ਸੰਤ ਢੱਡਰੀਆਂ ਵਾਲਿ਼ਆਂ ਨੇ ਬੂ-ਪਾਹਰਿਆ ਕਿਉਂ ਕੀਤੀ?.......... ਲੇਖ਼ / ਅਮਨਦੀਪ ਸਿੰਘ ਕਾਲਕਟ (ਬਰਲਿਨ)


ਅੱਜ ਕੱਲ੍ਹ ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਦੀ ਨਵੀਂ ਐਲਬਮ "ਸਿੰਘ ਬੈਟਰ ਦੈਨ ਕਿੰਗ" ਨੇ ਧੁੰਮਾਂ ਮਚਾਈਆਂ ਹੋਈਆਂ ਹਨ। ਇਸ ਵਿੱਚ ਬੱਬੂ ਮਾਨ ਹੁਣਾਂ ਵੱਲੋਂ ਜਿੰਨੀ ਨਿੱਡਰਤਾ ਅਤੇ ਹਰ ਆਮ ਇਨਸਾਨ ਨੂੰ ਸਮਝਣ ਵਾਲ਼ੇ ਲਫਜ਼ਾਂ ਨਾਲ਼ ਸੱਚ ਪੇਸ਼ ਕੀਤਾ ਗਿਆ ਹੈ, ਉਹ ਕਾਬਿਲੇ ਤਾਰੀਫ਼ ਹੈ। ਉਹਨਾਂ ਦੇ ਇਸ ਐਲਬਮ ਵਿਚਲੇ ਸਾਰੇ ਗੀਤਾਂ ਦੇ ਬੋਲ ਵਧੇਰੇ ਗਿਣਤੀ ਲੋਕਾਂ ਦੇ ਦਿਲਾਂ ਵਿੱਚ 'ਘਰ' ਕਰ ਗਏ ਹਨ। ਖਾਸ ਕਰ ਨੌਜੁਆਨ ਵਰਗ ਦੇ ਜਾਗਰਤੀ ਭਰੇ ਦਿਲਾਂ ਵਿਚ! ਪਹਿਲਾਂ ਤਾਂ ਮੈਂ ਇਹ ਸਪੱਸ਼ਟ ਕਰ ਦਿਆਂ ਕਿ ਬੱਬੂ ਮਾਨ ਨਾਲ਼ ਹਾਲੇ ਤੱਕ ਮੇਰੀ ਕਿਸੇ ਤਰ੍ਹਾਂ ਦੀ ਵੀ ਸਾਂਝ ਨਹੀਂ ਰਹੀ, ਤਾਂ ਕਿ ਕੋਈ ਇਹ ਨਾ ਸਮਝੇ ਕਿ ਸ਼ਾਇਦ ਕਿਸੇ ਕਾਰਨ ਮੈਂ ਉਸ ਦੀ 'ਤਾਰੀਫ਼' ਕਰਨ ਲੱਗਾ ਹਾਂ। ਇੱਥੋਂ ਤੱਕ ਕਿ ਚਾਰ ਕੁ ਸਾਲ ਪਹਿਲਾਂ ਇੱਕ ਲੇਖ ਲਿਖ ਕੇ ਮੈਂ ਇੱਕ ਗੀਤ ਦੇ ਬੋਲਾਂ ਕਰਕੇ ਉਸਦੀ ਆਲੋਚਨਾਂ ਵੀ ਕੀਤੀ ਸੀ, ਅਤੇ ਅੱਜ ਇਹ ਲੇਖ ਲਿਖਦਿਆਂ ਮੈਂ ਇਸੇ ਬੱਬੂ ਮਾਨ ਦਾ ਪ੍ਰਸ਼ੰਸਕ ਬਣ ਚੁੱਕਾ ਹਾਂ, ਜਿਸ ਨੇ ਭੇਡਾਂ ਦੀ ਬਾਬਤ ਪੰਜਾਬੀਆਂ ਵੱਲੋਂ ਅਖੌਤੀ ਡੇਰੇਦਾਰਾਂ ਵੱਲ ਨੂੰ ਚਿਰਾਂ ਤੋਂ ਲਾਈ ਦੌੜ ਦੇ ਸਾਹਮਣੇਂ ਖੜ੍ਹ, ਉਹਨਾਂ ਦਾ ਰਾਖਾ ਬਣ ਕੇ ਅਸਲੀ ਘਰ ਵੱਲ ਪਰਤਣ ਨੂੰ ਆਵਾਜ਼ ਮਾਰੀ ਹੈ। ਉਸ ਦੇ ਇੱਕ ਗੀਤ ਦੇ ਬੋਲ ਨੇ:
"ਪਵਣੁ ਗੁਰੂ ਪਾਣੀ ਪਿਤਾ, ਮਾਤਾ ਧਰਤਿ ਮਹਤੁ।"
ਹੋਰ ਕਿਸੇ ਡੇਰੇ ਤੇ ਜਾਣ ਦੀ, ਤੈਨੂੰ ਲੋੜ ਕੀ ਦੱਸ !
