ਹਰੇਕ
ਆਜ਼ਾਦ ਮੁਲਕ ਦਾ ਆਪਣਾ ਕੌਮੀ ਝੰਡਾ ਅਤੇ ਕੌਮੀ ਗੀਤ ਹੁੰਦਾ ਹੈ । ਦੇਸ਼ ਵਾਸੀ ਉਸ ‘ਤੇ
ਫ਼ਖ਼ਰ ਮਹਿਸੂਸ ਕਰਿਆ ਕਰਦੇ ਹਨ । ਦਿਨ ਛਿਪਣ ਤੋਂ ਪਹਿਲਾਂ ਤੱਕ ਇਸ ਨੂੰ ਲਹਿਰਾਇਆ ਜਾਂਦਾ
ਹੈ । ਇਹ ਧਰਤੀ ਨਾਲ ਵੀ ਨਹੀਂ ਲੱਗਣਾ ਚਾਹੀਦਾ ਅਤੇ ਪੈਰਾਂ ਹੇਠ ਵੀ ਨਹੀਂ ਆਉਣਾ ਚਾਹੀਦਾ
। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਸਾਵਧਾਨੀਆਂ ਵਰਤਣੀਆਂ ਜ਼ਰੂਰੀ ਹਨ । ਪੰਦਰਾਂ
ਅਗਸਤ ਅਤੇ 26 ਜਨਵਰੀ ਨੂੰ ਇਸ ਦਾ ਸਤਿਕਾਰ ਕਰਦਿਆਂ ਇਸ ਦੀ ਸ਼ਾਨੋ-ਸ਼ੌਕਤ ਨੂੰ ਬਰਕਰਾਰ
ਰੱਖਣ ਦਾ ਪ੍ਰਣ ਕੀਤਾ ਜਾਂਦਾ ਹੈ । ਸਾਡੀ ਸੁਤੰਤਰਤਾ ਅਤੇ ਸਵੈ-ਮਾਣ ਦਾ ਪ੍ਰਤੀਕ ਹੋਣ ਦੇ
ਨਾਲ ਨਾਲ ਇਹ ਉਮੰਗ ਅਤੇ ਉਤਸ਼ਾਹ ਦਾ ਸੋਮਾ ਵੀ ਹੈ । ਆਜ਼ਾਦੀ ਦੀ ਲੜਾਈ ਵਿੱਚ ਇਹ ਝੰਡਾ
ਸਾਨੂੰ ਉਤਸ਼ਾਹ ਅਤੇ ਹੌਸਲਾ ਵੀ ਦਿੰਦਾ ਰਿਹਾ ਹੈ ।
ਸਾਡੇ
ਜਾਨੋਂ ਵੱਧ ਪਿਆਰੇ ਕੌਮੀ ਝੰਡੇ ਦਾ ਇਤਿਹਾਸ ਸਾਡੀ ਸੁਤੰਤਰਤਾ ਦੀ ਲੜਾਈ ਲਈ ਇੱਕ ਅਮਰ
ਗਾਥਾ ਹੈ । ਜਦ ਦੇਸ਼ ਆਜ਼ਾਦੀ ਦੀ ਜੰਗ ਆਰੰਭ ਹੋਈ, ਤਾਂ ਆਜ਼ਾਦੀ ਭਾਵਨਾ ਅਤੇ ਇਸ ਦੀ
ਕਲਪਨਾ ਨੂੰ ਲੈ ਕੇ ਭਾਰਤ ਦੇ ਕੌਮੀ ਝੰਡੇ ਦਾ ਮੁੱਢਲਾ ਵਜੂਦ ਬਣਨਾ ਸ਼ੁਰੂ ਹੋਇਆ ।
