ਫਰੀਦਾ ਮੌਤੋਂ ਭੁੱਖ ਬੁਰੀ.......... ਲੇਖ / ਜੋਗਿੰਦਰ ਬਾਠ ਹੌਲੈਂਡ

ਖਾਣ ਪੀਣ ਦੀਆਂ ਵਸਤਾਂ ਦੀਆਂ ਕੀਮਤਾਂ ਹਰ ਵੱਡੇ ਵੇਲੇ ਚੜ੍ਹਦੇ ਸੂਰਜ ਨਾਲ਼ ਅਸਮਾਨੇ ਚੜ੍ਹਦੀਆਂ ਜਾਂਦੀਆਂ ਹਨ। ਯੂਰਪੀਅਨ ਯੂਨੀਅਨ ਦੇ ਲੀਡਰ ਇਸ ਬਾਰੇ ਚਿੰਤਤ ਹਨ। ਉਹ ਕੁਦਰਤੀ ਖੇਤੀ (ਮਨਸੂਈ ਖਾਦ ਅਤੇ ਕੀੜੇਮਾਰ ਸਪਰੇਆਂ ਤੋਂ ਰਹਿਤ) ਨੂੰ ਵਧਾਵਾ ਦੇਣ ਵਾਲੇ ਆਪਣੇ ਪਹਿਲੇ ਫੈਸਲੇ ਉੱਪਰ ਮੁੜ ਵਿਚਾਰ ਕਰ ਰਹੇ ਹਨ। ਕਿਉਂਕਿ ਜੈਵਿਕ ਖੇਤੀ ਵਾਸਤੇ ਹੁਣ ਨਾਲੋਂ ਤਿੱਗਣੀ ਭੋਂਏ ਚਾਹੀਦੀ ਹੈ। 2006 ਵਿੱਚ  ਆਈ.ਐਮ.ਐਫ਼. (ਇੰਟਰਨੈਸ਼ਨਲ ਮੋਨੀਟੇਅਰ ਫੰਡ) ਅਤੇ ਐਫ.ਏ.ਓ. (ਫੂਡ ਐਗਰੀਕਲਚਰ ਔਰਗੇਨਾਈਜੇਸ਼ਨ ‘ਯੂ.ਐਨ.’) ਤੇ ਨਾਲ ‘ਜੀ ਸੱਤ’ ਦੇ ਨਾਂ ਨਾਲ ਜਾਣੀ ਜਾਂਦੀ, ਅਮੀਰ ਦੇਸ਼ਾਂ ਦੀ ਜੱਥੇਬੰਦੀ ਨੇ ਸੰਸਾਰ ਵਿੱਚ ਵੱਧ ਰਹੀਆਂ ਖਾਧ-ਪਦਾਰਥਾਂ ਦੀਆਂ ਕੀਮਤਾਂ ਉੱਪਰ ਚਿੰਤਾ ਪ੍ਰਗਟ ਕੀਤੀ ਸੀ ਅਤੇ ਵਧ ਰਹੀਆਂ ਕੀਮਤਾਂ ਨੂੰ ਠੱਲ੍ਹ ਪਾਉਣ ਲਈ ਬਦਲਵੇਂ ਤੇ ਕਾਰਗਰ ਢੰਗ ਤਰੀਕੇ ਲੱਭਣ ਲਈ ਲੰਡਨ ਵਿੱਚ ਸਤਿਸੰਗ ਕੀਤਾ ਸੀ। ਪਰ ਲਗਦਾ ਹੈ ਹੁਣ ਤੱਕ ਕੀਤੇ ਸਾਰੇ ਓਹੜ ਪੋਹੜ ਵਿਅਰਥ ਹੀ ਗਏ ਜਾਪਦੇ ਹਨ, ਕਿਉਂਕਿ ਮਨੁੱਖੀ ਖੁਰਾਕ ਦੀਆਂ ਕੀਮਤਾਂ ਤਾਂ ਦਿਨੋ ਦਿਨ ਲਗਾਤਾਰ ਵਧੀ ਜਾ ਰਹੀਆਂ ਹਨ। ਗਰੀਬ ਦੇਸ਼ਾਂ ਦੇ ਕਰੋੜਾਂ ਲੋਕਾਂ ਕੋਲੋਂ ਆਟਾ, ਦਾਲਾਂ, ਖੰਡ ਨੂੰ ਖਰੀਦਣ ਦੀ ਸ਼ਕਤੀ ਖਤਮ ਹੁੰਦੀ ਜਾਂਦੀ ਹੈ ਤੇ ਉਹ ਢਿੱਡ ਨੁੰ ਗੰਢ ਦੇਣ ਲਈ ਦਿਨੋਂ ਦਿਨ ਹੋਰ ਤੋ ਹੋਰ ਡਾਹਢੇ ਮਜ਼ਬੂਰ ਹੋਈ ਜਾਂਦੇ ਹਨ। ਗਰੀਬ ਲੋਕਾਂ ਦੀ ਤਾਂ ਹੁਣ ਸਾਰੀ ਦੀ ਸਾਰੀ ਕਮਾਈ ਹੀ ਆਟਾ, ਚੌਲ, ਦਾਲਾਂ ਫੱਕੀ ਜਾਂਦੇ ਹਨ, ਕਿਉਂਕਿ 2004 ਤੋਂ ਲੈ ਕੇ 2012 ਤੱਕ ਜਿਉਣ ਲਈ ਜ਼ਰੂਰੀ ਖਾਧ-ਪਦਾਰਥਾਂ ਦੇ ਭਾਅ ਦੋ ਸੌ ਤੋਂ ਲੈ ਕੇ ਚਾਰ ਸੌ ਪ੍ਰਤੀਸ਼ਤ ਵਧ ਗਏ ਹਨ । ਇਸ ਵਕਤ ਇਹ ਭੋਖੜੇ ਦਾ ਦੈਂਤ ਤੀਸਰੀ ਦੁਨੀਆਂ ਵਿੱਚ ਆਦਮ ਬੋ - ਆਦਮ ਬੋ ਕਰਦਾ ਫਿਰਦਾ ਹੈ। “ਫਰੀਦਾ ਮੌਤੋਂ ਭੁੱਖ ਬੁਰੀ, ਰਾਤੀਂ ਸੁੱਤੇ ਖਾ ਕੇ, ਦਿਨੇ ਫਿਰ ਖੜੀ” ਬਾਬੇ ਫਰੀਦ ਦਾ ਇਹ ਦੋਹਾ ਦੁਨੀਆਂ ਭਰ ਦੇ ਭੁੱਖਿਆਂ ਅਤੇ ਗਰੀਬਾਂ ਨੂੰ ਦੰਦੀਆਂ ਚਿੜਾ ਰਿਹਾ ਲਗਦਾ ਹੈ।
 
