ਸਭਿਆਚਾਰਕ ਸ਼ਰਮਾਇਆ ਲੁਟਾ ਰਹੇ ਹਨ ਚਰਖੇ , ਡੀ.ਜੇ. ਵਾਲੇ………… ਲੇਖ / ਜਰਨੈਲ ਘੁਮਾਣ


ਗੀਤ ਸੰਗੀਤ ਪੰਜਾਬੀ ਸਭਿਆਚਾਰ ਦਾ ਇੱਕ ਅਨਿੱਖੜਵਾਂ ਅੰਗ ਹੈ । ਗੀਤ ਸਾਡੇ ਸਭਿਆਚਾਰ ਦੀਆਂ ਅਨੇਕਾਂ ਵੰਨਗੀਆਂ ਦੀ ਤਰਜ਼ਮਾਨੀ ਕਰਦੇ ਹਨ । ਟੱਪੇ , ਮਾਹੀਆ ,ਢੋਲਾ , ਸਿੱਠਣੀਆਂ ਵਿਚਲੇ ਬੋਲ ਸਾਡੇ ਰਿਸ਼ਤਿਆਂ ਅਤੇ ਰਿਸ਼ਤਿਆਂ ਵਿੱਚਲੀ ਨਿੱਘ ਨੂੰ ਪ੍ਰਤੱਖ ਰੂਪ ਵਿੱਚ ਬਿਆਨਦੇ ਹਨ । ਸਮੇਂ ਸਮੇਂ ’ਤੇ ਗੀਤ ਸੰਗੀਤ ਵਿੱਚ ਵੀ ਬਦਲਾਅ ਆਉਂਦਾ ਰਿਹਾ । ਪਿਛਲੇ ਚਾਰ ਦਹਾਕਿਆ ਵਿੱਚ ਗੀਤ ਸੰਗੀਤ ਵਿੱਚ ਆਈਆਂ ਤਬਦੀਲੀਆਂ ਨੇ ਪੰਜਾਬੀ ਗਾਇਕਾ ਨੂੰ ਭੋਇੰ ਤੋਂ ਚੁੱਕ ਆਸਮਾਨ ਨੂੰ ਛੂਹਣ ਲਗਾ ਦਿੱਤਾ । ਪੰਜਾਬੀ ਮਾਂ ਬੋਲੀ ਦਾ ਪਸਾਰਾ ਇਸ ਕਦਰ ਵੱਧ ਗਿਆ ਕਿ ਬਾਲੀਵੁੱਡ ਦੀਆਂ ਫ਼ਿਲਮਾਂ ਨੂੰ ਚਲਾਉਣ ਵਾਸਤੇ ਪੰਜਾਬੀ ਗਾਇਕਾਂ ਜਾਂ ਪੰਜਾਬੀ ਕਿਰਦਾਰਾਂ ਦਾ ਸਹਾਰਾ ਲਿਆ ਜਾਣ ਲੱਗਾ । ਇਹ ਗੱਲ ਸਮੁੱਚੇ ਪੰਜਾਬੀਆਂ ਲਈ ਫ਼ਖਰ ਵਾਲੀ ਹੋ ਨਿਬੜੀ ਅਤੇ ਹਰ ਪੰਜਾਬੀ ਆਪਣੀ ਮਾਂ ਬੋਲੀ ਦੇ ਸੇਵਾਦਾਰਾਂ ’ਤੇ ਮਾਣ ਮਹਿਸੂਸ ਕਰਨ ਲੱਗਾ । ਅਣਗਿਣਤ ਬੇਰੁਜ਼ਗਾਰਾਂ ਨੂੰ ਵੀ ਇਸ ਖੇਤਰ ਨੇ ਚੰਗੇ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਵਾਏ ਅਤੇ ਗਾਉਣਾ ਵਜਾਉਣਾ ਇੱਕ ਕਿੱਤੇ ਵਜੋਂ ਵਿਕਸਤ ਹੋ ਗਿਆ ।
ਪੰਜ ਕੁ ਵਰ੍ਹੇ ਪਹਿਲਾਂ ਤੱਕ ਸਭ ਠੀਕ ਠਾਕ ਚੱਲ ਰਿਹਾ ਸੀ ਕਿ ਅਚਾਨਕ ਇਸ ਕਿੱਤੇ ਵਿੱਚ ਇੱਕ ‘ਘਾਤਕ ਘੂਸਪੈਠ’ ਹੋਈ , ਜਿਸਨੇ ਪੰਜਾਬੀ ਗੀਤ ਸੰਗੀਤ ਦੀ ਅੰਬਰਾਂ ਨੂੰ ਛੂਹ ਰਹੀ ਪਤੰਗ ਨੂੰ ਐਸੀ ਕਾਟ ਮਾਰੀ ਕਿ ਉਹ ਭੂੰਜੇ ਡਿੱਗ, ਆਪਣੀ ਰੀਡ ਦੀ ਹੱਡੀ ਤੱਕ ਤੁੜਵਾ ਬੈਠਾ । ਪੰਜਾਬੀ ਅਖਾੜਿਆਂ ਅਤੇ ਗਾਇਕਾਂ ਦੀ ਸ਼ੋਹਰਤ ਰੂਪੀ ਰਿਆਸਤ ਤੇ ਅਸ਼ਲੀਲਵਾਦ ਦਾ ਇੱਕਦਮ ਕਬਜ਼ਾ ਹੋ ਗਿਆ । ਇਹ ਕਬਜ਼ਾ ਕਰਨ ਵਾਲੇ ਕੋਈ ਸੱਤ ਸਮੁੰਦਰ ਪਾਰ ਕਰਕੇ ਨਹੀਂ ਸਨ ਆਏ ,ਇਹ ਧਾੜਵੀ ਸਾਡੇ ਆਪਣੇ ਹੀ ਲੋਕ ਸਨ ,ਜਿਹਨਾਂ ਨੇ ਆਪਣੀ ਮਾਂ ਬੋਲੀ ਦੇ ਕਪੜੇ ਲੀਰੋ ਲੀਰ ਕਰਨ ਲੱਗਿਆਂ ਰੱਤੀ ਭਰ ਵੀ ਸ਼ਰਮ ਨਾ ਕੀਤੀ । ਹਲਕੀ ਫੁੱਲਕੀ ਛੇੜ ਛਾੜ ਤੋਂ ਗੱਲ ਕਪੜੇ ਫਾੜਨ ਜਾਂ ਉਤਾਰਨ ਤੱਕ ਪਹੁੰਚ ਗਈ । ਪੰਜਾਬਾਣ ਮੁਟਿਆਰਾਂ ਆਪਣੇ ਹੁਸਨ ਸੁਹੱਪਣ ਦਾ ਦਰੁਪਯੋਗ , ਫੋਕੀ ਸ਼ੋਹਰਤ ਹਾਸਿਲ ਕਰਨ ਵਾਸਤੇ ਕਰਨ ਲੱਗੀਆਂ । ਸੰਗੀਤਕ ਰੁਜ਼ਗਾਰ ਦੇ ਵਿੱਚੋਂ ‘ਵੇਸਵਾ ਗਮਨੀ’ ਵਰਗਾ ਨਵਾਂ ਵਿਉਪਾਰ ਜਨਮ ਲੈ ਬੈਠਾ । ਪਿੰਡਾਂ ਦੀ ਮੰਡੀਰ ਦਾ ਝੁੱਕਾ ਸੁਰੀਲੇ ਗਾਇਕਾਂ ਵਾਲੇ ਪਾਸਿਓ ਹੱਟਕੇ , ਸੋਹਣੀਆਂ ਡਾਂਸਰਾਂ ਵੱਲ ਹੋ ਗਿਆ । ਅੱਠ ਅੱਠ , ਦਸ ਦਸ ਜਵਾਨ ਮੁੰਡੇ ਕੁੜੀਆਂ ਦੇ ਅਣਗਿਣਤ ਗਰੁੱਪ ਜਿਹੇ ਬਣ ਗਏ । ਇੱਕ ਇੱਕ ਕਰਕੇ ਅਜਿਹੇ ਗਰੁੱਪ ਦਿਨਾਂ ਵਿੱਚ ਹੀ ਪੂਰੇ ਪੰਜਾਬ ਭਰ ਵਿੱਚ ਖੁੰਭਾਂ ਵਾਂਗੂੰ ਉਗ ਗਏ । ਪੰਜਾਬ ਭਰ ਵਿੱਚ ਤੂੜੀ ਵਾਲੇ ਕੋਠਿਆਂ ਵਿੱਚ ਸੁੱਟੇ ਪਏ ਚਰਖ਼ਿਆਂ ਦੀ ਕਦਰ ਪੈਣ ਲੱਗੀ ਅਤੇ ਉਹਨਾਂ ਨੂੰ ਰੰਗ ਰੋਗਨ ਕਰਵਾਕੇ , ਕਾਰਾਂ ਦੇ ਹੂਟੇ ਮਿਲਨ ਲੱਗੇ ।
ਇਹਨਾਂ ਗਰੁੱਪਾਂ ਦੀ ਚਕਾਚੌਹਦ ਨੇ ਸੈਂਕੜੇ ਗਾਇਕ ਕਲਾਕਾਰਾਂ ਅਤੇ ਹਜ਼ਾਰਾਂ ਸਾਜ਼ੀਆਂ ਦੇ ਰੁਜ਼ਗਾਰ ਨੂੰ ਬੂਰੀ ਤਰ੍ਹਾਂ ਪ੍ਰਭਾਵਿਤ ਕੀਤਾ । ਇਹ ਚਰਖ਼ੇ , ਡੀ.ਜੇ. ਵਾਲੇ ਪੰਜਾਬੀ ਕਲਾਕਾਰਾਂ ਦੇ ਗਾਣਿਆਂ ਉਪਰ ਹੀ ਡਾਂਸ ਕਰਕੇ ਨੋਟ ਕਮਾਉਣ ਲੱਗੇ ਅਤੇ ਗੀਤਾਂ ਦੇ ਗਾਇਕਾਂ ਨੂੰ ਭੁੱਖੇ ਮਰਨ ਤੱਕ ਦੀ ਨੌਬਤ ਆ ਜਾਣ ਦਾ ਖਤਰਾ ਮੰਡਰਾਉਣ ਲੱਗਾ ।
ਬੇਸ਼ੱਕ ਕੁੜੀਆਂ ਨੂੰ ਗਾਣਿਆਂ ਤੇ ਨਾਲ ਨਾਲ ਨਚਾਉਣ ਦੀ ਪਿਰਤ ਵੀ ਗਾਇਕਾ ਵਿੱਚੋ ਹੀ ਕੁੱਝ ਕੁ ਗਾਇਕਾ ਨੇ ਖ਼ੁਦ ਹੀ ਪਾਈ ਸੀ ਸ਼ਾਇਦ ਓਸ ਵੇਲੇ ਉਹ ਆਪਣੇ ਗਲੇ ਨੂੰ ਅਰਾਮ ਦਿਵਾਉਂਦੇ ਦਿਵਾਉਂਦੇ ਇੱਕ ਵੱਡੀ ਬਹੁਤ ਭੁੱਲ ਕਰ ਬੈਠੇ ਸਨ । ਸਮੇਂ ਨਾਲ ਇਹਨਾਂ ਦੀ ਕੀਤੀ ਭੁੱਲ, ਇਹਨਾਂ ਦੇ ਹੀ ਸੰਘ ਵਿੱਚ ਫਸੀ ਹੱਡੀ ਬਣ ਬੈਠੀ ।