ਨਿਵੇਦਤਾ ਅਤੇ ਸਵਾਮੀ ਵਿਵੇਕਾਨੰਦ ਨੇ ਤੇਲ ਦੇ 108 ਲੈਂਪ “ਵੰਦੇ ਮਾਤਰਮ” ਕੈਪਸ਼ਨ ਦੁਆਲੇ
ਜਲਾਏ । ਸਭ ਤੋਂ ਪਹਿਲਾਂ ਕੋਲਕਾਤਾ ਦੇ ਇੱਕ ਪਾਰਸੀ ਸਮਾਗਮ ਵਿੱਚ ਸੁਰਿੰਦਰ ਨਾਥ ਬੈਨਰਜੀ
ਨੇ 7 ਅਗਸਤ 1906 ਨੂੰ ਇੱਕ ਝੰਡਾ ਲਹਿਰਾਇਆ । ਜਿਸ ਵਿੱਚ ਤਿੰਨ ਪੱਟੀਆਂ ਗੂੜ੍ਹੀ ਹਰੀ,
ਗੂੜ੍ਹੀ ਪੀਲੀ, ਅਤੇ ਗੂੜ੍ਹੀ ਲਾਲ ਸੀ । ਹਰੀ ਪੱਟੀ ਵਿੱਚ ਅੱਠ ਚਿੱਟੇ ਕਮਲ ਫੁੱਲਾਂ ਦੇ
ਨਿਸ਼ਾਨ ਸਨ । ਲਾਲ ਪੱਟੀ ਉੱਤੇ ਚੰਨ ਅਤੇ ਸੂਰਜ ਦੇ ਨਿਸ਼ਾਨ ਸਨ । ਪੀਲੀ ਪੱਟੀ ਉੱਤੇ
“ਵੰਦੇ ਮਾਤਰਮ” ਲਿਖਿਆ ਹੋਇਆ ਸੀ ।
ਸਾਡੀ
ਜੰਗੇ ਆਜ਼ਾਦੀ ਦੀ ਲੜਾਈ ਵਿੱਚ ਮੈਡਮ ਭੀਮਾ ਜੀ ਕਾਮਾ ਦਾ ਨਾਂਅ ਬਹੁਤ ਮਕਬੂਲ ਹੈ ।
ਉਹਨਾਂ ਨੇ ਪਹਿਲੀ ਵਾਰੀ 18 ਅਗਸਤ 1907 ਨੂੰ ਜਰਮਨੀ ਦੇ ਇੱਕ ਸਮਾਗਮ ਵਿੱਚ ਭਾਰਤੀ ਝੰਡਾ
ਵਿਦੇਸ਼ ਵਿੱਚ ਪਹਿਲੀ ਵਾਰ ਲਹਿਰਾਇਆ । ਇਕੱਠੇ ਹੋਏ ਲੋਕਾਂ ਨੇ ਖੜ੍ਹੇ ਹੋ ਕੇ ਝੰਡੇ ਦਾ
ਸਤਿਕਾਰ ਕਰਦਿਆਂ “ਭਾਰਤ ਮਾਤਾ ਦੀ ਜੈ” ਦੇ ਨਾਹਰੇ ਲਾਏ । ਇਸ ਝੰਡੇ ਵਿੱਚ ਲਾਲ, ਪੀਲੇ
ਅਤੇ ਹਰੇ ਰੰਗ ਦੀਆਂ ਤਿਰਛੀਆਂ ਧਾਰੀਆਂ ਸਨ । ਉਪਰਲੀ ਲਾਲ ਧਾਰੀ ਵਿੱਚ ਸੱਤ ਤਾਰੇ ਅਤੇ
ਇੱਕ ਕਮਲ ਫੁੱਲ ਬਣਿਆਂ ਹੋਇਆ ਸੀ, ਵਿਚਕਾਰਲੀ ਪੀਲੀ ਪੱਟੀ ਵਿੱਚ ਨੀਲੇ ਰੰਗ ਨਾਲ “ਵੰਦੇ
