ਹਰ ਕ੍ਰਿਸ਼ਨ ਭਯੋ ਅਸ਼ਟਮ ਬਲਬੀਰਾ............. ਲੇਖ / ਅਜੀਤ ਸਿੰਘ (ਡਾ.) ਕੋਟਕਪੂਰਾ

ਦੋਇ ਕਰ ਜੋੜ ਕਰੂੰ ਅਰਦਾਸ ਤੁਧ ਭਾਵੇ ਤਾਂ ਆਣੇ ਰਾਸ

ਜਦੋਂ ਵੀ ਸਿੱਖ ਅਰਦਾਸ ਕਰਦਾ ਹੈ ਤਾਂ ਉਹ ਸਰਬੱਤ ਦੇ ਭਲੇ ਲਈ ਕਰਦਾ ਹੈ ਅਤੇ ਉਹ ਦਸ ਗੁਰੂਆਂ ਅਤੇ ਸ੍ਰ਼ੀ ਗੁਰੂ ਗਰੰਥ ਸਾਹਿਬ ਜੀ ਨੂੰ ਮਨ ਵਿਚ ਵਸਾ ਕੇ ਅਕਾਲ ਪੁਰਖ ਤੋਂ ਸਾਰੀ ਖਲਕਤ ਦਾ ਭਲਾ ਮੰਗਦਾ ਹੈ ਅਤੇ ਇਹ ਵਿਸ਼ਵਾਸ ਰੱਖਦਾ ਹੈ ਕਿ ਜੋ ਵਾਹਿਗੁਰੂ ਕਰ ਰਿਹਾ ਹੈ, ਭਾਵੇਂ ਆਮ ਆਦਮੀ ਦੀ ਸਮਝ ਤੋਂ ਪਰ੍ਹੇ ਦੀ ਗੱਲ ਹੈ, ਠੀਕ ਹੀ ਕਰ ਰਿਹਾ ਹੈ । ਕਈ ਵਾਰ ਆਮ ਆਦਮੀ ਪਰੇਸ਼ਾਨ ਹੋ ਜਾਂਦਾ ਹੈ ਇਹ ਪ੍ਰਮਾਤਮਾ ਨੇ ਠੀਕ ਨਹੀਂ ਕੀਤਾ, ਮੇਰੇ ਨਾਲ ਬੇਇਨਸਾਫੀ ਹੋਈ ਹੈ ਅਤੇ ਕੁਝ ਸਮਾਂ ਲੰਘ ਜਾਣ ਬਾਦ ਮਹਿਸੂਸ ਕਰਨ ਲੱਗਦਾ ਹੈ ਕਿ ਪ੍ਰਮਾਤਮਾ ਨੇ ਠੀਕ ਹੀ ਕੀਤਾ ਸੀ । ਇਹ ਇਸ ਲਈ ਜਾਪਦਾ ਹੈ ਕਿਉਂਕਿ ਸਾਡੇ ਪਾਸ ਉਸ ਦੇ ਕੰਮ ਨੂੰ ਮੁਲਅੰਕਣ ਕਰਨ ਵਾਲੀ ਅੱਖ ਹੀ ਨਹੀਂ ਹੈ ।ਅਸੀਂ ਕੇਵਲ ਆਪਣਾ ਚੰਗਾ ਜਾਂ ਮਾੜਾ ਵੇਖਦੇ ਹਾਂ ਜਦੋਂ ਕਿ ਉਸ ਮਾਲਕ ਨੇ ਸਾਰੀ ਲੋਕਾਈ ਦਾ ਸੋਚਣਾ ਹੈ । ਉਹ ਕਿਸੇ ਦੀ ਸਲਾਹ ਦਾ ਮੁਥਾਜ ਨਹੀਂ ਹੈ । ਜਿਵੇਂ ਕਿਸੇ ਕਵੀ ਨੇ ਵਰਨਣ ਕੀਤਾ ਹੈ...

