ਦੇਸ ਵਿਚ ਵੱਸਦਿਆਂ, ਹਰ ਦਿਨ ਕਿਸੇ ਨਾ ਕਿਸੇ ਛੋਟੀ-ਮੋਟੀ ਠੱਗੀ-ਠੋਰੀ ਦਾ ਸ਼ਿਕਾਰ ਹੁੰਦਿਆਂ, ਸਾਡੇ ਵਿਚੋਂ ਬਹੁਤਿਆਂ ਦੇ ਮਨ ਵਿਚ ਅਕਸਰ ਇਹ ਵਿਸ਼ਵਾਸ ਬਣ ਜਾਂਦਾ ਹੈ ਕਿ ਹਿੰਦੁਸਤਾਨ ਜਿਹੇ ਠੱਗ, ਚੋਰ, ਜਾਅਲਸਾਜ, ਧੋਖੇਬਾਜ, ਸ਼ਾਇਦ ਹੀ ਦੁਨੀਆਂ ਵਿਚ ਹੋਰ ਕਿਧਰੇ ਲੱਭਦੇ ਹੋਣ. ‘ਬਨਾਰਸ ਦੇ ਠੱਗਾਂ’ ਦਾ ਦਰਜਾ ਤਾਂ ਸਭ ਤੋਂ ਉਪਰ ਮੰਨਿਆਂ ਜਾਂਦਾ ਹੈ. ਵਿਸ਼ੇਸ਼ ਤੌਰ ਤੇ ਓਹ ਲੋਕ ਜਿਨਾਂ ਨੇ ਅਜੇ ਵਲੈਤ ਨਹੀਂ ਵੇਖੀ, ਸ਼ਾਇਦ ਇਹੀ ਸੋਚਦੇ ਹੋਣਗੇ ਕਿ ਪੱਛਮ ਦੇ ਇਹਨਾਂ ਵਿਕਸਤ ਮੁਲਕਾਂ ਵਿਚ ਠੱਗੀਆਂ-ਚੋਰੀਆਂ ਜਾਂ ਹੇਰਾਫੇਰੀਆਂ ਖੌਰੇ ਉੱਕਾ ਹੀ ਨਹੀਂ ਹੁੰਦੀਆਂ. ਪਰ ਹਕੀਕਤ ਕੁਝ ਹੋਰ ਹੀ ਹੈ. ਹੋ ਸਕਦਾ ਹੈ ਕਿ ਸ਼ਾਨਦਾਰ ਪ੍ਰਬੰਧਕੀ ਢਾਂਚੇ ਦੀ ਬਦੌਲਤ ਆਮ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ‘ਤੇ ਇਹਨਾ ਗੱਲਾਂ ਦਾ ਬਹੁਤਾ ਅਸਰ ਨਾ ਪੈਂਦਾ ਹੋਵੇ. ਪਰ ‘ਜੇਤਾ ਸਿਰ, ਤੇਤੀ ਸਿਰ ਪੀੜਾ’ ਵਾਲੀ ਅਖੌਤ ਅਨੁਸਾਰ, ਜਿਨਾਂ ਵਧੀਆ ਸਿਸਟਮ ਹੋਵੇ, ਉਸ ਵਿਚ ਚੋਰ-ਮੋਰੀਆਂ ਬਣਾਉਣ ਵਾਲਿਆਂ ਦੇ ਦਿਮਾਗ ਵੀ ਓਨੀਆਂ ਹੀ ਸ਼ਾਤਰ ਸਕੀਮਾਂ ਘੜਦੇ ਹਨ. ਪ੍ਰਸਿਧ ਵਲੈਤੀ ਠੱਗਾਂ ਨੇ ਕੁਝ ਅਜਿਹੇ ਕਾਰਨਾਮੇ ਕੀਤੇ ਹਨ ਜਿਨਾਂ ਸਦਕਾ ਉਹਨਾਂ ਦੇ ਨਾਮ ਇਤਹਾਸ ਦੇ ਪੰਨਿਆਂ ‘ਤੇ ਹਮੇਸ਼ਾਂ ਲਈ ਦਰਜ ਹੋ ਗਏ ਹਨ. ਅਜਿਹੀ ਹੀ ਇਕ ਕਹਾਣੀ ਉਸ ਇਨਸਾਨ ਦੀ ਹੈ, ਜਿਸ ਨੇ ਪੂਰੇ ਫ਼ਿਲਮੀ ਅੰਦਾਜ਼ ਵਿਚ ਦੁਨੀਆਂ ਦੇ ਮਸ਼ਹੂਰ ਅਜੂਬੇ ‘ਆਈਫਲ ਟਾਵਰ’ ਨੂੰ ਹੀ (ਇਕ ਨਹੀਂ ਸਗੋਂ ਦੋ ਵਾਰ) ਕਵਾੜ ਵਿਚ ਵੇਚ ਦਿੱਤਾ.
