ਥਾਈ ਯੱਕੇ ਦੀ ਸਵਾਰੀ.......... ਲੇਖ / ਰਿਸ਼ੀ ਗੁਲਾਟੀ

ਇਹ ਗੱਲ ਤਾਂ ਸੋਲਾਂ ਆਨੇ ਸੱਚੀ ਹੈ ਕਿ ਪੰਜਾਬੀ ਕਿਤੇ ਵੀ ਕਿਉਂ ਨਾ ਜਾਣ, ਆਪਣੀ ਪਹਿਚਾਣ ਬਰਕਰਾਰ ਰੱਖਦੇ ਹਨ । ਉਹ ਪਹਿਚਾਣ ਕਿਸ ਰੂਪ ਵਿੱਚ ਹੁੰਦੀ ਹੈ, ਇਹ ਗੱਲ ਜੁਦਾ ਹੈ । ਪਿਛਲੇ ਦਿਨਾਂ ਦੀ ਹੀ ਗੱਲ ਲੈ ਲਵੋ, ਥਾਈ ਏਅਰਲਾਈਨਜ਼ ਰਾਹੀਂ ਦਿੱਲੀ ਤੋਂ ਬੈਂਕਾਕ ਦੇ ਰਸਤੇ ਵਿੱਚ ਸਾਡੇ ਵੀਰਾਂ ਨੇ ਜੋ ਗੰਦ ਪਾਇਆ ਉਹ ਨਾ-ਭੁੱਲਣਯੋਗ ਹੈ....

“ਚੱਲ ਬਾਈ, ਸਟਾਰਟ ਕਰ ਲੈ”


“ਤੁਰ ਪੈ ਹੁਣ ਤਾਂ” ਜਿਹੀਆਂ ਆਵਾਜਾਂ ਮੇਰੀ ਪਿਛਲੀ ਸੀਟ ਤੋਂ ਹੀ ਆ ਰਹੀਆਂ ਸਨ । ਸਹੀ ਟਾਈਮ ਤੇ ਜਹਾਜ਼ ਨੇ ਉਡਾਨ ਭਰੀ ਤੇ
“ਡਰਾਈਵਰ ਵੀਰ” ਨੇ ਸਾਵਧਾਨੀ ਭਰੀਆਂ ਗੱਲਾਂ ਦੱਸਣੀਆਂ ਸ਼ੁਰੂ ਕੀਤੀਆਂ ।
“ਬਾਈ ਪੰਜਾਬੀ ‘ਚ ਦੱਸ, ਇਉਂ ਨਹੀਂ ਸਮਝ ਆਉਂਦੀ”
ਇਥੋਂ ਤੱਕ ਦੀਆਂ ਗੱਲਾਂ ਤਾਂ ਪੰਜਾਬੀਆਂ ਦੇ ਹਸਮੁੱਖ ਤੇ ਖੁੱਲੇ ਸੁਭਾਅ ਦੀ ਪਹਿਚਾਣ ਲੱਗ ਰਹੀ ਸੀ, ਜਦ ਵੀ ਜਹਾਜ਼ ਗੜਗੜਾਹਟ ਪੈਦਾ ਕਰਦਾ ਜਾਂ ਹਿੱਲਦਾ ਤਾਂ ਜੋ ਕੁਝ ਸੁਣਿਆ ਉਹ ਸ਼ਰਮਸਾਰ ਕਰਦਾ ਸੀ, ਕਿਉਂ ਜੋ ਨਾਲ਼ ਦੀਆਂ ਸੀਟਾਂ ਤੇ ਹਰਿਆਣਾ, ਦਿੱਲੀ ਤੋਂ ਛੁੱਟ ਹੋਰ ਦੇਸ਼ਾਂ ਦੀਆਂ ਸਵਾਰੀਆਂ ਵੀ ਬੈਠੀਆਂ ਸਨ ਪਰ ‘ਵਾਜਾਂ ਕੇਵਲ ਸਾਡੇ ਸਪੂਤਾਂ ਦੀਆਂ ਆ ਰਹੀਆਂ ਸਨ ।
“ਇਹ ਤਾਂ ਡਿੱਗਣ ਲੱਗਾ ਬਾਈ”
“ਸਵਾਰੀ ਆਪਣੇ ਸਮਾਨ ਦੀ ਆਪ ਜੁੰਮੇਵਾਰ ਹੈ”
“ਰੱਬਾ ਰੱਖ ਲੈ”
“ਬਾਈ ਮੇਰਾ ਬੀਮਾ ਨਹੀਂ ਹੋਇਆ”
ਤੜਕੇ ਸਾਝਰੇ ਹੀ ਸਾਢੇ ਸੱਤ ਵਜੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਵਿੱਚ ਦਾਖ਼ਲ ਹੋ ਗਏ ਸਾਂ ਤਾਂ ਜੋ ਭੀੜ ਵਿੱਚ ਫਸ ਕੇ ਕੋਈ ਸਮੱਸਿਆ ਨਾ ਪੇਸ਼ ਆ ਜਾਵੇ । ਜਾ ਕੇ ਸਮਾਨ ਜਮ੍ਹਾਂ ਕਰਵਾਇਆ ਤੇ ਇਮੀਗਰੇਸ਼ਨ ਕਾਊਂਟਰ ਤੇ ਜਾ ਖੜ੍ਹੇ ਹੋਏ । ਕਲੀਅਰੈਂਸ ਤੋਂ ਬਾਅਦ ਡੇਢ ਘੰਟਾ ਵੇਟਿੰਗ ਹਾਲ ਵਿੱਚ ਗੁਜ਼ਾਰਿਆ । ਲੁਧਿਆਣੇ ਦਾ ਇੱਕ ਵੀਰ ਨਾਲ਼ ਦੀ ਕੁਰਸੀ ਤੇ ਆ ਬੈਠਿਆ । ਅਸੀਂ ਘਰੋਂ ਦੇਸੀ ਘਿਉ ਵਾਲੇ ਆਲੂ ਦੇ ਪਰੌਂਠੇ ਬਣਵਾ ਕੇ ਲੈ ਗਏ ਸਾਂ ।
“ਲੈ ਬਾਈ, ਪਰੌਂਠੇ ਖਾ ਲੈ”
“ਬੱਸ ਬਾਈ ਜੀ, ਤੁਸੀਂ ਖਾਓ, ਮੈਂ ਬਾਹਰ ਕੈਂਟੀਨ ਤੋਂ ਖਾ ਕੇ ਹੀ ਅੰਦਰ ਆਇਆ ਹਾਂ”
