ਗੁੱਡੀਆਂ ਫੂਕਣ ਜਾਂ ਯੱਗ ਕਰਨ ਨਾਲ ਮੀਂਹ ਨਹੀਂ ਪੈਂਦੇ ……… ਲੇਖ / ਅਮਨਦੀਪ ਸਿੰਘ ਟੱਲੇਵਾਲੀਆ (ਡਾ.)

ਮਨੁੱਖ ਕਿੰਨਾ ਖੁਦਗਰਜ਼ ਹੈ, ਮਤਲਬੀ ਹੈ, ਇਸ ਗੱਲ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਮਨੁੱਖ, ਮਨੁੱਖ ਤੋਂ ਕੁਝ ਲੈਣ ਲਈ ਜਾਂ ਮਤਲਬ ਕੱਢਣ ਲਈ ਸੌ ਜਾਲ ਬੁਣਦਾ ਹੈ ਪਰ ਜਦੋਂ ਪ੍ਰਮਾਤਮਾ ਤੋਂ ਕੁਝ ਲੈਣਾ ਹੁੰਦਾ ਹੈ ਤਾਂ ਵੀ ਉਹ ਆਪਣੇ ਮਤਲਬੀ ਸੁਭਾਅ ਨੂੰ ਬਦਲ ਨਹੀਂ ਸਕਦਾ।

ਉਤਰੀ ਭਾਰਤ ਵਿੱਚ ਪਈ ਸਿਰੇ ਦੀ ਗਰਮੀ ਅਤੇ ਲੰਮੇ-ਲੰਮੇ ਲੱਗੇ ਬਿਜਲੀ ਦੇ ਕੱਟਾਂ ਨੇ ਇੱਕ ਵਾਰ ਫਿਰ ਰੱਬ ਦਾ ਚੇਤਾ ਕਰਵਾ ਦਿੱਤਾ, ਕਿਉਂਕਿ ਸੁੱਖ ਵਿੱਚ ਤਾਂ ਉਹ ਕਿਸੇ ਨੂੰ ਯਾਦ ਨਹੀਂ ਰਹਿੰਦਾ ਪਰ ਜਦੋਂ ਕੋਈ ਭੀੜ ਪੈਂਦੀ ਹੈ ਤਾਂ ਹਰ ਕੋਈ ਕਹਿੰਦਾ ਹੈ, “ਹਾਏ ਓਏ ਰੱਬਾ!” ਥੋੜੀ ਜਿਹੀ ਮਾਨਸੂਨ ਲੇਟ ਹੋਣ ਕਾਰਨ ਲੋਕ ਤ੍ਰਾਹ-ਤ੍ਰਾਹ ਕਰਨ ਲੱਗ ਪਏ । ਕੋਈ ਇਸਨੂੰ ਰੱਬ ਦੀ ਕ੍ਰੋਪੀ ਸਮਝ ਰਿਹਾ ਹੈ, ਕੋਈ ਦੁਨੀਆਂ ਉ¤ਤੇ ਵਧ ਰਹੇ ਅੱਤਿਆਚਾਰਾਂ ਅਤੇ ਪਾਪਾਂ ਦਾ ਫਲ ਸਮਝ ਰਿਹਾ ਹੈ ।

