ਇੱਕ ਗੁੰਝਲਦਾਰ ਬੁਝਾਰਤ ਨੇ ਪੰਜਾਬ ਵਿਧਾਨ ਸਭਾ ਚੋਣ ਨਤੀਜੇ……… ਤਿਰਛੀ ਨਜ਼ਰ / ਬਲਜੀਤ ਬੱਲੀ

ਨਵੇਕਲੀਆਂ ਅਤੇ ਅਨੋਖੀਆਂ ਸਨ 2012 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ
ਪੰਜਾਬ ਦੇ ਚੋਣ ਨਤੀਜਿਆਂ ਬਾਰੇ ਭੰਬਲਭੂਸਾ ਜਾਰੀ

30 ਜਨਵਰੀ 2012 ਨੂੰ ਪੰਜਾਬ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਲਈ ਪਈਆਂ ਵੋਟਾਂ ਵਿਚ ਰਿਕਾਰਡ ਪੋਲਿੰਗ ਹੋਈ। ਅੰਕੜੇ ਬੋਲਦੇ ਨੇ - 78.67 ਫ਼ੀਸਦੀ ਵੋਟਰਾਂ ਨੇ ਆਪਣੇ ਮੱਤ ਅਧਿਕਾਰ ਦੀ ਵਰਤੋਂ ਕੀਤੀ। ਹੁਣ ਤੱਕ ਦਾ ਇਹ ਸਭ ਤੋਂ ਵੱਡਾ ਰਿਕਾਰਡ  ਹੈ। ਚੋਣ ਨਤੀਜੇ  ਵਿਚ ਸਿਰਫ਼ 3 ਹਫ਼ਤੇ ਬਾਕੀ ਨੇ। ਹਰ ਜਗਾ ਸਵਾਲ ਇਹੀ ਹੁੰਦਾ ਐ-ਕੀ ਲਗਦੈ? ਕੌਣ ਜਿੱਤੂ? ਕਿਸਦੀ ਸਰਕਾਰ ਬਣੇਗੀ? ਕਾਂਗਰਸ ਨੂੰ ਕਿੰਨੀਆ  ਤੇ ਅਕਾਲੀਆਂ ਨੂੰ ਕਿੰਨੀਆ ਸੀਟਾਂ ਆਉਣਗੀਆਂ? ਵੈਸੇ ਤਾਂ ਰਾਜਨੀਤੀ ਵਿਚ ਥੋੜ੍ਹਾ ਜਿਹਾ ਵੀ ਮੱਸ ਰੱਖਣ ਵਾਲੇ ਸਾਰੇ ਹੀ ਇੱਕ ਦੂਜੇ ਨੂੰ ਇਹੀ ਸਵਾਲ ਕਰੀ ਜਾਂਦੇ ਨੇ। ਸਾਨੂੰ ਪੱਤਰਕਾਰਾਂ ਨੂੰ ਸਵਾਲ ਵੱਖਰੇ ਢੰਗ ਨਾਲ ਹੁੰਦੈ। ਦੱਸੋ ਜੀ ਕੀ ਹੋ ਰਿਹਾ ਹੈ ਥੋਨੂੰ ਤਾਂ ਸਾਰਾ ਪਤਾ ਹੁੰਦੈ। ਕੀਹਦੀ ਸਰਕਾਰ ਬਣੇਗੀ? ਇਸ ਵਾਰ ਬਹੁਤੇ ਪੱਤਰਕਾਰ ਖ਼ੁਦ ਵੀ ਭੰਬਲਭੂਸੇ ਵਿੱਚ ਨੇ। ਮੇਰੇ ਵਰਗਾ ਬੱਸ ਏਨਾ ਹੀ ਜਵਾਬ ਦਿੰਦਾ ਹੈ ਕਿ ਸਖ਼ਤ ਮੁਕਾਬਲਾ ਹੈ। ਜਿਹੜੇ ਕਿਸੇ ਇੱਕ  ਸਿਆਸੀ ਧਿਰ ਵੱਲ ਝੁਕਾਅ ਰੱਖਦੇ ਨੇ ਉਨ੍ਹਾਂ ਨੂੰ ਛੱਡਕੇ ਬਾਕੀ ਲਗਭਗ ਇਹੀ ਸੋਚਦੇ ਨੇ ਕਿ ਅਜੇ ਵੀ ਸਿਆਸੀ ਹਾਲਾਤ ਘਚੋਲੇ  ਵਾਲੀ ਹੈ। ਆਮ ਤੌਰ ਚੋਣਾਂ ਤੋਂ ਕੁਝ ਹਫ਼ਤੇ ਪਹਿਲਾ ਨਤੀਜਿਆਂ ਦੇ ਰੁਝਾਨ ਵੱਲ ਇਸ਼ਾਰਾ ਹੋਣ ਲੱਗ ਪੈਂਦਾ ਹੈ ਪਰ ਇਸ ਵਾਰ ਵੋਟਾਂ ਪੈਣ ਤੋਂ ਡੇਢ  ਹਫ਼ਤਾ ਬਾਅਦ ਵੀ ਕੋਈ ਸਿਰਾ ਨਹੀਂ ਲੱਭ ਰਿਹਾ। ਅਜਿਹਾ ਨਹੀਂ ਹੋ ਰਿਹਾ। ਬੇਸ਼ੱਕ ਦਾਅਵੇ ਸਭ ਕਰ ਰਹੇ ਨੇ ਆਪੋ-ਆਪਣੀ ਜਿੱਤ ਦੇ। ਕੈਪਟਨ ਅਮਰਿੰਦਰ ਸਿੰਘ 70+ ਸੀਟਾਂ ਤੇ ਜੇਤੂ ਹੋਣਾ ਮੰਨ ਰਹੇ ਨੇ, ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਤਾਂ ਦੂਜੀ ਵਾਰ ਜਿੱਤ ਦਾ ਰਿਕਾਰਡ ਬਨਾਉਣ ਦੀ ਉਮੀਦ ਵਿਚ ਨੇ। ਮਨਪ੍ਰੀਤ ਬਾਦਲ -ਸਾਂਝੇ ਮੋਰਚੇ ਦੀ ਸਰਕਾਰ ਦੇ ਸੁਫ਼ਨੇ ਵੀ ਲੈ ਰਹੇ ਨੇ ਲੋਕਾਂ ਨੂੰ ਸਬਜ਼ ਬਾਗ਼ ਵੀ ਦਿਖਾ ਰਹੇ ਨੇ।

ਦਰਅਸਲ ਇਸ  ਵਾਰ ਦੀ ਵਿਧਾਨ ਸਭਾ ਚੋਣਾਂ ਪਿਛਲੀਆਂ ਲੋਕ  ਸਭਾ ਜਾਂ ਵਿਧਾਨ ਸਭਾ ਚੋਣਾਂ ਨਾਲੋਂ ਬਹੁਤ ਵੱਖਰੀ ਅਤੇ ਨਵੇਕਲੀ ਸੀ। ਪਿਛਲੇ ਸਮੇਂ ਦੌਰਾਨ ਹੋਈ ਨਵੀਂ ਹਲਕਾਬੰਦੀ ਤੋਂ ਬਾਅਦ ਇਹ ਪਹਿਲੀਆਂ ਵਿਧਾਨ ਸਭਾ ਚੋਣਾਂ ਸਨ ਜਿਸ ਬਹੁਤ ਬਹੁਤ ਸਿਆਸੀ ਉਥਲ-ਪੁਥਲ ਕੀਤੀ ਹੋਈ ਸੀ। ਪਾਰਟੀਆਂ ਦੀ ਬਣਤਰ ਪੱਖੋਂ, ਮੁੱਦਿਆਂ ਅਤੇ ਚੋਣ ਏਜੰਡੇ ਪੱਖੋਂ, ਚੋਣਾਂ ਲੜਨ ਦੇ ਢੰਗ ਤਰੀਕਿਆਂ ਪੱਖੋਂ ਅਤੇ ਚੋਣ ਕਮਿਸ਼ਨ ਦੀ ਕਾਰਗੁਜ਼ਾਰੀ ਅਤੇ ਵੋਟਰ ਸੂਚੀਆਂ ਪੱਖੋਂ ਬਹੁਤ ਕੁਝ ਨਵਾਂ ਅਤੇ ਪਹਿਲੀ ਵਾਰ ਵਾਪਰਿਆ ਸੀ। ਕੋਈ ਵੀ ਇੱਕ ਰੁਝਾਨ ਪੰਜਾਬ ਭਰ ਵਿਚ ਇਕਸਾਰ ਨਜ਼ਰ ਨਹੀਂ ਆਉਂਦਾ। ਮਾਝੇ, ਮਾਲਵੇ ਅਤੇ ਦੋਆਬੇ ਤਿੰਨਾਂ ਖੇਤਰਾਂ ਦਾ ਪ੍ਰਤੀਕਰਮ ਵੱਖ ਵੱਖ ਨਜ਼ਰ ਆ ਰਿਹਾ ਹੈ। ਇਸੇ ਲਈ ਇਨ੍ਹਾਂ ਚੋਣਾਂ ਦੇ ਨਤੀਜਿਆਂ ਬਾਰੇ ਹਿਸਾਬ ਲਾਉਣਾ ਇਸੇ ਲਈ ਬਹੁਤ ਗੁੰਝਲਦਾਰ ਮਸਲਾ ਬਣਿਆ ਹੋਇਆ  ਹੈ। ਲਗਭਗ ਸਾਰੇ ਹੀ ਸਿਆਸੀ ਮਾਹਰ, ਚੋਣ-ਜੋਤਸ਼ੀ ਅਤੇ ਮੇਰੇ ਵਰਗੇ ਪੱਤਰਕਾਰ ਇਸ ਵਾਰ ਕੋਈ ਸਪੱਸ਼ਟ ਫ਼ਤਵਾ ਅੰਗਣ ਦੇ ਸਮਰੱਥ ਨਹੀਂ। ਵੱਖ -ਵੱਖ ਪਾਰਟੀਆਂ ਦੇ ਬਹੁਤੇ ਸਿਆਸੀ ਨੇਤਾ  ਵੀ ਖ਼ੁਦ ਵੀ ਇਸ ਵਾਰ ਭੰਬਲਭੂਸੇ ਵਿੱਚ ਹਨ।
ਆਓ ਦੇਖਦੇ ਹਾਂ ਇਸ ਵਾਰ ਕੀ ਕੁਝ ਨਵਾਂ ਅਤੇ ਨਵੇਕਲਾ ਸੀ:

-    2006 ਵਿੱਚ ਜਸਟਿਸ ਕੁਲਦੀਪ ਸਿੰਘ ਕਮਿਸ਼ਨ ਵੱਲੋਂ ਕੀਤੀ ਨਵੀਂ ਹਲਕਾਬੰਦੀ ਤੋਂ ਬਾਅਦ ਇਹ ਪਹਿਲੀਆਂ ਵਿਧਾਨ ਸਭਾ ਚੋਣਾਂ  ਸਨ।
-    ਕੁੱਲ 117 ਹਲਕਿਆਂ ਵਿਚੋਂ ਰਾਖਵੇਂ ਹਲਕਿਆਂ ਦੀ ਗਿਣਤੀ 29 ਤੋਂ ਵੱਧ ਕੇ 34 ਹੋ ਗਈ ਹੈ।
-    ਪਹਿਲੀ ਵਾਰ ਕਿਸੇ ਵਿਧਾਨ ਸਭਾ ਚੋਣ ਵਿਚ 78.67 ਫ਼ੀਸਦੀ  ਰਿਕਾਰਡ ਪੋਲਿੰਗ ਹੋਈ।
-    ਪਹਿਲੀ ਵਾਰ ਚੋਣ  ਕਮਿਸ਼ਨ ਨੇ 100 ਫ਼ੀਸਦੀ ਫੋਟੋ ਵੋਟਰ ਸੂਚੀਆਂ ਰਹੀ ਚੋਣ ਕਰਵਾਈ ਭਾਵ ਹਰੇਕ ਵੋਟਰ ਦੀ ਫੋਟੋ ਉਸਦੇ ਨਾਮ ਨਾਲ ਲੱਗੀ ਹੋਈ ਸੀ।
-    ਪਹਿਲੀ ਵਾਰ ਚੋਣ ਕਮਿਸ਼ਨ ਵਲੋਂ ਜਾਬਤਾ ਕੋਡ ਨੂੰ ਸਖਤੀ ਨਾਲ ਲਾਗੂ ਕਰਨ ਲਈ ਅਫਸਰਾਂ ਤੇ ਮੁਲਾਜ਼ਮਾਂ ਦੀਆਂ ਵੱਡੇ ਪੱਧਰ ਤੇ ਬਦਲੀਆਂ ਤੇ ਮੁਅੱਤਲੀਆਂ ਵੀ ਕੀਤੀਆਂ ਗਈਆਂ।
-    ਪਹਿਲੀ ਵਾਰ ਕੋਈ ਫ਼ਾਲਤੂ ਜਾਂ ਜਾਅਲੀ ਵੋਟਾਂ ਨਾ ਬਣੀਆਂ ਅਤੇ ਨਾ ਹੀ ਭੁਗਤਾਨ ਦਿਤੀਆਂ ਗਈਆਂ।
-    ਪਹਿਲੀ ਵਾਰ ਵੋਟ ਪਰਚੀਆਂ ਜਾਰੀ ਕਰਨ ਦਾ ਕੰਮ ਸਿਆਸੀ ਪਾਰਟੀਆਂ ਦੀ ਚੋਣ ਕਮਿਸ਼ਨ ਨੇ ਖ਼ੁਦ ਕੀਤਾ ਅਤੇ ਫੋਟੋ ਲੱਗੀਆਂ ਵੋਟ ਪਰਚੀਆਂ ਹਰ ਵਿਚ ਵੰਡੀਆਂ।
-    ਇਹ ਪਹਿਲੀ ਵਾਰ ਹੋਇਆ ਕਿ ਵੱਡੀ ਗਿਣਤੀ ਵਿਚ ਹਰ ਉਮਰ, ਹਰ ਵਰਗ ਅਤੇ ਹਰ ਖ਼ਿੱਤੇ ਦੇ ਵੋਟਰ ਵਹੀਰਾਂ ਘੱਤ ਕੇ ਵੋਟ ਪਾਉਣ ਲਈ ਪੁੱਜੇ।
-    ਪਹਿਲੀ ਵਾਰ ਵੋਟਰ ਖ਼ੁਦ ਚੱਲ ਕੇ, ਆਪਣੇ ਸਾਧਨਾਂ ਰਾਹੀਂ ਅਤੇ ਆਪਣੀ ਮਰਜ਼ੀ ਨਾਲ ਪੋਲਿੰਗ ਬੂਥਾਂ ਤੇ ਪੁੱਜੇ। ਕਿਸੇ ਨੂੰ ਢੋਅ ਕੇ ਨਹੀਂ ਲਿਆਉਣੇ ਪਏ ਵੋਟਰ।
-    ਪਹਿਲੀ ਵਾਰ ਹੈ ਜਦੋਂ ਵੋਟ ਪਾਉਣ ਆਏ ਲੋਕਾਂ ਵਿਚ  ਨੌਜਵਾਨਾਂ ਅਤੇ ਵਿਦਿਆਰਥੀਆਂ ਦੀ ਮੌਜੂਦਗੀ ਉਭਰਵੀਂ ਸੀ। ਮੁਟਿਆਰਾਂ ਦੀ ਹਾਜ਼ਰੀ ਵੀ ਰੜਕਵੀਂ ਸੀ ।
-    ਔਰਤ ਵੋਟਰਾਂ ਦੀ  ਸ਼ਮੂਲੀਅਤ ਵੀ ਆਪ ਮੁਹਾਰੀ ਸੀ।
-          ਪਹਿਲੀ ਵਾਰ ਵਿਧਾਨ ਸਭਾ ਚੋਣਾਂ  ਵਿਚ ਔਰਤਾਂ ਦੀ ਵੋਟ ਫ਼ੀਸਦੀ ਮਰਦਾਂ ਨਾਲੋਂ ਵਧੇਰੇ      ਸੀ ਔਰਤਾਂ ਦੀ ਪੋਲ ਫ਼ੀਸਦੀ 79.11 ਸੀ ਜਦੋਂ ਕਿ ਮਾਰਦਾ ਦੀ ਔਸਤ ਪੋਲ ਫ਼ੀਸਦੀ 78.09 ਸੀ।

