ਭਾਈ ਬੁਢੇ ਵਰਨਣ ਕੀਆ, ਸਤਗੁਰ ਸਰੋਤਾ ਆਪ……… ਲੇਖ / ਅਜੀਤ ਸਿੰਘ (ਡਾ.), ਕੋਟਕਪੂਰਾ

ਇਕ ਵਾਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਬਾ ਬੁੱਢਾ ਜੀ ਨੂੰ ਕਿਹਾ ਕਿ ਤੁਸੀਂ ਪੰਜ ਗੁਰੂ ਸਾਹਿਬਾਨ ਦੇ ਦਰਸ਼ਨ ਕੀਤੇ ਹਨ, ਉਨ੍ਹਾਂ ਬਾਰੇ ਥੋੜਾ ਜਿਹਾ ਅਨੁਭਵ ਦਿਓ। ਬਾਬਾ ਜੀ ਨੇ ਕਿਹਾ: ਕਿਸੇ ਵਿਚ ਕੀ ਸ਼ਕਤੀ ਹੈ ਜੋ ਗੁਰੂ ਸਾਹਿਬਾਨ ਬਾਰੇ ਦਸ ਸਕੇ। ਗੁਰੂ ਨਾਨਕ ਜੀ ਨਿਰਾ ਨੂਰ ਸਨ, ਗੁਰੂ ਅੰਗਦ ਦੇਵ ਜੀ ਨਿਰੇ ਸਾਧੂ, ਸ਼ਾਂਤੀ ਪਿਆਰ ਅਤੇ ਦਯਾ ਦੀ ਮੂਰਤ। ਸਾਰੀ ਉਮਰ ਮਾਇਆ ਨੂੰ ਹੱਥ ਨਾ ਲਾਇਆ। ਗੁਰੂ ਅਮਰਦਾਸ ਜੀ ਦਾ ਇਕ ਹੱਥ ਸਦਾ ਅਸੀਸ ਲਈ ਉਠਿਆ ਰਹਿੰਦਾ ਸੀ ਅਤੇ ਦੂਜਾ ਸੇਵਾ ਵਿਚ ਲੱਗਾ ਰਹਿੰਦਾ। ਗੁਰੂ ਰਾਮਦਾਸ ਜੀ ਬਿਰਹੁ ਦੀ ਮੂਰਤ ਸਨ। ਨੈਨ ਹਰ ਵੇਲੇ ਨੀਰ ਨਾਲ ਭਰੇ ਹੀ ਦਿਸਦੇ। ਕਿਹੋ ਜਿਹਾ ਨਜ਼ਾਰਾ ਬਣਿਆ ਹੋਇਆ ਸੀ ਕਿ ਗੁਰੂ ਜੀ ਸਰੋਤਾ ਸਨ ਅਤੇ ਬਾਬਾ ਜੀ ਸੁਣਾ ਰਹੇ ਸਨ।

ਭਾਈ ਬੁਢੇ ਵਰਨਣ ਕੀਆ, ਸਤਗੁਰ ਸਰੋਤਾ ਆਪ

ਗੁਰੂ ਜੀ ਨੇ ਪਰਸ਼ਾਦਾ ਵੀ ਉਥੇ ਹੀ ਛਕਿਆ।ਬਾਬਾ ਬੁੱਢਾ ਜੀ ਇਤਨੇ ਵਜੂਦ ਵਿਚ ਆਏ ਅਤੇ ਕਿਹਾ ਗੁਰੂ ਦੋਖੀਆਂ ਨੂੰ ਤੁਸੀਂ ਵਿਆਕੁਲ ਕਰ ਦੇਵੋਗੇ ਅਤੇ ਆਪ ਜੀ ਦਾ ਪੋਤਰਾ ਤਾਂ ਜ਼ੁਲਮ ਦੀ ਜੜ੍ਹ ਹੀ ਉਖਾੜ ਦੇਵੇਗਾ। ਗੁਰੂ ਸਾਹਿਬਾਨ ਦੇ ਇਸ ਅਨਿਨ ਸੇਵਕ ਜਿਨ੍ਹਾਂ ਨੇ ਛੇ ਪਾਤਸ਼ਾਹੀਆਂ ਦੇ ਪ੍ਰਤਖ ਦਰਸ਼ਨ ਕੀਤੇ ਸਨ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਗੁਰਿਆਈ ਪ੍ਰਾਪਤ ਕਰਨ ਤੋਂ ਪਹਿਲਾਂ ਮਿਲੇ ਸਨ, ਦਾ ਜਨਮ ਕਥੂ ਨੰਗਲ ਜ਼ਿਲਾ ਅੰਮ੍ਰਿਤਸਰ ਵਿਚ ਸੰਮਤ 1565 ਅਰਥਾਤ ਅਕਤੂਬਰ 1506 ਈਸਵੀ ਵਿਚ ਹੋਇਆ।ਆਪ ਜੀ ਦੀ ਮਾਤਾ ਦਾ ਨਾਮ ਮਾਤਾ ਮੋਰਾਂ ਅਤੇ ਪਿਤਾ ਜੀ ਦਾ ਨਾਮ ਭਾਈ ਸੁਘਾ ਜੀ ਸੀ ।ਮਾਪਿਆਂ ਵਲੋਂ ਨਾਮ ਬੂੜਾ ਰਖਿਆ। ਮਗਰੋਂ ਮਾਪੇ ਰਮਦਾਸ ਰਹਿਣ ਲੱਗ ਪਏ।

ਜਦ ਬਾਬਾ ਬੁੱਢਾ ਜੀ ਦੀ ਉਮਰ ਬਾਰਾਂ ਸਾਲਾਂ ਦੀ ਹੋਈ ਤਾਂ ਗੁਰੂ ਨਾਨਕ ਦੇਵ ਜੀ ਘੁੰਮਦੇ ਹੋਏ ਰਮਦਾਸ ਦੇ ਕੋਲ ਆ ਰੁਕੇ। ਇਨ੍ਹਾਂ ਨੇ ਬਾਬਾ ਨਾਨਕ ਜੀ ਦੇ ਦਰਸ਼ਨ ਕੀਤੇ ਅਤੇ ਇਨ੍ਹਾਂ ਨੂੰ ਗੁਰੂ ਜੀ ਬੜੇ ਪਿਆਰੇ ਲੱਗੇ ਅਤੇ ਮਨ ਵਿਚ ਗੁਰੂ ਜੀ ਦੀ ਸੇਵਾ ਕਰਨ ਦਾ ਚਾਅ ਪੈਦਾ ਹੋਇਆ।ਓਹ ਉਨ੍ਹਾਂ ਲਈ ਦੁੱਧ ਅਤੇ ਮੱਖਣ ਦੇ ਪੇੜੇ ਲੈ ਕੇ ਹਾਜ਼ਰ ਹੋਇਆ।

ਗੁਰੂ ਜੀ ਨੇ ਪੁਛਿਆ, “ਕਾਕਾ ਤੇਰਾ ਨਾਮ ਕੀ ਹੈ ਅਤੇ ਕੀ ਕੰਮ ਕਰਦਾ ਹੈਂ”?
ਬੂੜਾ, “ਸੱਚੇ ਪਾਤਸ਼ਾਹ! ਮਾਪਿਆਂ ਨੇ ਮੇਰਾ ਨਾਮ ਬੂੜਾ ਰਖਿਆ ਹੈ ਅਤੇ ਮੈਂ ਮੱਝੀਆਂ ਦਾ ਵਾਗੀ ਹਾਂ”।
ਗੁਰੂ ਜੀ, “ਤੂੰ ਸਾਡੇ ਪਾਸ ਕੀ ਇੱਛਾ ਧਾਰ ਕੇ ਆਇਆ ਹੈਂ ਅਤੇ ਤੂੰ ਕੀ ਚਾਹੁੰਦਾ ਹੈਂ” ?
ਬੂੜਾ, “ਜੀ ਮੇਰੀ ਬੇਨਤੀ ਹੈ ਕਿ ਮੈਨੂੰ ਮੌਤ ਦੇ ਦੁੱਖ ਤੋਂ ਬਚਾਉ। ਇਸ ਚੁਰਾਸੀ ਦੇ ਗੇੜ ਵਿਚੋਂ ਕੱਢ ਕੇ ਮੁਕਤੀ ਪ੍ਰਦਾਨ ਕਰੋ”।

ਗੁਰੂ ਜੀ ਨੇ ਕਿਹਾ ਕਿ ਤੇਰੀ ਖੇਡਣ ਦੀ ਉਮਰ ਹੈ, ਤੈਨੂੰ ਮੌਤ ਦੇ ਖਿਆਲਾਂ ਅਤੇ ਮੁਕਤੀ ਦੇ ਖਿਆਲਾਂ ਦਾ ਧਿਆਨ ਵੱਡੇ ਹੋ ਕੇ ਕਰਨ ਦੀ ਲੋੜ ਹੈ। ਬੂੜੇ ਨੇ ਆਖਿਆ ਕਿ ਹੋ ਸਕਦਾ ਹੈ ਮੈਂ ਵੱਡਾ ਨਾ ਹੋਵਾਂ ਅਤੇ ਮੌਤ ਪਹਿਲਾਂ ਹੀ ਘੇਰ ਲਵੇ।ਗੁਰੂ ਜੀ ਦੇ ਪੁੱਛਣ ਤੇ ਕਿ ਇਹ ਵਿਚਾਰ ਤੇਰੇ ਮਨ ਵਿਚ ਕਿਵੇਂ ਆਇਆ ਤਾਂ ਬੂੜੇ ਨੇ ਦਸਿਆ ਕਿ ਕੁਝ ਸਮਾਂ ਹੋਇਆ, ਕੁਝ ਪਠਾਣ ਸਾਡੇ ਪਿੰਡ ਵਿਚੋਂ ਲੰਘੇ ਸਨ । ਉਹ ਬਦੋ ਬਦੀ ਸਾਡੀਆਂ ਫਸਲਾਂ ਵੱਢ ਕੇ ਲੈ ਗਏ ਸਨ, ਜਿਸ ਵਿਚ ਕੱਚੀਆਂ, ਪੱਕੀਆਂ ਅਤੇ ਅੱਧ ਪੱਕੀਆਂ ਫਸਲਾਂ ਸ਼ਾਮਲ ਸਨ।ਇਸੇ ਤਰ੍ਹਾਂ ਮੌਤ ਵੀ ਜਦੋਂ ਮਰਜ਼ੀ ਆ ਕੇ ਬੱਚੇ, ਗੱਭਰੂ ਅਤੇ ਬੁੱਢੇ ਨੂੰ ਆ ਕੇ ਨੱਪ ਲਵੇਗੀ।ਇਸ ਲਈ ਮੈਨੂੰ ਮੌਤ ਤੋਂ ਡਰ ਲੱਗਦਾ ਹੈ ਅਤੇ ਮੇਰਾ ਇਹ ਡਰ ਦੂਰ ਕਰ ਦਿਉ ਸੱਚੇ ਪਾਤਸ਼ਾਹ ਜੀ।

