ਕਾਮਨਵੈਲਥ ਖੇਡਾਂ ਦੇ ਸੰਬੰਧ ਚ ਸਾਊਥ ਆਸਟ੍ਰੇਲੀਆ ਦੇ ਪ੍ਰੀਮੀਅਰ ਮਾਇਕ ਰੈਨ ਨੇ ਦਿਤਾ ਹਿੰਦੁਸਤਾਨੀ ਭਾਈਚਾਰੇ ਨੂੰ ਲੰਚ


ਐਡੀਲੇਡ (ਮਿੰਟੂ ਬਰਾੜ):ਕਾਮਨਵੈਲਥ ਖੇਡਾਂ ਸ਼ੁਰੂਹੋਣਵਿੱਚ ਹੁਣ ਜਿਆਦਾ ਵਕਤ ਨਹੀਂ ਰਿਹਾ ਹੈ ਤੇ ਇਸ ਮੌਕੇ ਦਾ ਸਿਆਸੀ ਲਾਹਾ ਦੋਹਾਂ ਮੁਲਕਾਂ ਦੇ ਸੰਬੰਧਾਂ ਨੂੰ ਸੁਧਾਰਨ ਲਈ ਦੋਹਾਂ ਮੁਲਕਾਂ ਦੇ ਨੇਤਾ ਹੱਥੋਂ ਜਾਣ ਨਹੀਂ ਦੇ ਰਹੇ। ਇਸੇ ਸੰਬੰਧ ਵਿੱਚ ਸਾਊਥ ਆਸਟ੍ਰੇਲੀਆ ਦੇ ਪ੍ਰੀਮੀਅਰ ਮਾਇਕ ਰੈਨ ਨੇ ਅਜ ਇਥੇ ਵਸਦੇ ਹਿੰਦੁਸਤਾਨੀ ਭਾਈਚਾਰੇ ਨੂੰ ਲੰਚ ਦੇ ਕੇ ਦੋਹਾਂ ਮੁਲਕਾਂ ਦੇ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ ਵੱਲ ਇਕ ਹੋਰ ਕਦਮ ਪੁੱਟਿਆ। ਇਸ ਮੌਕੇ ਤੇ ਮਾਇਕ ਅਤੇ ਸਾਸ਼ਾ ਰੈਨ ਦੇ ਵਿਸ਼ੇਸ਼ ਸੱਦੇ ਤੇ ਹਿੰਦੁਸਤਾਨੀ ਹਾਈ ਕਮਿਸ਼ਨਰ ਸੁਜਾਤਾ ਸਿੰਘ , ਸਾਊਥ ਆਸਟ੍ਰੇਲੀਆ ਦੀ ਮਲਟੀਕਲਚਰ ਮਨਿਸਟਰ ਹੋਨ ਗ੍ਰੇਸ, ਇੰਡੀਅਨ ਆਸਟ੍ਰੇਲੀਅਨ ਐਸੋਸੀਏਸ਼ਨ ਆਫ਼ ਸਾਊਥ ਆਸਟ੍ਰੇਲੀਆ ਦੇ ਪ੍ਰੈਜ਼ੀਡੈਂਟ ਮੇਜਰ ਜਰਨਲ ਵਿਕਰਮ ਮਦਾਨ ਤੋਂ ਇਲਾਵਾ ਤੀਹ ਦੇ ਜਥੇਬੰਦੀਆਂ ਦੇ ਇਕ ਹਜ਼ਾਰ ਦੇ ਕਰੀਬ ਅਹੁਦੇਦਾਰ ਤੇ ਮੈਂਬਰ ਸ਼ਾਮਿਲ ਹੋਏ, ਜਿਨ੍ਹਾਂ ਵਿੱਚ ਮਹਾਂਬੀਰ ਸਿੰਘ ਗਰੇਵਾਲ, ਅਮਰੀਕ ਸਿੰਘ ਥਾਂਦੀ, ਸਰੂਪ ਸਿੰਘ ਜੌਹਲ, ਕੁਲਦੀਪ ਸਿੰਘ ਚੁੱਘਾ, ਹਰਦਿਆਲ ਸਿੰਘ ਅਰਕ, ਹਰਵਿੰਦਰ ਸਿੰਘ ਗਰਚਾ, ਪਿਆਰਾ ਸਿੰਘ ਅਟਵਾਲ, ਜਗਰੂਪ ਸਿੰਘ ਬਰਾੜ, ਬਲਵੰਤ ਸਿੰਘ, ਗੁਰਦੀਪ ਸਿੰਘ, ਉਮੇਸ਼ ਨਾਗਸੰਡਰਾ, ਰਿਸ਼ੀ ਗੁਲਾਟੀ, ਬਿੱਕਰ ਸਿੰਘ ਬਰਾੜ ਅਤੇ ਨਵਤੇਜ ਸਿੰਘ ਬਲ, ਅਮਰਜੀਤ ਸਿੰਘ ਆਨੰਦ ਆਦਿ ਸ਼ਾਮਿਲ ਸਨ।

ਇਸ ਮੌਕੇ ਤੇ ਬੋਲਦਿਆਂ ਮਾਇਕ ਰੈਨ ਨੇ ਕਿਹਾ ਕਿ ਉਹ ਭਾਵੇਂ ਹੁਣ ਤਕ ਕਈ ਵਾਰ ਇੰਡੀਆ ਦਾ ਦੌਰਾ ਕਰ ਚੁੱਕੇ ਹਨ ਪਰ ਕਦੇ ਉਹਨਾਂ ਦਿੱਲੀ ਨੂੰ ਇੰਨਾ ਸਾਫ਼ ਸੁਥਰਾ ਤੇ ਹਰਿਆ ਭਰਿਆ ਨਹੀਂ ਸੀ ਦੇਖਿਆ ਜਿਨ੍ਹਾਂ ਉਹਨਾਂ ਪਿਛਲੇ ਹਫ਼ਤੇ ਦੇ ਆਪਣੇ ਦੌਰੇ ਸਮੇਂ ਦੇਖਿਆ। ਇਸ ਮੌਕੇ ਤੇ ਉਹਨਾਂ ਨੇ ਸਾਊਥ ਆਸਟ੍ਰੇਲੀਆ ਨੂੰ ਹਿੰਦੁਸਤਾਨੀ ਸਟੂਡੈਂਟਸ ਲਈ ਸਭ ਤੋਂ ਸੁਰੱਖਿਅਤ ਥਾਂ ਦੱਸਿਆ । ਇਸ ਮੌਕੇ ਤੇ ਬੋਲਦਿਆਂ ਸੁਜਾਤਾ ਸਿੰਘ ਨੇ ਕੁੱਝ ਚੁਟਕੀਆਂ ਲੈਂਦੇ ਕਿਹਾ ਭਾਵੇਂ ਕਾਮਨਵੈਲਥ ਖੇਡਾਂ ਵਿੱਚ ਹੁਣ ਬਹੁਤ ਥੋੜ੍ਹਾ ਵਕਤ ਰਹਿ ਗਿਆ ਹੈ ਪਰ ਫੇਰ ਵੀ ਅਸੀਂ ਮੌਕੇ ਤੋਂ ਪਹਿਲਾਂ ਤਿਆਰੀ ਮੁਕੰਮਲ ਕਰ ਲਵਾਂਗੇ। ਮੇਜਰ ਜਰਨਲ ਮਦਾਨ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਇਹਨਾਂ ਖੇਡਾਂ ਦਾ ਸਾਈਨ ਸ਼ੇਰਾ ਵੀ ਲੋਕਾਂ ਲਈ ਆਕਰਸ਼ਣ ਦਾ ਕੇਂਦਰ ਸੀ।