ਅੱਜ ਵਿਗਿਆਨ ਨੇ ਹਰ ਖੇਤਰ ਵਿੱਚ ਬੇਮਿਸਾਲ
ਤਰੱਕੀ ਕਰ ਕੇ ਨਵੇਂ ਕੀਰਤੀਮਾਨ ਸਥਾਪਤ ਕੀਤੇ ਹਨ। ਮਨੁੱਖ ਜੀਵਾਂ ਦੀਆਂ ਅਤਿ ਬਰੀਕ ਜੀਨਜ਼
ਲੜੀਆਂ ਨੂੰ ਪੜ੍ਹਨ ਅਤੇ ਉਹਨਾਂ ਨੂੰ ਨਖੇੜਨ ਦੀ ਸਫਲਤਾ ਹਾਸਲ ਕਰ ਰਿਹਾ ਹੈ। ਪੁਲਾੜ
ਵਿੱਚ ਬਸਤੀਆਂ ਵਸਾਉਣ ਲਈ ਯਤਨਸ਼ੀਲ ਹੈ। ਲੈਬ ਵਿੱਚ ਬਨਾਉਟੀ ਮਨੁੱਖੀ ਅੰਗਾਂ ਨੂੰ ਪੈਦਾ
ਕਰਨ ਦੀ ਮੁਹਾਰਤ ਹਾਸਲ ਕੀਤੀ ਜਾ ਰਹੀ ਹੈ। ਨੈਨੋ ਟੈਕਨਾਲਾਜੀ ਦੇ ਪਸਾਰ ਰਾਹੀਂ ਸਾਡਾ ਇੱਕ
ਨਵੀ ਦੁਨੀਆਂ ਵਿੱਚ ਪ੍ਰਵੇਸ਼ ਹੋਣ ਜਾ ਰਿਹਾ ਹੈ। ਹਰ ਖੇਤਰ ਵਿੱਚ ਵਿਗਿਆਨ ਨੇ ਆਪਣੀਆਂ
ਪ੍ਰਾਪਤੀਆਂ ਦਾ ਝੰਡੇ ਬੁਲੰਦ ਕੀਤੇ ਹਨ। ਅੱਜ ਜਦੋਂ ਅਸੀਂ ਅਜੋਕੇ ਸਮੇਂ ਨੂੰ ਵਿਗਿਆਨ ਦਾ
ਯੁੱਗ, ਕੰਪਿਊਟਰ ਦਾ ਯੁੱਗ ਆਦਿ ਨਾਮ ਦਿੰਦੇ ਹਾਂ ਤਾਂ ਦੂਜੇ ਪਾਸੇ ਦੂਜੇ ਪਾਸੇ ਸਾਡੀ ਸੋਚ
ਵਿਚਾਰ ਕਰਨ ਦੀ ਸ਼ਕਤੀ ਨੂੰ ਖੁੰਡਾ ਕਰਨ ਲਈ ਸਾਡੇ ਦੁਆਲੇ ਵੱਡੀ ਪੱਧਰ ਤੇ
ਅੰਧਵਿਸ਼ਵਾਸ਼ੀ ਰੂੜੀਵਾਦੀ ਧਾਰਨਾਵਾਂ ਦੇ ਜਾਲ ਸੁਟੇ ਜਾ ਰਹੇ ਹਨ।
ਅੱਜ ਜਿੱਥੇ ਵਪਾਰੀ ਲੋਕਾਂ ਨੇ ਹੁਣ ਭਗਵਾਨ ਦੇ ਗੁਣਾਂ ਨੂੰ ਪੇਟੈਂਟ ਕਰ ਲਿਆ ਹੈ ਇਹਦੀਆਂ ਸ਼ਕਤੀਆਂ ਨੂੰ ਕਰਾਮਾਤੀ ਲੌਕਟਾਂ ਨਗਾਂ ਮੁੰਦਰੀਆਂ ਵਿੱਚ ਬੰਦ ਕਰਕੇ ਲੋਕਾਂ ਦੀ ਸੇਵਾ ਹਿੱਤ ਬਜਾਰ ਵਿੱਚ ਲੈ ਆਂਦਾ ਹੈ ਉੱਥੇ ਬਣਦੀ ਰਕਮ ਵਸੂਲ ਕਰਕੇ ਕੀਤੇ ਕਰਾਏ ਪਾਠ ਵੀ ਮਹੱਈਆ ਕਰਵਾਏ ਜਾ ਰਹੇ ਹਨ। ਕੁਝ ਸਾਧਾਂ ਸੰਤਾਂ ਦੀਆਂ ਵੱਖ ਵੱਖ ਤਰ੍ਹਾਂ ਦੀਆਂ ਅਸ਼ੀਰਵਾਦਾਂ ਵੱਖ ਵੱਖ ਰੇਟਾਂ ‘ਤੇ ਬਜਾਰ ਵਿੱਚ ਵਿਕਣ ਲੱਗ ਪਈਆਂ ਹਨ।
