1997 ਚ ਜਦੋਂ ਪੰਜਾਬ ਤੋਂ, ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਵਿਚ ਪਰਵਾਸ ਕੀਤਾ ਸੀ ਤਾਂ ਜਿੰਨਾਂ ਦੁੱਖ ਆਪਣੇ ਸੋਹਣੇ ਦੇਸ਼ ਪੰਜਾਬ ਦੀ ਮਿੱਟੀ ਨੂੰ ਛੱਡਣ ਦਾ ਸੀ ਓਨਾ ਹੀ ਦੁੱਖ ਉਹਨਾਂ ਮਿੱਤਰਾਂ ਨੂੰ ਛੱਡ ਕੇ ਆਉਣ ਦਾ ਸੀ ਜਿੰਨ੍ਹਾਂ ਨਾਲ਼ ਰਲ਼ ਮਿਲ਼, ਆਪਣੇ ਪੰਜਾਬ ਦੀਆਂ ਧੁੱਪਾਂ ਛਾਂਵਾਂ ਮਾਣੀਆਂ ਸਨ। ਆਸਟ੍ਰੇਲੀਆ ਪਹੁੰਚ ਕੇ ਜਿਥੇ ਕਾਰੋਬਾਰੀ ਤੌਰ ਤੇ ਸਥਾਪਤ ਹੋਣ ਦਾ ਫਿਕਰ ਸੀ ਓਥੇ ਆਪਣੀ ਰੂਹ ਦੇ ਹਾਣੀ ਲੱਭਣ ਦੀ ਵੀ ਕਾਹਲ ਸੀ। ਵੱਖ ਵੱਖ ਉਮਰ ਦੇ, ਵੱਖ ਵੱਖ ਰੰਗਾਂ ਦੇ ਸਾਥੀਆਂ ‘ਚ ਬਹਿ ਬਹਿ ਕੇ ਵੇਖ ਲਿਆ ਸੀ ਪਰ ਗੱਲ ਨਹੀਂ ਸੀ ਬਣ ਰਹੀ। ਕੁਝ ਕੁ ਰਸਮੀ ਮੁਲਾਕਾਤਾਂ ਤੋਂ ਬਾਅਦ ਜਦੋਂ ਸੋਚ ਮੇਚ ਨਾ ਆਉਣੀ ਤਾਂ ਫਿਰ ਨਵੇਂ ਮਿੱਤਰ ਲੱਭਣ ਤੁਰ ਪੈਣਾ। ਮੇਰੀ ਆਸ ਨੂੰ ਓਦੋਂ ਬੂਰ ਪਿਆ ਜਦੋਂ ਬੈਲਮੋਰ ਦੇ ਗੁਰਦੁਆਰਾ ਸਾਹਿਬ ਵਿਖੇ, ਹਫਤਾਵਾਰੀ ਦੀਵਾਨ, ਵਿੱਚ ਗਿਆਨੀ ਸੰਤੋਖ ਸਿੰਘ ਹੋਰੀਂ, ਪਾਰਕਲੀ ਗੁਰੂ ਘਰ ਦੀ ਨਵੀਂ ਇਮਾਰਤ ਦੇ ਉਦਘਾਟਨੀ ਸਮਾਰੋਹ ਲਈ, ਸੰਗਤਾਂ ਨੂੰ ਸੱਦਾ ਦੇਣ ਲਈ ਆਏ। ਪੰਜਾਬੋਂ ਖਾਂਦੇ ਪੀਂਦੇ ਆਏ ਸਾਂ ਅਤੇ ਸਰੀਰ ਵੀ ਸੁੱਖ ਨਾਲ ਖੁਲ੍ਹਾ ਖੁਲਾਸਾ ਸੀ; ਇਸ ਕਰਕੇ ਗੁਰੂ ਘਰ ਵਿਚ ਜਾ ਕੇ, ਬਹੁਤਾ ਚਿਰ ਚੌਂਕੜਾ ਮਾਰ ਕੇ ਬੈਠ ਨਹੀਂ ਸੀ ਹੁੰਦਾ। ਮਨ ਵਿਚ ਸਦਾ ਕਾਹਲ਼ ਹੋਣੀ ਕਿ ਕੇਹੜਾ ਵੇਲ਼ਾ ਹੋਵੇ, ਭੋਗ ਪਵੇ ਤੇ ਪ੍ਰਸ਼ਾਦ ਲੈ ਕੇ ਘਰ ਨੂੰ ਜਾਈਏ। ਉਤੋਂ ਜੇ ਕੋਈ ਕੀਰਤਨ ਦੀ ਸਮਾਪਤੀ ਤੋਂ ਬਾਅਦ ਲੈਕਚਰ ਦੇਣ ਲਈ ਖਲੋ ਜਾਵੇ ਤਾਂ ਮੇਰੇ ਵਰਗਿਆਂ ਨੂੰ ਚੜ੍ਹ ਲਾਲੀਆਂ ਜਾਂਦੀਆਂ ਸਨ ਕਿ ਇਹ ਹੁਣ ਬੋਰ ਕਰੂਗਾ ਪਰ ਗਿਆਨੀ ਜੀ ਹੋਰਾਂ ਜਦੋਂ ਉਠ ਕੇ ਫ਼ਤਿਹ ਬੁਲਾਈ ਅਤੇ ਪੈਂਦੀ ਸੱਟੇ ਹੀ ਸਾਡੇ ਜਿਹਿਆਂ ਦੇ ਮਨ ‘ਚ ਚੱਲਦੀ ਗੱਲ ਆਖ ਦਿੱਤੀ, “ਤੁਸੀਂ ਸੋਚਦੇ ਹੋਵੋਗੇ ਕਿ ਇਹ ਭਾਈ ਹੁਣ ਬੋਰ ਕਰੇਗਾ ਪਰ ਮੈਂ ਤੁਹਾਡਾ ਬਹੁਤਾ ਸਮਾ ਨਹੀਂ ਜੇ ਲੈਣਾ। ਇਹ ਵੀ ਮੈਨੂੰ ਪਤਾ ਹੈ ਕਿ ਤੁਸੀਂ ਮੈਨੂੰ ਸੁਣਿਆ ਤੋਂ ਬਿਨਾ ਜਾਣਾ ਵੀ ਨਹੀ; ਕਿਉਂਕਿ ਤੁਸੀ ਜਾਣਦੇ ਹੋ ਕਿ ਜੇ ਮੈਨੂੰ ਏਥੇ ਨਾ ਸੁਣ ਕੇ ਗਏ ਤਾਂ ਮੈ ਤੁਹਾਡੇ ਘਰੀਂ ਸੁਣਾਉਣ ਆ ਜਾਣਾ।” ਇਹ ਸੁਣ ਚਾਰ ਚੁਫੇਰੇ ਹਾਸੜ ਮੱਚ ਗਈ।
ਗਿਆਨੀ ਜੀ ਦੇ ਇਹ ਬੋਲ ਸੁਣ ਸਾਡੇ ਜਿਹੇ, ਜੇਹੜੇ ਉਠਣ ਨੂੰ ਤਿਆਰ ਬੈਠੇ ਸਨ, ਨੇ ਗੋਡੇ ਸਿੱਧੇ ਕਰ ਲਏ। ਮਾਝੇ ਦੀ ਚਾਸ਼ਣੀ ਵਿਚ ਡੁੱਬੀ, ਸ਼ੁੱਧ ਪੰਜਾਬੀ ਬੋਲੀ ‘ਚ ਜਦੋਂ ਗਿਆਨੀ ਜੀ ਨੇ ਆਪਣਾ ਸੁਨੇਹਾ ਦਿੱਤਾ ਤਾਂ ਸਭਨਾਂ ਦੇ ਮਨਾਂ ਤੇ ਜਾਦੂ ਜਿਹਾ ਕਰ ਗਿਆ। ਗਿਆਨੀ ਜੀ ਦੇ ਹੱਥ ‘ਚ ਫੜਿਆ ਤਣੀਆਂ ਵਾਲ਼ਾ ਝੋਲ਼ਾ ਭੁਲੇਖਾ ਪਾ ਰਿਹਾ ਸੀ ਕਿ ਸ਼ਾਇਦ ‘ਅੰਬਰਸਰੋਂ’ ਕੋਈ ਸਾਧਾਰਣ ਜਿਹਾ ਪ੍ਰਚਾਰਕ ਆਇਆ ਹੋਣਾ। ਪਰ ਉਹਨਾਂ ਦੇ ਬੋਲਾਂ ਵਿਚਲਾ ਭਰੋਸਾ ਦੱਸਦਾ ਸੀ ਕਿ ਇਹ ਕੋਈ ਸਾਧਾਰਨ ਪ੍ਰਚਾਰਕ ਨਹੀਂ ਸਗੋਂ ਗੁੜ੍ਹਿਆ ਹੋਇਆ ਸੂਝਵਾਨ ਇਨਸਾਨ ਹੈ। 30 ਕੁ ਮਿੰਟਾਂ ਦੇ ਸਮੇ ‘ਚ ਉਹਨਾਂ ਐਸੇ ਢੰਗ ਨਾਲ ਆਪਣੀ ਬਾਤ ਪਾਈ ਕਿ ਹਰ ਪੰਜ ਮਿੰਟ ਬਾਅਦ ਹਾਸੇ ਦੀ ਫ਼ੁਹਾਰ ਛਿੜ ਪਿਆ ਕਰੇ। ਨਿਆਣੇ ਸਿਆਣੇ ਸਭ ਹੀ ਗਿਆਨੀ ਜੀ ਦੇ ਬੋਲਾਂ ਵਿੱਚਲੀ ਮਿਠਾਸ ਅਤੇ ਨਿੱਘ ਨੂੰ ਮਾਣਦੇ ਰਹੇ। ਮੈਨੂੰ ਉਹਨਾਂ ਦੀ ਸ਼ਖ਼ਸ਼ੀਅਤ ਨੇ ਬਹੁਤ ਪ੍ਰਭਾਵਤ ਕੀਤਾ। ਮੇਰਾ ਉਹਨਾਂ ਦੇ ਸਰੂਪ, ਉਹਨਾਂ ਦੀ ਉਮਰ ਜਾਂ ਪਹਿਰਾਵੇ ਨਾਲ ਕੋਈ ਮੇਲ ਨਹੀਂ ਸੀ ਪਰ ਮੈਨੂੰ ਉਹ ਮੇਰੀ ਸੋਚ ਦੇ ਹਾਣੀ ਲੱਗੇ। ਖ਼ੁਦ ਮਝੈਲ ਹੋਣ ਕਾਰਨ, ਮਾਝੇ ਵਾਲ਼ ਬੋਲੀ ਦੀ ਸਾਂਝ ਮੈਨੂੰ ਧੂਹ ਕੇ ਉਹਨਾਂ ਦੇ ਕੋਲ਼ ਲੈ ਗਈ। ਮੈ ਉਮਰ ਦੀਆਂ ਹੱਦਾਂ ਉਲੰਘ ਕੇ, ‘ਭਾ ਜੀ’ ਆਖ ਜਾ ਫ਼ਤਿਹ ਬੁਲਾਈ। ਉਹਨਾਂ ਦਾ ਬੀਬਾ ਚਿੱਟਾ ਦਾਹੜਾ ਵੇਖ ਕੇ ਹਰ ਕੋਈ ਉਹਨਾਂ ਨੂੰ ‘ਗਿਆਨੀ ਜੀ’ ਅਤੇ ਨਿਆਣੇ ‘ਬਾਬਾ ਜੀ’ ਆਖ ਕੇ ਸੰਬੋਧਨ ਕਰਦੇ ਸਨ ਤੇ ਜਦੋਂ ਇੱਕ ਨੌਜਵਾਨ ਨੇ ਉਹਨਾਂ ਨੂੰ ‘ਭਾ ਜੀ’ ਆਖ ਕੇ ਬੁਲਾਇਆ ਤਾਂ ਉਹਨਾਂ ਨੇ ਝੱਟ ਪੱਟ ਬੁਝ ਲਿਆ ਕਿ ਇਹ ਜਰੂਰ ਮੇਰੀ ਸੋਚ ਦਾ ਹਾਣੀ ਹੋਵੇਗਾ ਤਾਂ ਹੀ ਤਾਂ ਮੈਨੂੰ ‘ਗਿਆਨੀ ਜੀ’ ਕਹਿਣ ਦੀ ਬਜਾਏ ‘ਭਾ ਜੀ’ ਜਹੇ ਅਪਣੱਤ ਭਰੇ ਲਹਿਜੇ ਵਿੱਚ ਬੁਲਾ ਰਿਹਾ ਹੈ। ਉਸ ਦਿਨ ਦੀ ਪਈ ਇਹ ਸਾਂਝ ਅੱਜ ਤੱਕ ਨਿਰੰਤਰ ਜਾਰੀ ਹੈ। ਹਰ ਦਿਨ ਇਹ ਰਿਸ਼ਤਾ ਹੋਰ ਗੂਹੜਾ ਹੀ ਹੋਇਆ ਹੈ।
ਜਗਿਆਸੂ ਹੋਣ ਕਾਰਨ ਗਿਆਨੀ ਜੀ ਸਬੰਧੀ ਹੋਰ ਜਾਣਕਾਰੀ ਲੈਣ ਦੀ ਇੱਛਾ ਹੋਈ ਤਾਂ ਪਤਾ ਲੱਗਾ ਕਿ ਗਿਆਨੀ ਜੀ ਸਿੱਖ ਮਿਸ਼ਨਰੀ ਕਾਲਜ ਤੋਂ ਗਰੈਜੂਏਟ ਹੋ ਕੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ‘ਚ ਭਰਤੀ ਹੋ ਗਏ ਸਨ ਜਿਥੇ ਇਹਨਾਂ ਦੀ ਸੂਝ ਬੂਝ ਸਦਕਾ, ਉਸ ਸਮੇ ਦੇ ਸ਼੍ਰੋਮਣੀ ਸਮੇਟੀ ਦੇ ਪ੍ਰਧਾਨ, ਸੰਤ ਚੰਨਣ ਸਿੰਘ ਜੀ ਨੇ, ਇਹਨਾਂ ਨੂੰ ਆਪਣਾ ਨਿੱਜੀ ਸਕੱਤਰ ਨਿਯੁਕਤ ਕਰ ਲਿਆ। ਸੰਨ 1960 ਤੋਂ ਲੈ ਹੁਣ ਤੱਕ ਦੀ, ਪਰਦੇ ਦੇ ਸਾਹਮਣੇ ਵਾਲ਼ੀ ਅਤੇ ਪਰਦੇ ਪਿਛਲੀ ਅਕਾਲੀ ਰਾਜਨੀਤੀ, ਆਪ ਆਪਣੀ ਯਾਦਾਂ ਦੀ ਚੰਗੇਰ ‘ਚ ਚੁੱਕੀ ਫਿਰਦੇ ਹਨ। 