20 ਦਿਸੰਬਰ ਦੀ ਰੋਜ਼ਾਨਾ ਸਪੋਕਸਮੈਨ ਵਿਚ ਬੀਬੀ ਹਰਸ਼ਿੰਦਰ ਕੌਰ ਵਲੋਂ ਵਿਦਿਆਰਥੀ ਵੀਜ਼ੇ ਉੱਤੇ ਆਸਟ੍ਰੇਲੀਆ ਗਈਆਂ ਕੁੜੀਆਂ ਦੀ ਜਿੰਦਗੀ ਵਾਰੇ ਲੇਖ ਪੜ੍ਹ ਕੇ ਮੈਂ ਦੰਗ ਰਹਿ ਗਈ ਅਤੇ ਸੋਚਣ ਲਈ ਮਜ਼ਬੂਰ ਹੋ ਗਈ ਡਾ. ਹਰਸ਼ਿੰਦਰ ਕੌਰ ਜਿਸ ਨੂੰ ਪੰਜਾਬ ਦੀ ਧੀ ਦੇ ਨਾਂ ਨਾਲ ਅਤੇ ਪੰਜਾਬ ਦੀਆਂ ਧੀਆਂ ਦੀ ਹਮਦਰਦ ਦੇ ਰੂਪ ਵਿਚ ਜਾਣਿਆ ਜਾਂਦਾ ਹੈ ਅਤੇ ਵਿਦੇਸ਼ਾਂ ਵਿਚ ਇੱਜ਼ਤ ਮਾਣ ਦਿੱਤਾ ਜਾਂਦਾ ਹੈ ਅਜਿਹਾ ਲੇਖ ਕਿਸ ਤਰ੍ਹਾਂ ਲਿਖ ਸਕਦੀ ਹੈ । ਇਸ ਬੀਬੀ ਨੇ ਕਿਹਾ ਕਿ ਆਸਟ੍ਰੇਲੀਆ ਵਿਚ ਹਰ ਤੀਜ਼ੀ ਲੜਕੀ ਇਹੋ ਜਿਹੇ ਘਟੀਆ ਤਰੀਕੇ ਅਪਣਾ ਕੇ ਗੁਜ਼ਾਰਾ ਕਰ ਰਹੀ ਹੈ। ਇਹੋ ਜਿਹੇ ਤੱਥ ਪੜ੍ਹ ਕੇ ਇਸ ਤਰ੍ਹਾਂ ਲੱਗਦਾ ਹੈ ਕਿ ਇਹ ਬੀਬੀ ਸਚਾਈ ਤੋਂ ਬਹੁਤ ਦੂਰ ਹੈ ਅਤੇ ਮਨਘੜਤ ਕਹਾਣੀਆਂ ਸੁਣਾ ਰਹੀ ਹੇ। ਜੋ ਉਦਾਹਰਨਾਂ ਇਸ ਬੀਬੀ ਵਲੋਂ ਆਪਣੇ ਲੇਖ ਵਿਚ ਦਰਸਾਈਆਂ ਗਈਆਂ ਹਨ, ਇਸ ਤਰ੍ਹਾਂ ਲੱਗਦਾ ਹੈ ਕਿ ਉਨ੍ਹਾਂ ਦਾ ਸੱਚਾਈ ਨਾਲ ਕੋਈ ਸੰਬੰਧ ਨਹੀਂ ਹੈ। ਇਕ ਮੁੰਡੇ ਦੀ ਉਦਾਹਰਨ ਦਿੱਤੀ ਕਿ ਆਸਟਰੇਲੀਆ ਦੇ ਚੱਕਰ ਵਿਚ ਉਸ ਮੁੰਡੇ ਦਾ ਦੁਆਬੇ ਵਿਚ 100 ਕਿੱਲਾ ਜ਼ਮੀਨ ਦਾ ਵਿਕ ਗਿਆ। ਪਹਿਲੀ ਗਲ੍ਹ ਤੇ ਦੁਆਬੇ ਵਿਚ ਜਿਨ੍ਹਾਂ ਦਾ 100 ਕਿਲ੍ਹਾ ਜ਼ਮੀਨ ਦਾ ਹੈ ਉਸਨੂੰ ਆਸਟ੍ਰੇਲੀਆ ਵਿਦਿਆਰਥੀ ਵੀਜ਼ੇ ਤੇ ਜਾ ਕੇ ਸ਼ੰਘਰਸ਼ ਕਰਨ ਦੀ ਲੋੜ ਨਹੀਂ । ਬਾਕੀ ਜੇ ਕਿਸੇ ਨੇ ਸ਼ੰਘਰਸ਼ ਕਰਨ ਦੀ ਸੋਚੀ ਹੋਵੇ ਤਾਂ ਉਸਨੇ ਜ਼ਮੀਨ ਨਹੀਂ ਵੇਚਣੀ ਕਿਉਂਕਿ ਇਕ ਅਮੀਰ ਘਰ ਦਾ ਮੁੰਡਾ ਸੰਘਰਸ਼ ਦੇ ਰਾਹ ਤੇ ਉਦੋਂ ਹੀ ਚਲਦਾ ਜਦੋਂ ਉਸ ਵਿਚ ਆਪਣੇ ਵਡੇਰਿਆ ਤੋਂ ਜ਼ਿਆਦਾ ਕਮਾਈ ਕਰਨ ਦਾ ਜ਼ਜ਼ਬਾ ਹੋਵੇ ਅਤੇ ਕਿਤੇ ਮਾੜੀ ਕਿਸਮਤ ਨਾਲ ਜ਼ਮੀਨ ਵੇਚਣ ਦੀ ਨੌਬਤ ਆ ਵੀ ਜਾਵੇ ਤਾਂ ਬੀਬੀ ਨੂੰ ਸ਼ਾਇਦ ਦੁਆਬੇ ਦੀ ਜ਼ਮੀਨ ਦੇ ਰੇਟ ਦਾ ਨਹੀਂ ਪਤਾ। 100 ਕਿੱਲਾ ਵੇਚ ਕਿ ਤਾਂ ਦੋ ਪਿੰਡਾ ਦੇ ਮੁੰਡਿਆ ਨੂੰ ਆਸਟ੍ਰੇਲੀਆ ਸੈਟਲ ਕਰਾਇਆ ਜਾ ਸਕਦਾ ਹੈ। ਹਾਂ ਜੇ ਕੋਈ ਮੁੰਡਾ ਬੁਰੀ ਸੰਗਤ ਦਾ ਸ਼ਿਕਾਰ ਅਤੇ ਮਹਿੰਗੇ ਨਸ਼ਿਆਂ ਦਾ ਆਦੀ ਹੈ ਤਾਂ ਤੇ ਜ਼ਮੀਨ ਵਿਚ ਸਕਦੀ ਹੈ ਪਰ ਫਿਰ ਵੀ 100 ਕਿੱਲਾ ਜ਼ਿਆਦਾ ਹੈ। ਜਿਥੋਂ ਤੱਕ ਮੈਨੂੰ ਜਾਣਕਾਰੀ ਹੈ ਦੁਆਬੇ ਦੇ ਪਛੜੇ ਹੋਏ ਇਲਾਕੇ ਵਿਚ ਵੀ ਇੱਕ ਕਿੱਲੇ ਦਾ ਰੇਟ 15 ਲੱਖ ਤੋਂ ਘੱਟ ਨਹੀਂ ਹੈ।
ਹੁਣ ਬੀਬੀ ਦੀ ਇੱਕ ਉਦਾਹਰਨ ਵਾਰੇ ਗਲ੍ਹ ਕੀਤੀ ਜਾਵੇ। ਬੀਬੀ ਨੇ ਕੁਝ ਇਹੋ ਜਿਹੀਆਂ ਸ਼ਰਮਨਾਕ ਮਨਘੜ੍ਹਤ ਉਦਾਹਰਨਾਂ ਦਿੱਤੀਆਂ ਹਨ ਜਿਨ੍ਹਾਂ ਨੇ ਪੰਜਾਬ ਦੀਆਂ ਧੀਆਂ ਦੇ ਆਤਮ ਵਿਸ਼ਵਾਸ ਅਤੇ ਉਨ੍ਹਾਂ ਦੇ ਮਾਪਿਆਂ ਦੇ ਇੱਜ਼ਤ ਮਾਣ ਨੂੰ ਡੂੰਘੀ ਠੇਸ ਪਹੁੰਚਾਈ ਹੈ। ਹੋ ਸਕਦਾ ਹੈ ਕਿ ਕੁਝ ਹਾਲਾਤ ਤੋਂ ਮਜਬੂਰ ਜਾਂ ਕਿਸੇ ਹੋਰ ਵਜ੍ਹਾ ਕਰਕੇ ਕੁਝ ਕੁੜੀਆਂ ਗਲਤ ਰਾਹ ਪੈ ਗਈਆਂ ਹੋਣ। ਪਰ ਬੀਬੀ ਨੇ ਤੇ ਕਹਿ ਦਿੱਤਾ ਕਿ ਆਸਟ੍ਰੇਲੀਆਂ ਵਿਦਿਆਰਥੀ ਵੀਜ਼ੇ ਤੇ ਗਈ ਹਰ ਕੁੜੀ ਦਾ ਇਹੀ ਹਾਲ ਹੈ। ਬੀਬੀ ਦਾ ਲੇਖ ਸੱਚਾਈ ਤੋਂ ਕੋਹਾਂ ਦੂਰ ਪ੍ਰਤੀਤ ਹੁੰਦਾ ਹੈ। ਸੱਭ ਤੋਂ ਵੱਡੀ ਤੇ ਦੁਖਦਾਈ ਗਲ੍ਹ ਹੈ ਕਿ ਇਸ ਸੱਭ ਲਈ ਜਿੰਮੇਵਾਰ ਮਾਪਿਆਂ ਨੂੰ ਠਹਿਰਾਇਆ ਗਿਆ ਹੈ। ਭਾਵੇਂ ਕਿ ਸਾਡੇ ਦੇਸ਼ ਵਿਚ ਧੀਆਂ ਨਾਲ ਪੁੱਤਾਂ ਦੇ ਮੁਕਾਬਲੇ ਕਿਨ੍ਹਾਂ ਵੀ ਵਿਤਕਰੇ ਵਾਲਾ ਰੱਵਈਆ ਅਪਣਾਇਆ ਜਾਂਦਾ ਹੋਵੇ ਪਰ ਫਿਰ ਵੀ ਮਾਪੇ ਧੀਆਂ ਨੂੰ ਬੀਬੀ ਦੇ ਕਹਿਣ ਮੁਤਾਬਕ ਨਰਕ ਵਿਚ ਨਹੀਂ ਸੁੱਟਦ ਕਿਉਂਕਿ ਆਪਣੇ ਖੂੁਨ ਨਾਲ ਇੱਦਾਂ ਜਾਨਵਰ ਵੀ ਨਹੀਂ ਕਰਦੇ ਅਤੇ ਬੀਬੀ ਤੇ ਇਹ ਇਲਜ਼ਾਮ ਇੱਜ਼ਤਦਾਰ ਪੰਜਾਬੀਆਂ ਤੇ ਲਾ ਰਹੀ ਹੈ। ਮੈ ਪਹਿਲਾਂ ਵੀ ਲਿਖ ਚੁੱਕੀ ਹਾਂ ਕਿ ਘੱਟ ਪੜੀਆਂ ਲਿਖੀਆਂ ਕੁੜੀਆਂ ਨੇ ਉਚ ਸਿੱਖਿਆ ਪ੍ਰਾਪਤ ਕੁੜੀਆਂ ਦੀ ਲੀਹ ਤੇ ਆਪ ਪੈਰ ਧਰਦਿਆਂ ਝੂਠੇ ਦਸਤਾਵੇਜ਼ਾਂ ਨੂੰ ਆਧਾਰ ਬਣਾ ਕੇ ਬਾਹਰ ਜਾਣ ਦਾ ਰਸਤਾ ਅਪਣਾਇਆ ਕਿਉਂਕਿ ਜਦੋੰ ਮਾਪੇ ਕਹਿੰਦੇ ਸੀ ਪੁੱਤ ਪੜ੍ਹ ਲਾ ਉਦੋਂ ਉਨ੍ਹਾਂ ਨੇ ਬਿਊਟੀ ਪਾਰਲਰ ਜਾਣਾ ਹੁੰਦਾ ਸੀ। ਹਾਂ ਸਾਡੇ ਸਮਾਜ ਵਿਚ ਕੁੜੀ ਦੀ ਸਿੱਖਿਆ ਵਲ ਮੁੰਡੇ ਦੇ ਮੁਕਾਬਲੇ ਘੱਟ ਧਿਆਨ ਦਿੱਤਾ ਜਾਂਦਾ ਹੈ। ਪਰ ਫਿਰ ਵੀ ਅੱਜ ਕਲ੍ਹ ਥੌੜਾ ਜ਼ਾਮਾਨਾ ਬਦਲ ਰਿਹਾ ਹੈ। ਪੰਜਾਬ ਦੇ ਨੌਜੁਆਨ ਨਸ਼ਿਆਂ ਨੇ ਰੋਲ ਦਿੱਤੇ। ਬਾਹਰਲੇ ਆਪ ਅਨਪੜ੍ਹ ਹੁੰਦੇ ਸਨ ਅਤੇ ਕੁੜੀ ਡਾਕਟਰ ਇੰਜੀਨੀਅਰ ਲੱਭਦੇ ਸਨ ਜਾਂ ਫਿਰ ਦਾਜ ਮੰਗਦੇ ਜੋ ਗਰੀਬ ਮਾਪਿਆਂ ਦੇ ਬੱਸੋਂ ਬਾਹਰ ਹੁੰਦਾ ਹੈ। ਜਦੋਂ ਫਿਰ ਬੁੱਢਿਆਂ ਨਾਲ ਵਿਆਹ ਕੀਤਾ ਜਾਂਦਾ ਸੀ ਤਾਂ ਉਦੋਂ ਵੀ ਡਾਕਟਰ ਸਾਹਿਬਾ ਵਰਗੇ ਲੇਖਕ ਲਿਖਣ ਲੱਗ ਜਾਂਦੇ ਕਿ ਕੁੜੀਆਂ ਤੇ ਜ਼ੁਲਮ ਹੋ ਰਿਹਾ ਹੈ। ਜੇ ਕੁੜੀ ਨੂੰ ਢਿੱਡ ਵਿਚ ਹੀ ਮਾਰਦੇ ਹਨ ਤਾਂ ਵੀ ਮੁੱਦਾ ਬਣਾਇਆ ਜਾਂਦਾ ਹੈ। ਫਿਰ ਡਾਕਟਰ ਸਾਹਿਬਾ ਵਰਗੇ ਫੋਕੀ ਸ਼ੋਹਰਤ ਦੇ ਭੁੱਖੇ ਸਾਰੀ ਦੁਨੀਆ ਵਿਚ ਪੰਜਾਬ ਨੂੰ ਬਦਨਾਮ ਕਰਨ ਲੱਗ ਪੈਂਦੇ ਹਨ। ਜਿੰਦਗੀ ਵਿਚ ਹਰ ਇਨਸਾਨ ਨੂੰ ਕਿਰਤ ਕਮਾਈ ਅਤੇ ਸੰਘਰਸ਼ ਕਰਨਾ ਪੈਂਦਾ ਹੈ। ਇੱਕ ਗਲ੍ਹ ਦੱਸੋ ਇੱਕ ਕੁੜੀ ਜਿਸਨੇ ਜਿੰਦਗੀ ਦੇ 20-22 ਸਾਲਾਂ ਤੱਕ ਨਾਂ ਤੇ ਪੜਾਈ ਚੱਜ ਨਾਲ ਕੀਤੀ ਹੋਵੇ ਤੇ ਨਾਂਹ ਕੋਈ ਕੰਮ , ਉਹ ਘਰਦਿਆਂ ਤੇ ਬੋਝ ਨਹੀਂ ਹੈ ਤਾਂ ਫਿਰ ਕੀ ਹੈ? ਮਾਂ ਬਾਪ ਧੀਆਂ ਦੇ ਦੁਸ਼ਮਣ ਨਹੀਂ ਹੁੰਦੇ, ਘਰ ਵਿਹਲੀਆਂ ਬੈਠੀਆਂ ਘੱਟ ਪੜੀਆਂ ਲਿਖੀਆਂ ਬੇਰੁਜ਼ਗਾਰ ਧੀਆਂ ਦੀ ਵਧਦੀ ਉਮਰ ਅਤੇ ਲੋਕਾਂ ਦੇ ਤਾਅਨੇ ਮਿਹਣੇ ਸੁਣ ਕੇ ਮਾਂ ਬਾਪ ਨੂੰ ਧੀ ਦਾ ਵਿਆਹ ਬੁੱਢੇ ਨਾਲ ਕਰਨ ਨੂੰ ਮਜ਼ਬੂਰ ਹੋਣਾ ਪੈਂਦਾ ਹੈ। ਕਹਿਣਾ ਸੌਖਾ ਹੈ ਕਿ ਫਲਾਣੇ ਨੇ ਧੀ ਦਾ ਵਿਆਹ ਦੁੱਗਣੀ ਉਮਰ ਦੇ ਨਾਲ ਕਰ ਦਿੱਤਾ। ਪਰ ਇਹ ਵੀ ਸੋਚੋ ਕਿ ਹੋਰ ਗਰੀਬ ਮਾਂ ਬਾਪ ਲਈ ਕੀ ਰਸਤਾ ਹੈ? ਸਾਡੇ ਦੇਸ਼ ਦੀ ਸਰਕਾਰ ਕੁੜੀਆਂ ਨੂੰ ਮੁਫਤ ਸਿਖਿਆ ਜਾਂ ਕੋਈ ਹੋਰ ਰੁਜ਼ਗਾਰ ਦੀ ਸੁਵਿਧਾ ਨਹੀਂ ਪ੍ਰਧਾਨ ਕਰਦੀ ਅਤੇ ਸਾਡਾ ਸਮਾਜ ਜੇ 20-25 ਸਾਲ ਤੱਕ ਦੀ ਕੁੜੀ ਘਰ ਹੀ ਬੈਠੀ ਰਹੇ ਉਸਦਾ ਕਿਸੇ ਵਜ੍ਹਾ ਕਰਕੇ ਵਿਆਹ ਨਾਂ ਹੋਵੇ ਤਾਂ ਤਾਅਨੇ ਦੇਣੇ ਸ਼ੁਰੂ ਕਰ ਦਿੰਦਾ ਹੈ। ਇਹੋ ਜਿਹੇ ਹਾਲਾਤਾਂ ਵਿਚ ਮਾਪੇ ਕੀ ਕਰਨ? ਅੱਧਾ ਮਾਲਵੇ ਕੁੜੀਆਂ ਦੇ ਵਿਆਹਾਂ ਤੇ ਕਰਜ਼ੇ ਲੈ ਲੈ ਕੇ ਕਰਜ਼ੇ ਹੇਠ ਆ ਗਿਆ ਅਤੇ ਜਮੀਨਾਂ ਵੇਚ ਗਿਆ। ਅਜੋਕੇ ਸਮੇਂ ਵਿਚ ਮਾਂ ਬਾਪ ਨੇ ਕੁੜੀਆਂ ਦੀ ਸਿਖਿਆ ਵਲ੍ਹ ਵੀ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਹੈ ਤਾਂ ਕਿ ਉਹ ਖੁਦ ਪੈਰਾਂ ਤੇ ਖੜੀਆਂ ਹੋ ਸਕਣ। ਕਿਉਂਕਿ ਪੰਜਾਬ ਵਿਚ ਥੋੜੀ ਜਾਗਰੂਤੀ ਆਉਣ ਕਾਰਨ ਅਤੇ ਸਿਖਿਆ ਸਾਧਨਾਂ ਵਿਚ ਵਾਧਾ ਹੋਣ ਕਾਰਨ ਹੁਣ ਗਰੀਬ ਤੋਂ ਗਰੀਬ ਮਾਂ ਬਾਪ ਵੀ ਆਪਣੀਆਂ ਧੀਆਂ ਨੂੰ ਆਪਣੀ ਹੈਸੀਅਤ ਮੁਤਾਬਕ ਸਿਖਿਆ ਦਿਵਾਉਣ ਦੀ ਕੋਸ਼ਿਸ਼ ਕਰਦਾ ਹੈ । ਪਰ ਸਾਡੇ ਪੰਜਾਬ ਦੀ ਸਿਖਿਆ ਦਾ ਮਿਆਰ ਨੀਵਾਂ ਹੋਣ ਕਰਕੇ ਪੰਜਾਬ ਦੇ ਪੜਿਆਂ ਨੂੰ ਬਾਹਰਲੇ ਦੇਸ਼ਾਂ ਵਿਚ ਦੱਖਣੀ ਭਾਰਤੀਆਂ ਦੇ ਮੁਕਾਬਲੇ ਜਿਆਦਾ ਸੰਘਰਸ਼ ਕਰਨਾ ਪੈਂਦਾ ਹੈ। ਇਸ ਦਾ ਦੂਜਾ ਕਾਰਨ ਹੈ ਕਿ ਜਿੱਥੇ ਮਾਪੇ ਆਪਣੀਆਂ ਧੀਆਂ ਨੂੰ ਪੜਾਉਣਾ ਚਾਹੁੰਦਾ ਹਨ ਉੱਥੇ ਕਈ ਧੀਆਂ ਵੀ ਪੜ੍ਹਨ ਵੇਲੇ ਮਿਹਨਤ ਨਹੀਂ ਕਰਦੀਆਂ ਪਰ ਬਾਹਰ ਆਉਣ ਲਈ ਉਤਸਕ ਹੁੰਦੀਆਂ ਹਨ। ਕਈ ਮਾਂ ਬਾਪ ਤੋਂ ਦੂਰ ਜਾ ਕੇ ਆਜ਼ਾਦੀ ਵਾਲਾ ਜੀਵਨ ਬਤੀਤ ਕਰਨਾ ਚਾਹੁੰਦੀਆਂ ਹਨ। ਪਰ ਇਹੋ ਜਿਹੇ ਬਹੁਤ ਘੱਟ ਕੇਸ ਹਨ। ਪਰ ਡਾਕਟਰ ਸਾਹਿਬਾ ਨੇ ਤਾਂ ਹੱਦ ਹੀ ਕਰ ਦਿੱਤੀ ਕਿ ਹਰ ਤੀਜੀ ਕੁੜੀ ਆਪਣਾ ਪੇਟ ਪਾਲਣ ਲਈ ਗਲਤ ਰਾਹ ਤੇ ਤੁਰ ਗਈ ਹੈ। ਡਾਕਟਰ ਸਾਹਿਬਾ ਨੇ ਸਿਰਫ ਆਸਟ੍ਰੇਲੀਆ ਹੀ ਨਹੀਂ ਬਲਕਿ ਸਾਰੀ ਦੁਨੀਆ ਵਿਚ ਵਿਦਿਆਰਥੀ ਵੀਜ਼ਾ ਤੇ ਜਾ ਕੇ , ਜਿੰਦਗੀ ਵਿਚ ਮਿਹਨਤ ਅਤੇ ਸੰਘਰਸ਼ ਕਰ ਕੇ ਸੈਟਲ ਹੋਣ ਵਾਲੀਆਂ ਕੁੜੀਆਂ ਤੇ ਚਰਿੱਤਰਹੀਣ ਹੋਣ ਦਾ ਇਲਜ਼ਾਮ ਲਗਾ ਦਿੱਤਾ ਹੈ। ਜ਼ਮਾਨੇ ਦੇ ਬਦਲਣ ਨਾਲ ਕੁੜੀਆਂ ਨੇ ਆਪ ਸੰਘਰਸ਼ ਦੀ ਰਾਹ ਤੇ ਚਲ੍ਹ ਕੇ ਮਾਂ ਬਾਪ ਭੇਣ ਭਰਾਵਾਂ ਲਈ ਕੁਝ ਕਰਨ ਲਈ ਸੋਚਿਆ ਹੈ ਤਾਂ ਇਸ ਵਿਚ ਕੀ ਮਾੜਾਂ ਹੈ। ਪ੍ਰਦੇਸ ਵਿਚ ਜੀਰੋ ਤੋਂ ਜਿੰਦਗੀ ਦੀ ਸ਼ੁਰੂ ਕਰਨੀ ਪੈਂਦੀ ਹੈ , ਪੜ੍ਹੇ ਲਿਖੇ ਵਿਅਕਤੀ ਨੂੰ 4 ਦਿਨ ਮੁਸ਼ਕਲ ਦੇ ਗੁਜ਼ਾਰਨੇ ਪੈਂਦੇ ਹਨ ਜਦਕਿ ਅਨਪੜ੍ਹ ਨੂੰ ਸਾਰੀ ਜਿੰਦਗੀ ਦਿਹਾੜੀਆਂ ਹੀ ਕਰਨੀਆਂ ਪੈਂਦੀਆਂ ਹਨ। ਮੈ ਬੀਬੀ ਨੂੰ ਆਪਣੇ ਨਾਲ ਦੀਆਂ ਕੋਈ 20 ਕੁੜੀਆਂ ਦੀ ਉਦਾਹਰਨ ਦੇ ਸਕਦੀ ਹਾਂ ਜੋ ਕਿ ਅਮਰੀਕਾ , ਕਨੇਡਾ , ਯੁਰਪ, ਆਸਟ੍ਰੇਲੀਆ ਅਤੇ ਇੰਗਲੈਂਡ ਵਿਚ ਵਿਦਿਆਰਥੀ ਵੀਜ਼ੇ ਤੇ ਆ ਕਿ ਜਿੰਦਗੀ ਵਿਚ ਸਫਲ ਹਨ ਅਤੇ ਉੱਚੇ ਅਹੁਦਿਆਂ ਤੇ ਵੀ ਹਨ। ਬਹੁਤ ਸਾਰੀਆਂ ਜਾਣੂ ਕੁੜੀਆਂ ਵਿਦੇਸ਼ਾਂ ਦੀਆਂ ਵੱਡੀਆਂ ਕੰਪਨੀਆਂ ਅਤੇ ਹਸਪਤਾਲਾਂ ਵਿਚ ਡਾਕਟਰ ਇੰਜੀਨੀਅਰ ਹਨ । ਹੋ ਸਕਦਾ ਹੈ ਕਿ ਡਾਕਟਰ ਸਾਹਿਬਾ ਨੇ ਸਾਰੀਆਂ ਅਨਪੜ੍ਹ ਕੁੜੀਆਂ ਹੀ ਦੇਖੀਆਂ ਹੋਣ ਜੋ ਬਿਨ੍ਹਾਂ ਵਜ੍ਹਾ ਰਾਣੀ ਮੁਖਰਜੀ ਦੀ "ਲਗਾ ਚੁਨਰੀ ਮੇਂ ਦਾਗ" ਫਿਲਮ ਦੇਖ ਅਤੇ ਬਾਹਰ ਦੇ ਸੁਪਨੇ ਲੈ ਕੇ ਆਸਟ੍ਰੇਲੀਆਂ ਘਰਦਿਆਂ ਨੂੰ ਮੁੰਡੇ ਦੀ ਬਰਾਬਰੀ ਕਰਨ ਦਾ ਭਰੋਸਾ ਦਿਵਾ ਕੇ , ਆਜ਼ਾਦੀ ਭਰਪੂਰ ਜਿੰਦਗੀ ਦੀ ਲਾਲਸਾ ਅਤੇ ਜਿੱਦ ਕਰਕੇ ਆਸਟ੍ਰੇਲੀਆ ਗਈਆਂ ਹੋਣ ਤੇ ਅਜਿਹੇ ਕਾਰੇ ਕਰ ਕੇ ਸਮੂਹ ਪੰਜਾਬੀਆਂ ਲਈ ਬਦਨਾਮੀ ਦਾ ਕਾਰਨ ਬਣ ਰਹੀਆਂ ਹੋਣ ਅਤੇ ਜਿਨ੍ਹਾਂ ਨੂੰ ਲੇਬਰ ਜੌਬ ਵੀ ਨਹੀਂ ਮਿਲ ਰਹੀ ਹੋਵੇ ਕਿਉਂਕਿ ਇਹਨ੍ਹਾਂ ਕੁੜੀਆਂ ਨੇ ਪੰਜਾਬ ਵਿਚ ਆਪਣੇ ਘਰ ਪਲੇਟ ਵੀ ਨਹੀਂ ਧੋਤੀ ਹੁੰਦੀ । ਪਰ ਡਾਕਟਰ ਸਾਹਿਬਾ ਦੇ ਇਸ ਲੇਖ ਨੇ ਆਤਮ ਨਿਰਭਰ ਦਿਨ ਰਾਤ ਇੱਕ ਕਰਕੇ ਮਿਹਨਤ ਕਰਨ ਵਾਲੀਆਂ ਕੁੜੀਆਂ ਤੇ ਵੀ ਕਿੰਤੂ ਕਰ ਦਿੱਤਾ ਹੈ। ਮੈਨੂੰ 7-8 ਸਾਲ ਹੋ ਗਏ ਬਾਹਰ , ਮੈਨੂੰ ਅੱਜ ਤੱਕ ਕੋਈ ਬੁਰਾ ਵਰਤਾੳ ਕਰਨ ਵਾਲਾ ਪੰਜਾਬੀ ਨਹੀਂ ਮਿਲਿਆ। ਸ਼ੰਘਰਸ਼ ਅਤੇ ਮਿਹਨਤ ਤੇ ਹਰ ਬੰਦੇ ਨੂੰ ਕਰਨੀ ਪੈਂਦੀ ਹੈ। ਜਿੱਥੌਂ ਤੱਕ ਪੰਜਾਬੀਆਂ ਦੀ ਕੰਜੂਸੀ ਦਾ ਸਵਾਲ ਹੈ ਮੈ ਸਹਿਮਤ ਹਾਂ, ਪਰ ਉਨ੍ਹਾਂ ਨੇ ਵੀ ਬੜੀ ਮਿਹਨਤ ਨਾਲ ਦਿਨ ਰਾਤ ਇੱਕ ਕਰ ਕੇ ਪੈਸਾ ਕਮਾਇਆ ਹੁੰਦਾ ਹੈ ਪਰ ਫਿਰ ਵੀ ਉਹ ਇਨ੍ਹੇ ਤੰਗਦਿਲ ਨਹੀਂ ਹਨ ਕੇ ਉਹ ਕਿਸੇ ਆਪਣੇ ਦੇਸ਼ੋਂ ਆਏ ਦੀ ਮਦੱਦ ਨਾ ਕਰਨ ਜਾਂ ਆਪਣੇ ਦੇਸ਼ ਦੀ ਕਿਸੇ ਧੀ ਦੀ ਇੱਜ਼ਤ ਨੀਲਾਮ ਕਰਦੇ ਫਿਰਨ। ਇੱਥੇ ਪੰਜਾਬੀ ਮੁੰਡੇ ਮੈਂ ਤੇ ਨਹੀਂ ਦੇਖੇ ਕਿਸੇ ਦਾ ਨਜ਼ਾਇਜ ਫਾਇਦਾ ਉਠਾਉਂਦੇ। ਪਰ ਡਾਕਟਰ ਸਾਹਿਬਾ ਨੇ ਤਾਂ ਸਮੂਹ ਐਨ ਆਰ ਆਈਜ਼ ਦੇ ਚਰਿੱਤਰ ਤੇ ਹੀ ਕਿੰਤੂ ਕਰ ਦਿੱਤਾ ਬਲਕਿ ਗੁਰੂ ਘਰ ਵੀ ਨਹੀਂ ਬਖਸ਼ਿਆ । ਡਾਕਟਰ ਸਾਹਿਬਾ ਨੇ ਤੇ ਕਿਸੇ ਘਟੀਆ ਫਿਲਮ ਦੀ ਕਹਾਣੀ ਸੁਣਾਈ ਹੈ। ਜੇ ਡਾਕਟਰ ਸਾਹਿਬਾ ਦੀਆਂ ਗੱਲਾਂ ਵਿਚ ਸੱਚਾਈ ਹੈ ਤਾਂ ਸਾਡਾ ਪੰਜਾਬੀ ਭਾਈਚਾਰਾ ਤਾਂ ਸ਼ਰਮ ਨਾਲ ਹੀ ਮਰ ਜਾਊ। ਗੁਰਦੁਆਰੇ ਦੇ ਪ੍ਰਬੰਧਕ ਕਿੰਨੇ ਵੀ ਘਪਲੇ ਫਰਾਡ ਕਰਦੇ ਹੋਣ, ਪਰ ਮੈ ਨਹੀਂ ਦੇਖਿਆ ਕੇ ਉਹ ਕਿਸੇ ਪੰਜਾਬਣ ਨੂੰ ਲੰਗਰ ਹਾਲ ਤੋਂ ਭੁੱਖੇ ਮੋੜ ਦੇਣ, ਉਹ ਤੇ ਆਪ ਕਹਿੰਦੇ ਹੁੰਦੇ ਭੈੇਣਜੀ ਲੰਗਰ ਛਕ ਕੇ ਜਾਉ, ਪਤਾ ਨਹੀਂ ਡਾਕਟਰ ਸਾਹਿਬਾ ਦੇ ਲੇਖ ਦੀ ਪਾਤਰ ਇਸ ਕੁੜੀ ਨੂਂ ਜੂਠ ਖਾ ਕੇ ਕਿਉਂ ਗੁਜ਼ਾਰਾ ਕਰਨਾ ਪਿਆ। ਡਾਕਟਰ ਸਾਹਿਬ ਦੀ ਪਾਤਰ ਨੇ ਤੇ ਗੋਰਿਆਂ ਤੇ ਵੀ ਸ਼ੋਸ਼ਣ ਦਾ ਇਲਜ਼ਾਮ ਲਾ ਦਿੱਤਾ । ਵਿਦਿਆਰਥੀ ਵੀਜ਼ੇ ਤੇ ਆਸਟ੍ਰੇਲੀਆਂ ਗਈਆਂ ਕੁੜੀਆਂ ਲੀਗਲ ਹਨ। ਜੇ ਉਨ੍ਹਾਂ ਦਾ ਕੋਈ ਜਿਸਮਾਨੀੌ ਜਾਂ ਕਿਸੇ ਵੀ ਤਰ੍ਹਾਂ ਦਾ ਸ਼ੋਸ਼ਣ ਕਰਦਾ ਹੈ ਤਾਂ ਪੁਲਿਸ ਨੂੰ ਦੱਸ ਸਕਦੀਆਂ ਹਨ। ਸੱਭ ਨੂੰ ਪਤਾ ਹੈ ਕਿ ਗੁਰਦੁਆਰਾ ਸਾਹਿਬ ਵਿਚ ਬਿਨ੍ਹਾਂ ਸਿਰ ਢਕੇ ਜਾਣਾ ਗੁਰਮਰਿਆਦਾ ਦੀੇ ਉਲੰਘਣਾ ਹੈ ਅਤੇ ਡਾਕਟਰ ਸਾਹਿਬਾ ਕਹੀ ਜਾਂਦੀ ਹੈ ਕਿ ਅਧਨੰਗੀ ਕੁੜੀ ਦੋ ਮੁੰਡਿਆਂ ਨੂੰ ਗੁਰਦੁਆਰਾ ਸਾਹਿਬ ਵਿਚ ਜੱਫੀ ਪਾ ਕੇ ਖੜੀ ਸੀ । ਲੇਖ ਲਿਖਣ ਤੋਂ ਪਹਿਲਾਂ ਡਾ. ਸਾਹਿਬਾ ਨੂੰ ਪੰਜਾਬ ਰਹਿੰਦੇ ਮਾਪਿਆ ਵਾਰੇ ਸੋਚਣਾ ਚਾਹੀਦਾ ਸੀ ਜਿਨ੍ਹਾਂ 10-10 ਲੱਖ ਲਾ ਕੇ ਆਪਣੇ ਬੱਚੇ ਬਾਹਰ ਭੇਜੇ ਹਨ ਉਨ੍ਹਾਂ ਦੇ ਦਿਲ੍ਹਾਂ ਤੇ ਕੀ ਬੀਤੇਗੀ। ਮਾਪਿਆ ਨੇ ਕੁੜੀਆਂ ਨੂੰ ਵੇਸ਼ਵਾਗਿਰੀ ਕਰਨ ਹੀ ਭੇਜਣਾ ਸੀ ਤਾਂ 10 ਲੱਖ ਲਾ ਕੇ ਬਾਹਰ ਭੇਜਣ ਦੀ ਕੀ ਲੋੜ ਸੀ। ਮੈਨੂ ਰੋਜ਼ਾਨਾ ਸਪੋਕਸਮੈਨ ਤੇ ਵੀ ਹੈਰਾਨੀ ਆ ਰਹੀ ਹੈ ਕਿ ਉਨ੍ਹਾਂ ਨੇ ਇਹੋ ਜਿਹਾ ਬੇਤੁਕਾ ਲੇਖ ਪਬਲਿਸ਼ ਕਿੱਦਾ ਕਰ ਦਿੱਤਾ।
ਇਹ ਲੇਖ ਪੰਜਾਬ ਦੀ ਧੀ ਡਾ ਹਰਸ਼ਿੰਦਰ ਕੌਰ ਦਾ ਨਹੀਂ ਲਿਖਿਆ ਲਗਦਾ ਬਲਕਿ ਇੱਕ ਕਾਲਪਨਿਕ ਰੋਮਾਟਿਕ ਕਹਾਣੀਕਾਰ ਦਾ ਸ਼ੋਹਰਤ ਖੱਟਣ ਵਾਸਤੇ ਵਰਤਿਆ ਗਿਆ ਹੱਥਕੰਡਾ ਲੱਗਦਾ ਹੈ।