ਮਰਦ
ਨੂੰ ਰਵਾਇਤਨ ਸਮਾਜ ਦਾ ਉਚ ਅਤੇ ਖਾਸ ਵਰਗ ਮੰਨਿਆ ਗਿਆ ਹੈ। ਇੱਥੋਂ ਤੱਕ ਕਿ ਕਈ ਧਰਮਾਂ
ਅਨੁਸਾਰ ਸਵਰਗ ਦੇ ਦੁਆਰ ਕੇਵਲ ਮਰਦਾਂ ਲਈ ਹੀ ਖੁੱਲ੍ਹਦੇ ਹਨ। ਜੇ ਕਿਸੇ ਇਸਤਰੀ ਨੇ
ਪਰਮਾਤਮਾ ਦੇ ਰਾਹ ਤੁਰਨਾ ਹੋਵੇ ਤਾਂ ਉਸ ਲਈ ਮਰਦ ਦੇ ਰੂਪ ਵਿਚ ਜਨਮ ਲੈਣਾ ਜ਼ਰੂਰੀ ਹੈ
ਤਾਂ ਹੀ ਉਹ ਮੁਕਤੀ ਪਾ ਸਕਦੀ ਹੈ। ਜਿੱਥੇ ਰੱਬ ਨੇ ਸਰੀਰਕ ਤੌਰ ‘ਤੇ ਮਰਦਾਂ ਨੂੰ ਕਈ
ਆਜ਼ਾਦੀਆਂ ਬਖਸ਼ੀਆਂ ਹਨ, ਉਥੇ ਸਮਾਜਿਕ ਪੱਧਰ ‘ਤੇ ਵੀ ਉਨ੍ਹਾਂ ਨੂੰ ਵੱਧ ਖੁੱਲ੍ਹ ਹਾਸਲ
ਹੈ। ਰਾਜਨੀਤੀ, ਸਮਾਜ ਅਤੇ ਆਰਥਕ ਪ੍ਰਬੰਧ ਵਿਚ ਮਰਦ ਹੀ ਪ੍ਰਧਾਨ ਰਿਹਾ ਹੈ। ਦੂਜੇ ਬੰਨੇ
ਔਰਤ ਦੇ ਪੱਲੇ ਮੁੱਢ ਕਦੀਮ ਤੋਂ ਹੀ ਫਰਜ਼ ਵਧੇਰੇ ਤੇ ਹੱਕ ਘੱਟ ਪਏ ਹਨ, ਬੰਦਿਸ਼ਾਂ ਵਧੇਰੇ
ਤੇ ਆਜ਼ਾਦੀ ਘੱਟ ਮਿਲੀ ਹੈ। ਔਰਤ ਅੰਦਰ ਪਿਆਰ ਅਤੇ ਤਿਆਗ ਮਰਦ ਨਾਲੋਂ ਸੈਂਕੜੇ ਗੁਣਾਂ
ਵੱਧ ਹੈ। ਨਰਮਦਿਲੀ ਅਤੇ ਜਜ਼ਬਾਤੀ ਹੋਣਾ ਔਰਤ ਦਾ ਕੁਦਰਤੀ ਸੁਭਾਅ ਹੈ।
ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਪਰਿਵਾਰ ਅਤੇ ਸਮਾਜ ਵਿਚ ਮਰਦ ਅਤੇ ਔਰਤ ਦੋਵੇਂ ਆਪੋ-ਆਪਣੇ ਕਿਰਦਾਰ ਨਿਭਾਉਂਦੇ ਹਨ। ਜੇ ਮਰਦ ਇਮਾਰਤ ਉਸਾਰਦਾ ਹੈ ਤਾਂ ਔਰਤ ਉਸ ਨੂੰ ਘਰ ਬਣਾਉਂਦੀ ਹੈ, ਮਰਦ ਕਮਾਉਂਦਾ ਹੈ ਤਾਂ ਔਰਤ ਆਪਣੀ ਸਿਆਣਪ ਸਦਕਾ ਉਸ ਕਮਾਈ ‘ਚ ਬਰਕਤ ਪਾਉਂਦੀ ਹੈ, ਜੇ ਮਰਦ ਧਰਮ ਜਾਂ ਵਿਚਾਰਧਾਰਾ ਸਿਰਜਦਾ ਹੈ ਤਾਂ ਔਰਤ ਉਸ ਨੂੰ ਆਉਣ ਵਾਲੀਆਂ ਨਸਲਾਂ ਤੱਕ ਪਹੁੰਚਾਉਂਦੀ ਹੈ। ਜੇ ਮਰਦ ਆਰਥਿਕ ਅਤੇ ਸਮਾਜਿਕ ਮਾਲਕੀ ਮਾਣਦਾ ਹੈ ਤਾਂ ‘ਮਾਂ’ ਦੇ ਰੂਪ ਵਿਚ ਦੂਜਾ ਰੱਬ ਔਰਤ ਹੀ ਹੈ। ਇਨ੍ਹਾਂ ਦੋਹਾਂ ਦੇ ਸਹੀ ਤਾਲਮੇਲ ਸਦਕਾ ਹੀ ਦੁਨੀਆਂ ਦਾ ਨਿਜਾਮ ਚਲਦਾ ਹੈ। ਪਰ ਕਿਉਂ ਕੁਦਰਤ ਦੇ ਇਸ ਨਿਜਾਮ ‘ਤੇ ਮਨੁੱਖ ਖ਼ੁਸ਼ ਨਹੀਂ? ਕਿਉਂ ਹਿੱਸੇ ਆਏ ਹੱਕ ਅਤੇ ਫਰਜ਼ ਤਸੱਲੀਬਖ਼ਸ਼ ਨਹੀਂ? ਕਿਉਂ ਦਿਨੋਂ ਦਿਨ ਸਮਾਜ ਵਿਚੋਂ ਮਰਦਾਂ ਦੇ ਮੁਕਾਬਲੇ ਔਰਤਾਂ ਦੀ ਗਿਣਤੀ ਘਟਦੀ ਜਾ ਰਹੀ ਹੈ? ਜੇ ਕੁਦਰਤ ਨੇ ਦੋਹਾਂ ਨੂੰ ਆਪੋ-ਆਪਣੇ ਖੇਤਰ ਦਿੱਤੇ ਹਨ ਤਾਂ ਕਿਉਂ ਮਨੁੱਖ ਉਸ ਨੂੰ ਬਦਲਣ ਦਾ ਇਛੁੱਕ ਹੈ।
