ਭ੍ਰਿਸ਼ਟਾਚਾਰ,
ਬਲਾਤਕਾਰ, ਕਤਲੋਗਾਰਤ ਦੇ ਬੋਲਬਾਲੇ ਵਾਲੇ ਇਸ ਅਰਾਜਕਤਾ ਭਰੇ ਮਾਹੌਲ ਵਿੱਚ ਇਸ ਦੇ
ਪ੍ਰਭਾਵ ਤੋਂ ਕਿਸੇ ਸੰਵੇਦਨਸ਼ੀਲ ਬੰਦੇ ਵਾਸਤੇ ਬਚ ਕੇ ਰਹਿਣਾ ਸੌਖਾ ਨਹੀਂ । ਅਖਬਾਰਾਂ
ਦੀਆਂ ਸੁਰਖੀਆਂ ਤੇ ਟੈਲੀਵਿਜ਼ਨ ਚੈਨਲਾਂ ਤੇ ਛਾਈ ਇਸ ਅਰਾਜਕਤਾ ਦੀ ਕਾਲੀ ਹਨੇਰੀ ਵਿੱਚ
ਮੈਨੂੰ ਕਦੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੀਆਂ ਘਟਨਾਵਾਂ ਯਾਦ ਆਉਂਦੀਆਂ ਹਨ ਤਾਂ ਲੂੰ
ਕੰਢੇ ਖੜ੍ਹੇ ਹੋ ਜਾਂਦੇ ਹਨ ਤੇ ਤੱਤੀ ਤਵੀ ਤੇ ਬੈਠੇ ਮਨੁੱਖਤਾ ਦੀ ਖਾਤਿਰ ਸ਼ੀਸ਼ ਕਟਵਾ
ਰਹੇ, ਅਧਰਮ ਤੇ ਧਰਮ ਦੀ ਜਿੱਤ ਖਾਤਰ ਸਰਬੰਸ ਵਾਰ ਗਏ ਗੁਰੂ ਸਾਹਿਬਾਨ ਦਾ ਖਿਆਲ ਆਉਂਦਾ ਹੈ
ਤਾਂ ਅੱਖਾਂ ਦੇ ਕਿਸੇ ਨਾ ਕਿਸੇ ਕੋਨੇ ਵਿੱਚ ਕੋਸਾ ਪਾਣੀ ਦਸਤਕ ਦੇ ਦਿੰਦਾ ਹੈ ।
ਕਾਸ਼
! ਦੁਨੀਆ ਧਰਤੀ ਦੇ ਇਸ ਕੋਨੇ ਤੋਂ ਠਪਜੀ ਧਾਰਮਿਕ, ਰਾਜਨੀਤਿਕ ਤੇ ਸਮਾਜਿਕ ਕ੍ਰਾਂਤੀ ਦਾ
ਲਾਹਾ ਲੈ ਲੈਂਦੀ । ਉਹ ਕ੍ਰਾਂਤੀ ਜੋ ਗੁਰੂ ਨਾਨਕ ਸਾਹਿਬ ਨੇ ਸਮਾਜ ਵਿੱਚ ਧਰਮ ਤੇ ਭਾਰੂ
ਹੋ ਚੁੱਕੇ ਭਰਮ ਤੇ ਅਜੋਕੇ ਯੁੱਗ ਵਾਗੂੰ ਉਸ ਸਮੇਂ ਫੈਲ ਚੁੱਕੀ ਅਰਾਜਕਤਾ ਨੂੰ ਦੇਖਦਿਆਂ
ਮਨੁੱਖਤਾ ਨੂੰ ਰਾਹਤ ਦੇਣ ਲਈ ਅਰੰਭੀ ਸੀ, ਜੋ ਬਾਅਦ ਵਿੱਚ ਸੱਚਾਈ ਦੀ ਕੀਮਤ ਉਤਾਰਦਿਆਂ
ਲਾਸਾਨੀ ਕੁਰਬਾਨੀਆਂ ਲਈ ਵੀ ਜਾਣੀ ਗਈ । ਪਰ ਅਫਸੋਸ ਬ੍ਰਹਿਮੰਡ ਦੇ ਪੂਰੇ ਇਤਿਹਾਸ ਵਿੱਚ