ਅੱਜ ਜਿੱਥੇ ਵਪਾਰੀ ਲੋਕਾਂ ਨੇ ਹੁਣ ਭਗਵਾਨ ਦੇ ਗੁਣਾਂ ਨੂੰ ਪੇਟੈਂਟ ਕਰ ਲਿਆ ਹੈ ਇਹਦੀਆਂ ਸ਼ਕਤੀਆਂ ਨੂੰ ਕਰਾਮਾਤੀ ਲੌਕਟਾਂ ਨਗਾਂ ਮੁੰਦਰੀਆਂ ਵਿੱਚ ਬੰਦ ਕਰਕੇ ਲੋਕਾਂ ਦੀ ਸੇਵਾ ਹਿੱਤ ਬਜਾਰ ਵਿੱਚ ਲੈ ਆਂਦਾ ਹੈ ਉੱਥੇ ਬਣਦੀ ਰਕਮ ਵਸੂਲ ਕਰਕੇ ਕੀਤੇ ਕਰਾਏ ਪਾਠ ਵੀ ਮਹੱਈਆ ਕਰਵਾਏ ਜਾ ਰਹੇ ਹਨ। ਕੁਝ ਸਾਧਾਂ ਸੰਤਾਂ ਦੀਆਂ ਵੱਖ ਵੱਖ ਤਰ੍ਹਾਂ ਦੀਆਂ ਅਸ਼ੀਰਵਾਦਾਂ ਵੱਖ ਵੱਖ ਰੇਟਾਂ ‘ਤੇ ਬਜਾਰ ਵਿੱਚ ਵਿਕਣ ਲੱਗ ਪਈਆਂ ਹਨ।
ਸਾਡੇ ਕਈ ਟੀ.ਵੀ. ਚੈਨਲ, ਅਖਬਾਰ ਅੰਧਵਿਸ਼ਵਾਸ਼ਾਂ ਦਾ ਸੌਧਾ ਲੋਕਾਂ ਤੱਕ ਲੈ ਕੇ ਜਾਣ ਲਈ ਬੜੇ ਜੋਰ ਸ਼ੋਰ ਨਾਲ ਇਸ ਕੰਮ ਵਿੱਚ ਲੱਗੇ ਹੋਏ ਹਨ ਜੋ ਸਾਡੇ ਬੱਚਿਆਂ ਦੇ ਕੋਮਲ ਮਨਾਂ ਵਿੱਚ ਇਹ ਬਠਾਉਣ ਦੀ ਕੋਸਿ਼ਸ਼ ਕਰ ਰਹੇ ਹਨ ਕਿ ਜੇਕਰ ਕੋਈ ਬਹੁਤ ਪਿਆਰ ਨਾਲ ਉਹਨਾਂ ਨਾਲ ਪੇਸ਼ ਆਵੇ ਤਾਂ ਉਹਦੀ ਭੈੜੀ ਨਜ਼ਰ ਤੁਹਾਨੂੰ ਬਿਮਾਰ ਕਰ ਸਕਦੀ ਹੈ ਨਾਲ ਹੀ ਦੱਸਿਆ ਜਾਂਦਾ ਹੈ ਕਿ ਇਸ ਦਾ ਇੱਕੋ ਇੱਕ ਹੱਲ ਹੈ ਸਾਡਾ ‘ਨਜਰ ਸ਼ਰੱਖਸ਼ਾਂ ਯੰਤਰ’। ਸਵੇਰੇ-2 ਇੱਕ ਚੈਨਲ ‘ਤੇ ਇੱਕ ਕਲਾਕਾਰ ਜਟਾਧਾਰੀ ਸਾਧਾਂ ਵਾਲਾ ਵੇਸ ਧਾਰਨ ਕਰਕੇ ਇੱਕ ਲੌਕਟ ਨੂੰ ਗਲ ਵਿੱਚ ਪਾਉਣ ਦੀ ਸਲਾਹ ਦੇਣ ਦੇ ਨਾਲ ਨਾਲ ਉਸ ਦੀਆਂ ਖੂਬੀਆਂ ਦੱਸ ਰਿਹਾ ਹੁੰਦਾ ਹੈ। ਉੁਹਦੀ ਗੱਲ ਬਾਤ ਤੋਂ ਲਗਦਾ ਹੈ ਕਿ ਹੁਣ ਸਾਡੇ ਭਾਰਤ ਵਾਸੀਆਂ ਕੋਲ ਵਿਸ਼ੇਸ਼ ਮੰਤਰ ਪੜ ਕੇ ਬਣਾਇਆ ਇਹ ਲੌਕਟ ਮੌਜੂਦ ਹੈ ਹੁਣ ਸਾਨੂੰ ਕਿਸੇ ਤਰਾਂ ਦਾ ਫਿਕਰ ਕਰਨ ਦੀ ਲੋੜ ਨਹੀਂ ਕਿਉਂ ਕਿ ਹੁਣ ਤਿੰਨ ਹਜਾਰ ਖਰਚ ਰੁਪਏ ਦਾ ਇਹ ਲੌਕਟ ਖਰੀਦਣ ਨਾਲ ਹੀ ਸਾਡੇ ਦੁਖ ਤਖ਼ਲੀਫਾਂ, ਬਿਮਾਰੀਆਂ ਦੁਸ਼ਵਾਰੀਆਂ ਤੋਂ ਛੁਟਕਾਰਾ ਅਤੇ ਕਾਰੋਬਾਰ ਵਿੱਚ ਵਾਧਾ ਤੇ ਘਰ ਵਿੱਚ ਵਾਰੇ ਨਿਆਰੇ ਹੋ ਜਾਂਦੇ ਹਨ। ਇੱਥੇ ਹੀ ਬਸ ਨਹੀਂ ਘਰ ਨੂੰ ਦੁਜਿਆਂ ਦੀ ਬੁਰੀ ਨਜਰ ਤੋਂ ਬਚਾਉਣ ਲਈ ਆਪਣੀ ਕਾਰ ਜਾਂ ਬਾਈਕ ਦੇ ਐਕਸੀਡੈਂਟ ਤੋਂ ਬਚਾਅ ਲਈ ਅਜਿਹਾ ਹੀ ਇੱਕ ‘ਸ਼ੁਰੱਖਸ਼ਾ ਕਵਚ’ ਹੈ ਜੋ ਕਿਸੇ ਵੀ ਤਰਾਂ ਦੇ ਦੁਰਘਟਨਾ ਤੋਂ ਬਚਾਅ ਕਰਨ ਲਈ ਸਾਡੀ ਸੁਰੱਖਸ਼ਾ ਕਰਦਾ ਹੈ। ‘ਲੋਟਕ’ ਜਿਸ ਨੂੰ ਭਗਵਾਨ ਦੀ ਸ਼ਕਤੀ ਦਾ ਮਲੱਮਾ ਚੜਾ ਕੇ ਵੇਚਿਆ ਜਾਂਦਾ ਹੈ ਦੀਆਂ ਖੁਬੀਆਂ ਬਾਰੇ ਇੱਕ ਅਦਾਕਾਰ ਬੜੀ ਮਾਸੂਮੀਅਤ ਨਾਲ ਦੱਸਦਾ ਹੈ ਕਿ ਕਿਵੇਂ ਉਹਨਾਂ ਦੇ ਬੇਟੇ ਦਾ ਦੋ ਤਿੰਨ ਵਾਰ ਐਕਸੀਡੈਂਟ ਹੋਣੋ ਮਸਾਂ-ਮਸਾਂ ਬਚਿਆ ਸੀ। ਫਿਰ ਕਿਸੇ ਨੇ ਇਹ ਲੌਕਟ ਉਹਦੇ ਗਲ ਵਿੱਚ ਪਾਉਣ ਦੀ ਸਲਾਹ ਦਿੱਤੀ। ਪਰ ਸਾਨੂੰ ਯਕੀਨ ਨਾ ਹੋਇਆ। ਪਰ ਮਗਰੋਂ ਲਾਕਟ ਪਹਿਨਦਿਆਂ ਹੀ ਸਾਰੇ ਸੰਕਟ ਟਲ ਗਏ। ਇੱਕ ਹੋਰ ਸ਼ਕਲ ਸੂਰਤ ਤੋਂ ਪੜਿਆ ਲਿਖਿਆ ਬੰਦਾ ਆਪ ਬੀਤੀ ਦੱਸਦਾ ਹੈ ਕਿ ਕਿਵੇਂ ਉਸ ਨੂੰ ਕਾਰੋਬਾਰ ਵਿੱਚ ਘਾਟੇ ਤੇ ਘਾਟਾ ਪਿਆ ਤੇ ਫਿਰ ਆਖਿਰਕਾਰ ਲਾਕਟ ਪਾਉਣ ਨਾਲ ਇੱਕ ਦਮ ਆਮਦਨ ਵਧਣੀ ਸ਼ੁਰੂ ਹੋ ਗਈ ਘਰ ਦੇ ਸਾਰੇ ਧੋਣੇ ਧੋਤੇ ਗਏ। ਇੱਕ ਹੋਰ ਐਕਟਰ ਔਰਤ ਦੱਸਦੀ ਹੈ ਕਿ ਕਿਵੇ ਉਹ ਇੱਕ ਅਦਾਲਤੀ ਮਕੱਦਮਾ ਹਾਰਦੇ ਹਾਰਦੇ ਲਾਕਟ ਦੀ ਕਰਾਮਾਤ ਨਾਲ ਜਿੱਤ ਗਏ ਤੇ ਉਹਨਾਂ ਦੇ ਵਕੀਲ ਸਾਹਿਬ ਵੀ ਹੈਰਾਨ ਹੋ ਗਏ ਤੇ ਪੁੱਛਣ ਲੱਗੇ ਕਿ ਇਹ ਕਰਾਮਾਤ ਕਿਵੇਂ ਵਾਪਰੀ?
