ਦਸਮ
ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 13 ਅਪ੍ਰੈਲ, 1699 ਈ. ਨੂੰ ਪੰਜ ਪਿਆਰਿਆਂ ਨੂੰ
ਅੰਮ੍ਰਿਤ ਛਕਾ ਕੇ ਅਤੇ ਉਪਰੰਤ ਆਪ ਉਹਨਾਂ ਪੰਜ ਪਿਆਰਿਆਂ ਤੋਂ ਅੰਮ੍ਰਿਤ ਛਕ ਕੇ ਖਾਲਸਾ
ਪੰਥ ਦੀ ਨੀਂਹ ਰੱਖੀ ਅਤੇ ਸਿੱਖ ਧਰਮ ਨੂੰ ਇੱਕ ਵੱਖਰੀ ਅਤੇ ਵਿਲੱਖਣ ਪਹਿਚਾਨ ਦਿੱਤੀ। ਕੀ
ਅਸੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਦਿੱਤੀਆਂ ਸਿੱਖਿਆਵਾਂ ਤੇ ਚੱਲ ਰਹੇ ਹਾਂ?
ਜੇਕਰ ਅੱਜ ਦੇ ਹਾਲਤਾਂ ‘ਤੇ ਨਜ਼ਰ ਮਾਰੀਏ ਤਾਂ ਇਹ ਬਿਲਕੁਲ ਉਲਟ ਚੱਲ ਰਿਹਾ ਹੈ। ਕਿਉਂਕਿ ਅੱਜ ਸਿੱਖ ਧਰਮ ਵਿੱਚ ਕੋਈ ਪ੍ਰਕਾਰ ਦੇ ਅਖੌਤੀ ਰੀਤੀ-ਰਿਵਾਜ ਅਤੇ ਵਹਿਮ-ਭਰਮਾਂ ਨੇ ਡੇਰੇ ਲਾ ਲਏ ਹਨ। ਉਦਾਹਰਣ ਦੇ ਤੌਰ ‘ਤੇ ਗੁਰਦੁਆਰਾ ਸਾਹਿਬ ਵਿੱਚ ਬਹੁਤੇ ਲੋਕ ਸ੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਨਮਸਤਕ ਹੋਣ ਦੀ ਬਜਾਏ ਪੱਥਰਾਂ ‘ਤੇ ਨੱਕ ਰਗੜਨ ਅਤੇ ਸਰੋਵਰਾਂ ਵਿੱਚ ਡੁੱਬਕੀ ਲਗਾਉਣ ਨੂੰ ਜਿ਼ਆਦਾ ਅਹਿਮੀਅਤ ਦਿੰਦੇ ਹਨ, ਜਦ ਕਿ ਸ੍ਰੀ ਗੁਰੂ ਗਰੰਥ ਸਾਹਿਬ ਜੀ ਵਿੱਚ ਦਰਜ ਬਾਣੀ ਇਹਨਾਂ ਸਭ ਵਹਿਮਾਂ-ਭਰਮਾਂ ਦਾ ਜ਼ੋਰਦਾਰ ਸ਼ਬਦਾਂ ਵਿੱਚ ਖੰਡਨ ਕਰਦੀ ਹੈ। ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ:
ਹਰਿ ਮੰਦਰ ਏਹਿ ਸਰੀਰੁ ਹੈ, ਗਿਆਨ ਰਤਨ ਪ੍ਰਗਟ ਹੋਇ
ਇਸੇ ਤਰ੍ਹਾਂ ਬਾਬਾ ਫਰੀਦ ਜੀ ਆਪਣੀ ਬਾਣੀ ਵਿੱਚ ਸਮਝਾਉਦੇ ਹਨ:
ਫਰੀਦਾ ਜੰਗਲੁ ਜੰਗਲੁ ਕਿਆ ਭਵਹਿ ਵਣਿ ਕੰਡਾ ਮੋੜੇਹਿ।।
ਵਸੀ ਰਬੁ ਹਿਆਲੀਐ ਜੰਗਲੁ ਕਿਆ ਢੂਢੇਹਿ।।
ਜੇਕਰ ਅੱਜ ਦੇ ਹਾਲਤਾਂ ‘ਤੇ ਨਜ਼ਰ ਮਾਰੀਏ ਤਾਂ ਇਹ ਬਿਲਕੁਲ ਉਲਟ ਚੱਲ ਰਿਹਾ ਹੈ। ਕਿਉਂਕਿ ਅੱਜ ਸਿੱਖ ਧਰਮ ਵਿੱਚ ਕੋਈ ਪ੍ਰਕਾਰ ਦੇ ਅਖੌਤੀ ਰੀਤੀ-ਰਿਵਾਜ ਅਤੇ ਵਹਿਮ-ਭਰਮਾਂ ਨੇ ਡੇਰੇ ਲਾ ਲਏ ਹਨ। ਉਦਾਹਰਣ ਦੇ ਤੌਰ ‘ਤੇ ਗੁਰਦੁਆਰਾ ਸਾਹਿਬ ਵਿੱਚ ਬਹੁਤੇ ਲੋਕ ਸ੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਨਮਸਤਕ ਹੋਣ ਦੀ ਬਜਾਏ ਪੱਥਰਾਂ ‘ਤੇ ਨੱਕ ਰਗੜਨ ਅਤੇ ਸਰੋਵਰਾਂ ਵਿੱਚ ਡੁੱਬਕੀ ਲਗਾਉਣ ਨੂੰ ਜਿ਼ਆਦਾ ਅਹਿਮੀਅਤ ਦਿੰਦੇ ਹਨ, ਜਦ ਕਿ ਸ੍ਰੀ ਗੁਰੂ ਗਰੰਥ ਸਾਹਿਬ ਜੀ ਵਿੱਚ ਦਰਜ ਬਾਣੀ ਇਹਨਾਂ ਸਭ ਵਹਿਮਾਂ-ਭਰਮਾਂ ਦਾ ਜ਼ੋਰਦਾਰ ਸ਼ਬਦਾਂ ਵਿੱਚ ਖੰਡਨ ਕਰਦੀ ਹੈ। ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ:
ਹਰਿ ਮੰਦਰ ਏਹਿ ਸਰੀਰੁ ਹੈ, ਗਿਆਨ ਰਤਨ ਪ੍ਰਗਟ ਹੋਇ
ਇਸੇ ਤਰ੍ਹਾਂ ਬਾਬਾ ਫਰੀਦ ਜੀ ਆਪਣੀ ਬਾਣੀ ਵਿੱਚ ਸਮਝਾਉਦੇ ਹਨ:
ਫਰੀਦਾ ਜੰਗਲੁ ਜੰਗਲੁ ਕਿਆ ਭਵਹਿ ਵਣਿ ਕੰਡਾ ਮੋੜੇਹਿ।।
ਵਸੀ ਰਬੁ ਹਿਆਲੀਐ ਜੰਗਲੁ ਕਿਆ ਢੂਢੇਹਿ।।
ਅੱਜ ਕੱਲ ਤਾਂ ਸਿੱਖ ਦੀ ਪਰਿਭਾਸ਼ਾ ਹੀ ਬਦਲ ਗਈ ਹੈ, ਕਿਉਂਕਿ ਅੱਜ ਤਾਂ ਉਹੀ ਸਿੱਖ ਹੈ, ਜਿਸ ਨੇ ਅੰਮ੍ਰਿਤ ਪਾਨ ਕੀਤਾ ਹੋਇਆ ਹੈ। ਭਾਵੇਂ ਉਹ 60 ਸਾਲ ਦਾ ਬਜ਼ੁਰਗ ਹੈ ਜਾਂ ਫਿਰ ਇੱਕ-ਦੋ ਸਾਲ ਦਾ ਬੱਚਾ। ਅੱਜ ਦੇ ਲੋਕ ਉਸ 60 ਸਾਲ ਦੇ ਬਜੁਰਗ ਨੂੰ ਸਿੱਖ ਮੰਨਦੇ ਹਨ ਜਿਸ ਨੇ ਆਪਣੀ ਜਿੰਦਗੀ ਦੇ ਅਨਮੋਲ ਅਤੇ ਬਹੁ-ਕੀਮਤੀ 59 ਸਾਲ ਸ਼ਰਾਬਾਂ-ਕਬਾਬਾਂ, ਦੁਨਿਆਰੀ ਮੋਹ ਅਤੇ ਫੋਕੇ ਰੀਤੀ ਰਿਵਾਜਾਂ ਵਿੱਚ ਗੁਆ ਦਿੱਤੇ ਅਤੇ ਅੰਤਲੇ ਸਮੇਂ ਆਪਣੇ ਕੀਤੇ ਪਾਪਾਂ ਅਤੇ ਮਾੜੇ ਕਰਮਾਂ ‘ਤੇ ਪਰਦਾ ਪਾਉਣ ਲਈ ਅੰਮ੍ਰਿਤਪਾਨ ਕਰ ਲਿਆ ਤੇ ਉਹੀ 60 ਸਾਲਾਂ ਬਜੁਰਗ ਅਰਥਹੀਣ ਮੁੱਦੇ ਲੈ ਕੇ ਸਿੱਖੀ ਅਤੇ ਸਿੱਖ ਧਰਮ ਦਾ ਅਪਮਾਨ ਕਰਨ ਲਈ ਉਸ ਨੂੰ ਮੀਡੀਏ ਵਿੱਚ ਲਿਆ ਖੜਾ ਕਰਦਾ ਹੈ। ਮੁਆਫ਼ ਕਰਨਾ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਕੀ ਇਹੋਂ ਸਿੱਖ ਦੀ ਪਰਿਭਾਸ਼ਾ ਹੈ?
