ਵਿਸ਼ਵ ਪ੍ਰਸਿੱਧ ਗਾਇਕਾਂ ਲਈ ਗੀਤ ਲਿਖਣ ਵਾਲੇ ਗੀਤਕਾਰਾਂ ਦੇ ਵਿਹੜੇ ਵੀ ਪੱਕੇ ਨਾ ਹੋਏ.......... ਲੇਖ / ਬੇਅੰਤ ਗਿੱਲ ਮੋਗਾ


ਜੇਕਰ ਅਸੀਂ ਪੁਰਾਣੇ ਸਮੇਂ ਤੇ ਝਾਤ ਮਾਰੀਏ ਤਾਂ ਅਨੇਕਾਂ ਐਸੇ ਲੇਖਕ, ਸ਼ਾਇਰ, ਗੀਤਕਾਰਾਂ ਦੇ ਨਾਮ ਸਾਹਮਣੇ ਆ ਜਾਂਦੇ ਹਨ, ਜਿੰਨ੍ਹਾ ਨੇ ਆਪਣੀਆਂ ਲਿਖਤਾਂ ਰਾਹੀ ਭਾਰਤ ਦਾ, ਪੰਜਾਬ ਦਾ, ਆਪਣੇ ਸ਼ਹਿਰ ਜਾਂ ਪਿੰਡ ਦਾ ਤੇ ਆਪਣੇ ਆਪ ਦਾ ਨਾਮ ਚਮਕਾਇਆ। ਉਹਨਾਂ ਨੇ ਉਸ ਸਮੇਂ ਆਪਣੀ ਕਲਾ ਦਾ ਮੁੱਲ ਸ਼ੌਹਰਤ ਦੇ ਰੂਪ ਵਿੱਚ ਹਾਸਿਲ ਕੀਤਾ ਜੋ ੳੇਹਨਾਂ ਦੇ ਨਾਮ ਨੂੰ ਲੋਕ ਮਨਾਂ ਵਿੱਚ ਵਸਾ ਗਈ ।

ਪਰ ਜਦੋਂ ਅਸੀਂ ਅੱਜ ਦੇ ਲੇਖਕ, ਗੀਤਕਾਰਾਂ ਜਾਂ ਸ਼ਾਇਰਾਂ ਵੱਲ ਨਿਗ੍ਹਾ ਮਾਰਦੇ ਹਾਂ ਤਾਂ ਕੁਝ ਹੋਰ ਹੀ ਦੇਖਣ ਨੂੰ ਮਿਲਦਾ ਹੈ । ਅੱਜਕੱਲ ਕਿਸੇ ਨਵੇਂ ਗੀਤਕਾਰ ਕੋਲੋਂ ਉਸਦੀ ਕਲਾ ਬਾਰੇ ਪੁਛੀਏ ਤਾਂ ਉਹ ਬੜਾ ਹੀ ਮਾਯੂਸ ਜਿਹਾ ਹੋ ਕੇ ਕਹਿੰਦਾ ਹੈ ਬੜਾ ਹੀ ਔਖਾ ਹੈ ਭਰਾਵਾ, ਕਿਉਂਕਿ ਨਾ ਤਾਂ ਉਹਨਾਂ ਨੂੰ ਏਸ ਕਲਾਂ ਰਾਹੀਂ ਜਲਦੀ ਸ਼ੌਹਰਤ ਮਿਲਦੀ ਹੈ ਤੇ ਨਾਂ ਹੀ ਪੈਸਾ । ਗੱਲ ਤਾਂ ਇਹ ਵੀ ਝੂਠ ਨਹੀਂ ਕਿ ਇਕੱਲੀ ਕਲਾ ਦੇ ਸਿਰ ਤੇ ਜੀਵਨ ਗੁਜਾਰਿਆ ਜਾ ਸਕੇ, ਜੀਵਨ ਜਿਊਣ ਲਈ ਪੈਸੇ ਦਾ ਹੋਣਾ ਵੀ ਬੇ-ਹੱਦ ਜਰੂਰੀ ਹੈ । ਪਰ ਜੇਕਰ ਅਸੀਂ ਇਹ ਸੋਚਦੇ ਹਾਂ ਕਿ ਕਲਾ ਦੇ ਜਰੀਏ ਸ਼ੌਹਰਤ ਹਾਸਿਲ ਕੀਤੀ ਜਾਂ ਸਕਦੀ ਹੈ ਤਾਂ ਇਹ ਵੀ ਗਲਤ ਹੈ । ਕਿਉਂਕਿ ਤੁਹਾਡੀ ਕਲਾ ਨੂੰ ਪਰਖਣ ਵਾਲੇ ਲੋਕ ਪੈਸੇ ਨਾਲ ਅੱਗੇ ਆਉਂਦੇ ਹਨ ਨਾ ਕਿ ਮਿਹਨਤ ਕਰਕੇ ।
