ਆਤੂ ਖੋਜੀ਼ ਬਨਾਮ ਰਾਜੀਵ ਸ਼ਰਮਾ.......... ਲੇਖ / ਜੋਗਿੰਦਰ ਬਾਠ ਹੌਲੈਂਡ

ਰਾਜੀਵ ਸ਼ਰਮਾ ਨੂੰ ਮੈਂ ਉਦੋਂ ਦਾ ਜਾਣਦਾ ਹਾਂ, ਜਦੋਂ ਉਹ ਚੈਨਲ ਪੰਜਾਬ ਨਾਂ ਦੇ ਇੱਕ ਬਹੁਤ ਹੀ ਮਿਆਰੀ ਅੰਤਰਰਾਸ਼ਟਰੀ ਟੈਲੀਵਿਯਨ ਚੈਨਲ ਦਾ ਡਾਇਰੈਕਟਰ ਹੁੰਦਾ ਸੀ। ਇਸ ਚੈਨਲ ਨੇ ਸਾਰੇ ਯੂਰਪ ਦੇ ਪੰਜਾਬੀ ਮੂ਼ਲ ਦੇ ਪੈਨਸ਼ਨੀਏ ਬਜ਼ੁਰਗਾਂ ਲਈ ਪੂਰੇ ਰੰਗਾਂ ਸਮੇਤ ਸਗਲੇ ਪੰਜਾਬ ਨੂੰ ਉਨ੍ਹਾਂ ਦੇ ਬਹਿਣ ਵਾਲਿਆਂ ਕਮਰਿਆਂ ਵਿੱਚ ਸਾਕਾਰ ਕਰ ਦਿੱਤਾ ਸੀ। ਰਾਜੀਵ ਸ਼ਰਮੇ ਨੇ ਇੰਗਲੈਂਡ ਵਿੱਚ ਬੈਠੇ ਬਾਬਿਆਂ ਦੇ ਬੁਢਾਪਾ ਘਰਾਂ ਵਿੱਚ, ਸਰੋਂ ਦੇ ਸਾਗ ਦੀ ਖੁਸ਼ਬੂ, ਸਿਆਲ ਦੀਆਂ ਪੰਜਾਬੀ ਧੁੱਪਾਂ ਦਾ ਸੇਕ,  ਸਾਉਣ ਮਹੀਨੇ ਦੇ ਠੰਡੇ ਫਰਾਟੇ, ਪਿੰਡਾਂ ਦੀਆਂ ਸੱਥਾਂ ਵਿਚਲਾ ਹਾਸਾ ਠੱਠਾ ਅਤੇ ਦੋ ਮੰਜੀਆਂ ਜੋੜ ਕੋਠੇ ਤੇ ਲਾਏ ਸਪੀਕਰਾਂ ਦਾ ਦੋ-ਗਾਣਵੀ ਰਿਦਮ ਲਿਆ ਖਿਲਾਰਿਆ ਸੀ। ਬਾਬਿਆਂ ਲਈ ਯਮਲੇ ਤੋਂ ਲੈ ਕੇ ਮਿਸ ਪੂਜਾ ਤੱਕ ਦਾ ਗੀਤ ਸੰਗੀਤ ਹਾਜ਼ਰ ਸੀ। ਇਸ ਚੈਨਲ ਰਾਹੀਂ ਜੋ ਵੀ ਪ੍ਰੋਗਰਾਮ ਵਿਖਾਏ ਜਾਂਦੇ ਸਨ, ਉਨ੍ਹਾਂ ਵਿੱਚ ਪੰਜਾਬ ਦੀ ਅਸਲੀ ਤਸਵੀਰ ਅਤੇ ਮਿੱਟੀ ਦੀ ਖੁਸ਼ਬੂ ਰਚੀ ਹੁੰਦੀ ਸੀ, ਅੰਬ ਦੇ ਅਚਾਰ ਅਤੇ ਔਲੇ ਦੇ ਮੁਰੱਬੇ ਵਾਂਗ। 
 
ਮੈਂ ਉਸ ਦੇ ਕੰਮ ਦਾ ਉਪਾਸ਼ਕ ਸਾਂ ਕਿੳਂਕਿ ਮੈਂ ਚੈਨਲ ਪੰਜਾਬ ਤੋਂ ਪਹਿਲਾਂ ਹੁਣ ਤੱਕ ਐਸਾ ਕਮਾਲ ਦਾ ਪੰਜਾਬੀ ਚੈਨਲ ਵਿਦੇਸ਼ਾਂ ਵਿੱਚ ਤਾਂ ਕੀ ਪੰਜਾਬ ਵਿੱਚ ਵੀ ਨਹੀਂ ਸੀ ਵੇਖਿਆ। ਜਦੋਂ ਮੈਂ ਪ੍ਰੋਗਰਾਮ ਦੇ ਅਖੀਰ ਵਿੱਚ ਰਾਜ਼ੀਵ ਸ਼ਰਮਾ ਦਾ ਨਾਂ ਪੜ੍ਹਦਾ ਤਾਂ ਮੈਨੂੰ ਇਸ ਬੰਦੇ ਨਾਲ ਮਿਲਣ ਦੀ ਤਾਂਘ ਪੈਦਾ ਹੁੰਦੀ। ਇੱਕ ਦਿਨ ਮੇਰਾ ਟੈਲੀਫੋਨ ਖੜਕਿਆ ਤੇ ਅੱਗੋਂ ਬੋਲਣ ਵਾਲਾ ਰਾਜੀਵ ਸ਼ਰਮਾ ਸੀ। ਉਸ ਨੇ ਮੇਰੇ ਨਾਲ ਆਪਣੇ ਚੈਨਲ ਬਾਰੇ ਗੱਲਬਾਤ ਕੀਤੀ,  ਕਿੳਂਕਿ ਉਹ ਕੁਝ ਦੇਰ ਪਹਿਲਾਂ ਹੀ ਚੈਨਲ ਪੰਜਾਬ ਦੇ ਪ੍ਰੋਗਰਾਮਾਂ ਦੇ ਸੰਬੰਧ ਵਿੱਚ ਪੂਰੇ ਯੂਰਪ ਦਾ ਚੱਕਰ ਲਾ ਕੇ ਗਿਆ ਸੀ। ਪਤਾ ਨਹੀਂ ਕਿੰਨਾਂ ਕਾਰਨਾਂ ਕਰਕੇ ਅਚਾਨਕ ਇਹ  ਚੈਨਲ ਪੰਜਾਬ ਬੰਦ ਹੋ ਗਿਆ। ਜਿਸ ਦਾ ਸਾਡੇ ਵਰਗੇ ਤੇ ਹੋਰ ਬਹੁਤ ਸਾਰੇ ਲੋਕਾਂ ਖਾਸ ਕਰਕੇ ਪੈਨਸ਼ਨੀਏ ਬਜ਼ੁਰਗਾਂ ਨੂੰ ਬਹੁਤ ਵਿਗੋਚਾ ਮਹਿਸ਼ੂਸ ਹੋਇਆ, ਜੋ ਇਸ ਚੈਨਲ ਦੇ ਆਸਰੇ ਆਪਣੀਆਂ ਨੀਰਸ ਦੁਪਹਿਰਾਂ ਅਤੇ ਲੰਮੀਆਂ ਸ਼ਾਮਾਂ ਕੱਟਦੇ ਸਨ। ਮੇਰੇ ਲਈ ਚੈਨਲ ਪੰਜਾਬ ਦੇ ਨਾਲ ਰਾਜ਼ੀਵ ਸ਼ਰਮਾ ਵੀ ਗਵਾਚ ਗਿਆ। ਅਚਾਨਕ ਇੱਕ ਦਿਨ ਕਿਤਾਬੀ-ਮੁੱਖੜੇ ਬਨਾਮ ਫੇਸ ਬੁੱਕ ਤੇ ਰਾਜੀਵ ਨਾਲ ਫਿਰ ਰਾਬਤਾ ਹੋ ਗਿਆ। ਫੇਸ ਬੁੱਕ ੳੱਪਰ ਹੀ ਉਸ ਨੇ ਮੈਨੂੰ ਗੁਰਮੀਤ ਕੜਿਆਲਵੀ ਦੀ ਚਰਚਿਤ ਕਹਾਣੀ ਦੇ ਪਾਤਰ ਆਤੂ ਖੋਜੀ ਬਾਰੇ ਬਣਾਈ ਆਪਣੀ ਫਿਲਮ ਬਾਰੇ ਜਾਣਕਾਰੀ ਦਿੱਤੀ ਤਾਂ ਅਸੀਂ ਪਿਛਲੇ ਅਗਸਤ ਵਿੱਚ ਸਹਿਤ-ਧਾਰਾ ਮੋਗਾ ਵਲੋਂ ਉਸ ਦੀ ਪਹਿਲੀ ਸਕਰੀਨਿੰਗ ਦਾ ਪ੍ਰੋਗਰਾਮ ਰੱਖ ਲਿਆ, ਜਿਸ ਵਿੱਚ ਬਹੁਤ ਸਾਰੇ ਮੋਗਾ ਇਲਾਕੇ ਦੇ ਸਾਹਿਤਕਾਰਾਂ ਨੇ ਇਸ ਫਿਲਮ ਦੀ ਪਹਿਲੀ ਪੇਸ਼ਕਾਰੀ ਵਿੱਚ ਭਾਗ ਲਿਆ ਅਤੇ ਰਾਜੀਵ ਦੇ ਇਸ ਉੱਦਮ ਦੀ ਸ਼ਲਾਘਾ ਕੀਤੀ।

