ਜੁਗਨੀ ਕਹਿੰਦੀ ਐ .....ਲੋਕੀਂ ਮਾਰਦੇ ਨਿਹੋਰਾ ਕਿ ਡੋਲੀ ਚੜ੍ਹਦੀ ਦੀ ਨਾ ਅੱਖ ਤੇਰੀ ਰੋਈ.......... ਲੇਖ / ਹਰਦੀਪ ਕੌਰ ਸੰਧੂ (ਡਾ.), ਆਸਟ੍ਰੇਲੀਆ

ਗੂੜ ਸਿਆਲਾਂ 'ਚ ਕਈ-ਕਈ ਦਿਨ ਪੈਂਦੀਆਂ ਧੁੰਦਾਂ ਨੇ ਸੂਰਜ ਨੂੰ ਆਵਦੀ ਬੁੱਕਲ 'ਚ ਲਪੇਟਿਆ ਹੋਣ ਕਰਕੇ ਚਾਰੇ ਪਾਸੇ ਚੁੱਪੀ ਜਿਹੀ ਵਰਤੀ ਹੋਈ ਸੀ । ਜੁਗਨੀ ਆਵਦੀ ਯਾਦਾਂ ਦੀ ਛੱਤੀ ਸਬਾਤ 'ਚ ਸਾਂਭੇ ਬੇਬੇ ਦੇ ਸੰਦੂਕ , ਚਰਖਾ ਤੇ ਮੰਜੇ -ਪੀੜ੍ਹੀਆਂ ਦੀ ਝਾੜ-ਪੂੰਝ ਕਰਨ ਲੱਗੀ ਹੋਈ ਸੀ ਕਿ ਐਨੇ ਨੂੰ ਕੁੰਡਾ ਖੜਕਿਆ । ਸੋਚਾਂ ਦੀ ਉਧੇੜ -ਬੁਣ 'ਚ ਜਦੋਂ ਕੁੰਡਾ ਖੋਲ੍ਹਿਆ ਤਾਂ ਸਾਹਮਣੇ ਬੇਬੇ ਖੜ੍ਹੀ ਸੀ । ਬੇਬੇ ਨੂੰ ਦੇਖਦਿਆਂ ਹੀ ਜੁਗਨੀ ਬੋਲੀ , " ਬੇਬੇ ਮੱਥਾ ਟੇਕਦੀ ਆਂ, ਲੰਘ ਆ , ਮੈਂ ਤਾਂ ਕਿੱਦਣ ਦੀ 'ਡੀਕਦੀ ਸੀ ਤੈਨੂੰ ...ਤੈਨੂੰ ਈ ਯਾਦ ਕਰੀ ਜਾਂਦੀ ਸੀ ਮੈਂ ਤਾਂ ਹੁਣ ।" ਬੇਬੇ ਨੇ ਅਗੋਂ ਅਸੀਸਾਂ ਦੀ ਝੜੀ ਲਾ ਦਿੱਤੀ , " ਜਿਉਂਦੀ ਵਸਦੀ ਰਹੁ , ਨੈਣ-ਪ੍ਰਾਣ ਨਰੋਏ ਰਹਿਣ, ਰੰਗੀ ਵਸੇਂ , ਧਰ-ਧਰ ਭੁੱਲੇਂ ਪੁੱਤ .........ਕਿੰਨੇ ਦਿਨ ਹੋਗੇ ਸੀ ਮਖਿਆ ਆਵਦੀ ਧੀ ਨੂੰ ਮਿਲ ਆਮਾ ।"

ਸਬਾਤ 'ਚ ਡਾਹੇ ਦਸੂਤੀ ਨਵਾਰ ਨਾਲ ਬੁਣੇ ਮੰਜੇ 'ਤੇ ਬੈਠਦਿਆਂ ਹੀ ਬੇਬੇ ਨੇ ਆਵਦੀ ਆਦਤ ਮੂਜਬ ਗੱਲਾਂ ਦੀ ਲੜੀ ਜੋੜਦਿਆਂ ਕਿਹਾ , " ਨੀ ਮੈਂ ਸਦਕੇ ਜਾਮਾ, ਅਜੇ ਤਾਈਂ ਸਾਂਭਿਆ ਵਿਆ ਮੇਰੇ ਮੰਜੇ -ਪੀੜ੍ਹੀਆਂ ਨੂੰ । ਪੁੱਤ ਜੇ ਚਾਹ ਧਰਨ ਲੱਗੀਂ ਐਂ ਤਾਂ ਐਂ ਕਰੀਂ.......ਗੁੜ ਆਲ਼ੀ ਈ ਧਰੀਂ, ਨਾਲ਼ੇ ਚਾਹ ਨੂੰ ਬਾਟੀ 'ਚ ਪਾ ਕੇ ਲਿਆਈਂ , ਆ ਥੋਡੀਆਂ ਕੱਪੀਆਂ ਜਿਹੀਆਂ 'ਚ ਮੈਥੋਂ ਨੀ ਪੀਤੀ ਜਾਂਦੀ।ਬੁੜਿਆਂ ਨੂੰ ਤਾਂ ਪੁੱਤ ਪਾਲ਼ਾ ਈ ਮਾਰ ਜਾਂਦੈ, ਹੱਡਾਂ ਨੂੰ ਚੀਰਦੀ ਆ ਠੰਢ।"

ਗੱਲਾਂ ਕਰਦੀ ਬੇਬੇ ਨੇ ਚਾਰੇ ਪਾਸੇ ਨਜ਼ਰ ਘੁੰਮਾਉਂਦਿਆਂ ਜੁਗਨੀ ਨੂੰ ਹਾਕ ਜਿਹੀ ਮਾਰ ਕੇ ਪੁੱਛਿਆ," ਕੁੜੇ ਮੇਰਾ ਚਰਖਾ ਨੀ ਦੀਂਹਦਾ ਕਿਤੇ, ਕਿੱਥੇ ਧਰਤਾ ?" ਜੁਗਨੀ ਨੇ ਚਾਹ ਫੜਾਉਂਦਿਆਂ ਭਰੇ ਜਿਹੇ ਮਨ ਨਾਲ਼ ਕਿਹਾ, " ਬੇਬੇ ਔਹ ਪਿਆ, ਸੰਦੂਕ ਓਹਲੇ, ਹੁਣ ਤੂੰ ਤਾਂ ਹੁੰਦੀ ਨੀ ਏਥੇ, ਫੇਰ ਭਲਾ ਚਰਖਾ ਤੇਰਾ ਕੌਣ ਕੱਤੇ।" ਚਾਹ ਵਾਲ਼ੀ ਬਾਟੀ ਨੂੰ ਆਵਦੀ ਮਲਮਲ ਦੀ ਚੁੰਨੀ ਨਾਲ਼ ਸੰਵਾਰ ਕੇ ਫੜਦਿਆਂ ਬੇਬੇ ਕਹਿਣ ਲੱਗੀ, " ਕੁੜੇ ਤੂੰ ਕਮਲ਼ੀ ਹੋਗੀ......ਐਮੇ ਚਿੱਤ ਛੋਟਾ ਕਿਉਂ ਕਰਦੀ ਐਂ। ਮੈਂ ਕਿਤੇ ਚੱਲੀ ਆਂ....ਪੁੱਤ ਤੇਰੇ ਕੋਲ਼ ਈ ਰਹੂੰ ਮੈਂ ਤਾਂ, ਇਉਂ ਨੀ ਮੈਂ ਜਾਂਦੀ ਕਿਧਰੇ। ਬੱਸ ਜਦ ਚਿੱਤ ਮੰਨੇ .....ਯਾਦ ਕਰ ਲਿਆ ਕਰ ....ਮੈਂ ਤਾਂ ਬਿੰਦ ਨੀ ਲਾਉਂਦੀ ਤੇਰੇ ਕੋਲ਼ ਔਣ ਨੂੰ।"

ਜੁਗਨੀ ਨੇ ਬੇਬੇ ਦੀ ਗੱਲ ਵਿਚਾਲ਼ਿਓਂ ਹੀ ਕੱਟਦਿਆਂ ਕਿਹਾ, " ਲੈ ਬੇਬੇ ਊਂ ਤਾਂ ਆਖੇਂਗੀ ਬਈ ਵਿੱਚੋਂ ਈ ਟੋਕਤਾ....... ਤੇਰੀ ਗੱਲ ਵਿਚਾਲ਼ੇ ਆ....ਮੇਰੇ ਕਈ ਵਾਰੀ ਯਾਦ ਆਇਆ ਕਿ ਬੇਬੇ ਤੋਂ ਇੱਕ ਗੱਲ ਪੁੱਛਣੀ ਆ ਜਦੋਂ ਬੇਬੇ ਆਉਗੀ।" "ਜੀ ਸਦਕੇ....ਤੂੰ ਇੱਕ ਛੱਡ ਚਾਹੇ ਦੱਸ ਗੱਲਾਂ ਪੁੱਛ, ਪੁੱਤ....ਤੇਰੇ ਕੋਲ਼ ਗੱਲਾਂ ਕਰਨ ਈ ਤਾਂ ਮੈਂ ਆਈ ਆਂ।"

"ਬੇਬੇ ਮੈਂ ਸੁਣਿਆ ... ਲੋਕੀਂ ਹੁਣ ਕਹਿੰਦੇ ਆ ਬਈ ਕੁੜੀਆਂ ਹੁਣ ਡੋਲੀ ਚੜ੍ਹਨ ਵੇਲ਼ੇ ਰੋਣੋ ਹੱਟ ਗਈਆਂ। ਪਹਿਲਾਂ ਤਾਂ ਧਾਹਾਂ ਮਾਰ-ਮਾਰ ਰੋਂਦੀਆ ਸੀ।"

ਬੇਬੇ ਨੇ ਆਵਦੀ ਚੁੰਨੀ ਸੰਵਾਰਦਿਆਂ ਆਵਦੇ ਹੀ ਰੌਂ 'ਚ ਕਹਿਣਾ ਸ਼ੁਰੂ ਕੀਤਾ, " ਪੁੱਤ ਸਾਡੇ ਵੇਲ਼ੇ ਹੋਰ ਸਨ......ਕੁੜੀਆਂ-ਕੱਤਰੀਆਂ ਬਹੁਤਾ ਘਰੋਂ ਬਾਹਰ ਨਿਕਲਦੀਆਂ ਹੀ ਨੀ ਸੀ, ਬਿਆਹਾਂ ਮੌਕੇ ਈ ਭਾਮੇ ਕਿਸੇ ਸਕੀਰੀ 'ਚ ਜਾ ਆਉਂਦੀਆਂ। ਜਿਓਂ ਜੰਮਦੀਆਂ .....ਆਵਦੇ ਬਿਆਹ ਤਾਈਂ .....ਬੱਸ ਘਰ ਦੇ ਕੰਮ-ਕਾਜ ਈ ਸਿੱਖਦੀਆਂ। ਨਾਲ਼ੇ ਓਦੋਂ ਲੋਕ ਬਿਆਹ ਬੀ ਤਾਂ ਨਿਆਣੀਆਂ ਨੂੰ ਹੀ ਦਿੰਦੇ ਸੀ। ਜਿਹੜੀ ਉਮਰੇ ਮਾਂ ਦੀ ਕੁੱਛੜ ਬੜ-ਬੜ ਬੈਹਣ ਦੀ ਹੁੰਦੀ......ਡੋਲੀ 'ਚ ਬਠਾਲ਼ ਦਿੰਦੇ.....ਨਿਆਣੀਆਂ ਨੇ ਫੇਰ ਧਾਹਾਂ ਈ ਤਾਂ ਮਾਰਨੀਆਂ ਸਨ।"

