ਜੀਵਨ
ਵਿਚ ਬਹੁਤ ਸਾਰੀਆਂ ਸਟੇਜਾਂ ਹੁੰਦੀਆਂ ਹਨ ਜਿੰਨ੍ਹਾਂ ਵਿਚ ਬਚਪਨ, ਜਵਾਨੀ ਅਤੇ ਬੁਢਾਪਾ
ਪ੍ਰਮੁੱਖ ਹਨ । ਜਿਵੇਂ ਜਿਵੇਂ ਸਮਾਂ ਅੱਗੇ ਵੱਲ ਵਧਦਾ ਹੈ, ਮਨੁੱਖ ਬਚਪਨ ਤੋਂ ਜਵਾਨੀ ਵੱਲ
ਅਤੇ ਜਵਾਨੀ ਤੋਂ ਬਢਾਪੇ ਵੱਲ ਸਰਕਦਾ ਹੈ । ਲਗਭਗ ਹਰ ਬਚਪਨ ਖੇਡਾਂ ਵਿਚ ਬੀਤਦਾ ਹੈ ਪਰ
ਕੁਝ ਬਚਪਨ ਔਕੜਾਂ ਭਰਪੂਰ ਹੁੰਦੇ ਹਨ । ਜਦੋਂ ਬਚਪਨ ਵਿਚ ਮਾਂ ਜਾਂ ਬਾਪ ਜਾਂ ਦੋਨਾਂ ਦਾ
ਸਾਇਆ ਸਿਰ ਉਪਰੋਂ ਚਲਾ ਜਾਂਦਾਂ ਹੈ ਤਾਂ ਬਚਪਨ ਵਿਚ ਹੀ ਔਕੜਾਂ ਦਾ ਪਹਾੜ ਟੁਟ ਪੈਂਦਾ ਹੈ
ਤਾਂ ਬਚਪਨ ਵੀ ਸਰਕਦਾ ਹੈ ਅਤੇ ਜਵਾਨੀ ਵੀ ਗਮਗੀਨ ਹੀ ਰਹਿੰਦੀ ਹੈ । ਪ੍ਰੰਤੂ ਆਮ ਹਾਲਤ
ਵਿਚ ਬਚਪਨ ਪਹਾੜੇ ਗਾ ਗਾ ਕੇ ਅਤੇ ਖੇਡ ਕੇ, ਭੈਣਾਂ,ਭਰਾਵਾਂ ਅਤੇ ਮਿਤਰਾਂ ਦਾ ਸੰਗ ਮਾਣ
ਕੇ ਸੌਖਿਆਂ ਹੀ ਨਿਕਲ ਜਾਂਦਾ ਹੈ । ਬਚਪਨ ਵਿਚ ਪਹਾੜੇ ਕਾਫੀ ਮੁਸ਼ਕਿਲ ਲੱਗਦੇ ਹਨ ਇਸ ਲਈ
ਕਵੀਆਂ ਨੇ ਇਸ ਤਰ੍ਹਾਂ ਦੇ ਪਹਾੜੇ ਵੀ ਬਣਾਏ ਹਨ ਕਿ ਬੱਚੇ ਨੂੰ ਪਤਾ ਵੀ ਨਹੀਂ ਲੱਗਦਾ ਅਤੇ
ਪਹਾੜੇ ਵੀ ਯਾਦ ਹੋ ਜਾਂਦੇ ਹਨ ਅਤੇ ਸਿੱਖਿਆ ਵੀ ਪ੍ਰਾਪਤ ਹੁੰਦੀ ਹੈ। ਜਿਸ ਤਰ੍ਹਾਂ...