ਕਲਾਕਾਰਾਂ ਦੀਆਂ ਜਥੇਬੰਦੀਆਂ ਦੇ ਵਿਰੋਧ ਦੇ ਬਾਵਜੂਦ ਚਰਖਾ ਚਲਦਾ ਰਿਹਾ ਅਤੇ ਅਸ਼ਲੀਲ ਪੂਣੀਆਂ ਨਾਲ ਕਾਮੁਕਤਾ ਦੇ ਗਲੋਟੇ ਗੂੰਦੇ ਜਾਂਦੇ ਰਹੇ । ਪੰਜਾਬਣ ਮੁਟਿਆਰ ਦਾ ਪਹਿਰਾਵਾ ਪਾ ਕੇ ਸਟੇਜ ਤੇ ਟਪੂਸੀਆਂ ਮਾਰਨ ਵਾਲੀਆਂ ਇਹਨਾਂ ‘ਜ਼ਾਅਲੀ ਪੰਜਾਬਣਾ’ ਨੂੰ ਸ਼ਾਇਦ ‘ਪੰਜਾਬਣ ਜੱਟੀ’ ਦੀ ਮੜਕ ਦਾ ਗਿਆਨ ਹੀ ਨਾ ਹੋਵੇ ਕਿ ਗਿੱਧੇ ਵਿੱਚ ਨੱਚਦੀ ਪੰਜਾਬਣ ਦੀ ਅੱਡੀ ਦੀ ਧਮਕ ਸੱਚਮੁਚ ਹੀ ਲਾਗਲੇ ਚਾਰ ਪਿੰਡਾਂ ਤੱਕ ਸੁਣਦੀ ਹੁੰਦੀ ਸੀ ਅਤੇ ਉਹ ਨੱਚ ਨੱਚਕੇ ਭੂਚਾਲ ਲਿਆ ਦਿੰਦੀ ਸੀ । ਉਸਨੂੰ ਨੱਚਦੀ ਵੇਖ ਮੁਟਿਆਰਾਂ ਤਾਂ ਮੁਟਿਆਰਾਂ ਹਰੇਕ ਬੁੱਢੀ ਠੇਰੀ ਮੇਲਣ ਦਾ ਵੀ ਜੀਅ ਮੋਲੋਮੱਲੀ ਨੱਚਣ ਨੂੰ ਕਰਨ ਲੱਗਦਾ ਸੀ । ਪੰਜਾਬਣ ਮੁਟਿਆਰ ਸਾਰੀ ਸਾਰੀ ਰਾਤ ਨੱਚ ਨੱਚਕੇ ਧਮਾਲਾਂ ਪਾਉਂਦੀ ਨਹੀਂ ਸੀ ਥੱਕਦੀ ਹੁੰਦੀ । ਇਸੇ ਤਰ੍ਹਾ ਦਾ ਹਾਲ ਹੀਲਾ ਭੰਗੜੇ ਦੇ ਮੋਹਰੀ ਪੰਜਾਬੀ ਗਭਰੂ ਜਵਾਨਾਂ ਦਾ ਵੀ ਹੁੰਦਾ ਸੀ ਕਿ ਢੋਲ ਤੇ ਡੱਗਾ ਵੱਜਦਿਆਂ ਹੀ ਸਭਨਾ ਦਾ ਪੱਬ ਉਠਣ ਲੱਗ ਜਾਂਦਾ ਸੀ । ਜੇ ਕਿਤੇ ਪੰਜਾਬਣ ਮੁਟਿਆਰ ਅਤੇ ਪੰਜਾਬੀ ਗਭਰੂ ਇੱਕੋ ਅਖਾੜੇ ਵਿੱਚ ਇਕੱਠੇ ਉਤਰ ਆਉਂਦੇ ਸਨ ਤਾਂ ਸਮਾਂ ਬੰਨ੍ਹ ਦਿੰਦੇ ਸਨ । ਪੌਣਾ ਉਹਨਾਂ ਦੀਆਂ ਧਮਾਲਾਂ ਵੇਖਣ ਵਾਸਤੇ ਰਾਸਤੇ ਬਦਲ ਲੈਂਦੀਆਂ ਸਨ ਅਤੇ ਚੰਦ ਗੋਡੀ ਮਾਰਦਾ ਮਾਰਦਾ ਕੁੱਝ ਪਲ ਰੁੱਕ ਜਾਂਦਾ ਸੀ ।