ਮਾਤਰਮ” ਅੰਕਿਤ ਸੀ, ਅਤੇ ਹੇਠਲੀ ਹਰੀ ਪੱਟੀ ਵਿੱਚ ਤਾਰਾ, ਚੰਦਰਮਾਂ ਬਣਿਆਂ ਹੋਇਆ ਸੀ ।
ਸਨ 1916 ਤੱਕ ਇਸ ਝੰਡੇ ਨੂੰ ਹੀ ਪ੍ਰਵਾਨ ਕੀਤਾ ਜਾਂਦਾ ਰਿਹਾ । ਇਸ ਸਮੇਂ ਹੀ ਪਿੰਗਲੀ
ਵਿਨਕਈਆ ਅਤੇ ਹੋਰਨਾਂ ਵੱਲੋਂ 30 ਨਵੇਂ ਡਿਜ਼ਾਇਨ ਪੇਸ਼ ਕੀਤੇ ਗਏ । ਪਰ ਏਨੀ ਬੇਸੈਂਟ ਅਤੇ
ਬਾਲ ਗੰਗਾਧਰ ਤਿਲਕ ਨੇ ਇੱਕ ਹੋਰ ਝੰਡਾ ਸਾਹਮਣੇ ਲਿਆਂਦਾ । ਜਿਸ ਵਿੱਚ ਪੰਜ ਲਾਲ ਅਤੇ
ਪੰਜ ਹਰੀਆਂ ਪੱਟੀਆਂ ਸਨ । ਸਪਤ ਰਿਸ਼ੀਆਂ ਦੇ ਪ੍ਰਤੀਕ ਸੱਤ ਤਾਰੇ ਅਤੇ ਇੱਕ ਖੂੰਜੇ ਵਿੱਚ
(ਖੱਬੇ ਪਾਸੇ) ਯੂਨੀਅਨ ਜੈਕ ਦਾ ਵੀ ਨਿਸ਼ਾਨ ਸੀ । ਪਰ ਇਸ ਝੰਡੇ ਦਾ ਸਖ਼ਤ ਵਿਰੋਧ ਹੋਇਆ
ਕਿਉਂਕਿ ਯੂਨੀਅਨ ਜੈਕ ਨੂੰ ਆਪਣੇ ਝੰਡੇ ਵਿੱਚ ਥਾਂ ਦੇਣੀ ਜਾਇਜ਼ ਨਹੀਂ ਸੀ । ਕੋਇਮਬਟੂਰ
ਦੇ ਮਜਿਸਟਰੇਟ ਨੇ ਵੀ ਇਸ ਉੱਤੇ ਪਾਬੰਦੀ ਲਾ ਦਿੱਤੀ ।
1916
ਵਿੱਚ ਸ਼੍ਰੀਮਤੀ ਏਨੀ ਬੇਸੈਂਟ ਨੇ ਹੋਮਰੂਲ ਝੰਡਾ ਪੇਸ਼ ਕੀਤਾ, ਜਿਸ ਵਿੱਚ ਦੋ ਰੰਗ ਲਾਲ
ਅਤੇ ਹਰਾ ਹੀ ਸੀ । ਦੋਹਾਂ ਜਾਤਾਂ ਹਿੰਦੂ ਅਤੇ ਮੁਸਲਮਾਨਾਂ ਨੂੰ ਬਰਾਬਰੀ ਦਾ ਦਰਜਾ ਦੇਣ
ਦੀ ਭਾਵਨਾ ਵਜੋਂ ਅਜਿਹਾ ਕੀਤਾ ਗਿਆ । ਆਂਧਰਾ ਪ੍ਰਦੇਸ਼ ਵਿੱਚ ਬੈਜਵਾੜਾ ਵਿਖੇ ਸਰਬ ਭਾਰਤੀ
