ਜਾਗੋ ਵਿੱਚ ਤੇਲ ਮੁੱਕਿਆ,ਕੋਈ ਪਾਊਗਾ ਨਸੀਬਾਂ ਵਾਲਾ.......... ਲੇਖ / ਜਸਵਿੰਦਰ ਸਿੰਘ ਰੁਪਾਲ

ਜਾਗੋ ਸਾਡੇ ਪੰਜਾਬੀ ਸਭਿੱਆਚਾਰ ਦਾ ਇੱਕ ਮਜਬੂਤ ਅੰਗ ਹੈ,ਜੋ ਸਦੀਆਂ ਤੋਂ ਸੁਰੂ ਹੋਈ ਅੱਜ ਤੱਕ ਤੁਰੀ ਆ ਰਹੀ ਹੈ।ਉਸ ਦਾ ਰੂਪ ਅਤੇ ਭਾਵਨਾ ਬਦਲ ਗਈ ਹੈ।ਭਾਵੇਂ ਰਸਮ ਰੂਪ ਵਿੱਚ ਹੀ ਹੈ,ਪਰ ਅੱਜ ਵੀ ਇਹ ਸਾਡੇ ਦਿਲਾਂ ਵਿੱਚ ਵਸਦੀ ਹੈ ਅਤੇ ਇਸ ਤੋਂ ਬਿਨਾਂ ਕੋਈ ਵਿਆਹ ਸੰਪੂਰਨ ਨਹੀਂ ਮੰਨਿਆ ਜਾ ਸਕਦਾ।ਪਹਿਲਾਂ ਇਹ ਸਿਰਫ਼ ਮੁੰਡੇ ਦੇ ਵਿਆਹ ਤੋਂ ਇੱਕ ਦਿਨ ਪਹਿਲਾਂ ਕੱਢੀ ਜਾਂਦੀ ਸੀ ਅਤੇ ਸਿਰਫ਼ ਔਰਤਾਂ ਹੀ ਜਾਗੋ ਕੱਢਦੀਆਂ ਸਨ,ਪਰ ਹੁਣ ਇਹ ਕੁੜੀਆਂ ਦੇ ਵਿਆਹ ਵਿੱਚ ਵੀ ਕੱਢੀ ਜਾਣ ਲੱਗੀ ਹੈ ਅਤੇ ਗੱਭਰੂ ਵੀ ਇਸ ਵਿੱਚ ਸਾਮਿਲ ਹੁੰਦੇ ਹਨ।

ਇਕੱਠੇ ਹੋਏ ਰਿਸ਼ਤੇਦਾਰ ਦੇਰ ਬਾਅਦ ਮਿਲੇ ਹੁੰਦੇ ਹਨ।ਆਪਸ ਵਿੱਚ ਇੱਕ ਦੂਜੇ ਦੇ ਦੁੱਖ ਸੁੱਖ ਸਾਂਝੇ ਕਰਦੇ ਹਨ।ਪਹਿਲੇ ਸਮਿਆਂ ਵਿੱਚ ਵਿਆਹ ਦੇ ਬਹੁਤੇ ਕੰਮ ਅਤੇ ਤਿਆਰੀ ਆਪ ਹੀ ਕੀਤੀ ਜਾਂਦੀ ਸੀ।ਮਰਦਾਂ ਨੇ  ਬਾਹਰਲੇ ਕੰਮ ਕਰਨੇ ਹੁੰਦੇ ਸਨ ਅਤੇ ਔਰਤਾਂ ਨੇ ਅੰਦਰੂਨੀ।ਕੁਝ ਕੰਮ ਹਲਵਾਈ ਸੰਭਾਲ ਲੈਂਦਾ ਸੀ ਜੋ ਵਿਆਹ ਤੋਂ 2-3 ਦਿਨ ਪਹਿਲਾਂ ਕੜਾਹੀ ਚੜ੍ਹਨ ਵੇਲੇ ਤੋਂ ਬੈਠਾ ਹੁੰਦਾ ਸੀ।ਸ਼ਾਮ ਨੂੰ ਕੰਮ ਦੀ ਥਕਾਵਟ ਲਾਹੁਣ ਲਈ ਵੀ ਅਤੇ ਸਾਰੇ ਪਿੰਡ ਨੂੰ ਵਿਆਹ ਬਾਰੇ ਦੱਸਣ ਲਈ ਵੀ ਜਾਗੋ ਕੱਢੀ ਜਾਂਦੀ ਸੀ..
ਇੱਕ ਘੜੇ ਦੇ ਮੂੰਹ ਤੇ ਕੁਝ ਆਟੇ ਦੇ ਦੀਵੇ ਰੱਖੇ ਜਾਂਦੇ ਹਨ।ਇਸ ਜਗਦੇ ਦੀਵਿਆਂ ਵਾਲੇ ਖੂਬਸੂਰਤ ਘੜੇ ਦਾ ਨਾਂ ਹੀ ਜਾਗੋ ਹੈ,ਇਹ ਵਿਆਹ ਵਾਲੇ ਮੁੰਡੇ ਦੀ ਮਾਮੀ ਦੇ ਸਿਰ ਤੇ ਰੱਖੀ ਹੁੰਦੀ ਹੈ ।ਇਸਦੇ ਨਾਲ ਘੁੰਗਰੂ ਬੰਨ੍ਹਿਆਂ ਸੋਟਾ ਵੀ ਹੁੰਦਾ ਹੈ ਜਿਸ ਤੇ ਸ਼ਗਨਾਂ ਦਾ ਲਾਲ ਕੱਪੜਾ ਬੰਨ੍ਹ ਲਿਆ ਜਾਂਦਾ ਹੈ।ਇਸ ਨੂੰ ਧਰਤੀ ਤੇ ਬਾਰ ਬਾਰ ਪਟਕਾਉਂਦੇ ਰਹਿਣ ਨਾਲ ਇਹ ਗਿੱਧੇ ਦੀਆਂ ਬੋਲੀਆਂ ਅਤੇ ਤਾਲ ਨਾਲ,ਅੱਡੀਆਂ ਦੀ ਧਮਾਲ ਨਾਲ ਇੱਕ ਬੱਝਵਾਂ ਸੰਗੀਤ ਪੈਦਾ ਕਰਦਾ ਹੈ।ਬੋਲੀਆਂ ਤੇ ਗਿੱਧੇ ਦੀ ਧਮਾਲ ਨਾਲ ਜਾਗੋ ਵਿਆਹ ਵਾਲੇ ਘਰੋਂ ਪਿੰਡ ਵੱਲ ਚਲ ਪੈਂਦੀ ਹੈ।
 
“ਜਾਗੋ ਕੱਢਣੀ ਮੜ੍ਹਕ ਨਾਲ ਤੁਰਨਾ,ਨੀ ਵਿਆਹ ਕਰਤਾਰੇ ਦਾ।”
“ਜੱਟਾ, ਜਾਗ ਬਈ, ਓ ਹੁਣ ਜਾਗੋ ਆਈ ਆ
ਚੁੱਪ ਕਰ ਬੀਬੀ ਮਸਾਂ ਸੁਆਈ ਆ,ਲੋਰੀ ਦੇ ਕੇ ਪਾਈ ਆ,
ਉਠ ਖੜੂਗੀ,ਔਖਾ ਕਰੂਗੀ,ਚੁੱਕਣੀ ਪਊਗੀ,ਜਾਗੋ ਆਈ ਆ।
ਸ਼ਾਵਾ ਬਈ ਹੁਣ ਜਾਗੋ ਆਈ ਆ।”
 
ਹੌਲੀ ਹੌਲੀ ਬੋਲੀਆਂ ਵਿੱਚ ਤੇਜੀ ਆਉਂਦੀ ਜਾਂਦੀ ਹੈ-
 
“ਬੱਲੇ ਨੀ ਬੰਬੀਹਾ ਬੋਲੇ, ਸ਼ਾਵਾ ਨੀ ਬੰਬੀਹਾ ਬੋਲੇ।
ਅੰਦਰ ਪਿਆ ਪਤੰਦਰ ਨੀ ਬੰਬੀਹਾ ਬੋਲੇ।”
 
ਪਰ ਜਾਗੋ ਕਿਸੇ “ਪਤੰਦਰ” ਤੋਂ ਡਰਨ ਵਾਲੀ ਨਹੀਂ,ਉਹ ਤਾਂ ਸਭ ਵੱਡੇ ਅਖਵਾਉਣ ਵਾਲਿਆਂ ਨੂੰ ਲਲਕਾਰਦੀ ਹੈ-
 