ਭਾਰਤ ਵਿਚ ਮਰਦਾਂ ਦੇ ਮੁਕਾਬਲੇ ਅੱਜ ਔਰਤਾਂ ਦੀ ਗਿਣਤੀ 1000 ਪਿੱਛੇ 914 ਰਹਿ ਗਈ ਹੈ। ਹਰਿਆਣੇ ਵਿਚ 1000 ਮਰਦਾਂ ਦੇ ਮੁਕਾਬਲੇ ਔਰਤਾਂ ਦੀ ਗਿਣਤੀ 830 ਹੈ ਅਤੇ ਪੰਜਾਬ ਵਿਚ 846 ਹੈ। ਇਹ ਉਹੀ ਪੰਜਾਬ ਹੈ ਜਿੱਥੇ ਬੇਬੇ ਨਾਨਕੀ, ਮਾਤਾ ਗੁਜਰੀ, ਮਾਈ ਭਾਗੋ, ਰਾਣੀ ਸਦਾ ਕੌਰ, ਮਹਾਰਾਣੀ ਜਿੰਦਾਂ ਵਰਗੀਆਂ ਸੁਘੜ ਸਿਆਣੀਆਂ ਬੀਬੀਆਂ ਨੇ ਜਨਮ ਲਿਆ, ਮਾਂ ਨੂੰ ਰੱਬ ਦਾ ਰੂਪ ਕਿਹਾ ਜਾਂਦਾ ਹੈ, ਕੁੜੀਆਂ-ਚਿੜੀਆਂ ਨੂੰ ਧੀਆਂ ਅਤੇ ਪਰਾਈ ਨਾਰ ਨੂੰ ਬੀਬੀ ਕਹਿ ਕੇ ਸਤਿਕਾਰਿਆ ਜਾਂਦਾ ਹੈ। ਬਾਬੇ ਨਾਨਕ ਨੇ ਇਸੇ ਧਰਤੀ ਤੋਂ “ਸੋ ਕਿਉਂ ਮੰਦਾ ਆਖੀੲੈ, ਜਿਤੁ ਜੰਮੇ ਰਾਜਾਨੁ” ਦਾ ਸੁਨੇਹਾ ਦਿੱਤਾ ਸੀ ਅਤੇ ਦਸਮ ਪਿਤਾ ਨੇ ਬਾਟੇ ਦਾ ਅੰਮ੍ਰਿਤ ਪਿਆ ਕੇ ‘ਕੌਰ’ ਦਾ ਖਿਤਾਬ ਦਿੱਤਾ ਸੀ। ਇਹ ਘਟਦੀ ਗਿਣਤੀ ਡੂੰਘਾ ਖ਼ਤਰੇ ਦਾ ਸੰਕੇਤ ਹੈ। ਇਸ ਘੱਟ ਰਹੀ ਗਿਣਤੀ ਪਿੱਛੇ ਅਸਲ ਵਿਚ ਕੀ ਕਾਰਨ ਹਨ? ਪੰਜਾਬ ਦੀ ਧਰਤੀ ‘ਤੇ ਨਾ ਤਾਂ ਰਿਜਕ ਦੀ ਹੀ ਕੋਈ ਕਮੀ ਸੀ ਤੇ ਨਾ ਹੀ ਸਿਦਕ ਦੀ। ਪਰ ਕਿਉਂ ਹਰ ਘਰ ਵਿਚ ਰਿਜਕ ਧੀ ਦੀ ਵਾਰੀ ਮੁੱਕ ਜਾਂਦਾ ਹੈ? ਕਿਉਂ ਰੱਬ ਦੀ ਇਹ ਦਾਤ ਖਿੜੇ ਮੱਥੇ ਸਵਿਕਾਰੀ ਨਹੀਂ ਜਾਂਦੀ? ‘ਪੁੱਤਰ ਮਿੱਠੜੇ ਮੇਵੇ ਰੱਬ ਸੱਭ ਨੂੰ ਦੇਵੇ’, ‘ਵੀਰ ਘਰ ਪੁੱਤ ਜੰਮਿਆ ਚੰਨ ਚੜ੍ਹਿਆ ਬਾਪ ਦੇ ਵਿਹੜੇ’ ਅਤੇ ਹੋਰ ਪਤਾ ਨਹੀਂ ਕਿੰਨੇ ਕੁ ਗੀਤ, ਬੋਲੀਆਂ, ਦੁਆਵਾਂ ਪੁੱਤ ਦੀ ਦਾਤ ਦੇ ਵਰਦਾਨ ਹੋਣ ਦੀ ਗਵਾਹੀ ਦਿੰਦੀਆਂ ਹਨ। ਪੁੱਤ ਵੰਸ਼ ਦੇ ਚਿਰਾਗ, ਜਾਇਦਾਦਾਂ ਦੇ ਵਾਰਸ ਅਤੇ ਆਉਣ ਵਾਲੀ ਪੀੜ੍ਹੀ ਦਾ ਭਵਿੱਖ ਮੰਨੇ ਜਾਂਦੇ ਹਨ। ਭਾਵੇਂ ਵੀਰ ਦੇ ਰੂਪ ਵਿਚ, ਭਾਵੇਂ ਪੁੱਤ ਦੇ ਤੇ ਭਾਵੇਂ ਸਿਰ ਦੇ ਸਾਈਂ ਦੇ ਰੂਪ ਵਿਚ, ਦੁਆ ਹਮੇਸ਼ਾਂ ਮਰਦ ਲਈ ਹੀ ਮੰਗੀ ਜਾਂਦੀ ਹੈ। ਇਸ ਨਿਮਾਣੀ ਧੀ ਦੇ ਹਿੱਸੇ ਕੇਵਲ ਹਉਕੇ ਹਾਵੇ ਹੀ ਕਿਉਂ ਰਹਿ ਗਏ?
