ਅੰਕਗਣਿਤ – ਇਸ ਨੂੰ ਖੇਡ ਬਣਾਓ............ ਲੇਖ਼ / ਸੁਰਿੰਦਰ ਭਾਰਤੀ ਤਿਵਾੜੀ

ਹਿਸਾਬ ਦਾ ਡਰ ਸੰਸਾਰ ਵਿਆਪਿਕ ਹੈ। ਆਪਣੇ ਤਿੰਨ ਦਹਾਕਿਆਂ ਦੇ ਕੋਚਿੰਗ ਕਲਾਸਾਂ ਦੇ ਅਨੁਭਵ ਦੌਰਾਨ ਮੈਂ ਵੇਖਿਆ ਹੈ ਕਿ ਕੁੱਲ ਮਿਲਾ ਕੇ ਹਿਸਾਬ ਦੇ ਵਿਦਿਆਰਥੀ ਦੋ ਕਿਸਮ ਦੇ ਹੁੰਦੇ ਹਨ। ਪਹਿਲੇ ਉਹ ਜੋ ਹਿਸਾਬ ਵਿੱਚ ਬਹੁਤ ਹੁਸਿ਼ਆਰ ਹੁੰਦੇ ਹਨ, ਹੋ ਸਕਦਾ ਹੈ ਕਿ ਉਹ ‘ਗੌਡ ਗਿਫਟਡ’ ਹੋਣ ਜਾਂ ਫਿਰ ਸਖਤ ਮਿਹਨਤੀ ਪਰ ਉਹ ਅਸਲ ਵਿੱਚ ਹੀ ਹਿਸਾਬ ਦੀ ਢੂੰਗੀ ਸਮਝ ਰਖਦੇ ਹਨ। ਦੂਸਰੇ ਉਹ ਵਿਦਿਆਰਥੀ ਜਿਹੜੇ ਹਿਸਾਬ ਵਿੱਚ ਬਹੁਤ ਕਮਜੋਰ ਹੁੰਦੇ ਹਨ ਅਤੇ ਉਨ੍ਹਾਂ ਨੂੰ ਪੱਕਾ ਵਿਸ਼ਵਾਸ ਹੁੰਦਾ ਹੈ ਕਿ ਹਿਸਾਬ ਦਾ ਵਿਸ਼ਾ ਉਨ੍ਹਾਂ ਦੇ ਵੱਸ ਦੀ ਗੱਲ ਨਹੀਂ। ਉਨ੍ਹਾਂ ਅੰਦਰ ਹਿਸਾਬ ਦਾ ਇਹ ਡਰ ਪੂਰੀ ਤਰਾਂ ਹਾਵੀ ਹੋ ਚੁੱਕਾ ਹੁੰਦਾ ਹੈ। ਇੰਨ੍ਹਾਂ ਵਿਚੋਂ ਕੁਝ ਨੇ ਹੋ ਸਕਦਾ ਹੇ ਕਿ ਆਪਣੇ ਸਕੂਲ ਦੇ ਦਿਨਾਂ ਇਸ ਡਰ ਤੋਂ ਛੁਟਕਾਰੇ ਲਈ ਗੰਭੀਰ ਕੋਸਿ਼ਸ਼ਾਂ ਕੀਤੀਆਂ ਹੋਣ ਪ੍ਰੰਤੂ ਉਹ ਇਸ ਵਿਸ਼ੇ ਨੂੰ ਸਮਝ ਨਹੀਂ ਪਾਏ। ਇਸ ਸਭ ਦਾ ਕਾਰਨ ਦਾ ਕਾਰਨ ਕੁਝ ਵੀ ਹੋ ਸਕਦਾ ਹੈ ਪ੍ਰੰਤੂ ਪ੍ਰਮਾਤਮਾਂ ਦਾ ਸ਼ਰਾਪ ਕਦੇ ਵੀ ਨਹੀਂ ਹੋ ਸਕਦਾ(ਜਿਵੇਂ ਕਿ ਕੁਝ ਲੋਕ ਦਲੀਲ ਦਿੰਦੇ ਹਨ) ਦੂਸਰੇ ਪਾਸੇ ਇੰਨ੍ਹਾਂ ਵਿਦਿਆਰਥੀਆਂ ਦੇ ਮਨਾਂ ਵਿਚੋਂ ਹਿਸਾਬ ਦਾ ਡਰ ਕੱਢ ਕੇ ਅਤੇ ਵਿਸ਼ਵਾਸ ਭਰ ਕੇ ਅਤੇ ਇਸ ਨੂੰ ਇੱਕ ਖੇਡ ਬਣਾ ਕੇ ਹਿਸਾਬ ਵਿੱਚ ਹੁਸਿ਼ਆਰ ਕੀਤਾ ਜਾ ਸਕਦਾ ਹੈ।
ਹਿਸਾਬ ਵਿੱਚ ਹੁਸਿ਼ਆਰ ਬਨਣ ਲਈ ਪਹਿਲੀ ਜ਼ਰੂਰਤ ਹਿਸਾਬ ਪੜ੍ਹ ਸਕਣ ਦਾ ਵਿਸ਼ਵਾਸ ਹੈ। ਬਹੁਤ ਸਾਰੇ ਮਾਮਲਿਆਂ ਵਿੱਚ ਇਸ ਵਿਸ਼ਵਾਸ ਦੀ ਘਾਟ ਹੀ ਵਿਦਿਆਰਥੀ ਦੇ ਹਿਸਾਬ ਵਿੱਚ ਕਮਜੋਰ ਹੋਣ ਹੋਣ ਦਾ ਕਾਰਨ ਬਣਦੀ ਹੈ। ਸੀਨੀਅਰ ਕਲਾਸਾਂ ਖਾਸ ਕਰਕੇ 8ਵੀਂ ਜਮਾਤ ਦੇ ਬਾਦ, ਹਿਸਾਬ ਦੇ ਕਮਜ਼ੋਰ ਵਿਦਿਆਰਥੀ ਲਈ ਹੁਸਿ਼ਆਰ ਬਨਣਾ ਅਸਲ ਵਿੱਚ ਹੀ ਮੁਸ਼ਕਿਲ ਹੁੰਦਾ ਹੈ। ਫਿਰ ਵੀ ਮੈਂ ਵਿਸ਼ਵਾਸ ਕਰਦਾ ਹਾਂ ਕਿ ‘ਕੁਝ ਵੀ ਚੰਗਾ ਸ਼ੁਰੂ ਕਰਨ ਲਈ ਕਦੇ ਵੀ ਦੇਰ ਨਹੀਂ ਹੁੰਦੀ’ ਅਤੇ ‘ਕੁਝ ਵੀ ਕਰਨਾਂ ਅਸੰਭਵ ਨਹੀਂ, ਬਸ ਅਸੀਂ ਵਿਸ਼ਵਾਸ ਕਰੀਏ ਕਿ ਇਹ ਸੰਭਵ ਹੈ’।
ਮੈਂ ਇੱਥੇ ਹਿਸਾਬ ਦੇ ਕੁਝ ‘ਸ਼ਾਰਟਕੱਟ’ (ਸਰਲ ਤਰੀਕੇ) ਦਾ ਵਰਨਣ ਕਰਨ ਜਾ ਰਿਹਾ ਹਾਂ ਜਿਸ ਰਾਹੀਂ ਹਿਸਾਬ ਨੂੰ ਇੱਕ ਖੇਡ ਬਣਾਇਆ ਜਾ ਸਕਦਾ ਹੈ, ਪਰੰਤੂ ਇਹ ਕੇਵਲ ਉਨ੍ਹਾਂ ਲਈ ਸੰਭਵ ਹੈ ਜੋ ਇਨ੍ਹਾਂ ਦਾ ਅਭਿਆਸ ਕਰਦੇ ਹਨ, ਕੇਵਲ ਪੜ੍ਹ ਲੈਣ ਨਾਲ ਕੋਈ ਲਾਭ ਨਹੀਂ ਹੋਣ ਵਾਲਾ।
ਇੱਕ ਅਜਿਹਾ ਖੇਤਰ ਜਿਹੜਾ ਆਮ ਕਰਕੇ ਛੋਟੇ ਵੱਡੇ ਹਰ ਤਰਾਂ ਦੇ ਵਿਦਿਆਰਥੀਆਂ ਨੂੰ ਤੰਗ ਕਰਦਾ ਹੈ, ਉਹ ‘ਫਰੈਕਸ਼ਨ’, ‘ਖੰਡ’ ਜਾਂ ਭਿੰਨ ਹੈ। ਇਸ ਵਿਸ਼ੇ ਤੇ ਕੁਝ ਸਾਧਾਰਨ ਜਿਹੀਆਂ ਸੱਚਾਈਆਂ ਦਾ ਜਿ਼ਕਰ ਕਰਨਾਂ ਚਾਹਾਂਗਾ। ਜੇਕਰ ਦੋ ਜਾਂ ਦੋ ਤੋਂ ਵੱਧ ਭਿੰਨਾਂ ਨੂੰ ਜੋੜਣਾ ਹੋਵੇ ਜਾਂ ਘਟਾਉਣਾ ਹੋਵੇ ਤਾਂ ‘ਮਿਕਸ ਫਰੈਕਸ਼ਨ’ ਨੂੰ ਪਹਿਲਾਂ ‘ਇੰਮਪਰਾਪਰ ਫਰੈਕਸ਼ਨ’ ਵਿੱਚ ਬਦਲਣਾ ਪੈਂਦਾ ਹੈ। ਫਿਰ ਹਰ (ਡਿਨਾਮੀਨੇਟਰ) ਦਾ ਲਘੁਤਮ ਸਮਾਵਰਤਕ (ਐਲਸੀਐਮ) ਲੈ ਕੇ ਫਿਰ ਕਈ ਤਰਾਂ ਦੀ ਗੁਣਾ, ਭਾਗ, ਜੋੜ ਅਤੇ ਘਟਾਓ ਕਰ ਕੇ ਸਵਾਲ ਹੱਲ ਕੀਤਾ ਜਾਂਦਾ ਹੈ। ਘੱਟ ਤੋਂ ਘੱਟ ਦੋ ਭਿੰਨਾਂ ਲਈ ਤਾਂ ਅਜਿਹੇ ਲੰਬੇ ਰਸਤੇ ਦੀ ਕੋਈ ਲੋੜ ਨਹੀਂ। ਭਿੰਨ ਛੋਟੀ ਹੋਵੇ ਜਾਂ ਵੱਡੀ ‘ਇੰਮਪਰਾਪਰ’ ਵਿੱਚ ਬਦਲਣ ਦੀ ਕੋਈ ਲੋੜ ਨਹੀਂ। ਪੂਰਣ (ਹੋਲ) ਅੰਕਾ ਨੂੰ ਜੋੜਣ ਤੋਂ ਬਾਦ ਭਿੰਨਾਂ ਨੂੰ ਵੱਖ ਤੋਂ ਜੋੜਿਆ ਜਾ ਸਕਦਾ ਹੈ।


ਇਥੇ ਅਸੀਂ 2 ਅਤੇ 11 ਨੂੰ ਜੋੜ ਕੇ 13 ਪ੍ਰਾਪਤ ਕਰਦੇ ਹਾਂ ਅਤੇ ‘ਕਰਾਸ ਮਲਟੀਪਲਾਈ’ ਕਰਕੇ 3 ਯ 1 = 3 ਅਤੇ 2 ਯ 7 = 14, ਅਤੇ ਜੋੜ ਕਰਕੇ 3 + 14 = 17, ‘ਡਿਨਾਮੀਨੇਟਰ’ ਨੂੰ ਗੁਣਾ ਕਰਕੇ 3 ਯ 7 = 21,

ਉੱਤਰ ਆਵੇਗਾ:

ਜੇਕਰ 2 ਦੀ ਥਾਂ ਤੇ 345 ਹੁੰਦਾ ਜਾਂ 11 ਦੀ ਥਾਂ 678 ਵੀ ਹੁੰਦਾ ਤਾਂ ਸਾਡਾ ਤਰੀਕਾ ਫਿਰ ਵੀ ਉਹ ਹੀ ਰਹਿੰਦਾ। ਅਸੀਂ ਪਹਿਲਾਂ 345 ਅਤੇ 678 ਨੂੰ ਜੋੜਦੇ ਤੇ ਫਿਰ ਭਿੰਨਾਂ ਨੂੰ। ਇਸ ਤਰਾਂ ਅਸੀਂ 95% ਤੱਕ ਸਮਾਂ ਬਚਾ ਸਕਦੇ ਸੀ। ਭਿੰਨਾਂ ਦੇ ਘਟਾਓ ਦੇ ਸਵਾਲ ਵੀ ਇਸੇ ਤਰੀਕੇ ਨਾਲ ਹੱਲ ਕੀਤੇ ਜਾ ਸਕਦੇ ਹਨ। ਦੋ ਤੋਂ ਵੱਧ ਰਕਮਾਂ ਦੇ ਜੋੜ, ਘਟਾਓ, ਜੋੜ ਅਤੇ ਘਟਾਓ ਅਤੇ ਗੁਣਾ ਜਾਂ ਭਾਗ ਤੱਕ ਦੇ ਸਵਾਲ ਵੀ ‘ਮਿਕਸ ਫਰੈਕਸ਼ਨ’ ਨੂੰ ‘ਇੰਮਪਰਾਪਰ’ ਵਿੱਚ ਬਦਲੇ ਤੋਂ ਬਿਨਾਂ ਹੱਲ ਕੀਤੇ ਜਾ ਸਕਦੇ ਹਨ। ਇਸ ਤਰੀਕੇ ਨਾਲ ਬੱਚਿਆਂ ਵਿੱਚ ਹਿਸਾਬ ਪ੍ਰਤੀ ਡਰ ਦੂਰ ਕੀਤਾ ਜਾ ਸਕਦਾ ਹੈ ਅਤੇ ਵਿਸ਼ੇ ਦੀ ਬੇਹਤਰ ਸਮਝ ਪੈਦਾ ਕੀਤੀ ਜਾ ਸਕਦੀ ਹੈ।

ਇਸੇ ਤਰਾਂ ਅੱਧੇ ਜਾਂ ਚੌਥੇ (ਭਿੰਨ) ਦਾ ਵਰਗ ਪਤਾ ਕਰਨਾ ਵੀ ਬਿਲਕੁਲ ਸੌਖਾ ਹੈ। ਅੱਧੇ ਵਾਲੀਆਂ ਭਿੰਨਾਂ ਦਾ ਵਰਗ ਪਤਾ ਕਰਨ ਲਈ ਪੂਰਣ (ਹੋਲ) ਅੰਕ ਨੂੰ ਅਗਲੇ (+1) ਨਾਲ ਗੁਣਾ ਕਰੋ ਅਤੇ ਅੰਤ ਵਿੱਚ ¼ ਲਿਖੋ। ਉੱਤਰ ਹਾਜ਼ਰ ਹੈ।

8½ ਯ 8½ = (8 ਯ 9) ¼ = 72¼ ੌਰ 4½ 4½ = 20¼

ਚੌਥੇ ਹਿੱਸੇ ਵਾਲੀਆਂ ਭਿੰਨਾਂ ਦਾ ਵਰਗ ਪਤਾ ਕਰਨ ਲਈ ਪੂਰਣ (ਹੋਲ) ਅੰਕ ਦਾ ਵਰਗ ਕਰੋ ਅਤੇ ਇਸ ਅੰਕ ਦਾ ਅੱਧ ਇਸ ਵਿੱਚ ਜੋੜ ਦਿਓ, ਫਿਰ ਅੰਤ ਵਿੱਚ 1/16 ਲਾ ਦਿਓ। ਜੇਕਰ ਪੂਰਣ ਅੰਕ ‘ਔਡ’ (ਟਾਂਕ) ਹੋਵੇ ਤਾਂ ਫਿਰ ਅੰਤ ਵਿੱਚ 9/16 ਆਵੇਗਾ।

8¼ ਯ 8¼ = (8 ਯ 8 +8/2) 1/16 = (64 + 4) 1/16 = 68⅟16
4¼ ਯ 4¼ = 18⅟16 ਉੱਤਰ ਹਾਜ਼ਰ ਹੈ।

ਮੈਂ ਇੱਕ ਘਟਨਾ ਦਾ ਜਿ਼ਕਰ ਇੱਥੇ ਜ਼ਰੂਰ ਕਰਨਾ ਚਾਹਾਂਗਾ। ਮੈਂ ਮੇਜਰ ਅਜਾਇਬ ਸਿੰਘ ਸੀਨੀਅਰ ਸੈਕੰਡਰੀ ਸਕੂਲ, ਜੀਵਣ ਵਾਲਾ ਵਿਖੇ ਸਮਰਕੈਂਪ ਵਿੱਚ ਕਿਉਮੈਥਸ ਦੀ ਕਲਾਸ ਲੈ ਰਿਹਾ ਸੀ। ਮੈਨੂੰ ਇੱਕ ਵਿਦਿਆਰਥੀ ਨੇ ਸਵਾਲ ਕੀਤਾ ਕਿ ਕੀ ਮੈਨੂੰ 61 ਦਾ ਪਹਾੜਾ (ਟੇਬਲ) ਆਉਂਦਾ ਹੈ? ਮੇਰਾ ਜਵਾਬ ਸੀ ਕਿ ਕੁਝ ਸਮੇ ਬਾਦ ਇੱਥੇ ਬੈਠੇ ਸਾਰੇ ਵਿਦਿਆਰਥੀਆਂ ਨੂੰ 61 ਦਾ ਪਹਾੜਾ ਆਉਂਦਾ ਹੋਵੇਗਾ। ਮੈਂ 6 ਦੇ ਟੇਬਲ ਨੂੰ ਉਰਦੂ ਵਾਂਗ ਲਿਖ ਕੇ ਬੱਚਿਆਂ ਨੂੰ ਦੱਸਿਆ। ਅਸਲ ਵਿੱਚ ਇਹ ਸਭ ਕੁਝ ਬੱਚਿਆਂ ਵਿੱਚ ਹਿਸਾਬ ਪ੍ਰਤੀ ਦਿਲਚਸਪੀ ਪੈਦਾ ਕਰਨ ਲਈ ਕੀਤਾ ਗਿਆ ਸੀ।

ਉਰਦੂ ਵਾਂਗ ਸੱਜੇ ਤੋਂ ਖੱਬੇ ਵੱਲ ਲਿਖੋ:
61 6 1
122 12 2
183 18 3
244 24 4
305 30 5
366 36 6
427 42 7
488 48 8
549 54 9
610 61 0

ਅਸੀਂ 1 ਨਾਲ ਖਤਮ ਹੋਣ ਵਾਲੇ ਕਿਸੇ ਵੀ ਅੰਕ ਦਾ ਟੇਬਲ (ਪਹਾੜਾ) ਇਸੇ ਤਰੀਕੇ ਨਾਲ ਲਿਖ ਸਕਦੇ ਹਾਂ। ਜੇਕਰ ਕੋਈ ਅਧਿਆਪਕ ਇਸ ਤਰਾਂ ਟੇਬਲ ਲਿਖਣਾ ਦੱਸਣ ਦੇ ਨਾਲ ਅਜਿਹਾ ਹੋਣ ਦੇ ਕਾਰਣਾ ਨੂੰ ਵੀ ਦੱਸਦਾ ਹੈ ਤਾਂ ਵਿਦਿਆਰਥੀ ਨੂੰ ਗੁਣਾ ਦੇ ਮਾਮਲੇ ਵਿੱਚ ਵਧੇਰੇ ਸਮਝ ਆ ਸਕਦੀ ਹੈ। ਅਜਿਹਾ ਕਰਨ ਨਾਲ ਵਿਦਿਆਰਥੀਆਂ ਵਿੱਚ ਹਿਸਾਬ ਪ੍ਰਤੀ ਸਵੇ ਭਰੋਸਾ ਪੈਦਾ ਹੁੰਦਾ ਹੈ। ਇੱਕ ਵਿਦਿਆਰਥੀ ਨੂੰ ਜਦੋਂ ਅਜਿਹਾ ਦੱਸਿਆ ਗਿਆ ਤਾਂ ਘਰ ਜਾ ਕੇ ਉਸਨੇ ਆਪਣੇ ਚਾਚੇ ਨੂੰ ਸਵਾਲ ਕੀਤਾ ਕਿ ਕੀ ਉਹ 201 ਦਾ ਟੇਬਲ ਲਿਖ ਸਕਦਾ ਹੈ। ਬੱਚੇ ਵਿੱਚ ਪੈਦਾ ਹੋਈ ਹਿਸਾਬ ਬਾਰੇ ਸਿਲਚਸਪੀ ਦਾ ਤੁਸੀਂ ਖੁਦ ਅੰਦਾਜਾ ਲਗਾ ਸਕਦੇ ਹੋ।
ਬਾਕੀ ਅਗਲੇ ਲੇਖਾਂ ਵਿੱਚ।

ਸੁਰਿੰਦਰ ਭਾਰਤੀ ਤਿਵਾੜੀ,
+91 98889 00154
ਕਯੁਮੈਥਸ ਸੈਂਟਰ ਆਫ ਲਰਨਿੰਗ,
ਲੁਧਿਆਣਾ।



ਭਾਰਤ ਮਾਤਾ ਦਾ ਸਚਾ ਸੁਚਾ ਸਪੂਤ ਸ਼ਹੀਦੇ ਆਜ਼ਮ ਸ: ਭਗਤ ਸਿੰਘ .......... ਲੇਖ਼ / ਮੁਹਿੰਦਰ ਸਿੰਘ ਘੱਗ


“ ਸ਼ਹੀਦੇ ਮਰਦਾਂ ਕੇ ਜਿਸਮ ਸੇ ਜੋ ਖੂਨ ਨਿਕਲੇ ਉਸਕੇ ਹਰ ਕਤਰਾ ਸੇ ਭਗਤ ਸਿੰਘ ਔਰ ਦਤ ਨਿਕਲੇ “

ਹਰ ਪਲ ਝੱਪਕਣ ਜਿਨੇ ਸਮੇਂ ਅੰਦਰ ਸੰਜੋਗ ਵਿਯੋਗ ਦੇ ਡਰਾਮੇ ਅਧੀਨ ਕਿਸੇ ਦੀ ਆਮਦ ਹੋ ਰਹੀ ਹੈ ਅਤੇ ਕੋਈ ਰੁਖਸਤ ਹੋ ਰਿਹਾ ਹੈ । ਏਸੇ ਆਵਾਗਵਨ ਦੇ ਚਕਰ ਦੌਰਾਨ ਕੁਝ ਰੂਹਾਂ ਐਸੀਆਂ ਆਂਊਂਦੀਆਂ ਹਨ ਜੋ ਸਮੇਂ ਦੀ ਬਰੇਤੀ ਤੇ ਆਪਣੀ ਪੈੜ ਚਿਨ ਇਨੀ ਡੂੰਘੀ ਉਕਰ ਜਾਂਦੀਆਂ ਹਨ ਕਿ ਸਮੇਂ ਦੇ ਵਾ ਵਰੋਲੇ ਉਹਨਾਂ ਨੂੰ ਮਿਟਾ ਨਹੀਂ ਸਕਦੇ। ਕਿਸੇ ਕਵੀ ਦੀਆਂ ਇਹ ਦੋ ਲਾਈਂਨਾਂ ਇਹਨਾਂ ਬਹਾਦਰਾਂ ਦੀ ਰੂਪ ਰੇਖਾ ਉਲੀਕਦੀਆਂ ਹਨ।


ਐਸੇ ਪੁਤ ਨਾ ਜਣਦੀਆਂ ਰੋਜ ਮਾਮਾਂ ਜੇਹੜੇ ਕੌਮਾਂ ਦੀ ਬਦਲ ਤਕਦੀਰ ਦਿੰਦੇ
ਚੂਨਾਂ ਪੀਸ ਕੇ ਰਾਹ ਦੇ ਰੋੜਿਆਂ ਦਾ ਰੱੜਕ ਉਹਨਾਂ ਦੀ ਕੱਢ ਅਖੀਰ ਦਿੰਦੇ

28 ਸਤੰਬਰ 1907 ਨੂੰ ਜਿਸ ਬਾਲ ਨੇ ਲੰਬੀ ਗੁਲਾਮੀ ਦੀਆਂ ਜ਼ੰਜੀਰਾਂ ਵਿਚ ਜਕੜੀ ਹੋਈ ਭਾਰਤ ਦੀ ਧਰਤੀ ਤੇ ਜਦ ਪਹਿਲਾ ਸਵਾਸ ਲਿਆ ਤਾਂ ਕਿਸੇ ਨੂੰ ਇਸ ਗਲ ਦਾ ਕਿਆਸ ਵੀ ਨਹੀਂ ਸੀ ਕਿ ਉਹ ਭਗਤ ਸਿੰਘ ਨਾਂ ਦਾ ਬਾਲਕ 24 ਸਾਲ ਤੋਂ ਵੀ ਘਟ ਉਮਰ ਵਿਚ ਭਾਰਤ ਮਾਂ ਦੀ ਆਜ਼ਾਦੀ ਦੇ ਘੋਲ ਵਿਚ ਸ਼ਹਾਦਤ ਪਾ ਕੇ ਇਡਾ ਕਦਆਵਰ ਹੋ ਜਾਵੇਗਾ ਕਿ ਵਡੇ ਵਡੇ ਮਹਾਂਰਥੀ ਉਸ ਅਗੇ ਬੌਨੇ ਲਗਣ ਲਗ ਜਾਣਗੇ ।ਕੁਝ ਮਸਖਰੇ ਲੇਖਕ ਸ਼ਹੀਦੇ ਆਜ਼ਮ ਭਗਤ ਸਿੰਘ ਨੂੰ ਅਤੰਕਵਾਦੀ ਆਖ ਕੇ ਉਸ ਦੀ ਸ਼ਾਹਾਦਤ ਨੂੰ ਜਦ ਛੁਟਿਆਉਂਣ ਦਾ ਯਤਨ ਕਰਦੇ ਹਨ ਤਾਂ ਖੁਦ ਮਸਖਰੀ ਦਾ ਪਾਤਰ ਬਣ ਕੇ ਰਹਿ ਜਾਂਦੇ ਹਨ । ਸ਼ਹੀਦੇ ਆਜ਼ਮ ਭਗਤ ਸਿੰਘ ਕਿਸੇ ਇਕ ਪਾਰਟੀ ਜਾਂ ਇਕ ਧਰਮ ਦੀ ਮਲਕੀਅਤ ਤੋਂ ਬਹੁਤ ਉਚਾ ਉਠਕੇ ਸਾਰੇ ਦੇਸ਼ ਦਾ ਸਾਂਝਾ ਸ਼ਹੀਦ ਬਣ ਚੁਕਾ ਹੈ ।ਉੁਸ ਮਹਾਨ ਹਸਤੀ ਦੇ ਜਨਮ ਦਿਨ ਤੇ ਮਨੁਖਤਾ ਦਾ ਕਲਿਆਣ ਲਈ ਉਸ ਦੇ ਉਦੇਸ਼ਾਂ ਨੂੰ ਪਰਚਾਰਨ ਅਤੇ ਅਪਨਾਉਣ ਦੀ ਲੋੜ ਹੈ ।





ਲਿਖਾਰੀ ਵਿਚ ਸ਼ਹੀਦੇ ਆਜ਼ਮ ਭਗਤ ਸਿੰਘ ਤੇ ਚਾਰ ਲੇਖ ਛਪੇ ਹਨ । ਸਾਰੇ ਲੇਖਾਂ ਤੇ ਆਪਣੇ ਵਿਚਾਰ ਪੇਸ਼ ਕਰਨ ਦੀ ਇਜਾਜ਼ਤ ਚਾਹਾਂਗਾ ।
ਪਹਿਲਾ ਲੇਖ ( ਬੋਲ ਐ ਲਹੂ ਕੀ ਧਾਰ ) ਡਾ:ਗੁਰਦਿਆਲ ਸਿੰਘ ਰਾਏ ਹੋਰਾਂ ਦਾ ਜੋ ਲੇਖ 1959 ਦੀ ਅਜੀਤ ਵਿਚ ਛਪਿਆ ਸੀ ਉਸ ਦੀ ਕਾਪੀ ਹੈ ।
ਇਸ ਲੇਖ ਵਿਚ ਸਾਂਡਰਸ ਦੀ ਮੌਤ ਤੋਂ ਅਗੇ ਕੀ ਹੋਇਆ ਦਾ ਬਿਰਤਾਂਤ ਹੈ । ਸਾਂਡਰਸ ਅਤੇ ਸਕਾਟ ਦੋਵਾਂ ਨੂੰ ਹੀ ਲਾਲਾ ਲਾਜਪਤ ਰਾਏ ਤੇ ਲਾਠੀਆਂ ਬਰਸਾਉਣ ਦਾ ਦੋਸ਼ੀ ਮੰਨਦਿਆਂ ( ਜਿਸ ਕਾਰਨ ਉਹ ਸ਼ਹਾਦਤ ਦਾ ਜਾਂਮ ਪੀ ਗਏ )ਦੋਵਾਂ ਨੂੰ ਹੀ ਮਾਰ ਮੁਕਾਉਣ ਦਾ ਪਰੋਗਰਾਮ ਉਲੀਕਿਆ ਗਿਆ। ਦੋਵਾਂ ਨੂੰ ਮਾਰ ਮੁਕਾੳਂੁਣਾਂ ਸਿਰਫ ਬਦਲੇ ਦੀ ਭਾਵਨਾ ਹੀ ਨਹੀਂ ਸੀ ਇਹ ਤਾਂ ਜਾਬਰ ਅੰਗਰੇਜ਼ ਹਕੂਮਤ ਨੂੰ ਕੰਨ ਕਰਨ ਲਈ ਸੀ ਕਿ ਅਸੀਂ ਇਟ ਦਾ ਜਵਾਬ ਪੱਥਰ ਨਾਲ ਵੀ ਦੇਣਾ ਜਾਂਣਦੇ ਹਾਂ।

ਸਾਂਡਰਸ ਦੇ ਮਰਨ ਉਪਰੰਤ ਇਕ ਮੁਸ਼ਕਲ ਪੇਸ਼ ਆ ਗਈ ਸੀ ਪਹਿਚਾਣ ਵਿਚ ਇਕ ਪੱਗੜੀ ਵਾਲੇ ਸਿਖ ਦਾ ਨਾਂ ਆ ਰਿਹਾ ਸੀ । ਸ: ਭਗਤ ਸਿੰਘ ਨੂੰ ਲਾਹੌਰ ਤੋਂ ਬਾਹਰ ਕੰਢਣ ਲਈ ਜੋ ਸਕੀਮ ਉਲੀਕੀ ਗਈ ਉਸ ਲਈ ਇਹਨਾਂ ਜੁਝਾਰੂਆਂ ਦੀ ਦਾਦ ਦੇਣੀ ਬਣਦੀ ਹੈ । ਦੁਰਗਾ ਭਾਬੀ ਨੂੰ ਪਾਉਡਰ ਲਾ ਕੇ ਅੰਗਰੇਜ਼ੀ ਗਾਉਣ ਪਾ ਕੇ ਮੇਮ ਬਣਾਉਣ ਵਿਚ ਸਿਰਫ ਉਸ ਦੀ ਰਜ਼ਾਮੰਦੀ ਦੀ ਲੋੜ ਸੀ ਕਿਸੇ ਕਿਸਮ ਦੀ ਅਨਹੋਣੀ ਵੀ ਵਾਪਰ ਸਕਦੀ ਸੀ ਪਰ ਭਗਤ ਸਿੰਘ ਨੂੰ ਲਾਹੋਰ ਤੋਂ ਬਾਹਰ ਲਿਜਾਣ ਲਈ ਖਤਰਿਆਂ ਦੀ ਪਰਵਾਹ ਨਾਂ ਕਰਦਿਆਂ ਹੋਇਆਂ ਬਗੈਰ ਕਿਸੇ ਆਪਣੇ ਸੁਆਰਥ ਦੇ ਭਾਰਤ ਮਾਂ ਦੀ ਸਪੁਤ੍ਰੀ ਦੁਰਗਾ ਭਾਬੀ ਨੇ ਹਾਂ ਕਰ ਦਿਤੀ । ਭਗਤ ਸਿੰਘ ਨੂੰ ਅੰਗਰੇਜ਼ ਅਫਸਰ ਦਾ ਰੂਪ ਅਖਤਿਆਰ ਕਰਨ ਲਈ ਆਪਣੇ ਕੇਸ ਕਟਵਾਉਂਣੇ ਪਏ ਉਸਨੂੰ ਆਪਣੀ ਪਹਿਚਾਨ ਬਦਲਣ ਲਗਿਆਂ ਜੋ ਦੁਖ ਹੋਇਆ ਹੋਵਿਗਾ ਉਸ ਦਾ ਬਿਆਨ ਕਰਨਾ ਬੜਾ ਮੁਸ਼ਕਲ ਹੈ । ਇਸ ਤੋਂ ਅਗੇ ਭਗਤ ਸਿੰਘ ਦੀ ਪਹਿਚਾਣ ਪਗੜੀ ਦੀ ਬਜਾਏ ਅੰਗਰੇਜ਼ੀ ਟੋਪ ਨਾਲ ਬਣ ਜਾਂਦੀ ਹੈ ।ਅਜ ਭਗਤ ਸਿੰਘ ਦੀ ਟੋਪ ਵਾਲੀ ਫੋਟੋ ਹੀ ਚਲਦੀ ਹੈ ਅਤੇ ਉਸ ਦੇ ਸਿਖ ਹੋਣ ਤੇ ਕਈ ਲੇਖਕ ਸਵਾਲੀਆ ਚਿੰਨ ਲਾ ਦਿੰਦੇ ਹਨ ।ਵਡੀ ਗਲ ਇਹ ਹੈ ਕਿ ਉਹ ਆਪਣੀ ਸਕੀਮ ਵਿਚ ਸਫਲ ਰਹੇ ਭਗਤ ਸਿੰਘ ਇਕ ਅੰਗਰੇਜ਼ ਅਫਸਰ ਦੇ ਰੂਪ ਵਿਚ ਲਖਨਊ ਪੁਜ ਗਿਆ।
ਅਣਖੀ ਜਦ ਮੌਤ ਨੂੰ ਪਾਉਂਦੇ ਵੰਗਾਰਾਂ ਕਜ਼ਾਵਾਂ ਵੀ ਰਸਤਾ ਬਦਲ ਲੈਦੀਆਂ ਹਨ ।

ਮੈਂ ਸਿਰਫ ਭਗਤ ਸਿੰਘ ਦੀ ਬਦਲਦੀ ਪਹਿਚਾਣ ਦੀ ਗਲ ਕਰਨੀ ਸੀ ਡ: ਗੁਰਦਿਆਲ ਸਿੰਘ ਰਾਏ ਹੋਰਾਂ ਦਾ ਬਾਕੀ ਦਾ ਸਾਰਾ ਲੇਖ ਬਹੁਤ ਹੀ ਜਾਣਕਾਰੀ ਭਰਪੂਰ ਹੈ ਉਹਨਾਂ ਦੇ ਲੇਖ ਦੇ ਆਖੀਰ ਵਿਚ ਲਿਖੀ ਕਵਿਤਾ ਨੇ ਸ ਭਗਤ ਸਿੰਘ ਵਾਰੇ ਮੇਰੀ ਜਾਣਕਾਰੀ ਵਿਚ ਵਾਧਾ ਕੀਤਾ ਹੈ । ਮੈਂ ਉਹਨਾਂ ਦਾ ਮਸ਼ਕੂਰ ਰਹਾਂਗਾ।

ਦੂਸਰਾ ਲੇਖ (ਮਨੁਖਤਾ ਦਾ ਆਸ਼ਕ ਸ: ਭਗਤ ਸਿੰਘ ) ਐਡੰਿੰਮੰਟਨ ਕੈਨੇਡਾ ਤੋਂ ਦਲਜੀਤ ਸਿੰਘ ਹੋਰਾਂ ਦਾ ਹੈ।
ਦਲਜੀਤ ਸਿੰਘ ਜੀ ਨੇ ਆਪਣੇ ਲੇਖ ਵਿਚ ਭਗਤ ਸਿੰਘ ਦੀ ਸੋਚ ਨੂੰ ਬੜੀ ਸੁਲਝੀ ਹੋਈ ਬੋਲੀ ਵਿਚ ਪੇਸ਼ ਕੀਤਾ ਹੈ । ਦਲਜੀਤ ਸਿੰਘ ਜੀ ਨੇ ਭਗਤ ਸਿੰਘ ਜੀ ਦੇ ਪਿਤਾ ਸ: ਕਿਸ਼ਨ ਸਿੰਘ ,ਉਸਦੇ ਚਾਚੇ ਅਜੀਤ ਸਿੰਘ ਅਤੇ ਸਵਰਨ ਸਿੰਘ ਦਾ ਸਭੰਧ ਗਦਰ ਪਾਰਟੀ ਨਾਲ ਦਸ ਕੇ ਗਦਰ ਪਾਰਟੀ ਲੈਹਰ ਨੂੰ ਇਕ ਵਡਾ ਹੁੰਘਾਰਾ ਦਿਤਾ ਹੈ ।ਗਦਰ ਪਾਰਟੀ ਵਾਲੇ ਆਪਣੇ ਮਨਸੂਬੇ ਵਿਚ ਪਹਿਲੀ ਵਾਰ ਭਾਵੇਂ ਸਫਲ ਨਹੀਂ ਹੋ ਸਕੇ ਪਰ ਉਹਨਾਂ ਨੇ ਫੌਜ ਵਿਚ ਘੁਸ ਪੇਠ ਕਰਨੀ ਨਹੀਂ ਛਡੀ ,ਉਸ ਘੁਸ ਪੇਠ ਦਾ ਹੀ ਨਤੀਜਾ ਕੁਝ ਫੋਜੀਆਂ ਨੇ ਬੰਬਈ ਬੰਦਰਗਾਹ ਤੇ ਜਹਾਜ ਚੜ੍ਹਨੋ ਨਾਂਹ ਕੀਤੀ ਸੀ , ਜਨਰਲ ਮੋਹਣ ਸਿੰਘ ਦੀ ਅਗਵਾਈ ਵਿਚ ਇੰਡੀਅਨ ਨੈਸ਼ਨਲ ਆਰਮੀ ਦਾ ਗੱਠਨ ਜਿਸ ਦੀ ਬਾਗ ਡੋਰ ਬਾਅਦ ਵਿਚ ਸੁਭਾਸ਼ ਚੰਦਰ ਬੋਸ ਨੇ ਸੰਭਾਲੀ ,ਉਸਤੋਂ ਉਪਰੰਤ 1946 ਵਿਚ ਫੋਜ ਦੀਆਂ ਤਿਨਾਂ ਕਮਾਂਡਸ ਵਲੋਂ ਬਗਾਵਤ ਇਹ ਗਦਰ ਪਾਰਟੀ ਵਲੋਂ ਬੀਜਿਅ ਬੀਜ ਹੀ ਉਂਗਰ ਰਿਹਾ ਸੀ ਇਹਨਾਂ ਸਾਰੀਆਂ ਘਟਨਾਵਾਂ ਨੇ ਹਕੂਮਤ ਅੰਗਰੇਜ਼ੀ ਨੂੰ ਹਥਾਂ ਪੈਰਾਂ ਦੀ ਪਾ ਦਿਤੀ । ਅੰਗਰੇਜ਼ ਹਕੂਮਤ ਨੇ ਵਕਤ ਦੀ ਨਜ਼ਾਕਤ ਦੇਖ ਕੇ 15 ਅਗਸਤ 1947 ਨੂੰ ਆਪਣੇ ਚਹੇਤਿਆਂ ਦੇ ਹਥ ਹਕੂਮਤ ਦੀ ਵਾਗ ਡੋਰ ਸੰਭਾਲ ਦਿਤੀ ।ਵਡੀ ਗਿਣਤੀ ਵਿਚ ਆਜ਼ਾਦੀ ਦੇ ਘੁਲਾਟੀਏ ਉਦੋਂ ਤਕ ਜ੍ਹੇਲੀਂ ਡਕੇ ਰਹੇ ਜਦ ਤਕ ਕਾਂਗਰਸ ਨੇ ਦੇਸ਼ ਦੀ ਹਕੂਮਤ ਤੇ ਪੂਰੀ ਤਰਾਂ ਕਾਬੂ ਨਹੀਂ ਪਾ ਲਿਆ। ਯੂ.ਪੀ . ਵਿਚ ਨੈਹਰੂ ਪ੍ਰਿਵਾਰ ਦੀ ਭੱਲ ਬਣੀ ਹੋਈ ਸੀ ਉਸ ਨੂੰ ਇਡਾ ਵੱਡਾ ਸੂਬਾ ਬਣਾ ਧਰਿਆ ਕਿ ਉਥੋਂ ਚੋਣ ਜਿਤ ਕੇ ਆਏ ਐਮ. ਪੀ. ‘ਜ਼ ਦੀ ਗਿਣਤੀ ਸਾਰੇ ਭਾਰਤ ਤੇ ਭਾਰੂ ਰਹੀ ।ਅੰਗਰੇਜ਼ਾ ਦਾ ਐਹਸਾਨ ਮੋੜਨ ਲਈ ਲੈਂਡ ਸੀਲੰਗ ਐਕਟ ਵਿਚ ਅੰਗਰੇਜ਼ਾ ਦੀ ਮਲਕੀਅਤ ਵਾਲੇ ਟੀ ਗਾਰਡਨਸ ਸ਼ਾਮਲ ਨਹੀਂ ਸਨ ।ਭਗਤ ਸਿੰਘ ਹੋਰਾਂ ਦਾ ਸੁਪਨਾਂ ਦੋ ਟਕੇ ਦੀ ਗਾਂਧੀ ਟੋਪੀ ਅਤੇ ਨੈਹਰੂ ਜੈਕਟ ਨੇ ਢਕਾਰ ਲਿਆ ।ਜਿਸ ਮਨੁਖਤਾ ਦੀ ਗਲ ਭਗਤ ਸਿੰਘ ਕਰਦਾ ਸੀ ਉਹ ਅਜ ਵੀ ਰਿਸ਼ਵਤ ਅਤੇ ਭ੍ਰਿਸ਼ਟਾਚਾਰ ਦਾ ਦੁਖ ਭੋਗ ਰਹੀ ਹੈ ।ਹਕੂਮਤਾਂ ਦੀ ਬਾਗ ਡੋਰ ਅਜ ਕਲ ਖੁਫੀਆ ਏਜੰਸੀਆ ਦੇ ਹਥ ਹਨ । ਭਾਰਤ ਦੀ ਖੁਫੀਆ ਏਜੰਸੀ ਅਤੇ ਪਾਕਸਤਾਨ ਦੀ ਖੁਫੀਆ ਏਜੰਸੀ ਆਪਣੇ ਆਪਣੇ ਮੁਲਕ ਦੀ ਬਾਗ ਡੋਰ ਸੰਭਾਲੀ ਬੈਠੀਆਂ ਹਨ । ਇਰਾਕ ਦੀ ਜੰਗ ਨੂੰ ਸਹੀ ਸਿਧ ਕਰਨ ਵਿਚ ਅਮਰੀਕਾ ਦੀ ਸੀ .ਆਈ .ਏ ਦੀ ਭੂਮਕਾ ਵੀ ਕਿਸੇ ਪਾਸੋਂ ਲੁਕੀ ਛਿਪੀ ਨਹੀਂ ।
ਦਲਜੀਤ ਸਿਂਘ ਹੋਰਾਂ ਨੇ ਜੋ ਭਗਤ ਸਿੰਘ ਦੀ ਡਾਇਰੀ ਦੀਆਂ ਕੁਝ ਲਾਈਨਾਂ ਪੇਸ਼ ਕੀਤੀਆਂ ਹਨ ਮੈ ਉਹੇਨਾਂ ਨੂੰ ਦੁਬਾਰਾ ਲਿਖਣ ਦੀ ਇਜਾਜ਼ਤ ਚਾਹਾਂਗਾ ।

“ਜ਼ਿੰਦਗੀ ਦਾ ਨਿਸ਼ਾਨਾ ਹੁਣ ਮਨ ਨੂੰ ਕੰਟਰੋਲ ਕਰਨ ਦਾ ਨਹੀਂ ,ਪਰੰਤੂ ਇਸ ਦਾ ਇਕ ਸੁਰ ਵਿਕਾਸ ਕਰਨਾਂ ਹੈ । ਹੁਣ ਤੋਂ ਬਾਅਦ ਦਾ ਨਿਸ਼ਾਨਾ ਮੁਕਤੀ ਪਰਾਪਤ ਕਰਨਾਂ ਨਹੀਂ ,ਪਰੰਤੂ ਏਥੇ ਥਲੇ ਉਸ ਦੀ ਪੂਰਨ ਵਰਤੋਂ ਕਰਨੀ ਹੈ । ਸਿਰਫ ਸੱਚ ,ਸੁੰਦਰ ਅਛਾਈ ਹੀ ਪਰਾਪਤ ਨਹੀਂ ਕਰਨੀਆਂ ਬਲਕਿ ਵਾਸਤਵ ਜ਼ਿੰਦਗੀ ਵਿਚ ਵੀ ਵਰਤੋਂ ਵਿਚ ਲਿਆਉਣਾ ਹੈ । ਵਿਕਾਸ ਸਿਰਫ ਕੁਝ ਲੋਕਾਂ ਦੇ ਸਰੇਸ਼ਟ ਬਣਨ ਵਿਚ ਨਹੀਂ ਪਰੰਤੂ ਇਹ ਲੋਕ ਰਾਜ ਵਿਚ ਵਿਕਸਤ ਹੋਣ ਵਿਚ ਹੈ ।ਜਾਂ ਵਿਸ਼ਵਚਾਰਾ ਸਿਰਫ ਇਸ ਢੰਗ ਨਾਲ ਪ੍ਰਾਪਤ ਹੋ ਸਕਦਾ ਹੈ ਜਦੋਂ ਸਮਾਜੀ , ਰਾਜਸੀ ਅਤੇ ਵਿਅਕਤੀ ਗਤ ਜ਼ਿੰਦਗੀ ਨੂੰ ਵਿਕਾਸ ਕਰਨ ਲਈ ਬਰਾਬਰ ਮੌਕੇ ਹਾਸਲ ਹੋਣਗੇ ।“ ਮੈਨੂੰ ਇਹ ਸਤਰਾਂ ਪੜ੍ਹ ਕੇ ਇਦਾਂ ਲਗਾ ਜਿਵੇਂ ਮੈੰ ਸਿਖੀ ਦੇ ਵਿਧਾਨ ਗੂੁਰੁ ਗਰੰਥ ਸਾਹਿਬ ਵਿਚੋਂ ਨਸੀਹਤ ਲੈ ਰਿਹਾ ਹੋਵਾਂ।

ਗੁਰੂ ਸਾਹਿਬਾਨ ਨੇ ਆਪਣਾ ਆਪ ਪਛਾਨਣ ਲਈ ਪਰੇਰਿਆ ।ਜਨਸਾਧਾਰਨ ਨੂੰ ਮਾਣ ਸਤਕਾਰ ਦਿਤਾ । ਗੁਰੂ ਸਾਹਿਬਾਨ ਵਲੋਂ ਨਵੇਂ ਸ਼ਹਿਰ ਬਸਾਉਣ ਨਾਲ ਲੋਕਾਂ ਦਾ ਆਤਮਕ ਵਿਸ਼ਵਾਸ਼ ਵਧਿਆ ਅਤੇ ਆਰਥਕ ਵਿਕਾਸ ਹੋਇਆ । ਲੋਕਾਂ ਵਿਚ ਬਰਾਬਰੀ ਅਤੇ ਪ੍ਰੇਮ ਪਿਆਰ ਨਾਲ ਰਹਿਣ ਦਾ ਬੀਜ ਬੀਜਿਆ । ਬਾਅਦ ਵਿਚ ਕਾਰਲਮਾਰਕਸ ਵੀ ਬਰਾਬਰੀ ਦੀ ਗਲ ਤਾਂ ਕਰਦਾ ਹੈ ਪਰ ਉਸ ਵਿਚ ਅਧਿਆਤਮਕ ਪਖ ਨਾਂ ਹੋਣ ਕਰਕੇ ਜਦ ਉਸ ਫਿਲਾਸਫੀ ਨੂੰ ਲਾਗੂ ਕੀਤਾ ਗਿਆ ਤਾਂ ਬਾਈਬਲ ਵਿਚਲਾ ਹਜ਼ਰਤ ਮੂਸਾ ਅਤੇ ਗੀਤਾ ਵਿਚਲਾ ਭਗਵਾਨ ਕ੍ਰਿਸ਼ਨ ਪਰਗਟ ਹੋ ਗਏ ( ਤੁਹਾਡਾ ਕੋਈ ਮਾਂ ਨਹੀਂ ਬਾਪ ਨਹੀਂ ਕੋਈ ਰਿਸ਼ਤੇਦਾਰ ਨਹੀਂ ਜੋ ਤੁਹਾਡੀ ਗਲ ਨਹੀਂ ਮੱਨਦਾ ਉਸਨੂੰ ਤੇਗ ਦੇ ਸਪੁਰਦ ਕਰ ਦਿਓ )। ਹਜ਼ਰਤ ਮੂਸਾ ਦੇ ਕੈਂਪ ਵਿਚ 3500 ਸੋ ਬੰਦੇਆਂ ਦਾ ਕਤਲ ਹੋਇਆ ਦਸਿਆ ਜਾਂਦਾ ਹੈ ਅਤੇ ਮਹਾਂਭਾਰਤ ਵਾਲੈ ਕੁਰੂ ਕਸ਼ੇਤਰ ਦੀ ਧਰਤੀ ਨੂੰ ਲਹੂ ਰੰਗੀ ਹੋਈ ਦਸਦੇ ਹਨ ।ਵੋਲਟਕ ਅੰਦੋਲਨ ਵਿਚ ਵੀ ਬਹੁਤ ਵਡੀ ਗਿਣਤੀ ਤੇਗ ਸਪੁਰਦ ਕੀਤੀ ਗਈ । ਭਾਰਤ ਦੀ ਜੰਗੇ ਆਜ਼ਾਦੀ ਵਿਚ ਸਿਖ ਕੋਮ ਦਾ ਇਕ ਬਹੁਤ ਵਡਾ ਯੋਗਦਾਨ ਹੈ । ਸਿਖ ਗੁਰੂਆਂ ਨੇ ਸਾਡੀ ਆਤਮਾਂ ਨੂੰ ਹਲੂਣਿਆਂ ਸੀ ਜਿਸਦਾ ਜ਼ਿਕਰ ਡਾਕਟਰ ਮੁਹਮਦ ਇਕਬਾਲ ਕਰਦਾ ਹੈ ।

ਫਿਰ ਉਠੀ ਤੋਹੀਦ ਕੀ ਆਵਾਜ਼ ਇਕ ਪੰਜਾਬ ਸੇ ਹਿੰਦ ਕੋ ਇਕ ਮਰਦੇ ਕਾਮਲ ਨੇ ਜਗਾਇਆ ਖੁਆਬ ਸੇ ।

ਪਰ ਅਫਸੋਸ ਇਸ ਗਲ ਦਾ ਹੈ ਕਿ ਲੋਕ ਤਾਂ ਸਾਡੀ ਗਲ ਸੁਣਨੀ ਚਾਹੁੰਦੇ ਸਨ ਪਰ ਅਸੀਂ ਸਿਖ ਅਸੂਲਾਂ ਨੂੰ ਛਿਕੇ ਟੰਗ ਕੇ ਖੁਦਗਰਜ਼ ਮਤਲਬੀ ਅਤੇ ਭੇਖਧਾਰੀ ਬਣ ਗਏ ਹਾਂ ।ਸੰਗਤ ਧੜਿਆਂ ਵਿਚ ਵੰਡੀ ਪਈ ਹੈ । ਖੁੰਬਾਂ ਵਾਂਗ ਸਾਧਾਂ ਦੇ ਡੇਰੇ ਪ੍ਰੱਗਟ ਹੋ ਰਹੇ ਹਨ । ਡੇਰਿਆਂ ਵਿਚ ਹਰ ਕਿਸਮ ਦਾ ਵਿਭਚਾਰ ਹੋ ਰਿਹਾ ਹੈ ।ਹੇਠ ਲਿਖਿਆ ਸ਼ੈਅਰ ਸਾਡੇ ਤੇ ਇਨ ਬਿਨ ਢੁਕਦਾ ਹੈ।

“ ਬੜੇ ਸ਼ੌਕ ਸੇ ਸੁਨ ਰਹਾ ਥਾ ਜ਼ਮਾਨਾ ਹਮੀਂ ਸੋ ਗਏ ਦਾਸਤਾਂ ਕਹਿਤੇ ਕਹਿਤੇ “

ਦਲਜੀਤ ਹੋਰਾਂ ਦਾ ਲੋਕਾਈ ਦਾ ਦਿਸ਼ਾ ਹੀਣ ਹੋਣ ਦਾ ਜ਼ਿਕਰ ਸਹੀ ਹੈ ਸਾਡੀ ਨਵੀਂ ਪੀਹੜੀ ਨਸ਼ਿਆਂ ਵਿਚ ਗੁਲਤਾਨ ਹੈ । ਅਸ਼ਲੀਲਤਾ ਅਤੇ ਨੰਗੇਜ ਨੇ ਸਾਨੂੰ ਕਾਮੀ ਬਣਾ ਦਿਤਾ ਹੈ ।ਇਸ ਬਿਗੜਦੀ ਦਿਸ਼ਾ ਨੂੰ ਦੇਖ ਕੇ ਗੁਰਚਰਨ ਬੱਧਣ ਲਿਖਦਾ ਹੈ ।