ਇਸ ਤਰ੍ਹਾਂ ਉਸ ਨੇ ਸਮੁੱਚੇ ਸਿੱਖ ਜਗਤ ਨੂੰ ਝੰਜੋੜਿਆ ਹੈ ਕਿ ਅੱਜ ਅਸੀਂ ਧੰਨ ਗੁਰੂ ਨਾਨਕ ਦੇਵ ਜੀ ਦੁਆਰਾ ਚਲਾਏ ਨਿਰਮਲ ਪੰਥ ਦੇ ਸਿਧਾਂਤ "ਸ਼ਬਦ ਗੁਰੂ ਸੁਰਤ ਧੁਨ ਚੇਲਾ" ਨੂੰ ਛੱਡ ਕੇ ਇਹਨਾਂ ਬਾਬਿਆਂ ਦੇ ਡੇਰਿਆਂ ਨੂੰ ਤੁਰੇ ਜਾ ਰਹੇ ਹਾਂ। ਜਿਸ ਸ਼ਬਦ ਗੁਰੂ ਦੇ ਲੜ ਲਾ ਕੇ ਦਸਵੇਂ "ਨਾਨਕ" ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਧੰਨ ਗੁਰੂ ਗ੍ਰੰਥ ਸਾਹਿਬ ਅੱਗੇ ਸੀਸ ਝੁਕਾ ਕੇ ਸੰਗਤ ਨੂੰ "ਗੁਰੂ ਮਾਨਿਉ ਗ੍ਰੰਥ" ਦਾ ਉਪਦੇਸ਼ ਦਿੱਤਾ ਸੀ, ਉਸੇ ਗੁਰੂ ਦੀ ਹਜ਼ੂਰੀ ਵਿੱਚ ਜਦ ਇਹ ਬਾਬੇ ਆਉਂਦੇ ਹਨ ਤਾਂ ਸੰਗਤ ਸ਼ਬਦ ਗੁਰੂ ਵੱਲ ਨੂੰ ਪਿੱਠ ਕਰਕੇ ਇਹਨਾਂ ਦੇ ਪੈਰਾਂ ਵਿੱਚ ਮੱਥੇ ਟੇਕਦੀ ਆਮ ਹੀ ਦੇਖੀ ਜਾ ਸਕਦੀ ਹੈ। ਦਸਵੇਂ ਪਾਤਸ਼ਾਹ ਨੇ ਸਿੱਖ ਨੂੰ ਗੁਰੂ ਦੇ ਸਤਿਕਾਰ ਅਤੇ ਮਜ਼ਲੂਮ ਦੀ ਰਾਖੀ ਵਾਸਤੇ 'ਸੰਤ ਸਿਪਾਹੀ' ਬਣਾਇਆ ਸੀ। ਇਹ ਬਾਬੇ ਵੀ ਇਹ ਕਹਿੰਦੇ ਨਹੀਂ ਥੱਕਦੇ ਕਿ ਅਸੀਂ ਗੁਰੂ ਦੇ ਸਤਿਕਾਰ ਵਾਸਤੇ ਹਮੇਸ਼ਾਂ ਯਤਨਸ਼ੀਲ ਹਾਂ। ਜਦੋਂ ਸਿਰਸੇ ਵਾਲ਼ੇ ਸੌਦਾ ਸਾਧ ਨੇ ਗੁਰੂ ਸਾਹਿਬ ਵਾਲ਼ਾ ਬਾਣਾ ਪਾ ਕੇ ਸ਼ਰੇਆਮ ਸਿੱਖਾਂ ਨੂੰ ਵੰਗਾਰਿਆ ਤਾਂ ਉਸ ਵੇਲੇ ਸਾਰੀ ਕੌਮ ਇਹਨਾਂ ਦੇ ਮੂੰਹ ਵੱਲ ਦੇਖਦੀ ਰਹੀ ਕਿ ਸਾਨੂੰ ਕੋਈ ਅਗਵਾਈ ਦੇਣ ਵਾਲ਼ਾ ਉੱਠੇ। ਕੁਝ ਕੁ ਹਸਤੀਆਂ ਨੂੰ ਛੱਡ ਕੇ ਸਾਰੇ ਬਾਬੇ, ਸ਼੍ਰੋਮਣੀ ਕਮੇਟੀ, ਅਤੇ ਸਾਡੇ ਜੱਥੇਦਾਰ ਮੂੰਹ ਵਿੱਚ ਘੁੰਗਣੀਆਂ ਪਾ ਕੇ ਬੈਠ ਗਏ ਅਤੇ ਐਸ਼ੋ ਅਰਾਮ ਨਾਲ਼ ਆਪਣੀਂ ਜਿੰਦਗੀ ਜੀ ਰਹੇ ਹਨ। ਜਦ ਕਿ ਸਤਿਗੁਰੂ ਦਾ ਕਥਨ ਹੈ,
"ਜਿਸੁ ਪਿਆਰੇ ਸੰਗਿ ਨੇਹੁ, ਤਿਸੁ ਆਗੈ ਮਰਿ ਚਲੀਐ, ਧ੍ਰਿਗੁ ਜੀਵਣੁ ਸੰਸਾਰਿ ਤਾ ਕੈ ਪਾਛੈ ਜੀਵਣਾ।।" (ਪੰਨਾਂ 83)