‘ਵਿਕਟਰ ਲਸਟਿਗ’ (Victor Lustig) ਨਾਂ ਦਾ ਇਹ ਠੱਗ, 4 ਜਨਵਰੀ 1890 ਨੂੰ ਮੱਧ ਯੂਰਪ ਸਥਿੱਤ ‘ਬੋਹੀਮੀਆਂ’ ਵਿਚ ਪੈਦਾ ਹੋਇਆ. ਚੜਦੀ ਜਵਾਨੀ ਵਿਚ ਹੀ ਉਸ ਨੇ ਆਪਣੇ ਹੱਥ ਦੀ ਸਫਾਈ ਵਿਖਾਉਣ ਲਈ ਪੱਛਮੀ ਯੂਰਪ ਵੱਲ ਨੂੰ ਚਾਲੇ ਪਾ ਦਿੱਤੇ. ਉਹ ਬੜਾ ਚਤੁਰ ਚਲਾਕ ਨੌਜਵਾਨ ਸੀ ਅਤੇ ਕਈ ਬੋਲੀਆਂ ਜਾਣਦਾ ਸੀ. ਪਹਿਲਾਂ-ਪਹਿਲ ਉਸ ਨੇ ਪੈਰਿਸ ਅਤੇ ਨਿਊ ਯਾਰਕ ਦਰਮਿਆਨ ਸਮੁੰਦਰ ਦੇ ਰਸਤੇ ਹੋਣ ਵਾਲੇ ਵਪਾਰ ਵਿਚ ਛੋਟੇ ਮੋਟੇ ਘਪਲੇ ਕਰਨੇ ਸ਼ੁਰੂ ਕੀਤੇ. ਉਸ ਦੀ ਪਹਿਲੀ ਵੱਡੀ ਠੱਗੀ ਇਕ ਨੋਟ ਛਾਪਣ ਵਾਲੀ ਨਕਲੀ ਮਸ਼ੀਨ ਦੇ ਸੌਦੇ ਦੀ ਸੀ. ਉਸ ਨੇ ਇਕ ਗਾਹਕ ਫਸਾਇਆ ਅਤੇ ਉਸ ਨੂੰ ਇਕ ਮਸ਼ੀਨ ਵਿਖਾਈ ਜੋ ਕਿ 6 ਘੰਟਿਆਂ ਵਿਚ 100 ਡਾਲਰ ਦਾ ਇਕ ਨਕਲੀ ਨੋਟ ਛਾਪ ਸਕਦੀ ਸੀ. ਗਾਹਕ ਦੀ ਤਸੱਲੀ ਲਈ ਉਸ ਨੇ ਮਸ਼ੀਨ ਚਲਾ ਕੇ ਵੀ ਵਿਖਾਈ. ਗਾਹਕ ਨੇ ਤਕਰੀਬਨ 30 ਹਜਾਰ ਡਾਲਰ ਵਿੱਚ ਮਸ਼ੀਨ ਖਰੀਦ ਲਈ. ਘਰ ਲਿਜਾ ਕੇ ਉਸ ਨੇ ਅਗਲੇ 12 ਘੰਟਿਆਂ ਵਿਚ 100 ਡਾਲਰ ਦੇ ਬਿਲਕੁਲ ਅਸਲੀ ਨੋਟ ਵਰਗੇ 2 ਨੋਟ ਛਾਪੇ ਤੇ ਉਸ ਤੋਂ ਬਾਅਦ ਮਸ਼ੀਨ ਨੇ ਖਾਲੀ ਕਾਗਜ਼ ਕੱਢਣੇ ਸ਼ੁਰੂ ਕਰ ਦਿੱਤੇ. ਅਸਲ ਵਿਚ ਮਸ਼ੀਨ ਵਿਚ ਨੋਟ ਛਾਪਣ ਵਾਲੀ ਕੋਈ ਤਕਨੀਕ ਨਹੀਂ ਸੀ ਤੇ ਉਹ ਦੋ ਨੋਟ ਅਸਲੀ ਸਨ ਜੋ ਲਸਟਿਗ ਨੇ ਪਹਿਲਾਂ ਹੀ ਮਸ਼ੀਨ ਵਿਚ ਪਾ ਦਿੱਤੇ ਸਨ.
ਵੀਹਵੀਂ ਸਦੀ ਦੇ ਦੂਜੇ ਦਹਾਕੇ ਵਿਚ ਲਸਟਿਗ ਨੇ ਫਰਾਂਸ ਦੀ ਰਾਜਧਾਨੀ ਪੈਰਿਸ ਵਿਚ ਰਹਿਣ ਦਾ ਫੈਸਲਾ ਕਰ ਲਿਆ. ਪਹਿਲੀ ਸੰਸਾਰ ਜੰਗ ਤੋਂ ਬਾਅਦ ਦੇ ਸਮੇ ਵਿਚ ਤੇਜੀ ਨਾਲ ਉੱਭਰ ਰਹੇ ਇਸ ਆਧੁਨਿਕ ਸ਼ਹਿਰ ਦੀ ਚਮਕ ਦਮਕ, ਪੂਰੀ ਦੁਨੀਆਂ ਦੇ ਲੋਕਾਂ ਲਈ ਖਿੱਚ ਦਾ ਕਾਰਨ ਸੀ. ਲਸਟਿਗ ਵਰਗੇ ਠੱਗ ਲਈ ਇਸ ਤੋਂ ਵਧੀਆ ਮਾਹੌਲ ਹੋਰ ਭਲਾ ਕਿੱਥੇ ਹੋ ਸਕਦਾ ਸੀ. 