ਹਾਲ- ਏ- ਸਾਊਥਾਲ ਸਿਆਸਤ....... ਲੇਖ / ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)

6 ਮਈ ਨੂੰ ਹੋਣ ਜਾ ਰਹੀਆਂ ਇੰਗਲੈਂਡ ਦੀਆਂ ਪਾਰਲੀਮਾਨੀ ਚੋਣਾਂ ਵਿਸ਼ਵ ਭਰ 'ਚ ਬੈਠੇ ਪੰਜਾਬੀਆਂ ਲਈ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਹਨ ਕਿਉਂਕਿ ਇੰਗਲੈਂਡ ਵਸੇ ਪੰਜਾਬੀ ਵੀ ਇੱਥੋਂ ਦੇ ਪਾਰਲੀਮੈਂਟ 'ਚ ਆਪਣੀਆਂ ਕੁਰਸੀਆਂ ਡਾਹੁਣ ਦੇ ਕਾਬਲ ਹੋ ਗਏ ਹਨ। ਆਪਣੇ ਜੁਝਾਰੂ ਤੇ ਸੰਘਰਸ਼ਸ਼ੀਲ ਸੁਭਾਅ ਕਾਰਨ ਪੰਜਾਬੀ ਵੀਰਾਂ ਨੇ ਦੁਨੀਆਂ ਦੇ ਕਿਸੇ ਵੀ ਕੋਨੇ ਦੀ ਕੋਈ ਵੀ ਜਥੇਬੰਦੀ ਨਹੀਂ ਛੱਡੀ ਹੋਵੇਗੀ ਜਿਸ ਵਿੱਚ ਆਪਣੀ ਸਰਗਰਮ ਹਾਜ਼ਰੀ ਨਹੀਂ ਲਗਵਾਈ ਹੋਵੇਗੀ। ਉਹ ਵੀ ਸਿਰਫ ਮੈਂਬਰਾਂ ਵਜੋਂ ਹੀ ਨਹੀਂ ਸਗੋਂ ਜਿਆਦਾਤਰ ਥਾਵਾਂ 'ਤੇ ਤਾਂ ਸਾਡੇ ਪੰਜਾਬੀ ਵੀਰ ਉੱਚ ਅਹੁਦਿਆਂ 'ਤੇ ਵੀ ਬਿਰਾਜਮਾਨ ਹੋ ਬੈਠੇ ਹਨ। ਮਨ ਬਾਗੋ ਬਾਗ ਹੋ ਜਾਂਦੈ ਜਦੋਂ ਬੇਗਾਨੇ ਮੁਲਕਾਂ ਵਿੱਚ ਆਪਣੀ ਵਿਸ਼ੇਸ਼ ਪਛਾਣ ਕਾਇਮ ਕਰਕੇ ਉੱਥੋਂ ਦੀਆਂ ਸਿਆਸੀ, ਧਾਰਮਿਕ ਜਾਂ ਸੱਭਿਆਚਾਰਕ ਗਤੀਵਿਧੀਆਂ ਵਿੱਚ ਆਪਣੇ ਪੰਜਾਬੀ ਭਾਈਚਾਰੇ ਦੇ ਲੋਕਾਂ ਵੱਲੋਂ ਗੱਡੇ ਝੰਡਿਆਂ ਨੂੰ ਝੂਲਦੇ ਦੇਖੀਦੈ। ਇੰਗਲੈਂਡ ਦੇ ਧਾਰਮਿਕ ਜਾਂ ਸੱਭਿਆਚਾਰਕ ਹਲਕਿਆਂ ਵਿੱਚ ਪੰਜਾਬੀਆਂ ਦੀ ਭਰਵੀਂ ਸਮੂਲੀਅਤ ਦੁਨੀਆ ਕੋਲੋਂ ਲੁਕੀ ਨਹੀਂ ਹੈ ਕਿਉਂਕਿ ਜਿੱਥੇ ਇੰਗਲੈਂਡ ਦੇ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਨੂੰ ਸਿੱਖਾਂ ਦੀ ਦੂਸਰੀ ਸਰਵ ਉੱਚ ਸੰਸਥਾ ਦੇ ਨਾਮ ਨਾਲ ਵਡਿਆਇਆ ਜਾਂਦਾ ਹੈ ਤਾਂ ਸੱਭਿਆਚਾਰਕ ਖੇਤਰ ਵਿੱਚ ਵੀ ਇੰਗਲੈਂਡ ਵਸਦੇ ਪੰਜਾਬੀ ਭਾਈਚਾਰੇ ਦੀ ਤਾਰੀਫ਼ ਸੰਸਾਰ ਪੱਧਰ 'ਤੇ ਹੁੰਦੀ ਹੈ ਜਿਹਨਾਂ ਨੇ ਆਪਣੇ ਅਮੀਰ ਵਿਰਸੇ ਨੂੰ ਆਪਣੀ ਲਿਆਕਤ ਨਾਲ ਜਿਉਂਦਾ ਰੱਖਣ ਦੇ ਉਪਰਾਲੇ ਜ਼ੋਰਾ- ਸ਼ੋਰਾਂ ਨਾਲ ਆਰੰਭੇ ਹੋਏ ਹਨ। ਅੱਜਕੱਲ੍ਹ ਇੰਗਲੈਂਡ ਵਿੱਚ ਪਾਰਲੀਮਾਨੀ ਚੋਣਾਂ ਦਾ ਬੁਖਾਰ ਸਿਖਰਾਂ ‘ਤੇ ਹੈ। ਮੇਰੇ ਇੰਗਲੈਂਡ ਵਸਣ ਤੋਂ ਬਾਦ ਦੀਆਂ ਇਹ ਪਹਿਲੀਆਂ ਪਾਰਲੀਮਾਨੀ ਚੋਣਾਂ ਹਨ। ਬੜਾ ਚਾਅ ਜਿਹਾ ਸੀ ਕਿ ਦੇਖਾਂਗੇ ਕਿ ਐਨੇ ਵਿਕਸਤ ਮੁਲਕ ਵਿੱਚ ਸਾਡੇ ਪੰਜਾਬੀ ਵੀਰ ਕਿਸ ਢੰਗ ਨਾਲ ਚੋਣਾ ਲੜ੍ਹਨਗੇ...ਜਿੱਤਣਗੇ? ਉਹਨਾਂ ਦਾ ਲੋਕਾਂ ਨੂੰ ਆਪਣੇ ਹੱਕ ਵਿੱਚ ਭੁਗਤਾਉਣ ਦਾ ਕਿਹੜਾ ਨਿਰਾਲਾ ਢੰਗ ਹੋਵੇਗਾ ਕਿ ਲੋਕ ਉਹਨਾਂ ਨੂੰ ਆਪਣਾ ਨੁਮਾਇੰਦਾ ਅੱਖਾਂ ਮੀਚ ਕੇ ਮੰਨ ਲੈਣ?


ਇੰਗਲੈਂਡ ਦੀਆਂ ਪਾਰਲੀਮਾਨੀ ਚੋਣਾਂ ਵਿੱਚ ਵੱਖ ਵੱਖ ਹਲਕਿਆਂ ਵਿੱਚੋਂ ਵੱਡੀ ਗਿਣਤੀ ਵਿੱਚ ਪੰਜਾਬੀ ਪਿਛੋਕੜ ਵਾਲੇ ਉਮੀਦਵਾਰ ਕਿਸਮਤ ਅਜ਼ਮਾਈ ਕਰ ਰਹੇ ਹਨ ਜਿਹਨਾਂ ਵਿੱਚ ਜਸਬੀਰ ਸਿੰਘ ਪਰਮਾਰ, ਪਰਮਜੀਤ ਸਿੰਘ ਢਾਂਡਾ, ਪੌਲ ਉੱਪਲ, ਗੁਰਚਰਨ ਸਿੰਘ, ਵਰਿੰਦਰ ਸ਼ਰਮਾ ਸਮੇਤ 21 ਭਾਰਤੀ ਇਸ ਚੋਣ ਵਿੱਚ ਆਪਣੇ ਪਰ ਤੋਲ ਰਹੇ ਹਨ। ਪਰ ਸਾਊਥਾਲ ਤੋਂ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਗੁਰਚਰਨ ਸਿੰਘ ਅਤੇ ਲੇਬਰ ਪਾਰਟੀ ਦੇ ਉਮੀਦਵਾਰ ਵਰਿੰਦਰ ਸ਼ਰਮਾ ਵਲੋਂ ਜੋ ਪ੍ਰਚਾਰ ਦਾ ਤਰੀਕਾ ਅਖਤਿਆਰ ਕੀਤਾ ਗਿਆ ਹੈ ਉਹ ਦੇਖ ਕੇ ਇੱਕ ਵਾਰ ਤਾਂ ਸਾਡੇ ਪੰਜਾਬ ਦੇ ਵਿਧਾਨ ਸਭਾ ਹਲਕਿਆਂ ਦੀ ਝਾਕੀ ਅੱਖਾਂ ਅੱਗੇ ਹੂਬਹੂ ਘੁੰਮ ਗਈ। ਇੰਝ ਪ੍ਰਤੀਤ ਹੋ ਰਿਹਾ ਹੈ ਕਿ ਜਿਵੇਂ ਆਪਣੇ ਪੰਜਾਬ ਦੀਆਂ ਚੋਣਾਂ ਦਾ ਹੀ 'ਆਨੰਦ' ਮਾਣ ਰਹੇ ਹੋਈਏ। ਬਿਲਕੁਲ ਉਹੀ ਢੰਗ ਤਰੀਕਾ, ਉਹੀ ਸ਼ਬਦਾਵਲੀ ਇੱਕ ਦੂਜੇ ਨੂੰ ਭੰਡਣ ਦੀ..... ਬਸ ਸਿਰਫ ਫਰਕ ਹੈ ਤਾਂ ਲੋਕਾਂ ਦਾ.. ਕਿਉਂਕਿ ਮੇਰੇ ਪੰਜਾਬ 'ਚ ਤਾਂ ਲੋਕਾਂ ਦੇ ਨੁਮਾਇੰਦੇ ਆਪਣੇ ਵੋਟਰਾਂ ਨੂੰ ਭੁੱਕੀ, ਅਫੀਮ ਜਾਂ ਦਾਰੂ ਦੇ ਗੱਫੇ ਵੀ ਵਰਤਾ ਦਿੰਦੇ ਹਨ। ਜੇ ਗੱਲ ਅੜਦੀ ਦਿਸੇ ਤਾਂ ਬੱਸ ਦੀ ਟਿਕਟ ਖਰੀਦਣ ਵਾਂਗ ਨਕਦ ਮਾਇਆ ਦੇ ਕੇ ਵੋਟਾਂ ਖਰੀਦਣ ਦੀ ਖੇਚਲ ਵੀ ਕਰਨੀ ਪੈ ਜਾਂਦੀ ਹੈ ਸਾਡੇ ਪੰਜਾਬ ਦੇ ਸਿਆਣੇ ਲੀਡਰਾਂ ਨੂੰ...। ਇਸੇ ਗੱਲੋਂ ਹੀ ਲੋਕਾਂ ਦਾ ਫ਼ਰਕ ਕਿਹੈ ਕਿਉਂਕਿ ਸ਼ਾਇਦ ਸਾਊਥਾਲ ਦੇ ਵੋਟਰਾਂ ਦੀ ਜਮੀਰ ਖਰੀਦਣ ਜਾਂ ਦਾਰੂ ਪਿਆਲੇ ਸਾਂਝੇ ਕਰਨ ਵਰਗੇ ਲਾਲਚ ਨਾ ਦਿੱਤੇ ਜਾਂਦੇ ਹੋਣ ਕਿਸੇ ਲੀਡਰ ਵੱਲੋਂ। ਪਰ ਇੱਕ ਗੱਲ ਸਾਫ ਹੈ ਕਿ ਲੋਕਾਂ ਨੂੰ ਭਾਵਨਾਤਮਕ ਤੌਰ 'ਤੇ ਗੁੰਮਰਾਹ ਕਰਨ ਵਾਲਾ 'ਭੰਡਣ ਮਾਰਕਾ' ਫਾਰਮੂਲਾ ਇੱਕ ਹੀ ਹੈ, ਸ਼ਾਇਦ ਉਹ ਇਸ ਕਰਕੇ ਵੀ ਹੋ ਸਕਦਾ ਹੈ ਕਿਉਂਕਿ ਸਾਡੇ ਇੱਥੋਂ ਦੇ ਪੰਜਾਬੀ ਲੀਡਰਾਂ ਦੀਆਂ ਰਗਾਂ 'ਚ ਵੀ ਉਸੇ ਪੰਜਾਬ ਦਾ ਖੂਨ ਵਗਦਾ ਹੈ ਜਿੱਥੇ ਹਰ ਦਿਨ ਇੱਕ ਦੂਜੇ ਨੂੰ ਭੰਡਣ ਤੇ ਲੋਕਾਂ ਦੀ ਹਮਦਰਦੀ ਹਾਸਲ ਕਰਨ ਦਾ ਨਵੇਂ ਤੋਂ ਨਵਾਂ ਸਟੰਟ ਦੇਖਣ ਨੂੰ ਮਿਲਦਾ ਹੈ ਭਾਵੇਂ ਉਹ ਕਾਂਗਰਸੀਆਂ ਦਾ ਅਕਾਲੀਆਂ ਵੱਲੋਂ ਕਾਂਗਰਸੀ ਵਰਕਰਾਂ ਸਿਰ ਮੜੇ ਜਾਂਦੇ ਅਖੌਤੀ ਪੁਲਸ ਕੇਸਾਂ ਦੀ ਕਾਵਾਂਰੌਲੀ ਹੋਵੇ ਜਾਂ ਫਿਰ ਪੰਜਾਬ ਦੇ ਕਬੱਡੀ-ਪਸੰਦ ਲੋਕਾਂ ਨੂੰ ਵਿਸ਼ਵ ਕਬੱਡੀ ਕੱਪ ਦੇ ਨਾਂ 'ਤੇ ਸੁਖਬੀਰ ਬਾਦਲ ਵੱਲੋਂ 'ਬਾਦਲ ਜਿ਼ੰਦਾਬਾਦ' ਦੇ ਨਾਅਰੇ ਮਰਵਾਉਣ ਦੀ ਗੱਲ ਹੋਵੇ। ਦੁੱਖ ਦਿੱਤੈ ਇਸ ਗੱਲ ਨੇ ਕਿ ਇੱਕ ਅਤਿ ਵਿਕਸਤ ਮੁਲਕ ਦੀ ਰਾਜਨੀਤੀ 'ਚ ਬੇਹੱਦ ਜਿ਼ੰਮੇਵਾਰ ਰੁਤਬੇ ਹਾਸਲ ਕਰਕੇ ਉਮੀਦਵਾਰ ਬਣੇ ਪੰਜਾਬੀ ਵੀਰਾਂ ਵੱਲੋਂ ਇੱਕ ਦੂਜੇ ਨੂੰ ਅਖਬਾਰਾਂ ਰਾਹੀਂ ਤਾਹਨੇ ਮਿਹਣੇ ਮਾਰਦਿਆਂ 'ਦਲ-ਬਦਲੂ' ਗੁਰਚਰਨ ਸਿੰਘ ਜਾਂ 'ਸ਼ਰਮੇ' ਜਾਂ ‘ਸ਼ਰਮੇ ਦਾ ਗਿਰਗਟ ਵਾਂਗ ਰੰਗ ਬਦਲਦਾ ਕਿਰਦਾਰ’ ਆਦਿ ਸ਼ਬਦਾਂ ਨਾਲ ਸੰਬੋਧਨ ਕਰਨਾ ਹਜ਼ਮ ਜਿਹਾ ਨਹੀਂ ਆਉਂਦਾ ਕਿਉਂਕਿ ਇਹੋ ਜਿਹੀ ਸ਼ਬਦਾਵਲੀ ਤਾਂ ਸਾਡੇ ਪਿੰਡਾਂ ਦੇ ਅਨਪੜ੍ਹ ਲੋਕ ਵੀ ਵਰਤਣ ਲੱਗੇ ਸੌ ਵਾਰ ਸੋਚਣ ਕਿ ਜੇ ਗੋਰਿਆਂ ਨੂੰ ਪਤਾ ਲੱਗ ਗਿਆ ਕਿ ਅਸੀਂ ਕੀ ਕੀ ਬੋਲੀ ਜਾ ਰਹੇ ਹਾਂ... ਤਾਂ ਉਹ ਕੀ ਸੋਚਣਗੇ ਕਿ ਅਸੀਂ ਪੜ੍ਹ ਲਿਖ ਕੇ ਵੀ....?
ਇਸ਼ਤਿਹਾਰਬਾਜੀ ਜ਼ਰੀਏ ਹੀ ਅਖਬਾਰਾਂ ਲੋਕ ਸੇਵਾ ਕਰ ਸਕਦੀਆਂ ਹਨ ਅਤੇ ਜਿਉਂਦੀਆਂ ਰਹਿ ਸਕਦੀਆਂ ਹਨ। ਜੇ ਅਖਬਾਰਾਂ ਰਾਹੀਂ ਲੋਕਾਂ ਤੱਕ ਪਹੁੰਚ ਬਣਾਉਣੀ ਹੀ ਹੈ ਤਾਂ ਕੀ ਸਿਰਫ ਇੱਕ ਦੂਜੇ ਨੂੰ ਭੰਡਣਾ ਹੀ ਆਖਰੀ ਹਥਿਆਰ ਰਹਿ ਜਾਂਦਾ ਹੈ? ਕਿਸੇ ਨੂੰ ਭੰਡਣ ਦੀ ਬਜਾਏ ਤੁਸੀਂ ਦੁਸਰੇ ਦੀਆਂ ਖਾਮੀਆਂ ਜਾਂ ਬੁਰਾਈਆਂ ਜਾਂ ਉਸਦੇ ਕਿਰਦਾਰ ‘ਤੇ ਲੱਗੇ ‘ਪੈਂਚਰ’ ਗਿਣਾਉਣ ਨਾਲੋਂ ਆਪਣੀਆਂ ਚੰਗਿਆਈਆਂ ਜਾਂ ਕੀਤੇ ਹੋਏ ਚੰਗੇ ਕੰਮਾਂ ਨੂੰ ਹੀ ਆਪਣੇ ਇਸ਼ਤਿਹਾਰਾਂ ਦਾ ਵਿਸ਼ਾ ਕਿਉਂ ਨਹੀਂ ਬਣਾਉਂਦੇ? ਤਾਂ ਜੋ ਵੋਟਰ ਤੁਹਾਡੇ ਅਤੇ ਤੁਹਾਡੇ ਵਿਰੋਧੀ ਦੀਆਂ ਚੰਗਿਆਈਆਂ ਨੂੰ ਕਪੜਛਾਣ ਕਰਕੇ ਕੋਈ ਨਤੀਜਾ ਕੱਢ ਸਕਣ ਕਿ ਕਿਸ ਦੇ ਪੱਲੇ ਵਧੇਰੇ ਨਿੱਗਰ ਸੋਚ ਹੈ। ਅਖਬਾਰਾਂ ਨਾਲ ਜੁੜੇ ਲੋਕਾਂ ਦੇ ਜਿ਼ਹਨ ‘ਚ ਇਹ ਗੱਲ ਤਾਂ ਆਉਂਦੀ ਹੀ ਹੋਵੇਗੀ ਕਿ ਜਿਹਨਾਂ ਨੇ ਕੱਲ੍ਹ ਨੂੰ ਸਾਡੀ ਨੁਮਾਇੰਦਗੀ ਕਰਨੀ ਹੈ, ਉਹ ਤਾਂ ਸਭ ਤੋਂ ਪਹਿਲਾਂ ਖੁਦ ਹੀ ਜੂੰਡੋ-ਜੂੰਡੀ ਹੋਈ ਜਾ ਰਹੇ ਹਨ। ਕੋਈ ਕਿਸੇ ਨੂੰ ਅਖਬਾਰਾਂ ਰਾਹੀਂ ‘ਮਲਾਈਆਂ’ ਖਾ ਕੇ ਭੁੱਲ ਜਾਣ ਦੇ ਮਿਹਣੇ ਮਾਰ ਰਿਹਾ ਹੈ ਕੋਈ ਕਿਸੇ ਨੂੰ ਧਾਰਮਿਕ ਮੁੱਦਿਆਂ ‘ਚ ਉਲਝਾ ਕੇ ਠਿੱਬੀ ਲਾਉਣ ਦੇ ਚੱਕਰ ‘ਚ ਹੈ। ਅਖਬਾਰਾਂ ਨੂੰ ਜੋ ਕੁਝ ਲਿਖ ਕੇ ਦੇ ਦਿੱਤਾ ਜਾਂਦਾ ਹੈ ਉਹਨਾਂ ਇਸ਼ਤਿਹਾਰਦਾਤਾ ਦੀ ਮਰਜ਼ੀ ਮੁਤਾਬਕ ਛਾਪਣਾ ਹੈ, ਪਰ ਸੋਚਣਾ ਤਾਂ ਉਸ ਬੁੱਧੀਜੀਵੀ ਨੇ ਹੈ ਕਿ ਜਾਂ ਤਾਂ ਉਹ ਖੁਦ ਨੂੰ ਉੱਚ ਸੋਚ ਦਾ ਮਾਲਕ ਸਮਝ ਰਿਹਾ ਹੈ ਕਿ ਲੋਕ ਉਹਨਾਂ ਵੱਲੋਂ ਕੀਤੀ ਜਾਂਦੀ ਇੱਕ ਦੂਜੇ ਦੀ ਭੰਡਖੋਹੀ ਤੋਂ ਪ੍ਰਭਾਵਿਤ ਹੋ ਕੇ ਹੀ ਉਲਾਰ ਹੋ ਜਾਣਗੇ... ਜਾਂ ਫਿਰ ਉਹ ਲੋਕਾਂ ਦੀ ਸੋਚ ਨੂੰ ਹੀ ਬੇਹੱਦ ਘਟੀਆ ਦਰਜੇ ਦੀ ਸਮਝ ਰਿਹਾ ਹੈ ਕਿ ‘ਲੋਕਾਂ ਦਾ ਕੀ ਆ?... ਇਹ ਬੁੱਧੂ ਬਣਾਏ ਈ ਲੋਟ ਰਹਿੰਦੇ ਆ..!’ 
ਸਿਰਫ ਰਾਜਨੀਤਕ ਲੋਕਾਂ ਨੂੰ ਹੀ ਖਿੱਚੀ ਫਿਰਨਾ ਵੀ ਜਿਆਦਤੀ ਹੋਵੇਗੀ ਕਿਉਂਕਿ ‘ਧਾਰਮਿਕ-ਰਾਜਨੀਤੀਵਾਨਾ’ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੀਆਂ ਪਿਛਲੀਆਂ ਚੋਣਾਂ ਵੇਲੇ ਦੋਵੇਂ ਗਰੁੱਪਾਂ ਵੱਲੋਂ ਇੱਕ ਦੁਜੇ ਖਿਲਾਫ ਜੋ ਭੰਡੀ ਪ੍ਰਚਾਰ ਕੀਤਾ ਸੀ ਉਸ ਸਾਹਮਣੇ ਤਾਂ ‘ਨਿਰੋਲ ਰਾਜਨੀਤੀਵਾਨਾਂ’ ਦਾ ਭੰਡੀ ਪ੍ਰਚਾਰ ਵੀ ਬੌਣਾ ਜਿਹਾ ਲੱਗਣ ਲੱਗ ਜਾਂਦੈ। ਬੇਸ਼ੱਕ ਅਸੀਂ ਬੋਲਣ ਦੀ ਆਜਾਦੀ ਹਾਸਲ ਕਰ ਲਈ, ਪੈਸਾ ਜਾਂ ਪੌਂਡ ਅਥਾਹ ਕਮਾ ਲਏ ਹੋਣ ਪਰ ਅਸੀਂ ਦੂਜੇ ਨੂੰ ਭੰਡ ਕੇ ਖੁਦ ਨੂੰ ਪਾਕ-ਪਵਿੱਤਰ ਅਖਵਾਉਣ ਦੀ ਸੋਚ ਦੀ ਗੁਲਾਮੀ ਤੋਂ ਨਿਜਾਤ ਨਹੀਂ ਪਾ ਸਕੇ। 
ਗੁਰਮੁਖੋ, ਜਿਸ ਬਾਣੀ ਦਾ ਆਸਰਾ ਲੈ ਕੇ ਅਸੀਂ ਸਿਆਸਤ ਦੀਆਂ ਪੀਘਾਂ ਦੇ ਹੁਲਾਰੇ ਲੈਣ ਦੀ ਝਾਕ ਲਾਈ ਬੈਠੇ ਹਾਂ ਉਹ ਬਾਣੀ ਤਾਂ ਹਮੇਸ਼ਾ ਕਹਿੰਦੀ ਹੈ ਕਿ 
“ਹਮ ਨਹੀ ਚੰਗੇ ਬੁਰਾ ਨਹੀ ਕੋਇ।।”
ਫਿਰ ਕਿੱਧਰਲੀ ਧਾਰਮਿਕਤਾ ਹੈ ਕਿ ਅਸੀਂ ਆਪਣੇ ਹੀ ਭਾਈਚਾਰੇ ਦੇ ‘ਵਿਰੋਧੀ ਉਮੀਦਵਾਰ’ ਨੂੰ ਬਾਣੀ ਦੀਆਂ ਸਿੱਖਿਆਵਾਂ ਦੇ ਉਲਟ ਭੁਗਤ ਕੇ ਆਪ ਚੰਗੇ ਬਣ ਕੇ, ਉਸ ਨੂੰ ਬੁਰਾ ਬਣਾ ਰਹੇ ਹਾਂ।
ਬਾਣੀ ਤਾਂ ਇਹ ਵੀ ਕਹਿੰਦੀ ਹੈ ਕਿ
“ਕੂੜੁ ਬੋਲਿ ਮੁਰਦਾਰੁ ਖਾਇ।।
ਅਵਰੀ ਨੋ ਸਮਝਾਵਣਿ ਜਾਇ।।”
ਫਿਰ ਕਿਸ ਦੀ ਭੰਡਣ-ਸ਼ੈਲੀ ਨੂੰ ਤਰਕ ਸੰਗਤ ਮੰਨਿਆ ਜਾਵੇ ਕਿੳਂਕਿ ਜੇ ਦੋਵੇਂ ਧਿਰਾਂ ਹੀ ਸੱਚੀਆਂ ਹਨ ਤਾਂ ਫਿਰ ਝੂਠਾ ਕੌਣ ਹੈ? ਜੇ ਦੋਵੇਂ ਧਿਰਾਂ ਹੀ ਝੂਠੀਆਂ ਹਨ ਤਾਂ ਫਿਰ ਸੱਚਾ ਕੌਣ ਹੈ? ਜੇ ਕੋਈ ਝੂਠ ਬੋਲਦਾ ਵੀ ਹੈ ਤਾਂ ਮੁਰਦਾਰ ਖਾਣ ਬਰਾਬਰ ਹੈ। ਫਿਰ ਲੋਕਾਂ ਦੀ ਪ੍ਰਤੀਨਿਧਤਾ ਕਿਸ ਮੂੰਹ ਨਾਲ....?
ਨੇਤਾ ਵੀਰੋ, ਸਿਆਣੇ ਕਹਿੰਦੇ ਹਨ ਕਿ ਬੋਤੇ ਮਗਰ ਖੜ੍ਹਾ ਗਿੱਦੜ ਕਿਸੇ ਨੂੰ ਨਹੀਂ ਦੀਂਹਦਾ ਹੁੰਦਾ। ਕਹਿਣ ਦਾ ਭਾਵ ਇਹ ਕਿ ਜੇ ਤੁਹਾਡੇ ਚੰਗੇ ਕੰਮ ਬੋਤੇ ਵਾਂਗ ਉੱਚੇ ਹਨ ਤਾਂ ਤੁਹਾਡੀਆਂ ਗਿੱਦੜ ਦੇ ਕੱਦ ਜਿੰਨੀਆਂ ਬੁਰਾਈਆਂ ਵੀ ਲੁਕ ਜਾਂਦੀਆਂ ਹਨ। ਜਰੂਰੀ ਇਹ ਹੈ ਕਿ ਇੱਕ ਦੂਜੇ ਦੇ ਝੱਗੇ ਪਾੜਨ ਨਾਲੋਂ, ਆਪਣੇ ਭਾਈਚਾਰੇ ਦੀ ਮਿੱਟੀ ਪਲੀਤ ਕਰਨ ਨਾਲੋਂ ਆਓ ਇਹੋ ਜਿਹੀ ਬੁਣਤੀ ਬੁਣੋ ਕਿ ਆਪਣੀਆਂ ਲਿਆਕਤਾਂ ਜ਼ਰੀਏ ਲੋਕਾਂ ਦੇ ਦਿਲਾਂ ‘ਚ ਥਾਂ ਬਣਾਈਏ ਨਾ ਕਿ ਆਪਣੇ ਹੀ ਭਰਾਵਾਂ ਖਿਲਾਫ਼ ਨਫਰਤ ਦੇ ਬੀਜ ਬੀਜੀਏ। ਜੇ ਤੁਹਾਡੀਆਂ ਪਾਰਟੀਆਂ ਦੇ ਆਗੂ ਟੀ.ਵੀ ਚੈਨਲਾਂ ਵੱਲੋਂ ਕਰਵਾਏ ਜਾਂਦੇ ਆਹਮੋ-ਸਾਹਮਣੇ ਪ੍ਰੋਗਰਾਮਾਂ ‘ਚ ਮੂੰਹ ‘ਤੇ ਬਹਿਸ ਕਰ ਸਕਦੇ ਹਨ ਤਾਂ ਫਿਰ ਤੁਸੀਂ ਇਹ ਕਿਹੜੇ ਰਾਹ ਤੁਰੇ ਹੋਏ ਹੋ। ਜੇ ਲੋਕਾਂ ਦੇ ਹਿਤਾਂ ਦੀ ਇੰਨੀ ਹੀ ਫਿਕਰ ਹੈ ਤਾਂ ਜਨਤਕ ਇਕੱਠਾਂ ‘ਚ ਇੱਕ ਦੂਜੇ ਦੇ ਮੂੰਹ ‘ਤੇ ਵੀ ਸਥਿਤੀ ਸਪੱਸ਼ਟ ਕੀਤੀ ਜਾ ਸਕਦੀ ਹੈ। ਇਹੋ ਜਿਹੀ ਬੋਲਬਾਣੀ ਨਾਲ ਵਿਚਰੋ ਕਿ ਕਿਤੇ ਰਾਹ-ਖੜ੍ਹੇ ਮਿਲੋ ਤਾਂ ਸ਼ਰਮਿੰਦਾ ਹੋਣਾ ਪਵੇ ਕਿਉਂਕਿ 6 ਮਈ ਤੋਂ ਬਾਦ ਕੱਟਾ-ਕੱਟੀ ਨਿਕਲ ਹੀ ਜਾਣੀ ਹੈ। ਜਿੱਤ ਇੱਕ ਦੀ ਹੀ ਹੋਣੀ ਹੈ ਤੇ ਪਰਖਿਆ ਜਾਣਾ ਹੈ ਕਿ ਕਿਸ ਦੇ ਤਿਲਾਂ ‘ਚ ਕਿੰਨਾ ਤੇਲ ਸੀ। 