ਇਕ ਦੂਣੀ ਦੂਣੀ,ਦੋ ਦੂਣੀ ਚਾਰ,
ਘਰ ਘਰ ਰੁਖ ਲਾਉ ਆਵੇਗੀ ਬਹਾਰ,
ਤਿੰਨ ਦੂਣੀ ਛੇ,ਚਾਰ ਦੂਣੀ ਅੱਠ,
ਰੁਖਾਂ ਬਿਨਾ ਸੁੰਨੀ ਸੁੰਨੀ ਲਗਦੀ ਹੈ ਸੱਥ,
ਪੰਜ ਦੂਣੀ ਦਸ ਹੁੰਦੇ,ਛੇ ਦੂਣੀ ਬਾਰਾਂ,
ਰੁਖ ਹੁੰਦੇ ਧਰਤੀ ਦਾ ਗਹਿਣਾ, ਪਾਉਣ ਠੰਡੀਆਂ ਠਾਰਾਂ,
ਸਤ ਦੂਣੀ ਚੌਦਾਂ,ਅੱਠ ਦੂਣੀ ਸੋਲਾਂ,
ਆਲ੍ਹਣਿਆਂ ਵਿਚ ਬੈਠੇ, ਪੰਛੀ ਕਰਦੇ ਰਹਿਣ ਕਲੋਲਾਂ,
ਨੌ ਦੂਣੀ ਅਠਾਰਾਂ,ਦਸ ਦੂਣੀ ਵੀਹ,
ਰੁਖ ਲਾਉਗੇ ਜੇਕਰ ਛਾਵਾਂ ਮਾਨਣ ਪੁਤਰ ਅਤੇ ਧੀ ।
ਇਕ ਦੂਣੀ ਦੂਣੀ,ਦੋ ਦੂਣੀ ਚਾਰ,
ਘਰ ਘਰ ਰੁਖ ਲਾਉ ਆਵੇਗੀ ਬਹਾਰ,
ਤਿੰਨ ਦੂਣੀ ਛੇ,ਚਾਰ ਦੂਣੀ ਅੱਠ,
ਰੁਖਾਂ ਬਿਨਾ ਸੁੰਨੀ ਸੁੰਨੀ ਲਗਦੀ ਹੈ ਸੱਥ,
ਪੰਜ ਦੂਣੀ ਦਸ ਹੁੰਦੇ,ਛੇ ਦੂਣੀ ਬਾਰਾਂ,
ਰੁਖ ਹੁੰਦੇ ਧਰਤੀ ਦਾ ਗਹਿਣਾ, ਪਾਉਣ ਠੰਡੀਆਂ ਠਾਰਾਂ,
ਸਤ ਦੂਣੀ ਚੌਦਾਂ,ਅੱਠ ਦੂਣੀ ਸੋਲਾਂ,
ਆਲ੍ਹਣਿਆਂ ਵਿਚ ਬੈਠੇ, ਪੰਛੀ ਕਰਦੇ ਰਹਿਣ ਕਲੋਲਾਂ,
ਨੌ ਦੂਣੀ ਅਠਾਰਾਂ,ਦਸ ਦੂਣੀ ਵੀਹ,
ਰੁਖ ਲਾਉਗੇ ਜੇਕਰ ਛਾਵਾਂ ਮਾਨਣ ਪੁਤਰ ਅਤੇ ਧੀ ।
ਬਚਪਨ ਵਾਲਾ ਪੜਾਅ ਇਤਨਾ ਚੰਗਾ ਅਤੇ ਭੋਲੇਪਨ ਨਾਲ ਭਰਪੂਰ ਹੁੰਦਾ ਹੈ ਕਿ ਇਨ੍ਹਾਂ ਪਲਾਂ ਨੂੰ ਹਰੇਕ ਸਾਂਭ ਸਾਂਭ ਕੇ ਵਰਤਣਾ ਚਾਹੁੰਦਾ ਹੈ । ਪ੍ਰੰਤੂ ਸਮਾਂ ਰੁਕਦਾ ਨਹੀਂ ਹੈ ਅਤੇ ਇਸ ਨੇ ਅੱਗੇ ਵੱਲ ਵੱਧਣਾ ਹੀ ਹੈ । ਅਗਲਾ ਪੜਾਅ ਜਵਾਨੀ ਵਾਲਾ ਬੜਾ ਸੰਭਲ ਕੇ ਚੱਲਣ ਵਾਲਾ ਹੁੰਦਾ ਹੈ । ਕੁਝ ਜਵਾਨੀਆਂ ਨਸ਼ੇ ਵਿਚ ਰੁੜ ਰਹੀਆਂ ਹਨ, ਇਸ ਪ੍ਰਤੀ ਅਤੀ ਸੁਚੇਤ ਹੋਣ ਦੀ ਲੋੜ ਹੈ । ਸੁਯੋਗ ਅਗਵਾਈ ਹੀ ਅੱਥਰੀ ਜਵਾਨੀ ਨੂੰ ਠੀਕ ਰਾਹ ਉਪਰ ਰੱਖ ਸਕਦੀ ਹੈ । ਮੀਡੀਆ ਨੂੰ ਵੀ ਉਸਾਰੂ ਰੋਲ ਨਿਭਾਉਣਾ ਚਾਹੀਦਾ ਹੈ । ਚੰਗੇ ਰੋਲ ਮਾਡਲ ਵੀ ਸੁਯੋਗ ਅਗਵਾਈ ਦੇ ਕਾਬਲ ਹੋ ਸਕਦੇ ਹਨ । ਅੱਜ ਦਾ ਨੌਜੁਆਨ ਕੁਰਾਹੇ ਪੈ ਚੁਕਾ ਹੈ ਉਸ ਨੂੰ ਮੁੱਖ ਧਾਰਾ ਵਿਚ ਸ਼ਾਮਲ ਕਰਨ ਦੀ ਲੋੜ ਹੈ । ਉਸ ਨੂੰ ਘਰ ਵਿਚ ਅਤੇ ਬਾਹਰ ਆਦਰ ਮਾਣ ਦੀ ਜ਼ਰੂਰਤ ਹੈ । ਉਹ ਤਾਂ ਕੇਵਲ ਕਿਸੇ ਕਵੀ ਦਾ ਰਚਿਤ ਦਾਹੇ ਦਾ ਪਹਾੜਾ ਪੜ੍ਹ ਰਿਹਾ ਹੈ ਅਤੇ ਮਸਤ ਹੈ ਕਿ ਉਸ ਉਪਰ ਇਹ ਸਟੇਜ ਨਹੀਂ ਆਵੇਗੀ...
ਇਕ ਦਾਹਿਆ ਦਾਹਿਆ, ਖੇਡਾਂ ਵਿਚ ਜੀਵਨ ਬਿਤਾਇਆ ।
ਦੋ ਦਾਹੇ ਵੀਹ, ਵਿਆਹ ਨੂੰ ਕਰ ਪਿਆ ਜੀਅ ।
ਤਿੰਨ ਦਾਹੇ ਤੀਹ, ਮੰਗੇ ਪੁੱਤ ਮਿਲੇ ਧੀ ।
ਚਾਰ ਦਾਹੇ ਚਾਲੀ, ਗਲ ਵਿਚ ਪਈ ਪੰਜਾਲੀ ।
ਪੰਜ ਦਾਹੇ ਪੰਜਾਹ,ਬਾਪੂ ਕਮਾ ਕੇ ਲਿਆ ਅਤੇ ਖੁਆ ।
ਛੇ ਦਾਹੇ ਸੱਠ, ਹੱਥ ਵਿਚ ਫੜ ਲਈ ਲੱਠ ।
ਸਤ ਦਾਹੇ ਸੱਤਰ,ਬਾਬਾ ਹੋ ਗਿਆ ਸੱਤਰ ਬਹੱਤਰ ।
ਅੱਠ ਦਾਹੇ ਅੱਸੀ, ਮੰਗੇ ਦੁੱਧ ਮਿਲੇ ਲੱਸੀ ।
ਨੌ ਦਾਹੇ ਨੱਬੇ, ਮੂੰਹੋਂ ਗੱਲ ਨਾ ਕੋਈ ਫੱਬੇ ।
ਦਸ ਦਾਹੇ ਸੌ, ਬਾਬਾ ਹੁਣ ਤਾਂ ਮਗਰੋਂ ਲਹੋ ।
ਲੱਠ ਨੂੰ ਫੜ ਕੇ ਮਨੁਖ ਬੁਢਾਪੇ ਵਿਚ ਹੋ ਜਾਂਦਾ ਹੈ ਅਤੇ ਇਸ ਸਥਿਤੀ ਬਾਰੇ ਇਕ ਸ਼ਾਇਰ ਨੇ ਠੀਕ ਹੀ ਲਿਖਿਆ ਹੈ ਕਿ...
