ਲੋਹੜੀ ਦਾ ਪਿਛੋਕੜ ਵਰਤਮਾਨ ਅਤੇ ਭਵਿਖ .......... ਲੇਖ਼ / ਮੁਹਿੰਦਰ ਸਿੰਘ ਘੱਗ

ਸ਼ੂਰਜ ਅਲੋਪ ਹੁੰਦਿਆਂ ਹੀ ਛੋਟੇ ਬਾਲਾਂ ਤੋਂ ਲੈ ਕੇ ਪੰਦਰਾਂ ਸੋਲਾਂ ਸਾਲ ਦੇ ਗੱਭਰੂਆਂ ਵਲੋਂ ਗਲੀ ਮੁੱਹਲਿਆਂ ਵਿਚ ਉਚੀ ਸੁਰ ਵਿਚ ਗਾਇਆ ਅੰਬੀਆ ਵਈ ਅੰਬੀਆ ਦਾ ਰਾਗ ਲੋਹੜੀ ਦਾ ਸੁਨੇਹਾ ਦੇਣ ਲਗ ਜਾਂਦਾ ਸੀ। ਪੋਹ ਦੀ ਆਖਰੀ ਰਾਤ ਇਕ ਸਾਂਝਾ ਧੂਣਾ ਬਾਲ ਕੇ ਇਸਤ੍ਰੀਆਂ ਮਰਦ ਲੋਹੜੀ ਸੇਕਦੇ , ਮੂੰਗਫਲੀ ,ਰੇਓੜੀਆਂ ਅਤੇ ਹੋਰ ਕਈ ਕੁਝ ਖਾਦੇਂ ਨੱਚਦੇ ਗਾਉਂਦੇ ਸਦੀਆਂ ਤੋਂ ਚਲੀ ਆਂਉਂਦੀ ਪਰਮਪਰਾ ਲੋਕ ਅਦਬ ਆਪਸੀ ਸਾਂਝ ਦੀ ਖੂਬਸੂਰਤ ਤਸਵੀਰ ਦੀ ਹੀ ਸਾਂਭ ਸੰਭਾਲ ਕਰਦੇ ਆ ਰਹੇ ਸਨ। ਸੀ ਸ਼ਬਦ ਦੀ ਵਰਤੋਂ ਇਸ ਲਈ ਕੀਤੀ ਹੈ ਕਿਊਂਕਿ 1953 ਤੋਂ ਬਾਅਦ ਮੈਂਨੂੰ ਕਦੇ ਵੀ ਪੰਜਾਬ ਦੀ ਲੋਹੜੀ ਦੇਖਣ ਦਾ ਸੁਭਾਗ ਹੀ ਨਹੀਂ ਪਰਾਪਤ ਹੋਇਆ, ਕੁਝ ਧਾਰਮਕ ਆਗੂਆਂ ਵਲੋਂ ਸਮੁਚੀ ਮਨੁਖ ਜ਼ਾਤੀ ਦੇ ਸਾਂਝੇਂ ਤਿਉਹਾਰ ਨੂੰ ਬ੍ਰਾਹਮਣੀ ਤਿਉਹਾਰ ਗਰਦਾਨਣ ਕਾਰਨ ਅਤੇ ਨਾਨਕ ਸ਼ਾਹੀ ਕੈਲੰਡਰ ਨਾਲ ਇਸ ਦੀ ਸਹੀ ਤਰੀਕ ਵਿਚ ਰੌਲ ਘਚੋਲਾ ਪੈਣ ਨਾਲ ਇਸ ਮੋਜ ਮੇਲੇ ਦੇ ਤਿਉਹਾਰ “ਭੇਣ ਭਰਾ ਦੇ ਪਿਆਰ ਦੀ ਝੱਲਕ , ਨਿਰਛਲ ਬਚਿਆਂ ਵਲੋਂ ਸਾਂਝੇ ਅਤੇ ਸਾਦਾ ਜਿਹੇ ਗੀਤ ਗਾਉਣ ਦੀਆਂ ਆਵਾਜ਼ਾਂ , ਭੇਣਾ ਵਲੋਂ ਆਪਣੇ ਭਰਾਵਾਂ ਦੀ ਬਹਾਦਰੀ ਅਤੇ ਸੁਖਾਂ ਮਨਾਉਣ ਵਾਲੇ ਗੀਤ । ਸਦੀਆਂ ਤੋਂ ਚਲੀ ਆ ਰਹੀ ਸਾਡੀ ਵਿਰਾਸਤ ਅਤੇ ਸਭਿਆਚਾਰ ਦੀ ਤਸਵੀਰ ਕਿਨੀ’ਕ ਧੁੰਦਲੀ ਹੋਈ ਹੈ ਇਸ ਬਾਰੇ ਪਾਠਕ ਹੀ ਸਹੀ ਅੰਦਾਜ਼ਾ ਲਾ ਸਕਦੇ ਹਨ।
ਲੋਹੜੀ ਦਾ ਪਿਛੋਕੜ
ਸੂਰਜ ,ਅੱਗ ਅਤੇ ਸਰਦ ਰੁਤ ਇਸ ਮੌਸਮੀ ਤਿਉਹਾਰ ਦੀ ਰੂਪ ਰੇਖਾ ਉਲੀਕਦੇ ਹਨ। ਪੁਰਾਤਨ ਮਨੁਖ ਵਲੋਂ ਮਾੜੀਆਂ ਮੋਟੀਆਂ ਉਸਾਰੀਆਂ ਝੁੱਗੀਆਂ ਕੜਾਕੇ ਦੀ ਸਰਦੀ ਤੋਂ ਉਸ ਦਾ ਬਚਾ ਨਹੀਂ ਸੀ ਕਰ ਸੱਕਦੀਆਂ। ਸਰਦੀ ਤੋਂ ਬਚਣ ਲਈ ਕੁਦਰਤੀ ਸਾਧਨ ਤਾਂ ਸੂਰਜ ਹੀ ਸੀ । ਦਿਨੇ ਸੂਰਜ ਦਾ ਨਿੱਘ ਮਾਣਦਾ ਮਨੁਖ ,ਸ਼ਾਮ ਨੂੰ ਸੂਰਜ ਦੇ ਅਲੋਪ ਹੁੰਦਿਆਂ ਹੀ ਠਰੂੰ ਠਰੂੰ ਕਰਨ ਲਗ ਜਾਂਦਾ ਅਤੇ ਰਾਤ ਲੰਘਾਉਣ ਲਈ ਅੱਗ ਦਾ ਸਹਾਰਾ ਭਾਲਦਾ। ਕੋਹਰਾ ਪੈਂਣ ਤੇ ਜਦ ਕਈ ਕਈ ਦਿਨ ਸੂਰਜ ਦੇ ਦਰਸ਼ਣ ਨਾ ਹੁੰਦੇ ਤਾਂ ਉਹ ਘੱਬਰਾ ਜਾਂਦਾ । ਸੂਰਜ ਦੀ ਲੰਬੀ ਉਮਰ ਅਤੇ ਤੰਦਰੁਸਤੀ ਲਈ ਟੂਣੇ ਜਾਦੂ ਕਰਨ ਵਾਲੀ ਸ਼ਰੈਣੀ ਦੇ ਚਰਨੀ ਜਾ ਲਗਦਾ। ਇਸ ਦੇ ਬਗੈਰ ਉਸ ਪਾਸ ਕੋਈ ਚਾਰਾ ਵੀ ਨਹੀਂ ਸੀ। ਕੋਈ ਚਾਰ ਹਜ਼ਾਰ ਸਾਲ ਤੋਂ ਮੇਸੋ ਪਟੇਮੀਆ (ਅੱਜ ਦਾ ਇਰਾਕ) ,ਪਰਸ਼ੀਆ , ਇਟਲੀ ਅਤੇ ਮਿਸਰ ਅਤੇ ਹੋਰ ਬਹੁਤ ਸਾਰੇ ਯੁਰਪੀਅਨ ਦੇਸ਼ਾਂ ਵਿਚ ਸੂਰਜ ਦੀ ਮਦਦ ਕਰਨ ਅਤੇ ਸੂਰਜ ਨੂੰ ਧੁੰਦ ਦੇ ਦੈਂਤ ਤੋਂ ਬਚਾਉਣ ਲਈ ਕਈ ਉਪਾ ਕੀਤੇ ਜਾਂਦੇ ਸਨ। ਲੋਹੜੀ ਮੇਲੇ ਦੇ ਜਨਮ ਦਾਤਾ ਸੂਰਜ ਦੀ ਕਹਾਣੀ ਛੇੜਣ ਤੋਂ ਪਹਿਲਾਂ ਸੂਰਜ ਬਾਰੇ ਕੁਝ ਲਾਈਨਾਂ ਪਾਠਕਾਂ ਨਾਲ ਸਾਂਝੀਆਂ ਕਰਨੀਆਂ ਚਾਹਾਂਗਾ। ਅੱਤ ਪੁਰਾਣਾ ਸਾਡਾ ਸੂਰਜ ,ਪਹਿਲਾਂ ਵਾਗੂੰ ਨਵਾਂ ਨਕੋਰ । ਸਦੀਆਂ ਤੋਂ ਹੀ ਵੰਡ ਰਿਹਾ ਹੈ ਗਰਮੀ ਤੇ ਚਮਕੋਰ। ਇਸ ਦੀ ਲੋ ਦੀ ਤੇਜ਼ੀ ਅਗੇ ਟਿਕਦਾ ਕਦੋਂ ਅੰਧੇਰਾ। ਉਤਰ ਵਲ ਜਦ ਝਾਤੀ ਮਾਰੇ ਆਖਣ ਹੋਇਆ ਸਵੇਰਾ। ਸਭ ਦਾ ਸੇਵਕ ਸਭ ਦਾ ਸਾਂਝਾ ਸਭ ਨੂੰ ਲੋ ਪਿਆ ਵੰਡੇ। ਮੂਰਖ ਵੰਡੀਆਂ ਪਾ ਕੇ ਆਖੇ ਆਹ ਤੇਰਾ ਆਹ ਮੇਰਾ।
‘ ਸੂਰਜ ਏਕੋ ਰੁਤ ਅਨੇਕ “ ਮੋਸਮਾਂ ਦੀ ਅਦਲਾ ਬਦਲੀ ਧਰਤੀ ਦੀ ਸੂਰਜ ਉਦਾਲੇ ਗਰਦਸ਼ ਕਾਰਨ ਹੈ। ਸੂਰਜ ਦੀ ਪ੍ਰਕਰਮਾਂ ਕਰਦੀ ਸਾਡੀ ਧਰਤੀ ਜਦ ਦਿਵਾਲੀ ਤਕ ਵੱਧੀ ਵਿੱਥ ਨੂੰ ਸੁਕੇੜਨ ਲੱਗੀ ਹੋਈ ਹੁੰਦੀ ਹੈ ਅਤੇ ਨਾਲ ਹੀ ਸੂਰਜ ਉਤਰਾਇਨ ਵਿਚ ਆ ਜਾਂਦਾ ਹੈ ਤਾਂ ਹਰ ਦਿਨ ਸੂਰਜ ਦੀ ਹਾਜ਼ਰੀ ਦਾ ਸਮਾਂ ਵੱਧਣ ਨਾਲ ਸਰਦੀ ਘੱਟਣ ਲੱਗਦੀ ਹੈ। ਤਕਰੀਬਨ 25 ਦਸੰਬਰ ਤੋਂ ਬਾਅਦ ਦਿਨ ਵੱਧਣ ਲਗ ਜਾਂਦੇ ਹਨ ਬੜੇ ਬਜ਼ੁਰਗ ਕਿਹਾ ਕਰਦੇ ਸਨ ਕਿ ਲੋਹੜੀ ਵਾਲੇ ਦਿਨ ਤਕ ਤਾਂ ਦਿਨ ਬਕਰੇ ਜਿਡੀ ਛਾਲ ਮਾਰ ਜਾਂਦਾ ਹੈ । ਮੋਸਮ ਦੀ ਤਬਦੀਲੀ ਨਾਲ ਧਰਤੀ ਵਿਚ ਦਬਿਆ ਬੀਜ ਵੀ ਗਰਮਾਇਸ਼ ਮੇਹਸੂਸ ਕਰਕੇ ਉਸਲਵਟੈ ਲੈਣ ਲੱਗਦਾ ਹੈ। ਪਰਿੰਦ ਚਰਿੰਦ ਵਿਚ ਵੀ ਹਿਲ ਜੁਲ ਹੋਣ ਲੱਗਦੀ ਹੈ । ਫੇਰ ਬਦਲਦੇ ਮੋਸਮ ਨਾਲ ਪੁਰਾਤਨ ਮਨੁਖ ਦਾ ਪ੍ਰਭਾਵਤ ਹੋਣਾ ਵੀ ਤਾਂ ਸੁਭਾਵਕ ਹੀ ਸੀ ਉਸ ਨੇ ਵੀ ਖੁਸ਼ੀਆਂ ਮਨਾਉਣੀਆਂ ਸ਼ੁਰੂ ਕੀਤੀਆਂ । ਕੋਈ ਚਾਰ ਹਜ਼ਾਰ ਸਾਲ ਤੋਂ 25 ਦਸੰਬਰ ( ਕਰਾਈਸਟ ਦੇ ਜਨਮ ਬਾਰੇ ਤਾਂ ਹਾਲੇ ਕੋਈ ਖਾਸ ਤਰੀਕ ਨੀਅਤ ਨਹੀਂ ਹੋਈ ਇਹ ਤਾਂ ਮਨੁਖਤਾ ਦਾ ਮੇਲਾ ਸੀ ਜਿਸ ਤੇ ਕ੍ਰਿਸ਼ਚੀਅਨ ਨੇ ਕ੍ਰਿਸਮਸ ਦਾ ਨਾਂ ਦੇ ਕੇ ਕਬਜ਼ਾ ਕਰ ਲਿਆ ) ਤੋਂ ਸ਼ੁਰੂ ਹੋ ਕੇ ਅੱਧ ਜਨਵਰੀ ਤਕ ਸੂਰਜ ਨੂੰ ਮੁੜ ਸੁਰਜੀਤ ਦੇਖ ਕੇ ਖੁਸ਼ੀਆਂ ਮਨਾਈਆਂ ਜਾਣ ਲੱਗੀਆਂ । ਇਟਲੀ ਵਿਚ ਲੋਕ ਸਾਡੀ ਲੋਹੜੀ ਵਾਂਗ ਗਲੀਆਂ ਵਿਚ ਗਾਊਂਦੇ ਹੁੰਦੇ ਸਨ। ਕ੍ਰਿਸ਼ਚੀਅਨ ਪਰੀਸਟ ਨੇ ਆਪਣੇ ਸੇਵਕਾ ਤੇ ਇਸ ਤਰਾਂ ਗਾਉਣ ਤੇ ਰੋਕ ਲਾਈ ਇਸ ਕਰਕੇ ਨਹੀਂ ਕਿ ਇਹ ਕੋਈ ਮਾੜਾ ਕੰਮ ਸੀ ਬਲਕਿ ਇਸ ਲਈ ਕਿ ਇਹ ਲੋਕ ਫੇਰ ਆਪਣੇ ਪੁਰਾਣੇ ਧਰਮ ਵਿਚ ਹੀ ਨਾ ਰਲ ਜਾਣ।
