ਆਸਟ੍ਰੇਲੀਆ ਪੰਜਾਬੀ ਚੋਰਾਂ ਤੇ ਵੇਸਵਾਵਾਂ ਦਾ ਘਰ (?)..........ਰਿਸ਼ੀ ਗੁਲਾਟੀ

ਸਪੋਕਸਮੈਨ ‘ਚ 20 ਦਸੰਬਰ ਨੂੰ ਛਪਿਆ ਲੇਖ਼ ਪੜ੍ਹ ਕੇ ਲੱਗਦਾ ਤਾਂ ਨਹੀਂ ਕਿ ਡਾਕਟਰ ਹਰਸਿ਼ੰਦਰ ਕੌਰ ਇਸ ਕਾਬਲ ਹੈ ਕਿ ਉਸਨੂੰ “ਪੰਜਾਬਣ ਆਫ਼ ਦਾ ਯੀਅਰ” ਐਵਾਰਡ ਦਿੱਤਾ ਜਾਏ । ਡਾਕਟਰ ਸਾਹਿਬਾ ਕੁੱਲ 15-20 ਦਿਨ ਲਈ ਆਸਟ੍ਰੇਲੀਆ ਵਿਖੇ ਸੈਰ ਸਪਾਟੇ ਲਈ ਆਏ ਸਨ, ਰੱਬ ਜਾਣੇ ਉਨ੍ਹਾਂ ਦੇ ਮਨ ‘ਚ ਸਾਡੇ ਖਿਲਾਫ਼ ਕਿੰਨਾਂ ਕੁ ਜ਼ਹਿਰ ਭਰਿਆ ਪਿਆ ਸੀ ਕਿ ਭਾਰਤ ਵਾਪਸ ਪੁੱਜ ਕੇ ਅਜਿਹੀ ਚੁਆਤੀ ਲਾਈ ਕਿ ਸਾਡੇ ਕਾਲਜਿਆਂ ਦੇ ਕੋਲੇ ਹੋ ਗਏ । ਲੇਖ਼ ਲਿਖਣ ਤੋਂ ਪਹਿਲਾਂ ਉਨ੍ਹਾਂ ਇੱਕ ਪਲ ਲਈ ਵੀ ਨਹੀਂ ਸੋਚਿਆ ਕਿ ਭਾਵੇਂ ਅਸੀਂ ਆਸਟ੍ਰੇਲੀਆ ਵਸਦੇ ਹਾਂ, ਪਰ ਹਾਂ ਤਾਂ ਪੰਜਾਬੀ ਮਾਂ ਦੇ ਪੁੱਤਰ-ਧੀਆਂ ਹੀ । ਜੇਕਰ ਇੱਕ ਪਲ ਲਈ ਮੰਨ ਵੀ ਲਈ ਲਈਏ ਕਿ ਕੁਝ ਲੜਕੀਆਂ ਅਜਿਹੀਆਂ ਹੋ ਸਕਦੀਆਂ ਹਨ, ਜੋ ਕਿ ਸਾਡੇ ਵਿਰਸੇ, ਸਾਡੇ ਸੱਭਿਆਚਾਰ ਨੂੰ ਸ਼ਰਮਿੰਦਾ ਕਰ ਰਹੀਆਂ ਹਨ, ਤਾਂ ਵੀ ਕੀ ਇਹ ਜ਼ਾਇਜ ਹੈ ਕਿ ਡਾਕਟਰ ਸਾਹਿਬਾ ਅਜਿਹਾ ਕੁਝ ਲਿਖ ਦੇਵੇ ਕਿ ਭਵਿੱਖ ‘ਚ ਇੱਥੇ ਵਸਦੀਆਂ ਕੁੜੀਆਂ ਦੇ ਰਿਸ਼ਤੇ ਵੀ ਨਾ ਹੋ ਸਕਣ । ਲੇਖ਼ ਪੜ੍ਹ ਕੇ ਜਾਪਦਾ ਹੈ ਕਿ ਆਸਟ੍ਰੇਲੀਆ ‘ਚ ਵੱਸਦੀਆਂ ਕੁੜੀਆਂ ਡਾਕਟਰ ਸਾਹਿਬਾ ਦੀ ਹੀ ਇੰਤਜ਼ਾਰ ਕਰ ਰਹੀਆਂ ਸਨ, ਕਿ ਉਹ ਇੱਥੇ ਆਉਣ ਤੇ ਉਨ੍ਹਾਂ ਨੂੰ ਆਪਣੇ ਦੁੱਖੜੇ ਰੋ ਸਕਣ । ਪਤਾ ਨਹੀਂ ਕਿਉਂ ਸਾਨੂੰ ਅਜਿਹੀਆਂ ਕੁੜੀਆਂ ਬਾਰੇ ਜਾਣਕਾਰੀ ਨਹੀਂ, ਜੋ ਕਿ ਆਪਣਾ ਪੇਟ ਭਰਨ ਲਈ ਜੂਠ ਖਾ ਕੇ ਗੁਜ਼ਾਰਾ ਕਰ ਰਹੀਆਂ ਹਨ । ਲੱਗਦਾ ਹੈ ਜਿਵੇਂ ਹੀ ਡਾਕਟਰ ਸਾਹਿਬਾ ਦਾ ਜਹਾਜ਼ ਆਸਟ੍ਰੇਲੀਆ ਦੀ ਧਰਤੀ ਤੇ ਉਤਰਿਆ, ਅਜਿਹੀਆਂ ਕੁੜੀਆਂ ਬਰਸਾਤ ਦੇ ਡੱਡੂਆਂ ਦੀ ਤਰ੍ਹਾਂ ਉਨ੍ਹਾਂ ਦੇ ਦੁਆਲੇ ‘ਕੱਠੀਆਂ ਹੋ ਗਈਆਂ ਤੇ ਲੱਗ ਪਈਆਂ, ਗੜੈਂ-ਗੜੈਂ ਕਰਨ । ਪਹਿਲੀ ਕੁੜੀ ਦੀ ਗੱਲ ਕਰਦੇ ਹਾਂ । ਉਸਨੇ ਕਿਹਾ ਕਿ ਤਿੰਨ ਦਿਨ ਤੋਂ ਭੁੱਖੀ ਹਾਂ । ਜੇਕਰ ਇਹ ਕੁੜੀ ਡਾਕਟਰ ਸਾਹਿਬਾ ਦਾ ਕਾਲਪਨਿਕ ਪਾਤਰ ਨਹੀਂ ਹੈ ਤਾਂ ਸ਼ੱਕ ਹੁੰਦਾ ਹੈ ਕਿ ਕੀ ਵਾਕਈ ਹੀ ਇਹ ਕੁੜੀ ਪੰਜਾਬਣ ਹੈ ? ਜੇਕਰ ਹੁੰਦੀ ਤਾਂ ਘੱਟੋ-ਘੱਟ ਉਸਨੂੰ ਸਾਡੇ ਗੁਰੂਘਰਾਂ ਦੀ ਮਰਿਆਦਾ ਦਾ ਪਤਾ ਹੁੰਦਾ । ਗੁਰੂਘਰ ‘ਚ ਲੰਗਰ ਚਲਦੇ ਨੇ, ਕੀ ਉਹ ਕੁੜੀ ਕਿਸੇ ਗੁਰੂਘਰ ‘ਚ ਗਈ ? ਕਿਸੇ ਪ੍ਰਬੰਧਕ ਕੋਲ ਆਪਣਾ ਦੁੱ਼ਖੜਾ ਜ਼ਾਹਿਰ ਕੀਤਾ ? ਜੇਕਰ ਨਹੀਂ ਤਾਂ ਡਾਕਟਰ ਸਾਹਿਬਾ ‘ਚ ਉਹਨੂੰ ਕਿਹੜੀ “ਦੇਵੀ ਮਾਤਾ” ਨਜ਼ਰ ਆ ਗਈ ਸੀ, ਜਿਸਨੇ ਚੁਟਕੀ ਮਾਰ ਕੇ ਉਸਦੇ ਦੁੱਖਾਂ ਦਾ ਅੰਤ ਕਰ ਦੇਣਾ ਸੀ ? ਹਾਲਾਂਕਿ ਮੈਨੂੰ ਆਸਟ੍ਰੇਲੀਆ ਆਇਆਂ ਕੇਵਲ ਇੱਕ ਸਾਲ ਹੀ ਹੋਇਆ ਹੈ, ਪਰ ਨਾ ਤਾਂ ਅਜਿਹਾ ਕੋਈ ਕੇਸ ਨਿਗ੍ਹਾ ‘ਚ ਆਇਆ ਕਿ ਕਿਸੇ ਵਿਦਿਆਰਥੀ ਨੂੰ ਜੂਠ ਖਾ ਕੇ ਪੇਟ ਭਰਨਾ ਪਿਆ ਹੋਵੇ ਤੇ ਨਾ ਹੀ ਅਜਿਹਾ ਕੇਸ ਜਿਸ ‘ਚ ਮਾਪਿਆਂ ਨੇ ਆਪਣੀ ਧੀ ਸਿਰਫ਼ ਪੈਸਾ ਕਮਾਉਣ ਲਈ ਜੰਮੀ ਹੋਵੇ । ਡਾਕਟਰ ਸਾਹਿਬਾ ਦੇ ਲੇਖ਼ ਮੁਤਾਬਿਕ ਇਸ ਲੜਕੀ ਨੂੰ ਉਸਦੇ ਮਾਪਿਆਂ ਨੇ ਵਿਦੇਸ਼ ਆਉਣ ਦੀ ਪੌੜੀ ਬਨਾਉਣ ਲਈ ਜੰਮਿਆ ਸੀ । ਡਾਕਟਰ ਸਾਹਿਬਾ ਪੜ੍ਹੇ-ਲਿਖੇ ਹਨ, ਜੇਕਰ ਉਨ੍ਹਾਂ ਨੇ ਕੇਵਲ ਸ਼ੋਹਰਤ ਖੱਟਣ ਲਈ ਇਹ ਲੇਖ਼ ਲਿਖਿਆ ਹੈ ਤਾਂ ਸ਼ਾਬਾਸ਼ੇ ਉਨ੍ਹਾਂ ਦੇ.... ਪਰ ਇੱਕ ਬੇਵਕੂਫ਼ ਤੋਂ ਲੈ ਸਮਝਦਾਰ ਇਨਸਾਨ ਤੱਕ ਹਰ ਕੋਈ ਇਹ ਲੇਖ ਪੜ੍ਹ ਕੇ ਹੈਰਾਨ-ਪ੍ਰੇਸ਼ਾਨ ਹੋਵੇਗਾ ਕਿ ਕੁੜੀ ਦੇ ਮਾਪੇ ਅਜਿਹੀ ਕਿਹੜੀ “ਗੌਰਮਿੰਟ” ਹੈ ਜਿਸਨੇ ਵੀਹ ਸਾਲਾ ਯੋਜਨਾ ਬਣਾਈ । ਸਰਕਾਰ ਦੀਆਂ ਤਾਂ ਪੰਜ ਸਾਲਾ ਯੋਜਨਾਵਾਂ ਵੀ ਰਾਹ ‘ਚ ਹੀ ਦਮ ਤੋੜ ਦਿੰਦੀਆਂ ਨੇ । ਪਰ ਧੰਨ ਹਨ ਇਹ ਮਾਪੇ, ਜਿਨ੍ਹਾਂ ਇਹੀ ਸੋਚ ਕੇ ਧੀ ਜੰਮੀ ਕਿ ਜਦੋਂ ਉਹ ਜਵਾਨ ਹੋ ਜਾਵੇਗੀ ਤਾਂ ਉਨ੍ਹਾਂ ਨੂੰ ਵਿਦੇਸ਼ ਦੀ ਸੈਰ ਕਰਵਾਏਗੀ । ਹੋਰ ਤਾਂ ਹੋਰ ! ਉਨ੍ਹਾਂ ਦੀ ਵੀਹ ਸਾਲਾ ਯੋਜਨਾ ਵੀ ਅੱਧੀ ਸਿਰੇ ਚੜ੍ਹ ਗਈ । ਡਾਕਟਰ ਸਾਹਿਬਾ ! ਦੇਖਿਓ ਕਿਤੇ ਤੁਹਾਡਾ ਇਹ ਲੇਖ਼ ਇਹ ਅਮਰੀਕਾ, ਕੈਨੇਡਾ ਆਦਿ ਛਪ ਜਾਵੇ ਤੇ ਉਹ ਲੋਕ ਸਾਡੇ ਅਜਿਹੇ “ਹੀਰੇ” ਚੁਰਾ ਲੈਣ ਜੋ ਕਿ ਵੀਹ ਸਾਲਾ ਯੋਜਨਾਵਾਂ ਬਨਾਉਣ ਤੇ ਸਿਰੇ ਚੜ੍ਹਾਉਣ ‘ਚ ਮਾਹਿਰ ਹਨ । ਉਸ ਕੁੜੀ ਮੁਤਾਬਿਕ “ਆਇਆਂ ਨੂੰ ਚਾਰ ਮਹੀਨੇ ਹੋਏ ਹਨ ਪਰ ਘਰ ਦੇ ਪੈਸੇ ਮੰਗਦੇ ਹਨ ।” ਵਿਆਹ ਨਕਲੀ ਹੋਇਆ, ਇਹ ਤਾਂ ਡਾਕਟਰ ਸਾਹਿਬਾ ਖ਼ੁਦ ਹੀ ਦੱਸ ਚੁੱਕੇ ਹਨ । ਇਹ ਵੀ ਜ਼ਾਹਿਰ ਜਿਹੀ ਗੱਲ ਹੈ ਕਿ ਇਹ ਜੋੜੀ ਪੜ੍ਹਾਈ ਦੇ ਆਧਾਰ ਤੇ ਆਸਟ੍ਰੇਲੀਆ ਆਈ ਹੋਵੇਗੀ । ਇੱਥੇ ਦੋ ਗੱਲਾਂ ਪੈਦਾ ਹੁੰਦੀਆਂ ਹਨ । ਪਹਿਲੀ ਗੱਲ ਇਹ ਹੈ ਕਿ ਪੜ੍ਹਦਾ ਕੌਣ ਹੈ । ਲੇਖ਼ ਮੁਤਾਬਿਕ ਖ਼ਰਚਾ ਕੁੜੀ ਦੇ ਮਾਪਿਆਂ ਨੇ ਕੀਤਾ ਤਾਂ ਪੜ੍ਹਾਈ ਲੜਕਾ ਹੀ ਕਰਦਾ ਹੋਵੇਗਾ, ਕਿਉਂ ਜੋ ਅਜਿਹੇ ਵਿਆਹਾਂ ਵਿੱਚ ਲੜਕੀ ਪੜ੍ਹਦੀ ਹੈ ਤੇ ਲੜਕੇ ਵਾਲੇ ਖ਼ਰਚਾ ਕਰਦੇ ਹਨ । ਇੱਥੇ ਪੁਜੀਸ਼ਨ ਉਲਟ ਹੈ । ਜਿਨ੍ਹਾਂ ਕੁ ਖ਼ਰਚ ਲੜਕੀ ਦੇ ਮਾਪਿਆਂ ਨੇ ਉਸਦੇ ਇੱਥੇ ਆਉਣ ਤੇ ਕੀਤਾ ਹੈ, ਜੇਕਰ ਆਪਣੇ ਲੜਕੇ ਨੂੰ ਇੱਥੇ ਭੇਜਣ ‘ਤੇ ਕਰਦੇ ਤਾਂ ਕੀ ਉਹ ਠੀਕ ਨਹੀਂ ਸੀ ? ਲੱਖਾਂ ਰੁਪਏ ਵੀ ਲਗਾ ਦਿੱਤੇ, ਕੁੜੀ ਪੱਕੀ ਤਾਂ ਫਿਰ ਵੀ ਨਾ ਹੋਈ । ਉਨ੍ਹਾਂ ਦੇ ਆਪਣੇ ਮੁੰਡੇ ਦੇ ਪੜ੍ਹਾਈ ਛੱਡ ਕੇ ਭੈਣ ਦੁਆਰਾ ਬਾਹਰ ਬੁਲਾਉਣ ਦੀ ਉਮੀਦ ਵੀ ਸ਼ੱਕ ਦੇ ਘੇਰੇ ਤੋਂ ਬਾਹਰ ਨਹੀਂ ਹੈ । ਅਗਲੀ ਗੱਲ ਇਹ ਹੈ ਕਿ ਵੀਹ ਸਾਲ ਪਹਿਲਾਂ ਵਿਦੇਸ਼ ਸੈੱਟ ਹੋਣਾ ਅੱਜ ਦੇ ਮੁਕਾਬਲੇ ਅਸਾਨ ਸੀ । ਜੇਕਰ ਕੁੜੀ ਦਾ ਪਿਓ ਖੁਦ ਬਾਹਰ ਸੈੱਟ ਹੋਣ ਦੀ ਕੋਸਿ਼ਸ਼ ਕਰਦਾ ਤਾਂ ਅੱਜ ਨੂੰ ਉਹ ਵਿਦੇਸ਼ ‘ਚ ਕਰੋੜਾਂਪਤੀ ਹੁੰਦੇ । ‘ਤੇ ਜਦੋਂ ਉਨ੍ਹਾਂ ਵੀਹ ਸਾਲਾ ਯੋਜਨਾ ਦਾ ਨੀਂਹ ਪੱਥਰ ਧਰਿਆ ਸੀ, ਜੇ ਮੁੰਡਾ ਜੰਮ ਪੈਂਦਾ ਤਾਂ..... ?

ਡਾਕਟਰ ਸਾਹਿਬਾ ਦੀ ਕਹਾਣੀ.... ਮੁਆਫ਼ ਕਰਨਾ ਲੇਖ਼ ਦਾ ਅਗਲਾ ਸੀਨ ਹੈ ਇੱਕ ਗਲੀ ਦਾ । ਜਿੱਥੇ ਕਿ ਭਾਰਤੀ ਮੁੰਡੇ ਕੁੜੀਆਂ ਦੀ ਭਰਮਾਰ ਹੈ । ਏਧਰ ਓਧਰ ਤੁਰੇ ਫਿਰਦੇ ਇਨ੍ਹਾਂ ਪਾਤਰਾਂ ਦੇ ਚਿਹਰੇ ਮਲੀਨ ਹਨ । ਦੁਨੀਆਂ ਭਰ ਦਾ ਦਰਦ ਹੈ । ਹੰਝੂ ਹਨ । ਹਰ ਪਾਤਰ ਬੇਤਾਬ ਹੈ, ਡਾਕਟਰ ਹਰਸਿ਼ੰਦਰ ਕੌਰ ਦੇ ਆਉਣ ਦੀ ਇੰਤਜ਼ਾਰ ਵਿੱਚ । ਬਿਲਕੁੱਲ ਕਿਸੇ ਫਿਲਮੀ ਕਹਾਣੀ ਦੀ ਤਰ੍ਹਾਂ । ਜਦ ਡਾਕਟਰ ਸਾਹਿਬਾ ਗਲੀ ‘ਚ ਆਉਂਦੇ ਹਨ ਤਾਂ ਇੱਕ ਕੁੜੀ ਪਾਤਰ ਡਾਕਟਰ ਸਾਹਿਬਾ ਦੇ ਨਾਲ਼ ਦੇ ਸੱਜਣ ਨੂੰ ਮੁਖ਼ਾਤਿਬ ਹੋ ਕੇ ਬੋਲਦੀ ਹੈ, ਬਿਨਾਂ ਕੁਝ ਪੁੱਛਿਆਂ ਹੀ...

“ਭਾ ਜੀ, ਤੁਸੀਂ ਕਿੰਨਿਆਂ ਦੀ ਮੱਦਦ ਕਰੋਗੇ ? ਪਹਿਲੇ ਦਿਨ, ਇਥੇ ਹਵਾਈ ਅੱਡੇ ‘ਤੇ ਉਤਰਦੇ ਸਾਰ, ਇੱਕ ਭਾਰਤੀ ਹੋਟਲ ਮਾਲਕ ਵੱਲੋਂ ਪੱਤ ਲੁੱਟੀ ਗਈ ਸੀ । ਤੁਸੀਂ ਛੇ ਮਹੀਨੇ ਸਹਾਰਾ ਦਿੱਤਾ ਪਰ ਹੁਣ ਢਿੱਡ ਭਰਨ ਲਈ ਸਿਵਾਏ ਜਿਸਮ ਵੇਚਣ ਦੇ ਕੋਈ ਚਾਰਾ ਹੀ ਨਹੀਂ ਰਿਹਾ । ਤੁਸੀਂ ਅਖ਼ਬਾਰ ਕਢਦੇ ਹੋ । ਕਿਉਂ ਨਹੀਂ ਲਿਖਦੇ ਕਿ ਮਾਪੇ ਆਪਣੀਆਂ ਬੱਚੀਆਂ ਨੂੰ ਇਸ ਨਰਕ ਵਿਚ ਨਾ ਘੱਲਣ । ਹਰ ਰੋਜ਼ ਇਕ ਭੈਣ ਭਾਰਤ ਤੋਂ ਇਥੇ ਪੜ੍ਹਨ ਲਈ ਪਹੁੰਚ ਰਹੀ ਹੈ ਤੇ ਖੱਜਲ ਖੁਆਰ ਹੋ ਰਹੀ ਹੈ ।”

ਇਹ ਪੜ੍ਹ ਕੇ ਜਾਪਦਾ ਹੈ ਕਿ ਜਿਵੇਂ ਆਲੋਕ ਨਾਥ ਦੀ ਕਿਸੇ ਫਿਲਮ ਦਾ ਡਾਇਲਾਗ ਹੋਵੇ, ਡਾਕਟਰ ਸਾਹਿਬਾ ਨੇ ਸਿਰਫ਼ ਤੇ ਸਿਰਫ਼ ਨਾਲ਼ ਦੇ ਸੱਜਣ ਦੀ ਵਾਹ-ਵਾਹੀ ਲਈ ਹੀ ਇਹ ਪਾਤਰ ਚਿਤਰਣ ਕੀਤਾ ਹੋਵੇ । ਜਿਵੇਂ ਕਿ ਹੀਰੋਇਨ ਜਾਂ ਹੀਰੋ ਕਹਿ ਰਿਹਾ ਹੋਵੇ...

“ਕਾਕਾ ! ਆਪਨੇ ਅਪਨੀ ਸਾਰੀ ਜਿ਼ੰਦਗੀ ਹਮਾਰੀ ਪਰਵਰਿਸ਼ ਮੇਂ ਲਗਾ ਦੀ । ਆਪਨੇ ਹਮਾਰੇ ਭਵਿਸ਼ ਕੀ ਖਾਤਿਰ ਸ਼ਾਦੀ ਭੀ ਨਹੀਂ ਕੀ । ਮੈਂ ਆਪ ਕੋ ਅਬ ਔਰ ਕਾਮ ਨਹੀਂ ਕਰਨੇ ਦੂੰਗਾ । ਮੈਂ ਅਪਨੀ ਪੜ੍ਹਾਈ ਛੋੜ ਕਰ ਕਲ ਸੇ ਨੌਕਰੀ ਕੀ ਤਾਲਾਸ਼ ਮੇਂ ਜੁੱਟ ਜਾਊਂਗਾ ।”

ਪਹਿਲੀ ਗੱਲ ਤਾਂ ਇਹ ਹੈ ਕਿ ਜਦ ਵੀ ਕੋਈ ਆਸਟ੍ਰੇਲੀਆ ਆਉਂਦਾ ਹੈ ਤਾਂ ਘੱਟੋ-ਘੱਟ ਕੋਈ ਇੱਕ ਵਾਕਫ਼ਕਾਰ ਤਾਂ ਹੁੰਦਾ ਹੀ ਹੈ, ਜੋ ਕਿ ਨਵੇਂ ਆਏ ਨੂੰ ਕੁਝ ਦਿਨ ਸਾਂਭਦਾ ਹੈ । ਪਰ ਲੇਖ਼ ਮੁਤਾਬਿਕ “ਜਹਾਜ਼ ਤੋਂ ਉਤਰਦੇ ਸਾਰ ਪੱਤ ਲੁੱਟਣ” ਵਾਲੀ ਗੱਲ ਫਿਲਮ ਦਾ ਸੀਨ ਹੀ ਜਾਪਦਾ ਹੈ ਕਿ ਹੀਰੋਇਨ ਏਅਰਪੋਰਟ ਤੋਂ ਬਾਹਰ ਆਉਂਦੀ ਹੈ, ਉੱਚੀ ਅੱਡੀ ਵਾਲੇ ਸੈਂਡਲਾਂ ਦੀ ਠੱਕ-ਠੱਕ ਦੀ ਆਵਾਜ਼ ਗੂੰਜਦੀ ਹੈ ਤੇ ਹੀਰੋਇਨ ਬਾਹਰ ਆ ਕੇ ਪੁਕਾਰਦੀ ਹੈ....

“ਟੈਕਸੀ...”

ਇੱਕ ਟੈਕਸੀ ਉਸਨੂੰ ਲੈ ਕੇ ਚੱਲ ਪੈਂਦੀ ਹੈ, ਜਿਸਨੂੰ ਵਿਲੇਨ ਦਾ ਗੁੰਡਾ ਚਲਾ ਰਿਹਾ ਹੁੰਦਾ ਹੈ । ਦੇਖੋ ! ਹੀਰੋਇਨ ਉਸੇ ਹੋਟਲ ‘ਚ ਜਾਣ ਲਈ ਕਹਿੰਦੀ ਹੈ, ਜਿੱਥੋਂ ਦਾ ਮਾਲਕ ਵਿਲੇਨ ਹੁੰਦਾ ਹੈ । ਜਦੋਂ ਹੋਟਲ ਪੁੱਜਦੀ ਹੈ ਤਾਂ ਬੈਕ ਗਰਾਊਂਡ ਮਿਊਜ਼ਕ ਡਰਾਵਣਾ ਤੇ ਕਾਲਜਾ ਕੱਢਣ ਵਾਲਾ ਹੋ ਜਾਂਦਾ ਹੈ ਪਰ ਭੋਲੀ ਹੀਰੋਇਨ ਏਧਰ-ਓਧਰ ਵੇਖਦੀ ਹੋਈ “ਨਾਈਸ ਹੋਟਲ, ਨਾਈਸ ਰੂਮ” ਕਹਿੰਦੀ ਹੈ ਤੇ ਗੁਣਗੁਣਾਉਂਦੀ ਹੋਈ ਇਸ਼ਨਾਨ ਪਾਣੀ ਕਰਦੀ ਹੈ । ਮੁੜ ਹੀਰੋਇਨ ਨੂੰ ਹਾਲਾਤਾਂ ਦਾ ਅਹਿਸਾਸ ਉਦੋਂ ਹੁੰਦਾ ਹੈ ਜਦੋਂ ਵਿਲੇਨ ਉਸਦੀ “ਘੁੱਗੀ ਘੈਂ” ਕਰ ਦਿੰਦਾ ਹੈ । ਬਿਲਕੁੱਲ ਇੰਝ ਦੇ ਹਾਲਤਾਂ ਦਾ ਬਿਆਨ ਡਾਕਟਰ ਸਾਹਿਬਾ ਦੇ ਲੇਖ਼ ‘ਚ ਕੀਤਾ ਜਾਪਦਾ ਹੈ । ਕੁੜੀ ਏਅਰਪੋਰਟ ‘ਚੋਂ ਬਾਹਰ ਆਈ ਤੇ.... ।

ਕੀ ਇਸ ਲੜਕੀ ਨੇ ਅੱਜ ਤੱਕ ਕਿਸੇ ਗੁਰੂਘਰ ਜਾਂ ਸਮਾਜਿਕ ਸੰਸਥਾ ਦੇ ਨੁਮਾਇੰਦੇ ਨਾਲ਼ ਆਪਣੀ ਇੱਜ਼ਤ ਰੋਲਣ ਸਬੰਧੀ ਜਿ਼ਕਰ ਕੀਤਾ ? ਜੇਕਰ ਹਾਂ ਤਾਂ ਕਿਸੇ ਨੇ ਉਸਦੀ ਮੱਦਦ ਕਿਉਂ ਨਹੀਂ ਕੀਤੀ ? ਜੇਕਰ ਉਸਨੇ ਕਿਸੇ ਨਾਲ਼ ਗੱਲ ਨਹੀਂ ਕੀਤੀ ਤਾਂ ਗੁਰੂਘਰ ‘ਚ ਸ਼ਰਣ ਲੈਣ ਦੀ ਬਜਾਏ ਪੰਦਰਾਂ-ਵੀਹ ਦਿਨਾਂ ਦੇ ਟੂਰਿਸਟ ਵੀਜ਼ੇ ਤੇ ਆਈ ਡਾਕਟਰ ਹਰਸਿ਼ੰਦਰ ਕੌਰ ‘ਚ ਉਹਨੂੰ ਕੀ ਨਜ਼ਰ ਆ ਗਿਆ, ਜੋ ਉਸਨੂੰ ਗੁਰੂ ਨਾਲੋਂ ਉੱਪਰ ਸਮਝ ਉਸਦੇ ਸਾਹਮਣੇ ਸਭ ਦੁੱਖੜੇ ਫਿਰੋਲ ਸੁੱਟੇ ? ਗੱਲ ਸੁਣ ਕੁੜੀਏ ! ਹਕੀਕਤ ਜਾਂ ਤਾਂ ਤੈਨੂੰ ਪਤਾ ਹੋਵੇਗੀ ਜਾਂ ਰੱਬ ਨੂੰ, ਪਰ ਥੋਡੀਆਂ ਕਹੀਆਂ ਗੱਲਾਂ ਕਰਕੇ ਡਾਕਟਰ ਸਾਹਿਬਾ ਨੇ ਆਪਣੇ ਲੇਖ਼ ਰਾਹੀਂ ਸਮੁੱਚੇ ਆਸਟ੍ਰੇਲੀਆ ਦੀਆਂ ਵਿਦਿਆਰਥਣਾਂ ਦਾ ਭਵਿੱਖ ਦਾਅ ਤੇ ਲਗਾ ਦਿੱਤਾ ਹੈ । ਜੇ ਰੱਬ ਨੇ ਭੋਰਾ ਅਕਲ ਦਿੱਤੀ ਹੈ ਤਾਂ ਸੋਚ ਕੇ ਦੇਖੋ ਥੋਡੀ ਬਿਆਨਬਾਜ਼ੀ ਤੇ ਡਾਕਟਰ ਸਾਹਿਬਾ ਦੇ ਲੇਖ਼ ਕਰਕੇ ਨਤੀਜੇ ਕਿੰਨੇ ਭਿਆਨਕ ਹੋਣਗੇ । ਪਹਿਲੀ ਗੱਲ ਤਾਂ ਆਪਣੇ ਮਾਪਿਆਂ ਬਾਰੇ ਸੋਚੋ । ਜਦੋਂ ਗੁਆਂਢੀ ਕਹਿਣਗੇ...

“ਬਾਈ ਫਲਾਣਾ ਸਿਆਂ ! ਥੋਡੀ ਕੁੜੀ ਆਸਟ੍ਰੇਲੀਆ ਗਈ ਹੈ, ਆਹ ਅਖ਼ਬਾਰ ਪੜ੍ਹ ਕੇ ਦੇਖ ਖਾਂ, ਕੀ ਉਲਟ-ਸ਼ੁਲਟ ਲਿਖਿਆ ਹੈ ।”

“ਨਹੀਂ ਯਾਰ ! ਤੇਰੀ ਭਤੀਜੀ ਤੇ ਮੈਨੂੰ ਪੂਰਾ ਭਰੋਸਾ ਹੈ । ਉਹ ਅਜਿਹੀ ਨਹੀਂ ਹੈ । ਉਸਨੂੰ ਆਪਣੇ ਬਾਪ ਦੀ ਇੱਜ਼ਤ ਦਾ ਪੂਰਾ ਖਿਆਲ ਹੈ ।”

“ਬਾਈ ! ਫਿਰ ਵੀ ਫੋਨ ਕਰਕੇ ਪੁੱਛ ਲੈ, ਖਰਬੂਜ਼ੇ ਨੂੰ ਦੇਖ ਕੇ ਹੀ ਖਰਬੂਜ਼ਾ ਰੰਗ ਫੜਦਾ ਹੈ ।”

ਥੋਡਾ ਮਜ਼ਬੂਰ ਬਾਪ ਪਾਸੇ ਮੂੰਹ ਕਰਕੇ ਪੱਗ ਨਾਲ਼ ਆਪਣੀਆਂ ਅੱਖਾਂ ਪੂੰਝ, ਨੀਵੀਂ ਪਾਉਣ ਤੋਂ ਇਲਾਵਾ ਕੁਝ ਨਹੀਂ ਕਰ ਸਕੇਗਾ ਤੇ ਗੁਆਂਢਣ ਥੋਡੀ ਮਾਂ ਨੂੰ ਅੱਡ ਸੂਲਾਂ ਤੇ ਘਸੀਟੇਗੀ...

“ਬੂ... ਨੀ... ਮੈਂ ਮਰਗੀ ਭੈਣੇ ! ਗੁਰੋ ਦਾ ਬਾਪੂ ‘ਖਬਾਰ ਪੜ੍ਹ ਕੇ ਦੱਸਦਾ ਸੀ ਪਈ ‘ਸਟ੍ਰੇਲੀਆ ‘ਚ ਕੁਆਰੀਆਂ ਕੁੜੀਆਂ ਜੁਆਕ ਜੰਮੀ ਜਾਂਦੀਆਂ ਨੇ । ਸ਼ੁਕਰ ਐ ਸੱਚੇ ਪਾਤਸ਼ਾਹ ਦਾ, ‘ਗਰੇਜ਼ੀ ਦੇ ਟੈਸ਼ਟ ‘ਚੋਂ ਗੁਰੋ ਦੇ ਲੰਬਰ ਪੂਰੇ ਨਹੀਂ ਆਏ । ਨਹੀਂ ਤਾਂ ਇਹ ਵੀ ਕਹਿੰਦੀ ਸੀ ਪਈ ਮੈਂ ਵੀ ‘ਸਟ੍ਰੇਲੀਆ ਜਾਣੈ । ਨਾ ਭੈਣੇ ! ਥੋਡੀ ਰਾਮੋ ਵੀ ਤਾਂ ‘ਸਟ੍ਰੇਲੀਆ ਗਈ ਹੋਈ ਐ । ਭੈਣ ! ਮੇਰੀ ਗੱਲ ਮੰਨ । ਓਹਨੂੰ ਵਾਪਸ ਬੁਲਾ ਲੈ । ਹੋਰ ਨਾ ਡੁੱਬੜੀ ਕੋਈ ਚੰਨ ਚਾੜ੍ਹ ਦੇ । ਕੀ ਲੈਣੇ ਐਹੋ ਜਿਹੀਆਂ ਪੜ੍ਹਾਈਆਂ ਤੋਂ ?”

ਇਸ ਡਰਾਮੇ ਦੀ ਅਗਲੀ ਪਾਤਰ ਨੇ ਆਈਲੈਟਸ ਪਾਸ ਕੀਤੀ ਹੋਈ ਹੈ ਤੇ ਉਸਦਾ ਘਰ ਵਾਲਾ ਕੋਰਾ ਅੰਗੂਠਾ ਛਾਪ ਹੈ । ਇਸ ਜੋੜੇ ਨੇ “ਮਾਪਿਆਂ ਦੇ ਕਹਿਣ ‘ਤੇ” ਪੱਕੇ ਹੋਣ ਲਈ ਨਿਆਣਾ ਵੀ ਜੰਮ ਧਰਿਆ । ਪਹਿਲੀ ਗੱਲ ਤਾਂ ਇਹ ਹੈ ਕਿ ਪੱਕੇ ਹੋਣ ਲਈ ਅਪਲਾਈ ਕਰਨ ਤੋਂ ਪਹਿਲਾਂ ਪੜ੍ਹਾਈ ਪੂਰੀ ਹੋਣੀ ਜ਼ਰੂਰੀ ਹੈ । ਹਰ ਵਿਦਿਆਰਥੀ ਕੋਈ ਵੀ ਕਦਮ ਚੁੱਕਣ ਤੋਂ ਪਹਿਲਾਂ ਇਹ ਜ਼ਰੂਰ ਪਤਾ ਕਰਦਾ ਹੈ ਕਿ ਇਸ ਕਦਮ ਚੁੱਕਣ ਨਾਲ਼ ਸੰਬੰਧਿਤ ਕਾਨੂੰਨ ਕੀ ਕਹਿੰਦਾ ਹੈ । ਹਰ ਕੋਈ ਪਹਿਲਾਂ ਆਪਣੀ ਜੇਬ ਤੇ ਨਿਯਮਾਵਲੀ ਵੱਲ ਨਿਗ੍ਹਾ ਮਾਰਦਾ ਹੈ, ਮੁੜ ਕੋਈ ਕਦਮ ਚੁੱਕਣ ਦੀ ਹਿੰਮਤ ਕਰਦਾ ਹੈ । ਨਿਆਣਾ ਕੋਈ ਦਹੀਂ ਹੈ, ਜੋ ਰਾਤ ਦੁੱਧ ਨੂੰ ਜਾਗ ਲਾਈ ਤੇ ਤੜਕੇ ਦਹੀਂ ਜੰਮ ਗਿਆ । ਡਾਕਟਰ ਸਾਹਿਬਾ ! ਤੁਹਾਡੀ ਕਹਾਣੀ ਦੇ ਪਾਤਰ ਏਨੇ ਭੋਲੇ ਨਹੀਂ ਜੇ, ਜਿੰਨੇ ਭੋਲੇ ਬਣਾ ਕੇ ਤੁਸੀਂ ਪੇਸ਼ ਕੀਤੇ ਨੇ । ਇਸ ਮਾਮਲੇ ‘ਤੇ ਆਪਣੇ ਪਾਤਰਾਂ ਕੋਲੋਂ ਕੁਝ ਹੋਰ ਪੜਤਾਲ ਕਰੋ । ਇਹ ਜਿਹੜੇ ਖੰਡ ਦੇ ਖਿਡੌਣੇ ਬਣਾ ਤੁਸੀਂ ਸਮਾਜ ਦੇ ਸਾਹਮਣੇ ਪੇਸ਼ ਕੀਤੇ ਹਨ, ਪੜਤਾਲ ਕੀਤਿਆਂ ਉਨ੍ਹਾਂ ਦੀ ਖੰਡ ਵੀ ਤੁਸਾਂ ਨੂੰ ਨਹੀਂ ਮਿਲੇਗੀ । ਪਹਿਲੀ ਗੱਲ ਤਾਂ ਇਸ ਗੱਲ ਦੀ ੳਮੀਦ ਹੀ ਨਹੀਂ ਕਿ ਕੋਈ ਵੀ ਆਈਲੈਟਸ ਪਾਸ ਲੜਕੀ ਅਜਿਹੇ ਲੜਕੇ ਨਾਲ਼ ਵਿਆਹ ਕਰੇਗੀ, ਜੋ ਕੋਰਾ ਅਨਪੜ੍ਹ ਹੈ । ਜ਼ਰਾ ਅਖ਼ਬਾਰਾਂ ਚੁੱਕ ਕੇ ਦੇਖੋ, ਪੜ੍ਹੇ-ਲਿਖੇ ਲੜਕਿਆਂ ਦੀਆਂ ਲਾਈਨਾਂ ਲੱਗੀਆਂ ਨਜ਼ਰ ਆਉਣਗੀਆਂ, ਜੋ ਜ਼ਹਾਜ਼ ਚੜ੍ਹਨ ਦੀ ਉਮੀਦ ‘ਚ ਪੈਸੇ ਤੇ ਸ਼ਕਲ ਦੋਹਾਂ ਵੱਲੋਂ ਗ਼ਰੀਬ ਲੜਕੀ ਨਾਲ਼ ਵਿਆਹ ਕਰਨ ਲਈ ਰਾਜ਼ੀ ਹਨ । ਚਲੋ, ਕੋਈ ਨਾ ਤੁਸੀਂ ਜੇ ਸਾਨੂੰ ਅਕਲੋਂ ਏਨੇ ਹੀ ਕੋਰੇ ਸਮਝ ਕੇ ਖੰਡ ਦੇ ਖਿਡੌਣੇ ਪੇਸ਼ ਕੀਤੇ ਹਨ ਤਾਂ ਤੁਹਾਡਾ ਮਾਣ ਰੱਖਣ ਲਈ, ਉਨ੍ਹਾਂ ਨੂੰ ਪ੍ਰਵਾਨ ਕਰਦਿਆਂ ਇੱਕ ਸਵਾਲ ਕਰਦੇ ਹਾਂ ਕਿ ਅਨਪੜ੍ਹ ਬੰਦਾ ਖੇਤਾਂ ‘ਚ ਵੀ ਕੰਮ ਨਹੀਂ ਕਰ ਸਕਦਾ ? ਬਥੇਰੇ ਸਥਾਪਿਤ ਪੰਜਾਬੀ ਖੇਤਾਂ ਦੇ ਮਾਲਕ ਹਨ, ਜਿਨ੍ਹਾਂ ਕੋਲ ਪੰਜਾਬੀ ਲੜਕੇ ਕੰਮ ਕਰਦੇ ਹਨ । ਕੀ ਇਸ ਸੱਜਣ ਨੂੰ ਪੰਜਾਬੀ ਵੀ ਨਹੀਂ ਆਉਂਦੀ ? ਬਲਕਿ ਇਸਦੀ ਤਾਂ ਖੇਤਾਂ ‘ਚ ਕੰਮ ਕਰਨ ਦੀ ਸਮਰੱਥਾ ਬਾਕੀਆਂ ਨਾਲੋਂ ਜਿ਼ਆਦਾ ਹੋਵੇਗੀ ਕਿਉਂ ਜੋ ਪੰਜਾਬ ‘ਚੋਂ ਕਿਹੜਾ ਕੁਰਸੀ ਛੱਡ ਕੇ ਆਇਆ ਹੈ । ਇਹ ਕੁੜੀ ਸ਼ਾਮ ਨੂੰ ਕੰਮ ਤੇ ਨਿਆਣਾ ਲੈ ਕੇ ਜਾਂਦੀ ਹੈ, ਕਰੈੱਚ ‘ਚ ਪੈਸੇ ਭਰਦੀ ਹੈ । ਕਿਉਂ ਭਲਾ ? ਘਰ ਵਾਲਾ ਨਿਆਣਾ ਵੀ ਨਹੀਂ ਸਾਂਭਦਾ ? ਗੱਲ ਕੁਝ ਹਜ਼ਮ ਨਹੀਂ ਹੋ ਰਹੀ ਕਿ ਇੱਕ ਪਾਸੇ ਤਾਂ ਆਮਦਨ ਘੱਟ ਹੈ ਜਾਂ ਨਹੀਂ ਹੈ ਤੇ ਦੂਜੇ ਪਾਸੇ ਘਰ ਵਾਲਾ ਵਿਹਲਾ ਰਹਿੰਦਾ ਹੈ ਪਰ ਨਿਆਣਾ ਕਰੈੱਚ ‘ਚ ਪਲਦਾ ਹੈ । ਕਿਸੇ ਚੰਗੇ ਕਰੈੱਚ ‘ਚ ਬੱਚਾ ਰੱਖਣ ਦਾ ਖ਼ਰਚ ਕਰੀਬ 15-20 ਡਾਲਰ ਪ੍ਰਤੀ ਘੰਟਾ ਹੈ । ਸੋਚਣ ਵਾਲੀ ਗੱਲ ਇਹ ਹੈ ਕਿ ਕੀ ਇਹ ਲੜਕੀ ਇਤਨੇ ਪੈਸੇ ਕਮਾ ਰਹੀ ਹੈ ਜੋ ਕਰੈੱਚ ਦਾ ਖ਼ਰਚ ਝੱਲ ਸਕੇ । ਜੇ ਕਮਾ ਹੀ ਰਹੀ ਹੈ ਤਾਂ ਰੌਲਾ ਕਿਸ ਗੱਲ ਦਾ ਹੈ ? ਕਿਉਂ ਐਂਵੀ ਝੂਠਾਂ ਦੇ ਪੁਲੰਦੇ ਬੰਨੀ ਜਾਂਦੇ ਹੋ ? ਇਸ ਸਭ ਕਾਸੇ ਤੋਂ ਮਹਿਸੂਸ ਹੋ ਰਿਹਾ ਹੈ ਕਿ ਗੱਲਾਂ ਤਾਂ ਦੋ ਹੀ ਹੋ ਸਕਦੀਆਂ ਨੇ, ਜਾਂ ਤਾਂ ਇਨ੍ਹਾਂ ਕੁੜੀਆਂ ਨੇ ਮੁਫ਼ਤ ਦੀ ਹਮਦਰਦੀ ਬਟੋਰਨ ਲਈ ਤੁਹਾਡੇ ਨਾਲ਼ ਘਟੀਆ ਚਾਲ ਚੱਲੀ ਹੈ ਤੇ ਜਾਂ ਤੁਸੀਂ ਮੁਫ਼ਤ ਦੀ ਵਾਹ-ਵਾਹੀ ਬਟੋਰਨ ‘ਚ ਆਸਟ੍ਰੇਲੀਆ ਵਸਦੇ ਆਪਣੇ ਹੀ ਧੀਆਂ ਪੁੱਤਰਾਂ ਦੀ ਇੱਜ਼ਤ ਰੋਲਣ ‘ਚ ਕੋਈ ਕਸਰ ਬਾਕੀ ਨਹੀਂ ਛੱਡੀ ।