ਕਲਾ ਦੀ ਪਹਿਚਾਣ ਕਰਨ ਵਾਲਾ ਅਸਲ ਇਨਸਾਨ ਮਿਹਨਤ ਕਰਕੇ ਹੀ ਅੱਗੇ ਆਉਂਦਾ ਹੈ । ਪੁਰਾਣੇ ਸਮੇਂ ਵਿੱਚ ਤਾਂ ਲੇਖਕਾਂ ਦਾ ਸਤਿਕਾਰ ਕੀਤਾ ਜਾਂਦਾ ਸੀ ਤੇ ਲੋਕਾਂ ਅੰਦਰ ਉਹਨਾਂ ਨੂੰ ਮਿਲਣ ਦੀ ਖਿੱਚ ਹੁੰਦੀ ਸੀ । ਪਰ ਅੱਜ ਕੱਲ ਗੀਤਕਾਰ, ਸ਼ਾਇਰ, ਲੇਖਕ ਇਕ ਭੀੜ ਦਾ ਹਿੱਸਾ ਬਣਕੇ ਰਹਿ ਗਏ ਹਨ ਜਿੰਨਾਂ ਨੂੰ ਪਛਾਣਨਾ ਔਖਾ ਹੋ ਗਿਆ ਹੈ ਕਿਉਂਕਿ ਗਾਇਕ ਤਾਂ ਸਾਰਾ ਦਿਨ ਟੀ.ਵੀ. ਤੇ ਰਹਿੰਦਾ ਹੈ ਤੇ ਵਿਚਾਰੇ ਗੀਤਕਾਰ ਦਾ ਨਾਮ ਵੀ ਮਸਾਂ ਹੀ ਦੇਖਣ ਨੂੰ ਮਿਲਦਾ ਹੈ ।


ਜਿਸ ਤਰਾਂ ਪੰਜਾਬ ਵਿੱਚ ਗਾਇਕ ਵਧ ਰਹੇ ਹਨ, ਉਸੇ ਤਰਾਂ ਗੀਤਕਾਰ ਵੀ ਪਰ ਉਹਨਾਂ ਗੀਤਕਾਰਾਂ ਨੂੰ ਕਿਸੇ ਗਾਇਕ ਤੱਕ ਪਹੁੰਚਣ ਲਈ ਪਤਾ ਨਹੀਂ ਕਿੰਨੇ ਧੱਕੇ ਖਾਣੇ ਪੈਂਦੇ ਹਨ । ਕੁਝ ਗੀਤਕਾਰਾਂ ਦੇ ਗੀਤ ਤਾਂ ਕਾਪੀਆਂ ਵਿੱਚ ਪਏ ਹੀ ਰਹਿ ਜਾਂਦੇ ਹਨ । ਖੁਦ ਵਿਚਾਰੇ ਦੁਨੀਆਂ ਤੋਂ ਕੂਚ ਕਰ ਜਾਂਦੇ ਹਨ ਤੇ ਉਹਨਾਂ ਦਾ ਉਹ ਅਨਮੋਲ ਖਜਾਨਾ ਵਰਕਿਆਂ ਵਿੱਚ ਹੀ ਦਬਿਆ ਰਹਿ ਜਾਂਦਾ ਹੈ । ਬਾਹਰੋਂ ਆ ਕੇ ਕੈਸਿਟਾਂ ਕੱਢਣ ਵਾਲੇ ਅਮੀਰ ਕਲਾਕਾਰ ਗਰੀਬ ਗੀਤਕਾਰਾਂ ਦਾ ਸ਼ਰੇਆਮ ਸ਼ੋਸ਼ਣ ਕਰਦੇ ਹਨ । ਗੀਤਕਾਰ ਦਾ ਇੱਕ ਗੀਤ ਗਾਉਣ ਦੇ ਬਦਲੇ ਉਸਦੇ ਦੋ ਗੀਤ ਆਪਣੇ ਨਾਂ ਹੇਠ ਗਾ ਦਿੰਦੇ ਹਨ ਤੇ ਗੀਤਕਾਰ ਦੀ ਕੀਤੀ ਮਿਹਨਤ ੳੱਪਰ ਕਿਸੇ ਹੋਰ ਦੇ ਨਾਂ ਦਾ ਸਟਾਰ ਲੱਗ ਜਾਂਦਾ ਹੈ । ਗਾਇਕ ਇੱਕੋ ਰਾਤ ਵਿੱਚ ਲੋਕਾਂ ਸਾਹਮਣੇ ਆਕੇ ਹਿੱਟ ਹੋ ਜਾਂਦਾ ਹੈ ਤੇ ਗੀਤਕਾਰ ਦਾ ਨਾਮ ਬੜੀ ਮੁਸ਼ਕਿਲ ਨਾਲ ਸੁਣਨ ਨੂੰ ਮਿਲਦਾ ਹੈ । 

ਪੰਜਾਬ ਵਿੱਚ ਅਨੇਕਾਂ ਅਜਿਹੇ ਗਾਇਕ ਹਨ, ਜਿੰਨਾਂ ਨੇ ਬੇਹੱਦ ਗਰੀਬ ਗੀਤਕਾਰਾਂ ਦੇ ਗੀਤ ਗਾਏ ਤੇ ਮਸ਼ਹੂਰ ਹੋਏ ਪਰ ਉਹਨਾਂ ਗੀਤਕਾਰਾਂ ਦੇ ਘਰ ਵਿਚਲੇ ਵਿਹੜੇ ਵੀ ਪੱਕੇ ਨਾ ਹੋ ਸਕੇ, ਕਿਉਂਕਿ  ਉਹਨਾਂ ਦੇ ਨਾਮ ਨੂੰ ਆਪਣੇ ਮੂੰਹੋਂ ਬੋਲਣਾ ਹੀ ਬਹੁਤ ਵੱਡੀ ਕੀਮਤ ਸਮਝਦੇ ਹਨ ਇਹ ਗਾਇਕ । ਜੇਕਰ ਅਜਿਹੇ ਗਾਇਕ ਤੇ ਗੀਤਕਾਰਾਂ ਦੇ ਨਾਮ ਲਿਖਣੇ ਸ਼ੁਰੂ ਕਰ ਦਈਏ ਤਾਂ ਗਿਣਤੀ ਮੁੱਕਣ ਵਿੱਚ ਨਹੀਂ ਆਉਣੀ । ਗੀਤਕਾਰ ਨੂੰ ਗਾਇਕ ਦੀਆਂ ਮਿੰਨਤਾਂ ਏਸੇ ਕਰਕੇ ਕਰਨੀਆਂ ਪੈਂਦੀਆਂ ਹਨ ਕਿਉਂਕਿ ਉਸਦੇ ਮੂੰਹੋਂ ਨਿਕਲੀ ਆਵਾਜ ਨੇ ਪੂਰੀ ਦੁਨੀਆਂ ਵਿੱਚ ਗੂੰਜਣਾ ਹੁੰਦਾ ਹੈ । ਏਸੇ ਕਰਕੇ ਗੀਤਕਾਰਾਂ ਨੂੰ ਆਪਣੀ ਆਪਣੇ ਗੀਤ ਚੁੱਕ ਕੇ ਦਰ ਦਰ ਭਟਕਣਾ ਪੈਦਾਂ ਹੈ । ਪ੍ਰਸਿੱਧ ਲੋਕ ਕਵੀ ਨੰਦ ਲਾਲ ਨੂਰਪੁਰੀ ਜੀ ਜਿਨਾਂ ਦੇ ਗੀਤ ਬਹੁਤ ਜਿਆਦਾ ਮਸ਼ਹੂਰ ਹੋਏ, ਆਪਣੇ ਆਖਰੀ ਸਮੇਂ ਵਿੱਚ ਅਤਿਅੰਤ ਦੁਖੀ ਸਨ ਕਿਉਂਕਿ ਉਹਨਾਂ ਦੀ ਕਲਾ ਦਾ ਮੁੱਲ ਨਹੀਂ ਪਿਆ ਤੇ ਏਸੇ ਦੁੱਖ ਤੋਂ ਉਹਨਾਂ ਨੇ ਖੂਹ ਵਿੱਚ ਛਾਲ ਮਾਰਕੇ ਆਪਣੀ ਜਿੰਦਗੀ ਖਤਮ ਕਰ ਲਈ । ਜੇਕਰ ੲਨੇ ਮਸ਼ਹੂਰ ਗੀਤਕਾਰਾਂ ਦੀ ਕਲਮ ਦਾ ਮੁੱਲ ਨਹੀਂ ਪਿਆ ਤਾਂ ਅੱਜਕੱਲ ਦੇ ਗੀਤਕਾਰ ਕੀ ਸੋਚ ਸਕਦੇ ਹਨ, ਆਪਣੇ ਭਵਿੱਖ ਬਾਰੇ ਤੇ ਆਪਣੀ ਕਲਾ ਬਾਰੇ ।

ਜੇਕਰ ਸਰੋਤਿਆਂ ਦੀ ਵੀ ਗੱਲ ਕਰੀਏ ਤਾਂ ਅਜੀਬ ਜਿਹੀ ਗੱਲ ਸਾਹਮਣੇ ਆਉਂਦੀ ਹੈ । ਪਤਾ ਨਹੀਂ ਕਿਉਂ ਲੋਕ ਗਾਇਕ ਦੀ ਸਿਫਤ ਕਰਨ ਲੱਗ ਪੈਦੇਂ ਹਨ ਕਿ ਉਹ ਗਾਇਕ ਬਹੁਤ ਵਧੀਆਂ ਹੈ, ਉਸਦੀ ਕੈਸਿਟ ਬਹੁਤ ਮਸ਼ਹੂਰ ਹੋ ਗਈ । ਪਰ ਉਹ ਕਦੇ ਵੀ ਇਹ ਗੱਲ ਕਿਉਂ ਨਹੀਂ ਸੋਚਦੇ ਕਿ ਕੈਸਿਟ ਵਿੱਚ ਗਾਏ ਗਏ ਗੀਤਾਂ ਨੂੰ ਪਤਾ ਨਹੀਂ ਕਿਹੜੇ ਹਾਲਾਤਾਂ ਵਿੱਚ ਦਿਨ ਜਾਂ ਰਾਤ ਨੂੰ ਉੱਠਕੇ ਕਿੰਨੇ ਕੁ ਕਸ਼ਟ ਝੱਲਕੇ ਲਿਖਿਆ ਹੋਵੇਗਾ । ਉਹ ਕਿਉਂ ਨਹੀਂ ਸੋਚਦੇ ਕਿ ਇਸ ਗੀਤ ਵਿੱਚ ਲਿਖਿਆ ਦਰਦ ਕਿਸੇ ਦੇ ਦਿਲ ਦਾ ਦੁੱਖ ਹੈ, ਕਿਸੇ ਦੀ ਮਾਂ ਜਾਂ ਭੈਣ ਦਾ ਦੁੱਖ ਹੈ ਜਾਂ ਕਿਸੇ ਦੀ ਦੋ ਵੇਲੇ ਦੀ ਰੋਟੀ ਦਾ ਦੁੱਖ ਹੈ । ਕਿਉਂ ਲੋਕ ਸਿਰਫ ਗਾਉਣ ਵਾਲੇ ਦੀ ਤਾਰੀਫ ਕਰਦੇ ਹਨ ਕਿਉਂ ਕੋਈ ਨਹੀਂ ਪੁੱਛਦਾ ਕਿ ਇਹ ਗੀਤਕਾਰ ਕੌਣ ਹੈ, ਕਿਉਂ ਨੀ ਕੋਈ ਕਹਿੰਦਾ ਕਿ ਲਿਖਣ ਵਾਲੇ ਨੇ ਕਮਾਲ ਕਰ ਦਿੱਤੀ । ਅੱਖਾਂ ਵਿੱਚ ਹੰਝੂ ਭਰਕੇ ਲਿਖੇ ਗਏ ਸ਼ਬਦ ਸਾਰੀ ਦੁਨੀਆਂ ਵਿੱਚ ਗੂੰਜਦੇ ਹਨ ਤੇ ਉਹ ਸ਼ਬਦ ਲਿਖਣ ਵਾਲੇ ਦੇ ਹਿੱਸੇ ਨਾ ਤਾਂ ਚੰਗੀ ਸ਼ੌਹਰਤ ਆਉਂਦੀ ਹੈ ਤੇ ਨਾ ਹੀ ਪੈਸਾ । ਲੋਕਾਂ ਵਿੱਚ ਤੁਰਿਆ ਜਾਂਦਾ ਉਹ ਕਿਸੇ ਦੇ ਲਈ ਖਾਸ ਨਹੀਂ  ਹੁੰਦਾ ਪਰ ਜੇਕਰ ਕੋਈ ਗਾਇਕ ਭੁੱਲ ਭੁਲੇਖੇ ਆਪਣੀ ਗੱਡੀ ਲੋਕਾਂ ਵਿੱਚ ਰੋਕ ਲਵੇ ਤਾਂ ਉਸਦੇੁੇ ਦੁਆਲੇ ਭੀੜ ਜਮ੍ਹਾਂ ਹੋ ਜਾਂਦੀ ਹੈ । ਗੀਤ ਗਾਉਣ ਵਾਲਾ ਲੋਕਾਂ ਸਾਹਮਣੇ ਸਿਰਫ ਆਪਣੀ ਆਵਾਜ ਪੇਸ਼ ਕਰਦਾ ਹੈ ਪਰ ਗੀਤ ਲਿਖਣ ਵਾਲਾ ਆਪਣੀ ਜਿੰਦਗੀ ਦੀ ਪੂਰੀ ਕਹਾਣੀ ਪੇਸ਼ ਕਰ ਦਿੰਦਾ ਹੈ, ਕਦੇ ਪੁੱਤ ਦੇ ਰੂਪ ਵਿੱਚ ਤੇ ਕਦੇ ਬਾਪ ਦੇ ਰੂਪ ਵਿੱਚ । ਗਾਇਕਾਂ ਨੂੰ ਇਹ ਗੱਲ ਪੂਰੀ ਤਰਾਂ ਸਮਝ ਲੈਣੀ ਚਾਹੀਦੀ ਹੈ ਕਿ ਗੀਤਕਾਰਾਂ ਦੇ ਬਿਨਾਂ ਉਹਨਾਂ ਦੀ ਕਲਾ ਦਾ ਵੀ ਮੁੱਲ ਨੀ ਪੈਣਾ ।  ਇਸ ਲਈ ਉਹਨਾਂ ਦਾ ਸ਼ੋਸ਼ਣ ਨਾ ਕਰੋ ਬਲਕਿ ਉਹਨਾਂ ਨੂੰ ਵੀ ਉਹਨਾਂ ਦੀ ਬਣਦੀ ਦੌਲਤ, ਸ਼ੌਹਰਤ ਮਿਲਣੀ ਚਾਹੀਦੀ ਹੈ ਤਾਂ ਕਿ ਰਾਤਾਂ ਨੂੰ ਉੱਠ-ਉੱਠ ਕੇ ਲਿਖੇ ਗੀਤ ਤੁਹਾਡੇ ਮੁੰਹੋਂ ਨਿਕਲਣ ਲੱਗਿਆਂ ਝਿਜਕ ਨਾ ਮੰਨਣ ਤੇ ਗੀਤਕਾਰ ਵੀ ਆਪਣੀ ਕਲਾ ‘ਤੇ ਮਾਣ ਕਰਨ । ਕਲਾ ਦਾ ਮੁੱਲ ਪੈਸੈ ਦੇ ਰੂਪ ਵਿੱਚ ਤਾਂ ਨਹੀਂ ਪਾਇਆ ਜਾ ਸਕਦਾ ਪਰ ਕਿਸੇ ਦੀ ਕਲਾ ਨੂੰ ਕਿਸੇ ਹੋਰ ਦੇ ਨਾਮ ਕਰ  ਦੇਣਾ ਵੀ ਇਨਸਾਫ ਨਹੀਂ ।

**** 

ਮੋਬਾਇਲ : +91 94649-56457