ਉਸ ਵੇਲੇ ਬੋਲੇ ਨੀ, ਅੱਜ ਜੇਕਰ ਬੱਬੂ ਮਾਨ ਨੇਂ ਇਹਨਾਂ ਦੇ ਜੀਵਨ, ਰਹਿਣ-ਸਹਿਣ ਦੀ ਤੁਲਨਾ ਧੰਨ ਗੁਰੂ ਨਾਨਕ ਦੇਵ ਜੀ ਦੇ ਸਾਦਗੀ ਭਰੇ ਜੀਵਨ ਨਾਲ਼ ਕਰ ਦਿੱਤੀ ਤਾਂ ਇਹਨਾਂ ਨੂੰ ਬੜਾ ਦੁੱਖ ਲੱਗਿਆ। ਫੋਕੀਆਂ ਦਲੀਲਾਂ ਦੇਣ ਲੱਗ ਪਏ ਕਿ ਜੀ ਪਿਛਲੇ ਸਮਿਆਂ ਵਿੱਚ ਕੋਈ ਸਾਧਨ ਨਹੀਂ ਸਨ, ਇਸ ਕਰਕੇ ਸੰਗਤਾਂ ਅਤੇ ਗੁਰੂ ਸਾਹਿਬ ਵੀ ਪੈਦਲ ਚੱਲਦੇ ਰਹੇ। ਇੱਥੇ ਇਹ ਵਰਨਣਯੋਗ ਹੈ ਕਿ ਅਸੀਂ ਉਹਨਾਂ ਵੇਲਿਆਂ ਦੀਆਂ ਸਾਖੀਆਂ ਵਿੱਚ ਘੋੜਿਆਂ, ਰੱਥਾਂ ਦਾ ਜਿ਼ਕਰ ਆਮ ਸੁਣਦੇ ਹਾਂ, ਜੇਕਰ ਗੁਰੂ ਸਾਹਿਬ ਚਾਹੁੰਦੇ ਤਾਂ ਉਹ ਵੀ ਇਹ ਸਾਧਨ ਅਪਣਾ ਸਕਦੇ ਸਨ ਪਰ ਉਹਨਾਂ ਨੇ ਅਜਿਹਾ ਨਹੀ ਕੀਤਾ। ਇੱਥੋਂ ਤੱਕ ਕਿ ਉਹਨਾਂ ਨੇਂ ਤਾਂ ਵਪਾਰ ਕਰਨ ਲਈ ਪਿਤਾ ਜੀ ਤੋਂ ਮਿਲ਼ੇ ਵੀਹ ਰੁਪਈਆਂ ਦਾ ਵੀ ਭੁੱਖੇ ਸਾਧੂਆਂ ਨੂੰ ਭੋਜਨ ਛਕਾ ਦਿੱਤਾ ਸੀ ਅਤੇ ਅਕਾਲ ਪੁਰਖ ਦਾ ਸ਼ੁਕਰਾਨਾ ਕਰ ਦਿੱਤਾ ਸੀ। ਅਗਲੀ ਗੱਲ ਬਾਣੀ ਪੜ੍ਹਨ ਵਾਲ਼ੇ ਇਨਸਾਨ ਦੇ ਧੁਰ ਅੰਦਰ ਤੱਕ ਨਿਮਰਤਾ ਹੋਣੀ ਚਾਹੀਦੀ ਹੈ। ਧੁਰ ਕੀ ਬਾਣੀ ਦਾ ਫੁਰਮਾਨ ਵੀ ਹੈ, "ਮਿਠਤੁ ਨੀਵੀ ਨਾਨਕਾ, ਗੁਣ ਚੰਗਿਆਈਆ ਤਤੁ।।"
ਪਰ ਇੱਥੇ ਤਾਂ ਬਾਬਿਆਂ ਦੇ ਬੋਲ ਨੇ ਕਿ ਛੱਜ ਤਾਂ ਬੋਲੇ, ਛਾਨਣੀਂ ਕੀ ਬੋਲੇ ਜੀਹਦੇ ਵਿੱਚ ਛੱਤੀ ਸੌ ਛੇਕ ਹਨ..? ਕਿੰਨੀ ਹੇਠਲੇ ਪੱਧਰ ਦੀ ਸ਼ਬਦਾਵਲੀ ਹੈ? ਕੀ ਇਹ 'ਕੋਮਲ' ਭਾਸ਼ਾ ਕਿਸੇ ਸੰਤ ਜੀ ਦੀ ਹੋ ਸਕਦੀ ਹੈ..? ਇਸ ਗੱਲ ਨਾਲ਼ ਜਿ਼ਆਦਾਤਾਰ ਲੋਕਾਂ ਨੂੰ ਬਹੁਤ ਦੁੱਖ ਲੱਗਾ ਹੈ। ਕੌਣ ਸਹੀ ਹੈ ਕੌਣ ਗਲਤ? ਇਸ ਦਾ ਪਤਾ ਸਾਰੇ ਲੋਕਾਂ ਨੂੰ ਉਸੇ ਵੇਲੇ ਹੀ ਲੱਗ ਗਿਆ ਸੀ, ਜਦੋਂ ਇੱਕ ਟੀ.