ਇੱਕ ਗੱਲ ਦੀ ਮੈਨੂੰ ਸਮਝ ਨਹੀਂ ਆ ਰਹੀ ਕਿ ਸਿਰਫ਼ ਤੁਹਾਨੂੰ ਹੀ ਅਜਿਹੀਆਂ ਲੜਕੀਆਂ ਕਿਉਂ ਮਿਲੀਆਂ ਜੋ ਕਿ ਅਨਪੜ੍ਹ ਮੁੰਡਿਆਂ ਨਾਲ਼ ਵਿਆਹ ਕਰਵਾ ਕੇ ਆਈਆਂ ਹਨ । ਜੋ ਪੇਟ ਪਾਲਣ ਲਈ ਆਪਣਾ ਜਿਸਮ ਵੇਚਣ ਲਈ ਮਜ਼ਬੂਰ ਹਨ । ਇਹ ਮੰਨਿਆ ਕਿ ਕੁਝ ਕੁ ਵਿਦਿਆਰਥੀ ਆਪਣੇ ਅਸੱਭਿਅਕ ਵਿਹਾਰ ਕਰਕੇ ਇੱਥੋਂ ਦੇ ਵਸਨੀਕਾਂ ਜਾਂ ਆਪਣੇ ਸਾਥੀਆਂ ਲਈ ਪ੍ਰੇਸ਼ਾਨੀ ਦਾ ਕਾਰਨ ਬਣਦੇ ਹਨ । ਅਜਿਹਿਆਂ ਨੂੰ ਸਮਝਾਉਣ ਲਈ ਆਸਟ੍ਰੇਲੀਆ ਦੇ ਅਖ਼ਬਾਰਾਂ ‘ਚ ਕੁਝ ਨਾ ਕੁਝ ਛਪਦਾ ਹੀ ਰਹਿੰਦਾ ਹੈ । ਮੈਂ ਇਸ ਵਿਸ਼ੇ ‘ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ, ਪੱਤਰਕਾਰਾਂ, ਲੇਖਕਾਂ ਤੇ ਹੋਰ ਲੋਕਾਂ ਨਾਲ਼ ਗੱਲ-ਬਾਤ ਕੀਤੀ ਪਰ ਅਫਸੋਸ, ਇੱਕ ਵੀ ਅਜਿਹਾ ਨਾ ਮਿਲਿਆ ਜਿਸਨੇ ਡਾਕਟਰ ਸਾਹਿਬਾ ਦੇ ਹੱਕ ਦੀ ਗੱਲ ਕੀਤੀ ਹੋਵੇ ਜਾਂ ਉਨ੍ਹਾਂ ਨੂੰ ਕੋਈ ਅਜਿਹੀ ਲੜਕੀ ਮਿਲੀ ਹੋਵੇ । ਸ਼ਾਇਦ ਉਨ੍ਹਾਂ ਨੂੰ ਸਨਮਾਨਿਤ ਕਰਨ ਵਾਲੀਆਂ ਸੰਸਥਾਵਾਂ ਦੇ ਮੈਂਬਰ ਵੀ ਡਾਕਟਰ ਸਾਹਿਬਾ ਦੀ ਇਸ ਕੋਝੀ ਲੇਖਣੀ ਕਰਕੇ ਅਫਸੋਸ ਕਰਦੇ ਹੋਣਗੇ । ਤੁਸੀਂ ਤਾਂ ਸਨਮਾਨਿਤ ਹੋ ਕੇ ਚਲੇ ਗਏ ਪਰ ਸਨਮਾਨਿਤ ਕਰਨ ਵਾਲਿਆਂ ਨੂੰ ਕਿਸ ਗੁਨਾਹ ਕਰਕੇ ਅਪਮਾਨਿਤ ਕਰ ਰਹੇ ਹੋ ? ਕੀ ਤੁਹਾਨੂੰ ਸਨਮਾਨਿਤ ਕਰਨ ਵਾਲੀਆਂ ਸੰਸਥਾਵਾਂ ਨੂੰ ਇਹ ਨਹੀਂ ਚਾਹੀਦਾ ਕਿ ਉਹ ਤੁਹਾਨੂੰ ਦਿੱਤਾ ਗਿਆ ਸਨਮਾਨ ਵਾਪਸ ਲੈਣ । ਪਹਿਲੀ ਗੱਲ ਤਾਂ ਇਹ ਹੈ ਕਿ ਜਦ ਆਸਟ੍ਰੇਲੀਆ ‘ਚ ਭਰੂਣ ਹੱਤਿਆ ਦੀ ਕੋਈ ਸਮੱਸਿਆ ਹੀ ਨਹੀਂ ਹੈ, ਤਾਂ ਤੁਹਾਨੂੰ ਇੱਥੇ ਬੁਲਾਉਣ ਦਾ ਕੀ ਮਤਲਬ ਸੀ ? ਚਲੋ, ਜੇਕਰ ਬੁਲਾ ਵੀ ਲਿਆ ਤੇ ਸਨਮਾਨਿਤ ਵੀ ਕਰ ਦਿੱਤਾ ਤਾਂ ਤੁਸੀਂ ਆਪਣੇ ਮੇਜ਼ਬਾਨਾਂ ਕੋਲ ਇਨ੍ਹਾਂ ਸਮੱਸਿਆਵਾਂ ਦਾ ਜਿ਼ਕਰ ਕੀਤਾ ? ਕੀ ਤੁਹਾਨੂੰ ਉਨ੍ਹਾਂ ਨੇ ਅਜਿਹੀਆਂ ਮਨਘੜਤ ਗੱਲਾਂ ਲਿਖਣ ਤੋਂ ਵਰਜਿਆ ਨਹੀਂ ? ਇਹ ਤੁਹਾਡੇ ਤੇ ਨਿਰਭਰ ਕਰਦਾ ਹੈ ਕਿ ਪੰਜਾਬੀ ਮੁੰਡੇ-ਕੁੜੀਆਂ ਦੇ ਭਵਿੱਖ ਨਾਲ਼ ਖੇਡਣ ਦੇ ਗੁਨਾਹ ਵਿੱਚ ਤੁਸੀਂ ਕੇਵਲ ਆਪਣੇ ਆਪ ਨੂੰ ਗੁਨਾਹਗਾਰ ਮੰਨਦੇ ਹੋ ਜਾਂ ਆਪਣੇ ਮੇਜ਼ਬਾਨਾਂ ਨੂੰ ਵੀ । ਤੁਹਾਡੀ ਲੇਖਣੀ ਪੜ੍ਹ ਕੇ ਲੱਗਦਾ ਨਹੀਂ ਕਿ ਇਹ ਲੇਖ਼ ਕਿਸੇ ਔਰਤ ਦਾ ਲਿਖਿਆ ਹੋਇਆ ਹੈ । ਜਾਪਦਾ ਹੈ ਜਿਵੇਂ ਅਸ਼ਲੀਲ ਕਿਤਾਬਾਂ ਲਿਖਣ ਵਾਲੇ ਕਿਸੇ ਲੇਖਕ ਨੇ ਇਹ ਲੇਖ ਲਿਖਿਆ ਹੈ । ਕਿਵੇਂ ਵਿਰੋਧ ਕਰਾਂ ਤੁਹਾਡੇ ਇਸ ਲੇਖ ਦਾ ? ਤੁਹਾਡੇ ਲਿਖੇ ਇੱਕ-ਇੱਕ ਸ਼ਬਦ ਸਾਹਮਣੇ ਮੇਰੀ ਕਲਮ ਦੀ ਸਿਆਹੀ ਸੁੱਕ ਰਹੀ ਹੈ । ਜਾਪ ਰਿਹਾ ਹੈ ਕਿ ਇਸ ਚਿੱਕੜ ਦੇ ਫੈਲਣ ਦਾ ਵਿਰੋਧ ਕਰਕੇ ਮੈਂ ਵੀ ਇਸ ਵਿੱਚ ਲਿੱਬੜ ਜਾਵਾਂਗਾ, ਪਰ ਵਿਰੋਧਤਾ ਮੇਰੀ ਮਜ਼ਬੂਰੀ ਹੈ, ਚਾਹੇ ਲਿੱਬੜਾਂ ਜਾਂ ਪਾਕ-ਸਾਫ਼ ਰਹਾਂ । ਇਸ ਗੱਲ ਦਾ ਫੈਸਲਾ ਪਾਠਕ ਕਰਨਗੇ ।

ਡਾਕਟਰ ਸਾਹਿਬਾ ਦੇ ਅਗਲੇ ਪਾਤਰਾਂ ‘ਚ “ਅਨਪੜ੍ਹ ਖਸਮ” ਆ ਜਾਂਦੇ ਨੇ । ਜਿਹੜੇ ਕੋਈ ਕੰਮ ਨਹੀਂ ਕਰਦੇ ਬਲਕਿ ਵਕਤ ਕੱਟਣ ਲਈ ਸਾਰਾ ਦਿਨ ਅਵਾਰਾ ਘੁੰਮਦੇ ਨੇ ਜਾਂ ਚੋਰੀ ਚਕਾਰੀ ਕਰਦੇ ਨੇ । ਇਹ ਲੇਖ਼ ਲਿਖਦਿਆਂ ਮੈਂ ਤਾਂ ਖ਼ੁਦ ਪ੍ਰੇਸ਼ਾਨ ਹੋ ਗਿਆ ਹਾਂ ਕਿ ਡਾਕਟਰ ਸਾਹਿਬਾ ਨੇ ਕੀ ਸੋਚ ਕੇ ਸਾਡੀ ਮਿੱਟੀ ਪਲੀਤ ਕੀਤੀ ਹੈ ? ਆਪਣੇ ਪੰਜਾਬੀ ਸਮਾਜ ਨੂੰ ਕਿਵੇਂ ਯਕੀਨ ਦਿਵਾਵਾਂ ਕਿ ਡਾਕਟਰ ਸਾਹਿਬਾ ਨੇ ਜੋ ਕੁਝ ਲਿਖਿਆ ਹੈ, ਉਹ ਸਿਵਾਏ ਸਸਤੀ ਸ਼ੋਹਰਤ ਹਾਸਲ ਕਰਨ ਦੇ ਕੋਈ ਮਾਇਨੇ ਨਹੀਂ ਰੱਖਦਾ । ਹੁਣ ਤੁਸੀਂ ਖੁਦ ਦੱਸੋ ਕਿ ਚੋਰੀ ਕਰਨ ਨੂੰ ਇਹ ਪਟਿਆਲਾ ਹੈ, ਜਿੱਥੇ ਕੋਈ ਕੁਝ ਨਹੀਂ ਕਹੇਗਾ ਜਾਂ ਗੱਲ ਲੁਕ ਜਾਵੇਗੀ ? ਮੈਡਮ ਜੀ ! ਇਹ ਆਸਟ੍ਰੇਲੀਆ ਹੈ, ਜੇ ਕਿਤੇ ਅਜਿਹੀ ਗੱਲ ਹੋਈ ਹੁੰਦੀ ਤਾਂ ਇਨ੍ਹਾਂ ਲੋਕਾਂ ਨੇ ਸਾਨੂੰ ਬਖ਼ਸ਼ਣਾ ਨਹੀਂ ਸੀ । ਡਾਕਟਰ ਸਾਹਿਬਾ ਨੂੰ ਅੱਠ ਮਹੀਨੇ ਦੀ ਗਰਭਵਤੀ ਲੜਕੀ ਮਿਲੀ, ਜਿਸਨੂੰ ਇਹੀ ਨਹੀਂ ਪਤਾ ਕਿ ਉਸਦੇ ਹੋਣ ਵਾਲੇ ਬੱਚੇ ਦਾ ਬਾਪ ਕੌਣ ਹੈ ? ਹੋਰ ਤਾਂ ਹੋਰ, ਉਸਦੇ ਨਾਲ਼ ਦੀਆਂ ਤਿੰਨ-ਚਾਰ ਹੋਰ ਕੁੜੀਆਂ ਵੀ ਗਰਭਵਤੀ ਸਨ, ਜਿਨ੍ਹਾਂ ਨੂੰ ਆਪਣੇ ਬੱਚਿਆਂ ਦੇ ਬਾਪ ਦਾ ਪਤਾ ਨਹੀਂ ਸੀ । ਛੱਡੋ ਡਾਕਟਰ ਸਾਹਿਬਾ ! ਕਿਉਂ ਮੁੰਡਿਆਂ ਨੂੰ “ਸ਼ਰਮ” ਨਾਲ਼ ਮਰਨ ਲਈ ਮਜ਼ਬੂਰ ਕਰਨ ਤੇ ਤੁਲੇ ਪਏ ਹੋ ? ਮੁੰਡਿਆਂ ਨੇ ਊਂ ਹੀ “ਸ਼ਰਮ” ਨਾਲ਼ ਮਰ ਜਾਣਾ ਹੈ ਕਿ “ਖੀਰ” ਸਾਰੀ ਵੰਡੀ ਗਈ ਪਰ ਉਨ੍ਹਾਂ ਨੂੰ ਪਤਾ ਵੀ ਨਹੀਂ ਲੱਗਾ । ਜੇ ਆਪਣੀ ਬੇਇੱਜ਼ਤੀ ਹੀ ਕਰਵਾਉਣੀ ਸੀ ਤਾਂ ਘੱਟੋ-ਘੱਟ “ਖੀਰ” ਤਾਂ ਛਕ ਲੈਂਦੇ, ਹੁਣ ਤਾਂ ਮੁਫ਼ਤ ‘ਚ ਹੀ ਬਦਨਾਮੀ ਹੋ ਗਈ । ਗੁਰਦੁਆਰਾ ਸਾਹਿਬ ‘ਚ ਅੱਧਨੰਗੀ ਕੁੜੀ ਦੋ ਮੁੰਡਿਆਂ ਨਾਲ਼ ਜੱਫੀ ਪਾਈ ਖੜ੍ਹੀ ਡਾਕਟਰ ਸਾਹਿਬਾ ਨੂੰ ਤਾਂ ਨਜ਼ਰ ਆ ਗਈ ਪਰ ਪ੍ਰਬੰਧਕਾਂ ਨੂੰ ਪਤਾ ਨਹੀਂ ਦਿਸੀ ਜਾਂ ਨਹੀਂ । ਸ਼ਾਇਦ ਉਸਨੇ ਪਹਿਲੀ ਵਾਰੀ ਹੀ ਗੁਰਦੁਆਰਾ ਸਾਹਿਬ ‘ਚ ਖੜ੍ਹ ਕੇ ਮੁੰਡਿਆਂ ਨੂੰ ਜੱਫੀ ਪਾਈ ਹੋਵੇਗੀ, ਤੇ ਡਾਕਟਰ ਸਾਹਿਬਾ ਨੇ ਉਸਨੂੰ ਦੇਖ ਲਿਆ । ਜੇਕਰ ਉਸਨੇ ਪਹਿਲਾਂ ਕੋਈ ਅਜਿਹੀ ਹਰਕਤ ਕੀਤੀ ਹੁੰਦੀ ਤਾਂ ਪ੍ਰਬੰਧਕਾਂ ਨੇ ਉਸਨੂੰ ਅਜਿਹਾ ਸਬਕ ਸਿਖਾਉਣਾ ਸੀ, ਕਿ ਉਹ ਯਾਦ ਰੱਖਦੀ ।

ਇਹ ਗੱਲ ਸਮਝ ਤੋਂ ਬਾਹਰ ਹੈ ਕਿ ਆਸਟ੍ਰੇਲੀਆ ਅੱਜ ਤੱਕ ਇਤਨੇ ਪ੍ਰਚਾਰਕ ਆਏ, ਵਿਦਿਆਰਥੀਆਂ ਦੇ ਮਾਪੇ ਉਨ੍ਹਾਂ ਨੂੰ ਮਿਲਣ ਲਈ ਆਏ, ਕੀ ਕਿਸੇ ਨੂੰ ਕੋਈ ਅਜਿਹਾ ਮੁੰਡਾ ਕੁੜੀ ਨਹੀਂ ਮਿਲਿਆ ਜੋ ਕਿ ਚੋਰੀ ਕਰਦਾ ਹੋਵੇ ਜਾਂ ਕੁੜੀ ਵੇਸਵਾ ਹੋਵੇ । ਕਿਸੇ ਨੂੰ ਅਜਿਹੇ ਪੁਰਾਣੇ ਪੰਜਾਬੀ ਨਹੀਂ ਮਿਲੇ, ਜਿਨ੍ਹਾਂ ਆਉਣ ਵਾਲਿਆਂ ਨੂੰ ਆਸਟ੍ਰੇਲੀਆ ਦੀਆਂ “ਬਦਨਾਮ ਗਲੀਆਂ” ਬਾਰੇ ਜਾਣਕਾਰੀ ਦਿੱਤੀ ਹੋਵੇ । ਇੱਕ ਡਾਕਟਰ ਹਰਸਿ਼ੰਦਰ ਕੌਰ ਹੀ ਆਈ, ਜਿਸਨੂੰ ਆਸਟ੍ਰੇਲੀਆ ਵਾਸੀਆਂ ਨੇ ਐਵੇਂ ਹੀ ਸਿਰ ਬੈਠਾ ਲਿਆ ਪਰ ਉਹ ਉਨ੍ਹਾਂ ਸਿਰਾਂ ‘ਚ ਹੀ ਜੁੱਤੀਆਂ ਮਾਰ ਰਹੀ ਹੈ । ਉਸਨੇ ਆਪਣੇ ਪੰਦਰਾਂ ਦਿਨਾਂ ਦੇ ਦੌਰੇ ਦੌਰਾਨ ਪੰਜਾਬੀ ਚੋਰ ਦੇਖੇ, ਪੰਜਾਬਣ ਵੇਸਵਾਵਾਂ ਦੇਖੀਆਂ, ਆਸਟ੍ਰੇਲੀਆ ਦੀਆਂ ਬਦਨਾਮ ਗਲੀਆਂ ਦੇਖੀਆਂ, ਅਧੇੜ ਪੰਜਾਬੀਆਂ ਦੁਆਰਾ ਮਨਾਈਆਂ ਜਾਂਦੀਆਂ ਰੰਗਰਲੀਆਂ ਦੇਖੀਆਂ, ਗੁਰੂਘਰ ‘ਚ ਮੁੰਡਿਆਂ-ਕੁੜੀਆਂ ਦੁਆਰਾ ਹੁੰਦੀਆਂ ਅਸ਼ਲੀਲ ਹਰਕਤਾਂ ਤੱਕੀਆਂ, ਪਾਠੀ ਸਿੰਘ ਗੋਰੀਆਂ ਨੂੰ ਛੇੜਦੇ ਤੱਕੇ । ਇਹ ਸਮਝ ਨਹੀਂ ਆਈ ਕਿ ਜੇਕਰ ਡਾਕਟਰ ਸਾਹਿਬਾ ਦੀ ਨਜ਼ਰ ਇਹੀ ਕੁਝ ਦੇਖਦੀ ਰਹੀ ਤਾਂ ਉਸਨੇ ਆਸਟ੍ਰੇਲੀਆ ਦੀ ਖੂਬਸੂਰਤੀ ਕਦੋਂ ਤੱਕੀ ? ਸੁੰਦਰ ਇਮਾਰਤਾਂ, ਕੁਦਰਤ ਦੇ ਰੰਗ ਕਦੋਂ ਤੱਕੇ ? ਮਿਹਨਤ ਕਰ ਸਿਖਰਾਂ ਤੇ ਪੁੱਜੇ ਪੰਜਾਬੀ ਕਦੋਂ ਤੱਕੇ ? ਗੁਰੂਘਰ ‘ਚ ਉਹ ਮੁੰਡੇ ਕੁੜੀਆਂ ਨੂੰ ਗੁਟਰਗੂੰ ਕਰਦਿਆਂ ਦੇਖਦੀ ਰਹੀ, ਪਰ ਉਸਨੇ ਧੁਰ ਕੀ ਬਾਣੀ ਸਰਵਣ ਕਿਉਂ ਨਹੀਂ ਕੀਤੀ ? ਜਦੋਂ ਲੰਗਰ ਛਕਦਿਆਂ ਉਸਨੇ ਮੁੰਡੇ ਕੁੜੀਆਂ ਦੀਆਂ ਅਸ਼ਲੀਲ ਹਰਕਤਾਂ ਦੇਖੀਆਂ, ਕੀ ਦਾਲ ਉਸਦੇ ਕੱਪੜਿਆਂ ਤੇ ਨਹੀਂ ਡੁੱਲ੍ਹੀ ? ਇਹ ਵੀ ਸਮਝ ਤੋਂ ਬਾਹਰ ਹੈ ਕਿ ਤੁਹਾਨੂੰ ਘੁੰਮਣ ਲਈ ਆਸਟ੍ਰੇਲੀਆ ਦਾ, ਤੁਹਾਡੇ ਦੁਆਰਾ ਦਰਸਾਇਆ “ਰੈੱਡ ਲਾਈਟ ਏਰੀਆ” ਹੀ ਮਿਲਿਆ ਸੀ, ਕੋਈ ਬੀਚ, ਵੱਡੇ-ਵੱਡੇ ਸ਼ਾਪਿੰਗ ਕੰਪਲੈਕਸ, ਮਿਊਜ਼ੀਅਮ ਜਾਂ ਕੋਈ ਹੋਰ ਚੱਜ ਦੀ ਜਗ੍ਹਾ ਨਹੀਂ ਸੀ ਮਿਲੀ ? ਡਾਕਟਰ ਸਾਹਿਬਾ ! ਕਿਉਂ ਸਾਡੀ ਮਿੱਟੀ ਪਲੀਤ ਕਰੀ ਜਾਂਦੇ ਹੋ, ਨਾਲੇ ਆਪਣੀ ਕਰਵਾਈ ਜਾਂਦੇ ਹੋ ? ਸਿਆਣੇ ਕਹਿੰਦੇ ਹਨ ਕਿ ਔਖਾ ਨੰਬਰ ਵਨ ਬਣਨਾ ਨਹੀਂ ਹੈ, ਔਖਾ ਉਸਨੂੰ ਸੰਭਾਲਣਾ ਹੈ । ਜਿੰਨੀ ਕੁ ਸ਼ੋਹਰਤ ਤੁਸੀਂ ਖੱਟੀ ਹੈ, ਉਸਨੂੰ ਸੰਭਾਲ ਲਵੋ । ਸਿਆਣੇ ਕਹਿੰਦੇ ਤਾਂ ਇਹ ਵੀ ਹਨ ਕਿ “ਖੋਤੇ ਨੂੰ ਖੀਰ ਔਖੀ ਹੀ ਹਜ਼ਮ ਹੁੰਦੀ ਹੈ ।” ਇੱਥੇ ਆਏ ਵਿਦਿਆਰਥੀ ਤੁਹਾਡੇ ਪੁੱਤਰਾਂ ਧੀਆਂ ਦੀ ਉਮਰ ਦੇ ਹਨ । ਹੋਰ ਫੋਕੀਆਂ ਵਡਿਆਈਆਂ ਖੱਟਣ ਦੇ ਚੱਕਰ ‘ਚ ਆਪਣੇ ਪੁੱਤਰਾਂ ਧੀਆਂ ਨੂੰ ਚੋਰ ਜਾਂ ਵੇਸਵਾਵਾਂ ਨਾ ਬਣਾਓ । ਸਾਨੂੰ ਪਤਾ ਹੈ ਕਿ ਜਦੋਂ ਅਸੀਂ ਹਾਂ ਹੀ ਤੁਹਾਡੇ ਬੱਚਿਆਂ ਦੀ ਉਮਰ ਦੇ, ਸਾਡੀ ਕਲਮ, ਤੁਹਾਡੀ ਕਲਮ ਦੇ ਹਾਣ ਦੀ ਨਹੀਂ ਹੋ ਸਕਦੀ ਤੇ ਨਾਲ਼ੇ ਇਹ ਸਾਡੇ ਵਤਨ ਦੀ ਬਦਕਿਸਮਤੀ ਹੈ ਕਿ ਉਹ ਉਮਰ ‘ਚ ਵੱਡਿਆਂ ਦੀ ਹਰ ਗੱਲ ਨੂੰ ਹੀ ਸਹੀ ਮੰਨਦੇ ਹਨ ਪਰ ਨੌਜਵਾਨ ਪੀੜ੍ਹੀ ਦੀ ਸੋਚ ਉਨ੍ਹਾਂ ਨੂੰ ਠੀਕ ਨਹੀਂ ਜਾਪਦੀ । ਜਦ ਅਸੀਂ ਆਸਟ੍ਰੇਲੀਆ ਵਸਦੇ ਆਪਣੇ ਹਾਣੀਆਂ ਵੱਲੋਂ, ਆਪਣੇ ਪੱਖ ਨੂੰ ਸਹੀ ਸਾਬਤ ਕਰਨ ਦੀ ਕੋਸਿ਼ਸ਼ ਕਰ ਰਹੇ ਹਾਂ ਤਾਂ ਵੀ ਸਾਡੇ ਹੀ ਖਿਲਾਫ਼ ਅਵਾਜ਼ਾਂ ਉੱਠਣਗੀਆਂ, ਕਿਉਂ ਜੋ ਤੁਸੀਂ ਅੰਤਰ-ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਕਲਮ ਨਵੀਸ ਹੋ ਤੇ ਅਸੀਂ ਅਜੇ ਆਪਣੇ ਵਰਤਮਾਨ ਤੇ ਭਵਿੱਖ ਨੂੰ ਸਹੀ ਪਟੜੀ ਤੇ ਲਿਆਉਣ ਲਈ ਯਤਨਸ਼ੀਲ । ਇਹ ਤਾਂ ਸਚਾਈ ਹੈ ਹੀ ਕਿ ਹਮੇਸ਼ਾ ਸਲਾਮਾਂ ਚੜ੍ਹਦੇ ਸੂਰਜ ਨੂੰ ਹੀ ਹੁੰਦੀਆਂ ਨੇ । ਅਸੀਂ ਆਪਣੇ ਹਮਵਤਨਾਂ ਤੋਂ ਇਹ ਉਮੀਦ ਘੱਟ ਹੀ ਕਰਦੇ ਹਾਂ ਕਿ ਉਹ ਸਾਡੀ ਸੋਚ ਨੂੰ, ਸਾਡੀ ਲੇਖਣੀ ਨੂੰ ਮਾਨਤਾ ਦੇਣਗੇ । ਪਰ ਜੇਕਰ ਉਹ ਸੱਚੇ ਦਿਲ ਨਾਲ਼ ਇਨਸਾਫ਼ ਦੀ ਗੱਲ ਸੋਚਣ ਤਾਂ ਸਾਡੇ ਸੱਚ ਤੇ ਤੁਹਾਡੇ ਝੂਠ ਦਾ ਫ਼ਰਕ ਸਾਡੀ ਕਲਮ ਦੀ ਤੜਪ ਤੋਂ ਮਹਿਸੂਸ ਕਰ ਸਕਦੇ ਹਨ ।

ਇੱਕ ਗੱਲ ਹੋਰ, ਜੇਕਰ ਤੁਹਾਨੂੰ ਮਹਿਸੂਸ ਹੁੰਦਾ ਹੈ ਕਿ ਪੰਜਾਬਣਾਂ ਵਿਦੇਸ਼ਾਂ ‘ਚ ਵੇਸਵਾਵਾਂ ਬਣਨ ਦੀ ਖਾਤਰ ਆ ਰਹੀਆਂ ਹਨ ਤਾਂ ਬੰਦ ਕਰੋ ਆਪਣੇ ਭਰੂਣ ਹੱਤਿਆ ਦੀ ਮੁਖਾਲਫਿ਼ਤ ਦੇ ਡਰਾਮੇ । ਲੋਕਾਂ ਨੂੰ ਫੱਟੇ ਚੁੱਕਣ ਦਿਓ, ਮਾਰ ਲੈਣ ਦਿਓ ਗਰਭ ਵਿੱਚ, ਬੀਜ ਨਾਸ਼ ਕਰ ਲੈਣ ਦਿਓ ਧੀਆਂ ਦਾ, ਮੁੜ ਵੇਖਿਓ ਸ਼ਾਇਦ ਤੁਹਾਡੀਆਂ ਆਸਾਂ ਨੂੰ ਬੂਰ ਪੈ ਜਾਵੇ । ਐਵੀਂ ਫੋਕੀ ਸੋ਼ਹਰਤ ਦੇ ਚੱਕਰ ਵਿੱਚ ਸਭ ਆਸਟ੍ਰੇਲੀਆਈ ਵਿਦਿਆਰਥੀਆਂ ਦੇ ਭਵਿੱਖ ਦੇ ਪ੍ਰਸ਼ਨ ਚਿੰਨ੍ਹ ਲਗਾ ਦਿੱਤੇ ਨੇ । ਦੱਸੋ ਖਾਂ ! ਕੌਣ ਵਿਆਹ ਕਰੇਗਾ ਆਸਟ੍ਰੇਲੀਆ ‘ਚ ਪੜ੍ਹਣ ਆਈਆਂ ਵਿਦਿਆਰਥਣਾਂ ਦੇ ਨਾਲ਼ ? ਕੌਣ ਰਿਸ਼ਤੇ ਕਰੇਗਾ ਉਨ੍ਹਾਂ ਵਿਦਿਆਰਥੀਆਂ ਦੇ, ਜਿਨ੍ਹਾਂ ਨੂੰ ਤੁਸੀਂ ਚੋਰ ਦੱਸਿਆ ਹੈ । ਉਂਝ ਤਾਂ ਸਭ ਚੋਰ ਤੇ ਵੇਸਵਾਵਾਂ ਤੁਹਾਡੇ ਬੱਚਿਆਂ ਦੀ ਉਮਰ ਦੇ ਹਨ, ਪਰ ਤੁਹਾਨੂੰ ਅਸਲ ਸੇਕ ਉਦੋਂ ਲੱਗੇਗਾ ਜਦੋਂ......

****
ਰਿਸ਼ੀ ਗੁਲਾਟੀ
ਮੋਬਾਇਲ : +61 433 442 722
ਈ ਮੇਲ : rishi22722@yahoo.com

**** ਵਰ੍ਹੇਗੰਢ ਮੁਬਾਰਕ ****
"ਸ਼ਬਦ ਸਾਂਝ" ਦਾ ਪਹਿਲਾ ਸਾਲ ਮੁਕੰਮਲ ਹੋਣ 'ਤੇ
ਸਭ ਪਾਠਕਾਂ, ਲੇਖਕਾਂ ਤੇ ਸ਼ੁਭਚਿੰਤਕਾਂ ਨੂੰ ਮੁਬਾਰਕਾਂ !!!!!

- ਸੰਪਾਦਕ
ਦਸੰਬਰ '09


ਜੇ ਤੂੰ ਅਕਲਿ ਲਤੀਫ਼ ਹੈ ਕਾਲ਼ੇ ਲਿਖ ਨਾ ਲੇਖ ।
ਆਪਨੜੇ ਗਿਰੀਵਾਨ ਮਹਿ ਸਿਰ ਨੀਵਾਂ ਕਰ ਦੇਖ ।।
-- ਬਾਬਾ ਸ਼ੇਖ਼ ਫ਼ਰੀਦ ਜੀ


ਕਲਾਮ ਬੁੱਲ੍ਹੇ ਸ਼ਾਹ

ਉੱਠ ਗਏ ਗਵਾਂਢੋਂ ਯਾਰ
ਰੱਬਾ ਹੁਣ ਕੀ ਕਰੀਏ ????

ਉੱਠ ਗਏ ਹੁਣ ਰਹਿੰਦੇ ਨਾਹੀਂ
ਹੋਇਆ ਸਾਥ ਤਿਆਰ
ਰੱਬਾ ਹੁਣ ਕੀ ਕਰੀਏ ????

ਦਾਢ ਕਲੇ਼ਜੇ ਬਲ ਬਲ ਉਠਦੀ
ਭੜਕੇ ਬਿਰਹੋਂ ਨਾਰ
ਰੱਬਾ ਹੁਣ ਕੀ ਕਰੀਏ ????

ਬੁੱਲ੍ਹਾ ਸੁ਼ਹ ਪਿਆਰੇ ਬਾਝੋਂ
ਰਹੇ ਉਰਾਰ ਨਾ ਪਾਰ
ਰੱਬਾ ਹੁਣ ਕੀ ਕਰੀਏ ????


ਸ਼ਬਦ ਸਾਂਝ – ਮਾਂ ਬੋਲੀ ਦੀ ਸੇਵਾ ਲਈ ਨਿਗੁਣਾ ਉਪਰਾਲਾ.......... ਸੰਪਾਦਕੀ / ਸੁਨੀਲ ਚੰਦਿਆਣਵੀ (ਮੁੱਖ ਸੰਪਾਦਕ)


ਅੱਜ ਪੰਜਾਬੀ ਬੋਲੀ, ਪੰਜਾਬੀ ਭਾਸ਼ਾ ਪ੍ਰਤੀ ਕਾਫੀ ਜਿ਼ਆਦਾ ਫਿ਼ਕਰਮੰਦੀ ਜ਼ਾਹਿਰ ਕੀਤੀ ਜਾ ਰਹੀ ਹੈ, ਜਿਸ ਦੀ ਜ਼ਰੂਰਤ ਵੀ ਹੈ। ਭਾਵੇਂ ਕਿ ਪੰਜਾਬੀ ਆਪਣੇ ਆਪ ਵਿਚ ਏਨੀ ਸ਼ਕਤੀਸ਼ਾਲੀ ਹੈ, ਫਿਰ ਵੀ ਇਸ ਦੀ ਸਥਿਤੀ ਪ੍ਰਤੀ ਚੇਤੰਨਤਾ ਦਾ ਹੋਣਾ ਅਤਿ ਲਾਜ਼ਮੀ ਹੈ। ਅੱਜ ਪੰਜਾਬੀ ਪਿਆਰਿਆਂ ਦੇ ਦੁਹਾਈ ਪਾਉਣ ‘ਤੇ ਪੰਜਾਬ ਸਰਕਾਰ ਨੇ ਵੀ ਪੰਜਾਬੀ ਨੂੰ ਪੰਜਾਬ ਵਿਚ ਪੂਰਨ ਤੌਰ ‘ਤੇ ਲਾਗੂ ਕਰਨ ਦਾ ਅਹਿਦ ਲਿਆ ਹੈ। ਜੋ ਸ਼ੁਭ ਸ਼ਗਨ ਹੈ। ਭਾਵੇਂ ਕਿ ਇਹ ਪ੍ਰਤੀਤ ਹੁੰਦਾ ਹੈ ਕਿ ਪੰਜਾਬੀ ਭਾਸ਼ਾ ਨੂੰ ਦੂਸਰੀਆਂ ਭਾਸ਼ਾਵਾਂ ਢਾਹ ਲਾ ਰਹੀਆਂ ਹਨ, ਇਸ ਵਿਚ ਕੋਈ ਸ਼ੱਕ ਵੀ ਨਹੀਂ ਕਿ ਪੰਜਾਬੀਆਂ ਨੇ ਹਿੰਦੀ, ਅੰਗ੍ਰੇਜ਼ੀ ਭਾਸ਼ਾਵਾਂ ਨੂੰ ਫੈਸ਼ਨ ਦੇ ਤੌਰ ‘ਤੇ ਜਾਂ ਸਟੇਟਸ ਸਿੰਬਲ ਬਣਾ ਲਿਆ ਹੈ। ਉਚ ਸ਼੍ਰੇਣੀ ਕਹਾਉਣ ਵਾਲ਼ੇ ਲੋਕ ਪੰਜਾਬੀ ਤੋਂ ਪ੍ਰਹੇਜ਼ ਕਰਦੇ ਹਨ ਤੇ ਅੰਗ੍ਰੇਜ਼ੀ ਨਾਲ਼ ਹੇਜ ਜਤਾਉਂਦੇ ਹਨ। ਪਰ ਜੇ ਦੂਜਾ ਪੱਖ ਦੇਖਿਆ ਜਾਵੇ ਤਾਂ ਪੰਜਾਬੀ ਨੇ ਸੂਬਿਆਂ ਦੀਆਂ ਹੀ ਨਹੀਂ ਦੇਸ਼ਾਂ ਦੀਆਂ ਹੱਦਾਂ ਵੀ ਪਾਰ ਕਰ ਲਈਆਂ ਹਨ। ਇਸ ਵਿਚ ਸੱਭ ਤੋਂ ਵੱਡਾ ਯੋਗਦਾਨ ਪੰਜਾਬੀ ਸਾਹਿਤ ਅਤੇ ਸੰਗੀਤ ਦਾ ਰਿਹਾ ਹੈ।

ਜਿਹੜੇ ਲੋਕ ਵਿਦੇਸ਼ਾਂ ਵਿਚ ਬੈਠੇ ਹਨ, ਉਨ੍ਹਾਂ ਨੂੰ ਇਧਰਲੇ ਲੋਕਾਂ ਨਾਲ਼ੋਂ ਵੀ ਜਿ਼ਆਦਾ ਮੋਹ ਹੈ ਪੰਜਾਬੀ ਨਾਲ਼। ਵਿਦੇਸ਼ਾਂ ਵਿਚ ਉਹ ਲੋਕ ਸਾਹਿਤਕ, ਸੱਭਿਆਚਾਰਕ, ਸੰਗੀਤਕ ਮਹਿਫਿ਼ਲਾਂ ਦਾ, ਸਮਾਗਮਾਂ ਦਾ ਆਯੋਜਨ ਕਰਦੇ ਰਹਿੰਦੇ ਹਨ। ਪੰਜਾਬੀ ਬੋਲਦੇ ਹਨ ਅਤੇ ਆਪਣੇ ਬੱਚਿਆਂ ਨੂੰ ਅੰਗ੍ਰਜ਼ੀ ਵਾਤਾਵਰਣ ਵਿਚ ਰੱਖ ਕੇ ਵੀ ਪੰਜਾਬੀ ਦੀ ਗੁੜ੍ਹਤੀ ਦਿੰਦੇ ਹਨ। ਓਧਰ ਵੀ ਹੁਣ ਸਾਈਨ ਬੋਰਡ ਜਾਂ ਹੋਰਡਿੰਗ ਵਗੈਰਾ ਪੰਜਾਬੀ ਵਿਚ ਆਮ ਦੇਖਣ ਨੂੰ ਮਿਲ ਜਾਂਦੇ ਹਨ।

ਸੋ ਸ਼ਬਦ ਸਾਂਝ ਵੀ ਪੰਜਾਬੀ ਦੇ ਹੱਕ ਵਿਚ ਖੜ੍ਹਨ ਦਾ ਇਕ ਛੋਟਾ ਜਿਹਾ ਤੇ ਨਿਗੂਣਾ ਜਿਹਾ ਉਪਰਾਲਾ ਹੈ ਤੇ ਜੁਗਨੂੰ ਵਾਂਗਰ ਹਨੇਰ੍ਹਿਆਂ ਨੂੰ ਰੌਸ਼ਨ ਕਰਨ ਦ ਯਤਨ ਕਰ ਰਿਹਾ ਹੈ। ਇਸ ਮੈਗਜ਼ੀਨ ਨੇ ਆਪਣੀ ਇਕ ਸਾਲ ਦੀ ਛੋਟੀ ਜਿਹੀ ਉਮਰ ਵਿਚ ਦੁਨੀਆਂ ਦੇ ਕੋਨੇ ਕੋਨੇ ਵਿਚ ਬੈਠੇ ਅਣਗਿਣਤ ਪੰਜਾਬੀਆਂ ਨੂੰ ਉਨ੍ਹਾਂ ਦੀ ਰੂਹ ਦੀ ਖੁਰਾਕ ਪ੍ਰਦਾਨ ਕਰਨ ਵਿਚ ਬਣਦੀ ਭੂਮਿਕਾ ਨਿਭਾਉਣ ਦੀ ਕੋਸਿ਼ਸ਼ ਕੀਤੀ ਹੈ। ਆਪਣੀ ਧਰਤੀ ਤੋਂ ਦੂਰ ਬੈਠੇ ਪੰਜਾਬੀ ਦੇ ਪੁੱਤਰਾਂ ਦੀ ਸਾਹਿਤਕ ਭੁੱਖ ਨੂੰ ਮਿਟਾਉਣ ਦਾ ਯਤਨ ਕਾਫੀ ਹੱਦ ਤੱਕ ਸਾਰਥਕ ਸਿੱਧ ਹੁੰਦਾ ਜਾਪਿਆ ਹੈ, ਕਿਉਂਕਿ ਉਨ੍ਹਾਂ ਦੀਆਂ ਮਿਲਦੀਆਂ ਲਗਾਤਾਰ ਟਿੱਪਣੀਆਂ ਅਤੇ ਮੰਗ ਨੇ ਸਾਡੇ ਅੰਦਰ ਅਕਿਹ ਸਕੂਨ ਦਿੱਤਾ ਹੈ। ਸ਼ਬਦ ਸਾਂਝ ਦੇ ਨਵੇਂ ਅੰਕ ਦੀ ਉਹਨਾਂ ਨੂੰ ਰਹਿੰਦੀ ਤਾਂਘ ਸਾਡੇ ਅੰਦਰ ਇਕ ਅਕਿਹ ਸੰਤੁਸ਼ਟੀ ਅਤੇ ਕੁਝ ਹੋਰ ਨਿਵੇਕਲ਼ਾ ਕਰਨ ਦੀ ਸ਼ਕਤੀ ਭਰਦੀ ਹੈ।

ਦਸੰਬਰ 2008 ਵਿਚ ਮੈਂ ਤੇ ਮੇਰੇ ਮਿੱਤਰ ਆਸਟ੍ਰੇਲੀਆ ਵਾਸੀ ਰਿਸ਼ੀ ਗੁਲਾਟੀ ਨੇ ਬੈਠੇ ਬੈਠਿਆਂ ਸ਼ਬਦ ਸਾਂਝ ਦੀ ਉਤਪਤੀ ਦੀ ਯੋਜਨਾ ਉਲੀਕੀ ਤੇ ਇਹ ਮੈਗਜ਼ੀਨ ਹੋਂਦ ਵਿਚ ਆ ਗਿਆ।

ਪੰਜਾਬੀ ਦੇ ਪਹਿਲੇ ਕਵੀ ਬਾਬਾ ਸ਼ੇਖ਼ ਫ਼ਰੀਦ ਦੀ ਚਰਨ ਛੋਹ ਪ੍ਰਾਪਤ ਧਰਤੀ ਫ਼ਰੀਦਕੋਟ ਤੋਂ ਜਨਮ ਲੈ ਕੇ ਇਸ ਮੈਗਜ਼ੀਨ ਨੇ ਧਰਤੀ ਦੇ ਹਰ ਕੋਨੇ ‘ਤੇ ਆਪਣੇ ਚਾਹੁਣ ਵਾਲ਼ੇ ਲੱਭ ਲਏ ਹਨ। ਭਾਵੇਂ ਕਿ ਮੇਰਾ ਸਾਥੀ ਰਿਸ਼ੀ ਫ਼ਰੀਦਕੋਟ ਛੱਡ ਕੇ ਆਸਟ੍ਰੇਲੀਆ ਜਾ ਵਸਿਐ ਪਰ ਸਾਡਾ ਰਾਬਤਾ ਲਗਾਤਾਰ ਕਾਇਮ ਹੈ ਜਿਸ ਦਾ ਜ਼ਰੀਆ ਸ਼ਬਦ ਸਾਂਝ ਹੀ ਹੈ। ਇਸ ਮੈਗਜ਼ੀਨ ਨੇ ਦੇਸੋ਼ਂ ਵਿਦੇਸ਼ੋਂ ਅਨੇਕਾਂ ਲਿਖਾਰੀਆਂ ਨਾਲ਼ ਸਾਂਝ ਪੁਆਈ ਹੈ ।