1960 ਤੋਂ 1973 ਤੱਕ ਸ਼੍ਰੋਮਣੀ ਕਮੇਟੀ ਦੀ ਨੌਕਰੀ ਕਰਨ ਤੋਂ ਬਾਅਦ, 1973 ‘ਚ ਗਿਆਨੀ ਜੀ, ਅਫ਼੍ਰੀਕਾ ਦੇ ਮੁਲਕ ਮਲਾਵੀ ਵਿਚ, 3 ਸਾਲ ਦੀ ਨੌਕਰੀ ਕਰ, ਲੋੜੀਂਦਾ ਖ਼ਰਚ ਪੱਲੇ ਬੰਨ੍ਹ ਕੇ, ਦੁਨੀਆਂ ਦਾ ਭਰਮਣ ਕਰਨ ਤੁਰ ਪਏ। 1979 ਦੇ ਅਕਤੂਬਰ ਵਿੱਚ ਗਿਆਨੀ ਜੀ ਨੇ ਆਸਟ੍ਰੇਲੀਆ ਦੀ ਧਰਤੀ ਤੇ ਪਹਿਲਾ ਕਦਮ ਰੱਖਿਆ। ਪਰਵਾਰਕ ਗੁਜ਼ਾਰੇ ਲਈ ਸਰਕਾਰੀ ਤੇ ਅਰਧ ਸਰਕਾਰੀ ਸੰਸਥਾਵਾਂ ਵਿਚ ਨੌਕਰੀ ਕਰਨ ਦੇ ਨਾਲ਼ ਨਾਲ਼, ਗੁਰੂ ਘਰਾਂ ਵਿੱਚ, ਧਰਮ ਪ੍ਰਚਾਰ ਦੀ ਸੇਵਾ ਵੀ ਹੁਣ ਤੱਕ ਨਿਭਾਉਂਦੇ ਆ ਰਹੇ ਹਨ।
ਅਪ੍ਰੈਲ 1985 ਵਿੱਚ ‘ਸਿੱਖ ਸਮਾਚਾਰ’ ਨਾਮ ਦਾ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਅਖ਼ਬਾਰ ਕੱਢ ਕੇ, ਆਪ ਨੇ ਪੰਜਾਬੀ ਮੀਡੀਏ ਦਾ, ਧਰਤੀ ਦੇ ਦੱਖਣੀ ਅਰਧ ਗੋਲ਼ੇ ਉਪਰ ਪਹੁ ਫੁਟਾਲਾ ਕੀਤਾ। ਪਹਿਲਾਂ ਡੇਢ ਸਾਲ ਹਫਤਾਵਾਰੀ ਅਤੇ ਫੇਰ ਮਹੀਨਾਵਾਰ, ਇਹ ਅਖਬਾਰ 1990 ਤੱਕ ਆਪ ਚਲਾੳਂੁਦੇ ਰਹੇ। ਗੁਰੂ ਘਰਾਂ ਅਤੇ ਗੁਰਸਿੱਖਾਂ ਦੇ ਘਰਾਂ ਵਿਚ ਕੀਰਤਨ ਜਾਂ ਕਥਾ ਕਰਦਿਆਂ, ਜੋ ਭੇਟਾ ਸੰਗਤਾਂ ਵੱਲੋਂ ਭੇਟ ਕੀਤੀ ਜਾਂਦੀ ਸੀ ਉਸ ਵਿੱਚ ਆਪਣੀ ਨਿੱਜੀ ਕਮਾਈ ਜੋੜ ਕੇ, ਅਖ਼ਬਾਰ ਦੀ ਪ੍ਰਿੰਟਿੰਗ ਅਤੇ ਵੰਡਣ ਦਾ ਖ਼ਰਚਾ ਕਰਕੇ, ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਰਹੇ। ਜਿਉਂ ਜਿਉਂ ਮੈਨੂੰ ਗਿਆਨੀ ਜੀ ਬਾਰੇ ਹੋਰ ਜਾਣਕਾਰੀ ਮਿਲ਼ਦੀ ਰਹੀ, ਮੇਰਾ ਉਹਨਾਂ ਪ੍ਰਤੀ ਸਤਿਕਾਰ ਹੋਰ ਵੀ ਵਧਦਾ ਗਿਆ। ਗਿਆਨੀ ਜੀ ਸੱਚ ਮੁੱਚ ਗਿਆਨੀ ਕਹਾਉਣ ਦੇ ਯੋਗ ਹਨ ਕਿਉਂ ਜੋ ਉਹਨਾਂ ਕੋਲ ਗਿਆਨ ਦਾ ਭੰਡਾਰ ਹੈ: ਧਾਰਮਿਕ ਗ੍ਰੰਥਾਂ ਬਾਰੇ, ਸਿੱਖ ਇਤਿਹਾਸ, ਸਿੱਖ ਰਾਜਨੀਤੀ, ਆਸਟ੍ਰੇਲੀਅਨ ਸਿੱਖ ਸਮਾਜ, ਗੁਰੂ ਘਰਾਂ ਦੇ ਪ੍ਰਬੰਧਾਂ ਵਿਚ ਸਵਾਰਥੀ ਬਿਰਤੀ ਬਾਰੇ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਆਸਟ੍ਰੇਲੀਆ ਦੀ ਸਿਆਸੀ ਸਥਿਤੀ ਬਾਰੇ, ਗੱਲ ਕੀ ਕੋਈ ਵੀ ਅਜਿਹਾ ਵਿਸ਼ਾ ਨਹੀਂ ਜਿਸ ਬਾਰੇ ਗਿਆਨੀ ਜੀ ਡੂੰਘੀ ਜਾਣਕਾਰੀ ਨਾ ਰੱਖਦੇ ਹੋਣ। ਏਸੇ ਕਰਕੇ ਮੈ ਉਹਨਾਂ ਦਾ ਨਾਂ ‘ਤੁਰਦਾ ਫਿਰਦਾ ਇਨਸਾਈਕਲੋਪੀਡੀਆ’ ਪਾਇਆ ਹੋਇਆ ਹੈ। ਗਿਆਨ ਸਾਗਰ ਵਿੱਚ ਡੁੱਬਕੀਆਂ ਲਗਾਉਣ ਦਾ ਆਪ ਨੂੰ ਇਸ ਹੱਦ ਤੱਕ ਜਨੂੰਨ ਹੈ ਕਿ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਗਿਆਨ ਵੰਡੀਦਾ ਹੋਵੇ, ਸਭ ਔਕੜਾਂ ਨੂੰ ਪਾਰ ਕਰ ਕੇ ਓਥੇ ਪਹੁੰਚ ਜਾਂਦੇ ਹਨ। ਭਾਵੇਂ ਇਸ ਜਨੂੰਨ ਦੀ ਕੀਮਤ ਉਹਨਾਂ ਨੂੰ ਪਰਵਾਰਕ ਨਾਰਾਜ਼ਗੀ ਸਹੇੜਨ ਦੇ ਰੂਪ ਵਿਚ ਦੇਣੀ ਪੈਦੀ ਹੋਵੇ ਤਾਂ ਵੀ ਗਿਆਨੀ ਜੀ ਨਹੀਂ ਟਲਦੇ। ਹਾਲਾਂ ਕਿ ਪਰਵਾਰਕ ਜੁੰਮੇਵਾਰੀਆਂ ਨੂੰ ਬਾਖ਼ੂਬੀ ਨਿਭਾਉਂਦੇ ਹੋਏ, ਉਹਨਾਂ ਨੇ ਚਾਰੇ ਬੱਚਿਆਂ ਨੂੰ ਉਚ ਵਿਦਿਆ ਦੁਆ ਕੇ, ਸੰਸਾਰਕ ਤੌਰ ਤੇ ਕਾਮਯਾਬ ਇਨਸਾਨ ਬਣਾਇਆ ਹੋਇਆ ਹੈ।
ਜਿਸ ਹੱਦ ਤੱਕ ਗਿਆਨੀ ਜੀ ਗਿਆਨ ਚੁੱਕੀ ਫਿਰਦੇ ਹਨ ਜੇ ਕਿਤੇ ਉਹਨਾਂ ਨੇ ਆਪਣੇ ਆਪ ਨੂੰ ਨਿਮਾਣੇ ਜਿਹੇ ਸਿੱਖ ਦੀ ਥਾਂ ਅੱਜ ਕਲ੍ਹ ਦੇ ਅਖੌਤੀ ਬਾਬਿਆਂ ਅਤੇ ਸੰਤਾਂ ਵਾਂਗ ਪ੍ਰਚਾਰਿਆ ਹੁੰਦਾ ਤਾਂ ਸ਼ਾਇਦ ਲੋਕਾਂ ਦੀਆਂ ਭੀੜਾਂ ਅੱਜ ਉਹਨਾਂ ਅਖੌਤੀ ਸੰਤਾਂ ਤੇ ਬਾਬਿਆਂ ਵਾਂਗ ਇਹਨਾਂ ਦੇ ਮਗਰ ਵੀ ਫਿਰਦੀਆਂ ਹੁੰਦੀਆਂ। ਸੰਗਮਰਮਰੀ ਡੇਰਾ, ਦੁਨਿਆਵੀ ਸੁੱਖ ਸਹੂਲਤਾਂ, ਚਿੱਟੇ ਪ੍ਰੈਸ ਕੀਤੇ ਹੋਏ ਚੋਲ਼ੇ ਅਤੇ ਵੱਡੀਆਂ ਵੱਡੀਆਂ ਕਾਰਾਂ ਆਪ ਦੇ ਅੱਗੇ ਪਿੱਛੇ ਘੁੰਮਦੀਆਂ ਹੁੰਦੀਆਂ।
ਆਮ ਗੁਰੂ ਘਰਾਂ ਦੇ ਪ੍ਰਬੰਧਕ ਗ੍ਰੰਥੀ ਸਿੰਘ, ਭਾਵੇਂ ਤਨਖਾਹਦਾਰ ਹੋਵੇ ਤੇ ਭਾਵੇਂ ਵਾਲੰਟੀਅਰ, ਨੂੰ ਪ੍ਰਬੰਧਨ ਕਾਰਜਾਂ ਵਿੱਚ ਨਹੀਂ ਵੇਖਣਾ ਚਾਹੁੰਦੀਆਂ ਅਤੇ ਗੁਰਦੁਆਰਾ ਪ੍ਰਬੰਧਨ ‘ਚ ਦਿੱਤੇ ਉਹਨਾਂ ਦੇ ਸਹੀ ਸੁਝਾਵਾਂ ਨੂੰ ਵੀ ਪ੍ਰਬੰਧ ਵਿਚਲੀ ਦਖਲ ਅੰਦਾਜੀ ਹੀ ਸਮਝਦੀਆਂ ਹਨ। ਗੁਰਮਤਿ ਬਾਰੇ ਜਾਂ ਗੁਰੂ ਘਰ ਦੇ ਪ੍ਰਬੰਧ ਬਾਰੇ ਆਪ ਦੀਆਂ ਬੇਖ਼ੌਫ਼ ਅਤੇ ਬੇਬਾਕ ਸਹੀ ਟਿੱਪਣੀਆਂ ਕਾਰਨ, ਕਈ ਵਾਰ ਆਪ ਕਮੇਟੀਆਂ ਦੇ ਆਗੂਆਂ ਦੀ ਨਾਰਾਜ਼ਗੀ ਵੀ ਸਹੇੜ ਲੈਂਦੇ ਹਨ। ਪ੍ਰਬੰਧਕ ਕਮੇਟੀਆਂ ਦਾ ਗੁਰੂ ਘਰ ਦੀ ਸੇਵਾ ਕਰਨ ਵਾਲੇ ਸੇਵਾਦਾਰਾਂ ਪ੍ਰਤੀ ਇੱਕ ਸੰਕੀਰਣ ਜਿਹਾ ਨਜ਼ਰੀਆ ਹੈ। ਉਹ ਗ੍ਰੰਥੀ ਸਿੰਘ ਨੂੰ ਸਿਰਫ਼ ਪਾਠ ਕਰਨ, ਪ੍ਰਸ਼ਾਦ ਬਣਾਉਣ ਅਤੇ ਵਰਤਾਉਣ ਤੱਕ ਹੀ ਸੀਮਤ ਰੱਖਣਾ ਚਾਹੁੰਦੀਆਂ ਹਨ ਤੇ ਉਹਨਾਂ ਦੀ ਸ਼ਖ਼ਸ਼ੀਅਤ ਵਿਚਲੇ ਬਾਕੀ ਪਹਿਲੂਆਂ ਨੂੰ ਅਣਗੌਲਿਆਂ ਕਰਕੇ, ਬਾਕੀ ਸਿੱਖ ਅਤੇ ਧਾਰਮਿਕ ਮਸਲਿਆਂ ਤੇ ਰਾਇ ਦੇਣ ਦੇ ਅਯੋਗ ਸਮਝਦੀਆਂ ਹਨ। ਗੁਰੂ ਘਰਾਂ ਦੇ ਪ੍ਰਬੰਧਕਾਂ ਦੀ ਨਾਰਾਜ਼ਗੀ ਕਈ ਵਾਰ ਇਸ ਹੱਦ ਤੱਕ ਵਧ ਜਾਂਦੀ ਹੈ ਕਿ ਉਹ ਆਪ ਜੀ ਦੇ ਖ਼ਿਲਾਫ਼ ਕੂੜ ਪ੍ਰਚਾਰ ਕਰਨ ਤੋਂ ਵੀ ਬਾਜ ਨਹੀਂ ਆਉਂਦੇ।