ਵੀ. ਚੈਨਲ ਨੇ ਇਸ ਮੁੱਦੇ ਤੇ ਵੋਟਾਂ ਪੁਆਈਆਂ ਸਨ ਅਤੇ ਅੱਸੀ ਫ਼ੀਸਦੀ ਬੱਬੂ ਮਾਨ ਦੇ ਹੱਕ ਵਿੱਚ ਗਈਆਂ ਸਨ। ਹੁਣ ਇੰਗਲੈਂਡ ਵਿੱਚ ਵੀ ਇੱਕ ਚੈਨਲ ਨੇਂ ਵੋਟਾਂ ਪੁਆਈਆਂ ਤਾਂ ਬਹੱਤਰ ਫੀਸਦੀ ਲੋਕ ਬੱਬੂ ਮਾਨ ਦੇ ਹੱਕ ਵਿੱਚ ਖੜ੍ਹੇ। ਇਹ ਗੱਲਾਂ ਲਿਖਣ ਦਾ ਮਤਲਬ ਇਹ ਹੈ ਕਿ ਬਾਬਿਆਂ ਨੂੰ ਇਹ ਸਮਝਣਾਂ ਪਵੇਗਾ ਕਿ ਇਹ ਸੰਗਤ ਦੁਆਰਾ ਦਿੱਤੇ ਗਏ ਪੈਸੇ ਦੀ ਯੋਗ ਥਾਵਾਂ ਤੇ ਵਰਤੋਂ ਕਰਨ ਅਤੇ ਜਿਸ ਵਿਸ਼ੇ ਕਰਕੇ ਇਹਨਾਂ ਨੂੰ ਅੱਜ ਖ਼ਰੀਆਂ ਖ਼ਰੀਆਂ ਸੁਣਨੀਆਂ ਪਈਆਂ ਹਨ, ਇਹ ਆਪਣਾ ਜੀਵਨ ਇਸ ਤਰ੍ਹਾਂ ਦਾ ਬਣਾ ਲੈਣ ਕਿ ਕੋਈ ਉਂਗਲ਼ ਨਾ ਉਠਾ ਸਕੇ। ਬੱਬੂ ਮਾਨ ਨੇਂ ਤਾਂ ਸਿਰਫ ਲੋਕਾਂ ਨੂੰ ਜਾਗ੍ਰਿਤ ਕਰਨ ਦੀ ਕੋਸਿ਼ਸ਼ ਕੀਤੀ ਹੈ। ਇਸ ਤੋਂ ਪਹਿਲਾਂ ਉਸ ਨੇਂ ਹੋਰ ਵੀ ਕਈ ਗਾਣੇ ਗਾਏ ਹਨ ਜਿਹਨਾਂ ਵਿੱਚ ਪ੍ਰਮੁੱਖ:
"...ਭਗਤ ਸਿੰਘ ਆ ਗਿਆ ਸਰਾਭਾ ਕਿੱਥੇ ਰਹਿ ਗਿਆ
ਸਾਰੀ ਅਜ਼ਾਦੀ 'ਕੱਲਾ ਗਾਂਧੀ ਤਾਂ ਨੀ ਲੈ ਗਿਆ,
ਗਦਰੀ ਬਾਬਿਆਂ ਦਾ ਕਿਵੇਂ ਗਦਰ ਭੁਲਾਵਾਂ ਮੈਂ
ਝੂਠੇ ਇਤਿਹਾਸ ਉੱਤੇ ਮੋਹਰ ਕਿਵੇਂ ਲਾਵਾਂ ਮੈਂ..!"
ਉਸਦੀ ਆਪਣੀਂ ਜ਼ੁਬਾਨੀ ਕਿ ਇਸ ਗੀਤ ਕਰਕੇ ਤਾਂ ਉਸ ਨੂੰ ਕਚਿਹਰੀਆਂ ਦੇ ਚੱਕਰ ਵੀ ਲਾਉਣੇ ਪਏ ਕਿਉਂਕਿ ਕਿਸੇ ਨੇ ਕੇਸ ਕਰ ਦਿੱਤਾ ਸੀ ਕਿ ਗਾਂਧੀ ਦੇ ਖਿਲਾਫ ਬੋਲਿਆ ਹੈ। ਅੱਗੇ ਉਸਦੇ ਗਾਏ ਗੀਤਾਂ ਦੇ ਬੋਲ ਹਨ:
"ਜਿਹੜਾ ਧਰਮ ਲਈ ਮਰਦਾ ਉਹਨੂੰ ਕਿੱਥੇ ਯਾਦ ਕੋਈ ਕਰਦਾ
ਜਿਹੜਾ ਪਾਵਰ ਵਿੱਚ ਹੁੰਦਾ ਹਰ ਕੋਈ ਉਹਦਾ ਪਾਣੀਂ ਭਰਦਾ।"
ਜਾਂ ਫਿਰ
"ਆਹ ਅਫ਼ਗਾਨ ਜਿਹਨਾਂ ਨਾਲ਼ ਲੜਕੇ ਗੋਰੇ ਵੀ ਹਨ ਥੱਕੇ
ਹਰੀ ਸਿੰਘ ਨਲੂਏ ਨੇ ਕੀਤਾ ਰਾਜ ਤੇ ਤੋੜੇ ਨੱਕੇ,
ਸੌਂ ਜਾ ਪੁੱਤਰਾ ਸੌਂ ਜਾ, ਸਿੰਘਾਂ ਦੇ ਹੱਥ ਬੜੇ ਭਾਰੀ ਨੇ
ਮਰਨੋ ਮੂਲ ਨਾ ਡਰਦੇ ਜਿਹੜੇ ਮੌਤ ਦੇ ਵਪਾਰੀ ਨੇਂ"