ਇਹ ਕੋਈ ਦਾਅਵਾ ਨਹੀਂ ਕਿ ਅਸੀਂ ਪੰਜਾਬੀ ਮਾਂ ਬੋਲੀ ਲਈ ਬੜਾ ਕੁਝ ਕਰ ਰਹੇ ਹਾਂ, ਸਗੋਂ ਪੰਜਾਬੀ ਮਾਂ ਬੋਲੀ ਦਾ ਹੀ ਸਾਡੇ ‘ਤੇ ਬਹੁਤ ਵੱਡਾ ਅਹਿਸਾਨ ਹੈ ਕਿ ਇਸ ਜ਼ਰੀਏ ਹੀ ਸਾਡਾ ਗਿਆਨ ਖ਼ਜ਼ਾਨਾ ਹੋਰ ਅਮੀਰ ਹੋ ਰਿਹਾ ਹੈ ਅਤੇ ਸਾਡਾ ਇਹ ਸੌ਼ਕ ਸਾਨੂੰ ਜਿ਼ੰਦਗੀ ਦੀ ਖ਼ੂਬਸੂਰਤੀ ਪ੍ਰਦਾਨ ਕਰ ਰਿਹਾ ਹੈ। ਸੋ ਦੋਸਤੋ ਵਾਹ ਲੱਗਦੀ ਅਸੀਂ ਆਪ ਸੱਭ ਦੇ ਸਹਿਯੋਗ, ਸੂਝ ਨਾਲ਼ ਸ਼ਬਦ ਸਾਂਝ ਜ਼ਰੀਏ ਪੰਜਾਬੀ ਮਾਂ ਬੋਲੀ ਦੀ ਬੁੱਕਲ਼ ਦਾ ਨਿੱਘ ਮਾਣਦੇ ਰਹਾਂਗੇ ਅਤੇ ਇਸਦੀ ਮਹਿਕ ਨੂੰ ਧਰਤੀ ਦੀ ਹਰ ਨੁੱਕਰ ਤੱਕ ਖਿਲਾਰਨ ਦਾ ਯਤਨ ਕਰਦੇ ਰਹਾਂਗੇ।

ਦੋਸਤੋ ਸ਼ਬਦ ਸਾਂਝ ਨੇ ਸਾਹਿਤ ਦੀ ਹਰ ਵਿਧਾ ਨੂੰ ਤੁਹਾਡੇ ਨਾਲ਼ ਸਾਂਝਾ ਕਰਨ ਦਾ ਵਾਅਦਾ ਲਿਆ ਹੈ। ਇਸ ਅਧੀਨ ਗ਼ਜ਼ਲ , ਕਵਿਤਾ, ਗੀਤ, ਕਹਾਣੀ, ਵਿਅੰਗ, ਲੇਖ ਆਦਿ ਪਾਠਕਾਂ ਦੀ ਨਜ਼ਰ ਹੋਏ ਹਨ। ਹੁਣ ਇਸ ਸਾਲ ਤੋਂ ਨਵੇਂ ਕਾਲਮ ‘ਸਰਗਰਮੀਆਂ ਤੇ ‘ਨਵਾਂ ਸਾਹਿਤ ਨਵੀਆਂ ਪੁਸਤਕਾਂ’ ਵੀ ਸ਼ਾਮਿਲ ਕਰ ਰਹੇ ਹਾਂ। ਸਰਗਰਮੀਆਂ ਅਧੀਨ ਪੰਜਾਬੀ ਦੀਆਂ ਸਾਹਿਤਕ ਗਤੀਵਿਧੀਆਂ ਦਾ ਵਿਸ਼ਲੇਸ਼ਣ ਹੋਵੇਗਾ ਅਤੇ ਨਵਾਂ ਸਾਹਿਤ ਨਵੀਆਂ ਪੁਸਤਕਾਂ ਅਧੀਨ ਆ ਰਹੀਆਂ ਨਵੀਆਂ ਪੁਸਤਕਾਂ, ਉਨ੍ਹਾਂ ਦੇ ਲੇਖਕ, ਪ੍ਰਕਾਸ਼ਨ ਅਤੇ ਮੁੱਲ ਦੀ ਜਾਣਕਾਰੀ ਪ੍ਰਦਾਨ ਕੀਤੀ ਜਾਵੇਗੀ।

ਸੋ ਦੋਸਤੋ ਸ਼ਬਦ ਸਾਂਝ ਦੀ ਸਾਲਗਿਰਾਹ ਦੇ ਮੌਕੇ ਤੇ ਆਪ ਸੱਭ ਦੇ ਵਡਮੁੱਲੇ ਸਹਿਯੋਗ ਲਈ ਬਹੁਤ ਬਹੁਤ ਸ਼ੁਕਰੀਆ ਤੇ ਭਵਿੱਖ ਵਿਚ ਵੀ ਤੁਹਾਡੇ ਤੋਂ ਇਸ ਤੋਂ ਵੀ ਵਡੇਰੇ ਪਿਆਰ ਦੀ ਉਮੀਦ ਰੱਖਾਂਗੇ।

ਸ਼ਬਦ ਸਾਂਝ – ਕੱਲ ਤੇ ਅੱਜ.......... ਸੰਪਾਦਕੀ / ਰਿਸ਼ੀ ਗੁਲਾਟੀ (ਆਸਟ੍ਰੇਲੀਆ)


ਪਤਾ ਹੀ ਨਹੀਂ ਲੱਗਾ ਕਿ ਇੱਕ ਸਾਲ ਕਿੱਦਾਂ ਤੇ ਕਦੋਂ ਲੰਘ ਗਿਆ । ਅਜੇ ਕੱਲ ਦੀਆਂ ਹੀ ਤਾਂ ਗੱਲਾਂ ਨੇ, ਜਦ ਕਿ ਮੇਰਾ ਸ਼ਾਇਰ ਮਿੱਤਰ ਸੁਨੀਲ ਚੰਦਿਆਣਵੀ “ਅਕਾਊਂਟਿੰਗ ਪੁਆਇੰਟ, ਫਰੀਦਕੋਟ” ਵਿਖੇ ਮਿਲਣ ਲਈ ਆਇਆ ਸੀ । ਮਜ਼ੇਦਾਰ ਗੱਲ ਇਹ ਹੈ ਕਿ ਫਰੀਦਕੋਟ ਰਹਿੰਦਿਆਂ ਮੈਂ ਸੁਨੀਲ ਦੇ ਗੁਆਂਢ ਰਿਹਾਇਸ਼ ਕੀਤੀ, ਪਰ ਬਾਰ ਨਾਲ ਬਾਰ ਭਿੜਨ ਦੇ ਬਾਵਜੂਦ, ਉਸ ਨਾਲ਼ ਮੁਲਾਕਾਤ ਦਾ ਸਬੱਬ ਕਈ ਮਹੀਨਿਆਂ ਬਾਅਦ ਬਣਿਆ, ਹਾਲਾਂਕਿ ਸੁਨੀਲ ਦਾ ਨਾਮ ਕਾਫ਼ੀ ਸੁਣ ਚੁੱਕਿਆ ਸੀ । ਖ਼ੈਰ ! ਦਫ਼ਤਰ ਬੈਠਿਆਂ ਉਸਨੂੰ ਆਪਣੀਆਂ ਰਚਨਾਵਾਂ ਵੱਖ-ਵੱਖ ਵੈੱਬਸਾਈਟਾਂ ਤੇ ਛਪੀਆਂ ਦਿਖਾਈਆਂ ਤੇ ਉਸਨੂੰ ਵੀ ਆਪਣੀਆਂ ਰਚਨਾਵਾਂ ਦੇਣ ਲਈ ਕਿਹਾ ਤਾਂ ਜੋ ਟਾਈਪ ਕਰਕੇ ਵੈੱਬਸਾਈਟਾਂ ਤੇ ਛਪਵਾ ਸਕੀਏ । ਕੁਝ ਸਮੇਂ ਬਾਅਦ ਸੁਨੀਲ ਨਾਲ਼ ਸਲਾਹ ਕੀਤੀ ਕਿ ਕਿਉਂ ਨਾ ਆਪਣੇ ਇਲਾਕੇ ਦੇ ਲੇਖਕ/ਕਵੀ ਵੀਰਾਂ ਦੀਆਂ ਰਚਨਾਵਾਂ ਅੰਤਰ-ਰਾਸ਼ਟਰੀ ਪੱਧਰ ‘ਤੇ ਛਪਵਾਉਣ ਦਾ ਉਪਰਾਲਾ ਕੀਤਾ ਜਾਏ । ਆਧੁਨਿਕ ਸਮੇਂ ‘ਚ ਵਿਚਰਨ ਦੇ ਬਾਵਜੂਦ ਬਹੁਤੇ ਲੇਖਕ/ਕਵੀ ਅਖਬਾਰਾਂ ਜਾਂ ਰਸਾਲਿਆਂ ਰਾਹੀਂ ਕੇਵਲ ਪੰਜਾਬ ਪੱਧਰ ਤੱਕ ਦੇ ਪਾਠਕਾਂ ਤੱਕ ਹੀ ਸੀਮਿਤ ਹਨ । ਕੇਵਲ ਜਾਣਕਾਰੀ ਦੀ ਅਣਹੋਂਦ ਵਿੱਚ ਉਨ੍ਹਾਂ ਨੇ ਆਪਣੀਆਂ ਸੀਮਾਵਾਂ ਨਿਯੁਕਤ ਕਰ ਰੱਖੀਆਂ ਹਨ, ਜਦ ਕਿ ਉੱਚੀ ਉਡਾਰੀ ਮਾਰਨ ਦੇ ਸ਼ੌਕੀਨਾਂ ਲਈ ਅਸਮਾਨ ਬੜਾ ਖੁੱਲਾ ਪਿਆ ਹੈ । ਕੰਪਿਊਟਰ ਜਾਂ ਇੰਟਰਨੈੱਟ ਅਜੇ ਵੀ ਬਹੁਤੇ ਲੋਕਾਂ ਲਈ ਹਊਆ ਹਨ । ਆਪਣੇ ਇਲਾਕੇ ਦੇ ਲੇਖਕ/ਕਵੀ ਵੀਰਾਂ ਦੀਆਂ ਇਨ੍ਹਾਂ ਸੀਮਾਵਾਂ ਤੋੜਨ ਤੇ ਉਨ੍ਹਾਂ ਨੂੰ ਅੰਤਰ-ਰਾਸ਼ਟਰੀ ਪੱਧਰ ਤੇ ਛਪਵਾਉਣ ਲਈ ਮੈਂ ਇਹ ਸੋਚ ਸੁਨੀਲ ਨਾਲ਼ ਸਾਂਝੀ ਕੀਤੀ । ਸੁਨੀਲ ਨੂੰ ਇਹ ਆਈਡੀਆ ਪਸੰਦ ਆਇਆ ਤੇ ਉਸਨੇ ਭਰਪੂਰ ਯੋਗਦਾਨ ਦੇਣ ਦਾ ਭਰੋਸਾ ਦਿੱਤਾ । ਕਈ ਦਿਨਾਂ ਦੀ ਦਿਮਾਗੀ ਕਸਰਤ ਤੇ ਮੋਬਾਇਲ ਕੰਪਨੀ ਨੂੰ ਖੂਬ ਕਮਾਈ ਕਰਵਾਉਣ ਦੇ ਬਾਅਦ ਨਵੀਂ ਸ਼ੁਰੂ ਕੀਤੀ ਜਾਣ ਵਾਲੀ ਵੈੱਬਸਾਈਟ ਦਾ ਨਾਮ “ਸ਼ਬਦ ਸਾਂਝ” ਰੱਖਣ ਦਾ ਫੈਸਲਾ ਕੀਤਾ ਗਿਆ । “ਸ਼ਬਦ ਸਾਂਝ” ਉਹ ਨਾਮ ਸੀ, ਜਿਸਦੇ ਜ਼ਰੀਏ ਆਪਣੇ ਇਲਾਕੇ ਦੇ ਉਨ੍ਹਾਂ ਲੇਖਕ/ਕਵੀ ਵੀਰਾਂ ਦੀ ਸਾਂਝ ਅੰਤਰ-ਰਾਸ਼ਟਰੀ ਪਾਠਕਾਂ ਨਾਲ਼ ਪੁਆਉਣ ਦਾ ਸੁਪਨਾ ਤੱਕਿਆ ਸੀ, ਜਿਨ੍ਹਾਂ ਨੂੰ ਮੈਂ ਜਾਣਦਾ ਤੱਕ ਨਹੀਂ ਸੀ । ਰਚਨਾਵਾਂ ਦੀ ਚੋਣ ਦੇ ਕੰਮ ਦੀ ਜਿੰਮੇਵਾਰੀ ਸੁਨੀਲ ਦੇ ਹਿੱਸੇ ਆਈ ਤੇ ਮੇਰੇ ਹਿੱਸੇ ਬਟਨਾਂ ਨਾਲ਼ ਖੇਡਣਾ ਆਇਆ । ਪਿਛਲੇ ਸਾਲ (ਦਸੰਬਰ 2008) ਇੱਕ ਸੱਭਿਆਚਾਰਕ ਪ੍ਰੋਗਰਾਮ ਦੇ ਦੌਰਾਨ “ਸ਼ਬਦ ਸਾਂਝ” ਨੂੰ ਪਾਠਕਾਂ ਦੇ ਸਨਮੁੱਖ ਪੇਸ਼ ਕੀਤਾ ਗਿਆ । ਸਮੇਂ ਦੀ ਚਾਲ ਚਲਦਿਆਂ ਦੇਸ਼-ਵਿਦੇਸ਼ ਦੇ ਅਨੇਕਾਂ ਨਾਮਵਰ ਤੇ ਪਹਿਲਾਂ ਤੋਂ ਹੀ ਅੰਤਰ-ਰਾਸ਼ਟਰੀ ਪੱਧਰ ਤੇ ਛਪ ਰਹੇ ਲੇਖਕਾਂ ਤੇ ਕਵੀਆਂ ਨੇ “ਸ਼ਬਦ ਸਾਂਝ” ਲਈ ਆਪਣੀਆਂ ਵਡਮੁੱਲੀਆਂ ਰਚਨਾਵਾਂ ਦਾ ਯੋਗਦਾਨ ਦਿੱਤਾ ।

“ਸ਼ਬਦ ਸਾਂਝ” ਦੇ ਹੋਂਦ ‘ਚ ਆਉਣ ਦੇ ਕੁਝ ਦਿਨਾਂ ਬਾਅਦ ਹੀ ਮੈਂ ਪੰਜਾਬੋਂ ਉਡਾਰੀ ਮਾਰ ਮੈਲਬੌਰਨ (ਆਸਟ੍ਰੇਲੀਆ) ਆ ਗਿਆ । ਆਉਂਦਿਆਂ ਹੀ ਨਵਾਂ ਲੈਪਟਾਪ ਖਰੀਦਿਆ ਤਾਂ ਜੋ “ਸ਼ਬਦ ਸਾਂਝ” ਦਾ ਸਫ਼ਰ ਨਿਰਵਿਘਨ ਜਾਰੀ ਰਹੇ । ਜਦ ਧਰਤੀ ਤੋਂ ਹਵਾ ‘ਚ ਉਡਾਰੀ ਮਾਰੀ ਸੀ ਤਾਂ ਸਰਦ ਰੁੱਤ ਸੀ ਪਰ ਕਰੀਬ ਚੌਵੀ-ਪੱਚੀ ਘੰਟੇ ਬਾਅਦ ਅਜਨਬੀ ਧਰਤੀ ਤੇ ਕਦਮ ਧਰਨ ਤੇ ਗਰਮੀਆਂ ਦੇ ਮੌਸਮ ਦਾ ਅਹਿਸਾਸ ਹੋਇਆ । ਕੁਝ ਮਹੀਨਿਆਂ ਦੀ ਜੱਦੋ-ਜਹਿਦ ਤੋਂ ਬਾਅਦ ਐਡੀਲੇਡ ਆ ਗਿਆ । ਇਸ ਸਮੇਂ ਦੌਰਾਨ ਸੁਨੀਲ ਨੇਮ ਨਾਲ਼ ਪਾਠਕਾਂ ਦੀਆਂ ਰਚਨਾਵਾਂ “ਸ਼ਬਦ ਸਾਂਝ” ਲਈ ਭੇਜਦਾ ਰਿਹਾ । ਮੇਰੇ ਘਰ ਇੰਟਰਨੈੱਟ ਨਾ ਹੋਣ ਕਰਕੇ ਲਾਇਬਰੇਰੀ ਜਾ ਕੇ “ਸ਼ਬਦ ਸਾਂਝ” ਦੁਆਰਾ ਪਾਠਕਾਂ ਨਾਲ਼ ਲੇਖਕਾਂ ਦੀ ਸਾਂਝ ਪੁਆਉਂਦਾ ਰਿਹਾ । ਇੱਕ-ਦੋ ਹੋਰ ਮਹੀਨੇ ਬੀਤੇ ਤੇ ਸਰਦੀਆਂ ਸ਼ੁਰੂ ਹੋ ਗਈਆਂ । ਸਰਦੀਆਂ ਦਾ ਮੌਸਮ ਹੋਣ ਕਰਕੇ ਦਿਨ ਜਲਦੀ ਛਿਪ ਜਾਂਦਾ । ਲਾਇਬਰੇਰੀ ਦੇ ਬਾਹਰ ਕਾਰ ‘ਚ ਬੈਠਕੇ “ਵਾਈ-ਫਾਈ” ਦੁਆਰਾ ਇੰਟਰਨੈੱਟ ਨਾਲ਼ ਜੁੜਦਾ ਤੇ “ਸ਼ਬਦ ਸਾਂਝ” ਦਾ ਕੰਮ ਕਰਦਾ । ਕਾਰ ‘ਚ ਹੀਟਰ ਨਾ ਹੋਣ ਕਰਕੇ ਬੜੀ ਪ੍ਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪੈਂਦਾ, ਕਿਉਂ ਜੋ ਰਾਤ ਨੂੰ ਤਾਪਮਾਨ -4 ਤੋਂ ਲੈ ਕੇ -9 ਤੱਕ ਪੁੱਜ ਜਾਂਦਾ । ਖ਼ੈਰ ! ਸੁਨੀਲ ਦੀ ਭਰਪੂਰ ਮਿਹਨਤ, ਲੇਖਕਾਂ/ਕਵੀਆਂ ਦੀਆਂ ਰਚਨਾਵਾਂ ਤੇ ਪਾਠਕਾਂ ਦੀਆਂ ਸ਼ੁਭਇੱਛਾਵਾਂ ਸਦਕਾ “ਸ਼ਬਦ ਸਾਂਝ” ਸੁੱਖੀਂ ਸਾਂਦੀਂ ਆਪਣੇ ਦੂਜੇ ਵਰ੍ਹੇ ‘ਚ ਕਦਮ ਧਰ ਰਿਹਾ ਹੈ । ਮੈਂ ਸਭ ਲੇਖਕਾਂ, ਪਾਠਕਾਂ ਤੇ ਸ਼ੁਭਚਿੰਤਕਾਂ ਨੂੰ ਇਸ ਸ਼ੁਭ ਮੌਕੇ ਤੇ ਵਧਾਈ ਪੇਸ਼ ਕਰਦਾ ਹਾਂ । ਨਵੇਂ ਵਰ੍ਹੇ ‘ਚ “ਸ਼ਬਦ ਸਾਂਝ” ਦੀ ਦਿੱਖ ਹੋਰ ਮਨਮੋਹਣੀ ਕਰਨ ਦਾ ਯਤਨ ਕੀਤਾ ਹੈ । ਨਾਲ਼ ਹੀ ਸਾਹਿਤਕ ਸਰਗਰਮੀਆਂ ਤੇ ਨਵੀਆਂ ਕਿਤਾਬਾਂ ਬਾਰੇ ਜਾਣਕਾਰੀ ਦੇ ਕਾਲਮ ਵੀ ਸ਼ੁਰੂ ਕੀਤੇ ਹਨ । ਅੱਗੇ ਤੋਂ ਲੇਖਕਾਂ/ਕਵੀਆਂ ਦੀ ਫੋਟੋ ਹਰ ਰਚਨਾ ਦੇ ਨਾਲ਼ ਹੀ ਲਗਾਉਣ ਦਾ ਵੀ ਪ੍ਰੋਗਰਾਮ ਹੈ । ਸੋ, ਸਭ ਲੇਖਕ/ਕਵੀ ਆਪਣੀ ਫੋਟੋ ਵੀ ਭੇਜਣ ਦੀ ਖੇਚਲ ਕਰਨ । ਸਭ ਲੇਖਕ/ਕਵੀ ਵੀਰਾਂ ਦਾ ਸਹਿਯੋਗ ਲਈ ਹਾਰਦਿਕ ਧੰਨਵਾਦ ਤੇ ਉਮੀਦ ਕਰਦਾ ਹਾਂ ਕਿ ਭਵਿੱਖ ਵਿੱਚ ਵੀ ਆਪਜੀ ਦਾ ਸਹਿਯੋਗ ਤੇ ਪਿਆਰ ਇਸੇ ਤਰ੍ਹਾਂ ਹੀ ਮਿਲਦਾ ਰਹੇਗਾ ।

ਹਾਂ ਸੱਚ ! ਇੱਕ ਗੱਲ ਹੋਰ ਸੋਚ ਰਿਹਾ ਹਾਂ ਕਿ ਜਿਨ੍ਹਾਂ ਲੇਖਕਾਂ ਕੋਲ ਕੰਪਿਊਟਰ ਹਨ ਪਰ ਪੰਜਾਬੀ ਟਾਈਪ ਕਰਨੀ ਨਹੀਂ ਆਉਂਦੀ, ਉਨ੍ਹਾਂ ਲਈ ਮੈਂ ਆਪਣੀਆਂ “ਮੁਫ਼ਤ ਪੰਜਾਬੀ ਟਾਈਪ ਟ੍ਰੇਨਿੰਗ ਸੇਵਾਵਾਂ” ਪੇਸ਼ ਕਰਨੀਆਂ ਚਾਹੁੰਦਾ ਹਾਂ । ਜੋ ਵੀਰ ਇਸ ਸੁਵਿਧਾ ਦਾ ਫਾਇਦਾ ਉਠਾਉਣਾ ਚਾਹੁੰਦੇ ਹਨ, ਉਹ ਈ-ਮੇਲ ਕਰ ਸਕਦੇ ਹਨ ।

“ਸ਼ਬਦ ਸਾਂਝ” ਦੀ ਬੇਹਤਰੀ ਲਈ ਆਪਜੀ ਦੇ ਸੁਝਾਵਾਂ ਦਾ ਇੰਤਜ਼ਾਰ ਰਹੇਗਾ ।

ਰਿਸ਼ੀ ਗੁਲਾਟੀ (ਸੰਪਾਦਕ)
ਐਡੀਲੇਡ (ਆਸਟ੍ਰੇਲੀਆ)
+61 433 442 722
E-Mail : rishi22722@yahoo.com

21ਵੀਂ ਸਦੀ ਦਾ ਵਾਰਿਸ ਸ਼ਾਹ – ਸਤਿੰਦਰ ਸਰਤਾਜ.......... ਲੇਖ਼ / ਰਿਸ਼ੀ ਗੁਲਾਟੀ


ਸੰਗੀਤ ਹਿੰਦੁਸਤਾਨੀਆਂ ਦੇ ਖੂਨ ਵਿੱਚ ਰਚਿਆ ਹੋਇਆ ਹੈ । ਜਿੱਥੇ ਅਕਬਰ ਦੇ ਰਾਜ ਵਿੱਚ ਤਾਨਸੇਨ ਵਰਗਾ ਗਾਇਕ ਉਸਦੇ ਨੌਂ ਰਤਨਾਂ ਵਿੱਚ ਸ਼ਾਮਿਲ ਸੀ, ਉੱਥੇ ਔਰੰਗਜ਼ੇਬ ਦੇ ਸਾਸ਼ਨਕਾਲ ਵਿੱਚ ਸੰਗੀਤ ਦਾ ਪਤਨ ਸ਼ੁਰੂ ਹੋਇਆ । ਔਰੰਗਜੇ਼ਬ ਦਾ ਵਿਚਾਰ ਸੀ ਕਿ ਸੰਗੀਤ ਬੰਦੇ ਨੂੰ ਰੱਬ ਤੋਂ ਦੂਰ ਕਰਦਾ ਹੈ । ਉਸਨੇ ਆਪਣੇ ਰਾਜ ‘ਚੋਂ ਸੰਗੀਤ ਤੇ ਸੰਗੀਤਕਾਰਾਂ ਨੂੰ ਖਤਮ ਕਰਨ ਲਈ ਫਰਮਾਨ ਜਾਰੀ ਕੀਤਾ । ਇਸ ਫਰਮਾਨ ਦੇ ਤਹਿਤ ਗੀਤ ਸੰਗੀਤ ਵਾਲੇ ਬੰਦੇ ਨੂੰ ਕੈਦ ਤੋਂ ਲੈ ਕੇ ਫਾਂਸੀ ਤੱਕ ਦੀ ਸਜ਼ਾ ਹੋ ਸਕਦੀ ਸੀ । ਵਿਆਹਾਂ ਸ਼ਾਦੀਆਂ ਆਦਿ ਵਿੱਚ ਵੀ ਨੱਚਣ ਟੱਪਣ ਤੇ ਰੋਕ ਲਗਾ ਦਿੱਤੀ ਗਈ । ਸੰਗੀਤ ਦੇ ਚਹੇਤੇ ਸ਼ਹਿਰ ਛੱਡ ਕੇ ਵੀਰਾਨਿਆਂ ‘ਚ ਜਾ ਲੁਕੇ ਤੇ ਉੱਥੇ ਲੁਕ ਛਿਪ ਕੇ ਰਿਆਜ਼ ਕਰਦੇ । ਅਕਬਰ ਤੋਂ ਬਾਅਦ ਔਰੰਗਜ਼ੇਬ ਵੀ ਇਸ ਦੁਨੀਆਂ ਤੋਂ ਚਲਾ ਗਿਆ ਪਰ ਸੰਗੀਤ ਤੇ ਪਾਬੰਦੀ ਜਾਰੀ ਰਹੀ । ਮੁੜ ਇੱਕ ਅਜਿਹਾ ਸਮਾਂ ਆਇਆ ਜਦ ਕਿ ਸੰਗੀਤ ਨੂੰ ਜਿੰ਼ਦਾ ਰੱਖਣ ਲਈ ਅੱਲ੍ਹਾ ਤਾਲਾ ਨੇ ਇੱਕ ਸ਼ਖਸ ਦੀ ਜਿੰਮੇਵਾਰੀ ਲਗਾਈ, ਜੋ ਕਿ ਵਾਰਿਸ ਸ਼ਾਹ ਦੇ ਨਾਮ ਨਾਲ ਜਾਣਿਆ ਜਾਂਦਾ ਹੈ । ਉਸਨੇ ਸੂਫ਼ੀ ਸੰਗੀਤ ਦੀ ਅਜਿਹੀ ਲੀਹ ਤੋਰੀ, ਜਿਸਤੇ ਚੱਲਦਿਆਂ ਮੌਜੂਦਾ ਸਮੇਂ ਦੇ ਕਈ ਗਾਇਕ ਬੜਾ ਨਾਮਣਾ ਖੱਟ ਚੁੱਕੇ ਹਨ । ਮੌਜੂਦਾ ਸਮੇਂ ਵਿੱਚ ਕਿਸੇ ਸ਼ਹਿਨਸ਼ਾਹ ਵੱਲੋਂ ਨਾ ਤਾਂ ਸੰਗੀਤ ਤੇ ਪਾਬੰਦੀ ਲਗਾਈ ਗਈ ਹੈ ਤੇ ਨਾ ਹੀ ਸੰਗੀਤ ਜਾਂ ਗਾਇਕਾਂ ਦੇ ਖਿਲਾਫ਼ ਕਿਸੇ ਕਿਸਮ ਦਾ ਫਰਮਾਨ ਜਾਰੀ ਹੋਇਆ ਹੈ ਪਰ ਪੰਜਾਬੀ ਸੰਗੀਤ ਲਗਾਤਾਰ ਆਪਣੇ ਪਤਨ ਵੱਲ ਵਧ ਰਿਹਾ ਹੈ । ਇਸ ਦਾ ਪ੍ਰਮੁੱਖ ਕਾਰਣ ਗੀਤਾਂ ਤੇ ਗਾਇਕੀ ਦੇ ਮਿਆਰ ਵਿੱਚ ਲਗਾਤਾਰ ਆ ਰਿਹਾ ਨਿਘਾਰ ਹੈ । ਅਜਿਹੇ ਗੀਤ ਵੱਡੀ ਗਿਣਤੀ ਵਿੱਚ ਗਾਏ ਜਾ ਰਹੇ ਹਨ, ਜੋ ਕਿ ਪਰਿਵਾਰ ਵਿੱਚ ਬੈਠ ਕੇ ਸੁਨਣਯੋਗ ਨਹੀਂ ਹਨ । ਗਾਇਕੀ ਦੇ ਆਸਮਾਨ ਵਿੱਚ ਲਗਾਤਾਰ ਛਾ ਰਹੀ ਇਸ ਕਾਲੀ ਬੋਲੀ ਰਾਤ ਵਿੱਚ ਅਚਾਨਕ ਹੀ ਇੱਕ ਸਿਤਾਰੇ ਨੇ ਆਪਣੀ ਚਮਕ ਦਾ ਅਹਿਸਾਸ ਕਰਵਾਇਆ ਹੈ, ਜਿਸਦਾ ਨਾਮ ਹੈ ਸਤਿੰਦਰ ਸਰਤਾਜ । ਸਤਿੰਦਰ ਸਰਤਾਜ, ਜਿਸਦੇ ਸਰੋਤੇ ਉਸਨੂੰ “ਅੱਜ ਦਾ ਵਾਰਿਸ ਸ਼ਾਹ” ਦੀ ਉਪਾਧੀ ਉਸ ਸਮੇਂ ਹੀ ਦੇ ਚੁੱਕੇ ਹਨ, ਜਦ ਕਿ ਉਸਦੀ ਇੱਕ ਵੀ ਕੈਸਿਟ ਮਾਰਕਿਟ ਵਿੱਚ ਨਹੀਂ ਆਈ । “ਢੋਲ-ਢਮੱਕਿਆਂ” ਦੇ ਵਧਦੇ ਜਾ ਰਹੇ ਸ਼ੋਰ ਸ਼ਰਾਬੇ ਦੇ ਦੌਰ ਵਿੱਚ ਉਸਨੇ ਮਧੁਰ ਸੰਗੀਤ ਤੇ ਆਨੰਦਦਾਇਕ ਸ਼ਾਇਰੀ ਦਾ ਅਹਿਸਾਸ ਕਰਵਾਇਆ ਹੈ । ਸਤਿੰਦਰ, ਜਿਸਦੇ ਇੱਕ-ਇੱਕ ਸਿ਼ਅਰ ਤੇ ਲੱਖਾਂ ਦੁਆਵਾਂ ਦੇਣ ਨੂੰ ਜੀਅ ਕਰਦਾ ਹੈ, ਜਦ ਗਾਇਨ ਕਰਦਾ ਹੈ ਤਾਂ ਜਾਪਦਾ ਹੈ ਜਿਵੇਂ ਵਰ੍ਹਿਆਂ ਤੋਂ ਤਪ ਰਹੇ ਰੇਗਿਸਤਾਨ ਵਿੱਚ ਨਿੱਕੀਆਂ-ਨਿੱਕੀਆਂ ਕਣੀਆਂ ਦਾ ਮੀਂਹ ਪੈ ਰਿਹਾ ਹੋਵੇ, ਮਾਰੂਥਲ ਦੀ ਤਪਦੀ ਹਿੱਕ ਦਾ ਸੇਕ ਮੱਠਾ ਪੈ ਰਿਹਾ ਹੋਵੇ । ਇੱਕ ਅਜੀਬ ਜਿਹੇ ਆਨੰਦ ਦਾ ਅਹਿਸਾਸ ਕਰਵਾਉਂਦਾ ਹੈ ।
ਸਤਿੰਦਰ ਦਾ ਜਨਮ ਪੰਜਾਬ ਦੇ ਪਿੰਡ ਬਜਰੌਰ (ਹੁਸਿ਼ਆਰਪੁਰ) ਵਿਖੇ 31 ਅਗਸਤ ਨੂੰ ਹੋਇਆ । ਜਦ ਪਿਤਾ ਸ੍ਰ. ਬਲਵਿੰਦਰ ਸਿੰਘ ਤੇ ਮਾਤਾ ਸਤਨਾਮ ਕੌਰ ਨੇ ਸੁੱਖਾਂ ਲੱਧੇ ਇਸ ਪੁੱਤਰ ਦਾ ਨਾਮ ਸਤਿੰਦਰ ਸਿੰਘ ਰੱਖਿਆ ਸੀ ਤਾਂ ਕੌਣ ਜਾਣਦਾ ਸੀ ਕਿ ਜਵਾਨੀ ਦੀ ਦੇਹਰੀ ਤੇ ਪੈਰ ਧਰਦਿਆਂ ਹੀ ਸਤਿੰਦਰ, ਸਤਿੰਦਰ ਸਰਤਾਜ ਬਣਕੇ ਮਾਪਿਆਂ ਨੂੰ ਏਨਾਂ ਮਾਣ, ਏਨੀ ਇੱਜ਼ਤ ਤੇ ਏਨੀਆਂ ਖੁਸ਼ੀਆਂ ਦੇਵੇਗਾ ਕਿ ਝੋਲੀਆਂ ਛੋਟੀਆਂ ਪੈ ਜਾਣਗੀਆਂ । ਸਤਿੰਦਰ ਨੇ ਬਚਪਨ ਵਿੱਚ ਹੀ ਬਾਲ ਸਭਾਵਾਂ ਵਿੱਚ ਗਾਉਣਾ ਸ਼ੁਰੂ ਕਰ ਦਿੱਤਾ । ਸਮਾਂ ਵਿਹਾ ਕੇ, ਅੰਞਾਣੀ ਉਮਰ ‘ਚ ਲੱਗੇ ਗਾਉਣ ਦੇ ਸ਼ੌਂਕ ਤੋਂ, ਸੂਫ਼ੀ ਗਾਇਨ ਦੀ ਅਜਿਹੀ ਚੇਟਕ ਲੱਗੀ ਕਿ ਉਸਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਸੂਫ਼ੀ ਗਾਇਨ ਵਿੱਚ ਐਮ. ਫਿਲ. ਤੇ ਪੀ.ਐਚ.ਡੀ. ਕੀਤੀ । ਇਸ ਤੋਂ ਪਹਿਲਾਂ ਸੰਗੀਤ ਵਿੱਚ ਗ੍ਰੈਜੂਏਸ਼ਨ ਕਰਨ ਦੇ ਨਾਲ ਨਾਲ ਕਲਾਸੀਕਲ ਮਿਊਜ਼ਕ ਦਾ ਪੰਜ ਸਾਲਾ ਡਿਪਲੋਮਾ ਕੀਤਾ ਤੇ ਸੰਗੀਤ ਵਿੱਚ ਹੀ ਮਾਸਟਰ ਡਿਗਰੀ ਹਾਸਲ ਕੀਤੀ । ਹੁਣ ਉਹ ਪਿਛਲੇ ਕੁਝ ਵਰ੍ਹਿਆਂ ਤੋਂ ਪੰਜਾਬ ਯੂਨੀਵਰਸਿਟੀ ਵਿਖੇ ਹੀ ਵਿਦਿਆਰਥੀਆਂ ਨੂੰ ਸੰਗੀਤ ਦੀ ਸਿੱਖਿਆ ਦੇ ਰਿਹਾ ਹੈ । ਡਾਕਟਰ ਸਤਿੰਦਰ ਸਰਤਾਜ ਨੂੰ ਗਾਉਣ ਤੋਂ ਇਲਾਵਾ ਸ਼ਾਇਰੀ ਦਾ ਵੀ ਸ਼ੌਂਕ ਹੈ । ਉਹ ਸੂਫ਼ੀਆਨਾ ਦੇ ਆਸ਼ਕਾਂ ਦੀ ਰੂਹ ਨੂੰ ਆਪਣੇ ਹੀ ਲਿਖੇ ਸੱਜਰੇ ਗੀਤਾਂ ਤੇ ਨਜ਼ਮਾਂ ਦੇ ਗਾਇਨ ਰਾਹੀਂ ਸ਼ਰਸ਼ਾਰ ਕਰਦਾ ਹੈ । ਸਰਤਾਜ ਦਾ ਵਿਸ਼ਵਾਸ ਹੈ ਕਿ ਜੇਕਰ ਕੋਈ ਗਾਇਕ ਖੁਦ ਸ਼ਾਇਰੀ ਵੀ ਕਰਦਾ ਹੈ ਤਾਂ ਉਹ ਆਪਣੀਆਂ ਭਾਵਨਾਵਾਂ ਨੂੰ ਬੇਹਤਰ ਰੂਪ ਵਿੱਚ ਪੇਸ਼ ਕਰ ਸਕਦਾ ਹੈ । ਸ਼ਾਇਰੀ ਵਿੱਚ ਹੋਰ ਜਿ਼ਆਦਾ ਪਰਪੱਕਤਾ ਲਿਆਉਣ ਤੇ ਸੂਫ਼ੀ ਸ਼ਾਇਰੀ ਦੀਆਂ ਡੂੰਘਾਈਆਂ ਸਮਝਣ ਲਈ ਉਸਨੇ ਫਾਰਸੀ ਜ਼ੁਬਾਨ ਦਾ ਸਰਟੀਫਿਕੇਟ ਕੋਰਸ ਤੇ ਡਿਪਲੋਮਾ ਵੀ ਕੀਤਾ । ਗੌਰਤਲਬ ਹੈ ਕਿ ਸਰਤਾਜ ਪਹਿਲਾ ਉਹ ਗਾਇਕ ਹੈ, ਜੋ ਕਿ ਵਿੱਦਿਅਕ ਤੌਰ ਤੇ ਏਨਾ ਅਮੀਰ ਹੈ, ਤੇ ਉਸਨੇ ਸਮੁੱਚੀ ਵਿੱਦਿਆ ਵੀ ਸੰਗੀਤ ਦੀ ਹਾਸਿਲ ਕੀਤੀ । ਜ਼ਾਹਿਰ ਜਿਹੀ ਗੱਲ ਹੈ ਕਿ ਜਿਸ ਗਾਇਕ ਜਾਂ ਸ਼ਾਇਰ ਨੇ ਏਨੀ ਉੱਚਕੋਟੀ ਦੀ ਵਿੱਦਿਆ ਹਾਸਲ ਕੀਤੀ ਹੋਵੇ, ਉਹ ਸਾਡੀ ਸਰੋਤਿਆਂ ਦੀ ਸੰਗੀਤ ਦੀ ਭੁੱਖ, ਉਮੀਦ ਨਾਲੋਂ ਵੱਧ ਤੇ ਸਾਡੀ ਸੋਚ ਨਾਲੋਂ ਵੱਧ ਸੁਚੱਜੇ ਢੰਗ ਨਾਲ਼ ਸ਼ਾਂਤ ਕਰੇਗਾ । ਜੇਕਰ ਸਰਤਾਜ ਚਾਹੁੰਦਾ ਤਾਂ ਏਨੀ ਉੱਚੀ ਵਿੱਦਿਆ ਹਾਸਿਲ ਕਰਕੇ ਪੌਪ ਸਿੰਗਰ ਜਾਂ ਫਿਲਮੀ ਗਾਇਕੀ ਦੇ ਰਸਤੇ ‘ਤੇ ਚੱਲ ਸਕਦਾ ਸੀ, ਜਿੱਥੇ ਸ਼ੌਹਰਤ ਦੇ ਨਾਲ਼-ਨਾਲ਼ ਦੌਲਤ ਵੀ ਬੇਹਿਸਾਬ ਹੈ, ਪ੍ਰੰਤੂ ਉਸਨੇ ਆਪਣੀ ਅੰਤਰ-ਆਤਮਾ ਦੀ ਗੱਲ ਸੁਣਦਿਆਂ ਮਹਾਨ ਸੂਫ਼ੀ ਸੰਤਾਂ ਬਾਬਾ ਫ਼ਰੀਦ ਜੀ, ਬੁੱਲੇ ਸ਼ਾਹ ਜੀ, ਸੁਲਤਾਨ ਬਾਹੂ ਜੀ ਤੇ ਬਾਬਾ ਸ਼ਾਹ ਹੁਸੈਨ ਜੀ ਦੇ ਦਿਖਾਏ ਮਾਰਗ ‘ਤੇ ਚੱਲਣ ਦਾ ਫੈਸਲਾ ਕੀਤਾ ਤੇ ਸੂਫ਼ੀਆਨਾ ਨੂੰ ਛੋਂਹਦੀ ਹੋਈ ਸ਼ਾਇਰੀ ਤੇ ਸੰਗੀਤ ਨੂੰ ਚੁਣਿਆ ।
ਸਰਤਾਜ ਕਈ ਦੇਸ਼ਾਂ ਵਿੱਚ ਆਪਣੀ ਕਲਾ ਦਾ ਜਾਦੂ ਦਿਖਾ ਚੁੱਕਿਆ ਹੈ, ਤੇ ਸੰਗੀਤ ਦੀ ਦੁਨੀਆਂ ਵਿੱਚ ਗੰਭੀਰਤਾ ਨਾਲ਼ ਸੋਚਣ ਵਾਲਾ ਨਾਮ ਬਣ ਚੁੱਕਿਆ ਹੈ । ਪਿੱਛੇ ਜਿਹੇ ਕੈਨੇਡਾ ‘ਚ ਹੋਏ ਉਸਦੇ ਅਠਾਰਾਂ ਦੇ ਅਠਾਰਾਂ ਸ਼ੋਅ “ਹਾੳਸ ਫੁੱਲ” ਗਏ ਹਨ । ਭਾਰਤੀ ਸੰਗੀਤ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਟੋਰਾਂਟੋ ‘ਚ ਕਿਸੇ ਕਲਾਕਾਰ ਦੇ ਇਕੱਠੇ ਪੰਜ ਸ਼ੋਅ ਹੋਏ ਹੋਣ ਤੇ ਉਹ ਵੀ ਸਾਰੀਆਂ ਦੀਆਂ ਸਾਰੀਆਂ ਟਿਕਟਾਂ ਵਿਕੀਆਂ ਹੋਈਆਂ ਹੋਣ । ਉਸਦੇ ਸ਼ੋਅ ਦੀਆਂ ਟਿਕਟਾਂ ਸਿਰਫ਼ 1 ਘੰਟਾ 35 ਮਿੰਟ ਦੇ ਰਿਕਾਰਡ ਟਾਈਮ ‘ਚ ਵਿਕ ਗਈਆਂ । ਜਦੋਂ ਕੈਨੇਡਾ ਵਾਸੀਆਂ ਦੀ ਰੂਹ ਦੀ ਭੁੱਖ ਅਠਾਰਾਂ ਸੋ਼ਆਂ ਨਾਲ ਵੀ ਸ਼ਾਂਤ ਨਾ ਹੋਈ ਤਾਂ ਉਨ੍ਹਾਂ ਨੇ ਡਿਨਰ ਪਾਰਟੀਆਂ ਆਯੋਜਿਤ ਕੀਤੀਆਂ, ਜਿਨ੍ਹਾਂ ‘ਚ ਸਰਤਾਜ ਨੇ ਆਪਣੇ ਫ਼ਨ ਦਾ ਮੁਜ਼ਾਹਰਾ ਕੀਤਾ । ਇਨ੍ਹਾਂ ਡਿਨਰ ਪਾਰਟੀਆਂ ‘ਚ ਵੀ ਐਂਟਰੀ ਟਿਕਟ ਰਾਹੀਂ ਸੀ । ਹੁਣ “ਵਿਰਾਸਤ ਇਨਕੌਰਪ੍ਰੇਸ਼ਨ” ਵੱਲੋਂ ਸਰਤਾਜ ਦੇ ਆਸਟ੍ਰੇਲੀਆ ਵਿਖੇ ਚਾਰ ਤੇ ਨਿਊਜ਼ੀਲੈਂਡ ਵਿਖੇ ਇੱਕ ਸ਼ੋਅ ਆਯੋਜਿਤ ਕੀਤੇ ਜਾ ਰਹੇ ਹਨ ।