ਗੀਤਾਂ ਨੂੰ ਵੀ ਚਾਹੀਦੇ ਪੁਆਣੇ ਕੱਪੜੇ, ਹੋਣ ਭਾਵੇਂ ਨਵੇਂ ਜਾਂ ਪੁਰਾਣੇ ਕੱਪੜੇ ।
ਸੁਹਣੇ ਬੋਲ ਘਰਾਂ’ ਚ ਵੱਜਣ ਵਾਸਤੇ , ਚਾਹੀਦੀ ਸ਼ਰਮ ਹੈ ਕੱਜਣ ਵਾਸਤੇ ।

ਉਸ ਤੋਂ ਅਗਲਿਆਂ ਬੰਦਾਂ ਵਿਚ ਉਹ ਇਕ ਸਵਾਲ ਖੜਾ ਕਰਦਾ ਹੈ ।

ਅੱਜ ਨਗਨ ਸ਼ਾਇਰੀ ਹੋ ਰਹੀ ਇਹਦਾ ਚੀਰ ਹਰਨ ਹੋ ਰਿਹਾ,
ਗੀਤਾਂ ਨੂੰ ਗੋਤੇ ਪੈ ਰਹੇ ਨੇ ਕਵਿਤਾ ਦਾ ਮਰਨ ਹੋ ਰਿਹਾ ।

ਅੱਜ ਲੱਚਰਤਾ ਦੀ ਦੇਸ਼ ਦੇ ਹਰ ਕੋਣੇ ਤੇ ਭਰਮਾਰ ਹੈ ।
ਦਸੋ ਖਾਂ ਦੇਸ ਵਾਸੀਓ ਇਹਦਾ ਕੌਣ ਜ਼ੁਮੇਵਾਰ ਹੈ ।

ਸਾਮਰਾਜ ਵਾਦ ਅਤੇ ਸਮਾਜਵਾਦ ਦੇ ਦੋ ਤਾਕਤਵਰ ਦੈਂਤ ਸਾਰੇ ਸੰਸਾਰ ਵਿਚ ਜਨਸਾਧਾਰਨ ਦਾ ਘਾਣ ਬੱਚਾ ਪੀੜੀ ਜਾ ਰਹੇ ਹਨ । ਸਾਮਰਾਜ ਵਾਦ ਵਿਚ ਲੋਕਤੰਤਰ ਦੇ ਨਾਂ ਥੱਲੇ ਪੈਸੇ ਦੇ ਜ਼ੋਰ ਪ੍ਰਚਾਰ ਦੀ ਘੁੱਟੀ ਪੱਲਾ ਕੇ ਵੋਟਾਂ ਹਥਿਆ ਲਈਆਂ ਜਾਂਦੀਆਂ ਹਨ ਅਤੇ ਸਮਾਜਵਾਦ ਵਿਚ ਡੰਡਾ ਪ੍ਰਧਾਨ ਹੈ ।
ਦੋਹਾਂ ਵਾਦਾਂ ਵਿਚ ਚੰਦ ਲੋਗਾਂ ਦਾ ਹੀ ਬੋਲ ਬਾਲਾ ਹੈ । ਸਰਕਾਰੀ ਖਜ਼ਾਨਾਂ ਹਾਕਮ ਜਮਾਤ ਦੀ ਅਜਾਰਦਾਰੀ ਬਣ ਕੇ ਰਹਿ ਗਿਆ ਹੈ । ਬਗੈਰ ਜੰਤਾ ਦੇ ਜਾਗਿਆਂ ਭਗਤ ਸਿੰਘ ਦਾ ਸੁਪਨਾ ਅਧੂਰਾ ਹੀ ਰਹੇ ਗਾ । ਕਲਮਾਂ ਵਾਲਿਓ ਕਲਮਾਂ ਚੁਕੋ

ਜ਼ੁਲਮ ਜਬਰ ਨੂੰ ਠਲ ਪੈ ਜਾਂਦੀ ਜਦ ਵੀ ਜੰਤਾ ਜਾਗੇ
ਜੰਤਾ ਹੀ ਘੱਗ ਜਗਾਉਣੀ ਔਖੀ ਲੋਕੀਂ ਯਾਰ ਪਿੱਟਣ ਛਜ ਉਹਲੇ।

ਤੀਸਰਾ ਲੇਖ ( ਸ਼ਹੀਦ ਭਗਤ ਸਿੰਘ- ‐ਇਕ ਇਨਕਲਾਬ ) ਸ: ਸੁਰਜੀਤ ਸਿੰਘ ਜੀਤ ਹੋਰਾਂ ਦੀ ਕਲਮ ਦੀ ਦੇਣ ਹੈ ।
ਸੁਰਜੀਤ ਜੀ ਨੇ ਇਕ ਲੇਖ ਦੇ ਸ਼ੂਰਆਤ ਵਿਚ ਹੀ ਇਕ ਬੜੇ ਮਾਰਕੇ ਦੀ ਗਲ ਕਹੀ ਹੈ । ਸਮਾਜਵਾਦ ਦਾ ਨਾਂ ਸੁਣ ਕੇ ਇਕ ਧਾਰਮਕ ਲੇਖਕ ਨੂੰ ਜ਼ੁਕਾਮ ਹੋ ਜਾਂਦਾ ਹੈ । ਅਤੇ ਜੇ ਕਿਤੇ ਧਰਮ ਦਾਂ ਨਾਂ ਲੈ ਦਿਓ ਤਾਂ ਕਾਮਰੇਡੀ ਸੋਚ ਵਾਲਿਆਂ ਨੂੰ ਨਿਛਾਂ ਆਉਣ ਲਗ ਜਾਨੀਆਂ ਹਨ । ਬਾਬੇ ਨਾਨਕ ਨੇ ਕੁਝ ਸੁਣੀਏ ਕੁਝ ਕਹੀਏ ਦੀ ਗਲ ਕਰਨ ਲਗਿਆਂ ਕੋਈ ਪਾਬੰਦੀ ਨਹੀਂ ਸੀ ਲਾਈ ਕਿਸ ਨਾਲ ਗਲ ਕਰਨੀ ਹੈ ਕਿਸ ਨਾਲ ਨਹੀਂ ।ਬਾਬੇ ਨਾਨਕ ਦੇ ਦਰਸਾਏ ਮਾਰਗ ਤੇ ਚਲਣਾ ਹੈ ਤਾਂ ਸਾਨੂੰ ਸੌੜੀ ਸੋਚ ਵਗਾਹ ਮਾਰਨੀ ਹੋਵੇਗੀ ।

ਸੁਰਜੀਤ ਸਿੰਘ ਹੋਰਾਂ ਆਪਣੇ ਸਾਰੇ ਲੇਖ ਵਿਚ ਦਲੀਲ ਦਾ ਪਲਾ ਨਹੀਂ ਛਡਿਆ ਬੜੀ ਮੇਹਨਤ ਕੀਤੀ ਹੈ । ਕੁਝ ਗਲਾਂ ਮੈਂ ਆਪਣੇ ਤਜੱਰਬੇ ਤੋਂ ਸਾਂਝੀਆਂ ਕਰਾਂਗਾ । ਸਾਡੇ ਨਾਨੀ ਜੀ ਅਤੇ ਸ: ਭਗਤ ਸਿੰਘ ਦੇ ਮਾਤਾ ਜੀ ਦੀ ਇਕ ਰਿਸ਼ਤੇ ਕਾਰਨ ਸਾਂਝ ਸੀ । ਇਕ ਦੁੂਸਰੇ ਦੇ ਦਿਨ ਵਿਹਾਰ ਤੇ ਆਉਣੀ ਜਾਣੀ ਵੀ ਸੀ । ਮੇਰਾ ਜਨਮ ਬੱਰਮਾਂ ਦਾ ਹੈ ਮੈਂ ਕੋਈ ਛੇ ਸਾਲ ਦਾ ਹੋਵਾਂਗਾ ਜਦ ਮੈਂ ਪਹਿਲੀ ਵਾਰ ਬੱਰਮਾਂ ਤੋ ਆ ਕੇ ਆਪਣੇ ਨਾਨਕੀ ਗਿਆ ਮੇਰੇ ਨਾਨੀ ਜੀ ਨੇ ਮੈਨੂੰ ਗੋਦ ਵਿਚ ਲੈ ਮੇਰਾ ਮੂੰਹ ਚੁੰਮਿਆ ਮੇਰੀ ਢੁੂਹੀ ਤੇ ਹਥ ਫੇਰਿਆ ਫੇਰ ਅੰਗਰੇਜ਼ੀ ਹਕੂਮਤੇ ਤੇਰਾ ਕੱਖ ਨਾ ਰਹੇ ਆਖ ਕੇ ਰੋਣ ਲਗ ਪਏ ਮੈਨੂੰ ਕੁਝ ਸੱਮਝ ਨਾਂ ਆਈ । ਮੇਰੀ ਮਾਤਾ ਜੀ ਨੇ ਕੁਝ ਸਾਲਾਂ ਬਾਅਦ ਮੈਨੂੰ ਸਮਝਾਇਆ ਕਿ ਮੇਰੇ ਨਾਨੀ ਜੀ ਭਗਤ ਸਿੰਘ ਦੀ ਯਾਦ ਨੂੰ ਨਹੀਂ ਭੁਲਾ ਸਕੇ ਜਦ ਕਿਸੇ ਬਚੇ ਨੂੰ ਗੋਦ ਵਿਚ ਲੈਂਦੇ ਹਨ ਤਾਂ ਭਗਤ ਸਿੰਘ ਦੇ ਮੋਹ ਵਿਚ ਬੇਹਬਲ ਹੋ ਕੇ ਇਸੇ ਤਰਾਂ ਭਾਵਕ ਹੋ ਜਾਂਦੇ ਹਨ ।

ਮੇਰੇ ਮਾਤਾ ਜੀ ਬਰਮਾਂ ਨੂੰ ਚਲੇ ਗਏ ਅਤੇ ਮੈਂ ਆਪਣੀ ਵਡੀ ਭੈਣ ਦੇ ਘਰ ਕੁਠਾਰ ਰਹਿਣ ਲਗ ਪਿਆ । ਉਹ ਸਾਰਾ ਪ੍ਰਿਵਾਰ ਦੇਸ਼ ਭਗਤੀ ਵਿਚ ਰੰਗਿਆ ਹੋਇਆ ਸੀ ਅਤੇ ਕਾਂਗਰਸ ਦੇ ਸਰਕਰਦਾ ਮੈਂਬਰ ਸਨ ਕੁਠਾਰ ਵਿਚੋਂ ਹੋਰ ਬਹੁਤ ਸਾਰੇ ਆਦਮਪੁਰ ਖਦਰ ਭੰਡਾਰ ਵਿਚ ਇਕਠੇ ਚਰਖਾ ਕਤਣ ਵੀ ਜਾਇਆ ਕਰਦੇ ਸਨ ।ਇਕ ਦਿਨ ਮੈਂ ਇਕ ਆਲਾ ਫੋਲਿਆ ਤਾਂ ਮੇਰੇ ਹਥ ਇਕ ਕਿਸਾ ਆ ਗਿਆ ਜੋ ਰਮਤੇ ਨੇ ਭਗਤ ਸਿੰਘ ਬਾਰੇ
ਲਿਖਿਆ ਹੋਇਆ ਸੀ ਉਹ ਕਿਸਾ ਸਰਕਾਰ ਨੇ ਬੈਨ ਕੀਤਾ ਹੋਇਆ ਸੀ ਮੇਰੇ ਭੈਣ ਦੀ ਸਸ ਨੇ ਮੇਰੇ ਪਾਸੋਂ ਕਿਸਾ ਲੈ ਕੇ ਕਿਤੇ ਹੋਰ ਛੁਪਾ ਦਿਤਾ। ਕੁਝ ਲਾਈਨਾ ਹਾਲੇ ਤਕ ਯਾਦ ਹਨ।

ਸਾਈਮਨ ਸੋਚਦਾ ਕੁਰਸੀਆਂ ਹੇਠ ਬੈਠਾ ਕਿਥੇ ਮਾਰਿਆ ਘੇਰ ਖੁਦਾ ਮੈਨੂੰ ,ਠੰਢੀ ਹਵਾ ਇੰਗਲੈਂਡ ਦੀ ਫਕਦੇ ਨੂੰ ਭਾਵੀ ਟੱਬਰੋਂ ਕੀਤਾ ਜੁਦਾ ਮੈਨੂੰ
ਹਾਏ ਮੇਂਮ ਸਾਹਿਬਾ ਵੇਲੇ ਅੰਤ ਦੇ ਆ ਤੂੰ ਵੀ ਦੇਖ ਲਮੈਂ ਜਾਂਦੇ ਰਾਹ ਮੈਨੂੰ ਮੇਰੇ ਬਚਿਓ ਬਾਪੂ ਜੀ ਚਲਿਆ ਏ ਰਿਹਾ ਨਿਤ ਪਿਆਰ ਦਾ ਚਾ ਮੈਨੂੰ

ਮੁਕਦਮੇ ਦੋਰਾਨ

ਮੈਮੋਰੀਅਲ ਲੋਕਾਂ ਨੇ ਬਹੁਤ ਭੇਜੇ ਭਗਤ ਸਿੰਘ ਨੂੰ ਫਾਂਸੀ ਤੇ ਚਾੜ੍ਹਿਓ ਨਾ ਸਾਡੇ ਸੜਦਿਆਂ ਦਿਲਾਂ ਨੂੰ ਹੋਰ ਰਮਤਾ ਤੇਲ ਮਿਟੀ ਦਾ ਪਾ ਕੇ ਸਾੜਿਓ ਨਾ ।

ਸਾਰੇ ਦੇਸ਼ ਵਿਚ ਹਾ ਹਾ ਕਾਰ ਮਚੀ ਹੋਈ ਸੀ ਪਰ ਗਾਂਧੀ ਜੀ ਨੇ ਇਹਨਾਂ ਆਜ਼ਾਦੀ ਦੇ ਪਰਵਾਨਿਆਂ ਨੂੰ ਸਿਰ ਫਿਰੇ ਆਖ ਕੇ ਹੀ ਸਾਰ ਲਿਆ ਸੀ । ਸ਼ਰੀਕ ਉਜੜੇ ਤੇ ਵੇਹੜਾ ਮੌਕਲਾ ਦਾ ਮੁਹਾਵਰਾ ਗਾਂਧੀ ਜੀ ਵਰਗਿਆਂ ਤੇ ਬੜਾ ਢੁੱਕਦਾ ਹੈ ।
ਮੇਰੇ ਬੈਹਨੋਈ ਦੇ ਵਡੇ ਭਰਾ ਸ: ਬਖਸ਼ੀਸ਼ ਸਿੰਘ ਨੇ ਸ਼ਾਦੀ ਨਹੀਂ ਸੀ ਕਰਵਾਈ ਉਹ ਜਾਂ ਤਾਂ ਜੇਲ ਵਿਚ ਹੁੰਦਾ ਸੀ ਜਾਂ ਅੰਡਰ ਗਰਾਊਂਡ ਬਾਅਦ ਵਿਚ ਹਜ਼ਾਰਾ ਸਿੰਘ ਬਬਰ ਮੰਡੇਰਾਂ ਵਾਲਿਆਂ ਦੀ ਸਪੁਤ੍ਰੀ ਸਰਦਾਰਨੀ ਪਰੀਤਮ ਕੋਰ ਮੇਰੀ ਭੈਣ ਦੀ ਜਠਾਣੀ ਬਣ ਕੇ ਆ ਗਈ ਤਾਂ ਹਜ਼ਾਰਾ ਸਿੰਘ ਬਬਰ ਨਾਲ ਵੀ ਮਿਲਣ ਦਾ ਸੁਭਾਗ ਪਰਾਪਤ ਹੋਇਆ । ਇਹ ਗਲਾਂ ਦਸਣ ਦਾ ਮੇਰਾ ਭਾਵ ਹੈ ਕਿ ਜੋ ਕੁਝ ਮੈਂ ਉਹਨਾਂ ਪਾਸੋਂ ਸੁਣਿਆਂ ਤੁਹਾਡੇ ਨਾਲ ਸਾਂਝਾ ਕਰ ਸਕਾਂ ।

ਭਗਤ ਸਿੰਘ ਦੇ ਮਾਤਾ ਜੀ ਗੁਰੂੁ ਸਾਹਿਬਾਨ ਦੇ ਮਿਸ਼ਨ ਤੋਂ ਪੂਰੇ ਸੁਚੇਤ ਸਨ । ਅਜੀਤ ਸਿੰਘ ਜੀ ਦੀ ਧਰਮ ਪਤਨੀ ਬਾਰੇ ਮੇਰੇ ਨਾਨੀ ਜੀ ਦਸਦੇ ਸਨ ਕਿ ਘਰ ਵਿਚ ਨਿਤ ਨੇਮ ਦੀ ਜ਼ਿਮੇਵਾਰੀ ਉਸ ਦੀ ਸੀ ।ਹਜ਼ਾਰਾ ਸਿੰਘ ਬਬਰ ਵੀ ਭਗਤ ਸਿੰਘ ਨੂੰ ਜ੍ਹੇਲ ਦੋਰਾਨ ਮਿਲਿਆ ਸੀ ਉਹਨਾਂ ਦੇ ਦਸਣ ਮੁਤਾਬਕ ਰਣਧੀਰ ਸਿੰਘ ਅਤੇ ਭਗਤ ਸਿੰਘ ਇਕ ਦੂਸਰੇ ਦੀ ਗਲ ਬੜੇ ਧਿਆਨ ਨਾਲ ਸੁਣਦੇ ਸਨ ਰਣਧੀਰ ਸਿੰਘ ਭਗਤ ਸਿੰਘ ਨਾਲ ਬੇਹਦ ਪਿਆਰ ਕਰਦੇ ਸਨ ਅਤੇ ਭਗਤ ਸਿੰਘ ਵੀ ਰਣਧੀਰ ਸਿੰਘ ਹੋਰਾਂ ਦਾ ਬਹੁਤ ਸਤਕਾਰ ਕਰਦਾ ਸੀ ।ਰਣਧੀਰ ਸਿੰਘ ਹੋਰਾਂ ਵਿਚ ਆਪਣੀ ਗਲ ਸਮਝਾਉਣ ਦੀ ਸਮਰੱਥਾ ਸੀ । ਅਤੇ ਭਗਤ ਸਿੰਘ ਪਾਸ ਸੁਣਨ ਸਮਰੱਥਾ । ਉਹ ਇਹ ਵੀ ਦਸਦੇ ਸਨ ਕਿ ਭਗਤ ਸਿੰਘ ਦੀ ਕੇਸ ਕਟਾਉਣ ਦੀ ਮਜਬੂਰੀ ਨਾਲ ਰਣਧੀਰ ਸਿੰਘ ਸੈਹਮਤ ਸਨ। ਭਗਤ ਸਿੰਘ ਨੇ ਅਗੋਂ ਤੋਂ ਕੇਸ ਨਾਂ ਕਟਾਉਣ ਦੀ ਗਲ ਮਨ ਵੀ ਲਈ ਸੀ ।ਕਈ ਦਫਾ ਜਦ ਬਬਰ ਹਜ਼ਾਰਾ ਸਿੰਘ ਦੀ ਕਹੀ ਗਲ (ਗਾਂਧੀ, ਨੈਹਰੂ ਹੋਰਾਂ ਦਾ ਗਰੁਪ ਉਪਰੋਂ ਕੁਝ ਹੋਰ ਨੇ ਅਤੇ ਅੰਦਰੋਂ ਕੁਝ ਹੋਰ ਨੇ । ਇਹਨਾ ਦਾ ਇਤਬਾਰ ਕਰਨ ਵਾਲੇ ਜਦ ਹੋਸ਼ ਵਿਚ ਆਉਣਗੇ ਤਾਂ ਵੇਲਾ ਬੀਤ ਚੁਕਾ ਹੋਵੇਗਾ । ਫੇਰ ਵੇਲਾ ਵਕਤ ਬਹਾਇਆਂ ਕੀ ਬਣਦਾ ਹੈ ਪਛਤਾਇਆਂ ਵਾਲੀ ਗਲ ਹੋਵੇਗੀ ) ਚੇਤੇ ਆ ਜਾਂਦੀ ਹੈ ਤਾਂ ਸੋਚੀਂ ਪੈ ਜਾਂਦਾਂ ਹਾਂ ਉਸ ਵਕਤ ਇਹਨਾਂ ਆਗੂਆਂ ਦੀ ਸੋਚ ਤੇ ਕਿੰਤੂ ਕਰਨ ਵਾਲੇ ਤਾਂ ਸਨ ।ਪਰ ਅਜ ਦੇ ਡੇਰੇ ਦਾਰ ਸਾਧਾਂ ਵਾਂਗ ਗਾਂਧੀ ਜੀ ਦੇ ਮਹਾਤਮਾਂ ਪੁਣੇ ਦਾ ਢੌਂਗ ਸਭ ਤੇ ਭਾਰੂ ਹੋ ਨਿਬੜਦਾ ਸੀ ।ਮੈਂ ਸੁਰਜੀਤ ਹੋਰਾਂ ਨੂੰ ਬੇਨਤੀ ਕਰਾਂਗਾ ਕਿ ਤੁਹਾਡੀ ਕਲਮ ਰੁਕਣ ਨਾਲ ਨੁਕਸਾਨ ਹੀ ਹੋਇਆ ਹੋਵੇਗਾ ਫਾਇਦਾ ਨਹੀਂ ਹੁਣ ਅਗੇ ਤੋਂ ਇਸ ਦੀ ਰਫਤਾਰ ਨੂੰ ਮਂਧਮ ਨਾ ਪੈਣ ਦਿਓ ।

ਚੌਥਾ ਲੇਖ ( ਸ਼ਹੀਦ ਭਗਤ ਸਿੰਘ ਨਾਸਤਕ ਸੀ ) ਸੁਖਦੇਵ ਸਿੱਧੂ ਹੋਰਾਂ ਨੇ ਕੁਝ ਕਿਤਾਬੀ ਵੇਰਵਿਆਂ ਦੇ ਆਧਾਰ ਤੇ ਲਿਖਿਆ ਹੈ ।
ਸਿੱਧੂ ਹੋਰਾਂ ਨੇ ਪਹਿਲੇ ਪੈਹਰੇ ਵਿਚ ਜੋ ਗਲ ਆਖੀ ਹੈ ।ਕਿ ਭਗਤ ਸਿੰਘ ਦੀ ਵਿਚਾਰਧਾਰਾ ਦੀ ਐਹਮੀਅਤ ਬਾਰੇ ਲੋਕਾਂ ਨੂੰ ਓਨੀ ਜਾਣਕਾਰੀ ਨਹੀਂ ਹੈ ।
ਉਹਨਾਂ ਦਾ ਇਹ ਵਿਚਾਰ ਸੋਨੇ ਵਰਗਾ ਖਰਾ ਹੈ । ਪਰ ਜਿਊਂ ਜਿਊਂ ਲੇਖ ਅਗੇ ਤੁਰਦਾ ਗਿਆ ਨਾਲ ਨਾਲ ਇਹ ਵੀ ਗਲ ਸਾਫ ਹੁੰਦੀ ਗਈ ਕਿ ਸਿਂਧੁ ਜੀ ਤਾਂ ਵਾਰੀਆਂ ਲਾਹੁਣ ਵਾਲੀ ਖੇਡ ਖੇਡ ਰਹੇ ਹਨ । ਉਹਨਾਂ ਨੇ ਪੂਰਾ ਤਾਣ ਸਿਰਫ ਇਸ ਗਲ ਨੂੰ ਸਿਧ ਕਰਨ ਤੇ ਲਾਇਆ ਕਿ ਭਗਤ ਸਿੰਘ ਸਿਖ ਨਹੀਂ ਸੀ ।ਊੁਧਮ ਸਿੰਘ ਸਿਖ ਨਹੀਂ ਸੀ ਕਰਤਾਰ ਸਿੰਘ ਸਰਾਭਾ ਸਿਖ ਨਹੀਂ ਸੀ । ਕਈ ਵੇਰ ਤਾਂ ਕਈ ਲੇਖਕ ਸਿਰਫ ਸਿਖਾਂ ਨੂੰ ਛੁਟਿਆਉਣ ਲਈ ਗਦਰੀ ਬਾਬਿਆਂ ਨੂੰ ਵੀ ਕਾਮਰੇਡ ਬਣਾ ਧਰਦੇ ਹਨ ਜਦ ਕਿ ਗਦਰੀ ਬਾਬਿਆਂ ਦੀ ਬੁਹ ਗਿਣਤੀ ਅਮ੍ਰਤਧਾਰੀ ਸਿਖ ਸਨ ਗਦਰ ਪਾਰਟੀ ਦਾ ਵਾਈਸ ਪਰਧਾਨ ਬਰਕਤਉਲਾ ਇਕ ਮੌਲਵੀ ਸੀ।ਗਦਰ ਪਾਰਟੀ ਵਿਚ ਸਿਖਾਂ ਦੀ ਬੁਹ ਗਿਣਤੀ ਹੋਣ ਦੇ ਬਾਵਜੂਦ ਉਹਨਾਂ ਦਾ ਨਿਸ਼ਾਨਾ ਧਰਮ ਪਰਚਾਰ ਕਰਨਾ ਨਹੀਂ ਸੀ ਨਾਂ ਹੀ ਕੋਈ ਗੁਰਦਵਾਰਾ ਉਸਾਰਨ ਦਾ ਪਰੋਗਰਾਮ ਸੀ ਉਹ ਤਾਂ ਦੇਸ਼ ਦੇ ਸਚੇ ਸਪੂਤ ਦੇਸ਼ ਭਗਤ, ਆਜ਼ਾਦੀ ਦੇ ਪਰਵਾਨੇ ਸਨ ।

ਜੇ ਭਗਤ ਸਿੰਘ ਸਿਖ ਨਹੀਂ ਸੀ ਤਾਂ ਕੋਣ ਸੀ । ਇਸ ਸਵਾਲ ਦਾ ਉਤਰ ਤਾਂ ਸਿੱਧੂ ਹੋਰਾਂ ਦੇ ਲੇਖ ਚੋ ਹੀ ਲਭ ਜਾਂਦਾ ਹੈ । ਉਹ ਲਿਖਦੇ ਹਨ ( ੳਹਨਾਂ ਦਾ ਬਾਬਾ ਅਰਜਣ ਸਿੰਘ ਆਰੀਆ ਸਮਾਜੀ ਪਰਭਾਵ ਹੇਠ ਆ ਕੇ ਅੰਧ ਵਿਸ਼ਵਾਸ਼ , ਛੂਤ ਛਾਤ ਤੋਂ ਮੁਕਤ ਹੋ ਗਿਆ ਸੀ )। ਆਰੀਆ ਸਮਾਜ ਦਾ ਗੱਠਨ ਪੰਜਾਬ ਵਿਚ 1875,1877 ਦੌਰਾਨ ਹੋਇਆ। ਅਤੇ ਗੁਰੂ ਕਾਲ ਦਾ ਸਮਾਂ ਹੈ 1469 ਤੋਂ 1708 ਤਕ ।ਇਸ ਤੋਂ ਸਾਫ ਹੋ ਜਾਂਦਾ ਹੈ ਕਿ ਪੰਜਾਬ ਵਿਚ ਛੂਤ ਛਾਤ ਅਤੇ ਵਰਣ ਵੰਡ ਦੇ ਖਿਲਾਫ ਬਿਗਲ ਆਰੀਆ ਸਮਾਜ ਦੇ ਗਠਨ ਤੋਂ 407 ਸਾਲ ਪਹਿਲਾਂ ਬਜ ਚੁਕਾ ਸੀ । ਗੁਰੂ ਬਾਬਾ ਨਾਨਕ ਦੇਵ ਜੀ ਤੋਂ ਸ਼ੁਰੂ ਹੋਈ ਮੁਹਿਮ ਨੂੰ 9 ਗੁਰੂ ਸਾਹਿਬਾਨ ਨੇ ਅਮਲੀ ਜਾਮਾਂ ਪਹਿਨਾਇਆ ਸਾਂਝਾ ਲੰਗਰ ਸਾਂਝਾ ਗਰੰਥ ਸਾਂਝਾ ਮੰਦਰ ਇਥੋ ਤਕ ਕੇ ਖਾਲਸੇ ਦੀ ਸੁਪਰੀਮ ਬੋਡੀ ਪੰਜ ਪਿਆਰੇ ਵੀ ਪੰਜਾਂ ਜਾਤੀਆਂ ਵਿਚੋਂ ਪੰਜਾਂ ਦਿਸ਼ਾਵਾਂ ਵਿਚੋ ਲਏ ਗਏ । ਸ: ਅਰਜਣ ਸਿੰਘ ਹੋਰ ਬਹੁਤ ਸਾਰੇ ਪੰਜਾਬੀਆਂ ਸਮੇਤ ਸਿਖ ਫਿਲਾਸਫੀ ਅਪਨਾ ਕੇ ਜ਼ਾਤ ਪਾਤ ਅਤੇ ਛੂਤ ਛਾਤ ਦੇ ਕੋਹੜ ਤੋਂ ਤਾਂ ਛੁਟਕਾਰਾ ਪਾ ਚੁਕੇ ਸਨ ਪਰ ਬਰਾਹਮਣ ਦੇ ਚੁੰਗਲ ਚੋਂ ਹਾਲੇ ਪੂਰੀ ਤਰਾਂ ਨਹੀਂ ਨਿਕਲ ਸਕੇ ਸਨ । ਹਰ ਨਗਰ ਨੇ ਘਟੋ ਘਟ ਇਕ ਟੱਬਰ ਐਸਾ ਬਸਾਇਆ ਹੋਇਆ ਸੀ ਜਿਸ ਨੂੰ ਮਿਸਰ (ਮਿਸਰ ਤੋਂ ਆਏ ਹੋਏ ) ਕਿਹਾ ਜਾਂਦਾ ਸੀ । ਚੰਗੇ ਮੰਦੇ ਮਹੂਰਤ ਸ਼ਗਨ ਅਪਸ਼ਗਨ ਕੂੰਡਲੀਆਂ ਦੇ ਮੇਲ ਇਥੋਂ ਤਕ ਕੇ ਨਗਰ ਨਿਵਾਸੀ ਫਸਲ ਬੀਜਣ ਵੇਲੇ ਵੀ ਪੰਡਤ ਤੋਂ ਪੁਛਣ ਜਾਇਆ ਕਰਦੇ ਸਨ। ਸਿਖ ਰਾਜ ਦੇ ਖਤਮ ਹੋਣ ਨਾਲ ਸਿਖ ਪੰਥ ਨੂੰ ਬੁਹਤ ਵਡਾ ਧਕਾ ਲਗਾ ਸਿਖਾਂ ਦੇ ਧਾਰਮਕ ਅਸਥਾਂਨਾ ਤੇ ਮਹੰਤ ਕਾਬਜ਼ ਹੋ ਗਏ ਹਰਮੰਦਰ ਸਾਹਿਬ ਦੀਆਂ ਪਰਕਰਮਾਂ ਵਿਚ ਵੀ ਮੂਰਤੀਆਂ ਸਥਾਪਤ ਕਰ ਦਿਤੀਆਂ ਗਈਆਂ ਇਹਨਾਂ ਹਾਲਾਤ ਵਿਚ ਸਿਖ ਧਰਮ ਨੂੰ ਅਪਨਾਉਣ ਵਾਲੇ ਬਹੁਤ ਸਾਰੇ ਪ੍ਰਿਵਾਰ ਇਕ ਅਧੋ ਗਤੀ ਵਿਚ ਗੁਜ਼ਰ ਰਹੇ ਸਨ ਉਹਨਾਂ ਨੇ ਇਕ ਸਨਾਤਨ ਸਿਖ ਸਮਾਜ ਦੀ ਸਥਾਪਨਾ ਕੀਤੀ ਅਗਰ ਭਗਤ ਸਿੰਘ ਦੇ ਭਧਨ ਹੋਏ ਹਨ ਤਾਂ ਉਸ ਦਾਂ ਵੀ ਇਹੋ ਕਾਰਨ ਸੀ ।

ਆਰੀਆ ਸਾਮਾਜ ਵਾਲੇ ਵੇਦਾਂਤੀ ਮਤ ਦਾ ਪਰਚਾਰ ਕਰ ਰਹੇ ਸਨ । ਸਿਖ ਧਰਮ ਤੇ ਤੇਹਰਾ ਹਮਲਾ ਸੀ ਇਕ ਸੀ ਇਸਲਾਮੀ ਮੁਲਾਣਿਆਂ ਵਲੋਂ ਦੂਜਾ ਸੀ ਕ੍ਰਿਸ਼ਚੀਅਨ ਪਾਦਰੀਆਂ ਵਲੋਂ ਅਤੇ ਤੀਜਾ ਅਤੇ ਸਭ ਤੋਂ ਖਤਰਨਾਕ ਹਮਲਾ ਸੀ ਆਰੀਆ ਸਮਾਜ ਵਲੋਂ ।ਨਾਲ ਹੀ ਮੈਂ ਇਹ ਵੀ ਦਸ ਦੇਣਾ ਚਾਹਾਂਗਾ ਕਿ ਕੁਝ ਸੂਝਵਾਨ ਆਰੀਆਂ ਸਮਾਜ ਵਾਲਿਆਂ ਨੇ ਸਿਖ ਫਿਲਾਸਫੀ ਪੜ੍ਹਨ ਉਪਰੰਤ ਸਿਖ ਗੁਰੂ ਸਾਹਿਬਾਨ ਅਤੇ ਗੁਰੂ ਗਰੰਥ ਸਾਹਿਬ ਦੇ ਪਰਚਾਰ ਨੂੰ ਬੰਧਨ ਮੁਕਤ ਕਿਹਾ ਅਤੇ ਪਰਚਾਰਿਆ । ਦੋਲਤ ਰਾਮ ਆਪਣੀ 1932 ਵਿਚ ਛਪੀ ਕਿਤਾਬ ਵਿਚ ਗੁਰੂ ਗੋਬਿੰਦ ਸਿੰਘ ਦੀ ਤੁਲਨਾਂ ਕਰਦਾ ਉਹ ਗੁਰੂ ਗੋਬਿੰਦ ਸਿੰਘ ਨੂੰ ਸਚਾ ਦੇਸ਼ ਭਗਤ ਲਿਖਦਾ ਹੈ । ਸਨ 1902 ਵਿਚ ਚੀਫ ਖਾਲਸਾ ਦੀਵਾਨ ਹੌਂਦ ਵਿਚ ਆਉਣ ਨਾਲ ਸਿਖ ਪੰਥ ਕੁਝ ਸੰਭਲ ਸਕਿਆ ਚੀਫ ਖਾਲਸਾ ਦੀਵਾਨ ਸੋਸਾਇਟੀ ਨੇ ਅਨੰਦ ਮੈਰਜ ਐਕਟ 1905 ਪਾਸ ਕਰਵਾਇਆ ਫੇਰ ਵੀ ਬਹੁਤ ਦੇਰ ਤਕ ੰਿਪਡਾਂ ਵਿਚ ਵੇਦਕ ਰੀਤਾਂ ਨਾਲ ਵਿਆਹ ਸ਼ਾਦੀਆਂ ਹੁੰਦੇ ਰਹੇ ।

ਭਗਤ ਸਿੰਘ ਦੇ ਪਿਤਾ ਜੀ ਸ: ਕਿਸ਼ਨ ਸਿੰਘ ਆਰੀਆ ਸਮਾਜ ਨੂੰ ਤਿਆਗ ਚੁਕੇ ਸਨ ਪਰ ਇਹਨਾਂ ਦੀ ਅਲ ਆਰੀਆ ਸਮਾਜੀਏ ਪੈ ਚੁਕੀ ਸੀ ਭਗਤ ਸਿੰਘ ਨੇ ਕੇਸ ਰਖੇ ਪਗੜੀ ਬਧੀ ਹਾਂ ਅਗਰ ਉਸਨੂੰ ਮੋਰਚਿਆ ਵੇਲੇ ਚਾਹ ਪਾਣੀ ਦੀ ਸੇਵਾ ਕਰਦੇ ਦਿਖਾਲਦੇ ਹਨ ਇਸ ਵਿਚ ਬੁਰਾਈ ਵੀ ਕੀ ਹੈ ਭਗਤ ਸਿੰਘ ਹਰ ਉਸ ਲੜਾਈ ਲਈ ਤਿਆਰ ਸੀ ਜੋ ਅੰਗਰੇਜ਼ ਹਕੂਮਤ ਦੇ ਖਿਲਾਫ ਲੜੀ ਜਾ ਰਹੀ ਸੀ ਗੁਰਦਵਾਰਿਆਂ ਨੂੰ ਅੰਗਰੇਜ਼ ਪਿਠੂ ਮਹੰਤਾਂ ਤੋ ਆਜ਼ਾਦ ਕਰਵਾਉਣਾ ਵੀ ਜੰਗੇ ਆਜ਼ਾਦੀ ਦਾ ਹੀ ਇਕ ਹਿਸਾ ਸੀ ਪੰਡਤ ਜਵਾਹਰ ਲਾਲ ਨੈਹਰੂ ਨੇ ਖੁਦ ਜੈਤੋ ਦੇ ਮੋਰਚੇ ਦੌਰਾਨ ਜੇਲ ਕਟੀ ਹੈ । ਗੁਰਦਵਾਰਿਆਂ ਦੀ ਜੰਗ ਜਿਤਣ ਤੇ ਮਹਾਤਮਾਂ ਗਾਂਧੀ ਨੇ ਸਿਖਾਂ ਨੂੰ ਵਧਾਈ ਦਿੰਦੇ ਆਖਿਆ ਸੀ ਕਿ ਸਿਖਾਂ ਨੇ ਆਜ਼ਾਦੀ ਦੀ ਪਹਿਲੀ ਲੜਾਈ ਜਿਤ ਲਈ ਹੈ ।


ਆਰੀਆ ਸਮਾਜ ਬਣਾਉਣ ਦਾ ਸੁਪਨਾਂ ਸੁਆਮੀ ਦਇਆ ਨੰਦਾ ਨੇ 1869 ਵਿਚ ਲਿਆ ਸੀ ਉਸਦਾ ਮਕਸਦ ਦੇਸ਼ ਵਿਚ ਕੁਝ ਸਕੂਲ ਬਣਾ ਕੇ ਵੇਦਕ ਧਰਮ ਦੇ ਪਰਚਾਰਕ ਤਿਆਰ ਕਰਨਾ ਸੀ ਉਸਨੇ ਗੁਜਰਾਤ ਵਿਚ ਕੁਝ ਸਕੂਲ ਬਣਾਏ ਵੀ ਪਰ ਉਹ ਮਾਇਕ ਥੁੜੋਂ ਛੇਤੀ ਹੀ ਬੰਦ ਹੋ ਗਏ ਪਰ ਉਸਨੇ ਹਿੰਮਤ ਨਹੀਂ ਹਾਰੀ ਆਖੀਰ ਆਰੀਆ ਸਮਾਜ ਬਣਾਉਣ ਵਿਚ ਸਫਲ ਹੋ ਗਿਆ ਅਤੇ ਸਕੂਲ ਵੀ ਬਣ ਗਏ ।ਡੀ. ਏੇ. ਵੀ. ਕਾਲਜ ਦੇ ਕਰਤਾ ਧਰਤਾ ਵੀ ਆਰੀਆ ਸਮਾਜ ਸੀ ਉਥੇ ਪੜ੍ਹਨ ਵਾਲਿਆਂ ਨੂੰ ਗਾਇਤਰੀ ਦਾ ਪਾਠ ਅਤੇ ਹੋਰ ਵੇਦਕ ਰਸਮਾਂ ਵੀ ਸਿਖਾਈਆਂ ਜਾਂਦੀਆਂ ਸਨ ।

ਅਜ਼ਾਦੀ ਤੋਂ ਬਾਅਦ ਕਾਮਰੇਡਾਂ ਨੇ ਕਿਸਾਨੀ ਨੂੰ ਮੁਖ ਰਖਕੇ ਇਕ ਮੋਰਚਾ ਲਾਇਆ । ਪੰਜਾਬ ਦੇ ਲੋਕਾਂ ਨੂੰ ਨਾਲ ਰਲਾਉਣ ਲਈ ਗੁਮਰਾਹ ਕੁਨ ਪਰਚਾਰ ਸ਼ੁਰੂ ਕੀਤਾ ਆਖਣ ਪਾਣੀ ਵਿਚੋਂ ਬਿਜਲੀ ਤਾਂ ਭਾਖੜਾ ਡੈਮ ਤੇ ਕਢ ਲਈ ਅਤੇ ਆਹ ਫੋਕਾ ਪਾਣੀ ਪੰਜਾਬ ਦੇ ਕਿਰਸਾਨਾ ਨੂੰ ਦਿਤਾ ਜਾ ਰਿਹਾ ਹੈ । ਜਿਸ ਦਾ ਫਸਲਾਂ ਨੂੰ ਉਕਾ ਕੋਈ ਫਾਇਦਾ ਨਹੀਂ । ਕੀ ਭਗਤ ਸਿੰਘ ਨੂੰ ਕਾਮਰੇਡਾਂ ਦੀ ਸਫਾਂ ਵਿਚ ਖੜਿਆਂ ਕਰਨ ਵਾਲੇ ਉਸ ਦੇ ਹੁੰਦੇ ਹੋਇਆਂ ਇਹੋ ਜਿਹਾ ਭਦਾ ਮਜ਼ਾਕ ਕਰ ਸਕਦੇ ਸਨ ।

ਜੇ ਭਗਤ ਸਿੰਘ ਨੇ ਚੀਫ ਵਾਰਡਨ ਦੇ ਕਹੇ ਤੇ ਗੁਰਬਾਣੀ ਦਾ ਪਾਠ ਨਹੀਂ ਕੀਤਾ ਜਾਂ ਵਾਹਿਗੁਰੂ ਨੂੰ ਯਾਦ ਨਹੀਂ ਕੀਤਾ ਤਾਂ ਉਸ ਨੂੰ ਸਿਖੀ ਚੋਂ ਖਾਰਜ ਕਰ ਦੇਣ ਵਾਲੇ ਭਗਤ ਸਿੰਘ ਨਾਲ ਇਨਸਾਫ ਨਹੀਂ ਕਰ ਰਹੇ । ਉਸ ਦੇ ਇਸ਼ਟ ਦੇਵ ਗੁਰੂ ਅਰਜਨ ਅਤੇ ਗੁਰੂ ਤੇਗ ਬਹਾਦਰ ਚਾਰ ਸਾਹਿਬਜ਼ਾਦੇ ਜੇ ਹਸਦੇ ਹਸਦੇ ਆਜ਼ਾਦੀ ਲਈ ਜਾਂਨਾ ਵਾਰ ਸਕਦੇ ਹਨ ਤਾਂ ਊਧਮ ਸਿੰਘ ,ਕਰਤਾਰ ਸਿੰਘ ਅਤੇ ਭਗਤ ਸਿੰਘ ਕਿਊਂ ਪਿਛੇ ਰਹਿੰਦੇ । ਉਹਨਾਂ ਸੂਰਮਿਆਂ ਨੇ ਗੁਰੂ ਦਰਸਾਏ ਰਾਹ ਤੇ ਚਲ ਕੇ ਇਹ ਸਾਬਤ ਕਰ ਦਿਖਾਇਆ ਕਿ ਸਿਖ ਧਰਮ ਦਾ ਧੁਰਾ ਮਿਥਹਾਸ ਨਹੀਂ ਗੁਰੂ ਦੇ ਸਿਖ ਇਤਹਾਸ ਸਿਰਜਦੇ ਹਨ ਅਤੇ ਸਿਰਜਦੇ ਰਹਿਣਗੇ ।

ਸਿੱਧੂ ਹੋਰਾਂ ਕਰਤਾਰ ਸਿੰਘ ਦੇ ਸਿਰ ਤੇ ਪਗ ਬਨਣ ਦੀ ਗਲ ਕੀਤੀ ਹੈ ।ਕਿਸੇ ਨੂੰ ਪਗ ਭੇਟ ਕਰਨਾਂ ਉਸਦੀ ਇਜ਼ਤ ਕਰਨਾ ਹੈ । ਪਗ ਬਨਣ ਨਾਲ ਕੋਈ ਸਿਖ ਨਹੀਂ ਹੋ ਜਾਂਦਾ ਪਗ ਮੁਸਲਮਾਨ ਵੀ ਬਨ੍ਹਦੇ ਹਨ ਅਤੇ ਹਿੰਦੂ ਵੀ । ਪਗ ਦਾ ਜ਼ਿਕਰ ਬਾਈਬਲ ਵਿਚ ਵੀ ਆਉਂਦਾ ਹੈ ਕਿ ਰਬ ਨੇ ਹਜ਼ਰਤ ਮੂਸਾ ਨੂੰ ਹਦਾਇਤ ਕੀਤੀ ਕਿ ਸਵੇਰੇ ਉਠ ਕੇ ਇਸ਼ਨਾਨ ਕਰ ਕੇ ਕਪੜੇ ਦਾ ਜਾਂਗੀਆ ਕਪੜੇ ਦਾ ਕੋਟ ਅਤੇ ਕਪੜੇ ਦੀ ਪਗ ਬੱਨਣ ਉਪਰੰਤ ਹੀ ਮੰਦਰ ਵਿਚ ਆਵੇ


ਉਸ ਤੋਂ ਅਗਲਾ ਸਵਾਲ ਊਧਮ ਸਿੰਘ ਤੇ ਉਠਾਇਆ ਹੈ ਕਿ ਉਸ ਦੇ ਸਾਮਾਨ ਵਿਚੋਂ ਸਿਗਰਟਾਂ ਵੀ ਨਿਕਲੀਆਂ ਸਨ । ਭੋਲੇ ਬਾਦਸ਼ਾਹੋ ਉਸ ਦੇ ਮਿਸ਼ਨ ਵਲ ਜ਼ਰਾ ਧਿਆਨ ਮਾਰੋ ਕਿਡਾ ਕਠਨ ਮਿਸ਼ਨ ਸੀ ।ਉਸ ਨੂੰ ਸਫਲ ਕਰਨ ਲਈ ਉਸ ਨੇ ਕੀ ਕੀ ਪਾਪੜ ਵੇਲੇ ਹੋਣਗੇ । ਇਕ ਪਾਸੇ ਤਾਕਤਵਰ ਹਕੂਮਤ ਬਰਤਾਨੀਆਂ ਦੀ ਸੀ. ਆਈ. ਡੀ. ਦੂਜੇ ਪਾਸੇ ਉਹ ਕਲ ਮੁਕਲਾ ਫੇਰ ਵੀ ਉਹ ਆਪਣੇ ਪਰੋਗਰਾਮ ਵਿਚ ਸਫਲ ਹੋ ਗਿਆ ਜਦਕਿ ਅਜ ਸਾਡੇ ਬਹੁਤ ਸਾਰੇ ਨੋਜਵਾਨ ਤਾਂ ਗੋਰੀਆਂ ਦੀ ਕੰਪਨੀ ਲਈ ਹੀ ਬਾਰਾਂ ਵਿਚ ਜਾ ਕੇ ਸਿਗਰਟ ਦੇ ਸੂਟੇ ਲਾ ਲੈਂਦੇ ਹਨ।

ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿਖਾਂ ਨੂੰ ਸੰਸਕ੍ਰਿਤ ਦੀ ਵਿਦਿਆ ਪਰਾਪਤ ਕਰਨ ਲਈ ਕਾਸ਼ੀ ਭੇਜਿਆ ਸੀ ।ਜੇ ਭਗਤ ਸਿੰਘ ਲੈਨਨ ਜਾਂ ਕਾਰਲਮਾਰਕਸ ਜਾਂ ਹੋਰ ਦੇਸ਼ਾਂ ਦੀ ਆਜ਼ਾਦੀ ਦੀ ਜਦੋ ਜਹਿਦ ਦੀ ਜਾਣਕਾਰੀ ਕਰਨੀ ਚਾਹੁੰਦਾ ਸੀ ਤਾਂ ਉਹ ਆਪਣੇ ਗੁਰੂ ਦਾ ਹੁਕਮ ਹੀ ਤਾਂ ਬਜਾ ਰਿਹਾ ਸੀ ਭੇਖਧਾਰੀਆਂ ਦੀ ਕਤਾਰ ਵਿਚ ਉਹ ਆਪਣੇ ਆਪ ਨੂੰ ਖੜਾ ਕਰਨ ਦੀ ਬਜਾਏ ਜੇ ਉਸਨੇ ਆਪਣੇ ਆਪ ਨੂੰ ਨਾਸਤਕ ਕੈਹ ਦਿਤਾ ਤਾਂ ਕੀ ਲੋਹੜਾ ਆ ਗਿਆ । ਇਨਸਾਨੀ ਜੀਵਨ ਨੂੰ ਖੁਸ਼ਗਵਾਰ ਬਣਾਉਣ ਅਤੇ ਸੰਸਾਰ ਭਰ ਵਿਚ ਜੋ ਉਨਤੀ ਹੋਈ ਹੈ ਉਸ ਵਿਚ ਧਰਮ ਦਾ ਬਹੁਤ ਵਡਾ ਯੋਗਦਾਨ ਹੈ ।

ਕਲਾ ਲੈਨਨ ਦਾ ਜੀਵਨ ਪੜ੍ਹਨ ਨਾਲ ਜਾਂ ਕਾਰਲਮਾਰਕਸ ਦੀ ਫਿਲਾਸਫੀ ਪੜ੍ਹਨ ਨਾਲ ਭਗਤ ਸਿੰਘ ਤੇ ਕਾਮਰੇਡ ਹੋਣ ਦਾ ਲੇਬਲ ਲਾ ਦੇਣਾ ਵੀ ਉਸ ਨਾਲ ਬੇਇਨਸਾਫੀ ਹੈ ।ਧਰਮ ਨੂੰ ਵੀ ਇਕ ਕੋਟ ਨਾਂ ਸਮਝੋ ਕਿ ਜਿਸ ਨੇ ਪਾ ਲਿਆ ਉਹ ਧਰਮੀ ਹੋ ਗਿਆ ਜਾਂ ਉਚੀ ਉਚੀ ਮੰਤਰ ਜਾਂ ਕੋਈ ਪਾਠ ਕਰ ਲਿਆ ਉਹ ਧਰਮੀ ਹੋ ਗਿਆ।ਸਿਖ ਧਰਮ ਤਾਂ ਜੀਵਨ ਦੀ ਜਾਂਚ ਸਿਖਾਉਂਦਾ ਹੈ ਸਰਬਤ ਦੇ ਭਲੇ ਦੀ ਗਲ ਕਰਦਾ ਹੈ ਅਣਖ ਨਾਲ ਜੀਣਾ ਸਿਖਾਲਦਾ ਹੈ , ਸਿਖ ਧਰਮ ਸੰਗਤ ਦਾ ਧਰਮ ਹੈ ਇਕ ਇਕਲੇ ਦੀ ਮੁਕਤੀ ਦੀ ਇਸ ਵਿਚ ਕੋਈ ਥਾਂਹ ਨਹੀਂ ਬਲਕਿ ਸਮੁਚੇ ਸਮਾਜ ਦੇ ਕਲਿਆਂਣ ਦੀ ਗਲ ਕਰਦਾ ਹੈ ਉਸ ਕਲਿਆਣ ਲਈ ਸਭ ਤੋਂ ਪਹਿਲਾ ਸਬਕ ਉਦੱਮ ਹੈ ਵੰਡ ਛਕਣਾ ਹੈ ।
ਸ ਭਗਤ ਸਿੰਘ ਦੀ ਡਾਇਰੀ ਦੇ ਪੰਨੇ ਪੁਕਾਰ ਪੁਕਾਰ ਕੇ ਇਹੋ ਗਲ ਤਾਂ ਕਰ ਰਹੇ ਹਨ । ਭੇਖ ਧਾਰੀਆਂ ਨੂੰ ਸਮਝਾਉਣ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਇਕ ਵੇਰ ਗਧੇ ਤੇ ਸ਼ੇਰ ਦੀ ਖਲ ਪੁਆ ਦਿਤੀ ਤਾਂ ਹਰ ਕੋਈ ਉਸ ਤੋਂ ਡਰ ਰਿਹਾ ਸੀ ਪਰ ਜਦ ਉਹ ਹੀਘੰਣ ਲਗਾ ਤਾਂ ਲੋਕਾਂ ਨੇ ਕੁਟ ਕੁਟ ਕੇ ਮਾਰ ਦਿਤਾ ।ਤਾਂ ਗੁਰੂ ਸਾਹਿਬ ਨੇ ਫੁਰਮਾਇਆ ਸੀ

“ਭੇਖ ਦਿਖਾਇਓ ਜਗਤ ਕੋ ਲੋਗਨ ਕੋ ਬਸ ਕੀਨ ਅੰਤ ਕਾਲ ਕਾਤੀ ਕਟਿਓ ਡਾਲ ਨਰਕ ਮੇਂ ਦੀਨ ।“
ਅੰਤ ਵਿਚ ਮੈਂ ਸੁਖਦੇਵ ਜੀ ਅਗੇ ਬੇਨਤੀ ਕਰਾਂ ਗਾ ਕਿ ਅਗਲੀ ਵੇਰੀ ਜਦੋਂ ਕਲਮ ਚੁਕਣ ਤਾਂ ਆਪਣੇ ਮੁਦੇ ਨੂੰ ਕਿਸੇ ਇਕ ਗਰੁਪ ਦੀ ਐਨਕ ਵਿਚ ਦੀ ਨਾਂ ਦੇਖਣ। ਕਲਮ ਦਾ ਧਰਮ ਨਿਭਾਉਣ ਲਈ ਉਹਨਾਂ ਨੂੰ ਕੋਏਨ ਦੇ ਦੋਵੇਂ ਪਾਸੇ ਦੇਖਣੇ ਪੈਣਗੇ ।
ਘੱਗ ਵਿਕੀ ਹੋਈ ਕਲਮ ਨਾਂ ਚੰਗੀ ਫੋਕੀ ਸ਼ੋਹਰਤ ਕਰਦੀ
ਪਾਬੰਦੀਆਂ ਵਿਚ ਜਕੜੀ ਹੋਈ ਸਚ ਕੈਹਣ ਤੋਂ ਡਰਦੀ