ਦੂਸਰੇ ਪਾਸੇ ਉਹ ਇੱਕ ਜਾਂ ਦੋ ਸਾਲ ਦਾ ਬੱਚਾ ਜੋ ਆਪਣਾ ਨਾਮ ਵੀ ਠੀਕ ਤਰ੍ਹਾਂ ਨਾਲ ਨਹੀ ਉਚਾਰ ਸਕਦਾ ਅਤੇ ਜਿਸ ਨੂੰ ਸਿੰਘ ਸ਼ਬਦ ਦੀ ਕੋਈ ਜਾਣਕਾਰੀ ਨਹੀ। ਕਈ ਵਾਰ ਇਹ ਬੱਚਾ ਬਿਸਤਰ ਵੀ ਗਿੱਲਾ ਕਰ ਦਿੰਦਾ ਹੈ, ਕਿਉਂਕਿ ਉਹ ਬੱਚਾ ਹੈ। ਪਰ ਸਿੱਖੀ ਸਰੂਪ ਹੋਣ ਕਰਕੇ ਅਤੇ ਸਿੱਖ ਪਰਿਵਾਰ ਵਿੱਚ ਹੋਣ ਕਰਕੇ ਅੰਮ੍ਰਿਤ ਪਾਨ ਕੀਤਾ ਹੋਣ ਕਰਕੇ ਉਹ ਸਿੱਖ ਹੈ।
ਪਰ ਜਿੰਨ੍ਹਾਂ ਨੇ ਪੂਰੀ ਜਿ਼ੰਦਗੀ ਸ਼ਰਾਬ-ਕਬਾਬ, ਮੀਟ-ਅੰਡਾ, ਤੰਬਾਕੂ ਅਤੇ ਹੋਰ ਕਿਸੇ ਵੀ ਕਿਸਮ ਦਾ ਨਸ਼ਾ ਨਹੀਂ ਕੀਤਾ ਅਤੇ ਬਿਨ ਨਾਗਾ ਗੁਰਦੁਆਰਾ ਸਾਹਿਬ ਵਿੱਚ ਹਾਜ਼ਰੀ ਭਰੀ, ਰੱਜ ਕੇ ਮਾਤਾ-ਪਿਤਾ ਅਤੇ ਸਮਾਜ ਦੀ ਸੇਵਾ ਕੀਤੀ ਪਰ ਅੰਮ੍ਰਿਤ ਪਾਨ ਨਹੀਂ ਕੀਤਾ। ਇਸ ਦਾ ਉਹਨਾਂ ਨੂੰ ਇਨਾਮ ਕੀ ਮਿਲਿਆਂ ਅਖੇ ਉਹ ਸਹਿਜਧਾਰੀ ਹੈ। ਮੁਆਫ਼ ਕਰਨਾ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਸਹਿਜਧਾਰੀ 60 ਸਾਲ ਦੇ ਅੰਮ੍ਰਿਤਧਾਰੀ ਬਜੁਰਗ ਅਤੇ ਇੱਕ ਜਾਂ ਦੋ ਸਾਲ ਦੇ ਅੰਮ੍ਰਿਤਧਾਰੀ ਬੱਚੇ ਤੋਂ ਚੰਗਾ ਹੈ ਜਾਂ ਫਿਰ ਮਾੜਾ? ਇਸ ਦਾ ਜਵਾਬ ਵੀ ਤੁਹਾਡੇ ਕੋਲ ਹੀ ਹੈ।
ਅੱਜ ਦੇ ਸਿੱਖਾਂ ਲਈ ਇੱਕ ਇਨਸਾਨ ਦੁਆਰਾ ਬਣਾਈ ਗਈ ਇਮਾਰਤ ਅਤੇ ਚੀਜ਼ ਉਸ ਪ੍ਰਮਾਤਮਾ ਵੱਲੋਂ ਬਣਾਏ ਗਏ ਇਨਸਾਨ ਤੋਂ ਕਿਤੇ ਵੱਧ ਮਹੱਤਤਾ ਰੱਖਦੀ ਹੈ। ਕਿਉਂਕਿ ਅੱਜ ਦੇ ਦੌਰ ਵਿੱਚ ਜੇਕਰ ਕਿਸੇ ਇਨਸਾਨ ਕੋਲੋ ਗ਼ਲਤੀ ਨਾਲ ਵੀ ਕਿਸੇ ਗੁਰਦੁਆਰੇ ਜਾਂ ਮੰਦਰ ਦੀ ਇੱਕ ਇੱਟ ਵੀ ਢਹਿ ਜਾਵੇ ਤਾਂ ਅਸੀ ਉਸ ਪ੍ਰਮਾਤਮਾ ਦੇ ਬਣਾਏ ਹੋਏ ਹੋਏ ਅਨੇਕਾਂ ਮੰਦਰਾਂ (ਇਨਸਾਨਾਂ) ਨੂੰ ਢਹਿ ਢੇਰੀ ਕਰ ਦਿੰਦੇ ਹਾਂ। ਕੀ ਸਿੱਖ ਧਰਮ ਸਾਨੂੰ ਇਹੋ ਸਿਖਾਉਦਾ ਹੈ? ਨਹੀਂ, ਬਿਲਕੁੱਲ ਨਹੀਂ। ਸਿੱਖ ਧਰਮ ਤਾਂ ਸਿਖਾਉਂਦਾ ਹੈ ਕਿ ਕਿਸੇ ਵੀ ਜਾਨ ਨੂੰ ਬਚਾਉਣ ਲਈ ਜੇਕਰ ਸਿੱਖ ਨੂੰ ਆਪਣੀ ਜਾਨ ਵੀ ਦੇਣੀ ਪੈਂਦੀ ਹੈ ਤਾਂ ਦੇ ਦੇਣੀ ਚਾਹੀਦੀ ਹੈ। ਇਸ ਦੀ ਇੱਕ ਬੇਮਿਸਾਲ ਉਦਾਹਰਣ ਸਿੱਖ ਧਰਮ ਵਿੱਚ ਮਿਲਦੀ ਹੈ: ਸ੍ਰੀ ਗੁਰੂ ਤੇਗ ਬਹਾਦੁਰ ਜੀ ਵੱਲੋਂ ਦਿੱਲੀ ਵਿਖੇ ਚਾਂਦਨੀ ਚੌਂਕ ਵਿੱਚ ਸ਼ਹੀਦੀ ਪ੍ਰਾਪਤ ਕਰਨਾ।।
ਸ੍ਰੀ ਗੁਰੂ ਤੇਗ ਬਹਾਦੁਰ ਜੀ ਨੇ ਇਹ ਤਾਂ ਨਹੀਂ ਕਿਹਾ ਸੀ ਕਿ ਹਿੰਦੂ ਸਹਿਜਧਾਰੀ ਹਨ, ਮੈਂ ਇਹਨਾਂ ਸਹਿਜਧਾਰੀਆਂ ਲਈ ਕਿਉਂ ਸ਼ਹੀਦ ਹੋਵਾ। ਸਿੱਖ ਧਰਮ ਸਿਖਾਉਂਦਾ ਹੈ ਕਿ ਜਦੋਂ ਕਦੇ ਵੀ ਸੰਸਾਰ ਵਿੱਚ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਸਿੱਖ ਭਾਵੇਂ ਸਹਿਜਧਾਰੀ ਹੋਵੇ ਜਾਂ ਫਿਰ ਅੰਮ੍ਰਿਤਧਾਰੀ ਉਸ ਦਾ ਫਰਜ਼ ਬਣਦਾ ਹੈ ਕਿ ਉਹ ਆਪਣੀ ਜਾਨ ਦੇ ਕੇ ਉਸ ਮੁਸ਼ਕਿਲ ਨੂੰ ਫਤਹਿ ਕਰੇ। ਇਹੋ ਸਿੱਖ ਦਾ ਸੱਚਾ ਅਤੇ ਅਸਲੀ ਕਰੱਤਵ ਹੈ। ਇਸ ਦੀ ਇੱਕ ਤਾਜ਼ਾ ਮਿਸਾਲ ਲੰਡਨ ਵਿੱਚ ਹੋਏ ਦੰਗੇ ਦੌਰਾਨ ਵੇਖਣ ਨੂੰ ਮਿਲੀ, ਜਦੋਂ ਸਿੱਖਾਂ ਨੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨ੍ਹਾਂ ਹਜ਼ਾਰਾਂ ਲੋਕਾਂ ਨੂੰ ਮੌਤ ਦੇ ਮੂੰਹ ਵਿੱਚੋਂ ਬਾਹਰ ਕੱਢਿਆ ਸੀ। ਕੀ ਉਹ ਅੰਮ੍ਰਿਤਧਾਰੀ ਸਿੱਖ ਸਨ ਜਾਂ ਫਿਰ ਸਹਿਜਧਾਰੀ ਸਿੱਖ ਸਨ। ਮੇਰੇ ਖਿਆਲ ਸਾਨੂੰ ਉਹ ਸਿਰਫ ਸਿੱਖ ਸਨ।
ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗਰੰਥ ਸਾਹਿਬ ਤੱਕ ਕਿਤੇ ਵੀ ਸਹਿਜਧਾਰੀ ਸ਼ਬਦ ਦਾ ਪ੍ਰਯੋਗ ਨਹੀਂ ਕੀਤਾ ਗਿਆ, ਫਿਰ ਇਹ ਸਹਿਜਧਾਰੀ ਸ਼ਬਦ ਕਿੱਥੋਂ ਆਇਆ ਹੈ? ਯਕੀਨਨ ਇਸ ਸ਼ਬਦ ਦੀ ਰਚਨਾ ਇਨਸਾਨ ਵੱਲੋਂ ਕੀਤੀ ਗਈ ਨਾ ਕਿ ਉਸ ਪ੍ਰਮਾਤਮਾ ਵੱਲੋਂ। ਅਸੀਂ ਦੁਨਿਆਵੀ ਲੋਕ ਤਾਂ ਪਹਿਲਾ ਹੀ ਇਨਸਾਨ ਦੁਆਰਾ ਬਣਾਈਆਂ ਗਈਆਂ ਦੁਨਿਆਵੀ ਚੀਜ਼ਾਂ ਨੂੰ ਉਸ ਪ੍ਰਮਾਤਮਾ ਵੱਲੋਂ ਬਣਾਈਆਂ ਕੁਦਰਤੀ ਚੀਜ਼ਾਂ ਨਾਲੋਂ ਵਧੇਰੇ ਮਹੱਤਵ ਦਿੰਦੇ ਹਾਂ।
ਮੇਰੇ ਅਨੁਸਾਰ ਸਹਿਜਧਾਰੀ ਹੋਣਾ ਕੋਈ ਗੁਨਾਹ ਨਹੀਂ ਹੈ। ਅੱਜ ਪੂਰੇ ਪੰਜਾਬ ਵਿੱਚ ਇੱਕ ਹੀ ਮੁੱਦਾ ਚੱਲ ਰਿਹਾ ਹੈ ਕਿ ਸਹਿਜਧਾਰੀ ਸਿੱਖਾਂ ਨੂੰ ਸ੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਵੋਟ ਪਾਉਣ ਦਾ ਕੋਈ ਅਧਿਕਾਰ ਨਹੀਂ, ਕਿਉਂ? ਕਿਉਂਕਿ ਇਹ ਅੰਮ੍ਰਿਤਧਾਰੀ ਨਹੀਂ ਹਨ। ਮੈਂ ਸ੍ਰੋਮਣੀ ਕਮੇਟੀ ਅਤੇ ਪੂਰੇ ਪੰਜਾਬ ਅਤੇ ਸੰਸਾਰ ਦੇ ਉਹਨਾਂ ਸਾਰੇ ਸਿੱਖ ਭੈਣ-ਭਰਾ ਤੋਂ ਇਹ ਪੁੱਛਣਾ ਚਾਹੁੰਦਾ ਹਾਂ ਕਿ ਜੇਕਰ ਇਹਨਾਂ ਸਹਿਜਧਾਰੀਆਂ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਹੈ ਤਾਂ ਫਿਰ ਅਸੀਂ ਆਪਣੇ ਗੁਰਦੁਆਰਿਆਂ ਵਿੱਚ ਇਹਨਾਂ ਸਹਿਜਧਾਰੀਆਂ ਵੱਲੋਂ ਆਪਣੀ ਮੇਹਨਤ ਦੀ ਕਮਾਈ ਵਿੱਚੋਂ ਕੱਢਿਆ ਲੱਖਾਂ ਰੁਪਏ ਦਾ ਦਸਵੰਧ ਕਿਉਂ ਸਵੀਕਾਰ ਕਰਦੇ ਹਾਂ। ਉਦੋਂ ਕਿਉਂ ਨਹੀਂ ਕਹਿੰਦੇ ਕਿ ਨਹੀਂ ਭਾਈ ਤੂੰ ਸਹਿਜਧਾਰੀ ਏ ਅਤੇ ਤੇਰਾ ਦਸਵੰਧ ਸਵੀਕਾਰ ਨਹੀਂ ਕੀਤਾ ਜਾ ਸਕਦਾ। ਸ੍ਰੋਮਣੀ ਕਮੇਟੀ ਦੇ ਗੁਰਦੁਆਰਿਆਂ ਵਿੱਚ ਜੋ ਚੜ੍ਹਾਵਾ ਚੜਦਾ ਹੈ, ਉਸ ਵਿੱਚ 70% ਚੜ੍ਹਾਵਾ ਇਹਨਾਂ ਸਹਿਜਧਾਰੀਆਂ ਸਿੱਖਾਂ ਦਾ ਹੀ ਹੁੰਦਾ ਹੈ।
ਅੱਜ ਸ੍ਰੋਮਣੀ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਇਹ ਕਿਹਾ ਜਾ ਰਿਹਾ ਹੈ ਕਿ ਸਹਿਜਧਾਰੀ ਸਿੱਖਾਂ ਨੂੰ ਵੋਟ ਪਾਉਣ ਦਾ ਕੋਈ ਅਧਿਕਾਰ ਨਹੀਂ, ਕੱਲ ਨੂੰ ਇਹ ਵੀ ਕਿਹਾ ਜਾ ਸਕਦਾ ਹੈ ਕਿ ਸਹਿਜਧਾਰੀ ਸਿੱਖ, ਸਿੱਖ ਹੀ ਨਹੀਂ ਹਨ, ਇਹਨਾਂ ਨੂੰ ਗੁਰਦੁਆਰਾ ਸਾਹਿਬ ਅੰਦਰ ਹੀ ਨਾ ਆਉਣ ਦਿੱਤਾ ਜਾਵੇ। ਸੋਚਣ ਦੀ ਲੋੜ ਹੈ?
ਮੇਰਾ ਨਿੱਜੀ ਖਿਆਲ ਹੈ ਕਿ ਸਿੱਖ ਧਰਮ ਵਿੱਚ ਕੁਝ ਚੰਦ ਕੁ ਲੋਕ ਹਨ, ਜੋ ਸਿੱਖ ਧਰਮ ਦੇ ਵਿਸ਼ਾਲ ਘੇਰੇ ਨੂੰ ਸੌੜਾ ਕਰਨਾ ਚਾਹੁੰਦੇ ਹਨ ਅਤੇ ਸਿੱਖਾਂ ਵਿੱਚ ਅੰਮ੍ਰਿਤਧਾਰੀ ਸਿੱਖ ਅਤੇ ਸਹਿਜਧਾਰੀ ਸਿੱਖ ਸ਼ਬਦਾਂ ਦਾ ਪ੍ਰਯੋਗ ਕਰਕੇ ਸਿੱਖਾਂ ਨੂੰ ਸਿੱਖਾਂ ਦੇ ਹੱਥੋਂ ਕਤਲ ਕਰਵਾਉਣਾ ਚਾਹੁੰਦੇ ਹਨ। ਕਿਉਂਕਿ ਪੂਰੇ ਸੰਸਾਰ ਵਿੱਚ ਹਿੰਦੂ ਧਰਮ ਹੈ, ਇਸਲਾਮ ਧਰਮ ਹੈ, ਈਸਾਈ ਧਰਮ ਹੈ ਅਤੇ ਕਈ ਹੋਰ ਵੀ ਬਹੁਤ ਸਾਰੇ ਧਰਮ ਹਨ, ਉਹਨਾਂ ਵਿੱਚ ਕਦੇ ਵੀ ਇਸ ਤਰ੍ਹਾਂ ਦਾ ਵਾਦ-ਵਿਦਾਦ ਹੁੰਦਾ ਨਹੀਂ ਵੇਖਿਆ ਗਿਆ।