****

ਪੰਜਾਬੀ ਭਾਸ਼ਾ ਦਾ ਦੁਖਾਂਤ…......ਮਨਜੀਤ ਸਿੰਘ ਸਿੱਧੂ (ਪ੍ਰੋ) / ਲੇਖ਼

ਪੰਜਾਬੀ ਇੱਕ ਅਜੇਹੀ ਭਾਸ਼ਾ ਹੈ ਜਿਸਨੂੰ ਅਜੇ ਤੱਕ ਆਪਣਾ ਬਣਦਾ ਰੁਤਬਾ ਅਤੇ ਸਥਾਨ ਪ੍ਰਾਪਤ ਨਹੀਂ ਹੋ ਸਕਿਆ ਹੈ। ਕਈ ਬੁੱਧੀ ਜੀਵੀ ਇਸ ਨਾਲ ਭਾਵਨਾਤਮਕ ਤੌਰ ਤੇ ਜੁੜੇ ਹੋਏ ਹਨ ਅਤੇ ਉਹ ਪੰਜਾਬੀ ਮਾਤ ਭਾਸ਼ਾ ਦੀ ਵਰਤਮਾਨ ਦਸ਼ਾ ਦਾ ਰੋਣਾ ਵੀ ਰੋ ਰਹੇ ਹਨ। ਪਰ ਜੇ ਵਿਚਾਰਿਆ ਜਾਵੇ ਤਾਂ ਇਨ੍ਹਾਂ ਬੁੱਧੀ ਜੀਵੀਆਂ ਨੇ ਪੰਜਾਬੀ ਭਾਸ਼ਾ ਦਾ ਹੁਲੀਆ ਵੀ ਵਿਗਾੜਿਆ ਹੈ। ਦੇਸ਼ ਦੀ ਵੰਡ ਹੋ ਜਾਣ ਬਾਅਦ ਥੋੜ੍ਹੀ ਦੇਰ ਬਾਅਦ ਹੀ ਪੱਛਮੀ ਪੰਜਾਬ (ਪਾਕਿਸਤਾਨ) ਅਤੇ ਪੂਰਬੀ ਪੰਜਾਬ (ਹਿੰਦੁਸਤਾਨ) ਦੀ ਪੰਜਾਬੀ ਵਿੱਚ ਲੋਕਾਂ ਨੂੰ ਫਰਕ ਮਹਿਸੂਸ ਹੋਣ ਲੱਗ ਪਿਆ ਸੀ। ਉਸ ਵੇਲੇ ਰੇਡੀਓ ਲਾਹੌਰ ਅਤੇ ਰੇਡੀਓ ਜਲੰਧਰ ਦੇ ਪੰਜਾਬੀ ਪ੍ਰੋਗਰਾਮਾਂ ਵਿੱਚ ਸਾਫ ਫਰਕ ਨਜ਼ਰ ਆਉਣ ਲੱਗ ਪਿਆ ਸੀ। ਪੂਰਬੀ ਪੰਜਾਬ ਦੇ ਲੋਕ ਇਹ ਕਹਿੰਦੇ ਸਨ ਕਿ ਲਾਹੌਰ ਰੇਡੀਓ ਦੀ ਪੰਜਾਬੀ ਠੇਠ ਅਤੇ ਸਮਝ ਆਉਂਦੀ ਹੈ ਪਰ ਜਲੰਧਰ ਰੇਡੀਓ ਦੀ ਪੰਜਾਬੀ ਵਿੱਚ ਹਿੰਦੀ/ਸੰਸਕ੍ਰਿਤ ਦੇ ਸ਼ਬਦਾਂ ਦੀ ਭਰਮਾਰ ਹੈ। ਇਸ ਲਈ ਇਸਨੂੰ ਆਮ ਲੋਕ ਸਮਝਣ ਵਿੱਚ ਔਖ ਮਹਿਸੂਸ ਕਰਦੇ ਸਨ। ਇਸਦਾ ਕਾਰਨ ਇਹ ਸੀ ਕਿ ਲਾਹੌਰ ਰੇਡੀਓ ਤੋਂ ਉਹੋ ਬੋਲੀ ਬੋਲੀ ਜਾਂਦੀ ਸੀ ਜੋ ਕਿ ਅਣਵੰਡੇ ਪੰਜਾਬ ਵਿੱਚ ਬੋਲੀ ਜਾਂਦੀ ਸੀ। ਕਿਉਂਕਿ ਉਸ ਵੇਲੇ ਪੰਜਾਬੀ ਜ਼ੁਬਾਨ ਵਿੱਚ ਉਰਦੂ, ਫਾਰਸੀ ਦੇ ਸ਼ਬਦ ਆਮ ਹੀ ਵਰਤੇ ਜਾਂਦੇ ਸਨ ਕਿ ਉਹ ਪੰਜਾਬੀ ਵਿੱਚ ਇਸ ਤਰ੍ਹਾਂ ਮਿਲ ਗਏ ਸਨ ਕਿ ਓਪਰੇ ਨਹੀਂ ਲੱਗਦੇ ਸਨ। ਪਰ ਪੂਰਬੀ ਪੰਜਾਬ ਵਿੱਚ 1947 ਤੋਂ ਬਾਅਦ ਸਕੂਲਾਂ ਵਿੱਚ ਉਰਦੂ ਪੜ੍ਹਾਉਣਾ ਹੀ ਬੰਦ ਕਰ ਦਿੱਤਾ। ਉਸਦੀ ਥਾਂ ਹਿੰਦੀ ਨੇ ਲੈ ਲਈ। ਸੁਤੰਤਰਤਾ ਤੋਂ ਬਾਅਦ ਪੰਜਾਬੀ ਵਿੱਚ ਪਰਿਭਾਸ਼ਕ ਵਿਗਿਆਨਕ ਅਤੇ ਪ੍ਰਸ਼ਾਸਨਕ ਅਨੇਕ ਭਾਂਤ ਦੀ ਸ਼ਬਦਾਵਲੀ ਦੀ ਲੋੜ ਸੀ। ਸੋ ਯੂਨੀਵਰਸਟੀਆਂ ਤੇ ਭਾਸ਼ਾ ਵਿਭਾਗ ਨੇ ਅੰਗਰੇਜ਼ੀ ਤੋਂ ਪੰਜਾਬੀ ਵਿੱਚ ਉਲਥੇ ਕਰਵਾਉਣੇ ਸ਼ੁਰੂ ਕਰ ਦਿੱਤੇ। ਇਸ ਕੰਮ ਲਈ ਉਨ੍ਹਾਂ ਬੁੱਧੀ ਜੀਵੀਆਂ ਨੂੰ ਮੁਆਵਜਾ ਦਿੰਦੇ ਸਨ। ਇਸ ਤਰ੍ਹਾਂ ਵੱਧ ਤਂਆ ਵੱਧ ਅਤੇ ਛੇਤੀ ਤੋਂ ਛੇਤੀ ਹਿੰਦੀ ਦੀਆਂ ਡਿਕਸ਼ਨਰੀਆਂ ਕੋਲ ਰੱਖ ਕੇ ਜਿਹੜੇ ਪੰਜਾਬੀ ਵਿੱਚ ਸ਼ਬਦ ਨਾ ਸੁੱਝੇ ਤਾਂ ਉਨ੍ਹਾਂ ਨੇ ਹਿੰਦੀ ਡਿਕਸ਼ਨਰੀਆਂ ਵਿੱਚੋਂ ਸ਼ਬਦ ਉਧਾਰ ਲੈ ਕੇ ਡੰਗ ਸਾਰ ਲਿਆ। ਇਸ ਤਰ੍ਹਾਂ ਉਨ੍ਹਾਂ ਨੇ ਆਪਣੇ ਪੈਸੇ ਖਰੇ ਕਰ ਲਏ। ਕੋਈ ਵੀ ਖੇਤਰ ਲੈ ਲਵੋ ਪੰਜਾਬੀ ਵਿੱਚ ਹਿੰਦੀ ਸੰਸਕ੍ਰਿਤ ਦੀ ਫਸਲ ਉਂਗਣ ਲੱਗ ਪਈ ਅਤੇ ਜਿਹੜੀ ਫਸਲ (ਉਰਦੂ, ਫਾਰਸੀ) ਦੇ ਸ਼ਾਨਦਾਰ ਬੂਟੇ ਪੰਜਾਬੀ ਖੇਤਰ ਵਿੱਚ ਲੱਗੇ ਹੋਏ ਸਨ ਜਾਂ ਤਾਂ ਉਹ ਖੇਤਾਂ ਵਿੱਚੋਂ ਘਾਹ-ਫੂਸ ਦੀ ਤਰ੍ਹਾਂ ਕੱਢ ਦਿੱਤੇ ਗਏ ਜਾਂ ਉਹ ਦੇਖ ਭਾਲ ਬਿਨਾਂ ਮੁਰਝਾ ਕੇ ਸੁੱਕ ਗਏ। ਦੂਜੇ ਸ਼ਬਦਾਂ ਵਿੱਚ ਜਦੋਂ ਪੰਜਾਬੀ ਵਿੱਚ ਪ੍ਰਚੱਲਤ ਉਰਦੂ ਫਾਰਸੀ ਦੇ ਲਫਜਾਂ ਦੀ ਵਰਤੋਂ ਹੀ ਬੰਦ ਕਰ ਦਿੱਤੀ ਤਾਂ ਕੁਦਰਤੀ ਹੈ ਕਿ ਉਹ ਸ਼ਬਦ ਪੂਰਬੀ ਪੰਜਾਬ ਦੀ ਪੰਜਾਬੀ ਭਾਸ਼ਾ ਵਿੱਚੋਂ ਅਲੋਪ ਹੋ ਗਏ। ਇਸ ਤਰ੍ਹਾਂ ਪੰਜਾਬੀ ਜ਼ੁਬਾਨ ਕੰਗਾਲ ਵੀ ਹੋਈ ਅਤੇ ਇਸਦਾ ਹੁਲੀਆ ਵੀ ਬਿਗੜ ਗਿਆ। ਇਸ ਲੇਖਕ ਨੇ ਸਕੂਲ ਤੋਂ ਲੈ ਕੇ ਕਾਲਿਜ ਤੱਕ ਪੰਜਾਬੀ ਪੜ੍ਹੀ ਹੈ ਪਰ ਸਾਹਿਤਕ ਆਲੋਚਨਾ ਦੇ ਖੇਤਰ ਵਿੱਚ, ਸਾਹਿਤਕਾਰਾਂ ਨੇ ਪੰਜਾਬੀ ਰੂਪ ਵਿੱਚ ਨਵੇਂ ਸ਼ਬਦ ਘੜਨ ਦੀ ਖੇਚਲ ਹੀ ਨਹੀਂ ਕੀਤੀ। ਕਿਉਂਕਿ ਇਸ ਕੰਮ ਲਈ ਮਗਜ਼ ਪੱਚੀ ਕਰਨੀ ਪੈਂਦੀ ਸੀ ਪਰ ਉਸਦਾ ਸਿਲਾ ਨਹੀਂ ਮਿਲਣਾ ਸੀ। ਅੱਜ ਕੱਲ ਦੇ ਪੰਜਾਬੀ ‘ਪਰਵਾਨੇ’ ਅੱਗ ਦੀ ਲਾਟ ਤੇ ਜਲਣ ਦੀ ਬਜਾਏ ਮੱਖੀਆਂ ਵਾਂਗ ਗੁੜ ‘ਤੇ ਛੇਤੀ ਡਿੱਗਦੇ ਹਨ। ਜੇ ਦੋਨਾਂ ਪੰਜਾਬਾਂ ਵਿੱਚ ਮੇਲ ਜੋਲ ਨਾ ਰਿਹਾ ਤਾਂ ਇੱਕ ਦਿਨ ਪੱਛਮੀ ਤੇ ਪੂਰਬੀ ਪੰਜਾਬ ਦੀ ਪੰਜਾਬੀ ਦੋ ਵੱਖਰੀਆਂ ਜੁਬਾਨਾਂ ਬਣ ਜਾਣਗੀਆਂ। ਅਸਲ ਵਿੱਚ ਕਿਸੇ ਜ਼ੁਬਾਨ ਨੂੰ ਪ੍ਰਫੁੱਲਤ ਹੋਣ ਲਈ ਸਰਕਾਰੀ ਦਰਬਾਰੀ ਸਰਪਰਸਤੀ ਮਿਲਣੀ ਚਾਹੀਦੀ ਹੈ। ਕਿਉਂਕਿ ਪੰਜਾਬ ਵਿੱਚ ਪੰਜਾਬੀ ਬੋਲਣ ਵਾਲਿਆਂ ਦਾ ਬੋਲ ਬਾਲਾ ਅਥਵਾ ਰਾਜ ਨਹੀਂ ਰਿਹਾ ਇਸੇ ਲਈ ਪੰਜਾਬੀ ਨੂੰ ਆਪਣਾ ਥਾਂ ਨਹੀਂ ਮਿਲਿਆ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਵੀ ਦਰਬਾਰੀ ਬੋਲੀ ਫਾਰਸੀ ਸੀ। ਇਸੇ ਵਾਸਤੇ ਫਕੀਰ ਅਜ਼ੀਜ਼ਦੀਨ ਮਹਾਰਾਜਾ ਰਣਜੀਤ ਸਿੰਘ ਦੇ ਵਜ਼ੀਰੇ ਖਾਰਜਾ ਸਨ। ਕਿਉਂਕਿ ਦਿੱਲੀ ਦੀ ਸਰਕਾਰ ਅਤੇ ਦੂਜੇ ਰਾਜਿਆਂ ਨਵਾਬਾਂ ਨਾਲ ਚਿੱਠੀ ਪੱਤਰ, ਗੱਲਬਾਤ ਫਾਰਸੀ ਜ਼ੁਬਾਨ ਵਿੱਚ ਹੀ ਹੁੰਦੀ ਸੀ। ਦਿੱਲੀ ਦਰਬਾਰ ਦੀ ਜ਼ੁਬਾਨ ਫਾਰਸੀ ਹੀ ਸੀ। ਇਸ ਵਾਸਤੇ ਫਾਰਸੀ ਜ਼ੁਬਾਨ ਸਿੱਖਣ ਦੀ ਕਦਰ ਪੈਂਦੀ ਸੀ। ਰੋਜ਼ਗਾਰ ਪ੍ਰਾਪਤ ਹੁੰਦਾ ਸੀ। ਸੋ ਉਪਯੋਗਤਾ ਹੀ ਕਿਸੇ ਬੋਲੀ ਜਾਂ ਭਾਸ਼ਾ ਨੂੰ ਸਿੱਖਣ, ਪੜ੍ਹਣ, ਲਿਖਣ ਤੇ ਬੋਲਣ ਲਈ ਉਤਸ਼ਾਹਤ ਕਰਦੀ ਹੈ।
ਪੰਜਾਬੀ ਜ਼ੁਬਾਨ ਦੇ ਰਸਤੇ ਵਿੱਚ ਫਿਰਕਾ ਪ੍ਰਸਤੀ ਵੀ ਇੱਕ ਵੱਡਾ ਅੜਿਕਾ ਬਣੀ। ਪੰਜਾਬੀ ਜ਼ੁਬਾਨ ਬੋਲਣ ਵਾਲਿਆਂ ਦੇ ਅੱਧ ਤੋਂ ਕੁਝ ਘੱਟ ਅਥਵਾ ਹਿੰਦੂਆਂ ਨੇ ਪੰਜਾਬੀ ਨੂੰ ਆਪਣੀ ਮਾਤ ਭਾਸ਼ਾ ਮੰਨਣ ਤੋਂ ਹੀ ਇਨਕਾਰ ਕਰ ਦਿੱਤਾ ਸੀ। ਜਨਸੰਖਿਆ ਵੇਲੇ ਅਖਬਾਰਾਂ ਰਾਹੀਂ ਹਿੰਦੂਆਂ ਨੂੰ ਆਪਣੀ ਮਾਤ ਭਾਸ਼ਾ ਹਿੰਦੀ ਦਰਜ ਕਰਵਾਉਣ ਲਈ ਪ੍ਰੇਰਿਆ ਗਿਆ ਤੇ ਉਕਸਾਇਆ ਗਿਆ। ਪੰਜਾਬ ਵਿੱਚ ਜਿਸ ਪੰਜਾਬੀ ਸੂਬੇ ਲਈ ਐਜੀਟੇਸਨ ਵੇਲੇ ਅਕਾਲੀ ‘ਧੋਤੀ, ਟੋਪੀ ਜਮਨਾ ਪਾਰ’ ਦੇ ਨਾਅਰੇ ਲਗਾ ਰਹੇ ਸਨ ਅਤੇ ਮੁਕਾਬਲੇ ਵਿੱਚ ‘ਜਨਸੰਘ’ “ਊੜਾ, ਐੜਾ ਨਹੀਂ ਪੜੇਂਗੇ, ਗੋਬਰ ਕੂੜਾ ਨਹੀਂ ਪੜੇਂਗੇ’ ਦੇ ਨਾਅਰੇ ਲਗਵਾ ਰਿਹਾ ਸੀ। ਪੰਜਾਬੀ ਦੀ ਸਭ ਤੋਂ ਵੱਡੀ ਤਰਾਸਦੀ ਇਹ ਹੈ ਕਿ ਜਿਹੜੇ ਦਿਨ ਰਾਤ ਘਰ ਵਿੱਚ ਪੰਜਾਬੀ ਬੋਲਦੇ ਹਨ ਉਨ੍ਹਾਂ ਵਿੱਚੋਂ 46 ਪ੍ਰਤੀਸ਼ਤ ਲੋਕ ਆਪਣੀ ਮਾਤ ਭਾਸ਼ਾ ਤੋਂ ਹੀ ਬੇਮੁੱਖ ਹੋ ਗਏ ਹਨ। ਜਦੋਂ ਲਛਮਣ ਸਿੰਘ ਗਿੱਲ ਦੀ ਸਰਕਾਰ ਨੇ ਰਾਜ ਭਾਸ਼ਾ ਦਾ ਬਿੱਲ ਦਸੰਬਰ 1968 ਨੂੰ ਪਾਸ ਕਰ ਦਿੱਤਾ ਸੀ ਅਤੇ ਪੰਜਾਬੀ ਨੂੰ ਰਾਜ ਸਰਕਾਰ ਦੀ ਰਾਜ ਭਾਸ਼ਾ ਬਣਾ ਦਿੱਤਾ ਤਾਂ ਵੀ ਇਸ ‘ਤੇ ਅਮਲ ਨਹੀਂ ਹੋ ਸਕਿਆ। ਵਿਸ਼ੇਸ਼ ਕਰਕੇ ਸਕਤ੍ਰੇਤ ਪੱਧਰ ‘ਤੇ ਤਾਂ ਇਹ ਨਾਂ ਮਾਤਰ ਹੀ ਲਾਗੂ ਹੋ ਸਕਿਆ। ਭਾਵੇਂ ਭਾਸ਼ਾ ਵਿਭਾਗ ਤੇ ਪੰਜਾਬੀ ਯੂਨੀਵਰਸਿਟੀ ਵੀ ਪੰਜਾਬੀ ਦੀ ਤਰੱਕੀ ਵਾਸਤੇ ਹੀ ਬਣਾਏ ਗਏ ਪਰ ਅੰਗਰੇਜ਼ੀ ਭਾਸ਼ਾ ਦਾ ਦਬ-ਦਬਾ ਕਾਇਮ ਹੈ। ਪੰਜਾਬ ਵਿੱਚ ‘ਪੰਜਾਬ ਯੂਨੀਵਰਸਿਟੀ ਟੈਕਸਟ ਬੁੱਕ ਬੋਰਡ’ ਵੀ ਸਥਾਪਤ ਕੀਤਾ ਗਿਆ ਜਿਸਦਾ ਮਨੋਰਥ ਯੂਨੀਵਰਸਿਟੀ ਪੱਧਰ ਦੀ ਪੜ੍ਹਾਈ ਲਈ ਟੈਕਸਟ ਬੁੱਕਾਂ ਦਾ ਪੰਜਾਬੀ ਵਿੱਚ ਉਲਥਾ ਕਰਵਾ ਕੇ ਯੂਨੀਵਰਸਿਟੀ ਪੱਧਰ ਦੀ ਪੜ੍ਹਾਈ ਲਈ ਰਾਹ ਪੱਥਰਾ ਕੀਤਾ ਜਾਣਾ ਸੀ। ਪਰ ਇਹ ਜਤਨ ਵੀ ਫੇਲ ਰਿਹਾ ਹੈ। ਭਾਵੇਂ ਬੀ. ਏ. ਦੀ ਪੱਧਰ ਤੇ ਤਾਂ ਕੁਝ ਮਜ਼ਮੂਨਾਂ ਦੀਆਂ ਪੁਸਤਕਾਂ ਪੰਜਾਬੀ ਵਿੱਚ ਉਪਲੱਭਦ ਹਨ ਪਰ ਸਾਇੰਸ ਦੇ ਵਿਸ਼ਿਆਂ ਵਿੱਚ ਵਿਦਿਆਰਥੀ ਅੰਗ੍ਰੇਜ਼ੀ ਜ਼ੁਬਾਨ ਵਿੱਚ ਹੀ ਪਾਠ ਪੁਸਤਕਾਂ ਪੜ੍ਹਦੇ ਹਨ। ਰਾਜਨੀਤਕ ਕਾਰਨਾਂ ਕਰਕੇ ਵੀ ਪੰਜਾਬੀ ਨੂੰ ਆਪਣੇ ਘਰ ਵਿੱਚ ਹੀ ਸਤਿਕਾਰ ਤੇ ਮਾਨਤਾ ਨਹੀਂ ਮਿਲ ਸਕੀ।
ਸੁਤੰਤਰਤਾ ਤੋਂ ਪਹਿਲਾਂ ਸਾਰੀਆਂ ਰਾਜਨੀਤਕ ਪਾਰਟੀਆਂ ਦੀ ਮੁੱਖ ਮੰਗ ਸੀ ਕਿ ਭਾਰਤ ਵਿੱਚ ਜ਼ੁਬਾਨ ਆਧਾਰਤ ਸੂਬੇ ਬਣਾਏ ਜਾਣ ਅਤੇ ਮਾਤ ਭਾਸ਼ਾ ਵਿੱਚ ਹੀ ਸਿਖਿਆ ਪ੍ਰਦਾਨ ਕੀਤੀ ਜਾਵੇ। ਪੰਜਾਬ ਸਟੂਡੈਂਟ ਫੈਡਰੇਸ਼ਨ ਦੀ ਲਹੌਰ ਵਿਖੇ ਹੋਈ ਸਲਾਨਾ ਕਾਨਫਰੰਸ ਵਿੱਚ ਇਹ ਲੇਖਕ ਵੀ ਦਸੰਬਰ 1946 ਵਿੱਚ ਸ਼ਾਮਲ ਹੋਇਆ ਸੀ। ਇੱਕ ਮਤਾ ਸਿਖਿਆ ਮਾਤ ਭਾਸ਼ਾ ਵਿੱਚ ਪ੍ਰਦਾਨ ਕਰਨ ਦਾ ਪਾਸ ਕੀਤਾ ਗਿਆ ਸੀ। ਮੈਂ ਆਪਣੇ ਇੱਕ ਮਿੱਤਰ ਜੋ ਪੰਜਾਬ ਸਟੂਡੈਟਸ ਫੈਡਰੇਸ਼ਨ ਦੀ ਲਹੌਰ ਵਾਲੀ ਕਾਨਫਰੰਸ ਵਿੱਚ ਵੀ ਸ਼ਾਮਲ ਸੀ ਨਾਲ ਪੰਜਾਬੀ ਜ਼ੁਬਾਨ ਦੀ ਸਮੱਸਿਆਵਾਂ ਬਾਰੇ ਗੱਲ ਕੀਤੀ। ਉਸਦਾ ਕਹਿਣਾ ਸੀ ਕਿ ਪੰਜਾਬ ਦੇ ਵਿਦਿਆਰਥੀਆਂ ਨੂੰ ਅੰਗਰੇਜ਼ੀ ਭਾਸ਼ਾ ਵਿੱਚ ਪ੍ਰਬੀਨਤਾ ਦੀ ਲੋੜ ਹੈ ਨਹੀਂ ਤਾਂ ਸਾਡੇ ਨੌਜਵਾਨਾਂ ਲਈ ਵਿਦੇਸ਼ੀ ਦਰਵਾਜੇ ਬੰਦ ਹੋ ਜਾਣਗੇ। ਉਸਦਾ ਇਹ ਉਂਤਰ ਭਾਸ਼ਾ ਦੀ ਉਪਯੋਗਤਾ ਨਾਲ ਸੰਬੰਧਤ ਸੀ। ਇਹ ਗੱਲ ਕੋਈ ਅੱਜ ਤੋਂ 30 ਕੁ ਸਾਲ ਪਹਿਲਾਂ ਦੀ ਹੈ। ਪਰ ਅੱਜ ਜਦੋਂ ਮੈਂ ਸੋਚਦਾ ਹਾਂ ਕਿ ਉਸਦੇ ਇਸ ਕਥਨ ਵਿੱਚ ਕਿੰਨੀ ਸਚਾਈ ਸੀ। ਬਾਹਰਲੇ ਦੇਸ਼ਾਂ ਜਿਵੇਂ ਕੈਨੇਡਾ, ਇੰਗਲੈਂਡ ਤੇ ਅਮਰੀਕਾ ਜਾਣ ਵਾਲੇ ਨੌਜਵਾਨ ਤਰਲੋ ਮੱਛੀ ਹੋ ਰਹੇ ਹਨ ਅਤੇ ਪੰਜਾਬ ਵਿੱਚ ਥਾਂ ਥਾਂ ਬਾਹਰ ਜਾਣ ਵਾਲੇ ਇੱਛਕਾਂ ਨੂੰ ਅੰਗਰੇਜ਼ੀ ਵਿੱਚ ਪ੍ਰਬੀਨਤਾ ਪ੍ਰਾਪਤ ਕਰਨ ਦੀ ਸਿਖਲਾਈ ਦੇ ਰਹੇ ਹਨ ਅਤੇ ਅੰਗਰੇਜ਼ੀ ਦੇ ਕਈ ਟੈਸਟ ਟੂਫਲ ਆਦਿ ਵੀ ਪਾਸ ਕਰਵਾ ਰਹੇ ਹਨ। ਇਨ੍ਹਾਂ ਹਾਲਾਤ ਨੂੰ ਮੁੱਖ ਰੱਖਦਿਆਂ ਹੀ ਪਿਛਲੀ ਅਕਾਲੀ ਸਰਕਾਰ ਸਮੇਂ ਸਿਖਿਆ ਮੰਤਰੀ ਜਥੇਦਾਰ ਤੋਤਾ ਸਿੰਘ ਨੇ ਅੰਗਰੇਜ਼ੀ ਵਿਸ਼ਾ ਪ੍ਰਾਇਮਰੀ ਸਕੂਲਾਂ ਵਿੱਚ ਲਾਗੂ ਕਰ ਦਿੱਤਾ ਸੀ। ਇਸ ਤੋਂ ਪਹਿਲਾਂ ਪਿੰਡ ਪਿੰਡ ਵਿੱਚ ਅਖੌਤੀ ਅੰਗਰੇਜ਼ੀ ਮਾਧਿਅਮ ਵਾਲੇ ਪਬਲਿਕ ਸਕੂਲ ਸਥਾਪਤ ਹੋ ਚੁੱਕੇ ਸਨ ਅਤੇ ਪੰਜਾਬ ਦੇ ਪਿੰਡਾਂ ਦੀ ਮੰਦੀ ਆਰਥਕ ਹਾਲਤ ਦੇਖ ਕੇ ਲੋਕ ਆਪਣੇ ਬੱਚਿਆਂ ਨੂੰ ਧੜਾ ਧੜ ਇਨ੍ਹਾਂ ਸਕੂਲਾਂ ਵਿੱਚ ਪੜ੍ਹਨੇ ਪਾ ਰਹੇ ਸਨ। ਤਾਂ ਜੋ ਉਹ ਵਿਦੇਸ਼ਾਂ ਵਿੱਚ ਜਾ ਸਕਣ। ਪਰ ਠੀਕ ਪਲੈਨਿੰਗ ਨਾ ਹੋਣ ਕਾਰਨ ਸਰਕਾਰੀ ਸਕੂਲ ਤਾਂ ਪਹਿਲਾਂ ਹੀ ਬਦਨਾਮ ਹੋ ਰਹੇ ਸਨ। ਰਾਜਨੀਤਕ ਕਾਰਨਾਂ ਕਰਕੇ ਪਿੰਡ ਪਿੰਡ ਸਕੂਲ ਖੋਲ੍ਹੇ ਗਏ। ਕਈ ਸਕੂਲਾਂ ਦੇ ਹਾਈ/ਹਾਇਰ ਜਾਂ ਸੀਨੀਅਰ ਸੈਕੰਡਰੀ ਸਕੂਲਾਂ ਦੇ ਫੱਟੇ ਲਗਾਏ ਗਏ ਸਨ ਲੋਕਾਂ ਦੀਆਂ ਵੋਟਾਂ ਬਟੋਰਨ ਖਾਤਰ। ਨਾ ਇਨ੍ਹਾਂ ਸਕੂਲਾਂ ਵਿੱਚ ਸਟਾਫ, ਨਾ ਬਿਲਡਿੰਗ, ਨਾ ਲੈਬਾਰਟਰੀ ਨਾ ਹੋਰ ਸਮਾਨ ਹੀ ਉਪਲਭਦ ਸਨ। ਵੋਟਾਂ ਦੀ ਪ੍ਰਾਪਤੀ ਨੂੰ ਮੁੱਖ ਰੱਖਕੇ ਗਲਤ ਪ੍ਰਾਥਮਕਤਾਵਾਂ ਉਪਰ ਖਰਚ ਕਰਕੇ ਖਜ਼ਾਨੇ ਖਾਲੀ ਕਰ ਦਿੱਤੇ ਗਏ ਸਨ। 
ਇੱਕ ਹੋਰ ਗੱਲ ਜਿਸਦੀ ਲੋਕ ਆਮ ਚਰਚਾ ਕਰਦੇ ਹਨ। ਜਦੋਂ ਲੇਖਕ ਸਭਾਵਾਂ ਵੱਲੋਂ ਪੰਜਾਬੀ ਲਾਗੂ ਕਰਵਾਉਣ ਲਈ ਜਤਨ ਕੀਤੇ ਜਾਂਦੇ ਹਨ। ਪੰਜਾਬ ਸਕਤ੍ਰੇਤ ਅੱਗੇ ਧਰਨੇ ਲਗਾਏ ਜਾਂਦੇ ਹਨ। ਆਮ ਨਾਗਰਿਕਾਂ ਦਾ ਇਨ੍ਹਾਂ ਧਰਨਿਆਂ ਨੂੰ ਹੁੰਗਾਰਾ ਨਹੀਂ ਮਿਲਦਾ। ਉਹ ਕਹਿੰਦੇ ਸੁਣੇ ਜਾਂਦੇ ਹਨ ਕਿ ਇਨ੍ਹਾਂ ਲੇਖਕਾਂ ਦੇ ਆਪਣੇ ਬੱਚੇ ਤਾਂ ਅੰਗਰੇਜ਼ੀ ਮਾਧਿਅਮ ਵਾਲੇ ਪਬਲਿਕ ਸਕੂਲਾਂ ਵਿੱਚ ਪੜ੍ਹਦੇ ਹਨ ਅਤੇ ਦੂਜਿਆਂ ਨੂੰ ਪੰਜਾਬੀ ਵੱਲ ਧੱਕ ਰਹੇ ਹਨ। “ਔਰੋਂ ਕੋ ਨਸੀਹਤ ਖੁਦ ਮੀਆ ਫਜ਼ੀਹਤ।”
ਇੱਕ ਕਾਰਨ ਮਾਤ ਭਾਸ਼ਾ ਨੂੰ ਸਰਕਾਰੇ ਦਰਬਾਰੇ ਆਪਣਾ ਸਥਾਨ ਨਾ ਮਿਲਣ ਦਾ ਹੁੰਦਾ ਹੈ ਕਿ ਜਦੋਂ ਸ਼ਾਸਕ ਵਰਗ ਅਤੇ ਸ਼ਾਸਤ ਵਰਗ ਵਿੱਚ ਪਾੜਾ ਵਧ ਜਾਂਦਾ ਹੈ ਅਤੇ ਸ਼ਾਸਕ ਵਰਗ ਸ਼ਾਸਤ ਵਰਗ ਨੂੰ ਦਬਾ ਕੇ ਰੱਖਦਾ ਹੈ ਤਾਂ ਇਨ੍ਹਾਂ ਦੋਨਾਂ ਵਰਗਾਂ ਦੀ ਭਾਸ਼ਾ ਵਿੱਚ ਵੀ ਅੰਤਰ ਵਧ ਜਾਂਦਾ ਹੈ। ਦੋਨਾਂ ਵਰਗਾਂ ਦੀ ਬੋਲੀ ਵਿੱਚ ਪਾੜਾ ਇਤਨਾ ਵਧ ਜਾਂਦਾ ਹੈ ਕਿ ਸ਼ਾਸਤ ਵਰਗ ਨੂੰ ਸ਼ਾਸਕ ਦੀ ਬੋਲੀ ਦੀ ਸਮਝ ਹੀ ਨਹੀਂ ਪੈਂਦੀ। ਇਸ ਤਰ੍ਹਾਂ ਸ਼ਾਸਕ ਵਰਗ ਦੀ ਬੋਲੀ ਕੇਵਲ ਵਿਸ਼ੇਸ਼ ਵਰਗ ਹੀ ਸਮਝਦਾ ਹੈ ਅਤੇ ਬੋਲਦਾ ਹੈ। ਕਿਉਂਕਿ ਇਹ ਵਰਗ ਬਹੁਤ ਘੱਟ ਗਿਣਤੀ ਵਿੱਚ ਹੁੰਦਾ ਹੈ ਇਸ ਵਾਸਤੇ ਜਨ ਸਮੂਹ ਦੀ ਬੋਲੀ ਇਤਨੀ ਬਦਲ ਜਾਂਦੀ ਹੈ ਕਿ ਸ਼ਾਸਕ ਵਰਗ ਦੀ ਬੋਲੀ ਇੱਕ ਮੁਰਦਾ ਬੋਲੀ ਬਣਕੇ ਰਹਿ ਜਾਂਦੀ ਹੈ। ਸ਼ਾਇਦ ਸੰਸਕ੍ਰਿਤ ਭਾਸ਼ਾ ਦੇ ਮ੍ਰਿਤਕ ਬੋਲੀ ਬਣ ਜਾਣ ਦਾ ਵੱਡਾ ਕਾਰਨ ਇਹੋ ਰਿਹਾ ਹੋਵੇਗਾ।
ਅੱਜ ਵੀ ਕਿਉਂਕਿ ਸ਼ਾਸਕ ਵਰਗ ਅਤੇ ਸ਼ਾਸਤ ਵਰਗ ਵਿੱਚ ਅੰਤਰ ਬਹੁਤ ਵਧ ਗਿਆ ਹੈ। ਸੋ ਸ਼ਾਸਕ ਵਰਗ ਆਪਣੇ ਆਪ ਨੂੰ ਜਨ ਸਮੂਹ ਨਾਲੋਂ ਵਖਰਿਆਉਣ ਲਈ ਵੱਖਰੀ ਬੋਲੀ ਬੋਲਦੇ ਹਨ। ਇਹ ਜਨ ਸਮੂਹ ਨੂੰ ਦਬਾ ਕੇ ਰੱਖਣ ਦਾ ਢੰਗ ਹੁੰਦਾ ਹੈ। ਇਸ ਵਾਸਤੇ ਪੰਜਾਬ ਦੀ ਸਰਕਾਰੀ ਭਾਸ਼ਾ ਪੰਜਾਬੀ ਹੋਣ ਦੇ ਬਾਵਜੂਦ ਸ਼ਾਸਕ ਵਰਗ ਅੰਗਰੇਜ਼ੀ ਦਾ ਪ੍ਰਯੋਗ ਕਰਨਾ ਆਪਣੀ ਸ਼ਾਨ ਤੇ ਵਡੱਤਣ ਸਮਝਦੇ ਹਨ। ਅਜੇਹਾ ਤਾਂ ਹੁੰਦਾ ਹੈ ਕਿ ਦੋਨਾਂ ਵਰਗਾਂ ਦੇ ਹਿੱਤ ਪ੍ਰਸਪਰ ਵਿਰੋਧੀ ਹੁੰਦੇ ਹਨ। ਅੱਜ ਕੱਲ ਤਾਂ ਇਹ ਫਰਕ ਪ੍ਰਤੱਖ ਹੈ ਕਿਉਂਕਿ ਸ਼ਾਸਕ ਵਰਗ ਵਿੱਚ ਧਨ-ਦੌਲਤ ਵਾਲਾ ਹੀ ਦਾਖਲ ਹੋ ਸਕਦਾ ਹੈ ਚਾਹੇ ਉਹ ਐਮ. ਐਲ. ਏ./ਮੰਤਰੀ ਹੋਵੇ ਜਾਂ ਸਿਵਲ ਸਰਵਿਸ ਅਧਿਕਾਰੀ। ਨਿਰਧਨ ਤਾਂ ਇਸ ਵਰਗ ਵਿੱਚ ਦਾਖਲ ਹੋਣਾ ਸੋਚ ਵੀ ਨਹੀਂ ਸਕਦਾ।
ਸੋ ਵਰਤਮਾਨ ਸਥਿਤੀ ਵਿੱਚ ਮਾਤ ਭਾਸ਼ਾ ਅਥਵਾ ਜਨ ਸਮੂਹ ਦੀ ਭਾਸ਼ਾ ਤਾਂ ਹੀ ਉਪਯੋਗ ਵਿੱਚ ਆ ਸਕਦੀ ਹੈ ਜੇ ਇਹ ਵਰਗੀ ਹਿੱਤ ਖਤਮ ਹੋ ਜਾਣ ਤਾਂ ਪੰਜਾਬੀ ਬੋਲੀ ਦੀ ਉਪਯੋਗਤਾ ਵਧ ਜਾਵੇਗੀ ਅਥਵਾ ਪੰਜਾਬੀ ਭਾਸ਼ਾ ਦਾ ਗਿਆਨ ਲੋਕਾਂ ਨੂੰ ਰੋਜ਼ਗਾਰ ਦਿਲਾ ਸਕੇਗਾ। ਕੇਵਲ ਇੱਛਾ ਹੀ ਪੰਜਾਬੀ ਨੂੰ ਉਤਸ਼ਾਹਤ ਨਹੀਂ ਕਰੇਗੀ।
ਪੰਜਾਬੀ ਨੂੰ ਬਣਦਾ ਸਥਾਨ ਦਿਲਵਾਉਣ ਲਈ ਪੰਜਾਬੀਆਂ ਨੂੰ ਪੂਰਨ ਸਭਿਆਚਾਰਕ ਇਨਕਲਾਬ ਲਿਆਉਣਾ ਹੋਵੇਗਾ। ਅਥਵਾ ਵਰਗ ਮੁਕਤ ਸਮਾਜ ਸਥਾਪਤ ਕਰਨਾ ਹੋਵੇਗਾ ਜਾਂ ਵਰਗ ਅਸਮਾਨਤਾਵਾਂ ਨਿਊਨਤਮ ਕਰਨੀਆਂ ਹੋਣਗੀਆਂ। ਇਹ ਧਾਰਨਾ ਸਭਿਆਚਾਰ ਦੇ ਖੇਤਰ ਵਿੱਚੋਂ ਕੱਢ ਕੇ ਰਾਜਨੀਤਕ ਖੇਤਰ ਵਿੱਚ ਪ੍ਰਵੇਸ਼ ਕਰਨ ਦੀ ਪ੍ਰੇਰਨਾ ਕਰਦੀ ਹੈ। ਦੂਜੇ ਸ਼ਬਦਾਂ ਵਿੱਚ ਰਾਜਨੀਤਕ ਸੰਘਰਸ਼ ਪੰਜਾਬੀ ਨੂੰ ਆਪਣਾ ਸਥਾਨ ਦਿਲਵਾਉਣ ਲਈ ਜ਼ਰੂਰੀ ਹੋਵੇਗਾ। ਭਾਸ਼ਾ ਦੀ ਪੱਧਰ ‘ਤੇ ਇਹ ਸਮੱਸਿਆ ਹੱਲ ਹੋਣ ਵਾਲੀ ਨਹੀਂ। ਇਸ ਲਈ ਸਰਬਪੱਖੀ ਜਤਨਾਂ ਦੀ ਲੋੜ ਹੈ। ਕੇਵਲ ਸਰਵਪੱਖੀ ਜਤਨ ਹੀ ਮਾਤ ਭਾਸ਼ਾ ਪੰਜਾਬੀ ਦਾ ਦੁਖਾਂਤ ਦੂਰ ਕਰ ਸਕਦੇ ਹਨ।



ਸ਼ਿਵ ਦੇ ਗੀਤਾਂ ਦੀ ਹੋ ਰਹੀ ਮੌਤ.......... ਲੇਖ਼ / ਸ਼ਮੀ ਜਲੰਧਰੀ

ਸ਼ਿਵ ਕੁਮਾਰ ਬਟਾਲਵੀ ਇਕ ਐਸਾ ਨਾਮ ਹੈ, ਜਿਸ ਨੂੰ ਸੁਣਦਿਆਂ ਸਾਰ ਹੀ ਪੰਜਾਬੀ ਅਦਬ ਨੂੰ ਪਿਆਰ ਕਰਨ ਵਾਲੇ ਹਰ ਸਖ਼ਸ਼ ਦੀ ਰੂਹ ਗੁਨਗੁਨਾਉਣ ਲਗ ਜਾਂਦੀ ਹੈ। ਜੋਬਨ ਰੁੱਤੇ ਦੁਨੀਆਂ ਨੂੰ ਅਲਵਿਦਾ ਕਹਿ ਜਾਣ ਵਾਲਾ ਇਹ ਸ਼ਾਇਰ, ਪੰਜਾਬੀ ਸਾਹਿਤ ਦਾ ਇਕ ਚਿਰਾਗ ਬਣ ਗਿਆ, ਜਿਸ ਨੇ ਪੂਰੀ ਪੰਜਾਬੀਅਤ ਨੂੰ ਰੌਸ਼ਨ ਕਰ ਦਿੱਤਾ। ਉਸ ਦੀਆਂ ਰਚਨਾਵਾਂ ਅੱਜ ਵੀ ਸ਼ੀਤ ਚਸ਼ਮੇ ਦਾ ਪਾਣੀ ਬਣ ਕੇ ਅਦਬ ਦੇ ਪਿਆਸਿਆਂ ਨੂੰ ਤ੍ਰਿਪਤ ਕਰ ਰਹੀਆਂ ਹਨ। ਆਮ ਤੌਰ ਤੇ ਲੋਕਾਂ ਦਾ ਇਹ ਖਿਆਲ ਰਿਹਾ ਹੈ ਕਿ ਸ਼ਿਵ ਕਿਸੇ ਕੁੜੀ ਦੇ ਵਿਛੋੜੇ ਦੀ ਭਟਕਣਾ ਵਿਚ ਹੀ ਮਰ ਗਿਆ ।

“ਇਕ ਕੁੜੀ ਜਿਹਦਾ ਨਾਂ ਮੁਹੱਬਤ,
ਗੁੰਮ ਹੈ, ਗੁੰਮ ਹੈ, ਗੁੰਮ ਹੈ ।”


ਇਸ ਗੀਤ ਵਿਚ ਸ਼ਿਵ ਕਿਸੇ ਕੁੜੀ ਨੂੰ ਨਹੀਂ ਸਗੋਂ ਦੁਨੀਆਂ ਵਿੱਚੋਂ ਅਲੋਪ ਹੋਈ ਮੁਹੱਬਤ ਨੂੰ ਭਾਲ ਰਿਹਾ ਹੈ, ਜਿਸ ਦਾ ਜਿਕਰ ਕਦੇ ਬਾਬਾ ਬੁੱਲੇ ਸ਼ਾਹ ਅਤੇ ਵਾਰਿਸ਼ ਸ਼ਾਹ ਨੇ ਵੀ ਕੀਤਾ ਸੀ। ਸ਼ਿਵ ਅਤੇ ਉਸ ਦਾ ਇਸ਼ਕ ਹਕੀਕੀ ਸੀ ਨਾ ਕਿ ਮਿਜਾਜ਼ੀ । ਉਸ ਨੂੰ ਨਾ ਕੋਈ ਪੈਸੇ ਦਾ ਲਾਲਚ ਸੀ ਅਤੇ ਨਾ ਹੀ ਕਿਸੇ ਸ਼ੋਹਰਤ ਦਾ ਖਿਆਲ । ਉਹ ਤਾਂ ਇਕ ਫਕੀਰ ਦੇ ਵਾਂਗਰਾਂ ਸੀ 


“ਕੀ ਪੁੱਛਦੇ ਹੋ ਹਾਲ ਫਕੀਰਾਂ ਦਾ,
ਸਾਡਾ ਨਦੀ ਵਿਛੜੇ ਨੀਰਾਂ ਦਾ”

ਸ਼ਿਵ ਦੀਆਂ ਕਵਿਤਾਵਾਂ, ਗੀਤ ਅਤੇ ਗਜ਼ਲਾਂ ਪਾਰਸ ਬਣ ਚੁੱਕੇ ਨੇ । ਜੋ ਵੀ ਕੋਈ ਇਹਨਾਂ ਨੂੰ ਗਾਉਂਦਾ ਹੈ, ਸੋਨੇ ਵਾਂਗ ਚਮਕ ਉਠਦਾ ਹੈ। ਬਹੁਤ ਸਾਰੇ ਗਾਇਕ ਕਲਾਕਾਰਾਂ ਨੇ ਸ਼ਿਵ ਨੂੰ ਗਾ ਕੇ ਨਾਮ, ਸ਼ੌਹਰਤ ਅਤੇ ਦੌਲਤ ਹਾਸਲ ਕੀਤੀ ਹੈ। ਇਹਨਾਂ ਕਲਾਕਾਰਾਂ ਨੇ ਸ਼ਿਵ ਦੀ ਮੌਲਕਿਤਾ ਨੂੰ ਬਰਕਰਾਰ ਰੱਖਿਆ ਅਤੇ ਮਾਣ ਵੀ ਬਖਸ਼ਿਆ ਜਿਸ ਦਾ ਸ਼ਿਵ ਹਕਦਾਰ ਵੀ ਸੀ। ਕਮੇਡੀ ਕਿੰਗ ਕੇ।ਦੀਪ ਸਾਹਿਬ ਨੇ ਸ਼ਿਵ ਨੂੰ ਰੱਜ ਕੇ ਗਾਇਆ। ਜਨਾਬ ਜਗਜੀਤ ਸਿੰਘ, ਮਹਿੰਦਰ ਕਪੂਰ, ਆਸਾ ਸਿੰਘ ਮਸਤਾਨਾ, ਸੁਰਿੰਦਰ ਕੌਰ, ਹੰਸ ਰਾਜ ਹੰਸ ਅਤੇ ਕਈ ਹੋਰ ਨਾਮਵਰ ਗਾਇਕਾਂ ਨੇ ਸ਼ਿਵ ਨੂੰ ਬੜੀ ਸ਼ਿੱਦਤ ਦੇ ਨਾਲ ਗਾਇਆ। ਇਥੋਂ ਤੱਕ ਕਿ ਸਰਹੱਦ ਪਾਰ ਵੀ ਸ਼ਿਵ ਦਾ ਜਾਦੂ, ਸਿਰ ਚੜ੍ਹ ਕੇ ਬੋਲਦਾ ਹੈ । ਉਥੇ ਵੀ ਸ਼ਿਵ ਦੀਆਂ ਕਵਿਤਾਵਾਂ ਨੂੰ ਬੋਲਿਆ ਤੇ ਸੁਣਿਆ ਜਾਂਦਾ ਹੈ। ਮਹਿਰੂਮ ਸੂਫੀ ਗਾਇਕ ਨੁਸਰਤ ਫਤਹਿ ਅਲੀ ਖਾਂ ਨੇ ਸ਼ਿਵ ਨੂੰ ਗਾ ਕੇ ਫਖਰ ਮਹਿਸੂਸ ਕੀਤਾ ਸੀ। ਅਜੋਕੇ ਸਮੇਂ ਦੇ ਨਵੇਂ ਗਾਇਕ ਵੀ ਜਿਵੇਂ ਕਿ ਸੁਖਦੇਵ ਸਾਹਿਲ, ਸੁਰਿੰਦਰ ਖਾਨ, ਨਵਲ ਪੰਡਿਤ ਅਤੇ ਸੁਨੀਲ ਸਿੰਘ ਡੋਗਰਾ ਆਦਿ ਸ਼ਿਵ ਦੀ ਰਚਨਾਵਾਂ ਗਾ ਕੇ ਉਸਨੂੰ ਸੱਚੀ ਸ਼ਰਧਾਂਜਲੀ ਦੇ ਰਹੇ ਹਨ।

ਜਿੱਥੇ ਲੋਕਾਂ ਨੇ ਗਾ ਕੇ ਤੇ ਸੁਣ ਕੇ ਸ਼ਿਵ ਨੂੰ ਬੇਪਨਾਹ ਮੁਹੱਬਤ ਕੀਤੀ, ਉਸਦੇ ਗੀਤਾਂ ਦੀ ਹੋ ਰਹੀ ਮੌਤ ਦਾ ਤਮਾਸ਼ਾ ਵੀ ਦੇਖਣ ਨੰ ਮਿਲਿਆ। ਪਿਛਲੇ ਦਿਨੀਂ ਪੰਜਾਬੀ ਗਾਇਕੀ ਦੇ ਥੰਮ ਗੁਰਦਾਮ ਮਾਨ ਸਾਹਿਬ ਦਾ ਨਵਾਂ ਛੱਲਾ ਸੁਣਨ ਨੂੰ ਮਿਲਿਆ । ਜਿੱਥੇ ਪਹਿਲਾਂ ਪੰਜਾਬੀ ਦੇ ਇਸ ਨਾਮਵਰ ਗੀਤਕਾਰ ਤੇ ਗਾਇਕ ‘ਤੇ ਫ਼ਖ਼ਰ ਮਹਿਸੂਸ ਹੁੰਦਾ ਸੀ, ਉਥੇ ਇਸ ਵਾਰ ਇਸ ਗੀਤ ਦੇ ਇਕ ਅੰਤਰੇ ਵਿੱਚ ਸ਼ਿਵ ਦੇ ਗੀਤ ਦੀ ਮੌਤ ਦਾ ਅਫਸੋਸ ਵੀ ਹੋਇਆ, ਕਿਉਂਕਿ ਮਾਨ ਸਾਹਿਬ ਨੇ ਆਪਣੇ ਗੀਤ ਵਿਚ ਸ਼ਿਵ ਦੇ ਗੀਤ ‘‘ਸਿ਼ਕਰਾ ਯਾਰ” ਦੀਆਂ ਕੁਝ ਲਾਇਨਾਂ ਤੋੜ ਮਰੋੜ ਕੇ ਪੇਸ਼ ਕੀਤੀਆਂ ਹਨ 

ਸਈਓ ਨੀ ਇਕ ਭੁੱਲ ਮੈਥੋਂ ਹੋਈ
ਜਿਹੜਾ ਪੰਛੀ ਯਾਰ ਬਣਾਇਆ
ਚੂਰੀ ਕੁੱਟਾਂ ਤੇ ਉਹ ਖਾਂਦਾ ਨਾਹੀ
ਨੀ ਉਹਨੂੰ ਦਿਲ ਦਾ ਮਾਸ ਖੁਆਇਆ
ਇਕ ਉਡਣੀ ਨੀ ਉਹ ਐਸੀ ਉੱਡਿਆ
ਉਨੇ ਪਰਤ ਨਾ ਡੇਰਾ ਪਾਇਆ।’’

ਇਸੇ ਤਰ੍ਹਾਂ ਹੀ ਪੰਜਾਬੀ ਗਾਇਕਾ ਹਰਲੀਨ ਕੋਹਲੀ ਨੇ ਵੀ ਸਿ਼ਵ ਦੇ ਤੁਰ ਜਾਣ ਮਗਰੋਂ ਆਪਣੀ ਗਾਇਕੀ ‘ਚ ਉਸਦੇ ਇਸੇ ਹੀ ਗੀਤ ਨਾਲ਼ ਰੱਜ ਕੇ ਬੇ-ਇਨਸਾਫ਼ੀ ਕੀਤੀ । 

“ਸਈਓ ਨੀ ਮੈਂ ਇਕ ਕਾਰਜ ਕੀਤਾ
ਨੀ ਮੈਂ ਸਿਕਰਾ ਯਾਰ ਬਣਾਇਆ
ਕੁਟ-ਕੁਟ ਚੂਰੀਆਂ ਖੁਵਾਈਆਂ ਉਹਨੂੰ
ਮੈਂ ਮਿੰਨਤਾਂ ਨਾਲ ਮਨਾਇਆ
ਐਸੀ ਉਡਣੀ ਉਡ ਗਿਆ ਭੈੜਾ
ਨੀ ਉਹ ਮੁੜ ਪਿੰਜਰੇ ਨਾ ਆਇਆ”

ਦੁੱਖ ਤਾਂ ਇਸੇ ਹੀ ਗੱਲ ਦਾ ਹੈ ਕਿ ਅਜਿਹੇ ਗਾਇਕਾਂ ਦੇ ਗੀਤਾਂ (?) ਦਾ ਆਨੰਦ ਲੈ ਰਹੇ ਲੋਕ, ਆਪਣਾ ਮਨੋਰੰਜਨ ਕਰਦੇ ਹਨ ਜਾਂ ਸ਼ਿਵ ਦੇ ਗੀਤਾਂ ਦੀ ਹੋ ਰਹੀ ਬੇਅਦਬੀ ਦਾ ਤਮਾਸ਼ਾ ਦੇਖ ਰਹੇ ਹਨ। ਨਾਮਵਰ ਅਤੇ ਸੁਲਝੇ ਹੋਏ ਸ਼ਾਇਰਾਂ ਦੀ ਸ਼ਾਇਰੀ ਨੂੰ ਤੋੜ-ਮਰੋੜ ਕੇ ਪੇਸ਼ ਕਰਨਾ ਤੇ ਬਾਦ ਵਿਚ ਉਸ ਗੀਤ ਤੇ ਆਪਣੇ ਨਾਮ ਦੀ ਮੋਹਰ ਲਾ ਦੇਣੀ ਇਕ ਰਿਵਾਜ ਜਿਹਾ ਬਣਦਾ ਜਾ ਰਿਹਾ ਹੈ। ਪੰਜਾਬੀ ਗਾਇਕੀ ਦੇ ਖੇਤਰ ਵਿਚ ਇਸ ਤਰਾਂ ਦਾ ਚਲਨ ਪੰਜਾਬੀ ਸਾਹਿਤ ਲਈ ਘਾਤਕ ਸਿੱਧ ਹੋ ਸਕਦਾ ਹੈ। ਅੱਜ ਦੇ ਪਦਾਰਥਵਾਦੀ ਯੁੱਗ ‘ਚ ਪੈਸੇ ਤੇ ਸ਼ੋਹਰਤ ਪ੍ਰਾਪਤੀ ਦੀ ਦੌੜ ‘ਚ ਸ਼ਿਵ ਦਿਆਂ ਗੀਤਾਂ ਨੂੰ ਵੀ ਇਸ ਦੀ ਕੀਮਤ ਚੁਕਾਉਣੀ ਪੈ ਰਹੀ ਹੈ। ਜੇਕਰ ਕੋਈ ਗਾਇਕ ਮੌਜੂਦਾ ਸ਼ਾਇਰਾਂ ਦੀ ਸ਼ਾਇਰੀ ‘ਤੇ ਆਪਣੇ ਨਾਮ ਦੀ ਮੋਹਰ ਲਗਾਉਣੀ ਚਾਹੇ ਤਾਂ ਸ਼ਾਇਰ ਉਸਦਾ ਭਰਪੂਰ ਵਿਰੋਧ ਕਰ ਸਕਦੇ ਹਨ ਪਰ ਹੁਣ ਸ਼ਿਵ ਕੀ ਕਰੇ ????

ਇਕ ਸ਼ਾਇਰ ਦੁਆਰਾ ਉਠਾਏ ਵਿਵਾਦ ਵਿਚ ਘਿਰਿਆ ਇਕ ਮਕਬੂਲ ਹੋ ਰਿਹਾ ਗਾਇਕ .......... ਲੇਖ਼ / ਪਰਮਿੰਦਰ ਤੱਗੜ (ਡਾ.)

ਅਕਸਰ ਅਜਿਹਾ ਵਾਪਰਦੈ ਕਿ ਜਦੋਂ ਕੋਈ ਸ਼ੋਹਰਤ ਦੀਆਂ ਬੁਲੰਦੀਆਂ ਵੱਲ ਵਧ ਰਿਹਾ ਹੁੰਦੈ ਤਾਂ ਉਸ ਦਾ ਝੱਗਾ ਖਿੱਚਣ ਵਾਲੇ ਵੀ ਨਾਲ਼ ਹੀ ਪੈਦਾ ਹੋ ਜਾਂਦੇ ਹਨ। ਜਿੰਨੀ ਦੇਰ ਤੱਕ ਕੋਈ ਸ਼ੋਹਰਤ ਹਾਸਲ ਨਹੀਂ ਕਰਦਾ ਓਨੀ ਦੇਰ ਜੋ ਮਰਜ਼ੀ, ਜੀਹਦਾ ਮਰਜ਼ੀ, ਜਿਵੇਂ ਮਰਜ਼ੀ ਗਾਈ ਜਾਵੇ ਕੋਈ ਫ਼ਿਕਰ ਨਹੀਂ ਪਰ ਜਦ ਉਹ ਗਾਇਕ ਮਕਬੂਲ ਹੋ ਜਾਵੇ ਤਾਂ ਝੱਟ ਉਹਨਾਂ ਸ਼ਾਇਰਾਂ ਨੂੰ ਫ਼ਿਕਰ ਆ ਪੈਂਦਾ ਹੈ ਕਿ ਇਸ ਨੇ ਸਾਡੀ ਸ਼ਾਇਰੀ ਨੂੰ ਤ੍ਰੋੜ–ਮਰੋੜ ਕੇ ਗਾਇਆ ਹੈ। ਅਜਿਹਾ ਹੀ ਵਾਪਰਿਐ ਇਹਨੀਂ ਦਿਨੀਂ ਇਕ ਨਵੇਂ ਅੰਦਾਜ਼ ਵਿਚ ਉਭਰੇ ਚੰਗੀ ਸ਼ਾਇਰੀ ਦੇ ਰਚਨਹਾਰ ਤੇ ਪੁਖ਼ਤਾ ਗਾਇਕੀ ਦੇ ਸਿਤਾਰੇ ਨਾਲ਼। ਖ਼ਾਸ ਗੱਲ ਇਹ ਕਿ ਇਸ ਵਿਵਾਦ ’ਚੋਂ ਕੁਝ ਨਿਕਲੇ ਜਾਂ ਨਾ ਨਿਕਲੇ ਪਰ ਇਲਜ਼ਾਮ ਲਾਉਣ ਵਾਲੇ ਸ਼ਾਇਰ ਨੂੰ ਪਹਿਲਾਂ ਯਕੀਨਨ ਚੋਣਵੇਂ ਲੋਕ ਹੀ ਜਾਣਦੇ ਹੋਣਗੇ ਪਰ ਇਹਨਾਂ ਖ਼ਬਰਾਂ ਤੋਂ ਬਾਅਦ ਹਰ ਕੋਈ ਉਸ ਅਣਗੌਲ਼ੇ ਸ਼ਾਇਰ ਦੇ ਨਾਂ ਨੂੰ ਜਾਣ ਗਿਆ ਹੈ। ਲੋਕ ਤਾਂ ਇਹ ਸੋਚ ਰਹੇ ਹਨ ਕਿ ਹੁਣ ਇਸ ਵਿਵਾਦ ਨੂੰ ਹੋਰ ਅਖ਼ਬਾਰਾਂ ਦੁਆਰਾ ਅੰਸ਼ਕ ਰੂਪ ਵਿਚ ਖ਼ਬਰ ਨੂੰ ਚੱਕਣ ਦੇ ਨਾਲ਼-ਨਾਲ਼ ਪੰਜਾਬੀ ਦੇ ਇਕ ਸੁਪ੍ਰਸਿਧ ਅਖ਼ਬਾਰ ਨੇ ਬੜੇ ਗੰਭੀਰ ਅੰਦਾਜ਼ ਵਿਚ ਚੱਕ ਲਿਆ ਹੈ ਅਤੇ ਇਕ ਵਿਸਤ੍ਰਿਤ ਰਿਪੋਰਟ ਅਹਿਮ ਪੰਨੇ ’ਤੇ ਛਾਇਆ ਕੀਤੀ ਹੈ ਜਿਵੇਂ ਕੋਈ ਬੜਾ ਵੱਡਾ ਖ਼ਜ਼ਾਨਾ ਹੱਥ ਲੱਗ ਗਿਆ ਹੋਵੇ। ਖ਼ਜ਼ਾਨਾ ਹੱਥ ਲੱਗੇ ਵੀ ਕਿਉਂ ਨਾ ਜਿਸ ਅਖ਼ਬਾਰ ਦੇ ਪੱਤਰਕਾਰ ਨੇ ਇਹ ਸਟੋਰੀ ਬਣਾਈ ਹੈ ਉਸ ਅਖ਼ਬਾਰ ਦੇ ਅੰਦਰ ਇਕ ਪ੍ਰਮੁਖ ਪੰਜਾਬੀ ਗਾਇਕ ਦਾ ਵੀ ਆਉਣਾ ਜਾਣਾ ਹੈ ਇਸੇ ਪੱਤਰਕਾਰ ਰਾਹੀਂ ਉਸ ਗਾਇਕ ਨੇ ਲੋਕ ਸਭਾ ਦੀਆਂ ਚੋਣਾਂ ਮੌਕੇ ਵੱਡੇ-ਵੱਡੇ ਇਸ਼ਤਿਹਾਰ ਅਤੇ ਸਪਲੀਮੈਂਟ ਵੀ ਕਢਵਾਏ ਸਨ। ਲੋਕਾਂ ਦਾ ਕਹਿਣਾ ਹੈ ਕਿ ਉਸ ਨੇ ਆਪਣੇ ਰਸੂਖ਼ ਵਾਲ਼ੇ ਕਈ ਸ਼ਾਇਰਾਂ ਨੂੰ ਵੀ ਇਸ ਵਿਵਾਦ ਨੂੰ ਹਵਾ ਦੇਣ ਖ਼ਾਤਰ ਉਕਸਾਇਆ ਹੈ। ਲੋਕਾਂ ਦੀਆਂ ਗੱਲਾਂ ਉਦੋਂ ਹੋਰ ਸੱਚੀਆਂ ਪ੍ਰਤੀਤ ਹੁੰਦੀਆਂ ਹਨ ਜਦੋਂ ਇਕ ਟੀ ਵੀ ਚੈਨਲ ਵੱਲੋਂ ਪੇਸ਼ ਕੀਤੇ ਜਾਂਦੇ ਇਕ ਲਾਈਵ ਸ਼ੋਅ ਵਿਚ ਇਕ ਪ੍ਰਤੀਯੋਗੀ ਦੁਆਰਾ ਵਿਵਾਦ ਵਿਚ ਘਿਰ ਰਹੇ ਗਾਇਕ ਦੀ ਕੰਪੋਜ਼ੀਸ਼ਨ ਗਾਈ ਜਾਂਦੀ ਹੈ ਅਤੇ ਸਾਡਾ ਇਹ ਮਹਾਨ ਕਹਾਉਣ ਵਾਲ਼ਾ ਸਰਕਾਰੀ ਸਨਮਾਨ ਪ੍ਰਾਪਤ ਗਾਇਕ ਅਜਿਹੀ ਟਿੱਪਣੀ ਕਰਦਾ ਹੈ ਜੋ ਉਸ ਦੀ ਸੋਚ ਦਾ ਮੁਜ਼ਾਹਰਾ ਕਰ ਜਾਂਦੀ ਹੈ ਕਿ ਉਹ ਮਨ ਅੰਦਰ ਕੀ ਰੂੜੀ ਲਾਈ ਬੈਠਾ ਹੈ। ਬੇਸ਼ਕ ਲੋਕ ਇਹ ਸੋਚਦੇ ਹਨ ਕਿ ਇਸ ਪੱਧਰ ’ਤੇ ਪੁੱਜ ਕੇ ਅਜਿਹਾ ਵਿਵਹਾਰ ਮਨ ਅੰਦਰ ਰੱਖਣਾਂ ਏਨੇ ਵੱਡੇ ਅਤੇ ਸਰਕਾਰੀ ਸਨਮਾਨਯਾਫ਼ਤਾ ਗਾਇਕ ਨੂੰ ਸ਼ੋਭਾ ਨਹੀਂ ਦਿੰਦਾ। ਜਿੱਥੋਂ ਤੱਕ ਵਿਵਾਦ ਉਠਾਉਣ ਵਾਲ਼ੇ ਸ਼ਾਇਰ ਦਾ ਸਬੰਧ ਹੈ ਕਿ ਇਕ ਮਕਬੂਲ ਹੋ ਰਹੇ ਗਾਇਕ ਨੇ ਉਸ ਦੀ ਸ਼ਾਇਰੀ ਨੂੰ ਉਸ ਦਾ ਨਾਂ ਲਏ ਬਿਨਾ ਗਾਇਆ ਹੈ ਅਤੇ ਤ੍ਰੋੜ ਮਰੋੜ ਕੇ ਗਾਇਆ ਹੈ। ਜੇਕਰ ਗਾਇਕ ਤ੍ਰੋੜ ਮਰੋੜ ਕੇ ਤਾਂ ਗਾ ਲੈਂਦਾ ਪਰ ਉਸ ਦਾ ਨਾਂ ਮੰਚ ਤੋਂ ਜ਼ਰੂਰ ਲੈ ਦਿੰਦਾ ਤਾਂ ਸ਼ਾਇਦ ਇਹ ਗ਼ਿਲਾ ਨਹੀਂ ਸੀ ਹੋਣਾ। ਨਾਲੇ ਸੱਤ ਸਾਲ ਪਹਿਲਾਂ ਗਾਈ ਆਈਟਮ ’ਤੇ ਇਤਰਾਜ਼ ਉਦੋਂ ਕਰਨਾ ਜਦ ਗਾਇਕ ਮਕਬੂਲ ਹੋ ਗਿਆ ਹੋਵੇ ਤਾਂ ਗੱਲ ਕੁਝ ਹਜ਼ਮ ਨਹੀਂ ਹੁੰਦੀ। ਇਹ ਵੀ ਹੋ ਸਕਦੈ ਸ਼ਾਇਰ ਨੂੰ ਪਹਿਲਾਂ ਪਤਾ ਹੀ ਨਾ ਲੱਗਿਆ ਹੋਵੇ ਕਿ ਉਸ ਦੀ ਸ਼ਾਇਰੀ ਦਾ ਚੀਰ-ਹਰਣ ਹੋ ਰਿਹਾ ਹੈ ਪਰ ਇਹ ਗੱਲ ਵੀ ਹਜ਼ਮ ਨਹੀਂ ਹੁੰਦੀ ਕਿਉਂਕਿ ਉਸ ਸ਼ਾਇਰ ਦਾ ਇੰਟਰਨੈਟ ਨਾਲ਼ ਡੂੰਘਾ ਵਾਸਤਾ ਹੈ ਅਤੇ ਉਸ ਦਾ ਪ੍ਰੋਫ਼ਾਈਲ ਇੰਟਰਨੈਟ ’ਤੇ ਮੌਜੂਦ ਹੈ। ਨਾਲ਼ੇ ਇਸ ਗਾਇਕ ਨੂੰ ਤਾਂ ਸਰੋਤਿਆਂ ਦੇ ਰੂ-ਬ-ਰੂ ਹੀ ਸਭ ਤੋਂ ਪਹਿਲਾਂ ਇੰਟਰਨੈਟ ਦੀ ਯੂਟਿਊਬ ਵੈਬਸਾਇਟ ਨੇ ਕਰਵਾਇਆ ਹੈ। ਹੁਣ ਇਹ ਵਿਵਾਦ ਵੀ ਇੰਟਰਨੈਟ ਰਾਹੀਂ ਹੀ ਫ਼ੈਲਾਇਆ ਜਾ ਰਿਹਾ ਹੈ। ਰਹੀ ਗੱਲ ਮਕਬੂਲ ਗਾਇਕ ਦੀ ਚੁੱਪ ਦੀ- ਗਾਇਕ ਨੂੰ ਚਾਹੀਦਾ ਹੈ ਕਿ ਦੋ ਟੁੱਕ ਗੱਲ ਕਰਕੇ ਵਿਵਾਦ ਦਾ ਫਸਤਾ ਵੱਢੇ। ਕਿਉਂਕਿ ਇਸ ਵਿਚ ਕੋਈ ਦੋ ਰਾਏ ਨਹੀਂ ਕਿ ਹਰ ਕੋਈ ਪਹਿਲਾਂ ਲਿਖੇ ਦਾ ਅਨੁਕਰਨ ਹੀ ਕਰਦਾ ਹੈ ਅਜਿਹਾ ਮਸ਼ਹੂਰ ਵਿਦਵਾਨ ਰੋਲਾ ਬਾਰਤ ਦਾ ਕਹਿਣਾ ਹੈ। ਕਈ ਵਾਰ ਅਜਿਹਾ ਵੀ ਹੋ ਜਾਂਦਾ ਹੈ ਕਿ ਕਿਸੇ ਸ਼ਾਇਰ ਦੀ ਰਚਨਾ ਹੀ ਏਨੀ ਮਕਬੂਲ ਹੋ ਜਾਂਦੀ ਹੈ ਕਿ ਉਸ ਦੇ ਰਚਨਹਾਰ ਦਾ ਨਾਂ ਮਨਫ਼ੀ ਹੋ ਕੇ ਰਹਿ ਜਾਂਦਾ ਹੈ ਸਗੋਂ ਰਚਨਾ ਹੀ ਪ੍ਰਧਾਨ ਸਥਾਨ ਗ੍ਰਹਿਣ ਕਰ ਲੈਂਦੀ ਹੈ ਜੋ ਕਿਸੇ ਸ਼ਾਇਰ ਦੀ ਸ਼ਾਇਰੀ ਦਾ ਹਾਸਲ ਮੰਨਿਆ ਜਾਣਾ ਚਾਹੀਦਾ ਹੈ। ਮਿਸਾਲ ਵਜੋਂ ‘ਪਿੱਛੇ ਪਿੱਛੇ ਆਉਂਦਾ ਮੇਰੀ ਚਾਲ ਵੇਂਹਦਾ ਆਈਂ ਨਿਗਾਹ ਮਾਰਦਾ ਆਈਂ ਵੇ ਮੇਰਾ ਲੌਂਗ ਗਵਾਚਾ ਨਿਗਾਹ ਮਾਰਦਾ ਆਈਂ ਵੇ’ ਕਿੰਨੇ ਲੋਕ ਜਾਣਦੇ ਹਨ ਕਿ ਲੋਕਗੀਤ ਦਾ ਦਰਜਾ ਹਾਸਲ ਕਰ ਚੁੱਕੇ ਇਸ ਗੀਤ ਦਾ ਰਚਨਹਾਰ ਪ੍ਰਸਿੱਧ ਗੀਤਕਾਰ ਬਾਬੂ ਸਿੰਘ ਮਾਨ ਹੈ। ਜੇਕਰ ਏਡੀ ਵੱਡੀ ਦਲੀਲ ਦੇ ਬਾਵਜੂਦ ਵੀ ਉਸ ਸ਼ਾਇਰ ਨੂੰ ਗ਼ਿਲਾ ਹੈ ਤਾਂ ਉਸ ਦੀ ਸਮਝ ਦੀ ਸਿਹਤਯਾਬੀ ਲਈ ਦੁਆ ਹੀ ਕੀਤੀ ਜਾ ਸਕਦੀ ਹੈ। 


ਸਮਾਜਿਕ ਕੁਰੀਤੀਆਂ ਦੇ ਦਰਦ ਨਾਲ਼ ਲਬਰੇਜ਼ ਪ੍ਰਵਾਸੀ ਪੰਜਾਬੀ ਕਲਮ – ਸ਼ਮੀ ਜਲੰਧਰੀ.......... ਲੇਖ਼ / ਰਿਸ਼ੀ ਗੁਲਾਟੀ


ਸਿਆਣੇ ਕਹਿੰਦੇ ਹਨ ਕਿ ਸੜਕ ਤੇ ਚੱਲਣਾ ਕੋਈ ਮੁਸ਼ਕਿਲ ਕੰਮ ਨਹੀਂ ਪਰ ਹਿੰਮਤ ਤੇ ਹੌਸਲੇ ਦੀ ਪਹਿਚਾਣ ਚਾਲ੍ਹੇ (ਚਿੱਕੜ) ਵਿੱਚ ਦੀ ਗੱਡਾ ਲੈ ਕੇ ਜਾਣ ਨਾਲ਼ ਹੀ ਹੁੰਦੀ ਹੈ । ਬਿਲਕੁੱਲ ਇਸੇ ਤਰ੍ਹਾਂ ਦਾ ਹੌਸਲਾ ਕੀਤਾ ਹੈ, ਕੈਨੇਡਾ ਦੀ ਸੰਗੀਤ ਕੰਪਨੀ “5 ਰਿਵਰਜ਼ ਇੰਟਰਟੇਨਮੈਂਟ ਇਨਕੌਰਪੋਰੇਸ਼ਨ” ਨੇ । ਐਡੀਲੇਡ (ਆਸਟ੍ਰੇਲੀਆ) ਵਾਸੀ ਸ਼ਾਇਰ ਸ਼ਮੀ ਜਲੰਧਰੀ ਦੇ ਲਿਖੇ ਤੇ ਅੰਤਰਰਾਸ਼ਟਰੀ ਪੱਧਰ ਦੇ ਅੱਠ ਗਾਇਕਾਂ ਦੇ ਨਾਲ ਸਜੀ ਹੋਈ ਐਲਬਮ “ਜਾਗੋ – ਵੇਕਅਪ” ਵਿੱਚ ਕੁੱਲ ਸੱਤ ਗੀਤ ਹਨ ਜੋ ਕਿ ਸੁੱਤੇ ਹੋਏ ਲੋਕਾਂ ਨੂੰ ਨਵੀਂ ਸੇਧ ਤੇ ਨਵੀਂ ਦਿਸ਼ਾ ਦੇਣ ਲਈ ਲਿਖੇ ਤੇ ਗਾਏ ਗਏ ਹਨ । ਅੱਜ ਦੇ ਪਦਾਰਥਵਾਦੀ ਯੁੱਗ ਵਿੱਚ ਜਿੱਥੇ ਰੋਮਾਂਟਿਕ ਤੇ ਲੱਚਰਤਾ ਭਰੇ ਗੀਤਾਂ ਨੂੰ ਪਹਿਲ ਦਿੱਤੀ ਜਾ ਰਹੀ ਹੈ, ਅਜਿਹੇ ਸਮੇਂ ਸਿਰਫ਼ ਤੇ ਸਿਰਫ਼ ਸੱਭਿਆਚਾਰਕ ਗੀਤਾਂ ਦੀ ਐਲਬਮ ਪੇਸ਼ ਕਰਨਾ ਸੰਗੀਤ ਕੰਪਨੀਆਂ ਲਈ ਚੁਣੌਤੀ ਭਰਿਆ ਕੰਮ ਹੈ, ਪਰ ਸਮਾਜ ਵਿੱਚ ਸਮਾਜਿਕ ਕੁਰੀਤੀਆਂ ਦੇ ਖਿਲਾਫ਼ ਜਾਗਰੂਕਤਾ ਪੈਦਾ ਕਰਨ ਲਈ ਇਸ ਸੰਗੀਤ ਕੰਪਨੀ ਨੇ ਵਾਕਿਆ ਹੀ ਹੌਸਲੇ ਭਰਿਆ ਕਦਮ ਚੁੱਕਿਆ ਹੈ । ਸ਼ਮੀ ਅਨੁਸਾਰ ਇਸ ਸੀ.ਡੀ. ਦੇ ਸਾਰੇ ਗੀਤਾਂ ਵਿੱਚ ਸਮਾਜ ਨੂੰ ਅਲੱਗ-ਅਲੱਗ ਕੁਰੀਤੀਆਂ ਤੋਂ ਖ਼ਬਰਦਾਰ ਹੋਣ ਲਈ “ਜਾਗੋ” ਦਾ ਹੋਕਾ ਦਿੱਤਾ ਗਿਆ ਹੈ । ਇਸ ਐਲਬਮ ਦੇ ਗੀਤਾਂ ਵਿੱਚ ਨਿਘਰ ਰਹੇ ਰਿਸ਼ਤਿਆਂ, ਭਰੂਣ ਹੱਤਿਆ, ਨਸਿ਼ਆਂ, ਗ਼ਰੀਬੀ, ਭੁੱਖਮਰੀ ਤੇ ਧਰਮਾਂ ਦੀ ਜੰਗ ਆਦਿ ਮਸਲਿਆਂ ਨੂੰ ਲੈ ਕੇ ਸਮਾਜਿਕ ਚੇਤਨਾ ਜਗਾਉਣ ਦੀ ਕੋਸਿ਼ਸ਼ ਕੀਤੀ ਗਈ ਹੈ । 



ਜਦੋਂ ਜਾਗੋ ਉਦੋਂ ਸਵੇਰਾ
ਭੱਜ ਜਾਏ ਘੋਰ ਹਨ੍ਹੇਰਾ
ਰੋਸ਼ਨ ਕਰਕੇ ਮਨ ਆਪਣੇ
ਦੁਨੀਆਂ ਰੁਸ਼ਨਾ ਦੇਈਏ
ਜਾਗੋ ! ਜਾਗੋ !! ਬਈ
ਇਹ ਰਾਤ ਮੁਕਾ ਦੇਈਏ

ਪੰਜਾਬ ਭਰੂਣ ਹੱਤਿਆ ਦੇ ਮਾਮਲੇ ‘ਚ ਸਭ ਰਿਕਾਰਡ ਮਾਤ ਪਾ ਰਿਹਾ ਹੈ । ਸ਼ਾਇਰ ਸ਼ਮੀ ਜਲੰਧਰੀ ਦੇ ਭਰੂਣ ਹੱਤਿਆ ਸੰਬੰਧੀ ਹੌਕਿਆਂ ਨੂੰ ਗਾਇਕਾ ਅਰਸ਼ਦੀਪ ਕੌਰ ਨੇ ਜਨਮਦਾਤੀ ਨੂੰ ਭਰੂਣ ਹੱਤਿਆ ਦਾ ਸਿੱਧਾ ਜਿੰਮੇਵਾਰ ਠਹਿਰਾਉਂਦਿਆਂ ਆਪਣੀ ਦਰਦ ਭਰੀ ਆਵਾਜ਼ ‘ਚ ਗਾਇਆ ਹੈ:

ਮੈਨੂੰ ਕੁੱਖ ਵਿੱਚ ਮਾਰਨ ਵਾਲੀਏ
ਤੈਨੂੰ ਮਾਂ ਕਹਾਂ ਕਿ ਨਾ
ਮਾਂ ਸੰਘਣੇ ਰੁੱਖ ਵਰਗੀ ਹੁੰਦੀ
ਤੂੰ ਤੇ ਉੱਜੜੀ ਛਾਂ

ਇਸ ਸੀ.ਡੀ. ਦੇ ਗੀਤਾਂ ਦੀ ਮੁੱਖ ਖਾਸੀਅਤ ਇਹ ਵੀ ਹੈ ਕਿ ਇਸ ਵਿੱਚ ਹਿੰਦੁਸਤਾਨੀ ਸਾਜ਼ਾਂ ਜਿਵੇਂ ਕਿ ਤੂੰਬੀ, ਢੋਲਕੀ, ਹਾਰਮੋਨੀਅਮ, ਡੱਫ, ਸਾਰੰਗੀ, ਰਬਾਬ ਆਦਿ ਦਾ ਇਸਤੇਮਾਲ ਕੀਤਾ ਗਿਆ ਹੈ । ਸ਼ਮੀ ਨੇ ਹੋਰ ਸਮਾਜਿਕ ਸਮੱਸਿਆਵਾਂ ਦੇ ਨਾਲ਼-ਨਾਲ਼ ਅਜੋਕੇ ਸਮਾਜ ਵਿੱਚ ਨਿਘਰ ਰਹੇ ਰਿਸ਼ਤਿਆਂ ਬਾਰੇ ਤੇ ਪਰਿਵਾਰਾਂ ‘ਚ ਘਟਦੇ ਜਾ ਰਹੇ ਪਿਆਰ ਨੂੰ ਬਰਕਰਾਰ ਰੱਖਣ ਲਈ ਹੋਕਰਾ ਦਿੱਤਾ ਹੈ । ਗੀਤ ਵਿੱਚ ਜ਼ਮੀਨਾਂ ਦੀ ਬਜਾਏ ਦੁੱਖ-ਸੁੱਖ ਤੇ ਖੁਸ਼ੀਆਂ ਵੰਡਣ ਦਾ ਸੁਨੇਹਾ ਦਿੱਤਾ ਗਿਆ ਹੈ । ਇਸ ਗੀਤ ਨੂੰ ਹਰਪ੍ਰੀਤ ਤੇ ਹੈਰੀ ਪੁੰਨੂੰ ਨੇ ਆਪਣੀ ਖੂਬਸੂਰਤ ਆਵਾਜ਼ ਨਾਲ਼ ਸਿ਼ੰਗਾਰਿਆ ਹੈ । ਗੀਤ ਦੇ ਬੋਲਾਂ ‘ਚ ਭਰਾਵਾਂ ਪ੍ਰਤੀ ਅੰਤਾਂ ਦੀ ਮੁਹੱਬਤ ਝਲਕਦੀ ਨਜ਼ਰ ਆਉਂਦੀ ਹੈ ।

ਹਰ ਰਿਸ਼ਤਾ ਰਹੇ ਜੋ ਹੱਸਦਾ, ਹਰ ਬੰਦਾ ਰਹੇ ਜੋ ਵੱਸਦਾ
ਵੱਸਦੀ ਰਹੇ ਇਹ ਧਰਤੀ ਸਾਡੀ, ਵੱਸਦਾ ਰਹੇ ਸੰਸਾਰ
ਸਾਡਾ ਬਣਿਆ ਰਹੇ ਭਰਾਵਾਂ ਦਾ, ਇੱਕ ਦੂਜੇ ਨਾਲ਼ ਪਿਆਰ

ਭਾਈ ਭਰਾਵਾਂ ਦੀਆਂ ਬਾਹਵਾਂ ਹੁੰਦੇ, ਜੱਗ ਸਾਰਾ ਕਹਿੰਦਾ
ਔਖੇ ਵੇਲੇ ਬਾਝ ਭਰਾਵਾਂ, ਸਾਰ ਨਾ ਕੋਈ ਲੈਂਦਾ
ਇੱਕ ਦੂਜੇ ਲਈ ਜਾਨ ਦੇਣ ਲਈ, ਰਹੀਏ ਸਦਾ ਤਿਆਰ
ਸਾਡਾ ਬਣਿਆ ਰਹੇ ਭਰਾਵਾਂ ਦਾ, ਇੱਕ ਦੂਜੇ ਨਾਲ਼ ਪਿਆਰ

ਅਲੱਗ ਅਲੱਗ ਬੁਰਾਈਆਂ ਵਿਰੁੱਧ ਚੱਲ ਰਹੀ ਕਲਮੀ ਜੰਗ ਨੂੰ ਗੀਤਾਂ ਰਾਹੀਂ ਹੋਰ ਤੇਜ਼ ਕਰਨ ਦਾ ਇਹ ਇੱਕ ਵੱਖਰਾ ਤੇ ਨਵਾਂ ਆਈਡਿਆ ਹੈ । ਮੌਜੂਦਾ ਸਮੇਂ ‘ਚ ਪੰਜਾਬ ਦੀ ਸਭ ਤੋਂ ਵੱਡੀ ਬੁਰਾਈ ਨਸ਼ੇ ਹਨ । ਜੇਕਰ ਇਹ ਕਿਹਾ ਜਾਵੇ ਕਿ ਇਸ ਸਮੇਂ ਪੰਜਾਬ ‘ਚ ਨਸਿ਼ਆਂ ਦਾ ਛੇਵਾਂ ਦਰਿਆ ਵਗ ਰਿਹਾ ਹੈ, ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ । ਸ਼ਾਇਰ ਨੂੰ ਪੰਜ ਦਰਿਆਵਾਂ ਦੇ ਵਹਿਣ ਦੇ ਮੁਕਾਬਲੇ ਇਸ ਛੇਵੇਂ ਦਰਿਆ ਦਰਿਆ ਦਾ ਵਹਿਣ ਜਿ਼ਆਦਾ ਭਾਰੂ ਤੇ ਮਾਰੂ ਹੋ ਗਿਆ ਜਾਪਦਾ ਹੈ ।

ਪੰਜ ਦਰਿਆਵਾਂ ਦਾ ਪਾਣੀ ਸੁੱਕ ਚੱਲਾ ਏ
ਨਸਿ਼ਆਂ ‘ਚ ਸਾਡਾ ਪੰਜਾਬ ਮੁੱਕ ਚੱਲਾ ਏ

ਜਿੱਥੇ ਹੁਣ ਨਸਿ਼ਆਂ ਦੇ ਚੋਅ ਚੱਲ ਪਏ ਨੇ
ਗੱਭਰੂ ਪੰਜਾਬੀਆਂ ਦੇ ਸਿਵੇ ਬਲ ਪਏ ਨੇ
ਗਿੱਧੇ ਭੰਗੜੇ ਦਾ ਹੁਣ ਦਮ ਘੁੱਟ ਚੱਲਾ ਏ
ਨਸਿ਼ਆਂ ‘ਚ ਸਾਰਾ ਪੰਜਾਬ ਮੁੱਕ ਚੱਲਾ ਏ

ਇਸ ਤੋਂ ਪਹਿਲਾਂ ਸ਼ਮੀ ਜਲੰਧਰੀ ਦਾ ਕਾਵਿ ਸੰਗ੍ਰਹਿ “ਗਮਾਂ ਦਾ ਸਫ਼ਰ” ਵੀ ਪਾਠਕਾਂ ਦੇ ਸਨਮੁੱਖ ਪੇਸ਼ ਹੋ ਚੁੱਕਾ ਹੈ । ਇਸ ਕਾਵਿ ਸੰਗ੍ਰਹਿ ਵਿੱਚ ਘਟ ਰਹੀ ਇਨਸਾਨੀਅਤ ਦਾ ਕੌੜਾ ਸੱਚ, ਪ੍ਰਦੇਸੀਆਂ ਦਾ ਆਪਣੀ ਮਿੱਟੀ ਪ੍ਰਤੀ ਮੋਹ, ਪਿਆਰ-ਮੁਹੱਬਤ ਦੀਆਂ ਬਾਤਾਂ, ਵਿਛੋੜੇ ਦਾ ਗ਼ਮ, ਤੇ ਹੋਰ ਵੀ ਕਈ ਰੰਗ ਹਨ ।

ਭਰਮਾਰ ਏ ਇਸ ਦੁਨੀਆਂ ‘ਤੇ ਬੇਗਾਨਿਆਂ ਦੀ ‘ਸ਼ਮੀ’,
ਕਿਸ ਨੂੰ ਕਹੀਏ ਆਪਣਾ ਕੋਈ ਆਪਣਾ ਨਾ ਰਿਹਾ ।
*
ਖੂਨ ਦਾ ਰੰਗ ਸਫ਼ੈਦ ਹੋ ਗਿਆ
ਵਫ਼ਾ ਦੀ ਗੜਵੀ ‘ਚ ਛੇਕ ਹੋ ਗਿਆ
ਮਤਲਬੀਆਂ ਦੀ ਹੈ ਸਿਖ਼ਰ-ਦੁਪਹਿਰ
ਦਿਲਾਂ ‘ਤੇ ਹੁਣ ਹਨੇਰ ਹੋ ਗਿਆ
ਹਰ ਕੋਈ ਬਣਨ ਲਈ ਸਭ ਤੋਂ ਉੱਚਾ
ਡਿੱਗਿਆਂ ਨੂੰ ਹੀ ਢਾਹ ਰਿਹਾ ।
*
ਇਹ ਰੱਕੜ ਧਰਤੀ ਨੂੰ ਵਾਹ ਕੇ,
ਕੋਈ ਫੁੱਲਾਂ ਨੂੰ ਉਗਾ ਦੇਵੋ
ਇਹ ਸਰਦ ਹੋਏ ਰਿਸ਼ਤਿਆਂ ਨੂੰ
ਕੋਈ ਪ੍ਰੇਮ ਦੇ ਨਾਲ਼ ਤਾਅ ਦੇਵੋ
ਮਾਂ ਹੁੰਦੀ ਏ ਸੰਘਣੇ ਰੁੱਖ ਵਰਗੀ
ਹਰ ਪੁੱਤਰ ਨੂੰ ਸਮਝਾ ਦੇਵੋ
*
ਤੇਰਾ ਬਿਰਹਾ ਮੈਨੂੰ ਮਣਸ ਕੇ
ਗ਼ਮ ਦੀ ਝੋਲੀ ਪਾ ਗਿਆ ਨੀ
ਤੇਰਾ ਦਿੱਤਾ ਹੋਇਆ ਵਕਤ ਮੈਨੂੰ
ਮੇਰੇ ਜੋੜੀਂ ਪਾਰਾ ਪਾ ਗਿਆ ਨੀ
*
ਨਫ਼ਰਤ, ਘਮੰਡ ਦੀਆਂ ਗਲੀਆਂ ਵਿੱਚ ਭਟਕ ਰਿਹਾ ਹਾਂ
ਇਨਸਾਨ ਹੋ ਕੇ ਵੀ ਮੈਂ, ਇਨਸਾਨੀਅਤ ਨੂੰ ਤਰਸ ਰਿਹਾ ਹਾਂ

“ਕੈਸਿਟਾਂ ਅਤੇ ਸੀਡੀਆਂ ਦੇ ਰੂਪ ਵਿੱਚ ਬੋਲਦੀਆਂ, ਗਾਉਂਦੀਆਂ ਕਿਤਾਬਾਂ ਨਵੇਂ ਯੁਗ ਦੀ ਜ਼ਰੂਰਤ ਹਨ । ਸ਼ਮੀ ਜਲੰਧਰੀ ਦੀ ‘ਦਸਤਕ’ ਸਾਡੇ ਸਮੇਂ ਦੀ ਨਬਜ਼ ਹੈ, ਵੇਲੇ ਦੇ ਮਸਲਿਆਂ ਦਾ ਰੋਹ ਹੈ, ਸਾਡੇ ਕਰਮਾਂ ਅਤੇ ਸੋਚਾਂ ਲਈ ਵੰਗਾਰ ਹੈ । ਸ਼ਮੀ ਦੀਆਂ ਸਤਰਾਂ ਅਤੇ ਉਸ ਦੀ ਆਵਾਜ਼ ਵਿੱਚ ਜਿਹੜੀ ਸੁਲਗਣ ਹੈ, ਜਿਹੜਾ ਸੇਕ ਅਤੇ ਰੋਸ਼ਨੀ ਹੈ, ਮੈਂ ਉਸਦਾ ਸੁਆਗਤ ਕਰਦਾ ਹਾਂ ਤੇ ਚਾਹੁੰਦਾ ਹਾਂ ਪੰਜਾਬੀ ਵਿੱਚ ਇਸ ਤਰ੍ਹਾਂ ਦੇ ਸਿ਼ੱਦਤ ਭਰੇ ਕਾਰਜ ਕਰਨ ਵਾਲੇ ਹੋਰ ਚਿਹਰੇ ਵੀ ਨੁਮਾਇਆਂ ਹੋਣ ।” ਇਹ ਵਿਚਾਰ ਹਨ ਪੰਜਾਬੀ ਦੇ ਸਿਰਮੌਰ ਸ਼ਾਇਰ ਸੁਰਜੀਤ ਪਾਤਰ ਹੋਰਾਂ ਦੇ ਜਦ ਕਿ ਉਨ੍ਹਾਂ ਨੇ ਸ਼ਮੀ ਜਲੰਧਰੀ ਦੀ ਆਵਾਜ਼ ‘ਚ ਉਸਦੀਆਂ ਆਪਣੀਆਂ ਨਜ਼ਮਾਂ ਦੀ ਸੀ.ਡੀ. ਰਿਕਾਰਡਿੰਗ ਸੁਣੀ । ‘ਦਸਤਕ’ ਦੀ ਰਿਕਾਡਿੰਗ ਮੁਕੰਮਲ ਹੋ ਚੁੱਕੀ ਹੈ ਤੇ ਇਹ ਸੀ.ਡੀ. ਜਲਦੀ ਹੀ ਸਰੋਤਿਆਂ ਦੇ ਸਨਮੁੱਖ ਹੋਣ ਲਈ ਤਿਆਰ ਹੈ । ਸ਼ਮੀ ਦੀ ਸ਼ਾਇਰੀ ‘ਚ ਅਜੋਕੀਆਂ ਸਮਾਜਿਕ ਸਮੱਸਿਆਵਾਂ ਦਾ ਦਰਦ ਝਲਕਦਾ ਹੈ । ਉਹ ਧਰਮ ਦੇ ਨਾਮ ਤੇ ਹੋਰ ਰਹੇ ਦੰਗਿਆਂ, ਕਤਲੇਆਮਾਂ ਤੇ ਕੁਰਸੀਆਂ ਦੀ ਖੇਡ ਨੂੰ ਬੜੀ ਸਿ਼ੱਦਤ ਨਾਲ਼ ਮਹਿਸੂਸ ਕਰਦਾ ਹੈ ।

ਧਰਮਾਂ ਦੀ ਜੰਗ
ਜੋ ਕਦੇ ਨਾ ਮੁੱਕਣ ਵਾਲੀ
ਜਿੱਥੇ ਨਾ ਕੋਈ ਧਰਮ ਜਿੱਤਦਾ ਹੈ
ਨਾ ਕੋਈ ਹਾਰਦਾ ਹੈ
ਮਨੁੱਖ ਹੀ ਮਨੁੱਖ ਨੂੰ ਮਾਰਦਾ ਹੈ

ਸ਼ਾਇਰ ਦੀ ਕਲਮ ਵੀਹਵੀਂ ਸਦੀ ਦੇ ਸਭ ਤੋਂ ਵੱਡੇ ਅੱਤਿਆਚਾਰ ਦੇ ਦਰਦ ‘ਚ ਹਾਅ ਦਾ ਨਾਹਰਾ ਮਾਰਦੀ ਹੈ ।

ਮੈਨੂੰ ਅੱਜ ਵੀ ਯਾਦ ਹੈ
ਚੁਰਾਸੀ ਦਾ ਉਹ ਕਾਲਾ ਵਰ੍ਹਾ
ਦਿੱਲੀ ਦੇ ਦੰਗੇ
ਕੇਸਾਂ ਵਾਲੇ ਸਿਰ ਧੜਾਂ ਤੋਂ ਅਲੱਗ
ਨਫ਼ਰਤ ਦੀ ਅੱਗ
ਜਿਸ ਇਨਸਾਨ ਨੂੰ ਤਬਾਹ ਕਰ ਦਿੱਤਾ
ਇਨਸਾਨੀਅਤ ਨੂੰ ਸੁਆਹ ਕਰ ਦਿੱਤਾ

ਵਤਨ ਦੇ ਮੌਜੂਦਾ ਹਾਲਤ ਦੇਖ ਕੇ ਸ਼ਾਇਰ, ਸ਼ਹੀਦ ਭਗਤ ਸਿੰਘ ਦੇ ਦਿਲ ਦਾ ਦਰਦ ਆਪਣੀ ਕਲਮ ਨਾਲ ਇੰਝ ਮਹਿਸੂਸ ਕਰਦਾ ਹੈ :

ਮੈਂ ਅੱਜ ਵੀ ਜਦੋਂ ਹਿੰਦੁਸਤਾਨ ਵੇਖਦਾ ਹਾਂ
ਗੁਲਾਮੀ ਦੇ ਉਹੀ ਨਿਸ਼ਾਨ ਵੇਖਦਾ ਹਾਂ
ਖੌਲ ਉੱਠਦਾ ਹੈ ਮੇਰੀਆਂ ਰਗਾਂ ਦਾ ਲਹੂ
ਇਨਸਾਫ਼ ਲਈ ਤੜਫ਼ਦਾ ਜਦੋਂ ਇਨਸਾਨ ਵੇਖਦਾ ਹਾਂ
ਕੀ ਕਰਾਂ ਮੈਂ ਸ਼ਾਹੂਕਾਰਾਂ ਦੀ ਬੁਲੰਦੀ ਨੂੰ
ਮਜ਼ਦੂਰ ਦੇ ਰੁਲਦੇ ਹੋਏ ਅਰਮਾਨ ਵੇਖਦਾ ਹਾਂ

ਸ਼ਮੀ ਦੇ ਗੀਤਾਂ ਦੀ ਇੱਕ ਹੋਰ ਨਵੀਂ ਕੈਸਿਟ ਮਾਰਕਿਟ ‘ਚ ਆਉਣ ਲਈ ਤਿਆਰ ਹੈ । ਇਸਦੇ ਗੀਤ ਰਿਕਾਰਡ ਹੋ ਚੁੱਕੇ ਹਨ । ਇਸ ਤੋਂ ਇਲਾਵਾ ਇੱਕ ਨਵਾਂ ਕਾਵਿ ਸੰਗ੍ਰਹਿ ਵੀ ਛਪਾਈ ਅਧੀਨ ਹੈ । ਇਸ ਕਾਵਿ ਸੰਗ੍ਰਹਿ ‘ਚ ਸ਼ਾਇਰ ਨੇ ਪ੍ਰਦੇਸੀਆਂ ਦੇ ਦਰਦ ਬਾਰੇ ਜਿ਼ਕਰ ਕਰਦਿਆਂ ਲਿਖਿਆ ਹੈ :

ਦੁੱਖ ਪ੍ਰਦੇਸਾਂ ਦਾ ਜ਼ਹਿਰ ਵਾਗੂੰ ਹੁੰਦਾ ਹੈ
ਜੀਣਾ ਇੱਥੇ ਸਿਖਰ ਦੁਪਹਿਰ ਵਾਗੂੰ ਹੁੰਦਾ ਹੈ ।

ਸ਼ਾਇਰ ਆਜ਼ਾਦੀ ਦੇ ਇਤਨੇ ਵਰ੍ਹਿਆਂ ਬਾਦ ਵੀ ਗੁਲਾਮੀ ਦਾ ਅਹਿਸਾਸ ਕਰ ਰਿਹਾ ਹੈ । ਉਹ ਇਸ ਅਹਿਸਾਸ ਨੁੰ ਆਪਣੇ ਨਿਵੇਕਲੇ ਅੰਦਾਜ਼ ‘ਚ ਇੰਝ ਬਿਆਨ ਕਰਦਾ ਹੈ :

ਪੱਤਝੜ ਦੇ ਬਾਦ ਵੀ ਪੱਤੇ ਨੇ ਜ਼ਰਦ ਜ਼ਰਦ,
ਹਰ ਟਹਿਣੀ ਉੱਤੇ ਪਈ ਹੋਈ ਗਰਦ ਹੀ ਗਰਦ ।
ਕ੍ਰਾਂਤੀ ਦੀ ਗੱਲ ਹੁਣ ਕੌਣ ਕਰੇ ਬੇਚਾਰਾ,
ਅਬਲਾ ਦੇ ਵਾਂਗੂੰ ਇਥੇ ਲਾਚਾਰ ਨੇ ਮਰਦ ।

ਪੰਜਾਬ ਨੂੰ ਘੁਣ ਵਾਂਗ ਲੱਗੇ ਅਖੌਤੀ ਬਾਬਿਆਂ ਦੇ ਢੋਂਗ ਵੀ ਸ਼ਮੀ ਦੀ ਕਲਮ ਤੋਂ ਅਣਛੂਹੇ ਨਹੀਂ ਰਹੇ :

ਆਦਮੀ ਦਾ ਲਹੂ ਡੀਕ ਲਾ ਕੇ ਪੀਣ ਵਾਲਾ
ਜਾਨਵਰਾਂ ਦੇ ਮਾਸ ਤੋਂ ਜੋ ਰਿਹਾ ਹੈ ਵਰਜ਼

ਸ਼ਮੀ ਨੇ ਪ੍ਰਦੇਸਾਂ ‘ਚ ਹੋਇਆਂ ਰਹਿੰਦਿਆਂ ਵੀ ਆਪਣੇ ਮੁਲਕ ਦੇ ਲੋਕਾਂ ਤੇ ਮਜ਼ਲੂਮਾਂ ਦੇ ਦਰਦ ਨੂੰ ਮਹਿਸੂਸ ਕੀਤਾ । ਇਸੇ ਲਈ ਉਹ ਆਪਣੀ ਨਜ਼ਮ ਦੇ ਆਖਰੀ ਬੰਦ ‘ਚ ਲਿਖਦਾ ਹੈ :

ਮੁੱਕ ਜਾਣਾ ਦੋਸਤਾਂ ਤੇ ਦੁਸ਼ਮਣਾਂ ਨੇ ਵੀ
ਮੁਕਣੀ ਨਹੀਂ ਹੈ ਸ਼ਮੀ ਮਜ਼ਲੂਮ ਦੀ ਅਰਜ਼

ਨਿਘਾਰ ਭਰੇ ਸਮੇਂ ‘ਚ ਸਭ ਨੂੰ ਸੰਭਲਣ ਲਈ ਹੋਕਾ ਦੇਣ ਵਾਲੇ ਕਾਵਿ ਸੰਗ੍ਰਹਿਾਂ ਤੇ ਗੀਤਾਂ ਰਾਹੀਂ ਸ਼ਾਇਰ ਸ਼ਮੀ ਜਲੰਧਰੀ ਨੇ ਵਾਕਿਆ ਹੀ ਦਲੇਰੀ ਭਰਿਆ ਕਦਮ ਚੁੱਕਿਆ ਹੈ । ਆਸ ਹੈ ਕਿ ਉਸਦੇ ਕਾਵਿ ਸੰਗ੍ਰਹਿਾਂ ਤੇ ਸੀ.ਡੀ. ਨੂੰ ਸਰੋਤਿਆਂ ਤੇ ਪਾਠਕਾਂ ਦਾ ਭਰਪੂਰ ਹੁੰਗਾਰਾ ਮਿਲੇਗਾ, ਜਿਸ ਨਾਲ਼ ਸ਼ਾਇਰ ਆਪਣੀ ਬੇ-ਖੌਫ਼ ਤੇ ਨਿਧੜਕ ਕਲਮ ਰਾਹੀਂ ਮਾਂ-ਬੋਲੀ ਦੀ ਸੇਵਾ ਕਰਨ ਦੇ ਨਾਲ਼-ਨਾਲ਼ ਪੰਜਾਬੀ ਸਮਾਜ ਨੂੰ ਇੱਕ ਨਵੀਂ ਤੇ ਸਿਹਤਮੰਦ ਸੇਧ ਦੇਣ ‘ਚ ਕਾਮਯਾਬ ਰਹੇਗਾ ।

ਆਮੀਨ !

ਆਪ ਜੀ ਨੂੰ ਇਹ ਜਾਣਕੇ ਖੁਸ਼ੀ ਹੋਵੇਗੀ ਕਿ ਆਪ ਜੀ ਦੇ ਹਰਮਨ ਪਿਆਰੇ "ਸ਼ਬਦ ਸਾਂਝ" ਨੂੰ www.shabadshanjh.blogspot.com ਤੋਂ ਬਦਲ ਕੇ www.shabadsanjh.com ਕਰ ਦਿੱਤਾ ਗਿਆ ਹੈ । ਆਪ ਜੀ ਆਪਣੀਆਂ ਰਚਨਾਵਾਂ ਤੇ ਹੁੰਗਾਰੇ editor@shabadsanjh.com 'ਤੇ ਭੇਜ ਸਕਦੇ ਹੋ ।

ਸੰਪਾਦਕ


ਸੌਦਿਆਂ ਵਾਂਗ ਹੋਏ ਰਿਸ਼ਤੇ, ਅੱਜ ਨਹੀਂ ਤਾਂ ਕੱਲ੍ਹ ਤਿੜਕੇ ਹੀ ਤਿੜਕੇ.......... ਲੇਖ਼ / ਰਾਜੂ ਹਠੂਰੀਆ

ਸਮਾਜ ਵਿੱਚ ਚੱਲ ਰਹੀਆਂ ਗਲਤ ਰੀਤਾਂ ਨੂੰ ਬਦਲਣ ਜਾਂ ਖਤਮ ਕਰਨ ਦੀ ਗੱਲ ਤਾਂ ਅਸੀਂ ਸਾਰੇ ਹੀ ਕਰਦੇ ਹਾਂ। ਪਰ ਉਹਨਾਂ ਨੂੰ ਬਦਲਣ ਵਿੱਚ ਆਪਾਂ ਕਿੰਨਾ ਕੁ ਯੋਗਦਾਨ ਪਾਉਂਦੇ ਹਾਂ ਇਹ ਸਾਰਿਆਂ ਨੂੰ ਪਤਾ ਹੀ ਹੈ, ਕੋਈ ਦੱਸਣ ਦੀ ਲੋੜ ਨਹੀਂ। ਸਿਆਣੇ ਕਹਿੰਦੇ ਨੇ ਕਿ ਜੇ ਕੋਈ ਕਾਰਜ ਕਰਨ ਲੱਗਿਆਂ ਨੀਅਤ ਵਿੱਚ ਖੋਟ ਰੱਖੀਏ ਤਾਂ ਉਹ ਕਾਰਜ ਕਦੇ ਸਿਰੇ ਨਹੀਂ ਚੜ੍ਹਦਾ ਹੁੰ਼ਦਾ।
ਜੇ ਗੱਲ ਕਰੀਏ ਦਾਜ ਵਰਗੀ ਲਾਹਨਤ ਦੀ ਰੀਤ ਦੀ ਕਿ ਇਸ ਨੂੰ ਖਤਮ ਕਰਨ ਲਈ ਕਿੰਨਾ ਇਸ ਦੇ ਖਿਲਾਫ ਲਿਖਿਆ ਗਿਆ, ਕਿੰਨਾ ਪ੍ਰਚਾਰ ਇਸ ਦੇ ਖਿਲਾਫ ਹੋਇਆ। ਪਰ ਫਿਰ ਵੀ ਇਸ ਦੇ ਖਤਮ ਹੋਣ ਦੀ ਗੱਲ ਤਾਂ ਦੂਰ, ਇਹ ਘਟੀ ਵੀ ਨਹੀਂ, ਸਗੋਂ ਵਧੀ ਹੀ ਹੈ। ਇਸ ਦਾ ਮਤਲਬ ਸਾਡੀ ਨੀਅਤ ਵਿੱਚ ਜ਼ਰੂਰ ਖੋਟ ਹੈ। ਕਿਉਂਕਿ ਜੇ ਕੋਈ ਲੇਖ਼ਕ ਕਿਸੇ ਗੱਲ ਦੇ ਖਿਲਾਫ ਲਿਖਦਾ ਹੈ ਜਾਂ ਕੋਈ ਪ੍ਰਚਾਰਕ ਕਿਸੇ ਗੱਲ ਖਿਲਾਫ ਪ੍ਰਚਾਰ ਕਰਦਾ ਹੈ, ਪਰ ਖੁਦ ਉਸ ਗੱਲ ਤੇ ਪਹਿਰਾ ਨਹੀਂ ਦਿੰਦਾ ਜਿਹੜੀ ਗੱਲ ਉਹ ਲਿਖ ਰਿਹਾ ਹੁੰਦਾ ਹੈ ਜਾਂ ਕਹਿ ਰਿਹਾ ਹੁੰਦਾ ਹੈ ਤਾਂ ਪੜ੍ਹਨ ਜਾਂ ਸੁਨਣ ਵਾਲਾ ਵੀ ਉਸਦਾ ਬਹੁਤਾ ਅਸਰ ਨਹੀਂ ਕਬੂਲਦਾ।
ਸਾਨੂੰ ਇੱਕ ਵਾਰ ਸਾਡੇ ਮਾਸਟਰ ਨੇ ਗੱਲ ਸੁਣਾਈ ਸੀ ਸ਼ਾਇਦ ਤੁਸੀਂ ਵੀ ਸਾਰਿਆਂ ਨੇ ਸੁਣੀ ਹੀ ਹੋਵੇਗੀ ਕਿ ਇੱਕ ਮੁੰਡਾ ਬਹੁਤ ਜਿਆਦਾ ਗੁੜ ਖਾਂਦਾ ਸੀ, ਉਸਦੀ ਮਾਂ ਉਸ ਨੂੰ ਬਥੇਰਾ ਹਟਾਇਆ ਕਰੇ ਕਿ ਐਨਾ ਗੁੜ ਨਹੀਂ ਖਾਈਦਾ ਹੁੰਦਾ ਪਰ ਉਹ ਮਾਂ ਦੀ ਗੱਲ ਅਣਸੁਣੀ ਕਰ ਦਿਆ ਕਰੇ। ਮਾਂ ਬੜੀ ਦੁਖੀ ਕਿ ਇਸ ਨੂੰ ਕਿਸ ਤਰਾਂ ਹਟਾਇਆ ਜਾਵੇ। ਉਸ ਪਿੰਡ ਵਿੱਚ ਇੱਕ ਸਾਧ ਰਹਿੰਦਾ ਸੀ ਸਾਰਾ ਪਿੰਡ ਉਸਦਾ ਬੜਾ ਸਤਿਕਾਰ ਕਰਦਾ ਸੀ। ਮਾਂ ਨੇ ਇੱਕ ਦਿਨ ਸੋਚਿਆ ਕਿਉਂ ਨਾ ਇਹਨੂੰ ਡੇਰੇ ਲੈਕੇ ਜਾਵਾਂ ਸ਼ਾਇਦ ਬਾਬੇ ਦੀ ਗੱਲ ਮੰਨ ਲਵੇ। ਜਦੋਂ ਉਹ ਬੱਚੇ ਨੂੰ ਲੈਕੇ ਡੇਰੇ ਪਹੁੰਚੀ , ਸਾਧ ਨੇ ਪੁਛਿਆ ''ਹਾਂ ਭਾਈ ਕੀ ਸਮੱਸਿਆ'', ਤਾਂ ਮਾਂ ਕਹਿਣ ਲੱਗੀ ''ਬਾਬਾ ਜੀ ਮੇਰਾ ਮੁੰਡਾ ਗੁੜ ਬਹੁਤ ਖਾਂਦਾ, ਇਹਨੂੰ ਕਹੋ ਕਿ ਗੁੜ ਨਾ ਖਾਇਆ ਕਰੇ।'' ਸਾਧ ਕਹਿੰਦਾ ''ਭਾਈ ਤੂੰ ਇਹਨੂੰ ਪੰਦਰਾਂ ਕੁ ਦਿਨ ਬਾਅਦ ਮੇਰੇ ਕੋਲ ਲੈ ਕੇ ਆਈਂ।’’ਮਾਂ ਸਤਿ ਬਚਨ ਕਹਿ ਕੇ ਮੁੰਡੇ ਨੂੰ ਨਾਲ ਲੈ ਕੇ ਘਰ ਵਾਪਿਸ ਆ ਗਈ ਤੇ ਪੰਦਰਾਂ ਕੁ ਦਿਨਾਂ ਬਾਅਦ ਫਿਰ ਵਾਪਿਸ ਸਾਧ ਕੋਲ ਚਲੀ ਗਈ। ਸਾਧ ਨੇ ਮੁੰਡੇ ਨੂੰ ਕੋਲ ਬੁਲਾਇਆ ਤੇ ਕਹਿੰਦਾ ''ਬੱਚਾ ਅੱਜ ਤੋਂ ਤੂੰ ਗੁੜ ਖਾਣਾ ਛੱਡ ਦੇ।'' ਮਾਂ ਸੁਣਕੇ ਹੈਰਾਨ ਜਿਹੀ ਹੋਕੇ ਕਹਿਣ ਲੱਗੀ ''ਬਾਬਾ ਜੀ ਆਹ ਗੱਲ ਤਾਂ ਤੁਸੀਂ ਪੰਦਰਾਂ ਦਿਨ ਪਹਿਲਾਂ ਵੀ ਕਹਿ ਸਕਦੇ ਸੀ ਉਸ ਦਿਨ ਕਿਉਂ ਨਾ ਕਹੀ।'' ਸਾਧ ਕਹਿੰਦਾ ''ਭਾਈ ਓਹਦੋਂ ਮੈਂ ਇਹਨੂੰ ਕਿਵੇਂ ਗੁੜ ਛੱਡਣ ਲਈ ਕਹਿ ਦਿੰਦਾ, ਓਹਦੋਂ ਤਾਂ ਮੈਂ ਆਪ ਬਥੇਰਾ ਖਾਂਦਾ ਸੀ।'' ਉਸ ਦਿਨ ਤੋਂ ਮੁੰਡੇ ਨੇ ਸਾਧ ਦੇ ਕਹਿਣ ‘ਤੇ ਗੁੜ ਖਾਣਾ ਛੱਡ ਦਿੱਤਾ। ਤਾਂਹੀ ਤਾਂ ਕਹਿੰਦੇ ਨੇ ਜੇ ਕਹਿਣੀ ਕਰਨੀ ਇੱਕ ਹੋਵੇ ਤਾਂ ਹੀ ਅਸਰ ਹੁੰਦਾ ਏ।
ਦਾਜ਼ ਦੀ ਰੀਤ ਘਟਣ ਦੀ ਥਾਂ ਵਧਣ ਦਾ ਕਾਰਨ ਸਾਡੀ ਕਹਿਣੀ ਤੇ ਕਰਨੀ ਦਾ ਇੱਕ ਨਾ ਹੋਣਾ ਹੈ। ਅਸੀਂ ਕਹਿੰਦੇ ਕੁਝ ਹੋਰ ਹਾਂ ਤੇ ਕਰਦੇ ਕੁਝ ਹੋਰ ਹਾਂ। ਹੁਣ ਤੱਕ ਤਾਂ ਇਹੋ ਸੁਣਦੇ ਸੀ ਕਿ ਮੁੰਡੇ ਵਾਲੇ ਦਾਜ਼ ਮੰਗਦੇ ਨੇ ਪਰ ਹੁਣ ਤਾਂ ਕੁੜੀ ਵਾਲੇ ਵੀ ਦਾਜ਼ ਮੰਗਦੇ ਨੇ। ਪਰ ਨਹੀਂ, ਜੇ ਗੱਲ ਨੂੰ ਥੋੜਾ ਸਪੱਸ਼ਟ ਕਰ ਲਈਏ ਕਿ ਦਾਜ਼ ਨਾ ਸਾਰੇ ਮੁੰਡੇ ਵਾਲੇ ਲੈਂਦੇ ਹਨ ਤੇ ਨਾ ਸਾਰੇ ਕੁੜੀ ਵਾਲੇ। ਦਾਜ਼ ਸਿਰਫ ਲਾਲਚੀ ਪਰਿਵਾਰ ਹੀ ਲੈਂਦੇ ਹਨ ਫੇਰ ਚਾਹੇ ਉਹ ਮੁੰਡੇ ਦੇ ਵਿਆਹ ਮੌਕੇ ਹੋਵੇ, ਚਾਹੇ ਕੁੜੀ ਦੇ ਵਿਆਹ ਮੌਕੇ ਕੀ ਫਰਕ ਪੈਂਦਾ। ਮੁੰਡੇ ਵਾਲਿਆਂ ਦੇ ਦਾਜ਼ ਲੈਣ ਦੀਆਂ ਗੱਲਾਂ ਤਾਂ ਆਮ ਹੀ ਪੜ੍ਹੀਆਂ ਤੇ ਸੁਣੀਆਂ ਜਾਂਦੀਆਂ ਹਨ। ਪਰ ਮੈਂ ਗੱਲ ਦੋਵਾਂ ਪਾਸਿਆਂ ਦੀ ਕਰਾਂਗਾ, ਕਿਉਂਕਿ ਹੁਣ ਤਾਂ ਜ਼ਮਾਨਾ ਬਦਲ ਗਿਆ ਏ। ਬਦਲਿਆ ਵੀ ਕਾਹਦਾ, ਉਹੀ ਸੋਚ, ਉਹੀ ਭੈੜੀਆਂ ਰੀਤਾਂ ਬਸ ਥੋੜ੍ਹਾ ਉਲਟ-ਪੁਲਟ ਜਿਹਾ ਹੋ ਗਿਆ। ਕਈ ਸਾਲ ਹੋ ਗਏ ਗੀਤਕਾਰ ਬੰਤ ਰਾਮਪੁਰੇ ਵਾਲੇ ਦਾ ਲਿਖਿਆ ਗੀਤ, ਗਾਇਕ ਸਰਦੂਲ ਸਿਕੰਦਰ ਨੇ ਗਾਇਆ ਸੀ “ਬੰਨ ਸਿਹਰੇ ਆਇਆ ਕਰਨਗੀਆਂ, ਮੁੰਡਿਆਂ ਨੂੰ ਕੁੜੀਆਂ ਵਿਆਹੁਣ ਲਈ” ਜਿਸ ਵਿੱਚ ਉਸਨੇ ਜਿ਼ਕਰ ਕੀਤਾ ਸੀ ਕਿ ਮੁੰਡਿਆਂ ਦੀ ਥਾਂ ਕੁੜੀਆਂ ਦਾਜ਼ ਲਿਆ ਕਰਨਗੀਆਂ ਵਗੈਰਾ……। ਜੋ ਹੁਣ ਕਿਸੇ ਹੱਦ ਤੱਕ ਸੱਚ ਹੋ ਚੁੱਕਾ ਹੇੈ। ਮੈਂ ਕੁਝ ਦੋਸਤਾਂ ਤੋਂ ਸੁਣੀਆਂ ਅਤੇ ਕੁਝ ਮੇਰੇ ਆਸੇ ਪਾਸੇ ਵਾਪਰੀਆਂ ਘਟਨਾਵਾਂ ਦਾ ਜਿ਼ਕਰ ਕਰਨਾ ਚਾਹਾਂਗਾ, ਜਿੰਨ੍ਹਾਂ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਕਿੰਨੀ ਕੁ ਸਾਫ ਨੀਅਤ ਨਾਲ ਦਾਜ਼ ਦੀ ਲਾਹਨਤ ਨੂੰ ਖਤਮ ਕਰਨ ਦੀ ਕੋਸਿ਼ਸ਼ ਕੀਤੀ ਜਾ ਰਹੀ ਹੈ।
ਜੇ ਕੁੜੀਆਂ ਦੇ ਵਿਆਹੁਣ ਆਉਣ ਦੀ ਗੱਲ ਕਰੀਏ, ਇਹ ਗੱਲ ਤਾਂ ਹੁਣ ਆਮ ਹੀ ਹੋ ਗਈ ਹੈ। ਕਿਉਂਕਿ ਜਿਹੜੀ ਕੁੜੀ ਬਾਹਰਲੇ ਮੁਲਕ ਤੋਂ ਵਿਆਹ ਕਰਵਾਉਣ ਜਾਂਦੀ ਹੈ। ਉਹ ਇੱਕ ਤਰਾਂ ਮੁੰਡੇ ਨੂੰ ਵਿਆਹੁਣ ਹੀ ਤਾਂ ਜਾਂਦੀ ਹੈ ਤੇ ਵਿਆਹਕੇ ਆਪਣੇ ਨਾਲ ਹੀ ਲੈ ਜਾਂਦੀ ਹੈ। ਬਾਹਰੋਂ ਆਈਆਂ ਕੁੜੀਆਂ ਦੀ ਗੱਲ ਤਾਂ ਇੱਕ ਪਾਸੇ ਜਿਹੜੀਆਂ ਪੰਜਾਬ 'ਚ ਰਹਿੰਦੀਆਂ ਨੇ ਉਹ ਵੀ ਵਿਆਹੁਣ ਜਾਂਦੀਆ ਨੇ ਤੇ ਵਿਆਹ ਦਾ ਖਰਚਾ ਮੁੰਡੇ ਵਾਲੇ ਕਰਦੇ ਨੇ। ਇਹ ਉਹ ਕੁੜੀਆਂ ਨੇ ਜਿਹੜੀਆਂ ਆਈਲੈਟਸ ਕਰਦੀਆਂ ਹਨ। ਜਿਸ ਨਾਲ ਉਹ ਪੜ੍ਹਾਈ ਦੇ ਆਧਾਰ ਉੱਤੇ ਆਸਟ੍ਰੇਲੀਆ ਜਾਂ ਇਗਲੈਂਡ ਵਰਗੇ ਮੁਲਕਾਂ ਵਿੱਚ ਆਪਣੇ ਘਰ ਵਾਲੇ ਨੂੰ ਵੀ ਨਾਲ ਲਿਜਾ ਸਕਦੀਆਂ ਹਨ। ਪਿੱਛੇ ਜਿਹੇ ਇਸ ਕਿਸਮ ਦੇ ਵੀਜ਼ੇ ਲਾਉਣ ‘ਤੇ ਰੋਕ ਵੀ ਲੱਗੀ। ਪਰ ਕੋਈ ਫਰਕ ਨਹੀਂ ਪਿਆ ਜੇ ਇੱਕ ਦੇਸ਼ ਨੇ ਰੋਕ ਲਾਈ ਤਾਂ ਦੂਜੇ ਨੇ ਰਾਹ ਖੋਲ ਦਿੱਤੇ। ਇਹ ਕੁੜੀਆਂ ਜਿਉਂ ਹੀ ਆਈਲੈਟਸ ਦਾ ਟੈਸਟ ਪਾਸ ਕਰਦੀਆਂ ਹਨ ਨਾਲ ਲਗਦੇ ਹੀ ਅਖ਼ਬਾਰ ਵਿੱਚ ਇਸ਼ਤਿਹਾਰ ਛਪ ਜਾਂਦਾ ਹੈ ਕਿ ਆਈਲੈਟਸ ਪਾਸ ਕੁੜੀ ਲਈ ਵਰ(ਮੁੰਡੇ) ਦੀ ਲੋੜ ਹੈ। ਵਿਦੇਸ਼ ਜਾਣ ਦੇ ਚਾਹਵਾਨ ਸਪੰਰਕ ਕਰ ਸਕਦੇ ਹਨ। ਬਸ ਫਿਰ ਦੂਜੇ ਦਿਨ ਫੋਨ ਤੇ ਫੋਨ ਖੜਕਣ ਲੱਗ ਜਾਂਦੇ ਹਨ। ਕੁੜੀ ਨੂੰ ਮੁੰਡਿਆਂ ਦੀਆਂ ਫੋਟੋਂਆਂ ਵਿਖਾਈਆਂ ਜਾਂਦੀਆਂ ਹਨ। ਇਸ ਤਰਾਂ ਕੁੜੀ ਆਪਣੀ ਪਸੰਦ ਦਾ ਮੁੰਡਾ ਚੁਣ ਲੈਂਦੀ ਹੈ। ਵਿਆਹ ਦਾ ਖ਼ਰਚ ਤੇ ਵਿਦੇਸ਼ ਜਾਣ ਦਾ ਖ਼ਰਚ ਮੁੰਡੇ ਵਾਲਿਆਂ ਤੋਂ ਕਰਵਾਇਆ ਜਾਂਦਾ ਹੈ। ਕਈ ਪਰਿਵਾਰ ਖ਼ਰਚ ਰਲ੍ਹ ਮਿਲ੍ਹ ਕੇ ਕਰ ਲੈਂਦੇ ਹਨ, ਪਰ ਸਭ੍ਹ ਨੂੰ ਪਤਾ ਕਿ ਹੱਥ ਆਇਆ ਮੌਕਾ ਕੌਣ ਜਾਣ ਦਿੰਦਾ। ਇਸ ਤਰਾਂ ਕੁੜੀ ਮੁੰਡੇ ਨੂੰ ਵਿਆਹਕੇ ਆਪਣੇ ਨਾਲ ਵਿਦੇਸ਼ ਲੈ ਜਾਂਦੀ ਹੈ। ਹੁਣ ਮੁੰਡੇ ਵਾਲਿਆਂ ਵੱਲੋਂ ਕੀਤੇ ਖਰਚ ਨੂੰ ਚਾਹੇ ਮੁੰਡੇ ਵਾਲਿਆਂ ਵੱਲੋਂ ਕੁੜੀ ਵਾਲਿਆਂ ਨੂੰ ਦਿੱਤਾ ਦਾਜ਼ ਕਹਿ ਲਵੋ ਜਾਂ ਜ਼ਮਾਨੇ ਦੀ ਪੁੱਠੀ ਰੀਤ ਕਹਿ ਲਵੋ, ਪਰ ਮੇਰੇ ਖਿ਼ਆਲ 'ਚ ਮੁੰਡੇ ਵਾਲਿਆਂ ਨੇ ਜਿ਼ਆਦਾ ਪੈਸੈ ਕਮਾਉਣ ਦੇ ਲਾਲਚ ਵਿੱਚ ਥੋੜੇ ਜਿਹੇ ਪੈਸੈ ਖਰਚ ਕੀਤੇ ਹਨ। ਜਿਵੇਂ ਕਈ ਵਾਰ ਕੁੜੀ ਵਾਲੇ ਬਾਹਰੋਂ ਆਏ ਮੁੰਡੇ ਨਾਲ ਕੁੜੀ ਵਿਆਹੁਣ ਲਈ ਆਪਣੀ ਹੈਸੀਅਤ ਤੋਂ ਵੱਧ ਖਰਚ ਇਹ ਸੋਚਕੇ ਕਰ ਦਿੰਦੇ ਹਨ ਕਿ ਕੱਲ ਨੂੰ ਉਹ ਆਪ ਵੀ ਬਾਹਰ ਚਲੇ ਜਾਣਗੇ ਤੇ ਸਾਰੀਆਂ ਕਸਰਾਂ ਕੱਢ ਲੈਣਗੇ। ਜਿਹੜੇ ਆਪਣੇ ਮਕਸਦ ਵਿੱਚ ਕਾਮਯਾਬ ਹੋ ਜਾਂਦੇ ਹਨ ਉਹਨਾਂ ਨੂੰ ਤਾਂ ਦਿੱਤਾ ਹੋਇਆ ਦਾਜ਼ ਭੁੱਲ ਜਾਂਦਾ ਹੈ। ਪਰ ਜਿਹੜੇ ਕਾਮਯਾਬ ਨਹੀਂ ਹੁੰਦੇ ਉਹ ਮੁੰਡੇ ਵਾਲਿਆਂ ਨੂੰ ਗਾਲ੍ਹਾਂ ਕੱਢਦੇ ਰਹਿੰਦੇ ਨੇ “ਕਿੱਥੇ ਦਾਜ਼ ਦੇ ਲੋਭੀਆਂ ਨਾਲ ਵਾਹ ਪਾਅ ਲਿਆ, ਸਾਲਿਆਂ ਨੇ ਕੰਗਾਲ ਕਰਕੇ ਧਰਤੇ।” ਂਨੀਅਤ ਆਪਣੀ ਖੋਟੀ ਤੇ ਦੋਸ਼ ਦੂਜੇ ਨੂੰ।
ਮੈਨੂੰ ਇੱਕ ਵਾਰ ਕਿਸੇ ਨੇ ਗੱਲ ਸੁਣਾਈ ਕਿ ਉਹਦਾ ਇੱਕ ਦੋਸਤ ਉਹਦੇ ਕੋਲ ਆਇਆ ਤੇ ਉਹਨੂੰ ਪੁੱਛਣ ਲੱਗਾ “ਬਾਈ ਫਲਾਣੇ ਪਿੰਡ 'ਚ ਤੇਰੀ ਕੋਈ ਜਾਣ ਪਹਿਚਾਣ ਵਾਲਾ ਹੈਗਾ?” ਕਹਿੰਦਾ ਮੈਂ ਕਿਹਾ “ਜਾਣ ਪਹਿਚਾਣ ਵਾਲੇ ਤਾਂ ਵਥੇਰੇ ਆ। ਪਰ ਤੈਨੂੰ ਕੀ ਕੰਮ ਪੈ ਗਿਆ ਉੱਥੇ?” ਕਹਿੰਦਾ “ਬਾਈ ਛੋਟੇ ਭਰਾ ਦੇ ਰਿਸ਼ਤੇ ਲਈ ਜਾਣਾ। ਅਖ਼ਬਾਰ 'ਚ ਇਸ਼ਤਿਹਾਰ ਛਪਿਆ ਸੀ ਕਿ ਉਸ ਪਿੰਡ 'ਚ ਕੋਈ ਪਰਿਵਾਰ ਕਨੇਡਾ ਤੋਂ ਆਪਣੀ ਕੁੜੀ ਦਾ ਵਿਆਹ ਕਰਨ ਆਇਆ ਹੋਇਆ। ਆਪਾਂ ਪਿੰਡ ਦੇ ਕਿਸੇ ਜਾਣ ਪਹਿਚਾਣ ਵਾਲੇ ਨੂੰ ਨਾਲ ਲੈ ਕੇ ਉਹਨਾਂ ਦੇ ਘਰ ਜਾਣਾ ਆਪ ਸਿੱਧੇ ਜਾਂਦੇ ਚੰਗੇ ਨਹੀਂ ਲੱਗਦੇ।” ਫੇਰ ਉਹ ਉਸ ਪਿੰਡ ਚਲੇ ਗਏ ਤੇ ਪਿੰਡ ਚੋਂ ਕਿਸੇ ਜਾਣ ਪਹਿਚਾਣ ਵਾਲੇ ਨੂੰ ਲੈ ਕੇ ਕੁੜੀ ਵਾਲਿਆਂ ਦੇ ਘਰ ਚਲੇ ਗਏ। ਜਦੋਂ ਕੁੜੀ ਵਾਲਿਆਂ ਨਾਲ ਜਾ ਕੇ ਗੱਲ ਕੀਤੀ ਤਾਂ ਉਹਨਾਂ ਸਾਫ-ਸਾਫ ਕਹਿ ਦਿੱਤਾ ਕਿ ਰਿਸ਼ਤਿਆਂ ਵਾਲੇ ਤਾਂ ਬਹੁਤ ਆਉਂਦੇ ਆ, ਪਰ ਸਾਡੀ ਇੱਕ ਸ਼ਰਤ ਹੈ ਕਿ ਮੁੰਡੇ ਵਾਲਿਆਂ ਨੂੰ ਵਿਆਹ ਤੋਂ ਪਹਿਲਾਂ ਕੁੜੀ ਦੇ ਨਾਂ ਪੰਜ ਕਿੱਲੇ ਜਮੀਨ ਲਵਾਉਣੀ ਪਵੇਗੀ ਤੇ ਵਿਆਹ ਮੌਕੇ ਵੀਹ ਲੱਖ ਨਗਦ ਦੇਣਾ ਪਵੇਗਾ। ਇੰਨ੍ਹੀ ਗੱਲ ਸੁਣਕੇ ਉਹ ਸੋਚਕੇ ਦੱਸਾਂਗੇ ਕਹਿਕੇ ਵਾਪਿਸ ਆ ਗਏ। ਬਾਹਰ ਆ ਕੇ ਉਸਦਾ ਦੋਸਤ ਕਹਿਣ ਲੱਗਾ “ਯਾਰ ਵੀਹ ਲੱਖ ਦਾ ਤਾਂ ਇੰਤਜ਼ਾਮ ਕਰ ਲਵਾਂਗੇ। ਪਰ ਜਮੀਨ ਵਾਲੀ ਗੱਲ ਮੁਸ਼ਕਿਲ ਆ।” ਹਾਲਾਂਕਿ ਮੁੰਡੇ ਵਾਲੇ ਚੰਗੀ ਜਮੀਨ-ਜਾਇਦਾਦ ਦੇ ਮਾਲਕ ਸਨ ਤੇ ਉਹਨਾਂ ਦਾ ਵਧੀਆ ਕਾਰੋਬਾਰ ਸੀ। ਪਰ ਫਿਰ ਵੀ ਬਾਹਰ ਜਾਣ ਦੇ ਲਾਲਚ 'ਚ ਵੀਹ ਲੱਖ ਦਾਜ਼ 'ਚ ਦੇਣ ਨੂੰ ਤਿਆਰ ਸਨ। ਬਸ ਜਮੀਨ ਦੇ ਨਾਂ ਤੇ ਜੱਟਪੁਣਾ ਜਾਗ ਪਿਆ ਤੇ ਗੱਲ ਵਿੱਚ ਹੀ ਰਹਿ ਗਈ। ਨਹੀਂ ਤਾਂ ਵੀਹ ਲੱਖ ਕੁੜੀ ਵਾਲਿਆਂ ਦੀ ਝੋਲ੍ਹੀ ਪਾ ਕੇ ਮੁੰਡਾ ਜਹਾਜ਼ 'ਚ ਬਿਠਾਕੇ ਸਹੁਰੀਂ ਤੋਰ ਦੇਣਾ ਸੀ। ਇਹ ਤਾਂ ਗੱਲਾਂ ਸੀ ਬਾਹਰੋਂ ਆਏ ਜਾਂ ਬਾਹਰ ਜਾਣ ਦੇ ਚਾਹਵਾਨਾਂ ਦੀਆਂ ਕਿ ਕਿਵੇਂ ਆਪਣੀ ਲਾਲਚੀ ਨੀਅਤ ਅਨੁਸਾਰ ਦਾਜ਼ ਦਾ ਲੈਣ ਦੇਣ ਕਰਦੇ ਹਨ। ਜਿਹੜੇ ਵਿਆਹ ਉੱਥੇ(ਭਾਰਤ)ਰਹਿਣ ਵਾਲਿਆਂ ਦੇ ਹੁੰਦੇ ਹਨ ਉਹਨਾਂ ਵਿੱਚ ਵੀ ਕਈ ਲੋਕ ਦਾਜ਼ ਮੰਗਕੇ ਲੈਂਦੇ ਹਨ ਤੇ ਕਈ ਆਪਣੀ ਮਰਜ਼ੀ ਨਾਲ ਹੀ ਦੇ ਦੇਂਦੇ ਹਨ। ਬਹੁਤੇ ਲੋਕ ਉਹ ਨੇ ਜਿਹੜੇ ਸੋਚਦੇ ਨੇ ਕਿ ਜੇ ਬਹੂ ਦਾਜ਼ ਨਾ ਲੈ ਕੇ ਆਈ ਜਾਂ ਕੁੜੀ ਨੂੰ ਦਾਜ਼ ਨਾ ਦਿੱਤਾ ਤਾਂ ਸ਼ਰੀਕੇ ਵਿੱਚ ਨੱਕ ਵੱਡਿਆ ਜਾਏਗਾ। ਇਹਨਾਂ ਲੋਕਾਂ ਲਈ ਬਾਈ ਜੱਗੀ ਕੁੱਸਾ ਨੇ ਆਪਣੇ ਆਰਟੀਕਲ ਵਿੱਚ ਬੜੀ ਵਧੀਆ ਗੱਲ ਲਿਖੀ ਸੀ ਕਿ “ਇਹਨਾਂ ਲੋਕਾਂ ਦੇ ਨੱਕ ਦੀ ਥਾਂ ਹਾਥੀ ਦੀ ਸੁੰਢ ਲੱਗੀ ਹੋਣੀ ਚਾਹੀਦੀ ਆ, ਤਾਂ ਕਿ ਜੇ ਇਹਨਾਂ ਨੂੰ ਤਿੰਨ, ਚਾਰ ਵਿਆਹ ਕਰਨੇ ਪੈ ਜਾਣ ਤੇ ਹਰ ਵਿਆਹ ਮੌਕੇ ਚਾਰ ਉੰਗਲਾਂ ਵੱਡ ਵੀ ਹੋਜੇ ਤਾਂ ਵੀ ਸਾਹ ਲੈਣ ਜੋਗੇ ਤਾਂ ਰਹਿ ਜਾਣਗੇ।” ਇਸ ਤਰਾਂ ਸ਼ਇਦ ਦਾਜ਼ ਨੂੰ ਖ਼ਤਮ ਕਰਨ ਵਿੱਚ ਆਪਣਾ ਯੋਗਦਾਨ ਵੀ ਪਾ ਸਕਣ।
ਜੇ ਗੱਲ ਕਰੀਏ ਕੁੜੀਆਂ ਨੂੰ ਸਹੁਰੇ ਪਰਿਵਾਰ ਵੱਲੋਂ ਦਾਜ਼ ਲਈ ਤੰਗ ਕਰਨ ਦੀ ਤੇ ਬੇਵੱਸ ਮਾਪਿਆਂ ਦੀ
ਜਿੰਨ੍ਹਾਂ ਦੀਆਂ ਧੀਆਂ ਦਾਜ਼ ਦੀ ਬਲੀ ਚੜ੍ਹਦੀਆਂ ਨੇ ਤੇ ਉਹ ਵਿਚਾਰੇ ਕੁਝ ਵੀ ਨਹੀਂ ਕਰ ਸਕਦੇ। ਇਹਨਾਂ ਹਾਲਾਤਾਂ ਦਾ ਜਿੰ਼ਮੇਵਾਰ ਜਿ਼ਆਦਾਤਰ ਵਿਚੋਲਾ ਹੀ ਹੁੰਦਾ ਹੈ। ਜਿਹੜਾ ਦੋਨੋਂ ਪਰਿਵਾਰਾਂ ਨੂੰ ਚੰਗੀ ਤਰ੍ਹਾਂ ਜਾਣਦੇ ਹੋਏ ਕਈ ਵਾਰ ਮੁੰਡੇ ਵਾਲਿਆਂ ਵੱਲੋਂ ਕੀਤੀ ਮੰਗ ਦਾ ਪਹਿਲਾਂ ਖੁੱਲ ਕੇ ਜਿ਼ਕਰ ਨਹੀਂ ਕਰਦਾ ਪਰ ਬਾਅਦ 'ਚ ਵਿਆਹ ਦੇ ਦਿਨ ਪੱਕੇ ਹੋਣ ‘ਤੇ ਹੌਲੀ-ਹੌਲੀ ਮੰਗਾਂ ਗਿਨਾੳੇੁਣ ਲੱਗ ਪੈਂਦਾ ਹੈ। ਇਸ ਹਾਲਤ ਵਿੱਚ ਕੁੜੀ ਵਾਲੇ ਬੇਇਜਤੀ ਦੇ ਡਰੋਂ ਵਿਆਹ ਵੀ ਨਹੀਂ ਤੋੜ ਸਕਦੇ ਤੇ ਦਾਜ਼ ਦੇਣ ਤੋਂ ਵੀ ਅਸਮਰੱਥ ਹੁੰਦੇ ਹਨ। ਉਹ ਜਿੰਨ੍ਹਾਂ ਵੱਧ ਤੋਂ ਵੱਧ ਹੋ ਸਕਦਾ ਕਰ ਦਿੰਦੇ ਹਨ ਤੇ ਬਾਅਦ 'ਚ ਲਾਲਚੀ ਸਹੁਰਾ ਪਰਿਵਾਰ ਕੁੜੀ ਨੂੰ ਹੋਰ ਦਾਜ਼ ਲਿਆਉਣ ਲਈ ਤੰਗ ਕਰਦਾ ਰਹਿੰਦਾ ਹੈ ਤੇ ਇੱਕ ਦਿਨ ਦਾਜ਼ ਦੀ ਬਲੀ ਚਾੜ ਦਿੱਤੀ ਜਾਂਦੀ ਹੈ ਜਾਂ ਵਿਚਾਰੀ ਇੰਨੀ ਦੁਖੀ ਹੋ ਜਾਂਦੀ ਹੈ ਕਿ ਪਲ-ਪਲ ਮਰਨ ਨਾਲੋਂ ਇੱਕ ਵਾਰ ਹੀ ਮਰ ਜਾਣਾ ਚਾਹੁੰਦੀ ਹੈ ਤੇ ਆਤਮ ਹੱਤਿਆ ਕਰ ਲੈਂਦੀ ਹੈ। ਸਿਆਣੇ ਕਹਿੰਦੇ ਨੇ ਕਿ ਬੰਦੇ ਦਾ ਢਿੱਡ ਤਾਂ ਭਰ ਜਾਂਦਾ ਪਰ ਚੰਦਰੀ ਨੀਅਤ ਕਦੇ ਨਹੀਂ ਭਰਦੀ। ਇਹਨਾਂ ਲੋਕਾਂ ਨੂੰ ਜਿੰਨਾ ਮਿਲ ਜਾਏ ਥੋੜਾ ਹੀ ਥੋੜਾ। ਪਰ ਕਸਾਈ ਇਹ ਨਹੀਂ ਸੋਚਦੇ ਕਿ ਇੱਕ ਜਾਨ ਜਿ਼ਆਦਾ ਕੀਮਤੀ ਆ ਜਾਂ ਸਮਾਨ। ਵਿਚੋਲੇ ਦਾ ਕੀ ਆ ਮੁੰਦਰੀ ਪਵਾ ਕੇ ਪਾਸੇ ਹੋ ਜਾਂਦਾ ਨਾਲੇ ਆਖੀ ਜਾਊ ਅੱਜ ਦਾ ਦਿਨ ਆ ਬਾਅਦ 'ਚ ਸਾਨੂੰ ਕੀਹਨੇ ਪੁੱਛਣਾ, ਬਾਅਦ 'ਚ ਤਾਂ ਵਿਚੋਲੇ ਦੇ ਛਿੱਤਰ ਹੀ ਪੈਂਦੇ ਹੁੰਦੇ ਆ……ਹੁਣ ਜੇ ਛਿੱਤਰ ਖਾਣ ਵਾਲੇ ਕੰਮ ਕਰਨੇ ਆਂ ਤਾਂ ਛਿੱਤਰ ਹੀ ਪੈਣਗੈ ਹੋਰ ਅਗਲਾ ਥੋਡੀ ਆਰਤੀ ਉਤਾਰੂਗਾ।
ਮੈਨੂੰ ਇੱਕ ਵਾਕਿਆ ਚੇਤੇ ਆ ਗਿਆ ਕਿ ਇੱਕ ਬਜ਼ੁਰਗ ਆਪਣੀ ਕੁੜੀ ਦਾ ਰਿਸ਼ਤਾ ਪੱਕਾ ਕਰਕੇ ਆਇਆ ਤੇ ਜਦੋਂ ਘਰਦਿਆਂ ਨੇ ਮੁੰਡੇ ਤੇ ਮੁੰਡੇ ਦੇ ਪਰਿਵਾਰ ਵਾਰੇ ਪੁੱਛਿਆ ਤਾਂ ਕਹਿੰਦਾ “ਸਭ ਠੀਕ-ਠਾਕ ਹੈ, ਮੁੰਡਾ ਵੀ ਸੋਹਣਾ, ਪਰਿਵਾਰ ਵੀ ਵਧੀਆ ਬਸ ਮੁੰਡੇ ਦੀ ਭਿੱਟ-ਭਿੱਟੀਏ ਦੀ ਮੰਗ ਆ।” ਹੁਣ ਸਾਲਾ ਭਿੱਟ-ਭਿੱਟੀਆ ਰਹੱਸ ਬਣਿਆ ਹੋਇਆ ਸੀ। ਨਾ ਪਤਾ ਲੱਗੇ ਬਈ ਸਕੂਟਰ ਮੰਗਿਆ ਕਿ ਮੋਟਰਸਾਇਕਲ ਕਿਉਂਕਿ ਓਹਦੋਂ ਕ ਦਾਜ਼ 'ਚ ਏਹੀ ਦੇਣ ਦਾ ਰਿਵਾਜ਼ ਚੱਲਿਆ ਹੋਇਆ ਸੀ। ਬਜੁ਼ਰਗ ਨੇ ਤਾਂ ਕਦੇ ਸਾਇਕਲ ਵੀ ਨਹੀਂ ਸੀ ਚਲਾਇਆ ਉਹਨੂੰ ਆਉਂਦੇ-ਆਉਂਦੇ ਖਿਆਲ ਭੁੱਲ ਗਿਆ ਕਿ ਕੀ ਮੰਗਿਆ। ਖ਼ੈਰ ਉਹਨਾਂ ਦਾਜ਼ 'ਚ ਦੇਣ ਲਈ ਸਕੂਟਰ ਲੈ ਆਂਦਾ। ਜਦੋਂ ਆਨੰਦ ਕਾਰਜਾਂ ਮੌਕੇ ਦਾਜ਼ ਦੀ ਲਿਸਟ ਪੜ੍ਹ ਕੇ ਸੁਣਾਈ ਜਾਣ ਲੱਗੀ ਤਾਂ ਪ੍ਰਾਹੁਣਾ ਰੌਲਾ ਪਾ ਕੇ ਬਹਿ ਗਿਆ ਕਿ ਮੈਂ ਤਾਂ ਮੋਟਰਸਾਇਕਲ ਨੂੰ ਆਖਿਆ ਸੀ ਮੈਂ ਨੀ ਸਕੂਟਰ ਲੈ ਕੇ ਜਾਣਾ ਮੈਨੂੰ ਤਾਂ ਮੋਟਰਸਾਇਕਲ ਚਾਹੀਦਾ। ਕੁੜੀ ਦਾ ਮਾਮਾ ਥੋੜਾ ਅੜਬ ਸੁਭਾਅ ਦਾ ਸੀ ਕਹਿੰਦਾ “ਦਬੱਲੋ ਏਹਨੂੰ ਸਣੇ ਬਰਾਤ ਅੱਜ ਮੋਟਰਸਾਕਿਲ ਮੰਗਦਾ ਕੱਲ ਨੂੰ ਕੁਝ ਹੋਰ ਮੰਗੂ।” ਪਰ ਸਾਊ ਸੁਭਾਅ ਦੇ ਬਜ਼ੁਰਗ ਨੇ ਦਰ ਆਈ ਬਰਾਤ ਨਾ ਮੋੜੀ ਕਹਿੰਦਾ “ਇਸ ਵਿੱਚ ਸਭ ਦੀ ਬੇਇਜਤੀ ਹੋ ਜਾਵੇਗੀ।” ਉਹਨੇ ਮੁੰਡੇ ਵਾਲਿਆਂ ਤੋਂ ਹਫਤੇ ਦਾ ਟਾਇਮ ਲੈ ਕੇ ਡੋਲ੍ਹੀ ਤੋਰ ਦਿੱਤੀ। ਫੇਰ ਨਵਾਂ ਸਕੂਟਰ ਘਾਟਾ ਪਾ ਕੇ ਵੇਚਿਆ ਤੇ ਮੋਟਰਸਾਇਕਲ ਖ੍ਰੀਦ ਕੇ ਕੁੜੀ ਦੇ ਸਹੁਰੇ ਘਰ ਪਹੁੰਚਦਾ ਕੀਤਾ। ਹੁਣ ਦੱਸੋ ਜਿਹੜਾ ਬੰਦਾ ਏਨੇ ਇਕੱਠ ਵਿੱਚ ਸ਼ਰੇਆਮ ਮੰਗ ਕਰ ਸਕਦਾ ਉਹ ਬਾਅਦ ਵਿੱਚ ਕਿਵੇਂ ਨਹੀਂ ਮੰਗੇਗਾ। ਨਾਲੇ ਕੁੜੀ ਦਾ ਦਿਲ ਉਸ ਬੰਦੇ ਨਾਲ ਕਿੰਨ੍ਹਾਂ ਕੁ ਮਿਲਿਆ ਹੋਵੇਗਾ ਜੀਹਨੇ ਉਹਦੇ ਪਿਉ ਨੂੰ ਮਜ਼ਬੂਰ ਕਰਕੇ ਆਪਣੀ ਮੰਗ ਮੰਨਵਾਈ। ਜਦੋਂ ਕੋਈ ਰਿਸ਼ਤਾ, ਇੱਕ ਰਿਸ਼ਤੇ ਵਾਂਗ ਨਹੀਂ ਬਲਕਿ ਇੱਕ ਸੌਦੇ ਵਾਂਗ ਹੋਵੇ ਤਾਂ ਪਿਆਰ ਥਾਂ ਦੀ ਨਫ਼ਰਤ ਲੈ ਲੈਂਦੀ ਹੈ। ਇਸ ਤਰ੍ਹਾਂ ਦੂਰੀਆਂ ਘਟਣ ਦੀ ਵਜਾਏ ਵਧਦੀਆਂ ਹੀ ਜਾਂਦੀਆ ਹਨ ਅਤੇ ਇਹੋ ਜਿਹੇ ਰਿਸ਼ਤੇ ਦੀ ਕੋਈ ਬੁਨਿਆਦ ਨਹੀਂ ਹੁੰਦੀ ਇਹ ਕਦੇ ਵੀ ਟੁੱਟ ਸਕਦਾ ਹੈ।
ਗੱਲਾਂ ਤਾਂ ਹੋਰ ਵੀ ਬੜੀਆਂ ਪਰ ਅਸਲ ਗੱਲ ਤਾਂ ਇਹ ਆ ਕਿ ਹੁਣ ਇਸ ਲਾਹਨਤ ਦਾ ਸਿ਼ਕਾਰ ਹਰ ਕੋਈ ਹੋ ਚੁੱਕਿਆ ਚਾਹੇ ਉਹ ਗਰੀਬ ਹੋਵੇ, ਚਾਹੇ ਅਮੀਰ ਤੇ ਚਾਹੇ ਮੱਧ ਵਰਗ ਨਾਲ ਸਵੰਧਤ ਹੋਵੇ। ਬਸ ਫਰਕ ਏਨ੍ਹਾਂ ਕਿ ਗਰੀਬ ਦੀ ਮੰਗ ਹਜ਼ਾਰਾਂ 'ਚ ਹੈ, ਮੱਧ ਵਰਗ ਦੀ ਲੱਖਾਂ ਵਿੱਚ ਤੇ ਅਮੀਰਾਂ ਦੀ ਕਰੋੜਾਂ ਵਿੱਚ। ਮੇਰੀ ਸੋਚ ਮੁਤਾਬਿਕ ਦਾਜ਼ ਦੀ ਰੀਤ ਖ਼ਤਮ ਕਰਨ ਲਈ ਪਹਿਲੀ ਲੋੜ ਤਾਂ ਹੈ ਕਿ ਮੰਗਤੇ ਬਨਣਾ ਛੱਡਿਆ ਜਾਵੇ। ਕਿਸੇ ਦੇ ਦਿੱਤਿਆਂ ਕੋਈ ਬਹੁਤਾ ਅਮੀਰ ਨਹੀਂ ਹੋ ਜਾਂਦਾ। ਨਾ ਹੀ ਮਿਲੇ ਦਾਜ਼ ਨਾਲ ਸਾਰੀ ਜਿ਼ੰਦਗੀ ਗੁਜ਼ਾਰਾ ਹੁੰਦਾ। ਆਪਣੀ ਮਿਹਨਤ ਦੀ ਕਮਾਈ ਨਾਲ ਗੁਜਾਰਾ ਕਰਨਾ ਸਿੱਖੀਏ। ਦੂਜਾ ਮੂੰਹੋਂ ਮੰਗਕੇ ਦਾਜ਼ ਲੈਣ ਵਾਲਿਆਂ ਨਾਲ ਕਦੇ ਰਿਸ਼ਤਾ ਨਾ ਜੋੜਿਆ ਜਾਵੇ ਅਤੇ ਆਪਣਾ ਉੱਲੂ ਸਿੱਧਾ ਕਰਨ ਲਈ ਐਵੇਂ ਦਾਜ਼ ਨਾ ਦਿੱਤਾ ਜਾਵੇ। ਜੇ ਇਹਨਾਂ ਗੱਲਾਂ 'ਤੇ ਪਹਿਰਾ ਨਹੀਂ ਦੇ ਸਕਦੇ, ਫੇਰ ਜਿੰਨ੍ਹਾਂ ਮਰਜ਼ੀ ਰੌਲ੍ਹਾ ਪਾਈ ਜਾਈਏ ਇਹ ਰੀਤ ਕਦੇ ਖ਼ਤਮ ਨਹੀਂ ਹੋਣ ਲੱਗੀ। ਕਦੇ ਕੁੜੀ ਵਾਲੇ ਮੁੰਡੇ ਵਾਲਿਆਂ ਨੂੰ ਤੇ ਕਦੇ ਮੁੰਡੇ ਵਾਲੇ ਕੁੜੀ ਵਾਲਿਆਂ ਨੂੰ ਕੋਸਦੇ ਹੀ ਰਹਿਣਗੇ। ਮੁੱਕਦੀ ਗੱਲ ਲਾਲਚੀ ਕੁੱਤੇ ਮਾਸੂਮਾਂ ਦਾ ਮਾਸ ਨੋਚਦੇ ਹੀ ਰਹਿਣਗੇ।


ਜਲ ਬਿਨੁ ਸਾਖ ਕੁਮਲਾਵਤੀ .......... ਲੇਖ਼ / ਪਰਮਜੀਤ ਸਿੰਘ ਗਾਜ਼ੀ

ਪਾਣੀ ਇਸ ਧਰਤੀ ਉੱਤੇ ਮਨੁੱਖ ਦੀ ਹੀ ਨਹੀਂ ਬਲਕਿ ਸਮੁੱਚੇ ਜੀਵਨ ਦੀ ਹੋਂਦ ਕਾਇਮ ਰੱਖਣ ਲਈ ਲਾਜ਼ਮੀ ਹੈ। ਜਿੱਥੇ ਸਾਰੇ ਧਰਮਾਂ ਨੇ ਪਾਣੀ ਨੂੰ ਪਵਿੱਤਰ ਦਰਜਾ ਦਿੱਤਾ ਹੈ ਓਥੇ ਵਿਗਿਆਨ ਦਾ ਵੀ ਮੰਨਣਾ ਹੈ ਕਿ ਪਾਣੀ ਤੋਂ ਬਿਨਾਂ ਜੀਵਨ ਚਿਤਵਿਆ ਨਹੀਂ ਜਾ ਸਕਦਾ। ਆਮ ਭੌਤਿਕ ਗੁਣਾਂ ਦਾ ਧਾਰਨੀ ਮਨੁੱਖ ਭੋਜਨ ਤੋਂ ਬਿਨਾਂ ਇੱਕ ਮਹੀਨੇ ਤੱਕ ਜਿੰਦਾ ਰਹਿ ਸਕਦਾ ਹੈ ਪਰ ਪਾਣੀ ਤੋਂ ਬਿਨਾਂ ਉਸ ਦੀ ਹੋਂਦ ਇੱਕ ਹਫਤੇ ਦੇ ਅੰਦਰ ਹੀ ਮਿਟ ਜਾਵੇਗੀ।
ਬਹੁਤਾਤ ਦੇ ਬਾਵਜੂਦ ਥੁੜ
ਵੈਸੇ ਤਾਂ ਧਰਤੀ ਦੇ 70 ਫੀਸਦੀ ਹਿੱਸੇ ਉੱਤੇ ਪਾਣੀ ਹੀ ਹੈ, ਪਰ ਇਸ ਵਿੱਚੋਂ 97.5 ਫੀਸਦੀ ਪਾਣੀ ਖਾਰਾ ਹੋਣ ਕਾਰਨ ਜੀਵਨ ਦੀਆਂ ਬੁਨਿਆਦੀ ਜਰੂਰਤਾਂ ਪੂਰੀਆਂ ਕਰਨ ਦੇ ਕਾਬਿਲ ਨਹੀਂ ਹੈ। ਬਾਕੀ ਬਚਦੇ 2.5 ਫੀਸਦੀ ਹਿੱਸੇ ਵਿੱਚੋਂ ਬਹੁਤਾ ਪਾਣੀ ਧਰੁਵਾਂ ਉੱਤੇ ਬਰਫ ਦੇ ਰੂਪ ਵਿੱਚ ਜੰਮਿਆ ਹੋਇਆ ਹੈ ਅਤੇ ਜਾਂ ਫਿਰ ਮਿੱਟੀ ਵਿੱਚ ਨਮੀਂ ਦੇ ਰੂਪ ’ਚ ਸਮਾਇਆ ਹੋਣ ਕਾਰਨ ਵਰਤੋਂ ਵਿੱਚ ਨਹੀਂ ਲਿਆਂਦਾ ਜਾ ਸਕਦਾ। ਇਸ ਲਈ ਸਮੁੱਚੇ ਪਾਣੀ ਵਿੱਚੋਂ ਸਿਰਫ 1 ਫੀਸਦੀ ਤੋਂ ਘੱਟ ਪਾਣੀ ਹੀ ਜੀਵਨ ਹੋਂਦ ਕਾਇਮ ਰੱਖਣ ਲਈ ਵਰਤਿਆ ਜਾ ਸਕਦਾ ਹੈ। ਇੰਝ ਧਰਤੀ ਉੱਤੇ ਆਪਣੀ ਬਹੁਤਾਤ ਦੇ ਬਾਵਜੂਦ ਵੀ ਪਾਣੀ ਇੱਕ ਦੁਰਲਭ ਤੇ ਬਹੁਤ ਹੀ ਸੰਭਾਲਣ ਵਾਲੀ ਬੁਨਿਆਦੀ ਸ਼ੈਅ ਹੈ।
ਧਰਤੀ ਉੱਤੇ ਵਧ ਰਹੀ ਅਬਾਦੀ, ਕਾਰਖਾਨਿਆਂ ਅਤੇ ਜਿੰਦਗੀ ਦੇ ਸ਼ਹਿਰੀਕਰਨ ਕਾਰਨ ਪਾਣੀ ਦੀ ਵਰਤੋਂ ਵਿੱਚ ਭਾਰੀ ਵਾਧਾ ਹੋਇਆ ਹੈ, ਪਰ ਦੂਸਰੇ ਪਾਸੇ ਪਾਣੀ ਦਾ ਸੋਮਾ ਸੀਮਤ ਹੈ ਤੇ ਇਸ ਵਿੱਚ ਕਿਸੇ ਵੀ ਤਰ੍ਹਾਂ ਦਾ ਵਾਧਾ ਕਰ ਸਕਣਾ ਲਗਭਗ ਨਾਮੁਮਕਿਨ ਹੈ। ਅਜਿਹੀ ਹਾਲਤ ਵਿੱਚ ਪਾਣੀ ਦੀ ਸਾਂਭ-ਸੰਭਾਲ ਅਤੇ ਸੁਚੱਜੀ ਵਰਤੋਂ ਹੀ ਇੱਕੋ-ਇੱਕ ਹੀਲਾ ਹੈ ਜਿਸ ਰਾਹੀਂ ਮਨੁੱਖ ਆਪਣੀ ਅਤੇ ਇਸ ਧਰਤੀ ’ਤੇ ਵਿਚਰਨ ਵਾਲੀਆਂ ਹੋਰਨਾਂ ਜੀਵਨ-ਜਾਤੀਆਂ ਦੀ ਹੋਂਦ ਕਾਇਮ ਰੱਖ ਸਕਦਾ ਹੈ।
ਪੰਜਾਬ ਬੇ-ਆਬ
ਪੰਜਾਬ ਦੀ ਗੱਲ ਕਰੀਏ ਤਾਂ ਕੁਦਰਤ ਨੇ ਇਸ ਨੂੰ ਦਰਿਆਵਾਂ ਰੂਪੀ ਵਰਦਾਨ ਨਾਲ ਨਿਵਾਜਿਆ ਸੀ। ਇਹ ਦਰਿਆ ਜਿੱਥੇ ਸਾਫ ਤੇ ਵਰਤੋਂ ਯੋਗ ਪਾਣੀ ਦਾ ਮੁੱਖ ਸੋਮਾ ਸਨ ਓਥੇ ਇਹ ਧਰਤੀ ਹੇਠਲੇ ਜਲ ਭੰਭਾਰ ਨੂੰ ਕਾਇਮ ਰੱਖਣ ਦਾ ਵੀ ਵੱਡਾ ਜ਼ਰੀਆ ਸਨ। ਇਹ ਦਰਿਆ ਪੰਜਾਬ ਦੇ ਲੋਕਾਂ ਦੀ ਮਿਹਨਤ, ਲਗਨ, ਸਿਰੜ, ਸਭਿਆਚਾਰਕ ਵਿਲੱਖਣਤਾ ਤੇ ਅਧਿਆਤਮਿਕ ਉਚਾਈ ਦੇ ਜਾਮਨ ਰਹੇ ਹਨ। ਪਰ ਹੁਣ ਪੰਜਾਬ ਦੇ ਹਾਲਾਤ ਕੁਝ ਅਜਿਹੇ ਹਨ ਕਿ ਸੰਸਾਰ ਅੰਦਰ ਜਿਨ੍ਹਾਂ ਖਿੱਤਿਆਂ ਵਿੱਚ ਪਾਣੀ ਬਹੁਤ ਤੇਜੀ ਨਾਲ ਖਤਮ ਹੋ ਰਿਹਾ ਹੈ ਪੰਜਾਬ ਦਾ ਨਾਂ ਉਨ੍ਹਾਂ ਵਿੱਚ ਸ਼ੁਮਾਰ ਹੈ।
ਪੰਜਾਬ ਦੇ ਦਰਿਆਵਾਂ ਵਿੱਚ ਤਾਂ ਪਾਣੀ ਹੁਣ ਬੀਤੇ ਦੀ ਗੱਲ ਹੀ ਹੋ ਚੱਲਿਆ ਹੈ ਤੇ ਜ਼ਮੀਨੀ ਪਾਣੀ ਦੀ ਹਾਲਤ ਇਹ ਹੈ ਕਿ ਪੰਜਾਬ ਵਿੱਚ ਧਰਤੀ ਹੇਠਲਾ ਪਾਣੀ 145 ਫੀਸਦੀ ਦੀ ਦਰ ਨਾਲ ਬਾਹਰ ਕੱਢਿਆ ਜਾ ਰਿਹਾ ਹੈ, ਜਿਸ ਕਾਰਨ ਧਰਤੀ ਹੇਠਲੇ ਪਾਣੀ ਦਾ ਪੱਧਰ ਖਤਰੇ ਦੀ ਹੱਦ ਪਾਰ ਕਰਦਾ ਜਾ ਰਿਹਾ ਹੈ। ਪੰਜਾਬ ਵਿੱਚ ਕੁੱਲ 138 ਬਲਾਕ ਹਨ, ਜਿਨ੍ਹਾਂ ਵਿੱਚੋਂ 103 ਅਜਿਹੇ ਹਨ ਜਿੱਥੇ ਖਤਰੇ ਦੀ ਹੱਦ ਤੋਂ ਵੱਧ ਪਾਣੀ ਕੱਢਿਆ ਜਾ ਰਿਹਾ ਹੈ। 5 ਬਲਾਕਾਂ ਦੀ ਹਾਲਤ ਖਤਰੇ ਦੀ ਕਗਾਰ ਉੱਤੇ ਹੈ ਤੇ 4 ਬਲਾਕਾਂ ਦੀ ਹਾਲਤ ਖਤਰੇ ਦੀ ਹੱਦ ਵੱਲ ਵਧ ਰਹੀ ਹੈ। ਬਾਕੀ ਬਚਦੇ ਬਲਾਕਾਂ ਵਿੱਚ ਭਾਵੇਂ ਜਮੀਨੀ ਪਾਣੀ ਦੀ ਹਾਲਤ ਅਜੇ ਚਿੰਤਾ ਵਾਲੀ ਨਹੀਂ ਹੈ, ਪਰ ਇਨ੍ਹਾਂ ਵਿੱਚੋਂ ਬਹੁਤੇ ਉਹ ਹਨ ਜਿੱਥੇ ਜਮੀਨ ਹੇਠਲਾ ਪਾਣੀ ਖਾਰਾ ਕਾਰਨ ਪੀਣ ਯੋਗ ਨਹੀਂ ਹੈ ਅਤੇ ਨਾ ਹੀ ਇਸ ਨੂੰ ਖੇਤੀ ਵਿੱਚ ਵਰਤਿਆ ਜਾ ਸਕਦਾ ਹੈ।
ਜਿੱਥੇ ਪੰਜਾਬ ਅੰਦਰ ਪਾਣੀ ਦੀ ਥੁੜ੍ਹ ਹੈ, ਓਥੇ ਪਾਣੀ ਦਾ ਅਸ਼ੁੱਧ ਹੋਣਾ ਚਿੰਤਾ ਦੀ ਦੂਸਰੀ ਵੱਡੀ ਗੱਲ ਹੈ। ਕੇਂਦਰੀ ਜਮੀਨਦੋਜ਼ ਜਲ ਬੋਰਡ (ਭਾਰਤ ਸਰਕਾਰ) ਦੇ ਅੰਕੜਿਆਂ ਅਨੁਸਾਰ ਪੰਜਾਬ ਦਾ ਕੋਈ ਵੀ ਜਿਲ੍ਹਾ ਅਜਿਹਾ ਨਹੀਂ ਜਿਸ ਦਾ ਪਾਣੀ ਖਰਾਬ ਨਾ ਹੋਵੇ। ਹਾਲੀਆ ਪੜਤਾਲਾਂ ਨੇ ਇਹ ਤੱਥ ਸਾਹਮਣੇ ਲਿਆਂਦਾ ਹੈ ਕਿ ਮਾਲਵੇ ਦੇ ਜਮੀਨੀ ਪਾਣੀ ਵਿੱਚ ਸੰਖੀਆ (ਆਰਸੈਨਿਕ) ਭਾਰੀ ਮਾਤਰਾ ਵਿੱਚ ਮੌਜੂਦ ਹੈ, ਜਿਸ ਕਾਰਨ ਇਸ ਇਲਾਕੇ ਵਿੱਚ ਕੈਂਸਰ, ਕਾਲਾ ਪੀਲੀਆ, ਨਾਮਰਦਗੀ ਤੇ ਬਾਂਝਪਣ ਜਿਹੀਆਂ ਬਿਮਾਰੀਆਂ ਮਾਰ ਕਰ ਰਹੀਆਂ ਹਨ।
ਜੇ ਜਮੀਨ ਹੇਠਲ ਪਾਣੀ ਮੁੱਕ ਜਾਵੇ ਤਾਂ …
ਪੰਜਾਬ ਵਿੱਚ ਆਮ ਆਦਮੀ ਇਹੀ ਮੰਨੀ ਬੈਠਾ ਹੈ ਕਿ ਜਮੀਨ ਹੇਠਲਾ ਪਾਣੀ ਕਦੀ ਖਤਮ ਨਹੀਂ ਹੋ ਸਕਦਾ। ਪਰ ਇਹ ਧਾਰਨਾ ਸਹੀ ਨਹੀਂ ਹੈ। ਮੈਕਸਿਕੋ ਸ਼ਹਿਰ ਜੋ ਜਮੀਨ ਹੇਠੋਂ ਵੱਧ ਪਾਣੀ ਕੱਢ ਲੈਣ ਕਾਰਨ ਹਰ ਸਾਲ 20 ਇੰਚ ਧਰਤੀ ਵਿੱਚ ਗਰਕ ਹੋ ਰਿਹਾ ਹੈ ਜਮੀਨ ਹੇਠਲੇ ਪਾਣੀ ਦੇ ਖਤਮ ਹੋਣ ਤੇ ਇਸ ਦੇ ਭਿਆਨਕ ਨਤੀਜਿਆ ਦੀ ਸਾਫ ਮਿਸਾਲ ਹੈ। ਪੰਜਾਬ ਵੀ ਹੁਣ ਇਸੇ ਪਾਸੇ ਵੱਲ ਹੀ ਵਧ ਰਿਹਾ ਹੈ। ਸਾਲ 2004 ਵਿੱਚ ਮੋਗਾ ਵਿਖੇ ਇੱਕ ਖੇਲ ਉੱਤੇ ਕੱਪੜੇ ਧੋ ਰਹੀ ਔਰਤ ਦੀ ਅਚਾਨਕ ਜਮੀਨ ਵਿੱਚ ਗਰਕ ਜਾਣ ਨਾਲ ਮੌਤ ਹੋ ਗਈ।
ਪੰਜਾਬ ਵਿੱਚ ਜਮੀਨ ਹੇਠਲੇ ਪਾਣੀ ਦੇ ਲਗਾਤਾਰ ਹੇਠਾਂ ਜਾਣ ਦਾ ਕਾਰਨ ਇਹ ਹੈ ਕਿ ਇੱਕ ਤਾਂ ਹੱਦੋਂ ਵੱਧ ਪਾਣੀ ਜਮੀਨ ਵਿੱਚੋਂ ਕੱਢਿਆ ਜਾ ਰਿਹਾ ਹੈ ਅਤੇ ਦੂਸਰਾ ਪੰਜਾਬ ਦੇ ਦਰਿਆ ਪਾਣੀ ਤੋਂ ਸੱਖਣੇ ਹੋ ਰਹੇ ਹਨ। ਜਦੋਂ ਦਰਿਆ ਭਰਕੇ ਵਗਦੇ ਹਨ ਤਾਂ ਪਾਣੀ ਧਰਤੀ ਹੇਠ ਰਿਸਦਾ ਰਹਿੰਦਾ ਹੈ ਤੇ ਜਮੀਨ ਹੇਠਲੇ ਪਾਣੀ ਦੀ ਭਰਪਾਈ ਹੋ ਜਾਂਦੀ ਹੈ। ਪਰ ਪੰਜਾਬ ਦੇ ਦਰਿਆਵਾਂ ਉੱਤੇ ਮਾਰੇ ਬੰਨ੍ਹਾਂ ਕਾਰਨ ਹੁਣ ਪੰਜਾਬ ਦੇ ਦਰਿਆ ਭਰਕੇ ਨਹੀਂ ਵਗ ਰਹੇ ਅਤੇ ਕੁਦਰਤੀ ਛੰਭ ਵੀ ਸੁੱਕ ਰਹੇ ਹਨ, ਜਿਸ ਕਾਰਨ ਪਾਣੀ ਧਰਤੀ ਦੇ ਹੇਠਾਂ ਨਹੀਂ ਜਾ ਰਿਹਾ। ਭਾਵੇਂ ਅਸੀਂ ਦਰਿਆਵਾਂ ਉੱਤੇ ਮਾਰੇ ਬੰਨ੍ਹਾਂ ਦੇ ਜਿੰਨੇ ਮਰਜੀ ਨਫੇ ਗਿਣ ਲਈਏ ਪਰ ਇਨ੍ਹਾਂ ਕਾਰਨ ਜੋ ਨੁਕਸਾਨ ਪੰਜਾਬ ਨੂੰ ਭੁਗਤਣੇ ਪੈਣਗੇ ਉਸ ਦੀ ਤਸਵੀਰ ਬਹੁਤ ਭਿਆਨਕ ਹੈ। ਪੰਜਾਬ ਕਿਸ ਪੱਧਰ ਦੀ ਤਬਾਹੀ ਵੱਲ ਵਧ ਰਿਹਾ ਹੈ? ਇਸ ਦਾ ਅੰਦਾਜਾ ਸੰਸਾਰ ਦੀ ਚੌਥੀ ਵੱਡੀ ਝੀਲ ‘ਅਰਾਲ’ ਦੇ 80 ਫੀਸਦੀ ਸੁੱਕ ਚੁੱਕੇ ਹਿੱਸੇ ਤੇ ਇਸ ਉਤੇ ਵਿਰਾਨ ਖੜ੍ਹੇ ਸਮੁੰਦਰੀ ਬੇੜਿਆਂ ਵੱਲੋਂ ਬਿਆਨੀ ਜਾ ਰਹੀ ਤਬਾਹੀ ਤੋਂ ਲਗਾਇਆ ਜਾ ਸਕਦਾ ਹੈ।
ਸਰਕਾਰਾਂ ਦਾ ਰੋਲ
ਸੂਬਾ ਅਤੇ ਕੇਂਦਰ ਸਰਕਾਰਾਂ ਵੀ ਪੰਜਾਬ ਵਿੱਚ ਦਿਨ ਪ੍ਰਤੀ ਦਿਨ ਗੰਭੀਰ ਹੋ ਰਹੀ ਹਾਲਤ ਲਈ ਸਿੱਧੇ ਤੌਰ ’ਤੇ ਜਿੰਮੇਵਾਰ ਹਨ। ਪੰਜਾਬ ਦੇ ਦਰਿਆਈ ਪਾਣੀ ਦਾ ਵੱਡਾ ਹਿੱਸਾ ਭਾਰਤੀ ਸੰਵਿਧਾਨ ਅਤੇ ਕੌਮਾਂਤਰੀ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਕੇਂਦਰ ਸਰਕਾਰ ਵੱਲੋਂ ਦੂਸਰੇ ਸੂਬਿਆਂ ਨੂੰ ਦਿੱਤਾ ਜਾ ਰਿਹਾ ਹੈ। ਪੰਜਾਬ ਭਾਰਤ ਦਾ ਇੱਕ ਅਜਿਹਾ ਸੂਬਾ ਹੈ ਜਿਸ ਦੇ ਕੁਦਰਤੀ ਸਾਧਨ ‘ਵੰਡ ਦੇ ਸਮੇਂ’ (1947) ਤੋਂ ਹੀ ਭੂਗੋਲ ਦੀਆਂ ਸਚਾਈਆਂ ਨੂੰ ਸਮਝੇ ਬਿਨਾਂ ਵਿਅਰਥ ਲੁਟਾਏ ਜਾ ਰਹੇ ਹਨ। ਕੇਂਦਰ ਸਰਕਾਰ ਦੀ ਆਪਣੀ ਪੜਤਾਲ ਮੁਤਾਬਿਕ ਪੰਜਾਬ ਤੋਂ ਰਾਜਸਥਾਨ ਨੂੰ ਜਾਂਦੀਆਂ ਨਹਿਰਾਂ ਦਾ ਅੱਧੋਂ ਵੱਧ ਪਾਣੀ ਭਾਫ ਬਣ ਕੇ ਉੱਡ ਰਿਹਾ ਹੈ। ਇਨ੍ਹਾਂ ਨਹਿਰਾਂ ਕਾਰਨ ਪੰਜਾਬ ਦੇ ਕਈ ਇਲਾਕਿਆਂ ਵਿੱਚ ਸੇਮ ਮਾਰੂ ਰੂਪ ਧਾਰ ਕੇ ਉਪਜਾਊ ਜਮੀਨ ਨੂੰ ਨੁਕਸਾਨ ਪਹੁੰਚਾ ਰਹੀ ਹੈ ਪਰ ਫਿਰ ਵੀ ਸਰਕਾਰ ਇਸ ਅਸਫਲ ਹੋ ਚੁੱਕੇ ਤਜਰਬੇ ਨੂੰ ਜਾਰੀ ਰੱਖਣ ਉੱਤੇ ਬਜਿਦ ਹੈ। ਜਿੰਨਾ ਪਾਣੀ ਇਸ ਨਹਿਰ ਕਾਰਨ ਖਰਾਬ ਹੋ ਰਿਹਾ ਹੈ ਓਨੇ ਪਾਣੀ ਵਿੱਚ ਪੰਜਾਬ ਵਿੱਚ ਫਸਲਾਂ ਦੇ ਅੰਬਾਰ ਪੈਦਾ ਕੀਤੇ ਜਾ ਸਕਦੇ ਹਨ।
ਪਿੱਛੇ ਜਿਹੇ ਪੰਜਾਬ ਸਰਕਾਰ ਨੇ ਅੰਦਾਜਾ ਲਗਾਇਆ ਹੈ ਕਿ 1947 ਤੋਂ ਰਾਜਸਥਾਨ ਨੂੰ ਮੁਫਤ ਦਿੱਤੇ ਰਹੇ ਪਾਣੀ ਦੀ ਕੀਮਤ ਡੇਢ ਲੱਖ ਕਰੋੜ ਰੁਪਏ ਬਣਦੀ ਹੈ। ਹਰਿਆਣਾ ਅਤੇ ਦਿੱਲੀ ਨੂੰ ਜਾ ਰਹੇ ਪਾਣੀ ਅਤੇ ਇਨ੍ਹਾਂ ਸੂਬਿਆਂ ਨੂੰ ਦਿੱਤੀ ਜਾ ਰਹੀ ਬਿਜਲੀ ਦੀ ਕੀਮਤ ਇਸ ਤੋਂ ਵੱਖਰੀ ਹੈ। ਇੰਝ ਕੇਂਦਰ ਸਰਕਾਰ ਵੱਲੋਂ ਪੰਜਾਬ ਦਾ ਦਰਿਆਈ ਪਾਣੀ ਦੂਸਰੇ ਸੂਬਿਆਂ ਨੂੰ ਦੇਣ ਦੀ ਜਿਦ ਨੇ ਪਾਣੀ ਕਿੱਲਤ ਨੂੰ ਜਨਮ ਦੇਣ ਦੇ ਨਾਲ-ਨਾਲ ਇਸ ਸੂਬੇ ਦੀ ਆਰਥਿਕਤਾ ਨੂੰ ਵੀ ਡੂੰਘੀ ਸੱਟ ਮਾਰੀ ਹੈ।
ਪਿੱਛੇ ਜਿਹੇ ਭਾਰਤ ਸਰਕਾਰ ਨੇ ਪੰਜਾਬ ਸਿਰ ਦੋਸ਼ ਮੜਿਆ ਹੈ ਕਿ ਪੰਜਾਬ ਵਿੱਚ ਜਮੀਨ ਹੇਠਲੇ ਪਾਣੀ ਦਾ ਪੱਤਣ ਡੂੰਘਾ ਹੋਣ ਦਾ ਵੱਡਾ ਕਾਰਨ ਇਹ ਹੈ ਕਿ ਪੰਜਾਬ ਵਿੱਚ ਜਮੀਨ ਹੇਠੋਂ ਪਾਣੀ ਕੱਢਣ ਵਾਲੇ ਖੂਹ (ਟਿਊਬਵੈਲ ਤੇ ਸਮਰਸੀਬਲ) ਭਾਰੀ ਗਿਣਤੀ ਵਿੱਚ ਹਨ। ਹੁਣ ਇਹ ‘ਉਲਟਾ ਚੋਰ ਕੋਤਵਾਲ ਕੋ ਡਾਂਟੇ’ ਵਾਲੀ ਗੱਲ ਹੈ। ਪੰਜਾਬ ਵਿੱਚ ਕੇਂਦਰ ਦੀਆਂ ਹਿਦਾਇਤਾਂ ਮੁਤਾਬਿਕ ਪਾਣੀ ਦੀ ਵੱਧ ਖਪਤ ਵਾਲੀ ਫਸਲ ਝੋਨਾ ਬੀਜੀ ਜਾਂਦੀ ਹੈ, ਜਦੋਂਕਿ ਪੰਜਾਬ ਦਾ ਵਾਤਾਵਰਣ ਇਸ ਫਸਲ ਦੇ ਅਨੁਕੂਲ ਨਹੀਂ ਹੈ।ਝੋਨੇ ਦੀ ਖੇਤੀ ਕਰਨੀ ਤੇ ਇਸ ਲਈ ਜਮੀਨ ਹੇਠਲੇ ਪਾਣੀ ਦੀ ਵਰਤੋਂ ਕਰਨੀ ਪੰਜਾਬ ਦੀ ਮਜਬੂਰੀ ਹੈ, ਸ਼ੌਂਕ ਨਹੀਂ; ਕਿਉਂਕਿ ਸੂਬੇ ਦੇ ਦਰਿਆਈ ਪਾਣੀ ਕੇਂਦਰ ਦੇ ਕਬਜੇ ਵਿੱਚ ਹਨ ਅਤੇ ਫਸਲ ਵੀ ਉਹੀ ਵਿਕਦੀ ਹੈ ਜਿਹੜੀ ਕੇਂਦਰ ਦੀ ਸਰਕਾਰ ਚਾਹੁੰਦੀ ਹੈ।
ਪੰਜਾਬ ਦੀਆਂ ਵੱਖ-ਵੱਖ ਸਰਕਾਰਾਂ ਨੇ ਪੰਜਾਬ ਦੇ ਦਰਿਆਈ ਪਾਣੀਆਂ ਸਬੰਧੀ ਕਈ ਯਤਨ ਕੀਤੇ ਹਨ ਪਰ ਇਹ ਯਤਨ ਕਦੇ ਵੀ ਸਿਰੇ ਨਹੀਂ ਚੜ੍ਹ ਸਕੇ। ਹੁਣ ਵੀ ਭਾਵੇਂ ਪੰਜਾਬ ਦੀ ਮੌਜੂਦਾ ਸਰਕਾਰ ਨੇ ਦਰਿਆਈ ਪਾਣੀਆਂ ਦੀ ਇੱਕ ਵੀ ਬੂੰਦ ਬਾਹਰ ਨਾ ਜਾਣ ਦੇਣ ਦਾ ਅਹਿਦ ਮੁੜ ਦਹੁਰਿਆ ਹੈ ਪਰ ਵੇਖਣ ਵਾਲੀ ਗੱਲ ਇਹ ਹੈ ਕਿ ਇਸ ਸਰਕਾਰ ਦਾ ਮਿੱਥਿਆ ਸਮਾਂ ਖਤਮ ਹੁੰਦਾ ਜਾ ਰਿਹਾ ਹੈ ਪਰ ਇਸ ਨੇ “ਪੰਜਾਬ ਸਮਝੌਤਿਆਂ ਦਾ ਖਾਤਮਾ ਐਕਟ 2004” ਦੀ ਧਾਰਾ 5 ਨੂੰ ਖਤਮ ਕਰਨ ਲਈ ਹਾਲੀ ਤੀਕ ਕੋਈ ਕਦਮ ਨਹੀਂ ਪੁੱਟਿਆ। ਜਿਕਰਯੋਗ ਹੈ ਕਿ ਇਸ ਧਾਰਾ ਰਾਹੀਂ ਪੰਜਾਬ ਵਿਧਾਨ ਸਭਾ ਨੇ, ਮੌਜੂਦਾ ਸਮੇਂ ਰਾਜ ਕਰ ਰਹੀ ਧਿਰ ਸਮੇਤ, ਸਰਬਸੰਮਤੀ ਨਾਲ ਪੰਜਾਬ ਦਾ ਦਰਿਆਈ ਪਾਣੀ ਦੂਸਰੇ ਸੂਬਿਆਂ ਨੂੰ ਦੇਣਾ ਮੰਨ ਲਿਆ ਹੈ।
ਇੰਝ ਜਿੱਥੇ ਦਰਿਆਈ ਪਾਣੀ ਦੀ ਲੁੱਟ ਲਈ ਕੇਂਦਰ ਦੀ ਬਦਨੀਤੀ ਜਿੰਮੇਵਾਰ ਹੈ ਓਥੇ ਪੰਜਾਬ ਦੀਆਂ ਸਿਆਸੀ ਧਿਰਾਂ ਨੇ ਵੀ ਇਸ ਸੰਜੀਦਾ ਮਸਲੇ ਨੂੰ ਸਿਰਫ ਸੌੜੇ ਸਿਆਸੀ ਮੁਫਾਦਾਂ ਤੱਕ ਹੀ ਸੀਮਤ ਕਰ ਦਿੱਤਾ ਹੈ। ਇਸ ਦਾ ਅਫਸੋਸਜਨਕ ਪਹਿਲੂ ਇਹ ਹੈ ਕਿ ਸਰਕਾਰਾਂ ਤਾਂ ਪੰਜਾਬ ਨੂੰ ਬਰਬਾਦੀ ਵੱਲ ਲਿਜਾ ਹੀ ਰਹੀਆਂ ਹਨ ਪਰ ਇਸ ਦੇ ਲੋਕ ਵੀ ਸੂਬੇ ਨਾਲ ਹੋ ਰਹੀ ਸਰੀਹਣ ਧੱਕੇਸ਼ਾਹੀ ਵਿਰੁੱਧ ਲੜੇ ਗਏ ਸੰਘਰਸ਼ ਅਤੇ ਇਸ ਦੌਰਾਨ ਹੋਈਆਂ ਕੁਰਬਾਨੀਆਂ ਨੂੰ ਵਿਸਾਰ ਰਹੇ ਹਨ।
ਜਹਿਰੀਲਾ ਪਾਣੀ
ਪਾਣੀ ਦੇ ਦੂਸ਼ਿਤ ਹੋਣ ਦੇ ਵੱਡੇ ਕਾਰਨ ਕਾਰਖਾਨਿਆਂ ਤੇ ਸ਼ਹਿਰੀ ਪੰਚਾਇਤਾਂ ਵੱਲੋਂ ਪਾਣੀ ਦੇ ਸੋਮਿਆਂ ਵਿੱਚ ਮਿਲਾਈ ਜਾ ਰਹੀ ਜਹਿਰੀਲੀ ਗੰਦਗੀ ਹਨ। ਕਈ ਥਾਵਾਂ ਉੱਤੇ ਕਾਰਖਾਨਿਆਂ ਵਾਲੇ ਜਮੀਨ ਵਿੱਚ ਟੋਏ ਪੁੱਟ ਕੇ ਗੰਦੇ ਪਾਣੀ ਨੂੰ ਜਮੀਨੀ ਪਾਣੀ ਵਿੱਚ ਮਿਲਾ ਰਹੇ ਹਨ ਤੇ ਜਮੀਨ ਹੇਠਲਾ ਪਾਣੀ ਤੇਜੀ ਨਾਲ ਜਹਿਰੀਲਾ ਹੋ ਰਿਹਾ ਹੈ। ਇਸ ਤੋਂ ਇਲਾਵਾ ਸਰਕਾਰੀ ਖੇਤੀ ਅਦਾਰਿਆਂ ਦੀ ਸਿਫਾਰਿਸ਼ ਉੱਤੇ ਖੇਤੀ ਲਈ ਵਰਤੇ ਜਾ ਰਹੇ ਜਹਿਰ ਵੀ ਪਾਣੀ ਦੇ ਸੋਮਿਆਂ ਨੂੰ ਜਹਿਰੀਲਾ ਕਰ ਰਹੇ ਹਨ। ਸਰਕਾਰਾਂ ਨਾ ਤਾਂ ਖੇਤੀ ਨੀਤੀ ਬਦਲ ਰਹੀਆਂ ਹਨ ਅਤੇ ਨਾ ਹੀ ਪ੍ਰਦੂਸ਼ਣ ਕਰਨ ਵਾਲੇ ਕਾਰਖਾਨਿਆਂ ਖਿਲਾਫ ਕੋਈ ਠੋਸ ਕਾਰਵਾਈ ਹੀ ਹੋ ਰਹੀ ਹੈ। ਖਰਾਬ ਪਾਣੀ ਕਾਰਨ ਪੰਜਾਬ ਦੇ ਲੋਕਾਂ ਦੀ ਸਿਹਤ ਉੱਤੇ ਮਾੜਾ ਅਸਰ ਪੈ ਰਿਹਾ ਹੈ।
ਕੀਤਾ ਕੀ ਜਾਵੇ ?
ਮਨੁੱਖ ਵੱਲੋਂ ਆਪ ਸਹੇੜੀਆਂ ਮੁਸੀਬਤਾਂ ਵਿੱਚੋਂ ਸ਼ਾਇਦ ਹੀ ਕੋਈ ਅਜਿਹੀ ਮੁਸੀਬਤ ਹੋਵੇ ਜਿਸ ਦਾ ਸਮਾਂ ਰਹਿੰਦਿਆਂ ਹੱਲ ਨਾ ਕੀਤਾ ਜਾ ਸਕੇ। ਪਰ ਜਦੋਂ ਕੋਈ ਮਸਲਾ ਗੰਭੀਰ ਰੂਪ ਧਾਰ ਲਵੇ ਤਾਂ ਇਸ ਨੂੰ ਹੱਲ ਕਰਨਾ ਇੰਨਾ ਸੁਖਾਲਾ ਨਹੀਂ ਹੁੰਦਾ। ਇਸਦੇ ਹੱਲ ਲਈ ਬਹੁਤੀ ਵਾਰ ਬੁਨਿਆਦੀ ਮਾਨਤਾਵਾਂ ਅਤੇ ਧਾਰਨਾਵਾਂ ਬਦਲਣੀਆਂ ਪੈਂਦੀਆਂ ਹਨ। ਪੰਜਾਬ ਵਿੱਚ ਸਾਫ ਪਾਣੀ ਦੀ ਕਿੱਲਤ ਦਾ ਕੋਈ ਸੁਖਾਲਾ ਜਿਹਾ ਹੱਲ ਨਹੀਂ ਸੁਝਾਇਆ ਜਾ ਸਕਦਾ, ਕਿਉਂਕਿ ਹਾਲਤ ਅਤਿ ਨਾਜੁਕ ਹੋਣ ਦੇ ਬਾਵਜੂਵ ਵੀ ਨਾ ਤਾਂ ਪੰਜਾਬ ਦੇ ਲੋਕਾਂ ਵਿੱਚ ਇਸ ਪ੍ਰਤੀ ਸੰਜੀਦਗੀ ਵਾਲੀ ਚੇਤਨਾ ਹੈ ਅਤੇ ਨਾ ਹੀ ਇਸ ਹਾਲਤ ਦੇ ਕਾਰਨਾਂ ਅਤੇ ਇਸ ਲਈ ਜਿੰਮੇਵਾਰ ਧਿਰਾਂ ਦੀ ਸਪਸ਼ਟ ਨਿਸ਼ਾਨਦੇਹੀ ਹੋ ਸਕੀ ਹੈ। ਇਹ ਮੁੱਦਾ ਜੀਵਨ ਹੋਂਦ ਨਾਲ ਜੁੜਿਆ ਹੋਣ ਦੇ ਬਾਵਜੂਦ ਵੀ ਪੰਜਾਬ ਵਿੱਚ ਆਮ ਆਦਮੀ ਦੇ ਸਰੋਕਾਰਾਂ ਦਾ ਹਿੱਸਾ ਨਹੀਂ ਬਣ ਸਕਿਆ।
ਪੰਜਾਬ ਵਿਚਲੇ ਸੰਕਟ ਦੇ ਹੱਲ ਲਈ ਇਹ ਜਰੂਰੀ ਹੈ ਕਿ ਇਸ ਖਿੱਤੇ ਦਾ ਹਰ ਵਸਨੀਕ ਪਾਣੀ ਦੀ ਥੁੜ ਤੇ ਇਸ ਦੇ ਨਤੀਜਿਆਂ ਬਾਰੇ ਜਾਗਰੂਕ ਹੋਵੇ। ਇਸ ਸਬੰਧੀ ਪੁਰਾਣੀਆਂ ਧਾਰਨਾਵਾਂ ਨੂੰ ਗਿਆਨ ਪਸਾਰੇ ਰਾਹੀਂ ਤੋੜਿਆ ਜਾਵੇ। ਇਹ ਜਾਨਣ ਦੀ ਲੋੜ ਹੈ ਕਿ ਵਿਗੜ ਰਹੀ ਹਾਲਤ ਲਈ ਦੋਸ਼ੀ ਅਗਿਆਨੀ ਲੋਕ ਜਾਂ ਮਜਬੂਰ ਕਿਸਾਨ ਨਹੀਂ ਹਨ, ਬਲਕਿ ਅਸਲ ਦੋਸ਼ੀ ਉਹ ਹਨ ਜੋ ਸਭ ਕੁਝ ਜਾਣਦਿਆਂ ਵੀ ਘੇਸਲ ਮਾਰੀ ਬੈਠੇ ਹਨ।
ਪਾਣੀ ਦੇ ਸਮੁੱਚੇ ਮਸਲੇ ਸਬੰਧੀ ਰਾਜਨੀਤਕ ਲੋਕਾਂ ਅਤੇ ਸਰਕਾਰਾਂ ਦੀ ਨੀਅਤ, ਇੱਛਾ ਤੇ ਸਮਰੱਥਾ ਬਾਰੇ ਤਾਂ ਲੋਕ ਜਾਣਦੇ ਹੀ ਹਨ, ਇਸ ਬਾਰੇ ਅਸੀਂ ਇੱਥੇ ਕੁਝ ਨਹੀਂ ਕਹਿਣਾ ਚਾਹੁੰਦੇ। ਇਹ ਸਮਝਣਾ ਜਰੂਰੀ ਹੈ ਕਿ ਇਹ ਮਸਲਾ ਸਿਰਫ ਰਾਜਨੀਤਕ ਨਹੀਂ ਹੈ। ਅੱਜ ਜਦੋਂ ਸੰਸਾਰ ਅੰਦਰ ਪਾਣੀ ਮੁੱਲ ਵਿਕ ਰਿਹਾ ਹੈ ਤੇ ਵੱਡੀਆਂ ਕੰਪਨੀਆਂ ਪਾਣੀ ਦੇ ਸੋਮਿਆਂ ਉੱਤੇ ਆਪਣੇ ਕਬਜੇ ਜਮਾ ਰਹੀਆਂ ਹਨ ਤਾਂ ਸਪਸ਼ਟ ਹੈ ਕਿ ਇਹ ਚੀੜ੍ਹੇ ਰੂਪ ਵਿੱਚ ਆਰਥਿਕਤਾ ਤੇ ਮੁਨਾਫਾਖੋਰੀ ਨਾਲ ਜੁੜਿਆ ਹੋਇਆ ਹੈ। ਜਦੋਂ ਅਸੀਂ ਪਾਣੀ ਦੀ ਦੁਰਵਰਤੋਂ ਦੀ ਗੱਲ ਕਰਦੇ ਹਾਂ ਤਾਂ ਇਹ ਮਸਲਾ ਮਨੁੱਖੀ ਮਾਨਸਿਕਤਾ ਨਾਲ ਜਾ ਜੁੜਦਾ ਹੈ। ਸਾਡੇ ਸਮਾਜ ਅੰਦਰ ਪਾਣੀ ਨੂੰ ਸੰਭਾਲਣ ਦੀ ਜਿੰਮੇਵਾਰ ਦਾ ਅਹਿਸਾਸ ਬਹੁਤ ਘੱਟ ਹੈ। ਪਾਣੀ ਦੀ ਭਾਰੀ ਕਿੱਲਤ ਵਾਲੇ ਮਾਨਸਾ, ਬਠਿੰਡਾ ਵਰਗੇ ਜਿਲ੍ਹਿਆਂ ਵਿੱਚ ਵੀ ਪਾਣੀ ਦੀਆਂ ਸਰਕਾਰੀ ਟੂਟੀਆਂ ਬਿਨਾਂ ਕਾਰਨ ਚਲਦੀਆਂ ਰਹਿੰਦੀਆਂ ਹਨ।
ਆਧੁਨਿਕ ਤਰਜੇ-ਜਿੰਦਗੀ ਅਪਨਾਉਣ ਨਾਲ ਬਹੁਤ ਜਿਆਦਾ ਪਾਣੀ ਜਾਇਆ ਹੁੰਦਾ ਹੈ। ਮਿਸਾਲ ਵੱਜੋਂ ਇਸ ਤਰਜ ਅਨੁਸਾਰ ਜਿਉਣ ਵਾਲੇ ਲੋਕ ਆਪਣੇ ਦੰਦ ਸਾਫ ਕਰਦੇ ਸਮੇਂ ਹੀ ਕਈ ਲੀਟਰ ਪਾਣੀ ਵਿਅਰਥ ਕਰ ਦਿੰਦੇ ਹਨ। ਬਾਕੀ ਵੱਡੇ ਕੰਮਾਂ ਵਿੱਚ ਕਿੰਨਾ ਪਾਣੀ ਖਰਾਬ ਕੀਤਾ ਜਾਂਦਾ ਹੋਵੇਗਾ, ਇਸ ਦਾ ਅੰਦਾਜਾ ਤੁਸੀਂ ਆਪ ਲਗਾ ਸਕਦੇ ਹੋ। ਇਸ ਲਈ ਸਾਨੂੰ ਆਪਣੀ ਤਰਜੇ-ਜਿੰਦਗੀ ਵਿੱਚ ਸੰਜਮ ਲਿਆ ਕੇ ਪਾਣੀ ਦੀ ਸੁਚੱਜੀ ਵਰਤੋਂ ਕਰਨੀ ਚਾਹੀਦੀ ਹੈ।
ਮੀਹਾਂ ਦੇ ਪਾਣੀ ਨੂੰ ਜਮੀਨਦੋਜ਼ ਕਰਕੇ ਜਮੀਨ ਹੇਠਲੇ ਪਾਣੀ ਦੇ ਪੱਧਰ ਨੂੰ ਕੁਝ ਹੱਦ ਤੱਕ ਸੁਧਾਰਿਆ ਜਾ ਸਕਦਾ ਹੈ। ਸਿੱਖਿਆ ਦੇ ਅਦਾਰਿਆਂ ਤੇ ਹੋਰ ਸਰਕਾਰੀ ਇਮਾਰਤਾਂ ਦੀਆਂ ਛੱਤਾਂ ਦੇ ਪਾਣੀ ਨੂੰ ਜਮੀਨਦੋਜ਼ ਕਰਕੇ ਇਸ ਨੂੰ ਇੱਕ ਪਹਿਲਕਦਮੀ ਵੱਜੋਂ ਉਭਾਰਨਾ ਚਾਹੀਦਾ ਹੈ ਤਾਂ ਕਿ ਆਮ ਲੋਕਾਂ ਵਿੱਚ ਚੇਤਨਾ ਆ ਸਕੇ। ਇਹ ਜਰੂਰੀ ਹੈ ਕਿ ਪਾਣੀ ਦੇ ਪ੍ਰਦੂਸ਼ਣ ਦੇ ਹਾਨੀਕਾਰਨ ਨਤੀਜਿਆਂ ਤੋਂ ਲੋਕਾਂ ਨੂੰ ਜਾਣੂ ਕਰਵਾਇਆ ਜਾਵੇ ਤੇ ਇਸ ਦੇ ਬਚਾਅ ਲਈ ਰਵਾਇਤੀ ਅਤੇ ਆਧੁਨਿਕ ਢੰਗ ਤਰੀਕੇ ਵਰਤੋਂ ਵਿੱਚ ਲਿਆਂਦੇ ਜਾਣ।
ਜਿੱਥੇ ਬਿਜਲੀ ਬਚਾਉਣ ਲਈ “ਊਰਜਾ ਬਚਾਓ, ਦੇਸ਼ ਬਣਾਓ” ਦੇ ਨਾਅਰੇ ਦਿੱਤੇ ਜਾ ਰਹੇ ਹਨ ਓਥੇ ਇਹ ਵੀ ਜਰੂਰੀ ਹੈ ਕਿ ਪਾਣੀ ਬਣਾਉਣ ਲਈ “ਪਾਣੀ ਬਚਾਓ, ਜੀਵਨ ਬਚਾਓ” ਦਾ ਨਾਅਰਾ ਪ੍ਰਚੱਲਤ ਕੀਤਾ ਜਾਵੇ ਤੇ ਇਸ ਦੀ ਅਹਿਮੀਅਤ ਨੂੰ ਸਮਝਿਆ ਜਾਵੇ। ਸਾਫ ਤੇ ਨਿਰਮਲ ਪਾਣੀ ਕੁਦਰਤ ਦੀ ਅਨਮੋਲ ਦਾਤ ਹੈ, ਇਸ ਨੂੰ ਆਪਣੇ ਲਈ ਅਤੇ ਆਉਣ ਵਾਲੀਆਂ ਪੀੜੀਆਂ ਲਈ ਸਾਂਭਣਾ ਸਾਰਿਆਂ ਦਾ ਫਰਜ ਹੈ।


ਇਹ ਕੈਸੀ ਰੁੱਤ ਆਈ.......... ਲੇਖ਼ / ਖੁਸ਼ਪ੍ਰੀਤ ਸਿੰਘ (ਆਸਟ੍ਰੇਲੀਆ)


ਕੀ ਅਸੀਂ ਆਪਣੇ ਪੈਰਾਂ ਤੇ ਆਪ ਕੁਹਾੜੀ ਮਾਰ ਰਹੇ ਹਾਂ?