ਕਾਂਗਰਸ ਕਮੇਟੀ ਦੀ ਇੱਕ ਮੀਟਿੰਗ ਹੋਈ । ਜਿੱਥੇ ਲੋਕਾਂ ਵੱਲੋਂ ਕਾਗਜ਼ਾਂ ਦੇ ਤਿਆਰ ਕੀਤੇ
ਕਈ ਝੰਡੇ ਪੇਸ਼ ਕੀਤੇ ਗਏ । ਇਹਨਾਂ ਨਮੂਨਿਆਂ ਦੇ ਝੰਡਿਆਂ ਨੂੰ ਵੇਖ ਮਹਾਤਮਾ ਗਾਂਧੀ ਜੀ
ਨੇ ਰਾਏ ਦਿੱਤੀ ਕਿ ਝੰਡੇ ਵਿੱਚ ਤਿੰਨ ਰੰਗ ਹੋਣੇ ਚਾਹੀਦੇ ਹਨ । ਇਹਨਾਂ ਰੰਗਾਂ ਉਪਰ ਚਰਖੇ
ਦਾ ਚਿਤਰ ਵੀ ਹੋਵੇ । ਇਸ ਝੰਡੇ ਦਾ ਕਾਫੀ ਪ੍ਰਚਾਰ ਵੀ ਹੋਇਆ ਪਰ ਪ੍ਰਵਾਨਗੀ ਹਾਸਲ ਨਾ
ਕੀਤੀ ਜਾ ਸਕੀ ।
ਝੰਡੇ
ਨੂੰ ਸਵੀਕ੍ਰਿਤੀ ਪ੍ਰਾਪਤ ਕਰਨ ਦੇ ਖ਼ਿਆਲ ਨਾਲ ਇੱਕ ਕਮੇਟੀ 1931 ਵਿੱਚ ਬਣਾਈ ਗਈ । ਜਿਸ
ਵਿੱਚ ਸ਼੍ਰੀ ਕਾਕਾ ਕਾਲੇਕਰ ਨੇ ਸੁਝਾਅ ਦਿੰਦਿਆਂ ਕਿਹਾ ਕਿ ਝੰਡੇ ਦੇ ਚਾਰੋਂ ਪਾਸੇ ਲਾਲ
ਰੰਗ ਵਿੱਚ ਹਰਾ ਅਤੇ ਸਫ਼ੈਦ ਰੰਗ ਵੀ ਹੋਵੇ । ਸਫ਼ੈਦ ਰੰਗ ਵਿੱਚ 1921 ਦੇ ਚਰਖਾ ਅੰਦੋਲਨ
ਦੇ ਪ੍ਰਤੀਕ ਚਰਖੇ ਨੂੰ ਵੀ ਲਿਆ ਜਾਵੇ । ਪਰ ਪੰਡਤ ਜਵਾਹਰ ਲਾਲ ਨਹਿਰੂ ਜੀ ਨੇ ਇਹ ਸੁਝਾਅ
ਰੱਦ ਕਰਦਿਆਂ ਕਿਹਾ ਕਿ “ਮਹਾਤਮਾਂ ਗਾਂਧੀ ਜੀ ਵੱਲੋਂ ਸੁਝਾਇਆ ਝੰਡਾ ਹੀ ਠੀਕ ਹੈ ।” ਪਰ
ਸਫ਼ੈਦ ਧਾਰੀ ਉਪਰ ਦੀ ਬਜਾਏ ਵਿਚਕਾਰ ਹੋਣੀ ਚਾਹੀਦੀ ਹੈ ,ਕਿਉਂਕਿ ਉਪਰਲੀ ਸਫ਼ੈਦ ਧਾਰੀ
ਆਕਾਸ਼ੀ ਰੰਗਾਂ ਨਾਲ ਹੀ ਮਿਲ ਜਾਇਆ ਕਰੇਗੀ ਅਤੇ ਠੀਕ ਦਿਖਾਈ ਨਹੀਂ ਦੇਵੇਗੀ । ਉਹਨਾਂ ਇਹ
