ਸੰਤ ਢੱਡਰੀਆਂ ਵਾਲਿ਼ਆਂ ਨੇ ਬੂ-ਪਾਹਰਿਆ ਕਿਉਂ ਕੀਤੀ?.......... ਲੇਖ਼ / ਅਮਨਦੀਪ ਸਿੰਘ ਕਾਲਕਟ (ਬਰਲਿਨ)


ਅੱਜ ਕੱਲ੍ਹ ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਦੀ ਨਵੀਂ ਐਲਬਮ "ਸਿੰਘ ਬੈਟਰ ਦੈਨ ਕਿੰਗ" ਨੇ ਧੁੰਮਾਂ ਮਚਾਈਆਂ ਹੋਈਆਂ ਹਨ। ਇਸ ਵਿੱਚ ਬੱਬੂ ਮਾਨ ਹੁਣਾਂ ਵੱਲੋਂ ਜਿੰਨੀ ਨਿੱਡਰਤਾ ਅਤੇ ਹਰ ਆਮ ਇਨਸਾਨ ਨੂੰ ਸਮਝਣ ਵਾਲ਼ੇ ਲਫਜ਼ਾਂ ਨਾਲ਼ ਸੱਚ ਪੇਸ਼ ਕੀਤਾ ਗਿਆ ਹੈ, ਉਹ ਕਾਬਿਲੇ ਤਾਰੀਫ਼ ਹੈ। ਉਹਨਾਂ ਦੇ ਇਸ ਐਲਬਮ ਵਿਚਲੇ ਸਾਰੇ ਗੀਤਾਂ ਦੇ ਬੋਲ ਵਧੇਰੇ ਗਿਣਤੀ ਲੋਕਾਂ ਦੇ ਦਿਲਾਂ ਵਿੱਚ 'ਘਰ' ਕਰ ਗਏ ਹਨ। ਖਾਸ ਕਰ ਨੌਜੁਆਨ ਵਰਗ ਦੇ ਜਾਗਰਤੀ ਭਰੇ ਦਿਲਾਂ ਵਿਚ! ਪਹਿਲਾਂ ਤਾਂ ਮੈਂ ਇਹ ਸਪੱਸ਼ਟ ਕਰ ਦਿਆਂ ਕਿ ਬੱਬੂ ਮਾਨ ਨਾਲ਼ ਹਾਲੇ ਤੱਕ ਮੇਰੀ ਕਿਸੇ ਤਰ੍ਹਾਂ ਦੀ ਵੀ ਸਾਂਝ ਨਹੀਂ ਰਹੀ, ਤਾਂ ਕਿ ਕੋਈ ਇਹ ਨਾ ਸਮਝੇ ਕਿ ਸ਼ਾਇਦ ਕਿਸੇ ਕਾਰਨ ਮੈਂ ਉਸ ਦੀ 'ਤਾਰੀਫ਼' ਕਰਨ ਲੱਗਾ ਹਾਂ। ਇੱਥੋਂ ਤੱਕ ਕਿ ਚਾਰ ਕੁ ਸਾਲ ਪਹਿਲਾਂ ਇੱਕ ਲੇਖ ਲਿਖ ਕੇ ਮੈਂ ਇੱਕ ਗੀਤ ਦੇ ਬੋਲਾਂ ਕਰਕੇ ਉਸਦੀ ਆਲੋਚਨਾਂ ਵੀ ਕੀਤੀ ਸੀ, ਅਤੇ ਅੱਜ ਇਹ ਲੇਖ ਲਿਖਦਿਆਂ ਮੈਂ ਇਸੇ ਬੱਬੂ ਮਾਨ ਦਾ ਪ੍ਰਸ਼ੰਸਕ ਬਣ ਚੁੱਕਾ ਹਾਂ, ਜਿਸ ਨੇ ਭੇਡਾਂ ਦੀ ਬਾਬਤ ਪੰਜਾਬੀਆਂ ਵੱਲੋਂ ਅਖੌਤੀ ਡੇਰੇਦਾਰਾਂ ਵੱਲ ਨੂੰ ਚਿਰਾਂ ਤੋਂ ਲਾਈ ਦੌੜ ਦੇ ਸਾਹਮਣੇਂ ਖੜ੍ਹ, ਉਹਨਾਂ ਦਾ ਰਾਖਾ ਬਣ ਕੇ ਅਸਲੀ ਘਰ ਵੱਲ ਪਰਤਣ ਨੂੰ ਆਵਾਜ਼ ਮਾਰੀ ਹੈ। ਉਸ ਦੇ ਇੱਕ ਗੀਤ ਦੇ ਬੋਲ ਨੇ:
"ਪਵਣੁ ਗੁਰੂ ਪਾਣੀ ਪਿਤਾ, ਮਾਤਾ ਧਰਤਿ ਮਹਤੁ।"
ਹੋਰ ਕਿਸੇ ਡੇਰੇ ਤੇ ਜਾਣ ਦੀ, ਤੈਨੂੰ ਲੋੜ ਕੀ ਦੱਸ !
ਇਸ ਤਰ੍ਹਾਂ ਉਸ ਨੇ ਸਮੁੱਚੇ ਸਿੱਖ ਜਗਤ ਨੂੰ ਝੰਜੋੜਿਆ ਹੈ ਕਿ ਅੱਜ ਅਸੀਂ ਧੰਨ ਗੁਰੂ ਨਾਨਕ ਦੇਵ ਜੀ ਦੁਆਰਾ ਚਲਾਏ ਨਿਰਮਲ ਪੰਥ ਦੇ ਸਿਧਾਂਤ "ਸ਼ਬਦ ਗੁਰੂ ਸੁਰਤ ਧੁਨ ਚੇਲਾ" ਨੂੰ ਛੱਡ ਕੇ ਇਹਨਾਂ ਬਾਬਿਆਂ ਦੇ ਡੇਰਿਆਂ ਨੂੰ ਤੁਰੇ ਜਾ ਰਹੇ ਹਾਂ। ਜਿਸ ਸ਼ਬਦ ਗੁਰੂ ਦੇ ਲੜ ਲਾ ਕੇ ਦਸਵੇਂ "ਨਾਨਕ" ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਧੰਨ ਗੁਰੂ ਗ੍ਰੰਥ ਸਾਹਿਬ ਅੱਗੇ ਸੀਸ ਝੁਕਾ ਕੇ ਸੰਗਤ ਨੂੰ "ਗੁਰੂ ਮਾਨਿਉ ਗ੍ਰੰਥ" ਦਾ ਉਪਦੇਸ਼ ਦਿੱਤਾ ਸੀ, ਉਸੇ ਗੁਰੂ ਦੀ ਹਜ਼ੂਰੀ ਵਿੱਚ ਜਦ ਇਹ ਬਾਬੇ ਆਉਂਦੇ ਹਨ ਤਾਂ ਸੰਗਤ ਸ਼ਬਦ ਗੁਰੂ ਵੱਲ ਨੂੰ ਪਿੱਠ ਕਰਕੇ ਇਹਨਾਂ ਦੇ ਪੈਰਾਂ ਵਿੱਚ ਮੱਥੇ ਟੇਕਦੀ ਆਮ ਹੀ ਦੇਖੀ ਜਾ ਸਕਦੀ ਹੈ। ਦਸਵੇਂ ਪਾਤਸ਼ਾਹ ਨੇ ਸਿੱਖ ਨੂੰ ਗੁਰੂ ਦੇ ਸਤਿਕਾਰ ਅਤੇ ਮਜ਼ਲੂਮ ਦੀ ਰਾਖੀ ਵਾਸਤੇ 'ਸੰਤ ਸਿਪਾਹੀ' ਬਣਾਇਆ ਸੀ। ਇਹ ਬਾਬੇ ਵੀ ਇਹ ਕਹਿੰਦੇ ਨਹੀਂ ਥੱਕਦੇ ਕਿ ਅਸੀਂ ਗੁਰੂ ਦੇ ਸਤਿਕਾਰ ਵਾਸਤੇ ਹਮੇਸ਼ਾਂ ਯਤਨਸ਼ੀਲ ਹਾਂ। ਜਦੋਂ ਸਿਰਸੇ ਵਾਲ਼ੇ ਸੌਦਾ ਸਾਧ ਨੇ ਗੁਰੂ ਸਾਹਿਬ ਵਾਲ਼ਾ ਬਾਣਾ ਪਾ ਕੇ ਸ਼ਰੇਆਮ ਸਿੱਖਾਂ ਨੂੰ ਵੰਗਾਰਿਆ ਤਾਂ ਉਸ ਵੇਲੇ ਸਾਰੀ ਕੌਮ ਇਹਨਾਂ ਦੇ ਮੂੰਹ ਵੱਲ ਦੇਖਦੀ ਰਹੀ ਕਿ ਸਾਨੂੰ ਕੋਈ ਅਗਵਾਈ ਦੇਣ ਵਾਲ਼ਾ ਉੱਠੇ। ਕੁਝ ਕੁ ਹਸਤੀਆਂ ਨੂੰ ਛੱਡ ਕੇ ਸਾਰੇ ਬਾਬੇ, ਸ਼੍ਰੋਮਣੀ ਕਮੇਟੀ, ਅਤੇ ਸਾਡੇ ਜੱਥੇਦਾਰ ਮੂੰਹ ਵਿੱਚ ਘੁੰਗਣੀਆਂ ਪਾ ਕੇ ਬੈਠ ਗਏ ਅਤੇ ਐਸ਼ੋ ਅਰਾਮ ਨਾਲ਼ ਆਪਣੀਂ ਜਿੰਦਗੀ ਜੀ ਰਹੇ ਹਨ। ਜਦ ਕਿ ਸਤਿਗੁਰੂ ਦਾ ਕਥਨ ਹੈ,
"ਜਿਸੁ ਪਿਆਰੇ ਸੰਗਿ ਨੇਹੁ, ਤਿਸੁ ਆਗੈ ਮਰਿ ਚਲੀਐ, ਧ੍ਰਿਗੁ ਜੀਵਣੁ ਸੰਸਾਰਿ ਤਾ ਕੈ ਪਾਛੈ ਜੀਵਣਾ।।" (ਪੰਨਾਂ 83)
ਉਸ ਵੇਲੇ ਬੋਲੇ ਨੀ, ਅੱਜ ਜੇਕਰ ਬੱਬੂ ਮਾਨ ਨੇਂ ਇਹਨਾਂ ਦੇ ਜੀਵਨ, ਰਹਿਣ-ਸਹਿਣ ਦੀ ਤੁਲਨਾ ਧੰਨ ਗੁਰੂ ਨਾਨਕ ਦੇਵ ਜੀ ਦੇ ਸਾਦਗੀ ਭਰੇ ਜੀਵਨ ਨਾਲ਼ ਕਰ ਦਿੱਤੀ ਤਾਂ ਇਹਨਾਂ ਨੂੰ ਬੜਾ ਦੁੱਖ ਲੱਗਿਆ। ਫੋਕੀਆਂ ਦਲੀਲਾਂ ਦੇਣ ਲੱਗ ਪਏ ਕਿ ਜੀ ਪਿਛਲੇ ਸਮਿਆਂ ਵਿੱਚ ਕੋਈ ਸਾਧਨ ਨਹੀਂ ਸਨ, ਇਸ ਕਰਕੇ ਸੰਗਤਾਂ ਅਤੇ ਗੁਰੂ ਸਾਹਿਬ ਵੀ ਪੈਦਲ ਚੱਲਦੇ ਰਹੇ। ਇੱਥੇ ਇਹ ਵਰਨਣਯੋਗ ਹੈ ਕਿ ਅਸੀਂ ਉਹਨਾਂ ਵੇਲਿਆਂ ਦੀਆਂ ਸਾਖੀਆਂ ਵਿੱਚ ਘੋੜਿਆਂ, ਰੱਥਾਂ ਦਾ ਜਿ਼ਕਰ ਆਮ ਸੁਣਦੇ ਹਾਂ, ਜੇਕਰ ਗੁਰੂ ਸਾਹਿਬ ਚਾਹੁੰਦੇ ਤਾਂ ਉਹ ਵੀ ਇਹ ਸਾਧਨ ਅਪਣਾ ਸਕਦੇ ਸਨ ਪਰ ਉਹਨਾਂ ਨੇ ਅਜਿਹਾ ਨਹੀ ਕੀਤਾ। ਇੱਥੋਂ ਤੱਕ ਕਿ ਉਹਨਾਂ ਨੇਂ ਤਾਂ ਵਪਾਰ ਕਰਨ ਲਈ ਪਿਤਾ ਜੀ ਤੋਂ ਮਿਲ਼ੇ ਵੀਹ ਰੁਪਈਆਂ ਦਾ ਵੀ ਭੁੱਖੇ ਸਾਧੂਆਂ ਨੂੰ ਭੋਜਨ ਛਕਾ ਦਿੱਤਾ ਸੀ ਅਤੇ ਅਕਾਲ ਪੁਰਖ ਦਾ ਸ਼ੁਕਰਾਨਾ ਕਰ ਦਿੱਤਾ ਸੀ। ਅਗਲੀ ਗੱਲ ਬਾਣੀ ਪੜ੍ਹਨ ਵਾਲ਼ੇ ਇਨਸਾਨ ਦੇ ਧੁਰ ਅੰਦਰ ਤੱਕ ਨਿਮਰਤਾ ਹੋਣੀ ਚਾਹੀਦੀ ਹੈ। ਧੁਰ ਕੀ ਬਾਣੀ ਦਾ ਫੁਰਮਾਨ ਵੀ ਹੈ, "ਮਿਠਤੁ ਨੀਵੀ ਨਾਨਕਾ, ਗੁਣ ਚੰਗਿਆਈਆ ਤਤੁ।।"
ਪਰ ਇੱਥੇ ਤਾਂ ਬਾਬਿਆਂ ਦੇ ਬੋਲ ਨੇ ਕਿ ਛੱਜ ਤਾਂ ਬੋਲੇ, ਛਾਨਣੀਂ ਕੀ ਬੋਲੇ ਜੀਹਦੇ ਵਿੱਚ ਛੱਤੀ ਸੌ ਛੇਕ ਹਨ..? ਕਿੰਨੀ ਹੇਠਲੇ ਪੱਧਰ ਦੀ ਸ਼ਬਦਾਵਲੀ ਹੈ? ਕੀ ਇਹ 'ਕੋਮਲ' ਭਾਸ਼ਾ ਕਿਸੇ ਸੰਤ ਜੀ ਦੀ ਹੋ ਸਕਦੀ ਹੈ..? ਇਸ ਗੱਲ ਨਾਲ਼ ਜਿ਼ਆਦਾਤਾਰ ਲੋਕਾਂ ਨੂੰ ਬਹੁਤ ਦੁੱਖ ਲੱਗਾ ਹੈ। ਕੌਣ ਸਹੀ ਹੈ ਕੌਣ ਗਲਤ? ਇਸ ਦਾ ਪਤਾ ਸਾਰੇ ਲੋਕਾਂ ਨੂੰ ਉਸੇ ਵੇਲੇ ਹੀ ਲੱਗ ਗਿਆ ਸੀ, ਜਦੋਂ ਇੱਕ ਟੀ.ਵੀ. ਚੈਨਲ ਨੇ ਇਸ ਮੁੱਦੇ ਤੇ ਵੋਟਾਂ ਪੁਆਈਆਂ ਸਨ ਅਤੇ ਅੱਸੀ ਫ਼ੀਸਦੀ ਬੱਬੂ ਮਾਨ ਦੇ ਹੱਕ ਵਿੱਚ ਗਈਆਂ ਸਨ। ਹੁਣ ਇੰਗਲੈਂਡ ਵਿੱਚ ਵੀ ਇੱਕ ਚੈਨਲ ਨੇਂ ਵੋਟਾਂ ਪੁਆਈਆਂ ਤਾਂ ਬਹੱਤਰ ਫੀਸਦੀ ਲੋਕ ਬੱਬੂ ਮਾਨ ਦੇ ਹੱਕ ਵਿੱਚ ਖੜ੍ਹੇ। ਇਹ ਗੱਲਾਂ ਲਿਖਣ ਦਾ ਮਤਲਬ ਇਹ ਹੈ ਕਿ ਬਾਬਿਆਂ ਨੂੰ ਇਹ ਸਮਝਣਾਂ ਪਵੇਗਾ ਕਿ ਇਹ ਸੰਗਤ ਦੁਆਰਾ ਦਿੱਤੇ ਗਏ ਪੈਸੇ ਦੀ ਯੋਗ ਥਾਵਾਂ ਤੇ ਵਰਤੋਂ ਕਰਨ ਅਤੇ ਜਿਸ ਵਿਸ਼ੇ ਕਰਕੇ ਇਹਨਾਂ ਨੂੰ ਅੱਜ ਖ਼ਰੀਆਂ ਖ਼ਰੀਆਂ ਸੁਣਨੀਆਂ ਪਈਆਂ ਹਨ, ਇਹ ਆਪਣਾ ਜੀਵਨ ਇਸ ਤਰ੍ਹਾਂ ਦਾ ਬਣਾ ਲੈਣ ਕਿ ਕੋਈ ਉਂਗਲ਼ ਨਾ ਉਠਾ ਸਕੇ। ਬੱਬੂ ਮਾਨ ਨੇਂ ਤਾਂ ਸਿਰਫ ਲੋਕਾਂ ਨੂੰ ਜਾਗ੍ਰਿਤ ਕਰਨ ਦੀ ਕੋਸਿ਼ਸ਼ ਕੀਤੀ ਹੈ। ਇਸ ਤੋਂ ਪਹਿਲਾਂ ਉਸ ਨੇਂ ਹੋਰ ਵੀ ਕਈ ਗਾਣੇ ਗਾਏ ਹਨ ਜਿਹਨਾਂ ਵਿੱਚ ਪ੍ਰਮੁੱਖ:
"...ਭਗਤ ਸਿੰਘ ਆ ਗਿਆ ਸਰਾਭਾ ਕਿੱਥੇ ਰਹਿ ਗਿਆ
ਸਾਰੀ ਅਜ਼ਾਦੀ 'ਕੱਲਾ ਗਾਂਧੀ ਤਾਂ ਨੀ ਲੈ ਗਿਆ,
ਗਦਰੀ ਬਾਬਿਆਂ ਦਾ ਕਿਵੇਂ ਗਦਰ ਭੁਲਾਵਾਂ ਮੈਂ
ਝੂਠੇ ਇਤਿਹਾਸ ਉੱਤੇ ਮੋਹਰ ਕਿਵੇਂ ਲਾਵਾਂ ਮੈਂ..!"
ਉਸਦੀ ਆਪਣੀਂ ਜ਼ੁਬਾਨੀ ਕਿ ਇਸ ਗੀਤ ਕਰਕੇ ਤਾਂ ਉਸ ਨੂੰ ਕਚਿਹਰੀਆਂ ਦੇ ਚੱਕਰ ਵੀ ਲਾਉਣੇ ਪਏ ਕਿਉਂਕਿ ਕਿਸੇ ਨੇ ਕੇਸ ਕਰ ਦਿੱਤਾ ਸੀ ਕਿ ਗਾਂਧੀ ਦੇ ਖਿਲਾਫ ਬੋਲਿਆ ਹੈ। ਅੱਗੇ ਉਸਦੇ ਗਾਏ ਗੀਤਾਂ ਦੇ ਬੋਲ ਹਨ:
"ਜਿਹੜਾ ਧਰਮ ਲਈ ਮਰਦਾ ਉਹਨੂੰ ਕਿੱਥੇ ਯਾਦ ਕੋਈ ਕਰਦਾ
ਜਿਹੜਾ ਪਾਵਰ ਵਿੱਚ ਹੁੰਦਾ ਹਰ ਕੋਈ ਉਹਦਾ ਪਾਣੀਂ ਭਰਦਾ।"
ਜਾਂ ਫਿਰ
"ਆਹ ਅਫ਼ਗਾਨ ਜਿਹਨਾਂ ਨਾਲ਼ ਲੜਕੇ ਗੋਰੇ ਵੀ ਹਨ ਥੱਕੇ
ਹਰੀ ਸਿੰਘ ਨਲੂਏ ਨੇ ਕੀਤਾ ਰਾਜ ਤੇ ਤੋੜੇ ਨੱਕੇ,
ਸੌਂ ਜਾ ਪੁੱਤਰਾ ਸੌਂ ਜਾ, ਸਿੰਘਾਂ ਦੇ ਹੱਥ ਬੜੇ ਭਾਰੀ ਨੇ
ਮਰਨੋ ਮੂਲ ਨਾ ਡਰਦੇ ਜਿਹੜੇ ਮੌਤ ਦੇ ਵਪਾਰੀ ਨੇਂ"
ਭਲਾਂ ਦੱਸੋ ਕਿ ਇਹਨਾਂ ਵਿੱਚ ਇਤਰਾਜ਼ਯੋਗ ਕੀ ਹੈ? ਇਸ ਤੋਂ ਇਲਾਵਾ ਕੁਝ ਸਾਲ ਪਹਿਲਾਂ ਚੁਰਾਸੀ ਵਿੱਚ ਸਿੱਖਾਂ ਦੀ ਤ੍ਰਾਸਦੀ ਨੂੰ ਪੇਸ਼ ਕਰਦੀ ਬੱਬੂ ਮਾਨ ਦੁਆਰਾ ਕਰਜ਼ਾ ਚੁੱਕ ਕੇ ਬਣਾਈ ਗਈ ਫਿਲਮ "ਹਵਾਏਂ" ਦੀ ਵੀ ਸਿਫ਼ਤ ਕਰਨੀ ਬਣਦੀ ਹੈ, ਜੋ ਕਿ ਸਹੀ ਤਰ੍ਹਾਂ ਸਿਨਮਿਆਂ ਵਿੱਚ ਲੱਗਣ ਹੀ ਨਹੀਂ ਦਿੱਤੀ ਗਈ ਸੀ। ਇਸ ਤਰ੍ਹਾਂ ਦਾ ਵਿਸ਼ਾ ਲੈ ਕੇ ਫਿ਼ਲਮ ਬਣਾਉਣ ਨੂੰ ਕੋਈ ਦਰਦ ਜਾਂ ਚੰਗਾ ਜਜ਼ਬਾ ਹੀ ਕਹਿ ਸਕਦੇ ਹਾਂ, ਨਹੀਂ ਤਾਂ ਅਗਰ ਪੈਸਾ ਕਮਾਉਣ ਦੀ ਗੱਲ ਹੋਵੇ, ਤਾਂ ਮੈਨੂੰ ਨਹੀਂ ਲੱਗਦਾ ਕਿ ਇਸ ਫਿਲਮ ਦੁਆਰਾ ਚੜ੍ਹਿਆ ਕਰਜ਼ਾ ਹਾਲੇ ਤੱਕ ਵੀ ਉਸ ਦੇ ਸਿਰੋਂ ਲੱਥਾ ਹੋਵੇ। ਇਸ ਸਭ ਕਾਸੇ ਵਿੱਚੋਂ ਉਸਦੀ ਸੋਚ ਦੀ ਸਿਫ਼ਤ ਤਾਂ ਕਿਸੇ ਨੇ ਕੀ ਕਰਨੀ ਹੈ? ਸਗੋਂ ਉਸ ਨੂੰ ਭੰਡਣ ਤੇ ਹੀ ਸਾਰੇ ਲੱਗੇ ਹੋਏ ਹਨ। ਪੰਥ ਦੇ ਇੱਕ ਪ੍ਰਸਿੱਧ ਢਾਡੀ ਪ੍ਰਚਾਰਕ ਭਾਈ ਤਰਸੇਮ ਸਿੰਘ ਮੋਰਾਂਵਾਲ਼ੀ ਜਿਹਨਾਂ ਦੇ ਇਤਿਹਾਸ ਸੁਣਾਉਣ ਦੇ ਅੰਦਾਜ਼ ਕਰਕੇ ਮੈਂ ਖੁਦ ਇਹਨਾਂ ਦਾ ਪ੍ਰਸ਼ੰਸਕ ਹਾਂ। ਉਹ ਕਿਸ ਤਰ੍ਹਾਂ ਬੱਬੂ ਮਾਨ ਨੂੰ ਸੰਬੋਧਨ ਹੋਏ? ਅਖੇ, ਇੱਕ ਸੜਿਆ ਜਿਹਾ ਗਾਇਕ ਏ, ਉਸ ਨੇ ਬਾਬਿਆਂ ਦੀ ਗੱਡੀ ਤੇ ਲਾਲ ਬੱਤੀ ਦੀ ਗੱਲ ਕਿਉਂ ਕੀਤੀ ਹੈ..? ਅਖੇ ਜੀ ਇਹਨਾਂ ਦਾ ਕਿਰਦਾਰ ਕੀ ਹੈ..? ਇਹ ਨਸ਼ੇ ਕਰਦੇ ਹਨ..! ਸਟੇਜਾਂ ਤੇ ਅੱਧ-ਨੰਗੀਆਂ ਕੁੜੀਆਂ ਨਚਾਉਂਦੇ ਹਨ..। ਮੈਂ ਇੱਥੇ ਇਹਨਾਂ ਵੱਲੋਂ ਕਹੇ ਬੋਲ ਹੀ ਦੁਹਰਾਉਣੇਂ ਚਾਹੁੰਦਾ ਕਿ ਜਿਸ ਤਰ੍ਹਾਂ ਤੁਸੀਂ ਕਿਹਾ ਹੈ ਕਿ ਜਿਹੜਾ ਮਾੜਾ ਹੈ, ਉਸੇ ਨੂੰ ਹੀ ਕਹੋ, ਸਾਰੇ ਪ੍ਰਚਾਰਕ ਮਾੜੇ ਨਹੀਂ! ਬਿਲਕੁਲ ਇਸੇ ਤਰ੍ਹਾਂ ਹੀ ਮੋਰਾਂਵਾਲ਼ੀ ਸਾਹਿਬ ਨੂੰ ਵੀ ਸੁਝਾਅ ਹੈ ਕਿ ਜੋ ਮਾੜਾ ਹੈ, ਉਸੇ ਨੂੰ ਕਹੋ ਸਾਰੇ ਗਾਉਣ ਵਾਲ਼ੇ ਵੀ ਮਾੜੇ ਨਹੀਂ! ਕਿਉਂਕਿ ਬਹੁਤ ਸਾਰੇ ਪੁਰਾਣੇਂ ਅਤੇ "ਅੱਜ ਦੇ" ਢਾਡੀਆਂ ਦੇ ਜੀਵਨ ਬਾਰੇ ਵੀ ਲੋਕਾਂ ਨੂੰ ਪਤਾ ਹੈ। ਇੱਕ ਉਦਾਹਰਨ ਦੇਵਾਂ, ਮੇਰੀ ਭੂਆ ਦੇ ਲੜਕੇ ਦੇ ਵਿਆਹ ਦੇ ਸੰਬੰਧ ਵਿੱਚ ਸਾਡੇ ਇਲਾਕੇ ਦੇ ਇੱਕ ਢਾਡੀ ਜੱਥੇ ਨੂੰ ਲਿਆਉਣ ਵਾਸਤੇ ਘਰਦਿਆਂ ਨੇ ਖਾਹਿਸ਼ ਰੱਖੀ। ਜਦ ਉਸ ਢਾਡੀ ਜੱਥੇ ਨਾਲ਼ ਗੱਲਬਾਤ ਕਰਨ ਲਈ ਦੋ ਜਣੇ ਗਏ ਤਾਂ ਉਹਨਾਂ ਦੇ ਪਿੰਡ ਜਾ ਕੇ ਪਤਾ ਲੱਗਾ ਕਿ ਜੱਥੇਦਾਰ ਸਾਹਿਬ ਨਜ਼ਦੀਕ ਪੈਂਦੇ ਕਸਬੇ ਗਏ ਹਨ, ਤਾਂ ਉਹ ਦੋਵੇਂ ਜਣੇਂ ਦੱਸੀ ਥਾਂ ਤੇ ਪਹੁੰਚ ਗਏ ਅਤੇ ਜੱਥੇਦਾਰ ਨੂੰ ਮਿਲ਼ੇ। ਜੱਥੇਦਾਰ ਹੁਰੀਂ ਨਾਲ਼ੇ ਪ੍ਰੋਗਰਾਮ ਵਾਲ਼ੀ ਤਰੀਕ ਲਿਖੀ ਜਾਣ ਅਤੇ ਨਾਲ਼ ਖੰਘੂਰੇ ਜਿਹੇ ਮਾਰਦੇ ਹਿੱਲੀ ਜਾਣ ਕਿਉਂਕਿ ਠੇਕਾ ਲਾਗੇ ਹੀ ਸੀ ਅਤੇ ਜੱਥੇਦਾਰ ਪੂਰਾ 'ਟੱਲੀ' ਸੀ। ਇਸ ਤਰ੍ਹਾਂ ਦੇ ਹੋਰ ਢਾਡੀਆਂ ਦੀਆਂ ਮਿਸਾਲਾਂ ਵੀ ਬਹੁਤ ਦੇ ਸਕਦੇ ਹਾਂ, ਜੋ ਸ਼੍ਰੀ ਆਖੰਡ ਪਾਠ ਅਤੇ ਵਿਆਹ ਸਮਾਗਮ ਵਿੱਚ ਵਾਰਾਂ ਨਾਲ਼ ਸੰਗਤ ਨੂੰ ਨਿਹਾਲ ਕਰਨ ਤੋਂ ਬਾਅਦ ਜਾਣ ਵੇਲੇ ਦਾਰੂ ਦੀਆਂ ਬੋਤਲਾਂ 'ਧੰਨਵਾਦ ਜੀ' ਕਹਿ ਕੇ, ਫੜ ਕੇ ਤੁਰਦੇ ਬਣਦੇ ਹਨ। ਮੇਰੀ ਬੇਨਤੀ ਇਹੀ ਹੈ ਕਿ ਝੱਗਾ ਚੁੱਕੋਂਗੇ ਤਾਂ ਨੰਗਾ ਢਿੱਡ ਸਾਰਿਆਂ ਦੀ ਨਜ਼ਰੀਂ ਪਵੇਗਾ! ਤੁਸੀਂ ਪ੍ਰਚਾਰਕ ਹੋ, ਘੱਟੋ ਘੱਟ ਤੁਹਾਡੇ ਵਿੱਚ ਸਹਿਣਸ਼ੀਲਤਾ ਹੋਣੀ ਬਹੁਤ ਜ਼ਰੂਰੀ ਹੈ। ਕਾਹਲ਼ੀ ਵਿੱਚ ਘਟੀਆ ਸ਼ਬਦਾਵਲੀ ਵਰਤ ਕੇ ਆਪਣੀਂ ਭੜਾਸ ਕੱਢ ਦੇਣੀਂ ਕਿਸੇ ਬੌਖਲਾਇਆਂ ਹੋਇਆਂ ਦਾ ਕੰਮ ਹੁੰਦਾ ਹੈ ਨਾ ਕਿ ਵਿਦਾਵਾਨਾਂ, ਰਾਗੀਆਂ, ਢਾਡੀਆਂ ਅਤੇ ਸੰਤਾਂ ਦਾ! ਕਿਉਂਕਿ ਸਿੱਖੀ ਦਾ ਇਹ ਵੀ ਅਸੂਲ ਹੈ ਕਿ, "ਰੋਸੁ ਨ ਕੀਜੈ, ਉਤਰੁ ਦੀਜੈ।।"
ਇਸ ਤੋਂ ਅੱਗੇ ਇਹਨਾਂ ਨੇ ਇੱਕ ਗੱਲ 'ਹੋਰ' ਕਰਕੇ ਲੋਕਾਂ ਦੀ ਹਮਦਰਦੀ ਲੈਣ ਦੀ ਕੋਸਿ਼ਸ਼ ਕੀਤੀ ਹੈ ਕਿ ਬੱਬੂ ਮਾਨ ਨੇ ਇੱਕ ਬਾਬਾ ਨਾਨਕ ਸੀ ਆਖ ਦਿੱਤਾ ਹੈ, ਜਦ ਕਿ ਗੁਰੂ ਨਾਨਕ ਦੇਵ ਜੀ ਸਦਾ ਹੀ ਸਾਡੇ ਅੰਗ ਸੰਗ ਹਨ ਅਤੇ ਉਹ ਕਿਤੇ ਗਏ ਨਹੀਂ। ਇਸ ਵਿੱਚ ਕੋਈ ਸ਼ੱਕ ਨਹੀਂ ਕਿ, "ਆਪਿ ਨਾਰਾਇਣੁ ਕਲਾਧਾਰ ਜਗਿ ਮਹਿ ਪਰਵਰਿਉ।।" ਦੇ ਵਾਕ ਅਨੁਸਾਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ਼ ਇਸ ਦੁਨੀਆਂ ਤੇ ਆਏ। ਪਰੰਤੂ ਇਸ ਗੱਲ ਤੇ ਵੀ ਵਿਚਾਰ ਕਰਨੀ ਬਣਦੀ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 1469 ਈ: ਨੂੰ ਮਾਤਾ ਤ੍ਰਿਪਤਾ ਜੀ ਦੀ ਕੁੱਖੋਂ ਹੋਇਆ ਅਤੇ ਆਪਣਾ ਸਾਰਾ ਜੀਵਨ ਆਪ ਜੀ ਮਨੁੱਖਤਾ ਨੂੰ ਤਾਰਦੇ ਹੋਏ 1539 ਈ: ਨੂੰ ਇਸ ਫਾਨੀ ਸੰਸਾਰ ਤੋਂ ਸਰੀਰਕ ਤੌਰ ਤੇ ਚਲੇ ਗਏ ਅਤੇ ਅਕਾਲ ਪੁਰਖ਼ ਵਿਚ ਲੀਨ ਹੋ ਗਏ। ਸਰੀਰਿਕ ਤੌਰ ਤੇ ਗੁਰੂ ਸਾਹਿਬ ਦੇ ਇਸ ਸੰਸਾਰ ਤੋਂ ਚਲੇ ਜਾਣ ਨਾਲ਼ ਸਾਰਿਆਂ ਨੂੰ ਸਹਿਮਤ ਹੋਣਾਂ ਪਵੇਗਾ। ਜਦ ਕਿ ਆਤਮਿਕ ਤੌਰ ਤੇ ਗੁਰੂ ਸਾਹਿਬ ਸਾਡੇ ਅੰਗ ਸੰਗ ਹਨ।
ਇਕ ਗੱਲ ਸਮਝ ਨਹੀਂ ਆਉਂਦੀ ਕਿ ਬੱਬੂ ਮਾਨ ਦੇ ਇਸ ਗੀਤ ਨਾਲ਼ ਸੰਤ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਿ਼ਆਂ ਨੂੰ ਕਿਉਂ ਤਕਲੀਫ਼ ਹੋਈ? ਬੱਬੂ ਮਾਨ ਨੇ ਤਾਂ ਕਿਸੇ ਦਾ ਨਾਮ ਵੀ ਨਹੀਂ ਲਿਆ ਅਤੇ ਸੰਤ ਪੱਧਰ 'ਤੇ ਸੋਚੀਏ ਤਾਂ ਪੰਜਾਬ ਭਰਿਆ ਪਿਆ ਹੈ! ਕਿੰਨੇ ਸੰਤ-ਬਾਬੇ ਹਨ ਪੰਜਾਬ ਵਿਚ? ਕਿਸੇ ਨੇ ਬੋਲਣ ਦੀ ਲੋੜ ਨਹੀਂ ਸਮਝੀ, ਪਰ ਬੋਲਣ ਲਈ ਸੰਤ ਢੱਡਰੀਆਂ ਵਾਲਿ਼ਆਂ ਨੇ ਹੀ ਕਿਉਂ 'ਕਸ਼ਟ' ਕੀਤਾ? ਜਾਂ ਕਿਉਂ ਪਹਿਲ ਕੀਤੀ? ਹੋਰ ਕੋਈ ਸੰਤ-ਬਾਬਾ ਕਿਉਂ ਨਹੀਂ ਬੋਲਿਆ? ਕੀ ਇਹ ਇਸ ਤਰ੍ਹਾਂ ਤਾਂ ਨਹੀਂ ਸੀ ਕਿ ਸੰਤ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਿ਼ਆਂ ਦੀ ਕਾਰ 'ਤੇ ਸੱਚ ਹੀ 'ਲਾਲ ਬੱਤੀ' ਲੱਗੀ ਹੋਈ ਸੀ? ਜੇ ਲੱਗੀ ਹੋਈ ਸੀ ਤਾਂ ਉਹਨਾਂ ਨੂੰ ਇਹ ਲਾਲ ਬੱਤੀ ਵਰਤਣ ਦੀ ਇਜਾਜ਼ਤ ਕਿਸ 'ਅਥਾਰਟੀ' ਨੇ ਅਤੇ ਕਿਸ 'ਆਧਾਰ' 'ਤੇ ਦਿੱਤੀ? ਜੇ ਸੰਤ ਜੀ ਦੀ ਗੱਡੀ 'ਤੇ ਲਾਲ ਬੱਤੀ ਨਹੀਂ ਲੱਗੀ ਸੀ ਤਾਂ ਸੰਤ ਜੀ ਤਕਲੀਫ਼ ਕਿਉਂ ਹੋਈ ਅਤੇ ਉਹਨਾਂ ਨੇ ਇਤਨੀ 'ਕਰੜੀ' ਸ਼ਬਦਾਵਲੀ ਕਿਉਂ ਵਰਤੀ? ਕਿਉਂ ਦੁੱਖ ਹੋਇਆ? ਪਰ ਫ਼ਰਜ਼ ਕਰੋ, ਜੇ ਲਾਲ ਬੱਤੀ ਕਾਰ 'ਤੇ ਲੱਗੀ ਹੋਈ ਸੀ, ਤਾਂ ਅੱਗੇ ਤਾਂ ਕਿਸੇ ਨੂੰ ਪਤਾ ਸੀ ਅਤੇ ਕਿਸੇ ਨੂੰ ਨਹੀਂ ਸੀ ਪਤਾ, ਸੰਤ ਜੀ ਨੇ ਕੈਮਰੇ ਅੱਗੇ ਆਪਣੀ 'ਭੜ੍ਹਾਸ' ਕੱਢ ਕੇ ਆਪਣੇ ਆਪ ਨੂੰ ਜੱਗ ਜਾਹਿਰ ਨਹੀਂ ਕਰ ਲਿਆ?
ਮੈਂ ਆਖਰ ਵਿੱਚ ਬੇਨਤੀ ਕਰਦਾ ਹਾਂ ਕਿ ਤੁਹਾਡੇ ਵੱਲੋਂ ਵਰਤੀ ਗਈ ਗਲਤ ਸ਼ਬਦਾਵਲੀ ਕਾਰਨ ਕਿਤੇ ਆਪਣੇ ਆਪ ਨੂੰ ਅੰਦਰੋ ਅੰਦਰੀ 'ਘਰ ਵਾਪਸੀ' ਲਈ ਤਿਆਰ ਕਰ ਰਹੇ ਲੱਖਾਂ ਮੇਰੇ ਵਰਗੇ ਕਿਤੇ ਸਿੱਖੀ ਤੋਂ ਹੋਰ ਦੂਰ ਨਾ ਹੋ ਜਾਣ! ਅੱਜ ਇਲੈਕਟ੍ਰਾਨਿਕ ਮੀਡੀਏ ਦਾ ਯੁੱਗ ਹੈ ਅਤੇ ਨੌਜੁਆਨ ਵਰਗ ਪੂਰੀ ਤਰਾਂ ਜਾਗ੍ਰਿਤ ਹੈ ਅਤੇ ਸਾਰਾ ਨੌਜੁਆਨ ਵਰਗ ਬੱਬੂ ਮਾਨ ਵੱਲੋਂ ਕੀਤੀ ਹਿੰਮਤ ਦੀ ਪੂਰੀ ਸਰਾਹਨਾ ਕਰਦਾ ਹੋਇਆ, ਭਵਿੱਖ ਵਿੱਚ ਵੀ ਉਸ ਤੋਂ ਇਹੀ ਉਮੀਦ ਕਰਦਾ ਹੈ ਕਿ ਆਪਣੀ ਇਸ ਇਮਾਨਦਾਰ ਅਤੇ ਨਿਰਸੁਆਰਥ ਸੋਚ ਨਾਲ਼ ਪੰਜਾਬੀਆਂ ਦੀ ਆਵਾਜ਼ ਬਣ ਕੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀਆਂ ਭਾਵਨਾਵਾਂ ਨੂੰ ਦੁਨੀਆਂ ਦੇ ਸਾਹਮਣੇਂ ਰੱਖਣ ਲਈ ਹਮੇਸ਼ਾਂ ਆਪਣੇਂ ਕਾਰਜ ਜਾਰੀ ਰੱਖੇਗਾ। ਬਾਬੇ ਨਾਨਕ ਜੀ ਦਾ ਗੀਤ ਗਾਉਣ ਵਾਲ਼ੇ ਗਾਇਕ, ਵੱਡੇ ਵੀਰ "ਤਜਿੰਦਰ ਸਿੰਘ" (ਬੱਬੂ ਮਾਨ) ਨੂੰ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਚੜ੍ਹਦੀ ਕਲਾ ਵਿੱਚ ਰੱਖਣ।

 

ਆ ਅਟਕਣਾ ਆਸਟ੍ਰੇਲੀਆ ਵਿਚ ਮੇਰਾ ਵੀ .......... ਲੇਖ਼ / ਗਿਆਨੀ ਸੰਤੋਖ ਸਿੰਘ (ਆਸਟ੍ਰੇਲੀਆ)


ਅੱਜ ਪੰਜਾਬੀਆਂ ਵਾਸਤੇ ਆਸਟ੍ਰੇਲੀਆ ਕੋਈ ਓਪਰਾ ਨਾਂ ਨਹੀ ਹੈ। ਬੇਅੰਤ ਨੌਜਵਾਨ ਵਿਦਿਆਰਥੀ ਬਣ ਕੇ ਏਥੇ ਪੱਕੇ ਹੋਣ ਆਏ ਹਨ ਤੇ ਨਿਤ ਦਿਨ ਹੋਰ ਆ ਰਹੇ ਹਨ। ਇਸ ਤੇ ਕਿਸੇ ਨੂੰ ਵੀ ਕੋਈ ਇਤਰਾਜ ਕਰਨ ਦਾ ਹੱਕ ਨਹੀ ਹੈ; ਇਸ ਦੇ ਉਲ਼ਟ ਸਗੋਂ ਸਾਨੂੰ ਖ਼ੁਸ਼ੀ ਹੋਣੀ ਚਾਹੀਦੀ ਹੈ ਕਿ ਏਥੇ ਸਾਡੇ ਭਾਈਚਾਰੇ ਵਿਚ ਵਾਧਾ ਹੋ ਰਿਹਾ ਹੈ। ਇਸ ਸੰਸਾਰ ਦੇ ਮਹਾਨ ਵਾਲੀ ਵਾਹਿਗੁਰੂ ਜੀ ਦੇ ਸਾਜੇ ਵਿਸ਼ਾਲ ਸੰਸਾਰ ਅੰਦਰ ਹਰ ਕੋਈ ਹੀ ਆਪਣੇ ਚੰਗੇਰੇ ਭਵਿਖ ਦੀ ਆਸ ਤੇ ਕਿਤੇ ਵੀ ਆ/ਜਾ ਤੇ ਵੱਸ ਸਕਦਾ ਹੈ। ਦੁਨੀਆ ਦੇ ਦੁਆਲ਼ੇ ਦੀ ਆਪਣੀ ਚੌਥੀ ਯਾਤਰਾ ਦੋਰਾਨ, ਜਦੋਂ 1979 ਦੇ ਅਕਤੂਬਰ ਮਹੀਨੇ ਦੀ 25 ਤਰੀਕ ਨੂੰ ਮੈ ਆਪਣੇ ਨਿੱਕੇ ਭਰਾ, ਸ. ਸੇਵਾ ਸਿੰਘ ਸਮੇਤ, ਪਹਿਲੀ ਵਾਰ ਏਥੇ ਆਇਆ ਸਾਂ ਤਾਂ ਏਥੇ ਕਿਸੇ ਵਿਰਲੇ ਹੀ ਸਿੱਖ ਦੇ ਦਰਸ਼ਨ ਹੁੰਦੇ ਸਨ। ਸਿਡਨੀ ਦੇ ਇਕ ਸਬਅਰਬ ਰੀਵਜ਼ਬੀ ਵਿਚ ਇਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਹੁੰਦਾ ਸੀ। ਓਥੇ ਦੀਵਾਨ ਮਹੀਨੇ ਵਿਚ ਦੋ ਵਾਰ ਹੀ ਲੱਗਦਾ ਸੀ ਤੇ ਲੰਗਰ ਵੀ ਤਾਂ ਹੀ ਪੱਕਦਾ ਸੀ ਜੇਕਰ ਕੋਈ ਪਰਵਾਰ ਰਾਸ਼ਨ ਲਿਆਉਣ, ਪਕਾਉਣ, ਵਰਤਾਉਣ, ਛਕਾਉਣ ਆਦਿ ਦੀ ਖ਼ੁਦ ਜ਼ਿਮੇਵਾਰੀ ਲਵੇ ਤਾਂ। ਅੱਜ ਗੁਰੂ ਜੀ ਦੀ ਕਿਰਪਾ ਸਦਕਾ ਸਿਡਨੀ ਵਿਚ ਹੀ ਅੱਠ ਗੁਰਦੁਆਰੇ ਹਨ ਜਿਥੇ ਰੌਣਕਾਂ ਹੀ ਰੌਣਕਾਂ ਹੁੰਦੀਆਂ ਹਨ। ਇਹ ਕੁਝ ਏਥੇ ਵੱਡੀ ਗਿਣਤੀ ਵਿਚ ਸਿੱਖ ਸੰਗਤਾਂ ਦੇ ਆਉਣ ਸਦਕਾ ਹੀ ਸੰਭਵ ਹੋਇਆ ਹੈ।
ਮੁਲਕ ਆਸਟ੍ਰੇਲੀਆ ਧਰਤੀ ਦੇ ਦੱਖਣ ਵਾਲ਼ੇ ਪਾਸੇ, ਇੰਡੋਨੇਸ਼ੀਆ ਤੋਂ ਥੱਲੇ ਅਤੇ ਨਿਊ ਜ਼ੀਲੈਂਡ ਦੇ ਤਕਰੀਬਨ ਬਰਾਬਰ ਵਾਕਿਆ ਹੈ। ਇਸ ਦੀ ਧਰਤੀ ਭਾਰਤ ਨਾਲ਼ੋਂ ਤਕਰੀਬਨ ਢਾਈ ਗੁਣਾਂ ਵੱਡੀ ਹੈ ਤੇ ਆਬਾਦੀ ਸਿਰਫ਼ ਬਾਈ ਮਿਲੀਅਨ; ਅਥਵਾ ਸਵਾ ਦੋ ਕਰੋੜ ਨਾਲੋਂ ਵੀ ਘੱਟ। ਸਮੁੰਦਰ ਦੇ ਕਿਨਾਰੇ ਕਿਨਾਰੇ ਪੰਜ ਸੱਤ ਸ਼ਹਿਰਾਂ ਵਿਚ ਹੀ ਲੋਕ ਵੱਸਦੇ ਹਨ, ਅੰਦਰ ਸਾਰਾ ਮੁਲਕ ਖਾਲੀ ਪਿਆ ਹੈ ਜਿਥੇ ਰੇਤ ਦੇ ਟਿੱਬੇ, ਝਾੜੀਆਂ, ਪੱਥਰ ਆਦਿ ਸੋਭਾ ਪਾ ਰਹੇ ਹਨ। ਖੇਤੀ ਪ੍ਰਧਾਨ ਦੇਸ਼ ਹੋਣ ਕਰਕੇ ਤਕਰੀਬਨ ਹਰੇਕ ਫਸਲ ਦੇ ਵੱਡੇ ਵੱਡੇ ਫਾਰਮ ਹਨ। ਕਈ ਫਾਰਮ ਤਾਂ ਹਜ਼ਾਰਾਂ ਏਕੜਾਂ ਵਿਚ ਵੀ ਹਨ।
ਏਥੋਂ ਦੇ ਅਸਲੀ ਵਸਨੀਕ, ਦੱਸਿਆ ਜਾਂਦਾ ਹੈ ਕਿ ਚਾਲ਼ੀ ਹਜਾਰ ਸਾਲਾਂ ਤੋਂ ਏਥੇ ਦੱਖਣੀ ਏਸ਼ੀਆ ਤੋਂ ਆ ਕੇ ਵੱਸ ਰਹੇ ਹਨ। ਇਹਨਾਂ ਨੂੰ ਐਬੋਰੀਜੀਨਜ਼ (ਅਬੋਰਗਿਨਿੳਲ) ਆਖਦੇ ਹਨ। ਇਹ 300 ਗਰੁਪਾਂ ਵਿਚ ਵੰਡੇ ਹੋਏ ਸਨ ਤੇ 250 ਜ਼ਬਾਨਾਂ ਤੇ 700 ਡਾਇਲੈਕਟਾਂ ਵਿਚ ਬੋਲਦੇ ਸਨ। ਅੱਜ ਕਲ੍ਹ ਇਹਨਾਂ ਦੀ ਆਬਾਦੀ, ਆਸਟ੍ਰੇਲੀਆ ਦੀ ਸਮੁਚੀ ਆਬਾਦੀ ਵਿਚ ਦੋ ਕੁ ਫੀ ਸਦੀ ਸਮਝੀ ਜਾਂਦੀ ਹੈ। ਕਈ ਗੱਲਾਂ ਵਿਚ ਬਾਕੀ ਦੇ ਵਸਿੰਦਿਆਂ ਨਾਲ਼ੋਂ ਇਹਨਾਂ ਦੇ ਕੁਝ ਵਿਸ਼ੇਸ਼ ਅਧਿਕਾਰ ਹਨ।
ਭਾਵੇਂ ਕਿ ਇਸ ਦੀ ਖੋਜ ਪਹਿਲਾਂ ਵੀ ਹੋ ਚੁੱਕੀ ਹੋਈ ਸੀ ਪਰ ਜਦੋਂ ਜਾਰਜ ਵਾਸ਼ਿੰਗਟਨ ਦੀ ਅਗਵਾਈ ਹੇਠ ਅਮ੍ਰੀਕਾ ਨੇ ਲੰਮੀ ਲੜਾਈ ਲੜ ਕੇ, ਵਲੈਤੀ ਅੰਗ੍ਰੇਜ਼ਾਂ ਤੋਂ ਆਜ਼ਾਦੀ ਪ੍ਰਾਪਤ ਕਰ ਲਈ ਤਾਂ ਵਲੈਤੀਆਂ ਨੂੰ ਫਿਰ ਆਪਣੇ ਅਣਚਾਹੇ ਬੰਦੇ ਸੁੱਟਣ ਲਈ ਹੋਰ ਥਾਂ ਦੀ ਭਾਲ਼ ਕਰਨੀ ਪਈ ਤੇ ਇਸ ਕਾਰਜ ਲਈ ਉਹਨਾਂ ਨੇ ਆਸਟ੍ਰੇਲੀਆ ਨੂੰ ਵਰਤਣਾ ਆਰੰਭ ਦਿਤਾ। ਸਤਾਰਵੀਂ ਸਦੀ ਤੋਂ ਹੀ ਉਹ ਆਸਟ੍ਰੇਲੀਆ ਨੂੰ ਨਿਊ ਹਾਲੈਂਡ ਕਰਕੇ ਜਾਣਦੇ ਤਾਂ ਸਨ ਪਰ ਵਲੈਤੋਂ ਤੁਰ ਕੇ ਪਹਿਲਾ ਜਹਾਜ ਕੈਪਟਨ ਜੇਮਜ਼ ਕੁਕ ਦੀ ਅਗਵਾਈ ਹੇਠ 1770 ਵਿਚ ਹੀ ਆਇਆ ਸੀ। ਫਿਰ 26 ਜਨਵਰੀ 1788 ਨੂੰ, 11 ਜਹਾਜਾਂ ਵਿਚ, 1500 ਅਣਚਾਹੇ ਬੰਦੇ ਏਥੇ ਲਿਆਂਦੇ ਗਏ। ਇਹ ਜਹਾਜ ਸਿਡਨੀ ਹਾਰਬਰ ਆ ਕੇ ਲੱਗੇ ਸਨ। 1868 ਤੱਕ 160.000 ‘ਦੋਸ਼ੀ’ ਬੰਦੇ ਬੰਦੀਆਂ ਏਥੇ ਪਹੁੰਚ ਚੁਕੇ ਸਨ। ਨਵੇਂ ਆਇਆਂ ਨੇ ਏਥੇ ਦੇ ਵਸਨੀਕ ਐਬੋਰੀਜੀਨਲ ਲੋਕਾਂ ਦਾ ਸ਼ਿਕਾਰ ਖੇਡ ਖੇਡ ਕੇ ਕੁਝ ਭਜਾ ਦਿਤੇ, ਕੁਝ ਮਾਰ ਦਿਤੇ ਤੇ ਕੁਝ ਪਹਿਲਾਂ ਅਣਜਾਣੀਆਂ ਬੀਮਾਰੀਆਂ ਦੇ, ਨਵੇਂ ਆਇਆਂ ਨੇ, ਸ਼ਿਕਾਰ ਬਣਾ ਦਿਤੇ। ਅੱਜ ਆਸਟ੍ਰੇਲੀਆ ਵਿਚ ਸ਼ਾਇਦ ਹੀ ਕੋਈ ਸੌ ਫ਼ੀ ਸਦੀ ਸ਼ੁਧ ਐਬੋਰੀਜਨਲ ਬੰਦਾ ਜਾਂ ਬੰਦੀ ਮਿਲ਼ ਸਕੇ।
19ਵੀਂ ਸਦੀ ਦੇ ਸ਼ੁਰੂ ਦੇ ਸਾਲਾਂ ਵਿਚ ਬਹੁਤ ਸਾਰੇ ਫੌਜੀ, ਅਫ਼ਸਰ, ਦੋਸ਼ੀ ਆਦਿ ਨੇ ਸਰਕਾਰੋਂ ਜ਼ਮੀਨ ਪ੍ਰਾਪਤ ਹੋਈ ਨੂੰ ਆਬਾਦ ਕਰਕੇ ਫਾਰਮ ਬਣਾ ਲਏ। ਇਹ ਵੇਖ ਕੇ ਬਹੁਤ ਸਾਰੇ ਵਲੈਤੋਂ ਹੋਰ ਉਦਮੀ ਵਿਅਕਤੀ ਜਹਾਜ ਭਰ ਭਰ ਕੇ ਆ ਗਏ। ਇਹ ਲੋਕ ਮਾਰੂ ਹਥਿਆਰਾਂ ਸਹਿਤ ਹੋਰ ਅੰਦਰ ਐਬੋਰੀਜੀਨਲ ਲੋਕਾਂ ਦੇ ਵਸੇਬੇ ਵਾਲ਼ੀ ਧਰਤੀ ਵੱਲ ਵਧਣੇ ਸ਼ੁਰੂ ਹੋ ਗਏ ਤੇ ਇਸ ਤਰ੍ਹਾਂ ਇਹਨਾਂ ਨਵੇ ਆਇਆਂ ਨੇ, ਹੋਰ ਕਈ ਸ਼ਹਿਰ ਵਸਾ ਲਏ। ਫਿਰ ਸੋਨਾ ਲਭਣ ਕਰਕੇ ਵੀ ਬਹੁਤ ਸਾਰੇ ਜਵਾਨ ਲੋਕੀਂ ਵਲੈਤੋਂ ਏਧਰ ਨੂੰ ਭੱਜ ਆਏ। ਬੇੜੀਆਂ ਭਰ ਭਰ ਕੇ ਚੀਨੇ ਵੀ ਏਥੇ ਆ ਵਸੇ। ਕਈ ਮਾੜੇ ਸਮਝੇ ਜਾਣ ਵਾਲ਼ੇ ਧੰਦੇ ਕਰਨ ਵਾਲ਼ੇ ਹੋਰ ਲੋਕ ਵੀ ਏਥੇ ਆ ਗਏ। ਦੋਹਾਂ ਸੰਸਾਰ ਜੰਗਾਂ ਤੋਂ ਉਪ੍ਰੰਤ ਲੋੜਵੰਦ, ਰਿਫ਼ੂਜੀ ਆਦਿ ਵੀ ਏਥੇ ਆ ਟਿਕੇ।
ਪਹਿਲਾਂ ਆਸਟ੍ਰੇਲੀਆ ਦੀਆਂ ਛੇ ਸਟੇਟਾਂ ਵੱਖ ਵੱਖ ਸਨ। ਫਿਰ ਇਹਨਾਂ ਨੇ 1 ਜਨਵਰੀ 1901 ਵਾਲ਼ੇ ਦਿਨ, ਇਕ ਸੰਵਿਧਾਨ ਅਧੀਨ ‘ਕਾਮਲਵੈਲਥ ਆਫ਼ ਆਸਟ੍ਰੇਲੀਆ’ ਦੇ ਨਾਂ ਥੱਲੇ ਇਕ ਮੁਲਕ ਵਜੂਦ ਵਿਚ ਲੈ ਆਂਦਾ। ਹੁਣ ਸਟੇਟਾਂ ਦੀਆਂ ਸਰਕਾਰਾਂ ਤੋਂ ਉਪਰ ਸਾਰੇ ਮੁਲਕ ਦੀ ਆਪਣੀ ਇਕ ਸੰਘੀ ਸਰਕਾਰ ਹੈ ਜਿਸ ਦਾ ਹੈਡ ਕੁਆਰਟਰ, ਨਵੇ ਵਸਾਏ ਸ਼ਹਿਰ ਕੈਨਬਰਾ ਵਿਚ ਹੈ। ਇਸ ਦੀ ਪਾਰਲੀਮੈਂਟ ਦੇ ਦੋ ਸਦਨ ਹਨ। ਹੇਠਲੇ ਸਦਨ ਵਿਚ ਬਹੁ ਸੰਮਤੀ ਪ੍ਰਾਪਤ ਆਗੂ, ਸਾਡੀ ਲੋਕ ਸਭਾ ਵਾਗ ਹੀ, ਪ੍ਰਧਾਨ ਮੰਤਰੀ ਬਣਦਾ ਹੈ। ਨਾਮ ਮਾਤਰ ਰਾਜ ਦੀ ਮੁਖੀ ਵਲੈਤੀ ਰਾਣੀ ਹੈ ਅਤੇ ਨੋਟਾਂ ਉਪਰ ਉਸ ਦੀ ਫੋਟੋ ਛਪਦੀ ਹੈ ਪਰ ਸਿਧਾ ਦਖਲ ਉਸ ਦਾ ਪ੍ਰਬੰਧ ਵਿਚ ਕੋਈ ਨਹੀ। ਪ੍ਰਧਾਨ ਮੰਤਰੀ ਗਵਰਨਰ ਜਨਰਲ ਦਾ ਨਾਂ ਰਾਣੀ ਨੂੰ ਭੇਜਦਾ ਹੈ ਤੇ ਉਹ ਉਸ ਉਪਰ ਮੋਹਰ ਲਾ ਦਿੰਦੀ ਹੈ। ਫੌਜੀ ਤੌਰ ਤੇ ਆਸਟ੍ਰੇਲੀਆ ਦਾ ਅਮ੍ਰੀਕਾ ਨਾਲ ਗੱਠ ਜੋੜ ਹੈ।
ਅਮ੍ਰੀਕਾ ਦੇ ਸਾਬਕ ਪ੍ਰਧਾਨ ਮਿਸਟਰ ਨਿਕਸਨ ਨੇ ਇਸ ਨੂੰ ਆਪਣੀ ਕਿਤਾਬ ਵਿਚ ਭਵਿਖ ਦਾ ਦੇਸ਼ ਆਖਿਆ ਸੀ। ਕੁਝ ਲੋਕੀਂ ਇਸ ਦੇ ਵਸਨੀਕਾਂ ਦੀ ਮਾਨਸਕਤਾ ਨੂੰ ਵੇਖਦੇ ਹੋਏ ‘ਨੇਸ਼ਨ ਆਫ਼ ਥਰੋ ਅਵੇਜ਼’ ਅਤੇ ‘ਕੰਟਰੀ ਆਫ਼ ਗੈਂਬਲਰਜ਼’ ਵੀ ਆਖਦੇ ਹਨ। ਅਰਥਾਤ ਪੁਰਾਣੀਆਂ ਵਸਤਾਂ ਦੀ ਮੁਰੰਮਤ ਕਰ ਕੇ ਵਰਤਣ ਦੀ ਖੇਚਲ਼ ਕਰਨ ਦੀ ਬਜਾਇ ਉਹਨਾਂ ਨੂੰ ਬਾਹਰ ਸੁੱਟ ਕੇ ਨਵੀਆਂ ਖ਼ਰੀਦ ਲੈਂਦੇ ਹਨ ਅਤੇ ਹਰੇਕ ਸਾਲ ਨਵੰਬਰ ਦੇ ਪਹਿਲੇ ਮੰਗਲਵਾਰ ਨੂੰ ਮੈਲਬਰਨ ਸ਼ਹਿਰ ਵਿਚ ਘੋੜਿਆਂ ਦੀ ਦੌੜ ਦੇ ਜੂਏ ਵਿਚ ਪੈਸੇ ਲਾਉਣ ਤੋਂ ਸ਼ਾਇਦ ਹੀ ਕੋਈ ਮੇਰੇ ਵਰਗਾ ਵਾਂਝਾ ਰਹਿੰਦਾ ਹੋਵੇ। ਆਮ ਤੌਰ ਤੇ ਹਰੇਕ ਹੀ ਕੁਝ ਨਾ ਕੁਝ ਇਸ ਸਮੇ ਦਾ ਉਪਰ ਲਾਉਂਦਾ ਹੈ।
1972 ਵਿਚ ਗਫ਼ ਵਿਟਲਮ ਦੀ ਅਗਵਾਈ ਹੇਠ ਲੇਬਰ ਪਾਰਟੀ ਦੀ ਸਰਕਾਰ ਨੇ ਕਈ ਹੋਰ ਚੰਗੇ ਕੰਮ ਕਰਨ ਦੇ ਨਾਲ਼ ਨਾਲ਼ ‘ਵਾਈਟ ਆਸਟ੍ਰੇਲੀਆ’ ਦੀ ਨੀਤੀ ਨੂੰ ਤਿਲਾਂਜਲੀ ਦੇ ਕੇ ਬਹੁ ਸਭਿਆਚਾਰਕ ਆਸਟ੍ਰੇਲੀਆ ਲਈ ਰਾਹ ਖੋਹਲ ਦਿਤਾ। ਇਸ ਕਾਰਨ ਹੁਣ ਏਥੇ 200 ਤੋਂ ਉਪਰ ਮੁਲਕਾਂ ਦੇ ਵਿਅਕਤੀ ਵੱਸਦੇ ਹਨ। ਬਹੁਤੇ ਦੇਸਾਂ ਦੇ ਵਿਅਕਤੀਆਂ ਦਾ ਏਥੇ ਵਸੇਬਾ ਹੋਣ ਕਰਕੇ ਆਸਟ੍ਰੇਲੀਆ ਨੂੰ ‘ਕੰਟਰੀ ਆਫ਼ ਮਾਈਗਰੈਂਟਸ’ ਵੀ ਆਖਦੇ ਹਨ।
ਜਦੋਂ ਦਾ ਮੈ ਏਥੇ ਆਇਆ ਹਾਂ ਓਦੋਂ ਦਾ ਹੀ ਆਸਟ੍ਰੇਲੀਆ ਵਿਚ ਸਿੱਖਾਂ ਤੇ ਪੰਜਾਬੀ ਬੋਲਣ ਵਾਲ਼ਿਆਂ ਦੀ ਵਸੋਂ ਦਾ ਪਤਾ ਲਾਉਣ ਦੇ ਯਤਨਾਂ ਵਿਚ ਹਾਂ ਪਰ ਇਸ ਦਾ ਸਹੀ ਪਤਾ ਮੇਰੇ ਕੋਲ਼ੋਂ ਨਹੀ ਲੱਗ ਸਕਿਆ। ਕਾਰਨ ਸ਼ਾਇਦ ਇਹ ਹੈ ਕਿ ਹਰੇਕ ਮਰਦਮਸ਼ੁਮਾਰੀ ਸਮੇ ਧਰਮ ਦੇ ਖਾਨੇ ਵਿਚ ਸਿੱਖਾਂ ਦੀ ਗਿਣਤੀ ਉਹਨਾਂ ਦੀ ਅਸਲ ਗਿਣਤੀ ਦੇ ਮੁਕਾਬਲੇ ਕਈ ਗੁਣਾਂ ਘੱਟ ਹੁੰਦੀ ਹੈ ਤੇ ਪੰਜਾਬੀ ਬੋਲਣ ਵਾਲ਼ਿਆਂ ਦੀ ਤੇ ਉਸ ਤੋਂ ਵੀ ਕਿਤੇ ਘਟ ਹੁੰਦੀ ਹੈ। ਮੇਰੇ ਅੰਦਾਜ਼ੇ ਅਨੁਸਾਰ ਸਿਖਾਂ ਦੀ ਗਿਣਤੀ ਏਥੇ ਲੱਖਾਂ ਵਿਚ ਹੈ ਜਦੋਂ ਕਿ ਮਰਦਮ ਸ਼ੁਮਾਰੀ ਵਿਚ ਕੁਝ ਹਜਾਰ ਹੀ ਦਿਖਾਈ ਦਿੰਦੇ ਹਨ। ਇਸ ਦੇ ਕਈ ਕਾਰਨ ਹੋ ਸਕਦੇ ਹਨ। ਸਭ ਤੋਂ ਵੱਡਾ ਤਾਂ ਸਾਇਦ ਇਹ ਕਾਰਨ ਹੀ ਹੋਵੇ ਕਿ ਅਸੀਂ ਮਰਦਮ ਸ਼ੁਮਾਰੀ ਸਮੇ ਆਪਣੇ ਧਰਮ ਤੇ ਬੋਲੀ ਦਾ ਪ੍ਰਗਟਾਵਾ ਕਰਨ ਦੀ, ਕਿਸੇ ਕਾਰਨ ਕਰਕੇ, ਲੋੜ ਹੀ ਨਹੀ ਸਮਝਦੇ।
1988 ਵਿਚ ਏਥੋਂ ਦੀ ਸਰਕਾਰ ਨੇ ਬਾਹਰੋਂ ਵਿਦਿਆਰਥੀ ਫੀਸਾਂ ਦੇ ਕੇ ਪੜ੍ਹਨ ਲਈ ਆਉਣ ਹਿਤ ਪ੍ਰਚਾਰ ਕੀਤਾ। ਇਸ ਦੇ ਕਈ ਕਾਰਨ ਸਨ। ਓਦੋਂ ਤੋਂ ਲੈ ਕੇ ਵਿਦਿਆਰਥੀਆਂ ਦਾ ਹੜ੍ਹ ਹੀ ਆ ਗਿਆ ਹੈ। ਚਾਰ ਚੌਫੇਰੇ ਵਿਦਿਆਰਥੀਆਂ ਦਾ ਬੋਲ ਬਾਲਾ ਹੈ। ਇਹਨਾਂ ਵਿਚ ਪੰਜਾਬੀ ਨੌਜਵਾਨਾਂ ਦੀ ਵੀ ਸੱਬਰਕੱਤੀ ਗਿਣਤੀ ਹੈ। ਇਹਨਾਂ ਵਿਚ ਬਹੁਤ ਸਾਰੇ ਸਾਬਤ ਸੂਰਤ ਵੀ ਹਨ। ਪੰਜਾਬੀ ਨੌਜਵਾਨ ਬੱਚੇ ਬੱਚੀਆਂ ਜੋ ਕਿ ਆਪਣਾ ਆਰਥਿਕ ਭਵਿਖ ਸੁਧਾਰਨ ਦੀ ਤਸਵੀਰ ਲੈ ਕੇ ਏਥੇ ਆਉਂਦੇ ਹਨ ਉਹਨਾਂ ਦੇ ਦਰਸ਼ਨ ਕਰਕੇ ਬੜਾ ਹੀ ਮਨ ਪ੍ਰਸੰਨ ਹੁੰਦਾ ਹੈ। ਸ਼ੁਰੂ ਵਿਚ ਉਹਨਾਂ ਵਿਚੋਂ ਬਹੁਤਿਆਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਪ੍ਰੰਤੂ ਅੰਤ ਵਿਚ ‘ਸਭ ਭਲਾ’ ਹੀ ਹੋ ਨਿੱਬੜਦਾ ਹੈ। ਕੋਈ ਵਿਰਲਾ ਹੀ ਮੁਸ਼ਕਲਾਂ ਦਾ ਸਾਹਮਣਾ ਨਾ ਕਰ ਸਕਣ ਕਰਕੇ ਵਾਪਸ ਮੁੜਦਾ ਹੈ। ਇਹਨਾਂ ਵਿਦਿਆਰਥੀਆਂ ਕਰਕੇ ਹੀ ਸਾਰੇ ਸ਼ਹਿਰਾਂ ਵਿਚਲੇ ਗੁਰਦੁਆਰਾ ਸਾਹਿਬਾਨ ਵਿਚ ਰੌਣਕਾਂ ਹੁੰਦੀਆਂ ਹਨ। ਕਿਸੇ ਵੀ ਗੁਰਦੁਆਰੇ ਵਿਚ ਦੀਵਾਨਾਂ ਤੇ ਲੰਗਰਾਂ ਦੀ ਕੋਈ ਤੋਟ ਨਹੀ। ਸੰਸਥਾਵਾਂ ਦੇ ਸੀਮਤ ਵਸੀਲਿਆਂ ਰਾਹੀਂ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕ ਵੀ ਸਮੇ ਸਮੇ ਇਹਨਾਂ ਵਿਦਿਆਰਥੀਆਂ, ਹੋਰ ਯਾਤਰੂਆਂ ਅਤੇ ਲੋੜਵੰਦਾਂ ਦੀ ਸਹਾਇਤਾ ਕਰਨ ਦਾ ਯਤਨ ਕਰਦੇ ਹਨ। ਸੰਗਤਾਂ ਰਾਸ਼ਨ ਲਿਆਉਂਦੀਆਂ ਹਨ, ਪਕਾਉਂਦੀਆਂ ਹਨ, ਵਰਤਾਉਂਦੀਆਂ ਹਨ, ਖ਼ੁਦ ਛਕਦੀਆਂ ਤੇ ਹੋਰਨਾਂ ਨੂੰ ਛਕਾਉਂਦੀਆਂ ਹਨ। ਲੰਗਰ ਦੀ ਸੇਵਾ ਕਰਨ ਵਾਲ਼ਿਆਂ ਨੂੰ ਕਈ ਵਾਰ ਵਾਰੀ ਨਹੀ ਮਿਲਦੀ। ਲੰਗਰ ਦੀ ਸੇਵਾ ਲੈਣ ਵਾਸਤੇ ਕਈ ਕਈ ਮਹੀਨੇ ਵਾਰੀ ਲੈਣ ਲਈ ਵੀ ਉਡੀਕਣਾ ਪੈਂਦਾ ਹੈ। ਸਾਰੇ ਆਸਟ੍ਰੇਲੀਆ ਵਿਚ ਪੰਝੀ ਕੁ ਦੇ ਕਰੀਬ ਗੁਰਦੁਆਰੇ ਬਣ ਚੁਕੇ ਹਨ ਜਿਥੇ ਹਰ ਵੀਕਐਂਡ ਤੇ ਸੰਗਤਾਂ ਦੀ ਗਹਿਮਾ ਗਹਿਮ ਹੁੰਦੀ ਹੈ।