ਪੰਜਾਬ ਦੇ ਪ੍ਰਸਿੱਧ ਗਾਇਕ ਗੁਰਦਾਸ ਮਾਨ ਦੇ ਗਾਣੇ ''ਲੱਖ ਪਰਦੇਸੀ ਹੋਈਏ, ਆਪਣਾ ਦੇਸ਼ ਨੀ ਭੰਡੀਦਾ, ਜਿਹੜੇ ਮੁਲਕ ਦਾ ਖਾਈਏ ਉਸ ਦਾ ਬੁਰਾ ਨੀ ਮੰਗੀਦਾ..‘ ਦੀਆਂ ਸਤਰਾਂ ਭਾਰਤੀ ਲੋਕਾਂ ਖਾਸ ਕਰਕੇ ਪੰਜਾਬੀਆਂ ਦੇ ਸਰਬੱਤ ਦੇ ਭਲੇ ਬਾਰੇ ਸੁਭਾਅ ਨੂੰ ਉਜਾਗਰ ਕਰਦੀਆਂ ਹਨ। ਭਾਰਤੀ ਲੋਕ ਜਿਹੜੇ ਵੀ ਦੇਸ਼ ਵਿਚ ਗਏ, ਨਾ ਸਿਰਫ ਉਹਨਾਂ ਦੇਸ਼ਾਂ ਨੂੰ ਆਪਣਾ ਹੀ ਸਮਝਿਆ ਸਗੋਂ ਉਹਨਾਂ ਦੇਸ਼ਾਂ ਦੀ ਤਰੱਕੀ ਦੇ ਲਈ ਆਪਣਾ ਖੂਨ ਪਸੀਨਾ ਵਹਾਇਆ ਅਤੇ ਉਥੋਂ ਦੀ ਮਿੱਟੀ ਨੂੰ ਸੋਨੇ ਵਿਚ ਬਦਲ ਦਿੱਤਾ। ਦੁਨੀਆ ਦਾ ਕੋਈ ਵੀ ਦੇਸ਼ ਅਜਿਹਾ ਨਹੀਂ, ਜਿੱਥੇ ਭਾਰਤੀਆਂ ਦੇ ਮਿਹਨਤੀ ਹੱਥਾਂ ਨੇ ਆਪਣੀ ਕਰਾਮਾਤ ਨਾ ਦਿਖਾਈ ਹੋਵੇ। ਇਸ ਤਰ੍ਹਾਂ ਭਾਰਤੀਆਂ ਖਾਸ ਕਰਕੇ ਪੰਜਾਬੀਆਂ ਦੀ ਸਾਖ ਵਿਦੇਸ਼ਾਂ ਵਿਚ ਇਕ ਮਿਹਨਤੀ ਅਤੇ ਵਫ਼ਾਦਾਰ ਕੌਮ ਵਜੋਂ ਸਥਾਪਤ ਹੋਈ, ਪ੍ਰੰਤੂ ਕੁਝ ਸਮੇਂ ਦੌਰਾਨ ਆਸਟ੍ਰੇਲੀਆ ਵਿਚ ਰਹਿੰਦੇ ਭਾਰਤੀਆਂ ਖਾਸ ਕਰਕੇ ਪੰਜਾਬੀਆਂ ਨੇ ਪਦਾਰਥਵਾਦ ਦੀ ਅੰਨ੍ਹੀ ਦੌੜ ਵਿਚ ਸ਼ਾਮਲ ਹੋ ਕੇ ਅਜਿਹੇ ਕਾਰੇ ਕੀਤੇ ਹਨ, ਜਿਸ ਨਾਲ ਨਾ ਸਿਰਫ ਆਸਟ੍ਰੇਲੀਆ ਵਿਚ ਭਾਰਤੀ ਲੋਕਾਂ ਦੇ ਅਕਸ ਨੂੰ ਢਾਅ ਲੱਗੀ ਹੈ, ਸਗੋਂ ਭਾਰਤ ਸਰਕਾਰ ਤੇ ਆਸਟ੍ਰੇਲੀਆ ਸਰਕਾਰ ਦੇ ਆਪਸੀ ਸੰਬੰਧਾਂ ਵਿਚ ਕੁੜੱਤਣ ਪੈਦਾ ਹੋ ਗਈ। ਭਾਵੇਂ ਪਹਿਲਾਂ ਸਾਡੇ ਪੰਜਾਬੀ ਐਨ. ਆਰ.ਆਈਜ਼ ਨੇ ਭਾਰਤ ਵਿਚ ਕਈ-ਕਈ ਕੁੜੀਆਂ ਨਾਲ ਵਿਆਹ ਕਰਵਾਉਣ ਅਤੇ ਪੈਸਾ ਕਮਾਉਣ ਲਈ ਕਬੂਤਰਬਾਜ਼ੀ ਦੇ ਜਾਇਜ਼-ਨਜਾਇਜ਼ ਕਿੱਸੇ ਪਹਿਲਾਂ ਹੀ ਅਖ਼ਬਾਰਾਂ ਦੀਆਂ ਸੁਰਖੀਆਂ ਬਣਦੇ ਰਹੇ ਹਨ। ਪ੍ਰੰਤੂ ਪਿਛਲੇ ਦਿਨਾਂ ਦੌਰਾਨ ਆਸਟ੍ਰੇਲੀਆ ਵਿਚ ਨਿਰੰਤਰ ਵਾਪਰ ਰਹੀਆਂ ਅਪਰਾਧਿਕ ਘਟਨਾਵਾਂ ਵਿਚ ਜਿਸ ਤਰ੍ਹਾਂ ਹਿੰਦੁਸਤਾਨੀਆਂ ਖਾਸ ਕਰਕੇ ਪੰਜਾਬੀਆਂ ਦੀ ਸ਼ਮੂਲੀਅਤ ਸਾਹਮਣੇ ਆਈ ਹੈ, ਉਸ ਨਾਲ ਸਾਡੇ ਦੇਸ਼ ਦੇ ਲੋਕਾਂ ਨੇ ਇਖਲਾਕੀ ਗਿਰਾਵਟ ਦੀਆਂ ਨੀਵਾਣਾਂ ਦੇ ਸਾਰੇ ਹੱਦ ਬੰਨ੍ਹੇ ਪਾਰ ਕਰ ਦਿੱਤੇ ਹਨ। ਇਸ ਤਰ੍ਹਾਂ ਸਾਡੇ ਦੇਸ਼ ਦੇ ਲੋਕ ਖਾਸ ਕਰਕੇ ਸਾਡੇ ਪੰਜਾਬੀ ਇੱਥੇ ਆ ਕੇ ''ਭਰਾ ਮਾਰੂ ਜੰਗ‘‘ ਵਿਚ ਉਲਝੇ ਹੋਏ ਹਨ। ਇਸ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਆਸਟ੍ਰੇਲੀਆ ਵਿਚ ਵੱਸਦੇ ਭਾਰਤੀਆਂ ਦੇ ਇਤਿਹਾਸ ਦਾ ਇਹ ਸਭ ਤੋਂ ਕਾਲਾ ਦੌਰ ਸਾਬਤ ਹੋ ਰਿਹਾ ਹੈ।
ਇਹ ਤਾਂ ਸਾਰਿਆਂ ਨੂੰ ਹੀ ਪਤਾ ਹੈ ਕਿ ਆਸਟ੍ਰੇਲੀਆ ਇਕ ਮਲਟੀ-ਕਲਚਰਲ ਦੇਸ਼ ਹੈ, ਜਿੱਥੇ ਵੱਖੋ-ਵੱਖ ਮੁਲਕਾਂ ਤੋਂ ਆ ਕੇ ਲੋਕ ਵੱਸੇ ਹੋਏ ਹਨ। ਪੂਰੇ ਵਿਸ਼ਵ ਵਿਚ ਆਸਟ੍ਰੇਲੀਆ ਦੀ ਗਿਣਤੀ ਸ਼ਾਂਤ ਮੁਲਕ ਵਜੋਂ ਕੀਤੀ ਜਾਂਦੀ ਹੈ, ਜਿਸ ਕਾਰਨ ਹਰ ਕੋਈ ਇੱਥੇ ਆ ਕੇ ਰਹਿਣ ਨੂੰ ਤਰਜੀਹ ਦਿੰਦਾ ਹੈ। ਅੱਜ ਤੋਂ ਅੱਠ ਸਾਲ ਪਹਿਲਾਂ ਆਸਟ੍ਰੇਲੀਆ ਵਿਚ ਭਾਰਤੀਆਂ ਦੀ ਗਿਣਤੀ ਆਟੇ ਵਿਚ ਲੂਣ ਬਰਾਬਰ ਸੀ, ਪ੍ਰੰਤੂ ਜਿਉਂ ਹੀ ਆਸਟ੍ਰੇਲੀਆ ਸਰਕਾਰ ਨੇ ਵਿਦਿਆਰਥੀ ਵੀਜ਼ਾ ਸ਼ਰਤਾਂ ਨਰਮ ਕੀਤੀਆਂ ਤਾਂ ਭਾਰਤੀ ਨੌਜਵਾਨ ਮੁੰਡੇ, ਕੁੜੀਆਂ ਦਾ ਇਕ ਤਰ੍ਹਾਂ ਨਾਲ ਹੜ੍ਹ ਹੀ ਆ ਗਿਆ। ਭਾਰਤੀ ਵਿਦਿਆਰਥੀਆਂ ਦੀ ਆਮਦ ਨਾਲ ਜਿੱਥੇ ਆਸਟ੍ਰੇਲੀਆ ਦੀ ਆਰਥਿਕ ਸਥਿਤੀ ਨੂੰ ਬਲ ਮਿਲਿਆ, ਉਥੇ ਹੀ ਕਾਰੋਬਾਰੀ ਸਥਿਤੀ ਵੀ ਮਜ਼ਬੂਤ ਹੋਈ। ਇਹ ਵੀ ਜੱਗ ਜ਼ਾਹਿਰ ਹੈ ਕਿ ਭਾਰਤੀ ਜਿੱਥੇ ਵੀ ਜਾਂਦੇ ਹਨ, ਆਪਣੀ ਵੱਖਰੀ ਪਛਾਣ ਬਣਾ ਲੈਂਦੇ ਹਨ ਅਤੇ ਇਹੋ ਕਾਰਨ ਸੀ ਕਿ ਆਸਟ੍ਰੇਲੀਆ ਦੇ ਹਰੇਕ ਕਾਰੋਬਾਰ ਵਿਚ ਭਾਰਤੀਆਂ ਦੀ ਸ਼ਮੂਲੀਅਤ ਵਧਣ ਲੱਗੀ ਤੇ ਮਿਹਨਤੀ ਸੁਭਾਅ ਕਾਰਨ ਹਰ ਕਿਤੇ ਭਾਰਤੀਆਂ ਨੂੰ ਵਧੀਆ ਮਾਣ ਸਨਮਾਨ ਮਿਲਿਆ। ਸਮੇਂ ਦੇ ਚਲਦਿਆਂ ਜਿੱਥੇ ਭਾਰਤੀ ਮਿਹਨਤੀ ਸੁਭਾਅ ਕਰਕੇ ਹਰਮਨ ਪਿਆਰੇ ਹੋ ਗਏ, ਸਮੇਂ ਦੇ ਚਲਦਿਆਂ ਭਾਰਤੀਆਂ ਉਪਰ ਹਮਲਿਆਂ ਦਾ ਦੌਰ ਸ਼ੁਰੂ ਹੋਇਆ, ਅਤੇ ਇਹਨਾਂ ਹਮਲਿਆਂ ਨੂੰ ਨਸਲੀ ਹਮਲੇ ਕਰਾਰ ਦਿੱਤਾ ਗਿਆ ਤੇ ਕਾਫ਼ੀ ਹੱਦ ਤੱਕ ਇਹ ਗੱਲਾਂ ਸਹੀ ਵੀ ਸਾਬਤ ਹੋਈਆਂ ਤੇ ਸਰਕਾਰ ਤੇ ਨੁਮਾਇੰਦਿਆਂ ਨੇ ਇਹ ਗੱਲ ਮੰਨੀ ਕਿ ਭਾਰਤੀਆਂ ਉਪਰ ਹੋਏ ਹਮਲੇ ਨਸਲੀ ਹਨ। ਜਿਸ ਕਾਰਨ ਆਸਟ੍ਰੇਲੀਆ ਦੇ ਲੋਕਾਂ ਦੀ ਭਾਰਤੀਆਂ ਪ੍ਰਤੀ ਹਮਦਰਦੀ ਵਧਣ ਲੱਗੀ ਅਤੇ ਭਾਰਤੀ ਮੀਡੀਏ ਨੇ ਆਸਟ੍ਰੇਲੀਆ ਸਰਕਾਰ ਨੂੰ ਦੋਵੇਂ ਹੱਥੋਂ ਲਿਆ। ਅਖ਼ਬਾਰਾਂ ਵਿਚ ਵੱਡੀਆਂ-ਵੱਡੀਆਂ ਖ਼ਬਰਾਂ ਛਾਪ ਕੇ ਚੈਨਲਾਂ ਵਿਚ ਖੌਫ਼ਨਾਕ ਤਰੀਕੇ ਨਾਲ ਖ਼ਬਰਾਂ ਦਿਖਾ ਕੇ ਆਸਟ੍ਰੇਲੀਆਈ ਲੋਕਾਂ ਨੂੰ ਹਿੰਸਕ ਸਾਬਤ ਕਰਨ ਵਿਚ ਕੋਈ ਕਸਰ ਨਹੀਂ ਛੱਡੀ। ਸਿੱਟੇ ਵਜੋਂ ਭਾਰਤੀ ਵਿਦਿਆਰਥੀਆਂ ਨੇ ਰੋਸ ਰੈਲੀਆਂ ਕੱਢੀਆਂ ਤੇ ਇਹਨਾਂ ਰੈਲੀਆਂ ਦੌਰਾਨ ਭੰਨ-ਤੋੜ ਵਰਗੀਆਂ ਹਿੰਸਕ ਕਾਰਵਾਈਆਂ ਨੂੰ ਅੰਜ਼ਾਮ ਦਿੱਤਾ। ਕੋਈ ਵੀ ਸ਼ਾਂਤ ਮੁਲਕ ਦੇ ਵਾਸੀ ਇਹ ਕਦੀ ਵੀ ਨਹੀਂ ਚਾਹੁੰਣਗੇ ਕਿ ਉਹਨਾਂ ਦੇ ਦੇਸ਼ ਵਿਚ ਕੋਈ ਬਾਹਰੀ ਲੋਕ ਆ ਕੇ ਹਿੰਸਕ ਕਾਰਵਾਈਆਂ ਨੂੰ ਅੰਜ਼ਾਮ ਦੇਣ ਤੇ ਉਹਨਾਂ ਦੀ ਸ਼ਾਂਤੀ ਭੰਗ ਹੋਵੇ। ਸਮੇਂ ਦੇ ਨਾਲ ਆਸਟ੍ਰੇਲੀਆਈ ਲੋਕ ਭਾਰਤੀਆਂ ਤੋਂ ਕਿਨਾਰਾ ਕਰਨ ਲੱਗ ਪਏ ਜੋ ਕਿ ਭਾਰਤੀਆਂ ਦੇ ਅਕਸ ਲਈ ਇਕ ਸ਼ਰਮ ਵਾਲੀ ਗੱਲ ਸੀ। ਖ਼ਬਰਾਂ ਦਾ ਪਿੜ ਇਕ ਵਾਰ ਭਖਿਆ ਜਦੋਂ ਇਕ ਸੜੀ ਹੋਈ ਲਾਸ਼ ਪੁਲਿਸ ਨੂੰ ਗ੍ਰਿਫਥ ਵਿਖੇ ਮਿਲੀ। ਭਾਰਤੀਆਂ ਵਿਚ ਫਿਰ ਰੋਸ ਦੀ ਲਹਿਰ ਦੌੜ ਗਈ ਤੇ ਇਸਨੂੰ ਨਸਲੀ ਹਮਲਾ ਕਰਾਰ ਦਿੱਤਾ ਗਿਆ, ਪ੍ਰੰਤੂ ਆਸਟ੍ਰੇਲੀਆ ਸਰਕਾਰ ਦੇ ਭਾਰਤੀਆਂ ਦੇ ਕੇਸਾਂ ਨੂੰ ਗੰਭੀਰਤਾ ਲੈਣ ਕਾਰਨ ਜਦੋਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕੀਤਾ ਤਾਂ ਸਾਡੇ ਆਪਣਿਆਂ ਵੱਲੋਂ ਕੀਤੀਆਂ ਹਰਕਤਾਂ ਨਾਲ ਸਾਰੇ ਭਾਰਤੀ ਭਾਈਚਾਰੇ ਨੂੰ ਸ਼ਰਮਸਾਰ ਹੋਣਾ ਪਿਆ ਕਿਉਂਕਿ ਦੋਸ਼ੀ ਖੁਦ ਸਾਡੇ ਆਪਣੇ ਸਨ। ਉਸ ਤੋਂ ਬਾਅਦ ਉਪਰੋ ਥਲੀ ਕਤਲਾਂ ਦਾ ਸਿਲਸਿਲਾ ਸ਼ੁਰੂ ਹੋਇਆ, ਜਿਸ ਵਿਚ ਨਿਤਿਨ ਗਰਗ ਜਿਸ ਦੇ ਕਤਲ ਦੇ ਕੇਸ ਦੀ ਜਾਂਚ ਚੱਲ ਰਹੀ ਹੈ, ਉਸ ਤੋਂ ਬਾਅਦ ਪਰਥ ਵਿਚ ਕਤਲ ਕੀਤੇ ਦੋ ਸਕੇ ਭਰਾਵਾਂ ਦਾ ਕਤਲ, ਉਹਨਾਂ ਦੇ ਦੋਸਤ ਨੇ ਹੀ ਕੀਤਾ। ਉਸ ਤੋਂ ਬਾਅਦ ਜੋ ਸਭ ਤੋਂ ਦਿਲ ਕੰਬਾਊ ਘਟਨਾ, ਜਿਸਨੇ ਕਿ ਸਭ ਨੂੰ ਸ਼ਰਮ ਲਈ ਮਜਬੂਰ ਕਰ ਦਿੱਤਾ ਕਿ ਕੋਈ ਇੰਨੀ ਗਿਰੀ ਹੋਈ ਹਰਕਤ ਕਰਨ ਲਈ ਕਿੱਥੇ ਤੱਕ ਜਾ ਸਕਦਾ ਹੈ। ਛੋਟੇ ਬੱਚੇ ਗੁਰਸ਼ਾਨ ਦੇ ਕਤਲ ਵਿਚ ਵੀ ਉਹਨਾਂ ਦੇ ਪਰਿਵਾਰ ਦੇ ਨਜ਼ਦੀਕੀ ਦੀ ਸ਼ਮੂਲੀਅਤ ਨੇ ਭਾਰਤੀ ਭਾਈਚਾਰੇ ਨੂੰ ਪਾਣੀ-ਪਾਣੀ ਕਰ ਦਿੱਤਾ ਤੇ ਕਿਸੇ ਅੱਗੇ ਬੋਲਣ ਜੋਗਾ ਨਹੀਂ ਛੱਡਿਆ। ਭਾਵੇਂ ਇਨ੍ਹਾਂ ਕਤਲਾਂ ਪਿੱਛੇ ਕਾਰਨ ਕੋਈ ਵੀ ਸੀ ਪਰ ਇਸ ਕਾਰਨ ਇਨ੍ਹਾਂ ਦੇ ਪਰਿਵਾਰਾਂ ਨੂੰ ਤਾਂ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਉਥੇ ਹੀ ਪੂਰਾ ਭਾਰਤੀ ਭਾਈਚਾਰਾ ਆਪਣੇ ਆਪ ਨੂੰ ਹੀਣਾ ਮਹਿਸੂਸ ਕਰ ਰਿਹਾ ਹੈ। ਕੁਝ ਲੋਕਾਂ ਦੀ ਕਰਨੀ ਦੇ ਕਾਰਨ ਭੁਗਤਣੀ ਸਾਰਿਆਂ ਨੂੰ ਪੈ ਸਕਦੀ ਹੈ। ਇਨ੍ਹਾਂ ਸਾਰਿਆਂ ਕੇਸਾਂ ਵਿਚ ਜਿੱਥੇ ਦੋਵੇਂ ਦੇਸ਼ਾਂ ਦੇ ਵਕਾਰ ਦਾਅ ‘ਤੇ ਲੱਗੇ ਹੋਏ ਸਨ, ਉਥੇ ਭਾਰਤੀ ਮੀਡੀਆ ਹੁਣ ਕੁਝ ਨਹੀਂ ਸੀ ਬੋਲ ਰਿਹਾ। ਹੋਰ ਤਾਂ ਹੋਰ ਇੰਨਾ ਕੁਝ ਹੋਣ ਦੇ ਬਾਵਜੂਦ ਤੇ ਸਭ ਕੁਝ ਪਤਾ ਹੋਣ ਦੇ ਬਾਵਜੂਦ ਵੀ ਲੋਕ ਦਿਲ ਖੋਲ੍ਹ ਕੇ ਅਜਿਹੇ ਕੰਮਾਂ ਨੂੰ ਅੰਜ਼ਾਮ ਦੇ ਰਹੇ ਹਨ, ਜਿਵੇਂ ਕਿ ਪਿਛਲੇ ਦਿਨੀਂ ਇਕ ਭਾਰਤੀ ਨੌਜਵਾਨ ਵੱਲੋਂ ਚੰਦ ਕੁ ਡਾਲਰਾਂ ਦੇ ਲਾਲਚ ਵਿਚ ਜਿੱਥੇ ਪਹਿਲਾਂ ਆਪਣੀ ਕਾਰ ਨੂੰ ਅੱਗ ਲਗਾਈ ਤੇ ਆਪਣੇ ਆਪ ਨੂੰ ਅੱਗ ਲਗਾਈ ਤਾਂ ਕਿ ਮਾਮਲਾ ਪੂਰੀ ਤਰ੍ਹਾਂ ਨਸਲੀ ਵਿਖਾਇਆ ਜਾ ਸਕੇ। ਪ੍ਰੰਤੂ ਵਿਕਟੋਰੀਆ ਪੁਲਿਸ ਦੀ ਸੂਝ-ਬੂਝ ਨੇ ਜਿਸ ਤਰ੍ਹਾਂ ਇਸ ਕੇਸ ਨੂੰ ਖੋਲ੍ਹ ਕੇ ਸਾਹਮਣੇ ਰੱਖਿਆ ਤਾਂ ਭਾਰਤੀ ਖਾਸ ਕਰਕੇ ਪੰਜਾਬੀਆਂ ਤੋਂ ਸਭ ਦਾ ਵਿਸ਼ਵਾਸ ਹੀ ਜਾਂਦਾ ਰਿਹਾ। ਅੱਜ ਆਲਮ ਇਹ ਹੈ ਕਿ ਸਾਡੇ ਲੋਕ ਭਾਰਤ ਵਿਚੋਂ ਇੱਥੇ ਆ ਕੇ ਇੱਥੋਂ ਦੇ ਕਾਨੂੰਨਾਂ ਮੁਤਾਬਕ ਰਹਿਣਾ ਪਸੰਦ ਨਹੀਂ ਕਰਦੇ। ਮੰਨਿਆ ਕਿ ਇੱਥੋਂ ਦਾ ਕਾਨੂੰਨ ਸਖ਼ਤ ਨਹੀਂ ਹੈ ਪਰ ਇਹ ਮਾਰ ਕਿਸੇ ਹੋਰ ਪਾਸਿਉਂ ਵੀ ਪੈ ਸਕਦੀ ਹੈ। ਅੱਜਕਲ੍ਹ ਭਾਰਤੀ ਭਾਈਚਾਰੇ ਵੱਲੋਂ ਕਰਵਾਏ ਜਾਂਦੇ ਸਮਾਗਮਾਂ ਖਾਸ ਕਰਕੇ ਜੋ ਪੰਜਾਬੀਆਂ ਵੱਲੋਂ ਕਰਵਾਏ ਜਾਂਦੇ ਹਨ, ਬਹੁਤ ਹੀ ਘੱਟ ਨੇਪਰੇ ਚੜ੍ਹਦੇ ਹਨ। ਅਕਸਰ ਸਮਾਗਮਾਂ ਵਿਚ ਲੜਾਈਆਂ ਦੇਖਣ ਨੂੰ ਮਿਲਦੀਆਂ ਹਨ। ਕੋਈ ਵੀ ਪਰਿਵਾਰ ਵਾਲਾ ਬੰਦਾ ਆਪਣੇ ਪਰਿਵਾਰ ਨਾਲ ਕੋਈ ਫਿਲਮ ਜਾਂ ਸਭਿਆਚਾਰਕ ਮੇਲਾ ਦੇਖਣ ਤੋਂ ਕਤਰਾਉਂਦਾ ਹੈ। ਨਵੇਂ ਸਾਲ ਦੇ ਜਸ਼ਨਾਂ ਮੌਕੇ ਜਿੱਥੇ ਇੱਥੋਂ ਦੇ ਲੋਕਾਂ ਵੱਲੋਂ ਇਹ ਜਸ਼ਨ ਵਧੀਆ ਤਰੀਕੇ ਨਾਲ ਮਨਾਏ ਜਾਂਦੇ ਹਨ, ਉਥੇ ਹੀ ਸਾਡੇ ਬਹੁਤੇ ਨੌਜਵਾਨ ਸ਼ਰਾਬਾਂ ਪੀ ਕੇ ਇਹਨਾਂ ਜਸ਼ਨਾਂ ਵਿਚ ਰੰਗ ਵਿਚ ਭੰਗ ਪਾਉਂਦੇ ਅਕਸਰ ਦੇਖੇ ਜਾਂਦੇ ਹਨ। ਟਰੇਨਾਂ ਤੇ ਟਰਾਮਾਂ ਵਿਚ ਉਚੀ-ਉਚੀ ਆਵਾਜ਼ ਵਿਚ ਗਾਣੇ ਸੁਣਨਾ ਤੇ ਆਪਣੇ ਦੇਸ਼ ਦੀਆਂ ਕੁੜੀਆਂ ਨੂੰ ਹੀ ਫਬਤੀਆਂ ਕੱਸਣਾ, ਇਹੋ ਜਿਹੇ ਵਰਤਾਰੇ ਸਾਨੂੰ ਅੱਗੇ ਲੈ ਕੇ ਜਾਣ ਦੀ ਬਜਾਏ ਪਿੱਛੇ ਲੈ ਕੇ ਜਾ ਰਹੇ ਹਨ। ਅੱਜ ਸਾਡੇ ਭਾਰਤੀਆਂ ਦਾ ਅਕਸ ਇੱਥੇ ਇੰਨਾ ਵਿਗੜ ਚੁੱਕਾ ਹੈ ਕਿ ਕੋਈ ਵੀ ਬੈਂਕ ਭਾਰਤੀ ਨੂੰ ਕ੍ਰੈਡਿਟ ਕਾਰਡ ਦੇਣ ਸਮੇਂ ਤੇ ਲੋਨ ਲੈਣ ਸਮੇਂ ਸੌ-ਸੌ ਸੁਆਲ ਪੁੱਛਦਾ ਹੈ ਤੇ ਫਿਰ ਕਿਤੇ ਜਾ ਕੇ ਕੰਮ ਬਣਦਾ ਹੈ, ਕਿਉਂਕਿ ਸਾਡੇ ਲੋਕਾਂ ਨੇ ਇੱਥੋਂ ਦੀਆਂ ਸਹੂਲਤਾਂ ਦਾ ਨਾਜਾਇਜ਼ ਫਾਇਦਾ ਉਠਾ ਕੇ ਇਹਨਾਂ ਲੋਕਾਂ ਨੂੰ ਭਾਰਤੀਆਂ ਪ੍ਰਤੀ ਆਪਣੇ ਨਿਯਮ ਬਦਲਣ ਲਈ ਮਜਬੂਰ ਕਰ ਦਿੱਤਾ ਹੈ।
ਅੱਜ ਦੇ ਸਮੇਂ ਵਿਚ ਭਾਰਤ ਵਿਚ ਵੱਡੀਆਂ-ਵੱਡੀਆਂ ਡਿਗਰੀਆਂ ਕਰਕੇ ਵੀ ਨੌਕਰੀਆਂ ਨਹੀਂ ਮਿਲ ਰਹੀਆਂ। ਇੱਥੇ ਆ ਕੇ ਲੱਖਾਂ ਰੁਪਏ ਖਰਚ ਕੇ ਹਰ ਕੋਈ ਆਪਣਾ ਚੰਗਾ ਭਵਿੱਖ ਸਿਰਜਣ ਲਈ ਪਹੁੰਚਿਆ ਹੈ, ਪ੍ਰੰਤੂ ਕੁਝ ਕੁ ਮੁੱਠੀ ਭਰ ਲੋਕਾਂ ਦੀਆਂ ਮਾੜੀਆਂ ਹਰਕਤਾਂ ਕਰਨ ਕਰਕੇ ਸਵਾਲੀਆ ਨਿਸ਼ਾਨ ਸਾਰਿਆਂ ਦੇ ਭਵਿੱਖ ‘ਤੇ ਲੱਗਣ ਲਈ ਤਿਆਰ ਖੜ੍ਹਾ ਹੈ। ਵੀਜ਼ਾ ਨਿਯਮਾਂ ਵਿਚ ਨਿੱਤ ਹੋ ਰਹੀਆਂ ਤਬਦੀਲੀਆਂ ਨੇ ਵਿਦਿਆਰਥੀ ਵਰਗ ਨੂੰ ਪ੍ਰੇਸ਼ਾਨੀ ਦੇ ਰਾਹ ਪਾ ਦਿੱਤਾ ਹੈ ਅਤੇ ਹਰ ਕਿਸੇ ਨੂੰ ਆਪਣਾ ਭਵਿੱਖ ਡੁੱਬਦਾ ਨਜ਼ਰ ਆ ਰਿਹਾ ਹੈ।
ਉਪਰੋਕਤ ਚਰਚਾ ਦੇ ਆਧਾਰ ‘ਤੇ ਅਸੀਂ ਕਹਿ ਸਕਦੇ ਹਾਂ ਕਿ ਜੇਕਰ ਅਸੀਂ ਅਜੇ ਵੀ ਨਾ ਸੰਭਲੇ ਅਤੇ ਆਪਣੀਆਂ ਆਪਹੁਦਰੀਆਂ ਤੇ ਰੋਕ ਨਾ ਲਗਾਈ ਤਾਂ ਉਹ ਦਿਨ ਦੂਰ ਨਹੀਂ, ਜਦੋਂ ਵਿਦੇਸ਼ੀ ਧਰਤੀਆਂ, ਜਿੱਥੋਂ ਦੇ ਡਾਲਰਾਂ ਦੀ ਚਮਕ ਦਮਕ ਹਰ ਸਮੇਂ ਸਾਡੇ ਲੋਕਾਂ ਦੀਆਂ ਅੱਖਾਂ ਚੁੰਧਿਆਉਂਦੀ ਹੈ, ਉਹ ਹਮੇਸ਼ਾ ਹਮੇਸ਼ਾ ਲਈ ਆਪਣੇ ਦਰਵਾਜ਼ੇ ਸਾਡੇ ਲਈ ਬੰਦ
ਕਰ ਲੈਣਗੀਆਂ।
ਸਾਡੀਆਂ ਕੀਤੀਆਂ ਹੋਈਆਂ ਗਲਤੀਆਂ ਨਾ ਸਗੋਂ ਸਾਡੀਆਂ ਆਉਣ ਵਾਲੀਆਂ ਪੁਸ਼ਤਾਂ ਨੂੰ ਭੁਗਤਣੀਆਂ ਪੈਣਗੀਆਂ ਬਲਕਿ ਸਾਡੇ ਬਜ਼ੁਰਗਾਂ ਦੀਆਂ ਕੀਤੀਆਂ ਹੋਈਆਂ ਘਾਲਣਾਵਾਂ ਵੀ ਅਜਾਈਂ ਚਲੀਆਂ ਜਾਣਗੀਆਂ ਤੇ ਸਾਡੀਆਂ ਇਨ੍ਹਾਂ ਗਲਤੀਆਂ ਲਈ ਇਤਿਹਾਸ ਸਾਨੂੰ ਕਦੇ ਮੁਆਫ਼ ਨਹੀਂ ਕਰੇਗਾ।
''ਐਸੇ ਦੌਰ ਵੀ ਦੇਖੇ ਹੈਂ, ਤਾਰੀਖ ਕੇ ਪੰਨੋਂ ਮੇਂ
ਲਮਹੋਂ ਨੇ ਖਤਾ ਕੀ ਔਰ ਸਦੀਔਂ ਨੇ
ਖ਼ਤਾ ਪਾਈ।‘‘

****

2010 ਦੀ ਵਿਸਾਖੀ ‘ਤੇ ਦਸਮੇਸ਼ ਪਿਤਾ ਨਾਲ ਕੁਝ ਗੱਲਾਂ........ ਲੇਖ਼ / ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)


ਲਿਖ-ਤੁਮ,
“ਹਉ ਅਪਰਾਧੀ ਗੁਨਹਗਾਰ ਹਉ ਬੇਮੁਖ ਮੰਦਾ।।”
ਪੜ੍ਹ-ਤੁਮ,
ਬਹੁਤ ਬਹੁਤ ਬਹੁਤ ਸਤਿਕਾਰਯੋਗ ਸਰਬੰਸ- ਦਾਨੀ, ਦਸ਼ਮੇਸ਼-ਪਿਤਾ ਜੀਓ....
ਚਰਨ ਬੰਦਨਾ ਕਬੂਲ ਕਰੋ।
ਜਦੋਂ 1699ਵੇਂ ਦੀ ਵਿਸਾਖੀ ਵੱਲ ਧਿਆਨ ਗਿਆ ਤਾਂ 2010 ਦੀ ਇਸ ਵਿਸਾਖੀ ਬਾਰੇ ਸੋਚ ਕੇ ਤੁਹਾਡੇ ਨਾਲ ਗੱਲਾਂ ਕਰਨ ਨੂੰ ਮਨ ਕਾਹਲਾ ਜਿਹਾ ਹੋਣ ਲੱਗ ਗਿਆ ਸੀ। ਮਾਫ਼ ਕਰਨਾ ਕਿ ਮੈਂ ਕਮਅਕਲ ਨਿਰਣੇ ਕਾਲਜੇ ਹੀ ਤੁਹਾਡੇ ਨਾਲ ਗੱਲੀਂ ਜੁਟ ਗਿਆ। ਪੁੱਤਰਾਂ ਨੂੰ ਇੰਨਾ ਕੁ ਤਾਂ ਹੱਕ ਹੁੰਦਾ ਹੀ ਹੈ ਕਿ ਉਹ ਆਪਣੇ ਦਲੀਲ-ਪਸੰਦ ਪਿਤਾ ਨਾਲ ਆਪਣੀਆਂ ਗੱਲਾਂ ਸਾਂਝੀਆਂ ਕਰ ਸਕਣ।
ਦਸ਼ਮੇਸ਼ ਪਿਤਾ ਜੀ, ਤੁਸੀਂ ਤਾਂ ਵਿਸਾਖੀ ਦੇ ਦਿਨ ਨੂੰ 'ਖਾਲਸਾ ਪੰਥ' ਦਾ ਨੀਂਹ ਪੱਥਰ ਰੱਖਣ ਦੇ ਇਤਿਹਾਸਕ ਦਿਨ ਵਜੋਂ ਚੁਣਿਆ ਸੀ। ਕਿਰਤੀ ਲੋਕਾਂ ਨੂੰ ਮਿਹਨਤ ਮੁਸ਼ੱਕਤ ਤੋਂ ਪਾਸੇ ਹੋ ਕੇ ਦੋ ਪਲ ਨੱਚਣ ਟੱਪਣ ਦੇ ਮਕਸਦ ਨਾਲ ਚੱਲੇ ਆਉਂਦੇ ਵਿਸਾਖੀ ਦੇ ਤਿਓਹਾਰ ਨੂੰ ਤੁਸੀਂ ਉਸ ਖਾਲਸੇ ਦੀ ਸਿਰਜਣਾ ਲਈ ਚੁਣਿਆ ਸੀ ਜਿਸਦਾ ਪਹਿਲਾ ਉਦੇਸ਼ ਹੀ ਕਿਰਤ ਦੀ ਲੁੱਟ ਭਾਵ ਨਿਤਾਣਿਆਂ ਦੀ ਜ਼ਾਲਮਾਂ ਹੱਥੋਂ ਲੁੱਟ ਹੋਣ ਤੋਂ ਬਚਾਉਣਾ ਸੀ। ਇਹ ਹਰਗਿਜ ਨਹੀਂ ਸੀ ਕਿ ਉਸੇ ਦਿਨ ਦੀ ਪਵਿੱਤਰਤਾ ਨੂੰ ਪੰਥ ਦੀ ਸੇਵਾ ਦੇ ਨਾਂ 'ਤੇ ਕਾਨਫਰੰਸਾਂ ਕਰਕੇ ਇੱਕ ਦੂਜੇ ਨੂੰ ਭੰਡਿਆ ਜਾਵੇ ਜਾਂ ਜੁਆਕਾਂ ਵਰਗੀਆਂ ਬਿਆਨਬਾਜ਼ੀਆਂ ਕਰਕੇ ਕੁਰਬਾਨੀਆਂ ਭਰੇ ਪੰਥ ਦੇ ਰੁਤਬੇ ਦਾ ਲੋਕਾਂ ਸਾਹਮਣੇ ਮੌਜੂ ਬਣਾਇਆ ਜਾਵੇ। ਗੁਰੂ ਜੀ, ਕਿੰਨਾ ਹਾਸੋਹੀਣਾ ਕੰਮ ਹੁੰਦੈ ਜਦੋਂ ਸ਼੍ਰੋਮਣੀ ਕਮੇਟੀ ਵੱਲੋਂ ਇਸ ਦਿਨ ਤੁਹਾਡੇ ਖਾਲਸੇ ਦੀ ਸਾਜਣਾ ਦੀ ਹਰ ਵਰ੍ਹੇਗੰਢ ਮੌਕੇ ਸਮਾਗਮ ਕੀਤੇ ਜਾਂਦੇ ਹਨ, ਪਰ ਇੱਕ ਦੂਜੇ ਦੇ ਭੰਡੀ ਪ੍ਰਚਾਰ ਤੋਂ ਬਿਨਾਂ ਕੋਈ ਦੂਜੀ ਗੱਲ ਹੀ ਨਹੀਂ ਹੁੰਦੀ। ਆਹ ਐਤਕੀ ਦੇਖ ਲਿਓ.... ਐਤਕੀਂ ਤਾਂ ਸਾਡੇ ਜੱਥੇਦਾਰਾਂ ਤੇ ਬਾਦਲ ਸਾਬ੍ਹ ਕਿਆਂ ਕੋਲ ਵਿਸਾਖੀ ਸਮਾਗਮਾਂ 'ਤੇ ਅਖਬਾਰਾਂ ਲਈ ਬਿਆਨ ਦਾਗਣ ਵਾਸਤੇ ਮੁੱਦਿਆਂ ਦੇ ਹੀ ਟੋਕਰੇ ਭਰੇ ਪਏ ਹਨ। ਐਤਕੀਂ ਖੁੰਬ ਠਪਵਾਉਣ ਲਈ ਪ੍ਰੋ; ਦਰਸਨ ਸਿਉਂ, ਜੱਥੇਦਾਰ ਝੀਂਡਾ, ਅਵਤਾਰ ਸਿਉਂ ਸਰਨਾ ਵਰਗੇ ਤਾਂ ਨੀਂ ਮਾਂ ਨੂੰ ਜੰਮੇ..... ਇਹਨਾਂ ਨੂੰ ਦੇਖਿਉ ਕਿਵੇਂ ਲੰਮੇ ਹੱਥੀਂ ਲਿਆ ਜਾਂਦੈ। ਬੜੇ ਦੁੱਖ ਨਾਲ ਕਹਿਣਾ ਪੈ ਰਿਹੈ ਕਿ ਤੁਸੀਂ ਜਿਸ ਤਰ੍ਹਾਂ ਦੇ ਸਮਾਜ ਦੀ ਸਿਰਜਣਾ ਕਰਨ ਦਾ ਸੁਪਨਾ ਦੇਖਿਆ ਸੀ ਓਹ ਤਾਂ 311 ਸਾਲ ਬੀਤ ਜਾਣ ਦੇ ਬਾਵਜੂਦ ਵੀ ਜਿਉਂ ਦਾ ਤਿਉਂ ਹੈ। ਤੁਸੀਂ ਤਾਂ ਜਾਤ ਪਾਤ ਦਾ ਪਾੜਾ ਖਤਮ ਕਰਨ ਦਾ ਰਾਹ ਚੁਣਿਆ ਸੀ ਪਰ ਆਪਣੇ ਆਪ ਨੂੰ ਸਿੱਖ ਪੰਥ ਦੇ ਠੇਕੇਦਾਰ ਅਖਵਾਉਣ ਵਾਲੇ ਲੋਕਾਂ ਨੇ ਤਾਂ ਤੁਹਾਡੀ ਸੋਚ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਇਮਾਨਦਾਰੀ ਨਾਲ ਕੋਈ ਕਦਮ ਹੀ ਨਹੀਂ ਚੁੱਕਿਆ। ਪੰਜ ਅਰਬ ਤੋਂ ਵੀ ਵੱਧ ਦੇ ਲਾਹੇ ਦੇ ਬਜਟ ਵਾਲੀ ਸ੍ਰੋਮਣੀ ਕਮੇਟੀ ਦੇ ਜੱਥੇਦਾਰਾਂ ਨੂੰ ਤਾਂ ਵਿਚਾਰਿਆਂ ਨੂੰ 'ਪ੍ਰਚਾਰ' ਲਈ ਮਿਲੀਆਂ ਆਪਣੀਆਂ ਮੁਫਤ ਦੀਆਂ ਗੱਡੀਆਂ 'ਤੇ ਹੂਟਰ- ਲਾਲ ਬੱਤੀਆਂ ਲਾਉਣ ਦਾ ਲਾਲਚ ਹੀ ਹੋਰ ਕੁਝ ਸੋਚਣ ਨਹੀਂ ਦੇ ਰਿਹਾ। ਜਿਹਨਾਂ ਨੇ ਤੁਹਾਡੀ ਇਨਕਲਾਬੀ ਸੋਚ ਨੂੰ ਆਮ ਲੋਕਾਂ ਦੇ ਜਿ਼ਹਨ ਦਾ ਹਿੱਸਾ ਬਣਾਉਣਾ ਸੀ, ਓਹ ਤਾਂ ਖੁਦ ਮਾਇਆਧਾਰੀ ਹੋਏ ਪਏ ਹਨ। ਜਿਸਦੀ ਉਦਾਹਰਣ ਸਰਵਉੱਚ ਧਾਰਮਿਕ ਅਸਥਾਨ ਦੇ ਗਲਿਆਰਿਆਂ ਅੰਦਰੋਂ ਕਦੇ ਦੇਗ ਵਾਲੀਆਂ ਪਰਚੀਆਂ, ਕਦੇ ਫਰਨੀਚਰ ਘੁਟਾਲੇ ਦੀਆਂ ਅਖ਼ਬਾਰਾਂ ਰਾਹੀਂ ਨਸ਼ਰ ਹੋਈਆਂ ਖ਼ਬਰਾਂ ਤੋਂ ਲਈ ਜਾ ਸਕਦੀ ਹੈ। ਇਹਨਾਂ ‘ਤੇ ਹੀ ਬਾਣੀ ਦਆਂਿ ਪੰਕਤੀਆਂ ਵਧੇਰੇ ਲਾਗੂ ਹੁੰਦੀਆਂ ਹਨ ਕਿ,
ਮਾਇਆਧਾਰੀ ਅਤਿ ਅੰਨਾ ਬੋਲਾ।।
ਸ਼ਬਦ ਨ ਸੁਣਈ ਬਹੁ ਰੋਲ ਘਚੋਲਾ।।
ਲੋਕਾਂ ਨੂੰ ਸੇਧ ਦੇਣ ਵਾਲੇ ਜੱਥੇਦਾਰ ਤਾਂ ਵਿਚਾਰੇ ਖੁਦ 'ਤੁਣਕਿਆਂ' ਆਸਰੇ ਚਲਦੇ ਨੇ.... ਉਹ ਤੁਹਾਡੀਆਂ ਸਿੱਖਿਆਵਾਂ ਦਾ ਪ੍ਰਚਾਰ ਕਿਹੜੇ ਵੇਲੇ ਕਰਨ, ਉਹਨਾਂ ਨੂੰ ਤਾਂ ਇੱਕ ਪ੍ਰਵਾਰ ਤੋਂ ਬਿਨਾਂ ਦਿਸਦਾ ਹੀ ਕੁਛ ਨਹੀਂ। ਉਹ ਤਾਂ ਉਹਨਾਂ ਥਾਵਾਂ 'ਤੇ ਜਾ ਕੇ ਹਾਜ਼ਰੀਆਂ ਭਰ ਆਉਂਦੇ ਨੇ ਜਿੱਥੇ ਪਹਿਲਾਂ ਹੀ ਲੋਕਾਂ ਦਾ ਖ਼ਾਸਾ ਜਮਘਟ ਲੱਗਿਆ ਹੁੰਦੈ.... ਗੁਰੂ ਜੀ, ਅੱਜ ਤੋਂ 10 ਕੁ ਸਾਲ ਪਹਿਲਾਂ ਇੱਕ ਆਪੇ ਬਣੇ ਬਾਬਾ ਜੀ ਨੇ ਪੰਜਾਬ 'ਚ ਇੱਕ ਥੇਹ 'ਚੋਂ ਸੋਨੇ ਦੀਆਂ ਮੋਹਰਾਂ ਕੱਢਣ ਦਾ ਕੌਤਕ ਕਰਨਾ ਸੀ ਪਰ ਤਰਕਸ਼ੀਲਾਂ ਦੀ ਵਿਰੋਧਤਾ ਕਰਕੇ ਬਾਬਾ ਜੀ ਕੌਤਕ ਨਹੀਂ ਸਨ ਕਰ ਸਕੇ। ਬਾਦ 'ਚ ਉਹਨਾਂ ਨੇ ਆਪਣਾ ਗੁਰਦੁਆਰਾ ਬਣਾ ਕੇ 'ਅੰਮ੍ਰਿਤ ਸੰਚਾਰ' ਕਰਨਾ ਸ਼ੁਰੂ ਕਰ ਦਿੱਤਾ। ਅੱਜਕੱਲ੍ਹ ਬਾਬਾ ਜੀ ਦੀ ਸਰਕਾਰੇ ਦਰਬਾਰੇ ਪੂਰੀ ਚੜ੍ਹਾਈ ਹੈ। ਹੋਰ ਤਾਂ ਹੋਰ ਅਕਾਲ ਤਖਤ ਦੇ ਜੱਥੇਦਾਰ ਸਾਬ੍ਹ ਵੀ ਲੰਘਦੇ ਕਰਦੇ ਗੇੜਾ ਮਾਰ ਜਾਦੇ ਨੇ। ਗੁਰੂ ਜੀ, ਇਸ ਬਾਬਾ ਜੀ ਨੇ ਵੀ ਲੋਕਾਂ ਨੂੰ ਤੁਹਾਡੀਆਂ ਇਤਿਹਾਸਕ ਨਿਸ਼ਾਨੀਆਂ ਦੇ ਦਰਸ਼ਨ ਕਰਵਾਏ ਹਨ। ਇਹਨਾਂ ਸਮਾਗਮਾਂ ਵਿੱਚ ਵੀ ਜੱਥੇਦਾਰ ਸਾਬ੍ਹ ਚੌਕੜੀ ਮਾਰੀ ਬੈਠੇ ਸਨ। ਕਦੇ ਕਦੇ ਖਿਆਲ ਆਉਂਦੈ ਕਿ ਬਾਬਾ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਤੁਸੀਂ ਵੀ ਤਾਂ ਲੋਕਾਈ ਨੂੰ ਪ੍ਰਚਾਰ ਰਾਹੀਂ ਹੀ ਸਿਆਣੇ ਕਰਨ ਦੇ ਉਪਰਾਲੇ ਕੀਤੇ ਸਨ। ਤੁਹਾਡੇ ਵੱਲੋਂ ਤਾਂ ਪ੍ਰਚਾਰ ਉੱਪਰ ਕੀਤੇ ਖਰਚਿਆਂ ਦਾ ਕਿੱਧਰੋਂ ਕੋਈ ਪ੍ਰਮਾਣ ਨਹੀਂ ਮਿਲਦਾ ਕਿ ਗੁਰੂਆਂ ਨੇ ਪ੍ਰਚਾਰ ਲਈ ਐਨੇ ਹਜ਼ਾਰ ਜਾਂ ਐਨੇ ਲੱਖ ਖਰਚ ਦਿੱਤੇ। ਪਰ ਅੱਜ ਕੀ ਦੇਖਦੇ ਹਾਂ ਕਿ ਸਿੱਖੀ ਦੇ ਪ੍ਰਚਾਰ ਲਈ ਲੱਖਾਂ ਕਰੋੜਾਂ ਖਰਚੇ ਜਾ ਰਹੇ ਹਨ ਪਰ ਸਿੱਖੀ ਮਨਾਂ ਦੀ ਬਜਾਏ 'ਤਨਾਂ' ਉੱਪਰ ਵਧੇਰੇ ਉੱਕਰੀ ਜਾ ਰਹੀ ਹੈ। ਕੀ ਇਸਨੂੰ 'ਸਸਤਾ ਪ੍ਰਚਾਰ' ਕਿਹਾ ਜਾਵੇ ਕਿ ਤੁਹਾਡੇ ਵੱਲੋਂ ਬਖਸ਼ੇ ਕੱਕਾਰਾਂ 'ਚੋਂ ਇੱਕ ਕੱਕਾਰ ਕੜੇ ਨੂੰ ਮੇਰੇ ਵਰਗੇ ਘੋਨ-ਮੋਨ ਜਿਹੇ ਵੀ ਸਿਰਫ ਤੇ ਸਿਰਫ ਇੱਕ ਦੂਜੇ ਦਾ ਨੱਕ ਭੰਨ੍ਹਣ ਲਈ ਹੀ ਵਰਤ ਰਹੇ ਹਨ ਜਾਂ ਫਿਰ 'ਅਸਲ ਪਛਾਣ ਪੰਜਾਬੀ ਦੀ ਗਲ ਪਾਇਆ ਖੰਡਾ' ਗੀਤ ਵਾਂਗ ਆਪਣੇ ਪੰਜਾਬੀ ਹੋਣ ਦਾ ਪ੍ਰਮਾਣ ਦੇਣ ਲਈ ਨੌਜ਼ਵਾਨ ਗਲਾਂ 'ਚ ਖੰਡੇ ਪਾ ਰਹੇ ਹਨ ਜਾਂ ਡੌਲਿਆਂ 'ਤੇ ਖੰਡੇ ਖੁਣਵਾ ਰਹੇ ਹਨ। ਜਾਂ ਕਿਸੇ ਹਜ਼ਾਮ ਕੋਲੋਂ ਵਾਲਾਂ ਦੀ ਕੱਟ ਵੱਢ ਕਰਵਾ ਕੇ ਗਿੱਚੀਆਂ 'ਚ ਖੰਡੇ ਬਣਵਾ ਕੇ ਦੱਸ ਰਹੇ ਹਨ ਕਿ 'ਅਸੀਂ ਪੰਜਾਬੀ ਹਾਂ'।
ਗੁਰੂ ਜੀ, ਤੁਸੀਂ ਤਾਂ ਵਣਜ ਕੀਤਾ ਸੀ ਕਿ ਲੋਕਾਈ ਦਾ ਮਾਸ ਚੂੰਡਣ ਵਾਲਿਆਂ ਤੋਂ ਖਹਿੜ੍ਹਾ ਛੁਡਾਉਣ ਲਈ ਚਾਰੇ ਸਾਹਿਬਜ਼ਾਦੇ ਕੌਮ ਲਈ ਕੁਰਬਾਨ ਕਰ ਦਿੱਤੇ। ਪਰ ਹੁਣ ਕੀ ਦੇਖਦੇ ਹਾਂ ਕਿ ਸਾਡੇ ਆਪਣੇ ਲੋਕ ਆਪਣਿਆਂ ਦਾ ਹੀ ਮਾਸ ਚੂੰਡਣ ਲਈ ਤੁਹਾਡਾ ਨਾਂ ਵਰਤ ਰਹੇ ਹਨ। ਸਰਕਾਰਾਂ ਆਪਣੇ ਬੁਨਿਆਦੀ ਫ਼ਰਜ਼ਾਂ ਤੋਂ ਵੀ ਮੁਨਕਰ ਹੋਈਆਂ ਪਈਆਂ ਹਨ ਤੇ ਸਰਕਾਰੀ ਸਕੂਲਾਂ ਦਾ ਮੰਦਾ ਹਾਲ ਹੋਇਆ ਪਿਐ। ਆਮ ਲੋਕਾਂ ਤੋਂ ਥੋੜ੍ਹੇ ਜਿਹੇ 'ਉਤਲੇ' ਲੋਕਾਂ ਨੇ ਕਿਧਰੇ ‘ਦਸਮੇਸ਼ ਪਬਲਿਕ ਸਕੂਲ’ ਖੋਲ੍ਹ ਲਏ ਨੇ, ਕਿਧਰੇ ‘ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ’ ਖੋਲ੍ਹ ਲਏ ਨੇ ਤੇ ਕਿਧਰੇ ‘ਮਾਤਾ ਗੁਜ਼ਰੀ ਜੀ ਗਰਲਜ਼ ਕਾਲਜ’਼ ਖੋਲ੍ਹ ਲਏ ਨੇ। ਨਾਂ ਤੁਹਾਡਾ ਤੇ ਜੇਬਾਂ ਆਪਣੀਆਂ ਨੱਕੋ ਨੱਕ ਭਰ ਰਹੇ ਨੇ ਸਿਆਸਤੀ ਲੋਕ। ਮਨਚਾਹੀਆਂ ਫੀਸਾਂ ਵਸੂਲੀਆਂ ਜਾਂਦੀਆਂ ਨੇ। ਸਰਕਾਰੀ ਨੌਕਰੀਆਂ ਤੋਂ ਝਾਕ ਹਟਾ ਚੁੱਕੇ ਬੇਰੁਜ਼ਗਾਰ ਅਧਿਆਪਕਾਂ, ਮਾਪਿਆਂ ਅਤੇ ਵਿਦਿਆਰਥੀਆਂ ਦਾ ਰੱਜ ਕੇ ਸ਼ੋਸ਼ਣ ਕੀਤਾ ਜਾਂਦਾ ਹੈ। ਇੱਥੇ ਹੀ ਬੱਸ ਨਹੀਂ ਤੁਹਾਡੇ ਨਾਂ ਦਾ ਲਾਹਾ ਲੈਣ ‘ਚ ਤਾਂ ਸੂਦਖੋਰ ਆੜ੍ਹਤੀਏ ਵੀ ਪਿੱਛੇ ਨਹੀਂ... ਤੁਹਾਨੂੰ ਵੀ ਪਤੈ ਕਿ ਹਟਵਾਣੀਏ ਨੇ ਆਪਣੇ ਗਾਹਕ ‘ਤੇ ਹੀ ਤਰਸ ਕਰ ਲਿਆ ਤਾਂ ਫੇਰ ਓਹਦਾ ਗੱਲਾ ਕਿਵੇਂ ਭਰੂ? ਆੜ੍ਹਤੀਏ ਨੇ ਵੀ ਆਪਣੇ ਮੁਨਾਫੇ ਲਈ ਅੰਨਦਾਤੇ ਨੂੰ ਹੀ ਗੋਡਿਆਂ ਹੇਠਾਂ ਲੇਣੈ.... ਗੁਰੂ ਜੀ, ਬਥੇਰਿਆਂ ਨੇ ਤਾਂ ਆਪਣੀ ਆੜ੍ਹਤ ਦੀਆ ਦੁਕਾਨਾਂ ਦੇ ਨਾਂ ਵੀ ਤੁਹਾਡੇ ਨਾਂ ‘ਤੇ ਰੱਖ ਲਏ ਹਨ ਜਿਵੇਂ ‘ਦਸਮੇਸ਼ ਟਰੇਡਿੰਗ ਕੰਪਨੀ’ ਵਗੈਰਾ ਵਗੈਰਾ। ਹੋਰ ਤਾਂ ਹੋਰ ਤੁਸੀਂ ਤਾਂ ਆਨੰਦ ਕਾਰਜਾਂ ਦੀ ਰਸਮ ਮਨੁੱਖੀ ਰਿਸ਼ਤਿਆਂ ਨੂੰ ਪਵਿੱਤਰਤਾ ਦੇ ਬੰਧਨ ‘ਚ ਬੰਨ੍ਹਣ ਲਈ ਵਿੱਢੀ ਸੀ ਪਰ ਗੁਰੂ ਜੀ ਤੁਹਾਡੇ ਸਿੱਖਾਂ ਦੀ ਜ਼ਮੀਰ ਇੰਨੀ ਗਿਰ ਗਈ ਹੈ ਕਿ ਆਨੰਦ ਕਾਰਜਾਂ ਨੂੰ ਵਿਦੇਸ਼ਾਂ ‘ਚ ਪੈਰ ਜਮਾਉਣ ਲਈ ਪੌੜੀ ਵਜੋਂ ਵਧੇਰੇ ਵਰਤ ਰਹੇ ਹਨ। ਰੌਂਗਟੇ ਖੜ੍ਹੇ ਕਰਨ ਦੇਣ ਵਾਲੀਆਂ ਇਹ ਗੱਲਾਂ ਤਾਂ ਪੰਜਾਬ ਦੇ ਹਰ ਬੱਚੇ ਬੱਚੇ ਨੂੰ ਪਤਾ ਹੋਣਗੀਆਂ ਕਿ ਕਿਵੇਂ ਕੈਨੇਡਾ ਅਮਰੀਕਾ ਜਾਣ ਲਈ ਆਪਣੀਆਂ ਹੀ ਧੀਆਂ ਨਾਲ ਲੋਰੀਆਂ ਦੇਣ ਵਾਲੇ ਪਿਉਆਂ ਨੇ ਤੇ ਆਪਣੀਆਂ ਸਕੀਆਂ ਭੈਣਾਂ ਤੋਂ ਰੱਖੜੀਆਂ ਬੰਨ੍ਹਵਾਉਣ ਵਾਲੇ ਭਰਾਵਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ‘ਚ ਹੀ ਲਾਵਾਂ ਲੈਣ ਦਾ ਕੰਜਰਕਿੱਤਾ ਵਿੱਢਿਆ ਹੋਇਆ ਹੈ। ਗੁਰੂ ਜੀ ਇਹੋ ਜਿਹੇ ਲੋਕਾਂ ਨੂੰ ਤੁਸੀਂ ਕਿੱਧਰ ਦੇ ਸਿੱਖ ਕਹੋਗੇ ਜੋ ਸਿਰਫ ਤੇ ਸਿਰਫ ਪੈਸੇ ਦੇ ਪੁੱਤ ਬਣ ਗਏ ਨੇ, ਬੇਸ਼ੱਕ ਨਾਵਾਂ ਨਾਲ ‘ਸਿੰਘ ਜਾਂ ਕੌਰ’ ਲੱਗਿਆ ਹੋਇਆ ਹੈ? ਜਿਹੜੇ ਲੋਕਾਂ ਨੇ ਵਿਦੇਸ਼ਾਂ ਦੇ ਵੀਜਿਆਂ ਦੇ ਲਾਲਚ ‘ਚ ਆਪਣੀ ਜ਼ਮੀਰ ਹੀ ਗਹਿਣੇ ਕਰ ਦਿੱਤੀ, ਉਹਨਾਂ ਲੋਕਾਂ ਤੋਂ ਸਿੱਖੀ ਦੇ ਭਲੇ ਦੀ ਕੀ ਆਸ ਰੱਖੀ ਜਾ ਸਕਦੀ ਹੈ। ਗੁਰੂ ਜੀ ਇੱਕ ਗੱਲ ਭੁੱਲ ਚੱਲਿਆ ਸੀ..... ਇਹ ਤਾਂ ਆਮ ਲੋਕਾਂ ਦੀ ਗੱਲ ਸੀ। ਹੁਣ ਉਹਨਾਂ ਲੀਡਰਾਂ ਦੀ ਵੀ ਸੁਣ ਲਓ ਜੋ ਸਿੱਖਾਂ ਨੂੰ ਤਰ੍ਹਾਂ ਤਰ੍ਹਾਂ ਦੇ ਸਬਜ਼ਬਾਗ ਦਿਖਾ ਰਹੇ ਨੇ। ਵੀਜ਼ਾ ਤਾਂ ਲੀਡਰਾਂ ਲਈ ਵੀ ਰੱਬੀ ਦਾਤ ਵਰਗਾ ਪ੍ਰਤੀਤ ਹੁੰਦੈ। ਜੇ ਅਜਿਹਾ ਨਾ ਹੁੰਦਾ ਤਾਂ ਕਿਸੇ ਵੇਲੇ ਪੰਜਾਬ ‘ਚੋਂ ਮੈਂਬਰ ਪਾਰਲੀਮੈਂਟ ਵਜੋਂ ਜਿੱਤੇ ਸਿੱਖ ਆਗੂ ਸਾਬ੍ਹ ਇੰਗਲੈਂਡ ਦਾ ਵੀਜ਼ਾ ਲੈਣ ਵੇਲੇ ਵੀ ਇਸੇ ਮੁੱਦੇ ‘ਤੇ ਅੜਦੇ ਕਿ “ਮੈਂ ਤਾਂ ਜਹਾਜ਼ ‘ਚ ਵੀ ਕਿਰਪਾਨ ਨਾਲ ਲਿਜਾਣੀ ਹੈ।” ਪਰ ਅਫ਼ਸੋਸ ਕਿ ਉਕਤ ਆਗੂ ਸਾਬ੍ਹ ਪਾਰਲੀਮੈਂਟ ‘ਚ ਕਿਰਪਾਨ ਨਾਲ ਲਿਜਾਣ ਲਈ ਅੜ ਬੈਠੇ ਸਨ ਪਰ ਜਹਾਜ ਬਿਨਾਂ ਕਿਰਪਾਨ ਤੋਂ ਹੀ ਚੜ੍ਹ ਆਏ ਸਨ।
ਗੁਰੂ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਕਲਨਤਾ ਵੇਲੇ ਜੋ ‘ਕਮੇਟੀ’ ਬਣੀ ਸੀ ਉਸ ਵਿੱਚ ਤਾਂ ਸਭ ਗੁਰੂ ਸਾਹਿਬਾਨ, ਭਗਤ, ਭੱਟ ਗੈਰ ਸਿੱਖ ਹੀ ਸਨ। ਕਿਉਂਕਿ ਸਿੱਖੀ ਦਾ ਸੰਕਲਪ ਤਾਂ ਤੁਸੀਂ 1699 ‘ਚ ਦਿੱਤਾ ਸੀ। ਫਿਰ ਉਸੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ‘ਤੇ ਇਹ ਕਿੱਧਰ ਦਾ ਅਮਲ ਹੋਇਆ ਕਿ ਅੱਜ ਗੈਰ ਸਿੱਖਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਵਾਲੇ ਗੁਰਦੁਆਰਾ ਸਾਹਿਬਾਨਾਂ ਦੀਆਂ ਕਮੇਟੀਆਂ ਜਾਂ ਚੋਣਾਂ ਤੋਂ ਹੀ ਦੂਰ ਕਰ ਦਿੱਤਾ ਗਿਆ ਹੈ। ਤੁਹਾਡੀ ਦੂਰ ਅੰਦੇਸ਼ੀ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 6 ਗੁਰੂ ਸਾਹਿਬਾਨਾਂ, 15 ਭਗਤਾਂ ਤੇ 11 ਭੱਟਾ ਦੀ ਬਾਣੀ ਹੀ ਦਰਜ਼ ਕਰਵਾਈ ਨਾ ਕਿ ਆਪਣੀ। ਜੇ ਸਿੱਖ ਜਾਂ ਗੈਰ ਸਿੱਖ ਦਾ ਪਾੜਾ ਪਾਉਣ ਦੀ ਹੀ ਗੱਲ ਹੁੰਦੀ ਤਾਂ ਤੁਸੀਂ ਵੀ ਔਰੰਗਜ਼ੇਬ ਤੋਂ ਤੰਗ ਹੋ ਕੇ ਤੁਹਾਡੀ ਸ਼ਰਣ ਆਏ ਭਾਈ ਨੰਦ ਲਾਲ ਜੀ ਨੂੰ ਸਭ ਤੋਂ ਪਹਿਲਾਂ ਭਾਈ ਨੰਦ ਸਿੰਘ ਬਣਾ ਲਿਆ ਹੁੰਦਾ। ਜਿਸ ਸਿੱਖੀ ਨੂੰ ਤੁਸੀਂ ਵਿਸ਼ਾਲ ਅਰਥ ਦਿੱਤੇ, ਉਸਨੂੰ ਤਾਂ ਅਸੀਂ ਖੁਦ ਹੀ ਵਲਗਣਾਂ ‘ਚ ਕੈਦ ਕਰੀ ਜਾ ਰਹੇ ਹਾਂ। ਤੁਸੀਂ ਤਾਂ ਹਿੰਦੂਆਂ ਦੀ ਰੱਖਿਆ ਲਈ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਖੁਦ ਸ਼ਹੀਦੀ ਦੇਣ ਲਈ ਤੋਰਿਆ ਸੀ ਤੇ ਮੁਸਲਮਾਨ ਵੀ ਆਪ ਜੀ ਦੇ ਪ੍ਰੇਮ ‘ਚ ਰੰਗੇ ਆਪ ਜੀ ਨੂੰ ‘ਉੱਚ ਦਾ ਪੀਰ’ ਕਹਿ ਕੇ ਵਡਿਆ ਗਏ ਸਨ ਤੇ ਪੀਰ ਬੁੱਧੂ ਸ਼ਾਹ ਜੀ ਵੀ ਆਪਣੇ ਖਾਨਦਾਨ, 700 ਮੁਰੀਦਾਂ ਨੂੰ ਸਿੱਖੀ ਲਈ ਕੁਰਬਾਨ ਕਰ ਗਏ ਸਨ। ਗੁਰੁਆਂ ਨੇ ਤਾਂ ਸ੍ਰੀ ਹਰਮੰਦਰ ਸਾਹਿਬ ਜੀ ਦੀ ਨੀਂਹ ਵੀ ਸਾਂਈਂ ਮੀਆਂ ਮੀਰ ਜੀ ਤੋਂ ਰਖਵਾਈ ਸੀ ਤਾਂ ਕਿ ਆਪਸੀ ਭਰੱਪਾ ਬਣਿਆ ਰਹੇ। ਪਰ ਹੁਣ ਆਹ ਕੀ ਹੋ ਰਿਹਾ ਹੈ ਕਿ ਸਿੱਖਾਂ ਤੋਂ ਬਗੈਰ ਕਿਸੇ ‘ਹੋਰ’ ਨੂੰ ਗੁਰੂ ਘਰਾਂ ਦੀਆਂ ‘ਕਮੇਟੀਆਂ’ ਦੇ ਨੇੜੇ ਵੀ ਨਹੀਂ ਫਟਕਣ ਦਿੱਤਾ ਜਾ ਰਿਹਾ। ਗੁਰੂ ਜੀ, ਜੇ ਗੈਰ ਸਿੱਖਾਂ ਨੂੰ ਗੁਰੂ ਘਰਾਂ ‘ਚੋਂ ਹੀ ਸਤਿਕਾਰ ਨਹੀਂ ਮਿਲੇਗਾ ਤਾਂ ਉਹ ਗੁਰੂ ਘਰਾਂ ਦਾ ਸਤਿਕਾਰ ਕਿਸ ਤਰ੍ਹਾਂ ਕਰਨਗੇ? ਇਸ ਨਾਲ ਤਾਂ ਦੂਰੀਆਂ ਹੋਰ ਵਧਣਗੀਆਂ। 311 ਸਾਲ ਦਾ ਸਫ਼ਰ ਤੈਅ ਕਰ ਚੁੱਕੀ ਸਿੱਖੀ ਫਿਰ ਉਸੇ ਕੇਂਦਰ ਬਿੰਦੂ ‘ਤੇ ਨਾ ਆ ਜਾਵੇ ਜਿੱਥੋਂ ਤੁਸੀਂ ਇਸ ਨੂੰ ‘ਹਰੀ ਝੰਡੀ’ ਦਿੱਤੀ ਸੀ।
ਗੁਰੂ ਜੀ, ਆਮ ਲੋਕਾਂ ਤੱਕ ਤਾਂ 311 ਸਾਲ ਬੀਤ ਜਾਣ ਦੇ ਬਾਵਜੂਦ ਵੀ ਸਿੱਖੀ ਦੇ ਸਹੀ ਅਰਥ ਨਹੀਂ ਪਹੁੰਚੇ। ਼ਲੋਕ ਤਾਂ ਵਿਚਾਰੇ ਆਪਣੀ ਹੋਣੀ ਦੇ ਖੁਦ ਮਾਲਕ ਬਣਨ ਨਾਲੋਂ ਦਰ ਦਰ ਮੱਥੇ ਰਗੜਣ ਲਈ ਮਜ਼ਬੂਰ ਕੀਤੇ ਪਏ ਹਨ। ਜਿਹਨਾਂ ਲੋਕਾਂ ਨੇ ਤੁਹਾਡੀਆਂ ਸਿੱਖਿਆਵਾਂ ਨੂੰ ਅੱਗੇ ਪਰਸਾਰਿਤ ਕਰਨਾ ਸੀ ਓਹ ਤਾਂ ਖੁਦ ਹੀ ਇਖਲਾਕੀ ਤੌਰ ‘ਤੇ ਪੰਜ ਵਿਕਾਰਾਂ ਨੇ ਮਧੋਲੇ ਪਏ ਹਨ। ਗੁਰਦੁਆਰਾ ਛੇਹਰਟਾ ਸਾਹਿਬ ਅੰਮ੍ਰਿਤਸਰ ਦੇ ਮੈਨੇਜ਼ਰ ਉੱਪਰ ਪਰ-ਇਸਤਰੀ ਨਾਲ ਰੰਗਰਲੀਆਂ ਮਨਾਉਣ ਦੇ ਦੋਸ਼ ‘ਚ ਦਰਜ ਹੋਏ ਕੇਸ ਤੇ ਬੇਦੀ ਸਾਬ੍ਹ ਦੇ ਕਾਮੀ ਪੁਰਸ਼ ਵਜੋਂ ਅਖਬਾਰਾਂ ‘ਚ ਨਸ਼ਰ ਹੋਈਆਂ ਨਿਰਵਸਤਰ ਤਸਵੀਰਾਂ ਇਸ ਦੀ ਪੁਖਤਾ ਉਦਾਹਰਣ ਹਨ। ਗੁਰੂ ਜੀ, ਅਸੀਂ ਤਾਂ ਸਗੋਂ ਪਹਿਲਾਂ ਨਾਲੋਂ ਵੀ ਵਧੇਰੇ ਬੂਝੜ ਹੋ ਗਏ ਹਾਂ ਕਿ ਕਦੇ ਕੋਈ ‘ਸਿਆਣਾ’ ਕਹਿ ਦਿੰਦੈ ਕਿ ਗੁਰਦੁਆਰਾ ਸਾਹਿਬਾਨਾਂ ‘ਚ ਭਗਤ ਰਵੀਦਾਸ ਜੀ ਦੀਆਂ ਨੰਗੇ ਸਿਰ ਵਾਲੀਆਂ ਤਸਵੀਰਾਂ ਨਹੀਂ ਲੱਗਣੀਆਂ ਚਾਹੀਦੀਆਂ... ਕਦੇ ਕੁਝ ਕਦੇ ਕੁਝ। ਇੱਕ ਸਵਾਲ ਮਨ ‘ਚ ਬਾਰ ਬਾਰ ਆਉਂਦੈ ਕਿ ਜੇ ਧਰਮ ਦੇ ਠੇਕੇਦਾਰ ਅਖਵਾਉਂਦੇ ਇਹ ਲੋਕ ਇਹੋ ਜਿਹੀਆਂ ਬੇਤੁਕੀਆਂ ਬਿਆਨਬਾਜੀਆਂ ਕਰਦੇ ਹਨ ਤਾਂ ਫਿਰ ਉਹ ਗੋਲਕਾਂ ‘ਚ ਗਾਂਧੀ ਦੀ ਫੋਟੋ ਵਾਲੇ ਨੋਟ ਜਾਂ ਮਹਾਰਾਣੀ ਦੀ ਫੋਟੋ ਵਾਲੇ ਪੌਂਡ ਡਾਲਰ ਟੇਕਣ ਵਾਲਿਆਂ ਨੂੰ ਕਿਉਂ ਨਹੀਂ ਰੋਕਦੇ? ਕਿਉਂਕਿ ਨਾ ਤਾਂ ਨੋਟਾਂ ਉੱਪਰਲੀ ਫੋਟੋ ‘ਚ ਗਾਂਧੀ ਦੇ ‘ਟੂਟੀ ਵਾਲੀ ਪੱਗ’ ਬੰਨ੍ਹੀ ਹੋਈ ਹੈ ਤੇ ਨਾ ਹੀ ਮਹਾਰਾਣੀ ਨੇ ਪੌਂਡਾਂ ‘ਤੇ ਚੁੰਨੀ ਨਾਲ ਸਿਰ ਢਕਿਆ ਹੋਇਆ ਹੈ।
ਗੁਰੂ ਜੀ, ਚਿੱਠੀ ਬੰਦ ਕਰਨ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਅਮੁੱਲੀ ਸਿੱਖੀ ਨੂੰ ਨੋਟਾਂ ਜਾਂ ਪੌਡਾਂ-ਡਾਲਰਾਂ ਬਦਲੇ ਆਪਣੇ ਹਿਸਾਬ ਨਾਲ ਢਾਲਣ ਵਾਲਿਆਂ ਨੂੰ ਪਿਆਰ ਨਾਲ ਸਮਝਾ ਬੁਝਾ ਕੇ ਸੁਮੱਤ ਬਖਸ਼ੋ। ਇਕੱਲੇ ਔਰੰਗਜ਼ੇਬ ਲਈ ਤਾਂ ਤੁਸੀਂ ਜ਼ਫ਼ਰਨਾਮਾ ਲਿਖ ਦਿੱਤਾ ਸੀ ਪਰ ਘਰ ਘਰ ਬੈਠੇ ਆਪਣੇ ਹੀ ਔਰੰਗਜ਼ੇਬਾਂ ਲਈ ਕਿਸੇ ਹੋਰ ਵਧੇਰੇ ਪ੍ਰਭਾਵਸ਼ਾਲੀ ਤਰਕ-ਬਾਣ ਦੀ ਲੋੜ ਪਵੇਗੀ।
ਦਸਮੇਸ਼ ਪਿਤਾ ਜੀ ਲਫ਼ਜ਼ਾਂ ਦੀ ਵਾਧ-ਘਾਟ ਜਾਂ ਛੋਟਾ ਮੂੰਹ ਵੱਡੀ ਬਾਤ ਵਰਗੀ ਕੋਈ ਗੱਲ ਕਹੀ ਗਈ ਹੋਵੇ ਤਾਂ ਅਣਜਾਣ ਜਾਣ ਕੇ ਖਿਮਾ ਕਰਨਾ।
ਤੁਹਾਡਾ ਹਮੇਸ਼ਾ ਕਰਜ਼ਦਾਰ.....।
ਅਣਜਾਣ ਬੱਚਾ।
****



