ਜੇ ਤੂੰ ਅਕਲਿ ਲਤੀਫ਼ ਹੈ ਕਾਲ਼ੇ ਲਿਖ ਨਾ ਲੇਖ ।
ਆਪਨੜੇ ਗਿਰੀਵਾਨ ਮਹਿ ਸਿਰ ਨੀਵਾਂ ਕਰ ਦੇਖ ।।
-- ਬਾਬਾ ਸ਼ੇਖ਼ ਫ਼ਰੀਦ ਜੀ


ਥਾਈ ਯੱਕੇ ਦੀ ਸਵਾਰੀ.......... ਲੇਖ / ਰਿਸ਼ੀ ਗੁਲਾਟੀ

ਇਹ ਗੱਲ ਤਾਂ ਸੋਲਾਂ ਆਨੇ ਸੱਚੀ ਹੈ ਕਿ ਪੰਜਾਬੀ ਕਿਤੇ ਵੀ ਕਿਉਂ ਨਾ ਜਾਣ, ਆਪਣੀ ਪਹਿਚਾਣ ਬਰਕਰਾਰ ਰੱਖਦੇ ਹਨ । ਉਹ ਪਹਿਚਾਣ ਕਿਸ ਰੂਪ ਵਿੱਚ ਹੁੰਦੀ ਹੈ, ਇਹ ਗੱਲ ਜੁਦਾ ਹੈ । ਪਿਛਲੇ ਦਿਨਾਂ ਦੀ ਹੀ ਗੱਲ ਲੈ ਲਵੋ, ਥਾਈ ਏਅਰਲਾਈਨਜ਼ ਰਾਹੀਂ ਦਿੱਲੀ ਤੋਂ ਬੈਂਕਾਕ ਦੇ ਰਸਤੇ ਵਿੱਚ ਸਾਡੇ ਵੀਰਾਂ ਨੇ ਜੋ ਗੰਦ ਪਾਇਆ ਉਹ ਨਾ-ਭੁੱਲਣਯੋਗ ਹੈ....

“ਚੱਲ ਬਾਈ, ਸਟਾਰਟ ਕਰ ਲੈ”


“ਤੁਰ ਪੈ ਹੁਣ ਤਾਂ” ਜਿਹੀਆਂ ਆਵਾਜਾਂ ਮੇਰੀ ਪਿਛਲੀ ਸੀਟ ਤੋਂ ਹੀ ਆ ਰਹੀਆਂ ਸਨ । ਸਹੀ ਟਾਈਮ ਤੇ ਜਹਾਜ਼ ਨੇ ਉਡਾਨ ਭਰੀ ਤੇ
“ਡਰਾਈਵਰ ਵੀਰ” ਨੇ ਸਾਵਧਾਨੀ ਭਰੀਆਂ ਗੱਲਾਂ ਦੱਸਣੀਆਂ ਸ਼ੁਰੂ ਕੀਤੀਆਂ ।
“ਬਾਈ ਪੰਜਾਬੀ ‘ਚ ਦੱਸ, ਇਉਂ ਨਹੀਂ ਸਮਝ ਆਉਂਦੀ”
ਇਥੋਂ ਤੱਕ ਦੀਆਂ ਗੱਲਾਂ ਤਾਂ ਪੰਜਾਬੀਆਂ ਦੇ ਹਸਮੁੱਖ ਤੇ ਖੁੱਲੇ ਸੁਭਾਅ ਦੀ ਪਹਿਚਾਣ ਲੱਗ ਰਹੀ ਸੀ, ਜਦ ਵੀ ਜਹਾਜ਼ ਗੜਗੜਾਹਟ ਪੈਦਾ ਕਰਦਾ ਜਾਂ ਹਿੱਲਦਾ ਤਾਂ ਜੋ ਕੁਝ ਸੁਣਿਆ ਉਹ ਸ਼ਰਮਸਾਰ ਕਰਦਾ ਸੀ, ਕਿਉਂ ਜੋ ਨਾਲ਼ ਦੀਆਂ ਸੀਟਾਂ ਤੇ ਹਰਿਆਣਾ, ਦਿੱਲੀ ਤੋਂ ਛੁੱਟ ਹੋਰ ਦੇਸ਼ਾਂ ਦੀਆਂ ਸਵਾਰੀਆਂ ਵੀ ਬੈਠੀਆਂ ਸਨ ਪਰ ‘ਵਾਜਾਂ ਕੇਵਲ ਸਾਡੇ ਸਪੂਤਾਂ ਦੀਆਂ ਆ ਰਹੀਆਂ ਸਨ ।
“ਇਹ ਤਾਂ ਡਿੱਗਣ ਲੱਗਾ ਬਾਈ”
“ਸਵਾਰੀ ਆਪਣੇ ਸਮਾਨ ਦੀ ਆਪ ਜੁੰਮੇਵਾਰ ਹੈ”
“ਰੱਬਾ ਰੱਖ ਲੈ”
“ਬਾਈ ਮੇਰਾ ਬੀਮਾ ਨਹੀਂ ਹੋਇਆ”
ਤੜਕੇ ਸਾਝਰੇ ਹੀ ਸਾਢੇ ਸੱਤ ਵਜੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਵਿੱਚ ਦਾਖ਼ਲ ਹੋ ਗਏ ਸਾਂ ਤਾਂ ਜੋ ਭੀੜ ਵਿੱਚ ਫਸ ਕੇ ਕੋਈ ਸਮੱਸਿਆ ਨਾ ਪੇਸ਼ ਆ ਜਾਵੇ । ਜਾ ਕੇ ਸਮਾਨ ਜਮ੍ਹਾਂ ਕਰਵਾਇਆ ਤੇ ਇਮੀਗਰੇਸ਼ਨ ਕਾਊਂਟਰ ਤੇ ਜਾ ਖੜ੍ਹੇ ਹੋਏ । ਕਲੀਅਰੈਂਸ ਤੋਂ ਬਾਅਦ ਡੇਢ ਘੰਟਾ ਵੇਟਿੰਗ ਹਾਲ ਵਿੱਚ ਗੁਜ਼ਾਰਿਆ । ਲੁਧਿਆਣੇ ਦਾ ਇੱਕ ਵੀਰ ਨਾਲ਼ ਦੀ ਕੁਰਸੀ ਤੇ ਆ ਬੈਠਿਆ । ਅਸੀਂ ਘਰੋਂ ਦੇਸੀ ਘਿਉ ਵਾਲੇ ਆਲੂ ਦੇ ਪਰੌਂਠੇ ਬਣਵਾ ਕੇ ਲੈ ਗਏ ਸਾਂ ।
“ਲੈ ਬਾਈ, ਪਰੌਂਠੇ ਖਾ ਲੈ”
“ਬੱਸ ਬਾਈ ਜੀ, ਤੁਸੀਂ ਖਾਓ, ਮੈਂ ਬਾਹਰ ਕੈਂਟੀਨ ਤੋਂ ਖਾ ਕੇ ਹੀ ਅੰਦਰ ਆਇਆ ਹਾਂ”
“ਖਾ ਲੈ ਵੀਰ, ਮਾਂ ਦੇ ਹੱਥ ਦੇ ਅਖੀਰਲੀ ਵਾਰ ਮਿਲ ਰਹੇ ਨੇ, ਮੁੜਕੇ ਪਤਾ ਨਹੀਂ ਕਦੋਂ ਨਸੀਬ ਹੋਣ”
ਗੱਲ ਸੱਚੀ ਵੀ ਸੀ ਤੇ ਕੌੜੀ ਸਚਾਈ ਵੀ, ਕੁਦਰਤੀ ਮੂੰਹੋਂ ਨਿੱਕਲ ਗਈ । ਇਸ ਕੌੜੀ ਸਚਾਈ ਦੇ ਅੱਗੇ ਆਉਂਦਿਆਂ ਹੀ ਅਸੀਂ ਤਿੰਨਾਂ ਨੇ ਚੁੱਪ-ਚਾਪ ਪਰੌਂਠੇ ਖਾ ਲਏ । ਸ਼ਾਇਦ ਸਭ ਨੂੰ ਭਵਿੱਖ ਵਿੱਚ ਆ ਰਹੇ ਸਮੇਂ ਬਾਰੇ ਅਹਿਸਾਸ ਹੋ ਰਿਹਾ ਸੀ । ਮੈਨੂੰ ਇਸ ਗੱਲ ਦਾ ਭਲੀ ਭਾਂਤ ਅੰਦਾਜ਼ਾ ਹੋ ਗਿਆ ਕਿ ਪਰਵਾਸੀ ਵੀਰ ਇਸ ਗੱਲ ਦੀ ਰਟ ਕਿਉਂ ਲਾਈ ਰੱਖਦੇ ਹਨ ਕਿ “ਬਾਹਰ ਕੁਝ ਨਹੀਂ ਰੱਖਿਆ, ਪੰਜਾਬ ਵਿੱਚ ਹੀ ਸਰਦਾਰੀ ਹੈ, ਆਪਣਾ ਪਰਿਵਾਰ ਹੈ ।” ਜਦ ਕੋਈ ਪਰਵਾਸੀ ਦੋਸਤ ਇਹ ਗੱਲ ਮੈਨੂੰ ਕਹਿੰਦਾ ਸੀ ਤਾਂ ਮੇਰਾ ਜੁਆਬ ਹੁੰਦਾ ਸੀ “ਸਾਲਿਆ ਜੇ ਤੈਨੂੰ ਏਨਾਂ ਚਾਅ ਹੈ ਇਸ ਮਿੱਟੀ ਦਾ ਤਾਂ ਇੱਥੇ ਕਿਉਂ ਨਹੀਂ ਰਹਿ ਜਾਂਦਾ, ਇਹ ਤਾਂ ਥੋਡੀਆਂ ਕਹਿਣ ਦੀਆਂ ਹੀ ਗੱਲਾਂ ਨੇ... ਘਰ... ਪਰਿਵਾਰ... ਵਤਨ... ਮਿੱਟੀ... ਚਾਰ ਦਿਨ ਇੱਥੇ ਲਗਾ ਕੇ ਮੁੜ ਉਡਾਰੀ ਮਾਰ ਜਾਂਦੇ ਹੋ”, ਪਰ ਇਸ ਨਾਲ ਹੀ ਇਸ ਗੱਲ ਦਾ ਵੀ ਅਹਿਸਾਸ ਸੀ ਕਿ ਉਹ ਲੋਕ ਕਿਉਂ ਆਪਣੀਆਂ ਸਰਦਾਰੀਆਂ ਛੱਡ ਕੇ ਦਿਹਾੜੀਆਂ ਕਰਨੀਆਂ ਮਨਜ਼ੂਰ ਕਰਦੇ ਨੇ । ਮੇਰਾ ਵੀ ਤਾਂ “ਸ਼ਾਹੀ ਕੰਮ” ਸੀ, ਆਪਣੇ ਸ਼ਹਿਰ ਫ਼ਰੀਦਕੋਟ ਵਿੱਚ । ਫਿਰ ਮੈਂ ਕਿਉਂ ਭਰਿਆ ਪੂਰਾ ਪਰਿਵਾਰ ਤੇ ਕੰਮ-ਕਾਰ ਛੱਡ ਕੇ, ਉਸੇ ਰਸਤੇ ਦਾ ਰਾਹੀ ਬਣ ਗਿਆ, ਜਿਸ ‘ਤੇ ਚੱਲਣ ‘ਤੇ ਹੋਰਨਾਂ ਨੂੰ ਟੋਕਦਾ ਸੀ, ਜ਼ਾਹਿਰ ਜਿਹਾ ਕਾਰਨ ਹੈ ਸਾਡਾ ਸਮਾਜਿਕ ਤਾਣਾ ਬਾਣਾ, ਜੋ ਇਤਨਾ ਜਿ਼ਆਦਾ ਉਲਝ ਚੁੱਕਾ ਹੈ ਕਿ ਹਰ ਕੋਈ ਖੁਦਗਰਜ਼ੀ, ਭ੍ਰਿਸ਼ਟਾਚਾਰ ਤੇ ਹੋਰ ਅਲਾਮਤਾਂ ‘ਚ ਏਨੀ ਬੁਰੀ ਤਰ੍ਹਾਂ ਉਲਝ ਚੁੱਕਾ ਹੈ ਕਿ ਕਿਸੇ ਦੇ ਆਜ਼ਾਦ ਹੋਣ ਦਾ ਕੋਈ ਰਸਤਾ ਨਜ਼ਰ ਨਹੀਂ ਆਉਂਦਾ । ਹਰ ਕੋਈ ਦੂਜੇ ਦੇ ਹੱਕ ਤੇ ਬੜੇ ਅਧਿਕਾਰ ਨਾਲ ਡਾਕਾ ਮਾਰ ਰਿਹਾ ਹੈ । ਕੋਈ ਆਪਣਾ ਫ਼ਰਜ਼ ਪਹਿਚਾਨਣ ਨੂੰ ਤਿਆਰ ਨਹੀਂ । ਚਾਹੇ ਸਰਕਾਰੀ ਅਫ਼ਸਰ ਹੈ, ਮੁਲਾਜ਼ਮ ਹੈ ਜਾਂ ਦੁਕਾਨਦਾਰ । ਮਿਲਾਵਟਖੋਰੀ ਤੇ ਰਿਸ਼ਵਤਖੋਰੀ ਵਿੱਚ ਸਾਡਾ ਪਹਿਲਾ ਨੰਬਰ ਹੈ । ਕੋਈ ਦੁਕਾਨਦਾਰ ਇਹ ਸੋਚਣ ਲਈ ਤਿਆਰ ਨਹੀਂ ਕਿ ਉਹਨਾਂ ਦੁਆਰਾ ਕੀਤੀ ਗਈ ਮਿਲਾਵਟ ਨਾਲ਼ ਕਿਨ੍ਹੇ ਕੁ ਲੋਕਾਂ ਦੀ ਸਿਹਤ ਨਾਲ਼ ਖਿਲਵਾੜ ਹੋ ਰਿਹਾ ਹੈ । ਖੁਰਾਕ ਕੁਆਲਟੀ ਕੰਟਰੌਲ ਨਾਲ਼ ਸਬੰਧਤ ਵਿਭਾਗਾਂ ਦੇ ਅਫ਼ਸਰ ਇਹ ਨਹੀਂ ਸੋਚਦੇ ਕਿ ਜਿਨ੍ਹਾਂ ਮਿਲਾਵਟ ਖੋਰ ਦੁਕਾਨਦਾਰਾਂ ਨੂੰ ਉਹ ਰਿਸ਼ਵਤ ਲੈ ਕੇ ਛੱਡ ਦਿੰਦੇ ਹਨ, ਉਨ੍ਹਾਂ ਦੁਆਰਾ ਕੀਤੀਆਂ ਗਈਆਂ ਮਿਲਾਵਟਾਂ ਨਾਲ਼ ਸਾਡੇ ਨੰਨੇ ਮੁੰਨੇ ਬੱਚੇ ਕਿੰਨੀਆਂ ਬਿਮਾਰੀਆਂ ਵਿੱਚ ਗ੍ਰਸਤ ਹੋ ਰਹੇ ਹਨ ।
ਖ਼ੈਰ ! ਇੰਤਜ਼ਾਰ ਖ਼ਤਮ ਹੋਈ ਤੇ ਸਵਾਰ ਹੋਣ ਦਾ ਇਸ਼ਾਰਾ ਮਿਲਦਿਆਂ ਹੀ ਸਭ ਲੋਕ ਲਾਈਨ ਬਣਾ ਕੇ ਜਹਾਜ਼ ਵਿੱਚ ਦਾਖ਼ਲ ਹੋਣ ਲੱਗੇ । ਗੇਟ ਤੇ “ਥਾਈ ਬੀਬੀਆਂ” ਸਭ ਨੂੰ ਹੱਥ ਜੋੜ, ਸਿਰ ਨਿਵਾ ਜੀ ਆਇਆਂ ਕਹਿ ਰਹੀਆਂ ਸਨ । ਅਸੀਂ ਵੀ ਕਿਸੇ ਚੰਗੇ ਲੀਡਰ ਵਾਂਗ ਛਾਤੀ ਫੁਲਾ ਕੇ ਤੇ ਧੋਣ ਅਕੜਾ ਕੇ, ਸਿਰ ਨੂੰ ਹਲਕੀ ਜਿਹੀ ਜੁੰਬਿਸ਼ ਦਿੰਦਿਆਂ ਉਨ੍ਹਾਂ ਦੀ ਜੀ ਆਇਆਂ ਪ੍ਰਵਾਨ ਕੀਤੀ । ਅੱਜ ਤੱਕ ਸਾਡੀ ਵੱਧ ਤੋਂ ਵੱਧ ਮਾਰ ਆਪਣਾ ਨੀਲਾ ਮੋਟਰਸਾਇਕਲ ਜਾਂ ਫਿਰੋਜ਼ਪੁਰ-ਦਿੱਲੀ ਪੰਜਾਬ ਮੇਲ ਹੀ ਸੀ, ਪਰ ਅੱਜ ਉਸ ਜਹਾਜ਼ ਵਿੱਚ ਸਵਾਰ ਹੋਣ ਦਾ ਮੌਕਾ ਮਿਲਿਆ ਸੀ, ਜਿਸਨੂੰ ਬਚਪਨ ਤੋਂ ਲੈ ਕੇ ਡੇਢ ਘੰਟਾ ਪਹਿਲਾਂ ਤੱਕ ਅੱਖਾਂ ਤੇ ਹੱਥ ਦੀ ਛਤਰੀ ਬਣਾ, ਮੂੰਹ ਉੱਚਾ ਚੁੱਕ ਕੇ ਹੀ ਦੇਖਿਆ ਸੀ । ਡੇਢ ਘੰਟਾ ਮੈਂ ਤਾਂ ਕਿਹਾ ਹੈ ਕਿ ਵੇਟਿੰਗ ਰੂਮ ‘ਚੋਂ ਸ਼ੀਸ਼ੇ ਥਾਣੀਂ ਬਾਹਰ ਖੜਾ ਜਹਾਜ਼ ਤੱਕਦਿਆਂ ਏਨਾ ਟਾਈਮ ਤੋਂ ਹੋ ਹੀ ਚੱਲਾ ਸੀ । “ਸਾਖ਼ਸ਼ਾਤ” ਪਲੇਨ ਵਿੱਚ ਬੈਠ ਕੇ ਨਾਲ ਬੈਠੀ ਘਰ ਵਾਲੀ ਦੇ ਚੂੰਢੀ ਵੱਢੀ ।
“ਹਟੋ ਜੀ! ਕੀ ਕਰਦੇ ਹੋ”
“ਭਾਗਵਾਨੇ ਮੈਂ ਤਾਂ ਦੇਖਦਾ ਸੀ ਕਿ ਸੱਚੀ ਮੁੱਚੀਂ ਜਹਾਜ਼ ਵਿੱਚ ਬੈਠੇ ਆਂ ਕਿ ਕੋਈ ਸੁਪਨਾਂ ਚੱਲ ਰਿਹੈ”
“ਚੰਗਾ... ਚੰਗਾ... ਇਉਂ ਕਰੋ ਪਈ ਮੰਮੀ ਹੋਰਾਂ ਨਾਲ਼ ਮੇਰੀ ਗੱਲ ਕਰਵਾਓ”
ਖੁਸ਼ੀਆਂ ਨਾਲ਼ ਫੁੱਲੀ ਘਰ ਵਾਲੀ ਨੇ ਵਾਰੀ ਸਿਰ ਸਾਰੇ ਪਰਿਵਾਰ ਨੂੰ “ਥਾਈ ਯੱਕੇ” ਵਿੱਚ ਸਵਾਰ ਹੋਣ ਬਾਰੇ ਦੱਸਿਆ ਤੇ ਸਾਰਿਆਂ ਨੇ ਫ਼ੋਨ ਤੇ ਇੱਕ ਦੂਜੇ ਤੋਂ ਅੱਗੇ ਵਧ ਕੇ ਵਧਾਈਆਂ ਦਿੱਤੀਆਂ । ਖ਼ੈਰ ਪਾਇਲਟ ਵੀਰ ਨੇ ਸੈਲਫ਼ ਮਾਰਿਆ ਤੇ ਯੱਕਾ ਅਸਮਾਨੀਂ ਚਾੜ੍ਹ ਲਿਆ । “ਬੀਬੀਆਂ” ਨੇ ਭੁੱਜੇ ਹੋਏ ਕਾਜੂ ਵਰਤਾ ਕੇ “ਖਾਓ-ਪੀਓ ਸਫ਼ਰ” ਦੀ ਸ਼ੁਰੂਆਤ ਕੀਤੀ । ਮੈਨੂੰ ਮੂੰਗਫਲੀਆਂ ਚੱਬਣ ਵਾਲੇ ਨੂੰ ਵਿਦੇਸ਼ੀ ਕਾਜੂਆਂ ਨੇ ਡਾਹਢਾ ਸੁਆਦ ਦਿੱਤਾ ਤੇ ਨਾਲ਼ ਦੀ ਨਾਲ਼ ਜੂਸ ਦੀ ਰੇਹੜੀ ਆ ਗਈ । ਅਸੀਂ ਦੋਹਾਂ ਜੀਆਂ ਨੇ ਸਟਾਈਲ ਮਾਰ-ਮਾਰ ਜੂਸ ਸਿੱਪ ਕੀਤਾ ਤੇ ਹਿੰਦੀ ਗੀਤਾਂ ਦਾ ਆਨੰਦ ਲੈਣ ਲੱਗੇ । ਬਾਹਰ ਦੇ ਨਜ਼ਾਰੇ ਤੱਕਦਿਆਂ ਕੁਝ ਦੇਰ ਬੀਤੇ ਸਮੇਂ ਤੇ ਵਿਚਾਰ ਕੀਤੀ ਤਾਂ ਯਾਦ ਆਇਆ ਕਿ ਸਾਡੇ ਕਿਆਂ ‘ਚੋਂ ਅਸੀਂ ਪਹਿਲੇ ਹੀ ਸਾਂ, ਜਿਨ੍ਹਾਂ “ਬਾਹਰ” ਆਉਣ ਦਾ ਹੰਭਲਾ ਮਾਰਿਆ ਸੀ । ਉਂਜ ਤਾਂ ਸਾਡੇ ਖ਼ਾਨਦਾਨ ਵਿੱਚ ਸਾਈਕਲਾਂ ਤੇ ਚਿੰਤਪੁਰਨੀ ਵੀ ਜਾਣ ਵਾਲਾ ਅੱਜ ਤੱਕ ਦਾ ਪਹਿਲਾ ਤੇ ਅਖ਼ੀਰਲਾ ਜੋੜਾ ਵੀ ਅਸੀਂ ਹੀ ਹਾਂ ।
ਨਾਲ਼ ਦਾ ਲੁਧਿਆਣੇ ਦਾ ਵੀਰ “ਮੁਫ਼ਤ ਦੀ ਬੀਅਰ” ਦਾ ਮੀਟਰ ਚੰਗੀ ਰਫ਼ਤਾਰ ਤੇ ਖਿੱਚੀ ਜਾਂਦਾ ਸੀ ।
“ਜੇ ਸਫ਼ਰ ‘ਚ ਬੀਅਰ ਪੀ ਕੇ “ਹੌਲੇ” ਹੋ ਆਈਏ ਤਾਂ ਮੂਡ ਫਰੈਸ਼ ਹੋ ਜਾਂਦਾ ਹੈ” ਲੁਧਿਆਣੇ ਵਾਲੇ ਵੀਰ ਨੇ ਖੁਲਾਸਾ ਕੀਤਾ ।
ਹੁਣ ਬੀਅਰ-ਸ਼ੀਅਰ ਆਪਣੇ ਵੱਸ ਦਾ ਰੋਗ ਤਾਂ ਹੈ ਨਹੀਂ, ਸੋ “ਬਾਥਰੂਮ ਜਾ ਕੇ ਮੂਡ ਫਰੈਸ਼ ਹੋਣ ਵਾਲੀ ਗੱਲ” ਆਪਣੀ ਸਮਝ ਤੋਂ ਬਾਹਰ ਸੀ । ਦੁਪਹਿਰ ਦੇ ਖਾਣੇ ਦਾ ਵਕਤ ਹੋ ਚੱਲਾ ਸੀ, ਇਸ ਸਮੇਂ ਥਾਈ ਭੋਜਨ ਮਿਲਿਆ, ਜਿਸ ਵਿੱਚ ਚਾਵਲ, ਸੁੱਕੇ ਰਾਜਮਾਂਹ ਨਾਲ ਗੋਭੀ ਦੀ ਉਬਲੀ ਸਬਜ਼ੀ ਸੀ । ਸਲਾਦ ਵਿੱਚ ਅੱਲ੍ਹੜ ਉਮਰ ਦੀਆਂ ਛੱਲੀਆਂ ਤੇ ਨਿਆਣਾ ਜਿਹਾ ਸਬੂਤਾ ਟਮਾਟਰ ਸੀ । ਕੱਚਾ ਥਾਈ ਸਾਗ ਕੁਝ ਕੌੜਾ ਲੱਗਿਆ ਪਰ ਇਹ ਸਭ ਪਹਿਲੀ ਵਾਰ ਚੱਖਿ਼ਆ ਸੀ ।
ਇਸ ਸਫ਼ਰ ਵਿੱਚ ਬੜੇ ਅਨੁਭਵ ਪਹਿਲੀ ਵਾਰ ਹੋ ਰਹੇ ਸਨ ਪਰ ਭੈੜੀ ਤਾਂ ਉਦੋਂ ਹੋਈ ਜਦੋਂ ਚੰਗੇ ਭਲੇ ਕਰੋੜਾਂ ਦੇ ਜਹਾਜ਼ ਵਿੱਚ “ਘੀਸੀ” ਕਰਨੀ ਪੈ ਗਈ । ਵੈਸੇ ਤਾਂ ਆਦਤ ਹੈ ਕਿ ਅਜਿਹੇ ਸਮੇਂ ਭਾਵੇ ਆਪਣਾ ਘਰ ਵੀ ਕਿਉਂ ਨਾ ਹੋਵੇ, ਪਹਿਲਾਂ ਪਾਣੀ ਦਾ ਇੰਤਜ਼ਾਮ ਚੈੱਕ ਕਰਦਾ ਹਾਂ । ਇੱਥੇ ਵੀ ਬੜੀ ਨਿਗ੍ਹਾ ਮਾਰੀ ਕਿ ਸ਼ਾਇਦ ਪਾਣੀ ਦਾ ਕੋਈ ਜੁਗਾੜ ਪਤਾ ਲੱਗ ਜਾਵੇ ਪਰ ਕਿੱਥੇ...? ਉੱਤੋਂ ਹੋਣੀ ਨੇ ਆਪਣਾ ਜ਼ੋਰ ਮਾਰਿਆ ਹੋਇਆ ਸੀ ਤੇ ਹੋਣੀ ਤਾਂ ਹੋ ਕੇ ਹੀ ਰਹਿੰਦੀ ਹੈ । ਹੁਣ ਹੱਥ ਧੋਣ ਵਾਲੇ ਵਾਸ਼ਬੇਸਨ ਤੇ ਕੋਈ ਜੁਗਾੜ ਲਾਉਣਾ ਮੈਨੂੰ ਨਹੀਂ ਸੀ ਆਉਂਦਾ । ਬੱਸ ਆ ਗਿਆ ਬਚਪਨ ਯਾਦ ਕਿ ਛੋਟੇ ਹੁੰਦਿਆਂ ਪਿੰਡ ਰਹਿੰਦਿਆਂ ਖੇਤਾਂ ‘ਚ ਮਿੱਟੀ ਦੇ ਡਲੇ ਨਾਲ਼ ਘੀਸੀ ਕਰਦੇ ਸੀ ਤੇ ਅੱਜ ਵਿਕਸਿਤ ਦੇਸ਼ਾਂ ਦੇ ਵਿਕਾਸ ਦਾ ਇੱਕ ਰੂਪ ਸਾਹਮਣੇ ਆ ਗਿਆ ਸੀ । ਧਿਆਨ ਆਉਂਦਾ ਹੈ ਕਿ ਅਸੀਂ ਤਾਂ ਵੈਸਟਰਨ ਸਟਾਈਲ ਫਲੱਸ਼ ‘ਚ ਬਹਿ ਕੇ ਟੂਟੀ ਚਲਾ ਪਾਣੀ ਦੀ ਤਤੀਰੀ ਨਾਲ਼ “ਹੱਥ” ਧੋਣ ਉਪਰੰਤ, ਦੋ ਵਾਰੀ ਸਾਬਣ ਲਾ ਕੇ “ਹੱਥ” ਧੋਂਦੇ ਹਾਂ ਤੇ ਇਹਨਾਂ ਲੋਕਾਂ ਨੇ ਕਿੰਨੇ ਜ਼ਰੂਰੀ ਕੰਮ ਨੂੰ ਕਿੰਨੀ ਘੱਟ ਅਹਿਮੀਅਤ ਦਿੱਤੀ ਸੀ ।
ਬੈਂਕਾਕ ਦੇ ਖੂਬਸੂਰਤ ਹਵਾਈ ਅੱਡੇ ਤੇ ਲੈਂਡ ਕਰਨ ਤੋਂ ਪਹਿਲਾਂ ਖਿੜਕੀ ‘ਚੋਂ ਨਜ਼ਰੀਂ ਪੈਂਦੇ ਕੁਦਰਤ ਦੇ ਖੂਬਸੂਰਤ ਨਜ਼ਾਰਿਆਂ ਨੇ ਮਨ ਮੋਹ ਲਿਆ । ਸੰਘਣੇ ਬੱਦਲਾਂ ਨੇ ਜਹਾਜ਼ ਦੇ ਥੱਲੇ ਵਾਲਾ ਆਸਮਾਨ ਆਪਣੇ ਆਗੋਸ਼ ਵਿੱਚ ਲਿਆ ਹੋਇਆ ਸੀ, ਜਾਪਦਾ ਸੀ ਜਿਵੇਂ ਬਰਫ਼ ਦੀਆਂ ਨਿੱਕੀਆਂ-ਨਿੱਕੀਆਂ ਪਹਾੜੀਆਂ ਹੋਣ । ਕੁਝ ਮਿੰਟਾਂ ‘ਚ ਜਹਾਜ਼ ਸੰਘਣੇ ਬੱਦਲਾਂ ਨੂੰ ਚੀਰਦਾ ਹੋਇਆ ਥੱਲੇ ਵੱਲ ਆਇਆ ਤਾਂ ਇੱਕ ਸਮੁੰਦਰੀ ਜਹਾਜ਼ ਨਜ਼ਰੀਂ ਪਿਆ ਤੇ ਬੱਦਲਾਂ ‘ਚੋਂ ਲੰਘਣ ਦਾ ਨਜ਼ਾਰਾ ਵੀ ਬੜਾ ਦਿਲਕਸ਼ ਸੀ । ਉੱਪਰ ਤਾਪਮਾਨ -56 ਡਿਗਰੀ ਸੀ ਤੇ ਥੱਲੇ 33 ਡਿਗਰੀ । ਇਹ ਸੰਯੋਗ ਵੀ ਪਹਿਲੀ ਵਾਰ ਦੇਖੇ ਸਨ । ਬੈਂਕਾਕ ਕਾਫ਼ੀ ਗਰਮੀ ਸੀ ਪਰ ਸਾਡੇ ਦੋ-ਦੋ ਕੋਟੀਆਂ ਚੜ੍ਹਾ ਕੇ ਉੱਪਰ ਜੈਕਟਾਂ ਪਾਈਆਂ ਹੋਈਆਂ ਸਨ । ਚੱਲੋ ਕਾਰਨ ਵੀ ਦੱਸ ਦਿੰਦਾ ਹਾਂ । ਹਾਲਾਂਕਿ ਦਿੱਲੀ ਏਨੀ ਸਰਦੀ ਨਹੀਂ ਸੀ ਪਰ ਜਦੋਂ ਬਾਹਰ ਜਾਣਾ ਹੋਵੇ ਤਾਂ ਬਾਹਰਲੇ ਮਹਿੰਗੇ ਸਮਾਨ ਨੂੰ ਮੱਦੇ-ਨਜ਼ਰ ਰੱਖਦਿਆਂ ਸਾਡੀ ਕੋਸਿ਼ਸ਼ ਵੱਧ ਤੋਂ ਵੱਧ ਸਮਾਨ ਲੈ ਕੇ ਜਾਣ ਦੀ ਹੁੰਦੀ ਹੈ । ਹੁਣ ਸਮਾਨ ਲੈ ਕੇ ਜਾਣ ਦੀ ਵੀ ਇੱਕ ਸੀਮਾ ਹੁੰਦੀ ਹੈ । ਆਪਾਂ ਭਾਵੇਂ ਦੋ-ਦੋ ਕੋਟੀਆਂ ਪਾਈਏ ਜਾਂ ਕੱਛੇ-ਬਨੈਣ ‘ਚ ਜਾਈਏ, ਆਪਣਾ ਵਜ਼ਨ ਤਾਂ ਹੋਣਾ ਨਹੀਂ, ਸੋ ਜਿਹੜਾ ਵਜ਼ਨ ਪਹਿਨੇ ਗਏ ਫਾਲਤੂ ਕੱਪੜਿਆਂ ਦਾ ਹੋਇਆ, ਉਤਨਾ ਵਜ਼ਨ ਅਸੀਂ ਬਰੀਫਕੇਸ ਵਿੱਚ ਹੋਰ ਪਾ ਕੇ ਲੈ ਜਾ ਸਕਦੇ ਹਾਂ ।
ਸੁਣਿਆ ਸੀ ਕਿ ਬੈਂਕਾਕ ਬੜਾ ਖੂਬਸੂਰਤ ਸ਼ਹਿਰ ਹੈ । ਇਹ ਸੁਣਿਆ ਹੀ ਰਹਿ ਗਿਆ ਕਿਉਂਕਿ ਏਅਰਪੋਰਟ ਤੋਂ ਬਾਹਰ ਜਾ ਕੇ ਘੁੰਮਣ ਦਾ ਵੀ ਟੈਕਸ ਲੱਗਦਾ ਹੈ । ਸੋ ਜਿੱਥੇ ਅਸੀਂ ਚੰਗਾ ਭਲਾ ਚਲਦਾ ਕੰਮਕਾਰ ਛੱਡ, ਸਭ ਕੁਝ ਵੇਚ ਵੱਟ ਕੇ ਡਾਲਰ ਕਮਾਉਣ ਦੀ ਦੌੜ ਵਿੱਚ ਸ਼ਾਮਲ ਹੋਣ ਲਈ ਵਿਦੇਸ਼ ਗਏ ਸਾਂ, ਉੱਥੇ ਇਹ ਖਰਚੇ ਕਰਨੇ ਮੁਨਾਸਿਬ ਨਾ ਲੱਗੇ । ਹੁਣ ਏਅਰਪੋਰਟ ਤੇ ਹੀ ਸੱਤ ਘੰਟੇ ਗੁਜ਼ਾਰਨੇ ਸਨ । ਸਭ ਤੋਂ ਪਹਿਲਾਂ ਲੋਕਲ ਸਮੇਂ ਮੁਤਾਬਿਕ ਘੜੀਆਂ ਡੇਢ ਘੰਟਾ ਅੱਗੇ ਕੀਤੀਆਂ ਤੇ ਸੋਚਿਆ ਕਿ ਕਿਉਂ ਨਾ ਮਾੜੀ ਮੋਟੀ ਕਲਮ ਘਸਾਈ ਕੀਤੀ ਜਾਵੇ । ਕਾਪੀ ਪੈਨ ਘਰੋਂ ਹੀ ਪੂਜਾ ਦੇ ਪਰਸ ਵਿੱਚ ਰੱਖ ਦਿੱਤਾ ਸੀ ਤਾਂ ਜੋ ਵਕਤ ਸਿਰ ਕੰਮ ਆ ਜਾਵੇ । ਕਲਮ ਘਸਾਈ ਕਰਦਿਆਂ ਜਿਸ ਚੀਜ਼ ਨੇ ਸਭ ਤੋਂ ਜਿ਼ਆਦਾ ਧਿਆਨ ਵੰਡਾਇਆ, ਉਹ ਸੀ ਉੱਚੀਆਂ ਅੱਡੀਆਂ ਦੀ ਠਕ-ਠਕ । ਕਦੇ ਏਧਰੋਂ ਓਧਰ ਠਕ-ਠਕ ਤੇ ਕਦੇ ਓਧਰੋਂ ਏਧਰ ਠਕ-ਠਕ । ਜੇ ਕਿਤੇ ਨਿਗ੍ਹਾ ਮਾੜੀ ਜਿਹੀ ‘ਤਾਂਹ ਚੁੱਕ ਲਵੋ ਤਾਂ ਚਿੱਟੀਆਂ ਲੱਤਾਂ ਨਜ਼ਰੀਂ ਪੈਂਦੀਆਂ ਹਨ । ਏਨੀਆਂ ਕੁ ਲੰਬੀਆਂ ਕਿ ਚੰਗੇ ਭਲੇ ਬੰਦੇ ਨੂੰ ਸਰਦੀ ਵਿੱਚ ਵੀ ਪਸੀਨਾ ਆ ਜਾਵੇ । ਸੱਤ ਘੰਟਿਆਂ ‘ਚ ਵਾਹਵਾ ਏਅਰਪੋਰਟ ਗਾਹ ਲਿਆ । ਚੀਜ਼ਾਂ ਤਾਂ ਸਾਰੀਆਂ ਹੀ ਚੰਗੀ ਕੁਆਲਟੀ ਦੀਆਂ ਸਨ ਪਰ ਜਦ ਵੀ ਕੋਈ ਪਸੰਦ ਜਿ਼ਆਦਾ ਜ਼ੋਰ ਮਾਰਦੀ ਤਾਂ ਫਰੀਦਕੋਟੋਂ ਤੁਰਨ ਲੱਗਿਆਂ ਮਿਲੀਆਂ ਹਦਾਇਤਾਂ ਠੋਕਰ ਮਾਰਦੀਆਂ “ਕਾਕਾ, ਚੱਲੇ ਤਾਂ ਹੋ, ਇੱਥੋਂ ਵਾਲੀਆਂ ਆਦਤਾਂ ਇੱਥੇ ਹੀ ਛੱਡ ਕੇ ਜਾਣਾ, ਇਉਂ ਨਾ ਹੋਵੇ ਕਿ ਜੋ ਪੱਲੇ ਹੈ, ਖ਼ਰਚ ਦਿਉਂ ਤੇ ਜੌਬ ਮਿਲਣ ਵਿੱਚ ਮਾੜੀ ਮੋਟੀ ਦੇਰ ਹੋ ਜਾਵੇ ।”
ਰਾਤ ਦੇ ਖਾਣੇ ਦਾ ਟਾਈਮ ਹੋ ਚੱਲਾ ਸੀ । ਕਿਹੜਾ ਮਾਂ ਨੇ ‘ਵਾਜ਼ ਮਾਰਨੀ ਸੀ, “ਪੁੱਤ ਆ ਜੋ, ਰੋਟੀ ਤਿਆਰ ਹੈ ।” ਘੁੰਮ ਫਿਰ ਕੇ ਦੇਖਿਆ ਤਾਂ ਪਤਾ ਚੱਲਾ ਕਿ ਚਾਰੇ ਪਾਸੇ ਕੁੱਕੜਾਂ, ਕੁਕੜੀਆਂ, ਬੱਕਰਿਆਂ ਤੇ ਹੋਰ ਪਤਾ ਨਹੀਂ ਕਿਸ ਕਿਸ ਦਾ ਰਾਜ਼ ਸੀ । ਅੰਦਰੋਂ ਆਵਾਜ਼ ਆਈ “ਯਾਰੋ ! ਅਸੀਂ ਹੀ ਘਾਹ ਫੂਸ ਖਾਣ ਜੋਗੇ ਹਾਂ, ਸਾਰੀ ਦੁਨੀਆਂ ਤਾਂ ਫੱਟੇ ਚੁੱਕੀ ਤੁਰੀ ਜਾਂਦੀ ਹੈ । ਚੰਗਾ ਭਲਾ ਕੁੱਕੜ ਜਾਂ ਬੱਕਰਾ ਹੁੰਦਾ ਹੈ ਤੇ ਜਨਤਾ ਡਬਲਰੋਟੀ ‘ਚ ਲਾ ਲਾ ਕੇ ਖਾਈ ਜਾਂਦੀ ਹੈ ।” ਖੈ਼ਰ ! ਤੋਰਾ ਫੇਰਾ ਕਰਕੇ ਤੇ ਪੁੱਛ-ਪੁੱਛਾ ਕੇ ਇਕ ਦੁਕਾਨ ਤੇ ਪੈਟੀਜ਼ ਲੱਭ ਗਈਆਂ ।
“ਗਿਵ ਅਸ ਟੂ ਪੈਟੀਜ਼ ਪਲੀਜ਼” ਦੁਕਾਨ ਤੇ ਖੜ੍ਹੀ ਬੀਬੀ ਨੂੰ ਕਿਹਾ ।
“ਸੌਰੀ”
“ਵੂਈ ਨੀਡਜ਼ ਟੂ ਪੈਟੀਜ਼” ਸਾਡੀ ਭਾਗਵਾਨ ਨੇ ਚੱਬ-ਚੱਬ ਕੇ ਬੋਲਦਿਆਂ ਬੀਬੀ ਨੂੰ ਸਮਝਾਇਆ ।
“ਸੌਰੀ, ਸੇ ਅਗੇਨ” ਥਾਈ ਬੀਬੀ ਨੇ ਕੰਨ ਤੇ ਹੱਥ ਰੱਖਦਿਆਂ ਅੱਗੇ ਵੱਲ ਨੂੰ ਝੁਕਦਿਆਂ ਦੋਬਾਰਾ ਪੁੱਛਿਆ ।
ਕੁਦਰਤੀ ਮੇਰੀ ਨਿਗ੍ਹਾ ਕਾਊਂਟਰ ਵਿੱਚ ਪਈਆਂ ਪੈਟੀਜ਼ ਤੇ ਲਿਖੇ ਨਾਮ ਵਾਲੇ ਟੋਕਨ ਤੇ ਗਈ ।
“ਪਲੀਜ਼ ਗਿਵ ਅਸ ਟੂ ਵੈਜ ਪਾਈ ।”
“ਔ ਕੇ, ਔ ਕੇ” ਕਹਿੰਦਿਆਂ ਉਸਨੇ ਦੋ ਪੈਟੀਜ਼ ਕਾਊਂਟਰ ‘ਚੋਂ ਕੱਢ ਕੇ ਸਾਡੇ ਸਾਹਮਣੇ ਰੱਖ ਦਿੱਤੀਆਂ । ਸੱਤ ਘੰਟੇ ਗੁਜ਼ਾਰ ਮੈਲਬੌਰਨ ਲਈ ਜਹਾਜ਼ ਵਿੱਚ ਸਵਾਰ ਹੋਣ ਦਾ ਇਸ਼ਾਰਾ ਮਿਲਿਆ ਤੇ ਸਭ ਉੱਧਰ ਨੂੰ ਹੋ ਤੁਰੇ । ਜਹਾਜ਼ ਤੁਰਿਆ ਤੇ ਸਭ ਨੂੰ ਖਾਣਾ ਵਰਤਣਾ ਸ਼ੁਰੂ ਹੋ ਗਿਆ । ਅਸੀਂ ਏਅਰ ਹੋਸਟਸ ਨੂੰ ਸ਼ਾਕਾਹਾਰੀ ਖਾਣੇ ਲਈ ਕਿਹਾ ਤਾਂ ਉਸ ਸਿਰ ਮਾਰ ਦਿੱਤਾ ਕਿ ਸ਼ਾਕਾਹਾਰੀ ਖਾਣੇ ਲਈ ਫਲਾਈਟ ਤੋਂ ਘੱਟੋ-ਘੱਟ ਦੋ ਘੰਟੇ ਪਹਿਲਾਂ ਦੱਸਣਾ ਜਰੂਰੀ ਹੈ । ਚਾਹੀਦਾ ਤਾਂ ਇਹ ਹੈ ਕਿ ਟਿਕਟ ਬੁੱਕ ਕਰਵਾਉਣ ਲੱਗਿਆਂ ਹੀ ਲਿਖ ਦਿਉ ਕਿ ਕਿਸ ਪ੍ਰਕਾਰ ਦਾ ਭੋਜਨ ਚਾਹੀਦਾ ਹੈ । ਇੱਥੇ ਕੁਦਰਤ ਨੇ ਸਾਡਾ ਸਾਥ ਦਿੱਤਾ ਤੇ ਕੋਈ ਹੋਰ ਜੋੜਾ ਜਿਸਨੇ ਸ਼ਾਕਾਹਾਰੀ ਖਾਣਾ ਪਹਿਲਾਂ ਆਰਡਰ ਕੀਤਾ ਹੋਇਆ ਸੀ, ਐਨ ਟਾਈਮ ਤੇ ਨਾਂਹ ਕਰ ਦਿੱਤੀ ਤੇ ਸਾਨੂੰ ਉਹ ਖਾਣੇ ਦੇ ਪੈਕਟ ਮਿਲ ਗਏ । ਭਾਵੇਂ ਇਹ ਸ਼ਾਕਾਹਾਰੀ ਖਾਣਾ ਸੀ ਪਰ ਪੰਜਾਬੀਆਂ ਨੂੰ ਇਸ ਪ੍ਰਕਾਰ ਦੇ ਖਾਣੇ ਨਹੀਂ ਭਾਉਂਦੇ ਕਿਉਂਕਿ ਉਸ ਵਿੱਚੋਂ ਅਜੀਬ ਜਿਹੀ ਗੰਧ ਆ ਰਹੀ ਸੀ, ਸੋ ਕੇਵਲ ਸਲਾਦ ਤੇ ਫਰੂਟ ਨਾਲ ਕੋਕ ਲੈ ਕੇ ਕੋਟਾ ਪੂਰਾ ਕੀਤਾ । ਜਹਾਜ਼ ਵਿੱਚ ਕਾ਼ਫ਼ੀ ਸੀਟਾਂ ਖ਼ਾਲੀ ਪਈਆਂ ਸਨ, ਮੈਂ ਉੱਠ ਕੇ ਖਾਲੀ ਪਈਆਂ ਸੀਟਾਂ ਤੇ ਲੇਟ ਗਿਆ । ਜਹਾਜ਼ ਦੇ ਸ਼ੋਰ ਸ਼ਰਾਬੇ ਤੇ ਗੜਗੜਾਹਟ ਵਿੱਚ ਚੰਗੀ ਤਰ੍ਹਾਂ ਨੀਂਦ ਤਾਂ ਨਾ ਆਈ ਪਰ ਕੋਟਾ ਪੂਰਾ ਹੋ ਗਿਆ ।
ਅਗਲੀ ਸਵੇਰ ਅੱਖ ਖੁੱਲੀ ਤਾਂ ਦੁਪਹਿਰਾ ਹੋਇਆ ਪਿਆ ਸੀ । ਲੋਕ ਨਾਸ਼ਤਾ ਕਰ ਰਹੇ ਸਨ । ਟੁੱਥ ਪੇਸਟ ਤਾਂ ਬੈਂਕਾਕ ਹਵਾਈ ਅੱਡੇ ਤੇ ਤਲਾਸ਼ੀ ਵੇਲੇ ਹੀ ਕਢਵਾ ਦਿੱਤੀ ਗਈ ਸੀ । ਕੱਲਾ ਬੁਰਸ਼ ਦੰਦਾਂ ਤੇ ਫੇਰ ਕੇ ਟਾਈਮ ਜਿਹਾ ਪਾਸ ਕੀਤਾ ਤੇ ਮੁੜ ਉਹੀ ਏਸ਼ੀਅਨ ਸ਼ਾਕਾਹਾਰੀ ਖਾਣਾ ਪੱਲੇ ਪੈ ਗਿਆ । ਮੇਰੇ ਪੈਕ ਵਿੱਚ ਚਾਵਲ ਸਨ ਤੇ ਪੂਜਾ ਦੇ ਪੈਕ ਵਿੱਚ ਅਜੀਬ ਜਿਹੀਆਂ ਨੂਡਲਜ਼ । ਜਦ ਪੂਜਾ ਨੇ ਦੇਖਕੇ ਹੀ ਢਕ ਦਿੱਤੀਆਂ ਤਾਂ ਮੈਂ ਆਪਣਾ ਪੈਕ ਉਸਨੂੰ ਦੇ ਦਿੱਤਾ ਤੇ ਆਪ ਫਿਰ ਅੱਧੇ ਪੇਟ ਰਹਿ ਗਿਆ । ਇਹ ਉਹ ਸਮਾਂ ਸੀ ਜਦ ਕਿ ਮਾਂ ਦੇ ਪਰੌਂਠੇ ਬੜੇ ਯਾਦ ਆਏ । ਫਰੀਦਕੋਟ ਤਾਂ ਮੇਰੀ ਮਾਤਾ ਉੱਠਣ ਤੋਂ ਪਹਿਲਾਂ ਹੀ ਸਭ ਤਿਆਰ ਕਰ ਦਿੰਦੀ ਸੀ । ਅਜਿਹਾ ਗੱਚ ਭਰਿਆ ਕਿ ਕੁਝ ਨਾ ਖਾ ਸਕਿਆ ਤੇ ਪੈਕ ਢਕ ਕੇ ਚੁਕਵਾ ਦਿੱਤਾ । ਮੈਨੂੰ ਅਹਿਸਾਸ ਹੋਇਆ ਕਿ ਇਹ ਮੇਰੀ ਆਉਣ ਵਾਲੀ ਜਿੰਦਗੀ ਦੇ ਸੰਘਰਸ਼ ਦੀ ਪੌੜੀ ਦਾ ਪਹਿਲਾ ਡੰਡਾ ਹੈ । ਹੁਣ ਦੋ-ਢਾਈ ਸਾਲ ਜਿੰਨਾ ਚਿਰ ਵੀ ਆਸਟਰੇਲੀਆ ‘ਚ ਰਹਾਂਗਾ, ਉਤਨਾ ਹੀ ਖਾ ਕੇ ਗੁਜ਼ਾਰਾ ਕਰਨਾ ਹੋਵੇਗਾ ਜਿਸ ਨਾਲ਼ ਸਰੀਰ ਚਲਦਾ ਰਹਿ ਸਕੇ । ਸਾਰੇ ਸੁਆਦ, ਖਾਣ ਪੀਣ ਦੇ ਨਖ਼ਰੇ ਉਤਨੀ ਦੇਰ ਹੀ ਸਨ, ਜਿਨ੍ਹਾਂ ਚਿਰ ਥਾਈ ਯੱਕੇ ਵਿਚ ਸਵਾਰ ਨਹੀਂ ਹੋਇਆ ਸਾਂ ।
ਬਾਹਰ ਮੌਸਮ ਬੜਾ ਸੁਹਾਵਣਾ ਸੀ । ਥੱਲੇ ਬੱਦਲਾਂ ਦੀਆਂ ਖੂਬ ਸੰਘਣੀਆਂ ਪਹਾੜੀਆਂ ਸਨ । ਬਾਹਰਲਾ ਤਾਪਮਾਨ ਜਹਾਜ਼ ਵਿੱਚ ਲੱਗੀ ਸਕਰੀਨ ਅਨੁਸਾਰ ਕਰੀਬ -71 ਡਿਗਰੀ ਸੀ ਤੇ ਅਸੀਂ ਕਰੀਬ 37000 ਫੁੱਟ ਦੀ ਉਚਾਈ ਤੇ ਸਾਂ । ਮੈਲਬੌਰਨ ਪੁੱਜਣ ਵਿੱਚ ਕਰੀਬ ਅੱਧਾ ਘੰਟਾ ਬਾਕੀ ਸੀ । ਇਹ ਅੱਧਾ ਘੰਟਾ ਅਸੀਂ ਦੋਹਾਂ ਆਉਣ ਵਾਲੇ ਸਮੇਂ ਤੇ ਪਰਿਵਾਰ ਦੀਆਂ ਗੱਲਾਂ ਕਰਦਿਆਂ ਕਦੋਂ ਬਿਤਾ ਦਿੱਤਾ, ਪਤਾ ਹੀ ਨਾ ਚੱਲਿਆ । ਖੈ਼ਰ ! ਜਹਾਜ਼ ਲੈਂਡ ਹੋਇਆ ਤੇ ਜਹਾਜ਼ ਵਿੱਚੋਂ ਬਾਹਰ ਨਿਕਲਦਿਆਂ ਹੀ ਅਸੀਂ ਦੋਹਾਂ ਨੇ ਉਸ ਧਰਤੀ ਨੂੰ ਮੱਥਾ ਟੇਕਿਆ ਜੋ ਸਾਡੀ ਕਰਮਭੂਮੀ ਬਨਣ ਜਾ ਰਹੀ ਸੀ । ਮਨ ਹੀ ਮਨ ਸਤਿਗੁਰੂ ਅੱਗੇ ਅਰਦਾਸ ਬੇਨਤੀ ਤੇ ਸ਼ੁਕਰੀਆ ਕੀਤਾ ਤੇ ਇਮੀਗ੍ਰੇਸ਼ਨ ਕਾਊਂਟਰ ਤੇ ਆ ਪੁੱਜੇ । ਕੁਦਰਤੀ ਇੱਥੇ ਸਾਨੂੰ ਭਾਰਤੀ ਅਫ਼ਸਰ ਹੀ ਮਿਲਿਆ । ਉਸ ਦੋ-ਚਾਰ ਸੁਆਲ ਪੁੱਛੇ ਤੇ ਆਪਣੀ ਸਾਡੇ ਵੱਲ ਪਾਰਖੂ ਨਜ਼ਰਾਂ ਨਾਲ਼ ਤੱਕਿਆ । ਪਾਸਪੋਰਟ ਖੱਬੇ ਹੱਥ ਨਾਲ ਕਾਊਂਟਰ ਤੇ ਰੱਖਿਆ ਤੇ ਸੱਜੇ ਹੱਥ ਵਿੱਚ ਇੱਕ ਮੋਹਰ ਉੱਪਰ ਚੁੱਕੀ । ਅਚਾਨਕ ਉਸਨੇ ਪਾਸਪੋਰਟ ਵੱਲ ਦੇਖਦਿਆਂ ਸੱਜਾ ਹੱਥ ਪਾਸਪੋਰਟ ਤੇ ਮਾਰ ਕੇ ਪਾਸਪੋਰਟ ਤੇ ਲਾ ਦਿੱਤਾ.... “ਠਾ.... ਠੱਪਾ ।”

ਆਖਰੀ ਸਮਾਂ ਮਹਾਨ ਸ਼ਖਸੀਅਤਾਂ ਦਾ.......... ਲੇਖ / ਨਿੰਦਰ ਘੁਗਿਆਣਵੀ

ਕਈ ਲੋਕ ਆਖਰੀ ਸਮੇਂ ਤੱਕ ਜਿ਼ੰਦਾ-ਦਿਲੀ ਨੂੰ ਅਪਣੇ ਕਲ਼ਾਵੇ ਵਿਚ ਲਈ ਰੱਖਦੇ ਹਨ। ਉਹ ਅਪਣੀ ਉਮਰ ਦੇ ਕੁਝ ਖਾਸ ਪਲਾਂ ਸਮੇਂ ਹੀ ਉਦਾਸ ਜਾਂ ਨਿਰਾਸ਼ ਹੋਏ ਹੁੰਦੇ ਹਨ। ਉਹਨਾਂ ਨੇ ਅਪਣੀ ਸਾਰੀ ਹਯਾਤੀ ਹੱਸਦਿਆਂ ਖੇਲਦਿਆਂ ਤੇ ਕੁਦਰਤ ਦੀ ਰਜ਼ਾ ਮਾਣਦਿਆਂ ਕੱਟੀ ਹੁੰਦੀ ਹੈ। ਬਹੁਤੇ ਸ਼ਖ਼ਸ ਅਪਣੀ ਉਮਰ ਦੇ ਐਨ ਆਖਰੀ ਪੜਾਅ ਸਮੇਂ ਅਪਣੀ ਸੁਰਤ-ਬੁਧ ਖੋ ਬੈਠਦੇ ਹਨ ਤੇ ਬੇਹੋਸ਼ੀ ਵਿਚ ਲਿਪਟੇ ਹੋਏ ਹੀ ਮੌਤ ਦੀ ਬੁੱਕਲ਼ ਵਿਚ ਜਾ ਬਿਰਾਜਦੇ ਹਨ। ਅਜਿਹੇ ਬੰਦਿਆਂ ਕੋਲ਼ੋਂ ਜਿ਼ੰਦਾ-ਦਿਲੀ ਪੱਲਾ ਛੁਡਾ ਕੇ ਕਿਧਰੇ ਦੂਰ ਚਲੀ ਜਾਂਦੀ ਹੈ ਤੇ ਉਹ ਮੰਜੇ ਨਾਲ਼ ਮੰਜਾ ਹੋ ਜਾਂਦੇ ਹਨ।

ਸ਼੍ਰੋਮਣੀ ਕਵੀਸ਼ਰ ਮਰਹੂਮ ਕਰਨੈਲ ਸਿੰਘ ਪਾਰਸ ਰਾਮੂਵਾਲੀਆ 93 ਵਰ੍ਹੇ ਜਿ਼ੰਦਗੀ ਮਾਣ ਕੇ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ। ਉਨ੍ਹਾਂ ਨੇ ਜਿ਼ੰਦਾ-ਦਿਲੀ ਨਾਲ ਜੀਵਨ ਹੰਢਾਇਆ। ਉਨ੍ਹਾਂ ਦੀ ਨਿਗ੍ਹਾ ਪੂਰੀ ਤਰ੍ਹਾਂ ਕਾਇਮ ਰਹੀ।ਨਿਤ ਚਾਰ ਪੰਜ ਅਖਬਾਰ ਤੇ ਪੁਸਤਕਾਂ ਪੜ੍ਹਦੇ ਸਨ। ਗੋਡਿਆਂ ਦੀ ਸਮੱਸਿਆ ਕਾਰਨ ਵੀਲ੍ਹ ਚੇਅਰ ਤੇ ਸਨ। ਮੀਂਹ ਆਵੇ, ਨੇਰ੍ਹੀ ਆਵੇ, ਭਾਵੇਂ ਤੇਜ਼ ਬੁਖਾਰ ਵੀ ਕਿਓੁਂ ਨਾ ਹੋਵੇ, ਸ਼ਾਮ ਨੂੰ ਨਿੱਕੇ-ਨਿੱਕੇ ਦੋ ਪੈੱਗ ਸਕਾਚ ਦੇ ਲੈਣੇ ਹੀ ਲੈਣੇ ਹੁੰਦੇ ਸਨ। ਬਾਪੂ ਜੀ ਕਹਿੰਦੇ ਸਨ," ਮੌਤ ਦਾ ਮੈਨੂੰ ਕੋਈ ਡਰ ਨਹੀਂ...ਭੋਰਾ ਜਿੰਨਾ ਵੀ ਨਹੀਂ, ਭਾਵੇਂ ਹੁਣ ਆ ਜੇ ਇਕ ਸਕਿੰਟ ਨੂੰ... ਮੈਂ ਹੱਸ ਕੇ ਮੌਤ ਦਾ ਸਵਾਗਤ ਕਰਾਂਗਾ। ਮੇਰੇ ਸਾਰੇ ਸਾਰੇ ਚਾਅ ਲੱਥ ਗਏ ਐ...ਕੋਈ ਗ਼ਮ ਨੀ ਕੋਈ ਝੋਰਾ ਨੀ...ਸਿ਼ਕਵਾ ਨੀ ... ਸਿ਼ਕਾਇਤ ਨਹੀ... ਮੈਂ ਬਾਗੋ-ਬਾਗ ਆਂ।

ਦੇਸ਼ ਭਗਤ ਬਾਬਾ ਭਗਤ ਸਿੰਘ ਬਿਲਗਾ ਸੌ ਨੂੰ ਟੱਪ ਗਏ ਹਨ। ਅਨੰਦਮਈ ਅਵਸਥਾ ਵਿਚ ਹਨ। ਚੜ੍ਹਦੀ ਕਲਾ ਵਿਚ ਹਨ। ਕਰਤਾਰ ਸਿੰਘ ਦੁੱਗਲ, ਜਸਵੰਤ ਸਿੰਘ ਕੰਵਲ, ਗੁਰਦਿਆਲ ਸਿੰਘ, ਸੰਤੋਖ ਸਿੰਘ ਧੀਰ, ਰਾਮ ਸਰੂਪ ਅਣਖੀ ਹੁਰੀਂ ਸਰੀਰਕ ਪੱਖੋਂ ਮਾੜੇ ਮੋਟੇ ਭਾਵੇਂ ਢਿੱਲੇ ਰਹਿੰਦੇ ਹਨ, ਪਰ ਇਨ੍ਹਾਂ ਨੇ ਅਪਣੀ ਕਲਮ ਦੀ ਰਫ਼ਤਾਰ ਮੱਠੀ ਨਹੀਂ ਪੈਣ ਦਿੱਤੀ।

ਪੰਜਾਬੀ ਦਾ ਮਾਣਮੱਤਾ ਕਲਮਕਾਰ ਬਲਵੰਤ ਗਾਰਗੀ ਆਪਣੀਆਂ ਆਖਰੀ ਘੜੀਆਂ ਸਮੇਂ ਅਪਣੀ ਸੁਰਤ ਗੁਆ ਬੈਠਾ ਸੀ। ਬਸ ਉਹ ਮੂੰਹ ਅੱਡ ਕੇ ਅਪਣੀ ਅਹਿਲ ਅਵਸਥਾ ਵਿਚ, ਟਿਕੀ-ਟਿਕੀ ਲਗਾਈ ਸਾਹਮਣੇ ਵੱਲ ਦੇਖਦਾ ਰਹਿੰਦਾ ਸੀ। ਉਹਦੇ ਹੱਥ ਪੈਰ ਕੰਬਦੇ ਸਨ। ਦਸਤਖ਼ਤ ਵੀ ਠੀਕ ਤਰ੍ਹਾਂ ਕਰੇ ਨਹੀਂ ਸੀ ਜਾਂਦੇ ਉਸ ਤੋਂ। ਕਿਸੇ ਨੂੰ ਪਛਾਣਦਾ ਵੀ ਨਹੀਂ ਸੀ। ਚਾਹ ਦੀ ਪਿਆਲੀ ਵੀ ਕਈ ਵਾਰ ਕੱਪੜਿਆਂ ਉੱਤੇ ਡੁੱਲ੍ਹ ਜਾਂਦੀ ਸੀ।

ਮਹਾਨ ਖੋਜੀ ਅਤੇ ਵਿਦਵਾਨ ਲੇਖਕ ਡਾ. ਆਤਮ ਹਮਰਾਹੀ ਦੀ ਪਹਿਲਾਂ ਇਕ ਲੱਤ ਕੱਟੀ ਗਈ ਸੀ, ਫਿਰ ਸ਼ੂਗਰ ਦੇ ਵਧਣ ਕਾਰਨ ਦੂਸਰੀ ਵੀ ਕੱਟਣੀ ਪੈ ਗਈ। ਉਹ ਆਪਣੇ ਲਿਖਣ ਕਮਰੇ ਵਿਚ, ਦੀਵਾਨ ਉਤੇ ਬੈਠਾ ਕਿਤਾਬਾਂ ਨਾਲ਼ ਕਿਤਾਬ ਤੇ ਕਲਮ ਨਾਲ਼ ਕਲਮ ਹੋਇਆ,ਸਿਰ ਸੁੱਟ ਕੇ ਲਿਖੀ ਜਾਂਦਾ ਰਹਿੰਦਾ। ਉਹਨੂੰ ਖਿਝ ਵੀ ਬਹੁਤ ਆਉਣ ਲੱਗ ਪਈ ਸੀ। ਜੇ ਕੋਈ ਭੁੱਲਾ ਚੁੱਕਾ ਉਹਨੂੰ ਫੋਨ ਕਰ ਬੈਠਦਾ, ਤਾਂ ਉਹ ਅਗਲੇ ਦੀ ਬਸ ਕਰਾ ਕੇ ਛਡਦਾ ਸੀ, ਉਹਦੀ ਗੱਲ ਨਾ ਮੁੱਕਦੀ। ਲੋਕ ਡਰਦੇ ਮਾਰੇ ਉਹਨੂੰ ਫੋਨ ਕਰਨੋਂ ਹੀ ਹਟ ਗਏ। ਇਕ ਦਿਨ ਮੈਂ ਉਹਦੇ ਕੋਲ਼ ਬੈਠਾ ਸਾਂ, ਉਹਦਾ ਫੋਨ ਖੜਕਿਆ, ਉਹਨੇ ਰਸੀਵਰ ਕੰਨ ਨੂੰ ਲਾ ਕੇ ਕਿਹਾ, "ਹੈਲੋ ਮੈਂ ਆਤਮ ਹਮਰਾਹੀ ਬੋਲਦਾਂ...।" ਫੋਨ ਕਰਨ ਵਾਲ਼ੇ ਨੇ ਜਦੋਂ ਉਸਨੂੰ ਆਪਣੀ ਪਛਾਣ ਦੱਸੀ, ਤਾਂ ਹਮਰਾਹੀ ਉਸਨੂੰ ਪੈ ਨਿਕਲਿਆ। ਆਪਣੇ ਆਖਰੀ ਸਮੇਂ ਉਹ ਪੂਰਾ ਸਤਿਆ ਪਿਆ ਸੀ।

ਸਾਲ 2005 ਦੀ ਕਨੇਡਾ ਫੇਰੀ ਸਮੇਂ ਐਡਮਿੰਟਨ ਵਿਖੇ ਗਿਆਨੀ ਕੇਸਰ ਸਿੰਘ ਨਾਵਲਿਸਟ ਦੇ ਦੋ ਵਾਰ ਦਰਸ਼ਨ ਕਰਨ ਦਾ ਮੌਕਾ ਮਿਲਿਆ। ਉਹਨਾ ਨੇ ਹਥਿਆਰਬੰਦ ਇਨਕਲਾਬ ਵਰਗੇ ਉੱਚ ਕੋਟੀ ਦੇ ਨਾਵਲ ਲਿਖੇ। ਉਹਨਾਂ ਨੂੰ ਹਾਲੋਂ ਬੇਹਾਲ ਪਏ ਦੇਖ ਕੇ ਮੇਰਾ ਮਨ ਉਦਾਸ ਹੋ ਗਿਆ। ਉਨ੍ਹਾਂ ਦੀ ਦੇਖਭਾਲ ਉਹਨਾਂ ਦੀ ਪਤਨੀ ਕਰਦੀ ਸ਼੍ਰੀਮਤੀ ਰਾਜ ਕਰਦੀ ਸੀ। ਗਿਆਨੀ ਜੀ ਨਾ ਉਠ ਸਕਦੇ ਸਨ, ਨਾ ਨਹਾ ਸਕਦੇ ਸਨ। ਨਹਾਉਣ ਤੋਂ ਉਹਨਾਂ ਨੂੰ ਬੜਾ ਡਰ ਆਉਣ ਲੱਗ ਪਿਆ ਸੀ। ਉਹ ਆਪਣੀ ਪਤਨੀ ਨੂੰ ਚੀਖ-ਚੀਖ ਕੇ ਆਖਦੇ, "ਏ ਨਾ...ਏ ਨਾ.. ਮੈਂ ਨਹੀਂ ਨਹਾਵਾਂਗਾ..ਮੈਨੂੰ ਪਾਣੀ ਦੀਆਂ ਧਾਰਾਂ ਤੋਂ ਡਰ ਆਉਂਦਾ ਏ...।" ਗਿਆਨੀ ਜੀ ਹੱਥ-ਪੈਰ ਮਾਰਨ ਲੱਗਦੇ, ਰਾਜ ਔਖੀ-ਸੌਖੀ ਉਹਨਾਂ ਨੂੰ ਨੁਹਾ ਦਿੰਦੀ। ਉਹ ਖੱਟੀਆਂ ਮਿੱਠੀਆਂ ਟਾਫੀਆਂ ਬਹੁਤ ਖਾਂਦੇ ਸਨ। ਹਰ ਵੇਲੇ ਸਾਗ ਤੇ ਮੱਕੀ ਦੀ ਰੋਟੀ ਦੀ ਮੰਗ ਕਰਦੇ, ਖਾਣ ਪਿੱਛੋਂ ਸੁੱਤੇ ਰਹਿੰਦੇ...ਜਦੋਂ ਜਾਗਦੇ.. ਰੌਲ਼ਾ ਪਾਉਂਦੇ। ਗਿਆਨੀ ਜੀ ਦੀ ਆਵਾਜ਼ ਦਾ ਗੜ੍ਹਕਾ ਉਵੇਂ ਹੀ ਕਾਇਮ ਰਿਹਾ। ਕਿਸੇ ਮਿਲਣ ਆਏ ਨੂੰ ਬੜੀ ਔਖੀ ਤਰ੍ਹਾਂ ਪਛਾਣਦੇ ਸਨ। ਨਾ ਹੀ ਉਹਨਾ ਦੀ ਕਿਸੇ ਗੱਲ ਦੀ ਸਮਝ ਹੀ ਪੈਂਦੀ ਸੀ, ਯਾਦ ਸ਼ਕਤੀ ਵੀ ਸਾਥ ਛੱਡ ਗਈ ਸੀ ਉਹਨਾਂ ਦਾ।

ਕਈ ਨਾਵਲ, ਕਹਾਣੀਆਂ ਤੇ ਅਲੋਚਨਾ ਦੀਆਂ ਪੁਸਤਕਾਂ ਦੇ ਰਚਣਹਾਰੇ ਪ੍ਰੋ. ਸੁਰਿੰਦਰ ਸਿੰਘ ਨਰੂਲਾ ਵੀ ਵ੍ਹੀਲ ਚੇਅਰ ਜੋਗੇ ਰਹਿ ਗਏ ਸਨ। ਉਨ੍ਹਾਂ ਨੂੰ ਕੈਂਸਰ ਜਿਹੀ ਨਾਮੁਰਾਦ ਬੀਮਾਰੀ ਨੇ ਘੇਰ ਲਿਆ ਸੀ, ਫੁਲਬਹਿਰੀ ਵੀ ਹੋ ਚੁੱਕੀ ਸੀ, ਸਿਰ ਦੇ ਵਾਲ਼ ਵੀ ਝੜ ਚੁੱਕੇ ਸਨ। ਫੁਲਬਹਿਰੀ ਦੇ ਵਾਲ਼ ਇਉਂ ਜਾਪਦੇ ਜਿਵੇਂ ਬੁੱਢੇ ਬ੍ਰਿਛ ਦਾ ਸੱਕ ਲਹਿ ਰਿਹਾ ਹੋਵੇ। ਉਹਨਾਂ ਦਾ ਮੂੰਹ ਅੱਡਿਆ ਰਹਿਣ ਲੱਗਿਆ। ਉਹ ਹੱਡੀਆਂ ਦੀ ਮੁੱਠ ਜਾਪਦੇ। ਉਹ ਅਪਣੀ ਸੇਵਾ ਸੰਭਾਲ਼ ਦੇ ਕਾਟੋ ਕਲੇਸ਼ ਤੋਂ ਬਹੁਤ ਦੁਖੀ ਸਨ। ਕਿਹਾ ਕਰਦੇ ਸਨ, "ਜਿੱਥੇ ਕੁੜ ਕੁੜੇਂਦੀ ਵੱਸੇ...ਉਥੇ ਘੜਿਉਂ ਪਾਣੀ ਨੱਸੇ...ਮੈਨੂੰ ਤੇ ਮੇਰੇ ਕਲੇਸ਼ ਨੇ ਮਾਰ ਲਿਆ...ਦੂਜਾ ਬੀਮਾਰੀਆਂ ਨੇ...ਮੈਂ ਤੇ ਹਾਲੇ ਬਹੁਤ ਕੁਝ ਲਿਖਣਾ ਸੀ...।" ਉਨ੍ਹਾਂ
ਦੀ ਇਹ ਇੱਛਾ ਪੂਰੀ ਨਹੀਂ ਹੋਈ...ਅੰਤ ਸਮੇਂ ਉਹਨਾਂ ਨੂੰ ਅਪਣਾ ਘਰ ਹੀ ਵੇਚਣਾ ਪਿਆ ਤੇ ਉਹ ਕਿਰਾਏ ਦੇ ਘਰ ਵਿਚ ਹੀ ਪੂਰੇ ਹੋ ਗਏ।

ਪੰਜਾਬ ਦੀ ਕੋਇਲ ਦਿੱਲੀਓਂ ਆ ਕੇ ਪੰਚਕੂਲੇ ਆਪਣੀ ਧੀ ਡੌਲੀ ਗੁਲੇਰੀਆ ਦੇ ਘਰ ਨੇੜੇ ਕਿਰਾਏ ਤੇ ਘਰ ਲੈ ਕੇ ਰਹਿਣ ਲੱਗ ਪਈ ਸੀ, ਉਹ ਬਹੁਤੀ ਬੀਮਾਰ ਹੋ ਗਈ। ਉਹਦੇ ਜੀਵਨ ਤੇ ਗਾਇਨ ਬਾਰੇ ਇਕ ਪੁਸਤਕ ਲਿਖ ਰਿਹਾ ਹੋਣ ਕਰਕੇ ਮੈਂ ਅਕਸਰ ਹੀ ਉਹਦੇ ਕੋਲ਼ ਜਾਂਦਾ। ਉਹ ਲੰਬਾ ਹਾਉਕਾ ਭਰਦੀ ਤੇ ਵਿਛੜ ਗਏ ਅਪਣੇ ਭੈਣ ਭਰਾਵਾਂ, ਪਤੀ ਤੇ ਵੱਡੇ ਵੱਡੇਰਿਆਂ ਨੂੰ ਚੇਤੇ ਕਰਕੇ ਰੋਂਦੀ। ਉਹ ਕਿਹਾ ਕਰਦੀ ਸੀ, " ਵੇ ਬੱਚਿਆ..ਮੇਰੀ ਤਾਂ ਇਕੋ-ਇਕ ਇੱਛਾ ਏ ਬਈ ਮੈਂ ਪੰਜਾਬ ਵਿਚ ਮਰਾਂ...ਮੇਰਾ ਆਖਰੀ ਸਾਹ ਪੰਜਾਬ ਵਿਚ ਨਿਕਲੇ਼... ਮੈਂ ਪੰਜਾਬਣ ਆਂ...ਪੰਜਾਬੀਆਂ ਲਈ ਗਾਇਆ ਏ...ਕਿਉਂ ਜੁਦਾ ਹੋਵਾਂ ਮੈਂ ਪੰਜਾਬ ਨਾਲੋ਼ਂ ...?" ਪਰ ਉਸਦੀ ਇਹ ਇਛਾ ਪੂਰੀ ਨਹੀਂ ਹੋਈ। ਸਖਤ ਬੀਮਾਰ ਹੋ ਜਾਣ 'ਤੇ ਉਸਦੀਆਂ ਅਮਰੀਕਾ ਵਸਦੀਆਂ ਧੀਆਂ ਨੰਦਨੀ ਤੇ ਪ੍ਰਮੋਦਨੀ ਉਸ ਨੂੰ ਅਮਰੀਕਾ ਲੈ ਗਈਆਂ। ਉਹਦੀ ਸਿਹਤ ਵਿਚ ਸੁਧਾਰ ਨਾ ਹੋਇਆ, ਹਸਪਤਾਲ ਪਈ ਹੀ ਪੰਜਾਬ ਨੂੰ ਚੇਤੇ ਕਰਦੀ ਕਰਦੀ ਸਦਾ ਲਈ ਅੱਖਾਂ ਮੀਟ ਗਈ।

ਤੂੰਬੀ ਦਾ ਬਾਦਸ਼ਾਹ ਉਸਤਾਦ ਲਾਲ ਚੰਦ ਯਮਲਾ ਜੱਟ ਆਪਣੇ ਘਰ ਵਿਚ ਹੀ, ਇਕ ਰਾਤ ਫ਼ਰਸ਼ ਉਤੋਂ ਤਿਲਕ ਕੇ ਡਿੱਗ ਪਿਆ। ਚੂਕਣਾ ਟੁੱਟ ਗਿਆ ਸੀ। ਮੋਹਨ ਦੇਵੀ ਓਸਵਾਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਉੱਥੇ ਦਿਲ ਦਾ ਦੌਰਾ ਪੈ ਗਿਆ। ਆਖਰੀ ਸਮੇਂ ਵੀ ਬਿਲਕੁਲ ਬੇਸੁਰਤ ਪਿਆ ਰਿਹਾ, ਇਲਾਜ ਲਈ ਇਧਰੋਂ ਉਧਰੋਂ ਮਿਲੇ ਰੁਪਈਏ ਝੱਟ ਦਵਾਈਆਂ ਉਤੇ ਖਰਚ ਹੋ ਗਏ। ਪਰਿਵਾਰ ਕੋਲ਼ ਖਰਚਣ ਲਈ ਫੁੱਟੀ ਕੌਡੀ ਵੀ ਨਾ ਬਚੀ। ਉਸਤਾਦ ਜੀ ਅਕਸਰ ਹੀ ਆਪਣੀਆਂ ਮੁਲਾਕਾਤਾਂ ਵਿਚ ਕਿਹਾ ਕਰਦੇ ਸਨ, ਮੈਂ ਸੱਚੇ ਮਨ ਨਾਲ਼ ਪੰਜਾਬ ਦੇ ਲੋਕਾਂ ਦੀ ਸੱਚੀ ਸੁੱਚੀ ਸੇਵਾ ਕੀਤੀ ਏ..ਪੰਜਾਬੀ ਮੇਰੀ ਕਲਾ ਦਾ ਮੁੱਲ ਜ਼ਰੂਰ ਪਾਉਣਗੇ,. ਓ ਲੋਕੋ..ਮੇਰੇ ਕੋਲ਼ ਸਿਵਾਏ ਨਾਮਣੇ ਤੇ ਸੁੱਚਤਾ ਤੋਂ ਹੋਰ ਕੁਝ ਨਹੀਂ ਏ..।" ਆਖਰੀ ਸਮੇਂ ਪਰਿਵਾਰ ਦੇ ਜੀਅ ਦਵਾਈਆਂ ਖਰੀਦਣ ਲਈ ਲੋਕਾਂ ਦੇ
ਮੂੰਹ ਵੱਲ ਦੇਖਦੇ ਰਹੇ ਸਨ।

ਸਿੱਖ ਗੁਰੂਆਂ ਤੇ ਯੋਧਿਆਂ ਦੇ ਜੀਵਨ ਤੇ ਇਤਿਹਾਸਕ ਨਾਵਲ ਲਿਖਣ ਵਾਲ਼ਾ ਬਜ਼ੁਰਗ ਸਾਹਿਤਕਾਰ ਹਰਨਾਮ ਦਾਸ ਸਹਿਰਾਈ ਕਹਿੰਦਾ ਹੁੰਦਾ ਸੀ, "ਮੇਰੇ ਮਰਨ ਪਿੱਛੋਂ ਮੇਰੀਆਂ ਕਿਤਾਬਾਂ ਤੇ ਖਰੜੇ ਨਾ ਰੁਲਣ.. ਮੇਰੇ ਜੀਂਦੇ ਜੀਅ ਇਹਨਾਂ ਨੂੰ ਅਗਨ ਭੇਂਟ ਕਰ ਦਿਓ.. ਇਹਨਾਂ ਦੀ ਬੇਹੁਰਮਤੀ ਨਾ ਹੋਵੇ।" ਜਦੋਂ ਉਹਨੇ ਆਖਰੀ ਸਵਾਸ ਲਏ, ਉਹਦੇ ਚੁਬਾਰੇ ਵਿਚ ਉਹਦੀਆਂ ਕਿਤਾਬਾਂ ਤੇ ਖਰੜੇ ਮਿਟੀ ਘੱਟੇ ਵਿਚ ਖਿਲਰੇ ਪਏ ਸਨ। ਉਸਦੀ ਨੂੰਹ ਉਸਨੂੰ ਕਿਹਾ ਕਰਦੀ ਸੀ, "ਭਾਪਾ ਚੁਬਾਰਾ ਕਦੋਂ ਵਿਹਲਾ ਕਰਨਾ ਏ...?" ਸਹਿਰਾਈ ਮੈਨੂੰ ਕਹਿੰਦਾ ਹੁੰਦਾ ਸੀ,"ਓਏ ਮੇਰੀ ਗੱਲ ਸੁਣ.. ਮੇਰੇ ਮੁੰਡੇ ਕੁਲਦੀਪ ਨੂੰ ਕਹਿ ਕੇ ਮੇਰਾ ਸਾਰਾ ਲਿਟਰੇਚਰ ਕਿਸੇ ਲਾਇਬਰੇਰੀ ਜਾਂ ਭਾਸ਼ਾ ਵਿਭਾਗ ਨੂੰ ਦਾਨ ਕਰ ਦਿਆ ਜੇ..।" ਪਰ ਉਸ ਦੀ ਇਹ ਗੱਲ ਕੌਣ ਪੂਰੀ ਕਰੇ।

ਸਾਡੇ ਹਰਮਨ ਪਿਆਰੇ ਕਹਾਣੀਕਾਰ ਅਜੀਤ ਸਿੰਘ ਪੱਤੋ ਨੇ ਵੀ ਪਿਛਲੇ ਪਹਿਰ ਲੱਤ ਤੁੜਵਾ ਲਈ ਸੀ। ਦੇਸੀ ਦਾਰੂ ਦਾ ਖਹਿੜਾ ਨਹੀਂ ਸੀ ਛੱਡਿਆ। ਗਰਮੀਆਂ ਦੀ ਰੁੱਤੇ ਇਕ ਦਿਨ ਉਸ ਨੂੰ ਮਿਲਣ ਗਿਆ ਸਾਂ, ਉਹ ਵਰਾਂਡੇ ਵਿਚ ਪਿਆ ਹੋਇਆ ਸੀ। ਆਲ਼ੇ-ਦੁਆਲ਼ੇ ਮੱਖੀਆਂ ਭਿਣ-ਭਿਣਾ ਰਹੀਆਂ ਸਨ। ਉਹਨੂੰ ਦੇਖ ਕੇ ਮੇਰਾ ਮਨ ਢੱਠ ਗਿਆ ਸੀ। ਉਹਨੇ ਅੱਖਾਂ ਭਰ ਕੇ ਕਿਹਾ ਸੀ, "ਪੁੱਤ..ਹੁਣ ਬਸ..ਬਥੇਰੀ ਭੋਗ ਲੀ..ਮਰਨ ਨੂੰ ਜੀਅ ਕਰਦਾ ਐ,ਹੁਣ ਤਾਂ ਮੇਰਾ...।"

ਉਹਦੇ ਪਿੰਡੋਂ ਮਿੰਨੀ ਬੱਸ ਵਿਚ ਬੈਠਾ ਹੋਇਆ ਸੋਚਦਾ ਜਾ ਰਿਹਾ ਸਾਂ ਕਿ..ਕਿੰਨੇ ਚਿਰਾਂ ਤੋਂ ਸਾਡੀਆਂ ਸਾਰੀਆਂ ਮਹਾਨ ਸ਼ਖ਼ਸੀਅਤਾਂ ਨਾਲ਼ ਇੰਜ ਹੀ ਹੁੰਦੀ ਆਈ ਹੈ? ਕਿਉਂ ਹੁੰਦੀ ਹੈ ਇੰਜ ਇਹੋ-ਜਿਹੇ ਸਭਨਾਂ ਲੋਕਾਂ ਨਾਲ਼..? ਸਾਡੇ ਸਮਾਜ ਦਾ ਕਸੂਰ ਹੈ..ਜਾਂ ਇਸ ਵਿਚ ਇਹ ਆਪ ਕਸੂਰਵਾਰ ਹਨ? ਮੈਂ ਆਪਣੇ ਆਪ ਨਾਲ਼ ਖੌਜਲ਼ ਰਿਹਾ ਸਾਂ..ਕੁਝ ਸਮਝ ਨਹੀਂ ਸੀ ਆ ਰਹੀ ਮੈਨੂੰ!

ਪੰਜਾਬੀ ਜ਼ੁਬਾਨ ਦੇ ਸਹੀ ਉਚਾਰਨ ਦੀ ਲੋੜ.......... ਲੇਖ / ਪ੍ਰੀਤਮ ਪਰਵਾਜ਼

ਕਿਸੇ ਵੀ ਭਾਸ਼ਾ ਦੀ ਇਕਸੁਰਤਾ ਇਕਸਾਰਤਾ ਅਤੇ ਸੁੱਧਤਾ ਲਿਆਉਣ ਲਈ ਵਿਆਕਰਨ ਦਾ ਬਹੁਤ ਵੱਡਾ ਯੋਗਦਾਨ ਹੈ। ਵਿਆਕਰਨ ਸਾਡੇ ਲਈ ਨਿਯਮਬੱਧਤਾ ਅਤੇ ਸਪਸ਼ਟਤਾ ਵਾਸਤੇ ਸਹਾਈ ਹੈ। ਵਿਆਕਰਨ ਤੋਂ ਬਿਨਾਂ ਭਾਸ਼ਾ ਅਨੁਸ਼ਾਸਨਹੀਣ, ਬੇਤੁਕੀ ਅਤੇ ਦਿਸ਼ਾਹੀਣ ਹੋ ਕੇ ਰਹਿ ਜਾਂਦੀ ਹੈ।

ਜਿਵੇਂ ਸੰਗੀਤ ਵਿਚ ਸੱਤ ਸੁਰਾਂ ਦੀ ਸਰਗਮ ਨੂੰ ਨਿਯਮਾਂ ਅਤੇ ਬੰਦਸ਼ਾਂ ਵਿਚ ਤੇ ਰਾਗਾਂ ਦੀ ਉਤਪਤੀ ਅਤੇ ਵਿਕਾਸ ਕੀਤਾ ਜਾਂਦਾ ਹੈ,ਇਵੇਂ ਹੀ ਵਿਆਕਰਨ ਭਾਸ਼ਾ ਨੂੰ ਨਿਯਮਾਂ ਅਤੇ ਬੰਦਸ਼ਾਂ ਵਿਚ ਬੰਨ੍ਹ ਕੇ ਉਸ ਵਿਚ ਇਕਸਾਰਤਾ ਅਤੇ ਨਿਖਾਰ ਲਿਆਉਂਦੀ ਹੈ। ਪੰਜਾਬੀ ਭਾਸ਼ਾ ਵਿਚ ਪੰਜਾਬੀ ਵਿਆਕਰਨ ਦੀ ਇਕ ਖਾਸ ਮਹਾਨਤਾ ਹੈ। ਖਾਸ ਨਿਯਮਾਂ ਅਤੇ ਅਨੁਸ਼ਾਸਨ ਵਿਚ ਰਹਿ ਕੇ ਹੀ ਪੰਜਾਬੀ ਭਾਸ਼ਾ ਦਾ ਠੁੱਕ ਬੰਨਿਆ ਜਾ ਸਕਦਾ ਹੈ।

ਲਿਖਤੀ ਬੋਲੀ ਵਿਚ ਵਿਆਕਰਨ ਨਿਯਮਾਂ ਰਾਹੀਂ ਅਸੀਂ ਪੰਜਾਬੀ ਭਾਸ਼ਾ ਨੂੰ ਸ਼ੁਧ ਅਤੇ ਸਹੀ ਲਿਖਣ ਵਿਚ ਪ੍ਰਬੀਨਤਾ ਹਾਸਿਲ ਕਰ ਸਕਦੇ ਹਾਂ। ਪਰ ਭਾਸ਼ਾ ਦੀ ਬੋਲਚਾਲ ਦੀ ਸ਼ੁੱਧਤਾ ਨੂੰ ਕਿਵੇਂ ਸ਼ੁੱਧ ਬੋਲ ਸਕਦੇ ਹਾਂ। ਇਹ ਸਮੱਸਿਆ ਬੜੀ ਜਟਿਲ ਹੈ। ਭਾਸ਼ਾ ਵਿਚ ਤਲੱਫ਼ਜ਼ ਜਾਂ ਉਚਾਰਨ ਦੀ ਬਹੁਤ ਵੱਡੀ ਮਹੱਤਤਾ ਹੈ। ਜੇਕਰ ਸ਼ੁੱਧ ਉਚਾਰਣ ਨਹੀਂ ਹੋਵੇਗਾ ਤਾਂ ਅਸੀਂ ਪ੍ਰਭਾਵਹੀਣ ਹੋ ਕੇ ਰਹਿ ਜਾਵਾਂਗੇ। ਆਉਣ ਵਾਲ਼ੀ ਪੀੜ੍ਹੀ ਵਿਚ ਉਚਾਰਣ ਦੀਆਂ ਬਹੁਤ ਸਾਰੀਆਂ ਖਾਮੀਆਂ ਨਜ਼ਰ ਆ ਰਹੀਆਂ ਹਨ। ਇਹਨਾਂ ਦਾ ਮੈਂ ਮੋਟੇ ਤੌਰ ਤੇ ਜਿ਼ਕਰ ਕਰਾਂਗਾ।

ਅਜੋਕੇ ਪੰਜਾਬੀ ਉਚਾਰਨ ਦੀ ਜੋ ਸਮੱਸਿਆ ਬਣ ਗਈ ਹੈ ਉਹ ਬੜੀ ਗੁੰਝਲਦਾਰ ਤੇ ਉਲਝਣ ਵਾਲ਼ੀ ਹੈ। ਪੰਜਾਬੀ ਪੜ੍ਹਾਉਣ ਵਾਲ਼ੇ ਅਧਿਆਪਕ ਅਤੇ ਕਾਲਜਾਂ ਦੇ ਪ੍ਰਾ-ਅਧਿਆਪਕ ਪੰਜਾਬੀ ਦੇ ਗ਼ਲਤ ਉਚਾਰਨ ਵਿਚ ਗ੍ਰਸ ਚੁੱਕੇ ਹਨ। ਜੇਕਰ ਅਧਿਆਪਕ ਵਰਗ ਦਾ ਉਚਾਰਨ ਸ਼ੁੱਧ ਨਹੀਂ ਹੈ ਤਾਂ ਉਹ ਵਿਦਿਆਰਥੀ ਨੂੰ ਕੀ ਸੇਧ ਦੇਵੇਗਾ। ਅਸ਼ੁੱਧ ਉਚਾਰਨ ਪੰਜਾਬੀ ਭਾਸ਼ਾ ਲਈ ਇਕ ਮਾਰੂ ਸੱਟ ਹੈ। ਪੰਜਾਬੀ ਦੇ ਨਵੀਂ ਪੀੜ੍ਹੀ ਦੇ ਕਵੀਆਂ ਅਤੇ ਲੇਖਕਾਂ ਵਿਚ ਵੀ ਸੁ਼ੱਧ ਉਚਾਰਨ ਦੀ ਘਾਟ ਰੜਕ ਰਹੀ ਹੈ।

ਉਰਦੂ ਜ਼ੁਬਾਨ ਦਾ ਸਾਡੇ ਪੰਜਾਬੀ ਸਾਹਿਤ ਵਿਚ ਇਕ ਖ਼ਾਸ ਮੁਕਾਮ ਹੈ। ਇਸ ਮੁਕਾਮ ਨੂੰ ਅਸੀਂ ਅੱਖੋਂ ਪਰੋਖੇ ਨਹੀਂ ਕਰ ਸਕਦੇ। ਪੰਜਾਬੀ ਸਾਹਿਤ ਵਿਚ ਬਾਬਾ ਸ਼ੇਖ਼ ਫ਼ਰੀਦ, ਬਾਬਾ ਬੁੱਲ੍ਹੇ ਸ਼ਾਹ, ਦਮੋਦਰ, ਸ਼ਾਹ ਹੁਸੈਨ, ਸ਼ਾਹ ਮੁਹੰਮਦ, ਪੀਲੂ, ਹਾਸ਼ਮ, ਮਕਬੂਲ, ਫਜ਼ਲ ਸ਼ਾਹ ਤੇ ਸਯੀਅਦ ਵਾਰਸ ਸ਼ਾਹ ਦਾ ਉਚਾ ਸਥਾਨ ਹੈ। ਇਹਨਾਂ ਸਾਹਿਤਕਾਰਾਂ ਨੇ ਅਪਣੀ ਲਿਖਤ ਵਿਚ ਉਰਦੂ-ਫਾਰਸੀ ਦੇ ਸ਼ਬਦਾਂ ਦਾ ਪ੍ਰਯੋਗ ਕਰਕੇ ਪੰਜਾਬੀ ਸਾਹਿਤ ਨੂੰ ਅਮੀਰ ਬਣਾਇਆ ਹੈ ਅਤੇ ਸਾਹਿਤ ਦਾ ਖਜ਼ਾਨਾ ਭਰਪੂਰ ਕੀਤਾ ਹੈ। ਉਰਦੂ-ਫਾਰਸੀ ਨੂੰ ਮੁੱਖ ਰੱਖਦਿਆਂ ਸਾਡੇ ਵਿਦਵਾਨਾਂ ਨੇ ਪੰਜਾਬੀ ਵਰਣਮਾਲਾ ਵਿਚ ਕੁਝ ਬਿੰਦੀਆਂ ਵਾਲ਼ੇ ਅੱਖਰਾਂ ਦਾ ਵਾਧਾ ਕੀਤਾ ਹੈ ਤਾਂ ਕਿ ਫਾਰਸੀ ਵਿਚ ਆਏ ਸ਼ਬਦਾਂ ਦਾ ਸ਼ੁੱਧ ਅਤੇ ਸਹੀ ਉਚਾਰਨ ਹੋ ਸਕੇ ਇਹ ਅੱਖਰ ਹਨ- ਸ਼, ਖ਼, ਜ਼, ਗ਼, ਫ਼, ਲ਼ । ਹਜ਼ਾਰਾਂ ਸ਼ਬਦ ਪੰਜਾਬੀ ਨੇ ਫਾਰਸੀ ਵਿਚੋਂ ਹਜ਼ਮ ਕੀਤੇ ਹਨ। ਇਹਨਾਂ ਸ਼ਬਦਾਂ ਨੂੰ ਅਸੀਂ ਪੰਜਾਬੀ ਜ਼ੁਬਾਨ ਵਿਚੋਂ ਕਿਵੇਂ ਮਨਫੀ ਕਰ ਸਕਦੇ ਹਾਂ।

ਸਾਡੇ ਪ੍ਰਾਇਮਰੀ ਸਕੂਲਾਂ ਵਿਚ ਪੰਜਾਬੀ ਦੇ ਕਾਇਦੇ ਵਿਚ ਇਹ ਬਿੰਦੀਆਂ ਵਾਲ਼ੇ ਅੱਖਰ ਦਰਜ ਹਨ। ਫਾਰਸੀ ਸ਼ਬਦਾਂ ਦੇ ਸ਼ੁੱਧ ਉਚਾਰਨ ਲਈ ਇਹਨਾਂ ਅੱਖਰਾਂ ਦੇ ਪੈਰਾਂ ਵਿਚ ਬਿੰਦੀਆਂ ਲਾਈਆਂ ਗਈਆਂ ਹਨ। ਪ੍ਰੰਤੂ ਅਧਿਆਪਕਜਨ ਇਹਨਾਂ ਅੱਖਰਾਂ ਵੱਲ ਕੋਈ ਖਾਸ ਧਿਆਨ ਨਹੀਂ ਦਿੰਦੇ। ਪ੍ਰਾਇਮਰੀ ਤੋਂ ਹਾਈ ਸਕੂਲਾਂ ਅਤੇ ਫਿਰ ਕਾਲਜ ਦੇ ਵਿਦਿਆਰਥੀਆਂ ਨੂੰ ਵੀ ਉਚਾਰਨ ਦੀ ਸ਼ੁੱਧਤਾ ਵੱਲ ਪ੍ਰੇਰਿਆ ਨਹੀਂ ਜਾਂਦਾ। ਏਸੇ ਕਰਕੇ ਬੱਚਿਆਂ ਦਾ ਉਚਾਰਨ ਅਸ਼ੁੱਧ ਅਤੇ ਕੱਚ ਘਰੜ ਰਹਿ ਜਾਂਦਾ ਹੈ। ਭਾਸ਼ਾ ਦੀ ਬੋਲਚਾਲ ਵਿਚ ਇਕ ਠੁੱਕ, ਇਕ ਪ੍ਰਭਾਵ ਖਤਮ ਹੋ ਜਾਂਦਾ ਹੈ।

ਵਿਦਿਆਰਥੀਆਂ ਦੇ ਵਰਗ ਨੂੰ ਇਕ ਪਾਸੇ ਰੱਖਦੇ ਹੋਏ ਮੈਂ ਅਧਿਆਪਕ ਵਰਗ ਬਾਰੇ ਚਰਚਾ ਕਰਾਂਗਾ ਕਿ ਉਹ ਉਚਾਰਨ ਦੀ ਕਿਵੇਂ ਜੱਖਣਾ ਪੁੱਟਦੇ ਹਨ। ਕੁਝ ਉਦਾਹਰਣਾਂ ਦੇਵਾਂਗਾ ਜਿਵੇਂ ਜਿ਼ੰਦਗੀ ਨੂੰ (ਜਿੰਦਗੀ), ਜ਼ਮਾਨਾ ਨੂੰ (ਜਮਾਨਾ), ਜ਼ਮੀਨ ਨੂੰ (ਜਮੀਨ), ਗ਼ੇਰਤ ਨੂੰ (ਗੈਰਤ), ਗ਼ਜ਼ਲ ਨੂੰ (ਗਜਲ), ਬਾਗ਼ ਨੂੰ (ਬਾਗ), ਫ਼ਸਲ ਨੂੰ (ਫਸਲ), ਫ਼ਕੀਰ ਨੂੰ (ਫਕੀਰ), ਜਿ਼ਕਰ ਨੂੰ (ਜਿਕਰ), ਯਾਰੀ ਨੂੰ (ਜਾਰੀ), ਜਾਰੀ ਨੂੰ (ਯਾਰੀ) ਬੋਲਦੇ ਹਨ।

ਇਕ ਹੋਰ ਹਾਸੋਹੀਣਾ ਪੱਖ ਦੇਖੋ ਮਜਬੂਰੀ ਨੂੰ (ਮਜ਼ਬੂਰੀ), ਤਜਰਬਾ ਨੂੰ (ਤਜ਼ਰਬਾ) ਅਤੇ ਹਿਜਰ ਨੂੰ ਹਿਜ਼ਰ ਬੋਲਦੇ ਹਨ।

ਮੈਂ ਇਕ ਮਿਸਾਲ ਹੋਰ ਦਿਆਂਗਾ ਕਿ ਸਾਡਾ ਸ਼ਹਿਰੀ ਵਰਗ ਪੰਜਾਬੀ ਜ਼ੁਬਾਨ ਦਾ ਸੱਤਿਆਨਾਸ਼ ਕਿਵੇਂ ਕਰ ਰਿਹਾ ਹੈ। ਇਹ ਲੋਕ ਨ ਅਤੇ ਣ ਦੀ ਵਰਤੋਂ ਕਿਵੇਂ ਕਰਦੇ ਹਨ। "ਨੀ ਮੀਨਾ! ਤੂੰ ਪਾਨੀ ਪੀਨਾ ਏਂ ਕੂ ਨਹੀਂ ਪੀਨਾ। ਖਾਨਾ ਕਦੋਂ ਖਾਨਾ ਏਂ?" " ਨੀ ਗੀਤਾ! ਮੈਂ ਨਹੀਂ ਹਾਲੀ ਖਾਨਾ। ਮੈਂ ਤਾਂ ਹਾਲੀ ਬਸ ਪਾਨੀ ਹੀ ਪੀਨਾ ਏਂ।"

ਨਵੇਂ ਲੇਖਕ ਅਤੇ ਕਵੀ ਜੋ ਪੰਜਾਬੀ ਜ਼ੁਬਾਨ ਦੀ ਰੂਹ ਪਛਾਣਦੇ ਹਨ, ਦਾ ਉਚਾਰਨ ਕਾਫੀ ਹੱਦ ਤੱਕ ਸ਼ੁੱਧ ਅਤੇ ਸਹੀ ਹੁੰਦਾ ਹੈ। ਜਦੋਂ ਕਵੀ ਕਿਸੇ ਕਵੀ ਦਰਬਾਰ ਵਿਚ ਅਸ਼ੁੱਧ ਭਾਸ਼ਾ ਬੋਲਦਾ ਹੈ ਤਾਂ ਆਪਣਾ ਸਾਰਾ ਪ੍ਰਭਾਵ ਮਨਫ਼ੀ ਕਰ ਲੈਂਦਾ ਹੈ। ਅੱਜ ਕੱਲ੍ਹ ਟੀ.ਵੀ. ਚੈਨਲਾਂ 'ਤੇ ਬਹੁਤ ਹੀ ਅਸ਼ੁੱਧ ਪੰਜਾਬੀ ਬੋਲੀ ਅਤੇ ਲਿਖੀ ਜਾਂਦੀ ਹੈ।

ਪੁਰਾਣੇ ਸਮਿਆਂ ਵਿਚ ਮੌਲਵੀ ਪਾਸੋਂ ਲੋਕ ਉਰਦੂ ਅਤੇ ਫਾਰਸੀ ਦੀ ਤਾਲੀਮ ਹਾਸਿਲ ਕਰਦੇ ਸਨ। ਉਹ ਤਲੱਫ਼ਜ਼ ਜਾਂ ਉਚਾਰਨ ਉਤੇ ਬਹੁਤ ਜ਼ੋਰ ਦਿਆ ਕਰਦੇ ਸਨ। ਭੁੱਲ ਭੁਲੇਖੇ ਜੇ ਕਿਸੇ ਵਿਦਿਆਰਥੀ ਨੇ ਲੇਕਿਨ ਲਫ਼ਜ਼ ਨੂੰ ਲੇਕਨ ਆਖ ਦੇਣਾ ਜਾਂ ਮੁਸ਼ਕਿਲ ਨੂੰ ਮੁਸ਼ਕਲ ਬੋਲ ਦੇਣਾ ਤਾਂ ਉਸੇ ਲਫ਼ਜ਼ ਦੀ ਕਈ ਕਈ ਵਾਰ ਦੁਹਰਾਈ ਕਰਵਾਈ ਜਾਂਦੀ ਸੀ। ਮੈਂ ਆਪਣੇ ਪੰਜਾਬੀ ਪੜ੍ਹਾਉਣ ਦੇ 35 ਸਾਲਾਂ ਸਮੇਂ ਵਿਦਿਆਰਥੀਆਂ ਨੂੰ ਸੁੱਧ ਉਚਾਰਨ ਲਈ ਮਿਹਨਤ ਕਰਵਾਉਂਦਾ ਰਿਹਾ ਹਾਂ। ਕਾਫੀ ਵਿਦਿਆਰਥੀ ਨੂੰ ਇਸ ਪਾਸੇ ਸਫ਼ਲਤਾ ਦਿਵਾਈ ਹੈ। ਇਹ ਵਿਦਿਆਰਥੀ ਅੱਜ ਕੱਲ੍ਹ ਲਿਖਣ ਪ੍ਰਕਿਰਿਆ ਵਿਚ ਯੋਗਦਾਨ ਪਾ ਰਹੇ ਹਨ। ਕੁਲਵਿੰਦਰ ਕੌਰ ਮਠਾਰੂ, ਗੁਲਜ਼ਾਰ ਤਾਹਰਪੁਰੀ, ਸਤਨਾਮ ਦੁੱਗਲ ਅਤੇ ਕਮਲ ਕੇਸਰ ਜਿ਼ਕਰਯੋਗ ਹਨ।

ਮੇਰੇ ਇਹਨਾਂ ਵਿਚਾਰਾਂ ਤੋਂ ਪੰਜਾਬੀ ਪਿਆਰੇ ਅਤੇ ਪੰਜਾਬੀ ਪਾਠਕ ਸ਼ਾਇਦ ਕੁਝ ਸੇਧ ਲੈ ਸਕਣਗੇ ਤੇ ਆਪਣੇ ਜੀਵਨ ਵਿਚ ਸ਼ੁੱਧ ਉਚਾਰਨ ਦੀ ਮਹੱਤਤਾ ਨੂੰ ਬਰਕਰਾਰ ਰੱਖ ਸਕਣਗੇ।

ਐ ਮਾਂ ਬੋਲੀ! ਤੈਨੂੰ ਲੱਖ-ਲੱਖ ਪ੍ਰਣਾਮ।

ਸ਼ਾਹ ਹੁਸੈਨ ਜੀ

ਵੋ ਗੁਮਾਨੀਆਂ, ਦਮ ਗਨੀਮਤ ਜਾਣ।।
ਕਿਆ ਲੈ ਆਇਓਂ ਕਿਆ ਲੈ ਜਾਸੈਂ,
ਫਾਨੀ ਕੁਲ ਜਹਾਨ।।

ਚਾਰ ਦਿਹਾੜੇ ਗੋਇਲ ਵਾਸਾ,
ਇਸ ਜੀਵਨ ਦਾ ਕਿਆ ਭਰਵਾਸਾ,
ਨਾ ਕਰ ਇਤਨਾ ਮਾਣ ।।

ਕਹੈ ਹੁਸੈਨ ਫਕੀਰ ਨਿਮਾਣਾ,
ਆਖਰ ਖਾਕ ਸਮਾਣ।।

ਪੋਸਟਰਾਂ ਵਾਲਾ਼ ਭਗਤ ਸਿੰਘ..........ਲੇਖ / ਤਸਕੀਨ

ਅਰਨੈਸਟੋ ਚੀ ਗਵੇਰਾ ਲਾਤੀਨੀ ਅਮਰੀਕਾ ਦੀ ਲੋਕ ਚੇਤਨਾ ਵਿਚ ਵਸ ਗਿਆ ਅਜਿਹਾ ਨਾਇਕ ਹੈ, ਜੋ ਨੌਜਵਾਨਾਂ ਦੇ ਦਿਲ ਦੀ ਧੜਕਣ ਹੈ । ਉਹ ਹਰਮਨ ਪਿਆਰਾ ਬਾਗੀ ਹੈ, ਬਾਗੀ ਹੀ ਨਹੀਂ ਲਾਤੀਨੀ ਅਮਰੀਕਾ ਵਿੱਚ ਬਗ਼ਾਵਤ/ਇਨਕਲਾਬ ਦਾ ਚਿੰਨ੍ਹ ਹੈ, ਅਤੇ ਸਿਰਫ ਕਹਿਣਾ ਹੀ ਬਗ਼ਾਵਤ ਦਾ ਵਾਰਸ ਹੋਣਾ ਹੈ। ਪਿਛਲੇ ਸਮੇਂ ਵਿਚ ਭਗਤ ਸਿੰਘ ਦੇ ਪੋਸਟਰ ਵੀ ਚੀ ਵਾਂਗ ਧੜਾ-ਧੜ ਵਿਕਣੇ ਛਪਣੇ/ਵਿਕਣੇ ਸ਼ੁਰੂ ਹੋ ਗਏ ਹਨ। ਚੀ ਗਵੇਰਾ ਦੀ ਵੱਡੇ ਵਾਲਾਂ 'ਤੇ ਲਈ ਟੋਪੀ ਵਾਲੀ ਫੋਟੋ ਦਾ ਅਜਿਹਾ ਬੇਸ਼ਰਮੀ ਭਰਿਆ ਮੁਜ਼ਾਹਰਾ ਹੋਇਆ ਕਿ ਉਹ ਕੱਛਿਆਂ ਬਨੈਣਾਂ ਤੱਕ ਹੇਠਾਂ ਉੱਤਰ ਗਈ ਅਤੇ ਪੂੰਜੀਵਾਦ ਦੀ ਮੰਡੀ ਦਾ ਸਿ਼ਕਾਰ ਹੋ ਗਈ। ਉਸ ਦਾ ਹਾਕਮ ਜਮਾਤ ਦੀ ਰੱਤ ਚੂਸਣ ਵਾਲਾ ਜਵਰਾ ਹਾਕਮਾਂ ਦੀਆਂ ਨਾੜੀਆਂ ਵਿਚ ਰੱਤ ਬਣ ਕੇ ਵਹਿਣ ਲੱਗਾ। ਉਸ ਦੀ ਚੇਤਨਾ ਇਨਕਲਾਬ ਦੀ ਚੇਤਨਾ ਨਾਲ਼ੋਂ ਬਾਜ਼ਾਰ ਦੀ ਚੇਤਨਾ ਵਿਚ ਘੜੀਸੀ ਜਾਣ ਲੱਗੀ, ਪ੍ਰੰਤੂ ਐਨ ਵੇਲੇ ਸਿਰ ਉਸ ਦੇ ਇਨਕਲਾਬੀ ਵਾਰਸਾਂ ਨੇ ਅਜਿਹੀਆਂ ਤਸਵੀਰਾਂ 'ਤੇ ਪਾਬੰਦੀ ਦੀ ਮੰਗ ਕਰ ਲਈ, ਜੋ ਹਾਕਮਾਂ ਦੇ ਮੁਨਾਫੇ ਵਿਚ ਵਾਧਾ ਕਰ ਰਹੀਆਂ ਸਨ।

ਹੁਣ ਭਗਤ ਸਿੰਘ ਨੂੰ ਵੱਖੋ-ਵੱਖ ਪੋਸਟਰਾਂ ਰਾਹੀਂ ਭਾਂਤ-ਭਾਂਤ ਦੇ ਵਿਚਾਰਾਂ ਦੇ ਹਾਣ ਦਾ ਕਰਨ ਲਈ ਧੜਾ-ਧੜ ਪੋਸਟਰ ਛਪ-ਵਿਕ ਰਹੇ ਹਨ। ਹਾਕਮ ਜਮਾਤ ਦਾ ਇਹ ਨੇਮ ਹੁੰਦਾ ਹੈ ਕਿ ਉਹ ਬਾਗ਼ੀ/ਇਨਕਲਾਬੀ ਵਿਚਾਰ ਨੂੰ ਕੁਰਾਹੇ ਪਾ ਕੇ ਲੜਾਈ ਦੇ ਅਸਲ ਮਕਸਦ ਹੀ ਕੱਢ ਦੇਵੇ ਅਤੇ ਉਸਨੂੰ ਅਜਿਹਾ ਆਤਮਸਾਤ ਕਰੇ ਕਿ ਉਸਦੇ ਨਕਸ਼ ਗਵਾਚ ਜਾਣ। ਇਹੋ ਹੀ ਉਸਦੀ ਅੰਤਮ ਜਿੱਤ ਦਾ ਭੇਤ ਸਦੀਆਂ ਤੋਂ ਬਣਿਆਂ ਆ ਰਿਹਾ ਹੈ। ਭਗਤ ਸਿੰਘ ਆਜ਼ਾਦੀ ਇਤਿਹਾਸ ਦਾ ਉਹ ਨਾਇਕ ਹੈ, ਜੋ ਲੋਕ ਸੰਗਰਾਮ ਦੇ ਦਰਸ਼ਨ ਦੀ ਉਂਗਲ ਫੜਨ ਦਾ ਅਜੇ ਯਤਨ ਕਰ ਹੀ ਰਿਹਾ ਸੀ ਕਿ ਫਾਹੇ ਟੰਗ ਦਿੱਤਾ ਗਿਆ। ਬਸਤੀਵਾਦ ਵਿਰੁੱਧ ਬਗਾਵਤ ਅਤੇ ਉਸੇ ਤਰ੍ਹਾਂ ਕਾਂਗਰਸ+ਗਾਂਧੀ ਵਿਰੁੱਧ ਤਿੱਖੇ ਪ੍ਰਤੀਕਰਮ ਨੇ ਉਸ ਨੂੰ ਉਗਰ/ਕ੍ਰਾਂਤੀਕਾਰੀ ਨੌਜਵਾਨਾ ਵਿਚ ਮਕਬੂਲੀਅਤ ਦਿਵਾਈ। ਉਸ ਦਾ ਨਿਸ਼ਾਨਾ ਕਾਂਗਰਸ ਦੀ ਵਿਚਾਰਧਾਰਾ ਤੋਂ ਭਿੰਨ ਹੀ ਨਹੀਂ ਸਗੋਂ ਐਨ ਉਲਟ ਸੀ। ਅਜ਼ਾਦੀ ਤੋਂ ਬਾਦ ਭਗਤ ਸਿੰਘ ਫਿਰ ਵੀ ਲੋਕਾਂ ਦਾ ਨਾਇਕ ਬਣਿਆ ਰਿਹਾ ਅਤੇ ਇਸੇ ਕਾਰਨ ਭਾਰਤ ਵਿਚ ਹਰ ਰੰਗ ਦੀ ਹਾਕਮ ਜਮਾਤ ਨੇ ਇਸ ਨੂੰ ਆਤਮਸਾਤ ਕਰਕੇ ਇਸ ਦੇ ਨਕਸ਼ ਵਿਗਾੜਨ ਦੇ ਯਤਨ ਜਾਰੀ ਰੱਖੇ। ਹੁਣ ਜਦੋਂ ਵਿਸ਼ਵੀਕਰਨ ਦਾ ਹੜੁੱਲ ਵਿਚਾਰਾਂ ਦੀ ਅਸਲ ਗੁੱਲੀ ਨੂੰ ਵਹਾਅ ਕੇ ਲੈ ਗਿਆ ਹੈ ਤਾਂ ਭਗਤ ਸਿੰਘ ਨੂੰ ਤਿਰੰਗੇ ਤੇ ਸਵਾਰ ਕਰ ਦਿੱਤਾ ਗਿਆ ਹੈ। ਇੱਥੋਂ ਤੱਕ ਕਿ ਭਗਤ ਸਿੰਘ ਨੂੰ ਆਧੁਨਿਕਤਾ ਦੇ ਬੇੜੇ ਵਿਚ ਚਾੜ੍ਹ ਦਿੱਤਾ ਗਿਆ ਹੈ ਅਤੇ ਉਸ ਨੂੰ ਸੱਭਿਆਚਾਰਕ ਹੀ ਨਹੀਂ ਸਗੋਂ ਜਾਤੀ ਗੌਰਵ ਤੱਕ ਘਟਾ ਦਿੱਤਾ ਗਿਆ ਹੈ। ਇਸ ਤਰਾਂ ਭਗਤ ਸਿੰਘ ਇਨਕਲਾਬੀ ਇਤਿਹਾਸ ਦਾ ਨਾਇਕ ਨਹੀਂ ਦਿਸਦਾ, ਸਗੋਂ ਇਕ ਜੱਟ ਬਣ ਗਿਆ ਹੈ ਅਤੇ ਸਾਡੇ ਫੁਕਰੇ ਨੌਜਵਾਨਾਂ ਦੀ ਪੀੜ੍ਹੀ ਭਗਤ ਸਿੰਘ ਦੀ ਵਾਰਸ ਬਣ ਰਹੀ ਹੈ, ਜੋ ਮੁੱਛ ਦੇ ਸਵਾਲ ਨੂੰ ਹੀ ਇਨਕਲਾਬ ਮੰਨੀ ਬੈਠੀ ਹੈ। ਉਸ ਦੀ ਅੰਗਰੇਜ਼ਾਂ ਵਿਰੁੱਧ ਬਗ਼ਾਵਤ ਦੇ ਫਲਸਫੇ ਨੂੰ ਗਿਠਮੁਠੀਆ ਬਣਾਉਂਦਾ 'ਮੁੱਛ ਦਾ ਸਵਾਲ ਵਾਲਾ ' ਭਗਤ ਸਿੰਘ ਸਾਡੇ ਸਾਹਮਣੇ ਧਰ ਦਿੱਤਾ ਗਿਆ ਹੈ। 'ਗੋਰੇ ਅੜੇ ਸੀ ਤਾਹੀਓਂ ਝੜੇ ਸੀ' ਜਿਹੇ ਵਿਚਾਰਾਂ ਨਾਲ਼ ਭਗਤ ਸਿੰਘ ਦੇ ਵਿਚਾਰਾਂ ਨੂੰ ਪੇਤਲੇ਼ ਪੱਧਰ ਤੱਕ ਲਿਆਂਦਾ ਜਾ ਰਿਹਾ ਹੈ। ਉਸ ਦੇ ਧੜਾ-ਧੜ ਵਿਕ ਰਹੇ ਪੋਸਟਰਾਂ ਵਿਚ 'ਮੁੱਛ ਦਾ ਸਵਾਲ ਹੀ ਨਹੀਂ', ਸਗੋਂ ਅਨੇਕਾਂ ਹੋਰ ਹਨ। ਗੱਲ ਕੀ, ਅੱਜ ਭਗਤ ਸਿੰਘ ਆਰ.ਐਸ.ਐਸ., ਕਾਂਗਰਸ , ਅਕਾਲੀ ਸੱਭ ਸੰਚਿਆਂ ਵਿਚ ਫਿੱਟ ਹੋ ਰਿਹਾ ਹੈ ਅਤੇ ਉਸ ਦੇ ਅਸਲੀ ਨਕਸ਼ਾਂ ਦੇ ਵਾਰਸਾਂ ਦੀ ਅਣਹੋਂਦ ਕਾਰਨ ਉਸ ਦੇ ਨਕਸ਼ ਵੱਖੋ-ਵੱਖ ਸੰਚਿਆਂ ਵਿਚ ਢਲ਼ ਕੇ ਧੁਆਂਖੇ ਜਾ ਰਹੇ ਹਨ।
ਭਗਤ ਸਿੰਘ ਦਾ ਪੋਸਟਰ ਜੋ ਪਹਿਲੇ ਜ਼ਮਾਨੇ ਵਿਚ ਮਸ਼ਹੂਰ ਸੀ, ਉਹ ਟੋਪੀ ਵਾਲ਼ਾ ਸੀ ਅਤੇ ਉਹ ਵਿਦਿਆਰਥੀ ਲਹਿਰ ਦੇ ਕੇਂਦਰ ਵਿਚ ਸੀ। ਮਨੋਜ ਕੁਮਾਰ ਨੇ ਉਸ ਨੂੰ ਬਸੰਤੀ ਰੰਗ ਵਿਚ ਰੰਗ ਦਿੱਤਾ ਅਤੇ ਰੰਗਾਂ ਦੀ ਰਾਜਨੀਤੀ ਵਿਚ ਆਰ. ਐਸ. ਐਸ. ਦੇ ਵੀ ਫਿਟ ਆਉਣ ਲੱਗ ਪਿਆ। ਪੰਜਾਬ ਵਿਚ ਚੱਲੀ ਦਹਿਸ਼ਤਗਰਦੀ ਦੀ ਮਾਰ ਨੇ ਭਗਤ ਸਿੰਘ ਦੇ ਹੱਥ ਪਿਸਤੌਲ ਫੜਾ ਦਿੱਤਾ, ਜਿਵੇਂ ਭਗਤ ਸਿੰਘ ਕਿਸੇ ਫਲਸਫੇ ਨਹੀਂ, ਸਗੋਂ ਦਹਿਸ਼ਤ ਦਾ ਨਾਂ ਹੋਵੇ। ਪਿੱਛੇ ਜਿਹੇ ਸਿਰੋਂ ਸਾਫਾ ਲੱਥੇ ਵਾਲ਼ੇ ਹਵਾਲਾਤ ਦੀ ਮੰਜੀ ਤੇ ਬੈਠੇ ਭਗਤ ਸਿੰਘ ਦਾ ਪੋਸਟਰ ਦਿਸਿਆ, ਪ੍ਰੰਤੂ ਉਹ ਅੱਜ ਵੀ ਗਿਆਨ ਵਿਹੂਣੀ ਪੰਜਾਬੀਅਤ ਦੇ ਅੰਦਰ ਆਪਣੇ ਨਕਸ਼ ਖੁਣ ਨਾ ਸਕਿਆ, ਕਿਉਂਕਿ ਉਹ ਹਾਕਮ ਹਮਾਤ ਦੇ ਜ਼ੁਲਮੋ-ਸਿਤਮ ਤੋਂ ਬਗਾਵਤ/ਇਨਕਲਾਬ ਦੇ ਨਕਸ਼ ਨੌਜਵਾਨਾਂ ਵਿਚ ਉਲੀਕਦਾ ਰਹਿੰਦਾ ਸੀ। ਬਗ਼ਾਵਤ ਅੱਜ ਦੇ ਬਾਜ਼ਾਰ+ਸਾਮੰਤੀ ਵਾਛੜ ਦੇ ਝੰਬੇ ਬੰਦੇ ਦੇ ਵਸ ਦਾ ਰੋਗ ਨਹੀਂ। ਵਾਛੜ ਦਾ ਝਾਂਬਾ ਠੱਕਾ ਪੰਜਾਬੀ ਬੰਦੇ ਦੀ ਚੇਤਨਾ ਨੂੰ ਸੁੰਨ ਕਰ ਗਿਆ ਹੈ।
ਅੱਜ ਜਦੋਂ ਪੰਜਾਬ ਅੰਦਰ ਜਿਉਣ ਦੇ ਸੰਘਰਸ਼ ਦੀਆਂ ਲਹਿਰਾਂ ਮੱਠੀਆਂ ਹਨ ਤਾਂ ਭਗਤ ਸਿੰਘ ਦੇ ਬਾਗ਼ੀ ਨਕਸ਼ ਵੀ ਧੁੰਦਲੇ ਹੋ ਰਹੇ ਹਨ। ਹੁਣ ਭਗਤ ਸਿੰਘ ਕਦੇ ਕਾਂਗਰਸ ਦੀ ਆਜ਼ਾਦੀ ਦੇ ਝੰਡੇ ਹੇਠ ਖੜ੍ਹਾ ਹੈ, ਕਦੇ
'ਮੁੱਛ ਦੇ ਸਵਾਲ' ਉਤੇ ਖੜ੍ਹਾ ਹੈ ਅਤੇ ਕਦੇ 'ਪੱਗ ਬੰਨਣੀ ਭੁੱਲ ਜਾਇਓ ਨਾ ਪੰਜਾਬੀਓ' 'ਤੇ ਖੜ੍ਹਾ ਹੈ। ਗੱਲ ਕੀ ਅੱਜ ਦਾ ਭਗਤ ਸਿੰਘ ਵਿਸ਼ਵੀਕਰਨ/ਉਤਰ ਆਧੁਨਿਕਤਾ ਦੇ ਜੂਲ਼ੇ ਹੇਠ ਹੈ। ਉਸ ਦੇ ਚਿਹਨ ਨੂੰ ਅਜਿਹੇ ਭਾਂਡਿਆਂ ਵਿਚ ਪਾਉਣ ਦੀ ਕੋਸਿ਼ਸ਼ ਹੋ ਰਹੀ ਹੈ ਕਿ ਉਸ ਦਾ ਆਪਣਾ ਕੋਈ ਰੰਗ ਨਾ ਰਹੇ। ਉਸ ਦਾ ਤਿੱਖਾ ਚਾਨਣ ਵਿਰਲਾਂ ਥਾਣੀ ਝਰ ਕੇ ਆਉਣ ਕਾਰਨ ਵਿਰਲਾਂ ਨੂੰ ਵੀ ਬੰਦ ਕਰਨ ਦੇ ਸ਼ਾਮਿਆਨੇ ਤਿਆਰ ਹੋ ਰਹੇ ਹਨ। ਭਗਤ ਸਿੰਘ ਦਾ ਫਾਗੜਾਂ ਵਿਚ ਤਕਸੀਮ ਕਰ ਦੇਣਾ ਹੀ ਇਸ ਵਿਚਾਰਧਾਰਾ ਦਾ ਅਸਲ ਮਨੋਰਥ ਹੈ। ਪੰਜਾਬ ਦੇ ਕਿਸਾਨ ਬਾਜ਼ਾਰ ਦੀ ਲਲ੍ਹਕ ਦੇ ਕਰਜ਼ੇ ਦੇ ਬੋਝ ਦਾ ਦੱਬਿਆ ਖੁਦਕਸ਼ੀਆਂ ਕਰ ਰਿਹਾ ਹੈ। ਇਤਿਹਾਸ ਵਿਚ ਉਤਪਾਦਕ ਵਲੋਂ ਖੁਦਕਸ਼ੀਆਂ ਦਾ ਇਹ ਸਿਲਸਿਲਾ ਪਹਿਲੀ ਵਾਰ ਸ਼ੁਰੂ ਹੁੰਦਾ ਹੈ, ਪ੍ਰੰਤੂ ਭਗਤ ਸਿੰਘ ਜੱਟ ਬਣ ਕੇ ਮੁੱਛ ਨੂੰ ਤਾਅ ਦਿੰਦਾ ਧੜਵੈਲ ਚੌਧਰੀ ਬਣ ਗਿਆ ਹੈ। ਪੰਜਾਬ ਦੀ ਵੱਡੀ ਲੋਕਾਈ ਨੂੰ ਘਟਾ ਕੇ ਸਿੱਖੀ ਦੀ ਚੌਧਰ ਉਭਾਰੀ ਜਾ ਰਹੀ ਹੈ ਅਤੇ ਭਗਤ ਸਿੰਘ ਤਾਂ ਸਿੱਖ ਵੀ ਨਹੀਂ, 'ਜੱਟ ਸਿੱਖ ' ਬਣ ਗਿਆ ਹੈ। ਅਜਿਹਾ ਘੋਰ-ਮਸੋਰਾ ਪੈਦਾ ਕੀਤਾ ਜਾ ਰਿਹਾ ਹੈ ਕਿ ਬਗ਼ਾਵਤ/ਇਨਕਲਾਬ ਦੇ ਸੱਭ ਸੋਮੇ ਮੁੱਕ ਜਾਣ। ਲੋਕ ਬਿਨਾਂ ਸਵੈ ਵਿਚੋਂ ਬਗ਼ਾਵਤ ਦੀ ਆਵਾਜ਼ ਸੁਣੇ ਖੁਦਕਸ਼ੀ ਨੂੰ ਹੀ ਆਪਣਾ ਨਿਸ਼ਾਨਾ ਬਣਾ ਲੈਣ। ਵਿਸ਼ਵੀਕਰਨ ਹੜੁੱਲ ਆਪਣੇ ਨਾਲ਼ ਉਤਰ ਆਧੁਨਿਕਤਾਵਾਦ ਦਾ ਸੱਭਿਆਚਾਰਕ ਤਰਕ ਲੈ ਕੇ ਹਾਜ਼ਰ ਹੈ ਅਤੇ ਬਗ਼ਾਵਤ/ਇਨਕਲਾਬ ਦੇ ਚਿੰਨ੍ਹ, ਸੋਮੇ ਸੱਭ ਇਹਦੇ ਸੰਚਿਆਂ ਵਿਚ ਢਲ਼ ਕੇ ਤਿਆਰ ਹੁੰਦੇ ਹਨ। ਇਸੇ ਲਈ ਹੁਣ ਹਰ ਸੋਮੇ ਤੇ ਧੂੰਆਂ ਧੁਖਣ ਤੋਂ ਅਗਾਊਂ ਹੀ ਅੱਗ ਬੁਝਾਊ ਯੰਤਰ ਤਿਆਰ ਬਰ ਤਿਆਰ ਰੱਖਦਾ ਹੈ ।
ਇਨ੍ਹਾਂ ਵਿਚਾਰਾਂ ਤੋਂ ਭਾਵ ਹੈ ਕਿ ਹਾਕਮ ਜਮਾਤ ਦਾ ਦੈਂਤ ਸੱਭ ਬਾਗ਼ੀ ਵਿਚਾਰਾਂ ਨੂੰ ਹੜੱਪ ਕਰ ਜਾਣ ਲਈ ਆਪਣੇ ਅਣਗਿਣਤ ਜਬਾੜੇ ਖੋਲ੍ਹ ਕੇ ਰੱਖਦਾ ਹੈ। ਉਸ ਦਾ ਵਿਹਲਾ ਸਿਰ 'ਸ਼ੈਤਾਨ' ਦਾ ਸਿਰ ਹੈ, ਜੋ ਆਦਮ ਜਾਤ ਦੀ ਰੱਤ ਨੂੰ ਸਰਾਲ ਵਾਂਗ ਪੀਂਦਾ ਹੈ। ਉਸ ਦੀ ਹੋਂਦ ਆਦਮ ਜਾਤ ਦੀ ਰੱਤ ਉਪਰ ਟਿਕੀ ਹੈ ਅਤੇ ਇਸ ਰੱਤ ਦਾ ਸਮੁੰਦਰ ਭਰੀ ਰੱਖਣ ਲਈ ਉਹ ਹਰ ਬਗ਼ਾਵਤ ਦੇ ਸਿਪਾਹੀ, ਚਿੰਨ੍ਹ, ਨਾਇਕ ਨੂੰ ਬਖਸ਼ਣਾ ਤਾਂ ਕੀ ਹੜੱਪ ਕਰ ਜਾਣ ਦੇ ਆਹਰ ਵਿਚ ਹੈ ਅਤੇ ਹੁਣ ਉਸ ਦੇ ਹੱਥੇ ਭਗਤ ਸਿੰਘ ਚੜ੍ਹ ਗਿਆ ਹੈ। ਇਹ ਵਿਚਾਰ ਸਿਰਫ ਪ੍ਰਭਾਵ ਮਾਤਰ ਹੀ ਹਨ, ਇਸ ਉਪਰ ਨਿੱਠ ਕੇ ਲਿਖਿਆ ਜਾਣਾ ਅਜੇ ਬਾਕੀ ਹੈ।