ਵਿਚਾਰ ਵੀ ਰੱਦ ਕਰ ਦਿੱਤਾ ਕਿ ਤਿੰਨਾਂ ਰੰਗਾਂ ਉਪਰ ਹੀ ਚਰਖਾ ਹੋਵੇ । ਇੱਥੋਂ ਤੱਕ ਕਿ
ਚਰਖੇ ਨੂੰ ਝੰਡੇ ਉਤੇ ਰੱਖਣ ਦਾ ਵਿਰੋਧ ਵੀ ਹੋਇਆ ਤਾਂ ਕਾਲੇਕਰ ਨੇ ਕਿਹਾ ਕਿ ਝੰਡੇ ਉੱਤੇ
ਬੰਦੂਕ, ਘੋੜਾ, ਸ਼ੇਰ, ਤਲਵਾਰ ਆਦਿ ਦਾ ਚਿੰਨ੍ਹ ਨਹੀਂ ਹੋਣਾ ਚਾਹੀਦਾ । ਚਰਖਾ ਤਨ ਲਈ
ਕੱਪੜੇ ਬਨਾਉਣ ਵਿੱਚ ਮਦਦਗਾਰ ਹੈ । ਇਸ ਲਈ ਇਹੀ ਠੀਕ ਹੈ । ਪਰ ਮੌਲਾਨਾ ਅਜ਼ਾਦ ਨੇ ਕਿਹਾ
ਕਿ “ਚਰਖੇ ਦੀ ਥਾਂ ਕਪਾਹ ਦਾ ਫੁੱਲ ਹੋਵੇ, ਜਿਹੜਾ ਖਾਦੀ ਦਾ ਵੀ ਸੂਚਕ ਹੈ ਤਾਂ ਕਾਕਾ
ਕਾਲੇਕਰ ਨੇ ਕਿਹਾ “ਕਿ ਕਪਾਹ ਦਾ ਫੁੱਲ ਤਾਂ ਕੁਦਰਤ ਦੀ ਦੇਣ ਹੈ, ਪਰ ਚਰਖਾ ਮਨੁੱਖ ਦੀ
ਕਾਢ, ਅਹਿੰਸਾ ਅਤੇ ਜਾਤੀ ਕੋਸ਼ਿਸ਼ਾਂ ਦਾ ਸਿੱਟਾ ਹੈ ।” ਇਸ ਮਗਰੋਂ ਕਈ ਹੋਰ ਸੁਝਾਅ ਵੀ
ਪੇਸ਼ ਹੋਏ ਅਤੇ ਅਖ਼ੀਰ ਕੇਸਰੀ ਰੰਗ ਪ੍ਰਵਾਨ ਕਰਦਿਆਂ ਚਰਖਾ ਚਿੰਨ੍ਹ ਵੀ ਸਰਬਸੰਮਤੀ ਨਾਲ
ਪ੍ਰਵਾਨ ਕਰ ਲਿਆ ਗਿਆ, ਕਿਉਂਕਿ ਲੋਕ ਭਾਵਨਾਤਮਿਕ ਤੌਰ ‘ਤੇ ਇਸ ਨਾਲ ਜੁੜ ਚੁੱਕੇ ਸਨ । ਇਸ
ਮੁਤਾਬਕ ਝੰਡੇ ਦਾ ਸਰੂਪ ਸੀ : ਉਪਰ ਕੇਸਰੀ ਪੱਟੀ, ਵਿਚਕਾਰ ਚਿੱਟੀ ਪੱਟੀ ਅਤੇ ਹੇਠਾਂ
ਹਰੀ ਪੱਟੀ । ਚਿੱਟੀ ਪੱਟੀ ਵਿੱਚ ਨੀਲੇ ਰੰਗ ਨਾਲ ਅੰਕਿਤ ਕੀਤਾ ਚਰਖਾ । ਕੌਮੀ ਗੀਤ ਵਿੱਚ
