ਸਦੀਆਂ, ਸਾਲ, ਮਹੀਨਿਆਂ, ਹਫਤਿਆਂ ਅਤੇ ਦਿਨਾਂ ਦੀ ਗਿਣਤੀ ਮਿਣਤੀ ਕਰਨ ਵਾਲੇ ਵਿਧੀ ਵਿਧਾਨ ਨੂੰ ਅਸੀਂ ਕਲੰਡਰ ਆਖਦੇ ਹਾਂ। ਸਦੀਆਂ ਤੱਕ ਦੀ ਗਿਣਤੀ ਨੂੰ ਤਾਂ ਅਸੀਂ ਕਲੰਡਰ ਦੀ ਕਲੇਵਰ ਵਿੱਚ ਲੈ ਸਕਦੇ ਹਾਂ ਲੇਕਿਨ ਯੁਗ ਨੂੰ ਕਲੰਡਰ ਵਿੱਚ ਕਿਸੇ ਤਰਾਂ ਵੀ ਕਾਬੂ ਨਹੀਂ ਕੀਤਾ ਜਾ ਸਕਦਾ। ਇੱਕ ਦਿਨ ਵਿਚਲੇ ਘੜੀਆਂ, ਪਹਿਰ, ਘੰਟੇ, ਮਿੰਟ, ਸਕਿੰਟਾਂ ਨੂੰ ਵੀ ਕਲੰਡਰ ਨਹੀਂ ਕਹਿ ਸਕਦੇ। ਧਰਤੀ ਦਾ ਸੂਰਜ ਦਾ ਅਤੇ ਚੰਦ ਤਾਰਿਆਂ ਦਾ ਜੋ ਗਤੀ ਵਿਧਾਨ ਹੈ, ਉਹ ਹੀ ਕਲੰਡਰ ਦਾ ਵਿਧਾਨ ਹੈ। ਬੀਤ ਗਏ ਸਮੇਂ ਦੀਆਂ, ਇਤਹਾਸ ਦੀਆਂ ਗਿਣਤੀਆਂ ਮਿਣਤੀਆਂ ਕਲੰਡਰ ਤੋਂ ਬਿਨਾ ਨਹੀਂ ਹੋ ਸਕਦੀਆਂ ਇਸ ਲਈ ਆਪਣੇ ਅਤੀਤ ਦੀ ਕਹਾਣੀ ਕਰਨ ਲਈ ਕਲੰਡਰ ਦੀ ਗੱਲ ਕਰਨੀ ਪਈ। ਬੀਤ ਚੁੱਕੀ ਕਹਾਣੀ, ਬੀਤ ਰਹੀ ਕਹਾਣੀ ਜਾਂ ਭਵਿੱਖਬਾਣੀ ਕਰਨ ਲਈ ਕਲੰਡਰ ਬਹੁਤ ਹੀ ਜ਼ਰੂਰੀ ਹੈ। “ਆਪਣਾ ਅਤੀਤ” ਲਿਖਣ ਲਈ ਕਲੰਡਰ ਬਿਨਾ ਤਾਂ ਸਰ ਹੀ ਨਹੀਂ ਸੀ ਸਕਦਾ ਪਰ ਮੇਰੀ ਹੈਰਾਨੀ ਦੀ ਹੱਦ ਨਾ ਰਹੀ ਕਿ ਕਲੰਡਰ ਦਾ ਇਤਹਾਸ, ਕਲੰਡਰ ਦੀ ਕਹਾਣੀ ਵੀ ਲੋਕਾਂ ਨੇ ਧਾਰਮਿਕ ਇਤਹਾਸ ਵਾਂਗ ਆਪਣੀ ਮਰਜ਼ੀ ਮੁਤਾਬਕ ਹੀ ਲਿਖ ਲਈ। ਮਨਘੜਤ ਕਹਿਣ ਨੂੰ ਤਾਂ ਦਿਲ ਨਹੀਂ ਕਰਦਾ ਪਰ ਮਿਥਹਾਸ ਨੂੰ ਇਤਹਾਸ ਕਹਿਣ ਵਾਲਿਆਂ ਦੀ ਜ਼ਿਦ ਬਹੁਤੀ ਚੰਗੀ ਵੀ ਨਹੀਂ ਲੱਗੀ। ਜੌਰਜੀਅਨ ਕਲੰਡਰ ਨੂੰ ਅੱਜ ਕੱਲ ਸਾਰੀ ਦੁਨੀਆਂ ਤੇ ਮਾਨਤਾ ਮਿਲੀ ਹੋਈ ਹੈ। ਇੱਕ ਜਨਵਰੀ ਤੋਂ ਇਕੱਤੀ ਦਿਸੰਬਰ ਦਾ ਸਾਲ ਸਾਰੀ ਦੁਨੀਆਂ ਮੰਨ ਕੇ ਬੈਠ ਗਈ ਹੈ। ਦੁਨੀਆਂ ਦੇ ਕਾਰ ਵਿਹਾਰ, ਸਮਾਜਿਕ ਤੇ ਧਾਰਮਕ ਤਿਥੀਆਂ ਮਿਤੀਆਂ, ਦਿਨ ਦਿਹਾਰ,
ਛੁੱਟੀਆਂ ਅਤੇ ਪ੍ਰੋਗਰਾਮ, ਜਨਮ ਦਿਨ, ਮੀਟਿੰਗਾਂ, ਆਉਣ ਵਾਲੇ ਸਮੇਂ ਦੇ ਕਾਰ ਵਿਹਾਰ ਸਾਰੇ ਦੇ ਸਾਰੇ ਜੌਰਜੀਅਨ ਕਲੰਡਰ ਨੂੰ ਹੀ ਮੁੱਖ ਰੱਖ ਕੇ ਛਪ ਰਹੇ ਹਨ। 1751 ਵਿੱਚ ਜਦੋਂ ਜੌਰਜੀਅਨ ਕਲੰਡਰ ਬਰਤਾਨੀਆਂ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਬਹੁਤ ਵਿਰੋਧ ਸਾਹਮਣੇ ਆਇਆ। ਕਦੇ ਕਿਸੇ ਨੇ ਸੋਚਿਆ ਹੀ ਨਹੀਂ ਸੀ ਕਿ ਸਭ ਤੋਂ ਅਖੀਰ ਵਿੱਚ ਬਣਿਆਂ ਇਹ ਕਲੰਡਰ ਸਾਰੀ ਦੁਨੀਆਂ ਤੇ ਛਾਅ ਜਾਵੇਗਾ। ਕਹਿੰਦੇ ਅੰਗ੍ਰੇਜ਼ੀ ਰਾਜ ਇੱਕ ਦਿਨ ਐਨਾ ਫੈਲਿਆ ਹੋਇਆ ਸੀ ਕਿ ਕਦੇ ਸੂਰਜ ਨਹੀਂ ਸੀ ਛੁਪਦਾ ਅੰਗ੍ਰੇਜੀ ਰਾਜ ਵਿੱਚ। ਭਲਾ ਜੇ ਧਿਆਨ ਨਾਲ ਵਿਚਾਰੀਏ ਤਾਂ ਅੱਜ ਕੇਹੜਾ ਅੰਗ੍ਰੇਜ਼ੀ ਰਾਜ ਘੱਟ ਹੈ। ਅੰਗ੍ਰੇਜ਼ੀ ਭਾਸ਼ਾ ਤੇ ਅੰਗ੍ਰੇਜ਼ੀ ਕਲੰਡਰ ਤਾਂ ਸਾਰੀ ਦੁਨੀਆਂ ਸਵੀਕਾਰੀ ਬੈਠੀ ਹੈ।