ਚੰਗਾ ਲੇਖਕ ਬਣਨ ਦੇ ਚਾਹਵਾਨਾਂ ਲਈ.......... ਲੇਖ / ਰਸੂਲ ਹਮਜ਼ਾਤੋਵ

ਸਿਰਫ ਪਹਾੜੀ ਉਕਾਬ ਹੀ ਆਪਣੀ ਚਟਾਨ ਤੋਂ ਸਿੱਧਾ ਉਤਾਂਹ ਵੱਲ ਨੂੰ ਛੂਟ ਵੱਟਦਾ ਹੈ। ਉਹ ਠਾਠ ਨਾਲ਼ ਉਡਦਾ, ਹੋਰ ਉਚਾ, ਹੋਰ ਉਚਾ ਹੋਈ ਜਾਂਦਾ ਹੈ। ਆਖਰ ਦਿਸਣੋ ਹਟ ਜਾਂਦਾ ਹੈ।

ਕੋਈ ਵੀ ਚੰਗੀ ਕਿਤਾਬ ਇੰਜ ਹੀ ਸ਼ੁਰੂ ਹੋਣੀ ਚਾਹੀਦੀ ਹੈ, ਬਿਨਾਂ ਲੰਮੀਆਂ ਚੌੜੀਆਂ ਭੂਮਿਕਾਵਾਂ ਦੇ। ਕਈ ਵਾਰ ਅਸਾਨੀ ਨਾਲ਼ ਲਿਖੀ ਕਵਿਤਾ ਪੜ੍ਹਨੀ ਮੁਹਾਲ ਹੋ ਜਾਂਦੀ ਹੈ। ਕਈ ਵਾਰ ਬੜੇ ਔਖੇ ਹੋ ਕੇ ਲਿਖੀ ਕਵਿਤਾ ਪੜ੍ਹਨੀ ਸੌਖੀ ਹੁੰਦੀ ਹੈ। ਰੂਪ ਤੇ ਵਸਤੂ, ਕੱਪੜਿਆਂ ਤੇ ਕੱਪੜੇ ਪਾਉਣ ਵਾਲ਼ੇ ਵਾਂਗ ਹੁੰਦਾ ਹੈ। ਜੇ ਆਦਮੀ ਚੰਗਾ, ਚੁਸਤ ਤੇ ਉਚੇ ਆਚਰਣ ਵਾਲਾ਼ ਹੋਵੇ ਤਾਂ ਉਸ ਦੇ ਕੱਪੜੇ ਕਿਉਂ ਨਾ ਉਸ ਦੇ ਗੁਣਾਂ ਨਾਲ਼ ਮੇਲ ਖਾਂਦੇ ਹੋਣ। ਜੇ ਆਦਮੀ ਖ਼ੂਬਸੂਰਤ ਹੋਵੇ ਤਾਂ ਉਸ ਦੇ ਵਿਚਾਰ ਕਿਉਂ ਨਾ ਉਸੇ ਤਰ੍ਹਾਂ ਦੇ ਹੋਣ।

ਬਹੁਤ ਵਾਰੀ ਹੁੰਦਾ ਇਹ ਹੈ ਕਿ ਕੋਈ ਔਰਤ ਦੇਖਣ ਵਿਚ ਬੜੀ ਖ਼ੂਬਸੂਰਤ ਹੁੰਦੀ ਹੈ। ਪਰ ਅਕਲੋਂ ਖਾਲੀ। ਜੇ ਤੀਖਣ-ਬੁੱਧੀ ਵਾਲ਼ੀ ਹੁੰਦੀ ਹੈ ਤਾਂ ਦੇਖਣ ਵਿਚ ਕੁਝ ਨਹੀਂ ਹੁੰਦੀ। ਕਲਾ ਕਿਰਤਾਂ ਨਾਲ ਵੀ ਇਸ ਤਰਾਂ ਵਾਪਰ ਸਕਦਾ ਹੈ । ਪਰ ਕੁਝ ਖੁਸ਼ਕਿਸਮਤ ਔਰਤਾਂ ਵੀ ਹੁੰਦੀਆਂ ਹਨ, ਜਿਨ੍ਹਾਂ ਵਿਚ ਚਮਕ ਦਮਕ ਵੀ ਹੁੰਦੀ ਹੈ, ਸੁੰਦਰਤਾ ਵੀ ਤੇ ਅਕਲ ਵੀ। ਕਲਾ ਕੌਸ਼ਲਤਾ ਵਾਲੇ਼ ਕਵੀਆਂ ਦੀਆਂ ਕਿਰਤਾਂ ਬਾਰੇ ਵੀ ਇਹੀ ਕਿਹਾ ਜਾ ਸਕਦਾ ਹੈ।
ਜਗਤ ਪ੍ਰਸਿੱਧ ਰਾਵਿੰਦਰ ਨਾਥ ਟੈਗੋਰ ਦਾ ਇਕ ਭਰਾ ਸੀ ਜਿਹੜਾ ਆਪ ਵੀ ਲੇਖਕ ਸੀ। ਉਹ ਭਾਰਤੀ ਸਾਹਿਤ ਦੀ ਬੰਗਾਲੀ ਧਾਰਾ ਨਾਲ਼ ਸਬੰਧਤ ਸੀ। ਟੈਗੋਰ ਆਪਣੇ ਆਪ ਵਿਚ ਇਕ ਧਾਰਾ ਸੀ। ਆਪਣੇ ਆਪ ਵਿਚ ਇਕ ਪੂਰਾ ਰੁਝਾਨ ਸੀ। ਇਹ ਸੀ ਫਰਕ ਦੋਹਾਂ ਭਰਾਵਾਂ ਵਿਚ । ਰਾਵਿੰਦਰ ਨਾਥ ਟੈਗੋਰ ਦੀ ਰੂਹ ਵਿਚ ਆਪਣੀ ਤਰ੍ਹਾਂ ਦਾ ਇਕ ਪੰਛੀ ਰਹਿੰਦਾ ਸੀ ਜਿਹੜਾ ਦੂਜਿਆਂ ਨਾਲ਼ ਬਿਲਕੁਲ ਨਹੀਂ ਮਿਲਦਾ ਸੀ। ਉਸ ਤੋਂ ਪਹਿਲਾਂ ਕਦੇ ਇਹੋ ਜਿਹਾ ਪੰਛੀ ਨਹੀਂ ਸੀ ਹੋਇਆ। ਇਸ ਨੂੰ ਕਲਾ ਦੀ ਦੁਨੀਆਂ ਵਿਚ ਭੇਜਿਆ ਸਾਰੇ ਵੇਖ ਸਕਦੇ ਸਨ ਕਿ ਇਹ ਪੰਛੀ ਰਾਵਿੰਦਰ ਨਾਥ ਟੈਗੋਰ ਦਾ ਹੈ। ਜੇ ਕੋਈ ਕਲਾਕਾਰ ਆਪਣਾ ਪੰਛੀ ਛੱਡਦਾ ਹੈ ਤੇ ਉਹ ਜਾ ਕੇ ਬਿਲਕੁਲ ਆਪਣੇ ਵਰਗੇ ਪੰਛੀਆਂ ਵਿਚ ਮਿਲ ਜਾਂਦਾ ਹੈ, ਤਾਂ ਉਹ ਕਲਾਕਾਰ ਨਹੀਂ ਹੈ। ਇਸ ਦਾ ਮਤਲਬ ਉਸਨੇ ਜਿਹੜਾ ਪੰਛੀ ਭੇਜਿਆ ਸੀ, ਉਹ ਉਸਦਾ ਆਪਣਾ ਨਹੀਂ ਸੀ। ਅਸਾਧਾਰਨ ਜਾਂ ਅਦਭੁਤ ਨਹੀਂ, ਸਾਧਾਰਨ ਜਿਹੀ ਚਿੜੀ ਸੀ। ਉਸ ਨੂੰ ਕੋਈ ਚਿੜੀਆਂ ਦੇ ਝੁਰਮਟ 'ਚੋਂ ਨਿਖੇੜ ਨਹੀਂ ਸਕੇਗਾ।

ਬੰਦੇ ਦਾ ਆਪਣਾ ਚੁੱਲ੍ਹਾ ਚੌਂਕਾ ਹੋਣਾ ਚਾਹੀਦਾ ਹੈ। ਜਿਥੇ ਉਹ ਅੱਗ ਬਾਲ਼ ਸਕੇ। ਜਿਹੜਾ ਕੋਈ ਐਸੇ ਘੋੜੇ 'ਤੇ ਚੜ੍ਹ ਬੈਠਦਾ ਹੈ, ਜਿਹੜਾ ਉਸਦਾ ਆਪਣਾ ਨਹੀਂ, ਉਹ ਜਲਦੀ ਜਾਂ ਸਮਾਂ ਪਾ ਕੇ ਉਸ ਤੋਂ ਉਤਰ ਜਾਏਗਾ ਜਾਂ ਮਾਲਕ ਨੂੰ ਵਾਪਸ ਕਰ ਦੇਵੇਗਾ। ਦੂਜਿਆਂ ਦੇ ਵਿਚਾਰਾਂ ਉਪਰ ਕਾਠੀ ਨਾ ਪਾਓ, ਆਪਣੇ ਵਿਚਾਰਾਂ ਨੂੰ ਕਾਬੂ ਵਿਚ ਲਿਆਓ।

ਕੁਝ ਲੋਕੀ ਬੋਲਦੇ ਨੇ, ਇਸ ਲਈ ਨਹੀਂ ਕਿ ਉਹਨਾਂ ਦੇ ਦਿਮਾਗਾਂ ਵਿਚ ਵਿਚਾਰਾਂ ਦੀ ਭੀੜ ਉਹਨ'ਾਂ ਨੂੰ ਬੋਲਣ ਲਈ ਮਜਬੂਰ ਕਰਦੀ ਹੈ ਸਗੋਂ ਇਸ ਲਈ ਕਿ ਉਹਨਾਂ ਦੀਆਂ ਜੀਭਾਂ ਨੂੰ ਖੁਜਲੀ ਹੋ ਰਹੀ ਹੁੰਦੀ ਹੈ। ਕੁਝ ਹੋਰ ਨੇ ਜਿਹੜੇ ਕਵਿਤਾ ਲਿਖਦੇ ਨੇ, ਇਸ ਲਈ ਨਹੀਂ ਕਿ ਉਨ੍ਹਾਂ ਦੇ ਦਿਲਾਂ ਵਿਚ ਡੂੰਘੇ ਜਜ਼ਬੇ ਠਾਠਾਂ ਮਾਰ ਰਹੇ ਹੁੰਦੇ ਹਨ, ਸਗੋਂ ਇਸ ਲਈ ਕਿ.......।

ਖੈਰ, ਇਹ ਕਹਿਣਾ ਮੁਸ਼ਕਿਲ ਹੈ ਕਿ ਉਹ ਕਿਉਂ ਅਚਾਨਕ ਕਵਿਤਾ ਲਿਖਣ ਲੱਗ ਪੈਂਦੇ ਹਨ। ਉਨ੍ਹਾਂ ਦੀਆਂ ਤੁਕਾਂ ਸੁੱਕੇ ਅਖਰੋਟਾਂ ਵਾਂਗ ਹੁੰਦੀਆਂ ਹਨ। ਇਹ ਲੋਕ ਆਪਣੇ ਆਸ ਪਾਸ ਨਜ਼ਰ ਮਾਰਨ ਤੋਂ ਪਹਿਲਾਂ ਇਹ ਦੇਖਣਾ ਨਹੀਂ ਚਾਹੁੰਦੇ ਕਿ ਦੁਨੀਆਂ ਵਿਚ ਕੀ ਵਾਪਰ ਰਿਹਾ ਹੈ। ਉਹ ਸੁਣਨਾ ਤੇ ਦੇਖਣਾ ਨਹੀਂ ਚਾਹੁੰਦੇ ਕਿ ਦੁਨੀਆਂ ਕਿਹੜੀਆਂ ਮਿਠੀਆਂ ਆਵਾਜਾਂ, ਗੀਤਾਂ ਤੇ ਧੁਨਾਂ ਨਾਲ਼ ਭਰੀ ਪਈ ਹੈ।

ਇਹ ਪੁੱਛਿਆ ਜਾ ਸਕਦਾ ਹੈ ਕਿ ਆਦਮੀ ਨੂੰ ਅੱਖਾਂ ਕੰਨ ਤੇ ਜ਼ੁਬਾਨ ਕਿਉਂ ਦਿੱਤੀ ਗਈ ਹੈ? ਕਾਰਨ ਜ਼ਰੂਰ ਇਹ ਹੋਏਗਾ ਕਿ ਇਸ ਤੋਂ ਪਹਿਲਾਂ ਕਿ ਜ਼ੁਬਾਨ ਤੋਂ ਨਿਕਲ ਕੇ ਇਕ ਵੀ ਲਫਜ਼ ਦੁਨੀਆਂ ਵਿਚ ਜਾਵੇ, ਦੋ ਅੱਖਾਂ ਨੂੰ ਜ਼ਰੂਰ ਕੁਝ ਦੇਖਣ ਅਤੇ ਦੋ ਕੰਨਾਂ ਨੂੰ ਜ਼ਰੂਰ ਕੁਝ ਸੁਣਨ ਦਾ ਕੰਮ ਕਰਨਾ ਚਾਹੀਦਾ ਹੈ। ਨਿਰੋਲ ਸ਼ਬਦ ਵਰਗੀ ਕੋਈ ਚੀਜ਼ ਨਹੀਂ ਹੁੰਦੀ, ਇਹ ਲਾਹਨਤ, ਵਧਾਈ, ਸੁੰਦਰਤਾ, ਦਰਦ, ਚਿੱਕੜ, ਫੁੱਲ, ਝੂਠ, ਸੱਚ, ਚਾਨਣ, ਹਨ੍ਹੇਰਾ ਭਾਵ ਕੁਝ ਵੀ ਸਕਦਾ ਹੈ।
ਤੁਸੀਂ ਬੇਸ਼ੱਕ ਕਿਸੇ ਦੂਜੀ ਬੋਲੀ ਵਿੱਚ ਲਿਖੋ, ਜੇ ਤੁਸੀਂ ਉਸਨੂੰ ਆਪਣੀ ਮਾਂ ਬੋਲੀ ਨਾਲੋਂ ਜਿ਼ਆਦਾ ਚੰਗੀ ਤਰਾਂ ਜਾਣਦੇ ਹੋ। ਜਾਂ ਫਿਰ ਆਪਣੀ ਮਾਂ ਬੋਲੀ ਵਿਚ ਜੇ ਤੁਸੀਂ ਕੋਈ ਦੂਜੀ ਬੋਲੀ ਠੀਕ ਤਰ੍ਹਾਂ ਨਹੀਂ ਜਾਣਦੇ। ਵਿਸ਼ਾ ਸਮਾਨ ਦੇ ਭਰੇ ਸੰਦੂਕ ਵਾਂਗ ਹੈ। ਸ਼ਬਦ ਇਸ ਸੰਦੂਕ ਦੀ ਕੁੰਜੀ ਹਨ, ਪਰ ਅੰਦਰਲਾ ਸਮਾਨ ਤੁਹਾਡਾ ਆਪਣਾ ਹੋਣਾ ਚਾਹੀਦਾ ਹੈ, ਬੇਗਾਨਾ ਨਹੀਂ। ਕੁਝ ਲੇਖਕ ਇਕ ਵਿਸ਼ੇ ਤੋਂ ਦੂਜੇ ਵਿਸ਼ੇ ਵੱਲ ਭੱਜੇ ਫਿਰਦੇ ਹਨ ਤੇ ਇਕ ਵਿਚ ਵੀ ਸਿਰੇ ਤੱਕ ਨਹੀਂ ਪੁੱਜਦੇ। ਉਹ ਸੰਦੂਕ ਦਾ ਢੱਕਣ ਚੁੱਕ ਲੈਂਦੇ ਹਨ। ਉਪਰਲੀਆਂ ਚੀਜ਼ਾਂ ਡੇਗ ਦਿੰਦੇ ਤੇ ਭੱਜ ਜਾਂਦੇ ਹਨ। ਸੰਦੂਕ ਦੇ ਹਕੀਕੀ ਮਾਲਕ ਨੂੰ ਪਤਾ ਹੋਏਗਾ ਕਿ ਜੇ ਵਿਚਲੀਆਂ ਚੀਜ਼ਾਂ ਨੂੰ ਧਿਆਨ ਨਾਲ਼ ਇਕ ਇਕ ਕਰਕੇ ਬਾਹਰ ਕੱਢਿਆ ਜਾਵੇ ਤਾਂ ਹੇਠਾਂ ਹੀਰਿਆਂ ਦੀ ਭਰੀ ਪਟਾਰੀ ਨਜ਼ਰ ਆਵੇਗੀ। ਜਿਹੜੇ ਲੋਕ ਇਕ ਤੋਂ ਦੂਜੇ ਵਿਸ਼ੇ ਵੱਲ ਭੱਜਦੇ ਹਨ, ਉਹ ਉਸ ਬਦਨਾਮ ਵਿਆਕਤੀ ਵਾਂਗ ਹਨ ਜਿਹੜਾ ਬਹੁਤੇ ਵਿਆਹ ਕਰਵਾਉਣ ਕਰਕੇ ਬਦਨਾਮ ਸੀ। ਉਸ ਨੇ ਅਠਾਈ ਵਿਆਹ ਕਰਵਾਏ ਪ੍ਰੰਤੂ ਅਖੀਰ ਉਸ ਕੋਲ਼ ਇਕ ਵੀ ਤੀਵੀਂ ਨਹੀਂ ਸੀ।
ਵਿਸ਼ੇ ਦੀ ਤੁਲਨਾ ਕਿਸੇ ਇਕੋ ਇਕ ਤੇ ਕਾਨੂੰਨੀ ਪਤਨੀ, ਜਾਂ ਇਕੋ ਇਕ ਮਾਂ ਜਾਂ ਇਕਲੌਤੇ ਬੱਚੇ ਨਾਲ਼ ਨਹੀਂ ਕੀਤੀ ਜਾ ਸਕਦੀ। ਇਹ ਇਸ ਲਈ ਕਿ ਬੰਦੇ ਨੂੰ ਇਹ ਨਹੀਂ ਕਹਿਣਾ ਚਾਹੀਦਾ ਕਿ ਇਹ ਮੇਰਾ ਵਿਸ਼ਾ ਹੈ, ਹੋਰ ਕੋਈ ਇਸ ਨੂੰ ਛੂਹਣ ਦੀ ਹਿੰਮਤ ਨਹੀਂ ਕਰ ਸਕਦਾ। ਅਜਿਹਾ ਨਹੀਂ ਹੈ। ਇਕ ਵਾਰ ਇਕ ਲੇਖਕ, ਦੂਜੇ ਲੇਖਕ ਨੂੰ ਗਾਲ੍ਹਾਂ ਕੱਢ ਰਿਹਾ ਸੀ ਕਿ ਉਸਨੇ ਉਸ ਦਾ ਵਿਸ਼ਾ ਚੁਰਾ ਲਿਆ ਹੈ। ਇਹ ਲੇਖਕ ਇੰਜ ਲੋਹਾ ਲਾਖਾ ਹੋ ਰਿਹਾ ਸੀ ਜਿਵੇਂ ਕੋਈ ਉਹ ਕੋਈ ਕੁੜੀ ਉਧਾਲ ਕੇ ਲੈ ਗਿਆ ਹੋਵੇ ਜਿਸਨੂੰ ਉਹ ਇਸ਼ਕ ਕਰਦਾ ਹੋਵੇ। ਦੂਜੇ ਲੇਖਕ ਦਾ ਜਵਾਬ ਸੀ ਇਮਾਮ ਉਹ ਬਣ ਸਕਦਾ ਹੈ ਜਿਸ ਦੀ ਤਲਵਾਰ ਵਧੇਰੇ ਤੇਜ਼ ਤੇ ਗਜ਼ਬ ਦੀ ਹੋਵੇ। ਵਹੁਟੀ ਉਸਦੀ ਨਹੀਂ ਹੁੰਦੀ ਜਿਸਨੂੰ ਵਿਚੋਲਾ ਭੇਜਦਾ ਹੈ,ਸਗੋਂ ਉਸਦੀ ਹੁੰਦੀ ਹੈ ਜਿਹੜਾ ਉਸਨੂੰ ਵਿਆਹ ਲੈਂਦਾ ਹੈ। ਸਚਮੁਚ ਇਕੋ ਵਿਸ਼ੇ ਉਤੇ, ਇਕ ਦੂਜੇ ਤੋਂ ਆਜ਼ਾਦ ਕਈ ਲੇਖਕ ਕੰਮ ਕਰ ਸਕਦੇ ਹਨ। ਸਾਹਿਤ ਦੇ ਖੇਤਰ ਵਿਚ ਸਾਂਝੇ ਫਾਰਮ ਨਹੀਂ ਹੋ ਸਕਦੇ। ਹਰ ਲੇਖਕ ਦਾ ਆਪਣਾ ਖੇਤ ਹੁੰਦਾ ਹੈ ਤੇ ਆਪਣਾ ਹੀ ਸਿਆੜ ਭਾਵੇਂ ਉਹ ਕਿੰਨਾ ਵੀ ਤੰਗ ਕਿਉਂ ਨਾ ਹੋਵੇ।

ਇਸ ਵਾਰੀ ਦੀ ਮੇਰੀ ਪਾਕਿਸਤਾਨ ਦੀ ਯਾਤਰਾ.......... ਲੇਖ / ਗਿਆਨੀ ਸੰਤੋਖ ਸਿੰਘ

ਪਹਿਲੀ ਵਾਰੀਂ ਮੈ ਪਾਕਿਸਤਾਨ ਦੀ ਯਾਤਰਾ ਮਾਰਚ ਤੇ ਅਪ੍ਰੈਲ, ੧੯੯੯ ਵਿਚ ਕੀਤੀ ਸੀ। ਉਸ ਤੋਂ ਬਾਅਦ ਕਈ ਵਾਰ ਲਾਹੌਰ ਦੇ ਗਵਾਂਢ ਅੰਮ੍ਰਿਤਸਰ ਤੇ ਅਟਾਰੀ ਨੇੜਲੇ ਪਿੰਡਾਂ ਵਿਚ ਜਾ ਆਇਆ ਸਾਂ ਪਰ ਲਾਹੌਰ ਜਾਣ ਦੀ ਮੁੜ ਇਛਾ ਪੂਰੀ ਨਹੀ ਸੀ ਹੋਈ। ਇਸ ਵਾਰੀਂ ਲੰਡਨ ਵਿਚ ਰਹਿ ਰਹੇ ਆਪਣੇ ਛੋਟੇ ਪੁੱਤਰ, ਗੁਰਬਾਲ ਸਿੰਘ, ਦਾ ਕੁਝ ਸਾਮਾਨ ਦੇਣ ਦੇ ਬਹਾਨੇ ਯੂਰਪ ਦੇ ਕੁਝ ਮੁਲਕਾਂ ਦੀ ਯਾਤਰਾ ਕਰਨ ਦਾ ਜੁਗਾੜ ਬਣਾ ਲਿਆ। ਮੋਢੇ ਦਾ ਬੈਗ ਚੁੱਕ ਕੇ ਆਪਣੀ ਆਮ ਆਦਤ ਤੋਂ ਉਲ਼ਟ, ਇਕ ਅਟੈਚੀ ਆਪਣੀਆਂ ਛਪੀਆਂ ਦੋਹਾਂ ਕਿਤਾਬਾਂ ਦਾ ਵੀ ਨਾਲ਼ ਚੁੱਕ ਲਿਆ ਤਾਂ ਕਿ ਇਹਨਾਂ ਮੁਲਖਾਂ ਵਿਚ ਵੱਸ ਰਹੇ ਪੰਜਾਬੀ ਪਿਆਰਿਆਂ ਦੀ ਸੇਵਾ ਵਿਖੇ ਭੇਟ ਕਰ ਸਕਾਂ। ਕੁਝ ਸਿਧੀਆਂ ਵੀ, ਯੂਰਪੀਅਨ ਪੰਜਾਬੀ ਸੱਥ ਦੇ ਸੰਚਾਲਕ, ਸ. ਮੋਤਾ ਸਿੰਘ ਸਰਾਇ ਹੋਰਾਂ ਦੇ ਬਰਮਿੰਘਮ ਵਿਚਲੇ ਸਿਰਨਾਵੇਂ ਤੇ ਮੰਗਵਾ ਕੇ ਉਹਨਾਂ ਰਾਹੀਂ ਵੰਡਣ ਦਾ ਪ੍ਰਬੰਧ ਹੋ ਗਿਆ। ਕੁਝ ਬੰਡਲ ਹਵਾਈ ਡਾਕ ਰਾਹੀਂ ਬੈਲਜੀਅਮ ਵਿਖੇ ਵੀ ਮੰਗਵਾ ਲਏ।

ਹਾਂਗਕਾਂਗ, ਇੰਗਲੈਂਡ, ਬੈਲਜੀਅਮ, ਸਵਿਟਜ਼ਰਲੈਂਡ, ਜਰਮਨੀ, ਇਟਲੀ ਦੀ ਯਾਤਰਾ ਦੇ ਖੱਟੇ ਮਿੱਠੇ ਅਨੁਭਵ ਪ੍ਰਾਪਤ ਕਰਨ ਉਪ੍ਰੰਤ, ਗੁਰੂ ਕੀ ਨਗਰੀ, ੮ ਅਕਤੂਬਰ ਨੂੰ ਸ੍ਰੀ ਅੰਮ੍ਰਿਤਸਰ ਜਾਣ ਦਾ ਮਨ ਬਣਾ ਹੀ ਲਿਆ। ਲੰਡਨ ਦੇ ਹੀਥਰੋ ਹਵਾਈ ਅੱਡੇ ਤੋਂ ਦਿੱਲੀ ਦੇ ਜਹਾਜੇ ਚੜ੍ਹਨ ਲਈ ਵਾਹੋ ਦਾਹੀ ਪੁੱਜਿਆ। ਜਹਾਜ ਦਾ ਦਰਵਾਜ਼ਾ ਬੰਦ ਹੋ ਚੁੱਕਿਆ ਸੀ। ਜਹਾਜੇ ਚੜ੍ਹਾਉਣ ਵਾਲ਼ੀ ਬੀਬੀ ਨੇ ਆਖਿਆ ਮੈ ਲੇਟ ਹਾਂ ਪਰ ਜੇ ਸਮੇ ਸਿਰ ਆ ਵੀ ਜਾਂਦਾ ਤਾਂ ਵੀ ਨਹੀ ਸੀ ਚੜ੍ਹ ਸਕਦਾ ਕਿਉਂਕਿ ਸੀਟ ਕੋਈ ਨਹੀ ਸੀ ਤੇ ਮਹੀਨਾ ਭਰ ਹੋਰ ਦਿੱਲੀ ਦੀ ਸੀਟ ਮਿਲ਼ ਸੱਕਣ ਦੀ ਕੋਈ ਸੰਭਾਵਨਾ ਵੀ ਨਹੀ। ਇਸ ਲਈ ਮੈ ਦਿੱਲੀ ਦੀ ਬਜਾਇ ਮਦਰਾਸ, ਕਲਕੱਤਾ, ਮੁੰਬਈ ਵਿਚੋਂ ਕਿਸੇ ਥਾਂ ਤੇ ਜਾ ਸਕਦਾ ਹਾਂ। ਮੁੰਬਈ ਜਾਣ ਦੀ ਇਛਾ ਪ੍ਰਗਟਾਉਣ ਤੇ ਉਸਨੇ ਆਖਿਆ, ''ਭੱਜ ਜਾਹ ਫਲਾਣੇ ਚੈਨਲ ਤੇ! ਓਥੋਂ ਹੀ ਮੁੰਬਈ ਦਾ ਜਹਾਜ ਮਿਲ਼ੂਗਾ।'' ਮੈ ਛੂਟ ਵੱਟੀ। ਸਮੇ ਸਿਰ ਓਥੇ ਪੁੱਜ ਤਾਂ ਗਿਆ ਪਰ ਇਸ ਹਫ਼ੜਾ ਦਫ਼ੜੀ ਵਿਚ ਮੈ ਆਪਣਾ ਮੋਬਾਇਲ ਸੈਕਿਉਰਟੀ ਵਾਲ਼ਿਆਂ ਕੋਲ਼ ਹੀ ਭੁੱਲ ਗਿਆ। ਜਦੋਂ ਇਸਦਾ ਚੇਤਾ ਆਇਆ ਤਾਂ ਬਹੁਤ ਦੇਰ ਹੋ ਚੁੱਕੀ ਸੀ। ਅਖੀਰ ਜਹਾਜੇ ਚੜ੍ਹ ਕੇ ਅਗਲੇ ਦਿਨ ਮੁੰਬਈ ਪਹੁੰਚ ਗਿਆ। ਓਥੋਂ ਏਅਰ ਇੰਡੀਆ ਦੀ ਹੋਰ ਟਿਕਟ ਖ਼ਰੀਦ ਕੇ ਦਿੱਲੀ ਅਤੇ ਓਥੋਂ ਬੱਸ ਫੜ ਕੇ ਬੱਸ ਅੱਡੇ ਉਤੇ। ਓਥੋਂ ਬੱਸ ਰਾਹੀਂ ਜਲੰਧਰ ਤੇ ਜਲੰਧਰੋਂ ਤਾਂ ਬੱਸ ਰਾਹੀਂ ਅੰਮ੍ਰਿਤਸਰ ਅੱਪੜ ਹੀ ਜਾਣਾ ਸੀ। ਅੰਮ੍ਰਿਤਸਰ ਵਿਚ ਦੋ ਹਫ਼ਤੇ ਕਿਤਾਬਾਂ ਛਾਪਣ ਵਾਲ਼ਿਆਂ ਨਾਲ਼ ਕਿਤਾਬਾਂ ਬਾਰੇ ਸੈਟਿੰਗ ਕਰਦਿਆਂ ਬੀਤ ਗਏ। ਕਿਸੇ ਹੋਰ ਸ਼ਹਿਰ ਇਸ ਲਈ ਨਾ ਜਾ ਸਕਿਆ ਕਿ ਕਿਤਾਬਾਂ ਤਿਆਰ ਹੋਣ ਉਪ੍ਰੰਤ ਹੀ ਜਾਵਾਂਗਾ। ''ਇਕ ਪੰਥ ਦੋ ਕਾਜ'' ਵਾਂਗ ਸੱਜਣਾਂ ਦੇ ਦਰਸ਼ਨਾਂ ਦੇ ਨਾਲ਼ ਨਾਲ਼ ਕਿਤਾਬਾਂ ਵੀ ਭੇਟ ਕਰਦਾ ਆਵਾਂਗਾ। ਆਪਣੀ ਵੱਲੋਂ ਇਹ ਸਾਰੀ ਤਿਆਰੀ ਕਰਵਾ ਕੇ ਲਾਹੌਰ ਜਾ ਵੜਿਆ ਤੇ ਬੜਾ ਬੜਾ ਚਾਈਂ ਚਾਈਂ ਵਾਪਸ ਮੁੜਿਆ ਕਿ ਕਿਤਾਬਾਂ ਤਿਆਰ ਹੋਣਗੀਆਂ ਤੇ ਇਸ ਬਹਾਨੇ ਅੰਮ੍ਰਿਤਸਰ, ਜਲੰਧਰ, ਲੁਧਿਆਣੇ, ਪਟਿਆਲੇ, ਚੰਡੀਗੜ੍ਹ, ਦਿੱਲੀ, ਵਸਦੇ ਸਜਣਾਂ ਨੂੰ ਕਿਤਾਬਾਂ ਭੇਟ ਕਰਨ ਬਹਾਨੇ ਜਾ ਮਿਲ਼ਾਂਗਾ ਤੇ ਵਾਪਸੀ ਤੇ ਸ੍ਰੀ ਹਜ਼ੂਰ ਸਾਹਿਬ ਜੀ ਦੇ ਦਰਸ਼ਨ ਕਰਨ ਦੇ ਨਾਲ਼ ਓਥੇ ਦੇ ਵਿਦਵਾਨਾਂ ਨੂੰ ਵੀ ਕਿਤਾਬਾਂ ਭੇਟ ਕਰ ਸਕਾਂਗਾ ਪਰ ਅੰਗ੍ਰੇਜ਼ੀ ਵਾਲ਼ੇ 'ਮਰਫ਼ੀ ਦੇ ਲਾੱ' ਦੀ ਗੱਲ ਕਰਿਆ ਕਰਦੇ ਹਨ। ਉਹ ਇਉਂ ਹੈ ਕਿ ਹਰੇਕ ਕੰਮ ਹੋਣ ਵਿਚ ਸਾਡੀ ਸੋਚ ਤੋਂ ਵਧ ਸਮਾ ਲੈ ਲੈਂਦਾ ਹੈ। ਪਾਕਿਸਤਾਨੋ ਵਾਪਸੀ ਤੇ ਇਹ ਕਾਰਜ ਤਕਰੀਬਨ ਓਥੇ ਦਾ ਓਥੇ ਹੀ ਖਲੋਤਾ ਪਾਇਆ ਜਿਥੇ ਛੱਡ ਕੇ ਗਿਆ ਸਾਂ। ਕੁਝ ਭਾਈਚਾਰਕ ਖੁਸ਼ੀ ਤੇ ਗ਼ਮੀ ਦੇ ਕਾਰਜਾਂ ਵਿਚ ਸ਼ਮੂਲੀਅਤ ਕਰ ਹੀ ਰਿਹਾ ਸਾਂ ਕਿ ਖਾਸ ਪਰਵਾਰਕ ਕਾਰਜ ਕਰਕੇ ਇਕ ਦਮ ਸਭ ਕੁਝ ਵਿਚੇ ਹੀ ਛੱਡ ਕੇ ਵਾਪਸ ਸਿਡਨੀ ਨੂੰ ਚਾਲੇ ਪਾਉਣੇ ਪਏ। ਇਸ ਤਰ੍ਹਾਂ ਜਿਸ ਕਿਤਾਬਾਂ ਵਾਲ਼ੇ ਕਾਰਜ ਲਈ ਉਚੇਚਾ ਅੰਮ੍ਰਿਤਸਰ ਗਿਆ ਸਾਂ ਉਹ ਵਿਚੇ ਹੀ ਰਹਿ ਗਿਆ। ਉਮੀਦ ਹੈ ਕਿ ਪ੍ਰਕਾਸ਼ਕ ਉਹ ਕਿਤਾਬਾਂ ਪਿਛੋਂ ਪਾਰਸਲਾਂ ਰਾਹੀਂ ਮੈਨੂੰ ਭੇਜ ਦੇਣਗੇ।
ਗੱਲ ਪਾਕਿਸਤਾਨ ਦੀ ਕਰ ਲਈਏ:
ਸਿਡਨੀ ਤੋਂ ਤੁਰਨੋ ਪਹਿਲਾਂ ਹੀ ਪਾਕਿਸਤਾਨ ਦਾ ਵੀਜ਼ਾ ਲੈਣ ਲਈ ਉਹਨਾਂ ਦੇ ਸਿਡਨੀ ਸਥਿਤ ਕੌਂਸੂਲੇਟ ਵਿਚ ਗਿਆ। ਰੀਸੈਪਸ਼ਨ ਤੇ ਹਾਜਰ ਨੌਜਵਾਨ ਨੇ ਕੁਝ ਅਣਕਿਆਸੇ ਸਵਾਲ ਪੁੱਛੇ ਜਿਨ੍ਹਾਂ ਦੇ ਪੁੱਛੇ ਜਾਣ ਦੀ ਮੈਨੂੰ ਆਸ ਨਹੀ ਸੀ। ਖ਼ੈਰ, ਉਸਦੀ ਹਰੇਕ ਪੁੱਛ ਦਾ ਸਹੀ ਜਵਾਬ ਦੇਣ ਉਪ੍ਰੰਤ ਉਸਨੇ ਕਾਗਜ਼ ਰੱਖ ਲਏ ਪਰ ਵੀਜ਼ਾ ਦੇ ਦੇਣ ਦਾ ਇਕਰਾਰ ਨਾ ਕੀਤਾ। ਮੇਰੇ ਅਜਿਹੀ ਪੁੱਛ ਗਿਛ ਕਰਨ ਲਈ 'ਕਿੰਤੂ' ਕਰਨ ਤੇ ਉਸਨੇ ਆਖਿਆ ਕਿ ਹਿੰਦੁਸਤਾਨ ਵਾਲ਼ੇ ਸਾਡੇ ਬੰਦਿਆਂ ਕੋਲ਼ੋਂ ਅਜਿਹੀ ਪੁੱਛ ਗਿੱਛ ਕਰਦੇ ਹਨ; ਇਸ ਲਈ ਅਸੀਂ ਵੀ ਉਹਨਾਂ ਦੇ ਬੰਦਿਆਂ ਤੋਂ ਕਰਦੇ ਹਾਂ। ਖ਼ੈਰ, ਅਗਲੇ ਹਫ਼ਤੇ ਉਸਦਾ ਫ਼ੋਨ ਆ ਗਿਆ ਕਿ ਵੀਜ਼ਾ ਲੱਗ ਗਿਆ ਹੈ ਤੇ ਮੈ ਜਾ ਕੇ ਪਾਸਪੋਰਟ ਲੈ ਆਵਾਂ। ਵੇਖਿਆ ਤਾਂ ਤਿੰਨ ਮਹੀਨੇ ਦਾ ਵੀਜ਼ਾ ਲੱਗਾ ਹੋਇਆ ਸੀ; ਮੰਗਿਆ ਭਾਵੇਂ ਮੈ ਇਕ ਮਹੀਨੇ ਦਾ ਹੀ ਸੀ।

ਅੰਮ੍ਰਿਤਸਰੋਂ ਪਿਛਲੀ ਵਾਰ ਵਾਂਗ ਹੀ ਇਸ ਵਾਰੀਂ ਵੀ ਪਾਕਿਸਤਾਨ ਜਾਣ ਦਾ ਹੌਸਲਾ ਜਿਹਾ ਨਾ ਪਵੇ। ਇਹ ਯਾਤਰਾ ਕਿਸੇ ਨਾ ਕਿਸੇ ਬਹਾਨੇ ਅੱਗੇ ਤੋ ਅੱਗੇ ਹੀ ਪਾਈ ਜਾਵਾਂ। ਇਸ ਵਾਰੀਂ ਐਂਟਰੀ ਵੀ ਇਕੋ ਸੀ ਜਦੋਂ ਕਿ ਪਿਛਲੀ ਵਾਰੀਂ ਮੈਨੂੰ ਦੋ ਐਂਟਰੀਆਂ ਮਿਲ਼ ਗਈਆਂ ਸਨ। ਖ਼ੈਰ, ਖ਼ੁਦਾ ਖ਼ੁਦਾ ਕਰਕੇ ਮੈ ਦੋ ਨਵੰਬਰ ਨੂੰ ਅਟਾਰੀ ਵੱਲ ਤੁਰ ਹੀ ਪਿਆ। ਵਾਹਗੇ ਦੀ ਬੱਸ ਫੜਨ ਲਈ ਅੱਡੇ ਤੋਂ ਕੰਡਕਟਰ ਨੂੰ ਪੁਛਿਆ। ਉਸਨੇ ਇਕ ਸਵਾਰੀ ਹੋਰ ਦੇ ਲਾਲਚ ਵਿਚ ਮੈਨੂੰ ਝੂਠ ਹੀ ਬੋਲ ਦਿਤਾ ਕਿ ਇਹੋ ਬੱਸ ਹੀ ਵਾਹਗੇ ਤੱਕ ਜਾਣੀ ਹੈ। ਪਰ ਓਥੇ ਜਾ ਕੇ ਉਹਨਾਂ ਨੇ ਅਟਾਰੀ ਤੋਂ ਹੀ ਵਾਪਸ ਮੂਹ ਭਵਾਂ ਲਿਆ ਤੇ ਮੈਨੂੰ ਥ੍ਰੀ ਵੀ੍ਹਲਰ ਲੈ ਕੇ ਅੱਗੇ ਬਾਰਡਰ ਤੱਕ ਜਾਣਾ ਪਿਆ। ਪੈਸੇ ਵਟਾਉਣ ਵਾਲ਼ੇ ਦੁਆਲ਼ੇ ਆ ਹੋਏ। ਉਹਨਾਂ ਦੇ ਸੁਝਾ ਤੇ ਤਿੰਨ ਹਜ਼ਾਰ ਇੰਡੀਅਨ ਰੁਪਏ ਦੇ ਚਾਰ ਹਜ਼ਾਰ ਤੇ ਕੁਝ ਪਾਕਿਸਤਾਨੀ ਰੁਪਏ ਲੈ ਲਏ। ਉਹਨਾਂ ਨੂੰ ਪਿਛਲੀ ਵਾਰੀ ਦੇ ਕੌੜੇ ਤਜੱਰਬੇ ਨੂੰ ਮੁਖ ਰੱਖ ਕੇ ਆਖਿਆ ਕਿ ਪਿਛਲੀ ਵਾਰੀ ਵਾਂਗ ਮੈਨੂੰ ਹਜ਼ਾਰ ਹਜ਼ਾਰ ਦੇ ਨੋਟ ਨਾ ਦੇ ਦਿਓ ਕਿ ਬੱਸ ਵਿਚ ਬੈਠੀਆਂ ਸਵਾਰੀਆਂ ਮੇਰਾ ਮਖੌਲ ਉਡਾਉਣ। ਅੱਗੇ ਗਿਆ ਤਾਂ ਕੁੱਲ਼ੀ ਦੁਆਲ਼ੇ ਹੋ ਗਏ। ਆਪਣੇ ਬੈਗ ਤੋਂ ਇਲਾਵਾ ਕਿਤਾਬਾਂ ਦਾ ਵੀ ਬੰਡਲ਼ ਹੋਣ ਕਰਕੇ ਤੇ ਨਾਲ਼ੇ ਇਹਨਾਂ ਨੇ ਖਹਿੜਾ ਨਹੀ ਛੱਡਣਾ ਵਿਚਾਰ ਕੇ ਇਕ ਕੁੱਲੀ ਨੂੰ ਮੈ ਆਪਣਾ ਕਿਤਾਬਾਂ ਵਾਲ਼ਾ ਬੰਡਲ਼ ਚੁਕਾ ਦਿਤਾ। ਉਹ ਸੱਜਣ ਚਿੱਟੀ ਦਾਹੜੀ ਵਾਲ਼ਾ ਕਿਸੇ ਪਿੰਡ ਦਾ ਸਰਪੰਚ ਸੀ। ਉਸ ਤੋਂ ਇਕ ਪੂਰੀ ਦਾਹੜੀ ਵਾਲ਼ਾ ਨੌਜਵਾਨ ਬੰਡਲ਼ ਖੋਹਣ ਪਿਆ; ਇਹ ਆਖਦਾ ਹੋਇਆ, ''ਤੂੰ ਸਰਪੰਚ ਹੋ ਕੇ ਭਾਰ ਢੋਂਦਾ ਹੈ!'' ਉਸਨੇ ਕਿਹਾ, ''ਮੈ ਮਜ਼ਦੂਰੀ ਹੀ ਕਰਦਾ ਹਾਂ, ਕੋਈ ਚੋਰੀ ਤੇ ਨਹੀ ਕਰ ਰਿਹਾ। ਉਸਨੇ ਬੰਡਲ ਉਸ ਨੌਜਵਾਨ ਨੂੰ ਨਾ ਫੜਾਇਆ ਤੇ ਉਹ ਨੌਜਵਾਨ ਹੱਸਦਾ ਹੱਸਦਾ ਹੱਸਦਾ ਪਰ੍ਹਾਂ ਚਲਿਆ ਗਿਆ। ਇਕ ਕਾਲ਼ੀ ਦਾਹੜੀ ਵਾਲ਼ੇ ਸਿੱਖ ਇਮੀਗ੍ਰੇਸ਼ਨ ਅਫ਼ਸਰ ਨੇ ਮੇਰਾ ਆਸਟ੍ਰੇਲੀਅਨ ਪਾਸਪੋਰਟ ਵੇਖ ਕੇ, ਨਿਮਾਣੇ ਜਿਹੇ ਹੋ ਕੇ ਆਖਿਆ, ''ਸਰਦਾਰ ਜੀ, ਆਸਟ੍ਰੇਲੀਅਨ ਡਾਲਰ ਹੀ ਵਿਖਾ ਦਿਓ, ਕਿਹੋ ਜਿਹੇ ਹੁੰਦੇ ਹਨ!' ਮੇਰੇ ਪਾਸ ਉਸ ਸਮੇ ਡਲਰ ਨਹੀ ਸਨ ਤੇ ਮੈ ਸਹੀ ਗੱਲ ਦੱਸ ਦਿਤੀ। ਅਖੀਰ ਵੇਖ ਵਾਖ ਕੇ ਜਦੋਂ ਉਸਨੂੰ ਮੇਰੇ ਕਾਗਜ਼ਾਂ ਵਿਚੋਂ ਕੁਝ ਵੀ ਰੁਕਾਵਟ ਪਾ ਸਕਣ ਵਾਲ਼ਾ ਨਾ ਦਿਸਿਆ ਤਾਂ ਮੋਹਰ ਲਾਉਣ ਪਿਛੋਂ ਦੰਦੀਆ ਜਿਹੀਆਂ ਕਧ ਕੇ ਜਹੇ ਹੋ ਕੇ ਆਖਿਆ, ''ਸਰਦਾਰ ਜੀ, ਸਾਨੂੰ ਤੁਹਾਡੇ ਵਰਗੇ ਪਰਦੇਸੀਆਂ ਤੋਂ ਹੀ ਤਾਂ ਕੁਝ ਮਿਲ਼ਨ ਦੀ ਆਸ ਹੁੰਦੀ ਹੈ; ਕੁਝ ਦੇ ਜਾਓ!'' ਮੈ ਇਕ ਸੌ ਦਾ ਨੋਟ ਉਸ ਵੱਲ ਕਰ ਦਿਤਾ ਤੇ ਉਸਨੇ ਭੇਦ ਭਰੇ ਜਿਹੇ ਤਰੀਕੇ ਨਾਲ਼ ਆਪਣੇ ਵੱਲ ਖਿਸਕਾ ਲਿਆ।
ਆਪਣੇ ਪਾਸੇ ਵਾਲ਼ੇ ਕੁੱਲੀ ਨੂੰ ਮੈ ਸੌ ਰੁਪਏ ਦਿਤੇ ਤੇ ਉਸਨੇ ਮੈਨੂੰ ਪਾਕਿਸਤਾਨੀ ਕੁੱਲੀ ਦੇ ਹਵਾਲੇ ਕਰ ਦਿਤਾ। ਦੋਹਾਂ ਦੇਸਾਂ ਦੀਆਂ ਇਮੀਗ੍ਰੇਸ਼ਨ ਤੇ ਕਸਟਮ ਦੀਆਂ ਕਾਰਵਾਈਆਂ ਪੂਰੀਆਂ ਕਰਕੇ ਪਾਕਿਸਤਾਨ ਵਾਲ਼ੇ ਪਾਸੇ ਪਹੁੰਚ ਗਿਆ। ੧੯੯੯ ਵਾਲ਼ੇ ਸਮੇ ਤੋਂ ਉਲਟ ਓਧਰ ਵੀ ਵਾਹਵਾ ਚਹਿਲ ਪਹਿਲ ਸੀ। ਵਾਹਵਾ ਸਾਰੀਆਂ ਦੁਕਾਨਾਂ ਖੁਲ੍ਹੀਆਂ ਹੋਈਆਂ ਸਨ। ਦੋਹੀਂ ਪਾਸੀਂ ਮਾਲ ਢੋਣ ਵਾਲ਼ੇ ਟਰੱਕਾਂ ਦੀਆਂ ਲਾਈਨਾਂ ਵੀ ਸਾਮਾਨ ਏਧਰ ਓਧਰ ਪੁਚਾ ਰਹੀਆਂ ਸਨ। ਪਹਿਲਾਂ ਵਾਲ਼ੀ ਵਿੰਗ ਤੜਿੰਗੀ ਜਿਹੀ ਸੜਕ ਦੀ ਥਾਂ ਚਾਰ ਲਾਈਨਾਂ ਵਾਲ਼ੀ ਬੜੀ ਸੋਹਣੀ ਸੜਕ, ਵਾਹਗੇ ਤੋਂ ਸ੍ਰੀ ਨਨਕਾਣਾ ਸਹਿਬ ਤੱਕ, ਬਣੀ ਹੋਈ ਸੀ। ਓਥੇ ਹੀ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਮੁਖ ਗ੍ਰੰਥੀ, ਭਾਈ ਗੋਬਿੰਦ ਸਿੰਘ ਜੀ, ਜੋ ਆਪਣੇ ਛੋਟੇ ਭਰਾ ਸ. ਰਮੇਸ਼ ਸਿੰਘ ਜੀ ਨੂੰ ਉਡੀਕ ਰਹੇ ਸਨ, ਮਿਲ਼ੇ। ਉਹਨਾਂ ਨੂੰ ਪੁਛਿਆ ਕਿ ਕਿੰਨੇ ਪੈਸੇ ਕੁੱਲੀ ਨੂੰ ਦੇ ਦਿਆਂ। ਉਹਨਾਂ ਨੇ ਚਾਲੀ ਪੰਜਾਹ ਤੋਂ ਵਧ ਨਾ ਦੇਣ ਲਈ ਆਖਿਆ। ਮੈ ਇਕ ਸੌ ਦਾ ਨੋਟ ਉਸਨੂੰ ਦੇ ਦਿਤਾ ਪਰ ਉਸਦੇ ਤਰਲੇ ਜਿਹੇ ਨਾਲ਼ ਹੋਰ ਆਖਣ ਤੇ ਇਕ ਹੋਰ ਸੌ ਦਾ ਨੋਟ ਦੇ ਦਿਤਾ। ਭਾਈ ਗੋਬਿੰਦ ਸਿੰਘ ਜੀ ਉਸਨੂੰ ਘੂਰਨ ਕਿ ਉਹ ਕਿਉਂ ਪਰਦੇਸੀ ਨੂੰ ਠੱਗਦਾ ਹੈ! ਪਰ ਉਸਨੇ ਤੇ ਉਸ ਦੇ ਸਾਥੀਆਂ ਨੇ ਆਖਿਆ ਕਿ ਸਰਦਾਰ ਜੀ ਖ਼ੁਸ਼ੀ ਨਾਲ ਦੇ ਰਹੇ ਹਨ। ਮੈ ਵੀ ਆਖਿਆ ਕਿ ਉਸਦੀ ਕਿਸਮਤ ਹੈ, ਉਹ ਲੈ ਗਿਆ; ਕੋਈ ਗੱਲ ਨਹੀ। ਇਉਂ ਮੈ ੧੯੯੯ ਵਿਚ ਇੱਕੀ ਰੁਪਇਆਂ ਵਿਚ ਅੰਮ੍ਰਿਤਸਰੋਂ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਤੱਕ ਪੁੱਜ ਗਿਆ ਸਾਂ ਪਰ ਇਸ ਵਾਰੀਂ ੨੦੦੮ ਵਿਚ ਸਿਰਫ ਬਾਰਡਰ ਪਾਰ ਕਰਕੇ ਦੂਜੇ ਪਾਸੇ ਤੱਕ ਜਾਣ ਲਈ ਹੀ ਮੈਨੂੰ ੪੩੦ ਰੁਪਏ ਖ਼ਰਚਣੇ ਪਏ ਪਰ ਫਿਰ ਵੀ ਪ੍ਰਸੰਨਤਾ ਹੀ ਪ੍ਰਾਪਤ ਹੋਈ ਕਿਉਂਕਿ ਆਪਣੀ ਇਛਾ ਦੇ ਉਲ਼ਟ ਕੋਈ ਕੰਮ ਨਹੀ ਕਰਨਾ ਪਿਆ। ਉਹਨਾਂ ਦੇ ਭਰਾ ਸ. ਰਮੇਸ਼ ਸਿੰਘ ਜੀ ਵੀ ਕੁਝ ਸਮਾ ਉਡੀਕਣ ਪਿਛੋਂ ਭਾਰਤ ਵਾਲ਼ੇ ਪਾਸਿਉਂ ਆ ਗਏ। ਉਹ ਬਹੁਤ ਪੜ੍ਹੇ ਲਿਖੇ ਤੇ ਚੰਗੇ ਉਚੇ ਪਾਕਿਸਤਾਨ ਵਿਚ ਸਰਕਾਰੀ ਅਹੁਦੇ ਉਪਰ ਕੰਮ ਕਰ ਰਹੇ ਹਨ ਪਰ ਹੁਣ ਉਹ ਨੌਕਰੀ ਛੱਡ ਕੇ ਨਾਰੋਵਾਲ਼ ਸ਼ਹਿਰ ਵਿਚ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਸਾਹਮਣੇ ਵੱਡਾ ਦਫ਼ਤਰ ਖੋਹਲ ਰਹੇ ਹਨ ਤੇ ਇਕ ਗੈਰ ਸਰਕਾਰੀ ਆਰਗੇਨਾਈਜ਼ੇਸ਼ਨ ਰਾਹੀਂ ਓਥੋਂ ਦੇ ਲੋਕਾਂ ਦਾ ਜੀਵਨ ਪਧਰ ਉਚਾ ਕਰਨ ਲਈ ਯਤਨ ਆਰੰਭ ਰਹੇ ਹਨ। ਇਸ ਕਾਰਜ ਲਈ ਉਹਨਾਂ ਨੂੰ ਅੰਤਰਰਾਸ਼ਟਰੀ ਸੰਸਥਾਵਾਂ ਵੱਲੋਂ ਵੀ ਸਹਾਇਤਾ ਮਿਲ਼ਿਆ ਕਰੇਗੀ। ਮੈ ਵੇਖਿਆ ਕਿ ਅਜੇ ਉਹ ਆਪਣੇ ਦਫ਼ਤਰ ਵਾਲੀ ਬਿਲਡਿੰਗ ਨੂੰ ਢੁਕਵਾਂ ਰੂਪ ਦੇਣ ਲਈ ਇਸਦੀ ਰੈਨੋਵੇਸ਼ਨ ਕਰਵਾ ਰਹੇ ਹਨ। ਵਾਹਗੇ ਤੋਂ ਸਾਨੂੰ ਸ੍ਰੀ ਕਰਤਾਰਪੁਰ ਸਾਹਿਬ ਜੀ ਤੱਕ ਭਾਈ ਗੋਬਿੰਦ ਸਿੰਘ ਜੀ ਆਪਣੀ ਕਾਰ ਤੇ ਲੈ ਗਏ। ਰਸਤੇ ਵਿਚ ਨਾਰੋਵਾਲ਼ ਸ. ਰਮੇਸ਼ ਸਿੰਘ ਜੀ ਦੇ ਬਣ ਰਹੇ ਦਫ਼ਤਰ ਵਿਚ ਵੀ ਰੁਕੇ ਜਿਥੇ ਉਹਨਾਂ ਦੇ ਪਰਵਾਰ ਦੇ ਬਾਕੀ ਜੀਆਂ ਨਾਲ਼ ਵੀ ਮੁਲਕਾਤ ਹੋਈ। ਬੜੇ ਹੀ ਸੂਝਵਾਨ ਸਨ ਸਾਰੇ ਜੀ ਹੀ। ਨਾਰੋਵਾਲ਼ ਤੋਂ ਸ਼ੱਕਰਗੜ੍ਹ ਨੂੰ ਜਾਣ ਵਾਲ਼ੀ ਸੜਕ ਉਪਰ ਸਤਾਰਵੇਂ ਕਿਲੋਮੀਟਰ ਤੇ, ਦਰਬਾਰ ਸਾਹਿਬ ਕਰਤਾਰਪੁਰ ਨੂੰ ਜਾਣ ਵਾਲ਼ੀ ਸੜਕ ਦਾ ਪੱਥਰ ਲੱਗਾ ਹੋਇਆ ਹੈ। ਇਸ ਨਾਰੋਵਾਲ ਸ਼ੱਕਰਗੜ੍ਹ ਸੜਕ ਤੋਂ ਤਿੰਨ ਕਿਲੋ ਮੀਟਰ ਉਤੇ, ਰਾਵੀ ਦਰਿਆ ਦੇ ਕਿਨਾਰੇ ਉਪਰ ਗੁਰਦੁਆਰਾ ਸਾਹਿਬ ਸੁਸ਼ੋਭਤ ਹੈ। ਇਹ ਸੜਕ ਵੀ ਸੰਨ ਦੋ ਹਜ਼ਾਰ ਵਿਚ, ਪੱਛਮੀ ਪੰਜਾਬ ਦੇ ਉਸ ਸਮੇ ਦੇ ਮੁਖ ਮੰਤਰੀ ਦੇ ਹੁਕਮ ਨਾਲ਼, ੨੪ ਘੰਟਿਆਂ ਵਿਚ ਬਣੀ ਸੀ।
ਗੁਰਦੁਆਰਾ ਸਾਹਿਬ ਪੁਰਾਣੀ ਤੇ ਮਜਬੂਤ ਇਮਾਰਤ ਦੇ ਰੂਪ ਵਿਚ ਸੁਸ਼ੋਭਤ ਹੈ। ਗੁਰੂ ਨਾਨਕ ਪਾਤਿਸ਼ਾਹ ਜੀ ਦੇ ਜੋਤੀ ਜੋਤਿ ਸਮਾਉਣ ਉਪ੍ਰੰਤ, ਹਿੰਦੂਆਂ ਤੋਂ ਬਣੇ ਸਰਧਾਲੂਆਂ ਵੱਲੋਂ ਉਹਨਾਂ ਨੂੰ ਆਪਣਾ ਗੁਰੂ ਮੰਨ ਕੇ ਉਹਨਾਂ ਦੇ ਸਰੀਰ ਦਾ ਸਸਕਾਰ ਕਰਨਾ ਚਾਹਿਆ ਤੇ ਮੁਸਲਮਾਨ ਸ਼ਰਧਾਲੂਆਂ ਨੇ ਆਪਣਾ ਪੀਰ ਮੰਨ ਕੇ ਕਬਰ ਵਿਚ ਦਬਾਉਣਾ ਚਾਹਿਆ। ਠੀਕ ਹੀ ਕਿਸੇ ਸ਼ਰਧਾਲੂ ਵਿਦਵਾਨ ਨੇ ਆਖਿਆ ਹੈ:
ਬਾਬਾ ਨਾਨਕ ਸ਼ਾਹ ਫ਼ਕੀਰ।
ਹਿੰਦੂ ਦਾ ਗੁਰੂ ਤੇ ਮੁਸਲਮਾਨ ਦਾ ਪੀਰ।
ਇਸ ਦੋਵੱਲੀ ਕਸ਼ਮਕਸ਼ ਵਿਚ ਗੁਰੂ ਜੀ ਦਾ ਸਰੀਰ ਅਲੋਪ ਹੋ ਗਿਆ ਤੇ ਸਰੀਰ ਉਪਰਲੀ ਚਾਦਰ ਦੇ ਹੀ ਦੋ ਹਿੱਸੇ ਕਰਕੇ ਦੋਹਾਂ ਧਿਰਾਂ ਨੇ ਇਕ ਹਿੱਸਾ ਸਸਕਾਰ ਕੇ ਮੜ੍ਹੀ ਬਣਾਈ ਤੇ ਦੂਜੀ ਧਿਰ ਨੇ ਦਬਾ ਕੇ ਉਪਰ ਕਬਰ ਬਣਾ ਦਿਤੀ। ਹੁਣ ਸਸਕਾਰ ਵਾਲੀ ਮੜ੍ਹੀ ਜ਼ਮੀਨ ਦੇ ਬਰਾਬਰ ਹੈ ਤੇ ਉਸ ਉਪਰ ਗੁਰਦੁਆਰਾ ਸੁਸ਼ੋਭਤ ਹੈ। ਨਾਲ਼ ਪ੍ਰਕਰਮਾਂ ਵਿਚ ਕਬਰ ਵਾਲ਼ੇ ਥਾਂ ਇਕ ਥੜ੍ਹਾ ਬਣਿਆ ਹੋਇਆ ਹੈ। ਉਸ ਥੜ੍ਹੇ ਉਪਰ ਵੀ ਬੜੀ ਕੀਮਤੀ ਚਾਦਰ ਪਾਈ ਹੋਈ ਹੁੰਦੀ ਹੈ। ਕਰਤਾਰ ਪੁਰ ਨਾਮੀ ਪਿੰਡ ਗੁਰੂ ਜੀ ਦਾ ਵਸਾਇਆ ਓਥੇ ਮੌਜੂਦ ਨਹੀ ਹੈ ਪਰ ਨਜ਼ਦੀਕ ਕੁਝ ਘਰਾਂ ਦਾ ਪਿੰਡ ਕੋਠੇ ਹੈ ਤੇ ਉਸ ਤੋਂ ਕੁਝ ਹਟਵਾਂ ਪਰ ਦੂਜੇ ਪਾਸੇ ਦੋਦਾ ਪਿੰਡ ਹੈ ਜਿਸਦੇ ਜ਼ਿਮੀਦਾਰ ਭਾਈ ਦੋਦੇ ਨੇ, ਗੁਰੂ ਜੀ ਨੂੰ ਪਿੰਡ ਵਸਾਉਣ ਲਈ ਜ਼ਮੀਨ ਭੇਟਾ ਕੀਤੀ ਸੀ। ਇਹ ਸ਼ੁਕਰ ਦੀ ਗੱਲ ਹੈ ਕਿ ਕਾਰ ਸੇਵਾ ਵਾਲ਼ੇ ਬਾਬਿਆਂ ਦੀ ਅਜੇ ਉਸ ਸਥਾਨ ਤੇ 'ਫੁੱਲ ਕਿਰਪਾ' ਨਹੀ ਹੋਈ ਤੇ ਗੁਰੂ ਸਾਹਿਬ ਜੀ ਦੇ ਸਮੇ ਦਾ ਖੂਹ ਵੀ ਮੌਜੂਦ ਹੈ। ਗੁਰੂ ਜੀ ਦੇ ਪਰਵਾਰ ਦੀ ਵਰਤੋਂ ਵਾਸਤੇ ਬਣਵਾਈ ਗਈ ਖੂਹੀ ਵੀ ਅਜੇ ਸ਼ੋਭਾ ਪਾ ਰਹੀ ਹੈ। ਗੁਰਦੁਆਰਾ ਸਾਹਿਬ ਜੀ ਦੇ ਪ੍ਰਬੰਧਕ ਸ. ਮਨਜੀਤ ਸਿੰਘ ਜੀ ਬਾਖ਼ੂਬੀ ਸਾਰਾ ਪ੍ਰਬੰਧ ਸੰਭਾਲ਼ ਰਹੇ ਹਨ। ਉਹਨਾਂ ਨੇ ਦੱਸਿਆ ਕਿ ਸੰਨ ੨੦੦੦ ਵਿਚ, ਸਮਗਤਾਂ ਦੇ ਦਰਸ਼ਨਾਂ ਲਈ ਖੋਹਲਣ ਸਮੇ, ਗੁਰਦੁਆਰੇ ਦੀ ਤਿੰਨ ਕੁ ਏਕੜ ਜ਼ਮੀਨ ਦਾ ਪ੍ਰਬੰਧ ਮਿਲ਼ਿਆ ਸੀ ਪਰ ਉਹਨਾਂ ਨੇ ਪਰਦੇਸੀ ਸੰਗਤ ਦੀ ਸਹਾਇਤਾ, ਗੁਰੂ ਦੀ ਕਿਰਪਾ ਤੇ ਪ੍ਰਬੰਧਕ ਯੋਗਤਾ ਨਾਲ਼ ਬਤਾਲ਼ੀ ਕੁ ਏਕੜ ਜ਼ਮੀਨ ਮੁੱਲ਼ ਖ਼ਰੀਦ ਕੇ ਬਣਾ ਲਈ ਹੈ ਤੇ ਉਸ ਜ਼ਮੀਨ ਤੇ ਖੇਤੀ ਕਰਦੇ/ਕਰਵਾਉਂਦੇ ਹਨ। ਗਾਈਆਂ ਮਝਾਂ ਵੀ ਰੱਖੀਆਂ ਹੋਈਆਂ ਹਨ। ਗੁਰੂ ਕੇ ਲੰਗਰ ਵਾਸਤੇ ਸਾਰੀ ਸਮੱਗਰੀ ਓਥੇ ਹੀ ਪੈਦਾ ਕਰਦੇ ਹਨ। ਇਹ ਸ. ਮਨਜੀਤ ਸਿੰਘ ਜੀ ਭਾਈ ਗੋਬਿੰਦ ਸਿੰਘ ਜੀ ਤੇ ਭਾਈ ਰਾਮੇਸ਼ ਸਿੰਘ ਜੀ ਦੇ ਵੱਡੇ ਭਰਾ ਜੀ ਹਨ। ਮੈ ਇਕ ਰਾਤ ਏਥੇ ਰਿਹਾ ਤੇ ਅਗਲੇ ਦਿਨ ਸ. ਮਨਜੀਤ ਸਿੰਘ ਜੀ ਆਪਣੀ ਕਾਰ ਤੇ ਮੈਨੂੰ ਲਾਹੌਰ ਲੈ ਗਏ ਤੇ ਓਥੇ ਕੁਝ ਜ਼ਿੰਮੇਵਾਰ ਸੱਜਣਾਂ ਨਾਲ਼ ਦੁਪਹਿਰ ਦੇ ਖਾਣੇ ਉਪਰ ਮੇਰੀ ਮੁਲਾਕਾਤ ਕਰਵਾਈ। ਇਸ ਮੁਲਾਕਾਤ ਵਿਚ ਹੋਰ ਵਿਚਾਰਾਂ ਤੋਂ ਇਲਾਵਾ ਆਸਟ੍ਰੇਲੀਆ ਵਿਚੋਂ ਜਥਿਆਂ ਦੇ ਰੂਪ ਵਿਚ, ਪਾਕਿਸਤਾਨੀ ਗੁਰਧਾਮਾਂ ਦੀ ਯਾਤਰਾ ਹਿਤ ਸਮੇ ਸਮੇ ਸੰਗਤ ਨੂੰ ਲਿਆਉਣ ਦਾ ਉਦਮ ਕਰਨ ਲਈ ਵੀ ਮੈਨੂੰ ਉਹਨਾਂ ਜ਼ਿੰਮੇਵਾਰ ਸੱਜਣਾਂ ਨੇ ਪ੍ਰੇਰਿਆ। ਮੈ ਵਿਤ ਅਨੁਸਾਰ ਇਸ ਪਾਸੇ ਯਤਨ ਕਰਨ ਦਾ ਇਕਰਾਰ ਕੀਤਾ। ਸ਼ਾਮ ਨੂੰ ਉਹ ਮੈਨੂੰ, ਮੇਰੀ ਇਛਾ ਮੁਤਾਬਿਕ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਜੀ ਦੇ ਪ੍ਰਬੰਧਕਾਂ ਦੇ ਹਵਾਲੇ ਕਰ ਗਏ। ਵਕਫ਼ ਬੋਰਡ ਵੱਲੋਂ ਸਥਾਪਤ ਕੇਅਰ ਟੇਕਰ ਜਨਾਬ ਅਜ਼ਹਰ ਜੀ ਨੇ ਮੈਨੂੰ ਰਹਿਣ ਵਾਸਤੇ ਯੋਗ ਕਮਰਾ ਦੇ ਦਿਤਾ ਤੇ ਹੋਰ ਵੀ ਹਰ ਤਰ੍ਹਾਂ ਦੀ ਖ਼ਿਦਮਤ ਲੋੜ ਅਨੁਸਾਰ ਕਰਨ ਦਾ ਭਰੋਸਾ ਦਿਵਾਇਆ। ਲਾਹੌਰ ਵਿਚ ਹੀ ਇਕ ਬਹੁਤ ਹੀ ਉਘੇ ਵਿਦਵਾਨ ਯੋਗ ਪ੍ਰਬੰਧਕ, 'ਦਿਆਲ ਸਿੰਘ ਰੀਸਰਚ ਐਂਡ ਕਲਚਰਲ ਫ਼ੋਰਮ' ਦੇ ਡਾਇਰੈਕਟਰ, ਡਾ. ਜ਼ਫ਼ਰ ਚੀਮਾ ਜੀ ਮਿਲ਼ੇ। ਓਹਨਾਂ ਨੇ ੧੦ ਨਵੰਬਰ ਨੂੰ ਪਾਕਿਸਤਾਨ ਟੀ. ਵੀ. ਦੇ ਸਟੁਡੀਓ ਵਿਚ ਖੁਲ੍ਹੀ ਗੱਲ ਬਾਤ ਦਾ ਪ੍ਰੋਗਰਾਮ ਬਣਾ ਲਿਆ। ਮੇਰੇ ਪਾਸ ਕੁਝ ਦਿਨ ਸਨ। ਇਹਨਾਂ ਦੇ ਸਦਉਪਯੋਗ ਲਈ ਇਕ ਵਾਰੀਂ ਮੈ ਫਿਰ ਇਕ ਵਿਦਵਾਨ ਸਿੱਖ ਨੌਜਵਾਨ ਸ. ਰਾਜਵੀਰ ਸਿੰਘ ਜੀ ਨਾਲ, ਕਰਤਾਰ ਪੁਰ ਸਾਹਿਬ ਦੀ ਯਾਤਰਾ ਤੇ ਚਲਾ ਗਿਆ। ਵਾਪਸੀ ਤੇ ਇਕ ਦਿਨ ਲਾਹੌਰ ਵਿਚਲਾ ਅਜਾਇਬ ਘਰ ਵੇਖਣ ਗਿਆ। ਸਿੱਖ ਰਾਜ ਦੀਆਂ ਯਾਦਾਂ ਨਾਲ਼ ਸਬੰਧਤ ਹਾਲ ਵੇਖ ਰਿਹਾ ਸਾਂ ਤਾਂ ਬਹੁਤ ਸਾਰੀਆਂ ਸਕੂਲੀ ਬੱਚੀਆਂ ਹੈਰਾਨੀ ਨਾਲ਼ ਆ ਦਵਾਲ਼ੇ ਹੋਈਆਂ। ਪਹਿਲਾਂ ਇਕਾ ਦੁੱਕਾ ਤੇ ਫਿਰ ਥੋਕ ਦੇ ਰੂਪ ਵਿਚ। ਪਹਿਲਾਂ ਤਿੰਨ ਜਣੀਆਂ ਝਕਦੇ ਝਕਦੇ ਆਈਆਂ। ਸ਼ਾਇਦ ਪਹਿਲੀਆਂ ਨੇ ਮੇਰਾ ਪਤਾ ਲਾ ਲਿਆ ਹੋਵੇ ਕਿ ਮੈ ਕਿਤੇ 'ਵਢਦਾ' ਤਾਂ ਨਹੀ। ਜਦੋਂ ਉਹ ਸਹੀ ਸਲਾਮਤ ਹੀ ਵਾਪਸ ਚਲੀਆਂ ਗਈਆਂ ਤਾਂ ਫਿਰ ਬਹੁਤ ਸਾਰੀਆਂ ਬੱਚੀਆਂ, ਸਮੇਤ ਉਹਨਾਂ ਦੀਆਂ ਟੀਚਰਾਂ ਦੇ, ਆ ਦੁਆਲ਼ੇ ਹੋਈਆਂ। ਮੈ ਹੈਰਾਨ ਸਾਂ ਕਿ ਏਥੇ ਸਿੱਖ ਤਾਂ ਆਮ ਹੀ ਆਉਂਦੇ ਜਾਂਦੇ ਰਹਿੰਦੇ ਹਨ ਤੇ ਕੁਝ ਪਾਕਿਸਤਾਨ ਦੇ ਪੱਕੇ ਵਸਨੀਕ ਵੀ ਹਨ ਪਰ ਇਹ ਮੈਨੂੰ ਹੀ ਕਿਉਂ ਅਜੂਬਾ ਸਮਝ ਕੇ ਮੇਰੇ ਦੁਆਲ਼ੇ ਆ ਕੇ ਤਰ੍ਹਾਂ ਤਰ੍ਹਾਂ ਦੇ ਸਵਾਲ ਕਰ ਰਹੀਆਂ ਹਨ। ਫਿਰ ਆਪੇ ਹੀ ਖਿਆਲ ਆਇਆ ਕਿ ਆਮ ਤੌਰ ਤੇ ਸਿੱਖ ਜਥਿਆਂ ਦੇ ਰੂਪ ਵਿਚ, ਪੁਲਸ ਦੇ ਪਹਿਰੇ ਹੇਠ, ਸਿਰਫ ਗੁਰਦੁਆਰਿਆਂ ਦੀ ਯਾਤਰਾ ਵਾਸਤੇ ਹੀ ਆਉਂਦੇ ਹਨ। ਮੇਰੇ ਵਾਂਗ ਬੇਮੁਹਾਰੇ ਊਠ ਦੀ ਤਰ੍ਹਾਂ ਐਂ ਇਕੱਲੇ ਨਹੀ ਤੁਰੇ ਫਿਰਦੇ। ਫਿਰ ਉਹ ਬੱਚੀਆਂ ਲੱਗਦੀਆਂ ਵੀ ਕਿਸੇ ਦੂਰ ਦੁਰਾਡੇ ਪੇਂਡੂ ਸਕੂਲ ਦੀਆਂ ਸਨ ਜਿਨ੍ਹਾਂ ਵਾਸਤੇ ਵਾਕਿਆ ਹੀ ਕਿਸੇ ਸਿੱਖ ਦਾ ਵੇਖਣਾ ਕੋਈ ਖਾਸ ਹੀ ਗੱਲ ਸੀ। ਉਹ ਬੜੇ ਅਪਣੱਤ ਭਰੇ ਤਰੀਕੇ ਨਾਲ਼, ਮੈਨੂੰ ਬਜ਼ੁਰਗ ਜਾਣ ਕੇ, ਜੋ ਕਿ ਮੈ ਆਪਣੇ ਲਿਬਾਸ ਤੇ ਦਾਹੜੇ ਕਰਕੇ ਪ੍ਰਤੱਖ ਦਿਸਦਾ ਹੀ ਸਾਂ, ''ਅੰਕਲ ਜੀ, ਅੰਕਲ ਜੀ'' ਆਖ ਕੇ ਸੰਬੋਧਨ ਕਰਦੀਆਂ ਸਨ। ਮੇਰੇ ਪਾਸੋਂ ਸਾਰੀਆਂ ਬੱਚੀਆਂ ਨੇ ਆਟੋਗਰਾਫ਼ ਵੀ ਲਏ। ਇਹ ਕੁਝ ਵੇਖ ਕੇ ਇਕ ਤਰਾਸ਼ ਕੇ ਛੋਟੀ ਕੀਤੀ ਹੋਈ ਪਰ ਚਿੱਟੀ ਦਾਹੜੀ ਵਾਲ਼ਾ ਟੀਚਰ ਘੜੀ ਮੁੜੀ ਆ ਕੇ ਉਹਨਾਂ ਨੂੰ ਤੁਰਨ ਲਈ ਆਖੇ। ਹਰੇਕ ਵਾਰ, ''ਲੇਟ ਹੋ ਗਏ, ਲੇਟ ਹੋ ਗਏ।'' ਦੀ ਮੁਹਾਰਨੀ ਰਟੀ ਜਾਵੇ ਪਰ ਬੱਚੀਆਂ ਮੇਰੇ ਪਾਸੋਂ ਦਸਤਖ਼ਤ ਕਰਵਾਏ ਬਿਨਾ ਨਾ ਜਾਣ। ਅਖੀਰ ਉਸਨੇ ਬੜੇ ਗੁੱਸੇ ਨਾਲ਼ ਆਖਿਆ, ''ਇਹ ਓਹੋ ਈ ਨੇ ਜਿਨ੍ਹਾਂ ਨੇ ਮੁਸਲਮਾਨਾਂ ਦਾ ਕਤਲਾਮ ਕੀਤਾ ਸੀ!'' ਇਕ ਲੜਕੀ ਫੌਰਨ ਬੋਲੀ, ''ਸਰ, ਇਹਨਾਂ ਨੇ ਥੋਹੜਾ ਕੀਤਾ ਸੀ!'' ਉਹ ਬੁੜ ਬੁੜ ਕਰਦਾ ਦੂਰ ਚਲਿਆ ਗਿਆ ਪਰ ਬੱਚੀਆਂ ਅਖੀਰਲੀ ਬੱਚੀ ਤੱਕ ਮੇਰੇ ਦਸਖ਼ਤ ਲੈ ਕੇ ਹੀ ਗਈਆਂ। ਬੱਚੀਆਂ ਵੱਲੋਂ ਵੇਹਲਾ ਹੋ ਕੇ ਮੈ ਉਚੇਚਾ ਉਸ ਸੱਜਣ ਨੂੰ ਲਭਿਆ। ਤੇਜ ਤੇਜ ਤੁਰਿਆ ਜਾਂਦਾ ਜਦੋਂ ਮੇਰੀ ਪਹੁੰਚ ਵਿਚ ਆਇਆ ਤਾਂ ਮੈ ਉਸ ਵੱਲ ਆਪਣਾ ਹੱਥ ਵਧਾਇਆ ਪਰ ਉਸਨੇ ਮੈਨੂੰ ਗਲਵੱਕੜੀ ਪਾ ਲਈ। ਮੈ ਆਖਿਆ, ''ਉਸ ਸਮੇ ਦੋਵੇਂ ਪਾਸੇ ਪਾਗਲ ਹੋ ਗਏ ਸਨ। ਨਾ ਤੁਹਾਡਿਆਂ ਨੇ ਸਾਡਿਆਂ ਨਾਲ਼ ਕੋਈ ਫਰਕ ਰੱਖਿਆ ਸੀ ਤੇ ਨਾ ਹੀ ਸਾਡਿਆਂ ਨੇ ਤੁਹਾਡਿਆਂ ਨਾਲ਼ ਮਾੜਾ ਕਰਨ ਵਿਚ ਕੋਈ ਕਸਰ ਰਹਿਣ ਦਿਤੀ ਸੀ।'' ਉਹ ਕੁਝ ਇਸ ਤਰ੍ਹਾਂ ਦੇ ਲਫ਼ਜ਼ ਆਖਦਾ ਹੋਇਆ, ''ਓਦੋਂ ਤੁਸੀਂ ਗ਼ਲਤ ਸੀ, ਹੁਣ ਠੀਕ ਓ।'' ਕਾਹਲ਼ੀ ਕਾਹਲ਼ੀ ਅੱਗੇ ਨੂੰ ਤੁਰ ਗਿਆ। ਇਹ ਸਾਰਾ ਕੁਝ ਦੋ ਨੌਜਵਾਨਾਂ ਨੇ ਵੀ ਵੇਖਿਆ ਸੀ ਜੋ ਕਿ ਮੇਰੇ ਵਾਂਗ ਹੀ ਅਜਾਇਬਘਰ ਵੇਖ ਰਹੇ ਸਨ। ਉਹ ਦੋਵੇਂ ਨੌਜਵਾਨ ਆਪਸ ਵਿਚ ਰਿਸ਼ਤੇਦਾਰ ਸਨ। ਇਕ ਬਲੋਚੀ ਸੀ ਤੇ ਦੂਸਰਾ ਪੰਜਾਬੀ ਜਿਸ ਦਾ ਨਾਂ ਸਮੀਰ ਹੈ। ਸਮੀਰ ਨੇ ਉਸ ਟੀਚਰ ਦੇ ਰਵੱਈਏ ਦੀ ਮੇਰੇ ਕੋਲ਼ ਯੋਗ ਸ਼ਬਦਾਂ ਵਿਚ ਨਿਖੇਧੀ ਕੀਤੀ ਅਤੇ ਮੈਨੂੰ ਮੇਰੇ ਟਿਕਾਣੇ ਤੇ ਆਪਣੇ ਮੋਟਰ ਸਾਈਕਲ ਤੇ ਛੱਡਣ ਲਈ ਆਖਿਆ। ਮੇਰੇ ਬਹੁਤ ਵਾਰੀਂ ਨਾਂਹ ਕਰਨ ਦੇ ਬਾਵਜੂਦ ਵੀ ਉਹ ਮੈਨੂੰ ਆਪਣੇ ਮੋਟਰ ਸਾਈਕਲ ਤੇ ਗੁਰਦੁਆਰਾ ਡੇਹਰਾ ਸਾਹਿਬ ਛੱਡ ਕੇ ਗਿਆ। ਗੁਰਦੁਆਰੇ ਅੱਗੇ ਪੁਲਸ ਦਾ ਪਹਿਰਾ ਹੁੰਦਾ ਹੈ ਤੇ ਉਹ ਆਮ ਮੁਸਲਮਾਨ ਨੂੰ ਅੰਦਰ ਨਹੀ ਜਾਣ ਦਿੰਦੇ। ਪਰ ਮੇਰੇ ਆਖਣ ਤੇ ਉਸਨੂੰ ਮੇਰੇ ਕਮਰੇ ਤੱਕ ਆਉਣ ਦੀ ਆਗਿਆ ਮਿਲ਼ ਗਈ। ਉਸਨੇ ਮੇਰਾ ਅਗਲੇ ਦਿਨ ਦਾ ਪ੍ਰੋਗਰਾਮ ਪੁੱਛਿਆ। ਮੇਰੇ ਵੱਲੋਂ ਚਿੜੀਆ ਘਰ ਜਾਣ ਦਾ ਪ੍ਰੋਗਰਾਮ ਦੱਸਣ ਤੇ ਉਸਨੇ ਆਖਿਆ ਕਿ ਉਹ ਮੈਨੂੰ ਆਪਣੇ ਮੋਟਰ ਸਾਈਕਲ ਤੇ ਲੈ ਕੇ ਜਾਵੇਗਾ ਤਾਂ ਕਿ ਉਸ ਟੀਚਰ ਵਰਗਾ ਕੋਈ ਹੋਰ ਬੰਦਾ ਨਾ ਮੈਨੂੰ ਮਿਲ਼ ਪਏ। ਉਹ ਨੌਜਵਾਨ ਖਾਸਾ ਪੜ੍ਹਿਆ ਲਿਖਿਆ ਤੇ ਕਿਸੇ ਰੱਜੇ ਪੁੱਜੇ ਘਰ ਦਾ ਲੱਗਦਾ ਸੀ। ਅਗਲੇ ਦਿਨ ਮੇਰਾ ਪ੍ਰੋਗਰਾਮ ਬਦਲ ਜਾਣ ਕਰਕੇ ਮੈ ਉਸਨੂੰ ਸਵੱਖਤੇ ਹੀ ਫ਼ੋਨ ਰਾਹੀਂ ਆਉਣ ਤੋਂ ਧੰਨਵਾਦ ਸਹਿਤ ਮਨ੍ਹਾ ਕਰ ਦਿਤਾ।
ਦੋ ਕੁ ਦਿਨ ਪਰਦੇਸਾਂ ਤੋਂ ਆਈਆਂ ਸੰਗਤਾਂ ਦੇ ਨਾਲ਼ ਲਾਹੌਰ ਵਿਚ ਸੁਸ਼ੋਭਤ ਗੁਰਦੁਆਰਾ ਸਾਹਿਬਾਨ ਦੀ ਯਾਤਰਾ ਕੀਤੀ ਅਤੇ ਸੰਗਤਾਂ ਨਾਲ਼ ਗੁਰਦੁਆਰਾ ਸਾਹਿਬਾਨ ਦੇ ਇਤਿਹਾਸਕ ਪਿਛੋਕੜ ਦੀ ਜਾਣਕਾਰੀ ਵੀ ਸਾਂਝੀ ਕੀਤੀ। ੧੦ ਨਵੰਬਰ ਨੂੰ ਪਾਕਿਸਤਾਨ ਟੀ. ਵੀ. ਤੇ ਖੁਲ੍ਹੀ ਗੱਲ ਬਾਤ ਦਾ ਪ੍ਰੋਗਰਾਮ ਸੀ। ਗੁਰਦੁਆਰਾ ਸਾਹਿਬ ਤੋਂ ਸਟੁਡੀਓ ਪੁੱਜਣ ਦਾ ਇੰਤਜ਼ਾਮ ਹੋ ਗਿਆ ਤੇ ਓਥੋਂ ਮੈਨੂੰ ਡਾ. ਜ਼ਫ਼ਰ ਚੀਮਾ ਜੀ ਦਾ ਭੇਜਿਆ ਹੋਇਆ ਸੱਜਣ ਆ ਕੇ ਉਹਨਾਂ ਦੇ ਦਫ਼ਤਰ, ਦਿਆਲ ਸਿੰਘ ਲਾਇਬ੍ਰੇਰੀ ਵਿਚ ਲੈ ਗਿਆ। ਲਾਹੌਰ ਦੇ ਲਛਮੀ ਚੌਕ ਦੇ ਨੇੜੇ ਵਿਸ਼ਾਲ ਬਿਲਡਿੰਗ ਵਿਚ ਇਹ ਲਾਇਬ੍ਰੇਰੀ ਸੁਭਾਇਮਾਨ ਹੈ। ਇਸ ਦੇ ਵਿਚ ਹੀ ਡਾ. ਚੀਮਾ ਜੀ ਦੀ ਡਾਇਰੈਕਟਰਸ਼ਿਪ ਹੇਠ 'ਦਿਆਲ ਸਿੰਘ ਰੀਸਰਚ ਐਂਡ ਕਲਚਰਲ ਫ਼ੋਰਮ' ਚੱਲਦਾ ਹੈ ਜੋ ਕਿ ਪੰਜਾਬੀ ਸਾਹਿਤ ਤੇ ਸਭਿਆਚਾਰ ਬਾਰੇ ਬੜਾ ਉਦਮ ਕਰ ਰਿਹਾ ਹੈ। ਮੈਨੂੰ ਇਸ ਵਿਸ਼ਾਲ ਲਾਇਬ੍ਰੇਰੀ ਦੀ ਯਾਤਰਾ ਕਰਵਾ ਕੇ ਇਸ ਫ਼ੋਰਮ ਬਾਰੇ ਵੀ ਭਰਪੂਰ ਜਾਣਕਾਰੀ ਦਿਤੀ ਗਈ। ਇਸ ਵਿਸ਼ਾਲ ਲਾਇਬ੍ਰੇਰੀ ਅਤੇ ਕਈ ਹੋਰ ਸੰਸਥਾਵਾਂ ਦੀ ਸਥਾਪਨਾ, ਸਮੇਤ ਟ੍ਰੀਬਿਊਨ ਅਖ਼ਬਾਰ ਦੇ, ਸਰ ਦਿਆਲ ਸਿੰਘ ਮਜੀਠੀਆ ਦੇ ਧਨ ਨਾਲ਼ ਹੀ ਹੋਈ ਸੀ। ਇਹ ਸਰਦਾਰ ਜੀ ਉਘੇ ਸਿੱਖ ਘਰਾਣੇ, ਮਜੀਠੀਆ ਸਰਦਾਰਾਂ ਵਿਚੋਂ ਸਨ। ਇਹਨਾਂ ਦੀ ਸੰਤਾਨ ਨਹੀ ਸੀ। ਇਹ ਚਾਹੁੰਦੇ ਸਨ ਕਿ ਇਹਨਾਂ ਦੇ ਧਨ ਦੀ ਮਨੁਖਤਾ ਦੀ ਭਲਾਈ ਵਾਸਤੇ ਸੁਚੱਜੀ ਵਰਤੋਂ ਹੋਵੇ। ਓਹਨੀਂ ਦਿਨੀਂ ਸਿੱਖ ਖ਼ਾਲਸਾ ਕਾਲਜ ਦੀ ਸਥਾਪਨਾ ਦਾ ਉਦਮ ਕਰ ਰਹੇ ਸਨ ਤੇ ਇਸ ਸਰਦਾਰ ਜੀ ਨੇ ਇਸ ਕਾਰਜ ਲਈ ਸਾਰਾ ਖ਼ਰਚ ਖ਼ੁਦ ਕਰਨ ਦੀ ਪੰਥ ਨੂੰ ਪੇਸ਼ਕਸ਼ ਕੀਤੀ ਸੁਣੀ ਸੀ। ਇਹਨਾਂ ਦੀ ਇਕ ਸ਼ਰਤ ਸੀ ਕਿ ਕਾਲਜ ਦਾ ਨਾਂ 'ਸਰ ਦਿਆਲ ਸਿੰਘ ਖ਼ਾਲਸਾ ਕਾਲਜ' ਰੱਖਿਆ ਜਾਵੇ ਜੋ ਕਿ ਉਸ ਸਮੇ ਦੇ ਪੰਥ ਦੇ ਆਗੂਆਂ ਨੂੰ ਮਨਜ਼ੂਰ ਨਹੀ ਸੀ। ਜਦੋਂ ਅਨਮੱਤੀਆਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹਨਾ ਨੇ ਸਰਦਾਰ ਜੀ ਤੱਕ ਪਹੁੰਚ ਕਰਕੇ ਉਹਨਾਂ ਦੇ ਵਸੀਲਿਆਂ ਨਾਲ਼ ਵਿਸ਼ਾਲ ਸੰਸਥਾਵਾਂ, ਲਾਇਬ੍ਰੇਰੀ, ਕਾਲਜ, ਅਖ਼ਬਾਰ ਆਦਿ ਉਸਾਰ ਲਈਆਂ। ਫਿਰ ਟੀ. ਵੀ. ਦੇ ਸਟੁਡੀਓ ਵਿਚ ਗਏ। ਡਾ. ਚੀਮਾ ਜੀ ਨੇ ਐਂਕਰ ਵਜੋਂ ਬੜੀ ਯੋਗਤਾ ਨਾਲ਼ ਇਸ ਲੰਮੇ ਪ੍ਰੋਗਰਾਮ ਨੂੰ ਦਿਲਚਸਪ ਬਣਾਈ ਰੱਖਿਆ। ਪੈਨਲ ਵਿਚ ਮੇਰੇ ਤੋਂ ਇਲਾਵਾ ਵਕਫ਼ ਬੋਰਡ ਦੇ ਚੇਅਰਮੈਨ ਜਨਾਬ ਮੇਜਰ ਜਨਰਲ ਮੁਹੰਮਦ ਜਾਵਿਦ, ਵਲੈਤੋਂ ਸ. ਲਸ਼ਵਿੰਦਰ ਸਿੰਘ ਡਲੇਵਾਲ, ਲਾਹੌਰ ਤੋਂ ਬੀਬੀ ਡਾ. ਦਿਲਸ਼ਾਦ ਚੀਮਾ ਸ਼ਾਮਲ ਸਨ। ਡਾਕਟਰ ਜ਼ਫ਼ਰ ਚੀਮਾ ਜੀ ਦੀ ਵਿਦਵਤਾ, ਯੋਗਤਾ, ਤਤਪਰਤਾ ਦਾ ਸਦਕਾ ਇਹ ਪ੍ਰੋਗਰਾਮ ਬਹੁਤ ਹੀ ਸਫ਼ਲ ਰਿਹਾ। ਬੀਬੀ ਡਾ. ਦਿਲਸ਼ਾਦ ਚੀਮਾ ਜੀ ਨੇ ਮੇਰੀ ਇਕ ਗੱਲ ਨੂੰ ਲੈ ਕੇ ਬਹੁਤ ਹੀ ਦਿਲਚਸਪ ਸਵਾਲ ਕੀਤੇ ਜਿਨ੍ਹਾਂ ਨਾਲ਼ ਪ੍ਰੋਗਰਾਮ ਵਿਚ ਹੋਰ ਵੀ ਚੰਗਾ ਰੰਗ ਭਰ ਗਿਆ। ਟੀ. ਵੀ. ਦੇ ਦਰਸ਼ਕਾਂ ਵੱਲੋਂ ਇਸਦੀ ਸ਼ਲਾਘਾ ਵੀ ਸੁਣਨ ਵਿਚ ਆਈ। ਮੈ ਤਾਂ ਭਾਵੇਂ ਖ਼ੁਦ ਇਹ ਪ੍ਰੋਗਰਾਮ ਨਹੀ ਵੇਖ ਸਕਿਆ।
੧੧ ਨਵੰਬਰ ਨੂੰ ਇਕ ਵਲੈਤੋਂ ਆਏ ਜਥੇ ਨਾਲ਼ ਹੀ ਬੱਸ ਵਿਚ ਸਵਾਰ ਹੋ ਕੇ ਸ਼ਾਮ ਨੂੰ ਸ੍ਰੀ ਨਨਕਾਣਾ ਸਾਹਿਬ ਵਿਖੇ ਪਹੁੰਚ ਗਿਆ। ਏਥੇ ਮਾਵਾਂ ਪੁੱਤ ਨਹੀ ਸਨ ਸੰਭਾਲ਼ ਰਹੀਆਂ। ਮਾਰ ਚਾਰ ਚੁਫੇਰੇ ਗਹਿਮਾ ਗਹਿਮ ਸੀ। ਏਨੇ ਭੀੜ ਭੜੱਕੇ ਭਰੇ ਮੇਲੇ ਵਿਚ ਚੱਕੀਰਾਹ ਦੀ ਕੌਣ ਸੁਣਦਾ ਹੈ ਦੇ ਅਖਾਣ ਮੁਤਾਬਿਕ ਮੇਰੇ ਓਥੇ ਰਾਤ ਕੱਟਣ ਦਾ ਕੋਈ ਸਬੱਬ ਨਾ ਬਣੇ। ਗੁਰਦੁਆਰਾ ਸਾਹਿਬ ਮੱਥਾ ਟੇਕਣ ਗਿਆ ਤਾਂ ਮੇਰੇ ਹੱਥ ਵਿਚ ਲਟੇ ਪਟੇ ਵਾਲ਼ਾ ਬੈਗ ਤੇ ਕਿਤਾਬਾਂ ਵਾਲ਼ਾ ਬੁਚਕਾ ਵੇਖ ਕੇ ਸਿਵਲ ਕੱਪੜਿਆਂ ਵਿਚ ਪਹਿਰਾ ਦੇ ਰਹੇ ਪੁਲਸਵਾਲ਼ੇ ਨੇ ਅੰਦਰ ਜਾਣ ਤੋਂ ਦ੍ਰਿੜ੍ਹਤਾ ਸਹਿਤ ਰੋਕ ਦਿਤਾ। ਏਧਰ ਓਧਰ ਆਲ਼ੇ ਦੁਆਲ਼ੇ ਝਾਕਾਂ। ਠੀਕ ਹੈ, ''ਬਹੁਤੇ ਘਰਾਂ ਦਾ ਪ੍ਰਾਹੁਣਾ ਭੁੱਖਾ ਹੀ ਰਹਿੰਦਾ ਹੈ।'' ਦੀ ਪੁਰਾਣੀ ਲੋਕੋਕਤੀ ਅਨੁਸਾਰ ਮੇਰੇ ਨਾਲ਼ ਵੀ ਏਹੋ ਹੀ ਹੋਈ। ਮੈ ਸੋਚਿਆ ਕਿ ਰਾਤ ਹੀ ਕੱਟਣੀ ਹੈ। ਓਥੇ ਰਾਜਵੀਰ ਸਿੰਘ ਮਿਲ਼ ਜਾਵੇਗਾ, ਸ਼੍ਰੋਮਣੀ ਕਮੇਟੀ ਦੇ ਜਥੇ ਨਾਲ਼ ਕੱਟ ਲਵਾਂਗਾ ਜਾਂ ਕੋਈ ਹੋਰ ਜੁਗਾੜ ਬਣ ਜਾਵੇਗਾ। ਹਾਲਾਂ ਕਿ ਵਕਫ਼ ਬੋਰਡ ਵਾਲ਼ੇ ਮੇਰੇ ਰੈਣ ਬਸੇਰੇ ਲਈ ਯੋਗ ਪ੍ਰਬੰਧ ਕਰਨ ਵਾਸਤੇ ਤਿਆਰ ਸਨ ਪਰ ਆਪਣੀ ਸੁਭਾਵਿਕ ਲਾਪ੍ਰਵਾਹੀ ਕਰਕੇ ਮੈ ਕਿਸੇ ਨੂੰ ਵੀ ਕੁਝ ਨਾ ਆਖਿਆ। ਇਕ ਥਾਂ ਕੈਨੇਡੀਅਨ ਨੌਜਵਾਨ ਲੰਗਰ ਦਾ ਕੈਂਪ ਲਾਈ ਬੈਠੇ ਸਨ। ਇਹ ਨੌਜਵਾਨ ਲਿਬਾਸ ਤੇ ਬਚਨਾਂ ਤੋਂ ਮਹਿਤੇ ਵਾਲੀ ਦਮਦਮੀ ਟਕਸਾਲ ਤੋਂ ਪ੍ਰਭਾਵਤ ਜਾਪਦੇ ਸਨ। ਜਦੋਂ ਮੈ ਆਖਿਆ ਕਿ ਕੁਝ ਮਿੰਟਾਂ ਲਈ ਮੇਰੀਆਂ ਕਿਤਾਬਾਂ ਰੱਖ ਲਵੋ; ਮੈ ਮੱਥਾ ਟੇਕ ਆਵਾਂ; ਤਾਂ ਇਕ ਨੌਜਵਾਾਨ ਫੱਟ ਬੋਲ ਉਠਿਆ, ''ਇਹ ਕਿਤੇ ਘੱਗੇ ਵਰਗੀਆਂ ਕਿਤਾਬਾਂ ਤੇ ਨਹੀ?'' ਮੈ ਇਕ ਕਿਤਾਬ ਕਢ ਕੇ ਉਹਨਾਂ ਨੂੰ ਪੜ੍ਹਨ ਲਈ ਫੜਾ ਦਿਤੀ। ਖੈਰ, ਉਹਨਾਂ ਨੇ ਮੇਰਾ ਬੰਡਲ਼ ਆਪਣੇ ਕੋਲ਼ ਮੱਥਾ ਟੇਕਣ ਜਿੰਨੇ ਚਿਰ ਲਈ ਰੱਖਣ ਦੀ ਆਗਿਆ ਦੇ ਦਿਤੀ। ਉਹਨਾਂ ਪਾਸ ਆਪਣਾ ਬੁਚਕਾ ਰੱਖ ਕੇ ਮੱਥਾ ਮੈ ਟੇਕ ਆਇਆ। ਓਥੇ ਬਹੁ ਚਰਚਿਤ ਸੋਨੇ ਦੀ ਪਾਲਕੀ ਦੇ ਵੀ ਦਰਸ਼ਨ ਹੋ ਗਏ। ਇਸ ਪਾਲਕੀ ਬਾਰੇ ਜਾਣਕਾਰੀ ਤੇ ਆਪਣੇ ਵਿਚਾਰ ਇਕ ਵੱਖਰੇ ਲੇਖ ਰਾਹੀਂ ਪਾਠਕਾਂ ਨਾਲ਼ ਸਾਂਝੇ ਕਰਾਂਗਾ। ਜਿਨ੍ਹਾਂ ਵਲੈਤੀਆਂ ਦੀ ਬੱਸ ਵਿਚ ਬੈਠ ਕੇ ਮੈ ਲਾਹੌਰੋਂ ਆਇਆ ਸਾਂ ਉਹਨਾਂ ਨੇ ਸੁਲਾਹ ਹੀ ਨਾ ਮਾਰੀ ਕਿ ਮੈ ਉਹਨਾਂ ਦੁ ਕਿਸੇ ਕਮਰੇ ਦੀ ਕਿਸੇ ਨੁੱਕਰ ਵਿਚ ਸਾਮਾਨ ਟਿਕਾ ਕੇ ਕਿਸੇ ਬਰਾਂਡੇ ਵਿਚ ਰਾਤ ਕੱਟ ਲਵਾਂ।
ਫਿਰ ਗੁਰਦੁਆਰਾ ਤੰਬੂ ਸਾਹਿਬ ਜੀ ਵਿਚ ਚਲਿਆ ਗਿਆ। ਇਸ ਗੁਰਦੁਆਰਾ ਸਾਹਿਬ ਜੀ ਦੇ ਵਿਸ਼ਾਲ ਮੈਦਾਨ ਵਿਚ ਹੀ ਅਗਲੇ ਦਿਨ ਸੈਮੀਨਾਰ ਸਜਣਾ ਸੀ ਜਿਸ ਵਿਚ ਮੈ ਵੀ ਬੋਲਣਾ ਸੀ। ਸੋਚਿਆ ਕਿ ਓਥੇ ਵਲੈਤ ਵਿਚ ਰਹਿੰਦੇ ਸ. ਅਵਤਾਰ ਸਿੰਘ ਸੰਘੇੜਾ ਜੀ ਮੈਨੂੰ ਜਾਣਦੇ ਹਨ ਤੇ ਉਹਨਾਂ ਨੇ ਵਿਦੇਸ਼ੀ ਸੰਗਤਾਂ ਤੋਂ ਉਗ੍ਰਾਹੀ ਕਰਕੇ, ਓਥੇ ਸਰਾਵਾਂ ਵੀ ਬਣਵਾਈਆਂ ਹੋਈਆਂ ਹਨ। ਅਸੀਂ ਜੁਲਾਈ, ੨੦੦੪ ਵਿਚ ਇਟਲੀ ਵਿਚ ਮਿਲ਼ੇ ਸੀ। ਸ਼ਾਇਦ ਉਹ ਮੇਰੇ ਰਾਤ ਰਹਿਣ ਦਾ ਕੋਈ ਜੁਗਾੜ ਆਪਣੀ ਕਿਸੇ ਸਰਾਂ ਵਿਚ ਬਣਾ ਦੇਣ! ਉਹਨਾਂ ਮੈਨੂੰ ਪਛਾਣਿਆ ਹੀ ਨਾ। ਗੱਲ ਬਾਤ ਭਾਵੇਂ ਚੰਗੀ ਤਰ੍ਹਾਂ ਕੀਤੀ। ਇਹ ਵੇਖ ਕੇ ਮੈ ਉਹਨਾਂ ਨੂੰ ਆਪਣੇ ਰਾਤਰੀ ਟਿਕਾਣੇ ਬਾਰੇ ਸਵਾਲ ਹੀ ਨਾ ਪਾ ਸਕਿਆ। ਗੁਰਦੁਆਰਾ ਤੰਬੂ ਸਾਹਿਬ ਵਿਖੇ ਅਖੰਡਪਾਠ ਚੱਲ ਰਿਹਾ ਸੀ। ਰਾਤ ਮੈ ਓਥੇ ਇਕ ਨੁੱਕਰ ਵਿਚ ਆਪਣਾ 'ਕੈਂਪ' ਲਾ ਲਿਆ ਤੇ ਨਿਕ ਸੁਕ ਮਹਾਰਾਜ ਜੀ ਦੇ ਸੁਖ ਆਸਣ ਵਾਲ਼ੇ ਪਲੰਘ ਦੇ ਹੇਠਾਂ ਖਿਸਕਾ ਦਿਤਾ। ਇਉਂ ਮੇਰੀ ਰਾਤ ਮਹਾਂਰਾਜ ਜੀ ਦੇ ਚਰਨਾਂ ਵਿਚ ਭਰਪੂਰ ਸੁਖ ਨਾਲ਼ ਬੀਤੀ। ਸਵੇਰੇ ਸੰਘੇੜਾ ਜੀ ਦੁਆਰਾ ਬਣਵਾਈ ਗਈ ਸਰਾਂ ਦੇ ਗੁਸਲਖਾਨੇ ਵਿਚ ਇਸ਼ਨਾਨ ਵੀ ਕਰ ਲਿਆ। ਠੰਡ ਨਾ ਹੋਣ ਕਰਕੇ ਸੌਣ ਦੇ ਸਥਾਨ ਬਾਰੇ ਤਾਂ ਕੋਈ ਫਿਕਰ ਨਹੀ ਸੀ ਪਰ ਸਵੇਰੇ ਨਹੌਣ ਬਾਰੇ ਫਿਕਰ ਮੈਨੂੰ ਜ਼ਰੂਰ ਹੋ ਜਾਂਦਾ ਹੈ। ਇਸ ਤੋਂ ਇਲਾਵਾ ਇਹ ਵੀ ਫਿਕਰ ਸੀ ਕਿ ਰਾਤ ਨੂੰ ਇਸ ਮੇਲੇ ਵਿਚ ਜੇ ਕੋਈ ਮੇਰਾ ਨਿਕ ਸੁਕ ਜਿਹਾ ਕੱਛੇ ਮਾਰ ਗਿਆ ਤਾਂ ਮੈ ਫਿਰ ਕੀਹਦੀ ਮਾਂ ਨੂੰ ਮਾਸੀ ਆਖੂੰ ਜਾਂ ਫਿਰ ਬੀਬੀਆਂ ਨੂੰ ''ਮੈ ਕੇਹੜੀ ਦਾ ਫੁੱਫੜ ਆਂ ਕੁੜੇ?'' ਪੁਛਦਾ ਫਿਰੂੰ! ਲੰਗਰ ਤਾਂ ਥਾਂ ਥਾਂ ਲੱਗੇ ਹੋਏ ਸਨ। ਹਰ ਪ੍ਰਕਾਰ ਦਾ ਲੰਗਰ ਸੰਗਤਾਂ ਨੂੰ ਖੁਲ੍ਹਾ ਮਿਲ਼ ਰਿਹਾ ਸੀ। ਕਾਰ ਸੇਵਾ ਵਾਲ਼ੇ ਬਾਬਿਆਂ ਵੱਲੋਂ ਵੀ ਇਕ ਤੋਂ ਵਧ ਥਾਂਵਾਂ ਤੇ ਸਨਿਘਦ ਲੰਗਰ ਚੱਲ ਰਹੇ ਸਨ।
ਅਗਲੇ ਦਿਨ ਗੁਰਦੁਆਰਾ ਤੰਬੂ ਸਾਹਿਬ ਜੀ ਦੇ ਮੈਦਾਨ ਵਿਚ ਵਿਸ਼ਾਲ ਸ਼ਾਮਿਆਨੇ ਅੰਦਰ ਵੱਡੇ ਪੈਮਾਨੇ ਤੇ, ਵਕਫ਼ ਬੋਰਡ ਵੱਲੋਂ ਸੈਮੀਨਾਰ ਦਾ ਪ੍ਰਬੰਧ ਕੀਤਾ ਗਿਆ ਸੀ। ਇਸ ਵਿਚ ਤਕਰੀਬਨ ਸਾਰੀ ਦੁਨੀਆ ਤੋਂ ਧਾਰਮਿਕ, ਵਿਦਵਾਨ ਤੇ ਸੂਝਵਾਨ ਸਿੱਖ ਸ਼ਾਮਲ ਸਨ ਤੇ ਨਾਲ਼ ਹੀ ਪਾਕਿਸਤਾਨ ਦੇ ਉਚ ਪਧਰ ਦੇ ਕੁਝ ਲੋਕ ਵੀ ਹਾਜਰ ਸਨ। ਇਹਨਾਂ ਵਿਚ ਬੀਬੀ ਡਾ. ਦਿਲਸ਼ਾਦ ਚੀਮਾ ਜੀ ਵੀ ਸਨ ਤੇ ਉਹਨਾਂ ਨੇ ਲੈਕਚਰ ਵੀ ਬੇਬੇ ਨਾਨਕੀ ਜੀ ਬਾਰੇ ਦਿਤਾ ਤੇ ਦੱਸਿਆ ਕਿ ਉਹਨਾਂ ਨੇ ਬੀਬੀ ਜੀ ਬਾਰੇ ਇਕ ਕਿਤਾਬ ਵੀ ਛਾਪੀ ਹੈ। ਇਹ ਪਹਿਲੀ ਬੀਬੀ ਹੈ ਜਿਸਨੇ ਪਾਕਿਸਤਾਨ ਵਿਚ ਪੰਜਾਬੀ ਵਿਚ ਡਾਕਟਰੇਟ ਕੀਤੀ ਹੈ। ਉਹਨਾਂ ਦਾ ਥੀਸਿਸ ਬਾਬੂ ਫ਼ੀਰੋਜ਼ ਦੀਨ ਸ਼ਰਫ਼ ਦੀ ਜੀਵਨੀ ਅਤੇ ਲਿਖਤਾਂ ਬਾਰੇ ਸੀ। ਇਸ ਸੈਮੀਨਾਰ ਦਾ ਆਰੰਭਕ ਭਾਸ਼ਨ ਮੇਰਾ ਸੀ। ਮੈਨੂੰ ਪ੍ਰਬੰਧਕਾਂ ਵੱਲੋਂ ਆਖਿਆ ਗਿਆ ਸੀ ਕਿ ਮੈ 'ਸਿੱਖ ਸਮਾਜ ਵਿਚ ਇਸਤਰੀ ਦਾ ਸਥਾਨ ਤੇ ਭਰੂਣ ਹੱਤਿਆ' ਬਾਰੇ ਬੋਲਾਂ। ਉਹਨਾਂ ਨੇ ਬੋਲਣ ਤੋਂ ਪਹਿਲਾਂ ਆਪਣਾ ਭਾਸ਼ਨ ਲਿਖ ਕੇ ਦੇਣ ਲਈ ਵੀ ਆਖਿਆ ਤਾਂ ਕਿ ਉਹ ਇਸਨੂੰ 'ਪੰਜ ਰੰਗ' ਨਾਮੀ ਰਸਾਲੇ ਵਿਚ ਛਾਪ ਸਕਣ ਪਰ ਮੈ ਆਪਣੇ ਦਲਿਦਰੀ ਸੁਭਾ ਅਨੁਸਾਰ ਅਜਿਹਾ ਨਾ ਕਰ ਸਕਿਆ ਤੇ ਸਦਾ ਵਾਂਗ ਸਿਧਾ ਸਟੇਜ ਉਪਰ ਹੀ ਬੋਲ ਦਿਤਾ। ਇਸਦੀ ਸ੍ਰੋਤਿਆਂ ਤੇ ਮੀਡੀਆ ਵੱਲੋਂ ਭਰਪੂਰ ਪਰਸੰਸਾ ਹੋਈ। ਸੈਮੀਨਾਰ ਦੇ ਪ੍ਰਧਾਨ, ਵਕਫ਼ ਬੋਰਡ ਦੇ ਚੇਅਰਮੈਨ, ਮੇਜਰ ਜਨਰਲ ਮੁਹੰਮਦ ਜਾਵਿਦ ਜੀ ਨੂੰ ਮੈ ਸਟੇਜ ਉਪਰ ਆਪਣੀਆਂ ਕਿਤਾਬਾਂ ਦਾ ਸੈਟ ਵੀ ਭੇਟ ਕੀਤਾ ਤੇ ਪ੍ਰਬੰਧਕਾਂ ਵੱਲੋਂ ਮੈਨੂੰ ਉਹਨਾਂ ਦੇ ਹੱਥੋਂ ਮੇਮੈਂਟੋ ਤੇ ਕੁਝ ਕਿਤਾਬਾਂ ਦਾ ਸੈਟ ਵੀ ਭੇਟ ਕਰਵਾਇਆ ਗਿਆ।
ਅੰਮ੍ਰਿਤਸਰ ਵਿਚ ਗੁ. ਬਾਬਾ ਦੀਪ ਸਿੰਘ ਸ਼ਹੀਦ ਜੀ ਦੇ ਪ੍ਰਬੰਧਕਾਂ ਨਾਲ਼ ਇਕਰਾਰ ਕਰ ਆਇਆ ਸਾਂ ਕਿ ੧੪ ਨਵੰਬਰ ਵਾਲ਼ੇ ਬਾਬਾ ਜੀ ਦੇ ਸ਼ਹੀਦੀ ਦੀਵਾਨ ਵਿਚ ਮੈ ਬੋਲਾਂਗਾ। ਇਸ ਲਈ ਸ੍ਰੀ ਨਾਨਕਾਣੇ ਸਾਹਿਬ ਤੋਂ ਬਾਰਾਂ ਦੀ ਰਾਤ ਨੂੰ ਹੀ ਮੈਨੂੰ ਲਾਹੌਰ ਵਿਖੇ ਮੁੜਨਾ ਚਾਹੀਦਾ ਸੀ ਤਾਂ ਕਿ ੧੩ ਨੂੰ ਮੈ ਅੰਮ੍ਰਿਤਸਰ ਪੁੱਜ ਜਾਵਾਂ ਜਿਥੇ ੧੪ ਨੂੰ ਸਵੇਰੇ ਦੇ ਦੀਵਾਨ ਵਿਚ ਹਾਜਰੀ ਭਰ ਸਕਾਂ। ਸੈਮੀਨਾਰ ਤੋਂ ਪਹਿਲਾਂ ਬੱਸ ਅੱਡੇ ਤੇ ਜਾ ਕੇ ਲਾਹੌਰ ਵਾਲੀ ਬੱਸ ਦਾ ਪਤਾ ਕੀਤਾ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਸਰਕਾਰ ਦਾ ਹੁਕਮ ਹੈ ਕਿ ਕਿਸੇ ਵੀ ਸਿੱਖ ਨੂੰ ੧੪ ਤਰੀਕ ਤੋਂ ਪਹਿਲਾਂ ਨਾਨਕਾਣੇ ਤੋਂ ਬਾਹਰ ਨਹੀ ਜਾਣ ਦੇਣਾ। ਮੇਰੇ ਗੁਪਤੀ ਤੌਰ ਤੇ ਲੈ ਜਾਣ ਦੇ ਸੁਝਾ ਤੇ ਉਹਨਾਂ ਕਿਹਾ ਕਿ ਰਾਹ ਵਿਚ ਪੁਲ਼ਸ ਨੇ ਰੋਕ ਕੇ ਸਾਰੀਆਂ ਸਵਾਰੀਆਂ ਨੂੰ ਖੱਜਲ਼ ਕਰਨਾ ਹੈ। ਇਸ ਲਈ ਸਰਦਾਰ ਜੀ, ਅਸੀਂ ਇਹ ਕੰਮ ਨਹੀ ਕਰ ਸਕਦੇ। ਇਹ ਜਾਣ ਕੇ ਮੇਰੀ ਖਾਨਿਓਂ ਗਈ। ਮੈਨੂੰ ਆਪਣੇ ਇਕਰਾਰ ਤੋਂ ਝੂਠੇ ਪੈ ਜਾਣ ਦਾ ਫਿਕਰ ਪੈ ਗਿਆ। ਬੱਸ ਅੱਡੇ ਤੋਂ ਤਾਂ ਮੈ ਮੁੜ ਆਇਆ। ਸੈਮੀਨਾਰ ਵਿਚ ਹੋਰ ਸ੍ਰੋਤਿਆਂ ਤੋਂ ਇਲਾਵਾ ਇਕ ਓਥੇ ਹਾਜਰ ਲੋਕਾਂ ਵਿਚੋਂ ਸਭ ਤੋਂ ਲੰਮਾ ਸਿੱਖ ਨੌਜਵਾਨ ਵੀ ਸੈਮੀਨਾਰ ਦੀ ਸਮਾਪਤੀ ਤੇ ਚਾਹ ਪਾਣੀ ਛਕਦਿਆਂ ਮੇਰੇ ਭਾਸ਼ਨ ਦੇ ਬਾਕੀ ਪ੍ਰਸੰਸਕਾਂ ਵਾਂਗ ਹੀ ਮੇਰੇ ਨਾਲ਼ ਗੱਲੀਂ ਲੱਗ ਪਿਆ। ਉਸ ਵੱਲੋਂ ਮੇਰਾ ਅਗਲਾ ਪ੍ਰੋਗਰਾਮ ਪੁੱਛਣ ਉਤੇ ਜਦੋਂ ਮੈ ਉਸਨੂੰ ਆਪਣੀ ਇਹ ਵਿਥਿਆ ਸੁਣਾਈ ਤਾਂ ਉਸਨੇ ਆਖਿਆ ਕਿ ਉਹ ਮੈਨੂੰ ਆਪਣੀ ਕਾਰ ਤੇ ਓਸੇ ਰਾਤ ਹੀ ਲਾਹੌਰ ਪੁਚਾ ਦੇਵੇਗਾ। ''ਅੰਨ੍ਹਾ ਕੀ ਭਾਲ਼ੇ, ਦੋ ਅੱਖਾਂ!' ਮੇਰੀ ਤਾਂ ਸਾਰੀ ਸਮੱਸਿਆ ਹੀ ਹੱਲ ਹੋ ਗਈ। ਉਸਨੇ ਮੈਨੂੰ ਰਾਤ ਹੀ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਲਾਹੌਰ ਪੁਚਾ ਦਿਤਾ। ਇਸ ਸੁਲਝੇ ਹੋਏ ਚੰਗੇ ਨੌਜਵਾਨ ਦਾ ਨਾਂ ਸ. ਗੁਰਮੀਤ ਸਿੰਘ ਲਾਇਲਪੁਰੀਆ ਹੈ ਤੇ ਇਹ ਫ਼ੈਸਲਾਬਾਦ (ਲਾਇਲਪੁਰ) ਦਾ ਰਹਿਣ ਵਾਲ਼ਾ ਹੈ। ਫ਼ੈਸਲਾਬਾਦ ਵਿਚ ਇਸ ਤੋਂ ਇਲਾਵਾ ਦੋ ਘਰ ਹੋਰ ਵੀ ਸਿੱਖਾਂ ਦੇ ਹਨ। ਕੁੱਲ ਤਿੰਨ ਪਰਵਾਰ ਉਸ ਸ਼ਹਿਰ ਵਿਚ ਵੱਸਦੇ ਹਨ।
ਰਸਤੇ ਵਿਚ ਉਸਨੇ ਆਪਣਾ ਪਰਵਾਰਕ ਪਿਛੋਕੜ ਮੇਰੇ ਪੁੱਛਣ ਤੇ ਇਉਂ ਦੱਸਿਆ:
੧੯੦੧ ਵਿਚ ਸਾਡੇ ਬਜ਼ੁਰਗਾਂ ਨੇ ਜ਼ਿਲਾ ਗੁਰਦਾਸਪੁਰ ਦੇ ਕਿਸੇ ਪਿੰਡ ਵਿਚੋਂ ਆ ਕੇ, ਬਾਕੀ ਸਿੱਖਾਂ ਵਾਂਗ ਹੀ ਲਾਇਲਪੁਰ ਵਿਚ ਜ਼ਮੀਨ ਪ੍ਰਾਪਤ ਕਰਕੇ ਖੇਤੀ ਸ਼ੁਰੂ ਕੀਤੀ ਸੀ। ੧੯੪੭ ਦੇ ਰੌਲ਼ਿਆਂ ਵਿਚ ਕਾਤਲ ਤੇ ਲੁਟੇਰਿਆਂ ਦੇ ਹਜੂਮ ਨੇ ਸਾਡੇ ਟੱਬਰ ਤੇ ਹਮਲਾ ਕਰ ਦਿਤਾ। ਮੇਰੇ ਬਾਬੇ ਦੀ ਪੀਹੜੀ ਦੇ ਮਰਦ ਤਾਂ ਸਾਰੇ ਹਮਲਾਵਰਾਂ ਦਾ ਮੁਕਾਬਲਾ ਕਰਦੇ ਹੋਏ ਮਾਰੇ ਗਏ ਪਰ ਬੱਚੇ ਤੇ ਜਨਾਨੀਆਂ ਸਾਰੇ ਭੱਜ ਕੇ ਇਸਾਈਆਂ ਦੇ ਇਕ ਧਾਰਮਿਕ ਸਥਾਨ ਵਿਚ ਜਾ ਵੜੇ। ਓਥੋਂ ਦੇ ਪ੍ਰਬੰਧਕਾਂ ਨੇ ਮੇਰੇ ਪਿਓ ਦੀ ਪੀਹੜੀ ਦੇ ਬੱਚਿਆਂ ਦੇ ਫਟਾ ਫਟ ਕੇਸ ਕੱਟ ਕੇ ਹਮਲਾਵਰਾਂ ਨੂੰ ਦੱਸ ਦਿਤਾ ਕਿ ਇਹ ਸਾਰੇ ਇਸਾਈ ਹਨ। ਇਸ ਤਰ੍ਹਾਂ ਮੇਰੇ ਚਾਚੇ, ਤਾਏ ਤੇ ਪਿਓ ਜੋ ਕਿ ਉਸ ਸਮੇ ਬੱਚੇ ਹੀ ਸਨ, ਈਸਾਈ ਬਣ ਗਏ। ਮੇਰੀ ਦਾਦੀ ਤੇ ਦਾਦੀ ਦੀਆਂ ਦਰਾਣੀਆਂ ਜਿਠਾਣੀਆਂ ਵੀ ਈਸਾਈ ਅਖਵਾ ਕੇ ਬਚ ਗਈਆਂ। ਮੇਰੇ ਪਿਓ ਦੀ ਪੀਹੜੀ ਦੇ ਸਾਰੇ ਮਰਦ ਈਸਾਈ ਹੀ ਬਣ ਗਏ। ਹੁਣ ਮੇਰਾ ਸਾਰਾ ਕੋੜਮਾ ਈਸਾਈ ਹੈ। ਮੈਨੂੰ ਜਦੋਂ ਆਪਣੇ ਪਿਛੋਕੜ ਦਾ ਪਤਾ ਲੱਗਾ ਤਾਂ ਮੈ ਤੇ ਮੇਰੀ ਵਹੁਟੀ ਨੇ ੧੯੯੯ ਦੀ ਵਿਸਾਖੀ ਨੂੰ ਅੰਮ੍ਰਿਤ ਛਕ ਲਿਆ। ਅਸੀਂ ਸਿੰਘ ਸਜ ਗਏ ਹਾਂ। ਮੇਰੀ ਪਤਨੀ ਪੰਜ ਕਕਾਰ ਦੀ ਧਾਰਨੀ ਹੈ; ਕੇਸਕੀ ਵੀ ਸਜਾਉਂਦੀ ਹੈ। ਪਾਕਿਸਤਾਨ ਵਿਚ ਇਹ ਪਹਿਲੀ ਸਿੱਖ ਬੀਬੀ ਹੈ ਜਿਸ ਨੇ ਮਾਸਟਰ ਡਿਗਰੀ ਕੀਤੀ ਹੈ। (ਉਸ ਭਲੀ ਬੀਬੀ ਦੇ ਮੈ ਵੀ ਦਰਸ਼ਨ ਕੀਤੇ ਹਨ। ਬਹੁਤ ਹੀ ਪ੍ਰਭਾਵਸ਼ਾਲੀ ਸ਼ਖ਼ਸੀਅਤ, ਮਿਠ ਬੋਲੜੀ, ਨਿਰਮਾਣ ਤੇ ਸਟੇਜ ਦੀ ਵੀ ਧਨੀ ਹੈ।) ਉਸਨੇ ਇਕਨਾਮਿਕਸ ਦੀ ਐਮ. ਏ. ਕੀਤੀ ਹੋਈ ਹੈ। ਸਾਰੇ ਰਿਸ਼ਤੇਦਾਰਾਂ ਨੇ ਸਾਡਾ ਸਿੰਘ ਸਜਣ ਤੇ ਬਾਈਕਾਟ ਕਰ ਦਿਤਾ ਹੈ। ਚੋਭਾਂ ਲਾਉਂਦੇ ਹਨ। ਮੇਰੇ ਪਿਓ ਨੇ ਮੈਨੂੰ ਜੱਦੀ ਜਾਇਦਾਦ ਤੋਂ ਬੇਦਖ਼ਲ ਕਰ ਦਿਤਾ ਹੈ। ਅਸੀਂ ਗੁਰੂ ਜੀ ਦੇ ਸ਼ੁਕਰ ਗੁਜ਼ਾਰ ਹਾਂ ਕਿ ਉਸਨੇ ਕਿਰਪਾ ਕਰਕੇ ਸਾਨੂੰ ਸਿੱਖੀ ਦਾਨ ਬਖ਼ਸਿਆ ਹੈ। ਮੈ ਪਾਕਿਸਤਾਨੀ ਮੀਡੀਏ ਵਿਚ ਕੰਮ ਕਰਦਾ ਹਾਂ। ਸਿੱਖਾਂ ਦੀ ਭਲਾਈ ਹਿਤ ਅਸੀਂ ਕੁਝ ਨੌਜਵਾਨਾਂ ਨੇ ਮਿਲ਼ ਕੇ, ਸ੍ਰੀ ਨਨਕਾਣਾ ਸਾਹਿਬ ਵਿਚ 'ਲੋਕ ਵਿਹਾਰ' ਨਾਂ ਦੀ ਜਥੇਬੰਦੀ ਵੀ ਬਣਾਈ ਹੋਈ ਹੈ। ਹਾਸੇ ਨਾਲ਼ ਉਸਨੇ ਇਹ ਵੀ ਆਖਿਆ: ਸ਼ੁਕਰ ਹੈ ਕਿ ਸਾਡੇ ਬਜ਼ੁਰਗ ਈਸਾਈ ਹੀ ਬਣੇ ਸਨ ਜੇ ਕਿਤੇ ਉਸ ਸਮੇ ਉਹ ਮੁਸਲਮਾਨ ਬਣ ਜਾਂਦੇ ਤਾਂ ਹੁਣ ਮੇਰੇ ਸਿੱਖ ਬਣਨ ਤੇ ਬਾਈਕਾਟ ਦੀ ਥਾਂ ਮੇਰਾ ਸਿਰ ਕਲਮ ਕੀਤਾ ਜਾਣਾ ਸੀ। ਮੈ ਰਾਵਲਪਿੰਡੀ ਵਿਚ ਹੋ ਰਹੇ ਇੰਟਰਫੇਥ ਸੈਮੀਨਾਰ ਵਿਚ ਭਾਸ਼ਨ ਕਰਨ ਜਾ ਰਿਹਾ ਹਾਂ। ਜੇਕਰ ਤੁਸੀਂ ਮੇਰੇ ਨਾਲ਼ ਚੱਲ ਕੇ ਇਹ ਕਾਰਜ ਕਰੋ ਤਾਂ ਚੰਗੇਰਾ ਹੋਵੇਗਾ।
ਏਨਾ ਚੰਗਾ ਸ਼ੁਭ ਅਵਸਰ ਗਵਾ ਲੈਣ ਦਾ ਅਫ਼ਸੋਸ ਤਾਂ ਮੈਨੂੰ ਹੋਇਆ ਪਰ ਮੈ ਅੰਮ੍ਰਿਤਸਰ ਵਿਚ ਪਹਿਲਾਂ ਕੀਤੇ ਇਕਰਾਰ ਕਰਕੇ ਉਸ ਨਾਲ਼ ਜਾਣੋ ਆਪਣੀ ਅਸਮਰਥਾ ਪ੍ਰਗਟਾ ਦਿਤੀ। ਰਾਤ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਵਿਖੇ ਰਹਿ ਕੇ ਸਵੇਰੇ ਥ੍ਰੀ ਵਹੀਲਰ ਰਾਹੀਂ ਬੱਸ ਅਡੇ ਤੇ ਜਾ ਕੇ ਜਲ੍ਹੋ ਦੀ ਬੱਸ ਫੜੀ ਤੇ ਓਥੋਂ ਥ੍ਰੀ ਵਹੀਲਰ ਰਾਹੀਂ ਵਾਹਗੇ ਜਾ ਅੱਪੜਿਆ। ਏਥੇ ਪਤਾ ਨਹੀ ਕਿਉਂ ਕੁੱਲੀ ਮੇਰੇ ਉਦਾਲ਼ੇ ਨਹੀ ਹੋਏ! ਸ਼ਾਇਦ ਅਜੇ ਬਹੁਤ ਸਵੱਖਤਾ ਹੋਣ ਕਰਕੇ ਅਜਿਹਾ ਹੋ ਗਿਆ ਹੋਵੇਗਾ! ਭਾਰਤੀ ਪਾਸੇ ਇਕ ਸਰਦਾਰ ਕੁੱਲੀ ਜਵਾਨ ਜਿਹਾ ਨੇੜੇ ਆਇਆ। ਮੈ ਖ਼ੁਸ਼ੀ ਨਾਲ਼ ਹੀ ਉਸਨੂੰ ਇਕ ਛੋਟਾ ਨੋਟ ਦਿਤਾ ਤਾਂ ਉਸਦੇ ਮੂਹੋਂ ਨਿਕਲ਼ ਗਿਆ ਕਿ ਉਸ ਰਾਤ ਨੂੰ ਉਹ ਗੁਰਦੁਆਰੇ ਵਿਚ ਗੁਰਪੁਰਬ ਮਨਾ ਰਹੇ ਹਨ। ਓਥੇ ਦੀ ਉਗ੍ਰਾਹੀ ਵਿਚ ਇਹ ਮਾਇਆ ਪਾ ਦੇਣਗੇ। ਇਹ ਸੁਣ ਕੇ ਮੈ ਉਹ ਨੋਟ ਵਾਪਸ ਲੈ ਕੇ ਉਸਨੂੰ ੧੦੧ ਭੇਟ ਕੀਤੇ।
ਭਾਰਤੀ ਪਾਸੇ ਇਮੀਗ੍ਰੇਸ਼ਨ ਵਾਲ਼ਿਆਂ ਨੇ ਵਾਹਵਾ ਚਿਰ ਲਾਇਆ।ਉਹ ਇਉਂ ਅਹਿਸਾਸ ਕਰਵਾ ਰਹੇ ਸਨ ਜਿਵੇਂ ਆਖ ਰਹੇ ਹੋਣ: ਸਾਡੇ ਯੱਕੇ ਨੇ ਮਟਕ ਨਾਲ਼ ਤੁਰਨਾ, ਕਾਹਲ਼ੀ ਏਂ ਤਾਂ ਰੇਲ ਚੜ੍ਹ ਜਾਹ। ਉਹਨਾਂ ਦਾ ਤਾਂ ਸੁਭਾ ਹੈ: ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮਟਕ ਦੇ ਨਾਲ਼। ਓਥੋਂ ਵੇਹਲਾ ਹੋ ਕੇ ਬਾਹਰ ਨਿਕਲ਼ਿਆ ਤਾਂ ਮਗਰੇ ਇਕ ਅਫ਼ਸਰ ਵਾਜਾਂ ਮਾਰਦਾ ਭੱਜਾ ਆਇਆ; ਇਹ ਆਖਦਾ, ''ਸਰਦਾਰ ਜੀ, ਆਪਣਾ ਪਾਸਪੋਰਟ ਏਥੇ ਹੀ ਛੱਡ ਚੱਲੇ ਜੇ! ਇਸਦੀ ਲੋੜ ਨਹੀ?'' ਇਹ ਜਾਣ ਕੇ ਇਕ ਵੇਰਾਂ ਤਾਂ ਮੈਨੂੰ ਝੁਣਝੁਣੀ ਜਿਹੀ ਆ ਗਈ ਕਿ ਜੇ ਇਹ ਚੰਗੇ ਸੱਜਣ ਮੇਰੇ ਮਗਰ ਨਾ ਭੱਜਦੇ ਤਾਂ ਮੈਨੂੰ ਮੁੰਬਈ ਜਾ ਕੇ ਹੀ ਪਤਾ ਲੱਗਣਾ ਸੀ ਕਿ ਮੇਰੇ ਪਾਸ ਮੇਰਾ ਪਾਸਪੋਰਟ ਨਹੀ ਹੈ। ੮ ਅਕਤੂਬਰ ਨੂੰ ਲੰਡਨ ਦੇ ਹੀਥਰੋ ਏਅਰਪੋਰਟ ਤੇ ਤਾਂ ਮੈ ਸੈਕਿਉਰਟੀ ਵਾਲ਼ਿਆਂ ਕੋਲ਼ ਸਿਰਫ ਆਪਣਾ ਮੋਬਾਇਲ ਹੀ ਭੁੱਲ ਕੇ ਆਇਆ ਸਾਂ ਜਿਸ ਦਾ ਕੋਈ ਬਹੁਤਾ ਨੁਕਸਾਨ ਨਹੀ ਸੀ ਸਿਵਾਇ ਫ਼ੋਨ ਦੇ ਪਰ ਪਾਸਪੋਰਟ ਗਵਾਚਣ ਕਰਕੇ ਤਾਂ 'ਜਾਹ ਜਾਂਦੀਏ' ਹੋ ਜਾਣੀ ਸੀ।
ਇਹਨਾਂ ਦਫ਼ਤਰਾਂ ਦੀ ਫਾਰਮੈਲਿਟੀ ਵਿਚੋਂ ਅਖੀਰਲੀ ਫਾਰਮੈਲਿਟੀ ਪੂਰੀ ਕਰਨ ਵਾਲ਼ੀ ਲਾਈਨ ਵਿਚ ਇਕ ਜਾਣੀ ਪਛਾਣੀ ਜਿਹੀ ਹਸਤੀ ਖਲੋਤੀ ਦਿਸੀ। ਪਤਲਾ ਸਰੀਰ, ਪੈਂਟ ਬੁਸ਼ਰਟ ਵਾਲ਼ਾ ਸਾਦਾ ਲਿਬਾਸ ਪਾਇਆ ਹੋਇਆ ਤੇ ਪੱਗ ਸਰੀਰ ਦੀ ਬਣਤਰ ਤੇ ਬਾਕੀ ਲਿਬਾਸ ਨਾਲ਼ੋਂ ਕੁਝ ਵਧੇਰੇ ਭਾਰੀ। ਪੁੱਛ ਪੁਛੱਈਏ ਤੋਂ ਪਿਛੋਂ ਸ਼ੱਕ ਸਚਾਈ ਵਿਚ ਹੀ ਪਰਗਟ ਹੋ ਗਿਆ। ਇਸ ਸਨ ਪ੍ਰਸਿਧ ਲੇਖਕ ਸ. ਗੁਰਤੇਜ ਸਿੰਘ ਸਾਬਕ ਡਿਪਟੀ ਕਮਿਸ਼ਨਰ। ਅਸੀਂ ੨੦੦੩ ਵਿਚ ਲੰਡਨ ਵਿਖੇ ਇਕ ਸੈਮੀਨਾਰ ਵਿਚ ਮਿਲ਼ੇ ਸਾਂ। ਪੁਛਿਆ ਕਿ ਤੁਸੀਂ ਸਵੇਰੇ ਸਵੇਰੇ ਏਥੇ ਕਿਵੇਂ? ਕੀ ਮੇਰੇ ਨਾਲ਼ੋਂ ਵੀ ਪਹਿਲਾਂ ਲਾਹੌਰੋਂ ਆ ਗਏ? ਉਹਨਾਂ ਨੇ ਦੱਸਿਆ ਕਿ ਉਹ ਲਾਹੌਰੋਂ ਨਹੀ ਮੁੜ ਰਹੇ ਪਰ ਇਕ ਸਿੱਖ ਅਫ਼ਸਰ ਦੀ 'ਕਿਰਪਾ' ਨਾਲ਼ ਲਾਹੌਰ ਜਾਣ ਤੋਂ ਵਾਪਸ ਮੋੜ ਦਿਤੇ ਗਏ ਹਨ। ਉਹ ਸ੍ਰੀ ਨਨਕਾਣਾ ਸਾਹਿਬ ਦੀ ਯਾਤਰਾ ਲਈ ਜਾ ਰਹੇ ਸਨ। ਵੱਡੇ ਹਿੰਦੂ ਅਫ਼ਸਰ ਨੇ ਤਾਂ ਉਹਨਾਂ ਨੂੰ ਜਾਣ ਦੀ ਆਗਿਆ ਦੇ ਦਿਤੀ ਪਰ ਉਸ ਨਾਲ਼ੋਂ ਇਕ ਛੋਟੇ ਸਿੱਖ ਅਫ਼ਸਰ ਨੇ ਬਿਨਾ ਲੋੜੋਂ ਹੀ ਸਰਦਾਰ ਜੀ ਦਾ ਪਾਸਪੋਰਟ ਵੇਖ ਕੇ, ਕਿਸੇ ਕਾਨੂੰਨੀ ਘੁੰਣਤਰਬਾਜੀ ਰਾਹੀਂ ਉਹਨਾਂ ਨੂੰ ਸਰਹੱਦ ਤੋਂ ਵਾਪਸ ਮੋੜ ਦਿਤਾ। ਉਹਨਾਂ ਨੇ ਦੱਸਿਆ ਕਿ ਉਹ ਹੁਣ ਅਗਲੇ ਦਿਨ ਪਾਕਿਸਤਾਨ ਜਾਣ ਦਾ ਫਿਰ ਯਤਨ ਕਰਨਗੇ। ਸ੍ਰੀ ਦਰਬਾਰ ਸਾਹਿਬ ਜਾ ਕੇ ਅਰਦਾਸ ਵੀ ਕਰਨਗੇ ਕਿ ਅਗਲੇ ਦਿਨ ਉਹ ਸਿੱਖ ਅਫ਼ਸਰ ਕਿਸੇ ਤਰ੍ਹਾਂ ਓਥੇ ਡਿਊਟੀ ਉਪਰ ਨਾ ਹੋਵੇ ਤੇ ਉਹ ਸ੍ਰੀ ਨਨਕਾਣਾ ਸਾਹਿਬ ਜੀ ਦੀ ਯਾਤਰਾ ਕਰ ਸਕਣ। ਇਹ ਸੁਣ ਕੇ ਮੇਰੇ ਦਹਾਕਿਆਂ ਤੋਂ ਆਪਣੇ ਸਿੱਖ ਅਫ਼ਸਰਾਂ ਨਾਲ਼ ਵਾਹ ਪੈਣ ਤੇ ਹੋਏ ਵਾਰ ਵਾਰ ਕੌੜੇ ਤਜੱਰਬਿਆਂ ਉਪਰ ਮੋਹਰ ਲੱਗ ਗਈ।
ਸਰਦਾਰ ਜੀ ਨੇ ਟੈਕਸੀ ਕੀਤੀ ਤੇ ਮੈਨੂੰ ਵੀ ਆਪਣੇ ਨਾਲ਼ ਹੀ ਬਹਾ ਕੇ ਅੰਮ੍ਰਿਤਸਰ ਦੇ ਕ੍ਰਿਸਟਿਲ ਚੌਂਕ ਵਿਚ ਜਾ ਉਤਾਰਿਅ। ਓਥੇ ਉਹਨਾਂ ਨੇ ਕ੍ਰਿਸਟਿਲ ਹੋਟਲ ਵਿਚ ਆਪਣਾ ਬਸੇਰਾ ਕਰਨਾ ਸੀ। ਵੱਡੇ ਬੰਦਿਆਂ ਦੇ ਦਿਲ ਵੀ ਸ਼ਾਇਦ ਵੱਡੇ ਹੀ ਹੁੰਦੇ ਹੋਣ! ਟੈਕਸੀ ਵਾਲ਼ੇ ਨੇ ਸਾਢੇ ਪੰਜ ਸੌ ਮੰਗਿਆ। ਇਹਨਾਂ ਨੇ ਦੂਜੀ ਗੱਲ ਹੀ ਨਹੀ ਕੀਤੀ। ਟੈਕਸੀ ਤੇ ਬਹਿ ਗਏ ਤੇ ਸਾਢੇ ਪੰਜ ਸੌ ਮਨਜ਼ਲ ਤੇ ਪਹੁੰਚ ਕੇ ਉਸਨੂੰ ਫੜਾ ਦਿਤਾ ਤੇ ਉਤਰ ਗਏ। ਮੈ ਤਾਂ ਪਹਿਲਾਂ ਵਾਂਗ ਬੱਸ ਹੀ ਉਡੀਕਣੀ ਸੀ। ਰਸਤੇ ਵਿਚ ਮੇਰੇ ਵੱਲੋਂ ਇਹ ਆਖਣ ਤੇ ਕਿ ਤੁਸੀਂ ਹੋਟਲ ਵਿਚ ਕਿਉਂ ਠਹਿਰ ਰਹੇ ਹੋ ਜਦੋਂ ਕਿ ਤੁਹਾਡੇ ਪਧਰ ਦੀ ਸਰਾਂ ਵੀ ਸ੍ਰੀ ਦਰਬਾਰ ਸਾਹਿਬ ਦੇ ਨਜ਼ਦੀਕ ਹੈ ਜਿਥੇ ਯੋਗ ਕਰਾਇਆ ਦੇ ਕੇ ਤੁਸੀਂ ਰਹਿ ਸਕਦੇ ਹੋ। ਨੇੜੇ ਹੋਣ ਕਰਕੇ ਓਥੋਂ ਸ੍ਰੀ ਦਰਬਾਰ ਸਾਹਿਬ ਵੀ ਜਾਣਾ ਸੌਖਾ ਹੈ। ਫਿਰ ਤੁਹਾਡੇ ਪਧਰ ਦੇ ਵਿਅਕਤੀ ਵਾਸਤੇ ਓਥੇ ਕਮਰਾ ਬੁਕ ਕਰਵਾਉਣ ਦੀ ਵੀ ਕੋਈ ਸਮੱਸਿਆ ਨਹੀ ਹੋਵੇਗੀ ਪਰ ਉਹਨਾਂ ਨੇ ਇਹਨਾਂ 'ਬਖੇੜਿਆਂ' ਵਿਚ ਪੈਣ ਤੋਂ ਟਾਲ਼ਾ ਵੱਟਣਾ ਹੀ ਯੋਗ ਜਾਣਿਆ।
ਮੈ ਕ੍ਰਿਸਟਿਲ ਚੌਕ ਤੋਂ ਰਿਕਸ਼ਾ ਫੜ ਕੇ ਬੱਸ ਅਡੇ ਤੇ ਜਾਣਾ ਚਾਹਿਆ ਪਰ ਰਿਕਸ਼ੇ ਵਾਲ਼ੇ ਨੇ ਦੱਸਿਆ ਕਿ ਗੁਰਪੁਰਬ ਕਰਕੇ ਓਧਰ ਜਾਣਾ ਬੰਦ ਕੀਤਾ ਹੋਇਆ ਹੈ ਤੇ ਉਸਨੇ ਮੈਨੂੰ ਰੇਲਵੇ ਸਟੇਸ਼ਨ ਤੇ ਛੱਡ ਦਿਤਾ। ਓਥੋਂ ਦਰਬਾਰ ਸਾਹਿਬ ਕਮੇਟੀ ਵੱਲੋਂ ਯਾਤਰੂਆਂ ਵਾਸਤੇ ਮੁਫਤ ਬੱਸ ਸੇਵਾ ਜਾਰੀ ਹੈ। ਉਸ ਵਿਚ ਸਵਾਰ ਹੋ ਕੇ ਮੈ ਸਰਾਂ ਵਿਚ ਆ ਗਿਆ ਤੇ ਓਥੋਂ ਰਿਕਸ਼ਾ ਫੜ ਕੇ, ਸ਼ਹੀਦ ਗੰਜ ਨੇੜੇ ਆਪਣੇ ਭਰਾ ਦੇ ਘਰ ਜਾ ਵੜਿਆ। ਇਹ ਯਾਤਰੂਆਂ ਵਾਸਤੇ ਸ੍ਰੀ ਦਰਬਾਰ ਸਾਹਿਬ ਜੀ ਦੇ ਪ੍ਰਬੰਧਕਾਂ ਵੱਲੋਂ ਸੰਗਤਾਂਾ ਦੀ ਸਹੂਲਤ ਵਾਸਤੇ ਕੁਝ ਸਮੇ ਤੋਂ ਚਾਲੂ ਕੀਤੀ ਗਈ ਹੈ। ਪ੍ਰਬੰਧਕਾਂ ਦਾ ਇਹ ਪ੍ਰਸੰਸਾ ਯੋਗ ਕਾਰਜ ਹੈ। ਹਰੇਕ ਚੰਗੇ ਕਾਰਜ ਵਿਚ ਸਦਾ ਹੀ ਸੁਧਾਰ ਦੀ ਗੁੰਜਾਇਸ਼ ਵੀ ਹੁੰਦੀ ਹੈ। ਮੇਰੀ ਬਜ਼ੁਰਗੀ ਦਾ ਲਿਹਾਜ਼ ਕਰਦਿਆਂ ਇਸ ਬੱਸ ਦੇ ਨੌਜਵਾਨ ਡਰਾਈਵਰ ਸਿੰਘ ਨੇ ਮੈਨੂੰ ਉਚੇਚੇ ਯਤਨ ਨਾਲ਼ ਆਪਣੀ ਖਿੜਕੀ ਰਾਹੀਂ ਬੱਸ ਵਿਚ ਬਿਠਾ ਲਿਆ। ਬੱਸ ਵਿਚ ਲੋਕਾਂ ਦੇ ਸਵਾਰ ਹੋਣ ਸਮੇ ਇਸ ਤੇ ਇਕ ਹੋਰ ਮੁਲਾਜ਼ਮ ਵਰਗੀ ਦਿਖ ਵਾਲ਼ੇ ਨੌਜਵਾਨ ਨੇ ਕਿਸੇ ਨਾਲ਼ ਕੋਈ ਉਚੇਚੀ ਰਿਆਇਤ ਨਹੀ ਕੀਤੀ। ਇਹ ਨਿਰਪੱਖਤਾ ਸ਼ਲਾਘਾਯੋਗ ਹੈ ਪਰ ਇਸ ਨਾਲ਼ ਮੈ ਵੇਖਿਆ ਕਿ ਛੋਕਰਵਾਧਾ, ਜਿਨ੍ਹਾਂ ਵਿਚ ਤਕਰੀਬਨ ਸਾਰੇ ਹੀ ਮੋਨੇ ਸਨ ਤੇ ਕਿਸੇ ਦੇ ਵੀ ਚੇਹਰੇ ਤੋਂ ਕੋਈ ਸ਼ਰਧਾ ਵਾਲ਼ੀ ਗੱਲ ਦਾ ਝਲਕਾਰਾ ਨਹੀ ਸੀ ਪੈਂਦਾ ਬਲਕਿ ਉਹਨਾਂ ਦੀ ਹਰ ਹਕਰਕਤ ਵਿਚੋਂ ਸ਼ਰਾਰਤ ਹੀ ਝਲਕਦੀ ਸੀ। ਉਹਨਾਂ ਨੇ ਬੱਸ ਤੇ ਚੜ੍ਹ ਕੇ ਸਾਰੀ ਬੱਸ ਹੀ ਰੋਕ ਲਈ। ਅਸਲੀ ਯੋਗ ਵਿਆਕਤੀ ਬਾਹਰ ਹੀ ਰਹਿ ਗਏ। ਖਾਸ ਕਰਕੇ ਇਕ ਬੀਬੀ ਆਪਣੇ ਦੋ ਬਚਿਆਂ ਸਮੇਤ ਬੱਸ ਵਿਚ ਸਵਾਾਰ ਹੋਣ ਤੋਂ ਰਹਿ ਗਈ ਜੋ ਕਿ ਮੇਰੇ ਖਿਆਲ ਵਿਚ ਸਭ ਤੋਂ ਵਧ ਲੋੜਵੰਦ ਸੀ। ਮੈ ਬੜੀ ਸ਼ਿੱਦਤ ਨਾਲ਼ ਚਾਹੁਣ ਦੇ ਬਾਵਜੂਦ ਵੀ ਉਸ ਦੀ ਕੋਈ ਸਹਾਇਤਾ ਨਾ ਕਰ ਸਕਿਆ ਕਿਉਂਕਿ ਬੱਸ ਵਿਚ ਖਲੋਣ ਤਾਂ ਕੀ ਕਿਤੇ ਪੈਰ ਧਰਨ ਜਾਂ ਹੱਥ ਪਾ ਕੇ ਲਟਕਣ ਲਈ ਵੀ ਥਾਂ ਨਹੀ ਸੀ। ਮੈ ਅਜਿਹੇ ਥਾਂ ਫਸਿਆ ਹੋਇਆ ਸਾਂ ਕਿ ਆਪਣੀ ਥਾਂ ਵੀ ਉਸ ਲਈ ਨਹੀ ਸਾਂ ਛੱਡ ਸਕਦਾ।
ਮੇਰਾ ਇਹ ਨਿਰਮਾਣ ਸੁਝਾ ਹੈ ਕਿ ਬੱਸ ਦੇ ਡਰਾਈਵਰ ਨੂੰ ਇਹ ਅਧਿਕਾਰ ਦੇ ਕੇ ਹਿਦਾਇਤ ਕੀਤੀ ਜਾਵੇ ਕਿ ਉਹ ਸਵਾਰੀਆਂ ਦੀ ਲਾਈਨ ਲਗਾ ਕੇ, ਉਹਨਾਂ ਨੂੰ ਵਾਰੀ ਸਿਰ ਹੀ ਬੱਸ ਤੇ ਚੜ੍ਹਨ ਦੇਵੇ। ਲੋੜਵੰਦ ਸਵਾਰੀਆਂ, ਜਿਹਾ ਕਿ ਯਾਤਰੂ, ਬੀਬੀਆਂ, ਬੱਚੇ, ਬਜ਼ੁਰਗਾਂ ਆਦਿ ਨੂੰ ਪਹਿਲ ਦਿਤੀ ਜਾਵੇ।
ਅਗਲੇ ਦਿਨ ਪ੍ਰਬੰਧਕਾਂ ਨਾਲ਼ ਕੀਤੇ ਇਕਰਾਰ ਅਨੁਸਾਰ ਗੁਰਦੁਆਰਾ ਸਾਹਿਬ ਬਾਬਾ ਦੀਪ ਸਿੰਘ ਸ਼ਹੀਦ ਵਿਖੇ ਦੀਵਾਨ ਵਿਚ ਹਾਜਰੀ ਭਰੀ ਤੇ ਪ੍ਰਬੰਧਕਾਂ ਪਾਸੋਂ ਸਿਰੋਪਾ ਪ੍ਰਾਪਤ ਕੀਤਾ।

ਸੁਣਲਾ ਨਿਹਾਲੀਏ ਵਲੈਤੀ ਚੋਰਾਂ ਦੀਆਂ......... ਲੇਖ / ਗੁਰਬੀਰ ਸਿੰਘ ਭੁੱਲਰ, ਸਵਿਟਜ਼ਰਲੈਂਡ

ਦੇਸ ਵਿਚ ਵੱਸਦਿਆਂ, ਹਰ ਦਿਨ ਕਿਸੇ ਨਾ ਕਿਸੇ ਛੋਟੀ-ਮੋਟੀ ਠੱਗੀ-ਠੋਰੀ ਦਾ ਸ਼ਿਕਾਰ ਹੁੰਦਿਆਂ, ਸਾਡੇ ਵਿਚੋਂ ਬਹੁਤਿਆਂ ਦੇ ਮਨ ਵਿਚ ਅਕਸਰ ਇਹ ਵਿਸ਼ਵਾਸ ਬਣ ਜਾਂਦਾ ਹੈ ਕਿ ਹਿੰਦੁਸਤਾਨ ਜਿਹੇ ਠੱਗ, ਚੋਰ, ਜਾਅਲਸਾਜ, ਧੋਖੇਬਾਜ, ਸ਼ਾਇਦ ਹੀ ਦੁਨੀਆਂ ਵਿਚ ਹੋਰ ਕਿਧਰੇ ਲੱਭਦੇ ਹੋਣ. ‘ਬਨਾਰਸ ਦੇ ਠੱਗਾਂ’ ਦਾ ਦਰਜਾ ਤਾਂ ਸਭ ਤੋਂ ਉਪਰ ਮੰਨਿਆਂ ਜਾਂਦਾ ਹੈ. ਵਿਸ਼ੇਸ਼ ਤੌਰ ਤੇ ਓਹ ਲੋਕ ਜਿਨਾਂ ਨੇ ਅਜੇ ਵਲੈਤ ਨਹੀਂ ਵੇਖੀ, ਸ਼ਾਇਦ ਇਹੀ ਸੋਚਦੇ ਹੋਣਗੇ ਕਿ ਪੱਛਮ ਦੇ ਇਹਨਾਂ ਵਿਕਸਤ ਮੁਲਕਾਂ ਵਿਚ ਠੱਗੀਆਂ-ਚੋਰੀਆਂ ਜਾਂ ਹੇਰਾਫੇਰੀਆਂ ਖੌਰੇ ਉੱਕਾ ਹੀ ਨਹੀਂ ਹੁੰਦੀਆਂ. ਪਰ ਹਕੀਕਤ ਕੁਝ ਹੋਰ ਹੀ ਹੈ. ਹੋ ਸਕਦਾ ਹੈ ਕਿ ਸ਼ਾਨਦਾਰ ਪ੍ਰਬੰਧਕੀ ਢਾਂਚੇ ਦੀ ਬਦੌਲਤ ਆਮ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ‘ਤੇ ਇਹਨਾ ਗੱਲਾਂ ਦਾ ਬਹੁਤਾ ਅਸਰ ਨਾ ਪੈਂਦਾ ਹੋਵੇ. ਪਰ ‘ਜੇਤਾ ਸਿਰ, ਤੇਤੀ ਸਿਰ ਪੀੜਾ’ ਵਾਲੀ ਅਖੌਤ ਅਨੁਸਾਰ, ਜਿਨਾਂ ਵਧੀਆ ਸਿਸਟਮ ਹੋਵੇ, ਉਸ ਵਿਚ ਚੋਰ-ਮੋਰੀਆਂ ਬਣਾਉਣ ਵਾਲਿਆਂ ਦੇ ਦਿਮਾਗ ਵੀ ਓਨੀਆਂ ਹੀ ਸ਼ਾਤਰ ਸਕੀਮਾਂ ਘੜਦੇ ਹਨ. ਪ੍ਰਸਿਧ ਵਲੈਤੀ ਠੱਗਾਂ ਨੇ ਕੁਝ ਅਜਿਹੇ ਕਾਰਨਾਮੇ ਕੀਤੇ ਹਨ ਜਿਨਾਂ ਸਦਕਾ ਉਹਨਾਂ ਦੇ ਨਾਮ ਇਤਹਾਸ ਦੇ ਪੰਨਿਆਂ ‘ਤੇ ਹਮੇਸ਼ਾਂ ਲਈ ਦਰਜ ਹੋ ਗਏ ਹਨ. ਅਜਿਹੀ ਹੀ ਇਕ ਕਹਾਣੀ ਉਸ ਇਨਸਾਨ ਦੀ ਹੈ, ਜਿਸ ਨੇ ਪੂਰੇ ਫ਼ਿਲਮੀ ਅੰਦਾਜ਼ ਵਿਚ ਦੁਨੀਆਂ ਦੇ ਮਸ਼ਹੂਰ ਅਜੂਬੇ ‘ਆਈਫਲ ਟਾਵਰ’ ਨੂੰ ਹੀ (ਇਕ ਨਹੀਂ ਸਗੋਂ ਦੋ ਵਾਰ) ਕਵਾੜ ਵਿਚ ਵੇਚ ਦਿੱਤਾ.

‘ਵਿਕਟਰ ਲਸਟਿਗ’ (Victor Lustig) ਨਾਂ ਦਾ ਇਹ ਠੱਗ, 4 ਜਨਵਰੀ 1890 ਨੂੰ ਮੱਧ ਯੂਰਪ ਸਥਿੱਤ ‘ਬੋਹੀਮੀਆਂ’ ਵਿਚ ਪੈਦਾ ਹੋਇਆ. ਚੜਦੀ ਜਵਾਨੀ ਵਿਚ ਹੀ ਉਸ ਨੇ ਆਪਣੇ ਹੱਥ ਦੀ ਸਫਾਈ ਵਿਖਾਉਣ ਲਈ ਪੱਛਮੀ ਯੂਰਪ ਵੱਲ ਨੂੰ ਚਾਲੇ ਪਾ ਦਿੱਤੇ. ਉਹ ਬੜਾ ਚਤੁਰ ਚਲਾਕ ਨੌਜਵਾਨ ਸੀ ਅਤੇ ਕਈ ਬੋਲੀਆਂ ਜਾਣਦਾ ਸੀ. ਪਹਿਲਾਂ-ਪਹਿਲ ਉਸ ਨੇ ਪੈਰਿਸ ਅਤੇ ਨਿਊ ਯਾਰਕ ਦਰਮਿਆਨ ਸਮੁੰਦਰ ਦੇ ਰਸਤੇ ਹੋਣ ਵਾਲੇ ਵਪਾਰ ਵਿਚ ਛੋਟੇ ਮੋਟੇ ਘਪਲੇ ਕਰਨੇ ਸ਼ੁਰੂ ਕੀਤੇ. ਉਸ ਦੀ ਪਹਿਲੀ ਵੱਡੀ ਠੱਗੀ ਇਕ ਨੋਟ ਛਾਪਣ ਵਾਲੀ ਨਕਲੀ ਮਸ਼ੀਨ ਦੇ ਸੌਦੇ ਦੀ ਸੀ. ਉਸ ਨੇ ਇਕ ਗਾਹਕ ਫਸਾਇਆ ਅਤੇ ਉਸ ਨੂੰ ਇਕ ਮਸ਼ੀਨ ਵਿਖਾਈ ਜੋ ਕਿ 6 ਘੰਟਿਆਂ ਵਿਚ 100 ਡਾਲਰ ਦਾ ਇਕ ਨਕਲੀ ਨੋਟ ਛਾਪ ਸਕਦੀ ਸੀ. ਗਾਹਕ ਦੀ ਤਸੱਲੀ ਲਈ ਉਸ ਨੇ ਮਸ਼ੀਨ ਚਲਾ ਕੇ ਵੀ ਵਿਖਾਈ. ਗਾਹਕ ਨੇ ਤਕਰੀਬਨ 30 ਹਜਾਰ ਡਾਲਰ ਵਿੱਚ ਮਸ਼ੀਨ ਖਰੀਦ ਲਈ. ਘਰ ਲਿਜਾ ਕੇ ਉਸ ਨੇ ਅਗਲੇ 12 ਘੰਟਿਆਂ ਵਿਚ 100 ਡਾਲਰ ਦੇ ਬਿਲਕੁਲ ਅਸਲੀ ਨੋਟ ਵਰਗੇ 2 ਨੋਟ ਛਾਪੇ ਤੇ ਉਸ ਤੋਂ ਬਾਅਦ ਮਸ਼ੀਨ ਨੇ ਖਾਲੀ ਕਾਗਜ਼ ਕੱਢਣੇ ਸ਼ੁਰੂ ਕਰ ਦਿੱਤੇ. ਅਸਲ ਵਿਚ ਮਸ਼ੀਨ ਵਿਚ ਨੋਟ ਛਾਪਣ ਵਾਲੀ ਕੋਈ ਤਕਨੀਕ ਨਹੀਂ ਸੀ ਤੇ ਉਹ ਦੋ ਨੋਟ ਅਸਲੀ ਸਨ ਜੋ ਲਸਟਿਗ ਨੇ ਪਹਿਲਾਂ ਹੀ ਮਸ਼ੀਨ ਵਿਚ ਪਾ ਦਿੱਤੇ ਸਨ.

ਵੀਹਵੀਂ ਸਦੀ ਦੇ ਦੂਜੇ ਦਹਾਕੇ ਵਿਚ ਲਸਟਿਗ ਨੇ ਫਰਾਂਸ ਦੀ ਰਾਜਧਾਨੀ ਪੈਰਿਸ ਵਿਚ ਰਹਿਣ ਦਾ ਫੈਸਲਾ ਕਰ ਲਿਆ. ਪਹਿਲੀ ਸੰਸਾਰ ਜੰਗ ਤੋਂ ਬਾਅਦ ਦੇ ਸਮੇ ਵਿਚ ਤੇਜੀ ਨਾਲ ਉੱਭਰ ਰਹੇ ਇਸ ਆਧੁਨਿਕ ਸ਼ਹਿਰ ਦੀ ਚਮਕ ਦਮਕ, ਪੂਰੀ ਦੁਨੀਆਂ ਦੇ ਲੋਕਾਂ ਲਈ ਖਿੱਚ ਦਾ ਕਾਰਨ ਸੀ. ਲਸਟਿਗ ਵਰਗੇ ਠੱਗ ਲਈ ਇਸ ਤੋਂ ਵਧੀਆ ਮਾਹੌਲ ਹੋਰ ਭਲਾ ਕਿੱਥੇ ਹੋ ਸਕਦਾ ਸੀ. 1925 ਦੀ ਬਸੰਤ ਰੁੱਤ ਦੀ ਇਕ ਸਵੇਰ ਨੂੰ ਅਖਬਾਰ ਪੜਦਿਆਂ, ਇਕ ਖ਼ਬਰ ਉਸ ਦੇ ਨਜ਼ਰੀਂ ਪਈ. ਖ਼ਬਰ ਅਨੁਸਾਰ ‘ਆਈਫਲ ਟਾਵਰ’ ਹੁਣ ਪੈਰਿਸ ਵਾਸਤੇ ਇਕ ਸਮੱਸਿਆ ਬਣਦਾ ਜਾ ਰਿਹਾ ਸੀ. ਇਸ ਦੀ ਸਾਂਭ ਸੰਭਾਲ ਅਤੇ ਰੰਗ ਰੋਗਨ ਦਾ ਖਰਚਾ ਕਾਫੀ ਜ਼ਿਆਦਾ ਹੋਣ ਕਰਕੇ, ਇਸ ਦੀ ਸ਼ਾਨ ਨੂੰ ਬਰਕਰਾਰ ਰੱਖਣਾਂ ਹੁਣ ਮੁਸ਼ਕਿਲ ਜਾਪਦਾ ਸੀ. ਅਸਲ ਵਿਚ 324 ਮੀਟਰ (1063 ਫੁੱਟ) ਉਚਾਈ ਵਾਲਾ ਧਾਤੂ ਦਾ ਇਹ ਮੀਨਾਰ, ਫਰਾਂਸੀਸ ਕ੍ਰਾਂਤੀ ਦੇ ਸ਼ਤਾਬਦੀ ਜਸ਼ਨਾਂ ਲਈ ਆਯੋਜਿਤ ਕੀਤੇ ਜਾਣ ਵਾਲੇ ਅੰਤਰ-ਰਾਸ਼ਟਰੀ ਮੇਲੇ ਦੇ ਉਦਘਾਟਨੀ ਦੁਆਰ ਵਜੋਂ 1887 ਤੋਂ 1889 ਦਰਮਿਆਨ ਕੀਤਾ ਗਿਆ ਸੀ. ਇਸ ਦੇ ਨਿਰਮਾਤਾ ‘ਗਸਟੇਵ ਆਈਫਲ’ ਨੂੰ 20 ਸਾਲ ਲਈ ਇਸ ਟਾਵਰ ਦਾ ਪਰਮਿਟ ਮਿਲਿਆ ਸੀ, ਜਿਸ ਅਨੁਸਾਰ 1909 ਵਿਚ ਇਸ ਦੀ ਮਾਲਕੀ ਪੈਰਿਸ ਸ਼ਹਿਰ ਕੋਲ ਚਲੇ ਜਾਣੀ ਸੀ ਅਤੇ ਫਿਰ ਇਸ ਨੂੰ ਜਾਂ ਤਾਂ ਤੋੜ ਦਿੱਤਾ ਜਾਣਾਂ ਸੀ ਜਾਂ ਖੋਲ ਕੇ ਕਿਸੇ ਦੂਜੀ ਥਾਂ ਤੇ ਲਿਜਾਇਆ ਜਾਣਾ ਸੀ. ਪਰ ਜੰਗ ਦੇ ਦੌਰਾਨ ਇਸ ਟਾਵਰ ਨੇ ਫੌਜ ਨੂੰ ਟਰਾਂਸਮਿਸ਼ਨ (ਦੂਰਸੰਚਾਰ) ਲਈ ਚੰਗਾ ਕੰਮ ਦਿੱਤਾ ਅਤੇ ਜੰਗ ਦੇ ਜੇਤੂ ਨਿਸ਼ਾਨ ਵਜੋਂ ਆਪਣੀ ਪਛਾਣ ਬਣਾ ਲਈ. ਇਸ ਲਈ ਪਰਮਿਟ ਦੀ ਮਣਿਆਦ ਮੁੱਕਣ ਤੋਂ ਬਾਅਦ ਵੀ ਇਸ ਨੂੰ ਤੋੜਿਆ ਨਾ ਗਿਆ. ਪਰ ਹੁਣ ਜਦੋਂ ਲਸਟਿਗ ਨੇ ਅਖ਼ਬਾਰ ਵਿਚਲੀ ਖ਼ਬਰ ਪੜੀ ਤਾਂ ਉਸ ਨੇ ਸੋਚਿਆ ਕਿ ਹੋ ਸਕਦਾ ਹੈ ਸ਼ਹਿਰ ਦੀ ਇੰਤਜ਼ਾਮੀਆਂ ਸੋਚੇ ਕਿ ਹੁਣ ਇਹ ਟਾਵਰ ਸਾਂਭਣ ਯੋਗ ਨਹੀਂ ਰਿਹਾ ਅਤੇ ਇਸ ਨੂੰ ਖ਼ਤਮ ਕਰ ਦਿੱਤਾ ਜਾਣਾਂ ਚਾਹੀਦਾ ਹੈ. ਉਸ ਦੇ ਸ਼ੈਤਾਨੀ ਦਿਮਾਗ ਨੇ ਝੱਟ ਹੀ ਮੌਕੇ ਦੇ ਅਨੁਕੂਲ ਇਕ ਕਾਰਗਰ ਸਕੀਮ ਘੜੀ. ਉਸ ਨੇ ਪੈਰਿਸ ਦੇ ਕਿਸੇ ਵੱਡੇ ਸਰਕਾਰੀ ਅਫਸਰ ਵਰਗਾ ਭੇਸ ਬਣਾਇਆ, ਕੁਝ ਜਾਲੀ ਕਾਗਜ਼-ਪੱਤਰ ਤਿਆਰ ਕੀਤੇ ਅਤੇ ਪੈਰਿਸ ਦੇ ਛੇ ਵੱਡੇ ਕਵਾੜੀਆਂ ਨੂੰ ਇਕ ਖੁਫੀਆ ਮੀਟਿੰਗ ਲਈ ਸੱਦਾ ਪੱਤਰ ਭੇਜ ਦਿੱਤੇ. ਇਹ ਮੀਟਿੰਗ ਵੀ ਚੁਣ ਕੇ ਪੈਰਿਸ ਦੇ ਸਭ ਤੋਂ ਵੱਡੇ, ਪੁਰਾਣੇ ਅਤੇ ਮਸ਼ਹੂਰ ਹੋਟਲ ‘ਹੋਟਲ ਡੀ ਕਲੋਨ ’ ਵਿਚ ਰੱਖੀ ਗਈ ਜੋ ਕਿ ਅੰਤਰ-ਰਾਸ਼ਟਰੀ ਪੱਧਰ ਦੀਆਂ ਕਾਨਫਰੰਸਾਂ ਅਤੇ ਸਰਕਾਰੀ ਮੀਟਿੰਗਾਂ ਲਈ ਮਸ਼ਹੂਰ ਥਾਂ ਸੀ. ਉਤਸੁਕਤਾ ਵੱਸ ਸਾਰੇ ਦੇ ਸਾਰੇ 6 ਕਵਾੜੀਏ ਮਿੱਥੇ ਸਮੇ ਤੇ ਪਹੁੰਚ ਗਏ. ਲਸਟਿਗ ਨੇ ਆਪਣੀ ਜਾਣ ਪਛਾਣ ਕਰਵਾਉਂਦੇ ਹੋਏ ਦੱਸਿਆ ਕਿ ਉਹ ਡਾਕ-ਤਾਰ ਵਿਭਾਗ ਦਾ ਡਿਪਟੀ ਡਾਇਰੈਕਟਰ ਜਨਰਲ ਹੈ ਅਤੇ ਉਹਨਾਂ ਕਵਾੜੀਆਂ ਨੂੰ ਉਹਨਾਂ ਦੇ ਇਮਾਨਦਾਰ ਵਪਾਰੀਆਂ ਵਾਲੇ ਅਕਸ ਕਰਕੇ ਚੁਣਿਆਂ ਗਿਆ ਹੈ. ਆਪਣੀ ਗੱਲ ਅੱਗੇ ਤੋਰਦੇ ਹੋਏ ਉਸਨੇ ਕਿਹਾ ਕਿ ਆਈਫਲ ਟਾਵਰ ਹੁਣ ਸਰਕਾਰ ਲਈ ਸਿਰਦਰਦੀ ਬਣ ਗਿਆ ਹੈ ਅਤੇ ਇਸ ਨੂੰ ਕਵਾੜ ਵਿਚ ਵੇਚ ਦੇਣ ਦਾ ਫੈਸਲਾ ਲਿਆ ਗਿਆ ਹੈ. ਇਸ ਕੰਮ ਲਈ ਇਕ ਵਪਾਰੀ ਨੂੰ ਚੁਣਨ ਦੀ ਜ਼ਿਮੇਵਾਰੀ ਉਸ ਨੂੰ ਸੌਂਪੀ ਗਈ ਹੈ. ਕਿਉਂਕਿ ਜਨਤਾ ਵਿਚ ਰੌਲਾ ਪੈਣ ਦਾ ਖ਼ਤਰਾ ਹੈ ਇਸ ਲਈ ਜਦੋਂ ਤੱਕ ਸਾਰੀ ਕਾਗਜ਼ੀ ਕਾਰਵਾਈ ਮੁਕੰਮਲ ਨਹੀਂ ਹੋ ਜਾਂਦੀ, ਓਦੋਂ ਤੱਕ ਇਹ ਗੱਲ ਖੁਫ਼ੀਆ ਹੀ ਰੱਖੀ ਜਾਵੇਗੀ. ਫਿਰ ਉਹ ਕਿਰਾਏ ਤੇ ਕੀਤੀ ਹੋਈ ਆਲੀਸ਼ਾਨ ਲਿਮੋਜ਼ੀਨ ਕਾਰ ਵਿਚ ਉਹਨਾਂ ਬੰਦਿਆਂ ਨੂੰ ਟਾਵਰ ਦੀ ਸਥਿਤੀ ਦਾ ਜਾਇਜਾ ਦਵਾਉਣ ਲਈ ਲੈ ਗਿਆ ਤਾਂ ਜੋ ਉਹਨਾਂ ਨੂੰ ਅਹਿਸਾਸ ਕਰਵਾਇਆ ਜਾ ਸਕੇ ਕਿ ਇਹ ਸੌਦਾ ਉਹਨਾਂ ਲਈ ਕਿੰਨਾ ਫਾਇਦੇਮੰਦ ਹੋ ਸਕਦਾ ਹੈ ਅਤੇ ਨਾਲ ਹੀ ਉਹਨਾਂ ਦੀ ਮਨੋ-ਸਥਿਤੀ ਦਾ ਵੀ ਜਾਇਜਾ ਲਿਆ ਜਾ ਸਕੇ. ਉਸ ਤੋਂ ਬਾਅਦ ਲਸਟਿਗ ਨੇ ਉਹਨਾਂ ਨੂੰ ਟਾਵਰ ਦੀ ਬੋਲੀ ਵਾਸਤੇ ਟੈਂਡਰ ਭਰਨ ਲਈ ਕਿਹਾ ਅਤੇ ਨਾਲ ਹੀ ਯਾਦ ਦਵਾਇਆ ਕਿ ਇਹ ਮਾਮਲਾ ਮੁਲਕ ਲਈ ਅਤਿ ਮਹੱਤਵਪੂਰਨ ਹੋਣ ਕਰਕੇ ਪੂਰੀ ਤਰਾਂ ਗੁਪਤ ਰੱਖਿਆ ਜਾਣਾ ਚਾਹੀਦਾ ਹੈ. ਇਸ ਸਾਰੇ ਸਮੇ ਦੌਰਾਨ ਲਸਟਿਗ ਨੇ ਆਪਣਾ ਸੰਭਾਵੀ ਸ਼ਿਕਾਰ ਚੁਣ ਲਿਆ ਸੀ.

ਆਂਦਰੇ ਪੌਇਸਨ (Andre Poisson) ਨਾਮ ਦਾ ਇਕ ਵਪਾਰੀ ਜੋ ਕਿ ਦੂਜਿਆਂ ਦੇ ਮੁਕਾਬਲੇ ਬਹੁਤਾ ਮਸ਼ਹੂਰ ਨਹੀਂ ਸੀ, ਇਸ ਸੌਦੇ ਲਈ ਬੜਾ ਤਰਲੋਮੱਛੀ ਹੋ ਰਿਹਾ ਸੀ ਕਿਉਂਕਿ ਇਹ ਇੱਕੋ-ਇਕ ਸੌਦਾ ਉਸ ਨੂੰ ਪੈਰਿਸ ਦੇ ਵਪਾਰੀ ਜਗਤ ਦੀਆਂ ਮੂਹਰਲੀਆਂ ਸਫਾਂ ਵਿਚ ਲਿਆ ਸਕਦਾ ਸੀ. ਲਸਟਿਗ ਦਾ ਚਤੁਰ ਦਿਮਾਗ ਇਹ ਸਭ ਜਾਣ ਗਿਆ ਸੀ ਇਸ ਲਈ ਉਸ ਨੇ ਗਰਮ ਲੋਹੇ ਤੇ ਸੱਟ ਮਾਰਨ ਵਿਚ ਜ਼ਰਾ ਵੀ ਦੇਰੀ ਨਾ ਕਰਦੇ ਹੋਏ ਸੌਦੇ ਦੀ ਪੇਸ਼ਕਸ਼ ਕਰ ਦਿੱਤੀ. ਪਰ ਪੌਇਸਨ ਦੀ ਘਰਵਾਲੀ ਨੂੰ ਸ਼ੱਕ ਹੋ ਗਿਆ ਸੀ ਕਿ ਇਹ ਸਰਕਾਰੀ ਅਫ਼ਸਰ ਕੌਣ ਹੋ ਸਕਦਾ ਹੈ ਅਤੇ ਸਾਰਾ ਕੁਝ ਇਨੀ ਕਾਹਲੀ ਵਿਚ ਅਤੇ ਰਹੱਸਮਈ ਤਰੀਕੇ ਨਾਲ ਕਿਉਂ ਹੋ ਰਿਹਾ ਹੈ. ਸਥਿਤੀ ਦੀ ਨਾਜ਼ੁਕਤਾ ਨੂੰ ਵੇਖਦੇ ਹੋਏ, ਲਸਟਿਗ ਨੇ ਪੌਇਸਨ ਨਾਲ ਇਕ ਹੋਰ ਮੁਲਾਕਾਤ ਕੀਤੀ ਅਤੇ ਅਸਲ ਗੱਲ ਕਬੂਲ ਕਰਨ ਦਾ ਨਾਟਕ ਕੀਤਾ. ਉਸ ਨੇ ਕਿਹਾ ਕਿ ਸਰਕਾਰੀ ਤਨਖਾਹ ਨਾਲ ਗੁਜ਼ਾਰਾ ਚਲਾਉਣਾ ਮੁਸ਼ਕਿਲ ਹੋਣ ਕਰਕੇ ਉਹ ਇਸ ਸੌਦੇ ਵਿਚ ਕੁਝ ਉੱਪਰੋਂ ਕਮਾਈ ਕਰਨ ਦੀ ਤਾਕ ਵਿੱਚ ਹੈ. ਪੌਇਸਨ ਉਹਨੀ ਦਿਨੀ ਇਕ ਹੋਰ ਭ੍ਰਿਸ਼ਟ ਅਫ਼ਸਰ ਦੇ ਵੱਸ ਪਿਆ ਹੋਇਆ ਸੀ ਇਸ ਲਈ ਉਹ ਝੱਟ ਸਮਝ ਗਿਆ ਕਿ ਲਸਟਿਗ ਰਿਸ਼ਵਤ ਚਾਹੁੰਦਾ ਹੈ. ਇਸੇ ਲਈ ਸੌਦੇਬਾਜੀ ਗੁਪਤ ਤਰੀਕੇ ਨਾਲ ਕਰ ਰਿਹਾ ਹੈ. ਕਿਉਂਕਿ ਪੌਇਸਨ ਇਸ ਸੌਦੇ ਨੂੰ ਕਿਸੇ ਕੀਮਤ ਤੇ ਵੀ ਗਵਾਉਣਾ ਨਹੀਂ ਸੀ ਚਾਹੁੰਦਾ, ਇਸ ਲਈ ਉਸ ਨੇ ਸੌਦੇ ਦੀ ਪੇਸ਼ਗੀ ਰਕਮ ਦੇ ਨਾਲ-ਨਾਲ ਰਿਸ਼ਵਤ ਵਜੋਂ ਵੀ ਮੋਟੀ ਰਕਮ ਲਸਟਿਗ ਨੂੰ ਦੇ ਦਿੱਤੀ. ਲਸਟਿਗ ਦਾ ਦਾਅ ਚੱਲ ਗਿਆ ਸੀ. ਉਹ ਅਤੇ ਉਸਦਾ ਅਮਰੀਕਨ ਸੈਕਟਰੀ ਡਾਨ ਕੌਲਿਨਸ (Dan Collins) ਨੋਟਾਂ ਦੇ ਭਰੇ ਸੂਟਕੇਸ ਲੈ ਕੇ ਕਾਹਲੀ ਨਾਲ ਆਸਟਰੀਆ ਦੀ ਰਾਜਧਾਨੀ ਵਿਆਨਾ ਨੂੰ ਜਾਣ ਵਾਲੀ ਗੱਡੀ ਵਿਚ ਚੜ ਗਏ. ਉਹ ਭਲੀ ਭਾਂਤ ਜਾਣਦੇ ਸਨ ਕਿ ਜਦੋਂ ਹੀ ਪੌਇਸਨ ਅਗਲੀ ਕਾਰਵਾਈ ਲਈ ਸਰਕਾਰੀ ਦਫ਼ਤਰਾਂ ਨਾਲ ਸੰਪਰਕ ਕਰੇਗਾ ਤਾਂ ਉਹਨਾ ਲਈ ਖਤਰਾ ਪੈਦਾ ਹੋ ਜਾਵੇਗਾ. ਪਰ ਜਦੋਂ ਕਾਫ਼ੀ ਦਿਨਾ ਤੱਕ ਕੋਈ ਵੀ ਖ਼ਬਰ ਸੁਣਨ ਨੂੰ ਨਾ ਮਿਲੀ ਤਾਂ ਉਹ ਹੈਰਾਨ ਹੋ ਗਏ. ਅਸਲ ਵਿਚ ਜਦੋਂ ਪੌਇਸਨ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਉਹ ਆਪਣੀ ਮੂਰਖਤਾ ਵੱਸ ਸ਼ਰੇਆਮ ਠੱਗਿਆ ਗਿਆ ਹੈ ਤਾਂ ਉਹ ਇਨਾ ਸ਼ਰਮਸਾਰ ਹੋ ਗਿਆ ਕਿ ਪੁਲਿਸ ਕੋਲ ਜਾਣ ਦੀ ਹਿੱਮਤ ਹੀ ਨਾ ਕਰ ਸਕਿਆ.

ਇਕ ਮਹੀਨੇ ਬਾਅਦ ਲਸਟਿਗ ਫੇਰ ਪੈਰਿਸ ਮੁੜ ਆਇਆ ਅਤੇ ਉਸੇ ਤਰਾਂ ਛੇ ਹੋਰ ਕਵਾੜੀਆਂ ਨਾਲ ਉਹੋ ਡਰਾਮਾ ਫੇਰ ਕੀਤਾ. ਪਰ ਇਸ ਵਾਰ ਸੌਦਾ ਸਿਰੇ ਚੜਨ ਤੋਂ ਪਹਿਲਾਂ ਹੀ ਉਸ ਦਾ ਸ਼ਿਕਾਰ ਵਪਾਰੀ ਪੁਲਿਸ ਕੋਲ ਚਲਾ ਗਿਆ. ਪਰ ਫਿਰ ਵੀ ਲਸਟਿਗ ਤੇ ਉਸ ਦਾ ਸਾਥੀ ਬਚ ਕੇ ਨਿਕਲਣ ਵਿਚ ਕਾਮਯਾਬ ਹੋ ਗਏ. ਇਸ ਤੋਂ ਬਾਅਦ ਲਸਟਿਗ ਅਮਰੀਕਾ ਚਲਾ ਗਿਆ ਅਤੇ ਉਥੇ ਵੀ ਆਪਣੀਆਂ ਕਾਰਵਾਈਆਂ ਜਾਰੀ ਰੱਖੀਆਂ. ਉਸ ਦੀ ਹੁਸ਼ਿਆਰੀ ਦਾ ਅੰਦਾਜਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਉਹ ਅਮਰੀਕੀ ਮਾਫ਼ੀਆ ਦੇ ਖ਼ਤਰਨਾਕ ਸਰਗਨੇ ‘ਅਲ ਕੈਪੋਨੇ’ ਨੂੰ ਵੀ ਬੜੀ ਸਫ਼ਾਈ ਨਾਲ ਚੂਨਾ ਲਾ ਗਿਆ. 1934 ਵਿਚ ਲਸਟਿਗ ਨੂੰ ਜਾਅਲਸਾਜੀ ਦੇ ਦੋਸ਼ਾਂ ਅਧੀਨ ਗ੍ਰਿਫ਼ਤਾਰ ਕਰ ਲਿਆ ਗਿਆ. ਪਰ ਅਦਾਲਤ ਵਿਚ ਪੇਸ਼ੀ ਤੋਂ ਇਕ ਦਿਨ ਪਹਿਲਾਂ ਹੀ ਉਹ ਨਿਊ-ਯਾਰਕ ਦੀ ਹਵਾਲਾਤ ਵਿਚੋਂ ਫ਼ਰਾਰ ਹੋ ਗਿਆ. ਠੀਕ 27 ਦਿਨਾ ਬਾਅਦ ਉਸ ਨੂੰ ਅਮਰੀਕਾ ਦੇ ਪਿਟਸਬਰਗ਼ ਸ਼ਹਿਰ ਵਿੱਚੋਂ ਫਿਰ ਗ੍ਰਿਫ਼ਤਾਰ ਕਰ ਲਿਆ ਗਿਆ. ਅਦਾਲਤ ਨੇ ਉਸ ਨੂੰ ਦੋਸ਼ੀ ਪਾਇਆ ਅਤੇ 20 ਸਾਲ ਦੀ ਕੈਦ ਦੀ ਸਜ਼ਾ ਭੁਗਤਣ ਲਈ ਅਮਰੀਕਾ ਦੇ ਸੂਬੇ ਕੈਲੀਫੋਰਨੀਆਂ ਦੀ ਸਾਨ ਫ਼ਰਾਂਸਿਸਕੋ ਖਾੜੀ ਵਿਚ ਸਥਿਤ ਅਲਕਤਰਾਜ਼ ਨਾਂ ਦੇ ਟਾਪੂ ’ਤੇ ਬਣੀ ਜੇਲ ਵਿਚ ਭੇਜ ਦਿੱਤਾ. 9 ਮਾਰਚ 1947 ਨੂੰ ਉਸਨੂੰ ਨਮੂਨੀਆ ਹੋ ਗਿਆ ਅਤੇ ਦੋ ਦਿਨ ਬਾਅਦ ਸਪਰਿੰਗਫੀਲਡ ਵਿਚ ਬਣੇ ਜੇਲ ਦੇ ਹਸਪਤਾਲ ਵਿਚ ਉਹ ਦਮ ਤੋੜ ਗਿਆ. ਉਸ ਦੀ ਮੌਤ ਦਾ ਸਰਟੀਫਿਕੇਟ ਜਾਰੀ ਕਰਨ ਵਾਲਾ ਕਲਰਕ ਇਕ ਵਾਰ ਤਾਂ ਸੋਚਾਂ ਵਿਚ ਪੈ ਗਿਆ ਕਿ ‘ਕਿੱਤੇ’ ਵਾਲੇ ਖਾਨੇ ਵਿਚ ਕੀ ਲਿਖੇ, ਜਦ ਹੋਰ ਕੁਝ ਨਾ ਸੁਝਿਆ ਤਾਂ ਉਸ ਨੇ ਲਸਟਿਗ ਨੂੰ ਕਿੱਤੇ ਵਜੋਂ ਸੇਲਜ਼ਮੈਨ ਲਿਖ ਦਿੱਤਾ. ਜੋ ਕਿ ਸ਼ਾਇਦ, ਵਾਕਿਆ ਹੀ ਢੁਕਵਾਂ ਸੀ. ਜੋ ਇਨਸਾਨ ਉਹ ਚੀਜ ਵੀ ਇਨੀ ਸਫ਼ਾਈ ਨਾਲ ਵੇਚ ਜਾਵੇ, ਜਿਸ ਦੀ ਮਾਲਕੀ ਤਾਂ ਦੂਰ ਦੀ ਗੱਲ ਸਗੋਂ ਜਿਸ ਨਾਲ ਕੋਈ ਦੂਰ-ਦੂਰ ਦਾ ਵੀ ਸੰਬੰਧ ਨਾ ਹੋਵੇ, ਉਸ ਤੋਂ ਵੱਡਾ ਸੇਲਜ਼ਮੈਨ ਭਲਾ ਹੋਰ ਕੌਣ ਹੋ ਸਕਦਾ ਹੈ. ਇਹ ਸੀ ਉਸ ਵਲੈਤੀ ਠੱਗ ਦੀ ਦਾਸਤਾਨ ਜਿਸ ਬਾਰੇ 1961 ਵਿਚ ਇਕ ਕਿਤਾਬ ਵੀ ਛਪੀ ਜਿਸ ਦਾ ਟਾਈਟਲ ਸੀ – ‘‘The Man Who Sold Eiffel Tower’ ਭਾਵ ‘ਉਹ ਬੰਦਾ ਜਿਸਨੇ ਆਈਫਲ ਟਾਵਰ ਵੇਚ ਦਿੱਤਾ’.

ਪਰ ਕਿਤੇ ਇਹ ਨਾ ਸਮਝ ਲੈਣਾ ਕਿ ਅਜਿਹੇ ਕਾਰਨਾਮੇ ਕਰਨ ਵਾਲਾ ਉਹ ਇਕੱਲਾ ਬੰਦਾ ਸੀ. ਦੁਨੀਆਂ ਦਾ ਇਤਹਾਸ ਅਜਿਹੇ ਬੰਦਿਆਂ ਦੇ ਕਿੱਸਿਆਂ ਨਾਲ ਭਰਿਆ ਪਿਆ ਹੈ. ਅੰਗਰੇਜ਼ੀ ਵਿਚ ਅਜਿਹੇ ਲੋਕਾਂ ਲਈ ਇਕ ਵਿਸ਼ੇਸ਼ ਸ਼ਬਦ ‘ਕੋਨ ਆਰਟਿਸਟ’ (Con Artist) ਵਰਤਿਆ ਜਾਂਦਾ ਹੈ ਜਿਸ ਦਾ ਮਤਲਬ ਹੈ ਕਿਸੇ ਦਾ ਭਰੋਸਾ ਜਿੱਤ ਕੇ ਠੱਗੀ ਮਾਰਨ ਵਾਲਾ ਕਲਾਕਾਰ. ਆਰਥਰ ਫ਼ਰਗੂਸਨ (Arthur Ferguson) ਵੀ ਅਜਿਹਾ ਹੀ ਇਕ ਕਲਾਕਾਰ ਸੀ ਜੋ ਕਿ ਲਸਟਿਗ ਦਾ ਸਮਕਾਲੀ ਸੀ. ਉਸ ਨੇ ਇੰਗਲੈਂਡ ਦੇ ਮਸ਼ਹੂਰ ਚੌਂਕ ‘Trafalgar Square’ ਵਿਚ ਸਥਿੱਤ ਨੈਲਸਨ ਦਾ ਬੁੱਤ ‘Nelson’s Column’ ਕਿਸੇ ਅਮਰੀਕਨ ਯਾਤਰੀ ਨੂੰ 6,000 ਪੌਂਡ ਵਿਚ ਵੇਚ ਦਿੱਤਾ. ਇਸੇ ਤਰਾਂ ਮਸ਼ਹੂਰ ਘੰਟਾਘਰ ਬਿੱਗ ਬੈੱਨ ‘Big Ben’ ਅਤੇ ਸ਼ਾਹੀ ਪਰਿਵਾਰ ਦੀ ਰਿਹਾਇਸ਼ਗਾਹ ਬਕਿੰਘਮ ਪੈਲੇਸ ‘Buckingham Palace’ ਦੇ ਸੌਦੇ ਦੀ ਪੇਸ਼ਗੀ ਰਕਮ ਵਜੋਂ ਕਰਮਵਾਰ 1,000 ਅਤੇ 2,000 ਪੌਂਡ ਅਮਰੀਕਨਾ ਦੀਆਂ ਜੇਬਾਂ ਵਿਚੋਂ ਕਢਾਉਣ ਤੋਂ ਬਾਅਦ ਉਸ ਨੂੰ ਲੱਗਿਆ ਕਿ ਅਮਰੀਕਾ ਜਾ ਕੇ ਵੱਸਣਾ ਹੋਰ ਵੀ ਫ਼ਾਇਦੇਮੰਦ ਸਾਬਿਤ ਹੋਵੇਗਾ. ਉਥੇ ਜਾ ਕੇ ਤਾਂ ਉਸ ਨੇ ਕਮਾਲ ਦੀ ਕਲਾਕਾਰੀ ਵਿਖਾਈ. ਅਮਰੀਕਾ ਦੇ ਰਾਸ਼ਟਰਪਤੀ ਦੀ ਰਿਹਾਇਸ਼ਗਾਹ ‘ਵਾਈਟ ਹਾਊਸ’ ਹੀ ਇਕ ਅਮੀਰ ਕਿਸਾਨ ਨੂੰ ਇਕ ਲੱਖ ਡਾਲਰ ਦੇ ਸਾਲਾਨਾ ਕਿਰਾਏ ’ਤੇ 99 ਸਾਲ ਲਈ ਪਟੇ ’ਤੇ ਦੇ ਦਿੱਤੀ ਅਤੇ ਪਹਿਲੇ ਸਾਲ ਦੀ ਕਿਸ਼ਤ ਲੈ ਕੇ ਰਾਹੇ ਪਿਆ. ਫਿਰ ਉਸ ਨੇ ਕਿਸੇ ਆਸਟ੍ਰੇਲੀਅਨ ਯਾਤਰੀ ਨੂੰ ਮਸ਼ਹੂਰ ਲਿਬਰਟੀ ਦਾ ਬੁੱਤ ‘Statue of Liberty’ ਵੇਚਣ ਦੀ ਕੋਸ਼ਿਸ਼ ਕੀਤੀ. ਪਰ ਉਹ ਆਸਟ੍ਰੇਲੀਅਨ ਬੰਦਾ ਹੁਸ਼ਿਆਰ ਨਿਕਲਿਆ ਅਤੇ ਆਪਣੇ ਨਾਲ ਖਿਚਾਈ ਹੋਈ ਫਰਗੂਸਨ ਦੀ ਇਕ ਤਸਵੀਰ ਲੈ ਕੇ ਪੁਲਿਸ ਕੋਲ ਪਹੁੰਚ ਗਿਆ, ਜੋ ਕਿ ਪਹਿਲਾਂ ਹੀ ਉਸ ਰਹੱਸਮਈ ਇਨਸਾਨ ਦੀ ਭਾਲ ਵਿਚ ਸੀ ਜੋ ਸਰਵਜਨਿਕ ਸੰਪਤੀ ਨਾਲ ਸੰਬੰਧਿਤ ਸਮਾਰਕ ਧੋਖੇ ਨਾਲ ਵੇਚ ਰਿਹਾ ਸੀ. ਬਸ ਫੇਰ ਕੀ ਸੀ, ‘ਸੌ ਦਿਨ ਚੋਰ ਦਾ ਤੇ ਇਕ ਦਿਨ ਸਾਧ ਦਾ’, ਫ਼ਰਗੂਸਨ ਵੀ ਪੁਲਿਸ ਦੇ ਕਾਬੂ ਆ ਗਿਆ, ਮੁਕਦਮਾ ਚੱਲਿਆ ਅਤੇ ਸਜ਼ਾ ਹੋ ਗਈ. ਜਿਵੇਂ ਕਿ ਵਾਰਿਸ ਸ਼ਾਹ ਜੀ ਨੇ ਫ਼ੁਰਮਾਇਆ ਹੈ “ਵਾਰਿਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ, ਭਾਵੇਂ ਕੱਟੀਏ ਪੋਰੀਆਂ - ਪੋਰੀਆਂ ਜੀ”, ਫਰਗੂਸਨ ਸਜ਼ਾ ਤਾਂ ਭੁਗਤ ਆਇਆ ਪਰ ਆਖਰੀ ਦਮ ਤੱਕ ਆਪਣਾ ਕਿੱਤਾ ਨਹੀਂ ਛੱਡਿਆ.

ਇਹ ਹੈ ਕਹਾਣੀ ਉਹਨਾ ਵਲੈਤੀ ਚੋਰਾਂ ਦੀ ਜੋ ਚਿੱਟੇ ਦਿਨ ਠੱਗੀ ਮਾਰ ਜਾਣ ਤੇ ਸ਼ੱਕ ਵੀ ਨਾ ਹੋਵੇ. ਕਿੱਸੇ ਤਾਂ ਹੋਰ ਵੀ ਬਹੁਤ ਨੇ, ਪਰ ਬਾਕੀ ਫੇਰ ਕਦੇ…..

ਆਸਟ੍ਰੇਲੀਆ ਆ ਰਹੇ ਹੋ... ਜੀ ਆਇਆਂ ਨੂੰ............ ਲੇਖ / ਰਿਸ਼ੀ ਗੁਲਾਟੀ

ਅੱਜ ਦੇ ਇਸ ਲੇਖ ਵਿੱਚ ਮੈਂ ਪਮੁੱਖ ਤੌਰ ਤੇ ਉਹਨਾਂ ਪਾਠਕ ਵੀਰਾਂ ਨੂੰ ਸੰਬੋਧਿਤ ਹੋਣਾ ਚਾਹੁੰਦਾ ਹਾਂ, ਜੋ ਖ਼ੁਦ ਜਾਂ ਜਿੰਨ੍ਹਾਂ ਦੇ ਬੱਚੇ ਪੜ੍ਹਾਈ ਲਈ ਆਸਟ੍ਰੇਲੀਆ ਆਉਣਾ ਚਾਹੁੰਦੇ ਹਨ । ਪੜ੍ਹਾਈ ਪੂਰੀ ਹੋਣ ਤੋਂ ਬਾਅਦ ਇੱਥੇ ਪੱਕਾ ਹੋਣ ਦੇ ਸੁਪਨੇ ਤਾਂ ਹਰ ਆਉਣ ਵਾਲਾ ਤੇ ਉਸਦੇ ਘਰ ਵਾਲੇ ਵੀਜ਼ਾ ਅਪਲਾਈ ਕਰਨ ਤੋਂ ਪਹਿਲਾਂ ਹੀ ਤੱਕਣੇ ਸ਼ੁਰੂ ਕਰ ਦਿੰਦੇ ਹਨ । ਇੱਕ ਵਾਰ ਪੱਕਾ ਹੋਣ ਤੋਂ ਬਾਅਦ ਐਸ਼ੋ-ਆਰਾਮ ਭਰੀ ਜਿੰਦਗੀ ਕਿਸਨੂੰ ਨਹੀਂ ਦਿਸਦੀ । ਸਭ ਨੂੰ ਜਾਪਦਾ ਹੈ ਕਿ ਦੋ ਸਾਲ ਮਿਹਨਤ ਤੇ ਮੁੜ ਸਾਰਾ ਪਰਿਵਾਰ ਆਸਟ੍ਰੇਲੀਆ ਵਿਚ, ਪਰ ਸਚਾਈ ਇਸ ਤੋਂ ਕੋਹਾਂ ਦੂਰ ਹੈ । ਅੱਜ ਤੋਂ ਪਹਿਲਾਂ ਜੋ ਕੁਝ ਵੀ ਲਿਖਿਆ ਉਹ ਪੰਜਾਬੀ ਮਾਂ-ਬੋਲੀ ਜਾਂ ਸਾਹਿਤ ਦੀ ਸੇਵਾ ਸਮਝ ਕੇ ਲਿਖਿਆ ਪਰ ਅੱਜ ਪੰਜਾਬ ‘ਚ ਬੈਠੇ ਆਪਣੇ ਹਮਵਤਨਾਂ ਪ੍ਰਤੀ ਫਰਜ਼ ਸਮਝ ਕੇ ਕਲਮ ਚਲਾ ਰਿਹਾ ਹਾਂ । ਇੱਥੋਂ ਦੇ ਮੇਰੇ ਥੋੜੇ ਸਮੇਂ ਦੇ ਪ੍ਰਵਾਸ ਦੌਰਾਨ ਜੋ ਚੰਗੇ-ਮਾੜੇ ਅਨੁਭਵ ਹੋਏ ਉਹ ਸਭ ਨਾਲ ਸਾਂਝੇ ਕਰਨੇ ਚਾਹੁੰਦਾ ਹਾਂ । ਕੋਸਿ਼ਸ਼ ਹੈ ਕਿ ਇੱਥੇ ਆਉਣ ਵਾਲਿਆਂ ਨੂੰ ਸਹੀ ਸੇਧ ਦੇ ਸਕਾਂ ਤਾਂ ਜੋ ਉਹ ਮੇਰੀ ਤਰ੍ਹਾਂ ਇਹ ਨਾਂ ਕਹਿਣ “ਜੇਕਰ ਪਤਾ ਹੁੰਦਾ ਕਿ ਇੱਥੇ ਅਜਿਹੇ ਹਾਲਾਤ ਨਾਲ਼ ਦੋ-ਚਾਰ ਹੋਣਾ ਪਵੇਗਾ, ਤਾਂ ਕਦੀ ਵੀ ਨਾ ਆਉਂਦਾ ।”

ਵਿਦੇਸ਼ ਪ੍ਰਵਾਸ ਦੀ ਪੌੜੀ ਦਾ ਸਭ ਤੋਂ ਪਹਿਲਾ ਡੰਡਾ ਏਜੰਟ ਹੁੰਦਾ ਹੈ । ਜਿੰਨ੍ਹਾ ਦੇ ਦਿਖਾਏ ਸੁਪਨੇ ਜੋ ਕੋਈ ਤੱਕ ਲੈਂਦਾ ਹੈ, ਮੁੜ ਉਹ ਪੰਜਾਬ ਵਿੱਚ ਕਿਸੇ ਕੰਮ ਜੋਗਾ ਨਹੀਂ ਰਹਿੰਦਾ । ਜਦ ਅਸੀਂ ਆਪਣੇ ਵਤਨ ਵਿੱਚ ਹੁੰਦੇ ਹਾਂ ਤਾਂ ਏਜੰਟ ਸਾਨੂੰ ਘਰ ਬੈਠਿਆਂ ਹੀ ਮੈਲਬੌਰਨ ਦੀ “ਫਲਿੰਡਰ ਸਟਰੀਟ” “ਯਾਰਾ ਰਿਵਰ” ਤੇ “ਐਲਿਜ਼ਬੈਥ ਸਟਰੀਟ” ਆਦਿ ਦੇ ਨਜ਼ਾਰੇ ਦਿਖਾ ਦਿੰਦੇ ਹਨ । ਕਈ ਹੋਰ ਪਹੁੰਚੇ ਹੋਏ ਏਜੰਟ “ਕਰਾਊਨ” ਦੀ ਸੈਰ ਵੀ ਕਰਵਾ ਦਿੰਦੇ ਹਨ, ਜਿੱਥੇ ਕਿ ਸਲਾਮ ਨਮਸਤੇ ਫਿਲਮ ਦੇ ਕੁਝ ਸੀਨਾਂ ਦੀ ਸ਼ੂਟਿੰਗ ਹੋਈ ਸੀ । ਵਰਨਣਯੋਗ ਹੈ ਕਿ ਜਿੰਨ੍ਹੇ ਵੀ ਭਾਰਤੀਆਂ ਨੂੰ ਇੱਥੇ ਮਿਲਿਆ ਹਾਂ, ਪੰਜਾਬੀ ਹੀ ਆਟੇ ਬਰਾਬਰ ਹਨ ਤੇ ਬਾਕੀ ਰਾਜਾਂ ਦੇ ਰਹਿਣ ਵਾਲੇ ਨਮਕ ਬਰਾਬਰ । ਆਸਟ੍ਰੇਲੀਆ ਵਿੱਚ ਅਨੇਕਾਂ ਹਮਵਤਨਾਂ ਨੂੰ ਮਿਲਿਆ ਪਰ ਕਦੀ ਕਿਸੇ ਨੂੰ ਇੰਝ ਹੱਸਦਿਆਂ ਜਾਂ ਖੁਸ਼ ਨਹੀਂ ਦੇਖਿਆ ਕਿ ਮੈਨੂੰ ਕੋਈ ਪੰਜਾਬੀ ਬਜੁ਼ਰਗ ਇਹ ਕਹਿੰਦਾ ਯਾਦ ਆ ਜਾਵੇ “ਚੁੱਪ ਵੀ ਕਰਜਾ ਕੰਜਰਾ, ਕਿਵੇਂ ਹਿੜ-ਹਿੜ ਲਾਈ ਐ । ਸਹੁਰੀ ਦਾ ਬਿਨਾਂ ਗੱਲੋਂ ਹੀ ਦੰਦੀਆਂ ਕੱਢੀ ਜਾਂਦੈ ।” ਇੰਝ ਜਾਪਦਾ ਹੈ ਕਿ ਜਿਵੇਂ ਸਭ ਹੱਸ ਕੇ ਜਾਂ ਮੁਸਕਰਾ ਕੇ “ਕਿਸੇ ਸਰਕਾਰੀ ਫਾਈਲ ਦਾ ਘਰ ਪੂਰਾ ਕਰ ਰਹੇ ਹਨ ।” ਖੁਸ਼ੀਆਂ ਤੇ ਖੇੜੇ, ਹਾਸੇ ਤੇ ਠੱਠੇ ਪੰਜਾਬੀਆਂ ਦਾ ਅਜਿਹਾ ਗਹਿਣਾ ਹੈ, ਜਿਸ ਨਾਲ ਸਭ ਦੀ ਬੜੀ ਡੂੰਘੀ ਸਾਂਝ ਹੈ ਪਰ ਇੱਥੇ ਤਾਂ ਸਭ ਦੇ ਚਿਹਰੇ ਉਦਾਸੇ ਤੇ ਮਸੋਸੇ ਜਾਪਦੇ ਹਨ । ਨਵੇਂ ਆਏ ਹੋਣ ਕਰਕੇ ਅਜੇ ਸਾਡੀ ਕੋਈ ਖਾਸ ਜਾਣ ਪਹਿਚਾਣ ਨਹੀਂ ਹੈ । ਬਾਕੀ ਆਸਟ੍ਰੇਲੀਆ ਦੇ ਮਾਹੌਲ ‘ਚ ਨਹੀਂ ਰੰਗੇ ਹੋਣ ਕਰਕੇ, ਜਿਸ ਨੂੰ ਵੀ ਸੂਤ ਲੱਗੇ ਬੁਲਾ ਹੀ ਲਈਦਾ ਹੈ । ਜਿਸ ਨਾਲ਼ ਵੀ ਗੱਲ ਕਰੀਏ ਗਿਣਤੀ ਦੇ ਹੀ ਸੁਆਲ ਜੁਆਬ ਹੁੰਦੇ ਹਨ ।

“ਕਦੋਂ ਆਏ?”

“ਪੱਕੇ ਹੋ ਕੇ ਆਏ ਜਾਂ ਪੜ੍ਹਾਈ ਬੇਸ ‘ਤੇ ?”

“ਕਿਹੜਾ ਕੋਰਸ ਹੈ?”

“ਕਿਸ ਨਾਲ਼ ਰਹਿੰਦੇ ਹੋ?”

“ਪੰਜਾਬ ਵਿੱਚ ਕਿੱਥੋਂ ਆਏ ਹੋ?”

ਸਭ ਦੀ ਗੱਲ ਬਾਤ ਦਾ ਯਕੀਨਨ ਇੱਕ ਹੀ ਅੰਤ ਹੁੰਦਾ ਹੈ ਕਿ ਜੌਬ ਮਿਲੀ ਕਿ ਨਹੀਂ । ਜੇਕਰ ਕਦੀ ਗੱਲ-ਬਾਤ ਖਿੱਚੀ ਵੀ ਜਾਵੇ ਤਾਂ ਜੌਬ ਤੋਂ ਅੱਗੇ ਤਾਂ ਵਧਦੀ ਹੀ ਨਹੀਂ, ਇਸੇ ਸ਼ਬਦ ਦੁਆਲੇ ਹੀ ਘੁੰਮਦੀ ਰਹਿੰਦੀ ਹੈ । ਜਿਹੜੇ ਪੰਜਾਬੀ ਪੁੱਤ ਪੰਜਾਬ ਵਿੱਚ ਰਹਿੰਦਿਆਂ ਟੀਟਣੀਆਂ ਮਾਰਦੇ ਹੁੰਦੇ ਹਨ, ਇੱਥੇ ਨਿੱਕੀ ਤੋਂ ਨਿੱਕੀ ਜੌਬ ਲਈ ਤਰਸਦੇ ਹਨ । ਹਫ਼ਤੇ ਵਿੱਚ 20 ਘੰਟੇ ਕੰਮ ਕਰਕੇ ਫ਼ੀਸ ਕੱਢਣ ਦਾ ਸੁਪਨਾ ਤੜੱਕ ਕਰਕੇ ਟੁੱਟ ਜਾਂਦਾ ਹੈ । ਪਤਾ ਉਦੋਂ ਲੱਗਦਾ ਹੈ ਜਦੋਂ ਅਗਲੇ ਛੇ ਮਹੀਨਿਆਂ ਦੀ ਫ਼ੀਸ ਲਈ ਘਰ ਫੋਨ ਆ ਜਾਂਦਾ ਹੈ । 4-5 ਲੱਖ ਰੁਪਇਆ ਖ਼ਰਚ ਕਰਕੇ ਪੁੱਤ/ਧੀ ਨੂੰ ਵਿਦੇਸ਼ ਵਿੱਚ ਸੈੱਟ ਕਰਨ ਬਾਰੇ ਸੋਚਣ ਵਾਲੇ ਮਾਪਿਆਂ ਲਈ ਇਹ ਪਹਿਲਾ ਝਟਕਾ ਹੁੰਦਾ ਹੈ । ਪਰ ਗਾਰੰਟੀ ਇਸ ਗੱਲ ਦੀ ਵੀ ਹੈ ਕਿ ਪੰਜਾਬ ਵਿੱਚ ਬੈਠਿਆਂ ਕੋਈ ਵੀ, ਕਿਸੇ ਹੋਰ ਨੂੰ ਇਹਨਾਂ ਕੌੜੀਆਂ ਸਚਾਈਆਂ ਤੋਂ ਜਾਣੂ ਨਹੀਂ ਕਰਵਾਉਂਦਾ । ਜੇਕਰ ਕੋਈ ਮਾੜਾ ਮੋਟਾ ਦੱਸ ਵੀ ਦੇਵੇ ਤਾਂ ਇੰਝ ਦੱਸਦਾ ਹੈ ਜਿਵੇਂ ਕਿ ਮਾਮੂਲੀ ਗੱਲ ਹੋਵੇ । ਇੱਥੇ ਬਹੁਤ ਸਾਰੇ ਲੋਕਾਂ ਨਾਲ ਗੱਲ ਬਾਤ ਹੋਈ ਤੇ ਮੈਂ ਮੁੱਖ ਤੌਰ ਤੇ ਇਹੀ ਸਵਾਲ ਪੁੱਛਿਆ ਕਿ ਜਦੋਂ ਕੋਈ ਵੀ ਆਪਣੇ ਵਤਨ ਬੈਠਾ ਇਥੋਂ ਦੇ ਹਾਲਤਾਂ ਬਾਰੇ ਜਾਣਕਾਰੀ ਲੈਣੀ ਚਾਹੁੰਦਾ ਹੈ ਤਾਂ ਉਸਨੂੰ ਕੋਈ ਵੀ ਸਹੀ ਕਿਉਂ ਨਹੀਂ ਦੱਸਦਾ ਕਿ ਜੌਬ ਆਦਿ ਦਾ ਬਹੁਤ ਬੁਰਾ ਹਾਲ ਹੈ ਤਾਂ ਹਰ ਵਾਰ ਇਹੀ ਜੁਆਬ ਮਿਲਿਆ ਕਿ ਵਤਨੀਂ ਬੈਠੇ ਨੂੰ ਜੇਕਰ ਸਹੀ ਦੱਸ ਵੀ ਦੇਈਏ, ਤਾਂ ਹਰ ਕੋਈ ਇਹੀ ਸਮਝਦਾ ਹੈ ਕਿ “ਖੁਦ ਤਾਂ ਮੈਲਬੌਰਨ ਦੇ ਬੁੱਲ੍ਹੇ ਲੁੱਟ ਰਿਹਾ ਹੈ ਤੇ ਸਾਨੂੰ ਇੱਥੇ ਆਉਣ ਤੋਂ ਰੋਕਦਾ ਹੈ । ਇਸ ਲਈ ਜੇਕਰ ਕੋਈ ਪੁੱਛੇ, ਤਾਂ ਵੀ ਸਭ ਨਾਲ ਹਿਸਾਬ ਸਿਰ ਹੀ ਗੱਲ ਕਰੀਦੀ ਹੈ ।”

ਕੁਝ ਕੁ ਦਿਨ ਤਾਂ ਆਉਣ ਵਾਲਾ ਜਿਸ ਯਾਰ-ਦੋਸਤ ਕੋਲ ਆਇਆ ਹੁੰਦਾ ਹੈ, ਉਸ ਕੋਲ ਹੀ ਰੋਟੀਆਂ ਤੋੜਦਾ ਹੈ । “ਫੁੱਲ ਡੇ” ਟਿਕਟ ਲੈ ਕੇ ਚਾਂਈ-ਚਾਂਈ ਸਿਟੀ ਘੁੰਮਦਾ ਹੈ । ਸਾਰਾ ਮੈਲਬੌਰਨ ਦੋ ਜ਼ੋਨਾਂ ਵਿੱਚ ਵੰਡਿਆ ਹੋਇਆ ਹੈ । ਜੋ਼ਨ ਵਨ ਤੇ ਜ਼ੋਨ ਟੂ । ਆਉਣ ਵਾਲਿਆਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਕਿਸੇ ਵੀ ਜ਼ੋਨ ਦੀ ਟਿਕਟ ਦੂਜੇ ਜ਼ੋਨ ਵਿੱਚ ਨਹੀਂ ਚੱਲਦੀ । ਜੇਕਰ ਪਕੜਿਆ ਜਾਵੇ ਤਾਂ ਪਨੈਲਟੀਆਂ ਬਹੁਤ ਭਾਰੀ ਹਨ ਤੇ ਕੋਈ ਅਫ਼ਸਰ ਇਹ ਬਹਾਨਾ ਸੁਨਣ ਲਈ ਤਿਆਰ ਨਹੀਂ ਹੁੰਦਾ ਕਿ “ਅਸੀਂ ਨਵੇਂ ਆਏ ਹਾਂ ਜੀ, ਸਾਨੂੰ ਪਤਾ ਨਹੀਂ ਸੀ ।” ਜਿੰਨਾਂ ਨੂੰ ਪੰਜਾਬ ਵਿੱਚ ਕਾਲਜ ਜਾਣ ਸਮੇਂ ਟਿਕਟ ਜਾਂ ਪਾਸ ਦੇ ਮਾਮਲੇ ਤੇ ਬੱਸ ਕੰਡਕਟਰਾਂ ਨਾਲ ਖਹਿਬਾਜੀ ਦਾ ਅਨੁਭਵ ਹੋਵੇ, ਕਦੀ ਡਰਾਇਵਰਾਂ ਜਾਂ ਕੰਡਕਟਰਾਂ ਤੇ ਹੱਥ ਗਰਮ ਕੀਤਾ ਹੋਵੇ ਜਾਂ ਯਾਰਾਂ ਦੋਸਤਾਂ ਨਾਲ਼ ਮਿਲਕੇ ਬੱਸ ਨੂੰ ਘੇਰਿਆ ਹੋਵੇ, ਉਨ੍ਹਾਂ ਨੂੰ ਜ਼ਰਾ ਸਾਵਧਾਨ ਰਹਿਣ ਦੀ ਲੋੜ ਹੈ, ਅਜਿਹੀਆਂ ਆਦਤਾਂ ਇੱਥੇ ਨਹੀਂ ਚੱਲਣਗੀਆਂ । ਹਾਂ, ਇੱਕ ਗੱਲ ਤਾਂ ਹੈ ਕਿ ਇੱਕ ਵਾਰ ਲਈ ਗਈ ਟਿਕਟ ਨਾਲ਼ ਬੱਸ, ਟਰੇਨ ਜਾਂ ਟਰਾਮ ਜਿਸ ਵਿੱਚ ਚਾਹੋ, ਜਿੰਨਾ ਚਾਹੋ ਸਫ਼ਰ ਕਰ ਸਕਦੇ ਹੋ । ਪਰ ਧਿਆਨ ਰੱਖੋ ਕਿ ਗਲ਼ਤ ਜੋ਼ਨ ਵਿੱਚ ਨਾ ਜਾਣਾ । ਬਾਕੀ ਸੰਡੇ ਸੇਵਰ, ਦੋ ਘੰਟੇ, ਅਰਲੀ ਬਰਡ ਤੇ ਹੋਰ ਕਈ ਕਿਸਮ ਦੀਆਂ ਟਿਕਟਾਂ ਮਿਲ ਜਾਂਦੀਆਂ ਹਨ, ਜੋ ਜ਼ਰੂਰਤ ਮੁਤਾਬਿਕ ਖਰੀਦੀਆਂ ਜਾ ਸਕਦੀਆਂ ਹਨ । ਗਗਨਚੁੰਬੀ ਇਮਾਰਤਾਂ, ਸਾਫ਼-ਸੁਥਰਾ ਵਾਤਾਵਰਣ ਤੇ ਚੰਗਾ ਖਾਣ-ਪੀਣ ਨਵੇਂ ਆਏ ਵਿਦਿਆਰਥੀ ਦੇ ਚਾਵਾਂ ਮਲ੍ਹਾਰਾਂ ਉੱਪਰ ਮਠਿਆਈ ‘ਤੇ “ਵਰਕ” ਵਾਂਗ ਕੰਮ ਕਰਦਾ ਹੈ । ਜਿਹੜੀਆਂ ਗੋਰੀਆਂ ਨੱਢੀਆਂ ਕਦੇ-ਕਦਾਈਂ ਪੰਜਾਬ ਜਾਂ ਕਿਸੇ ਟੂਰਿਸਟ ਸਥਾਨ ਤੇ ਖੜ੍ਹ-ਖੜ੍ਹ ਦੇਖੀਆਂ ਸਨ, ਨਾਲ਼ ਫੋਟੋ ਖਿਚਵਾਈਆਂ ਸਨ ਤੇ ਸਭ ਯਾਰਾਂ ਨੂੰ ਚੌੜੇ ਹੋ-ਹੋ ਦਿਖਾਈਆਂ ਸਨ, ਉਹਨਾਂ ਦਾ ਤਾਂ ਰੱਬ ਨੇ ਇੱਥੇ ਟੋਕਰਾ ਹੀ ਮੂਧਾ ਕੀਤਾ ਹੋਇਆ ਹੈ । ਇੱਥੇ ਬੜੀ ਵਰਾਇਟੀ ਹੈ, ਆਸਟ੍ਰੇਲੀਅਨ, ਵੀਅਤਨਾਮੀ, ਥਾਈਲੈਂਡ ਤੇ ਚੀਨ ਤੋਂ ਇਲਾਵਾ ਹੋਰ ਪਤਾ ਨਹੀਂ ਕਿੱਥੋਂ-ਕਿੱਥੋਂ । ਆਪਣੇ ਸਾਥੀਆਂ ਨਾਲ਼ ਜੱਫੀ ਪਾਈ ਖੜੀਆਂ ਅੱਧ-ਨੰਗੀਆਂ ਨੱਢੀਆਂ ਦੇਖ ਪੰਜਾਬੀ ਗੱਭਰੂ ਦਾ ਚਿੱਤ ਬਾਗੋ-ਬਾਗ ਹੁੰਦਾ ਹੈ ਤੇ ਜੇਕਰ ਕਿਤੇ ਟਰਾਮ ਜਾਂ ਟਰੇਨ ਆਦਿ ਵਿੱਚ ਗੋਰੀ ਮੇਮ ਕੋਲ ਆ ਕੇ ਬੈਠ ਜਾਏ ਤਾਂ ਗੱਭਰੂ ਦੀਆਂ ਸੋਚਾਂ ਬੇ-ਲਗਾਮ ਹੋ ਜਾਂਦੀਆਂ ਹਨ । ਮੇਮ ਦੇ ਸਾਥ ਦਾ ਨਿੱਘ ਮਾਣਦਿਆਂ, ਉਹ ਆਪਣੇ ਸਾਥੀਆਂ ਨਾਲ਼ ਪੰਜਾਬੀ ਵਿੱਚ ਜੋ ਗੱਲਾਂ ਕਰਦਾ ਹੈ, ਉਹ ਸਾਡੇ ਵਰਗਿਆਂ ਨੂੰ ਤਾਂ ਸਮਝ ਆ ਹੀ ਜਾਂਦੀਆਂ ਹਨ । ਕਦੀ-ਕਦੀ ਬੀਚ ਤੇ ਜਾ ਕੇ ਸ਼ੁਗਲਮੇਲਾ ਵੀ ਦੇਖਦਾ ਹੈ । ਆਖਿਰ ਮੈਲਬੌਰਨ ਦੇ ਨਜ਼ਦੀਕ ਏਨੇ ਬੀਚ ਘੁੰਮਣ ਲਈ ਹੀ ਤਾਂ ਹਨ ।

ਸੀਨ ਪਲਟਦਾ ਹੈ ਤੇ ਗੱਭਰੂ ਨੂੰ ਆਪਣੇ ਲਈ ਕਮਰਾ ਲੈਣ ਦੀ ਫਿਕਰ ਸ਼ੁਰੂ ਹੋ ਜਾਂਦੀ ਹੈ । ਮੁੜ ਉਹ ਐਤਵਾਰ ਨੂੰ ਗੁਰਦੁਆਰਾ ਸਾਹਿਬ ਜਾਣ ਲਈ ਬਲੈਕ ਬਰਨ ਦੀ ਟਰੇਨ ਪਕੜਦਾ ਹੈ ਤੇ ਅਰਦਾਸ ਉਪਰੰਤ ਲੰਗਰ ਛਕਣ ਤੋਂ ਬਾਅਦ, ਬਾਹਰ ਲੱਗੇ ਨੋਟਿਸ ਬੋਰਡ ਤੇ ਕਮਰੇ ਲੱਭਣ ਲਈ ਫੋਨ ਨੰਬਰ ਤੇ ਐਡਰੈਸ ਨੋਟ ਕਰ, ਕਮਰਾ ਲੱਭਣ ਦੀ ਕੋਸਿ਼ਸ਼ ਸ਼ੁਰੂ ਹੋ ਜਾਂਦੀ ਹੈ । ਕਮਰਾ ਵੀ ਇੱਥੇ ਚੰਗੀ ਕਵਾਇਦ ਤੋਂ ਬਾਅਦ ਮਿਲਦਾ ਹੈ । ਯਾਦ ਰੱਖੋ ਚਾਹੇ ਕਮਰਾ ਲੈਣਾ ਹੈ ਜਾਂ ਜੌਬ, ਹਰ ਕੰਮ ਲਈ ਤੁਹਾਨੂੰ “ਰੈਫਰੈਂਸ” ਦੀ ਜ਼ਰੂਰਤ ਪਵੇਗੀ ਤੇ “ਰੈਫਰੈਂਸ” ਵੀ ਅਜਿਹੀ ਜੋ ਅੱਧੀ ਰਾਤ ਨੂੰ ਵੀ ਤੁਹਾਡਾ ਪੱਖ ਪੂਰ ਸਕੇ । ਅਗਲਾ ਕੰਮ ਜੌਬ ਲੱਭਣ ਦਾ ਹੁੰਦਾ ਹੈ । ਕੋਈ ਵੀ ਤੁਹਾਡੀ ਮੱਦਦ ਨਹੀਂ ਕਰ ਸਕਦਾ, “ਰਜਿ਼ਊਮੇ” ਬਣਾ ਕੇ ਖੁਦ ਹੀ ਦਰ-ਦਰ ਠੋਕਰਾਂ ਖਾਣੀਆਂ ਪੈਂਦੀਆਂ ਹਨ । ਕੁਝ ਸ਼ੁਭਚਿੰਤਕਾਂ ਵੱਲੋਂ ਸਾਨੂੰ ਮੈਲਬੌਰਨ ਆਉਣ ਤੇ ਜੌਬ ਬਾਬਤ ਇੱਕ ਚੇਤਾਵਨੀ ਮਿਲੀ ਸੀ ਕਿ “ਜੋ ਮਰਜ਼ੀ ਕੰਮ ਕਰਨਾ ਪਰ ਕਿਸੇ “ਵੈੱਲ ਸੈਟਲਡ” ਪੰਜਾਬੀ ਤੇ ਵਿਸ਼ਵਾਸ ਨਹੀਂ ਕਰਨਾ । ਕਿਉਂ ਜੋ ਇਹਨਾਂ ਵਿੱਚੋਂ ਬਹੁਤ ਸਾਰੇ ਲੋਕ ਉਸ ਤਬਕੇ ਨਾਲ ਸੰਬੰਧਿਤ ਹਨ, ਜੋ ਨਵੇਂ ਆਏ ਲੋਕਾਂ ਦਾ ਸ਼ੋਸ਼ਣ ਕਰਦਾ ਹੈ ।” ਅਫ਼ਸੋਸ ਤਾਂ ਇਸ ਗੱਲ ਦਾ ਹੈ ਕਿ ਇੱਕ ਨਹੀਂ, ਦੋ ਨਹੀਂ, ਕਈ ਚੇਤਾਵਨੀਆਂ ਮਿਲਣ ਦੇ ਬਾਵਜੂਦ ਇਸ ਦਾ ਕੌੜਾ ਤਜ਼ਰਬਾ ਸਾਨੂੰ ਹੋ ਹੀ ਗਿਆ । ਕਿਸੇ “ਦੇਸੀ” ਨਾਲ਼ ਥੋੜੀ ਜਿਹੀ ਜਾਣ-ਪਹਿਚਾਣ ਹੋਈ ਤੇ ਉਸਨੇ ਆਪਣੇ ਕਿਸੇ “ਦੇਸੀ” ਦੋਸਤ ਦੀ ਫੈਕਟਰੀ ਵਿੱਚ ਦੋ ਦਿਨ ਕੰਮ ਕਰਨ ਲਈ ਕਿਹਾ (ਇੱਥੇ ਭਾਰਤੀਆਂ ਨੂੰ ਦੇਸੀ ਕਿਹਾ ਜਾਂਦਾ ਹੈ, ਸ਼ਰਮਨਾਕ ਗੱਲ ਤਾਂ ਇਹ ਹੈ ਕਿ ਕੋਈ ਬੇਗਾਨਾ ਨਹੀਂ ਬਲਕਿ ਭਾਰਤੀ ਹੀ ਭਾਰਤੀਆਂ ਨੂੰ ਦੇਸੀ ਕਹਿੰਦੇ ਹਨ, ਮੈਨੂੰ ਇਹ ਸ਼ਬਦ ਆਪਣੇ ਪਾਠਕਾਂ ਨੂੰ ਸਚਾਈ ਨਾਲ ਜਾਣੂ ਕਰਵਾਉਣ ਲਈ ਵਰਤਣਾ ਪੈ ਰਿਹਾ ਹੈ) । “ਚਲੋ, ਦੋ ਦਿਨਾਂ ਵਿੱਚ ਮਾੜਾ-ਮੋਟਾ ਕੰਮ ਬਾਰੇ ਜਾਣਕਾਰੀ ਹੀ ਮਿਲ ਜਾਊ” ਇਹ ਸੋਚ ਕੇ ਮੈਂ ਦੋ ਦਿਨ ਸਿਰਫ਼ 50 ਡਾਲਰ ਰੋਜ਼ਾਨਾਂ ਤੇ ਜਾਣਾ ਸਵੀਕਾਰ ਕਰ ਲਿਆ । ਪਹਿਲੇ ਦਿਨ ਸ਼ਾਮ ਨੂੰ ਜਦੋਂ 50 ਡਾਲਰ ਦਾ ਨੋਟ ਮਿਲਿਆ ਤਾਂ ਨਾਲ਼ ਦੀ ਨਾਲ਼ 35 ਨਾਲ਼ ਗੁਣਾ ਕਰਕੇ ਕਾਫ਼ੀ ਸੁਆਦ ਆਇਆ ਤੇ ਸਾਰੇ ਦਿਨ ਦੀ ਤਕਲੀਫ਼ ਭੁੱਲ ਗਈ । ਦੂਜੇ ਦਿਨ ਸ਼ਾਮ ਹੋਈ ।

“ਸਰ, ਕੰਮ ਹੋ ਗਿਆ ।” ਮੈਂ ਫੈਕਟਰੀ ਦੇ ਪੰਜਾਬੀ ਮਾਲਕ ਨੂੰ ਕਿਹਾ ।

“ਗੁੱਡ ! ਚੰਗਾ ਐਸ਼ ਕਰੋ ਫਿਰ” ਫੈਕਟਰੀ ਮਾਲਕ ਨੇ ਬਿਨਾਂ ਮੇਰੇ ਵੱਲ ਤੱਕਿਆਂ, ਬੀਅਰ ਦੀ ਚੁਸਕੀ ਭਰਦਿਆਂ ਜੁਆਬ ਦਿੱਤਾ । ਆਪਣੀ ਅੱਜ ਤੱਕ ਦੀ ਜਿੰਦਗੀ ਵਿੱਚ ਅਜਿਹਾ “ਪਿਆਰ ਭਰਿਆ” ਜੁਆਬ ਤਾਂ ਮੈਨੂੰ ਉਦੋਂ ਵੀ ਕਦੀ ਨਹੀਂ ਸੀ ਸੁਣਨਾ ਪਿਆ, ਜਦੋਂ ਕਿ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ ।

“ਭਾ ਜੀ, ਅੱਜ ਦੇ ਪੈਸੇ......” ਜਿਸ ਨੇ ਕੰਮ ਦਿਵਾਇਆ ਸੀ, ਉਸ ਵੱਲ ਤਕਦਿਆਂ ਗੱਲ ਅਧੂਰੀ ਛੱਡ ਦਿੱਤੀ ।

“ਕੋਈ ਨਾਂ ਪੈਸੇ ਨਹੀਂ ਕਿਤੇ ਜਾਂਦੇ, ਲੈ ਲਵਾਂਗੇ” ਜੁਆਬ ਮਿਲਿਆ ।

“ਪਰ ਕੰਮ ਤਾਂ ਦੋ ਦਿਨ ਦਾ ਸੀ, ਤੇ ਉਹ ਹੋ ਗਿਆ । ਬਾਕੀ ਆਉਣ ਲਈ ਦੋ ਘੰਟੇ ਦਾ ਸਫ਼ਰ ਤੇ ਦਸ ਡਾਲਰ ਕਿਰਾਇਆ ਲੱਗਦਾ ਹੈ, ਇਸ ਕਰਕੇ ਦੋਬਾਰਾ ਸਿਰਫ਼ ਪੈਸੇ ਲੈਣ ਲਈ ਆਉਣਾ ਵੀ ਮੁਸ਼ਕਿਲ ਹੈ” ਮੇਰਾ ਜੁਆਬ ਸੀ ।

“ਕੋਈ ਨਾਂ ਲੈ ਲਵਾਂਗੇ” ਕਹਿ ਕੇ ਉਹ ਆਪਣੇ ਰਸਤੇ ਜਾਣ ਲਈ ਗੱਡੀ ਵੱਲ ਤੁਰ ਪਿਆ । ਹੁਣ ਕਰੀਬ 4 ਹਫ਼ਤੇ ਬੀਤ ਜਾਣ ਤੋਂ ਬਾਅਦ ਉਹ ਪੈਸੇ ਨਹੀਂ ਮਿਲੇ ਤੇ ਨਾ ਹੀ ਮਿਲਣ ਦੀ ਕੋਈ ਸੰਭਾਵਨਾ ਨਜ਼ਰ ਆਉਂਦੀ ਹੈ । ਜੇਕਰ ਇਸ ਦੇ ਉਲਟ ਕਿਸੇ “ਗੋਰੇ” ਕੋਲ ਕੰਮ ਕੀਤਾ ਹੋਵੇ, ਜੇਕਰ ਉਸਨੂੰ ਕੰਮ ਪਸੰਦ ਨਹੀਂ ਵੀ ਆਵੇਗਾ ਤਾਂ ਵੀ ਕੀਤੇ ਗਏ ਕੰਮ ਦੀ ਉਜਰਤ ਜਰੂਰ ਮਿਲਦੀ ਹੈ । ਇਸ ਦਿਨ ਦੁਪਿਹਰ ਤੋਂ ਲੈ ਕੇ ਹੁਣ ਤੱਕ ਫੈਕਟਰੀ ਵਿੱਚ ਹੀ ਮੁਰਗੇ, ਬੱਕਰੇ ਭੁੰਨੇ ਜਾ ਰਹੇ ਸਨ ਤੇ ਬੀਅਰ ਦੇ ਨਾਲ਼ ਵਿਸਕੀ ਦੇ ਦੌਰ ਵੀ ਚੱਲੇ ਸਨ । ਜਿੱਥੇ ਇਸ ਸ਼ਾਮ ਨੂੰ ਰੰਗੀਨ ਬਨਾਉਣ ਲਈ ਏਨਾਂ ਖ਼ਰਚ ਕੀਤਾ ਗਿਆ ਸੀ, ਉੱਥੇ ਮੇਰੇ 50 ਡਾਲਰ ਮੁੱਕਰ ਕੇ ਪਤਾ ਨਹੀਂ ਕਿਹੜੇ ਖ਼ਰਚੇ ਬਚਾ ਹੋ ਗਏ । ਜਾਪਦਾ ਹੈ ਕਿ ਅਜਿਹੀਆਂ ਮੱਛੀਆਂ ਨੇ ਸਾਰਾ ਸੰਸਾਰ ਹੀ ਗੰਦਾ ਕਰ ਦੇਣਾ ਹੈ । ਇਹ ਲੋਕ ਬਹੁਤ ਹੀ ਘੱਟ ਡਾਲਰਾਂ ਤੇ ਆਪਣੀਆਂ ਫੈਕਟਰੀਆਂ ਵਿੱਚ ਅਹਿਸਾਨ ਕਰਕੇ ਕੰਮ ਦੇਣਗੇ ਤੇ ਕੰਮ ਵੀ ਚੰਮ ਲਾਹੁਣ ਬਰਾਬਰ ਹੋਵੇਗਾ । ਕਈ ਅਜਿਹੇ ਸੂਰਮੇ ਵੀ ਹਨ ਜੋ ਮੱਦਦ ਕਰਨ ਦੇ ਨਾਮ ਤੇ ਤੁਹਾਡੀ ਕਮਾਈ ‘ਚੋਂ ਆਪਣਾ ਹਿੱਸਾ ਪਹਿਲਾਂ ਹੀ ਕਢਵਾ ਲੈਂਦੇ ਹਨ । ਤੁਹਾਡੇ ਸਿਰ ਕੰਮ ਦਿਵਾਉਣ ਦਾ ਅਹਿਸਾਨ ਤਾਂ ਰਹੇਗਾ ਹੀ । ਇਹ ਵੀ ਵੱਡੀ ਗੱਲ ਨਹੀਂ ਹੈ ਕਿ ਜੇਕਰ ਉਹ ਤੁਹਾਡੇ ਤੋਂ ਚਾਰ-ਪੰਜ ਦਿਨ ਕੰਮ ਸਿਖਾਉਣ ਦੇ ਨਾਮ ਤੇ ਲਗਵਾ ਲੈਣ ਤੇ ਮੁੜ ਕਹਿ ਦੇਣ ਕਿ ਤੁਹਾਡਾ ਕੰਮ ਪਸੰਦ ਨਹੀਂ ਆਇਆ । ਇਹ ਟ੍ਰੇਨਿੰਗ ਬਿਨਾਂ ਪੈਸਿਆਂ ਤੋਂ ਹੁੰਦੀ ਹੈ । ਮੁੜ ਅਗਲੇ ਹਫ਼ਤੇ ਇਸ ਜਗ੍ਹਾ ਤੇ ਹੋਰ ਮਜ਼ਬੂਰ “ਮੁਰਗੇ” ਆ ਜਾਣਗੇ । ਮੈਨੂੰ ਬਾਅਦ ਵਿੱਚ ਪਤਾ ਲੱਗਾ ਸੀ ਕਿ ਮੇਰੇ ਦੋ ਦਿਨ ਲਾਉਣ ਤੋਂ ਪਹਿਲਾਂ ਵੀ ਕਈ ਜਣੇ ਚਾਰ-ਚਾਰ ਪੰਜ-ਪੰਜ ਦਿਨ ਲਗਾ ਕੇ ਗਏ ਸਨ ਤੇ ਮੈਂ ਤਾਂ “ਤਕੜਾ” ਵਗਿਆ ਸਾਂ ਜੋ ਘੱਟੋ-ਘੱਟ 50 ਡਾਲਰ ਤਾਂ ਲੈ ਗਿਆ ਸਾਂ । ਜੇਕਰ ਕਿਸਮਤ ਸਾਥ ਦੇ ਜਾਵੇ ਤਾਂ ਗੱਲ ਵੱਖਰੀ ਹੈ ਨਹੀਂ ਤਾਂ ਚਾਰ-ਛੇ ਮਹੀਨੇ ਤਾਂ ਕੰਮ ਮਿਲਣ ਦਾ ਕੋਈ ਚਾਂਸ ਨਹੀਂ ਹੈ । ਇੱਥੇ ਆ ਕੇ ਤੁਹਾਡੀ ਸਾਰੀ ਕਾਬਲੀਅਤ, ਸਾਰੀ ਪੜ੍ਹਾਈ, ਸਾਰਾ ਤਜਰਬਾ ਮਿੱਟੀ ਹੋ ਜਾਵੇਗਾ । ਮੈਲਬੌਰਨ ਦੇ ਇੱਕ ਇੰਸਟੀਚਿਊਟ ਵਿੱਚ ਇੱਕ ਅਜਿਹੀ ਰਿਸੈਪਸ਼ਨਿਸਟ ਨੂੰ ਮਿਲਿਆ ਜੋ ਕਿ ਕੇਰਲਾ ਵਿੱਚ ਗਾਈਨੀ ਦੀ ਡਾਕਟਰ ਸੀ ਤੇ ਉਸਦਾ ਪਤੀ ਚਾਰਟਰਡ ਅਕਾਊਂਟੈਂਟ ਸੀ ਤੇ ਇੱਥੇ ਸਟੋਰ ਵਿੱਚ ਸੇਲਜ਼ਮੈਨ ਲੱਗਾ ਹੋਇਆ ਹੈ । ਇਹ ਜੋੜਾ ਭਾਰਤ ਤੋਂ ਹੀ ਪੱਕਾ ਹੋ ਕੇ ਆਸਟ੍ਰੇਲੀਆ ਆਇਆ ਹੈ । ਬੇਸ਼ੱਕ ਭਵਿੱਖ ਵਿੱਚ ਉਨ੍ਹਾਂ ਨੇ ਆਪਣੀ ਲਾਈਨ ਵਿੱਚ ਹੀ ਜੌਬ ਕਰਨੀ ਹੋਵੇਗੀ ਪਰ ਅੱਜ ਤਾਂ ਇਹੀ ਕੁਝ ਕਰਨਾ ਪੈ ਰਿਹਾ ਹੈ । ਇੱਕ ਹੋਰ “ਫ਼ੈਸ਼ਨ ਡਿਜ਼ਾਇਨਰ” ਮਿਲੀ, ਪੰਜਾਬ ਵਿੱਚ ਇਹੀ ਕੰਮ ਕਰਦੀ ਸੀ, ਚੰਗੇ ਨੋਟ ਛਾਪਦੀ ਸੀ । ਵਿਦੇਸ਼ੀ ਚਮਕ-ਦਮਕ ਨੇ “ਕਮਰਸ਼ੀਅਲ ਕੁਕਰੀ” ਕੋਰਸ ਵਿੱਚ ਮੈਲਬੌਰਨ ਲੈ ਆਂਦਾ ਤੇ ਹੁਣ ਖ਼ਰਚ ਚਲਾਉਣ ਲਈ ਰੈਸਟੋਰੈਂਟ ਵਿੱਚ ਨੌਕਰੀ ਕਰਦੀ ਹੈ । ਪਹਿਲਾਂ ਬਾਹਵਾਂ ਤੇ ਵੈਕਸ ਕਰਵਾ ਕੇ ਰੱਖਦੀ ਸੀ ਤੇ ਹੁਣ ਤੰਦੂਰ ਤੇ ਰੋਟੀਆਂ ਲਾਹੁੰਦੀ ਹੈ ਤੇ ਵੈਕਸ ਕਰਵਾਉਣ ਦੀ ਲੋੜ ਹੀ ਨਹੀਂ ਪੈਂਦੀ । ਚਾਹੇ ਤੁਸੀਂ ਵੈਲਡਿੰਗ ਕਰਦੇ ਹੋ, ਮੀਟ ਕੱਟਦੇ ਹੋ, ਪਲੰਬਰ ਜਾਂ ਕੋਈ ਹੋਰ ਹੱਥੀਂ ਕੰਮ ਕਰਨਾ ਜਾਣਦੇ ਹੋ, ਹਰ ਕੰਮ ਲਈ ਲਾਇਸੈਂਸ ਦੀ ਜ਼ਰੂਰਤ ਪਵੇਗੀ । ਇੱਥੋਂ ਤੱਕ ਕਿ ਜੇਕਰ ਤੁਸੀਂ ਮਜ਼ਦੂਰੀ ਕਰਨੀ ਚਾਹੁੰਦੇ ਹੋ ਤਾਂ ਵੀ “ਰੈੱਡ ਕਾਰਡ” ਦਾ ਕੋਰਸ ਕਰਨਾ ਪਵੇਗਾ ਤੇ ਫਿਰ ਕੰਮ ਲਈ ਅਪਲਾਈ ਕਰ ਸਕਦੇ ਹੋ । ਜੇਕਰ ਕਲੀਨਿੰਗ ਵੀ ਕਰਨੀ ਹੈ ਤਾਂ ਵੀ ਤਜਰਬਾ ਚਾਹੀਦਾ ਹੈ । ਪੰਜਾਬ ਵਿੱਚੋਂ ਜਿੰਨੇ ਵੀ ਇੱਥੇ ਆਉਂਦੇ ਹਨ, ਕਿਸੇ ਨੇ ਡੱਕਾ ਤੋੜ ਕੇ ਦੂਹਰਾ ਨਹੀਂ ਕੀਤਾ ਹੁੰਦਾ ਪਰ ਇੱਥੇ ਜਦ ਜੌਬ ਲੱਭਣੀ ਪੈਂਦੀ ਹੈ ਤਾਂ ਬੜੀਆਂ ਮੁਸ਼ਕਿਲਾਂ ਦਰ-ਪੇਸ਼ ਆਉਂਦੀਆਂ ਹਨ । ਇਥੇ ਇੱਕ ਗੱਲ ਤਾਂ ਹੈ ਕਿ ਕੰਮ ਚਾਹੇ ਕੋਈ ਵੀ ਕਿਉਂ ਨਾ ਹੋਵੇ, ਹਰ ਕੰਮ ਕਰ ਵਾਲਾ ਬਰਾਬਰ ਅਧਿਕਾਰ ਰੱਖਦਾ ਹੈ । ਇੱਥੇ ਸਲੂਟ ਮਾਰਨ ਦੇ ਨਹੀਂ, ਕੰਮ ਕਰਨ ਦੇ ਪੈਸੇ ਮਿਲਦੇ ਹਨ । ਇੱਕ ਬੜੀ ਪੁਰਾਣੀ ਘਟਨਾ ਯਾਦ ਆ ਗਈ ਹੈ । ਕਰੀਬ ਵੀਹ ਕੁ ਸਾਲ ਪਹਿਲਾਂ ਜਦੋਂ ਮੈਂ ਕੋਟਕਪੂਰੇ, ਉਸ ਸਮੇਂ ਦੇ ਮਸ਼ਹੂਰ ਸਟੂਡੀਓ ਵਿੱਚ ਫੋਟੋਗ੍ਰਾਫ਼ੀ ਸਿੱਖ ਰਿਹਾ ਸਾਂ ਤਾਂ “ਬਾਊ ਜੀ” ਕੋਲ ਉਹਨਾਂ ਦਾ ਇੱਕ ਦੋਸਤ ਜੋ ਕਿ ਐਤਵਾਰ ਕੇਵਲ ਤਾਸ਼ ਖੇਡਣ ਆਉਂਦਾ ਹੁੰਦਾ ਸੀ, ਮੇਰੀ ਸਿ਼ਕਾਇਤ ਕਰਕੇ ਗਿਆ ਕਿ “ਥੋਡਾ ਇਹ ਮੁੰਡਾ ਮੈਨੂੰ ਨਮਸਤੇ ਨਹੀਂ ਕਰਦਾ” ।

“ਬਾਊ ਜੀ, ਮੇਰਾ ਇਹਦੇ ਨਾਲ਼ ਕੀ ਲੱਲਾ-ਖੱਖਾ ਹੈ, ਜੋ ਇਹਨੂੰ ਐਵੇਂ ਹੀ ਸਲੂਟ ਮਾਰਦਾ ਫਿਰਾਂ ? ਘਰ ਦਿਆਂ ਦਾ ਧਕਾਇਆ ਏਥੇ ਆ ਕੇ ਸਾਰੀ ਦਿਹਾੜੀ ਤਾਸ਼ ਕੁੱਟੀ ਜਾਂਦੈ” ਜੁਆਬ ਮੇਰਾ ਵੀ ਹੂੜ-ਮੱਤ ਵਾਲਾ ਹੀ ਸੀ । ਪਰ ਆਸਟ੍ਰੇਲੀਆ ਵਿੱਚ ਤਾਂ ਵਾਕਈ ਹੀ ਸਭ ਨੂੰ ਕੰਮ ਪਿਆਰਾ ਹੈ, ਚੰਮ ਨਹੀਂ । ਕੋਈ ਵੀ ਕੰਮ ਛੋਟਾ ਜਾਂ ਵੱਡਾ ਨਹੀਂ ਤੇ ਹਰ ਕੋਈ ਆਪਣੇ ਕੰਮ ਦੀ ਇੱਜ਼ਤ ਕਰਦਾ ਹੈ । “ਨਾਰਥ ਮੈਲਬੌਰਨ” ਦੇ ਸਟੇਸ਼ਨ ਤੇ ਖੜਿਆਂ “ਕੌਨੈਕਸ ਰੇਲ” ਦੀ ਇੱਕ ਮੁਲਾਜ਼ਮ ਨਾਲ਼ ਗੱਲ ਬਾਤ ਚੱਲ ਪਈ, ਜੋ ਕਿ ਕਈ ਸਾਲ ਪਹਿਲਾਂ ਦੱਖਣ ਭਾਰਤ ਤੋਂ ਆਈ ਹੋਈ ਸੀ ।

“ਜੌਬ ਪਰ ਜਾ ਰਹੇ ਹੋ ?”

“ਜੌਬ ਤੋ ਅਭੀ ਮਿਲੀ ਨਹੀਂ ਹੈ, ਢੂੰਢ ਰਹੇ ਹੈਂ”

“ਹਾਂ, ਥੋੜਾ ਮੁਸ਼ਕਿਲ ਹੈ, ਮਿਲ ਜਾਏਗੀ, ਇੰਡੀਆ ਮੇਂ ਕਿਆ ਕਰਤੇ ਥੇ”

“ਸੌਫਟਵੇਅਰ ਕਾ ਕਾਮ ਥਾ, ਸਾਥ ਮੇਂ ਅਕਾਊਂਟਸ ਕੀ ਟ੍ਰੇਨਿੰਗ ਦੇਤਾ ਥਾ”

“ਯਹਾਂ ਟਰਾਈ ਕੀਆ ?”