ਵੀ ਤਿਰੰਗਾ ਸ਼ਬਦ ਆਉਂਦਾ ਹੈ । ਇਸ ਪ੍ਰਵਾਨਗੀ ਤੋਂ ਇਲਾਵਾ ਹੋਰ ਕਈ ਸੁਝਾਅ ਵੀ ਆਏ । ਪਰ
ਇਸ ਨੂੰ ਜਾਤਾਂ ਆਦਿ ਨਾਲ ਜੋੜਨ ਦੀ ਬਜਾਏ ਕੇਸਰੀ ਰੰਗ ਨੂੰ ਕੁਰਬਾਨੀ ਦਾ, ਹਰੇ ਰੰਗ ਨੂੰ
ਹਰਿਆਲੀ-ਖ਼ੁਸ਼ਹਾਲੀ ਦਾ, ਸਫ਼ੈਦ ਰੰਗ ਨੂੰ ਸੱਚ, ਸ਼ਾਂਤੀ, ਸਫ਼ਾਈ ਅਤੇ ਸਾਂਝਾ ਦਾ
ਪ੍ਰਤੀਕ ਮੰਨਿਆ ਗਿਆ ।
ਜਦ
ਸੰਵਿਧਾਨ ਸਭਾ ਨੇ ਤਿਰੰਗੇ ਨੂੰ ਕੌਮੀ ਝੰਡਾ ਨਿਸ਼ਚਿਤ ਕਰਨ ਲਈ ਸਰਦਾਰ ਪਟੇਲ, ਮੌਲਾਨਾ
ਆਜ਼ਾਦ, ਮਾਸਟਰ ਤਾਰਾ ਸਿੰਘ, ਡਾ. ਪਟਾਭੀ ਸੀਤਾਰ ਭੈਯਾ, ਕਾਕਾ ਕਾਲੇਕਰ, ਡਾ. ਹਾਰਡਨਰ
‘ਤੇ ਅਧਾਰਤ ਕਮੇਟੀ ਦਾ ਗਠਨ ਕੀਤਾ ਤਾਂ ਪਿਛਲੀ ਕਮੇਟੀ ਦੇ ਮੈਂਬਰ ਪੰਡਤ ਜਵਾਹਰ ਲਾਲ
ਨਹਿਰੂ ਜੀ ਨੇ ਕਿਹਾ ਕਿ “ਝੰਡੇ ਵਿੱਚ ਚਰਖਾ ਠੀਕ ਨਹੀਂ ਹੈ, ਕਿਉਂਕਿ ਇਹ ਦੋਹਾਂ ਪਾਸਿਆਂ
ਤੋਂ ਇੱਕੋ-ਜਿਹਾ ਦਿਖਾਈ ਨਹੀਂ ਦਿੰਦਾ । ਸੋਚ ਵਿਚਾਰ ਮਗਰੋਂ ਸਾਰਨਾਥ ਦੀ ਲਾਠ ਉੱਤੇ ਬਣੇ
ਅਸ਼ੋਕ ਦੇ 24 ਲਕੀਰਾਂ ਵਾਲੇ ਚੱਕਰ ਨੂੰ ਚਰਖੇ ਦੀ ਥਾਂ ਸ਼ਾਮਲ ਕੀਤਾ ਗਿਆ ਅਤੇ 22 ਜੁਲਾਈ
1947 ਨੂੰ ਇਹ ਪ੍ਰਵਾਨ ਕਰ ਲਿਆ ਗਿਆ । ਇਸ ਨੂੰ ਪਿੰਗਲੀ ਵਿਨਕਈਆ ਨੇ ਡਿਜ਼ਾਇਨ ਕੀਤਾ ਹੈ
। ਭਾਵੇਂ ਕਾਂਗਰਸ ਪਾਰਟੀ ਨੇ ਆਪਣਾ ਝੰਡਾ ਚਰਖੇ ਵਾਲਾ ਹੀ ਰੱਖਿਆ । ਇਸ ਤਬਦੀਲੀ ਮਗਰੋਂ 6
