ਪੰਜਾਬੀਓ ਜਾਗਦੇ ਕਿ ਸੁੱਤੇ !.......... ਲੇਖ / ਅਮਨਦੀਪ ਸਿੰਘ ਟੱਲੇਵਾਲੀਆ (ਡਾ)

ਪੰਜਾਬ ਨੂੰ ਮਾਣ ਹੈ ਕਿ ਇਸ ਧਰਤੀ ਨੇ ਗੁਰੂਆਂ, ਪੀਰਾਂ, ਫਕੀਰਾਂ, ਯੋਧਿਆਂ ਨੂੰ ਜਨਮ ਦਿੱਤਾ ਹੈ। ਪੰਜਾਬ ਦੀ ਧਰਤੀ ’ਤੇ ਦੁਨੀਆਂ ਦੇ ਮਹਾਨ ਗ੍ਰੰਥ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਰਿਗਵੇਦ ਦੀ ਰਚਨਾ ਹੋਈ ਹੈ। ਇਸ ਧਰਤੀ ਦਾ ਜ਼ਰਾ ਜ਼ਰਾ ਸੂਰਮਿਆਂ ਦੀ ਸੂਰਮਗਤੀ ਦੇ ਸੋਹਲੇ ਗਾਉਂਦਾ ਹੈ ਜਿਸਦੀ ਮਿਸਾਲ ਇਸ ਧਰਤੀ ’ਤੇ ਲੱਗਦੇ ਮੇਲਿਆਂ ਤੋਂ ਮਿਲਦੀ ਹੈ। ਪੰਜਾਬ ਨੂੰ ਮਾਣ ਹੈ ਕਿ ਭਾਰਤ ਦੇਸ਼ ਦੀ ਰਾਖੀ ਲਈ ਇਸਦੇ ਮਹਾਨ ਸਪੂਤਾਂ ਨੇ ਹਿੱਕਾਂ ਤਾਣ ਕੇ ਵੈਰੀ ਦਾ ਮੁਕਾਬਲਾ ਕੀਤਾ ਹੈ। ਸਮੇਂ-ਸਮੇਂ ਸਿਰ ਦੇਸ਼ ਉਤੇ ਕਦੇ ਤੁਰਕਾਂ, ਕਦੇ ਅਫਗਾਨੀਆਂ ਅਤੇ ਕਦੇ ਅੰਗਰੇਜ਼ਾਂ ਨੇ ਹਮਲੇ ਕੀਤੇ ਪਰ ਪੰਜਾਬੀਆਂ ਦੇ ਜੋਸ਼ ਅੱਗੇ ਕੋਈ ਟਿਕ ਨਹੀਂ ਸੀ ਸਕਿਆ। ਪੰਜਾਬੀਆਂ ਬਾਰੇ ਇਹ ਕਹਾਵਤ ਮਸ਼ਹੂਰ ਹੈ ਕਿ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ। ਪਰ ਹੁਣ ਦੇ ਹਾਲਾਤ ਬਿਲਕੁਲ ਵੱਖਰੇ ਹਨ। ਹੁਣ ਪੰਜਾਬੀਆਂ ਨੂੰ ਨਾ ਤੁਰਕਾਂ ਤੋਂ ਖਤਰਾ ਹੈ, ਨਾ ਅਫਗਾਨੀਆਂ ਤੋਂ ਅਤੇ ਨਾ ਹੀ ਅੰਗਰੇਜ਼ਾਂ ਤੋਂ, ਹੁਣ ਤਾਂ ਇਸਨੂੰ ਆਪਣੇ ਹੀ ਖਤਮ ਕਰਨ ’ਤੇ ਤੁਲੇ ਹੋਏ ਹਨ। 1947 ਤੋਂ ਪਿੱਛੋਂ 1984, ਅਤੇ ਬਾਅਦ ਵਿੱਚ ਦਸ-ਪੰਦਰਾਂ ਸਾਲ ਦਾ ਭਿਆਨਕ ਦੌਰ ਪੰਜਾਬੀਆਂ ਦੇ ਜ਼ਿਹਨ ਵਿਚੋਂ ਕਦੇ ਵੀ ਨਹੀਂ ਨਿਕਲ ਸਕੇਗਾ। ਕਿਵੇਂ ਨੌਜਵਾਨ ਮੁੰਡਿਆਂ ਹੱਥ ਏ।