ਰੁਕੀਆਂ ਕਲਮਾ ਵਿਕੀਆਂ ਕਲਮਾ ਪਾਬੰਦੀ ਵਿਚ ਜੱਕੜੀਆਂ ਕਲਮਾਂ
ਹੋਜਾਣ ਸਦਾ ਨਕਾਰਾ ਦੇਸ਼ ਕੌਮ ਦੀ ਬਣਤਰ ਵਿਚ,ਫੇਰ ਲੌੋਣ ਨਾਂ ਇਟਾਂ ਗਾਰਾ








ਭਗਤ ਸਿੰਘ ਵੈਲੀ, ਲਫੰਗਾ ਜਾਂ ਕਾਤਲ ਨਹੀਂ... ਸਗੋਂ 'ਅਧਿਐਨ-ਪਸੰਦ' ਚੇਤੰਨ ਨੌਜਵਾਨ ਸੀ.......... ਲੇਖ਼ / ਮਨਦੀਪ ਖੁਰਮੀ ਹਿੰਮਤਪੁਰਾ

ਭਗਤ ਸਿੰਘ ਕੁੰਢੀਆਂ ਮੁੱਛਾਂ ਜਾਂ ਸਿਰ ਲੜ ਛੱਡਵੀਂ ਪੱਗ ਬੰਨ੍ਹਦੇ ਨੌਜਵਾਨ ਦਾ ਹੀ ਨਾਂ ਨਹੀਂ ਸੀ। ਭਗਤ ਸਿੰਘ ਸਿਰ ਤਿਰਛੀ ਟੋਪੀ ਲੈਂਦੇ ਕਿਸੇ ਫਿਲਮੀ ਕਲਾਕਾਰਾਂ ਵਾਂਗ ਨਜਰੀਂ ਪੈਂਦਾ ਨੌਜਵਾਨ ਵੀ ਨਹੀਂ ਸੀ ਸਗੋਂ ਭਗਤ ਸਿੰਘ ਤਾਂ ਇੱਕ ਵਿਸ਼ਾਲ ਸੋਚ ਦਾ ਨਾਂ ਹੈ।।। ਉਸ ਵਿਸ਼ਾਲ ਫਲਸਫੇ ਦਾ ਨਾਂ ਹੈ ਜਿਸਦੇ ਆਮ ਜਨਜੀਵਨ 'ਤੇ ਲਾਗੂ ਹੋਣ ਨਾਲ ਹਰ ਘਰ ਵਿੱਚ ਖੁਸ਼ਹਾਲੀ ਆ ਸਕਦੀ।।।।।ਸੀ। 'ਸੀ' ਸ਼ਬਦ ਨੂੰ ਇੰਨਾ ਪਿਛਾਂਹ ਕਰਕੇ ਲਿਖਣਾ ਵੀ ਸ਼ਾਇਦ ਧਿਆਨ ਮੰਗਦਾ ਹੋਵੇਗਾ। ਬਿਲਕੁਲ ਸਹੀ ਸੋਚਿਆ ਤੁਸੀਂ।।ਕਿਉਂਕਿ ਭਗਤ ਸਿੰਘ ਦੀ ਸੋਚ ਹੀ ਅਜਿਹੀ ਸੀ ਕਿ ਉਸਦੇ ਵਿਚਾਰਾਂ ਨੂੰ ਹੁਣ ਤੱਕ ਜੇ ਸਹੀ ਮਾਅਨਿਆਂ ਵਿੱਚ ਲਾਗੂ ਕੀਤਾ ਗਿਆ ਹੁੰਦਾ ਤਾਂ ਇਸ ਤ੍ਰੇੜਾਂ ਖਾਧੇ, ਭੁੱਖਮਰੀ ਦੇ ਮਾਰੇ, ਤੰਗੀਆਂ ਤੁਰਸੀਆਂ ਦੇ ਝੰਬੇ ਸਮਾਜ ਵਿੱਚ ਸਮਾਜਿਕ ਨਾ-ਬਰਾਬਰੀ ਹਰਗਿਜ ਨਹੀਂ ਸੀ ਰਹਿਣੀ। ਭਗਤ ਸਿੰਘ ਨੂੰ ਫਾਂਸੀ ਟੰਗ ਕੇ ਬੇਸ਼ੱਕ ਸਰਮਾਏਦਾਰਾਂ ਦਾ ਲਾਣਾ ਕੱਛਾਂ ਵਜਾ ਰਿਹਾ ਹੋਵੇ ਪਰ ਉਹ ਅਣਜਾਣ ਕੀ ਜਾਨਣ ਕਿ ਬਚਪਨ ਵਿੱਚ 'ਦਮੂਖਾਂ' ਬੀਜਣ ਵਾਲਾ ਭਗਤ ਸਿੰਘ ਆਪਣੀ ਸ਼ਹਾਦਤ ਤੱਕ ਇੰਨੇ ਕੁ 'ਦਿਮਾਗ' ਬੀਜ ਗਿਆ ਹੈ ਜੋ ਉਸ ਦੀ ਸੋਚ ਨੂੰ ਕਦਮ ਦਰ ਕਦਮ ਅੱਗੇ ਲਿਜਾਣ ਦੇ ਉਪਰਾਲੇ ਕਰਦੇ ਰਹਿਣਗੇ। ਭਗਤ ਸਿੰਘ ਨੂੰ ਸਿਰਫ ਸ਼ਹੀਦ ਸ਼ਬਦ ਦਾ ਰੁਤਬਾ ਦੇ ਕੇ ਹਰ ਸਾਲ ਉਸਦੇ ਬੁੱਤਾਂ 'ਤੇ ਗੇਂਦੇ ਦੇ ਫੁੱਲ ਚੜ੍ਹਾ ਕੇ ਅਖਬਾਰਾਂ ਰਾਹੀਂ ਆਪਣੀ ਬੱਲੇ ਬੱਲੇ ਕਰਵਾਉਣ ਵਾਲੇ ਲੀਡਰ ਕੀ ਜਾਨਣ ਕਿ ਜਦੋਂ ਕਿਸੇ ਮਾਂ ਦਾ ਪੁੱਤ ਲੋਕਾਂ ਲਈ ਫਾਂਸੀ ਚੜ੍ਹਦਾ ਹੈ ਤਾਂ ਉਸ ਮਾਂ ਉੱਪਰ ਕੀ ਬੀਤਦੀ ਹੋਵੇਗੀ। ਜਿਸਨੇ ਆਪਣੇ ਜਿਗਰ ਦਾ ਟੁਕੜਾ ਦੇਸ਼ ਲਈ ਕੁਰਬਾਨ ਕਰ ਦਿੱਤਾ। ਜੇ ਅੱਜ ਭਗਤ ਸਿੰਘ ਸਰੀਰਕ ਤੌਰ 'ਤੇ ਜੀਵਿਤ ਇਸ ਅਜੋਕੇ ਭਾਰਤ ਵਿੱਚ ਵਿਚਰ ਰਿਹਾ ਹੁੰਦਾ ਤਾਂ ਸ਼ਾਇਦ ਉਸ ਨੂੰ 'ਮਰਨ' ਲਈ ਵੀ ਥਾਂ ਨਹੀਂ ਸੀ ਲੱਭਣੀ ਕਿਉਂਕਿ ਸ਼ਹੀਦਾਂ ਦੀਆਂ ਕੁਰਬਾਨੀਆਂ ਦਾ ਮੁੱਲ ਵੱਟਣ ਵਾਲੇ ਰਾਜਭਾਗ ਦੇ ਨਜਾਰੇ ਲੈ ਰਹੇ ਹਨ ਤੇ ਲੋਕਾਂ ਲਈ ਜਿੰਦਗੀਆਂ ਵਾਰਨ ਵਾਲੇ ਬਹੁਤ ਸਾਰੇ ਆਜਾਦੀ ਘੁਲਾਟੀਏ ਅਜੇ ਵੀ ਪੈਨਸ਼ਨਾਂ ਲਗਵਾਉਣ ਲਈ ਸਰਕਾਰੇ ਦਰਬਾਰੇ ਠੇਡੇ ਖਾਂਦੇ ਫਿਰਦੇ ਹਨ।
ਭਗਤ ਸਿੰਘ ਦੀ ਸੋਚ ਨਾਲ ਖਿਲਵਾੜ ਹੋਣਾ ਕੋਈ ਨਵੀਂ ਗੱਲ ਨਹੀਂ। ਤਖਤਾਂ ਉੱਪਰ ਕਾਬਜ ਲੋਕ ਜਾਣਦੇ ਹਨ ਕਿ ਜੇ ਭਗਤ ਸਿੰਘ ਦੀ ਅਸਲ ਵਿਚਾਰਧਾਰਾ ਆਮ ਲੋਕਾਂ ਦੇ ਜਿਹਨ ਦਾ ਹਿੱਸਾ ਬਣ ਗਈ ਤਾਂ ਰਾਜਨੀਤੀ ਸਿਰੋਂ ਉਹਨਾਂ ਦਾ ਚਲਦਾ ਤੋਰੀ-ਫੁਲਕਾ ਹਮੇਸ਼ਾ ਹਮੇਸ਼ਾ ਲਈ ਖੁੱਸ ਜਾਵੇਗਾ। ਫਿਰ ਉਹਨਾਂ ਦੇ ਆਪਣੇ ਲੋਲੂ-ਭੋਲੂ ਨਹੀਂ ਸਗੋਂ ਆਮ ਲੋਕਾਂ ਦੇ ਪੁੱਤ ਨੇਤਾ ਬਣ ਜਾਣਗੇ ਤੇ ਉਹਨਾਂ ਨੂੰ ਕਿਸੇ ਨੇ ਬੇਰਾਂ ਵੱਟੇ ਨਹੀਂ ਪਛਾਨਣਾ। ਇਹੀ ਕਾਰਨ ਹੈ ਕਿ ਗੋਰੇ ਅੰਗਰੇਜਾਂ ਤੋਂ ਬਾਦ ਹੁਣ ਸਾਡੇ ਆਪਣੇ ਹੀ 'ਦੇਸੀ ਅੰਗਰੇਜ' ਭਗਤ ਸਿੰਘ ਦੀ ਵਿਚਾਰਧਾਰਾ ਉੱਪਰ ਮਿੱਟੀ ਮੋੜਨ ਦੇ ਆਹਰ 'ਚ ਰੁੱਝੇ ਹੋਏ ਹਨ। ਕਦੇ ਕੋਈ 'ਸਿਆਣਾ' ਆਗੂ ਬਿਆਨ ਦਾਗਦਾ ਹੈ ਕਿ 'ਭਗਤ ਸਿੰਘ ਸਹੀਦ ਹੀ ਨਹੀਂ।' ਕਦੇ ਕੋਈ ਭਗਤ ਸਿੰਘ ਨੂੰ ਸਿੱਖ, ਕਦੇ ਕੋਈ ਹਿੰਦੂ ਮਤ ਵਿੱਚ ਗਲਤਾਨ ਹੋਇਆ ਦੱਸਦਾ ਹੈ ਜਦੋਂਕਿ ਭਗਤ ਸਿੰਘ ਨੇ ਸਪੱਸ਼ਟ ਸ਼ਬਦਾਂ ਵਿੱਚ ਦੱਸਿਆ ਹੈ ਕਿ ਉਹ ਨਾਸਤਿਕ ਸੀ। ਸਿਰਫ ਨਾਸਤਿਕ ਸ਼ਬਦ ਆਪਣੇ ਨਾਲ ਜੋੜ ਲੈਣਾ ਹੀ ਤਾਂ ਭਗਤ ਸਿੰਘ ਦਾ ਗੁਨਾਂਹ ਨਹੀਂ? ਜਿਸਦੇ ਇਵਜ 'ਚ ਭਗਤ ਸਿੰਘ ਨੂੰ ਇਤਿਹਾਸ 'ਚੋਂ ਪਾਸੇ ਕਰਨ ਦੀਆਂ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। ਕਦੇ ਪੋਸਟਰ ਜਾਰੀ ਹੁੰਦੇ ਹਨ ਜਿਹਨਾਂ 'ਤੇ ਭਗਤ ਸਿੰਘ ਨੂੰ ਕਿਸੇ ਵੈਲੀ ਮੁੰਡੇ ਵਾਂਗ ਮੁੱਛ ਨੂੰ ਵਟ ਚਾੜ੍ਹਦੇ ਦਿਖਾਇਆ ਜਾਂਦਾ ਹੈ, ਕਿਸੇ ਪੋਸਟਰ 'ਚ ਉਸਨੂੰ ਹੱਥ ਪਿਸਤੌਲ ਫੜਾ ਕੇ ਕਤਲੋਗਾਰਦ ਕਰਨ ਲਈ ਕਾਹਲੇ ਨੌਜਵਾਨ ਵਜੋਂ ਪੇਸ਼ ਕੀਤਾ ਜਾਂਦਾ ਹੈ। ਕਦੇ ਭਗਤ ਸਿੰਘ ਦੀ ਫੋਟੋ ਵਾਲੇ ਸਟਿੱਕਰ ਵਿਕਣੇ ਆਉਂਦੇ ਹਨ ਜਿਹਨਾਂ 'ਤੇ ਲਿਖਿਆ ਮਿਲਦਾ ਹੈ ਕਿ

"ਲੋਹੜਿਆਂ ਦੇ ਸ਼ਰੀਫ ਹਾਂ,
ਸਿਰੇ ਦੇ ਲਫੰਗੇ ਹਾਂ।
ਮਾੜਿਆਂ ਨਾਲ ਮਾੜੇ ਹਾਂ,
ਤੇ ਚੰਗਿਆਂ ਨਾਲ ਚੰਗੇ ਹਾਂ।"

ਤੇ ਕਦੇ ਭਗਤ ਸਿੰਘ ਨੂੰ ਜੱਟਵਾਦ ਨਾਲ ਜੋੜ ਕੇ 'ਟੈਟੂ' ਬਣਾ ਕੇ ਡੌਲਿਆਂ 'ਤੇ ਉੱਕਰ ਦਿੱਤਾ ਜਾਂਦਾ ਹੈ। ਜਦੋਂਕਿ ਲੋੜ ਭਗਤ ਸਿੰਘ ਦੀਆਂ ਫੋਟੋਆਂ ਦੇ ਗੋਂਦਨੇ ਗੁੰਦਵਾਉਣ ਦੀ ਨਹੀਂ ਸਗੋਂ ਭਗਤ ਸਿੰਘ ਦੇ ਵਿਚਾਰਾਂ ਨੂੰ ਮਨੋਂ ਧਾਰਨ ਕਰਨ ਦੀ ਹੈ। ਅਜੇ ਤੱਕ ਅਜਿਹਾ ਪੋਸਟਰ ਕਦੇ ਵੀ ਵਿਕਣਾ ਨਹੀਂ ਆਇਆ ਜਿਸ ਵਿੱਚ ਭਗਤ ਸਿੰਘ ਨੂੰ ਹਿੱਕ ਨਾਲ ਕਿਤਾਬਾਂ ਲਾਈ ਖੜ੍ਹਾ ਦਿਖਾਇਆ ਗਿਆ ਹੋਵੇ ਜਦੋਂਕਿ ਇਹ ਗੱਲ ਜੱਗ ਜਾਹਿਰ ਹੈ ਕਿ ਭਗਤ ਸਿੰਘ ਆਪਣੀ ਜਿੰਦਗੀ ਦੇ ਆਖਰੀ ਪਲਾਂ 'ਚ ਵੀ ਕਿਤਾਬ ਪੜ੍ਹਨ 'ਚ ਮਸ਼ਰੂਫ ਸੀ। ਭਗਤ ਸਿੰਘ ਦੀਆਂ ਜੱਜਾਂ ਵਕੀਲਾਂ ਨਾਲ ਹੋਈ ਦਲੀਲਬਾਜੀ ਵੀ ਉਸ ਦੇ ਕੀਤੇ ਅਧਿਐਨ ਦੀ ਮੂੰਹੋਂ ਬੋਲਦੀ ਤਸਵੀਰ ਹੈ। ਗਿਆਨ ਵਿਹੂਣਾ ਮਨੁੱਖ ਮੂੰਹ ਵਿੱਚ ਘੁੰਗਣੀਆਂ ਜਰੂਰ ਪਾ ਸਕਦਾ ਹੈ, ਦਲੀਲਬਾਜੀ ਨਾਲ ਗੱਲ ਨਹੀਂ ਕਰ ਸਕਦਾ। ਭਗਤ ਸਿੰਘ ਦਾ ਹੀ ਕਥਨ ਸੀ (ਹੈ) ਕਿ 'ਅਧਿਐਨ ਕਰ ਤਾਂ ਕਿ ਤੂੰ ਵਿਰੋਧੀਆਂ ਦੀਆਂ ਦਲੀਲਾਂ ਦਾ ਜਵਾਬ ਦੇ ਸਕੇਂ।।।।' ਪਰ ਸੋਚਣ ਵਾਲੀ ਗੱਲ ਹੈ ਕਿ ਦੂਜਿਆਂ ਨੂੰ ਅਧਿਐਨ ਕਰਨ ਦੀਆਂ ਮੱਤਾਂ ਦੇਣ ਵਾਲੇ ਉਸ "ਪਰਮਗੁਣੀ ਭਗਤ ਸਿੰਘ" ਨੂੰ ਕਿਉਂ ਇੱਕ ਕਾਤਲ,ਵੈਲੀ ਜਾਂ ਲਫੰਗਾ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ? ਕਿਉਂ।। ਕਿਉਂ?
ਇਸਦਾ ਜਵਾਬ ਸ਼ਾਇਦ ਇਹੀ ਹੋਵੇਗਾ ਕਿ ਜੇ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਹੂਬਹੂ ਲਾਗੂ ਕਰਨ ਦੀ ਕੋਈ ਵੀ ਸਰਕਾਰ 'ਗਲਤੀ' ਕਰਦੀ ਹੈ ਤਾਂ ਉਸਦਾ ਫਾਇਦਾ ਸਿੱਧੇ ਤੌਰ 'ਤੇ ਦੱਬੀ ਕੁਚਲੀ ਜਨਤਾ ਨੂੰ ਹੋਵੇਗਾ ਜਦੋਂਕਿ ਅਸਿੱਧੇ ਤੌਰ 'ਤੇ ਖਮਿਆਜਾ ਕੁਰਸੀਆਂ ਵੱਲ ਕੁੱਤੇਝਾਕ ਲਾਈ ਬੈਠੇ ਰਾਜਨੀਤਕ ਪਰਿਵਾਰਾਂ ਨੂੰ ਭੁਗਤਣਾ ਪਵੇਗਾ। ਕਿਉਂਕਿ ਅੰਗਰੇਜਾਂ ਤੋਂ ਬਾਦ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ 'ਤੇ ਹੁਣ ਦੇਸੀ ਅੰਗਰੇਜਾਂ ਦੇ ਹੀ 'ਕਾਕੇ' ਪਲਦੇ ਹਨ। ਜੇ ਭਗਤ ਸਿੰਘ ਦੀ ਸੋਚ ਦੇ ਹਾਣ ਦਾ ਸਮਾਜ ਸਿਰਜਣ ਦੀ ਗੱਲ ਤੁਰਦੀ ਹੈ ਤਾਂ ਗਾਂਧੀਆਂ, ਅਬਦੁੱਲਿਆਂ, ਬਾਦਲਾਂ, ਕੈਪਟਨਾਂ ਦੇ ਪੁੱਤ ਪੋਤਰੇ ਪਿਤਾ ਪੁਰਖੀ ਕੁਰਸੀਆਂ 'ਤੇ ਰਾਜ ਨਹੀਂ ਕਰ ਸਕਣਗੇ ਸਗੋਂ ਲੋਕਾਂ ਦੇ ਪੁੱਤ ਉਹਨਾਂ ਕੁਰਸੀਆਂ 'ਤੇ ਚੜ੍ਹ ਸਕਦੇ ਹਨ। ਸਮਾਜਿਕ ਨਾ-ਬਰਾਬਰੀ ਵਾਲੇ ਖੁਸ਼ਹਾਲ ਸਮਾਜ ਵਿੱਚ ਹਰ ਕਿਸੇ ਕੋਲ ਰੁਜਗਾਰ ਹੋਵੇਗਾ, ਵਿੱਦਿਅਕ ਪੱਖੋਂ ਹਰ ਕੋਈ ਪੂਰਾ ਸੂਰਾ ਹੋਵੇਗਾ। ਕਿਸੇ ਜੁਆਕ ਦੇ ਹੱਥ ਹੋਟਲਾਂ 'ਤੇ ਜੂਠੇ ਭਾਂਡੇ ਮਾਂਜਣ 'ਚ ਨਹੀਂ ਸਗੋਂ ਕਿਤਾਬਾਂ ਜਾ ਖਿਡੌਣਿਆਂ ਨਾਲ ਚਿੱਤ ਪਰਚਾਉਣ ਦੇ ਕਾਬਲ ਹੋਣਗੇ। ਬਾਲਗ ਨੌਜਵਾਨ ਰੁਜਗਾਰ ਨਾ ਮਿਲਣ ਦੀਆਂ ਚਿੰਤਾਵਾਂ 'ਚ ਫਸ ਕੇ ਨਸ਼ਿਆਂ ਦੀ ਦਲਦਲ 'ਚ ਫਸਣ ਨਾਲੋਂ ਖੁਸ਼ਹਾਲ ਜੀਵਨ ਜਿਉਣ ਵੱਲ ਧਿਆਨ ਦੇਣਗੇ। ਬਜੁਰਗ ਬੁਢਾਪੇ ਨੂੰ ਸ਼ਰਾਪ ਵਾਂਗ ਹੰਢਾਉਂਦੇ ਬੁਢਾਪਾ ਪੈਨਸ਼ਨਾਂ ਲਈ ਦਰ ਦਰ ਦੀਆਂ ਠੋਕਰਾਂ ਨਹੀਂ ਖਾਣਗੇ। ਭਵਿੱਖ ਦੀ ਸਾਫ ਨਜਰ ਪੈਂਦੀ ਤਸਵੀਰ ਨੂੰ ਹਕੀਕਤ 'ਚ ਕੋਈ ਵੀ ਸਿਆਸੀ ਆਗੂ ਬਦਲਦੀ ਨਹੀਂ ਦੇਖਣੀ ਚਾਹੁੰਦਾ। ਇਹੀ ਵਜ੍ਹਾ ਹੈ ਕਿ ਸਭ ਭਗਤ ਸਿੰਘ ਨੂੰ ਲੋਕ ਮਨਾਂ 'ਚ ਪ੍ਰਵੇਸ਼ ਪਾਉਣੋਂ ਰੋਕਣ ਲਈ ਆਪਣਾ ਬਣਦਾ ਜੋਰ ਲਾ ਰਹੇ ਹਨ। ਇਸੇ ਅੰਦਰੇ ਅੰਦਰ ਬੁਣੀ ਜਾ ਰਹੀ ਬੁਣਤੀ ਦਾ ਹੀ ਹਿੱਸਾ ਹੈ ਕਿ ਜਿਹੜੇ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ 31 ਮਾਰਚ ਦੇ ਦਿਨ ਨਾਲ ਲੰਮੇ ਸਮੇਂ ਤੋਂ ਜੁੜੀ ਹੋਈ ਸੀ, ਉਹ ਨਿਲਾਮੀ ਵੀ ਹੁਣ 23 ਮਾਰਚ ਨੂੰ ਹੋਣੀ ਦੱਸੀ ਜਾ ਰਹੀ ਹੈ। ਇਹ ਉਹੀ ਤੇਈ ਮਾਰਚ ਹੈ ਜਿਸ ਦਿਨ ਲੋਕ ਆਪਣੇ ਮਹਿਬੂਬ 'ਪਰਮਗੁਣੀ ਸ਼ਹੀਦ ਭਗਤ ਸਿੰਘ' ਨੂੰ ਯਾਦ ਕਰਨਗੇ। ਭਗਤ ਸਿੰਘ ਨੂੰ ਲੋਕ ਮਨਾਂ 'ਚੋਂ ਪਾਸੇ ਕਰਨ ਵੱਲ ਤੁਰੇ ਕਦਮਾਂ 'ਚੋਂ ਹੀ ਇੱਕ ਕਦਮ ਇਹ ਹੈ ਕਿ ਪੰਜਾਬ ਦੇ ਲੋਕ ਭਗਤ ਸਿੰਘ ਦੇ ਸ਼ਹੀਦੀ ਦਿਨ ਨੂੰ ਮਨਾਉਣ ਨਾਲੋਂ ਸਸਤੀ ਸ਼ਰਾਬ ਖਰੀਦਣ ਲਈ ਵਧੇਰੇ ਲਟਾਪੀਂਘ ਹੋਏ ਨਜਰ ਆਉਣਗੇ। ਪੰਜਾਬ ਵਿੱਚ ਰਣਜੀਤ ਸਿੰਘ ਵਰਗਾ ਰਾਜ ਦੇਣ ਦੀਆਂ ਟਾਹਰਾਂ ਮਾਰਨ ਵਾਲੇ ਪਿਉ ਪੁੱਤ ਦੀ ਸਰਕਾਰ ਨੂੰ ਸ਼ਾਬਾਸ਼ ਦੇਣੀ ਬਣਦੀ ਹੈ ਜੋ ਉਸ ਅਧਿਐਨ ਪਸੰਦ ਲੋਕ ਨਾਇਕ ਦੇ ਸ਼ਹੀਦੀ ਦਿਨ 'ਤੇ ਲੋਕਾਂ ਨੂੰ 'ਸਿਆਣੇ' ਕਰਨ ਨਾਲੋਂ ਸਸਤੀ ਸ਼ਰਾਬ ਦੀ ਲੋਰ 'ਚ ਮਸਤ ਹੋਣ ਦਾ ਇੰਤਜਾਮ ਕਰ ਰਹੀ ਹੈ। ਫੈਸਲਾ ਲੋਕਾਂ ਨੇ ਕਰਨਾ ਹੈ ਕਿ ਉਹ ਇਸ ਤਰ੍ਹਾਂ ਦੀਆਂ ਚਾਲਾਂ ਨੂੰ ਕਿੱਥੋਂ ਕੁ ਤੱਕ ਕਾਮਯਾਬ ਹੋਣ ਦਿੰਦੇ ਹਨ ਜਾਂ ਫਿਰ ਭਗਤ ਸਿੰਘ ਦੀ ਸੋਚ ਦੇ ਹਾਣ ਦਾ ਸਮਾਜ ਸਿਰਜਣ ਦੇ ਰਾਹ ਤੁਰਦੇ ਹਨ। ਅੰਤ ਵਿੱਚ ਭਗਤ ਸਿੰਘ ਦੇ ਕਥਨ ਨਾਲ ਇਜਾਜਤ ਚਾਹਾਗਾ ਕਿ " ਗਰੀਬਾਂ ਨੂੰ ਦਾਨ ਦੇਣ ਦੀ ਬਜਾਏ ਅਜਿਹਾ ਸਮਾਜ ਸਿਰਜੋ, ਜਿੱਥੇ ਨਾ ਗਰੀਬ ਹੋਣ ਨਾ ਦਾਨੀ।" ਪਰ ਸਮਾਜ ਨੂੰ ਇਹਨਾਂ ਹਾਲਾਤਾਂ ਤੱਕ ਪਹੁੰਚਣੋਂ ਰੋਕਣ ਵਾਲਿਆਂ ਦਾ ਵੀ ਧੁੰਨੀ ਤੱਕ ਜੋਰ ਲੱਗਿਆ ਹੋਇਆ ਹੈ। ਦੇਖਣਾ ਹੈ ਕਿ ਸ਼ਹੀਦ ਦੇ ਵਾਰਸ ਆਪਣੇ ਮਕਸਦ ਵਿੱਚ ਕਾਮਯਾਬ ਹੁੰਦੇ ਹਨ ਜਾਂ ਫਿਰ ਲੋਕਾਂ ਨੂੰ ਬੁੱਧੂ ਬਣਾ ਕੇ ਆਪਣਾ ਤੋਰੀ-ਫੁਲਕਾ ਚਲਾਉਣ ਵਾਲੇ ਨੇਤਾਗਣ......।


ਦੁਨੀਆ ਕਰੇ ਸਵਾਲ ਤੋ ਹਮ, ਕਿਆ ਜਵਾਬ ਦੇਂ……… ਲੇਖ / ਸੁਮਿਤ ਟੰਡਨ, ਆਸਟ੍ਰੇਲੀਆ

ਗੁਰਸ਼ਾਨ : ਬਚਪਨ ਦੀ ਫੁਲਵਾੜੀ ਵਿੱਚ ਖਿੜ ਰਿਹਾ ਨੰਨ੍ਹਾਂ ਗੁਲਾਬ, ਜਿਸ ਦੀਆਂ ਤੋਤਲੀਆਂ ਪੰਖੁੜੀਆਂ ‘ਚੋਂ ਹਾਲੇ ਮਾਂ ਸ਼ਬਦ ਵੀ ਸ਼ਾਇਦ ਪੂਰਨ ਰੂਪ ਵਿੱਚ ਵਿਕਸਿਤ ਨਹੀਂ ਸੀ ਹੋਇਆ ਕਿ ਸਮੇਂ ਦੇ ਰਾਕਸ਼ਸ ਨੇ ਉਸ ਨੂੰ ਖਿੜਨ ਤੋਂ ਪਹਿਲਾਂ ਹੀ ਮਿੱਧ ਕੇ ਰੱਖ ਦਿੱਤਾ । ਕਸੂਰ ਕੀ ਸੀ ਉਸ ਮਾਸੂਮ ਦਾ ? ਉੱਤਰ : ਕੋਈ ਵੀ ਨਹੀਂ ! ਇੱਕਲੌਤੀ ਔਲਾਦ ਦਾ ਬੇਵਜਾਹ ਮਾਰਿਆ ਜਾਣਾ ਮਾਂ-ਬਾਪ ਲਈ ਕਿੰਨਾ ਦੁਖਦਾਈ ਹੋ ਸਕਦਾ ਹੈ ਇਹ ਤਾਂ ਸਿਰਫ਼ ਹਾਲਾਤ ਨਜਿੱਠਣ ਵਾਲੇ ਜਾਂ ਹਾਲਾਤ ਨਜਿੱਠ ਚੁੱਕੇ ਮਾਪੇ ਹੀ ਜਾਣ ਸਕਦੇ ਹਨ । ਕੀ ਐਸੀ ਮੌਤ ਨੂੰ ਕਾਲ ਜਾਂ ਹੋਣੀ ਕਹਿ ਕੇ ਝੂਠੀ ਤਸੱਲੀ ਲਈ ਜਾ ਸਕਦਾ ਹੈ ? ਸ਼ਾਇਦ ਨਹੀਂ ! ਸਿਆਣੇ ਦੱਸਦੇ ਹਨ ਕਿ ਜਿਸ ਵਸਤੂ ਦਾ ਨਾ ਕੋਈ ਰੰਗ, ਨਾ ਜ਼ਾਤ, ਨਾ ਧਰਮ ਅਤੇ ਨਾ ਕੋਈ ਨਸਲ ਹੋਵੇ ਉਸ ਵਸਤੂ ਨੂੰ ਖੁਸ਼ਬੂ, ਮਹਿਕ ਜਾਂ ਹਵਾ ਮੰਨਿਆ ਜਾਂਦਾ ਹੈ । ਬਚਪਨ ਵੀ ਐਸੀ ਸ਼ੈਅ ਦਾ ਨਾਮ ਹੈ, ਜਿਸ ਵਿੱਚ ਕਿਸੇ ਪ੍ਰਕਾਰ ਦੇ ਕੋਈ ਅਲੰਕਾਰ ਅੰਕਿਤ ਨਹੀਂ ਹੁੰਦੇ ਫਿਰ ਭਲਾ ਐਸੇ ਗੁਲਫ਼ਾਮ (ਖ਼ਸ਼ਬੂ) ਨਾਲ ਕਿਸਦਾ ਵੈਰ ਹੋ ਸਕਦਾ ਸੀ, ਜਿਸ ਦੀ ਮਹਿਕ ਵਿੱਚ ਹਰ ਵੇਲੇ ਚੁਫੇਰਾ ਮਹਿਕਦਾ ਹੋਵੇ ? ਜਵਾਬ ਇਸ ਵੇਲੇ ਵੀ, ਸਿਰਫ਼ ਨਾਮੋਸ਼ੀ ਹੈ ।
ਦਰਿੰਦਗ਼ੀ ਦੀ ਹੱਦ ਪਾਰ ਕਰ ਰਹੀ ਇਨਸਾਨੀਅਤ ਨੇ ਗੁਰਸ਼ਾਨ ਕਾਂਡ ਨਾਲ ਇਨਸਾਨ ਨੂੰ ਹਰ ਨਜ਼ਰ ਵਿੱਚ ਨੀਵਾਂ ਕਰ ਕੇ ਰੱਖ ਦਿੱਤਾ ਹੈ। ਬੱਚਿਆਂ ਦੀਆਂ ਤੋਤਲੀਆਂ ਆਵਾਜ਼ਾਂ ਤਾਂ ਖਿਜ਼ਾ ਵਿੱਚ ਵੀ ਫ਼ਿਜ਼ਾ ਭਰ ਦਿੰਦੀਆਂ ਹਨ । ਰੱਬ ਦਾ ਰੂਪ ਸਮਝੇ ਜਾਣ ਵਾਲੇ ਬੱਚੇ, ਜਿਨ੍ਹਾਂ ਦੀ ਨਜ਼ਰ ਵਿੱਚ ਸੱਭ ਆਪਣੇ ਹੀ ਆਪਣੇ ਸਮਾਏ ਹੁੰਦੇ ਹਨ ਉਹਨਾਂ ਨੂੰ ਕੀ ਪਤਾ ਜਿਸ ਅੰਕਲ ਦੀ ਉਹ ਉੰਗਲੀ ਫੜ ਕੇ ਤੁਰਨਾ ਸਿੱਖ ਰਹੇ ਹਨ ਉਹੀ ਅੰਕਲ ਉਹਨਾਂ ਦੇ ਕਦਮ ਜ਼ਿੰਦਗ਼ੀ ਤੋਂ ਪਰ੍ਹਾਂ ਮੌਤ ਦੇ ਰਾਹ ਵੱਲ ਲਿਜਾ ਰਿਹਾ ਹੈ ? ਬੱਚਿਆਂ ਲਈ ਤਾਂ ਜ਼ਿੰਦਗ਼ੀ ਅਤੇ ਮੌਤ ਬੇ- ਮਾਅਨੇ ਹੁੰਦੀ ਹੈ, ਜਿਨ੍ਹਾਂ ਨੂੰ ਮੰਮੀ ਪਾਪਾ ਦੇ ਨਾ ਤੋਂ ਬਿਨਾ ਹੋਰ ਕਿਸੇ ਮਿਠਾਸ ਦਾ ਅਨੁਭਵ ਹੀ ਨਹੀਂ ਹੁੰਦਾ । ਐਸੀ ਹੀ ਦਿਸ਼ਾ ਵਿੱਚੋਂ ਗੁਜ਼ਰ ਰਿਹਾ ਗੁਰਸ਼ਾਨ ਜ਼ਿੰਦਗ਼ੀ ਦੇ ਮੌੜ ‘ਤੇ ਉਸ ਵੇਲੇ ਦਿਸ਼ਾਹੀਣ ਹੋ ਗਿਆ ਜਦੋਂ ਉਸਦੇ ਮੰਮੀ ਪਾਪਾ ਨੇ ਉਸ ਤੋਂ ਇੱਕ ਪਲ ਲਈ ਮੂੰਹ ਮੋੜਿਆ । ਕਾਰਨ ਭਾਵੇਂ ਕੋਈ ਵੀ ਸਾਬਤ ਹੋਣ ? ਪਰ ਉਸ ਅਣਹੋਣੀ ਨੇ ਇੱਕ ਵਾਰ ਤਾਂ ਸੱਬ ਨੂੰ ਹਲੂਣ ਕੇ ਰੱਖ ਦਿੱਤਾ । ਕਿਸੇ ਮਾਸੂਮ ਨੂੰ ਕਾਰ ਦੇ ਬੂਟ ਵਿੱਚ ਤਿੰਨ ਘੰਟੇ ਤੱਕ ਲੈ ਕੇ ਸੜਕਾਂ ‘ਤੇ ਫਿਰੀ ਜਾਣਾ ਤੇ ਨੀਮ ਬੇਹੋਸ਼ੀ ਦੀ ਹਾਲਤ ਜਾਂ ਸਦਾ ਦੀ ਲੰਮੀ ਨੀਂਦ ਸੌਂ ਚੁੱਕੇ ਬਾਲਕ ਨੂੰ ਝਾੜੀਆਂ ਉਹਲੇ ਸੁੱਟ ਦੇਣਾ, ਕਿੰਨੀ ਘਟੀਆ ਗੱਲ ਜਾਪਦੀ ਹੈ, ਉਸ ਪੰਜਾਬੀ ਦੀ । ਉਸ ਵੇਲੇ ਉਸ ਵਿਅਕਤੀ ਦੇ ਦਿਮਾਗ਼ ਅੰਦਰ ਕੀ ਉਪਜ ਰਿਹਾ ਸੀ, ਜਿਸ ਕਾਰਨ ਉਸਨੇ ਐਸਾ ਕਦਮ ਪੁੱਟਿਆ ਇਹ ਤਾਂ ਮਨੋਵਿਗਿਆਨਕ ਮਾਹਰ ਜਾਂ ਸਮਾਂ ਹੀ ਦੱਸ ਸਕੇਗਾ ? ਪਰ ਜੋ ਦਾਗ਼ ਅੱਜ ਇਨਸਾਨੀਅਤ ਦੇ ਦਾਮਨ ਉੱਤੇ ਲੱਗ ਚੁੱਕੇ ਹਨ ਉਨ੍ਹਾਂ ਨੂੰ ਮਿਟਾਵੇ ਕੌਣ ?
ਆਸਟ੍ਰੇਲੀਆ ਵਿੱਚ ਦਿਨੋ-ਦਿਨ ਵਧੀ ਪੰਜਾਬੀਆਂ ਦੀ ਤਾਦਾਦ ਨੇ (ਹੋਰ ਵੀ ਬਹੁਤ ਨਸਲਾਂ ਇਸ ਦੇਸ਼ ਵਿੱਚ ਆਈਆਂ ਹਨ ਪਰ ਘਟਨਾ ਦਾ ਜ਼ਿਕਰ ਸਿਰਫ਼ ਇਨ੍ਹਾਂ ਲੋਕਾਂ ਨਾਲ ਹੀ ਸੰਬੰਧਿਤ ਹੈ) ਜਿੱਥੇ ਇਸ ਦੇਸ਼ ਨੂੰ ਪੈਸਾ, ਸੱਭਿਅਤਾ ਅਤੇ ਭਾਈਚਾਰੇ ਨਾਲ ਮੇਲ ਕਰਵਾਇਆ, ੳੁੱਥੇ ਕੁੱਝ ਐਸੇ ਅੰਸ਼ ਵੀ ਮੁਹੱਈਆ ਕਰਵਾਏ ਜਿਹੜੇ ਸ਼ਾਇਦ ਨਾ ਤਾਂ ਸਮਾਜ ਲਈ ਲੋੜੀਂਦੇ ਸੰਨ ਅਤੇ ਨਾ ਹੀ ਦੇਸ਼ ਲਈ ਜ਼ਰੂਰਤਮੰਦ । ਸਦਾ ਸੁਰਖ਼ੀਆਂ ਵਿੱਚ ਰਹਿਣ ਵਾਲੀ ਪੰਜਾਬੀ ਕੌਮ ਕਿੱਥੇ ਤਾਂ ਆਪਣੀਆਂ ਸੂਰਮਗਤੀਆਂ ਕਾਰਨ ਜਾਂ ਅਣਥੱਕ ਮਿਸਾਲਾਂ ਕਾਰਨ ਚਰਚਾ ਦਾ ਵਿਸ਼ਾ ਬਣਦੀ ਸੀ ਅਤੇ ਕਿੱਥੇ ਅੱਜ ਝੂਠ, ਕੰਮਚੋਰੀ, ਠੱਗੀਆਂ, ਬੇ-ਈਮਾਨੀਆਂ, ਦਗ਼ਾਬਾਜ਼ੀਆਂ ਜਾਂ ਕਤਲਾਂ ਦੀ ਸ਼੍ਰੇਣੀ ਵਿੱਚ ਮੂਹਰੇ ਆਉਣ ਕਾਰਨ ਚਰਚਾ ਵਿੱਚ ਆ ਰਹੀ ਹੈ। ਇਹ ਕੁੱਝ 1-2% ਲੋਕ ਹੀ ਅਜਿਹੇ ਹੁੰਦੇ ਹਨ ਜੋ ਸਾਫ਼ ਪਾਣੀ ਨੂੰ ਗੰਧਲਾ ਕਰਨ ਦੀ ਹਿੰਮਤ ਰੱਖਦੇ ਹਨ । ਬਾਕੀ 98% ਲੋਕ ਦੇਸ਼ ਬਾਰੇ, ਸਮਾਜ ਬਾਰੇ, ਪਰਿਵਾਰ ਬਾਰੇ ਜਾਂ ਫਿਰ ਆਪਣੇ ਬੋਰ ਸੋਚ ਕੇ ਕੰਮ ਕਰਦੇ ਹਨ । ਜਿਨ੍ਹਾਂ ਨੂੰ ਸਮਾਜ ਦਾ ਡਰ ਜਾਂ ਆਪਣੇ ਆਪ ਦੇ ਰੁਤਬੇ ਦਾ ਭੋਰਾ ਫਿਕਰ ਹੁੰਦਾ ਹੈ । ਪਰ ਕਈ ਲੋਕ ਅਜਿਹੇ ਹੁੰਦੇ ਹਨ ਜਿਨ੍ਹਾਂ ਲਈ ਸਮਾਜ ਨਾ ਦੀ ਕੋਈ ਵਸਤੂ ਨਹੀਂ ਹੁੰਦੀ, ਅਤੇ ਜੋ ਚਿੱਤ ਆਉਂਦੀ ਕਰ ਜਾਂਦੇ ਹਨ। ਜਿਸ ਦੇ ਨਤੀਜੇ ਬਾਅਦ ਵਿੱਚ ਪੂਰੀ ਕੌਮ ਨੂੰ ਭੁਗਤਣੇ ਪੈਂਦੇ ਹਨ । ਇਸ ਵਾਰ ਦਾ ਖ਼ਮਿਆਜ਼ਾ ਸ਼ਾਇਦ ਹਰੇਕ ਪੰਜਾਬੀ ਨੂੰ ਸਹਿਨ ਕਰਨਾ ਪਿਆ ? ਜਿਵੇਂ ਨੌਕਰੀ ਕਰਦੇ ਸਮੇਂ ਮੈਨੂੰ ਆਪਣੇ ਸਹਿਕਰਮੀ ਨੇ ਭਾਵੇਂ ਮਖੌਲ ਵਿੱਚ ਹੀ ਸਹੀ ਪਰ ਐਸੀ ਫੇਟ ਮਾਰੀ ਕਿ ਮੇਰੀਆਂ ਅੱਖਾਂ ਮੂਹਰੇ ਹਨੇਰਾ ਆ ਗਿਆ, ਉਸਦਾ ਵਿਅੰਗ ਸੀ : “ਹੂ ਕਿਲਡ ਦੈਟ ਟੋਡਲਰ ? .... ਵੁਡਨ’ਟ ਬੀ ਯੂ ! ਸ਼ੇਮ ਆਨ ਯੂਅਰ ਕਮਿਊਨਿਟੀ …..!” ਹੁਣ ਜੇਕਰ ਅਜਿਹਾ ਕੁੱਝ ਤੁਹਾਡੇ ਨਾਲ ਵੀ ਵਾਪਰਿਆ ਹੋਵੇ ਤਾਂ ਉਸ ਵੇਲੇ ਤੁਸੀਂ ਹਾਲਾਤ ਦਾ ਸਾਹਮਣਾ ਕਿਵੇਂ ਕੀਤਾ ਹੋਵੇਗਾ, ਸ਼ਾਇਦ ਵਰਣਨ ਕਰਨ ਦੀ ਲੋੜ ਨਹੀਂ ਜਾਪਦੀ !
ਲੋਕ ਦਿਖਾਵਾ ਅੱਜ ਸਾਡੀ ਕੌਮ ਦਾ ਮੁੱਖ ਗਹਿਣਾ ਬਣਦਾ ਜਾ ਰਿਹਾ ਹੈ, ਜਿਸ ਲਈ ਹਰ ਆਮ ਆਦਮੀ ਵਿੱਥ ਤੋਂ ਬਾਹਰ ਹੋ ਕੇ ਆਪਣੇ ਆਪ ਨੂੰ ੳੁੱਚਾ ਦਰਸਾਉਣ ਦੀ ਦੌੜ ‘ਚ ਗਵਾਚਿਆ ਫਿਰ ਰਿਹਾ ਹੈ। ਇਸ ਗੱਲ ਦਾ ਲੇਖ ਨਾਲ ਸੰਬੰਧ ਇਸ ਲਈ ਹੈ ਕਿਊਂਕਿ ਸਾਡੀ ਹੀ ਇੱਕ ਕੌਮ ਐਸੀ ਹੈ ਜਿਸਨੂੰ ਸ਼ੇਖੀਆਂ ਮਾਰਨ ਦੀ ਆਦਤ ਹੈ, ਭਾਵੇਂ ਆਸਟ੍ਰੇਲੀਆ ਇੱਕ ਮਿਹਨਤਕਸ਼ ਅਤੇ ਅਮਨਪਸੰਦ ਲੋਕਾਂ ਦਾ ਦੇਸ਼ ਹੈ, ਇਸ ਲਈ ਲੋਕ ਦਿਖਾਵੇ ਦੀਆਂ ਰੀਤਾਂ ਦਾ ਨਾ ਤਾਂ ਇੱਥੇ ਜ਼ਿਆਦਾ ਕਿਸੇ ‘ਤੇ ਅਸਰ ਹੈ ਅਤੇ ਨਾ ਹੀ ਕੋਈ ਫ਼ਖ਼ਰ ਮਹਿਸੂਸ ਕਰਦਾ ਹੈ ਪਰ ਅਸੀਂ ਪਿੱਛੇ ਰਹਿਣ ਵਾਲੇ ਨਹੀਂ ਹਾਂ ਨਾ ! ਇਸ ਦਿਖਾਵੇ ਦੀ ਦੌੜ ਵਿੱਚ ਇਹ ਵੀ ਭੁੱਲਦੇ ਜਾ ਰਹੇ ਹਾਂ ਕਿ ਕਿਹੜੀਆਂ ਵਸਤਾਂ ਦਿਖਾਵਾ ਕਰਨ ਦੇ ਯੋਗ ਹਨ ਅਤੇ ਕਿਹੜੀਆਂ ਨਹੀਂ । ਇੱਕ ਛੋਟੀ ਜਹੀ ਮਿਸਾਲ ਵਜੋਂ ਅਸੀਂ ਦੇਖ ਸਕਦੇ ਹਾਂ ਕਿ : ‘ਅੱਜ ਦੇ ਪੰਜਾਬੀਆਂ ਨੂੰ ਸਿੱਖੀ ਵਿਰਾਸਤ ਵਿੱਚ ਮਿਲੀ ਦੇਣ ਹੈ, ਜਿਸ ਦੇ ਸਿਧਾਤਾਂ ਦਾ ਸਾਨੂੰ ਪੂਰਨ ਰੂਪ ਵਿੱਚ ਪਾਲਣ ਕਰਨਾ ਚਾਹੀਦਾ ਹੈ । ਗੁਰੂਮਹਾਰਾਜ ਵਲੋਂ ਬਖ਼ਸ਼ੇ ਚਿੰਨ੍ਹ ਸਿੰਘਾਂ ਲਈ ਇੱਕ ਲਾਸਾਨੀ ਦੇਣ ਅਤੇ ਵਿਲੱਖਣ ਪਹਿਚਾਣ ਹਨ । ਹੁਣ ਇਨ੍ਹਾਂ ਚਿੰਨ੍ਹਾਂ ਨੂੰ (ਖ਼ਾਸਕਰ ਖੰਡਾ) ਕਾਰਾਂ ਦੇ ਸ਼ੀਸ਼ਿਆਂ ਤੇ ਛਪਵਾ ਕੇ ਜਾਂ ਮੋਟਰਸਾਇਕਲਾਂ ਦੇ ਸਾਇਲੈਂਸਰਾਂ ਜਾਂ ਨੰਬਰ ਪਲੇਟਾਂ ‘ਤੇ ਚਿਪਕਾ ਕੇ ਇੱਕ ਤਾਂ ਜਿੱਥੇ ਪਾਕ ਪਵਿੱਤਰ ਚਿੰਨ੍ਹਾਂ ਦੀ ਬੇਕਦਰੀ ਕੀਤੀ ਜਾ ਰਹੀ ਹੈ ਉੱਥੇ ਇਹ ਚਿੰਨ੍ਹ ਹੋਰ ਲੋਕਾਂ ਲਈ ਧਾਰਮਿਕ ਨਿਸ਼ਾਨੀ ਨਹੀਂ ਸਗੋਂ ਕਿਸੇ ਗੈਂਗ ਜਾਂ ਗਿਰੋਹ ਦੀ ਛਵੀ ਦਰਸਾਉਣ ਲਈ ਮਜਬੂਰ ਕਰਦੇ ਹਨ, ੳਨ੍ਹਾਂ ਨੂੰ ਕੀ ਪਤਾ ਕਿ ਇਹ ਚਿੰਨ੍ਹ ਸਾਡੇ ਲਈ ਕੀ ਮਾਅਨੇ ਰੱਕਦੇ ਹਨ ? ਕੀ ਅਜਿਹੇ ਚਿੰਨ੍ਹ ਜਿਨ੍ਹਾਂ ਲਈ ਦਸ ਗੁਰੂਆਂ ਨੇ ਆਪੇ ਅਤੇ ਮਾਪੇ ਵਾਰ ਕੇ ਸਾਨੂੰ ਵਿਲੱਖਣ ਪਹਿਚਾਣ ਦਿੱਤੀ ਅਤੇ ਅਸੀਂ ਉਨ੍ਹਾਂ ਦਾ ਐਨਾ ਛੋਟਾ ਮੁੱਲ ਪਵਾਈਏ, ਜਾਇਜ਼ ਕਹਾਉਂਦਾ ਹੈ ? ਜਵਾਬ ਪਾਠਕ ਆਪਣੇ ਦਿਲ ‘ਤੇ ਹੱਥ ਰੱਖ ਕੇ ਆਪ ਭਾਲ ਸਕਦੇ ਹਨ । ਇੱਕ ਤਾਂ ਜਿੱਥੇ ਅਜਿਹੀਆਂ ਗੱਲਾਂ ਸਾਨੂੰ ਆਸਟ੍ਰੇਲੀਅਨ ਸਮਾਜ ਵਿੱਚ ਦੂਸਰਿਆਂ ਨਾਲੋਂ ਜ਼ਿਆਦਾ ਹੋਛੇ ਸਿੱਧ ਕਰਦੀਆਂ ਹਨ ਅਤੇ ਉੱਥੇ ਹੋਰ ਨਸਲਾਂ ਦੇ ਮੁਕਾਬਲੇ ਖਿੱਚ ਦਾ ਕੇਂਦਰ ਵੀ ਸਥਾਪਿਤ ਕਰਦੀਆਂ ਹਨ, ਜਿਸ ਨਾਲ ਸਹਿਜੇ ਹੀ ਮਨੁੱਖਤਾ ਵਿੱਚ ਫਰਕ ਅਤੇ ਨਸਲੀ ਟਿੱਪਣੀਆਂ ਨੂੰ ਹੁੰਗਾਰਾ ਮਿਲਣਾ ਸੁਭਾਵਿਕ ਹੈ । ਇੱਥੇ ਇਹ ਗੱਲ ਸਾਂਝੀ ਕਰਨ ਦਾ ਮਤਲਬ ਕਿਸੇ ਦੀ ਆਸਥਾ ਨੂੰ ਠੇਸ ਪਹੁੰਚਾਉਣਾ ਨਹੀਂ, ਸਗੋਂ ਆਪਣਿਆਂ ਨੂੰ ਆਉਣ ਵਾਲੀਆਂ ਅਲਾਮਤਾਂ ਤੋਂ ਚੌਕੰਨਾ ਕਰਨਾ ਹੈ ।
ਪੰਜਾਬੀ ਹੋਣਾ ਹਰ ਪੰਜਾਬੀ ਲਈ ਮਾਣ ਵਾਲੀ ਗੱਲ ਹੈ ਪਰ ਪੰਜਾਬੀਅਤ ਦਾ ਆਪਣੇ ਹੱਥੀਂ ਘਾਣ ਕਰਨਾ ਵੀ ਤਾਂ ਅਪਮਾਨ ਵਾਲੀ ਗੱਲ ਹੈ। ਅਸੀਂ ਸਾਰੇ ਹੀ ਦੇਖ ਰਹੇ ਹਾਂ ਕਿ ਪਿਛਲੇ ਕੁੱਝ ਸਮੇਂ ਤੋਂ ਆਸਟ੍ਰੇਲੀਆ ਵਿੱਚ ਵਾਪਰੀਆਂ ਨਿੰਦਕ ਘਟਨਾਵਾਂ ਵਿੱਚ (ਵਿਸ਼ੇ ਭਾਵੇਂ ਕੋਈ ਲੈ ਲਓ) ਪੰਜਾਬੀਆਂ ਦੇ ਚਿਹਰੇ ਸਾਹਮਣੇ ਆ ਰਹੇ ਹਨ, ਜੋ ਕਿ ਸ਼ਰਮਨਾਕ ਗੱਲ ਹੈ । ਅਤੇ ਹੁਣ ਸੱਭ ਤੋਂ ਜ਼ਿਆਦਾ ਨਿੰਦਣਯੋਗ ਕਰਤੂਤ ਨੇ ਪੰਜਾਬੀ ਕੌਮ ਨੂੰ ਇੱਕ ਨਵਾਂ ਨਾਮ ਪ੍ਰਦਾਨ ਕਰ ਦਿੱਤਾ ਹੈ ਕਿ “ਮਾਸੂਮ ਬੱਚਿਆਂ ਦੇ ਕਾਤਲਾਂ ਦੀ ਕੌਮ” ! ਇਹ ਵੀ ਸੱਭ ਜਾਣਦੇ ਹਨ ਕਿ ਜਾਨਵਰ ਵੀ ਬੱਚੇ ਅਤੇ ਵੱਡੇ ਵਿੱਚ ਫ਼ਰਕ ਸਮਝਦੇ ਹਨ, ਫਿਰ ਇਨਸਾਨ ਦੀ ਐਸੀ ਦਰਿੰਦਗ਼ੀ ਦਾ ਕੀ ਰਾਜ਼ ਹੈ ? ਗੁਰਸ਼ਾਨ ਹਾਦਸੇ ਨਾਲ ਜਿੱਥੇ ਉਸਦੇ ਮਾਪਿਆਂ ਨੂੰ ਨਾ ਪੂਰਾ ਹੋਣਾ ਘਾਟਾ ਪਿਆ ਹੈ ਉੱਥੇ ਪੂਰੀ ਪੰਜਾਬੀ ਕੌਮ ਨੂੰ ਨਿਮੋਝੂਣਾ ਮਹਿਸੂਸ ਕਰਨਾ ਪੈ ਰਿਹਾ ਹੈ ।ਸਾਨੂੰ ਸਾਰਿਆਂ ਨੂੰ ਅਰਦਾਸ ਕਰਨੀ ਚਾਹੀਦੀ ਹੈ ਕਿ ਸੱਭ ਤੋਂ ਪਹਿਲਾਂ ਪ੍ਰਮਾਤਮਾ ਸਾਡੀ ਕੌਮ ਨੂੰ ਸਮੁੱਤ ਬਖ਼ਸ਼ੇ ਅਤੇ ਦੁਨੀਆ ਵਿੱਚ ਚੰਗਾ ਮੁਕਾਮ ਹਾਸਿਲ ਕਰਨ ਲਈ ਬਲ ਬਖ਼ਸ਼ੇ ਅਤੇ ਫਿਰ ਗੁਰਸ਼ਾਨ ਜਹੇ ਨਰਗਸੀ ਫੁੱਲ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ । ਦੁਨੀਆ ਦੇ ਇਤਿਹਾਸ ਵਿੱਚ ਪੰਜਾਬੀ ਲੋਕ ਸਦਾ ਚੰਗੀ ਕੌਮ ਬਣ ਕੇ ਉੱਭਰਨ ਨਾ ਕਿ ਕਾਤਲਾਂ ਜਾਂ ਦਗ਼ਾਬਾਜਾਂ ਦੀ ਕੌਮ ਬਣਕੇ ।


