ ਹੋਵੇ । ਇੱਕ ਡਾਕਟਰ ਹਰਸਿ਼ੰਦਰ ਕੌਰ ਹੀ ਆਈ, ਜਿਸਨੂੰ ਆਸਟ੍ਰੇਲੀਆ ਵਾਸੀਆਂ ਨੇ ਐਵੇਂ ਹੀ ਸਿਰ ਬੈਠਾ ਲਿਆ ਪਰ ਉਹ ਉਨ੍ਹਾਂ ਸਿਰਾਂ ‘ਚ ਹੀ ਜੁੱਤੀਆਂ ਮਾਰ ਰਹੀ ਹੈ । ਉਸਨੇ ਆਪਣੇ ਪੰਦਰਾਂ ਦਿਨਾਂ ਦੇ ਦੌਰੇ ਦੌਰਾਨ ਪੰਜਾਬੀ ਚੋਰ ਦੇਖੇ, ਪੰਜਾਬਣ ਵੇਸਵਾਵਾਂ ਦੇਖੀਆਂ, ਆਸਟ੍ਰੇਲੀਆ ਦੀਆਂ ਬਦਨਾਮ ਗਲੀਆਂ ਦੇਖੀਆਂ, ਅਧੇੜ ਪੰਜਾਬੀਆਂ ਦੁਆਰਾ ਮਨਾਈਆਂ ਜਾਂਦੀਆਂ ਰੰਗਰਲੀਆਂ ਦੇਖੀਆਂ, ਗੁਰੂਘਰ ‘ਚ ਮੁੰਡਿਆਂ-ਕੁੜੀਆਂ ਦੁਆਰਾ ਹੁੰਦੀਆਂ ਅਸ਼ਲੀਲ ਹਰਕਤਾਂ ਤੱਕੀਆਂ, ਪਾਠੀ ਸਿੰਘ ਗੋਰੀਆਂ ਨੂੰ ਛੇੜਦੇ ਤੱਕੇ । ਇਹ ਸਮਝ ਨਹੀਂ ਆਈ ਕਿ ਜੇਕਰ ਡਾਕਟਰ ਸਾਹਿਬਾ ਦੀ ਨਜ਼ਰ ਇਹੀ ਕੁਝ ਦੇਖਦੀ ਰਹੀ ਤਾਂ ਉਸਨੇ ਆਸਟ੍ਰੇਲੀਆ ਦੀ ਖੂਬਸੂਰਤੀ ਕਦੋਂ ਤੱਕੀ ? ਸੁੰਦਰ ਇਮਾਰਤਾਂ, ਕੁਦਰਤ ਦੇ ਰੰਗ ਕਦੋਂ ਤੱਕੇ ? ਮਿਹਨਤ ਕਰ ਸਿਖਰਾਂ ਤੇ ਪੁੱਜੇ ਪੰਜਾਬੀ ਕਦੋਂ ਤੱਕੇ ? ਗੁਰੂਘਰ ‘ਚ ਉਹ ਮੁੰਡੇ ਕੁੜੀਆਂ ਨੂੰ ਗੁਟਰਗੂੰ ਕਰਦਿਆਂ ਦੇਖਦੀ ਰਹੀ, ਪਰ ਉਸਨੇ ਧੁਰ ਕੀ ਬਾਣੀ ਸਰਵਣ ਕਿਉਂ ਨਹੀਂ ਕੀਤੀ ? ਜਦੋਂ ਲੰਗਰ ਛਕਦਿਆਂ ਉਸਨੇ ਮੁੰਡੇ ਕੁੜੀਆਂ ਦੀਆਂ ਅਸ਼ਲੀਲ ਹਰਕਤਾਂ ਦੇਖੀਆਂ, ਕੀ ਦਾਲ ਉਸਦੇ ਕੱਪੜਿਆਂ ਤੇ ਨਹੀਂ ਡੁੱਲ੍ਹੀ ? ਇਹ ਵੀ ਸਮਝ ਤੋਂ ਬਾਹਰ ਹੈ ਕਿ ਤੁਹਾਨੂੰ ਘੁੰਮਣ ਲਈ ਆਸਟ੍ਰੇਲੀਆ ਦਾ, ਤੁਹਾਡੇ ਦੁਆਰਾ ਦਰਸਾਇਆ “ਰੈੱਡ ਲਾਈਟ ਏਰੀਆ” ਹੀ ਮਿਲਿਆ ਸੀ, ਕੋਈ ਬੀਚ, ਵੱਡੇ-ਵੱਡੇ ਸ਼ਾਪਿੰਗ ਕੰਪਲੈਕਸ, ਮਿਊਜ਼ੀਅਮ ਜਾਂ ਕੋਈ ਹੋਰ ਚੱਜ ਦੀ ਜਗ੍ਹਾ ਨਹੀਂ ਸੀ ਮਿਲੀ ? ਡਾਕਟਰ ਸਾਹਿਬਾ ! ਕਿਉਂ ਸਾਡੀ ਮਿੱਟੀ ਪਲੀਤ ਕਰੀ ਜਾਂਦੇ ਹੋ, ਨਾਲੇ ਆਪਣੀ ਕਰਵਾਈ ਜਾਂਦੇ ਹੋ ? ਸਿਆਣੇ ਕਹਿੰਦੇ ਹਨ ਕਿ ਔਖਾ ਨੰਬਰ ਵਨ ਬਣਨਾ ਨਹੀਂ ਹੈ, ਔਖਾ ਉਸਨੂੰ ਸੰਭਾਲਣਾ ਹੈ । ਜਿੰਨੀ ਕੁ ਸ਼ੋਹਰਤ ਤੁਸੀਂ ਖੱਟੀ ਹੈ, ਉਸਨੂੰ ਸੰਭਾਲ ਲਵੋ । ਸਿਆਣੇ ਕਹਿੰਦੇ ਤਾਂ ਇਹ ਵੀ ਹਨ ਕਿ “ਖੋਤੇ ਨੂੰ ਖੀਰ ਔਖੀ ਹੀ ਹਜ਼ਮ ਹੁੰਦੀ ਹੈ ।” ਇੱਥੇ ਆਏ ਵਿਦਿਆਰਥੀ ਤੁਹਾਡੇ ਪੁੱਤਰਾਂ ਧੀਆਂ ਦੀ ਉਮਰ ਦੇ ਹਨ । ਹੋਰ ਫੋਕੀਆਂ ਵਡਿਆਈਆਂ ਖੱਟਣ ਦੇ ਚੱਕਰ ‘ਚ ਆਪਣੇ ਪੁੱਤਰਾਂ ਧੀਆਂ ਨੂੰ ਚੋਰ ਜਾਂ ਵੇਸਵਾਵਾਂ ਨਾ ਬਣਾਓ । ਸਾਨੂੰ ਪਤਾ ਹੈ ਕਿ ਜਦੋਂ ਅਸੀਂ ਹਾਂ ਹੀ ਤੁਹਾਡੇ ਬੱਚਿਆਂ ਦੀ ਉਮਰ ਦੇ, ਸਾਡੀ ਕਲਮ, ਤੁਹਾਡੀ ਕਲਮ ਦੇ ਹਾਣ ਦੀ ਨਹੀਂ ਹੋ ਸਕਦੀ ਤੇ ਨਾਲ਼ੇ ਇਹ ਸਾਡੇ ਵਤਨ ਦੀ ਬਦਕਿਸਮਤੀ ਹੈ ਕਿ ਉਹ ਉਮਰ ‘ਚ ਵੱਡਿਆਂ ਦੀ ਹਰ ਗੱਲ ਨੂੰ ਹੀ ਸਹੀ ਮੰਨਦੇ ਹਨ ਪਰ ਨੌਜਵਾਨ ਪੀੜ੍ਹੀ ਦੀ ਸੋਚ ਉਨ੍ਹਾਂ ਨੂੰ ਠੀਕ ਨਹੀਂ ਜਾਪਦੀ । ਜਦ ਅਸੀਂ ਆਸਟ੍ਰੇਲੀਆ ਵਸਦੇ ਆਪਣੇ ਹਾਣੀਆਂ ਵੱਲੋਂ, ਆਪਣੇ ਪੱਖ ਨੂੰ ਸਹੀ ਸਾਬਤ ਕਰਨ ਦੀ ਕੋਸਿ਼ਸ਼ ਕਰ ਰਹੇ ਹਾਂ ਤਾਂ ਵੀ ਸਾਡੇ ਹੀ ਖਿਲਾਫ਼ ਅਵਾਜ਼ਾਂ ਉੱਠਣਗੀਆਂ, ਕਿਉਂ ਜੋ ਤੁਸੀਂ ਅੰਤਰ-ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਕਲਮ ਨਵੀਸ ਹੋ ਤੇ ਅਸੀਂ ਅਜੇ ਆਪਣੇ ਵਰਤਮਾਨ ਤੇ ਭਵਿੱਖ ਨੂੰ ਸਹੀ ਪਟੜੀ ਤੇ ਲਿਆਉਣ ਲਈ ਯਤਨਸ਼ੀਲ । ਇਹ ਤਾਂ ਸਚਾਈ ਹੈ ਹੀ ਕਿ ਹਮੇਸ਼ਾ ਸਲਾਮਾਂ ਚੜ੍ਹਦੇ ਸੂਰਜ ਨੂੰ ਹੀ ਹੁੰਦੀਆਂ ਨੇ । ਅਸੀਂ ਆਪਣੇ ਹਮਵਤਨਾਂ ਤੋਂ ਇਹ ਉਮੀਦ ਘੱਟ ਹੀ ਕਰਦੇ ਹਾਂ ਕਿ ਉਹ ਸਾਡੀ ਸੋਚ ਨੂੰ, ਸਾਡੀ ਲੇਖਣੀ ਨੂੰ ਮਾਨਤਾ ਦੇਣਗੇ । ਪਰ ਜੇਕਰ ਉਹ ਸੱਚੇ ਦਿਲ ਨਾਲ਼ ਇਨਸਾਫ਼ ਦੀ ਗੱਲ ਸੋਚਣ ਤਾਂ ਸਾਡੇ ਸੱਚ ਤੇ ਤੁਹਾਡੇ ਝੂਠ ਦਾ ਫ਼ਰਕ ਸਾਡੀ ਕਲਮ ਦੀ ਤੜਪ ਤੋਂ ਮਹਿਸੂਸ ਕਰ ਸਕਦੇ ਹਨ ।

ਇੱਕ ਗੱਲ ਹੋਰ, ਜੇਕਰ ਤੁਹਾਨੂੰ ਮਹਿਸੂਸ ਹੁੰਦਾ ਹੈ ਕਿ ਪੰਜਾਬਣਾਂ ਵਿਦੇਸ਼ਾਂ ‘ਚ ਵੇਸਵਾਵਾਂ ਬਣਨ ਦੀ ਖਾਤਰ ਆ ਰਹੀਆਂ ਹਨ ਤਾਂ ਬੰਦ ਕਰੋ ਆਪਣੇ ਭਰੂਣ ਹੱਤਿਆ ਦੀ ਮੁਖਾਲਫਿ਼ਤ ਦੇ ਡਰਾਮੇ । ਲੋਕਾਂ ਨੂੰ ਫੱਟੇ ਚੁੱਕਣ ਦਿਓ, ਮਾਰ ਲੈਣ ਦਿਓ ਗਰਭ ਵਿੱਚ, ਬੀਜ ਨਾਸ਼ ਕਰ ਲੈਣ ਦਿਓ ਧੀਆਂ ਦਾ, ਮੁੜ ਵੇਖਿਓ ਸ਼ਾਇਦ ਤੁਹਾਡੀਆਂ ਆਸਾਂ ਨੂੰ ਬੂਰ ਪੈ ਜਾਵੇ । ਐਵੀਂ ਫੋਕੀ ਸੋ਼ਹਰਤ ਦੇ ਚੱਕਰ ਵਿੱਚ ਸਭ ਆਸਟ੍ਰੇਲੀਆਈ ਵਿਦਿਆਰਥੀਆਂ ਦੇ ਭਵਿੱਖ ਦੇ ਪ੍ਰਸ਼ਨ ਚਿੰਨ੍ਹ ਲਗਾ ਦਿੱਤੇ ਨੇ । ਦੱਸੋ ਖਾਂ ! ਕੌਣ ਵਿਆਹ ਕਰੇਗਾ ਆਸਟ੍ਰੇਲੀਆ ‘ਚ ਪੜ੍ਹਣ ਆਈਆਂ ਵਿਦਿਆਰਥਣਾਂ ਦੇ ਨਾਲ਼ ? ਕੌਣ ਰਿਸ਼ਤੇ ਕਰੇਗਾ ਉਨ੍ਹਾਂ ਵਿਦਿਆਰਥੀਆਂ ਦੇ, ਜਿਨ੍ਹਾਂ ਨੂੰ ਤੁਸੀਂ ਚੋਰ ਦੱਸਿਆ ਹੈ । ਉਂਝ ਤਾਂ ਸਭ ਚੋਰ ਤੇ ਵੇਸਵਾਵਾਂ ਤੁਹਾਡੇ ਬੱਚਿਆਂ ਦੀ ਉਮਰ ਦੇ ਹਨ, ਪਰ ਤੁਹਾਨੂੰ ਅਸਲ ਸੇਕ ਉਦੋਂ ਲੱਗੇਗਾ ਜਦੋਂ......

****
ਰਿਸ਼ੀ ਗੁਲਾਟੀ
ਮੋਬਾਇਲ : +61 433 442 722
ਈ ਮੇਲ : rishi22722@yahoo.com