ਦੁਨੀਆਂ ਦੇ ਸਭ ਤੋਂ ਪਹਿਲੇ ਲਿਖਤੀ ਰੂਪ ਵਾਲੇ ਗ੍ਰੰਥ ਰਿਗਵੇਦ ਵਿੱਚ 12 ਮਹੀਨਿਆਂ ਦਾ ਜ਼ਿਕਰ ਆਉਂਦਾ ਹੈ। ਪੰਜ ਸਦੀਆਂ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਬਾਰਾਂ ਮਹੀਨਿਆਂ ਦਾ ਤੁਖਾਰੀ ਰਾਗ ਵਿੱਚ ਜਿਸ ਵਿਸਥਾਰ ਨਾਲ ਜ਼ਿਕਰ ਕੀਤਾ ਹੈ, ਗੁਰੂ ਅਰਜਨ ਤੋਂ ਸਿਵਾ ਇਤਹਾਸ ਵਿੱਚ ਉਸ ਤੋਂ ਵੱਧ ਵਿਸਥਾਰਪੂਰਵਕ ਕੋਈ ਕਲੰਡਰ ਨਹੀਂ ਬਣਿਆ। ਮਾਰਚ ਦੀ ਸੀਤਲਤਾ ਨਾਲੋਂ ਤਪਸ਼ ਵੱਲ ਨੂੰ ਤੁਰ ਪੈਣਾ, ਵਿਸਾਖ ਵਿੱਚ ਰੁੱਤਾਂ ਦਾ ਬਦਲ ਜਾਣਾ, ਸਭ ਤੋਂ ਵੱਢੇ ਜੇਠ ਮਹੀਨੇ ਦੀ ਅਤੇ ਅਸਾੜ ਦੀ ਤੇਜ ਧੁੱਪ ਦਾ ਵਿਸਥਾਰ, ਸੌਣ ਮਹੀਨੇ ਦੀ ਬਰਸਾਤ ਵਿੱਚਲੇ ਸੱਪ ਸਪੋਲੀਆਂ ਦਾ ਵੇਰਵਾ, ਭਾਦੋਂ (ਭਾਅਦੋਇ) ਦੇ ਭਰਮ ਦੀ ਗੱਲ, ਅਸੁਨ ਦੇ ਪ੍ਰੇਮ ਉਮਾਹੜੇ, ਕੱਤ ਕੇ ਕਰਮ ਕਮਾਉਣ ਵਾਲੇ ਕੱਤਕ, (ਮਨਘਰ) ਮੱਘਰ ਵਿੱਚ ਸੀਤਲਤਾ ਵੱਲ ਮੁੜਨ, ਪੋਖ ਦੇ ਤੁਖਾਰ (ਠੰਢ) ਦੀ ਅਤੇ ਮਾਘ ਦੇ ਨਾਮ, ਦਾਨ , ਇਸ਼ਨਾਨ ਅਤੇ ਆਖਿਰ ਫਲਗੁਣ ਅਨਦ ਅਪਾਰ ਦੀ ਕਹਾਣੀ ਜਿਸ ਵਿਸਥਾਰ ਨਾਲ ਗੁਰੂ ਗ੍ਰੰਥ ਵਿੱਚ ਅੰਕਿਤ ਹੈ, ਹੋਰ ਕਿਸ ਕਲੰਡਰ ਵਿੱਚ ਹੈ, ਦੱਸਿਓ ਭਲਾ? ਸੱਤ ਦਿਨਾ ਦੇ ਹਫਤੇ ਦਾ ਗੁਰਬਾਣੀ ਤੋਂ ਵੱਧ ਵਿਸਥਾਰ ਹੋਣ ਦਾ ਜ਼ਿਕਰ ਅਸੀਂ ਤਾਂ ਨਹੀਂ ਪੜਿਆ ਸੁਣਿਆਂ ਅੱਜ ਤੱਕ। ਕਰਾਈਸਟ ਸੱਚੀਂ ਮੁੱਚੀਂ ਦਾ ਅਵਤਾਰ ਪੈਦਾ ਹੋਇਆ ਕਿ ਨਹੀਂ, ਇਸ ਪਾਸੇ ਤਾਂ ਕੋਈ ਜਾਣ ਹੀ ਨਹੀਂ ਦਿੰਦਾ ਕਿਸੇ ਨੂੰ। ਸਾਲਾਂ ਦੀ ਗਿਣਤੀ ਪਿਛਾਂਹ ਨੂੰ ਜਿੰਨੀ ਮਰਜ਼ੀ ਲਈ ਜਾਓ ਪਰ ਦੋ ਹਜ਼ਾਰ ਸਾਲ, 3500 ਸਾਲ ਜਾਂ ਹੋਰ ਲੱਖਾਂ ਹਜ਼ਾਰਾਂ ਸਾਲ ਗਿਣਨ ਲੱਗਿਆਂ ਜਦ ਉਸਨੂੰ ਇਤਹਾਸ ਆਖਦੇ ਹਨ ਤਾਂ ਇਸ ਗੱਲ ਦੀ ਮੈਨੂੰ ਬਿਲਕੁਲ ਸਮਝ ਨਹੀਂ ਲਗਦੀ। ਮੈਨੂੰ ਇੱਕ ਮਿੱਤਰ ਵਿਦਵਾਨ ਨੇ ਸਵਾਲ ਕੀਤਾ ਕਿ ਜੇ ਤੂੰ ਆਖਦਾ ਹੈਂ ਕਿ ਬੀ ਸੀ ਜਾਂ ਹਜ਼ਾਰਾਂ ਸਾਲਾਂ ਦਾ ਇਤਹਾਸ ਸਹੀ ਨਹੀਂ ਲਗਦਾ ਤਾਂ ਤੂੰ ਦੱਸ ਸਹੀ ਕੀ ਹੈ? ਮੈਂ ਜਵਾਬ ਦਿੱਤਾ ਕਿ ਮੈਨੂੰ ਝੂਠ ਬੋਲਣ ਦੀ ਕੀ ਲੋੜ ਹੈ ਮੇਰੀ ਕਿਹੜੀ ਵੇਲਣੇ ਚ’ ਬਾਂਹ ਆਈ ਹੈ ਕਿ ਝੂਠ ਬੋਲਾਂ। ਮੇਰੇ ਹਿਸਾਬ ਨਾਲ ਤਾਂ ਕਲੰਡਰ ਦਾ ਲਿਖਤੀ ਇਤਹਾਸ ਇੱਕ ਹਜ਼ਾਰ ਸਾਲ ਤੋਂ ਪੁਰਾਣਾ ਨਹੀਂ ਹੈ ਕਲੰਡਰ ਕੀ ਕੋਈ ਵੀ ਇਤਹਾਸ ਜਿਸ ਦੀਆਂ ਤਰੀਕਾਂ ਅਸੀਂ ਪਿਛਲੀਆਂ ਚਾਰ ਕੁ ਸਦੀਆਂ ਵਿੱਚ ਨਿਸ਼ਚਿਤ ਕੀਤੀਆਂ ਹਨ ਉਹ ਸਹੀ ਤਰੀਕਾਂ ਨਹੀਂ ਹਨ। ਇਸਦਾ ਮਤਲਬ ਇਹ ਨਹੀਂ ਕਿ ਸਾਨੂੰ ਪੁਰਾਤਨ ਵਿਦਵਤਾ ਨਾਲੋਂ ਰਿਸ਼ਤਾ ਤੋੜ ਲੈਣਾ ਚਾਹੀਦਾ, ਬਿਲਕੁਲ ਨਹੀਂ, ਗਿਆਨ ਇਤਹਾਸ ਹੈ ਜਾਂ ਮਿਥਹਾਸ ਹੀਰਾ ਤਾਂ ਹੀਰਾ ਹੀ ਹੂੰਦਾ ਹੈ। ਪਰ ਇਤਹਾਸ ਦੀ ਸਾਰਥਿਕਤਾ ਦਾ ਕੋਈ ਸਬੂਤ ਤਾਂ ਹੋਣਾਂ ਚਾਹੀਦਾ। ਬਿਨਾ ਸਬੂਤ ਇਤਹਾਸ ਕਿਵੇਂ ਹੋ ਸਕਦਾ।