ਪਰ ਪਿਆਰੇ ਲੋਕੋ, ਕੁਦਰਤ ਨੂੰ ਸਭ ਦਾ ਖਿਆਲ ਹੈ, ਅਸੀਂ ਹੀ ਲਾਲਚ ਵਿੱਚ ਆਕੇ ਕੁਦਰਤ ਨਾਲ ਖਿਲਵਾੜ ਕਰ ਰਹੇ ਹਾਂ। ਕੁਦਰਤ ਆਪਣੇ ਨਿਯਮ ਵਿੱਚ ਚੱਲ ਰਹੀ ਹੈ। ਸਰਦੀ ਤੋਂ ਬਾਅਦ ਗਰਮੀ ਅਤੇ ਗਰਮੀ ਵਿੱਚ ਬਰਸਾਤ ਆਉਣੀ ਇਹ ਸਭ ਕੁਦਰਤ ਦੇ ਨੇਮਾਂ ਅਨੁਸਾਰ ਹੋ ਰਿਹਾ ਹੈ। ਪਰ ਜਦ ਲਾਲਚ ਵਿੱਚ ਆਕੇ ਮਨੁੱਖ ਉਸਦੀ ਬਖਸ਼ਿਸ਼ ਨਾਲ ਖਿਲਵਾੜ ਕਰਦਾ ਹੈ, ਫਿਰ ਕੁਦਰਤ ਰੰਗ ਦਿਖਾਉਂਦੀ ਹੈ। ਕਦੇ ਡੋਬਾ ਕਦੇ ਸੋਕਾ, ਕਦੇ ਅੱਤ ਦੀ ਗਰਮੀ ਕਦੇ ਤੂਫ਼ਾਨ। ਬਾਕੀ ਪ੍ਰਮਾਤਮਾ ਨੂੰ ਸਭ ਦਾ ਖਿਆਲ ਹੈ, ਮਨੁੱਖ ਸਿਰਫ ਆਪਣੀ ਹੋਂਦ ਨੂੰ ਬਚਾਉਣ ਲਈ ਹੀ ਤੱਤਪਰ ਹੈ ਪਰ ਕੁਦਰਤ ਦੇ ਬਣਾਏ ਹੋਰ ਵੀ ਅਨੇਕਾਂ ਜੀਵ-ਜੰਤੂ ਹਨ ਜਿੰਨ੍ਹਾਂ ਦੇ ਜਿਉਣ ਲਈ ਗਰਮੀ ਦੀ ਲੋੜ ਹੈ, ਸੋ ਕੁਦਰਤ ਨੂੰ ਸਭ ਦਾ ਖਿਆਲ ਰੱਖਣਾ ਪੈਂਦਾ ਹੈ। ਦੂਸਰੇ ਪਾਸੇ ਮਨੁੱਖ ਵੱਲੋਂ ਥੋੜੀ ਜਿਹੀ ਗਰਮੀ ਵਧਣ, ਮੀਂਹ ਪੈਣ ਵਿੱਚ ਦੇਰੀ ਹੋਣ ’ਤੇ ਝੱਟ ਯੱਗ ਕਰਨੇ ਸ਼ੁਰੂ ਕਰ ਦਿੱਤੇ ਜਾਂਦੇ ਹਨ।

ਵਿਹਲੀਆਂ ਔਰਤਾਂ ਇੱਕਠੀਆਂ ਹੋਕੇ ਗੁੱਡੀ ਫੂਕਣ ਤੁਰ ਪੈਂਦੀਆਂ ਹਨ। ਪਰ ਅੱਜ ਤਾਂ ਗੁੱਡੀਆਂ ਫੂਕਣ ਦੀ ਵੀ ਲੋੜ ਨਹੀਂ ਰਹੀ ਕਿਉਂਕਿ ਜਿਸ ਢੰਗ ਨਾਲ ਕੁੜੀਆਂ ਦੇ ਕੁੱਖ ਵਿੱਚ ਕਤਲ ਹੋ ਰਹੇ ਹਨ, ਜੇਕਰ ਰੱਬ ਗੁੱਡੀਆਂ ਦੇ ਫੂਕਣ ’ਤੇ ਹੀ ਮੀਂਹ ਪਾਉਂਦਾ ਹੁੰਦਾ ਤਾਂ ਹੁਣ ਤੱਕ ਮੀਂਹ ਦੀਆਂ ਝੜੀਆਂ ਲੱਗਣੀਆਂ ਚਾਹੀਦੀਆਂ ਸਨ। ਪਿੰਡਾਂ ਵਿੱਚ ਥਾਂ-ਥਾਂ ਯੱਗ ਚੱਲ ਰਹੇ ਹਨ, ਠੰਢੇ ਪਾਣੀ ਦੀਆਂ ਛਬੀਲਾਂ ਲਾਈਆਂ ਹੋਈਆਂ ਹਨ। ਪਰ ਇੱਥੇ ਵੀ ਹਊਮੇ ਹੀ ਪ੍ਰਧਾਨ ਹੈ। ਇੱਕ ਮੁਹੱਲੇ ਵਾਲੇ ਪੈਸੇ ਇਕੱਠੇ ਕਰਕੇ ਇੱਕ ਦਿਨ ਸੜਕ ਦੇ ਕਿਨਾਰੇ ਛਬੀਲ ਲਾ ਲੈਂਦੇ ਹਨ, ਆਉਂਦੇ ਜਾਂਦੇ ਰਾਹੀਆਂ ਨੂੰ ਧੱਕੇ ਨਾਲ ਰੋਕ-ਰੋਕ ਕੇ ਪਾਣੀ ਪਿਲਾਉਣ ਦਾ ਸਿਲਸਿਲਾ ਸਵੇਰ ਤੋਂ ਸ਼ੁਰੂ ਹੋ ਜਾਂਦਾ। ਛਬੀਲ ਲਾਉਣ ਵਾਲੇ ਡੋਲੂ ਭਰ ਭਰ ਕੇ ਆਪਣੇ ਆਪਣੇ ਘਰੀਂ ਠੰਢੇ ਮਿੱਠੇ ਪਾਣੀ ਨੂੰ ਬੋਤਲਾਂ ’ਚ ਪਾਕੇ ਫਰਿੱਜ ’ਚ ਲਾ ਦਿੰਦੇ ਹਨ। ਪਰ ਕਿੰਨਾ ਚੰਗਾ ਹੋਵੇ ਜੇਕਰ ਕਿਸੇ ਸਾਂਝੀ ਥਾਂ ’ਤੇ ਕੋਈ ਵਾਟਰ ਕੂਲਰ ਜਾਂ ਪਾਣੀ ਵਾਲੀ ਟੈਂਕੀ ਰੱਖ ਦਿੱਤੀ ਜਾਵੇ ਤਾਂ ਕਿ ਹਰ ਰੋਜ਼ ਆਉਣ-ਜਾਣ ਵਾਲੇ ਰਾਹੀ ਆਪਣੀ ਪਿਆਸ ਬੁਝਾ ਸਕਣ।

ਇਹੀ ਹਾਲ ਯੱਗ ਕਰਨ ਵਾਲਿਆਂ ਦਾ ਹੈ। ਵੱਡੇ-ਵੱਡੇ ਕੜਾਹੇ ਚੌਲਾਂ ਦੇ ਉਬਾਲੇ ਜਾਂਦੇ ਹਨ। ਯੱਗ ਕਰਨ ਵਾਲੇ ਹੀ ਵੱਡੇ-ਵੱਡੇ ਕੌਲੇ ਭਰਕੇ ਪਹਿਲਾਂ ਤਾਂ ਆਪਣੇ ਘਰੇ ਯੱਗ ਦੇ ਚੌਲ ਪਹੁੰਚਾਉਂਦੇ ਹਨ। ਬਾਅਦ ਵਿੱਚ ਲੋਕਾਂ ਨੂੰ ਵਰਤਾਇਆ ਜਾਂਦਾ ਹੈ। ਇੰਨੀ ਦਿਨੀਂ ਪੰਜਾਬ ਵਿੱਚ ਭਈਆਂ ਦੀ ਆਮਦ ਜ਼ੋਰਾਂ ’ਤੇ ਹੈ। ਹਰੇਕ ਦੀ ਮੋਟਰ ਤੇ ਪੰਦਰਾਂ-ਵੀਹ ਭਈਏ ਮੌਜੂਦ ਹਨ, ਇੱਕ ਦਿਨ ਮੈਂ ਆਪਣੇ ਪਿੰਡ ਗਿਆ, ਚੌਲਾਂ ਦਾ ਯੱਗ ਚੱਲ ਰਿਹਾ ਸੀ, ਲੋਕਾਂ ਨੂੰ ਘੇਰ ਘੇਰ ਕੇ ਚੌਲ ਖਵਾਏ ਜਾ ਰਹੇ ਸੀ, ਥੋੜਾ ਜਾਂ ਪਰ੍ਹੇ ਇੱਕ ਭਈਆ ਆਪਣਾ ਦੁੱਖ ਦੱਸ ਰਿਹਾ ਸੀ, ਜੋ ਬੋਲ ਤਾਂ ਹਿੰਦੀ ਵਿੱਚ ਰਿਹਾ ਸੀ ਪਰ ਉਸਦਾ ਮਤਲਬ ਇਹ ਸੀ ਕਿ, ਇਹ ਲੋਕ ਸਾਨੂੰ ਤਾਂ ਰੱਜਵੇਂ ਚੌਲ ਦਿੰਦੇ ਨਹੀਂ ਪਰ ਇਥੇ ਰੱਜਿਆਂ ਹੋਇਆਂ ਨੂੰ ਰਜਾਈ ਜਾਂਦੇ ਆ। ਇਹ ਸੁਣਕੇ ਮੈਨੂੰ ਉਸ ਮਾੜਕੂ ਜਿਹੇ ਭਈਏ ’ਤੇ ਤਰਸ ਵੀ ਆਇਆ ਕਿ ਅਗਰ ਇਹ ਲੋਕ ਇਸ ਰੁੱਤੇ ਇਧਰ ਨਾ ਆਉਣ ਤਾਂ ਸਾਡੇ ਪਿੰਡਾਂ ਵਾਲੇ ਲੋਕਾਂ ਦਾ ਕੀ ਬਣੇ। ਕਹਿਣ ਤੋਂ ਭਾਵ ਇਹ ਹੈ ਕਿ ਲੰਗਰ, ਯੱਗ ਜਾਂ ਛਬੀਲਾਂ, ਲੋੜਵੰਦਾਂ ਲਈ ਹੁੰਦੀਆਂ ਹਨ। ਪਰ ਇਥੇ ਤਾਂ ਉਲਟ ਹੈ। ਲੋੜਵੰਦਾਂ ਦੇ ਮੂੰਹੋਂ ਕੱਢਕੇ ਰੱਜਿਆਂ ਨੂੰ ਰਜਾਇਆ ਜਾਂਦਾ ਹੈ। ਕਿੰਨਾ ਚੰਗਾ ਹੋਵੇ ਜੇ ਹਰ ਘਰ ਇਹੋ ਜਿਹੀ ਰੁੱਤੇ ਆਪਣੇ - ਆਪਣੇ ਘਰਾਂ ’ਚ ਕੰਮ ਕਰਨ ਵਾਲਿਆਂ ਨੂੰ ਚੰਗੀ ਰੋਟੀ ਖੁਆ ਦੇਵੇ। ਆਪਣੀ ਸਮਰੱਥਾ ਅਨੁਸਾਰ ਉਹਨਾਂ ਦੀਆਂ ਲੋੜਾਂ ਪੂਰੀਆਂ ਕਰ ਦੇਵੇ, ਤਾਂ ਰੱਬ ਖੁਸ਼ ਹੋਕੇ ਮੀਂਹ ਪਾ ਦਿਆ ਕਰੇ ਕਿਉਂਕਿ ਰੱਬ ਦਿਲਾਂ ਵਿੱਚ ਰਹਿੰਦਾ ਹੈ, ਕਿਸੇ ਮਾੜੇ ਦੇ ਮੂੰਹ ’ਚੋਂ ਨਿਕਲੀ ਅਸੀਸ ਅਤੇ ਦਰਸੀਸ ਰੱਬ ਦੇ ਦਰ ਪ੍ਰਵਾਨ ਹੋ ਜਾਂਦੀਆਂ ਹਨ। ਇਹੀ ਕਾਰਨ ਹੈ ਕਿ ਵੱਡੇ-ਵੱਡੇ ਯੱਗ ਅਤੇ ਲੰਗਰ ਸਫਲ ਤਾਂ ਨਹੀਂ ਹੁੰਦੇ ਉ¤ਥੇ ‘ਚੌਧਰਾਂ’ ਅਤੇ ਪ੍ਰਧਾਨਗੀਆਂ ਦਾ ਖਿਆਲ ਰੱਖਿਆ ਜਾਂਦਾ ਹੈ ਨਾ ਕਿ ਲੋੜਵੰਦਾਂ ਦਾ। ਕਈ ਲੰਗਰ ਜਾਂ ਯੱਗ ਸਿਰਫ ਫੋਟੋਆਂ ਖਿਚਵਾਉਣ ਤੱਕ ਹੀ ਸੀਮਤ ਹੁੰਦੇ ਹਨ, ਹਾਲਾਂਕਿ ਪੁੰਨ ਕਰਨ ਲੱਗਿਆਂ ਵਿਖਾਵਾ ਨਹੀਂ ਕਰੀਦਾ ਸਗੋਂ ਚੁੱਪ-ਚਾਪ ਪੁੰਨ ਕਰ ਦੇਣਾ ਚਾਹੀਦਾ ਹੈ, ਪਰ ਅੱਜਕੱਲ੍ਹ ਵਿਖਾਵੇ ਦਾ ਯੁੱਗ ਹੈ।

ਰਹੀ ਗੱਲ ਯੱਗ ਕਰਨ ਨਾਲ ਮੀਂਹ ਪੈਣ ਦੀ। ਇਸ ਰੁੱਤ ਵਿੱਚ ਅਗਰ ਕੋਈ ਗੁੱਡੀਆਂ ਨਾ ਵੀ ਫੂਕੇ, ਅਗਰ ਕੋਈ ਲੰਗਰ ਜਾਂ ਯੱਗ ਨਾ ਵੀ ਕਰੇ ਮੀਂਹ ਤਾਂ ਵੀ ਪੈ ਜਾਣਾ। ਜਿੰਨਾ ਚਿਰ ਲੋਕ ਇਹ ਨਹੀਂ ਸਮਝਦੇ ਕਿ ਐਨੀ ਤਪਸ਼ ਵਧਣ ਜਾਂ ਮਾਨਸੂਨ ਲੇਟ ਹੋਣ ਦੇ ਕੀ ਕਾਰਨ ਹਨ। ਇਸਦੇ ਲਈ ਵੀ ਮਨੁੱਖ ਦੀ ਦੋਸ਼ੀ ਹੈ। ਅਗਰ ਇਸੇ ਰਫ਼ਤਾਰ ਨਾਲ ਹੀ ਜੰਗਲਾਂ ਦੀ ਕਟਾਈ ਹੁੰਦੀ ਚਲੀ ਗਈ, ਧੂੰਆਂ ਅਤੇ ਪ੍ਰਦੂਸ਼ਣ ਵੱਧਦਾ ਗਿਆ, ਪਾਪਾਂ ਅਤੇ ਅੱਤਿਆਚਾਰਾਂ ਦੀ ਨ੍ਹੇਰੀ ਝੁੱਲਦੀ ਰਹੀ, ਮਨੁੱਖ ਹੱਥੋਂ ਮਨੁੱਖ ਦੀ ਲੁੱਟ ਜਾਰੀ ਰਹੀ, ਤਾਂ ਇਹ ਧਰਤੀ ਤੇ ਇੱਕ ਦਿਨ ਸੋਕਾ ਪੈ ਜਾਵੇਗਾ, ਫਿਰ ਭਾਵੇਂ ਗੁੱਡੀਆਂ ਫੂਕ ਲਿਓ ਜਾਂ ਯੱਗ ਕਰ ਲਿਓ।

****