ਸ਼ਿਵ ਦੇ ਗੀਤਾਂ ਦੀ ਹੋ ਰਹੀ ਮੌਤ.......... ਲੇਖ਼ / ਸ਼ਮੀ ਜਲੰਧਰੀ

ਸ਼ਿਵ ਕੁਮਾਰ ਬਟਾਲਵੀ ਇਕ ਐਸਾ ਨਾਮ ਹੈ, ਜਿਸ ਨੂੰ ਸੁਣਦਿਆਂ ਸਾਰ ਹੀ ਪੰਜਾਬੀ ਅਦਬ ਨੂੰ ਪਿਆਰ ਕਰਨ ਵਾਲੇ ਹਰ ਸਖ਼ਸ਼ ਦੀ ਰੂਹ ਗੁਨਗੁਨਾਉਣ ਲਗ ਜਾਂਦੀ ਹੈ। ਜੋਬਨ ਰੁੱਤੇ ਦੁਨੀਆਂ ਨੂੰ ਅਲਵਿਦਾ ਕਹਿ ਜਾਣ ਵਾਲਾ ਇਹ ਸ਼ਾਇਰ, ਪੰਜਾਬੀ ਸਾਹਿਤ ਦਾ ਇਕ ਚਿਰਾਗ ਬਣ ਗਿਆ, ਜਿਸ ਨੇ ਪੂਰੀ ਪੰਜਾਬੀਅਤ ਨੂੰ ਰੌਸ਼ਨ ਕਰ ਦਿੱਤਾ। ਉਸ ਦੀਆਂ ਰਚਨਾਵਾਂ ਅੱਜ ਵੀ ਸ਼ੀਤ ਚਸ਼ਮੇ ਦਾ ਪਾਣੀ ਬਣ ਕੇ ਅਦਬ ਦੇ ਪਿਆਸਿਆਂ ਨੂੰ ਤ੍ਰਿਪਤ ਕਰ ਰਹੀਆਂ ਹਨ। ਆਮ ਤੌਰ ਤੇ ਲੋਕਾਂ ਦਾ ਇਹ ਖਿਆਲ ਰਿਹਾ ਹੈ ਕਿ ਸ਼ਿਵ ਕਿਸੇ ਕੁੜੀ ਦੇ ਵਿਛੋੜੇ ਦੀ ਭਟਕਣਾ ਵਿਚ ਹੀ ਮਰ ਗਿਆ ।

“ਇਕ ਕੁੜੀ ਜਿਹਦਾ ਨਾਂ ਮੁਹੱਬਤ,
ਗੁੰਮ ਹੈ, ਗੁੰਮ ਹੈ, ਗੁੰਮ ਹੈ ।”


ਇਸ ਗੀਤ ਵਿਚ ਸ਼ਿਵ ਕਿਸੇ ਕੁੜੀ ਨੂੰ ਨਹੀਂ ਸਗੋਂ ਦੁਨੀਆਂ ਵਿੱਚੋਂ ਅਲੋਪ ਹੋਈ ਮੁਹੱਬਤ ਨੂੰ ਭਾਲ ਰਿਹਾ ਹੈ, ਜਿਸ ਦਾ ਜਿਕਰ ਕਦੇ ਬਾਬਾ ਬੁੱਲੇ ਸ਼ਾਹ ਅਤੇ ਵਾਰਿਸ਼ ਸ਼ਾਹ ਨੇ ਵੀ ਕੀਤਾ ਸੀ। ਸ਼ਿਵ ਅਤੇ ਉਸ ਦਾ ਇਸ਼ਕ ਹਕੀਕੀ ਸੀ ਨਾ ਕਿ ਮਿਜਾਜ਼ੀ । ਉਸ ਨੂੰ ਨਾ ਕੋਈ ਪੈਸੇ ਦਾ ਲਾਲਚ ਸੀ ਅਤੇ ਨਾ ਹੀ ਕਿਸੇ ਸ਼ੋਹਰਤ ਦਾ ਖਿਆਲ । ਉਹ ਤਾਂ ਇਕ ਫਕੀਰ ਦੇ ਵਾਂਗਰਾਂ ਸੀ 


“ਕੀ ਪੁੱਛਦੇ ਹੋ ਹਾਲ ਫਕੀਰਾਂ ਦਾ,
ਸਾਡਾ ਨਦੀ ਵਿਛੜੇ ਨੀਰਾਂ ਦਾ”

ਸ਼ਿਵ ਦੀਆਂ ਕਵਿਤਾਵਾਂ, ਗੀਤ ਅਤੇ ਗਜ਼ਲਾਂ ਪਾਰਸ ਬਣ ਚੁੱਕੇ ਨੇ । ਜੋ ਵੀ ਕੋਈ ਇਹਨਾਂ ਨੂੰ ਗਾਉਂਦਾ ਹੈ, ਸੋਨੇ ਵਾਂਗ ਚਮਕ ਉਠਦਾ ਹੈ। ਬਹੁਤ ਸਾਰੇ ਗਾਇਕ ਕਲਾਕਾਰਾਂ ਨੇ ਸ਼ਿਵ ਨੂੰ ਗਾ ਕੇ ਨਾਮ, ਸ਼ੌਹਰਤ ਅਤੇ ਦੌਲਤ ਹਾਸਲ ਕੀਤੀ ਹੈ। ਇਹਨਾਂ ਕਲਾਕਾਰਾਂ ਨੇ ਸ਼ਿਵ ਦੀ ਮੌਲਕਿਤਾ ਨੂੰ ਬਰਕਰਾਰ ਰੱਖਿਆ ਅਤੇ ਮਾਣ ਵੀ ਬਖਸ਼ਿਆ ਜਿਸ ਦਾ ਸ਼ਿਵ ਹਕਦਾਰ ਵੀ ਸੀ। ਕਮੇਡੀ ਕਿੰਗ ਕੇ।ਦੀਪ ਸਾਹਿਬ ਨੇ ਸ਼ਿਵ ਨੂੰ ਰੱਜ ਕੇ ਗਾਇਆ। ਜਨਾਬ ਜਗਜੀਤ ਸਿੰਘ, ਮਹਿੰਦਰ ਕਪੂਰ, ਆਸਾ ਸਿੰਘ ਮਸਤਾਨਾ, ਸੁਰਿੰਦਰ ਕੌਰ, ਹੰਸ ਰਾਜ ਹੰਸ ਅਤੇ ਕਈ ਹੋਰ ਨਾਮਵਰ ਗਾਇਕਾਂ ਨੇ ਸ਼ਿਵ ਨੂੰ ਬੜੀ ਸ਼ਿੱਦਤ ਦੇ ਨਾਲ ਗਾਇਆ। ਇਥੋਂ ਤੱਕ ਕਿ ਸਰਹੱਦ ਪਾਰ ਵੀ ਸ਼ਿਵ ਦਾ ਜਾਦੂ, ਸਿਰ ਚੜ੍ਹ ਕੇ ਬੋਲਦਾ ਹੈ । ਉਥੇ ਵੀ ਸ਼ਿਵ ਦੀਆਂ ਕਵਿਤਾਵਾਂ ਨੂੰ ਬੋਲਿਆ ਤੇ ਸੁਣਿਆ ਜਾਂਦਾ ਹੈ। ਮਹਿਰੂਮ ਸੂਫੀ ਗਾਇਕ ਨੁਸਰਤ ਫਤਹਿ ਅਲੀ ਖਾਂ ਨੇ ਸ਼ਿਵ ਨੂੰ ਗਾ ਕੇ ਫਖਰ ਮਹਿਸੂਸ ਕੀਤਾ ਸੀ। ਅਜੋਕੇ ਸਮੇਂ ਦੇ ਨਵੇਂ ਗਾਇਕ ਵੀ ਜਿਵੇਂ ਕਿ ਸੁਖਦੇਵ ਸਾਹਿਲ, ਸੁਰਿੰਦਰ ਖਾਨ, ਨਵਲ ਪੰਡਿਤ ਅਤੇ ਸੁਨੀਲ ਸਿੰਘ ਡੋਗਰਾ ਆਦਿ ਸ਼ਿਵ ਦੀ ਰਚਨਾਵਾਂ ਗਾ ਕੇ ਉਸਨੂੰ ਸੱਚੀ ਸ਼ਰਧਾਂਜਲੀ ਦੇ ਰਹੇ ਹਨ।