ਗੱਲ ਸ਼ੁਰੂ ਕਰਦੇ ਹਾਂ ਆਦਿ ਕਾਲ ਤੋਂ ਜਦੋਂ ਮਨੁੱਖ ਜੰਗਲਾਂ ਦਾ ਵਾਸੀ ਸੀ। ਉਸ ਸਮੇਂ ਘਰ ਅਤੇ ਸਮਾਜ ਕੇਵਲ ਤੇ ਕੇਵਲ ਔਰਤ ਦੁਆਲੇ ਹੀ ਘੁੰਮਦਾ ਸੀ। ਮਰਦ ਔਰਤ ਨਾਲ ਸੰਭੋਗ ਕਰ ਮੁੜ ਆਪਣੇ ਆਜ਼ਾਦ ਜੀਵਨ ਵਿਚ ਵਾਪਸ ਚਲਾ ਜਾਂਦਾ ਪਰ ਕੁਦਰਤ ਦੇ ਨਿਯਮ ਅਨੁਸਾਰ ਸੰਭੋਗ ਮਗਰੋਂ ਔਰਤ ਗਰਭਵਤੀ ਹੋ ਬੱਚੇ ਨੂੰ ਜਨਮ ਦਿੰਦੀ ਅਤੇ ਪਾਲਣ ਪੋਸ਼ਣ ਕਰਦੀ, ਰੋਜ਼ਾਨਾ ਜੀਵਨ ਦੀਆਂ ਕਠਿਨਾਈਆਂ ਨਾਲ ਜੂਝਦੀ। ਫੇਰ ਸਮਾਜਿਕ ਤੌਰ ‘ਤੇ ਵਿਆਹ ਦੀ ਰਸਮ ਬਣੀ ਤੇ ਔਰਤ ਅਤੇ ਬੱਚਿਆਂ ਦੀ ਜਿ਼ੰਮੇਦਾਰੀ ਮਰਦ ਦੇ ਮੋਢਿਆਂ ‘ਤੇ ਵੀ ਸੁੱਟੀ ਗਈ। ਮਰਦ ਅਤੇ ਔਰਤ ਦੋਹਾਂ ਵਿਚ ਕੰਮ, ਫਰਜ਼ ਅਤੇ ਹੱਕ ਵੰਡ ਦਿੱਤੇ ਗਏ। ਔਰਤ ਦੇ ਹਿੱਸੇ ਘਰੇਲੂ ਜਿੰਮੇਦਾਰੀਆਂ ਅਤੇ ਮਰਦ ਦੇ ਹਿੱਸੇ ਸਮਾਜਿਕ ਅਤੇ ਆਰਥਿਕ ਜਿੰਮੇਦਾਰੀਆਂ ਆਈਆਂ। ਦਿਨੋਂ ਦਿਨ ਔਰਤ ਮਰਦ ‘ਤੇ ਨਿਰਭਰ ਹੁੰਦੀ ਗਈ। ਔਰਤ ਵਿੱਤਹੀਣ ਅਤੇ ਬੱਲਹੀਣ ਹੋਣ ਕਾਰਨ ਮਜਬੂਰ ਅਤੇ ਬੇਵੱਸ ਹੁੰਦੀ ਗਈ।
ਇਨ੍ਹਾਂ ਕਮਜ਼ੋਰੀਆਂ ਕਾਰਨ ਸਰਹੱਦਾਂ, ਮੁਲਕਾਂ ਅਤੇ ਸਿਆਸਤ ਦੀਆਂ ਲੜਾਈਆਂ ਵਿਚ ਸਭ ਤੋਂ ਵੱਧ ਸ਼ੋਸਿ਼ਤ ਔਰਤ ਹੀ ਹੁੰਦੀ ਰਹੀ। ਜੋ ਵੀ ਰਾਜਾ ਕਿਸੇ ਰਿਆਸਤ ਨੂੰ ਜਿੱਤ ਲੈਂਦਾ ਉਹ ਉਥੋਂ ਦੇ ਧਨ-ਦੌਲਤ, ਮਾਲ-ਡੰਗਰ, ਜ਼ਮੀਨ ਜਾਇਦਾਦ ਦੇ ਨਾਲ ਨਾਲ ਉਥੋਂ ਦੀਆਂ ਔਰਤਾਂ ਨੂੰ ਵੀ ਗੁਲਾਮ, ਦਾਸੀਆਂ ਜਾਂ ਰਖੇਲਾਂ ਬਣਾ ਲੈਂਦਾ। ਇਨ੍ਹਾਂ ਬੇਪਤੀਆਂ ਦੇ ਡਰ ਤੋਂ ਬਾਲ ਵਿਆਹ ਦੀ ਪ੍ਰਥਾ ਅਰੰਭ ਹੋਈ। ਵਿਧਵਾ ਹੋ ਜਾਣ ਮਗਰੋਂ ਸਮਾਜਕ ਅਤੇ ਆਰਥਕ ਔਕੜਾਂ ਤੋਂ ਬਚਾਉਣ ਲਈ ਸਤੀ ਪ੍ਰਥਾ ਹੋਂਦ ਵਿਚ ਆਈ। ਬੇਗਾਨੇ ਮਰਦਾਂ ਦੀਆਂ ਭੈੜੀਆਂ ਨਜ਼ਰਾਂ ਤੋਂ ਬਚਾਉਣ ਲਈ ਔਰਤ ਦੇ ਚੰਗਾ ਪਹਿਨਣ, ਘਰੋਂ ਬਾਹਰ ਨਿਕਲਣ, ਵਿਦਿਆ ਹਾਸਲ ਕਰਨ ਅਤੇ ਇਥੋਂ ਤੱਕ ਕਿ ਉਚਾ ਬੋਲਣ ਤੱਕ ‘ਤੇ ਰੋਕ ਲਾ ਦਿੱਤੀ ਗਈ। ਔਰਤ ਦੀ ਖੂਬਸੂਰਤੀ, ਉਸ ਦਾ ਸਰੀਰਕ ਤੌਰ ‘ਤੇ ਬਲਹੀਣ ਹੋਣਾ ਅਤੇ ਗਰਭਵਤੀ ਹੋ ਜਾਣਾ ਉਸ ਦੀ ਗੁਲਾਮੀ ਦੇ ਕਾਰਨ ਬਣਦੇ ਚਲੇ ਗਏ। ਔਰਤ ਦੀ ਆਜ਼ਾਦੀ ਦਾ ਘੇਰਾ ਘਟਣ ਦੇ ਨਾਲ ਨਾਲ ਉਸ ਦੀ ਗਿਣਤੀ ਘਟਦੀ ਹੀ ਚਲੀ ਗਈ। ਸਮਾਜ ਨੇ ਧੀ ਪੈਦਾ ਕਰਨ ਤੋਂ ਹੀ ਇਨਕਾਰ ਕਰ ਦਿੱਤਾ। ਧੀ ਨੂੰ ਜੰਮਦਿਆਂ ਸਾਰ ਸਦਾ ਦੀ ਨੀਂਦੇ ਸਵਾ ਦਿੱਤਾ ਜਾਣ ਲੱਗਾ, ਕਦੇ ਅੱਕ ਦੇ ਕੇ, ਕਦੇ ਪਾਣੀ ਵਿਚ ਡੋਬ ਕੇ ਅਤੇ ਕਦੇ ਭੁੱਖਿਆਂ ਰਖ ਕੇ। “ਪੂਣੀ ਕੱਤੀਂ, ਗੁੜ ਖਾਈਂ। ਵੀਰ ਨੂੰ ਘੱਲੀਂ, ਆਪ ਨਾ ਆਈਂ” ਬੋਲ ਰੀਤਾਂ ਰਸਮਾਂ ਦਾ ਹਿੱਸਾ ਬਣ ਗਏ। ਸਿੱਟੇ ਵਜੋਂ ਸੱਤਾਂ-ਅੱਠਾਂ ਭਰਾਵਾਂ ਦੀ ਇਕਲੌਤੀ ਭੈਣ ਦਾ ਰਿਵਾਜ ਪ੍ਰਚਲਿਤ ਹੋ ਗਿਆ। ਇਸੇ ਕਾਰਨ ਘਰਾਂ ਵਿਚ ਇਕ ਦੋ ਭਰਾਵਾਂ ਨੂੰ ਛੜੇ ਰਖਣ ਦਾ ਰਿਵਾਜ ਹੋਂਦ ਵਿਚ ਆਇਆ। ਇਥੋਂ ਤੱਕ ਕਿ ਵਿਆਹ ਲਈ ਔਰਤਾਂ ਲਾਗਲੇ ਗਰੀਬ ਪ੍ਰਦੇਸਾਂ ਵਿਚੋਂ ਖਰੀਦ ਕੇ ਲਿਆਂਦੀਆਂ ਜਾਣ ਲੱਗੀਆਂ। ਗੱਲ ਕੀ ਇਤਿਹਾਸ ਦਾ ਹਰ ਵਰਕਾ ਗਵਾਹ ਹੈ, ਔਰਤਾਂ ਨਾਲ ਹੋਈਆਂ ਨਾ ਇਨਸਾਫੀਆਂ ਦਾ।
ਮੁਗਲਾਂ ਦੇ ਰਾਜ ਵਿਚ ਔਰਤ ਦੀ ਇੱਜ਼ਤ ਟਕੇ-ਟਕੇ ਦੇ ਭਾਅ ਬਾਜ਼ਾਰਾਂ ਵਿਚ ਵਿਕਦੀ ਰਹੀ। ਫੇਰ ਅੰਗ੍ਰੇਜ਼ਾਂ ਦੇ ਰਾਜ ਵਿਚ ਔਰਤ ਥਾਂ-ਥਾਂ ਬੇਜ਼ੱਤ ਹੁੰਦੀ ਰਹੀ। ‘47 ਦੀ ਵੰਡ ਦੌਰਾਨ ਇਹ ਕਰਮਾਂਮਾਰੀ ਬੇ-ਘਰ ਹੋਣ ਦੇ ਨਾਲ ਨਾਲ ਦਰਿੰਦਿਆਂ ਦੀ ਹਵਸ ਦੀ ਸਿ਼ਕਾਰ ਹੋਈ। ਤੇ ਫੇਰ ‘84 ਦੇ ਘਲੂਘਾਰੇ ਵੇਲੇ ਔਰਤ ਦੀ ਪੱਤ ਸੜਕਾਂ, ਗਲੀਆਂ-ਕੂਚਿਆਂ ਵਿਚ ਸ਼ਰ੍ਹੇਆਮ ਰੋਲੀ ਜਾਂਦੀ ਰਹੀ। ਸਮੇਂ ਦੇ ਇਤਿਹਾਸ ਵਿਚ ਬੀਤੇ ਖੌਫਨਾਕ ਜ਼ੁਲਮਾਂ ਤੋਂ ਡਰਦਾ ਹਰ ਪਿਓ ਧੀ ਨੂੰ ਜਨਮ ਦੇਣੋਂ ਇਨਕਾਰੀ ਹੋ ਗਿਆ।