ਹੁਣ ਮੈ ਆਪਣੇ ਆਸਟ੍ਰੇਲੀਆ ਆਉਣ ਦੀ ਗੱਲ ਵੀ ਕਰ ਹੀ ਲਵਾਂ:
ਗੱਲ ਇਹ 1964 ਦੀਆਂ ਗਰਮੀਆਂ ਦੀ ਹੈ। ਮੈ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਪਟਿਆਲਾ ਵਿਖੇ ਕੀਰਤਨ ਦੀ ਸੇਵਾ ਕਰਨ ਦੇ ਨਾਲ਼ ਨਾਲ਼ ਪੜ੍ਹਾਈ ਕਰਨ ਦੇ ਯਤਨਾਂ ਵਿਚ ਵੀ ਸਾਂ। ਮੇਰੇ ਮਿੱਤਰ ਰਾਗੀ ਸਿੰਘ ਭਾਈ ਕਰਮ ਸਿੰਘ ਦੇ ਕਮਰੇ ਦੀ ਕੰਧ ਉਪਰ ਦੁਨੀਆ ਦਾ ਨਕਸ਼ਾ ਲੱਗਾ ਹੋਇਆ ਮੈਨੂੰ ਦਿਸਿਆ। ਐਵੇਂ ਆਪਣੀ ਅੱਖਰਾਂ ਨਾਲ ਮੱਥਾ ਮਾਰੀ ਜਾਣ ਦੀ ਆਦਤ ਵੱਸ ਮੈ ਉਹ ਵੇਖਣ ਲਗ ਪਿਆ। ਹੋਰ ਤਾਂ ਸਭ ਆਮ ਵਾਂਗ ਹੀ ਸੀ ਪਰ ਜਦੋਂ ਦੁਨੀਆ ਤੋਂ ਬਿਲਕੁਲ ਨਿਵੇਕਲੇ ਜਿਹੇ ਇਕ ਹਰੇ ਹਰੇ ਹਿੱਸੇ ਉਪਰ ਨਿਗਾਹ ਗਈ ਤਾਂ ਲਿਖਿਆ ਪੜ੍ਹਿਆ: ਆਸਟ੍ਰੇਲੀਆ। ਇਸ ਨਕਸ਼ੇ ਦੀ ਲਿਖਤ ਹਿੰਦੀ ਵਿਚ ਸੀ ਨਹੀ ਤਾਂ ਅੰਗ੍ਰੇਜ਼ੀ ਵਿਚ ਹੋਣ ਕਰਕੇ ਸ਼ਾਇਦ ਮੈ ਪੜ੍ਹ ਹੀ ਨਾ ਸਕਦਾ ਕਿਉਂਕਿ ਓਦੋਂ ਅਜੇ ਅੰਗ੍ਰੇਜ਼ੀ ਦੇ ਅੱਖਰ ਉਠਾਲ਼ ਸਕਣ ਦੇ ਮੈ ਕਾਬਲ ਨਹੀ ਸਾਂ ਹੋਇਆ। ਇਕ ਤਾਂ ਹਰੇ ਰੰਗ ਨੇ ਮੇਰਾ ਧਿਆਨ ਖਿੱਚਿਆ। ਪਤਾ ਨਹੀ ਕਿਉਂ ਚਿੱਟਾ, ਗੂੜਾ ਨੀਲਾ ਤੇ ਗੂਹੜਾ ਹੀ ਹਰਾ ਰੰਗ ਮੈਨੂੰ ਬਚਪਨ ਤੋਂ ਹੀ ਪ੍ਰਭਾਵਤ ਕਰਦੇ ਆ ਰਹੇ ਹਨ। ਇਹ ਮੇਰੀ ‘ਕਮਜ਼ੋਰੀ’ ਹੁਣ ਵੀ ਮੇਰਾ ਪੂਰਾ ਸਾਥ ਦੇ ਰਹੀ ਹੈ; ਕਾਰਨ ਦਾ ਪਤਾ ਨਹੀ। ਇਸ ਤੋਂ ਵੀ ਵਧ ਮੈਨੂੰ ਧਰਤੀ ਦੇ ਇਸ ਭੂ ਭਾਗ ਨੇ ਜਿਸ ਗੱਲ ਦੀ ਖਿੱਚ ਪਾਈ ਉਹ ਇਹ ਸੀ ਕਿ ਇਸ ਦੀਆਂ ਵੱਖ ਵੱਖ ਸਟੇਟਾਂ ਦਰਮਿਆਨ ਇਹਨਾਂ ਨੂੰ ਵਖਰਿਆਉਣ ਵਾਲ਼ੀਆਂ ਲੀਕਾਂ ਤਕਰੀਬਨ ਸਿਧੀਆਂ ਵਾਹੀਆਂ ਹੋਈਆਂ ਸਨ। ਆਮ ਦੇਸ਼ਾਂ ਦੀ ਤੇ ਉਹਨਾਂ ਦੇ ਸੂਬਿਆਂ ਦੀ ਵੰਡ ਕਰਦੀਆਂ ਲਕੀਰਾਂ ਬੜੀਆਂ ਉਧੜ ਗੁਧੜ ਜਿਹੀਆਂ ਨਕਸ਼ਿਆਂ ਉਪਰ ਦਿਸਦੀਆਂ ਹਨ ਪਰ ਆਸਟ੍ਰੇਲੀਆ ਦੀਆਂ ਸਟੇਟਾਂ ਦੀ ਇਸ ਵੰਡ ਨੇ ਮੈਨੂੰ ਬੜਾ ਪ੍ਰਭਾਵਤ ਕੀਤਾ। ਜਦੋਂ ਵੀ ਭਾਈ ਕਰਮ ਸਿੰਘ ਦੇ ਕਮਰੇ ਵਿਚ ਜਾਣਾ, ਜ਼ਿਆਦਾ ਸਮਾ ਮੇਰਾ ਉਸ ਨਕਸ਼ੇ ਨੂੰ ਵੇਖਣ ਉਤੇ ਅਤੇ ਸਭ ਤੋਂ ਵਧ ਆਸਟ੍ਰੇਲੀਆ ਵਾਲ਼ੇ ਹਿੱਸੇ ਉਪਰ ਹੀ ਧਿਆਨ ਕੇਂਦ੍ਰਿਤ ਰਹਿਣਾ। ਇਹ ਵੀ ਮੈਨੂੰ ਯਾਦ ਹੈ ਕਿ ਉਸ ਨਕਸ਼ੇ ਉਪਰ ਸਮੁੰਦਰੀ ਜਹਾਜ ਦੀ ਫੋਟੋ ਬਣਾ ਕੇ ਇਕ ਰੂਟ ਇਹ ਵੀ ਦਰਸਾਇਆ ਹੁੰਦਾ ਸੀ ਜਿਸ ਉਪਰ, ਹਿੰਦੀ ਵਿਚ ‘ਬੰਬੇ ਸੇ ਸਿਡਨੀ’ ਅਤੇ ‘ਸਿਡਨੀ ਸੇ ਬੰਬੇ’ ਲਿਖਿਆ ਹੋਇਆ ਹੁੰਦਾ ਸੀ।

ਗੱਲ ਆਈ ਗਈ ਹੋ ਗਈ।
ਜਦੋਂ ਮੈ ਮਲਾਵੀ ਤੋਂ 1977 ਦੇ ਮਾਰਚ ਮਹੀਨੇ ਵਿਚ ਰੁਖ਼ਸਤ ਲਈ ਤਾਂ ਦੁਨੀਆ ਦੇ ਦੁਆਲ਼ੇ ਦੀ ਟਿਕਟ ਇਸ ਤਰ੍ਹਾਂ ਬਣਵਾਈ: ਮਲਾਵੀ ਤੋਂ ਨੈਰੋਬੀ, ਕੰਪਾਲਾ, ਕੈਰੋ, ਏਥਨਜ਼, ਰੋਮ, ਫ਼ਟੈਂਕਫ਼ਰਟ, ਲਕਸਮਬਰਗ, ਪੈਰਸ, ਐਮਸਟਰਡੈਮ, ਲੰਡਨ, ਨਿਊ ਯਾਰਕ, ਵੈਨਕੂਵਰ, ਹੋਨੋਲੋਲੋ, ਔਕਲੈਂਡ, ਸਿਡਨੀ, ਸਿੰਘਾਪੁਰ, ਬੰਬਈ, ਦਿਲੀ, ਅੰਮ੍ਰਿਤਸਰ। ਪਰ ਲੰਡਨ ਪਹੁੰਚ ਕੇ ਸੱਤ ਕੁ ਮਹੀਨੇ ਓਥੇ ਹੀ ਕਿਸੇ ਖਾਸ ਕਾਰਨ ਰੁਕਿਆ ਰਿਹਾ। ਇਸ ਦੌਰਾਨ ਮੇਰਾ ਕੀਤਾ ਖ਼ਰਚ ਪੱਠਾ ਵੀ ਲੰਡਨੋ ਪੂਰਾ ਹੋ ਗਿਆ। ਇਕ ਦਿਨ ਏਥੇ ਲੰਡਨ ਸਥਿਤ ਆਸਟ੍ਰੇਲੀਅਨ ਹਾਈ ਕਮਿਸ਼ਨ ਦੇ ਜਾ ਕੇ ਵੀਜ਼ੇ ਆਦਿ ਬਾਰੇ ਜਾਣਕਾਰੀ ਵੀ ਪ੍ਰਾਪਤ ਕੀਤੀ। ਜਾਣ ਦਾ ਪ੍ਰਯੋਜਨ ਕਵੀਨਜ਼ਲੈਂਡ ਵਿਚ ਪੁਰਾਣੇ ਫਾਰਮਰ ਸਿੱਖਾਂ ਨਾਲ਼ ਮੇਲ਼ ਮਿਲ਼ਾਪ ਕਰਨਾ ਦੱਸਿਆ। ਉਹਨਾਂ ਆਖਿਆ ਕਿ ਮੈ ਵੀਜ਼ੇ ਲਈ ਅਪਲਾਈ ਕਰਾਂ ਪਰ ਮੈ ਫਿਰ ਅੰਮ੍ਰਿਤਸਰ ਜਾ ਵੜਿਆ। ਓਥੋਂ ਫਿਰ ਲੰਡਨ ਆ ਕੇ ਵੰਨ ਵੇ ਸਟੈਂਡਬਾਈ ਸਸਤੀ 64 ਪੌਂਡ ਦੀ ਇਕ ਪਾਸੜ ਟਿਕਟ ਲੈ ਕੇ, 13 ਅਪ੍ਰੈਲ 1978 ਵਾਲ਼ੇ ਦਿਨ, ਨਿਊਯਾਰਕ ਜਾ ਉਤਰਿਆ। ਇਮੀਗ੍ਰੇਸ਼ਨ ਅਫ਼ਸਰ ਵੱਲੋਂ ਅੱਗੇ ਦੀ ਟਿਕਟ ਪੁੱਛਣ ਤੇ ਆਖ ਦਿਤਾ ਕਿ ਮੇਰੇ ਪਾਸ ਪੈਸੇ ਹੈਗੇ ਨੇ; ਮੈ ਜਦੋਂ ਮੁੜਨਾ ਜਾਂ ਅੱਗੇ ਜਾਣਾ ਹੋਊ ਤਾਂ ਏਥੋਂ ਖ਼ਰੀਦ ਲਊਂਗਾ।
ਪੌਣਾ ਕੁ ਸਾਲ ਅਮ੍ਰੀਕਾ ਤੇ ਕੈਨੇਡਾ ਦੇ ਦੋਹਾਂ ਮੁਲਕਾਂ ਦੇ ਪੂਰਬੀ ਸਿਰੇ ਤੋਂ ਲੈ ਕੇ ਪੱਛਮੀ ਸਿਰੇ ਤੱਕ ਬੱਸਾਂ ਤੇ ਕਾਰਾਂ ਰਾਹੀਂ ਯਾਤਰਾ ਕੀਤੀ। ਇਸ ਯਾਤਰਾ ਦੌਰਾਨ ਕੈਲੇਫ਼ੋਰਨੀਆ ਦੇ ਸਹਿਰ, ਸਨ ਫ਼੍ਰਾਂਸਿਸਕੋ ਸਥਿਤ ਆਸਟ੍ਰੇਲੀਅਨ ਕੌਂਸੂਲੇਟ ਵਿਚ ਜਾ ਕੇ, ਵੀਜ਼ੇ ਬਾਰੇ ਫਿਰ ਗੱਲ ਕੀਤੀ ਤਾਂ ਰੀਸੈਪਸ਼ਨਿਸਟ ਲੜਕੀ ਮੇਰਾ ਪਾਸਪੋਰਟ ਲੈ ਕੇ ਅੰਦਰ ਗਈ ਤੇ ਕੁਝ ਮਿੰਟਾਂ ਪਿਛੋਂ ਮੈਨੂੰ ਪਾਸਪੋਰਟ ਮੋੜਦਿਆਂ ਆਖਿਆ ਕਿ ਮੈ ਟਿਕਟ ਤੇ ਪੈਸੇ ਲੈ ਕੇ ਆ ਜਾਵਾਂ ਤੇ ਵੀਜ਼ਾ ਲੈ ਜਾਵਾਂ। ਲਾਸ ਏਂਜਲਸ ਵਿਖੇ ਸ੍ਰੀ ਸਿੰਘ ਸਾਹਿਬ ਭਾਈ ਸਾਹਿਬ ਯੋਗੀ ਹਰਿਭਜਨ ਸਿੰਘ ਖ਼ਾਲਸਾ ਜੀ ਨੇ ਮੇਰਾ ਵਿਚਾਰ ਬਦਲ ਦਿਤਾ। ਉਹਨਾਂ ਨੇ ਮੈਨੂੰ ਪ੍ਰੇਰ ਕੇ ਅੱਗੇ ਜਾਣ ਦੀ ਬਜਾਇ ’ਯੂ ਟਰਨ’ ਕਰਵਾ ਕੇ ਮੇਰਾ ਮੂੰਹ ਅੰਮ੍ਰਿਤਸਰ ਵੱਲ ਮੋੜ ਦਿਤਾ। ਇਸ ਦਾ ਵੀ ਖਾਸ ਕਾਰਨ ਸੀ। 25 ਜਨਵਰੀ 1979 ਨੂੰ ਮੈ ਲਾਸ ਏਂਜਲਸ ਤੋਂ 125 ਡਾਲਰ ਦੀ ਵਨ ਵੇ ਟਿਕਟ ਲੈ ਕੇ ਲੰਡਨ ਜਾ ਉਤਰਿਆ ਤੇ ਓਥੋਂ ਇਕ ਮਹੀਨੇ ੱਿਪਛੋਂ 80 ਪੌਂਡ ਦੀ ਆਰੀਆਨਾ ਏਅਰਵੇਜ਼ ਦੀ ਵਨ ਵੇ ਟਿਕਟ ਲੈ ਕੇ ਫਰਵਰੀ ਵਿਚ ਅੰਮ੍ਰਿਤਸਰ ਜਾ ਉਤਰਿਆ।
ਚੌਥੀ ਵਾਰ ਦੇਸੋਂ ਬਾਹਰ ਨਿਕਲ਼ਨ ਵਾਸਤੇ ਫਿਰ ਤਿਆਰੀਆਂ ਆਰੰਭੀਆਂ। ਆਪਣੇ ਨਿੱਕੇ ਭਰਾ ਸ. ਸੇਵਾ ਸਿੰਘ ਨੂੰ ਨਾਲ਼ ਲੈ ਕੇ, 29 ਅਪ੍ਰੈਲ 1979 ਨੂੰ ਦਿੱਲੀ ਤੋਂ ਜਹਾਜ ਰਾਹੀਂ ਅਸੀਂ ਦੋਵੇਂ ਬੈਂਕਾਕ ਆ ਉਤਰੇ। ਦੋ ਹਫ਼ਤੇ ਥਾਈਲੈਂਡ ਵਿਚ ਵਿਚਰਨ ਉਪ੍ਰੰਤ ਸੜਕ ਰਸਤੇ ਹੀ ਥਾਈਲੈਂਡ ਤੇ ਮਲੇਸ਼ੀਆ ਦੇ ਸ਼ਹਿਰਾਂ ਵਿਚ ਦੀ ਹੁੰਦੇ ਹੋਏ ਸਿੰਘਾਪੁਰ ਆ ਰੁਕੇ। ਇਹ ਗੱਲ ਸ਼ਾਇਦ ਪਾਠਕਾਂ ਨੂੰ ਅਜੀਬ ਲੱਗੇ ਪਰ ਮੇਰੇ ਨਾਲ਼ ਤਾਂ ਵਾਪਰੀ ਹੋਣ ਕਰਕੇ ਅਜੀਬ ਨਹੀ ਲੱਗਦੀ। ਜਦੋਂ ਮੈ ਏਧਰ ਦਾ ਚੱਕਰ ਲਾਉਣ ਦੀ ਉਧੇੜ ਬੁਣ ਜਿਹੀ ਵਿਚ ਸਾਂ ਤਾਂ ਇਕ ਰਾਤ ਸੁਪਨਾ ਆਇਆ ਕਿ ਇਸ ਆਪਣੀ ਚੌਥੀ ਸੰਸਾਰ ਯਾਤਰਾ ਸਮੇ ਮੈ ਦੱਖਣ ਦੇ ਦੇਸਾਂ ਵੱਲ ਗਿਆ ਹਾਂ ਤੇ ਓਥੇ ਹੀ ਰਹਿ ਗਿਆ ਹਾਂ। ਜਦੋਂ ਮਾਰਚ 1977 ਵਿਚ ਮਲਾਵੀ ਤੋਂ ਤੁਰਨ ਦਾ ਪ੍ਰੋਗਰਾਮ ਬਣਾ ਰਿਹਾ ਸਾਂ ਤਾਂ ਇਕ ਨੌਜਵਾਨ ਇੰਜੀਨੀਅਰ ਨੇ ਐਵੇਂ ਹੀ ਮੇਰਾ ਹੱਥ ਫੜ ਕੇ ਗਹੁ ਨਾਲ਼ ਵੇਖਦਿਆਂ ਹੋਇਆਂ ਆਖਿਆ ਕਿ ਮੈ ਦੁਨੀਆ ਦੇ ਉਤਰੀ ਖਿੱਤੇ ਦੇ ਕਿਸੇ ਮੁਲਕ ਵਿਚ ਨਹੀ ਟਿਕਾਂਗਾ; ਦੱਖਣੀ ਹਿੱਸੇ ਵਿਚ ਹੀ ਟਿਕ ਸਕਦਾ ਹਾਂ। ਗੱਲ ਮੈ ਉਸ ਦੀ ਕੋਈ ਗੌਲ਼ੀ ਨਾ।
ਅੰਮ੍ਰਿਤਸਰੋਂ ਤੁਰਨ ਸਮੇ ਸੋਚ ਵਿਚ ਨਿਸ਼ਾਨਾ ਸੀ ਕਿ ਵਧ ਤੋਂ ਵਧ ਦੇਸ਼ਾਂ ਤੇ ਸਥਾਨਾਂ ਥਾਣੀ ਹੁੰਦੇ ਹੋਏ ਧਰਤੀ ਦੇ ਨਾਲ਼ ਨਾਲ਼ ਹੀ ਈਸਟ ਤੀਮੋਰ ਦੀ ਰਾਜਧਾਨੀ ਦਿੱਲੀ ਤੋਂ ਕੋਈ ਬੋਟ ਜਾਂ ਸਮੁੰਦਰੀ ਜਹਾਜ ਫੜ ਕੇ ਆਸਟ੍ਰੇਲੀਆ ਦੇ ਉਤਰੀ ਸ਼ਹਿਰ ਡਾਰਵਿਨ ਜਾ ਕੇ ਫਿਰ ਅੱਗੋਂ ਸੜਕਾਂ ਰਾਹੀਂ ਹੀ ਆਸਟ੍ਰੇਲੀਆ ਘੁੰਮਿਆ ਜਾਵੇ ਪਰ ਜਦੋਂ ਇਸ ਕਾਰਜ ਲਈ ਇੰਡੋਨੇਸ਼ੀਆ ਦੇ ਵੀਜ਼ੇ ਲਈ ਅਪਲਾਈ ਕੀਤਾ ਤਾਂ ਅਗਲੇ ਦਿਨ ਮੇਰਾ ਵੀਜ਼ਾ ਲੱਗਿਆ ਹੋਇਆ ਤੇ ਭਰਾ ਦਾ ਖਾਲੀ ਪਾਸਪੋਰਟ ਤੇ ਨਾਲ਼ ਹੀ ਉਸ ਦੇ ਵੀਜ਼ੇ ਵਾਲੀ ਫੀਸ ਦੇ ਪੈਸੇ ਮੈਨੂੰ ਫੜਾ ਦਿਤੇ ਗਏ। ਵੀਜ਼ਾ ਨਾ ਮਿਲ਼ਣ ਦਾ ਕਾਰਨ ਪੁਛਣ ਤੇ ਐਂਬੈਸੀ ਦੇ ਨੌਜਵਾਨ ਕਰਮਚਾਰੀ ਮਿਸਟਰ ਵਾਹਦ ਨੇ, “ਸੇਵਾ ਸਿੰਘ ਇਜ਼ ਗੱਬਰ ਸਿੰਘ ਟੂ ਇੰਡੋਨੇਸ਼ੀਆ।“ (ਸੇਵਾ ਸਿੰਘ ਇੰਡੋਨੇਸ਼ੀਆ ਵਾਸਤੇ ਗੱਬਰ ਸਿੰਘ ਹੈ।) ਆਖ ਕੇ ਗੱਲ ਮੁਕਾ ਦਿਤੀ। ਓਹਨੀਂ ਦਿਨੀਂ ਸ਼ੋਅਲੇ ਫਿਲਮ ਦੇ ਖਲਨਾਇਕ ਗੱਬਰ ਸਿੰਘ ਦੇ ਡਾਇਲਾਗ ਬੜੇ ਪ੍ਰਸਿਧ ਸਨ। ਗੱਲ ਇਹ ਸੀ ਕਿ ਸੇਵਾ ਸਿੰਘ ਨਾਂ ਦਾ ਕੋਈ ਬਹੁਰੂਪੀਆ ਓਥੇ ਸ਼ਾਇਦ ਕੋਈ ਠੱਗੀ ਠੁੱਗੀ ਮਾਰ ਆਇਆ ਹੋਣ ਕਰਕੇ, ਇਸ ਨਾਂ ਦੇ ਬੰਦਿਆਂ ਲਈ ਇੰਡੋਨੇਸ਼ੀਆ ਦਾ ਵੀਜ਼ਾ ਬੰਦ ਸੀ। ਉਸ ਦੀ ਰਾਜਧਾਨੀ ਜਕਾਰਤਾ ਤੋਂ ਮਿਲ਼ ਮਿਲ਼ਾ ਕੇ ਭਰਾ ਦੇ ਵੀਜ਼ੇ ਦੀ ਪ੍ਰਾਪਤੀ ਦੀ ਆਸ ਤੇ ਮੈ ਰੂਸੀ ਸਮੁੰਦਰੀ ਜਹਾਜ ਰਾਹੀਂ ਜਕਾਰਤਾ ਜਾ ਅੱਪੜਿਆ। ਕੁਝ ਸੱਜਣਾਂ ਨਾਲ਼ ਗੱਲ ਬਾਤ ਕੀਤੀ ਪਰ ਸਭ ਨੇ ਨਾਕਾਰਤਮਿਕ ਹੁੰਗਾਰਾ ਹੀ ਭਰਿਆ। ਮੈ ਇਹ ਸਲਾਹ ਛੱਡ ਕੇ ਓਥੋਂ ਇੰਡੋਨੇਸ਼ੀਆ ਦੇ ਵੱਡੇ ਟਾਪੂ ਸੁਮਾਤਰਾ ਦੀ ਰਾਜਧਾਨੀ ਮੈਦਾਨ ਜਾਣ ਦਾ ਵਿਚਾਰ ਬਣਾ ਲਿਆ ਤੇ ਮਰਪਾਤੀ ਏਅਰ ਲਾਈਨ ਦੇ ਜਹਾਜ ਰਾਹੀਂ ਚਲਿਆ ਗਿਆ। ਓਥੇ ਇਕ ਸਿੰਧੀ ਪ੍ਰੇਮੀ ਦੇ ਘਰ ਟਿਕਾਣਾ ਕਰ ਲਿਆ। ਓਥੋਂ ਦੇ ਇਕ ਵਸਨੀਕ ਸ. ਮਹਿੰਦਰ ਸਿੰਘ ਜੀ ਨੇ ਆਪਣੀ ਵੈਨ ਵਿਚ ਕਈ ਸ਼ਹਿਰਾਂ ਦੀ ਯਾਤਰਾ ਕਰਵਾ ਦਿਤੀ। ਮੈਦਾਨੋ ਜਹਾਜ, ਬੱਸਾਂ ਆਦਿ ਰਾਹੀਂ ਫਿਰ ਸਿੰਘਾਪੁਰ ਪਹੁੰਚ ਗਿਆ।
ਸਾਨ ਫ਼੍ਰਾਸਿਸਕੋ ਦੇ ਕੌਂਸੂਲੇਟ ਵਾਲ਼ੀ ਲੜਕੀ ਨੇ ਮੇਰੇ ਪਾਸਪੋਰਟ ਨਾਲ਼ ਅੰਦਰ ਜਾ ਕੇ ਕੀ ਕੀਤਾ, ਇਸ ਗੱਲ ਦਾ ਪਤਾ ਸਿੰਘਾਪੁਰ ਵਿਚਲੇ ਆਸਟ੍ਰੇਲੀਅਨ ਹਾਈ ਕਮਿਸ਼ਨ ਵਿਚੋਂ ਵੀਜ਼ਾ ਮੰਗਣ ਸਮੇ ਲੱਗਾ। ਉਸ ਬੀਬੀ ਨੇ ਮੇਰੇ ਪਾਸਪੋਰਟ ਉਪਰ ਇਕ ਨਿਸ਼ਾਨੀ ਲਾ ਦਿਤੀ ਸੀ ਜਿਸ ਕਰਕੇ ਸਿੰਘਾਪੁਰ ਵਾਲ਼ੇ ਹਾਈ ਕਮਿਸ਼ਨ ਵਾਲ਼ਿਆਂ ਨੇ ਮੈਨੂੰ ਵੀਜ਼ਾ ਦੇਣ ਤੋਂ ਪਹਿਲਾਂ ਦਿੱਲੀ ਦੇ ਨਾਲ਼ ਨਾਲ਼ ਓਥੋਂ ਵੀ ਮੇਰੇ ਬਾਰੇ ਪਤਾ ਮੰਗਾਇਆ। ਨਿਸ਼ਾਨੀ ਸੀ ਸ਼ਢੌ 79. ਇਸ ਤਰ੍ਹਾਂ ਵੀਜ਼ਾ ਦੇਣ ਲਈ ਦੋ ਦਿਨ ਲੱਗਣ ਦੀ ਬਜਾਇ ਸਾਨੂੰ ਤੇਰਵੇਂ ਦਿਨ ਫ਼ਸਟ ਸੈਕਟਰੀ ਨੇ ਸੱਦ ਕੇ, ਦੋਹਾਂ ਭਰਾਵਾਂ ਨੂੰ ਆਪਣੇ ਦਫ਼ਤਰ ਅੰਦਰ ਕੁਰਸੀਆਂ ਤੇ ਬਹਾ ਕੇ, ਵੀਜ਼ੇ ਤੋਂ ਕੁਝ ਕਾਰਨ ਦੱਸ ਕੇ ਨਾਂਹ ਕਰ ਦਿਤੀ। ਮੇਰੇ ਵਿਆਖਿਆ ਕਰਨ ਤੇ ਉਸ ਨੇ ਫਿਰ ਸਾਨੂੰ ਦੋ ਮਹੀਨੇ ਦਾ ਵੀਜ਼ਾ ਦੋਹਾਂ ਭਰਾਵਾਂ ਨੂੰ ਲਾ ਦਿਤਾ। ਇਹ ਕਰਾਮਾਤ ਹੀ ਵਾਪਰੀ ਕਿ ਮੇਰੇ ਭਰਾ ਸ. ਸੇਵਾ ਸਿੰਘ ਨੂੰ ਇਡੋਨੇਸ਼ੀਆ ਨੇ ਤਾਂ ਵੀਜ਼ਾ ਦੇਣ ਤੋਂ ਨਾਂਹ ਕਰ ਦਿਤੀ ਪਰ ਆਸਟ੍ਰੇਲੀਆ ਤੇ ਨਿਊ ਜ਼ੀਲੈਂਡ ਵਾਲ਼ਿਆਂ ਨੇ ਵੀਜ਼ੇ ਦੇ ਦਿਤੇ।
ਅਖੀਰ ਸਿੰਘਾਪੁਰੋਂ ਫ਼ਰਾਂਸ ਦੀ ਯੂਨਾਈਟਡ ਏਅਰ ਲਾਈਨ ਰਾਹੀਂ, ਫ਼੍ਰਾਸੀਸੀ ਇਲਾਕਾ ਨੌਮੀਆਂ ਤੋਂ ਹੁੰਦੇ ਹੋਏ ਅਸੀਂ ਦੋਵੇਂ ਭਰਾ, 25 ਅਕਤੂਬਰ 1979 ਦੀ ਸ਼ਾਮ ਨੂੰ ਸਿਡਨੀ ਆ ਉਤਰੇ। ਹਵਾਈ ਅੱਡੇ ਦੇ ਇਨਫ਼ਰਮੇਸ਼ਨ ਡੈਸਕ ਤੋਂ ਯੂਥ ਸੈਂਟਰ ਦਾ ਪਤਾ ਪੁੱਛ ਕੇ, ਬੱਸ ਫੜ ਕੇ ਓਥੇ ਜਾ ਡੇਰਾ ਲਾਇਆ। ਉਹ ਅਲੈਜ਼ਬੈਥ ਬੇ, ਕਿੰਗ ਕਰਾਸ ਦੇ ਨੇੜੇ ਸਥਾਨ ਸੀ। ਦੋ ਕੁ ਰਾਤਾਂ ਏਥੇ ਰਹਿਣਾ ਪਿਆ। ਫੇਰ ਓਥੋਂ ਸਿੰਘ ਸਭਾ ਦੇ ਸਕੱਤਰ ਸ. ਚਰਨ ਸਿੰਘ ਕੂੰਨਰ ਹੋਰਾਂ ਦੇ ਭੇਜੇ ਹੋਏ, ਸਿੰਘ ਸਭਾ ਦੇ ਖ਼ਜਾਨਚੀ ਸ. ਬਾਵਾ ਸਿੰਘ ਜਗਦੇਵ ਜੀ, ਸਾਨੂੰ ਚੁੱਕ ਕੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰੀਵਜ਼ਬੀ ਲੈ ਗਏ। ਏਥੇ ਨਿਰੰਕਾਰੀ ਗੁਰਪੁਰਬ ਸਮੇ ਅਖੰਡ ਪਾਠ ਤੇ ਦੀਵਾਨ ਵਿਚ ਹਾਜਰੀ ਭਰੀ। ਦੋ ਮਹੀਨੇ ਦਾ ਸਾਡੇ ਪਾਸ ਵਿਜ਼ਟਰ ਵੀਜ਼ਾ ਸੀ। ਦੋ ਮਹੀਨੇ ਪਿਛੋਂ ਮੇਰਾ ਭਰਾ ਤੇ ਅੱਗੇ ਨਿਊ ਜ਼ੀਲੈਂਡ ਨੂੰ ਤੁਰ ਗਿਆ ਤੇ ਮੇਰੇ ਲਈ ਗੁਰੂ ਨਾਨਕ ਫ਼ਾਊਂਡੇਸ਼ਨ ਵਾਲ਼ਿਆਂ ਨੇ ਪੱਕੇ ਵੀਜ਼ੇ ਲਈ ਅਪਲਾਈ ਕਰ ਦਿਤਾ।
ਇਸ ਤਰ੍ਹਾਂ ਪੰਜ ਮਹੀਨੇ ਹੋਰ ਕੁੱਲ ਸੱਤ ਮਹੀਨੇ ਮੈਨੂੰ ਬਿਨਾ ਕਿਸੇ ਕੰਮ ਦੇ ਏਥੇ ਵੇਹਲੇ ਹੀ ਰਹਿਣਾ ਪਿਆ ਜਿਸ ਕਰਕੇ ਮੇਰਾ ਮਨ ਏਥੋਂ ਉਪ੍ਰਾਮ ਹੋ ਗਿਆ। ਫਿਰ ਇਸ ਸਮੇ ਦੌਰਾਨ ਦੋ ਅੰਗ੍ਰੇਜ਼ੀ ਦੀਆਂ ਕਿਤਾਬਾਂ ਨੇ ਮੇਰੀ ਇਸ ਉਪਰਾਮਤਾ ਵਿਚ ਹੋਰ ਵੀ ਵਾਧਾ ਕਰ ਦਿਤਾ। ਉਹ ਦੋ ਕਿਤਾਬਾਂ ਸਨ ਇਕ ’ਦ ਰੂਟਸ’ ਅਤੇ ਦੂਜੀ ’ਦ ਆਸਟ੍ਰੇਲੀਅਨ ਐਟ ਰਿਸਕ’। ’ਦ ਰੂਟਸ’ ਇਕ ਅਫ਼੍ਰੀਕਨ ਮੂਲ ਦੇ ਅਮ੍ਰੀਕਨ ਦਾ ਲਿਖਿਆ ਹੋਇਆ ਜਗਤ ਪ੍ਰਸਿਧ ਨਾਵਲ ਹੈ ਜਿਸ ਵਿਚ ਅਮ੍ਰੀਕਾ ਵਿਚ ਰਹਿਣ ਵਾਲ਼ੇ ਕਾਲ਼ੇ ਗ਼ੁਲਾਮਾਂ ਦੀ ਹਾਲਤ ਦਾ ਵਰਨਣ ਹੈ। ਦੂਜੀ ਕਿਤਾਬ ’ਦਾ ਆਸਟ੍ਰੇਲੀਅਨ ਐਟ ਰਿਸਕ’ ਆਸਟ੍ਰੇਲੀਆ ਦੀ ਇਕ ਸਟੇਟ ਕਵੀਨਜ਼ਲੈਂਡ ਦੀ ਸਰਕਾਰ ਵੱਲੋਂ ਸਥਾਪਤ ਕਮਿਸ਼ਨ ਦੀ ਰੀਪੋਰਟ ਹੈ। ਇਸ ਵਿਚ ਆਸਟ੍ਰੇਲੀਅਨ ਲੋਕਾਂ ਦੇ ਵੱਖ ਵੱਖ ਸਮੂਹਾਂ ਦਾ ਹਨੇਰਾ ਪੱਖ ਦੱਸਿਆ ਹੋਇਆ ਹੈ। ਇਸ ਲਈ ਮੈ 30 ਮਈ 1980 ਨੂੰ ਬਿਨਾ ਵੀਜ਼ੇ ਤੇ ਅੱਗੇ ਕਿਸੇ ਮੁਲ਼ਕ ਦੀ ਟਿਕਟ ਦੇ, ਸਿਡਨੀ ਤੋਂ ਨਿਊ ਜ਼ੀਲੈਂਡ ਨੂੰ ਉਡਾਰੀ ਮਾਰ ਗਿਆ। ਇਹ ਯਾਤਰਾ ਨਿਊ ਜ਼ੀਲੈਂਡ ਦੇ ਵੀਜ਼ੇ ਤੋਂ ਬਿਨਾ ਹੀ ਕਰਨੀ ਪਈ। ਦੋ ਵਾਰ ਪਹਿਲਾਂ ਵੀਜ਼ਾ ਨਿਊ ਜ਼ੀਲੈਂਡ ਦਾ ਪ੍ਰਾਪਤ ਕੀਤਾ ਸੀ ਪਰ ਉਹ ਦੋਵੇਂ ਵਾਰ ਆਪਣੀ ਮਿਆਦ ਪੁਗਾ ਚੁੱਕਾ ਸੀ। ਤੀਜੀ ਵਾਰ ਸਿਡਨੀ ਵਿਖੇ ਉਹਨਾਂ ਦੇ ਕੌਂਸੂਲੇਟ ਵਿਚਲੀ ਵੀਜ਼ੇ ਦੀ ਇਨਚਾਰਜ ਬੀਬੀ ਨੇ ਵੀਜ਼ਾ ਦੇਣ ਤੋਂ ਨਾਂਹ ਕਰ ਦਿਤੀ। ਓਦੋਂ ਮੈ ਹੁਣ ਨਾਲ਼ੋਂ ਦਲੇਰ ਹੁੰਦਾ ਸਾਂ। ਉਸ ਦੇ ਦਫ਼ਤਰ ਵਿਚ ਹੀ ਉਸ ਵੱਲ ਉਂਗਲ਼ ਕਰਕੇ, ਉਹਨੂੰ ਕੁਝ ਇਸ ਤਰ੍ਹਾਂ, “ਭਲਕੇ ਮੈ ਔਕਲੈਂਡ ਜਾ ਰਿਹਾ ਹਾਂ ਅਤੇ ਇਕ ਹਫ਼ਤਾ ਓਥੇ ਰੁਕਾਂਗਾ। ਵੇਖਦਾ ਹਾਂ ਮੈਨੂੰ ਕੌਣ ਰੋਕਦਾ ਹੈ!” ਆਖਦਾ ਹੋਇਆ, ਉਸ ਦੇ ਦਫ਼ਤਰੋਂ ਬਾਹਰ ਆ ਗਿਆ। ਉਹ ਵਿਚਾਰੀ ਹੈਰਾਨੀ ਨਾਲ਼ ਮੇਰੇ ਵੱਲ ਵੇਖਦੀ ਹੀ ਰਹਿ ਗਈ। ਨੇੜੇ ਹੀ ਕਾਂਟਾਜ਼ ਏਅਰ ਲਾਈਨ ਦਾ ਦਫ਼ਤਰ ਸੀ। ਓਥੇ ਜਾ ਕੇ ਕਾਊਂਟਰ ਵਾਲੀ ਬੀਬੀ ਨੂੰ ‘ਟਿਮ’ ਨਾਮੀ ਕਿਤਾਬ ਖੋਹਲ ਕੇ, ਇੰਡੀਅਨ ਸਿਟੀਜ਼ਨ ਲਈ ਨਿਊ ਜ਼ੀਲੈਂਡ ਦਾ ਇਮੀਗ੍ਰੇਸ਼ਨ ਕਾਨੂੰਨ ਵੇਖਣ ਲਈ ਆਖਿਆ। ਮੇਰੇ ਇਸ ਸਵਾਲ ਕਿ ਮੈ ਓਥੇ ਵੀਜ਼ੇ ਬਿਨਾ ਕਿੰਨੇ ਘੰਟੇ ਰੁਕ ਸਕਦਾ ਹਾਂ ਦੇ ਜਵਾਬ ਵਿਚ ਕਿਤਾਬ ਵੇਖ ਕੇ ਉਸ ਨੇ ਜਦੋਂ 48 ਘੰਟੇ ਆਖਿਆ ਤਾਂ ਮੈ ਇਕ ਰਾਤ ਦੀ ਰੁਕਾਵਟ ਪਾ ਕੇ ਅੱਗੇ ਦੀ ਨੰਦੀ (ਫਿਜੀ) ਵਾਸਤੇ ਸੀਟ ਬੁੱਕ ਕਰਵਾ ਕੇ ਔਕਲੈਂਡ ਜਾ ਉਤਰਿਆ। ਸਿਡਨੀ ਹਵਾਈ ਅੱਡੇ ਤੇ ਇਕ ਦਿਲਚਸਪ ਘਟਨਾ ਘਟੀ। ਮੈ ਆਪਣੇ ਪਾਸ ਪੋਰਟ ਤੇ ਏਥੋਂ ਨਿਕਲ਼ਨ ਵਾਲ਼ੀ ਇਮੀਗ੍ਰੇਸ਼ਨ ਵੱਲੋਂ ਲੱਗੀ ਮੋਹਰ ਵੇਖੀ ਤਾਂ ਉਸ ਦੇ ਸ਼ਬਦ ਦੲਪੳਰਟੲਦ ਵਿਚਲਾ ੳ ਚੰਗੀ ਤਰ੍ਹਾਂ ਨਾ ਪੜ੍ਹਿਆ ਜਾਣ ਕਰਕੇ ਮੈਨੂੰ ਭੁਲੇਖਾ ਲੱਗ ਗਿਆ ਕਿ ਇਹ ਕਿਤੇ ਡੀਪਾਰਟਡ ਧੲਪੳਰਟੲਦ ਨਾ ਹੋ ਕੇ ਡੀਪੋਰਟਡ ਧੲਪੋਰਟੲਦ ਨਾ ਲੱਗਾ ਹੋਵੇ! ਮੈ ਤਸੱਲੀ ਲਈ ਵਾਪਸ ਜਾ ਕੇ ਸਬੰਧਤ ਅਫ਼ਸਰ ਪਾਸੋਂ ਜਦੋਂ ਪੁਛਿਆ ਤਾਂ ਉਸ ਨੇ ਹੱਸ ਕੇ ਆਖਿਆ ਕਿ ਨਹੀ ਇਹ ਡੀਪਾਰਟਡ ਧੲਪੳਰਟੲਦ ਹੀ ਹੈ; ਡੀਪੋਰਟਡ ਧੲਪੋਰਟੲਦ ਨਹੀ। ਜਦੋਂ ਉਸ ਦੇ ਦੂਜੇ ਸਾਥੀਆਂ ਨੂੰ ਪਤਾ ਲੱਗਾ ਤਾਂ ਉਹ ਵੀ ਹੱਸ ਪਏ। ਮੈਨੂੰ ਸ਼ੱਕ ਦੋ ਗੱਲਾਂ ਕਰਕੇ ਪਿਆ। ਇਕ ਤਾਂ ਮੈ ਦੋ ਮਹੀਨੇ ਦੇ ਵੀਜ਼ੇ ਦੀ ਬਜਾਇ, ਸੱਤ ਮਹੀਨੇ ਰਹਿ ਲਿਆ ਸੀ ਤੇ ਇਸ ਦਾ ਜ਼ਿਕਰ ਮੇਰੇ ਪਾਸਪੋਰਟ ਉਪਰ ਨਹੀ ਸੀ ਕਿ ਮੈ ਏਥੇ ਗ਼ੈਰ ਕਾਨੂੰਨੀ ਨਹੀ ਹਾਂ ਤੇ ਦੂਜਾ ੳ ਅੱਖਰ ਕੁਝ ਘਸਿਆ ਜਿਹਾ ਹੋਣ ਕਰਕੇ ੋ ਭੁਲੇਖਾ ਪਾਉਂਦਾ ਸੀ।
ਖ਼ੈਰ, ਸਿਡਨੀ ਤੋਂ ਔਕਲੈਂਡ ਲਈ 30 ਮਈ ਨੂੰ ਜਹਾਜੇ ਚੜ੍ਹ ਗਿਆ। ਓਥੇ ਦੇ ਇਮੀਗ੍ਰੇਸ਼ਨ ਵਾਲ਼ਿਆਂ ਨੇ ਜਦੋਂ ਮੈਨੂੰ ਵੀਜ਼ਾ ਨਾ ਹੋਣ ਬਾਰੇ ਸਵਾਲ ਕੀਤਾ ਤਾਂ ਮੈ ਆਖਿਆ ਕਿ ਭਲਕੇ ਮੈ ਅੱਗੇ ਤੁਰ ਜਾਣਾ ਹੈ। ਇਸ ਲਈ ਵੀਜ਼ੇ ਦੀ ਕੋਈ ਲੋੜ ਨਹੀ। ਦੋ ਚਾਰ ਦਿਨ ਪਿਛੋਂ ਜਦੋਂ ਮੈ ਹਵਾਈ ਅੱਡੇ ਉਪਰ ਅੱਗੇ ਫਿਜੀ ਜਾਣ ਲਈ ਗਿਆ ਤਾਂ ਮੈਨੂੰ ਕੋਈ ਜਹਾਜ ਨਾ ਚੁੱਕੇ। ਭੁਲੇਖੇ ਵਿਚ ਇਕ ਜਹਾਜ ਵਾਲ਼ਿਆਂ ਨੇ ਮੇਰਾ ਸਾਮਾਨ ਅੰਦਰ ਭੇਜ ਦਿਤਾ ਪਰ ਜਦੋਂ ਉਹਨਾਂ ਨੇ ਵੇਖਿਆ ਕਿ ਮੇਰੇ ਪਾਸ ਅੱਗੇ ਦੀ ਕੋਈ ਟਿਕਟ ਨਹੀ ਤੇ ਨਾ ਹੀ ਕਿਸੇ ਮੁਲਕ ਦਾ ਵੀਜ਼ਾ ਹੈ, ਤਾਂ ਉਹਨਾਂ ਫੌਰਨ ਮੇਰਾ ਸਾਮਾਨ ਵਾਪਸ ਮੰਗਵਾ ਕੇ ਮੈਨੂੰ ਠੁੱਠ ਵਿਖਾ ਦਿਤਾ। ਇਸ ਲਈ ਮੈਨੂੰ ਓਥੇ ਦਸ ਦਿਨ ਤੱਕ ਰੁਕਣਾ ਪੈ ਗਿਆ। ਪਹਿਲਾਂ ਮੇਰਾ ਵਿਚਾਰ ਦੋ ਚਾਰ ਦਿਨ ਰੁਕਣ ਦਾ ਹੀ ਸੀ।
ਕਾਰਨ ਇਹ ਸੀ ਕਿ ਜਦੋਂ ਤੱਕ ਓਥੋਂ ਦੀ ਸਵਾਰੀ ਕੋਲ਼ ਟਿਕਟ ਨਾ ਹੋਵੇ ਜਿਸ ਮੁਲਕ ਦਾ ਉਹ ਵਨਸੀਕ ਹੈ, ਜਹਾਜ ਵਾਲ਼ੇ ਨਹੀ ਚੁੱਕਦੇ। ਜੇਕਰ ਉਹ ਅਜਿਹੀ ਗ਼ਲਤੀ ਕਰ ਲੈਣ ਤਾਂ ਜੇਕਰ ਅਗਲਾ ਮੁਲਕ ਉਸ ਨੂੰ ਆਪਣੇ ਦੇਸ਼ ਵਿਚ ਨਾ ਵੜਨ ਦੇਵੇ ਤਾਂ ਹਵਾਈ ਜਹਾਜ ਵਾਲ਼ਿਆਂ ਨੂੰ, ਉਸ ਸਵਾਰੀ ਨੂੰ ਆਪਣੇ ਖ਼ਰਚ ਤੇ, ਜਿਥੋਂ ਲਿਆਂਦੀ ਹੈ ਓਥੇ ਵਾਪਸ ਲਿਜਾਣਾ ਪੈਂਦਾ ਹੈ। ਇਹ ਜਾਣਕਾਰੀ ਭਾਵੇਂ ਮੇਰੇ ਮਿੱਤਰ ਲੰਡਨ ਵਾਸੀ, ਪ੍ਰਸਿਧ ਰਾਗੀ ਭਾਈ ਭਗਵੰਤ ਸਿੰਘ ਜੀ ਨੇ, 1977 ਵਿਚ ਲੰਡਨ ਵਿਖੇ ਮੈਨੂੰ ਦਿਤੀ ਸੀ ਪਰ ਮੈ ਇਸ ਤੇ ਯਕੀਨ ਨਹੀ ਸੀ ਕੀਤਾ ਕਿਉਂਕਿ ਮੈ ਤਾਂ ਸਦਾ ਹੀ ਅਜਿਹੀ ਲਾਪਰਵਾਹੀ ਨਾਲ਼ ਸਾਰੀ ਦੁਨੀਆ ਤੇ ਤੁਰਿਆ ਫਿਰਦਾ ਸਾਂ ਤੇ ਕਦੀ ਕਿਤੇ ਇਸ ਕਾਰਨ ਮੈਨੂੰ ਰੁਕਾਵਟ ਨਹੀ ਸੀ ਪਈ। ਇਸ ਲਈ ਮੈ ਉਹਨਾਂ ਦੀ ਗੱਲ ਕਿਵੇਂ ਮੰਨ ਲੈਂਦਾ! ਹੁਣ ਵੀ ਮੇਰਾ ਏਹੋ ਹਾਲ ਹੈ। ਫਿਰ 1980 ਦੇ ਜੂਨ ਮਹੀਨੇ ਸਮੇ ਨਿਊ ਜ਼ੀਲੈਂਡ ਵਿਚ ਆ ਕੇ ਉਹਨਾਂ ਦੀ ਗੱਲ ਦੀ ਅਸਲੀਅਤ ਦਾ ਪਤਾ ਲੱਗਾ। ਠੀਕ ਹੀ ਸਿਆਣੇ ਆਖਦੇ ਨੇ , “ਔਲ਼ੇ ਦਾ ਖਾਧਾ ਤੇ ਸਿਆਣੇ ਦਾ ਆਖਿਆ ਬਾਅਦ ਵਿਚ ਸਵਾਦ ਦਿੰਦਾ ਹੈ।“
ਅਖੀਰ ਇਕ ਪੰਜਾਬੀ ਟ੍ਰੈਵਲ ਏਜੰਟ ਮਿਸਟਰ ਬਜਾਜ ਦੀ ਪ੍ਰੋਫ਼ੈਸਨਲ ਯੋਗਤਾ ਦਾ ਸਦਕਾ ਮੈਨੂੰ ਜਹਾਜ ਨੇ ਫਿਜੀ ਲਈ ਚੁੱਕ ਹੀ ਲਿਆ। ਉਸ ਨੇ ਮੇਰੇ ਲਈ ਨਵੀ ਟਿਕਟ, ਮੇਰੀ ਪਹਿਲੀ ਟਿਕਟ ਨੂੰ ਵਿਚ ਲੈ ਕੇ ਇਸ ਤਰ੍ਹਾਂ ਬਣਾ ਦਿਤੀ: ਔਕਲੈਂਡ ਤੋਂ ਨੰਦੀ, ਨੰਦੀ ਤੋਂ ਸਿਆਟਲ ਤੇ ਸਿਆਟਲ ਤੋਂ ਵੈਨਕੂਵਰ। ਨਾਲ਼ ਆਖਿਆ ਕਿ ਮੈ ਸਿਆਟਲ ਤੋਂ ਜਹਾਜ ਦੀ ਬਜਾਇ ਬੱਸ ਰਾਹੀਂ ਵੈਨਕੂਬਰ ਚਲਿਆ ਜਾਵਾਂ। ਇਸ ਬਾਰੇ ਮੈ ਉਸ ਨੂੰ ਆਖਿਆ ਕਿ ਉਹ ਕੋਈ ਫਿਕਰ ਨਾ ਕਰੇ। ਮੈ ਉਸ ਪਾਸੇ ਪਹਿਲਾਂ ਹੀ ਬੱਸਾਂ ਰਾਹੀਂ ਵਿਚਰਦਾ ਰਿਹਾ ਹਾਂ। ਇਸ ਸਾਰੇ ਕੁਝ ਦੇ ਉਸ ਨੇ 525 ਡਾਲਰ ਲਏ। ਖ਼ੈਰ, ਰੱਬ ਰੱਬ ਕਰਕੇ ਮੈ ਔਕਲੈਂਡ ਤੋਂ, ਦਸ ਦਿਨ ਪਿਛੋਂ, 8 ਜੂਨ ਨੂੰ, ਫਿਜੀ ਲਈ ਜਹਾਜ ਤੇ ਬੈਠ ਗਿਆ। ਜਦੋਂ ਜਹਾਜ ਨੇ ਔਕਲੈਂਡ ਅੱਡੇ ਤੋਂ ਉਡ ਕੇ, ਆਸਮਾਨ ਵਿਚ ਮਛਲੀ ਤਾਰੀ ਲਾਉਣੀ ਸ਼ੁਰੂ ਕਰ ਦਿਤੀ ਤਾਂ ਮੈਨੂੰ ਖ਼ਿਆਲ ਆਇਆ ਕਿ ਮੇਰਾ ਉਹ ਸੁਪਨਾ, ਜੋ ਮੈਨੂੰ ਅਪ੍ਰੈਲ 1979 ਵਿਚ ਅੰਮ੍ਰਿਤਸਰ ਵਿਚ ਆਇਆ ਸੀ, ਝੂਠਾ ਹੋ ਗਿਆ; ਅਰਥਾਤ ਮੈ ਇਹਨਾਂ ਦੋਹਾਂ ਦੱਖਣੀ ਮੁਲਕਾਂ ਵਿਚ ਨਹੀ ਰਿਹਾ ਤੇ ਹੁਣ ਅੱਗੇ ਤੋਂ ਮੈਨੂੰ ਕਦੀ ਵੀ ਆਸਟ੍ਰੇਲੀਆ ਤੇ ਨਿਊ ਜ਼ੀਲੈਂਡ ਦੇ ਵਿਜ਼ਟਰ ਵੀਜ਼ੇ ਵੀ ਨਹੀ ਮਿਲ਼ਨਗੇ ਕਿਉਂਕਿ ਮੈ ਦੋਹਾਂ ਮੁਲਕਾਂ ਦੇ ਇਮੀਗ੍ਰੇਸ਼ਨ ਕਰਮਚਾਰੀਆਂ ਨਾਲ਼ ਕੀਤੇ ਇਕਰਾਰ ਨਿਭਾਏ ਨਹੀ ਅਤੇ ਦਿਤੇ ਗਏ ਸਮੇ ਤੋਂ ਵਧ ਸਮਾ ਇਹਨਾਂ ਮੁਲਕਾਂ ਵਿਚ ਠਹਿਰ ਗਿਆ ਸਾਂ। ਆਸਟ੍ਰੇਲੀਆ ਵਿਚ ਦੋ ਮਹੀਨੇ ਦੀ ਬਜਾਇ ਸੱਤ ਮਹੀਨੇ ਤੇ ਨਿਊ ਜ਼ੀਲੈਂਡ ਵਿਚ ਇਕ ਰਾਤ ਦੀ ਬਜਾਇ ਦਸ ਦਿਨ ਰਿਹਾ।
ਓਥੋਂ ਤਿੰਨ ਹਫ਼ਤਿਆਂ ਪਿਛੋਂ ਫੇਰ ਦੋ ਹਫ਼ਤਿਆਂ ਦਾ ਵਿਜ਼ਟਰ ਵੀਜ਼ਾ ਲੈ ਕੇ ਵਾਪਸ ਸਿਡਨੀ ਆ ਗਿਆ। ਫਾਰਮ ਭਰਦਿਆਂ ਏਧਰੋਂ ਓਧਰੋਂ ਕਾਗਜ਼ ਪੂਰੇ ਕਰਦਿਆਂ ਸੱਤ ਕੁ ਮਹੀਨੇ ਦਾ ਸਮਾ ਹੋਰ ਵੇਹਲੇ ਰਹਿਣਾ ਪਿਆ; ਜਿਸ ਵੇਹਲ ਤੋਂ ਉਕਤਾ ਕੇ ਮੈ ਆਸਟ੍ਰੇਲੀਆ ਤਿਆਗਿਆ ਸੀ। ਅਖੀਰ, “ਕੁਫ਼ਰ ਟੂਟਾ ਖ਼ੁਦਾ ਖ਼ੁਦਾ ਕਰਕੇ।“ ਅਨੁਸਾਰ 19 ਦਸੰਬਰ 1980 ਨੂੰ ਮੇਰੇ ਅੱਠ ਖੂੰਜੀ ਪੱਕੀ ਮੋਹਰ ਲੱਗ ਗਈ ਪਰ ਕੁਝ ਸ਼ਰਤਾਂ ਸਮੇਤ। ਇਹ ਵੀ ਤਾਂ ਲੱਗੀ ਜਦੋਂ ਮੈ ਉਹਨਾਂ ਦੇ ਦਫ਼ਤਰ ਜਾ ਕੇ ਗੁੱਸੇ ਨਾਲ਼ ਆਖਿਆ ਕਿ ਮੈਨੂੰ ਨਹੀ ਤੁਹਾਡੀ ਇਮੀਗ੍ਰੇਸ਼ਨ ਚਾਹੀਦੀ। ਮੇਰਾ ਪਾਸਪੋਰਟ ਦੇ ਦਿਓ; ਮੈ ਵਾਪਸ ਚਲੇ ਜਾਣਾ ਹੈ। ਮੇਰੀ ਦਾਦੀ ਮਾਂ ਬੀਮਾਰ ਹੈ। ਅਫ਼ਸਰ ਵਿਚਾਰਾ ਭਲਾ ਲੋਕ ਸੀ। ਉਹ ਅੰਦਰ ਗਿਆ ਤੇ ਕੁਝ ਮਿੰਟਾਂ ਬਾਅਦ ਮੋਹਰ ਲੱਗਾ ਪਾਸਪੋਰਟ ਮੇਰੇ ਹੱਥ ਫੜਾਉਂਦਾ ਹੋਇਆ ਵਧਾਈ ਦੇ ਕੇ ਆਖਣ ਲੱਗਾ, “ਪਰ ਇਹ ਮੋਹਰ ਲਾਗੂ 30 ਜਨਵਰੀ 1981 ਤੋਂ ਹੀ ਸਮਝੀ ਜਾਵੇਗੀ; ਲਾ ਭਾਵੇਂ ਮੈ ਹੁਣ ਦਿਤੀ ਹੈ।“
ਫਿਰ ਗੁਜ਼ਾਰੇ ਲਈ ਨੌਕਰੀ ਲਭਣ ਤੁਰਿਆ। “ਵੇਲ਼ੇ ਦਾ ਰਾਗ ਤੇ ਕੁਵੇਲ਼ੇ ਦੀਆਂ ਟੱਕਰਾਂ।“ ਅਨੁਸਾਰ ਆਪਣੇ ਦਾਇਰੇ ਤੋਂ ਬਾਹਰ ਕੰਮ ਲਭਣਾ ਬੜਾ ਮੁਸ਼ਕਲ ਹੋਇਆ। ਠੀਕ ਹੈ, “ਤਾਲੋਂ ਘੁੱਥੀ ਡੂਮਣੀ ਗਾਵੇ ਆਲ ਬੇਤਾਲ।“ ਵਾਲ਼ੀ ਹੀ ਮੇਰੇ ਨਾਲ਼ ਹੋਈ। ਏਧਰ ਓਧਰ ਕਈ ਥਾਵਾਂ ਤੇ ਝਖਾਂ ਮਾਰੀਆਂ। ਕਦੀ ਕਿਸੇ ਫ਼ੈਕਟਰੀ ਵਿਚ ਤੇ ਕਦੀ ਕਿਸੇ ਹੋਰ ਫ਼ੈਕਟਰੀ ਵਿਚ। ਦੋ ਵਾਰੀਂ ਡਾਕਖਾਨੇ ਵਿਚ, ਬੱਸ ਕੰਡਕਟਰੀ, ਰੇਲਵੇ ਵਿਚ। 28 ਮਾਰਚ 1981 ਨੂੰ ਚਾਰ ਮੈਬਰੀ ਪਰਵਾਰ ਵੀ ਏਥੇ ਆ ਗਿਆ। ਛੇ ਕੁ ਸਾਲ ਦਾ ਪੁੱਤਰ ਸੰਦੀਪ ਤੇ ਚਾਰ ਕੁ ਸਾਲ ਦੀ ਬੱਚੀ ਰਵੀਨ ਤੇ ਦਸ ਕੁ ਮਹੀਨਿਆਂ ਦੀ ਦੂਜੀ ਬੱਚੀ ਕੁਲਬੀਰ ਏਥੇ ਆ ਪਹੁੰਚੇ। ਫਿਰ ਇਹਨਾਂ ਵਾਸਤੇ ਰੈਣ ਬਸੇਰੇ ਹਿਤ ਸਿਰ ਦੀ ਛੱਤ ਦਾ ਪ੍ਰਬੰਧ ਕਰਨ ਦਾ ਫਿਕਰ ਲੱਗਾ। ਚੌਥਾ ਬੱਚਾ ਗੁਰਬਾਲ, ਜੂਨ 1983 ਵਿਚ ਏਥੇ ਪੈਦਾ ਹੋਇਆ ਸੀ। ਕੁਝ ਪੈਸੇ ਮੈ 1977 ਤੋਂ ਟਰੈਵਲ ਚੈਕਾਂ ਦੇ ਰੂਪ ਵਿਚ ਪੱਲੇ ਬੰਨ੍ਹੀ ਫਿਰਦਾ ਸਾਂ, ਜਿਨ੍ਹਾਂ ਦੇ ਹਾਥੀ ਦੇ ਬਾਹਰਲੇ ਸੋਹਣੇ ਦੰਦਾਂ ਵਾਂਗ ਵਿਖਾਵੇ ਨਾਲ਼, ਮੈਨੂੰ ਹਰੇਕ ਮੁਲਕ ਦਾ ਵੀਜ਼ਾ ਮਿਲ਼ ਜਾਂਦਾ ਸੀ। ਕੁਝ ਹੋਰ ਏਥੇ ਮਜ਼ਦੂਰੀ ਵਿਚੋਂ ਬਚਾਏ ਸਨ। 30000 ਸਰਕਾਰੋਂ ਕਰਜ਼ਾ ਮਿਲ਼ ਗਿਆ। ਇਸ ਤਰ੍ਹਾਂ ਉਸ ਸਮੇ ਪੰਜਾਹ ਕੁ ਹਜ਼ਾਰ ਦਾ ਘਰ ਖ਼ਰੀਦ ਕੇ ਇਸ ਵਿਚ ਝੰਡੇ ਬੁੰਗੇ ਗੱਡ ਲਏ। ਟੱਬਰੀ ਦੇ ਸਿਰ ਤੇ ਛੱਤ ਦਾ ਸਾਇਆ ਮਿਲ਼ ਜਾਣ ਕਰਕੇ ਏਧਰੋਂ ਬੇਫਿਕਰ ਹੋ ਗਿਆ। ਕਰਜ਼ਾ ਆਪੇ ਕਿਸ਼ਤਾਂ ਵਿਚ ਲਹਿੰਦਾ ਰਹੇਗਾ ਸੋਚ ਲਿਆ। ਭਾਵੇਂ ਕਿ ਪਹਿਲੀ ਵਾਰ ਬਿਆਜ਼ੀ ਕਰਜ਼ਾ ਬੈਂਕ ਤੋਂ ਲੈਣ ਕਰਕੇ ਤੇ ਉਸ ਨੂੰ ਭਾਰਤੀ ਕਰੰਸੀ ਵਿਚ ਦਸ ਗੁਣਾਂ ਵਾਲ਼ੀ ਸੋਚ ਹੋਣ ਕਰਕੇ, ਇਸ ਦਾ ਫਿਕਰ ਤਾਂ ਸੀ ਪਰ ਇਸ ਤੋਂ ਬਿਨਾ ਹੋਰ ਚਾਰਾ ਕੋਈ ਨਹੀ ਸੀ।
9 ਨਵੰਬਰ 1981 ਦਾ ਦਿਨ ਮੇਰੇ ਸੰਸਾਰਕ ਤੇ ਪਰਵਾਰਕ ਜੀਵਨ ਲਈ ਖਾਸ ਹੋ ਨਿੱਬੜਿਆ। ਇਕ ਤਾਂ ਇਸ ਦਿਨ ਮੈਨੂੰ ਸਿੱਖ ਸੰਸਾਰ ਤੋਂ ਬਾਹਰ ਜਾ ਕੇ ਬਿਲਕੁਲ ਆਪਣੇ ਪਿਛੋਕੜ, ਵਿਦਿਆ, ਤਜੱਰਬਾ ਆਦਿ ਤੋਂ ਵੱਖਰੀ ਨੌਕਰੀ ’ਵੈਸਟਪੈਕ’ ਬੈਂਕ ਵਿਚ ਮਿਲ਼ ਗਈ। ਓਦੋਂ ਇਸ ਦਾ ਨਾਂ ’ਬੈਂਕ ਆਫ਼ ਵੇਲਜ਼’ ਹੁੰਦਾ ਸੀ। ਇਹ ਮੇਰੇ ਪੈਰ ਹੇਠ ਬਟੇਰਾ ਆਉਣ ਵਾਂਗ ਹੀ ਸੀ। ਏਸੇ ਦਿਨ ਹੀ ਜੀਵਨ ਵਿਚ ਮੈ ਸਭ ਤੋਂ ਪਹਿਲਾਂ ਤੇ ਹੁਣ ਤੱਕ ਆਖਰੀ ਘਰ ਖ਼ਰੀਦਿਆ। ਉਹ ਵੀ ਆਸਟ੍ਰੇਲੀਆ ਦੇ ਸਭ ਤੋਂ ਮਹਿੰਗੇ ਸ਼ਹਿਰ ਸਿਡਨੀ ਵਿਚ। ਅਜਿਹਾ ਕੁਝ ਹੋ ਜਾਣ ਦੀ ਮੇਰੇ ਵਾਸਤੇ ਕੋਈ ਸੋਚ ਅੰਦਰ ਆ ਸਕਣ ਵਾਲ਼ੀ ਗੱਲ ਵੀ ਨਹੀ ਸੀ। ਭਾਵੇਂ ਕਿ ਬੈਂਕ ਦੀ ਚੰਗੀ ਨੌਕਰੀ ਮਿਲ਼ ਗਈ ਪਰ ਮਨ ਕਿਤੇ ਵੀ ਨਾ ਟਿਕਿਆ। ਦੋ ਢਾਈ ਸਾਲ ਏਥੇ ਕੰਮ ਕੀਤਾ। ਇਸ ਨਾਲ਼ ਆਸਟ੍ਰੇਲੀਆ ਵਿਚ ਮੇਰੇ ਆਰਥਿਕ ਤੌਰ ਤੇ ਤਾਂ ਪੈਰ ਬਝ ਗਏ ਪਰ ਮਾਨਸਿਕ ਪੱਖੋਂ ਮੈ ਚਾਵਾਂ ਚੁਲ੍ਹਾ ਹੀ ਰਿਹਾ।। ਕਦੀ ਅੰਗ੍ਰੇਜ਼ੀ ਪੜ੍ਹਨ ਤੇ ਕੰਪਿਊਟਰ ਸਿੱਖਣ ਲਈ ਨੌਕਰੀਆਂ ਦਾ ’ਚੱਕਰ’ ਛੱਡ ਕੇ, ਕਦੀ ਕਿਸੇ ਯੂਨੀਵਰਸਿਟੀ ਤੇ ਕਦੀ ਕਿਸੇ ਕਾਲਜ ਵਿਚ ’ਪੜ੍ਹਨ’ ਲਈ ਜਾ ਬੈਠਦਾ। ਘਰ ਵਾਲ਼ੀ ਨੇ ਏਥੇ ਵਾਹਵਾ ਚਿਰ ਚੰਗੀ ਨੌਕਰੀ ਕਰ ਲਈ। ਹੌਲ਼ੀ ਹੌਲ਼ੀ ਮਕਾਨ ਦੀਆਂ ਕਿਸ਼ਤਾਂ ਵੀ ਉਤਰ ਗਈਆਂ ਅਤੇ ਬੱਚੇ ਵੀ ਹੁਸ਼ਿਆਰ ਹੋ ਕੇ ਨੌਕਰੀਆਂ ਤੇ ਲੱਗ ਗਏ। ਇਸ ਤਰ੍ਹਾਂ ਸਭ ਪਾਸੇ ਤੋਂ ਵੇਹਲੇ ਹੋ ਕੇ ਹੁਣ ਫਿਰ ਘੁਮੱਕੜਪੁਣਾ ਕਰਨਾ ਅਤੇ ਇਹ ਝਰੀਟਾਂ ਵਾਹੁਣੀਆਂ ਹੀ ਸ਼ੁਰੂ ਕੀਤੀਆਂ ਹੋਈਆਂ ਹਨ।
ਆਸਟ੍ਰੇਲੀਆ ਵਿਚ ਰਿਹਾਇਸ਼ ਦੇ ਸਮੇ ਦੌਰਾਨ ਹੀ ਸਾਢੇ ਕੁ ਛੇ ਸਾਲ, ਘਰੋਂ ਘਰ ਗਵਾ ਕੇ ਬਾਹਰੋਂ ਭੜੂਆ ਅਖਵਾਉਣ ਵਾਂਗ, ਪੰਜਾਬੀ ਤੇ ਅੰਗ੍ਰੇਜ਼ੀ ਦਾ ਪਰਚਾ ਵੀ ਚਲਾਇਆ। ਡੇਢ ਕੁ ਸਾਲ ਸਪਤਾਹਕ ਤੇ ਫਿਰ ਮਾਸਕ ਪਰ ਇਹ ਪੰਗਾ ਸਮੇ ਤੋਂ ਬਹੁਤ ਪਹਿਲਾਂ ਲੈ ਲੈਣ, ਵਸੀਲਿਆਂ ਦੀ ਪੂਰੀ ਦੀ ਪੂਰੀ ਥੁੜ ਅਤੇ ਇਸ ਪਾਸੇ ਦਾ ਕੋਈ ਗਿਆਨ ਨਾ ਹੋਣ ਕਰਕੇ, ਅੰਨ੍ਹੇ ਦੇ ਸੌਣ ਵਾਂਗ, ਇਹ ਵੀ ਚੁੱਪ ਹੀ ਹੋ ਗਿਆ।
ਚਾਰਾਂ ਵਿਚੋਂ ਤਿੰਨ ਬੱਚੇ ਵਿਆਹੇ ਹੋਏ, ਨੌਕਰੀਆਂ ਕਰਦੇ, ਆਪੋ ਆਪਣੇ ਘਰਾਂ ਤੇ ਪਰਵਾਰਾਂ ਵਿਚ, ਸਤਿਗੁਰਾਂ ਦੀ ਅਪਾਰ ਕਿਰਪਾ ਸਦਕਾ ਰਹਿ ਰਹੇ ਹਨ। ਚੌਥਾ ਬੱਚਾ ਗੁਰਬਾਲ ਸਿੰਘ ਯੂਨੀ ਤੋਂ ਡਿਗਰੀ ਕਰਕੇ, ਆਪਣੀ ਵਿੱਦਿਆ ਵਾਲੀ ਹੀ ਨੌਕਰੀ ਉਪਰ ਲੱਗਾ ਹੋਇਆ ਸੀ, ਸਭ ਕੁਝ ਛੱਡ ਕੇ ਲੰਡਨ ਜਾ ਬੈਠਾ ਸੀ ਪਰ ਹੁਣ ਵਾਪਸ ਆ ਗਿਆ ਹੈ। ਮੇਰੇ ਵਾਂਗ ਹੀ ਘੁਮੱਕੜ ਜਿਹੀ ਸੋਚ ਵਾਲਾ ਹੈ। ਜਿਵੇਂ ਰੱਬ ਨੂੰ ਮਨਜ਼ੂਰ! “ਜਿਉ ਜਿਉ ਤੇਰਾ ਹੁਕਮ ਤਿਵੈ ਤਿਵ ਹੋਵਣਾ॥” ਦੇ ਮਹਾਂਵਾਕ ਅਨੁਸਾਰ, ਉਸ ਦੇ ਹੁਕਮ ਦੇ ਅੰਦਰ ਰਹਿਣ ਦੇ ਯਤਨਾਂ ਵਿਚ ਹਾਂ।
ਉਪ੍ਰੋਕਤ ਤੋਂ ਇਲਾਵਾ ਦੋ ਛੋਟੇ ਭਰਾ, ਸ. ਦਲਬੀਰ ਸਿੰਘ ਅਤੇ ਸ. ਹਰਜੀਤ ਸਿੰਘ, ਵੀ ਆਪੋ ਆਪਣੇ ਪਰਵਾਰਾਂ ਸਮੇਤ ਏੇਥੇ ਵੱਸ ਰਹੇ ਹਨ। ਸਭਨਾਂ ਉਪਰ ਰੱਬ ਦੀ ਰਹਿਮਤ ਦਾ ਸਾਇਆ ਹੈ । ਉਸ ਦਾਤਾਰ ਦੇ ਚਰਨਾਂ ਵਿਚ ਬੇਨਤੀ ਹੈ ਕਿ ਉਹ ਬਾਕੀ ਸੰਸਾਰ ਦੇ ਜੀਆਂ ਵਾਂਗ ਇਹਨਾਂ ਸਾਰਿਆਂ ਦੇ ਸਿਰਾਂ ਉਪਰ ਵੀ ਆਪਣੀ ਮੇਹਰ ਦਾ ਹੱਥ ਰੱਖੇ!