ਇਹ ਗੱਲ ਜੱਗ ਜਾਹਰ ਹੈ 2002 ਤੱਕ ਯੂਰਪ ਵਿੱਚ ਖਾਣ ਪੀਣ ਦੇ ਖਾਧ ਪਦਾਰਥ ਨਹਾਇਤ ਹੀ ਸਸਤੇ ਸਨ। ਇਸ ਤੋਂ ਬਾਅਦ ਇਹ ਅਚਾਨਕ ਛੜੱਪੇ ਮਾਰ ਕੇ ਅਸਮਾਨੀ ਚੜ੍ਹਨ ਲੱਗੇ। 1974 ਤੋਂ ਲੈ ਕੇ 2002 ਤੱਕ ਮੇਰੇ ਆਪਣੇ ਮੁ਼ਲਕ ਹੌਲੈਂਡ ਵਿੱਚ ਖਾਣ ਪੀਣ ਦਾ ਸਮਾਨ ਵੇਚਣ ਵਾਲਿਆਂ ਵਪਾਰੀਆਂ ੳੱਪਰ ਗੌਰਮਿੰਟ ਦਾ ਕੁੰਡਾ ਸੀ ਤੇ ਖਾਧ ਪਦਾਰਥਾਂ ਦੇ ਭਾਅ ਸਿੱਕੇ ਦੇ ਫੈਲਾਅ ਨੂੰ ਮੁੱਖ ਰੱਖ ਕੇ ਹਰ ਸਾਲ ਸੋਧੇ ਜਾਂਦੇ ਸਨ । ਇਸੇ ਕਰਕੇ ਹੀ ਮਹਿੰਗਾਈ ਨੂੰ ਨੱਥ ਪਈ ਰਹਿੰਦੀ ਸੀ ਤੇ ਕੀਮਤਾਂ ਸਥਿਰ ਰਹਿੰਦੀਆਂ ਸਨ। ਨਾਲੋ ਨਾਲੋ ਜ਼ਰਾਇਤੀ ਯੂਨੀਵਰਸਟੀਆਂ ਉਤਮ ਕਿਸਮ ਦੇ ਬੀਜਾਂ ਦੀਆਂ ਕਿਸਮਾਂ ਨੂੰ ਲਗਾਤਾਰ ਸੋਧ ਕੇ, ਪਰ ਏਕੜ ਜਿ਼ਆਦਾ ਝਾੜ ਯੋਗ ਵੀ ਬਣਾਈਆਂ ਜਾਂਦੀਆਂ ਸਨ। ਵਧਦੀ ਅਬਾਦੀ ਦੇ ਬਾਵਜੂਦ ਵੀ ਪੈਦਾਵਾਰ ਅਤੇ ਖਪਤ ਦਾ ਤਵਾਜ਼ਨ ਲਗਾਤਾਰ ਬਣਿਆ ਆਉਂਦਾ ਸੀ। ਪਰੰਤੂ ਸਾਰਾ ਕੁਝ ਹੁਣ ਤੱਕ ਤਰੱਕੀ ਦੇ ਰਾਹੇ ਤੁਰਦਿਆਂ ਹੋਣ ਦੇ ਬਾਵਜੂਦ ਵੀ ਭੋਖੜਾ ਦੁਨੀਆਂ ਤੋ ਖ਼ਤਮ ਨਹੀਂ ਹੋ ਸਕਿਆ । ਹੁਣ ਵੀ ਸਾਰੇ ਸੰਸਾਰ ਵਿੱਚ 800 ਮਿਲੀਅਨ ਲੋਕ ਭੁੱਖ ਨਾਲ ਘੁਲਦੇ ਤੇ ਆਂਦਰਾਂ ਦੇ ਕੜਵੱਲ ਝੱਲਦੇ, ਢਿੱਡ ਵਿੱਚ ਗੋਡੇ ਦੇ ਕੇ ਸੌਣ ਲਈ ਮਜ਼ਬੂਰ ਹਨ।
 
ਇਹ ਹਾਲਾਤ ਆਖਿਰ ਪੈਦਾ ਹੋਏ ਕਿਉਂ ?
 
ਇਸ ਬਾਰੇ ਮਾਹਰਾਂ ਦੀਆਂ ਵੱਖ ਵੱਖ ਧਾਰਨਾਵਾਂ ਹਨ। ਸੰਸਾਰ ਦੀ ਵੱਧ ਰਹੀ ਆਬਾਦੀ ਇਸ ਦਾ ਵੱਡਾ ਕਾਰਨ ਹੈ। ਪਿਛਲੇ ਸਾਲਾਂ ਵਿੱਚ ਯੂਰਪ ਦੇ ਕਣਕ ਦੇ ਭੜੋਲੇ ਦੇ ਨਾਂ ਨਾਲ ਜਾਣੇ ਜਾਂਦੇ ਯੁਕਰੇਨ ਦੇਸ਼ ਵਿੱਚ ਮੌਸਮ ਦੀਆਂ ਖ਼ਰਾਬੀਆਂ ਕਰਕੇ ਪੈਦਾਵਾਰ ਬਹੁਤ ਘੱਟ ਹੋਈ ਹੈ। ਕੁਝ ਅਣ-ਦਿਸਦੇ ਕਾਰਣਾਂ ਕਰਕੇ ਵੀ ਬਹੁਤ ਸਾਰੇ ਦੇਸ਼ਾਂ ਦੇ ਰਿਜ਼ਰਵ ਅੰਨ ਭੰਡਾਰਾਂ ਵਾਲੀਆਂ ਭੜੋਲੀਆਂ ਦੇ ਥੱਲੇ ਦਿਸਣ ਲੱਗ ਪਏ ਹਨ। ਇੱਕ ਦੋਸ਼ ਯੂਰਪ ਵਿੱਚ ਹੋਰ ਵੀ ਏਸ਼ੀਆ ਦੇ ਤਰੱਕੀ ਕਰ ਰਹੇ ਮੁਲਕਾਂ ਉਪਰ ਮੜ੍ਹਿਆ ਜਾਂਦਾ ਹੈ, ਅਖੇ ਚੀਨ ਅਤੇ ਹਿੰਦੁਸਤਾਨ ਦੇ ਲੋਕ ਹੁਣ ਲਗਾਤਾਰ ਅਮੀਰ ਹੋ ਰਹੇ ਹਨ ਅਤੇ ਉਹ ਵੀ ਮਾਸ, ਮੱਛੀ ਅਤੇ ਦੁੱਧ ਪਨੀਰ ਨੂੰ ਮੂੰਹ ਮਾਰਨ ਲੱਗ ਪਏ ਹਨ। ਇਹ ਅਮੀਰ ਦੇਸ਼ ਪੰਜਾਬੀ ਦੀ ਇਸ ਕਹਾਵਤ ਨੂੰ ਮੁੱਖ ਰੱਖ ਕੇ ਚਿੰਤਾ ਜਾਹਿਰ ਕਰ ਰਹੇ ਹਨ, ਅਖੇ ‘ਜੇ ਗਧੀਆਂ ਵੜੇਵੇਂ ਖਾਣ ਲੱਗ ਪਈਆਂ, ਤਾਂ ਘੁਮਿਆਰਾਂ ਦਾ ਤਾਂ ਦਿਵਾਲਾ ਨਿਕਲਜੂ’ ਯਾਨੀ ਕਿ ਇਹ ਲੱਖਾਂ ਲੋਕ ਜੋ ਪਹਿਲਾਂ ਸ਼ਾਕਾਹਾਰੀ ਕੰਦਮੂਲ ਖਾਂਦੇ, ਭੁੱਖ ਨੰਗ ਨਾਲ ਘੁਲਦੇ ਨੰਗ ਧੜੰਗੇ ਦਿਨ ਕਟੀ ਕਰੀ ਜਾਂਦੇ ਸਨ। ਹੁਣ ਪੈਸਾ ਆਉਣ ਕਾਰਨ ਇਹ ਗਾਂਧੀ ਵੀ ਮੀਟ ਮੁਰਗਾ ਭਾਲਦੇ ਹਨ ਤੇ ਵਧਦੀ ਮੰਗ ਨੂੰ ਪੂਰਾ ਕਰਨ ਲਈ ਖਾਣ ਵਾਲੇ ਅਨਾਜ ਦੀ ਜਗ੍ਹਾ ਜਿ਼ਆਦਾ ਧਰਤੀ ਉਪਰ ਦੁਧਾਰੂ ਅਤੇ ਗੋਸ਼ਤ ਪੈਦਾ ਕਰਨ ਵਾਲੇ ਡੰਗਰ ਪਾਲਣੇ ਪੈ ਰਹੇ ਹਨ। ਅਨਾਜ ਨਾਲੋ ਪਸ਼ੂਆਂ ਨੂੰ ਪਾਲਣ ਵਾਸਤੇ ਦੁੱਗਣੀ ਜ਼ਰਖੇਜ ਭੋਂਏ ਚਾਹੀਦੀ ਹੈ। ਇਸ ਕਰਕੇ ਵੀ ਦੁਨੀਆਂ ਵਿੱਚ ਖਾਧ-ਪਦਾਰਥਾਂ ਦੇ ਭਾਅ ਵਧਦੇ ਜਾਂਦੇ ਹਨ। ਗਾਂ, ਸੂਰ ਦੇ ਗੋਸ਼ਤ ਦੇ ਨਾਲ ਨਾਲ ਸੋਇਆਬੀਨ ਤੋਂ ਬਣੇ ਪਦਾਰਥਾਂ ਦੀ ਮੰਗ ਵਧਣ ਕਰਕੇ ਬਰਾਜ਼ੀਲੀਆ ਵਿੱਚ ਸੋਇਅਬੀਨ ਬੀਜਣ ਵਾਲੇ ਕਿਸਾਨਾਂ ਨੇ ਇਸ ਫ਼ਸਲ ਦੀ ਖੇਤੀ ਦਾ ਰਕਬਾ ਦੁੱਗਣਾ ਕਰ ਦਿੱਤਾ ਹੈ।
 
ਦੁਨੀਆਂ ਭਰ ਵਿੱਚ ਅਨਾਜ ਦੇ ਭਾਅ ਵਧਣ ਦਾ ਇੱਕ ਕਾਰਣ ਹੋਰ ਇਹ ਵੀ ਹੈ। ਮਲਟੀਨੈਸ਼ਨਲ ਖਾਧ-ਪਦਾਰਥਾਂ ਦੇ ਵਪਾਰੀਆਂ ਦਾ ਤੰਦੂਆ ਜਾਲ ਪੂਰੀ ਦੁਨੀਆਂ ਵਿੱਚ ਬੇਰੋਕ ਟੋਕ ਫੈਲ ਰਿਹਾ ਹੈ। ਇਹ ਆਉਂਦੀ ਫ਼ਸਲ ਮੰਡੀਆਂ ਵਿੱਚੋਂ ਵਾਹ ਲੱਗਦੀ ਸਾਰੀ ਦੀ ਸਾਰੀ ਹੀ ਖ਼ਰੀਦ ਕੇ ਆਪਣੇ ਵਾਤਾਅਨਕੂਲ ਸਟੋਰਾਂ ਵਿੱਚ ਜ਼ਖੀਰ ਲੈਂਦੇ ਹਨ। ਇਹ ਜ਼ਖੀਰੇ-ਬਾਜ ਜਾਦੂਗਰਾਂ ਵਾਂਗ ਪੰਜ ਰੁਪੈ ਕਿਲੋ ਆਲੂਆਂ ਨੂੰ ਖਰੀਦ ਕੇ ਪੰਜਾਹ ਗਰਾਮ ਆਲੂ ਚਿਪਸ ਦਾ ਪੈਕਟ ਦਸ ਰੁਪੈ ਦੇ ਹਿਸਾਬ ਨਾਲ ਦੋ ਸੌ ਰੂਪੈ ਕਿਲੋ ਵੇਚਣ ਦਾ ਤਸੱਲੀਬਖ਼ਸ਼ ਗੁਰ ਜਾਣਦੇ ਹਨ। ਇਹ ਚਿਪਸ ਖਾਣ ਦੀ ਆਦਤ ਇੰਨ੍ਹਾਂ ਨੇ ਮੋਬਾਇਲ ਫੋਨ ਦੇ ਨਾਲ ਨਾਲ ਸਾਰੀ ਦੁਨੀਆਂ ਦੇ ਅਰਬਾਂ ਖ਼ਰਬਾਂ ਗਰੀਬਾਂ ਨੂੰ ਵੀ ਪਾ ਦਿੱਤੀ ਹੈ। ਜਿਸ ਤਰ੍ਹਾਂ ਪਲਾਸਟਿਕ ਦੀ ਨਲੀ ਨਾਲ ਬੱਚਾ ਸੁੜ੍ਹਾਕਾ ਮਾਰ ਕੇ ਕੋਕਾ ਕੋਲਾ ਦੀ ਆਖਰੀ ਬੂੰਦ ਤੱਕ ਬੋਤਲ ਵਿੱਚੋ ਖਿੱਚ ਲੈਦਾ ਹੈ, ਠੀਕ ਉਸੇ ਤਰ੍ਹਾਂ ਇਹ ਜਾਦੂਗਰ ਗਰੀਬ ਲੋਕਾਂ ਦੀ ਢਿੱਡ ਨੂੰ ਝੁਲਕਾ ਦੇਣ ਵਾਲੀ ਔਖੀ ਕਮਾਈ ਆਖਰੀ ਦੱਮੜੇ ਤੱਕ, ਉਨ੍ਹਾਂ ਦੇ ਗੋਲ ਗੰਢ ਦੇ ਕੇ ਰੱਖੇ ਗੀਝਿਆਂ ਵਿੱਚੋ ਵੀ ਮਸ਼ਹੂਰੀ ਦੀ ਨਲੀ ਨਾਲ ਚੂਸੀ ਜਾਂਦੇ ਹਨ। ਇਹ ਦੁਨੀਆਂ ਵਿੱਚ ਪਹਿਲੀ ਵਾਰ ਵਾਪਰਿਆ ਹੈ। ਇਨ੍ਹਾਂ ਜਾਦੂਗਰਾਂ ਦੇ ਅਣ-ਦਿਸਦੇ ਹੱਥਾਂ ਨੇ ਗਰੀਬਾਂ ਦੇ ਮੂੰਹ ਵਿੱਚ ਪੈਣ ਵਾਲੀਆਂ ਬੁਰਕੀਆਂ ਵੀ ਉਨ੍ਹਾਂ ਦੇ ਜਵਾਕਾਂ ਦੇ ਪੋਟਿਆਂ ਵਿੱਚੋ ਮੋਬਾਇਲ ਫੋਨ ਦੀ ਰਿੰਗ ਟੋਨ ਸੁਣਾ ਕੇ ਖੋਹ ਲਈਆਂ ਹਨ। ਰੋਟੀ ਦੀ ਥਾਂ ਉਨ੍ਹਾਂ ਦੇ ਹੱਥਾਂ ਵਿੱਚ ਮੋਬਾਇਲ ਫੋਨ ਫੜਾ ਦਿੱਤੇ ਹਨ। ਇਹ ਸੰਸਾਰ ਇੱਕ ਪਿੰਡ( ਗਲੋਬਾਈਜੇਸ਼ਨ) ਬਣਨ ਦਾ ਸਵਾਦ ਗਰੀਬ ਲੋਕਾਂ ਨੂੰ ਚਖਾਇਆ ਜਾ ਰਿਹਾ ਹੈ।