-    ਪਹਿਲੀ ਵਾਰ ਹੈ ਜਦੋਂ ਸਿਰਫ਼ ਪੇਂਡੂ ਖੇਤਰਾਂ ਵਿਚ ਹੀ ਨਹੀਂ ਸਗੋਂ ਅਰਧ- ਸ਼ਹਿਰੀ  ਅਤੇ ਸ਼ਹਿਰੀ ਖੇਤਰਾਂ ਵਿਚ ਵੀ ਜ਼ੋਰ-ਸ਼ੋਰ ਨਾਲ ਪੋਲਿੰਗ ਦਰਜ ਹੋਈ।
-    ਪਹਿਲੀ ਵਾਰ ਸੀ ਜਦੋਂ ਫੋਟੋ ਵਾਲੀਆਂ ਵੋਟਰ ਸੂਚੀਆਂ ਦੀ ਵਰਤੋਂ ਸਦਕਾ ਜਾਅਲੀ ਵੋਟਾਂ ਨਹੀਂ ਭੁਗਤੀਆਂ।
-    ਪਹਿਲੀ ਵਾਰ ਹੈ ਜਦੋਂ ਵੋਟਰਾਂ ਵੱਲੋਂ ਇਹ ਸ਼ਿਕਾਇਤਾਂ ਨਹੀਂ ਮਿਲੀਆਂ ਕਿ ਉਨ੍ਹਾਂ ਦੇ ਨਾਮ ਵੋਟਰ ਸੂਚੀਆਂ ਵਿਚ ਨਹੀਂ ਜਾਣ ਫਿਰ ਉਨ੍ਹਾ ਕੋਲ ਵੋਟਰ ਕਾਰਡ ਹੋਣ ਦੇ ਬਾਵਜੂਦ ਵੋਟ ਨਹੀਂ ਪਾਉਣ ਦਿੱਤੀ ਗਈ।
-    40 ਦੇ ਕਰੀਬ ਹਲਕੇ ਅਜਿਹੇ ਨੇ ਜਿਥੇ 80 ਫ਼ੀਸਦੀ ਜਾਂ ਇਸ ਤੋਂ ਵੱਧ ਪੋਲਿੰਗ ਹੋਈ।
-    ਪਹਿਲੀ ਵਾਰ ਹੀ ਸੀ ਕਿ ਸਿਆਸੀ ਪਾਰਟੀਆਂ ਅਤੇ ਉਮੀਦਵਾਰਾਂ ਨੂੰ ਵੋਟਰ ਘਰਾਂ ਵਿਚੋਂ ਬਾਹਰ ਲਿਆਉਣ ਲਈ ਜ਼ੋਰ ਨਹੀਂ ਲਾਉਣਾ ਪਿਆ।
-    ਪਹਿਲੀ ਵਾਰ ਚੋਣ ਕਮਿਸ਼ਨ ਨੇ ਬਹੁਪੱਖੀ ਸਖ਼ਤੀ ਕੀਤੀ-ਉਮੀਦਵਾਰਾਂ ਦੇ ਖ਼ਰਚੇ ਦੀ ਹੱਦ ਤੇ ਸਖ਼ਤੀ ਨਾਲ ਪਹਿਰਾ ਦਿੱਤਾ।
-    ਇਸ ਸਖ਼ਤੀ ਦਾ ਸਿੱਟਾ ਇਹ ਨਿਕਲਿਆ ਕਿ ਚੋਣ ਮੁਹਿੰਮ ਨੀਰਸ ਅਤੇ ਫਿੱਕੀ ਹੋ ਗਈ ਹੈ। ਸ਼ਹਿਰਾਂ ਪਿੰਡਾਂ ਵਿਚ ਕੋਈ ਝੰਡੇ-ਪੋਸਟਰ, ਬੈਨਰ  ਜਾਂ ਮਾਟੋ ਦਿਖਾਈ ਨਹੀਂ ਦਿੰਦੇ।
-    ਪਹਿਲੀ ਵਾਰ ਚੋਣਾਂ ਵਿਚ ਕਾਲੇ ਧਨ ਦੀ ਵਰਤੋਂ ਅਤੇ ਵੋਟਾਂ ਖ਼ਰੀਦਣ ਲਈ ਰਚੇ  ਜਾਂਦੇ ਮਾਇਆ ਜਾਲ ਨੂੰ ਤੋੜਨ ਲਈ ਚੋਣ ਕਮਿਸ਼ਨ ਬੇਉਮੀਦੀ ਸਖ਼ਤੀ ਕੀਤੀ। 30 ਕਰੋੜ ਤੋਂ ਵੱਧ ਦੀ ਬੇਹਿਸਾਬੀ ਨਕਦੀ ਬਰਾਮਦ ਕੀਤੀ।
-    ਪਹਿਲੀ ਵਾਰ ਚੋਣਾਂ ਵਿੱਚ  ਸ਼ਰਾਬ ਅਤੇ ਹੋਰ ਨਸ਼ਿਆਂ ਦੀ ਵਰਤੋਂ (ਦੁਰਵਰਤੋਂ) ਦੇ ਖ਼ਿਲਾਫ਼ ਸਖ਼ਤ ਆਪ੍ਰੇਸ਼ਨ ਚਲਾਇਆ ਗਿਆ। ਵੱਡੇ ਪੱਧਰ ਤੇ ਨਸ਼ੀਲੀਆਂ ਵਸਤਾਂ ਜ਼ਬਤ ਵੀ ਕੀਤੀਆਂ।
-    ਪਹਿਲੀ ਵਾਰ ਇਨ੍ਹਾਂ ਸਾਰੇ ਓਪੇਰਸ਼ਨਾਂ ਦੀ ਪੂਰੀ ਵੀਡੀਓਗ੍ਰਾਫੀ ਕੀਤੀ ਗਈ।
-    ਪਹਿਲੀ ਵਾਰ ਹੀ ਲਗਭਗ ਹਰੇਕ ਪ੍ਰਮੁੱਖ ਉਮੀਦਵਾਰ ਦੀ ਚੋਣ ਸਰਗਰਮੀ ਦੀ ਵੀਡੀਓਗ੍ਰਾਫੀ ਕੀਤੀ ਗਈ।