ਭਲਾਂ ਦੱਸੋ ਕਿ ਇਹਨਾਂ ਵਿੱਚ ਇਤਰਾਜ਼ਯੋਗ ਕੀ ਹੈ? ਇਸ ਤੋਂ ਇਲਾਵਾ ਕੁਝ ਸਾਲ ਪਹਿਲਾਂ ਚੁਰਾਸੀ ਵਿੱਚ ਸਿੱਖਾਂ ਦੀ ਤ੍ਰਾਸਦੀ ਨੂੰ ਪੇਸ਼ ਕਰਦੀ ਬੱਬੂ ਮਾਨ ਦੁਆਰਾ ਕਰਜ਼ਾ ਚੁੱਕ ਕੇ ਬਣਾਈ ਗਈ ਫਿਲਮ "ਹਵਾਏਂ" ਦੀ ਵੀ ਸਿਫ਼ਤ ਕਰਨੀ ਬਣਦੀ ਹੈ, ਜੋ ਕਿ ਸਹੀ ਤਰ੍ਹਾਂ ਸਿਨਮਿਆਂ ਵਿੱਚ ਲੱਗਣ ਹੀ ਨਹੀਂ ਦਿੱਤੀ ਗਈ ਸੀ। ਇਸ ਤਰ੍ਹਾਂ ਦਾ ਵਿਸ਼ਾ ਲੈ ਕੇ ਫਿ਼ਲਮ ਬਣਾਉਣ ਨੂੰ ਕੋਈ ਦਰਦ ਜਾਂ ਚੰਗਾ ਜਜ਼ਬਾ ਹੀ ਕਹਿ ਸਕਦੇ ਹਾਂ, ਨਹੀਂ ਤਾਂ ਅਗਰ ਪੈਸਾ ਕਮਾਉਣ ਦੀ ਗੱਲ ਹੋਵੇ, ਤਾਂ ਮੈਨੂੰ ਨਹੀਂ ਲੱਗਦਾ ਕਿ ਇਸ ਫਿਲਮ ਦੁਆਰਾ ਚੜ੍ਹਿਆ ਕਰਜ਼ਾ ਹਾਲੇ ਤੱਕ ਵੀ ਉਸ ਦੇ ਸਿਰੋਂ ਲੱਥਾ ਹੋਵੇ। ਇਸ ਸਭ ਕਾਸੇ ਵਿੱਚੋਂ ਉਸਦੀ ਸੋਚ ਦੀ ਸਿਫ਼ਤ ਤਾਂ ਕਿਸੇ ਨੇ ਕੀ ਕਰਨੀ ਹੈ? ਸਗੋਂ ਉਸ ਨੂੰ ਭੰਡਣ ਤੇ ਹੀ ਸਾਰੇ ਲੱਗੇ ਹੋਏ ਹਨ। ਪੰਥ ਦੇ ਇੱਕ ਪ੍ਰਸਿੱਧ ਢਾਡੀ ਪ੍ਰਚਾਰਕ ਭਾਈ ਤਰਸੇਮ ਸਿੰਘ ਮੋਰਾਂਵਾਲ਼ੀ ਜਿਹਨਾਂ ਦੇ ਇਤਿਹਾਸ ਸੁਣਾਉਣ ਦੇ ਅੰਦਾਜ਼ ਕਰਕੇ ਮੈਂ ਖੁਦ ਇਹਨਾਂ ਦਾ ਪ੍ਰਸ਼ੰਸਕ ਹਾਂ। ਉਹ ਕਿਸ ਤਰ੍ਹਾਂ ਬੱਬੂ ਮਾਨ ਨੂੰ ਸੰਬੋਧਨ ਹੋਏ? ਅਖੇ, ਇੱਕ ਸੜਿਆ ਜਿਹਾ ਗਾਇਕ ਏ, ਉਸ ਨੇ ਬਾਬਿਆਂ ਦੀ ਗੱਡੀ ਤੇ ਲਾਲ ਬੱਤੀ ਦੀ ਗੱਲ ਕਿਉਂ ਕੀਤੀ ਹੈ..? ਅਖੇ ਜੀ ਇਹਨਾਂ ਦਾ ਕਿਰਦਾਰ ਕੀ ਹੈ..? ਇਹ ਨਸ਼ੇ ਕਰਦੇ ਹਨ..! ਸਟੇਜਾਂ ਤੇ ਅੱਧ-ਨੰਗੀਆਂ ਕੁੜੀਆਂ ਨਚਾਉਂਦੇ ਹਨ..। ਮੈਂ ਇੱਥੇ ਇਹਨਾਂ ਵੱਲੋਂ ਕਹੇ ਬੋਲ ਹੀ ਦੁਹਰਾਉਣੇਂ ਚਾਹੁੰਦਾ ਕਿ ਜਿਸ ਤਰ੍ਹਾਂ ਤੁਸੀਂ ਕਿਹਾ ਹੈ ਕਿ ਜਿਹੜਾ ਮਾੜਾ ਹੈ, ਉਸੇ ਨੂੰ ਹੀ ਕਹੋ, ਸਾਰੇ ਪ੍ਰਚਾਰਕ ਮਾੜੇ ਨਹੀਂ! ਬਿਲਕੁਲ ਇਸੇ ਤਰ੍ਹਾਂ ਹੀ ਮੋਰਾਂਵਾਲ਼ੀ ਸਾਹਿਬ ਨੂੰ ਵੀ ਸੁਝਾਅ ਹੈ ਕਿ ਜੋ ਮਾੜਾ ਹੈ, ਉਸੇ ਨੂੰ ਕਹੋ ਸਾਰੇ ਗਾਉਣ ਵਾਲ਼ੇ ਵੀ ਮਾੜੇ ਨਹੀਂ! ਕਿਉਂਕਿ ਬਹੁਤ ਸਾਰੇ ਪੁਰਾਣੇਂ ਅਤੇ "ਅੱਜ ਦੇ" ਢਾਡੀਆਂ ਦੇ ਜੀਵਨ ਬਾਰੇ ਵੀ ਲੋਕਾਂ ਨੂੰ ਪਤਾ ਹੈ। ਇੱਕ ਉਦਾਹਰਨ ਦੇਵਾਂ, ਮੇਰੀ ਭੂਆ ਦੇ ਲੜਕੇ ਦੇ ਵਿਆਹ ਦੇ ਸੰਬੰਧ ਵਿੱਚ ਸਾਡੇ ਇਲਾਕੇ ਦੇ ਇੱਕ ਢਾਡੀ ਜੱਥੇ ਨੂੰ ਲਿਆਉਣ ਵਾਸਤੇ ਘਰਦਿਆਂ ਨੇ ਖਾਹਿਸ਼ ਰੱਖੀ। ਜਦ ਉਸ ਢਾਡੀ ਜੱਥੇ ਨਾਲ਼ ਗੱਲਬਾਤ ਕਰਨ ਲਈ ਦੋ ਜਣੇ ਗਏ ਤਾਂ ਉਹਨਾਂ ਦੇ ਪਿੰਡ ਜਾ ਕੇ ਪਤਾ ਲੱਗਾ ਕਿ ਜੱਥੇਦਾਰ ਸਾਹਿਬ ਨਜ਼ਦੀਕ ਪੈਂਦੇ ਕਸਬੇ ਗਏ ਹਨ, ਤਾਂ ਉਹ ਦੋਵੇਂ ਜਣੇਂ ਦੱਸੀ ਥਾਂ ਤੇ ਪਹੁੰਚ ਗਏ ਅਤੇ ਜੱਥੇਦਾਰ ਨੂੰ ਮਿਲ਼ੇ। ਜੱਥੇਦਾਰ ਹੁਰੀਂ ਨਾਲ਼ੇ ਪ੍ਰੋਗਰਾਮ ਵਾਲ਼ੀ ਤਰੀਕ ਲਿਖੀ ਜਾਣ ਅਤੇ ਨਾਲ਼ ਖੰਘੂਰੇ ਜਿਹੇ ਮਾਰਦੇ ਹਿੱਲੀ ਜਾਣ ਕਿਉਂਕਿ ਠੇਕਾ ਲਾਗੇ ਹੀ ਸੀ ਅਤੇ ਜੱਥੇਦਾਰ ਪੂਰਾ 'ਟੱਲੀ' ਸੀ। ਇਸ ਤਰ੍ਹਾਂ ਦੇ ਹੋਰ ਢਾਡੀਆਂ ਦੀਆਂ ਮਿਸਾਲਾਂ ਵੀ ਬਹੁਤ ਦੇ ਸਕਦੇ ਹਾਂ, ਜੋ ਸ਼੍ਰੀ ਆਖੰਡ ਪਾਠ ਅਤੇ ਵਿਆਹ ਸਮਾਗਮ ਵਿੱਚ ਵਾਰਾਂ ਨਾਲ਼ ਸੰਗਤ ਨੂੰ ਨਿਹਾਲ ਕਰਨ ਤੋਂ ਬਾਅਦ ਜਾਣ ਵੇਲੇ ਦਾਰੂ ਦੀਆਂ ਬੋਤਲਾਂ 'ਧੰਨਵਾਦ ਜੀ' ਕਹਿ ਕੇ, ਫੜ ਕੇ ਤੁਰਦੇ ਬਣਦੇ ਹਨ। ਮੇਰੀ ਬੇਨਤੀ ਇਹੀ ਹੈ ਕਿ ਝੱਗਾ ਚੁੱਕੋਂਗੇ ਤਾਂ ਨੰਗਾ ਢਿੱਡ ਸਾਰਿਆਂ ਦੀ ਨਜ਼ਰੀਂ ਪਵੇਗਾ! ਤੁਸੀਂ ਪ੍ਰਚਾਰਕ ਹੋ, ਘੱਟੋ ਘੱਟ ਤੁਹਾਡੇ ਵਿੱਚ ਸਹਿਣਸ਼ੀਲਤਾ ਹੋਣੀ ਬਹੁਤ ਜ਼ਰੂਰੀ ਹੈ। ਕਾਹਲ਼ੀ ਵਿੱਚ ਘਟੀਆ ਸ਼ਬਦਾਵਲੀ ਵਰਤ ਕੇ ਆਪਣੀਂ ਭੜਾਸ ਕੱਢ ਦੇਣੀਂ ਕਿਸੇ ਬੌਖਲਾਇਆਂ ਹੋਇਆਂ ਦਾ ਕੰਮ ਹੁੰਦਾ ਹੈ ਨਾ ਕਿ ਵਿਦਾਵਾਨਾਂ, ਰਾਗੀਆਂ, ਢਾਡੀਆਂ ਅਤੇ ਸੰਤਾਂ ਦਾ! ਕਿਉਂਕਿ ਸਿੱਖੀ ਦਾ ਇਹ ਵੀ ਅਸੂਲ ਹੈ ਕਿ, "ਰੋਸੁ ਨ ਕੀਜੈ, ਉਤਰੁ ਦੀਜੈ।।"
