ਕੋਈ ਖੇਡ ਪ੍ਰੇਮੀ ਹੱਥ ਖੜਾ ਕਰਕੇ ਇਹ ਨਹੀਂ ਕਹਿ ਸਕਦਾ ਕਿ ਉਸਨੇ ਕਦੇ ਧੱਕੜ ਜਾਫ਼ੀ ਬਿੱਟੂ ਦੂਗਾਲ ਦੀ ਖੇਡ ਨਹੀਂ ਵੇਖੀ। ਕੋਈ ਕਬੱਡੀ ਦਾ ਸਟਾਰ ਖਿਡਾਰੀ ਧਾਵੀ ਹੱਥ ਖੜਾ ਕਰਕੇ ਇਹ ਨਹੀਂ ਕਹਿ ਸਕਦਾ ਕਿ ਉਸਨੇ ਕਦੇ ਬਿੱਟੁ ਦੁਗਾਲ ਤੋਂ ਬਚ ਕੇ ਕੋਡੀ ਨਹੀਂ ਪਾਈ.. .. ਬਿੱਟੁ ਦੁਗਾਲ ਅੱਜ ਦੇ ਸਮੇਂ ਦਾ ਸੁਪਰ ਸਟਾਰ ਤੇ ਪੂਰਾ ਧੱਕੜ ਜਾਫ਼ੀ ਐ .. .. ਜਦੋਂ ਜਾਫ਼ ਵਿਚ ਮੂਹਰੇ ਬਿੱਟੂ ਖੜਾ ਹੁੰਦਾ. ਕਹਿੰਦੇ ਕਹਾਉਂਦੇ ਰੇਡਰਾਂ ਨੂੰ ਮੁੜਕਾ ਆ ਜਾਂਦਾ .. .. ਔਖਾ ਹੈ ਯਾਰ ਬਿੱਟੂ ਤੋਂ ਨਿਕਲਕੇ ਭੱਜਣਾ.. .. ਅੱਜ ਸਾਡੀ ਮਾਂ ਖੇਡ ਪੈਸਿਆ ਵਾਲੀ ਨਹੀਂ ਸਗੋਂ ਡਾਲਰਾਂ-ਪੌਂਡਾਂ ਵਾਲੀ ਹੋ ਗਈ ਹੈ। ਇਹ ਸਭ ਪ੍ਰਵਾਸੀ ਵੀਰਾਂ ਦੀ ਹੀ ਮਿਹਰਬਾਨੀ ਹੈ। ਪੁਰਾਣੇ ਖਿਡਾਰੀ ਵਿਚਾਰੇ ਸੱਟਾਂ-ਫੇਟਾਂ ਜੋਗੇ ਹੀ ਰਹਿਗੇ । ਕਦੇ-ਕਦੇ ਉਹ ਸੋਚਦੇ ਆ ਕਿ ਅਸੀਂ ਕੀ ਖੱਟਿਆ ਲੱਤਾਂ-ਬਾਹਾਂ ਤੜਵਾਈਆਂ । ਆਹ ਨਾਂ ਹੀ ਆ ਕੱਲਾ.. .. ਕੋਈ ਬਾਤ ਨਹੀਂ ਪੁੱਛਦਾ.. ਪਿੱਛੇ ਜਿਹੇ ਮੈਂ ਇਕ ਬਜ਼ੁਰਗ ਖਿਡਾਰੀ ਬਿੱਲੂ ਰਾਜੇਆਣੀਏ ਬਾਰੇ ਲਿਖਿਆ ਸੀ ਪੜਕੇ ਪ੍ਰਵਾਸੀ ਵੀਰਾਂ ਨੇ ਉਸ ਦੀ ਚੰਗੀ ਮਦਦ ਕੀਤੀ ਕਰਨੀ ਵੀ ਚਾਹੀਦੀ ਆ ਸਿਆਣੇ ਲੇਖਕ ਦੱਸਦੇ ਆ ਕਿ ਕਬੱਡੀ ਨੂੰ ਪੈਸੇ ਵਾਲੀ ਖੇਡ ਪ੍ਰਸਿੱਧ ਖਿਡਾਰੀ ਬਲਵਿੰਦਰ ਫਿੱਡੂ ਨੇ ਬਣਾਇਆ ਸੀ। ਬੜਾ ਪੈਸਾ ਜਮਾਂ ਕੀਤਾ ਇਸ ਸੇਰ ਪੁੱਤ ਨੇ। ਉਸਤੋਂ ਬਾਅਦ ਕਬੱਡੀ ਖੇਡ