-    ਇਹ ਪਹਿਲੀ ਵਾਰ ਸੀ ਜਦੋਂ ਚੋਣ ਕਮਿਸ਼ਨ ਵੱਲੋਂ ਸਖ਼ਤੀ ਨਾਲ ਮੀਡੀਆ ਮਾਨੀਟਰਿੰਗ ਕੀਤੀ ਗਈ। ਪਰ ਇਸਦੇ ਬਾਵਜੂਦ ਕੁਝ ਭਾਸ਼ਾਈ ਅਖ਼ਬਾਰਾਂ ਵਿਚ ਪੇਡ ਨਿਊਜ਼ ਖ਼ੂਬ ਚੱਲੀਆਂ। ਇਨ੍ਹਾਂ ਅਖ਼ਬਾਰਾਂ ਦੇ ਮਾਲਕਾਂ ਨੂੰ ਖ਼ੂਬ ਮਾਇਆ ਦੇ ਗੱਫੇ ਮਿਲੇ।
-    ਪਹਿਲੀ ਵਾਰ ਹੀ ਇੰਨੀ ਵੱਡੀ ਗਿਣਤੀ ਵਿਚ ਚੋਣ  ਅਬਜ਼ਰਵਰ ਲਾਏ ਗਏ ਅਤੇ ਨੀਮ ਫ਼ੌਜੀ ਦਸਤਿਆਂ ਵਿੱਚੋਂ ਆਈ ਪੀ ਐਸ ਅਧਿਕਾਰੀ ਆਬਜ਼ਰਵਰ ਲਏ ਗਏ।
-    ਚੋਣ ਕਮਿਸ਼ਨ ਦੀ ਸਖ਼ਤੀ ਕਾਰਨ ਨਸ਼ਿਆਂ ਅਤੇ ਸ਼ਰਾਬ ਦੀ ਵਰਤੋਂ  ਘਟੀ ਪਰ ਆਖ਼ਰੀ ਦਿਨਾਂ ਵਿਚ  ਵੋਟਾਂ ਦੀ ਖ਼ਰੀਦੋ-ਫ਼ਰੋਖ਼ਤ ਖ਼ੂਬ ਹੋਈ ਅਤੇ ਇਸ ਰੁਝਾਨ ਤੇ ਰੋਕ ਨਹੀਂ ਲਾਈ ਜਾ ਸਕੀ।
-    ਪਹਿਲੀ ਵਾਰ ਹੀ ਸ਼੍ਰੋਮਣੀ ਅਕਾਲੀ ਦਲ ਅਤੇ ਮੁੱਖ ਚੋਣ ਅਫ਼ਸਰ ਕੁਮਾਰੀ ਕੁਸਮਜੀਤ ਸਿੱਧੂ ਵਿਚਕਾਰ ਤਿੱਖਾ ਵਿਰੋਧ ਜ਼ਾਹਰ ਹੋਇਆ। ਅਕਾਲੀ ਦਲ ਲਗਾਤਾਰ, ਚੋਣ ਕਮਿਸ਼ਨ ਤੇ ਅਕਾਲੀ ਦਲ ਅਤੇ ਇਸ ਦੇ ਉਮੀਦਵਾਰਾਂ  ਅਤੇ ਸਮਰਥਕਾਂ ਦੇ ਖ਼ਿਲਾਫ਼ ਦੇ ਖ਼ਿਲਾਫ਼ ਵਿਤਕਰੇ ਅਤੇ ਵਧੀਕੀ ਦੇ ਲਿਖਤੀ ਦੋਸ਼ ਲਾਉਂਦਾ ਰਿਹਾ।
-    ਪਹਿਲੀ ਵਾਰ ਪ੍ਰਕਾਸ਼ ਸਿੰਘ ਬਾਦਲ ਨੂੰ ਆਪਣੀ ਪਤਨੀ ਸੁਰਿੰਦਰ ਕੌਰ ਬਾਦਲ ਅਤੇ ਆਪਣੇ ਭਰਾ ਗੁਰਦਾਸ ਬਾਦਲ ਦੇ ਸਹਾਰੇ ਤੋਂ ਬਿਨਾਂ ਚੋਣ ਲੜਨੀ ਪਈ।
-    ਪਹਿਲੀ  ਵਾਰ ਹੀ ਸੀ ਜਦੋਂ ਉਮਰ ਭਰ ਦਾ ਸਾਥ ਛੱਡ ਕੇ ਪਾਸ਼ ਅਤੇ ਦਾਸ ਕਿਸੇ ਚੋਣ ਵਿਚ ਆਹਮੋ ਸਾਹਮਣੇ ਹੋਏ।
-    ਪਹਿਲੀ ਵਾਰ ਸੀ ਜਦੋਂ ਸ ਬਾਦਲ ਨੂੰ  ਬਹੁਤਾ ਵਕਤ ਲੰਬੀ ਹਲਕੇ ਵਿੱਚ ਰਹਿ ਕੇ ਆਪਣੇ ਚੋਣ ਮੁਹਿੰਮ ਚਲਾਉਣੀ ਪਈ।
-    ਪਹਿਲੀ ਵਾਰ ਪ੍ਰਕਾਸ਼ ਸਿੰਘ ਬਾਦਲ ਨੂੰ ਭਾਵੁਕ ਅਪੀਲ ਕਰਨੀ ਪਈ ਕਿ ਇਹ ਉਨ੍ਹਾਂ ਦੀ ਆਖ਼ਰੀ ਚੋਣ ਹੈ।
-    ਇਹ ਪਹਿਲੀ ਵਾਰ ਹੈ ਜਦੋਂ ਪ੍ਰਕਾਸ਼ ਸਿੰਘ ਬਾਦਲ ਨੇ ਲੋਕਾਂ ਨੂੰ ਇਹ ਕਹਿਕੇ ਜਜ਼ਬਾਤੀ ਕਰਨ ਦੀ ਕੋਸ਼ਿਸ਼ ਕੀਤੀ ਕਿ ਲੋਕ ਉਨ੍ਹਾਂ ਦੀਆਂ ਪਿਛਲੀਆਂ ਭੁੱਲਾਂ ਨੂੰ ਬਖ਼ਸ਼ ਦੇਣ।