ਹਰ ਚੀਜ਼ ਯਹਾਂ ਆਨੀ ਜਾਨੀ ਦੇਖੀ
ਜੋ ਆ ਕੇ ਨਾ ਜਾਏ ਵੋ ਬੁਢਾਪਾ ਦੇਖਾ
ਜੋ ਜਾ ਕੇ ਨਾ ਆਏ ਵੋ ਜਵਾਨੀ ਦੇਖੀ
ਜਦੋਂ ਕਿ ਸਿਖਾਂ ਦੇ ਵਰਤਮਾਨ ਗੁਰੂ ਸ੍ਰ਼ੀ ਗੁਰੂ ਗਰੰਥ ਸਾਹਿਬ ਵਿਚ ਜੀਵਨ ਦਾ ਫਲਸਫਾ ਕੁਝ ਇਸ ਤਰਾਂ ਦਰਜ ਕੀਤਾ ਗਿਆਾ ਹੈ...
ਪਹਿਲੇ ਪਿਆਰ ਲਗਾ ਥਣ ਦੁਧਿ ।। ਦੂਜੇ ਮਾਇ ਬਾਪ ਕੀ ਸੁਧਿ ।।
ਤੀਜੇ ਭਯਾ ਭਾਭੀ ਬੇਬ ।। ਚਉਥੈ ਪਿਆਰਿ ਉਪੰਨੀ ਖੇਡ ।।
ਪੰਜਵੈ ਖਾਣੁ ਪੀਅਣ ਕੀ ਧਾਤੁ ।। ਛਿਵੈ ਕਾਮੁ ਨ ਪੁਛੈ ਜਾਤਿ ।।
ਸਤਵੈ ਸੰਜਿ ਕੀਆ ਘਰ ਵਾਸੁ ।। ਅਠਵੈ ਕ੍ਰੋਧ ਹੋਆ ਤਨ ਨਾਸੁ ।।
ਨਵੈ ਧਅੁਲੇ ਉਭੇ ਸਾਹ ।। ਦਸਵੈ ਦਧਾ ਹੋਆ ਸੁਆਹ ।।
(ਵਾਰ ਮਾਝ ਕੀ ਤਥਾ ਸਲੋਕ ਮਹਲਾ 1 ) ਸ੍ਰੀ ਗੁਰੂ ਗਰੰਥ ਸਾਹਿਬ ਅੰਗ 137
ਬੁਢਾਪਾ ਸਾਰੀ ਜਿੰਦਗੀ ਦਾ ਨਿਚੋੜ ਹੈ । ਆਪਣੀਆਂ ਗਲਤੀਆਂ ਤੋਂ ਸਿੱਖਿਆ ਲਈ ਹੁੰਦੀ ਹੈ । ਆਪਣੇ ਹੱਡਾਂ ਉਪਰ ਹੰਢਾਇਆ ਸੱਚ ਹੁੰਦਾ ਹੈ । ਸੁਣੀ ਸੁਣਾਈਆ ਗੱਲਾਂ ਨਹੀਂ ਹੁੰਦੀਆਂ ਹਨ । ਮਣਾਂ ਮੂੰਹੀ ਤਜਰਬਾ ਹਾਸਲ ਕੀਤਾ ਹੋਇਆ ਹੁੰਦਾ ਹੈ ਅਤੇ ਸਤਿਕਾਰ ਦਾ ਪਾਤਰ ਹੁੰਦਾ ਹੈ । ਕੁਝ ਲੋਕ ਇਸ ਸਟੇਜ ਨੂੰ ਤਰਸ ਦਾ ਪਾਤਰ ਸਮਝਦੇ ਹਨ, ਜੋ ਕਿ ਬਿਲਕੁਲ ਵੀ ਠੀਕ ਨਹੀਂ ਹੈ । ਸਾਡੇ ਬੱਚੇ ਆਪਣੇ ਮਾਤਾ ਪਿਤਾ ਦੀ ਦੇਖ ਭਾਲ ਤੋਂ ਮੁਨਕਰ ਹੋ ਰਹੇ ਹਨ । ਉਹ ਇਸ ਨੂੰ ਕਬਾੜ ਸਮਝਣ ਲੱਗ ਪਏ ਹਨ ਅਤੇ ਕਬਾੜ ਦੀ ਥਾਂ ਘਰ ਵਿਚ ਨਹੀਂ ਸਮਝ ਰਹੇ ਹਨ । ਇਸ ਲਈ ਬਿਰਧ ਘਰ ਖੋਲੇ ਜਾ ਰਹੇ ਹਨ ਜੋ ਕਿ ਸਾਡੇ ਸੱਭਿਆਚਾਰ ਦਾ ਹਿੱਸਾ ਨਹੀਂ ਹਨ । ਜੀਵਨ ਨੂੰ ਮੁਸ਼ਕਲਾਂ ਅਤੇ ਤੰਗੀਆਂ ਤੁਰਸ਼ੀਆਂ ਵਿਚ ਗੁਜ਼ਾਰ ਕੇ ੳਹ ਜਿੰ਼ਦਗੀ ਦੇ ਆਖਰੀ ਪੜਾਅ ‘ਤੇ ਪੁੱਜ ਚੁੱਕੇ ਹਨ ਅਤੇ ਕੇਵਲ ਸਤਿਕਾਰ ਦੀ ਲੋੜ ਮਹਿਸੂਸ ਕਰਦੇ ਹਨ । ਇਸ ਲਈ ਉਹਨਾਂ ਨੂੰ ਬਿਰਧ ਘਰਾਂ ਵੱਲ ਨਾ ਧੱਕੋ । ਉਹਨਾਂ ਨੂੰ ਆਪਣੇ ਦਿਲਾਂ ਵਿਚ ਸਥਾਨ ਦਿਉ । ਜੇਕਰ ਇਹ ਬਿਰਧ ਘਰਾਂ ਦਾ ਰਸਤਾ ਚੁਣੋਗੇ ਤਾਂ ਆਉਣ ਵਾਲੀ ਪੀੜ੍ਹੀ ਵੀ ਤੁਹਾਡੇ ਨਾਲ ਅਜਿਹਾ ਹੀ ਵਰਤਾਅ ਕਰੇਗੀ । ਬੁਢਾਪੇ ਵਿਚ ਆ ਕਿ ਇਕ ਔਰਤ ਇੱਛਾ ਪਰਗਟ ਕਰ ਰਹੀ ਹੈ ਕਿ...
ਰਾਮ ਬੁਢਾਪਾ ਮੱਤ ਦੇਨਾ,
ਜੇ ਬੁਢਾਪਾ ਦੇਣਾ ਚਾਹੋ ਤੋ,
ਵੀਰ (ਬਹਾਦੁਰ) ਮਰਦ ਦਾ ਸਾਥ ਦੀਉ,
ਸਰਵਣ ਜੈਸਾ ਲਾਲ ਦੀਉ
ਮੁੱਠੀ ਵਿਚ ਧਨ ਦੀਉ
ਗੋਡੇ ਮੇਂ ਜਾਨ ਦੀਉ,
ਸਵਰਗ ਲੋਕ ਵਿਚ ਵਾਸ ਦੀਉ ।
ਜੀਵਨ ਇਸ ਤਰਾਂ ਇੱਛਾਵਾਂ ਕਰਦੇ ਹੋਏ ਬੀਤ ਜਾਂਦਾ ਹੈ ਅਤੇ ਪਤਾ ਵੀ ਨਹੀਂ ਲੱਗਦਾ ਕਿ ਅੰਤਲਾ ਸਮਾਂ ਆ ਢੁਕਾ ਹੈ ਇਸ ਲਈ ਜੀਵਨ ਨੂੰ ਲੋਕ ਭਲਾਈ ਲਈ ਬਤੀਤ ਕਰਨ ਦਾ ਯਤਨ ਕਰਨਾ ਚਾਹੀਦਾ ਹੈ ।
****