ਪੈਸੇ ਵਾਲੀ ਬਣਗੀ ਤੇ ਅੱਜ ਕੱਲ ਖਿਡਾਰੀ ਨਾਮ ਤੇ ਨਾਮਾਂ ਚੰਗਾਂ ਕਮਾ ਰਹੇ ਆ ਤੇ ਉਨਾਂ 'ਚ ਹੀ ਇਕ ਬਿੱਟੂ ਦੁਗਾਲ ਹੈ, ਇਕ ਪ੍ਰਸਿੱਧ ਧਾਵੀ ਬਿੱਟੂ ਜਸਪਾਲ ਬਾਂਗਰਾ ਹੋਇਆ ਜਿਸ ਦੀ ਰੇਡ ਵੇਖਣ ਨੂੰ ਲੋਕ ਤਰਸਦੇ ਸੀ ਤੇ ਬਿਜਲੀ ਬੋਰਡ ਦੀ ਟੀਮ ਦਾ ਹੀਰਾ ਸੀ ਇਹ ਬੱਬਰ ਸ਼ੇਰ, ਤੇ ਹੁਣ ਨਾਮ ਚੱਲਦਾ ਬਿੱਟੂ ਦੁਗਾਲ ਦਾ । ਬੇਸ਼ੱਕ ਟੂਰਨਾਂਮੈਂਟ ਪੰਜਾਬ ਦੀ ਧਰਤੀ ਤੇ ਹੋਵੇ, ਅਮਰੀਕਾ ਹੋਵੇ, ਕੈਨੇਡਾ ਹੋਵੇ ਜਾਂ ਇੰਗਲੈਂਡ ਹੋਵੇ ਤੇ ਭਲਾਂ ਹੋਵੇ ਹੋਰ ਕੰਟਰੀਆਂ 'ਚ.. .. ਇਸ ਸ਼ੇਰ ਪੁੱਤ ਦਾ ਨਾਮ ਗਰਾਉੂਂਡਾਂ ਵਿਚ ਗੂੰਜਦਾ ਹੈ। ਜਿਹੜੇ ਰੇਡਰਾਂ ਨੂੰ ਆਪਣੇ ਆਪ ਤੇ ਮਾਣ ਹੈ ਬਈ ਉਨਾਂ ਨੂੰ ਕੋਈ ਨਹੀਂ ਰੋਕ ਸਕਦਾ, ਉਨਾਂ ਦੇ ਭਰਮ ਭੁਲੇਖੇ ਬਿੱਟੂ ਛੇਤੀ ਹੀ ਦੂਰ ਕਰ ਦਿੰਦਾ ਹੈ। ਦੇਸ਼ਾਂ-ਵਿਦੇਸ਼ਾਂ ਦੀ ਧਰਤੀ ਤੇ ਗੱਲਾਂ ਹੁੰਦੀਆਂ ਇਸ ਸ਼ੀਹਣੀ ਮਾਂ ਦੇ ਜਾਏ ਸ਼ੇਰ ਦੀਆਂ.. .. .. ਭਲਾਂ ਪੰਜਾਬ ਹੋਵੇ ਤੇ ਭਲਾਂ ਹੋਵੇ ਗੋਰਿਆ ਦੀ ਧਰਤੀ .. .. ਲੋਕ ਤਰਸਦੇ ਆ ਬਿੱਟੂ ਦੀ ਖੇਡ ਨੂੰ .. .. ਜਦੋਂ ਉਹ ਟੇਕ ਕੇ ਮੱਥਾ ਤੇ ਵੜਦਾ ਗਰਾਊਂਡ ਵਿਚ ਤਾਂ ਦਰਸ਼ਕਾਂ 'ਚ ਸ਼ਰਤਾਂ ਲੱਗਣ ਲੱਗ ਜਾਂਦੀਆਂ , ਸਾਰੇ ਕਹਿੰਦੇ ਲੈ ਆ ਗਿਆ ਬਿੱਟੂ.. .. ਇਹ ਦੀ ਟੀਮ ਹੀ ਜਿੱਤੂ.. .. ਬਿੱਟੂ ਕੋਈ ਰਾਤੋ-ਰਾਤ ਸਟਾਰ ਨਹੀਂ ਬਣਿਆ.. .. ਲੋਕ ਸੁੱਤੇ ਹੁੰਦੇ ਆ, ਕਹਿੰਦੇ ਇਸ ਮੌਕੇ ਤਾਂ ਮਰੀਜਾਂ ਨੂੰ ਵੀ ਨੀਂਦ ਆ ਜਾਂਦੀ ਆ, ਤੇ ਬਿੱਟੂ ਹੋਰੀ ਗਰਾਉੂਂਡ ਵਿਚ ਹੁੰਦੇ ਆ.. .. ਪਾਠੀ ਅਮ੍ਰਿਤ ਵੇਲੇ ਹੋਕਾ ਦੇਣਾ ਤਾਂ ਲੇਟ ਹੋ ਸਕਦਾ.. .. ਪਰ ਇਹ ਮਾਵਾਂ ਦੇ ਪੁੱਤ ਸਾਜਰੇ ਹੀ ਗਰਾਉਂਡ ਵਿਚ ਹੁੰਦੇ ਆ। ਕੋਈ ਪ੍ਰਵਾਹ ਨੀ ਗਰਮੀ ਦੀ ਤੇ ਨਾ ਹੀ ਕਦੇ ਸਰਦੀ ਦੀ ਸੁਣੀ ਆਂ, ਬੱਸ ਮਸਤ ਆ ਆਪਣੀ ਪ੍ਰੈਕਟਿਸ ਵਿਚ.. . ਕਿਉਂਕਿ ਇਨਾਂ ਬੀਬੇ ਪੁੱਤਾਂ ਨੇ ਲੰਬੀ ਰੇਸ ਦੇ ਘੋੜੇ ਬਨਣਾ ਹੈ। ਇਸ ਲਈ ਖੁੱਲੀ ਖੁਰਾਕ ਤੇ ਰੱਜ ਕੇ ਪ੍ਰੈਕਟਿਸ ਕਰਨਾ ਇਨਾਂ ਦਾ ਮੁੱਖ ਕੰਮ ਹੈ ਖਿਡਾਰੀ ਹਮੇਸ਼ਾਂ ਗਰਾਊਂਡ ਵਿਚ ਹੀ ਖੇਡਦੇ ਸੋਭਦੇ ਆ.. .. ਬਿੱਟੂ ਦੁਗਾਲ ਨੇ ਨਿੱਕੇ ਹੁੰਦੇ ਨੇ ਹੀ ਸੋਚ ਲਿਆ ਸੀ ਕਿ ਉਹ ਕਬੱਡੀ ਦਾ ਪਲੇਅਰ ਬਣੂਗਾ ਤੇ ਸਕੂਲ ਵਿਚ ਪÎੜਦਿਆਂ ਹੀ ਉਹ ਨਿੱਕੇ ਬੱਚਿਆਂ ਦੀ ਟੀਮ ਵਿਚ ਕੋਡੀ ਬਾਡੀ ਖੇਡਣ ਲੱਗਾ ਤੇ ਉਸ ਤੋਂ ਬਾਅਦ ਕਦੇ ਪਿੱਛੇ ਮੁੜਕੇ ਨਹੀਂ ਦੇਖਿਆ ਤੇ ਅੱਜ ਉਸ ਦਾ ਨਾਮ ਬੱਚੇ-ਬੱਚੇ ਦੀ ਜੁਬਾਨ ਤੇ ਹੈ। ਕੇਰਾਂ ਰੇਡਰ ਬਿੱਟੂ ਦੇ ਹੱਥ ਲੱਗ ਜਾਵੇ ਫਿਰ ਰੋਲ ਕੇ ਛੱਡਦਾ.. .. ਮਾਂ ਖੇਡ ਦਾ ਵੱਡਾ ਨਾਮ ਬਣ ਗਿਆ… .. .. ਬਿੱਟੂ ਦੁਗਾਲ.. .. ਚੋੜੀ ਛਾਤੀ ਗੁੰਦਿਆਂ ਸਰੀਰ ਡੋਲਿਆ 'ਚ ਲੋਹੜੇ ਦੀ ਤਾਕਤ ਗੈਸ ਵਾਂਗ ਜਗਦਾ ਗੋਰਾ ਰੰਗ, ਵੇਖਣ ਵਾਲੇ ਦੀ ਭੁੱਖ ਲਾਹ ਦਿੰਦਾ.. .. ਪਟਿਆਲੇ ਜਿਲੇ ਦੇ ਪਿੰਡ ਦੁਗਾਲ ਵਿਖੇ ਪਿਤਾ ਰਾਮ ਸਿੰਘ ਦੇ ਘਰ ਮਾਤਾ ਰੇਸ਼ਮਾ ਦੇਵੀ ਦੀ ਕੁੱਖੋਂ ਜਨਮੈ ਬਿੱਟੂ ਦਾ ਅਸਲੀ ਨਾਮ ਤਾਂ ਨਰਿੰਦਰ ਰਾਮ ਹੈ ਜੇ ਆਪਣੇ ਨਾਮ ਮੁਤਾਬਿਕ ਰਾਮ ਕਰਦਾ ਤਾਂ ਅੱਜ ਉਹ ਬਿੱਟੂ ਦੁਗਾਲ ਬਣਕੇ ਜਗਤ ਪ੍ਰਸਿੱਧ ਨਾ ਬਣਦਾ। ਮਿਹਨਤ ਖੁਰਾਕ ਮਾੜੇ ਕੰਮਾਂ ਤੋਂ ਬਚਕੇ ਬਿੱਟੂ ਕਬੱਡੀ ਦੇ ਖੇਤਰ ਦਾ ਅੰਤਰ ਰਾਸ਼ਟਰੀ ਨਾਮ ਬਣ ਗਿਆ। ਪਿਆਰੇ ਪਾਠਕਾ ਦੇ ਬਹੁਤ ਸਾਰੇ ਫੋਨ ਆ ਰਹੇ ਸਨ ਕਿ ਬਿੱਟੂ ਦੁਗਾਲ ਬਾਰੇ ਲਿਖੋ .. .. ਕਦੇ ਮੇਰੇ ਕੋਲ ਟਾਇਮ ਨਾ ਹੁੰਦਾ ਕਦੇ ਬਿੱਟੂ ਵਿਦੇਸੀ ਧਰਤੀ ਤੇ ਹੁੰਦਾ। ਚਲੋ ਦੇਰ ਨਾਲ ਹੀ ਸਹੀ ਪਾਠਕਾਂ ਦੀ ਖੁਆਇਸ਼ ਪੂਰੀ ਤਾਂ ਹੋਈ। ਡੀ.