1925 ਦੀ ਬਸੰਤ ਰੁੱਤ ਦੀ ਇਕ ਸਵੇਰ ਨੂੰ ਅਖਬਾਰ ਪੜਦਿਆਂ, ਇਕ ਖ਼ਬਰ ਉਸ ਦੇ ਨਜ਼ਰੀਂ ਪਈ. ਖ਼ਬਰ ਅਨੁਸਾਰ ‘ਆਈਫਲ ਟਾਵਰ’ ਹੁਣ ਪੈਰਿਸ ਵਾਸਤੇ ਇਕ ਸਮੱਸਿਆ ਬਣਦਾ ਜਾ ਰਿਹਾ ਸੀ. ਇਸ ਦੀ ਸਾਂਭ ਸੰਭਾਲ ਅਤੇ ਰੰਗ ਰੋਗਨ ਦਾ ਖਰਚਾ ਕਾਫੀ ਜ਼ਿਆਦਾ ਹੋਣ ਕਰਕੇ, ਇਸ ਦੀ ਸ਼ਾਨ ਨੂੰ ਬਰਕਰਾਰ ਰੱਖਣਾਂ ਹੁਣ ਮੁਸ਼ਕਿਲ ਜਾਪਦਾ ਸੀ. ਅਸਲ ਵਿਚ 324 ਮੀਟਰ (1063 ਫੁੱਟ) ਉਚਾਈ ਵਾਲਾ ਧਾਤੂ ਦਾ ਇਹ ਮੀਨਾਰ, ਫਰਾਂਸੀਸ ਕ੍ਰਾਂਤੀ ਦੇ ਸ਼ਤਾਬਦੀ ਜਸ਼ਨਾਂ ਲਈ ਆਯੋਜਿਤ ਕੀਤੇ ਜਾਣ ਵਾਲੇ ਅੰਤਰ-ਰਾਸ਼ਟਰੀ ਮੇਲੇ ਦੇ ਉਦਘਾਟਨੀ ਦੁਆਰ ਵਜੋਂ 1887 ਤੋਂ 1889 ਦਰਮਿਆਨ ਕੀਤਾ ਗਿਆ ਸੀ. ਇਸ ਦੇ ਨਿਰਮਾਤਾ ‘ਗਸਟੇਵ ਆਈਫਲ’ ਨੂੰ 20 ਸਾਲ ਲਈ ਇਸ ਟਾਵਰ ਦਾ ਪਰਮਿਟ ਮਿਲਿਆ ਸੀ, ਜਿਸ ਅਨੁਸਾਰ 1909 ਵਿਚ ਇਸ ਦੀ ਮਾਲਕੀ ਪੈਰਿਸ ਸ਼ਹਿਰ ਕੋਲ ਚਲੇ ਜਾਣੀ ਸੀ ਅਤੇ ਫਿਰ ਇਸ ਨੂੰ ਜਾਂ ਤਾਂ ਤੋੜ ਦਿੱਤਾ ਜਾਣਾਂ ਸੀ ਜਾਂ ਖੋਲ ਕੇ ਕਿਸੇ ਦੂਜੀ ਥਾਂ ਤੇ ਲਿਜਾਇਆ ਜਾਣਾ ਸੀ. ਪਰ ਜੰਗ ਦੇ ਦੌਰਾਨ ਇਸ ਟਾਵਰ ਨੇ ਫੌਜ ਨੂੰ ਟਰਾਂਸਮਿਸ਼ਨ (ਦੂਰਸੰਚਾਰ) ਲਈ ਚੰਗਾ ਕੰਮ ਦਿੱਤਾ ਅਤੇ ਜੰਗ ਦੇ ਜੇਤੂ ਨਿਸ਼ਾਨ ਵਜੋਂ ਆਪਣੀ ਪਛਾਣ ਬਣਾ ਲਈ. ਇਸ ਲਈ ਪਰਮਿਟ ਦੀ ਮਣਿਆਦ ਮੁੱਕਣ ਤੋਂ ਬਾਅਦ ਵੀ ਇਸ ਨੂੰ ਤੋੜਿਆ ਨਾ ਗਿਆ. ਪਰ ਹੁਣ ਜਦੋਂ ਲਸਟਿਗ ਨੇ ਅਖ਼ਬਾਰ ਵਿਚਲੀ ਖ਼ਬਰ ਪੜੀ ਤਾਂ ਉਸ ਨੇ ਸੋਚਿਆ ਕਿ ਹੋ ਸਕਦਾ ਹੈ ਸ਼ਹਿਰ ਦੀ ਇੰਤਜ਼ਾਮੀਆਂ ਸੋਚੇ ਕਿ ਹੁਣ ਇਹ ਟਾਵਰ ਸਾਂਭਣ ਯੋਗ ਨਹੀਂ ਰਿਹਾ ਅਤੇ ਇਸ ਨੂੰ ਖ਼ਤਮ ਕਰ ਦਿੱਤਾ ਜਾਣਾਂ ਚਾਹੀਦਾ ਹੈ. ਉਸ ਦੇ ਸ਼ੈਤਾਨੀ ਦਿਮਾਗ ਨੇ ਝੱਟ ਹੀ ਮੌਕੇ ਦੇ ਅਨੁਕੂਲ ਇਕ ਕਾਰਗਰ ਸਕੀਮ ਘੜੀ. ਉਸ ਨੇ ਪੈਰਿਸ ਦੇ ਕਿਸੇ ਵੱਡੇ ਸਰਕਾਰੀ ਅਫਸਰ ਵਰਗਾ ਭੇਸ ਬਣਾਇਆ, ਕੁਝ ਜਾਲੀ ਕਾਗਜ਼-ਪੱਤਰ ਤਿਆਰ ਕੀਤੇ ਅਤੇ ਪੈਰਿਸ ਦੇ ਛੇ ਵੱਡੇ ਕਵਾੜੀਆਂ ਨੂੰ ਇਕ ਖੁਫੀਆ ਮੀਟਿੰਗ ਲਈ ਸੱਦਾ ਪੱਤਰ ਭੇਜ ਦਿੱਤੇ. ਇਹ ਮੀਟਿੰਗ ਵੀ ਚੁਣ ਕੇ ਪੈਰਿਸ ਦੇ ਸਭ ਤੋਂ ਵੱਡੇ, ਪੁਰਾਣੇ ਅਤੇ ਮਸ਼ਹੂਰ ਹੋਟਲ ‘ਹੋਟਲ ਡੀ ਕਲੋਨ ’ ਵਿਚ ਰੱਖੀ ਗਈ ਜੋ ਕਿ ਅੰਤਰ-ਰਾਸ਼ਟਰੀ ਪੱਧਰ ਦੀਆਂ ਕਾਨਫਰੰਸਾਂ ਅਤੇ ਸਰਕਾਰੀ ਮੀਟਿੰਗਾਂ ਲਈ ਮਸ਼ਹੂਰ ਥਾਂ ਸੀ. ਉਤਸੁਕਤਾ ਵੱਸ ਸਾਰੇ ਦੇ ਸਾਰੇ 6 ਕਵਾੜੀਏ ਮਿੱਥੇ ਸਮੇ ਤੇ ਪਹੁੰਚ ਗਏ. ਲਸਟਿਗ ਨੇ ਆਪਣੀ ਜਾਣ ਪਛਾਣ ਕਰਵਾਉਂਦੇ ਹੋਏ ਦੱਸਿਆ ਕਿ ਉਹ ਡਾਕ-ਤਾਰ ਵਿਭਾਗ ਦਾ ਡਿਪਟੀ ਡਾਇਰੈਕਟਰ ਜਨਰਲ ਹੈ ਅਤੇ ਉਹਨਾਂ ਕਵਾੜੀਆਂ ਨੂੰ ਉਹਨਾਂ ਦੇ ਇਮਾਨਦਾਰ ਵਪਾਰੀਆਂ ਵਾਲੇ ਅਕਸ ਕਰਕੇ ਚੁਣਿਆਂ ਗਿਆ ਹੈ. ਆਪਣੀ ਗੱਲ ਅੱਗੇ ਤੋਰਦੇ ਹੋਏ ਉਸਨੇ ਕਿਹਾ ਕਿ ਆਈਫਲ ਟਾਵਰ ਹੁਣ ਸਰਕਾਰ ਲਈ ਸਿਰਦਰਦੀ ਬਣ ਗਿਆ ਹੈ ਅਤੇ ਇਸ ਨੂੰ ਕਵਾੜ ਵਿਚ ਵੇਚ ਦੇਣ ਦਾ ਫੈਸਲਾ ਲਿਆ ਗਿਆ ਹੈ. ਇਸ ਕੰਮ ਲਈ ਇਕ ਵਪਾਰੀ ਨੂੰ ਚੁਣਨ ਦੀ ਜ਼ਿਮੇਵਾਰੀ ਉਸ ਨੂੰ ਸੌਂਪੀ ਗਈ ਹੈ. ਕਿਉਂਕਿ ਜਨਤਾ ਵਿਚ ਰੌਲਾ ਪੈਣ ਦਾ ਖ਼ਤਰਾ ਹੈ ਇਸ ਲਈ ਜਦੋਂ ਤੱਕ ਸਾਰੀ ਕਾਗਜ਼ੀ ਕਾਰਵਾਈ ਮੁਕੰਮਲ ਨਹੀਂ ਹੋ ਜਾਂਦੀ, ਓਦੋਂ ਤੱਕ ਇਹ ਗੱਲ ਖੁਫ਼ੀਆ ਹੀ ਰੱਖੀ ਜਾਵੇਗੀ. ਫਿਰ ਉਹ ਕਿਰਾਏ ਤੇ ਕੀਤੀ ਹੋਈ ਆਲੀਸ਼ਾਨ ਲਿਮੋਜ਼ੀਨ ਕਾਰ ਵਿਚ ਉਹਨਾਂ ਬੰਦਿਆਂ ਨੂੰ ਟਾਵਰ ਦੀ ਸਥਿਤੀ ਦਾ ਜਾਇਜਾ ਦਵਾਉਣ ਲਈ ਲੈ ਗਿਆ ਤਾਂ ਜੋ ਉਹਨਾਂ ਨੂੰ ਅਹਿਸਾਸ ਕਰਵਾਇਆ ਜਾ ਸਕੇ ਕਿ ਇਹ ਸੌਦਾ ਉਹਨਾਂ ਲਈ ਕਿੰਨਾ ਫਾਇਦੇਮੰਦ ਹੋ ਸਕਦਾ ਹੈ ਅਤੇ ਨਾਲ ਹੀ ਉਹਨਾਂ ਦੀ ਮਨੋ-ਸਥਿਤੀ ਦਾ ਵੀ ਜਾਇਜਾ ਲਿਆ ਜਾ ਸਕੇ. ਉਸ ਤੋਂ ਬਾਅਦ ਲਸਟਿਗ ਨੇ ਉਹਨਾਂ ਨੂੰ ਟਾਵਰ ਦੀ ਬੋਲੀ ਵਾਸਤੇ ਟੈਂਡਰ ਭਰਨ ਲਈ ਕਿਹਾ ਅਤੇ ਨਾਲ ਹੀ ਯਾਦ ਦਵਾਇਆ ਕਿ ਇਹ ਮਾਮਲਾ ਮੁਲਕ ਲਈ ਅਤਿ ਮਹੱਤਵਪੂਰਨ ਹੋਣ ਕਰਕੇ ਪੂਰੀ ਤਰਾਂ ਗੁਪਤ ਰੱਖਿਆ ਜਾਣਾ ਚਾਹੀਦਾ ਹੈ. ਇਸ ਸਾਰੇ ਸਮੇ ਦੌਰਾਨ ਲਸਟਿਗ ਨੇ ਆਪਣਾ ਸੰਭਾਵੀ ਸ਼ਿਕਾਰ ਚੁਣ ਲਿਆ ਸੀ.
ਆਂਦਰੇ ਪੌਇਸਨ (Andre Poisson) ਨਾਮ ਦਾ ਇਕ ਵਪਾਰੀ ਜੋ ਕਿ ਦੂਜਿਆਂ ਦੇ ਮੁਕਾਬਲੇ ਬਹੁਤਾ ਮਸ਼ਹੂਰ ਨਹੀਂ ਸੀ, ਇਸ ਸੌਦੇ ਲਈ ਬੜਾ ਤਰਲੋਮੱਛੀ ਹੋ ਰਿਹਾ ਸੀ ਕਿਉਂਕਿ ਇਹ ਇੱਕੋ-ਇਕ ਸੌਦਾ ਉਸ ਨੂੰ ਪੈਰਿਸ ਦੇ ਵਪਾਰੀ ਜਗਤ ਦੀਆਂ ਮੂਹਰਲੀਆਂ ਸਫਾਂ ਵਿਚ ਲਿਆ ਸਕਦਾ ਸੀ. ਲਸਟਿਗ ਦਾ ਚਤੁਰ ਦਿਮਾਗ ਇਹ ਸਭ ਜਾਣ ਗਿਆ ਸੀ ਇਸ ਲਈ ਉਸ ਨੇ ਗਰਮ ਲੋਹੇ ਤੇ ਸੱਟ ਮਾਰਨ ਵਿਚ ਜ਼ਰਾ ਵੀ ਦੇਰੀ ਨਾ ਕਰਦੇ ਹੋਏ ਸੌਦੇ ਦੀ ਪੇਸ਼ਕਸ਼ ਕਰ ਦਿੱਤੀ. ਪਰ ਪੌਇਸਨ ਦੀ ਘਰਵਾਲੀ ਨੂੰ ਸ਼ੱਕ ਹੋ ਗਿਆ ਸੀ ਕਿ ਇਹ ਸਰਕਾਰੀ ਅਫ਼ਸਰ ਕੌਣ ਹੋ ਸਕਦਾ ਹੈ ਅਤੇ ਸਾਰਾ ਕੁਝ ਇਨੀ ਕਾਹਲੀ ਵਿਚ ਅਤੇ ਰਹੱਸਮਈ ਤਰੀਕੇ ਨਾਲ ਕਿਉਂ ਹੋ ਰਿਹਾ ਹੈ. ਸਥਿਤੀ ਦੀ ਨਾਜ਼ੁਕਤਾ ਨੂੰ ਵੇਖਦੇ ਹੋਏ, ਲਸਟਿਗ ਨੇ ਪੌਇਸਨ ਨਾਲ ਇਕ ਹੋਰ ਮੁਲਾਕਾਤ ਕੀਤੀ ਅਤੇ ਅਸਲ ਗੱਲ ਕਬੂਲ ਕਰਨ ਦਾ ਨਾਟਕ ਕੀਤਾ. ਉਸ ਨੇ ਕਿਹਾ ਕਿ ਸਰਕਾਰੀ ਤਨਖਾਹ ਨਾਲ ਗੁਜ਼ਾਰਾ ਚਲਾਉਣਾ ਮੁਸ਼ਕਿਲ ਹੋਣ ਕਰਕੇ ਉਹ ਇਸ ਸੌਦੇ ਵਿਚ ਕੁਝ ਉੱਪਰੋਂ ਕਮਾਈ ਕਰਨ ਦੀ ਤਾਕ ਵਿੱਚ ਹੈ. ਪੌਇਸਨ ਉਹਨੀ ਦਿਨੀ ਇਕ ਹੋਰ ਭ੍ਰਿਸ਼ਟ ਅਫ਼ਸਰ ਦੇ ਵੱਸ ਪਿਆ ਹੋਇਆ ਸੀ ਇਸ ਲਈ ਉਹ ਝੱਟ ਸਮਝ ਗਿਆ ਕਿ ਲਸਟਿਗ ਰਿਸ਼ਵਤ ਚਾਹੁੰਦਾ ਹੈ. ਇਸੇ ਲਈ ਸੌਦੇਬਾਜੀ ਗੁਪਤ ਤਰੀਕੇ ਨਾਲ ਕਰ ਰਿਹਾ ਹੈ. ਕਿਉਂਕਿ ਪੌਇਸਨ ਇਸ ਸੌਦੇ ਨੂੰ ਕਿਸੇ ਕੀਮਤ ਤੇ ਵੀ ਗਵਾਉਣਾ ਨਹੀਂ ਸੀ ਚਾਹੁੰਦਾ, ਇਸ ਲਈ ਉਸ ਨੇ ਸੌਦੇ ਦੀ ਪੇਸ਼ਗੀ ਰਕਮ ਦੇ ਨਾਲ-ਨਾਲ ਰਿਸ਼ਵਤ ਵਜੋਂ ਵੀ ਮੋਟੀ ਰਕਮ ਲਸਟਿਗ ਨੂੰ ਦੇ ਦਿੱਤੀ. ਲਸਟਿਗ ਦਾ ਦਾਅ ਚੱਲ ਗਿਆ ਸੀ. ਉਹ ਅਤੇ ਉਸਦਾ ਅਮਰੀਕਨ ਸੈਕਟਰੀ ਡਾਨ ਕੌਲਿਨਸ (Dan Collins) ਨੋਟਾਂ ਦੇ ਭਰੇ ਸੂਟਕੇਸ ਲੈ ਕੇ ਕਾਹਲੀ ਨਾਲ ਆਸਟਰੀਆ ਦੀ ਰਾਜਧਾਨੀ ਵਿਆਨਾ ਨੂੰ ਜਾਣ ਵਾਲੀ ਗੱਡੀ ਵਿਚ ਚੜ ਗਏ. ਉਹ ਭਲੀ ਭਾਂਤ ਜਾਣਦੇ ਸਨ ਕਿ ਜਦੋਂ ਹੀ ਪੌਇਸਨ ਅਗਲੀ ਕਾਰਵਾਈ ਲਈ ਸਰਕਾਰੀ ਦਫ਼ਤਰਾਂ ਨਾਲ ਸੰਪਰਕ ਕਰੇਗਾ ਤਾਂ ਉਹਨਾ ਲਈ ਖਤਰਾ ਪੈਦਾ ਹੋ ਜਾਵੇਗਾ. ਪਰ ਜਦੋਂ ਕਾਫ਼ੀ ਦਿਨਾ ਤੱਕ ਕੋਈ ਵੀ ਖ਼ਬਰ ਸੁਣਨ ਨੂੰ ਨਾ ਮਿਲੀ ਤਾਂ ਉਹ ਹੈਰਾਨ ਹੋ ਗਏ. ਅਸਲ ਵਿਚ ਜਦੋਂ ਪੌਇਸਨ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਉਹ ਆਪਣੀ ਮੂਰਖਤਾ ਵੱਸ ਸ਼ਰੇਆਮ ਠੱਗਿਆ ਗਿਆ ਹੈ ਤਾਂ ਉਹ ਇਨਾ ਸ਼ਰਮਸਾਰ ਹੋ ਗਿਆ ਕਿ ਪੁਲਿਸ ਕੋਲ ਜਾਣ ਦੀ ਹਿੱਮਤ ਹੀ ਨਾ ਕਰ ਸਕਿਆ.
ਇਕ ਮਹੀਨੇ ਬਾਅਦ ਲਸਟਿਗ ਫੇਰ ਪੈਰਿਸ ਮੁੜ ਆਇਆ ਅਤੇ ਉਸੇ ਤਰਾਂ ਛੇ ਹੋਰ ਕਵਾੜੀਆਂ ਨਾਲ ਉਹੋ ਡਰਾਮਾ ਫੇਰ ਕੀਤਾ. ਪਰ ਇਸ ਵਾਰ ਸੌਦਾ ਸਿਰੇ ਚੜਨ ਤੋਂ ਪਹਿਲਾਂ ਹੀ ਉਸ ਦਾ ਸ਼ਿਕਾਰ ਵਪਾਰੀ ਪੁਲਿਸ ਕੋਲ ਚਲਾ ਗਿਆ. ਪਰ ਫਿਰ ਵੀ ਲਸਟਿਗ ਤੇ ਉਸ ਦਾ ਸਾਥੀ ਬਚ ਕੇ ਨਿਕਲਣ ਵਿਚ ਕਾਮਯਾਬ ਹੋ ਗਏ. ਇਸ ਤੋਂ ਬਾਅਦ ਲਸਟਿਗ ਅਮਰੀਕਾ ਚਲਾ ਗਿਆ ਅਤੇ ਉਥੇ ਵੀ ਆਪਣੀਆਂ ਕਾਰਵਾਈਆਂ ਜਾਰੀ ਰੱਖੀਆਂ. ਉਸ ਦੀ ਹੁਸ਼ਿਆਰੀ ਦਾ ਅੰਦਾਜਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਉਹ ਅਮਰੀਕੀ ਮਾਫ਼ੀਆ ਦੇ ਖ਼ਤਰਨਾਕ ਸਰਗਨੇ ‘ਅਲ ਕੈਪੋਨੇ’ ਨੂੰ ਵੀ ਬੜੀ ਸਫ਼ਾਈ ਨਾਲ ਚੂਨਾ ਲਾ ਗਿਆ. 1934 ਵਿਚ ਲਸਟਿਗ ਨੂੰ ਜਾਅਲਸਾਜੀ ਦੇ ਦੋਸ਼ਾਂ ਅਧੀਨ ਗ੍ਰਿਫ਼ਤਾਰ ਕਰ ਲਿਆ ਗਿਆ. ਪਰ ਅਦਾਲਤ ਵਿਚ ਪੇਸ਼ੀ ਤੋਂ ਇਕ ਦਿਨ ਪਹਿਲਾਂ ਹੀ ਉਹ ਨਿਊ-ਯਾਰਕ ਦੀ ਹਵਾਲਾਤ ਵਿਚੋਂ ਫ਼ਰਾਰ ਹੋ ਗਿਆ. ਠੀਕ 27 ਦਿਨਾ ਬਾਅਦ ਉਸ ਨੂੰ ਅਮਰੀਕਾ ਦੇ ਪਿਟਸਬਰਗ਼ ਸ਼ਹਿਰ ਵਿੱਚੋਂ ਫਿਰ ਗ੍ਰਿਫ਼ਤਾਰ ਕਰ ਲਿਆ ਗਿਆ. ਅਦਾਲਤ ਨੇ ਉਸ ਨੂੰ ਦੋਸ਼ੀ ਪਾਇਆ ਅਤੇ 20 ਸਾਲ ਦੀ ਕੈਦ ਦੀ ਸਜ਼ਾ ਭੁਗਤਣ ਲਈ ਅਮਰੀਕਾ ਦੇ ਸੂਬੇ ਕੈਲੀਫੋਰਨੀਆਂ ਦੀ ਸਾਨ ਫ਼ਰਾਂਸਿਸਕੋ ਖਾੜੀ ਵਿਚ ਸਥਿਤ ਅਲਕਤਰਾਜ਼ ਨਾਂ ਦੇ ਟਾਪੂ ’ਤੇ ਬਣੀ ਜੇਲ ਵਿਚ ਭੇਜ ਦਿੱਤਾ. 