ਮਾਡਰੇਟ ਸਿੱਖ ਸਿਆਸਤ ਵਿਚ ਬਾਦਲ ਦਲ ਦੀ  ਸਰਦਾਰੀ

-    ਇਹ ਪਹਿਲੀ ਚੋਣ ਸੀ ਜਿਸ ਵਿਚ ਬਾਦਲ ਪਰਿਵਾਰ ਦਾ ਹੀ ਇੱਕ ਮੈਂਬਰ ਇੱਕ ਵੱਖਰੀ ਪਾਰਟੀ ਬਣਾ ਕੇ ਚੋਣ ਮੈਦਾਨ ਵਿਚ ਬਾਦਲ ਪਰਿਵਾਰ ਦੇ ਖ਼ਿਲਾਫ਼ ਹੀ ਨਿੱਤਰਿਆ।
-    ਇਹ ਵੀ ਪਹਿਲੀ ਵਾਰ ਸੀ ਕਿ ਅਕਾਲੀ ਦਲ ਵਿਚੋਂ ਬਾਹਰ ਹੋਏ ਕਿਸੇ ਨੇਤਾ ਨੇ ਬਰਾਬਰ ਦਾ ਅਕਾਲੀ ਦਲ ਨਹੀਂ ਬਣਾਇਆ। ਮਨਪ੍ਰੀਤ ਬਾਦਲ ਨੇ ਸਿੱਖ ਰਾਜਨੀਤੀ ਨੂੰ ਆਪਣਾ ਆਧਾਰ ਨਹੀਂ ਬਣਾਇਆ ਅਤੇ ਸੈਕੂਲਰ ਅਤੇ ਨੌਜਵਾਨ ਵਰਗ ਨੂੰ ਵਧੇਰੇ ਸੰਬੋਧਨ ਕੀਤਾ।
-    ਇਹ ਪਹਿਲੀ ਵਾਰ ਸੀ ਜਦੋਂ ਅਸਲ ਵਿਚ ਮਾਡਰੇਟ ਸਿੱਖ ਸਿਆਸਤ ਵਿੱਚੋਂ ਇਕ ਹੀ ਅਕਾਲੀ ਦਲ ਹੀ ਚੋਣ ਮੈਦਾਨ ਵਿਚ ਸੀ। ਰਵੀਇੰਦਰ ਦਲ ਚੋਣ ਨਹੀਂ ਲੜਿਆ ਅਤੇ ਬਰਨਾਲਾ ਦਲ 2 ਸੀਟਾਂ ਤੱਕ ਸੀਮਿਤ ਹੋਕੇ ਮਨਪ੍ਰੀਤ ਦੀ ਅਗਵੀ ਹੇਠਲੇ ਸਾਂਝੇ ਮੋਰਚੇ ਦਾ ਹਿੱਸਾ ਬਣ ਗਿਆ।
-    ਇਹ ਪਹਿਲੀ ਵਾਰ ਸੀ ਜਦੋਂ ਗਰਮਖਿਆਲੀ ਵਿਚਾਰ ਧਾਰਾ ਦਾ ਗੜ੍ਹ ਮੰਨੀ ਜਾਂਦੀ ਧਰਮਿਕ ਸੰਸਥਾ ਦਮਦਮੀ ਟਕਸਾਲ ਦੇ ਮੋਹਰੀ ਹੋਰ ਬਾਬੇ ਵੀ ਪ੍ਰਕਾਸ਼ ਸਿੰਘ ਬਾਦਲ ਦੀ ਖੁੱਲ੍ਹੀ ਹਿਮਾਇਤ ਤੇ ਆਏ।
-    ਇਹ ਵੀ ਪਹਿਲੀ ਵਾਰ ਸੀ ਜਦੋਂ ਗਰਮ ਖ਼ਿਆਲੀ ਨੇਤਾ ਸਿਮਰਨਜੀਤ ਸਿੰਘ ਮਾਨ ਅਤੇ ਉਨ੍ਹਾਂ ਦੇ ਅਕਾਲੀ ਦਲ ਨੂੰ ਕਿਸੇ ਗਿਣਤੀ ਵਿਚ ਨਹੀਂ ਮੰਨਿਆ ਗਿਆ।

ਪੰਥਕ  ਅਤੇ ਰਵਾਇਤੀ ਏਜੰਡੇ ਗ਼ਾਇਬ-ਕਾਰਗੁਜ਼ਾਰੀ ਦਾ ਮੁੱਦਾ ਹਾਵੀ

-    ਇਹ ਵੀ ਪਹਿਲੀ ਵਾਰ ਸੀ ਜਦੋਂ ਚੋਣ ਮੁਹਿੰਮ ਵਿਚ ਨਾ ਕੋਈ ਧਾਰਮਿਕ, ਨਾ ਕੋਈ ਜਾਤ -ਪਾਤ ਦਾ  ਅਤੇ  ਨਾ ਹੀ ਕੋਈ ਸਿਆਸੀ ਮੁੱਦਾ ਸੂਬਾ ਪੱਧਰੀ  ਚੋਣ ਏਜੰਡਾ ਬਣਿਆ।
-    ਇਹ ਪਹਿਲੀ ਵਾਰ ਸੀ ਜਦੋਂ ਅਕਾਲੀ ਦਲ ਨੇ ਕਿਸੇ ਪੰਥਕ ਜਾਂ ਸਿੱਖ  ਏਜੰਡੇ  ਨੂੰ ਚੋਣ  ਮੁੱਦਾ ਨਹੀਂ ਬਣਾਇਆ। ਇਥੋਂ ਤੱਕ ਕਿ 1984 ਦੇ ਸਿੱਖ ਕਤਲੇਆਮ ਦਾ ਮਾਮਲਾ ਵੀ ਏਸ ਵਾਰ ਠੱਪ ਹੀ ਰੱਖਿਆ ਗਿਆ।
-    ਇਹ ਪਹਿਲੀ ਵਾਰ ਸੀ ਜਦੋਂ ਅਕਾਲੀ ਦਲ ਨੇ ਪੰਜਾਬ ਨਾਲ ਦੀ ਰਾਜਧਾਨੀ ਚੰਡੀਗੜ੍ਹ, ਦਰਿਆਈ ਪਾਣੀਆਂ ਅਤੇ ਅੰਤਰ-ਰਾਜੀ ਮੁੱਦੇ  ਨਹੀਂ ਉਠਾਏ ਹਾਲਾਂਕਿ ਚੋਣ ਮੈਨੀਫੈ¤ਸਟੋ ਵਿੱਚ ਇਨ੍ਹਾ ਦਾ ਰਸਮੀ ਜ਼ਿਕਰ ਜ਼ਰੂਰ ਕੀਤਾ ਗਿਆ ।
-    ਪਹਿਲੀ ਵਾਰ ਅਕਾਲੀ ਦਲ ਨੇ ਆਪਣੀ ਚੋਣ ਮੁਹਿੰਮ ਦਾ ਧੁਰਾ ਕੇਂਦਰ ਵਿਰੋਧੀ ਨਹੀਂ  ਬਣਾਇਆ। ਹਮਲੇ  ਦਾ ਨਿਸ਼ਾਨਾ ਮਨਮੋਹਨ-ਸੋਨੀਆ ਬਹੁਤ ਘੱਟ ਅਤੇ ਅਮਰਿੰਦਰ  ਸਿੰਘ ਵਧੇਰੇ ਸੀ।
-    ਇਹ ਵੀ ਪਹਿਲੀ ਵਾਰ ਸੀ ਜਦੋਂ ਪੰਜਾਬ ਪੱਧਰੀ ਚੋਣ ਮੁੱਦਾ ਸਿਰਫ਼  ਸਰਕਾਰ ਤੇ ਕਾਬਜ਼ ਪਾਰਟੀ ਦੀ 5 ਵਰ੍ਹਿਆਂ ਦੀ ਕਾਰਗੁਜ਼ਾਰੀ ਸੀ। ਇਸ ਵਿਚ ਵਿਕਾਸ, ਸਮਾਜ ਭਲਾਈ, ਅਰਥਚਾਰਾ ਅਤੇ ਰਾਜਪ੍ਰਬੰਧ ਦੇ ਕਈ ਪਹਿਲੂ ਸ਼ਾਮਲ ਸਨ।
-    ਅਕਾਲੀ-ਬੀ ਜੇ ਪੀ ਗੱਠਜੋੜ ਦਾ ਦਾਅਵਾ ਸੀ ਕਿ ਇਸ ਦੀ ਕਾਰਗੁਜ਼ਾਰੀ ਆਲ੍ਹਾ ਦਰਜੇ  ਦੀ ਹੈ ਜਦੋਂ ਕਿ ਦੂਜੇ ਪਾਸੇ ਕਾਂਗਰਸ, ਸਾਂਝਾ ਮੋਰਚਾ ਅਤੇ ਵਿਰੋਧੀ ਪਾਰਟੀਆਂ ਦਾ ਦੋਸ਼ ਸੀ ਕਿ ਬਾਦਲ ਸਰਕਾਰ ਦੀ ਕਾਰਗੁਜ਼ਾਰੀ ਨਿਕੰਮੀ ਰਹੀ।
-    ਪਹਿਲੀ ਵਾਰ ਸੀ ਜਦੋਂ ਪਾਰਟੀਆਂ ਦੀ ਥਾਂ ਜਿੱਤ -ਹਾਰ ਦਾ ਦਾਰੋਮਦਾਰ  ਉਮੀਦਵਾਰਾਂ ਤੇ ਵਧੇਰੇ ਦਿਖਾਈ ਦਿੰਦਾ ਹੈ। ਇਸ ਲਈ ਇਲਾਕੇ ਅਤੇ ਹਲਕੇਵਾਰ ਗਿਣਤੀ-ਮਿਣਤੀ ਵਧੇਰੇ ਅਹਿਮ ਹੋ ਗਈ ਹੈ।


ਅਕਾਲੀ ਦਲ  ਅਤੇ ਬਾਦਲ ਸਰਕਾਰ  ਦਾ ਬਦਲਿਆ ਸਰੂਪ

-    ਇਹ ਪਹਿਲੀ ਵਾਰ ਸੀ ਜਦੋਂ ਅਕਾਲੀ ਦਲ ਦੇ ਰਵਾਇਤੀ ਜਥੇਦਾਰ-ਮੁਖੀ ਸਰੂਪ ਦੀ ਥਾਂ ਇੱਕ ਆਧੁਨਿਕ ਅਤੇ ਤੇਜ਼ ਤਰਾਰ ਸਿਆਸੀ ਦਲ ਵਾਲਾ ਮੁਹਾਂਦਰਾ ਸਾਹਮਣੇ ਆਇਆ ਜੋ ਕਿ ਨੌਜਵਾਨਾਂ ਨੂੰ ਲੈਪ-ਟਾਪ ਦੇਣ ਦੇ ਵਾਅਦੇ ਕਰ ਰਿਹਾ ਹੈ।
-    ਬੇਸ਼ੱਕ ਅਕਾਲੀ ਦਲ ਵਜੋਂ ਪ੍ਰਕਾਸ਼ ਸਿੰਘ ਬਾਦਲ ਨੂੰ ਹੀ ਮੁੜ ਮੁੱਖ ਮੰਤਰੀ ਦੇ ਦਾਵੇਦਾਰ ਵਜੋਂ  ਪੇਸ਼ ਕੀਤਾ ਗਿਆ ਪਰ ਅਕਾਲੀ ਦਲ ਦੇ ਤੌਰ-ਤਰੀਕਿਆਂ ਤੇ ਸੁਖਬੀਰ ਬਾਦਲ ਦੀ ਮੋਹਰ ਛਾਪ ਸਪਸ਼ਟ ਦਿਸਦੀ ਸੀ।
-    ਅਕਾਲੀ ਦਲ ਨੇ ਆਪਣੇ ਸਿਰਫ਼ ਸਿੱਖ-ਪੱਖੀ, ਦੇਹਾਤ-ਪੱਖੀ, ਜੱਟ-ਪੱਖੀ  ਅਤੇ ਖੇਤੀ-ਮੁਖੀ ਮੁਹਾਂਦਰੇ ਵਿੱਚ ਤਬਦੀਲੀ ਕੀਤੀ। ਉਹ ਏਜੰਡੇ ਅਤੇ ਮੁੱਦੇ ਅਪਣਾਏ ਅਤੇ ਉਭਾਰੇ ਜਿਹੜੇ ਕਿਸੇ ਵੇਲੇ ਕਾਂਗਰਸ ਪਾਰਟੀ ਦੇ ਹੀ ਹਿੱਸੇ  ਹੁੰਦੇ ਸੀ। ਇਨ੍ਹਾਂ ਵਿਚ ਸ਼ਹਿਰੀ ਵਿਕਾਸ ਏਜੰਡਾ  ਅਤੇ ਦਲਿਤ ਭਲਾਈ ਸਕੀਮਾਂ  ਖ਼ਾਸ ਕਰਕੇ ਸ਼ਾਮਲ ਨੇ।
-    ਪਹਿਲੀ ਵਾਰ ਹੈ ਜਦੋਂ ਅਕਾਲੀ ਦਲ ਇੱਕ ਵਿਓਂਤਬੱਧ ਤਰੀਕੇ ਨਾਲ ਹਿੰਦੂ ਅਤੇ ਸ਼ਹਿਰੀ ਵੋਟ ਬੈਂਕ ਨੂੰ ਵੀ ਸਿੱਧੇ ਤੌਰ ਤੇ ਅਕਾਲੀ ਦਲ ਨਾਲ ਜੋੜਨ ਦਾ ਯਤਨ ਕੀਤਾ। ਇਸੇ ਮੰਤਵ ਲਈ ਕੁਝ ਟਿਕਟਾਂ ਵੀ ਦਿੱਤੀਆਂ।
-    ਪਹਿਲੀ ਵਾਰ ਸੀ ਜਦੋਂ ਪਹਿਲੀ ਵਾਰ ਬਾਦਲ ਸਰਕਾਰ  ਕੋਲ ਹਰ ਮੋਰਚੇ  ਤੇ ਪ੍ਰਾਪਤੀਆਂ ਦੱਸਣ ਲਈ ਕਾਫ਼ੀ ਕੁਝ ਸੀ ਅਤੇ ਇਸ ਦੀ ਪ੍ਰਚਾਰ  ਮੁਹਿੰਮ ਹਾਂ ਪੱਖੀ ਅਤੇ ਪਰੋਐਕਟਿਵ ਸੀ।
-    ਪਹਿਲੀ ਵਾਰ ਅਕਾਲੀ-ਬੀ ਜੇ ਪੀ ਸਰਕਾਰ ਨੇ ਸਹੀ ਅਰਥਾਂ ਵਿਚ ਰਾਜ-ਪਰਬੰਧ ਵਿਚ ਲੋਕ ਪੱਖੀ ਸੁਧਾਰਨ ਦੀ ਪਹਿਲਕਦਮੀ ਕੀਤੀ ਅਤੇ ਇਨ੍ਹਾਂ ਨੂੰ ਇੱਕ ਸਿਆਸੀ ਏਜੰਡਾ ਬਣਾਇਆ ।
-         ਪਹਿਲੀ ਵਾਰ ਹੋਇਆ  ਕਿ ਰਾਜਸੱਤਾ ਤੇ ਕਾਬਜ਼ ਕਿਸੇ ਮੌਜੂਦਾ ਸਿਆਸੀ ਗਠਜੋੜ ਬਾਰੇ ਅਖੀਰ ਤੱਕ ਇਹ ਪ੍ਰਭਾਵ ਬਣਿਆ ਹੋਵੇ ਕਿ ਇਹੀ ਸਰਕਾਰ ਰਿਪੀਟ ਹੋ ਸਕਦੀ ਹੈ।ਅਕਾਲੀ ਲੀਡਰਸ਼ਿਪ ਦੀ ਇੱਕ ਨਵੇਕਲੀ  ਰਾਜਨੀਤਕ ਪ੍ਰਾਪਤੀ ਸੀ ।
-    ਇਹ ਵੀ ਪਹਿਲੀ ਵਾਰ ਸੀ ਕਿ ਅਕਾਲੀ ਦਲ ਮੀਡੀਏ ਦੇ ਵੱਖ ਵੱਖ ਰੂਪਾਂ ਅਤੇ ਖਾਸ ਕਰਕੇ ਟੀ ਵੀ ਮੀਡੀਏ ਦੀ ਧੂਆਂਧਾਰ ਵਰਤੋਂ ਕੀਤੀ ਹੋਵੇ।
-    ਪਹਿਲੀ ਵਾਰ ਕਿਸੇ ਅਕਾਲੀ ਸਰਕਾਰ ਨੇ ਹਲਕਾ ਇੰਚਾਰਜਾਂ ਵਾਲੀ ਪ੍ਰਣਾਲੀ ਸ਼ੁਰੂ ਕਰਕੇ, ਜਵਾਬਦੇਹੀ ਪੱਖੋਂ ਸਰਕਾਰੀ ਤੰਤਰ ਵਿਚ ਇੱਕ ਨਵੀਂ ਕਿਸਮ ਦਾ ਵਿਗਾੜ  ਅਤੇ ਕਾਣ ਪੈਦਾ ਕੀਤਾ ਅਤੇ ਜਿਹੜਾ  ਕਿ ਪ੍ਰਸ਼ਾਸ਼ਕੀ ਸੁਧਾਰ ਮੁਹਿੰਮ ਦਾ ਆਪਾ-ਵਿਰੋਧੀ ਸੀ।
-    ਪਹਿਲੀ ਵਾਰ ਸਥਾਨਕ ਪੱਧਰ ਤੇ ਲੋਕਾਂ ਦੇ ਇੱਕ ਤਕੜੇ ਹਿੱਸੇ ਵਿਚ ਕਿਸੇ ਅਕਾਲੀ ਸਰਕਾਰ  ਦਾ ਪ੍ਰਭਾਵ ਕਬਜ਼ਾ ਮਾਫ਼ੀਆ ਮੁਖੀ, ਇੱਕ ਧੱਕੜ ਅਤੇ ਗ਼ੈਰ-ਜਮਹੂਰੀ ਸਰਕਾਰ ਵਾਲਾ ਬਣਿਆ। ਚੋਣਾਂ ਦੀ ਕਵਰੇਜ਼ ਕਰਨ ਗਏ ਪੱਤਰਕਾਰਾਂ ਨੂੰ ਲੋਕ, ਸਰਪੰਚਾਂ ਦੀ ਚੋਣ ਅਤੇ ਨਗਰ ਕੌਂਸਲ ਚੋਣਾਂ ਵਿਚ ਹੋਏ  ਨੰਗੇ ਚਿੱਟੇ ਧੱਕੇ ਦੀ ਯਾਦ ਜ਼ਰੂਰ ਕਰਾਉਂਦੇ ਸਨ।
-    ਪਹਿਲੀ ਵਾਰ ਸੀ ਜਦੋਂ ਕੋਈ ਅਕਾਲੀ ਸਰਕਾਰ ਪੁਲੀਸ ਤੰਤਰ ਨੂੰ ਖ਼ੁਸ਼ ਕਰਨ  ਅਤੇ ਇਸ  ਤੇ ਨਿਰਭਰ ਹੋਣ ਦਾ ਪ੍ਰਭਾਵ ਦਿੰਦੀ ਰਹੀ।
-    ਪਹਿਲੀ ਵਾਰ ਕਿਸੇ ਅਕਾਲੀ ਸਰਕਾਰ  ਦੌਰਾਨ ਸਰਕਾਰੀ ਅਫ਼ਸਰਾਂ, ਮੁਲਾਜ਼ਮਾਂ ਅਤੇ ਆਮ ਲੋਕਾਂ ਵਿਚ ਵੀ ਹਕੂਮਤ ਦਾ ਦਾਬਾ ਪ੍ਰਤੱਖ ਸੀ ਜੋ ਕਿ ਆਮ ਤੌਰ ਤੇ ਕਾਂਗਰਸੀ ਹਕੂਮਤਾਂ ਦਾ ਖ਼ਾਸਾ ਹੁੰਦਾ ਸੀ।