ਸਰਤਾਜ ਸਾਦਗੀ ਪਸੰਦ ਸਖਸ਼ੀਅਤ ਦਾ ਨਾਮ ਹੈ । ਇਹ ਅਟਲ ਸਚਾਈ ਹੈ ਕਿ ਔਖੀ ਸ਼ਬਦਾਵਲੀ ਦੀ ਵਰਤੋਂ ਕਰਕੇ ਸ਼ਾਇਰੀ ਕਰਨੀ ਸੌਖੀ ਹੈ ਤੇ ਸੌਖੀ ਸ਼ਬਦਾਵਲੀ ਦੀ ਵਰਤੋਂ ਕਰਕੇ ਆਮ ਸਰੋੇਤੇ ਤੱਕ ਪਹੁੰਚ ਕਰਨੀ ਔਖਾ ਕੰਮ ਹੈ । ਕਈ ਸ਼ਾਇਰ ਆਪਣੀ ਸ਼ਾਇਰੀ ਵਿੱਚ ਉਰਦੂ ਆਦਿ ਦੇ ਔਖੇ ਸ਼ਬਦਾਂ ਦਾ ਇਸਤੇਮਾਲ ਕਰਦੇ ਹਨ, ਜਿਸ ਨਾਲ਼ ਉਹ ਆਮ ਬੰਦੇ ਦੀ ਪਹੁੰਚ ਜਾਂ ਸਮਝ ਤੋਂ ਬਾਹਰ ਹੋ ਜਾਂਦੇ ਹਨ ਪਰ ਸਰਤਾਜ ਦੀ ਕੋਸਿ਼ਸ਼ ਹੈ ਕਿ ਮਹਿਫਿ਼ਲ ਵਿੱਚ ਬੈਠਿਆਂ ਹਰ ਕੋਈ ਉਸ ਨਾਲ਼ ਗਾ ਸਕੇ । ਉਸਦੀ ਸ਼ਾਇਰੀ ਬੜੀ ਆਸਾਨੀ ਨਾਲ਼ ਆਮ ਬੰਦੇ ਦੀ ਸਮਝ ਵਿੱਚ ਆ ਜਾਂਦੀ ਹੈ । ਸਰਤਾਜ ਸੋਚਦਾ ਹੈ ਕਿ ਗਾਇਕੀ ਵਿੱਚ ਸਾਦਗੀ ਸਰੋਤਿਆਂ ਨੂੰ ਆਕਰਸਿ਼ਤ ਕਰਦੀ ਹੈ । ਉਸ ਅਨੁਸਾਰ ਸ਼ਾਇਰੀ ਸਿੱਖੀ ਨਹੀਂ ਜਾ ਸਕਦੀ । ਇਹ ਤਾਂ ਹੀ ਆਪਣੇ ਅੰਦਰ ਪੈਦਾ ਹੁੰਦੀ ਹੈ, ਜੇਕਰ ਕੁਦਰਤ ਨੇ ਜਜ਼ਬਾਤ ਸਮਝਣ ਦੀ ਭਾਵਨਾ ਬਖ਼ਸ਼ੀ ਹੋਵੇ । ਕੁਝ ਅਜਿਹੀ ਹੀ ਫਿ਼ਦਰਤ ਸਰੋਤਿਆਂ ਦੀ ਵੀ ਹੋਣੀ ਜ਼ਰੂਰੀ ਹੈ, ਉਨ੍ਹਾਂ ਵਿੱਚ ਵੀ ਸੁਨਣ ਦਾ ਜਜ਼ਬਾ ਹੋਣਾ ਚਾਹੀਦਾ ਹੈ ।

ਭਾਵੇਂ ਲੱਖ ਲਫ਼ਜਾਂ ਨੂੰ ਪੀੜਾਂ ‘ਚ ਪਰੋ ਲਵੇ
ਲੱਖ ਸੁਰਾਂ ਵੀ ਵੈਰਾਗ ਦੀਆਂ ਛੋਹ ਲਵੇ
ਭਾਵੇਂ ਗਾਵੇ ‘ਸਰਤਾਜ’ ਪੂਰਾ ਭਿੱਜ ਕੇ
ਭਾਵੇਂ ਗੀਤ ਨਾਲ਼ ਇੱਕ ਮਿਕ ਹੋ ਲਵੇ
ਜਦੋਂ ਮਨ ਕਿਤੇ ਹੋਰ ਹੈ ਸਰੋਤੇ ਦਾ
ਗਵੱਈਆ ਮਾਣ ਮੱਤਾ ਕੀ ਕਰੂ ?
ਦੇਸ਼ ਵਿਦੇਸ਼ ਦੇ ਲੱਖਾਂ ਦਿਲਾਂ ਦੀ ਧੜਕਣ ਬਣਦਾ ਜਾ ਰਿਹਾ ਸਰਤਾਜ ਖੁਦ ਜਨਾਬ ਨੁਸਰਤ ਫਤਿਹ ਅਲੀ ਖ਼ਾਨ ਸਾਹਿਬ ਤੋਂ ਪ੍ਰਭਾਵਿਤ ਹੈ । ਖੁਦ ਸ਼ਾਇਰੀ ਕਰਨ ਤੋਂ ਪਹਿਲਾਂ ਸਤਿੰਦਰ ਨੇ ਖ਼ਾਨ ਸਾਹਿਬ ਦੇ ਗੀਤ ਗਾ ਕੇ ਰਾਸ਼ਟਰੀ ਤੇ ਅੰਤਰ-ਰਾਸ਼ਟਰੀ ਪੱਧਰ ਦੀਆਂ ਪ੍ਰਤੀਯੋਗਿਤਾਵਾਂ ਜਿੱਤੀਆਂ ਹਨ । ਲੋਕਾਂ ਦੁਆਰਾ ਸਰਤਾਜ ਨੂੰ ਮਿਲਣ ਦੀ ਚਾਹਤ, ਫੋਟੋਗਰਾਫ਼ੀ ਤੇ ਆਟੋਗ੍ਰਾਫ਼ ਆਦਿ ਦੇ ਪਲਾਂ ਨੂੰ ਉਹ ਪ੍ਰਮਾਤਮਾ ਦੀ ਬਖਸਿ਼ਸ਼ ਮੰਨਦਾ ਹੈ । ਲੋਕਾਂ ਦੁਆਰਾ ਦਿੱਤੇ ਜਾ ਰਹੇ ਪਿਆਰ ਤੇ ਸਤਿਕਾਰ ਕਾਰਣ, ਉਹ ਸਰੋਤਿਆਂ ਪ੍ਰਤੀ ਆਪਣੀਆਂ ਜਿੰਮੇਵਾਰੀਆਂ ਨੂੰ ਹੋਰ ਜਿ਼ਆਦਾ ਸਿ਼ੱਦਤ ਨਾਲ਼ ਮਹਿਸੂਸ ਕਰਦਾ ਹੈ ਤੇ ਉਹਨਾਂ ਦੀਆਂ ਆਸਾਂ ਤੇ ਉਮੀਦਾਂ ‘ਤੇ ਖਰਾ ਉਤਰਣ ਦੇ ਵਾਅਦੇ ਆਪਣੇ ਆਪ ਨਾਲ਼ ਕਰਦਾ ਹੈ । ਅਜੋਕੇ ਸਮੇਂ ਵਿੱਚ ਪੰਜਾਬੀ ਗਾਇਕੀ ਵਿੱਚ ਦਿਨ-ਬ-ਦਿਨ ਆ ਰਹੇ ਨਿਘਾਰ ਦਾ ਕਾਰਣ “ਸੋਚ” ਹੈ । ਉਸ ਦੇ ਵਿਚਾਰ ਅਨੁਸਾਰ ਜੇਕਰ ਲੋਕ ਸੁਣਦੇ ਹਨ ਤਾਂ ਹੀ ਗਾਇਕ ਗਾ ਰਹੇ ਹਨ । ਕਿਸੇ ਇੱਕ ਨੂੰ ਦੋਸ਼ ਨਹੀਂ ਦਿੱਤਾ ਜਾ ਸਕਦਾ । ਸਭ ਨੂੰ ਆਪਣੀ ਸੋਚ ਬਦਲਣੀ ਪਵੇਗੀ । ਇੱਕ ਗੱਲ ਹੋਰ ਹੈ ਕਿ ਜੇਕਰ ਸਰੋਤੇ ਇਸ ਤਰ੍ਹਾਂ ਦੀ ਗਾਇਕੀ ਪਸੰਦ ਕਰਨਗੇ ਤਾਂ ਹੋ ਸਕਦਾ ਹੈ ਕਿ ਹੋਰ ਗਾਇਕ ਵੀ ਅਜਿਹੀ ਸਾਫ਼-ਸੁਥਰੀ ਗਾਇਕੀ ਦੇ ਰਾਹ ‘ਤੇ ਤੁਰ ਪੈਣ ਤੇ ਪੰਜਾਬੀ ਗਾਇਕੀ ਦੇ ਮਿਆਰ ਦਾ ਲਗਾਤਾਰ ਗਿਰਦਾ ਜਾ ਰਿਹਾ ਗ੍ਰਾਫ਼ ਸੰਭਲ ਜਾਵੇ । ਸਰਤਾਜ ਅਨੁਸਾਰ ਖ਼ਾਸ ਤੌਰ ਤੇ ਵਿਦੇਸ਼ਾਂ ਵਿੱਚ ਬੱਚਿਆਂ ਨੂੰ ਆਪਣੀ ਮਾਂ-ਬੋਲੀ ਪੰਜਾਬੀ ਨਾਲ਼ ਜੋੜਨ ਦੇ ਉਪਰਾਲੇ ਕਰਨ ਦੀ ਲੋੜ ਹੈ । ਜਿਸਦੇ ਤਹਿਤ ਬੱਚਿਆਂ ਨੂੰ ਉਹਨਾਂ ਦੀ ਪਸੰਦ ਅਨੁਸਾਰ ਪੰਜਾਬੀ ਵਿੱਚ ਕਿਤਾਬਾਂ ਮੁਹੱਈਆ ਕਰਵਾਉਣਾ ਪਹਿਲਾ ਤੇ ਮਹੱਤਵਪੂਰਣ ਕੰਮ ਹੈ ।
ਜਿੱਥੇ ਕਿ ਸ਼ਾਇਰ ਜਾਂ ਲੇਖਕ ਆਪਣੇ ਨਾਮ ਨਾਲ “ਨਿਮਾਣਾ” ਜਾਂ “ਵਿਚਾਰਾ” ਆਦਿ ਤਖੱਲਸ ਲਗਾਉਂਦੇ ਹਨ, ਡਾਕਟਰ ਸਤਿੰਦਰ ਸਿੰਘ ਨੇ ਆਪਣੇ ਨਾਮ ਨਾਲ਼ “ਸਰਤਾਜ” ਲਿਖ ਕੇ ਆਪਣੇ ਆਪ ਨੂੰ ਚਣੌਤੀ ਪੇਸ਼ ਕੀਤੀ ਤੇ ਥੋੜੇ ਸਮੇਂ ਦੌਰਾਨ ਲੋਕਾਂ ਦੇ ਦਿਲਾਂ ‘ਚ ਵੱਸ ਕੇ ਵਾਕਈ ਹੀ ਸਭ ਦੇ “ਸਿਰ ਦਾ ਤਾਜ” ਬਣ ਬੈਠਾ । ਜਿਸ ਅੱਲ੍ਹੜ ਉਮਰੇ ਵਿਦਿਆਰਥੀ ਆਪਣੀ ਜਿੰਦਗੀ ਦੇ ਹਸੀਨ ਪਲਾਂ ਦਾ ਆਨੰਦ ਉਠਾਉਂਦੇ ਹਨ, ਸਤਿੰਦਰ ਨੇ ਉਹ ਪਲ ਲਾਇਬਰੇਰੀ ‘ਚ ਪੁਸਤਕਾਂ ਦੀ ਸੰਗਤ ਵਿਚ ਗੁਜ਼ਾਰੇ । ਪੜ੍ਹਿਆ... ਪੜ੍ਹਿਆ... ਤੇ ਸਿਰਫ਼ ਪੜ੍ਹਿਆ... । ਸਤਿੰਦਰ ਨੂੰ ਵੀ ਇਸ ਗੱਲ ਦਾ ਮਾਣ ਹੈ ਕਿ ਉਸਨੇ ਵਕਤ ਜ਼ਾਇਆ ਨਾ ਕਰਕੇ, ਉਸਦੀ ਕਦਰ ਤੇ ਭਰਪੂਰ ਇਸਤੇਮਾਲ ਕੀਤਾ ਤੇ ਅੱਜ ਵਕਤ ਉਸਦੀ ਕਦਰ ਕਰ ਰਿਹਾ ਹੈ । ਅੱਜ ਸੰਜੀਦਾ ਉਮਰ ਦੇ ਸਰੋਤਿਆਂ ਦੇ ਨਾਲ਼-ਨਾਲ਼ ਨੌਜਵਾਨ ਪੀੜ੍ਹੀ ਵੀ ਸਰਤਾਜ ਨੂੰ ਪਸੰਦ ਕਰ ਰਹੀ ਹੈ, ਕਿਉਂ ਜੋ ਉਹ ਆਪਣੀ ਸ਼ਾਇਰੀ ਤੇ ਧੁਨਾਂ ਵਿੱਚ ਅਜਿਹੀਆਂ ਗੱਲਾਂ ਦਾ ਧਿਆਨ ਰੱਖਦਾ ਹੈ ਕਿ ਹਰ ਉਮਰ ਵਰਗ ਨੂੰ ਆਪਣੇ ਨਾਲ ਜੋੜ ਸਕੇ ।

ਸਰਤਾਜ ਨੂੰ 2003 ਵਿੱਚ ਦੁਬਈ ਵਿਖੇ ਹੋਏ 32 ਦੇਸ਼ਾਂ ਦੇ ਸੱਭਿਆਚਾਰਕ ਮੇਲੇ ਵਿੱਚ “ਬੈਸਟ ਸੂਫ਼ੀ ਸਿੰਗਰ” ਦਾ ਐਵਾਰਡ ਮਿਲ ਚੁੱਕਾ ਹੈ । ਪੰਜਾਬ ਦੇ ਸਭ ਤੋਂ ਵੱਡੇ ਸੱਭਿਆਚਾਰਕ ਮੇਲੇ “ਮੋਹਨ ਸਿੰਘ ਯਾਦਗਾਰੀ ਮੇਲਾ” ਵਿੱਚ ਨਜ਼ਾਕਤ ਅਲੀ ਸਲਾਮਤ ਅਲੀ (ਕਲਾਸੀਕਲ ਸਿੰਗਰ) ਐਵਾਰਡ, ਰੋਟਰੈਕਟ ਕਲੱਬ ਵੱਲੋਂ ਯੂਥ ਆਇਕਨ ਐਵਾਰਡ ‘ਤੇ ਕੈਨੇਡਾ ਦੇ ਹਰ ਸ਼ਹਿਰ ਵਿੱਚ ਉਸਦਾ ਸਨਮਾਨ ਹੋਇਆ ਹੈ । ਉਸਨੇ ਜ਼ੀ ਟੈਲੀਵੀਜ਼ਨ ਦੇ ਮਸ਼ਹੂਰ ਪ੍ਰੋਗਰਾਮ “ਜ਼ੀ ਅੰਤਾਕਸ਼ਰੀ” ਵਿੱਚ ਅਨੂੰ ਕਪੂਰ ਦੇ ਨਾਲ਼ ਮਹਿਮਾਨ ਕਲਾਕਾਰ ਦੇ ਤੌਰ ਤੇ ਸਿ਼ਰਕਤ ਕੀਤੀ । ਸਰਤਾਜ ਨੇ ਭਾਰਤ ਸਰਕਾਰ ਦੇ ਭਾਰਤੀ ਸੱਭਿਆਚਾਰ ਨਾਲ਼ ਸੰਬੰਧਿਤ ਅਦਾਰੇ ਤੋਂ ਸਕਾਲਰਸਿ਼ਪ ਹਾਸਲ ਕੀਤੀ ਤੇ 24ਵੇਂ ਸਰਬ-ਭਾਰਤੀ ਸੰਗੀਤ ਮੁਕਾਬਲੇ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ । ਵੱਖ-ਵੱਖ ਅਦਾਰਿਆਂ, ਕਾਲਜਾਂ ਤੇ ਯੂਨੀਵਰਸਿਟੀਆਂ ਵੱਲੋਂ ਕਰਵਾਏ ਗਏ ਸੰਗੀਤ ਮੁਕਾਬਲਿਆਂ ਵਿੱਚ ਉਹ ਜੱਜ ਦੀ ਭੂਮਿਕਾ ਅਦਾ ਕਰ ਚੁੱਕਾ ਹੈ । ਸਤਿੰਦਰ ਸਰਤਾਜ ਨੇ ਪੰਜਾਬ ਹੈਰੀਟੇਜ ਫਾਊਂਡੇਸ਼ਨ ਵੱਲੋਂ ਕਰਵਾਏ ਗਏ ਸੰਗੀਤ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ । ਉਸਨੇ ਵਾਰਿਸ ਸ਼ਾਹ ਤੇ ਬਣੀ ਡਾਕੂਮੈਂਟਰੀ ਫਿਲਮ ਵਿੱਚ ਵੀ ਗਾਇਨ ਕੀਤਾ ।

ਮਧੁਰ ਆਵਾਜ਼ ਦਾ ਮਾਲਕ ਸਤਿੰਦਰ ਜਦ ਮਹਿਫਿ਼ਲ ਦਾ ਆਗਾਜ਼ ਕਰਦਾ ਹੈ ਤਾਂ ਸਭ ਤੋਂ ਪਹਿਲਾਂ ਸਟੇਜ ਤੇ ਸਜਾਏ ਗਏ ਸਾਜ਼ਾਂ ਨੂੰ ਸਿਰ ਨਿਵਾ ਕੇ ਨਮਸਕਾਰ ਕਰਦਾ ਹੈ । ਮੁੜ ਚੌਂਕੜਾ ਮਾਰ ਸਮਾਧੀ ‘ਚ ਬੈਠੇ ਕਿਸੇ ਗਿਆਨੀ ਧਿਆਨੀ ਸਾਧੂ ਵਾਂਗ ਆਪਣਾ ਸੰਗੀਤ ਰੂਪੀ ਧੂਣਾ ਧੁਖਾਉਂਦਾ ਹੈ । ਵਾਰਿਸ ਸ਼ਾਹ ਵਰਗੀ ਪੁਸ਼ਾਕ ਪਹਿਨੀ ਬੈਠਾ ਸਰਤਾਜ ਅਜਿਹੇ ਸਮੇਂ ਜਦ ਸਿ਼ਅਰ ਬੋਲਦਾ ਹੈ ਤਾਂ ਸਾਖਸ਼ਾਤ “ਵਾਰਿਸ ਸ਼ਾਹ” ਦਾ ਵਾਰਿਸ ਹੀ ਜਾਪਦਾ ਹੈ । ਧੀਰ ਗੰਭੀਰ ਸਰਤਾਜ ਦੇ ਚਿਹਰੇ ਤੇ ਕਦੀ ਗੰਭੀਰਤਾ ਆਪਣਾ ਪ੍ਰਛਾਵਾਂ ਦਿਖਾਉਂਦੀ ਹੈ ਤੇ ਕਦੇ ਚੰਚਲ ਮੁਸਕਾਨ ਆਪਣਾ ਡੇਰਾ ਪਾ ਲੈਂਦੀ ਹੈ । ਸਭ ਤੋਂ ਪਹਿਲਾਂ ਉਹ ਪਰਮ ਪਿਤਾ ਪ੍ਰਮੇਸ਼ਵਰ ਦੇ ਚਰਨ-ਕਮਲਾਂ ਵਿੱਚ ਆਪਣੀ ਪ੍ਰਾਰਥਨਾ ਕਰਦਾ ਹੈ, ਆਪਣੇ ਕਲਾਮ “ਸਾਈਂ” ਨਾਲ...

ਸਾਈਂ ਵੇ... ਸਾਡੀ ਫਰਿਆਦ ਤੇਰੇ ਤਾਈਂ
ਸਾਈਂ ਵੇ... ਬਾਹੋਂ ਫੜ ਬੇੜਾ ਬੰਨੇ ਲਾਈਂ
ਸਾਈਂ ਵੇ... ਮੇਰਿਆਂ ਗੁਨਾਹਾਂ ਨੂੰ ਲੁਕਾਈਂ
ਸਾਈਂ ਵੇ... ਹਾਜ਼ਰਾ ਹਜ਼ੂਰ ਵੇ ਤੂੰ ਆਈਂ

ਕਲਾਮ ਜਦ ਆਪਣੇ ਸਿਖ਼ਰ ਤੇ ਪਹੁੰਚਦਾ ਹੈ ਤਾਂ ਮਹਿਫਿ਼ਲ ‘ਚ ਜੁੜੇ ਸਰੋਤੇ ਆਨੰਦ ਦੀ ਰੌਂਅ ਵਿੱਚ ਵਹਿ ਜਾਂਦੇ ਹਨ । ਆਪਣੇ ਪਹਿਲੇ ਹੀ ਕਲਾਮ ਨਾਲ਼ ਸਭ ਨੂੰ ਕੀਲ ਲੈਂਦਾ ਹੈ ਸਰਤਾਜ । ਮੁੜ ਤਾਂ ਆਨੰਦ ਹੀ ਆਨੰਦ । ਦੋ ਹੀ ਗੱਲਾਂ ਹੁੰਦੀਆਂ ਨੇ, ਇੱਕ ਤਾਂ ਸਤਿੰਦਰ ਦੀ ਸ਼ਾਇਰੀ ਤੇ ਦੂਜੀਆਂ ਦਰਸ਼ਕਾਂ ਦੀਆਂ ਤਾੜੀਆਂ ਤੇ ਦਾਦ । ਦੋਨੋ ਇੱਕ ਦੂਜੇ ਦੇ ਪੂਰਕ ਬਣ ਜਾਂਦੇ ਹਨ । ਸਤਿੰਦਰ ਆਪਣੇ ਸਰੋਤਿਆਂ ਨੂੰ ਆਨੰਦ ਦੇ ਸਾਗਰ ‘ਚ ਅਜਿਹੀਆਂ ਡੁੱਬਕੀਆਂ ਲਵਾਉਂਦਾ ਹੈ ਕਿ ਪਤਾ ਹੀ ਨਹੀਂ ਚੱਲਦਾ ਕਿ ਵਾਪਰ ਕੀ ਰਿਹਾ ਹੈ । ਬੱਸ ! ਸਮਾਂ ਹੀ ਰੁਕ ਜਾਂਦਾ ਹੈ । ਕਿਸੇ ਵੀ ਫ਼ਨਕਾਰ ਦੀ ਜਿੰਦਗੀ ਦੇ ਸਭ ਤੋਂ ਅਨਮੋਲ ਪਲ ਉਹ ਹੁੰਦੇ ਨੇ, ਜਦ ਮਹਿਫਲਾਂ ਵਿੱਚ ਹੌਸਲਾ ਅਫ਼ਜ਼ਾਈ ਹੁੰਦੀ ਹੈ, ਤਾੜੀਆਂ ਵੱਜਦੀਆਂ ਹਨ । ਸਰਤਾਜ ਦੀ ਜਿੰਦਗੀ ਦੇ ਯਾਦਗਾਰ ਪਲ ਵੀ ਅਜਿਹੇ ਹੀ ਹੁੰਦੇ ਨੇ, ਪਰ ਉਹ ਕਹਿੰਦਾ ਹੈ ਕਿ ਅਜੇ ਤਾਂ ਸੰਘਰਸ਼ ਚੱਲ ਰਿਹਾ ਹੈ ।

ਇਹ ਲੇਖ ਲਿਖਣ ਤੋਂ ਪਹਿਲਾਂ ਸਰਤਾਜ ਦੀ ਗਾਇਕੀ ਨੂੰ ਨੇੜੇ ਤੋਂ ਜਾਨਣ ਲਈ ‘ਕੱਲੇ ਬੈਠ, ਉਸਨੂੰ ਬਹੁਤ ਵਾਰੀ ਸੁਣਿਆ, ਮਹਿਸੂਸ ਕੀਤਾ । ਆਪਣੇ ਦਿਲੋ-ਦਿਮਾਗ ਨੂੰ ਖੁੱਲਾ ਛੱਡ ਦਿੱਤਾ, ਸਰਤਾਜ ਦੇ ਵਹਿਣ ਵਿੱਚ ਵਹਿਣ ਲਈ । ਸਰਤਾਜ ਦੇ ਨਾਲ਼-ਨਾਲ਼ ਫੁੱਲਾਂ ਦੇ ਬਾਗਾਂ, ਜੰਗਲਾਂ, ਬੇਲਿਆਂ ‘ਚ ਖੂਬ ਘੁੰਮਿਆ, ਖੁੱਲੇ ਆਸਮਾਨ ‘ਚ ਖੂਬ ਉਡਾਰੀਆਂ ਲਾਈਆਂ, ਡੂੰਘੇ ਸਮੁੰਦਰਾਂ ‘ਚ ਖੂਬ ਤਾਰੀਆਂ ਲਾਈਆਂ । ਬੱਸ ਉਸਦੀ ਗਾਇਕੀ ਸੀ ਤੇ ਮੈਂ ਸਾਂ । ਜਦ ਉਸਦਾ “ਅੰਮੀ” ਕਲਾਮ ਸੁਣਿਆ ਤਾਂ ਫੁੱਟ-ਫੁੱਟ ਰੋਇਆ, ਮੇਰੀ ਮਾਂ ਪਲਾਂ-ਛਿਣਾਂ ‘ਚ ਹੀ ਪੰਜਾਬ ਤੋਂ ਆ ਸਾਡੇ ਕੋਲ ਆ ਬੈਠੀ, ਮੈਂ ਉਸਦੀ ਆਮਦ ਨੂੰ, ਸਾਡੇ ਕੋਲ ਬੈਠਣ ਨੂੰ ਮਹਿਸੂਸ ਕਰ ਸਕਦਾ ਸਾਂ, ਪਰ ਉਸਨੂੰ ਛੂਹ ਨਹੀਂ ਸਕਦਾ ਸਾਂ, ਮਾਂ ਦਾ ਹੱਥ ਆਪਣੇ ਸਿਰ ‘ਤੇ, ਆਪਣੇ ਚਿਹਰੇ ‘ਤੇ ਫਿਰਦਾ ਹੋਇਆ ਦੇਖ ਤਾਂ ਰਿਹਾ ਸਾਂ ਪਰ ਉਸਦੀ ਛੋਹ ਮੇਰੇ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਸੀ । ਸਰਤਾਜ ਤਾਂ ਮੇਰੇ ਦਿਲ ਦਾ ਦਰਦ ਮੇਰੀਆਂ ਅੱਖਾਂ ਰਾਹੀਂ ਬਾਹਰ ਵਗਾ ਰਿਹਾ ਸੀ, ਪਰ ਪੰਜਾਬ ਬੈਠੀਆਂ ਹਜ਼ਾਰਾਂ ਮਾਵਾਂ ਦੇ ਦਰਦ ਨੂੰ ਮੈਂ ਸਮੁੰਦਰੋਂ ਪਾਰ ਬੈਠੀ ਆਪਣੀ ਮਾਂ ਦੇ ਚਿਹਰੇ ਤੇ ਦੇਖ ਰਿਹਾ ਸਾਂ ।
ਦੂਰੋਂ ਬੈਠ ਦੁਆਵਾਂ ਕਰਦੀ ਅੰਮੀ
ਦੁੱਖ ਸਾਡੇ ਲੇਖਾਂ ਦੇ ਜਰਦੀ ਅੰਮੀ
ਵਿਹੜੇ ਵਿੱਚ ਬੈਠੀ ਦਾ ਜੀ ਜਿਹਾ ਡੋਲੇ
ਸਾਨੂੰ ਨਾਂ ਕੁਝ ਹੋ ਜਾਏ, ਡਰਦੀ ਅੰਮੀ

ਪੰਜਾਬ ‘ਚ ਵਗਦੇ ਨਸ਼ੇ ਦੇ ਦਰਿਆ ਨੂੰ ਠੱਲ੍ਹ ਪਾਉਣ ਦੇ ਉਪਰਾਲਿਆਂ ‘ਚ ਉਸਦੇ ਵਿਚਾਰ ਅਨੁਸਾਰ ਮੀਡੀਆ ਵੱਲੋਂ ਅਜਿਹੇ ਪ੍ਰੋਗਰਾਮ ਦਿਖਾਣੇ ਚਾਹੀਦੇ ਨੇ, ਜਿਸ ਨਾਲ ਨੌਜਵਾਨਾਂ ਨੂੰ ਪ੍ਰੇਰਣਾ ਮਿਲੇ ।

ਓਹਦੀ ਦੀਦ ਵਾਲੀਆਂ ਸ਼ਰਾਬਾਂ ਮਿੱਠੀਆਂ
ਕਿਦਾਂ ਪਤਾ ਲੱਗੂ ਜੇ ਕਦੇ ਨਾ ਡਿੱਠੀਆਂ
ਇੱਕ ਅੱਧਾ ਘੁੱਟ ਪੀ ਕੇ ਦੇਖ ਤਾਂ ਸਹੀ
ਫੱਕਰਾਂ ਦੇ ਵਾਂਗ ਜੀ ਕੇ ਦੇਖ ਤਾਂ ਸਹੀ
ਐਵੇਂ ਪੀਈ ਜਾਨੈਂ ਸ਼ਰਾਬਾਂ ਕੌੜੀਆਂ
ਆਸ਼ਕਾਂ ਨੇ ਸਿੱਧੀਆਂ ਹੀ ਲਾਈਆਂ ਪੌੜੀਆਂ
‘ਤੇ ਜਦ ਸਰਤਾਜ ਗਾਉਂਦਾ ਹੈ...
ਮੇਰੀ ਹੀਰੀਏ, ਫਕੀਰੀਏ, ਨੀ ਸੋਹਣੀਏਂ
ਤੇਰੀ ਖੁਸ਼ਬੂ ਨਸ਼ੀਲੀ ਮਨਮੋਹਣੀਏ

ਯਾਦ ਆਵੇ ਤੇਰੀ ਜਦੋਂ ਦੇਖਾਂ ਚੰਦ ਮੈਂ
ਤੂੰ ਹੀ ਦਿਸੇਂ ਜਦੋਂ ਅੱਖਾਂ ਕਰਾਂ ਬੰਦ ਮੈਂ
ਮੈਨੂੰ ਲੱਗੇਂ ਰਾਧਾ ਤੂੰ ਤੇ ਲਾਲ ਨੰਦ ਮੈਂ
ਕਾਸ਼ ਤੈਨੂੰ ਵੀ ਹੋਵਾਂ ਐਦਾਂ ਪਸੰਦ ਮੈਂ

...ਸੁਣ ਕੇ ਸੱਚੇ ਸੁੱਚੇ ਆਸ਼ਕਾਂ ਦੀ ਯਾਦ ਆਉਂਦੀ ਹੈ । ਰਾਧਾ ਕ੍ਰਿਸ਼ਨ ਜਿਹਾ ਪਵਿੱਤਰ ਇਸ਼ਕ ਕਰਨ ਨੂੰ ਮਨ ਲੋਚਦਾ ਹੈ । ਕਿਸੇ ਆਪਣੇ ਲਈ ਫਨਾਂ ਹੋ ਜਾਣ ਨੂੰ ਦਿਲ ਕਰਦਾ ਹੈ । ਜਾਪਦਾ ਹੈ ਇਸ਼ਕ ਹੀ ਰੱਬ ਦੀ ਭਗਤੀ ਕਰਨ ਦਾ ਰਸਤਾ ਹੋਵੇ । ਸਰਤਾਜ ਅਜਿਹੇ ਪਵਿੱਤਰ ਇਸ਼ਕ ਦਾ ਵਰਨਣ ਕਰਦਾ ਹੈ ਕਿ ਜੇਕਰ ਆਸ਼ਕ ਆਪਣੇ ਇਸ਼ਟ ਨਾਲ਼ ਅਜਿਹਾ ਇਸ਼ਕ ਕਰੇ ਤਾਂ ਯਕੀਨਨ ਰੱਬ ਨੂੰ ਪਾ ਲਵੇਗਾ ।
ਉਸਨੇ ਅਜੇ ਲੰਬਾ ਸਫ਼ਰ ਤੈਅ ਕਰਨਾ ਹੈ । ਦੇਸ਼ ਜਾਂ ਵਿਦੇਸ਼ ਵਿੱਚ ਉਸਦੀਆਂ ਮਹਿਫਿ਼ਲਾਂ ਦੇ ਸਥਾਨ ਚੋਣਵੇਂ ਹੋ ਸਕਦੇ ਹਨ ਪਰ ਉਸਦੀ ਪਹੁੰਚ ਹਰ ਸ਼ਹਿਰ, ਹਰ ਪਿੰਡ, ਕਿਸਾਨ ਤੇ ਮਜ਼ਦੂਰ ਤੱਕ ਹੋਣੀ ਯਕੀਨੀ ਹੈ । ਜਾਪਦਾ ਹੈ ਕਿ ਉਹ ਸਮਾਂ ਦੂਰ ਨਹੀਂ ਕਿ ਜਿਵੇਂ ਕਿਸੇ ਸਮੇਂ ਹਰ ਨੌਜਵਾਨ ਦੀ ਜ਼ੁਬਾਨ ਤੇ “ਹੀਰ” ਨੇ ਆਪਣੀ ਪਹੁੰਚ ਕੀਤੀ ਸੀ, ਇੱਕੀਵੀਂ ਸਦੀ ਦੇ ਇਸ ਵਾਰਿਸ ਸ਼ਾਹ ਦੇ ਸਮੇਂ ਵਿੱਚ ਹਰ ਨੌਜਵਾਨ ਦਿਲ ਇਹੀ ਗੁਣਗੁਣਾਉਂਦਾ ਹੋਵੇ....

ਮੇਰੀ ਹੀਰੀਏ, ਫਕੀਰੀਏ, ਨੀ ਸੋਹਣੀਏਂ
ਤੇਰੀ ਖੁਸ਼ਬੂ ਨਸ਼ੀਲੀ ਮਨਮੋਹਣੀਏ...

ਪਰ ਇਸ ਲਈ ਸਰਤਾਜ ਦੁਆਰਾ ਬੜੀ ਮਿਹਨਤ ਕੀਤੀ ਜਾਣੀ ਬਾਕੀ ਹੈ....

ਆਮੀਨ !

ਮੈਨੂੰ ਕੀ ਤੇ ਤੈਨੂੰ ਕੀ ?.......... ਵਿਅੰਗ / ਸੁਰਿੰਦਰ ਭਾਰਤੀ ਤਿਵਾੜੀ


ਭਾਰਤ ਇੱਕ ਮਹਾਨ ਦੇਸ਼ ਹੈ ਅਤੇ ਅਸੀਂ ਹਾਂ ਇਸਦੀ ਮਹਾਨ ਸੰਤਾਨ। ਸਾਡਾ ਦੇਸ਼ ਲਗਭਗ ਦੋ ਸੋ ਸਾਲ ਤੱਕ ਅੰਗ੍ਰੇਜਾਂ ਦਾ ਗੁਲਾਮ ਰਿਹਾ ਪਰ ਹੁਣ ਇਹ ‘ਵਿਚਾਰਾ’ ਆਜ਼ਾਦ ਹੋ ਗਿਆ। ਹਜਾਰਾਂ ਬਹਾਦਰ ਭਾਰਤ ਮਾਤਾ ਦੇ ਪੁੱਤਰਾਂ ਧੀਆਂ ਨੇ ਤਸੀਹੇ ਝੱਲੇ। ਕਈ ਅਣਸੁਣੇ ਅਜਿਹੇ ਸ਼ਹੀਦ ਵੀ ਹੋਏ ਜਿੰਨਾਂ ਬਾਰੇ ਅੱਜ ਵੀ ਕੋਈ ਨਹੀਂ ਜਾਣਦਾ। ਆਪਣੀ ਜਵਾਨੀ ਦੇਸ਼ ਤੇ ਵਾਰ ਕੇ ਅੱਜ ਦੀ ਪੀੜ੍ਹੀ ਨੂੰ ਆਜ਼ਾਦੀ ਦਾ ਤੋਹਫਾ ਦੇਣ ਵਾਲੇ ਦੇਸ਼ ਦੀ ਖੁਸ਼ਹਾਲੀ ਦੀ ਕਾਮਨਾਂ ਕਰਦੇ ਚਲੇ ਗਏ। ਪੰਜਾਬੀ ਦੀ ਇੱਕ ਕਹਾਵਤ ਹੈ ‘ਭੁੱਖੇ ਜੱਟ ਕਟੋਰਾ ਲੱਭਾ ਪਾਣੀ ਪੀ ਪੀ ਆਫਰਿਆ’ਆਜ਼ਾਦੀ ਦਾ ਅਰਥ 1947 ਤੋਂ ਬਾਦ ਹੀ ਬਦਲ ਗਿਆ ਲੱਗਦਾ ਹੈ। ਅਸੀਂ ਦੇਸ਼ ਦੇ ਆਜ਼ਾਦ ਨਾਗਰਿਕ, ਸਾਨੂੰ ਕੁਝ ਵੀ ਕਰਨ ਦੀ ਆਜ਼ਾਦੀ, ਦੁਬਾਰਾ ਗੁਲਾਮ ਹੋਣ ਦੀ ਵੀ।

ਇਸ ਦੇਸ਼ ਦੇ ਹਰ ਇੱਕ ਨਾਗਰਿਕ ਨੂੰ ਧਨ ਕਮਾਉਣ, ਸਿੱਖਿਆ ਪ੍ਰਾਪਤ, ਸਵੈਮਾਨ ਨਾਲ ਜਿਓਣ, ਸਵੈ-ਰੱਖਿਆ ਕਰਨ, ਸਮਾਨਤਾ ਤੇ ਤਰੱਕੀ ਕਰਨ ਦੇ ਅਧਿਕਾਰ ਪ੍ਰਾਪਤ ਹਨ ਪਰ ......ਪਰ ਮੇਨੂੰ ਸਭ ਤੋਂ ਜਿ਼ਆਦਾ ਅਧਿਕਾਰ ਹਨ, ਸਭ ਤੋਂ ਜਿ਼ਆਦਾ ਆਜ਼ਾਦ ਮੈਂ। ਫਿਰ ਕੀ ਹੋ ਜੂ ਜੇਕਰ ਕਿਸੇ ਨਾਗਰਿਕ ਦਾ ਹੱਕ ਮਾਰਿਆ ਜਾਵੇਗਾ ਪਰ ਮੈਨੂੰ ਸਭ ਤੋਂ ਵੱਧ ਮਿਲਣਾ ਚਾਹੀਦਾ ਹੈ। ਬੱਸ ਮੇਰਾ ਖਿਆਲ ਰੱਖੋ ਬਾਕੀ ਦੁਨੀਆਂ ਜਾਵੇ ਭਾੜ ਵਿੱਚ। ਮੇਰੇ ਜ਼ਾਇਜ਼ ਨਾਜ਼ਾਇਜ਼ ਢੰਗ ਨਾਲ ਧਨ ਜੋੜੇ ਧਨ ਦਾ, ਰਾਜਨੀਤਿਕ ਪਹੁੰਚ ਅਤੇ ਨਿੱਜੀ ਅਸਰ ਰਸੂਖ ਦਾ ਕੀ ਲਾਭ ਹੋਇਆ ਜੇਕਰ ਮੈਨੂੰ ਦੂਸਰਿਆਂ ਤੋਂ ਵੱਧ ਹੀ ਨਾਂ ਮਿਲਿਆ? ਕਿਸੇ ਹੋਰ ਦਾ ਕੰਮ ਹੋਵੇ ਨਾਂ ਹੋਵੇ ਮੇਰੇ ਜ਼ਾਇਜ਼ ਨਾਜ਼ਾਇਜ਼ ਕੰਮ ਹੋਣੇ ਅਤਿ ਜ਼ਰੂਰੀ ਹਨ, ਇਹ ਪਰਵਾਹ ਨਾਂ ਕਰਨੀ ਕਿ ਦੇਸ਼ ਦਾ ਜਾਂ ਕਿਸੇ ਹੋਰ ਦਾ ਕਿੰਨ੍ਹਾ ਨੁਕਸਾਨ ਹੋ ਰਿਹਾ ਹੈ। ਇਹ ਗੱਲ ਵੱਖਰੀ ਹੈ ਕਿ ਜੇਕਰ ਮੇਰੇ ਤੋਂ ਕੋਈ ਵੱਧ ਲੈ ਗਿਆ ਫਿਰ ਮੈਂ ਕਨੂੰਨ ਦੀ ਦੁਹਾਈ ਦੇਣ ਲਈ ਆਜ਼ਾਦ। ਮੇਰੇ ਸੁਆਰਥ ਦੇ ਰਾਹ ਵਿੱਚ ਰੋੜਾ ਨਾਂ ਬਣਿਓਂ, ਬਾਕੀ ਸਾਰਾ ਦੇਸ਼ ਲੱਟ ਕੇ ਖਾ ਲਵੋ ......... ਤਾਂ ਮੈਨੂੰ ਕੀ?
ਕਿਸੇ ਨੇ ਰਾਸ਼ਟਰੀ ਜ਼ਾਇਦਾਦ ਨੂੰ ਨੁਕਸਾਨ ਪਹੁੰਚਾਇਆ ......... ਤਾਂ ਮੈਨੂੰ ਕੀ? ਕੋਈ ਜਨਤਕ ਸਥਾਨ ਤੇ ਕੂੜਾ ਸੁੱਟ ਰਿਹਾ ......... ਤਾਂ ਮੈਂ ਕੀ ਕਰਾਂ? ਸਰਕਾਰ ਲੋਕ ਵਿਰੋਧੀ ਕੰਮ ਕਰ ਰਹੀ ਹੈ ......... ਤਾਂ ਮੈਨੂੰ ਕੀ? ਸਮਾਜ ਦੀ ਵੰਡ ਹੋ ਰਹੀ ਹੈ .......... ਤਾ ਮੈਨੂੰ ਕੀ? ਕੋਈ ਦੇਸ਼ ਵਿਰੋਧੀ ਵਿਅਕਤੀ ਨੂੰ ਜਨ-ਪ੍ਰਤੀਨਿਧੀ ਚੁਣ ਲਿਆ ......... ਤਾਂ ਮੈਂ ਫਿਰ ਕੀ ਕਰਾਂ। ਕੋਈ ਵਾਤਾਵਰਣ ਨੂੰ ਪ੍ਰਦੂਸ਼ਤ ਕਰ ਰਿਹਾ ਹੈ ......... ਤਾਂ ਮੈਨੂੰ ਕੀ? ਕੋਈ ਦੇਸ਼ ਧ੍ਰੋਹ ਕਮਾ ਰਿਹਾ ਹੈ ......... ਤਾਂ ਮੈਨੂੰ ਕੀ? ਭ੍ਰਿਸ਼ਟਾਚਾਰ ਫੈਲ ਰਿਹਾ ਹੈ ......... ਤਾਂ ਮੈਨੂੰ ਕੀ? ਰਾਜਨੀਤੀ ਦਾ ਅਪਰਾਧੀਕਰਨ ਹੋ ਰਿਹਾ ਹੈ ......... ਤਾਂ ਮੈਂ ਕੀ ਕਰਾਂ? ਮੇਰੇ ਤੋਂ ਬਿਨਾਂ ਕਿਸੇ ਹੋਰ ਦੇ ਮਨੁੱਖੀ ਅਧਿਕਾਰਾਂ ਦਾ ਹਨਣ ਹੋ ਰਿਹਾ ਹੈ ......... ਤਾਂ ਮੈਨੂੰ ਕੀ? ਤਗੜੇ ਦਾ ਸੱਤੀਂ ਵਿਹੀ ਸੌ ......... ਤਾਂ ਮੈਨੂੰ ਕੀ ਹੋਣ ਦਿਓ। ਸੰਸਕ੍ਰਿਤੀ ਦਾ ਘਾਣ ਹੋ ਰਿਹਾ ਹੈ ......... ਤਾਂ ਮੈਨੂੰ ਕੀ? ਕਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ ......... ਤਾਂ ਮੈਨੂੰ ਕੀ? ਆਰਥਿਕ ਸ਼ੋਸ਼ਣ ਜੋਰਾਂ ਤੇ ਹੈ ......... ਤਾਂ ਮੈਨੂੰ ਕੀ? ਇੱਕੋ ਗੱਲ ਪੁਛਦਾਂ ਦੱਸੋ ਬੱਸ ਮੈਨੂੰ ਕੀ? ਬਸ, ਬਸ, ਬਸ, ਮੈਂ ਆਜ਼ਾਦ, ਕੁਝ ਵੀ ਕਰਨ ਦੀ ਮਰਜ਼ੀ।
ਜੇਕਰ ਕਿਸੇ ਵੱਡੇ ‘ਦੇਸ਼ ਭਗਤ’ ਨੇ ਮੈਨੂੰ ਸਮਝਾਉਣ ਦੀ ਕੋਸਿ਼ਸ਼ ਕੀਤੀ ਤਾਂ ਮੇਰਾ ਜਵਾਬ ਪਹਿਲਾਂ ਹੀ ਸੁਣ ਲਵੋ ........ ਓਏ ਤੈਨੂੰ ਕੀ? ਮੈਂ ਅਜਿਹਾ ਦੇਸ਼ ਭਗਤ ਬਣ ਗਿਆ ਹਾਂ ਕਿ ਆਪਣੇ ਕੰਮ ਵਿੱਚ ਕਿਸੇ ਦੀ ਦਖਲ ਅੰਦਾਜ਼ੀ ਬਰਦਾਸ਼ਤ ਨਹੀਂ। ਰਿਸ਼ਵਤ ਦੇ ਕੇ ਕੰਮ ਕਰਵਾਇਆ ਤਾਂ ਤੈਨੂੰ ਕੀ। ਜਨਤਕ ਸੜਕ ਤੋੜ ਰਿਹਾ ਹਾਂ ...... ਤਾਂ ਤੈਨੂੰ ਕੀ? ਕਿਸੇ ਹੋਰ ਨਾਲ ਠੱਗੀ ਮਾਰੀ ...... ਤਾਂ ਤੈਨੂੰ ਕੀ? ਰਾਜਨੀਤਿਕ ਸ਼ਕਤੀ ਨਾਲ ਨਾਜ਼ਾਇਜ਼ ਕੰਮ ਲਿਆ ...... ਤਾਂ ਤੈਨੂੰ ਕੀ? ਵੋਟ ਨਹੀਂ ਪਾਈ ...... ਤਾਂ ਪੁੱਛਣ ਵਾਲਾ ਤੂੰ ਕੌਣ? ਮੈਂ ਸਰਕਾਰੀ ਕਰਮਚਾਰੀ ਪਰ ਕੰਮ ਨਹੀਂ ਕਰਦਾ ...... ਤਾਂ ਤੈਨੂੰ ਕੀ? ਆਪਣੀ ਮਰਜ਼ੀ ਨਾਲ ਰਸਤਾ ਬੰਦ ਕਰ ਦਿੱਤਾ ......ਤਾਂ ਪੁੱਛਣ ਵਾਲਾ ਤੂੰ ਕੌਣ? ‘ਤੇਰੇ ਇਸ ਤਰਾਂ ਕਰਨ’ ਨਾਲ ਦੇਸ਼ ਦਾ ਨੁਕਸਾਨ ਹੋਵੇਗਾ ...... ਪਰ ਤੈਨੂੰ ਕੀ? ਕੋਈ ਸਰਕਾਰੀ ਪੈਸੇ ਦਾ ਦੁਰਉਪਯੋਗ ਕਰ ਰਿਹਾ ...... ਤਾਂ ਤੈਨੂੰ ਕੀ? ਮੇਰੇ ਤੋਂ ਬਿਨਾਂ ਕਿਸੇ ਨੂੰ ਚੂਨਾਂ ਲਾ ਰਿਹਾ ਹੈ ......ਤਾਂ ਪੁੱਛਣ ਵਾਲਾ ਤੂੰ ਕੌਣ?
ਸਾਂਝਾ ਕੰਮ ਕੋਈ ਹੋਵੇ, ਇੱਕੋ ਸਲੋਗਨ ...... ਮੈਨੂੰ ਕੀ ਜਾਂ ਤੈਨੂੰ ਕੀ। ਮੇਰੇ ਵਾਂਗ ਦੇਸ਼ ਦਾ ਹਰ ਨਾਗਰਿਕ ਅਜਿਹਾ ਬਣ ਗਿਆ ਹੈ ਕਿ ਉਸਨੂੰ ਕੇਵਲ ਆਪਣੇ ਸਵਾਰਥ ਦੇ ਚਸ਼ਮੇ ਵਿੱਚੋਂ ਹੀ ਦਿਸਦਾ ਹੈ। ਕੁਝ ਲੋਕ ਤਾਂ ਮੰਨਦੇ ਹਨ ਕਿ ‘ਪਾੜੋ ਤੇ ਰਾਜ ਕਰੋ’ ਦੀ ਨੀਤੀ ਨਾਲ ਅੰਗ੍ਰੇਜਾਂ ਨੇ ਸਾਡੇ ਤੇ ਰਾਜ ਕੀਤਾ ਪਰ ਹੁਣ ਸਾਡੀ ‘ਮੈਨੂੰ ਕੀ ਤੇ ਤੈਨੂੰ ਕੀ’ ਦੀ ਨੀਤੀ ਦੇਸ਼ ਨੂੰ ਪੂਰੀ ਤਰਾਂ ਖੋਖਲਾ ਕਰ ਰਹੀ ਹੈ।