“ਕੋਸਿ਼ਸ਼ ਚਲ ਰਹੀ ਹੈ, ਵੈਸੇ ਤੋ ਇੰਡੀਆ ਮੇਂ ਅਕਾਊਂਟਸ ਕਾ 17 ਸਾਲ ਕਾ ਤਜ਼ਰਬਾ ਹੈ ਮਗਰ ਯਹਾਂ ਤੋ ਡੀ ਗਰੇਡ ਜੌਬ ਭੀ ਨਹੀਂ ਮਿਲ ਰਹੀ ।”

“ਅੱਛਾ, ਇੰਡੀਆ ਸੇ ਅਭੀ ਆਏ ਹੋ !!!! ਜੋ ਸੀ, ਡੀ ਗਰੇਡ ਕੇ ਚੱਕਰੋਂ ਮੇਂ ਪੜੇ ਹੋ, ਪਹਿਲੇ ਗਰੇਡ ਕਾ ਚੱਕਰ ਛੋੜੋ ਫਿਰ ਜੌਬ ਢੂੰਢਨਾ । ਯਹਾਂ ਕੋਈ ਏ ਯਾ ਡੀ ਗਰੇਡ ਜੌਬ ਨਹੀਂ ਹੈ, ਜੌਬ ਬੱਸ ਜੌਬ ਹੈ । ਪਹਿਲੇ ਜੌਬ ਕੀ ਰਸਪੈਕਟ ਕਰੋ, ਫਿਰ ਜੌਬ ਕਰਨਾਂ । ਚਾਹੇ ਲੇਬਰ ਕਰਤੇ ਹੋ ਯਾ ਅਫ਼ਸਰ ਹੋ, ਯਹਾਂ ਸਭ ਸਮਾਨ ਹੈ, ਕਿਸੀ ਕੋ ਕਿਸੀ ਸੇ ਕੋਈ ਮਤਲਬ ਨਹੀਂ ” ਜਾਪਦਾ ਹੈ ਕਿ ਉਸਨੇ ਆਸਟ੍ਰੇਲੀਆ ਜਿਉਣ ਲਈ ਬਹੁਤ ਜ਼ਰੂਰੀ ਗੁਰ ਗੱਲਾਂ-ਗੱਲਾਂ ਵਿੱਚ ਹੀ ਦੇ ਦਿੱਤਾ ਸੀ ।

ਆਸਟ੍ਰੇਲੀਆ ਆਉਣ ਤੋਂ ਪਹਿਲਾਂ ਸਾਨੂੰ ਕੁਝ “ਜਾਣਕਾਰਾਂ” ਨੇ ਇੱਥੋਂ ਤੱਕ ਕਿਹਾ ਸੀ ਕਿ ਜੋ ਹਾਲਤ ਪੰਜਾਬ ਵਿੱਚ ਭਈਆਂ ਦੀ ਹੈ, ਉਹੀ ਹਾਲਤ ਆਸਟ੍ਰੇਲੀਆ ਵਿੱਚ ਪੰਜਾਬੀਆਂ ਦੀ ਹੈ । ਚਾਹੇ ਅਸਿੱਧੇ ਰੂਪ ਵਿੱਚ ਹੀ ਸਹੀ, ਅਸੀਂ ਇਹ ਤਾਂ ਸਵੀਕਾਰ ਕਰਦੇ ਹੀ ਹਾਂ ਕਿ ਅਸੀਂ ਪੰਜਾਬ ਵਿੱਚ ਪ੍ਰਵਾਸੀ ਮਜ਼ਦੂਰਾਂ ਨਾਲ਼ ਚੰਗਾ ਵਿਵਹਾਰ ਨਹੀਂ ਕਰ ਰਹੇ । ਉਨ੍ਹਾਂ ਦੀ ਇੱਜ਼ਤ ਕਰਨਾ ਤਾਂ ਬੜੀ ਦੂਰ ਦੀ ਗੱਲ ਹੈ, ਬਿਨਾਂ ਗੱਲੋਂ ਹੀ ਮਜ਼ਾਕ ਦਾ ਪਾਤਰ ਬਣਾਇਆ ਜਾਂਦਾ ਹੈ । ਜੋ ਭਈਆਵਾਦ ਪੰਜਾਬ ਵਿੱਚ ਚੱਲ ਰਿਹਾ ਹੈ, ਕਿਸੇ ਹੱਦ ਤੱਕ ਅਸੀਂ ਵੀ ਉਸਦੇ ਜਿੰਮੇਵਾਰ ਹਾਂ । ਉਦਾਹਰਣ ਦੇ ਤੌਰ ਤੇ ਜੇਕਰ ਮਜ਼ਦੂਰਾਂ ਦੀ ਜ਼ਰੂਰਤ ਹੋਵੇ ਤਾਂ ਹਰ ਕਿਸੇ ਦੀ ਕੋਸਿ਼ਸ਼ ਹੁੰਦੀ ਹੈ ਕਿ ਪ੍ਰਵਾਸੀ ਮਜ਼ਦੂਰ ਨੂੰ ਲਗਾਇਆ ਜਾਵੇ, ਕਿਉਂ ਜੋ ਉਹ ਪੰਜਾਬੀ ਮਜ਼ਦੂਰਾਂ ਦੇ ਮੁਕਾਬਲੇ ਜਿ਼ਆਦਾ ਮਿਹਨਤੀ ਹੁੰਦੇ ਹਨ । ਜੇਕਰ ਪੰਜਾਬੀ ਮਜ਼ਦੂਰ ਮਿਹਨਤ ਤੇ ਇਮਾਨਦਾਰੀ ਨਾਲ ਕੰਮ ਕਰਦੇ ਤਾਂ ਕੀ ਪ੍ਰਵਾਸੀ ਮਜ਼ਦੂਰ ਪੰਜਾਬ ਦੀ ਇੰਡਸਟਰੀ ਜਾਂ ਕੰਮ-ਕਾਰ ਤੇ ਕਦੇ ਕਬਜ਼ਾ ਕਰ ਸਕਦੇ ਸਨ ? ਨਹੀਂ... ਕਦੇ ਵੀ ਨਹੀਂ । ਅੱਜ ਲੁਧਿਆਣੇ ਦੇ ਇੰਡਸਟਰੀਅਲ ਏਰੀਏ ਵਿੱਚ ਚਲੇ ਜਾਓ ਤਾਂ ਲੱਗਦਾ ਹੀ ਨਹੀਂ ਕਿ ਇਹ ਪੰਜਾਬ ਦਾ ਕੋਈ ਹਿੱਸਾ ਹੈ । ਸਭ ਪ੍ਰਵਾਸੀ ਮਜ਼ਦੂਰ ਹੀ ਨਜ਼ਰ ਆਉਂਦੇ ਹਨ । ਇੱਕ ਛੋਟੀ ਜਿਹੀ ਘਟਨਾ ਯਾਦ ਆ ਰਹੀ ਹੈ ਕਿ ਜਦੋਂ ਮੈਂ ਫਰੀਦਕੋਟ ਵਿੱਚ ਆਪਣੇ ਮਕਾਨ ਦੀ ਮੁਰੰਮਤ ਕਰਵਾ ਰਿਹਾ ਸਾਂ ਤਾਂ ਕਮਰੇ ਵਿੱਚੋਂ ਸਮਾਨ ਬਾਹਰ ਕੱਢਣ ਲਈ ਇੱਕ ਹੋਰ ਮਜ਼ਦੂਰ ਦੀ ਜ਼ਰੂਰਤ ਪਈ । ਅਕਸਰ ਕੰਮ ਸ਼ੁਰੂ ਕਰਨ ਦਾ ਸਮਾਂ ਸਵੇਰੇ 8 ਵਜੇ ਦਾ ਹੁੰਦਾ ਹੈ । ਕਰੀਬ 10 ਵਜੇ ਮੈਂ ਅੱਡੇ ਤੇ ਗਿਆ । ਇੱਕ ਪੰਜਾਬੀ ਮਜ਼ਦੂਰ ਨੂੰ ਕੰਮ ਕਰਨ ਲਈ ਕਿਹਾ । ਪਹਿਲਾਂ ਤਾਂ ਉਸਨੇ ਮੇਰੀ ਪੂਰੀ ਇੰਟਰਵਿਊ ਲਈ ਕਿ ਘਰ ਕਿੱਥੇ ਹੈ ? ਕੰਮ ਕੀ ਹੈ ? ਆਦਿ ਆਦਿ.... । ਘਰ ਆ ਕੇ ਉਹ ਬੋਲਿਆ ਕਿ ਮੈਂ ਹੈਲਥ ਕਲੱਬ ਦਾ ਸਮਾਨ ਬਾਹਰ ਨਹੀਂ ਕੱਢਣਾ, ਮੇਰੇ ਕੋਲੋਂ ਉਸਾਰੀ ਵਾਲੇ ਮਿਸਤਰੀ ਨਾਲ ਕੰਮ ਕਰਵਾਉਣਾ ਹੈ ਤਾਂ ਕਰਵਾ ਲਓ । ਕੰਮ ਛੱਡ ਕੇ ਉਹ ਆਪਣੇ ਪਿੰਡ ਵੱਲ ਨੂੰ ਚਾਲੇ ਪਾ ਗਿਆ । ਸਮਾਨ ਤਾਂ ਕੰਮ ਤੇ ਲੱਗੇ ਹੋਏ ਬਾਕੀ ਮਜ਼ਦੂਰਾਂ ਨੇ ਆਪਣੇ ਆਪ ਬਾਹਰ ਕੱਢ ਲਿਆ ਤੇ ਨਵਾਂ ਮਜ਼ਦੂਰ ਇੱਕ ਸਵਾਲ ਜਰੂਰ ਪਿੱਛੇ ਛੱਡ ਗਿਆ ਕਿ ਕੋਈ ਆਪਣੇ ਕੰਮ ਪ੍ਰਤੀ ਕਿੰਨਾ ਕੁ ਇਮਾਨਦਾਰ ਹੈ ? ਆਸਟ੍ਰੇਲੀਆ ਵਿੱਚ ਹੋਰ ਦੇਸ਼ਾਂ ਦੇ ਲੋਕਾਂ ਦੀ ਹਾਲਤ ਏਨੀ ਨਾਜ਼ੁਕ ਨਹੀਂ ਹੈ, ਜਿੰਨੀ ਕਿ ਪੰਜਾਬ ਵਿੱਚ ਪ੍ਰਵਾਸੀ ਮਜ਼ਦੂਰਾਂ ਦੀ । ਹਾਂ, ਕੰਮ ਕਿਹੜਾ ਮਿਲਦਾ ਹੈ, ਉਹ ਇੱਕ ਜੁਦਾ ਗੱਲ ਹੈ । ਇਹ ਗੱਲ ਤਾਂ ਜ਼ਰੂਰ ਹੈ ਕਿ ਇੱਥੇ ਵਸਦੇ ਪੰਜਾਬੀ ਵੀ ਆਪਣੇ ਕੰਮ ਨੂੰ ਬੜੀ ਮਿਹਨਤ ਤੇ ਲਗਨ ਨਾਲ ਕਰਦੇ ਹਨ ਤੇ ਉਸ ਉੱਪਰ ਮਾਣ ਵੀ ਕਰਦੇ ਹਨ । ਜੇਕਰ ਕੰਮ ਪ੍ਰਤੀ ਅਜਿਹੀ ਮਿਹਨਤ, ਲਗਨ ਤੇ ਇਮਾਨਦਾਰੀ ਦਾ ਮੁੱਲ ਸਾਨੂੰ ਆਪਣੇ ਵਤਨ ਰਹਿੰਦਿਆਂ ਹੀ ਪਤਾ ਚਲ ਜਾਵੇ ਤਾਂ ਕੀ ਮਜਾਲ ਹੈ ਕਿ ਅਸੀਂ ਅਸਮਾਨੋਂ ਤਾਰੇ ਨਾ ਤੋੜ ਲਿਆਈਏ । ਪਰ ਯਾਰੋ... ਦੁੱਖ ਤਾਂ ਇਹੀ ਹੈ ਕਿ ਵਤਨ ਵਾਪਸ ਜਾਂਦਿਆਂ ਹੀ ਪਾਣੀ ਦਾ ਗਿਲਾਸ ਭਰ ਕੇ ਪੀਣਾ ਵੀ ਆਪਣੀ ਹੱਤਕ ਮਹਿਸੂਸ ਹੁੰਦੀ ਹੈ ਤੇ ਮੁੜ ਪ੍ਰਦੇਸੀਂ ਆ ਕੇ ਫਿਰ ਕਿੱਲ ਵਾਂਗ ਸਿੱਧੇ ਹੋ ਜਾਂਦੇ ਹਾਂ । ਜੇਕਰ ਸਫ਼ਾਈ ਕਰਨ ਨੂੰ “ਕਲੀਨਿੰਗ” ਤੇ ਭਾਂਡੇ ਧੋਣ ਨੂੰ “ਡਿਸ਼ ਵਾਸਿ਼ੰਗ” ਕਹਿ ਵੀ ਲਵਾਂਗੇ ਤਾਂ ਕੀ ਕੀਤੇ ਜਾਣ ਵਾਲੇ ਕੰਮ ਦੀ ਕਿਸਮ ਬਦਲ ਜਾਏਗੀ ? “ਕਿੱਲਿਆਂ” ਦੇ ਵਾਰਿਸ ਨੌਜਵਾਨ ਜਦੋਂ ਅਜਿਹੇ ਕੰਮ ਕਰਨ ਲਈ ਤਰਸਦੇ ਨਜ਼ਰ ਆਉਂਦੇ ਹਨ ਤਾਂ ਮੇਰੇ ਸਾਹਮਣੇ ਪੰਜਾਬ ਦੇ ਪਿੰਡਾਂ ਦਾ ਉਹ ਦ੍ਰਿਸ਼ ਆ ਜਾਂਦਾ ਹੈ ਕਿ ਜੱਟ ਦਾ ਕਾਲਜੀਏਟ ਮੁੰਡਾ ਕੰਨਾਂ ‘ਚ ਮੁਰਕੀਆਂ ਤੇ ਖੜ-ਖੜ ਕਰਦਾ ਚਿੱਟਾ ਕੁੜਤਾ ਪਜਾਮਾ ਪਾਈ ਖੇਤ ਦੀ ਵੱਟ ਤੇ ਕਿੱਕਰ ਦੀ ਛਾਵੇਂ ਢਾਕਾਂ ਤੇ ਹੱਥ ਰੱਖੀ ਖੜਾ ਹੈ ਤੇ ਕਾਲੇ ਰੰਗ ਦਾ ਬੁਲਟ ਮੋਟਰਸਾਈਕਲ ਸੜਕ ਦੇ ਕਿਨਾਰੇ ਲੱਗਾ ਹੋਇਆ ਹੈ । ਜੇ ਕੰਮ ਜਿ਼ਆਦਾ ਹੋਵੇ ਤਾਂ ਦਿਹਾੜੀਏ ਨੂੰ ਇੱਕ ਹੋਰ ਦਿਹਾੜੀਆ ਲੈਣ ਲਈ ਝੱਟ ਆਰਡਰ ਮਾਰ ਦੇਵੇਗਾ ਪਰ ਖ਼ੁਦ ਕੰਮ ਨੂੰ ਹੱਥ ਨਹੀਂ ਲਗਾਏਗਾ । ਇੱਥੇ ਹਾਲਾਤ ਬਿੱਲਕੁਲ ਉਲਟ ਹਨ । ਹਰ ਕੋਈ ਕੰਮ ਕਰਨ ਨੂੰ ਤਿਆਰ ਹੈ, ਕੰਮ ਚਾਹੇ ਕੋਈ ਵੀ ਕਿਉਂ ਨਾ ਹੋਵੇ । ਪਰ ਕੰਮ ਨਹੀਂ ਮਿਲਦਾ ਮੇਰੇ ਦੋਸਤ....................। ਸਟੂਡੈਂਟ ਜਾਂ ਸਪਾਊਜ਼ ਵੀਜ਼ਾ ਤੇ ਆਉਣ ਵਾਲੇ ਸਕਿਉਰਟੀ ਦਾ ਕੰਮ ਵੀ ਨਹੀਂ ਕਰ ਸਕਦੇ, ਕਿਉਂ ਜੋ ਇਸ ਕੰਮ ਲਈ ਆਸਟ੍ਰੇਲੀਆ ਵਿੱਚ ਘੱਟੋ-ਘੱਟ 1 ਸਾਲ ਰਹਿਣਾ ਜਰੂਰੀ ਹੈ । ਲੜਕੀਆਂ ਲਈ ਮੁਸ਼ਕਿਲਾਂ ਥੋੜੀਆਂ ਹੋਰ ਵੱਧ ਹਨ ।

ਟੈਕਸੀ ਚਲਾਉਣ ਦੇ ਚਾਹਵਾਨ ਜੋ ਵੱਡੀ ਗਲਤੀ ਕਰਦੇ ਹਨ, ਉਹ ਇਹ ਹੈ ਕਿ ਉਹਨਾਂ ਕੋਲ ਭਾਰਤ ਦੇ ਡਰਾਇਵਿੰਗ ਲਾਇਸੈਂਸ ਦੀ ਵੈਰੀਫਿਕੇਸ਼ਨ ਨਹੀਂ ਹੁੰਦੀ । ਸੰਬੰਧਿਤ ਡੀ.ਟੀ.ਓ. ਦਫ਼ਤਰ ਵਿੱਚੋਂ ਇਹ ਲਿਖਵਾਉਣਾ ਜ਼ਰੂਰੀ ਹੁੰਦਾ ਹੈ ਕਿ ਇਹ ਲਾਇਸੈਂਸ ਉਹਨਾਂ ਵੱਲੋਂ ਬਣਾਇਆ ਗਿਆ ਹੈ ਤੇ ਅਸਲੀ ਹੈ । ਇਸ ਵੈਰੀਫਿਕੇਸ਼ਨ ਦੇ ਅਧਾਰ ਤੇ ਆਸਟ੍ਰੇਲੀਆ ਵਿੱਚ ਸਥਿਤ ਭਾਰਤੀ ਰਾਜਦੂਤ ਦੇ ਦਫ਼ਤਰ ਵਿੱਚੋਂ ਆਸਟ੍ਰੇਲੀਆ ਵਿੱਚ ਡਰਾਇਵਿੰਗ ਨਾਲ ਸਬੰਧਿਤ ਵਿਭਾਗ ਲਈ ਵੈਰੀਫਿਕੇਸ਼ਨ ਪੱਤਰ ਮਿਲਦਾ ਹੈ । ਇਸ ਤੋਂ ਬਿਨਾਂ ਵਿਕਟੋਰੀਆ ਵਿੱਚ ਲਾਇਸੈਂਸ ਨਹੀਂ ਬਣ ਸਕਦਾ । ਡਰਾਇਵਿੰਗ ਲਈ ਇੱਥੇ ਤਿੰਨ ਟੈਸਟ ਪਾਸ ਕਰਨੇ ਜ਼ਰੂਰੀ ਹਨ । ਪਹਿਲਾ ਨਿਯਮਾਂ ਨਾਲ ਸਬੰਧਿਤ ਟੈਸਟ ਹੁੰਦਾ ਹੈ ਜੋ ਕਿ ਕੰਪਿਊਟਰ ਤੇ ਹੁੰਦਾ ਹੈ, ਦੂਜਾ ਟੈਸਟ ਵੀ ਕੰਪਿਊਟਰ ਤੇ ਗੇਮ ਦੇ ਰੂਪ ਵਿੱਚ ਹੁੰਦਾ ਹੈ ਤੇ ਤੀਸਰਾ ਟੈਸਟ ਜੋ ਕਿ ਸਭ ਤੋਂ ਔਖਾ ਹੈ, ਉਹ ਹੈ ਸੜਕ ਤੇ ਕਾਰ ਚਲਾਉਣਾ । ਅਫ਼ਸਰ ਤੁਹਾਡੇ ਨਾਲ ਕਾਰ ਵਿੱਚ ਬੈਠਦਾ ਹੈ ਤੇ ਕਿਸੇ ਵੀ ਤਰੀਕੇ ਨਾਲ ਕਾਰ ਚਲਾਉਣ ਸਬੰਧੀ ਨਿਰਦੇਸ਼ ਦੇ ਸਕਦਾ ਹੈ । ਇੱਕ ਗੱਲ ਜੋ ਹੋਰ ਸੁਣਨ ਵਿੱਚ ਆ ਰਹੀ ਹੈ, ਉਹ ਇਹ ਹੈ ਕਿ ਸ਼ਾਇਦ ਟੈਕਸੀ ਚਲਾਉਣ ਦੇ ਚਾਹਵਾਨਾਂ ਨੂੰ ਵੀ ਆਈਲੈਟਸ ਕਰਨੀ ਪਵੇਗੀ । ਪਰ ਜੇਕਰ ਟੈਕਸੀ ਨਹੀਂ ਤਾਂ ਕੋਰੀਅਰ ਦਾ ਕੰਮ ਵੀ ਕੀਤਾ ਜਾ ਸਕਦਾ ਹੈ । ਡਰਾਇਵਿੰਗ ਦੇ ਨਿਯਮ ਬਹੁਤ ਸਖ਼ਤ ਹਨ । ਜੇਕਰ ਗ਼ਲਤੀ ਪਕੜੀ ਜਾਵੇ ਤਾਂ ਜੁਰਮਾਨੇ ਬਹੁਤ ਜਿਆਦਾ ਹਨ । ਹਰ ਕੋਈ ਨਿਯਮਾਂ ਮੁਤਾਬਿਕ ਡਰਾਇਵਿੰਗ ਕਰਦਾ ਹੈ ਤੇ ਜੇਕਰ ਅਜਿਹੇ ਵਿੱਚ ਅਸੀਂ ਨਿਯਮਾਂ ਦੀ ਪਾਲਣਾ ਕੀਤੇ ਬਿਨਾਂ ਗੱਡੀ ਚਲਾਵਾਂਗੇ ਤਾਂ ਦੁਰਘਟਨਾ ਦੇ ਚਾਂਸ ਬਹੁਤ ਜਿ਼ਆਦਾ ਹਨ । ਸਾਡੇ ਮੁਲਕ ਵਾਂਗ ਅਜਿਹਾ ਨਹੀਂ ਹੈ ਕਿ ਟਰੱਕ ਵਾਲਾ ਕਾਰ ਦੀ ਤੇ ਕਾਰ ਵਾਲਾ ਕਿਸੇ ਛੋਟੇ ਵਹੀਕਲ ਦੀ ਪਰਵਾਹ ਨਹੀਂ ਕਰਦਾ । ਜੇਕਰ ਜਾਣੇ-ਅਣਜਾਣੇ ਕਿਸੇ ਵੀ ਵਹੀਕਲ ਵਾਲਾ, ਪੈਦਲ ਚੱਲਦੇ ਨਾਲ ਟਕਰਾ ਗਿਆ ਤਾਂ ਵਹੀਕਲ ਵਾਲੇ ਦਾ ਅਜਿਹਾ “ਵਾਜਾ ਵੱਜੇਗਾ” ਕਿ ਲੰਮੇ ਸਮੇਂ ਤੱਕ ਯਾਦ ਰਹੇਗਾ । ਸਿਟੀ ਵਿੱਚ ਪੈਦਲ ਚੱਲ ਰਿਹਾ ਵਿਅਕਤੀ ਵੀ ਜੇਕਰ ਗ਼ਲਤ ਢੰਗ ਨਾਲ ਸੜਕ ਪਾਰ ਕਰਦਾ ਫੜਿਆ ਗਿਆ ਤਾਂ ਉਸਦਾ ਵੀ ਚਲਾਨ ਹੋ ਸਕਦਾ ਹੈ । ਏਥੋਂ ਤੱਕ ਕਿ ਜੇਕਰ ਟਰੇਨ ਵਿੱਚ ਕੋਈ ਸੀਟ ਤੇ ਪੈਰ ਰੱਖੀ ਬੈਠਾ ਫੜਿਆ ਗਿਆ ਤਾਂ ਵੀ ਚਲਾਨ ਦਾ "ਫਰਲਾ" ਘਰ ਆ ਜਾਵੇਗਾ ।

ਅੰਤਲੀ ਗੱਲ ਮੈਂ ਉਨ੍ਹਾਂ ਜੋੜਿਆਂ ਨਾਲ਼ ਕਰਨੀ ਚਾਹੁੰਦਾ ਹਾਂ, ਜੋ ਸਾਡੇ ਵਾਂਗ ਬੇ-ਮੌਸਮੇ, ਪੜ੍ਹਾਈ ਦਾ ਆਧਾਰ ਬਣਾ ਕੇ ਆਸਟ੍ਰੇਲੀਆ ਪੁੱਜ ਜਾਂਦੇ ਹਨ । ਜਿਨ੍ਹਾਂ ਦੇ ਨਿੱਕੇ-ਨਿੱਕੇ ਬੱਚੇ ਹੁੰਦੇ ਹਨ ਤੇ ਕਈ ਉਹਨਾਂ ਨੂੰ ਵੀ ਨਾਲ ਹੀ ਟੰਗ ਲੈਂਦੇ ਹਨ । ਅਜਿਹੇ ਜੋੜਿਆਂ ਨੂੰ ਹੋਰ ਵੀ ਜਿ਼ਆਦਾ ਮੁਸ਼ਕਿਲਾਂ ਦਰ-ਪੇਸ਼ ਆਉਂਦੀਆਂ ਹਨ । ਕੰਮ-ਕਾਰ ਦੇ ਹਾਲਤਾਂ ਦਾ ਵਰਨਣ ਤਾਂ ਉੱਪਰ ਕਰ ਹੀ ਆਇਆ ਹਾਂ । ਸਾਨੂੰ ਪਤਾ ਲੱਗਾ ਹੈ ਕਿ ਇੱਥੋਂ ਦੇ ਕਾਨੂੰਨ ਅਨੁਸਾਰ 14 ਸਾਲ ਤੋਂ ਘੱਟ ਉਮਰ ਦੇ ਬੱਚੇ ਨੂੰ ਇਕੱਲਿਆਂ ਘਰ ਵਿੱਚ ਨਹੀਂ ਛੱਡਿਆ ਜਾ ਸਕਦਾ । ਮਤਲਬ ਇਹ ਹੈ ਕਿ ਮਾਂ ਜਾਂ ਬਾਪ ਦੋਹਾਂ ਵਿੱਚੋਂ ਕਿਸੇ ਇੱਕ ਨੂੰ ਘਰ ਰਹਿਣਾ ਹੀ ਪਵੇਗਾ । ਘਰ ਬੈਠਿਆਂ ਖ਼ਰਚ ਕਿਦਾਂ ਨਿੱਕਲੇਗਾ, ਇਹ ਸੋਚ-ਵਿਚਾਰ ਕਰਨ ਵਾਲੀ ਗੱਲ ਹੈ । ਜੇਕਰ ਬੱਚਾ ਪੰਜ ਸਾਲ ਤੋਂ ਉੱਪਰ ਹੈ ਤਾਂ ਉਸਨੂੰ ਸਕੂਲ ਭੇਜਣਾ ਲਾਜ਼ਮੀ ਹੈ । ਸਕੂਲ ਦਾ ਖ਼ਰਚ ਬਹੁਤ ਜਿ਼ਆਦਾ ਹੈ । ਇੱਥੇ ਬੱਘੀਆਂ ਜਾਂ ਰਿਕਸ਼ੇ ਨਹੀਂ ਹਨ, ਬੱਚੇ ਨੂੰ ਆਪ ਹੀ ਸਕੂਲ ਲੈ ਜਾਣਾ ਤੇ ਲਿਆਉਣਾ ਪੈਂਦਾ ਹੈ । ਜੇਕਰ ਬੱਚਾ ਪੰਜ ਸਾਲ ਤੋਂ ਘੱਟ ਹੈ ਤੇ ਮਾਪੇ ਕੰਮ/ਪੜ੍ਹਾਈ ਕਰਨ ਜਾਣਾ ਚਾਹੁੰਦੇ ਹਨ ਤਾਂ ਉਸਨੂੰ ਡੇ-ਬੋਰਡਿੰਗ ਵਿੱਚ ਛੱਡਣਾ ਪਵੇਗਾ । ਡੇ-ਬੋਰਡਿੰਗ ਦਾ ਖ਼ਰਚ ਏਨਾ ਕੁ ਜਿ਼ਆਦਾ ਹੈ ਕਿ ਬਹੁਤੇ ਮਾਪੇ ਕੰਮ ਛੱਡ ਕੇ ਘਰ ਬੈਠਣਾ ਜਿ਼ਆਦਾ ਮੁਨਾਸਿਬ ਸਮਝਦੇ ਹਨ । ਇੱਥੇ ਮੈਂ ਅਜਿਹੇ ਕਈ ਜੋੜਿਆਂ ਨੂੰ ਮਿਲਿਆ ਹਾਂ ਜਿਨ੍ਹਾਂ ਨੇ ਕਿ ਆਪਣੇ ਬੱਚੇ ਵਾਪਸ ਵਤਨੀਂ ਭੇਜ ਦਿੱਤੇ ਹਨ ਜਾਂ ਭੇਜਣ ਬਾਰੇ ਸੋਚ ਰਹੇ ਹਨ । ਅਜਿਹੇ ਜੋੜਿਆਂ ਨੂੰ ਮੈਂ ਇੱਕ ਸਲਾਹ ਦੇਣੀ ਚਾਹਾਂਗਾ ਕਿ ਜੀ ਸਦਕੇ ਆਸਟ੍ਰੇਲੀਆ ਆਓ, ਪਰ ਜੇਕਰ ਸੰਭਵ ਹੋ ਸਕੇ ਤਾਂ ਇੱਕ ਵਾਰ ਬੱਚੇ ਨਾਲ ਨਾਂ ਲੈ ਕੇ ਆਓ । ਇੱਥੋਂ ਦੇ ਰੰਗ-ਢੰਗ ਦੇਖੋ, ਕੰਮ-ਕਾਰ ਦੇਖੋ, ਮੁੜ ਬੱਚੇ ਤਾਂ ਜਦੋਂ ਜੀ ਕਰੇ ਬੁਲਾ ਲਵੋ । ਇਸ ਗੱਲ ਦਾ ਇਹ ਮਤਲਬ ਨਹੀਂ ਕਿ ਬੱਚੇ ਦਾ ਵੀਜ਼ਾ ਵੀ ਨਹੀਂ ਲਗਵਾਉਣਾ । ਇਹ ਗ਼ਲਤੀ ਵੀ ਨਾ ਕਰ ਬੈਠਣਾ । ਮੈਂ ਖੁਦ ਤਾਂ ਨਹੀਂ ਮਿਲਿਆ ਪਰ ਇੱਕ ਅਜਿਹੇ ਜੋੜੇ ਬਾਰੇ ਪਤਾ ਲੱਗਾ ਹੈ, ਜਿਨਾਂ ਵੀਜ਼ਾ ਲਗਵਾਉਣ ਸਮੇਂ ਆਪਣੇ ਬੱਚੇ ਦਾ ਜਿ਼ਕਰ ਨਹੀਂ ਸੀ ਕੀਤਾ, ਹੁਣ ਉਹ ਇੱਥੇ ਸੈੱਟ ਹੋ ਚੁੱਕੇ ਹਨ ਤੇ ਬੱਚੇ ਨੂੰ ਬੁਲਾਉਣਾ ਚਾਹੁੰਦੇ ਹਨ, ਪਰ ਇਸ ਗੱਲ ਦਾ ਜੁਆਬ ਦੇਣਾ ਔਖਾਂ ਹੋਇਆ ਪਿਆ ਹੈ ਕਿ ਉਹ ਪਿਛਲੇ ਕਰੀਬ ਸਾਲ-ਡੇਢ ਸਾਲ ਤੋਂ ਤਾਂ ਮੈਲਬੌਰਨ ਵਿੱਚ ਹਨ ਤੇ ਪੰਜਾਬ ਵਿੱਚ ਉਨ੍ਹਾਂ ਦਾ ਨਿਆਣਾ ਕਿਥੋਂ ਜੰਮ ਪਿਆ । ਬੱਚਿਆਂ ਨੂੰ ਇੱਥੇ ਨਾ ਲੈ ਕੇ ਆਉੁਣ ਦਾ ਇੱਕ ਹੋਰ ਕਾਰਨ ਦੋਹਾਂ ਦੇਸ਼ਾਂ ਦੀ ਕਰੰਸੀ ਦੇ ਮੁੱਲ ਦਾ ਵੱਡਾ ਫ਼ਰਕ ਵੀ ਹੈ । ਅਪਣੇ ਵਤਨ ਵਿੱਚ ਅਸੀਂ ਬੱਚਿਆਂ ਦੀਆਂ ਮੰਗਾਂ ਤੁਰੰਤ ਹੀ ਪੂਰੀਆਂ ਕਰ ਦਿੰਦੇ ਹਾਂ । ਇੱਥੇ ਇੰਝ ਨਹੀਂ ਹੁੰਦਾ ਜਿਨ੍ਹਾਂ ਚਿਰ ਸਾਡੀ ਆਮਦਨ ਸ਼ੁਰੂ ਨਾ ਹੋ ਜਾਵੇ, ਕਿਉਂਕਿ ਸਾਡੇ ਕੋਲ ਭਾਰਤ ਤੋਂ ਲਿਆਂਦੀ ਕਰੰਸੀ ਹੁੰਦੀ ਹੈ । ਰੋਜ਼ਾਨਾ ਜਿੰਦਗੀ ਦੀ ਜ਼ਰੂਰਤ ਦੀਆਂ ਵਸਤਾਂ ਜਿਵੇਂ ਦੁੱਧ, ਆਟਾ, ਸਬਜ਼ੀ ਆਦਿ ਖਰੀਦ ਕੇ ਨਾਲ਼ ਦੀ ਨਾਲ਼ 35 ਨਾਲ ਗੁਣਾ ਕਰਨ ਬਹਿ ਜਾਂਦੇ ਹਾਂ । ਆਪਣੇ ਦੇਸ਼ ਵਿੱਚ ਰਹਿੰਦਿਆਂ ਦਸ ਰੁਪੈ ਦੀ ਚਾਕਲੇਟ ਜਾਂ ਚਿਪਸ ਨਾਲ ਨਿਆਣਾ ਵਰ੍ਹਾ ਲੈਂਦੇ ਹਾਂ ਪਰ ਆਸਟ੍ਰੇਲੀਆ ਵਿੱਚ ਇਹ ਮੁਮਕਿਨ ਨਹੀਂ ਹੈ । ਚਿਪਸ ਜਾਂ ਚਾਕਲੇਟ ਤਾਂ ਉਹੀ ਹੁੰਦਾ ਹੈ ਪਰ ਖ਼ਰਚ ਕੀਤੀ ਜਾਣ ਵਾਲੀ ਕਰੰਸੀ ਪਲਾਸਟਿਕ ਦੇ ਨੋਟਾਂ ਦੇ ਰੂਪ ਵਿੱਚ ਹੁੰਦੀ ਹੈ । ਇਹ ਸਾਨੂੰ ਮੰਨ ਲੈਣਾ ਚਾਹੀਦਾ ਹੈ ਕਿ ਅਸੀਂ ਆਪਣੇ ਬੱਚਿਆਂ ਦੀਆਂ ਜ਼ਰੂਰਤਾਂ ਭਾਰਤ ਅਨੁਸਾਰ ਉਤਨੀ ਦੇਰ ਪੂਰੀਆਂ ਨਹੀਂ ਕਰ ਸਕਦੇ, ਜਿਤਨਾ ਸਮਾਂ ਇੱਥੇ ਕਮਾਈ ਨਾ ਸ਼ੁਰੂ ਹੋ ਜਾਵੇ । ਅਸੀਂ ਆਪਣੀਆਂ ਫੁੱਲਾਂ ਵਰਗੀਆਂ ਮਾਸੂਮ ਬੇਟੀਆਂ ਅੱਠ ਸਾਲਾ ਤਨੀਸ਼ਾ ਤੇ ਤਿੰਨ ਸਾਲਾ ਗਰਿਮਾ ਨੂੰ ਕੇਵਲ ਕੁਝ ਮਹੀਨਿਆਂ ਲਈ ਹੀ ਵਤਨੀਂ ਛੱਡ ਕੇ ਜਾਣ ਦਾ ਪ੍ਰੋਗਰਾਮ ਬਣਾਇਆ ਸੀ ਤਾਂ ਜੋ ਤਨੀਸ਼ਾ ਆਪਣੀ ਕਲਾਸ ਦੇ ਪੇਪਰ ਫਰੀਦਕੋਟ ਹੀ ਦੇਵੇ ਤੇ ਸਾਲ ਖ਼ਰਾਬ ਨਾ ਹੋਵੇ । ਅਸੀਂ ਸੋਚਦੇ ਸਾਂ ਕਿ ਮੈਲਬੌਰਨ ਜਾ ਕੇ ਕੁਝ ਮਹੀਨਿਆਂ ਵਿੱਚ ਸੈੱਟ ਹੋ ਕੇ ਬੁਲਵਾ ਲਵਾਂਗੇ ਪਰ ਇਥੋਂ ਦੇ ਹਾਲਾਤ ਦੇਖਦਿਆਂ ਸਾਨੂੰ ਬੱਚੇ ਬੁਲਾਉਣ ਦਾ ਪ੍ਰੋਗਰਾਮ ਫਿਲਹਾਲ ਮੁਲਤਵੀ ਕਰਨਾ ਪਿਆ ਹੈ । ਤਨੀਸ਼ਾ – ਗਰਿਮਾ, ਬੇਟਾ ਮੁਆਫ਼ ਕਰਨਾ, ਪਾਪਾ ਮੰਮੀ ਨੂੰ, ਜੋ ਆਪਣਾ ਵਾਅਦਾ ਨਹੀਂ ਨਿਭਾ ਸਕੇ ।

ਪੰਜਾਬੀ ਸ਼ਬਦ-ਜੋੜਾਂ ਦੀ ਸਰਲਤਾ ਤੇ ਸਮਾਨਤਾ……… ਲੇਖ / ਗਿਆਨੀ ਸੰਤੋਖ ਸਿੰਘ

ਮੁਢਲੀ ਗੱਲ
ਪੰਜਾਬੀ ਦੇ ਸ਼ਬਦ-ਜੋੜਾਂ ਦੀ, ਅੰਗ੍ਰੇਜ਼ੀ ਵਾਂਗ ਇਕਸਾਰਤਾ ਦੀ ਆਸ ਰੱਖਣਾ, ਕੁਝ ਕੁਝ, ਖੋਤੇ ਦੇ ਸਿਰੋਂ ਸਿਙਾਂ ਦੀ ਭਾਲ਼ ਕਰਨ ਵਾਂਗ ਹੀ ਹੈ। ਇਸਦੇ ਕਈ ਕਾਰਨ ਹਨ। ਇਕ ਤਾਂ ਇਹ ਹੈ ਕਿ ਹਰ ਕੋਈ, ਸਮੇਤ ਮੇਰੇ, ਸਮਝਦਾ ਹੈ ਕਿ ਜਿਸ ਤਰ੍ਹਾਂ ਮੈ ਲਿਖਦਾ ਹਾਂ ਓਹੀ ਸ਼ੁਧ ਹੈ; ਬਾਕੀ ਸਾਰੇ ਗ਼ਲਤ ਹਨ। ਇਸ ਲਈ ਹਰ ਕੋਈ ਆਪਣੀ ਮਨ ਮਰਜੀ ਅਨੁਸਾਰ ਲਿਖੀ ਜਾਂਦਾ ਹੈ ਤੇ ਇਸ ਬਾਰੇ ਕਦੀ ਵਿਚਾਰ ਵੀ ਨਹੀ ਕਰਦਾ।

ਇਹ ਵੀ ਠੀਕ ਹੈ ਸ਼ਬਦ ਭਾਸ਼ਾ ਨੂੰ ਪ੍ਰਗਟਾਉਣ ਦਾ ਕੇਵਲ ਇਕ ਜ਼ਰੀਆ ਹਨ ਤੇ ਸ਼ਬਦਾਂ ਨੂੰ ਅੱਖਰਾਂ ਰਾਹੀਂ ਲਿਖਿਆ ਜਾਣਾ ਹੈ। ਜੇਕਰ ਸ਼ਬਦ ਪੜ੍ਹ ਕੇ ਸਮਝਿਆ ਜਾ ਸਕਦਾ ਹੈ ਤੇ ਲਿਖਾਰੀ ਦੀ ਗੱਲ ਪਾਠਕ ਦੀ ਸਮਝ ਵਿਚ ਆ ਗਈ ਹੈ ਤਾਂ ਠੀਕ ਹੀ ਹੈ। ਇਸ ਵਿਚ ਕੋਈ ਗ਼ਲਤੀ ਨਹੀ। ਜੇਕਰ ਕੱਪੜਾ ਗਰਮੀ ਸਰਦੀ ਤੋਂ ਸਰੀਰ ਨੂੰ ਬਚਾਉਂਦਾ ਹੈ ਤੇ ਪੜਦਾ ਕੱਜਦਾ ਹੈ ਤਾਂ ਆਪਣਾ ਮਕਸਦ ਪੂਰਾ ਕਰ ਰਿਹਾ ਹੈ ਤੇ ਜੇਕਰ ਇਸਦੇ ਨਾਲ਼ ਨਾਲ਼ ਢੁਕਵਾਂ ਫੱਬਵਾਂ ਵੀ ਹੋਵੇ ਤਾਂ ਸੋਨੇ ਤੇ ਸੁਹਾਗੇ ਵਾਂਗ, ਸਾਡੀ ਸ਼ਖ਼ਸੀਅਤ ਨੂੰ ਨਿਖਾਰਨ ਵਿਚ ਵੀ ਭਰਪੂਰ ਹਿੱਸਾ ਪਾਉਂਦਾ ਹੈ। ਏਸੇ ਲਈ ਸਿਆਣਿਆਂ ਨੇ ਮਨੁਖ ਦੀ ਸ਼ਖ਼ਸੀਅਤ ਦਾ ਅੰਦਾਜ਼ਾ ਲਗਾਉਣ ਲਈ ਜਿਥੇ ਰਫ਼ਤਾਰ ਤੇ ਗੁਫ਼ਤਾਰ ਨੂੰ ਸਾਹਮਣੇ ਰੱਖਿਆ ਹੈ ਓਥੇ ਆਰੰਭ ਵਿਚ ਦਸਤਾਰ ਨੂੰ ਵੀ ਓਨੀ ਹੀ ਮਹੱਤਤਾ ਦਿਤੀ ਹੈ। ਇਸ ਲਈ ਜੇਕਰ ਅਸੀਂ ਪੰਜਾਬੀ ਭਾਸ਼ਾ ਨੂੰ ਲਿਖਣ ਵਾਲ਼ੀ ਲਿੱਪੀ 'ਗੁਰਮੁਖੀ' ਦੇ ਸ਼ਬਦ-ਜੋੜਾਂ ਨੂੰ ਵੀ ਬੋਲਣ ਦੇ ਨੇੜੇ ਨੇੜੇ ਰੱਖਦੇ ਹੋਏ, ਇਹਨਾਂ ਵਿਚ ਸਰਲਤਾ ਤੇ ਸਮਾਨਤਾ ਲਿਆਉਣ ਵਿਚ ਹਿੱਸਾ ਪਾ ਸਕਦੇ ਹੋਈਏ ਤਾਂ ਇਹ ਹੋਰ ਵੀ ਚੰਗੇਰੀ ਗੱਲ ਹੋਵੇਗੀ।

ਮੇਰੇ ਵਿਚਾਰ ਵਿਚ ਪੰਜਾਬੀ ਯੂਵਰਸਿਟੀ ਪਟਿਆਲਾ ਵੱਲੋਂ, ਬਹੁਤ ਸਮਾ, ਮੇਹਨਤ ਤੇ ਧਨ ਖ਼ਰਚ ਕੇ ਤਿਆਰ ਕੀਤਾ ਗ੍ਰੰਥ, 'ਪੰਜਾਬੀ ਸ਼ਬਦ-ਰੂਪ ਤੇ ਸ਼ਬਦ-ਜੋੜ ਕੋਸ਼' ਬਹੁਤ ਲਾਭਕਾਰੀ ਸਾਬਤ ਹੋ ਸਕਦਾ ਹੈ। ਸੰਪਾਦਕਾਂ. ਕੰਪੋਜ਼ਰਾਂ, ਪਰੂਫ਼ ਰੀਡਰਾਂ ਤੇ ਇਸ ਪਾਸੇ ਦਾ ਸ਼ੌਕ ਰੱਖਣ ਵਾਲ਼ੇ ਹੋਰ ਸਭ ਸੱਜਣਾਂ ਲਈ ਜ਼ਰੂਰ ਇਹ ਗ੍ਰੰਥ ਲਾਭਕਾਰੀ ਹੋਵੇਗਾ। ਮੈ ਵੀ ਗੁਰਦੁਆਰਾ ਸਾਹਿਬ ਪਰਥ, ਵੈਸਟ ਆਸਟ੍ਰੇਲੀਆ, ਦੀ ਲਾਇਬ੍ਰੇਰੀ ਵਿਚ ਹੀ ਇਸ ਤੇ ਚਲਾਵੀਂ ਜਿਹੀ ਝਾਤ ਪਾਈ ਸੀ। ਜਦੋਂ ਵੀ ਦੇਸ਼ ਗਿਆ ਇਸਨੂੰ ਲੈ ਕੇ ਆਵਾਂਗਾ।

(ਹੁਣ ਇਸ ਗ੍ਰੰਥ ਨੂੰ ਜਰਾ ਜ਼ਿਆਦਾ ਗਹੁ ਨਾਲ਼ ਵੇਖਣ ਤੇ ਪਤਾ ਲੱਗਾ ਹੈ ਕਿ ਇਸ ਵਿਚ ਮੇਰੀ ਸੋਚ ਨਾਲ਼ੋਂ ਕਿਤੇ ਵਧ ਖਾਮੀਆਂ ਹਨ। ਇਸ ਵਿਚ ਦਰਸਾਏ ਗਏ ਨਿਯਮਾਂ ਨੂੰ ਖ਼ੁਦ ਇਸ ਗ੍ਰੰਥ ਦੇ ਲਿਖਾਰੀਆਂ ਨੇ ਵੀ ਨਹੀ ਅਪਣਾਇਆ। ਇਸ ਬਾਰੇ ਜਾਣਕਾਰੀ ਦੇਣ ਵਾਲੀਆਂ ਲਿਖਤਾਂ ਵਿਚ ਹੋਰ ਜੋੜ ਹਨ ਤੇ ਨਿਯਮਾਂ ਵਿਚ ਹੋਰ। ਫਿਰ ਸਿੰਘ ਬਰਦਰਜ਼ ਵਾਲ਼ੇ ਸ. ਗੁਰ ਸਾਗਰ ਸਿੰਘ ਜੀ ਤੋਂ ਪਤਾ ਲੱਗਾ ਹੈ ਕਿ ਗ੍ਰੰਥ ਦੀ ਤਿਆਰੀ ਤੋਂ ਬਾਅਦ ਬਣਨ ਵਾਲ਼ੇ ਵੀ. ਸੀ. ਸਾਹਿਬ ਨੇ ਇਕ ਹੋਰ ਕਿਤਾਬਚਾ ਛਾਪ ਕੇ ਇਹਨਾਂ ਵਿਚ ਵੀ ਅਦਲਾ ਬਦਲੀ ਕਰ ਦਿਤੀ ਹੈ।)

ਪੰਜਾਬੀ ਦੇ ਸ਼ਬਦ-ਜੋੜਾਂ ਦੀ ਘੜਮੱਸ ਚੌਦੇਂ
ਵੈਸੇ ਤਾਂ ਇਹਨਾਂ ਦਿਨਾਂ ਵਿਚ ਪੰਜਾਬੀ ਪੜ੍ਹਨ ਤੇ ਲਿਖਣ ਦਾ ਯਤਨ ਕਰਨਾ ਹੀ ਇਕ ਪ੍ਰਸੰਸਾ ਦੇ ਯੋਗ ਕਾਰਜ ਹੈ ਤੇ ਫੇਰ ਜੇਕਰ ਕੋਈ ਵਿਦਵਾਨ ਲ਼ਿਖਣ ਸਮੇ ਇਸਦੇ ਸ਼ਬਦ-ਜੋੜਾਂ ਦੀ ਸਰਲਤਾ ਤੇ ਸਮਾਨਤਾ ਨੂੰ ਵੀ ਧਿਆਨ ਵਿਚ ਰੱਖਣ ਦਾ ਯਤਨ ਕਰੇ ਤਾਂ ਇਹ ਸੋਨੇ ਤੇ ਸੁਹਾਗੇ ਵਾਲ਼ੀ ਗੱਲ ਹੋਵੇਗੀ। ਜੇਕਰ ਹੋ ਸਕੇ ਤਾਂ ਅਸੀਂ ਇਸਨੂੰ ਲਿਖਣ ਵਾਲ਼ੇ, ਸਮਰੱਥਾ ਅਨੁਸਾਰ, ਕੁਝ ਹੋਰ ਉਦਮ ਕਰਕੇ, ਇਹਨਾਂ ਵਿਚ ਸਰਲਤਾ ਤੇ ਇਕਸਾਰਤਾ ਲਿਆਉਣ ਦਾ, ਸਹਿੰਦਾ ਸਹਿੰਦਾ ਯਤਨ ਕਰਦੇ ਰਹੀਏ ਤਾਂ ਇਹ ਵੀ ਮਾਂ-ਬੋਲੀ ਦੀ ਇਕ ਕਿਸਮ ਦੀ ਸੇਵਾ ਹੀ ਹੋਵੇਗੀ। ਇਹ ਵੀ ਸੱਚ ਹੈ ਕਿ ਹਰ ਲੇਖਕ ਆਪਣੀ ਮਰਜੀ ਅਨੁਸਾਰ ਸ਼ਬਦ-ਜੋੜਾਂ ਦੀ ਵਰਤੋਂ ਕਰਦਾ ਹੈ; ਇਸ ਤਰ੍ਹਾਂ ਕਰਨ ਨੂੰ ਉਹ ਠੀਕ ਵੀ ਸਮਝਦਾ ਹੈ ਤੇ ਇਉਂ ਸਮਝਣਾ ਉਸਦਾ ਹੱਕ ਵੀ ਹੈ। ਹਰੇਕ ਵਿਦਵਾਨ ਲਿਖਾਰੀ ਦੇ ਇਸ ਹੱਕ ਦਾ ਆਦਰ ਕਰਦਿਆਂ ਹੋਇਆਂ ਵੀ, ਇਕਸਾਰਤਾ ਵਾਸਤੇ, ਯਥਾਸ਼ਕਤਿ ਉਦਮ ਕਰਨ ਦਾ, ਸਾਡਾ ਵੀ ਹੱਕ ਬਣਦਾ ਹੈ।

ਇਹਨੀ ਦਿਨੀਂ ਪੰਜਾਬੀ ਸ਼ਬਦ-ਜੋੜਾਂ ਦੀ ਤਾਂ ਗਿਆਨੀ ਗਿਆਨ ਸਿੰਘ ਜੀ ਅਨੁਸਾਰ,
“ਅੰਨ੍ਹੀ ਕਉ ਬੋਲ਼ਾ ਘੜੀਸੈ॥
ਨ ਉਸ ਸੁਣੈ ਨ ਉਸ ਦੀਸੈ॥”
ਵਾਲ਼ੀ ਹਾਲਤ ਹੈ। ਹਰ ਕੋਈ ਆਪਣੀ ਮਰਜੀ ਨਾਲ਼ ਹੀ ਲਿਖੀ ਜਾਂਦਾ ਹੈ। ਇਕ ਇਕ ਪੰਜਾਬੀ ਸ਼ਬਦ ਨੂੰ ਪੰਜ ਪੰਜ ਤਰ੍ਹਾਂ ਲਿਖੀ ਜਾਂਦੇ ਹਨ। ਜਿਵੇਂ ਅਜ-ਕਲ੍ਹ ਗੁਰਮੁਖੀ ਫੌਂਟਾਂ ਨੇ ਘੜਮੱਸ ਚੌਦੇਂ ਪਾ ਕੇ ਪੰਜਾਬੀ ‘ਕੰਪਿਊਟਰਿਸਟਾਂ’ ਨੂੰ ਵਖ਼ਤ ਪਾਇਆ ਹੋਇਆ ਹੈ ਏਸੇ ਤਰ੍ਹਾਂ ਸਦੀਆਂ ਤੋਂ ਪੰਜਾਬੀ ਸ਼ਬਦ-ਜੋੜਾਂ ਨੇ ਵੀ ਪਾੜ੍ਹਿਆਂ ਲਈ ਘੀਚਮਚੋਲ਼ਾ ਜਿਹਾ ਪਾਉਣ ਵਿਚ ਕੋਈ ਕਸਰ ਨਹੀ ਛੱਡੀ। “ਜਿਹਾ ਬੋਲੋ, ਤਿਹਾ ਲਿਖੋ” ਅਸੂਲ ਤਾਂ ਬਣਾਇਆ ਸੀ ਸਿਆਣਿਆਂ ਨੇ ਭਈ ਪੰਜਾਬੀ ਵਿਚ ਵੀ ਸਾਈਕਾਲੋਜੀ ਨੂੰ ਪਸਾਈਚਲੋਜੀ ਵਰਗੀ ਹਾਲਤ ਬਣਨ ਤੋਂ ਰੋਕ ਕੇ ਲਿਖਤ ਨੂੰ ਪਾਠਕਾਂ ਦੀ ਬੋਲ-ਚਾਲ ਦੇ ਨੇੜੇ ਰਖਿਆ ਜਾਵੇ ਪਰ ਇਸ ਨਿਯਮ ਦਾ ਲਿਖਾਰੀਆਂ ਨੇ ਓਸੇ ਤਰ੍ਹਾਂ ਹੀ ਦੁਰਉਪਯੋਗ ਕੀਤਾ ਹੈ ਜਿਸ ਤਰ੍ਹਾਂ ਹਿੰਦੁਸਤਾਨ ਦੇ ‘ਰਾਜ-ਰੱਬਾਂ’ ਨੇ ਹਿੰਦੁਸਤਾਨ ਦੇ ਚੰਗੇ ਸੰਵਿਧਾਨ ਦਾ। ਫੇਰ ਸਿਤਮ ਇਹ ਕਿ ਕਿਸੇ ਡਿਕਸ਼ਨਰੀ ਜਾਂ ਹੋਰ ਕਿਸੇ ਪੰਜਾਬੀ ਪਾਸੋਂ ਪੁੱਛ ਲੈਣ ਨੂੰ ਆਪਣੀ ਹੱਤਕ ਖਿਆਲ ਕਰਦੇ ਹਨ। ਅੰਗ੍ਰੇਜ਼ੀ ਦੇ ਜੋ ਸਪੈਲਿੰਗ 1476 ਵਿਚ, ਮਿ. ਕੈਕਸਟਨ (William Caxton (c. 1415-1422 – c. March 1492) ਨੇ ਬਣਾ ਦਿਤੇ ਅਂਜ ਵੀ ਉਹ ਤਕਰੀਬਨ ਸਾਰੀ ਦੁਨੀਆਂ ਤੇ ਚੱਲਦੇ ਹਨ।

ਪੰਜਾਬੀ ਯੂਨਵਿਰਸਟੀ ਪਟਿਆਲਾ ਵਾਲ਼ਿਆਂ ਨੇ ਕਰੋੜਾਂ ਖ਼ਰਚ ਕੇ, 159 ਵਿਦਵਾਨਾਂ ਦੀ ਸਹਾਇਤਾ ਲੈ ਕੇ. ਪੂਰਾ ਜ਼ਿਲਾ ਅੰਮ੍ਰਿਤਸਰ ਤੇ ਜ਼ਿਲਾ ਗੁਰਦਾਸਪੁਰ ਦੀ ਤਸੀਲ ਬਟਾਲਾ ਨੂੰ ਆਧਾਰ ਬਣਾ ਕੇ, ‘ਪੰਜਾਬੀ ਸ਼ਬਦ-ਰੂਪ ਤੇ ਸ਼ਬਦ-ਜੋੜ ਕੋਸ਼’ ਨਾਂ ਦਾ ਬੜਾ ਵੱਡਾ ਗ੍ਰੰਥ ਸਿਰਜਿਆ ਹੈ। ਉਦਮ ਬੜਾ ਹੀ ਸ਼ਲਾਘਾਯੋਗ ਹੈ ਪਰ ਉਹ ਵੀ ਊਣਤਾਈਆਂ ਤੋਂ ਰਹਿਤ ਨਹੀ। ਮਿਸਾਲ ਵਜੋਂ ਅਸੀਂ ਦੋ ਸ਼ਬਦ ਲੈਂਦੇ ਹਾਂ। ਇਕ ਹੈ ‘ਹੁਦਾਰ’ ਉਹ ਇਸ ਅਰਥ ਵਿਚ ਉਧਾਰ ਸ਼ਬਦ ਨੂੰ ਵਰਤਦੇ ਹਨ ਤੇ ਨਾਲ਼ ਹੀ ਆਖਦੇ ਨੇ ਕਿ ਬੋਲ-ਚਾਲ ਵਿਚ ਹੁਦਾਰ ਵੀ ਵਰਤਿਆ ਜਾਂਦਾ ਹੈ। ਦੱਸੋ ਕਿ ਜੇ ਅੰਮ੍ਰਿਤਸਰ ਦੇ ਵਸਨੀਕ ਹੁਦਾਰ ਆਖਦੇ ਹਨ ਤਾਂ ਤੁਸੀਂ ਕਿਉਂ ਉਧਾਰ ਲਿਖ ਕੇ ਦੁਬਿਧਾ ਖੜ੍ਹੀ ਕਰਦੇ ਹੋ ਜਦੋਂ ਕਿ ਇਹ ਉਧਾਰ ਸ਼ਬਦ ਹੋਰ ਅਰਥਾਂ ਵਿਚ ਪਹਿਲਾਂ ਹੀ ਪੰਜਾਬੀ ਭਾਸ਼ਾ ਵਿਚ ਵਰਤੀਂਦਾ ਹੈ! ਦੂਜਾ ਸ਼ਬਦ ਹੈ ‘ਛਨਿਛਰਵਾਰ’। ਇਸ ਦੀ ਤਾਂ ਬਿਲਕੁਲ ਹੀ ਗ਼ਲਤ ਵਰਤੋਂ ਹੁੰਦੀ ਹੈ। ਇਹਨਾਂ ਨੇ ਵੀ ਇਸਨੂੰ ‘ਸ਼ਨਿਚਰਵਾਰ’ ਲਿਖ ਕੇ ਨਾਲ਼ ਹੀ ਲਿਖ ਦਿਤਾ ਹੈ ਕਿ ਬੋਲ-ਚਾਲ ਵਿਚ ‘ਛਨਿਛਰਵਾਰ’ ਵੀ ਵਰਤਿਆ ਜਾਂਦਾ ਹੈ। ਦੱਸੋ ਭਈ ਜੇ ਚਾਰ ਸਦੀਆਂ ਪਹਿਲਾਂ ਲਿਖੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ‘ਛਨਿਛਰਵਾਰ’ ਹੈ ਤੇ ਤੁਸੀਂ ਖ਼ੁਦ ਵੀ ਮੰਨਦੇ ਹੋ ਕਿ ਅੱਜ ਵੀ ਲੋਕੀਂ ਇਸਨੂੰ ‘ਛਨਿਛਰਵਾਰ’ ਬੋਲਦੇ ਹਨ ਤਾਂ ਤੁਹਾਨੂੰ ਕੀ ਮਜਬੂਰੀ ਹੈ ਜਿਸ ਕਰਕੇ ਤੁਸੀਂ ਇਸਦੇ ਸਹੀ ਉਚਾਰਣ ‘ਛਨਿਛਰਵਾਰ’ ਨੂੰ ਬਦਲ ਕੇ ‘ਸ਼ਨਿਚਰਵਾਰ’ ਬਣਾ ਲਿਆ ਹੈ!