ਅੱਜ ਦੀ ਇਸ ਖੁਰਾਕ ਦੀ ਮਹਿੰਗਾਈ ਨੂੰ ਇਹ ਲੋਕ ਗਲੋਬਲ ਫੂਡ ਕਰਾਈਸਸ ਦਾ ਨਾਂ ਦਿੰਦੇ ਹਨ। ਇਸ ਕਰਾਈਸਸ ਦਾ ਇੱਕ ਹੋਰ ਵੀ ਮਨ ਨੂੰ ਲੱਗਦਾ ਕਾਰਣ ਹੈ, ਉਹ ਹੈ ‘ਬਾਇਓ ਈਧਨ’ ਜੋ ਖਾਣ ਵਾਲੀਆਂ ਫਸਲਾਂ ਦੇ ਬੀਜਾਂ ਤੋ ਤਿਆਰ ਕੀਤਾ ਜਾਂਦਾ ਹੈ। ਇਹ ਬਾਇਓ ਅਲਕੋਹਲ (ਖਾਲਸ ਸੌ ਪ੍ਰਤੀਸ਼ਤ ਸ਼ਰਾਬ) ਅਤੇ ਬਾਇਓ ਡੀਜ਼ਲ, ਕਣਕ, ਗੰਨੇ, ਆਲੂਆਂ, ਸ਼ਕਰਕੰਦੀ, ਖੋਪੇ, ਸੋਇਆਬੀਨ, ਪਸ਼ੂਆਂ ਦੀ ਚਰਬੀ, ਸਰੋਂ, ਤੋਰੀਆਂ, ਗੋਭੀ ਦੇ ਬੀਜਾਂ ਅਤੇ ਹੋਰ ਮਿੱਠੇ ਯੁਕਤ ਬਨਸਪਤੀ ਤੋਂ ਬਣਾਇਆ ਜਾਂਦਾ ਹੈ। ਇਸ ਬਾਇਓ ਬਾਲਣ ਦੀ ਖੇਤੀ ਨੇ ਬੰਦਿਆਂ ਦਾ ਢਿੱਡ ਭਰਨ ਦੀ ਬਜਾਏ ਕਾਰਾਂ, ਟਰੱਕਾਂ, ਟ੍ਰੈਕਟਰਾਂ ਦੇ ਵੱਡੇ ਢਿੱਡ ਭਰਨੇ ਸੁਰੂ ਕਰ ਦਿੱਤੇ ਹਨ। ਫਿਲਪਾਈਨ ਵਿੱਚ ਪੁਰਾਣੇ ਮੀਂਹ ਦੇ ਜੰਗਲਾਂ ਨੂੰ ਕੱਟ ਕੇ ਖੋਪੇ ਦੇ ਦਰੱਖਤ ਲਾਏ ਜਾ ਰਹੇ ਹਨ। ਪੁਰਾਣੀ ਬਨਸਪਤੀ ਅਤੇ ਉਸ ਆਸਰੇ ਰਹਿਣ ਵਾਲੇ ਜੀਵ ਜੰਤੂਆਂ ਦਾ ਵੱਡੇ ਪੱਧਰ ਤੇ ਘਾਤ ਹੋ ਰਿਹਾ ਹੈ। ਮੈਕਸੀਕੋ ਦੀ ਸਾਰੀ ਮੱਕੀ ਅਮਰੀਕਾ ਨੇ ਬਾਲਣ ਬਣਾਉਣ ਵਾਸਤੇ ਖਰੀਦ ਲਈ, ਇਸ ਕਰਕੇ ਮੈਕਸੀਕੋ ਵਿੱਚ ਟਰੋਤੋਲੀਆਂ (ਮੈਕਸੀਕਨ ਮੱਕੀ ਦੀ ਰੋਟੀ) ਦਾ ਭਾਅ ਰਾਤੋ ਰਾਤ ਚਾਰ ਸੌ ਗੁਣਾ ਵੱਧ ਗਿਆ ਤੇ ਉਥੇ ਅਮਰੀਕਾ ਅਤੇ ਮੈਕਸੀਕਨ ਸਰਕਾਰ ਦੇ ਖਿਲਾਫ ਭੁੱਖਿਆਂ ਨੰਗਿਆਂ ਲੋਕਾਂ ਦੇ ਮੁਜ਼ਾਹਰੇ ਹੋਣ ਲੱਗ ਪਏ। ਅਰਜਨਟਾਈਨਾ ਵਿੱਚ ਲੋਕਾਂ ਨੇ ਖਾਲੀ ਭਾਂਡੇ ਖੜਕਾ ਕੇ ਸਰਕਾਰ ਦੇ ਖਿਲਾਫ਼ ਪਾਰਲੀਮੈਂਟ ਹਾਊਸ ਤੱਕ ਜਾ ਕੇ ਆਪਣਾ ਰੋਸ ਜਾਹਿਰ ਕੀਤਾ। ਯੂਰਪ ਵਿੱਚ ਵੀ ਇਸ ਦਾ ਅਸਰ ਪਿਆ ਕੁੱਕੜਾਂ ਅਤੇ ਗਾਵਾਂ ਸੂਰਾਂ ਨੂੰ ਮੱਕੀ ਪਾਈ ਜਾਂਦੀ ਹੈ। ਮੱਕੀ ਮਹਿੰਗੀ ਆਂਡਾ ਮਹਿੰਗਾ, ਮੁਰਗਾ, ਸੂਰ, ਗਾਂ... ਗੱਲ ਕੀ ਹਰ ਕਿਸਮ ਦਾ ਗੋਸ਼ਤ ਦੁੱਗਣੇ ਭਾਅ ਵਿਕਣ ਲੱਗਾ। ਆਟਾ ਮਹਿੰਗਾ, ਡਬਲਰੋਟੀ ਮਹਿੰਗੀ, ਆਟੇ ਨਾਲ ਬਣਨ ਵਾਲੀਆਂ ਸਾਰੀਆਂ ਸ਼ੈਆਂ ਸੇਵੀਆਂ (ਨੂਡਲਜ਼), ਕੇਕ, ਬਿਸਕੁਟ... ਗੱਲ ਕੀ ਬਹੁਤ ਪਿਆਰ ਨਾਲ ਪੀਣ ਵਾਲੀ ਜਰਮਨ ਅਤੇ ਹੌਲੈਂਡ ਦੀ ਨੈਸ਼ਨਲ ਡਰਿੰਕ ਬੀਅਰ ਦੇ ਭਾਅ ਵੀ ਡੇਢ ਗੁਣਾ ਵਧ ਗਏ। ਪੰਜਾਬੀ ਦੀ ਕਹਾਵਤ ਵਾਂਗ ‘ਅੱਗ ਜਲੰਧਰ ਲੱਗੀ, ਧੂੰਆਂ ਬਠਿੰਡੇ ਨਿਕਲਣ ਲੱਗਾ’। ਤੀਜੀ ਅਤੇ ਗ਼ਰੀਬ ਦੁਨੀਆਂ ਲਈ ਖੁਰਾਕ ਦਾ ਇਹ ਤੋੜਾ  ਬਹੁਤ ਹੀ ਮਾਰੂ ਸਾਬਤ ਹੋ ਰਿਹਾ ਹੈ। ਉਨ੍ਹਾਂ ਦਾ ਤਾਂ ਪਹਿਲਾਂ ਹੀ ਠੂਠੇ ਨਾਲ ਕਨਾਲਾ ਵੱਜੀ ਜਾਂਦਾ ਸੀ। ਭੁੱਖ ਨਾਲ ਬੱਚਿਆਂ ਦੇ  ਮਾੜਕੂ ਸਰੀਰ ਸੱਪ ਕੱਢਣ ਵਾਲੀਆਂ ਬੀਨਾਂ ਦੀ ਸ਼ਕਲ ਧਾਰਦੇ ਜਾਂਦੇ ਹਨ, ਕਿਉਂਕਿ ਖੁਰਾਕ ਦੀ ਕਮੀ ਦਾ ਅਸਰ ਸਭ ਤੋਂ ਵੱਧ ਗਰਭਵਤੀ ਔਰਤਾਂ ਅਤੇ ਗ਼ਰੀਬ ਬੱਚਿਆਂ ‘ਤੇ ਪੈਂਦਾ ਹੈ। ਹਿੰਦੁਸਤਾਨ ਦੇ ਖੇਤੀਬਾੜੀ ਮੰਤਰੀ ਸ਼ਰਦ ਕੁਮਾਰ ਵਰਗੇ ਮਹਿੰਗਾਈ ਦੇ ਮਾਮਲੇ ਵਿੱਚ ਕੋਈ ਪੱਕੀ ਰੋਕਥਾਮ ਕਰਨ ਦੀ ਬਜਾਏ ਹਰ ਮੱਸਿਆ ਬਦਨਾਮੀ ਖੱਟਣ ਵਾਂਗ ਨਵੇਂ ਤੋਂ ਨਵੇਂ ਬਿਆਨ ਦੇ ਕੇ ਭਾਰਤੀ ਗਰੀਬਾਂ ਦਾ ਤਰਾਹ ਕੱਢੀ ਜਾਂਦੇ ਹਨ। ਪੰਜਾਹ ਰੂਪੈ ਕਿਲੋ ਖੰਡ, ਤੀਹ ਰੁਪੈ ਕਿਲੋ ਦੁੱਧ ਵੀਹ ਰੁਪੈ ਕਿਲੋ ਆਟਾ ਅਤੇ ਅੱਸੀ ਰੂਪੈ ਕਿਲੋ ਬਿਮਾਰਾਂ ਦੀ ਖੁਰਾਕ ਧੋਤੀ ਮੂੰਗੀ ਵਿਕ ਰਹੀ ਹੈ। ਕਦੀ ਗੰਢੇ ਗਾਇਬ ਅਤੇ ਕਦੇ ਦਾਲਾਂ ਗਾਇਬ। ਅੱਗੇ ਤਾਂ ਗਰੀਬ ਦਾਲ ਰੋਟੀ ਖਾ ਕੇ ਪ੍ਰਭੂ ਦੇ ਗੁਣ ਗਾ ਲੈਂਦਾ ਸੀ ਤੇ ਹੁਣ ਕੀ ਕਰੇ ? ਭਾਰਤ ਦੇਸ਼ ਦੀ ਪਾਰਲੀਮੈਂਟ ਦੀ ਰਸੋਈ ਵਿੱਚ ਅੱਜ ਵੀ ਦੇਸ਼ ਦੇ ਲੀਡਰਾਂ ਨੂੰ ਸ਼ਾਕਾਹਾਰੀ ਥਾਲੀ ਦਸ ਤੋਂ ਪੰਦਰਾਂ ਰੂਪੈ ਅਤੇ ਮਾਸਾਹਾਰੀ ਛੱਤੀ ਪਦਾਰਥਾਂ ਨਾਲ ਅੱਟੀ ਥਾਲੀ ਬਾਈ ਰੂਪੈ ਅਤੇ ਚਾਹ ਦਾ ਕੱਪ ਇੱਕ ਰੁਪੈ ਵਿੱਚ ਮਿਲਦਾ ਹੈ। ਕਾਸ਼ ! ਹਿੰਦੁਸਤਾਨ ਦੇ ਕਰੋੜਾਂ ਗਰੀਬ ਲੋਕਾਂ ਨੂੰ ਵੀ ਇਸੇ ਰੇਟ ਵਿੱਚ ਦੇਸੀ ਘਿਉ ਨਾਲ ਬਣੀ ਖੁਰਾਕ ਮਿਲਦੀ ਤਾਂ ਉਹ ਵੀ ਮਹਿੰਗਾਈ ਦੇ ਖਿਲਾਫ਼ ਸ਼ਰਦ ਕੁਮਾਰ ਦੇ ਪੁਤਲੇ ਸਾੜਨ ਦੀ ਬਜਾਏ ਸ਼ਾਹਰੁਖ ਖਾਨ ਵਾਂਗ “ਇਹ ਮੇਰਾ ਇੰਡੀਆ, ਆਈ ਲਵ ਮਾਈ ਇੰਡੀਆ” ਗਾਉਂਦੇ ਫਿਰਦੇ। ਪਾਕਿਸਤਾਨ, ਬੰਗਲਾ ਦੇਸ਼, ਅਫਰੀਕਾ... ਗੱਲ ਕੀ ਪੂਰੀ ਤੀਜੀ ਦੁਨੀਆਂ ਹੀ ਬਾਟੀਆਂ ਚੁੱਕ ਚੁੱਕ ਆਟਾ, ਦਾਲ, ਚੌਲ ਮੰਗਣ ਲਈ ਮਜ਼ਬੂਰ ਹੋਈ ਪਈ ਹੈ। ਇਸ ਵਕਤ ਸਾਰੀ ਦੁਨੀਆਂ ਵਿੱਚ ਇੱਕ ਅਰਬ ਲੋਕ ਭੁੱਖ ਦੀਆਂ ਕੜਵਲਾਂ ਦਾ ਨਜ਼ਾਰਾ ਲੈ ਰਹੇ ਹਨ ਅਤੇ ਚਾਲੀ ਮਿਲੀਅਨ ਲੋਕ ਹਰ ਸਾਲ ਭੋਖੜਾ ਨਾ ਝੱਲਣ ਕਾਰਨ ਮੌਤ ਦੇ ਮੂੰਹ ਵਿੱਚ ਜਾ ਪੈਂਦੇ ਹਨ। ਭੁੱਖੇ ਮਰਨ ਨਾਲੋਂ ਹੋਰ ਭਲਾ ਕਿਹੜੀ ਨਰਕੋਂ ਪਰੇ ਦੀ ਮੌਤ ਕਿਆਸ ਕੀਤੀ ਜਾ ਸਕਦੀ ਹੈ। ਇਸ ਮਨਸੂਈ ਮਹਿੰਗਾਈ ਨੂੰ ਫੈਲਾਉਣ ਵਾਲੇ ਇਹ ਮਲਟੀਨੈਸ਼ਨਲ ਸਾਧਨ ਰਹਿਤ ਮਨੁੱਖਤਾ ਦੇ ਖਿਲਾਫ਼ ਇੱਕ ਨਾ ਮਾਫ਼ੀਯੋਗ ਗੁਨਾਹ ਕਰ ਰਹੇ ਹਨ। ਆਪਣੀ ਹੀ ਨਸਲ ਨੂੰ ਭੁੱਖ ਨਾਲ ਮਾਰ ਦੇਣਾ ਇਹ ਗੁਣ ਤਾਂ ਜਾਨਵਰਾਂ ਵਿੱਚ ਵੀ ਨਹੀਂ ਹੈ।                                                                      