ਏ.ਵੀ. ਮਾਲਵਾ ਕਲੱਬ ਬਠਿੰਡਾਂ ਦੇ ਕੋਚ ਮਦਨ ਲਾਲ ਤੋਂ ਬਿੱਟੂ ਨੇ ਕਬੱਡੀ ਦੇ ਦਾਅ ਪੇਚ ਸਿੱਖੇ ਦਿਨ ਰਾਤ ਉਸਦੇ ਦਿਲ ਦਿਮਾਗ ਤੇ ਸਟਾਰ ਖਿਡਾਰੀ ਬਨਣ ਦਾ ਸ਼ੌਕ ਸਵਾਰ ਰਿਹਾ । ਇਸ ਕਾਲਜ ਦੀ ਟੀਮ ਵੱਲੋਂ ਖੇਡਦਿਆਂ ਬਿੱਟੂ ਨੇ ਕਹਿੰਦੇ ਕਹਾਉਂਦੇ ਰਾਡਰਾਂ ਨੂੰ ਰੋਲ ਕੇ ਰੱਖ ਦਿੱਤਾ। ਕੋਚ ਤਾਂ ਬਾਗੋ-ਬਾਗ ਹੋ ਗਿਆ । ਕੋਚ ਨੂੰ ਸਭ ਤੋਂ ਵੱਧ ਖੁਸ਼ੀ ਆਪਣੇ ਚੰਡੇ ਹੋਏ ਸਗਿਰਦ ਦੀ ਜਿੱਤ ਵੇਖ ਕੇ ਹੁੰਦੀ ਹੈ ਤੇ ਉਹ ਫਿਰ ਸਾਰਿਆਂ ਨੂੰ ਹੁੰਬ-ਹੁੰਬ ਕੇ ਕਹਿੰਦਾ ਹੈ ਮੇਰਾ ਸਗਿਰਦ ਆ .. .. ਮੇਰਾ ਚੰਡਿਆਂ ਆ, ਬਿੱਟੂ ਦੇ ਘਰ ਤੱਕ ਖਬਰਾਂ ਪਹੁੰਚ ਗਈਆਂ.. ਬਈ ਰਾਮ ਸਿੰਘ ਤੇਰਾ ਮੁੰਡਾਂ ਤਾਂ ਚੋਟੀ ਦਾ ਖਿਡਾਰੀ ਬਣੂ ਤੂੰ ਵੇਖ ਲਈ ਇਕ ਦਿਨ .. .. ਤੇ ਬਿੱਟੂ ਦੀ ਖੇਡ ਵੇਖ ਕੇ ਭਵਿੱਖ ਬਾਣੀ ਕਰਨ ਵਾਲਿਆਂ ਦੀ ਸੱਚ ਹੋ ਗਈ… .. .. .. ਕਿਉਂਕਿ ਲੋਕਾਂ ਦੇ ਮੂੰਹੋ ਆਪਣੇ ਪੁੱਤ ਦੀ ਤਾਰੀਫ਼ ਸੁਣਕੇ ਪਿਉ ਵੀ ਬਾਗੋ-ਬਾਗ ਹੋ ਗਿਆ ਤੇ ਉਸਨੇ ਦੁੱਧ ਘਿਉ ਬਦਾਮਾਂ ਦੀ ਕੋਈ ਕਸਰ ਨਾ ਛੱਡੀ.. ਤੇ ਰਾਕਟ ਵਾਂਗੂ ਪੁੱਤ ਦੀ ਚੜਾਈ ਹੋ ਗਈ ਤੇ ਅੱਜ ਸੁਪਰ ਸਟਾਰ ਆ ਬਿੱਟੂ ਦੁਗਾਲ । ਚੀੜੇ ਜਾਫ਼ੀਆਂ ਚੋਂ ਮੋਹਰੀ ਗਿÎਣਿਆਂ ਜਾਂਦਾ ਬਿੱਟੂ ਦੁਗਾਲ.. .. ਬੜੀ ਕੋਸ਼ਿਸ਼ ਕਰਦੇ ਆ ਰੇਡਰ ਇਸ ਤੋਂ ਬਚਣ ਦੀ .. ਪਰ ਕਿੱਥੇ .. .. ਰੇਡਰ ਨਾਲ ਇੰਜ ਜੁੜ ਜਾਂਦਾ ਜਿਵੇਂ ਫੈਵੀਕੋਲ ਲਾਇਆ ਹੋਵੇ.. .. ਰੇਡਰ ਉਸਨੂੰ ਬੜਾ ਲਾਉਣ ਦੀ ਕੋਸ਼ਿਸ਼ ਕਰਦਾ ਪਰ ਬਿੱਟੂ ਪੁਆਇੰਟ ਲੈ ਕੇ ਰੇਡਰ ਨੂੰ ਜੱਫ਼ਾ ਲਾ ਕੇ ਹੀ ਨਾਲੋਂ ਲਹਿੰਦਾ.. .. ਅੱਜ ਦੀ ਨਿਗਾ ਵਿਚ ਬਿੱਟੂ ਦਾ ਕੋਈ ਸਾਂਨੀ ਨੀ. .. .. ਜੁਆਬ ਨੀ ਉਸਦੀ ਖੇਡ ਦਾ ਪੰਜਾਬ ਦੇ ਪਿੰਡ-ਪਿੰਡ ਹੁੰਦੇ ਕਬੱਡੀ ਟੂਰਨਾਂਮੈਂਟਾਂ ਵਿਚ ਕਬੱਡੀ ਦੇ ਜੌਹਰ ਦਿਖਾਉਣ ਵਾਲਾ ਆਪਣੀ ਟੀਮ ਲਈ ਅਨੇਕਾਂ ਕੱਪ ਜਿੱਤਣ ਵਾਲਾ ਅਨੇਕਾਂ ਕਹਿੰਦੇ ਕਹਾਉਂਦੇ ਰੇਡਰਾਂ ਦੇ ਕੰਨ ਭੰਨਣ ਵਾਲਾ ਬਿੱਟੂ ਆਪਣੀ ਧੱਕੜ ਖੇਡ ਕਰਕੇ 2003 ਵਿਚ ਚੜ ਗਿਆ ਜਹਾਜ ਤੇ ਜਾ ਉੱਤਰਿਆ ਸਾਂਨਾ ਨਾਲ ਭਿੜਨ ਇੰਗਲੈਂਡ ਦੀ ਧਰਤੀ ਤੇ .. .. ਪਹਿਲੀ ਵਾਰ ਪੰਜਾਬ ਛੱਡ ਕੇ ਵਿਦੇਸ਼ੀ ਧਰਤੀ ਤੇ ਭਿੜਣਾ ਸੀ ਬਿੱਟੂ ਦੁਗਾਲ ਨੇ। ਪੰਜਾਬ ਦੀ ਤਰਾਂ ਇੰਗਲੈਂਡ ਦੀ ਧਰਤੀ ਤੇ ਵੀ ਆਪਣੀ ਖੇਡ ਦੀਆਂ ਗੱਲਾਂ ਕਰਵਾਂ ਦਿੱਤੀਆਂ ਦੂਗਾਲ ਪਿੰਡ ਦੇ ਇਸ ਗੱਭਰੂ ਨੇ, ਇੰਗਲੈਂਡ ਵਾਸੀਆਂ ਨੇ ਮਾਨਾਂ ਸਨਮਾਨਾਂ ਨਾਲ ਲੱਦ ਦਿੱਤਾ ਇਸ ਗੱਭਰੂ ਨੂੰ, ਫਿਰ 2004 ਵਿਚ ਦੂਜੀ ਵਾਰ ਫਿਰ ਸੱਦਾ ਆ ਗਿਆ ਇੰਗਲੈਂਡ ਦੀ ਧਰਤੀ ਤੋਂ, ਜਾ ਉੱਤਰਿਆ ਫਿਰ ਇੰਗਲੈਂਡ ਦੀ ਗੋਰੀ ਧਰਤੀ ਤੇ ਨਾਲ ਦੀ ਨਾਲ ਪੰਜਾਬ ਦੇ ਇਸ ਧੱਕੜ ਜਾਫ਼ੀ ਨੂੰ ਕੈਨੇਡਾ ਦੇ ਸ਼ਹਿਰ ਟਰਾਂਟੋ ਵਿਖੇ ਹੋਣ ਵਾਲੇ ਵਰਲਡ ਕਬੱਡੀ ਕੱਪ ਲਈ ਵੀ ਬੁਲਾਵਾ ਆ ਗਿਆ। ਇੰਗਲੈਂਡ ਤੋਂ ਖੇਡ ਕੇ ਜਾਂ ਪਹੁੰਚਿਆਂ ਕੈਨੈਡਾ ਦੀ ਧਰਤੀ ਤੇ, ਟੈਰਾਂਟੋ ਦਾ ਵਰਲਡ ਕੱਪ ਖੇਡਿਆ ਤੇ ਹੋਰ ਕਬੱਡੀ ਦੇ ਕੱਪ ਖੇਡੇ। ਮੰਨ ਗਏ ਕੈਨੇਡਾ ਵਾਲੇ ਵੀ ਬਿੱਟੂ ਦੀ ਜਾਫ਼ ਨੂੰ .. .. .. ਫਿਰ 2005 ਵਿਚ ਵੀ ਕੈਨੇਡਾ ਦੀ ਧਰਤੀ ਤੇ ਖੇਡਿਆ ਇਹ ਦੁਗਾਲ ਪਿੰਡ ਦਾ ਪੁੱਤ .. .. ਬਿੱਟੂ ਦੀ ਵਧੀਆਂ ਖੇਡ ਤੋਂ ਪ੍ਰਭਾਵਿਤ ਹੋਏ ਕਰਨ ਘੁਮਾਣ ਨੇ ਉਸਨੂੰ ਇੰਡੀਕਾ ਗੱਡੀ ਦੇ ਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ। 2003 ਤੋਂ ਲੈ ਕੇ ਹੁਣ ਤੱਕ ਲਗਾਤਾਰ ਬਿੱਟੂ ਵਿਦੇਸ਼ਾ ਵਿਚ ਹੁੰਦੇ ਕਬੱਡੀ ਕੱਪਾਂ ਵਿਚ ਹਿੱਸਾ ਲੈਣ ਜਾਂਦਾ ਹੈ। 2007 ਵਿਚ ਟੋਰਾਂਟੋ ਦੇ 17 ਵੇਂ ਵਰਲਡ ਕਬੱਡੀ ਕੱਪ ਵਿਚ ਬਿੱਟੂ ਕਰਨ ਘੁਮਾਣ ਦਿੜਬਾ ਦੀ ਟੀਮ ਪੰਜਾਬ ਕੇਸਰੀ ਵੱਲੋਂ ਖੇਡਿਆ.. .. ਸਾਨਾ ਦੇ ਹੋਏ ਭੇੜ 'ਚ ਗਹਿਗੱਢ ਜੱਫ਼ੇ ਲਾ ਕੇ ਜਿੱਥੇ ਬਿੱਟੂ ਨੇ ਪੰਜਾਬ ਕੇਸਰੀ ਟੀਮ ਨੂੰ 17 ਵੇਂ ਵਰਲਡ ਕੱਪ ਦੀ ਚੈਂਪੀਅਨ ਬਣਾਇਆ ਉੱਥੇ ਉਸਨੇ ਖੁਦ ਵੀ ਬੈਸਟ ਜਾਫ਼ੀ ਹੋਣ ਦਾ ਖਿਤਾਬ ਚੁੰਮਿਆਂ.. .. .. ਫਿਰ 2008 ਵਿਚ ਉਹ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿਚ ਕਬੱਡੀ ਕੱਪ ਖੇਡਿਆ, ਇੰਟਰਨੈਸ਼ਨਲ ਪੰਜਾਬੀ ਸਪੋਰਟਸ ਐਂਡ ਕਲਚਰਲ ਸੈਂਟਰ ਦੀ ਟੀਮ ਵੱਲੋਂ ਖੇਡਿਆ ਤੇ ਵੈਨਕੁਵਰ ਵਿਖੇ ਉਹ ਯੰਗ ਕਬੱਡੀ ਕਲੱਬ ਦੀ ਟੀਮ ਵੱਲੋਂ ਖੇਡਿਆ। ਯੰਗ ਕਬੱਡੀ ਕਲੱਬ ਵਿਚ ਬਿੱਟੂ ਨਾਲ ਪ੍ਰਸਿੱਧ ਖਿਡਾਰੀ ਗੋਗੋ ਰੁੜਕੀ, ਦੁੱਲਾ ਸੁਰਖਪੁਰੀਆ, ਲੱਖਾ ਗਾਜੀਪੁਰ, ਗੁਰਲਾਲ ਘਨੌਰ ਤੇ ਮੀਕ ਵਰਗੇ ਖਿਡਾਰੀ ਸਨ। ਯੰਗ ਕਬੱਡੀ ਕਲੱਬ ਵੱਲੋਂ ਖੇਡਦਿਆਂ ਉਸਨੇ 29 ਜੂਨ, 27 ਜੁਲਾਈ, 3 ਅਗਸਤ, 17 ਅਗਸਤ ਨੂੰ 4 ਕਬੱਡੀ ਕੱਪਾ ਵਿਚ ਬੈਸਟ ਜਾਫ਼ੀ ਬਨਣ ਦਾ ਮਾਣ ਹਾਸ਼ਲ ਕੀਤਾ। 