ਰਿਗ ਵੇਦ ਵਿਚ ਵੀ ਇਸ ਬਾਰੇ ਕੁਝ ਜ਼ਿਕਰ ਹੈ ਕਿ ਇਕ ਦੇਵੀ ( ਸ਼ਕਤੀ ) ਵਲੌਂ ਇਕ ਖੂੰਖਾਰ ਰਾਖਸ਼ ਨੂੰ ਅੱਗ ਵਿਚ ਸਾੜ ਦੇਣ ਤੇ ਅੱਗ ਦੀ ਪੂਜਾ ਸ਼ੁਰੂ ਹੋ ਗਈ। ਰਿਗ ਵੇਦ ਦੀ ਇਸ ਕਹਾਣੀ ਦੇ ਅਧਾਰ ਤੇ ਕਈ ਧਾਰਮਕ ਲੇਖਕਾਂ ਵਲੋਂ ਲੋਹੜੀ ਦੀ ਧੂਣੀਂ ਨੂੰ ਅੱਗਨੀ ਪੂਜਾ ਆਖਣਾ ਰੜਕਦਾ ਹੈ । ਭਾਰਤ ਵਿਚ ਹੀ ਨਹੀਂ ਅਮੀਰ ਦੇਸ਼ਾ ਵਿਚ ਵੀ ਕੜਾਕੇ ਦੀ ਸਰਦੀ ਤੋਂ ਬਚਣ ਲਈ ਅੱਗ ਦੇ ਧੂਣੇ ਅੱਗੇ ਬੈਠੇ ਬੇ ਘਰੇ ਲੋਕ ਅੱਜ ਵੀ ਦੇਖਣ ਨੂੰ ਮਿਲਣਗੇ । ਕੜਾਕੇ ਦੀ ਸਰਦੀ ਵੇਲੇ ਤਾਂ ਧੂਣੀ ਸੇਕ ਲਈ ਕੋਈ ਹਰਜ਼ ਨਹੀਂ ਅਤੇ ਸਰਦੀ ਲੱਘਣ ਤੇ ਅੱਗਨੀ ਦੀਆਂ ਸੇਵਾਂਵਾਂ ਨੂੰ ਯਾਦ ਕਰਦਿਆਂ ਜੇ ਉਸ ਦੇ ਉਦਾਲੇ ਨੱਚ ਗਾ ਲਿਆ ਤਾਂ ਅੱਗਨੀ ਪੂਜਾ ਆਖ ਕੇ ਨਿੰਦ ਦਿਤਾ ਇਹ ਕਿਥੇ ਦਾ ਇਨਸਾਫ ਹੈ । ਕਿਸੇ ਵਲੋਂ ਕੋਈ ਸੇਵਾ ਪਰਾਪਤ ਕਰਨ ਉਪਰੰਤ ਉਸਦਾ ਧੰਨਵਾਦ ਕਰਨਾ ਸਭਯਿਕ ਕੌਮਾਂ ਦੀ ਨਿਸ਼ਾਨੀ ਹੈ।ਅੱਗ ਦੇ ਉਸ ਸੇਕ ਦਾ ਧੰਨਵਾਦ ਕਰਨ ਵਿਚ ਜੇ ਕੋਈ ਹਰਜ ਹੈ ਤਾਂ ਗੁਰਬਾਣੀ ਦੇ ਖੋਜੀਆਂ ਅਗੇ ਬੇਨਤੀ ਕਰਾਂਗਾ ਕਿ ਉਹ ਗੁਰਬਾਣੀ ਦਾ ਹਵਾਲਾ ਦੇ ਕੇ ਸਾਨੂੰ ਜਾਗਰੂਕ ਕਰਨ ਕਿ ਕਿਸੇ ਦਾ ਸ਼ੁਕਰਾਨਾ ਕਰਨਾ ਠੀਕ ਹੈ ਜਾ ਨਹੀਂ।
ਸਰਦ ਰੁਤ ਬਾਰੇ ਇਕ ਕਹਾਵਤ ਹੈ “ ਬਾਲਨ ਕੋ ਮੈਂ ਛੂਵਤ ਨਾਹੀ ਬੜੇ ਹਮਾਰੇ ਭਾਈ ਬੂੜ੍ਹਨ ਕੋ ਮੇਂ ਛੋੜੂੰ ਨਾਹੀ ਉਹੜੇਂ ਲਾਖ ਰਜਾਈ “ ਬਾਲ ਤਾਂ ਟੱਪਦੇ ਕੁੱਦਦੇ ਰਹਿੰਦੇ ਹਨ। ਜੁਆਨ ਆਪਣੇ ਕੰਮ ਕਾਜ ਵਿਚ ਹੋਣ ਕਾਰਨ ਠੰਡਕ ਨੂੰ ਕਟ ਗੁਜ਼ਰਦੇ ਹਨ ਔਖਾ ਤਾਂ ਬਜ਼ੁਰਗਾਂ ਲਈ ਹੈ ਜਿਸਮਾਨੀ ਤਾਕਤ ਕਮਜ਼ੋਰ ਹਿਲਜੁਲ ਨਾ ਸਕਣ ਕਾਰਨ ਠੰਡ ਜ਼ਿਆਦਾ ਮਾਰ ਕਰਦੀ ਹੈ। ਅੱਜ ਸਾਡੇ ਪਾਸ ਘਰਾਂ ਨੂੰ ਗਰਮ ਕਰਨ ਦਾ ਇੰਤਜ਼ਾਮ ਹੈ ਜਿਸਮ ਨੂੰ ਨਿਘਾ ਰਖਣ ਲਈ ਗਰਮ ਕਪੜੇ ਹਨ ਫੇਰ ਵੀ ਵੱਡੀ ਉਮਰ ਵਾਲਿਆਂ ਲਈ ਤਾਂ ਸਰਦੀ ਮੌਤ ਦਾ ਵਾਰੰਟ ਲੈ ਕੇ ਆਉਦੀ ਹੇ ਪੁਰਾਤਨ ਮਨੁਖ ਪਾਸ ਤਾਂ ਕੋਈ ਸਾਧਨ ਹੀ ਨਹੀਂ ਸੀ। ਉਹ ਤਾਂ ਨਿਛ ਨੂੰ ਵੀ ਮੌਤ ਦਾ ਵਰੰਟ ਸਮਝਦਾ ਸੀ ਤਦੇ ਤਾਂ ਜਦ ਕਿਸੇ ਨੂੰ ਨਿਛ ਆਈ ਤੇ ਗੋਡ ਬਲੈਸ ਯੂ ( ਰਬ ਤੇਰੇ ਤੇ ਕਿਰਪਾ ਰਖੈ) ਦਾ ਮੁਹਾਵਰਾ ਪ੍ਰਚੱਲਤ ਹੋਇਆ
ਜਦ ਦਿਨ ਵੱਧਣ ਲਗੇ । ਸੂਰਜ ਵੀ ਵੱਧ ਸਮੇਂ ਲਈ ਹਾਜ਼ਰੀ ਭਰਨ ਲੱਗਾ ਤਾਂ ਸਾਡੇ ਬਜ਼ੁਰਗਾਂ ਨੇ ਮਾਘੀ ਦੀ ਸੰਗਰਾਂਦ ਤੋਂ ਪਹਿਲੀ ਰਾਤ ਧੂਣੀਆਂ ਨੂੰ ਅਲਵਿਦਾ ਕਹਿਣ ਲਈ ਮਿਥ ਲਈ ਤਾ ਕਿ ਬਗੈਰ ਜ਼ਰੂਰਤ ਤੋਂ ਧੂਣੀਆਂ ਬਾਲ ਕੇ ਵਾਤਾਵਰਨ ਨੂੰ ਹੋਰ ਪਰਦੂਸ਼ਤ ਨਾ ਕੀਤਾ ਜਾਵੇ ਬਜ਼ੁਰਗਾਂ ਦੀ ਸੂਝ ਦੀ ਇਕ ਹੋਰ ਗੱਲ ਵੀ ਵਿਚਾਰਨ ਯੋਗ ਹੈ ਕਿ ਉਹ ਲੋ੍ਹੜੀ ਦੀ ਧੂਣੀ ਤੇ ਹੀ ਨਹੀਂ ਬਲਕਿ ਹਰ ਅੱਗ ਤੇ ਸਵਾਏ ਸੁਕੇ ਬਾਲਣ ਤੋਂ ਕੁਝ ਵੀ ਨਹੀਂ ਸੀ ਸੁਟਦੇ । ਲੋਹੜੀ ਸਮੇਂ ਤਿਲ ਰਿਉੜੀਆਂ ਜਾਂ ਕੁਝ ਹੋਰ ਮੇਵੇ ਤਾਂ ਧੂਣੀ ਵਿਚ ਸੁਟੇ ਜਾ ਸਕਦੇ ਹਨ( ਅਖੰਡਪਾਠ ਸਮੇਂ ਜੋ ਧੂਫ ਤਿਆਰ ਕੀਤੀ ਜਾਂਦੀ ਸੀ ਉਸ ਵਿਚ ਮੇਵੇ ਹੀ ਤਾਂ ਪੈਂਦੇ ਸਨ ) ਪਰ ਗਿਲੀ ਲਕੜੀ ਗਨਾ ਚੂਪ ਕੇ ਉਸ ਦਾ ਛਿਲਕਾ ਵਗੈਰਾ ਸੁਟਣ ਨੂੰ ਚੰਗਾ ਨਹੀਂ ਸੀ ਗਿਣਿਆ ਜਾਂਦਾ। ਜੇ ਅਜ ਅਸੀਂ ਉਸ ਰਸਮ ਦੀ ਸਖਤੀ ਨਾਲ ਪਾਬੰਦੀ ਕਰਦੇ ਹਾਂ ਤਾਂ ਚੰਗੀ ਗੱਲ ਹੈ ਅਖਵਾਰ ਦਾ ਪੇਪਰ ਪਲਾਸਟਕ ਹੋਰ ਨਿਕੜ ਸੁਕੜ ਧੂਣੀ ਵਿਚ ਸੁਟਿਆਂ ਧੂਣੀ ਵਿਚੋਂ ਜ਼ੈਹਰੀਲਾ ਧੂਆਂ ਨਿਕਲਦਾ ਹੈ ਜਿਸ ਨਾਲ ਵਾਤਾਵਰਨ ਪਰਦੂਸ਼ਤ ਹੁੰਦਾ ਹੈ