ਅਲਵਿਦਾ ਗੁਰਸ਼ਾਨ !......... ਲੇਖ਼ / ਰਿਸ਼ੀ ਗੁਲਾਟੀ


ਘਟੀਆ ਤੇ ਸੌੜੀ ਮਾਨਸਿਕਤਾ ਦੀ ਇਸ ਤੋਂ ਵੱਡੀ ਉਦਾਹਰਣ ਹੋਰ ਕੀ ਹੋ ਸਕਦੀ ਹੈ ਕਿ ਸਿਰਫ਼ ਤਿੰਨ ਸਾਲ ਦੇ ਮਾਸੂਮ ਬੱਚੇ ਨੂੰ ਬਿਨਾਂ ਕਿਸੇ ਕਸੂਰ ਦੇ ਕਤਲ ਕਰ ਦਿੱਤਾ ਜਾਏ । ਘਟੀਆ ਸੋਚ ਨੇ ਇੱਕ ਅਜਿਹੇ ਫੁੱਲ ਨੂੰ ਕੁਚਲ ਦਿੱਤਾ, ਜੋ ਕਿ ਵੱਡਾ ਹੋ ਕੇ ਪਤਾ ਨਹੀਂ ਕੀ ਕੀ ਕਰ ਸਕਦਾ ਸੀ । ਸ਼ਾਇਦ ਕਾਤਲ ਨੇ ਸਮੁੱਚੇ ਭਾਈਚਾਰੇ ਤੋਂ ਇੱਕ ਅਜਿਹਾ ਡਾਕਟਰ ਖੋਹ ਲਿਆ, ਜਿਸਨੇ ਵੱਡਿਆਂ ਹੋ ਕੇ ਅਣਗਿਣਤ ਦੁਖਿਆਰਿਆਂ ਨੂੰ ਰਾਹਤ ਪਹੁੰਚਾਉਣੀ ਹੋਵੇ ਜਾਂ ਇੱਕ ਸਾਇੰਸਦਾਨ ਜਾਂ ਇੰਜੀਨੀਅਰ ਤੇ ਯਕੀਨਨ ਇੱਕ ਮਾਂ ਤੋਂ ਉਸਦੇ ਜਿਗਰ ਦਾ ਟੁਕੜਾ ਤੇ ਇੱਕ ਬਾਪ ਤੋਂ ਉਸਦੇ ਭਵਿੱਖ ਦਾ ਆਸਰਾ । ਉਹ ਮਾਸੂਮ ਗੁਰਸ਼ਾਨ ਜਿਸਨੂੰ ਅਜੇ ਤੱਕ ਆਸਟ੍ਰੇਲੀਆ ਤੇ ਭਾਰਤ ਸ਼ਬਦਾਂ ਦਾ ਫ਼ਰਕ ਵੀ ਨਹੀਂ ਪਤਾ ਸੀ । ਉਹ ਤਾਂ ਕੇਵਲ ਮੰਮੀ ਜਾਂ ਪਾਪਾ ਹੀ ਕਹਿ ਸਕਦਾ ਸੀ ਜਾਂ ਕਹਿ ਸਕਦਾ ਸੀ “ਮੰਮਾ ਦੁਦੂ”, “ਮੰਮਾ ਭੁੱਖੀ ਲੱਗੀ ਐ” ।
ਅਜੇ ਤਾਂ ਉਹ ਆਪਣੇ ਪਾਪਾ ਨਾਲ਼ ਰਿਹਾੜ ਕਰਨ ਜੋਗਾ ਵੀ ਨਹੀਂ ਸੀ ਕਿ ਮੈਂ ਆਹ ਚੀਜ਼ ਲੈਣੀ ਹੈ ਜਾਂ ਔਹ ਚੀਜ਼ ਲੈਣੀ ਹੈ । ਅਜੇ ਤਾਂ ਉਹ ਸੁਪਰ ਸਟੋਰਾਂ ‘ਚ ਖਿਡੌਣੇ ਲੈਣ ਦੀ ਜਿ਼ੱਦ ਕਰਨ ਲਈ ਫ਼ਰਸ਼ ਤੇ ਲਿਟਣ ਜੋਗਾ ਵੀ ਨਹੀਂ ਸੀ ਹੋਇਆ ਕਿ ਉਸਨੂੰ ਪਹਿਲਾਂ ਹੀ ਤਾਬੂਤ ‘ਚ ਲਿਟਾ ਦਿੱਤਾ ਗਿਆ ।






ਆਹ ! ਗੁਰਸ਼ਾਨ !! ਪੁੱਤਰ, ਕਿਹੀ ਚੰਦਰੀ ਕਿਸਮਤ ਲੈ ਕੇ ਪੈਦਾ ਹੋਇਆ ਸੀ ? ਤੇਰੇ ਮੰਮੀ ਪਾਪਾ ਨੂੰ ਕਿੰਨੀਆਂ ਉਮੀਦਾਂ ਸਨ ? ਉਨ੍ਹਾਂ ਤੇਰੇ ਸੁਨਿਹਰੇ ਭਵਿੱਖ ਲਈ ਕਿੰਨੇ ਸੁਪਨੇ ਸਜਾਏ ਹੋਣਗੇ । ਅਜੇ ਤਾਂ ਤੂੰ ਆਪਣੇ ਮੰਮੀ ਪਾਪਾ ਦੀ ਝਿੜਕ ਵੀ ਨਹੀਂ ਸੁਣੀ ਹੋਵੇਗੀ, ਜੇ ਸੁਣੀ ਤਾਂ ਸਮਝ ਨਹੀਂ ਆਈ ਹੋਵੇਗੀ ਕਿ ਕੀ ਕਹਿ ਰਹੇ ਨੇ । ਤੂੰ ਤਾਂ ਉਨ੍ਹਾਂ ਦੀ ਝਿੜਕ ਦਾ ਜੁਆਬ ਆਪਣੀ ਪਿਆਰੀ ਜਿਹੀ ਮੁਸਕਾਨ ਨਾਲ਼ ਦਿੱਤਾ ਹੋਵੇਗਾ । ਤੂੰ ਇੱਥੇ ਕਿਉਂ ਆ ਗਿਆ ? ਕਾਸ਼ ! ਜਦੋਂ ਤੂੰ ਆਇਆ ਸੀ, ਤੂੰ ਜਹਾਜ਼ ਤੋਂ ਲੇਟ ਹੋ ਜਾਂਦਾ । ਤੈਨੂੰ ਏਅਰਪੋਰਟ ਛੱਡਣ ਆਈ ਗੱਡੀ ਪੰਕਚਰ ਹੋ ਜਾਂਦੀ । ਤੇਰੇ ਵੀਜ਼ੇ ਦੇ ਕਾਗਜ਼ਾਤ ‘ਚ ਨੁਕਸ ਨਿੱਕਲ ਆਉਂਦਾ । ਚਾਹੇ ਮੈਂ ਤੈਨੂੰ ਜਿੰਦਗੀ ‘ਚ ਕਦੇ ਦੇਖਿਆ ਨਹੀਂ, ਤੂੰ ਮੇਰਾ ਕੁਝ ਵੀ ਨਹੀਂ ਪਰ ਅੱਜ ਹਰ ਕਿਸੇ ਨੂੰ ਇਹੀ ਜਾਪ ਰਿਹਾ ਹੈ ਜਿਵੇਂ ਉਸੇ ਦੀ ਕੋਈ ਨਿੱਜੀ ਚੀਜ਼ ਗੁਆਚ ਗਈ ਹੈ । ਮੈਂ ਤਾਂ ਕੀ, ਹਰ ਦਿਲ ਅੱਜ ਤੇਰੇ ਲਈ ਦੁਖੀ ਹੈ । ਤੇਰੇ ਬਾਰੇ ਲਿਖਦੀ ਹੋਈ ਮੇਰੀ ਕਲਮ ਖੂਨ ਦੇ ਹੰਝੂ ਰੋ ਰਹੀ ਹੈ ।
ਕਾਤਲ ਨੇ ਤਾਂ ਜੱਗੋਂ ਤੇਰ੍ਹਵੀਂ ਕਰ ਵਿਖਾਈ । ਆਖਿਰ ਇੱਕ ਮਾਸੂਮ ਬੱਚੇ ਦੀ ਕਿਸੇ ਨਾਲ਼ ਕੀ ਦੁਸ਼ਮਣੀ ਹੋ ਸਕਦੀ ਹੈ ? ਉਹ ਖ਼ੁਦ ਵੀ ਤਾਂ ਇੱਕ ਮਾਸੂਮ ਬੱਚੀ ਦਾ ਬਾਪ ਹੈ । ਉਸਨੇ ਇਹ ਕਾਰਾ ਕਰਦੇ ਸਮੇਂ ਇੱਕ ਪਲ ਲਈ ਵੀ ਅੰਜਾਮ ਨਹੀਂ ਸੋਚਿਆ । ਉਸਨੇ ਕੇਵਲ ਗੁਰਸ਼ਾਨ ਦੀ ਜਾਨ ਹੀ ਨਹੀਂ ਲਈ ਬਲਕਿ ਚਾਰ ਪਰਿਵਾਰਾਂ ਨੂੰ ਜਿਉਂਦੇ ਜੀ ਸੂਲੀ ਚਾੜ੍ਹ ਦਿੱਤਾ ਹੈ । ਗੁਰਸ਼ਾਨ ਦੇ ਨਾਨਕੇ ਦਾਦਕੇ ਤੇ ਆਪਣੀ ਮਾਸੂਮ ਬੱਚੀ ਦੇ ਨਾਨਕੇ ਦਾਦਕੇ । ਨਤੀਜਾ ਕੀ ? ਇਨ੍ਹਾਂ ਮੀਆਂ-ਬੀਵੀ ਦਾ ਤਾਂ ਜੋ ਹੋਵੇਗਾ, ਉਹ ਭਵਿੱਖ ਦੇ ਗਰਭ ‘ਚ ਹੈ ਪ੍ਰੰਤੂ ਉਸਨੇ ਆਪਣੀ ਬੱਚੀ ਤੋਂ ਮਾਂ-ਬਾਪ ਦਾ ਸਾਇਆ ਜ਼ਰੂਰ ਖੋਹ ਲਿਆ । ਅਕਸਰ ਦੇਖਣ ‘ਚ ਆਇਆ ਹੈ ਕਿ ਅਸੀਂ ਕਿਸੇ ਵੀ ਬੱਚੇ ਨੂੰ ਉਂਝ ਹੀ, ਬਿਨਾਂ ਕਿਸੇ ਜਾਣ ਪਹਿਚਾਣ ਤੋਂ ਵੀ ਬੁਲਾਉਣ ਦਾ ਯਤਨ ਕਰਦੇ ਹਾਂ, ਉਸਨੂੰ ਆਪਣਾ ਮੂੰਹ ਵਿੰਗਾ-ਟੇਢਾ ਕਰਕੇ ਹਸਾਉਣ ਦਾ ਯਤਨ ਕਰਦੇ ਹਾਂ । ਜੇਕਰ ਕਿਸੇ ਦੇ ਘਰ ਦੋ ਘੰਟੇ ਬੈਠਣ ਦਾ ਮੌਕਾ ਮਿਲੇ ਤਾਂ ਬੱਚਾ ਆਪਣੀ ਗੋਦ ‘ਚ ਲੈਣ ਤੇ ਉਸ ਨਾਲ਼ ਤੋਤਲੀਆਂ ਗੱਲਾਂ ਕਰਨ ਦਾ ਯਤਨ ਵੀ ਕਰਦੇ ਹਾਂ । ਇਸ ਸਖ਼ਸ਼ ਨੇ ਤਾਂ ਦਰਿੰਦਗੀ ਦੀਆਂ ਸਭ ਹੱਦਾਂ ਬੰਨੇ ਹੀ ਪਾਰ ਕਰ ਦਿੱਤੇ । ਇੱਕੋ ਘਰ ‘ਚ ਰਹਿਣ ਦੇ ਬਾਵਜੂਦ ਉਸਨੇ ਆਪਣੇ ਪੁੱਤਰ ਦੀ ਉਮਰ ਦੇ ਬੱਚੇ ਨੂੰ ਦੁਨੀਆਂ ਤੋਂ ਵਿਦਾ ਕਰ ਦਿੱਤਾ । ਅਫਸੋਸ ! ਅਫਸੋਸ !! ਅਫਸੋਸ !!! ਬੇਰਹਿਮ ਆਦਮੀ, ਕੀ ਤੂੰ ਇਨਸਾਨ ਕਹਾਉਣ ਦੇ ਵੀ ਕਾਬਿਲ ਹੈਂ ? ਜਿੰਦਗੀ ‘ਚ ਕਦੀ ਟਾਈਮ ਮਿਲੇ ਤਾਂ ਦਿਲ ਤੇ ਹੱਥ ਰੱਖਕੇ ਆਪਣੇ ਕੀਤੇ ਕਾਰੇ ਬਾਰੇ ਸੋਚੀਂ । ਕੀ ਕਰ ਬੈਠਾ ਹੈਂ ? ਤੈਨੂੰ ਜ਼ਮਾਨਤ ਮੰਗਣ ਦੀ ਬਜਾਏ ਪ੍ਰਮਾਤਮਾ ਦੇ ਦਰ ਤੋਂ ਸਜ਼ਾ ਮੰਗਣੀ ਚਾਹੀਦੀ ਸੀ ਤਾਂ ਜੋ ਤੇਰੇ ਗੁਨਾਹਾਂ ਦਾ ਬੋਝ ਕੁਝ ਹਲਕਾ ਹੋ ਸਕਦਾ ਪਰ ਤੂੰ ਤਾਂ..... ।
ਛੱਡ ਯਾਰ ! ਕੁਝ ਬਦਨਸੀਬ ਲੋਕ ਨਫ਼ਰਤ ਦੇ ਕਾਬਿਲ ਵੀ ਨਹੀਂ ਹੁੰਦੇ, ਤੂੰ ਉਨ੍ਹਾਂ ‘ਚੋਂ ਇੱਕ ਹੈਂ ।
ਅੱਛਾ ਗੁਰਸ਼ਾਨ ! ਅਲਵਿਦਾ ਬੱਚੇ ! ਸਾਡੇ ਵਤਨ ‘ਚ ਅਜਿਹੀ ਚੰਦਰੀ ਘੜੀ ‘ਚ ਦਿਲ ਨੂੰ ਦਿਲਾਸਾ ਦੇਣ ਲਈ ਇਹ ਹੀ ਕਿਹਾ ਜਾਂਦਾ ਹੈ ਕਿ “ਹੋਣੀ” ਇਸੇ ਤਰ੍ਹਾਂ ਹੀ ਲਿਖੀ ਸੀ । ਤੂੰ ਤਾਂ ਵਤਨ ਵਾਪਸ ਚੱਲਿਆ ਸੀ ਪਰ ਤੈਨੂੰ ਆਸਟ੍ਰੇਲੀਆ ਦੀ ਧਰਤੀ ਨੇ ਆਪਣੀ ਗੋਦ ‘ਚ ਸਾਂਭਣਾ ਸੀ, ਸੋ ਕਿਸ ਤਰ੍ਹਾਂ ਵਾਪਸ ਜਾਂਦਾ ?
ਹਰਜੀਤ ! ਬੱਚੇ ਸਭ ਨੂੰ ਪਿਆਰੇ ਹੁੰਦੇ ਹਨ । ਸਭ ਦੇ ਜਿਗਰ ਦਾ ਟੁਕੜਾ ਹੁੰਦੇ ਹਨ । ਗੁਰਸ਼ਾਨ ਵੀ ਅਜਿਹਾ ਹੀ ਪਿਆਰਾ ਬੱਚਾ ਸੀ । ਪਰ ਉਸਨੂੰ ਪਰਮਪਿਤਾ ਪ੍ਰਮਾਤਮਾ ਵੀ ਬਹੁਤ ਪਿਆਰ ਕਰਦੇ ਸਨ । ਸ਼ਾਇਦ ਸਾਡੇ ਸਭ ਨਾਲੋਂ ਜਿ਼ਆਦਾ । ਇਸੇ ਲਈ ਉਨ੍ਹਾਂ ਨੇ ਗੁਰਸ਼ਾਨ ਨੂੰ ਆਪਣੀ ਪਵਿੱਤਰ ਗੋਦ ‘ਚ ਲੈ ਲਿਆ ਹੈ । ਇਸ ਦੁੱਖ ਦੀ ਘੜੀ ‘ਚ ਸਮੂਹ ਪੰਜਾਬੀ ਭਾਈਚਾਰਾ ਤੁਹਾਡੇ ਲਈ ਅਰਦਾਸ ਕਰਦਾ ਹੈ । ਅਸੀਂ ਸਭ ਪ੍ਰਮਾਤਮਾ ਅੱਗੇ ਅਰਦਾਸ-ਬੇਨਤੀ ਕਰਦੇ ਹਾਂ ਕਿ ਸਭ ਨੂੰ ਇਹ ਸਦਮਾ ਬਰਦਾਸ਼ਤ ਕਰਨ ਦਾ ਬਲ ਬਖ਼ਸ਼ੇ ਤੇ ਗੁਰਸ਼ਾਨ ਨੂੰ ਨਵੇਂ ਰੂਪ ‘ਚ ਤੁਹਾਡੇ ਕੋਲ ਵਾਪਿਸ ਭੇਜਣ ਦੀ ਦਇਆ ਮਿਹਰ ਕਰੇ ।



ਜਿੰਨੀ ਕੰਮੀ ਨਾਹਿ ਗੁਣ ਤੇ ਕੰਮੜੇ ਵਿਸਾਰ।
ਮਤੁ ਸ਼ਰਮਿੰਦਾ ਹੋਵਹੀ ਸਾਈਂ ਦੇ ਦਰਬਾਰਿ।।
--ਬਾਬਾ ਸ਼ੇਖ਼ ਫ਼ਰੀਦ ਜੀ


ਕਲਾਮ ਬੁੱਲ੍ਹੇ ਸ਼ਾਹ

ਅਬ ਹਮ ਗੁੰਮ ਹੂਏ, ਪਰੇਮ ਨਗਰ ਕੇ ਸ਼ਹਿਰ
ਆਪਣੇ ਆਪ ਨੂੰ ਸੋਧ ਰਿਹਾ ਹੂੰ, ਨਾ ਸਿਰ ਹਾਥ ਨਾ ਪੈਰ

ਖ਼ੁਦੀ ਖੋਈ ਅਪਨਾ ਪਦ ਚੀਤਾ, ਤਬ ਹੋਈ ਗੱਲ ਖੈਰ
ਲੱਥੇ ਪਗੜੇ ਪਹਿਲੇ ਘਰ ਥੀਂ, ਕੌਣ ਕਰੇ ਨਿਰਵੈਰ?

ਬੁੱਲ੍ਹਾ ਸ਼ਹੁ ਹੈ ਦੋਹੀਂ ਜਹਾਨੀਂ, ਕੋਈ ਨਾ ਦਿਸਦਾ ਗ਼ੈਰ....