ਕੇ। ਸੰਤਾਲੀ ਫੜਾਕੇ ਭਾਈਆਂ ਹੱਥੋਂ ਭਾਈਆਂ ਦਾ ਕਤਲ ਕਰਵਾਇਆ ਗਿਆ ਸੀ। ਇਹ ਜਖ਼ਮ ਹਾਲੇ ਵੀ ਰਿਸ ਰਹੇ ਹਨ। ਹੁਣ ਇਨ੍ਹਾਂ ਜਖ਼ਮਾਂ ’ਤੇ ਲੂਣ ਪਾਉਣ ਲਈ ਬੜੀਆਂ ਹੀ ਸੋਚੀਆਂ ਸਮਝੀਆਂ ਚਾਲਾਂ ਤਹਿਤ ਪੰਜਾਬ ਦੇ ਗੱਭਰੂਆਂ ਨੂੰ ਨਸ਼ਿਆਂ ਦੀ ਐਸੀ ਦਲਦਲ ਵਿੱਚ ਧੱਕਿਆ ਜਾ ਰਿਹਾ ਹੈ, ਜਿਸ ਵਿਚੋਂ ਨਿਕਲਣਾ ਮੁਸ਼ਕਲ ਹੀ ਨਹੀਂ ਸਗੋਂ ਅਸੰਭਵ ਲੱਗ ਰਿਹਾ ਹੈ।

ਨੌਜਵਾਨ ਮੁੰਡੇ-ਕੁੜੀਆਂ ਨੂੰ ਨਸ਼ੇ ਸਪਲਾਈ ਕਰਨ ਦਾ ਧੰਦਾ ਹਰ ਪਿੰਡ, ਹਰ ਸ਼ਹਿਰ ’ਚ ਬਿਨਾਂ ਕਿਸੇ ਰੋਕ ਟੋਕ ਤੋਂ ਨਿਰੰਤਰ ਚੱਲ ਰਿਹਾ ਹੈ। ਕਿਸੇ ਨਾ ਕਿਸੇ ਰਾਜਸੀ ਨੇਤਾ ਦੀ ਸ਼ਰਨ ਲੈਕੇ ਨਸ਼ੇ ਦੇ ਸੌਦਾਗਰ ਪੰਜਾਬ ਦਾ ਸਰਮਾਇਆ ਲੁੱਟ ਰਹੇ ਹਨ। ਉਹ ਪੰਜਾਬੀ ਜਿਨ੍ਹਾਂ ਦੇ ਸਾਹਮਣੇ ਅਟਕ ਜਿਹੇ ਦਰਿਆ ਰੁਕ ਜਾਂਦੇ ਸਨ, ਕਾਬਲ ਕੰਧਾਰ ਦੇ ਸਾਹ ਸੁੱਕ ਜਾਂਦੇ ਸਨ, ਜਿਹੜੇ ਪੰਜਾਬੀ ਕਿਸੇ ਧੀ-ਭੈਣ ਦੀ ਇੱਜ਼ਤ ਨੂੰ ਬਚਾਉਣ ਲਈ ਆਪਣਾ ਸਭ ਕੁੱਝ ਦਾਅ ’ਤੇ ਲਾ ਦਿੰਦੇ ਸਨ ਅੱਜ ਨਿਗੁਰੇ ਅਤੇ ਬੁਜ਼ਦਿਲ ਬਣਕੇ ਸਿਰਫ਼ ਆਪਣੇ ਨਸ਼ੇ ਦੀ ਪੂਰਤੀ ਲਈ ਤਤਪਰ ਹਨ।

ਪੰਜਾਬ ਵਿੱਚ ਪਨਪ ਰਿਹਾ ਡੇਰਾਬਾਦ, ਪੰਜਾਬੀਆਂ ਵਿੱਚ ਭਰਾ ਮਾਰੂ ਚੰਗ ਕਰਵਾਉਣ ’ਤੇ ਉਤਾਵਲਾ ਹੋਇਆ ਪਿਆ ਹੈ। ਪਿੰਡਾਂ ਵਿੱਚ ਬਣੇ ਵੱਖ-ਵੱਖ ਧੜੇ, ਇੱਕ-ਦੂਜੇ ਵੱਲ ਕੈਰੀ ਅੱਖ ਨਾਲ ਵੇਖਦੇ ਹਨ। ‘‘ਜਦੋਂ ਸਾਡਾ ਰਾਜ ਆਊ ਥੋਨੂੰ ਵੇਖਾਂਗੇ’’ ਵਰਗੇ ਸ਼ਬਦਾਂ ਨਾਲ ਸੰਬੋਧਤ ਹੋ ਕੇ ਆਪਣੇ ਸਕਿਆਂ ਦੇ ਟੋਟੇ-ਟੋਟੇ ਕਰਨ ’ਤੇ ਉਤਰੇ ਹੋਏ ਹਨ। ਹਾਕਮ ਲੋਕ ਵੀ ਇਹ ਚਾਹੁੰਦੇ ਹਨ ਕਿ ਕਿਵੇਂ ਨਾ ਕਿਵੇਂ ਲੋਕਾਂ ਨੂੰ ਲੜਾ ਕੇ ਰੱਖਿਆ ਜਾਵੇ। ਜੇਕਰ ਇਹ ਇੱਕ ਹੋ ਗਏ ਤਾਂ ਹਾਕਮ ਜਮਾਤ ਨੂੰ ਕੌਣ ਪੁੱਛੇਗਾ। ਪਰ ਭੋਲੇ ਲੋਕ ਇਸ ਗੱਲ ਤੋਂ ਅਣਜਾਣ, ਆਪਣਿਆਂ ਨੂੰ ਹੀ ਮਾਰ ਮੁਕਾਉਣ ’ਤੇ ਤੁਲੇ ਹੋਏ ਹਨ।

ਪੰਜਾਬੀ ਲੋਕ ਜਿਨ੍ਹਾਂ ਦੇ ਜੁਸੇ ਦੀ ਚਰਚਾ ਦੇਸ਼ਾਂ-ਵਿਦੇਸ਼ਾਂ ਵਿੱਚ ਹੁੰਦੀ ਸੀ। ਪੰਜਾਬਣ ਮੁਟਿਆਰ ਜਿਸਦੇ ਸਾਹਮਣੇ ਪੁੰਨਿਆਂ ਦਾ ਚੰਨ ਵੀ ਫਿੱਕਾ ਲੱਗਦਾ ਸੀ। ਸਰੂ ਵਰਗੇ ਕੱਦ, ਮੂੰਗਲਿਆਂ ਵਰਗੇ ਡੌਲੇ ਅੱਜ ਭਾਲਿਆਂ ਨਹੀਂ ਲੱਭਦੇ। ਫੌਜ ਦੀ ਭਰਤੀ ਵੇਲੇ ਕਈ ਜਵਾਨਾਂ ਦੀ ਛਾਤੀ ਘੱਟ ਜਾਂਦੀ ਹੈ, ਕਈਆਂ ਦੇ ਕੱਦ। ਇਸਦਾ ਸਿੱਧਾ ਕਾਰਨ, ਪੰਜਾਬੀਆਂ ਦੀ ਖੁਰਾਕ ਵਿੱਚ ਵੱਧ ਰਿਹਾ ਬਨਾਉਟੀਪਣ ਹੈ। ਖਾਲਸ ਘਿਓ, ਖਾਲਸ ਦੁੱਧ ਹੁਣ ਕਿਸ ਘਰ ਵਿਚੋਂ ਮਿਲਦਾ ਹੈ? ਹਰੀਆਂ ਸਬਜੀਆਂ, ਸਿਰਫ਼ ਨਾਂ ਦੀਆਂ ਹੀ ਹਰੀਆਂ ਰਹਿ ਗਈਆਂ ਹਨ। ਟੀਕੇ ਲਾ ਕੇ ਤਿਆਰ ਕੀਤਾ ਦੁੱਧ ਜਾਂ ਜ਼ਹਿਰਾਂ-ਸਪਰੇਆਂ ਛਿੜਕ ਕੇ ਤਿਆਰ ਕੀਤੀਆਂ ਸਬਜ਼ੀਆਂ ਜਾਂ ਹੋਰ ਵਸਤਾਂ ਖਾ-ਪੀ ਕੇ ਕਿਸ ਤਰ੍ਹਾਂ ਦੇ ਬਹਾਦਰ ਬਣ ਸਕਦੇ ਹਾਂ। ਇਹ ਇੱਕ ਕੁਦਰਤੀ ਸੱਚ ਹੈ ਕਿ ਜਿਸ ਫਸਲ ਵਿੱਚ ਬੀਜ ਪੈਦਾ ਕਰਨ ਦੀ ਸਮਰੱਥਾਂ ਹੀ ਨਹੀਂ, ਉਹ ਖਾ ਕੇ ਜਾਂ ਪੀ ਕੇ ਅਸੀਂ ਬੀਜ ਰਹਿਤ ਹੋ ਜਾਵਾਂਗੇ, ਭਾਵ ਸਾਨੂੰ ਨਿਪੁੰਸਕ ਕਰਨ ਦੀਆਂ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ। ਬੀ।