ਨੀਤਸ਼ੇ ਦਾ ‘ਮਹਾਂ ਮਾਨਵ’.......... ਲੇਖ਼ / ਦਵਿੰਦਰ ਸੈਫੀ਼ (ਡਾ.)

(ਡਾ. ਦਵਿੰਦਰ ਸੈਫ਼ੀ ਅਜਿਹਾ ਨੌਜਵਾਨ ਸ਼ਾਇਰ, ਸੂਝਵਾਨ ਚਿੰਤਕ ਅਤੇ ਅਲੋਚਕ ਹੈ ਜਿਸਨੇ ਆਪਣੀ ਪ੍ਰਤਿਭਾ ਸਦਕਾ ਸਾਹਿਤਕ ਹਲਕਿਆਂ ਵਿਚ ਥੋੜ੍ਹੇ ਸਮੇਂ ਵਿਚ ਹੀ ਅਪਣੀ ਪਕੇਰੀ ਪਹਿਚਾਣ ਬਣਾ ਲਈ ਹੈ। ‘ਦੁਪਹਿਰ ਦਾ ਸਫ਼ਾ’ ਉਸਦਾ ਪਲੇਠਾ ਕਾਵਿ ਸੰਗ੍ਰਹਿ ਉਸਦੀ ੳਚੇਰੀ ਕਾਵਿ ਉਡਾਰੀ ਅਤੇ ਡੂੰਘੇਰੀ ਸਮਝ ਦਾ ਮਾਣਨਯੋਗ ਨਮੂਨਾ ਹੈ। ਫਰੈਡਰਿਕ ਨੀਤਸ਼ੇ ਦੀ ਫਿਲਾਸਫੀ ਨੂੰ ਡਾ. ਸੈਫੀ਼ ਨੇ ਆਪਣੀ ਸਿਰਜਣਾ ਸ਼ਕਤੀ ਨਾਲ਼ ‘ਮਹਾਂਮਾਨਵ’ ਪੁਸਤਕ ਵਜੋਂ ਤਿਆਰ ਕੀਤਾ ਹੈ।
ਜੋ ਜਲਦੀ ਹੀ ਪ੍ਰਕਾਸਿ਼ਤ ਹੋ ਕੇ ਆਪ ਸੱਭ ਦੇ ਸਾਹਮਣੇ ਆ ਰਹੀ ਹੈ।

ਫਰੈਡਰਿਕ ਨੀਤਸ਼ੇ ਜਰਮਨ ਦਾ ਪ੍ਰਸਿੱਧ ਫਿਲਾਸਫਰ ਹੋਇਆ ਹੈ। ਉਸਨੇ ‘ਮਹਾਂਮਾਨਵ’ ਦਾ ਸੰਕਲਪ ਦਿੱਤਾ। ਇਹ ਸੰਕਲਪ ਪੇਸ਼ ਕਰਨ ਲਈ ਉਸਨੇ ‘ਜ਼ਰਥੁਸਟਰ’ ਨਾਂ ਦਾ ਪਾਤਰ ਚੁਣਿਆ ਹੈ। ‘ਮਹਾਂਮਾਨਵ’ ਮਾਨਵ ਤੋਂ ਅਗਲਾ ਤੇ ਸਿਖਰਲਾ ਪੜਾਅ ਹੈ। ਜ਼ਰਥੁਸਟਰ ਰੱਬ, ਧਰਮ, ਰਾਜਨੀਤੀ, ਨਿਆਂ, ਨੀਤੀ, ਕਨੂੰਨ, ਵਿਆਹ, ਔਰਤ, ਬੱਚਿਆਂ,ਦੋਸਤੀਆਂ, ਦੁਸ਼ਮਣੀਆਂ ਆਦਿ ਬਾਰੇ ਕਮਾਲ ਦੀਆਂ ਗੱਲਾਂ ਕਰਦਾ ਹੈ। ਇਸ ਖ਼ੂਬਸੂਰਤ ਰਚਨਾ ਨੂੰ ਅਗਲੇ ਅੰਕਾਂ ਵਿਚ ਲੜੀਵਾਰ ਪੇਸ਼ ਕਰਨ ਦੀ ਖੁਸ਼ੀ ਲੈ ਰਹੇ ਹਾਂ ।
-ਮੁੱਖ ਸੰਪਾਦਕ)

ਪੁਜਾਰੀਆਂ ਵਾਲ਼ਾ ਰੱਬ ਮਰ ਚੁੱਕਾ ਹੈ,
ਮਹਾਂਮਾਨਵ ਵਾਲ਼ੇ ਰੱਬ ਦੀ ਖੋਜ ਕਰੋ

ਅਪਣੀ ਉਮਰ ਦੇ ਤੀਹਵੇਂ ਵਰ੍ਹੇ ਜ਼ਰਥੁਸਟਰ ਘਰ ਛੱਡ ਕੇ ਪਹਾੜਾਂ ‘ਤੇ ਚਲਾ ਗਿਆ ਤੇ ਉਥੇ ਹੀ ਇਕ ਗੁਫਾ ਬਣਾ ਕੇ ਰਹਿਣ ਲੱਗ ਪਿਆ। ਉਸ ਗੁਫਾ ਵਿਚ ਲਗਾਤਾਰ ਦਸ ਸਾਲ ਰਹਿ ਕੇ ਉਸ ਨੇ ਅਪਣੇ ਮਨ ਦੇ ਘੋੜੇ ‘ਤੇ ਸਵਾਰ ਹੋਣਾ ਸਿੱਖਿਆ। ਇਕ ਸਵੇਰ ਅਜਿਹੀ ਆਈ ਜੋ ਉਸ ਨੂੰ ਆਨੰਦ ਨਾਲ਼ ਭਰਪੂਰ ਕਰ ਗਈ। ਉਸ ਨੂੰ ਆਪਣੇ ਅੰਦਰ ਬਾਹਰ ਵਾਪਰੀਆਂ ਕਈ ਤਬਦੀਲੀਆਂ ਦਾ ਅਹਿਸਾਸ ਹੋਇਆ। ਉਸਨੂੰ ਸਾਰਾ ਕੁਝ ਹੀ ਬਦਲ ਗਿਆ ਜਾਪਿਆ। ਚੜ੍ਹਦੇ ਸੂਰਜ ਦੀਆਂ ਅੱਖਾਂ ‘ਚ ਅੱਖਾਂ ਪਾ ਕੇ ਉਹ ਕਹਿਣ ਲੱਗਾ:
“ਓ ਮਹਾਨ ਸਿਤਾਰੇ! ਜ਼ਰਾ ਸੋਚ! ਜੇ ਇਹ ਸੰਸਾਰ ਨਾ ਹੋਵੇ ਤਾਂ ਤੂੰ ਆਪਣੀ ਰੌਸ਼ਨੀ ਕਿਸ ਨੂੰ ਦੇਵੇਂਗਾ? ਕੀ ਫਿਰ ਵੀ ਤੂੰ ਹੁਣ ਜਿੰਨੀ ਖੁਸ਼ੀ ਮਹਿਸੂਸ ਕਰ ਸਕੇਂਗਾ? ਤੂੰ ਦਸ ਸਾਲ ਮੇਰੀ ਗੁਫਾ ਵਿਚ ਆਪਣੀ ਰੌਸ਼ਨੀ ਭੇਜਦਾ ਰਿਹੈਂ। ਤੂੰ ਆਪਣੀ ਰੋਸ਼ਨੀ ਦੇ ਬੋਝ ਤੋਂ ਹੁਣ ਨੂੰ ਕਦੋਂ ਦਾ ਅੱਕ ਜਾਣਾ ਸੀ, ਜੇ ਮੈਂ ਅਤੇ ਮੇਰੇ ਸਾਥੀ, ਬਾਜ ਤੇ ਸੱਪ, ਤੈਥੋਂ ਇਹ ਰੌਸ਼ਨੀ ਨਾ ਲੈਂਦੇ ਹੁੰਦੇ। ਮੈਨੂੰ ਪਤੈ, ਤੈਨੂੰ ਅਪਣੀ ਰੌਸ਼ਨੀ ਵੰਡ ਕੇ ਹੀ ਖੁਸ਼ੀ ਮਿਲਦੀ ਹੈ। ਇਉਂ ਹੀ ਤੂੰ ਆਪਣੇ ਬੋਝ ਤੋਂ ਮੁਕਤ ਹੁੰਦਾ ਏਂ।"
ਫਿਰ ਜ਼ਰਥੁਸਟਰ ਅਪਣੇ ਆਪ ਵੱਲ ਇਸ਼ਾਰਾ ਕਰਕੇ ਸੂਰਜ ਨੂੰ ਕਹਿਣ ਲੱਗਾ, "ਮੇਰੇ ਵੱਲ ਵੇਖ ਹੁਣ ਮੈਂ ਵੀ ਤੇਰੇ ਵਾਂਗ ਗਿਆਨ ਦੀ ਰੌਸ਼ਨੀ 'ਤੇ ਆਨੰਦ ਨਾਲ਼ ਭਰ ਚੁੱਕਾ ਹਾਂ। ਮੇਰੀ ਹਾਲਤ ਉਸ ਮਧੂ ਮੱਖੀ ਵਰਗੀ ਹੋ ਚੁੱਕੀ ਹੈ, ਜਿਸ ਨੇ ਬਹੁਤ ਸਾਰਾ ਸ਼ਹਿਦ ਇਕੱਠਾ ਕਰ ਲਿਆ ਹੋਵੇ। ਹੁਣ ਮੈਨੂੰ ਲੋੜ ਹੈ ਉਨ੍ਹਾਂ ਹੱਥਾਂ ਦੀ, ਜਿਹੜੇ ਅੱਗੇ ਵਧ ਕੇ ਸ਼ਹਿਦ ਚੋ ਲੈਣ। ਜਿਵੇਂ ਤੂੰ ਰੋਜ਼ ਆਪਣੀ ਰੌਸ਼ਨੀ ਵੰਡ ਕੇ ਕਿਧਰੇ ਗਵਾਚ ਜਾਨੈ,ਉਵੇਂ ਹੀ ਮੇਰਾ ਵੀ ਸੱਭ ਕੁਝ ਵੰਡ ਕੇ ਗਵਾਚਣ ਨੂੰ ਦਿਲ ਕਰਦੈ। ਮੈਨੂੰ ਇਹ ਸੌਗਾਤ ਉਦੋਂ ਤੱਕ ਵੰਡਣੀ ਪਵੇਗੀ, ਜਦੋਂ ਤੱਕ ਸਿਆਣੇ ਅਖਵਾਉਣ ਵਾਲ਼ੇ ਆਪਣੀ ਮੂਰਖਤਾ ਦੇ ਸਨਮੁਖ ਨਹੀਂ ਹੋ ਜਾਂਦੇ ਅਤੇ ਕੰਗਾਲ ਆਪਣੇ ਖ਼ਜ਼ਾਨਿਆਂ ਦੀ ਖੋਜ ਕਰਕੇ ਮਾਲਾਮਾਲ ਨਹੀਂ ਹੋ ਜਾਂਦੇ।"
ਇਕ ਪਲ ਰੁਕ ਕੇ ਜ਼ਰਥੁਸਟਰ ਨੇ ਫਿਰ ਸੂਰਜ ਨੂੰ ਕਿਹਾ: "ਓ ਮਹਾਨ ਸਿਤਾਰੇ! ਜਿਵੇਂ ਸੰਧਿਆ ਵੇਲੇ ਤੋਂ ਸਮੁੰਦਰ ਦੇ ਪਿੱਛੇ ਦੂਸਰੇ ਲੋਕ ਵਿਚ ਜਾ ਕੇ ਚਾਨਣ ਵੰਡਣ ਲੱਗ ਪੈਨੈਂ, ਉਵੇਂ ਮੈਂ ਵੀ ਆਪਣੀ ਰੌਸ਼ਨੀ ਵੰਡਣ ਲਈ ਹੁਣ ਪਹਾੜ ਤੋਂ ਹੇਠਾਂ ਉਤਰਾਂਗਾ। ਓ ਮਹਾਨ ਨਜ਼ਰ! ਮੈਨੂੰ ਸ਼ੁਭਕਾਮਨਾਵਾਂ ਭੇਜ। ਸ਼ੁਭ ਕਾਮਨਾਵਾਂ ਭੇਜ,ਉਸ ਪਿਆਲੇ ਲਈ, ਜਿਸ ਨੇ ਹੁਣ ਛਲਕਣਾ ਹੈ। ਤੂੰ ਦੁਆ ਕਰ, ਇਹ ਪਿਆਲਾ ਛਲਕਣ ਤੋਂ ਪਹਿਲਾਂ ਅਪਣੀ ਚਮਕ ਵਿਖਾ ਜਾਵੇ। ਇਹ ਪਿਆਲਾ ਹੁਣ ਛਲਕਣ ਲੱਗਾ ਹੈ।
ਹਾਂ! ਹੁਣ ਮੈਂ ਲੋਕਾਂ ਵਿਚ ਜਾਣ ਲੱਗਾ ਹਾਂ।”
ਜ਼ਰਥੁਸਟਰ ਪਹਾੜਾਂ ਤੋਂ ਹੇਠਾਂ ਉਤਰਨ ਲੱਗਾ। ਰਾਹ ਵਿਚ ਉਸਨੂੰ ਇਕ ਸਾਧੂ ਮਿਲਿਆ। ਇਹ ਸਾਧੂ ਅਪਣੀ ਕੁਟੀਆ ਛੱਡ ਕੇ ਖਾਣ ਵਾਸਤੇ ਕੁਝ ਜੜ੍ਹਾਂ ਇਕੱਠੀਆਂ ਕਰਨ ਆਇਆ ਸੀ। ਜ਼ਰਥੁਸਟਰ ਵੱਲ ਵੇਖ ਕੇ ਉਹ ਅਪਣੇ ਮਨ ਨਾਲ਼ ਹੀ ਗੱਲਾਂ ਕਰਨ ਲੱਗਾ, ਇਹ ਉਹੀ ਜ਼ਰਥੁਸਟਰ ਲੱਗਦੈ ਜਿਹੜਾ ਕਈ ਸਾਲ ਪਹਿਲਾਂ ਇਧਰੋਂ ਦੀ ਲੰਘਿਆ ਸੀ। ਪਰ ਇਹ ਤਾਂ ਪੂਰੀ ਤਰ੍ਹਾਂ ਬਦਲ ਗਿਆ ਹੈ। ਕਮਾਲ ਦਾ ਨੂਰਾਨੀ ਚਿਹਰਾ! ਪਿਆਰ ਤੇ ਮਸਤੀ ਨਾਲ਼ ਭਰੀਆਂ ਨਿਰਮਲ ਅੱਖਾਂ! ਬੱਚਿਆਂ ਵਰਗੀ ਨਿਰਛਲਤਾ, ਇਹਦਾ ਤਾਂ ਰੋਮ ਰੋਮ ਨੱਚਦਾ ਗਾਉਂਦਾ ਜਾ ਰਿਹਾ ਹੈ। ਉਦੋਂ ਜਦੋਂ ਮੈਂ ਉਸਨੂੰ ਵੇਖਿਆ ਸੀ, ਇਹ ਆਪਣੀ ਰਾਖ ਚੁੱਕ ਕੇ ਪਹਾੜਾਂ ਉੱਤੇ ਚੜ੍ਹਾ ਰਿਹਾ ਸੀ ਤੇ ਹੁਣ ਆਪਣੀ ਅੱਗ ਲੈ ਕੇ ਲੋਕਾਂ ਵਿਚ ਜਾ ਰਿਹਾ ਹੈ ਹੁਣ ਇਹਨੇ ਲੋਕਾਂ ਵਿਚ ਜਾ ਕੇ ਅੱਗ ਵੰਡਣ ਲੱਗ ਪੈਣਾ ਹੈ। ਲੱਗਦੈ ਇਹਨੂੰ ਅੱਗ ਵੰਡਣ ਵਾਲਿ਼ਆਂ ਦੇ ਹਸ਼ਰ ਦਾ ਅੰਦਾਜ਼ਾ ਨਹੀਂ।”
ਆਪਣੇ ਮਨ ਨਾਲ਼ ਇਹ ਗੱਲਾਂ ਕਰਕੇ ਬੁੱਢੇ ਸਾਧੂ ਨੇ ਜ਼ਰਥੁਸਟਰ ਨੂੰ ਆਵਾਜ਼ ਮਾਰੀ। ਜ਼ਰਥੁਸਟਰ ਦੇ ਰੁਕਣ ‘ਤੇ ਉਹ ਉਹਦੇ ਕੋਲ਼ ਜਾ ਕੇ ਆਖਣ ਲੱਗਾ, “ਜ਼ਰਥੁਸਟਰ ਹੁਣ ਤੁੂੰ ਜਾਗ ਚੁੱਕਾ ਹੈਂ, ਤੇਰੀ ਚੇਤਨਾ ਬਹੁਤ ਉਚੀ ਉਠ ਚੁੱਕੀ ਹੈ, ਹੁਣ ਤੂੰ ਸੁੱਤਿਆਂ ਦੀ ਬਸਤੀ ਵਲ ਕੀ ਲੈਣ ਜਾ ਰਿਹਾ ਹੈਂ?”
ਬੁੱਢੇ ਸਾਧੂ ਦੀ ਗੱਲ ਸੁਣ ਕੇ ਜ਼ਰਥੁਸਟਰ ਨੇ ਕਿਹਾ, “ਮੈਂਨੂੰ ਮਨੁੱਖ ਨਾਲ਼ ਪਿਆਰ ਹੈ, ਮੈਂ ਉਸ ਲਈ ਰੌਸ਼ਨੀ ਦੀ ਸੌਗਾਤ ਲੈ ਕੇ ਜਾ ਰਿਹਾ ਹਾਂ।”
ਤਦ ਸਾਧੂ ਨੇ ਕਿਹਾ, “ਪਰ ਆਦਮੀ ਤਾਂ ਭਿਖਾਰੀ ਹੈ, ਉਹਨੂੰ ਤੇਰੀ ਚੇਤਨਾ ਦੀ ਸੌਗਾਤ ਨਾਲ਼ ਕੋਈ ਮਤਲਬ ਨਹੀਂ। ਉਹ ਤਾਂ ਤੈਥੋਂ ਭੀਖ ਮੰਗੇਗਾ।”
ਇਹ ਗੱਲ ਸੁਣ ਕੇ ਜ਼ਰਥੁਸਟਰ ਕਹਿਣ ਲੱਗਾ, “ਆਦਮੀ ਦੀ ਤਰਸਯੋਗ ਹਾਲਤ ਦੇਖ ਕੇ ਮੈਥੋਂ ਜਰਿਆ ਨਹੀਂ ਜਾਂਦਾ। ਮੈਨੂੰ ਮਨੁੱਖ ਜਾਤੀ ਨਾਲ਼ ਪਿਆਰ ਹੈ। ਮੈਂ ਉਸ ਲਈ ਭੀਖ ਨਹੀਂ, ਆਨੰਦ ਦਾ ਤੋਹਫਾ ਲੈ ਕੇ ਜਾ ਰਿਹਾ ਹਾਂ।”
ਜ਼ਰਥੁਸਟਰ ਦੀ ਗੱਲ ਸੁਣ ਕੇ ਬੁੱਢਾ ਸਾਧੂ ਕਹਿਣ ਲੱਗਾ, “ਤੂੰ ਮੇਰੇ ਵੱਲ ਵੇਖ! ਮੈਂ ਭਲਾ ਇਹਨਾਂ ਜੰਗਲਾਂ ਵਿਚ ਕਿਉਂ ਆਇਆ ਹਾਂ? ਮੈਂ ਵੀ ਕਦੇ ਮਨੁੱਖ ਨੂੰ ਬਹੁਤ ਪਿਆਰ ਕਰਦਾ ਹੁੰਦਾ ਸੀ ਪਰ ਹੁਣ ਮੈਂ ਸਿਰਫ਼ ਰੱਬ ਨੂੰ ਹੀ ਪਿਆਰ ਕਰਦਾ ਹਾਂ। ਮੈਨੂੰ ਪਤਾ ਲੱਗ ਚੁੱਕਾ ਹੈ ਕਿ ਮਨੁੱਖ ਨੂੰ ਪਿਆਰ ਕਰਨਾ ਬੜਾ ਘਾਤਕ ਸਿੱਧ ਹੁੰਦਾ ਹੈ।
ਜ਼ਰਥੁਸਟਰ ਕਹਿਣ ਲੱਗਾ, “ਪਰ ਮੇਰੇ ਪਿਆਰ ਦਾ ਢੰਗ ਤਾਂ ਬਿਲਕੁਲ ਵੱਖਰੀ ਤਰ੍ਹਾਂ ਦਾ ਹੈ। ਮੈਂ ਮਨੁੱਖ ਨੂੰ ਕੋਈ ਭੀਖ ਨਹੀਂ ਦੇਣੀ ਕਿਉਂਕਿ ਮੈਂ ਏਨਾ ਗਰੀਬ ਨਹੀਂ।”
ਇਹ ਸੁਣ ਕੇ, ਬੁੱਢਾ ਸਾਧੂ ਜ਼ਰਥੁਸਟਰ ਨੁੰ ਫਿਰ ਆਖਣ ਲੱਗਾ, “ ਜ਼ਰਥੁਸਟਰ ਮੇਰੀ ਬੇਨਤੀ ਸੁਣ। ਮਨੁੱਖ ਦਾ ਖਿਆਲ ਛੱਡ ਦੇ। ਮਨੁੱਖ ਨੂੰ ਮਿਲਣ ਨਾਲ਼ੋਂ ਤਾਂ ਚੰਗਾ ਹੋਵੇਗਾ, ਇਥੋਂ ਦੇ ਪਸ਼ੂਆਂ ਜਾਨਵਰਾਂ ਨੂੰ ਮਿਲ ਲੈ।”
ਬੁੱਢੇ ਸਾਧੂ ਦੀਆਂ ਗੱਲਾਂ ਸੁਣ ਕੇ ਜ਼ਰਥੁਸਟਰ ਬੱਚਿਆਂ ਵਾਂਗ ਹੱਸਣ ਲੱਗਾ, ਜਦੋਂ ਬੁੱਢਾ ਸਾਧੂ ਉਹਦੇ ਕੋਲੋਂ ਚਲਾ ਗਿਆ ਤਾਂ ਜ਼ਰਥੁਸਟਰ ਆਪਣੇ ਮਨ ਵਿਚ ਸੋਚਣ ਲੱਗਾ, “ਭਲਾ ਇਸ ਬੁੱਢੇ ਸਾਧੂ ਨੂੰ ਅਜੇ ਤੱਕ ਪਤਾ ਹੀ ਨਹੀਂ ਲੱਗਾ ਕਿ ਜਿਹੜੇ ਰੱਬ ਨੂੰ ਲੱਭਣ ਲਈ ਉਹ ਇਥੇ ਟੱਕਰਾਂ ਮਾਰ ਰਿਹਾ ਹੈ, ਉਹ ਤਾਂ ਮਰ ਚੁੱਕਾ ਹੈ।”
ਜਦੋਂ ਜ਼ਰਥੁਸਟਰ ਸ਼ਹਿਰ ਵਿਚ ਆਇਆ ਤਾਂ ਉਸ ਨੇ ਬਹੁਤ ਸਾਰੇ ਲੋਕਾਂ ਦਾ ਇਕੱਠ ਵੇਖਿਆ। ਇਸ ਸ਼ਹਿਰ ਵਿਚ ਹੋਕਾ ਦਿੱਤਾ ਗਿਆ ਸੀ ਕਿ ਅੱਜ ਰੱਸੇ ਉਤੇ ਨੱਚਣ ਵਾਲ਼ਾ ਆਪਣੇ ਨਾਲ਼ ਲਿਆਂਦੇ ਬਾਂਦਰ ਦੇ ਕਰਤੱਵ ਦਿਖਾ ਕੇ ਸੱਭ ਦਾ ਮਨੋਰੰਜਨ ਕਰੇਗਾ। ਇਹ ਸਾਰੇ ਲੋਕ ਹੋਕਾ ਸੁਣ ਕੇ ਤਮਾਸ਼ਾ ਦੇਖਣ ਲਈ ਇਕੱਠੇ ਹੋਏ ਸਨ। ਇਨ੍ਹਾਂ ਦੀ ਭੀੜ ਕੋਲ਼ ਰੁਕ ਕੇ ਜ਼ਰਥੁਸਟਰ ਨੇ ਉਚੀ ਆਵਾਜ਼ ਵਿਚ ਕਿਹਾ, “ਦੋਸਤੋ! ਤਮਾਸ਼ੇ ਤੋਂ ਪਹਿਲਾਂ ਮੇਰੀ ਨਿੱਕੀ ਜਿਹੀ ਗੱਲ ਸੁਣੋ।”

(ਬਾਕੀ ਅਗਲੇ ਅੰਕ ਵਿਚ....)

ਪੰਜਾਬੀ ਸ਼ਾਇਰੀ ਦਾ ਚਰਚਿਤ ਹਸਤਾਖ਼ਰ : ਹਰੀ ਸਿੰਘ ਮੋਹੀ .......... ਲੇਖ਼ / ਪਰਮਿੰਦਰ ਸਿੰਘ ਤੱਗੜ (ਡਾ.)

ਹਰੀ ਸਿੰਘ ਮੋਹੀ ਪੰਜਾਬੀ ਕਾਵਿ ਜਗਤ ਵਿਚ ਜਾਣਿਆਂ-ਪਛਾਣਿਆਂ ਹਸਤਾਖ਼ਰ ਹੈ। ਉਸਨੇ ਹੁਣ ਤੱਕ ‘ਸਹਿਮੇ ਬਿਰਖ਼ ਉਦਾਸੇ ਰੰਗ’ ਕਾਵਿ-ਸੰਗ੍ਰਿਹ, ‘ਮੁਖ਼ਾਲਿਫ਼ ਹਵਾ’ ਕਾਵਿ-ਸੰਗ੍ਰਿਹ, ‘ਬਾਜ਼ੀ’ ਗ਼ਜ਼ਲ-ਸੰਗ੍ਰਿਹ, ‘ਮਣਕੇ’ ਕਾਵਿ-ਸੰਗ੍ਰਿਹ ਪੰਜਾਬੀ ਸਾਹਿਤ ਦੀ ਝੋਲ਼ੀ ਪਾਏ ਹਨ। ਇਸ ਤੋਂ ਬਿਨਾਂ ਪਾਸ਼ ਦੀਆਂ ਚੋਣਵੀਆਂ 79 ਕਵਿਤਾਵਾਂ ਦਾ ਅੰਗਰੇਜ਼ੀ ਵਿਚ ਉਲ਼ੱਥਾ ਕਰਕੇ ‘ਪਾਸ਼ ਐਂਥਾਲੋਜੀ’ ਸਿਰਲੇਖ ਤਹਿਤ ਕਿਤਾਬੀ ਰੂਪ ਦਿੰਦਿਆਂ ਪਾਸ਼ ਦੀ ਸ਼ਾਇਰੀ ਨੂੰ ਅੰਗਰੇਜ਼ੀ ਦੇ ਸ਼ੌਕੀਨ ਪਾਠਕਾਂ ਤੱਕ ਪੁਚਾ ਕੇ ਪਾਸ਼ ਨੂੰ ਵਿਹਾਰਕ ਸ਼ਰਧਾਂਜਲੀ ਦਿੱਤੀ। ਉਸ ਦੀ ਪੰਜਵੀਂ ਅਤੇ ਨਵੀਆਂ ਕਾਵਿ-ਕ੍ਰਿਤਾਂ ਦੀ ਕਿਤਾਬ ‘ਰੂਹ ਦਾ ਰਕਸ’ 15 ਨਵੰਬਰ 2009 ਨੂੰ ਕੋਟਕਪੂਰੇ ਗਿਆਨ ਪੀਠ ਪੁਰਸਕਾਰ ਵਿਜੇਤਾ ਪਦਮ ਸ੍ਰੀ ਪ੍ਰੋ. ਗੁਰਦਿਆਲ ਸਿੰਘ ਦੇ ਕਰ-ਕਮਲਾਂ ਦੁਆਰਾ ਲੋਕ-ਅਰਪਿਤ ਹੋ ਚੁੱਕੀ ਹੈ। ਅਸੀਂ ਇੱਥੇ ਉਸ ਦੀ ਇਕ ਤਾਜ਼ਾ ਅਤੇ ਅਣਛਪੀ ਕਾਵਿ-ਰਚਨਾ ਤੁਹਾਡੇ ਸਨਮੁੱਖ ਕਰਨ ਦੀ ਖ਼ੁਸ਼ੀ ਲੈ ਰਹੇ ਹਾਂ-

ਆਥਣ-ਉਗਣ ਜੋ ਸ਼ਬਦਾਂ ਦੀ ਛਾਵੇਂ ਉਠਦੇ ਬਹਿੰਦੇ ਨੇ, ਗਿਣਤੀ ਦੇ ਕੁਝ ਸ਼ਾਇਰ ਨੇ
ਨਜ਼ਰਾਂ ਵਾਲ਼ੀਆਂ ਅੱਖਾਂ ਵਿਚ ਜੋ ਹਰ ਪਲ ਜਗਦੇ ਰਹਿੰਦੇ ਨੇ, ਗਿਣਤੀ ਦੇ ਕੁਝ ਸ਼ਾਇਰ ਨੇ।

ਗੋਰਖ਼, ਬੁੱਲੇ, ਸ਼ਾਹ ਹੁਸੈਨ, ਨਾਮੇ, ਕਬੀਰ, ਰਵਿਦਾਸ, ਫ਼ਰੀਦ ਤੇ ਨਾਨਕ ਸ਼ਬਦ ਸਵਾਰੇ ਨੇ
ਵਾਰਿਸ ਜਿਹੇ ਵਿਰਸੇ ਦੇ ਵਾਰਿਸ ਜੋ ’ਵਾਵਾਂ ਸੰਗ ਵਹਿੰਦੇ ਨੇ, ਗਿਣਤੀ ਦੇ ਕੁਝ ਸ਼ਾਇਰ ਨੇ।

ਤੂੰ ਮੈਂ ਜਦ ਵੀ ਮਿਲ਼ਦੇ ਹਾਂ, ਇਕ ਦੂਜੇ ਦੇ ਗਲ਼ ਲਗਕੇ, ਆਪਣੇ ਦੁੱਖ ਹੀ ਰੋਂਦੇ ਹਾਂ
ਵਿਰਵੇ ਵਾਂਝੇ ਜੱਗ ਦੀ ਪੀੜਾ ਜਿਹੜੇ ਸੁਣਦੇ ਨੇ, ਗਿਣਤੀ ਦੇ ਕੁਝ ਸ਼ਾਇਰ ਨੇ।

ਚੇਤਿਆਂ ਦੇ ਵਿਚ ਵਸ ਜਾਣਾ ਸਦਾ ਹੀ ਨਜ਼ਰਾਂ ਵਿਚ ਰਹਿਣਾ, ਕੌਣ ਨਹੀਂ ਚਾਹੁੰਦਾ ਐਪਰ
ਬੋਲ ਜਿਨਾਂ ਦੇ ਹਰ ਇਕ ਦੇ ਬੁੱਲਾਂ ’ਤੇ ਸਦਾ ਹੀ ਰਹਿੰਦੇ ਨੇ, ਗਿਣਤੀ ਦੇ ਕੁਝ ਸ਼ਾਇਰ ਨੇ।

ਸੁਆਰਥ ਹਉਮੈਂ ਸਨਮਾਨਾਂ ਲਈ ਤਲ਼ੀਆਂ ਚੱਟਦੇ ਫ਼ਿਰਦੇ ਜੋ, ਭਾਟੜਿਆਂ ਦੀ ਕਮੀ ਨਹੀਂ,
ਪੈਰਾਂ ਸੰਗ ਜੋ ਤੁਰਦੇ ਨੇ, ਹੱਥਾਂ ਦਾ ਹੱਥ ਵਟਾਉਂਦੇ ਨੇ, ਗਿਣਤੀ ਦੇ ਕੁਝ ਸ਼ਾਇਰ ਨੇ।

ਆਥਣ-ਉਗਣ ਜੋ ਸ਼ਬਦਾਂ ਦੀ ਛਾਵੇਂ ਉਠਦੇ ਬਹਿੰਦੇ ਨੇ, ਗਿਣਤੀ ਦੇ ਕੁਝ ਸ਼ਾਇਰ ਨੇ
ਨਜ਼ਰਾਂ ਵਾਲ਼ੀਆਂ ਅੱਖਾਂ ਵਿਚ ਜੋ ਹਰ ਪਲ ਜਗਦੇ ਰਹਿੰਦੇ ਨੇ, ਗਿਣਤੀ ਦੇ ਕੁਝ ਸ਼ਾਇਰ ਨੇ।



"ਸ਼ਬਦ ਸਾਂਝ" ਦਾ ਇਹ ਅੰਕ ਸਾਡੇ ਹਰਮਨ ਪਿਆਰੇ
ਡਾ.ਅਸ਼ੋਕ ਦੀ ਯਾਦ ਨੂੰ ਸਮਰਪਿਤ ਹੈ
ਜੋ ਮਿਤੀ 10.08.09 ਨੂੰ ਸਦੀਵੀ ਵਿਛੋੜਾ ਦੇ ਗਏ



ਫ਼ਰੀਦਾ ਦਰਿਆ ਕੰਢੈ ਬਗਲਾ ਬੈਠਾ ਕੇਲ ਕਰੇ
ਕੇਲ ਕਰੇਂਦੇ ਹੰਝ ਨੋ ਅਚਿੰਤੇ ਬਾਜ ਪਏ ।।
-- ਬਾਬਾ ਸ਼ੇਖ਼ ਫ਼ਰੀਦ ਜੀ ।


ਕਲਾਮ ਬਾਬਾ ਬੁੱਲ੍ਹੇ ਸ਼ਾਹ ਜੀ

ਇਕ ਹੱਸ ਹੱਸ ਗੱਲਾਂ ਕਰਦੀਆਂ, ਇਕ ਰੋਂਦੀਆਂ ਧੋਂਦੀਆਂ ਮਰਦੀਆਂ
ਕਹੋ ਫੁੱਲ ਬਸੰਤੀ ਬਹਾਰ ਨੂੰ, ਦਿਲ ਲੋਚੇ ਮਾਹੀ ਯਾਰ ਨੂੰ

ਮੈਂ ਨਾਤ੍ਹੀ ਧੋਤੀ ਰਹਿ ਗਈ, ਇਕ ਗੰਢ ਮਾਹੀ ਦਿਲ ਬਹਿ ਗਈ
ਭਾ ਲਈਏ ਹਾਰ ਸਿ਼ੰਗਾਰ ਨੂੰ, ਦਿਲ ਲੋਚੇ ਮਾਹੀ ਯਾਰ ਨੂੰ

ਮੈਂ ਕਮਲ਼ੀ ਕੀਤੀ ਦੂਤੀਆਂ, ਦੁੱਖ ਘੇਰ ਚੁਫੇਰੇ ਲੀਤੀਆਂ
ਘਰ ਆ ਮਾਹੀ ਦੀਦਾਰ ਨੂੰ, ਦਿਲ ਲੋਚੇ ਮਾਹੀ ਯਾਰ ਨੂੰ

ਬੁੱਲ੍ਹਾ ਸ਼ੁਹ ਮੇਰੇ ਘਰ ਆਇਆ, ਮੈਂ ਘੁੱਟ ਰਾਂਝਣ ਗਲ਼ ਲਾਇਆ
ਦੁੱਖ ਗਏ ਸਮੁੰਦਰ ਪਾਰ ਨੂੰ, ਦਿਲ ਲੋਚੇ ਮਾਹੀ ਯਾਰ ਨੂੰ




ਡਾ. ਅਸ਼ੋਕ ਕੁਮਾਰ



“ਮਰ ਕੇ ਵੀ ਜ਼ਰਖੇ਼ਜ਼ ਦਿਲਾਂ ਦੀ ਮਿੱਟੀ ਦੇ ਵਿਚ ਉੱਗ ਪਿਆ ਹਾਂ
ਭੋਰਾ ਸੱਚ ਨਹੀਂ ਹੈ ਮੇਰੀ ਮੌਤ ਦੀਆਂ ਅਫ਼ਵਾਹਾਂ ਅੰਦਰ “
--ਜਸਵਿੰਦਰ

ਇੱਕ ਦੀਪਕ ਜਿਸ ਨੂੰ ਹਨ੍ਹੇਰਾ ਨਿਗਲ਼ ਗਿਆ.......... ਲੇਖ਼ / ਸੁਨੀਲ ਚੰਦਿਆਣਵੀ

ਇਹ ਕੋਈ ਵੇਲ਼ਾ ਸੀ ਉਸ ਦੇ ਜਾਣ ਦਾ...??? ਅਜੇ ਤਾਂ ਉਸਦੀ ਨਵ ਵਿਆਹੁਤਾ ਦੇ ਚੂੜੇ ਦਾ ਰੰਗ ਵੀ ਫਿੱਕਾ ਨਹੀਂ ਸੀ ਪਿਆ... ਅਜੇ ਤਾਂ ਉਸਦੀ ਮਹਿੰਦੀ ਦੀ ਖੁਸ਼ਬੋ ਨਹੀਂ ਸੀ ਮੁੱਕੀ... ਉਸਦੇ ਚਾਵਾਂ ਸੱਧਰਾਂ ਦੀ ਗਠੜੀ ਨਹੀਂ ਸੀ ਖੁੱਲ੍ਹੀ... ਅਜੇ ਤਾਂ ਉਸ ਨਵ-ਵਿਆਹੁਤਾ ਨੇ ਉਸਨੂੰ ਜੀਅ ਭਰ ਕੇ ਤੱਕਿਆ ਵੀ ਨਹੀਂ ਸੀ। ਅਜੇ ਤਾਂ ਉਸ ਦੇ ਵਿਆਹ ਦੇ ਚਾਵਾਂ ਤੇ ਖੁਸ਼ੀਆਂ ਵੀ ਨਹੀਂ ਸਨ ਮੁੱਕੀਆਂ...ਅਜੇ ਤਾਂ ਮਾਂ-ਬਾਪ ਨੇ ਸਜਾਏ ਸੁਪਨਿਆਂ ਦੇ ਵਿਹੜੇ ਕਦਮ ਵੀ ਨਹੀਂ ਸੀ ਧਰਿਆ... ਅਜੇ ਤਾਂ ਪਰਿਵਾਰ ਦੀਆਂ ਆਸਾਂ ਦੇ ਇਸ ਬੂਟੇ ਨੇ ਛਾਂ ਦੇਣੀ ਸ਼ਰੂ ਕਰਨੀ ਸੀ... ਅਜੇ ਤਾਂ ਦਾਦੀ ਨੇ ਉਸ ‘ਚੋਂ ਆਪਣੀਆਂ ਜਵਾਨੀ ‘ਚ ਗੁਆਚੀਆਂ ਖੁਸ਼ਆਂ ਲੱਭਣੀਆਂ ਸਨ... ਅਜੇ ਤਾਂ ਭਰਾਵਾਂ ਨੇ ਉਸ ‘ਚੋਂ ਅਪਣੇ ਭਵਿੱਖ ਦੇ ਨਜ਼ਾਰੇ ਤੱਕਣੇ ਸਨ...ਅਜੇ ਤਾਂ ਸਮਾਜ ਨੂੰ ਉਸ ਨੇ ਬੜਾ ਕੁਝ ਦੇਣਾ ਸੀ... ਅਜੇ ਤਾਂ ਪਿੰਡ ਵਾਸੀਆਂ ਦਾ ਸੀਨਾ ਮਾਣ ਨਾਲ਼ ਹੋਰ ਫੁੱਲਣਾ ਸੀ... ਅਜੇ ਤਾਂ ਪਤਾ ਨਹੀਂ ਹੋਰ ਕਿੰਨੇ ਹੀ ਬਿਖਰੇ ਘਰਾਂ ਨੂੰ ਉਸਨੇ ਰੌਣਕ ਬਖ਼ਸ਼ਣੀ ਸੀ... ਅਜੇ ਤਾਂ ਪਤਾ ਨਹੀਂ ਕਿੰਨੇ ਹੀ ਖੁ਼ਦਕਸ਼ੀ ਕਰਨ ਜਾ ਰਹਿਆਂ ਨੂੰ ਉਸਨੇ ਜਿ਼ੰਦਗੀ ਦੇ ਜਸ਼ਨ ਬਖਸ਼ਣੇ ਸਨ...ਅਜੇ ਤਾਂ ਉਸਨੇ ਸਾਇੰਸ ਦੇ ਅੰਬਰ ‘ਤੇ ਸਿਤਾਰਾ ਬਣ ਦੇਸ਼ ਵਿਦੇਸ਼ ‘ਚ ਧਰੂ ਵਾਂਗ ਚਮਕਣਾ ਸੀ... ਅਜੇ ਤਾਂ ਇਸ ਲਾਟ ਨੇ ਭਾਂਬੜ ਬਣ ਫਿ਼ਜ਼ਾ ਨੂੰ ਰੁਸ਼ਨਾਉਣਾ ਅਤੇ ਗਰਮਾਉਣਾ ਸੀ... ਅਜੇ ਤਾਂ ਪਤਾ ਨਹੀਂ ਇਸ ਭਰ ਵਗਦੇ ਦਰਿਆ ਨੇ ਕਿੰਨੇ ਹੀ ਥਲਾਂ ਨੂੰ ਤਰ ਕਰਨਾ ਸੀ, ਕਿੰਨੇ ਜੀਵਾਂ ਦੀ ਪਿਆਸ ਬੁਝਾਉਣੀ ਸੀ, ਕਿੰਨੀਆਂ ਨਜ਼ਰਾਂ ਨੂੰ ਸਕੂਨ ਦੇਣਾ ਸੀ, ਤੇ ਕਿੰਨੇ ਦਿਲਾਂ ਨੂੰ ਹੁਲਾਸ ਦੇਣਾ ਸੀ, ਤੇ ਕਿੰਨੇ ਹੋਰ ਦਰਿਆ ਪੈਦਾ ਕਰਨੇ ਸਨ ਤੇ ਕਿੰਨੀ ਵਿਸ਼ਾਲਤਾ ਹਾਸਲ ਕਰਨੀ ਸੀ, ਤੇ... ਤੇ....
ਭਾਵੇਂ ਪਤੈ ਕਿ ਉਹ ਮੁਸਕੁਰਾਹਟ ਫਿਰ ਨਹੀਂ ਮਾਣੀ ਜਾਣੀ, ਪਰ ਨਜ਼ਰ ਬੇਤਾਬ ਹੈ ... ਭਾਵੇਂ ਪਤੈ ਕਿ ਉਹ ਰਸੀਲੇ ਬੋਲ ਹੁਣ ਨਹੀਂ ਮਿਲਣੇ ਸੁਣਨ ਨੂੰ, ਪਰ ਕੰਨ ਬੇਚੈਨ ਨੇ … ਭਾਵੇਂ ਪਤੈ ਕਿ ਉੇਹ ਨਿੱਘ ਤੇ ਖਿੱਚ ਭਰੀ ਗਲਵਕੜੀ ਫਿਰ ਕਦੇ ਨਹੀਂ ਮਿਲਣੀ, ਪਰ ਬਾਹਾਂ ਤਾਂਘ ‘ਚ ਨੇ… ਭਾਵੇਂ ਪਤੈ ਕਿ ਉਹ ਦਿਲ ‘ਚ ਤਰੰਗ ਪੈਦਾ ਕਰਨ ਵਾਲ਼ੀ ਹੱਥ ਘੁੱਟਣੀ ਨਹੀਂ ਮਿਲਣੀ,ਪਰ ਹੱਥ ਤਰਸਦੇ ਨੇ…ਭਾਵੇਂ ਪਤੈ ਕਿ ਉਹ ਮਸਤ ਤੇ ਦਿਲ ਟੁੰਬਣੀ ਤੋਰ ਨਹੀਂ ਦਿਸਣੀ, ਪਰ ਰਾਹ ਉਤਸੁਕਤ ਨੇ…ਭਾਵੇਂ ਪਤੈ ਕਿ ਉਹ ਹਾਸੇ ਦੀ ਟੁਣਕਾਰ ਤੇ ਬੋਲਾਂ ਦੀ ਮਹਿਕ ਨਹੀਂ ਮਿਲਣੀ, ਮਹਿਫਿ਼ਲਾਂ ਇੰਤਜ਼ਾਰ ‘ਚ ਨੇ… ਭਾਵੇਂ ਪਤੈ ਕਿ ਉਸਦੀ ਮਸਤੀ, ਹਾਸਾ, ਰੌਣਕ ਨਹੀਂ ਮਿਲਣੀ ਪਰ ਘਰ ਦੀਆਂ ਕੰਧਾਂ ਤਾਂਘਦੀਆਂ ਨੇ… ਭਾਵੇਂ ਪਤੈ ਕਿ ਉਸ ਹੁਣ ਕਿਸੇ ਸਵਾਲ ਦਾ ਜਵਾਬ ਨਹੀਂ ਦੇਣਾ, ਪਰ ਜ਼ਹਿਨ ‘ਚ ਵਾਰ ਸਵਾਲ ਉਠਦੇ ਨੇ…ਭਾਵੇਂ ਪਤੈ ਕਿ ਉਸ ਕਦੇ ਫੋਨ ਅਟੈਂਡ ਨਹੀਂ ਕਰਨਾ,ਪਰ ਵਾਰ ਵਾਰ ਹੱਥ ਫੋਨ ਵੱਲ ਜਾ ਰਹੇ ਨੇ… ਭਾਵੇਂ ਪਤੈ ਕਿ ਉਸ ਦਾ ਆਉਣਾ ਝੂਠ ਹੈ, ਪਰ ਜ਼ੁਬਾਨ ਨਿੱਤ ਵਾਜ ਮਾਰੇ ਬਿਨਾ ਨਹੀਂ ਰਹਿੰਦੀ…
ਜਿ਼ੰਦਗੀ ਨੂੰ ਮਾਣਨ ਦਾ ਚਾਅ ਉਸਦੇ ਰੋਮ-ਰੋਮ ਵਿਚ ਰਕਸ ਕਰਦਾ ਸੀ। ਹਰ ਦਿਨ, ਹਰ ਪਲ ਉਸ ਲਈ ਤਾਜ਼ਾ,ਨਵਾਂ ਤੇ ਉਤਸ਼ਾਹ ਭਰਪੂਰ ਸੀ। ਮਨੁੱਖਤਾ ਲਈ ਉਸ ਅੰਦਰ ਅਥਾਹ ਪਿਆਰ ਦਾ ਚਸ਼ਮਾ ਨਿਰੰਤਰ ਭਰ-ਭਰ ਵਗਦਾ ਸੀ। ਬਨਸਪਤੀ ਅਤੇ ਆਲ਼ੇ-ਦੁਆਲ਼ੇ ਪ੍ਰਤੀ ਉਸ ਅੰਦਰ ਬੜਾ ਮੋਹ ਸੀ, ਤੇਹ ਸੀ। ਵਗਦੀ ਪੌਣ ਚੜ੍ਹਦਾ-ਡੁੱਬਦਾ ਸੂਰਜ, ਬਰਸਾਤ ਦੀ ਕਿਣਮਿਣ, ਚਹਿਚਹਾਉਂਦੇ ਪੰਛੀ, ਲਹਿਰਾਉਂਦੀਆਂ ਫਸਲਾਂ, ਪੰਛੀਆਂ ਦੀਆਂ ਡਾਰਾਂ, ਚਲਦੇ ਖੂਹ ਦੀ ਟਿਕਟਿਕ, ਬੱਚਿਆਂ ਦੇ ਹਾਸੇ, ਚੀਕਾਂ, ਨੱਚਣਾ, ਮਸਤੀ, ਪਾਣੀ ਦਾ ਵਗਣਾ, ਅਜਨਬੀਆਂ ਦਾ ਮਿਲਣਾ, ਰਾਤ ਦਾ ਹਨ੍ਹੇਰਾ, ਦਿਨ ਦਾ ਚਾਨਣ, ਧੁੱਪ-ਛਾਂ, ਵਾਹੇ ਜਾਂਦੇ ਖੇਤ ਦੀ ਮਿੱਟੀ ਦੀ ਖੁ਼ਸ਼ਬੋ ਉਸਨੂੰ ਅਚੇਤ ਜਾਂ ਸੁਚੇਤ ਰੂਪ ਵਿਚ ਆਕਰਸਿ਼ਤ ਕਰਦੇ, ਰੋਮਾਂਚਿਤ ਕਰਦੇ ਤੇ ਉਸ ਅੰਦਰ ਇਕ ਅਜੀਬ ਹੁਲਾਸ ਪੈਦਾ ਕਰਦੇ ਸਨ। ਕੁਦਰਤ ਦੀ ਹਰ ਕਰੀਏਸ਼ਨ ਉਸ ਨੂੰ ਅਦਭੁੱਤ ਲਗਦੀ ਤੇ ਆਪਣੇ ਵੱਲ ਨੂੰ ਖਿੱਚਦੀ।
ਉਹ ਇਕ ਅਜਿਹਾ ਵਪਾਰੀ ਜੋ ਕੁਦਰਤ ਦੇ ਹਰ ਜ਼ੱਰੇ ਚੋਂ ਕੁਝ ਨਾ ਕੁਝ ਲੈਂਦਾ ਅਤੇ ਹਰ ਜੀਵ ਅਤੇ ਬਨਸਪਤੀ ਨੂੰ ਕੁਝ ਨਾ ਕੁਝ ਦੇਣਾ ਲੋਚਦਾ। ਹਰ ਚਿਹਰੇ ਤੇ ਰੌਣਕ ਚਾਹੁੰਦਾ ਤੇ ਹਰ ਉਦਾਸ ਚਿਹਰਾ ਉਸਨੂੰ ਸੋਚਣ ਲਈ ਮਜਬੂਰ ਕਰ ਜਾਂਦਾ ਤੇ ਉਹ ਉਸਦਾ ਸਹਾਰਾ ਬਣਨ ਲਈ ਤੜਪ ਉਠਦਾ। ਉਦਾਸ ਖੜ੍ਹੇ ਬ੍ਰਿਖ ਵੀ ਉਸ ਨੂੰ ਤੜਫਾ ਜਾਂਦੇ। ਉਹ ਤਾਂ ਕਣ-ਕਣ ਨੂੰ ਹੱਸਦਾ, ਨੱਚਦਾ ਦੇਖਣਾ ਚਾਹੁੰਦਾ, ਉਹ ਤਾਂ ਚਾਰੇ ਪਾਸੇ ਸੁੰਦਰਤਾ ਹੀ ਸੁੰਦਰਤਾ ਵੇਖਣਾ ਲੋਚਦਾ... । ਜੀਵਨ ਦਾ ਬਹੁਤ ਹਿੱਸਾ ਉਸਨੇ ਚੁਫੇਰੇ ਨੂੰ ਅਤੇ ਲੋਕਾਈ ਨੂੰ ਹੋਰ ਸੁੰਦਰ ਬਣਾਉਣ ਹਿਤ ਲਗਾਇਆ ਵੀ...।
ਉਹ ਜਿਸ ਨੂੰ ਵੀ ਮਿਲਿਆ ਉਸਦੇ ਹੀ ਹਿਰਦੇ ਤੇ ਗਹਿਰੀ ਛਾਪ ਛੱਡਦਾ ਗਿਆ। ਉਹ ਜਿੱਥੇ ਜਿੱਥੇ ਗਿਆ ਤੇ ਜਿੱਥੇ ਜਿੱਥੇ ਰਿਹਾ ਅਨੇਕਾਂ ਹੀ ਗਹਿਰੀਆਂ ਦੋਸਤੀਆਂ ਦੇ ਮਹਿਲ ਉਸਾਰ ਆਇਆ, ਰਿਸ਼ਤੇ ਮੋਹ ਵਾਲ ੇਪਰਿਵਾਰਿਕ ਤੇ ਸਦੀਵੀ ਬਣਾ ਆਇਆ। ਅਨੇਕਾਂ ਸ਼ਹਿਰਾਂ ਵਿਚ ਉਸਦੇ ਅਨੇਕਾਂ ਜਾਨੋਂ ਪਿਆਰੇ ਦੋਸਤ ਉਸਨੂੰ ਦਿਲ ਜਾਨ ਤੋਂ ਚਾਹੁਣ ਵਾਲੇ਼ ਹਨ। ਬਹੁਤ ਸਾਰੇ ਦੋਸਤ ਅਤੇ ਬਹੁਤ ਹੋਰ ਲੋਕ ਉਸਨੂੰ ਆਪਣਾ ਮਾਰਗ ਦਰਸ਼ਕ ਮੰਨਦੇ ਹਨ। ਹਰ ਇਕ ਦੀ ਜਿੰ਼ਦਗੀ ਨੂੰ ਸ਼ਾਨਦਾਰ ਦੇਖਣ ਦੀ ਇੱਛਾ ਰੱਖਣ ਵਾਲ਼ਾ ਇਹ ਸ਼ਖਸ ਸੱਭ ਨੂੰ ਦਿਲੋਂ ਸੁਝਾਅ ਦਿੰਦਾ ਸੀ।
ਹਰ ਇਕ ਦੀ ਖੁਸੀ਼ ਅਤੇ ਹਰ ਇਕ ਦਾ ਭਲਾ ਚਾਹੁਣ ਵਾਲ਼ਾ ਇਹ ਸ਼ਖਸ ਜੋ ਲੋਕਾਈ ਸਮਾਜ ਅਤੇ ਦੇਸ਼ ਦੇ ਭਲੇ ਲਈ ਉਤਾਵਲਾ ਸੀ। ਜਿਸਨੇ ਕੈਂਸਰ ਵਰਗੀ ਬੀਮਾਰੀ ਤੇ ਖੋਜ ਕੀਤੀ ਅਤੇ ਆਉਣ ਵਾਲ਼ੇ ਦਿਨਾਂ ਵਿਚ ਸਾਇੰਸ ਅਤੇ ਸਮਾਜ ਦੇ ਖੇਤਰ ਵਿਚ ਵਡਮੁੱਲਾ ਯੋਗਦਾਨ ਪਾਉਣਾ ਸੀ, ਇਸ ਗੰਦੇ ਸਿਸਟਮ ਦੀ ਭੇਟ ਚੜ੍ਹ ਗਿਆ ਤੇ ਮਾਮੂਲੀ ਸ਼ਰਾਬੀਆਂ ਹਥੋਂ ਸੜਕ ਦੁਰਘਟਨਾ ਵਿਚ ਆਪਣੀ ਬੇਸ਼ਕੀਮਤੀ ਜਾਨ ਗੁਆ ਬੈਠਾ।
ਉਸਦੀ ਯਾਦ ਵਾਰ ਵਾਰ ਅੱਖਾਂ ਨੂੰ ਨਮ ਕਰ ਜਾਂਦੀ ਹੈ। ਵਾਰ ਵਾਰ ਦਿਲ ਤੜਪ ਉਠਦਾ ਹੈ ਉਸਨੂੰ ਘੜੀ ਭਰ ਦੇਖਣ ਨੂੰ। ਜਿਸ ਨਾਲ਼ ਗੱਲ ਕੀਤੇ ਬਿਨਾ ਦਿਹਾੜੀ ਨਹੀਂ ਸੀ ਲੰਘਦੀ ਹੁਣ ਉਮਰ ਲੰਘਾਉਣੀ ਪੈ ਰਹੀ ਹੈ। ਮੇਰੇ ਵਾਂਗ ਪਤਾ ਨਹੀਂ ਕਿੰਨੇ ਕੁ ਸੱਜਣ ਉਸ ਤੇ ਨਿਰਭਰ ਹੋ ਚੁੱਕੇ ਹੋਣਗੇ। ਚੜ੍ਹਦਾ ਸੂਰਜ ਉਸ ਦੀ ਯਾਦ ਦਿਲਾਉਂਦਾ ਏ, ਗਹਿਰੀ ਰਾਤ ਉਸ ਦਾ ਚੇਤਾ ਦਿਵਾਉਂਦੀ ਏ। ਉਸਦੀ ਯਾਦ ਸਾਡੇ ਕਦਮਾਂ ਨੂੰ ਤੇਜ਼ ਕਰੇਗੀ... ਉਸਦੀ ਯਾਦ ਸੋਚਾਂ ਵਿਚ ਉਜਾਲਾ ਭਰਦੀ ਰਹੇਗੀ...ਉਸਦੀ ਯਾਦ ਜਿ਼ੰਦਗੀ ਵਿਚ ਉਤਸ਼ਾਹ ਤੇ ਜਿ਼ੰਦਾਦਿਲੀ ਭਰਦੀ ਰਹੇਗੀ...ਉਸਦੀ ਯਾਦ ਪਲ ਪਲ ਸਾਡੇ ਨਾਲ਼ ਰਹੇਗੀ... ਉਸਦੀ ਯਾਦ ਅਮਰ ਰਹੇਗੀ... ਸਾਡਾ ਇਹ ਲਾਡਲਾ ਸਾਡੇ ਦਿਲਾਂ ਵਿਚ ਜਿ਼ੰਦਾ ਹੈ...ਹਮੇਸ਼ਾ ਲਈ ਅਮਰ ਹੈ...

ਇਕ ਕਲੀ ਜੋ ਖਿੜਨ ਤੋਂ ਪਹਿਲਾਂ ਮਸਲ ਦਿੱਤੀ ਗਈ.......... ਲੇਖ਼ / ਗੁਰਦਿਆਲ ਭੱਟੀ

ਕਾਲ਼ਜੇ ‘ਚੋਂ ਰੱਗ ਭਰਿਆ ਗਿਆ ਜਦੋਂ ਵੀਰ ਅਸ਼ੋਕ ਦੀ ਮੌਤ ਦੀ ਖ਼ਬਰ ਸੁਣੀ। ਅਸੋ਼ਕ ਭਾਵੇਂ ਡੀ.ਟੀ.ਐਫ. ਅਤੇ ਡੀ.ਈ.ਐਫ. ਦੇ ਸਰਗਰਮ ਵਰਕਰ ਅਤੇ ਕਵੀ ਸੁਨੀਲ ਚੰਦਿਆਣਵੀ ਦੇ ਛੋਟੇ ਵੀਰ ਸਨ । ਪਰ ਆਪਣੇ ਸੁਭਾਅ ਸਦਕਾ ਉਹ ਸੁਨੀਲ ਨਾਲੋ਼ ਵੀ ਵੱਧ ਆਪਣਾ ਲੱਗਦਾ ਸੀ। ਅਤਿਅੰਤ ਪਛੜੇ ਇਲਾਕੇ ਅਤੇ ਸਾਧਾਰਨ ਪਰਿਵਾਰ ਵਿਚੋਂ ਪੈਦਾ ਹੋ ਕੇ ਅਸ਼ੋਕ ਨੇ ਨਵਾਂ ਸ਼ਹਿਰ (ਸ਼ਹੀਦ ਭਗਤ ਸਿੰਘ ਨਗਰ) ਦੀ ਬਲਾਚੌਰ ਤਹਿਸੀਲ ਦੇ ਪਿੰਡ ਚੰਦਿਆਣੀ ਕਲਾਂ ਵਿਖੇ ਰਿਟਾਇਰਡ ਸੂਬੇਦਾਰ ਸ਼੍ਰੀ ਆਤਮਾ ਰਾਮ ਦੇ ਘਰ ਮਾਤਾ ਪਰਕਾਸ਼ ਦੇਵੀ ਦੀ ਕੁੱਖੋਂ 27.01.1977 ਨੂੰ ਜਨਮ ਲਿਆ। ਅਸ਼ੋਕ ਚਾਰ ਭੈਣਾਂ ਭਰਾਵਾਂ ਵਿਚੋਂ ਸੱਭ ਤੋਂ ਛੋਟਾ ਸੀ। ਉਸਨੇ ਪ੍ਰਾਇਮਰੀ ਤੱਕ ਵਿੱਦਿਆ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਤੋਂ ਪ੍ਰਾਪਤ ਕੀਤੀ । +2 ਜਵਾਹਰ ਨਵੋਦਿਆ ਵਿਦਿਆਲਿਆ ਪੋਜੇਵਾਲ਼ ਤੋਂ ਅਤੇ ਬੀ.ਐਸ.ਸੀ. ਸਾਇੰਸ ਕਾਲਜ ਜਗਰਾਓਂ ਤੋਂ ਪ੍ਰਾਪਤ ਕੀਤੀ। ਉਸ ਨੇ ਐਮ.ਐਸ.ਸੀ. ਗੁਰੂ ਨਾਨਕ ਦੇਵ ਯੂਨੀਵਰਸਟੀ, ਅੰਮ੍ਰਿਤਸਰ ਤੋਂ ਕੀਤੀ । ਇਸ ਤੋਂ ਬਾਦ ਅਸ਼ੋਕ ਨੇ ਪੰਜਾਬ ਯੂਨੀਵਰਸਟੀ ਚੰਡੀਗੜ੍ਹ ਤੋਂ ਪੀ.ਐਚ.ਡੀ (ਬਾਇਓ ਫਿਜਿ਼ਕਸ) ਕੀਤੀ। ਆਪਣੀ ਪੀ.ਐਚ.ਡੀ. ਦੌਰਾਨ ਕਲਕੱਤੇ ਦੀ ਇਕ ਸੁਹਿਰਦ ਲੜਕੀ ਸ਼ਾਉਲੀ ਨਾਲ ਜਿ਼ੰਦਗੀ ਦੀ ਸਾਂਝ ਸਥਾਪਤ ਕਰਨ ਦਾ ਫੈਸਲਾ ਕਰ ਲਿਆ। ਅਸ਼ੋਕ ਅਤੇ ਸ਼ਾਉਲੀ ਦਾ ਇਹ ਫੈਸਲਾ ਅਪਣੇ ਆਪ ਵਿਚ ਇਕ ਇਨਕਲਾਬੀ ਕਦਮ ਹੈ। ਆਪਣੀਆਂ ਸਾਰੀਆਂ ਗੈਰ ਵਿਗਿਆਨਕ ਅਤੇ ਗੈ਼ਰ ਸਮਾਜਿਕ ਸੀਮਾਵਾਂ ਨੂੰ ਤੋੜਦੇ ਹੋਏ ਸਿਰਫ ਆਪਸੀ ਸਮਝ ਦੇ ਆਧਾਰ ‘ਤੇ ਹੋਏ ਇਸ ਫੈਸਲੇ ਨੂੰ ਇਨਕਲਾਬੀ ਹੀ ਆਖਿਆ ਜਾ ਸਕਦਾ ਹੈ। ਸ਼ਾਉਲੀ ਇਕ ਗਜ਼ਟਿਡ ਅਫ਼ਸਰ ਦੀ ਧੀ ਹੋਣ ਦੇ ਬਾਵਜੂਦ ਅਸ਼ੋਕ ਵਰਗੇ ਸੁਹਿਰਦ ਅਤੇ ਈਮਾਨਦਾਰ ਮਨੁੱਖ ਦੀ ਜੀਵਨ ਸਾਥਣ ਬਣ ਗਈ ।
ਪਰ ਦਿਲ ਉਦੋਂ ਸੁੰਨ ਹੋ ਗਿਆ ਜਦੋ ਇਸ ਜੋੜੇ ਦੀ ਜਿ਼ੰਦਗੀ ਨੂੰ ਇਸ ਜ਼ਾਲਿਮ ਵਿਵਸਥਾ ਨੇ ਪੂਰ ਨਾ ਚੜ੍ਹਨ ਦਿੱਤਾ। 9 ਅਗਸਤ ਦੀ ਸ਼ਾਮ ਨੂੰ ਅਸ਼ੋਕ ਬਲਾਚੌਰ ਤੋਂ ਵਾਪਿਸ ਪਿੰਡ ਆ ਰਿਹਾ ਸੀ ਤਾਂ ਟਾਟਾ ਸੂਮੋ ‘ਤੇ ਸਵਾਰ ਤਿੰਨ ਦਰਿੰਦਿਆਂ ਨੇ ਸਾਡਾ ਇਹ ਹੀਰਾ ਦਰੜ ਦਿੱਤਾ । ਇਹ ਦਰਿੰਦੇ ਸਾਰੇ ਦਿਨ ਦੇ ਸ਼ਰਾਬੀ ਫਿਰਦੇ ਸਨ ਅਤੇ ਪਹਿਲਾਂ ਵੀ ਕਈਆਂ ਨਾਲ਼ ਐਕਸੀਡੈਂਟ ਹੁੰਦੇ ਹੁੰਦੇ ਬਚਿਆ ਸੀ। ਮੌਕਾ ਦੇਖਣ ਤੇ ਪਤਾ ਲੱਗਦਾ ਹੈ ਕਿ ਅਸ਼ੋਕ ਬਿਲਕੁਲ ਖੱਬੇ ਜਾ ਕੇ ਸੜਕ ਤੋਂ ਥੱਲੇ ਉਤਰ ਗਿਆ ਪਰ ਇਨ੍ਹਾਂ ਆਦਮਖੋਰਾਂ ਨੇ ਉਥੇ ਜਾ ਕੇ ਵੀ ਉਸਨੂੰ ਨਾ ਬਖਸਿ਼ਆ। ਇਸ ਮਨਹੂਸ ਖ਼ਬਰ ਨੇ ਸਾਰੇ ਇਲਾਕੇ ਨੂੰ ਸੁੰਨ ਕਰ ਦਿੱਤਾ । ਪਰਿਵਾਰ ਦੀਆਂ ਆਸਾਂ ਦਾ ਬੂਟਾ ਕੁਚਲ ਦਿੱਤਾ। ਸੁਨੀਲ ਚੰਦਿਆਣਵੀ ਜਿਸਨੇ ਅਸ਼ੋਕ ਨੂੰ ਅਪਣੀ ਜਿ਼ੰਦਗੀ ਦਾ ਉਦੇਸ਼ ਹੀ ਬਣਾ ਲਿਆ ਸੀ, ਦੀ ਜਿ਼ੰਦਗੀ ਉਦੇਸ਼ ਰਹਿਤ ਬਣ ਗਈ। ਅਸ਼ੋਕ ਸਾਰੇ ਭੈਣਾਂ ਭਰਾਵਾਂ, ਦੋਸਤਾਂ-ਮਿੱਤਰਾਂ ਨੂੰ ਦੁੱਖ ਦੇ ਡੂੰਘੇ ਸਮੁੰਦਰ ਵਿਚ ਸੁੱਟ ਗਿਆ। ਸ਼ਾਉਲੀ ਦੀਆਂ ਉਮੀਦਾਂ ਦਾ ਮਹਿਲ ਖੰਡਰ ਬਣ ਗਿਆ। ਸ਼ਾਉਲੀ ਨੂੰ ਆਪਣੀ ਜਿ਼ੰਦਗੀ ਨੂੰ ਦੁਬਾਰਾ ਸੁ਼ਰੂ ਕਰਨ ਲਈ ਉਸ ਹੌਸਲੇ ਦੀ ਲੋੜ ਪਵੇਗੀ ਜਿਸ ਹੌਸਲੇ ਨਾਲ਼ ਉਨ੍ਹਾਂ ਇਕੱਠੇ ਰਹਿਣ ਦਾ ਫੈਸਲਾ ਕੀਤਾ ਸੀ। ਉਨ੍ਹਾਂ ਸੁਪਨਿਆਂ ਲਈ ਜਿਉਣਾ ਪਏਗਾ ਜੋ ਇਕੱਠਿਆਂ ਨੇ ਲਏ ਸਨ ।
18 ਅਗਸਤ ਨੂੰ ਅਸ਼ੋਕ ਦੀ ਅੰਤਿਮ ਅਰਦਾਸ ਵਿਚ ਹਜ਼ਾਰਾਂ ਮਨੁੱਖਾਂ ਦਾ ਇਕੱਠ ਉਸਦੇ ਇਕ ਸਮਾਜਿਕ ਮਨੁੱਖ ਹੋਣ ਦੀ ਸ਼ਾਹਦੀ ਭਰਦਾ ਸੀ। ਉਸਦੀ ਅੰਤਿਮ ਅਰਦਾਸ ਵਿਚ ਅੰਤਰ-ਰਾਸ਼ਟਰੀ ਭੰਗੜਾ ਕੋਚ ਸ. ਗੁਰਚਰਨ ਸਿੰਘ (ਫ਼ਰੀਦਕੋੇਟ) ਨੇ ਦੱਸਿਆ ਕਿ ਅਸ਼ੋਕ ਵਿਚ ਬੰਦੇ ਨੂੰ ਮੋਹ ਲੈਣ ਦੀ ਅਥਾਹ ਸਮਰਥਾ ਸੀ। ਉਨ੍ਹਾਂ ਦੱਸਿਆ ਕਿ ਅਸ਼ੋਕ ਨੇ ਕੰਢੀ ਏਰੀਏ ਦੇ ਗਰੀਬ ਬੱਚਿਆਂ ਲਈ ਇਕ ਵਿਦਿਅਕ ਸੁਸਾਇਟੀ ਬਣਾਈ ਸੀ। ਅਸ਼ੋਕ ਨੇ ਇਕ ਖੂਨਦਾਨ ਸੁਸਾਇਟੀ ਵੀ ਬਣਾਈ ਸੀ ਜਿਥੇ ਹਰ ਵਰਗ ਦੇ ਖੁਨ ਮਿਲਣ ਦੀ ਵਿਵਸਥਾ ਕਰ ਰਿਹਾ ਸੀ। ਡੀ.ਟੀ.ਐਫ. ਦੇ ਸੂਬਾ ਪ੍ਰਧਾਨ ਸਾਥੀ ਭੁਪਿੰਦਰ ਸਿੰਘ ਵੜੈਚ ਨੇ ਅਸ਼ੋਕ ਨੂੰ ਸ਼ਰਧਾਂਜਲੀ ਅਰਪਨ ਕਰਦੇ ਹੋਏ ਦੱਸਿਆ ਕਿ ਅਸ਼ੋਕ ਸਾਡਾ ‘ਆਪਣਾ’ ਹੋਣ ਕਰਕੇ ਅਸੀਂ ਦੁੱਖ ਦੇ ਸਮੁੰਦਰ ਵਿਚ ਡੁੱਬੇ ਹੋਏ ਹਾਂ । ਪਰ ਸੈਂਕੜੇ ਅਜਿਹੇ ਹੀਰੋ ਇਹ ਜ਼ਾਲਿਮ ਢਾਂਚਾ ਸਾਥੋਂ ਰੋਜ਼ਾਨਾ ਖੋਹ ਰਿਹਾ ਹੈ। ਇਥੇ ਹਰ ਰੋਜ਼ ਹਜ਼ਾਰਾਂ ਦਰਿੰਦੇ ਬਿਨਾਂ ਲੋੜ ਤੋਂ ਸਿਰਫ਼ ਐਸ਼ ਪ੍ਰਸਤੀ ਲਈ ਮੋਟਰ ਕਾਰਾਂ ਭਜਾਈ ਫਿਰਦੇ ਹਨ। ਉਨ੍ਹਾਂ ਅਸ਼ੋਕ ਦੇ ਕਾਤਲਾਂ ਦੀ ਉਦਾਹਰਨ ਦਿੰਦੇ ਹੋਏ ਕਿਹਾ ਕਿ ਇਥੋਂ ਦੀ ਪੁਲਿਸ ਦੋਸੀ਼ਆਂ ਨੂੰ ਫੜਨ ਵਿਚ ਆਨਾਕਾਨੀ ਕਰ ਰਹੀ ਹੈ। ਇੱਥੋਂ ਦੇ ਭ੍ਰਿਸ਼ਟ ਰਾਜਨੀਤਕ ਆਗੂ ਆਪਣਾ ਵੋਟ ਬੈਂਕ ਪੱਕਾ ਕਰਨ ਲਈ ਅਸ਼ੋਕ ਦੇ ਕਾਤਲਾਂ ਵਾਂਗ ਹੀ ਹਰ ਥਾਂ ਕਾਤਲਾਂ ਦੀ ਮੱਦਦ ਕਰਦੇ ਹਨ। ਸਾਥੀ ਵੜੈਚ ਨੇ ਕਿਹਾ ਕਿ ਅਸ਼ੋਕ ਦੀ ਮੌਤ ਨੂੰ ਸਿਰਫ਼ ਭਾਣਾ ਜਾਂ ਸਵਾਸਾਂ ਦੀ ਪੂੰਜੀ ਨਹੀਂ ਮੰਨਿਆ ਜਾ ਸਕਦਾ। ਇਹ ਸਾਧਾਰਨ ਮੌਤ ਨਹੀਂ ਸਗੋਂ ਲੁਟੇਰੇ ਢਾਂਚੇ ਵਲੋਂ ਕੀਤਾ ਗਿਆ ਇਕ ‘ਕਤਲ’ ਹੈ। ਸਾਥੀ ਵੜੈਚ ਨੈ ਦੱਸਿਆ ਕਿ 12 ਸਤੰਬਰ ਨੂੰ ਅਸ਼ੋਕ ਨੇ ਜਰਮਨੀ ਜਾਣਾ ਸੀ ਜਿਥੇ ਉਸਨੇ ਕੈਂਸਰ ਵਰਗੀ ਨਾ-ਮੁਰਾਦ ਬੀਮਾਰੀ ਸਬੰਧੀ ਕਾਨਫਰੰਸ ‘ਤੇ ਉਸਨੇ ਆਪਣਾ ਖੋਜ ਪੱਤਰ ਪੜ੍ਹਨਾ ਸੀ। ਅਸ਼ੋਕ ਦੀ ਮੌਤ ਤੋਂ ਤਿੰਨ ਦਿਨ ਬਾਅਦ ਹੀ ਉਸਨੂੰ ਯੂ.ਐਸ. ਤੋਂ ਅਜਿਹਾ ਹੀ ਇਕ ਬੁਲਾਵਾ ਆਇਆ ਸੀ। ਉਨ੍ਹਾਂ ਸੱਦਾ ਦਿੱਤਾ ਕਿ ਅਸ਼ੋਕ ਦੇ ਸੁਪਨਿਆਂ ਦਾ ਸਮਾਜ ਸਿਰਜਣ ਲਈ ਆਉ ਇਕੱਠੇ ਹੋਈਏ ਅਤੇ ਇਸ ਜ਼ਾਲਿਮ ਢਾਂਚੇ ਨੂੰ ਬਦਲੀਏ।



ਦੁਰਘਟਨਾਵਾਂ ਤੇ ਜਜ਼ਬਾਤ.......... ਲੇਖ਼ / ਰਿਸ਼ੀ ਗੁਲਾਟੀ, ਆਸਟ੍ਰੇਲੀਆ

ਅਚਾਨਕ ਮੈਨੂੰ ਆਸਟ੍ਰੇਲੀਆ ਦੇ ਟ੍ਰੈਫਿਕ ਦੇ ਨਿਯਮ ਬੜੇ ਪਿਆਰੇ ਜਾਪਣ ਲੱਗ ਪਏ ਨੇ । ਹੁਣ ਤੱਕ ਇਸੇ ਲਈ ਅੰਦਰੋ-ਅੰਦਰੀ ਕੁੜਦਾ ਰਿਹਾ ਕਿ 1000 ਡਾਲਰ ਭਾਵ ਕਰੀਬ ਪੈਂਤੀ-ਚਾਲੀ ਹਜ਼ਾਰ ਰੁਪਏ ਕੇਵਲ ਕਾਰ ਚਲਾਉਣ ਦੀ ਟ੍ਰੇਨਿੰਗ ਆਦਿ ਤੇ ਖ਼ਰਚ ਕਰਨ ਦੇ ਬਾਵਜੂਦ ਮੇਰਾ ਲਾਇਸੈਂਸ ਨਹੀਂ ਬਣਿਆ । ਏਨਾ ਕੁ ਸਖ਼ਤ ਕਾਨੂੰਨ ਹੈ ਕਿ ਜ਼ਰਾ ਜਿੰਨੀ ਗਲਤੀ ਹੋਣ ਤੇ ਟਿਕਟ (ਜੁਰਮਾਨਾ ਪਰਚੀ) ਘਰ ਆ ਜਾਂਦੀ ਹੈ । ਦੁਰਘਟਨਾਵਾਂ ਦੀ ਗਿਣਤੀ ਭਾਰਤ ਦੇ ਮੁਕਾਬਲੇ ਗਿਣਤੀ ‘ਚ ਹੀ ਨਹੀਂ ਆਉਂਦੀ । ਦਸਾਂ ਮਹੀਨਿਆਂ ‘ਚ ਇੱਕ ਵੀ ਅਜਿਹੀ ਦੁਰਘਟਨਾ ਬਾਰੇ ਨਹੀਂ ਪੜ੍ਹਿਆ/ਸੁਣਿਆ ਕਿ ਕਿਸੇ ਦੀ ਮੌਤ ਹੋਈ ਹੋਵੇ । ਅਜਿਹਾ ਨਹੀਂ ਹੈ ਕਿ ਹਰ ਜਗ੍ਹਾ ਪੁਲਿਸ ਮੁਲਾਜ਼ਮ ਜਾਂ ਟ੍ਰੈਫਿਕ ਮਹਿਕਮੇ ਦੇ ਅਫ਼ਸਰ ਮੌਜੂਦ ਰਹਿੰਦੇ ਹੋਣ, ਆਮ ਜਨਤਾ ਹੀ ਆਪਣਾ ਇਤਨਾ ਕੁ ਫ਼ਰਜ਼ ਸਮਝਦੀ ਹੈ ਕਿ ਕਿਸੇ ਨੂੰ ਕੋਈ ਸਿ਼ਕਾਇਤ ਦਾ ਮੌਕਾ ਨਹੀਂ ਮਿਲਦਾ । ਅਫਸੋਸ ਇਸ ਗੱਲ ਦਾ ਹੈ ਕਿ ਸਾਡੇ ਵਤਨ ‘ਚ ਇਨ੍ਹਾਂ ਨਿਯਮਾਂ ਦੀ ਪਾਲਣਾ ਕਿਉਂ ਨਹੀਂ ਕੀਤੀ ਜਾਂਦੀ । ਪੰਜਾਬ ‘ਚ ਰਹਿੰਦਿਆਂ ਇਹ ਵੀ ਪਤਾ ਨਹੀਂ ਸੀ ਕਿ ਫਰੀਦਕੋਟੋਂ ਲੁਧਿਆਣੇ ਜਾਂ ਬਠਿੰਡੇ ਜਾਣ ਲਈ ਕਿੰਨੀ ਸਪੀਡ ਤੇ ਜਾਣਾ ਚਾਹੀਦਾ ਹੈ । ਹੁਣ ਵੀ ਨਹੀਂ ਪਤਾ, ਕਿਉਂ ਜੋ ਕਿਸੇ ਵੀ ਸੜਕ ਤੇ ਸਪੀਡ ਦੇ ਬੋਰਡ ਹੀ ਨਹੀਂ ਲੱਗੇ ਹੋਏ । ਕੋਈ ਪਤਾ ਨਹੀਂ ਸੜਕ ਤੇ ਚੱਲਦਿਆਂ ਕਦੋਂ ਕਿਹੜੇ ਪਾਸਿਓਂ ਕੀ ਸਾਹਮਣੇ ਆ ਜਾਵੇ । ਲਾਇਸੈਂਸ ਬਨਵਾਉਣ ਲਈ ਸੰਬੰਧਿਤ ਦਫ਼ਤਰ ਵੀ ਜਾਣ ਦੀ ਲੋੜ ਨਹੀਂ ਜਾਪਦੀ । ਹਰ ਸ਼ਹਿਰ ‘ਚ ਏਜੰਟ ਮੌਜੂਦ ਨੇ, ਸੌ-ਦੋ ਸੌ ਰੁਪਏ ਫਾਲਤੂ ਦਿਓ ਚਾਹੇ “ਰਾਕਟ” ਦਾ ਲਾਇਸੈਂਸ ਬਣਵਾ ਲਓ । ਪੰਦਰਾਂ-ਸੋਲਾਂ ਸਾਲਾਂ ਦੇ ਛੋਹਰ ਸਕੂਟਰ-ਮੋਟਰ ਸਾਇਕਲ ਚਲਾਈ ਫਿਰਦੇ ਨੇ, ਪਿੰਡਾਂ ‘ਚ ਟਰੈਕਟਰ ਘੁਕਾਈ ਫਿਰਦੇ ਨੇ । “ਟਾਰਗੈਟ” ਪੂਰੇ ਕਰਨ ਲਈ ਸਕੂਟਰ-ਮੋਟਰ ਸਾਇਕਲਾਂ ਦੇ ਚਲਾਨ ਕੱਟਣ ਲਈ ਹਰ ਗਲੀ ਦੀ ਨੁੱਕੜ ਤੇ ਅੱਠ ਜਣੇ ਖੜ੍ਹ ਜਾਂਦੇ ਨੇ । ਮੋਟਰਾਂ ਵਾਲੇ ਸਰਦਾਰਾਂ ਜਾਂ ਸ਼ਾਹੂਕਾਰਾਂ ਨੂੰ ਕੋਈ ਪੁੱਛਣ ਵਾਲਾ ਨਹੀਂ । ਟਰੱਕ-ਟਰਾਲੀਆਂ ਓਵਰ ਲੋਡ, ਕੀ ਸਾਰੀ ਸੜਕ ਘੇਰੀ ਜਾਂਦੀ ਟਰਾਲੀ ਜਾਂ ਟਰੱਕ ਕਿਸੇ ਨੂੰ ਨਜ਼ਰ ਨਹੀਂ ਆਉਂਦਾ ? ਇਹ ਨਹੀਂ ਕਿ ਇਨ੍ਹਾਂ ਗੱਲਾਂ ਜਾਂ ਬੇ-ਨਿਯਮੀਆਂ ਦਾ ਕਿਸੇ ਨੂੰ ਪਤਾ ਨਹੀਂ ਹੋਵੇਗਾ, ਰੌਲਾ ਤਾਂ ਬਿੱਲੀ ਦੇ ਗਲ਼ ਟੱਲੀ ਬੰਨਣ ਦਾ ਹੈ, ਕੌਣ ਬੰਨੇ ? ਜਾਪਦਾ ਹੈ, ਹਮਾਮ ‘ਚ ਸਾਰੇ ਨੰਗੇ ਨੇ ।

ਗੱਲ ਸ਼ੁਰੂ ਕੀਤੀ ਸੀ ਟ੍ਰੈਫਿਕ ਨਿਯਮ ਪਿਆਰੇ ਲੱਗਣ ਦੀ । ਕਾਰਣ ? ਐਕਸੀਡੈਂਟਾਂ ‘ਚ ਉੱਪਰੋ ਥੱਲੀ ਦੋ ਮੌਤਾਂ । ਉਂਝ ਤਾਂ ਵਤਨ ‘ਚ ਰੋਜ਼ ਹਜ਼ਾਰਾਂ ਮੌਤਾਂ ਹੁੰਦੀਆਂ ਨੇ ਪਰ ਇਸ ਵਾਰ ਸੇਕ ਆਪਣੇ ਹੱਡਾਂ ਨੂੰ ਲੱਗਣ ਕਰਕੇ ਤੜਪ ਕੁਝ ਜਿ਼ਆਦਾ ਹੀ ਮਹਿਸੂਸ ਹੋ ਰਹੀ ਹੈ । ਮੇਰੇ ਸ਼ਾਇਰ ਦੋਸਤ ਸੁਨੀਲ ਚੰਦਿਆਣਵੀ ਦਾ ਛੋਟਾ ਵੀਰ ਡਾਕਟਰ ਅਸ਼ੋਕ ਸੜਕ ਦੁਰਘਟਨਾ ‘ਚ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਿਆ । ਅਲਵਿਦਾ ਕਹਿ ਗਿਆ ਜਾਂ ਕਿਸੇ ਚੰਦਰੇ ਨੇ ਅਲਵਿਦਾ ਕਹਾ ਦਿੱਤਾ ? ਕਿਸੇ ਦੀ ਗ਼ਲਤੀ ਨੇ ਸਾਡੇ ਕੋਲੋਂ ਇੱਕ ਨਰਮ ਦਿਲ, ਸੂਝਵਾਨ ਤੇ ਇਨਸਾਨੀਅਤ ਨਾਲ਼ ਭਰਪੂਰ ਜਿੰਦਾਦਿਲ ਇਨਸਾਨ ਹਮੇਸ਼ਾ-ਹਮੇਸ਼ਾ ਲਈ ਖੋਹ ਲਿਆ । ਅਸੋ਼ਕ ਵਿੱਦਿਅਕ ਤੌਰ ਤੇ ਬਹੁਤ ਅਮੀਰ ਇਨਸਾਨ ਸੀ । ਉਸਨੇ ਪੰਜਾਬ ਯੂਨੀਵਰਸਟੀ ਚੰਡੀਗੜ੍ਹ ਤੋਂ ਬਾਇਓ ਫਿਜਿ਼ਕਸ ਵਿਸ਼ੇ ਵਿੱਚ ਪੀ.ਐਚ.ਡੀ. ਕੀਤੀ । ਸਮਾਜ ਨੂੰ ਸਾਇੰਸ ਦੇ ਖੇਤਰ ਵਿੱਚ ਅਸ਼ੋਕ ਤੋਂ ਬੜੀਆਂ ਉਮੀਦਾਂ ਸਨ । ਅਜੇ ਕੁਝ ਮਹੀਨੇ ਪਹਿਲਾਂ ਹੀ ਉਸਨੇ ਸ਼ਾਉਲੀ ਨੂੰ਼ ਆਪਣਾ ਜੀਵਨ ਸਾਥੀ ਚੁਣਿਆ ਸੀ ।

ਆਹ ਅਸ਼ੋਕ ! ਸ਼ਾਉਲੀ ਦੇ ਦਿਲ ਦਾ ਦਰਦ ਬਰਦਾਸ਼ਤ ਤੋਂ ਬਾਹਰ ਹੈ ਯਾਰ ! ਮੈਂ ਤਾਂ ਸੁਨੀਲ ਨੂੰ ਉਂਝ ਹੀ ਫੋਨ ਕੀਤਾ ਸੀ, ਪਰ ਤੇਰੇ ਜਾਣ ਦੀ ਮਨਹੂਸ ਖ਼ਬਰ ਨੇ ਅਤਿਅੰਤ ਦਰਦ ਦੇ ਸਾਗਰ ਵਿੱਚ ਡੁਬੋ ਦਿੱਤਾ । ਕੁਝ ਮਹੀਨੇ ਪਹਿਲਾਂ ਹੀ ਤਾਂ ਸੁਨੀਲ ਨੇ ਕਿੰਨੇ ਚਾਵਾਂ ਤੇ ਮਲ੍ਹਾਰਾਂ ਨਾਲ਼ ਤੇਰੇ ਵਿਆਹ ਦਾ ਹਾਲ ਫੋਨ ਤੇ ਦੱਸਿਆ ਸੀ,

“ਬੜਾ ਇੰਜੁਆਏ ਕੀਤਾ ਯਾਰ ! ਅਸੋ਼ਕ ਦੇ ਵਿਆਹ ‘ਤੇ, ਅੱਧੀ-ਅੱਧੀ ਰਾਤ ਤੱਕ ਮਹਿਫਿ਼ਲ ਲੱਗਦੀ ਰਹੀ । ਫ਼ਲਾਣਾ ਕਵੀ ਸੀ, ਫ਼ਲਾਣਾ ਗੀਤਕਾਰ ਸੀ, ਫ਼ਲਾਣਾ ਗਾਇਕ ਸੀ ।”

ਪਰ ਅੱਜ, ਅੱਜ ਤਾਂ ਸੁਨੀਲ ਤੋਂ ਗੱਲ ਵੀ ਨਹੀਂ ਸੀ ਹੋ ਰਹੀ । ਮੈਂ ਵੀ ਕੀ ਕਹਿੰਦਾ ? ਹੌਸਲਾ ਰੱਖ ! ਹੌਸਲਾ ਰੱਖ ਕਹਿਣਾ ਸੌਖਾ ਹੈ । ਜਦ ਅਸੀਂ ਲੋਕ ਸਮੁੰਦਰੋਂ ਪਾਰ ਬੈਠੇ ਤੜਪ ਰਹੇ ਹਾਂ, ਤਾਂ ਸੁਨੀਲ ਦੀ ਤਾਂ ਗੋਦ ਵਿੱਚ ਤੂੰ ਖੇਡਿਆ ਹੋਵੇਂਗਾ, ਉਸਨੂੰ ਕਿਦਾਂ ਕਹਾਂ, “ਸੁਨੀਲ ਹੌਸਲਾ ਰੱਖ” । ਜਿਸ ਦੌਰ ‘ਚੋਂ ਤੇਰਾ ਪਰਿਵਾਰ ਗੁਜ਼ਰ ਰਿਹਾ ਹੈ, ਅਜਿਹੇ ਸਮੇਂ ਦੀ ਕਲਪਨਾ ਕਰਨਾ ਵੀ ਅਤਿਅੰਤ ਦੁਖਦਾਈ ਹੈ । ਚਾਹੇ ਤੈਨੂੰ ਮਿਲਣ ਦਾ ਕਦੀ ਮੌਕਾ ਨਹੀਂ ਮਿਲਿਆ ਤੇ ਤੇਰੇ ਵਿਆਹ ਤੋਂ ਪਹਿਲਾਂ ਹੀ ਵਤਨੋਂ ਆ ਗਿਆ ਸੀ, ਪਰ ਆਪਣੇ ਦੋਸਤ ਦਾ ਦਰਦ ਮੈਨੂੰ ਬਹੁਤ ਤੜਪਾ ਰਿਹਾ ਹੈ ਯਾਰ ! ਆਪਣੀ ਕਲਪਨਾ ਵਿੱਚ ਦੇਖ ਰਿਹਾ ਹਾਂ ਕਿ ਨਿੱਕੇ ਹੁੰਦਿਆਂ ਤੂੰ ਤੇ ਸੁਨੀਲ ਮੰਜੇ ਤੇ ਲੇਟੇ ਨਿੱਕੀਆਂ ਨਿੱਕੀਆਂ ਗੱਲਾਂ ਕਰ ਰਹੇ ਹੋ । ਤੂੰ ਆਪਣੀ ਕਿਸੇ ਸ਼ਰਾਰਤ ਫੜੀ ਜਾਣ ਤੇ ਘਰ ਦਿਆਂ ਨੂੰ ਨਾ ਦੱਸਣ ਲਈ ਸੁਨੀਲ ਨੂੰ ਵਾਰ-ਵਾਰ ਕਹਿ ਰਿਹਾ ਹੈਂ, ਦੱਸਣਾ ਉਸ ਵੀ ਨਹੀਂ, ਪਰ ਸ਼ਰਾਰਤੀ ਮੁਸਕਾਨ ਨਾਲ਼ ਉਹ ਤੈਨੂੰ ਡਰਾ ਰਿਹਾ ਹੈ, ਤੂੰ ਡਰ ਰਿਹਾ ਹੈਂ ।

ਸਾਰੇ ਭਰਾ ਅਜਿਹੇ ਹੀ ਹੁੰਦੇ ਨੇ । ਜੇ ਕਿਸੇ ਨੂੰ ਫੁੱਲ ਦੀ ਵੀ ਲੱਗ ਜਾਵੇ ਤਾਂ ਬੜਾ ਦਰਦ ਹੁੰਦਾ ਹੈ । ਕੁਝ ਸਾਲ ਪਹਿਲਾਂ ਮੇਰਾ ਛੋਟਾ ਭਾਈ ਪ੍ਰੇਮ ਵੀ ਸੜਕ ਦੁਰਘਟਨਾ ‘ਚ ਆਪਣੀ ਸੱਜੀ ਅੱਖ ਦੀ ਰੋਸ਼ਨੀ ਗੁਆ ਬੈਠਾ । ਉਸਦੇ ਦਰਦ ਨੂੰ ਅਜੇ ਅੰਦਰੋ-ਅੰਦਰੀ ਹੰਢਾ ਰਿਹਾ ਸਾਂ ਕਿ ਫਰੀਦਕੋਟ ਵੱਡੇ ਭਰਾਵਾਂ ਵਰਗੇ ਦੋਸਤ ਸੁਰਿੰਦਰ ਭਾਰਤੀ ਤਿਵਾੜੀ ਦਾ ਚੜ੍ਹਦੀ ਉਮਰ ਦਾ ਪੁੱਤਰ ਤਰੁਣ ਭਾਰਤੀ ਸੜਕ ਦੁਰਘਟਨਾ ਵਿੱਚ ਚੱਲ ਵੱਸਿਆ । ਪੁੱਤਰ ਤਾਂ ਜੰਮਦੇ ਹੀ ਗੱਭਰੂ ਹੁੰਦੇ ਨੇ, ਤੇ ਤਰੁਣ ਦੇ ਪੈਰ ‘ਚ ਤਾਂ ਫਿਰ ਬਾਪ ਦੀ ਜੁੱਤੀ ਆਉਣ ਲੱਗ ਪਈ ਸੀ । ਕੀਕਣ ਭੁੱਲਾਂ, ਉਹਦੀ ਸ਼ਕਲ ਤੇ ਉਹਦੀਆਂ ਗੱਲਾਂ ? ਅਜੇ 10+2 ‘ਚ ਹੀ ਤਾਂ ਸੀ ਤੇ ਉਹ ਇੰਜੀਨੀਅਰ ਬਨਣ ਦੀ ਖੁਆਹਿਸ਼ ਰੱਖਦਾ ਸੀ । 16-17 ਸਾਲ ਦੀ ਉਮਰ ‘ਚ ਹੀ ਕੱਦ ਪੱਖੋਂ ਬਰਾਬਰ ਦਾ ਲੱਗਦਾ ਸੀ । ਅੱਜ ਤੱਕ ਉਸਦੇ ਦੁਨੀਆਂ ਤੋਂ ਜਾਣ ਦਾ ਵਿਸ਼ਵਾਸ ਨਹੀਂ ਹੋ ਰਿਹਾ, ਪਰ ਮੌਤ ਤਾਂ ਅਟੱਲ ਸਚਾਈ ਹੈ । ਅਜੇ ਕੁਝ ਵਰ੍ਹੇ ਪਹਿਲਾਂ ਹੀ ਤਾਂ ਉਸਦੇ ਮੰਮੀ ਕੈਂਸਰ ਦੀ ਨਾ-ਮੁਰਾਦ ਬਿਮਾਰੀ ਨਾਲ਼ ਸਭ ਨੂੰ ਵਿਲਕਦਾ ਛੱਡ ਗਏ ਸਨ । ਮੇਰਾ ਕਲੇਜਾ ਚਾਕ-ਚਾਕ ਹੋ ਗਿਆ, ਜਦ ਭਾਰਤੀ ਜੀ ਨੇ ਫੋਨ ਤੇ ਕਿਹਾ ਸੀ...“ਰਿਸ਼ੀ ਤੇਰੀ ਕਵਿਤਾ ਦੀਆਂ ਲਾਈਨਾਂ ਬਦਲਣੀਆਂ ਪੈਣਗੀਆਂ ।” ਜਦ ਮੈਡਮ (ਭਾਬੀ ਜੀ) ਦੁਨੀਆਂ ਤੋਂ ਗਏ ਸਨ ਤਾਂ ਭਾਰਤੀ ਜੀ ਦੀ ਸੋਚ ਬਾਰੇ ਲਿਖਿਆ ਸੀ...