ਨਸ਼ਿਆਂ ਨੇ ਪੱਟ ਤੇ ਪੰਜਾਬੀ ਗੱਭਰੂ.......... ਲੇਖ / ਗੁਰਭਜਨ ਗਿੱਲ

ਪੰਜਾਬ ਵਿਚ ਨਸ਼ਿਆਂ ਦਾ ਹੜ੍ਹ ਕੰਧਾਂ ਕੋਠੇ ਟੱਪ ਗਿਆ ਹੈ, ਸ਼ਾਮਾਂ ਵੇਲੇ ਪੰਜਾਬ ਦਾ ਕੋਈ ਪਿੰਡ, ਸ਼ਹਿਰ ਜਾਂ ਕਸਬਾ ਅਜਿਹਾ ਨਹੀਂ ਹੁੰਦਾ ਜਿਥੇ ਚੜ੍ਹਦੀ ਜਵਾਨੀ ਨੂੰ ਨਸ਼ੇ ਦੀ ਲੋਰ ਵਿਚ ਕੰਧਾਂ ਵੀ ਭਾਬੀਆਂ ਵਾਂਗ ਨਹੀਂ ਦਿਸਦੀਆਂ। ਪਹਿਲਾਂ ਪਹਿਲ ਸ਼ਰਾਬੀ ਪਛਾਣੇ ਜਾਂਦੇ ਸਨ ਪਰ ਹੁਣ ਨਵੇਂ ਰਸਾਇਣਕ ਨਸ਼ਿਆਂ ਨੇ ਪੰਜਾਬ ਦੀ ਜਵਾਨੀ ਨੂੰ ਅੰਦਰੋਂ ਅੰਦਰ ਸਿਉਂਕ ਵਾਂਗ ਖਾ ਲਿਆ ਹੈ। ਨਸ਼ਾ ਮਹਿੰਗਾ ਹੋਣ ਕਰਕੇ ਘਰਾਂ ਨੂੰ ਵੀ ਸਿਉਂਕ ਲੱਗ ਗਈ ਹੈ। ਨੌਜਵਾਨ ਉਪ–ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਪਿਛਲੇ ਦਿਨੀਂ ਪੰਜਾਬ ਦੇ ਪੁਲਿਸ ਮੁਖੀ ਸ: ਪਰਮਦੀਪ ਸਿੰਘ ਗਿੱਲ ਦੇ ਨਾਲ ਸੂਬੇ ਦੇ ਸਾਰੇ ਜ਼ਿਲ੍ਹਿਆਂ ਦੇ ਪੁਲਿਸ ਮੁਖੀਆਂ ਨੂੰ ਇਸ ਖੋਰੇ ਤੋਂ ਪੈਦਾ ਹੋਣ ਵਾਲੇ ਖਤਰਿਆਂ ਬਾਰੇ ਸੁਚੇਤ ਕਰਦਿਆਂ ਵੰਗਾਰ ਕੇ ਆਖਿਆ ਸੀ ਕਿ ਨਸ਼ਿਆਂ ਦੀ ਅੰਨ੍ਹੀ ਤਜਾਰਤ ਦਾ ਮੂੰਹ ਮੋੜੋ। ਹੋ ਸਕਦਾ ਹੈ ਬਾਕੀ ਜ਼ਿਲ੍ਹਿਆਂ ਵਿਚ ਵੀ ਨਸ਼ਿਆਂ ਦੇ ਖਿਲਾਫ ਕੋਈ ਕਾਰਜ ਨੀਤੀ ਤਿਆਰ ਹੋਈ ਹੋਵੇ ਪਰ ਜਗਰਾਉਂ ਸਥਿਤ ਪੁਲਿਸ ਜਿਲ੍ਹੇ ਦੇ ਮੁਖੀ ਹਰਿੰਦਰ ਸਿੰਘ ਚਾਹਲ ਨੇ ਸੰਤ ਮਹਾਤਮਾ ਅੱਗੇ ਲਾ ਕੇ ਲੋਕ ਚੇਤਨਾ ਲਹਿਰ ਰਾਹੀਂ ਨਸ਼ਿਆਂ ਨੂੰ ਠੱਲ੍ਹ ਪਾਉਣ ਦਾ ਉਪਰਾਲਾ ਕੀਤਾ ਹੈ। ਚੰਗੀ ਕਿਸਮਤ ਨੂੰ ਇਸ ਇਲਾਕੇ ਵਿਚ ਨਾਨਕਸਰ ਸੰਪਰਦਾਇ ਦਾ ਹੈੱਡਕਵਾਟਰ ਹੈ ਅਤੇ ਨਸ਼ਿਆਂ ਖਿਲਾਫ ਮੁਹਿੰਮ ਦਾ ਆਰੰਭ ਵੀ ਉਨ੍ਹਾਂ ਨੇ ਏਥੋਂ ਹੀ ਕੀਤਾ ਹੈ। ਸਾਧਾਂ ਸੰਤਾਂ ਦੀ ਗੱਲ ਪੰਜਾਬ ਵਾਲੇ ਅੱਜਕਲ੍ਹ ਸਭ ਤੋਂ ਵੱਧ ਮੰਨਦੇ ਹਨ। ਇਸ ਵਿਧੀ ਦੇ ਨਾਲ–ਨਾਲ ਉਨ੍ਹਾਂ ਨੇ ਪਿੰਡਾਂ ਦੀਆਂ ਨੌਜਵਾਨ ਖੇਡ ਕਲੱਬਾਂ ਨੂੰ ਵੀ ਸੰਗਠਿਤ ਕੀਤਾ ਹੈ। ਇਸੇ ਜ਼ਿਲ੍ਹੇ ਵਿਚ ਨਸ਼ਿਆਂ ਦੇ ਖਿਲਾਫ ਪੁਸਤਕ ਲਿਖਣ ਵਾਲੇ ਪੁਲਿਸ ਕਪਤਾਨ ਗੁਰਪ੍ਰੀਤ ਸਿੰਘ ਤੂਰ ਅਤੇ ਪੰਜਾਬ ਦੀ ਜਵਾਨੀ ਨੂੰ ਪੂਰੇ ਪੰਜਾਬ ਅੰਦਰ ਸੰਗਠਿਤ ਕਰਨ ਵਾਲੇ ਉਪ ਪੁਲਿਸ ਕਪਤਾਨ ਪ੍ਰਿਥੀਪਾਲ ਸਿੰਘ ਬਟਾਲਾ ਦੀ ਹਾਜ਼ਰੀ ਸੋਨੇ ਤੇ ਸੁਹਾਗੇ ਵਾਂਗ ਗਿਣੀ ਜਾ ਸਕਦੀ ਹੈ। ਜੇਕਰ ਸਿਰਫ ਜਗਰਾਉਂ ਜ਼ਿਲ੍ਹਾ ਹੀ ਸੰਭਾਲ ਲਿਆ ਜਾਵੇ ਤਾਂ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੀ ਸਪਲਾਈ ਲਾਈਨ ਦਾ ਲੱਕ ਤੋੜਿਆ ਜਾ ਸਕਦਾ ਹੈ। ਰਾਜਸਥਾਨ ਅਤੇ ਫਿਰੋਜ਼ਪੁਰ ਸਰਹੱਦ ਵਾਲੇ ਪਾਸਿਉਂ ਆਉਂਦੇ ਨਸ਼ੀਲੇ ਪਦਾਰਥਾਂ ਨੂੰ ਠੱਲ੍ਹ ਪਾਉਣ ਲਈ ਜਗਰਾਉਂ ਦੀ ਹਸਤੀ ਪ੍ਰਮੁਖ ਬਣ ਸਕਦੀ ਹੈ। 30 ਅਕਤੂਬਰ ਨੂੰ ਇਸ ਮੁਹਿੰਮ ਦਾ ਨਾਨਕਸਰ ਵਿਚ ਸ਼ੁਭ ਆਰੰਭ ਕੀਤਾ ਜਾਣਾ ਹੈ। ਆਪਣੀ ਸ਼ਬਦ ਪੂੰਜੀ ਲੈ ਕੇ ਲਿਖਾਰੀ, ਗਾਇਕ, ਸਭਿਆਚਾਰਕ ਕਾਮੇ ਅਤ ਸਿੱਖਿਆ ਸਾਸ਼ਤਰੀ ਵੀ ਉਥੇ ਪਹੁੰਚਣਗੇ। ਹੁਣ ਸੁਆਲ ਇਹ ਪੈਦਾ ਹੁੰਦਾ ਹੈ ਕਿ ਇਸ ਵੱਡੀ ਮੁਹਿੰਮ ਨੂੰ ਤੋਰਨ ਵਿਚ ਸਾਰੀਆਂ ਧਿਰਾਂ ਸਿਰ ਜੋੜਦੀਆਂ ਹਨ ਜਾਂ ਆਪੋ ਆਪਣੀ ਤੂਤੀ ਹੀ ਵਜਾਉਂਦੀਆਂ ਹਨ। ਜੇਕਰ ਸਾਰੀਆਂ ਧਿਰਾਂ ਇਸ ਸਮਾਜਿਕ ਬੁਰਾਈ ਦੇ ਖਿਲਾਫ ਸਿਰ ਜੋੜ ਕੇ ਤੁਰ ਪੈਣ ਤਾਂ ਕੋਈ ਔਖੀ ਗੱਲ ਨਹੀਂ ਕਿ ਨਸ਼ਿਆਂ ਦੇ ਹੜ੍ਹ ਨੂੰ ਲੋਕ ਡੈਮ ਬਣ ਕੇ ਠੱਲ੍ਹ ਨਾ ਪਾ ਸਕਣ। ਨਸ਼ੀਲੇ ਪਦਾਰਥਾਂ ਦਾ ਵਣਜ ਕਰਦਿਆਂ ਲੋਕਾਂ ਨੂੰ ਪਛਾਨਣ ਅਤੇ ਦੁਰਕਾਰਨ ਨਾਲ ਹੀ ਅੱਧਾ ਕੰਮ ਮੁੱਕ ਸਕਦਾ ਹੈ।
ਨਸ਼ਿਆਂ ਦੇ ਹੜ੍ਹ ਵਿਚ ਪੰਜਾਬ ਰੁੜ੍ਹ ਰਿਹਾ ਹੈ। ਸਿਰਫ ਸ਼ਰਾਬ ਹੀ ਨਹੀਂ ਅਫੀਮ, ਤੰਬਾਕੂ, ਭੁੱਕੀ (ਪੋਸਤ ਦਾ ਚੂਰਾ), ਜ਼ਰਦਾ, ਭੰਗ, ਨਸ਼ੀਲੀਆਂ ਗੋਲੀਆਂ ਅਤੇ ਇਹੋ ਜਿਹਾ ਹੋਰ ਬਹੁਤ ਕੁਝ ਪੰਜਾਬ ਦੇ ਗਲੀ–ਗਲੀ, ਮੁਹੱਲੇ–ਮੁਹੱਲੇ ਸ਼ਰੇਆਮ ਵਿਕ ਰਿਹਾ ਹੈ। ਕਿਤੇ ਸਰਕਾਰੀ ਤੌਰ ਤੇ ਅਧਿਕਾਰਤ ਦੁਕਾਨਾਂ ਤੇ ਅਤੇ ਕਿਤੇ ਚੋਰੀ ਛਿਪੇ। ਸ਼ਰਾਬ ਤੋਂ ਬਿਨਾਂ ਬਾਕੀ ਸਾਰੇ ਹੀ ਨਸ਼ੇ ਪੰਜਾਬ ਵਿਚ ਵੇਚਣ ਤੇ ਪਾਬੰਦੀ ਹੈ ਪਰ ਹਕੀਕਤਾਂ ਕੁਝ ਹੋਰ ਹਨ। ਵੱਡਿਆਂ ਸ਼ਹਿਰਾਂ ਦੇ ਚੌਂਕ ਚੁਰਸਤੇ, ਪਾਨ ਵੇਚਣ ਵਾਲਿਆਂ ਦੇ ਖੋਖਿਆਂ ਬਹਾਨੇ ਜ਼ਰਦਾ ਅਤੇ ਹੋਰ ਨਸ਼ੀਲੀਆਂ ਵਸਤਾਂ ਦਾ ਕਾਰੋਬਾਰ ਕਰਨ ਵਾਲਿਆਂ ਨੇ ਮੱਲੇ ਹੋਏ ਹਨ। ਸਚ ਤਾਂ ਇਹ ਹੈ ਕਿ ਪੰਜਾਬ ਦੀ ਜਵਾਨੀ ਨੇ ਤਾਂ ਇਸ ਹੜ੍ਹ ਵਿਚ ਰੁੜ੍ਹਨਾ ਹੀ ਸੀ, ਬੱਚੇ ਵੀ ਜਵਾਨੀ ਦੀ ਦਹਿਲੀਜ਼ ਟਪਣ ਤੋਂ ਪਹਿਲਾਂ ਹੀ ਇਨ੍ਹਾਂ ਵਹਿਬਤਾਂ ਦਾ ਸ਼ਿਕਾਰ ਹੋ ਰਹੇ ਹਨ। ਫਿਕਰਮੰਦੀ ਦੀ ਘੜੀ ਹੈ। ਸਰਕਾਰ, ਸਮਾਜ, ਧਾਰਮਿਕ ਜਥੇਬੰਦੀਆਂ, ਖੇਡ ਕਲੱਬਾਂ, ਸਾਹਿਤ ਸਭਾਵਾਂ ਅਤੇ ਮੁਹੱਲਿਆਂ ਦੀਆਂ ਵਿਕਾਸ ਸਭਾ ਸੁਸਾਇਟੀਆਂ ਇਸ ਨਸ਼ੀਲੇ ਹੜ੍ਹ ਦੇ ਪਾਣੀ ਨੂੰ ਠੱਲ੍ਹ ਪਾ ਸਕਦੀਆਂ ਹਨ।
ਅੰਕੜੇ ਦੱਸਦੇ ਹਨ ਕਿ ਜਿਸ ਤੰਬਾਕੂ ਨੂੰ ਦੁਨੀਆਂ ਦਾ ਕੋਈ ਵੀ ਧਰਮ ਵਰਤਣਯੋਗ ਵਸਤੂ ਨਹੀਂ ਮੰਨਦਾ ਅਤੇ ਜਿਸ ਦੇ ਖਿਲਾਫ ਸਿਹਤ ਸੰਗਠਨ ਦੀਆਂ ਕੋਸ਼ਿਸ਼ਾਂ ਪਿਛਲੇ ਲੰਬੇ ਸਮੇਂ ਤੋਂ ਨਿਰੰਤਰ ਜਾਰੀ ਹਨ ਹਰ ਵਰ੍ਹੇ 40 ਲੱਖ ਜਾਨਾਂ ਦਾ ਖੌ ਬਣਦਾ ਹੈ। ਅੰਦਾਜ਼ਨ ਰੋਜ਼ਾਨਾ ਗਿਆਰਾਂ ਹਜ਼ਾਰ ਬੰਦੇ ਸਮੇਂ ਅਤੇ ਔਰਤਾਂ ਸਿਵਿਆਂ ਦੇ ਰਾਹ ਪੈਂਦੇ ਹਨ। ਜੇਕਰ ਇਹੀ ਹਵਾ ਵਗਦੀ ਰਹੀ ਤਾਂ ਉਹ ਦਿਨ ਦੂਰ ਨਹੀਂ ਜਦ ਸੰਨ 2020 ਤਕ 70 ਲੱਖ ਜਾਨਾਂ ਹਰ ਵਰ੍ਹੇ ਮੌਤ ਦੀ ਭੇਟਾ ਚੜਿਆ ਕਰਨਗੀਆਂ ਤੰਬਾਕੂ ਨੂੰ ਆਦਮੀ ਨਹੀਂ ਪੀਂਦਾ, ਤੰਬਾਕੂ ਆਦਮੀ ਨੂੰ ਪੀਂਦਾ ਹੈ। ਇਸ ਇਕੱਲੇ ਦੁਸ਼ਮਣ ਕਾਰਨ 30 ਜਾਨ ਲੇਵਾ ਬੀਮਾਰੀਆਂ ਮਨੁੱਖੀ ਸਰੀਰ ਨੂੰ ਚਿੰਬੜਦੀਆਂ ਹਨ। ਫੇਫੜਿਆਂ ਦੇ ਕੈਂਸਰ ਤੋਂ ਲੈ ਕੇ ਗਲੇ ਦੇ ਕੈਂਸਰ ਤੀਕ। ਇਹ ਵੀ ਅੰਕੜੇ ਬੋਲਦੇ ਹਨ ਕਿ ਤੰਬਾਕੂ ਦੀ ਵਿਕਰੀ ਤੋਂ ਸਰਕਾਰ ਨੂੰ ਸਾਲਾਨਾ ਕਮਾਈ ਸਿਰਫ 6 ਹਜ਼ਾਰ ਕਰੋੜ ਰੁਪਏ ਹੁੰਦੀ ਹੈ ਜਦ ਕਿ ਇਸ ਤੋਂ ਪੈਦਾ ਹੁੰਦੀਆਂ 30 ਬੀਮਾਰੀਆਂ ਕਾਰਨ 37 ਹਜ਼ਾਰ ਕਰੋੜ ਰੁਪਏ ਆਮ ਲੋਕਾਂ ਦੀਆਂ ਜੇਬਾਂ ਵਿੱਚੋਂ ਨਿਕਲ ਕੇ ਬਹੁ–ਕੌਮੀ ਕੰਪਨੀਆਂ ਦੀਆਂ ਦਵਾਈਆਂ ਅਤੇ ਹਸਪਤਾਲਾਂ ਦੀ ਜੇਬ ਵਿਚ ਪੈ ਜਾਂਦੇ ਹਨ। ਕੀ ਇਹ ਗੱਲ ਰਾਜ ਕਰਦੀਆਂ ਧਿਰਾਂ ਨੂੰ ਸਮਝ ਹੀ ਨਹੀਂ ਆਉਂਦੀ ਜਾਂ ਉਹ ਸਮਝਣ ਦਾ ਯਤਨ ਹੀ ਨਹੀਂ ਕਰਨਾ ਚਾਹੁੰਦੀਆਂ। ਹੁਣ ਸ਼ੁਕਰ ਹੈ ਕਿ ਕੇਂਦਰੀ ਸਰਕਾਰ ਨੇ ਜਨਤਕ ਥਾਵਾਂ ਤੇ ਸਿਗਰਟਨੋਸ਼ੀ ਤੇ ਪਾਬੰਦੀ ਲਾ ਦਿੱਤੀ ਹੈ ਪਰ ਹੁੱਕੇ ਤੋਂ ਹੋਣ ਵਾਲੇ ਨੁਕਸਾਨ ਨੂੰ ਕੌਣ ਨੱਥ ਪਾਵੇਗਾ। ਹੁੱਕੇ ਦੀ ਗੁੜ ਗੁੜ ਵੀ ਅਨੇਕਾਂ ਗੰਭੀਰ ਰੋਗਾਂ ਦੀ ਮਾਂ ਹੈ।
ਤੰਬਾਕੂ ਇਸ ਧਰਤੀ ਦਾ ਪੌਦਾ ਨਹੀਂ। ਜਹਾਂਗੀਰ ਦੇ ਰਾਜਕਾਲ ਵੇਲੇ ਇਹ ਨਾ–ਮੁਰਾਦ ਪੌਦਾ ਪੰਜਾਬ ਦੀ ਧਰਤੀ ਤੇ ਪੁ¤ਜਾ ਸੀ। ਤੁਜ਼ਕੇ ਜਹਾਂਗੀਰੀ ਵਿਚ ਇਸ ਦਾ ਪਹਿਲੀ ਵਾਰ ਵਰਨਣ ਹੋਇਆ ਹੈ। ਗੁਰਬਾਣੀ ਵਿਚ ਵੀ ਤੰਬਾਕੀ ਦੇ ਸੇਵਨ ਨੂੰ ਰੱਜ ਕੇ ਨਿੰਦਿਆ ਗਿਆ ਹੈ।
ਪਾਨ ਸੁਪਾਰੀ ਖਾਤੀਆ ਮੁਖਿ ਬੀੜੀਆ ਲਾਈਆ।।
ਹਰਿ ਹਰਿ ਕਦੇ ਨਾ ਚੇਤਿਓ ਜਮਿ ਪਕੜਿ ਚਲਾਈਆ।। (ਸ਼੍ਰੀ ਗੁਰੂ ਗ੍ਰੰਥ ਸਾਹਿਬ, ਅੰਕ 726)
ਸਿੱਖ ਇਤਿਹਾਸ ਵਿਚ ਇੱਕ ਪ੍ਰਮਾਣ ਵਾਰ–ਵਾਰ ਆਉਂਦਾ ਹੇ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਘੋੜਾ ਵੀ ਤੰਬਾਕੂ ਦਾ ਖੇਤ ਸਾਹਮਣੇ ਵੇਖ ਕੇ ਉਸ ਵਿਚ ਪੈਰ ਪਾਉਣੋਂ ਅਟਕ ਗਿਆ ਸੀ। ਜਦ ਖੇਤ ਦੇ ਮਾਲਕ ਨੇ ਗੁਰੂ ਗੋਬਿੰਦ ਸਿੰਘ ਜੀ ਪਾਸ ਬਖਸ਼ਿਸ਼ ਲਈ ਅਰਦਾਸ ਕੀਤੀ ਤਾਂ ਉਨ੍ਹਾਂ ਨੇ ਉਸ ਤੰਬਾਕੂ ਦੀ ਖੇਤੀ ਕਰਨ ਤੋਂ ਵਰਜਿਆ। ਇਸ ਵਿਚ ਲੁਕਿਆ ਇਸ਼ਾਰਾ ਸਮਝਣ ਦੀ ਲੋੜ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਸਿਹਤਮੰਦ ਸ਼ਕਤੀਸ਼ਾਲੀ ਪੰਥ ਦੀ ਸਿਰਜਣਾ ਕਰਨ ਵੇਲੇ ਨਸ਼ਾ ਰਹਿਤ ਸਮਾਜ ਦਾ ਸੁਪਨਾ ਲਿਆ ਸੀ ਪਰ ਅੱਜ ਅਸੀਂ ਕਿੱਧਰ ਨੂੰ ਤੁਰ ਪਏ ਹਾਂ ?
ਪੰਜਾਬ ਵਿਚ ਵੱਸਦੇ ਸਿੱਖ ਪਰਿਵਾਰਾਂ ਵਿਚ ਇਹ ਕੋਹੜ ਪਹਿਲਾਂ ਬਹੁਤ ਘੱਟ ਸੀ ਪਰ ਪਿਛਲੇ ਕੁਝ ਸਮੇਂ ਤੋਂ ਅਸੀਂ ਵੇਖ ਰਹੇ ਹਾਂ ਕਿ ਨਵੇਂ ਨਵੇਂ ਨਾਵਾਂ ਹੇਠ ਵਿਕ ਰਿਹਾ ਇਹ ਜ਼ਹਿਰ ਰੁਤਬੇ ਦੀ ਨਿਸ਼ਾਨੀ ਬਣ ਗਿਆ ਹੈ। ਤੰਬਾਕੂ ਕੰਪਨੀਆਂ ਦੇ ਦਿਲਕਸ਼ ਇਸ਼ਤਿਹਾਰ ਅਤੇ ਟੈਲੀਵੀਜ਼ਨ ਤੇ ਕੀਤੀਆਂ ਮਸ਼ਹੂਰੀਆਂ ਕ¤ਚੀ ਉਮਰ ਦੇ ਨੌਜਵਾਨਾਂ ਅਤੇ ਬੱਚਿਆਂ ਨੂੰ ਆਪਣੇ ਵੱਲ ਖਿੱਚਦੀਆਂ ਹਨ। ਇੱਕ ਅੰਦਾਜ਼ੇ ਅਨੁਸਾਰ ਇਹ ਤੰਬਾਕੂ ਕੰਪਨੀਆਂ ਭਾਰਤ ਵਿਚ ਹਰ ਰੋਜ਼ ਗਿਆਰਾਂ ਹਜ਼ਾਰ ਨਵੇਂ ਗਾਹਕ ਲੱਭਦੀਆਂ ਹਨ ਕਿਉਂਕਿ ਉਹ ਇਸ ਗੱਲ ਤੋਂ ਭਲੀਭਾਂਤ ਵਾਕਫ ਹਨ ਕਿ ਪੁਰਾਣੇ ਗਾਹਕ ਤੰਬਾਕੂ ਖਾ ਪੀ ਕੇ ਨਾਲੋਂ–ਨਾਲ ਤੇਜ਼ ਰਫਤਾਰ ਨਾਲ ਮਰ ਵੀ ਤਾਂ ਰਹੇ ਹਨ। ਇਹ ਗੱਲ ਵੀ ਕਿਸੇ ਤੋਂ ਲੁਕੀ–ਛਿਪੀ ਨਹੀਂ ਕਿ ਗੁਟਕਾ, ਜ਼ਰਦਾ ਅਤੇ ਤੰਬਾਕੂ ਨਸ਼ਿਆਂ ਦੀ ਡਿਓੜੀ ਹੈ ਅਤੇ ਇਸ ਤੋਂ ਅੱਗੇ ਵਧ ਕੇ ਭਵਿੱਖ ਦੇ ਨਸ਼ਈ ਬਣਨ ਦੀ ਪੂਰਨ ਸੰਭਾਵਨਾ ਹੈ। ਅਨੇਕਾਂ ਸਮਾਜਕ ਸੰਸਥਾਵਾਂ ਵੱਲੋਂ ਇਸ ਕਹਿਰੀ ਜ਼ਹਿਰ ਦੇ ਖਿਲਾਫ ਬੜਾ ਜ਼ੋਰਦਾਰ ਪ੍ਰਚਾਰ ਅਤੇ ਪ੍ਰਸਾਰ ਕਾਰਜ ਕੀਤਾ ਜਾ ਰਿਹਾ ਹੈ ਪਰ ਇਸ ਲਹਿਰ ਨੂੰ ਸਰਬ–ਧਰਮ ਮੰਨਣ ਵਾਲਿਆਂ ਨੂੰ ਅਪਨਾਉਣਾ ਚਾਹੀਦਾ ਹੈ, ਕਿਉਂਕਿ ਨਸ਼ਾ ਵਿਰੋਧੀ ਕਾਫਲਾ ਹੀ ਮਾਨਵ ਹਿਤੈਸ਼ੀ ਹੋਣ ਦਾ ਹੱਕ ਰੱਖੂ ਦਾ ਹੈ। ਇਹ ਗੱਲ ਵੀ ਵਿਗਿਆਨੀ ਹੀ ਦੱਸਦੇ ਹਨ ਕਿ ਲੁਧਿਆਣੇ ਵਰਗੇ ਧੂੰਆਂਧਾਰ ਸ਼ਹਿਰ ਦਾ ਧੂੰਆਂ ਵੀ ਤੰਬਾਕੂ ਦੇ ਧੂੰਏਂ ਨਾਲੋਂ 20ਵਾਂ ਹਿੱਸਾ ਘੱਟ ਖਤਰਨਾਕ ਹੈ। ਜੇਕਰ ਅਸੀਂ ਇਸ ਗੱਲ ਨੂੰ ਸਮਝਦੇ ਅਤੇ ਜਾਣਦੇ ਹਾਂ ਤਾਂ ਇਸ ਦੇ ਖਿਲਾਫ ਲੋਕ ਲਾਮਬੰਦੀ ਕਰਨ ਲਈ ਕਿਉ ਨਹੀਂ ਤੁਰਦੇ? ਤੰਬਾਕੂ ਦੇ ਖਿਲਾਫ ਸਿਰਫ ਪ੍ਰਚਾਰ ਹੀ ਨਹੀਂ ਸਗੋਂ ਪ੍ਰੇਰਨਾ ਕੇਂਦਰ ਖੋਲ ਕੇ ਅਣਭੋਲ ਜਵਾਨੀਆਂ ਨੂੰ ਸਿੱਖਿਅਤ ਕਰਨ ਦੀ ਵੀ ਜ਼ਰੂਰਤ ਹੈ। ਸਕੂਲਾਂ, ਕਾਲਜਾਂ, ਧਰਮ ਅਸਥਾਨਾਂ, ਸਮਾਜਿਕ ਭਲਾਈ ਕੇਂਦਰਾਂ, ਸਰਕਾਰੀ ਦਫਤਰਾਂ, ਬਸ ਅੱਡਿਆਂ ਅਤੇ ਰੇਲਵੇ ਸਟੇਸ਼ਨਾਂ ਤੇ ਵਿਕ ਰਹੇ ਇਸ ਜ਼ਹਿਰ ਦੇ ਖਿਲਾਫ ਕਾਰਵਾਈ ਕਰਨ ਲਈ ਸਰਕਾਰ ਨੂੰ ਤੁਰੰਤ ਹਰਕਤ ਵਿਚ ਆਉਣਾ ਚਾਹੀਦਾ ਹੈ।
ਤੰਬਾਕੂ ਦੇ ਖਿਲਾਫ ਹਰ ਵਰ੍ਹੇ ਵਿਸ਼ਵ ਪਧਰ ਤੇ ਇਕ ਦਿਹਾੜਾ ਨਿਸ਼ਚਿਤ ਹੈ। 31 ਮਈ ਦੇ ਦਿਨ ਇਸ ਦੇ ਖਿਲਾਫ ਬੜੀਆਂ ਤਕਰੀਰਾਂ ਹੁੰਦੀਆਂ ਹਨ। ਬੈਨਰ ਚੁੱਕ ਕੇ ਤਸਵੀਰਾਂ ਖਿਚਵਾਈਆਂ ਜਾਂਦੀਆਂ ਹਨ। ਅਖਬਾਰਾਂ ਦੇ ਕਾਲਮ ਇਸ ਦਿਨ ਬਹੁਤ ਕੁਝ ਬੋਲਦੇ ਹਨ ਪਰ ਕਹਾਣੀ ਉਥੇ ਦੀ ਉਥੇ ਹੀ ਅਟਕੀ ਹੋਈ ਹੈ। ਕੋਈ ਵੀ ਤੰਬਾਕ ਵੇਚਦਾ ਖੋਖਾ ਇਕ ਇੰਚ ਵੀ ਅੱਗੇ ਪਿੱਛੇ ਨਹੀਂ ਹੁੰਦਾ। ਆਖਰ ਅਸੀਂ ਸਾਰੇ ਜਣੇ ਕਿਸ ਨੂੰ ਧੋਖਾ ਦੇ ਰਹੇ ਹਾਂ, ਸਿਰਫ ਆਪਣੇ ਆਪ ਨੂੰ । ਤੰਬਾਕੂ ਪੀਣ ਵਾਲਾ ਵਿਅਕਤੀ ਹੀ ਸਿਰਫ ਇਸ ਦੇ ਮਾਰੂ ਅਸਰ ਤੋਂ ਪੀੜਤ ਨਹੀਂ ਹੁੰਦਾ ਸਗੋਂ ਇਸ ਦੇ ਧੂੰਏਂ ਵਿਚ ਸ਼ਾਮਲ ਜ਼ਹਿਰੀਲੇ ਕਣ ਕਿਸੇ ਕੋਲੋਂ ਲੰਘਦੇ ਆਦਮੀ ਨੂੰ ਵੀ ਬੀਮਾਰੀ ਦਾ ਤੋਹਫਾ ਦੇ ਸਕਦੇ ਹਨ। ਇਹ ਗੱਲ ਸਾਰੇ ਹੀ ਜਾਣਦੇ ਹਨ ਕਿ ਇਸ ਤੰਕਾਬੂਨੋਸ਼ੀ ਕਾਰਨ ਹਰ ਵਰ੍ਹੇ ਕਿੰਨੇ ਘਰਾਂ ਦੇ ਸੁਹਾਗ ਉਜੜਦੇ ਹਨ ਬੱਚੇ ਅਨਾਥ ਹੁੰਦੇ ਹਨ ਪਰ ਸਾਡੀ ਢੀਠਤਾਈ ਦੀ ਹੱਦ ਇਹ ਹੈ ਕਿ ਤੰਬਾਕੂ ਪੀ ਪੀ ਕੇ ਫੇਫੜੇ ਦਾ ਕੈਂਸਰ ਕਰਵਾ ਕੇ ਮਰੇ ਆਦਮੀ ਦੀ ਮਾਤਮ ਪੁਰਸੀ ਵੇਲੇ ਵੀ ਸਾਡੇ ਮੂੰਹੋਂ ਸੱਚ ਨਹੀਂ ਨਿਕਲਦਾ ਕਿ ਇਹ ਭੱਦਰ ਪੁਰਸ਼ ਕਿਸ ਕਰਤੂਤ ਕਰਕੇ ਮਰਿਆ ਹੈ। ਸਗੋਂ ਇਹੀ ਆਖਦੇ ਹਾਂ ਕਿ ਇਸ ਦੀ ਕਿਸਮਤ ਵਿਚ ਹੀ ਥੋੜ੍ਹੀ ਉਮਰ ਲਿਖੀ ਹੋਈ ਸੀ। ਇਹ ਕਦੇ ਨਹੀਂ ਆਖਦੇ ਕਿ ਤੰਬਾਕੂ ਇਸ ਦੀ ਉਮਰ ਨੂੰ ਹਰ ਰੋਜ਼ ਘਟਾਈ ਗਿਆ ਜਿਸ ਲਈ ਮਰਨ ਵਾਲਾ ਵਿਅਕਤੀ ਇਕੱਲਾ ਜ਼ਿੰਮੇਂਵਾਰ ਨਹੀਂ ਸਗੋਂ ਅਸੀਂ ਸਾਰੇ ਹੀ ਉਸ ਦੇ ਕਾਤਲ ਹਾਂ ਜਿਨ੍ਹਾਂ ਨੇ ਨਸ਼ਾ ਰਹਿਤ ਸਮਾਜ ਸਿਰਜਣ ਵਿਚ ਦੇਰੀ ਕੀਤੀ ਹੈ। ਕਈ ਕਾਹਲੇ ਲੋਕ ਇਹ ਵੀ ਆਖਦੇ ਹਨ ਕਿ ਨਸ਼ਿਆਂ ਦੇ ਖਿਲਾਫ ਕਾਨੂੰਨ ਨੂੰ ਸਖਤੀ ਵਰਤਣੀ ਚਾਹੀਦੀ ਹੈ ਪਰ ਅਜਿਹਾ ਆਖ ਕੇ ਅਸੀਂ ਆਪਣੀ ਜਿੰਮੇਂਵਾਰੀ ਤੋਂ ਭੱਜਦੇ ਹਾਂ। ਕਾਨੂੰਨ ਦੀ ਸਖਤੀ ਇੱਕ ਪਹਿਲੂ ਹੈ ਬਾਕੀ ਜ਼ਿੰਮੇਂਵਾਰੀ ਸਮਾਜ ਦੇ ਉਨ੍ਹਾਂ ਲੋਕਾਂ ਦੀ ਹੈ ਜਿਨ੍ਹਾਂ ਨੂੰ ਇਸ ਭਿਆਨਕ ਨਸ਼ੇ ਦੀ ਭਿਆਨਕਤਾ ਬਾਰੇ ਚੇਤਨਾ ਹੈ। ਕਾਨੂੰਨੀ ਸਖਤੀ ਤੀਕ ਨੌਬਤ ਹੀ ਕਿਉਂ ਆਵੇ?
ਇਹ ਗੱਲ ਸਾਡੇ ਲੋਕ ਗੀਤਾਂ ਵਿਚ ਵੀ ਵਾਰ–ਵਾਰ ਆਈ ਹੈ ਕਿ ਨਸ਼ਿਆਂ ਨੇ ਲਖਾਂ ਘਰਾਂ ਗਾਲ੍ਹੇ ਹਨ ਅਤੇ ਨਸ਼ਿਆਂ ਦੀ ਬਰਬਾਦੀ ਨਾਲ ਵਸਦੇ ਰਸਦੇ ਘਰ ਉਜਾੜ ਬੀਆ–ਬਾਨ ਬਣ ਜਾਂਦੇ ਹਨ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਸ਼ਰਾਬ ਵਰਗੇ ਨਸ਼ੇ ਦਾ ਸੂਬਿਆਂ ਦੀ ਆਰਥਿਕਤਾ ਲਈ ਮੁੱਖ ਕਮਾਈ ਸਾਧਨ ਬਣ ਜਾਣਾ ਵੀ ਅਫਸੋਸਨਾਕ ਪਹਿਲੂ ਹੈ। ਤੁਸੀਂ ਆਪ ਸੋਚੋ ਜਿਸ ਸ਼ਰਾਬ ਦੀ ਕਮਾਈ ਨਾਲ ਸੂਬਿਆਂ ਦਾ ਰਾਜ ਪ੍ਰਬੰਧ ਚੱਲ ਰਿਹਾ ਹੋਵੇ ਉਥੇ ਨਸ਼ਾਬੰਦੀ ਦਾ ਸੁਪਨਾ ਕਿਵੇਂ ਲਿਆ ਜਾ ਸਕਦਾ ਹੈ। ਅਸੀਂ ਆਪਣੇ ਲੋਕਾਂ ਨੂੰ ਇਸ ਹੱਦ ਤ¤ਕ ਨਸ਼ਿਆਂ ਦਾ ਗੁਲਾਮ ਬਣਾ ਲਿਆ ਹੈ ਕਿ ਨਸ਼ਾ ਨਾ ਮਿਲਣ ਦੀ ਸੂਰਤ ਵਿਚ ਉਹ ਕੁਝ ਵੀ ਕਰ ਸਕਦੇ ਹਨ। ਗੁਆਂਢੀ ਰਾਜ ਹਰਿਆਣਾ ਵਿਚ ਕੁਝ ਸਮੇਂ ਲਈ ਕੀਤੀ ਨਸ਼ਾਬੰਦੀ ਨੇ ਜਿਥੇ ਇਸ ਸੁਪਨੇ ਦੇ ਸੁਪਨਕਾਰ ਨੂੰ ਰਾਜ ਗੱਦੀ ਤੋਂ ਲਾਂਭੇ ਹਟਾਇਆ ਉਥੇ ਕਰੋੜਾਂ ਰੁਪਏ ਦੀ ਸ਼ਰਾਬ ਨਜ਼ਾਇਜ਼ ਰੂਪ ਵਿਚ ਵਿਕਣ ਦਾ ਵੀ ਉਲਾਂਭਾ ਖੱਟਿਆ। ਸਾਡੇ ਹੁਕਮਰਾਨ ਭਾਵੇਂ ਕਿਸੇ ਵੀ ਸਿਆਸੀ ਰੰਗ ਦੇ ਹੋਣ, ਹੁਣ ਕਦੇ ਵੀ ਇਹ ਖਤਰਾ ਮੁੱਲ ਨਹੀਂ ਲੈਣਗੇ ਕਿ ਨਸ਼ਾਬੰਦੀ ਕਰਕੇ ਰਾਜ ਭਾਗ ਨੂੰ ਹੱਥੋਂ ਛੱਡਿਆ ਜਾਵੇ, ਜਵਾਨੀ ਭਾਵੇਂ ਤਬਾਹ ਹੋ ਜਾਵੇ। ਇਕ ਗੀਤ ਸੁਣਿਆ ਸੀ।
ਅੱਗੇ ਰਾਹੀ ਰਾਹ ਪੁੱਛਦੇ, ਹੁਣ ਪੁੱਛਦੇ ਸ਼ਰਾਬ ਵਾਲੇ ਠੇਕੇ।
ਪਰ ਹੁਣ ਇਹ ਗੱਲ ਸਿਰਫ ਗੀਤਾਂ ਵਿਚ ਹੀ ਸੱਚ ਲੱਗਦੀ ਹੈ ਕਿਉਂਕਿ ਹੁਣ ਸ਼ਰਾਬੀਆਂ ਨੂੰ ਠੇਕਾ ਪੁੱਛਣ ਦੀ ਲੋੜ ਨਹੀਂ, ਹਰ ਚੌਂਕ ਵਿਚ ਹੀ ਠੇਕਾ ਹੈ। ਉਸ ਤੋਂ ਬਚ ਕੇ ਕੋਈ ਵੀ ਸ਼ਰਾਬੀ ਘਰ ਕਿਵੇਂ ਸੁੱਕਾ ਪਹੁੰਚ ਸਕਦਾ ਹੈ। ਪਿਛਲੇ ਦਿਨੀਂ ਲੰਮਾ ਸਮਾਂ ਸ਼ਰਾਬ ਪੀ ਕੇ ਗੁਰਦਿਆਂ ਦੀ ਬੀਮਾਰੀ ਸਹੇੜੀ ਬੈਠੇ ਇੱਕ ਸੱਜਣ ਨੇ ਬੜੇ ਕਸ਼ਟ ਨਾਲ ਇਹ ਗੱਲ ਦੱਸੀ ਕਿ ਸ਼ਰਾਬ ਦਾ ਠੇਕਾ ਜੇ ਘਰ ਦੇ ਨੇੜੇ ਨਾ ਹੁੰਦਾ ਤਾਂ ਮੇਰੀ ਇਹ ਹਾਲਤ ਨਾ ਹੁੰਦੀ।
ਦੱਸ ਨੀ ਸ਼ਰਾਬ ਦੀਏ ਬੋਤਲੇ ਕਮੀਨੀਏ,
ਮੈਂ ਤੈਨੂੰ ਪੀਂਦਾ ਹਾਂ ਜਾਂ ਤੂੰ ਮੈਨੂੰ ਪੀਨੀ ਏਂ।
ਇਹ ਗੱਲ ਵਿਚਾਰਨ ਵਾਲੀ ਹੈ ਕਿ ਅਸੀਂ ਕਿੰਨਾ ਕੁ ਚਿਰ ਇਸ ਨਸ਼ੇ ਦੀ ਵਿਕਰੀ ਕਰ–ਕਰ ਕੇ ਰਾਜ ਪ੍ਰਬੰਧ ਦੀਆਂ ਜਰਜਰੀਆਂ ਕੋਠੜੀਆਂ ਨੂੰ ਠੁੰਮਣਾ ਦੇਈ ਰੱਖਾਂਗੇ। ਅਖੀਰ ਸਾਨੂੰ ਆਪਣੇ ਨਿਜ਼ਾਮ ਦੀ ਛੱਤ ਹੇਠਾਂ ਪਾਏਦਾਰ ਆਰਥਿਕ ਕੰਧਾਂ ਦੀ ਉਸਾਰੀ ਕਰਨੀ ਪਵੇਗੀ।
ਇਹ ਗੱਲ ਵੀ ਵਿਚਾਰ ਮੰਗਦੀ ਹੈ ਕਿ ਅਸੀਂ ਨਸ਼ਿਆਂ ਨੂੰ ਕਿਸੇ ਖੁਸ਼ੀ ਨੂੰ ਮਨਾਉਣ ਜਾਂ ਗਮੀ ਨੂੰ ਦੂਰ ਕਰਨ ਦਾ ਵਸੀਲਾ ਕਿਉਂ ਬਣਾਇਆ ਹੈ? ਕੀ ਅਸੀਂ ਇਸ ਗੁਲਾਮੀ ਤੋਂ ਮੁਕਤ ਨਹੀਂ ਹੋ ਸਕਦੇ। ਸਾਨੂੰ ਇਹ ਵਿਚਾਰਨਾ ਪਵੇਗਾ ਕਿ ਆਪਣੇ ਘਰਾਂ ਵਿਚ ਸ਼ਰਾਬ ਰੁਤਬੇ ਦੀ ਬੁਲੰਦੀ ਦਾ ਸਬੂਤ ਬਣ ਕੇ ਪੇਸ਼ ਨਾ ਹੋਵੇ ਸਗੋਂ ਇਸ ਨੂੰ ਇਕ ਮਾਨਸਿਕ ਕਮਜ਼ੋਰੀ ਸਮਝ ਕੇ ਪਛਾਣਿਆ ਜਾਵੇ।
ਕੋਈ ਸਮਾਂ ਸੀ ਜਦ ਸ਼ਰਾਬ ਪੀਣ ਵਾਲਾ ਆਦਮੀ ਆਪਣੇ ਘਰ ਮੂੰਹ ਘੁੱਟ ਕੇ ਵੜਦਾ ਸੀ ਕਿ ਕਿਤੇ ਮੇਰੀ ਪਤਨੀ, ਜਵਾਨ ਪੁੱਤਰ ਜਾਂ ਮੁਟਿਆਰ ਧੀ ਨੂੰ ਇਸ ਦੀ ਬਦਬੂ ਨਾ ਆ ਜਾਵੇ। ਪਰ ਹੁਣ ਘਰ ਆਏ ਮਹਿਮਾਨ ਦੀ ਉਡੀਕ ਕਈ ਵਾਰ ਸਿਰਫ ਏਸ ਵਾਸਤੇ ਕੀਤੀ ਜਾਂਦੀ ਹੈ ਕਿ ਕੋਈ ਮਹਿਮਾਨ ਆ ਜਾਵੇ ਘੜੀ ਬੈਠਾਂਗੇ, ਪੀਵਾਂਗੇ। ਬਹੁਤ ਸਾਰੇ ਨਵੇਂ ਅਮੀਰ ਹੋਏ ਸ਼ਹਿਰੀ ਘਰਾਂ ਵਿਚ ਜਿਥੇ ਪੂਜਾ ਸਥਾਨਾਂ ਦੀਆਂ ਉਸਾਰੀਆਂ ਵੀ ਜ਼ੋਰਾਂ ਤੇ ਹਨ ਉਨ੍ਹਾਂ ਹੀ ਘਰਾਂ ਵਿਚ ਬਹੁਤ ਥਾਈਂ ਸ਼ਰਾਬ ਦੇ ਲੁਕਵੇਂ ਪ੍ਰਬੰਧ ਕੀਤੇ ਹੋਏ ਮੈਂ ਖੁਦ ਵੇਖੇ ਹਨ। ਕਿਸੇ ਨੇ ਨਹਾਉਣ ਵਾਲੇ ਗੁਸਲਖਾਨੇ ਦੀ ਟਂਕੀ ਵਿਚ ਬੋਤਲ ਲੁਕਾਈ ਹੋਈ ਹੈ ਕਿਸੇ ਨੇ ਕਿਤਾਬਾਂ ਵਾਲੀ ਅਲਮਾਰੀ ਦੇ ਪਿਛਵਾੜੇ ਲੁਕਵੇਂ ਖਾਨੇ ਬਣਾਏ ਹੋਏ ਨੇ। ਕੀ ਅਸੀਂ ਇਸ ਦੋਗਲੀ ਜ਼ਿੰਦਗੀ ਤੋਂ ਮੁਕਤ ਨਹੀਂ ਹੋ ਸਕਦੇ? ਅਸਲ ਵਿਚ ਉਸ ਭਟਕਣ ਤੋਂ ਮੁਕਤੀ ਦੀ ਲੋੜ ਹੈ ਜੋ ਸਾਨੂੰ ਆਪਣੇ ਆਪ ਦੇ ਰੂ–ਬ–ਰੂ ਨਹੀਂ ਹੋਣ ਦਿੰਦੀ। ਹਮੇਸ਼ਾਂ ਅਸੀਂ ਕਿਸੇ ਹੋਰ ਥਾਂ ਜਾਂ ਨਸ਼ੇ ਤੋਂ ਹੀ ਦੁੱਖਾਂ ਦੀ ਦਵਾਈ ਮੰਗਦੇ ਹਾਂ। ਇਹ ਗੱਲ ਭਾਵੇਂ ਤੁਹਾਨੂੰ ਕੌੜੀ ਲੱਗੇ ਪਰ ਇਹ ਹਜ਼ਮ ਕਰਨੀ ਹੀ ਪਵੇਗੀ ਕਿ ਜਿੰਨਾ ਚਿਰ ਨਸ਼ਾ ਕਰਨ ਵਾਲੇ ਪੁੱਤਰ, ਬਾਪ ਜਾਂ ਪਤੀ ਨੂੰ ਔਰਤ ਨੱਥ ਨਹੀਂ ਪਾਉਂਦੀ ਉਨ੍ਹਾਂ ਚਿਰ ਇਸ ਕੋਹੜ ਤੋਂ ਮੁਕਤੀ ਹਾਸਲ ਨਹੀਂ ਹੋ ਸਕਦੀ। ਜੇਕਰ ਪੰਜਾਬ ਦੀਆਂ ਔਰਤਾਂ ਹੀ ਇਕੱਠੀਆਂ ਹੋਣ ਦੀ ਥਾਂ ਆਪੋ ਆਪਣੇ ਘਰੀਂ ਸ਼ਰਾਬਬੰਦੀ ਦਾ ਬਿਗਲ ਵਜਾ ਦੇਣ ਤਾਂ 50 ਫੀ ਸਦੀ ਨਸ਼ਾਬੰਦੀ ਇਕ ਰਾਤ ਵਿਚ ਹੀ ਸੰਭਵ ਹੈ। ਬਦੇਸ਼ਾਂ ਵਿਚ ਪੰਜਾਬੀ ਭਰਾ ਆਪਣੀਆਂ ਪਤਨੀਆਂ ਨੂੰ ਪਾਰਟੀਆਂ ’ਚ ਜ਼ਰੂਰ ਲੈ ਕੇ ਜਾਂਦੇ ਨੇ। ਕਾਰਨ ਇਹ ਨਹੀਂ ਕਿ ਸਤਿਕਾਰ ਹੈ, ਸਗੋਂ ਇਹ ਹੈ ਕਿ ਪਾਰਟੀ ਮਗਰੋਂ ਸ਼ਰਾਬੀ ਪਤੀ ਨੂੰ ਕਾਰ ਤੇ ਲੱਦ ਕੇ ਵੀ ਵਾਪਸ ਘਰ ਲਿਆਉਣਾ ਹੈ। ਸ਼ਰਾਬ ਪੀ ਕੇ ਕਾਰ ਚਲਾਉਣ ਦੀ ਮਨਾਹੀ ਹੋਣ ਕਾਰਨ ਪੰਜਾਬੀ ਵੀਰਾਂ ਨੇ ਇਹ ਰਾਹ ਕੱਢ ਲਿਐ। ਨਸ਼ੇ ਵਿਚ ਗਲਤਾਨ ਆਦਮੀ ਆਪਣੇ ਘਰਾਂ ਨੂੰ ਨਰਕ ਬਣਾ ਕੇ ਇਸ ਜੀਵਨ ਜਾਚ ਦੇ ਚੱਕਰਵਿਊ ਵਿਚੋਂ ਨਿਕਲਣ ਦੇ ਸਮਰੱਥ ਨਹੀਂ ਰਹਿੰਦੇ। ਇਸ ਚੱਕਰਵਿਊ ਨੂੰ ਤੋੜਨਾ ਧਾਰਮਿਕ ਜਥੇਬੰਦੀਆਂ, ਸਹਿਤ ਚੇਤਨਾ ਕੇਂਦਰਾਂ ਅਤੇ ਸਮਾਜਿਕ ਵਿਕਾਸ ਜਥੇਬੰਦੀਆਂ ਦਾ ਫਰਜ਼ ਹੈ।
ਪੰਜਾਬ ਵਿਚ ਪ੍ਰਵਾਸੀ ਮਜ਼ਦੂਰਾਂ ਅਤੇ ਟਰਾਂਸਪੋਰਟ ਦੇ ਕਾਰੋਬਾਰ ਵਿਚ ਲੱਗੇ ਪੰਜਾਬੀਆਂ ਰਾਹੀਂ ਜ਼ਰਦਾ, ਅਫੀਮ, ਭੰਗ ਅਤੇ ਪੋਸਤ ਦੇ ਨਸ਼ੇ ਆਏ ਹਨ। ਪਹਿਲਾਂ ਸਿਰਫ ਟਰਾਂਸਪੋਰਟ ਦੇ ਕਾਰੋਬਾਰ ਵਿਚ ਕੰਮ ਕਰਦੇ ਡਰਾਈਵਰ ਖਲਾਸੀ ਅਤੇ ਹੋਰ ਸਹਾਇਕ ਮਜ਼ਦੂਰ ਵਰਗ ਦੇ ਲੋਕ ਹੀ ਇਸ ਤੋਂ ਪੀੜਤ ਸਨ। ਪਰ ਹੁਣ ਪਿੰਡ–ਪਿੰਡ, ਸ਼ਹਿਰ–ਸ਼ਹਿਰ ਆਏ ਪ੍ਰਵਾਸੀ ਮਜ਼ਦੂਰ ਇੰਨੀ ਗਿਣਤੀ ਵਿਚ ਪੰਜਾਬ ਅੰਦਰ ਵੱਸ ਗਏ ਹਨ ਕਿ ਉਨ੍ਹਾਂ ਦੀ ਨਸ਼ਾ ਪੂਰਤੀ ਲਈ ਨਸ਼ਿਆਂ ਦੀਆਂ ਨਵੀਆਂ ਮੰਡੀਆਂ ਵੀ ਵਿਕਸਤ ਹੋ ਗਈਆਂ ਹਨ। ਤਲੀ ਤੇ ਮਲ ਕੇ ਬੁੱਲਾਂ ਹੇਠ ਰੱਖਣ ਵਾਲਾ ਜ਼ਰਦਾ ਪਿੰਡ–ਪਿੰਡ ਵਿਕ ਰਿਹਾ ਹੈ। ਬੜੇ ਦਿਲਕਸ਼ ਨਾਵਾਂ ਤੇ ਪੁੜੀਆਂ ਵਿਚ ਵਿਕਦੇ ਇਸ ਜ਼ਹਿਰ ਦੇ ਦਰਸ਼ਨ ਤੁਸੀਂ ਅਕਸਰ ਕਰਦੇ ਹੋਵੇਗੇ। ਪਰ ਕਿਸੇ ਕੈਂਸਰ ਹਸਪਤਾਲ ਵਿਚ ਪਏ ਦੰਦਾਂ ਅਤੇ ਜਬਾੜੇ ਦੇ ਕੈਂਸਰ ਵਾਲੇ ਰੋਗੀ ਨੂੰ ਪੁੱਛਿਓ ਉਸ ਨੂੰ ਇਹ ਸੁਗਾਤ ਕਿਥੋਂ ਮਿਲੀ ਹੈ ਉਹ ਆਪੇ ਹੀ ਇਨ੍ਹਾਂ ਪੁੜੀਆਂ ਦਾ ਸਿਰਨਾਵਾਂ ਦੱਸ ਦੇਵੇਗਾ।
ਸਾਡੇ ਸੁ¤ਤਿਆਂ ਸੁ¤ਤਿਆਂ ਨਸ਼ਿਆਂ ਦੇ ਹੜ੍ਹ ਦਾ ਪਾਣੀ ਸਾਡੇ ਘਰਾਂ ਦੀਆਂ ਕੰਧਾਂ ਤੋੜ ਕੇ ਅੰਦਰ ਆ ਵੜਿਆ ਹੈ ਪਰ ਅਸੀਂ ਅਜੇ ਵੀ ਘੂਕ ਸੁ¤ਤੇ ਪਏ ਹਾਂ। ਸਾਨੂੰ 365 ਦਿਨਾਂ ਵਿਚੋਂ ਸਿਰਫ ਇਕੋ ਦਿਨ ਮਾਰੀ ਆਵਾਜ਼ ਕਦੇ ਨਹੀਂ ਜਗਾ ਸਕਦੀ। ਸਾਨੂੰ ਹਰ ਪਲ, ਹਰ ਦਿਨ ਇਸ ਨਸ਼ੀਲੇ ਨਿਜ਼ਾਮ ਦੇ ਖਿਲਾਫ ਬੋਲਣਾ ਪਵੇਗਾ, ਜਾਗਣਾ ਪਵੇਗਾ ਅਤੇ ਇਹ ਨਸ਼ੀਲਾ ਹੜ੍ਹ ਰੋਕਣਾ ਪਵੇਗਾ।
ਅੱਜ ਸਮਾਂ ਕਿਸੇ ਇਕ ਧਿਰ ਤੇ ਇਲਜ਼ਾਮ ਲਗਾਉਣ ਦਾ ਨਹੀਂ, ਸੋਚਣ ਦਾ ਵੇਲਾ ਹੈ ਕਿ ਪੰਜਾਬ ਦਾ ਮਿਹਨਤੀ ਹੱਥ, ਸੋਚਵਾਨ ਦਿਮਾਗ ਰੋਸ਼ਨ ਭਵਿੱਖ ਕਿਵੇਂ ਬਚਾਉਣਾ ਹੈ। ਇਸ ਕੰਮ ਲਈ ਨਸ਼ੇ ਦੇ ਜਾਇਜ਼, ਨਜ਼ਾਇਜ ਕਾਰੋਬਾਰ ਵਿਚ ਲੱਗੇ ਵਿਅਕਤੀਆਂ, ਸਮੂਹਾਂ ਅਤੇ ਵਿਭਾਗਾਂ ਨੂੰ ਇਸ ਨਿਜ਼ਾਮ ਦੀ ਭਿਆਨਕਤਾ ਬਾਰੇ ਚੇਤਨਾ ਤਾਂ ਹੈ ਪਰ ਇਸ ਦੇ ਦੂਰ ਰਸ ਸਿੱਟਿਆਂ ਦੀ ਸੋਝੀ ਨਹੀਂ, ਸ਼ਾਇਦ ਇਸੇ ਕਰਕੇ ਸੱਤਾਵਾਨ ਲੋਕ ਬਹੁ–ਗਿਣਤੀ ਵਿਚ ਨਸ਼ਿਆਂ ਦੇ ਕਾਰੋਬਾਰ ਵਿਚ ਆਪਣੇ ਸਾਧਨ ਲਗਾ ਰਹੇ ਹਨ। ਉਤਪਾਦਕ ਸ਼ਕਤੀਆਂ ਦਿਨੋ ਦਿਨ ਕਮਜ਼ੋਰ ਹੋ ਰਹੀਆਂ ਹਨ। ਜੇਕਰ ਨਸ਼ਿਆਂ ਦੇ ਕਾਰੋਬਾਰ ਵਿਚ ਲੱਗਿਆ ਸਰਮਾਇਆ ਨਵੇਂ ਉਦਯੋਗਾਂ ਅਤੇ ਕਾਰੋਬਾਰਾਂ ਵਿਚ ਲੱਗੇ ਤਾਂ ਕਿੰਨੇ ਵਿਹਲੇ ਹੱਥਾਂ ਨੂੰ ਰੋਜ਼ਗਾਰ ਮੁਹੱਈਆ ਹੋ ਸਕਦਾ ਹੈ। ਪਰ ਹੁਣ ਬੇਰੁਜ਼ਗਾਰੀ ਅਤੇ ਅਸੁਰ¤ਖਿਅਤ ਭਵਿੱਖ ਦਾ ਭੈ ਸਾਡੀ ਜਵਾਨੀ ਨੂੰ ਨਸ਼ਿਆਂ ਵਾਲੇ ਪਾਸੇ ਤੋਰ ਕੇ ਹੋਰ ਵੀ ਤਬਾਹੀ ਵਾਲੇ ਪਾਸੇ ਲਿਜਾ ਰਿਹਾ ਹੈ। ਇਸ ਕੰਮ ਵਿਚ ਸੰਚਾਰ ਮਾਧਿਅਮ ਵੀ ਬੜਾ ਮਾੜਾ ਰੋਲ ਅਦਾ ਕਰ ਰਹੇ ਹਨ। ਫਿਲਮਾਂ, ਟੈਲੀ ਸੀਰੀਅਲ ਅਤੇ ਸਭਿਆਚਾਰਕ ਪ੍ਰੋਗਰਾਮਾਂ ਦੇ ਨਾਮ ਹੇਠ ਹੋ ਰਿਹਾ ਵਣਜ–ਵਪਾਰ ਸ਼ਰਾਬ ਦੇ ਦਖਲ ਨੂੰ ਘੱਟ ਕਰਨ ਦੀ ਥਾਂ ਵਧਾ ਰਿਹਾ ਹੈ। ਸ਼ਰਾਬ ਦੀ ਮਹਿਮਾ ਵਾਲੇ ਗੀਤਾਂ ਤੇ ਪਾਬੰਦੀ ਸਮੇਂ ਦੀ ਲੋੜ ਹੈ। ਆਪਣਾ ਪੰਜਾਬ ਹੋਵੇ, ਘਰ ਦੀ ਸ਼ਰਾਬ ਹੋਵੇ, ਮੰਜੇ ਉੱਤੇ ਬੈਠਾ ਜੱਟ ਬਣਿਆ ਨਵਾਬ ਹੋਵੇ, ਮਾਡਲ ਨੂੰ ਆਪਣੇ ਘਰ ਵਿਚ ਉਸਾਰ ਕੇ ਵੇਖੋ ! ਮੰਜੇ ਤੇ ਚੌੜਾ ਹੋ ਕੇ ਪਏ ਸ਼ਰਾਬੀ ਪੁੱਤਰ ਜਾਂ ਪਤੀ ਨੰ ਕਿੰਨਾ ਕੁ ਚਿਰ ਸਹਿਣ ਕਰੋਗੇ? ਇਹੋ ਜੇ ਗੈਰ ਜ਼ਿੰਮੇਂਵਾਰ ਗੀਤ ਸਾਡੀ ਮਾਨਸਿਕਤਾ ਨੂੰ ਪਲੀਤ ਕਰਦੇ ਹਨ। ਨਸ਼ੇ ਨੂੰ ਲਾਹਣਤ ਵਾਲੇ ਗੀਤ ਹੀ ਅੱਜ ਸਾਡੀ ਲੋੜ ਹਨ। ਸ਼ਰਾਬ ਦੀਆਂ ਬਹੁ–ਕੌਮੀ ਕੰਪਨੀਆਂ ਨੰਗੇਜ਼ ਦੇ ਸਹਾਰੇ ਸਾਡੇ ਘਰਾਂ ਵਿਚ ਅਜਿਹਾ ਕੁਝ ਬੀਜ ਰਹੀਆਂ ਹਨ ਜਿਸ ਦਾ ਫਲ ਤਬਾਹੀ ਦੇ ਰੂਪ ਵਿਚ ਸਾਨੂੰ ਹੀ ਵੱਢਣਾ ਪਵੇਗਾ। ਇਸ ਘੜੀ ਮੈਂ ਸਿਰਫ ਇਹੀ ਕਹਾਂਗਾ ਕਿ ਨਸ਼ਿਆਂ ਦੇ ਖਿਲਾਫ ਸਿਹਤਮੰਦ ਸਮਾਜ ਸਿਰਜਣ ਲਈ ਆਓ ਜਾਗੀਏ, ਉਠੀਏ ਅਤੇ ਕਾਫਲਾ ਬਣੀਏ।
ਜਦੋਂ ਮਾਵਾਂ, ਧੀਆਂ, ਪਤਨੀਆਂ ਆਪਣੇ ਘਰਾਂ ਵਿਚ ਨਸ਼ੀਲੀਆਂ ਬੋਤਲਾਂ ਦਾ ਦਾਖਲਾ ਬੰਦ ਕਰਨਗੀਆਂ ਜਾਂ ਸ਼ਰਾਬ ਅਤੇ ਹੋਰ ਨਸ਼ਿਆਂ ਦੀ ਬਦਬੂ ਨੂੰ ਨਫਰਤ ਕਰਨਗੀਆਂ ਤਾਂ ਉਹ ਦਿਨ ਦੂਰ ਨਹੀਂ ਜਦ ਪੰਜਾਬ ਦਾ ਗੱਭਰੂ ਨਸ਼ਾ ਤਿਆਗ ਕੇ ਸਹੀ ਰਸਤੇ ਉਪਰ ਤੁਰੇਗਾ। ਅਸੀਂ ਰਲ ਕੇ ਉਹ ਨਿਜ਼ਾਮ ਸਿਰਜਣਾ ਹੈ ਜਿਸ ਵਿਚ ਨਸ਼ਿਆਂ ਦੀ ਵਰਤੋਂ ਕੁਰਹਿਤ ਹੋਵੇ। ਧਰਮ ਸਥਾਨਾਂ, ਖੇਡਾਂ ਅਖਾੜਿਆਂ, ਸਭਿਆਚਾਰਕ ਸੱਥਾਂ, ਮਿੱਤਰ ਮਿਲਣੀਆਂ, ਸਾਹਿਤ ਸਭਾਵਾਂ ਅਤੇ ਟਰੇਡ ਯੂਨੀਅਨ ਮੀਟਿੰਗਾਂ ਵਿਚ ਇਹ ਗੱਲ ਸਾਨੂੰ ਸਾਰਿਆਂ ਨੂੰ ਮੁੱਖ ਮੁੱਦੇ ਦੇ ਤੌਰ ਤੇ ਵਿਚਾਰਨੀ ਪਵੇਗੀ ਕਿ ਜੇਕਰ ਨਸ਼ਿਆਂ ਦੇ ਪਿਆਲੇ ਵਿਚ ਪੰਜਾਬ ਹੋਰ ਕੁਝ ਚਿਰ ਡੁੱਬਿਆ ਰਿਹਾ ਤਾਂ ਅਸੀਂ ਖੁਦ ਕਿਵੇਂ ਜੀਵਾਂਗੇ। ਇਹ ਗੱਲ ਸਾਨੂੰ ਸਿਰਫ ਆਪਣੇ ਪਰਿਵਾਰ ਤਕ ਹੀ ਨਹੀਂ ਸਗੋਂ ਕੁੱਲ ਸੰਸਾਰ ਤੱਕ ਲੈ ਕੇ ਜਾਣੀ ਪਵੇਗੀ ਕਿ ਨਸ਼ਿਆਂ ਦੀ ਖੁਮਾਰੀ ਸਾਡੇ ਭਵਿੱਖ ਦੀ ਖੁਆਰੀ ਬਣ ਸਕਦੀ ਹੈ। ਜ਼ਿੰਦਗੀ ਦੇ ਸੁਹਜਵੰਤੇ ਰੂਪ ਦੀ ਉਸਾਰੀ ਲਈ ਘਰ ਘਰ ਮਹਿਕਦੀ ਫੁੱਲਾਂ ਦੀ ਕਿਆਰੀ ਲਈ, ਪੰਜਾਬ ਦੀ ਚੰਗੀ ਉਸਾਰੀ ਲਈ, ਆਓ ਨਸ਼ਿਆਂ ਨੂੰ ਇਸ ਧਰਤੀ ਤੋਂ ਦੂਰ ਭਜਾਈਏ, ਖੁਦ ਵੀ ਸਮਝੀਏ, ਹੋਰਨਾਂ ਨੂੰ ਵੀ ਸਮਝਾਈਏ।

ਟੋਟੇ ਟੋਟੇ.......... ਮੁਹਿੰਦਰ ਸਿੰਘ ਘੱਗ

ਏਕ ਪਿਤਾ ਦੀ ਤੂੰ ਭਰਦਾ ਸੀ ਸਾਖੀ ਮਾਨਵ ਕੀ ਜ਼ਾਤ ਤੂੰ ਇਕੋ ਸੀ ਆਖੀ
ਭਾਈ ਨਾਲੋਂ ਭਾਈ ਅੱਜ ਵੰਡਿਆ ਪਿਆ ਹੈ ਮਾਨਵਤਾ ਬਿਚਾਰੀ ਹੋਈ ਟੋਟੇ ਟੋਟੇ

ਕਿਤੇ ਧੋਤੀ ਟੋਪੀ ਕਛਹਿਰੇ ਦਾ ਝਗੜਾ ਹਕ ਮੰਗਿਆਂ ਮਿਲਦਾ ਮੁਦਗਰ ਦਾ ਰਗੜਾ
ਖੇਤੀ ਲੁੱਟੀ ਜਾਂਦੇ ਨੇ ਖੇਤਾਂ ਦੇ ਰਾਖੇ ਇਨਸਾਫ ਦੀ ਤਕੜੀ ਹੋ ਰਹੀ ਟੋਟੇ ਟੋਟੇ

ਕੋਈ ਮਸਜਿਦ ਪਿਆ ਢਾਵੇ ਮੰਦਰ ਕੋਈ ਸਾੜੇ ਚਰਚਾਂ ਨੂੰ ਅੱਗਾਂ ਗੋਲੀ ਗੁਰਦਵਾਰੇ

ਖੁਦਾ ਦੀ ਵੀ ਮਾਨਵ ਨੇ ਵੰਡ ਐਸੀ ਪਾਈ ਖੁਦਾ ਦੀ ਖੁਦਾਈ ਵੀ ਹੋਈ ਟੋਟੇ ਟੋਟੇ

ਕੰਨਾਂ ਵਿਚ ਲੋਕਾਂ ਦੇ ਮਾਰਕੇ ਫੂਕਾਂ ਜੰਨਤਾ ਨੂੰ ਬੁੱਧੂ ਬਣਾਵਣ ਇਹ ਬਾਬੇ
ਭਰਮਾਂ ਤੇ ਵੈਹਮਾ ਵਿਚ ਐਸਾ ਜਕੜਦੇ ਕਿ ਸੋਝੀ ਬਚਾਰੀ ਵੀ ਹੋਈ ਟੋਟੇ ਟੋਟੇ

ਗੁਰਦਵਾਰਾ ਤਾਂ ਹੈ ਗੁਰੂ ਦਾ ਦਵਾਰਾ ਬਣਦਾ ਕਿਊਂ ਜਾਂਦਾ ਇਹ ਜੰਗ ਦਾ ਅਖਾੜਾ
ਧੱੜੇ ਬਾਜ ਐਸੀ ਕਲਾ ਵਰਤਾਵੇ ਪਲਾਂ ਵਿਚ ਸੰਗਤ ਫਿਰੇ ਹੋਈ ਟੋਟੇ ਟੋਟੇ

ਤੇਰੇ ਪੰਥ ਵਿਚ ਅੱਜ ਮਰਿਆਦਾ ਦਾ ਰੌਲਾ ਧੂਫਾਂ ਦਾ ਰੌਲਾ ਧੂਫੀਆਂ ਦਾ ਹੈ ਰੌਲਾ
ਡੇਡ੍ਹ ਇਟ ਦੀ ਮਸਜਿਦ ਹੈ ਹਰ ਇਕ ਬਣਾਈ ਮਰਿਆਦਾ ਵੀ ਫਿਰਦੀ ਹੋਈ ਟੋਟ ਟੋਟੇ

ਜਿਹਨਾਂ ਲਈ ਅੱਕ ਦੇ ਡੋਡੇ ਸੀ ਖਾਧੇ ਜਿਹਨਾਂ ਤੇ ਵਾਰੇ ਜਿਗਰ ਦੇ ਸੀ ਟੋਟੇ
ਜੇ ਆ ਕੇ ਤੱਕੇਂ ਗਾ ਤਾਂ ਫਟ ਜਾਊ ਕਲੇਜਾ ਪੰਥ ਦੀ ਢੇਰੀ ਹੋਈ ਟੋਟੇ ਟੋਟੇ


ਜਦੋਂ ਮੈਂ ਆਪਣੇ ਦਿਲ ਨੂੰ ਬੇਵਕੂਫ਼ ਬਣਾਇਆ...... ਲੇਖ਼ / ਰਿਸ਼ੀ ਗੁਲਾਟੀ, ਆਸਟ੍ਰੇਲੀਆ

“ਤੂੰ ਜ਼ਰੂਰੀ ਮੇਰੇ ਖੋਸੜੇ ਪਵਾਉਣੇ ਐਂ ?” ਮੈਂ ਕਿਹਾ ।

“ਖੋਸੜੇ ਪੈਣ ਵਾਲੀ ਕੀ ਗੱਲ ਐ ? ਸੱਚ ਦੀ ਗੱਲ ਕਰਨੀ ਤੇ ਸਚਾਈ ‘ਤੇ ਪਹਿਰਾ ਦੇਣਾ ਆਪਣਾ ਸਭ ਦਾ ਫ਼ਰਜ਼ ਬਣਦਾ ਹੈ ।” ਮੇਰੇ ਦਿਲ ਦੀ ਆਵਾਜ਼ ਸੀ ।

“ਬਾਈ ਜੀ ! ਸਿਆਣਿਆਂ ਨੇ ਕਿਹਾ ਕਿ ‘ਜਾਂਦੀਏ ਬਲਾਏ ਦੁਪਹਿਰਾ ਕੱਟ ਜਾ’ ਕਦੇ ਨਾ ਕਹੀਏ ।”

“ਪਰ ਇਹ ਦੁੱਖ ਤਾਂ ਮੇਰੇ ਬਰਦਾਸ਼ਤ ਤੋਂ ਬਾਹਰ ਹੈ ।”

“ਧਰਮ ਦੇ ਮਸਲੇ ‘ਚ ਕਦੇ ਦਖ਼ਲ ਨਹੀਂ ਦੇਣਾ ਚਾਹੀਦਾ, ਮੈਂ ਤਾਂ ਫਿਰ ਹਿੰਦੂ ਪਰਿਵਾਰ ‘ਚ ਜੰਮਿਆਂ ਹਾਂ, ਮੈਨੂੰ ਤਾਂ ਊਂ ਈ ਕਿਸੇ ਨੇ ਨਹੀਂ ਬਖ਼ਸ਼ਣਾ ।”


“ਇੱਕ ਗੱਲ ਦੱਸ, ਕੀ ਤੂੰ ਕਦੇ ਗੁਰਦੁਆਰਾ ਸਾਹਿਬ ਨਹੀਂ ਗਿਆ ? ਕਦੇ ਧੁਰ ਕੀ ਬਾਣੀ ਦਾ ਪਾਠ ਨਹੀਂ ਕੀਤਾ ?”

“ਗੁਰਦੁਆਰਾ ਸਾਹਿਬ ਵੀ ਜਾਂਦਾ ਹਾਂ ਤੇ ਪਾਠ ਵੀ ਕੀਤਾ ਹੈ, ਫੇਰ ?”

“ਯਾਦ ਕਰ ਜਦ ਤੂੰ ਚੌਥੀ-ਪੰਜਵੀਂ ਜਮਾਤ ‘ਚ ਪੜ੍ਹਦਾ ਸੀ, ਪਿੰਡ ਗੁਰਦੁਆਰਾ ਸਾਹਿਬ ਦੇ ਸਪੀਕਰ ‘ਚ ਪਹਿਲੀ ਵਾਰ ਰਹਿਰਾਸ ਸਾਹਿਬ ਦਾ ਪਾਠ ਕੀਤਾ ਸੀ ਤਾਂ ਤੇਰੇ ਦਾਦਾ ਜੀ ਨੇ ਅਰਦਾਸ ਕਰਵਾਈ ਸੀ ।”

“ਉਹ ਤਾਂ ਯਾਦ ਹੈ, ਪਰ ਨਾਲ਼ ਇਹ ਵੀ ਯਾਦ ਹੈ ਕਿ ਜਿੰਮੀਦਾਰਾਂ ਦੇ ਇੱਕ ਮੁੰਡੇ ਨੇ ਹਿੰਦੂਆਂ ਦਾ ਮੁੰਡਾ ਹੋ ਕੇ ਪਾਠ ਕਰਨ ‘ਤੇ ਟੋਕ ਵੀ ਤਾਂ ਕੀਤੀ ਸੀ, ਜਿਸ ਕਰਕੇ ਮੇਰੀ ਜਿ਼ੰਦਗੀ ਪੂਰਨ ਰੂਪ ਵਿੱਚ ਬਦਲ ਗਈ । ਬਚਪਨ ਵਿੱਚ ਜੇਕਰ ਇਹ ਘਟਨਾ ਨਾ ਹੁੰਦੀ ਤਾਂ ਸ਼ਾਇਦ ਅੱਜ ਕਲੀਨ ਸ਼ੇਵ ਹੋਣ ਦੀ ਥਾਂ ਗੁਰਸਿੱਖ ਹੁੰਦਾ ।”

“ਜੋ ਮਰਜ਼ੀ ਬਹਾਨੇ ਮਾਰੀ ਜਾ, ਤੈਨੂੰ ਇਹ ਲੇਖ਼ ਲਿਖਣਾ ਹੀ ਪੈਣਾ । ਆਖਿਰ ਆਸਟ੍ਰੇਲੀਆ ਰਹਿਣ ਵਾਲੇ ਪੰਜਾਬੀ ਆਪਣੇ ਹੀ ਭੈਣਾਂ-ਭਰਾ ਹਨ । ਜਦ ਇੱਥੇ ਰਹਿਣਾ ਹੈ ਤਾਂ ਇਨ੍ਹਾਂ ਨੂੰ ਹੀ ਆਪਣਾ ਸਮਝ ।” ਮੇਰੇ ਦਿਲ ‘ਚੋਂ ਆਵਾਜ਼ ਆਈ ।

“ਮੈਂ ਸਾਰੀਆਂ ਗੱਲਾਂ ਨਾਲ਼ ਸਹਿਮਤ ਹਾਂ, ਪਰ ਬਾਈ ਮੇਰਿਆ ! ਧਰਮ ਦੇ ਮਾਮਲੇ ‘ਚ ਕੋਈ ਵੀ ਗੱਲ ਕਹਿਣ ਤੋਂ ਸਾਨੂੰ ਗੁਰੇਜ਼ ਕਰਨਾ ਬਿਹਤਰ ਹੈ ।”

“ਯਾਰ ! ਮੈਂ ਅਤਿਅੰਤ ਦਰਦ ਨਾਲ਼ ਭਰਿਆ ਪਿਆ ਹਾਂ । ਸਾਡੀਆਂ ਪੰਜਾਬੀ ਕੁੜੀਆਂ ਅਜਿਹੀਆਂ ਪੋਸ਼ਾਕਾਂ ਪਹਿਨ ਕੇ ਗੁਰਦੁਆਰਾ ਸਾਹਿਬ ਆਉਂਦੀਆਂ ਹਨ ਕਿ ਉਨ੍ਹਾਂ ਦਾ ਅੰਗ-ਅੰਗ ਬਾਹਰ ਆਉਣ ਨੂੰ ਕਾਹਲਾ ਹੁੰਦਾ ਹੈ । ਇਉਂ ਲੱਗਦੈ, ਜਿਵੇਂ ਫੈਸ਼ਨ ਪਰੇਡ ਹੋ ਰਹੀ ਹੋਵੇ । ਮੈਂ ਕੀਕਣ ਬਰਦਾਸ਼ਤ ਕਰਾਂ ? ਭਾਈ ਬੀਬਾ ! ਮੰਨਿਆ ਕਿ ਤੁਸੀਂ ਬੜੇ ਵਿਕਸਤ ਮੁਲਕ ‘ਚ ਰਹਿੰਦੀਆਂ ਹੋ, ਤੁਹਾਡੀ ਸੋਚ ਬੜੀ ਅਗਾਂਹਵਧੂ ਹੈ, ਆਪਣੀ ਮਰਜ਼ੀ ਦੀਆਂ ਖੁਦ ਮਾਲਕ ਹੋ ਤੇ ਹਰ ਇੱਕ ਨੂੰ ਪੂਰਨ ਆਜ਼ਾਦੀ ਹੈ, ਪਰ ਮਰਿਆਦਾ ਦਾ ਵੀ ਤਾਂ ਕੋਈ ਮਹੱਤਵ ਹੁੰਦਾ ਹੈ । ਬਾਕੀ ਭਾਈ, ਗੁਰੂਘਰ ‘ਚ ਤੁਹਾਡੇ ਵਰਗੀਆਂ ਏਨੀਆਂ ਅਗਾਂਹਵਧੂ ਹੋਣ ਨਾਲੋਂ ਤਾਂ ਅਸੀਂ ਪਿਛਾਂਹਵਧੂ ਹੀ ਚੰਗੇ ।”

“ਚੁੱਪ ਕਰ ! ਸਾਲਾ ਅਤਿਅੰਤ ਦਰਦ ਦਾ ! ਆਪ ਵੀ ਮਰੇਂਗਾ, ਨਾਲੇ ਮੈਨੂੰ ਮਰਵਾਏਂਗਾ । ਐਵੀਂ ਨਾ ਕਿਸੇ ਨੂੰ ਕਹੀ ਜਾ । ਗੱਲ ਉਹ ਕਰੀਏ ਜੋ ਅੱਖੀਂ ਦੇਖੀ ਹੋਵੇ ।” ਮੈਨੂੰ ਆਪਣੇ ਦਿਲ ਦੀ ਸੋਚ ਤੋਂ ਡਰ ਪੈਦਾ ਹੋਣਾ ਸ਼ੁਰੂ ਹੋ ਗਿਆ । ਮੈਂ ਸ਼ੁਰੂ ਤੋਂ ਹੀ ਧਰਮ ਦੇ ਮਾਮਲੇ ‘ਤੇ ਕਲ਼ਮ ਚਲਾਉਣ ਤੋਂ ਗੁਰੇਜ਼ ਕੀਤੀ ਹੈ, ਪਰ ਮੇਰਾ ਦਿਲ ਅੱਜ ਤੜਕੇ ਤੋਂ ਹੀ ਮਗਰ ਪਿਆ ਹੋਇਆ ਹੈ ਕਿ ਇਸ ਫੈਸ਼ਨ ਪਰੇਡ ਦੇ ਮਾਮਲੇ ਤੇ ਕੁਝ ਲਿਖਾਂ । ਅਸਲ ‘ਚ ਇੱਕ ਪਾਠਕ ਬੀਬੀ ਦਾ ਫ਼ੋਨ ਆਇਆ ਸੀ, ਲਗਦਾ ਹੈ ਉਹ ਵੀ ਮੇਰੇ ਦਿਲ ਵਾਂਗ ਭਾਵੁਕ ਕਿਸਮ ਦੀ ਹੈ । ਉਹਦਾ ਤੇ ਉਹਦੇ ਪਰਿਵਾਰ ਦਾ ਦਿਲ ਵੀ ਮੇਰੇ ਦਿਲ ਵਾਂਗ ਇਨ੍ਹਾਂ ਗੱਲਾਂ ਕਾਰਨ ਦਰਦ ਨਾਲ਼ ਭਰਿਆ ਪਿਆ ਹੈ । ਉਸਨੇ ਤਾਂ ਆਪਣੇ ਦਿਲ ਦੀ ਭੜਾਸ ਕੱਢ ਲਈ, ਪਰ ਮੇਰਾ ਦਿਲ ਇਹ ਗੱਲਾਂ ‘ਦਿਲ’ ਨੂੰ ਲਾ ਬੈਠਾ ਤੇ ਹੁਣ ਮੇਰੇ ਨਾਲ਼ ਇਸ ਮਾਮਲੇ ‘ਤੇ ਲੇਖ਼ ਲਿਖਣ ਦੀ ਜਿ਼ੱਦ ਕਰੀ ਜਾਂਦਾ ਹੈ । ਮੈਂ ਵੀ ਧਾਰ ਰੱਖੀ ਹੈ, ਇਹ ਜੋ ਮਰਜ਼ੀ ਕਹੀ ਜਾਵੇ, ਮੈਂ ਇਹਦੀ ਕਹੀ ਨਹੀਂ ਮੰਨਣੀ ।

“ਬਾਹਲਾ ਭੋਲਾ ਨਾ ਬਣ, ਜਦ ਤੂੰ ਮੈਲਬੌਰਨ ਰਹਿੰਦਿਆਂ ਗੁਰਦੁਆਰਾ ਸਾਹਿਬ ਜਾਂਦਾ ਹੁੰਦਾ ਸੀ, ਤਾਂ ਮੇਰੇ ਨਾਲ਼ ਕੀ ਕਲਪਦਾ ਰਹਿੰਦਾ ਸੀ ? ਤੂੰ ਆਹੀ ਕੁਛ ਮੈਨੂੰ ਕਹਿੰਦਾ ਹੁੰਦਾ ਸੀ, ਜੋ ਅੱਜ ਮੈਂ ਤੈਨੂੰ ਕਹੀ ਜਾਂਦਾ ਹਾਂ ।”

“ਨਹੀਂ, ਨਾ ਤਾਂ ਮੈਂ ਕੁਛ ਦੇਖਿਆ ਤੇ ਨਾ ਤੈਨੂੰ ਕਦੇ ਕੁਛ ਕਿਹਾ । ਐਵੇਂ ਨਾ ਜ਼ਬਰਦਸਤੀ ਦਾ ਗਵਾਹ ਬਣਾਈ ਜਾ । ਮੈਲਬੌਰਨ ਗੁਰਦੁਆਰਾ ਸਾਹਿਬ ਗਿਆਂ ਨੂੰ ਹੁਣ ਤਾਂ ਅੱਠ-ਨੌਂ ਮਹੀਨੇ ਬੀਤ ਗਏ ਨੇ, ਮੈਨੂੰ ਤਾਂ ਰਾਤ ਖਾਧੀ ਰੋਟੀ ਯਾਦ ਨਹੀਂ ਰਹਿੰਦੀ ਕਿ ਕਾਹਦੇ ਨਾਲ਼ ਖਾਧੀ ਸੀ, ਤੂੰ ਨੌਂ ਮਹੀਨੇ ਪੁਰਾਣੀਆਂ ਗੱਲਾਂ ਤਾਜ਼ਾ ਕਰਵਾਉਣ ਲੱਗਾ ਏਂ ।”

“ਕੀ ਯਾਰ ! ਤੈਨੂੰ ਕੁਛ ਵੀ ਯਾਦ ਨਹੀਂ ਰਹਿੰਦਾ । ਤੂੰ ਐਤਵਾਰ ਵਾਲੇ ਦਿਨ ਜਾਇਆ ਤਾਂ ਕਰਦਾ ਸੀ, .....”

“ਕਿਉਂ ਸਾਲਿਆ, ਮਰਵਾਉਣ ਦਾ ਲੱਕ ਬੰਨਿਐਂ ? ਤੈਨੂੰ ਕਿਸੇ ਨੇ ਅਕਲ ਨਹੀਂ ਦਿੱਤੀ ? ਪਿਉ ਮੇਰਿਆ ਮੈਨੂੰ ਸਭ ਯਾਦ ਐ, ਵਾਸਤਾ ਈ ਰੱਬ ਦਾ, ਹੁਣ ਨਾਮ ਨਾ ਲਈਂ ਕਿ ਕਿਹੜੇ ਗੁਰਦੁਆਰਾ ਸਾਹਿਬ ਜਾਂਦਾ ਹੁੰਦਾ ਸੀ ।” ਮੈਂ ਫਟਾਫਟ ਆਪਣੇ ਦਿਲ ਦਾ ਮੂੰਹ ਘੁੱਟਿਆ ।

“ਮੇਰਾ ਮੂੰਹ ਕੀ ਘੁੱਟਦੈਂ ? ਮੂੰਹ ਘੁੱਟ ਉਨ੍ਹਾਂ ਦੇ, ਅਜਿਹੀਆਂ ਕੁਰੀਤੀਆਂ ਰੋਕਦੇ ਨਹੀਂ, ਜੋ ਗੁਰਦੁਆਰਿਆਂ ਦੀਆਂ ਪ੍ਰਧਾਨਗੀਆਂ ਤੇ ਮੈਂਬਰੀਆਂ ਲਈ ਇੱਕ ਦੂਜੇ ਤੇ ਦੂਸ਼ਣਬਾਜ਼ੀਆਂ ਕਰਦੇ ਤੇ ਲੜਦੇ ਨੇ ਤੇ ਅਜਿਹਾ ਸਭ ਕੁਝ ਦੇਖਦੇ ਹੋਏ ਵੀ ਅੱਖਾਂ ਬੰਦ ਕਰੀ ਰੱਖਦੇ ਨੇ ।”

“.......” ਮੈਂ ਕੀ ਕਹਿੰਦਾ, ਮੇਰਾ ਦਿਲ ਤਾਂ ਕੁਝ ਜਿ਼ਆਦਾ ਹੀ ਭਾਵੁਕ ਹੋ ਰਿਹਾ ਸੀ ।

“ਐਡੀਲੇਡ ਦਾ ਯਾਦ ਨਹੀਂ, ਲੰਗਰ ਵੇਲੇ ਕਿਵੇਂ ਜਨਤਾ ਧੱਕੋ-ਧੱਕੀ ਹੋਈ ਜਾਂਦੀ ਸੀ । ਦੇ ਧੱਕੇ ‘ਤੇ ਧੱਕਾ, ਦੇ ਧੱਕੇ ‘ਤੇ ਧੱਕਾ ।”

“ਯਾਰ ! ਤੇਰਾ ਵੀ ਪਤਾ ਨਹੀਂ ਲੱਗਦਾ, ਕਦੋਂ ਕੀ ਗੱਲ ਕਰ ਜਾਨੈਂ । ਕਿੱਥੇ ਫੈਸ਼ਨ ਪਰੇਡ, ਕਿੱਥੇ ਪ੍ਰਧਾਨਗੀ ਤੇ ਕਿੱਥੇ ਲੰਗਰ ? ਬਾਕੀ ਜਦੋਂ ਅੱਗੇ ਖੜ੍ਹੇ ਸੇਵਾਦਾਰ ਕੁਝ ਖਾਸ ਬੰਦਿਆਂ ਨੂੰ ਸਾਰੀ ਭੀੜ ‘ਚੋਂ ਅੰਦਰ ਲੈ ਜਾਂਦੇ ਐ ਤਾਂ ਜੇ ਕਿਸੇ ਨੇ ਮਾੜਾ ਮੋਟਾ ਧੱਕਾ ਦੇ ਦਿੱਤਾ ਤਾਂ ਕੀ ਹੋਇਆ ? ਨਾਲ਼ੇ ਏਨੀਆਂ ਨਿੱਕੀਆਂ ਗੱਲਾਂ ਬਾਈ ਜੀ, ਆਪਣੇ ਤਾਂ ਯਾਦ ਰਹਿੰਦੀਆਂ ਨਹੀਂ, ਜਿੰਨੀਆਂ ਤੂੰ ਕਰਦੈਂ । ਹੁਣ ਇਹ ਨਾ ਪੁੱਛ ਲਈਂ ਪਈ, ਉਹ ਕਿਹੜਾ ਸੇਵਾਦਾਰ ਸੀ ? ਮੈਂ ਤਾਂ ਇੱਕ ਵਾਰੀ ਹੀ ਉੱਥੇ ਕਿਸੇ ਨਾਲ ਗਿਆ ਸੀ, ਉਹ ਵੀ ਬੜੇ ਮਹੀਨੇ ਹੋ ਗਏ । ਮੈਨੂੰ ਤਾਂ ਰਸਤਾ ਵੀ ਯਾਦ ਨਹੀਂ ।”

“ਹੁਣ ਇਹ ਨਾ ਕਹੀਂ ਪਈ, ਐਡੀਲੇਡ ਦੇ ਇੱਕ ਹੋਰ ਗੁਰਦੁਆਰਾ ਸਾਹਿਬ ਬਾਰੇ ਨਹੀਂ ਸੁਣਿਆ, ਜਿੱਥੇ ਸੰਗਤਾਂ ਕੁਰਸੀਆਂ-ਮੇਜ਼ਾਂ ਤੇ ਬਹਿ ਕੇ ਲੰਗਰ ਛਕਦੀਆਂ ਨੇ । ਸਾਰੀ ਉਮਰ ਆਪਾਂ ਤਾਂ ਇਹੀ ਕਹਿੰਦੇ-ਸੁਣਦੇ ਰਹੇ ‘ਪ੍ਰਸ਼ਾਦਾ ਵਾਹਿਗੁਰੂ ਜੀ ! ਦਾਲ ਵਾਹਿਗੁਰੂ ਜੀ !!’ ਸੁਣਿਐ, ਉੱਥੇ ਕਹਿੰਦੇ ਐ ‘ਲਿਟਲ ਬਿਟ ਮੋਰ ! ਲਿਟਲ ਬਿਟ ਮੋਰ !!’

“ਨਾ ! ਚੁੱਪ !! ਗ਼ਲਤ ਗੱਲ !!! ਇਸ ਵਿਸ਼ੇ ‘ਤੇ ਆਪਾਂ ਬਿਲਕੁੱਲ ਈ ਗੱਲ ਨਹੀਂ ਕਰਨੀ । ਸੁਣੀ-ਸੁਣਾਈ ਗੱਲ ‘ਤੇ ਟਿੱਪਣੀ ਕਰਨੀ ਆਪਣੇ ਅਸੂਲਾਂ ਦੇ ਖਿਲਾਫ਼ ਹੈ । ਜਦੋਂ ਤੱਕ ਗੱਲ ਦਾ ਪੂਰਾ ਪਤਾ ਨਾ ਹੋਵੇ, ਆਪਾਂ ਨਹੀਂ ਬੋਲਦੇ । ਆਪਾਂ ਕਦੀ ਉੱਥੇ ਗਏ ਨਹੀਂ, ਕੁਝ ਦੇਖਿਆ ਨਹੀਂ, ਮੇਜ਼ਾਂ ‘ਤੇ ਲੰਗਰ ਛਕਾਉਣ ਦਾ ਕਿਸੇ ਨੂੰ ਕਾਰਨ ਪੁੱਛਿਆ ਨਹੀਂ । ਹੋ ਸਕਦੈ ਉੱਥੋਂ ਦੀ ਕੋਈ ਪ੍ਰੰਪਰਾ ਹੋਵੇ ।” ਮੈਂ ਸੁਣੀ-ਸੁਣਾਈ ਗੱਲ ‘ਤੇ ਕੁਝ ਵੀ ਬੋਲਣ ਤੋਂ ਸਾਫ਼ ਮੁੱਕਰ ਗਿਆ । ਗੱਲ ਵੀ ਠੀਕ ਹੈ, ਆਪਾਂ ਨੂੰ ਹਰ ਜਗ੍ਹਾ ਦੀਆਂ ਪ੍ਰੰਪਰਾਵਾਂ ਜਾਂ ਇਤਿਹਾਸ ਦਾ ਕੀ ਪਤਾ ? ਜਦੋਂ ਕਦੀ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਮਾਂ ‘ਚ ਹੋਏ, ਉਦੋਂ ਆਪਣੇ ਦਿਲ ਦੀ ਤਸੱਲੀ ਵੀ ਕਰਵਾ ਦੇਵਾਂਗੇ, ਪਰ ਹੁਣ ਕੋਈ ਗੱਲ ਨਹੀਂ ਕਰਨੀਂ, ਨਾ ਬਈ, ਉੱਕਾ ਈ ਨਹੀਂ, ਉਂਹੂੰ !

“ਚੱਲ, ਇਸ ਗੱਲ ਨੂੰ ਏਥੇ ਹੀ ਛੱਡ ਦਿੰਨੇ ਐਂ ਪਈ ਸੁਣੀ ਸੁਣਾਈ ਗੱਲ ਐ, ਜਦੋਂ ਅੱਖੀਂ ਦੇਖਾਂਗੇ, ਫੇਰ ਸਹੀ । ਪਰ ਇੱਕ ਸੁਆਲ ਜ਼ਰੂਰ ਪ੍ਰੇਸ਼ਾਨ ਕਰਦੈ, ਪਈ ਗੁਰੂ ਸਾਹਿਬ ਨੇ ਹਰੇਕ ਨੂੰ ਪੰਕਤ ਵਿੱਚ ਬੈਠ ਕੇ ਲੰਗਰ ਛਕਣ ਦਾ ਉਪਦੇਸ਼ ਦਿੱਤਾ ਸੀ, ਹੁਣ ਇਹ ਮੇਜ਼-ਕੁਰਸੀਆਂ ਕਿੱਥੋਂ ਆ ਗਏ ? ਪਤਾ ਨਹੀਂ ਇਹ ਗੱਲ ਸੱਚ ਐ ਕਿ ਝੂਠ ਪਰ ਸਿਆਣੇ ਕਹਿੰਦੇ ਐ, ਧੂੰਆਂ ਹਮੇਸ਼ਾਂ ਉੱਥੇ ਹੁੰਦੈ ਜਿੱਥੇ ਅੱਗ ਹੋਵੇ ।”

ਮੈਂ ਸੋਚਦਾਂ ਭਾਵੁਕਤਾ ਕੰਮ ਵਿਗਾੜ ਦਿੰਦੀ ਹੈ । ਮੇਰਾ ਦਿਲ ਤਾਂ ਏਨਾ ਭਾਵੁਕ ਐ ਪਈ ਇੱਕ ਵਾਰੀ ਤਾਂ ਮੈਨੂੰ ਬਰਬਾਦ ਕਰ ਚੁੱਕਿਐ, ਹੁਣ ਨਹੀਂ ਮੈਂ ਇਹਦੇ ਕਹੇ ਲੱਗਣ ਵਾਲਾ । ਹੋਇਆ ਕੀ, ਪਈ ਕਰੀਬ ਨੌਂ-ਦਸ ਸਾਲ ਪਹਿਲਾਂ ਦੀ ਗੱਲ ਐ । ਇੱਕ ਭਲਵਾਨ ਨੂੰ ਯਾਰ ਬਣਾ ਲਿਆ । ਉਹਦੇ ਮਗਰ ਲੱਗ ਕੇ ਕਰਜ਼ਾ ਚੁੱਕ ਕੇ ਹੈਲਥ ਕਲੱਬ ਖੋਲ ਲਿਆ । ਆਪ ਨੂੰ ਭਲਵਾਨੀ ਬਾਰੇ ਕੋਈ ਜਾਣਕਾਰੀ ਨਹੀਂ ਸੀ । ਅਗਲੇ ਨੇ ਅਜਿਹੀਆਂ ਭੁਆਟਣੀਆਂ ਖੁਆਈਆਂ ਕਿ ਆਖਰ ਨਤੀਜਾ ਇਹ ਨਿੱਕਲਿਆ ਕਿ ਘਰ ਵੀ ਵਿਕ ਗਿਆ ਤੇ ਕੰਮ ਕਾਜ ਵੀ । ਮੈਂ ਤਾਂ ਜੀ, ਸੜਕ ‘ਤੇ ਆ ਗਿਆ । ਦਿਲ ਦਾ ਕੀ ਐ, ਅਖੇ ਜੀ ‘ਹਮਾਰਾ ਦੋਸਤ ਹੈ !’ ਇਹ ਗੱਲ ਵੱਖਰੀ ਐ ਪਈ ਸੱਚੇ ਪਾਤਸ਼ਾਹ ਨੇ ਦਇਆ ਮਿਹਰ ਕੀਤੀ ਤੇ ਖਤਾਨਾਂ ‘ਚ ਪਈ ਗੱਡੀ ਨੂੰ ਮੁੜ ਪਟੜੀ ‘ਤੇ ਲੈ ਆਂਦਾ । ਇਹ ਦਿਲ ਅਜੇ ਕਿਹੜਾ ਟਿਕਦੈ ? ਪਈ ਤੂੰ ਪ੍ਰਦੇਸਾਂ ‘ਚ ਆਇਐਂ, ਚੁੱਪ ਕਰਕੇ ਆਪਣੀ ਕਿਰਤ ਕਰ ਤੇ ਭਵਿੱਖ ਬਾਰੇ ਸੋਚ । ਹੁਣ ਦੁਨੀਆਂ ‘ਤੇ ਮਾੜੀ ਮੋਟੀ “ਗੜਬੜੇਸ਼ਨ” ਤਾਂ ਚੱਲਦੀ ਹੀ ਐ, ਇਹ ਆਲਾ ਦੁਆਲਾ ਵੇਖ ਨਾਲ਼ੇ ਆਪ ਦੁਖੀ ਹੁੰਦਾ ਰਹਿੰਦੈ, ਨਾਲ਼ੇ ਮੈਨੂੰ ਵੰਝ ‘ਤੇ ਚੜ੍ਹਾ ਰੱਖਿਐ ।

“ਨਾਲ਼ ਬਾਬਿਆਂ ਦੀਆਂ ਕਾਰਸਤਾਨੀਆਂ ਬਾਰੇ ਵੀ ਲਿਖਣਾ ਏ ।” ਮੇਰੇ ਦਿਲ ਨੇ ਨਵਾਂ ਪੱਤਾ ਸੁੱਟਦਿਆਂ ਕਿਹਾ ।

“ਬਾਬੇ ਤਾਂ ਬਖ਼ਸ਼ ਦੇ ਯਾਰ ! ਉਹ ਤਾਂ ਰੱਬ ਦੀ ਭਗਤੀ ਤੇ ਉਹਦੇ ਮਿਲਣ ਦਾ ਰਸਤਾ ਦੱਸਦੇ ਨੇ । ਊਂ ਵੀ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ।”

“ਤੈਨੂੰ ਦੱਸ ‘ਤਾ ਹੋਊ ਕੋਈ ਰਸਤਾ । ਦੁਨੀਆਂ ਨੂੰ ਤਾਂ ਲੁੱਟਣ ਨੂੰ ਪਏ ਹੋਏ ਨੇ । ਟੈਲੀਵੀਜ਼ਨ ‘ਤੇ ਦਰਜਨਾਂ ਦੇ ਹਿਸਾਬ ਨਾਲ਼ ਬਾਬੇ ਆਪਣੇ ਪ੍ਰਵਚਨ ਦਿੰਦੇ ਨੇ । ਕਈ ਤਾਂ ਚੁਟਕਲੇ ਵੀ ਸੁਣਾਉਂਦੇ ਨੇ ਤੇ ਕਈਆਂ ਦੇ ਸਤਿਸੰਗ ‘ਚ ਡਿਸਕੋ-ਡਾਂਸ ਵੀ ਹੁੰਦੈ ।”

“ਓ....! ਡਿਸਕੋ-ਡਾਂਸ ਨਹੀਂ, ਸੰਗਤਾਂ ਭਜਨ ਸੁਣਕੇ ਆਨੰਦ ਵਿਭੋਰ ਹੋ ਕੇ ਨੱਚਦੀਆਂ ਨੇ ।”
“ਭਜਨ ਸੁਣਕੇ ਪਤਾ ਨਹੀਂ ਡਿਸਕੋ-ਡਾਂਸ... ਸੌਰੀ, ਨਾਚ ਪਤਾ ਨਹੀਂ ਕਿਵੇਂ ਹੋ ਜਾਂਦਾ ਹੈ । ਆਪਾਂ ਕਿੰਨੀ ਵਾਰੀ ਕੱਠਿਆਂ ਸ਼ਬਦ-ਕੀਰਤਨ ਸਰਵਣ ਕੀਤਾ, ਆਪਣਾ ਮਨ ਤਾਂ ਆਨੰਦ ਦੀ ਰੌਂਅ ‘ਚ ਵਹਿ ਜਾਂਦੈ, ਬਾਣੀ ਨਾਲ਼ ਜੁੜ ਜਾਂਦੈ । ਹੋ ਸਕਦੈ ਲੋਕ ਤਾਂ ਨੱਚਦੇ ਹੋਣ, ਪਈ ਟੈਲੀਵੀਜ਼ਨ ਵਾਲੇ ਕੈਮਰਾ ਨੱਚਣ ਵਾਲੇ ‘ਤੇ ਰੱਖਣਗੇ ਤੇ ਲੋਕ ਦੇਖਣਗੇ ।”

“ਚੱਲ ਕੋਈ ਨਾ.....!” ਮੈਂ ਦਿਲ ਦੀ ਗੱਲ ‘ਤੇ ਮਿੱਟੀ ਪਾਉਣ ਦੀ ਕੋਸਿ਼ਸ਼ ਕੀਤੀ ।

“ਯਾਰ ਗੁਲਾਟੀ ! ਇੱਕ ਗੱਲ ਤਾਂ ਦੱਸ । ਇਹ ਬਾਬੇ ਕੇਵਲ ਮੀਟ ਤੇ ਸ਼ਰਾਬ ਨੂੰ ਹੀ ਕਿਉਂ ਮਨ੍ਹਾਂ ਕਰਦੇ ਨੇ ? ਬਾਕੀ ਨਸਿ਼ਆਂ ਦਾ ਏਨਾਂ ਵੱਡਾ ਦਰਿਆ ਪੰਜਾਬ ‘ਚ ਵਗਣ ਡਿਹਾ ਏ, ਨਸ਼ੇ ਪੰਜਾਬ ਦੀ ਜਵਾਨੀ ਨੂੰ ਘੁਣ ਵਾਂਗ ਲੱਗ ਚੁੱਕੇ ਨੇ ਤੇ ਦਿਨ-ਬ-ਦਿਨ ਖੋਖਲਾ ਕਰੀ ਜਾਂਦੇ ਨੇ । ਉਨ੍ਹਾਂ ਨੂੰ ਕੋਈ ਨਹੀਂ ਰੋਕਦਾ । ਹੋਰ ਤਾਂ ਹੋਰ, ਮੁੰਡ੍ਹੀਰ ਬਰੈੱਡ ‘ਤੇ ਆਇਓਡੈਕਸ ਲਾ ਲਾ ਕੇ ਹੀ ਖਾਈ ਜਾਂਦੀ ਹੈ । ਬੂਟ ਪਾਲਸ਼ਾਂ ਸੁੰਘੀ ਜਾਂਦੀ ਹੈ । ਮੈਂ ਤਾਂ ਇੱਥੋਂ ਤੱਕ ਸੁਣਿਐਂ ਕਿ “ਨੌਜਵਾਨ” ਕਿਰਲੀ ਦੀ ਪੂਛ ਵੀ ਜੁਗਾੜ ਕਰਕੇ ਖਾ ਜਾਂਦੇ ਐ । ਆਪਾਂ ਅੱਡ-ਅੱਡ ਬਾਬਿਆਂ ਦੀਆਂ ਗੱਲਾਂ...”

“ਗੱਲਾਂ ਨਹੀਂ ਸਤਿਸੰਗ ।”

“ਆਹੋ ਸਤਿਸੰਗ ਹੀ ਸਹੀ । ਆਪਾਂ ਏਨੇ ਸਤਿਸੰਗ ਸੁਣੇ ਨੇ ਪਰ ਇਹ ਨਹੀਂ ਸੁਣਿਆ ਕਿ ਕਿਸੇ ਬਾਬੇ ਨੇ ਡਰੱਗਜ਼ ਜਾਂ ਬੀੜੀਆਂ-ਸਿਗਰਟਾਂ ਤੇ ਪਾਬੰਦੀ ਲਾਈ ਹੋਵੇ । ਇਹ ਕਹਿੰਦੇ ਹੋਣ ਪਈ ਜੇ ਕਿਸੇ ਨੇ ਬੀੜੀ-ਸਿਗਰਟ ਪੀਤੀ ਤਾਂ ਉਸਨੂੰ ਵੀ ਨਰਕ ਦਾ ਭਾਗੀ ਬਣਨਾ ਪਊ ਜਾਂ ਉਸਨੂੰ ਨਾਮ-ਦਾਨ ਦੀ ਬਖਸਿ਼ਸ਼ ਨਹੀਂ ਹੋਣੀ, ਜੋ ਕਿਸੇ ਵੀ ਪ੍ਰਕਾਰ ਦਾ ਨਸ਼ਈ ਹੈ । ਬੀੜੀਆਂ ਪੀਣ ਵਾਲਾ ਆਪਣੇ ਫੇਫੜੇ ਤਾਂ ਫੂਕਦਾ ਹੀ ਹੈ, ਨਾਲ਼ ਦਿਆਂ ਨੂੰ ਬਿਮਾਰੀਆਂ ਮੁਫ਼ਤ ‘ਚ ਹੀ ਦੇਈ ਜਾਂਦੈ, ਨਾਲ਼ੇ ਉਨ੍ਹਾਂ ਦਾ ਸਾਹ ਲੈਣਾ ਔਖਾ ਕਰੀ ਰੱਖਦੈ । ਆਹ ਆਸਟ੍ਰੇਲੀਆ ‘ਚ ਦੇਖ ਲੈ, ਕੋਈ ਛੱਤ ਥੱਲੇ ਸਿਗਰਟ ਨਹੀਂ ਪੀ ਸਕਦਾ ਤੇ ਸਾਡੇ ਮੁਲਕ ‘ਚ ਧੂੰਆਂ ਅਗਲੇ ਦੇ ਮੂੰਹ ‘ਤੇ ਮਾਰਦੇ ਨੇ । ਕੋਈ ਕਾਇਦਾ ਕਾਨੂੰਨ ਹੀ ਨਹੀਂ । ਸ਼ਹਿਰਾਂ ‘ਚ ਸੇਠ ਸਾਹਿਬ ਹੋਰੀਂ ਤਾਂ ਗੁਟਕੇ ਹੀ ਚੱਬੀ ਜਾਂਦੇ ਐ । ਲਾਲਿਆਂ ਦੇ ਛੋਹਰਾਂ ਦੇ ਦੰਦ ਲਾਲ-ਕਾਲੇ ਹੋਏ ਪਏ ਹੁੰਦੇ ਐ । ਜਦੋਂ ਉਬਾਸੀ ਲੈਣ ਲਈ ਮੂੰਹ ਖੋਲਦੇ ਐ ਤਾਂ ਕੁਇੰਟਲਾਂ ਦੇ ਹਿਸਾਬ ਨਾਲ਼ ਮੁਸ਼ਕ ਬਾਹਰ ਨੂੰ ਆਉਂਦੈ ਤੇ ਵੇਖਣ ਨੂੰ ਜਾਪਦੈ ਜਿਵੇਂ ਨਰਕ ਦਾ ਦਰਵਾਜ਼ਾ ਵੀ ਅਜਿਹਾ ਗੰਦਾ ਹੀ ਹੋਵੇਗਾ । ਪਿੰਡਾਂ ‘ਚ ਜ਼ਰਦਾ ਬੁੱਲਾਂ ਥੱਲੇ ਨੱਪੀ ਰੱਖਦੇ ਨੇ ਤੇ ਸ਼ਹਿਰਾਂ ‘ਚ ਗੁਟਕੇ । ਗੁਟਕੇ ਕਹਿ ਲਵੋ ਜਾਂ ਮਾਡਰਨ ਜ਼ਰਦਾ, ਗੱਲ ਤਾਂ ਇੱਕੋ ਹੀ ਹੈ । ਆਹ ਦੇਖ ਲੈ, ਕਿੰਨੇ ਬੰਦੇ ਗੋਲੀਆਂ ਖਾ ਕੇ ਹੀ ਲਿਟੀ ਜਾਂਦੇ ਰਹਿੰਦੇ ਨੇ, ਪਰ ਕੀ ਮਜਾਲ ਐ ਕਿ ਬਾਬੇ ਕਹਿ ਦੇਣ ਕਿ ਇਹ ਨਸ਼ੇ ਵੀ ਮਾੜੇ ਹੁੰਦੇ ਨੇ ।” ਮੇਰਾ ਦਿਲ ਸ਼ਾਇਦ ਬਾਬਿਆਂ ਦੇ ਨਾਲ਼-ਨਾਲ਼ ਪੰਜਾਬ ਦੀ ਰੁਲ ਰਹੀ ਜਵਾਨੀ ‘ਤੇ ਵੀ ਡਾਹਢਾ ਦੁਖੀ ਸੀ ।

“ਜੇ ਤੂੰ ਵੱਡਾ ਸਤਿਯੁਗੀ ਹੈ ਤਾਂ ਹੁਣ ਬਾਬੇ ਆਪਣੀ ਹੱਟੀ ਥੋੜੀ ਬੰਦ ਕਰ ਦੇਣ ?”

“ਕੀ ਮਤਲਬ ?” ਗੱਲ ਮੇਰੇ ਦਿਲ ਦੇ ਪੱਲੇ ਨਹੀਂ ਪਈ ਲੱਗਦੀ ਸੀ ।

“ਮਤਲਬ ਇਹ ਕਿ ਜੇ ਬਾਬੇ ਸਾਰੇ ਨਸ਼ੇ ਬੰਦ ਕਰਵਾਉਣ ਦੀ ਕੋਸਿ਼ਸ਼ ਕਰਨਗੇ ਤਾਂ ਉਹਨਾਂ ਦੇ ਸਤਿਸੰਗਾਂ ‘ਚ ਕੌਣ ਜਾਊ ? ਨਾਲ਼ੇ ਬਹੁਗਿਣਤੀ ਤਾਂ ਅਜਿਹੇ ਲੋਕਾਂ ਦੀ ਹੈ, ਜੋ ਸ਼ਰਾਬ ਤੋਂ ਬਿਨ੍ਹਾਂ ਕੋਈ ਹੋਰ ਨਸ਼ੇ ਕਰਦੇ ਨੇ । ਹੁਣ ਤੇਰੇ ਖਿਆਲ ‘ਚ ਮੈਂ ਬਾਬਿਆਂ ਦੇ ਖਿਲਾਫ਼ ਲਿਖ ਦਿਆਂ, ਨਾ ਬਈ ਨਾ, ਹੋ ਹੀ ਨਹੀਂ ਸਕਦਾ ।”

“ਭਾਈ ਸਾਹਿਬ ! ਬਾਬੇ ਵੀ ਤਾਂ ਇਨਸਾਨ ਨੇ, ਤੇ ਇਨਸਾਨ ਗਲਤੀਆਂ ਦਾ ਪੁਤਲਾ ਹੈ । ਕੰਪਿਊਟਰ ਚਲਾ ਕੇ ਯੂ-ਟਿਊਬ ‘ਤੇ ਦੇਖ ਲੈ ਜਾਂ ਅਖ਼ਬਾਰਾਂ ਪੜ੍ਹ ਲਿਆ ਕਰ । ਬਾਬੇ ਸੰਗਤਾਂ ਸਾਹਮਣੇ ਮੁੱਛਾਂ ਨੂੰ ਵੱਟ ਚਾੜ੍ਹਦੇ ਨੇ, ਹੈਪੀ ਬਰਥਡੇ ਮਨਾਉਂਦੇ ਨੇ, ਆਪਣੇ ਪ੍ਰਵਚਨ ਵਿੱਚ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਰਵੋਤਮ ਦੱਸਦੇ ਨੇ, ਤੇ ਮੁੜ ਆਪ ਹੀ ਸੰਗਤਾਂ ਤੋਂ ਪੈਰੀਂ ਹੱਥ ਲਗਵਾਉਂਦੇ ਨੇ । ਉਹ ਠੀਕ ਹੈ ? ਚੜ੍ਹਦੀ ਉਮਰ ਦੇ ਨੌਜਵਾਨ ਵੀ ਬਾਬੇ ਬਣਨ ਲੱਗ ਪਏ ਨੇ । ਇਨ੍ਹਾਂ ਨੇ ਤਾਂ ‘ਬਾਬਾ’ ਸ਼ਬਦ ਦੀ ਮਹਿਮਾ ਨੂੰ ਹੀ ਰੋਲ ਕੇ ਰੱਖ ਦਿੱਤਾ ਹੈ । ਆਪਣੇ ਦਾਦੇ-ਦਾਦੀ ਦੀ ਉਮਰ ਦੇ ਬਜ਼ੁਰਗਾਂ ਤੋਂ ਪੈਰੀਂ ਹੱਥ ਲਗਵਾਉਂਦੇ ਨੇ । ਨਾ ਤਾਂ ਪੈਰੀਂ ਹੱਥ ਲਾਉਣ ਵਾਲਿਆਂ ਨੂੰ ਸ਼ਰਮ ਆਉਂਦੀ ਹੈ ਤੇ ਨਾ ਲਗਵਾਉਣ ਵਾਲਿਆਂ ਨੂੰ । ਅੱਧਾ ਬੇੜਾ ਤਾਂ ਅਜਿਹੇ ਅਨਪੜ੍ਹ ਮਾਈਆਂ-ਬਾਪੂਆਂ ਨੇ ਗ਼ਰਕ ਕਰ ਰੱਖਿਆ ਹੈ, ਜਿਹੜੇ ਚੰਗੇ ਭਲੇ ਨੌਜਵਾਨਾਂ ਨੂੰ ਰੱਬ ਦਾ ਦਰਜਾ ਦਿੱਤੀ ਜਾਂਦੇ ਨੇ । ਕਈ ਬਾਬੇ ਤਾਂ ਮੁਟਿਆਰਾਂ ਨਾਲ਼ ਚੋਹਲ-ਮੋਹਲ ਕਰਦੇ ਨੇ । ਕਈਆਂ ‘ਤੇ ਕੇਸ ਚੱਲੀ ਜਾਂਦੇ ਐ ਤੇ ਬਾਬੇ ਹੋਰੀਂ ਤਰੀਕਾਂ ਭੁਗਤਣ ਕਚਿਹਰੀ ‘ਚ ਜਾਂਦੇ ਨੇ । ਕਈਆਂ ਨੇ ਬਾਡੀਗਾਰਡ ਨਾਲ਼ ਰੱਖੇ ਨੇ । ਇਹ ਬਾਡੀਗਾਰਡ ਜਮਦੂਤਾਂ ਤੋਂ ਬਚਾਉਣ ਲਈ ਨੇ ਕਿ ਸੰਗਤ ਤੋਂ, ਇਹ ਸਮਝ ਨਹੀਂ ਆਈ ।”

“ਤੂੰ ਤਾਂ ਯਾਰ ! ਵੱਡੀਆਂ-ਵੱਡੀਆਂ ਗੱਲਾਂ ਕਰਨ ਲੱਗ ਪਿਐਂ, ਹੁਣ ਜਿਹੜੇ ਸਤਿਸੰਗ ਕਰਦੇ ਨੇ, ਪ੍ਰਵਚਨ ਕਰਦੇ ਨੇ, ਜਿੰਨਾਂ ਮਗਰ ਏਨੀ ਦੁਨੀਆਂ ਲੱਗਦੀ ਹੈ, ਉਨ੍ਹਾਂ ਦੀ ਕੋਈ ਵੀ ਗੱਲ ਜਾਂ ਉਨ੍ਹਾਂ ਦੁਆਰਾ ਕੀਤਾ ਗਿਆ ਕੋਈ ਵੀ ਕੰਮ ਗ਼ਲਤ ਥੋੜ੍ਹੀ ਹੋਵੇਗਾ ।” ਮੈਂ ਕਿਹਾ ।

“ਹਾਂ ਭਾਈ ! ਗੱਲ ਤਾਂ ਕਦੇ ਤੇਰੀ ਵੀ ਜਚਦੀ ਹੈ, ਬਾਬੇ ਤਾਂ ਗ਼ਲਤੀ ਕਰ ਹੀ ਨਹੀਂ ਸਕਦੇ, ਬਾਬੇ ਜੋ ਹੋਏ । ਆਖਿਰ ਉਨ੍ਹਾਂ ਅੰਦਰ ਵੀ ਤਾਂ ਦਿਲ ਹੈ, ਕਦੇ ਤਾਂ ਮਿੱਠਾ ਖਾਣ ਵਾਲੇ ਦਾ ਮਨ ਕਰਾਰਾ ਖਾਣ ਨੂੰ ਕਰ ਹੀ ਆਉਂਦੈ । ਇੱਕ ਗੱਲ ਹੋਰ ਹੈ ਕਿ ਆਪਣੀ ਜਨਤਾ ਤਾਂ ਮਿਰਚਾਂ ਨਾਲ਼ ਸੁੱਕੀ ਰੋਟੀ ਖਾ ਕੇ ਵੀ ਦੇਸ਼ ਦੀ ਜਨਸੰਖਿਆ ਦਾ ਗ੍ਰਾਫ਼ ਉਤਾਂਹ ਵੱਲ ਚੁੱਕੀ ਤੁਰੀ ਜਾਂਦੀ ਹੈ ਤੇ ਬਾਬੇ ਤਾਂ ਫੇਰ ਕਾਜੂ-ਬਦਾਮ ਤੇ ਹੋਰ ਭਾਂਤ-ਭਾਂਤ ਦੇ ਛੱਤੀ ਪਦਾਰਥ ਖਾਂਦੇ-ਪੀਂਦੇ ਨੇ । ਹੁਣ ਜਿਹੜੀ ਤਾਕਤ ਵੰਨ-ਸੁਵੰਨੀ ਦੇ ਦੇਸੀ ਘਿਉ ਵਾਲੇ ਖਾਣੇ ‘ਚ ਹੁੰਦੀ ਹੈ, ਉਹ ਵੀ ਤਾਂ ਅੰਦਰ ਜਾ ਕੇ ਥਾਪੀਆਂ ਮਾਰਦੀ ਹੈ । ਬਾਕੀ ਸਿਆਣੇ ਵੀ ਕਹਿੰਦੇ ਨੇ ਪਈ ਮਰਦ ਤੇ ਘੋੜਾ ਕਦੇ ਬੁੱਢੇ ਨਹੀਂ ਹੁੰਦੇ । ਕਈ ਬਾਬੇ ਤਾਂ ਚਾਂਦੀ ਦੇ ਬਰਤਨਾਂ ‘ਚ ਰੋਟੀ ਖਾਂਦੇ ਹਨ ਤੇ ਸੰਗਤਾਂ ਦੁਆਰਾ ਦਿੱਤੇ ਗਏ ਤੋਹਫਿ਼ਆਂ ਤੇ ਵੀ ਨੱਕ-ਬੁੱਲ੍ਹ ਕੱਢਦੇ ਹਨ । ਚੱਲ ਇੱਕ ਗੱਲ ਤਾਂ ਦੱਸ, ਪਈ ਬਾਬੇ ਆਪਣੀ ਗੱਦੀ ਕਿਸੇ ਬਾਹਰਲੇ ਨੂੰ ਕਿਉਂ ਨਹੀਂ ਦਿੰਦੇ, ਆਪਣੇ ਪਰਿਵਾਰ ‘ਚ ਹੀ ਕਿਉਂ ਘੁਕਾਈ ਫਿਰਦੇ ਨੇ ?” ਦਿਲ ਵਿਅੰਗ ਨਾਲ਼ ਮੇਰੀ ਹਾਮੀ ਓਟ ਕੇ ਮੁੜ ਰੰਗ ਦਾ ਪੱਤਾ ਸੁੱਟ ਗਿਆ ।

“ਮੈਨੂੰ ਤਾਂ ਪਤਾ ਨਹੀਂ, ਤੇ ਨਾ ਹੀ ਮੇਰੇ ਪਰਿਵਾਰ ਜਾਂ ਰਿਸ਼ਤੇਦਾਰੀ ‘ਚ ਕੋਈ ਅਰਬਪਤੀ ਬਾਬਾ ਹੈ ।”

“ਆੜੀ ! ਤੂੰ ਪੜ੍ਹਿਆ ਲਿਖਿਆ ਬੰਦਾ ਹੈਂ, ਵੀਰ ਬਣਕੇ ਇੱਕ ਗੱਲ ਤਾਂ ਸਮਝਾ, ਬਈ ਇਨ੍ਹਾਂ ਨੂੰ ਬਾਬੇ ਬਨਣ ਦੀ ਕੀ ਲੋੜ ਪਈ ਐ ? ਸਾਡੇ ਗੁਰੂ ਸਾਹਿਬਾਨਾਂ ਨੇ ਤਾਂ ਹਮੇਸ਼ਾ ਦਸਾਂ ਨੌਹਆਂ ਦੀ ਕਿਰਤ ‘ਤੇ ਜ਼ੋਰ ਦਿੱਤਾ । ਇਹ ਬਾਬੇ ਗੁਰੂ ਸਾਹਿਬਾਨਾਂ ਦੇ ਉਪਦੇਸ਼ ਨੂੰ ਆਮ ਲੋਕਾਂ ਤੱਕ ਤਾਂ ਪਹੁੰਚਾਉਦੇ ਨੇ, ਜਿਸ ‘ਚ ਕਿਰਤ ਕਮਾਈ ਦਾ ਵੀ ਜਿ਼ਕਰ ਹੁੰਦਾ ਹੈ । ਪਰ ਆਪ ਡੱਕਾ ਤੋੜ ਕੇ ਦੂਹਰਾ ਨਹੀਂ ਕਰਦੇ !”

“ਗੱਲ ਬਿਲਕੁੱਲ ਸਾਫ਼ ਹੈ । ਦੁਨੀਆਂ ‘ਤੇ ਅੱਜ ਦੀ ਤਾਰੀਖ ‘ਚ ਅਸਲ ਮਸਲਾ ਪੈਸੇ ਦਾ ਹੈ । ਜੇਕਰ ਪੈਸਾ ਹੈ ਤਾਂ ਸਭ ਹੈ, ਰਿਸ਼ਤੇਦਾਰ, ਯਾਰ-ਦੋਸਤ, ਦੁਨਿਆਵੀ ਸੁੱਖ ਸਹੂਲਤਾਂ ਆਦਿ । ਜੇਕਰ ਕੰਮ ਕੀਤੇ ਬਿਨਾਂ ਸਭ ਮਸਲੇ ਹੱਲ ਹੋਣ ਤੇ ਜੈ-ਜੈਕਾਰ ਮੁਫ਼ਤ ਦੀ, ਤਾਂ ਕੌਣ ਛੱਡਣਾ ਚਾਹੇਗਾ ?” ਮੈਂ ਕਿਸੇ ਚੰਗੇ ਲੀਡਰ ਵਾਂਗ ਗੋਲ-ਮੋਲ ਜਿਹਾ ਜੁਆਬ ਦੇ ਦਿੱਤਾ ।

“ਆਹੋ ! ਗੱਲ ਤੇਰੀ ਸੋਲਾਂ ਆਨੇ ਸੱਚ ਹੈ । ਕਿਤੇ ਲਾਏ ਹੁੰਦੇ ਆਸਟ੍ਰੇਲੀਆ ਦੇ ਬਾਗ਼ਾਂ ‘ਚ ਸੰਤਰੇ ਤੋੜਨ ‘ਤੇ, ਮੁੜ ਲੱਗਦਾ ਪਤਾ ਦਸਾਂ ਨੌਹਆਂ ਦੀ ਕਿਰਤ ਕਮਾਈ ਕਿੱਦਾਂ ਹੁੰਦੀ ਹੈ । ਆਹ ਦੇਖ ਲੈ ਜਿੰਨੇ ਪਾੜ੍ਹੇ ਬਾਗ਼ਾਂ ‘ਚ ਕੰਮ ਕਰਦੇ ਨੇ ਸਭ ਵੀਹਾਂ ਨੌਹਾਂ ਦੀ ਕਿਰਤ ਕਰਦੇ ਨੇ । ਅਸਲ....”

“ਵੀਹਾਂ ਨੌਹਾਂ ਦੀ ਕਿਰਤ !!!! ਇਹ ਕੀ ਹੁੰਦੀ ਹੈ ? ਮੈਂ ਤਾਂ ਪਹਿਲੀ ਵਾਰੀ ਸੁਣਿਐ । ਅੱਜ ਤੱਕ ਤਾਂ ਦਸਾਂ ਨੌਹਾਂ ਦੀ ਕਿਰਤ ਕਮਾਈ ਬਾਰੇ ਹੀ ਪਤਾ ਸੀ ।” ਮੈਂ ਤਾਂ ਘੋਰ ਹੈਰਾਨੀ ‘ਚ ਪੈ ਗਿਆ ।

“ਨਿੱਕੀ ਜਿਹੀ ਤਾਂ ਗੱਲ ਹੈ, ਬਾਗ਼ਾਂ ‘ਚ ਫਲ ਤੋੜਨ ਲਈ ਪੌੜੀ ‘ਤੇ ਚੜ੍ਹਨਾ ਪੈਂਦਾ ਹੈ, ਕਈ ਵਾਰੀ ਤਾਂ ਪੌੜੀ ਵੀ ਦਸ-ਬਾਰਾਂ ਫੁੱਟ ਉੱਚੀ ਹੁੰਦੀ ਹੈ । ਜਦੋਂ ਸਾਰੀ ਦਿਹਾੜੀ ਨਾਨ-ਸਟਾਪ ਚੜ੍ਹ-ਲੱਥ ਕਰੀ ਜਾਣੀ ਹੈ ਤਾਂ ਲੱਤਾਂ ਤੇ ਪੈਰ ਕਿੰਨੇ ਦੁਖਦੇ ਨੇ, ਕੋਈ ਅੰਦਾਜ਼ਾ ਨਹੀਂ ਲਗਾ ਸਕਦਾ । ਹੁਣ ਦਸ ਨੌਂਹ ਹੋ ਗਏ ਪੈਰਾਂ ਦੇ ਤੇ ਦਸ ਹੋ ਗਏ ਹੱਥਾਂ ਦੇ ।” ਮੇਰੇ ਦਿਲ ਨੇ ਮੇਰੀ ਸ਼ੰਕਾ ਦਾ ਨਿਵਾਰਣ ਕਰਦਿਆਂ ਕਿਹਾ ।

“ਆਪਾਂ ਗੱਲ ਕਰ ਰਹੇ ਸੀ ਬਾਬਿਆਂ ਦੀ, ਅਸਲ ‘ਚ ਇਨ੍ਹਾਂ ਦੀ ਕਾਹਦੀ ਗ਼ਲਤੀ ਹੈ, ਜਨਤਾ ਨੇ ਸਿਰ ਹੀ ਚੜ੍ਹਾ ਰੱਖੇ ਨੇ । ਜਨਤਾ ਜਦੋਂ ਸਾਰੀ ਦਿਹਾੜੀ ਖੱਪ ਕੇ ਕੀਤੀ ਗਾੜ੍ਹੇ ਖੂਨ-ਪਸੀਨੇ ਦੀ ਕਮਾਈ ਦੇ ਮੱਥੇ ਟੇਕਦੀ ਐ, ਤਾਂ ਬਾਬੇ ਕਿਉਂ ਨਾਂਹ ਕਰਨ ? ਜੇਕਰ ਜਨਤਾ ਨੂੰ ਹੀ ਆਪਣੀ ਕਮਾਈ ਦਾ ਦਰਦ ਨਹੀਂ ਤਾਂ ਬਾਬਿਆਂ ਦੀ ਮੱਤ ਥੋੜ੍ਹਾ ਮਾਰੀ ਐ, ਪਈ ਚੜ੍ਹਾਵੇ ਤੋਂ ਨਾਂਹ ਕਰਨਗੇ । ਊਂ ਤਾਂ ਬਾਬੇ ਕਾਮ, ਕ੍ਰੋਧ, ਲੋਭ, ਮੋਹ ਆਦਿ ਤੋਂ ਦੂਰ ਰਹਿਣ ਦੇ ਪ੍ਰਵਚਨ ਕਰਦੇ ਨੇ, ਪਰ ਆਪ ਇਨ੍ਹਾਂ ਤੇ ਕਾਬੂ ਪਾ ਨਹੀਂ ਸਕੇ । ਆਹ, ਨਵੀਂ ਘਟਨਾ ਹੀ ਦੇਖ ਲੈ । ਬੱਬੂ ਮਾਨ ਨੇ ਇੱਕ ਗੀਤ ਗਾਇਆ, ਉਸਦੇ ਵਿਰੋਧ ‘ਚ ਇੱਕ ਬਾਬੇ ਨੇ ਆਪਣੇ ਦੀਵਾਨ ‘ਚ ਟਿੱਪਣੀ ਕੀਤੀ । ਟਿੱਪਣੀ ਕਹੀ ਤਾਂ ਕੀ ਕਹੀ ? ਵੱਡਾ ਸਾਰਾ ਟਿੱਪਣਾ ਕੀਤਾ । ਬਾਬੇ ਦੇ ਦਿਲ ‘ਚ ਮਘਦੇ ਅੰਗਿਆਰ ਉਹਦੀ ਜ਼ੁਬਾਨ ਰਾਹੀਂ ਬਾਹਰ ਆ ਰਹੇ ਸਨ । ਆਹ ਤਾਂ ਬਾਬਿਆਂ ਦਾ ਹੈ, ਕ੍ਰੋਧ ਤੇ ਕਾਬੂ । ਬਾਬਾ ਕਹਿੰਦਾ, ਜੇ ਕੋਈ ਸਾਬਤ ਸੂਰਤ ਗੱਲ ਕਰੇ ਤਾਂ ਕਰੇ, ਪਰ ਰੋਡੇ ਭੋਡੇ ਵੀ ਪੰਥਕ ਜਥੇਬੰਦੀਆਂ ‘ਤੇ ਗੱਲਾਂ ਕਰਦੇ ਨੇ । ਇਸਦਾ ਮਤਲਬ ਤਾਂ ਇਹ ਹੋਇਆ ਕਿ ਜੇਕਰ ਕੋਈ ਸਾਬਤ ਸੂਰਤ ਨਹੀਂ ਹੈ ਤਾਂ ਉਸਨੂੰ ਬੁਰਾਈ ਦੇ ਖਿਲਾਫ਼ ਆਵਾਜ਼ ਉਠਾਉਣ ਦਾ ਕੋਈ ਹੱਕ ਨਹੀਂ । ਬੱਬੂ ਮਾਨ ਨੇ ਤਾਂ ਪਾਖੰਡੀਆਂ ਦੇ ਖਿਲਾਫ਼ ਗੱਲ ਕੀਤੀ ਸੀ, ਕਿਸੇ ਦਾ ਨਾਮ ਤਾਂ ਨਹੀਂ ਲਿਆ ਸੀ, ਪਰ ਇਨ੍ਹਾਂ ਨੂੰ ਪਤਾ ਨਹੀਂ ਕਿਉਂ ਬੁਰਾ ਲੱਗ ਗਿਆ । ਕਿਤੇ ਸਿਆਣਿਆਂ ਦੀ ‘ਚੋਰ ਦੀ ਦਾੜ੍ਹੀ ‘ਚ ਡੱਕਾ’ ਵਾਲੀ ਗੱਲ ਸੱਚ ਤਾਂ ਨਹੀਂ ?” ਦਿਲ ਨੂੰ ਬਾਬਿਆਂ ਤੇ ਸਚਮੁੱਚ ਗੁੱਸਾ ਆਉਣ ਲੱਗ ਪਿਆ ਸੀ ।

“ਕਿਸੇ ਨੇ ਇੱਕ ਚੁਟਕਲਾ ਸੁਣਾਇਆ । ਪਈ ਇੱਕ ਬਾਬਾ ਕਹੇ ਕਿ ਮੈਂ ਕ੍ਰੋਧ ਨੂੰ ਜਿੱਤ ਲਿਆ ਹੈ । ਇੱਕ ਸ਼ਰਧਾਲੂ ਨੇ ਪੁੱਛਿਆ ‘ਬਾਬਾ ਜੀ ! ਕੀ ਤੁਹਾਨੂੰ ਸੱਚਮੁੱਚ ਗੁੱਸਾ ਨਹੀਂ ਆਉਂਦਾ ?” ਬਾਬਾ ਬੋਲਿਆ ‘ਹਾਂ ਪੁੱਤਰ ! ਮੈਨੂੰ ਕਦੀ ਗੁੱਸਾ ਨਹੀਂ ਆਉਂਦਾ ।’ ਸ਼ਰਧਾਲੂ ਨੇ ਚਾਰ ਕੁ ਵਾਰੀ ਫਿਰ ਉਹੀ ਸਵਾਲ ਪੁੱਛਿਆ । ਬਾਬਾ ਮੱਥੇ ਤਿਊੜੀਆਂ ਪਾ ਕੇ ਬੋਲਿਆ ‘ਕਾਕਾ ! ਤੈਨੂੰ ਅਜੇ ਤੱਕ ਸਮਝ ਨਹੀਂ ਆਈ, ਮੈਨੂੰ ਗੁੱਸਾ ਨਹੀਂ ਆਉਂਦਾ । ਪੰਦਰਾਂ ਕੁ ਮਿੰਟ ਪਿੱਛੋਂ ਸ਼ਰਧਾਲੂ ਨੇ ਫਿਰ ਉਹੀ ਸਵਾਲ ਕਰ ਦਿੱਤਾ । ਬਾਬੇ ਨੇ ਆਪਣੀ ਖੂੰਡੀ ਸ਼ਰਧਾਲੂ ਦੇ ਕੱਢ ਮਾਰੀ ਤੇ ਕਿਹਾ ‘ਭੈਣ ਦਿਆ **** ! ਤੈਨੂੰ ਕਿੰਨੀ ਵਾਰ ਦੱਸਾਂ ਕਿ ਮੈਨੂੰ ਗੁੱਸਾ ਕਦੀ ਨਹੀਂ ਆਉਂਦਾ ।” ਮੈਂ ਵੀ ਲੱਗਦੇ ਹੱਥ ਆਪਣੇ ਦਿਲ ਨੂੰ ਕਹਾਣੀ ਸੁਣਾ ਦਿੱਤੀ ।

“ਓ ਤੂੰ ਛੱਡ ਗੁੱਸੇ ਦੀਆਂ ਗੱਲਾਂ, ਅੱਗੇ ਸੁਣ । ਹੁਣ ਕਾਮ ਬਾਰੇ ਤਾਂ ਮੈਂ ਕੀ ਕਹਾਂ, ਅਖ਼ਬਾਰਾਂ ਨੇ ਹੀ ਬੜਾ ਕੁਝ ਕਹਿ ਦਿੱਤਾ । ਮੋਹ ਦੀ ਗੱਲ ਸੁਣ ਲੈ, ਬਾਬੇ ਊਂ ਤਾਂ ਕਹੀ ਜਾਂਦੇ ਨੇ ਪਈ ਕੋਈ ਕਿਸੇ ਦਾ ਪੁੱਤਰ ਨਹੀਂ, ਕੋਈ ਕਿਸੇ ਦੀ ਧੀ ਨਹੀਂ । ਸਭ ਲੈਣੀ-ਦੇਣੀ ਦੇ ਸੰਬੰਧ ਹਨ । ਭਲਾ ਪੁੱਛਣ ਵਾਲਾ ਹੋਵੇ ਕਿ ਆਪਣੇ ਧੀਆਂ-ਪੁੱਤਰ ਤਾਂ ਤੁਹਾਨੂੰ ਬੜੇ ਪਿਆਰੇ ਨੇ । ਤੁਹਾਨੂੰ ਤਾਂ ਪੂਰਾ ਗਿਆਨ ਹੈ, ਕਰੋ ਆਪਣੇ ਲੈਣੀ-ਦੇਣੀ ਦੇ ਸੰਬੰਧ ਖ਼ਤਮ ਤਾਂ ਜੋ ਜਨਤਾ ਵੀ ਤੁਹਾਡੇ ਮਗਰ ਲੱਗ ਸਕੇ । ਆਪ ਤਾਂ ਗ੍ਰਹਿਸਥ ਜੀਵਨ ਵੀ ਭੋਗ ਲਿਆ, ਜੁਆਕ ਵੀ ਜੰਮ ਲਏ । ਹੁਣ ਸਾਡੀ ਵਾਰੀ ਆਈ ਤਾਂ ਘੁੱਗੂ ਰੋ ਪਿਆ ! ਬੱਲੇ ਓਏ ਵੱਡੇ ਚਲਾਕਾਂ ਦੇ !! ਬਾਕੀ ਗੱਲ ਰਹੀ ਲੋਭ ਦੀ, ਉਹ ਵੀ ਸੁਣ ਲੈ । ਬਾਬੇ ਦਾਅਵੇ ਕਰਦੇ ਨੇ ਕਿ ਸਾਡੇ ਏਨੇ ਲੱਖ ਚੇਲੇ ਨੇ, ਮਾੜੀ ਜਿਹੀ ਕਰ ਖਾਂ ਗੁਣਾ ! ਜੇ ਇੱਕ ਚੇਲਾ ਸਾਲ ‘ਚ ਇੱਕ ਵਾਰੀ ਹੀ ਬਾਬੇ ਦੇ ਦਰਸ਼ਨ ਕਰਨ ਜਾਵੇ ਤੇ ਘੱਟੋ-ਘੱਟ ਦਸ ਰੁਪਏ ਮੱਥਾ ਟੇਕੇ ਤਾਂ ਗਿਣ ਲੈ ਸਿਫ਼ਰਾਂ, ਕਿੰਨੇ ਕੁ ਰੁਪਏ ਬਾਬੇ ਦੀ ਮੱਥਾ ਟਿਕਾਈ ਹੀ ਬਣ ਗਏ । ਹੁਣ ਜੇ ਜਨਤਾ ਆਪਣੀ ਹੱਡ-ਭੰਨਵੀਂ ਕਮਾਈ ‘ਚੋਂ ਕਰੋੜਾਂ ਰੁਪਏ ਬਾਬਿਆਂ ਨੂੰ ਹੀ ਸਲਾਨਾ ਦੇਈ ਜਾਂਦੀ ਐ ਤਾਂ ਬਾਬੇ ਨਵੀਨਤਮ ਕਾਰ ਕਾਲੇ ਰੰਗ ਦੀ ‘ਔਡੀ’ ਤਾਂ ਰੱਖਣਗੇ ਹੀ । ਬਾਕੀ ਦੁਨਿਆਵੀ ਸਹੂਲਤਾਂ ਮੋਬਾਇਲ, ਏਅਰ ਕੰਡੀਸ਼ਨਰ, ਕੰਪਿਊਟਰ, ਫਰਿੱਜ, ਟੈਲੀਵੀਜ਼ਨ ਤੇ ਹੋਰ ਸੁੱਖ ਸਹੂਲਤਾਂ ਤਾਂ ਪੈਸੇ ਨਾਲ਼ ਆ ਹੀ ਜਾਂਦੀਆਂ ਨੇ । ਇੰਕਮਟੈਕਸ ਵਾਲੇ ਵੀ ਛੋਟੇ ਦੁਕਾਨਦਾਰਾਂ ਦੇ ਸਿ਼ਕੰਜੇ ਕੱਸਣ ਵਾਲੇ ਹੀ ਹਨ, ਕਰੋੜਾਂ ਦੀ ਪ੍ਰਾਪਰਟੀ ਬਾਬਿਆਂ ਦੇ ਕੋਲ ਹੈ, ਕਦੀ ਨਹੀਂ ਸੁਣਿਆ ਕਿ ਕਿਸੇ ਬਾਬੇ ਦੀ ਇਨਕੁਆਰੀ ਹੋਈ ਹੋਵੇ । ਜੇ ਕਿਸੇ ਨੂੰ ਪੁੱਛ ਲਿਆ ਤਾਂ ‘ਦਾਨ’ ਵਾਲੀ ਮੋਰੀ ਥਾਣੀ ਸਭ ਨਿੱਕਲ ਜਾਣਗੇ ।” ਮੇਰੇ ਦਿਲ ਨੇ ਲੰਬਾ ਚੌੜਾ ਭਾਸ਼ਣ ਝਾੜ ਦਿੱਤਾ । ਹੁਣ ਮੈਂ ਆਪਣੇ ਮੂੰਹੋਂ ਕੋਈ ਗੱਲ ਕੱਢ ਕੇ ਜਾਂ ਕੋਈ ਟਿੱਪਣੀ ਕਰਕੇ “ਗੁਨਾਹਗਾਰ” ਥੋੜੀ ਬਣਨਾ ਸੀ, ਸੋ ਮੈਂ ਚੁੱਪ ਰਹਿਣ ‘ਚ ਭਲਾਈ ਸਮਝੀ । ਇੱਥੇ ਆਸਟ੍ਰੇਲੀਆ ਯੂਨਿਟਾਂ (ਘਰਾਂ) ‘ਚ ਮੁੰਡੇ ਅਕਸਰ ਹੀ ਮਹਿਫਿ਼ਲ ਲਗਾਈ ਰੱਖਦੇ ਨੇ । ਅੱਜ ਵੀ ਕਈ ਆਂਢੀ-ਗੁਆਂਢੀ ‘ਕੱਠੇ ਹੋਏ ਬੈਠੇ ਸੀ । ਕੁਦਰਤੀ ਬਾਬਿਆਂ ਤੇ ਚਰਚਾ ਹੋਣ ਲੱਗ ਪਈ ।

“ਗੱਲ ਇਉਂ ਐ, ਬਾਈ ਸਿਆਂ ! ਪਈ ਬਾਬਾ ਬੱਬੂ ਮਾਨ ਦੇ ਖਿਲਾਫ਼ ਕਿਉਂ ਬੋਲਿਆ, ਭਲਾ ਉਹਦਾ ਕਿਹੜਾ ਗੀਤ ‘ਚ ਨਾਮ ਲਿਆ ਸੀ ।”

“ਆਹੋ ! ਟੈਲੀਵੀਜ਼ਨ ਆਲੇ ਕਹੀ ਜਾਂਦੇ ਸੀ ਕਿ ਬਾਬੇ ਆਪ ਤਾਂ ਧਰਮ ਦਾ ਪ੍ਰਚਾਰ ਕਰਨ ਦੀ ਆੜ ‘ਚ ਐਸ਼ੋ-ਆਰਾਮ ਦੀ ਜਿੰਦਗੀ ਜਿਉਂਦੇ ਨੇ । ਮੈਂ ਯੂ-ਟਿਊਬ ‘ਤੇ ਦੇਖਿਆ ਸੀ ।”

“ਸਹੀ ਕਹਿੰਦੇ, ਕਿਹੜਾ ਝੂਠ ਐ ?”