ਉਪਨਿਸ਼ਦਾਂ ਵਿੱਚ, ਰਮਾਇਣ ਅਤੇ ਮਹਾਂਭਾਰਤ ਵਿੱਚ ਰਾਜੇ ਨੂੰ ਪਰਮਾਤਮਾਂ ਦਾ ਹੀ ਰੂਪ ਲਿਖਿਆ ਹੈ। ਜੇ ਕਿਤੇ ਰੱਬ ਧਰਤੀ ਤੇ ਆਵੇ ਤਾਂ ਮਰਿਆਦਾ ਪਰਸ਼ੋਤਮ ਰਾਮ ਵਾਂਗ ਜੀਵਨ ਬਤੀਤ ਕਰੇ। ਸੱਚ ਤੇ ਝੂਠ ਦਾ ਯੁੱਧ ਕ੍ਰਿਸ਼ਨ ਭਗਵਾਨ ਦੇ ਰੂਪ ਵਿੱਚ ਆ ਕੇ ਰਾਮ ਦੀ ਲ੍ਹੀਲਾ ਹੈ। ਭਾਰਤੀ ਅੰਜ਼ੀਲਾਂ ਵਿੱਚ ਸਤਿਯੁਗ, ਦੁਆਪਰ, ਤ੍ਰੇਤਾ ਅਤੇ ਕਲਯੁੱਗ ਦਾ ਜਿ਼ਕਰ ਆਉਂਦਾ ਹੈ। ਯੁੱਗ ਕਲੰਡਰ ਨਹੀਂ ਹੁੰਦੇ, ਭਾਵ ਉਪਨਿਸ਼ਦਾਂ ਦੇ ਰਾਜੇ ਦੇ ਰੂਪ ਵਿੱਚ ਰਾਮ ਦਾ ਧਰਤੀ ਤੇ ਆਉਣਾ ਸਮੇਂ ਦੀ ਸੀਮਾਂ ਵਿੱਚ ਨਹੀਂ ਹੈ। ਅਸੀਮ ਪਰਮ ਪੁਰਖ ਦੀ ਗੱਲ ਸੀਮਾਂਬੱਧ ਹੋ ਵੀ ਨਹੀਂ ਸਕਦੀ ਲੇਕਿਨ ਰਾਜੇ ਅਲਗਜ਼ੈਂਡਰ, ਪਲੈਟੋ ਅਰਸਤੂ, ਸੁਕਰਾਤ ਜਾਂ ਜੀਸਸ ਕਰਾਈਸਟ ਦੀਆਂ ਜਨਮਕੁੰਡਲੀਆਂ ਬਨਾਉਣ ਵਾਲੇ ਕਲੰਡਰਾਂ ਦੀ ਉਮਰ ਕਈ ਹਜ਼ਾਰ ਸਾਲ ਗਿਣੀ ਫਿਰਦੇ ਹਨ। ਮੇਰੇ ਮਨ ਨੂੰ ਤਾਂ ਨਹੀਂ ਲਗਦੀ ਇਹ ਗੱਲ। ਇਸਦਾ ਮਤਲਬ ਇਹ ਨਹੀਂ ਕਿ ਇਨ੍ਹਾਂ ਸਾਰਿਆਂ ਮਹਾਂਪੁਰਖਾਂ ਦੀ ਗੱਲ ਗਲਤ ਹੈ, ਮੇਰੇ ਹਿਸਾਬ ਨਾਲ ਇਸਨੂੰ ਇਤਹਾਸ ਕਹਿਣਾ ਸਹੀ ਨਹੀਂ ਲਗਦਾ। ਦੁਨੀਆਂ ਭਰ ਵਿੱਚ ਮਾਨਤਾ ਪ੍ਰਾਪਤ ਜੌਰਜੀਅਨ ਕਲੰਡਰ ਅਨੁਸਾਰ ਬੀਸੀ ਦਾ ਅੰਤ ਕਰਾਈਸਟ ਦੇ ਜਨਮ ਨਾਲ ਹੋ ਜਾਂਦਾ ਹੈ। ਹਜ਼ਾਰਾਂ ਸਾਲਾਂ ਦੀ ਗੱਲ ਕਰਨ ਵਾਲਾ ਕਲੰਡਰ 1873 ਵਿੱਚ ਜਪਾਨ ਚ’ ਲਾਗੂ ਹੋਇਆ, ਇਜਪਟ ਵਿੱਚ 1875 ਵਿੱਚ, ਰਸ਼ੀਆ ਵਿੱਚ 1918 ਵਿੱਚ, ਗ੍ਰੀਸ ਵਿੱਚ 1924, ਟਰਕੀ ਵਿੱਚ 1926 ਅਤੇ ਚੀਨ ਵਿੱਚ 1949 ਵਿੱਚ ਲਾਗੂ ਹੋ ਗਿਆ। ਅੱਜ ਕਿਸੇ ਦੇਸ਼ ਦਾ ਵੀ ਜੌਰਜੀਅਨ ਕਲੰਡਰ ਬਿਨਾ ਭਾਵੇਂ ਨਹੀਂ ਸਰ ਸਕਦਾ ਪਰ ਇੱਕ ਗੱਲ ਸਪਸ਼ਟ ਹੈ ਕਿ ਇਸ ਕਲੰਡਰ ਬਾਰੇ ਸੋਹਲਵੀਂ ਸਦੀ ਤੋਂ ਪਹਿਲਾਂ ਕੋਈ ਨਾਮੋ ਨਿਸ਼ਾਨ ਨਹੀਂ ਸੀ। ਜੋ ਕਲੰਡਰ ਸੋਹਲਵੀਂ ਸਦੀ ਵਿੱਚ ਬਣਨਾ ਸ਼ੁਰੂ ਹੁੰਦਾ ਹੈ ਤੇ 18 ਵੀਂ ਸਦੀ ਵਿੱਚ ਜਾ ਕੇ ਮਾਨਤਾ ਪ੍ਰਾਪਤ ਕਰਦਾ ਹੈ, 20ਵੀਂ ਸਦੀ ਵਿੱਚ ਵੀ ਜਿਸ ਕਲੰਡਰ ਵਿੱਚ ਸੁਧਾਰ ਕਰਨ ਦੀ ਨੌਬਤ ਆਉਂਦੀ ਹੈ, ਉਹ ਕਲੰਡਰ ਹਜ਼ਾਰਾਂ ਸਾਲ ਪਹਿਲਾਂ ਦੀਆਂ ਜਦ ਗੱਲਾਂ ਕਰਦਾ ਹੈ ਤੇ ਆਪਣੀ ਕਹਾਣੀ ਨੂੰ ਇਤਹਾਸਕ ਕਹਿਣ ਦੀ ਜ਼ਿਦ ਕਰਦਾ ਹੈ ਤਾਂ ਹੋਰ ਕੋਈ ਮੰਨੀਂ ਜਾਵੇ ਮੇਰੇ ਹਿਸਾਬ ਕਿਤਾਬ ਨਾਲ ਇਤਹਾਸ ਨਹੀਂ ਹੈ।