"ਨਾ, ਬੇਬੇ ਸਾਰੀਆਂ ਤਾਂ ਨੀ ਨਿਆਣੀ ਉਮਰੇ ਵਿਆਹੀਆਂ ਜਾਂਦੀਆਂ ਸੀ।" ਜੁਗਨੀ ਨੇ ਆਵਦੀ ਸ਼ੰਕਾ ਜ਼ਾਹਿਰ ਕਰਦਿਆਂ ਬੇਬੇ ਨੂੰ ਹੋਰ ਚੰਗੀ ਤਰਾਂ ਗੱਲ ਸਮਝਾਉਣ ਵੱਲ ਇਸ਼ਾਰਾ ਕੀਤਾ।

"ਆਹੋ ਪੁੱਤ, ਓਦੋਂ ਜਵਾਨ ਹੁੰਦੀਆਂ ਕੁੜੀਆਂ ਦਾ ਵਾਹ ਬਹੁਤੇ ਲੋਕਾਂ ਨਾਲ਼ ਨਹੀਂ ਸੀ ਪੈਂਦਾ। ਬੱਸ ਕੰਮ -ਧੰਦਾ ਨਬੇੜ ਕੇ ਆਂਡਣਾ-ਗੁਮਾਂਢਣਾਂ ਨਾਲ਼ ਰਲ਼ ਕੇ ਚਰਖੇ ਕੱਤਦੀਆਂ ਜਾਂ ਖੇਸ ਦਰੀਆਂ ਬੁਣਦੀਆਂ। ਨਾਲ਼ੇ ਓਹਨਾਂ ਤੋਂ ਨਿੱਤਾ-ਦਿਨ ਦੀ ਘਰਾਂ ਦੀ ਜਿੰਦਗੀ ਬਾਰੇ ਢਿੱਡ ਹੌਲਾ ਕਰਦੀਆਂ ਨੂੰ ਸੁਣਦੀਆਂ ਰਹਿੰਦੀਆਂ। ਕੋਈ ਦਰਾਣੀ-ਜਠਾਣੀ ਦੇ ਖੜਕਦੇ ਭਾਂਡਿਆਂ ਦੀ ਗੱਲ ਕਰਦੀ। ਕੋਈ ਆਵਦੀ ਕੁਪੱਤੀ ਸੱਸ ਬਾਰੇ ਦੱਸਦੀ, ਕੋਈ ਨਿਘੋਚਣ ਨਨਾਣ ਦੇ ਕਿੱਸੇ ਸੁਣਾਉਂਦੀ। ਕੋਈ ਆਬਦੇ ਲਾਈਲੱਗ ਘਰਬਾਲ਼ੇ ਦੀ ਗੱਲ ਦੱਸਦੀ ਕਹਿੰਦੀ.....ਨੀ ਭੈਣੇ ਲੁੱਟ ਲੋ ਮੌਜਾਂ ਜਿਹੜੀਆਂ ਥੋਡੇ ਤੋਂ ਹੁਣ ਲੁੱਟ ਹੁੰਦੀਆਂ..ਓਥੇ ਤਾਂ ਕੋਹਲੂ ਦੇ ਬੌਲ਼ਦ ਆਂਗੂ ਕੰਮ ਕਰਕੇ ਬੀ ਕਦਰ ਨੀ ਪੈਣੀ । ਓਥੇ ਥੋਡੀ ਸੁਣਨ ਆਲ਼ਾ ਕੌਣ ਆ।"