ਗੁਰੂ ਜੀ ਨੇ ਹੱਸ ਕੇ ਉਤਰ ਦਿਤਾ ਤੂੰ ਬੱਚਾ ਨਹੀ ਬੁੱਢਾ ਹੈਂ ਅਤੇ ਗੱਲਾਂ ਵੀ ਬੁੱਢਿਆਂ ਵਾਲੀਆਂ ਕਰ ਰਿਹਾ ਹੈਂ । ਹੌਸਲਾ ਰੱਖ ਰੱਬ ਮੌਤ ਨਾਲੋਂ ਕਿਤੇ ਵੱਡਾ ਹੈ ਅਤੇ ਬਲਵਾਨ ਹੈ ਜੇ ਕਰ ਤੂੰ ਰੱਬ ਦਾ ਹੋ ਜਾਵੇਂ ਤਾਂ ਮੌਤ ਤੈਨੂੰ ਡਰਾ ਨਹੀਂ ਸਕੇਗੀ ਅਤੇ ਉਹ ਤੇਰੇ ਤੋਂ ਡਰਨ ਲੱਗ ਜਾਵੇਗੀ ਤੂੰ ਜਨਮ ਮਰਨ ਦੇ ਗੇੜ ਤੋਂ ਮੁਕਤ ਹੋ ਜਾਵੇਂਗਾ।ਰੱਬ ਨੂੰ ਹਮੇਸ਼ਾ ਯਾਦ ਰਖਿਆ ਕਰ ਉਸ ਦਾ ਨਾਮ ਜਪਿਆ ਕਰ ਉਸ ਦੇ ਪੈਦਾ ਕੀਤੇ ਜੀਵਾਂ ਨਾਲ ਪਿਆਰ ਕਰਿਆ ਕਰ, ਪੂਰੇ ਪ੍ਰੇਮ ਨਾਲ ਉਨ੍ਹਾ ਦੀ ਸੇਵਾ ਕਰਿਆ ਕਰ ਤੇਰੇ ਸਭ ਦੁਖ ਦੂਰ ਹੋ ਜਾਣਗੇ।

ਉਸ ਦਿਨ ਤੋਂ ਬਾਦ ਉਸ ਦਾ ਨਾਮ ਬਾਬਾ ਬੁੱਢਾ ਜੀ ਪੈ ਗਿਆ । ਬਾਬਾ ਬੁੱਢਾ ਜੀ ਨੇ ਸਿੱਖੀ ਧਾਰਨ ਕਰ ਲਈ।ਵੀਹ ਸਾਲ ਦੇ ਹੋ ਜਾਣ ਤੇ ਆਪ ਜੀ ਦੀ ਸ਼ਾਦੀ ਬੀਬੀ ਮਰੋਯਾ ਦੇ ਨਾਲ ਬਟਾਲਾ ਦੇ ਨੇੜੇ ਅਚਲ ਵਿਖੇ ਹੋਈ ਸੀ।ਆਪ ਪਰਿਵਾਰ ਸਮੇਤ ਕਰਤਾਰਪੁਰ ਆ ਗਏ ਸਨ ਅਤੇ ਗੁਰੂ ਦੇ ਦਰਬਾਰ ਵਿਚ ਰਹਿਣ ਲੱਗ ਪਏ । ਸਾਰਾ ਦਿਨ ਸੰਗਤ ਦੀ ਸੇਵਾ ਕਰਦੇ ਰਹਿੰਦੇ ਅਤੇ ਨਾਮ ਜਪਣ ਵਿਚ ਹੀ ਮਗਨ ਰਹਿੰਦੇ ਸਨ ।ਇਨ੍ਹਾ ਦਾ ਜੀਵਨ ਸਿੱਖੀ ਲਈ ਰੋਲ ਮਾਡਲ ਬਣਿਆ।ਗੁਰੂ ਨਾਨਕ ਦੇਵ ਜੀ ਉਨ੍ਹਾ ਨੂੰ ਸੇਵਾ ਵਿਚ ਜੁਟੇ ਹੋਏ ਦੇਖ ਕੇ ਵਰ ਵੀ ਦਿਤਾ ਸੀ ਕਿ “ਤੇਰੇ ਤੋਂ ਕਦੇ ਉਹਲੇ ਨਾਂ ਹੋਸਾਂ” । ਬਾਬਾ ਬੁੱਢਾ ਜੀ ਨੇ ਜਦੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਉਪਦੇਸ਼ ਮੰਗਿਆ ਤਾਂ ਗੁਰੂ ਜੀ ਨੇ ਆਖਿਆ, “ਨਾਮ ਇਕਾਗਰ ਮਨ ਜਪਿਆਂ ਕਲਿਆਣ ਹੁੰਦਾ ਹੈ। ਸੇਵਾ ਕਰਦਿਆਂ ਅਹੰਕਾਰ ਨਹੀਂ ਆਉਂਦਾ ਅਤੇ ਆਰਜਾ ਵਿਚ ਵਾਧਾ ਹੁੰਦਾ ਹੈ” । ਜਦੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਗੁਰਗੱਦੀ ਸੌਂਪੀ ਤਾਂ ਗੁਰਿਆਈ ਦਾ ਤਿਲਕ ਬਾਬਾ ਬੁੱਢਾ ਜੀ ਨੇ ਲਗਾਇਆ ਸੀ।