ਧੀ ਨੂੰ ਸਵੀਕਾਰ ਨਾ ਕਰਨ ਦਾ ਦੂਜਾ ਵੱਡਾ ਕਾਰਨ ਬਣਿਆ ਸਹੁਰਿਆਂ ਵੱਲੋਂ ਸਤਾਏ ਜਾਣਾ, ਪਤੀ ਵਲੋਂ ਪੈਰ ਦੀ ਜੁੱਤੀ ਸਮਝੇ ਜਾਣਾ ਅਤੇ ਵੱਧ ਰਹੀ ਦਹੇਜ ਦੀ ਮੰਗ। ਆਪਣੇ ਜਿਗਰ ਦੇ ਟੁਕੜੇ ਨੂੰ ਪਾਲ ਪੋਸ ਕੇ ਬੇਗਾਨੇ ਹੱਥੀਂ ਦਿੰਦੇ ਮਾਪੇ ਡਰਦੇ ਹਨ, ਖਬਰੇ ਬੇਗਾਨੇ ਘਰ ਕੇਹੋ ਜਿਹੇ ਸਲੂਕ ਸਹਿਣੇ ਪੈਣ। ਸੱਸਾਂ ਦੇ ਮਿਹਣੇ ਅਤੇ ਪਤੀ ਦੀ ਕੁੱਟ ਅਤੇ ਹਵਸ ਦੀ ਸਿ਼ਕਾਰ ਧੀ ਦੇ ਦੁੱਖ ਸਹਿਣੇ ਹੱਦੋਂ ਪਰੇ ਦੀ ਗੱਲ ਹੈ। ਫੇਰ ਏਸ ਤੋਂ ਉਤੇ ‘ਦਾਜ’। ਦਾਜ ਅਸਲ ਵਿਚ ਕੀ ਹੈ? ਧੀ ਨੂੰ ਵਿਆਹ ਸਮੇਂ ਮਾਪਿਆਂ ਵੱਲੋਂ ਨਵੀਂ ਜਿ਼ੰਦਗੀ ਸ਼ੁਰੂ ਕਰਨ ਲਈ ਦਿੱਤਾ ਗਿਆ ਕੁਝ ਘਰੇਲੂ ਸਾਮਾਨ, ਚੋਣਵੇਂ ਗਹਿਣੇ ਅਤੇ ਕੁਝ ਲੀੜੇ ਲੱਤੇ। ਪੁੱਤ ਘਰ ਦੀ ਸਾਰੀ ਜ਼ਮੀਨ ਜਾਇਦਾਦ ਦਾ ਹੱਕਦਾਰ ਹੈ, ਧੀ ਦਾ ਵੀ ਉਸ ਘਰ ਅਤੇ ਮਾਪਿਆਂ ‘ਤੇ ਕੁਝ ਹੱਕ ਹੋਣ ਕਾਰਨ ਪੇਕੇ ਘਰੋਂ ਤੁਰਨ ਵੇਲੇ ਉਸ ਨੂੰ ਕੁਝ ਵਸਤਾਂ ਦੇ ਕੇ ਰੁਖਸਤ ਕੀਤਾ ਜਾਂਦਾ ਹੈ। ਸਮੇਂ ਸਮੇਂ ਬੱਚੇ ਦੇ ਜਨਮ ਮੌਕੇ, ਲੋਹੜੀ, ਤੀਆਂ, ਦੀਵਾਲੀ ਆਦਿ ਤਿਉਹਾਰਾਂ ‘ਤੇ ਕੁਝ ਨਾ ਕੁਝ ਦਿੱਤੇ ਜਾਣ ਦੀਆਂ ਰਸਮਾਂ ਬਣੀਆਂ। ਫੇਰ ਇਹ ਰਸਮਾਂ ਕਦੋਂ ਸੌਦੇਬਾਜ਼ੀਆਂ ਦਾ ਰੂਪ ਧਾਰਨ ਕਰ ਗਈਆਂ, ਪਤਾ ਨਹੀਂ? ਕੀਮਤੀ ਚੀਜ਼ਾਂ, ਗਹਿਣੇ ਤੇ ਹੋਰ ਵਸਤਾਂ ਦੀਆਂ ਲਿਸਟਾਂ ਬਣਾ ਕੇ ਕੁੜੀ ਤੋਰਨ ਲਈ ਸ਼ਰਤਾਂ ਵਜੋਂ ਸਾਹਮਣੇ ਰਖੀਆਂ ਜਾਣ ਲੱਗੀਆਂ। ਅਜੋਕੇ ਸਮੇਂ ਵਿਚ ਤਾਂ ਵੱਡੇ ਵੱਡੇ ਵਿਆਹ, ਸੈਂਕੜਿਆਂ ਦੀ ਗਿਣਤੀ ‘ਚ ਬਰਾਤਾਂ, ਸੋਨੇ ਦੇ ਅੰਬਰ ਛੂਹੰਦੇ ਭਾਅ ਮਾਪਿਆਂ ਨੂੰ ਉਮਰ ਤੋਂ ਪਹਿਲਾਂ ਬੁਢਿਆਂ ਕਰ ਜਾਂਦੇ ਨੇ। ਜੇਕਰ ਇਨ੍ਹਾਂ ਸਾਰੀਆਂ ਮੰਗਾਂ ਅਤੇ ਰਿਵਾਜਾਂ ਨੂੰ ਪੂਰਾ ਨਾ ਕੀਤਾ ਜਾਵੇ ਤਾਂ ਸਜ਼ਾ ਵਜੋਂ ਮਾਪਿਆਂ ਦੀ ਲਾਡਲੀ ਧੀ ਜਾਂ ਤਾਂ ਘਰੋਂ ਕੱਢ ਦਿੱਤੀ ਜਾਂਦੀ ਹੈ ਜਾਂ ਅੱਗ ਦੀ ਭੇਟਾ ਚਾੜ੍ਹ ਦਿੱਤੀ ਜਾਂਦੀ ਹੈ।
ਹੁਣ ਵਿਚਾਰ ਕਰੀਏ ਤੀਜੇ ਵੱਡੇ ਕਾਰਨ ਉਤੇ, ਜਿਸ ਸਦਕਾ ਧੀ ਨੂੰ ਜੰਮਦਿਆਂ ਸਾਰ ਨਹੀਂ ਸਗੋਂ ਜੰਮਣ ਤੋਂ ਪਹਿਲਾਂ ਹੀ ਡਾਕਟਰਾਂ ਜਾਂ ਨਰਸਾਂ ਦੁਆਰਾ ਮਾਂ ਦੀ ਕੁੱਖ ਵਿਚ ਹੀ ਕਤਲ ਕਰ ਦਿੱਤਾ ਜਾਂਦਾ ਹੈ। ਉਹ ਕਾਰਨ ਹੈ ਸਾਡੀ ਵਿਗੜੀ ਸਮਾਜਕ ਵਿਵਸਥਾ। ਕਿੱਥੇ ਸੁਰੱਖਿਅਤ ਹੈ ਇਹ ਧੀ? ਸਮਾਜ ਦੀਆਂ ਭੈੜੀਆਂ ਨਜ਼ਰਾਂ ਦੀ ਸਿ਼ਕਾਰ ਹੁੰਦੀ ਹੈ, ਕਦੇ ਬੱਸਾਂ ਵਿਚ, ਕਦੇ ਸਕੂਲਾਂ-ਕਾਲਜਾਂ ਵਿਚ, ਖੇਡ ਦੇ ਮੈਦਾਨਾਂ ਵਿਚ, ਦਫ਼ਤਰਾਂ ਵਿਚ ਤੇ ਕਦੇ ਪੰਚਾਇਤਾਂ ਵਿਚ। ਪਤਾ ਨਹੀਂ ਕਿੰਨੀਆਂ ਕੁ ਧੀਆਂ ਵਿਆਹ ਮਗਰੋਂ ਛੱਡ ਦਿੱਤੀਆਂ ਜਾਂਦੀਆਂ ਹਨ ਤੇ ਕਿੰਨੀਆਂ ਕੁ ਦਾਜ ਦੇ ਦੁੱਖੋਂ ਜਾਂ ਨੌਕਰੀ ਪੇਸ਼ਾ ਨਾ ਹੋਣ ਕਾਰਨ ਵਿਆਹੀਆਂ ਹੀ ਨਹੀਂ ਜਾਂਦੀਆਂ। ਨੌਕਰੀਆਂ ਦੇ ਝਾਂਸੇ ਹੇਠ ਸ਼ੋਸਿ਼ਤ ਹੁੰਦੀਆਂ ਹਨ ਤੇ ਕਦੇ ਖੂਬਸੂਰਤੀ ਜਾਂ ਝੂਠੀ ਆਜ਼ਾਦੀ ਦੀ ਫੂਕ ‘ਚ ਲਿਆ ਕੇ ਇਸਤੇਮਾਲ ਕੀਤੀਆਂ ਜਾਂਦੀਆਂ ਹਨ। ਨਵੀਂ ਚਲੀ ਪਰਵਾਸ ਦੀ ਹਨੇਰੀ ਨੇ ਵੀ ਇਸ ਧੀ ਦੀਆਂ ਸੱਧਰਾਂ ਨੂੰ ਵਧ ਚੜ੍ਹ ਕੇ ਰੋਲਿਆ ਹੈ। ਅੱਜ ਪਤਾ ਨਹੀਂ ਕਿੰਨੀਆਂ ਕੁ ਪੰਜਾਬ ਦੀਆਂ ਧੀਆਂ ਵਿਦੇਸ਼ਾਂ ਤੋਂ ਆਏ ਲਾੜੇ ਉਡੀਕਦੀਆਂ ਰੁਲ ਰਹੀਆਂ ਹਨ ਜੋ ਵਿਆਹ ਬਹਾਨੇ ਉਨ੍ਹਾਂ ਦਾ ਸਮਾਜਕ, ਆਰਥਕ ਅਤੇ ਸਰੀਰਕ ਸ਼ੋਸ਼ਣ ਕਰ ਮੁੜ ਫੇਰਾ ਨਹੀਂ ਪਾਉਂਦੇ।