ਇਕਨਾ ਘਰ ਪੁੱਤ, ਪੁੱਤਾਂ ਘਰ ਪੋਤਰੇ
ਇਕਨਾ ਘਰ ਧੀਆਂ, ਧੀਆਂ ਘਰ ਦੋਹਤਰੇ 
ਇਕਨਾ ਘਰ ਇਕ ਤੇ ਉਹ ਵੀ ਜਾਵੇ ਮਰ
ਵਜੀਦਾ ਕੌਣ ਸਾਹਿਬ ਨੂੰ ਆਖੇ ਇੰਜ ਨਹੀਂ ਤੇ ਇੰਜ ਕਰ
                    
ਉਸ ਦੇ ਕੀਤੇ ਨੂੰ ਸਵੀਕਾਰ ਕਰਨ ਵਿਚ ਹੀ ਮਨੁੱਖ ਦੀ ਭਲਾਈ ਹੈ । ਇਸ ਲਈ ਉਸ ਪ੍ਰਮਾਤਮਾ ਵਿਚ ਵਿਸ਼ਵਾਸ ਰੱਖ ਕੇ ਜੀਵਨ ਦੀ ਗੱਡੀ ਨੂੰ ਲੀਹ ਤੇ ਰੱਖਣ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ । ਅਰਦਾਸ ਵਿਚ ਇਹ ਵੀ ਉਚਾਰਿਆ ਜਾਂਦਾ ਹੈ ਕਿ...

ਸ੍ਰ਼ੀ ਹਰਕ੍ਰਿਸ਼ਨ ਧਿਆਈੲੈ
ਜਿਸ ਡਿਠੈ ਸਭ ਦੁਖ ਜਾਏ
                 
ਅੱਠਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਜਨਮ ਬਿਕ੍ਰਮੀ ਸੰਮਤ1713 ਦੇ ਸਾਵਨ ਮਹੀਨੇ ਦੀ 8 ਤਰੀਕ ਜਾਂ 1656 ਦੀ ਜੁਲਾਈ ਮਹੀਨੇ ਦੀ 23 ਤਰੀਕ ਨੂੰ ਮਾਤਾ ਕ੍ਰਿਸ਼ਨ ਕੌਰ ਜੀ (ਸੁਲੱਖਨੀ ਜੀ) ਦੀ ਕੁੱਖ ਵਿਚੋਂ ਅਤੇ ਸੱਤਵੇਂ ਗੁਰੂ ਸ੍ਰੀ ਗੁਰੂ ਸ੍ਰੀ ਹਰ ਰਾਇ ਜੀ ਦੇ ਘਰ ਕੀਰਤਪੁਰ ਸਾਹਿਬ ਜਿ਼ਲਾ ਰੋਪੜ ਵਿਖੇ ਹੋਇਆ । ਇਥੇ ਇਹ ਵੀ ਵਰਨਣ ਯੋਗ ਹੈ ਕਿ ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰ ਰਾਇ ਜੀ ਦਾ ਜਨਮ ਵੀ ਕੀਰਤਪੁਰ ਸਾਹਿਬ (ਰੋਪੜ) ਵਿਖੇ ਹੀ ਹੋਇਆ ਸੀ । ਆਪ ਜੀ ਦਾ ਬਚਪਨ ਉਨ੍ਹਾਂ ਦੇ ਪਿਤਾ ਜੀ ਦੀ ਨਿਗਰਾਨੀ ਵਿਚ ਬੀਤ ਰਿਹਾ ਸੀ ਪ੍ਰੰਤੂ 20 ਅਕਤੂਬਰ 1661 ਨੂੰ ਸੱਤਵੇਂ ਪਾਤਸ਼ਾਹ ਜੀ ਨੂੰ ਅਕਾਲ ਪੁਰਖ ਦਾ ਸੱਦਾ ਆ ਗਿਆ ਅਤੇ ਆਪ ਨੂੰ ਕੇਵਲ ਪੰਜ ਸਾਲ ਦੀ ਉਮਰ ਵਿਚ ਉਸੇ ਦਿਨ ਗੁਰਿਆਈ ਦਿੱਤੀ ਗਈ । ਭਾਵੇਂ ਆਪ ਜੀ ਦੇ ਵੱਡੇ ਭਰਾ ਰਾਮ ਰਾਏ ਜੀ ਸਨ ਪ੍ਰੰਤੂ ਸਮੇਂ ਦੇ ਹਾਕਮ ਔਰੰਗਜੇ਼ਬ ਨਾਲ ਮੁਲਾਕਾਤ ਸਮੇਂ ਉਨ੍ਹਾਂ ਨੇ ਗੁਰਬਾਣੀ ਦੀ ਤੁਕ ਨੂੰ ਮਨਮੱਤ ਨਾਲ ਬਦਲ ਦਿਤਾ ਸੀ । ਗੁਰਬਾਣੀ ਵਿਚ ਦਰਜ ਹੈ...

ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ

ਅਤੇ ਰਾਮ ਰਾਏ ਨੇ ਇਸ ਨੂੰ ਬਦਲ ਕੇ ਦੱਸਿਆ ਸੀ ਕਿ ਇਹ ਇਸ ਤਰਾਂ ਹੈ...

ਮਿੱਟੀ ਬੇਈਮਾਨ ਕੀ ਪੇੜੇ ਪਈ ਘੁਮਿਆਰ

ਇਸ ਘਟਨਾ ਤੋਂ ਬਾਦ ਸ੍ਰੀ ਗੁਰੂ ਹਰ ਰਾਏ ਜੀ ਨੇ ਆਦੇਸ਼ ਦਿੱਤੇ ਸਨ ਕਿ ਰਾਮ ਰਾਏ ਹੁਣ ਸਾਡੇ ਮੱਥੇ ਨਾ ਲੱਗੇ ਅਤੇ ਗੁਰੂ ਜੀ ਨੇ ਇਸ ਅਪਰਾਧ ਦੇ ਕਾਰਣ ਉਸ ਨਾਲੋਂ ਆਪਣਾ ਨਾਤਾ ਤੋੜ ਲਿਆ ਸੀ । ਇਸ ਲਈ ਹੀ ਗੁਰਿਆਈ ਉਸ ਨੂੰ ਨਾ ਦੇ ਕੇ ਉਨ੍ਹਾਂ ਵਲੋਂ ਆਪਣੇ ਛੋਟੇ ਪੁੱਤਰ ਨੂੰ ਬਖਸ਼ੀ ਗਈ ਸੀ ਅਤੇ ਉਨ੍ਹਾਂ ਵਲੋਂ ਛੋਟੇ ਨੂੰ ਹੀ ਗੁਰਿਆਈ ਦੇ ਯੋਗ ਜਾਣਿਆ ਸੀ । ਇਸ ਕਾਰਣ ਰਾਮ ਰਾਏ ਖਫ਼ਾ ਹੋ ਗਿਆ ਅਤੇ ਉਸ ਨੇ ਸਮੇਂ ਦੇ ਸ਼ਾਸਕ ਪਾਸ ਅਪੀਲ ਕੀਤੀ ਕਿ ਮੇਰੇ ਨਾਲ ਬੇਇਨਸਾਫ਼ੀ ਹੋਈ ਹੈ । ਵੱਡਾ ਪੁੱਤਰ ਹੋਣ ਕਾਰਨ ਮੈਂ ਗੱਦੀ ਦਾ ਵਾਰਸ ਸੀ ਪ੍ਰੰਤੂ ਗੱਦੀ ਮੇਰੇ ਛੋਟੇ ਵੀਰ ਨੂੰ ਦੇ ਦਿੱਤੀ ਗਈ ਹੈ ਤਾਂ ਔਰੰਗਜ਼ੇਬ ਨੇ ਗੁਰੂ ਜੀ ਨੂੰ ਦਿੱਲੀ ਬੁਲਾ ਭੇਜਿਆ ।

ਸੱਤਵੇਂ ਪਾਤਸ਼ਾਹ ਦਾ ਹੁਕਮ ਸੀ ਕਿ ਔਰੰਗਜ਼ੇਬ ਦੇ ਮੱਥੇ ਨਹੀਂ ਲਗਣਾ ਅਤੇ ਰਾਮ ਰਾਏ ਨੂੰ ਇਸ ਗੱਲ ਦਾ ਪਤਾ ਸੀ । ਉਹ ਸਿਆਸਤ ਖੇਡ ਰਿਹਾ ਸੀ ਕਿ ਜੇਕਰ ਗੁਰੂ ਜੀ ਹਾਜ਼ਰ ਹੋ ਗਏ ਤਾਂ ਮੈਂ ਰੌਲਾ ਪਾ ਦੇਵਾਂਗਾ ਕਿ ਛੋਟੇ ਵੀਰ ਨੇ ਆਪਣੇ ਪਿਤਾ ਦਾ ਹੁਕਮ ਨਹੀਂ ਮੰਨਿਆ ਅਤੇ ਜੇਕਰ ਹਾਜ਼ਰ ਨਾ ਹੋਇਆ ਤਾਂ ਸ਼ਾਸ਼ਕ ਨੂੰ ਉਸ ਦੇ ਵਿਰੁੱਧ ਭੜਕਾ ਦੇਵਾਂਗਾ ਅਤੇ ਮੈਂ ਇਸ ਨੂੰ ਗ੍ਰਿਫਤਾਰ ਕਰਵਾ ਕੇ ਮੰਗਵਾਵਾਂਗਾ। ਇਹ ਸੋਚ ਕਿ ਉਸ ਨੇ ਇਹ ਚਾਲ ਚੱਲੀ ਸੀ ।