“ਖਾ ਲੈ ਵੀਰ, ਮਾਂ ਦੇ ਹੱਥ ਦੇ ਅਖੀਰਲੀ ਵਾਰ ਮਿਲ ਰਹੇ ਨੇ, ਮੁੜਕੇ ਪਤਾ ਨਹੀਂ ਕਦੋਂ ਨਸੀਬ ਹੋਣ”
ਗੱਲ ਸੱਚੀ ਵੀ ਸੀ ਤੇ ਕੌੜੀ ਸਚਾਈ ਵੀ, ਕੁਦਰਤੀ ਮੂੰਹੋਂ ਨਿੱਕਲ ਗਈ । ਇਸ ਕੌੜੀ ਸਚਾਈ ਦੇ ਅੱਗੇ ਆਉਂਦਿਆਂ ਹੀ ਅਸੀਂ ਤਿੰਨਾਂ ਨੇ ਚੁੱਪ-ਚਾਪ ਪਰੌਂਠੇ ਖਾ ਲਏ । ਸ਼ਾਇਦ ਸਭ ਨੂੰ ਭਵਿੱਖ ਵਿੱਚ ਆ ਰਹੇ ਸਮੇਂ ਬਾਰੇ ਅਹਿਸਾਸ ਹੋ ਰਿਹਾ ਸੀ । ਮੈਨੂੰ ਇਸ ਗੱਲ ਦਾ ਭਲੀ ਭਾਂਤ ਅੰਦਾਜ਼ਾ ਹੋ ਗਿਆ ਕਿ ਪਰਵਾਸੀ ਵੀਰ ਇਸ ਗੱਲ ਦੀ ਰਟ ਕਿਉਂ ਲਾਈ ਰੱਖਦੇ ਹਨ ਕਿ “ਬਾਹਰ ਕੁਝ ਨਹੀਂ ਰੱਖਿਆ, ਪੰਜਾਬ ਵਿੱਚ ਹੀ ਸਰਦਾਰੀ ਹੈ, ਆਪਣਾ ਪਰਿਵਾਰ ਹੈ ।” ਜਦ ਕੋਈ ਪਰਵਾਸੀ ਦੋਸਤ ਇਹ ਗੱਲ ਮੈਨੂੰ ਕਹਿੰਦਾ ਸੀ ਤਾਂ ਮੇਰਾ ਜੁਆਬ ਹੁੰਦਾ ਸੀ “ਸਾਲਿਆ ਜੇ ਤੈਨੂੰ ਏਨਾਂ ਚਾਅ ਹੈ ਇਸ ਮਿੱਟੀ ਦਾ ਤਾਂ ਇੱਥੇ ਕਿਉਂ ਨਹੀਂ ਰਹਿ ਜਾਂਦਾ, ਇਹ ਤਾਂ ਥੋਡੀਆਂ ਕਹਿਣ ਦੀਆਂ ਹੀ ਗੱਲਾਂ ਨੇ... ਘਰ... ਪਰਿਵਾਰ... ਵਤਨ... ਮਿੱਟੀ... ਚਾਰ ਦਿਨ ਇੱਥੇ ਲਗਾ ਕੇ ਮੁੜ ਉਡਾਰੀ ਮਾਰ ਜਾਂਦੇ ਹੋ”, ਪਰ ਇਸ ਨਾਲ ਹੀ ਇਸ ਗੱਲ ਦਾ ਵੀ ਅਹਿਸਾਸ ਸੀ ਕਿ ਉਹ ਲੋਕ ਕਿਉਂ ਆਪਣੀਆਂ ਸਰਦਾਰੀਆਂ ਛੱਡ ਕੇ ਦਿਹਾੜੀਆਂ ਕਰਨੀਆਂ ਮਨਜ਼ੂਰ ਕਰਦੇ ਨੇ । ਮੇਰਾ ਵੀ ਤਾਂ “ਸ਼ਾਹੀ ਕੰਮ” ਸੀ, ਆਪਣੇ ਸ਼ਹਿਰ ਫ਼ਰੀਦਕੋਟ ਵਿੱਚ । ਫਿਰ ਮੈਂ ਕਿਉਂ ਭਰਿਆ ਪੂਰਾ ਪਰਿਵਾਰ ਤੇ ਕੰਮ-ਕਾਰ ਛੱਡ ਕੇ, ਉਸੇ ਰਸਤੇ ਦਾ ਰਾਹੀ ਬਣ ਗਿਆ, ਜਿਸ ‘ਤੇ ਚੱਲਣ ‘ਤੇ ਹੋਰਨਾਂ ਨੂੰ ਟੋਕਦਾ ਸੀ, ਜ਼ਾਹਿਰ ਜਿਹਾ ਕਾਰਨ ਹੈ ਸਾਡਾ ਸਮਾਜਿਕ ਤਾਣਾ ਬਾਣਾ, ਜੋ ਇਤਨਾ ਜਿ਼ਆਦਾ ਉਲਝ ਚੁੱਕਾ ਹੈ ਕਿ ਹਰ ਕੋਈ ਖੁਦਗਰਜ਼ੀ, ਭ੍ਰਿਸ਼ਟਾਚਾਰ ਤੇ ਹੋਰ ਅਲਾਮਤਾਂ ‘ਚ ਏਨੀ ਬੁਰੀ ਤਰ੍ਹਾਂ ਉਲਝ ਚੁੱਕਾ ਹੈ ਕਿ ਕਿਸੇ ਦੇ ਆਜ਼ਾਦ ਹੋਣ ਦਾ ਕੋਈ ਰਸਤਾ ਨਜ਼ਰ ਨਹੀਂ ਆਉਂਦਾ । ਹਰ ਕੋਈ ਦੂਜੇ ਦੇ ਹੱਕ ਤੇ ਬੜੇ ਅਧਿਕਾਰ ਨਾਲ ਡਾਕਾ ਮਾਰ ਰਿਹਾ ਹੈ । ਕੋਈ ਆਪਣਾ ਫ਼ਰਜ਼ ਪਹਿਚਾਨਣ ਨੂੰ ਤਿਆਰ ਨਹੀਂ । ਚਾਹੇ ਸਰਕਾਰੀ ਅਫ਼ਸਰ ਹੈ, ਮੁਲਾਜ਼ਮ ਹੈ ਜਾਂ ਦੁਕਾਨਦਾਰ । ਮਿਲਾਵਟਖੋਰੀ ਤੇ ਰਿਸ਼ਵਤਖੋਰੀ ਵਿੱਚ ਸਾਡਾ ਪਹਿਲਾ ਨੰਬਰ ਹੈ । ਕੋਈ ਦੁਕਾਨਦਾਰ ਇਹ ਸੋਚਣ ਲਈ ਤਿਆਰ ਨਹੀਂ ਕਿ ਉਹਨਾਂ ਦੁਆਰਾ ਕੀਤੀ ਗਈ ਮਿਲਾਵਟ ਨਾਲ਼ ਕਿਨ੍ਹੇ ਕੁ ਲੋਕਾਂ ਦੀ ਸਿਹਤ ਨਾਲ਼ ਖਿਲਵਾੜ ਹੋ ਰਿਹਾ ਹੈ । ਖੁਰਾਕ ਕੁਆਲਟੀ ਕੰਟਰੌਲ ਨਾਲ਼ ਸਬੰਧਤ ਵਿਭਾਗਾਂ ਦੇ ਅਫ਼ਸਰ ਇਹ ਨਹੀਂ ਸੋਚਦੇ ਕਿ ਜਿਨ੍ਹਾਂ ਮਿਲਾਵਟ ਖੋਰ ਦੁਕਾਨਦਾਰਾਂ ਨੂੰ ਉਹ ਰਿਸ਼ਵਤ ਲੈ ਕੇ ਛੱਡ ਦਿੰਦੇ ਹਨ, ਉਨ੍ਹਾਂ ਦੁਆਰਾ ਕੀਤੀਆਂ ਗਈਆਂ ਮਿਲਾਵਟਾਂ ਨਾਲ਼ ਸਾਡੇ ਨੰਨੇ ਮੁੰਨੇ ਬੱਚੇ ਕਿੰਨੀਆਂ ਬਿਮਾਰੀਆਂ ਵਿੱਚ ਗ੍ਰਸਤ ਹੋ ਰਹੇ ਹਨ ।
ਖ਼ੈਰ ! ਇੰਤਜ਼ਾਰ ਖ਼ਤਮ ਹੋਈ ਤੇ ਸਵਾਰ ਹੋਣ ਦਾ ਇਸ਼ਾਰਾ ਮਿਲਦਿਆਂ ਹੀ ਸਭ ਲੋਕ ਲਾਈਨ ਬਣਾ ਕੇ ਜਹਾਜ਼ ਵਿੱਚ ਦਾਖ਼ਲ ਹੋਣ ਲੱਗੇ । ਗੇਟ ਤੇ “ਥਾਈ ਬੀਬੀਆਂ” ਸਭ ਨੂੰ ਹੱਥ ਜੋੜ, ਸਿਰ ਨਿਵਾ ਜੀ ਆਇਆਂ ਕਹਿ ਰਹੀਆਂ ਸਨ । ਅਸੀਂ ਵੀ ਕਿਸੇ ਚੰਗੇ ਲੀਡਰ ਵਾਂਗ ਛਾਤੀ ਫੁਲਾ ਕੇ ਤੇ ਧੋਣ ਅਕੜਾ ਕੇ, ਸਿਰ ਨੂੰ ਹਲਕੀ ਜਿਹੀ ਜੁੰਬਿਸ਼ ਦਿੰਦਿਆਂ ਉਨ੍ਹਾਂ ਦੀ ਜੀ ਆਇਆਂ ਪ੍ਰਵਾਨ ਕੀਤੀ । ਅੱਜ ਤੱਕ ਸਾਡੀ ਵੱਧ ਤੋਂ ਵੱਧ ਮਾਰ ਆਪਣਾ ਨੀਲਾ ਮੋਟਰਸਾਇਕਲ ਜਾਂ ਫਿਰੋਜ਼ਪੁਰ-ਦਿੱਲੀ ਪੰਜਾਬ ਮੇਲ ਹੀ ਸੀ, ਪਰ ਅੱਜ ਉਸ ਜਹਾਜ਼ ਵਿੱਚ ਸਵਾਰ ਹੋਣ ਦਾ ਮੌਕਾ ਮਿਲਿਆ ਸੀ, ਜਿਸਨੂੰ ਬਚਪਨ ਤੋਂ ਲੈ ਕੇ ਡੇਢ ਘੰਟਾ ਪਹਿਲਾਂ ਤੱਕ ਅੱਖਾਂ ਤੇ ਹੱਥ ਦੀ ਛਤਰੀ ਬਣਾ, ਮੂੰਹ ਉੱਚਾ ਚੁੱਕ ਕੇ ਹੀ ਦੇਖਿਆ ਸੀ । ਡੇਢ ਘੰਟਾ ਮੈਂ ਤਾਂ ਕਿਹਾ ਹੈ ਕਿ ਵੇਟਿੰਗ ਰੂਮ ‘ਚੋਂ ਸ਼ੀਸ਼ੇ ਥਾਣੀਂ ਬਾਹਰ ਖੜਾ ਜਹਾਜ਼ ਤੱਕਦਿਆਂ ਏਨਾ ਟਾਈਮ ਤੋਂ ਹੋ ਹੀ ਚੱਲਾ ਸੀ । “ਸਾਖ਼ਸ਼ਾਤ” ਪਲੇਨ ਵਿੱਚ ਬੈਠ ਕੇ ਨਾਲ ਬੈਠੀ ਘਰ ਵਾਲੀ ਦੇ ਚੂੰਢੀ ਵੱਢੀ ।
“ਹਟੋ ਜੀ! ਕੀ ਕਰਦੇ ਹੋ”
“ਭਾਗਵਾਨੇ ਮੈਂ ਤਾਂ ਦੇਖਦਾ ਸੀ ਕਿ ਸੱਚੀ ਮੁੱਚੀਂ ਜਹਾਜ਼ ਵਿੱਚ ਬੈਠੇ ਆਂ ਕਿ ਕੋਈ ਸੁਪਨਾਂ ਚੱਲ ਰਿਹੈ”
“ਚੰਗਾ... ਚੰਗਾ... ਇਉਂ ਕਰੋ ਪਈ ਮੰਮੀ ਹੋਰਾਂ ਨਾਲ਼ ਮੇਰੀ ਗੱਲ ਕਰਵਾਓ”
ਖੁਸ਼ੀਆਂ ਨਾਲ਼ ਫੁੱਲੀ ਘਰ ਵਾਲੀ ਨੇ ਵਾਰੀ ਸਿਰ ਸਾਰੇ ਪਰਿਵਾਰ ਨੂੰ “ਥਾਈ ਯੱਕੇ” ਵਿੱਚ ਸਵਾਰ ਹੋਣ ਬਾਰੇ ਦੱਸਿਆ ਤੇ ਸਾਰਿਆਂ ਨੇ ਫ਼ੋਨ ਤੇ ਇੱਕ ਦੂਜੇ ਤੋਂ ਅੱਗੇ ਵਧ ਕੇ ਵਧਾਈਆਂ ਦਿੱਤੀਆਂ । ਖ਼ੈਰ ਪਾਇਲਟ ਵੀਰ ਨੇ ਸੈਲਫ਼ ਮਾਰਿਆ ਤੇ ਯੱਕਾ ਅਸਮਾਨੀਂ ਚਾੜ੍ਹ ਲਿਆ । “ਬੀਬੀਆਂ” ਨੇ ਭੁੱਜੇ ਹੋਏ ਕਾਜੂ ਵਰਤਾ ਕੇ “ਖਾਓ-ਪੀਓ ਸਫ਼ਰ” ਦੀ ਸ਼ੁਰੂਆਤ ਕੀਤੀ । ਮੈਨੂੰ ਮੂੰਗਫਲੀਆਂ ਚੱਬਣ ਵਾਲੇ ਨੂੰ ਵਿਦੇਸ਼ੀ ਕਾਜੂਆਂ ਨੇ ਡਾਹਢਾ ਸੁਆਦ ਦਿੱਤਾ ਤੇ ਨਾਲ਼ ਦੀ ਨਾਲ਼ ਜੂਸ ਦੀ ਰੇਹੜੀ ਆ ਗਈ । ਅਸੀਂ ਦੋਹਾਂ ਜੀਆਂ ਨੇ ਸਟਾਈਲ ਮਾਰ-ਮਾਰ ਜੂਸ ਸਿੱਪ ਕੀਤਾ ਤੇ ਹਿੰਦੀ ਗੀਤਾਂ ਦਾ ਆਨੰਦ ਲੈਣ ਲੱਗੇ । ਬਾਹਰ ਦੇ ਨਜ਼ਾਰੇ ਤੱਕਦਿਆਂ ਕੁਝ ਦੇਰ ਬੀਤੇ ਸਮੇਂ ਤੇ ਵਿਚਾਰ ਕੀਤੀ ਤਾਂ ਯਾਦ ਆਇਆ ਕਿ ਸਾਡੇ ਕਿਆਂ ‘ਚੋਂ ਅਸੀਂ ਪਹਿਲੇ ਹੀ ਸਾਂ, ਜਿਨ੍ਹਾਂ “ਬਾਹਰ” ਆਉਣ ਦਾ ਹੰਭਲਾ ਮਾਰਿਆ ਸੀ । ਉਂਜ ਤਾਂ ਸਾਡੇ ਖ਼ਾਨਦਾਨ ਵਿੱਚ ਸਾਈਕਲਾਂ ਤੇ ਚਿੰਤਪੁਰਨੀ ਵੀ ਜਾਣ ਵਾਲਾ ਅੱਜ ਤੱਕ ਦਾ ਪਹਿਲਾ ਤੇ ਅਖ਼ੀਰਲਾ ਜੋੜਾ ਵੀ ਅਸੀਂ ਹੀ ਹਾਂ ।
ਨਾਲ਼ ਦਾ ਲੁਧਿਆਣੇ ਦਾ ਵੀਰ “ਮੁਫ਼ਤ ਦੀ ਬੀਅਰ” ਦਾ ਮੀਟਰ ਚੰਗੀ ਰਫ਼ਤਾਰ ਤੇ ਖਿੱਚੀ ਜਾਂਦਾ ਸੀ ।
“ਜੇ ਸਫ਼ਰ ‘ਚ ਬੀਅਰ ਪੀ ਕੇ “ਹੌਲੇ” ਹੋ ਆਈਏ ਤਾਂ ਮੂਡ ਫਰੈਸ਼ ਹੋ ਜਾਂਦਾ ਹੈ” ਲੁਧਿਆਣੇ ਵਾਲੇ ਵੀਰ ਨੇ ਖੁਲਾਸਾ ਕੀਤਾ ।
ਹੁਣ ਬੀਅਰ-ਸ਼ੀਅਰ ਆਪਣੇ ਵੱਸ ਦਾ ਰੋਗ ਤਾਂ ਹੈ ਨਹੀਂ, ਸੋ “ਬਾਥਰੂਮ ਜਾ ਕੇ ਮੂਡ ਫਰੈਸ਼ ਹੋਣ ਵਾਲੀ ਗੱਲ” ਆਪਣੀ ਸਮਝ ਤੋਂ ਬਾਹਰ ਸੀ । ਦੁਪਹਿਰ ਦੇ ਖਾਣੇ ਦਾ ਵਕਤ ਹੋ ਚੱਲਾ ਸੀ, ਇਸ ਸਮੇਂ ਥਾਈ ਭੋਜਨ ਮਿਲਿਆ, ਜਿਸ ਵਿੱਚ ਚਾਵਲ, ਸੁੱਕੇ ਰਾਜਮਾਂਹ ਨਾਲ ਗੋਭੀ ਦੀ ਉਬਲੀ ਸਬਜ਼ੀ ਸੀ । ਸਲਾਦ ਵਿੱਚ ਅੱਲ੍ਹੜ ਉਮਰ ਦੀਆਂ ਛੱਲੀਆਂ ਤੇ ਨਿਆਣਾ ਜਿਹਾ ਸਬੂਤਾ ਟਮਾਟਰ ਸੀ । ਕੱਚਾ ਥਾਈ ਸਾਗ ਕੁਝ ਕੌੜਾ ਲੱਗਿਆ ਪਰ ਇਹ ਸਭ ਪਹਿਲੀ ਵਾਰ ਚੱਖਿ਼ਆ ਸੀ ।
ਇਸ ਸਫ਼ਰ ਵਿੱਚ ਬੜੇ ਅਨੁਭਵ ਪਹਿਲੀ ਵਾਰ ਹੋ ਰਹੇ ਸਨ ਪਰ ਭੈੜੀ ਤਾਂ ਉਦੋਂ ਹੋਈ ਜਦੋਂ ਚੰਗੇ ਭਲੇ ਕਰੋੜਾਂ ਦੇ ਜਹਾਜ਼ ਵਿੱਚ “ਘੀਸੀ” ਕਰਨੀ ਪੈ ਗਈ । ਵੈਸੇ ਤਾਂ ਆਦਤ ਹੈ ਕਿ ਅਜਿਹੇ ਸਮੇਂ ਭਾਵੇ ਆਪਣਾ ਘਰ ਵੀ ਕਿਉਂ ਨਾ ਹੋਵੇ, ਪਹਿਲਾਂ ਪਾਣੀ ਦਾ ਇੰਤਜ਼ਾਮ ਚੈੱਕ ਕਰਦਾ ਹਾਂ । ਇੱਥੇ ਵੀ ਬੜੀ ਨਿਗ੍ਹਾ ਮਾਰੀ ਕਿ ਸ਼ਾਇਦ ਪਾਣੀ ਦਾ ਕੋਈ ਜੁਗਾੜ ਪਤਾ ਲੱਗ ਜਾਵੇ ਪਰ ਕਿੱਥੇ...? ਉੱਤੋਂ ਹੋਣੀ ਨੇ ਆਪਣਾ ਜ਼ੋਰ ਮਾਰਿਆ ਹੋਇਆ ਸੀ ਤੇ ਹੋਣੀ ਤਾਂ ਹੋ ਕੇ ਹੀ ਰਹਿੰਦੀ ਹੈ । ਹੁਣ ਹੱਥ ਧੋਣ ਵਾਲੇ ਵਾਸ਼ਬੇਸਨ ਤੇ ਕੋਈ ਜੁਗਾੜ ਲਾਉਣਾ ਮੈਨੂੰ ਨਹੀਂ ਸੀ ਆਉਂਦਾ । ਬੱਸ ਆ ਗਿਆ ਬਚਪਨ ਯਾਦ ਕਿ ਛੋਟੇ ਹੁੰਦਿਆਂ ਪਿੰਡ ਰਹਿੰਦਿਆਂ ਖੇਤਾਂ ‘ਚ ਮਿੱਟੀ ਦੇ ਡਲੇ ਨਾਲ਼ ਘੀਸੀ ਕਰਦੇ ਸੀ ਤੇ ਅੱਜ ਵਿਕਸਿਤ ਦੇਸ਼ਾਂ ਦੇ ਵਿਕਾਸ ਦਾ ਇੱਕ ਰੂਪ ਸਾਹਮਣੇ ਆ ਗਿਆ ਸੀ । ਧਿਆਨ ਆਉਂਦਾ ਹੈ ਕਿ ਅਸੀਂ ਤਾਂ ਵੈਸਟਰਨ ਸਟਾਈਲ ਫਲੱਸ਼ ‘ਚ ਬਹਿ ਕੇ ਟੂਟੀ ਚਲਾ ਪਾਣੀ ਦੀ ਤਤੀਰੀ ਨਾਲ਼ “ਹੱਥ” ਧੋਣ ਉਪਰੰਤ, ਦੋ ਵਾਰੀ ਸਾਬਣ ਲਾ ਕੇ “ਹੱਥ” ਧੋਂਦੇ ਹਾਂ ਤੇ ਇਹਨਾਂ ਲੋਕਾਂ ਨੇ ਕਿੰਨੇ ਜ਼ਰੂਰੀ ਕੰਮ ਨੂੰ ਕਿੰਨੀ ਘੱਟ ਅਹਿਮੀਅਤ ਦਿੱਤੀ ਸੀ ।
ਬੈਂਕਾਕ ਦੇ ਖੂਬਸੂਰਤ ਹਵਾਈ ਅੱਡੇ ਤੇ ਲੈਂਡ ਕਰਨ ਤੋਂ ਪਹਿਲਾਂ ਖਿੜਕੀ ‘ਚੋਂ ਨਜ਼ਰੀਂ ਪੈਂਦੇ ਕੁਦਰਤ ਦੇ ਖੂਬਸੂਰਤ ਨਜ਼ਾਰਿਆਂ ਨੇ ਮਨ ਮੋਹ ਲਿਆ । ਸੰਘਣੇ ਬੱਦਲਾਂ ਨੇ ਜਹਾਜ਼ ਦੇ ਥੱਲੇ ਵਾਲਾ ਆਸਮਾਨ ਆਪਣੇ ਆਗੋਸ਼ ਵਿੱਚ ਲਿਆ ਹੋਇਆ ਸੀ, ਜਾਪਦਾ ਸੀ ਜਿਵੇਂ ਬਰਫ਼ ਦੀਆਂ ਨਿੱਕੀਆਂ-ਨਿੱਕੀਆਂ ਪਹਾੜੀਆਂ ਹੋਣ । ਕੁਝ ਮਿੰਟਾਂ ‘ਚ ਜਹਾਜ਼ ਸੰਘਣੇ ਬੱਦਲਾਂ ਨੂੰ ਚੀਰਦਾ ਹੋਇਆ ਥੱਲੇ ਵੱਲ ਆਇਆ ਤਾਂ ਇੱਕ ਸਮੁੰਦਰੀ ਜਹਾਜ਼ ਨਜ਼ਰੀਂ ਪਿਆ ਤੇ ਬੱਦਲਾਂ ‘ਚੋਂ ਲੰਘਣ ਦਾ ਨਜ਼ਾਰਾ ਵੀ ਬੜਾ ਦਿਲਕਸ਼ ਸੀ । ਉੱਪਰ ਤਾਪਮਾਨ -56 ਡਿਗਰੀ ਸੀ ਤੇ ਥੱਲੇ 33 ਡਿਗਰੀ । ਇਹ ਸੰਯੋਗ ਵੀ ਪਹਿਲੀ ਵਾਰ ਦੇਖੇ ਸਨ । ਬੈਂਕਾਕ ਕਾਫ਼ੀ ਗਰਮੀ ਸੀ ਪਰ ਸਾਡੇ ਦੋ-ਦੋ ਕੋਟੀਆਂ ਚੜ੍ਹਾ ਕੇ ਉੱਪਰ ਜੈਕਟਾਂ ਪਾਈਆਂ ਹੋਈਆਂ ਸਨ । ਚੱਲੋ ਕਾਰਨ ਵੀ ਦੱਸ ਦਿੰਦਾ ਹਾਂ । ਹਾਲਾਂਕਿ ਦਿੱਲੀ ਏਨੀ ਸਰਦੀ ਨਹੀਂ ਸੀ ਪਰ ਜਦੋਂ ਬਾਹਰ ਜਾਣਾ ਹੋਵੇ ਤਾਂ ਬਾਹਰਲੇ ਮਹਿੰਗੇ ਸਮਾਨ ਨੂੰ ਮੱਦੇ-ਨਜ਼ਰ ਰੱਖਦਿਆਂ ਸਾਡੀ ਕੋਸਿ਼ਸ਼ ਵੱਧ ਤੋਂ ਵੱਧ ਸਮਾਨ ਲੈ ਕੇ ਜਾਣ ਦੀ ਹੁੰਦੀ ਹੈ । ਹੁਣ ਸਮਾਨ ਲੈ ਕੇ ਜਾਣ ਦੀ ਵੀ ਇੱਕ ਸੀਮਾ ਹੁੰਦੀ ਹੈ । ਆਪਾਂ ਭਾਵੇਂ ਦੋ-ਦੋ ਕੋਟੀਆਂ ਪਾਈਏ ਜਾਂ ਕੱਛੇ-ਬਨੈਣ ‘ਚ ਜਾਈਏ, ਆਪਣਾ ਵਜ਼ਨ ਤਾਂ ਹੋਣਾ ਨਹੀਂ, ਸੋ ਜਿਹੜਾ ਵਜ਼ਨ ਪਹਿਨੇ ਗਏ ਫਾਲਤੂ ਕੱਪੜਿਆਂ ਦਾ ਹੋਇਆ, ਉਤਨਾ ਵਜ਼ਨ ਅਸੀਂ ਬਰੀਫਕੇਸ ਵਿੱਚ ਹੋਰ ਪਾ ਕੇ ਲੈ ਜਾ ਸਕਦੇ ਹਾਂ ।