ਅੱਜ ਕੱਲ੍ਹ ਇਹਨਾਂ ਡੀ.ਜੇ. ਅਤੇ ਚਰਖ਼ੇ ਵਾਲਿਆਂ ਦੀਆਂ ਬੇਢੰਗੀਆਂ ਸਟੇਜਾ ਵੇਖਣ ਵਾਲੇ ਨੂੰ ਏਨਾਂ ਸ਼ਰਮਸਾਰ ਕਰ ਦਿੰਦੀਆਂ ਹਨ ਕਿ ਚਾਵਾਂ ਨਾਲ ਵਿਆਹ ਵਿੱਚ ਪ੍ਰੀਵਾਰ ਸਮੇਤ ਆਇਆ ਆਦਮੀ , ਵਿਆਹ ਨੂੰ ਵਿਚਾਲੇ ਹੀ ਛੱਡਕੇ , ਘਰ ਵਾਪਿਸ ਪਰਤ ਜਾਣ ਵਾਸਤੇ ਮਜਬੂਰ ਹੋ ਜਾਂਦਾ ਹੈ । ਕੁੱਝ ਕੁ ਗਰੁੱਪਾਂ ਨੂੰ ਛੱਡ ਜ਼ਿਆਦਾਤਰ ਗਰੁੱਪਾਂ ਦੇ ਡਾਂਸਰ ਅਤੇ ਡਾਂਸਰਾਂ ਪ੍ਰੀਵਾਰਾਂ ਦੇ ਵਿਚਕਾਰ ਲੱਗੀ ਸਟੇਜ ਉਪਰ ਅਜਿਹੀ ਹਰਕਤ ਕਰ ਜਾਂਦੇ ਹਨ ਕਿ ਧੀਆਂ ਭੈਣਾ ਨਾਲ ਬੈਠਾ ਆਦਮੀਂ ਆਪਮੁਹਾਰੇ ਮੂੰਹੋ ਕਹਿ ਉਠਦਾ ਹੈ ਕਿ ‘ਕੀ ਕੰਜਰਖਾਨਾ ਲਾ ਰੱਖਿਐ’ । ਸਚੁਮੱਚ ਹੀ ਇਹ ਕਲਾਕਾਰ ਇਸ ਤਰ੍ਹਾਂ ਆਪਣੇ ਆਪ ਨੂੰ ਸਟੇਜਾਂ ਤੇ ਪੇਸ਼ ਕਰਦੇ ਹਨ ਕਿ ਇਹਨਾਂ ਦਾ ਡਾਂਸ ਜਾਂ ਹਰਕਤਾਂ ਬਹੁਤ ਅਸਭਿਅਕ ਤੇ ਅਸ਼ਲੀਲ ਹੁੰਦੀਆਂ ਹਨ । ਇਹਨਾਂ ਗਰੁੱਪਾਂ ਵਿੱਚੋਂ ਹੀ ਹੁਣ ਤਾਂ ਕਈਆਂ ਗਰੁੱਪਾਂ ਨੇ ਵੀ ਆਪਣੇ ਨਾਵਾਂ ਨਾਲ ‘ਅਸਲੀ ਸਭਿਆਚਾਰਕ ਗਰੁੱਪ’ ਲਿਖਣਾ ਸ਼ੁਰੂ ਕਰ ਦਿੱਤਾ ਹੈ ਸ਼ਾਇਦ ਇਹਨਾਂ ਨੂੰ ਆਪਣੇ ਸਮਕਾਲੀ ਗਰੁੱਪਾਂ ਵਿੱਚ ਫੈਲੀ ‘ਅਸ਼ਲੀਲਤਾ ਦੀ ਕਾਲਨਿਗਾਰੀ’ ਦਾ ਅਹਿਸਾਸ ਹੋਣ ਲੱਗਾ ਹੋਵੇ ।

ਪਿਛਲੇ ਦਿਨੀਂ ਇਹਨਾਂ ਗਰੁੱਪਾਂ ਦੀ ਇੱਕ ਹੋਰ ਸ਼ਰਮਨਾਕ ਗੱਲ ਸੁਨਣ ਨੂੰ ਮਿਲੀ ਜਿਸ ਨਾਲ ਪੰਜਾਬੀ ਸਭਿਆਚਾਰ ਨਾਲ ਜੁੜਿਆ ਹਰ ਇਨਸਾਨ ਖ਼ੁਦ ਵ ਖ਼ੁਦ ,ਥਾਂ ਤੇ ਹੀ ਗਰਕ ਜਾਣ ਨੂੰ ਮਜਬੂਰ ਹੋ ਜਾਏਗਾ । ਉਹ ਇੱਕ ਲੰਬਾ ਹਉਂਕਾ ਲੈ ਕੇ ਬਸ ਇਹੋ ਹੀ ਕਹਿ ਸਕੇਗਾ ਕਿ ;