"ਓਦੋਂ ਪੁੱਤ  ਆਉਣ -ਜਾਣ ਦੇ ਸਾਧਨ ਬੀ ਬਹੁਤੇ ਨੀ ਸੀ। ਵਿਆਂਦੜਾਂ ਛਿਮਾਹੀਂ- ਸਾਲੀਂ  ਜਾਂ ਕਿਸੇ ਤਿੱਥ-ਤਿਹਾਰ 'ਤੇ ਕਿਤੇ ਆਵਦੇ ਪੇਕੇ ਆਉਂਦੀਆਂ..ਓਹ ਬੀ ਤਾਂ , ਜੇ ਸਹੁਰੇ ਤੋਰਨ ਨੂੰ ਰਾਜੀ ਹੁੰਦੇ। ਪੁੱਤ ਐਹੋ ਜਿਹੀਆਂ ਗੱਲਾਂ ਸੁਣ-ਸੁਣ ਕੇ ਕਿਸੇ ਅਣਦੇਖੇ ਡਰ ਨਾਲ਼ ਕੁੜੀਆਂ ਆਵਦੇ ਚਿੱਤ ਨੂੰ ਸੰਸਾ ਲਾ ਲੈਂਦੀਆਂ ਬਈ ਪਤਾ ਨਹੀਂ ਓਨ੍ਹਾਂ ਨਾਲ਼ ਕੀ ਨਿਬੜੂਗੀ। ਨਾਲ਼ੇ ਓਦੋਂ ਇਹ ਰਬਾਜ਼ ਕਿੱਥੇ ਸੀ ਬੀ ਕੁੜੀ-ਮੁੰਡਾ ਬਿਆਹ ਤੋਂ ਪਹਿਲਾਂ ਇੱਕ ਦੂਜੇ ਨਾਲ਼ ਕੋਈ ਗੱਲਬਾਤ ਕਰਦੇ। ਨਾ ਹੀ ਕੁੜੀ ਆਵਦੇ ਹੋਣ ਵਾਲ਼ੇ ਸਹੁਰੇ ਘਰ ਬਾਰੇ ਕਦੇ ਕੁਛ ਪੁੱਛਦੀ । ਬਿਆਹ ਆਲ਼ੇ ਦਿਨ ਜਦੋਂ ਡੋਲੀ ਤੁਰਨ ਦਾ ਟੈਮ ਹੁੰਦਾ ਤਾਂ ਜਦੋਂ ਕੋਈ ਆ ਕੇ ਆਖਦਾ....ਭਾਈ ਕਰੋ ਹੁਣ ਡੋਲੀ ਦੀ ਤਿਆਰੀ.....ਚਾਰੇ ਪਾਸੇ ਚੁੱਪੀ ਵਰਤ ਜਾਂਦੀ। ਕੁੜੀ ਦੀ ਵਿਦਾਈ ਦੀ ਤਿਆਰੀ ਕਰਦੀਆਂ ਕੁੜੀ ਦੀਆਂ ਸਖੀਆਂ-ਸਹੇਲੀਆਂ ਐਹੋ ਜਿਹਾ ਗੀਤ ਛੋਹੰਦੀਆਂ ਕਿ ਮਹੌਲ ਹੋਰ ਬੀ ਸੋਗਮਈ ਹੋ ਜਾਂਦਾ।

"ਮਾਵਾਂ ਧੀਆਂ ਮਿਲਣ ਲੱਗੀਆਂ
ਚਾਰੇ ਕੰਧਾਂ ਨੇ ਚੁਬਾਰੇ ਦੀਆਂ ਹੱਲੀਆਂ"

ਤੇ ਫੇਰ ਮਿੱਠੇ ਜਿਹੇ ਸੰਨਾਟੇ 'ਚ, ਥਰਕਦੇ ਗਲ਼ਿਆਂ ਨਾਲ਼ ਕੁੜੀਆਂ ਜਦੋਂ ਇਹ ਗੀਤ ਗਾਉਂਦੀਆਂ......

"ਸਾਡਾ ਚਿੜੀਆਂ ਦਾ ਚੰਬਾ ਵੇ
ਬਾਬੁਲ ਅਸੀਂ ਉੱਡ ਜਾਣਾ
ਸਾਡੀ ਲੰਬੀ ਉਡਾਰੀ ਵੇ
ਪਤਾ ਨੀ ਕਿਹੜੇ ਦੇਸ ਜਾਣਾ"

ਡੋਲੀ ਚੜ੍ਹਨ ਵੇਲ਼ੇ ਆਵਦੇ ਸਕਿਆਂ ਦੇ ਗੱਲ ਲੱਗ-ਲੱਗ ਮਿਲਦੀ ਵਿਆਹੁਲੀ ਕੁੜੀ ਦੀਆਂ ਧਾਹਾਂ ਨਿਕਲ਼ ਜਾਂਦੀਆਂ। ਵਿਆਹ ਤੋਂ ਪਹਿਲਾਂ 'ਕੱਠਾ ਹੋਇਆ, ਚਿੱਤ 'ਚ ਕਿਆਸੇ, ਅਣਦੇਖੇ ਡਰ ਦਾ ਗੁਬਾਰ ਧਾਹੀਂ  ਫੁੱਟਦਾ। ਉਹਨੂੰ ਲੱਗਦੈ ਬਈ ਪਤਾ ਨੀ ਅੱਜ ਓਸ ਨੇ ਏਥੋਂ ਕਿੱਡੀ ਕੁ ਦੂਰ ਚੱਲੀ ਜਾਣਾ। ਓਦੋਂ ਭੋਲ਼ੀਆਂ ਕੁੜੀਆਂ-ਚਿੜੀਆਂ ਨੂੰ ਦੂਰੀ ਦਾ 'ਦਾਜਾ( ਅੰਦਾਜ਼ਾ) ਬੀ ਕਿੱਥੇ ਸੀ....ਬਈ ਸਹੁਰਿਆਂ ਦਾ ਪਿੰਡ ਐਥੋਂ ਕਿੰਨੀ ਕੁ ਵਾਟ 'ਤੇ ਆ। ਤੇ ਪਤਾ ਨੀ ਕਦੋਂ ਹੁਣ ਮੁੜਨਾ ਹੋਊ।"

ਜੁਗਨੀ ਬੇਬੇ ਦੀਆਂ ਗੱਲਾਂ ਨੂੰ ਬਹੁਤ ਧਿਆਨ ਨਾਲ ਸੁਣ ਰਹੀ ਸੀ । ਓਸ ਨੂੰ ਹੋਰ ਬਹੁਤ ਕੁਝ ਜਾਨਣ ਦੀ ਉਤਸੁਕਤਾ ਸੀ । ਬੇਬੇ ਨੂੰ ਓਸ ਫੇਰ ਸੁਆਲ ਪਾਇਆ," ਬੇਬੇ, ਲੋਕ ਤਾਂ ਇਓਂ ਵੀ ਕਹਿੰਦੇ ਨੇ ਬਈ ਕੁੜੀਆਂ ਤਾਂ ਨੀ ਰੋਂਦੀਆਂ ਬਈ ਓਹਨਾਂ ਦਾ ਕੀਤਾ ਮੇਕ-ਅੱਪ ਖਰਾਬ ਹੋਜੂਗਾ । ਪਹਿਲਾਂ ਕੁੜੀਆਂ ਵਿਆਹ ਮੌਕੇ ਭਲਾ ਮੇਕ-ਅੱਪ ਨਹੀਂ ਸੀ ਕਰਦੀਆਂ ? "