“ਤਨੂੰ-ਵਨੂੰ ਜ਼ਿੰਦਗੀ ਦਾ ਸਿਖਰ ਛੋਹਣਗੇ, ਮੈਂ ਵਾਅਦਾ ਕਰਦਾ ਹਾਂ,
ਤੇਰੇ ਸੁਪਨੇ ਪੂਰੇ ਹੋਣਗੇ, ਮੈਂ ਵਾਅਦਾ ਕਰਦਾ ਹਾਂ”

ਭਾਰਤੀ ਜੀ ਕਹਿ ਰਹੇ ਸਨ ਕਿ ਉਹ ਤਨੂੰ (ਤਰੁਣ) ਨੂੰ ਜਿੰਦਗੀ ਦੀਆਂ ਉਚਾਈਆਂ ਤੇ ਕਿਦਾਂ ਪਹੁੰਚਾਉਣ, ਜਦ ਕਿ ਉਹ ਏਨੀ ਉਚਾਈ ਤੇ ਜਾ ਪੁੱਜਾ ਹੈ ਕਿ ਸਾਡੀ ਆਵਾਜ਼ ਦੀ ਸੀਮਾ ਤੋਂ ਬਾਹਰ ਜਾ ਚੁੱਕਾ ਹੈ । ਮੈਡਮ ਪਹਿਲਾਂ ਹੀ ਸਾਥ ਛੱਡ ਗਏ । ਸਭ ਨੇ ਹੌਸਲਾ ਦਿੱਤਾ “ਆਪਣੇ ਪੁੱਤਰਾਂ ਤਰੁਣ ਤੇ ਵਰੁਣ ਦੇ ਭਵਿੱਖ ਵੱਲ ਧਿਆਨ ਦਿਓ ।” ਭਾਰਤੀ ਜੀ ਨੇ ਕਲੇਜੇ ‘ਤੇ ਪੱਥਰ ਧਰ ਕੇ, ਆਪਣਾ ਦਰਦ ਦਿਲ ‘ਚ ਹੀ ਦਬਾ ਕੇ, ਦੋਹਾਂ ਦੇ ਭਵਿੱਖ ਨੂੰ ਸੰਵਾਰਣ ਨੂੰ ਹੀ ਆਪਣੀ ਜਿੰਦਗੀ ਦਾ ਨਿਸ਼ਾਨਾ ਬਣਾ ਲਿਆ । ਹੁਣ ਵੱਡੇ ਪੁੱਤਰ ਵਰੁਣ ਭਾਰਤੀ ਵੱਲੋਂ ਕੁਝ ਠੰਢਕ ਮਿਲਣ ਦੀ ਆਸ ਜਾਗੀ ਸੀ ਕਿ ਉਸਦੇ ਚਾਰਟਰਡ ਆਕਊਂਟੈਂਟ ਬਣਨ ‘ਚ ਥੋੜਾ ਹੀ ਸਮਾਂ ਰਹਿ ਗਿਆ ਤਾਂ ਇਹ ਭਾਣਾ ਵਰਤ ਗਿਆ । ਭਾਰਤੀ ਜੀ ਦੇ ਵਿਹੜੇ ‘ਚ ਚੰਦਰੀ ਮੌਤ ਦੀਆਂ ਪੈੜਾਂ ਸਾਲਾਂ ਬਾਅਦ ਮਸਾਂ ਧੁੰਦਲੀਆਂ ਪੈਣੀਆਂ ਸ਼ੁਰੂ ਹੋਈਆਂ ਸਨ ਕਿ ਮੁੜ..... । ਹੁਣ ਭਾਰਤੀ ਜੀ ਤੇ ਵਰੁਣ ਦੋਵੇਂ ਪਿਉ-ਪੁੱਤ ਇੱਕ ਦੂਜੇ ਤੋਂ ਲੁਕਾ ਕੇ ਖੂਨ ਦੇ ਹੰਝੂ ਰੋਂਦੇ ਨੇ, ਇੱਕ ਦੂਜੇ ਨੂੰ ਦਿਲਾਸਾ ਦਿੰਦੇ ਨੇ ਤੇ ਪਤਾ ਵੀ ਦੋਹਾਂ ਨੂੰ ਹੈ ਕਿ ਦਿਲਾਸੇ ਫੋਕੇ ਹਨ ।

ਜੋ ਕੋਈ ਵੀ ਸੜਕ ਤੇ ਚੱਲਦਾ ਹੈ, ਸੜਕ ਨੂੰ ਆਪਣੇ ਪਿਓ ਦਾਦੇ ਦੀ ਜਾਇਦਾਦ ਸਮਝ ਕੇ ਚੱਲਦਾ ਹੈ । ਕੀ ਕਹਿਣਾ ਜੇਕਰ 10-15 ਪ੍ਰਤੀਸ਼ਤ ਲੋਕਾਂ ਨੂੰ ਸੜਕ ਦੇ ਨਿਯਮਾਂ ਦੀ ਜਾਣਕਾਰੀ ਹੋਏ, ਨਹੀਂ ਤਾਂ ਜਿਸਨੂੰ ਗੇਅਰ ਪਾਉਣਾ ਤੇ ਰੇਸ ਨੱਪਣੀ ਆ ਗਈ, ਉਹੀ ਡਰਾਈਵਰ ਬਣ ਗਿਆ । ਏਨੀਆਂ ਕੁ ਦੁਰਘਟਨਾਵਾਂ ਰੋਜ਼ ਹੁੰਦੀਆਂ ਨੇ, ਜੇਕਰ ਸਭ ਖ਼ਬਰਾਂ ਛਪਣ ਲੱਗ ਪੈਣ ਤਾਂ ਅਖ਼ਬਾਰ ‘ਚ ਹੋਰ ਕੁਝ ਛਪੇਗਾ ਹੀ ਨਹੀਂ । ਦੁਰਘਟਨਾਵਾਂ ਦਾ ਜਿੰਮੇਵਾਰ ਕੌਣ ਹੈ ? ਉਹ ਲੋਕ, ਜੋ ਨਸ਼ੇ ‘ਚ ਟੁੱਲ ਹੋ ਕੇ ਡਰਾਈਵਿੰਗ ਕਰਦੇ ਨੇ ਜਾਂ ਪ੍ਰਸ਼ਾਸਨ ਜੋ ਕਿ ਅੱਖਾਂ ਤੇ ਪੱਟੀ ਬੰਨ੍ਹੀ, ਮੂਕ ਦਰਸ਼ਕ ਬਣਿਆ ਸਭ ਦੇਖ ਰਿਹਾ ਹੈ । ਦੁਰਘਟਨਾ ‘ਚ ਜਾਣ ਵਾਲੇ ਦਾ ਅਜੇ ਭੋਗ ਵੀ ਨਹੀਂ ਪਿਆ ਹੁੰਦਾ ਤੇ “ਕਾਤਲ” ਜ਼ਮਾਨਤ ਤੇ ਬਾਹਰ ਆ ਮੁੜ ਨਵੇਂ ਕਤਲ ਕਰਨ ਦੀ ਤਿਆਰੀ ‘ਚ ਹੁੰਦਾ ਹੈ । ਜੇਕਰ ਡਰਾਈਵਿੰਗ ਲਾਇਸੈਂਸ ਜ਼ਬਤ ਹੋ ਵੀ ਚੁੱਕਾ ਹੈ ਤਾਂ ਕੀ ਹੋਇਆ ? ਕਚਿਹਰੀ ‘ਚ ਬੈਠੇ ਏਜੰਟ ਕਿਹੜੇ ਮਰਜ਼ ਦੀ ਦਾਰੂ ਨੇ ? ਕਿਹੜਾ ਕਿਸੇ ਅਫ਼ਸਰ ਨੇ ਡਰਾਈਵਿੰਗ ਦਾ ਟੈਸਟ ਲੈਣਾ ਹੈ ? ਘਰ ਬੈਠੇ ਲਾਇਸੈਂਸ ਮੁੜ ਬਣ ਜਾਵੇਗਾ । ਪ੍ਰਸ਼ਾਸਨ ਨੂੰ ਤਾਂ ਇਹ ਸੁਆਲ ਕਰਨ ‘ਚ ਤਾਂ ਕੋਈ ਅਕਲਮੰਦੀ ਨਜ਼ਰ ਨਹੀਂ ਆਉਂਦੀ ਕਿ ਕੀ ਕਦੀ ਦੁਰਘਟਨਾਵਾਂ ਦੀ ਘਟਣ ਦੀ ਉਮੀਦ ਹੈ, ਖ਼ਤਮ ਹੋਣ ਦਾ ਤਾਂ ਮਤਲਬ ਹੀ ਪੈਦਾ ਨਹੀਂ ਹੁੰਦਾ, ਜਦ ਤੱਕ ਚਾਂਦੀ ਦੇ ਛਿੱਤਰ ਦਾ ਰਾਜ ਹੈ, ਤੇ ਇਸ ਰਾਜ ਦੀਆਂ ਸੀਮਾਵਾਂ ਘੱਟੋ-ਘੱਟ ਮੇਰੇ ਮਹਾਨ ਵਤਨ ‘ਚ ਤਾਂ ਦੂਰ ਦੂਰ ਤੱਕ ਫੈਲੀਆਂ ਨੇ ।
***


ਜੇ ਤੂੰ ਅਕਲਿ ਲਤੀਫ਼ ਹੈ ਕਾਲ਼ੇ ਲਿਖ ਨਾ ਲੇਖ ।
ਆਪਨੜੇ ਗਿਰੀਵਾਨ ਮਹਿ ਸਿਰ ਨੀਵਾਂ ਕਰ ਦੇਖ ।।
-- ਬਾਬਾ ਸ਼ੇਖ਼ ਫ਼ਰੀਦ ਜੀ


ਕਲਾਮ ਬੁੱਲ੍ਹੇ ਸ਼ਾਹ

ਬੁੱਲ੍ਹੇ ਨੂੰ ਲੋਕ ਮੱਤੀਂ ਦੇਂਦੇ ਬੁੱਲ੍ਹਿਆ ਤੂੰ ਜਾ ਬਹੁ ਮਸੀਤੀ
ਵਿਚ ਮਸੀਤਾਂ ਕੀ ਕੁਝ ਹੁੰਦਾ ਜੇ ਦਿਲੋਂ ਨਿਮਾਜ਼ ਨਾ ਕੀਤੀ
ਬਾਹਰੋਂ ਪਾਕ ਕੀਤੇ ਕੀ ਹੁੰਦਾ ਜੇ ਅੰਦਰੋਂ ਨਾ ਗਈ ਪਲੀਤੀ
ਬਿਨ ਮੁਰਸ਼ਦ ਕਾਮਲ ਬੁੱਲਿਆ ਤੇਰੀ ਐਵੇਂ ਗਈ ਇਬਾਦਤ ਕੀਤੀ



ਫ਼ਰੀਦਾ ਸਾਹਿਬ ਦੀ ਕਰਿ ਚਾਕਰੀ ਦਿਲ ਦੀ ਲਾਹਿ ਭਰਾਕਿ
ਦਰਵੇਸਾਂ ਨੂੰ ਲੋੜੀਐ ਰੁੱਖਾਂ ਦੀ ਜੀਰਾਂਦਿ ।।
- ਬਾਬਾ ਸ਼ੇਖ਼ ਫ਼ਰੀਦ ਜੀ



ਕਲਾਮ ਬੁੱਲ੍ਹੇ ਸ਼ਾਹ ਜੀ

ਸਾਵਣ ਸੋਹੇ ਮੇਘਲਾ ਘਟ ਸੋਹੇ ਕਰਤਾਰ
ਠੋਰ ਠੋਰ ਅਨਾਇਤ ਬਸੇ ਪਪੀਹਾ ਕਰੇ ਪੁਕਾਰ

ਸੋਹਣ ਮਲਿਹਾਰਾਂ ਸਾਰੇ ਸਾਵਣ
ਦੂਤੀ ਦੁੱਖ ਲੱਗੇ ਉੱਠ ਜਾਵਣ
ਨੀਂਗਰ ਖੇਡਣ ਕੁੜੀਆਂ ਗਾਵਣ
ਮੈਂ ਘਰ ਰੰਗ ਰੰਗੀਲੇ ਆਵਣ
ਆਸਾਂ ਪੁੰਨੀਆਂ

ਮੇਰੀਆਂ ਆਸਾਂ ਰੱਬ ਪੁਚਾਈਆਂ
ਮੈਂ ਤਾਂ ਉਨ ਸੰਗ ਅੱਖੀਆਂ ਲਾਈਆਂ
ਸਈਆਂ ਦੇਣ ਮੁਬਾਰਕ ਆਈਆਂ
ਸ਼ਾਹ ਅਨਾਇਤ ਆਖਾਂ ਸਾਈਆਂ
ਆਸਾਂ ਪੁੰਨੀਆਂ

ਜ਼ਰੂਰੀ ਚਿੱਠੀ ਪੰਜਾਬੀਆਂ ਦੇ ਨਾਂ........... ਲੇਖ਼ / ਰਿਸ਼ੀ ਗੁਲਾਟੀ

ਸਮੂਹ ਪੰਜਾਬੀਆਂ ਨੂੰ ਮੋਹ ਭਿੱਜੀ ਸਤਿ ਸ੍ਰੀ ਅਕਾਲ ।
ਦੋਸਤੋ ! ਬੜੀ ਜਲਦੀ ਵਿੱਚ ਆਪ ਜੀ ਇਹ ਚਿੱਠੀ ਲਿਖਣ ਕਰਕੇ ਬਿਨਾਂ ਕਿਸੇ ਭੂਮਿਕਾ ਦੇ ਸਿੱਧਾ ਮੁੱਦੇ ਵਾਲੀ ਗੱਲ ਤੇ ਆਉਂਦਾ ਹਾਂ । ਇਸ ਮੁੱਦੇ ਤੇ ਬਹੁਤ ਜਿ਼ਆਦਾ ਸੋਚ ਵਿਚਾਰ ਕਰਨ ਦਾ ਮੌਕਾ ਵੀ ਨਹੀਂ ਮਿਲਿਆ,ਕਿਉਂ ਜੋ ਮੈਂ ਇਹ ਚਾਹੁੰਦਾ ਸੀ ਕਿ ਜਲਦੀ ਤੋਂ ਜਲਦੀ ਆਪ ਜੀ ਦੇ ਸਨਮੁੱਖ ਆਪਣੀ ਗੱਲ ਰੱਖ ਸਕਾਂ ਤਾਂ ਜੋ ਆਪ ਜਲਦੀ ਤੋਂ ਜਲਦੀ ਆਪਣੀ ਕੀਮਤੀ ਰਾਏ ਦੇ ਸਕੋਂ । ਗੱਲ ਇਉਂ ਹੈ ਕਿ ਆਪਾਂ ਸਭ ਆਪਣੇ ਸੁਨਹਿਰੇ ਭਵਿੱਖ ਦੀ ਆਸ ‘ਚ ਲੱਖਾਂ ਰੁਪਇਆ ਲਗਾ ਕੇ ਪੜ੍ਹਨ ਲਈ ਆਸਟ੍ਰੇਲੀਆ ਆਏ ਹੋਏ ਹਾਂ । ਇਹ ਕੋਈ ਜ਼ਰੂਰੀ ਨਹੀਂ ਕਿ ਜੋ ਆਪਾਂ ਸੋਚੀਏ ਜਾਂ ਚਾਹੀਏ, ਉਦਾਂ ਹੀ ਹੋਏ ਜਾਂ ਉਹੀ ਸਭ ਕੁਝ ਸਾਨੂੰ ਪ੍ਰਾਪਤ ਹੋਏ, ਕਿਉਂ ਜੋ ਦੁੱਖ-ਸੁੱਖ ਸਰੀਰਾਂ ਦੇ ਨਾਲ਼ ਹਨ । ਇਹ ਕਈ ਵਾਰ ਦੇਖਣ ਜਾਂ ਪੜ੍ਹਨ ‘ਚ ਆਇਆ ਹੈ ਕਿ ਕਈ ਵਿਦਿਆਰਥੀਆਂ ਦੀ ਅਨਹੋਣੀ ਮੌਤ ਹੋ ਚੁੱਕੀ ਹੈ । ਮੌਤ ਇੱਕ ਅਟੱਲ ਸਚਾਈ ਹੈ, ਕੋਈ ਵੀ ਇਸ ਗੱਲ ਤੋਂ ਮੁਨਕਰ ਨਹੀਂ ਹੋ ਸਕਦਾ । ਜਿੰਦਗੀ ‘ਚ ਸਫ਼ਲ ਹੋਣ ਲਈ, ਜੋ ਸੰਘਰਸ਼ ਦਾ ਰਸਤਾ ਅਸੀਂ ਅਪਣਾ ਰੱਖਿਆ ਹੈ, ਉਸ ਰਸਤੇ ਤੇ ਚੱਲਦਿਆਂ ਅਸੀਂ ਇੰਨੇ ਕੁ ਵਿਅਸਤ ਜਾਂ ਪ੍ਰੇਸ਼ਾਨ ਹਾਂ ਕਿ “ਮੌਤ” ਸ਼ਬਦ ਕਿਸੇ ਦੇ ਯਾਦ ਚੇਤੇ ਵੀ ਨਹੀਂ ਹੈ, ਜਦ ਕਿ ਹਰ ਇੱਕ ਦਾ ਅੰਜ਼ਾਮ ਇਹੀ ਹੈ । ਹੁਣ ਸਮੱਸਿਆ ਇਹ ਹੈ ਕਿ ਜੋ ਕੋਈ ਬਦਕਿਸਮਤ ਇਸ ਅਣਹੋਣੀ ਦਾ ਸਿ਼ਕਾਰ ਹੋ ਜਾਂਦਾ ਹੈ, ਉਸਦੀ ਲਾਸ਼ ਪੰਜਾਬ ਭੇਜਣ ਤੇ ਬਹੁਤ ਜਿ਼ਆਦਾ ਖ਼ਰਚ ਆਉਂਦਾ ਹੈ । ਜਿਸ ਲਈ ਸਮਾਜ ਸੇਵੀ ਸੰਸਥਾਵਾਂ ਨੂੰ ਵਾਰ-ਵਾਰ ਅਪੀਲਾਂ ਕਰਨੀਆਂ ਪੈਂਦੀਆਂ ਹਨ ਤੇ ਕਈ ਵਾਰ ਜ਼ਰੂਰਤ ਮੁਤਾਬਿਕ ਫੰਡ ਇਕੱਠੇ ਹੋਣ ਤੇ ਟਾਈਮ ਲੱਗ ਸਕਦਾ ਹੈ ਤੇ ਲਾਸ਼ ਸਮੇਂ ਸਿਰ ਨਹੀਂ ਭੇਜੀ ਜਾ ਸਕਦੀ । ਇਹ ਆਪਾਂ ਸਮਝ ਸਕਦੇ ਹਾਂ ਕਿ ਕਿਸੇ ਵੀ ਮਾਪਿਆਂ ਦਾ, ਜਿਨ੍ਹਾਂ ਦਾ ਜੁਆਨ ਧੀ-ਪੁੱਤ ਇਸ ਦੁਨੀਆਂ ਤੋਂ ਚਲਾ ਜਾਂਦਾ ਹੈ, ਉਨ੍ਹਾਂ ਤੇ ਕੀ ਬੀਤਦੀ ਹੋਵੇਗੀ ? ਜਦ ਲਾਸ਼ ਫੰਡ ਦੀ ਕਮੀ ਕਰਕੇ ਮਾਪਿਆਂ ਨੂੰ ਨਾ ਭੇਜੀ ਜਾ ਸਕਦੀ ਹੋਵੇ ਤਾਂ ਉਹ ਹੋਰ ਜਿ਼ਆਦਾ ਕੰਡਿਆਂ ਦੀ ਸੇਜ ਤੇ ਹੋ ਜਾਂਦੇ ਹਨ । ਮਜ਼ਬੂਰ ਮਾਪੇ ਘਰ ਬੈਠੇ ਵਿਲਕਦੇ ਰਹਿੰਦੇ ਹਨ, ਲਾਸ਼ ਇੱਥੇ ਰੁਲਦੀ ਰਹਿੰਦੀ ਹੈ । ਅਜਿਹੇ ਮੌਕੇ ਮਾਪੇ ਚਾਹੇ ਚੰਡੀਗੜ੍ਹ ਕੋਠੀ ‘ਚ ਬੈਠੇ ਹੋਣ ਜਾਂ ਫਰੀਦਕੋਟ ਕਿਰਾਏ ਦੇ ਮਕਾਨ ‘ਚ, ਸਭ ਦੀਆਂ ਭਾਵਨਾਵਾਂ ਬਰਾਬਰ ਹੁੰਦੀਆਂ ਹਨ । ਸਭ ਦੀ ਇੱਕ ਹੀ ਇੱਛਾ ਹੁੰਦੀ ਹੈ, ਸਭ ਨੂੰ ਇਹੀ ਲੱਗਦਾ ਹੈ ਕਿ ਬੱਸ ਉਹ ਜਾਣ ਵਾਲੇ ਦਾ “ਮੂੰਹ” ਦੇਖ ਲੈਣ, ਜਿੰਦਗੀ ‘ਚ ਹੋਰ ਕੁਝ ਨਹੀਂ ਚਾਹੀਦਾ । ਬਥੇਰੇ ਅਜਿਹੇ ਲੋਕ ਵਿਦੇਸ਼ਾਂ ‘ਚ ਵੱਸਦੇ ਨੇ, ਜਿਹੜੇ ਪੰਜਾਬ ‘ਚ ਕਿਸੇ ਆਪਣੇ ਪਿਆਰੇ ਦੇ ਜਹਾਨ-ਏ-ਫ਼ਾਨੀ ਤੋਂ ਤੁਰ ਜਾਣ ਤੇ ਉਸਨੂੰ ਜਾਂਦੀ ਵਾਰ ਦਾ ਸਲਾਮ ਵੀ ਨਾ ਕਹਿ ਸਕੇ । ਬਹੁਤਿਆਂ ਦੇ ਜਨਮ ਦਾਤੇ ਜਾਂ ਮਾਂ ਜਾਏ ਤੁਰ ਗਏ । ਬਥੇਰਿਆਂ ਦੀਆਂ ਰੱਖੜੀ ਬੰਨਣ ਵਾਲੀਆਂ ਭੈਣਾਂ ਤੁਰ ਗਈਆਂ । ਕੀ ਜਾਣ ਵਾਲਿਆਂ ਦੇ ਅੰਤਿਮ ਦਰਸ਼ਨ ਨਾ ਕਰ ਸਕਣ ਵਾਲੇ, ਅਜਿਹੇ ਸਮੇਂ ਆਪਣੇ ਇੱਥੇ ਆ ਕੇ ਵਸਣ ਤੇ ਪਛਤਾਵਾ ਨਹੀਂ ਕਰਦੇ ਹੋਣਗੇ ? ਕੀ ਡਾਲਰਾਂ ਦੀ ਚਮਕ ਆਪਣੇ ਪਿਆਰਿਆਂ ਦੀ ਯਾਦ ਧੁੰਦਲਾ ਕਰ ਸਕਦੀ ਹੈ ? ਯਾਦ ਰਹੇ, ਸਮਾਂ ਕਿਸੇ ਦੇ ਵੱਸ ਨਹੀਂ ਹੈ, ਕਿਸੇ ‘ਤੇ ਵੀ ਆਪਣਾ ਬੁਰਾ ਪ੍ਰਭਾਵ ਪਾ ਸਕਦਾ ਹੈ । ਮੇਰੇ ‘ਤੇ, ਤੁਹਾਡੇ ‘ਤੇ, ਰਾਮ ਲਾਲ ‘ਤੇ, ਸੋਹਣ ਸਿੰਘ ‘ਤੇ, ਡੇਵਿਡ ‘ਤੇ, ਅਲੀ ਹਸਨ ‘ਤੇ । ਕੌਣ ਦਾਅਵਾ ਕਰ ਸਕਦਾ ਹੈ ਕਿ ੳਹਦੇ ਦੁਆਲੇ ਬੁਰਾ ਸਮਾਂ ਆਉਣ ਤੋਂ “ਲਛਮਣ ਰੇਖਾ” ਖਿੱਚੀ ਹੋਈ ਹੈ ?
ਜ਼ਰਾ ਆਪਣਾ ਧਿਆਨ ਕੇਂਦਰਿਤ ਕਰੋ, ਪੰਜਾਬ ‘ਚ ਬੈਠੇ ਉਸ ਬਦਨਸੀਬ ਪਰਿਵਾਰ ‘ਤੇ, ਜਿਸ ਦਾ ਜਵਾਨ ਪੁੱਤ ਸਾਲ ਜਾਂ ਦੋ ਸਾਲ ਪਹਿਲਾਂ ਸੁਨਿਹਰੇ ਭਵਿੱਖ ਦੀ ਆਸ ‘ਚ ਏਥੇ ਆਇਆ ਤੇ ਬੇਰਹਿਮ ਮੌਤ ਨੇ ਉਸਨੂੰ ਆਪਣੇ ਪੰਜਿਆਂ ‘ਚ ਜਕੜ ਲਿਆ । ਹੁਣ ਕੀ ਇਹ ਜ਼ਰੂਰੀ ਹੈ ਕਿ ਹਰ ਇੱਕ ਦੇ ਮਾਪਿਆਂ ਦੀ ਜੇਬ ਏਨਾਂ ਭਾਰ ਝੱਲਦੀ ਹੋਵੇ ਕਿ ਲਾਸ਼ ਮੰਗਵਾਉਣ ਤੇ ਖਰਚ ਕਰ ਸਕਦੇ ਹੋਣ । ਜੇਕਰ ਲਾਸ਼ ਨਾ ਪਹੁੰਚ ਸਕੇ ਤੇ ਉਸਦਾ ਅੰਤਿਮ ਸੰਸਕਾਰ ਇੱਥੇ ਕਰਕੇ ਉਸਦੇ “ਫੁੱਲ” ਘਰਦਿਆਂ ਨੂੰ ਭੇਜ ਦਿੱਤੇ ਜਾਣ ਤਾਂ ਕੀ ਬੀਤੇਗੀ ਉਸ ਬਦਨਸੀਬ ਮਾਂ ਤੇ, ਜੋ ਆਪਣੇ ਲਾਲ ਨੂੰ ਆਖਰੀ ਪਿਆਰ ਨਾ ਦੇ ਸਕੀ । ‘ਤੇ ਤੁਹਾਡੇ ਤੇ ਕੀ ਬੀਤੇਗੀ ਜੇਕਰ ਉਹ ਮਾਂ ਤੁਹਾਨੂੰ ਹੀ ਕਹੇ, “ਮੇਰੇ ਜਾਂਦੇ ਪੁੱਤ ਨੂੰ ਤਾਂ ਕੋਈ ਨਹੀਂ ਸੀ ਰੋਕ ਸਕਦਾ, ਪਰ ਜੇ ਤੁਸੀਂ ਦਸ-ਦਸ, ਵੀਹ-ਵੀਹ ਡਾਲਰ ‘ਕੱਠੇ ਕਰਕੇ ਉਸਦੀ ਲਾਸ਼ ਪਹੁੰਚਦੀ ਕਰ ਦਿੰਦੇ ਤਾਂ ਮੈਂ ਆਪਣੇ ਪੁੱਤ ਦਾ ਮੂੰਹ ਤਾਂ ਦੇਖ ਲੈਂਦੀ, ਉਸਨੂੰ ਜਾਂਦੀ ਵਾਰੀ ਪਿਆਰ ਤਾਂ ਕਰ ਲੈਂਦੀ ।” ਕੀ ਜੁਆਬ ਦਿਓਗੇ ????? ਸ਼ਾਇਦ ਤੁਸੀਂ ਵੀ ਪਛਤਾਓਗੇ, ਇਹ ਸੋਚ ਕੇ ਕਿ ਚਾਹੇ ਜਾਣ ਵਾਲਾ ਤੁਹਾਡਾ ਕੋਈ ਨਹੀਂ ਸੀ ਪਰ ਕਿਸੇ ਮਾਂ ਦਾ ਤਾਂ ਪੁੱਤ ਸੀ, ਕਿਸੇ ਬਾਪ ਦੇ ਬੁਢਾਪੇ ਦੀ ਡੰਗੋਰੀ ਸੀ, ਕਿਸੇ ਭੈਣ ਦਾ ਵੀਰ ਤੇ ਕਿਸੇ ਵੀਰ ਦੀ ਬਾਂਹ ਸੀ । ਤੁਸੀਂ ਉਸਦੇ ਵਿਲਕਦੇ ਪਰਿਵਾਰ ਨੂੰ ਚਾਹੇ ਦੇਖ ਨਹੀਂ ਸਕਦੇ ਸੀ ਪਰ ਉਸਦੇ ਅੰਤਿਮ ਦਰਸ਼ਨ ਕਰਵਾਉਣ ਦਾ ਇੱਕ ਸਾਧਨ ਬਣ ਸਕਦੇ ਸੀ ।
ਪਿਆਰੇ ਵੀਰੋ, ਰੱਬ ਸਭ ਦੀਆਂ ਲੰਬੀਆਂ ਉਮਰਾਂ ਕਰੇ ਪਰ ਸਚਾਈ ਤੋਂ ਕੋਈ ਨਹੀਂ ਭੱਜ ਸਕਦਾ । ਇਹ ਸਭ ਕੁਝ ਲਿਖਣ ਦਾ ਮਕਸਦ ਆਪ ਸਭ ਸਮਝ ਹੀ ਗਏ ਹੋਵੋਗੇ । ਕਈਆਂ ਨਾਲ ਸੋਚ ਵਿਚਾਰ ਕਰਨ ਤੋਂ ਬਾਅਦ ਹੀ ਇਹ ਵਿਚਾਰ ਜਨਤਕ ਤੌਰ ਤੇ ਆਪ ਸਭ ਨਾਲ ਸਾਂਝਾ ਕਰ ਰਿਹਾ ਹਾਂ ਕਿ ਕੋਈ ਅਜਿਹੀ ਸੰਸਥਾ ਜਾਂ ਫੰਡ ਬਣਾਇਆ ਜਾਵੇ, ਜਿਸ ਵਿੱਚ ਮਾਇਆ ਇਕੱਤਰ ਕਰਕੇ ਕੇਵਲ ਅਜਿਹੇ ਹੀ ਦੁਖਿਆਰੇ ਪਰਿਵਾਰਾਂ ਦੀ ਮੱਦਦ ਕੀਤੀ ਜਾਏ । ਜਿੰਨੇ ਵੀ ਵਿਦਿਆਰਥੀ ਹਨ ਘੱਟੋ ਘੱਟ ਕੇਵਲ 10 ਡਾਲਰ ਪ੍ਰਤੀ ਮਹੀਨਾ ਇਕੱਠਾ ਕਰਕੇ ਸੰਸਥਾ ਦੇ ਬੈਂਕ ਖਾਤੇ ਵਿੱਚ ਜਮ੍ਹਾਂ ਕਰਵਾਉਣ । ਜ਼ਰੂਰੀ ਨਹੀਂ ਸਿਰਫ਼ 10 ਡਾਲਰ ਹੀ, ਜਿ਼ਆਦਾ ਵੀ ਕਰਵਾ ਸਕਦੇ ਹਨ, ਇਹ ਤਾਂ ਆਪਣੀ ਸਕੀਮ ਸਮਝਾਉਣ ਦਾ ਇੱਕ ਤਰੀਕਾ ਮਾਤਰ ਹੈ । ਇਹ ਵੀ ਸੋਚ ਨਹੀਂ ਰੱਖਣੀ ਕਿ ਕੋਈ ਪੈਸੇ ਇਕੱਤਰ ਕਰਨ ਲਈ ਆਏਗਾ ਜਾਂ ਪਰਚੀ ਕੱਟੇਗਾ । ਇਹ ਤਾਂ ਦਿਲਾਂ ਦੇ ਸੌਦੇ ਨੇ, ਦਿਲ ਮੰਨੇ ਦੀ ਗੱਲ ਹੈ । ਅਗਰ ਦਿਲ ‘ਚ ਕਿਸੇ ਅਣਜਾਣ ਪਰਿਵਾਰ ਦੀ ਮੱਦਦ ਕਰਨ ਦੀ ਭਾਵਨਾਂ ਆਉਂਦੀ ਹੈ ਤਾਂ ਬੈਂਕ ਜਾ ਕੇ ਪੈਸੇ ਜਮ੍ਹਾ ਕਰਵਾਉਣਾ ਮਾਮੂਲੀ ਗੱਲ ਹੈ । ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਦਸ ਡਾਲਰ ਜਮ੍ਹਾਂ ਕਰਵਾਉਣ ਕੌਣ ਜਾਏ । ਉਸਦਾ ਵੀ ਇਲਾਜ ਹੈ । ਜੇਕਰ ਤੁਸੀਂ ਜਾਗਰੂਕ ਹੋ ਸਕਦੇ ਹੋ ਤਾਂ ਆਪਣਾ ਆਲਾ-ਦੁਆਲਾ ਵੀ ਜਾਗਰੂਕ ਕਰ ਸਕਦੇ ਹੋ । ਵਾਰੀ ਸਿਰ ਸਭ ਦੀ ਡਿਊਟੀ ਲੱਗ ਸਕਦੀ ਹੈ । ਜੇਕਰ ਤੁਸੀਂ ‘ਕੱਲੇ ਹੀ ਇਸ ਮਹਾਂਯੱਗ ਵਿੱਚ ਹਿੱਸਾ ਪਾਉਣਾ ਚਾਹੁੰਦੇ ਹੋ ਤਾਂ ਪੰਜਾਹ ਡਾਲਰ ਜਮ੍ਹਾਂ ਕਰਵਾ ਕੇ ਪੰਜ ਮਹੀਨਿਆਂ ਲਈ ਆਪਣੇ ਆਪ ਨੂੰ ਸੰਤੁਸ਼ਟ ਮਹਿਸੂਸ ਕਰ ਸਕਦੇ ਹੋ । ਜੇ ਘੱਟ-ਵੱਧ ਵੀ ਕਰਵਾਉਂਦੇ ਹੋ ਤਾਂ ਵੀ ਨਾ ਤਾਂ ਕੋਈ ਤੁਹਾਡੇ ਤੋਂ ਹਿਸਾਬ ਮੰਗੇਗਾ ਤੇ ਨਾ ਹੀ ਬਕਾਏ ਲਈ ਤਕਾਜ਼ਾ ਕਰੇਗਾ । ਹਾਂ ! ਤੁਸੀਂ ਜਰੂਰ ਸੰਸਥਾ ਤੋਂ ਹਿਸਾਬ ਮੰਗਣ ਦੇ ਹੱਕਦਾਰ ਹੋ, ਚਾਹੇ ਕੋਈ ਡਾਲਰ ਦਿੰਦੇ ਹੋ ਜਾਂ ਨਹੀਂ । ਸਾਰੀ ਦੀ ਸਾਰੀ ਰਕਮ ਬੈਂਕ ਵਿੱਚ ਜਮ੍ਹਾਂ ਹੋਏਗੀ । ਜ਼ਰਾ ਸੋਚ ਕੇ ਦੇਖੋ ਕਿ ਇਸ ਵੇਲੇ ਆਸਟ੍ਰੇਲੀਆ ‘ਚ ਕਰੀਬ ਇੱਕ ਲੱਖ ਭਾਰਤੀ ਵਿਦਿਆਰਥੀ ਹਨ, ਜੇਕਰ ਆਪਣੇ ਨਾਲ਼ ਕੇਵਲ 1000 ਹੀ ਜੁੜਦੇ ਹਨ ਤਾਂ ਦਸ ਡਾਲਰ ਦੇ ਹਿਸਾਬ ਨਾਲ਼ ਦਸ ਹਜ਼ਾਰ ਡਾਲਰ ਪ੍ਰਤੀ ਮਹੀਨਾ ਇਕੱਤਰ ਹੋ ਜਾਣਗੇ ਜੋ ਕਿ ਇੱਕ ਲਾਸ਼ ਭਾਰਤ ਭੇਜਣ ਲਈ ਬਹੁਤ ਵੱਡਾ ਰੋਲ ਅਦਾ ਕਰ ਸਕਦੇ ਹਨ । ਹੁਣ ਦੇਖੋ ਕਿ ਤੁਹਾਡੀ ਨੇਕ ਕਮਾਈ ‘ਚੋਂ ਦਿੱਤੇ ਕੇਵਲ 10 ਡਾਲਰਾਂ ਨਾਲ਼ ਕਿੰਨੇ ਪੁੰਨ ਦਾ ਕੰਮ ਹੋ ਗਿਆ । ਮਾਪਿਆਂ ਦਾ ਪੁੱਤਰ ਤਾਂ ਆਪਾਂ ਵਾਪਿਸ ਨਹੀਂ ਲਿਆ ਸਕਦੇ, ਪਰ ਜਾਂਦੀ ਵਾਰ ਦੇ ਆਖਰੀ ਮੇਲੇ ਕਰਵਾਉਣ ਦੇ ਪੁੰਨ ਦੇ ਕਾਰਜ ‘ਚ ਜਰੂਰ ਭਾਗੀਦਾਰ ਹੋ ਸਕਦੇ ਹਾਂ ।
ਸੋਚ ਇਹ ਹੈ ਕਿ ਰੱਬ ਨਾ ਕਰੇ, ਜਦ ਵੀ ਕਦੀ ਕਿਸੇ ‘ਤੇ ਅਜਿਹੀ ਦੁੱਖ ਦੀ ਘੜੀ ਆ ਜਾਵੇ ਤੇ ਉਹ ਸੰਸਥਾ ਨਾਲ ਸੰਪਰਕ ਕਰੇ ਤਾਂ ਸੰਸਥਾ ਦੇ ਮੈਂਬਰ, ਹੋਈ ਅਨਹੋਣੀ ਦੀ ਪੂਰੀ ਪੜਚੋਲ ਕਰਨਗੇ ਤੇ ਦੁਖੀ ਪਰਿਵਾਰ ਦੀ ਜੋ ਵੀ ਮੁਨਾਸਿਬ ਮੱਦਦ ਕਰਨੀ ਬਣਦੀ ਹੈ, ਉਹ ਕਰਨਗੇ । ਸੰਸਥਾ ਹੋਰ ਕੀ ਕੰਮ ਕਰ ਸਕਦੀ ਹੈ, ਇਸ ਕਿਸਮ ਦਾ ਕੋਈ ਆਇਡੀਆ ਫਿਲਹਾਲ ਮੇਰੇ ਦਿਮਾਗ ਵਿੱਚ ਨਹੀਂ ਆਇਆ ਪਰ ਇਹ ਸੰਸਥਾ ਪੂਰਣ ਰੂਪ ਵਿੱਚ ਧਾਰਮਿਕ ਤੇ ਸਿਆਸੀ ਕਾਰਗੁਜ਼ਾਰੀਆਂ ਤੋਂ ਪਰ੍ਹੇ ਹੋਵੇਗੀ । ਜੇਕਰ ਕਿਸੇ ਵਿਦਿਆਰਥੀ ਦੀ ਫ਼ੀਸ ਦਾ ਇੰਤਜ਼ਾਮ ਨਹੀਂ ਹੁੰਦਾ ਜਾਂ ਪੈਸੇ ਖ਼ਤਮ ਹੋ ਗਏ ਤਾਂ ਸੰਸਥਾ ਅਜਿਹੇ ਲੋਕਾਂ ਦੀ ਮੱਦਦ ਨਹੀਂ ਕਰ ਸਕੇਗੀ । ਅੱਜ ਦੀ ਸੋਚ ਮੁਤਾਬਿਕ ਤਾਂ ਕੇਵਲ ਵਿਦਿਆਰਥੀਆਂ, ਉਨ੍ਹਾਂ ਦੇ ਪਤੀ-ਪਤਨੀ ਜਾਂ ਬੱਚੇ ਨਾਲ਼ ਹੋਈ ਅਨਹੋਣੀ ਵਿੱਚ ਹੀ ਮੱਦਦ ਕੀਤੀ ਜਾਵੇਗੀ ।
ਇੱਥੇ ਵਸਦੇ ਪੁਰਾਣੇ ਬਸਿ਼ੰਦਿਆਂ ਦੀ ਮੱਦਦ ਤੋਂ ਬਿਨਾਂ ਵੀ ਅਸੀਂ ਕੁਝ ਕਰਨ ਜੋਕਰੇ ਨਹੀਂ ਹੋਵਾਂਗੇ । ਜੇਕਰ ਉਹ ਸਾਡੇ ਮਾਰਗ ਦਰਸ਼ਕ ਬਣਨਗੇ ਤਾਂ ਹੀ ਇਹ ਕੰਮ ਅਮਲੀ ਰੂਪ ਵਿੱਚ ਸੁਚਾਰੂ ਢੰਗ ਨਾਲ਼ ਸਿਰੇ ਚੜ੍ਹ ਸਕਦਾ ਹੈ । ਸੰਸਥਾ ਦੀ ਮਾਇਕ ਮੱਦਦ ਲਈ ਅਪੀਲ ਤਾਂ ਸਭ ਨੂੰ ਹੀ ਹੋਇਆ ਕਰੇਗੀ । ਅਗਲੀ ਬੇਨਤੀ ਮੀਡੀਆ ਲਈ ਹੈ ਕਿ ਉਨ੍ਹਾਂ ਦੀ ਮੱਦਦ ਬਿਨਾਂ ਅਸੀੰ ਆਪਣੀ ਸੋਚ, ਆਪਣੇ ਮੰਤਵ ਨੂੰ ਆਮ ਜਨਤਾ ਵਿੱਚ ਨਹੀਂ ਰੱਖ ਸਕਾਂਗੇ । ਇਸ ਲਈ ਉਨ੍ਹਾਂ ਦੇ ਵੀ ਭਰਪੂਰ ਸਹਿਯੋਗ ਦੀ ਜ਼ਰੂਰਤ ਰਹੇਗੀ ।
ਪੰਜਾਬੀ ਭਰਾਓ ! ਇਹ ਹੈ ਮੋਟੀ ਜਿਹੀ ਰੂਪ-ਰੇਖਾ, ਜਿਸਨੂੰ ਤੁਹਾਡੀ ਸਭ ਦੀ ਮੱਦਦ ਨਾਲ ਨੇਪਰੇ ਚਾੜ੍ਹਿਆ ਜਾ ਸਕਦਾ ਹੈ । ਯਾਦ ਰਹੇ, ਇਹ ਸਭ ਗੱਲਾਂ ਕੋਈ ਫੈਸਲਾ ਨਹੀਂ ਹਨ, ਕੇਵਲ ਇੱਕ ਸੋਚ ਮਾਤਰ ਹੈ, ਜੋ ਤੁਹਾਡੇ ਨਾਲ਼ ਸਾਂਝੀ ਕੀਤੀ ਹੈ । ਹੁਣ ਸਭ ਅੱਗੇ ਇਹ ਬੇਨਤੀ ਹੈ ਕਿ ਆਪਣੇ ਵਿਚਾਰ ਦੱਸੋ ਕਿ ਕੀ ਪੁੰਨ ਦਾ ਅਜਿਹਾ ਕਾਰਜ ਕਰਨ ਬਾਰੇ ਸੋਚਣਾ ਚਾਹੀਦਾ ਹੈ ? ਜੋ ਗੱਲਾਂ ਤੁਹਾਡੇ ਨਾਲ਼ ਕੀਤੀਆਂ, ਕੀ ਤੁਹਾਨੂੰ ਜਚੀਆਂ ਹਨ ? ਇਹੀ ਸਭ ਤੋਂ ਪਹਿਲਾ ਸੁਆਲ ਹੈ, ਬਾਕੀ ਤਾਂ ਵਿਚਾਰਾਂ ਹੀ ਬਾਅਦ ਦੀਆਂ ਹਨ । ਜੇਕਰ ਜਚੀਆਂ ਹਨ ਤੇ ਤੁਹਾਡਾ ਹਾਂ ਪੱਖੀ ਜੁਆਬ ਹੈ ਤਾਂ ਇਹ ਮਾਰਗ ਦਰਸ਼ਨ ਕਰੋ ਕਿ ਸੰਸਥਾ ਕਿਸ ਤਰ੍ਹਾਂ ਬਣਾਈ ਜਾਏ ? ਮੈਂਬਰ ਕਿੱਥੋਂ ਤੇ ਕਿੰਝ ਚੁਣੇ ਜਾਣ ? ਫੰਡ ਕਿੱਦਾਂ ਇਕੱਤਰ ਕੀਤੇ ਜਾਣ ? ਅਨਹੋਣੀ ਹੋਣ ਤੇ ਮੱਦਦ ਕਰਨ ਦਾ ਫੈਸਲਾ ਕਿੰਝ ਲਿਆ ਜਾਏ ? ਕਿੰਨੀ ਮੱਦਦ ਕੀਤੀ ਜਾਏ ? ਅਜਿਹੀਆਂ ਬੁਨਿਆਦੀ ਸਲਾਹਾਂ ਦੀ ਜ਼ਰੂਰਤ ਹੈ । ਤੁਹਾਡੀ ਸੋਚ ਹਾਂ ਪੱਖੀ ਹੈ ਜਾਂ ਨਾਂਹ ਪੱਖੀ, ਸੂਚਿਤ ਜ਼ਰੂਰ ਕਰਨਾ । ਮੋਬਾਇਲ ਤੇ ਮੈਸੇਜ ਭੇਜ ਸਕਦੇ ਹੋ ਜਾਂ ਈ-ਮੇਲ ਤਾਂ ਸਭ ਤੋਂ ਵਧੀਆ ਤਰੀਕਾ ਹੈ, ਆਪਣੇ ਵਿਚਾਰ ਪਰਗਟ ਕਰਨ ਤੇ ਸੇਧ ਦੇਣ ਦਾ । ਇਹ ਕੋਈ ਇੱਕ ਅੱਧੇ ਦਿਨ ਦੀ ਖੇਡ ਤਾਂ ਹੈ ਨਹੀਂ । ਜੇਕਰ ਹਾਂ ਪੱਖੀ ਹੁੰਗਾਰਾ ਮਿਲਦਾ ਹੈ ਤਾਂ ਅਗਲੀਆਂ ਸਲਾਹਾਂ ਕਰਨ ਲਈ ਆਪ ਸਭ ਨਾਲ਼ ਮੀਡੀਆ ਦੇ ਜ਼ਰੀਏ ਵਾਰ ਵਾਰ ਮਿਲਣਾ ਹੋਏਗਾ ਤੇ ਟਾਈਮ ਤਾਂ ਹਰ ਕੰਮ ਤੇ ਲੱਗਦਾ ਹੀ ਹੈ ।
ਦੋਸਤੋ ! ਅੱਜ ਜੋ ਬੀਜ ਅੱਜ ਤੁਹਾਡੇ ਹਿਰਦਿਆਂ ‘ਚ ਬੀਜਣ ਦੀ ਕੋਸਿ਼ਸ਼ ਕਰ ਰਿਹਾ ਹਾਂ, ਉਸਨੂੰ ਖਾਦ-ਪਾਣੀ ਦੇਣਾ ਤੇ ਮੀਂਹ-ਹਨੇਰੀ ਤੋਂ ਬਚਾ ਕੇ ਰੱਖਣਾ ਤੁਹਾਡੇ ਵੱਸ ਹੈ । ਹੋ ਸਕਦਾ ਹੈ ਇਸ ਬੀਜ ਨੂੰ ਪੁੰਗਰ ਕੇ ਭਰਪੂਰ ਦਰੱਖਤ ਬਨਣ ਤੇ ਵਰ੍ਹੇ ਲੱਗ ਜਾਣ ਤੇ ਉਸ ਸਮੇਂ ਤੱਕ ਮੈਂ ਆਸਟ੍ਰੇਲੀਆ ‘ਚ ਨਾ ਹੋਵਾਂ ਕਿਉਂ ਜੋ ਅੱਜ ਦੇ ਹਾਲਤਾਂ ਮੁਤਾਬਿਕ ਕੇਵਲ ਡੇਢ ਸਾਲ ਹੀ ਇੱਥੇ ਹਾਂ । ਪਰ ਅਗਰ ਤੁਸੀਂ ਭਰਪੂਰ ਸਹਿਯੋਗ ਦਿਓ ਤਾਂ ਸ਼ਾਇਦ ਕਿਸੇ ਅਜਿਹੀ ਮਾਂ ਦੀਆਂ ਆਂਦਰਾਂ ਠੰਢੀਆਂ ਕਰਨ ‘ਚ ਕਾਮਯਾਬ ਹੋ ਜਾਈਏ, ਜਿਸ ਦਾ ਪੁੱਤ-ਧੀ ਇਸ ਦੁਨੀਆਂ ਤੋਂ ਤੁਰ ਗਿਆ ਹੋਵੇ । ਹੋ ਸਕਦਾ ਹੈ ਕਿ ਅਜਿਹੀ ਸੋਚ ਪਹਿਲਾਂ ਵੀ ਕਿਸੇ ਦੇ ਦਿਮਾਗ ‘ਚ ਆਈ ਹੋਵੇ ਤੇ ਕਿਸੇ ਕਾਰਨ ਨੇਪਰੇ ਨਾ ਚੜ੍ਹ ਸਕੀ ਹੋਵੇ । ਜੇਕਰ ਕੋਈ ਅਜਿਹਾ ਵੀਰ ਇਸ ਖ਼ਤ ਨੂੰ ਪੜ੍ਹਦਾ ਹੈ ਤਾਂ ਉਹ ਜ਼ਰੂਰ ਹੀ ਸੰਪਰਕ ਕਰਨ ਦੀ ਖੇਚਲ ਕਰੇ ਤਾਂ ਜੋ ਉਹ ਮੁਨਾਸਿਬ ਸੇਧ ਤੇ ਜਾਣਕਾਰੀ ਦੇ ਸਕੇ ।