ਲਾਸਾਨੀ ਕੁਰਬਾਨੀਆਂ ਦੇ ਮਿੱਥ ਵਜੋਂ ਸੰਘਰਸ਼ ਦੀ ਗਾਥਾ ਬਣ ਚੁੱਕੀ ਇਹ ਕ੍ਰਾਂਤੀ ਜੋ ਕਿ
ਉਸ ਵਿਚਾਰਧਾਰਾ ਤੇ ਆਧਾਰਿਤ ਸੀ ਜੋ ਪੂਰੀ ਮਨੁੱਖਤਾ ਨੂੰ ਕਲਾਵੇ ਵਿੱਚ ਲੈਣ ਦੀ ਸਮਰੱਥਾ
ਰੱਖਦੀ ਸੀ, ਸੀਮਿਤ ਦਾਇਰੇ ਤੱਕ ਹੀ ਪਹੁੰਚ ਸਕੀ । ਪੈਗੰਬਰ ਆਏ ਸਨ ਤੇ ਰਾਹ ਦਿਖਾ ਕੇ ਚਲੇ
ਗਏ ਪਰ ਸਮਾਜ ਇਸ ਦਾ ਲਾਹਾ ਨਾ ਲੈ ਸਕਿਆ । ਅੱਜ ਜਦੋਂ ਮਨੁੱਖ ਆਪਣੇ ਹੀ ਬਣਾਏ ਸਮਾਜ
ਵਿੱਚ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ ਤਾਂ ਗੁਰੂ ਸਾਹਿਬਾਨ ਦੀ ਮਨੁੱਖਤਾ ਨੂੰ ਬਖਸ਼ੀ
ਅਮੁੱਲ ਦਾਤ ਤੋਂ ਕਿਸ ਤਰ੍ਹਾਂ ਮਹਿਰੂਮ ਰਿਹਾ,ਇਸ ਦਾ ਅੰਦਾਜ਼ਾਂ ਇਸ ਇੱਕ ਫਿਕਰੇ ਵਿੱਚੋਂ
ਲੱਗ ਜਾਂਦਾ ਹੈ, ਕਿਸੇ ਸਮੇਂ ਤੱਕ ਸਿੱਖਾਂ ਦੇ ਪ੍ਰਭਾਵ ਵਾਲੇ ਇਲਾਕੇ ਦੇ ਨਾਲ ਲੱਗਦੇ
ਖੇਤਰਾਂ ਤੱਕ ਵੀ ਲੋਕ ਆਪਣੇ ਗਲੀ ਗੁਆਂਢ ਵਿੱਚ ਕਿਸੇ ਸਿੱਖ ਨੂੰ ਵਸਾਉਣਾ ਲੋਚਦੇ ਸਨ ।
ਗੱਡੀਆਂ ਬੱਸਾਂ ਵਿੱਚ ਕਿਸੇ ਸਿੱਖ ਦੇ ਬੈਠ ਜਾਣ ਤੋਂ ਬਾਅਦ ਮਜ਼ਲੂਮ ਲੋਕ ਬੇਫਿਕਰ ਹੋ
ਜਾਂਦੇ ਸਨ । ਇਹੀ ਸਿੱਖ ਜੋ ਕੌਲ, ਧਰਮ, ਮਨੁੱਖਤਾ, ਸੱਚਾਈ ਤੇ ਇਖਲਾਕ ਦੇ ਬਲਦੇ ਚਿਰਾਗ
ਸਨ, ਉਸੇ ਕ੍ਰਾਂਤੀ ਦੀ ਫਸਲ ਸਨ ਜੋ ਤਿਆਗ, ਬਲਿਦਾਨ ਤੇ ਸੱਚਾਈ ਦੀ ਧਰਤੀ ਤੇ ਬੀਜੀ ਗਈ ਸੀ
। ਕਾਸ਼ ! ਇਹ ਫਸਲ ਬਹੁਤਾਤ ਵਿੱਚ ਹੁੰਦੀ ਤੇ ਪੂਰੀ ਦੁਨੀਆਂ ਵਿੱਚ ਦਿਖਾਈ ਦਿੰਦੀ ਤਾਂ
ਅੱਜ ਦੁਨੀਆਂ ਦੇ ਹਾਲਾਤ ਵੱਖਰੇ ਹੁੰਦੇ ।