“ਬਾਬਾ ਕਹਿੰਦਾ ਕਿ ਗੁਰੂ ਨਾਨਕ ਸਾਹਿਬ ਦੇ ਸਮੇਂ ਸਾਰੀ ਦੁਨੀਆਂ ਤੁਰਦੀ ਸੀ, ਗੁਰੂ ਸਾਹਿਬ ਵੀ ਤੁਰਦੇ ਸਨ । ਕਦੇ ਘੋੜਿਆਂ ਦਾ ਜ਼ਮਾਨਾ ਆ ਗਿਆ, ਕਦੇ ਰੱਥਾਂ ਦਾ ਜ਼ਮਾਨਾ ਆ ਗਿਆ, ਕਦੇ ਗੱਡੀਆਂ ਦਾ ਵੇਲਾ ਆ ਗਿਆ । ਸੁਣਨ ਵਾਲੇ ਤਾਂ ਗੱਡੀਆਂ ਤੇ ਆਉਣਗੇ ਤੇ ਪ੍ਰਚਾਰ ਕਰਨ ਵਾਲੇ ਤੁਰ ਕੇ ਜਾਣ, ਇਹ ਕਿਵੇਂ ਹੋ ਸਕਦੈ ?”

“ਪ੍ਰਚਾਰ ਕਰਨ ਨੂੰ ‘ਔਡੀ’ ਰੱਖਣੀ ਜ਼ਰੂਰੀ ਹੈ ਕੀ ? ਛੋਟੀ ਗੱਡੀ ਜਿਵੇਂ ਕਿ ਮਰੂਤੀ-ਮਰਾਤੀ ਵੀ ਤਾਂ ਰੱਖੀ ਜਾ ਸਕਦੀ ਹੈ ।”

“ਜੇ ਬਾਬੇ ਮਰੂਤੀ ‘ਚ ਆਉਣਗੇ ਤਾਂ ਲੋਕ ਕਹਿਣਗੇ ਛੋਟੇ ਬਾਬੇ ਆ ਗਏ, ਵੱਡੀ ਗੱਡੀ ਨਾਲ਼ ਸੰਗਤਾਂ ਤੇ ਚੰਗਾ ਪ੍ਰਭਾਵ ਪੈਂਦਾ ਹੈ ।” ‘ਤੇ ਯੂਨਿਟ ‘ਚ ਹਾਸੜ ਮੱਚ ਗਈ । 40-45 ਡਿਗਰੀ ਤਾਪਮਾਨ ‘ਚ ਖੇਤਾਂ ‘ਚ ਕੰਮ ਕਰਕੇ ਭੰਨੀ ਪਈ ਮੁੰਡ੍ਹੀਰ ਨੂੰ ਗੱਲਬਾਤ ਕਰਨ ਦਾ ਕੋਈ ਅਜਿਹਾ ਵਿਸ਼ਾ ਮਿਲਦਾ ਰਹੇ ਤਾਂ ਭਿਆਨਕ ਗਰਮੀ ਦੇ ਬਾਵਜੂਦ ਉਹ ਆਪਣੇ ‘ਵਡਮੁੱਲੇ ਵਿਚਾਰ’ ਪ੍ਰਗਟ ਕਰਕੇ ਤਰੋ-ਤਾਜ਼ਾ ਰਹਿੰਦੇ ਨੇ । ਇਸ ਮਸਲੇ ਦਾ ਕੀ ਅੰਤ ਹੋਵੇਗਾ ਇਹ ਤਾਂ ਅਜੇ ਭਵਿੱਖ ਦੇ ਗਰਭ ‘ਚ ਹੈ ਪਰ ਮੈਂ ਆਪਣੇ ਦਿਲ ਨੂੰ ਸਮਝਾਉਣ ਤੇ ਲੱਗਾ ਹੋਇਆ ਸਾਂ ।

“ਆਪਾਂ ਕੀ ਕਰ ਸਕਦੇ ਹਾਂ, ਦਿਲਾ ਮੇਰਿਆ ? ਜਦੋਂ ਬਾਬਿਆਂ ਦੇ ਮਗਰ ਲੱਗਣ ਵਾਲੇ ਲੋਕਾਂ ਦੀ ਤਾਦਾਦ ਲੱਖਾਂ ‘ਚ ਹੈ ਤਾਂ ਤੇਰੇ ਵਰਗਿਆਂ ਦੀ ਆਵਾਜ਼ ਕੀਹਨੇ ਸੁਣਨੀ ਐ ? ਦੜ ਵੱਟ ਜ਼ਮਾਨਾ ਕੱਟ ਵਾਲਾ ਹਿਸਾਬ ਠੀਕ ਹੈ । ਇੱਕ ਗੱਲ ਤੂੰ ਵੀ ਦੱਸ ਕਿ ਬੱਬੂ ਮਾਨ ਕਿਹੜਾ ਭਲਾ ਹੈ ? ਹੋਰ ਨਸਿ਼ਆਂ ਦਾ ਤਾਂ ਮੈਨੂੰ ਪਤਾ ਨਹੀਂ ਪਰ ਸਫ਼ਲਤਾ ਦਾ ਨਸ਼ਾ ਉਸਦੇ ਦਿਮਾਗ ਤੇ ਇਸ ਕਦਰ ਹਾਵੀ ਹੋਇਆ ਹੈ ਕਿ ਉਸਨੂੰ ਚੰਗੇ ਮਾੜੇ ਦੀ ਪਹਿਚਾਣ ਹੀ ਨਹੀਂ ਰਹੀ । ਸਟੇਜ ‘ਤੇ ਖੜ੍ਹਾ ਹੋ ਕੇ ਬੋਲਣ ਲੱਗਿਆਂ ਅੱਗਾ ਪਿੱਛਾ ਨਹੀਂ ਦੇਖਦਾ ।”

“ਮੈਂ ਕਿਹੜਾ ਬੱਬੂ ਮਾਨ ਦੀ ਪੱਖ ਲੈ ਰਿਹਾ ਹਾਂ ? ਇੱਕ ਬੰਦੇ ਨੇ ਉਸਦੀ ਗ਼ਲਤ ਆਲੋਚਨਾ ਕੀਤੀ, ਮੈਂ ਤਾਂ ਕੇਵਲ ਗ਼ਲਤ ਨੂੰ ਗ਼ਲਤ ਕਿਹਾ ਹੈ । ਨਥਿੰਗ ਮੋਰ....! ਮੈਂ ਕਦੋਂ ਕਿਹਾ ਕਿ ਇਹ ਗਾਇਕ ਚੁਆਵੇਂ ਦੁੱਧ ਦਾ ਧੋਤਾ ਹੈ ?” ਮੇਰਾ ਦਿਲ ਆਪਣਾ ਬਚਾਅ ਕਰਨ ‘ਚ ਪੂਰੀ ਤਰ੍ਹਾਂ ਕਾਮਯਾਬ ਸੀ ।

“ਆਹ ਪਿੱਛੇ ਜਿਹੇ ਕਿਸੇ ਨੇ ਵਿਆਨਾ ‘ਚ ਬਾਬਾ ਮਾਰ ਦਿੱਤਾ ਤਾਂ ਲੋਕਾਂ ਨੇ ਪੰਜਾਬ ‘ਚ ਹਜ਼ਾਰਾਂ ਕਰੋੜ ਰੁਪਇਆਂ ਦੀ ਜਾਇਦਾਦ ਫੂਕ ਦਿੱਤੀ । ਕਿੱਥੇ ਪੰਜਾਬ ਕਿੱਥੇ ਵਿਆਨਾ । ਭਲਾ ਕੋਈ ਪੁੱਛਣ ਵਾਲਾ ਹੋਵੇ ਜੇ ਬਾਹਲਾ ਹੀ ਗੁੱਸਾ ਆਉਂਦੈ ਤਾਂ ਲੈ ਕੇ ਵੀਜ਼ਾ ਵਿਆਨਾ ਦਾ, ਜਾ ਕੇ ਕੱਟਾ-ਕੱਟੀ ਕੱਢ ਲਵੋ । ਆਪਣੇ ਵਾਰੀ ਲੋਕਾਂ ਦਾ ਇਹ ਹਾਲ ਹੈ ਕਿ ਜੇ ਖੰਘਾਰ ਵੀ ਸੁੱਟਣਾ ਹੋਵੇ ਤਾਂ ਉਹ ਵੀ ਆਪਣੀ ਕੁਕੜੀ ਅੱਗੇ ਸੁੱਟਣਗੇ ਤੇ ਬੇਗਾਨੀ (?) ਜਾਇਦਾਦ ਦਾ ਕੋਈ ਮੁੱਲ ਨਹੀਂ ? ਵੇਖ ਖਾਂ ! ਕਿੰਨੇ ਸਿਆਣੇ ਲੋਕ ਨੇ ਆਪਣੇ ਮੁਲਕ ਦੇ, ਕਾਂਡ ਕਿੱਥੇ ਹੋਇਆ ਤੇ ਸਾੜ-ਫੂਕ ਤੇ ਦੰਗੇ ਕਰਨ ਲੱਗ ਪਏ ਆਪਣੇ ਘਰ ‘ਚ । ਸ਼ਰਮ ਨਹੀਂ ਆਉਂਦੀ । ਉਹੋ ਜਿਹੀ ਸਰਕਾਰ, ਬੱਸ ਤਮਾਸ਼ਾ ਹੀ ਦੇਖਣ ਜੋਕਰੀ ਹੈ । ਭਾਵੇਂ ਜਿੰਨੇ ਮਰਜ਼ੀ ਦੰਗੇ ਹੋਈ ਜਾਣ, ਜਿੰਨੀ ਮਰਜ਼ੀ ਸਾੜ-ਫੂਕ ਹੋਈ ਜਾਏ, ਕਿਸੇ ਨੂੰ ਕੁਝ ਕਹਿਣਾ ਨਹੀਂ । ਜੇ ਮੁਲਕ ਦੀ ਬੇੜੀ ਬਹਿੰਦੀ ਹੈ, ਤਾਂ ਬਹਿ ਜਾਵੇ ਪਰ ਵੋਟ ਬੈਂਕ ਨੂੰ ਆਂਚ ਨਾ ਆਵੇ ।”

“ਦਿਲਾ ਮੇਰਿਆ ! ਕਿਉਂ ਅੰਤਰ-ਰਾਸ਼ਟਰੀ ਦੁੱਖ ਆਪਣੇ ਆਪ ਨੂੰ ਲਾਈ ਬੈਠਾ ਏਂ ? ਜੇ ਆਪਣੇ ਹਮਵਤਨਾਂ ‘ਚ ਏਨੀ ਹੀ ਦੇਸ਼ਭਗਤੀ ਦੀ ਭਾਵਨਾ ਹੁੰਦੀ ਤਾਂ ਇਹ ਮੁਲਕ ਦੁਨੀਆਂ ਦਾ ਸਭ ਤੋਂ ਅਮੀਰ ਮੁਲਕ ਹੋਣਾ ਸੀ । ਕੁਦਰਤ ਨੇ ਏਨੀਆਂ ਨਿਆਮਤਾਂ ਬਖ਼ਸ਼ੀਆਂ ਨੇ ਭਾਰਤ ਨੂੰ, ਚੰਗਾ ਪੌਣ-ਪਾਣੀ, ਉਪਜਾਊ ਧਰਤੀ, ਫਲਾਂ ਦੇ ਬਗੀਚੇ, ਜੰਗਲ, ਪਹਾੜ, ਸਮੁੰਦਰ, ਵੱਖ-ਵੱਖ ਧਾਤਾਂ ਦੀਆਂ ਖਦਾਨਾਂ ਤੇ ਪਤਾ ਨਹੀਂ ਹੋਰ ਕੀ ਕੁਝ । ਪਰ ਕੀ ਕੋਈ ਫਾਇਦਾ ਹੋ ਰਿਹਾ ਹੈ ? ਜੇਕਰ ਚਾਲੀ ਪੈਸੇ ਫਾਇਦਾ ਹੁੰਦਾ ਹੈ ਤਾਂ ਰੁਪਈਏ ਦਾ ਨੁਕਸਾਨ ਲੋਕ ਆਪਣਾ ਗੁੱਸਾ ਸ਼ਾਂਤ ਕਰਨ ‘ਚ ਹੀ ਕਰ ਦਿੰਦੇ ਨੇ । ਰਾਜਨੀਤੀ ਦੀ ਗੱਲ ਕਰ ਲਵੋ, ਜੇ ਸੱਤਾਧਾਰੀ ਪਾਰਟੀ ‘ਚ ਕਿਸੇ ਦੇ ਕੁੱਤੇ ਨੂੰ ਕਬਜ਼ ਹੋ ਜਾਂਦੀ ਹੈ ਤਾਂ ਬਿਆਨ ਦਿੰਦੇ ਨੇ ‘ਇਸ ਵਿੱਚ ਵਿਦੇਸ਼ੀ ਤਾਕਤਾਂ ਦਾ ਹੱਥ ਹੈ ।’ ਜੇਕਰ ਵਿਰੋਧੀ ਧਿਰ ‘ਚ ਕਿਸੇ ਦੀ ਬਿੱਲੀ ਨੂੰ ਨਜ਼ਲਾ ਹੋ ਜਾਂਦਾ ਹੈ ਤਾਂ ਉਹ ਸੱਤਾਧਾਰੀ ਪਾਰਟੀ ‘ਤੇ ਇਲਜ਼ਾਮ ਲਗਾ ਦਿੰਦੀ ਹੈ ਤੇ ਅਸਤੀਫਿ਼ਆਂ ਦੀ ਮੰਗ ਕਰਦੀ ਹੈ । ਲੀਡਰਾਂ ਮਗਰ ਲੱਗ ਕੇ ਜਨਤਾ ਇੱਕ-ਦੂਜੇ ਨਾਲ਼ ਲੜੀ ਜਾਂਦੀ ਹੈ ਤੇ ਵਿਰੋਧੀ ਪਾਰਟੀਆਂ ਦੇ ਲੀਡਰਾਂ ਦੀਆਂ ਆਪਸ ‘ਚ ਰਿਸ਼ਤੇਦਾਰੀਆਂ ਨੇ । ਉਹੋ ਜਿਹੀ ਜਨਤਾ ਹੈ, ਬਿਨਾਂ ਕਿਸੇ ਸੋਚ-ਵਿਚਾਰ ਲੀਡਰਾਂ ਦੇ ਮਗਰ ਲੱਗ ਤੁਰਦੀ ਹੈ । ਲੀਡਰ ਕਹਿੰਦਾ ਹੈ, ‘ਜਨਤਾ ਨੀ ਜਨਤਾ ਤੇਰਾ ਕੰਨ ਕੁੱਤਾ ਲੈ ਗਿਆ ।’ ਧੰਨ ਹੈ ਜਨਤਾ ! ਸ਼ੀਸ਼ਾ ਵੇਖ ਕੇ ਜਾਂ ਹੱਥ ਲਾ ਕੇ ਚੈੱਕ ਨਹੀਂ ਕਰਨਾ ਕਿ ਕੰਨ ਹੈ ਜਾਂ ਨਹੀਂ, ਬੱਸ ਕੁੱਤੇ ਮਗਰ ਸ਼ੂਟ ਵੱਟ ਲੈਣੀ ਹੈ । ਜਾਪਦਾ ਹੈ, ਕਿਸੇ ਦੀ ਆਪਣੀ ਸੋਚ ਹੀ ਨਹੀਂ, ਸਭ ਦੀ ਸੋਚ ਲੀਡਰ ਜਾਂ ਪਾਰਟੀ ਲੈਵਲ ਤੇ ਹੀ ਚੱਲਦੀ ਹੈ । ਜੋ ਪਾਰਟੀ ਨੇ ਕਹਿ ਦਿੱਤਾ, ਸੱਚ ਹੈ । ਭਲਿਓਮਾਣਸੋ ! ਘੱਟੋ-ਘੱਟ ਕਿਸੇ ਵੀ ਗੱਲ ਨੂੰ ‘ਆਪਣੀ ਨਿੱਜੀ ਸੋਚ’ ਅਨੁਸਾਰ ਤਰਕ ਦੀ ਕਸਵੱਟੀ ‘ਤੇ ਪਰਖ ਤਾਂ ਲਵੋ । ਫੈਸਲਾ ਜੋ ਮਰਜ਼ੀ ਲਈ ਜਾਇਓ ।”

“ਇੱਕ ਆਈਡੀਆ ਆਇਆ ਗੁਲਾਟੀ, ਜੇ ਮੰਨ ਲਵੇਂ ! ਸੌਂਹ ਖਾ ਕੇ ਕਹਿਨਾਂ, ਆਪਣੀਆਂ ਪੌਂ-ਬਾਰਾਂ ਹੋ ਜਾਣਗੀਆਂ ।” ਮੇਰੇ ਦਿਲ ਦੇ ਦਿਮਾਗ ਵੀ ਹੈ, ਜੋ ਆਈਡੀਆ ਆ ਗਿਆ, ਸੋਚ ਕੇ ਮੈਂ ਹੈਰਾਨ ਵੀ ਕਾਫ਼ੀ ਹੋਇਆ । ਪਰ ਭਾਈ ! ਕਲਯੁੱਗ ਹੈ, ਸਭ ਸੰਭਵ ਹੈ ।

“ਚੱਲ ! ਤੂੰ ਉਹ ਵੀ ਆਉਣ ਦੇ ।”

“ਇਉਂ ਕਰ, ਮਿਹਨਤ ਤਾਂ ਕੋਈ ਕਰਨੀ ਨਹੀਂ । ਇੱਥੇ ਆਸਟ੍ਰੇਲੀਆ ‘ਚ ਫਲ ਕਾਫ਼ੀ ਸਸਤਾ ਹੈ । ਬੱਸ ਫਲਾਂ ਨੂੰ ਗੇੜਾ ਦੇਣਾ ਸ਼ੁਰੂ ਕਰ ਦੇ । ਬੱਸ ! ਸੇਬ ਤੇ ਟਮਾਟਰ ਹੀ ਖਾਈ ਜਾਇਆ ਕਰ । ਡਾਲਰ ਦੇ ਕਿਲੋ ਸੇਬ ਤੇ ਡੇਢ ਡਾਲਰ ਦੇ ਕਿਲੋ ਟਮਾਟਰ ਮਿਲੀ ਜਾਂਦੇ ਨੇ । ਸਾਲ ਕੁ ਸੇਬ ਤੇ ਟਮਾਟਰ ਖਾ-ਖਾ ਕੇ ਜਦੋਂ ਗੱਲ੍ਹਾਂ ਹੋ ਗਈਆਂ ਟਮਾਟਰ ਅਰਗੀਆਂ ਲਾਲ, ਬਾਈ ਸਿਆਂ ਚੁੱਪ ਕਰਕੇ ਪੰਜਾਬ ਜਾ ਕੇ ਬਾਬਾ ਬਣ ਜਾ । ਤੇਰੀ ਤਾਂ ਕਦਰ ਵੀ ਬਾਹਲੀ ਹੋਊ, ਕਿਉਂ ‘ਬਾਹਰਲਾ ਬਾਬਾ’ ਜੋ ਹੋਏਂਗਾ । ਬਾਕੀ ਨਾਮ ਦੀ ਵੀ ਸੌਖ ਹੈ, ‘ਰਿਸ਼ੀ’ ਤਾਂ ਤੂੰ ਪਹਿਲਾਂ ਹੀ ਹੈਂ, ਮੂਹਰੇ 108, 1008 ਜਾਂ ਜਿੰਨੇ ਮਰਜ਼ੀ ਅੱਠ ਲਾ ਲਈਂ ।” ਸਕੀਮ ਸੁਣਕੇ ਤਾਂ ਦਿਲ ਤੋਂ ਬਲਿਹਾਰੀ ਜਾਣ ਨੂੰ ਮਨ ਹੋ ਗਿਆ, ਕਿਉਂ ਜੋ ਮੈਨੂੰ ਮਰਵਾਉਣ ਦੇ ਇੰਨੇ ਕੁ ਪ੍ਰਬੰਧ ਕਾਫ਼ੀ ਸਨ ।

“ਮੈਂ ਤੈਨੂੰ ਏਨੀ ਵਧੀਆ ਸਕੀਮ ਦੱਸੀ ਹੈ, ਹੁਣ ਤਾਂ ਮੇਰਾ ਲੇਖ਼ ਲਿਖ ਦੇਵੇਂਗਾ ਨਾ ?” ਦਿਲ ਮੁੜ-ਘੁੜ ਕੇ ਪੁਰਾਣੀ ਗੱਲ ‘ਤੇ ਆ ਗਿਆ ।

“ਨਾ ਬਿਲਕੁੱਲ ਨਹੀਂ, ਹੋਰ ਜੋ ਮਰਜ਼ੀ ਗੱਲਾਂ ਕਰੀ ਜਾ ਪਰ ਇਹ ਗੱਲ ਝੂਠੀ ।”

“ਗੱਲ ਸੁਣ ਬਾਈ ਸਿਆਂ, ਜਾਂ ਤਾਂ ਬੰਦਾ ਬਣਕੇ ਮੇਰਾ ਲੇਖ਼ ਲਿਖ ਦੇ, ਨਹੀਂ ਤਾਂ ਮੈਂ ਤੇਰੇ ਸਿਸਟਮ ‘ਚ ਐਸਾ ਪੰਗਾ ਪਾਊਂ ਕਿ ਜਿਹੜੀ ਸਲੂਣੀ ਦਾਲ ਸਬਜ਼ੀ ਇੱਕ ਵਾਰੀ ਬਣਾ ਕੇ ਦੋ-ਤਿੰਨ ਦਿਹਾੜੀਆਂ ਟਪਾ ਲੈਂਦੈਂ, ਉਹਦੀ ਜਗ੍ਹਾ ਤੇ ਉਬਲੀਆਂ ਸਬਜ਼ੀਆਂ ਖਾਣੀਆਂ ਪੈਣਗੀਆਂ ਤੇ ਉਹ ਵੀ ਤਾਜ਼ੀਆਂ ਉਬਾਲ ਕੇ । ਹੁਣ ਇਹ ਦੇਖ ਲੈ ਪਈ ਥੱਕਿਆ ਹਾਰਿਆ ਕੰਮ ਤੋਂ ਆਉਂਦੈਂ ਤੇ ਜੇ ਆਉਂਦਿਆਂ ਫਰਿੱਜ ‘ਚੋਂ ਬੇਹਾ-ਤਰਬੇਹਾ ਕੱਢ ਕੇ ਖਾਣ ਦੀ ਬਜਾਏ, ਰੋਜ਼ ਈ ਤਾਜ਼ੀਆਂ ਸਬਜ਼ੀਆਂ ਉਬਾਲ ਕੇ ਫਿੱਕੀਆਂ ਬਿਨਾਂ ਤੜਕੇ ਤੋਂ ਖਾਣੀਆਂ ਪੈ ਗਈਆਂ ਤਾਂ ਤੇਰਾ ਬਣੂ ਕੀ ?” ਮੇਰਾ ਦਿਲ ਗੱਲਬਾਤ ਦਾ ਵਿਸ਼ਾ ਬਦਲਦਿਆਂ ਲੱਗਭੱਗ ਧਮਕੀ ‘ਤੇ ਉਤਰ ਆਇਆ ।

“ਵੇ ਗੱਲ ਸੁਣ ਦਿਲਾ ਫਿਲਾ ਜਿਆ, ਰੌਲਾ ਤੇਰਾ ਇਹਦੇ ਨਾਲ਼ ਐ, ਮੇਰਾ ਟੇਸਟ ਕਿਉਂ ਖ਼ਰਾਬ ਕਰਦੈਂ ? ਵੀਰ ਮੇਰਿਆ ! ਮੈਂ ਬੇਹੀਆਂ-ਤਰਬੇਹੀਆਂ ਤੇ ਠੰਢੀਆਂ ਤਾਂ ਰਾਜ਼ੀ ਐਂ, ਪਰ ਜੇ ਤੂੰ ਕਹੇਂ ਉਬਲੀਆਂ ? ਤਾਂ ਗੱਲ ਬਿਲਕੁੱਲ ਈ ਝੂਠੀ ਐ ।” ਮੇਰੀ ਜੀਭ ਜੋ ਕਾਫ਼ੀ ਟਾਈਮ ਦੀ ਸਾਡੀ ਬਹਿਸ ਸੁਣੀ ਜਾ ਰਹੀ ਸੀ, ਨੂੰ ਆਪਣਾ ਤੌਖਲਾ ਉੱਠਿਆ ।

“ਗੱਲ ਸੁਣ ਬੀਬੀ । ਮੇਰਾ ਪਾਰਾ ਅੱਜ ਬੜਾ ਚੜ੍ਹਿਐ ਵਿਐ । ਤੂੰ ਦਖ਼ਲ ਅੰਦਾਜ਼ੀ ਨਾ ਕਰ ਤਾਂ ਹੀ ਚੰਗਾ ।” ਦਿਲ ਜਾਪਦੈ, ਦੁਨਿਆਵੀ ਬੇ-ਹੁਰਮਤੀਆਂ ਤੋਂ ਸੱਚੀਂਮੁੱਚੀ ਸੀਰੀਅਸ ਹੋਇਆ ਬੈਠਾ ਸੀ ।

“ਵੇ ਮੈਂ ਤੈਥੋਂ ਕੀ ਟਿੰਡੀਆਂ ਲੈਣੀਐਂ ? ਬੱਸ ! ਮੇਰੇ ਕੰਮ ‘ਚ ਟੰਗ ਅੜਾਉਣ ਦੀ ਲੋੜ ਨਹੀਂ । ਜੇ ਬਾਹਲਾ ਔਖੈਂ ਤਾਂ ਗੁਲਾਟੀ ਨੂੰ ਪੇਪਰਾਂ ਚੋਂ ਫੇਲ੍ਹ ਕਰ ਦੇ । ਆਪਣੀਆਂ ਗ਼ਲਤੀਆਂ ਦਾ ਫ਼ਲ ਆਪੇ ਭੁਗਤੂ ।” ਜੀਭ ਵੀ ਆਪਣੇ ਸੁਆਦਾਂ ਪਿੱਛੇ ਮੇਰੇ ਨਿਮਾਣੇ ਦੇ ਖਿਲਾਫ਼ ਵੋਟ ਭੁਗਤਾ ਗਈ ।

“ਓ ਸਹੁਰੀ ਦੀਏ ! ਪੇਪਰਾਂ ਚੋਂ ਫੇਲ੍ਹ ਨਹੀਂ, ਦਿਲ ਫੇਲ੍ਹ ਹੁੰਦੈ ਬੰਦੇ ਦਾ । ਜੇ ਦਿਲ ਹੀ ਫੇਲ੍ਹ ਹੋ ਗਿਆ ਤਾਂ ਨਾ ਗੁਲਾਟੀ, ਨਾ ਉਹਦਾ ਦਿਲ, ਨਾ ਤੂੰ ਤੇ ਨਾ ਮੈਂ । ਸਹੁਰੀ ਦੀਏ ! ਗੱਲ ਤਾਂ ਚੱਜ ਦੀ ਕਰ ਲੈ, ਇੱਕ ਆਵਦੇ ਸੁਆਦ ਪਿੱਛੇ ਸਾਰੀ ਹਕੂਮਤ ਬਦਲਣ ਨੂੰ ਫਿਰਦੀ ਐਂ ।” ਜੀਭ ਦੀ ਗੱਲ ਸੁਣਕੇ ਮੇਰੇ ਫੇਫੜਿਆਂ ਨੂੰ ਸ਼ਾਇਦ ਆਪਣਾ ਸਾਹ ਬੰਦ ਹੁੰਦਾ ਨਜ਼ਰ ਆਉਣ ਲੱਗ ਪਿਆ ਸੀ ।

“ਤੂੰ ਦੱਸ ਖ਼ਸਮਾਂ ! ਕੀ ਚਾਹੁੰਨੈਂ ? ਆਪਣੀ ਭੜਾਸ ਮੇਰੇ ਕੋਲ ਕੱਢ ਲੈ, ਪਰ ਵਾਸਤਾ ਈ ਰੱਬ ਦਾ, ਹੌਲੀ ਬੋਲੀਂ ਮੇਰਾ ਵੀਰ । ਮੈਂ ਤੇਰੀਆਂ ਗੱਲਾਂ ਨੂੰ ਆਪਣੇ ਹਿਸਾਬ ਨਾਲ਼ ਸੋਚ ਕੇ ਦੇਖੂੰ, ਇਹ ਵਾਅਦਾ ਰਿਹਾ ਕਿ ਜੇ ਲਿਖਣਾ ਮੁਨਾਸਿਬ ਲੱਗਾ ਤਾਂ ਜ਼ਰੂਰ ਲਿਖੂੰ, ਨਹੀਂ ਤਾਂ ਬਾਈ ਸਿਆਂ, ਤੂੰ ਸਿੱਧਾ ਰਹਿ ਜਾਂ ਟੇਢਾ ਹੋ, ਮੈਂ ਪੰਗਾ ਨਹੀਂ ਲੈ ਸਕਦਾ । ਮੈਂ ਨਿਆਣੇ ਪਾਲਣੇ ਨੇ, ਤੇਰੇ ਮਗਰ ਲੱਗ ਕੇ ਸਚਾਈ ਤੇ ਪਹਿਰਾ ਦੇਣ ਦੇ ਚੱਕਰ ‘ਚ ਆਪਣਾ ਕੂੰਡਾ ਨਹੀਂ ਕਰਵਾਉਣਾ । ਮੇਰੇ ਕੋਈ ਪੰਜਾਬ ‘ਚ ਕਿੱਲੇ ਨਹੀਂ ਪਏ, ਕਿ ਬੇਟੀਆਂ ਦਾ ਭਵਿੱਖ ਸੁਰੱਖਿਅਤ ਹੈ, ਮੈਂ ਤਾਂ ਮਿਹਨਤ ਕਰਕੇ ਹੀ ਬੱਚੇ ਪਾਲਣੇ ਨੇ । ਚੱਲ ! ਮੈਂ ਤੇਰੀਆਂ ਗੱਲਾਂ ਰਿਕਾਰਡ ਕਰ ਲੈਨੈਂ, ਮੁੜ ਠੰਢੇ ਮਤੇ ਨਾਲ਼ ਸੁਣ ਕੇ ਫੈਸਲਾ ਕਰੂੰ ਕਿ ਲੇਖ਼ ਲਿਖਣਾ ਜਾਂ ਨਹੀਂ ।” ਮੈਂ ਆਪਣੇ ਦਿਲ ਨੂੰ ਲੇਖ਼ ਲਿਖਣ ਦੀ ਝੂਠੀ ਤਸੱਲੀ ਦਿੰਦਿਆਂ ਕਿਹਾ ਤੇ ਕੈਸਟ ਰਿਕਾਰਡਰ ਬੈਗ ‘ਚੋਂ ਕੱਢ ਕੇ ਦਿਲ ਦੇ ਮੂੰਹ ਕੋਲੇ ਕਰ ਦਿੱਤਾ ।

“ਤੈਨੂੰ ਪੰਜਾਬ ਰਹਿੰਦਿਆਂ ਕਿੰਨੀ ਵਾਰੀ ਲੋਕਾਂ ਨੇ ਮੱਤ ਦਿੱਤੀ ਸੀ ਕਿ ਮਾੜੀ ਜਿਹੀ ‘ਉਂਗਲ ਟੇਢੀ’ ਕਰ ਲੈ, ਜੇ ਮੰਨ ਲੈਂਦਾ ਤਾਂ ਏਨਾ ਔਖਾ ਤਾਂ ਨਾ ਹੁੰਦਾ । ਪੰਜਾਬ ‘ਚ ਹੀ ਆਸਟ੍ਰੇਲੀਆ ਹੋਣਾ ਸੀ । ਓਦੋਂ ਤਾਂ ਕੇਰਾਂ ਈ ਰਾਜਾ ਹਰੀਸ਼ਚੰਦਰ ਬਣਦਾ ਸੀ । ਹੁਣ ਭੁਗਤ । ਨਾਲੇ਼ ਖੇਤਾਂ ‘ਚ ਸਾਰੀ ਦਿਹਾੜੀ ਧੁੱਪੇ ਮੱਚਦੈਂ, ਨਾਲ਼ੇ ਬੱਚਿਆਂ ਤੋਂ ਅੱਡ ਹੋ ਕੇ ਬਨਵਾਸ ਭੁਗਤੀ ਜਾਂਦੈਂ ।”

“ਤਾਂ ਕੀ ਹੋਇਆ ? ਜੇ ਮੇਰੀ ਕਿਸਮਤ ‘ਚ ਇਹੀ ਕੁਛ ਐ ਤਾਂ ਇੰਝ ਹੀ ਸਹੀ । ਨਾਲ਼ੇ ਖੇਤਾਂ ‘ਚ ਕੰਮ ਕਰਨ ਦਾ ਕੀ ਮਿਹਣਾ ਐ ? ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਨੇ ਵੀ ਤਾਂ ਸਾਨੂੰ ਦਸਾਂ ਨੌਹਆਂ ਦੀ ਕਿਰਤ ਕਰਨ ਦਾ ਉਪਦੇਸ਼ ਦਿੱਤਾ ਸੀ ਤੇ ਖੁਦ ਆਪਣੇ ਮੁਬਾਰਕ ਹੱਥਾਂ ਨਾਲ਼ ਖੇਤੀ ਕੀਤੀ ਸੀ । ਮੈਂ ਤਾਂ ਬਾਈ ਸਿਆਂ, ਪੰਜਾਬ ਰਹਿੰਦਿਆਂ ਵੀ ਹਮੇਸ਼ਾਂ ਮਿਹਨਤ ਤੇ ਲਗ਼ਨ ਨਾਲ ਹੀ ਕੰਮ ਕੀਤਾ, ਚਾਹੇ ਨੌਕਰੀ ਸੀ ਜਾਂ ਆਪਣਾ ਕੰਮ, ਤੇ ਹੁਣ ਵੀ ਦਸਾਂ ਨੌਹਆਂ ਦੀ ਕਿਰਤ ਕਰ ਰਿਹਾ ਹਾਂ, ਜਿਸ ਸੱਚੀ ਸਰਕਾਰ ਦੇ ਉਪਦੇਸ਼ ਤੇ ਚੱਲਦਾ ਹਾਂ, ਜ਼ਰੂਰ ਰੰਗ ਭਾਗ ਲਾਊਗੀ ।” ਮੈਂ ਆਪਣੀ ਮਿਹਨਤ ‘ਤੇ ਮਾਣ ਮਹਿਸੂਸ ਕਰਦਿਆਂ ਕਿਹਾ ।

“ਮੈਂ ਭੁੱਲਿਆਂ ਤੈਨੂੰ ਵੱਡੇ ਖੇਤਾਂ ‘ਚ ਕੰਮ ਕਰਕੇ ਮਾਣ ਮਹਿਸੂਸ ਕਰਨ ਵਾਲੇ ਨੂੰ, ਸਾਰਾ ਦਿਨ ਮੇਰੇ ਕੋਲ ਰੋਂਦਾ ਰਹਿੰਨੈ ਪਈ ਕਿੱਥੇ ਫਸ ਗਿਆ, ਹੁਣ ਫੋਕੀਆਂ ਟਾਹਰਾਂ ਨਾ ਮਾਰ । ਫਸੀ ਨੂੰ ਫਟਕਣ ਕੇਹੀ ਵਾਲੀ ਗੱਲ ਐ, ਤਾਂ ਕਰਦੈਂ । ਪੰਜਾਬ ਦੇ ਖੇਤਾਂ ‘ਚ ਕੰਮ ਤਾਂ ਖੇਤਾਂ ਦੇ ਮਾਲਕ ਨਹੀਂ ਕਰਦੇ । ਉਹ ਵੀ ਕੰਨਾਂ ‘ਚ ਮੁਰਕੀਆਂ ਪਾ ਕੇ ਤੇ ਜ਼ਰਦਾ ਉਤਲੇ ਬੁੱਲ ਥੱਲੇ ਲਾ ਕੇ ਖ਼ਾਲ ‘ਤੇ ਖੜ੍ਹੇ ਥੁੱਕੀ ਜਾਂਦੇ ਐ । ਅਨਪੜ੍ਹ ਬੁੜ੍ਹੇ ਵਿਚਾਰੇ ਨੇ ਮਿੱਟੀ ਨਾਲ਼ ਮਿੱਟੀ ਹੋ ਕੇ ਸਾਰੀ ਉਮਰ ਕੱਢ ਦਿੱਤੀ ਹੁੰਦੀ ਐ, ਤੇ ਇਹ ਨਵਾਬਜ਼ਾਦੇ ਚੰਡੀਗੜ੍ਹ ਯੂਨੀਵਰਸਿਟੀ ‘ਚ ਦਾਖ਼ਲਾ ਲੈ ਕੇ ਸਾਰਾ ਦਿਨ ਸਤਾਰਾਂ ਸੈਕਟਰ ‘ਚ ਕੱਢ ਦਿੰਦੇ ਨੇ । ਜਦੋਂ ਪਿੰਡ ਜਾਂਦੇ ਐ ਤਾਂ ‘ਬਾਈ ਸਤਾਰਾਂ ‘ਚ ਆਹ, ਸਤਾਰਾਂ ‘ਚ ਔਹ’ ਦੀਆਂ ਫੋਕੀਆਂ ਛੱਡੀ ਜਾਂਦੇ ਐ । ਬੱਸ ਆਹੀ ਕੰਮ ਐ ।”

“ਹੀ ਹੀ ਹੀ, ਤੇਰੀ ਜਰਨਲ ਨੌਲਜ ਬੜੀ ਕਮਜ਼ੋਰ ਐ ਯਾਰ, ਇਹ ਮੁੰਡੇ ਪੰਜਾਬ ਰਹਿੰਦੇ ਕੰਮ ਨਹੀਂ ਸੀ ਕਰਦੇ, ਹੁਣ ਤਾਂ ਕਰਦੇ ਐ । ਜੇ ਮੇਰਾ ਯਕੀਨ ਕਰੇਂ ਤਾਂ ਤੀਹ-ਤੀਹ ਕਿੱਲਿਆਂ ਦੇ ਵਾਰਿਸ ਮੈਂ ਆਪ ਦੇਖੇ ਐ, ਆਸਟ੍ਰੇਲੀਆ ਦੇ ਖੇਤਾਂ ‘ਚ ਕੰਮ ਕਰਦੇ ਤੇ ਕੰਮ ਕਰਨ ਲਈ ਮਿੰਨਤਾਂ ਕਰਦੇ । ਏਨੇ ਅਸੀਲ ਮੁੰਡੇ ਐ, ਪਈ ਖੇਤਾਂ ਦੇ ਮਾਲਕ ਸਿੱਧਾ ਕਹੀ ਜਾਂਦੇ ਐ ਪਈ ਕਾਕਾ ਜੀ, ਕੰਮ ਹੈ ਨਹੀਂ । ਪਰ ਇਹ ਏਨੀ ਨਿਮਰਤਾ ਦੇ ਪੁਜਾਰੀ ਨੇ ਕਿ ਅਗਲੇ ਦਿਨ ਫੇਰ ਉਹਦੇ ਬੂਹੇ ਜਾ ਖੜ੍ਹਦੇ ਨੇ । ਅਗਲੇ ਦੇ ਕਹੇ ਦਾ ਭੋਰਾ ਗੁੱਸਾ ਨਹੀਂ ਕਰਦੇ, ਜਵਾਂ ਹੀ ਨਹੀਂ ਬੋਲਦੇ । ਹਾਂ ! ਜਦੋਂ ਘਰੇ ਆ ਜਾਂਦੇ ਐ, ਆਪਸ ‘ਚ ਜਿਵੇਂ ਮਰਜ਼ੀ ਖੁੱਲ ਕੇ ਗੱਲ-ਬਾਤ ਕਰੀ ਜਾਣ ।” ਮੈਂ ਹੱਸਦਿਆਂ ਆਪਣੇ ਹਮ ਵਤਨਾਂ ਦਾ ਪੱਖ ਲਿਆ ।

“ਖੁੱਲ ਕੇ ਗੱਲ-ਬਾਤ ? ਘੋੜੇ ਵੇਚ ਕੇ ਤਾਂ ਸੌਂਦੈਂ ਤੂੰ ? ਤਿੰਨ ਵਾਰੀ ਤਾਂ ਪੁਲਿਸ ਆਪਣੇ ਮੁਹੱਲੇ ‘ਚ ਆ ਚੁੱਕੀ ਐ, ਜਦੋਂ ਗੋਰਿਆਂ ਨੇ ਪੁਲਿਸ ਨੂੰ ਫ਼ੋਨ ਕੀਤਾ ਸੀ ਕਿ ਇੰਡੀਅਨ ਅੱਧੀ ਰਾਤ ਨੂੰ ਖ਼ਰੂਦ ਪਾਈ ਜਾਂਦੇ ਐ, ਨਾ ਸੌਂਦੇ ਐ - ਨਾ ਸੌਣ ਦਿੰਦੇ ਐ ।” ਮੇਰਾ ਦਿਲ ਤਾਂ ਖ਼ਾਸਾ ਹੀ ਦੁਖੀ ਲੱਗਦਾ ਸੀ, ਜੋ ਗਲੋਟੇ ਵਾਂਗ ਉਧੜੀ ਜਾਂਦਾ ਸੀ । ਪਰ ਕੋਈ ਨਾ, ਕਰ ਲੈਣ ਦਿਉ ਇਹਨੂੰ ਆਪਣਾ ਚਿੱਤ ਹਲਕਾ, ਮੈਂ ਕਿਹੜਾ ਇਹਦੇ ਆਖੇ ਲੇਖ਼ ਲਿਖੀ ਬੈਠੈਂ ? ਜਦੋਂ ਭੜਾਸ ਨਿੱਕਲ ਗਈ ਤਾਂ ਆਪੇ ਟਿਕ ਕੇ ਬੈਠ ਜਾਊ ।

“ਚੱਲ ਕੋਈ ਨਾ, ਖਾਧੀ ਪੀਤੀ ‘ਚ ਮਾੜਾ ਮੋਟਾ ਤਾਂ ਚੱਲਦਾ ਈ ਐ । ਨਾਲ਼ੇ ਹਾਸੇ-ਖੇਡੇ ਤਾਂ ਪੰਜਾਬੀਆਂ ਦੀ ਦੇ ਖੁੱਲ੍ਹੇ-ਡੁੱਲ੍ਹੇ ਸੁਭਾਅ ਦੀ ਪਹਿਚਾਣ ਐ ।”

“ਤੂੰ ਦਾਰੂ ਪੀ ਕੇ ਖੱਪ ਪਾਉਣ ਨੂੰ ਹਾਸਾ-ਖੇਡਾ ਕਹਿੰਨੈਂ ? ਸਹੁਰੀ ਦੇ ‘ਠਾਰਾਂ-‘ਠਾਰਾਂ ਉੱਨੀ-ਉੱਨੀ ਸਾਲ ਦੇ ਛੋਹਰ ਐ, ਇੱਥੇ ਪੜ੍ਹਨ ਆਏ ਐ ਕਿ ਦਾਰੂ ਪੀਣ । ਪੰਜਾਬ ਰਹਿੰਦਿਆਂ ਫੇਰ ਘਰ ਦਿਆਂ ਦੀ ਮਾੜੀ-ਮੋਟੀ ਸ਼ਰਮ ਸੀ । ਹੁਣ ਨਾ ਕੋਈ ਦੇਖਣ ਵਾਲਾ, ਨਾ ਕੋਈ ਟੋਕਣ ਵਾਲਾ । ਜਦ ਆਸਟ੍ਰੇਲੀਅਨ ਅੰਗੂਰਾਂ ਦੀ ਵਾਈਨ ਸਿਰ ਨੂੰ ਚੜ੍ਹਦੀ ਐ ਤਾਂ ਖਰੂਦ ਪਾਉਂਦੇ ਐ ।”

“ਚੱਲ ਕੋਈ ਨਾ ਕਿਹੜਾ ਸਾਰੇ ਪੀਂਦੇ ਐ, ਤੇ ਕਿਹੜਾ ਰੋਜ਼ ਪੀਂਦੇ ਐ । ਆਟੇ ‘ਚ ਮਾੜਾ ਮੋਟਾ ਲੂਣ ਤਾਂ ਚੱਲ ਈ ਜਾਂਦੈ ।” ਮੈਂ ਆਪਣੇ ਪੰਜਾਬੀ ਭਰਾਵਾਂ ਦਾ ਹੀ ਪੱਖ ਪੂਰਿਆ ।

“ਉਸ ਭੂੰਡ ਆਸ਼ਕ ਬਾਰੇ ਕੀ ਕਹੇਂਗਾ, ਜਿਹੜਾ ਪੰਜਾਬਣ ਨੂੰ ਬੱਸ ‘ਚ ‘ਕੱਲੀ ਦੇਖ ਕੇ ਕਹਿੰਦੇ ‘ਦੇਸਣ ਐ ਯਾਰ !” ਮੇਰਾ ਦਿਲ ਤਾਂ ਲੱਗਦਾ, ਸਾਰੇ ਮੇਚੇ ਲੈਣ ਤੇ ਤੁਲਿਆ ਪਿਆ ਸੀ ।

“ਅਸ਼ਕੇ ਓਏ ਯਾਰ ! ਉਸ ਮੁਟਿਆਰ ਦੇ । ‘ਕੇਰਾਂ ਤਾਂ ਸੁਆਦ ਲਿਆ ‘ਤਾ । ਮੇਰੇ ਪਿਆਰੇ ਪੰਜਾਬ ਦੀ ਧੀ ਕਹਿੰਦੀ ‘ਮੇਰਾ ਪਿਉ ਵੀ ਦੇਸੀ ਐ ਤੇ ਮਾਂ ਵੀ, ਇਸ ਲਈ ਮੈਂ ਦੇਸਣ ਆਂ । ਪਰ ਤੂੰ ਦੱਸ ਪਈ ਤੇਰਾ ਪਿਉ ਗੋਰਾ ਐ ਕਿ ਤੇਰੀ ਮਾਂ ? ਤੇ ਤੂੰ ਦੇਸੀ ਕਿਵੇਂ ਜੰਮ ਪਿਆ ? ਉਹਨੇ ਆਪਣੇ ਪੰਜਾਬਣ ਹੋਣ ‘ਤੇ ਮਾਣ ਕੀਤਾ ਤੇ ਜੀਹਨੇ ਗ਼ਲਤ ਬੋਲਿਆ ਸੀ, ਉਹਨੇ ਮਾਫ਼ੀ ਮੰਗ ਕੇ ਖਹਿੜਾ ਛੁਡਾਇਆ । ਪਰ ਇਸ ਗੱਲ ‘ਚ ਤੇਰਾ ਢਿੱਡ ਕਿਉਂ ਦੁਖਣ ਲੱਗ ਪਿਆ ।” ਮੈਨੂੰ ਆਪਣੇ ਦਿਲ ਤੇ ਖਿਝ ਆਉਣ ਲੱਗ ਪਈ ।

“ਅਗਲੀ ਗੱਲ ਤਾਂ ਤੂੰ ਵੀ ਬਥੇਰਾ ਪਿੱਟਦਾ ਰਹਿੰਨੈ, ਮੈਨੂੰ ਕਿਹੜਾ ਤੇਰਾ ਪਤਾ ਨਹੀਂ ਕਿ ਲੋਕਾਂ ‘ਚ ਕੀ ਕੀ ਗੱਲਾਂ ਕਰਦਾ ਰਹਿੰਨੈਂ ।” ਸੁਣ ਕੇ ਜਾਪਿਆ ਕਿ ਦਿਲ ਦੇ ਪੱਤਿਆਂ ‘ਚ ਸਾਰੀਆਂ ਹੀ ਫੋਟੂਆਂ ਆਈਆਂ ਸਨ, ਤੇ ਮੇਰੇ ਪੱਲੇ ਕੇਵਲ ਦੁੱਕੀਆਂ ਤਿੱਕੀਆਂ ਹੀ ਸਨ ।

“ਜਿੱਥੇ ਇਨ੍ਹਾਂ ਚਿਰ ਤੈਨੂੰ ਬਰਦਾਸ਼ਤ ਕਰਦਿਆਂ ਹੋ ਗਿਆ, ਇਹ ਕਾਹਨੂੰ ਚਿੱਤ ‘ਚ ਰੱਖਦੈਂ ? ਆਉਣ ਦੇ ।” ਮੈਨੂੰ ਵੀ ਅੰਦਰ ਖਾਤੇ ਕਿਸੇ ਗੱਲ ਦਾ ਹੌਸਲਾ ਸੀ । ਨਹੀਂ ਤਾਂ ਕਿੱਥੇ ਦਿਲ ਦੇ ਸਾਹਮਣੇ ਆਕੜ ਆ ਸਕਦੀ ਹੈ ?