ਮੋਬਾਇਲ : 0433 442 722
ਈ ਮੇਲ : rishi22722@yahoo.com

ਇਕ ਖ਼ਤ ਮੇਰੇ ਦੇਸ਼ਵਾਸੀਆਂ ਦੇ ਨਾਂ.......... ਲੇਖ /ਮਿੰਟੂ ਬਰਾੜ

ਮੇਰੇ ਪਿਆਰੇ ਦੇਸ਼ ਵਾਸੀਓ,
ਅਸੀਂ ਏਥੇ ਵਿਦੇਸ਼ਾਂ ਚ ਰਾਜ਼ੀ ਖ਼ੁਸ਼ੀ ਵਸਦੇ ਸੀ ਤੇ ਉਮੀਦ ਕਰਦੇ ਹਾਂ ਕਿ ਤੁਸੀ ਵੀ ਠੀਕ-ਠਾਕ ਹੋਵੋਗੇ।
ਰਾਜ਼ੀ ਖ਼ੁਸ਼ੀ ਤੋਂ ਬਾਅਦ ਅੱਗੇ ਸਮਾਚਾਰ ਇਹ ਹੈ ਕਿ ਅਸੀ ਜੇਹੜਾ ''ਵਸਦੇ ਹਾਂ'' ਦੀ ਥਾਂ ਤੇ ''ਵਸਦੇ ਸੀ'' ਲਿਖਿਆ ਹੈ।ਓਸੇ ਕਰਕੇ ਹੀ ਅਜ ਤੁਹਾਨੂੰ ਇਹ ਖ਼ਤ ਲਿਖਣ ਲਈ ਮਜਬੂਰ ਹੋਏ ਹਾਂ ਅਤੇ ਸੋਚ ਸੋਚ ਕੇ ਇਸ ਨਤੀਜੇ ਤੇ ਪਹੁੰਚੇ ਹਾਂ ਕਿ ਜਦੋਂ ਕੋਈ ਦੁਖੜਾ ਲਗ ਜਾਵੇ ਤਾਂ ਕਹਿੰਦੇ ਹਨ ਕਿ ਉਸ ਨੂੰ ਵੰਡ ਲੈਣਾ ਚਾਹੀਦਾ ਹੈ ਜਿਸ ਨਾਲ ਉਹ ਘੱਟ ਹੋ ਜਾਂਦਾ ਹੈ ਪਰ ਦੁਖੜਾ ਤਾਂ ਓਸੇ ਨੂੰ ਸੁਣਾਇਆ ਜਾਂਦਾ ਹੈ ਜੋ ਕੋਈ ਆਪਣਾ ਹੋਵੇ।ਹੁਣ ਤੁਹਾਡੇ ਨਾਲੋ ਨੇੜੇ ਤਾਂ ਸਾਡਾ ਕੋਈ ਹੋ ਨਹੀਂ
ਸਕਦਾ।ਸੋ ਤੁਹਾਡੇ ਕੋਲ ਢਿੱਡ ਫੋਲਣ ਦੀ ਕੋਸ਼ਸ਼ ਕਰ ਰਹੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਤੁਸੀ ਸਾਡੇ ਜ਼ਖ਼ਮਾਂ ਤੇ ਮਲ੍ਹਮ ਲਾ ਕੇ ਸਾਨੂੰ ਕੁਝ ਰਾਹਤ ਦੇਣ ਦੀ ਕੋਸ਼ਸ਼ ਕਰੋਗੇ।
ਦੇਖੋ ਜੀ ਦੁੱਖ ਤਾਂ ਬੰਦੇ ਦੇ ਨਾਲ ਹੀ ਜਨਮ ਲੈਂਦੇ ਹਨ ਤੇ ਮੌਤ ਤਕ ਇਕ ਸੱਚੇ ਮਿੱਤਰ ਵਾਂਗ ਪਰਛਾਵਾਂ ਬਣ ਕੇ ਸਾਥ ਨਿਭਾਉਂਦੇ ਹਨ।ਇਹ ਸਭ ਜਾਣਦੇ ਹੋਏ ਵੀ ਹਰ ਇਕ ਦੀ ਕੋਸ਼ਸ਼ ਦੁੱਖਾਂ ਤੋਂ ਬਚਣ ਦੀ ਹੁੰਦੀ ਹੈ।ਕੋਈ ਇਸ ਵਿੱਚ ਕਾਮਯਾਬ ਹੋ ਜਾਂਦਾ ਹੈ ਤੇ ਕੋਈ ਤਰਲੇ ਕੱਢਦਾ ਹੀ ਮਰ ਜਾਂਦਾ ਹੈ।ਚੱਲੋ, ਇਹ ਤਾਂ ਸਮੇਂ ਦੀ ਚਾਲ ਹੈ, ਇੰਜ ਹੀ ਚੱਲਦੀ ਰਹੇਗੀ ਪਰ ਫ਼ਰਕ ਸਿਰਫ਼ ਐਨਾ ਕੁ ਹੈ ਕਿ ਕੁਝ ਦੁੱਖ ਸਾਡੇ ਵੱਲੋਂ ਆਪ ਸਹੇੜੇ ਹੁੰਦੇ ਹਨ ਤੇ ਕੁਝ ਧੱਕੇ ਨਾਲ ਸਾਡੇ ਗਲ਼ ਪਾਏ ਜਾਂਦੇ ਹਨ।ਬਸ ਇਹਨਾਂ ਦੁੱਖਾਂ ਤੋਂ ਦੁਖੀ ਹੋ ਕੇ ਅਜ ਤੁਹਾਨੂੰ ਇਹ ਖ਼ਤ ਲਿਖਣ ਬੈਠ ਗਏ ਹਾਂ।
ਜਦੋਂ ਅਸੀਂ ਪਹਿਲੇ ਦਿਨ ਘਰੋਂ ਪੈਰ ਪੁੱਟਿਆ ਸੀ ਓਸੇ ਦਿਨ ਹੀ ਅਸੀਂ ਆਪਣੇ ਆਪ ਨੂੰ ਦੁੱਖਾਂ ਦੇ ਖੂਹ ਵਿੱਚ ਧੱਕਾ ਦੇ ਦਿਤਾ ਸੀ ਪਰ ਇਸ ਲਈ ਅਸੀਂ ਕਿਸੇ ਨਾਲ ਗਿਲ੍ਹਾ ਨਹੀਂ ਕਰ ਸਕਦੇ ਕਿਉਂਕਿ ਉਹ ਸਾਡੇ ਆਪ ਸਹੇੜੇ ਹੋਏ ਦੁੱਖ ਸਨ।ਇਕ ਚੰਗੇ ਭਵਿੱਖ ਦੀ ਭਾਲ ਵਿੱਚ ਅਸੀਂ ਆਪ ਹੀ ਘਰ ਛੱਡਿਆ ਸੀ।ਉਹ ਦੁੱਖ ਵੀ ਕੁਝ ਅਜੀਬ ਜਿਹੇ ਸੀ ਜਿਨ੍ਹਾਂ ਵਿੱਚੋਂ ਇੱਕ ਖ਼ਾਸ ਵਿਛੋੜੇ ਰੂਪੀ ਰਸ ਸੀ। ਉਸ ਵਕਤ ਦੁਨੀਆ ਦਾ ਆਕਾਰ ਵੀ ਬਹੁਤ ਵੱਡਾ ਸੀ ਤੇ ਤੁਹਾਡੇ ਨਾਲ ਸੁੱਖ ਸੁਨੇਹੇ ਸਾਂਝੇ ਕਰਨ ਵਿੱਚ ਡੇਢ-ਡੇਢ ਮਹੀਨਾ ਲਗ ਜਾਂਦਾ ਸੀ ਤੇ ਸਾਰਾ ਦਿਨ ਡਾਕ ਦੀ ਉਡੀਕ ਜਿਹੀ ਲੱਗੀ ਰਹਿੰਦੀ ਸੀ।ਉਸ ਵਕਤ ਵਿਛੋੜੇ ਦੇ ਦੁੱਖ ਨੂੰ ਛੱਡ ਕੇ ਹੋਰ ਕੋਈ ਖ਼ਾਸ ਦੁੱਖ ਨਹੀਂ ਸੀ।ਜੇ ਕੋਈ ਛੋਟੀ ਮੋਟੀ ਔਕੜ ਆਉਂਦੀ ਵੀ ਸੀ ਤਾਂ ਉਸ ਨੂੰ ਡਾਲਰ ਆਪਣੇ ਉੱਤੇ ਲੈ ਲੈਂਦੇ ਸਨ।ਉਸ ਵਕਤ ਜੇ ਅਸੀਂ ਵਿਛੋੜੇ ਵਾਲਾ ਦੁੱਖ ਸਹੇੜਿਆ ਸੀ ਤਾਂ ਬਹੁਤ ਸਾਰੇ ਬਿਨਾ ਮਤਲਬ ਦੇ ਦੁੱਖਾਂ ਤੋਂ ਸਾਡਾ ਖਹਿੜਾ ਵੀ ਛੁੱਟ ਗਿਆ ਸੀ; ਜਿਵੇਂ, ਨਾ ਤਾਂ ਏਥੇ ਆ ਕੇ ਸਾਨੂੰ ਆਪਣੀ ਕੋਈ ਵੀ ਲੋੜ ਪੂਰੀ ਕਰਨ ਲਈ ਹਾੜੀ-ਸਾਉਣੀ ਉਡੀਕਣੀ ਪੈਂਦੀ ਸੀ ਤੇ ਨਾ ਹੀ ਆੜ੍ਹਤੀਏ ਦੀਆਂ ਮਿੰਨਤਾਂ ਕਰਨ ਦੀ ਲੋੜ ਸੀ ਅਤੇ ਨਾ ਕੋਈ ਜੀਵਨ ਦੀਆਂ ਮੁਢਲੀਆਂ ਸਹੂਲਤਾਂ ਦੀ ਘਾਟ ਸੀ।
ਸੱਚ, ਇਕ ਹੋਰ ਜਿਹੜੀ ਸਮੱਸਿਆ ਸਾਨੂੰ ਏਥੇ ਆਈ ਉਹ ਇਹ ਕਿ ਏਥੋਂ ਦੇ ਪੜ੍ਹੇ ਲਿਖੇ ਲੋਕਾਂ ਨਾਲੋਂ ਤਾਂ ਆਪਣੇ ਅਨਪੜ੍ਹ ਲੋਕ ਹੀ ਜਿਆਦਾ ਗੱਲਾਂ ਜਾਣਦੇ ਸਨ ਤੇ ਸ਼ੁਰੂ ਸ਼ੁਰੂ ਵਿੱਚ ਕਈ ਵਾਰੀਂ ਅਜੀਬ ਜਿਹੇ ਹਾਲਾਤ ਬਣ ਜਾਂਦੇ ਸਨ।਀ਿ ਇਕ ਦਿਨ ਮੈਂ ਇਕ ਗੋਰੇ ਨੂੰ ਦੱਸਿਆ ਕਿ ਸਾਡੇ ਬਿਜਲੀ ਚਲੀ ਜਾਂਦੀ ਹੈ ਤਾਂ ਮੂਹਰਿਓਂ ਮੈਨੂੰ ਗੋਰਾ ਹੈਰਾਨ ਹੋ ਕੇ ਕਹਿੰਦਾ ਕਿ ਉਹ ਕਿੱਥੇ ਚਲੀ ਜਾਂਦੀ ਹੈ! ਲੈ ਹੁਣ ਤੁਸੀ ਦੱਸੋ ਕਿ ਬਿਜਲੀ ਕਿਥੇ ਚਲੀ ਜਾਂਦੀ ਹੈ! ਜੇ ਇਹਨਾਂ ਦੀ ਬਿਜਲੀ ਕਦੇ ਗਈ ਹੋਵੇ ਤਾਂ ਇਹਨਾਂ ਨੂੰ ਪਤਾ ਹੋਵੇ! ਹੋਰ ਸੁਣ ਲਓ ਜੇ ਇਹਨਾਂ ਦੀ ਕਦੇ ਦਾਹੜ ਦੁਖਣ ਲਗ ਜਾਵੇ ਤਾਂ ਪਤੰਦਰ ਸਿਧੇ ਜਾਂਦੇ ਆ ਡਾਕਟਰ ਕੋਲ। ਸਾਨੂੰ ਇਹਨਾਂ ਤੇ ਤਰਸ ਆਉਂਦਾ ਹੈ ਕਿ ਇਹ ਕਰਨ ਵੀ ਕੀ; ਇਹਨਾਂ ਵਿਚਾਰਿਆ ਕੋਲ ਕੋਈ ਹਥੌਲ਼ਾ ਪਾਉਣ ਵਾਲਾ ਸਾਧ ਹੀ ਹੈ ਨਹੀਂ।
ਚਲੋ ਜੀ ਜਿਵੇਂ ਨਾ ਕਿਵੇਂ ਅਸੀਂ ਵੀ ਆਦੀ ਹੋ ਗਏ ਇਹਨਾਂ ਵਾਂਗੂੰ ਰਹਿਣ ਸਹਿਣ ਦੇ ਅਤੇ ਹੌਲ਼ੀ ਹੌਲ਼ੀ ਵਿਗਿਆਨ ਦੀ ਗਰਮੀ ਵਧਦੀ ਗਈ ਤੇ ਦੁਨੀਆ ਸਿਮਟ ਕੇ ਇਕ ਪਿੰਡ ਦਾ ਰੂਪ ਧਾਰਨ ਕਰ ਗਈ ਤਾਂ ਸਾਡੇ ਕੋਲੋਂ ਵਿਛੋੜੇ ਵਾਲਾ ਦੁੱਖ ਵੀ ਜਾਂਦਾ ਰਿਹਾ ਤੇ ਜਦੋਂ ਜੀ ਕੀਤਾ ਫ਼ੋਨ ਮਿਲਾ ਲਿਆ ਤੇ ਜਦੋਂ ਜੀ ਕੀਤਾ ਇੰਟਰਨੈੱਟ ਤੇ ਬਹਿ ਕੇ ਇਕ ਦੂਜੇ ਨੂੰ ਦੇਖ ਲਿਆ।ਹੁਣ ਤਾਂ ਆਲਮ ਇਹ ਹੈ ਕੇ ਪਿੰਡ ਜਦੋਂ ਗੁਆਂਢੀਆਂ ਦਾ ਕੁੱਤਾ ਭੌਂਕਦਾ ਤਾਂ ਸਾਨੂੰ ਏਥੇ ਸੁਣਦਾ ਅਤੇ ਕਈ ਵਾਰ ਤਾਂ ਇੰਜ ਹੁੰਦਾ ਕਿ ਜਦੋਂ ਕਦੇ ਮ੍ਹਾਤੜ ਦੀ ਰਾਤ ਦੀ ਜੌਬ ਹੁੰਦੀ ਹੈ ਤਾਂ ਇੰਡੀਆ ਬੈਠੀ ਮਾਂ ਫ਼ੋਨ ਦੀ ਘੰਟੀ ਮਾਰ ਕੇ ਅਲਾਰਮ ਦਾ ਕੰਮ ਕਰਦੀ ਹੈ। ਮੁੱਕਦੀ ਗੱਲ ਇਹ ਹੈ ਜੀ ਕਿ ਦਾਤੇ ਦੀ ਕਿਰਪਾ ਤੇ ਸਾਡੀ ਮਿਹਨਤ ਸਦਕਾ ਹੁਣ ਹਰ ਪਾਸੇ ਛਹਿਬਰਾਂ ਲੱਗੀਆਂ ਪਈਆਂ ਸਨ ਤੇ ਜਿੰਦਗੀ ਘੁੱਗ ਵਸ ਰਹੀ ਸੀ ਪਰ ਸਾਡੀਆਂ ਇਹ ਮੌਜਾਂ ਕਈਆਂ ਨੂੰ ਰਾਸ ਨਹੀਂ ਆਈਆਂ ਤੇ ਉਹ ਸਾਨੂੰ ਟੇਢੀ ਅੱਖ ਨਾਲ ਦੇਖਣ ਲਗ ਪਏ ਤੇ ਉਹਨਾਂ ਸਾਡੀ ਜ਼ਿੰਦਗੀ ਵਿੱਚ ਦਖ਼ਲ ਦੇਣਾ ਸ਼ੁਰੂ ਕਰ ਦਿਤਾ।ਉਹ ਵੀ ਦੋ ਦੋ ਪਾਸਿਆਂ ਤੋਂ ਇਕ ਸਿਆਸੀ ਤੇ ਦੂਜਾ ਧਰਮੀ। ਭਾਵੇਂ ਸਿਆਸੀ ਦਖ਼ਲ ਅੰਦਾਜ਼ੀ ਬਹੁਤ ਪਹਿਲਾਂ ਹੀ ਸ਼ੁਰੂ ਹੋ ਗਈ ਸੀ ਪਰ ਹੁਣ ਤਾਂ ਇਹ ਅੱਤ ਦੇ ਦੌਰ ਵਿੱਚ ਪਹੁੰਚ ਗਈ ਹੈ। ਪਹਿਲਾਂ ਵੀ ਕੋਈ ਨਾ ਕੋਈ ਲੀਡਰ ਵਿਦੇਸ਼ਾਂ ਦੇ ਦੌਰੇ ਤੇ ਆਉਂਦਾ ਰਹਿੰਦਾ ਸੀ ਪਰ ਉਹ ਦੌਰੇ ਜਾਂ ਤਾਂ ਸਰਕਾਰੀ ਹੁੰਦੇ ਸਨ ਜਾਂ ਨਿਜੀ। ਇਹਨਾਂ ਦੌਰਿਆਂ ਦਾ ਕਿਸੇ ਨੂੰ ਕੋਈ ਇਤਰਾਜ਼ ਨਹੀਂ ਸੀ ਹੁੰਦਾ। ਇਹਨਾਂ ਨੂੰ ਇਕ ਮਹਿਮਾਨ ਦੇ ਤੌਰ ਤੇ ਦੇਖਿਆ ਜਾਂਦਾ ਸੀ ਅਤੇ ਬਣਦਾ ਮਾਣ ਸਤਿਕਾਰ ਵੀ ਦਿਤਾ ਜਾਂਦਾ ਸੀ ਪਰ ਪਿਛਲੇ ਕੁਝ ਕੁ ਸਾਲਾਂ ਤੋਂ ਐਵੇਂ ਕੰਨ ਦੁਖਦੇ ਦਾ ਬਹਾਨਾ ਕਰ ਕੇ ਹਰੇਕ ਨੇਤਾ ਵਿਦੇਸ਼ਾਂ ਵੱਲ ਨੂੰ ਤੁਰਿਆ ਆਉਂਦਾ ਹੈ ਅਤੇ ਆ ਕੇ ਸ਼ੁਰੂ ਕਰ ਦਿੰਦਾ ਏਥੇ ਆਪਣੀਆਂ ਸਿਆਸੀ ਗਤੀਵਿਧੀਆਂ। ਕੁਝ ਇੱਕ ਨੂੰ ਕੁਰਸੀ ਦਾ ਚਸਕਾ ਪਾ ਕੇ ਲੋਕਲ ਨੇਤਾ ਥਾਪ ਦਿੰਦਾ ਹੈ। ਫੇਰ ਸ਼ੁਰੂ ਕਰ ਦਿੰਦਾ ਹੈ ਆਪਣਾ ਅਸਲੀ ਮਕਸਦ ਡਾਲਰ ਇਕੱਠੇ ਕਰਨ ਦਾ। ਏਸੇ ਦਾ ਨਤੀਜਾ ਹੈ ਕਿ ਹੁਣ ਕਿਧਰੇ ਨੀਲੇ, ਕਿਧਰੇ, ਚਿੱਟੇ ਤੇ ਕਿਧਰੇ ਖ਼ਾਕੀ ਲੀਡਰਾਂ ਦੇ ਝੁੰਡ ਤੁਹਾਨੂੰ ਹਰ ਰੋਜ ਦੇਖਣ ਨੂੰ ਮਿਲ ਜਾਣਗੇ।
ਹੁਣ ਸਾਡੀ ਇੱਕ ਗਲ ਸਮਝ ਨਹੀਂ ਆਉਂਦੀ ਕਿ ਇਹ ਅਖੌਤੀ ਨੇਤਾ ਏਥੇ ਏਹੋ ਜੇਹਾ ਕੀ ਸੰਵਾਰਨ ਆਉਂਦੇ ਹਨ ਜਿਹੜਾ ਏਥੋਂ ਦੀਆਂ ਸਰਕਾਰਾਂ ਤੋਂ ਨਹੀਂ ਹੁੰਦਾ! ਸੋਚਣ ਵਾਲ਼ੀ ਗੱਲ ਹੈ ਕਿ ਏਥੇ ਨਾ ਤਾਂ ਕਿਤੇ ਟੁੱਟੀਆਂ ਸੜਕਾਂ ਨੇ, ਨਾ ਕਿਤੇ ਕੋਈ ਸਿਹਤ ਸਹੂਲਤਾਂ ਦੀ ਘਾਟ ਆ, ਨਾ ਕਿਸੇ ਸਕੂਲ ਵਿੱਚ ਤਿੰਨ ਸੌ ਜੁਆਕਾਂ ਲਈ ਇਕ ਮਾਸਟਰ ਹੈ, ਨਾ ਕਿਤੇ ਸਾਡੇ ਕੋਈ ਹੱਕ ਹੀ ਖਾ ਰਿਹਾ ਹੈ, ਨਾ ਬੁਢਾਪਾ ਪੈਨਸ਼ਨ ਲੈਣ ਲਈ ਪਟਵਾਰੀਆਂ ਦੀ ਦੇਹਲੀ ਨੀਵੀਂ ਤੇ ਤਲੀ ਗਰਮ ਕਰਨੀ ਪੈਂਦੀ ਹੈ, ਨਾ ਕਿਤੇ ਕੰਡਕਟਰ ਭਾਰਤੀ ਹੋਣ ਲਈ ਟ੍ਰਾਂਸਪੋਰਟ ਮੰਤਰੀ ਦਾ ਫ਼ੋਨ ਕਰਵਾਉਣਾ ਪੈਂਦਾ ਹੈ ਅਤੇ ਨਾ ਹੀ ਕਿਸੇ ਕੰਮ ਲਈ ਸਰਕਾਰੀ ਦਫ਼ਤਰਾਂ ਦੇ ਗੇੜੇ ਲਾਉਣੇ ਪੈਂਦੇ ਹਨ। ਬਿਜਲੀ ਦਾ ਕੋਈ ਰੌਲ਼ਾ ਹੀ ਨਹੀਂ; ਜੇ ਇਹ ਕਿਤੇ ਜਾਊ ਤਾਂ ਹੀ ਆਉਣ ਦੀ ਸਮੱਸਿਆ ਆਵੇਗੀ! ਹੁਣ ਤੁਸੀਂ ਹੀ ਦੱਸੋ ਕਿ ਇਹਨਾਂ ਦਾ ਅਸਲੀ ਮਕਸਦ ਕੀ ਹੋ ਸਕਦਾ ਹੈ ਏਥੇ ਦੇ ਭਲਵਾਨੀ ਗੇੜੇ ਦੇਣ ਦਾ! ਅਸੀਂ ਤਾਂ ਸੋਚ ਸੋਚ ਕੇ ਇਕ ਹੀ ਨਤੀਜਾ ਕੱਢਿਆ ਕਿ ਜਾਂ ਤਾਂ ਇਹ ਆਪਣਾ ਕਾਲ਼ਾ ਧਨ ਸਾਂਭਣ ਆਉਂਦੇ ਹਨ ਜਾਂ ਫੇਰ ਏਥੇ ਡਾਲਰ ਇਕੱਠੇ ਕਰਨ ਆਉਂਦੇ ਹੋਣਗੇ! ਕਿਉਂਕਿ ਜੇ ਇਹਨਾਂ ਦਾ ਮਕਸਦ ਸਮੱਸਿਆ ਸੁਲਝਾ ਕੇ ਜਨਤਾ ਦੀ ਸੇਵਾ ਕਰਨਾ ਹੁੰਦਾ ਤਾਂ ਇਹ ਕਾਰਜ ਇਹ ਅਖੌਤੀ ਨੇਤਾ ਆਪਣੇ ਦੇਸ਼ ਵਿੱਚ ਹੀ ਕਰ ਲੈਂਦੇ! ਹੁਣ ਇਕ ਹੋਰ ਗੱਲ ਏਥੇ ਸੋਚਣ ਦੀ ਇਹ ਹੈ ਕਿ ਜੇ ਇਹਨਾਂ ਨੂੰ ਇਕੱਲੇ ਡਾਲਰ ਹੀ ਪਿਆਰੇ ਹੁੰਦੇ ਤਾਂ ਇਹ ਪੱਕੇ ਤੋਰ ਤੇ ਵਿਦੇਸ਼ ਹੀ ਆ ਵਸਦੇ। ਨਹੀਂ ਮੇਰੇ ਵੀਰੋ ਇਹਨਾਂ ਨੂੰ ਇਕੱਲੇ ਡਾਲਰਾਂ ਨਾਲ ਪ੍ਰੇਮ ਨਹੀਂ ਇਹਨਾਂ ਨੂੰ ਤਾਂ ਚੌਧਰ, ਕੁਰਸੀ, ਵਾਹ-ਵਾਹ, ਚਮਚਾਗੀਰੀ, ਸਲੂਟਾਂ ਨਾਲ ਹੀ ਪ੍ਰੇਮ ਹੈ। ਭਾਵੇਂ ਇਹ ਆਪਣੀ ਨੇਤਾਗੀਰੀ ਵਿਦੇਸ਼ ਵਿਚ ਆ ਕੇ ਵੀ ਕਰ ਸਕਦੇ ਹਨ ਪਰ ਇਹਨਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਏਥੇ ਉਹੋ ਜਿਹੇ ਨਜ਼ਾਰੇ ਨਹੀਂ ਆਉਣੇ ਜੋ ਇੰਡੀਆ ਵਿਚ ਹਨ। ਏਥੇ ਤਾਂ ਸੱਚੀਂ-ਮੁੱਚੀਂ ਦਾ ਸੇਵਾਦਾਰ ਬਣਨਾ ਪੈਂਦਾ ਨਾ ਕਿ ਕਾਗਜ਼ੀ!
ਹੁਣ ਤੁਸੀ ਸੋਚਦੇ ਹੋਵੋਗੇ ਕਿ ਕੋਈ ਮਰਜ਼ੀ ਕੁਝ ਕਰੀ ਜਾਵੇ ਤੁਹਾਨੂੰ ਕੀ ਤਕਲੀਫ਼? ਭਰਾਵੋ, ਜੇ ਤਕਲੀਫ਼ ਹੋਈ ਹੈ ਤਾਂ ਹੀ ਇਹ ਖ਼ਤ ਲਿਖਣ ਬੈਠੇ ਹਾਂ। ਸਭ ਤੋਂ ਵੱਡੀ ਤਕਲੀਫ਼ ਤਾਂ ਇਹ ਹੈ ਕਿ ਆਮ ਜਨਤਾ, ਜਿਸ ਨੇ ਕਰੜੀ ਮਿਹਨਤ ਸਦਕਾ ਇਕ ਚੰਗੇ ਸਿਸਟਮ ਵਿੱਚ ਹਾਲੇ ਸੁੱਖ ਦਾ ਸਾਹ ਲੈਣਾ ਸ਼ੁਰੂ ਹੀ ਕੀਤਾ ਸੀ ਤੇ ਓਹੀ ਕਲੇਸ਼ ਏਥੇ ਵੀ ਸ਼ੁਰੂ ਹੋ ਗਿਆ। ਅਸੀਂ ਵਿਦੇਸ਼ਾਂ ਵਿੱਚ ਵੱਖ ਵੱਖ ਥਾਂਵਾਂ ਤੋਂ ਆ ਕੇ ਵਸੇ ਹੋਣ ਕਰਕੇ ਸਾਡੇ ਵਿੱਚ ਕੋਈ ਜਿਆਦਾ ਸ਼ਰੀਕਾ ਨਹੀਂ ਸੀ ਪਰ ਇਹਨਾਂ ਨੇ ਆ ਕੇ ਸਾਡੇ ਵਿੱਚ ਫੇਰ ਵੰਡੀਆਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਪਹਿਲਾਂ ਅਸੀਂ ਇਕ ਦੂਜੇ ਨੂੰ ਉਸ ਦੇ ਪਿੰਡ ਜਾ ਹਲਕੇ ਕਰਕੇ ਜਾਣਦੇ ਹੁੰਦੇ ਸੀ ਕਿ ਫ਼ਲਾਣਾ ਸਿਓਂ ਮਾਲਵੇ ਦਾ ਤੇ ਫ਼ਲਾਣਾ ਸਿਓਂ ਦੁਆਬੇ ਦਾ। ਹੁਣ ਸਾਡੀ ਪਛਾਣ ਪਾਰਟੀਆਂ ਦੇ ਆਧਾਰ ਤੇ ਹੁੰਦੀ ਹੈ। ਕੋਈ ਜਿੱਤਦਾ ਹਾਰਦਾ ਪੰਜਾਬ 'ਚ ਹੈ ਤੇ ਮੇਹਣੋ-ਮੇਹਣੀਂ ਅਸੀਂ ਏਥੇ ਹੋਣ ਲੱਗ ਜਾਂਦੇ ਹਾਂ। ਹੁਣ ਸਾਨੂੰ ਆਪਣਿਆਂ ਦਾ ਫ਼ਿਕਰ ਘੱਟ ਤੇ ਪਾਰਟੀਆਂ ਦਾ ਫ਼ਿਕਰ ਜਿਆਦਾ ਰਹਿੰਦਾ ਹੈ। ਏਥੋਂ ਤੱਕ ਕਿ ਹੁਣ ਸਾਡਾ ਆਪਣੇ ਦੇਸ਼ ਗੇੜਾ ਲਾਉਣ ਦਾ ਪ੍ਰੋਗਰਾਮ ਵੀ ਵੋਟਾਂ ਦੇ ਹਿਸਾਬ ਨਾਲ ਹੀ ਬਣਦਾ ਹੈ। ਸਾਨੂੰ ਸੁਖ ਇਹਨਾਂ ਦਾ ਭੋਰਾ ਵੀ ਨਹੀਂ ਹੈ। ਜਦੋਂ ਕਦੇ ਸਾਨੂੰ ਕੋਈ ਲੋੜ ਪੈਂਦੀ ਹੈ ਤਾਂ ਉਹ ਫੇਰ ਵਿਚਾਰੇ ਡਾਲਰ ਹੀ ਪੂਰੀ ਕਰਦੇ ਹਨ। ਜੋ ਪਿੱਛੇ ਸਾਡੀ ਜਾਇਦਾਦ ਹੈ, ਉਹਨਾਂ ਨੂੰ ਜਿਆਦਾ ਖ਼ਤਰਾ ਇਹਨਾਂ ਤੋਂ ਹੀ ਹੁੰਦਾ ਹੈ ਕਿਉਂਕਿ ਇਹਨਾਂ ਦੇ ਇਸ਼ਾਰੇ ਤੇ ਹੀ ਕੋਈ ਨਾ ਕੋਈ ਸਾਡੀ ਜਾਇਦਾਦ ਉਤੇ ਅੱਖ ਰੱਖ ਲੈਂਦਾ ਹੈ ਤੇ ਫੇਰ ਸਾਨੂੰ ਦੋਹਾਂ ਪਾਸਿਆਂ ਤੋਂ ਰਗੜਾ ਚੜ੍ਹਦਾ ਹੈ। ਜੇ ਅਸੀਂ ਆਪਣੇ ਹੱਡ ਬਚਾਉਣ ਆਪਣੇ ਮੁਲਕ ਆਉਂਦੇ ਹਾਂ ਤਾਂ ਵੀ ਸਭ ਨੂੰ ਸਾਡੇ ਡਾਲਰ ਹੀ ਦਿਸਦੇ ਹਨ; ਸਾਡਾ ਵਜੂਦ ਕੋਈ ਖ਼ਾਸ ਮਹਿਨਾ ਨਹੀਂ ਰੱਖਦਾ। ਜਦੋਂ ਅਸੀਂ ਨਾਜਾਇਜ਼ ਕਬਜ਼ਿਆਂ ਦੀ ਸ਼ਿਕਾਇਤ ਕਰਨ ਥਾਣਿਆਂ 'ਚ ਜਾਂਦੇ ਹਾਂ ਤਾਂ ਮੂਹਰਿਓਂ ਅਫ਼ਸਰ ਲਾਲ਼ਾਂ ਸਿੱਟੀ ਜਾਂਦੇ ਆ। ਜੇ ਉਹਨਾਂ ਤੋਂ ਬਚਣ ਲਈ ਇਹਨਾਂ ਲੀਡਰਾਂ ਕੋਲ ਜਾਈਦਾ ਤਾਂ ਮਹਿਸੂਸ ਹੁੰਦਾ ਕਿ ਇਸ ਨਾਲੋਂ ਤੋਂ ਉਸ ਅਫ਼ਸਰ ਦਾ ਮੂੰਹ ਹੀ ਛੋਟਾ ਸੀ ਤੇ ਸੌਖਾ ਭਰ ਜਾਂਣਾ ਸੀ। ਫੇਰ ਭਗਵੰਤ ਮਾਨ ਦੀ ਉਹ ਗੱਲ ਚੇਤੇ ਆਉਂਦੀ ਹੈ ਕਿ ਸਾਨੂੰ ਕੀ ਫਾਇਦਾ ਹੋਇਆ ਤੁਹਾਨੂੰ ਐਲ।ਐਮ।ਏ। (ਐਮ।ਐਲ।ਏ।) ਬਣਾਉਣ ਦਾ? ਦੁੱਖ ਤਾਂ ਹੋਰ ਵੀ ਬਥੇਰੇ ਹਨ ਪਰ ਇਸ ਲਈ ਤਾਂ ਪੂਰੀ ਕਿਤਾਬ ਲਿਖਣੀ ਪੈਣੀ ਹੈ। ਇਸ ਲਈ ਅਗਲੀ ਤਕਲੀਫ਼ ਤੇ ਜਾਂਦੇ ਹਾਂ।
ਸਾਡਾ ਦੂਜਾ ਦੁੱਖ ਸੰਵੇਦਨਸ਼ੀਲ ਹੈ; ਇਸ ਲਈ ਇਹ ਤੁਹਾਡੇ ਨਾਲ ਸਾਂਝਾ ਕਰਨਾ ਅਤਿ ਜਰੂਰੀ ਹੈ। ਸਾਡਾ ਸਿੱਖ ਧਰਮ ਵੇਲੇ ਵੇਲੇ ਸਿਰ ਕਿਸੇ ਨਾ ਕਿਸੇ ਰੋਗ ਨਾਲ ਪੀੜਤ ਹੀ ਰਿਹਾ ਹੈ। ਕਦੇ ਵਕਤ ਦੇ ਹਾਕਮਾਂ ਨੇ ਸਾਨੂੰ ਦਬਾਉਣ ਦੀ ਕੋਸ਼ਸ਼ ਕੀਤੀ ਤੇ ਕਦੇ ਹੋਰ ਕੌਮਾਂ ਨੂੰ ਸਾਡਾ ਧਰਮ ਚੁਭਣ ਲੱਗਿਆ ਤੇ ਕਦੇ ਸਾਡੇ ਆਪਣਿਆਂ ਨੇ ਸਾਨੂੰ ਅੰਦਰੋਂ ਅੰਦਰੀਂ ਵੰਡਿਆ। ਕਦੇ ਮਸੰਦਾਂ ਨੇ ਸਾਨੂੰ ਖੋਰਾ ਲਾਇਆ। ਅੱਜ ਦੇ ਵਕਤ ਵਿੱਚ ਜੇ ਕੋਈ ਸਿੱਖ ਕੌਮ ਨੂੰ ਖੋਰਾ ਲਾ ਰਿਹਾ ਹੈ ਤਾਂ ਇਹ ਹਨ ਆਪੇ ਬਣੇ ਬਾਬੇ ਅਤੇ ਸੰਤ।ਅਸੀਂ ਪਹਿਲਾਂ ਵੀ ਚਿੰਤਾ ਵਿੱਚ ਰਹਿੰਦੇ ਸੀ ਕਿ ਸਾਡਾ ਧਰਮ ਕਿਧਰ ਨੂੰ ਜਾ ਰਿਹਾ ਹੈ।ਪਰ ਹੁਣ ਤਾਂ ਅਸੀਂ ਇਹਨਾਂ ਅਖੌਤੀ ਬਾਬਿਆਂ ਤੋਂ ਬਹੁਤ ਹੀ ਦੁਖੀ ਹੋ ਗਏ ਹਾਂ।ਹਰ ਤੀਜੇ ਦਿਨ ਜਥਾ ਲੈ ਕੇ ਵਿਦੇਸ਼ਾਂ ਚ ਆ ਬਹੁੜਦੇ ਹਨ ਅਤੇ ਸਾਨੂੰ ਜਜ਼ਬਾਤੀ ਕਰ ਕੇ ਆਪਣੀਆਂ ਝੋਲ਼ੀਆਂ ਭਰ ਕੇ ਮੁੜ ਜਾਂਦੇ ਹਨ। ਹਰ ਵਾਰ ਅਸੀਂ ਸੋਚਦੇ ਹਾਂ ਕਿ ਸ਼ਾਇਦ ਇਹ ਮਹਾਂਪੁਰਖ ਸਾਨੂੰ ਮੁਕਤੀ ਦਾ ਰਾਹ ਦਿਖਾਏਗਾ ਪਰ ਜਦ ਕਿਸੇ ਵੀ ਬਾਬੇ ਦੀ ਆਮਦ ਦਾ ਪਤਾ ਚਲਦਾ ਹੈ ਕਿ ਐਨੀ ਤਾਰੀਖ਼ ਨੂੰ ਸੰਤ ਜੀ ਆ ਰਹੇ ਹਨ ਤਾਂ ਉਹਨਾਂ ਦੇ ਆਉਣ ਤੋਂ ਪਹਿਲਾਂ ਹੀ ਉਹਨਾਂ ਦੇ ਕੱਚੇ ਚਿੱਠੇ ਏਥੇ ਪਹੁੰਚ ਜਾਂਦੇ ਹਨ। ਇਹਨਾਂ ਨੂੰ ਸੁਣ ਸੁਣ ਕੇ ਬਾਬੇ ਦੇ ਆਉਣ ਤੱਕ ਬਾਬੇ ਚ ਸ਼ਰਧਾ ਹੀ ਨਹੀਂ ਰਹਿੰਦੀ। ਸਾਨੂੰ ਇਹ ਵੀ ਪਤਾ ਕਿ ਭਾਵੇਂ ਕੋਈ ਕਿੰਨਾ ਵੀ ਮਾੜਾ ਬਾਬਾ ਹੋਵੇ ਪਰ ਜਦ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਅੰਦਰ ਬੈਠ ਕੇ ਕਥਾ ਕੀਰਤਨ ਕਰਦਾ ਹੈ ਤਾਂ ਉਹ ਕੋਈ ਬੁਰਾਈ ਨਹੀਂ ਕਰ ਸਕਦਾ ਪਰ ਅਸੀਂ ਕੀ ਕਰੀਏ ਜਦੋਂ ਸਾਡੇ ਜ਼ਿਹਨ ਵਿੱਚ ਬਾਬੇ ਦਾ ਅਸਲੀ ਰੂਪ ਘੁੰਮ ਰਿਹਾ ਹੁੰਦਾ ਹੈ ਤਾਂ ਮਨ ਉਹਨਾਂ ਦੇ ਵਿਚਾਰਾਂ ਵਿਚ ਲਗਦਾ ਹੀ ਨਹੀਂ।
ਭਰਾਵੋ, ਤੁਹਾਡੇ ਅੱਗੇ ਬੇਨਤੀ ਹੈ ਕਿ ਜਾਂ ਤਾਂ ਤੁਸੀ ਇਹੋ ਜਿਹੇ ਬਾਬਿਆਂ ਨੂੰ ਸਾਡੇ ਕੋਲ ਭੇਜਿਆ ਨਾ ਕਰੋ ਜਾਂ ਫੇਰ ਇਹਨਾਂ ਦੀਆਂ ਕਰਤੂਤਾਂ ਆਪਣੇ ਕੋਲ ਰੱਖ ਲਿਆ ਕਰੋ। ਇਸ ਨਾਲ ਅਸੀਂ ਅਣਜਾਣਪੁਣੇ ਵਿੱਚ ਕੁਝ ਵਕਤ ਰੱਬ ਦਾ ਨਾਂ ਤਾਂ ਚਿੱਤ ਲਾ ਕੇ ਲੈ ਲਿਆ ਕਰਾਂਗੇ। ਜੇ ਅਸਲੀ ਪੁੱਛੋ ਤਾਂ ਤੁਸੀਂ ਇਹਨਾਂ ਨੂੰ ਏਥੇ ਨਾ ਹੀ ਭੇਜਿਆ ਕਰੋ। ਜੇ ਭੇਜਣਾ ਵੀ ਹੋਵੇ ਤਾਂ ਕੋਈ ਆਪਣੇ ਨਾਂ ਮੂਹਰੇ ਗਿਆਨੀ, ਭਾਈ ਜਾਂ ਕਥਾ ਵਾਚਕ ਲਗਾਉਣ ਵਾਲਾ ਭੇਜ ਦਿਆ ਕਰੋ ਨਹੀਂ ਤਾਂ ਇਕੱਲੇ ਕੀਰਤਨ ਕਰਨ ਵਾਲੇ ਸਿੰਘ ਹੀ ਭੇਜ ਦਿਆ ਕਰੋ ਕਿਉਂਕਿ ਅਸੀਂ ਪਿਛਲੇ ਕਾਫ਼ੀ ਸਮੇਂ ਤੋਂ ਇਹ ਤੱਤ ਕੱਢਿਆ ਹੈ ਕਿ ਇਹਨਾਂ ਅਖੌਤੀ ਸੰਤਾਂ ਨਾਲੋਂ ਇਹ ਲੋਕ ਹਜ਼ਾਰ ਗੁਣਾਂ ਚੰਗੇ ਹੁੰਦੇ ਹਨ। ਘੱਟ ਤੋਂ ਘੱਟ ਇਹ ਸਾਡੇ ਜਜ਼ਬਾਤ ਤਾਂ ਨਹੀਂ ਭੜਕਾਉਂਦੇ। ਨਾ ਹੀ ਇਹਨਾਂ ਨੂੰ ਪੈਰੀਂ ਹੱਥ ਲਗਵਾਉਣ ਦਾ ਚਸਕਾ ਹੁੰਦਾ, ਨਾ ਹੀ ਇਹਨਾਂ ਨੂੰ ਇਕ ਦੂਜੇ ਤੋਂ ਵੱਡਾ ਡੇਰਾ ਤੇ ਇਮਾਰਤਾਂ ਬਣਾਉਣ ਲਈ ਫ਼ੰਡ ਚਾਹੀਦਾ ਹੁੰਦਾ। ਬੱਸ ਜੋ ਮੱਥਾ ਟੇਕ ਦਿਓ ਓਸੇ ਨਾਲ ਸਬਰ ਕਰ ਲੈਂਦੇ ਹਨ ਅਤੇ ਜੇ ਮਰਯਾਦਾ ਮੁਤਾਬਿਕ ਸਿਰੋਪਾ ਦੀ ਬਖਸ਼ਿਸ਼ ਹੋ ਜਾਵੇ ਤਾਂ ਹੋਰ ਵੀ ਚੰਗਾ। ਇਸ ਦੇ ਉਲ਼ਟ ਆਪਣੇ ਮੂਹਰੇ ਸੰਤ ਲਗਾਉਣ ਵਾਲੇ ਇਹੋ ਜਿਹੀਆਂ ਉਦਾਹਰਣਾਂ ਦਿੰਦੇ ਹਨ ਕਿ ਇਕ ਅਡੋਲ ਗੁਰਸਿੱਖ ਵੀ ਡੋਲ ਜਾਂਦਾ ਹੈ। ਭਰਾਵੋ, ਜੋ ਬੰਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੁੜਿਆ ਉਸ ਨੂੰ ਇਹ ਚੰਗੀ ਤਰ੍ਹਾਂ ਪਤਾ ਕਿ ਇਕ ਸੰਤ ਦੀ ਨਿੰਦਿਆ ਦਾ ਕੀ ਨਤੀਜਾ ਨਿਕਲਦਾ ਹੈ; ਇਸ ਲਈ ਉਹ ਇਕ ਸੰਤ ਪ੍ਰਤੀ ਕੋਈ ਸ਼ਬਦ ਬੋਲਣ ਤੋਂ ਪਹਿਲਾਂ ਕਈ ਵਾਰ ਸੋਚਦਾ ਹੈ। ਬੱਸ ਸਾਡੀ ਏਸੇ ਕਮਜੋਰੀ ਦਾ ਇਹ ਅਖੌਤੀ ਸੰਤ ਲਾਭ ਲੈ ਰਹੇ ਹਨ। ਅਸੀਂ ਤਾਂ ਹੈਰਾਨ ਹਾਂ ਕਿ ਇਹਨਾਂ ਨੂੰ ਰੱਬ ਦਾ ਭੋਰਾ ਵੀ ਡਰ ਨਹੀਂ ਹੈ; ਉਲ਼ਟਾ ਹਿੱਕ ਤਾਣ ਕੇ ਗ਼ਲਤੀਆਂ ਕਰਦੇ ਹਨ। ਇਕ ਦਿਨ ਦੀ ਗਲ ਤੁਹਾਨੂੰ ਸੁਣਾਉਂਦਾ ਹਾਂ। ਅਸੀਂ ਕਿਸੇ ਇਕ ਬਾਬੇ ਨੂੰ ਉਸ ਦੀ ਪੁਰਾਣੀ ਕਰਤੂਤ ਯਾਦ ਕਰਵਾ ਦਿੱਤੀ ਤਾਂ ਮੂਹਰੋਂ ਕਹਿੰਦਾ, ''ਆਖ਼ਰ ਅਸੀਂ ਨੌਂ ਸੌ ਚੂਹਾ ਖਾ ਕੇ ਹੱਜ ਨੂੰ ਤਾਂ ਆ ਗਏ; ਕਈ ਤਾਂ ਹੱਜ ਕਰਦੇ ਵੀ ਚੂਹੇ ਖਾਈ ਜਾਂਦੇ ਹਨ''।ਹੁਣ ਤੁਸੀ ਦੱਸੋ ਇਹੋ ਜਿਹੇ ਵਿਚਾਰਾਂ ਵਾਲੇ ਕੌਮ ਦਾ ਕੀ ਸਵਾਰ ਦੇਣਗੇ? ਪਹਿਲਾਂ ਤਾਂ ਇਹ ਦੀਵਾਨ ਲਾਉਣ ਤੋਂ ਪਹਿਲਾਂ ਕਿਸੇ ਕਲਾਕਾਰ ਵਾਂਗੂੰ ਸ਼ਰਤਾਂ ਪੂਰੀਆ ਕਰਵਾ ਕੇ ਆਉਂਦੇ ਹਨ ਤੇ ਫੇਰ ਜਾਣ ਲੱਗੇ ਨਖ਼ਰੇ ਕਰਦੇ ਹਨ ਕਿ ਜੇਹੜੀ ਲੋਈ ਤੁਸੀ ਦਿੱਤੀ ਹੈ ਇਹੋ ਜਿਹੀ ਤਾਂ ਸਾਡੇ ਸੇਵਾਦਾਰ ਵੀ ਉਤੇ ਨਹੀਂ ਲੈਂਦੇ। ਇਕ ਹੋਰ ਖ਼ਾਸ ਗਲ ਇਹ ਹੈ ਕਿ ਜੇ ਤੁਹਾਡੇ ਚ ਹਿੰਮਤ ਹੈ ਤਾਂ ਇਹਨਾਂ ਅਖੌਤੀ ਸੰਤਾਂ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਚਲਾਈ ਲੰਗਰ ਦੀ ਮਹਾਨ ਪਰੰਪਰਾ ਮੁਤਾਬਿਕ, ਪੰਗਤ ਵਿੱਚ ਬਹਿ ਕੇ ਲੰਗਰ ਛਕਾ ਕੇ ਦਿਖਾ ਦਿਓ ਤਾਂ ਅਸੀਂ ਤੁਹਾਡੇ ਵੱਲੋਂ ਭੇਜੇ ਹਰ ਸੰਤ ਦੇ ਪੈਰਾਂ ਹੇਠ ਹੱਥ ਰੱਖਾਂਗੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜੇ ਸੰਤ ਦੀ ਨਿੰਦਿਆ ਨਾ ਕਰਨ ਲਈ ਕਿਹਾ ਗਿਆ ਹੈ ਤਾਂ ਇਸ 'ਧੁਰ ਕੀ ਬਾਣੀ' ਵਿੱਚ ਸੰਤ ਦੀ ਪ੍ਰੀਭਾਸ਼ਾ ਵੀ ਦਰਜ ਹੈ ਕਿ ਸੰਤ ਕਿਹੋ ਜਿਹੇ ਹੁੰਦੇ ਹਨ।
ਸਾਧ ਕੀ ਸੋਭਾ ਊਚ ਤੇ ਊਚੀ॥
ਸਾਧ ਕੀ ਸੋਭਾ ਮੂਚ ਤੇ ਮੂਚੀ॥
ਸਾਧ ਕੀ ਸੋਭਾ ਸਾਧ ਬਨਿ ਆਈ॥
ਨਾਨਕ ਸਾਧ ਪ੍ਰਭ ਭੇਦੁ ਨ ਭਾਈ॥੮॥੭॥ (੨੭੨)
ਪਹਿਲਾਂ ਸਿੱਖ ਇਤਿਹਾਸ ਵਿੱਚ ਅਸੀਂ ਬਹੁਤ ਕਰਨੀ ਵਾਲੇ ਸੰਤਾਂ ਬਾਰੇ ਪੜ੍ਹ ਚੁਕੇ ਹਾਂ ਪਰ ਅੱਜ ਤੱਕ ਇਹ ਨਹੀਂ ਸੁਣਿਆ ਕਿ ਕਿਸੇ ਸੰਤ ਨੇ ਮਹਿਲ ਉਸਾਰੇ ਹੋਣ ਜਾਂ ਫਿਰ ਗੰਨਮੈਨ ਰੱਖੇ ਹੋਣ। ਅਸੀਂ ਤਾਂ ਕੁਝ ਇਹੋ ਜਿਹੇ ਮਹਾਂਪੁਰਖਾਂ ਨੂੰ ਜਰੂਰ ਜਾਣਦੇ ਹਾਂ ਜੇਹੜੇ ਸਾਰੀ ਉਮਰ ਕੱਖਾਂ ਦੀਆਂ ਕੁੱਲੀਆਂ ਵਿੱਚ ਨਾਮ ਸਿਮਰਨ ਕਰਦੇ ਰਹੇ ਤੇ ਜਾਣ ਲੱਗਿਆਂ ਕੋਈ ਯਾਦਗਾਰ ਵੀ ਨਹੀਂ ਛੱਡ ਕੇ ਗਏ। ਤੁਸੀ ਅਕਸਰ ਸੁਣਦੇ ਹੋ ਕਿ ਸਾਧਾਂ ਨੂੰ ਕੀ ਸੁਆਦਾਂ ਨਾਲ਼? ਪਰ ਅਜ ਕਲ੍ਹ ਦੇ ਸੰਤਾਂ ਨੂੰ ਤਾਂ ਲੰਗਰ ਦਾ ਪ੍ਰਸ਼ਾਦਾ ਚੰਗਾ ਨਹੀਂ ਲਗਦਾ। ਐਸ।ਯੂ।ਬੀ। ਗੱਡੀ ਤੋਂ ਬਿਨਾਂ ਇਹਨਾਂ ਨੂੰ ਯਾਤਰਾ ਕਰਨੀ ਸੋਭਾ ਨਹੀਂ ਦਿੰਦੀ। ਪੰਜ ਸੱਤ ਗੰਨਮੈਨਾ ਬਿਨਾਂ ਵੀ ਕਾਹਦੀ ਸਾਧ ਗਿਰੀ? ਤੁਸੀ ਦੱਸੋ, ਆਪਣੀ ਜਾਨ ਦੀ ਰਾਖੀ ਦੂਜਿਆਂ ਤੋਂ ਕਰਵਾਉਣ ਵਾਲਾ ਦੂਜੇ ਦੀ ਜਾਨ ਕਿਵੇਂ ਬਚਾਊ? ਜੇ 'ਸਾਧ' ਸ਼ਬਦ ਵਰਤਿਆ ਤਾਂ ਤੁਹਾਨੂੰ ਇਸ ਦੇ ਅੱਖਰੀ ਅਰਥ ਵੀ ਯਾਦ ਕਰਵਾ ਦੇਵਾਂ। ਸਾਧ ਦਾ ਮਤਲਬ ਹੈ ਜਿਸ ਨੇ ਸਭ ਕੁਝ ਸਾਧ ਲਿਆ ਹੋਵੇ। ਉਂਜ ਜੇ ਦੇਖਿਆ ਜਾਵੇ ਤਾਂ ਇਹਨਾਂ ਵੀ ਸਭ ਕੁਝ ਸਾਧ ਹੀ ਲਿਆ ਹੈ। ਬੱਸ ਫ਼ਰਕ ਯੁੱਗ ਦਾ ਹੈ। ਕਲਯੁਗ ਵਿੱਚ ਜੋ ਬੰਦਾ ਕੋਠੀ, ਕਾਰ, ਕੁੱਕੜ, ਕੁੜੀ ਅਤੇ ਕੈਸ਼; ਇਹਨਾਂ ਪੰਜ ਚੀਜ਼ਾਂ ਤੇ ਆਪਣੀ ਪਕੜ ਮਜ਼ਬੂਤ ਕਰ ਲਵੇ ਓਹੀ ਸਾਧ ਹੁੰਦਾ ਹੈ। ਅਸਲ ਵਿੱਚ ਇਹਨਾਂ ਨੂੰ ਸੰਤ ਦੀ ਥਾਂ ਤੇ ਅਸੰਤ ਕਿਹਾ ਜਾਵੇ ਤਾਂ ਜਿਆਦਾ ਠੀਕ ਹੋਵੇਗਾ ਕਿਉਂਕਿ ਗੁਰਬਾਣੀ ਵਿੱਚ ਇਸ ਦੀ ਪ੍ਰੀਭਾਸ਼ਾ ਇੰਜ ਦਰਜ ਹੈ:
ਅਸੰਤੁ ਅਨਾੜੀ ਕਦੇ ਨ ਬੂਝੈ॥
ਕਥਨੀ ਕਰੇ ਤੈ ਮਾਇਆ ਨਾਲਿ ਲੂਝੈ॥
ਅੰਧੁ ਅਗਿਆਨੀ ਕਦੇ ਨ ਸੀਝੈ॥੨॥ (੧੬੦)
ਇਸ ਦੇ ਨਾਲ ਹੀ ਗੁਰਬਾਣੀ ਵਿੱਚ ਜੋ ਤ੍ਰੈ ਗੁਣਾਂ ਦਾ ਜ਼ਿਕਰ ਆਉਂਦਾ ਹੈ ਉਹਨਾਂ ਦੇ ਨਾਂ ਹਨ: ਰੱਜੋ ਗੁਣ, ਤਮੋ ਗੁਣ ਅਤੇ ਸਤੋ ਗੁਣ। ਇਸ ਦੀ ਪੂਰੀ ਵਿਆਖਿਆ ਕਰਨ ਤੋਂ ਤਾਂ ਅਸੀਂ ਅਗਿਆਨੀ ਅਸਮਰਥ ਹਾਂ ਪਰ ਏਨਾ ਕੁ ਜਰੂਰ ਪਤਾ ਹੈ ਕਿ ਅੱਜ ਕਲ੍ਹ ਦੇ ਸੰਤ ਪਹਿਲੇ ਦੋ ਗੁਣਾਂ ਵਿਚ ਵਿਸ਼ਵਾਸ ਕਰਦੇ ਹਨ ਅਤੇ ਤੀਜਾ ਸਤੋ ਗੁਣ ਤਾਂ ਇਹਨਾਂ ਨੂੰ ਚੰਗਾ ਨਹੀਂ ਲਗਦਾ। ਗੁਰਬਾਣੀ ਅਸਲੀ ਸੰਤ ਦੀ ਮਹਾਨਤਾ ਬਾਰੇ ਸਾਨੂੰ ਦੱਸਦੀ ਹੈ ਕਿ ਸੰਤ ਏਥੇ ਅਤੇ ਦਰਗਾਹੇ ਆਪ ਆਪਣੇ ਭਗਤਾਂ ਨੂੰ ਬਾਂਹ ਫੜ ਕੇ ਪਾਰ ਲੰਘਾਉਂਦਾ ਹੈ ਪਰ ਅੱਜ ਦਾ ਸੰਤ ਏਥੇ ਤਾਂ ਸਾਡਾ ਗੀਝਾ ਫੋਲਣ ਦੀ ਕੋਸ਼ਸ਼ ਕਰਦਾ ਅਤੇ ਅੱਗੇ ਕਿਸੇ ਦੇਖਿਆ ਨਹੀਂ। ਗੁਰਬਾਣੀ ਵਿੱਚ ਅਥਾਹ ਵਿਸ਼ਵਾਸ ਰੱਖਣ ਕਰਕੇ ਸੰਤ ਦੀ ਨਿੰਦਿਆ ਕਰਨ ਵਿੱਚ ਡਰ ਤਾਂ ਬਹੁਤ ਲਗ ਰਿਹਾ ਹੈ ਪਰ ਹੌਸਲਾ ਇਕ ਹੀ ਗੱਲ ਦਾ ਹੈ ਕਿ ਗੁਰਬਾਣੀ ਦਾ ਹੋਕਾ ਸੱਚ ਤੇ ਬਸ ਸਚ ਹੈ। ਅਸਲੀ ਸੰਤ ਨੂੰ ਕੁਝ ਕਹਿਣਾ ਸੰਤ ਦੀ ਨਿੰਦਿਆ ਹੋ ਸਕਦੀ ਹੈ ਪਰ ਇਹਨਾਂ ਆਪੇ ਬਣੇ ਡਰਾਮੇ ਬਾਜਾਂ ਨੂੰ ਨੰਗਾ ਕਰਨ ਲਈ ਤਾਂ ਸੱਚ ਦੀ ਹੀ ਲੋੜ ਹੈ; ਚਾਹੇ ਉਹ ਕਿਸੇ ਦੇ ਹਜ਼ਮ ਹੋਵੇ ਚਾਹੇ ਨਾ ਹੋਵੇ।
ਪਿਛਲੇ ਦਿਨੀਂ ਕਿਸੇ ਸਾਡੇ ਨਾਲ ਇਸ ਦੁੱਖ ਵਿੱਚ ਸ਼ਰੀਕ ਹੁੰਦਿਆਂ ਦਲੀਲ ਦਿੱਤੀ ਕਿ ਹੁਣ ਤਾਂ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਵਾਲਾ ਵਕਤ ਆ ਗਿਆ ਹੈ ਤੇ ਸਾਨੂੰ ਮੱਖਣ ਸ਼ਾਹ ਲੁਬਾਣੇ ਵਾਂਗੂੰ ਅਸਲੀ ਸੰਤ ਲੱਭਣਾ ਪਊ ਪਰ ਯਾਰੋ, ਇਹ ਉਸ ਦੇ ਆਪਣੇ ਵਿਚਾਰ ਹੋ ਸਕਦੇ ਹਨ; ਸਾਨੂੰ ਤਾਂ ਇਹ ਗੱਲ ਜਚੀ ਨਹੀਂ। ਅਸੀਂ ਤਾਂ ਗੁਰੂ ਮਾਨਿਓ ਗ੍ਰੰਥ ਵਿੱਚ ਹੀ ਵਿਸ਼ਵਾਸ ਕਰਦੇ ਹਾਂ ਤੇ ਸਾਨੂੰ ਤਾਂ ਕਦੇ ਕਿਸੇ ਇਨਸਾਨ ਤੋਂ ਕੋਈ ਸੇਧ ਲੈਣ ਦੀ ਲੋੜ ਮਹਿਸੂਸ ਨਹੀਂ ਹੋਈ। ਜਦ ਕਦੇ ਕਿਸੇ ਦੁਚਿੱਤੀ ਵਿੱਚ ਆਏ ਤਾਂ ਬਸ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਸੇਧ ਲੈਣ ਵਿੱਚ ਬੜੀ ਖ਼ੁਸ਼ੀ ਮਹਿਸੂਸ ਹੋਈ ਹੈ ਪਰ ਹਾਂ, ਕਦੇ ਕਦੇ ਗਿਆਨੀ ਇਨਸਾਨ ਦੀ ਘਾਟ ਬਹੁਤ ਰੜਕਦੀ ਹੈ ਕਿਉਂਕਿ ਕਈ ਵਾਰ ਸਮੁੰਦਰੋਂ ਡੂੰਘੀ ਬਾਣੀ ਸਾਡੇ ਜਿਹੇ ਦੁਨਿਆਵੀ ਪੁਰਖਾਂ ਨੂੰ ਸਮਝ ਨਹੀਂ ਆਉਂਦੀ। ਇਸ ਲਈ ਉਸ ਵਕਤ ਗੁਰਬਾਣੀ ਦੇ ਦਾਇਰੇ ਵਿੱਚ ਰਹਿਣ ਵਾਲਾ ਕੋਈ ਗਿਆਨੀ ਸਾਨੂੰ ਬਾਣੀ ਦੀ ਡੂੰਘਾਈ ਸਮਝਾ ਦੇਵੇ ਤਾਂ ਸਾਨੂੰ ਬੜੀ ਤਸੱਲੀ ਹੋਵੇਗੀ। ਸੋ ਵੀਰੋ, ਜੇ ਤੁਸੀ ਸਚਮੁਚ ਹੀ ਸਾਡੀ ਮਦਦ ਕਰਨਾ ਚਾਹੁੰਦੇ ਹੋ ਤਾਂ ਗਿਆਨਵਾਨ ਕਥਾ ਵਾਚਕ ਸਾਡੇ ਕੋਲ ਭੇਜ ਦਿਆ ਕਰੋ ਜਿਨ੍ਹਾਂ ਤੋਂ ਅਸੀਂ ਤੇ ਸਾਡੀ ਜਵਾਨ ਹੋ ਰਹੀ ਪੀਹੜੀ ਕੁਝ ਸਿੱਖ ਕੇ ਗੁਰਸਿੱਖ ਬਣ ਸਕੇ। ਸਾਨੂੰ ਰਾਜੇ ਰਾਣੀਆਂ ਦੀਆਂ ਬਾਤਾਂ ਸੁਣਾਉਣ ਵਾਲ਼ੇ ਬਾਬੇ ਨਹੀਂ ਚਾਹੀਦੇ। ਗੁਰਬਾਣੀ ਪੜ੍ਹ ਸੁਣ ਕੇ ਸਾਨੂੰ ਏਨਾ ਕੁ ਗਿਆਨ ਤਾਂ ਆ ਹੀ ਗਿਆ ਹੈ ਕਿ ਜਿਸ ਨੂੰ ਸਚਮੁਚ ਦਾ ਗਿਆਨ ਹੁੰਦਾ ਹੈ ਉਹ ਕਦੇ ਆਪਣੇ ਨਾਂ ਅੱਗੇ ਸੰਤ ਨਹੀਂ ਲਿਖ ਸਕਦਾ। ਸਾਨੂੰ ਤਾਂ 'ਧੁਰ ਕੀ ਬਾਣੀ' ਦੇ ਸਹਾਰੇ ਮੁਕਤੀ ਦਾ ਰਾਹ ਦਿਖਾਉਣ ਵਾਲੇ ਕਿਸੇ ਮਹਾਪੁਰਖ ਦੀ ਉਡੀਕ ਹੈ ਜੋ ਹਾਲੇ ਤਕ ਤਾਂ ਸਾਨੂੰ ਮਿਲਿਆ ਨਹੀਂ, ਜੇ ਕਦੇ ਤੁਹਾਨੂੰ ਮਿਲ ਜਾਵੇ ਤਾਂ ਜਰੂਰ ਦੱਸਣਾ।ਸਾਨੂੰ ਇਹ ਵੀ ਚੰਗੀ ਤਰ੍ਹਾਂ ਪਤਾ ਹੈ ਕਿ ਸਾਡੇ ਇਸ ਲੇਖ ਬਾਰੇ ਇਹਨਾਂ ਅਖੋਤਿਆਂ, ਫੇਰ ਗੁਰਬਾਣੀ ਦੀ ਆੜ ਲੈ ਕੇ ਇਹ ਹੀ ਦਲੀਲ ਦੇਣੀ ਹੈ ਕਿ:
ਮੰਦਾ ਕਿਸੈ ਨ ਆਖੀਐ ਪੜਿ ਅਖਰੁ ਏਹੋ ਬੁਝੀਐ ॥
ਮੂਰਖੈ ਨਾਲਿ ਨ ਲੁਝੀਐ ॥੧੯॥(੪੭੩)
ਇਸ ਖ਼ਤ ਦੇ ਅਖੀਰ ਵਿੱਚ ਇੱਕ ਹੋਰ ਬੇਨਤੀ ਕਰਨੀ ਚਾਹੁੰਦੇ ਹਾਂ: ਜੋ ਤੁਹਾਨੂੰ ਇਕ ਭੁਲੇਖਾ ਹੈ ਕਿ ਵਿਦੇਸ਼ਾਂ ਚ ਡਾਲਰ ਦਰਖ਼ਤਾਂ ਨੂੰ ਲਗਦੇ ਹਨ; ਉਹ ਕਿਸੇ ਹੱਦ ਤਕ ਠੀਕ ਵੀ ਹੈ ਪਰ ਦੋਸਤੋ ਦਰਖ਼ਤਾਂ ਨੂੰ ਡਾਲਰਾਂ ਨਾਲ ਕੰਡੇ ਵੀ ਲੱਗੇ ਹੁੰਦੇ ਹਨ। ਕੁਝ ਡਾਲਰ ਕਾਫ਼ੀ ਉਚਾਈ ਤੇ ਲੱਗੇ ਹੁੰਦੇ ਹਨ ਤੇ ਉਹਨਾਂ ਨੂੰ ਤੋੜਨ ਲਈ ਸਾਰਾ ਸਾਰਾ ਦਿਨ ਅਤੇ ਕਈ ਕਈ ਵਾਰ ਪੌੜੀ ਤੇ ਚੜ੍ਹਨਾ ਉੱਤਰਨਾ ਪੈਂਦਾ ਹੈ। ਕੁਝ ਲੋਕਾਂ ਨੂੰ ਭੁਲੇਖਾ ਹੈ ਕਿ ਡਾਲਰ ਫ਼ਰਸ਼ਾਂ ਤੋਂ ਹੀ ਹੂੰਝਣੇ ਹੁੰਦੇ ਹਨ। ਬਿਲਕੁਲ ਠੀਕ, ਵੀਰ ਜੀ, ਤੁਸੀ ਸੌ ਪ੍ਰਤੀਸ਼ਤ ਸਹੀ ਅੰਦਾਜ਼ਾ ਲਾਇਆ ਪਰ ਵੀਰ ਇਕ ਛੋਟਾ ਜਿਹਾ ਹਾਦਸਾ ਸੁਣਾਉਣਾ ਚਾਹੁੰਦੇ ਹਾਂ: ਚਾਰ ਕੁ ਮਹੀਨੇ ਪਹਿਲਾਂ ਸਾਡਾ ਇਕ ਲੇਖਕ ਭਾਈ ਵਿਦੇਸ਼ ਦੀ ਚਮਕ ਚ ਸੰਮੋਹਤ ਹੋ ਕੇ ਕਿਵੇਂ ਨਾ ਕਿਵੇਂ ਇਥੇ ਆਉਣ ਵਿੱਚ ਕਾਮਯਾਬ ਹੋ ਗਿਆ। ਜਦ ਥੋਹੜੀ ਕੁ ਦੇਰ ਬਾਅਦ ਸੰਮੋਹਨ ਟੁੱਟਿਆ ਤਾਂ ਅਸੀਂ ਪੁੱਛਿਆ, ''ਕਿਵੇਂ ਚੱਲ ਰਹੀ ਹੈ ਲਾਈਫ਼?'' ਤਾਂ ਕਹਿੰਦਾ, ''ਵੀਰ, ਦੇਖਿਆ ਜਾਵੇ ਤਾਂ ਕੋਈ ਖ਼ਾਸ ਫ਼ਰਕ ਨਹੀਂ। ਓਥੇ ਵੀ ਪੱਪਾ ਚਲਾਉਂਦੇ ਸੀ ਤੇ ਏਥੇ ਵੀ ਪੱਪਾ ਹੀ ਚਲਾ ਰਹੇ ਹਾਂ।'' ਜਦੋਂ ਅਸੀਂ ਉਸ ਦੀ ਗੱਲ ਸਮਝਣ ਚ ਅਸਮਰਥਤਾ ਦਿਖਾਈ ਤਾਂ ਉਸ ਨੇ ਸਰਲ ਭਾਸ਼ਾ ਚ ਦੱਸਿਆ, ''ਆਪਣੇ ਦੇਸ਼ ਵਿੱਚ ਇਹਨਾਂ ਹੱਥਾਂ ਵਿੱਚ ਪੈਨ ਹੁੰਦਾ ਸੀ ਤੇ ਅਜ ਕਲ੍ਹ ਪੋਚਾ ਹੈ। ਦੋਨੇਂ ਚੀਜ਼ਾਂ ਦੇ ਨਾਂ ਤਾਂ ਪੱਪੇ ਤੋਂ ਹੀ ਸ਼ੁਰੂ ਹੁੰਦੇ ਹਨ।'' ਸੋ ਵੀਰ ਜੀ, ਤੁਸੀਂ ਫ਼ਰਸ਼ ਤੋਂ ਡਾਲਰ ਇਕੱਠੇ ਕਰਨ ਵਾਲੀ ਕਹਾਣੀ ਤਾਂ ਸਮਝ ਹੀ ਗਏ ਹੋਵੋਗੇ। ਡਾਲਰ ਇਕੱਠੇ ਕਰਨ ਪਿੱਛੇ ਦੀਆਂ ਕਹਾਣੀਆਂ ਨਾਲ ਤਾਂ ਅਸੀਂ ਖੂਹ ਭਰ ਸਕਦੇ ਹਾਂ ਪਰ ਥਾਂ ਤੇ ਵਕਤ ਦੀ ਕਮੀ ਹੈ।ਬਸ ਇੰਨੀਆਂ ਕੁ ਉਧਰਨਾ ਨਾਲ ਤੁਸੀ ਡਾਲਰਾਂ ਲਈ ਬਹਾਏ ਸਾਡੇ ਮੁੜ੍ਹਕੇ ਦੀ ਮੁਸ਼ਕ ਮਹਿਸੂਸ ਕਰ ਸਕਦੇ ਹੋ। ਹੁਣ ਤੁਸੀਂ ਦੱਸੋ ਕਿ ਜੇ ਸਾਡੇ ਇੱਕ ਦੇ ਚਾਲੀ ਹੁੰਦੇ ਹਨ ਤਾਂ ਇਸ ਦਾ ਇਹ ਮਤਲਬ ਨਹੀਂ ਕਿ ਇਹ ਅਖੌਤੀ ਲੀਡਰਾਂ ਜਾਂ ਬਾਬਿਆਂ ਦੀ ਭੇਂਟ ਕਰੀ ਜਾਈਏ। ਹਾਂ, ਵੀਰੋ ਇਕ ਗੱਲ ਹੋਰ: ਜੇ ਤੁਸੀ ਖੇਡ ਮੇਲੇ ਜਾਂ ਕੋਈ ਲੋੜਵੰਦ ਲਈ ਜਾਂ ਕਿਸੇ ਸਮਾਜਿਕ ਬੁਰਾਈ ਨੂੰ ਦੂਰ ਕਰਨ ਲਈ ਕਦੇ ਪੈਸੇ ਦੀ ਥੁੜ ਮਹਿਸੂਸ ਕਰੋ ਤਾਂ ਸਾਨੂੰ ਆਪਣੇ ਵਹਾਏ ਮੁੜ੍ਹਕੇ ਦਾ ਭੋਰਾ ਦੁੱਖ ਨਹੀਂ ਹੋਵੇਗਾ।
ਲਓ ਯਾਰੋ, ਅਸੀਂ ਤਾਂ ਪਰਦੇਸੀਂ ਬੈਠੇ ਐਵੇਂ ਹੀ ਰੋਈ ਜਾਨੇ ਆਂ ਧੰਨ ਹੋ ਤੁਸੀ ਜੋ ਇਹਨਾਂ ਲੋਕਾਂ ਨੂੰ ਹਰ ਵਕਤ ਝੱਲਦੇ ਹੋ। ਸਾਡੇ ਕੋਲ ਤਾਂ ਇਹ ਕਦੇ ਕਦੇ ਹੀ ਆਉਂਦੇ ਹਨ। ਵਾਰੇ ਵਾਰੇ ਜਾਈਏ ਤੁਹਾਡੇ ਜਿਗਰੇ ਦੇ!
ਅੰਤ ਵਿੱਚ ਇੱਕ ਤਜੱਰਬਾ ਲਿਖਣਾ ਚਾਹੁੰਦੇ ਹਾਂ ਕਿ ਜੇ ਤੁਹਾਨੂੰ ਕੋਈ ਕਹੇ, ''ਆਪਣੇ ਦੁੱਖ ਮੈਨੂੰ ਦੇ ਦੇ; ਅਸਲ ਵਿੱਚ ਉਹ ਤੁਹਾਨੂੰ ਹੋਰ ਦੁੱਖ ਦੇਣ ਆਇਆ ਹੁੰਦਾ ਹੈ।
ਤੁਹਾਡੇ ਆਪਣੇ
ਪਰਦੇਸੀ

ਉੱਡਦੇ ਬਾਜ਼ਾਂ ਮਗਰ ਦੌੜਦੇ ਪੰਜਾਬੀ.......... ਲੇਖ / ਬੀ ਐਸ ਢਿੱਲੋਂ (ਐਡਵੋਕੇਟ)

ਇੱਕ ਵਾਰ ਬਾਜ਼ ਫਿਰ ਚਰਚਾ ਵਿੱਚ ਹੈ। ਜੂੰਨ ਮਹੀਨੇ ਇਹ ਦੋ ਤਿੰਨ ਥਾਵਾਂ ਤੇ ਮਾਲਵੇ ਦੇ ਇਲਾਕੇ ਵਿੱਚ ਆਇਆ ਹੈ।ਲੋਕ ਇਸ ਨੂੰ ਵੇਖਣ ਲਈ ਜਾ ਰਹੇ ਹਨ। ਇਹ ਅਕਸਰ ਗੁਰਦਵਾਰੇ ਆਉਂਦਾ ਹੈ। ਗੁਰਦਵਾਰੇ ਵਿੱਚੋਂ ਅਨਾਊਂਸਮੈਂਟ ਕੀਤੀ ਜਾਂਦੀ ਹੈ ਕਿ ਗੁਰੁ ਦਾ ਬਾਜ਼ ਆਇਆ ਹੈ । ਅਣਪੜ੍ਹ ਗਰੰਥੀ ਤੇ ਕੀਰਤਨੀਏਂ ਲੋਕਾਂ ਨੂੰ ਦੋਨੀ ਹੱਥੀਂ ਲੁੱਟ ਰਹੇ ਹਨ। ਪਹਿਲਾਂ ਵੀ ਇਹ “ਬਾਜ਼ ਸਾਹਬ” ਆਇਆ ਸੀ। ਸਿਆਸਤ ਦੀਆਂ ਸਾਜਿ਼ਸ਼ਾਂ ਕਾਰਨ ਜਦੋਂ ਅੱਸੀਵੇਂ ਦਹਾਕੇ ਵਿੱਚ ਪੰਜਾਬ ਨੂੰ ਹਾਦਸਿਆਂ ਦੀਆਂ ਜ਼ਰਬਾਂ ਆ ਗਈਆਂ ਸਨ ਤਾਂ ਹਵਾ ਵੀ ਜ਼ਹਿਰੀਲੀ ਹੋ ਗਈ ਸੀ। ਪ੍ਰਧਾਨ ਮੰਤਰੀ ਦੇ ਸਰਕਾਰੀ ਨਿਵਾਸ ਸਥਾਨ ਬੰਗਲਾ ਨੰਬਰ ਇੱਕ ਸਫ਼ਦਰਜੰਗ ਰੋਡ ‘ਤੇ ਆਪਣੇ ਸਾਥੀ ਮੁਲਾਜਮਾਂ ਨਾਲ ਸਬ ਇੰਸਪੈਕਟਰ ਬਲਬੀਰ ਸਿੰਘ ਸੁਰੱਖਿਆ ਡਿਊਟੀ ‘ਤੇ ਹਾਜ਼ਰ ਸੀ। ਭਾਦੋਂ ਦੇ ਮਹੀਨੇ ਹੁੰਮਸ ਨਾਲ ਸਾਹ ਘੁੱਟਦਾ ਸੀ। ਸਬ ਇੰਸਪੈਕਟਰ ਬਲਬੀਰ ਸਿੰਘ ਦੀ ਵਰਦੀ ਪਸੀਨੇ ਨਾਲ ਭਿੱਜ ਗਈ ਤਾਂ ਉਸਨੇ ਹਵਾ ਦੇ ਬੁੱਲੇ ਦੀ ਉਡੀਕ ‘ਚ ਉਤਾਹ ਵੇਖਿਆ। ਮੁੱਖ ਸਵਾਗਤੀ ਕਮਰੇ ਦੇ ਸਾਹਮਣੇ ਅਸਮਾਨ ਨੂੰ ਛੂੰਹਦੇ ਅਸ਼ੋਕਾ ਦਰਖਤ ‘ਤੇ ਬੈਠਾ ਬਾਜ਼ ਉਹਦੀ ਨਿਗਾਹ ਪਿਆ। ਅਕਾਲ ਤਖਤ ਢਾਹਿਆ ਗਿਆ ਸੀ। “ਅੱਛਾ! ਸੋਚਦੇ ਹੋਏ ਬਲਬੀਰ ਸਿੰਘ ਨੇ ਪ੍ਰਧਾਨ ਮੰਤਰੀ ਦੇ ਸੱਭ ਤੋਂ ਨਜਦੀਕੀ, ਸੁਰੱਖਿਆ ਗਾਰਡ ਸਬ ਇੰਸਪੈਕਟਰ ਬੇਅੰਤ ਸਿੰਘ ਨੂੰ ਬੁਲਾਇਆ। ਦੋਵਾਂ ਸਿੱਖ ਥਾਣੇਦਾਰਾਂ ਨੇ ਬਾਜ਼ ਨੂੰ “ਗੁਰੂ ਗੋਬਿੰਦ ਸਿੰਘ ਦਾ ਸਨੇਹਾ ਆਇਆ ਸਮਝ ਕੇ ਨਮਸਕਾਰ ਕੀਤੀ। ਫਿਰ ਦੋਵਾਂ ਨੇ ਅੱਖਾਂ ਮੀਚ ਕੇ, ਹੱਥ ਬੰਨ੍ਹ ਕੇ ਸਾਂਝੀ ਅਰਦਾਸ ਕੀਤੀ। ਦੋਵਾਂ ਨੇ “ ਵੀਹੜੀ ਲਾਹੁਣ” ਦੀ ਸਕੀਮ ਬਣਾਈ। ਬਾਜ਼ ਵਾਲੀ ਘਟਨਾ ਤੋਂ ਦੋ ਮਹੀਨੇ ਪਿੱਛੋਂ ਪ੍ਰਧਾਂਨ ਮੰਤਰੀ ਦੇ ਦੋ ਸੁਰੱਖਿਆ ਗਾਰਡਾਂ ਨੇ 31 ਅਕਤੂਬਰ ਨੂੰ ਪ੍ਰਧਾਨ ਮੰਤਰੀ ਦਾ ਕਤਲ ਕਰ ਦਿੱਤਾ ।
ਬਾਜ਼ ਇਸ ਧਰਤੀ ਦੇ ਕਿਸੇ ਇੱਕ ਖਿੱਤੇ ਨਾਲ ਸਬੰਧਤ ਪੰਛੀ ਨਹੀਂ ਹੈ। ਇਹਦਾ ਸਾਰੀ ਦੁਨੀਆਂ ਵਿੱਚ ਆਪਣਾ ਸਥਾਨ ਹੈ। ਜਿਸ ਤਰ੍ਹਾਂ ਜੰਗਲ ਵਿੱਚ ਸ਼ੇਰ ਦਾ ਰਾਜ ਹੈ, ਪਾਣੀ ‘ਚ ਮਗਰਮੱਛ ਦੀ ਦਹਿਸ਼ਤ ਹੈ ਇਸੇ ਤਰ੍ਹਾਂ ਅਸਮਾਨ ਵਿੱਚ ਬਾਜ਼ ਦੀ ਸਰਦਾਰੀ ਹੈ। ਬਾਜ਼ ਦੀ ਸ਼ਕਲ ਨਾਲ ਮਿਲਦੇ ਜੁਲਦੇ ਦੋ ਦਰਜਨ ਸਿ਼ਕਾਰੀ ਪੰਛੀ ਹਨ ।ਇਨ੍ਹਾਂ ਸਿ਼ਕਾਰੀ ਪੰਛੀਆਂ ਦੀ ਵਿਸ਼ੇਸ਼ਤਾ ਇਹ ਹੈ ਕਿ ਜਿੱਥੇ ਆਮ ਪੰਛੀਆਂ ਦੇ ਨਰ ਮਦੀਨ ਤੋਂ ਵੱਡੇ ਹੁੰਦੇ ਹਨ ਉਥੇ ਇਨ੍ਹਾਂ ਸਿ਼ਕਾਰੀ ਪੰਛੀਆਂ ਦੀਆਂ ਮਦੀਨ ਨਰਾਂ ਤੋਂ ਵੱਡੀਆਂ ਹੁੰਦੀਆਂ ਹਨ। ਇਸੇ ਨਸਲ ਦਾ ਸਿ਼ਕਰਾ ਛੋਟੇ ਪੰਛੀਆਂ ਦਾ ਸਿ਼ਕਾਰ ਕਰਦਾ ਹੈ ਤੇ ਦਿਲ ਖਾਂਦਾ ਹੈ। ਜਿਸ ਨੂੰ ਸਿ਼ਵ ਕੁਮਾਰ ਨੇ “ਇੱਕ ਸਿ਼ਕਰਾ ਯਾਰ ਬਣਾਇਆ” ਗੀਤ ਵਿੱਚ ਬਿਆਨ ਕੀਤਾ ਸੀ। ਪਰ ਬਾਜ਼ ਤੋਂ ਆਕਾਰ ਵਿੱਚ ਵੱਡਾ ਉਕਾਬ ਹੁੰਦਾ ਹੈ ਜੋ ਦੂਸਰੇ ਸਿ਼ਕਾਰੀ ਪੰਛੀਆਂ ਦੇ ਕੀਤੇ ਸਿ਼ਕਾਰ ਖੋਹ ਲੈਂਦਾ ਹੈ ਜਿਵੇਂ ਚੀਤੇ ਵਲੋਂ ਕੀਤੇ ਸਿ਼ਕਾਰ ਨੂੰ ਲੱਕੜਬੱਗਾ ਤੇ ਸ਼ੇਰ ਖੋਹ ਲੈਂਦੇ ਹਨ। ਬਾਜ਼ ਤੇ ਉਕਾਬ ਜਦੋਂ ਆਪਣੇ ਸਿ਼ਕਾਰ ‘ਤੇ ਝਪਟਦੇ ਹਨ ਤਾਂ ਇਨ੍ਹਾਂ ਦੇ ਪੰਜੇ ਦੀ ਤਾਕਤ ਇੰਨੀ ਹੁੰਦੀ ਹੈ ਕਿ ਮਨੁੱਖ ਦੇ ਸਿਰ ਨੂੰ ਹਥੌੜੇ ਵਾਂਗ ਫੇਹ ਸਕਦੇ ਹਨ। ਇਸੇ ਨਸਲ ਦਾ ਪੰਛੀ ਕੁਰਲ ਮੱਛੀਆਂ ਦਾ ਸਿ਼ਕਾਰ ਕਰਦਾ ਹੈ। ਉਹ ਪੰਜ ਕਿਲੋ ਦੀ ਮੱਛੀ ਚੁੱਕ ਕੇ ਆਲ੍ਹਣੇ ‘ਚ ਲੈ ਜਾਂਦਾ ਹੈ ਜਿਵੇਂ ਚੀਤਾ ਆਪਣੇ ਤੋਂ ਵੱਧ ਭਾਰੇ ਜੈਬਰੇ ਨੂੰ ਗਲ ਤੋਂ ਚੁੱਕ ਕੇ ਦਰੱਖਤ ਤੇ ਟੰਗ ਦਿੰਦਾ ਹੈ। ਤੁਰਕਿਸਤਾਨ ਵਿੱਚ ਕੁਰਲ ਨਾਲ ਉਥੋਂ ਦੇ ਕਬੀਲੇ ਸਿ਼ਕਾਰ ਕਰਦੇ ਹਨ। ਇਹ ਹਿਰਨ ਦੇ ਸਿਰ ‘ਤੇ ਬੈਠ ਕੇ ਉਸ ਦੀਆਂ ਅੱਖਾਂ ਕੱਢ ਲੈਂਦਾ ਹੈ ਜਿਸ ਨੂੰ ਪਿੱਛੋਂ ਸਿ਼ਕਾਰੀ ਮਾਰ ਲੈਂਦੇ ਹਨ। ਮੂਸਖੋਰ ਸਿਰਫ ਚੂਹੇ ਹੀ ਮਾਰ ਕੇ ਖਾਂਦਾ ਹੈ। ਪੰਜਾਬ ਵਿੱਚ ਇਹ ਡੱਡੂ, ਕਿਰਲੇ ਮਾਰ ਕੇ ਖਾਂਦਾ ਹੈ। ਮਾਲਵੇ ਵਿੱਚ ਖੇਤਾਂ ਵਿੱਚ ਮਾਲ ਚਾਰਦੇ ਪਾਲੀ ਇਸਨੂੰ ਚੂਹਮਾਰ ਕਹਿੰਦੇ ਹਨ।
ਇਹੀ ਵਤੀਰਾ ਪੰਜਾਬ ‘ਚ ਰਹਿੰਦੇ ਲਗੜ ਦਾ ਹੈ। ਲੋਕ ਅਕਸਰ ਹੀ ਇਨ੍ਹਾਂ ਸਾਰੇ ਸਿ਼ਕਾਰੀ ਪੰਛੀਆਂ ਨੂੰ ਬਾਜ਼ ਕਹਿੰਦੇ ਹਨ। “ਬਾਜ਼ ਹਮਾਰੀ ਥਾਨ ਧਨੰਤਰਿ।।”। ਪਾਲੇ ਤੇ ਸਿਖਾਏ ਹੋਏ ਬਾਜ਼ ਤਿੱਤਰ, ਮੁਰਗਾਬੀ ਅਤੇ ਸਹੇ ਦਾ ਸਿ਼ਕਾਰ ਕਰਦੇ ਹਨ। ਇਹ ਦਸ ਕੁ ਸਾਲ ਸਿ਼ਕਾਰ ਕਰਦਾ ਹੈ ਫਿਰ ਬੁੱਢਾ ਹੋ ਜਾਂਦਾ ਹੈ।
ਪੁਰਾਣੇ ਸਮਿਆਂ ਤੋਂ ਹੀ ਅਮੀਰ ਲੋਕ ਬਾਜ਼ ਤੇ ਉਕਾਬ ਨੂੰ ਆਪਣੇ ਹੱਥ ‘ਤੇ ਰੱਖਦੇ ਅਤੇ ਸਿ਼ਕਾਰ ਖੇਡਦੇ ਸਨ। ਰੋਮਨ ਸਾਮਰਾਜ ਸਮੇਂ ਬਾਜ਼ ਫੌਜਾਂ ਦਾ ਚਿੰਨ੍ਹ ਹੁੰਦਾ ਸੀ। ਉੱਡਦਾ ਹੋਇਆ ਉਕਾਬ ਯੂਨਾਨੀਆਂ ਦਾ ਨਿਸ਼ਾਨ ਸੀ। ਹਿਟਲਰ ਦੀ ਥਰਡ ਰੀਚ ਦਾ ਨਿਸ਼ਾਨ ਉੱਡਦਾ ਹੋਇਆ ਬਾਜ਼ ਸੀ। ਅਮਰੀਕਾ ਵਿੱਚ ਬਾਜ਼ ਸਰਕਾਰੀ ਸ਼ਕਤੀ ਦਾ ਪ੍ਰਤੀਕ ਹੈ। ਪਾਕਿਸਤਾਨ ਦੇ ਸਰਹੱਦੀ ਸੂਬੇ ਬਲੋਚਿਸਤਾਨ ਵਿੱਚ ਕਬਾਇਲੀ ਬਾਜ਼ ਪਾਲ ਕੇ ਅੱਜ ਤੱਕ ਸਿ਼ਕਾਰ ਕਰਦੇ ਆਏ ਹਨ। ਸਾਬਕਾ ਸੋਵੀਅਤ ਯੂਨੀਅਨ ਦੇ ਸੂਬੇ ਕਜ਼ਾਕਿਤਸਾਨ, ਉਜ਼ਬੇਕਿਸਤਾਨ, ਕਿਰਗਿਸਤਾਨ ਆਦਿ ਕੇਂਦਰੀ ਏਸ਼ੀਆ ਦੇ ਦੇਸ਼ਾਂ ਵਿੱਚ ਸਦੀਆਂ ਤੋਂ ਕਬੀਲਿਆਂ ਵਿੱਚ ਰਹਿੰਦੇ ਲੋਕ ਘੋੜਿਆਂ ‘ਤੇ ਚੜ੍ਹ ਕੇ ਹੱਥਾਂ ਤੇ ਬਾਜ਼ ਬਿਠਾ ਕੇ ਸਿ਼ਕਾਰ ਕਰਨ ਲਈ ਜਾਂਦੇ ਰਹੇ ਹਨ। ਅੱਜ ਵੀ ਇਹ ਕਬੀਲੇ ਬਾਜ਼ ਨੂੰ ਪਾਲ ਕੇ ਉਸ ਨੂੰ ਹੱਥ ‘ਤੇ ਬੈਠਣਾ ਸਿਖਾਉਂਦੇ ਹਨ। ਉਸ ਦੀਆਂ ਅੱਖਾਂ ਨੂੰ ਚਪੜੇ ਦੀ ਟੋਪੀ ਨਾਲ ਢਕਦੇ ਹਨ ਤੇ ਸਿ਼ਕਾਰ ਵੇਖ ਕੇ ਹੀ ਉਹ ਦੀਆਂ ਅੱਖਾਂ ਤੋਂ ਟੋਪੀ ਲਾਹ ਕੇ ਛੱਡਦੇ ਹਨ। ਉਕਾਬ ਤੇ ਬਾਜ਼ ਬਰਫੀਲੇ ਦੇਸ਼ਾਂ ਦੇ ਪੰਛੀ ਹਨ। ਪੰਜਾਬ ਵਿੱਚ ਅੱਜ ਕੱਲ੍ਹ ਜਿੱਥੇ ਗਰਮੀਂ ਵਿੱਚ ਲੋਕ ਭੱਠੀ ਦੇ ਦਾਣਿਆਂ ਵਾਂਗ ਭੁੱਜ ਰਹੇ ਹਨ, ਬਾਜ਼ ਹਫਤਾ ਵੀ ਜਿੰਦਾ ਨਹੀਂ ਰਹਿ ਸਕਦਾ।
ਬਾਜ਼ ਸਿ਼ਕਾਰੀ ਪੰਛੀ ਹੋਣ ਕਾਰਨ ਉੱਚੀਆਂ ਥਾਵਾਂ ‘ਤੇ ਬੈਠਣ ਦਾ ਆਦੀ ਹੈ ਜਿਥੋਂ ਇਹ ਆਪਣੇ ਸਿ਼ਕਾਰ ਨੂੰ ਨੀਝ ਨਾਲ ਵੇਖ ਸਕੇ। ਇਸਦੀ ਵੇਖਣ ਸ਼ਕਤੀ ਖੁਰਦਬੀਂਨ ਵਰਗੀ ਹੈ। ਅਸਮਾਂਨ ਤੋਂ ਇਹ ਧਰਤੀ ਤੇ ਰਾਕਟ ਦੀ ਸਪੀਡ ਨਾਲ ਝਪਟਦਾ ਹੈ ਤੇ ਵਗੈਰ ਆਪਣੀ ਧੌਂਣ ਤੁੜਵਾਏ ਇੱਕ ਦਮ ਬਰੇਕ ਲਾਕੇ ਸਿ਼ਕਾਰ ਚੁੱਕਕੇ ਉੱਡ ਜਾਂਦਾ ਹੈ।ਇਹੋ ਜਿਹੀਆਂ ਬਰੇਕਾਂ ਕਰੋੜ ਰੁਪਏ ਦੀ ਕਾਰ ਦੀਆਂ ਵੀ ਨਹੀਂ ਹਨ।ਇਹ ਖੱਡ ਤੋਂ ਦੋ ਕਦਮਾਂ ਦੀ ਦੂਰੀ ਤੇ ਫਿਰ ਰਹੇ ਚੂਹੇ ਨੂੰ ਖੱਡ ਤੱਕ ਪੁੱਜਣ ਦੇ ਪਲ ਵੀ ਨਹੀਂ ਦਿੰਦਾ।
ਖੇਤਾਂ ਵਿੱਚ ਕੀੜੇਮਾਰ ਦਵਾਈਆਂ ਦੀ ਵਰਤੋਂ ਤੋਂ ਚੂਹੇ ਮਾਰਨ ਲਈ ਪਾਈਆਂ ਗੋਲੀਆਂ ਨਾਲ ਜਦੋਂ ਜਾਨਵਰ ਮਰਦੇ ਹਨ ਤਾਂ ਬਾਜ਼ ਜਾਂ ਉਸਦੇ ਹਮਸ਼ਕਲ ਪੰਛੀ ਉਨ੍ਹਾਂ ਨੂੰ ਖਾ ਲੈਂਦੇਂ ਹਨ। ਉਹ ਕੁਝ ਸਮਾਂ ਬੌਂਦਲਿਆ ਜਿਹਾ ਰਹਿੰਦਾ ਹੈ। ਇਹ ਕਿਸੇ ਕਿਸਮ ਦੀ ਕੋਈ ਅਲੋਕਾਰੀ ਘਟਨਾ ਨਹੀਂ ਹੈ। ਇਸ ਨਾਲ ਗੁਰੁ ਗੋਬਿੰਦ ਸਿੰਘ ਜੀ ਦਾ ਕੋਈ ਸਬੰਧ ਨਹੀਂ ਹੁੰਦਾ। ਇਹ ਸਾਰੇ ਪੰਛੀ ਬਾਜ ਵੀ ਨਹੀਂ ਹੁੰਦੇ। ਪੰਜਬ ਵਿੱਚ ਆਂਮ ਤੋਰ ਤੇ ਇਹਦਾ ਹਮਸ਼ਕਲ ਲਗੜ ਹੀ ਹੁੰਦਾ ਹੈ। ਉਨੀ ਸੌ ਚੌਰਾਸੀ ਦੇ ਵਰ੍ਹੇ ਇਹੀ ਹੋਇਆ ਸੀ। ਉਦੋਂ ਉੱਚੀ ਥਾਂ ਜਿਵੇਂ ਨਿਸ਼ਾਨ ਸਾਹਿਬ ‘ਤੇ ਬੈਠਾ ਬਾਜ਼ ਵੇਖ ਕੇ ਲੋਕੀਂ ਹੈਰਾਨ ਹੁੰਦੇ ਸਨ। ਲੋਕ ਉਹਦੇ ਮਰ ਜਾਣ ‘ਤੇ ਉਹਨੂੰ ਚੁੱਕ ਕੇ ਜਲੂਸ ਦੀ ਸ਼ਕਲ ਵਿੱਚ ਦਫ਼ਨਾਉਣ ਤੁਰ ਪੈਂਦੇ ਸਨ। ਹਰ ਕਸਬੇ ਤੇ ਸ਼ਹਿਰਾਂ ਵਿੱਚ ਲੋਕੀ ਇੰਝ ਮਰ ਚੁੱਕੇ ਬਾਜ਼ ਨੂੰ ਲਗਾਤਾਰ ਦੋ ਮਹੀਨਿਆਂ ਤੱਕ ਦਫਨਾਉਂਦੇ ਰਹੇ। ਕਈ ਥਾਈਂ ਮਰ ਚੁੱਕੇ ਪੰਛੀ ਲਈ ਅਰਦਾਸਾਂ ਵੀ ਕੀਤੀਆਂ ਗਈਆਂ। ਉਂਜ ਜੇ ਕਦੀ ਗੁਰੁ ਗੋਬਿੰਦ ਸਿੰਘ ਜੀ ਆ ਜਾਣ ਤਾਂ ਥਾਪੀ ਜਰੁਰ ਦੇਣਗੇ ਕਿ ਮਾਂ ਦਿਉ ਪੁੱਤੋ ਜਿੱਥੇ ਤਿੰਨ ਸੌ ਸਾਲ ਪਹਿਲਾਂ ਛੱਡ ਕੇ ਗਿਆ ਸੀ ਉੋੱਥੇ ਹੀ ਖਲੋਤੇ ਹੋ।
ਬਾਜ਼ ਬਾਰੇ ਇੱਕ ਦਲੀਲ ਇਹ ਵੀ ਦਿੱਤੀ ਜਾਂਦੀ ਸੀ ਕਿ ਅਕਸਰ ਲੋਕੀ ਉੱਪਰ ਨਹੀਂ ਸਨ ਵੇਖਦੇ। ਪਰ ਜਦੋਂ ਉਸ ਸਾਲ ਅਚਾਨਕ ਇੱਕ ਦੋ ਬਾਜ਼ ਇੰਝ ਦਿਖਾਈ ਦਿੱਤੇ ਤਾਂ ਲੋਕਾਂ ਨੇ ਉਪਰ ਵੇਖਣਾ ਸ਼ੁਰੂ ਕਰ ਦਿੱਤਾ ਸੀ ਤੇ ਫਿਰ ਭੁਲ ਭੁਲਾ ਗਏ। ਲੋਕ ਇਸ ਘਟਨਾ ਨੂੰ ਧਰਮ ਨਾਲ ਜੋੜ ਕੇ ਉਸ ਸਮੇਂ ਦੀ ਵਾਪਰੀ ਕਰਾਮਾਤ ਵੀ ਕਹਿੰਦੇ ਰਹੇ ਹਨ। ਗੁਰੂ ਗੋਬਿੰਦ ਸਿੰਘ ਜੀ ਨਾਲ ਬਾਜ਼ ਦਾ ਨਾਮ ਜੁੜਿਆ ਹੋਣ ਕਾਰਨ ਹੀ ਗੁਰੂ ਸਾਹਿਬ ਨੂੰ ਬਾਜ਼ਾਂ ਵਾਲਾ ਕਹਿ ਕੇ ਯਾਦ ਕਰਦੇ ਹਾਂ। ਸਿੱਖ ਧਰਮ ਵਿੱਚ ਬਾਜ਼ ਸਿ਼ਕਾਰੀ ਪੰਛੀ ਤੋਂ ਵੱਧ, ਸ਼ਕਤੀ ਦਾ ਪ੍ਰਤੀਕ ਬਣ ਗਿਆ ਹੈ। ਵਕਤ ਨਾਲ ਇਹ ਸ਼ਕਤੀ “ਸ਼ਰਧਾ” ‘ਚ ਬਦਲ ਗਈ। ਹੁਣ ਅਗਾਂਹ ਅੰਧ ਵਿਸ਼ਵਾਸ਼ ਵਿੱਚ ਬਦਲ ਗਈ ਹੈ। ਲੋਕ ਆਪਣੀਆਂ ਸਮੱਸਿਆਵਾਂ ਖੁਦ ਹੱਲ ਕਰਨ ਦੀ ਥਾਂ ਗੁਰੁ ਦੇ ਬਾਜ਼ ਤੋਂ ‘ਮਿਹਰ ਭਰਿਆ ਹੱਥ’ ਉਡੀਕਦੇ ਹਨ।
ਸਮਾਜ ਵਿਗਿਆਨੀ ਐਰਿਕ ਹੌਫ਼ਰ ਅਨੁਸਾਰ ਅੰਨ੍ਹੀ ਸ਼ਰਧਾ ਕਾਫੀ ਹੱਦ ਤਕ ਉਸ ਵਿਸ਼ਵਾਸ ਦੀ ਪੂਰਕ ਹੁੰਦੀ ਹੈ ਜੋ ਅਸੀਂ ਆਪਣੇ ਬਾਰੇ ਗਵਾ ਚੁੱਕੇ ਹੁੰਦੇ ਹਾਂ। ਤੇ ਸ਼ੰਕਾਵਾਂ ਅਤੇ ਦੁਬਿਧਾਵਾਂ ਤੋਂ ਬਚਣ ਲਈ ਵਿਚਾਰਾਂ ਦੇ ਇੱਕ ਸੀਮਤ ਘੇਰੇ ਵਿੱਚ ਜਿਉਣਾ ਕਿਤੇ ਵੱਧ ਸੌਖਾ ਤੇ ਸੁਰੱਖਿਅਤ ਹੁੰਦਾ ਹੈ। ਇਸੇ ਲਈ ਜਾਣੇ ਅਣਜਾਣੇ ਸਿਆਸੀ ਤੇ ਧਾਰਮਕ ਲੀਡਰ ਅਜਿਹੀਆਂ ਘਟਣਾਵਾਂ ਨੂੰ ਕਰਾਮਾਤਾਂ ਕਹਿਕੇ ਆਪਣਾ ਤੋਰੀ ਫੁਲਕਾ ਚਲਾਉਂਦੇ ਰਹਿੰਦੇ ਹਨ। ਇੱਕ ਵਾਰ ਇੱਕ ਕਿਸਾਂਨ ਤੇ ਮੌਲਵੀ ਦੀ ਦੋਸਤੀ ਸੀ। ਆਪਣੇ ਮੁੰਡੇ ਨੂੰ ਉਹ ਕਿਸਾਂਨ ਮੌਲਵੀ ਕੋਲ ਲੈ ਗਿਆ ਕਿ ਇਸ ਨੂੰ ਕਿਸੇ ਰਸਤੇ ਪਾਉ। ਮੌਲਵੀ ਨੇ ਉਸ ਮੁੰਡੇ ਨੂੰ ‘ਭਗਤੀ ਕਰਨ’ ਦੀ ਸਲਾਹ ਦੇ ਕੇ ਮੌਲਵੀ ਬਨਾਉਣ ਲਈ ਆਪਣੇ ਨਾਲ ਹੀ ਲਾ ਲਿਆ ਕਿ ਇਹ ਮੇਰੇ ਬੱਚਿਆਂ ਵਰਗਾ ਏ, ਮੇਰਾ ਵਾਰਸ ਬਣੇਗਾ। ਮੌਲਵੀ ਉਹਨੂੰ ਕੋਈ ਅਕਲ ਦੀ ਗੱਲ ਦੱਸਣ ਦੀ ਥਾਂ ਤੇ ਭਾਂਡੇ ਮਾਂਜਣ ਤੇ ਲਾਈ ਰੱਖਦਾ। ਜਵਾਂਨ ਹੋ ਰਹੇ ਮੁੰਡੇ ਦਾ ਭਗਤੀ ਵਿੱਚ ਕੀ ਜੀਅ ਲੱਗਣਾ ਸੀ। ਉਹ ਚੋਰੀਉਂ ਭੱਜ ਕੇ ਹਾਣੀ ਮੁੰਡਿਆਂ ਨਾਲ ਖੇਲਣ ਨਿੱਕਲ ਜਿਆ ਕਰੇ । ਸਿਰ ਤੇ ਬਾਪੂ ਦਾ ਡਰ ਨਹੀਂ ਸੀ। ਪਹਿਲਾਂ ਨਿੱਕੀ ਮੋਟੀ ਚੋਰੀ ਕਰਨ ਸਿੱਖਿਆ ਫਿਰ ਹੌਲੀ ਹੌਲੀ ਸਾਰੀਆਂ “ਪਾੜਤਾਂ” ਪੜ੍ਹਦਾ ਪੜ੍ਹਦਾ ਸਿਰੇ ਦਾ ਲਫੰਡਰ ਨਿੱਕਲ ਗਿਆ। ਵੀਹ ਵਰ੍ਹਿਆਂ ਪਿੱਛੋਂ ਉਹ ਕਿਸਾਂਨ ਮੌਲਵੀ ਨਾਲ ਹਵਾਈ ਅੱਡੇ ਤੇ ਮੌਲਵੀ ਦੇ ਮੁੰਡੇ ਨੂੰ ਲੈਣ ਗਿਆ। ਵਲੈਤੋਂ ਡਾਕਟਰੀ ਪੜ੍ਹ ਕੇ ਸਾਹਿਬ ਬਣਕੇ ਆਏ, ਆਪਣੇ ਮੁੰਡੇ ਦੇ ਹਾਣੀ ਉਸ ਮੌਲਵੀ ਦੇ ਮੁੰਡੇ ਨੂੰ ਵੇਖਕੇ ਕਿਸਾਂਨ ਨੂੰ ਅਸਲ ਗੱਲ ਦੀ ਸਮਝ ਆ ਗਈ। ਮੌਲਵੀ ਨੇ ਆਪਣੇ ਪੁੱਤਰ ਨੂੰ ਡਾਕਟਰ ਬਣਾਇਆ ਤੇ ਉਸਦੇ ਨੂੰ ‘ਭਗਤੀ ਕਰਕੇ ਜਨਮ ਸਫਲਾ ਕਰਨ‘ ਦੇ ਨਾਂ ਤੇ ਕੀ ਬਣਾਕੇ ਰੱਖ ਦਿੱਤਾ ਸੀ। ਸਧਾਰਣ ਮਨੁੱਖ ਦਾ ਮਾਨਸਕ ਪੱਧਰ ਬਹੁਤ ਹੀ ਨੀਵਾਂ ਹੁੰਦਾ ਹੈ। ਅਕਲ ਸਿਰਫ ਪੜ੍ਹਕੇ,ਗੁੜ੍ਹਕੇ ਤੇ ਘੁੰਮਕੇ ਹੀ ਆਉਂਦੀ ਹੈ। ਜਨ ਸਧਾਰਣ ਤਰਕਵਾਦੀ ਹੋਣ ਦੀ ਥਾਂ ਅੰਧਵਿਸ਼ਵਾਸੀ ਹੁੰਦਾ ਹੈ। ਅਣਪੜ੍ਹ ਲੋਕ ਜਾਗਰੂਕ ਨਹੀਂ ਹੋਇਆ ਕਰਦੇ ਸਿਰਫ ਮਗਰ ਲਾਏ ਜਾਂਦੇ ਹਨ। ਸਧਾਰਣ ਜਨਤਾ ਨੂੰ ਸੌਖਿਆਂ ਹੀ ਮਗਰ ਲਾਇਆ ਜਾ ਸਕਦਾ ਖਾਸ ਤੋਰ ਤੇ ਰੱਬ ਜਾਂ ਕਿਸੇ ਕਿਸਮ ਦੀ ‘ਵੱਖਰੀ ਪਛਾਣ’ ਦੇ ਨਾਂਮ ਤੇ। ਲੋੜ ਸਿਰਫ ਕਿਸੇ ਨਾ ਕਿਸੇ ਰੂਪ ‘ਚ ਜ਼ਜ਼ਬਾਤਾਂ ਨੂੰ ਭੜਕਾਉਣ ਜਾਂ ਗੁੰਮਰਾਹ ਕਰਨ ਦੀ ਹੁੰਦੀ ਹੈ। ਪੱਠੇ ਕੁਤਰਣ ਵਾਲੇ ਹੋਰ ਤੇ ਦੁੱਧ ਪੀਣ ਵਾਲੇ ਹੋਰ ਹੁੰਦੇ ਹਨ।
ਲੇਖ ਦੇ ਸ਼ੁਰੂ ਵਿੱਚ ਦੇਸ਼ ਦੀ ਪ੍ਰਧਾਨ ਮੰਤਰੀ ਦੇ ਕਤਲ ਵਿੱਚ ਬਾਜ਼ ਦੀ ਭੂਮਿਕਾ ਦਾ ਜਿ਼ਕਰ ਹੋਇਆ ਸੀ। ਇਸੇ ਬਾਜ਼ ਦੀ ‘ਗਵਾਹੀ’ ਨਾਲ ਬਲਬੀਰ ਸਿੰਘ ਨੂੰ ਵੀ ਬਾਕੀ ਦੋਸ਼ੀਆਂ ਨਾਲ ਸੈਸ਼ਨ ਜੱਜ ਨੇ ਫਾਂਸੀ ਦੀ ਸਜ਼ਾ ਸੁਣਾ ਦਿੱਤੀ। ਸ੍ਰੀਮਤੀ ਇੰਦਰਾ ਗਾਂਧੀ ਨੂੰ ਕਤਲ ਕਰਨ ਦੀ ਸਾਜਿ਼ਸ਼ ਦੇ ਦੋਸ਼ ਵਿੱਚ ਹਾਈ ਕੋਰਟ ਨੇ ਵੀ ਸਜ਼ਾ ਦੀ ਪੁਸ਼ਟੀ ਕਰ ਦਿੱਤੀ। ਘਟਨਾ ਦੇ ਚਾਰ ਸਾਲਾਂ ਪਿੱਛੋਂ ਕਤਲ ਕੇਸ ਦੀ ਅਪੀਲ ਤੇ ਫੈਸਲਾ ਦਿੰਦਿਆਂ ਭਾਰਤ ਦੀ ਸੁਪਰੀਮ ਕੋਰਟ ਨੇ ਬਲਬੀਰ ਸਿੰਘ ਨੂੰ ਬਰੀ ਕਰ ਦਿੱਤਾ ਸੀ। ਸੁਪਰੀਮ ਕੋਰਟ ਦੇ ਤਿੰਨ ਜੱਜਾਂ ਦੀ ਬੈਂਚ ਵਲੋਂ ਜਸਟਿਸ ਜੀ ਼ਐਲ਼ ਓਝਾ ਤੇ ਜਸਟਿਸ ਕੇ਼ ਜੀ਼ ਸ਼ੈਟੀ ਨੇ ਫੈਸਲੇ ਵਿੱਚ ਲਿਖਿਆ ਕਿ ਇਹ ਠੀਕ ਹੈ ਕਿ ਸਿੱਖਾਂ ਵਲੋਂ ਬਾਜ਼ ਨੂੰ ਦਸਵੇਂ ਗੁਰੂ ਦਾ ਪ੍ਰਤੀਨਿਧ ਸਮਝਿਆ ਜਾਂਦਾ ਹੈ। ਇਸ ਲਈ ਬੇਅੰਤ ਸਿੰਘ ਤੇ ਬਲਬੀਰ ਸਿੰਘ ਵਲੋਂ ਬਾਜ਼ ਨੂੰ ਵੇਖ ਕੇ ਅਰਦਾਸ ਕਰਨੀ ਕੋਈ ਅਨੋਖੀ ਗੱਲ ਨਹੀਂ ਸੀ। ਜਿਸ ਤਰ੍ਹਾਂ ਹਿੰਦੂਆਂ ਲਈ ਗਊ ਸਤਿਕਾਰ ਦੀ ਪਾਤਰ ਹੈ ਇੰਝ ਹੀ ਬਾਜ਼ ਨੂੰ ਸਿੱਖ ਧਰਮ ਵਿੱਚ ਗੁਰੂ ਦਾ ਪੰਛੀ ਕਿਹਾ ਜਾਂਦਾ ਹੈ। ਬਲਬੀਰ ਸਿੰਘ ਅਤੇ ਬੇਅੰਤ ਸਿੰਘ ਵਲੋਂ ਬਾਜ਼ ਨੂੰ ਵੇਖ ਕੇ ਮੌਕੇ ‘ਤੇ ਹੀ ਕੀਤੀ ਗਈ ਅਰਦਾਸ ਕਿਸੇ ਸਾਜਿ਼ਸ਼ ਲਈ ਕੀਤੀ ਨਹੀਂ ਮੰਨੀ ਜਾ ਸਕਦੀ। ਇਸ ਬਾਜ਼ ਦਾ ਕਿਸੇ ਸਾਜਿ਼ਸ਼ ਨਾਲ ਕੋਈ ਸਬੰਧ ਨਹੀਂ। ਇਸ ਤਰ੍ਹਾਂ ਬਲਬੀਰ ਸਿੰਘ ਫਾਂਸੀ ਦੇ ਤਖਤੇ ਤੋਂ ਬਾਂਹ ਕੁ ਦੀ ਵਿੱਥ ਤੋਂ ਮੁੜ ਗਿਆ। ਸਿੱਖਾਂ ਲਈ ਬਾਜ਼ ਸਿ਼ਕਾਰੀ ਪੰਛੀ ਜਾਂ ਸ਼ਕਤੀ ਦਾ ਪ੍ਰਤੀਕ ਹੀ ਨਹੀਂ ਬਲਕਿ ਅੰਨ੍ਹੀਂ ਸ਼ਰਧਾ ਵੀ ਹੈ। ਪਰ ਰਾਂਮ ਜੇਠ ਮਲਾਨੀਂ ਅਦਾਲਤ ਵਿੱਚ ਇਹ ਸਵਾਲ ਉਠਾਉਂਦਾ ਰਿਹਾ ਕਿ ਬੇਅੰਤ ਸਿੰਘ ਨੂੰ ਫੜ੍ਹਣ ਪਿੱਛੋਂ ਅੱਧੇ ਘੰਟੇ ਪਿੱਛੋਂ ਗੋਲੀ ਕਿਉਂ ਮਾਰੀ ਗਈ? ਜਦੋਂ ਕਿ ਉਹਨੇ ਰਵਾਲਵਰ ਸੁੱਟਕੇ, ਹੱਥ ਖੜ੍ਹੇ ਕਰਕੇ ਕਹਿ ਦਿੱਤਾ ਸੀ ਕਿ “ਮੈਂ ਜੋ ਕਰਨਾ ਸੀ ਕਰ ਦਿੱਤਾ। ਹੁਣ ਤੁਸੀਂ ਜੋ ਕਰਨਾ ਹੈ ਕਰ ਲਵੋ”ੋ। ਦੇਸ਼ ਦੇ ਹਾਕਮ ਨੂੰ ਮਾਰਨ ਜਾਂ ਹਮਲਾ ਕਰਨ ਵਾਲੇ ਨੂੰ ਜਿੰਦਾ ਫੜ੍ਹਣ ਦੀਆਂ ਲਿਖਤੀ ਹਦਾਇਤਾਂ ਸਨ। ਪਰ ਬੇਅੰਤ ਸਿੰਘ ਦੇ ਮਰਨ ਨਾਲ ਤਾਂ ਸਾਰੀ ਸਾਜਿ਼ਸ਼ ਤੇ ਹੀ ਮਿੱਟੀ ਪੈ ਗਈ।
ਇਸ ਬਾਜ ਰਾਹੀਂ ਹੋਏ ਕਤਲ ਤੇ ਪਿੱਛੋਂ ਦਹਾਕਾ ਭਰ ਸਿੱਖਾਂ ਦੇ ਖੂੰਨ ਨਾਲ ਖੇਢੀ ਗਈ ਹੋਲੀ ਦੀ ਤਾਰ ਕਿਤੇ ਬਾਹਰ ਤਾਂ ਨਹੀਂ ਸੀ ਜੁੜਦੀ? ਵਕੀਲ ਅਜੈਬ ਸਿੰਘ ਬੱਗਾ ਸਾਹਿਤ ਦੇ ਰਸੀਏ ਸਨ, ਉਨ੍ਹਾਂ ਨੇ 1985 ਵਿੱਚ ਅਜਨਾਲਾ ਹਲਕੇ ਤੋਂ ਚੋਣ ਵੀ ਲੜੀ ਸੀ। ਉਹ ਗਿਆਨੀ ਜੈਲ ਸਿੰਘ ਦੇ ਪੁਰਾਣੇ ਸਾਥੀਆਂ ਵਿੱਚੋਂ ਸਨ। ਉਸ ਦੇ ਆਪਣੇ ਪੁੱਤਰ ਅਤੇ ਭਤੀਜੇ ਕਾਮਰੇਡ ਬਲਦੇਵ ਮਾਂਨ ਨੂੰ ਬੱਗੇ ਤੇ ਸ਼ੀਨੇ ਪਿੰਡਾਂ ਦਿਆ ਸਮਗਲਰਾਂ ਤੋਂ ਖਾੜਕੂ ਬਣੇ ਅੱਤਵਾਦੀਆਂ ਨੇ ਮਾਰ ਦਿੱਤਾ ਸੀ। ਕੁੱਝ ਅਰਸਾ ਪਹਿਲਾਂ ਜਦੋਂ 75 ਸਾਲ ਦੀ ਉਮਰ ਪਾਰ ਕਰਕੇ ਉਨ੍ਹਾਂ ਦੇ ਦੋਨੌਂ ਗੁਰਦੇ ਫੇਲ਼੍ਹ ਹੋ ਗਏ ਸਨ ਤਾਂ ਉਨ੍ਹਾਂ ਮੈਨੂੰ ਖਤ ਲਿਖਿਆ ਸੀ ਕਿ “ਮੈਨੂੰ ਇਸ ਦੁਨੀਆਂ ਤੋ ਜਾਣ ਦਾ ਰੱਤੀ ਭਰ ਵੀ ਗਮ ਨਹੀਂ। ਪਰ ਤੇਰੇ ਜਿਹੇ ਮਿੱਤਰਾਂ ਤੋਂ ਵਿਦਾ ਹੁੰਦਿਆਂ ਅਫਸੋਸ ਹੋ ਰਿਹਾ ਹੈ।” ਪਿਛਲੇ ਸਾਲ ਲੁਧਿਆਣੇ ਮੇਰੀ ਰਿਸ਼ਤੇਦਾਰੀ ਵਿੱਚ ਇੱਕ ਵਿਆਹ ਸਮਾਗਮ ਦੌਰਾਂਨ ਗੁਰਦਾਸ ਮਾਂਨ ਦੇ ਗਾਣੇ ਸੁਣਦਿਆਂ ਮੈਂ ਅਜਨਾਲਾ ਦੇ ਐੱੰਮ ਐੱਲ ਏ ਬੋਨੀ ਅਮਰਪਾਲ ਨੂੰ ਬੱਗਾ ਸਾਹਿਬ ਬਾਰੇ ਪੁੱਛਿਆ ਤਾਂ ਉਸ ਦੱਸਿਆ ਕਿ ਉਹ ਹੁਣ ਇਸ ਦੁਨੀਆਂ ਵਿੱਚ ਨਹੀਂ ਹਨ। ਜਦੋਂ ਪੰਜਾਬ ਵਿੱਚ ਅੱਤਵਾਦ ਸਿਖਰ ਤੇ ਸੀ ਓਦੋਂ ਇੱਕ ਵਾਰ ਉਨ੍ਹਾਂ ਮੈਨੂੰ ਕਿਹਾ ਸੀ ਕਿ “ ਮੈਂ ਇਸ ਦੁਨੀਆਂ ਵਿੱਚ ਨਹੀਂ ਹੋਣਾ। ਪਰ ਹੌਲੀ ਹੌਲੀ ਅਖਬਾਰਾਂ ਤੇ ਕਿਤਾਬਾਂ ਰਾਹੀਂ ਇਹ ਗੱਲ ਸਾਹਮਣੇ ਆਵੇਗੀ ਕਿ ‘ਇਸ ਧਰਤੀ ਤੇ ਕਿਸੇ ਥਾਂ ਕੋਈ ਮੀਟਿੰਗ ਹੋਈ ਸੀ। ਜਿਸ ਵਿੱਚ ਇਹ ਵਿਚਾਰਿਆ ਗਿਆ ਕਿ ਕਰੜੀਆਂ ਸ਼ਰਤਾਂ ਹੇਠ ਝੋਲੀ ਅੱਡ ਕਿ ਅਨਾਜ ਮੰਗਣ ਵਾਲੇ ਦੇਸ਼ ਭਾਰਤ ਨੂੰ ਇਸ ਚੱਪਾ ਕੁ ਪੰਜਾਬ ਨੇ ਹਰੇ ਇਨਕਲਾਬ ਨਾਲ ਆਤਮ ਨਿਰਭਰ ਕਿਵੇਂ ਬਣਾ ਦਿੱਤਾ? ਫੈਸਲਾ ਹੋਇਆ ਹੋਵੇਗਾ ਕਿ ਇਸ ਪੰਜਾਬ ਨੂੰ ਥਾਂ ਸਿਰ ਕੀਤਾ ਜਾਵੇ। ਬਾਕੀ ਤਾਂ ਸ਼ਤਰੰਜ ਦੀ ਬਾਜ਼ੀ ਵਿੱਚ ਪਿਆਦੇ, ਘੋੜੇ, ਫੀਲ੍ਹੇ ਹੁੰਦੇ ਹਨ। ਭਾਰਤ ਪਾਕਿਸਤਾਂਨ ਦੀ ਵੰਡ ਗਾਂਧੀ ਜਿਨਾਹ ਦੇ ਝਗੜੇ ਕਾਰਨ ਨਹੀਂ ਸੀ ਹੋਈ। ਫੈਸਲਾ ਤੀਹ ਸਾਲ ਪਹਿਲਾਂ ਹੀ ਲੰਦਨ ਵਿੱਚ ਹੋ ਗਿਆ ਸੀ।ਸੋਵੀਅਤ ਯੂਨੀਅਨ 1990 ਵਿੱਚ ਟੁੱਟਿਆ ਸੀ ਪਰ ਇਸ ਹੋਣੀ ਤੇ ਦਸਤਖਤ ਸਟਾਰ ਵਾਰ ਦੀ ਸ਼ੁਰੂਆਤ ਨਾਲ ਤੀਹ ਸਾਲ ਪਹਿਲਾਂ ਯੁਰਪ ਵਿੱਚ ਹੋ ਗਏ ਸਨ।” ਹੁਣ ਨਸਿ਼ਆਂ ਦਾ ਦਰਿਆ ਪੰਜਾਬ ਵਿੱਚ ਹੀ ਕਿਉਂ ਹੈ? ਅਖਬਾਰਾਂ ਸੰਪਾਦਕੀ ਲਿਖ ਰਹੀਆਂ ਹਨ ਕਿ ਪੰਜਾਬੀਆਂ ਨੂੰ ਬਰਬਾਦ ਕਰਨ ਦੀ ਇਹ ਕੋਈ ਡੂੰਘੀ ਸਾਜਿਸ਼ ਹੈ। ਯੂ.ਐੱਂਨ.ਓ.ਦੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਬਾਰੇ ਜਾਰੀ 2009 ਦੀ ਰਿਪੋਰਟ ਅਨੁਸਾਰ ਅੰਤਰ ਰਾਸ਼ਟਰੀ ਡਰੱਗ ਮਾਫੀਆ 70000 ਕਰੋੜ ਡਾਲਰ ਦਾ ਸਲਾਨਾਂ ਕਾਰੋਬਾਰ ਕਰਦਾ ਹੈ। ਜਿਸ ਨੂੰ ਸਿਆਸੀ ਸਰਪ੍ਰਸਤੀ ਹਾਸਲ ਹੁੰਦੀ ਹੈ। ਪੰਜਾਬੀ ਸੁਭਾਅ ਪੱਖੋਂ ਝਗੜਾਲੂ ਰੁੱਚੀਆਂ ਦੇ ਧਾਰਨੀਂ ਹੋਣ ਕਾਰਨ ਸੌਖੀ ਕਮਾਈ ਲਈ ਛੇਤੀ ਇਸ ਪਾਸੇ ਪੈ ਜਾਂਦੇ ਹਨ। ਕਦੀ ਬਹਾਦਰੀ ਅਤੇ ਕੁਰਬਾਨੀਂ ਵਿੱਚ ਨਾਂਮ ਕਮਾਉਣ ਵਾਲੇ ਪੰਜਾਬੀ ਠੱਗੀ, ਧੋਖੇ,ਬੇਈਮਾਂਨੀ, ਕਬੂਤਰਬਾਜ਼ੀ ਅਤੇ ਸਮਗਲਿੰਗ ਵਿੱਚ ਝੰਡੇ ਗੱਡ ਰਹੇ ਹਨ। ਅਮਨ ਕਾਨੂੰਨ ਲਈ ਜਾਣੇ ਜਾਂਦੇ ਸੋਹਣੇ ਵਿਕਸਤ ਮੁਲਕਾਂ ਵਿੱਚ ਜਾ ਕੇ ਲਲਕਾਰੇ ਮਾਰਦੇ ਹਨ।
ਅਕਸਰ ਪੰਜਾਬੀ ਗੱਲਾਂ/ਗਾਹਲਾਂ/ਚੁਗਲੀਆਂ ਕਰਕੇ ਦਿਨ ਬਤਾਉਂਦੇ ਹਨ। ਅਮਰੀਕਨ ਯੌਰਪੀਅਨ ਲੋਕ ਜਾਂ ਕੰਮ ਕਰਦੇ ਹਨ ਜਾਂ ਵੀਕ ਐਂਡ ਤੇ ਅਨੰਦ ਮਾਣਦੇ ਹਨ। ਉਹ ਗੱਲਾਂ ਘੱਟ ਕਰਦੇ ਹਨ। ਉਨ੍ਹਾਂ ਨੂੰ ਬਾਬੇ ਨਾਨਕ ਦੀ ਦੱਸੀ ਮੱਤ, ਕਿਰਤ ਕਰਨ ਤੋਂ ਹੀ ਵਿਹਲ ਨਹੀਂ ਅਤੇ ਅਸੀਂ ਵਿਹਲੇ ਹੀ ਵਿਹਲੇ ਹਾਂ। ਕੰਮ ਸੱਭਿਆਚਾਰ ਗੋਰਿਆਂ ਅਪਣਾ ਲਿਆ। ਅਸੀਂ ਉੱਡਦੇ ਬਾਜ਼ਾਂ ਮਗਰ ਦੌੜਦੇ ਰਹੇ। ਰੋਜਾਨਾਂ ਤੀਹ ਲੱਖ ਤੋਂ ਵੱਧ ਪੰਜਾਬੀ ਸਵੇਰੇ ਚਿੱਟੇ ਕੱਪੜੇ ਪਾ ਕੇ ਘਰੋਂ ਸੱਥਾਂ,ਬੱਸ ਅੱਡਿਆਂ,ਰੇਲਵੇ ਸਟੇਸ਼ਨਾਂ,ਬਜਾਰਾਂ,ਕਚਹਿਰੀਆਂ ਵਿੱਚ ਤੋਰੇ ਫੇਰੇ ਲਈ ਹੀ ਨਿੱਕਲਦੇ ਹਨ।ਇਹ ਬੇਰੋਜਗਾਰ ਨਹੀਂ ਹਨ। ਅਸਲ ਵਿੱਚ ਇਨ੍ਹਾਂ ਨੂੰ ‘ਪੰਜਾਬੀ ਕਿਸਮ ਦੀ ਸੋਸ਼ਲ ਸਕਿਉਰਿਟੀ’ ਮਿਲੀ ਹੋਈ ਹੈ। ਇਨ੍ਹਾਂ ਲਈ ਹਰ ਦਿਨ ਹੀ ਵੀਕ ਐਂਡ ਹੈ। ਹਰ ਪਿੰਡ ਵਿੱਚ ਸੌ ਡੇਢ ਸੌ ਅਜਿਹੇ ਵਿਅਕਤੀ ਹਨ ਜਿਨ੍ਹਾਂ ਸਾਰੀ ਉਮਰ ‘ਚ ਕੋਈ ਕਿਰਤ ਨਹੀਂ ਕੀਤੀ। ਮੌਲਵੀ ਤੇ ਕਿਸਾਂਨ ਵਾਲੀ ਕਹਾਣੀ ਤੁਸੀਂ ਉੱਪਰ ਪੜ੍ਹ ਹੀ ਲਈ ਹੈ। ਇਹੀ ਵੋਟਤੰਤਰ ਨੂੰ ਸੂਤ ਬੈਠਦਾ ਹੈ। ਇਹ ‘ਬਾਜ਼’ ਪਹਿਲਾਂ ਹੀ ਘੱਟਾ ਢੋਅ ਰਹੇ ਪੰਜਾਬੀਆਂ ਨੂੰ ਹੋਰ ਵੀ ਅੰਧ ਵਿਸ਼ਵਾ਼ਸ਼ ਦੇ ਰਾਹ ਤੋਰੇਗਾ। ਡਾ.ਮਨਮੋਹਨ ਸਿੰਘ ਵਰਗੇ ਅਰਥ ਸ਼ਾਸਤਰੀ ਅਤੇ ਪੰਜਾਬੀ ਦੇ ਪ੍ਰਧਾਂਨ ਮੰਤਰੀ ਹੁੰਦਿਆਂ ਲੋੜ ਪੰਜਾਬ ਵਿੱਚ ਵੱਧ ਤੋਂ ਵੱਧ ਵਿਕਾਸ ਕਰਨ ਦੀ ਹੈ। ਜੇ ਪੰਜਾਬੀ ਅਜੇ ਵੀ ਸੰਭਲ ਨਹੀਂ ਸਕੇ ਫਿਰ ਹੋਰ ਵੀ ਪੱਛੜ ਜਾਣਗੇ। ਸਿੱਖਿਆ, ਮੁੱਢਲਾ ਢਾਂਚਾ, ਸਨਅੱਤ,ਖੇਤੀ ਅਤੇ ਜਮਹੂਰੀਅਤ ਨੂੰ ਮਜਬੂਤ ਕਰਕੇ ਹੀ ਪੰਜਾਬ ਨੂੰ ਪੰਜਆਬ ਬਣਾਇਆ ਜਾ ਸਕਦਾ ਹੈ। ਖੁਸ਼ਹਾਲੀ ਵਿਕਾਸ ਨਾਲ ਆਉੰਦੀ ਹੈ। ਖੁਸ਼ਹਾਲ ਲੋਕਾਂ ਨੂੰ ਅੰਧਵਿਸ਼ਵਾਸ਼ਾਂ ਦੀ ਲੋੜ ਨਹੀਂ ਹੁੰਦੀ।