ਜੁਗਨੀ ਦਾ ਸੁਆਲ ਸੁਣਦਿਆਂ ਹੀ ਬੇਬੇ ਦੇ ਚਿਹਰੇ 'ਤੇ ਰੌਣਕ ਜਿਹੀ ਆ ਗਈ । ਜਿਵੇਂ ਓਸ ਦੇ ਬਹੁਤ ਕੁਝ ਹੋਰ ਯਾਦ ਗਿਆ ਹੋਵੇ, ਆਵਦੇ ਜ਼ਮਾਨੇ ਦਾ । ਬੇਬੇ ਨੇ ਆਵਦਾ ਹਾਸਾ ਬੁੱਲਾਂ 'ਚ ਨੱਪਦਿਆਂ  ਫੇਰ ਗੱਲ ਤੋਰੀ ," ....ਆਹੋ ਪੁੱਤ .....ਹੁਣ ਜ਼ਮਾਨਾ ਬਦਲ ਗਿਆ । ਕੁੜੀਆਂ ਆ ਆਵਦੇ ਮੁੰਹ ਦੀ ਲਿੱਪਾ-ਪੋਚੀ ਜਿਹੀ ਹੁਣ ਸ਼ਹਿਰੋਂ ਕਰਾਉਣ ਲੱਗ ਪਈਆਂ । ਪਹਿਲਾਂ ਹੁੰਦੜਹੇਲ ਕੁੜੀਆਂ ਦੇ ਮੁੰਹ ਦੱਗ-ਦੱਗ ਕਰਦੇ ਸੀ । ਨਾਲੇ ਬੌਤਾ-ਕੁਛ ਨਹੀਂ ਸੀ ਪਤਾ ਕੁੜੀਆਂ ਨੂੰ ਆਹ ਹੁਣ ਵਾਲੇ ਚੱਜਾਂ ਦਾ। ਸਾਡੇ ਵੇਲੇ ਪੁੱਤ ਕਿਹੜਾ ਆ ਥੋਡੇ ਸੁਰਖੀ -ਪੌਡਰ ਚੱਲੇ ਸੀਗੇ ।ਪਰ ਥੋਡੇ ਭਾਣੇ ਪਹਿਲਾਂ ਕਿਤੇ ਕੁੜੀਆਂ ਸ਼ੁਕੀਨੀ ਨੀ ਸੀ ਲਾਉਂਦੀਆਂ । ਲੈ ਬਥੇਰੀਆਂ ਸ਼ਕੀਨ ਸੀ....ਸ਼ਕੀਨਣਾ ਨੇ ਬੁੱਲਾਂ 'ਤੇ ਦੰਦਾਸਾ ਫੇਰਨਾ , ਪੂਛਾਂ ਆਲਾ ਸੁਰਮਾ ਪਾਉਣਾ , ਸਿਰ 'ਤੇ ਮੀਢੀਆਂ ਗੁੰਦਾ ਡਾਕ-ਬੰਗਲੇ ਪਵਾਉਣੇ । ਕਈ-ਕਈ ਰਕਾਨਾਂ ਨੇ ਤਾਂ ਆਵਦੇ ਵਾਲਾਂ ਨੂੰ ਮੋਮ ਲਾ ਕੇ ਗੁੰਦਵਾਉਣਾ ਤਾਂ ਕਿ ਵਾਲ ਲਿਸ਼ਕਣ ਵੀ ਤੇ ਖਿਲਰਨ ਵੀ ਨਾ । ਸੂਹੀਆਂ , ਸੱਤਰੰਗੀਆਂ ਤੇ ਲਹਿਰੀਏਦਾਰ ਵੰਗਾਂ ਪਾਉਣੀਆਂ । ਨਾਲੇ ਪੁੱਤ ਮੈਨੂੰ ਤੂੰ ਇਓਂ ਦੱਸ ਬਈ ਸੋਹਣੇ ਲੱਗਣ ਦਾ ਚਾਓ ਜੇ ਆਵਦੇ ਬਿਆਹ ਨੂੰ ਨੀ ਹੋਊ ਫੇਰ ਕਦੋਂ ਹੋਊ ?

"ਅੱਛਾ ਬੇਬੇ" ਜੁਗਨੀ ਨੇ ਹੈਰਾਨ ਹੁੰਦੀ ਨੇ ਬੇਬੇ ਦੀ ਗੱਲ ਦਾ ਹੁੰਗਾਰਾ ਭਰਿਆ ਤੇ ਨਾਲ਼ ਹੀ ਆਵਦੇ ਮਨ ਦੀ ਇੱਕ ਹੋਰ ਸ਼ੰਕਾ ਜਾਹਿਰ ਕੀਤੀ।" ਬੇਬੇ ਲੋਕੀਂ ਤਾਂ ਇਓਂ ਵੀ ਕਹਿੰਦੇ ਨੇ ਕਿ ਬਈ ਹੁਣ ਕੁੜੀਆਂ ਬਹੁਤ ਨਿਰਮੋਹੀਆਂ ਹੋ ਗਈਆਂ ਨੇ। ਅਖੇ ਉਹਨਾਂ ਨੂੰ ਵਿਛੋੜੇ ਦਾ ਅਹਿਸਾਸ ਹੀ ਕੋਈ ਨਹੀਂ । ਤਾਂਹੀਓਂ ਨਹੀਂ ਰੋਂਦੀਆਂ ਡੋਲੀ ਚੜ੍ਹਨ ਵੇਲ਼ੇ।"