ਇਹ ਸਿਰਫ ਇੱਕ ਚੈਨਲ ਦੀ ਗੱਲ ਨਹੀਂ ਕਈ ਅਜਿਹੇ ਚੈਨਲ ਹਨ ਜਿਹੜੇ ਲੋਕਾਂ ਨੂੰ ਹਰ ਤਰਾਂ ਦੀਆਂ ਬਿਾਮਾਰੀਆਂ ਦੁਸ਼ਵਾਰੀਆਂ ਤੋਂ ਬਚਾਉਣ ਲਈ ਕਰਾਮਾਤੀ ਨਗਾਂ, ਮੁੰਦਰੀਆਂ, ਮਾਲਾਵਾਂ ਅਤੇ ਮਣਕਿਆਂ ਨੂੰ ਪਹਿਨਣ ਦਾ ਪ੍ਰਚਾਰ ਹਰ ਰੋਜ ਕਰਦੇ ਹਨ। ਇਹਨਾਂ ਨਗਾਂ ਲੋਕਟਾਂ ਦੀ ਇਸਿ਼ਤਿਹਾਰ ਬਾਜੀ ‘ਤੇ ਰੋਜਾਨਾਂ ਲੱਖਾਂ ਨਹੀਂ ਬਲਕਿ ਕਰੋੜਾਂ ਰੁਪਏ ਖਰਚੇ ਜਾਂਦੇ ਹਨ। ਇਹ ਚੈਨਲ ਲੋਕਾਂ ਦੀ ਸਹੂਲਤ ਵਾਸਤੇ ਜੋਤਸ਼ੀ, ਸਿਆਣਿਆਂ, ਤਾਂਤਰਿਕਾਂ, ਬਾਬਿਆਂ ਨੂੰ ਲੋਕਾਂ ਦੇ ਰੂਬਰੂ ਕਰਦੇ ਹਨ। ਕਈ ਤਰ੍ਹਾਂ ਦੇ ਦੁੱਖ ਤਖਲੀਫਾਂ ਦੇ ਸਤਾਏ ਲੋਕ ਆਪਣੀਆਂ ਸਮੱਸਿਆਵਾਂ ਫੋਨ ਰਾਹੀਂ ਦੱਸਦੇ ਹਨ ਤੇ ਇੱਹ ਜੋਤਸ਼ੀ ਲੋਕ ਆਪਣਾ ਅੰਂਧਵਿਸ਼ਵਾਸੀ ਸੌਦਾ ਉਹਨਾਂ ਨੂੰ ਤੋਲ ਤੋਲ ਦਿੱਤੀ ਜਾਂਦੇ ਹਨ। ਜਿਵੇਂ ਕਿਸੇ ਲੰਬੀ ਬਿਮਾਰੀ ਤੋਂ ਪੀੜਤ ਵਿਆਕਤੀ ਨੇ ਇੱਕ ਆਨ ਲਾਈਨ ਚੱਲ ਰਹੇ ਪ੍ਰੋਗਰਾਮ ਵਿੱਚ ਆਪੇ ਬਣੇ ਮਹਾਰਾਜ ਨੂੰ ਫੋਨ ਕਰਕੇ ਪੁਛਿਆ ਕਿ ਉਹ ਲਗਾਤਾਰ ਬਿਮਾਰ ਚਲ ਰਿਹਾ ਹੈ ਕਾਰੋਬਾਰ ਵੀ ਬੰਦ ਹੋਣ ਵਾਲਾ ਹੈ ਇਹਦਾ ਕੋਈ ਉਪਾਅ ਦੱਸੋ? ਅੱਗੋ ਟੀ ਵੀ ਤੇ ਸਮੱਸਿਆਵਾਂ ਦਾ ਹੱਲ ਦੱਸ ਰਹੇ ਇੱਕ ਤਾਂਤਰਿਕ ਮਹਾਰਾਜ ਨੇ ਕਿਹਾ ਕਿ ਇੱਕ ਨਾਰੀਅਲ ਨੂੰ ਸੰਧੂਰ ਲਗਾ ਕੇ ਫਲਾਣੇ ਵਾਰ ਫਲਾਣੇ ਸਮੇਂ ਵਗਦੇ ਪਾਣੀ ਵਿੱਚ ਵਹਾ ਆਓ ਭਗਵਾਨ ਸਭ ਕੁਝ ਠੀਕ ਕਰ ਦੇਵੇਗਾ। ਹੁਣ ਸਵਾਲ ਪੈਦਾ ਹੁੰਦਾ ਹੈ ਜੋ ਭਗਵਾਨ ਇੱਕ ਨਾਰੀਅਲ ਦੇ ਚੜਾਵੇ ਲਈ ਕਿਸੇ ਬੰਦੇ ਨੂੰ ਮਹੀਨਿਆਂ ਬੱਧੀ ਮੰਜੇ ਪਾਈ ਰੱਖਦਾ ਹੈ ਉਸ ਦੇ ਜਵਾਕ ਰੁਲ ਜਾਂਦੇ ਹਨ ਉਹ ਕਿਹੋ ਜਿਹਾ ਭਗਵਾਨ ਹੈ?
ਆਮ ਭੋਲੇ ਭਾਲੇ ਲੋਕਾਂ ਦੀ ਸੋਚ ਨੂੰ ਖੁੰਡਾ ਕਰਨ ਲਈ ਅਤੇ ਉਹਨਾਂ ਦਾ ਧਿਆਨ ਆਪਣੀਆਂ ਸਮੱਸਿਆਵਾਂ ਦੇ ਕਾਰਨਾਂ ਨੂੰ ਜਾਨਣ ਅਤੇ ਸਮਝਣ ਦੀ ਬਜਾਏ ਇਹ ਲੋਕ ਆਪਣੀਆਂ ਅੰਧਵਿਸ਼ਵਾਸ਼ੀ ਧਾਰਨਾਵਾਂ ਦਾ ਪ੍ਰਚਾਰ ਕਰਕੇ ਲੋਕ ਮਾਨਸਿਕਤਾ ਨੂੰ ਮੱਧਯੁਗੀ ਰੂੜੀਵਾਦੀ ਵਿਚਾਰਧਾਰਾ ਵੱਲ ਲਿਜਾ ਰਹੇ ਹਨ। ਇਹ ਅਖੌਤੀ ਭਗਵਾਨ ਦੇ ਏਜੰਟ ਰੋਜਾਨਾਂ ਲੱਖਾਂ ਲੋਕਾਂ ਦਾ ਮਾਨਸਿਕ ਸ਼ੋਸ਼ਣ ਕਰਦੇ ਹਨ। ਭਗਵਾਨ ਦੀ ਆੜ ਹੇਠ ਆਪਣੀ ਦੁਕਾਨਦਾਰੀ ਚਮਕਾਉਂਦੇ ਹਨ। ਇਹਨਾਂ ਦੀਆਂ ਲੰਬੀਆਂ ਇਸ਼ਤਿਹਾਰਬਾਜੀਆਂ ਨਾਲ ਟੀ ਵੀ ਚੈਨਲ ਵਾਲੇ ਮੋਟੀਆਂ ਕਮਾਈਆਂ ਕਰਦੇ ਹਨ। ਇਹਨਾਂ ਲੋਕਾਂ ਦੇ ਸਿ਼ਕਾਰ ਹਮੇਸ਼ਾਂ ਦੁਖੀ, ਪ੍ਰੇਸ਼ਾਨ ਅਤੇ ਮੁਸੀਬਤਾਂ ਦੇ ਸਤਾਏ ਲੋਕ ਹੁੰਦੇ ਹਨ।
ਕਈ ਵਾਰ ਦਿਮਾਗ ਵਿੱਚ ਆਉਂਦਾ ਹੈ ਕਿ ਇਸ ਸਮੇਂ ਸਾਰੀ ਦੁਨੀਆ ਆਰਥਿਕ ਮੰਦਵਾੜੇ ਦੇ ਦੌਰ ਵਿੱਚੋਂ ਲੰਘ ਰਹੀ ਹੈ ਇਸ ਸੰਂਕਟ ਭਰੇ ਸਮੇਂ ਵਿੱਚ ਬਾਹਰਲੇ ਮੁਲਕਾਂ ਨੂੰ ਸਾਡੇ ਕਰਾਮਾਤੀ ਲੌਕਟਾਂ ਦਾ ਖਿਆਲ ਕਿਉਂ ਨਾ ਆਇਆ? ਜਾਂ ਸਾਡੇ ਦੇਸ਼ ਦੇ ਇਹ ਸੁਆਮੀ ਤਾਂਤਰਿਕ ਮਹਾਂਰਾਜ ਇਸ ਸੰਕਟ ਦੇ ਸਮੇਂ ਦੁਨੀਆਂ ‘ਤੇ ਪਰਉਪਕਾਰ ਕਰਕੇ ਦੁਨੀਆਂ ਨੂੰ ਇਸ ਸੰਕਟ ਤੋਂ ਨਿਜਾਤ ਪਾਉਣ ਦੀ ਕੋਸਿ਼ਸ਼ ਕਿਉਂ ਨਹੀਂ ਕਰਦੇ? ਇਹਨਾਂ ਦਾ ਸਿ਼ਕਾਰ ਹਮੇਸ਼ਾਂ ਆਮ ਬੰਦਾ ਹੀ ਕਿਉਂ ਹੁੰਦਾ ਹੈ?
ਸਾਡਾ ਭਾਰਤੀ ਸਮਾਜ ਅਜੇ ਵੀ ਕਈ ਤਰ੍ਹਾਂ ਦੀਆਂ ਦੀ ਮੁਸ਼ਕਲਾਂ ਮੁਸੀਬਤਾਂ ਨਾਲ ਜੂਝ ਰਿਹਾ ਹੈ। ਸਾਨੂੰ ਅੱਜ ਆਪਣੀਆਂ ਮੁਸ਼ਕਲਾਂ ਮੁਸੀਬਤਾਂ ਦੇ ਕਾਰਨਾਂ ਨੂੰ ਸਮਝਣ ਦੀ ਅਤੇ ਉਹਨਾਂ ਕਾਰਨਾਂ ਨੂੰ ਦੂਰ ਕਰਨ ਦੀ ਲੋੜ ਹੈ। ਸਮਾਜ ਵਿੱਚ ਪਨਪ ਰਹੀਆਂ ਸਮਾਜਿਕ ਬੁਰਈਆਂ ਖਿਲਾਫ ਸਾਨੂੰ ਸੰਘਰਸ਼ੀਲ ਬਣਨ ਦੀ ਜਰੂਰਤ ਹੈ। ਅਗਿਆਨਤਾ, ਬੇਰੁਜਗਾਰੀ ਭ੍ਰਿਸ਼ਟਾਚਾਰ, ਰਿਸ਼ਵਤਖੋਰੀ ਆਦਿ ਸਮਾਜਿਕ ਬੁਰਾਈਆਂ ਖਿਲਾਫ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਦੀ ਲੋੜ ਹੈ। ਦੁੱਖ ਦੀ ਗੱਲ ਇਹ ਹੈ ਕਿ ਟੀ. ਵੀ. ਚੈਨਲ ਜੋ ਅੱਜ ਸੰਚਾਰ ਦਾ ਬਹੁਤ ਵੱਡਾ ਮਾਧਿਅਮ ਹਨ ‘ਤੇ ਅੱਜਕਲ ਵਪਾਰੀ ਕਿਸਮ ਦੇ ਲੋਕ ਕਾਬਜ ਹੋ ਗਏ ਹਨ ਜੋ ਹਮੇਸ਼ਾਂ ਆਪਣੇ ਮੁਨਾਫਿਆਂ ਨੂੰ ਦੇਖਦੇ ਹਨ। ਉਹਨਾਂ ਦੀ ਇਸ ਮਨੋਬਿਰਤੀ ਨਾਲ ਸਾਡਾ ਸਮਾਜ ਕਿਸ ਪਾਸੇ ਵੱਲ ਜਾ ਰਿਹਾ ਹੈ? ਅੱਜ ਸਾਡੇ ਮਾਸੂਮ ਬੱਚਿਆਂ ਦੇ ਕੋਮਲ ਮਨਾਂ ਵਿੱਚ ਅੰਧਵਿਸ਼ਵਾਸ਼ੀ ਕਰਾਮਾਤੀ ਕਹਾਣੀਆਂ ਭਰ ਕੇ ਉਹਨਾਂ ਦੀ ਸੋਚ ਵਿਚਾਰ ਕਰਨ ਦੀ ਤਾਕਤ ਨੂੰ ਖਤਮ ਕੀਤਾ ਜਾ ਰਿਹਾ ਹੈ। ਸਮਾਜ ਦੀਆਂ ਮੁਸ਼ਕਲਾਂ, ਮੁਸੀਬਤਾਂ ਅਤੇ ਸਮੱਸਿਆਵਾਂ ਲਈ ਜਿੰਮੇਵਾਰ ਰਾਜਨੀਤਕ ਕਾਰਨਾਂ ਤੋਂ ਲੋਕਾਂ ਦਾ ਧਿਆਨ ਹਟਾੳਣ ਲਈ ਇੱਕ ਬੜੀ ਸੋਚੀ ਸਮਝੀ ਸ਼ਜਿਸ਼ ਤਹਿਤ ਲੋਕਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਤੁਹਾਡੀ ਮੰਦਹਾਲੀ ਗਰੀਬੀ ਜਾਂ ਘਟੀਆ ਪ੍ਰਸ਼ਾਸ਼ਨਿਕ ਪ੍ਰਬੰਧਾਂ ਲਈ ਇਹ ਸਾਡੇ ਦੇਸ਼ ਦਾ ਜਰਜਰਾ ਰਾਜਨੀਤਕ ਢਾਂਚਾ ਜਿੰਮੇਵਾਰ ਨਹੀਂ ਹੈ, ਬਲਕਿ ਤੁਹਾਡੀਆਂ ਇਹ ਸਮੱਸਿਆਵਾਂ ਦੇ ਕਾਰਨ, ਤੁਹਾਡੀ ਕਿਸਮਤ ਅਤੇ ਤੁਹਾਡੇ ਗ੍ਰਿਹਾਂ ਦੀ ਚਾਲ ਢਾਲ ਵਿੱਚ ਆਏ ਵਿਗਾੜ ਹਨ। ਇਹਨਾਂ ਸਭ ਤਰਾਂ ਦੀਆਂ ਸਮੱਸਿਆਵਾਂ ਦੇ ਹਲ ਸਾਡੇ ਪਾਸ ਹਨ। ਸਾਡੇ ਜੋਤਿਸ਼ ਮਾਹਿਰ ਅਤੇ ਇਹ ਲੋਕਟ ਮਾਲਾਵਾਂ ਅਤੇ ਤੁਹਾਡੀ ਹਰ ਤਰ੍ਹਾਂ ਦੀ ਮੁਸ਼ਕਲ ਦਾ ਸੌਖਾ ਤੇ ਆਸਾਨ ਹੱਲ ਦੱਸ ਸਕਦੇ ਹਨ। ਤੁਹਾਡੀਆਂ ਗੁੰਝਲਦਾਰ ਸਮੱਸਿਆਵਾਂ ਦਾ ਉਪਾਅ ਕਰ ਸਕਦੇ ਹਨ।
ਇਸ ਤਰ੍ਹਾਂ ਆਪਣੇ ਘਰਾਂ ਦੀਆਂ ਗਰੀਬੀ ਮੰਦਹਾਲੀ ਅਤੇ ਪ੍ਰੇਸ਼ਾਨੀਆਂ ਦਾ ਸਤਾਏ ਲੋਕ ਆਪਣੀ ਅਗਿਆਨਤਾ ਵੱਸ ਅਕਸਰ ਇਹਨਾਂ ਦੇ ਤੇਂਦੂਏ ਜਾਲ ਵਿੱਚ ਫਸ ਜਾਂਦੇ ਹਨ। ਕਈ ਤਰਾਂ ਦੀਆਂ ਪ੍ਰੇੁਸ਼ਾਨੀਆਂ ਦਾ ਸਿ਼ਕਾਰ ਬੰਦਾ ਜੋ ਪਹਿਲਾਂ ਹੀ ਦੁਖਾਂ ਤਖਲੀਫਾਂ ਦਾ ਝੰਬਿਆ ਹੁੰਦਾ ਹੈ ਜਦ ਇਹਨਾਂ ਅਖੋਤੀ ਭਗਵਾਨ ਦੇ ਏਜੰਟਾਂ ਦੇ ਅੜਿਕੇ ਚੜ੍ਹ ਜਾਂਦਾ ਹੈ ਤਾਂ ਇਹ ਉਹਦੀ ਰਹਿੰਦੀ ਖੂੰਹਦੀ ਛਿੱਲ ਵੀ ਲਾਹ ਲੈਂਦੇ ਹਨ। ਇਹ ਇੱਕ ਤਰ੍ਹਾਂ ਨਾਲ ਪਹਿਲਾਂ ਹੀ ਦੁਖੀ ਬੰਦੇ ਨੂੰ ਹੋਰ ਦੁਖੀ ਕਰਨ ਵਾਲੀ ਗਲ ਹੈ।
ਦੋਸਤੋ ! ਅੱਜ ਅਸੀਂ ਇੱਕਵੀ ਸਦੀ ਵਿੱਚ ਰਹਿ ਰਹੇ ਹਾਂ ਬੰਦੇ ਦੀ ਅਕਲ ਨੇ ਬਹੁਤ ਕਰਾਮਾਤਾਂ ਕੀਤੀਆਂ ਹਨ। ਆਪਣੇ ਕਮਰੇ ਵਿੱਚ ਬੈਠੇ ਅਸੀਂ ਪੂਰੀ ਦੁਨੀਆਂ ਦੀ ਸੈਰ ਕਰ ਸਕਦੇ ਹਾਂ। ਬਿਮਾਰੀਆਂ ਮਹਾਂਮਾਰੀਆਂ ਜਿਹਨਾਂ ਨੂੰ ਪਹਿਲਾਂ ਕਿਸੇ ਦੇਵੀ ਦੇਵਤੇ ਦਾ ਕਹਿਰ ਸਮਝਿਆ ਜਾਂਦਾ ਸੀ ਤੇ ਮਨੁੱਖ ਨੇ ਆਪਣੀ ਅਕਲ ਨਾਲ ਕੰਟਰੋਲ ਕਰ ਲਿਆ ਹੈ। ਪਰ ਸਾਡੀ ਬਦਕਿਸਮਤੀ ਇਹ ਹੈ ਕਿ ਅਜੇ ਵੀ ਸਾਡਾ ਸਮਾਜ ਰੂੜੀਵਾਦੀ ਅੰਧਵਿਸ਼ਵਾਸ਼ੀ ਵਿਚਾਰਧਾਰਾ ਦਾ ਸਿ਼ਕਾਰ ਹੈ। ਅੱਜ ਵੀ ਚਲਾਕ ਲੋਕ ਆਮ ਮਨੁੱਖ ਨੂੰ ਲੱਟ ਕੇ ਆਪਣੀਆਂ ਤਜੌਰੀਆਂ ਭਰਨ ਲਈ ਜੋਤਿਸ਼, ਕਰਾਮਾਤੀ ਮਾਲਾਵਾਂ, ਲੋਕਟ ਤੇ ਨਗਾਂ ਨੂੰ ਸਾਡੀਆਂ ਸਾਰੀਆਂ ਸਮੱਸਿਆਵਾਂ ਦੇ ਹੱਲ ਦੱਸ ਕੇ ਸਾਨੂੰ ਠੱਗ ਰਹੇ ਹਨ। ਜਿਵੇਂ ਸ਼ਹੀਦੇ ਆਜ਼ਮ ਸ: ਭਗਤ ਸਿੰਘ ਨੇ ਕਿਹਾ ਸੀ “ਇੰਕਲਾਬ ਦੀ ਤਲਵਾਰ ਵਿਚਾਰਾਂ ਸਾਣ ‘ਤੇ ਤਿੱਖੀ ਹੁੰਦੀ ਹੈ।” ਸਮਾਜ ਵਿੱਚ ਤਬਦੀਲੀ ਲਿਆਉਣ ਲਈ, ਆਮ ਬੰਦੇ ਦੀ ਜਿੰਦਗੀ ਵਿੱਚ ਸੁਧਾਰ ਲਿਆਉਣ ਲਈ ਸਾਨੂੰ ਵਿਚਾਰਧਾਰਕ ਤੌਰ ਤੇ ਹੋਰ ਜਿਆਦਾ ਗਿਆਨਵਾਨ ਹੋਣ ਦੀ ਜਰੂਰਤ ਹੈ। ਆਓ ਆਪਣੇ ਅਗਿਆਨਤਾ ਅੰਧਵਿਸ਼ਵਾਸ਼ ਦੇ ਖਿਲਾਫ ਵਿਗਿਆਨਕ ਸੋਚ ਦਾ ਝੰਡਾ ਬੁਲੰਦ ਕਰੀਏ।
****