
ਬੇਸ਼ਕ, ਇਹ ਦੋਵੇਂ (ਜਾਂ ਅਤੇ ਕੀ) ਅਰਥ ਘੱਟ ਮਾਇਨਾ (ਮਤਲਬ) ਨਹੀਂ ਰੱਖਦੇ ਪਰ
ਦਸ਼ਮੇਸ਼ ਜੀ ਨੇ ‘ਕੈ’ ਸ਼ਬਦ ਦੇ ਅਸ਼ੁੱਧ ਪਾਠ ਵੱਲ ਇਤਨਾ ਵਿਸ਼ੇਸ਼ ਧਿਆਨ ਕਿਉਂ ਦਿੱਤਾ, ਇਹ ਵੀ ਇਕ ਵੀਚਾਰਨ ਦਾ ਵਿਸ਼ਾ ਹੈ। ਇਸ ਵਿਸ਼ੇ ਨੂੰ
ਕੁਝ ਵਿਸਥਾਰ ਨਾਲ ਗੁਰੂ ਪਿਆਰਿਆਂ ਸਾਹਮਣੇ ਰੱਖਣ ਲਈ ਨਿਮਾਣਾ ਜਿਹਾ ਯਤਨ ਕਰ ਰਿਹਾ ਹਾਂ। ਇਹ ਵਿਸ਼ਾ
ਕਿਉਂਕਿ ਕਿਸ਼ਤਾਂ ਵਿੱਚ ਨਹੀਂ ਵੀਚਾਰਿਆ ਜਾ ਸਕਦਾ ਇਸ ਲਈ ਵਿਸ਼ੇ ਦੇ ਹੋਏ ਵਿਸਥਾਰ ਕਾਰਨ ਪਾਠਕਾਂ
ਪਾਸੋਂ ਮਾਫ਼ੀ ਚਾਹਾਂਗਾ।
ਗੁਰਬਾਣੀ ਦੀ ਲਿਖਤ ਵਿੱਚ ‘ਕੈ’ ਸ਼ਬਦ 1794 ਵਾਰ ਅਤੇ ‘ਕੇ’ ਸ਼ਬਦ 1271 ਵਾਰ ਦਰਜ ਹੈ। ਗੁਰਬਾਣੀ ਵਿੱਚ ‘ਕੈ’ ਸ਼ਬਦ ਦਾ ‘ਕੇ’ ਸ਼ਬਦ ਤੋਂ ਵੀ ਵਧੀਕ ਵਾਰ ਦਰਜ ਹੋਣਾ ਅਤੇ ਅਜੋਕੀ ਪੰਜਾਬੀ ਵਿੱਚ ਇਸ ‘ਕੈ’ ਦੀ ਜਗ੍ਹਾ ‘ਕੇ’ ਨੇ ਲੈ ਲੈਣੀ, ਇਸ ਵਿਸ਼ੇ ਦੇ ਬੋਧ ਨੂੰ ਜ਼ਰੂਰੀ ਬਣਾ ਦਿੰਦਾ ਹੈ।
ਗੁਰਬਾਣੀ ਦੀ ਤਮਾਮ ਲਿਖਤ ਵਿੱਚੋਂ ‘ਕੈ’ ਸ਼ਬਦ ਸਭ ਤੋਂ ਵਧੀਕ ਵਿਆਕਰਣ ਨਿਯਮਾਂ ਨੂੰ ਆਪਣੇ ਵਿੱਚ ਸਮੋਈ ਬੈਠਾ ਹੈ, ਇਸ ਦੇ ਮੁਕਾਬਲੇ ਕਿਸੇ ਵੀ ਹੋਰ ਸ਼ਬਦ ਨਾਲ ਇੰਨੇ
ਵਿਆਕਰਣ ਨਿਯਮ ਲਾਗੂ ਨਹੀਂ ਹੁੰਦੇ ਹਨ। ਇਸ ਲੇਖ ਰਾਹੀਂ ਵਿਸ਼ੇ ਨੂੰ 8 ਭਾਗਾਂ ਵਿੱਚ ਵੰਡ ਕੇ ਵੀਚਾਰਿਆ ਜਾਵੇਗਾ ਅਤੇ
ਸੰਬੰਧਤ ਭਾਗ ਨੂੰ ਵੀ ਉਪ ਭਾਗਾਂ ਰਾਹੀਂ ਖੋਲਿਆ ਜਾਵੇਗਾ।