ਪੰਜਾਬ ਵਿਚ ਇਸ ਤਿਉਹਾਰ ਦੀ ਮਹੱਤੱਤਾ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਲੋਹੜੀ ਤੇ ਗਾਏ ਜਾਂਦੇ ਗੀਤਾਂ ਦਾ ਜ਼ਿਕਰ ਕਰਨਾ ਚਾਹਾਂਗਾ।
ਅੰਬੀਆਂ ਵਈ ਅੰਬੀਆਂ ਇਹ ਪੁਰਾਣਾ ਗੀਤ ਕਿਸੇ ਉਘੇ ਗੀਤ ਕਾਰ ਨੇ ਨਹੀਂ ਲਿਖਿਆ ਇਹ ਤਾਂ ਕਈ ਇਕ ਵਲੋਂ ਇਕ ਇਕ ਸ਼ਬਦ ਜੋੜ ਕੇ ਆਪਣੇ ਮੰਨ ਦੀ ਗੱਲ ਕਹਿਣ ਦਾ ਯਤਨ ਹੈ। ਸਾਦਾ ਜਿਹੀ ਬੋਲੀ ਵਿਚ ਗਾਉਣ ਵਾਲੇ ਘਰ ਵਾਲਿਆਂ ਲਈ ਖੁਸ਼ੀਆਂ ਖੇੜਿਆਂ ਦੀ ਯਾਚਨਾ ਕਰਦੇ ਹਨ।
(ਅੰਬੀਆਂ ਵਈ ਅੰਬੀਆਂ ਮੀਂਹ ਵੱਰ੍ਹੇ ਤੇ ਕਣਕਾ ਜੰਮੀਆਂ ।) ਅੰਬੀਆਂ ਅਤੇ ਕਣਕ ਨਾਲ ਨਾਲ ਵਧਦੀਆਂ ਹਨ ਕਣਕ ਦੀ ਵਾਢੀ ਸਮੇਂ ਤੰਦੂਰੀ ਰੋਟੀ ਅਤੇ ਅੰਬਾ ਦਾ ਛਿੱਛਾ ਕਿਨਾ ਸਵਾਦਲਾ ਹੁੰਦਾ ਸੀ। ਪੁਰਾਣੀਆਂ ਬਜ਼ੁਰਗ ਮਾਈਆਂ ਨੂੰ ਘਰ ਚਲਾਉਣੇ ਆਉਂਦੇ ਸਨ ਅੰਬਾਂ ਦੇ ਦਿਨਾ ਵਿਚ ਚਾਟੀ ਭਰ ਕੇ ਅਚਾਰ ਬਣਾ ਲੈਣਾ ਛਾਹ ਵੇਲਾ ਮਿਸੀ ਰੋਟੀ ਦੱਹੀਂ ਅਤੇ ਅੰਬ ਦੇ ਅਚਾਰ ਨਾਲ ਕੀਤਾ ਜਾਂਦਾ ਸੀ ਕਦੇ ਬਦਹਜ਼ਮੀ ਲਈ ਹਮਦਰਦ ਦੇ ਹਾਜਮੋਲੇ ਜਾਂ ਟਮਸ ਜਾਂ ਰੋਲੇਡ ਦੀਆਂ ਗੋਲੀਆਂ ਦੀ ਲੋੜ ਹੀ ਨਹੀਂ ਸੀ ਪੈਂਦੀ । ਪੁਰਾਣੇ ਸਮਿਆਂ ਵਿਚ ਸੰਜਾਈ ਦੇ ਸਾਧਨ ਨਹੀਂ ਸਨ ਹੁੰਦੇ ਕਣਕ ਦੀ ਬਜਾਈ ਅਤੇ ਉਸ ਦੀ ਪ੍ਰਵੱਰਸ਼ ਲਈ ਮੀਂਹ ਦਾ ਪਾਣੀ ਹੀ ਇਕ ਸਾਧਨ ਸੀ । ਦੋਵੈਂ ਜ਼ਰੂਰੀ ਵਸਤਾਂ ਸਨ ਇਸੇ ਲਈ ਦੋਵਾਂ ਵਸਤੂਆਂ ਦਾ ਜ਼ਿਕਰ ਕੀਤਾ ਗਿਆ ਹੈ
(ਕਣਕਾਂ ਵਿਚ ਬਟੇਰੇ ਦੋ ਦਾਦੂ ਦੇ ਦੋ ਮੇਰੇ )
ਅਸੂ ਮਹੀਨੇ ਦੀ ਬੀਜੀ ਹੋਈ ਕਣਕ ਜਨਵਰੀ ਤਕ ਸਿਟੇ ਤੇ ਆ ਜਾਂਦੀ ਹੈ ਜਿਸ ਵਿਚ ਬਟੇਰੇ ਰਹਾਇਸ਼ ਕਰਦੇ ਹਨ । ਉਹਨਾਂ ਦਾ ਸ਼ਕਾਰ ਕਰਨ ਲਈ ਖੇਤ ਦੇ ਇਕ ਪਾਸੇ ਬੌਰ ਲਾਈ ਜਾਂਦੀ ਹੈ ਉਸ ਬੌਰ ਦੇ ਲਾਗੇ ਪਿੰਜਰੇ ਵਿਚ ਬੰਦ ਇਕ ਬਟੇਰਾ ਰਖਿਆ ਜਾਦਾਂ ਹੈ ਜਦ ਬਟੇਰੇ ਦਾ ਮਾਲਕ ਉਸਨੂੰ ਬੁਲਾਉਂਦਾ ਤਾਂ ਉਸ ਦੀ ਬੋਲੀ ਤੇ ਬਟੇਰੇ ਉਸ ਦੇ ਪਾਸ ਆਉਂਦੇ ਹਨ ਤਾਂ ਜਾਲ ਵਿਚ ਫਸ ਜਾਂਦੇ ਹਨ। ਉਸ ਪਿੰਜਰੇ ਬੰਦ ਬਟੇਰੇ ਨੂੰ ਬੁਲਾਰਾ ਕਿਹਾ ਜਾਂਦਾ ਹੈ । ਕਲੇ ਤਿੱਤਰ ਬਟੇਰੇ ਹੀ ਨਹੀਂ ਇਸ ਤਰਾਂ ਫਸਾਏ ਜਾਂਦੇ ਅਜ ਕਾਲ ਚੌਣਾ ਦੌਰਾਨ ਲੋਕਾਂ ਦਾ ਇੱਕਠ ਕਰਨ ਲਈ ਕਲਾਕਾਰਾਂ ਨੂੰ ਬੁਲਾਰੇ ਵਜੌਂ ਹੀ ਤਾਂ ਵਰਤਿਆ ਜਾਂਦਾ ਹੈ । ਚਲਾਕ ਸਿਆਸਤ ਦਾਨ ਲੋਕਾਂ ਨੂੰ ਆਪਣੇ ਜਾਲ ਵਿਚ ਫਸਾਉਣ ਲਈ ਧਰਮੀ ਆਗੂਆਂ ਨੂੰ ਵੀ ਬੁਲਾਰੇ ਬਟੇਰਿਆਂ ਵਾਂਗ ਵਰਤਦੇ ਹਨ।
ਸ਼ਕਾਰ ਲਈ ਤਿਤਰ ਵੀ ਹਨ ਸਹੇ ਵੀ ਹਨ ਪਰ ਬਟੇਰ ਦੇ ਮਾਸ ਨੂੰ ਵਧੀਆ ਸਮਝਿਆ ਜਾਂਦਾ ਹੈ ( ਸੇਹਾ ਸਲੋਟਾ ਤਿੱਤਰ ਮੋਟਾ ਅਸਲੀ ਮਾਸ ਬਟੇਰੇ ਦਾ ) ਆਮ ਕਹਾਵਤ ਸੀ ਕਿ ਬਟੇਰੇ ਦਾ ਮਾਸ ਗਰਮ ਹੁੰਦਾ ਹੈ ।
( ਦੋ ਦਾਦੂ ਦੇ ਦੋ ਮੇਰੇ । )ਕਣਕਾਂ ਵਿਚ ਰਹਿਣ ਵਾਲੇ ਬਟੇਰ ਦਾ ਹਿਸੇਦਾਰ ਉਹ ਦਾਦੂ ਨੂੰ ਮਿੱਥਦਾ ਹੈ । ਮੇਰੇ ਖਿਆਲ ਮੁਤਾਬਕ ਦਾਦੂ ਤੋਂ ਉਸ ਦਾ ਭਾਵ ਹੈ ਗਿਦੜ।
(ਜਿਥੇ ਦਾਦੂ ਟੱਕਰਿਆਂ ਉਥੇ ਦਾਦੂ ਮਾਰਿਆ ।) ਇਹ ਬੰਦ ਮਨੁਖੀ ਸੁੱਭਾ ਦੀ ਤਰਜਮਾਨੀ ਕਰਦਾ ਹੈ। ਆਦ ਕਾਲ ਤੋਂ ਹੀ ਕੱਲਾ ਮਨੁਖ ਹੀ ਨਹੀ ਹਰ ਇਕ ਜੀਵ ਸਾਰੀ ਸ਼ੈ ਕੱਲਾ ਹੀ ਹੱੜ੍ਹਪਣੀ ਮੰਗਦਾ ਹੈ। ਮਨੁਖ ਦੀ ਇਹ ਰੁਚੀ ਹੀ ਘਰੇਲੂ ਲੜਾਈ ਤੋਂ ਲੈ ਕੇ ਦੇਸ਼ਾਂ ਵਿਚਕਾਰ ਜੰਗਾ ਯੁੱਧਾਂ ਦਾ ਕਾਰਨ ਹੈ।
(ਕੱਚਾ ਕੋਟ ਸੰਵਾਰਿਆ ।) ਪੁਰਾਤਨ ਸਮੇਂ ਦੇ ਕੱਚੇ ਮਕਾਨ ਵਲ ਇਸ਼ਾਰਾ ਲੱਗਦਾ ਹੈ ।
(ਕੱਚੇ ਕੋਟ ਦੀਆਂ ਕੋਠੀਆਂ ਜੀਣ ਭਾਈ ਦੀ ਝੋਟੀਆਂ ।) ਅੱਜ ਤਾਂ ਦੁੱਧ ਘੇ ਨੂੰ ਲੋਕੀਂ ਸੁੰਘਣ ਲਗ ਪਏ ਹਨ ਪੁਰਾਤਨ ਸਮੇਂ ਵਿਚ ਤਾਂ ਦੁੱਧ ਘੇ ਖੌਰਾਕ ਦਾ ਇਕ ਜ਼ਰੂਰੀ ਅੰਗ ਸੀ । ਸ਼ਕਰ ਖੰਡ ਬਣਾਉਣ ਦੀ ਜਾਂਚ ਆਉਣ ਤੋਂ ਪਹਿਲਾਂ ਆਏ ਮਹਿਮਾਨ ਦੀ ਆਓ ਭਗਤ ਘੈ ਅਤੇ ਸ਼ਹਿਦ ਮਿਲਾ ਕੇ ਕੀਤੀ ਜਾਂਦੀ ਸੀ।
(ਝੋਟੀਆਂ ਗਲ ਪੰਜਾਲੀ ਜੀਵੇ ਭਾਈ ਦਾ ਹਾਲੀ ।)ਸਰਦੇ ਪੁਜਦਿਆਂ ਪਾਸ ਤਾਂ ਵਾਹੀ ਲਈ ਬੈਲ ਜਾਂ ਭੈਂਸੇ ਹੁੰਦੇ ਸਨ ਪਰ ਜਿਨ੍ਹਾਂ ਪਾਸ ਇਨੀ ਹਿੰਮਤ ਨਹੀਂ ਸੀ ਹੁੰਦੀ ਤਾਂ ਦੋ ਜਣੇ ਰਲ ਕੇ ਦੋ ਝੋਟੀਆਂ ਲੈ ਲੇਂਦੇ ਸਨ ੳਹਨਾਂ ਨੂੰ ਜੋਤ ਕੇ ਜ਼ਮੀਨ ਵੀ ਜੋਤ ਲੈਣੀ ਅਤੇ ਥੋਹੜਾ ਬਹੁਤਾ ਦੁੱਧ ਵੀ ਹਾਸਲ ਕਰ ਲੈਣਾ। ਜੇ ਕੋਈ ਘਰ ਦੀ ਪਾਲੀ ਝੋਟੀ ਸੂਏ ਨਹੀਂ ਸੀ ਪੈਂਦੀ ਤਾਂ ਕਹਿਣਾ ਇਹ ਤਾਂ ਸੰਢ ਹੋ ਗਈ ਹੈ ਇਸ ਤੋਂ ਜ਼ਮੀਨ ਜੋਤਣ ਦਾ ਕੰਮ ਲਵੋ ਤਾਂ ਕਿ ਇਸ ਦੀ ਚਰਬੀ ਘੱਟ ਜਾਵੇ ਤੇ ਸੂਏ ਪੈ ਜਾਵੇ।
ਹਾਲੀ ਸਮਾਜ ਦਾ ਇਕ ਜ਼ਰੂਰੀ ਅੰਗ ਸੀ ਉਸ ਦੀ ਖੈਰ ਮੰਗਣੀ ਆਪਣੀ ਖੈਰ ਮੰਗਣ ਦੇ ਬਰਾਬਰ ਸੀ। ਅਗਰ ਉਸ ਦੇ ਹਥੋਂ ਹਲ ਛੁਟ ਜਾਏ ਤਾਂ ਜਗ ਭੁਖ ਦੁਖੋਂ ਹੀ ਮਰ ਜਾਏ। ਪਰ ਅਫਸੋਸ ਅਜ ਅੰਨ ਦਾਤਾ ਕਹਾਉਣ ਵਾਲਾ ਕਿਰਸਾਣ ਖੁਦਕਸ਼ੀਆਂ ਕਰਨ ਲਈ ਮਜਬੂਰ ਹੋ ਗਿਆ ਹੈ।
{ ਹਾਲੀ ਪੈਰੀਂ ਜੁੱਤੀ ਜੀਵੇ ਭਾਈ ਦੀ ਕੁੱਤੀ। ) ਜੁੱਤੀ ਅਤੇ ਕੁੱਤੀ ਦੋਵੈਂ ਭਾਈ ਦੀਆਂ ਖੈਰ ਖਵਾਹ ਹਨ ਜੁੱਤੀ ਪੈਰਾਂ ਦੀ ਰਾਖੀ ਕਰਦੀ ਹੈ ਅਤੇ ਕੁੱਤੀ ਮਾਲ ਢਾਂਡੇ ਦਾ ਖਿਆਲ ਰਖਦੀ ਹੈ। ਜੁੱਤੀ ਦਾ ਹੋਣਾ ਖਾਦੇ ਪੀਂਦੇ ਘਰ ਦੀ ਨਿਸ਼ਾਨੀ ਹੁੰਦੀ ਸੀ ।ਹਰ ਕਿਸੇ ਦੇ ਪਾਸ ਜੁੱਤੀ ਨਹੀਂ ਸੀ ਹੁੰਦੀ ਕਈ ਦਫਾ ਪਰਾਹੁਣ ਚਾਰੀ ਜਾਣ ਲਈ ਜੁੱਤੀ ਮੰਗ ਕੇ ਸਾਰ ਲਿਆ ਜਾਂਦਾ ਸੀ ਸਾਰੀ ਬਾਟ ਨੰਗੇ ਪੈਰੀਂ ਜਾਣਾ ਪਿੰਡ ਦੇ ਲਾਗੇ ਜਾ ਕੇ ਜੁੱਤੀ ਪਾਉਣੀ।