ਜੁਗਨੀ ਦੀ ਗੱਲ ਸੁਣ ਕੇ ਬੇਬੇ ਦਾ ਚਿਹਰਾ ਗੰਭੀਰ ਹੋ ਗਿਆ। ਬੇਬੇ ਨੇ ਫੇਰ ਕਹਿਣਾ ਸ਼ੁਰੂ ਕੀਤਾ, " ਕੁੜੇ ਫੋਟ, ਲੋਕੀਂ ਕੁੜੀਆਂ ਨੂੰ ਨਿਰਮੋਹੀਆਂ ਆਖਦੇ ਨੇ। ਭਲਾ ਕਿਹੜੀ ਗੱਲੋਂ... ਹੈਂ ? ਜਮਾਨੇ ਦੇ ਬਦਲਣ ਨਾਲ਼ ਲੋਕ ਡੋਲੀਆਂ ਹੁਣ ਘਰੋਂ ਨੀ ਤੋਰਦੇ । ਆ ਕੀ ਕਹਿੰਦੇ ਨੇ....ਬੱਡੇ-ਬੱਡੇ ਹੋਟਲ਼ਾਂ ਨੂੰ .....ਕੁੜੇ ਨਾਓਂ ਨੀ ਆਉਂਦਾ.......ਲੈ ਚੇਤਾ ਜਮਾ ਹੀ ਖੁੰਝ ਜਾਂਦੈ ਕਿਤੇ-ਕਿਤੇ ਤਾਂ ....." ਜੁਗਨੀ ਬੇਬੇ ਦਾ ਇਸ਼ਾਰਾ ਸਮਝ ਗਈ ਸੀ। ਬੇਬੇ ਮੈਰੇਜ਼-ਪੈਲੇਸਾਂ ਬਾਰੇ ਕਹਿ ਰਹੀ ਸੀ। "ਆਹੋ ਬੇਬੇ....ਮੈਨੂੰ ਪਤਾ ਮੈਰੇਜ਼-ਪੈਲੇਸ" "ਆਹੋ ਏਹੀਓ"....ਬੇਬੇ ਨੇ ਫੇਰ ਲੜੀ ਜੋੜੀ...." ਬਿਆਹ ਮੌਕੇ ਓਥੇ ਜਾ ਕੇ ਕੀ ਸਾਲਾਂ ਦਾ ਮੋਹ ਕਿਧਰੇ ਉੱਡ ਜਾਊ। ਕੀ ਹੋਇਆ ਜੇ ਪੁੱਤ ਅੱਜਕੱਲ ਕੁੜੀਆਂ -ਕੱਤਰੀਆਂ ਘਰਾਂ ਦੇ ਬਨ੍ਹੇਰੇ ਨੀ ਲਿੰਬਦੀਆਂ ਜਾਂ ਤ੍ਰਿੰਝਣਾਂ 'ਚ ਰੌਣਕਾਂ ਨੀ ਲਾਉਂਦੀਆਂ। ਜਮਾਨੇ ਮੂਜਬ ਘਰਾਂ ਨੂੰ ਸੁਆਰਦੀਆਂ ਤਾਂ ਨੇ, ਗੁੱਡੀਆਂ-ਪਟੋਲੇ ਕਿਹੜੀ ਕੁੜੀ ਖੇਡਦੀ ਵੱਡੀ ਨੀ ਹੁੰਦੀ। 20-25 ਸਾਲ਼ ਜਿੱਥੇ ਕੋਈ ਪਲ਼ਿਆ ਹੋਵੇ ਓਸ ਘਰ ਨੂੰ ਛੱਡਣ ਦਾ ਬਰਾਗ ਫੇਰ ਚਿੱਤ 'ਚ ਕਿਮੇ ਨਾ ਹੋਊ?

ਜੁਗਨੀ ਨੇ ਫੇਰ ਵਿੱਚੋਂ ਹੀ ਟੋਕ ਕੇ ਕਿਹਾ, " ਆਹੋ ਬੇਬੇ ....ਆ ਜਿਹੜਾ ਗੀਤ ਆ....ਬਾਬੁਲ ਮੇਰੀਆਂ ਗੁੱਡੀਆਂ ਤੇਰੇ ਘਰ ਰਹਿ ਗਈਆਂ..." ਜੇ ਤੂੰ ਸੁਣੇ.....ਮਨ ਭਰ-ਭਰ ਆਉਂਦਾ।"

ਬੇਬੇ ਨੇ ਜੁਗਨੀ ਦਾ ਸਿਰ ਜਿਹਾ ਪਲੋਸਦਿਆਂ ਕਿਹਾ," ਨੀ ਮੈਂ ਸਦਕੇ ਜਾਮਾ....ਮੇਰੀ ਜੁਗਨੀ ਤਾਂ ਬਾਹਲ਼ੀਆਂ ਸਿਆਣੀਆਂ ਗੱਲਾਂ ਕਰਨ ਲੱਗ ਪੀ ਹੁਣ। ਆਹੋ ਪੁੱਤ ਏਹੋ ਤਾਂ ਮੈਂ ਕਹਿਨੀ ਆਂ ਜੇ ਭਲਾ ਆ ਗੀਤ ਸੁਣ ਕੇ ਚਿੱਤ ਹੋਰੂੰ ਹੁੰਦੈ...ਫੇਰ ਜਦੋਂ ਧੀ ਸੱਚੀਂ ਮਾਪਿਆਂ ਦਾ ਘਰ ਛੱਡਦੀ ਆ ਫੇਰ ਭਲਾ ਬਰਾਗ ਕਿਉਂ ਨਾ ਹੋਊ?"