ਇਕ ਵਾਰ ਬਾਬਾ ਬੁੱਢਾ ਜੀ ਨੇ ਸ਼੍ਰੀ ਗੁਰੂ ਅਮਰਦਾਸ ਜੀ ਨੂੰ ਪੁੱਛਿਆ ਕਿ ਪਾਤਸ਼ਾਹ ਜੀ ਦੱਸੋ ਜੇ ਕਰ ਕੋਈ ਬੁਰਾਈ ਕਰੇ ਤਾਂ ਉਸ ਨਾਲ ਕੀ ਕੀਤਾ ਜਾਵੇ।ਤਾਂ ਮਹਾਰਾਜ ਨੇ ਕਿਹਾ ਭਲਾਈ। ਜੇ ਕਰ ਉਹ ਫਿਰ ਵੀ ਬੁਰਾਈ ਕਰੇ ਤਾਂ ਫਿਰ ਕੀ ਕਰੀਏ? ਉਤਰ ਮਿਲਿਆ ਕਿ ਫਿਰ ਵੀ ਭਲਾਈ। ਜੇ ਕਰ ਉਹ ਬਾਰ ਬਾਰ ਬੁਰਾਈ ਕਰੇ ਤਾਂ ਫਿਰ ਉਸ ਨਾਲ ਭਲਾਈ ਕਿੳਂ ਕੀਤੀ ਜਾਵੇ? ਬਾਬਾ ਜੀ ਨੇ ਆਖਿਆ, ਜੇ ਕਰ ਉਹ ਬੁਰਾਈ ਕਰਨ ਲਈ ਦ੍ਰਿੜ ਹੈ ਤਾਂ ਅਸੀਂ ਕਿੳਂੁ ਭਲਾਈ ਛੱਡ ਦੇਈਏ।ਇਕ ਮਨੁੱਖ ਕਰੇ ਜ਼ਿਆਦਤੀ ਅਤੇ ਦੂਜਾ ਸਹਿ ਲਵੇ ਤਾਂ ਸਹਾਰਨ ਵਾਲੇ ਦੇ ਸਦਕੇ ਜਾਈਏ, ਗੁਰੂ ਪਿਤਾ ਨੇ ਆਖਿਆ। ਜਬਰ ਕਰਨ ਵਾਲੇ ਨੂੰ ਗੁਰੂ ਆਪ ਸੰਭਾਲਦਾ ਹੈ।

ਨਾ ਫੜੇ,ਨਾ ਫੜੇ,
ਫੜੇ ਤਾਂ ਛੱਡੇ ਹੀ ਨਾ।
ਚੋਟ ਉਪਰ ਚੋਟ ਲਗਾਵੇ।

ਗੁਰੂ ਰਾਮਦਾਸ ਜੀ ਨੇ ਗੁਰਗੱਦੀ ਗੁਰੂ ਅਰਜਨ ਦੇਵ ਜੀ ਨੂੰ ਦੇਣ ਤੋਂ ਪਹਿਲਾਂ ਬਾਬਾ ਬੁੱਢਾ ਜੀ ਨੂੰ ਆਖਿਆ ਕਿ ਗੁਰੂ ਨਾਨਕ ਦੇਵ ਜੀ ਦੇ ਤੁਸੀਂ ਪਿਆਰੇ ਹੋ। ਗੁਰੂ ਅੰਗਦ ਅਤੇ ਗੁਰੂ ਅਮਰਦਾਸ ਜੀ ਦੇ ਦਰਸ਼ਨਾਂ ਨਾਲ ਤ੍ਰਿਪਤ ਹੋ। ਇਹ ਦੱਸੋ ਕਿ ਬੇਟਾ ਅਰਜਨ ਅਜਰ ਜਰਨ ਜੋਗਾ ਹੈ ਜਾਂ ਨਹੀਂ ਜੋ ਠੀਕ ਲੱਗਦਾ ਹੈ ਦਸੋ। ਬਾਬਾ ਜੀ ਨੇ ਕਿਹਾ ਕਿ ਤੁਸੀਂ ਜਾਣੀ ਜਾਣ ਹੋ ਅਤੇ ਦੇਖ ਚੁਕੇ ਹੋ ਕਿ ਪਿਰਥੀ ਚੰਦ ਵਲ ਛਲ ਕਰ ਕੇ ਗੱਦੀ ਲਈ ਯਤਨ ਕਰਦਾ ਹੈ ਅਤੇ ਅਰਜਨ ਜੀ ਵਿਚ ਸਹਿਣਸ਼ੀਲਤਾ ਬਹੁਤ ਹੈ ਅਤੇ ਹੰਕਾਰ ਬਿਲਕੁਲ ਹੀ ਨਹੀਂ ਹੈ ।ਉਨ੍ਹਾਂ ਵਰਗਾ ਹੋਰ ਕੋਈ ਨਹੀਂ ਹੈ।ਪਿਰਥੀ ਚੰਦ ਨੇ ਗੁੱਸਾ ਕਢਣਾ ਚਾਹਿਆ ਤਾਂ ਮਿੱਠੇ ਬਚਨਾਂ ਨਾਲ ਸੱਚਾਈ ਸਮਝਾਈ।ਫਿਰ ਵੀ ਬਹੁਤ ਮੁਸ਼ਕਿਲਾਂ ਖੜੀਆਂ ਕੀਤੀਆਂ ਪ੍ਰੰਤੂ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੇ ਇਕ ਨਾ ਚਲਣ ਦਿਤੀ।

ਇਨ੍ਹਾਂ ਦਾ ਗੁਰੂ ਘਰ ਵਿਚ ਵਿਸ਼ੇਸ਼ ਦਰਜਾ ਅਤੇ ਮਾਣ ਸੀ।ਇਸ ਤਰ੍ਹਾਂ ਤੀਸਰੀ, ਚੌਥੀ, ਪੰਜਵੀਂ ਅਤੇ ਛੇਵੀਂ ਪਾਤਸ਼ਾਹੀ ਨੂੰ ਵੀ ਗੁਰਿਆਈ ਦੇਣ ਸਮੇਂ ਤਿਲਕ ਬਾਬਾ ਬੁੱਢਾ ਜੀ ਪਾਸੋਂ ਹੀ ਲਗਵਾਇਆ ਗਿਆ ਸੀ। ਝਬਾਲ ਜ਼ਿਲ੍ਹਾ ਅੰਮ੍ਰਿਤਸਰ ਦੇ ਕੋਲ ਕਾਫੀ ਸਾਰੀ ਭੂਮੀ ਗੁਰੂ ਜੀ ਨੂੰ ਭੇਟਾ ਵਿਚ ਮਿਲੀ ਹੋਈ ਸੀ, ਇਥੇ ਬਾਬਾ ਜੀ ਗੁਰੂ ਸਾਹਿਬਾਨ ਦੇ ਪਸ਼ੂਆਂ ਦੀ ਦੇਖ ਭਾਲ ਕਰਦੇ ਸਨ । ਜਦੋਂ ਉਹ ਪਸ਼ੂ ਇਸ ਬੀੜ ਵਿਚ ਚਰਦੇ ਸਨ। ਘਾਹ ਖੋਤ ਕੇ ਪਸ਼ੂਆਂ ਨੂੰ ਪਾਇਆ ਕਰਦੇ ਸਨ ਅਤੇ ਆਪਣ ਆਪੇ ਨੂੰ ਗੁਰੂ ਜੀ ਦਾ ਘਾਹੀ ਆਖਿਆ ਕਰਦੇ ਸਨ । ਇਸ ਬੀੜ ਦਾ ਨਾਮ ਬਾਬੇ ਦੀ ਬੀੜ ਪੈ ਗਿਆ ਸੀ, ਅੱਜ ਕਲ ਇਥੇ ਗੁਰਦੁਆਰਾ ਹੈ ਜਿਥੇ ਸੰਗਤ ਭਾਰੀ ਗਿਣਤੀ ਵਿਚ ਹਾਜ਼ਰੀ ਭਰਦੀਆਂ ਹਨ।

ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਸਰੋਵਰ ਅਤੇ ਸ਼੍ਰੀ ਦਰਬਾਰ ਸਾਹਿਬ ਜੀ ਦੀ ਕਾਰ ਸੇਵਾ ਦੇ ਆਪ ਮੁੱਖ ਪ੍ਰਬੰਧਕ ਬਣੇ ਸਨ। ਸ਼੍ਰੀ ਦਰਬਾਰ ਸਾਹਿਬ ਜੀ ਦੀ ਪਰਕਰਮਾ ਵਿਚ ਬਾਬਾ ਬੁੱਢਾ ਜੀ ਦੀ ਬੇਰੀ ਹੁਣ ਤਕ ਮੌਜੂਦ ਹੈ, ਜਿਸ ਦੇ ਹੇਠਾਂ ਬੈਠ ਬਾਬਾ ਜੀ ਸੇਵਾ ਕਰਵਾਉਂਦੇ ਸਨ ਅਤੇ ਮਜ਼ਦੂਰਾਂ ਤੇ ਰਾਜ ਮਿਸਤਰੀਆਂ ਨੂੰ ਤਨਖਾਹ ਦਿਆ ਕਰਦੇ ਅਤੇ ਸਾਰੇ ਕੰਮ ਦੀ ਨਿਗਰਾਨੀ ਕਰਦੇ ਸਨ । ਜਦੋਂ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੀੜ ਤਿਆਰ ਕਰਵਾ ਕੇ ਉਸ ਦਾ ਪ੍ਰਕਾਸ਼ ਕੀਤਾ ਗਿਆ ਤਾਂ ਬਾਬਾ ਬੁੱਢਾ ਜੀ ਨੂੰ ਪਹਿਲਾ ਗ੍ਰੰਥੀ ਬਣਾਇਆ ਗਿਆ ਸੀ ।

ਬਾਬਾ ਬੁੱਢਾ ਜੀ 125 ਸਾਲ ਦੀ ਉਮਰ ਭੋਗ ਕੇ ਸੰਮਤ 1688 ਵਿਚ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਪਿੰਡ ਰਮਦਾਸ ਵਿਚ ਸਵਰਗਵਾਸ ਹੋਏ।ਗੁਰੂ ਜੀ ਨੇ ਉਨ੍ਹਾਂ ਦਾ ਅੰਤਿਮ ਸੰਸਕਾਰ ਆਪਣੇ ਹੱਥੀਂ ਕੀਤਾ। ਅਰਥੀ ਨੂੰ ਇਕ ਪਾਸੇ ਤੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੋਢਾ ਦਿਤਾ ਦੂਜੇ ਪਾਸੇ ਭਾਈ ਭਾਨਾ ਜੀ ਸਨ।ਭਾਈ ਗੁਰਦਾਸ ਜੀ ਅਤੇ ਭਾਈ ਅਜਿਤਾ ਜੀ ਨੇ ਦੂਜੇ ਪਾਸੇ ਤੋਂ ਮੋਢਾ ਦਿਤਾ ਹੋਇਆ ਸੀ। ਰਾਹ ਵਿਚ ਨਿਰੋਲ ਸ਼ਬਦ ਗਾਏ ਜਾ ਰਹੇ ਸਨ। ਚੰਦਨ ਦੀ ਚਿਖਾ ਸਵਾਰੀ ਗਈ।ਵਾਤਾਵਰਣ ਕਰੁਨਾਮਈ ਹੋ ਚੁਕਾ ਸੀ।

ਚਿਖਾ ਉਪਰ ਜਬ ਹੀ ਧਰੀ ਸਾਹਿਬ ਬੁਢੇ ਦੇਹ।
(ਗੁਰੂ) ਹਰਗੋਬਿੰਦ ਕੇ ਨੈਣ ਤੇ ਚਲਿਆ ਨੀਰ ਸਨੇਹ।

ਭਾਨਾ ਜੀ ਨੇ ਉਚੇਚਾ ਸਭ ਸੰਗਤਾਂ ਨੂੰ ਆਖਿਆ ਕਿ ਚਿੰਤਾ ਕਿਸੇ ਗੱਲ ਦੀ ਨਹੀ ਕਰਨੀ ਹੈ। ਇਹ ਜਗਤ ਦੀ ਰੀਤ ਹੈ ਸਭ ਨੇ ਆਪਣਾ ਆਪਣਾ ਕਰਤੱਵ ਨਿਭਾ ਕੇ ਚਲੇ ਜਾਣਾ ਹੈ।ਭਾਈ ਗੁਰਦਾਸ ਜੀ ਨੂੰ ਗੁਰੂ ਗਰੰਥ ਸਾਹਿਬ ਦਾ ਪਾਠ ਕਰਨ ਨੂੰ ਆਖਿਆ ਗਿਆ।

ਸ਼੍ਰੀ ਗੁਰੂ ਗਰੰਥ ਦਾ ਪਾਠ ਕਰਾਇਉ॥
ਭਾਈ ਗੁਰਦਾਸ ਕਰਤ ਸੁਖ ਪਾਇਉ॥

ਭੋਗ ਸਮੇਂ ਗੁਰੂ ਹਰਗੋਬਿੰਦ ਜੀ ਨੇ ਕਿਹਾ; ਬਾਬਾ ਬੁੱਢਾ ਜੀ ਜਿਹੀ ਜੀਵਨ ਕਾਰ ਕਿਸੇ ਨਹੀਂ ਨਿਭਾਈ।ਜੋ ਉਹ ਸਦਾ ਕਹਿੰਦੇ ਸਨ ਉਹ ਹੀ ਯਾਦ ਰੱਖਣਾ।ਬਾਬਾ ਜੀ ਕਿਹਾ ਕਰਦੇ ਸਨ;

ਕਰੋ ਕਾਰ ,ਸਭ ਕਰੋ ਹੀਲਾ,
ਭਜਨ ਪਾਠ,ਅਰਦਾਸ ਬੰਦਗੀ,
ਪਰ ਨਾਲ ਟੇਕ ਰਖੋ ਮੇਹਰਾਂ ਤੇ।
ਸਦਾ ਕਿਰਪਾ ਦੀ ਘਾਲ ਘਾਲੋ।

ਜਿਥੇ ਬਾਬਾ ਜੀ ਦਾ ਸੰਸਕਾਰ ਕੀਤਾ ਗਿਆ, ਉਸ ਅਸਥਾਨ ਉਪਰ ਸ਼ਾਨਦਾਰ ਗੁਰਦੁਆਰਾ ਬਣਿਆ ਹੋਇਆ ਹੈ। ਸੰਗਤ ਹੁੰਮ ਹੁਮਾ ਕੇ ਪੁੱਜਦੀ ਹੈ ਤੇ ਗੁਰੂ ਕਾ ਲੰਗਰ ਅਤੁੱਟ ਵਰਤਦਾ ਹੈ।

****