ਵਿਚਾਰਧਾਰਕ ਵਚਨਬੱਧਤਾ ਦੀ ਥਾਂ ਮੌਕਾਪ੍ਰਸਤੀ  ਹਾਵੀ

-    ਇਹ ਪਹਿਲੀ ਵਾਰ ਸੀ ਜਦੋਂ ਲਗਭਗ ਸਭ ਪਾਰਟੀਆਂ ਵਿਚੋਂ ਵਿਚਾਰਧਾਰਕ  ਜਾਂ ਮਿਸ਼ਨਰੀ ਵਚਨਵੱਧਤਾ ਖ਼ਤਮ ਹੋਈ ਨਜ਼ਰ ਆਈ ਅਤੇ ਵੱਡੀ ਪੱਧਰ ਤੇ  ਮੌਕਾਪ੍ਰਸਤ ਦਲਬਦਲੀ ਦਾ ਵਰਤਾਰਾ ਸਾਹਮਣੇ ਆਇਆ।
-    ਪਹਿਲੀ ਵਾਰ ਇੰਨੇ ਵੱਡੇ ਪੱਧਰ ਤੇ ਬਾਗ਼ੀ ਉਮੀਦਵਾਰ ਮੈਦਾਨ ਵਿਚ ਖੜ੍ਹੇ ਰਹੇ । ਖ਼ਾਸ ਕਰਕੇ ਕਾਂਗਰਸ ਨੂੰ ਬਾਗ਼ੀ ਉਮੀਦਵਾਰਾਂ ਦੀ ਸਖ਼ਤ ਚੁਣੌਤੀ ਬਰਕਰਾਰ ਹੈ।
-    ਵੱਡੇ ਪੱਧਰ ਤੇ ਬਾਗ਼ੀ ਉਮੀਦਵਾਰ ਹੋਣ ਕਾਰਨ 15 ਤੋਂ ਵੱਧ ਹਲਕਿਆਂ ਵਿਚ ਕਾਂਗਰਸ ਅਤੇ ਅਕਾਲੀ ਦਲ ਦੋਹਾਂ ਪਾਰਟੀਆਂ ਲਈ ਮੁਸ਼ਕਲ ਬਣੀ ਹੋਈ ਹੈ।
-    ਪਹਿਲੀ ਵਾਰ ਸੀ ਜਦੋਂ ਕਾਂਗਰਸ ਪਾਰਟੀ ਵਿਰੋਧੀ ਧਿਰ ਵਜੋਂ ਨਾ ਸਿਆਸੀ ਪਹਿਲਕਦਮੀ ਆਪਣੇ ਹੱਥ ਨਹੀਂ ਲੈ ਸਕੀ ਅਤੇ ਨਾ ਹੀ ਖ਼ੁਦ ਕੋਈ ਚੋਣ ਏਜੰਡਾ ਕਰਕੇ ਹਾਕਮ ਧਿਰ ਨੂੰ ਬਚਾਅ ਦੇ ਪੈਂਤੜੇ ਤੇ ਪਾ ਸਕੀ।
-    ਇਹ ਵੀ ਪਹਿਲੀ ਵਾਰ ਸੀ ਕਿ ਭਰਿਸ਼ਟਾਚਾਰ ਦਾ ਮੁੱਦਾ ਬਾਦਲ ਸਰਕਾਰ ਦੇ ਖ਼ਿਲਾਫ਼ ਕਾਂਗਰਸ ਦੇ ਹੱਥ ਕੋਈ ਵੱਡਾ ਹਥਿਆਰ ਨਹੀਂ ਬਣਿਆ। ਉਲਟਾ ਦਿੱਲੀ ਵਿਚ  ਵਾਪਰੀਆਂ ਘਟਨਾਵਾਂ ਕਰਕੇ  ਕਾਂਗਰਸ ਪਾਰਟੀ ਖ਼ੁਦ  ਇਸ ਮਾਮਲੇ ਤੇ ਫਸੀ ਹੋਈ ਸੀ।
-    ਪਹਿਲੀ ਵਾਰ ਸੀ ਕਿ ਚੋਣਾਂ ਤੋਂ ਪਹਿਲਾਂ ਹੀ ਕਾਂਗਰਸ ਪਾਰਟੀ ਨੇ ਮੁੱਖ ਮੰਤਰੀ ਵਜੋਂ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਪਦ ਦਾ ਉਮੀਦਵਾਰ ਐਲਾਨਿਆ।
-    ਕਾਂਗਰਸ ਪਾਰਟੀ ਅਤੇ ਖਾਸ ਕਰਕੇ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਚਾਰ ਮੁਹਿੰਮ ਵਿਚ ਦਲਿਤ ਏਜੰਡੇ ਤੇ ਕੋਈ ਖ਼ਾਸ ਜ਼ੋਰ ਨਹੀਂ ਦਿੱਤਾ ਗਿਆ।
-    ਕਾਂਗਰਸ ਪਾਰਟੀ ਨੇ ਕਿਸੇ ਅਕਾਲੀ ਸਰਕਾਰ ਦੀਆਂ ਵਧੀਕੀਆਂ ਦੇ ਮੁੱਦੇ ਨੂੰ ਇੰਨੀ ਅਹਿਮੀਅਤ ਦਿੱਤੀ ਕਿ ਸੋਨੀਆ ਗਾਂਧੀ ਨੇ ਜਾਂਚ ਕਮਿਸ਼ਨ ਕਾਇਮ ਕਰਨ  ਦਾ ਖ਼ੁਦ ਐਲਾਨ ਕੀਤਾ।