"ਡੋਲੀ ਚੜ੍ਹਦੀਆਂ ਕੁੜੀਆਂ ਰੋਣੋ ਨੀ ਹੱਟੀਆਂ ਪੁੱਤ.......ਰੋਂਦੀਆਂ ਤਾਂ ਹੁਣ ਬੀ ਨੇ ਓਹ ......ਪਰ ਹੁਣ ਓਹ ਧਾਹਾਂ ਨੀ ਮਾਰਦੀਆਂ।ਚਿੱਤ ਤਾਂ ਹੁਣ ਬੀ ਪੁੱਤ ਕੁੜੀਆਂ ਦਾ ਓਨਾ ਈ ਰੋਂਦਾ।ਪੁੱਤ ਦੇਖਣ ਆਲ਼ੇ ਨੂੰ ਲੱਗਦਾ ....ਬਈ ਭੋਰਾ ਨੀ ਰੋਈ..ਫਲਾਣੀ ਜਦੋਂ ਡੋਲੀ ਚੜ੍ਹੀ....ਖਬਨੀ ਰਕਾਨ ਆਬਦੇ ਲਿੰਬੇ-ਪੋਚੇ ਮੂੰਹ ਦੇ ਖਰਾਬ ਹੋਣ ਕਰਕੇ ਨੀ ਰੋਈ। ਪਰ ਹੁਣ ਓਹ ਆਵਦੀਆਂ ਅੱਖਾਂ ਨੂੰ ਦਿਲ ਦਾ ਸਾਥ ਦੇਣੋ ਵਰਜ ਦਿੰਦੀਆਂ ਨੇ। ਹੁਣ ਧੀਆਂ -ਧਿਆਣੀਆਂ ਅੰਦਰੋਂ ਕੈੜੀਆਂ ਹੋ ਗਈਆਂ ਨੇ।"

“ਜਮਾਨੇ ਦੇ ਬਦਲਣ ਨਾਲ਼ ਬਿਆਹ ਹੁਣ 7 ਦਿਨਾਂ ਤੋਂ ਸੁੰਗੜ 7 ਘੰਟਿਆਂ ਦੇ ਹੋ ਗਏ ਨੇ। ਸਾਂਝੇ ਲਾਣੇ ਰਹੇ ਨੀ ਹੁਣ। ਕੁੜੀ ਨੂੰ ਬੀ ਪਤਾ ਕਿ ਓਹਦੀ ਡੋਲੀ ਤੁਰੀ ਨੀ ....ਅਬਲਾ ਤਾਂ ਬਹੁਤੇ ਡੋਲੀ ਤੁਰਨ ਤੋਂ ਪਹਿਲਾਂ ਹੀ....ਸਭ ਨੇ ਚੱਲੇ ਜਾਣਾ ਆਬਦੇ-ਆਬਦੇ ਘਰਾਂ ਨੂੰ। ਕੋਈ ਨੀ ਰਹਿੰਦੈ ਪਿੱਛੋਂ। ਰਹਿ ਜੂਗਾ ਓਸ ਦਾ ਭਾਂ-ਭਾਂ ਕਰਦਾ ਘਰ...। ਜੇ ਓਹ ਹਾਲ-ਦੁਹਾਈਆਂ ਪਾਉਂਦੀ ਡੋਲੇ 'ਚ ਬੈਠੂਗੀ ਤਾਂ ਓਸ ਦੇ ਮਾਪਿਆਂ ਦਾ ਚਿੱਤ ਤਾਂ ਹੋਰ ਬੀ ਖਰਾਬ ਹੋਊਗਾ। ਪਿੱਛੋਂ ਕੌਣ ਬੰਨੂਗਾ ਢਾਰਸ ਫੇਰ?”
 