ਸੁਣਿਆ ਸੀ ਕਿ ਬੈਂਕਾਕ ਬੜਾ ਖੂਬਸੂਰਤ ਸ਼ਹਿਰ ਹੈ । ਇਹ ਸੁਣਿਆ ਹੀ ਰਹਿ ਗਿਆ ਕਿਉਂਕਿ ਏਅਰਪੋਰਟ ਤੋਂ ਬਾਹਰ ਜਾ ਕੇ ਘੁੰਮਣ ਦਾ ਵੀ ਟੈਕਸ ਲੱਗਦਾ ਹੈ । ਸੋ ਜਿੱਥੇ ਅਸੀਂ ਚੰਗਾ ਭਲਾ ਚਲਦਾ ਕੰਮਕਾਰ ਛੱਡ, ਸਭ ਕੁਝ ਵੇਚ ਵੱਟ ਕੇ ਡਾਲਰ ਕਮਾਉਣ ਦੀ ਦੌੜ ਵਿੱਚ ਸ਼ਾਮਲ ਹੋਣ ਲਈ ਵਿਦੇਸ਼ ਗਏ ਸਾਂ, ਉੱਥੇ ਇਹ ਖਰਚੇ ਕਰਨੇ ਮੁਨਾਸਿਬ ਨਾ ਲੱਗੇ । ਹੁਣ ਏਅਰਪੋਰਟ ਤੇ ਹੀ ਸੱਤ ਘੰਟੇ ਗੁਜ਼ਾਰਨੇ ਸਨ । ਸਭ ਤੋਂ ਪਹਿਲਾਂ ਲੋਕਲ ਸਮੇਂ ਮੁਤਾਬਿਕ ਘੜੀਆਂ ਡੇਢ ਘੰਟਾ ਅੱਗੇ ਕੀਤੀਆਂ ਤੇ ਸੋਚਿਆ ਕਿ ਕਿਉਂ ਨਾ ਮਾੜੀ ਮੋਟੀ ਕਲਮ ਘਸਾਈ ਕੀਤੀ ਜਾਵੇ । ਕਾਪੀ ਪੈਨ ਘਰੋਂ ਹੀ ਪੂਜਾ ਦੇ ਪਰਸ ਵਿੱਚ ਰੱਖ ਦਿੱਤਾ ਸੀ ਤਾਂ ਜੋ ਵਕਤ ਸਿਰ ਕੰਮ ਆ ਜਾਵੇ । ਕਲਮ ਘਸਾਈ ਕਰਦਿਆਂ ਜਿਸ ਚੀਜ਼ ਨੇ ਸਭ ਤੋਂ ਜਿ਼ਆਦਾ ਧਿਆਨ ਵੰਡਾਇਆ, ਉਹ ਸੀ ਉੱਚੀਆਂ ਅੱਡੀਆਂ ਦੀ ਠਕ-ਠਕ । ਕਦੇ ਏਧਰੋਂ ਓਧਰ ਠਕ-ਠਕ ਤੇ ਕਦੇ ਓਧਰੋਂ ਏਧਰ ਠਕ-ਠਕ । ਜੇ ਕਿਤੇ ਨਿਗ੍ਹਾ ਮਾੜੀ ਜਿਹੀ ‘ਤਾਂਹ ਚੁੱਕ ਲਵੋ ਤਾਂ ਚਿੱਟੀਆਂ ਲੱਤਾਂ ਨਜ਼ਰੀਂ ਪੈਂਦੀਆਂ ਹਨ । ਏਨੀਆਂ ਕੁ ਲੰਬੀਆਂ ਕਿ ਚੰਗੇ ਭਲੇ ਬੰਦੇ ਨੂੰ ਸਰਦੀ ਵਿੱਚ ਵੀ ਪਸੀਨਾ ਆ ਜਾਵੇ । ਸੱਤ ਘੰਟਿਆਂ ‘ਚ ਵਾਹਵਾ ਏਅਰਪੋਰਟ ਗਾਹ ਲਿਆ । ਚੀਜ਼ਾਂ ਤਾਂ ਸਾਰੀਆਂ ਹੀ ਚੰਗੀ ਕੁਆਲਟੀ ਦੀਆਂ ਸਨ ਪਰ ਜਦ ਵੀ ਕੋਈ ਪਸੰਦ ਜਿ਼ਆਦਾ ਜ਼ੋਰ ਮਾਰਦੀ ਤਾਂ ਫਰੀਦਕੋਟੋਂ ਤੁਰਨ ਲੱਗਿਆਂ ਮਿਲੀਆਂ ਹਦਾਇਤਾਂ ਠੋਕਰ ਮਾਰਦੀਆਂ “ਕਾਕਾ, ਚੱਲੇ ਤਾਂ ਹੋ, ਇੱਥੋਂ ਵਾਲੀਆਂ ਆਦਤਾਂ ਇੱਥੇ ਹੀ ਛੱਡ ਕੇ ਜਾਣਾ, ਇਉਂ ਨਾ ਹੋਵੇ ਕਿ ਜੋ ਪੱਲੇ ਹੈ, ਖ਼ਰਚ ਦਿਉਂ ਤੇ ਜੌਬ ਮਿਲਣ ਵਿੱਚ ਮਾੜੀ ਮੋਟੀ ਦੇਰ ਹੋ ਜਾਵੇ ।”
ਰਾਤ ਦੇ ਖਾਣੇ ਦਾ ਟਾਈਮ ਹੋ ਚੱਲਾ ਸੀ । ਕਿਹੜਾ ਮਾਂ ਨੇ ‘ਵਾਜ਼ ਮਾਰਨੀ ਸੀ, “ਪੁੱਤ ਆ ਜੋ, ਰੋਟੀ ਤਿਆਰ ਹੈ ।” ਘੁੰਮ ਫਿਰ ਕੇ ਦੇਖਿਆ ਤਾਂ ਪਤਾ ਚੱਲਾ ਕਿ ਚਾਰੇ ਪਾਸੇ ਕੁੱਕੜਾਂ, ਕੁਕੜੀਆਂ, ਬੱਕਰਿਆਂ ਤੇ ਹੋਰ ਪਤਾ ਨਹੀਂ ਕਿਸ ਕਿਸ ਦਾ ਰਾਜ਼ ਸੀ । ਅੰਦਰੋਂ ਆਵਾਜ਼ ਆਈ “ਯਾਰੋ ! ਅਸੀਂ ਹੀ ਘਾਹ ਫੂਸ ਖਾਣ ਜੋਗੇ ਹਾਂ, ਸਾਰੀ ਦੁਨੀਆਂ ਤਾਂ ਫੱਟੇ ਚੁੱਕੀ ਤੁਰੀ ਜਾਂਦੀ ਹੈ । ਚੰਗਾ ਭਲਾ ਕੁੱਕੜ ਜਾਂ ਬੱਕਰਾ ਹੁੰਦਾ ਹੈ ਤੇ ਜਨਤਾ ਡਬਲਰੋਟੀ ‘ਚ ਲਾ ਲਾ ਕੇ ਖਾਈ ਜਾਂਦੀ ਹੈ ।” ਖੈ਼ਰ ! ਤੋਰਾ ਫੇਰਾ ਕਰਕੇ ਤੇ ਪੁੱਛ-ਪੁੱਛਾ ਕੇ ਇਕ ਦੁਕਾਨ ਤੇ ਪੈਟੀਜ਼ ਲੱਭ ਗਈਆਂ ।
“ਗਿਵ ਅਸ ਟੂ ਪੈਟੀਜ਼ ਪਲੀਜ਼” ਦੁਕਾਨ ਤੇ ਖੜ੍ਹੀ ਬੀਬੀ ਨੂੰ ਕਿਹਾ ।
“ਸੌਰੀ”