ਸੋਸ਼ਲ ਨੈੱਟ-ਵਰਕਿੰਗ/ ਐਨ ਆਰ ਆਈਜ਼

-    ਇਹ ਪਹਿਲੀ ਚੋਣ ਸੀ ਜਿਸ ਵਿਚ ਈ-ਮੇਲਜ਼, ਫੇਸ-ਬੁੱਕ, ਗੂਗਲ, ਸੋਸ਼ਲ ਨੈੱਟ ਵਰਕ ਸਾਈਟਸ  ਅਤੇ ਆਨਲਾਈਨ ਮੀਡੀਏ ਦੀ ਖ਼ੂਬ ਵਰਤੋਂ ਕੀਤੀ ਗਈ।
-    ਇਹ ਯਾਦ ਰਹੇ  ਕਿ ਅੰਨਾ ਹਜ਼ਾਰੇ  ਦੀ ਮੁਹਿੰਮ ਤੋਂ ਬਾਅਦ ਇਹ ਪੰਜਾਬ ਦੀ ਕੋਈ ਪਹਿਲੀ ਚੋਣ ਸੀ।
-    ਇਹ ਪਹਿਲੀ ਚੋਣ ਸੀ ਜਿਸ ਵਿਚ ਵਿਦੇਸ਼ੀ ਵਸੇ ਪੰਜਾਬੀਆਂ ਨੇ ਪਹਿਲਾਂ ਨਾਲੋਂ ਕਿਤੇ ਵੱਧ ਰੁਚੀ ਦਿਖਾਈ। ਕਈ ਹਜ਼ਾਰ ਪ੍ਰਵਾਸੀ ਪੰਜਾਬੀ ਇਥੇ ਪੁੱਜ ਕੇ ਖ਼ੁਦ ਵੱਖ ਵੱਖ ਪਾਰਟੀਆਂ ਦੀ ਚੋਣ ਮੁਹਿੰਮ ਵਿਚ ਸਿੱਧੇ ਤੌਰ ਤੇ ਸ਼ਾਮਲ ਹੋਏ।
-    ਪਹਿਲੀ ਵਾਰ ਸੀ 4 ਐਨ ਆਰ ਆਈ ਤਾਂ ਖ਼ੁਦ ਉਮੀਦਵਾਰ ਹੀ ਸਨ। ਇਨ੍ਹਾ ਵਿੱਚੋਂ ਇੱਕ ਕਾਂਗਰਸ ਅਤੇ ਤਿੰਨ ਸਾਂਝੇ ਮੋਰਚੇ ਦੇ ਸਨ।
-    ਪ੍ਰਵਾਸੀ ਭਾਰਤੀਆਂ ਦੀ ਸਭ ਤੋਂ ਵਿਓਂਤਬੱਧ ਤੇ ਭਾਵੁਕ ਸ਼ਿਰਕਤ ਮਨਪ੍ਰੀਤ ਬਾਦਲ ਦੀ ਪੀਪਲਜ਼ ਪਾਰਟੀ ਦੀ ਚੋਣ ਮੁਹਿੰਮ ਵਿਚ ਸੀ।

-    ਪਹਿਲੀ ਵਾਰ ਸਤਈ ਰੂਪ ਵਿਚ ਇਹ ਪ੍ਰਭਾਵ ਬਣਿਆ ਕਿ ਸਥਾਪਤੀ-ਵਿਰੋਧੀ ਭਾਵਨਾ (ਐਂਟੀ-ਇਨਕੰਬੈਨਸੀ) ਜ਼ਾਹਰ ਨਹੀਂ ਹੋ ਰਹੀ।
-    ਇਹ ਵੀ ਚਰਚਾ ਹੋਈ ਕਿ ਵੋਟਰ ਚੁੱਪ ਹੈ ਅਤੇ ਆਪਣਾ ਮਨ ਨਹੀਂ ਦੱਸ ਰਿਹਾ। ਸ਼ਾਇਦ ਇਸ ਦਾ ਵੱਡਾ ਕਾਰਨ ਇਹ ਹੋ ਸਕਦਾ ਹੈ ਹਕੂਮਤੀ ਦਾਬਾ ਬਦਲਾਖ਼ੋਰੀ ਦਾ ਡਰ। ਪਹਿਲਾਂ ਕਾਂਗਰਸ ਸਰਕਾਰ  ਅਤੇ ਹੁਣ ਅਕਾਲੀ ਸਰਕਾਰ  ਨੇ ਇੱਕ-ਦੂਜੀ ਪਾਰਟੀ ਦੇ ਵਰਕਰਾਂ ਅਤੇ ਆਪਣੇ ਵਿਰੋਧੀਆਂ ਨੂੰ ਰਗੜੇ ਲਾਉਣ ਦੀ ਜੋ ਪ੍ਰਥਾ ਕਰਨ ਆਮ ਲੋਕ ਕਿਸੇ ਵੀ ਧਿਰ ਨਾਲ ਆਪਣੇ ਆਪ ਨੂੰ ਜੋੜਨ ਤੋਂ ਗੁਰੇਜ਼ ਕਰਨ ਲੱਗੇ ਹਨ।
-    ਪਹਿਲੀ ਵਾਰ ਅਕਾਲੀ ਦਲ ਸਮੇਤ ਸਭ ਪਾਰਟੀਆਂ ਨੇ ਡੇਰਾ ਸੱਚਾ ਸੌਦਾ ਦੇ ਪ੍ਰਭਾਵ ਹੇਠਲੇ ਵੋਟ  ਬੈਂਕ ਨੂੰ ਆਪਣੇ  ਵੱਲ ਖਿੱਚਣ  ਦਾ ਪੂਰਾ ਯਤਨ ਕੀਤਾ।

ਉਪਰ  ਜ਼ਿਕਰ  ਕੀਤੇ ਨਵੇਂ ਪਹਿਲੂਆਂ ਦੇ ਨਾਲ ਨਾਲ ਕਾਫ਼ੀ ਹਲਕਿਆਂ ਵਿਚ ਤਿਕੋਣੇ ਅਤੇ ਕਈ ਥਾਈਂ ਚਾਰ-ਕੋਨੇ ਮੁਕਾਬਲਿਆਂ ਨੇ ਵੀ ਚੋਣ ਨਤੀਜਿਆਂ ਬਾਰੇ ਅਨੁਮਾਨ ਲਾਉਣਾ ਔਖਾ ਕਰ ਦਿੱਤਾ ਹੈ। ਇਨ੍ਹਾਂ ਚੋਣਾਂ ਵਿਚ ਭੀੜ ਰਹੀਆਂ ਦੋ ਮੁੱਖ ਧਿਰਾਂ ਸਨ-ਅਕਾਲੀ-ਬੀ ਜੇ ਪੀ ਗੱਠਜੋੜ ਅਤੇ ਕਾਂਗਰਸ। ਤੀਜੀ ਧਿਰ ਸੀ-ਮਨਪ੍ਰੀਤ ਬਾਦਲ ਦੀ ਅਗਵਾਈ ਹੇਠਲਾ ਸਾਂਝਾ ਮੋਰਚਾ ਅਤੇ ਚੌਥੀ ਵੱਡੀ ਧਿਰ ਸੀ ਬਹੁਜਨ ਸਮਾਜ ਪਾਰਟੀ ।
****