ਜੁਗਨੀ ਨੇ ਬੇਬੇ ਦੀਆਂ ਗੱਲਾਂ ਦੀ ਹਾਮੀ ਭਰਦਿਆਂ ਕਿਹਾ," ਬੇਬੇ,ਹੁਣ ਮੈਂ ਸਮਝੀ,ਧਾਹਾਂ ਨਾ ਮਾਰ ਕੇ ਓਹ ਆਵਦੇ ਮਾਪਿਆਂ ਨੂੰ ਇਹ ਅਹਿਸਾਸ ਕਰਵਾ ਦਿੰਦੀਆਂ ਨੇ ਕਿ ਬਈ ਹੁਣ ਓਹ ਅਬਲਾ-ਵਿਚਾਰੀਆਂ ਨਹੀਂ। ਉਹ ਆਵਦਾ ਭਲਾ-ਬੁਰਾ ਵਿਚਾਰ ਸਕਦੀਆਂ ਨੇ।ਨਾਲ਼ੇ ਧਾਹਾਂ ਮਾਰ ਕੇ ਵਿਖਾਉਣ ਨਾਲ਼ ਕਿਹੜਾ ਉਨ੍ਹਾਂ ਦੇ ਵਿਛੋੜੇ ਦਾ ਦਰਦ ਮੁੱਕ ਜਾਏਗਾ। ਉਹ ਤਾਂ ਸਦਾ ਹੀ ਰਹਿਣਾ।ਜਿੰਨ੍ਹਾਂ ਹੱਥੀਂ ਪਲ਼ੀ, ਵੱਡੀ ਹੋਈ, ਜਿੱਥੇ ਖੇਡੀ-ਨੱਚੀ , ਉਹ ਵਿਹੜਾ ਭਲਾ ਕਿਸ ਨੂੰ ਭੁੱਲ ਜਾਉਗਾ।ਤੋਤਲੇ ਦਿਨ ਜਿੰਨ੍ਹਾਂ ਦੀ ਉਂਗਲ਼ ਫੜ ਕੇ ਲੰਘਾਏ ...ਉਨ੍ਹਾਂ ਤੋਂ ਵਿਛੜਨ ਲੱਗੇ ਭਲਾ ਓਸ ਦੇ ਦਿਲ ਦਾ ਰੁੱਗ ਕਿਉਂ ਨੀ ਭਰਿਆ ਜਾਣਾ। ਬੇਬੇ ਭਲਾ ਤੂੰ ਮੈਨੂੰ ਇਓਂ ਦੱਸ ਬਈ ਜੇ ਇਹ ਜ਼ਮਾਨਾ ਬਦਲ ਗਿਆ ....ਬਹੁਤ ਕੁਝ ਬਦਲ ਗਿਆ.....ਫੇਰ ਇਹ ਕੁੜੀ ਨੂੰ ਡੋਲੀ ਚੜ੍ਹਦੀ ਨੂੰ ਧਾਹਾਂ ਮਾਰ ਕੇ ਰੋਂਦੀ ਨੂੰ ਹੀ ਕਿਓਂ ਵੇਖਣਾ ਲੋਚਦੈ?"

ਜੁਗਨੀ ਨੇ ਆਵਦੇ ਡੂੰਘੇ ਸੁਆਲ ਨਾਲ਼ ਬੇਬੇ ਨੂੰ ਸੋਚੀਂ ਪਾ ਦਿੱਤਾ। ਬੇਬੇ ਦੀ ਆਵਾਜ਼ 'ਚ ਥੋੜੀ ਗੰਭੀਰਤਾ ਆ ਗਈ। " ਦੇਖ ਪੁੱਤ, ਬਿਆਹ ਬੀ ਓਹੀ ਆ...ਤੇ ਬਿਆਹ ਆਲ਼ੇ ਸਾਰੇ ਰਬਾਜ ਬੀ ਓਹੀਓ ਨੇ। ਪਰ ਮੁੱਕਦੀ ਗੱਲ ਤਾਂ ਇਹ ਆ ਬਈ ਇਹਨਾਂ ਰਸਮ-ਰਿਬਾਜਾਂ ਦੇ ਹਿੱਸੇਦਾਰ ਆਬਦੇ ਅੰਦਰਲੇ ਮਨੋ ਇਹਨਾਂ ਨਾਲ਼ ਨਹੀਂ ਜੁੜਦੇ। ਡੋਲੀ ਤੁਰਨ ਵੇਲ਼ੇ ਸਾਰਿਆਂ ਨੂੰ ਕਾਹਲ਼ੀ ਲੱਗੀ ਬੀ ਹੁੰਦੀ ਆ ਬਈ ਕਦੋਂ ਕੰਮ ਨਿਬੜੇ ਤੇ ਓਹ ਆਬਦੇ ਘਰਾਂ ਨੂੰ ਮੁੜਨ। ਓਸ ਵੇਲ਼ੇ ਚੌਗਿਰਦੇ 'ਚ ਵਿਛੋੜੇ ਦਾ ਅਹਿਸਾਸ ਉਨ੍ਹਾਂ ਨੂੰ ਹੀ ਲੱਗੂਗਾ ਜੋ ਆਵਦੇ ਮਨੋ ਓਸ ਰਸਮ ਨਾਲ਼ ਜੁੜੇ ਨੇ।ਡੋਲੀ ਚੜ੍ਹਦੀ ਕੁੜੀ ਚਾਹੇ ਇੱਕ ਤਿੱਪ ਵੀ ਹੰਝੂ ਨਾ ਕੇਰੇ ਪਰ ਓਸ ਦਾ ਚਿੱਤ ਤਾਂ ਪੁੱਤ ਭੁੱਬੀਂ ਰੋਂਦਾ ਓਸ ਬਖਤ.....ਪੁੱਤ ਉਨ੍ਹਾਂ ਦੇ ਅੱਖਾਂ ਦੇ ਹੰਝੂ ਦਿਲ 'ਚ ਡਿੱਗਦੇ ਨੇ, ਬਾਹਰ ਨੀ ਆਉਂਦੇ।ਜਿਹੜੇ ਸਾਂਝੀਵਾਲਤਾ ਦੇ ਭਾਈਵਾਲ਼ ਬਣਦੇ ਨੇ ਕੁੜੀ ਨੂੰ ਤੋਰਨ ਵੇਲ਼ੇ...ਪੁੱਤ, ਓਹ ਹੀ ਇਹ ਹੰਝੂ ਵੇਖ ਸਕਦੇ ਨੇ। ਢਿੱਡੋਂ ਰੋਂਦੀਆਂ ਨੂੰ ਦੇਖਣ ਲਈ ਪੁੱਤ ਮਿੱਠੇ ਮੋਹ ਆਲ਼ੀ ਨਿਗਾਹ ਦੀ ਲੋੜ ਐ।"
 
****