(ਕੁੱਤੀ ਗਲ ਪਰੋਲਾ ਜੀਵੇ ਭਾਈ ਦਾ ਘੋੜਾ। ) ਪਰੋਲਾ ਚੱਕੀ ਦਾ ਗੰਡ ਸਾਫ ਕਰਨ ਲਈ ਵਰਤਿਆ ਜਾਂਦਾ ਕਪੜਾ ਹੈ ਉਸ ਨੂੰ ਕੁਝ ਆਟਾ ਲਗਿਆ ਹੋਣ ਕਾਰਨ ਜਦ ਵੀ ਦਾਅ ਲਗੇ ਕੁੱਤਾ ਚਕ ਕੇ ਲੈ ਜਾਂਦਾ ਹੈ । ਇਹ ਗੱਲ ਅਮੀਰਾਂ ਦੇ ਕੁਤਿਆਂ ਤੇ ਨਹੀਂ ਢੁਕਦੀ ( ਅਮੀਰ ਗਰੀਬ ਦੇ ਰਹਿਣ ਸਹਿਣ ਦਾ ਫਰਕ ਕਿਸੇ ਸ਼ਾਇਰ ਨੇ ਕਿਡੀ ਸੋਹਣੀ ਤਰ੍ਹਾਂ ਵਰਨਣ ਕੀਤਾ ਹੈ ( ਅਮੀਰਾਂ ਦੇ ਕੁਤਿਆਂ ਨੂੰ ਬਿਸਕੁਟ ਨੇ ਪੋਲੇ , ਗਰਿਬਾਂ ਦੇ ਬਚਿਆਂ ਨੂੰ ਕੱਚੇ ਹੀ ਛੋਲੇ। ਅਮੀਰਾਂ ਦੀ ਥਾਲੀ ਵਲੈਤੀ ਮੁਰੱਬਾ ਗਰੀਬਾਂ ਦੇ ਠੂਠੇ ਵਿਚ ਮਿਰਚਾਂ ਦਾ ਥੱਬਾ ) ਪਾੜੇ ਸਿਆੜੇ ਪੈਣ ਦੀ ਪਾਠਕਾਂ ਤੋਂ ਮੁਆਫੀ ਚਾਹੰਦਾ ਹਾਂ ਕੀ ਕਰਾਂ ਮੇਰਾ ਪੇਸ਼ਾ ਖੇਤੀ ਹੈ । । ਘੌੜਾ ਸਾਰਿਆਂ ਦੀ ਪਹੁੰਚ ਤੋਂ ਬਾਹਰ ਹੈ । ਉਸ ਦੇ ਨਾਲ ਘੋੜੇ ਦਾ ਸ਼ਬਦ ਜੋੜ ਕੇ ਭਾਈ ਨੂੰ ਵਡਿਆਇਆ ਵੀ ਹੇ ਅਤੇ ਅਗੇ ਵੱਧਣ ਲਈ ਉਤਸਾਹਤ ਵੀ ਕੀਤਾ ਹੈ।
(ਘੋੜੇ ਉਤੇ ਕਾਠੀ ਜੀਵੇ ਭਾਈ ਦਾ ਹਾੱਥੀ ।) ਕਾਠੀ ਤੋਂ ਬਗੈਰ ਘੌੜਾ ਕਿਸ ਕੰਮ ਦਾ ਅਮੂਮਨ ਕਿਹਾ ਜਾਂਦਾ ਹੈ ਕਿ ਘੋੜਾ ਤਾਂ ਖਰੀਦਿਆ ਜਾਂ ਸਕਦਾ ਹੈ ਕਾਠੀ ਖਰੀਦਣੀ ਔਖੀ ਹੋ ਜਾਂਦੀ ਹੈ । ਅਗਲੀ ਗੱਲ ਹਾਥੀ ਦੀ ਹੈ ਮੇਰੇ ਖਿਆਲ ਵਿਚ ਉਹਨਾਂ ਦੇ ਤੱਸਵਰ ਵਿਚ ਭੈਂਸਾ ਹਾਥੀ ਹੀ ਤਾਂ ਹੈ ਨਾਲੇ ਜੋਤਣ ਦਾ ਕੰਮ ਦਿੰਦਾ ਹੈ ਨਾਲੇ ਪੱਠਾ ਦੱਥਾ ਉਸ ਦੀ ਪਿਠ ਤੇ ਲਦ ਲਿਆ ਜਾਂਦਾ ਹੈ। ਅਗਲੀ ਤੁਕ ਵਿਚ ਇਸ ਦਾ ਜ਼ਿਕਰ ਵੀ ਹੈ ।
(ਹਾਥੀ ਉਤੇ ਛਾਪੇ ਜੀਣ ਭਾਈ ਦੇ ਮਾਪੇ।) ਮਾਂ ਬਾਪ ਦੀ ਮੁਖਤਾਰੀ ਹੁੰਦੀ ਸੀ । ਮੰਜਾ ਮੱਲ ਕੇ ਬੈਠੇ ਬਜ਼ੁਰਗ ਦਾ ਵੀ ਪੂਰਾ ਮਾਣ ਹੁੰਦਾ ਸੀ। ਜ਼ਮਾਨਾ ਬੜੀ ਤੇਜ਼ੀ ਨਾਲ ਬਦਲ ਰਿਹਾ ਹੈ । ਸਾਰੇ ਤਾਂ ਨਹੀਂ ਪਰ ਬਚਿਆਂ ਦੀ ਬਹੁਗਿਣਤੀ ਸਤਕਾਰ ਦੇ ਸ਼ਬਦ ਨੂੰ ਭੁਲਦੀ ਜਾਂਦੀ ਹੈ। ਇਸ ਗੀਤ ਨੇ ਬੜੇ ਸੁਖੈਨ ਸ਼ਬਦਾਂ ਵਿਚ ਪਹਿਲੇ ਸਮਿਆਂ ਦੀ ਪੈਂਡੂ ਜੀਵਨ ਦੀ ਤਸਵੀਰ ਸਾਂਭ ਰਖੀ ਹੈ।
ਇਕ ਹੋਰ ਗੀਤ । ਇਕ ਜਣਾ ਇਕ ਤੁਕ ਗਾਉਂਦਾ ਸੀ “ਸੂੰਦਰੀਏ ਨੀ ਮੂੰਦਰੀਏ ਤੇਰਾ ਕੌਣ ਬਚਾਰਾ “ ਬਾਕੀ ਸਾਰਿਆਂ ਨੇ ਉਚੀ ਦੇਣੀ ਆਖਣਾ “ “ ਹੋ “
ਦੁਲਾ ਭਟੀ ਵਾਲਾ –ਹੋ। ਦੁਲੇ ਧੀ ਵਿਆਹੀ –ਹੌ । ਪਲੇ ਸਕਰ ਪਾਈ-ਹੋ ‘
ਕਿਨੀ ਧਰਮ ਨਿਰਪੱਖਤਾ ਹੈ ਇਸ ਗੀਤ ਵਿਚ ।ਇਕ ਮੁਸਲਮਾਨ ਡਾਕੂ ਵਲੋਂ ਇਕ ਗਰੀਬ ਬ੍ਰਾਹਮਣ ਦੀ ਮਦਦ ਉਹ ਵੀ ਇਕ ਤਾਕਤ ਵਰ ਮੁਗਲ ਸ਼ਾਸ਼ਕ