“ਆਹ ਜਿਹੜਾ ਬੱਸਾਂ-ਟਰੇਨਾਂ ‘ਚ ਮੋਬਾਇਲਾਂ ‘ਤੇ ਉੱਚੀ-ਉੱਚੀ ਗਾਣੇ ਲਾਈ ਰੱਖਦੇ ਐ । ਉਹਦੇ ਬਾਰੇ ਸਰਕਾਰ ਦਾ ਕੀ ਖਿਆਲ ਐ ?” ਦਿਲ ਨੇ ਮੇਰੇ ਤੇ ਇਉਂ ਵਿਅੰਗ ਕੀਤਾ ਜਿਵੇਂ ਚਮਕੀਲੇ ਤੇ ਮਿਸ ਪੂਜਾ ਨੂੰ ਮੈਂ ਹੀ ਆਪਣੇ ਮੋਬਾਇਲ ‘ਤੇ ਗਾਉਣ ਦਾ ਠੇਕਾ ਦੇ ਰੱਖਿਆ ਸੀ ।

“ਯਾਰ ! ਇਸ ਮਸਲੇ ਤੇ ਤਾਂ ਮੈਂ ਵੀ ਤੇਰੇ ਨਾਲ਼ ਰਾਜੀ ਐਂ । ਹੁਣ ਤਾਂ ਗੀਤਾਂ ਦਾ ਕੋਈ ਮਿਆਰ ਰਿਹਾ ਹੀ ਨਹੀਂ । ਪੰਜਾਬ ਰਹਿੰਦਿਆਂ ਮੈਨੂੰ ਤਾਂ ਯਾਦ ਨਹੀਂ ਕਿ ਟੈਲੀਵੀਜ਼ਨ ‘ਤੇ ਕਦੇ ਗੀਤ ਚਲਾਉਣ ਵਾਲੇ ਚੈਨਲ ਚਲਾਏ ਹੋਣ । ਨਿਆਣੇ ਕਾਰਟੂਨ ਦੇਖਦੇ ਸੀ ਤੇ ਆਪ ਖ਼ਬਰਾਂ ਲਾਈ ਰੱਖੀਦੀਆਂ ਸੀ ।”

“ਜਦੋਂ ਕੱਲਾ ਹੁੰਦਾ ਸੀ, ਉਦੋਂ ਤਾਂ ਚਿੱਤ ਕਰਾਰਾ ਕਰਦਾ ਈ ਹੋਏਂਗਾ ? ਮੈਨੂੰ ਪਤੈ, ਪੰਜਾਬੀ ਗੀਤਾਂ ਦੇ ਵੀਡੀਉ ਵੀ ਜ਼ਾਇਕੇਦਾਰ ਹੁੰਦੇ ਐ । ਹੁਣ ਬੋਲ... ਬੋਲ... ਆ ਗਿਆ ਨਾ ਊਠ ਪਹਾੜ ਦੇ ਥੱਲੇ ?” ਮੇਰੇ ਦਿਲ ਨੇ ਖ਼ਚਰੀ ਜਿਹੀ ਮੁਸਕਾਨ ਨਾਲ਼ ਕਿਹਾ ।

“ਦਾਦੇ ਮਘੌਣਿਆਂ ! ਮੈਂ ਤਾਂ ਉਦੋਂ ਵੀ ਕਾਰਟੂਨ ਜਾਂ ਫਿਲਮ ਲਾ ਲੈਂਦਾ ਸੀ, ਤੈਨੂੰ ਪਤਾ ਤਾਂ ਹੈ ਕਾਰਟੂਨ ਮੈਨੂੰ ਅੱਜ ਵੀ ਪਸੰਦ ਨੇ ।” ਮੈਂ ਬਚਾਅ ਪੱਖ ਵਾਲੇ ਪਾਸੇ ਹੋ ਗਿਆ ਜਾਪਦਾ ਸਾਂ ।

“ਊਂ ਗੁਲਾਟੀ ਯਾਰ ! ਇੱਕ ਗੱਲ ਤਾਂ ਹੈ ਪਈ ਅੱਜ ਦੇ ਗਾਇਕਾਂ ਨੇ ਮਾਂ-ਬੋਲੀ ਦੀ ਚੰਗੀ ਮਿੱਟੀ ਪਲੀਤ ਕੀਤੀ ਹੈ । ਕਹਿੰਦੇ ਨੇ ਪਈ ਅਸੀਂ ਮਾਂ-ਬੋਲੀ ਦੀ ਸੇਵਾ ਕਰਦੇ ਆਂ, ਪਰ ਸੇਵਾ ਅਜਿਹੀ ਕਿ ਮਾਂਵਾਂ ਤੇ ਭੈਣਾਂ ਨੂੰ ਕੋਲ ਬੈਠਿਆਂ ਸ਼ਰਮ ਆਏ । ਸੁਆਦ ਤਾਂ ਆਵੇ ਜੇ ਗੀਤਕਾਰ ਜਾਂ ਗਾਇਕ ਮਾਂ-ਬੋਲੀ ਦੀ ਕੀਤੀ ਸੇਵਾ ਬਾਰੇ, ਜਨਮਦਾਤੀ ਮਾਂ ਨੂੰ ਵੀ ਚਾਰ ਟੱਪੇ ਸੁਨਾਉਣ । ਇਹਨਾਂ ਦੇ ਗੀਤ ਸੁਣਕੇ ਲੱਗਦਾ ਹੈ ਕਿ ਜੱਟ ਤਾਂ ਜੰਮੇ ਹੀ ਗੁੰਡਾਗਰਦੀ ਤੇ ਬਦਮਾਸ਼ੀਆਂ ਕਰਨ ਨੂੰ ਨੇ । ਮੰਨਿਆ ਕਿ ਮਾੜੀ ਮੋਟੀ ਕਮੀ ਹਰ ਜਗ੍ਹਾ, ਹਰ ਇਨਸਾਨ ‘ਚ ਹੋ ਸਕਦੀ ਹੈ ਪਰ ਗੀਤ ਸੁਣਕੇ ਤਾਂ ਲੱਗਦਾ ਹੈ ਕਿ ਕਬਜ਼ੇ ਲੈਣੇ, ਡਾਂਗਾਂ-ਤਲਵਾਰਾਂ ਚਲਾਉਣਾ, ਜੇਲ੍ਹ-ਕਚਿਹਰੀ ਤੇ ਦਾਰੂ, ਬੱਸ ਇਹੀ ਕੁਝ ਪੰਜਾਬੀਆਂ ਦੇ ਹਿੱਸੇ ਆਇਆ ਹੈ । ਭਲਾ ਕੋਈ ਪੁੱਛਣ ਵਾਲਾ ਹੋਵੇ ਕਿ ਪੰਜਾਬ ‘ਚ ਅੱਧੇ ਤੋਂ ਵੱਧ ਉੱਚ ਅਹੁਦਿਆਂ ਤੇ ਜੱਟਾਂ ਦੇ ਪੁੱਤਰ ਬਿਰਾਜਮਾਨ ਨੇ । ਗੀਤਾਂ ਮੁਤਾਬਿਕ ਸਕੂਲ ਤੇ ਕਾਲਜ ਆਸ਼ਕੀ ਦੇ ਅੱਡੇ ਬਣੇ ਨੇ, ਜਦ ਕਿ ਅਸੀਂ ਸਕੂਲਾਂ ਕਾਲਜਾਂ ਨੂੰ ਵਿੱਦਿਆ ਦਾ ਮੰਦਰ ਕਹਿੰਦੇ ਹਾਂ । ਜੇ ਸਕੂਲ-ਕਾਲਜ ਆਸ਼ਕੀ ਦੇ ਅੱਡੇ ਨੇ ਤਾਂ ਕੀ ਅਜਿਹੇ ਗਾਇਕਾਂ ਤੇ ਗੀਤਕਾਰਾਂ ਨੇ ਆਪਣੀਆਂ ਧੀਆਂ-ਭੈਣਾਂ ਘਰੇ ਟਿਊਸ਼ਨ ਲਾ ਕੇ ਪੜ੍ਹਾਈਆਂ ਨੇ ? ਜਾਂਦੀਆਂ ਤਾਂ ਬਾਈ ਜੀ, ਉਹ ਵੀ ਉਸੇ ਆਸ਼ਕੀ ਦੇ ਅੱਡੇ ‘ਤੇ ਪੜ੍ਹਨ ਨੇ, ਜਿੰਨਾਂ ਦਾ ਜਿ਼ਕਰ ਉਹ ਗੀਤਾਂ ‘ਚ ਕਰਦੇ ਨੇ । ਗਾਇਕਾਂ ਤੇ ਗੀਤਕਾਰਾਂ ਦਾ ਕੀ ਐ ? ਉਹ ਤਾਂ ਆਪਣਾ ਤੋਰੀ-ਫੁਲਕਾ ਚਲਾਉਣ ਲਈ ਮਿੱਠੀ ਮਾਂ-ਬੋਲੀ ਦੀ ਮਿੱਟੀ ਪਲੀਤ ਕਰਨ ‘ਤੇ ਤੁਲੇ ਹੋਏ ਨੇ । ਕਾਲਜਾਂ ਦੀ ਬੇੜੀ ‘ਚ ਵੱਟੇ ਪਾਉਣ ‘ਚ ਤਾਂ ਮਿਸ ਪੂਜਾ ਦਾ ਭਰਪੂਰ ਯੋਗਦਾਨ ਹੈ, ਜੋ ਕਿ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ । ਇਹਦੇ ਗੀਤਾਂ ਤੇ ਸਾਥੀ ਗਾਇਕਾਂ ਦਾ ਤਾਂ ਉੱਕਾ ਹੀ ਕੋਈ ਮਿਆਰ ਹੀ ਨਹੀਂ । ਮਿਸ ਪੂਜਾ ਨਾਲੋਂ ਤਾਂ ਆਲੂ ਈ ਚੰਗੇ ਨੇ । ਕੋਈ ਸਬਜ਼ੀ ਤਾਂ ਹੈ ਜਿਸ ‘ਚ ਆਲੂ ਨਹੀਂ ਪੈਂਦੇ, ਜਿਵੇਂ ਕਿ ਟਿੰਡੋ, ਪੇਠਾ, ਕੱਦੂ, ਅੱਲਾਂ, ਭਿੰਡੀ, ਤੋਰੀ... । ਪਰ ਇਹ ਤਾਂ ਹਰੇਕ ਨਾਲ਼ ਹੀ ਗਾਉਂਦੀ ਫਿਰਦੀ ਹੈ, ਭਾਵੇਂ ਉਸਨੂੰ ਗਾਉਣਾ ਆਵੇ ਜਾਂ ਨਾ ਆਵੇ । ਠੀਕ ਹੈ ਕਿ ਰੱਬ ਨੇ ਚੰਗੀ ਆਵਾਜ਼ ਦਿੱਤੀ ਹੈ ਪਰ ਉਸਦਾ ਇਸਤੇਮਾਲ ਕਰਨਾ ਤਾਂ ਆਪਣੇ ਹੀ ਵੱਸ ਹੈ । ਇਹ ਕੀ ਗੱਲ ਬਣੀ ਕਿ ਗੀਤ ਦੇ ਬੋਲ ਜਾਂ ਅਰਥ ਨਹੀਂ ਦੇਖਣੇ, ਗਾਇਕ ਨਹੀਂ ਦੇਖਣਾ ਤੇ ਚੱਕ ਕੇ ਉਸ ਨਾਲ਼ ਕੈਸਿਟ ਰਿਕਾਰਡ ਕਰਵਾ ਦੇਣੀ । ਆਪਣੇ ਸੂਰਮੇ ਵੀ... ਬੱਸ ਘਰ ਦਿਆਂ ਨੂੰ ਸੂਲੀ ਟੰਗ ਕੇ ਕੈਸਟ ਕੱਢ, ਜਣੇ ਖਣੇ ਨੂੰ “ਪਿਆਰ ਤੇ ਸਤਿਕਾਰ ਸਹਿਤ ਭੇਂਟ” ਕਰਦੇ ਨੇ, ਚਾਹੇ ਕੋਈ ਸੁਣੇ ਜਾਂ ਨਾ ।” ਮੇਰੇ ਦਿਲ ਦਾ, ਲੱਗਦਾ ਬੋਝ ਘਟਣਾ ਸ਼ੁਰੂ ਹੋ ਗਿਆ ਸੀ, ਤਾਂ ਹੀ ਝਈਆਂ ਲੈ ਲੈ ਕੇ ਪੈਣ ਦੀ ਬਜਾਏ ਠਰੰਮੇ ਨਾਲ਼ ਗੱਲ ਕਰ ਰਿਹਾ ਸੀ ।

“ਹਾਂ ਬਈ ! ਪਰ ਆਪਣੇ ਕੋਲ ਕੋਈ ਹੱਲ ਵੀ ਤਾਂ ਨਹੀਂ । ਆਪਾਂ ਤਾਂ ਆਪਣੇ ਹੀ ਭਰਾਵਾਂ ਨੂੰ ਅਪੀਲ ਕਹਿ ਲਵੋ ਜਾਂ ਸਮਝਾਉਣਾ ਕਹਿ ਲਵੋ, ਪਈ ਨਿੱਕੇ ਵੀਰੋ ! ਤੁਸੀਂ ਸੰਗੀਤ ਨੂੰ ਪਿਆਰ ਕਰਦੇ ਹੋ, ਬੜੀ ਵਧੀਆ ਗੱਲ ਹੈ । ਸੁਣੋ... ਜੰਮ ਜੰਮ ਸੁਣੋ... ਪਰ ਸੁਣੋ ਉਹ ਜੋ ਹੋਰਾਂ ਨੂੰ ਵੀ ਚੰਗਾ ਲੱਗੇ । ਜ਼ਰਾ ਵਿਚਾਰ ਕਰੋ, ਗੀਤਾਂ ਦੇ ਬੋਲਾਂ ਤੇ ਗੌਰ ਕਰੋ... ਇਹ ਸ਼ਬਦ ਸਾਨੂੰ ਕੀ ਸੁਨੇਹਾ ਦਿੰਦੇ ਨੇ । ਕੀ ਤੁਸੀਂ ਚਾਹੋਗੇ ਕਿ ਤੁਹਾਡਾ ਪਰਿਵਾਰ ਵੀ ਅਜਿਹੇ ਬੇਹੁਦਾ ਤੇ ਲੱਚਰ ਗੀਤ ਸੁਣੇ, ਜੇ ਹਾਂ ਤਾਂ ‘ਚੂਕੀ ਜਾਓ ਫੱਟਾ !’ ਗੋਰੇ-ਗੋਰੀਆਂ ਨੂੰ ਤਾਂ ਇਹ ਗੀਤ ਸਮਝ ਨਹੀਂ ਆਉਂਦੇ । ਸ਼ਰਮ ਨਾਲ਼ ਤਾਂ ਪੰਜਾਬੀ ਕੁੜੀਆਂ ਹੀ ਪਾਣੀ-ਪਾਣੀ ਹੁੰਦੀਆਂ ਨੇ, ਤੇ ਧੀਆਂ-ਭੈਣਾਂ ਸਭ ਦੀਆਂ ਇੱਕੋ ਜਿਹੀਆਂ ਹੁੰਦੀਆਂ ਨੇ । ਪ੍ਰੇਸ਼ਾਨ ਗੋਰੇ ਵੀ ਹੁੰਦੇ ਨੇ, ਕਿਉਂ ਜੋ ਇਹ ਗੱਲਾਂ ਉਨ੍ਹਾਂ ਦੇ ਸੱਭਿਆਚਾਰ ਦਾ ਹਿੱਸਾ ਨਹੀਂ ਹਨ । ਸਾਡੇ ‘ਚੋਂ ਕੁਝ ਕੁ ਅਜਿਹੇ ਮਨਚਲੇ ਨੌਜਵਾਨਾਂ ਦੀ ਵਜ੍ਹਾ ਨਾਲ਼ ਸਾਰੀ ਕੌਮ ਨੂੰ ਨੀਵਾਂ ਦੇਖਣਾ ਪਵੇ, ਸ਼ਾਲਾ ! ਅਜਿਹਾ ਦਿਨ ਨਾ ਹੀ ਆਵੇ । ਜੇਕਰ ਕੋਈ ਅਜਿਹਾ ਮਨਚਲਾ ਦੇਖਦੇ ਹੋ ਤਾਂ ਉਸਨੂੰ ਸੁਧਾਰਨਾ ਵੀ ਤਾਂ ਆਪਾਂ ਹੀ ਹੈ । ਵਿਗੜਿਆਂ ਤਿਗੜਿਆਂ ਨੂੰ ਸਿੱਧੇ ਰਾਹ ਪਾਉਣ ਦਾ ਰਸਤਾ ਵੀ ਮੈਂ ਥੋੜ੍ਹੀ ਦੱਸਣਾ, ਖੁਦ ਹੀ ਸਮਝਦਾਰ ਹੋ ਯਾਰ !” ਮੈਂ ਸ਼ਤ-ਪ੍ਰਤੀਸ਼ਤ ਆਪਣੇ ਦਿਲ ਦੇ ਨਾਲ਼ ਸਹਿਮਤ ਸਾਂ ।

“ਇੱਕ ਗੱਲ ਹੋਰ ਕਹਿ ਦੇ ਆਪਣੇ ਪੰਜਾਬੀ ਭਰਾਵਾਂ ਨੂੰ....” ਮੇਰੇ ਦਿਲ ਨੇ ‘ਭਰਾਵਾਂ’ ਸ਼ਬਦ ਤੇ ਖ਼ਾਸਾ ਹੀ ਜ਼ੋਰ ਪਾਇਆ ਸੀ ।

“ਚੱਲ ਉਹ ਵੀ ਆਉਣ ਦੇ....”

“ਕਹਿ ਦੇ ਪਈ, ਸੁਪਰ-ਸਟੋਰਾਂ ‘ਚ ਚੀਜ਼ ਲੈਣ ਉਨ੍ਹੇ ਕੁ ਜਣੇ ਜਾਣ, ਜਿਨੇਂ ਜ਼ਰੂਰੀ ਨੇ । ਐਵੀਂ ਨਾ ਇੱਕ ਬਰੈੱਡ ਲੈਣ ਲਈ ਸਾਰਾ ਲਾਣਾ ਤੁਰ ਪਿਆ ਕਰੇ । ਨਾਲ਼ੇ ਥੈਂਕਯੂ, ਸੌਰੀ ਵਗੈਰਾ ਕਹਿਣ ਦੀ ਆਦਤ ਪਾ ਲੈਣ ਤਾਂ ਜੋ ਗੋਰਿਆਂ ਨੂੰ ਲੱਗੇ ਪਈ ਸਾਡੀ ਤਹਿਜ਼ੀਬ ਵੀ ਅਮੀਰ ਹੈ ।”

“ਠੀਕ ਐ ਜੀ, ਕਹਿ ਦਿਆਂਗੇ ।”

“ਆਪਸ ਵਿੱਚ ਅੰਗ੍ਰੇਜ਼ੀ ਵੀ ਬੋਲਣੀ ਸ਼ੁਰੂ ਕਰ ਦੇਣ ਤਾਂ ਜੋ ਇੱਥੇ ਬੇਗਾਨੇ ਮੁਲਕਾਂ ‘ਚ ਰਹਿਣ ਸਹਿਣ ਦੀ ਤੇ ਗੱਲਬਾਤ ਕਰਨ ‘ਚ ਕੋਈ ਦਿੱਕਤ ਨਾ ਆਵੇ, ਕੋਈ ਮਾੜਾ ਮੋਟਾ ਚੱਜ ਦਾ ਕੰਮ ਵੀ ਤਾਂ ਹੀ ਮਿਲੂ ਜੇ ਅੰਗ੍ਰੇਜ਼ੀ ਵਧੀਆ ਆਉਂਦੀ ਹੋਊ, ਨਹੀਂ ਤਾਂ ਤੇਰੇ ਵਾਂਗੂੰ ਖੇਤਾਂ ‘ਚ ਧੱਕੇ ਖਾਂਦੇ ਫਿਰਨਗੇ ।”

“ਤੂੰ ਯਾਰ ਮਿੰਟ ਕੁ ਪਿੱਛੋਂ ਮੇਰੇ ਤੇ ਸੂਈ ਕਿਉਂ ਟਿਕਾ ਲੈਂਦੈ ? ਮੇਰੀ ਤਾਂ ਸੀ ਕਿਸਮਤ ਖੋਟੀ, ਤਾਂ ਚੰਗਾ ਭਲਾ ਕੰਮ ਛੱਡ ਕੇ ਇੱਥੇ ਆ ਗਿਆ, ਤੂੰ ਦੱਸ ਮੇਰੇ ਤੋਂ ਕੀ ਦੱਖੂ-ਦਾਣਾ ਲੈਣੈਂ ?” ਮੈਨੂੰ ਆਪਣੇ ਦਿਲ ਤੇ ਗੁੱਸਾ ਆ ਗਿਆ ਸੀ ।

“ਤੂੰ ਤਾਂ ਨਰਾਜ਼ ਹੋਣ ਲੱਗ ਪੈਦੈਂ ਯਾਰ ! ਰੌਲਾ ਇੱਕ ਹੋਰ ਵੀ ਐ ਪਈ ਸਾਲ-ਦੋ ਸਾਲ ਤੋਂ ਇੱਥੇ ਆਏ ਸਭ ਭਾਰਤੀ ਏਥੇ ਮਜ਼ਦੂਰੀਆਂ ਤੇ ਸਫ਼ਾਈਆਂ ਕਰਦੇ ਨੇ ਜਾਂ ਹੋਟਲਾਂ ‘ਚ ਭਾਂਡੇ ਮਾਂਜਣ ਦੇ ਕੰਮ ‘ਤੇ......”

“ਭਾਂਡੇ ਮਾਂਜਣ ਨਹੀਂ... ਡਿਸ਼ ਵਾਸਿੰ਼ਗ ਜਾਂ ਕਿਚਨ ਹੈਂਡ ਕਹਿ” ਮੈਂ ਆਪਣੇ ਦਿਲ ਨੂੰ ਦਬਕਾ ਮਾਰਿਆ ।

“ਸੌਰੀ.... ਡਿਸ਼ ਵਾਸਿ਼ੰਗ ਦੇ ਕੰਮ ‘ਤੇ ਲੱਗੇ ਨੇ । ਜਦੋਂ ਪਿੰਡ ਫ਼ੋਨ ਕਰਦੇ ਨੇ ਤਾਂ ਇੰਝ ਗੱਲ ਕਰਦੇ ਨੇ ਜਿਵੇਂ ਕੁਰਸੀ ਤੇ ਬੈਠੇ ਹੋਣ । ਫੋ਼ਨ ਕਰਦਿਆਂ ਨਾਲ਼ ਦੇ ਨੂੰ ਅੱਖ ਮਾਰ-ਮਾਰ ਕੇ ਟਾਹਰਾਂ ਮਾਰੀ ਜਾਂਦੇ ਐ ਤੇ ਪੰਜਾਬ ਬੈਠਾ ਫੋਨ ਸੁਣਨ ਵਾਲਾ ਇਹ ਸੋਚਦਾ ਹੈ ਕਿ ਪ੍ਰਦੇਸਾਂ ‘ਚ ਐਸ਼ਾਂ ਨੇ । ਉਹ ਵੀ ਜਹਾਜ਼ ਚੜ੍ਹਨ ਲਈ ਘਰ ਦਿਆਂ ਦੇ ਕਿੱਲਿਆਂ ਲਈ ਖ਼ਤਰਾ ਬਣ ਜਾਂਦਾ ਹੈ, ਜਾਂ ਉਨ੍ਹਾਂ ਦੀਆਂ ਬੋਦੀਆਂ ਕਰਜ਼ੇ ਨਾਲ਼ ਬੰਨਵਾ ਦਿੰਦਾ ਹੈ । ਨਾਲ਼ ਜਿਹੜੀਆਂ ‘ਔਰਕੁਟ’ ਤੇ ਫੋਟੋ ਲਾਈਆਂ ਹੁੰਦੀਆਂ ਨੇ ਉਹ ਅੱਡ ਪੰਜਾਬ ਬੈਠਿਆਂ ਦਾ ਚਿੱਤ ਘਾਊਂ-ਮਾਊਂ ਕਰਦੀਆਂ ਨੇ । ਮੇਰਾ ਮਤਲਬ ਤਾਂ ਸਿਰਫ਼ ਏਨ੍ਹਾਂ ਕੁ ਹੈ ਪਈ ਵਤਨ ਬੈਠਿਆਂ ਨੂੰ ਆਪਣੀਆਂ ਫੋਕੀਆਂ ਗੱਲਾਂ ਨਾਲ਼ ਲੁਭਾਉਣ ਦੀ ਬਜਾਏ ਸਚਾਈ ਦੱਸਿਆ ਕਰਨ । ‘ਆਖਣੇ ਕਿੰਦੀ ਅੰਕਲ ਦੇ’ ਮੂੰਗਫਲੀ ਖਾ ਕੇ ਬਦਾਮਾਂ ਦੇ ਪੱਦ ਮਾਰਨ ਦਾ ਕੋਈ ਲਾਭ ਨਹੀਂ ।”

“ਹੋਰ ਕੀ ਚਾਹੁੰਨੈ ਤੂੰ ?” ਮੇਰਾ ਪਾਰਾ ਹਾਈ ਲੈਵਲ ਵੱਲ ਜਾ ਰਿਹਾ ਸੀ ।

“ਚੱਲ ਬਾਈ ਬਣਕੇ ਗੁੱਸਾ ਨਾ ਕਰ, ਤੇਰੀ ਰਿਕਾਰਡ ਹੋ ਰਹੀ ਕੈਸਟ ਵੀ ਮੁੱਕਣ ਵਾਲੀ ਹੋਣੀ ਐ । ਬੱਸ ਇੱਕ ਆਖ਼ਰੀ ਗੱਲ ਆਪਣੇ ਭਾਰਤੀ ਮੀਡੀਆ ਨੂੰ ਕਹਿ ਦੇਈਂ ਬਾਈ ਬਣਕੇ ।” ਮੇਰਾ ਦਿਲ ਤਾਂ ਦੀ ਲੱਗਦੈ, ਸਾਰੀ ਭੜਾਸ ਨਿੱਕਲ ਗਈ ਸੀ, ਤਾਂ ਹੀ ਪਾਣੀ ਬਣਿਆ ਤੁਰਿਆ ਆਉਂਦਾ ਸੀ ।

“ਚੱਲ ਦੱਸ ।”

“ਕਹਿ ਦੇਈਂ ਬਾਈ ਜੀ, ਜੇ ਕਦੇ ਆਸਟ੍ਰੇਲੀਆ ‘ਚ ਕਦੇ ਕੋਈ ਊਚ-ਨੀਚ ਹੋ ਜਾਂਦੀ ਐ ਤਾਂ ਬਾਈ ਬਣਕੇ ਉਸ ਮਾਮਲੇ ਨੂੰ ਏਨੀ ਤੂਲ ਨਾ ਦਿਆ ਕਰੋ । ਲੁੱਟਾਂ-ਖੋਹਾਂ, ਮਾਰ-ਕੁੱਟ, ਕਤਲ ਆਦਿ ਆਸਟ੍ਰੇਲੀਆ ਨਾਲੋਂ ਬਾਹਲੇ ਆਪਣੇ ਮੁਲਕ ‘ਚ ਹੁੰਦੇ ਐ । ਜੇ ਕੋਈ ਪੰਜਾਬੀ ਭਰਾ ਕਿਸੇ ਨਸ਼ੇੜੀ ਦੇ ਧੱਕੇ ਚੜ੍ਹ ਜਾਂਦਾ ਹੈ ਜਾਂ ਕਿਸੇ ਨਾਲ਼ ਕੋਈ ਮਾੜਾ ਮੋਟਾ ਧੱਕਾ ਹੋ ਵੀ ਜਾਂਦਾ ਹੈ ਤਾਂ ਮਾਮਲੇ ਨੂੰ ਨਸਲਵਾਦ ਦਾ ਨਾਮ ਦੇ ਕੇ ਨਾ ਉਛਾਲੋ । ਸਾਡੇ ਘਰ ਦਿਆਂ ਦੇ ਸਾਹ ਥੋਡੇ ਚੈਨਲਾਂ ਦੀਆਂ ਖਬਰਾਂ ਦੇਖ-ਦੇਖ ਕੇ ਈ ਸੁੱਕੇ ਰਹਿੰਦੇ ਨੇ । ਰਿਸ਼ਤੇਦਾਰ ਅੱਡ ਟੈਲੀਵੀਜ਼ਨ ਦੇਖਕੇ ਘਰ ਦਿਆਂ ਨੂੰ ਫੋਨ ਕਰਦੇ ਨੇ ਕਿ ਭਾਈ ਨਿਆਣੇ ਠੀਕ-ਠਾਕ ਨੇ ? ਤੰਗੀਆਂ ਤਕਲੀਫ਼ਾਂ ਤਾਂ ਜਿੰਦਗੀ ਦਾ ਹਿੱਸਾ ਨੇ ਤੇ ਬਾਕੀ ਹਾਲ ਦੀ ਘੜੀ ਤਾਂ ਸਾਡੇ ‘ਤੇ ਰੱਬ ਦੀ ਬੜੀ ਮਿਹਰ ਹੈ । ਕਮੀਆਂ ਪੇਸ਼ੀਆਂ ਹਰ ਕਿਸੇ ‘ਚ ਹੁੰਦੀਆਂ ਨੇ, ਆਪਣੇ ਬੰਦਿਆਂ ‘ਚ ਵੀ ਨੇ, ਪਰ ਥੋਡੀਆਂ ਖ਼ਬਰਾਂ ਕਰਕੇ ਆਸਟ੍ਰੇਲੀਆਈ ਮੀਡੀਆ ਨੇ ਜੇ ਕਿਤੇ ਇਹਨਾਂ ਦੀਆਂ ਕਮੀਆਂ-ਪੇਸ਼ੀਆਂ ਉਜਾਗਰ ਕਰਨਾ ਸ਼ੁਰੂ ਕਰ ਦਿੱਤਾ ਤਾਂ ਇੱਥੇ ਪੜ੍ਹਨ ਆਏ ਜ਼ਰੂਰ ਹੀ ਪ੍ਰੇਸ਼ਾਨੀ ‘ਚ ਆ ਸਕਦੇ ਹਾਂ । ਥੋਡੀਆਂ ਖਬਰਾਂ ਦੇਖ/ਪੜ੍ਹ ਕੇ ਭਾਰਤ ‘ਚ ਵਿਹਲੀ ਜਨਤਾ ਮੁਜ਼ਾਹਰੇ ਕਰਦੀ ਹੈ, ਤੋੜ-ਭੰਨ ਤੇ ਸਾੜ-ਫੂਕ ਕਰਦੀ ਹੈ । ਲੋਕਾਂ ਦੀ ਉਤੇਜਨਾ ਨਾਲ਼ ਥੋਡੀ ਤਾਂ ਟੀ.ਆਰ.ਪੀ. ਪਤਾ ਨਹੀਂ ਵਧਦੀ ਹੈ ਕਿ ਨਹੀਂ ਪਰ ਸਾਡੇ ਮੁਲਕ ਦਾ ਨੁਕਸਾਨ ਜ਼ਰੂਰ ਹੁੰਦਾ ਹੈ । ਬੱਸ ! ਤੁਸੀਂ ਟੋਏ ‘ਚ ਡਿੱਗਿਆ ਕੋਈ ‘ਪ੍ਰਿੰਸ’ ਅਰਗਾ ਹੀ ਲੱਭੀ ਰੱਖਿਆ ਕਰੋ, ਨਾਲ਼ੇ ਤਾਂ ਅਗਲੇ ਦੀ ਜੂਨ ਸੁਧਰ ਜਾਊ ਤੇ ਨਾਲ਼ੇ ਥੋਡੇ ਚੈਨਲਾਂ ਨੂੰ ਚੌਵੀ ਘੰਟੇ ਲਈ ਖ਼ਬਰ ਮਿਲ ਜਾਊ । ਜਿਥੋਂ ਤੱਕ ਨਸਲਵਾਦ ਦਾ ਸੰਬੰਧ ਹੈ, ਆਪਣੇ ਮੰਜੇ ਥੱਲੇ ਸੋਟਾ ਫੇਰ ਕੇ ਦੇਖੋ, ਪਤਾ ਲੱਗ ਜਾਊ ਆਪਾਂ ਕਿੰਨੇ ਕੁ ਦੁੱਧ ਦੇ ਧੋਤੇ ਹਾਂ । ਦੋ ਮਹੀਨੇ ਪਹਿਲਾਂ ਸਾਰੀ ਦੁਨੀਆਂ ‘ਚ ਨਸਲਵਾਦ-ਨਸਲਵਾਦ ਦੇ ਢਿੰਡੋਰੇ ਪਿੱਟ ਕੇ ਆਸਟ੍ਰੇਲੀਆ ਨੂੰ ਵਿਸ਼ਵ ਪੱਧਰ ਤੇ ਬਦਨਾਮ ਕਰ ਦਿੱਤਾ । ਹੁਣ ਕਿਉਂ ਸ਼ਾਂਤੀ ਹੈ ? ਕਿੱਥੇ ਹੈ ਨਸਲਵਾਦ ? ਪਹਿਲਾਂ ਵੀ ਇੱਕਾ-ਦੁੱਕਾ ਘਟਨਾਵਾਂ ਹੁੰਦੀਆਂ ਸੀ, ਹੁਣ ਵੀ ਹੁੰਦੀਆਂ ਨੇ । ਪਰ ਬਾਈ ਜੀ ! ਵਾਰੇ-ਵਾਰੇ ਜਾਈਏ ਥੋਡੇ ਤੋਂ, ਖੰਡ ਤੋਂ ਖੰਡ ਦੇ ਖਿਡੌਣੇ ਬਨਾਉਣੇ ਤਾਂ ਕੋਈ ਥੋਡੇ ਤੋਂ ਸਿੱਖੇ ।”

ਮੇਰੇ ਦਿਲ ਨੇ ਅਜਿਹੀ ਗੱਲ ਕਰ ਦਿੱਤੀ, ਜਿਸ ਨਾਲ਼ ਮੈਂ ਸ਼ਤ-ਪ੍ਰਤੀਸ਼ਤ ਸਹਿਮਤ ਹਾਂ । ਪਿੱਛੇ ਜਿਹੇ ਮੈਂ ਪੰਜਾਬ ‘ਚ ਘਰੇ ਫੋਨ ਲਗਾ ਰਿਹਾ ਸਾਂ, ਕੁਦਰਤੀਂ ਗ਼ਲਤ ਨੰਬਰ ਲੱਗ ਗਿਆ । ਅੱਗੋਂ ਫਿਰੋਜ਼ਪੁਰ ਏਰੀਏ ਦਾ ਕੋਈ ਜਿੰਮੀਦਾਰ ਭਰਾ ਬੋਲਦਾ ਸੀ । ਆਸਟ੍ਰੇਲੀਆ ਬਾਰੇ ਪੁੱਛਣ ਲੱਗ ਪਿਆ, ਮੈਂ ਵੀ ਸੋਚਿਆ ਚਲੋ ਕੋਈ ਨਾ, ਦੋ ਚਾਰ ਮਿੰਟ ਗੱਲ ਕਰਨ ਨਾਲ਼ ਕੋਈ ਫ਼ਰਕ ਨਹੀਂ ਪੈਂਦਾ, ਭਾਵੇਂ ਕਿ ਅੰਤਰ-ਰਾਸ਼ਟਰੀ ਕਾਲ ਦਾ ਖ਼ਰਚ ਪੈ ਰਿਹਾ ਸੀ । ਕਾਫ਼ੀ ਗੱਲਾਂ ਕਰਕੇ ਉਸ ਬਾਈ ਨੇ ਆਖਿ਼ਰ ‘ਲਿੱਦ’ ਕਰ ਹੀ ਦਿੱਤੀ । ਪੁੱਛਦਾ... ‘ਬਾਈ ਜੀ ! ਥੋਡੇ ਨਾਲ਼ ਗੋਰੇ ਭਈਆਂ ਵਾਲਾ ਵਿਹਾਰ ਕਰਦੇ ਐ ਕਿ ਬਚੇ ਐ ?’ ਉਸਨੇ ਤਾਂ ਸ਼ਾਇਦ ਸੁਭਾਇਕੀ ਹੀ ਪੁੱਛਿਆ ਸੀ ਪਰ ਜੇ ਗੰਭੀਰਤਾ ਨਾਲ਼ ਸੋਚਿਆ ਜਾਵੇ ਤਾਂ ਇਸ ਨਿੱਕੀ ਜਿਹੀ ਗੱਲ ਤੋਂ ਪੰਜਾਬੀਆਂ ਦੇ ਅਚੇਤ ਮਨਾਂ ‘ਚ ਭਈਆਂ ਪ੍ਰਤੀ ਵਿਵਹਾਰ ਜਾਂ ਸੋਚ ਬਾਰੇ ਪਤਾ ਚਲਦਾ ਹੈ । ਕੀ ਇਹ ਗੱਲਾਂ ਨਸਲਵਾਦ ਦਾ ਹਿੱਸਾ ਨਹੀਂ ? ਇਹ ਵਿਸ਼ਾ ਗੰਭੀਰਤਾ ਨਾਲ਼ ਸੋਚਣ ਵਾਲਾ ਹੈ । ਇੱਥੇ ਆਸਟ੍ਰੇਲੀਆ ‘ਚ ਪੁਰਾਣੇ ਵਸਦੇ ਪੰਜਾਬੀਆਂ ‘ਚੋਂ ਕੁਝ ਕੁ ਵਿਦਿਆਰਥੀਆਂ ਨਾਲ਼ ਭੱਦਾ ਵਿਵਹਾਰ ਕਰਦੇ ਹਨ । “ਸਟੂਡੈਂਟ” ਸ਼ਬਦ ਇੰਝ ਪੁਕਾਰਦੇ ਹਨ, ਜਿਵੇਂ ਸਟੂਡੈਂਟ ਪੜ੍ਹੇ ਲਿਖੇ ਨੌਜਵਾਨ ਨਹੀਂ ਸਗੋਂ “ਅਛੂਤਾਂ ਦਾ ਤਬਕਾ” ਹੈ । ਜਾਪਦਾ ਹੈ ਕਿ ਉਹ ਲੋਕ ਸਾਡੇ ਇੱਥੇ ਆਉਣ ਤੇ ਖੁਸ਼ ਨਹੀਂ ਹਨ । ਕਾਰਨ ??? ਪਤਾ ਨਹੀਂ । ਕੁਝ ਦਿਨ ਹੋਏ ਗੁਰਦੁਆਰਾ ਸਾਹਿਬ ‘ਚ ਅਖੰਡ ਪਾਠ ਦਾ ਪ੍ਰਕਾਸ਼ ਹੋਇਆ ਸੀ । ਮੈਂ ਵੀ ਪੁਰਾਣੇ ਪੰਜਾਬੀਆਂ ‘ਚ ਜਾ ਬੈਠਾ, ਪਰ ਜਾਪਦਾ ਹੈ ਕਿ ਉਨ੍ਹਾਂ ‘ਚ ਬੈਠਣ ਦੀ ਗੁਸਤਾਖ਼ੀ, ਮੈਂ ਆਪਣੀ “ਔਕਾਤ ਤੋਂ ਬਾਹਰ ਜਾ ਕੇ” ਕੀਤੀ ਸੀ । ਇੱਕ ਬਾਈ ਜੀ ਨੇ ਗੱਲਾਂ ਹੀ ਗੱਲਾਂ ‘ਚ ਮੇਰੀ “ਰੇਲ” ਬਨਾਉਣੀ ਸ਼ੁਰੂ ਕਰ ਦਿੱਤੀ । ਪਹਿਲਾਂ ਤਾਂ ਮੈਂ ਉਸਦੀ ਗੱਲ ਨੂੰ ਮਜ਼ਾਕ ਸਮਝਿਆ ਪਰ ਜਲਦੀ ਹੀ ਅਹਿਸਾਸ ਹੋ ਗਿਆ ਕਿ ਉਹ ਤਾਂ ਸਟੂਡੈਂਟ ਤਬਕੇ ‘ਚੋਂ ਹੋਣ ਕਰਕੇ ਮੇਰੇ ਨਾਲ਼ ਅਜਿਹਾ ਭੱਦਾ ਵਿਵਹਾਰ ਕਰ ਰਿਹਾ ਸੀ । ਅੱਗ ਤਾਂ ਬੜੀ ਚੜ੍ਹੀ ਪਰ ਆਪਣੇ ਆਪ ਤੇ ਕੰਟਰੌਲ ਰਖਣ ‘ਚ ਕਾਮਯਾਬ ਰਿਹਾ, ਇਹੀ ਸੋਚ ਕੇ ਕਿ “ਸਿਆਣੀ” ਉਮਰ ਦਾ ਹੈ, ਧੌਲਿਆਂ ਵਾਲਾ ਹੈ । ਮੰਨਿਆਂ ਕਿ ਅਸੀਂ ਸਟੂਡੈਂਟ ਵੀਜ਼ੇ ਤੇ ਆਏ ਹਾਂ ਪਰ ਨਾ ਤਾਂ ਅਸੀਂ ਜਹਾਜ਼ ਦੀ ਪੂਛ ਤੇ ਬੈਠ ਕੇ ਆਏ ਹਾਂ ਤੇ ਨਾ ਹੀ ਗ਼ੈਰ ਕਾਨੂੰਨੀ ਤੌਰ ‘ਤੇ । ਨਾ ਹੀ ਅਨਪੜ੍ਹ ਢੱਗੇ ਹਾਂ ਕਿ ਜਿਵੇਂ ਮਰਜ਼ੀ ਹੱਕੀ ਚੱਲੋ ।

ਖ਼ੈਰ ! ਇਸ ਸਮੇਂ ਤਾਂ ਮੈਂ ਆਪਣੇ ਦਿਲ ਦੀਆਂ ਸੁਨਣ ਲੱਗਾ ਹੋਇਆ ਸਾਂ ।

“ਯਾਰ ! ਤੂੰ ਤਾਂ ਵਾਕਿਆ ਹੀ ਸਹੀ ਗੱਲਾਂ ਕਰਨ ਲੱਗ ਪਿਐਂ । ਮੈਂ ਤੇਰੇ ਨਾਲ਼ ਸੌ ਪ੍ਰਤੀਸ਼ਤ ਸਹਿਮਤ ਹਾਂ ਤੇ ਲੇਖ਼ ਲਿਖਣ ਲਈ ਤਿਆਰ ਵੀ, ਪਰ ਜਿਹੜੀਆਂ ਗੱਲਾਂ ਤੂੰ ਸ਼ੁਰੂ ਕੀਤੀਆਂ ਸੀ, ਉਹ ਲਿਖਣ ਦੇ ਮੈਂ ਹੱਕ ‘ਚ ਨਹੀਂ, ਕਿਉਂ ਜੋ ਉਹ ਸਿਆਣਿਆਂ-ਬਿਆਣਿਆਂ ਦੇ ਕਰਨ ਦੀਆਂ ਗੱਲਾਂ ਹਨ, ਆਪਣੇ ਨਹੀਂ । ਇਸ ਲਈ ਬਾਈ ਜੀ ਤੇਰੀਆਂ ਗੱਲਾਂ ਰਿਕਾਰਡ ਕਰਨ ਲਈ ਮੈਂ ਰਿਕਾਰਡਰ ਤਾਂ ਜ਼ਰੂਰ ਚਲਾਇਆ ਪਰ ਮੁਆਫ਼ ਕਰੀਂ ਯਾਰਾ ! ਉਹਦੇ ‘ਚ ਸੈੱਲ ਤਾਂ ਹੈ ਹੀ ਨਹੀਂ । ਸੋ, ਤੇਰੀਆਂ ਗੱਲਾਂ ਰਿਕਾਰਡ ਨਹੀਂ ਹੋਈਆਂ ਤੇ ਜਦ ਮੇਰੇ ਕੋਲ਼ ਤੇਰੇ ਵਿਚਾਰ ਹੀ ਰਿਕਾਰਡ ਨਹੀਂ ਹੋਏ ਤਾਂ ਲੇਖ਼ ਲਿਖੂੰ ਕਿਵੇਂ ।” ਮੈਂ ਆਪਣੇ ਦਿਲ ਨੂੰ ਸ਼ਾਂਤ ਮੂਡ ‘ਚ ਦੇਖਕੇ ਸਚਾਈ ਬਿਆਨ ਕਰ ਦਿੱਤੀ ।

“ਜਾ ਉਏ ਸਹੁਰੀ ਦਿਆ ! ਮੈਨੂੰ ਬੇਵਕੂਫ਼ ਹੀ ਬਣਾਈ ਗਿਆ । ਮੇਰਾ ਸਾਰਾ ਜ਼ੋਰ ਲੱਗ ਗਿਆ ਤੇ ਤੂੰ ਰਿਕਾਰਡ ਹੀ ਕੁਝ ਨਹੀਂ ਕੀਤਾ । ਆਖ਼ਰ ਮਹਾਜਨਾਂ ਵਾਲਾ ਦਿਲ ਹੀ ਪਾਇਆ ਨਾ । ਥੋੜਾ ਦਲੇਰ ਬਣ । ਜੇ ਕੁਝ ਯਾਦ ਰਿਹਾ ਹੈ ਤਾਂ ਲਿਖ ਦੇਈਂ ਨਹੀਂ ਤਾਂ ਭਾਈ ਕੋਈ ਹੱਲ ਹੀ ਨਹੀਂ ।” ਮੈਂ ਖੁਸ਼ ਸੀ ਕਿ ਮੇਰੇ ਦਿਲ ਨੂੰ ਸਚਾਈ ਸੁਣਕੇ ਗੁੱਸਾ ਨਹੀਂ ਸੀ ਆਇਆ ਪਰ ਉਹ ਮੇਰੇ ‘ਤੇ “ਤਵਾ” ਤਾਂ ਲਾ ਹੀ ਗਿਆ ਸੀ ।

“ਚੱਲ ਬਾਈ ! ਇਸੇ ਨੂੰ ਮੇਰੀ ਕਮਜ਼ੋਰੀ ਸਮਝ ਜਾਂ ਜੋ ਮਰਜ਼ੀ, ਮੈਂ ਤਾਂ ਬਈ ਸਿਆਣੇ ਬੰਦਿਆਂ ਦੀਆਂ ਕਰਨ ਵਾਲੀਆਂ ਗੱਲਾਂ ਤੋਂ ਖ਼ੁਦ ਨੂੰ ਦੂਰ ਰੱਖਣਾ ਹੀ ਬਿਹਤਰ ਸਮਝਦਾ ਹਾਂ । ਜਿ਼ੰਦਗੀ ‘ਚ ਕਦੇ ਜੇ ਮੇਰੀ ਹਿੰਮਤ ਨੇ ਸਾਥ ਦਿੱਤਾ ਤਾਂ ਕੌਮ ਦੇ ਆਗੂਆਂ ਸਾਹਮਣੇ ਤੇਰੀ ਸੋਚ ਨੂੰ ਰੱਖ ਦਿਆਂਗਾ, ਬਾਕੀ ਉਹ ਜੋ ਕਰਨਗੇ, ਸ਼ਾਇਦ ਸਹੀ ਹੀ ਕਰਨਗੇ ।” ਮੈਂ ਅਸਲ ਹਾਲਤ ਨੂੰ ਆਪਣੇ ਦਿਲ ਦੇ ਸਾਹਮਣੇ ਰੱਖਦਿਆਂ ਕਿਹਾ ।

“ਦਿਲ ਬਾਈ ! ਤੂੰ ਏਨੀਆਂ ਗੱਲਾਂ ਕੀਤੀਆਂ, ਆਪਣੇ ਅੰਦਰ ਦਾ ਇੱਕ ਦੁੱਖ ਮੈਂ ਵੀ ਤੇਰੇ ਨਾਲ਼ ਫਿਰੋਲ ਲਵਾਂ ?” ਮੈਂ ਪੁੱਛਿਆ ।

“ਹਾਂ... ਹਾਂ... ਦੱਸ ਕੀ ਕਹਿਣਾ ਚਾਹੁੰਦਾ ਏਂ ।”

“ਮੇਰੇ ਮਨ ‘ਚ ਤਾਂ ਯਾਰ, ‘84 ਵਾਲਾ ਕਿੱਲ ਹੀ ਠੁੱਕਿਆ ਪਿਆ ਹੈ । ਜੋ ਹੋ ਗਿਆ, ਉਸਦਾ ਇਲਾਜ ਤਾਂ ਕਿਸੇ ਕੋਲ ਵੀ ਨਹੀਂ ਪਰ ਜੇਕਰ ਪੀੜਿਤਾਂ ਨੂੰ ਸਿਰਫ਼ ਇਨਸਾਫ਼ ਹੀ ਮਿਲ ਜਾਂਦਾ, ਤਾਂ ਵੀ ਜ਼ਖ਼ਮਾਂ ਤੇ ਮਾੜੀ-ਮੋਟੀ ਮਰਹਮ ਤਾਂ ਰੱਖੀ ਜਾਂਦੀ । ਸਾਡੇ ਪ੍ਰਧਾਨ ਮੰਤਰੀ ਸਿੱਖ ਹੋਣ ਦੇ ਬਾਵਜੂਦ ਅੱਜ ਤੱਕ ਕੁਝ ਨਾ ਹੋ ਪਾਇਆ । ਤੇ ਹੁਣ ਤਾਂ ਉਮੀਦ ਵੀ ਮਨਫ਼ੀ ਹੁੰਦੀ ਜਾਂਦੀ ਹੈ । ਕੇਵਲ ਹੀ ਅਰਦਾਸ ਕਰ ਸਕਦਾ ਹਾਂ ਕਿ ਹੇ ਸੱਚੇ ਪਾਤਸ਼ਾਹ ! ਮੇਰੇ ਦੇਸ਼ ਦੇ ਆਗੂਆਂ ਨੂੰ ਬੁੱਧੀ ਬਖ਼ਸ਼ ਤਾਂ ਜੋ ਉਹ ਕੁਰਸੀ ਦੇ ਮੋਹ ਤੋਂ ਅੱਗੇ ਵਧ ਕੇ ਜਨਤਾ ਦੇ ਦੁੱਖ-ਦਰਦ ਨੂੰ ਮਹਿਸੂਸ ਕਰ ਸਕਣ ।”

“ਹਾਂ ! ਮੈਂ ਵੀ ਤੇਰੇ ਨਾਲ਼ ਇਸ ਅਰਦਾਸ ਵਿੱਚ ਸ਼ਾਮਲ ਹਾਂ । ਸੱਚੀ ਸਰਕਾਰ ਪੀੜਿਤਾਂ ਨੂੰ ਵੀ ਭਾਣਾ ਮੰਨਣ ਦਾ ਬਲ ਬਖ਼ਸ਼ੇ ਤੇ ਇੱਕ ਬੇਨਤੀ ਹੋਰ ਹੈ, ਹੇ ਸੱਚੇ ਪਾਤਸ਼ਾਹ ! ਭਾਰਤ ਦੀ ਧਰਤੀ ਤੇ ਖੁੰਭਾਂ ਵਾਂਗੂੰ ਉੱਗੇ ਬਾਬਿਆਂ ਨੂੰ ਵੀ ਸੁਮੱਤ ਬਖ਼ਸ਼ ਤਾਂ ਜੋ ਇਹ ਵੀ ਵਿਹਲੀਆਂ ਖਾਣ ਦੀ ਬਜਾਏ ਕਿਰਤ ਕਮਾਈ ਕਰਕੇ ਰੋਟੀ ਖਾਣ ‘ਚ ਯਕੀਨ ਕਰਨ ।”

“.....” ਮੇਰਾ ਦਿਲ ਗੱਲ ਖ਼ਤਮ ਕਰਦਿਆਂ ਮੁੜ ਬਾਬਿਆਂ ਤੇ ਆ ਗਿਆ, ਸੋ ਮੈਂ ਚੁੱਪ ਰਹਿਣਾ ਮੁਨਾਸਿਬ ਸਮਝਿਆ ।

“ਚੰਗਾ ਯਾਰ ! ਮੇਰਾ ਵੀ ਵਾਹਵਾ ਜ਼ੋਰ ਲੱਗ ਗਿਆ, ਤੇ ਤੂੰ ਵੀ ਕਾਫ਼ੀ ਪ੍ਰੇਸ਼ਾਨ ਹੋ ਗਿਆ ਹੋਏਂਗਾ, ਮੇਰੀਆਂ ਗੱਲਾਂ ਤੋਂ । ਬੋਝ ਲਾਹ ਤੇ ਭੋਰਾ ਆਰਾਮ ਕਰ ਲੈ । ਪਰ ਇੱਕ ਗੱਲ ਤਾਂ ਮੰਨ ਲੈ ਕਿ ਮੇਰੀਆਂ ਗੱਲਾਂ ਹੈਗੀਆਂ ਸੀ, ਸਾਰੀਆਂ ਖ਼ਰੀਆਂ ।” ਆਖਿ਼ਰ ਮੇਰੇ ਦਿਲ ਨੂੰ ਮੇਰੇ ਤੇ ਰਹਿਮ ਆ ਹੀ ਗਿਆ ਸੀ ।

“ਚੱਲ ਛੱਡ ਯਾਰ ! ਫੇਰ ਕਦੇ ਗੱਲ ਕਰਾਂਗੇ ।” ਮੇਰੇ ਦਿਲ ਦੀਆਂ ਗੱਲਾਂ ਪਤਾ ਨਹੀਂ ਸਹੀ ਸਨ ਕਿ ਨਹੀਂ, ਪਰ ਮੈਂ ਆਪਣੀ ਜਾਨ ਬਚਾ ਲਈ ਸੀ, ਆਪਣੇ ਦਿਲ ਨੂੰ ਬੇਵਕੂਫ਼ ਬਣਾ ਕੇ, ਤੇ ਪ੍ਰੇਸ਼ਾਨੀ ਤੋਂ ਮੁਕਤ ਵੀ ਹੋ ਗਿਆ ਸਾਂ ਕਿ ਹੁਣ ਲੇਖ਼ ਨਹੀਂ ਲਿਖਣਾ ਪਵੇਗਾ ।

***