ਪਹਿਲਾਂ ਤਾਂ ਔਰੰਗਜ਼ੇਬ ਨੇ ਰਾਮ ਰਾਏ ਨੂੰ ਟਾਲਣ ਦਾ ਯਤਨ ਕੀਤਾ । ਸ਼ਾਸ਼ਕ ਦੇ ਸੇਵਾਦਾਰਾਂ ਵਲੋਂ ਕਿਹਾ ਗਿਆ ਕਿ ਤੁਹਾਡੇ ਪਾਸ ਬਾਦਸ਼ਾਹ ਵਲੋਂ ਮਿਲੀ ਹੋਈ ਜਾਗੀਰ ਹੈ, ਉਥੇ ਜਾ ਕੇ ਰਹੋ ਅਤੇ ਆਰਾਮ ਨਾਲ ਜੀਵਨ ਬਸਰ ਕਰੋ ਅਤੇ ਇਸ ਝਗੜੇ ਨੂੰ ਨਾ ਚੁੱਕੋ ਪਰ ਉਹ ਇਸ ਗੱਲ ਤੇ ਰਾਜ਼ੀ ਨਾ ਹੋਇਆ । ਔਰੰਗਜ਼ੇਬ ਨੇ ਸਭ ਸੋਚ ਵਿਚਾਰ ਕਰਨ ਤੋਂ ਬਾਦ ਗੁਰਗੱਦੀ ਆਪਣੇ ਖਾਸ ਬੰਦੇ ਕੋਲ ਆ ਜਾਣ ‘ਤੇ ਕੋਈ ਖਤਰਾ ਨਾ ਮਹਿਸੂਸ ਕਰ ਕੇ ਦੋਵਾਂ ਧਿਰਾਂ ਨੂੰ ਹਾਜ਼ਰ ਹੋਣ ਲਈ ਆਖ ਭੇਜਿਆ ।

ਔਰੰਗਜ਼ੇਬ ਨੂੰ ਇਹ ਵੀ ਇਲਮ ਸੀ ਕਿ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਮੈਨੂੰ ਨਾ ਮਿਲਣ ਦੇ ਆਦੇਸ਼ ਮਿਲੇ ਹੋਏ ਹਨ । ਇਸ ਲਈ ਉਸ ਨੇ ਰਾਜਾ ਜੈ ਸਿੰਘ ਨੂੰ ਕਿਹਾ ਕਿ ਤੁਸੀਂ ਗੁਰੂ ਸਾਹਿਬ ਨੂੰ ਆਪਣੇ ਘਰ ਸੱਦੋ । ਰਾਜਾ ਜੈ ਸਿੰਘ ਨੇ ਗੁਰੂ ਜੀ ਨੂੰ ਪੱਤਰ ਲਿਖਿਆ ਅਤੇ ਨਾਲ ਹੀ ਦਿੱਲੀ ਦੀ ਸੰਗਤ ਵੱਲੋਂ ਵੀ ਲਿਖਿਆ ਕਿ ਤੁਸੀਂ ਦਿੱਲੀ ਜ਼ਰੂਰ ਪੁੱਜੋ । ਸੰਗਤਾਂ ਦੇ ਮਨ ਵਿਚ ਡਰ ਸੀ ਕਿ ਔਰੰਗਜ਼ੇਬ ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ । ਹੋ ਸਕਦਾ ਹੈ ਕਿ ਉਹ ਗੁਰੂ ਜੀ ਨਾਲ ਮਾੜਾ ਵਿਵਹਾਰ ਕਰੇ । ਸੰਗਤਾਂ ਦੇ ਮਨ ਵਿਚ ਇਹ ਵੀ ਸ਼ੰਕਾ ਸੀ ਕਿ ਜੋ ਜਹਾਂਗੀਰ ਨੇ ਪੰਜਵੇਂ ਪਾਤਸ਼ਾਹ ਨਾਲ ਵਿਵਹਾਰ ਕੀਤਾ ਸੀ, ਦੋਬਾਰਾ ਉਹ ਕਾਰਾ ਨਾ ਹੋ ਜਾਵੇ । ਕਾਫੀ ਸੋਚ ਵਿਚਾਰ ਤੋਂ ਬਾਦ ਦਿੱਲੀ ਦੀ ਸੰਗਤ ਦੇ ਸੱਦੇ ਨੂੰ ਪ੍ਰਵਾਨ ਕਰ ਕੇ ਗੁਰੂ ਜੀ ਦਾ ਦਿੱਲੀ ਜਾਣ ਸੰਬੰਧੀ ਫੇਸਲਾ ਕਰ ਲਿਆ ਗਿਆ ਅਤੇ ਸੰਗਤਾਂ ਵੀ ਨਾਲ ਜਾਣ ਲਈ ਤਿਆਰ ਹੋ ਗਈਆਂ ।
                
ਦਿੱਲੀ ਵਿਚ ਗੁਰੂ ਜੀ ਨੂੰ ਰਾਜਾ ਜੈ ਸਿੰਘ ਦੇ ਬੰਗਲੇ ਵਿਚ ਰੁਕਣ ਲਈ ਸਥਾਨ ਦਿਤਾ ਗਿਆ । ਅੱਜਕੱਲ ਇਸ ਜਗ੍ਹਾ ਉਪਰ ਗੁਰਦੁਆਰਾ ਬੰਗਲਾ ਸਾਹਿਬ ਸਸ਼ੋਭਿਤ ਹੈ ਅਤੇ ਹਰ ਵੇਲੇ ਦਰਸ਼ਨਾਂ ਲਈ ਖੁੱਲਾ ਰਹਿੰਦਾ ਹੈ । ਇਸ ਸਥਾਨ ਉਪਰ ਹੀ ਰਾਣੀ ਨੇ ਆਪ ਗੋਲੀਆਂ ਦੇ ਕਪੜੇ ਪਹਿਨ ਲਏ ਅਤੇ ਗੋਲੀ ਨੂੰ ਰਾਣੀਆਂ ਵਾਲੇ ਕੱਪੜੇ ਪੁਆ ਦਿਤੇ ਸੀ ਅਤੇ ਗੁਰੂ ਜੀ ਦਾ ਇਮਤਿਹਾਨ ਲਿਆ ਕਿ ਦੱਸੋ ਖਾਂ ਰਾਣੀ ਕਿਹੜੀ ਹੈ ? ਉਸ ਵੇਲੇ ਗੁਰੂ ਜੀ ਨੇ ਸਾਰੇ ਚਿਹਰੇ ਦੇਖ ਅਸਲ ਰਾਣੀ ਦੀ ਗੋਦ ਵਿਚ ਜਾ ਬੈਠੇ ਅਤੇ ਆਖਿਆ ਕਿ ਰਾਣੀ ਜੀ ਤੁਸੀਂ ਗੋਲੀਆਂ ਵਾਲੇ ਕੱਪੜੇ ਕਿਉਂ ਪਾਏ ਹੋਏ ਹਨ ? ਇਸ ਤਰ੍ਹਾਂ ਉਹ ਪ੍ਰੀਖਿਆ ਵਿਚ ਸਫਲ ਹੋਏ ਸਨ ।
                  