ਭਾਵੇਂ ਕਿ ਬਹੁਤ ਸਾਰੇ ਵਿਦਵਾਨ ਇਸ ਵਿਸ਼ੇ ਨੂੰ ਬੇਲੋੜਾ ਹੀ ਸਮਝਣ ਪਰ ਕੋਈ ਚਾਰ-ਕੁ ਦਹਾਕੇ ਪਹਿਲਾਂ, ‘ਪ੍ਰੀਤਲੜੀ’ ਵਿਚ ਦੋ ਧੁਰੰਤਰ ਵਿਦਵਾਨਾਂ ਦੇ ਵਿਚਾਰ ਇਸ ਸਬੰਧ ਵਿਚ ਪੜ੍ਹੇ; ਅੱਜ ਤੱਕ ਨਹੀ ਭੁੱਲੇ। ਇਕ ਸਨ ਡਾ: ਹਰਿਭਜਨ ਸਿੰਘ ਜੀ ਅਤੇ ਦੂਜੇ ਸਨ ਸ: ਸੋਹਣ ਸਿੰਘ ਜੋਸ਼ ਜੀ। ਡਾਕਟਰ ਸਾਹਿਬ ਹਿੰਦੀ ਦੀ ਪੀ. ਐਚ. ਡੀ. ਸਨ ਤੇ ਦਿੱਲੀ ਯੂਨੀਵਰਸਟੀ ਵਿਚ ਹਿੰਦੀ ਦੇ ਪ੍ਰੋਫ਼ੈਸਰ ਸਨ ਤੇ ਹਿੰਦੀ ਦੇ ਪ੍ਰਭਾਵ ਅਧੀਨ, ਉਹਨਾਂ ਨੇ ਇਕ ਲੇਖ ਵਿਚ ‘ਪਾਣੀ’ ਨੂੰ ‘ਪਾਨੀ’ ਲਿਖ ਦਿਤਾ। ਸ: ਸੋਹਣ ਸਿੰਘ ਜੋਸ਼ ਸਾਬਕ ਅਕਾਲੀ ਅਤੇ ਪ੍ਰਸਿਧ ਕਮਿਊਨਿਸਟ ਲਿਖਾਰੀ ਤੇ ਪੱਤਰਕਾਰ ਸਨ; ਤੇ ਭਾਵੇਂ ਰਹਿੰਦੇ ਉਹ ਵੀ ਦਿੱਲੀ ਵਿਚ ਹੀ ਸਨ ਪਰ ਜ਼ਿਲਾ ਅੰਮ੍ਰਿਤਸਰ ਦੇ ਜੰਮ-ਪਲ਼ ਹੋਣ ਕਰਕੇ, ਉਹਨਾਂ ਨੇ ਇਸ ਨੂੰ ਬੜੀ ਗੰਭੀਰਤਾ ਨਾਲ਼ ਲਿਆ। ਡਾਕਟਰ ਸਾਹਿਬ ਦੇ ਇਹ ਕਹਿਣ ਤੇ, “ਕੀ ਆਖਰ ਆ ਗਈ ਜੇ ਮੈ ਪਾਣੀ ਨੂੰ ਪਾਨੀ ਲਿਖ ਦਿਤਾ ਤਾਂ!” ਜਵਾਬ ਵਿਚ ਜੋਸ਼ ਜੀ ਨੇ ਆਖਿਆ, “ਅਸੀਂ ਸਹੇ ਨੂੰ ਨਹੀ ਪਹੇ ਨੂੰ ਰੋਂਦੇ ਹਾਂ। ਪਾਣੀ ਨੂੰ ਪਾਨੀ ਆਖਣ ਨਾਲ਼ ਆਖਰ ਨਹੀ ਆਈ। ਡਰ ਹੈ ਕਿ ਇਹ ਕਿਤੇ 'ਪਾਣੀ' ਤੋਂ 'ਪਾਨੀ' ਬਣਦਾ ਬਣਦਾ 'ਜਲ' ਨਾ ਬਣ ਜਾਵੇ, ਜੋ ਫੇਰ ਸਾਥੋਂ ‘ਗ੍ਰਹਿਣ’ ਨਹੀ ਕਰ ਹੋਣਾ।“

ਪੰਜਾਬੀ ਵਿਚ ਬਹੁਤ ਵਾਰੀਂ ਇਸ ਤਰ੍ਹਾਂ ਹੁੰਦਾ ਹੈ ਕਿ ਗ਼ਲਤ ਸ਼ਬਦ-ਜੋੜਾਂ ਕਰਕੇ ਅਰਥ ਦਾ ਅਨਰਥ ਹੀ ਹੋ ਜਾਂਦਾ ਹੈ। ਅਸੀਂ ਪਦ ਨੂੰ ਪੱਦ ਤੇ ਪੱਦ ਨੂੰ ਪਦ, ਪੱਧਰ ਨੂੰ ਪਧਰ ਤੇ ਪਧਰ ਨੂੰ ਪੱਧਰ, ਜਾਂਚ ਨੂੰ ਜਾਚ ਤੇ ਜਾਚ ਨੂੰ ਜਾਂਚ, ਪਤਨ ਨੂੰ ਪੱਤਣ ਤੇ ਪੱਤਣ ਨੂੰ ਪਤਨ, ਉਧਾਰ ਨੂੰ ਹੁਦਾਰ ਤੇ ਹੁਦਾਰ ਨੂੰ ਉਧਾਰ, ਬਿਨਾ ਇਹਨਾਂ ਦੇ ਅਰਥ ਸਮਝੇ ਹੀ ਲਿਖੀ ਜਾ ਰਹੇ ਹਾਂ। ਅਸੀਂ ਇਹ ਜਾਨਣ ਦਾ ਯਤਨ ਹੀ ਨਹੀ ਕਰਦੇ ਕਿ ਪੰਜਾਬੀ ਦੇ ਇਹ ਤਿੰਨ ਸ਼ਬਦ ਉਦਾਰ, ਉਧਾਰ ਤੇ ਹੁਦਾਰ ਹਨ ਜਿਨ੍ਹਾਂ ਦੇ ਵੱਖ ਵੱਖ ਅਰਥ ਹਨ:
(ੳ) ਉਧਾਰ -- ਗੁਰੂ ਨਾਨਕ ਦੇਵ ਜੀ ਨੇ ਪਾਪੀਆਂ ਦਾ ਉਧਾਰ ਕੀਤਾ।
(ਅ) ਉਦਾਰ -- ਉਹ ਉਦਾਰ ਵਿਚਾਰਾਂ ਦਾ ਧਾਰਨੀ ਹੈ।
(ੲ) ਹੁਦਾਰ --ਮੈ ਹੁਦਾਰ ਚੁੱਕ ਕੇ ਕੰਮ ਸਾਰਿਆ।

ਇਕ ਅੱਖਰ, ਪੈਰ ਵਿਚ ਬਿੰਦੀ ਵਾਲ਼ੇ ਜ਼ ਦੀ ਵੀ ਅਜ ਕਲ੍ਹ ਬੁਰੀ ਤਰ੍ਹਾਂ ਮਿੱਟੀ ਬਾਲ਼ੀ ਜਾਦੀ ਹੈ। ਕੁਝ ਸਾਲਾਂ ਤੋਂ ਅਖ਼ਬਾਰਾਂ, ਕਿਤਾਬਾਂ, ਸਾਈਨ ਬੋਰਡਾਂ, ਏਥੋਂ ਤੱਕ ਕਿ ਆਮ ਬੋਚ-ਚਾਲ ਵਿਚ ਵੀ ਇਸਨੂੰ ਜ ਦੇ ਥਾਂ ਏਨੀ ਬੁਰੀ ਤਰ੍ਹਾਂ ਗ਼ਲਤ ਵਰਤਿਆ ਜਾਂਦਾ ਹੈ ਕਿ ਕਈ ਵਾਰ ਖ਼ੁਦ ਨੂੰ ਇਹ ਭੁਲੇਖਾ ਲੱਗ ਜਾਣ ਦੀ ਨੌਬਤ ਵੀ ਆ ਜਾਂਦੀ ਹੈ ਕਿ ਜੇਕਰ ਏਨੇ ਵਿਦਵਾਨ ਲੋਕ ਇਸ ਤਰ੍ਹਾਂ ਇਸਨੂੰ ਵਰਤਦੇ ਹਨ ਤਾਂ ਕਿਤੇ ਮੈ ਹੀ ਗ਼ਲਤ ਨਾ ਹੋਵਾਂ! ਇਸ ਗੱਲ ਤੋਂ ਤਾਂ ਕਰੀਬਨ ਸਾਰੇ ਪਾਹੜੇ ਜਾਣੂ ਹੀ ਹਨ ਕਿ ਪੰਜਾਬੀ (ਗੁਰਮੁਖੀ) ਲਿੱਪੀ, ਜਿਸਨੂੰ ਪੈਂਤੀ ਅੱਖਰ ਹੋਣ ਕਰਕੇ ‘ਪੈਂਤੀ’ ਵੀ ਆਖਿਆ ਜਾਂਦਾ ਹੈ, ਵਿਚ ਫ਼ਾਰਸੀ ਦੇ ਸ਼ਬਦਾਂ ਦਾ ਸਹੀ ਉਚਾਰਣ ਕਰਨ ਵਾਸਤੇ ਪੰਜ ਅੱਖਰਾਂ ਦੇ ਪੈਰਾਂ ਵਿਚ ਬਿੰਦੀ ਲਾ ਕੇ ਪੰਜ ਅੱਖਰਾਂ ਦਾ ਵਾਧਾ ਕੀਤਾ ਗਿਆ ਸੀ; ਉਹਨਾਂ ਵਿਚੋਂ ਇਕ ਜ਼ ਵੀ ਹੈ ਪਰ ਵਰਤਣ ਸਮੇ ਇਸਦੀ ਵੀ ਖੇਹ ਉਡਾਈ ਜਾਂਦੀ ਹੈ। ਅਰਥਾਤ ਜਿਥੇ ਲੋੜ ਹੈ ਓਥੇ ਨਹੀ ਤੇ ਜਿਥੇ ਨਹੀ ਵਰਤਣਾ ਓਥੇ ਅਧਕ ਵਾਂਗ ਹੀ, ਜ ਦੇ ਪੈਰ ਵਿਚ ਬਿੰਦੀ ਘਸੋੜ ਦਿੰਦੇ ਹਾਂ। ਸ਼ਾਇਦ ਅਸੀਂ ਦੂਸਰਿਆਂ ਉਪਰ ਆਪਣੀ ਵਿਦਵਤਾ ਦਾ ਪ੍ਰਭਾਵ ਪਾਉਣ ਦੀ ਕੋਸ਼ਿਸ਼ ਵਿਚ ਅਜਿਹਾ ਕਰਦੇ ਹਾਂ! ਸੌਖੀ ਜਿਹੀ ਗਲ ਹੈ ਕਿ ਅਧਕ ਵਾਂਗ ਹੀ ਜਿਥੇ ਅਸੀਂ ਸਪੱਸ਼ਟ ਨਹੀ ਓਥੇ ਇਸਨੂੰ ਨਾ ਵਰਤਿਆ ਜਾਵੇ; ਇਸ ਤੋਂ ਬਿਨਾ ਵੀ ਸਰ ਸਕਦਾ ਹੈ; ਅੰਦਾਜ਼ੇ ਨਾਲ਼ ਗ਼ਲਤ ਵਰਤਣ ਦੀ ਥਾਂ। ਮਿਸਾਲ ਵਜੋਂ: ਜ਼ੰਗ (ਜੰਗ), ਬਰਿਜ਼ (ਬਰਿਜ), ਲੈਂਗਵਿਜ਼ (ਲੈਂਗਵਿਜ). ਫਰਿਜ਼ (ਫਰਿਜ), ਜ਼ਲਵਾ (ਜਲਵਾ), ਹਜ਼ਮ (ਹਜਮ) ਆਦਿ

ਇਕ ਸ਼ਬਦ ਹੈ ‘ਪਰਵਾਰ’ ਜਿਸਦਾ ਸਭ ਤੋਂ ਸਾਦਾ ਰੂਪ ਇਸ ਤਰ੍ਹਾਂ ਹੀ ਹੈ। ਇਸਦੀ ਪ੍ਰੋੜ੍ਹਤਾ, ਸਮੇਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ, ਪੁਰਾਤਨ ਸਿੱਖ ਸਾਹਿਤ ਵਿਚੋਂ ਵੀ ਹੁੰਦੀ ਹੈ; ਜਿਵੇਂ ਕਿ, “ਰਾਗ ਰਤਨ ਪਰਵਾਰ ਪਰੀਆ ਸਬਦ ਗਾਵਣ ਆਈਆ॥” ਪਰ ਅੱਜ ਅਸੀਂ ਇਸ ਸਭ ਤੋਂ ਸਾਦੇ ਸ਼ਬਦ ਨੂੰ ਵੀ, ਪਰਿਵਾਰ, ਪ੍ਰਵਾਰ, ਪ੍ਰੀਵਾਰ ਦੇ ਰੂਪ ਵਿਚ ਲਿਖਦੇ ਹਾਂ; ਪਤਾ ਨਹੀ ਕਿਉਂ!

ਇਸ ਮੁਲਕ ਦਾ ਨਾਂ ਅੰਗ੍ਰੇਜ਼ੀ ਅੱਖਰਾਂ ਵਿਚ Australia ਹੈ। ਪੰਜਾਬੀ ਵਿਚ ਲਿਖਣ ਸਮੇ ਇਸਨੂੰ ਅਸਟਰੇਲੀਆ, ਆਸਟਰੇਲੀਆ, ਔਸਟਰੇਲੀਆ, ਔਸਟ੍ਰੇਲੀਆ, ਅਸਟ੍ਰੇਲੀਆ ਤੇ ਹੋਰ ਪਤਾ ਨਹੀ ਕਿੰਨੀ-ਕੁ ਤਰ੍ਹਾਂ ਇਹ ‘ਬਿਦਬਾਨ’ ਲਿਖਦੇ ਹਨ ਜਦੋਂ ਕਿ ਬੋਲ-ਚਾਲ ਅਨੁਸਾਰ ਵੀ ਅਤੇ ਪੰਜਾਬ ਯੂਨੀਵਰਸਟੀ ਟੈਕਸਟ ਬੁੱਕ ਵਾਲ਼ਿਆਂ ਵੱਲੋਂ ਪ੍ਰਕਾਸ਼ਤ ਡਿਕਸ਼ਨਰੀ ਵਿਚ ਵੀ ਇਸਦੇ ਸਪੈਲਿੰਗ ਆਸਟ੍ਰੇਲੀਆ ਦਰਜ ਹਨ।

ਸੰਪਾਦਿਕ, ਇਤਿਹਾਸਿਕ, ਮਿਥਿਹਾਸਿਕ, ਆਸ਼ਿਕ, ਅੰਕਿਤ, ਪ੍ਰਕਾਸ਼ਿਤ, ਅੰਤਿਮ, ਕਾਫ਼ਿਰ, ਕਾਮਿਲ, ਪਰਚਾਰਿਕ, ਆਧਾਰਿਤ ਆਦਿ ਸ਼ਬਦਾਂ ਵਿਚਲੇ ਆਖ਼ਰੀ ਅੱਖਰ ਤੋਂ ਪਹਿਲੇ ਅੱਖਰ ਨੂੰ ਲੱਗੀਆਂ ਸਿਹਾਰੀਆਂ, ਹਿੰਦੀ ਵਿਚ ਤਾਂ ਭਾਵੇਂ ਠੀਕ ਹੋਣ ਪਰ ਪੰਜਾਬੀ ਵਿਚ ਇਹਨਾਂ ਦਾ ਪ੍ਰਯੋਗ, ਦੁਰਉਪਯੋਗ ਹੀ ਲੱਗਦਾ ਹੈ।

ਇਕ ਸ਼ਬਦ ‘ਮੱਸ ਫੁੱਟ’ ਪੰਜਾਬੀ ਵਿਚ ਆਮ ਹੀ ਵਰਤਿਆ ਜਾਂਦਾ, ਦਹਾਕਿਆਂ ਤੋਂ ਪੜ੍ਹਦੇ ਸੁਣਦੇ ਆ ਰਹੇ ਸਾਂ, ਜਿਸ ਦਾ ਮਤਲਬ ਹੈ ਕਿ ਜਿਸਨੂੰ ਦਾਹੜੀ ਆ ਰਹੀ ਹੋਵੇ ਪਰ ਇਸਨੂੰ ਹੁਣ ਬਦਲ ਕੇ ਪਤਾ ਨਹੀ ਕਿਉਂ 'ਮੁੱਛ ਫੁੱਟ’ ਲਿਖਣਾ ਸ਼ੁਰੂ ਕਰ ਦਿਤਾ ਗਿਆ ਹੈ! ‘ਮੱਸ’ ਦਾਹੜੀ ਦੇ ਥਾਂ ਸ਼ਾਇਦ ‘ਮੁੱਛ’ ਨੂੰ ਸ਼ਾਮਲ ਕਰ ਲਿਆ ਗਿਆ ਹੈ।

ਨਾਂ, ਸੁਝਾ, ਭੈ, ਸ਼ੈ, ਨਿਭਾ ਆਦਿ ਸ਼ਬਦ ਬੜੀ ਸੋਹਣੀ ਤਰ੍ਹਾਂ ਲਿਖੇ, ਬੋਲੇ ਤੇ ਸਮਝੇ ਜਾਂਦੇ ਸਨ ਪਰ ਪਤਾ ਨਹੀ ਹੁਣ ਇਹਨਾਂ ਨਾਲ਼ ‘ਅ’ ਐਡ ਕਰਨ ਦੀ ਕੀ ਮਜਬੂਰੀ ਆ ਬਣੀ ਹੈ!

ਅੱਜ ਤੋਂ ਅਸੀਂ ਏਨਾ ਉਦਮ ਹੀ ਕਰ ਲਈਏ ਕਿ ਅੱਗੇ ਲਿਖੇ ਪੰਜ ਸ਼ਬਦਾਂ ਨੂੰ ਕਿਸੇ ਹੋਰ ਰੂਪ ਵਿਚ ਨਹੀ ਬਲਕਿ ਇਹਨਾਂ ਦੇ ਅਸਲੀ ਰੂਪ ਵਿਚ ਹੀ ਲਿਖਣਾ ਹੈ:

ਆਸਟ੍ਰੇਲੀਆ (ਮੁਲਕ), ਪਰਵਾਰ (ਟੱਬਰ), ਪੱਤਣ (ਘਾਟ), ਪਤਨ (ਗਿਰਾਵਟ) ਤੇ ਛਨਿਛਰਵਾਰ (ਦਿਨ ਦਾ ਨਾਂ)

ਪੰਜਾਬੀ ਦੀ ਲਿੱਪੀ ਗੁਰਮੁਖੀ ਲਿਖਣ ਸਮੇ ਲੇਖਕਾਂ ਵੱਲੋਂ ਆਮ ਹੀ ਬੇ ਧਿਆਨੇ ਕਰ ਦਿਤੇ ਜਾਣ ਵਾਲ਼ੇ ਕੁਝ ਅਹਿਮ ਨੁਕਤੇ

1. 'ਊੜਾ' ਕਦੀ ਵੀ ਮੁਕਤਾ ਨਹੀ ਆਉਂਦਾ। ਇਸਨੂੰ ਕਦੀ ਵੀ ਕੰਨਾ, ਸਿਹਾਰੀ, ਬਿਹਾਰੀ, ਕਨੌੜਾ, ਟਿੱਪੀ, ਅਧਕ ਨਹੀ ਲੱਗਦੇ। ਹੋੜਾ ਲਾਉਣ ਦੀ ਥਾਂ 'ਓ' ਲਿਖ ਕੇ ਹੋੜੇ ਦਾ ਕੰਮ ਲਿਆ ਜਾਂਦਾ ਹੈ। ਇਸਨੂੰ 'ਓੁ' ਲਿਖਣਾ ਵੀ ਗ਼ਲਤ ਹੈ। ਆਮ ਪੰਜਾਬੀ ਲਿਖਣ ਸਮੇ ਇਹ ਸਿਰਫ ਤਿੰਨ ਰੂਪਾਂ ਵਿਚ ਹੀ ਲਿਖਿਆ ਜਾਂਦਾ ਹੈ: ਉ, ਊ ਤੇ ਓ। ਹਾਂ, ਗੁਰਬਾਣੀ ਵਿਚ ਇਸਦਾ ਇਕ ਹੋਰ ਰੂਪ ਵੀ ਹੈ ਜੋ ਕਿ ਨੂੰ ਦੇ ਰੂਪ ਵਿਚ ਆਉਂਦਾ ਹੈ।

2. 'ਐੜਾ' ਵੀ ਇਹਨਾਂ ਸੱਤ ਰੂਪਾਂ ਵਿਚ ਹੀ ਲਿਖਿਆ ਜਾਂਦਾ ਹੈ: ਅ ਆ ਐ ਔ ਅੰ ਆਂ ਅੱ।

3. 'ਈੜੀ' ਵੀ ਇਹਨਾਂ ਤਿੰਨ ਰੂਪਾਂ ਵਿਚ ਹੀ ਲਿਖੀ ਜਾਂਦੀ ਹੈ: ਇ ਈ ਏ।

4. ੳ, ਅ ਤੇ ੲ ਤੋਂ ਬਿਨਾ ਬਾਕੀ ਸਾਰੇ ਅੱਖਰਾਂ ਨੂੰ ਸਾਰੀਆਂ ਹੀ ਲਗਾਂ ਮਾਤਰਾਂ ਲੱਗਦੀਆਂ ਹਨ।

5. ਙ, ਞ, ਣ, ਨ ਤੇ ਮ ਨੂੰ, ਇਹਨਾਂ ਦੀ ਨੱਕ ਵਾਲ਼ੀ (ਅਨੁਨਾਸਕ) ਆਵਾਜ਼ ਬਣਾਉਣ ਸਮੇ, ਬਹੁਤੀ ਥਾਂਈਂ ਇਹਨਾਂ ਨਾਲ਼ ਬਿੰਦੀ ਤੇ ਟਿੱਪੀ ਨਹੀ ਵੀ ਵਰਤੀ ਜਾਂਦੀ ਕਿਉਂਕਿ ਇਹਨਾਂ ਦੀ ਆਪਣੀ ਆਵਾਜ਼ ਹੀ ਨੱਕ ਵਿਚੋਂ ਨਿਕਲ਼ਦੀ ਹੈ।

6. ਕੰਨੇ, ਬਿਹਾਰੀ, ਲਾਂ, ਦੁਲਾਵਾਂ, ਹੋੜੇ, ਕਨੌੜੇ ਤੇ ਓ ਨਾਲ਼, ਨੱਕ ਦੀ ਆਵਾਜ਼ ਬਣਾਉਣ ਲਈ ਬਿੰਦੀ ਹੀ ਵਰਤੀ ਜਾਂਦੀ ਹੈ; ਟਿੱਪੀ ਨਹੀ।

7. ਮੁਕਤੇ, ਸਿਹਾਰੀ, ਔਂਕੜ ਤੇ ਦੁਲੈਂਕੜ ਨਾਲ਼ ਨੱਕ ਦੀ ਆਵਾਜ਼ ਬਣਾਉਣ ਲਈ ਟਿੱਪੀ ਹੀ ਵਰਤੀ ਜਾਂਦੀ ਹੈ; ਬਿੰਦੀ ਨਹੀ।

8. ਹ, ਘ, ਝ, ਢ, ਧ, ਭ ਅੱਖਰ ਜਦੋਂ ਕਿਸੇ ਸ਼ਬਦ ਦੇ ਆਰੰਭ ਵਿਚ ਆਉਣ ਤਾਂ ਇਹਨਾਂ ਦਾ ਉਚਾਰਣ ਪੂਰਾ ਹੁੰਦਾ ਹੈ। ਜਦੋਂ ਇਹ ਅੱਖਰ ਕਿਸੇ ਸ਼ਬਦ ਦੇ ਵਿਚਕਾਰ ਜਾਂ ਅੰਤ ਵਿਚ ਆਉਣ ਤਾਂ ਇਹਨਾਂ ਦਾ ਉਚਾਰਣ ਅਧਾ ਰਹਿ ਜਾਂਦਾ ਹੈ। ਮਿਸਾਲ ਵਜੋਂ: ਹਰੀ ਤੇ ਰਹਿ, ਘਰ ਤੇ ਰਘੂ, ਝੰਡ ਤੇ ਡੰਝ, ਢਿਡ ਤੇ ਵਿਢ, ਤੁਧ ਤੇ ਧੁਨ, ਭਰ ਤੇ ਰੰਭ ਵਰਗੇ ਸ਼ਬਦਾਂ ਵਿਚ ਇਹਨਾਂ ਦੇ ਉਚਾਰਣ ਤੋਂ ਅੰਦਾਜ਼ਾ ਲਾ ਸਕਦੇ ਹੋ।

9. ਜਦੋਂ ਕਿ ਸ਼ਬਦ ਦੇ ਆਰੰਭ ਵਿਚ ਆਏ ਹ ਨਾਲੋਂ ਵਿਚਾਲੇ ਜਾਂ ਅੰਤ ਵਿਚ ਆਏ ਹ ਦੀ ਆਵਾਜ਼ ਖੁਦ ਹੀ ਅਧੀ ਰਹਿ ਜਾਂਦੀ ਹੈ ਤਾਂ ਉਸਦੇ ਥਾਂ ਸਾਰੀਆਂ ਥਾਵਾਂ ਤੇ ਪੈਰ ਵਾਲ਼ਾ ਹ ਵਰਤਣ ਦੀ ਕੋਈ ਲੋੜ ਨਹੀ ਰਹਿ ਜਾਂਦੀ। ਕੁਝ ਕੁ ਥਾਂਵਾਂ ਤੇ ਭਾਵੇਂ ਇਸਨੂੰ ਲਾਉਣ ਦੀ ਲੋੜ ਹੈ, ਜਿਵੇਂ ਕਿ ਪੜ੍ਹ, ਚੜ੍ਹ, ਜੜ੍ਹ ਆਦਿ ਪਰ ਇਹਨਾਂ ਉਹਨਾਂ ਆਦਿ ਨੂੰ ਉਨ੍ਹਾਂ ਇਨ੍ਹਾਂ ਲਿਖਣ ਦੀ ਲੋੜ ਨਹੀ।

10. ਘ, ਝ, ਢ, ਧ ਤੇ ਭ, ਇਹ ਪੰਜ ਅੱਖਰ, ਸਬਦ ਦੇ ਸ਼ੁਰੂ ਵਿਚ ਆਉਣ ਤਾਂ ਇਹਨਾਂ ਦੀ ਆਵਾਜ਼ ਪੰਜਾਬੀ ਉਚਾਰਣ ਅਨੁਸਾਰ ਹੁੰਦੀ ਹੈ; ਅਰਥਾਤ ਆਪਣੀ ਲਾਈਨ ਵਾਲੇ ਪਹਿਲੇ ਅੱਖਰ ਦੇ ਨਾਲ਼ ਮਿਲ਼ ਜਾਂਦੀ ਹੈ। ਜਦੋਂ ਇਹ ਸ਼ਬਦ ਦੇ ਵਿਚਕਾਰ ਜਾਂ ਅਖੀਰ ਵਿਚ ਆਉਣ ਤਾਂ ਇਹਨਾਂ ਦੀ ਆਵਾਜ਼ ਹਿੰਦੀ/ਉਰਦੂ ਦੇ ਉਚਾਰਣ ਅਨੁਸਾਰ ਹੋ ਜਾਂਦੀ ਹੈ; ਅਰਥਾਤ ਆਪਣੀ ਲਾਈਨ ਦੇ ਤੀਸਰੇ ਅੱਖਰ ਨਾਲ਼ ਮਿਲ਼ ਜਾਂਦੀ ਹੈ। ਙ, ਞ, ਣ ਤੇ ੜ, ਇਹ ਚਾਰ ਅੱਖਰ ਕਿਸੇ ਸ਼ਬਦ ਦੇ ਸ਼ੁਰੂ ਵਿਚ ਨਹੀ ਆਉਂਦੇ। ਗੁਰਬਾਣੀ ਵਿਚ ਕਿਤੇ ਕਿਤੇ ਇਸ ਦਾ ਅਪਵਾਦ ਹੈ ਪਰ ਆਮ ਪੰਜਾਬੀ ਦੀ ਬੋਲ-ਚਾਲ ਵਿਚ, ਕਿਸੇ ਸ਼ਬਦ ਦੇ ਸ਼ੁਰੂ ਵਿਚ ਇਹ ਨਹੀ ਵਰਤੇ ਜਾਂਦੇ, ਬਲਕਿ ਙ ਤੇ ਞ ਅਜ ਕਲ੍ਹ ਬਹੁਤ ਹੀ ਘੱਟ ਵਰਤੇ ਜਾਂਦੇ ਹਨ। ਙ ਨੂੰ ਗ ਤੇ ਟਿੱਪੀ ਅਤੇ ਞ ਦੇ ਥਾਂ ਕਦੀ ਝ ਤੇ ਕਦੀ ਨ ਲਿਖ ਕੇ ਹੀ ਕੰਮ ਸਾਰ ਲਿਆ ਜਾਂਦਾ ਹੈ ਜੋ ਕਿ ਗ਼ਲਤ ਗੱਲ ਹੈ।

11. ਅੱਖਰ ਨ ਤੇ ਣ ਅਕਸਰ ਹੀ ਇਕ ਦੂਜੇ ਦੇ ਥਾਂ ਗ਼ਲਤੀ ਨਾਲ਼ ਵਰਤ ਲਏ ਜਾਂਦੇ ਹਨ; ਖਾਸ ਕਰਕੇ ਹਿੰਦੀ ਪੜ੍ਹੇ ਲਿਖੇ ਸੱਜਣ ਇਹ ਗ਼ਲਤੀ ਦੂਜਿਆਂ ਨਾਲ਼ੋਂ ਵਧ ਕਰਦੇ ਹਨ।

12. ਬਹੁਤ ਸਾਰੇ ਹਿੰਦੀ/ਉਰਦੂ ਵਿਚੋਂ ਆਏ ਜਾਂ ਅੰਗ੍ਰੇਜ਼ੀ ਅੱਖਰਾਂ ਵਿਚ ਲਿਖਣ ਸਮੇ ਵਰਤੇ ਗਏ, ਉਰਦੂ ਦੇ ਜ਼ੇਰ ਤੇ ਅੰਗ੍ਰੇਜ਼ੀ ਦੇ, ਈ. ਤੇ ਆਈ. ਵਾਲ਼ੇ, ਪੰਜਾਬੀ ਵਿਚ ਅਪਣਾਏ ਜਾ ਚੁੱਕੇ ਸ਼ਬਦਾਂ ਨੂੰ, ਗੁਰਮੁਖੀ ਲਿੱਪੀ ਵਿਚ ਲਿਖਣ ਸਮੇ ਸਿਹਾਰੀ ਦੀ ਵਰਤੋਂ ਕਰਨੀ, ਗ਼ਲਤ ਤਾਂ ਭਾਵੇਂ ਨਹੀ ਆਖੀ ਜਾ ਸਕਦੀ ਪਰ ਬੇਲੋੜੀ ਜ਼ਰੂਰ ਹੈ।

13. ਅਧਕ ਇਕ ਅਜਿਹਾ ਗਰੀਬ ਚਿੰਨ੍ਹ ਹੈ ਜਿਸ ਦੀ, ਪੰਜਾਬੀ ਦੇ ਲੇਖਕ, ਕੰਪੋਜ਼ਰ ਪ੍ਰਕਾਸ਼ਕ ਆਦਿ ਸਭ ਤੋਂ ਵਧ ਦੁਰਵਰਤੋਂ ਕਰਦੇ ਹਨ। ਜਿਥੇ ਇਸਦੀ ਲੋੜ ਹੋਵੇ ਓਥੇ ਇਸਨੂੰ ਲਾਉਣਾ ਨਹੀ ਤੇ ਜਿਥੇ ਨਾ ਲੱਗਦਾ ਹੋਵੇ ਓਥੇ ਜ਼ਰੂਰ ਲਾ ਦਿੰਦੇ ਹਨ। ਖਾਸ ਕਰਕੇ ਪੱਛਮੀ ਪੰਜਾਬ ਤੋਂ ਆਏ ਹੋਏ ਲੇਖਕ ਸੱਜਣਾਂ ਨੇ ਤਾਂ ਜਿਵੇਂ ਕਿਤੇ ਤਹੱਈਆ ਹੀ ਕੀਤਾ ਹੋਵੇ ਇਸ ਵਿਚਾਰੇ ਅਧਕ ਦੀ ਮਿੱਟੀ ਪਲੀਤ ਕਰਨ ਦਾ। ਦਿੱਲੀ ਯੂਨੀਵਰਸਿਟੀ ਦੇ ਇਕ ਸਾਬਕ ਪ੍ਰੋਫ਼ੈਸਰ ਸਾਹਿਬ ਜੀ ਤੋਂ ਪਤਾ ਲਗਾ ਕਿ ਪੋਠੋਹਾਰ ਦੇ ਇਲਾਕੇ ਵਿਚੋਂ ਆਉਣ ਵਾਲ਼ੇ ਲੇਖਕਾਂ ਦਾ ਨਾਂ ਹੀ ਉਹਨਾਂ ਵਿੱਦਿਅਕ ਦਾਇਰੇ ਵਿਚ, ਮਖੌਲ ਵਜੋਂ ਅਧਕਾਂ ਪਾਇਆ ਹੋਇਆ ਸੀ; ਕਿਉਂਕਿ ਉਹ ਅਕਸਰ ਹੀ ਇਸਦੀ ਬੇਲੋੜੀ ਤੇ ਵਾਧੂ ਵਰਤੋਂ ਕਰਦੇ ਸਨ। ਉਹਨਾਂ ਦੀਆਂ ਲਿਖਤਾਂ ਪੜ੍ਹਕੇ ਵੇਖੋ; ਜਿਥੇ ਲੋੜ ਹੋਵੇਗੀ ਓਥੇ ਇਸਨੂੰ ਨਹੀ ਲਾਉਣਗੇ ਤੇ ਜਿਥੇ ਨਹੀ ਲੋੜ ਹੋਵੇਗੀ ਓਥੇ ਜ਼ਰੂਰ ਹੀ ਇਸ ਵਿਚਾਰੇ ਨੂੰ ਟਾਂਕਣਗੇ। ਅਸੀਂ ਅਜੇ ਤੱਕ ਇਹ ਨਹੀ ਜਾਣ ਸਕੇ ਕਿ ਅਧਕ ਕੇਵਲ ਜਿਸ ਅੱਖਰ ਦਾ ਦੋਹਰਾ ਉਚਾਰਣ ਹੋਵੇ, ਉਸ ਤੋਂ ਪਹਿਲੇ ਅੱਖਰ ਉਪਰ ਹੀ ਲਾਇਆ ਜਾਂਦਾ ਹੈ; ਹੋਰ ਕਿਤੇ ਨਹੀ। ਜਿਥੇ ਸ਼ੱਕ ਹੋਵੇ ਅਰਥਾਤ ਪੂਰਾ ਯਕੀਨ ਨਾ ਹੋਵੇ ਓਥੇ ਲਾਉਣ ਦੀ ਕੋਈ ਲੋੜ ਨਹੀ; ਇਸ ਤੋਂ ਬਿਨਾ ਵੀ ਸਰ ਸਕਦਾ ਹੈ। ਮਿਸਾਲ ਵਜੋਂ: ਵਰਤਮਾਨ ਸਮੇ ਅੰਦਰ ਪੱਤਰਾਂ ਦੇ ਸੰਪਾਦਕ ਸ਼ਬਦ ‘ਕੁਝ’ ਦੇ ਉਪਰ ਬੇਲੋੜਾ ਅਧਕ ਲਾ ਕੇ ਇਸਨੂੰ ‘ਕੁੱਝ’ ਬਣਾਉਣ ਵਿਚ ਅਣਗਹਿਲੀ ਨਹੀ ਕਰਦੇ। ਅਸੀਂ ਪੇਂਡੂ ਮਝੈਲ ਇਸ ‘ਕੁਝ’ ਨੂੰ ‘ਕੁਸ਼’ ਬੋਲਦੇ ਹਾਂ ਤੇ ਉਰਦੂ ਹਿੰਦੀ ਵਾਲ਼ੇ ਵੀ ਏਸੇ ਤਰ੍ਹਾਂ ਹੀ ਬੋਲਦੇ ਹਨ। ਹਿੰਦੀ ਵਿਚ ਲਿਖਿਆ ਇਸਨੂੰ ‘ਕੁਛ’ ਜਾਂਦਾ ਹੈ। ਕਈ ਸੱਜਣ ਇਸਨੂੰ ‘ਕੁਸ’ ਵੀ ਉਚਾਰਦੇ ਹਨ। ਪੱਛਮੀ ਪੰਜਾਬ ਦੇ ਸਿੱਖ ਲਿਖਾਰੀਆਂ ਨੇ ਇਸਨੂੰ ‘ਕੁਝ’ ਲਿਖਣਾ ਸ਼ੁਰੂ ਕਰ ਦਿਤਾ ਤੇ ਛਾਪੇ ਵਿਚ ਏਹੋ ਹੀ ਪ੍ਰਚੱਲਤ ਹੋ ਗਿਆ ਜਿਸਨੂੰ ਹੁਣ ਬਦਲ ਕੇ ਭੰਬਲ਼ਭੂਸੇ ਵਿਚ ਹੋਰ ਵਾਧਾ ਕਰਨ ਦੀ ਕੋਈ ਤੁਕ ਨਹੀ ਬਣਦੀ; ਪਰ ਇਹ ਮੈਨੂੰ ਸਮਝ ਨਹੀ ਆਉਂਦੀ ਕਿ ਤਕਰੀਬਨ ਹਰੇਕ ਸੰਪਾਦਕ ਹੀ ਇਸ ਉਪਰ ਬੇਲੋੜਾ ਅਧਕ ਲਾਉਣੋ ਕਿਉਂ ਨਹੀ ਉਕਦਾ! ਵੈਸੇ ਗੁਰਬਾਣੀ ਵਿਚ ਇਸ ਅਰਥ ਵਿਚ, ਇਹ ਸ਼ਬਦ ਇਹਨਾਂ ਰੂਪਾਂ ਵਿਚ ਆਇਆ ਹੈ: ਕਛ, ਕਛੁ, ਕਛੂ, ਕਛੂਅ, ਕਛੂਅਕ, ਕਿਛ, ਕਿਛੁ, ਕਿਛੂ, ਕਿਛੂਅ, ਕਿਛਹੂ, ਕਿਝੁ, ਕਿਝ; ਜਿਨ੍ਹਾਂ ਨੂੰ ਅਜੋਕੇ ਸਮੇ ਦੇ ਛਾਪੇਖਾਨੇ ਵਿਚ ਲਿਆ ਕੇ, ਪਹਿਲਾਂ ਹੀ ਵਲ਼ਗਣੋ ਬਾਹਰੀਆਂ ਹੋ ਚੁੱਕੀਆਂ ਉਲ਼ਝਣਾਂ ਵਿਚ ਹੋਰ ਵਾਧਾ ਕਰਨ ਦੀ ਕੋਈ ਲੋੜ ਨਹੀ। ਹੁਣ ਇਸਦਾ ਪ੍ਰਚੱਲਤ ਰੂਪ ‘ਕੁਝ’ ਹੀ ਠੀਕ ਹੈ।

ਪੰਜਾਬੀ ਵਿਚ ਇਹਨਾਂ ਕੁਝ ਗਿਣਵੇ ਚੁਣਵੇਂ ਥਾਂਵਾਂ ਤੋਂ ਬਿਨਾ, ਹੋਰ ਥਾਂਵਾਂ ਤੇ ਅਧਕ ਨਾ ਵੀ ਲੱਗੇ ਤਾਂ ਅਰਥਾਂ ਵਿਚ ਫਿਰ ਵੀ ਕੋਈ ਫਰਕ ਨਹੀ ਪੈਂਦਾ:
ਪਦ (ਪਦਵੀ) ਪੱਦ (ਅਸ਼ੁਧ ਹਵਾ) ਪੱਤਣ (ਪੋਰਟ) ਪਤਨ (ਗਿਰਾਵਟ)
ਕਦ (ਕਦੋਂ) ਕੱਦ (ਸਾਈਜ਼) ਗੁਦਾ (ਪਿੱਠ) ਗੁੱਦਾ (ਪਲਪ)
ਪਤ (ਇਜ਼ਤ) ਪੱਤ (ਪੱਤੇ) ਜਤ (ਸੰਜਮ) ਜੱਤ (ਵਾਲ਼)
ਭਲਾ (ਚੰਗਾ) ਭੱਲਾ (ਖਾਣ ਵਾਲ਼ਾ) ਧੁਪ (ਧੋਣਾ) ਧੁੱਪ (ਸੂਰਜ ਦੀ)
ਪਤਾ (ਸਿਰਨਾਵਾਂ) ਪੱਤਾ (ਦਰੱਖ਼ਤ ਦਾ ਪੱਤਾ) ਸਦਾ (ਹਮੇਸ਼ਾਂ) ਸੱਦਾ (ਬੁਲਾਵਾ)

14. ਬਹੁਤ ਵਾਰੀਂ ਅਸੀਂ ਬ - ਵ, ਛ - ਸ਼, ੳ - ਵ, ਮ - ਵ, ਰ - ੜ, ਯ - ਜ ਨੂੰ ਗ਼ਲਤੀ ਨਾਲ਼ ਜਾਂ ਸਹਿਜ ਸੁਭਾ ਵੀ ਇਕ ਦੂਜੇ ਦੇ ਥਾਂ ਵਰਤ ਜਾਂਦੇ ਹਾਂ।

15. ਕੁਝ ਸਮੇ ਤੋਂ ਇਕ ਹੋਰ ਬੇਲੋੜਾ ਰੁਝਾਨ ਚੱਲਿਆ ਹੈ ਕਿ ਚਾ, ਪੜਾ, ਸੁਝਾ ਆਦਿ ਪੰਜਾਬੀ ਦੇ ਸ਼ਬਦਾਂ ਦੇ ਪਿਛੇ 'ਅ' ਲਾਉਣ ਦਾ। ਇਹ ਠੀਕ ਹੈ ਕਿ ਅਜਿਹੇ ਸ਼ਬਦਾਂ ਦੇ ਪਿਛਲੇ ਦੀ ਆਵਾਜ਼ ਵਿਚ, ਆਮ ਨਾਲ਼ੋਂ ਕੁਝ ਵਧ ਲਮਕਾ ਜਿਹਾ ਆ ਜਾਂਦਾ ਹੈ ਪਰ ਸਦੀਆਂ ਤੋਂ ਇਹ ਸ਼ਬਦ ਏਸੇ ਤਰ੍ਹਾਂ ਲਿਖੇ, ਪੜ੍ਹੇ, ਸਮਝੇ ਤੇ ਪ੍ਰਵਾਨੇ ਜਾ ਚੁੱਕੇ ਹੋਣ ਕਰਕੇ ਹੁਣ ਇਹਨਾਂ ਪਿਛੇ ਵਾਧੂ 'ਅ' ਟਾਂਕ ਕੇ ਜੋੜਾਂ ਵਿਚ ਬੇਲੋੜੇ ਭੁਲੇਖੇ ਪੈਦਾ ਕਰਨ ਤੋਂ ਬਿਨਾ ਕੋਈ ਹੋਰ ਲਾਭ ਨਹੀ ਹੈ। 'ਅਜੀਤ' ਅਖ਼ਬਾਰ ਖਾਸ ਕਰਕੇ ਇਸ ਬੇਲੋੜੇ ਐੜੇ ਨੂੰ ਓਸੇ ਤਰ੍ਹਾਂ ਹੀ ਵਰਤਣਾ ਨਹੀ ਭੁੱਲਦਾ ਜਿਵੇਂ ਕਿ 'ਪਰਵਾਰ' ਵਿਚਲੇ ਪਹਿਲੇ 'ਰ' ਨੂੰ ਸਿਹਾਰੀ ਲਾਉਣੋ ਨਹੀ ਉਕਦਾ।

16. ਵਿਸ਼ਰਾਮ ਚਿੰਨ੍ਹ (Punctuation) ਲਾਉਣ ਦਾ ਪੰਜਾਬੀ ਵਿਚ ਪਹਿਲਾਂ ਰਿਵਾਜ ਨਹੀ ਸੀ। ਜੁੜਵੇਂ ਅੱਖਰਾਂ ਵਿਚ ਹੀ ਸਾਰਾ ਸਾਹਿਤ ਲਿਖਿਆ ਜਾਂਦਾ ਸੀ। ਸਿਰਫ ਵਾਕ ਦੇ ਅੰਤ ਤੇ ਦੋ ਡੰਡੀਆਂ ' ॥ ' ਲਾ ਕੇ ਵਾਕ ਪੂਰਾ ਕੀਤਾ ਜਾਂਦਾ ਸੀ। ਇਹ ਵਿਸ਼ਰਾਮ ਚਿੰਨ੍ਹ (ਪੰਕਚੂਏਸ਼ਨ) ਪੰਜਾਬੀ ਵਿਚ, ਅੰਗ੍ਰੇਜ਼ੀ ਵਿਚੋਂ ਵਿਦਵਾਨਾਂ ਨੇ ਲਿਆਂਦਾ ਹੈ ਤੇ ਇਸਨੂੰ ਓਸੇ ਤਰ੍ਹਾਂ ਜਿਉਂ ਦਾ ਤਿਉਂ ਹੀ ਵਰਤਣਾ ਚਾਹੀਦਾ ਹੈ, ਜਿਵੇਂ ਅੰਗ੍ਰੇਜ਼ੀ ਵਾਲ਼ੇ ਵਰਤਦੇ ਹਨ; ਸਿਵਾਏ ਇਕ ਫੁੱਲ ਸਟਾਪ ਤੋਂ, ਜੋ ਕਿ ਅੰਗ੍ਰੇਜ਼ੀ ਵਿਚ ' . ' ਹੈ ਪਰ ਅੱਜ ਕਲ੍ਹ ਪੰਜਾਬੀ ਦੇ ਸਾਰੇ ਨਵੀਨ ਸਾਹਿਤ ਵਿਚ ' । ' ਹੀ ਵਰਤਿਆ ਜਾਂਦਾ ਹੈ। ਇਹ ਢੁਕਵਾਂ ਵੀ ਹੈ।
ਕੁਝ ਆਮ ਹੀ ਗ਼ਲਤ ਲਿਖੇ ਜਾਣ ਵਾਲ਼ੇ ਸਾਧਾਰਣ ਸ਼ਬਦ


ਸਹੀ ਗ਼ਲਤ ਸਹੀ ਗ਼ਲਤ ਸਹੀ ਗ਼ਲਤ
ਓਤੇ ਉੱਥੇ ਕਾਬਲ ਕਾਬਿਲ ਢੁਚਰਾਂ ਢੁੱਚਰਾਂ
ਉਹਨਾਂ ਉਨ੍ਹਾਂ ਕਾਤਲ ਕਾਤਿਲ ਤੁੜਵਾ ਤੁੱੜਵਾ
ਓਦੋਂ ਉਦੋਂ ਕਾਮਲ ਕਾਮਿਲ ਦਲ ਦੱਲ
ਓਦਾਂ ਉਦਾਂ ਕਾਫ਼ਰ ਕਾਫ਼ਿਰ ਦਾ ਦਾਅ
ਉਂਜ ਉੰਝ ਕੁਝ ਕੁੱਝ ਦੁਬਿਧਾ ਦੁਬਿਦਾ
ਉਘਾ ਉੱਘਾ ਕੰਧਾ ਕੰਦਾ ਦਸਤਾਰ ਦੱਸਤਾਰ
ਉਤੇ ਉੱਤੇ ਖਮਾ ਕਮਾਅ ਤਦ ਤੱਦ
ਓਪਰਾ ਉਪਰਾ ਕੰਙਣ ਕੰਗਣ ਤੁਧ ਤੁੱਧ
ਉਂਗਲ਼ ਉੰਗਲ ਕੌਮ ਕੌਂਮ ਧੰਨਵਾਦ ਧੰਨਬਾਦ
ਉਪਲਭਦ ਖੁਦਰਤ ਕੁੱਦਰਤ ਨਾਂ ਨਾਂਅ
ਅਤਰ ਅੱਤਰ ਕੰਬਣਾ ਕੰਬਣਾਂ ਪ੍ਰਸ਼ਾਦ ਪ੍ਰਸ਼ਾਦਿ
ਆਸਟ੍ਰੇਲੀਆ ਅਸਟਰੇਲੀਆ ਖਾਇਨਾਤ ਕਾਯਨਾਤ ਪੰਝੀ ਪੱਚੀ
ਆਖ਼ਿਰ ਕੱਪੜਾ ਕੱਪੜ੍ਹਾ ਪੜ੍ਹਨਾ ਪੜ੍ਹਣਾ
ਅੰਗ੍ਰੇਜ਼ੀ ਅੰਗਰੇਜ਼ੀ ਕਿਸ ਤਰ੍ਹਾਂ ਕਿੱਸ ਤਰ੍ਹਾਂ ਪਾਣੀ ਪਾਨੀ
ਅਪਮਾਨਤ ਅਪਮਾਣਿਤ ਖਾਣਾ ਖਾਨਾ ਪਧਰ ਪੱਧਰ
ਅਦਰਕ ਅਦਕਰ ਖੰਭ ਖੰਬ ਪਿਆ ਪਇਆ
ਆਡਾ ਅੰਡਾ ਖੁੰਬ ਖੁੰਭ ਪਰਵਾਰ ਪਰਿਵਾਰ
ਅੰਮ੍ਰਿਤਸਰ ਅੰਮ੍ਰਿਤ ਸਰ ਖੁਭ ਖੁਬ ਪੰਧ ਪੰਦ
ਐਨਕ ਏਨਕ ਖ਼ਤਰਨਾਕ ਖੱਤਰਨਾਕ ਪਚਾ ਪਚਾਅ
ਇਕ ਦਮ ਇਕਦੱਮ ਗਿਧਾ ਗਿੱਦਾ ਪਰਵਾਰਕ ਪਰਿਵਾਰਿਕ
ਈਚੋਗਿੱਲ ਇਛੋਗਿੱਲ ਗਿਆ ਗਇਆ ਪ੍ਰੋਗਰਾਮ ਪਰੋਗਰਾਮ
ਏਦਾਂ ਇੱਦਾਂ ਘੁਪਤ ਗੁੱਪਤ ਪੱਡਾ ਪੱਢਾ
ਇਹਨਾਂ ਇਨ੍ਹਾਂ ਘੁਪਤ ਗੁੱਪਤ ਪਿੜ ਪਿੜ੍ਹ
ਇੰਜ ਇੰਝ ਗੰਢਾ ਗੰਡਾ ਪਟਕਾ ਪੱਟਕਾ
ਏਧਰ ਇਧਰ ਗਿਝ ਗਿੱਜ ਫੜਨਾ ਫੜ੍ਹਣਾ
ਏਥੇ ਇੱਥੇ ਗਭੇ ਗੱਬੇ ਫੜ ਫੱੜ
ਸੰਬੋਧਨ ਸੰਭੋਦਿਨ ਗੁਰਦੁਆਰਾ ਗੁਰਦਵਾਰਾ ਬੁਜ਼ਦਿਲੀ ਬੁੱਜਦਿਲੀ
ਸਭ ਸੱਭ ਛਰਨ ਚਰਣ ਬਾਵਾਸਤਾ ਵਾਬਾਸਤਾ
ਸ਼੍ਰੋਮਣੀ ਸ਼ਰੋਮਣੀ ਛਾ ਚਾਅ ਬੱਸ ਬਸ
ਸਾਬਤ ਸਾਬਿਤ ਚੜ੍ਹਾ ਚੜ੍ਹਾਅ ਬਿਲਕੁਲ ਬਿੱਲਕੁੱਲ
ਸੁਭਾ ਸੁਭਾਅ ਚੜ੍ਹ ਚੱੜ ਬਾਣੀ ਬਾਨੀ
ਸਭਿਅਕ ਸੱਭਿਅਕ ਚੌਲ਼ ਚੋਲ ਬਗੈਰ ਵਗੈਰ
ਸਨਮਾਨਤ ਸਨਮਾਣਿਤ ਚੁੰਝ ਚੁੰਜ ਮਾਹਰ ਮਾਹਿਰ
ਸਾਬਤ ਸਾਬਿਤ ਚੜ੍ਹਨਾ ਚੜ੍ਹਣਾ ਮੁਸ਼ਕਲ ਮੁਸ਼ਕਿਲ
ਸਦਾ ਸਦਾਅ ਛਨਿਛਰਵਾਰ ਸ਼ਨਿਚਰਵਾਰ ਮੈਬਰ ਮੈੰਬਰ
ਸਮਾਜਕ ਸਮਾਜਿਕ ਛੱਤ ਸ਼ੱਤ ਮੰਦਰ ਮੰਦਿਰ
ਸ਼ੱਕ ਛੱਕ ਛਕਣਾ ਸ਼ਕਣਾ ਮੁੰਜ ਮੁੰਝ
ਸ਼ੋਕ ਛੋਕ ਛਾਂ ਛਾਂਅ ਮੈ ਮੈਂ
ਸੰਧਰਬ ਸੰਧਰਭ ਜੰਞ ਜੰਝ ਮੁੜਨਾ ਮੁੜਣਾ
ਸੰਪਾਦਕ ਸੰਪਾਦਿਕ ਝਜ਼ਬਾਤ ਜਜ਼ਬਾਤਾਂ ਮੰਦਰ ਮੰਦਿਰ
ਸੰਭਾਲ਼ ਸੰਬਾਲ ਜਥਾ ਜੱਥਾ ਮਤਲਬ ਮੱਤਲਬ
ਸੁਥਰਾ ਸੁੱਥਰਾ ਜਥੇਦਾਰ ਜੱਥੇਦਾਰ ਮੱਸ ਫੁੱਟ ਮੁੱਛ ਫੁੱਟ
ਹਾਸਲ ਹਾਸਿਲ ਝੱਗਾ ਝੱਘਾ ਮੈਲਬਰਨ ਮੈਲਬੌਰਨ
ਹੁਦਾਰ ਉੱਧਾਰ ਝਨਾਂ ਚਨਾ ਮੁਬਾਰਕ ਮੁਬਾਰਿਕ
ਹਨ ਹੁਣ ਝੰਬ ਝੰਭ ਮੜ੍ਹਦਾ ਮੱੜ੍ਹਦਾ
ਹਾਜਰ ਹਾਜਿਰ ਟੱਬ ਟੱਭ ਰਿਹਾ ਰਹਿਆ
ਹਸ਼ਰ ਹੱਸ਼ਰ ਟੁਕੜਾ ਟੁੱਕੜਾ ਰਸ ਰੱਸ
ਹੁਦਾਰ ਉੱਧਾਰ ਠਪਕ ਟੱਪਕ ਲਿਖਤ ਲਿੱਖਤ
ਹੁਣ ਹੁਨ ਡੰਝ ਡੰਜ ਲੜਕੀ ਲੱੜਕੀ
ਵੈਸਾਖੀ ਬੈਸਾਖੀ ਵੱਛਾ ਬੱਛਾ ਵਾਪਸ ਵਾਪਿਸ
ਵੇਲ਼ਾ ਬੇਲ਼ਾ ਵੱਖੀ ਬੱਖੀ ਵਗੈਰਾ ਬਗੈਰਾ
ਵਰਿਆਮਾ ਬਰਿਆਮਾ ਵੇਖੋ ਬੇਖੋ ਵਾੜਾ ਬਾੜਾ
ਬਚਨ ਵਚਨ ਵੱਲ ਬੱਲ ਪਿੰਗਲਵਾੜਾ ਪਿੰਗਲਬਾੜਾ

ਇਹ ਸਿਰਫ ਪੰਜਾਬੀ ਸ਼ਬਦ ਜੋੜਾਂ ਵਿਚ ਸਰਲਤਾ ਲਿਆਉਣ ਤੇ ਅੰਗ੍ਰੇਜ਼ੀ ਵਾਂਗ ਇਕਸਾਰਤਾ ਵੱਲ ਵਧਣ ਦਾ ਨਿਮਾਣਾ ਜਿਹਾ ਯਤਨ ਹੀ ਹੈ। ਪੂਰੀ ਸ਼ੁਧਤਾਈ ਦਾ ਦਾਹਵਾ ਜਾਂ ਕਿਸੇ ਕਿਸਮ ਦੀ ਵਿਦਵਤਾ ਦਾ ਵਿਖਾਲ਼ਾ ਪਾਉਣਾ, ਇਸ ਯਤਨ ਦਾ, ਕਦਾਚਿਤ ਮਨੋਰਥ ਨਹੀ ਤੇ ਪੂਰਨ ਸ਼ੁਧਤਾਈ ਲਿਆਉਣੀ ਵੀ ਅਸੰਭਵਤਾ ਦੇ ਨੇੜੇ ਦੀ ਗੱਲ ਹੀ ਜਾਪਦੀ ਹੈ। ਪੰਜਾਬੀ ਯੂਨੀਵਰਸਿਟੀ ਵੱਲੋਂ ਛਾਪੇ ਗਏ ਵਿਸ਼ਾਲ ਗ੍ਰੰਥ, 'ਪੰਜਾਬੀ ਸ਼ਬਦ-ਰੂਪ ਤੇ ਸ਼ਬਦ-ਜੋੜ ਕੋਸ਼' ਇਸ ਪਾਸੇ ਬਹੁਤ ਹੀ ਵੱਡਾ ਯਤਨ ਹੈ। ਇਸ ਤੋਂ ਸਹਾਇਤਾ ਲੈ ਕੇ ਸਾਨੂੰ ਇਕਸਾਰਤਾ ਵੱਲ ਵਧਣ ਦਾ ਯਤਨ ਕਰਨਾ ਚਾਹੀਦਾ ਹੈ। ਇਹ ਵੱਖਰੀ ਗੱਲ ਹੈ ਕਿ ਏਧਰ-ਓਧਰ ਕਾਫੀ ਊਣਤਾਈਆਂ ਇਸ ਵਿਚ ਵੀ ਹਨ ਪਰ ਇਸ ਵਰਗਾ ਹੋਰ ਕੋਈ ਉਦਮ ਅਜੇ ਤੱਕ ਨਹੀ ਹੋ ਸਕਿਆ।

ਏਸੇ ਵਿਸ਼ੇ ਬਾਰੇ ਪਾਠਕਾਂ ਨੂੰ ਵਿਚ ਇਕ ਸੱਚੀ ਵਾਰਤਾ ਸ਼ਾਇਦ ਦਿਲਚਸਪ ਰਹੇ: ਗੱਲ ਇਹ 1965 ਜਾਂ 66 ਦੀ ਹੈ ਕਿ ਪਬਲਿਕ ਲਾਇਬ੍ਰੇਰੀ ਪਟਿਆਲਾ ਵਿਚ, ਇਕ ਸਮਾਗਮ ਏਸੇ ਸਬੰਧ ਵਿਚ ਕੀਤਾ ਜਾ ਰਿਹਾ ਸੀ। ਪ੍ਰਸਿਧ ਭਾਸ਼ਾ ਵਿਗਿਆਨੀ, ਪ੍ਰੋ. ਪ੍ਰੇਮ ਪ੍ਰਕਾਸ਼ ਸਿੰਘ ਜੀ, ਨੇ ਸ਼ਬਦ-ਜੋੜਾਂ ਦੀ ਸਮੱਸਿਆ ਬਾਰੇ ਇਕ ਕਿਤਾਬਚਾ ਛਾਪ ਕੇ ਪੇਸ਼ ਕੀਤਾ ਸੀ ਤੇ ਇਸ ਉਪਰ ਹੀ ਵਿਚਾਰ ਹੋ ਰਹੀ ਸੀ। ਨਾ ਸੀ 'ਪੰਜਾਬੀ ਸ਼ਬਦ-ਜੋੜਾਂ ਦਾ ਪ੍ਰਮਾਣੀਕਰਣ'। ਮੈ ਵੀ, ਵੇਹਲ ਤੇ ਆਦਤ ਅਨੁਸਾਰ, ਡਰਦਾ ਡਰਦਾ ਪਿਛਵਾੜੇ ਜਿਹੇ ਪਈ ਕੁਰਸੀ ਉਪਰ ਜਾ ਬੈਠਾ, ਵਿਦਵਾਨਾਂ ਦੀ ਚੁੰਝ-ਚਰਚਾ ਸੁਣਨ। ਇਕ ਨੌਜਵਾਨ ਨੇ ਉਠ ਕੇ ਉਸ ਕਿਤਾਬਚੇ ਵਿਚ, ਇਕੇ ਸ਼ਬਦ ਨੂੰ ਦੋ ਤਰ੍ਹਾਂ ਲਿਖੇ ਹੋਣ ਕਰਕੇ ਪੁੱਛ ਲਿਆ, "ਪ੍ਰੋਫ਼ੈਸਰ ਸਾਹਿਬ ਕਿਤਾਬਚੇ ਦੇ ਬਾਹਰਵਾਰ ਤੁਸੀਂ 'ਪਰਮਾਣੀਕਰਣ' ਲਿਖਦੇ ਹੋ ਤੇ ਅੰਦਰ ਜਾ ਕੇ 'ਪ੍ਰਮਾਣੀਕਰਣ' ਦੋਹਾਂ ਵਿਚੋਂ ਸਹੀ ਕੇਹੜਾ ਹੈ!" ਇਹ ਸੁਣ ਕੇ ਹਾਲ ਵਿਚ ਹਾਸਾ ਖਿੱਲਰ ਗਿਆ। ਪ੍ਰੋਫ਼ੈਸਰ ਸਾਹਿਬ ਨੇ ਇਸਦਾ ਜਵਾਬ ਦਿਤਾ ਪਰ ਹੁਣ ਯਾਦ ਨਹੀ ਰਿਹਾ ਕਿ ਉਹਨਾਂ ਨੇ ਕਿਸ ਰੂਪ ਨੂੰ ਸਹੀ ਠਹਿਰਾਇਆ।

ਓਸੇ ਸਮਾਗਮ ਵਿਚ ਹੀ ਪੰਜਾਬੀ ਯੂਨੀਵਰਸਿਟੀ ਦੇ ਪਹਿਲੇ ਤੇ ਤਤਕਾਲੀ ਵਾਈਸ ਚਾਂਸਲਰ, ਸਿੱਖੀ ਤੇ ਸਾਹਿਤ ਦੇ ਧੁਰੰਤਰ ਵਿਦਵਾਨ, ਜਿਨ੍ਹਾਂ ਨੂੰ ਗੁਰਬਾਣੀ ਦੇ ਮਸਲੇ ਤੇ ਪਿੰ੍ਰ. ਸਾਹਿਬ ਸਿੰਘ ਜੀ ਵੀ ਆਪਣੇ ਉਸਤਾਦ ਸਮਾਨ ਸਤਿਕਾਰਦੇ ਸਨ, ਭਾਈ ਜੋਧ ਸਿੰਘ ਜੀ ਵੀ ਬੋਲੇ। ਉਹਨਾਂ ਨੇ ਸ਼ਬਦ-ਜੋੜਾਂ ਨੂੰ ਗੁਰਬਾਣੀ ਅਨੁਸਾਰ ਕਰਨ ਦਾ ਸੁਝਾ ਦਿਤਾ ਜੋ ਕਿ ਮੈਨੂੰ ਉਸ ਸਮੇ ਬਿਲਕੁਲ ਨਹੀ ਜਚਿਆ। ਇਸ ਕਰਕੇ ਕਿ ਗੁਰਬਾਣੀ ਵਿਆਕਣ ਅਨੁਸਾਰ ਇਕ ਸ਼ਬਦ (ਲਫ਼ਜ਼) ਨੂੰ ਓਥੇ, ਅਰਥਾਂ ਅਨੁਸਾਰ, ਇਕ ਤੋਂ ਵਧ ਰੂਪਾਂ ਵਿਚ ਲਿਖਿਆ ਜਾਂਦਾ ਹੈ ਜੋ ਕਿ ਅਜੋਕੇ ਸਮੇ ਵਿਚ ਸੰਭਵ ਨਹੀ ਹੈ ਕਿ ਅਸੀ ਇਤਿਹਾਸ ਨੂੰ ਚਾਰ ਸਦੀਆਂ ਪਿੱਛੇ ਵੱਲ ਮੋੜਾ ਦੇ ਸਕੀਏ ਪਰ ਅੱਜ ਮੈ ਜਦੋਂ ਗਹੁ ਨਾਲ਼ ਵੇਖਦਾ ਹਾਂ ਤਾਂ ਉਹਨਾਂ ਦੀ ਗੱਲ ਮੈਨੂੰ ਓਨੀ ਅਜਚਵੀਂ ਨਹੀ ਲੱਗਦੀ ਜਿੰਨੀ ਓਦੋਂ ਲੱਗੀ ਸੀ। ਕਿਸੇ ਹੱਦ ਤੱਕ ਇਸ ਮਸਲੇ ਤੇ ਅਸੀਂ ਗੁਰਬਾਣੀ ਤੋਂ ਸੇਧ ਲੈ ਵੀ ਸਕਦੇ ਹਾਂ। ਡਿਊਟੀ ਦਾ ਸਮਾ ਹੋ ਜਾਣ ਕਰਕੇ ਮੈ ਤਾਂ ਉਸ ਵਿਦਵਾਨਾਂ ਦੇ ਸਮਾਗਮ ਵਿਚੋਂ ਉਠ ਆਇਆ। ਪਿੱਛੋਂ ਕੀ ਹੋਇਆ, ਕੋਈ ਪਤਾ ਨਹੀ।

ਮੈ ਤਾਂ ਇਸ ਹੱਕ ਵਿਚ ਵੀ ਹਾਂ ਕਿ ਜੇਹੜੀ ਨਵੀ ਵਸਤੂ ਦਾ, ਜਿਸ ਨੇ ਈਜਾਦ ਕਰਨ ਵੇਲ਼ੇ ਜੋ ਨਾਂ ਰੱਖਿਆ ਉਸਨੂੰ ਤਰਜਮਾਉਣ ਵਿਚ ਉਚੇਚੀ ਸਿਰ ਖਪਾਈ ਕਰਨ ਨਾਲ਼ੋਂ ਉਸਨੂੰ ਜਿਉਂ ਦਾ ਤਿਉਂ ਪੰਜਾਬੀ ਅੱਖਰਾਂ ਵਿਚ ਲਿਖ ਕੇ ਅਪਣਾ ਲੈਣਾ ਚਾਹੀਦਾ ਹੈ। ਟੈਲੀਫ਼ੋਨ ਦਾ ਦੂਰਭਾਸ਼, ਟੈਲੀਵੀਯਨ ਦਾ ਦੂਰ ਦਰਸ਼ਨ, ਰੇਡੀਉ ਦਾ ਆਕਾਸ਼ਵਾਣੀ, ਟ੍ਰੈਕਟਰ ਦਾ ਭੂਮੀਖ਼ੋਦ ਯੰਤਰ ਬਣਾ ਕੇ ਅਸੀਂ ਕੀ ਕੱਦੂ ਵਿਚ ਤੀਰ ਮਾਰ ਰਹੇ ਹਾਂ; ਇਹ ਮੇਰੀ ਸਮਝ ਤੋਂ ਬਾਹਰੀ ਬਾਤ ਹੈ।