ਇਸ ਤੋਂ ਅੱਗੇ ਇਹਨਾਂ ਨੇ ਇੱਕ ਗੱਲ 'ਹੋਰ' ਕਰਕੇ ਲੋਕਾਂ ਦੀ ਹਮਦਰਦੀ ਲੈਣ ਦੀ ਕੋਸਿ਼ਸ਼ ਕੀਤੀ ਹੈ ਕਿ ਬੱਬੂ ਮਾਨ ਨੇ ਇੱਕ ਬਾਬਾ ਨਾਨਕ ਸੀ ਆਖ ਦਿੱਤਾ ਹੈ, ਜਦ ਕਿ ਗੁਰੂ ਨਾਨਕ ਦੇਵ ਜੀ ਸਦਾ ਹੀ ਸਾਡੇ ਅੰਗ ਸੰਗ ਹਨ ਅਤੇ ਉਹ ਕਿਤੇ ਗਏ ਨਹੀਂ। ਇਸ ਵਿੱਚ ਕੋਈ ਸ਼ੱਕ ਨਹੀਂ ਕਿ, "ਆਪਿ ਨਾਰਾਇਣੁ ਕਲਾਧਾਰ ਜਗਿ ਮਹਿ ਪਰਵਰਿਉ।।" ਦੇ ਵਾਕ ਅਨੁਸਾਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ਼ ਇਸ ਦੁਨੀਆਂ ਤੇ ਆਏ। ਪਰੰਤੂ ਇਸ ਗੱਲ ਤੇ ਵੀ ਵਿਚਾਰ ਕਰਨੀ ਬਣਦੀ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 1469 ਈ: ਨੂੰ ਮਾਤਾ ਤ੍ਰਿਪਤਾ ਜੀ ਦੀ ਕੁੱਖੋਂ ਹੋਇਆ ਅਤੇ ਆਪਣਾ ਸਾਰਾ ਜੀਵਨ ਆਪ ਜੀ ਮਨੁੱਖਤਾ ਨੂੰ ਤਾਰਦੇ ਹੋਏ 1539 ਈ: ਨੂੰ ਇਸ ਫਾਨੀ ਸੰਸਾਰ ਤੋਂ ਸਰੀਰਕ ਤੌਰ ਤੇ ਚਲੇ ਗਏ ਅਤੇ ਅਕਾਲ ਪੁਰਖ਼ ਵਿਚ ਲੀਨ ਹੋ ਗਏ। ਸਰੀਰਿਕ ਤੌਰ ਤੇ ਗੁਰੂ ਸਾਹਿਬ ਦੇ ਇਸ ਸੰਸਾਰ ਤੋਂ ਚਲੇ ਜਾਣ ਨਾਲ਼ ਸਾਰਿਆਂ ਨੂੰ ਸਹਿਮਤ ਹੋਣਾਂ ਪਵੇਗਾ। ਜਦ ਕਿ ਆਤਮਿਕ ਤੌਰ ਤੇ ਗੁਰੂ ਸਾਹਿਬ ਸਾਡੇ ਅੰਗ ਸੰਗ ਹਨ।
ਇਕ ਗੱਲ ਸਮਝ ਨਹੀਂ ਆਉਂਦੀ ਕਿ ਬੱਬੂ ਮਾਨ ਦੇ ਇਸ ਗੀਤ ਨਾਲ਼ ਸੰਤ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਿ਼ਆਂ ਨੂੰ ਕਿਉਂ ਤਕਲੀਫ਼ ਹੋਈ? ਬੱਬੂ ਮਾਨ ਨੇ ਤਾਂ ਕਿਸੇ ਦਾ ਨਾਮ ਵੀ ਨਹੀਂ ਲਿਆ ਅਤੇ ਸੰਤ ਪੱਧਰ 'ਤੇ ਸੋਚੀਏ ਤਾਂ ਪੰਜਾਬ ਭਰਿਆ ਪਿਆ ਹੈ! ਕਿੰਨੇ ਸੰਤ-ਬਾਬੇ ਹਨ ਪੰਜਾਬ ਵਿਚ? ਕਿਸੇ ਨੇ ਬੋਲਣ ਦੀ ਲੋੜ ਨਹੀਂ ਸਮਝੀ, ਪਰ ਬੋਲਣ ਲਈ ਸੰਤ ਢੱਡਰੀਆਂ ਵਾਲਿ਼ਆਂ ਨੇ ਹੀ ਕਿਉਂ 'ਕਸ਼ਟ' ਕੀਤਾ? ਜਾਂ ਕਿਉਂ ਪਹਿਲ ਕੀਤੀ? ਹੋਰ ਕੋਈ ਸੰਤ-ਬਾਬਾ ਕਿਉਂ ਨਹੀਂ ਬੋਲਿਆ? ਕੀ ਇਹ ਇਸ ਤਰ੍ਹਾਂ ਤਾਂ ਨਹੀਂ ਸੀ ਕਿ ਸੰਤ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਿ਼ਆਂ ਦੀ ਕਾਰ 'ਤੇ ਸੱਚ ਹੀ 'ਲਾਲ ਬੱਤੀ' ਲੱਗੀ ਹੋਈ ਸੀ? ਜੇ ਲੱਗੀ ਹੋਈ ਸੀ ਤਾਂ ਉਹਨਾਂ ਨੂੰ ਇਹ ਲਾਲ ਬੱਤੀ ਵਰਤਣ ਦੀ ਇਜਾਜ਼ਤ ਕਿਸ 'ਅਥਾਰਟੀ' ਨੇ ਅਤੇ ਕਿਸ 'ਆਧਾਰ' 'ਤੇ ਦਿੱਤੀ? ਜੇ ਸੰਤ ਜੀ ਦੀ ਗੱਡੀ 'ਤੇ ਲਾਲ ਬੱਤੀ ਨਹੀਂ ਲੱਗੀ ਸੀ ਤਾਂ ਸੰਤ ਜੀ ਤਕਲੀਫ਼ ਕਿਉਂ ਹੋਈ ਅਤੇ ਉਹਨਾਂ ਨੇ ਇਤਨੀ 'ਕਰੜੀ' ਸ਼ਬਦਾਵਲੀ ਕਿਉਂ ਵਰਤੀ? ਕਿਉਂ ਦੁੱਖ ਹੋਇਆ? ਪਰ ਫ਼ਰਜ਼ ਕਰੋ, ਜੇ ਲਾਲ ਬੱਤੀ ਕਾਰ 'ਤੇ ਲੱਗੀ ਹੋਈ ਸੀ, ਤਾਂ ਅੱਗੇ ਤਾਂ ਕਿਸੇ ਨੂੰ ਪਤਾ ਸੀ ਅਤੇ ਕਿਸੇ ਨੂੰ ਨਹੀਂ ਸੀ ਪਤਾ, ਸੰਤ ਜੀ ਨੇ ਕੈਮਰੇ ਅੱਗੇ ਆਪਣੀ 'ਭੜ੍ਹਾਸ' ਕੱਢ ਕੇ ਆਪਣੇ ਆਪ ਨੂੰ ਜੱਗ ਜਾਹਿਰ ਨਹੀਂ ਕਰ ਲਿਆ?
ਮੈਂ ਆਖਰ ਵਿੱਚ ਬੇਨਤੀ ਕਰਦਾ ਹਾਂ ਕਿ ਤੁਹਾਡੇ ਵੱਲੋਂ ਵਰਤੀ ਗਈ ਗਲਤ ਸ਼ਬਦਾਵਲੀ ਕਾਰਨ ਕਿਤੇ ਆਪਣੇ ਆਪ ਨੂੰ ਅੰਦਰੋ ਅੰਦਰੀ 'ਘਰ ਵਾਪਸੀ' ਲਈ ਤਿਆਰ ਕਰ ਰਹੇ ਲੱਖਾਂ ਮੇਰੇ ਵਰਗੇ ਕਿਤੇ ਸਿੱਖੀ ਤੋਂ ਹੋਰ ਦੂਰ ਨਾ ਹੋ ਜਾਣ! ਅੱਜ ਇਲੈਕਟ੍ਰਾਨਿਕ ਮੀਡੀਏ ਦਾ ਯੁੱਗ ਹੈ ਅਤੇ ਨੌਜੁਆਨ ਵਰਗ ਪੂਰੀ ਤਰਾਂ ਜਾਗ੍ਰਿਤ ਹੈ ਅਤੇ ਸਾਰਾ ਨੌਜੁਆਨ ਵਰਗ ਬੱਬੂ ਮਾਨ ਵੱਲੋਂ ਕੀਤੀ ਹਿੰਮਤ ਦੀ ਪੂਰੀ ਸਰਾਹਨਾ ਕਰਦਾ ਹੋਇਆ, ਭਵਿੱਖ ਵਿੱਚ ਵੀ ਉਸ ਤੋਂ ਇਹੀ ਉਮੀਦ ਕਰਦਾ ਹੈ ਕਿ ਆਪਣੀ ਇਸ ਇਮਾਨਦਾਰ ਅਤੇ ਨਿਰਸੁਆਰਥ ਸੋਚ ਨਾਲ਼ ਪੰਜਾਬੀਆਂ ਦੀ ਆਵਾਜ਼ ਬਣ ਕੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀਆਂ ਭਾਵਨਾਵਾਂ ਨੂੰ ਦੁਨੀਆਂ ਦੇ ਸਾਹਮਣੇਂ ਰੱਖਣ ਲਈ ਹਮੇਸ਼ਾਂ ਆਪਣੇਂ ਕਾਰਜ ਜਾਰੀ ਰੱਖੇਗਾ। ਬਾਬੇ ਨਾਨਕ ਜੀ ਦਾ ਗੀਤ ਗਾਉਣ ਵਾਲ਼ੇ ਗਾਇਕ, ਵੱਡੇ ਵੀਰ "ਤਜਿੰਦਰ ਸਿੰਘ" (ਬੱਬੂ ਮਾਨ) ਨੂੰ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਚੜ੍ਹਦੀ ਕਲਾ ਵਿੱਚ ਰੱਖਣ।