ਰਾਜਾ ਜੈ ਸਿੰਘ ਨੇ ਬਹੁਤ ਜ਼ੋਰ ਲਗਾਇਆ ਕਿ ਗੁਰੂ ਜੀ ਔਰੰਗਜ਼ੇਬ ਦੇ ਦਰਬਾਰ ਵਿਚ ਪੇਸ਼ ਹੋ ਕੇ ਆਪਣਾ ਪੱਖ ਪੇਸ਼ ਕਰਨ ਪ੍ਰੰਤੂ ਗੁਰੂ ਜੀ ਨਾ ਮੰਨੇ। ਸ਼ਹਿਜ਼ਾਦੇ ਆਏ ਅਤੇ ਉਨ੍ਹਾਂ ਨੂੰ ਉਪਦੇਸ਼ ਦੇ ਕੇ ਭੇਜ ਦਿੱਤਾ । ਰਾਮ ਰਾਏ ਦੇ ਦਾਅਵੇ ਦੇ ਸਬੰਧ ਵਿਚ ਆਖ ਭੇਜਿਆ ਕਿ ਗੁਰਗੱਦੀ ਵਿਰਾਸਤ ਨਹੀਂ ਹੈ । ਉਨ੍ਹਾਂ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਕਿ ਗੁਰਿਆਈ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਆਪਣੇ ਪੁੱਤਰਾਂ ਨੂੰ ਨਾ ਦੇ ਕੇ ਗੁਰੂ ਅੰਗਦ ਦੇਵ ਜੀ ਨੂੰ ਬਖਸ਼ੀ ਸੀ, ਜੋ ਕਿ ਇੱਕ ਸੇਵਕ ਸੀ । ਸ੍ਰੀ ਗੁਰੂ ਅੰਗਦ ਦੇਵ ਜੀ ਅਤੇ ਸ੍ਰੀ ਗੁਰੂ ਅਮਰਦਾਸ ਜੀ ਵੱਲੋਂ ਗੁਰਿਆਈ ਆਪਣੇ ਪੁੱਤਰਾਂ ਨੂੰ ਨਹੀਂ ਸੀ ਬਖਸ਼ੀ ਗਈ । ਸੋ ਇਹ ਰੀਤ ਹੈ ਅਤੇ ਗੁਰਿਆਈ ਕੇਵਲ ਜੱਦੀ ਹੱਕ ਨਹੀਂ ਹੈ । ਇਸ ਲਈ ਜੇਕਰ ਮੇਰੇ ਪਿਤਾ ਜੀ ਵਲੋਂ ਮੈਨੂੰ ਦਿਤੀ ਗਈ ਹੈ ਤਾਂ ਇਹ ਕੋਈ ਬੇਇਨਸਾਫੀ ਵਾਲੀ ਗੱਲ ਨਹੀਂ ਹੈ । ਉਨ੍ਹਾਂ ਇਹ ਵੀ ਸਪਸ਼ਟ ਕਰ ਦਿੱਤਾ ਕਿ ਗੁਰਬਾਣੀ ਵਿਚ “ਮਿੱਟੀ ਮੁਸਲਮਾਨ ਕੀ” ਲਿਖਿਆ ਹੈ ਤੇ “ਮਿੱਟੀ ਬੇਈਮਾਨ ਕੀ” ਨਹੀਂ ਲਿਖਿਆ ਹੋਇਆ । ਮੇਰੇ ਵੀਰ ਰਾਮ ਰਾਏ ਨੇ ਅਜਿਹਾ ਕੰਮ ਕੀਤਾ ਹੈ, ਜਿਸ ਨੂੰ ਕੋਈ ਵੀ ਸਿੱਖ ਨਹੀਂ ਕਰ ਸਕਦਾ । ਇਸ ਲਈ ਪਿਤਾ ਜੀ ਨੇ ਇਸ ਨੂੰ ਤਿਆਗ ਦਿਤਾ ਸੀ । ਇਸ ਲਈ ਉਸ ਨਾਲ ਕੋਈ ਵੀ ਬੇਇਨਸਾਫੀ ਨਹੀਂ ਹੋਈ ਹੈ ।