ਜਿੱਥੇ ਲੋਕਾਂ ਨੇ ਗਾ ਕੇ ਤੇ ਸੁਣ ਕੇ ਸ਼ਿਵ ਨੂੰ ਬੇਪਨਾਹ ਮੁਹੱਬਤ ਕੀਤੀ, ਉਸਦੇ ਗੀਤਾਂ ਦੀ ਹੋ ਰਹੀ ਮੌਤ ਦਾ ਤਮਾਸ਼ਾ ਵੀ ਦੇਖਣ ਨੰ ਮਿਲਿਆ। ਪਿਛਲੇ ਦਿਨੀਂ ਪੰਜਾਬੀ ਗਾਇਕੀ ਦੇ ਥੰਮ ਗੁਰਦਾਮ ਮਾਨ ਸਾਹਿਬ ਦਾ ਨਵਾਂ ਛੱਲਾ ਸੁਣਨ ਨੂੰ ਮਿਲਿਆ । ਜਿੱਥੇ ਪਹਿਲਾਂ ਪੰਜਾਬੀ ਦੇ ਇਸ ਨਾਮਵਰ ਗੀਤਕਾਰ ਤੇ ਗਾਇਕ ‘ਤੇ ਫ਼ਖ਼ਰ ਮਹਿਸੂਸ ਹੁੰਦਾ ਸੀ, ਉਥੇ ਇਸ ਵਾਰ ਇਸ ਗੀਤ ਦੇ ਇਕ ਅੰਤਰੇ ਵਿੱਚ ਸ਼ਿਵ ਦੇ ਗੀਤ ਦੀ ਮੌਤ ਦਾ ਅਫਸੋਸ ਵੀ ਹੋਇਆ, ਕਿਉਂਕਿ ਮਾਨ ਸਾਹਿਬ ਨੇ ਆਪਣੇ ਗੀਤ ਵਿਚ ਸ਼ਿਵ ਦੇ ਗੀਤ ‘‘ਸਿ਼ਕਰਾ ਯਾਰ” ਦੀਆਂ ਕੁਝ ਲਾਇਨਾਂ ਤੋੜ ਮਰੋੜ ਕੇ ਪੇਸ਼ ਕੀਤੀਆਂ ਹਨ 

ਸਈਓ ਨੀ ਇਕ ਭੁੱਲ ਮੈਥੋਂ ਹੋਈ
ਜਿਹੜਾ ਪੰਛੀ ਯਾਰ ਬਣਾਇਆ
ਚੂਰੀ ਕੁੱਟਾਂ ਤੇ ਉਹ ਖਾਂਦਾ ਨਾਹੀ
ਨੀ ਉਹਨੂੰ ਦਿਲ ਦਾ ਮਾਸ ਖੁਆਇਆ
ਇਕ ਉਡਣੀ ਨੀ ਉਹ ਐਸੀ ਉੱਡਿਆ
ਉਨੇ ਪਰਤ ਨਾ ਡੇਰਾ ਪਾਇਆ।’’

ਇਸੇ ਤਰ੍ਹਾਂ ਹੀ ਪੰਜਾਬੀ ਗਾਇਕਾ ਹਰਲੀਨ ਕੋਹਲੀ ਨੇ ਵੀ ਸਿ਼ਵ ਦੇ ਤੁਰ ਜਾਣ ਮਗਰੋਂ ਆਪਣੀ ਗਾਇਕੀ ‘ਚ ਉਸਦੇ ਇਸੇ ਹੀ ਗੀਤ ਨਾਲ਼ ਰੱਜ ਕੇ ਬੇ-ਇਨਸਾਫ਼ੀ ਕੀਤੀ । 

