ਗੁਰਦਾਸ ਮਾਨ ਨੂੰ ਮਿਲੀ ਡਾਕਟਰੇਟ ਦੀ ਉਪਾਧੀ ਨਾਲ ਗੁਰਦਾਸ ਮਾਨ ਤੇ ਪੰਜਾਬੀਆਂ ਦਾ ਸਿਰ ਝੁਕਿਆ ......... ਲੇਖ / ਮਿੰਟੂ ਬਰਾੜ


ਉਮੀਦ ਹੈ ਕਿ ਅੱਜ ਦੀ ਇਸ ਖ਼ਬਰ ਨਾਲ ਗੁਰਦਾਸ ਮਾਨ ਅਤੇ ਪੰਜਾਬੀਆਂ ਦਾ ਸਿਰ ਹੋਰ ਝੁਕੇਗਾ। ਹੁਣ ਤੁਸੀਂ ਕਹੋਗੇ ਕਿ ਭਲਾ ਸਨਮਾਨ ਮਿਲਣ ਨਾਲ਼ ਕਦੇ ਸਿਰ ਝੁਕਦੇ ਹੁੰਦੇ ਨੇ ? ਸਨਮਾਨ ਨਾਲ਼ ਤਾਂ ਸਿਰ ਫ਼ਖ਼ਰ ਨਾਲ ਉਠਦੇ ਹੁੰਦੇ ਹਨ। ਦੋਸਤੋ ! ਤੁਸੀਂ ਵੀ ਸੱਚੇ ਹੋ ਪਰ ਗੁਰਦਾਸ ਮਾਨ ਨੂੰ ਨੇੜੇ ਤੋਂ ਜਾਣਨ ਵਾਲੇ ਜਾਣਦੇ ਹਨ ਕਿ ਉਹ ਉਸ ਰੁੱਖ ਵਰਗਾ ਇਨਸਾਨ ਹੈ ਜਿਸ ਨੂੰ ਜਿਵੇਂ ਜਿਵੇਂ ਫਲ ਪਈ ਜਾਂਦਾ, ਉਹ ਉਵੇਂ-ਉਵੇਂ ਹੋਰ ਝੁਕੀ ਜਾਂਦਾ ਹੈ। ਰਹੀ ਗਲ ਪੰਜਾਬੀਆਂ ਦੇ ਸਿਰ ਨੀਵੇਂ ਹੋਣ ਦੀ ਤਾਂ ਇਸ ਵਿੱਚ ਦੋ-ਰਾਏ ਹੋਣੀ ਹੀ ਨਹੀਂ ਚਾਹੀਦੀ ਕਿ ਗੁਰਦਾਸ ਮਾਨ ਨੇ ਮਾਣ ਵਧਾਇਆ ਪੰਜਾਬੀਅਤ ਦਾ ਤੇ ਉਸ ਦਾ ਮਾਣ ਕਰ ਰਹੀ ਹੈ ਇਕ ਵਿਦੇਸ਼ੀ ਯੂਨੀਵਰਸਿਟੀ!


''ਚਿਰਾਂ ਤੋਂ'' ਉਡੀਕੀ ਜਾ ਰਹੀ ਇਹ ਖ਼ਬਰ ਆਖਿਰ ਅੱਜ ਸਾਹਮਣੇ ਆ ਹੀ ਗਈ, ਜਦੋਂ ਇਕ ਵਿਦੇਸ਼ੀ ਯੂਨੀਵਰਸਿਟੀ ਨੇ ਗੁਰਦਾਸ ਮਾਨ ਦੀ ਹੁਣ ਤਕ ਦੀ ਘਾਲਣਾ ਦਾ ਮੁੱਲ ਪਾ ਕੇ ਉਸ ਨੂੰ ਡਾਕਟਰੇਟ ਦੀ ਉਪਾਧੀ ਨਾਲ ਸਨਮਾਨ ਦੇਣ ਦਾ ਐਲਾਨ ਕਰ ਦਿਤਾ। ਮੇਰਾ ਇਥੇ ''ਚਿਰਾਂ ਤੋਂ'' ਲਿਖਣ ਦਾ ਮਕਸਦ ਇਹ ਹੈ ਕਿ ਹਰ ਕੋਈ ਇਹੀ ਸੋਚਦਾ ਸੀ ਕਿ ਪਤਾ ਨਹੀ ਗੁਰਦਾਸ ਮਾਨ ਨੂੰ ਆਪਣੇ ਆਪ ਨੂੰ ਸਾਬਤ ਕਰਨ ਲਈ ਹਾਲੇ ਹੋਰ ਕੀ ਕਰਨਾ ਪਵੇਗਾ? ਕਿਉਂ ਨਹੀਂ ਕੋਈ ਉਸ ਦੀ ਤੀਹਾਂ ਵਰ੍ਹਿਆਂ ਦੀ ਮਿਹਨਤ ਦਾ ਮੁੱਲ ਪਾ ਰਿਹਾ? ਭਾਵੇਂ ਗੁਰਦਾਸ ਮਾਨ ਆਪਣੇ ਸਰੋਤਿਆਂ ਦੇ ਪਿਆਰ ਤੋਂ ਵੱਡੀ ਕੋਈ ਉਪਾਧੀ ਆਪਣੇ ਲਈ ਨਹੀਂ ਮੰਨਦਾ। ਭਾਵੇਂ ਅਣਗਿਣਤ ਸਰੋਤਿਆਂ ਦਾ ਪਿਆਰ ਉਸਨੂੰ ਮਿਲ ਰਿਹਾ ਹੋਵੇ, ਫਿਰ ਵੀ ਦੁਨੀਆਂਦਾਰੀ ਦੀ ਇਕ ਰੀਤ ਰਹੀ ਹੈ ਕਿ ਜੇ ਕੋਈ ਥੋੜ੍ਹਾ ਬਹੁਤ ਵੀ ਕੁਝ ਚੰਗਾ ਕਰਦਾ ਹੈ ਤਾਂ ਉਸ ਨੂੰ ਬਣਦਾ ਮਾਣ ਸਨਮਾਨ ਦਿਤਾ ਜਾਂਦਾ ਹੈ। ਪਰ ਗੁਰਦਾਸ ਮਾਨ ਦੇ ਮਾਮਲੇ ਵਿੱਚ ਪਤਾ ਨਹੀਂ ਕਿਉਂ ਅਸੀਂ ਸਾਲਾਂ ਤੋਂ ਅੱਖਾਂ ਮੀਟੀ ਬੈਠੇ ਹਾਂ।


ਹਰ ਗਲ ਦੇ ਦੋ ਪਹਿਲੂ ਹੁੰਦੇ ਹਨ । ਕੁੱਝ ਲੋਕ ਇਕ ਪਹਿਲੂ ਦਾ ਸਾਥ ਦਿੰਦੇ ਹਨ ਤੇ ਕੁੱਝ ਦੂਜੇ ਦਾ। ਪਰ ਗੁਰਦਾਸ ਮਾਨ ਦੇ ਮਾਮਲੇ ਵਿੱਚ ਜ਼ਿਆਦਾਤਰ ਲੋਕ ਹਾਂ ਪੱਖੀ ਹੀ ਹਨ, ਕਿਉਂ ਜੋ ਉਸਨੇ ਆਪਣੇ ਇਸ ਲੰਮੇ ਦੌਰ ਵਿੱਚ ਪੰਜਾਬੀ ਮਾਂ ਬੋਲੀ ਨੂੰ ਦਾਇਰਿਆਂ ਵਿੱਚੋਂ ਕੱਢ ਕੇ ਬਹੁਤ ਉੱਚੇ ਮੁਕਾਮ ਤੇ ਪਹੁੰਚਾਇਆ ਹੈ। ਇਸ ਕੰਮ ਵਿੱਚ ਉਸ ਨੇ ਕਦੇ ਸਸਤੀ ਸ਼ੋਹਰਤ ਦਾ ਸਹਾਰਾ ਨਹੀਂ ਲਿਆ। ਲੋਕਾਂ ਦਾ ਮੰਨਣਾ ਹੈ ਕਿ ਅੱਜ ਨਹੀਂ, 10ਵਰ੍ਹੇ ਪਹਿਲਾਂ ਹੀ ਉਹ ਡਾਕਟਰੇਟ ਦੀ ਤੇ ਪੰਜ ਵਰ੍ਹੇ ਪਹਿਲਾਂ ਹੀ ਉਹ ਪਦਮ ਸ਼੍ਰੀ ਜਿਹੇ ਵਿਕਾਰੀ ਐਵਾਰਡ ਦਾ ਹੱਕਦਾਰ ਸੀ। ਪਰ ਸਾਡੀਆਂ ਸਮੇਂ ਦੀਆਂ ਸਰਕਾਰਾਂ ਨੂੰ ਹੋਰ ਤਾਂ ਬਹੁਤ ਕੁਝ ਦਿਸਦਾ ਰਿਹਾ ਪਰ ਕਦੇ ਗੁਰਦਾਸ ਮਾਨ ਨਹੀਂ ਦਿਸਿਆ ਪਤਾ ਨਹੀਂ ਕਿਉਂ?

ਦੂਜਾ ਪੱਖ ਦੇਖਣ ਵਾਲੀਆ ਦੀ ਦਲੀਲ ਸੁਣ ਲਵੋ; ਉਹ ਕਹਿੰਦੇ ਆ ਵੀਰ ਉਸ ਦੇ ਕੜਾ ਲੋਟ ਆ ਗਿਆ। ਕਾਹਦੀ ਸੇਵਾ ਕਰਦਾ ਇਹ ਤਾਂ ਉਸ ਦਾ ਕਮਾਈ ਦਾ ਸਾਧਨ ਹੈ। ਨੋਟਾਂ ਚ ਖੇਡਦਾ। ਬਿਲਕੁਲ ਸੱਚ ਹੈ ਇਹਨਾਂ ਦੀਆਂ ਗੱਲਾਂ ਵੀ ਪਰ ਇਸ ਸੋਚ ਤੋਂ ਜੇ ਕੁਝ ਉੱਚਾ ਉਠ ਕੇ ਦੇਖੀਏ ਤਾਂ ਤੇ ਹੁਣ ਤਕ ਹੋਏ ਪੰਜਾਬੀ ਦੇ ਗੀਤਕਾਰਾਂ ਤੇ ਗਾਇਕਾਂ ਵੱਲ ਝਾਤ ਮਾਰ ਕੇ ਦੇਖੋ ਉਹਨਾਂ ਕੀ ਕੀਤਾ? ਸ਼ੋਹਰਤ ਤੇ ਪੈਸਾ ਤਾਂ ਬਹੁਤਿਆਂ ਨੇ ਊਲ ਜਲੂਲ ਲਿਖ-ਗਾ ਕੇ ਵੀ ਕਮਾਇਆ। ਬਹੁਤ ਥੋੜ੍ਹੇ ਅਜਿਹੇ ਮਾਈ ਦੇ ਲਾਲ ਹੋਏ ਹਨ, ਜਿਨ੍ਹਾਂ ਇਹ ਸੇਵਾ ਪੰਜ ਦਸ ਵਰ੍ਹੇ ਤੋਂ ਜ਼ਿਆਦਾ ਨਿਭਾਈ ਹੋਵੇ, ਨਹੀਂ ਤਾਂ ਚਾਰ ਕੁ ਦਿਨਾਂ ਬਾਅਦ ਭਾਲ਼ੇ ਨਹੀਂ ਥਿਆਏ। ਦੂਜੇ ਪਹਿਲੂ ਦੇ ਲੋਕਾਂ ਬਾਰੇ ਮੈਂ ਕੁਝ ਜ਼ਿਆਦਾ ਨਹੀਂ ਕਹਿਣਾ ਚਾਹੁੰਦਾ, ਉਹਨਾਂ ਲਈ ਤਾਂ ਬੱਸ ਭਗਤ ਕਬੀਰ ਜੀ ਦੀ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਵਿੱਚ ਦਰਜ ਇਕ ਸਲੋਕ ''ਐਸੇ ਲੋਗਨ ਸਿਉ ਕਿਆ ਕਹੀਐ'' ਦੇ ਕੁੱਝ ਅੰਸ਼ ਹੀ ਕਾਫ਼ੀ ਹਨ;

ਆਪਿ ਨ ਦੇਹਿ ਚੁਰੂ ਭਰਿ ਪਾਨੀ। ਤਿਹ ਨਿੰਦਹਿ ਜਿਹ ਗੰਗਾ ਆਨੀ ।੨।

ਕਿਸੇ ਲਿਖਾਰੀ ਕੋਲ ਗੁਰਦਾਸ ਮਾਨ ਬਾਰੇ ਨਵਾਂ ਲਿਖਣ ਲਈ ਹੁਣ ਕੁਝ ਖ਼ਾਸ ਨਹੀਂ ਕਿਉਂਕਿ ਉਸ ਦੇ ਪ੍ਰਸੰਸਕ ਉਸ ਬਾਰੇ ਸਭ ਕੁਝ ਜਾਣਦੇ ਹੀ ਹਨ। ਫੇਰ ਵੀ ਕੁੱਝ ਗੱਲਾਂ ਆਪ ਜੀ ਨਾਲ ਸਾਂਝੀਆ ਕਰਨੀਆਂ ਚਾਹੁੰਦਾ ਹਾਂ। ਗੱਲ ਅੱਸੀ ਦੇ ਦਹਾਕੇ ਦੀ ਹੈ, ਜਦੋਂ ਹਾਲੇ ਗੁਰਦਾਸ ਮਾਨ ਦਾ ਕੋਈ ਰਿਕਾਰਡ ਨਹੀਂ ਸੀ ਆਇਆ। ਮੈਂ ਕਾਲਾਂਵਾਲੀ ਮੰਡੀ ਦੇ ਸਕੂਲ ਚ ਅੱਠਵੀਂ ਜਮਾਤ ਵਿੱਚ ਪੜ੍ਹਦਾ ਹੁੰਦਾ ਸੀ। ਉਸ ਵਕਤ ਮਨੋਰੰਜਨ ਦੇ ਨਾਂ ਤੇ ਅਖਾੜੇ ਬੜੇ ਪ੍ਰਚਲਤ ਸਨ । ਖਾਂਦੇ-ਪੀਂਦੇ ਘਰ ਆਪਣੇ ਮੁੰਡੇ ਦੇ ਵਿਆਹ 'ਚ ਕਿਸੇ ਨਾ ਕਿਸੇ ਗਾਇਕ ਦਾ ਖੁੱਲ੍ਹਾ ਅਖਾੜਾ ਲਗਵਾਉਂਦੇ ਤੇ ਉਸ ਗਾਇਕ ਨੂੰ ਸੁਣਨ ਲਈ ਦੂਰੋਂ ਦੂਰੋਂ ਲੋਕ ਤੁਰ ਕੇ, ਸਾਈਕਲਾਂ ਤੇ ਜਾਂ ਫੇਰ ਟਰਾਲੀਆਂ ਭਰ ਭਰ ਕੇ ਅਖਾੜਾ ਸੁਣਨ ਨੂੰ ਪਹੁੰਚਦੇ। ਅਸੀਂ ਵੀ ਦੋ-ਦੋ ਮਹੀਨੇ ਪਹਿਲਾਂ ਹੀ ਸਕੂਲ ਚੋਂ ਭੱਜਣ ਦੀਆਂ ਵਿਓਂਤਾਂ ਬਣਾਉਂਦੇ ਰਹਿੰਦੇ ਸੀ। ਇਕ ਵਾਰੀ ਸਾਡੇ ਹੱਥ ਇਹ ਖ਼ਬਰ ਲੱਗੀ ਕਿ ਤੇਜ ਰਾਮ ਸੇਠ ਦਾ ਇਕ ਮੁੰਡਾ ਜੋ ਕਿ ਪੜ੍ਹ ਲਿਖ ਕੇ ਅਫ਼ਸਰ ਲਗ ਗਿਆ ਸੀ, ਦੇ ਵਿਆਹ 'ਚ ਅਖਾੜਾ ਉਹਨਾਂ ਦੀ ਰੂੰ ਵਾਲੀ ਫੈਕਟਰੀ 'ਚ ਲੱਗੇਗਾ। ਇਸ ਵਾਰ ਸਾਡੇ ਸਾਹਮਣੇ ਦੋ ਸਮੱਸਿਆਵਾਂ ਸਨ। ਇਕ ਤਾਂ ਉਹੀ ਪੁਰਾਣੀ ਸਕੂਲ 'ਚੋਂ ਭੱਜਣ ਦੀ ਤੇ ਦੂਜੀ ਨਿਵੇਕਲੀ ਸਮੱਸਿਆ ਸੇਠਾਂ ਦੀ ਫੈਕਟਰੀ ਸੀ । ਅਸੀਂ ਹੁਣ ਤਕ ਜ਼ਿਆਦਾਤਰ ਅਖਾੜੇ ਜੱਟਾਂ ਦੇ ਵਿਆਹਾਂ ਵਿੱਚ ਕੱਲਰਾਂ 'ਚ ਲੱਗੇ ਹੀ ਦੇਖੇ ਸਨ। ਸਾਡੇ ਹਲਕੇ 'ਚ ਪਹਿਲੀ ਵਾਰ ਕੋਈ ਸੇਠ ਅਖਾੜਾ ਲਗਵਾ ਰਿਹਾ ਸੀ। ਇਹਨਾਂ ਦੀ ਰੂੰ ਵਾਲੀ ਫੈਕਟਰੀ ਦੀਆਂ ਕੰਧਾ ਟੱਪਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਸੀ। ਕਿਸੇ ਜ਼ਮਾਨੇ 'ਚ ਸੇਠ ਤੇਜ ਰਾਮ ਸਾਡੇ ਬਜ਼ੁਰਗਾਂ ਕੋਲ ਮੁਨੀਮੀ ਕਰਦਾ ਹੁੰਦਾ ਸੀ ਤੇ ਅੱਜ ਕਲ ਸਾਡਾ ਆੜ੍ਹਤੀਆ ਸੀ। ਸੋ ਇਸੇ ਕਰਕੇ ਪੱਕੀ ਗੱਲ ਦਾ ਪਤਾ ਲਾਉਣ ਮੇਰੀ ਜਿੰਮੇਵਾਰੀ ਲਾਈ ਗਈ ਕਿ ਕੀਹਦਾ ਅਖਾੜਾ ਲਗ ਰਿਹਾ ਤੇ ਅੰਦਰ ਜਾਣ ਦੇਣਗੇ ਕੇ ਨਹੀਂ? ਪਰ ਮੈਂ ਇਸ ਮਾਮਲੇ ਚ ਕੁਝ ਜਿਆਦਾ ਨਾ ਕਰ ਸਕਿਆ। ਭਾਵੇਂ ਘਰੇ ਵਿਆਹ ਦਾ ਕਾਰਡ ਵੀ ਆਇਆ ਹੋਇਆ ਸੀ। ਪਰ ਉਸ ਵਕਤ ਜੁਆਕਾਂ ਚ ਅੱਜ ਜਿਹੀ ਹਿੰਮਤ ਕਿੱਥੇ ਹੁੰਦੀ ਸੀ ਕਿ ਆਪਣੇ ਬਜ਼ੁਰਗਾਂ ਦੀ ਅੱਖ 'ਚ ਅੱਖ ਪਾ ਕੇ ਗੱਲ ਕਰ ਸਕਦੇ। ਚਲੋ ਜੀ ! ਉਹ ਦਿਨ ਵੀ ਆ ਗਿਆ ਤੇ ਅਸੀਂ ਵੀ ਸਮਾਜਿਕ ਵਾਲੇ ਮਾਸਟਰ ਅਜਮੇਰ ਸਿੰਘ ਕਿੰਗਰੇ ਨੂੰ ਸਕੂਲ 'ਚੋਂ ਝਕਾਨੀ ਦੇ ਕੇ ਭੱਜ ਨਿਕਲੇ । ਸੇਠਾਂ ਦੀ ਫੈਕਟਰੀ ਤੇ ਸਾਡੇ ਸਕੂਲ ਵਿੱਚ ਦੋ ਮੀਲ ਦੀ ਦੂਰੀ ਸੀ। ਅਖਾੜਾ ਦੇਖਣ ਦਾ ਚਾਅ ਭਜਾਈ ਜਾਂਦਾ ਸੀ। ਜਦੋਂ ਅਸੀਂ ਮਸਾਂ ਪੰਜ ਕੁ ਸੌ ਗਜ਼ ਦੂਰ ਹੋਵਾਂਗੇ ਤਾਂ ਚਾਰ-ਪੰਜ ਜਣੇ ਮੁੜੇ ਆਉਣ ਤੇ ਸਾਨੂੰ ਕਹਿੰਦੇ; ''ਓਏ ਕਿਉਂ ਸਾਹੋ-ਸਾਹੀ ਹੋਈ ਜਾਂਦੇ ਹੋ, ਇਥੇ ਕੋਈ 'ਖਾੜਾ'ਖ਼ੂੜਾ ਨਹੀਂ ਲੱਗਿਆ, ਇਥੇ ਤਾਂ ਖੁੱਲ੍ਹੀ ਪੈਂਟ ਵਾਲਾ ਕਰਾੜ ਜਿਆ ਡਫਲੀ ਫੜ ਕੇ ਨੱਚੀ ਜਾਂਦਾ।'' ਉਹਨਾਂ ਦੀਆਂ ਇਹ ਗੱਲਾਂ ਸੁਣ ਕੇ ਸਾਡੀ ਵੀ ਫੂਕ ਜਿਹੀ ਨਿਕਲ ਗਈ। ਕਿਉਂਕਿ ਉਸ ਜ਼ਮਾਨੇ ਚ ਜੇਕਰ ਕੋਈ ਜ਼ਨਾਨੀ ਗਾਇਕਾ ਨਹੀਂ ਤਾਂ ਉਹ ਕਾਹਦਾ ਅਖਾੜਾ!