‘ਐ ਖ਼ੁਦਾ ਅਸਾਂ ਨੇ ਇਹ ਦਿਨ ਵੀ ਵੇਖਣੇ ਸਨ’
ਬੇਸ਼ੱਕ ਪੁਰਾਣੇ ਸਮਿਆਂ ਵਿੱਚ ਦੋਗਾਣਾ ਜੋੜੀਆਂ ਵੀ ਸਟੇਜਾਂ ਕਰਨ ਜਾਂਦੀਆਂ ਹੁੰਦੀਆਂ ਸਨ ਪਰੰਤੂ ਉਸ ਵੇਲੇ ਜੇ ਕੋਈ ਸ਼ਰਾਬੀ ਕਿਸੇ ਗਾਇਕਾ ਨੂੰ ਇਨਾਮ ਵਾਲੇ ਪੈਸੇ ,ਉਸ ਦੇ ਹੱਥ ਵਿੱਚ ਫੜਾਉਣ ਦੀ ਜ਼ਿੱਦ ਕਰ ਲੈਂਦਾ ਤਾਂ ਸ਼ਰਾਬੀ ਦੀ ਗਾਇਕ ਨਾਲ ਲੜਾਈ ਹੋ ਜਾਣ ਤੱਕ ਦੀ ਨੌਬਤ ਆ ਜਾਂਦੀ ਸੀ । ਗੱਲ ਵਧ ਜਾਣ ਤੇ ਗੋਲੀ ਵੀ ਚੱਲ ਜਾਂਦੀ ਸੀ । ਅੱਜ ਕੱਲ੍ਹ ਇਹਨਾਂ ‘ਡਾਂਸਰਾਂ ਉਰਫ਼ ਡੰਮੀ ਗਾਇਕਾਵਾਂ’ ਨੇ ਸ਼ਰਾਬੀਆਂ ਅਤੇ ਸੋਫ਼ੀਆਂ , ਦੋਹਾਂ ਦੀਆਂ ਜੇਬਾਂ ਵਿੱਚੋਂ ਨੋਟ ਕਢਵਾਉਣ ਦੇ ਕਈ ਅਸਭਿਅਕ ਢੰਗ ,ਤਰੀਕੇ ਲੱਭ ਲਏ ਹਨ ।
ਪਹਿਲਾਂ ਪਹਿਲਾਂ ਅਜਿਹੀਆਂ ਖ਼ਬਰਾਂ ਬੰਬਈ ਦੀਆਂ ਛੋਟੀਆਂ ਮੋਟੀਆਂ ਫਿਲਮੀ ਐਕਟਰੱਸਾ ਵਾਸਤੇ ਸੁਨਣ ਨੂੰ ਮਿਲਿਆ ਕਰਦੀਆਂ ਸਨ ਕਿ ਕਿਸੇ ਵਪਾਰੀ ਨਾਲ ਕੋਈ ਫਿਲਮੀ ਆਰਟਿਸਟ ਡੇਟਸ ਤੇਂ ਚਲੀ ਗਈ ।
ਅਫਸੋਸ ! ਹੁਣ ਇਹ ਖ਼ਬਰਾਂ ਪੰਜਾਬ ਦੇ ਪਿੰਡਾਂ , ਕਸਬਿਆਂ, ਸ਼ਹਿਰਾਂ ਵਿੱਚ ਥਾਂ ਥਾਂ ਫੱਟੇ ਟੰਗ ਕੇ ਬੈਠੇ ਇਹਨਾਂ ਪੰਜਾਬੀ ਸਭਿਆਚਾਰ ਦੇ ਨਵੇਂ ਵਾਰਿਸਾ ਬਾਰੇ ਸੁਨਣ ਨੂੰ ਆਮ ਮਿਲਦੀਆਂ ਹਨ ।