ਕੀ ਦਿੱਤਾ ਤੇ ਕੀ ਲਿਆ ਆਸਟ੍ਰੇਲੀਆ ਤੋਂ.......... ਲੇਖ਼ / ਯੁੱਧਵੀਰ ਸਿੰਘ (ਆਸਟ੍ਰੇਲੀਆ)

ਜੋ ਕੁੱਝ ਪਿਛਲੇ ਦਿਨਾਂ ਵਿਚ ਆਸਟ੍ਰੇਲੀਆ ਵਿਚ ਵਾਪਰਿਆ ਹੈ, ਉਹਨਾਂ ਘਟਨਾਵਾਂ ਨੇ ਸਾਰੇ ਭਾਰਤੀਆਂ ਨੂੰ ਖਾਸ ਕਰਕੇ ਪੰਜਾਬੀਆਂ ਨੂੰ ਕਟਹਿਰੇ ਵਿਚ ਖੜ੍ਹਾ ਕਰ ਦਿੱਤਾ ਹੈ, ਕਿਉਂਕਿ ਜ਼ਿਆਦਾ ਘਟਨਾਵਾਂ ਪੰਜਾਬੀਆਂ ਨਾਲ ਹੋਈਆਂ ਆਸਟ੍ਰੇਲੀਆ ਵਿਚ। ਭਾਰਤੀ ਮੀਡੀਆ ਨੇ ਬੜੇ ਚਟਕਾਰੇ ਲੈ ਕੇ ਖ਼ਬਰਾਂ ਛਾਪੀਆਂ ਪਰ ਜਦੋਂ ਪੁਲਿਸ ਨੇ ਤਫ਼ਤੀਸ਼ ਕੀਤੀ ਤਾਂ ਅੱਧੇ ਤੋਂ ਜ਼ਿਆਦਾ ਅਪਰਾਧਾਂ ਵਿਚ ਪੰਜਾਬੀ ਹੀ ਮੁਜ਼ਰਮ ਨਿਕਲੇ। ਐਸਨਡੈਨ ਅੱਗ ਕਾਂਡ ਹੋਇਆ ਜਾਂ ਰਣਜੋਧ ਸਿੰਘ ਕਾਂਡ। ਇਹਨਾਂ ਨੇ ਸਾਰਿਆਂ ਦੀ ਮਿੱਟੀ ਪਲੀਤ ਕਰ ਦਿੱਤੀ। ਰਹਿੰਦੀ ਖੂੰਹਦੀ ਕਸਰ ਪਰਥ ਵਿਚ ਦੋ ਸਕੇ ਭਰਾਵਾਂ ਨੂੰ ਇਕ ਪੰਜਾਬੀ ਨੇ ਕੁੱਝ ਡਾਲਰਾਂ ਪਿੱਛੇ ਜਾਨੋਂ ਮਾਰ ਕੇ ਪੂਰੀ ਕਰ ਦਿੱਤੀ। ਇਕ ਮਿੰਟ ਦੇ ਗੁੱਸੇ ਨੇ ਇਕ ਘਰ ਦੇ ਦੋ ਚਿਰਾਗ ਬੁਝਾ ਦਿੱਤੇ। ਗੋਰਿਆਂ ਤੋਂ ਡਰਦੇ ਪੰਜ-ਪੰਜ ਮੁੰਡੇ ਤਾਂ ਦੁੱਧ ਦੀ ਕੈਨੀ ਲੈਣ ਜਾਂਦੇ ਹਨ। ਉਸ ਸਮੇਂ ਇਹ ਗੁੱਸਾ ਕਿੱਥੇ ਹੁੰਦਾ ਹੈ। ਗੋਰਿਆਂ ਤੋਂ ਛਿੱਤਰ ਖਾ ਕੇ ਪੰਜਾਬੀ ਚੁੱਪ ਕਰ ਜਾਂਦੇ ਹਨ ਤੇ ਆਪਸ ਵਿਚ ਚਾਕੂ ਚਲਾ ਦਿੰਦੇ ਹਨ। ਲੱਖ ਦੀ ਲਾਹਨਤ ਹੈ, ਇਹੋ ਜਿਹੀ ਬਹਾਦਰੀ ‘ਤੇ।
ਇਤਿਹਾਸ ਗਵਾਹ ਹੈ ਜਦੋਂ ਵੀ ਕੋਈ ਨਵੀਂ ਕੌਮ ਆਸਟ੍ਰੇਲੀਆ ਆਈ ਹੈ, ਉਹਨਾਂ ਨਾਲ ਧੱਕਾ ਹੋਇਆ ਹੈ। ਚਾਹੇ ਗ੍ਰੀਕ ਹੋਣ, ਚਾਹੇ ਇਟਾਲੀਅਨ, ਚਾਹੇ ਲਿਬਨਾਨੀ ਜਾਂ ਭਾਰਤੀ। ਪਰ ਬਾਅਦ ਵਿਚ ਭਾਈਚਾਰਕ ਸਾਂਝ ਵੀ ਕਾਫ਼ੀ ਬਣੀ। ਭਾਰਤੀਆਂ ਨਾਲ ਤਾਂ ਇਹ ਰੋਸਾ ਦੋ ਤਿੰਨ ਸਾਲ ਤੋਂ ਜ਼ਿਆਦਾ ਭਖਿਆ ਹੈ। ਜਦੋਂ ਦੇ ਸਟੂਡੈਂਟ ਵੀਜ਼ੇ ‘ਤੇ ਕਾਫ਼ੀ ਭਾਰਤੀ ਇੱਥੇ ਪੁੱਜੇ ਹਨ। ਕਈ ਭਾਰਤੀ ਤਾਂ ਇਹੋ ਜਿਹੇ ਹਨ, ਜਿਹੜੇ ਦਿੱਲੀ ਸਿਰਫ ਆਸਟ੍ਰੇਲੀਆ ਲਈ ਹਵਾਈ ਜਹਾਜ਼ ਫੜਨ ਆਏ ਸੀ। ਜਿਹਨਾਂ ਨੇ ਕਦੇ ਵੱਡੇ ਸ਼ਹਿਰ ਦਾ ਮਾਹੌਲ ਨਹੀਂ ਵੇਖਿਆ, ਉਹ ਸਮੁੰਦਰ ਪਾਰ ਕਰਕੇ ਪਰੀਆਂ ਦੇ ਦੇਸ਼ ਆਸਟ੍ਰੇਲੀਆ ਆ ਪੁੱਜੇ। ਇੱਥੋਂ ਦੀ ਚਮਕ ਨੇ ਅੱਖਾਂ ਚੁੰਧਿਆ ਦਿੱਤੀਆਂ। ਇੱਥੇ ਕੋਈ ਅਮੀਰ-ਗਰੀਬ ਦਾ ਸਵਾਲ ਨਹੀਂ ਹੈ। ਗਰੀਬ ਬੰਦਾ ਤਾਂ ਚੰਡੀਗੜ੍ਹ ਤੱਕ ਨਹੀਂ ਜਾ ਸਕਦਾ। ਆਸਟ੍ਰੇਲੀਆ ਕਿੱਥੋਂ ਆ ਸਕਦਾ ਹੈ ਗਰੀਬ ਇਨਸਾਨ। ਇਹਨਾਂ ਦੀ ਖੁੱਲ੍ਹੀ ਛੋਟ ਮਿਲੀ ਵੇਖ ਕੇ ਕਈ ਲੋਕਾਂ ਨੇ ਆਸਟ੍ਰੇਲੀਆ ਵੱਲ ਰੁੱਖ ਕੀਤਾ। ਸਪਾਊਜ਼ ਵੀਜ਼ਾ ਵੀ ਖੁੱਲ੍ਹੇ ਆਮ ਹੋ ਗਿਆ। ਇਸਦਾ ਕਈ ਲੋਕਾਂ ਨੇ ਨਾਜਾਇਜ਼ ਫਾਇਦਾ ਉਠਾਇਆ। ਸ਼ਰ੍ਹੇਆਮ ਕੰਟਰੈਕਟ ਵਿਆਹ ਹੋਏ। ਕਈ ਨੌਜਵਾਨਾਂ ਦੇ ਮਾਪਿਆਂ ਨੇ ਇਹ ਸੋਚ ਕਿ ਆਸਟ੍ਰੇਲੀਆ ਵਿਆਹ ਕਰਾ ਕੇ ਭੇਜ ਦਿੱਤਾ ਕਿ ਸ਼ਾਇਦ ਆਸਟ੍ਰੇਲੀਆ ਜਾ ਕੇ ਸੁਧਰ ਜਾਣਗੇ ਪਰ ਕਿੱਥੋਂ ਸੁਧਰਦੇ ਹਨ ਇਹ ਵੀਰ। ਔਰਤ ਨੂੰ ਤਾਂ ਕੁਸਕਣ ਵੀ ਨਹੀਂ ਦਿੰਦੇ। ਉਹਦੀ ਮੰਨਣ ਕਿਵੇਂ ਇਹ ਵੀਰ। ਖੇਤਾਂ ਵਿਚ ਕੰਮ ਕਰਦੇ ਪਿੱਠ ਦੁੱਖਦੀ ਹੈ। ਸਕਿਊਰਟੀ ਦੇ ਕੰਮ ਵਿਚ ਖੜ੍ਹਿਆ ਨਹੀਂ ਜਾਂਦਾ। ਫਿਰ ਪੈਸੇ ਕਿੱਥੋਂ ਆਉਣਗੇ। ਸਿਰਫ ਕੁਝ ਨਿਕੰਮੇ ਨਸ਼ਈ ਕਿਸਮ ਦੇ ਨੌਜਵਾਨਾਂ ਨੇ ਸਾਰੀ ਪੰਜਾਬੀ ਸੁਸਾਇਟੀ ਨੂੰ ਕਲੰਕਿਤ ਕਰ ਦਿੱਤਾ ਹੈ। ਫਿਲਮਾਂ ਵੇਖ ਵੇਖ ਕੇ ਪੈਸੇ ਜਲਦੀ ਬਣਾਉਣ ਦੇ ਚੱਕਰ ਵਿਚ ਗਲਤ ਰਸਤੇ ‘ਤੇ ਚੱਲ ਪੈਂਦੇ ਹਨ। ਬੈਂਕਾਂ ਨਾਲ ਧੋਖਾਧੜੀ ਕਰਦੇ ਹਨ, ਮੋਬਾਇਲ ਕੰਪਨੀਆਂ ਨਾਲ ਧੋਖਾ ਕਰਦੇ ਹਨ। ਕੰਮਾਂ ਦੇ ਵਿਚ ਵੀ ਗੜਬੜੀ ਕਰਦੇ ਹਨ। ਇੱਥੇ ਇੰਮੀਗ੍ਰੇਸ਼ਨ ਦੇ ਵਿਚ ਇੰਟਰਪ੍ਰੇਟਰ ਦੀ ਸੇਵਾ ਕਰਨ ਵਾਲੇ ਮਨਜੀਤ ਸਿੰਘ ਔਜਲਾ ਨੇ ਦੱਸਿਆ ਕਿ ਸੈਂਕੜਿਆਂ ਦੀ ਤਾਦਾਦ ਵਿਚ ਪੰਜਾਬੀ ਨੌਜਵਾਨ ਲੈਵਰਟਨ ਦੀ ਜੇਲ੍ਹ ਵਿਚ ਬੰਦ ਹਨ, ਜਿਹਨਾਂ ਵਿਚੋਂ ਜ਼ਿਆਦਾਤਰ ਟੈਕਸੀ ਡਰਾਈਵਰ ਹਨ। ਜਿਹਨਾਂ ਨੇ ਸਵਾਰੀਆਂ ਦੇ ਕਰੈਡਿਟ ਕਾਰਡ ਤੇ ਐਮ. ਪੀ. ਟੀ. ਪੀ. ਕਾਰਡ ਮੈਨੂਅਲ ਪ੍ਰੋਸੈਸ ਕਰਕੇ ਬਾਅਦ ਵਿਚ ਜ਼ਿਆਦਾ ਡਾਲਰ ਭਰੇ ਤੇ ਆਪਦੇ ਫਾਇਦੇ ਲਈ ਕਰੈਡਿਟ ਕਾਰਡ ਦਾ ਗਲਤ ਇਸਤੇਮਾਲ ਕੀਤਾ। ਜੋ ਕਿ ਸਵਾਰੀਆਂ ਨੂੰ ਪਤਾ ਚੱਲਣ ‘ਤੇ ਟੈਕਸੀ ਡਰਾਈਵਰਾਂ ਨੂੰ ਜੇਲ੍ਹ ਦੇ ਦਰਸ਼ਨ ਕਰਨੇ ਪਏ। ਪਰ ਅਜੇ ਵੀ ਸਾਡੇ ਪੰਜਾਬੀ ਸ਼ੇਰ ਟਲਦੇ ਨਹੀਂ ਗਲਤ ਕੰਮਾਂ ਤੋਂ। ਪਿਛਲੇ ਦਿਨਾਂ ਵਿਚ ਮੈਲਬੌਰਨ ਦੀ ਯੈਲੋ ਕੈਸ਼ ਕੰਪਨੀ ਵੱਲੋਂ ਟੈਕਸੀ ਡਰਾਈਵਰਾਂ ‘ਤੇ ਕੰਮ ਦੇ ਦੌਰਾਨ ਛਾਪੇ ਮਾਰੇ, ਜਿਸ ਵਿਚ ਕਾਫ਼ੀ ਤਾਦਾਦ ਵਿਚ ਸਾਡੇ ਪੰਜਾਬੀ ਮੁੰਡੇ ਡਿਸਪੈਚਰ ਨਾਲ ਛੇੜ-ਛਾੜ ਦੇ ਦੋਸ਼ੀ ਪਾਏ ਗਏ। ਦੋ ਸੌ ਡਾਲਰ ਦੇ ਜ਼ੁਰਮਾਨੇ ਤੇ ਆਖਰੀ ਚਿਤਾਵਨੀ ਦੇ ਕੇ ਛੱਡ ਦਿੱਤੇ ਗਏ ਪਰ ਹੁਣ ਫਿਰ ਮੁੰਡੇ ਉਸੇ ਰਾਹ ‘ਤੇ ਤੁਰ ਪਏ ਤੇ ਮੁੱਛਾਂ ਨੂੰ ਤਾਅ ਦੇ ਕੇ ਕਹਿੰਦੇ ਹਨ ਕਿ ਕੋਈ ਨਹੀਂ ਅਸੀਂ ਤਾਂ ਨਹੀਂ ਹਟਦੇ ਪੰਗੇ ਲੈਣ ਤੋਂ, ਜਿਹਨੇ ਜੋ ਕਰਨਾ ਹੈ ਕਰ ਲਵੇ।

ਪਿਛਲੇ ਦਿਨਾਂ ਵਿਚ ਜੋ ਵੀ ਮਾੜਾ ਵਾਪਰਿਆ, ਉਸ ਦੇ ਲਈ ਜ਼ਿੰਮੇਵਾਰ ਵੀ ਪੰਜਾਬੀ ਹੀ ਨਿਕਲੇ ਹਨ। ਚਾਰ ਮਾਰਚ ਨੂੰ ਇਕ ਬੱਚੇ ਨੂੰ ਅਗਵਾ ਕਰ ਲਿਆ ਗਿਆ, ਜਿਸ ਦੀ ਸ਼ਾਮ ਨੂੰ ਲਾਸ਼ ਹੀ ਮਿਲੀ। ਇਹ ਬੱਚਾ ਇਕ ਪੰਜਾਬੀ ਪਰਿਵਾਰ ਦਾ ਸੀ ਤੇ ਐਤਵਾਰ ਨੂੰ ਜੋ ਅਗਵਾਕਾਰ ਫੜਿਆ ਗਿਆ, ਉਹ ਵੀ ਪੰਜਾਬੀ ਨਿਕਲਿਆ। ਸਾਰੀ ਦੁਨੀਆ ਹੈਰਾਨ ਹੋ ਗਈ ਕਿ ਇਹ ਕੀ ਵਾਪਰ ਗਿਆ। ਹਰ ਕੇਸ ਦੀ ਤਫ਼ਤੀਸ਼ ਚੱਲ ਰਹੀ ਹੈ। ਇਕ ਅਚੰਭੇ ਵਾਲੀ ਗੱਲ ਇਹ ਹੋਈ ਕਿ ਇਹਨਾਂ ਦੇ ਨੇੜੇ ਰਹਿਣ ਵਾਲੇ ਗੋਰੇ ਤੇ ਦੂਜੇ ਦੇਸ਼ਾਂ ਦੇ ਲੋਕ ਇਸ ਬੱਚੇ ਦੇ ਘਰ ਅੱਗੇ ਫੁੱਲ ਰੱਖ ਕੇ ਆਏ ਤੇ ਗਰੀਟਿੰਗ ਕਾਰਡ ਰੱਖ ਕੇ ਆਏ ਤੇ ਆਪਣੀ ਹਮਦਰਦੀ ਪ੍ਰਗਟ ਕੀਤੀ। ਪਰ ਜਦੋਂ ਕਾਤਲ ਤੇ ਅਗਵਾਕਾਰ ਦੀ ਸ਼ਨਾਖਤ ਹੋਈ ਤਾਂ ਪੰਜਾਬੀ ਸਪੂਤਾਂ ਦਾ ਤਾਂ ਜਹਾਨ ਹੀ ਲੁੱਟਿਆ ਗਿਆ। ਟੈਕਸੀ ਵਿਚ ਬੈਠਣ ਵਾਲੇ ਗੋਰੇ ਹੁਣ ਜਦ ਕਿਸੇ ਭਾਰਤੀ ਨੂੰ ਪੁੱਛਦੇ ਹਨ ਕਿ ਤੂੰ ਭਾਰਤ ਤੋਂ ਹੈ? ਤਾਂ ਡਰਾਈਵਰ ਪਾਕਿਸਤਾਨ ਜਾਂ ਬੰਗਲਾਦੇਸ਼ ਦਾ ਨਾਂ ਲੈ ਦਿੰਦਾ ਹੈ ਕਿ ਉਹ ਭਾਰਤ ਤੋਂ ਨਹੀਂ ਹੈ। ਹੁਣ ਸਾਨੂੰ ਆਪਣੀ ਪਹਿਚਾਣ ਵੀ ਲੁਕੋਣੀ ਪੈ ਰਹੀ ਹੈ, ਕੁੱਝ ਮੂਰਖ ਲੋਕਾਂ ਦੀਆਂ ਗਲਤੀਆਂ ਕਾਰਨ।
ਨਵੇਂ ਆਏ ਕੁਝ ਵੀਰ ਜ਼ਿਆਦਾ ਹੀ ਅੱਤ ਚੁੱਕ ਰਹੇ ਹਨ, ਜਿਵੇਂ ਕਿ ਕੈਸੀਨੋ ਜਾ ਕੇ ਜੂਆ ਖੇਡਦੇ ਹਨ। ਸ਼ਰਾਬ ਪੀ ਕੇ ਰਾਤ ਨੂੰ ਗਲੀਆਂ ਵਿਚ ਲਲਕਾਰੇ ਮਾਰਦੇ ਫਿਰਦੇ ਹਨ। ਉਧਾਰ ਪੈਸੇ ਮੰਗ ਕੇ ਮੁੰਡਿਆਂ ਤੋਂ ਕੁੜੀਆਂ ਨੂੰ ਸੈਰਾਂ ਕਰਵਾ ਰਹੇ ਹਨ। ਬਾਅਦ ਵਿਚ ਜਦੋਂ ਕੋਈ ਪੈਸੇ ਵਾਪਸ ਮੰਗਦਾ ਹੈ ਤਾਂ ਲੜਾਈ ਹੋ ਜਾਂਦੀ ਹੈ। ਜ਼ਿਆਦਾ ਲੜਾਈਆਂ ਉਧਾਰੇ ਪੈਸੇ ਵਾਪਸ ਮੰਗਣ ‘ਤੇ ਹੁੰਦੀਆਂ ਹਨ। ਇਸ ਤੋਂ ਬਚਣ ਦਾ ਤਰੀਕਾ ਇਕ ਹੀ ਹੈ ਕਿ ਕਿਸੇ ਨੂੰ ਪੈਸੇ ਉਧਾਰ ਨਾ ਹੀ ਦਿੱਤੇ ਜਾਣ। ਜਿਸ ਦਿਨ ਦੋਸਤ ਨੂੰ ਤੁਸੀਂ ਪੈਸੇ ਦੇ ਦਿੱਤੇ, ਉਸ ਦਿਨ ਤੁਸੀਂ ਉਹਦੇ ਲਈ ਰੱਬ ਸਮਾਨ ਹੁੰਦੇ ਹੋ ਜਿਸ ਦਿਨ ਵਾਪਸ ਮੰਗਦੇ ਹੋ, ਉਸ ਦਿਨ ਦੁਸ਼ਮਣ ਹੋ ਜਾਂਦੇ ਹੋ।
ਮੇਰੀ ਸਾਰਿਆਂ ਅੱਗੇ ਇਹੀ ਅਪੀਲ ਹੈ ਕਿ ਸੂਝਵਾਨ ਵੀਰੋ, ਜੇ ਤੁਸੀਂ ਇਸ ਮੁਲਕ ਵਿਚ ਰਹਿਣਾ ਚਾਹੁੰਦੇ ਹੋ ਤਾਂ ਤਰੀਕੇ ਨਾਲ ਰਹੋ। ਜੇ ਜ਼ਿਆਦਾ ਹੀ ਫੁਕਰਪੁਣੇ ਨਾਲ ਰਹਿਣਾ ਹੈ ਤਾਂ ਭਾਰਤ ਵਾਪਸ ਜਾਓ, ਪਰ ਇੱਥੇ ਗੰਦ ਪਾ ਕੇ ਪੰਜਾਬੀਅਤ ਨੂੰ ਬਦਨਾਮ ਨਾ ਕਰੋ।
****



3 ਜੰਗਾਂ ਲੜਨ ਵਾਲਾ 'ਜਿ਼ੰਦਗੀ ਨਾਲ ਜੰਗ' ਹਾਰਨ ਕਿਨਾਰੇ ਹੈ.......... ਲੇਖ਼ / ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)

ਦੁਨੀਆਂ ਤਰ੍ਹਾਂ ਤਰ੍ਹਾਂ ਦੇ ਲੋਕਾਂ ਨਾਲ ਭਰੀ ਪਈ ਹੈ। ਕੁਝ ਐਸੇ ਵੀ ਹੁੰਦੇ ਹਨ ਜੋ ਸਾਰੀ ਉਮਰ ਹਨੇਰਾ ਢੋਂਹਦੇ ਰਹਿੰਦੇ ਹਨ ਪਰ ਕੁਝ ਕੁ ਐਸੇ ਵੀ ਹੁੰਦੇ ਹਨ ਜੋ ਨ੍ਹੇਰਿਆਂ ਵਿੱਚੋਂ ਵੀ ਰੌਸ਼ਨੀ ਦੀ ਲੀਕ ਲੱਭ ਹੀ ਲੈਂਦੇ ਹਨ। ਕੁਝ ਲੋਕ ਐਸੇ ਹੁੰਦੇ ਹਨ ਜੋ ਜਿ਼ੰਦਗੀ ਵੱਲੋਂ ਲਏ ਛੋਟੇ ਜਿਹੇ ਇਮਤਿਹਾਨ ਅੱਗੇ ਹੀ ਗੋਡੇ ਟੇਕ ਦਿੰਦੇ ਹਨ ਤੇ ਕੁਝ ਐਸੇ ਵੀ ਹੁੰਦੇ ਹਨ ਜੋ ਇਹਨਾਂ ਇਮਤਿਹਾਨਾਂ ਦਾ ਡਟ ਕੇ ਮੁਕਾਬਲਾ ਕਰਦੇ ਹੋਏ ਮੌਤ ਨੂੰ ਵੀ ਸ਼ਰਮਸ਼ਾਰ ਹੋ ਕੇ ਮੁੜਨ ਲਈ ਮਜ਼ਬੂਰ ਕਰ ਦਿੰਦੇ ਹਨ। ਅਜਿਹਾ ਹੀ ਇੱਕ ਸ਼ਖਸ਼ ਹੈ ਲੁਧਿਆਣਾ ਜਿਲ੍ਹੇ ਦੇ ਪਿੰਡ ਬੇਗੋਵਾਲ ਦਾ ਸੱਤਰ ਕੁ ਸਾਲਾ ਦਲਜੀਤ ਸਿੰਘ ਮਾਂਗਟ, ਜਿਸਨੇ ਆਪਣੀ ਜਿ਼ੰਦਾਦਿਲੀ ਸਦਕਾ ਆਪਣੇ ਸਾਹਾਂ ਦੀ ਲੜੀ ਅਜੇ ਤੱਕ ਜੋੜੀ ਹੋਈ ਹੈ ਬਸ਼ਰਤੇ ਕਿ ਹਾਲਾਤਾਂ ਨੇ ਉਹ ਲੜੀ ਤੋੜਨ ਦੀ ਕੋਈ ਕਸਰ ਬਾਕੀ ਨਹੀਂ ਛੱਡੀ।
ਸੂਲ ਤੋਂ ਸੂਲੀ ਬਣਨ ਦਾ ਹੱਡੀਂ ਹੰਢਾਇਆ ਤਲਖ ਸੱਚ ਇਹਨਾਂ ਸਤਰਾਂ ਦੇ ਲੇਖਕ ਨਾਲ ਹਲਫੀਆ ਬਿਆਨਾਂ ਜ਼ਰੀਏ ਸਾਂਝਾ ਕਰਦਿਆਂ ਦਲਜੀਤ ਸਿੰਘ ਨੇ ਦੱਸਿਆ ਹੈ ਕਿ ਦਾਦਾ ਜੀ, ਪਿਤਾ ਜੀ ਤੇ ਵੱਡੇ ਭਰਾ ਦੇ ਫੌਜ ਵਿੱਚ ਹੋਣ ਕਾਰਨ ਉਸਨੂੰ ਵੀ ਭਰਤੀ ਹੋਣ ਦਾ ਬੜਾ ਚਾਅ ਸੀ। ਇਹੀ ਚਾਅ ਉਸਨੂੰ ਕਿਲ੍ਹਾ ਬਹਾਦਰਗੜ੍ਹ ਜਿਲ੍ਹਾ ਪਟਿਆਲਾ ਵਿਖੇ ਫੌਜ 'ਚ ਭਰਤੀ ਹੋਣ ਲਈ ਲੈ ਗਿਆ। ਸਿਹਤ ਪੱਖੋਂ ਮਾੜਕੂ ਜਿਹਾ ਹੋਣ ਕਰਕੇ ਉਸਨੂੰ ਵਰਦੀ ਸਟੋਰ 'ਤੇ ਸਹਾਇਕ ਵਜੋਂ ਭਰਤੀ ਕਰ ਲਿਆ। 1960 'ਚ ਉਹ ਪੱਕੇ ਤੌਰ 'ਤੇ ਪੀ. ਏ. ਪੀ. ਦਾ ਮੁਲਾਜ਼ਮ ਬਣ ਗਿਆ। 1964 'ਚ ਉਸ ਦੀ ਬਦਲੀ ਕਸ਼ਮੀਰ ਦੀ ਹੋ ਗਈ ਜਿੱਥੇ ਉਸ ਨੇ ਦੇਸ਼ ਦੀਆਂ 1962, 1965 ਤੇ 1971 ਤਿੰਨ ਪ੍ਰਮੁੱਖ ਲੜਾਈਆਂ ਦੁਸ਼ਮਣ ਦੇ ਦੰਦ ਖੱਟੇ ਕੀਤੇ। ਕਿਸੇ ਵੇਲੇ ਦਗੜ ਦਗੜ ਕਰਦੇ ਫਿਰਨ ਵਾਲੇ ਦਲਜੀਤ ਸਿੰਘ ਨੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਜਿਹੜੇ ਸੁਪਨੇ ਉਸਨੇ ਸੰਜੋਏ ਹੋਏ ਹਨ ਉਹ ਇੱਕ ਦਿਨ ਬੈਸਾਖੀਆਂ ਸਹਾਰੇ ਹੋ ਜਾਣਗੇ। ਹੋਇਆ ਇੰਝ ਕਿ 1974 'ਚ ਉਸਦੇ ਬੂਟ ਵਿੱਚੋਂ ਆਰ ਪਾਰ ਹੋ ਕੇ ਮੇਖ ਉਸਦੇ ਅੰਗੂਠੇ ਨੂੰ ਲੱਗ ਗਈ। ਮਿਲਟਰੀ ਹਸਪਤਾਲ ਰਾਜੌਰ 150 ਜੀ. ਐੱਚ. ਵਿਖੇ ਭਰਤੀ ਕਰਵਾ ਦਿੱਤਾ ਗਿਆ। ਬੜੀ ਉਮੀਦ ਸੀ ਕਿ ਠੀਕ ਹੋ ਕੇ ਫਿਰ ਦੇਸ਼ ਸੇਵਾ ਦੇ ਖੇਤਰ ਵਿੱਚ ਆਵਾਂਗਾ। ਨੌਕਰੀ ਤੋਂ 45 ਦਿਨ ਦੀ ਛੁੱਟੀ ਦੇ ਕੇ ਉਸਨੂੰ ਘਰ ਤੋਰ ਦਿੱਤਾ ਗਿਆ। ਜਦ ਵਾਪਸ ਆ ਕੇ ਦੇਖਿਆ ਤਾਂ ਜਾਣਿਆ ਕਿ ਮਹਿਕਮੇ ਨੂੰ ਹੁਣ ਉਸ ਦੀਆਂ ਸੇਵਾਵਾਂ ਦੀ ਲੋੜ ਨਹੀਂ ਸੀ ਰਹੀ। ਮਹੀਨੇ ਬਾਦ ਉਸਨੂੰ ਡਿਸਚਾਰਜ ਸਰਟੀਫਿਕੇਟ ਦੇ ਕੇ ਘਰ ਤੋਰ ਦਿੱਤਾ ਗਿਆ। ਰੋਟੀ ਟੁੱਕ ਚਲਦਾ ਰੱਖਣ ਲਈ ਬਿਜਲੀ ਦਾ ਕੰਮ ਸਿੱਖ ਕੇ 1984 'ਚ ਇੱਕ ਵਿਦੇਸ਼ੀ ਕੰਪਨੀ 'ਚ ਇਲੈਕਟ੍ਰੀਕਲ ਭਰਤੀ ਹੋ ਗਿਆ। 1990 'ਚ ਫਰਾਂਸ ਦੀ ਕੰਪਨੀ ਨੇ ਇਲੈਕਟ੍ਰੀਕਲ ਫੋਰਮੈਨ ਭਰਤੀ ਕਰਕੇ ਮੁੜ ਉਸੇ ਹੀ ਕਸ਼ਮੀਰ ਭੇਜ ਦਿੱਤਾ ਜਿੱਥੋਂ ਕਿਸੇ ਵੇਲੇ ਜਿ਼ੰਦਗੀ ਨੇ ਅਹਿਮ ਮੋੜਾ ਖਾਧਾ ਸੀ। ਕਸ਼ਮੀਰ ਫੇਰ ਰਾਸ ਨਾ ਆਇਆ ਤੇ 30 ਜਨਵਰੀ 1990 ਨੂੰ ਸੱਜੇ ਪੈਰ ਨੂੰ ਬਰਫ਼ ਲੱਗਣ ਕਾਰਨ ਗੈਂਗਰੀਨ ਹੋ ਗਈ। ਤੁਰੰਤ ਪੰਜਾਬ ਭੇਜ ਦਿੱਤਾ ਗਿਆ ਜਿੱਥੇ ਉਸਨੂੰ ਦਿਆਨੰਦ ਹਸਪਤਾਲ ਲੁਧਿਆਣਾ ਦਾਖਲ ਕਰਵਾ ਦਿੱਤਾ। ਲੱਤ ਕੱਟਣੀ ਪਈ... ਦੋ ਪਰਾਂ ਨਾਲ ਉੱਡਣ ਵਾਲਾ ਪੰਛੀ ਇੱਕ ਪਰਾ ਹੋ ਗਿਆ ਸੀ ਹੁਣ। ਹਾਲਾਤਾਂ ਤੋਂ ਫੇਰ ਵੀ ਹਾਰ ਨਹੀਂ ਮੰਨੀ ਪੂਰੇ ਸੂਰੇ ਦਲਜੀਤ ਸਿੰਘ ਤੋਂ ਅਪਾਹਜ ਬਣੇ ਦਲਜੀਤ ਸਿੰਘ ਨੇ। 1990 'ਚ ਉਸਨੂੰ ਅਪਾਹਜ ਵਜੋਂ ਪੀ. ਸੀ. ਓ. ਅਲਾਟ ਹੋਇਆ। ਘਰ ਦਾ ਗੁਜ਼ਾਰਾ ਚੱਲਣ ਲੱਗਾ। ਪਰ ਜੂਨ 1991 'ਚ ਦੂਜੀ ਲੱਤ ਨੂੰ ਵੀ ਗੈਂਗਰੀਨ ਹੋ ਗਈ ਤੇ ਉਹ ਵੀ ਕੱਟਣੀ ਪਈ। ਹਿੱਸੇ ਆਉਂਦੀ ਦੋ ਵਿੱਘੇ ਜ਼ਮੀਨ ਤੇ ਜੋ ਕੁਝ ਪੱਲੇ ਸੀ, ਸਭ ਕੁਝ ਇਸ ਜੰਗ 'ਚ ਹਾਰਨਾ ਪੈ ਗਿਆ। 2005 'ਚ ਦੋਵੇਂ ਅੱਖਾਂ 'ਚ ਚਿੱਟਾ ਮੋਤੀਆ ਉੱਤਰ ਆਇਆ। ਪਿੰਡ ਦੇ ਸਰਪੰਚ ਦੀ ਮਦਦ ਨਾਲ ਅੱਖਾਂ ਦਾ ਅਪਰੇਸ਼ਨ ਕਰਵਾਇਆ ਗਿਆ। 18 ਸਾਲ ਤੋਂ ਉਸਦੀ ਪਤਨੀ ਪੱਥਰੀਆਂ ਦੇ ਰੋਗ ਤੋਂ ਪੀੜਤ ਹੈ। ਅਪ੍ਰੇਸ਼ਨ ਉਪਰੰਤ ਅਜਿਹੇ ਹਾਲਾਤ ਬਣੇ ਕਿ ਉਸਨੂੰ ਵੀ ਸਰਵਾਈਕਲ ਦੀ ਸਿ਼ਕਾਇਤ ਹੋ ਗਈ। ਹਾਲਾਤਾਂ ਦਾ ਝੰਬਿਆ ਉਕਤ ਮਨੁੱਖ ਅੱਜ ਇਲਾਜ ਕਰਵਾਉਣਾ ਤਾਂ ਇੱਕ ਪਾਸੇ ਸਗੋਂ ਦੋ ਡੰਗ ਦੀ ਰੋਟੀ ਤੋਂ ਵੀ ਆਤੁਰ ਹੈ। ਆਓ ਦੇਸ਼ ਲਈ ਤਿੰਨ ਜੰਗਾਂ ਲੜਨ ਵਾਲੇ ਇਸ ਸ਼ਖਸ਼ ਨੂੰ ਹਾਲਾਤਾਂ ਹੱਥੋਂ ਮਜ਼ਬੂਰ ਹੋ ਕੇ 'ਜਿ਼ੰਦਗੀ ਦੀ ਜੰਗ' ਹਾਰਨੋਂ ਬਚਾ ਸਕੀਏ। ਤਾਂ ਕਿ ਉਸਨੂੰ ਵੀ ਆਪਣੀ ਘਾਲਣਾ 'ਤੇ ਜਿ਼ੰਦਗੀ ਦੇ ਅੰਤਲੇ ਪਲਾਂ 'ਚ ਪਛਤਾਵਾ ਨਾ ਹੋਵੇ। ਜੇਕਰ ਕਿਸੇ ਵੀਰ ਅੰਦਰਲਾ ਇਨਸਾਨ ਇਸ ਲੋਹ ਪੁਰਸ਼ ਦੀ ਮਦਦ ਕਰਨ ਲਈ ਬਿਹਬਲ ਹੋ ਉੱਠੇ ਤਾਂ ਦਲਜੀਤ ਸਿੰਘ ਮਾਂਗਟ ਨਾਲ 0091 98883 26304 ਜਾਂ 0091 99141 66578 'ਤੇ ਸੰਪਰਕ ਕੀਤਾ ਜਾ ਸਕਦਾ ਹੈ।

ਟੀਚਰਾਂ ਦੇ ਮਸੀਹਾ: ਸ੍ਰ: ਗੁਰਚਰਨ ਸਿੰਘ.......... ਲੇਖ਼ / ਮਨਜੀਤ ਸਿੰਘ ਸਿੱਧੂ (ਪ੍ਰੋ.)