ਪਿਛਲੇ ਹਫਤੇ 71 ਸਾਲਾ, ਖੂੰਡੀ ਦੇ ਸਹਾਰੇ ਨਾਲ ਸੰਸਾਰ ਭ੍ਰਮਣ ਕਰਦਾ ਪੰਜਾਬੀ  ਦਾ ਬੇਕਿਰਕ ਅਤੇ ਲੱਠਮਾਰ ਆਲੋਚਕ ਲੇਖਕ ਗੁਰਬਚਨ ਮੇਰੇ ਕੋਲ ਹੌਲੈਂਡ ਆਇਆ ।  ਪੂਰੇ ਪੰਜ ਦਿਨ ਅਸੀਂ ਜਰਮਨੀ ਹੌਲੈਂਡ ਦੇ ਵੱਡੇ ਸ਼ਹਿਰਾਂ ਦੇ ਅਜਾਇਬ ਘਰਾਂ ਅਤੇ ਪੇਂਡੂ ਖੱਲਾਂ ਖੂੰਜਿਆ ਵਿੱਚ ਆਵਾ ਗੌਣ ਘੁੰਮਦੇ ਰਹੇ । ਅਖੀਰ ਉਸ ਦੇ ਜਾਣ ਵਾਲੇ ਦਿਨ ਮੇਰੀ ਰੀਝ ਸੀ ਕਿ ਮੈਂ ਆਤੂ ਖੋਜੀ ਉਸ ਨੂੰ ਵਿਖਾਵਾਂ। ਮੈਨੂੰ ਇਸ ਗੱਲ ਦਾ ਤੌਖਲਾ ਸੀ ਕਿ ਵੱਡੇ ਲੇਖਕਾਂ ਦੇ ਸੁਹਜ ਸਵਾਦ ਦੀ ਸੰਤੁਸ਼ਟੀ ਦੀ ਚਰਮ-ਸੀਮਾਂ ਕਈ ਵਾਰ ਬਹੁਤ ਉੱਚੀ ਅਤੇ ਵਕਾਰੀ ਹੁੰਦੀ ਹੈ ਤੇ ਜਾਂ ਹੁੰਦੀ ਹੀ ਨਹੀਂ । ਮੇਰੇ ਵਾਰ ਵਾਰ ਅਗ੍ਰਾਹ ਕਰਨ ਤੇ ਅਖੀਰ ਗੁਰਬਚਨ ਜੀ ਨੇ ਅੱਠ ਵਜੇ ਆਪਣੀ ਸੌਣ ਦੀ ਆਦਤ ਨੂੰ ਮਜ਼ਬੂਰੀ ਵਿੱਚ ਮੇਰੀ ਮਹਿਮਾਨੀ ਦੀ ਸ਼ਰਮ ਵਿੱਚ ਗੱਠ ਮਾਰ ਲਈ ਅਤੇ ਆਤੂ ਖੋਜੀ ਵੇਖਣ ਲਈ ਤਿਆਰ ਹੋ ਗਿਆ।

‘ਆਤੂ ਖੋਜੀ’ ਡੀ ਵੀ ਡੀ  ਤੇ ਚੱਲ ਪਈ । ਪੂਰੇ ਚਾਲੀ ਮਿੰਟ ਦੀ ਚੁੱਪ ਤੋਂ ਬਾਅਦ ਜਦ ਫਿਲਮ ਖ਼ਤਮ ਹੋਈ ਤਾਂ ਮੈਂ ਗੁਰਬਚਨ ਜੀ ਦਾ ਪ੍ਰਤੀਕਰਮ ਜਾਨਣ ਲਈ ਉਸ ਵੱਲ ਆਪਣੀਆਂ ਨਿੱਕੀਆਂ ਅੱਖਾਂ ਦੇ ਦੁਗਾੜੇ ਮਾਰੇ।

“ਇਹ ਕੀ ਹੈ...?” ਸ਼ਾਇਦ ਗੁਰਬਚਨ ਨੂੰ ਇਸ ਫਿਲਮ ਵਿੱਚ ਨੁਕਸਾਂ ਤੋਂ ਬਗੈਰ ਕੁਝ ਵੀ ਨਹੀ ਦਿੱਸਿਆ ਸੀ।

“ਇਸ ਬੰਦੇ ਨੂੰ ਤਾਂ ਕੈਮਰੇ ਦੀ ਵਿਉਂਤਬੰਦੀ ਦਾ ਹੀ ਪਤਾ ਨਹੀਂ ਹੈ ਕਿ ਕਿਸ ਐਂਗਲ ਤੇ ਕੈਮਰੇ ਨੂੰ ਰੱਖਣਾ ਹੈ। ਇਸ ਨੂੰ ਕੁਝ ਵੀ ਪਤਾ ਨਹੀ ਫਿਲਮ ਤਕਨੀਕ ਬਾਰੇ। ਸਾਊਂਡ ਬੜੀ ਮਾੜੀ ਹੈ । ਜੇ ਮੈਂ ਇਸ ਫਿਲਮ ਨੂੰ ਬਣਾਉਂਦਾ ਤਾਂ...!!! ਇਹ ਜਾਣੀ ਪਹਿਚਾਣੀ ਗੁਰਬਚਨੀਆਂ ਅਲੋਚਨਾ ਸੀ।

“ਭਾਜੀ ਇਹ ਫਿਲਮ ਰਾਜੀਵ ਨੇ ਸਿਰਫ ਇੱਕ ਲੱਖ ਰੁਪੈ ਵਿੱਚ ਬਣਾਈ ਹੈ। ਏਨੇ ਪੈਸੈ ਤਾਂ ਅੱਜ ਕੱਲ੍ਹ ਮਾੜੇ ਤੋਂ ਮਾੜੇ ਵਿਆਹਾਂ ਵਾਲੇ ਆਪਣੇ ਵਿਆਹ ਦੀ ਵੀਡੀਓ ‘ਤੇ ਲਗਾ ਦਿੰਦੇ ਹਨ।  ਮੇਰੀ ਨਜ਼ਰ ਵਿੱਚ ਇਹ ਇੱਕ ਨੌਜਵਾਨ ਨਿਰਦੇਸ਼ਕ ਦਾ ਕਮਾਲ ਦਾ ਤਜ਼ਰਬਾ ਹੈ”।

ਮੈਂ ਆਪਣੀ ਸਾਰੀ ਭਾਵਕੁਤਾ ਨੂੰ ਆਪਣੀ ਆਵਾਜ਼ ਵਿੱਚ ਭਿਉਂ ਕੇ ਵੀ ਸ਼ਾਇਦ ਫਿਲਮ ਆਲੋਚਕ ਗੁਰਬਚਨ ਦੀ ਤਸੱਲੀ ਨਹੀਂ ਕਰਵਾ ਸਕਿਆ ਸੀ। ਗੁਰਬਚਨ ਵੱਡਾ ਲੇਖਕ ਹੈ। ਉਹ ਦੁਨੀਆਂ ਭਰ ਦੀਆਂ ਆਰਟ ਗੈਲਰੀਆਂ ਅਤੇ ਫਿਲਮਾਂ ਵੇਖ ਚੁੱਕਿਆ ਹੈ। ਫਿਲਮਾਂ ਅਤੇ ਫਿਲਮੀ ਹਸਤੀਆਂ ਉੱਪਰ ਉਸ ਦੇ ਲੇਖ ਦਹਾਕਿਆਂ ਤੋਂ ਪੰਜਾਬੀ ਪਰਚਿਆਂ ਅਤੇ ਅਖ਼ਬਾਰਾਂ ਦੇ ਮੁੱਢਲਿਆਂ ਪੰਨਿਆਂ ਦਾ ਸਿ਼ੰਗਾਰ ਬਣਦੇ ਰਹੇ ਹਨ। ਮਾੜੇ ਮੋਟੇ ਲੇਖਕ ਨੂੰ ਤਾਂ ਉਹ ਆਪਣੀ ਕਲਮ ਦੀ ਨੋਕ ਤੇ ਵੀ ਨਹੀ ਰੱਖਦਾ । ਵੱਡੇ ਤੋਂ ਵੱਡੇ ਲੇਖਕ ਦੇ ਕਿਰਦਾਰ ਦਾ ਸੱਕ ਲਾਹੁਣ ਦੀ ਉਹ ਜੁਰਅਤ ਅਤੇ ਮੁਹਾਰਤ ਰੱਖਦਾ ਹੈ। ਫਿਲਹਾਲ ਹੁਣ ਉਹ ਖੂੰਡੀ ਦੇ ਸਹਾਰੇ ਤੁਰਦਾ ਹੈ ਤੇ ਸਿਰਫ਼ ‘ਫਿਲਹਾਲ’ ਜੋਗਾ ਹੀ ਹੈ। ਆਤੂ ਖੋਜੀ ਤਾਂ ਸਾਡੇ ਵਰਗੇ ਭਾਵੁਕ ਗਰੀਬਾਂ ਦੀ “ਦੋ ਬੀਘਾ ਜ਼ਮੀਨ” ਹੈ ਤੇ ਜਾਂ ਫਿਰ ਸੱਤਰ ਐਮ. ਐਮ. ਦੀ ਗੱਬਰ ਸਿੰਘ ਵਾਲੀ ਸ਼ੋਲੇ ਹੈ, ਜੋ ਸਾ਼ਇਦ ਸਿਨਮਿਆਂ ਦੀ ਬਜਾਏ “ਲੌਂਗ ਦਾ ਲਿਸ਼ਕਾਰਾਂ” ਵਾਂਗ ਸਾਡੇ ਘਰਾਂ ਵਿੱਚ ਹੀ ਗੋਲਡਨ, ਡਾਇਮੰਡ ਜਾਂ ਪਲਾਟੀਨਮ ਜੁਬਲੀ ਮਨਾਏਗੀ।        