13 ਟੂਰਨਾਂਮੈਂਟਾਂ ਵਿਚ ਲੱਗਭਗ 39 ਮੈਚ ਬਿੱਟੂ ਨੇ ਯੰਗ ਕਬੱਡੀ ਕਲੱਬ ਵੱਲੋਂ ਖੇਡੇ ਜਿੰਨਾਂ ਵਿਚ ਉੱਤਮ ਖੇਡ ਕਬੱਡੀ ਮੈਗਜ਼ੀਨ ਮੁਤਾਬਿਕ 318 ਵਾਰ ਕੋਸ਼ਿਸ਼ ਕਰਕੇ 123 ਜੱਫ਼ੇ ਲਾ ਕੇ ਅਤੇ 3 ਅੰਕ ਕਾਮਨ ਕਰਕੇ ਕੁੱਲ 124.50 ਅੰਕ ਪ੍ਰਾਪਤ ਕਰਕੇ ਬਿੱਟੂ ਇਸ ਸੀਜਨ ਦਾ ਬੈਸਟ ਜਾਫ਼ੀ ਰਿਹਾ ਉਹ ਵੀ ਕੈਨੇਡਾ ਦੀ ਧਰਤੀ ਤੇ, ਇਸ ਦੇ ਨਾਲ ਬਿੱਟੂ ਨੇ ਯੰਗ ਕਬੱਡੀ ਕਲੱਬ ਨੂੰ ਵੀ ਸਭ ਤੋਂ ਵੱਧ ਕੱਪ ਜਿਤਾ ਕੇ ਇਸ ਸੀਜਨ ਦੀ ਵਧੀਆਂ ਟੀਮ ਬਣਾਉਣ ਵਿਚ ਅਹਿਮ ਯੋਗਦਾਨ ਪਾਇਆ ਹੈ। ਜਦੋਂ ਦਿੱਲੀ ਏਅਰਪੋਰਟਰ ਤੇ ਉੱਤਰਦੇ ਆ ਇਹ ਬੀਬੇ ਪੁੱਤ ਤਾਂ ਮਾਨਾਂ ਸਨਮਾਨਾਂ ਨਾਲ ਲੱਦੇ ਪਏ ਹੁੰਦੇ ਆ। ਇੰਝ ਵੀ ਕਹਿ ਸਕਦੇ ਹਾਂ ਕਿ ਇਹ ਹੀਰੇ ਪੁੱਤ ਸੋਨੇ ਵਿਚ ਮੜੇ ਹੁੰਦੇ ਆ। ਜੇਕਰ ਬਿੱਟੂ ਦੁਗਾਲ ਦੇ ਲਾਏ ਜੱਫਿਆ ਦੇ ਰਿਕਾਰਡ ਵਿਦੇਸ਼ੀ ਧਰਤੀ ਤੇ ਦਰਜ਼ ਹਨ ਤਾਂ ਪੰਜਾਬ ਵਿਚ ਵੀ ਉਹ ਪਿੱਛੇ ਨਹੀਂ ਰਿਹਾ .. .. .. ਡੀ.ਏ.ਵੀ. ਮਾਲਵਾ ਕਲੱਬ ਬਠਿੰਡਾ ਦੇ ਇਸ ਜਾਫ਼ੀ ਬਿੱਟੂ ਦੁਗਾਲ ਨੇ ਬਾਜਾਖਾਨਾਂ ਦੀ ਧਰਤੀ ਤੇ ਹੋਏ ਕਬੱਡੀ ਕੱਪ ਵਿਚ ਇਕ ਮੈਚ 'ਚ ਸੱਤ ਜੱਫ਼ੇ ਲਾਏ ਸਨ। 5 ਫਰਵਰੀ 2007 ਵਿਚ ਦਿੜਬਾਂ ਦੇ ਕਬੱਡੀ ਕੱਪ ਵਿਚ ਵੀ ਇਸ ਸ਼ੇਰ ਪੁੱਤ ਨੇ ਇਤਿਹਾਸ ਰਚਿਆ ਸੀ। ਸ਼ਹੀਦ ਬਚਨ ਸਿੰਘ ਕਬੱਡੀ ਅਕੈਡਮੀ ਵੱਲੋਂ ਖੇਡ ਰਿਹਾ ਸੀ ਬਿੱਟੂ ਦੁਗਾਲ ਤੇ ਫਾਈਨਲ ਮੈਚ ਸੀ ਸ਼ਹੀਦ ਬਾਬਾ ਦੀਪ ਸਿੰਘ ਕਬੱਡੀ ਕਲੱਬ ਨਾਰਵੇ ਦੀ ਟੀਮ ਨਾਲ, ਨਾਰਵੇ ਦੀ ਟੀਮ ਵਿਚ ਪ੍ਰਸਿੱਧ ਖਿਡਾਰੀ ਸੰਦੀਪ ਲੱਲੀਆਂ, ਸੁੱਖੀ ਲੱਖਣ ਕੇ ਪੱਡਾ, ਭਗਵੰਤ ਵਰਗੇ ਚੋਟੀ ਦੇ ਖਿਡਾਰੀ ਖੇਡ ਰਹੇ ਸਨ। ਸ਼ਾਇਦ ਕਦੇ ਪਹਿਲਾਂ ਇਤਿਹਾਸ 'ਚ ਨਾਰਵੇ ਦੀ ਟੀਮ ਨਾਲ ਕਦੇ ਨਾ ਐਨੀ ਮਾੜੀ ਹੋਈ ਹੋਵੇਗੀ, ਨਾਰਵੇ ਦੀ ਟੀਮ ਨੂੰ 11 ਅੰਕਾਂ ਦੇ ਵੱਡੇ ਫਰਕ ਨਾਲ ਬਿੱਟੂ ਨੇ ਹਰਾਇਆ ਸੀ। ਸੈਮੀਫਾਇਨਲ ਤੇ ਫਾਇਨਲ ਮੈਚ ਵਿਚ ਬਿੱਟੂ ਨੇ 7 ਜੱਫ਼ੇ ਲਾਏ ਤੇ ਆਪਣੀ ਟੀਮ ਨੂੰ ਚੈਂਪੀਅਨ ਬਣਾਇਆ। ਅੱਜ ਗਾਇਕ ਵੀ ਕਬੱਡੀ ਦੇ ਗੀਤ ਗਾ ਰਹੇ ਹਨ ਤੇ ਅਨੇਕਾਂ ਗੀਤਾਂ ਵਿਚ ਬਿੱਟੂ ਦੁਗਾਲ ਦਾ ਨਾਮ ਆਉਂਦਾ ਹੈ ਪਕੜ ਦਾ ਮਜ਼ਬੂਤ ਕੇਰਾਂ ਰੇਡਰ ਹੱਥ ਲੱਗ ਜੇ ਫਿਰਨੀ ਸੁੱਕਾਂ ਜਾਣ ਦਿੰਦਾਂ, ਬਣਾ ਦਿੰਦਾਂ ਰੇਡਰ ਦਾ ਚਕਰਚੂਡਾਂ, ਕਰ ਦਿੰਦਾਂ ਚਾਕੂ ਵਾਂਗ ਕੱਠਾ। ਜਦੋਂ ਉਸ ਦੇ ਹੱਥ ਵਿਚ ਰੇਡਰ ਦਾ ਗੁੱਟ ਆ ਜਾਵੇ, ਫਿਰ ਤਾਂ ਕੂਮੈਂਟਰੀ ਵਾਲਾ ਜੋਸ਼ ਵਿਚ ਕਹਿੰਦਾ ਹੁਣ ਨਾ ਲਾਅ ਜੋਰ ਮੁੰਡਿਆਂ ਓਏ ਤੇਰੀ ਅੜਗੀ ਘੁਲਾੜੀ ਵਿਚ ਬਾਂਹ ਉਏ ਗੁੱਟ ਨੀ ਸੀ ਪਤੰਦਰਾਂ ਫੜਾਉਂਣਾ ਅੱਗੇ ਬਿੱਟੂ ਦੁਗਾਲ ਆ, ਉਏ ਘਰ-ਘਰ ਗੱਲਾਂ ਹੁੰਦੀਆਂ ਬਿੱਟੂ ਦੁਗਾਲ ਦੀਆਂ.. .. ਬਿੱਟੂ ਦੁਗਾਲ ਅੱਜ ਕਬੱਡੀ ਦੇ ਸਟਾਰ ਜਾਫ਼ੀਆਂ ਦਾ ਮੋਹਰੀ ਹੈ। ਰੱਬ ਕਰੇ ਇਹ ਦੁੱਧ ਮੱਖਣਾ ਨਾਲ ਪਲੀਆਂ ਜਵਾਨੀਆਂ ਹਮੇਸ਼ਾਂ ਚੜਦੀਆਂ ਕਲਾਂ 'ਚ ਰਹਿਣ ਤੱਤੀਆਂ ਤੇ ਬੁਰੀਆਂ ਹਵਾਵਾਂ ਇਨਾਂ ਦੇ ਰਾਸਤੇ ਵਿਚ ਨਾ ਆਉਣ.. .. ਜਿੰਦਾਬਾਦ ਰਹਿਣ ਸਾਡੇ ਜੋਬਰ ਤੇ ਜਿੰਦਾਬਾਦ ਰਹੇ ਸਾਡੀ ਮਾਂ ਖੇਡ ਕਬੱਡੀ .. ..