ਇਕ ਦਿਨ ਕਮਿਊਨਿਸਟ ਪਾਰਟੀ ਮੋਗਾ ਦੀ ਦੇ ਦਫਤਰ ਅਖਬਾਰ ਪੜ੍ਹਨ ਲਈ ਮੈਂ ਬੈਠਾ ਹੋਇਆ ਸੀ ਉਸ ਵੇਲੇ ਪੰਜਾਬ ਲੈਜਿਸਲੇਟਿਵ ਕੌਂਸਲ ਦੇ ਤਿੰਨ ਮੈਂਬਰ ਟੀਚਰਾਂ ਵਲੋਂ ਚੁਣ ਕੇ ਲਾਇਆ ਕਰਦੇ ਸਨ। ਇਹਨਾਂ ਮੈਂਬਰਾਂ ਦੀ ਮਿਆਦ 6 ਸਾਲ ਹੁੰਦੀ ਸੀ ਅਤੇ ਹਰ ਵਰਗ ਦੇ ਮੈਂਬਰਾਂ ਵਿਚੋਂ ਇਕ ਤਿਹਾਈ ਮੈਂਬਰ ਹਰ ਦੋ ਸਾਲ ਬਾਅਦ ਰੀਟਾਇਰ ਹੋ ਜਾਂਦੇ ਸਨ ਅਤੇ ਉਨਾਂ ਦੀ ਥਾਂ ਭਰਨ ਲਈ ਫੇਰ ਚੁਣੇ ਜਾਂਦੇ ਸਨ, ਜਿਵੇਂ ਤਿੰਨ ਗਰੈਜੂਏਟ ਹਲਕੇ ਦੇ ਮੈਂਬਰ ਹੁੰਦੇ ਸਨ ਅਤੇ ਤਿੰਨ ਟੀਚਰ ਹਲਕੇ ਦੇ ਮੈਂਬਰ ਹੁੰਦੇ ਸਨ। ਲੋਕਲ ਬਾਡੀਜ਼ ਤੋਂ ਵੀ ਮੈਂਬਰ ਚੁਣੇ ਜਾਂਦੇ ਸਨ। ਕੁਝ ਮੈਂਬਰ ਨਾਮਜ਼ਦ ਵੀ ਕੀਤੇ ਜਾਂਦੇ ਸਨ। ਜਦੋਂ ਦੀ ਮੈਂ ਗੱਲ ਕਰ ਰਿਹਾ ਹਾਂ ਉਸ ਵੇਲੇ ਵਿਧਾਨ ਪ੍ਰੀਸ਼ਦ ਨਵੀਂ ਗਠਿਤ ਹੋਈ ਸੀ ਅਤੇ ਉਨ੍ਹਾਂ ਚੋਂ ਇਕ ਤਿਹਾਈ ਮੈਂਬਰ ਵੀ ਰੀਟਾਇਰ ਹੋਏ ਸਨ। ਟੀਚਰ ਹਲਕੇ ਵਿੱਚੋਂ ਪ੍ਰੋਫੈਸਰ ਵਰਿਆਮ ਸਿੰਘ ਖਾਲਸਾ ਕਾਲਿਜ ਅੰਮ੍ਰਿਤਸਰ ਵਾਲੇ ਪਹਿਲੀ ਵਾਰ ਰੀਟਾਇਰ ਹੋਏ ਸਨ। ਗੁਰਚਰਨ ਸਿੰਘ ਕਿਸ਼ਨਪੁਰਾ ਵਾਲੇ ਉਸ ਵੇਲੇ ਪੰਜਾਬ ਬੋਰਡ ਟੀਚਰਜ਼ ਯੂਨੀਅਨ ਦੇ ਪ੍ਰਧਾਨ ਸਨ।ਉਨ੍ਹਾਂ ਦੀ ਅਗਵਾਈ ਵਿੱਚ ਪੰਜਾਬ ਬੋਰਡ ਟੀਚਰ ਯੂਨੀਅਨ ਨੇ ਅਪਣੀਆਂ ਮੰਗਾਂ ਲਈ ਪੰਜਾਬ ਭਰ ਵਿੱਚ ਇਕ ਸ਼ਕਤੀਸ਼ਾਲੀ ਮੁਕੰਮਲ ਹੜਤਾਲ ਕੀਤੀ ਸੀ।ਉਹ ਹੜਤਾਲ ਨੂੰ ਤੱਤਕਾਲੀਨ ਕੇਂਦਰੀ ਸਿਖਿਆ ਮੰਤ੍ਰੀ ਮੌਲਾਨਾ ਅਬੂ ਅਲ ਕਲਾਮ ਆਜ਼ਾਦ ਦੀ ਦਖਲ ਅੰਦਾਜ਼ੀ ਨਾਲ ਖਤਮ ਹੋਈ ਸੀ। ਜਿਹੜੇ ਕੁਝ ਟੀਚਰ ਸਮੇਤ ਗੁਰਚਰਨ ਸਿੰਘ ਪ੍ਰਧਾਨ ਦੇ ਇਹ ਬੇਨਤੀ ਕਰਨ ਆਏ ਸਨ ਕਿ ਜੇ ਇਹ ਖਾਲੀ ਹੋਈ ਸੀਟ ਕਿਸੇ ਕਾਲਿਜ ਟੀਚਰ ਦੀ ਬਜਾਏ ਪੰਜਾਬ ਬੋਰਡ ਟੀਚਰਜ਼ ਯੂਨੀਅਨ ਲਈ ਛੱਡ ਦਿਤੀ ਜਾਏ ਤਾਂ ਟੀਚਰਜ਼ ਯੂਨੀਅਨ ਦਾ ਅਮੈ. ਐਲ. ਸੀ. ਸਕੂਲ ਟੀਚਰਾਂ ਦੀ ਹੜਤਾਲ ਖੱਤਮ ਕਰਨ ਵਿੱਚ ਸਹਾਈ ਹੋ ਸਕੇਗਾ। ਮੋਗਾ ਦੀ ਕਮਿਊਨਿਸਟ ਪਾਰਟੀ ਨੇ ਪੰਜਾਬ ਦੀ ਕਮਿਊਨਿਸਟ ਪਾਰਟੀ ਨਾਲ ਗਲਬਾਤ ਕਰਨ ਲਈ ਕਿਹਾ, ਨਾਲ ਹੀ ਇਹ ਵੀ ਯਕੀਨ ਦਿਲਵਾਇਆ ਕਿ ਜ਼ਿਲਾ ਫੀਰੋਜ਼ਪੁਰ ਦੀ ਕਮਿਊਨਿਸਟ ਪਾਰਟੀ ਇਸ ਦੀ ਸਪੋਰਟ ਕਰੇਗੀ। ਇਸ ਤਰਾਂ ਕਿਉਂਕੇ ਪ੍ਰੋ. ਵਰਿਆਮ ਸਿੰਘ ਕਮਿਊਨਿਸਟ ਪਾਰਟੀ ਦੇ ਮੈਂਬਰ ਜਾਂ ਹਮਦਰਦ ਸਨ, ਕਮਿਊਨਿਸਟ ਪਾਰਟੀ ਪੰਜਾਬ ਦੀ ਮੁਦਾਖਲਤ ਸਦਕਾ, ਉਹ ਚੋਣ ਮੈਦਾਨ ਚੋਂ ਪਿੱਛੇ ਹਟ ਗਏ ਅਤੇ ਪੰਜਾਬ ਬੋਰਡ ਟੀਚਰਜ਼ ਯੂਨੀਅਨ ਦੇ ਦੋ ਐਮ. ਐਲ. ਸੀ. ਚੁਣੇ ਗਏ, ਸ੍ਰ: ਗੁਰਚਰਨ ਸਿੰਘ ਕਿਸ਼ਨਪੁਰਾ ਕਲਾਂ ਅਤੇ ਰੋਹਤਕ ਦੇ ਊਦੇ ਸਿੰਘ ਮਾਨ।ਇਨ੍ਹਾਂ ਦੋਨਾਂ ਦੇ ਐਮ.ਐਲ.ਸੀ. ਚੁਣੇ ਜਾਣ ਨਾਲ ਪੰਜਾਬ ਬੋਰਡ ਟੀਚਰਜ਼ ਯੂਨੀਅਨ ਨੂੰ ਬੜੀ ਤਕਵੀਅਤ ਮਿਲੀ। ਸ੍ਰ: ਗੁਰਚਰਨ ਸਿੰਘ ਬੀ. ਏ. ਬੀ. ਟੀ. ਸਨ ਅਤੇ ਊਦੇ ਸਿੰਘ ਮਾਨ ਐਸ. ਵੀ. ਟੀਚਰ ਸਨ। ਇਸ ਲਈ ਪੰਜਾਬ ਬੋਰਡ ਟੀਚਰਜ਼ ਯੂਨੀਅਨ ਦੀ ਕਿਆਦਤ ਗੁਰਚਰਨ ਸਿੰਘ ਹੋਰਾਂ ਦੇ ਹੱਥਾਂ ਵਿੱਚ ਹੀ ਰਹੀ।
ਗੁਰਚਰਨ ਸਿੰਘ ਦਾ ਪਿੰਡ ਕਿਸ਼ਨਪੁਰਾ ਕਲਾਂ ਜ਼ਿਲਾ ਫਿਰੋਜ਼ਪੁਰ ਵਿੱਚ ਸੀ ਅਤੇ ਮੋਗੇ ਤੋਂ ਦਸ ਬਾਰਾਂ ਮੀਲ ਸੀ। ਉਨ੍ਹਾਂ ਦਾ ਜ਼ਿਆਦਾ ਔਣ ਜਾਣ ਮੋਗੇ ਹੀ ਸੀ। ਮੋਗਾ ਸ਼ਹਿਰ ਵਿੱਚ ਚੰਗੀ ਦਾਣਾਂ ਮੰਡੀ ਸੀ, ਦੂਜੇ ਮੋਗਾ ਸਿਆਸੀ ਤੌਰ ਤੇ ਵੀ ਜਾਗ੍ਰਿਤ ਸੀ। ਸ੍ਰ: ਗੁਰਚਰਨ ਸਿੰਘ ਹੋਰਾਂ ਦਾ ਗਾਲਬਨ 1918 ਜਾਂ 1919 ਦਾ ਜਨਮ ਸੀ। ਉਨ੍ਹਾਂ ਨੇ ਬੀ. ਏ. ਡੀਐਮ. ਕਾਲਜ ਮੋਗਾ ਤੋਂ 1943 ਵਿੱਚ ਪਾਸ ਕੀਤੀ ਅਤੇ ਬੀ. ਟੀ. ਸਰਕਾਰੀ ਸੈਂਟਰਲ ਟਰੇਨਿੰਗ ਕਾਲਿਜ ਲਾਹੌਰ ਤੋ 1945 ਵਿੱਚ ਪਾਸ ਕੀਤੀ। ਬੀ. ਟੀ. ਪਾਸ ਕਰਨ ਉਪਰੰਤ ਉਹ ਡਿਸਟਿਕ ਬੋਰਡ ਫੀਰੋਜ਼ਪੁਰ ਦੇ ਸਕੂਲ ਕਿਸ਼ਨਪੁਰਾ ਵਿੱਚ ਟੀਚਰ ਨਿਯੁਕਤ ਹੋ ਗਏ ਸਨ। ਫੰਡਾਂ ਦੀ ਤੰਗੀ ਕਾਰਨ ਡਿਸਟਿਕ ਬੋਰਡਾਂ ਜਾਂ ਮਿਊਂਸੀਪਲ ਸਕੂਲਾਂ ਦੇ ਟੀਚਰਾਂ ਦੀ ਹਾਲਤ ਚੰਗੀ ਨਹੀਂ ਸੀ ਹੁੰਦੀ। ਸਰਕਾਰੀ ਸਕੂਲਾਂ ਦੇ ਮੁਕਾਬਲੇ ਤਨਖਾਹ ਸਕੇਲ ਵੀ ਘੱਟ ਹੁੰਦੇ ਸਨ। ਲੋਕਲ ਬਾਡੀ ਸਕੂਲਾਂ ਦੇ ਟੀਚਰਾਂ ਨੂੰ ਪੈਨਸ਼ਨ ਵੀ ਨਹੀਂ ਮਿਲਦੀ ਸੀ। ਰੀਟਾਇਰ ਹੋਣ ਉਪਰੰਤ ਟੀਚਰਾਂ ਦੀ ਹਾਲਤ ਬਹੁਤ ਮੰਦੀ ਹੁੰਦੀ ਸੀ। ਕੇਵਲ ਕੰਟਰੀ ਬਿਊਟਰੀ ਪ੍ਰਾਵੀਡੈਂਟ ਫੰਡ ਹੀ ਹੁੰਦਾ ਸੀ। ਰੀਟਾਇਰਮੈਂਰਟ ਉਪਰੰਤ ਗਰੈਚੁਟੀ ਵੀ ਨਹੀਂ ਹੁੰਦੀ ਸੀ। ਸੋ ਟੀਚਰ ਨਿੱਕੇ ਮੋਟੇ ਕੰਮ ਕਰਕੇ ਗੁਜ਼ਾਰਾ ਕਰਨ ਲਈ ਮਜ਼ਬੂਰ ਹੁੰਦੇ ਸਨ। ਇਨ੍ਹਾਂ ਤੰਗੀਆਂ ਤੁਰਸ਼ੀਆਂ ਤੇ ਸਰਕਾਰੀ ਸਕੂਲਾਂ ਵਾਲੀਆਂ ਸਹੂਲਤਾਂ ਲੈਣ ਵਾਸਤੇ ਲੋਕਲ ਬਾਡੀ ਟੀਚਰਜ਼, ਪੰਜਾਬ ਬੋਰਡ ਟੀਚਰਜ਼ ਯੂਨੀਅਨ ਦੇ ਝੰਡੇ ਹੇਠ ਜਥੇਬੰਦ ਹੋ ਗਏ ਸਨ।
ਯੂਨੀਅਨ ਨੇ ਆਪਣੀਆਂ ਮੰਗਾਂ ਵਾਸਤੇ ਜਲਸੇ ਜਲੂਸ ਕਢਣੇ, ਅਧਿਕਾਰੀਆਂ ਨੂੰ ਮੰਗਪਤਰ ਦੇਣੇ ਅਤੇ ਮੈਮੋਰੈਂਡਮ ਭੇਜਣੇ ਪਰ ਆਗੂ ਕੋਈ ਦਲੁੇਰ, ਬੁੱਧੀਜੀਵੀ ਅਤੇ ਅੰਗ੍ਰੇਜ਼ੀ ਵਿੱਚ ਪ੍ਰਾਬੀਨ ਹੋਣਾ ਚਾਹੀਦਾ ਸੀ।ਕਿਉਂਕਿ ਉਸ ਸਮੇਂ ਜਿਆਦਾ ਕੰਮ ਅੰਗਰੇਜ਼ੀ ਵਿੱਚ ਹੀ ਹੁੰਦਾ ਸੀ ਸ੍ਰ: ਗੁਰਚਰਨ ਸਿੰਘ ਦਲੇਰ ਅਤੇ ਸਾਹਸੀ ਭੀ ਸਨ ਅਤੇ ਅੰਗ੍ਰੇਜ਼ੀ ਫਾਰਸੀ ਜਬਾਨਾਂ ਦੇ ਮਾਹਰ ਵੀ ਸਨ।ਸ੍ਰ: ਗੁਰਚਰਨ ਸਿੰਘ ਨੇ ਇਨ੍ਹਾਂ ਮੁਸ਼ਕਲ ਹਾਲਾਤਾਂ ਵਿੱਚ ਪੰਜਾਬ ਬੋਰਡ ਟੀਚਰਜ਼ ਯੂਨੀਅਨ ਦੀ ਤਿੰਨ ਸਾਲ ਪ੍ਰਧਾਨਗੀ ਕੀਤੀ ਅਤੇ ਟੀਚਰਜ਼ ਲਹਿਰ ਨੂੰ ਸਿਖਰ ਤੇ ਲੈ ਗਿਆ। 1953 ਵਿੱਚ ਉਨ੍ਹਾਂ ਦੀ ਅਗਵਾਈ ਵਿੱਚ ਹੀ ਪੰਜਾਬ ਦੇ ਬੋਰਡ ਟੀਚਰਜ਼ ਨੇ 1953 ਵਿੱਚ ਉਨ੍ਹਾਂ ਦੀ ਅਗਵਾਈ ਵਿੱਚ ਹੀ ਪੰਜਾਬ ਦੇ ਬੋਰਡ ਟੀਚਰਜ਼ ਨੇ ਸ਼ਕਤੀਸ਼ਾਲੀ ਲੰਮੀ ਹੜਤਾਲ ਕੀਤੀ ਅਤੇ ਉਸ ਸਮੇਂ ਦੇ ਸਵ: ਮੌਲਾਨਾ ਅਬੂ- ਅਲ ਕਲਾਂਮ ਆਜ਼ਾਦ ਕੇਂਦਰੀ ਸਿਖਿਆ ਮੰਤ੍ਰੀ ਦੀ ਮੁਦਾਖਲਤ ਕਾਰਨ ਇਹ ਹੜਤਾਲ ਸਮਾਪਤ ਹੋਈ ਸੀ ਅਤੇ ਤਨਖਾਹ ਸਕੇਲਾਂ ਵਿੱਚ ਕੁਝ ਸੁਧਾਰ ਆਇਆ ਅਤੇ ਸਕੂਲਾਂ ਨੂੰ ਪ੍ਰਾਵਿੰਸ਼ਲਾਈਜ਼ ਕਰਨ ਦਾ ਵੀ ਵਚਨ ਦਿਤਾ ਗਿਆ ਸੀ। ਪਰ ਪੰਜਾਬ ਸਰਕਾਰ ਲੋਕਲ ਬਾਡੀ ਟੀਚਰਜ਼ ਨਾਲ ਕੀਤੇ ਵਾਅਦੇ ਪੂਰੇ ਕਰਨੋ ਆਨਾ ਕਾਨੀ ਕਰਨ ਲੱਗੀ। ਮੌਲਾਨਾ ਆਜ਼ਾਦ ਪੰਜਾਬ ਦੇ ਮਸਲਿਆਂ ਦੇ ਇੰਚਾਰਜ ਸਨ ਅਤੇ ਪ੍ਰਤਾਪ ਸਿੰਘ ਕੈਰੋਂ ਪੰਜਾਬ ਦੇ ਮੁੱਖ ਮੰਤ੍ਰੀ ਬਣ ਗਏ। ਮੌਲਾਨਾ ਆਜ਼ਾਦ ਨਾਲ ਪ੍ਰਤਾਪ ਸਿੰਘ ਵਿਰੋਧੀ ਧੜੇ ਜਿਵੇਂ ਪ੍ਰਬੋਧ ਚੰਦਰ, ਗੋਪੀਚੰਦ ਭਾਰਗੋ ਨਾਲ ਸਬੰਧ ਸੁਖਾਵੇਂ ਸਨ। ਇਸ ਲਈ ਵੀ ਰਾਜਨੀਤੀ ਪੱਖੋਂ ਪ੍ਰਤਾਪ ਸਿੰਘ ਕੈਰੋਂ, ਮੌਲਾਨਾ ਆਜ਼ਾਦ ਦਾ ਵਕਾਰ ਘਟਾਉਣਾ ਚਾਹੁੰਦੇ ਸਨ। ਇਸ ਦੌਰਾਨ ਸ੍ਰ: ਗੁਰਚਚਨ ਸਿੰਘ 1954 ਤੋਂ ਐਮ. ਐਲ. ਸੀ. ਬਣ ਚੁਕੇ ਸਨ। ਉਨ੍ਹਾਂ ਦੇ ਸਬੰਧ ਹਿੰਦ ਸਮਾਚਾਰ ਦੇ ਐਡੀਟਰ ਲਾਲਾ ਜਗਤ ਨਰਾਇਣ ਨਾਲ ਵੀ ਚੰਗੇ ਸਨ। ਪ੍ਰਤਾਪ ਸਿੰਘ ਕੈਰੋਂ ਲਾਲਾ ਜੀ ਦੇ ਵਿਰੋਧੀ ਸਨ। ਇਨ੍ਹਾਂ ਸਥਿਤੀਆਂ ਵਿੱਚ ਕਈ ਰਾਜਨੀਤਕ ਹਲਕੇ ਗੁਰਚਰਨ ਸਿੰਘ ਨੂੰ ਨੀਚਾ ਦਿਖਾਉਣਾ ਚਾਹੁੰਦੇ ਸਨ। ਇਕ ਵਾਰ ਪ੍ਰਤਾਪ ਸਿੰਘ ਕੈਰੋਂ ਕਿਸ਼ਨਪੁਰਾ ਕਲਾਂ ਦਾ ਦੌਰਾ ਕਰਨ ਆਏ। ਪੰਚਾਇਤ ਸ੍ਰ: ਗੁਰਚਰਨ ਸਿੰਘ ਦੀ ਉਂਠ ਰਹੀ ਰਾਜਨੀਤਕ ਸ਼ਕਤੀ ਤੋਂ ਪ੍ਰੇਸ਼ਾਨ ਸੀ।ਪਿੰਡ ਵਿੱਚ ਕਿਸੇ ਬੁੱਧੀਜੀਵੀ ਦਾ ਨੇਤਾ ਬਣਨਾ ਮੁਸ਼ਕਲ ਹੁੰਦਾ ਹੈ ਕਿਉਂਕੇ ਉਹ ਪੜ੍ਹਾਈ ਕਰਨ ਸਮੇਂ ਪਿੰਡੋਂ ਬਾਹਰ ਰਿਹਾ ਹੁੰਦਾ ਹੈ ਅਤੇ ਜੇ ਮੁਲਾਜ਼ਮ ਬਣੇ ਤਾਂ ਵੀ ਉਸ ਨੇ ਪਿੰਡੋਂ ਬਾਹਰ ਹੀ ਰਹਿਣਾ ਹੋਇਆ। ਪਿੰਡ ਦੀ ਪੰਚਾਇਤ ਨੇ ਸ੍ਰ: ਗੁਰਚਰਨ ਸਿੰਘ ਦੇ ਵਿਰੁੱਧ ਇਕ ਮਤਾ ਪਾਸ ਕੀਤਾ ਜਿਹੜਾ ਕਿ ਸਾਰੇ ਸਕੂਲਾਂ ਨੂੰ ਛਾਪ ਕੇ ਭੇਜਿਆ ਗਿਆ ਤਾਂ ਜੋ ਟੀਚਰ ਉਨ੍ਹਾਂ ਦੇ ਵਿਰੁਧ ਵੋਟ ਪਾਉਣ। ਮੁਖ ਮੰਤ੍ਰੀ ਕੈਰੋਂ ਪਾਸ ਉਨ੍ਹਾਂ ਦੇ ਵਿਵਹਾਰ ਵਿਰੁੱਧ ਸ਼ਕਾਇਤ ਕੀਤੀ ਗਈ। ਪਰ ਗੁਰਚਰਨ ਸਿੰਘ ਫਿਰ ਵੀ ਬੜੀ ਸ਼ਾਨ ਨਾਲ ਜਿੱਤੇ, ਕਿਉਂਕਿ ਪਿੰਡ ਦੀ ਸਿਆਸਤ ਨੇ ਬੁੱਧੀਜੀਵੀ ਤਬਕੇ ਤੇ ਕੋਈ ਮੰਦਾ ਪ੍ਰਭਾਵ ਨਾ ਪਾਇਆ। ਉਨ੍ਹਾਂ ਨੂੰ ਪਤਾ ਸੀ ਕਿ ਸ੍ਰ: ਗੁਰਚਰਨ ਸਿੰਘ ਨੇ ਉਨ੍ਹਾਂ ਨੂੰ ਸਹੂਲਤਾਂ ਦਿਵਾਉਣ ਵਾਸਤੇ ਸੰਘਰਸ਼ ਕੀਤਾ ਹੈ ਅਤੇ ਉਨ੍ਹਾਂ ਦੀ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਅਗਵਾਈ ਕਰਨ ਵਾਸਤੇ ਨੌਕਰੀ ਤੋਂ ਅਸਤੀਫਾ ਦੇ ਦਿਤਾ। ਮੇਰੇ ਸ੍ਰ:ਗੁਰਚਰਨ ਸਿੰਘ ਹੋਰਾਂ ਨਾਲ ਸਬੰਧ ਬੜੇ ਚੰਗੇ ਹੁੰਦੇ ਸਨ। ਇਕ ਵਾਰ ਜਦੋਂ ਉਨ੍ਹਾਂ ਦੀ ਚੋਣ ਹੋਣੀ ਸੀ ਤਾਂ ਮੈਨੂੰ ਮੋਗੇ ਮਿਲੇ ਅਤੇ ਅਸੀਂ ਚਾਹ ਪੀਣ ਇਕ ਰੈਸਟੋਰੈਂਟ ਵਿੱਚ ਚਲੇ ਗਏ ਚਾਹ ਪੀਂਦਿਆਂ ਮੈਨੂੰ ਗੁਰਚਰਨ ਸਿੰਘ ਹੋਰੀਂ ਕਹਿਣ ਲੱਗੇ ਕਿ ਸ੍ਰ: ਮਨਜੀਤ ਸਿੰਘ ਜੇ ਮੈਂ ਐਮ. ਐਲ. ਸੀ. ਦੀ ਚੋਣ ਜਿਤ ਗਿਆ ਤਾਂ ਸਮਝੋ ਕਿ ਤੁਸੀਂ ਹੀ ਜਿਤ ਗਏ ਹੋ। ਮੈਨੂੰ ਵਿਧਾਨ ਸਭਾ ਦਾ ਲੈਟਰ ਪੈਡ ਦੇ ਕੇ ਕਹਿਣ ਲੱਗੇ ਇਸ ਪੈਡ ਤੇ ਕਿਸੇ ਵੀ ਅਫਸਰ ਨੂੰ ਕਿਸੇ ਕੰਮ ਲਈ ਚਿੱਠੀ ਲਿਖ ਦੇਵੋ ਤਾਂ ਮੈਂ ਚਿੱਠੀ ਨੂੰ ਆਪਣੇ ਵਲੋਂ ਹੀ ਲਿੱਖੀ ਕਹਾਂਗਾ। ਸ਼ੁਰੂ ਸ਼ੁਰੂ ਵਿੱਚ ਮੈਂ ਉਸਦੇ ਵਿਰੁੱਧ ਸੀ। ਕਈ ਹਲਕੇ ਮੈਨੂੰ ਉਸ ਵਿਰੁੱਧ ਚੋਣ ਲੜਣ ਲਈ ਵੀ ਉਕਸਾਂੳਦੇ ਸਨ ਪਰ ਮੈਂ ਸੋਚਿਆ ਕਿ ਉਹ ਟੀਚਰ ਭਲਾਈ ਲਈ ਹੀ ਲੜ ਰਿਹਾ ਹੈ। ਇਹ ਲੜਾਈ ਟੀਚਰਾਂ ਦੀ ਏਕਤਾ ਭੰਗ ਕਰੇਗੀ। ਏਕਤਾ ਬਿਨਾਂ ਕੋਈ ਲੜਾਈ ਜਿਤੀ ਨਹੀਂ ਜਾ ਸਕਦੀ। ਯਾਦਾਂ ਤਾਂ ਉਨ੍ਹਾਂ ਨਾਲ ਬਹੁਤ ਜੁੜੀਆਂ ਹਨ। ਪਰ ਇਥੇ ਮੇਰਾ ਮਕਸਦ ਉਨ੍ਹਾਂ ਦੀ ਸਖਸ਼ੀਅਤ ਦੀ ਰੂਨਮਾਈ ਕਰਨੀ ਹੈ। ਉਹ 1945 ਤੋਂ ਲੈ ਕੇ 1980 ਤੱਕ ਐਮ. ਐਲ. ਸੀ. ਰਹੇ ਜਦੋਂ ਤੱਕ ਕਿ ਪੰਜਾਬ ਲੈਜਿਸਲੇਟਿਵ ਕਾਊਂਸਲ ਭੰਗ ਨਾ ਕਰ ਦਿਤੀ ਗਈ। 1956 ਵਿੱਚ ਉਨ੍ਹਾਂ ਨੇ ਬੋਰਡ ਟੀਚਰਜ਼ ਦੀ ਭਲਾਈ ਵਾਸਤੇ ਆਖਰੀ ਵੱਡੀ ਲੜਾਈ ਲੜੀ। ਚੰਡੀਗੜ ਬੋਰਡ ਟੀਚਰਜ਼ ਨੇ ਇਕ ਬਹੁਤ ਵੱਡਾ ਜਲੂਸ ਕੱਢਿਆ ਅਤੇ ਬਹੁਤ ਵੱਡੀ ਰੈਲੀ ਕਰਕੇ 11 ਸੈਕਟਰ ਸਥਿਤ ਪੁਰਾਣੀ ਸੈਕਟਰੀਏਟ ਦੇ ਸਾਹਮਣੇ ਦੋਨਾਂ ਐਮ. ਐਲ. ਸੀ. ਨੇ ਤੰਬੂ ਲਗਾਕੇ ਭੁੱਖ ਹੜਤਾਲ ਸ਼ੁਰੂ ਕਰ ਦਿਤੀ।ਉਹ ਭੁੱਖ ਹੜਤਾਲੀ ਦੋਨੋਂ ਵਿਧਾਨ ਪ੍ਰੀਸ਼ਦ ਦੇ ਕਾਂਗਰਸੀ ਮੈਂਬਰ ਸਨ। ਦੋਨੋਂ ਐਮ. ਐਲ. ਸੀ. ਬਣਨ ਉਪਰੰਤ ਕਾਂਗਰਸ ਵਿੱਚ ਸ਼ਾਮਲ ਹੋ ਗਏ ਸਨ।ਇਸ ਵਾਸਤੇ ਦੋ ਕਾਂਗਰਸੀ ਵਿਧਾਇਕਾਂ ਦਾ ਭੁੱਖ ਹੜਤਾਲ ਤੇ ਬੈਠਣਾ ਆਂਮ ਕਾਂਗਰਸੀ ਮੈਂਬਰਾਂ ਲਈ ਅਤੇ ਹਾਈ ਕਮਾਂਡ ਲਈ ਇਕ ਚਿੰਤਾ ਦਾ ਵਿਸ਼ਾ ਬਣ ਗਿਆ।ਮੈਂ ਵੀ ਦੋ ਚਾਰ ਦਿਨ ਭੁੱਖ ਹੜਤਾਲੀ ਕੈਂਪ ਵਿੱਚ ਰਿਹਾਂ। ਮੈਂ ਉਸ ਵੇਲੇ ਗੁਰਚਰਨ ਸਿੰਘ ਹੋਰਾਂ ਦੀ ਅੰਗਰੇਜ਼ੀ ਡਰਾਫਟਿੰਗ ਦੀ ਕਮਾਲ ਦੇਖੀ। ਹਰਦੇਵ ਸਿੰਘ ਡਾਲਾ ਉਸ ਸਮੇਂ ਪੰਜਾਬ ਬੋਰਡ ਟੀਚਰਜ਼ ਯੂਨੀਅਨ ਦੇ ਜਨਰਲ ਸਕਤਰ ਸਨ। ਗੁਰਚਰਨ ਸਿੰਘ ਹੋਰਾਂ ਨੇ ਭੁੱਖ ਹੜਤਾਲ ਤੇ ਪਿਆਂ ਹੀ ਸ੍ਰ: ਹਰਦੇਵ ਸਿੰਘ ਨੂੰ ਮੌਲਾਨਾ ਆਜ਼ਾਦ ਨੂੰ ਮੈਮੋਰੈਂਡਮ ਡਰਾਫਟ ਕਰਕੇ ਭੇਜਣ ਲਈ ਡਿਕਟੇਸ਼ਨ ਦੇਣੀ ਅਤੇ ਕਾਪੀਆਂ ਹੋਰ ਅਧਿਕਾਰੀਆਂ ਨੂੰ ਵੀ ਭੇਜੀਆਂ, ਨਾਲ ਹੀ ਮੈਮੋਰੈਂਡਮ ਦੀਆਂ ਕਾਪੀਆਂ ਅਖਬਾਰਾਂ ਨੂੰ ਵੀ ਭਿਜਵਾਈਆਂ। ਮੁੱਖ ਮੰਤ੍ਰੀ ਪ੍ਰਤਾਪ ਸਿੰਘ ਕੈਰੋਂ ਬੜਾ ਅਖੱੜ ਅਤੇ ਸਖਤ ਮੰਨਿਆ ਜਾਂਦਾ ਸੀ।ਉਸਨੇ ਦੋਹਾਂ ਵਿਧਾਨਕਾਰਾਂ ਦੀ ਭੁੱਖ ਹੜਤਾਲ ਨੂੰ ਅਣਗੌਲਿਆ ਹੀ ਕਰ ਦਿਤਾ। ਮੁੱਖ ਮੰਤ੍ਰੀ ਦਾ ਕਹਿਣਾ ਸੀ ਕਿ ਜੇ ਇਹ ਮਰ ਗਏ ਤਾਂ ਇਨ੍ਹਾਂ ਦੀ ਯਾਦ ਵਿੱਚ ਇਕ ਸਮਾਧ ਬਣਵਾ ਦਿਆਂਗੇ। ਕਦੀ ਲੰਘਦਿਆਂ ਮੇਂ ਵੀ ਮੱਥਾ ਟੇਕ ਜਇਆ ਕਰਾਂਗਾ।
ਦੋ ਚਾਰ ਦਿਨ ਬਾਅਦ ਸਵ: ਡਾ: ਜਗਜੀਤ ਸਿੰਘ ਚੌਹਾਨ ਵੀ ਆ ਗਏ ਉਸਨੇ ਕਿਹਾ ਕਿ ਭੁੱਖ ਹੜਤਾਲੀਆਂ ਦੀ ਹਾਲਤ ਦੀ ਨਜ਼ਾਕਤ ਨੂੰ ਮੀਡੀਏ ਵਿੱਚ ਨਸ਼ਰ ਕਰਾਂਗੇ ਤਾਂ ਹੀ ਗੱਲ ਬਣੇਗੀ। ਸੋ ਉਸ ਨੇ ਦੋਨਾਂ ਭੁਖਹੜਤਾਲੀਆਂ ਦਾ ਮੈਡੀਕਲ ਐਗਜ਼ਾਮੀਨੇਸ਼ਨ ਕਰਕੇ ਰੀਪੋਰਟ ਲਿਖ ਦਿਤੀ। ਦੋਹਾਂ ਭੁਖ ਹੜਤਾਲੀਆਂ ਦੀ ਹਾਲਤ ਨਾਜ਼ਕ ਹੈ। ਦੋਨਾਂ ਦੇ ਭਾਰ ਘੱਟ ਗਿਆ ਹੈ । ਪੇਸ਼ਾਬ ਵਿੱਚ ਚਰਬੀ ਆਦਿ ਆ ਰਹੀ ਹੈ। ਦਿਲ ਵੀ ਪ੍ਰਭਾਵਤ ਹੋ ਰਿਹਾ ਹੈ। ਜਿਗਰ ਨੂੰ ਵੀ ਨੁਕਸਾਨ ਹੋ ਰਿਹਾ ਹੈ। ਕਿਡਨੀਆਂ ਵੀ ਪ੍ਰਭਾਵਿਤ ਹੋ ਰਹੀਆਂ ਹਨ। ਜਦੋਂ ਇਹ ਰੀਪੋਰਟ ਪ੍ਰੈਸ ਵਿੱਚ ਛਪੀ ਸਵ:ਮੌਲਾਨਾ ਆਜ਼ਾਦ ਨੇ ਯੂਨੀਅਨ ਨੇਤਾਵਾਂ ਸਮੇਤ ਮੁੱਖ ਮੰਤ੍ਰੀ ਨੂੰ ਗੱਲ ਬਾਤ ਲਈ ਆਪਣੇ ਮੰਤਰਾਲੇ ਵਿੱਚ ਬੁਲਾ ਲਿਆ।ਉਸ ਵੇਲੇ ਦੇ ਡੀ. ਪੀ. ਆਈ. ਜੋਸ਼ੀ ਨੂੰ ਵੀ ਨਾਲ ਹੀ ਬੁਲਾ ਲਿਆ। ਮੁਕਦੀ ਗਲ ਕਿ ਮੌਲਾਨਾਂ ਆਜ਼ਾਦ ਦੀ ਹਾਜ਼ਰੀ ਵਿੱਚ ਮੁੱਖ ਮੰਤ੍ਰੀ ਪੰਜਾਬ ਨੇ ਲੋਕਲ ਬਾਡੀ ਸਕੂਲ ਆਮ ਚੋਣਾ ਉਪਰੰਤ ਪ੍ਰਾਵਿੰਸ਼ਲਾਈਜ਼ ਕਰਨੇ ਮੰਨ ਲਏ। ਚੋਣਾਂ ਵੀ ਹੋ ਗਈਆਂ ਪਰ ਪੰਜਾਬ ਸਰਕਾਰ ਟੱਸ ਤੋਂ ਮੱਸ ਨਾ ਹੋਈ । ਯੂਨੀਅਨ ਨੇ ਫੇਰ ਦਿੱਲੀ ਜਾ ਕੇ ਮੌਲਾਨਾ ਅਜ਼ਾਦ ਕੇਂਦਰੀ ਸਿਖਿਆ ਮੰਤ੍ਰੀ ਦੀ ਕੋਠੀ ਅੱਗੇ ਰੈਲੀ ਕਰਕੇ ਭੱਖ ਹੜਤਾਲ ਦਾ ਐਲਾਨ ਕਰ ਦਿਤਾ। ਮੌਲਾਨਾ ਆਜ਼ਾਦ ਨੇ ਮਸਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਕੇਂਦਰੀ ਸਟੇਟ ਐਜੂਕੇਸ਼ਨ ਮੰਤ੍ਰੀ ਸ੍ਰੀ ਮਾਲੀ ਨੂੰ ਚੰਡੀਗੜ੍ਹ ਲੋਕਲ ਬਾਡੀ ਸਕੂਲ ਪ੍ਰੋਵਿੰਸ਼ਲਾਈਜ਼ ਕਰਨ ਦੇ ਵਾਅਦੇ ਨੂੰ ਅਮਲੀਜਾਮਾਂ ਪਹਿਨਾਉਣ ਵਾਸਤੇ 1.10.1957. ਤੋਂ ਕਰਨ ਲਈ ਭੇਜ ਦਿਤਾ ਅਤੇ ਪੰਜਾਬ ਸਰਕਾਰ ਨੇ ਲੋਕਲ ਬਾਡੀ ਸਕੂਲਾਂ ਨੂੰ ਪ੍ਰਾਵਿੰਸ਼ਲਾਈਜ਼ ਕਰਨ ਦਾ ਨੋਟੀਫੀਕੇਸ਼ਨ ਜਾਰੀ ਕਰ ਦਿਤਾ। ਇਸ ਤਰਾਂ ਪੰਜਾਬ ਦੇ ਹਜ਼ਾਰਾਂ ਟੀਚਰਾਂ ਨੂੰ ਤਨਖਾਹ, ਤਨਖਾਹ ਸਕੇਲਾਂ, ਪੈਂਸ਼ਨ, ਗਰੈਚੁਟੀ ਦੇ ਸੰਬਧ ਵਿੱਚ ਸਰਕਾਰੀ ਸਕੂਲ ਟੀਚਰਾਂ ਦੇ ਬਰਾਬਰ ਹੋ ਗਏ। ਅਤੇ ਨਿਤ ਨਿਤ ਦਾ ਕਲੇਸ਼ ਮੁੱਕ ਗਿਆ।
ਇਸ ਤਰਾਂ ਗੁਰਚਰਨ ਸਿੰਘ ਦੀ ਸੁਚੱਜੀ ਅਗਵਾਈ ਵਿੱਚ ਹਜ਼ਾਰਾਂ ਟੀਚਰਾਂ ਨੂੰ ਸਰਕਾਰੀ ਸਕੂਲ ਟੀਚਰਾਂ ਵਾਲੇ ਸਾਰੇ ਲਾਭ ਪ੍ਰਾਪਤ ਹੋ ਗਏ। ਇਸ ਤਰਾਂ ਪਹਿਲਾਂ ਪੰਜਾਬ ਸਿਵਲ ਸਰਵਿਸਜ਼ ਦੇ ਰੂਲਜ਼ ਅਨੁਸਾਰ ਜਿਨ੍ਹਾਂ ਦੀ ਸਰਕਾਰੀ ਨੌਕਰੀ ਦਸ ਸਾਲ ਬਣਦੀ ਸੀ ਉਹੋ ਹੀ ਪੈਨਸ਼ਨ ਲੈ ਸਕਦੇ ਸੀ ਇਸ ਤੋਂ ਘੱਟ ਸਰਵਿਸ ਵਾਲੇ ਨਹੀਂ। ਲਸ਼ਮਣ ਸਿੰਘ ਗਿੱਲ ਦੀ ਵਜ਼ਾਰਤ ਸਮੇਂ ਜਿਸ ਵਿੱਚ ਡਾ: ਜਗਜੀਤ ਸਿੰਘ ਚੌਹਾਨ ਵਿੱਤ ਮੰਤ੍ਰੀ ਸਨ ਅਤੇ ਉਨ੍ਹਾਂ ਦਾ ਵੱਡਾ ਭਰਾ ਅਮਰੀਕ ਸਿੰਘ ਉਸ ਸਮੇਂ ਪੰਜਾਬ ਬੋਰਡ ਟੀਚਰਜ਼ ਯੂਨੀਅਨ ਦਾ ਪ੍ਰਧਾਨ ਸੀ ਅਤੇ ਸ੍ਰ: ਗੁਰਚਰਨ ਸਿੰਘ ਨਾਲ ਵੀ ਡਾਕਟਰ ਚੌਹਾਨ ਦੇ ਸਬੰਧ ਬੜੇ ਦੋਸਤਾਨਾਂ ਸੀ।ਇਕ ਅੰਤਲਾ ਹੱਲਾ ਮਾਰ ਕੇ ਸਾਰੇ ਪ੍ਰਵਿੰਸ਼ਲਾਈਜ਼ ਟੀਚਰ, ਪੈਨਸ਼ਨ ਦੇ ਹਕੱਦਾਰ ਹੋ ਗਏ ਪਰ ਸ਼ਰਤ ਕਿ ਉਹ ਲੋਕਲਬੌਡੀ ਹਿੱਸੇ ਦਾ ਸੀ. ਪੀ. ਐਫ. ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਵਾ ਦੇਣ। ਇਕ ਵਾਰ ਫਿਰ ਵੀ ਕੋਠਾਰੀ ਕਮਿਸ਼ਨ ਲਾਗੂ ਕਰਾਉਣ ਵਾਸਤੇ ਭੱਖ ਹੜਤਾਲ ਕੀਤੀ ਜਿਸ ਵਿੱਚ ਗੋਪਾਲ ਕ੍ਰਿਸ਼ਨ ਚਤਰਥ ਐਮ. ਐਲ ਸੀ. ਵੀ ਸ਼ਾਮਲ ਸੀ ਇ੍ਹਨਾਂ ਭੁੱਖ ਹੜਤਾਲਾਂ ਦਾ ਗੁਰਚਰਨ ਸਿੰਘ ਦੀ ਸਿਹਤ ਤੇ ਮਾੜਾ ਪ੍ਰਭਾਵ ਪਿਆ ਅਤੇ ਬਲੱਡ ਪ੍ਰੈਸ਼ਰ ਰਹਿਣ ਲਗ ਪਿਆ।ਗੁਰਚਰਨ ਸਿੰਘ ਦੀ ਕੁਰਬਾਨੀ ਅਤੇ ਅਗਵਾਈ ਨੇ ਟੀਚਰਾਂ ਦੀ ਕਾਇਆ ਕਲਪ ਕਰ ਦਿਤੀ।
ਕਈ ਵਾਰ ਜਦੋਂ ਮੈਂ ਪੰਜਾਬ ਜਾਂਦਾ ਹਾਂ ਤਾਂ ਉਨ੍ਹਾਂ ਦੇ ਪਿੰਡ ਦਾ ਇਕ ਟੀਚਰ ਬਰਕਤ ਰਾਮ ਜਿਹੜਾ ਕਦੀ ਉਸ ਦੇ ਵਿਰੁੱਧ ਹੁੰਦਾ ਸੀ, ਮੈਨੂੰ ਕਹਿੰਦਾ ਹੁੰਦਾ ਹੈ,ਟੀਚਰਾਂ ਨੂੰ ਸ੍ਰ: ਗੁਰਚਰਨ ਸਿੰਘ ਦੀ ਕੋਈ ਯਾਦਗਾਰ ਬਣਾਉਣ ਲਈ ਪ੍ਰੇਰਨਾ ਦੇ ਕੇ ਜਾਇਓ, ਤੁਹਾਡੇ ਬਿਨਾਂ ਤਾਂ ਕਿਸੇ ਨੇ ਉਂਤਾ ਨਹੀਂ ਵਾਚਣਾ। ਸਾਡੇ ਵਰਗਿਆਂ ਨੂੰ ਕਿਂਥੇ ਪੈਨਸ਼ਨਾਂ ਤੇ ਹੋਰ ਸਹੂਲਤਾਂ ਮਿਲਣੀਆਂ ਸਨ। ਪਤਾ ਨਹੀਂ ਟੀਚਰ ਕਿੳਂ ਅਹਿਸਾਨ ਫਰਾਮੋਸ਼ ਹਨ।ਮਾਸਟਰ ਬਰਕਤ ਰਾਮ ਦੀ ਉਮਰ ਇਸ ਵੇਲੇ ਲਗ ਭਗ 97 ਸਾਲ ਦੀ ਹੋਵੇਗੀ। ਪਰ ਅੱਜ ਵੀ ਸ੍ਰ: ਗੁਰਚਰਨ ਸਿੰਘ ਦੲ ਰਿਣ ਚਕਾਉਣ ਲਈ ਉਤਾਵਲੇ ਹਨ।
ਇਕ ਗੱਲ ਹੋਰ ਜਿਸ ਤੋਂ ਉਸਦੇ ਵਿਰੋਧੀ ਤ੍ਰਹਿੰਦੇ ਸਨ ਕਿ ਉਹ ਇੰਡੀਅਨ ਨੈਸ਼ਨਲ ਕਾਂਗਰਸ ਕਮੇਟੀ ਦੇ 1959 ਤੱਕ ਦੋ ਸਾਲ ਮੈਂਬਰ ਵੀ ਰਹੇ ਅਤੇ ਉਨ੍ਹਾਂ ਦੀ ਕਾਂਗਰਸ ਵਿਂਚ ਵਧ ਰਹੀ ਸ਼ਕਤੀ ਤੋਂ ਭੈਭੀਤ ਸਨ। ਪਰ ਇਹ ਪਦਵੀ ਟੀਚਰ ਵਰਗ ਦੀ ਹਾਲਤ ਵਿੱਚ ਵੀ ਸਹਾਈ ਹੁੰਦੀ ਸੀ।ਉਸ ਨੇ ਬਤੌਰ ਮੈਂਬਰ ਵਿਧਾਨ ਪ੍ਰੀਸ਼ਦ ਅਤੇ ਆਲ ਇੰਡੀਆ ਕਾਂਗਰਸ ਕਮੇਟੀ ਮੈਂਬਰ ਹੋਣ ਦਾ ਕੋਈ ਨਿੱਜੀ ਲਾਭ ਨਾਲੋਂ ਟੀਚਰ ਵਰਗ ਨੂੰ ਵਧੇਰੇ ਲਾਭ ਲੈ ਕੇ ਦਿੱਤੇ
ਸ੍ਰ: ਗੁਰਚਰਨ ਸਿੰਘ ਦੀ ਪੰਜਾਬ ਦੇ ਟੀਚਰਾਂ ਨੂੰ ਇਕ ਬਹੁਤ ਵੱਡੀ ਦੇਣ ਹੈ। ਇਸ ਤਰ੍ਹਾਂ ਉਹ ਟੀਚਰ ਵਰਗ ਦੇ ਮਸੀਹਾ ਸਨ।
ਟੀਚਰਾਂ ਦਾ ਇਹ ਮਸੀਹਾ ਲਗ ਭਗ 73-74 ਸਾਲ ਦੀ ੳਮਰ ਭੋਗ ਕੇ 23 ਦਸੰਬਰ 1993 ਨੂੰ ਸਦੀਵੀ ਵਿਛੋੜਾ ਦੇ ਗਏ।
000000000