“ਸਈਓ ਨੀ ਮੈਂ ਇਕ ਕਾਰਜ ਕੀਤਾ
ਨੀ ਮੈਂ ਸਿਕਰਾ ਯਾਰ ਬਣਾਇਆ
ਕੁਟ-ਕੁਟ ਚੂਰੀਆਂ ਖੁਵਾਈਆਂ ਉਹਨੂੰ
ਮੈਂ ਮਿੰਨਤਾਂ ਨਾਲ ਮਨਾਇਆ
ਐਸੀ ਉਡਣੀ ਉਡ ਗਿਆ ਭੈੜਾ
ਨੀ ਉਹ ਮੁੜ ਪਿੰਜਰੇ ਨਾ ਆਇਆ”

ਦੁੱਖ ਤਾਂ ਇਸੇ ਹੀ ਗੱਲ ਦਾ ਹੈ ਕਿ ਅਜਿਹੇ ਗਾਇਕਾਂ ਦੇ ਗੀਤਾਂ (?) ਦਾ ਆਨੰਦ ਲੈ ਰਹੇ ਲੋਕ, ਆਪਣਾ ਮਨੋਰੰਜਨ ਕਰਦੇ ਹਨ ਜਾਂ ਸ਼ਿਵ ਦੇ ਗੀਤਾਂ ਦੀ ਹੋ ਰਹੀ ਬੇਅਦਬੀ ਦਾ ਤਮਾਸ਼ਾ ਦੇਖ ਰਹੇ ਹਨ। ਨਾਮਵਰ ਅਤੇ ਸੁਲਝੇ ਹੋਏ ਸ਼ਾਇਰਾਂ ਦੀ ਸ਼ਾਇਰੀ ਨੂੰ ਤੋੜ-ਮਰੋੜ ਕੇ ਪੇਸ਼ ਕਰਨਾ ਤੇ ਬਾਦ ਵਿਚ ਉਸ ਗੀਤ ਤੇ ਆਪਣੇ ਨਾਮ ਦੀ ਮੋਹਰ ਲਾ ਦੇਣੀ ਇਕ ਰਿਵਾਜ ਜਿਹਾ ਬਣਦਾ ਜਾ ਰਿਹਾ ਹੈ। ਪੰਜਾਬੀ ਗਾਇਕੀ ਦੇ ਖੇਤਰ ਵਿਚ ਇਸ ਤਰਾਂ ਦਾ ਚਲਨ ਪੰਜਾਬੀ ਸਾਹਿਤ ਲਈ ਘਾਤਕ ਸਿੱਧ ਹੋ ਸਕਦਾ ਹੈ। ਅੱਜ ਦੇ ਪਦਾਰਥਵਾਦੀ ਯੁੱਗ ‘ਚ ਪੈਸੇ ਤੇ ਸ਼ੋਹਰਤ ਪ੍ਰਾਪਤੀ ਦੀ ਦੌੜ ‘ਚ ਸ਼ਿਵ ਦਿਆਂ ਗੀਤਾਂ ਨੂੰ ਵੀ ਇਸ ਦੀ ਕੀਮਤ ਚੁਕਾਉਣੀ ਪੈ ਰਹੀ ਹੈ। ਜੇਕਰ ਕੋਈ ਗਾਇਕ ਮੌਜੂਦਾ ਸ਼ਾਇਰਾਂ ਦੀ ਸ਼ਾਇਰੀ ‘ਤੇ ਆਪਣੇ ਨਾਮ ਦੀ ਮੋਹਰ ਲਗਾਉਣੀ ਚਾਹੇ ਤਾਂ ਸ਼ਾਇਰ ਉਸਦਾ ਭਰਪੂਰ ਵਿਰੋਧ ਕਰ ਸਕਦੇ ਹਨ ਪਰ ਹੁਣ ਸ਼ਿਵ ਕੀ ਕਰੇ ????