ਆਮ ਆਦਮੀ ਜਾਂ ਜੱਟ ਜਿ਼ਮੀਂਦਾਰ ਜੋ ਆਪਣੀ ਆਰਥਕਤਾ ਨਾਲ ਜੂਝ ਰਿਹਾ ਹੈ, ਕਿਥੋਂ ਲਿਆਵੇ ਧਨ ਧੀ ਨੂੰ ਪੜ੍ਹਾਉਣ ਲਈ? ਕਿਵੇਂ ਕਰੇ ਵਿਆਹ ਸਮੇਂ ਲੱਖਾਂ ਦੇ ਸੌਦੇ? ਕਿਵੇਂ ਸਮਾਜਿਕ ਰਸਮਾਂ ਨਿਭਾਵੇ ਜੋ ਆਪ ਹੀ ਰੋਜ਼ੀ ਰੋਟੀ ਦੇ ਚੱਕਰਾਂ ਵਿਚ ਉਲਝਿਆ ਬੈਠਾ ਹੈ। ਇਸ ਕਰਮਾਂਮਾਰੇ ਪਿਓ ਦੇ ਜ਼ਖਮਾਂ ‘ਤੇ ਸਰਕਾਰਾਂ ਨੇ ਵੀ ਧੀਆਂ ਨੂੰ ਪਿਓ ਦੀ ਜ਼ਮੀਨ ਜਾਇਦਾਦ ਦੀ ਬਰਾਬਰ ਦੀ ਹੱਕਦਾਰ ਬਣਾ ਕੇ ਰੱਜ ਕੇ ਲੂਣ ਭੁਕਿਆ ਅਤੇ ਵੀਰਾਂ ਦੀ ਸ਼ਰੀਕਣ ਬਣਾ ਦਿੱਤਾ। ਇੱਜ਼ਤ ਤੋਂ ਡਰਦਾ, ਆਰਥਕਤਾ ਨਾਲ ਲੜਦਾ, ਧੀਆਂ ਦੇ ਅਸਹਿ ਦੁੱਖਾਂ ਤੋਂ ਤੰਗ ਪਿਓ ਕੋਲ ਇਕ ਹੀ ਰਾਹ ਬਚਦਾ ਹੈ। ਉਹ ਰਾਹ ਹੈ ਕਿ ਧੀ ਜੰਮੀ ਹੀ ਨਾ ਜਾਵੇ। ਸਿੱਟੇ ਵਜੋਂ ਉਹ ਕਾਤਲ ਬਣ ਬਹਿੰਦਾ ਹੈ, ਆਪਣੀ ਹੀ ਔਲਾਦ ਦਾ। ਅਤੇ ਮਾਂ, ਜੋ ਫਸ ਜਾਂਦੀ ਹੈ ਸਮਾਜ ਅਤੇ ਪਤੀ ਦੀਆਂ ਦਲੀਲਾਂ ਵਿਚਕਾਰ, ਉਸ ਕੋਲ ਵੀ ਕੋਈ ਚਾਰਾ ਨਹੀਂ ਬਚਦਾ ਆਪਣੀ ਮਮਤਾ ਨੂੰ ਕਤਲ ਕਰ ਦੇਣ ਤੋਂ ਬਿਨਾਂ।
ਅਸੀਂ ਅਕਸਰ ਹੀ ਅਖ਼ਬਾਰਾਂ, ਕਿਤਾਬਾਂ ਅਤੇ ਰਸਾਲਿਆਂ ਵਿਚ ‘ਧੀ ਨਾ ਮਾਰੋ’, ‘ਧੀਆਂ ਬਚਾਓ’ ਦੀਆਂ ਦੁਹਾਈਆਂ ਪੜ੍ਹਦੇ ਹਾਂ। ਅਣਗਿਣਤ ਕਵਿਤਾਵਾਂ, ਭਾਸ਼ਣ, ਲੇਖ ਲਿਖੇ ਜਾ ਰਹੇ ਹਨ। ਪਰ ਧੀ ਕਿਉਂ ਮਰ ਰਹੀ ਹੈ ਤੇ ਕਿਵੇਂ ਬਚਾਈ ਜਾਵੇ? ਇਸ ਸਵਾਲ ‘ਤੇ ਸਭ ਚੁੱਪ ਹਨ। ਅੱਜ 70 ਫੀਸਦੀ ਪਿੰਡਾਂ ਵਿਚ ਸਾਡੀਆਂ ਧੀਆਂ ਭੈਣਾਂ ਵਿਦਿਆ ਹਾਸਲ ਕਰਨ ਵਿਚ ਅਸਫਲ ਹਨ ਕਿਉਂਕਿ ਸਕੂਲ ਕਾਲਜ ਜਾਂ ਤਾਂ ਬਹੁਤ ਦੂਰ ਹਨ ਜਾਂ ਆਰਥਕ ਘੇਰਿਆਂ ਤੋਂ ਬਾਹਰ ਹਨ। ਸਾਡਾ ਸਮਾਜ ਅਤੇ ਸਰਕਾਰਾਂ ਅੱਜ ਤੱਕ ਵੀ ਔਰਤਾਂ ਦੀ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕਰਨ ਵਿਚ ਨਾਕਾਮਯਾਬ ਹਨ। ਔਰਤ ਲਈ ਸਮਾਜ ਵਿਚ ਬਿਨਾਂ ਆਸਰੇ ਤੋਂ ਵਿਚਰਨਾ ਨਾਮੁਮਕਿਨ ਹੈ। ਸਰਕਾਰਾਂ ਨੇ ਅਹੁਦਿਆਂ ਵਿਚ ਰਾਖਵਾਂਕਰਣ ਤਾਂ ਕਰ ਦਿੱਤਾ ਪ੍ਰੰਤੂ ਉਨ੍ਹਾਂ ਅਹੁਦਿਆਂ ਤੱਕ ਅਪੜਨ ਦਾ ਰਾਹ ਕੰਡਿਆਂ ਤੋਂ ਖਾਲੀ ਨਹੀਂ। ਵਿਕਸਿਤ ਮੁਲਕਾਂ ਵਿਚ ਤਲਾਕਸ਼ੁਦਾ ਜਾਂ ਵਿਧਵਾ ਮਾਂਵਾਂ ਦਾ ਉਥੋਂ ਦੀਆਂ ਸਰਕਾਰਾਂ ਪੂਰਾ ਸਾਥ ਦਿੰਦੀਆਂ ਹਨ ਪਰ ਸਾਡੇ ਸਮਾਜ ਵਿਚ ਇਹੋ ਜਿਹੀਆਂ ਅਣਹੋਣੀਆਂ ਧੀਆਂ ਅਤੇ ਮਾਪੇ ਉਮਰ ਭਰ ਸਹਿੰਦੇ ਰਹਿੰਦੇ ਹਨ। ਦਾਜ ਦਾ ਰੂਪ ਧਾਰਨ ਕਰ ਚੁੱਕੀਆਂ ਰਸਮਾਂ ਅਤੇ ਵਿਆਹਾਂ ਦੇ ਬੇਲੋੜੇ ਖਰਚੇ ਘਟਾਉਣ ਲਈ ਹੁਣ ਤੱਕ ਕਿਸੇ ਸਰਕਾਰ ਅਤੇ ਸਮਾਜਿਕ ਸੰਸਥਾ ਵੱਲੋਂ ਕੋਈ ਠੋਸ ਉਪਰਾਲੇ ਨਹੀਂ ਕੀਤੇ ਗਏ। ਸਮਾਜਕ ਅਤੇ ਆਰਥਕ ਮਜਬੂਰੀਆਂ ਤੋਂ ਤੰਗ ਆ ਕੇ ਲੋਕ ਆਪਣੀ ਹੀ ਅਣਜੰਮੀ ਧੀ ਦੇ ਕਾਤਲ ਬਣ ਰਹੇ ਹਨ। ਜੇ ਅਸੀਂ ਆਪਣੀਆਂ ਧੀਆਂ-ਭੈਣਾਂ ਨੂੰ ਜੰਮਣ ਤੋਂ ਪਹਿਲਾਂ ਮਰਨੋਂ ਰੋਕਣ ਅਤੇ ਜੰਮਣ ਤੋਂ ਬਾਅਦ ਜੀਣ ਦਾ ਹੱਕ ਦੇਣਾ ਚਾਹੁੰਦੇ ਹਾਂ ਤਾਂ ਜ਼ਰੂਰੀ ਹੈ ਅਜਿਹਾ ਸਮਾਜ ਉਸਾਰਿਆ ਜਾਵੇ ਜਿੱਥੇ ਸਾਡੀਆਂ ਧੀਆਂ ਖੁੱਲ੍ਹ ਕੇ ਸਾਹ ਲੈ ਸਕਣ। ਕਿਸੇ ਮਾਪੇ ਨੂੰ ਹਰ ਵਕਤ ਧੀ ਨਾਲ ਕੋਈ ਕੁਕਰਮ ਹੋ ਜਾਣ ਦਾ ਖਤਰਾ ਨਾ ਹੋਵੇ। ਹਰ ਧੀ ਵਧੀਆ ਵਿਦਿਆ ਹਾਸਲ ਕਰ ਸਕੇ, ਸਮਾਜ ਵਿਚ ਸੁਰੱਖਿਅਤ ਵਿਚਰ ਸਕੇ ਤੇ ਵਿਆਹਾਂ ਦੀਆਂ ਸੌਦੇਬਾਜ਼ੀਆਂ ਤੋਂ ਬਚ ਸਕੇ। ਜੇ ਅਸੀਂ ਇਨ੍ਹਾਂ ਸਮਸਿਆਵਾਂ ਦੇ ਹੱਲ ਲੱਭ ਸਕੇ ਤਾਂ ਹੀ ਅਸੀਂ ਆਪਣੀਆਂ ਧੀਆਂ ਬਚਾ ਸਕਾਂਗੇ। ਨਹੀਂ ਤਾਂ ਆਉਣ ਵਾਲੇ ਭਿਆਨਕ ਭਵਿਖ ਦੀ ਕਲਪਨਾ ਕਰ ਲਈਏ। ਲੋੜ ਹੈ ਸਿਰ ਜੋੜ ਕੇ ਠੋਸ ਕਦਮ ਚੁੱਕਣ ਦੀ, ਨਾ ਕਿ ਕੇਵਲ ਦੁਹਾਈਆਂ ਦੇਣ ਦੀ।
****