ਭਰੇ ਜਿਹੇ ਮਨ ਨਾਲ ਅਸੀਂ ਉਣੇ ਪੈਰੀਂ ਪੁੱਠੇ ਮੁੜ ਪਏ। ਪਰ ਆਥਣੇ ਜਦੋਂ ਮੈਂ ਘਰ ਗਿਆ ਤਾਂ ਮੇਰੇ ਤਾਏ ਦਾ ਪੁੱਤ ਨਾਇਬ ਸਿਓਂ ਜਿਹੜਾ ਕਿ ਸਾਡੇ ਬਜ਼ੁਰਗਾਂ ਨਾਲ ਉਹ ਸਾਰਾ ਅਖਾੜਾ ਦੇਖ ਕੇ ਆਇਆ ਸੀ। ਮੈਨੂੰ ਨਾਲੇ ਤਾਂ ਟੀਸ-ਟੀਸ ਕਰੀ ਜਾਵੇ, ਨਾਲੇ ਕਹੇ ਤੂੰ ਤਾਂ ਕਦੇ ਸੁਪਨੇ ਚ ਵੀ ਇਹੋ ਜਿਹਾ 'ਖਾੜਾ ਨਹੀਂ ਦੇਖਿਆ ਹੋਣਾ। ਬਚਪਣਾ ਹੋਣ ਕਾਰਨ ਮੇਰੇ ਦਿਲ ਨੂੰ ਪਤਾ ਕਿ ਮੈਂ ਉਸ ਰਾਤ ਕਿੰਨਾ ਔਖਾ ਸੀ। ਉਸ ਰਾਤ ਨੂੰ ਸਾਡੇ ਬਾਬਾ ਜੀ ਦੀਆਂ ਕਹਾਣੀਆਂ ਚ ਵੀ ਉਸੇ ਕਲਾਕਾਰ ਦੀ ਗੱਲਾਂ ਜਿਆਦਾ ਸਨ। ਬਾਰ ਬਾਰ ਬਾਬਾ ਜੀ ਉਸ ਦੇ ਇਕ ਗੀਤ ਦੀਆਂ ਦੋ ਲਾਈਨਾਂ ਦੁਹਰਾ ਰਹੇ ਸਨ ਤੇ ਕਹਿ ਰਹੇ ਸਨ ''ਯਾਰ ! ਆਹ ਪੜ੍ਹਾਕੂ ਜਿਹੇ ਮੁੰਡੇ ਦੀ ਸੋਚ ਬੜੀ ਉੱਚੀ ਆ; ਗਾਉਂਦਾ-ਗਾਉਂਦਾ ਸਾਡੇ ਵੱਲ ਇਸ਼ਾਰਾ ਕਰਕੇ ਕਹਿ ਗਿਆ ਕਿ ''ਮਾਹੀ ਵਾਸਤੇ ਜੋੜ ਲੈ ਦਾਜ ਆਪਣਾ ਖ਼ਾਲੀ ਹੱਥ ਨਿਕੰਮੀਏ ਜਾਏਂਗੀ ਤੂੰ'' ਬਾਬਾ ਜੀ ਕਹਿਣ ''ਯਾਰ ! ਅੱਜ ਸੱਚੀਂ ਅਹਿਸਾਸ ਹੋ ਰਿਹਾ ਕਿ ਅਸੀਂ ਐਵੇਂ ਉਮਰ ਨੰਬਰਦਾਰੀਆਂ ਚ ਲੰਘਾ ਲਈ, ਅਗਾਂਹ ਜਾ ਕੇ ਰੱਬ ਨੂੰ ਕਿਹੜਾ ਮੂੰਹ ਦਿਖਾਵਾਂਗੇ'' ਉਸ ਵਕਤ ਸਾਡੀ ਜੁਆਕਾਂ ਵਾਲੀ ਸੋਚ ਤੋਂ ਇਹ ਗੱਲਾਂ ਪਰਾਂ ਦੀਆਂ ਸਨ। ਪਰ ਬਾਬਾ ਜੀ ਜਿਹੜੇ ਕਿ ਜ਼ਿਆਦਾਤਰ ਸਿਆਸਤ ਤੇ ਚੌਧਰਾਂ ਦੀਆਂ ਗੱਲਾਂ ਕਰਦੇ ਹੁੰਦੇ ਸਨ, ਅੱਜ ਇਹੋ ਜਿਹੀਆਂ ਗੱਲਾਂ ਉਹਨਾਂ ਦੇ ਮੂੰਹੋਂ ਸਾਨੂੰ ਚੰਗੀਆਂ ਲੱਗ ਰਹੀਆਂ ਸਨ। ਮੈਂ ਬਾਬਾ ਜੀ ਨੂੰ ਬਾਪੂ ਜੀ ਕਹਿ ਕੇ ਬੁਲਾਉਂਦਾ ਹੁੰਦਾ ਸੀ। ਸਾਡੇ ਭਾ ਦੀ ਉਸ ਵਕਤ ਜੋ ਵੀ ਅਖਾੜੇ ਲਾਉਣ ਆਉਂਦਾ ਹੁੰਦਾ ਸੀ, ਉਹ ਲੁਧਿਆਣੇ ਦਾ ਹੁੰਦਾ ਸੀ। ਸੋ ਮੈਂ ਬਾਪੂ ਜੀ ਨੂੰ ਪੁੱਛ ਲਿਆ ਬਾਪੂ ਜੀ ਲੁਧਿਆਣੇ ਤਾਂ ਇਹ ਰੋਜ਼ ਹੀ 'ਖਾੜੇ ਲਾਉਂਦੇ ਹੋਣਗੇ? ਹੁਣ ਜਦੋਂ ਤੁਸੀ ਜ਼ਮੀਨ ਵਾਲੀ ਤਰੀਕ ਤੇ ਗਏ ਤਾਂ ਮੈਨੂੰ ਵੀ ਨਾਲ ਲੈ ਜਾਇਓ। ਮੂਹਰੋਂ ਬਾਪੂ ਜੀ ਕਹਿੰਦੇ ਨਹੀਂ ਯਾਰ ਮੈਂ ਖ਼ੁਸ਼ੀ ਰਾਮ ਤੋਂ ਪੁੱਛਿਆ ਸੀ ਉਹ ਕਹਿੰਦਾ ਸੀ ਇਹ ਮੁੰਡਾ ਤਾਂ ਨਸਵਾਰਾਂ ਵਾਲੇ ਗਿਦੜਬੇਹੇ ਦਾ ਹੈ ।

ਇਸ ਲੇਖ 'ਚ ਮੇਰਾ ਇਹ ਹੱਡ ਬੀਤੇ ਵਾਕੇ ਨੂੰ ਤੁਹਾਡੇ ਨਾਲ ਸਾਂਝਾ ਕਰਨ ਦਾ ਮਕਸਦ ਇਹ ਦਰਸਾਉਣਾ ਹੈ ਕਿ ਗੁਰਦਾਸ ਮਾਨ ਭਾਵੇਂ ਵਕਤ ਨਾਲ ਅੱਜ ਬਹੁਤ ਪਰਪੱਕ ਹੋ ਗਿਆ ਹੈ, ਪਰ ਉਹ ਆਪਣੇ ਸ਼ੁਰੂਆਤ ਦੇ ਦੌਰ ਤੋਂ ਹੀ ਬਹੁਤ ਉੱਚੀ ਸੋਚ ਦਾ ਮਾਲਕ ਸੀ। ਉਸ ਦੇ ਸ਼ੁਰੂਆਤੀ ਦੌਰ ਦਾ ਕੋਈ ਗੀਤ ਸੁਣ ਕੇ ਦੇਖ ਲਵੋ, ਉਸਦੇ ਗੀਤਾਂ 'ਚ ਕਿਸੇ ਰੱਬੀ ਸੁਨੇਹੇ ਦੀ ਝਲਕ ਆਮ ਲੋਕਾਂ ਤੱਕ ਸੌਖੀ ਭਾਸ਼ਾ 'ਚ ਪਹੁੰਚਦੀ ਨਜ਼ਰ ਆਏਗੀ।ਦੂਜੀ ਇਹ ਕਿ ਉਹ ਹਵਾ ਦੇ ਉਲਟ ਚੱਲ ਕੇ ਸਥਾਪਿਤ ਹੋਇਆ ਹੈ। ਉਸ ਵਕਤ ਦੁਗਣਿਆਂ ਦਾ ਦੌਰ ਸੀ। ਇਥੋਂ ਤਕ ਕੇ ਕਲੀਆਂ ਦੇ ਬਾਦਸ਼ਾਹ ਕਹਾਉਣ ਵਾਲੇ ਕੁਲਦੀਪ ਮਾਣਕ ਨੂੰ ਵੀ ਅਖਾੜਾ ਲਾਉਣ ਲਈ ਕਿਸੇ ਗਾਇਕਾ ਦਾ ਸਹਾਰਾ ਲੈਣਾ ਪੈਂਦਾ ਸੀ।

ਗੱਲ ਜਿਥੋਂ ਤੋਰੀ ਸੀ ਉੱਥੇ ਹੀ ਆਉਂਦੇ ਹਾਂ ਕਿ ਕੀ ਕੋਈ ਇਹ ਦੱਸ ਸਕਦਾ ਹੈ ਕਿ ਕਿਸੇ ਸਨਮਾਨ ਨੂੰ ਹਾਸਿਲ ਕਰਨ ਲਈ ਕੀ ਕੀ ਯੋਗਤਾਵਾਂ ਹੋਣੀਆਂ ਚਾਹੀਦੀਆਂ ਹਨ ? ਕਿਸੇ ਕੋਲ ਇਸ ਗਲ ਦਾ ਜਵਾਬ ਨਹੀਂ ਹੈ। ਕਿਉਂਕਿ ਇਹੋ ਜਿਹਾ ਪੈਮਾਨਾ ਸਾਡੇ ਕੋਲ ਹੈ ਹੀ ਨਹੀਂ। ਸਾਡੀ ਤਕੜੀ ਤਾਂ ਵੱਖਰੇ ਢੰਗ ਨਾਲ ਤੋਲਦੀ ਹੈ ਤੇ ਉਸ ਢੰਗ ਬਾਰੇ ਸਾਰੇ ਬਖ਼ੂਬੀ ਜਾਣਦੇ ਹੀ ਹਨ। ਇਥੇ ਕਾਗ਼ਜ਼ ਕਾਲੇ ਕਰਨ ਦੀ ਕੋਈ ਲੋੜ ਨਹੀਂ ਹੈ। ਵੱਖਰਾ ਢੰਗ ਹੋਣ ਕਰਕੇ ਤਾਂ ਕਦੇ ਸਾਡੀਆਂ ਯੂਨੀਵਰਸਿਟੀਆਂ ਨੂੰ ਇਹ ਖ਼ਿਆਲ ਹੀ ਨਹੀਂ ਆਇਆ ਕਿ ਇਕ ਗੁਰਦਾਸ ਮਾਨ ਨਾਮ ਦਾ ਇਨਸਾਨ ਵੀ ਕਾਫ਼ੀ ਲੰਮੇ ਸਮੇਂ ਤੋਂ ਆਪਣਾ ਫਰਜ਼ ਨਿਭਾ ਰਿਹਾ ਹੈ । ਫ਼ਰਕ ਬੱਸ ਇੰਨਾ ਕੁ ਹੈ ਕਿ ਇਸ ਨੇ ਆਪਣਾ ਫਰਜ਼ ਨਿਭਾ ਕੇ ਅਹਿਸਾਨ ਨਹੀਂ ਜਤਾਇਆ। ਤਾਂ ਹੀ ਸਮੇਂ ਦੀਆਂ ਸਰਕਾਰਾਂ ਤੇ ਸਾਡੇ ਉੱਚ ਅਦਾਰਿਆਂ ਦੇ ਨਜ਼ਰੀਂ ਨਹੀਂ ਪਿਆ। ਅੱਜ ਤਕ ਉਸ ਇਨਸਾਨ ਦੇ ਮੂੰਹੋਂ ਇਹੋ ਜਿਹਾ ਗਿਲਾ ਵੀ ਸੁਣਨ ਨੂੰ ਨਹੀਂ ਮਿਲਿਆ। ਜੇ ਕਦੇ ਕਿਸੇ ਨੇ ਉਸ ਨੂੰ ਇਹੋ ਜਿਹਾ ਸਵਾਲ ਕਰ ਵੀ ਦਿਤਾ ਤਾਂ ਉਸ ਦਾ ਇਕੋ ਹੀ ਜਵਾਬ ਹੁੰਦਾ ਕਿ ਕੌਣ ਕਹਿੰਦਾ ਮੈਨੂੰ ਕੁਝ ਮਿਲਿਆ ਨਹੀਂ ? ਮੇਰੇ ਤੇ ਤਾਂ ਉਸ ਸੱਚੇ ਦੀਆਂ ਰਹਿਮਤਾਂ ਦਾ ਮੀਂਹ ਵਰ੍ਹ ਰਿਹਾ । ਉਸ ਦੇ ਇਕ ਗੀਤ ਦੇ ਬੋਲ ਵੀ ਇਹੀ ਦਰਸਾ ਰਹੇ ਹਨ; ''ਭੱਜੀ ਫਿਰੇ ਦੁਨੀਆ ਤਾਂ ਭੱਜੀ ਰਹਿਣ ਦੇ, ਸਾਡੀ ਜਿਥੇ ਲੱਗੀ ਏ ਲੱਗੀ ਰਹਿਣ ਦੇ'' ਉਹ ਅੱਜ ਜਿਸ ਮੁਕਾਮ ਤੇ ਹੈ, ਉੱਥੇ ਸਨਮਾਨਾਂ ਦਾ ਕੋਈ ਮਾਇਨਾ ਨਹੀਂ ਰਹਿ ਜਾਂਦਾ। ਪਰ ਸਵਾਲ ਤਾਂ ਇਹ ਪੈਦਾ ਹੁੰਦਾ ਹੈ ਕਿ ਬੇਗਾਨੇ ਮੁਲਕ ਦੀ ਬੇਗਾਨੀ ਭਾਸ਼ਾ ਦੀ ਯੂਨੀਵਰਸਿਟੀ ਤਾਂ ਇਹ ਮੰਨਦੀ ਹੈ ਕਿ ਇਸ ਇਨਸਾਨ ਨੇ ਪੰਜਾਬੀ ਬੋਲੀ ਲਈ ਇਹੋ ਜਿਹਾ ਕੰਮ ਕੀਤਾ ਹੈ ਜਿਸ ਲਈ ਉਸ ਨੂੰ ਡਾਕਟਰੇਟ ਦੀ ਉਪਾਧੀ ਦੇਣੀ ਬਣਦੀ ਹੈ। ਪਰ ਜਿਨ੍ਹਾਂ ਦੀ ਇਹ ਭਾਸ਼ਾ ਹੈ ਉਹ ਕਹਿੰਦੇ ਆ ਐਡਾ ਕਿਹੜਾ ਇਸ ਨੇ ਪਹਾੜੋਂ ਪੱਥਰ ਲਿਆ ਦਿਤਾ?