ਨਾਲ ਦੁਸ਼ਮਣੀ ਦੀ ਪ੍ਰਵਾਹ ਨਾ ਕਰਦੇ ਹੋਏ। ਉਸਤੌਂ ਅਗਲੀ ਗੱਲ ਪੰਜਾਬੀ ਸਿਖਾ ਦੇ ਮੁੰਡੇ ਉਸ ਦੀ ਸੂਰਮਗਤੀ ਦੀ ਗੱਲ ਕਰਦੇ ਹਨ।
ਮੁਆਫ ਕਰਨਾ ਮੈਂ ਆਪਣੀ ਗੱਲ ਕਹਿਣੋਂ ਰਹਿ ਨਹੀਂ ਸਕਦਾ । ਕਿਨੇ ਗਏ ਗੁਜ਼ਰ ਗਏ ਹਾਂ । ਸਰਦਾਰ ਮਨਮੋਹਣ ਸਿੰਘ ਦੇ ਖਿਲਾਫ ਅਦਮ ਇਤਮਾਦ ਦੀ ਵੋਟ ਸਮੇਂ ਕੁਝ ਲੀਡਰਾਂ ਨੇ ਆਪਣੀ ਜ਼ਮੀਰ ਦੀ ਆਵਾਜ਼ ਸੁਣਦਿਆਂ ਪਾਰਟੀ ਤੋਂ ਉਲਟ ਜਾ ਕੇ ਸਰਦਾਰ ਮਨਮੋਹਣ ਸਿੰਘ ਦੇ ਹਕ ਵਿਚ ਵੋਟ ਪਾ ਦਿਤੀ । ਅਕਾਲੀ ਅਤੇ ਕਮਿਉਨਿਸਟ ਲੀਡਰਾਂ ਨੇ ਉਹਨਾ ਨੂੰ ਪਾਰਟੀ ਵਿਚੌਂ ਖਾਰਜ ਕਰ ਦਿਤਾ । ਜਿਨਾਹ ਦੀ ਸਿਫਤ ਕਰਨ ਤੇ ਅਡਵਾਨੀ ਨੂੰ ਵੀ ਪਾਰਟੀ ਤੋਂ ਬੁਰਾ ਭਲਾ ਸੁਣਨਾ ਪਿਆ ਅਤੇ ਬੀਜੇਪੀ ਵਾਲਿਆਂ ਨੇ ਜਸਵੰਤ ਸਿੰਘ ਨੂੰ ਪਾਰਟੀ ਵਿਚੋਂ ਕੱਢ ਕੇ ਤਾਂ ਹਦ ਹੀ ਕਰ ਦਿਤੀ। ਭਾਰਤ ਮਹਾਨ ਦੇ ਆਗੂ ਮਹਾਨ ਬਣਨ ਦੀ ਥ੍ਹਾਂ ਬੋਨੇ ਬਣ ਗਏ ਹਨ। ਸਹਿਨਸ਼ੀਲਤਾ ਤਾਂ ਕਿਤੇ ਖੰਭ ਲੁਆ ਕੇ ਉਡ ਗਈ ਹੈ।
ਪੰਜਾਬ ਦੀ ਲੋਹੜੀ ਦਾ ਪਿਛੋਕੜ ਵੀ ਸੰਸਾਰ ਦੇ ਬਾਕੀ ਦੇਸ਼ਾਂ ਵਾਂਗ ਮਨੁਖਤਾ ਦਾ ਕੁਦਰਤ ਨਾਲ ਇਕ ਮਿਕ ਹੋਣਾ ਹੀ ਹੈ। ਸਮਾਂ ਸਥਾਨ ਹਰ ਮੇਲੇ ਨੂੰ ਲੋਕ ਲੌੜਾ ਅਨੁਸਾਰ ਢਾਲ ਲੈਂਦਾ ਹੈ ਲੋਹੜੀ ਨੂੰ ਲੋਹੜੀ ਕਿਊਂ ਕਿਹਾ ਇਸ ਵਿਚ ਮੈਨੂੰ ਕੋਈ ਦਿਲਚਸਪੀ ਨਹੀਂ ਮੇਰੇ ਖਿਆਲ ਵਿਚ ਲੋਹੜੀ ਪੰਜਾਬੀ ਸਭਿਆਚਾਰ ਦਾ ਇਕ ਅਟੁਟ ਅੰਗ ਹੈ । ਲੋਹੜੀ ਨੂੰ ਕਿਸੇ ਵੀ ਧਰਮ ਨਾਲ ਜੋੜ ਕੇ ਦੇਖਣਾ ਕੁਦਰਤ ਰਾਣੀ ਤੋਂ ਬੇ ਮੁਖ ਹੋਣ ਦੇ ਬਰਾਬਰ ਹੈ ।
ਲੋਹੜੀ ਸਮੇਂ ਭੈਣਾ ਆਪਣੇ ਵੀਰਾਂ ਨੂੰ ਉਡੀਕਦੀਆਂ ਹਨ । ਜਿਸ ਵਿਚਾਰੀ ਦਾ ਕੋਈ ਨਾਲ ਜੰਮਿਆ ਭਰਾ ਨਹੀਂ ਹੁੰਦਾ ਉਸ ਦਾ ਮਾਣ ਰਖਣ ਲਈ ਉਸਦਾ ਚਾਚੇ ਦਾ ਪੁਤ ਭਰਾ ਜਾਂ ਮਾਮੇਂ ਦਾ ਪੁਤ ਭਰਾ ਸਰਦਾ ਬਣਦਾ ਲੈ ਕੇ ਉਸ ਦੇ ਘਰ ਪੁਜਦਾ ਹੈ । ਇਹ ਸਿਲਸਲਾ ਸਮਾਜ ਘੜਨ ਵਾਲਿਆਂ ਦੀ ਸੂਝ ਦੀ ਨਿਸ਼ਾਨੀ ਹੈ ਆਜ਼ਾਦੀ ਤੋਂ ਬਾਅਦ ਹਿੰਦੂ ਕੋਡ ਬਿਲ ਨੇ ਆਪਸੀ ਪਿਆਰਾਂ ਵਿਚ ਕੁਝ ਕੁੜੱਤਣ ਲੈ ਆਂਦੀ ਹੈ।
ਲੋਹੜੀ ਇਕ ਕਿਸਮ ਦੀ ਮਰਦਮ ਸ਼ੁਮਾਰੀ ਕਰਨ ਦਾ ਕੰਮ ਕਰਦੀ ਹੈ । ਛੋਟੇ ਬੱਚਿਆਂ ਤੋਂ ਲੇ ਕੇ ਵਡੇ ਵਡੇਰਿਆਂ ਤਕ ਪਿੰਡ ਵਿਚ ਹਰ ਨਵੇਂ ਆਏ ਬੱਚੇ ਬਾਰੇ ਗਿਆਨ ਹੁੰਦਾ ਹੈ ਜਦ ਸਾਰਾ ਪਿੰਡ ਉਸ ਬੱਚੇ ਦੀ ਖੁਸ਼ੀ ਮੰਨਾਉਂਦਾ ਹੈ ਤਾਂ ਆਪਸੀ ਅੱਪਣਤ ਵੱਧਦੀ ਹੈ । ਚੀਨ ਵਾਲੇ ਪਰਦੇਸਾਂ ਵਿਚ ਰਹਿੰਦੇ ਹੋਏ ਵੀ ਹਰ ਬੱਚੇ ਦਾ ਜਨਮ ਰਿਕਾਰਡ ਆਪਣੇ ਜੱਦੀ ਪਿੰਡ ਵਿਚ ਵੀ ਰਖਦੇ ਹਨ ਠੀਕ ਇਸੇ ਤਰਾਂ ਸਾਡੇ ਪੰਜਾਬੀ ਵੀ ਨਵੇਂ ਜਨਮੇਂ ਬੱਚੇ ਦੀ ਲੋਹੜੀ ਦੇਣ ਕਰਾਇਆ ਭਾੜਾ ਖਰਚ ਕੇ
ਆਪਣੇ ਜੱਦੀ ਪਿੰਡ ਜਾਂਦੇ ਹਨ।