ਸਾਲਾਂ ਦੀ ਗਿਣਤੀ ਜੌਰਜੀਅਨ ਕਲੰਡਰ ਦੇ 1000 ਵੇਂ ਸਾਲ ਤੋਂ ਜੋ ਵੀ ਪਹਿਲਾਂ ਕਰਨ ਦਾ ਯਤਨ ਕਰਦਾ ਹੈ ਉਹ ਮੇਰੀ ਸਮਝ ਤੋਂ ਤਾਂ ਬਾਹਰ ਹੈ। ਸਨ 1000 ਤੋਂ ਪਹਿਲਾਂ ਦਾ ਸਾਰਾ ਸਮਾਂ ਸਾਰੇ ਸਾਲ ਮੈਨੂੰ ਤਾਂ ਸਿਫਰ ਸਾਲ ਜ਼ੀਰੋ ਜੀਅਰ ਲਗਦਾ ਹੈ। ਪਹਿਲੀਆਂ ਦਸ ਸਦੀਆਂ ਕਿਸਨੇ, ਕਦੋਂ ਅਤੇ ਕਾਹਤੋਂ ਲਿਖ ਮਾਰੀਆਂ ਸਮਝ ਨਹੀਂ ਆਉਂਦੀ। ਜੇ ਭਲਾ ਪਹਿਲੀਆਂ ਦਸ ਸਦੀਆਂ ਅਤੇ ਉਸਤੋਂ ਪਹਿਲਾਂ ਦੀਆਂ ਸਾਰੀਆਂ ਤਿਥੀਆਂ ਮਿਤੀਆਂ ਨੂੰ ਮਿਥਹਾਸ ਆਖੀਏ ਤਾਂ ਕਿੰਨਾ ਕੁ ਨੁਕਸਾਨ ਹੈ। ਝੂਠ ਬੋਲਣ ਦਾ ਕੋਈ ਕਾਰਣ ਤਾਂ ਹੋਣਾ ਚਾਹੀਦਾ ਹੈ ਨਾਂ, ਬਿਨਾ ਵਜ੍ਹਾ ਤਾਣੀ ਉਲਝਾਅ ਦੇਣਾ ਤਾਂ ਕਿਸੇ ਦੇ ਕੰਮ ਵੀ ਨਹੀਂ ਆ ਸਕਦਾ। ਮਿਥਿਹਾਸਕ ਗੱਲ ਵੀ ਤਾਂ ਸਤਿਕਾਰਯੋਗ, ਪੂਜਣਯੋਗ ਹੋ ਸਕਦੀ ਹੈ ਤਾਂ ਫਿਰ ਕਲੰਡਰ ਦੀ ਕੈਦ ਕਿਉਂ? ਪੱਛਮੀਂ ਸੱਭਿਅਤਾ ਵਿੱਚ ਸਭ ਤੋਂ ਪਹਿਲਾ ਕਲੰਡਰ ਬਨਾਉਣ ਦਾ ਅਧੂਰਾ ਯਤਨ ਜਰਮਨ ਦੇ ਜੌਹਨ ਗੁਟਨਬਰਗ ਨੇ 1469 ਵਿੱਚ ਕੀਤਾ। ਚੀਨੀ ਕਲੰਡਰ, ਭਾਰਤੀ ਕਲੰਡਰ ਅਤੇ ਇਸਲਾਮਿਕ ਕਲੰਡਰ ਭਾਵੇਂ ਬਹੁਤ ਪਹਿਲਾਂ ਤੋਂ ਚਰਚਾ ਵਿੱਚ ਸਨ ਪਰ ਕਿਸੇ ਵੀ ਕਲੰਡਰ ਦੀਆਂ ਤਰੀਕਾਂ ਸਨ 1000 ਤੋਂ ਪਹਿਲਾਂ ਦੀਆਂ ਲਿਖੀਆਂ ਨਹੀਂ ਮਿਲਦੀਆਂ। ਚੀਨੀ ਅਤੇ ਭਾਰਤੀ ਕਲੰਡਰ ਧਾਰਮਿਕ ਨਜ਼ਰੀਏ ਨਾਲ ਬਣਾਏ ਗਏ ਸਨ। ਜੀਵਨ ਸੇਧ ਵਾਸਤੇ, ਹੁਕਮ ਵਿੱਚ ਰਹਿਣ ਵਾਸਤੇ, ਇਨਸਾਨੀਅਤ ਸਿੱਖਣ ਵਾਸਤੇ, ਰੱਬ ਦੀ ਰਜ਼ਾ ਵਿੱਚ ਰਹਿਣਾਂ ਸਿਖਾਉਣ ਵਾਲੇ ਸਿਧਾਂਤ ਸਨ। ਰੱਬ ਦੀ ਰਜ਼ਾ ਵਿੱਚ ਰਹਿਣ ਲਈ ਕਿਸੇ ਖਾਸ ਤਰੀਕ ਦੀ ਲੋੜ ਹੀ ਨਹੀਂ ਸੀ। ਤੀਸਰਾ ਮੁਢਲਾ ਕਲੰਡਰ ਇਸਲਾਮਿਕ ਹੈ ਜੋ ਕਿ ਰੱਬੀ ਹੁਕਮ ਮੰਨਣ ਦਾ ਹਦਾਇਤਨਾਵਾਂ ਹੈ। ਕ੍ਰਿਸ਼ਚੀਅਨ ਕਲੰਡਰ ਵੀ ਤਾਂ ਧਾਰਮਿਕ ਨਜ਼ਰੀਏ ਨਾਲ ਹੀ ਹੋਂਦ ਵਿੱਚ ਆਇਆ ਪਰ ਇਤਹਾਸਿਕ ਤਰੀਕਾਂ ਲਿਖ ਕੇ ਲੋਕਾਂ ਨੂੰ ਉਲਝਾ ਦਿੱਤਾ। ਭਗਵਾਨ ਕ੍ਰਿਸ਼ਨ ਦਾ ਕਿਰਦਾਰ ਭਾਵੇਂ ਕਿੰਨਾ ਵੀ ਪੂਜਨੀਕ ਹੈ ਸੀ ਪਰ ਜਦੋਂ ਸਿਕੰਦਰ ਦੇ ਨਾਮ ਨਾਲ 326 ਬੀਸੀ ਲਾ ਕੇ ਭਗਵਾਨ ਕ੍ਰਿਸ਼ਨ ਦੀ ਕਰਮ ਭੂਮੀਂ, ਧਰਮ ਭੂਮੀਂ ਨੂੰ ਸਰ ਕਰਨ ਲਈ ਸਿਕੰਦਰ ਜਾਂਦਾ ਤਰੀਕਾਂ ਅਨੁਸਾਰ ਦਿਸਦਾ ਹੈ ਤਾਂ ਕਹਾਣੀ ਇਤਹਾਸਕ ਲਗਦੀ ਹੈ। ਭਾਰਤੀ ਗ੍ਰੰਥਾਂ ਉੱਪਨਿਸ਼ਦਾਂ, ਅੰਜ਼ੀਲਾਂ ਦੇ ਦਰਸ਼ਣ ਕਰਕੇ, ਸਮਝਦਾਰੀ ਨਾਲ ਪਾਤਰ ਚਿਤਰਣ ਬਦਲਕੇ, ਨਵੇਂ ਨਾਮਕਰਣ ਕਰਕੇ, ਸਨ ਸੰਮਤ ਦੇ ਫਰੇਮ ਵਿੱਚ ਜੜ ਕੇ ਐਸਾ ਪੇਛ ਕੀਤਾ ਕਿ ਹੁਣ ਤਾਂ ਇਹ ਵੀ ਪਤਾ ਕਰਨਾਂ ਔਖਾ ਹੋ ਗਿਆ ਕਿ ਸੱਚ ਕੀ ਹੈ ਤੇ ਮਨਘੜਤ ਕੀ ਹੈ। ਜੇ ਇਹ ਗੱਲ ਕਰਨੀ ਗੁਨਾਹ ਹੈ ਤਾਂ ਮੈਨੂੰ ਕੋਈ ਐਸੀ ਸਜ਼ਾ ਦਿਓ ਕਿ ਲੋਕੀ ਤ੍ਰਭਕ ਕੇ ਜਾਗ ਪੈਣ।
****