ਗਿਆਨੀ ਜੀ ਗੁਰੂ ਘਰਾਂ ਦੇ ਧਾਰਮਿਕ ਦੀਵਾਨਾਂ, ਸਭਿਆਚਾਰਕ ਸਮਾਗਮਾਂ, ਸਾਹਿਤਕ ਸੰਮੇਲਨਾਂ ਜਾਂ ਸਮਾਜਕ ਇਕੱਠਾਂ ਵਿੱਚ ਵਿਚਰਦਿਆਂ ਹੋਇਆਂ, ਬੱਚਿਆਂ ਨਾਲ ਬੱਚੇ, ਗੱਭਰੂਆਂ ਨਾਲ ਗੱਭਰੂ, ਵਿਚਾਰਵਾਨਾਂ ਨਾਲ ਵਿਚਾਰਵਾਨ ਅਤੇ ਸਿਆਣਿਆਂ ਵਿੱਚ ਸਿਆਣੇ ਬਣ ਜਾਂਦੇ ਹਨ। ਜਿਥੇ ਵੀ ਗਿਆਨੀ ਜੀ ਹੋਣ ਇਹਨਾਂ ਦੁਆਲੇ ਮਨੁੱਖੀ ਝੁੰਡ ਹਮੇਸ਼ਾਂ ਵੇਖਿਆ ਜਾ ਸਕਦਾ ਹੈ। ਕੋਈ ਆਪ ਦੇ ਗਿਆਨ ਸਾਗਰ ‘ਚੋਂ ਗਿਆਨ ਦਾ ਚੁਲ਼ਾ ਲੈਣ ਦਾ ਇੱਛਾਵਾਨ ਹੁੰਦਾ ਹੈ, ਕੋਈ ਆਪ ਦੇ ਚੁਟਕਲਿਆਂ ਦਾ ਆਨੰਦ ਲੈ ਰਿਹਾ ਹੁੰਦਾ ਹੈ ਅਤੇ ਕੋਈ ਜੀਵਨ ਜਾਚ ਦੇ ਸਬਕ ਲੈ ਰਿਹਾ ਹੁੰਦਾ ਹੈ। ਗਿਆਨੀ ਜੀ ਦੀ ਪਕੜ ਹਰ ਭਾਸ਼ਾ ਤੇ ਬੇਹੱਦ ਮਜਬੂਤ ਹੁੰਦੀ ਹੈ। ਭਾਸ਼ਾ ਭਾਵੇਂ ਅੰਗ੍ਰੇਜ਼ੀ ਹੋਵੇ ਜਾਂ ਪੰਜਾਬੀ ਜਾਂ ਹਿੰਦੀ, ਆਪ ਜਗਿਆਸੂ ਹੋਣ ਕਾਰਨ, ਉਸ ਦੇ ਉਚਾਰਣ, ਉਸ ਦੇ ਵਿਕਾਸ ਅਤੇ ਉਸ ਦੀਆਂ ਅੰਦਰੂਨੀ ਪਰਤਾਂ ਤੱਕ ਜਾਣਕਾਰੀ ਰੱਖਦੇ ਹਨ। ਅੰਗ੍ਰੇਜ਼ੀ ਦੀ ਸਕੂਲੀ ਵਿਦਿਆ ਨਾ ਲਈ ਹੋਣ ਦੇ ਬਾਵਜੂਦ ਵੀ, ਆਪ ਨੂੰ ਆਸਟ੍ਰੇਲੀਆਈ ਸਮਾਗਮਾਂ, ਸੈਮੀਨਾਰਾਂ ਵਿੱਚ ਲੈਕਚਰ ਦੇਣ ਲਈ, ਉਚੇਚੇ ਤੌਰ ਤੇ ਬੁਲਾਇਆ ਜਾਂਦਾ ਹੈ; ਜਿੱਥੇ ਆਪ ਅੰਗ੍ਰੇਜ਼ੀ ਵਿੱਚ ਭਾਸ਼ਨ ਦੇ ਕੇ, ਗੋਰਿਆਂ ਦੀ ਵੀ ਵਾਹ ਵਾਹ ਖੱਟਦੇ ਰਹਿੰਦੇ ਹਨ। ਆਸਟ੍ਰੇਲੀਆ ਦੇ ਸਭ ਤੋਂ ਵੱਧ ਹਰਮਨ ਪਿਆਰੇ ਪੰਜਾਬੀ ਅਖ਼ਬਾਰ “ਪੰਜਾਬ ਐਕਸਪ੍ਰੈਸ” ਦੇ ਆਪ ਸਥਾਪਤ ਕਾਲਮ ਨਵੀਸ ਹਨ। ਵੱਖ ਵੱਖ ਧਾਰਮਿਕ, ਸਮਾਜਕ ਅਤੇ ਰਾਜਨੀਤਕ ਮਸਲਿਆਂ ਤੇ ਆਪ ਲਗਾਤਾਰ ਲੇਖ ਲਿਖਦੇ ਰਹਿੰਦੇ ਹਨ। ਆਪ ਦੇ ਲੇਖ ‘ਪੰਜਾਬ ਐਕਸਪ੍ਰੈਸ” ਤੋਂ ਇਲਾਵਾ ਆਸਟ੍ਰੇਲੀਆ ਦੀਆਂ ਸਾਰੀਆਂ ਪੰਜਾਬੀ ਅਖ਼ਬਾਰਾਂ ਅਤੇ ਦੁਨੀਆਂ ਭਰ ਦੀਆਂ ਅਖ਼ਬਾਰਾਂ ਵਿੱਚ ਛਪਦੇ ਹਨ। ਆਪ ਨੇ ਆਪਣੇ ਹੁਣ ਤੱਕ ਦੇ ਲਿਖੇ ਅਤੇ ਛਪੇ ਹੋਏ ਲੇਖਾਂ ਨੂੰ, ਸਾਡੇ ਜੋਰ ਦੇਣ ਤੇ, ਕਿਤਾਬੀ ਰੂਪ ਵਿੱਚ, ਪੰਜਾਬੀ ਸਾਹਿਤ ਜਗਤ ਦੀ ਝੋਲੀ ਪਾਇਆ ਹੈ। ਇਹਨਾਂ ਲੇਖਾਂ ਨੂੰ ਚਾਰ ਕਿਤਾਬਾਂ, ਸਚੇ ਦਾ ਸਚਾ ਢੋਆ, ਉਜਲ ਕੈਹਾਂ ਚਿਲਕਣਾ, ਯਾਦਾਂ ਭਰੀ ਚੰਗੇਰ ਅਤੇ ਬਾਤਾਂ ਬੀਤੇ ਦੀਆਂ, ਵਿੱਚ ਪ੍ਰੋਇਆ ਗਿਆ ਹੈ। ਪੰਜਾਬ ਤੋਂ ਆਸਟ੍ਰੇਲੀਆ ਆਇਆ ਕੋਈ ਵੀ ਵਿਦਵਾਨ, ਸਾਹਿਤਕਾਰ, ਧਰਮ ਸ਼ਾਸਤਰੀ ਗਿਆਨੀ ਜੀ ਨੂੰ ਮਿਲੇ ਬਿਨਾ, ਆਪਣੀ ਯਾਤਰਾ ਸਫ਼ਲ ਹੋਈ ਨਹੀਂ ਸਮਝਦਾ। ਦੁਨੀਆਂ ਭਰ ਦੀਆਂ ਸਮਾਜਕ, ਧਾਰਮਿਕ ਅਤੇ ਸਭਿਆਚਾਰਕ ਸੰਸਥਾਂਵਾਂ, ਆਪ ਦੇ ਪੰਜਾਬੀ ਪ੍ਰਤੀ ਡੂੰਘੇ ਮੋਹ ਕਾਰਨ ਵੱਖ ਵੱਖ ਸਨਮਾਨਾਂ ਨਾਲ ਨਿਵਾਜਦੀਆਂ ਰਹਿੰਦੀਆਂ ਹਨ। 2004 ਵਿੱਚ ਆਸਟ੍ਰੇਲੀਆ ਦੀ ਸਿਰਮੌਰ ਪੰਜਾਬੀ ਸੰਸਥਾ ‘ਪੰਜਾਬੀ ਕੌਂਸਲ ਆਫ਼ ਆਸਟ੍ਰੇਲੀਆ’ ਨੇ ਆਪ ਦੀਆਂ ਜੀਵਨ ਭਰ ਦੀਆਂ ਪ੍ਰਾਪਤੀਆਂ ਨੂੰ ਵੇਖਦੇ ਹੋਏ, ‘ਭਗਤ ਪੂਰਨ ਸਿੰਘ ਯਾਦਗਾਰੀ ਐਵਾਰਡ, ਪੰਜਾਬੀਅਤ ਦਾ ਮਾਣ’ ਨਾਲ ਨਿਵਾਜਿਆ ਸੀ। ਗਿਆਨੀ ਜੀ ਦੀਆਂ ਸੰਸਾਰਕ ਯਾਤਰਾਵਾਂ ਦਾ ਘੇਰਾ ਬਹੁਤ ਵਿਸ਼ਾਲ ਹੈ। 2008 ਵਿਚ ਪੰਜਾਬੀ ਸੱਥ ਸਾਂਬੜਾ ਨੇ ‘ਪਿੰ੍ਰੰਸੀਪਲ ਤੇਜਾ ਸਿੰਘ ਸਾਹਿਤਕ ਐਵਾਰਡ’ ਵਜੋਂ ਸਿਰੋਪਾ, ਲੋਈ, ਗੋਲਡ ਮੈਡਲ ਆਦਿ ਨਾਲ ਸਨਮਾਨਿਆ।
ਕਈ ਸਦੀਆਂ ਦਾ ਇਤਿਹਾਸ ਆਪਣੀ ਯਾਦ ਵਿਚ ਸਾਂਭੀ ਬੈਠਾ ਇਹ ਅਨਮੋਲ ਹੀਰਾ ਸਾਂਭਣ ਯੋਗ ਹੈ। ਉਮਰ ਦੇ ਪਿਛਲੇ ਅੱਧ ‘ਚ ਵਿਚਰ ਰਿਹਾ ਇਹ ਸਿੱਖ ਕੌਮ ਦਾ ਇਨਸਾਈਕਲੋਪੀਡੀਆ, ਕਿਤੇ ਸਾਰਾ ਇਤਿਹਾਸ ਅਤੇ ਗਿਆਨ ਨਾਲ ਹੀ ਲੈ ਕੇ ਨਾ ਤੁਰ ਜਾਵੇ; ਇਸ ਲਈ ਲੋੜ ਹੈ ਕਿਸੇ ਸਮਰੱਥ ਅਤੇ ਉਦਮੀ ਸੰਸਥਾ ਦੀ, ਜੇਹੜੀ ਗਿਆਨੀ ਜੀ ਕੋਲ਼ੋਂ ਇਹ ਅਨਮੋਲ ਖ਼ਜ਼ਾਨਾ ਲਿਖਵਾ ਕੇ ਸਾਂਭ ਲਵੇ।
****