ਖੁਸ਼ਹਾਲੀ ਨਾਲ ਸਾਡਾ ਰੁਝਾਨ ਨਸ਼ਿਆਂ ਵਲ ਵਧਿਆ ਹੈ। ਹਰ ਤੀਜੇ ਦਿਨ ਹੋਣ ਵਾਲੀਆਂ ਚੋਣਾਂ ਨੇ ਉਸ ਦੀ ਵਰਤੋਂ ਵਿਚ ਹੋਰ ਵਾਧਾ ਕੀਤਾ ਹੈ। ਪੰਚਾਇਤ ਦੀਆਂ ਚੋਣਾ ਤੋਂ ਲੈ ਕੇ ਵਿਧਾਨ ਸਭਾ ਰਾਜ ਸਭਾ ਸਭ ਪਾਸੇ ਸ਼ਰਾਬ ਅਤੇ ਹੋਰ ਨਸ਼ਿਆਂ ਦੇ ਸਹਾਰੇ ਵੋਟਾਂ ਹਥਿਆਈਆਂ ਜਾਂਦੀਆਂ ਹਨ। ਜਦ ਸਿਖ ਕੌਮ ਦੀ ਮਿਨੀ ਪਾਰਲੀਮੈਂਟ ਸਦਾਉਣ ਵਾਲੀ ਸ਼ਰੋਮਣੀ ਕਮੇਟੀ ਦੀ ਚੋਣ ਵਿਚ ਵੀ ਸ਼ਰਾਬ ਅਤੇ ਨਸ਼ਿਆਂ ਦੀ ਵਰਤੋਂ ਦੀਆਂ ਖਬਰਾਂ ਛਪਦੀਆਂ ਹਨ ਤਾਂ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ । ਚੋਣਾ ਅਤੇ ਸ਼ਰਾਬ ਦਾ ਲੋਹੜੀ ਦੇ ਤਿਉਹਾਰ ਤੇ ਵੀ ਅਸਰ ਦੇਖਿਆ ਜਾ ਸਕਦਾ ਹੈ । ਇਕ ਸਾਂਝੀ ਧੂਣੀ ਦੀ ਬਜਾਏ ਹਰ ਗਰੁਪ ਦੀ ਆਪਣੀ ਧੂਣੀ ਧੜੇਬਾਜ਼ੀ ਦਾ ਨਜ਼ਾਰਾ ਪੇਸ਼ ਕਰਦੀ ਹੈ ਅਤੇ ਸ਼ਰਾਬ ਸ਼ਰਾਰਤ ਦਾ ਪਾਣੀ ਹਲਕ ਤੋਂ ਥਲੇ ਹੁੰਦਾ ਹੀ ਇਨਕਲਾਬ ਇਨਕਲਾਬ ਕਰਨ ਲੱਗ ਜਾਂਦਾ ਹੈ। ਬੋਲ ਕਬੋਲ ਤੇ ਇਕ ਖੰਘੂਰੇ ਦੀ ਹੀ ਲੋੜ ਹੈ ਕਿ ਸਰਬ ਸਾਂਝੀ ਲੋਹੜੀ ਦੀ ਖੁਸ਼ੀ ਨੂੰ ਗ੍ਰੈਹਣ ਲੱਗਦਿਆਂ ਦੇਰ ਨਹੀਂ ਲੱਗਦੀ। ਨਾਲੇ ਅੱਜ ਕਲ ਤਾਂ ਹਰ ਬੰਦਾ ਟ੍ਰਿਗਰ ਹੈਪੀ ( ਗੋਲੀ ਦਾਗਣ ਲਈ ਤਿਆਰ ਬਰ ਤਿਆਰ ) ਹੋ ਗਿਆ ਹੈ । ਇਕ ਅਨਗੈਹਲੀ ਨਾਲ ਵਾਪਰੀ ਘਟਨਾ ਕਾਰਨ ਲੋਹੜੀ ਦੀ ਖੁਸ਼ੀ ਮੰਨਾਉਣ ਵਾਲੇ ਆਖਣ ਲਗ ਜਾਂਦੇ ਹਨ ਬੜਾ ਲੋਹੜਾ ਹੋਇਆ। ਇਹਨਾਂ ਹਾਲਾਤ ਦੇ ਮਦੇ ਨਜ਼ਰ ਪੜ੍ਹਨ ਵਿਚ ਆਇਆ ਹੈ ਕਿ ਕਈ ਅਮਨ ਪਸੰਦ ਪ੍ਰਿਵਾਰ ਆਪਣੇ ਘਰ ਬੱਠਲ ਵਿਚ ਹੀ ਚਾਰ ਲਕੜਾਂ ਰਖ ਕੇ ਲੋਹੜੀ ਮਨਾਉਣ ਲੱਗ ਪਏ ਹਨ। ਇਸ ਤਰਾਂ ਚਲਦਾ ਰਿਹਾ ਤਾਂ ਇਹ ਖੁਸ਼ੀਆਂ ਖੇੜੇ ਵੰਡਣ ਵਾਲਾ ਤਿਉਹਾਰ ਵੀ ਇਕ ਦਿਨ ਦਮ ਤੋੜ ਜਾਵੇਗਾ।
ਧਾਰਮਕ ਆਗੂਆਂ ਅਗੇ ਬੇਨਤੀ ਕਰਨੀ ਚਾਹੁੰਦਾ ਹਾਂ ਇਸ ਸਾਂਝਾ ਦੇ ਪ੍ਰਤੀਕ ਤਿਉਹਾਰ ਨੂੰ ਮਲੋ ਮਲੀ ਬ੍ਰਾਹਮਣ ਦੀ ਝੋਲੀ ਨਾ ਪਾਉਣ । ਲੋਹੜੀ ਦੇ ਨਾਲ ਕੋਈ ਗਾਥਾ ਨਹੀਂ ਜੁੜੀ ਹੋਈ ਇਸ ਕਰਕੇ ਇਹ ਸਮੁਚੀ ਮਨੁਖਤਾ ਦਾ ਤਿਉਹਾਰ ਹੈ । ਇਸ ਨੂੰ ਕਿਸੇ ਧਰਮ ਨਾਲ ਜੋੜਨਾ ਸਹੀ ਨਹੀਂ ਲੱਗ ਰਿਹਾ। ਲੋਹੜੀ ਖੁਸ਼ੀਆਂ ਅਤੇ ਲੋਕ ਭਾਵਨਾਵਾਂ ਨਾਲ ਜੁੜਿਆ ਹੋਇਆ ਤਿਉਹਾਰ ਹੈ । ਸਿਆਸਤ ਦਾਨਾ ਅਗੇ ਬੇਨਤੀ ਹੈ ਕਿ ਇਸ ਸਾਂਝੇ ਤਿਉਹਾਰ ਨੂੰ ਪਾਰਟੀ ਪਾਲਿਟਕਸ ਦੀ ਚਾਸ਼ਨੀ ਨਾ ਚੜ੍ਹਾਉਣ । ਮੇਰੇ ਅਜ਼ੀਜ਼ੋ ਕੌਮ ਨੂੰ ਤੁਹਾਡੇ ਤੇ ਬਹੁਤ ਉਮੀਦਾਂ ਹਨ ਤੁਸੀਂ ਕੌਮ ਦਾ ਭਵਿਖ ਹੋ ਜੇ ਤੁਹਾਡੀ ਸੋਚ ਨਸ਼ੇ ਨੇ ਧੁੰਦਲੀ ਕਰ ਦਿਤੀ ਤਾਂ ਕੌਮ ਦਾ ਭਵਿਖ ਉਜਲਾ ਨਹੀਂ ਹੋ ਸਕਣਾ। ਸਾਡਾ ਸਾਰਿਆ ਦਾ ਫਰਜ਼ ਬਣਦਾ ਹੈ ਕਿ ਇਸ ਸਾਂਝਾ ਦੇ ਪ੍ਰਤੀਕ ਤਿਉਹਾਰ ਦੀ ਦਿਖ ਧੁੰਦਲੀ ਨਾ ਹੋਣ ਦੇਈਏ ।ਸਾਲ ਬਾਅਦ ਆਇਆ ਇਹ ਦਿਨ ਸਾਡੀਆਂ ਸਾਂਝਾਂ ਵਿਚ ਪੁਖਤਗੀ ਲਿਆਵੇ।