“ਚੰਗਾ ! ਫਿਰ ਸਵੇਰੇ ਮਿਲਦੇ ਹਾਂ” ਇਹ ਕਹਿ ਕੇ ਗੁਰਬਚਨ ਜੀ ਸੌਣ ਚਲੇ ਗਏ। ਸ਼ਾਇਦ ਗੁਰਬਚਨ ਜੀ ਨੂੰ ਇਹ ਸਸਤਾ ਜਿਹਾ ਫਿਲਮੀ ਤਰਲਾ ਬਹੁਤ ਹੀ ਗਰੀਬ ਲੱਗਿਆ ਸੀ। ਮੇਰਾ ਮਨ ਥੋੜ੍ਹਾ ਜਿਹਾ ਉਦਾਸ ਹੋ ਗਿਆ। ਮੰਨਦੇ ਹਾਂ ਇਸ ਫਿਲਮ ਵਿੱਚ ਬਹੁਤ ਸਾਰੀਆਂ ਤਕਨੀਕੀ ਤਰੁੱਟੀਆਂ ਹਨ। ਪਹਿਲੀ ਤਾਂ ਲੋਕੇਸ਼ਨ ਦੀ ਹੀ ਹੈ, ਕਿੳਂਕਿ ਆਤੂ ਖੋਜੀ ਵਰਗੇ ਕਿਰਦਾਰਾਂ ਨੂੰ ਖਤਮ ਹੋਇਆ ਦਹਾਕਿਆਂ ਦੇ ਦਹਾਕੇ ਬੀਤ ਚੁੱਕੇ ਹਨ। ਜਦੋਂ ਪੰਜਾਬ ਦੇ ਪਿੰਡਾਂ ਦੀਆਂ ਗਲੀਆਂ ਰਾਹਾਂ ਨੂੰ ਪੱਕੀ ਇੱਟ ਜਾਂ ਤਾਰਕੋਲ ਬੱਜਰੀ ਦੀ ਸੜਕ ਤੱਕ ਨਸੀਬ ਨਹੀਂ ਸੀ ਹੋਈ। ਪਿੰਡਾਂ ਦੇ ਕੱਚੇ ਪਹੇ ਧੁੱਧਲ ਨਾਲ ਅੱਟੇ ਹੁੰਦੇ ਸਨ। ਮੀਂਹ ਪੈਣ ਤੇ ਗਲੀਆਂ, ਰਾਹ ਗੋਡੇ ਗੋਡੇ ਚਿੱਕੜ ਨਾਲ ਭਰ ਜਾਂਦੇ ਸਨ। ਗੁਰਬਤੀ ਤੋਂ ਗੁਰਬਤੀ ਪਿੰਡ ਵਾਸੀ ਕੋਲ ਵੀ ਪਸੂ਼ ਧਨ ਹੁੰਦਾ ਸੀ ‘ਤੇ ਆਮ ਹੀ ਇਹ ਧਨ ਚੋਰੀ ਹੁੰਦਾ ਸੀ। ਪਿੰਡਾਂ ਦੁਆਲੇ ਮੀਲਾਂ ਦੇ ਮੀਲ ਬੰਜਰ ਜ਼ਮੀਨਾਂ ਦੇ ਸ਼ਾਮਲਾਟੀ ਮਾਰੂ ਟੱਕ ਹੁੰਦੇ ਸਨ। ਜਿੱਥੇ ਪਿੰਡਾਂ ਦੇ ਵੱਗ ਚਰਦੇ ਸਨ। ਲੋਕਾਂ ਦੇ ਘਰਾਂ ਦੇ ਵਿਹੜੇ ਵੀ ਕੱਚੇ ਹੁੰਦੇ ਸਨ। ਚਾਰ ਚੁਫੇਰੇ ਪੈੜਾਂ ਹੀ ਪੈੜਾਂ ਹੁੰਦੀਆਂ ਸਨ। ਬੱਚੇ ਵੀ ਸਵੇਰੇ ਉੱਠ ਕੇ ਸੱਪਾਂ, ਨਿਊਲਿਆਂ ਜਾਂ  ਹੋਰ ਰਾਤਾਂ ਦੇ ਜਾਨਵਰਾਂ ਜਨੌਰਾਂ ਦੀਆਂ ਪੈੜਾਂ ਲੱਭਦੇ ਉਨ੍ਹਾਂ ਦੀਆਂ ਖੁੱਡਾਂ ਦੀ ਨਿਸ਼ਾਨਦੇਹੀ ਕਰ ਲੈਂਦੇ ਸਨ। ਇਸ ਕਰਕੇ ‘ਆਤੂ ਖੋਜੀ’ ਵਰਗੇ ਕਿਰਦਾਰ ਨੂੰ ਫਿਲਮਾਉਣ ਲੱਗਿਆਂ ਇਨਾਂ ਸਾਰੀਆਂ ਤਕਨੀਕੀ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਸੀ। ਇਸ ਫਿਲਮ ਵਾਲਾ ਆਤੂ ਖੋਜੀ ਪਿੰਡ ਦੀਆਂ ਪੱਕੀਆਂ ਗਲੀਆਂ ਅਤੇ ਘਾਹ ਯੁਕਤ ਪਹਿਆਂ ਤੇ ਪੈੜਾਂ ਤੋਂ ਡੱਕੇ ਚੁਗਦਾ ਫਿਰਦਾ ਹੈ। ਚੰਗਾ ਹੁੰਦਾ ਜੇ ਰਾਜੀਵ ਸ਼ਰਮਾ ਇਸ ਫਿਲਮ ਨੂੰ ਰਾਜਸਥਾਨ ਦੇ ਕਿਸੇ ਕੱਚੇ ਤੇ ਪੁਰਾਣੇ ਪੰਜਾਬ ਦਾ ਭੁਲੇਖਾ ਪਾੳਂਦੇ ਪਿੰਡ ਵਿੱਚ ਫਿਲਮਾੳਂੁਦਾ। ਹੋਰ ਵੀ ਬਹੁਤ ਸਾਰੀਆਂ ਗਲਤੀਆਂ ਰੜ੍ਹਕਦੀਆਂ ਹਨ। ਪੀੜਿਤ ਰੁਚਿਕਾ ਦੀ ਵਕੀਲੀ ਦੀ ਪੜ੍ਹਾਈ ਕਰ ਰਹੀ ਦੋਸਤ ਕੁੜੀ ਦਾ ਆਤੂ ਖੋਜੀ ਨਾਲ ਸਬੱਬੀ ਮੇਲ ਵਰਤਮਾਨ ਵਿੱਚ ਹੁੰਦਾ ਹੈ, ਜਦੋਂ ਕਿ ਆਤੂ ਖੋਜੀ ਵਰਗੇ ਕਿਰਦਾਰ ਅੱਜ ਤੋਂ ਪੰਜਾਹ ਸੱਠ ਸਾਲ ਪਹਿਲਾਂ ਹੁੰਦੇ ਸਨ। ਇਸ ਮੌਕੇ-ਮੇਲ ਨੁੰ ਕਿਸੇ ਹੋਰ ਫਿਲਮੀ ਜੁਗਤ ਨਾਲ ਮਿਲਾਉਣਾ ਚਾਹੀਦਾ ਸੀ। ਸੀਨਾਂ ਵਿੱਚ ਟਰੈਕਟਰ, ਬਿਜਲੀ ਦੇ ਖੰਬੇ ਤਾਰਾਂ ਸਮੇਤ ਰੜਕਦੇ ਹਨ। ਕਿਸ਼ਤੀ ਵਾਲੇ ਸੀਨ ਬਹੁਤ ਢਿੱਲੇ ਹਨ। ਪਿੰਡ ਦੀ ਪੰਚਾਇਤ ਦੇ ਸਾਹਮਣੇ ਖੋਜੀ ਵੱਲੋਂ ਪੈੜ ਕੱਢਣ ਵੇਲੇ ਸਾਰੇ ਕਿਰਦਾਰ ਪੈਂਟਾਂ ਕਮੀਜ਼ਾਂ ਵਾਲੇ ਹਨ। ਫਿਲਮ ਨੂੰ ਕਲਾਸੀਕਲ ਬਣਾਉਣ ਲਈ ਰਾਤ ਦੇ ਸੀਨ ਵਿੱਚ ਪਿੱਛੇ ਮਸੀਤ ਦਾ ਮੱਧਮ ਰੌਸ਼ਨੀ ਵਿੱਚ ਦਿਸਣਾ ਕਮਾਲ ਦਾ ਸੀਨ ਹੈ । ਉਸੇ ਸੀਨ ਵਿੱਚ ਅੱਧੀ ਰਾਤ ਨੂੰ ‘ਡੰਗਰ ਚੋਰ’ ਦੇ ਵਿਹੜੇ ਵਿੱਚ ਛਾਲ ਮਾਰਨ ਵੇਲੇ ਕਬੂਤਰਾਂ ਦਾ ਉੱਡਣਾ ਅਜੀਬ ਲੱਗਦਾ ਹੈ। ਪੰਛੀ ਕਦੀ ਵੀ ਰਾਤ ਵੇਲੇ ਧਰਤੀ ਤੇ ਨਹੀਂ ਸੌਂਦਾ । ਕੁੱਕੜ, ਕੁੱਕੜੀਆਂ ਅਤੇ ਮੋਰਾਂ ਵਰਗੇ ਭਾਰੇ ਪੰਛੀ ਵੀ ਰਾਤ ਵੇਲੇ ਦਰੱਖਤਾਂ ਤੇ ਚੜ੍ਹ ਕੇ ਸੌਂਦੇ ਹਨ। ਜਿੱਥੇ ਉਹ ਆਪਣੇ ਆਪ ਨੂੰ ਮਹਿਫੂਜ਼ ਸਮਝਦੇ ਹਨ। ਹੋਰ ਵੀ ਬਹੁਤ ਸਾਰੀਆਂ ਤਕਨੀਕੀ ਤਰੁੱਟੀਆਂ ਹਨ ਜੋ ਆਮ ਭੋਲੇ ਦਰਸ਼ਕ ਨੂੰ ਨਹੀਂ ਰੜਕਦੀਆਂ ਕਿਉਂਕਿ ਆਮ ਦਰਸ਼ਕ ਕਿਸੇ ਵੀ ਫਿਲਮ, ਨਾਟਕ  ਜਾਂ ਸੰਗੀਤ ਨਾਲ ਇੱਕ ਮਿੱਕ ਹੋ, ਵਿੱਚ ਵੜ੍ਹ ਕੇ  ਉਸ ਨੂੰ ਜਿੰਦਗੀ ਵਾਂਗ ਜਿਉਂਦਾ ਹੈ। ਪੂਰਾ ਸਵਾਦ ਲੈਂਦਾ ਹੈ। ਕਹਾਣੀ ਦੇ ਪਾਤਰਾਂ ਨਾਲ ਹੱਸਦਾ, ਖੇਡਦਾ, ਉਦਾਸ ਹੁੰਦਾ, ਰੋਂਦਾ ਹੈ। ਇਹੋ ਜਿਹੇ ਕੀੜੇ ਕੱਢਣ ਲਈ ਸਾਡੇ ਵਰਗੇ ਬਥੇਰੇ ਅਖੌਤੀ ਆਲੋਚਕ ਬੈਠੇ ਹਨ। ਜਿੰਨਾਂ ਦੀ ਕਲਮ ਆਪਣੀ ਜਹਿਨੀ ਅਯਾਸ਼ੀ ਲਈ ਕਿਸੇ ਦੇ ਕੀਤੇ ਕੰਮ ਦੀ ਸਲਾਹੁਣਾ ਘੱਟ ਅਤੇ ਪੱਟੀ-ਮੇਸਨ ਲਈ ਜਿਆਦਾ ਤੱਤਪਰ ਰਹਿੰਦੀ ਹੈ। ਉਹ ਕਲਮ ਨੂੰ ਭੰਗੀਆਂ ਦੀ ਤੋਪ ਵਾਂਗ ਵਰਤਦੇ ਹਨ।

ਮੈਨੂੰ ਇਸ ਫਿਲਮ ਵਿੱਚੋਂ ਭਵਿੱਖ ਦੇ ਪੰਜਾਬੀ ਸਮਾਂਨੰਤਰ ਸਿਨਮੇਂ ਦੀਆਂ ਸੰਭਾਵਨਾਵਾਂ ਨਜ਼ਰ ਆੳਂਦੀਆਂ ਹਨ। ਇਹ ਸਿਨਮਾਂ ਮਨਮੋਹਨ ਸਿੰਘ ਮਾਰਕਾ ਰੱਜੇ ਪੁੱਜੇ ਵਿਦੇਸ਼ੀ ਲੋਕਾਂ ਦੀਆਂ ਜ਼ਹਿਨੀ ਅਯਾਸ਼ੀ ਬਨਾਮ ‘ਹੋਮ ਸਿੱਕ’ ਵਾਲੀਆਂ  ਵਪਾਰਕ ਫਿਲਮਾਂ ਨੂੰ ਠੱਲ੍ਹ ਪਾਏਗਾ। ਸੈਮੂਅਲ ਜੌਹਨ ਵਰਗੇ ਪੇਂਡੂ ਨਾਟਕ ਮੰਡਲੀਆਂ ਦੇ ਕਲਾਕਾਰਾਂ ਨੂੰ ਅੰਤਰਰਾਸ਼ਟਰੀ ਪਹਿਚਾਨ ਦਿਵਾਵੇਗਾ। ਸੈਮੂਅਲ ਨੂੰ ਤਾਂ ਪੰਜਾਬ ਦੇ ਨਾਨਾ ਪਾਟੇਕਰ ਵਾਲੇ ਲਕਬ ਨਾਲ ਵੀ ਜਾਣਿਆ ਜਾਂਦਾ ਹੈ। ਫਿਲਮ ਦੇ ਕੁਝ ਦ੍ਰਿਸ਼ ਮਨ ਨੂੰ ਬਹੁਤ ਹੀ ਧੂਅ ਪਾਉਣ ਵਾਲੇ ਹਨ । ਦਰਸ਼ਕਾਂ ਦੀਆਂ ਅੱਖਾਂ ਅੱਥਰੂਆਂ ਨਾਲ ਪਰਨਾਲੇ ਵਾਂਗ ਵੀ ਚੋਅ ਸਕਦੀਆਂ ਹਨ। ਫਿਲਮ ਦਾ ਸੰਗੀਤ ਬਹੁਤ ਹੀ ਪਿਆਰਾ ਅਤੇ ਦ੍ਰਿਸ਼ਾਂ ਮੁਤਾਬਕ ਢੁੱਕਵਾਂ ਹੈ, ਖਾਸ ਕਰਕੇ ਆਤੂ ਖੋਜੀ ਦੀ ਵਾਰ ਵਾਲਾ ਹਿੱਸਾ। ਜਿੱਥੇ ਅੰਨ੍ਹੇ ਘੋੜੇ ਦੇ ਦਾਨ ਤੇ ਦੋ ਕਰੋੜ ਰੁਪੈ ਲੱਗੇ ਹਨ, ਉਥੇ ਆਤੂ ਖੋਜੀ ਤੇ ਸਿਰਫ ਇੱਕ ਲੱਖ ਰੁਪਈਆ ਲੱਗਾ ਹੈ, ਸਵਾ ਵੀ ਵੀ ਨਹੀਂ। ਜੇ ਰਾਜੀਵ ਕੋਲ ਵੀ ਦੋ ਕਰੋੜ ਰੁਪਈਆ ਹੁੰਦਾ ਤਾਂ ਆਤੂ ਖੋਜੀ ਤੇ ਵੀ ਬਥੇਰੀ ਤਕਨੀਕੀ ਸੁਰਖੀ ਬਿੰਦੀ ਲੱਗ ਸਕਦੀ ਸੀ। ਰਾਜੀਵ ਨੇ ਇਹ ਫਿਲਮ ਲੋਕਾਂ ਨੂੰ ਵੀਹ ਰੁਪੈ ਵਿੱਚ ਵੇਚਣ ਦਾ ਸੱਚਾ ਸੌਦਾ ਕੀਤਾ ਹੈ। ਗੁਰੂਦਵਾਰੇ ਵਿੱਚ ਕਰਾਈ ਦੇਗ ਤੋਂ ਵੀ ਸਸਤੇ ਰੇਟ ਵਿੱਚ। ਮੈਂ ਰਾਜੀਵ ਦੇ ਕੰਮ ਦਾ ਪ੍ਰਸੰਸ਼ਕ ਹਾਂ। ਮੇਰੀਆਂ ਸਾਰੀਆਂ ਸੁਭ ਇਛਾਂਵਾਂ ‘ਆਤੂ ਖੋਜੀ’ ਅਤੇ ਖੋਜੀ ਰਾਜੀਵ ਦੇ ਨਾਲ ਹਨ। ਆਤੂ ਖੋਜੀ ਕਿਸੇ ਵੀ ਕੀਮਤ ਤੇ ਅਪਣੇ ਕਿੱਤੇ ਪ੍ਰਤੀ ਇਮਾਨਦਾਰੀ, ਜੋ ਕਿ ਪੁਰਾਣੇ ਪੰਜਾਬ ਦੇ ਸੱਭਿਆਚਾਰ ਦੀ ਚੂਲ ਸੀ, ਦਾ ਸੁਨੇਹਾ ਦੇਣ ਵਿੱਚ ਪੂਰੀ ਕਾਮਯਾਬ ‘ਨਿੱਕੀ’ ਤੇ ਵੱਡੇ ਅਰਥਾਂ ਭਰਪੂਰ ਫਿਲਮ ਹੈ।

****