ਪਿਛਲੇ ਸਾਲ ਝੋਨੇ ਦੀ ਫਸਲ ਵੇਲੇ ਖੇਤਾਂ ਦੀਆਂ ਬੰਬੀਆਂ ਦੀ ਰਾਖੀ ਨੌਜਵਾਨ ਪੁੱਤਾਂ ਦੀ ਬਜਾਏ , ਪੇਂਡੂ ਬੁੜੀਆਂ ਔਰਤਾਂ ਨੇ ਆਪਣੇ ਬਜ਼ੁਰਗ ਪਤੀਆਂ ਨੂੰ ਭੇਜਣਾ ਮੁਨਾਸਿਬ ਸਮਝਿਆ ਕਿਉਂਕਿ ਇਹ ਸਭਿਆਚਾਰ ਦੀ ਰਖਵਾਲੀ ਕਰਦੀਆਂ ਡਾਂਸਰਾਂ ,ਸਭਿਆਚਾਰ ਦੀ ਸੇਵਾ ਕਰਨ ਦੇ ਨਾਲ ਨਾਲ ,ਵਿਹਲੇ ਸਮੇਂ ਵਿੱਚ ਰਾਤਾਂ ਨੂੰ ਖੇਤ ਦੇ ਰਖਵਾਲਿਆਂ ਨਾਲ ਬੰਬੀਆਂ ਦੀ ਰਖਵਾਲੀ ਕਰਨ ਜਾਂ ਉਹਨਾਂ ਦੀ ਸੇਵਾ ਕਰਨ ਵਾਸਤੇ ਕਿਰਾਏ ਤੇ ਵੀ ਆ ਜਾਂਦੀਆਂ ਸਨ । ਪੰਜਾਬੀ ਸਭਿਆਚਾਰ ਦੀ ਦੁਹਾਈ ਪਾਉਂਦੀਆਂ ਇਹ ਦੁਕਾਨਾਂ ਸਾਡੇ ਅਮੀਰ ਸਭਿਆਚਾਰਕ ਸ਼ਰਮਾਏ ਨੂੰ ਕਿੰਨਾਂ ਜ਼ਲੀਲ ਕਰ ਕਰ ਲੁਟਾ ਰਹੀਆਂ ਹਨ । ਇਹ ਗੱਲ ਹੁਣ ਬਹੁਤੀ ਦੇਰ ਛੁਪਕੇ ਰਹਿਣ ਵਾਲੀ 
ਨਹੀਂ । ਮੈਨੂੰ ਇੱਕੋ ਸਵਾਲ ਘੁਣ ਵਾਂਗ ਅੰਦਰੋ ਅੰਦਰੀ ਖਾਈਂ ਜਾ ਰਿਹਾ ਹੈ ਕਿ ਪੰਜਾਬ ਦੀ ਜਵਾਨੀ ਨੂੰ ਤਾਂ ਪਹਿਲਾਂ ਹੀ ‘ਨਸ਼ਿਆਂ ਦੀ ਲਤ’ ਨੇ ਬਰਬਾਦ ਕਰ ਦਿੱਤਾ ਹੈ । ਹੁਣ ਸਭਿਆਚਾਰ ਦੇ ਨਾਂ ’ਤੇ ਹੋ ਰਹੇ ਇਹਨਾਂ ਅਸਭਿਅਕ ਕੰਮਾਂ ਕਰਕੇ ਪੰਜਾਬ ਦੇ ਗਭਰੂ ਹੋਰ ਕੀ ਕੀ ਐਬ ਲਗਵਾ ਬੈਠਣਗੇ , ਇਹ ਗੱਲ ਤੁਹਾਡੇ ਸਾਡੇ ਵਾਸਤੇ ਚਿੰਤਾ ਕਰਨਯੋਗ ਹੈ ।
ਇਹਨਾਂ ‘ਅਸਭਿਆਚਾਰਕ ਗਰੁੱਪਾਂ’ ਨੂੰ ਹੁਣ ਕੌਣ ਨਕੇਲ ਪਾਏਗਾ ਸਰਕਾਰ ਜਾਂ ਲੋਕ ?
****

ਮੋਬਾਇਲ ਨੰਬਰ : 98885-05577