ਜਦੋਂ ਗੁਰੂ ਜੀ ਦਿੱਲੀ ਵੱਲ ਜਾ ਰਹੇ ਸੀ ਤਾਂ ਰਸਤੇ ਵਿਚ ਪੰਜੋਖਰਾ ਵਿਖੇ ਆਪ ਜੀ ਨੂੰ ਇਕ ਹੰਕਾਰੀ ਪੰਡਿਤ ਲਾਲ ਚੰਦ ਮਿਲਿਆ, ਜਿਸ ਨੇ ਗੁਰੂ ਜੀ ਨੂੰ ਕਿਹਾ ਕਿ ਨਾਮ ਤਾਂ ਕ੍ਰਿਸ਼ਨ ਤੋਂ ਵੱਡਾ ਰੱਖਿਆ ਹੈ ਅਤੇ ਕ੍ਰਿਸ਼ਨ ਜੀ ਨੇ ਗੀਤਾ ਦੀ ਰਚਨਾ ਕੀਤੀ ਸੀ । ਕੀ ਤੁਸੀਂ ਉਸ ਦੇ ਅਰਥ ਕਰ ਸਕਦੇ ਹੋ ? ਗੁਰੂ ਜੀ ਨੇ ਉਤਰ ਦਿੱਤਾ ਕਿ ਜੇ ਅਸੀਂ ਅਰਥ ਕਰ ਦਿਤੇ ਤਾਂ ਤੈਨੂੰ ਇਹ ਜਾਪੇਗਾ ਕਿ ਇਹ ਅਰਥ ਇਸ ਦੇ ਯਾਦ ਕਰਵਾਏ ਹੋਏ ਹਨ ਜਾਂ ਪਹਿਲਾਂ ਤੋਂ ਹੀ ਸਿੱਖੇ ਹੋਏ ਹਨ ਅਤੇ ਤੁਹਾਨੂੰ ਯਕੀਨ ਨਹੀਂ ਆਵੇਗਾ । ਇਸ ਲਈ ਤੁਸੀਂ ਪਿੰਡ ਵਿਚੋਂ ਜਿਹੜਾ ਮਰਜ਼ੀ ਆਦਮੀ ਲੈ ਆਉ, ਅਸੀਂ ਉਸ ਤੋਂ ਅਰਥ ਕਰਵਾ ਦੇਵਾਂਗੇ ।

ਪੰਡਿਤ ਮਨ ਵਿਚ ਬਹੁਤ ਖੁਸ਼ ਹੋਇਆ ਕਿ ਹੁਣ ਤਾਂ ਜਿੱਤ ਯਕੀਨੀ ਹੈ ਅਤੇ ਇਲਾਕੇ ਵਿਚ ਮੇਰੀ ਖੂਬ ਪ੍ਰਸਿੱਧੀ ਹੋ ਜਾਵੇਗੀ । ਉਸ ਨੇ ਪਿੰਡ ਵਿਚੋਂ ਇੱਕ ਅਨਪੜ੍ਹ ਅਤੇ ਭੋਲਾ, ਝੀਵਰ ਜਾਤ ਦਾ ਛੱਜੂ ਰਾਮ ਲੈ ਕੇ ਆਂਦਾ, ਜਿਸ ਤੋਂ ਗੀਤਾ ਦੇ ਅਰਥ ਕਰਵਾਏ ਜਾਣੇ ਸਨ । ਉਸ ਨੂੰ ਵਿਸ਼ਵਾਸ ਸੀ ਕਿ ਛੱਜੂ ਰਾਮ ਤਾਂ ਬਿਲਕੁੱਲ ਹੀ ਕੋਰੀ ਸਲੇਟ ਹੈ, ਹੁਣ ਤਾਂ ਮੈਂ ਗੁਰੂ ਜੀ ਨੂੰ ਨੀਚਾ ਦਿਖਾ ਸਕਾਂਗਾ । ਪ੍ਰੰਤੂ ਸੱਚੇ ਪਾਤਸ਼ਾਹ ਤਾਂ ਉਸ ਦੇ ਦਿਲ ਅੰਦਰਲੀਆਂ ਜਾਣਦੇ ਸਨ । ਉਹ ਬਿਲਕੁੱਲ ਵੀ ਨਾ ਘਬਰਾਏ ਅਤੇ ਉਨ੍ਹਾਂ ਦੇ ਚਿਹਰੇ ‘ਤੇ ਪਹਿਲਾਂ ਵਰਗਾ ਹੀ ਨੂਰ ਦਿਸ ਰਿਹਾ ਸੀ । ਗੁਰੂ ਜੀ ਨੇ ਛੱਜੂ ਦੇ ਸਿਰ ‘ਤੇ ਛੜੀ ਰੱਖ ਦਿਤੀ ਅਤੇ ਲਾਲ ਚੰਦ ਨੂੰ ਪੁੱਛਣ ਲਈ ਆਖਿਆ । ਲਾਲ ਚੰਦ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ, ਜਦੋਂ ਅਨਪੜ੍ਹ ਛੱਜੂ ਰਾਮ ਨੇ ਗੀਤਾ ਦੇ ਠੀਕ ਅਰਥ ਉਸ ਨੂੰ ਸਮਝਾ ਦਿਤੇ । ਇਸ ਤੇ ਲਾਲ ਚੰਦ ਸ਼ਰਮਿੰਦਾ ਹੋ ਗਿਆ ਅਤੇ ਗੁਰੂ ਜੀ ਦਾ ਹੀ ਹੋ ਗਿਆ । ਬਾਦ ਵਿਚ ਇਹੋ ਲਾਲ ਚੰਦ ਅੰਮ੍ਰਿਤ ਛਕ ਕੇ ਲਾਲ ਸਿੰਘ ਬਣ ਗਿਆ ਅਤੇ ਮੁਗਲਾਂ ਨਾਲ ਹੋਈਆਂ ਲੜਾਈਆਂ ਵਿਚ ਸ਼ਹੀਦੀ ਪ੍ਰਾਪਤ ਕੀਤੀ ।