“ਏਸ ਪਿੰਡ ਦਿਓ ਪੰਚੋ ਵੇ ,ਸਰਪੰਚੋ,ਲੰਬੜਦਾਰੋ,ਬਈ ਮੇਲ਼ ਆਇਆ ਚੰਦ ਕੁਰ ਦੇ,
ਜ਼ਰਾ ਹਟ ਕੇ ਪਰ੍ਹਾਂ ਨੂੰ ਲੰਘ ਜਾਇਓ,ਬਈ ਵੱਡੀ ਮਾਮੀ ਜ਼ੈਲਦਾਰਨੀ,
ਕਿਤੇ ਮਾਮੀ ਦੇ ਨਾ ਹੱਥ ਲੱਗ ਜਾਇਓ,ਬਈ ਵੱਡੀ ਮਾਮੀ ਜ਼ੈਲਦਾਰਨੀ।”
 
ਵੱਡੀ ਮਾਮੀ,ਜਿਸ ਨੇ ਜਾਗੋ ਚੁੱਕੀ ਹੋਈ ਹੈ,ਅੱਜ ਉਹ ਸਿਰਫ਼ ਇੱਕ ਔਰਤ ਨਹੀਂ,ਅੱਜ ਉਹ “ਔਰਤ ਸ਼ਕਤੀ” ਦਾ ਪ੍ਰਤੀਕ ਬਣੀ ਹੋਈ ਹੈ।ਜਿਹੜੀ ਕਿਸੇ ਵੀ ਵੱਡੇ ਘਰ ਦੇ ਭਾਂਡੇ ਮੂਧੇ ਕਰ ਸਕਦੀ ਹੈ,ਮੰਜੇ ਉਲਟਾ ਸਕਦੀ ਹੈ,ਵੱਡੇ ਵੱਡੇ ਨਾਢੂ ਖਾਂ ਅਖਵਾਉਣ ਵਾਲੇ ਨੂੰ ਟਿੱਚਰ ਕਰ ਸਕਦੀ ਹੈ,ਕਿਉਂਕਿ ਉਸ ਦੇ ਨਾਲ “ਕਿਰਤ-ਸ਼ਕਤੀ” ਜੁੜੀ ਹੋਈ ਹੈ,ਇਸੇ ਲਈ ਉਹ “ਜ਼ੈਲਦਾਰਨੀ” ਹੈ,ਉਹ ਨਾਨਕੇ ਪਰਿਵਾਰ ਚੋਂ ਹੈ,ਪਰ ਦਾਦਕਿਆਂ ਦਾ ਉਸਨੂੰ ਪੂਰਾ ਸਹਿਯੋਗ ਹਾਸਲ ਹੈ।ਉਹ ਘੁੰਡ ਵਿੱਚ ਲੁਕ ਕੇ ਰਹਿਣ ਵਾਲੀ ਉਹ ਔਰਤ ਨਹੀਂ,ਜਿਸ ਤੇ ਮਰਦ ਨੇ ਸੈਂਕੜੇ ਪਾਬੰਦੀਆਂ ਲਗਾਈਆਂ ਹੋਣ,ਅੱਜ ਉਹ ਇਹਨਾਂ ਸਭ ਪਾਬੰਦੀਆਂ ਨੂੰ ਤੋੜ ਕੇ “ਇੱਕ ਬਗਾਵਤ” ਦਾ ਝੰਡਾ ਚੁੱਕੀ ਫਿ਼ਰਦੀ ਹੈ।
 
ਇਸੇ ਲਈ ਤਾਂ ਉਹ ਜਾਣ ਬੁਝ ਕੇ ਪਤਵੰਤਿਆਂ ਨੂੰ ਛੇੜਦੀ ਹੈ।
 
“ਲੰਬੜਾ ਜੋਰੂ ਜਗਾ ਲੈ ਬਈੇ ਹੁਣ ਜਾਗੋ ਆਈ ਆ।........।”
 
ਵਿੱਚੋਂ ਕੋਈ ਆਕੜ ਕੰਨੇ ਜੱਟ ਵੱਲੋਂ ਜਵਾਬ ਵੀ ਦਿੰਦੀ ਹੈ,
 
“ਨੀ ਜਾਗੋ ਜਾਗੋ ਫਿਰੇਂ ਕਰਦੀ,ਸਾਨੂੰ ਪਤਾ ਨਹੀਂ ਕਿਸ ਨੂੰ ਬੁਲਾਉਂਦੀ,
ਸੁੱਤਾ ਜੱਟ ਮਾਨ ਨਾ ਕੁੜੇ,ਕਾਹਨੂੰ ਹੱਥ ਨੀ ਭਰਿੰਡਾਂ ਨੂੰ ਤੂੰ ਪਾਉਂਦੀ,
ਨੀ ਜਾਗੋ ਤੇਰੀ ਲੰਘ ਚੱਲੀ ਐ,ਕਾਹਨੂੰ ਮਾਰ ਮਾਰ ਕੂਹਣੀਆਂ ਉਠਾਉਂਦੀ?”
 
ਪਰ ,ਲਲਕਾਰਾ ਫ਼ੇਰ ਵੱਜਦਾ ਹੈ-
 
“ਆਉਂਦੀ ਕੁੜੀਏ,ਜਾਂਦੀ ਕੁੜੀਏ,ਭਰ ਲਿਆ ਟੋਕਰਾ ਨੜਿਆਂ ਦਾ,
ਕਿੱਥੇ ਲਾਹੇਂਗੀ ??..ਕਿੱਥੇ ਲਾਹੇਂਗੀ ਨੀ ਸਾਰਾ ਪਿੰਡ ਛੜਿਆਂ ਦਾ ?
ਛੜੇ ਮਲੰਗੋ ਕੋਠੇ ਚੜ੍ਹ ਜਾਓ,ਰੰਨਾਂ ਵਾਲੇ ਅੰਦਰ ਵੜ ਜਾਓ,ਫ਼ੇਰ ਨਾ ਰੌਲਾ ਪਾਇਓ,
ਬਈ ਧੂੜ੍ਹਾਂ ਪੱਟੀ ਆਉਂਦੀ ਐ,ਨਾਨਕਿਆਂ ਦੀ ਜਾਗੋ..ਓ।”
“ਕੋਈ ਵੇਚੇ ਸੁੰਢ ਜਵੈਣ,ਕੋਈ ਵੇਚੇ ਰਾਈ,
ਲੰਬੜ ਆਪਣੀ ਜੋਰੂ ਵੇਚੇ,ਟਕੇ ਟਕੇ ਸਿਰ ਲਾਈ,
ਪਾਸੇ ਹਟ ਜਾਓ....ਪਾਸੇ ਹਟ ਜਾਓ ਦਾਦਕੀਓ,ਜਾਗੋ ਨਾਨਕਿਆਂ ਦੀ ਆਈ...
ਖਬਰਦਾਰ ਰਹਿਣਾ ਬਈ....ਜਾਗੋ ਰੌਲਾ ਪਾਉਂਦੀ ਆਈ.....।”
 
ਇਸ ਸਮੇਂ ਦੌਰਾਨ ਇੱਕ ਘਰ ਤੋਂ ਦੂਜੇ ਘਰ ਚਲਣਾ ਜਾਰੀ ਰਹਿੰਦਾ ਹੈ,ਦੀਵਿਆਂ ਵਿੱਚ ਹਰ ਘਰ ਤੋਂ ਤੇਲ ਪਾਇਆ ਜਾਂਦਾ ਹੈ,ਜਿਹੜਾ ਇੱਕ ਪਾਸੇ ਤਾਂ ਸ਼ਗਨਾਂ ਦਾ ਪ੍ਰਤੀਕ ਹੈ,ਦੂਜੇ ਪਾਸੇ ਉਸ ਪਰਿਵਾਰ ਵੱਲੋਂ “ਜਾਗੋ” ਦੀ ਸੋਚ ਨਾਲ ਸਹਿਮਤੀ ਪ੍ਰਗਟਾਉਣਾ ਵੀ ਹੈ।ਇਸ ਸੋਚ ਵਿੱਚ,ਪਿਆਰ,ਇਤਫਾਕ,ਭਰਾਤਰੀ ਸਾਂਝ,ਜਿਸ ਵਿੱਚ ਬਿਨਾਂ ਕਿਸੇ ਊਚ-ਨੀਚ,ਰੰਗ,ਜਾਤ,ਮਜ਼ਹਬ ਦੇ ਭਿੰਨ ਭਾਵ ਤੋਂ ਸਭ ਨਾਲ ਖੁਸ਼ੀ ਸਾਂਝੀ ਕਰਨਾ ਸ਼ਾਮਲ ਹੈ । ਤਦੇ ਕਿਹਾ ਗਿਆ ਹੈ-
 
“ਕੋਈ ਪਾਊਗਾ ਨਸੀਬਾਂ ਵਾਲਾ,ਬਈ ਜਾਗੋ ਵਿੱਚ ਤੇਲ ਮੁੱਕਿਆ।”
 
ਜਾਗੋ ਵਿੱਚ ਸਿਰਫ਼ ਜਾਗੋ ਨਾਲ ਸੰਬੰਧਤ ਬੋਲੀਆਂ ਹੀ ਨਹੀਂ ਹੁੰਦੀਆਂ,ਸਗੋਂ ਉਹ ਬੋਲੀਆਂ ਵੀ ਪਾਈਆਂ ਜਾਂਦੀਆਂ ਹਨ,ਜਿਹੜੀਆਂ ਆਮ ਗਿੱਧੇ ਵਿੱਚ ਚਲਦੀਆਂ ਹਨ।ਥੋੜੀ ਥੋੜੀ ਦੇਰ ਬਾਅਦ ਜਾਗੋ ਰੁਕਦੀ ਹੇ,ਜਿੰਨੀ ਦੇਰ ਉਸ ਘਰ ਦੀ ਸੁਆਣੀ ਦੀਵਿਆਂ ਵਿੱਚ ਤੇਲ ਪਾਉਂਦੀ ਹੈ ਅਤੇ ਸ਼ਗਨ ਵਜੋਂ ਕੁਝ ਰੁਪਏ ਦਿੰਦੀ ਹੈ,ਉਤਨੀ ਦੇਰ ਗਿੱਧਾ ਭਰ ਜੋਬਨ ਵਿੱਚ ਜਾਰੀ ਰਹਿੰਦਾ ਹੈ।ਇਨ੍ਹਾਂ ਬੋਲੀਆਂ ਦੀ ਗਿਣਤੀ ਅਤੇ ਵੰਨ ਸੁਵੰਨਤਾ ਬੇਅੰਤ ਹੈ,ਅਸੀਂ ਇੱਥੇ ਸਿਰਫ਼ ਟੂਕ ਮਾਤਰ ਕੁਝ ਕੁ ਹੀ ਦੇ ਰਹੇ ਹਾਂ-
 
“ਸੁਣ ਨੀ ਭਾਬੀ ਟਿੱਕੇ ਵਾਲੀਏ,ਕੀ ਜਵਾਬ ਹੈ ਤੇਰਾ,
ਨੀ ਭੈਣ ਤੇਰੀ ਨਾਲ ਵਿਆਹ ਕਰਵਾ ਕੇ ,ਬਣ ਜਾਂ ਭਣੋਈਆ ਤੇਰਾ,
ਗਿੱਧੇ ਦੇ ਵਿੱਚ ਵੜ ਕੇ ਨੀ ਤੂੰ ਦੇ ਦੇ ਸ਼ੌਕ ਦਾ ਗੇੜਾ,
ਨੀ ਦੀਵਾ ਕੀ ਕਰਨਾ,ਚਾਨਣ ਹੋ ਜਾਊ ਤੇਰਾ।”
“ਸੁਣ ਨੀ ਭਾਬੀ ਨੱਚਣ ਵਾਲੀਏ,ਤੇਰੇ ਤੋਂ ਕੀ ਮਹਿੰਗਾ,
ਤੇਰੇ ਮੂਹਰੇ ਥਾਨ ਸੁੱਟਿਆ,ਸੁੱਥਣ ਸਵਾ ਲਈਂ ਭਾਵੇਂ ਲਹਿੰਗਾ।”
“ਤਿੰਨ ਦਿਨ ਹੋਗੇ ਤਾਪ ਚੜ੍ਹੇ ਨੂੰ,ਹੂੰਗਰ ਪਵੇ ਚੁਫ਼ੇਰੇ,
ਪੇਕੇ ਤਾਂ ਮੇਰੇ ਪੈਂਦ ਸਿਰ੍ਹਾਣੇ,ਸਹੁਰੇ ਨਾ ਢੁਕਦੇ ਨੇੜੇ,
ਜੇ ਮੈਂ ਮਰਗੀ ਵੇ,ਵਿੱਚ ਬੋਲੂੰਗੀ ਤੇਰੇ।”
“ਕੱਲ੍ਹ ਦਾ ਆਇਆ ਮੇਲ਼ ਸੁਣੀਂਦਾ,ਸੁਰਮਾ ਸਭ ਨੇ ਪਾਇਆ,
ਬਈ ਗਹਿਣੇ ਗੱਟੇ ਸਭ ਨੂੰ ਸੋਂਹਦੇ,ਬੱਲੇ ਬੱਲੇ ਬੱਲੇ ਬੱਲੇ ਬੱਲੇ.....
ਬਈ ਗਹਿਣੇ ਗੱਟੇ ਸਭ ਨੂੰ ਸੋਂਹਦੇ,ਵਿਆਹੁੰਦੜਰੂਪ ਸਜਾਇਆ,
ਨੀ ਮੁੰਡੇ ਦੀ ਮਾਮੀ ਨੇ,ਗਿੱਧਾ ਖੂਬ ਸਜਾਇਆ।”
 
ਅਖੀਰ ਤੇ –
 
“ਨਾਨਕਿਆਂ ਤੇ ਦਾਦਕਿਆਂ ਨੇ,ਚਾਵਾਂ ਸੱਧਰਾਂ ਖੁਸ਼ੀਆਂ ਦੇ ਨਾਲ:,
ਸਾਰੇ ਪਿੰਡ ਘੁਮਾਈਆ ਬਈ ਹੁਣ ਜਾਗੋ ਆਈ ਆ।”
 
ਅੱਜ ਦੇ ਸਮੇਂ ਵਿੱਚ ਵਿਆਹ ਮੈਰਜ ਪੈਲੇਸਾਂ ਵਿੱਚ ਹੋਣ ਲੱਗੇ ਹਨ ਅਤੇ ਜਾਗੋ ਵੀ ਵਪਾਰਕ ਅਤੇ ਆਧੁਨਿਕ ਹੋ ਗਈ ਹੈ।ਹੇਠਾਂ ਦਿੱਤੀਆਂ ਬੋਲੀਆਂ ਸਹੀ ਤਸਵੀਰ ਪੇਸ਼ ਕਰਦੀਆਂ ਹਨ,
 
“ਨਾ ਓਹ ਹੱਸੇ, ਨਾ ਓਹ ਖੁਸ਼ੀਆਂ,ਨਾ ਓਹ ਜਾਗੋ ਰਹਿ ਗਈ,
ਅੱਜ ਕੱਲ੍ਹ ਜਾਗੋ ਨਵੇਂ ਸਮੇਂ ਦੀ,ਵਹਿਣਾਂ ਦੇ ਵਿੱਚ ਵਹਿ ਗਈ,
ਹੁਣ ਤਾਂ ਜਾਗੋ ਟੀ.ਵੀ.ਦੀ ਇੱਕ ਆਈਟਮ ਬਣ ਕੇ ਰਹਿ ਗਈ,ਜਾਗੋ ਬਦਲ ਗਈ,
ਹੁਣ ਓਹ ਨਾ ਜਾਗੋ ਰਹਿ ਗਈ,ਜਾਗੋ ਬਦਲ ਗਈ.......
“ਅੰਮੀ ਕਹਿੰਦੀ ਕੌਣ ਚੁੱਕੂ ਭਾਰ,ਛੇਤੀ ਕੋਈ ਜਾਓ ਬਾਜ਼ਾਰ,
ਦੀਵੇ ਤੇਲ ਘੜਾ ਤਿਆਗੋ,ਲਾਈਟਾਂ ਵਾਲੀ ਲਿਆਓ ਜਾਗੋ,
ਹੁਣ ਚਾਈਨੀਜ਼ ਜਾਗੋ ਆਈ ਆ ,ਜਾਗੋ ਬਦਲ ਗਈ,
ਹੁਣ ਉਹ ਨਾ ਜਾਗੋ ਰਹਿ ਗਈ,ਜਾਗੋ ਬਦਲ ਗਈ........।”
 
ਅੱਜ ਲੋੜ ਹੈ ਜਾਗੋ ਦੀ ਭਾਵਨਾ ਨੂੰ ਜਗਦੀ ਰੱਖਣ ਦੀ।ਸਿਰਫ਼ ਮੂਵੀ ਜਾਂ ਐਲਬਮ ਵਿੱਚ ਦਿਖਾਣ ਲਈ ਭਾੜੇ ਦੀ ਜਾਗੋ ਦੀ ਲੋੜ ਨਹੀਂ।ਸਾਡੇ ਅਮੀਰ ਵਿਰਸੇ ਦੀ ਅਮੀਰ ਜਾਗੋ ਵਿੱਚੋਂ ਤੇਲ ਮੁੱਕ ਰਿਹਾ ਹੈ,ਆਓ ਰਲ ਮਿਲ ਕੇ ਸਾਂਝੀਵਾਲਤਾ ਦਾ ਤੇਲ ਪਾਈਏ।
****