9 ਮਾਰਚ 1947 ਨੂੰ ਉਸਨੂੰ ਨਮੂਨੀਆ ਹੋ ਗਿਆ ਅਤੇ ਦੋ ਦਿਨ ਬਾਅਦ ਸਪਰਿੰਗਫੀਲਡ ਵਿਚ ਬਣੇ ਜੇਲ ਦੇ ਹਸਪਤਾਲ ਵਿਚ ਉਹ ਦਮ ਤੋੜ ਗਿਆ. ਉਸ ਦੀ ਮੌਤ ਦਾ ਸਰਟੀਫਿਕੇਟ ਜਾਰੀ ਕਰਨ ਵਾਲਾ ਕਲਰਕ ਇਕ ਵਾਰ ਤਾਂ ਸੋਚਾਂ ਵਿਚ ਪੈ ਗਿਆ ਕਿ ‘ਕਿੱਤੇ’ ਵਾਲੇ ਖਾਨੇ ਵਿਚ ਕੀ ਲਿਖੇ, ਜਦ ਹੋਰ ਕੁਝ ਨਾ ਸੁਝਿਆ ਤਾਂ ਉਸ ਨੇ ਲਸਟਿਗ ਨੂੰ ਕਿੱਤੇ ਵਜੋਂ ਸੇਲਜ਼ਮੈਨ ਲਿਖ ਦਿੱਤਾ. ਜੋ ਕਿ ਸ਼ਾਇਦ, ਵਾਕਿਆ ਹੀ ਢੁਕਵਾਂ ਸੀ. ਜੋ ਇਨਸਾਨ ਉਹ ਚੀਜ ਵੀ ਇਨੀ ਸਫ਼ਾਈ ਨਾਲ ਵੇਚ ਜਾਵੇ, ਜਿਸ ਦੀ ਮਾਲਕੀ ਤਾਂ ਦੂਰ ਦੀ ਗੱਲ ਸਗੋਂ ਜਿਸ ਨਾਲ ਕੋਈ ਦੂਰ-ਦੂਰ ਦਾ ਵੀ ਸੰਬੰਧ ਨਾ ਹੋਵੇ, ਉਸ ਤੋਂ ਵੱਡਾ ਸੇਲਜ਼ਮੈਨ ਭਲਾ ਹੋਰ ਕੌਣ ਹੋ ਸਕਦਾ ਹੈ. ਇਹ ਸੀ ਉਸ ਵਲੈਤੀ ਠੱਗ ਦੀ ਦਾਸਤਾਨ ਜਿਸ ਬਾਰੇ 1961 ਵਿਚ ਇਕ ਕਿਤਾਬ ਵੀ ਛਪੀ ਜਿਸ ਦਾ ਟਾਈਟਲ ਸੀ – ‘‘The Man Who Sold Eiffel Tower’ ਭਾਵ ‘ਉਹ ਬੰਦਾ ਜਿਸਨੇ ਆਈਫਲ ਟਾਵਰ ਵੇਚ ਦਿੱਤਾ’.
ਪਰ ਕਿਤੇ ਇਹ ਨਾ ਸਮਝ ਲੈਣਾ ਕਿ ਅਜਿਹੇ ਕਾਰਨਾਮੇ ਕਰਨ ਵਾਲਾ ਉਹ ਇਕੱਲਾ ਬੰਦਾ ਸੀ. ਦੁਨੀਆਂ ਦਾ ਇਤਹਾਸ ਅਜਿਹੇ ਬੰਦਿਆਂ ਦੇ ਕਿੱਸਿਆਂ ਨਾਲ ਭਰਿਆ ਪਿਆ ਹੈ. ਅੰਗਰੇਜ਼ੀ ਵਿਚ ਅਜਿਹੇ ਲੋਕਾਂ ਲਈ ਇਕ ਵਿਸ਼ੇਸ਼ ਸ਼ਬਦ ‘ਕੋਨ ਆਰਟਿਸਟ’ (Con Artist) ਵਰਤਿਆ ਜਾਂਦਾ ਹੈ ਜਿਸ ਦਾ ਮਤਲਬ ਹੈ ਕਿਸੇ ਦਾ ਭਰੋਸਾ ਜਿੱਤ ਕੇ ਠੱਗੀ ਮਾਰਨ ਵਾਲਾ ਕਲਾਕਾਰ. ਆਰਥਰ ਫ਼ਰਗੂਸਨ (Arthur Ferguson) ਵੀ ਅਜਿਹਾ ਹੀ ਇਕ ਕਲਾਕਾਰ ਸੀ ਜੋ ਕਿ ਲਸਟਿਗ ਦਾ ਸਮਕਾਲੀ ਸੀ. ਉਸ ਨੇ ਇੰਗਲੈਂਡ ਦੇ ਮਸ਼ਹੂਰ ਚੌਂਕ ‘Trafalgar Square’ ਵਿਚ ਸਥਿੱਤ ਨੈਲਸਨ ਦਾ ਬੁੱਤ ‘Nelson’s Column’ ਕਿਸੇ ਅਮਰੀਕਨ ਯਾਤਰੀ ਨੂੰ 6,000 ਪੌਂਡ ਵਿਚ ਵੇਚ ਦਿੱਤਾ. ਇਸੇ ਤਰਾਂ ਮਸ਼ਹੂਰ ਘੰਟਾਘਰ ਬਿੱਗ ਬੈੱਨ ‘Big Ben’ ਅਤੇ ਸ਼ਾਹੀ ਪਰਿਵਾਰ ਦੀ ਰਿਹਾਇਸ਼ਗਾਹ ਬਕਿੰਘਮ ਪੈਲੇਸ ‘Buckingham Palace’ ਦੇ ਸੌਦੇ ਦੀ ਪੇਸ਼ਗੀ ਰਕਮ ਵਜੋਂ ਕਰਮਵਾਰ 1,000 ਅਤੇ 2,000 ਪੌਂਡ ਅਮਰੀਕਨਾ ਦੀਆਂ ਜੇਬਾਂ ਵਿਚੋਂ ਕਢਾਉਣ ਤੋਂ ਬਾਅਦ ਉਸ ਨੂੰ ਲੱਗਿਆ ਕਿ ਅਮਰੀਕਾ ਜਾ ਕੇ ਵੱਸਣਾ ਹੋਰ ਵੀ ਫ਼ਾਇਦੇਮੰਦ ਸਾਬਿਤ ਹੋਵੇਗਾ. ਉਥੇ ਜਾ ਕੇ ਤਾਂ ਉਸ ਨੇ ਕਮਾਲ ਦੀ ਕਲਾਕਾਰੀ ਵਿਖਾਈ. ਅਮਰੀਕਾ ਦੇ ਰਾਸ਼ਟਰਪਤੀ ਦੀ ਰਿਹਾਇਸ਼ਗਾਹ ‘ਵਾਈਟ ਹਾਊਸ’ ਹੀ ਇਕ ਅਮੀਰ ਕਿਸਾਨ ਨੂੰ ਇਕ ਲੱਖ ਡਾਲਰ ਦੇ ਸਾਲਾਨਾ ਕਿਰਾਏ ’ਤੇ 99 ਸਾਲ ਲਈ ਪਟੇ ’ਤੇ ਦੇ ਦਿੱਤੀ ਅਤੇ ਪਹਿਲੇ ਸਾਲ ਦੀ ਕਿਸ਼ਤ ਲੈ ਕੇ ਰਾਹੇ ਪਿਆ. ਫਿਰ ਉਸ ਨੇ ਕਿਸੇ ਆਸਟ੍ਰੇਲੀਅਨ ਯਾਤਰੀ ਨੂੰ ਮਸ਼ਹੂਰ ਲਿਬਰਟੀ ਦਾ ਬੁੱਤ ‘Statue of Liberty’ ਵੇਚਣ ਦੀ ਕੋਸ਼ਿਸ਼ ਕੀਤੀ. ਪਰ ਉਹ ਆਸਟ੍ਰੇਲੀਅਨ ਬੰਦਾ ਹੁਸ਼ਿਆਰ ਨਿਕਲਿਆ ਅਤੇ ਆਪਣੇ ਨਾਲ ਖਿਚਾਈ ਹੋਈ ਫਰਗੂਸਨ ਦੀ ਇਕ ਤਸਵੀਰ ਲੈ ਕੇ ਪੁਲਿਸ ਕੋਲ ਪਹੁੰਚ ਗਿਆ, ਜੋ ਕਿ ਪਹਿਲਾਂ ਹੀ ਉਸ ਰਹੱਸਮਈ ਇਨਸਾਨ ਦੀ ਭਾਲ ਵਿਚ ਸੀ ਜੋ ਸਰਵਜਨਿਕ ਸੰਪਤੀ ਨਾਲ ਸੰਬੰਧਿਤ ਸਮਾਰਕ ਧੋਖੇ ਨਾਲ ਵੇਚ ਰਿਹਾ ਸੀ. ਬਸ ਫੇਰ ਕੀ ਸੀ, ‘ਸੌ ਦਿਨ ਚੋਰ ਦਾ ਤੇ ਇਕ ਦਿਨ ਸਾਧ ਦਾ’, ਫ਼ਰਗੂਸਨ ਵੀ ਪੁਲਿਸ ਦੇ ਕਾਬੂ ਆ ਗਿਆ, ਮੁਕਦਮਾ ਚੱਲਿਆ ਅਤੇ ਸਜ਼ਾ ਹੋ ਗਈ. ਜਿਵੇਂ ਕਿ ਵਾਰਿਸ ਸ਼ਾਹ ਜੀ ਨੇ ਫ਼ੁਰਮਾਇਆ ਹੈ “ਵਾਰਿਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ, ਭਾਵੇਂ ਕੱਟੀਏ ਪੋਰੀਆਂ - ਪੋਰੀਆਂ ਜੀ”, ਫਰਗੂਸਨ ਸਜ਼ਾ ਤਾਂ ਭੁਗਤ ਆਇਆ ਪਰ ਆਖਰੀ ਦਮ ਤੱਕ ਆਪਣਾ ਕਿੱਤਾ ਨਹੀਂ ਛੱਡਿਆ.
ਇਹ ਹੈ ਕਹਾਣੀ ਉਹਨਾ ਵਲੈਤੀ ਚੋਰਾਂ ਦੀ ਜੋ ਚਿੱਟੇ ਦਿਨ ਠੱਗੀ ਮਾਰ ਜਾਣ ਤੇ ਸ਼ੱਕ ਵੀ ਨਾ ਹੋਵੇ. ਕਿੱਸੇ ਤਾਂ ਹੋਰ ਵੀ ਬਹੁਤ ਨੇ, ਪਰ ਬਾਕੀ ਫੇਰ ਕਦੇ…..