ਗੁਰਬਾਣੀ; ਗੁਰਸਿੱਖ ਲਈ ਰੂਹ ਦੀ ਖ਼ੁਰਾਕ ਹੈ ਕਿਉਂਕਿ ਇਹ ਰੂਹਾਨੀਅਤ ਨੂੰ ਜ਼ਿੰਦਾ ਰੱਖਦੀ ਹੈ, ਪਰ ਇਹ ਖ਼ੁਰਾਕ ਤਦ ਹੀ ਲਾਭਦੇਂਦੀ ਹੈ ਜੇਕਰ ਮਨੁੱਖ, ਹਮੇਸ਼ਾਂ ਸਿੱਖ ਭਾਵ ਸਿੱਖਿਆਰਥੀ ਬਣਿਆ ਰਹੇ। ਹਿਰਦੇ ’ਚ ਸਦਾ ਕੁੱਝ ਸਿੱਖਣ ਦੀ ਭਾਵਨਾ ਬਣਨ ਨਾਲ਼ ਨਵੀਂ ਸੋਚ ਉਪਜਦੀ ਰਹਿੰਦੀ ਹੈ ਅਤੇ ਸਿਖਾਂਦਰੂ (ਸ਼ਗਿਰਦ) ਅੰਦਰ ‘‘ਸਾਹਿਬੁ ਮੇਰਾ ਨੀਤ ਨਵਾ; ਸਦਾ ਸਦਾ ਦਾਤਾਰੁ ॥’’ (ਮਹਲਾ 1/660) ਵਾਲ਼ਾ ਅਹਿਸਾਸ ਜਨਮ ਲੈਂਦਾ ਜਾਂਦਾ ਹੈ।
ਉਕਤ ਅਵਸਥਾ ਬਣਨ ਦੇ ਰਾਹ ’ਚ ਅਸਲ ਰੁਕਾਵਟ ਮਨੁੱਖੀ ਮਨ ਦਾ ਆਪਹੁਦਰਾਪਣ ਹੈ, ਜਿਸ ਨੂੰ ਮਾਰਨਾ; ਆਸਾਨ ਨਹੀਂ ਹੁੰਦਾ। ਇਹ, ਮਨੁੱਖ ਦੀ ਅਕਲ ਨੂੰ ਆਪਣੇ ਮੁਤਾਬਕ ਘੜ ਲੈਂਦਾ ਹੈ। ਜੋ ਅਕਲ; ਆਪਹੁਦਰੇ ਮਨ ਦੁਆਰਾ ਘੜੀ ਹੋਵੇ, ਉਹ ਆਪਣੇ ਮਨ ਨੂੰ ਘੜਨਯੋਗ ਨਹੀਂ ਰਹਿੰਦੀ। ਰੂਹਾਨੀਅਤ (ਸਚਖੰਡ) ਪੱਖੋਂ ਇਉਂ ਭੀ ਕਹਿ ਸਕਦੇ ਹਾਂ ਕਿ ਰੱਬੀ ਜੋਤਿ ਰੂਪ ਸਰਬ ਵਿਆਪਕ ਪ੍ਰਕਾਸ਼; ਮਨੁੱਖੀ ਅਕਲ ਨੂੰ ਆਪਣਾ ਹੂ-ਬਹੂ ਪ੍ਰਕਾਸ਼ ਨਹੀਂ ਕਰਦਾ ਕਿਉਂਕਿ ਜਿਵੇਂ ਸੂਰਜ ਗ੍ਰਹਿਣ ਸਮੇਂ ਧਰਤੀ ਅਤੇ ਸੂਰਜ ਵਿਚਕਾਰ ਚੰਦ੍ਰਮਾ ਆਉਂਦਾ ਹੈ; ਓਵੇਂ ਹੀ ਸਰਬ ਵਿਆਪਕ ਜੋਤਿ-ਪ੍ਰਕਾਸ਼ ਅਤੇ ਮਨੁੱਖੀ ਅਕਲ ਵਿਚਕਾਰ ਆਪਹੁਦਰਾ ਮਨ ਆਉਂਦਾ ਹੈ। ਮਨ ਦੀ ਇਸ ਕਾਲ਼ਖ਼ ਨੂੰ ‘ਅੰਤਹਿਕਰਣ, ਜਨਮ ਜਨਮ ਕੀ ਮੈਲ਼, ਕੂੜੈ ਪਾਲਿ (ਭਾਵ ਝੂਠ ਦਾ ਪਰਦਾ), ਹਉਮੈ ਰੂਪ ਕਠੋਰ ਕੰਧ’ ਭੀ ਕਿਹਾ ਹੈ। ਪਾਵਨ ਵਚਨ ਹਨ ‘‘ਕਿਵ ਕੂੜੈ ਤੁਟੈ ਪਾਲਿ ॥ (ਜਪੁ), ਧਨ ਪਿਰ ਕਾ ਇਕ ਹੀ ਸੰਗਿ ਵਾਸਾ; ਵਿਚਿ ਹਉਮੈ ਭੀਤਿ ਕਰਾਰੀ ॥ (ਮਹਲਾ 4/1263), ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ; ਕਾਲਾ ਹੋਆ ਸਿਆਹੁ ॥’’ (ਮਹਲਾ 3/651) ਮਨ ਦੀ ਕਾਲ਼ਖ਼ (ਭਾਵ ਪਰਛਾਈ); ਮਨੁੱਖੀ ਅਕਲ ਨੂੰ ਸਦਾ ਅਸਪਸ਼ਟ, ਲਾਚਾਰ, ਮੱਧਮ ਕਰੀ ਰੱਖਦੀ ਹੈ। ਭਾਈ ਗੁਰਦਾਸ ਜੀ ਨੇ ਇਸ ਨੂੰ ਧੁੰਦ ਕਿਹਾ ਹੈ ‘‘ਸਤਿਗੁਰ ਨਾਨਕ ਪ੍ਰਗਟਿਆ; ਮਿਟੀ ਧੁੰਧੁ, ਜਗਿ (’ਚ) ਚਾਨਣੁ ਹੋਆ।’’ (ਵਾਰ 1 ਪਉੜੀ 27)