ਇਥੇ ਇਕ ਹੋਰ ਵਿਚਾਰਨਯੋਗ ਪਹਿਲੂ ਇਹ ਹੈ ਕਿ ਦੁਨੀਆਂ ਵਿੱਚ ਸਭ ਤੋਂ ਕੀਮਤੀ ਹੈ, ਵਕਤ।ਸਿਆਣੇ ਕਹਿੰਦੇ ਹਨ ਕਿ ਜੇ ਤੁਸੀਂ ਕਿਸੇ ਨੂੰ ਆਪਣਾ ਵਕਤ ਦਿੰਦੇ ਹੋ ਤਾਂ ਤੁਸੀ ਉਸ ਨੂੰ ਆਪਣੀ ਬਹੁਮੁੱਲੀ ਜ਼ਿੰਦਗੀ ਦਾ ਇਕ ਹਿੱਸਾ ਦੇ ਰਹੇ ਹੁੰਦੇ ਹੋ, ਜੋ ਤੁਸੀਂ ਦੁਬਾਰਾ ਵਰਤ ਨਹੀਂ ਸਕਦੇ। ਸੋ ਗੁਰਦਾਸ ਮਾਨ ਦੇ ਸਨਮਾਨ ਵੱਲ ਧਿਆਨ ਨਾ ਜਾਣ ਦਾ ਇਕ ਕਾਰਨ ਇਹ ਵੀ ਹੈ ਕਿਉਂਕਿ ਸਾਡੇ ਸਿਆਸਤਦਾਨਾਂ ਕੋਲ ਤਾਂ ਆਪਣੀ ਕੁਰਸੀ ਬਚਾਉਣ ਤੋਂ ਵਿਹਲ ਨਹੀਂ ਤੇ ਸਾਡੇ ਉੱਚ ਅਦਾਰੇ ਸਿਆਸਤਦਾਨਾਂ ਨੂੰ ਸਲਾਮ ਕਰਨ ਵਿੱਚ ਮਸ਼ਗੂਲ ਹਨ। ਜੇ ਉਹ ਇੰਝ ਨਹੀਂ ਕਰਦੇ ਤਾਂ ਉਹਨਾਂ ਦਾ ਆਪਣਾ ਸਨਮਾਨ ਖੁਸ ਜਾਊ।ਫਿਰ ਦੱਸੋ ਉਹਨਾਂ ਨੇ ਕਿਸੇ ਦੇ ਸਨਮਾਨ ਤੋਂ ਕੀ ਟਿੰਡੀਆਂ ਲੈਣੀਆਂ?

ਅਖੀਰ ਵਿੱਚ ਮੈਂ ਤਾਂ ਇੰਗਲੈਂਡ ਦੀ ਉਸ ਯੂਨੀਵਰਸਿਟੀ ਦਾ ਬਹੁਤ ਧੰਨਵਾਦੀ ਹਾਂ। ਧੰਨਵਾਦੀ ਇਸ ਲਈ ਨਹੀਂ ਕਿ ਉਸ ਨੇ ਪੰਜਾਬੀਆਂ ਦੇ ਮਾਨ ਨੂੰ ਮਾਣ ਬਖ਼ਸ਼ਿਆ। ਮੈਂ ਤਾਂ ਇਸ ਲਈ ਧੰਨਵਾਦੀ ਹਾਂ ਜਿਸ ਨੇ ਸਾਡੇ ਪੰਜਾਬੀਆਂ ਦੀ ਜ਼ਮੀਰ ਨੂੰ ਹਲੂਣਾ ਦਿਤਾ। ਹੋ ਸਕਦਾ ਇਸ ਹਲੂਣੇ ਨਾਲ ਸਾਡੀ ਸੁੱਤੀ ਜ਼ਮੀਰ ਜਾਗ ਪਵੇ ਤੇ ਅਸੀਂ ਵੀ ਕਿਸੇ ਦੀ ਕਦਰ ਪਾ ਸਕੀਏ।

****