ਯੂਰਪ ਵਿੱਚ ਖਾਣ ਵਾਲੇ ਪਦਾਰਥਾਂ ਦੀ ਮਹਿੰਗਾਈ ਦਾ ਕਾਰਨ ਬਾਇਉ ਈਂਧਨ ਹੀ ਲਗਦਾ ਹੈ, ਜਿੱਥੇ ਢਿੱਡ ਅਤੇ ਟੱਬਰ ਨਾਲੋਂ ਜਿ਼ਆਦਾ ਪਿਆਰ ਆਪਣੀ ਕਾਰ ਨੂੰ ਕੀਤਾ ਜਾਂਦਾ ਹੈ। ਚੀਨੀਆਂ, ਹਿੰਦੁਸਤਾਨੀਆਂ ਨੂੰ ਤਾਂ ਐਵੇ ਬੱਦੂ ਕੀਤਾ ਜਾ ਰਿਹਾ ਹੈ। ਜੇ ਆਪਣੇ ਆਪ ਨੂੰ ਪਹਿਲੀ ਦੁਨੀਆਂ ਕਹਾਉਣ ਵਾਲੇ ਅਮੀਰ ਮੁਲਕ ਦੁਨੀਆਂ ਦੀਆਂ ਸਭ ਨਿਆਮਤਾਂ ਦਾ ਸਵਾਦ ਮਾਨਣਾ ਚਾਹੁੰਦੇ ਹਨ ਤਾਂ ਨਵ-ਦੌਲਤੀਏ ਚੀਨੀ ਹਿੰਦੀ ਕਿਉਂ ਪਿੱਛੇ ਰਹਿਣ ? ਸਵਾਦ ਇੰਦਰੀਆਂ ਤਾਂ ਦੁਨੀਆਂ ਦੇ ਹਰ ਪ੍ਰਾਣੀ ਨੂੰ ਹੀ ਲੱਗੀਆਂ ਹੋਈਆਂ ਹਨ। ਸਿਰਫ ਖ਼ਰੀਦਣ ਦੀ ਪਰੌਖੋ ਹੋਣੀ ਚਾਹੀਦੀ ਹੈ। ਸਾਬਕਾ ਅਮਰੀਕਨ ਰਾਸ਼ਟਰਪਤੀ ਜਾਰਜ ਬੁਸ਼ ਨੇ ਜਿ਼ਆਦਾ ਖਾਣ ਵਾਲੀ ਇਹ ਤੁਹਮਤ ਚੀਨੀ ਹਿੰਦੀ ਲੋਕਾਂ ਉੱਪਰ ਲਾਉਣ ਲੱਗਿਆਂ ਭੋਰਾ ਵੀ ਸ਼ਰਮ ਨਹੀ ਖਾਧੀ। ਜੇ ਯੂਰਪ ਅਮਰੀਕਾ ਦੇ ਲੋਕ ਰੱਜ ਕੇ ਖਾਣਾ ਹੰਢਾਉਣਾ ਚਾਹੁੰਦੇ ਹਨ ਤਾਂ ਸੰਸਾਰ ਦੇ ਹੋਰ ਲੋਕ ਕਿਉਂ ਹੁੰਦਿਆਂ ਸੁੰਦਿਆਂ ਆਪਣੇ ਢਿੱਡਾਂ ਨੂੰ ਗੰਢ ਮਾਰਨ।                                                     

ਪਹਿਲਾਂ ਸੰਸਾਰ ਅਰਬਾਂ ਵੱਲੋਂ ਆਪਣੇ ਤੇਲ ਦੇ ਮਨਮਰਜ਼ੀ ਦੇ ਭਾਅ ਲੈਣ ਤੋਂ ਵੀ ਦੁਖੀ ਹੈ। ਇਹ ਅਰਬਾਂ ਤੋਂ ਆਪਣੀ ਤੇਲ ਦੀ ਨਿਰਭਰਤਾ ਦੂਜੇ ਬਦਲ ਲੱਭ ਕੇ ਘਟਾਉਣਾ ਚਾਹੁੰਦਾ ਹੈ ਤਾਂ ਜੋ ਇਰਾਕ ਜੰਗ ਵਰਗੀਆਂ ਮਹਿੰਗੀਆਂ ਜੰਗਾਂ ਤੋ ਬਚਿਆ ਜਾ ਸਕੇ। ਇਹ ਬਾਇਉ ਈਂਧਨ ਮੱਧ ਏਸ਼ੀਆ ਦੇ ਦੇਸ਼ਾਂ ਉੱਪਰ ਇਨ੍ਹਾਂ ਦੇਸ਼ਾਂ ਦੀ ਨਿਰਭਰਤਾ ਵੀ ਘਟਾਉਂਦਾ ਹੈ। ਧਰਤੀ ਹੇਠਲੇ ਤੇਲ ਭੰਡਾਰਾਂ ਦੀ ਵੀ ਬੱਚਤ ਕਰਦਾ ਹੈ ਤੇ ਦੂਸਰਾ ਇਹ ਪ੍ਰਦੂਸ਼ਣ ਵੀ ਨਾ ਮਾਤਰ ਹੀ ਫੈਲਾਉਂਦਾ ਹੈ। ਅਮਰੀਕਾ ਇਹ ਈਂਧਨ ਮੱਕੀ ਤੋਂ ਬਣਾਉਂਦਾ ਹੈ। ਸਵੀਡਨ ਇਹ ਕਣਕ ਤੋਂ, ਜਰਮਨੀ ਅਤੇ ਕੁਝ ਹੋਰ ਦੇਸ਼ ਗੋਭੀ ਦੀ ਨਸਲ ਤੇ ਸਰੋਂ ਆਦਿ ਤੋਂ ਬਾਈਉ ਡੀਜ਼ਲ ਬਣਾ ਰਹੇ ਹਨ। ਇਨ੍ਹਾਂ ਸਾਰਿਆਂ ਤੋਂ ਦਸ ਗੁਣਾ ਜਿ਼ਆਦਾ ਬਰਾਜ਼ੀਲ ਗੰਨੇ ਤੋ ਪੈਟਰੌਲ (ਐਥਾਨੋਲ) ਬਣਾਉਂਦਾ ਹੈ, ਬੇਸ਼ਕ ਉਹ ਸਦੀਆਂ ਪੁਰਾਣੇ ਜੰਗਲਾਂ ਨੂੰ ਕੱਟ ਕੇ, ਵਾਹੀ ਯੋਗ ਜ਼ਮੀਨ ਬਣਾ ਕੇ, ਵਾਤਾਵਰਣ ਪ੍ਰੇਮੀਆਂ ਦੇ ਕਹਿਣ ਵਾਂਗ ਦੁਨੀਆਂ ਦੇ ਵਾਤਾਵਰਣ ਵਿੱਚ ਵਿਗਾੜ ਪੈਦਾ ਕਰ ਰਿਹਾ ਹੈ। ਯੂਰਪ ਵਿੱਚ 2010 ਤੱਕ 5.75% ਗੱਡੀਆਂ ਬਾਇਉ ਬਾਲਣ ‘ਤੇ ਚਲਾਉਣ ਦਾ ਟੀਚਾ ਸੀ। ਬਰਾਜ਼ੀਲੀਆਂ ਵਿੱਚ ਤਾਂ ਹੁਣ ਵੀ 18% ਵਾਹਨ ਬਾਇਉ ਪੈਟਰੌਲ (ਐਥਾਨੋਲ) ਯਾਨਿ ਕਿ ਦੇਸੀ ਲਾਹਣ ਉੱਪਰ ਚੱਲ ਰਹੇ ਹਨ।
 
...ਤੇ ਹੁਣ ਫਿਰ ਮਹਿੰਗਾਈ ਨੂੰ ਨੱਥ ਪਾਉਣ ਲਈ ਹੋਵੇ ਕੀ ?

ਇਸ ਤੋਂ ਪਹਿਲਾਂ ਲੋਕਾਈ ਧਰਤੀ ਨੂੰ ਸਿਰਫ਼ ਤਿੰਨ ਕੰਮਾਂ ਲਈ ਵਰਤਦੀ ਸੀ, ਖੇਤੀਬਾੜੀ, ਆਵਾਜਾਈ ਤੇ ਕੁਦਰਤੀ ਜੰਗਲਾਂ ਲਈ । ਪਰ ਹੁਣ ਦੋ ਫੰਕਸ਼ਨ ਹੋਰ ਵਿੱਚ ਜੁੜ ਗਏ ਹਨ, ਕੈਮੀਕਲ ਅਤੇ ਬਾਇਉ ਬਾਲਣ। ਕੈਮੀਕਲ ਅਦਾਰੇ (ਡੁਪੋਨਟ ਅਤੇ ਬੀ ਏ ਐਸ ਐਫ) ਪਹਿਲਾਂ ਹੀ ਆਪਣੇ ਕੈਮੀਕਲ ਪਦਾਰਥ ਤੇਲ ਦੀ ਬਜਾਏ ਪੌਦਿਆਂ ਤੋਂ ਹਾਸਲ ਕਰ ਰਹੇ ਹਨ। ਉਹ ਤੇਲ ਤੇ ਨਿਰਭਰ ਨਹੀਂ ਹਨ। ਕੁਦਰਤੀ ਖੇਤੀ, ਜਿਸ ਲਈ ਹੁਣ ਨਾਲੋਂ ਤਿੰਨ ਗੁਣਾ ਜਿ਼ਆਦਾ ਵਾਹੀਯੋਗ ਜ਼ਮੀਨ ਚਾਹੀਦੀ ਹੈ ਤੇ ਜਿਸ ਦਾ ਝਾੜ ਵੀ ਬਹੁਤ ਘੱਟ ਹੁੰਦਾ ਹੈ ਤੇ ਇਸ ਦੇ ਭਾਅ ਵੀ ਆਮ ਤਾਂ ਕੀ ਮਿਡਲ ਕਲਾਸ ਦੇ ਲੋਕਾਂ ਦੀ ਪਹੁੰਚ ਤੋਂ ਵੀ ਬਾਹਰ ਹਨ। ਜਿਸ ਗੋਭੀ ਦਾ ਫੁੱ਼ਲ ਹੀ ਪੰਜ ਯੂਰੌ ਯਾਨਿ ਕਿ 370 ਰੁਪੈ ਤੋਂ ਘੱਟ ਨਹੀਂ ਹੈ, ਕੌਣ ਖਰੀਦੇਗਾ ? ਇਹ ਤਾਂ ਅਮੀਰ ਲੋਕਾਂ ਜੋ ਟੁੱਕ ਨੁੰ ਚੁੱਚ ਕਹਿਣ ਵਾਲਿਆਂ ਦੇ ਚੋਚਲੇ ਹਨ। ਜੇ ਉਨ੍ਹਾਂ ਨੂੰ ਕੋਈ ਗਰੀਬ ਪੁੱਛੇ ਕਿ ਮੈਨੂੰ ਰੋਟੀ ਨਹੀਂ ਮਿਲਦੀ ਤਾਂ ਅਗੋਂ ਸਲਾਹ ਦੇਣਗੇ ਕਿ ਬਿਸਕੁਟ ਖਾਉ । ਅੱਜ ਦੀ ਘੜੀ ਦੁਨੀਆਂ ਭਰ ਵਿੱਚ ਵੱਧ ਰਹੀ ਖੁਰਾਕ ਦੀ ਲੋੜ ਨੂੰ ਮੁੱਖ ਰੱਖਦਿਆਂ ਇਸ ਖੇਤੀ ਦਾ ਏਜੰਡਾ ਵੀ ਦੁਨੀਆਂ ਭਰ ਨੂੰ ਅੱਗੇ ਪਾ ਦੇਣਾ ਚਾਹੀਦਾ ਹੈ, ਜਦੋਂ ਤੱਕ ਸਾਰੇ ਸੰਸਾਰ ਦੇ ਭੁੱਖੇ ਢਿੱਡਾਂ ਨੂੰ ਰੱਜਵਾਂ ਝੁਲਕਾ ਨਹੀਂ ਦਿੱਤਾ ਜਾ ਸਕਦਾ। ਭੋਜਨ ਦੇ ਜ਼ਖੀਰੇਬਾਜਾਂ ਦੀ ਪੈੜ ਕੱਢ ਕੇ ਉਨ੍ਹਾਂ ਨੂੰ ਮਨੁੱਖਤਾ ਦੇ ਖਿਲਾਫ਼ ਅਪਰਾਧ ਕਰਨ ਦੇ ਦੋਸ਼ ਵਿੱਚ ਅੰਤਰ-ਰਾਸ਼ਟਰੀ ਅਦਾਲਤਾਂ ਵਿੱਚ ਘੜੀਸਨਾ ਚਾਹੀਦਾ ਹੈ ਅਤੇ ਢੁੱਕਵੀਆਂ ਸਜ਼ਾਵਾਂ ਦਿਵਾਉਣ ਲਈ ਲੋਕ ਯੁੱਧ ਛੇੜਨਾ ਪਵੇਗਾ। ਗ੍ਰੀਨਪੀਸ ਵਰਗੀਆਂ ਅੰਤਰਰਾਸ਼ਟਰੀ ਜੱਥੇਬੰਦੀਆਂ ਨੂੰ ਕੋਈ ਪੁੱਛੇ ਕਿ ਤੁਸੀਂ ਜਾਨਵਰਾਂ, ਬਨਸਪਤੀ ਅਤੇ ਵਾਤਾਵਰਣ ਬਾਰੇ ਤਾਂ ਬਹੁਤ ਰੌਲਾ ਪਾਉਂਦੇ ਹੋ ਪਰ ਦੁਨੀਆਂ ਭਰ ਵਿੱਚ ਪਸਰ ਰਹੇ ਭੋਖੜੇ ਬਾਰੇ ਤੁਸੀਂ ਚੁੱਪ ਹੋ। ਜਿਸ ਤਰ੍ਹਾਂ ਹੁਣ ਦੁਨੀਆਂ ਵਿੱਚ, ਖਾਸ ਕਰਕੇ ਹਿੰਦੁਸਤਾਨ, ਚੀਨ ਵਿੱਚ ਦੁੱਧ ਤੋ ਬਣੀਆਂ ਵਸਤਾਂ, ਗੋਸ਼ਤ, ਦਾਲਾਂ, ਚੌਲਾਂ ਦੀ ਮੰਗ ਲਗਾਤਾਰ ਵੱਧ ਰਹੀ ਹੈ ਅਤੇ ਨਾਲੋ ਨਾਲ ਪੂਰੀ ਦੁਨੀਆਂ ਦੀ ਆਬਾਦੀ ਵਿੱਚ ਵੀ ਰਿਕਾਰਡ ਤੋੜ ਵਾਧਾ ਹੋ ਰਿਹਾ ਹੈ, ਜਿਥੇ ਹਰ ਸਾਲ ਮਰਿਆਂ ਨੂੰ ਮਨਫੀ ਕਰ ਕੇ ਵੀ 77 ਮਿਲੀਅਨ ਖਾਣ ਵਾਲੇ ਹੋਰ ਇਨਸਾਨੀ ਮੂੰਹ ਪੈਦਾ ਹੋ ਰਹੇ ਹਨ, ਜਿਥੇ ਇਹ ਫਿਕਰ ਪਿਆ ਹੈ 2020 ਤੱਕ ਹੁਣ ਦੇ ਮੁਕਾਬਲੇ ਜੇ ਖਾਧ-ਪਦਾਰਥਾਂ ਦੀ ਉੱਪਜ ਦੁੱਗਣੀ ਨਾ ਕੀਤੀ ਗਈ ਤਾਂ ਖਾਧ-ਪਦਾਰਥਾਂ ਨੂੰ ਹਾਸਲ ਕਰਨ ਲਈ ਆਪੋ ਧਾਪੀ ਵਾਲਾ ਮਾਹੌਲ ਪੈਦਾ ਹੋ ਸਕਦਾ ਹੈ, ਰੋਟੀ ਬਦਲੇ ਕਤਲਾਂ, (ਜਿਵੇ ਭੁਚਾਲ ਅਤੇ ਅਕਾਲ ਤੋ ਬਾਅਦ ਦੇ ਹਾਲਾਤ ਵਿੱਚ ਹੁੰਦਾ ਹੈ) ਤੱਕ ਦੀ ਨੌਬਤ ਆ ਸਕਦੀ ਹੈ। ਇਹ ਹਰੀ ਸ਼ਾਂਤੀ (ਗਰੀਨਪੀਸ) ਵਾਲੇ ਇਸ ਬਾਰੇ ਵੀ ਮੋਰਚੇ ਲਾਉਣ। ਬਾਇਉ ਬਾਲਣ, ਜੋ ਖਾਣ ਵਾਲੇ ਅਨਾਜ ਤੋ ਤਿਆਰ ਕੀਤਾ ਜਾਂਦਾ ਹੈ ਯੂਰਪੀਅਨ ਯੂਨੀਅਨ ਨੂੰ ਇਸ ਉਪਰ ਮੁਕੰਮਲ ਪਾਬੰਦੀ ਲਾਉਣੀ ਚਾਹੀਦੀ ਹੈ। ਇਹ ਬਾਇਉ ਬਾਲਣ ਪੰਜ ਕਿਲੋ ਦੁੱਧ ਵੇਚ ਕੇ ਪਊਆ ਸ਼ਰਾਬ ਦਾ ਖ਼ਰੀਦਣ ਵਰਗੀ ਹਾਲਤ ਹੈ। ਇਸ ਬਾਇਉ ਬਾਲਣ ਦੀ ਦੂਜੀ ਪੀੜ੍ਹੀ (ਸੇਲੂ-ਲੋਸੇ ਅਲਕੋਹਲ) ਜੋ ਪੌਦਿਆਂ ਦੇ ਬੀਜਾਂ ਤੋ ਨਹੀਂ, ਉਸ ਦੇ ਫੋਕਟ ਪਦਾਰਥਾਂ ਤਣਿਆਂ ਆਦਿ ਤੋਂ ਤਿਆਰ ਕੀਤੀ ਜਾਂਦੀ ਹੈ, ਜਿਸ ਦੀਆਂ ਰਿਫਾਈਨਰੀਆਂ ਦੇ ਨਕਸ਼ੇ ਵਿਗਿਆਨੀਆਂ ਨੇ ਤਿਆਰ ਕਰ ਕੇ ਸਰਕਾਰਾਂ ਦੀਆਂ ਮੇਜ਼ਾਂ ਉਪਰ ਰੱਖੇ ਪਏ ਹਨ । ਕੁਝ ਰਿਫਾਈਨਰੀਆਂ ਇਸ ਸਾਲ 2012 ਤੱਕ ਆਪਣੇ ਪਦਾਰਥ ਮਾਰਕਿਟ ਵਿੱਚ ਉਤਾਰਨ ਲਈ ਵੀ ਉਤਾਵਲੀਆਂ ਹਨ, ਨੂੰ ਬੜਾਵਾ ਦੇਣਾ ਬਣਦਾ ਹੈ। ਪੌਣ-ਐਨਰਜੀ, ਸੂਰਜ ਦੀ ਸੋਲੋ ਐਨਰਜੀ ਨੂੰ ਵੱਧ ਤੋ ਵੱਧ ਸਬਸਿਡੀਆਂ ਦੇ ਕੇ, ਛੇਤੀ ਤੋ ਛੇਤੀ ਗਲੋਬਲ ਵਰਤੋਂ ਲਈ ਤਰੱਦਦ ਕਰਨੇ ਚਾਹੀਦੇ ਹਨ। ਭੋਖੜਾ ਹੁਣ ਪੂਰੇ ਸੰਸਾਰ ਦਾ ਮਸਲਾ ਹੈ। ਜੇ ਸੰਸਾਰ ਇੱਕ ਪਿੰਡ ਹੈ ਜਾਂ ਦੁਨੀਆਂ ਦੇ ਸਿਆਣੇ ਅਤੇ ਸਤਿਕਾਰਯੋਗ ਲੀਡਰ ਇਸ ਨੂੰ ਹਕੀਕੀ ਪਿੰਡ ਬਣਾਉਣਾ ਚਾਹੁੰਦੇ ਹਨ ਤਾਂ ਇਨ੍ਹਾਂ ਵੱਡੇ ਠਾਕਰਾਂ ਜੀ ਨੂੰ ਬੈਠ, ਸਿਰ ਜੋੜ ਕੇ ਭੋਖੜੇ ਦੇ ਖਿਲਾਫ਼ ਅੰਤਰਰਾਸ਼ਟਰੀ ਪੱਧਰ ‘ਤੇ ਨਵੇਂ ਪ੍ਰੋਗਰਾਮ ਬਣਾਉਣੇ ਪੈਣਗੇ। ਇੱਕ ਹੋਰ ਬਦਲ ਹੈ ‘ਜਨੈਟੀਕਲ ਭੋਜਨ’ ਜੋ ਆਉਣ ਵਾਲੇ ਸਮੇਂ ਵਿੱਚ ਵੱਧ ਰਹੀ ਅਬਾਦੀ ਦਾ ਢਿੱਡ ਭਰ ਸਕਦਾ ਹੈ। ਉਸ ਖਿਲਾਫ਼ ਵੀ ਇਹ ਵਾਤਾਵਰਨ ਬਚਾਉ ਜਾਂ ਕੁਦਰਤ ਨਾਲ ਪ੍ਰੇਮ ਕਰਨ ਵਾਲੀਆਂ ਜੱਥੇਬੰਦੀਆਂ ਬਗੈਰ ਕਿਸੇ ਤਰਕ ਤੋਂ ਰੌਲਾ ਪਾ ਰਹੀਆਂ ਹਨ। ਇਸ ਵਕਤ ਪੂਰੇ ਸੰਸਾਰ ਸਾਹਮਣੇ ਇਹ ‘ਮਸਲਾ ਰੋਟੀ ਦਾ’ ਮੱਗਰਮੱਛ ਜਿੱਡਾ ਮੂੰਹ ਅੱਡੀ ਖੜਾ ਹੈ, ਕਿੱਤੇ ਬਾਬੇ ਫਰੀਦ ਦੇ ਕਹਿਣ ਵਾਂਗ ਦੁਨੀਆਂ ਦੇ ਗਰੀਬ ਲੋਕਾਂ ਨੂੰ ਜਿਉਂਦੇ ਰਹਿਣ ਲਈ ਕਾਠ (ਲੱਕੜ) ਦੀ ਰੋਟੀ ਅਤੇ ਲੋਹੇ ਚਨੇ ਨਾ ਚਬਾਉਣੇ ਪੈਣ !
****