“ਵੂਈ ਨੀਡਜ਼ ਟੂ ਪੈਟੀਜ਼” ਸਾਡੀ ਭਾਗਵਾਨ ਨੇ ਚੱਬ-ਚੱਬ ਕੇ ਬੋਲਦਿਆਂ ਬੀਬੀ ਨੂੰ ਸਮਝਾਇਆ ।
“ਸੌਰੀ, ਸੇ ਅਗੇਨ” ਥਾਈ ਬੀਬੀ ਨੇ ਕੰਨ ਤੇ ਹੱਥ ਰੱਖਦਿਆਂ ਅੱਗੇ ਵੱਲ ਨੂੰ ਝੁਕਦਿਆਂ ਦੋਬਾਰਾ ਪੁੱਛਿਆ ।
ਕੁਦਰਤੀ ਮੇਰੀ ਨਿਗ੍ਹਾ ਕਾਊਂਟਰ ਵਿੱਚ ਪਈਆਂ ਪੈਟੀਜ਼ ਤੇ ਲਿਖੇ ਨਾਮ ਵਾਲੇ ਟੋਕਨ ਤੇ ਗਈ ।
“ਪਲੀਜ਼ ਗਿਵ ਅਸ ਟੂ ਵੈਜ ਪਾਈ ।”
“ਔ ਕੇ, ਔ ਕੇ” ਕਹਿੰਦਿਆਂ ਉਸਨੇ ਦੋ ਪੈਟੀਜ਼ ਕਾਊਂਟਰ ‘ਚੋਂ ਕੱਢ ਕੇ ਸਾਡੇ ਸਾਹਮਣੇ ਰੱਖ ਦਿੱਤੀਆਂ । ਸੱਤ ਘੰਟੇ ਗੁਜ਼ਾਰ ਮੈਲਬੌਰਨ ਲਈ ਜਹਾਜ਼ ਵਿੱਚ ਸਵਾਰ ਹੋਣ ਦਾ ਇਸ਼ਾਰਾ ਮਿਲਿਆ ਤੇ ਸਭ ਉੱਧਰ ਨੂੰ ਹੋ ਤੁਰੇ । ਜਹਾਜ਼ ਤੁਰਿਆ ਤੇ ਸਭ ਨੂੰ ਖਾਣਾ ਵਰਤਣਾ ਸ਼ੁਰੂ ਹੋ ਗਿਆ । ਅਸੀਂ ਏਅਰ ਹੋਸਟਸ ਨੂੰ ਸ਼ਾਕਾਹਾਰੀ ਖਾਣੇ ਲਈ ਕਿਹਾ ਤਾਂ ਉਸ ਸਿਰ ਮਾਰ ਦਿੱਤਾ ਕਿ ਸ਼ਾਕਾਹਾਰੀ ਖਾਣੇ ਲਈ ਫਲਾਈਟ ਤੋਂ ਘੱਟੋ-ਘੱਟ ਦੋ ਘੰਟੇ ਪਹਿਲਾਂ ਦੱਸਣਾ ਜਰੂਰੀ ਹੈ । ਚਾਹੀਦਾ ਤਾਂ ਇਹ ਹੈ ਕਿ ਟਿਕਟ ਬੁੱਕ ਕਰਵਾਉਣ ਲੱਗਿਆਂ ਹੀ ਲਿਖ ਦਿਉ ਕਿ ਕਿਸ ਪ੍ਰਕਾਰ ਦਾ ਭੋਜਨ ਚਾਹੀਦਾ ਹੈ । ਇੱਥੇ ਕੁਦਰਤ ਨੇ ਸਾਡਾ ਸਾਥ ਦਿੱਤਾ ਤੇ ਕੋਈ ਹੋਰ ਜੋੜਾ ਜਿਸਨੇ ਸ਼ਾਕਾਹਾਰੀ ਖਾਣਾ ਪਹਿਲਾਂ ਆਰਡਰ ਕੀਤਾ ਹੋਇਆ ਸੀ, ਐਨ ਟਾਈਮ ਤੇ ਨਾਂਹ ਕਰ ਦਿੱਤੀ ਤੇ ਸਾਨੂੰ ਉਹ ਖਾਣੇ ਦੇ ਪੈਕਟ ਮਿਲ ਗਏ । ਭਾਵੇਂ ਇਹ ਸ਼ਾਕਾਹਾਰੀ ਖਾਣਾ ਸੀ ਪਰ ਪੰਜਾਬੀਆਂ ਨੂੰ ਇਸ ਪ੍ਰਕਾਰ ਦੇ ਖਾਣੇ ਨਹੀਂ ਭਾਉਂਦੇ ਕਿਉਂਕਿ ਉਸ ਵਿੱਚੋਂ ਅਜੀਬ ਜਿਹੀ ਗੰਧ ਆ ਰਹੀ ਸੀ, ਸੋ ਕੇਵਲ ਸਲਾਦ ਤੇ ਫਰੂਟ ਨਾਲ ਕੋਕ ਲੈ ਕੇ ਕੋਟਾ ਪੂਰਾ ਕੀਤਾ । ਜਹਾਜ਼ ਵਿੱਚ ਕਾ਼ਫ਼ੀ ਸੀਟਾਂ ਖ਼ਾਲੀ ਪਈਆਂ ਸਨ, ਮੈਂ ਉੱਠ ਕੇ ਖਾਲੀ ਪਈਆਂ ਸੀਟਾਂ ਤੇ ਲੇਟ ਗਿਆ । ਜਹਾਜ਼ ਦੇ ਸ਼ੋਰ ਸ਼ਰਾਬੇ ਤੇ ਗੜਗੜਾਹਟ ਵਿੱਚ ਚੰਗੀ ਤਰ੍ਹਾਂ ਨੀਂਦ ਤਾਂ ਨਾ ਆਈ ਪਰ ਕੋਟਾ ਪੂਰਾ ਹੋ ਗਿਆ ।
ਅਗਲੀ ਸਵੇਰ ਅੱਖ ਖੁੱਲੀ ਤਾਂ ਦੁਪਹਿਰਾ ਹੋਇਆ ਪਿਆ ਸੀ । ਲੋਕ ਨਾਸ਼ਤਾ ਕਰ ਰਹੇ ਸਨ । ਟੁੱਥ ਪੇਸਟ ਤਾਂ ਬੈਂਕਾਕ ਹਵਾਈ ਅੱਡੇ ਤੇ ਤਲਾਸ਼ੀ ਵੇਲੇ ਹੀ ਕਢਵਾ ਦਿੱਤੀ ਗਈ ਸੀ । ਕੱਲਾ ਬੁਰਸ਼ ਦੰਦਾਂ ਤੇ ਫੇਰ ਕੇ ਟਾਈਮ ਜਿਹਾ ਪਾਸ ਕੀਤਾ ਤੇ ਮੁੜ ਉਹੀ ਏਸ਼ੀਅਨ ਸ਼ਾਕਾਹਾਰੀ ਖਾਣਾ ਪੱਲੇ ਪੈ ਗਿਆ । ਮੇਰੇ ਪੈਕ ਵਿੱਚ ਚਾਵਲ ਸਨ ਤੇ ਪੂਜਾ ਦੇ ਪੈਕ ਵਿੱਚ ਅਜੀਬ ਜਿਹੀਆਂ ਨੂਡਲਜ਼ । ਜਦ ਪੂਜਾ ਨੇ ਦੇਖਕੇ ਹੀ ਢਕ ਦਿੱਤੀਆਂ ਤਾਂ ਮੈਂ ਆਪਣਾ ਪੈਕ ਉਸਨੂੰ ਦੇ ਦਿੱਤਾ ਤੇ ਆਪ ਫਿਰ ਅੱਧੇ ਪੇਟ ਰਹਿ ਗਿਆ । ਇਹ ਉਹ ਸਮਾਂ ਸੀ ਜਦ ਕਿ ਮਾਂ ਦੇ ਪਰੌਂਠੇ ਬੜੇ ਯਾਦ ਆਏ । ਫਰੀਦਕੋਟ ਤਾਂ ਮੇਰੀ ਮਾਤਾ ਉੱਠਣ ਤੋਂ ਪਹਿਲਾਂ ਹੀ ਸਭ ਤਿਆਰ ਕਰ ਦਿੰਦੀ ਸੀ । ਅਜਿਹਾ ਗੱਚ ਭਰਿਆ ਕਿ ਕੁਝ ਨਾ ਖਾ ਸਕਿਆ ਤੇ ਪੈਕ ਢਕ ਕੇ ਚੁਕਵਾ ਦਿੱਤਾ । ਮੈਨੂੰ ਅਹਿਸਾਸ ਹੋਇਆ ਕਿ ਇਹ ਮੇਰੀ ਆਉਣ ਵਾਲੀ ਜਿੰਦਗੀ ਦੇ ਸੰਘਰਸ਼ ਦੀ ਪੌੜੀ ਦਾ ਪਹਿਲਾ ਡੰਡਾ ਹੈ । ਹੁਣ ਦੋ-ਢਾਈ ਸਾਲ ਜਿੰਨਾ ਚਿਰ ਵੀ ਆਸਟਰੇਲੀਆ ‘ਚ ਰਹਾਂਗਾ, ਉਤਨਾ ਹੀ ਖਾ ਕੇ ਗੁਜ਼ਾਰਾ ਕਰਨਾ ਹੋਵੇਗਾ ਜਿਸ ਨਾਲ਼ ਸਰੀਰ ਚਲਦਾ ਰਹਿ ਸਕੇ । ਸਾਰੇ ਸੁਆਦ, ਖਾਣ ਪੀਣ ਦੇ ਨਖ਼ਰੇ ਉਤਨੀ ਦੇਰ ਹੀ ਸਨ, ਜਿਨ੍ਹਾਂ ਚਿਰ ਥਾਈ ਯੱਕੇ ਵਿਚ ਸਵਾਰ ਨਹੀਂ ਹੋਇਆ ਸਾਂ ।
ਬਾਹਰ ਮੌਸਮ ਬੜਾ ਸੁਹਾਵਣਾ ਸੀ । ਥੱਲੇ ਬੱਦਲਾਂ ਦੀਆਂ ਖੂਬ ਸੰਘਣੀਆਂ ਪਹਾੜੀਆਂ ਸਨ । ਬਾਹਰਲਾ ਤਾਪਮਾਨ ਜਹਾਜ਼ ਵਿੱਚ ਲੱਗੀ ਸਕਰੀਨ ਅਨੁਸਾਰ ਕਰੀਬ -71 ਡਿਗਰੀ ਸੀ ਤੇ ਅਸੀਂ ਕਰੀਬ 37000 ਫੁੱਟ ਦੀ ਉਚਾਈ ਤੇ ਸਾਂ । ਮੈਲਬੌਰਨ ਪੁੱਜਣ ਵਿੱਚ ਕਰੀਬ ਅੱਧਾ ਘੰਟਾ ਬਾਕੀ ਸੀ । ਇਹ ਅੱਧਾ ਘੰਟਾ ਅਸੀਂ ਦੋਹਾਂ ਆਉਣ ਵਾਲੇ ਸਮੇਂ ਤੇ ਪਰਿਵਾਰ ਦੀਆਂ ਗੱਲਾਂ ਕਰਦਿਆਂ ਕਦੋਂ ਬਿਤਾ ਦਿੱਤਾ, ਪਤਾ ਹੀ ਨਾ ਚੱਲਿਆ । ਖੈ਼ਰ ! ਜਹਾਜ਼ ਲੈਂਡ ਹੋਇਆ ਤੇ ਜਹਾਜ਼ ਵਿੱਚੋਂ ਬਾਹਰ ਨਿਕਲਦਿਆਂ ਹੀ ਅਸੀਂ ਦੋਹਾਂ ਨੇ ਉਸ ਧਰਤੀ ਨੂੰ ਮੱਥਾ ਟੇਕਿਆ ਜੋ ਸਾਡੀ ਕਰਮਭੂਮੀ ਬਨਣ ਜਾ ਰਹੀ ਸੀ । ਮਨ ਹੀ ਮਨ ਸਤਿਗੁਰੂ ਅੱਗੇ ਅਰਦਾਸ ਬੇਨਤੀ ਤੇ ਸ਼ੁਕਰੀਆ ਕੀਤਾ ਤੇ ਇਮੀਗ੍ਰੇਸ਼ਨ ਕਾਊਂਟਰ ਤੇ ਆ ਪੁੱਜੇ । ਕੁਦਰਤੀ ਇੱਥੇ ਸਾਨੂੰ ਭਾਰਤੀ ਅਫ਼ਸਰ ਹੀ ਮਿਲਿਆ । ਉਸ ਦੋ-ਚਾਰ ਸੁਆਲ ਪੁੱਛੇ ਤੇ ਆਪਣੀ ਸਾਡੇ ਵੱਲ ਪਾਰਖੂ ਨਜ਼ਰਾਂ ਨਾਲ਼ ਤੱਕਿਆ । ਪਾਸਪੋਰਟ ਖੱਬੇ ਹੱਥ ਨਾਲ ਕਾਊਂਟਰ ਤੇ ਰੱਖਿਆ ਤੇ ਸੱਜੇ ਹੱਥ ਵਿੱਚ ਇੱਕ ਮੋਹਰ ਉੱਪਰ ਚੁੱਕੀ । ਅਚਾਨਕ ਉਸਨੇ ਪਾਸਪੋਰਟ ਵੱਲ ਦੇਖਦਿਆਂ ਸੱਜਾ ਹੱਥ ਪਾਸਪੋਰਟ ਤੇ ਮਾਰ ਕੇ ਪਾਸਪੋਰਟ ਤੇ ਲਾ ਦਿੱਤਾ.... “ਠਾ.... ਠੱਪਾ ।”