ਸੰਤ ਢੱਡਰੀਆਂ ਵਾਲਿ਼ਆਂ ਨੇ ਬੂ-ਪਾਹਰਿਆ ਕਿਉਂ ਕੀਤੀ?.......... ਲੇਖ਼ / ਅਮਨਦੀਪ ਸਿੰਘ ਕਾਲਕਟ (ਬਰਲਿਨ)


ਅੱਜ ਕੱਲ੍ਹ ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਦੀ ਨਵੀਂ ਐਲਬਮ "ਸਿੰਘ ਬੈਟਰ ਦੈਨ ਕਿੰਗ" ਨੇ ਧੁੰਮਾਂ ਮਚਾਈਆਂ ਹੋਈਆਂ ਹਨ। ਇਸ ਵਿੱਚ ਬੱਬੂ ਮਾਨ ਹੁਣਾਂ ਵੱਲੋਂ ਜਿੰਨੀ ਨਿੱਡਰਤਾ ਅਤੇ ਹਰ ਆਮ ਇਨਸਾਨ ਨੂੰ ਸਮਝਣ ਵਾਲ਼ੇ ਲਫਜ਼ਾਂ ਨਾਲ਼ ਸੱਚ ਪੇਸ਼ ਕੀਤਾ ਗਿਆ ਹੈ, ਉਹ ਕਾਬਿਲੇ ਤਾਰੀਫ਼ ਹੈ। ਉਹਨਾਂ ਦੇ ਇਸ ਐਲਬਮ ਵਿਚਲੇ ਸਾਰੇ ਗੀਤਾਂ ਦੇ ਬੋਲ ਵਧੇਰੇ ਗਿਣਤੀ ਲੋਕਾਂ ਦੇ ਦਿਲਾਂ ਵਿੱਚ 'ਘਰ' ਕਰ ਗਏ ਹਨ। ਖਾਸ ਕਰ ਨੌਜੁਆਨ ਵਰਗ ਦੇ ਜਾਗਰਤੀ ਭਰੇ ਦਿਲਾਂ ਵਿਚ! ਪਹਿਲਾਂ ਤਾਂ ਮੈਂ ਇਹ ਸਪੱਸ਼ਟ ਕਰ ਦਿਆਂ ਕਿ ਬੱਬੂ ਮਾਨ ਨਾਲ਼ ਹਾਲੇ ਤੱਕ ਮੇਰੀ ਕਿਸੇ ਤਰ੍ਹਾਂ ਦੀ ਵੀ ਸਾਂਝ ਨਹੀਂ ਰਹੀ, ਤਾਂ ਕਿ ਕੋਈ ਇਹ ਨਾ ਸਮਝੇ ਕਿ ਸ਼ਾਇਦ ਕਿਸੇ ਕਾਰਨ ਮੈਂ ਉਸ ਦੀ 'ਤਾਰੀਫ਼' ਕਰਨ ਲੱਗਾ ਹਾਂ। ਇੱਥੋਂ ਤੱਕ ਕਿ ਚਾਰ ਕੁ ਸਾਲ ਪਹਿਲਾਂ ਇੱਕ ਲੇਖ ਲਿਖ ਕੇ ਮੈਂ ਇੱਕ ਗੀਤ ਦੇ ਬੋਲਾਂ ਕਰਕੇ ਉਸਦੀ ਆਲੋਚਨਾਂ ਵੀ ਕੀਤੀ ਸੀ, ਅਤੇ ਅੱਜ ਇਹ ਲੇਖ ਲਿਖਦਿਆਂ ਮੈਂ ਇਸੇ ਬੱਬੂ ਮਾਨ ਦਾ ਪ੍ਰਸ਼ੰਸਕ ਬਣ ਚੁੱਕਾ ਹਾਂ, ਜਿਸ ਨੇ ਭੇਡਾਂ ਦੀ ਬਾਬਤ ਪੰਜਾਬੀਆਂ ਵੱਲੋਂ ਅਖੌਤੀ ਡੇਰੇਦਾਰਾਂ ਵੱਲ ਨੂੰ ਚਿਰਾਂ ਤੋਂ ਲਾਈ ਦੌੜ ਦੇ ਸਾਹਮਣੇਂ ਖੜ੍ਹ, ਉਹਨਾਂ ਦਾ ਰਾਖਾ ਬਣ ਕੇ ਅਸਲੀ ਘਰ ਵੱਲ ਪਰਤਣ ਨੂੰ ਆਵਾਜ਼ ਮਾਰੀ ਹੈ। ਉਸ ਦੇ ਇੱਕ ਗੀਤ ਦੇ ਬੋਲ ਨੇ:
"ਪਵਣੁ ਗੁਰੂ ਪਾਣੀ ਪਿਤਾ, ਮਾਤਾ ਧਰਤਿ ਮਹਤੁ।"
ਹੋਰ ਕਿਸੇ ਡੇਰੇ ਤੇ ਜਾਣ ਦੀ, ਤੈਨੂੰ ਲੋੜ ਕੀ ਦੱਸ !
ਇਸ ਤਰ੍ਹਾਂ ਉਸ ਨੇ ਸਮੁੱਚੇ ਸਿੱਖ ਜਗਤ ਨੂੰ ਝੰਜੋੜਿਆ ਹੈ ਕਿ ਅੱਜ ਅਸੀਂ ਧੰਨ ਗੁਰੂ ਨਾਨਕ ਦੇਵ ਜੀ ਦੁਆਰਾ ਚਲਾਏ ਨਿਰਮਲ ਪੰਥ ਦੇ ਸਿਧਾਂਤ "ਸ਼ਬਦ ਗੁਰੂ ਸੁਰਤ ਧੁਨ ਚੇਲਾ" ਨੂੰ ਛੱਡ ਕੇ ਇਹਨਾਂ ਬਾਬਿਆਂ ਦੇ ਡੇਰਿਆਂ ਨੂੰ ਤੁਰੇ ਜਾ ਰਹੇ ਹਾਂ। ਜਿਸ ਸ਼ਬਦ ਗੁਰੂ ਦੇ ਲੜ ਲਾ ਕੇ ਦਸਵੇਂ "ਨਾਨਕ" ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਧੰਨ ਗੁਰੂ ਗ੍ਰੰਥ ਸਾਹਿਬ ਅੱਗੇ ਸੀਸ ਝੁਕਾ ਕੇ ਸੰਗਤ ਨੂੰ "ਗੁਰੂ ਮਾਨਿਉ ਗ੍ਰੰਥ" ਦਾ ਉਪਦੇਸ਼ ਦਿੱਤਾ ਸੀ, ਉਸੇ ਗੁਰੂ ਦੀ ਹਜ਼ੂਰੀ ਵਿੱਚ ਜਦ ਇਹ ਬਾਬੇ ਆਉਂਦੇ ਹਨ ਤਾਂ ਸੰਗਤ ਸ਼ਬਦ ਗੁਰੂ ਵੱਲ ਨੂੰ ਪਿੱਠ ਕਰਕੇ ਇਹਨਾਂ ਦੇ ਪੈਰਾਂ ਵਿੱਚ ਮੱਥੇ ਟੇਕਦੀ ਆਮ ਹੀ ਦੇਖੀ ਜਾ ਸਕਦੀ ਹੈ। ਦਸਵੇਂ ਪਾਤਸ਼ਾਹ ਨੇ ਸਿੱਖ ਨੂੰ ਗੁਰੂ ਦੇ ਸਤਿਕਾਰ ਅਤੇ ਮਜ਼ਲੂਮ ਦੀ ਰਾਖੀ ਵਾਸਤੇ 'ਸੰਤ ਸਿਪਾਹੀ' ਬਣਾਇਆ ਸੀ। ਇਹ ਬਾਬੇ ਵੀ ਇਹ ਕਹਿੰਦੇ ਨਹੀਂ ਥੱਕਦੇ ਕਿ ਅਸੀਂ ਗੁਰੂ ਦੇ ਸਤਿਕਾਰ ਵਾਸਤੇ ਹਮੇਸ਼ਾਂ ਯਤਨਸ਼ੀਲ ਹਾਂ। ਜਦੋਂ ਸਿਰਸੇ ਵਾਲ਼ੇ ਸੌਦਾ ਸਾਧ ਨੇ ਗੁਰੂ ਸਾਹਿਬ ਵਾਲ਼ਾ ਬਾਣਾ ਪਾ ਕੇ ਸ਼ਰੇਆਮ ਸਿੱਖਾਂ ਨੂੰ ਵੰਗਾਰਿਆ ਤਾਂ ਉਸ ਵੇਲੇ ਸਾਰੀ ਕੌਮ ਇਹਨਾਂ ਦੇ ਮੂੰਹ ਵੱਲ ਦੇਖਦੀ ਰਹੀ ਕਿ ਸਾਨੂੰ ਕੋਈ ਅਗਵਾਈ ਦੇਣ ਵਾਲ਼ਾ ਉੱਠੇ। ਕੁਝ ਕੁ ਹਸਤੀਆਂ ਨੂੰ ਛੱਡ ਕੇ ਸਾਰੇ ਬਾਬੇ, ਸ਼੍ਰੋਮਣੀ ਕਮੇਟੀ, ਅਤੇ ਸਾਡੇ ਜੱਥੇਦਾਰ ਮੂੰਹ ਵਿੱਚ ਘੁੰਗਣੀਆਂ ਪਾ ਕੇ ਬੈਠ ਗਏ ਅਤੇ ਐਸ਼ੋ ਅਰਾਮ ਨਾਲ਼ ਆਪਣੀਂ ਜਿੰਦਗੀ ਜੀ ਰਹੇ ਹਨ। ਜਦ ਕਿ ਸਤਿਗੁਰੂ ਦਾ ਕਥਨ ਹੈ,
"ਜਿਸੁ ਪਿਆਰੇ ਸੰਗਿ ਨੇਹੁ, ਤਿਸੁ ਆਗੈ ਮਰਿ ਚਲੀਐ, ਧ੍ਰਿਗੁ ਜੀਵਣੁ ਸੰਸਾਰਿ ਤਾ ਕੈ ਪਾਛੈ ਜੀਵਣਾ।।" (ਪੰਨਾਂ 83)
ਉਸ ਵੇਲੇ ਬੋਲੇ ਨੀ, ਅੱਜ ਜੇਕਰ ਬੱਬੂ ਮਾਨ ਨੇਂ ਇਹਨਾਂ ਦੇ ਜੀਵਨ, ਰਹਿਣ-ਸਹਿਣ ਦੀ ਤੁਲਨਾ ਧੰਨ ਗੁਰੂ ਨਾਨਕ ਦੇਵ ਜੀ ਦੇ ਸਾਦਗੀ ਭਰੇ ਜੀਵਨ ਨਾਲ਼ ਕਰ ਦਿੱਤੀ ਤਾਂ ਇਹਨਾਂ ਨੂੰ ਬੜਾ ਦੁੱਖ ਲੱਗਿਆ। ਫੋਕੀਆਂ ਦਲੀਲਾਂ ਦੇਣ ਲੱਗ ਪਏ ਕਿ ਜੀ ਪਿਛਲੇ ਸਮਿਆਂ ਵਿੱਚ ਕੋਈ ਸਾਧਨ ਨਹੀਂ ਸਨ, ਇਸ ਕਰਕੇ ਸੰਗਤਾਂ ਅਤੇ ਗੁਰੂ ਸਾਹਿਬ ਵੀ ਪੈਦਲ ਚੱਲਦੇ ਰਹੇ। ਇੱਥੇ ਇਹ ਵਰਨਣਯੋਗ ਹੈ ਕਿ ਅਸੀਂ ਉਹਨਾਂ ਵੇਲਿਆਂ ਦੀਆਂ ਸਾਖੀਆਂ ਵਿੱਚ ਘੋੜਿਆਂ, ਰੱਥਾਂ ਦਾ ਜਿ਼ਕਰ ਆਮ ਸੁਣਦੇ ਹਾਂ, ਜੇਕਰ ਗੁਰੂ ਸਾਹਿਬ ਚਾਹੁੰਦੇ ਤਾਂ ਉਹ ਵੀ ਇਹ ਸਾਧਨ ਅਪਣਾ ਸਕਦੇ ਸਨ ਪਰ ਉਹਨਾਂ ਨੇ ਅਜਿਹਾ ਨਹੀ ਕੀਤਾ। ਇੱਥੋਂ ਤੱਕ ਕਿ ਉਹਨਾਂ ਨੇਂ ਤਾਂ ਵਪਾਰ ਕਰਨ ਲਈ ਪਿਤਾ ਜੀ ਤੋਂ ਮਿਲ਼ੇ ਵੀਹ ਰੁਪਈਆਂ ਦਾ ਵੀ ਭੁੱਖੇ ਸਾਧੂਆਂ ਨੂੰ ਭੋਜਨ ਛਕਾ ਦਿੱਤਾ ਸੀ ਅਤੇ ਅਕਾਲ ਪੁਰਖ ਦਾ ਸ਼ੁਕਰਾਨਾ ਕਰ ਦਿੱਤਾ ਸੀ। ਅਗਲੀ ਗੱਲ ਬਾਣੀ ਪੜ੍ਹਨ ਵਾਲ਼ੇ ਇਨਸਾਨ ਦੇ ਧੁਰ ਅੰਦਰ ਤੱਕ ਨਿਮਰਤਾ ਹੋਣੀ ਚਾਹੀਦੀ ਹੈ। ਧੁਰ ਕੀ ਬਾਣੀ ਦਾ ਫੁਰਮਾਨ ਵੀ ਹੈ, "ਮਿਠਤੁ ਨੀਵੀ ਨਾਨਕਾ, ਗੁਣ ਚੰਗਿਆਈਆ ਤਤੁ।।"
ਪਰ ਇੱਥੇ ਤਾਂ ਬਾਬਿਆਂ ਦੇ ਬੋਲ ਨੇ ਕਿ ਛੱਜ ਤਾਂ ਬੋਲੇ, ਛਾਨਣੀਂ ਕੀ ਬੋਲੇ ਜੀਹਦੇ ਵਿੱਚ ਛੱਤੀ ਸੌ ਛੇਕ ਹਨ..? ਕਿੰਨੀ ਹੇਠਲੇ ਪੱਧਰ ਦੀ ਸ਼ਬਦਾਵਲੀ ਹੈ? ਕੀ ਇਹ 'ਕੋਮਲ' ਭਾਸ਼ਾ ਕਿਸੇ ਸੰਤ ਜੀ ਦੀ ਹੋ ਸਕਦੀ ਹੈ..? ਇਸ ਗੱਲ ਨਾਲ਼ ਜਿ਼ਆਦਾਤਾਰ ਲੋਕਾਂ ਨੂੰ ਬਹੁਤ ਦੁੱਖ ਲੱਗਾ ਹੈ। ਕੌਣ ਸਹੀ ਹੈ ਕੌਣ ਗਲਤ? ਇਸ ਦਾ ਪਤਾ ਸਾਰੇ ਲੋਕਾਂ ਨੂੰ ਉਸੇ ਵੇਲੇ ਹੀ ਲੱਗ ਗਿਆ ਸੀ, ਜਦੋਂ ਇੱਕ ਟੀ.ਵੀ. ਚੈਨਲ ਨੇ ਇਸ ਮੁੱਦੇ ਤੇ ਵੋਟਾਂ ਪੁਆਈਆਂ ਸਨ ਅਤੇ ਅੱਸੀ ਫ਼ੀਸਦੀ ਬੱਬੂ ਮਾਨ ਦੇ ਹੱਕ ਵਿੱਚ ਗਈਆਂ ਸਨ। ਹੁਣ ਇੰਗਲੈਂਡ ਵਿੱਚ ਵੀ ਇੱਕ ਚੈਨਲ ਨੇਂ ਵੋਟਾਂ ਪੁਆਈਆਂ ਤਾਂ ਬਹੱਤਰ ਫੀਸਦੀ ਲੋਕ ਬੱਬੂ ਮਾਨ ਦੇ ਹੱਕ ਵਿੱਚ ਖੜ੍ਹੇ। ਇਹ ਗੱਲਾਂ ਲਿਖਣ ਦਾ ਮਤਲਬ ਇਹ ਹੈ ਕਿ ਬਾਬਿਆਂ ਨੂੰ ਇਹ ਸਮਝਣਾਂ ਪਵੇਗਾ ਕਿ ਇਹ ਸੰਗਤ ਦੁਆਰਾ ਦਿੱਤੇ ਗਏ ਪੈਸੇ ਦੀ ਯੋਗ ਥਾਵਾਂ ਤੇ ਵਰਤੋਂ ਕਰਨ ਅਤੇ ਜਿਸ ਵਿਸ਼ੇ ਕਰਕੇ ਇਹਨਾਂ ਨੂੰ ਅੱਜ ਖ਼ਰੀਆਂ ਖ਼ਰੀਆਂ ਸੁਣਨੀਆਂ ਪਈਆਂ ਹਨ, ਇਹ ਆਪਣਾ ਜੀਵਨ ਇਸ ਤਰ੍ਹਾਂ ਦਾ ਬਣਾ ਲੈਣ ਕਿ ਕੋਈ ਉਂਗਲ਼ ਨਾ ਉਠਾ ਸਕੇ। ਬੱਬੂ ਮਾਨ ਨੇਂ ਤਾਂ ਸਿਰਫ ਲੋਕਾਂ ਨੂੰ ਜਾਗ੍ਰਿਤ ਕਰਨ ਦੀ ਕੋਸਿ਼ਸ਼ ਕੀਤੀ ਹੈ। ਇਸ ਤੋਂ ਪਹਿਲਾਂ ਉਸ ਨੇਂ ਹੋਰ ਵੀ ਕਈ ਗਾਣੇ ਗਾਏ ਹਨ ਜਿਹਨਾਂ ਵਿੱਚ ਪ੍ਰਮੁੱਖ:
"...ਭਗਤ ਸਿੰਘ ਆ ਗਿਆ ਸਰਾਭਾ ਕਿੱਥੇ ਰਹਿ ਗਿਆ
ਸਾਰੀ ਅਜ਼ਾਦੀ 'ਕੱਲਾ ਗਾਂਧੀ ਤਾਂ ਨੀ ਲੈ ਗਿਆ,
ਗਦਰੀ ਬਾਬਿਆਂ ਦਾ ਕਿਵੇਂ ਗਦਰ ਭੁਲਾਵਾਂ ਮੈਂ
ਝੂਠੇ ਇਤਿਹਾਸ ਉੱਤੇ ਮੋਹਰ ਕਿਵੇਂ ਲਾਵਾਂ ਮੈਂ..!"
ਉਸਦੀ ਆਪਣੀਂ ਜ਼ੁਬਾਨੀ ਕਿ ਇਸ ਗੀਤ ਕਰਕੇ ਤਾਂ ਉਸ ਨੂੰ ਕਚਿਹਰੀਆਂ ਦੇ ਚੱਕਰ ਵੀ ਲਾਉਣੇ ਪਏ ਕਿਉਂਕਿ ਕਿਸੇ ਨੇ ਕੇਸ ਕਰ ਦਿੱਤਾ ਸੀ ਕਿ ਗਾਂਧੀ ਦੇ ਖਿਲਾਫ ਬੋਲਿਆ ਹੈ। ਅੱਗੇ ਉਸਦੇ ਗਾਏ ਗੀਤਾਂ ਦੇ ਬੋਲ ਹਨ:
"ਜਿਹੜਾ ਧਰਮ ਲਈ ਮਰਦਾ ਉਹਨੂੰ ਕਿੱਥੇ ਯਾਦ ਕੋਈ ਕਰਦਾ
ਜਿਹੜਾ ਪਾਵਰ ਵਿੱਚ ਹੁੰਦਾ ਹਰ ਕੋਈ ਉਹਦਾ ਪਾਣੀਂ ਭਰਦਾ।"
ਜਾਂ ਫਿਰ
"ਆਹ ਅਫ਼ਗਾਨ ਜਿਹਨਾਂ ਨਾਲ਼ ਲੜਕੇ ਗੋਰੇ ਵੀ ਹਨ ਥੱਕੇ
ਹਰੀ ਸਿੰਘ ਨਲੂਏ ਨੇ ਕੀਤਾ ਰਾਜ ਤੇ ਤੋੜੇ ਨੱਕੇ,
ਸੌਂ ਜਾ ਪੁੱਤਰਾ ਸੌਂ ਜਾ, ਸਿੰਘਾਂ ਦੇ ਹੱਥ ਬੜੇ ਭਾਰੀ ਨੇ
ਮਰਨੋ ਮੂਲ ਨਾ ਡਰਦੇ ਜਿਹੜੇ ਮੌਤ ਦੇ ਵਪਾਰੀ ਨੇਂ"
ਭਲਾਂ ਦੱਸੋ ਕਿ ਇਹਨਾਂ ਵਿੱਚ ਇਤਰਾਜ਼ਯੋਗ ਕੀ ਹੈ? ਇਸ ਤੋਂ ਇਲਾਵਾ ਕੁਝ ਸਾਲ ਪਹਿਲਾਂ ਚੁਰਾਸੀ ਵਿੱਚ ਸਿੱਖਾਂ ਦੀ ਤ੍ਰਾਸਦੀ ਨੂੰ ਪੇਸ਼ ਕਰਦੀ ਬੱਬੂ ਮਾਨ ਦੁਆਰਾ ਕਰਜ਼ਾ ਚੁੱਕ ਕੇ ਬਣਾਈ ਗਈ ਫਿਲਮ "ਹਵਾਏਂ" ਦੀ ਵੀ ਸਿਫ਼ਤ ਕਰਨੀ ਬਣਦੀ ਹੈ, ਜੋ ਕਿ ਸਹੀ ਤਰ੍ਹਾਂ ਸਿਨਮਿਆਂ ਵਿੱਚ ਲੱਗਣ ਹੀ ਨਹੀਂ ਦਿੱਤੀ ਗਈ ਸੀ। ਇਸ ਤਰ੍ਹਾਂ ਦਾ ਵਿਸ਼ਾ ਲੈ ਕੇ ਫਿ਼ਲਮ ਬਣਾਉਣ ਨੂੰ ਕੋਈ ਦਰਦ ਜਾਂ ਚੰਗਾ ਜਜ਼ਬਾ ਹੀ ਕਹਿ ਸਕਦੇ ਹਾਂ, ਨਹੀਂ ਤਾਂ ਅਗਰ ਪੈਸਾ ਕਮਾਉਣ ਦੀ ਗੱਲ ਹੋਵੇ, ਤਾਂ ਮੈਨੂੰ ਨਹੀਂ ਲੱਗਦਾ ਕਿ ਇਸ ਫਿਲਮ ਦੁਆਰਾ ਚੜ੍ਹਿਆ ਕਰਜ਼ਾ ਹਾਲੇ ਤੱਕ ਵੀ ਉਸ ਦੇ ਸਿਰੋਂ ਲੱਥਾ ਹੋਵੇ। ਇਸ ਸਭ ਕਾਸੇ ਵਿੱਚੋਂ ਉਸਦੀ ਸੋਚ ਦੀ ਸਿਫ਼ਤ ਤਾਂ ਕਿਸੇ ਨੇ ਕੀ ਕਰਨੀ ਹੈ? ਸਗੋਂ ਉਸ ਨੂੰ ਭੰਡਣ ਤੇ ਹੀ ਸਾਰੇ ਲੱਗੇ ਹੋਏ ਹਨ। ਪੰਥ ਦੇ ਇੱਕ ਪ੍ਰਸਿੱਧ ਢਾਡੀ ਪ੍ਰਚਾਰਕ ਭਾਈ ਤਰਸੇਮ ਸਿੰਘ ਮੋਰਾਂਵਾਲ਼ੀ ਜਿਹਨਾਂ ਦੇ ਇਤਿਹਾਸ ਸੁਣਾਉਣ ਦੇ ਅੰਦਾਜ਼ ਕਰਕੇ ਮੈਂ ਖੁਦ ਇਹਨਾਂ ਦਾ ਪ੍ਰਸ਼ੰਸਕ ਹਾਂ। ਉਹ ਕਿਸ ਤਰ੍ਹਾਂ ਬੱਬੂ ਮਾਨ ਨੂੰ ਸੰਬੋਧਨ ਹੋਏ? ਅਖੇ, ਇੱਕ ਸੜਿਆ ਜਿਹਾ ਗਾਇਕ ਏ, ਉਸ ਨੇ ਬਾਬਿਆਂ ਦੀ ਗੱਡੀ ਤੇ ਲਾਲ ਬੱਤੀ ਦੀ ਗੱਲ ਕਿਉਂ ਕੀਤੀ ਹੈ..? ਅਖੇ ਜੀ ਇਹਨਾਂ ਦਾ ਕਿਰਦਾਰ ਕੀ ਹੈ..? ਇਹ ਨਸ਼ੇ ਕਰਦੇ ਹਨ..! ਸਟੇਜਾਂ ਤੇ ਅੱਧ-ਨੰਗੀਆਂ ਕੁੜੀਆਂ ਨਚਾਉਂਦੇ ਹਨ..। ਮੈਂ ਇੱਥੇ ਇਹਨਾਂ ਵੱਲੋਂ ਕਹੇ ਬੋਲ ਹੀ ਦੁਹਰਾਉਣੇਂ ਚਾਹੁੰਦਾ ਕਿ ਜਿਸ ਤਰ੍ਹਾਂ ਤੁਸੀਂ ਕਿਹਾ ਹੈ ਕਿ ਜਿਹੜਾ ਮਾੜਾ ਹੈ, ਉਸੇ ਨੂੰ ਹੀ ਕਹੋ, ਸਾਰੇ ਪ੍ਰਚਾਰਕ ਮਾੜੇ ਨਹੀਂ! ਬਿਲਕੁਲ ਇਸੇ ਤਰ੍ਹਾਂ ਹੀ ਮੋਰਾਂਵਾਲ਼ੀ ਸਾਹਿਬ ਨੂੰ ਵੀ ਸੁਝਾਅ ਹੈ ਕਿ ਜੋ ਮਾੜਾ ਹੈ, ਉਸੇ ਨੂੰ ਕਹੋ ਸਾਰੇ ਗਾਉਣ ਵਾਲ਼ੇ ਵੀ ਮਾੜੇ ਨਹੀਂ! ਕਿਉਂਕਿ ਬਹੁਤ ਸਾਰੇ ਪੁਰਾਣੇਂ ਅਤੇ "ਅੱਜ ਦੇ" ਢਾਡੀਆਂ ਦੇ ਜੀਵਨ ਬਾਰੇ ਵੀ ਲੋਕਾਂ ਨੂੰ ਪਤਾ ਹੈ। ਇੱਕ ਉਦਾਹਰਨ ਦੇਵਾਂ, ਮੇਰੀ ਭੂਆ ਦੇ ਲੜਕੇ ਦੇ ਵਿਆਹ ਦੇ ਸੰਬੰਧ ਵਿੱਚ ਸਾਡੇ ਇਲਾਕੇ ਦੇ ਇੱਕ ਢਾਡੀ ਜੱਥੇ ਨੂੰ ਲਿਆਉਣ ਵਾਸਤੇ ਘਰਦਿਆਂ ਨੇ ਖਾਹਿਸ਼ ਰੱਖੀ। ਜਦ ਉਸ ਢਾਡੀ ਜੱਥੇ ਨਾਲ਼ ਗੱਲਬਾਤ ਕਰਨ ਲਈ ਦੋ ਜਣੇ ਗਏ ਤਾਂ ਉਹਨਾਂ ਦੇ ਪਿੰਡ ਜਾ ਕੇ ਪਤਾ ਲੱਗਾ ਕਿ ਜੱਥੇਦਾਰ ਸਾਹਿਬ ਨਜ਼ਦੀਕ ਪੈਂਦੇ ਕਸਬੇ ਗਏ ਹਨ, ਤਾਂ ਉਹ ਦੋਵੇਂ ਜਣੇਂ ਦੱਸੀ ਥਾਂ ਤੇ ਪਹੁੰਚ ਗਏ ਅਤੇ ਜੱਥੇਦਾਰ ਨੂੰ ਮਿਲ਼ੇ। ਜੱਥੇਦਾਰ ਹੁਰੀਂ ਨਾਲ਼ੇ ਪ੍ਰੋਗਰਾਮ ਵਾਲ਼ੀ ਤਰੀਕ ਲਿਖੀ ਜਾਣ ਅਤੇ ਨਾਲ਼ ਖੰਘੂਰੇ ਜਿਹੇ ਮਾਰਦੇ ਹਿੱਲੀ ਜਾਣ ਕਿਉਂਕਿ ਠੇਕਾ ਲਾਗੇ ਹੀ ਸੀ ਅਤੇ ਜੱਥੇਦਾਰ ਪੂਰਾ 'ਟੱਲੀ' ਸੀ। ਇਸ ਤਰ੍ਹਾਂ ਦੇ ਹੋਰ ਢਾਡੀਆਂ ਦੀਆਂ ਮਿਸਾਲਾਂ ਵੀ ਬਹੁਤ ਦੇ ਸਕਦੇ ਹਾਂ, ਜੋ ਸ਼੍ਰੀ ਆਖੰਡ ਪਾਠ ਅਤੇ ਵਿਆਹ ਸਮਾਗਮ ਵਿੱਚ ਵਾਰਾਂ ਨਾਲ਼ ਸੰਗਤ ਨੂੰ ਨਿਹਾਲ ਕਰਨ ਤੋਂ ਬਾਅਦ ਜਾਣ ਵੇਲੇ ਦਾਰੂ ਦੀਆਂ ਬੋਤਲਾਂ 'ਧੰਨਵਾਦ ਜੀ' ਕਹਿ ਕੇ, ਫੜ ਕੇ ਤੁਰਦੇ ਬਣਦੇ ਹਨ। ਮੇਰੀ ਬੇਨਤੀ ਇਹੀ ਹੈ ਕਿ ਝੱਗਾ ਚੁੱਕੋਂਗੇ ਤਾਂ ਨੰਗਾ ਢਿੱਡ ਸਾਰਿਆਂ ਦੀ ਨਜ਼ਰੀਂ ਪਵੇਗਾ! ਤੁਸੀਂ ਪ੍ਰਚਾਰਕ ਹੋ, ਘੱਟੋ ਘੱਟ ਤੁਹਾਡੇ ਵਿੱਚ ਸਹਿਣਸ਼ੀਲਤਾ ਹੋਣੀ ਬਹੁਤ ਜ਼ਰੂਰੀ ਹੈ। ਕਾਹਲ਼ੀ ਵਿੱਚ ਘਟੀਆ ਸ਼ਬਦਾਵਲੀ ਵਰਤ ਕੇ ਆਪਣੀਂ ਭੜਾਸ ਕੱਢ ਦੇਣੀਂ ਕਿਸੇ ਬੌਖਲਾਇਆਂ ਹੋਇਆਂ ਦਾ ਕੰਮ ਹੁੰਦਾ ਹੈ ਨਾ ਕਿ ਵਿਦਾਵਾਨਾਂ, ਰਾਗੀਆਂ, ਢਾਡੀਆਂ ਅਤੇ ਸੰਤਾਂ ਦਾ! ਕਿਉਂਕਿ ਸਿੱਖੀ ਦਾ ਇਹ ਵੀ ਅਸੂਲ ਹੈ ਕਿ, "ਰੋਸੁ ਨ ਕੀਜੈ, ਉਤਰੁ ਦੀਜੈ।।"
ਇਸ ਤੋਂ ਅੱਗੇ ਇਹਨਾਂ ਨੇ ਇੱਕ ਗੱਲ 'ਹੋਰ' ਕਰਕੇ ਲੋਕਾਂ ਦੀ ਹਮਦਰਦੀ ਲੈਣ ਦੀ ਕੋਸਿ਼ਸ਼ ਕੀਤੀ ਹੈ ਕਿ ਬੱਬੂ ਮਾਨ ਨੇ ਇੱਕ ਬਾਬਾ ਨਾਨਕ ਸੀ ਆਖ ਦਿੱਤਾ ਹੈ, ਜਦ ਕਿ ਗੁਰੂ ਨਾਨਕ ਦੇਵ ਜੀ ਸਦਾ ਹੀ ਸਾਡੇ ਅੰਗ ਸੰਗ ਹਨ ਅਤੇ ਉਹ ਕਿਤੇ ਗਏ ਨਹੀਂ। ਇਸ ਵਿੱਚ ਕੋਈ ਸ਼ੱਕ ਨਹੀਂ ਕਿ, "ਆਪਿ ਨਾਰਾਇਣੁ ਕਲਾਧਾਰ ਜਗਿ ਮਹਿ ਪਰਵਰਿਉ।।" ਦੇ ਵਾਕ ਅਨੁਸਾਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ਼ ਇਸ ਦੁਨੀਆਂ ਤੇ ਆਏ। ਪਰੰਤੂ ਇਸ ਗੱਲ ਤੇ ਵੀ ਵਿਚਾਰ ਕਰਨੀ ਬਣਦੀ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 1469 ਈ: ਨੂੰ ਮਾਤਾ ਤ੍ਰਿਪਤਾ ਜੀ ਦੀ ਕੁੱਖੋਂ ਹੋਇਆ ਅਤੇ ਆਪਣਾ ਸਾਰਾ ਜੀਵਨ ਆਪ ਜੀ ਮਨੁੱਖਤਾ ਨੂੰ ਤਾਰਦੇ ਹੋਏ 1539 ਈ: ਨੂੰ ਇਸ ਫਾਨੀ ਸੰਸਾਰ ਤੋਂ ਸਰੀਰਕ ਤੌਰ ਤੇ ਚਲੇ ਗਏ ਅਤੇ ਅਕਾਲ ਪੁਰਖ਼ ਵਿਚ ਲੀਨ ਹੋ ਗਏ। ਸਰੀਰਿਕ ਤੌਰ ਤੇ ਗੁਰੂ ਸਾਹਿਬ ਦੇ ਇਸ ਸੰਸਾਰ ਤੋਂ ਚਲੇ ਜਾਣ ਨਾਲ਼ ਸਾਰਿਆਂ ਨੂੰ ਸਹਿਮਤ ਹੋਣਾਂ ਪਵੇਗਾ। ਜਦ ਕਿ ਆਤਮਿਕ ਤੌਰ ਤੇ ਗੁਰੂ ਸਾਹਿਬ ਸਾਡੇ ਅੰਗ ਸੰਗ ਹਨ।
ਇਕ ਗੱਲ ਸਮਝ ਨਹੀਂ ਆਉਂਦੀ ਕਿ ਬੱਬੂ ਮਾਨ ਦੇ ਇਸ ਗੀਤ ਨਾਲ਼ ਸੰਤ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਿ਼ਆਂ ਨੂੰ ਕਿਉਂ ਤਕਲੀਫ਼ ਹੋਈ? ਬੱਬੂ ਮਾਨ ਨੇ ਤਾਂ ਕਿਸੇ ਦਾ ਨਾਮ ਵੀ ਨਹੀਂ ਲਿਆ ਅਤੇ ਸੰਤ ਪੱਧਰ 'ਤੇ ਸੋਚੀਏ ਤਾਂ ਪੰਜਾਬ ਭਰਿਆ ਪਿਆ ਹੈ! ਕਿੰਨੇ ਸੰਤ-ਬਾਬੇ ਹਨ ਪੰਜਾਬ ਵਿਚ? ਕਿਸੇ ਨੇ ਬੋਲਣ ਦੀ ਲੋੜ ਨਹੀਂ ਸਮਝੀ, ਪਰ ਬੋਲਣ ਲਈ ਸੰਤ ਢੱਡਰੀਆਂ ਵਾਲਿ਼ਆਂ ਨੇ ਹੀ ਕਿਉਂ 'ਕਸ਼ਟ' ਕੀਤਾ? ਜਾਂ ਕਿਉਂ ਪਹਿਲ ਕੀਤੀ? ਹੋਰ ਕੋਈ ਸੰਤ-ਬਾਬਾ ਕਿਉਂ ਨਹੀਂ ਬੋਲਿਆ? ਕੀ ਇਹ ਇਸ ਤਰ੍ਹਾਂ ਤਾਂ ਨਹੀਂ ਸੀ ਕਿ ਸੰਤ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਿ਼ਆਂ ਦੀ ਕਾਰ 'ਤੇ ਸੱਚ ਹੀ 'ਲਾਲ ਬੱਤੀ' ਲੱਗੀ ਹੋਈ ਸੀ? ਜੇ ਲੱਗੀ ਹੋਈ ਸੀ ਤਾਂ ਉਹਨਾਂ ਨੂੰ ਇਹ ਲਾਲ ਬੱਤੀ ਵਰਤਣ ਦੀ ਇਜਾਜ਼ਤ ਕਿਸ 'ਅਥਾਰਟੀ' ਨੇ ਅਤੇ ਕਿਸ 'ਆਧਾਰ' 'ਤੇ ਦਿੱਤੀ? ਜੇ ਸੰਤ ਜੀ ਦੀ ਗੱਡੀ 'ਤੇ ਲਾਲ ਬੱਤੀ ਨਹੀਂ ਲੱਗੀ ਸੀ ਤਾਂ ਸੰਤ ਜੀ ਤਕਲੀਫ਼ ਕਿਉਂ ਹੋਈ ਅਤੇ ਉਹਨਾਂ ਨੇ ਇਤਨੀ 'ਕਰੜੀ' ਸ਼ਬਦਾਵਲੀ ਕਿਉਂ ਵਰਤੀ? ਕਿਉਂ ਦੁੱਖ ਹੋਇਆ? ਪਰ ਫ਼ਰਜ਼ ਕਰੋ, ਜੇ ਲਾਲ ਬੱਤੀ ਕਾਰ 'ਤੇ ਲੱਗੀ ਹੋਈ ਸੀ, ਤਾਂ ਅੱਗੇ ਤਾਂ ਕਿਸੇ ਨੂੰ ਪਤਾ ਸੀ ਅਤੇ ਕਿਸੇ ਨੂੰ ਨਹੀਂ ਸੀ ਪਤਾ, ਸੰਤ ਜੀ ਨੇ ਕੈਮਰੇ ਅੱਗੇ ਆਪਣੀ 'ਭੜ੍ਹਾਸ' ਕੱਢ ਕੇ ਆਪਣੇ ਆਪ ਨੂੰ ਜੱਗ ਜਾਹਿਰ ਨਹੀਂ ਕਰ ਲਿਆ?
ਮੈਂ ਆਖਰ ਵਿੱਚ ਬੇਨਤੀ ਕਰਦਾ ਹਾਂ ਕਿ ਤੁਹਾਡੇ ਵੱਲੋਂ ਵਰਤੀ ਗਈ ਗਲਤ ਸ਼ਬਦਾਵਲੀ ਕਾਰਨ ਕਿਤੇ ਆਪਣੇ ਆਪ ਨੂੰ ਅੰਦਰੋ ਅੰਦਰੀ 'ਘਰ ਵਾਪਸੀ' ਲਈ ਤਿਆਰ ਕਰ ਰਹੇ ਲੱਖਾਂ ਮੇਰੇ ਵਰਗੇ ਕਿਤੇ ਸਿੱਖੀ ਤੋਂ ਹੋਰ ਦੂਰ ਨਾ ਹੋ ਜਾਣ! ਅੱਜ ਇਲੈਕਟ੍ਰਾਨਿਕ ਮੀਡੀਏ ਦਾ ਯੁੱਗ ਹੈ ਅਤੇ ਨੌਜੁਆਨ ਵਰਗ ਪੂਰੀ ਤਰਾਂ ਜਾਗ੍ਰਿਤ ਹੈ ਅਤੇ ਸਾਰਾ ਨੌਜੁਆਨ ਵਰਗ ਬੱਬੂ ਮਾਨ ਵੱਲੋਂ ਕੀਤੀ ਹਿੰਮਤ ਦੀ ਪੂਰੀ ਸਰਾਹਨਾ ਕਰਦਾ ਹੋਇਆ, ਭਵਿੱਖ ਵਿੱਚ ਵੀ ਉਸ ਤੋਂ ਇਹੀ ਉਮੀਦ ਕਰਦਾ ਹੈ ਕਿ ਆਪਣੀ ਇਸ ਇਮਾਨਦਾਰ ਅਤੇ ਨਿਰਸੁਆਰਥ ਸੋਚ ਨਾਲ਼ ਪੰਜਾਬੀਆਂ ਦੀ ਆਵਾਜ਼ ਬਣ ਕੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀਆਂ ਭਾਵਨਾਵਾਂ ਨੂੰ ਦੁਨੀਆਂ ਦੇ ਸਾਹਮਣੇਂ ਰੱਖਣ ਲਈ ਹਮੇਸ਼ਾਂ ਆਪਣੇਂ ਕਾਰਜ ਜਾਰੀ ਰੱਖੇਗਾ। ਬਾਬੇ ਨਾਨਕ ਜੀ ਦਾ ਗੀਤ ਗਾਉਣ ਵਾਲ਼ੇ ਗਾਇਕ, ਵੱਡੇ ਵੀਰ "ਤਜਿੰਦਰ ਸਿੰਘ" (ਬੱਬੂ ਮਾਨ) ਨੂੰ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਚੜ੍ਹਦੀ ਕਲਾ ਵਿੱਚ ਰੱਖਣ।



ਆ ਅਟਕਣਾ ਆਸਟ੍ਰੇਲੀਆ ਵਿਚ ਮੇਰਾ ਵੀ .......... ਲੇਖ਼ / ਗਿਆਨੀ ਸੰਤੋਖ ਸਿੰਘ (ਆਸਟ੍ਰੇਲੀਆ)


ਅੱਜ ਪੰਜਾਬੀਆਂ ਵਾਸਤੇ ਆਸਟ੍ਰੇਲੀਆ ਕੋਈ ਓਪਰਾ ਨਾਂ ਨਹੀ ਹੈ। ਬੇਅੰਤ ਨੌਜਵਾਨ ਵਿਦਿਆਰਥੀ ਬਣ ਕੇ ਏਥੇ ਪੱਕੇ ਹੋਣ ਆਏ ਹਨ ਤੇ ਨਿਤ ਦਿਨ ਹੋਰ ਆ ਰਹੇ ਹਨ। ਇਸ ਤੇ ਕਿਸੇ ਨੂੰ ਵੀ ਕੋਈ ਇਤਰਾਜ ਕਰਨ ਦਾ ਹੱਕ ਨਹੀ ਹੈ; ਇਸ ਦੇ ਉਲ਼ਟ ਸਗੋਂ ਸਾਨੂੰ ਖ਼ੁਸ਼ੀ ਹੋਣੀ ਚਾਹੀਦੀ ਹੈ ਕਿ ਏਥੇ ਸਾਡੇ ਭਾਈਚਾਰੇ ਵਿਚ ਵਾਧਾ ਹੋ ਰਿਹਾ ਹੈ। ਇਸ ਸੰਸਾਰ ਦੇ ਮਹਾਨ ਵਾਲੀ ਵਾਹਿਗੁਰੂ ਜੀ ਦੇ ਸਾਜੇ ਵਿਸ਼ਾਲ ਸੰਸਾਰ ਅੰਦਰ ਹਰ ਕੋਈ ਹੀ ਆਪਣੇ ਚੰਗੇਰੇ ਭਵਿਖ ਦੀ ਆਸ ਤੇ ਕਿਤੇ ਵੀ ਆ/ਜਾ ਤੇ ਵੱਸ ਸਕਦਾ ਹੈ। ਦੁਨੀਆ ਦੇ ਦੁਆਲ਼ੇ ਦੀ ਆਪਣੀ ਚੌਥੀ ਯਾਤਰਾ ਦੋਰਾਨ, ਜਦੋਂ 1979 ਦੇ ਅਕਤੂਬਰ ਮਹੀਨੇ ਦੀ 25 ਤਰੀਕ ਨੂੰ ਮੈ ਆਪਣੇ ਨਿੱਕੇ ਭਰਾ, ਸ. ਸੇਵਾ ਸਿੰਘ ਸਮੇਤ, ਪਹਿਲੀ ਵਾਰ ਏਥੇ ਆਇਆ ਸਾਂ ਤਾਂ ਏਥੇ ਕਿਸੇ ਵਿਰਲੇ ਹੀ ਸਿੱਖ ਦੇ ਦਰਸ਼ਨ ਹੁੰਦੇ ਸਨ। ਸਿਡਨੀ ਦੇ ਇਕ ਸਬਅਰਬ ਰੀਵਜ਼ਬੀ ਵਿਚ ਇਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਹੁੰਦਾ ਸੀ। ਓਥੇ ਦੀਵਾਨ ਮਹੀਨੇ ਵਿਚ ਦੋ ਵਾਰ ਹੀ ਲੱਗਦਾ ਸੀ ਤੇ ਲੰਗਰ ਵੀ ਤਾਂ ਹੀ ਪੱਕਦਾ ਸੀ ਜੇਕਰ ਕੋਈ ਪਰਵਾਰ ਰਾਸ਼ਨ ਲਿਆਉਣ, ਪਕਾਉਣ, ਵਰਤਾਉਣ, ਛਕਾਉਣ ਆਦਿ ਦੀ ਖ਼ੁਦ ਜ਼ਿਮੇਵਾਰੀ ਲਵੇ ਤਾਂ। ਅੱਜ ਗੁਰੂ ਜੀ ਦੀ ਕਿਰਪਾ ਸਦਕਾ ਸਿਡਨੀ ਵਿਚ ਹੀ ਅੱਠ ਗੁਰਦੁਆਰੇ ਹਨ ਜਿਥੇ ਰੌਣਕਾਂ ਹੀ ਰੌਣਕਾਂ ਹੁੰਦੀਆਂ ਹਨ। ਇਹ ਕੁਝ ਏਥੇ ਵੱਡੀ ਗਿਣਤੀ ਵਿਚ ਸਿੱਖ ਸੰਗਤਾਂ ਦੇ ਆਉਣ ਸਦਕਾ ਹੀ ਸੰਭਵ ਹੋਇਆ ਹੈ।
ਮੁਲਕ ਆਸਟ੍ਰੇਲੀਆ ਧਰਤੀ ਦੇ ਦੱਖਣ ਵਾਲ਼ੇ ਪਾਸੇ, ਇੰਡੋਨੇਸ਼ੀਆ ਤੋਂ ਥੱਲੇ ਅਤੇ ਨਿਊ ਜ਼ੀਲੈਂਡ ਦੇ ਤਕਰੀਬਨ ਬਰਾਬਰ ਵਾਕਿਆ ਹੈ। ਇਸ ਦੀ ਧਰਤੀ ਭਾਰਤ ਨਾਲ਼ੋਂ ਤਕਰੀਬਨ ਢਾਈ ਗੁਣਾਂ ਵੱਡੀ ਹੈ ਤੇ ਆਬਾਦੀ ਸਿਰਫ਼ ਬਾਈ ਮਿਲੀਅਨ; ਅਥਵਾ ਸਵਾ ਦੋ ਕਰੋੜ ਨਾਲੋਂ ਵੀ ਘੱਟ। ਸਮੁੰਦਰ ਦੇ ਕਿਨਾਰੇ ਕਿਨਾਰੇ ਪੰਜ ਸੱਤ ਸ਼ਹਿਰਾਂ ਵਿਚ ਹੀ ਲੋਕ ਵੱਸਦੇ ਹਨ, ਅੰਦਰ ਸਾਰਾ ਮੁਲਕ ਖਾਲੀ ਪਿਆ ਹੈ ਜਿਥੇ ਰੇਤ ਦੇ ਟਿੱਬੇ, ਝਾੜੀਆਂ, ਪੱਥਰ ਆਦਿ ਸੋਭਾ ਪਾ ਰਹੇ ਹਨ। ਖੇਤੀ ਪ੍ਰਧਾਨ ਦੇਸ਼ ਹੋਣ ਕਰਕੇ ਤਕਰੀਬਨ ਹਰੇਕ ਫਸਲ ਦੇ ਵੱਡੇ ਵੱਡੇ ਫਾਰਮ ਹਨ। ਕਈ ਫਾਰਮ ਤਾਂ ਹਜ਼ਾਰਾਂ ਏਕੜਾਂ ਵਿਚ ਵੀ ਹਨ।
ਏਥੋਂ ਦੇ ਅਸਲੀ ਵਸਨੀਕ, ਦੱਸਿਆ ਜਾਂਦਾ ਹੈ ਕਿ ਚਾਲ਼ੀ ਹਜਾਰ ਸਾਲਾਂ ਤੋਂ ਏਥੇ ਦੱਖਣੀ ਏਸ਼ੀਆ ਤੋਂ ਆ ਕੇ ਵੱਸ ਰਹੇ ਹਨ। ਇਹਨਾਂ ਨੂੰ ਐਬੋਰੀਜੀਨਜ਼ (ਅਬੋਰਗਿਨਿੳਲ) ਆਖਦੇ ਹਨ। ਇਹ 300 ਗਰੁਪਾਂ ਵਿਚ ਵੰਡੇ ਹੋਏ ਸਨ ਤੇ 250 ਜ਼ਬਾਨਾਂ ਤੇ 700 ਡਾਇਲੈਕਟਾਂ ਵਿਚ ਬੋਲਦੇ ਸਨ। ਅੱਜ ਕਲ੍ਹ ਇਹਨਾਂ ਦੀ ਆਬਾਦੀ, ਆਸਟ੍ਰੇਲੀਆ ਦੀ ਸਮੁਚੀ ਆਬਾਦੀ ਵਿਚ ਦੋ ਕੁ ਫੀ ਸਦੀ ਸਮਝੀ ਜਾਂਦੀ ਹੈ। ਕਈ ਗੱਲਾਂ ਵਿਚ ਬਾਕੀ ਦੇ ਵਸਿੰਦਿਆਂ ਨਾਲ਼ੋਂ ਇਹਨਾਂ ਦੇ ਕੁਝ ਵਿਸ਼ੇਸ਼ ਅਧਿਕਾਰ ਹਨ।
ਭਾਵੇਂ ਕਿ ਇਸ ਦੀ ਖੋਜ ਪਹਿਲਾਂ ਵੀ ਹੋ ਚੁੱਕੀ ਹੋਈ ਸੀ ਪਰ ਜਦੋਂ ਜਾਰਜ ਵਾਸ਼ਿੰਗਟਨ ਦੀ ਅਗਵਾਈ ਹੇਠ ਅਮ੍ਰੀਕਾ ਨੇ ਲੰਮੀ ਲੜਾਈ ਲੜ ਕੇ, ਵਲੈਤੀ ਅੰਗ੍ਰੇਜ਼ਾਂ ਤੋਂ ਆਜ਼ਾਦੀ ਪ੍ਰਾਪਤ ਕਰ ਲਈ ਤਾਂ ਵਲੈਤੀਆਂ ਨੂੰ ਫਿਰ ਆਪਣੇ ਅਣਚਾਹੇ ਬੰਦੇ ਸੁੱਟਣ ਲਈ ਹੋਰ ਥਾਂ ਦੀ ਭਾਲ਼ ਕਰਨੀ ਪਈ ਤੇ ਇਸ ਕਾਰਜ ਲਈ ਉਹਨਾਂ ਨੇ ਆਸਟ੍ਰੇਲੀਆ ਨੂੰ ਵਰਤਣਾ ਆਰੰਭ ਦਿਤਾ। ਸਤਾਰਵੀਂ ਸਦੀ ਤੋਂ ਹੀ ਉਹ ਆਸਟ੍ਰੇਲੀਆ ਨੂੰ ਨਿਊ ਹਾਲੈਂਡ ਕਰਕੇ ਜਾਣਦੇ ਤਾਂ ਸਨ ਪਰ ਵਲੈਤੋਂ ਤੁਰ ਕੇ ਪਹਿਲਾ ਜਹਾਜ ਕੈਪਟਨ ਜੇਮਜ਼ ਕੁਕ ਦੀ ਅਗਵਾਈ ਹੇਠ 1770 ਵਿਚ ਹੀ ਆਇਆ ਸੀ। ਫਿਰ 26 ਜਨਵਰੀ 1788 ਨੂੰ, 11 ਜਹਾਜਾਂ ਵਿਚ, 1500 ਅਣਚਾਹੇ ਬੰਦੇ ਏਥੇ ਲਿਆਂਦੇ ਗਏ। ਇਹ ਜਹਾਜ ਸਿਡਨੀ ਹਾਰਬਰ ਆ ਕੇ ਲੱਗੇ ਸਨ। 1868 ਤੱਕ 160.000 ‘ਦੋਸ਼ੀ’ ਬੰਦੇ ਬੰਦੀਆਂ ਏਥੇ ਪਹੁੰਚ ਚੁਕੇ ਸਨ। ਨਵੇਂ ਆਇਆਂ ਨੇ ਏਥੇ ਦੇ ਵਸਨੀਕ ਐਬੋਰੀਜੀਨਲ ਲੋਕਾਂ ਦਾ ਸ਼ਿਕਾਰ ਖੇਡ ਖੇਡ ਕੇ ਕੁਝ ਭਜਾ ਦਿਤੇ, ਕੁਝ ਮਾਰ ਦਿਤੇ ਤੇ ਕੁਝ ਪਹਿਲਾਂ ਅਣਜਾਣੀਆਂ ਬੀਮਾਰੀਆਂ ਦੇ, ਨਵੇਂ ਆਇਆਂ ਨੇ, ਸ਼ਿਕਾਰ ਬਣਾ ਦਿਤੇ। ਅੱਜ ਆਸਟ੍ਰੇਲੀਆ ਵਿਚ ਸ਼ਾਇਦ ਹੀ ਕੋਈ ਸੌ ਫ਼ੀ ਸਦੀ ਸ਼ੁਧ ਐਬੋਰੀਜਨਲ ਬੰਦਾ ਜਾਂ ਬੰਦੀ ਮਿਲ਼ ਸਕੇ।
19ਵੀਂ ਸਦੀ ਦੇ ਸ਼ੁਰੂ ਦੇ ਸਾਲਾਂ ਵਿਚ ਬਹੁਤ ਸਾਰੇ ਫੌਜੀ, ਅਫ਼ਸਰ, ਦੋਸ਼ੀ ਆਦਿ ਨੇ ਸਰਕਾਰੋਂ ਜ਼ਮੀਨ ਪ੍ਰਾਪਤ ਹੋਈ ਨੂੰ ਆਬਾਦ ਕਰਕੇ ਫਾਰਮ ਬਣਾ ਲਏ। ਇਹ ਵੇਖ ਕੇ ਬਹੁਤ ਸਾਰੇ ਵਲੈਤੋਂ ਹੋਰ ਉਦਮੀ ਵਿਅਕਤੀ ਜਹਾਜ ਭਰ ਭਰ ਕੇ ਆ ਗਏ। ਇਹ ਲੋਕ ਮਾਰੂ ਹਥਿਆਰਾਂ ਸਹਿਤ ਹੋਰ ਅੰਦਰ ਐਬੋਰੀਜੀਨਲ ਲੋਕਾਂ ਦੇ ਵਸੇਬੇ ਵਾਲ਼ੀ ਧਰਤੀ ਵੱਲ ਵਧਣੇ ਸ਼ੁਰੂ ਹੋ ਗਏ ਤੇ ਇਸ ਤਰ੍ਹਾਂ ਇਹਨਾਂ ਨਵੇ ਆਇਆਂ ਨੇ, ਹੋਰ ਕਈ ਸ਼ਹਿਰ ਵਸਾ ਲਏ। ਫਿਰ ਸੋਨਾ ਲਭਣ ਕਰਕੇ ਵੀ ਬਹੁਤ ਸਾਰੇ ਜਵਾਨ ਲੋਕੀਂ ਵਲੈਤੋਂ ਏਧਰ ਨੂੰ ਭੱਜ ਆਏ। ਬੇੜੀਆਂ ਭਰ ਭਰ ਕੇ ਚੀਨੇ ਵੀ ਏਥੇ ਆ ਵਸੇ। ਕਈ ਮਾੜੇ ਸਮਝੇ ਜਾਣ ਵਾਲ਼ੇ ਧੰਦੇ ਕਰਨ ਵਾਲ਼ੇ ਹੋਰ ਲੋਕ ਵੀ ਏਥੇ ਆ ਗਏ। ਦੋਹਾਂ ਸੰਸਾਰ ਜੰਗਾਂ ਤੋਂ ਉਪ੍ਰੰਤ ਲੋੜਵੰਦ, ਰਿਫ਼ੂਜੀ ਆਦਿ ਵੀ ਏਥੇ ਆ ਟਿਕੇ।
ਪਹਿਲਾਂ ਆਸਟ੍ਰੇਲੀਆ ਦੀਆਂ ਛੇ ਸਟੇਟਾਂ ਵੱਖ ਵੱਖ ਸਨ। ਫਿਰ ਇਹਨਾਂ ਨੇ 1 ਜਨਵਰੀ 1901 ਵਾਲ਼ੇ ਦਿਨ, ਇਕ ਸੰਵਿਧਾਨ ਅਧੀਨ ‘ਕਾਮਲਵੈਲਥ ਆਫ਼ ਆਸਟ੍ਰੇਲੀਆ’ ਦੇ ਨਾਂ ਥੱਲੇ ਇਕ ਮੁਲਕ ਵਜੂਦ ਵਿਚ ਲੈ ਆਂਦਾ। ਹੁਣ ਸਟੇਟਾਂ ਦੀਆਂ ਸਰਕਾਰਾਂ ਤੋਂ ਉਪਰ ਸਾਰੇ ਮੁਲਕ ਦੀ ਆਪਣੀ ਇਕ ਸੰਘੀ ਸਰਕਾਰ ਹੈ ਜਿਸ ਦਾ ਹੈਡ ਕੁਆਰਟਰ, ਨਵੇ ਵਸਾਏ ਸ਼ਹਿਰ ਕੈਨਬਰਾ ਵਿਚ ਹੈ। ਇਸ ਦੀ ਪਾਰਲੀਮੈਂਟ ਦੇ ਦੋ ਸਦਨ ਹਨ। ਹੇਠਲੇ ਸਦਨ ਵਿਚ ਬਹੁ ਸੰਮਤੀ ਪ੍ਰਾਪਤ ਆਗੂ, ਸਾਡੀ ਲੋਕ ਸਭਾ ਵਾਗ ਹੀ, ਪ੍ਰਧਾਨ ਮੰਤਰੀ ਬਣਦਾ ਹੈ। ਨਾਮ ਮਾਤਰ ਰਾਜ ਦੀ ਮੁਖੀ ਵਲੈਤੀ ਰਾਣੀ ਹੈ ਅਤੇ ਨੋਟਾਂ ਉਪਰ ਉਸ ਦੀ ਫੋਟੋ ਛਪਦੀ ਹੈ ਪਰ ਸਿਧਾ ਦਖਲ ਉਸ ਦਾ ਪ੍ਰਬੰਧ ਵਿਚ ਕੋਈ ਨਹੀ। ਪ੍ਰਧਾਨ ਮੰਤਰੀ ਗਵਰਨਰ ਜਨਰਲ ਦਾ ਨਾਂ ਰਾਣੀ ਨੂੰ ਭੇਜਦਾ ਹੈ ਤੇ ਉਹ ਉਸ ਉਪਰ ਮੋਹਰ ਲਾ ਦਿੰਦੀ ਹੈ। ਫੌਜੀ ਤੌਰ ਤੇ ਆਸਟ੍ਰੇਲੀਆ ਦਾ ਅਮ੍ਰੀਕਾ ਨਾਲ ਗੱਠ ਜੋੜ ਹੈ।
ਅਮ੍ਰੀਕਾ ਦੇ ਸਾਬਕ ਪ੍ਰਧਾਨ ਮਿਸਟਰ ਨਿਕਸਨ ਨੇ ਇਸ ਨੂੰ ਆਪਣੀ ਕਿਤਾਬ ਵਿਚ ਭਵਿਖ ਦਾ ਦੇਸ਼ ਆਖਿਆ ਸੀ। ਕੁਝ ਲੋਕੀਂ ਇਸ ਦੇ ਵਸਨੀਕਾਂ ਦੀ ਮਾਨਸਕਤਾ ਨੂੰ ਵੇਖਦੇ ਹੋਏ ‘ਨੇਸ਼ਨ ਆਫ਼ ਥਰੋ ਅਵੇਜ਼’ ਅਤੇ ‘ਕੰਟਰੀ ਆਫ਼ ਗੈਂਬਲਰਜ਼’ ਵੀ ਆਖਦੇ ਹਨ। ਅਰਥਾਤ ਪੁਰਾਣੀਆਂ ਵਸਤਾਂ ਦੀ ਮੁਰੰਮਤ ਕਰ ਕੇ ਵਰਤਣ ਦੀ ਖੇਚਲ਼ ਕਰਨ ਦੀ ਬਜਾਇ ਉਹਨਾਂ ਨੂੰ ਬਾਹਰ ਸੁੱਟ ਕੇ ਨਵੀਆਂ ਖ਼ਰੀਦ ਲੈਂਦੇ ਹਨ ਅਤੇ ਹਰੇਕ ਸਾਲ ਨਵੰਬਰ ਦੇ ਪਹਿਲੇ ਮੰਗਲਵਾਰ ਨੂੰ ਮੈਲਬਰਨ ਸ਼ਹਿਰ ਵਿਚ ਘੋੜਿਆਂ ਦੀ ਦੌੜ ਦੇ ਜੂਏ ਵਿਚ ਪੈਸੇ ਲਾਉਣ ਤੋਂ ਸ਼ਾਇਦ ਹੀ ਕੋਈ ਮੇਰੇ ਵਰਗਾ ਵਾਂਝਾ ਰਹਿੰਦਾ ਹੋਵੇ। ਆਮ ਤੌਰ ਤੇ ਹਰੇਕ ਹੀ ਕੁਝ ਨਾ ਕੁਝ ਇਸ ਸਮੇ ਦਾ ਉਪਰ ਲਾਉਂਦਾ ਹੈ।
1972 ਵਿਚ ਗਫ਼ ਵਿਟਲਮ ਦੀ ਅਗਵਾਈ ਹੇਠ ਲੇਬਰ ਪਾਰਟੀ ਦੀ ਸਰਕਾਰ ਨੇ ਕਈ ਹੋਰ ਚੰਗੇ ਕੰਮ ਕਰਨ ਦੇ ਨਾਲ਼ ਨਾਲ਼ ‘ਵਾਈਟ ਆਸਟ੍ਰੇਲੀਆ’ ਦੀ ਨੀਤੀ ਨੂੰ ਤਿਲਾਂਜਲੀ ਦੇ ਕੇ ਬਹੁ ਸਭਿਆਚਾਰਕ ਆਸਟ੍ਰੇਲੀਆ ਲਈ ਰਾਹ ਖੋਹਲ ਦਿਤਾ। ਇਸ ਕਾਰਨ ਹੁਣ ਏਥੇ 200 ਤੋਂ ਉਪਰ ਮੁਲਕਾਂ ਦੇ ਵਿਅਕਤੀ ਵੱਸਦੇ ਹਨ। ਬਹੁਤੇ ਦੇਸਾਂ ਦੇ ਵਿਅਕਤੀਆਂ ਦਾ ਏਥੇ ਵਸੇਬਾ ਹੋਣ ਕਰਕੇ ਆਸਟ੍ਰੇਲੀਆ ਨੂੰ ‘ਕੰਟਰੀ ਆਫ਼ ਮਾਈਗਰੈਂਟਸ’ ਵੀ ਆਖਦੇ ਹਨ।
ਜਦੋਂ ਦਾ ਮੈ ਏਥੇ ਆਇਆ ਹਾਂ ਓਦੋਂ ਦਾ ਹੀ ਆਸਟ੍ਰੇਲੀਆ ਵਿਚ ਸਿੱਖਾਂ ਤੇ ਪੰਜਾਬੀ ਬੋਲਣ ਵਾਲ਼ਿਆਂ ਦੀ ਵਸੋਂ ਦਾ ਪਤਾ ਲਾਉਣ ਦੇ ਯਤਨਾਂ ਵਿਚ ਹਾਂ ਪਰ ਇਸ ਦਾ ਸਹੀ ਪਤਾ ਮੇਰੇ ਕੋਲ਼ੋਂ ਨਹੀ ਲੱਗ ਸਕਿਆ। ਕਾਰਨ ਸ਼ਾਇਦ ਇਹ ਹੈ ਕਿ ਹਰੇਕ ਮਰਦਮਸ਼ੁਮਾਰੀ ਸਮੇ ਧਰਮ ਦੇ ਖਾਨੇ ਵਿਚ ਸਿੱਖਾਂ ਦੀ ਗਿਣਤੀ ਉਹਨਾਂ ਦੀ ਅਸਲ ਗਿਣਤੀ ਦੇ ਮੁਕਾਬਲੇ ਕਈ ਗੁਣਾਂ ਘੱਟ ਹੁੰਦੀ ਹੈ ਤੇ ਪੰਜਾਬੀ ਬੋਲਣ ਵਾਲ਼ਿਆਂ ਦੀ ਤੇ ਉਸ ਤੋਂ ਵੀ ਕਿਤੇ ਘਟ ਹੁੰਦੀ ਹੈ। ਮੇਰੇ ਅੰਦਾਜ਼ੇ ਅਨੁਸਾਰ ਸਿਖਾਂ ਦੀ ਗਿਣਤੀ ਏਥੇ ਲੱਖਾਂ ਵਿਚ ਹੈ ਜਦੋਂ ਕਿ ਮਰਦਮ ਸ਼ੁਮਾਰੀ ਵਿਚ ਕੁਝ ਹਜਾਰ ਹੀ ਦਿਖਾਈ ਦਿੰਦੇ ਹਨ। ਇਸ ਦੇ ਕਈ ਕਾਰਨ ਹੋ ਸਕਦੇ ਹਨ। ਸਭ ਤੋਂ ਵੱਡਾ ਤਾਂ ਸਾਇਦ ਇਹ ਕਾਰਨ ਹੀ ਹੋਵੇ ਕਿ ਅਸੀਂ ਮਰਦਮ ਸ਼ੁਮਾਰੀ ਸਮੇ ਆਪਣੇ ਧਰਮ ਤੇ ਬੋਲੀ ਦਾ ਪ੍ਰਗਟਾਵਾ ਕਰਨ ਦੀ, ਕਿਸੇ ਕਾਰਨ ਕਰਕੇ, ਲੋੜ ਹੀ ਨਹੀ ਸਮਝਦੇ।
1988 ਵਿਚ ਏਥੋਂ ਦੀ ਸਰਕਾਰ ਨੇ ਬਾਹਰੋਂ ਵਿਦਿਆਰਥੀ ਫੀਸਾਂ ਦੇ ਕੇ ਪੜ੍ਹਨ ਲਈ ਆਉਣ ਹਿਤ ਪ੍ਰਚਾਰ ਕੀਤਾ। ਇਸ ਦੇ ਕਈ ਕਾਰਨ ਸਨ। ਓਦੋਂ ਤੋਂ ਲੈ ਕੇ ਵਿਦਿਆਰਥੀਆਂ ਦਾ ਹੜ੍ਹ ਹੀ ਆ ਗਿਆ ਹੈ। ਚਾਰ ਚੌਫੇਰੇ ਵਿਦਿਆਰਥੀਆਂ ਦਾ ਬੋਲ ਬਾਲਾ ਹੈ। ਇਹਨਾਂ ਵਿਚ ਪੰਜਾਬੀ ਨੌਜਵਾਨਾਂ ਦੀ ਵੀ ਸੱਬਰਕੱਤੀ ਗਿਣਤੀ ਹੈ। ਇਹਨਾਂ ਵਿਚ ਬਹੁਤ ਸਾਰੇ ਸਾਬਤ ਸੂਰਤ ਵੀ ਹਨ। ਪੰਜਾਬੀ ਨੌਜਵਾਨ ਬੱਚੇ ਬੱਚੀਆਂ ਜੋ ਕਿ ਆਪਣਾ ਆਰਥਿਕ ਭਵਿਖ ਸੁਧਾਰਨ ਦੀ ਤਸਵੀਰ ਲੈ ਕੇ ਏਥੇ ਆਉਂਦੇ ਹਨ ਉਹਨਾਂ ਦੇ ਦਰਸ਼ਨ ਕਰਕੇ ਬੜਾ ਹੀ ਮਨ ਪ੍ਰਸੰਨ ਹੁੰਦਾ ਹੈ। ਸ਼ੁਰੂ ਵਿਚ ਉਹਨਾਂ ਵਿਚੋਂ ਬਹੁਤਿਆਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਪ੍ਰੰਤੂ ਅੰਤ ਵਿਚ ‘ਸਭ ਭਲਾ’ ਹੀ ਹੋ ਨਿੱਬੜਦਾ ਹੈ। ਕੋਈ ਵਿਰਲਾ ਹੀ ਮੁਸ਼ਕਲਾਂ ਦਾ ਸਾਹਮਣਾ ਨਾ ਕਰ ਸਕਣ ਕਰਕੇ ਵਾਪਸ ਮੁੜਦਾ ਹੈ। ਇਹਨਾਂ ਵਿਦਿਆਰਥੀਆਂ ਕਰਕੇ ਹੀ ਸਾਰੇ ਸ਼ਹਿਰਾਂ ਵਿਚਲੇ ਗੁਰਦੁਆਰਾ ਸਾਹਿਬਾਨ ਵਿਚ ਰੌਣਕਾਂ ਹੁੰਦੀਆਂ ਹਨ। ਕਿਸੇ ਵੀ ਗੁਰਦੁਆਰੇ ਵਿਚ ਦੀਵਾਨਾਂ ਤੇ ਲੰਗਰਾਂ ਦੀ ਕੋਈ ਤੋਟ ਨਹੀ। ਸੰਸਥਾਵਾਂ ਦੇ ਸੀਮਤ ਵਸੀਲਿਆਂ ਰਾਹੀਂ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕ ਵੀ ਸਮੇ ਸਮੇ ਇਹਨਾਂ ਵਿਦਿਆਰਥੀਆਂ, ਹੋਰ ਯਾਤਰੂਆਂ ਅਤੇ ਲੋੜਵੰਦਾਂ ਦੀ ਸਹਾਇਤਾ ਕਰਨ ਦਾ ਯਤਨ ਕਰਦੇ ਹਨ। ਸੰਗਤਾਂ ਰਾਸ਼ਨ ਲਿਆਉਂਦੀਆਂ ਹਨ, ਪਕਾਉਂਦੀਆਂ ਹਨ, ਵਰਤਾਉਂਦੀਆਂ ਹਨ, ਖ਼ੁਦ ਛਕਦੀਆਂ ਤੇ ਹੋਰਨਾਂ ਨੂੰ ਛਕਾਉਂਦੀਆਂ ਹਨ। ਲੰਗਰ ਦੀ ਸੇਵਾ ਕਰਨ ਵਾਲ਼ਿਆਂ ਨੂੰ ਕਈ ਵਾਰ ਵਾਰੀ ਨਹੀ ਮਿਲਦੀ। ਲੰਗਰ ਦੀ ਸੇਵਾ ਲੈਣ ਵਾਸਤੇ ਕਈ ਕਈ ਮਹੀਨੇ ਵਾਰੀ ਲੈਣ ਲਈ ਵੀ ਉਡੀਕਣਾ ਪੈਂਦਾ ਹੈ। ਸਾਰੇ ਆਸਟ੍ਰੇਲੀਆ ਵਿਚ ਪੰਝੀ ਕੁ ਦੇ ਕਰੀਬ ਗੁਰਦੁਆਰੇ ਬਣ ਚੁਕੇ ਹਨ ਜਿਥੇ ਹਰ ਵੀਕਐਂਡ ਤੇ ਸੰਗਤਾਂ ਦੀ ਗਹਿਮਾ ਗਹਿਮ ਹੁੰਦੀ ਹੈ।

ਹੁਣ ਮੈ ਆਪਣੇ ਆਸਟ੍ਰੇਲੀਆ ਆਉਣ ਦੀ ਗੱਲ ਵੀ ਕਰ ਹੀ ਲਵਾਂ:
ਗੱਲ ਇਹ 1964 ਦੀਆਂ ਗਰਮੀਆਂ ਦੀ ਹੈ। ਮੈ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਪਟਿਆਲਾ ਵਿਖੇ ਕੀਰਤਨ ਦੀ ਸੇਵਾ ਕਰਨ ਦੇ ਨਾਲ਼ ਨਾਲ਼ ਪੜ੍ਹਾਈ ਕਰਨ ਦੇ ਯਤਨਾਂ ਵਿਚ ਵੀ ਸਾਂ। ਮੇਰੇ ਮਿੱਤਰ ਰਾਗੀ ਸਿੰਘ ਭਾਈ ਕਰਮ ਸਿੰਘ ਦੇ ਕਮਰੇ ਦੀ ਕੰਧ ਉਪਰ ਦੁਨੀਆ ਦਾ ਨਕਸ਼ਾ ਲੱਗਾ ਹੋਇਆ ਮੈਨੂੰ ਦਿਸਿਆ। ਐਵੇਂ ਆਪਣੀ ਅੱਖਰਾਂ ਨਾਲ ਮੱਥਾ ਮਾਰੀ ਜਾਣ ਦੀ ਆਦਤ ਵੱਸ ਮੈ ਉਹ ਵੇਖਣ ਲਗ ਪਿਆ। ਹੋਰ ਤਾਂ ਸਭ ਆਮ ਵਾਂਗ ਹੀ ਸੀ ਪਰ ਜਦੋਂ ਦੁਨੀਆ ਤੋਂ ਬਿਲਕੁਲ ਨਿਵੇਕਲੇ ਜਿਹੇ ਇਕ ਹਰੇ ਹਰੇ ਹਿੱਸੇ ਉਪਰ ਨਿਗਾਹ ਗਈ ਤਾਂ ਲਿਖਿਆ ਪੜ੍ਹਿਆ: ਆਸਟ੍ਰੇਲੀਆ। ਇਸ ਨਕਸ਼ੇ ਦੀ ਲਿਖਤ ਹਿੰਦੀ ਵਿਚ ਸੀ ਨਹੀ ਤਾਂ ਅੰਗ੍ਰੇਜ਼ੀ ਵਿਚ ਹੋਣ ਕਰਕੇ ਸ਼ਾਇਦ ਮੈ ਪੜ੍ਹ ਹੀ ਨਾ ਸਕਦਾ ਕਿਉਂਕਿ ਓਦੋਂ ਅਜੇ ਅੰਗ੍ਰੇਜ਼ੀ ਦੇ ਅੱਖਰ ਉਠਾਲ਼ ਸਕਣ ਦੇ ਮੈ ਕਾਬਲ ਨਹੀ ਸਾਂ ਹੋਇਆ। ਇਕ ਤਾਂ ਹਰੇ ਰੰਗ ਨੇ ਮੇਰਾ ਧਿਆਨ ਖਿੱਚਿਆ। ਪਤਾ ਨਹੀ ਕਿਉਂ ਚਿੱਟਾ, ਗੂੜਾ ਨੀਲਾ ਤੇ ਗੂਹੜਾ ਹੀ ਹਰਾ ਰੰਗ ਮੈਨੂੰ ਬਚਪਨ ਤੋਂ ਹੀ ਪ੍ਰਭਾਵਤ ਕਰਦੇ ਆ ਰਹੇ ਹਨ। ਇਹ ਮੇਰੀ ‘ਕਮਜ਼ੋਰੀ’ ਹੁਣ ਵੀ ਮੇਰਾ ਪੂਰਾ ਸਾਥ ਦੇ ਰਹੀ ਹੈ; ਕਾਰਨ ਦਾ ਪਤਾ ਨਹੀ। ਇਸ ਤੋਂ ਵੀ ਵਧ ਮੈਨੂੰ ਧਰਤੀ ਦੇ ਇਸ ਭੂ ਭਾਗ ਨੇ ਜਿਸ ਗੱਲ ਦੀ ਖਿੱਚ ਪਾਈ ਉਹ ਇਹ ਸੀ ਕਿ ਇਸ ਦੀਆਂ ਵੱਖ ਵੱਖ ਸਟੇਟਾਂ ਦਰਮਿਆਨ ਇਹਨਾਂ ਨੂੰ ਵਖਰਿਆਉਣ ਵਾਲ਼ੀਆਂ ਲੀਕਾਂ ਤਕਰੀਬਨ ਸਿਧੀਆਂ ਵਾਹੀਆਂ ਹੋਈਆਂ ਸਨ। ਆਮ ਦੇਸ਼ਾਂ ਦੀ ਤੇ ਉਹਨਾਂ ਦੇ ਸੂਬਿਆਂ ਦੀ ਵੰਡ ਕਰਦੀਆਂ ਲਕੀਰਾਂ ਬੜੀਆਂ ਉਧੜ ਗੁਧੜ ਜਿਹੀਆਂ ਨਕਸ਼ਿਆਂ ਉਪਰ ਦਿਸਦੀਆਂ ਹਨ ਪਰ ਆਸਟ੍ਰੇਲੀਆ ਦੀਆਂ ਸਟੇਟਾਂ ਦੀ ਇਸ ਵੰਡ ਨੇ ਮੈਨੂੰ ਬੜਾ ਪ੍ਰਭਾਵਤ ਕੀਤਾ। ਜਦੋਂ ਵੀ ਭਾਈ ਕਰਮ ਸਿੰਘ ਦੇ ਕਮਰੇ ਵਿਚ ਜਾਣਾ, ਜ਼ਿਆਦਾ ਸਮਾ ਮੇਰਾ ਉਸ ਨਕਸ਼ੇ ਨੂੰ ਵੇਖਣ ਉਤੇ ਅਤੇ ਸਭ ਤੋਂ ਵਧ ਆਸਟ੍ਰੇਲੀਆ ਵਾਲ਼ੇ ਹਿੱਸੇ ਉਪਰ ਹੀ ਧਿਆਨ ਕੇਂਦ੍ਰਿਤ ਰਹਿਣਾ। ਇਹ ਵੀ ਮੈਨੂੰ ਯਾਦ ਹੈ ਕਿ ਉਸ ਨਕਸ਼ੇ ਉਪਰ ਸਮੁੰਦਰੀ ਜਹਾਜ ਦੀ ਫੋਟੋ ਬਣਾ ਕੇ ਇਕ ਰੂਟ ਇਹ ਵੀ ਦਰਸਾਇਆ ਹੁੰਦਾ ਸੀ ਜਿਸ ਉਪਰ, ਹਿੰਦੀ ਵਿਚ ‘ਬੰਬੇ ਸੇ ਸਿਡਨੀ’ ਅਤੇ ‘ਸਿਡਨੀ ਸੇ ਬੰਬੇ’ ਲਿਖਿਆ ਹੋਇਆ ਹੁੰਦਾ ਸੀ।

ਗੱਲ ਆਈ ਗਈ ਹੋ ਗਈ।
ਜਦੋਂ ਮੈ ਮਲਾਵੀ ਤੋਂ 1977 ਦੇ ਮਾਰਚ ਮਹੀਨੇ ਵਿਚ ਰੁਖ਼ਸਤ ਲਈ ਤਾਂ ਦੁਨੀਆ ਦੇ ਦੁਆਲ਼ੇ ਦੀ ਟਿਕਟ ਇਸ ਤਰ੍ਹਾਂ ਬਣਵਾਈ: ਮਲਾਵੀ ਤੋਂ ਨੈਰੋਬੀ, ਕੰਪਾਲਾ, ਕੈਰੋ, ਏਥਨਜ਼, ਰੋਮ, ਫ਼ਟੈਂਕਫ਼ਰਟ, ਲਕਸਮਬਰਗ, ਪੈਰਸ, ਐਮਸਟਰਡੈਮ, ਲੰਡਨ, ਨਿਊ ਯਾਰਕ, ਵੈਨਕੂਵਰ, ਹੋਨੋਲੋਲੋ, ਔਕਲੈਂਡ, ਸਿਡਨੀ, ਸਿੰਘਾਪੁਰ, ਬੰਬਈ, ਦਿਲੀ, ਅੰਮ੍ਰਿਤਸਰ। ਪਰ ਲੰਡਨ ਪਹੁੰਚ ਕੇ ਸੱਤ ਕੁ ਮਹੀਨੇ ਓਥੇ ਹੀ ਕਿਸੇ ਖਾਸ ਕਾਰਨ ਰੁਕਿਆ ਰਿਹਾ। ਇਸ ਦੌਰਾਨ ਮੇਰਾ ਕੀਤਾ ਖ਼ਰਚ ਪੱਠਾ ਵੀ ਲੰਡਨੋ ਪੂਰਾ ਹੋ ਗਿਆ। ਇਕ ਦਿਨ ਏਥੇ ਲੰਡਨ ਸਥਿਤ ਆਸਟ੍ਰੇਲੀਅਨ ਹਾਈ ਕਮਿਸ਼ਨ ਦੇ ਜਾ ਕੇ ਵੀਜ਼ੇ ਆਦਿ ਬਾਰੇ ਜਾਣਕਾਰੀ ਵੀ ਪ੍ਰਾਪਤ ਕੀਤੀ। ਜਾਣ ਦਾ ਪ੍ਰਯੋਜਨ ਕਵੀਨਜ਼ਲੈਂਡ ਵਿਚ ਪੁਰਾਣੇ ਫਾਰਮਰ ਸਿੱਖਾਂ ਨਾਲ਼ ਮੇਲ਼ ਮਿਲ਼ਾਪ ਕਰਨਾ ਦੱਸਿਆ। ਉਹਨਾਂ ਆਖਿਆ ਕਿ ਮੈ ਵੀਜ਼ੇ ਲਈ ਅਪਲਾਈ ਕਰਾਂ ਪਰ ਮੈ ਫਿਰ ਅੰਮ੍ਰਿਤਸਰ ਜਾ ਵੜਿਆ। ਓਥੋਂ ਫਿਰ ਲੰਡਨ ਆ ਕੇ ਵੰਨ ਵੇ ਸਟੈਂਡਬਾਈ ਸਸਤੀ 64 ਪੌਂਡ ਦੀ ਇਕ ਪਾਸੜ ਟਿਕਟ ਲੈ ਕੇ, 13 ਅਪ੍ਰੈਲ 1978 ਵਾਲ਼ੇ ਦਿਨ, ਨਿਊਯਾਰਕ ਜਾ ਉਤਰਿਆ। ਇਮੀਗ੍ਰੇਸ਼ਨ ਅਫ਼ਸਰ ਵੱਲੋਂ ਅੱਗੇ ਦੀ ਟਿਕਟ ਪੁੱਛਣ ਤੇ ਆਖ ਦਿਤਾ ਕਿ ਮੇਰੇ ਪਾਸ ਪੈਸੇ ਹੈਗੇ ਨੇ; ਮੈ ਜਦੋਂ ਮੁੜਨਾ ਜਾਂ ਅੱਗੇ ਜਾਣਾ ਹੋਊ ਤਾਂ ਏਥੋਂ ਖ਼ਰੀਦ ਲਊਂਗਾ।
ਪੌਣਾ ਕੁ ਸਾਲ ਅਮ੍ਰੀਕਾ ਤੇ ਕੈਨੇਡਾ ਦੇ ਦੋਹਾਂ ਮੁਲਕਾਂ ਦੇ ਪੂਰਬੀ ਸਿਰੇ ਤੋਂ ਲੈ ਕੇ ਪੱਛਮੀ ਸਿਰੇ ਤੱਕ ਬੱਸਾਂ ਤੇ ਕਾਰਾਂ ਰਾਹੀਂ ਯਾਤਰਾ ਕੀਤੀ। ਇਸ ਯਾਤਰਾ ਦੌਰਾਨ ਕੈਲੇਫ਼ੋਰਨੀਆ ਦੇ ਸਹਿਰ, ਸਨ ਫ਼੍ਰਾਂਸਿਸਕੋ ਸਥਿਤ ਆਸਟ੍ਰੇਲੀਅਨ ਕੌਂਸੂਲੇਟ ਵਿਚ ਜਾ ਕੇ, ਵੀਜ਼ੇ ਬਾਰੇ ਫਿਰ ਗੱਲ ਕੀਤੀ ਤਾਂ ਰੀਸੈਪਸ਼ਨਿਸਟ ਲੜਕੀ ਮੇਰਾ ਪਾਸਪੋਰਟ ਲੈ ਕੇ ਅੰਦਰ ਗਈ ਤੇ ਕੁਝ ਮਿੰਟਾਂ ਪਿਛੋਂ ਮੈਨੂੰ ਪਾਸਪੋਰਟ ਮੋੜਦਿਆਂ ਆਖਿਆ ਕਿ ਮੈ ਟਿਕਟ ਤੇ ਪੈਸੇ ਲੈ ਕੇ ਆ ਜਾਵਾਂ ਤੇ ਵੀਜ਼ਾ ਲੈ ਜਾਵਾਂ। ਲਾਸ ਏਂਜਲਸ ਵਿਖੇ ਸ੍ਰੀ ਸਿੰਘ ਸਾਹਿਬ ਭਾਈ ਸਾਹਿਬ ਯੋਗੀ ਹਰਿਭਜਨ ਸਿੰਘ ਖ਼ਾਲਸਾ ਜੀ ਨੇ ਮੇਰਾ ਵਿਚਾਰ ਬਦਲ ਦਿਤਾ। ਉਹਨਾਂ ਨੇ ਮੈਨੂੰ ਪ੍ਰੇਰ ਕੇ ਅੱਗੇ ਜਾਣ ਦੀ ਬਜਾਇ ’ਯੂ ਟਰਨ’ ਕਰਵਾ ਕੇ ਮੇਰਾ ਮੂੰਹ ਅੰਮ੍ਰਿਤਸਰ ਵੱਲ ਮੋੜ ਦਿਤਾ। ਇਸ ਦਾ ਵੀ ਖਾਸ ਕਾਰਨ ਸੀ। 25 ਜਨਵਰੀ 1979 ਨੂੰ ਮੈ ਲਾਸ ਏਂਜਲਸ ਤੋਂ 125 ਡਾਲਰ ਦੀ ਵਨ ਵੇ ਟਿਕਟ ਲੈ ਕੇ ਲੰਡਨ ਜਾ ਉਤਰਿਆ ਤੇ ਓਥੋਂ ਇਕ ਮਹੀਨੇ ੱਿਪਛੋਂ 80 ਪੌਂਡ ਦੀ ਆਰੀਆਨਾ ਏਅਰਵੇਜ਼ ਦੀ ਵਨ ਵੇ ਟਿਕਟ ਲੈ ਕੇ ਫਰਵਰੀ ਵਿਚ ਅੰਮ੍ਰਿਤਸਰ ਜਾ ਉਤਰਿਆ।
ਚੌਥੀ ਵਾਰ ਦੇਸੋਂ ਬਾਹਰ ਨਿਕਲ਼ਨ ਵਾਸਤੇ ਫਿਰ ਤਿਆਰੀਆਂ ਆਰੰਭੀਆਂ। ਆਪਣੇ ਨਿੱਕੇ ਭਰਾ ਸ. ਸੇਵਾ ਸਿੰਘ ਨੂੰ ਨਾਲ਼ ਲੈ ਕੇ, 29 ਅਪ੍ਰੈਲ 1979 ਨੂੰ ਦਿੱਲੀ ਤੋਂ ਜਹਾਜ ਰਾਹੀਂ ਅਸੀਂ ਦੋਵੇਂ ਬੈਂਕਾਕ ਆ ਉਤਰੇ। ਦੋ ਹਫ਼ਤੇ ਥਾਈਲੈਂਡ ਵਿਚ ਵਿਚਰਨ ਉਪ੍ਰੰਤ ਸੜਕ ਰਸਤੇ ਹੀ ਥਾਈਲੈਂਡ ਤੇ ਮਲੇਸ਼ੀਆ ਦੇ ਸ਼ਹਿਰਾਂ ਵਿਚ ਦੀ ਹੁੰਦੇ ਹੋਏ ਸਿੰਘਾਪੁਰ ਆ ਰੁਕੇ। ਇਹ ਗੱਲ ਸ਼ਾਇਦ ਪਾਠਕਾਂ ਨੂੰ ਅਜੀਬ ਲੱਗੇ ਪਰ ਮੇਰੇ ਨਾਲ਼ ਤਾਂ ਵਾਪਰੀ ਹੋਣ ਕਰਕੇ ਅਜੀਬ ਨਹੀ ਲੱਗਦੀ। ਜਦੋਂ ਮੈ ਏਧਰ ਦਾ ਚੱਕਰ ਲਾਉਣ ਦੀ ਉਧੇੜ ਬੁਣ ਜਿਹੀ ਵਿਚ ਸਾਂ ਤਾਂ ਇਕ ਰਾਤ ਸੁਪਨਾ ਆਇਆ ਕਿ ਇਸ ਆਪਣੀ ਚੌਥੀ ਸੰਸਾਰ ਯਾਤਰਾ ਸਮੇ ਮੈ ਦੱਖਣ ਦੇ ਦੇਸਾਂ ਵੱਲ ਗਿਆ ਹਾਂ ਤੇ ਓਥੇ ਹੀ ਰਹਿ ਗਿਆ ਹਾਂ। ਜਦੋਂ ਮਾਰਚ 1977 ਵਿਚ ਮਲਾਵੀ ਤੋਂ ਤੁਰਨ ਦਾ ਪ੍ਰੋਗਰਾਮ ਬਣਾ ਰਿਹਾ ਸਾਂ ਤਾਂ ਇਕ ਨੌਜਵਾਨ ਇੰਜੀਨੀਅਰ ਨੇ ਐਵੇਂ ਹੀ ਮੇਰਾ ਹੱਥ ਫੜ ਕੇ ਗਹੁ ਨਾਲ਼ ਵੇਖਦਿਆਂ ਹੋਇਆਂ ਆਖਿਆ ਕਿ ਮੈ ਦੁਨੀਆ ਦੇ ਉਤਰੀ ਖਿੱਤੇ ਦੇ ਕਿਸੇ ਮੁਲਕ ਵਿਚ ਨਹੀ ਟਿਕਾਂਗਾ; ਦੱਖਣੀ ਹਿੱਸੇ ਵਿਚ ਹੀ ਟਿਕ ਸਕਦਾ ਹਾਂ। ਗੱਲ ਮੈ ਉਸ ਦੀ ਕੋਈ ਗੌਲ਼ੀ ਨਾ।
ਅੰਮ੍ਰਿਤਸਰੋਂ ਤੁਰਨ ਸਮੇ ਸੋਚ ਵਿਚ ਨਿਸ਼ਾਨਾ ਸੀ ਕਿ ਵਧ ਤੋਂ ਵਧ ਦੇਸ਼ਾਂ ਤੇ ਸਥਾਨਾਂ ਥਾਣੀ ਹੁੰਦੇ ਹੋਏ ਧਰਤੀ ਦੇ ਨਾਲ਼ ਨਾਲ਼ ਹੀ ਈਸਟ ਤੀਮੋਰ ਦੀ ਰਾਜਧਾਨੀ ਦਿੱਲੀ ਤੋਂ ਕੋਈ ਬੋਟ ਜਾਂ ਸਮੁੰਦਰੀ ਜਹਾਜ ਫੜ ਕੇ ਆਸਟ੍ਰੇਲੀਆ ਦੇ ਉਤਰੀ ਸ਼ਹਿਰ ਡਾਰਵਿਨ ਜਾ ਕੇ ਫਿਰ ਅੱਗੋਂ ਸੜਕਾਂ ਰਾਹੀਂ ਹੀ ਆਸਟ੍ਰੇਲੀਆ ਘੁੰਮਿਆ ਜਾਵੇ ਪਰ ਜਦੋਂ ਇਸ ਕਾਰਜ ਲਈ ਇੰਡੋਨੇਸ਼ੀਆ ਦੇ ਵੀਜ਼ੇ ਲਈ ਅਪਲਾਈ ਕੀਤਾ ਤਾਂ ਅਗਲੇ ਦਿਨ ਮੇਰਾ ਵੀਜ਼ਾ ਲੱਗਿਆ ਹੋਇਆ ਤੇ ਭਰਾ ਦਾ ਖਾਲੀ ਪਾਸਪੋਰਟ ਤੇ ਨਾਲ਼ ਹੀ ਉਸ ਦੇ ਵੀਜ਼ੇ ਵਾਲੀ ਫੀਸ ਦੇ ਪੈਸੇ ਮੈਨੂੰ ਫੜਾ ਦਿਤੇ ਗਏ। ਵੀਜ਼ਾ ਨਾ ਮਿਲ਼ਣ ਦਾ ਕਾਰਨ ਪੁਛਣ ਤੇ ਐਂਬੈਸੀ ਦੇ ਨੌਜਵਾਨ ਕਰਮਚਾਰੀ ਮਿਸਟਰ ਵਾਹਦ ਨੇ, “ਸੇਵਾ ਸਿੰਘ ਇਜ਼ ਗੱਬਰ ਸਿੰਘ ਟੂ ਇੰਡੋਨੇਸ਼ੀਆ।“ (ਸੇਵਾ ਸਿੰਘ ਇੰਡੋਨੇਸ਼ੀਆ ਵਾਸਤੇ ਗੱਬਰ ਸਿੰਘ ਹੈ।) ਆਖ ਕੇ ਗੱਲ ਮੁਕਾ ਦਿਤੀ। ਓਹਨੀਂ ਦਿਨੀਂ ਸ਼ੋਅਲੇ ਫਿਲਮ ਦੇ ਖਲਨਾਇਕ ਗੱਬਰ ਸਿੰਘ ਦੇ ਡਾਇਲਾਗ ਬੜੇ ਪ੍ਰਸਿਧ ਸਨ। ਗੱਲ ਇਹ ਸੀ ਕਿ ਸੇਵਾ ਸਿੰਘ ਨਾਂ ਦਾ ਕੋਈ ਬਹੁਰੂਪੀਆ ਓਥੇ ਸ਼ਾਇਦ ਕੋਈ ਠੱਗੀ ਠੁੱਗੀ ਮਾਰ ਆਇਆ ਹੋਣ ਕਰਕੇ, ਇਸ ਨਾਂ ਦੇ ਬੰਦਿਆਂ ਲਈ ਇੰਡੋਨੇਸ਼ੀਆ ਦਾ ਵੀਜ਼ਾ ਬੰਦ ਸੀ। ਉਸ ਦੀ ਰਾਜਧਾਨੀ ਜਕਾਰਤਾ ਤੋਂ ਮਿਲ਼ ਮਿਲ਼ਾ ਕੇ ਭਰਾ ਦੇ ਵੀਜ਼ੇ ਦੀ ਪ੍ਰਾਪਤੀ ਦੀ ਆਸ ਤੇ ਮੈ ਰੂਸੀ ਸਮੁੰਦਰੀ ਜਹਾਜ ਰਾਹੀਂ ਜਕਾਰਤਾ ਜਾ ਅੱਪੜਿਆ। ਕੁਝ ਸੱਜਣਾਂ ਨਾਲ਼ ਗੱਲ ਬਾਤ ਕੀਤੀ ਪਰ ਸਭ ਨੇ ਨਾਕਾਰਤਮਿਕ ਹੁੰਗਾਰਾ ਹੀ ਭਰਿਆ। ਮੈ ਇਹ ਸਲਾਹ ਛੱਡ ਕੇ ਓਥੋਂ ਇੰਡੋਨੇਸ਼ੀਆ ਦੇ ਵੱਡੇ ਟਾਪੂ ਸੁਮਾਤਰਾ ਦੀ ਰਾਜਧਾਨੀ ਮੈਦਾਨ ਜਾਣ ਦਾ ਵਿਚਾਰ ਬਣਾ ਲਿਆ ਤੇ ਮਰਪਾਤੀ ਏਅਰ ਲਾਈਨ ਦੇ ਜਹਾਜ ਰਾਹੀਂ ਚਲਿਆ ਗਿਆ। ਓਥੇ ਇਕ ਸਿੰਧੀ ਪ੍ਰੇਮੀ ਦੇ ਘਰ ਟਿਕਾਣਾ ਕਰ ਲਿਆ। ਓਥੋਂ ਦੇ ਇਕ ਵਸਨੀਕ ਸ. ਮਹਿੰਦਰ ਸਿੰਘ ਜੀ ਨੇ ਆਪਣੀ ਵੈਨ ਵਿਚ ਕਈ ਸ਼ਹਿਰਾਂ ਦੀ ਯਾਤਰਾ ਕਰਵਾ ਦਿਤੀ। ਮੈਦਾਨੋ ਜਹਾਜ, ਬੱਸਾਂ ਆਦਿ ਰਾਹੀਂ ਫਿਰ ਸਿੰਘਾਪੁਰ ਪਹੁੰਚ ਗਿਆ।
ਸਾਨ ਫ਼੍ਰਾਸਿਸਕੋ ਦੇ ਕੌਂਸੂਲੇਟ ਵਾਲ਼ੀ ਲੜਕੀ ਨੇ ਮੇਰੇ ਪਾਸਪੋਰਟ ਨਾਲ਼ ਅੰਦਰ ਜਾ ਕੇ ਕੀ ਕੀਤਾ, ਇਸ ਗੱਲ ਦਾ ਪਤਾ ਸਿੰਘਾਪੁਰ ਵਿਚਲੇ ਆਸਟ੍ਰੇਲੀਅਨ ਹਾਈ ਕਮਿਸ਼ਨ ਵਿਚੋਂ ਵੀਜ਼ਾ ਮੰਗਣ ਸਮੇ ਲੱਗਾ। ਉਸ ਬੀਬੀ ਨੇ ਮੇਰੇ ਪਾਸਪੋਰਟ ਉਪਰ ਇਕ ਨਿਸ਼ਾਨੀ ਲਾ ਦਿਤੀ ਸੀ ਜਿਸ ਕਰਕੇ ਸਿੰਘਾਪੁਰ ਵਾਲ਼ੇ ਹਾਈ ਕਮਿਸ਼ਨ ਵਾਲ਼ਿਆਂ ਨੇ ਮੈਨੂੰ ਵੀਜ਼ਾ ਦੇਣ ਤੋਂ ਪਹਿਲਾਂ ਦਿੱਲੀ ਦੇ ਨਾਲ਼ ਨਾਲ਼ ਓਥੋਂ ਵੀ ਮੇਰੇ ਬਾਰੇ ਪਤਾ ਮੰਗਾਇਆ। ਨਿਸ਼ਾਨੀ ਸੀ ਸ਼ਢੌ 79. ਇਸ ਤਰ੍ਹਾਂ ਵੀਜ਼ਾ ਦੇਣ ਲਈ ਦੋ ਦਿਨ ਲੱਗਣ ਦੀ ਬਜਾਇ ਸਾਨੂੰ ਤੇਰਵੇਂ ਦਿਨ ਫ਼ਸਟ ਸੈਕਟਰੀ ਨੇ ਸੱਦ ਕੇ, ਦੋਹਾਂ ਭਰਾਵਾਂ ਨੂੰ ਆਪਣੇ ਦਫ਼ਤਰ ਅੰਦਰ ਕੁਰਸੀਆਂ ਤੇ ਬਹਾ ਕੇ, ਵੀਜ਼ੇ ਤੋਂ ਕੁਝ ਕਾਰਨ ਦੱਸ ਕੇ ਨਾਂਹ ਕਰ ਦਿਤੀ। ਮੇਰੇ ਵਿਆਖਿਆ ਕਰਨ ਤੇ ਉਸ ਨੇ ਫਿਰ ਸਾਨੂੰ ਦੋ ਮਹੀਨੇ ਦਾ ਵੀਜ਼ਾ ਦੋਹਾਂ ਭਰਾਵਾਂ ਨੂੰ ਲਾ ਦਿਤਾ। ਇਹ ਕਰਾਮਾਤ ਹੀ ਵਾਪਰੀ ਕਿ ਮੇਰੇ ਭਰਾ ਸ. ਸੇਵਾ ਸਿੰਘ ਨੂੰ ਇਡੋਨੇਸ਼ੀਆ ਨੇ ਤਾਂ ਵੀਜ਼ਾ ਦੇਣ ਤੋਂ ਨਾਂਹ ਕਰ ਦਿਤੀ ਪਰ ਆਸਟ੍ਰੇਲੀਆ ਤੇ ਨਿਊ ਜ਼ੀਲੈਂਡ ਵਾਲ਼ਿਆਂ ਨੇ ਵੀਜ਼ੇ ਦੇ ਦਿਤੇ।
ਅਖੀਰ ਸਿੰਘਾਪੁਰੋਂ ਫ਼ਰਾਂਸ ਦੀ ਯੂਨਾਈਟਡ ਏਅਰ ਲਾਈਨ ਰਾਹੀਂ, ਫ਼੍ਰਾਸੀਸੀ ਇਲਾਕਾ ਨੌਮੀਆਂ ਤੋਂ ਹੁੰਦੇ ਹੋਏ ਅਸੀਂ ਦੋਵੇਂ ਭਰਾ, 25 ਅਕਤੂਬਰ 1979 ਦੀ ਸ਼ਾਮ ਨੂੰ ਸਿਡਨੀ ਆ ਉਤਰੇ। ਹਵਾਈ ਅੱਡੇ ਦੇ ਇਨਫ਼ਰਮੇਸ਼ਨ ਡੈਸਕ ਤੋਂ ਯੂਥ ਸੈਂਟਰ ਦਾ ਪਤਾ ਪੁੱਛ ਕੇ, ਬੱਸ ਫੜ ਕੇ ਓਥੇ ਜਾ ਡੇਰਾ ਲਾਇਆ। ਉਹ ਅਲੈਜ਼ਬੈਥ ਬੇ, ਕਿੰਗ ਕਰਾਸ ਦੇ ਨੇੜੇ ਸਥਾਨ ਸੀ। ਦੋ ਕੁ ਰਾਤਾਂ ਏਥੇ ਰਹਿਣਾ ਪਿਆ। ਫੇਰ ਓਥੋਂ ਸਿੰਘ ਸਭਾ ਦੇ ਸਕੱਤਰ ਸ. ਚਰਨ ਸਿੰਘ ਕੂੰਨਰ ਹੋਰਾਂ ਦੇ ਭੇਜੇ ਹੋਏ, ਸਿੰਘ ਸਭਾ ਦੇ ਖ਼ਜਾਨਚੀ ਸ. ਬਾਵਾ ਸਿੰਘ ਜਗਦੇਵ ਜੀ, ਸਾਨੂੰ ਚੁੱਕ ਕੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰੀਵਜ਼ਬੀ ਲੈ ਗਏ। ਏਥੇ ਨਿਰੰਕਾਰੀ ਗੁਰਪੁਰਬ ਸਮੇ ਅਖੰਡ ਪਾਠ ਤੇ ਦੀਵਾਨ ਵਿਚ ਹਾਜਰੀ ਭਰੀ। ਦੋ ਮਹੀਨੇ ਦਾ ਸਾਡੇ ਪਾਸ ਵਿਜ਼ਟਰ ਵੀਜ਼ਾ ਸੀ। ਦੋ ਮਹੀਨੇ ਪਿਛੋਂ ਮੇਰਾ ਭਰਾ ਤੇ ਅੱਗੇ ਨਿਊ ਜ਼ੀਲੈਂਡ ਨੂੰ ਤੁਰ ਗਿਆ ਤੇ ਮੇਰੇ ਲਈ ਗੁਰੂ ਨਾਨਕ ਫ਼ਾਊਂਡੇਸ਼ਨ ਵਾਲ਼ਿਆਂ ਨੇ ਪੱਕੇ ਵੀਜ਼ੇ ਲਈ ਅਪਲਾਈ ਕਰ ਦਿਤਾ।
ਇਸ ਤਰ੍ਹਾਂ ਪੰਜ ਮਹੀਨੇ ਹੋਰ ਕੁੱਲ ਸੱਤ ਮਹੀਨੇ ਮੈਨੂੰ ਬਿਨਾ ਕਿਸੇ ਕੰਮ ਦੇ ਏਥੇ ਵੇਹਲੇ ਹੀ ਰਹਿਣਾ ਪਿਆ ਜਿਸ ਕਰਕੇ ਮੇਰਾ ਮਨ ਏਥੋਂ ਉਪ੍ਰਾਮ ਹੋ ਗਿਆ। ਫਿਰ ਇਸ ਸਮੇ ਦੌਰਾਨ ਦੋ ਅੰਗ੍ਰੇਜ਼ੀ ਦੀਆਂ ਕਿਤਾਬਾਂ ਨੇ ਮੇਰੀ ਇਸ ਉਪਰਾਮਤਾ ਵਿਚ ਹੋਰ ਵੀ ਵਾਧਾ ਕਰ ਦਿਤਾ। ਉਹ ਦੋ ਕਿਤਾਬਾਂ ਸਨ ਇਕ ’ਦ ਰੂਟਸ’ ਅਤੇ ਦੂਜੀ ’ਦ ਆਸਟ੍ਰੇਲੀਅਨ ਐਟ ਰਿਸਕ’। ’ਦ ਰੂਟਸ’ ਇਕ ਅਫ਼੍ਰੀਕਨ ਮੂਲ ਦੇ ਅਮ੍ਰੀਕਨ ਦਾ ਲਿਖਿਆ ਹੋਇਆ ਜਗਤ ਪ੍ਰਸਿਧ ਨਾਵਲ ਹੈ ਜਿਸ ਵਿਚ ਅਮ੍ਰੀਕਾ ਵਿਚ ਰਹਿਣ ਵਾਲ਼ੇ ਕਾਲ਼ੇ ਗ਼ੁਲਾਮਾਂ ਦੀ ਹਾਲਤ ਦਾ ਵਰਨਣ ਹੈ। ਦੂਜੀ ਕਿਤਾਬ ’ਦਾ ਆਸਟ੍ਰੇਲੀਅਨ ਐਟ ਰਿਸਕ’ ਆਸਟ੍ਰੇਲੀਆ ਦੀ ਇਕ ਸਟੇਟ ਕਵੀਨਜ਼ਲੈਂਡ ਦੀ ਸਰਕਾਰ ਵੱਲੋਂ ਸਥਾਪਤ ਕਮਿਸ਼ਨ ਦੀ ਰੀਪੋਰਟ ਹੈ। ਇਸ ਵਿਚ ਆਸਟ੍ਰੇਲੀਅਨ ਲੋਕਾਂ ਦੇ ਵੱਖ ਵੱਖ ਸਮੂਹਾਂ ਦਾ ਹਨੇਰਾ ਪੱਖ ਦੱਸਿਆ ਹੋਇਆ ਹੈ। ਇਸ ਲਈ ਮੈ 30 ਮਈ 1980 ਨੂੰ ਬਿਨਾ ਵੀਜ਼ੇ ਤੇ ਅੱਗੇ ਕਿਸੇ ਮੁਲ਼ਕ ਦੀ ਟਿਕਟ ਦੇ, ਸਿਡਨੀ ਤੋਂ ਨਿਊ ਜ਼ੀਲੈਂਡ ਨੂੰ ਉਡਾਰੀ ਮਾਰ ਗਿਆ। ਇਹ ਯਾਤਰਾ ਨਿਊ ਜ਼ੀਲੈਂਡ ਦੇ ਵੀਜ਼ੇ ਤੋਂ ਬਿਨਾ ਹੀ ਕਰਨੀ ਪਈ। ਦੋ ਵਾਰ ਪਹਿਲਾਂ ਵੀਜ਼ਾ ਨਿਊ ਜ਼ੀਲੈਂਡ ਦਾ ਪ੍ਰਾਪਤ ਕੀਤਾ ਸੀ ਪਰ ਉਹ ਦੋਵੇਂ ਵਾਰ ਆਪਣੀ ਮਿਆਦ ਪੁਗਾ ਚੁੱਕਾ ਸੀ। ਤੀਜੀ ਵਾਰ ਸਿਡਨੀ ਵਿਖੇ ਉਹਨਾਂ ਦੇ ਕੌਂਸੂਲੇਟ ਵਿਚਲੀ ਵੀਜ਼ੇ ਦੀ ਇਨਚਾਰਜ ਬੀਬੀ ਨੇ ਵੀਜ਼ਾ ਦੇਣ ਤੋਂ ਨਾਂਹ ਕਰ ਦਿਤੀ। ਓਦੋਂ ਮੈ ਹੁਣ ਨਾਲ਼ੋਂ ਦਲੇਰ ਹੁੰਦਾ ਸਾਂ। ਉਸ ਦੇ ਦਫ਼ਤਰ ਵਿਚ ਹੀ ਉਸ ਵੱਲ ਉਂਗਲ਼ ਕਰਕੇ, ਉਹਨੂੰ ਕੁਝ ਇਸ ਤਰ੍ਹਾਂ, “ਭਲਕੇ ਮੈ ਔਕਲੈਂਡ ਜਾ ਰਿਹਾ ਹਾਂ ਅਤੇ ਇਕ ਹਫ਼ਤਾ ਓਥੇ ਰੁਕਾਂਗਾ। ਵੇਖਦਾ ਹਾਂ ਮੈਨੂੰ ਕੌਣ ਰੋਕਦਾ ਹੈ!” ਆਖਦਾ ਹੋਇਆ, ਉਸ ਦੇ ਦਫ਼ਤਰੋਂ ਬਾਹਰ ਆ ਗਿਆ। ਉਹ ਵਿਚਾਰੀ ਹੈਰਾਨੀ ਨਾਲ਼ ਮੇਰੇ ਵੱਲ ਵੇਖਦੀ ਹੀ ਰਹਿ ਗਈ। ਨੇੜੇ ਹੀ ਕਾਂਟਾਜ਼ ਏਅਰ ਲਾਈਨ ਦਾ ਦਫ਼ਤਰ ਸੀ। ਓਥੇ ਜਾ ਕੇ ਕਾਊਂਟਰ ਵਾਲੀ ਬੀਬੀ ਨੂੰ ‘ਟਿਮ’ ਨਾਮੀ ਕਿਤਾਬ ਖੋਹਲ ਕੇ, ਇੰਡੀਅਨ ਸਿਟੀਜ਼ਨ ਲਈ ਨਿਊ ਜ਼ੀਲੈਂਡ ਦਾ ਇਮੀਗ੍ਰੇਸ਼ਨ ਕਾਨੂੰਨ ਵੇਖਣ ਲਈ ਆਖਿਆ। ਮੇਰੇ ਇਸ ਸਵਾਲ ਕਿ ਮੈ ਓਥੇ ਵੀਜ਼ੇ ਬਿਨਾ ਕਿੰਨੇ ਘੰਟੇ ਰੁਕ ਸਕਦਾ ਹਾਂ ਦੇ ਜਵਾਬ ਵਿਚ ਕਿਤਾਬ ਵੇਖ ਕੇ ਉਸ ਨੇ ਜਦੋਂ 48 ਘੰਟੇ ਆਖਿਆ ਤਾਂ ਮੈ ਇਕ ਰਾਤ ਦੀ ਰੁਕਾਵਟ ਪਾ ਕੇ ਅੱਗੇ ਦੀ ਨੰਦੀ (ਫਿਜੀ) ਵਾਸਤੇ ਸੀਟ ਬੁੱਕ ਕਰਵਾ ਕੇ ਔਕਲੈਂਡ ਜਾ ਉਤਰਿਆ। ਸਿਡਨੀ ਹਵਾਈ ਅੱਡੇ ਤੇ ਇਕ ਦਿਲਚਸਪ ਘਟਨਾ ਘਟੀ। ਮੈ ਆਪਣੇ ਪਾਸ ਪੋਰਟ ਤੇ ਏਥੋਂ ਨਿਕਲ਼ਨ ਵਾਲ਼ੀ ਇਮੀਗ੍ਰੇਸ਼ਨ ਵੱਲੋਂ ਲੱਗੀ ਮੋਹਰ ਵੇਖੀ ਤਾਂ ਉਸ ਦੇ ਸ਼ਬਦ ਦੲਪੳਰਟੲਦ ਵਿਚਲਾ ੳ ਚੰਗੀ ਤਰ੍ਹਾਂ ਨਾ ਪੜ੍ਹਿਆ ਜਾਣ ਕਰਕੇ ਮੈਨੂੰ ਭੁਲੇਖਾ ਲੱਗ ਗਿਆ ਕਿ ਇਹ ਕਿਤੇ ਡੀਪਾਰਟਡ ਧੲਪੳਰਟੲਦ ਨਾ ਹੋ ਕੇ ਡੀਪੋਰਟਡ ਧੲਪੋਰਟੲਦ ਨਾ ਲੱਗਾ ਹੋਵੇ! ਮੈ ਤਸੱਲੀ ਲਈ ਵਾਪਸ ਜਾ ਕੇ ਸਬੰਧਤ ਅਫ਼ਸਰ ਪਾਸੋਂ ਜਦੋਂ ਪੁਛਿਆ ਤਾਂ ਉਸ ਨੇ ਹੱਸ ਕੇ ਆਖਿਆ ਕਿ ਨਹੀ ਇਹ ਡੀਪਾਰਟਡ ਧੲਪੳਰਟੲਦ ਹੀ ਹੈ; ਡੀਪੋਰਟਡ ਧੲਪੋਰਟੲਦ ਨਹੀ। ਜਦੋਂ ਉਸ ਦੇ ਦੂਜੇ ਸਾਥੀਆਂ ਨੂੰ ਪਤਾ ਲੱਗਾ ਤਾਂ ਉਹ ਵੀ ਹੱਸ ਪਏ। ਮੈਨੂੰ ਸ਼ੱਕ ਦੋ ਗੱਲਾਂ ਕਰਕੇ ਪਿਆ। ਇਕ ਤਾਂ ਮੈ ਦੋ ਮਹੀਨੇ ਦੇ ਵੀਜ਼ੇ ਦੀ ਬਜਾਇ, ਸੱਤ ਮਹੀਨੇ ਰਹਿ ਲਿਆ ਸੀ ਤੇ ਇਸ ਦਾ ਜ਼ਿਕਰ ਮੇਰੇ ਪਾਸਪੋਰਟ ਉਪਰ ਨਹੀ ਸੀ ਕਿ ਮੈ ਏਥੇ ਗ਼ੈਰ ਕਾਨੂੰਨੀ ਨਹੀ ਹਾਂ ਤੇ ਦੂਜਾ ੳ ਅੱਖਰ ਕੁਝ ਘਸਿਆ ਜਿਹਾ ਹੋਣ ਕਰਕੇ ੋ ਭੁਲੇਖਾ ਪਾਉਂਦਾ ਸੀ।
ਖ਼ੈਰ, ਸਿਡਨੀ ਤੋਂ ਔਕਲੈਂਡ ਲਈ 30 ਮਈ ਨੂੰ ਜਹਾਜੇ ਚੜ੍ਹ ਗਿਆ। ਓਥੇ ਦੇ ਇਮੀਗ੍ਰੇਸ਼ਨ ਵਾਲ਼ਿਆਂ ਨੇ ਜਦੋਂ ਮੈਨੂੰ ਵੀਜ਼ਾ ਨਾ ਹੋਣ ਬਾਰੇ ਸਵਾਲ ਕੀਤਾ ਤਾਂ ਮੈ ਆਖਿਆ ਕਿ ਭਲਕੇ ਮੈ ਅੱਗੇ ਤੁਰ ਜਾਣਾ ਹੈ। ਇਸ ਲਈ ਵੀਜ਼ੇ ਦੀ ਕੋਈ ਲੋੜ ਨਹੀ। ਦੋ ਚਾਰ ਦਿਨ ਪਿਛੋਂ ਜਦੋਂ ਮੈ ਹਵਾਈ ਅੱਡੇ ਉਪਰ ਅੱਗੇ ਫਿਜੀ ਜਾਣ ਲਈ ਗਿਆ ਤਾਂ ਮੈਨੂੰ ਕੋਈ ਜਹਾਜ ਨਾ ਚੁੱਕੇ। ਭੁਲੇਖੇ ਵਿਚ ਇਕ ਜਹਾਜ ਵਾਲ਼ਿਆਂ ਨੇ ਮੇਰਾ ਸਾਮਾਨ ਅੰਦਰ ਭੇਜ ਦਿਤਾ ਪਰ ਜਦੋਂ ਉਹਨਾਂ ਨੇ ਵੇਖਿਆ ਕਿ ਮੇਰੇ ਪਾਸ ਅੱਗੇ ਦੀ ਕੋਈ ਟਿਕਟ ਨਹੀ ਤੇ ਨਾ ਹੀ ਕਿਸੇ ਮੁਲਕ ਦਾ ਵੀਜ਼ਾ ਹੈ, ਤਾਂ ਉਹਨਾਂ ਫੌਰਨ ਮੇਰਾ ਸਾਮਾਨ ਵਾਪਸ ਮੰਗਵਾ ਕੇ ਮੈਨੂੰ ਠੁੱਠ ਵਿਖਾ ਦਿਤਾ। ਇਸ ਲਈ ਮੈਨੂੰ ਓਥੇ ਦਸ ਦਿਨ ਤੱਕ ਰੁਕਣਾ ਪੈ ਗਿਆ। ਪਹਿਲਾਂ ਮੇਰਾ ਵਿਚਾਰ ਦੋ ਚਾਰ ਦਿਨ ਰੁਕਣ ਦਾ ਹੀ ਸੀ।
ਕਾਰਨ ਇਹ ਸੀ ਕਿ ਜਦੋਂ ਤੱਕ ਓਥੋਂ ਦੀ ਸਵਾਰੀ ਕੋਲ਼ ਟਿਕਟ ਨਾ ਹੋਵੇ ਜਿਸ ਮੁਲਕ ਦਾ ਉਹ ਵਨਸੀਕ ਹੈ, ਜਹਾਜ ਵਾਲ਼ੇ ਨਹੀ ਚੁੱਕਦੇ। ਜੇਕਰ ਉਹ ਅਜਿਹੀ ਗ਼ਲਤੀ ਕਰ ਲੈਣ ਤਾਂ ਜੇਕਰ ਅਗਲਾ ਮੁਲਕ ਉਸ ਨੂੰ ਆਪਣੇ ਦੇਸ਼ ਵਿਚ ਨਾ ਵੜਨ ਦੇਵੇ ਤਾਂ ਹਵਾਈ ਜਹਾਜ ਵਾਲ਼ਿਆਂ ਨੂੰ, ਉਸ ਸਵਾਰੀ ਨੂੰ ਆਪਣੇ ਖ਼ਰਚ ਤੇ, ਜਿਥੋਂ ਲਿਆਂਦੀ ਹੈ ਓਥੇ ਵਾਪਸ ਲਿਜਾਣਾ ਪੈਂਦਾ ਹੈ। ਇਹ ਜਾਣਕਾਰੀ ਭਾਵੇਂ ਮੇਰੇ ਮਿੱਤਰ ਲੰਡਨ ਵਾਸੀ, ਪ੍ਰਸਿਧ ਰਾਗੀ ਭਾਈ ਭਗਵੰਤ ਸਿੰਘ ਜੀ ਨੇ, 1977 ਵਿਚ ਲੰਡਨ ਵਿਖੇ ਮੈਨੂੰ ਦਿਤੀ ਸੀ ਪਰ ਮੈ ਇਸ ਤੇ ਯਕੀਨ ਨਹੀ ਸੀ ਕੀਤਾ ਕਿਉਂਕਿ ਮੈ ਤਾਂ ਸਦਾ ਹੀ ਅਜਿਹੀ ਲਾਪਰਵਾਹੀ ਨਾਲ਼ ਸਾਰੀ ਦੁਨੀਆ ਤੇ ਤੁਰਿਆ ਫਿਰਦਾ ਸਾਂ ਤੇ ਕਦੀ ਕਿਤੇ ਇਸ ਕਾਰਨ ਮੈਨੂੰ ਰੁਕਾਵਟ ਨਹੀ ਸੀ ਪਈ। ਇਸ ਲਈ ਮੈ ਉਹਨਾਂ ਦੀ ਗੱਲ ਕਿਵੇਂ ਮੰਨ ਲੈਂਦਾ! ਹੁਣ ਵੀ ਮੇਰਾ ਏਹੋ ਹਾਲ ਹੈ। ਫਿਰ 1980 ਦੇ ਜੂਨ ਮਹੀਨੇ ਸਮੇ ਨਿਊ ਜ਼ੀਲੈਂਡ ਵਿਚ ਆ ਕੇ ਉਹਨਾਂ ਦੀ ਗੱਲ ਦੀ ਅਸਲੀਅਤ ਦਾ ਪਤਾ ਲੱਗਾ। ਠੀਕ ਹੀ ਸਿਆਣੇ ਆਖਦੇ ਨੇ , “ਔਲ਼ੇ ਦਾ ਖਾਧਾ ਤੇ ਸਿਆਣੇ ਦਾ ਆਖਿਆ ਬਾਅਦ ਵਿਚ ਸਵਾਦ ਦਿੰਦਾ ਹੈ।“
ਅਖੀਰ ਇਕ ਪੰਜਾਬੀ ਟ੍ਰੈਵਲ ਏਜੰਟ ਮਿਸਟਰ ਬਜਾਜ ਦੀ ਪ੍ਰੋਫ਼ੈਸਨਲ ਯੋਗਤਾ ਦਾ ਸਦਕਾ ਮੈਨੂੰ ਜਹਾਜ ਨੇ ਫਿਜੀ ਲਈ ਚੁੱਕ ਹੀ ਲਿਆ। ਉਸ ਨੇ ਮੇਰੇ ਲਈ ਨਵੀ ਟਿਕਟ, ਮੇਰੀ ਪਹਿਲੀ ਟਿਕਟ ਨੂੰ ਵਿਚ ਲੈ ਕੇ ਇਸ ਤਰ੍ਹਾਂ ਬਣਾ ਦਿਤੀ: ਔਕਲੈਂਡ ਤੋਂ ਨੰਦੀ, ਨੰਦੀ ਤੋਂ ਸਿਆਟਲ ਤੇ ਸਿਆਟਲ ਤੋਂ ਵੈਨਕੂਵਰ। ਨਾਲ਼ ਆਖਿਆ ਕਿ ਮੈ ਸਿਆਟਲ ਤੋਂ ਜਹਾਜ ਦੀ ਬਜਾਇ ਬੱਸ ਰਾਹੀਂ ਵੈਨਕੂਬਰ ਚਲਿਆ ਜਾਵਾਂ। ਇਸ ਬਾਰੇ ਮੈ ਉਸ ਨੂੰ ਆਖਿਆ ਕਿ ਉਹ ਕੋਈ ਫਿਕਰ ਨਾ ਕਰੇ। ਮੈ ਉਸ ਪਾਸੇ ਪਹਿਲਾਂ ਹੀ ਬੱਸਾਂ ਰਾਹੀਂ ਵਿਚਰਦਾ ਰਿਹਾ ਹਾਂ। ਇਸ ਸਾਰੇ ਕੁਝ ਦੇ ਉਸ ਨੇ 525 ਡਾਲਰ ਲਏ। ਖ਼ੈਰ, ਰੱਬ ਰੱਬ ਕਰਕੇ ਮੈ ਔਕਲੈਂਡ ਤੋਂ, ਦਸ ਦਿਨ ਪਿਛੋਂ, 8 ਜੂਨ ਨੂੰ, ਫਿਜੀ ਲਈ ਜਹਾਜ ਤੇ ਬੈਠ ਗਿਆ। ਜਦੋਂ ਜਹਾਜ ਨੇ ਔਕਲੈਂਡ ਅੱਡੇ ਤੋਂ ਉਡ ਕੇ, ਆਸਮਾਨ ਵਿਚ ਮਛਲੀ ਤਾਰੀ ਲਾਉਣੀ ਸ਼ੁਰੂ ਕਰ ਦਿਤੀ ਤਾਂ ਮੈਨੂੰ ਖ਼ਿਆਲ ਆਇਆ ਕਿ ਮੇਰਾ ਉਹ ਸੁਪਨਾ, ਜੋ ਮੈਨੂੰ ਅਪ੍ਰੈਲ 1979 ਵਿਚ ਅੰਮ੍ਰਿਤਸਰ ਵਿਚ ਆਇਆ ਸੀ, ਝੂਠਾ ਹੋ ਗਿਆ; ਅਰਥਾਤ ਮੈ ਇਹਨਾਂ ਦੋਹਾਂ ਦੱਖਣੀ ਮੁਲਕਾਂ ਵਿਚ ਨਹੀ ਰਿਹਾ ਤੇ ਹੁਣ ਅੱਗੇ ਤੋਂ ਮੈਨੂੰ ਕਦੀ ਵੀ ਆਸਟ੍ਰੇਲੀਆ ਤੇ ਨਿਊ ਜ਼ੀਲੈਂਡ ਦੇ ਵਿਜ਼ਟਰ ਵੀਜ਼ੇ ਵੀ ਨਹੀ ਮਿਲ਼ਨਗੇ ਕਿਉਂਕਿ ਮੈ ਦੋਹਾਂ ਮੁਲਕਾਂ ਦੇ ਇਮੀਗ੍ਰੇਸ਼ਨ ਕਰਮਚਾਰੀਆਂ ਨਾਲ਼ ਕੀਤੇ ਇਕਰਾਰ ਨਿਭਾਏ ਨਹੀ ਅਤੇ ਦਿਤੇ ਗਏ ਸਮੇ ਤੋਂ ਵਧ ਸਮਾ ਇਹਨਾਂ ਮੁਲਕਾਂ ਵਿਚ ਠਹਿਰ ਗਿਆ ਸਾਂ। ਆਸਟ੍ਰੇਲੀਆ ਵਿਚ ਦੋ ਮਹੀਨੇ ਦੀ ਬਜਾਇ ਸੱਤ ਮਹੀਨੇ ਤੇ ਨਿਊ ਜ਼ੀਲੈਂਡ ਵਿਚ ਇਕ ਰਾਤ ਦੀ ਬਜਾਇ ਦਸ ਦਿਨ ਰਿਹਾ।
ਓਥੋਂ ਤਿੰਨ ਹਫ਼ਤਿਆਂ ਪਿਛੋਂ ਫੇਰ ਦੋ ਹਫ਼ਤਿਆਂ ਦਾ ਵਿਜ਼ਟਰ ਵੀਜ਼ਾ ਲੈ ਕੇ ਵਾਪਸ ਸਿਡਨੀ ਆ ਗਿਆ। ਫਾਰਮ ਭਰਦਿਆਂ ਏਧਰੋਂ ਓਧਰੋਂ ਕਾਗਜ਼ ਪੂਰੇ ਕਰਦਿਆਂ ਸੱਤ ਕੁ ਮਹੀਨੇ ਦਾ ਸਮਾ ਹੋਰ ਵੇਹਲੇ ਰਹਿਣਾ ਪਿਆ; ਜਿਸ ਵੇਹਲ ਤੋਂ ਉਕਤਾ ਕੇ ਮੈ ਆਸਟ੍ਰੇਲੀਆ ਤਿਆਗਿਆ ਸੀ। ਅਖੀਰ, “ਕੁਫ਼ਰ ਟੂਟਾ ਖ਼ੁਦਾ ਖ਼ੁਦਾ ਕਰਕੇ।“ ਅਨੁਸਾਰ 19 ਦਸੰਬਰ 1980 ਨੂੰ ਮੇਰੇ ਅੱਠ ਖੂੰਜੀ ਪੱਕੀ ਮੋਹਰ ਲੱਗ ਗਈ ਪਰ ਕੁਝ ਸ਼ਰਤਾਂ ਸਮੇਤ। ਇਹ ਵੀ ਤਾਂ ਲੱਗੀ ਜਦੋਂ ਮੈ ਉਹਨਾਂ ਦੇ ਦਫ਼ਤਰ ਜਾ ਕੇ ਗੁੱਸੇ ਨਾਲ਼ ਆਖਿਆ ਕਿ ਮੈਨੂੰ ਨਹੀ ਤੁਹਾਡੀ ਇਮੀਗ੍ਰੇਸ਼ਨ ਚਾਹੀਦੀ। ਮੇਰਾ ਪਾਸਪੋਰਟ ਦੇ ਦਿਓ; ਮੈ ਵਾਪਸ ਚਲੇ ਜਾਣਾ ਹੈ। ਮੇਰੀ ਦਾਦੀ ਮਾਂ ਬੀਮਾਰ ਹੈ। ਅਫ਼ਸਰ ਵਿਚਾਰਾ ਭਲਾ ਲੋਕ ਸੀ। ਉਹ ਅੰਦਰ ਗਿਆ ਤੇ ਕੁਝ ਮਿੰਟਾਂ ਬਾਅਦ ਮੋਹਰ ਲੱਗਾ ਪਾਸਪੋਰਟ ਮੇਰੇ ਹੱਥ ਫੜਾਉਂਦਾ ਹੋਇਆ ਵਧਾਈ ਦੇ ਕੇ ਆਖਣ ਲੱਗਾ, “ਪਰ ਇਹ ਮੋਹਰ ਲਾਗੂ 30 ਜਨਵਰੀ 1981 ਤੋਂ ਹੀ ਸਮਝੀ ਜਾਵੇਗੀ; ਲਾ ਭਾਵੇਂ ਮੈ ਹੁਣ ਦਿਤੀ ਹੈ।“
ਫਿਰ ਗੁਜ਼ਾਰੇ ਲਈ ਨੌਕਰੀ ਲਭਣ ਤੁਰਿਆ। “ਵੇਲ਼ੇ ਦਾ ਰਾਗ ਤੇ ਕੁਵੇਲ਼ੇ ਦੀਆਂ ਟੱਕਰਾਂ।“ ਅਨੁਸਾਰ ਆਪਣੇ ਦਾਇਰੇ ਤੋਂ ਬਾਹਰ ਕੰਮ ਲਭਣਾ ਬੜਾ ਮੁਸ਼ਕਲ ਹੋਇਆ। ਠੀਕ ਹੈ, “ਤਾਲੋਂ ਘੁੱਥੀ ਡੂਮਣੀ ਗਾਵੇ ਆਲ ਬੇਤਾਲ।“ ਵਾਲ਼ੀ ਹੀ ਮੇਰੇ ਨਾਲ਼ ਹੋਈ। ਏਧਰ ਓਧਰ ਕਈ ਥਾਵਾਂ ਤੇ ਝਖਾਂ ਮਾਰੀਆਂ। ਕਦੀ ਕਿਸੇ ਫ਼ੈਕਟਰੀ ਵਿਚ ਤੇ ਕਦੀ ਕਿਸੇ ਹੋਰ ਫ਼ੈਕਟਰੀ ਵਿਚ। ਦੋ ਵਾਰੀਂ ਡਾਕਖਾਨੇ ਵਿਚ, ਬੱਸ ਕੰਡਕਟਰੀ, ਰੇਲਵੇ ਵਿਚ। 28 ਮਾਰਚ 1981 ਨੂੰ ਚਾਰ ਮੈਬਰੀ ਪਰਵਾਰ ਵੀ ਏਥੇ ਆ ਗਿਆ। ਛੇ ਕੁ ਸਾਲ ਦਾ ਪੁੱਤਰ ਸੰਦੀਪ ਤੇ ਚਾਰ ਕੁ ਸਾਲ ਦੀ ਬੱਚੀ ਰਵੀਨ ਤੇ ਦਸ ਕੁ ਮਹੀਨਿਆਂ ਦੀ ਦੂਜੀ ਬੱਚੀ ਕੁਲਬੀਰ ਏਥੇ ਆ ਪਹੁੰਚੇ। ਫਿਰ ਇਹਨਾਂ ਵਾਸਤੇ ਰੈਣ ਬਸੇਰੇ ਹਿਤ ਸਿਰ ਦੀ ਛੱਤ ਦਾ ਪ੍ਰਬੰਧ ਕਰਨ ਦਾ ਫਿਕਰ ਲੱਗਾ। ਚੌਥਾ ਬੱਚਾ ਗੁਰਬਾਲ, ਜੂਨ 1983 ਵਿਚ ਏਥੇ ਪੈਦਾ ਹੋਇਆ ਸੀ। ਕੁਝ ਪੈਸੇ ਮੈ 1977 ਤੋਂ ਟਰੈਵਲ ਚੈਕਾਂ ਦੇ ਰੂਪ ਵਿਚ ਪੱਲੇ ਬੰਨ੍ਹੀ ਫਿਰਦਾ ਸਾਂ, ਜਿਨ੍ਹਾਂ ਦੇ ਹਾਥੀ ਦੇ ਬਾਹਰਲੇ ਸੋਹਣੇ ਦੰਦਾਂ ਵਾਂਗ ਵਿਖਾਵੇ ਨਾਲ਼, ਮੈਨੂੰ ਹਰੇਕ ਮੁਲਕ ਦਾ ਵੀਜ਼ਾ ਮਿਲ਼ ਜਾਂਦਾ ਸੀ। ਕੁਝ ਹੋਰ ਏਥੇ ਮਜ਼ਦੂਰੀ ਵਿਚੋਂ ਬਚਾਏ ਸਨ। 30000 ਸਰਕਾਰੋਂ ਕਰਜ਼ਾ ਮਿਲ਼ ਗਿਆ। ਇਸ ਤਰ੍ਹਾਂ ਉਸ ਸਮੇ ਪੰਜਾਹ ਕੁ ਹਜ਼ਾਰ ਦਾ ਘਰ ਖ਼ਰੀਦ ਕੇ ਇਸ ਵਿਚ ਝੰਡੇ ਬੁੰਗੇ ਗੱਡ ਲਏ। ਟੱਬਰੀ ਦੇ ਸਿਰ ਤੇ ਛੱਤ ਦਾ ਸਾਇਆ ਮਿਲ਼ ਜਾਣ ਕਰਕੇ ਏਧਰੋਂ ਬੇਫਿਕਰ ਹੋ ਗਿਆ। ਕਰਜ਼ਾ ਆਪੇ ਕਿਸ਼ਤਾਂ ਵਿਚ ਲਹਿੰਦਾ ਰਹੇਗਾ ਸੋਚ ਲਿਆ। ਭਾਵੇਂ ਕਿ ਪਹਿਲੀ ਵਾਰ ਬਿਆਜ਼ੀ ਕਰਜ਼ਾ ਬੈਂਕ ਤੋਂ ਲੈਣ ਕਰਕੇ ਤੇ ਉਸ ਨੂੰ ਭਾਰਤੀ ਕਰੰਸੀ ਵਿਚ ਦਸ ਗੁਣਾਂ ਵਾਲ਼ੀ ਸੋਚ ਹੋਣ ਕਰਕੇ, ਇਸ ਦਾ ਫਿਕਰ ਤਾਂ ਸੀ ਪਰ ਇਸ ਤੋਂ ਬਿਨਾ ਹੋਰ ਚਾਰਾ ਕੋਈ ਨਹੀ ਸੀ।
9 ਨਵੰਬਰ 1981 ਦਾ ਦਿਨ ਮੇਰੇ ਸੰਸਾਰਕ ਤੇ ਪਰਵਾਰਕ ਜੀਵਨ ਲਈ ਖਾਸ ਹੋ ਨਿੱਬੜਿਆ। ਇਕ ਤਾਂ ਇਸ ਦਿਨ ਮੈਨੂੰ ਸਿੱਖ ਸੰਸਾਰ ਤੋਂ ਬਾਹਰ ਜਾ ਕੇ ਬਿਲਕੁਲ ਆਪਣੇ ਪਿਛੋਕੜ, ਵਿਦਿਆ, ਤਜੱਰਬਾ ਆਦਿ ਤੋਂ ਵੱਖਰੀ ਨੌਕਰੀ ’ਵੈਸਟਪੈਕ’ ਬੈਂਕ ਵਿਚ ਮਿਲ਼ ਗਈ। ਓਦੋਂ ਇਸ ਦਾ ਨਾਂ ’ਬੈਂਕ ਆਫ਼ ਵੇਲਜ਼’ ਹੁੰਦਾ ਸੀ। ਇਹ ਮੇਰੇ ਪੈਰ ਹੇਠ ਬਟੇਰਾ ਆਉਣ ਵਾਂਗ ਹੀ ਸੀ। ਏਸੇ ਦਿਨ ਹੀ ਜੀਵਨ ਵਿਚ ਮੈ ਸਭ ਤੋਂ ਪਹਿਲਾਂ ਤੇ ਹੁਣ ਤੱਕ ਆਖਰੀ ਘਰ ਖ਼ਰੀਦਿਆ। ਉਹ ਵੀ ਆਸਟ੍ਰੇਲੀਆ ਦੇ ਸਭ ਤੋਂ ਮਹਿੰਗੇ ਸ਼ਹਿਰ ਸਿਡਨੀ ਵਿਚ। ਅਜਿਹਾ ਕੁਝ ਹੋ ਜਾਣ ਦੀ ਮੇਰੇ ਵਾਸਤੇ ਕੋਈ ਸੋਚ ਅੰਦਰ ਆ ਸਕਣ ਵਾਲ਼ੀ ਗੱਲ ਵੀ ਨਹੀ ਸੀ। ਭਾਵੇਂ ਕਿ ਬੈਂਕ ਦੀ ਚੰਗੀ ਨੌਕਰੀ ਮਿਲ਼ ਗਈ ਪਰ ਮਨ ਕਿਤੇ ਵੀ ਨਾ ਟਿਕਿਆ। ਦੋ ਢਾਈ ਸਾਲ ਏਥੇ ਕੰਮ ਕੀਤਾ। ਇਸ ਨਾਲ਼ ਆਸਟ੍ਰੇਲੀਆ ਵਿਚ ਮੇਰੇ ਆਰਥਿਕ ਤੌਰ ਤੇ ਤਾਂ ਪੈਰ ਬਝ ਗਏ ਪਰ ਮਾਨਸਿਕ ਪੱਖੋਂ ਮੈ ਚਾਵਾਂ ਚੁਲ੍ਹਾ ਹੀ ਰਿਹਾ।। ਕਦੀ ਅੰਗ੍ਰੇਜ਼ੀ ਪੜ੍ਹਨ ਤੇ ਕੰਪਿਊਟਰ ਸਿੱਖਣ ਲਈ ਨੌਕਰੀਆਂ ਦਾ ’ਚੱਕਰ’ ਛੱਡ ਕੇ, ਕਦੀ ਕਿਸੇ ਯੂਨੀਵਰਸਿਟੀ ਤੇ ਕਦੀ ਕਿਸੇ ਕਾਲਜ ਵਿਚ ’ਪੜ੍ਹਨ’ ਲਈ ਜਾ ਬੈਠਦਾ। ਘਰ ਵਾਲ਼ੀ ਨੇ ਏਥੇ ਵਾਹਵਾ ਚਿਰ ਚੰਗੀ ਨੌਕਰੀ ਕਰ ਲਈ। ਹੌਲ਼ੀ ਹੌਲ਼ੀ ਮਕਾਨ ਦੀਆਂ ਕਿਸ਼ਤਾਂ ਵੀ ਉਤਰ ਗਈਆਂ ਅਤੇ ਬੱਚੇ ਵੀ ਹੁਸ਼ਿਆਰ ਹੋ ਕੇ ਨੌਕਰੀਆਂ ਤੇ ਲੱਗ ਗਏ। ਇਸ ਤਰ੍ਹਾਂ ਸਭ ਪਾਸੇ ਤੋਂ ਵੇਹਲੇ ਹੋ ਕੇ ਹੁਣ ਫਿਰ ਘੁਮੱਕੜਪੁਣਾ ਕਰਨਾ ਅਤੇ ਇਹ ਝਰੀਟਾਂ ਵਾਹੁਣੀਆਂ ਹੀ ਸ਼ੁਰੂ ਕੀਤੀਆਂ ਹੋਈਆਂ ਹਨ।
ਆਸਟ੍ਰੇਲੀਆ ਵਿਚ ਰਿਹਾਇਸ਼ ਦੇ ਸਮੇ ਦੌਰਾਨ ਹੀ ਸਾਢੇ ਕੁ ਛੇ ਸਾਲ, ਘਰੋਂ ਘਰ ਗਵਾ ਕੇ ਬਾਹਰੋਂ ਭੜੂਆ ਅਖਵਾਉਣ ਵਾਂਗ, ਪੰਜਾਬੀ ਤੇ ਅੰਗ੍ਰੇਜ਼ੀ ਦਾ ਪਰਚਾ ਵੀ ਚਲਾਇਆ। ਡੇਢ ਕੁ ਸਾਲ ਸਪਤਾਹਕ ਤੇ ਫਿਰ ਮਾਸਕ ਪਰ ਇਹ ਪੰਗਾ ਸਮੇ ਤੋਂ ਬਹੁਤ ਪਹਿਲਾਂ ਲੈ ਲੈਣ, ਵਸੀਲਿਆਂ ਦੀ ਪੂਰੀ ਦੀ ਪੂਰੀ ਥੁੜ ਅਤੇ ਇਸ ਪਾਸੇ ਦਾ ਕੋਈ ਗਿਆਨ ਨਾ ਹੋਣ ਕਰਕੇ, ਅੰਨ੍ਹੇ ਦੇ ਸੌਣ ਵਾਂਗ, ਇਹ ਵੀ ਚੁੱਪ ਹੀ ਹੋ ਗਿਆ।
ਚਾਰਾਂ ਵਿਚੋਂ ਤਿੰਨ ਬੱਚੇ ਵਿਆਹੇ ਹੋਏ, ਨੌਕਰੀਆਂ ਕਰਦੇ, ਆਪੋ ਆਪਣੇ ਘਰਾਂ ਤੇ ਪਰਵਾਰਾਂ ਵਿਚ, ਸਤਿਗੁਰਾਂ ਦੀ ਅਪਾਰ ਕਿਰਪਾ ਸਦਕਾ ਰਹਿ ਰਹੇ ਹਨ। ਚੌਥਾ ਬੱਚਾ ਗੁਰਬਾਲ ਸਿੰਘ ਯੂਨੀ ਤੋਂ ਡਿਗਰੀ ਕਰਕੇ, ਆਪਣੀ ਵਿੱਦਿਆ ਵਾਲੀ ਹੀ ਨੌਕਰੀ ਉਪਰ ਲੱਗਾ ਹੋਇਆ ਸੀ, ਸਭ ਕੁਝ ਛੱਡ ਕੇ ਲੰਡਨ ਜਾ ਬੈਠਾ ਸੀ ਪਰ ਹੁਣ ਵਾਪਸ ਆ ਗਿਆ ਹੈ। ਮੇਰੇ ਵਾਂਗ ਹੀ ਘੁਮੱਕੜ ਜਿਹੀ ਸੋਚ ਵਾਲਾ ਹੈ। ਜਿਵੇਂ ਰੱਬ ਨੂੰ ਮਨਜ਼ੂਰ! “ਜਿਉ ਜਿਉ ਤੇਰਾ ਹੁਕਮ ਤਿਵੈ ਤਿਵ ਹੋਵਣਾ॥” ਦੇ ਮਹਾਂਵਾਕ ਅਨੁਸਾਰ, ਉਸ ਦੇ ਹੁਕਮ ਦੇ ਅੰਦਰ ਰਹਿਣ ਦੇ ਯਤਨਾਂ ਵਿਚ ਹਾਂ।
ਉਪ੍ਰੋਕਤ ਤੋਂ ਇਲਾਵਾ ਦੋ ਛੋਟੇ ਭਰਾ, ਸ. ਦਲਬੀਰ ਸਿੰਘ ਅਤੇ ਸ. ਹਰਜੀਤ ਸਿੰਘ, ਵੀ ਆਪੋ ਆਪਣੇ ਪਰਵਾਰਾਂ ਸਮੇਤ ਏੇਥੇ ਵੱਸ ਰਹੇ ਹਨ। ਸਭਨਾਂ ਉਪਰ ਰੱਬ ਦੀ ਰਹਿਮਤ ਦਾ ਸਾਇਆ ਹੈ । ਉਸ ਦਾਤਾਰ ਦੇ ਚਰਨਾਂ ਵਿਚ ਬੇਨਤੀ ਹੈ ਕਿ ਉਹ ਬਾਕੀ ਸੰਸਾਰ ਦੇ ਜੀਆਂ ਵਾਂਗ ਇਹਨਾਂ ਸਾਰਿਆਂ ਦੇ ਸਿਰਾਂ ਉਪਰ ਵੀ ਆਪਣੀ ਮੇਹਰ ਦਾ ਹੱਥ ਰੱਖੇ!




ਨੀਤਸ਼ੇ ਦਾ ‘ਮਹਾਂ ਮਾਨਵ’.......... ਲੇਖ਼ / ਦਵਿੰਦਰ ਸੈਫੀ਼ (ਡਾ.)

(ਡਾ. ਦਵਿੰਦਰ ਸੈਫ਼ੀ ਅਜਿਹਾ ਨੌਜਵਾਨ ਸ਼ਾਇਰ, ਸੂਝਵਾਨ ਚਿੰਤਕ ਅਤੇ ਅਲੋਚਕ ਹੈ ਜਿਸਨੇ ਆਪਣੀ ਪ੍ਰਤਿਭਾ ਸਦਕਾ ਸਾਹਿਤਕ ਹਲਕਿਆਂ ਵਿਚ ਥੋੜ੍ਹੇ ਸਮੇਂ ਵਿਚ ਹੀ ਅਪਣੀ ਪਕੇਰੀ ਪਹਿਚਾਣ ਬਣਾ ਲਈ ਹੈ। ‘ਦੁਪਹਿਰ ਦਾ ਸਫ਼ਾ’ ਉਸਦਾ ਪਲੇਠਾ ਕਾਵਿ ਸੰਗ੍ਰਹਿ ਉਸਦੀ ੳਚੇਰੀ ਕਾਵਿ ਉਡਾਰੀ ਅਤੇ ਡੂੰਘੇਰੀ ਸਮਝ ਦਾ ਮਾਣਨਯੋਗ ਨਮੂਨਾ ਹੈ। ਫਰੈਡਰਿਕ ਨੀਤਸ਼ੇ ਦੀ ਫਿਲਾਸਫੀ ਨੂੰ ਡਾ. ਸੈਫੀ਼ ਨੇ ਆਪਣੀ ਸਿਰਜਣਾ ਸ਼ਕਤੀ ਨਾਲ਼ ‘ਮਹਾਂਮਾਨਵ’ ਪੁਸਤਕ ਵਜੋਂ ਤਿਆਰ ਕੀਤਾ ਹੈ।
ਜੋ ਜਲਦੀ ਹੀ ਪ੍ਰਕਾਸਿ਼ਤ ਹੋ ਕੇ ਆਪ ਸੱਭ ਦੇ ਸਾਹਮਣੇ ਆ ਰਹੀ ਹੈ।

ਫਰੈਡਰਿਕ ਨੀਤਸ਼ੇ ਜਰਮਨ ਦਾ ਪ੍ਰਸਿੱਧ ਫਿਲਾਸਫਰ ਹੋਇਆ ਹੈ। ਉਸਨੇ ‘ਮਹਾਂਮਾਨਵ’ ਦਾ ਸੰਕਲਪ ਦਿੱਤਾ। ਇਹ ਸੰਕਲਪ ਪੇਸ਼ ਕਰਨ ਲਈ ਉਸਨੇ ‘ਜ਼ਰਥੁਸਟਰ’ ਨਾਂ ਦਾ ਪਾਤਰ ਚੁਣਿਆ ਹੈ। ‘ਮਹਾਂਮਾਨਵ’ ਮਾਨਵ ਤੋਂ ਅਗਲਾ ਤੇ ਸਿਖਰਲਾ ਪੜਾਅ ਹੈ। ਜ਼ਰਥੁਸਟਰ ਰੱਬ, ਧਰਮ, ਰਾਜਨੀਤੀ, ਨਿਆਂ, ਨੀਤੀ, ਕਨੂੰਨ, ਵਿਆਹ, ਔਰਤ, ਬੱਚਿਆਂ,ਦੋਸਤੀਆਂ, ਦੁਸ਼ਮਣੀਆਂ ਆਦਿ ਬਾਰੇ ਕਮਾਲ ਦੀਆਂ ਗੱਲਾਂ ਕਰਦਾ ਹੈ। ਇਸ ਖ਼ੂਬਸੂਰਤ ਰਚਨਾ ਨੂੰ ਅਗਲੇ ਅੰਕਾਂ ਵਿਚ ਲੜੀਵਾਰ ਪੇਸ਼ ਕਰਨ ਦੀ ਖੁਸ਼ੀ ਲੈ ਰਹੇ ਹਾਂ ।
-ਮੁੱਖ ਸੰਪਾਦਕ)

ਪੁਜਾਰੀਆਂ ਵਾਲ਼ਾ ਰੱਬ ਮਰ ਚੁੱਕਾ ਹੈ,
ਮਹਾਂਮਾਨਵ ਵਾਲ਼ੇ ਰੱਬ ਦੀ ਖੋਜ ਕਰੋ

ਅਪਣੀ ਉਮਰ ਦੇ ਤੀਹਵੇਂ ਵਰ੍ਹੇ ਜ਼ਰਥੁਸਟਰ ਘਰ ਛੱਡ ਕੇ ਪਹਾੜਾਂ ‘ਤੇ ਚਲਾ ਗਿਆ ਤੇ ਉਥੇ ਹੀ ਇਕ ਗੁਫਾ ਬਣਾ ਕੇ ਰਹਿਣ ਲੱਗ ਪਿਆ। ਉਸ ਗੁਫਾ ਵਿਚ ਲਗਾਤਾਰ ਦਸ ਸਾਲ ਰਹਿ ਕੇ ਉਸ ਨੇ ਅਪਣੇ ਮਨ ਦੇ ਘੋੜੇ ‘ਤੇ ਸਵਾਰ ਹੋਣਾ ਸਿੱਖਿਆ। ਇਕ ਸਵੇਰ ਅਜਿਹੀ ਆਈ ਜੋ ਉਸ ਨੂੰ ਆਨੰਦ ਨਾਲ਼ ਭਰਪੂਰ ਕਰ ਗਈ। ਉਸ ਨੂੰ ਆਪਣੇ ਅੰਦਰ ਬਾਹਰ ਵਾਪਰੀਆਂ ਕਈ ਤਬਦੀਲੀਆਂ ਦਾ ਅਹਿਸਾਸ ਹੋਇਆ। ਉਸਨੂੰ ਸਾਰਾ ਕੁਝ ਹੀ ਬਦਲ ਗਿਆ ਜਾਪਿਆ। ਚੜ੍ਹਦੇ ਸੂਰਜ ਦੀਆਂ ਅੱਖਾਂ ‘ਚ ਅੱਖਾਂ ਪਾ ਕੇ ਉਹ ਕਹਿਣ ਲੱਗਾ:
“ਓ ਮਹਾਨ ਸਿਤਾਰੇ! ਜ਼ਰਾ ਸੋਚ! ਜੇ ਇਹ ਸੰਸਾਰ ਨਾ ਹੋਵੇ ਤਾਂ ਤੂੰ ਆਪਣੀ ਰੌਸ਼ਨੀ ਕਿਸ ਨੂੰ ਦੇਵੇਂਗਾ? ਕੀ ਫਿਰ ਵੀ ਤੂੰ ਹੁਣ ਜਿੰਨੀ ਖੁਸ਼ੀ ਮਹਿਸੂਸ ਕਰ ਸਕੇਂਗਾ? ਤੂੰ ਦਸ ਸਾਲ ਮੇਰੀ ਗੁਫਾ ਵਿਚ ਆਪਣੀ ਰੌਸ਼ਨੀ ਭੇਜਦਾ ਰਿਹੈਂ। ਤੂੰ ਆਪਣੀ ਰੋਸ਼ਨੀ ਦੇ ਬੋਝ ਤੋਂ ਹੁਣ ਨੂੰ ਕਦੋਂ ਦਾ ਅੱਕ ਜਾਣਾ ਸੀ, ਜੇ ਮੈਂ ਅਤੇ ਮੇਰੇ ਸਾਥੀ, ਬਾਜ ਤੇ ਸੱਪ, ਤੈਥੋਂ ਇਹ ਰੌਸ਼ਨੀ ਨਾ ਲੈਂਦੇ ਹੁੰਦੇ। ਮੈਨੂੰ ਪਤੈ, ਤੈਨੂੰ ਅਪਣੀ ਰੌਸ਼ਨੀ ਵੰਡ ਕੇ ਹੀ ਖੁਸ਼ੀ ਮਿਲਦੀ ਹੈ। ਇਉਂ ਹੀ ਤੂੰ ਆਪਣੇ ਬੋਝ ਤੋਂ ਮੁਕਤ ਹੁੰਦਾ ਏਂ।"
ਫਿਰ ਜ਼ਰਥੁਸਟਰ ਅਪਣੇ ਆਪ ਵੱਲ ਇਸ਼ਾਰਾ ਕਰਕੇ ਸੂਰਜ ਨੂੰ ਕਹਿਣ ਲੱਗਾ, "ਮੇਰੇ ਵੱਲ ਵੇਖ ਹੁਣ ਮੈਂ ਵੀ ਤੇਰੇ ਵਾਂਗ ਗਿਆਨ ਦੀ ਰੌਸ਼ਨੀ 'ਤੇ ਆਨੰਦ ਨਾਲ਼ ਭਰ ਚੁੱਕਾ ਹਾਂ। ਮੇਰੀ ਹਾਲਤ ਉਸ ਮਧੂ ਮੱਖੀ ਵਰਗੀ ਹੋ ਚੁੱਕੀ ਹੈ, ਜਿਸ ਨੇ ਬਹੁਤ ਸਾਰਾ ਸ਼ਹਿਦ ਇਕੱਠਾ ਕਰ ਲਿਆ ਹੋਵੇ। ਹੁਣ ਮੈਨੂੰ ਲੋੜ ਹੈ ਉਨ੍ਹਾਂ ਹੱਥਾਂ ਦੀ, ਜਿਹੜੇ ਅੱਗੇ ਵਧ ਕੇ ਸ਼ਹਿਦ ਚੋ ਲੈਣ। ਜਿਵੇਂ ਤੂੰ ਰੋਜ਼ ਆਪਣੀ ਰੌਸ਼ਨੀ ਵੰਡ ਕੇ ਕਿਧਰੇ ਗਵਾਚ ਜਾਨੈ,ਉਵੇਂ ਹੀ ਮੇਰਾ ਵੀ ਸੱਭ ਕੁਝ ਵੰਡ ਕੇ ਗਵਾਚਣ ਨੂੰ ਦਿਲ ਕਰਦੈ। ਮੈਨੂੰ ਇਹ ਸੌਗਾਤ ਉਦੋਂ ਤੱਕ ਵੰਡਣੀ ਪਵੇਗੀ, ਜਦੋਂ ਤੱਕ ਸਿਆਣੇ ਅਖਵਾਉਣ ਵਾਲ਼ੇ ਆਪਣੀ ਮੂਰਖਤਾ ਦੇ ਸਨਮੁਖ ਨਹੀਂ ਹੋ ਜਾਂਦੇ ਅਤੇ ਕੰਗਾਲ ਆਪਣੇ ਖ਼ਜ਼ਾਨਿਆਂ ਦੀ ਖੋਜ ਕਰਕੇ ਮਾਲਾਮਾਲ ਨਹੀਂ ਹੋ ਜਾਂਦੇ।"
ਇਕ ਪਲ ਰੁਕ ਕੇ ਜ਼ਰਥੁਸਟਰ ਨੇ ਫਿਰ ਸੂਰਜ ਨੂੰ ਕਿਹਾ: "ਓ ਮਹਾਨ ਸਿਤਾਰੇ! ਜਿਵੇਂ ਸੰਧਿਆ ਵੇਲੇ ਤੋਂ ਸਮੁੰਦਰ ਦੇ ਪਿੱਛੇ ਦੂਸਰੇ ਲੋਕ ਵਿਚ ਜਾ ਕੇ ਚਾਨਣ ਵੰਡਣ ਲੱਗ ਪੈਨੈਂ, ਉਵੇਂ ਮੈਂ ਵੀ ਆਪਣੀ ਰੌਸ਼ਨੀ ਵੰਡਣ ਲਈ ਹੁਣ ਪਹਾੜ ਤੋਂ ਹੇਠਾਂ ਉਤਰਾਂਗਾ। ਓ ਮਹਾਨ ਨਜ਼ਰ! ਮੈਨੂੰ ਸ਼ੁਭਕਾਮਨਾਵਾਂ ਭੇਜ। ਸ਼ੁਭ ਕਾਮਨਾਵਾਂ ਭੇਜ,ਉਸ ਪਿਆਲੇ ਲਈ, ਜਿਸ ਨੇ ਹੁਣ ਛਲਕਣਾ ਹੈ। ਤੂੰ ਦੁਆ ਕਰ, ਇਹ ਪਿਆਲਾ ਛਲਕਣ ਤੋਂ ਪਹਿਲਾਂ ਅਪਣੀ ਚਮਕ ਵਿਖਾ ਜਾਵੇ। ਇਹ ਪਿਆਲਾ ਹੁਣ ਛਲਕਣ ਲੱਗਾ ਹੈ।
ਹਾਂ! ਹੁਣ ਮੈਂ ਲੋਕਾਂ ਵਿਚ ਜਾਣ ਲੱਗਾ ਹਾਂ।”
ਜ਼ਰਥੁਸਟਰ ਪਹਾੜਾਂ ਤੋਂ ਹੇਠਾਂ ਉਤਰਨ ਲੱਗਾ। ਰਾਹ ਵਿਚ ਉਸਨੂੰ ਇਕ ਸਾਧੂ ਮਿਲਿਆ। ਇਹ ਸਾਧੂ ਅਪਣੀ ਕੁਟੀਆ ਛੱਡ ਕੇ ਖਾਣ ਵਾਸਤੇ ਕੁਝ ਜੜ੍ਹਾਂ ਇਕੱਠੀਆਂ ਕਰਨ ਆਇਆ ਸੀ। ਜ਼ਰਥੁਸਟਰ ਵੱਲ ਵੇਖ ਕੇ ਉਹ ਅਪਣੇ ਮਨ ਨਾਲ਼ ਹੀ ਗੱਲਾਂ ਕਰਨ ਲੱਗਾ, ਇਹ ਉਹੀ ਜ਼ਰਥੁਸਟਰ ਲੱਗਦੈ ਜਿਹੜਾ ਕਈ ਸਾਲ ਪਹਿਲਾਂ ਇਧਰੋਂ ਦੀ ਲੰਘਿਆ ਸੀ। ਪਰ ਇਹ ਤਾਂ ਪੂਰੀ ਤਰ੍ਹਾਂ ਬਦਲ ਗਿਆ ਹੈ। ਕਮਾਲ ਦਾ ਨੂਰਾਨੀ ਚਿਹਰਾ! ਪਿਆਰ ਤੇ ਮਸਤੀ ਨਾਲ਼ ਭਰੀਆਂ ਨਿਰਮਲ ਅੱਖਾਂ! ਬੱਚਿਆਂ ਵਰਗੀ ਨਿਰਛਲਤਾ, ਇਹਦਾ ਤਾਂ ਰੋਮ ਰੋਮ ਨੱਚਦਾ ਗਾਉਂਦਾ ਜਾ ਰਿਹਾ ਹੈ। ਉਦੋਂ ਜਦੋਂ ਮੈਂ ਉਸਨੂੰ ਵੇਖਿਆ ਸੀ, ਇਹ ਆਪਣੀ ਰਾਖ ਚੁੱਕ ਕੇ ਪਹਾੜਾਂ ਉੱਤੇ ਚੜ੍ਹਾ ਰਿਹਾ ਸੀ ਤੇ ਹੁਣ ਆਪਣੀ ਅੱਗ ਲੈ ਕੇ ਲੋਕਾਂ ਵਿਚ ਜਾ ਰਿਹਾ ਹੈ ਹੁਣ ਇਹਨੇ ਲੋਕਾਂ ਵਿਚ ਜਾ ਕੇ ਅੱਗ ਵੰਡਣ ਲੱਗ ਪੈਣਾ ਹੈ। ਲੱਗਦੈ ਇਹਨੂੰ ਅੱਗ ਵੰਡਣ ਵਾਲਿ਼ਆਂ ਦੇ ਹਸ਼ਰ ਦਾ ਅੰਦਾਜ਼ਾ ਨਹੀਂ।”
ਆਪਣੇ ਮਨ ਨਾਲ਼ ਇਹ ਗੱਲਾਂ ਕਰਕੇ ਬੁੱਢੇ ਸਾਧੂ ਨੇ ਜ਼ਰਥੁਸਟਰ ਨੂੰ ਆਵਾਜ਼ ਮਾਰੀ। ਜ਼ਰਥੁਸਟਰ ਦੇ ਰੁਕਣ ‘ਤੇ ਉਹ ਉਹਦੇ ਕੋਲ਼ ਜਾ ਕੇ ਆਖਣ ਲੱਗਾ, “ਜ਼ਰਥੁਸਟਰ ਹੁਣ ਤੁੂੰ ਜਾਗ ਚੁੱਕਾ ਹੈਂ, ਤੇਰੀ ਚੇਤਨਾ ਬਹੁਤ ਉਚੀ ਉਠ ਚੁੱਕੀ ਹੈ, ਹੁਣ ਤੂੰ ਸੁੱਤਿਆਂ ਦੀ ਬਸਤੀ ਵਲ ਕੀ ਲੈਣ ਜਾ ਰਿਹਾ ਹੈਂ?”
ਬੁੱਢੇ ਸਾਧੂ ਦੀ ਗੱਲ ਸੁਣ ਕੇ ਜ਼ਰਥੁਸਟਰ ਨੇ ਕਿਹਾ, “ਮੈਂਨੂੰ ਮਨੁੱਖ ਨਾਲ਼ ਪਿਆਰ ਹੈ, ਮੈਂ ਉਸ ਲਈ ਰੌਸ਼ਨੀ ਦੀ ਸੌਗਾਤ ਲੈ ਕੇ ਜਾ ਰਿਹਾ ਹਾਂ।”
ਤਦ ਸਾਧੂ ਨੇ ਕਿਹਾ, “ਪਰ ਆਦਮੀ ਤਾਂ ਭਿਖਾਰੀ ਹੈ, ਉਹਨੂੰ ਤੇਰੀ ਚੇਤਨਾ ਦੀ ਸੌਗਾਤ ਨਾਲ਼ ਕੋਈ ਮਤਲਬ ਨਹੀਂ। ਉਹ ਤਾਂ ਤੈਥੋਂ ਭੀਖ ਮੰਗੇਗਾ।”
ਇਹ ਗੱਲ ਸੁਣ ਕੇ ਜ਼ਰਥੁਸਟਰ ਕਹਿਣ ਲੱਗਾ, “ਆਦਮੀ ਦੀ ਤਰਸਯੋਗ ਹਾਲਤ ਦੇਖ ਕੇ ਮੈਥੋਂ ਜਰਿਆ ਨਹੀਂ ਜਾਂਦਾ। ਮੈਨੂੰ ਮਨੁੱਖ ਜਾਤੀ ਨਾਲ਼ ਪਿਆਰ ਹੈ। ਮੈਂ ਉਸ ਲਈ ਭੀਖ ਨਹੀਂ, ਆਨੰਦ ਦਾ ਤੋਹਫਾ ਲੈ ਕੇ ਜਾ ਰਿਹਾ ਹਾਂ।”
ਜ਼ਰਥੁਸਟਰ ਦੀ ਗੱਲ ਸੁਣ ਕੇ ਬੁੱਢਾ ਸਾਧੂ ਕਹਿਣ ਲੱਗਾ, “ਤੂੰ ਮੇਰੇ ਵੱਲ ਵੇਖ! ਮੈਂ ਭਲਾ ਇਹਨਾਂ ਜੰਗਲਾਂ ਵਿਚ ਕਿਉਂ ਆਇਆ ਹਾਂ? ਮੈਂ ਵੀ ਕਦੇ ਮਨੁੱਖ ਨੂੰ ਬਹੁਤ ਪਿਆਰ ਕਰਦਾ ਹੁੰਦਾ ਸੀ ਪਰ ਹੁਣ ਮੈਂ ਸਿਰਫ਼ ਰੱਬ ਨੂੰ ਹੀ ਪਿਆਰ ਕਰਦਾ ਹਾਂ। ਮੈਨੂੰ ਪਤਾ ਲੱਗ ਚੁੱਕਾ ਹੈ ਕਿ ਮਨੁੱਖ ਨੂੰ ਪਿਆਰ ਕਰਨਾ ਬੜਾ ਘਾਤਕ ਸਿੱਧ ਹੁੰਦਾ ਹੈ।
ਜ਼ਰਥੁਸਟਰ ਕਹਿਣ ਲੱਗਾ, “ਪਰ ਮੇਰੇ ਪਿਆਰ ਦਾ ਢੰਗ ਤਾਂ ਬਿਲਕੁਲ ਵੱਖਰੀ ਤਰ੍ਹਾਂ ਦਾ ਹੈ। ਮੈਂ ਮਨੁੱਖ ਨੂੰ ਕੋਈ ਭੀਖ ਨਹੀਂ ਦੇਣੀ ਕਿਉਂਕਿ ਮੈਂ ਏਨਾ ਗਰੀਬ ਨਹੀਂ।”
ਇਹ ਸੁਣ ਕੇ, ਬੁੱਢਾ ਸਾਧੂ ਜ਼ਰਥੁਸਟਰ ਨੁੰ ਫਿਰ ਆਖਣ ਲੱਗਾ, “ ਜ਼ਰਥੁਸਟਰ ਮੇਰੀ ਬੇਨਤੀ ਸੁਣ। ਮਨੁੱਖ ਦਾ ਖਿਆਲ ਛੱਡ ਦੇ। ਮਨੁੱਖ ਨੂੰ ਮਿਲਣ ਨਾਲ਼ੋਂ ਤਾਂ ਚੰਗਾ ਹੋਵੇਗਾ, ਇਥੋਂ ਦੇ ਪਸ਼ੂਆਂ ਜਾਨਵਰਾਂ ਨੂੰ ਮਿਲ ਲੈ।”
ਬੁੱਢੇ ਸਾਧੂ ਦੀਆਂ ਗੱਲਾਂ ਸੁਣ ਕੇ ਜ਼ਰਥੁਸਟਰ ਬੱਚਿਆਂ ਵਾਂਗ ਹੱਸਣ ਲੱਗਾ, ਜਦੋਂ ਬੁੱਢਾ ਸਾਧੂ ਉਹਦੇ ਕੋਲੋਂ ਚਲਾ ਗਿਆ ਤਾਂ ਜ਼ਰਥੁਸਟਰ ਆਪਣੇ ਮਨ ਵਿਚ ਸੋਚਣ ਲੱਗਾ, “ਭਲਾ ਇਸ ਬੁੱਢੇ ਸਾਧੂ ਨੂੰ ਅਜੇ ਤੱਕ ਪਤਾ ਹੀ ਨਹੀਂ ਲੱਗਾ ਕਿ ਜਿਹੜੇ ਰੱਬ ਨੂੰ ਲੱਭਣ ਲਈ ਉਹ ਇਥੇ ਟੱਕਰਾਂ ਮਾਰ ਰਿਹਾ ਹੈ, ਉਹ ਤਾਂ ਮਰ ਚੁੱਕਾ ਹੈ।”
ਜਦੋਂ ਜ਼ਰਥੁਸਟਰ ਸ਼ਹਿਰ ਵਿਚ ਆਇਆ ਤਾਂ ਉਸ ਨੇ ਬਹੁਤ ਸਾਰੇ ਲੋਕਾਂ ਦਾ ਇਕੱਠ ਵੇਖਿਆ। ਇਸ ਸ਼ਹਿਰ ਵਿਚ ਹੋਕਾ ਦਿੱਤਾ ਗਿਆ ਸੀ ਕਿ ਅੱਜ ਰੱਸੇ ਉਤੇ ਨੱਚਣ ਵਾਲ਼ਾ ਆਪਣੇ ਨਾਲ਼ ਲਿਆਂਦੇ ਬਾਂਦਰ ਦੇ ਕਰਤੱਵ ਦਿਖਾ ਕੇ ਸੱਭ ਦਾ ਮਨੋਰੰਜਨ ਕਰੇਗਾ। ਇਹ ਸਾਰੇ ਲੋਕ ਹੋਕਾ ਸੁਣ ਕੇ ਤਮਾਸ਼ਾ ਦੇਖਣ ਲਈ ਇਕੱਠੇ ਹੋਏ ਸਨ। ਇਨ੍ਹਾਂ ਦੀ ਭੀੜ ਕੋਲ਼ ਰੁਕ ਕੇ ਜ਼ਰਥੁਸਟਰ ਨੇ ਉਚੀ ਆਵਾਜ਼ ਵਿਚ ਕਿਹਾ, “ਦੋਸਤੋ! ਤਮਾਸ਼ੇ ਤੋਂ ਪਹਿਲਾਂ ਮੇਰੀ ਨਿੱਕੀ ਜਿਹੀ ਗੱਲ ਸੁਣੋ।”

(ਬਾਕੀ ਅਗਲੇ ਅੰਕ ਵਿਚ....)

ਪੰਜਾਬੀ ਸ਼ਾਇਰੀ ਦਾ ਚਰਚਿਤ ਹਸਤਾਖ਼ਰ : ਹਰੀ ਸਿੰਘ ਮੋਹੀ .......... ਲੇਖ਼ / ਪਰਮਿੰਦਰ ਸਿੰਘ ਤੱਗੜ (ਡਾ.)

ਹਰੀ ਸਿੰਘ ਮੋਹੀ ਪੰਜਾਬੀ ਕਾਵਿ ਜਗਤ ਵਿਚ ਜਾਣਿਆਂ-ਪਛਾਣਿਆਂ ਹਸਤਾਖ਼ਰ ਹੈ। ਉਸਨੇ ਹੁਣ ਤੱਕ ‘ਸਹਿਮੇ ਬਿਰਖ਼ ਉਦਾਸੇ ਰੰਗ’ ਕਾਵਿ-ਸੰਗ੍ਰਿਹ, ‘ਮੁਖ਼ਾਲਿਫ਼ ਹਵਾ’ ਕਾਵਿ-ਸੰਗ੍ਰਿਹ, ‘ਬਾਜ਼ੀ’ ਗ਼ਜ਼ਲ-ਸੰਗ੍ਰਿਹ, ‘ਮਣਕੇ’ ਕਾਵਿ-ਸੰਗ੍ਰਿਹ ਪੰਜਾਬੀ ਸਾਹਿਤ ਦੀ ਝੋਲ਼ੀ ਪਾਏ ਹਨ। ਇਸ ਤੋਂ ਬਿਨਾਂ ਪਾਸ਼ ਦੀਆਂ ਚੋਣਵੀਆਂ 79 ਕਵਿਤਾਵਾਂ ਦਾ ਅੰਗਰੇਜ਼ੀ ਵਿਚ ਉਲ਼ੱਥਾ ਕਰਕੇ ‘ਪਾਸ਼ ਐਂਥਾਲੋਜੀ’ ਸਿਰਲੇਖ ਤਹਿਤ ਕਿਤਾਬੀ ਰੂਪ ਦਿੰਦਿਆਂ ਪਾਸ਼ ਦੀ ਸ਼ਾਇਰੀ ਨੂੰ ਅੰਗਰੇਜ਼ੀ ਦੇ ਸ਼ੌਕੀਨ ਪਾਠਕਾਂ ਤੱਕ ਪੁਚਾ ਕੇ ਪਾਸ਼ ਨੂੰ ਵਿਹਾਰਕ ਸ਼ਰਧਾਂਜਲੀ ਦਿੱਤੀ। ਉਸ ਦੀ ਪੰਜਵੀਂ ਅਤੇ ਨਵੀਆਂ ਕਾਵਿ-ਕ੍ਰਿਤਾਂ ਦੀ ਕਿਤਾਬ ‘ਰੂਹ ਦਾ ਰਕਸ’ 15 ਨਵੰਬਰ 2009 ਨੂੰ ਕੋਟਕਪੂਰੇ ਗਿਆਨ ਪੀਠ ਪੁਰਸਕਾਰ ਵਿਜੇਤਾ ਪਦਮ ਸ੍ਰੀ ਪ੍ਰੋ. ਗੁਰਦਿਆਲ ਸਿੰਘ ਦੇ ਕਰ-ਕਮਲਾਂ ਦੁਆਰਾ ਲੋਕ-ਅਰਪਿਤ ਹੋ ਚੁੱਕੀ ਹੈ। ਅਸੀਂ ਇੱਥੇ ਉਸ ਦੀ ਇਕ ਤਾਜ਼ਾ ਅਤੇ ਅਣਛਪੀ ਕਾਵਿ-ਰਚਨਾ ਤੁਹਾਡੇ ਸਨਮੁੱਖ ਕਰਨ ਦੀ ਖ਼ੁਸ਼ੀ ਲੈ ਰਹੇ ਹਾਂ-

ਆਥਣ-ਉਗਣ ਜੋ ਸ਼ਬਦਾਂ ਦੀ ਛਾਵੇਂ ਉਠਦੇ ਬਹਿੰਦੇ ਨੇ, ਗਿਣਤੀ ਦੇ ਕੁਝ ਸ਼ਾਇਰ ਨੇ
ਨਜ਼ਰਾਂ ਵਾਲ਼ੀਆਂ ਅੱਖਾਂ ਵਿਚ ਜੋ ਹਰ ਪਲ ਜਗਦੇ ਰਹਿੰਦੇ ਨੇ, ਗਿਣਤੀ ਦੇ ਕੁਝ ਸ਼ਾਇਰ ਨੇ।

ਗੋਰਖ਼, ਬੁੱਲੇ, ਸ਼ਾਹ ਹੁਸੈਨ, ਨਾਮੇ, ਕਬੀਰ, ਰਵਿਦਾਸ, ਫ਼ਰੀਦ ਤੇ ਨਾਨਕ ਸ਼ਬਦ ਸਵਾਰੇ ਨੇ
ਵਾਰਿਸ ਜਿਹੇ ਵਿਰਸੇ ਦੇ ਵਾਰਿਸ ਜੋ ’ਵਾਵਾਂ ਸੰਗ ਵਹਿੰਦੇ ਨੇ, ਗਿਣਤੀ ਦੇ ਕੁਝ ਸ਼ਾਇਰ ਨੇ।

ਤੂੰ ਮੈਂ ਜਦ ਵੀ ਮਿਲ਼ਦੇ ਹਾਂ, ਇਕ ਦੂਜੇ ਦੇ ਗਲ਼ ਲਗਕੇ, ਆਪਣੇ ਦੁੱਖ ਹੀ ਰੋਂਦੇ ਹਾਂ
ਵਿਰਵੇ ਵਾਂਝੇ ਜੱਗ ਦੀ ਪੀੜਾ ਜਿਹੜੇ ਸੁਣਦੇ ਨੇ, ਗਿਣਤੀ ਦੇ ਕੁਝ ਸ਼ਾਇਰ ਨੇ।

ਚੇਤਿਆਂ ਦੇ ਵਿਚ ਵਸ ਜਾਣਾ ਸਦਾ ਹੀ ਨਜ਼ਰਾਂ ਵਿਚ ਰਹਿਣਾ, ਕੌਣ ਨਹੀਂ ਚਾਹੁੰਦਾ ਐਪਰ
ਬੋਲ ਜਿਨਾਂ ਦੇ ਹਰ ਇਕ ਦੇ ਬੁੱਲਾਂ ’ਤੇ ਸਦਾ ਹੀ ਰਹਿੰਦੇ ਨੇ, ਗਿਣਤੀ ਦੇ ਕੁਝ ਸ਼ਾਇਰ ਨੇ।

ਸੁਆਰਥ ਹਉਮੈਂ ਸਨਮਾਨਾਂ ਲਈ ਤਲ਼ੀਆਂ ਚੱਟਦੇ ਫ਼ਿਰਦੇ ਜੋ, ਭਾਟੜਿਆਂ ਦੀ ਕਮੀ ਨਹੀਂ,
ਪੈਰਾਂ ਸੰਗ ਜੋ ਤੁਰਦੇ ਨੇ, ਹੱਥਾਂ ਦਾ ਹੱਥ ਵਟਾਉਂਦੇ ਨੇ, ਗਿਣਤੀ ਦੇ ਕੁਝ ਸ਼ਾਇਰ ਨੇ।

ਆਥਣ-ਉਗਣ ਜੋ ਸ਼ਬਦਾਂ ਦੀ ਛਾਵੇਂ ਉਠਦੇ ਬਹਿੰਦੇ ਨੇ, ਗਿਣਤੀ ਦੇ ਕੁਝ ਸ਼ਾਇਰ ਨੇ
ਨਜ਼ਰਾਂ ਵਾਲ਼ੀਆਂ ਅੱਖਾਂ ਵਿਚ ਜੋ ਹਰ ਪਲ ਜਗਦੇ ਰਹਿੰਦੇ ਨੇ, ਗਿਣਤੀ ਦੇ ਕੁਝ ਸ਼ਾਇਰ ਨੇ।