ਸਿੱਖਾਂ ਨੂੰ ਚਾਹੀਦਾ ਹੈ, ਖਾਸ ਕਰਕੇ ਸ੍ਰੋਮਣੀ ਕਮੇਟੀ ਨੂੰ ਚਾਹੀਦਾ ਹੈ ਕਿ ਉਹ ਸਹਿਜਧਾਰੀਆਂ ਦੇ ਨਾਲ-ਨਾਲ ਦੂਜੇ ਧਰਮਾਂ ਦੇ ਲੋਕਾਂ ਨੂੰ ਇਸ ਵੋਟ ਦਾ ਅਧਿਕਾਰ ਦੇਣ ਅਤੇ ਸਿੱਖੀ ਸਿਧਾਤਾਂ ਦੀ ਉਹਨਾ ਨੂੰ ਜਾਣਕਾਰੀ ਦੇਣ ਤਾਂ ਜੋ ਸਿੱਖ ਧਰਮ ਦਾ ਘੇਰਾ ਵਿਸ਼ਾਲ ਹੋ ਸਕੇ ਅਤੇ ਸਿੱਖ ਧਰਮ ਦਾ ਪ੍ਰਚਾਰ ਸਿੱਖ ਧਰਮ ਤੋਂ ਇਲਾਵਾ ਦੂਜੇ ਧਰਮਾਂ ਵਿੱਚ ਵੀ ਹੋ ਸਕੇ। ਪਰ ਇਹ ਨੇਤਾ ਦਾ ਰੋਂਦੇ ਨੇ ਕੁਰਸੀਆਂ ਨੂੰ, ਇਹ ਏਦਾਂ ਕਿਉਂ ਕਰਨਗੇ? ਸੋਚਣ ਦੀ ਲੋੜ ਹੈ?
ਬਾਕੀ ਅੰਤ ਵਿੱਚ ਮੈਂ ਦੋਵੇਂ ਹੱਥ ਜੋੜ ਕੇ ਮੁਆਫ਼ੀ ਚਾਹੁੰਦਾ ਹਾਂ ਕਿ ਜੇਕਰ ਮੇਰੇ ਇਹਨਾਂ ਵਿਚਾਰਾਂ ਨਾਲ ਕਿਸੇ ਦੇ ਮਨ ਨੂੰ ਕੋਈ ਠੇਸ ਵੱਜੀ ਹੋਵੇ ਤਾਂ ਮੈਨੂੰ ਮੁਆਫ਼ ਕਰ ਦੇਣਾ, ਕਿਉਂਕਿ ਮੈਂ ਆਪਣੇ ਵਿਚਾਰ ਪੇਸ਼ ਕੀਤੇ ਹਨ, ਕੋਈ ਕਾਨੂੰਨ ਲਾਗੂ ਨਹੀਂ ਕੀਤਾ ਅਤੇ ਇਹਨਾਂ ਵਿਚਾਰਾਂ ਨਾਲ ਕਿਸੇ ਦਾ ਸਹਿਮਤ ਹੋਣਾ ਕੋਈ ਜ਼ਰੂਰੀ ਨਹੀਂ। ਕਿਉਂਕਿ ਪ੍ਰਮਾਤਮਾ ਜੀ ਨੇ ਮੈਨੂੰ ਜਿੰਨੀ ਕੁ ਬੁੱਧੀ ਦਿੱਤੀ ਮੈਂ ਉਸ ਦੇ ਅਨੁਸਾਰ ਆਪਣੇ ਵਿਚਾਰਾਂ ਨੂੰ ਪਾਠਕਾਂ ਦੀ ਕਚਹਿਰੀ ਵਿੱਚ ਪੇਸ਼ ਕਰ ਦਿੱਤਾ।
dchardarshan@gmail.com
****