ਕੀ ਅਸੀਂ ਸੱਚਮੁੱਚ ਹੀ ਦੇਸੀ ਹਾਂ?.......... ਲੇਖ / ਰਿਸ਼ੀ ਗੁਲਾਟੀ

ਉਂਝ ਤਾਂ ਪਾਠਕ ਵੀਰੋ ਤੁਸੀਂ ਸਭਨਾਂ ਨੇ ਇਹ ਗੱਲ ਸੁਣੀ ਹੀ ਹੋਵੇਗੀ । ਚਲੋ ਕੋਈ ਨਾ, ਅੱਜ ਦੋਬਾਰਾ ਸਾਂਝੀ ਕਰਦੇ ਹਾਂ । ਕਿਸੇ ਹੋਰ ਕੌਮ ਦੀ ਕੁੜੀ ਦਾ ਕਿਸੇ ਮਾੜੇ ਜੱਟ ਦੇ ਮੁੰਡੇ ਨਾਲ ਵਿਆਹ ਹੋ ਗਿਆ । ਜੇਕਰ ਘਰ ਮਾੜੇ ਜੱਟ ਦਾ ਹੈ ਤਾਂ ਘਰ ਦੀ ਕੇਹੀ ਹਾਲਤ ਹੋਵੇਗੀ, ਅੰਦਾਜ਼ਾ ਲਗਾਉਣਾ ਮੁਸ਼ਕਿਲ ਨਹੀਂ ਹੈ । “ਪਾਣੀ ਵਾਰਨੇ” ਤੇ ਉਸ ਸੱਜ ਵਿਆਹੀ ਮੁਟਿਆਰ ਨੂੰ ਅਜੀਬ ਜਿਹੇ ਮੁਸ਼ਕ ਦਾ ਅਹਿਸਾਸ ਹੋਇਆ ਪਰ ਮਾਰੇ ਸ਼ਰਮ ਦੇ ਕਿਸੇ ਨੂੰ ਕੁਝ ਕਹਿ ਨਾ ਸਕੀ । ਮੂੰਹ ਦਿਖਾਈ ਤੇ ਹੋਰ ਰਸਮਾਂ-ਰਿਵਾਜਾਂ ਤੋਂ ਬਾਅਦ ਰਤਾ ਹਨੇਰਾ ਹੋਣ ਤੇ ਉਸ ਮੁਟਿਆਰ ਨੂੰ ਚਾਰ ਹੋਰ ਕੁੜੀਆਂ ਚੁੰਨੀ ਦਾ ਪੱਲਾ ਮੂੰਹ ‘ਚ ਦੇ ਕੇ ਦੰਦੀਆਂ ਕੱਢਦੀਆਂ “ਸੁਹਾਗ ਕਮਰੇ” ‘ਚ ਛੱਡ ਗਈਆਂ । “ਸੁਹਾਗ ਕਮਰਾ” ਡੰਗਰਾਂ ਦੇ ਵਰਾਂਡੇ ਦੇ ਨਾਲ਼ ਸੀ, ਜਿਸਦੇ ਅੱਗੇ ਪੱਲੀਆਂ ਟੰਗੀਆਂ ਹੁੰਦੀਆਂ ਨੇ, ਉਹ ਵੀ ਕੇਵਲ ਸਰਦੀਆਂ ‘ਚ । ਕੁੜੀਆਂ ਜਦ ਚਲੀਆਂ ਗਈਆਂ ਤਾਂ ਪਹਿਲਾਂ ਤਾਂ ਸੱਜ ਵਿਆਹੀ ਨੇ ਆਪਣਾ ਘੁੰਡ ਆਪ ਹੀ ਚੁੱਕ ਕੇ ਨੱਕ ਅੱਗੇ ਹਵਾ ਕੀਤੀ, ਮਤੇ ਮੁਸ਼ਕ ਨੂੰ ਕੋਈ ਫ਼ਰਕ ਪੈ ਜਾਵੇ । ਜਦ ਕੋਈ ਫ਼ਰਕ ਨਾ ਪਿਆ ਤਾਂ ਉਸ ਬੈੱਡ ਦੇ ਥੱਲੇ ਪਈ ਘਰ ਵਾਲੇ ਦੀ ਪੁਰਾਣੀ ਜੁੱਤੀ ਪੈਰਾਂ ‘ਚ ਅੜਾਈ ਤੇ ਕਮਰੇ ‘ਚ ਪਏ ਸੰਦੂਕਾਂ ਮਗਰ ਤੱਕਿਆ, ਕਿ ਕਮਰੇ ‘ਚ ਹੀ ਕੋਈ ਚੂਹਾ ਆਦਿ ਨਾ ਮਰਿਆ ਪਿਆ ਹੋਵੇ । ਏਨੇ ਨੂੰ ਲਾੜਾ ਸਾਹਿਬ ਵੀ ਅੰਦਰ ਆਏ ਤੇ ਕਮਰੇ ਦੀ ਕੁੰਡੀ ਚੜ੍ਹਾ ਕੇ ਦਿਲ ‘ਚ ਅਣਗਿਣਤ ਅਰਮਾਨ ‘ਕੱਠੇ ਕਰਕੇ ਬੈੱਡ ਵੱਲ ਨਿਗ੍ਹਾ ਮਾਰੀ, ਪਰ ਉੱਥੇ ਕੀਹਨੇ ਹੋਣਾ ਸੀ ।
“ਚੰਨੀਏ, ਨੀ ਚੰਨੀਏ.... ਕਿੱਥੇ ਐਂ ?” ਲਾੜਾ ਸਾਹਿਬ ਨੇ ਪੁੱਛਿਆ ।
ਕੋਈ ਜੁਆਬ ਨਾ ਮਿਲਣ ਤੇ ਉਹ ਹੈਰਾਨ ਪ੍ਰੇਸ਼ਾਨ ਹੋ ਕੇ ਬਾਹਰ ਨਿੱਕਲਿਆ ਤੇ “ਚੰਨੀ” ਨੂੰ ਏਧਰ ਓਧਰ ਤੱਕਿਆ ਤੇ ਨਜ਼ਰ ਨਾ ਆਉਣ ਤੇ ਘਰ ਦਿਆਂ ਨੂੰ ਦੱਸਿਆ । ਸਾਰਾ ਟੱਬਰ ਲੱਭ ਲਭਾ ਕੇ ਮੁੜ “ਸੁਹਾਗ ਕਮਰੇ” ‘ਚ ਆਇਆ ਤਾਂ ਨਜ਼ਰ ਪਈ ਕਿ “ਚੰਨੀ” ਤਾਂ ਪੇਟੀਆਂ ਮਗਰ ਝਾਤੀਆਂ ਮਾਰ ਰਹੀ ਸੀ ।
“ਚੰਨੀਏ... ਮੇਰਾ ਮਤਲਬ ਗੁਰਨਾਮੋ... ਏਥੇ ਕੀ ਕਰਨ ਡਹੀਂ ਹੈ ?” ਲਾੜਾ ਸਾਹਿਬ ਨੇ ਪੁੱਛਿਆ ।
“ਉਹ ਜੀ... ਉਹ ਜੀ... ਮੇਰਾ ਮਤਬਲ... ਉਹ ਜੀ...” ਨਵ ਵਿਆਹੀ ਛਾਪਾ ਪੈਣ ਤੇ ਇੱਕ ਦਮ ਘਬਰਾ ਗਈ ।
“ਕੋਈ ਨਾ ਪੁੱਤ, ਕਰੋ ‘ਰਾਮ ਤੁਸੀਂ । ਨੂੰਹ ਰਾਣੀ ਥੱਕੀ ਹੋਣੀ ਐ ।” ਕਿਸੇ ਸਿਆਣੀ ਜ਼ਨਾਨੀ ਨੇ ਗੱਲ ਸੰਭਾਲੀ ਤੇ ਸਭ ਨੂੰ ਬਾਹਰ ਲੈ ਤੁਰੀ । ਪਰ ਲਾੜਾ ਸਾਹਿਬ ਨੂੰ ਚੈਨ ਕਿੱਥੇ ? ਘੁੰਡ ਤਾਂ ਪਹਿਲਾਂ ਹੀ ਚੁੱਕਿਆ ਗਿਆ ਸੀ, ਮੁੜ ਉਹੀ ਗੱਲ ਲੈ ਬੈਠੇ ।
“ਉਹ ਜੀ... ਗੱਲ ਇਹ ਸੀ... ਤੁਸੀਂ ਗੁੱਸਾ ਤਾਂ ਨਹੀਂ ਕਰਦੇ ?”
“ਨਾ ਹੁਣ ਕੁਸ਼ ਦੱਸੇਂਗੀ ਵੀ ਕਿ...”
“ਗੱਲ ਇਉਂ ਸੀ ਜੀ ਕਿ ਜਦੋਂ ਦੀ ਮੈਂ ਘਰੇ ਆਈ ਆਂ, ਅਜੀਬ ਜਿਹਾ ਮੁਸ਼ਕ ਮੇਰੇ ਡਮਾਕ ਨੂੰ ਚੜੀ ਜਾਂਦੈ, ਮੈਂ ਦੇਖਦੀ ਸੀ ਕਿਤੇ ਕੋਈ ਚੂਹਾ-ਚਾਹਾ ਤਾਂ ਨਹੀਂ ਮਰਿਆ ਪਿਆ ।”
“ਮੈਨੂੰ ਤਾਂ ਕੋਈ ਮੁਸ਼ਕ ਨਹੀਂ ਆਇਆ ।” ਲਾੜਾ ਸਾਹਿਬ ਨੇ ਡੂੰਘਾ ਸਾਹ ਭਰ ਕੇ ਕਿਹਾ ।
“ਪਤਾ ਨਹੀਂ ਜੀ... ਮੈਨੂੰ ਤਾਂ ਸਾਹ ਲੈਣਾ ਔਖਾ ਹੋਇਆ ਪਿਐ ।”
“ਚੱਲ ਕੋਈ ਨਾ, ਤੜਕੇ ਦੇਖਾਂਗੇ ਫੇਰ ।”
ਨੂੰਹ ਰਾਣੀ ਨੇ ਰਾਤ ਬੜੀ ਔਖੀ ਕੱਟੀ ਤੇ ਰਾਤ ਨੂੰ “ਬਾਹਰ” ਜਾਣ ਦੇ ਪੱਜ ਦੇਖ ਆਈ ਕਿ ਮੁਸ਼ਕ ਤਾਂ ਡੰਗਰਾਂ ਵਾਲੇ ਵਰਾਂਡੇ ‘ਚੋਂ ਆ ਰਿਹਾ ਸੀ । ਅਗਲੀ ਸਵੇਰ ਬਹੁਕਰ ਤੇ ਪਾਣੀ ਦੀ ਬਾਲਟੀ ਚੁੱਕੀ ਤੇ ਡੰਗਰਾਂ ਵਾਲੇ ਵਰਾਂਡੇ ‘ਚ ਜਾ ਖੜੀ ਹੋਈ । ਵਰਾਂਡੇ ਦੇ ਫ਼ਰਸ਼ ‘ਤੇ “ਦੇ ਰਗੜੇ ਤੇ ਰਗੜਾ”, “ਦੇ ਰਗੜੇ ਤੇ ਰਗੜਾ” । ਅਵਾਜ਼ ਸੁਣ ਸਾਰਾ ਟੱਬਰ ਉੱਠ ਖੜਾ ਹੋਇਆ ।
“ਧੀਏ, ਇਹ ਕੀ ਕਰਨ ਲੱਗੀਂ ਏਂ ? ਅਜੇ ਸੁੱਖ ਨਾਲ਼ ਕੱਲ ਤਾਂ ਆਈਂ ਏ ਤੇ ਬਹੁਕਰ ਵੀ ਫੜ ਲਈ ।”
“ਬੇਬੇ ਜੀ, ਸਾਰੀ ਰਾਤ ਮੁਸ਼ਕ ਆਉਂਦਾ ਰਿਹਾ, ਫਰਸ਼ ਧੋ ਕੇ ਮੁਸ਼ਕ ਤੋਂ ਤਾਂ ਬਚ ਜਾਵਾਂਗੀ । ਮੁਸ਼ਕ ਤਾਂ ਮੈਂ ਮੁਕਾ ਹੀ ਦੇਣੀ ਐ ।” ਨੂੰਹ ਰਾਣੀ ਨੇ ਬੇਬੇ ਦੇ ਪੈਰੀਂ ਹੱਥ ਲਾਉਂਦਿਆਂ ਕਿਹਾ ।
“ਜੁੱਗ-ਜੁੱਗ ਜੀਵੇਂ, ਜਵਾਨੀਆਂ ਮਾਣੇ, ਦੁੱਧੀ-ਪੁੱਤੀਂ ਫਲੇਂ !!! ਕੋਈ ਨਾ ਪੁੱਤ, ਸਾਰੀ ਉਮਰ ਪਈ ਏ ਕੰਮ ਕਰਨ ਲਈ, ਫ਼ਰਸ਼ ਅਸੀਂ ਧੋ ਦਿਆਂਗੀਆਂ ।” ਬੇਬੇ ਨੇ ਅਸੀਸਾਂ ਦੀ ਝੜੀ ਲਗਾ ਦਿੱਤੀ ।
ਬੇਬੇ ਨੇ ਬਹੁਕਰ ਫੜ ਲਈ ਪਰ ਨੂੰਹ ਰਾਣੀ ਕਿਹੜਾ ਘੱਟ ਸੀ, ਨਿੱਤ ਤੜਕੇ ਉੱਠ ਸਭ ਤੋਂ ਪਹਿਲਾ ਕੰਮ ਇਹੀ ਫੜ ਲਿਆ । ਪਾਣੀ ਦੀ ਬਾਲਟੀ ਤੇ ਬਹੁਕਰ ਲੈ ਕੇ ਫ਼ਰਸ਼ ਰਗੜਨਾ । ਕੁਝ ਦਿਨਾਂ ‘ਚ ਉਸਦਾ ਨੱਕ ਮਰ ਗਿਆ ਤੇ ਮੁਸ਼ਕ ਆਉਣੀ ਬੰਦ ਹੋ ਗਈ ।
“ਵੇਖਿਆ ਬੇਬੇ ਜੀ, ਮੈਂ ਕਹਿੰਦੀ ਸੀ ਨਾ, ਪਈ ਮੁਸ਼ਕ ਨੂੰ ਆਉਣੋਂ ਹਟਾ ਦੇਣਾ, ਹੁਣ ਆਉਂਦੀ ਐ ਕਿਤੇ ਮੁਸ਼ਕ ?” ਉਹ ਆਪਣੀ ਪ੍ਰਾਪਤੀ ਤੇ ਬੜੀ ਖੁਸ਼ ਹੁੰਦੀ ।
“ਹਾਂ ਪੁੱਤ” ਕਹਿ ਕੇ ਬੇਬੇ ਮੁਸ਼ਕੜੀਏਂ ਹੱਸ ਪੈਂਦੀ, ਕਿਉਂ ਜੋ ਉਹ ਸਮਝ ਗਈ ਸੀ ਕਿ ਨੂੰਹ ਦਾ ਨੱਕ ਮੁਸ਼ਕ ਤੋਂ ਮਰ ਗਿਆ ਹੈ । ਪਰ ਆਸਟ੍ਰੇਲੀਆ ‘ਚ ਛੇ ਮਹੀਨੇ ਬੀਤਣ ਦੇ ਬਾਵਜੂਦ ਭਾਰਤੀਆਂ ਖਾਸ ਤੌਰ ਤੇ ਪੰਜਾਬੀਆਂ ਵੱਲੋਂ ਆਪਣੇ ਭਰਾਵਾਂ ਲਈ ਵਰਤੇ ਜਾਂਦੇ “ਦੇਸੀ” ਸ਼ਬਦ ਤੋਂ ਮੇਰਾ ਨੱਕ ਨਹੀਂ ਮਰ ਰਿਹਾ । ਇਸ ਸ਼ਬਦ ਦੇ “ਇਤਿਹਾਸ” ਬਾਰੇ ਕਈ ਇੱਥੇ ਵਸਦੇ ਕਈ ਪੁਰਾਣੇ ਪੰਜਾਬੀਆਂ ਤੋਂ ਪਤਾ ਕਰਨ ਦੀ ਕੋਸਿ਼ਸ਼ ਕੀਤੀ ਪਰ ਨਾਕਾਮ ਰਿਹਾ । ਭਾਰਤ ਵਿੱਚ ਅੰਗਰੇਜ਼ਾਂ ਦੇ ਟਾਇਮ “ਸਵਦੇਸ਼ੀ” ਸ਼ਬਦ ਦੀ ਬੜੀ ਵਰਤੋਂ ਕੀਤੀ ਜਾਂਦੀ ਸੀ, ਜਿਸਦਾ ਮਤਲਬ ਸੀ ਕਿ ਆਪਣੇ ਦੇਸ਼ ‘ਚ ਬਣੀਆਂ ਵਸਤੂਆਂ । ਉਦੋਂ ਵਿਦੇਸ਼ੀ ਵਸਤੂਆਂ ਨੂੰ ਜਲਾਇਆ ਵੀ ਜਾਂਦਾ ਸੀ ਤੇ ਆਪਣੇ ਦੇਸ਼ ‘ਚ ਬਣੀਆਂ ਵਸਤੂਆਂ ਦੀ ਵਰਤੋਂ ਕਰਨ ਦਾ ਪ੍ਰਚਾਰ ਕੀਤਾ ਜਾਂਦਾ ਸੀ । ਹੋ ਸਕਦਾ ਹੈ ਕਿ ਇਹ ਸ਼ਬਦ ਉੱਥੋਂ ਨਾ ਆਇਆ ਹੋਵੇ, ਇਸ ਦਾ ਮਤਲਬ ਇਹ ਕੱਢਿਆ ਗਿਆ ਹੋਵੇ ਕਿ ਆਪਣਾ ਭਾਈਬੰਦ, ਆਪਣੇ ਦੇਸ਼ ਦਾ ਬੰਦਾ ਜਾਂ ਆਪਣਾ “ਦੇਸ਼ੀ ਭਰਾ” ਪਰ ਦੇਸ਼ੀ ਤੇ ਦੇਸੀ ਦੇ ਫ਼ਰਕ ਨੇ ਮੁੜ ਭੰਬਲਭੂਸੇ ‘ਚ ਪਾ ਦਿੱਤਾ । ਦੂਜਾ ਪੱਖ ਹੈ, ਕਿਸੇ ਨੂੰ ਵਿਅੰਗ ਨਾਲ਼ ਜਾਂ ਗੱਲਾਂ ਹੀ ਗੱਲਾਂ ‘ਚ ਭੁੰਜੇ ਲਾਹੁਣ ਲਈ ਦੇਸੀ ਕਹਿਣਾ । ਉਦਾਹਰਣ ਦੇ ਤੌਰ ਤੇ ਜੇ ਕਿਸੇ ਨੇ ਅਜਿਹਾ ਕੰਮ ਕਰ ਦਿੱਤਾ ਜੋ ਦੂਜੇ ਨੂੰ ਪਸੰਦ ਨਹੀਂ ਤਾਂ ਇਹ ਵੀ ਕਹਿੰਦੇ ਸੁਣਿਆ ਜਾ ਸਕਦਾ ਹੈ “ਚੱਲ ਸਾਲਾ ਦੇਸੀ ਜਿਹਾ ਨਾ ਹੋਵੇ ਤਾਂ ।” ਕੀ ਇਹ ਇੱਕ ਅਜਿਹਾ ਸ਼ਬਦ ਹੈ ਜਿਸ ਨਾਲ਼ ਸਾਡੀ ਇੱਜ਼ਤ ਜਾਂ ਸ਼ਾਨ ‘ਚ ਵਾਧਾ ਹੁੰਦਾ ਹੈ ? ਜੇਕਰ ਨਹੀਂ ਤਾਂ ਮੁੜ ਅਜਿਹੇ ਸ਼ਬਦ ਦੀ ਵਰਤੋਂ ਕਿਉਂ ? ਕੀ ਸਾਡੀ ਆਪਣੀ ਕੋਈ ਇੱਜ਼ਤ ਨਹੀਂ ਹੈ ? ਪੰਜਾਬ ‘ਚ ਰਹਿੰਦਿਆਂ ਜੇਕਰ ਕੋਈ ਉਂਗਲ ਵੀ ਕਰ ਦਿੰਦਾ ਸੀ ਤਾਂ ਬਰਦਾਸ਼ਤ ਨਹੀਂ ਸੀ ਹੁੰਦਾ ਪਰ ਇੱਥੇ ਆ ਕੇ ਕਿਉਂ ਆਪਣੀ ਇੱਜ਼ਤ ਦਾ ਫਲੂਦਾ ਕਰਨ ਤੇ ਤੁਲੇ ਹੋਏ ਹਾਂ ? ਅਸੀਂ “ਦੇਸੀ” ਕਿੱਥੋਂ ਹੋ ਗਏ, ਜਦ ਕਿ ਅਸੀਂ ਆਪਣੀ ਕਾਬਲੀਅਤ ਸਿੱਧ ਕਰ, ਦੂਜੇ ਮੁਲਕ ‘ਚ ਪੜ੍ਹਨ ਲਈ ਆਏ ਹੋਏ ਹਾਂ । ਯਾਰੋ, ਦੂਸਰੇ ਮੁਲਕਾਂ ਦੀਆਂ ਪਾਰਲੀਮੈਂਟਾਂ ਸਾਡੇ ਪੰਜਾਬੀ ਭਰਾ ਬੈਠੇ ਹੋਏ ਨੇ, ਅਸੀਂ ਪੰਜਾਬੀਆਂ ਨੇ ਅੰਤਰ-ਰਾਸ਼ਟਰੀ ਪੱਧਰ ਤੇ ਬੜੀਆਂ ਮੱਲਾਂ ਮਾਰੀਆਂ ਨੇ । ਬੇਗਾਨੇ ਮੁਲਕਾਂ ‘ਚ ਸਾਡੇ ਨਾਲੋਂ ਕਈ ਗੁਣਾ ਵੱਧ ਰਫ਼ਤਾਰ ਨਾਲ਼ ਚੱਲ ਰਹੇ ਜ਼ਮਾਨੇ ਦੇ ਮੋਢੇ ਨਾਲ਼ ਮੋਢਾ ਮਿਲਾ ਕੇ ਚੱਲ ਰਹੇ ਹਾਂ । ਅਸੀਂ ਪੰਜਾਬ ‘ਚ ਵੀ ਬੜੀ ਤਰੱਕੀ ਕੀਤੀ ਹੈ । ਕਿਸਾਨ ਦਾ ਪੁੱਤ ਕੇਵਲ “ਪਰਾਣੀ” ਨਾਲ਼ ਬਲ਼ਦ ਹੱਕਣ ਜੋਗਾ ਨਹੀਂ ਰਿਹਾ, ਸਗੋਂ ਬਥੇਰੇ ਨੌਜਵਾਨ ਆਧੁਨਿਕ ਖੇਤੀ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਆਸਟ੍ਰੇਲੀਆ ਦੀਆਂ ਯੂਨੀਵਰਸਿਟੀਆਂ ‘ਚ ਪੜ੍ਹ ਰਹੇ ਨੇ । ਸਾਨੂੰ ਤਾਂ ਆਪਣੀਆਂ ਪ੍ਰਾਪਤੀਆਂ ਤੇ ਮਾਣ ਹੋਣਾ ਚਾਹੀਦਾ ਹੈ, ਕੇਵਲ ਇੱਕ ਸ਼ਬਦ ਵਰਤ ਕੇ ਕਿਸੇ ਹੋਰ ਦੀ ਨਹੀਂ, ਸਗੋਂ ਆਪਣੀ ਖ਼ੁਦ ਦੀ ਹੀ “ਲੱਸੀ” ਕਰ ਰਹੇ ਹਾਂ !!!
ਇਹ ਵੀ ਸੱਚ ਹੈ ਕਿ ਕਈ ਸਾਡੇ ਵੀਰ ਇੱਥੇ ਆ ਕੇ ਹਰਕਤਾਂ ਤਾਂ ਅਜਿਹੀਆਂ ਕਰਦੇ ਹਨ ਕਿ ਵਾਕਿਆ ਹੀ “ਦੇਸੀ” ਜਾਪਦੇ ਹਨ । ਮੇਰੇ ਮਿੱਤਰ ਸ੍ਰ. ਹਰਵਿੰਦਰ ਸਿੰਘ ਗਰਚਾ, ਜੋ ਕਿ ਰਿਵਰਲੈਂਡ ਰੇਡੀਓ ਤੋਂ ਹਰ ਬੁੱਧਵਾਰ ਪੰਜਾਬੀ ਪ੍ਰੋਗਰਾਮ ਪ੍ਰਸਾਰਿਤ ਕਰਦੇ ਹਨ, ਨਾਲ਼ ਇਸ ਸ਼ਬਦ ਦੀ ਵਰਤੋਂ ਬਾਰੇ ਚਰਚਾ ਹੋਈ । ਉਹਨਾਂ ਨੇ ਕੁਝ “ਦੇਸੀ” ਘਟਨਾਵਾਂ ਦਾ ਜਿ਼ਕਰ ਕੀਤਾ, ਜੋ ਆਪ ਜੀ ਨਾਲ ਵੀ ਸਾਂਝੀਆਂ ਕਰਨੀਆਂ ਚਾਹਾਂਗਾ । ਨਿਊਜ਼ੀਲੈਂਡ ‘ਚ ਕੀਵੀ ਫਲ ਉਗਾਇਆ ਜਾਂਦਾ ਹੈ । ਇਹ ਫਲ ਬਾਰਿਸ਼ ਹੋਣ ਤੇ ਨਹੀਂ ਤੋੜਿਆ ਜਾਂਦਾ ਤੇ ਕਾਮੇ ਅਕਸਰ ਹੀ ਖੇਤ ਦੇ ਮਾਲਕ ਨੂੰ ਪੁੱਛ ਜਾਂਦੇ ਹਨ ਕਿ ਕੱਲ ਮੌਸਮ ਕਿੱਦਾਂ ਦਾ ਰਹੇਗਾ, ਕਿਉਂ ਜੋ ਇਹਨਾਂ ਦੇਸ਼ਾਂ ‘ਚ ਆਉਣ ਵਾਲੇ ਕੁਝ ਦਿਨਾਂ ਦੇ ਮੌਸਮ ਦੀ ਜਾਣਕਾਰੀ ਪ੍ਰਾਪਤ ਹੋ ਜਾਂਦੀ ਹੈ । ਇੱਕ ਪੰਜਾਬੀ ਵੀਰ ਨਿਊਜ਼ੀਲੈਂਡ ਨਵਾਂ-ਨਵਾਂ ਆਇਆ ਸੀ, ਨੇ ਸ਼ਾਮ ਨੂੰ ਖੇਤ ਦੇ ਮਾਲਕ ਨੂੰ ਅਗਲੇ ਦਿਨ ਦੇ ਮੌਸਮ ਬਾਰੇ ਪਤਾ ਕਰਨਾ ਸੀ । ਰੌਲਾ ਇਹ ਪੈ ਗਿਆ ਕਿ ਪੁੱਛੇ ਤਾਂ ਕਿੰਝ, ਕਿਉਂ ਜੋ ਅੰਗ੍ਰੇਜ਼ੀ ਵੱਲੋਂ ਉਸਦਾ ਹੱਥ ਕੁਝ ਤੰਗ ਸੀ । ਉਸਨੇ ਇੱਕ “ਦੇਸੀ” ਸਕੀਮ ਲੜਾਈ । ਖੇਤ ਦੇ ਗੋਰੇ ਮਾਲਕ ਨੂੰ ਪਾਣੀ ਕੋਲ ਲੈ ਗਿਆ । ਪਾਣੀ ਦਾ ਬੁੱਕ ਭਰ ਕੇ ਉਤਾਂਹ ਵੱਲ ਉਛਾਲਿਆ ਤੇ ਗੋਰੇ ਨੂੰ ਪਾਣੀ ਵੱਲ ਇਸ਼ਾਰਾ ਕਰਕੇ ਪੁੱਛਦਾ “ਟੁਮਾਰੋ” ? ਦੋਬਾਰਾ ਫੇਰ ਪਾਣੀ ਉਤਾਂਹ ਵੱਲ ਉਛਾਲਿਆ ਤੇ ਗੋਰੇ ਨੂੰ ਪੁੱਛਿਆ “ਟੁਮਾਰੋ” ? ਨਹੀਂ ਸਮਝੇ ਪਾਠਕ ਵੀਰੋ ? ਗੱਲ ਇੱਦਾਂ ਹੈ ਕਿ ਜਦ ਪਾਣੀ ਉੱਪਰ ਉਛਾਲਿਆ ਤਾਂ ਉਹ ਥੱਲੇ ਕਣੀਆਂ ਵਾਂਗ ਡਿੱਗਿਆ । ਗੋਰੇ ਨੂੰ ਪੁੱਛਦਾ ਕਿ ਕੀ ਕੱਲ ਮੀਂਹ ਆਵੇਗਾ ਜਾਂ ਨਹੀਂ ।
ਸ੍ਰ. ਗਰਚਾ ਨੇ ਇੱਕ ਮਜ਼ੇਦਾਰ ਘਟਨਾ ਹੋਰ ਦੱਸੀ ਕਿ ਕਿਸੇ ਖੇਤ ‘ਚ ਕਾਮਿਆਂ ਨੇ ਰੋਟੀਆਂ ਵਾਲਾ ਪੌਣਾ ਦਰਖਤ ਦੇ ਥੱਲੇ ਰੱਖ ਦਿੱਤਾ । ਹੁਣ ਰੋਟੀਆਂ ਗਿਣ ਕੇ ਨਹੀਂ ਚਿਣ ਕੇ ਪਕਾਈਆਂ ਹੋਈਆਂ ਸਨ, ਕਿ ਡੇਢ ਗਿੱਠ ਜਾਂ ਦੋ ਗਿੱਠ ਰੋਟੀਆਂ ਹੋ ਗਈਆਂ, ਚੱਲੋ ਬੜੀਆਂ ਨੇ । ਗੋਰੇ ਮਾਲਕ ਦਾ ਕੁੱਤਾ ਆਇਆ ਤੇ ਉਸਨੇ ਜਦ ਰੋਟੀਆਂ ਦਾ “ਟਾਵਰ” ਦੇਖਿਆ ਤਾਂ ਉਸਨੂੰ ਵੀ ਕੋਈ ਭੁਲੇਖਾ ਪੈ ਗਿਆ ਤੇ ਇਹ ਤਾਂ ਆਪਾਂ ਨੂੰ ਪਤਾ ਹੀ ਹੈ ਕਿ ਕੁੱਤਾ “ਹੌਲਾ” ਹੋਣ ਤੋਂ ਪਹਿਲਾਂ ਉਸ ਥਾਂ ਨੂੰ ਸੁੰਘਦਾ ਹੈ । ਕੁੱਤੇ ਨੇ ਰੋਟੀਆਂ ਵਾਲਾ ਪੌਣਾ ਸੁੰਘਿਆ ਹੀ ਸੀ ਕਿ ਕਿਸੇ ਕਾਮੇ ਦੀ ਨਿਗ੍ਹਾ ਪੈ ਗਈ । ਉਸ “ਹੁਰਰਰਰ... ਹੁਰਰਰਰਰ...” ਕਹਿਕੇ ਤੇ ਡਲਾ ਚਲਾ ਕੇ ਕੁੱਤਾ ਤਾਂ ਭਜਾ ਦਿੱਤਾ ਪਰ ਉਸਨੂੰ ਗੁੱਸਾ ਆ ਗਿਆ । ਲੋਹਾ ਲਾਖ਼ਾ ਹੋਇਆ ਗੋਰੇ ਕੋਲ ਜਾ ਪੁੱਜਾ ਤੇ ਕੁੱਤੇ ਦੀ ਸਿ਼ਕਾਇਤ ਲਾਉਣ ਲੱਗਾ
“ਯੂ ਡੌਗ, ਈਟ ਮਾਈ ਲੰਚ ।”
ਗੋਰਾ ਚੱਕਰਾਂ ‘ਚ ਪੈ ਗਿਆ, ਇਹ ਬਾਈ ਕਹੀ ਕੀ ਜਾਂਦਾ ਹੈ ? ਉਸ ਪਾਰਡਨ ਕਿਹਾ ।
ਕਾਮਾ ਵੀਰ ਕੁੱਤੇ ਵੱਲ ਇਸ਼ਾਰਾ ਕਰਕੇ ਕਹਿਣ ਲੱਗਾ “ਯੂ ਡੌਗ, ਈਟ ਮਾਈ ਲੰਚ ।”
ਗੋਰੇ ਨੂੰ ਗੁੱਸਾ ਤਾਂ ਬੜਾ ਆਇਆ ਕਿ ਮੈਨੂੰ ਹੀ ਡੌਗ ਕਹੀ ਜਾਂਦਾ ਹੈ, ਪਰ ਜਲਦੀ ਠੰਢਾ ਵੀ ਹੋ ਗਿਆ ਕਿਉਂ ਜੋ ਉਹ ਸਮਝ ਗਿਆ ਸੀ ਕਿ ਸਾਹਮਣੇ ਗੱਲ ਕਰਨ ਵਾਲਾ “ਪਿਉਰ ਦੇਸੀ” ਹੈ । ਜਦ ਗੋਰੇ ਨੇ ਕਿਹਾ ਕਿ ਬਾਈ ਯਾਰ, ਬਾਕੀ ਤਾਂ ਸਾਰੀ ਗੱਲ ਤੇਰੀ ਸਹੀ ਹੈ ਪਰ “ਯੂ ਡੌਗ” ਕਿਉਂ ਕਹੀ ਜਾਂਦਾ ਹੈਂ, “ਯੂਅਰ ਡੌਗ” ਤਾਂ ਕਹਿ ਲੈ, ਤਾਂ ਕਾਮੇ ਨੂੰ ਏਧਰ ਓਧਰ ਝਾਕਣ ਤੋਂ ਇਲਾਵਾ ਕੁਝ ਨਾ ਸੁੱਝਿਆ ।
ਅੱਜ ਕੱਲ ਅਜਿਹੇ ਨੌਜਵਾਨ ਆਪਣੀਆਂ ਘਰ ਵਾਲੀਆਂ ਨੂੰ ਪੜ੍ਹਾਈ ਕਰਵਾਉਣ ਦੇ ਬਹਾਨੇ ਆਸਟ੍ਰੇਲੀਆ ਆ ਰਹੇ ਨੇ, ਜਿਹੜੇ ਕਦੀ “ਬਠਿੰਡੇ” ਦੀ ਹੱਦ ਨਹੀਂ ਟੱਪੇ ਹੁੰਦੇ । ਦੂਸਰੇ ਮੁਲਕ ‘ਚ ਆ ਕੇ ਅੰਤਰ-ਰਾਸ਼ਟਰੀ ਪੱਧਰ ਦੇ “ਮੈਨਰਜ਼” ਉਹਨਾਂ ਨੂੰ ਕਿੱਥੋਂ ਪਤਾ ਲੱਗ ਜਾਣਗੇ । ਉਹ ਤਾਂ ਇੰਝ ਹੀ ਵਰਤਾਓ ਕਰਦੇ ਨੇ ਜਿੱਦਾਂ “ਗੋਲੇਵਾਲੇ” ਬੈਠੇ ਹੋਣ । “ਸ਼ੁੱਧ ਦੇਸੀ ਵਰਤਾਓ” । ਅਜਿਹੀਆਂ ਹਰਕਤਾਂ ਕਿ ਨਾਲ਼ ਦਿਆਂ ਨੂੰ ਵੀ ਆਪਣੀ ਹੱਤਕ ਮਹਿਸੂਸ ਹੋਵੇ । ਕਿਸੇ ਹੋਰ ਦੀ ਸ਼ਾਨ ਦੇ ਖਿਲਾਫ ਬੋਲਣਾ ਆਪਣੀ ਸ਼ਾਨ ਸਮਝਿਆ ਜਾਂਦਾ ਹੈ । ਚੱਤੋ-ਪਹਿਰ ਗਾਲ੍ਹਾਂ ਦੇ “ਤੜਕੇ” ਲਗਾਏ ਜਾਂਦੇ ਨੇ । ਕਈਆਂ ਦੀ ਸਵੇਰ ਦੀ ਸ਼ੁਰੂਆਤ ਨਾਲ਼ ਸੁੱਤੇ ਪਏ ਨੂੰ ਉਠਾਉਣ ਨਾਲ ਹੁੰਦੀ ਹੈ ।
“ਉੱਠ ਪੈ ਭੈਣ ਦਿਆ......, ਛੇ ਵੱਜ ਗਏ ।”
ਇੱਕ ਪੁਰਾਣੀ ਘਟਨਾ ਯਾਦ ਆ ਗਈ । ਜਦ ਮੈਂ ਕੋਟਕਪੂਰੇ ਦੇ ਮਸ਼ਹੂਰ ਸਟੂਡੀਓ ਤੇ ਫੋਟੋਗ੍ਰਾਫ਼ੀ ਸਿੱਖ ਰਿਹਾ ਸੀ ਤੇ ਅਕਸਰ ਹੀ ਵਿਆਹਾਂ ਤੇ ਫੋਟੋਗ੍ਰਾਫ਼ੀ ਕਰਨ ਜਾਇਆ ਕਰਦੇ ਸੀ । ਇੱਕ ਦਫ਼ਾ ਸਟੂਡੀਓ ਵਾਲਿਆਂ ਦੇ “ਘਰ ਜਵਾਈ” ਨਾਲ਼ ਇੱਕ ਰਾਤ ਦੇ ਵਿਆਹ ਤੇ ਗਿਆ । ਵੱਡੇ ਤੜਕੇ ਸੌਂ ਗਏ ਤੇ ਜਦ ਡੋਲੀ ਦਾ ਟਾਈਮ ਹੋਇਆ...
“ਤੜਾਕ”
ਇੱਕ ਕਰਾਰਾ ਥੱਪੜ ਮੇਰੀ ਸੱਜੀ ਗੱਲ੍ਹ ਤੇ ਪਿਆ । ਹੜਬੜਾ ਕੇ ਉੱਠਿਆ । “ਜਵਾਈ ਰਾਜਾ” ਨੇ ਸਿਗਰਟ ਦਾ ਕਸ਼ ਲਗਾ ਕੇ ਬੜੇ ਆਰਾਮ ਨਾਲ ਕਿਹਾ ।
“ਉੱਠ ਜਾ ਬਈ, ਡੋਲੀ ਦਾ ਟਾਈਮ ਹੋ ਗਿਆ ।”
ਅੱਜ ਤੱਕ ਸੁੱਤੇ ਨੂੰ ਉਠਾਉਣ ਦਾ ਇਹ ਤਰੀਕਾ ਬੜਾ ਘਟੀਆ ਲੱਗਦਾ ਸੀ ਪਰ ਇੱਥੇ ਆ ਕੇ ਉਠਾਉਣ ਦੇ ਤਰੀਕੇ ਦੇਖ ਕੇ ਵੀਹ ਸਾਲ ਪੁਰਾਣਾ ਰੋਸ ਘਟ ਗਿਆ ।
ਸਾਡੇ ਭਾਈਚਾਰੇ ਦੀ ਇੱਕ ਹੋਰ ਸਿ਼ਕਾਇਤ ਜਿਸਤੋਂ ਤਕਰੀਬਨ ਸਾਰੇ ਹੀ ਦੁੱਖੀ ਹਨ, ਮੋਬਾਇਲ ਸੰਬੰਧੀ ਹੈ । ਅਕਸਰ ਹੀ ਬੱਸਾਂ ‘ਚ “ਚਮਕੀਲੇ” ਹੋਰੀਂ ਸਾਡੇ ਸੱਭਿਆਚਾਰ ਦੀ ਮਿੱਟੀ ਪਲੀਦ ਕਰਦੇ ਨਜ਼ਰ ਆਉਂਦੇ ਹਨ । ਦੁੱਖ ਦੀ ਗੱਲ ਤਾਂ ਇਹ ਹੈ ਕਿ ਕੁਝ ਕੁ ਨੌਜਵਾਨ ਗੋਰੀਆਂ ਵੇਖ ਕੇ ਘੱਟ ਮੱਛਰਦੇ ਹਨ ਤੇ ਪੰਜਾਬੀ ਕੁੜੀ ਦੇਖ ਕੇ ਜਿ਼ਆਦਾ । ਉਹ ਕੁੜੀਆਂ ਵੀ ਕੀ ਕਰਨ ? ਕੋਈ ਬਾਹਰਲਾ ਤਾਂ ਪ੍ਰੇਸ਼ਾਨ ਨਹੀਂ ਕਰ ਰਿਹਾ । ਮੇਰੇ ਮਿੱਤਰ ਕੁਲਦੀਪ ਨੇ ਦੱਸਿਆ ਕਿ ਬੱਸ ‘ਚ ਇੱਕ ਵੀਰ ਮੋਬਾਇਲ ‘ਤੇ ਉੱਚੀ-ਉੱਚੀ “ਬੇਸ਼ਰਮ ਟਾਈਪ” ਦੇ ਗਾਣੇ ਚਲਾਈ ਜਾਂਦਾ ਸੀ । ਕੋਲ ਬੈਠੀ ਪੰਜਾਬੀ ਕੁੜੀ ਨੇ ਕੁਲਦੀਪ ਹੋਰਾਂ ਨੂੰ ਕਿਹਾ ਕਿ ਗਾਣੇ ਸੁਣਕੇ ਸ਼ਰਮ ਆਉਂਦੀ ਹੈ, ਬੰਦ ਕਰਵਾ ਦਿਓ । ਉਸਨੂੰ ਟੋਕਿਆ, ਪਰ ਕਿੱਥੇ ? ਜੇ ਇੱਕ ਵਾਰੀ ਕਹੀ ਗੱਲ ਸਮਝ ਆ ਗਈ ਤਾਂ ਗੱਲ ਹੀ ਕੀ ਹੋਈ ? ਅਜਿਹੇ ਲੋਕ ਬੇਫਜ਼ੂਲ ਬਹਿਸਬਾਜ਼ੀ ਤੇ ਝੂਠੇ ਹੰਕਾਰ ‘ਚ ਤਾਂ ਨੰਬਰ ਇੱਕ ਹਨ । ਕੁਝ ਦਿਨ ਹੋਏ ਅਸੋ਼ਕ ਐਸ. ਭੌਰਾ ਵੀਰ ਦੇ ਲੇਖ ਦੀਆਂ ਇਹ ਪੰਕਤੀਆਂ ਪੜ੍ਹ ਰਿਹਾ ਸਾਂ ਕਿ “ਚਮਕੀਲੇ” ਨੂੰ ਕਿਹਾ ਗਿਆ ਸੀ “ਤੇਰੇ ਗੀਤਾਂ ਦਾ ਸੈਂਸਰ ਤੇਰੀ ਭੈਣ ਹੈ, ਪਹਿਲਾਂ ਉਸਨੂੰ ਸੁਣਾ ਕੇ ਮੁੜਕੇ ਗਾਇਆ ਕਰ ।” ਪਰ ਅਜਿਹਿਆਂ ਨੂੰ ਕੌਣ ਕੀ ਕਹੇ, ਕਿਵੇਂ ਸਮਝਾਈਏ ? ਇਹ ਵੀ ਆਪਣਾ ਹੀ ਫ਼ਰਜ਼ ਹੈ ਪਾੜ੍ਹਿਓ ਕਿ ਅਜਿਹੇ ਨੌਜਵਾਨਾਂ ਨੂੰ ਸਾਡੇ ਸੱਭਿਆਚਾਰ, ਸਾਡੇ ਵਿਰਸੇ ਤੇ ਸਾਡੀਆਂ ਧੀਆਂ-ਭੈਣਾਂ ਨੂੰ ਸ਼ਰਮਿੰਦਾ ਕਰਨ ਤੋਂ ਵਰਜੀਏ । ਅੱਜ ਤੁਸੀਂ ਬੇਸ਼ੱਕ ਔਖੇ ਹੋ, ਪ੍ਰੇਸ਼ਾਨ ਹੋ ਪਰ ਤੁਹਾਡੀ ਪੀੜ੍ਹੀ ਦੇ ਡਾਕਟਰ ਤੇ ਇੰਜੀਨੀਅਰ ਕਿਤੇ ਉੱਤੋਂ ਡਿੱਗ ਪੈਣੇ ਨੇ ? ਨਹੀਂ ਛੋਟੇ ਵੀਰੋ ! ਆਪਣੇ ਅੰਦਰ ਝਾਤੀ ਮਾਰ ਕੇ ਦੇਖੋ, ਤੁਹਾਡੇ ‘ਚ ਹੀ ਡਾਕਟਰ ਤੇ ਇੰਜੀਨੀਅਰ ਵੱਸਦੇ ਨੇ, ਬੱਸ ਜ਼ਰੂਰਤ ਹੈ ਉਹਨਾਂ ਨੂੰ ਜਾਗ੍ਰਿਤ ਕਰਨ ਦੀ । ਤੁਹਾਡੇ ਮਾਪਿਆਂ ਦੀ ਆਸਾਂ-ਉਮੀਦਾਂ ਸਿਰਫ਼ ਤੁਹਾਡੇ ਤੇ ਹਨ । ਆਪਣੇ ਆਪ ਨੂੰ ਨਮੋਸ਼ੀ ਤੋਂ ਬਚਾਉਣ ਦੀ ਜਿੰਮੇਵਾਰੀ ਤੁਹਾਡੇ ਆਪਣੇ ਮੋਢਿਆਂ ਤੇ ਹੀ ਹੈ । ਮੇਰੇ ਸੋਹਣੇ ਪੰਜਾਬ ਦੀ ਰੂਹ ਤੁਹਾਡੇ ‘ਚ ਵੱਸਦੀ ਹੈ, ਇਸ ਨੂੰ ਨਜ਼ਰਾਂ ਝੁਕਾਉਣ ਤੋਂ ਬਚਾਓ । ਤੁਸੀਂ ਸਾਡੇ ਵਤਨ ਦਾ ਭਵਿੱਖ ਹੋ । ਆਪਣੇ ਆਪ ਨੂੰ ਸਿਰਫ਼ “ਦੇਸੀ” ਸਮਝ ਕੇ ਆਪਣੀ ਇੱਜ਼ਤ, ਆਪਣੇ ਭਵਿੱਖ ਨਾਲ਼ ਨਾ ਖੇਡੋ । “ਪਹਿਲਾਂ ਤੋਲੋ ਫਿਰ ਬੋਲੋ” ਫਾਰਮੂਲਾ ਅਜ਼ਮਾ ਕੇ ਦੇਖੋ । ਦੂਜੀ ਗੱਲ ਇਹ ਹੈ ਬਾਈ ਜੀ, ਜੇਕਰ ਗੋਰੀਆਂ ਨੂੰ ਦੇਖ ਕੇ ਮੋਬਾਇਲ ਤੇ ਗਾਣੇ ਉੱਚੀ ਆਵਾਜ਼ ‘ਚ ਚਲਾਉਣੇ ਹਨ ਤਾਂ ਪਹਿਲਾਂ ਤਾਂ ਉਹਨਾਂ ਨੂੰ “ੳ-ਊਠ, ਅ-ਅਨਾਰ, ੲ-ਇੰਜਣ” ਪੜ੍ਹਾਓ । ਕੀ ਐ, ਰੱਬ ਸੁਣ ਲਵੇ ਤੇ ਦੋ-ਚਹੁੰ ਸਾਲਾਂ ਨੂੰ ਉਹ ਸਮਝ ਲੈਣ ਕਿ “ਚੱਕ ਦੇ ਘੜੇ ਤੋਂ ਕੌਲਾ” ਦਾ ਮਤਲਬ ਕੀ ਹੁੰਦਾ ਹੈ । ਇਹ ਵੀ ਨਾ ਹੋਵੇ ਕਿ ਆਪਣੀ ਹੋਣ ਵਾਲੀ ਨਣਦ ਤੋਂ ਹੀ ਗੋਰੀ ਪੁੱਛਦੀ ਫਿਰੇ “ਬੈਨ ਜੀ... ਏਹ ਚੱਕ ਡੇ ਗੜੇ ਟੋਂ ਕੋਲਾ ਕੀ ਹੋਂਦਾ ਹੈ ?”
ਇੱਕ ਔਰਤ ਨੇ ਦੱਸਿਆ ਕਿ ਕੁਝ ਨੌਜਵਾਨ ਸੁਪਰ ਸਟੋਰ ‘ਚੋਂ ਸੁੱਕੇ ਮੇਵੇ ਚੁੱਕ ਕੇ ਖਾ ਰਹੇ ਸਨ । ਉਸਨੇ ਟੋਕਿਆ ਕਿ ਅਜਿਹੀਆਂ ਹਰਕਤਾਂ ਨਾ ਕਰੋ ਕਿਉਂ ਜੋ ਗੋਰੇ ਪੁਲਿਸ ਬੜੀ ਜਲਦੀ ਬੁਲਾ ਲੈਂਦੇ ਨੇ ਤੇ ਮੁੜ ਇੱਥੇ ਵਸਦੇ ਸਾਰੇ ਪੰਜਾਬੀ ਸਮਾਜ ਨੂੰ ਨਮੋਸ਼ੀ ਝੱਲਣੀ ਪਵੇਗੀ ।
“ਪਹਿਲਾਂ ਕਿਹੜੇ ਝੰਡੇ ਝੂਲਦੇ ਨੇ ?” ਜੁਆਬ ਮਿਲਿਆ ।
ਸੁਪਰ ਸਟੋਰਾਂ ‘ਚ ਜਗ੍ਹਾ-ਜਗ੍ਹਾ ਕੈਮਰੇ ਲੱਗੇ ਹੁੰਦੇ ਨੇ । ਅੱਜ-ਕੱਲ ਜਦ ਕਿ “ਇੰਡੀਅਨਾਂ” ਦੀ ਢਿਬਰੀ ਟਾਈਟ ਕੀਤੀ ਜਾ ਰਹੀ ਹੈ, ਸਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ । ਜੇਕਰ ਇੱਕ ਵੀ ਫੜਿਆ ਗਿਆ ਤਾਂ ਸਾਰਿਆਂ ਤੇ ਉਂਗਲ ਉੱਠੇਗੀ । ਕੁਝ ਵੀ ਹੋਵੇ ਇਹ ਤਾਂ ਮੰਨਣਾ ਹੀ ਪਵੇਗਾ ਕਿ ਅਜਿਹੀਆਂ ਹਰਕਤਾਂ ਕਰਨ ਵਾਲੇ 4-5% ਪਿੱਛੇ ਬਾਕੀ 94-95% ਵੀ ਰਗੜੇ ‘ਚ ਆ ਹੀ ਜਾਂਦੇ ਨੇ । ਜਿੰਨੇ ਵੀ ਪੁਰਾਣੇ ਲੋਕਾਂ ਨਾਲ਼ ਅਜਿਹੇ ਵਿਸਿ਼ਆਂ ਤੇ ਗੱਲ-ਬਾਤ ਹੋਈ, ਇੱਕ ਵੀ ਬੰਦਾ ਅਜਿਹੀਆਂ ਹਰਕਤਾਂ ਨੂੰ ਸਲ੍ਹਾਉਂਦਾ ਨਾ ਮਿਲਿਆ ।
ਪੰਜਾਬ ‘ਚ ਪ੍ਰਵਾਸੀ ਮਜ਼ਦੂਰਾਂ ਨੂੰ “ਭਈਆ” ਕਹਿ ਕੇ ਪੁਕਾਰਿਆ ਜਾਂਦਾ ਹੈ । ਹੁਣ ਤਾਂ ਉਹ ਵੀ ਕਹਿਣ ਲੱਗ ਪਏ ਨੇ “ਸ਼ਰਦਾਰ ਜੀ, ਹਮਕਾ ਬਈਆ ਕਹ ਕਰ ਮਤ ਪੁਕਾਰੋ, ਹਮਰਾ ਨਾਮ ਰਾਮੂ ਹੈ ।” ਜਾਪਦਾ ਹੈ ਉਹ ਦਿਨ ਵੀ ਦੂਰ ਨਹੀਂ ਜਦੋਂ ਗੋਰੇ ਕਹਿਣਗੇ “ਮਿਸਟਰ ਡੇਸੀ, ਕਮ ਹੀਅਰ ।” ਮੁੜਕੇ ਜੋ ਕਹਿੰਦੇ ਫਿਰਾਂਗੇ “ਗੋਰਾ ਸਾਹਿਬ, ਮੇਰਾ ਨਾਮ ਫਲਾਣਾ ਸਿੰਘ ਹੈ, ਦੇਸੀ ਨਹੀਂ” ਤੇ ਦੇਸੀ ਕਹਿਣ ਦੀ ਸ਼ੁਰੂਆਤ ਕਰਨ ਵਾਲਿਆਂ ਦੀ ਐਸੀ ਦੀ ਤੈਸੀ ਫੇਰਾਂਗੇ । ਹੁਣ ਟਾਈਮ ਰਹਿੰਦਿਆਂ ਹੀ ਕਿਉਂ ਨਾ ਸੰਭਲ ਜਾਈਏ ?
ਬਾਕੀ ਮੁੱਕਦੀ ਗੱਲ ਇਹ ਕਿ ਜੇਕਰ ਅਸੀਂ ਆਪਣੀ ਚੰਗੀ ਪਹਿਚਾਣ ਕਾਇਮ ਕਰਨਾ ਚਾਹੁੰਦੇ ਹਾਂ ਤਾਂ ਜਿੱਥੇ ਰਹਿਣਾ ਹੈ, ਉੱਥੋਂ ਦੇ ਰਹਿਣ-ਸਹਿਣ ਤੇ ਸੱਭਿਆਚਾਰ ਬਾਰੇ ਪੂਰਨ ਜਾਣਕਾਰੀ ਹਾਸਲ ਕਰਨਾ ਆਪਣੇ ਹੀ ਭਲੇ ‘ਚ ਹੋਵੇਗਾ । ਆਖਿਰ ਕਦ ਤੱਕ ਅਸੀਂ “ਦੇਸੀ” ਹਰਕਤਾਂ ਕਰਕੇ ਆਪਣੇ ਹੀ ਚਾਰ ਯਾਰਾਂ ਦੋਸਤਾਂ ‘ਚ ਝੂਠੀ ਸ਼ਾਨ ਬਣਾਈ ਰੱਖਾਂਗੇ ? ਕਦ ਤੱਕ ਗਰੁੱਪ ਬਣਾ ਕੇ ਸਾਰੀ ਫੁੱਟਪਾਥ ਘੇਰ, ਲੰਘਣ ਵਾਲਿਆਂ ਨੂੰ ਪ੍ਰੇਸ਼ਾਨ ਕਰੀ ਰੱਖਾਂਗੇ ? ਕਦ ਤੱਕ ਸੁਪਰ ਸਟੋਰ ‘ਚ ਦੁੱਧ ਦੀ ਇੱਕ ਕੈਨੀ ਲੈਣ ਲਈ ਪੰਜ ਜਣੇ ਜਾਂਦੇ ਰਹਾਂਗੇ ਤੇ ਮੁੜ ਬਰੈੱਡ ਦਾ ਇੱਕ ਪੈਕਟ ਲੈਣ ਲਈ ਗਏ ਹੋਰ ਪੰਜਾਂ ਨਾਲ਼ ਵਾਰੀ-ਵਾਰੀ ਸਭ ਆਪੋ ਵਿੱਚ ਹੱਥ ਮਿਲਾਵਾਂਗੇ ਤੇ ਕੋਈ “ਦੇਸੀ” ਗੱਲ ਸੁਣਾ ਕੇ ਉੱਚੀ-ਉੱਚੀ ਹੱਸ ਕੇ ਸਭ ਦਾ ਧਿਆਨ ਆਪਣੇ ਵੱਲ ਖਿੱਚਦੇ ਰਹਾਂਗੇ ? ਸਾਡੀ ਮਾਂ-ਬੋਲੀ ਪੰਜਾਬੀ ਬੜੀ ਮਿੱਠੀ ਹੈ, ਪਰ ਉਦੋਂ ਤੱਕ ਹੀ ਜਦ ਤੱਕ ਅਸੀਂ ਉਸਦੀ ਮਿਠਾਸ ਨੂੰ ਖੁਦ ਕਾਇਮ ਰੱਖਣ ‘ਚ ਸਫ਼ਲ ਰਹਿੰਦੇ ਹਾਂ । ਪਰ ਸਾਨੂੰ ਇਹ ਵੀ ਸਮਝ ਲੈਣਾ ਚਾਹੀਦਾ ਹੈ ਕਿ ਇੱਥੇ ਵਿਚਰਨ ਸਮੇਂ ਸਥਾਨਕ ਵਸਨੀਕਾਂ ਨਾਲ਼ ਉਸੇ ਲਹਿਜ਼ੇ ਤੇ ਭਾਸ਼ਾ ‘ਚ ਹੀ ਗੱਲਬਾਤ ਕਰਨੀ ਪਵੇਗੀ, ਜਿਸ ‘ਚ ਉਹ ਸਮਝਦੇ ਹਨ । ਇੱਥੇ “ਥੈਂਕਯੂ”, “ਸੌਰੀ”, “ਪਲੀਜ਼” ਦੀ ਵਰਤੋਂ ਦੇ ਨਾਲ਼-ਨਾਲ਼ ਚਿਹਰੇ ਦੇ ਭਾਵਾਂ ਤੇ ਮੁਸਕਰਾਹਟ ਦਾ ਵੀ ਬੜਾ ਮਹੱਤਵ ਹੈ । ਯਾਦ ਕਰਨ ਦੀ ਕੋਸਿ਼ਸ਼ ਕਰੋ ਕਿ ਪੰਜਾਬ ‘ਚ ਰਹਿੰਦਿਆਂ ਪਿਛਲੀ ਵਾਰੀ “ਮੁਆਫ਼ ਕਰਨਾ ਜਾਂ ਧੰਨਵਾਦ” ਸ਼ਬਦ ਦੀ ਵਰਤੋਂ ਕਦੋਂ ਕੀਤੀ ਸੀ ? ਦੋਸਤੋ, ਤੁਹਾਡੇ ਨਾਲ਼ “ਧੰਨਵਾਦ” ਸ਼ਬਦ ਦੀ ਗੱਲ ਕਰਦਿਆਂ ਹੀ ਅਚਾਨਕ ਮੈਨੂੰ ਮੇਰੀ ਮਾਂ ਦੀ ਯਾਦ ਆ ਗਈ । ਮੈਨੂੰ ਤਾਂ ਇਹ ਵੀ ਨਹੀਂ ਪਤਾ ਕਿ ਸਰਦੀਆਂ ‘ਚ ਕਿੰਨੀ ਵਾਰ ਮੇਰੀ ਮਾਂ ਨੇ ਰੋਟੀ ਖਾਂਦਿਆਂ, ਮੇਰੇ ਲਈ ਦੁੱਧ ਗਰਮ ਕੀਤਾ ਹੋਵੇਗਾ ਤੇ ਮੈਨੂੰ ਸੁਆ ਕੇ ਖ਼ੁਦ ਠੰਢੀ ਰੋਟੀ ਖਾਧੀ ਹੋਵੇਗੀ । ਕਿੰਨੀ ਵਾਰ ਖੁਦ ਗਿੱਲੇ ਬਿਸਤਰ ਤੇ ਸੌਂ ਕੇ ਮੈਨੂੰ ਸੁੱਕੇ ਸੁਆਇਆ ਹੋਵੇਗਾ । ਜਦ ਮੈਂ ਪਹਿਲਾਂ ਸਕੂਲ ਤੇ ਮੁੜ ਕੰਮ ਤੋਂ ਲੇਟ ਹੋ ਜਾਂਦਾ ਸੀ, ਮੇਰੀ ਇੰਤਜ਼ਾਰ ‘ਚ ਭੁੱਖੀ ਬੈਠੀ ਰਹਿੰਦੀ ਸੀ । ਕੀ ਉਸਦਾ ਕਦੀ ਧੰਨਵਾਦ ਕੀਤਾ ? ਪਰ ਹੁਣ ਤਾਂ ਮਾਂ ਦੀਆਂ ਕੁਰਬਾਨੀਆਂ ਦੇ ਸਾਹਮਣੇ “ਧੰਨਵਾਦ” ਸ਼ਬਦ ਹੀ ਬੜਾ ਛੋਟਾ ਲੱਗ ਰਿਹਾ ਹੈ । ਚਲੋ ਛੱਡੋ ਯਾਰ, ਬਾਕੀ ਗੱਲਾਂ ਫੇਰ ਕਦੇ ਕਰਾਂਗੇ, ਮਨ ਉਦਾਸ ਹੋ ਗਿਆ......
****