ਜਦੋਂ ਗੁਰੂ ਜੀ ਹਾਲੇ ਦਿੱਲੀ ਵਿਚ ਹੀ ਸਨ, ਉਥੇ ਹੈਜ਼ੇ ਦੀ ਬਿਮਾਰੀ  ਫੈਲ ਗਈ । ਗੁਰੂ ਜੀ ਨੇ ਦੁਖੀਆਂ ਦੀ ਸੇਵਾ ਕੀਤੀ । ਉਹ ਹੈਜ਼ੇ ਅਤੇ ਚੇਚਕ ਦੇ ਮਰੀਜ਼ਾਂ ਦੀ ਸੇਵਾ ਵਿਚ ਜੁਟ ਗਏ । ਜੋ ਸੰਗਤਾਂ ਨਾਲ ਸਨ, ਉਨ੍ਹਾਂ ਨੂੰ ਵੀ ਦੁਖੀਆਂ ਦੀ ਸੇਵਾ ਵਿਚ ਲਾ ਦਿੱਤਾ । ਉਨ੍ਹਾਂ ਨੇ ਇਸ ਗੱਲ ਦੀ ਪ੍ਰਵਾਹ ਨਾ ਕੀਤੀ ਕਿ ਇਹ ਬਿਮਾਰੀ ਉਨ੍ਹਾਂ ਨੂੰ ਵੀ ਹੋ ਸਕਦੀ ਹੈ ਅਤੇ ਸੇਵਾ ਵਿਚ ਲਗੇ ਰਹੇ ।

ਹਰ ਕ੍ਰਿਸ਼ਨ ਭਯੋ ਅਸ਼ਟਮ ਬਲਬੀਰਾ,
ਜਿਨ ਪਹੁੰਚ ਦੇਹਲੀ ਤਜਿੳ ਸਰੀਰਾ
ਬਾਲ ਰੂਪ ਧਰਿ ਸਵਾਂਗ ਰਚਾਇਉ,
ਤਬ ਸਹਿਜੇ ਤਨ ਕੋ ਛੋਡ ਸਿਧਾਇਉ ।।
                   
ਉਨ੍ਹਾਂ ਨੂੰ ਵੀ ਚੇਚਕ ਦੀ ਨਾ ਮੁਰਾਦ ਬਿਮਾਰੀ ਲੱਗ ਗਈ ਤੇ ਇਸ ਬਿਮਾਰੀ ਨਾਲ 1664 ਦੀ 16 ਅਪ੍ਰੈਲ ਨੂੰ ਜੋਤੀ ਜੋਤਿ ਸਮਾ ਗਏ । ਜਾਣ ਲੱਗੇ ਸੰਗਤਾਂ ਨੂੰ ਉਨ੍ਹਾਂ ਦੇ ਪੁੱਛਣ ਤੇ ਇਹ ਆਦੇਸ਼ ਦਿੱਤਾ ਕਿ ਅਗਲੇ ਗੁਰੂ ਬਾਬਾ ਬਕਾਲੇ ਹਨ । ਸੰਗਤਾਂ ਵੱਲੋਂ ਉਨ੍ਹਾਂ ਦਾ ਅੰਤਿਮ ਸੰਸਕਾਰ ਜਮਨਾ ਨਦੀ ਦੇ ਕਿਨਾਰੇ ਭੋਗਲ ਪਿੰਡ ਵਿਚ ਕੀਤਾ ਗਿਆ, ਜਿੱਥੇ ਅੱਜਕੱਲ ਗੁਰਦੁਆਰਾ ਬਾਲਾ ਸਾਹਿਬ ਹੈ ।
  
****