ਅਗਸਤ 1947 ਨੂੰ ਗਾਂਧੀ ਜੀ ਨੇ ਆਖਿਆ “ਮੈਨੂੰ ਇਹ ਸਵੀਕਾਰ ਕਰਨਾ ਚਾਹੀਦਾ ਹੈ ਕਿ ਜੇ
ਭਾਰਤੀ ਝੰਡੇ ਉੱਤੇ ਚਰਖੇ ਦੀ ਬਜਾਇ ਚੱਕਰ ਰੱਖਿਆ ਜਾਵੇਗਾ ਤਾਂ ਮੈਂ ਉਸ ਨੂੰ ਸਲਾਮੀ ਨਹੀਂ
ਦਿਆਂਗਾ ।” ਪਰ ਨਹਿਰੂ ਜੀ ਦੇ ਚੱਕਰ ਨੂੰ ਚਰਖੇ ਦਾ ਪ੍ਰਤੀਕ ਵਜੋਂ ਕਹਿਣ ‘ਤੇ ਗਾਂਧੀ ਜੀ
ਚੁੱਪ ਹੋ ਗਏ । ਹੁਣ ਅੱਗੋਂ ਇਸ ਵਿੱਚ ਕੋਈ ਹੋਰ ਤਬਦੀਲੀ ਨਾ ਹੋਵੇ, ਨੂੰ ਧਿਆਨ ਵਿੱਚ
ਰਖਦਿਆਂ ਪ੍ਰਮਾਣਿਕ ਝੰਡਾ ਸੀਲ ਕਰਕੇ ਕੈਪਸੂਲ ‘ਚ ਸੁਰੱਖਿਅਤ ਰੱਖਿਆ ਹੋਇਆ ਹੈ ।
ਸਾਡੇ
ਕੌਮੀ ਝੰਡੇ ਵਿੱਚ 3-2 ਦਾ ਅਨੁਪਾਤ ਹੈ । ਇਹ ਜਦ ਕਿਸੇ ਹੋਰ ਸੰਸਥਾ ਦੇ ਪ੍ਰੋਗਰਾਮ ਸਮੇਂ
ਲਹਿਰਾਇਆ ਜਾਂਦਾ ਹੈ ਤਾਂ ਇਹ ਸਭ ਤੋਂ ਉੱਚਾ ਹੁੰਦਾ ਹੈ । ਇਸ ਦੇ ਸੱਜੇ ਪਾਸੇ ਹੋਰ ਕੋਈ
ਝੰਡਾ ਨਹੀਂ ਹੁੰਦਾ । ਸਵੇਰੇ ਦਿਨ ਚੜ੍ਹਨ ਤੋਂ ਸ਼ਾਮ ਸੂਰਜ ਛਿਪਣ ਤੋਂ ਪਹਿਲਾਂ ਪਹਿਲਾਂ
ਉਤਾਰ ਕੇ ਸਾਂਭਿਆ ਜਾਂਦਾ ਹੈ । ਸਾਡੇ ਲਈ ਸਾਡਾ ਕੌਮੀ ਝੰਡਾ ਮਾਨ-ਸਨਮਾਨ, ਆਜ਼ਾਦੀ ਅਤੇ
ਵਿਸ਼ਵਾਸ਼ਾਂ ਦਾ ਪ੍ਰਤੀਕ ਹੈ । ਸ਼ਾਲਾ ! ਇਹ ਯੁਗਾਂ-ਯਗਾਂਤਰਾਂ ਤੱਕ ਇਵੇਂ ਲਹਿਰਾਉਂਦਾ
ਰਹੇ ਅਤੇ ਅਸੀਂ ਇਸ ਨੂੰ ਇਵੇਂ ਸੀਸ ਝੁਕਾਉਂਦੇ ਰਹੀਏ, ਫ਼ਖ਼ਰ ਕਰਦੇ ਰਹੀਏ ।
****