ਟੀ। ਫਸਲਾਂ ਦੀ ਖੇਤੀ ਜਿਥੇ ਕੈਂਸਰ ਵਰਗੀਆਂ ਬੀਮਾਰੀਆਂ ਨੂੰ ਸੱਦਾ ਦਿੰਦੀ ਹੈ ਉਥੇ ਸਾਡਾ ਬੀਜ ਨਾਸ਼ ਵੀ ਕਰਦੀ ਹੈ। ਸੋ ਪਿਆਰੇ ਪੰਜਾਬੀਓ, ਖੇਤਾਂ ਵਿੱਚ ਫਸਲਾਂ ਉਗਾਉਣ ਲੱਗੇ ਇਸ ਗੱਲ ਦਾ ਧਿਆਨ ਜਰੂਰ ਕਰ ਲਓ ਕਿ ਜਿਹੜੀ ਫਸਲ ਉਗਾਉਣ ਲੱਗੇ ਹੋ, ਉਸ ਨੂੰ ਵਰਤਕੇ ਤੁਹਾਡੀ ਆਉਣ ਵਾਲੀ ਪੀੜ੍ਹੀ ਜੀਵਤ ਰਹਿ ਸਕੇਗੀ? ਇਹ ਵੀ ਸਭ ਸੋਚੀ ਸਮਝੀ ਚਾਲ ਤਹਿਤ ਹੋ ਰਿਹਾ ਹੈ। ਦੁੱਧ ਚੋਣ ਵੇਲੇ ਪਸ਼ੂਆਂ ਦੇ ਲੱਗਣ ਵਾਲੇ ਟੀਕੇ ਤੇ ਕਾਗਜਾਂ ਵਿੱਚ ਪਾਬੰਦੀ ਲੱਗੀ ਹੋਈ ਹੈ, ਜ਼ਹਿਰਾਂ ਸਪਰੇਆਂ ਕਰਕੇ ਬਾਜ਼ਾਰ ਵਿੱਚ ਵੇਚੀ ਜਾ ਰਹੀ ਸਬਜ਼ੀ ਅਤੇ ਫਲ ਵੀ ਵਰਜਿਤ ਹਨ। ਪਰ ਸਭ ਕੁੱਝ ਚੱਲ ਰਿਹਾ ਹੈ, ਅਸੀਂ ਹੀ ਅੱਖਾਂ ਬੰਦ ਕਰੀ ਬੈਠੇ ਹਾਂ। ਜ਼ਹਿਰਾਂ ਨਾਲ ਲਬਰੇਜ਼ ਵਸਤਾਂ ਖਾ-ਖਾ ਬੱਚੇ, ਨੌਜਵਾਨ, ਬੁੱਢੇ ਸਭ ਬੀਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਬੀਮਾਰ ਵਿਅਕਤੀ ਦੇਸ਼ ਦੀ ਆਨ-ਸ਼ਾਨ ਲਈ ਕਿੰਝ ਮਰ ਮਿਟ ਸਕੇਗਾ। ਅੰਦਾਜ਼ਾ ਲਾਓ, ਸਾਨੂੰ ਹਰ ਪੱਖ ਤੋਂ ਨਿਕੰਮੇ ਅਤੇ ਬੁਜ਼ਦਿਲ ਬਣਾਇਆ ਜਾ ਰਿਹਾ ਹੈ। ਪੰਜਾਬੀ, ਜਿਸਨੂੰ ਮੀਰ-ਮੰਨੂ ਟੋਟੇ-ਟੋਟੇ ਕਰ ਕੇ ਥੱਕ ਗਿਆ, ਨਾਦਰਸ਼ਾਹ ਜਾਂ ਅਬਦਾਲੀ ਵਰਗੇ ਵੀ ਇਸਨੂੰ ਮਾਰਦੇ-ਮਾਰਦੇ ਮੁੱਕ ਗਏ। ਪਰ ਹੁਣ ਬਿਨਾਂ ਤਲਵਾਰ ਜਾਂ ਬੰਦੂਕ ਦੇ ਪੰਜਾਬੀਆਂ ਨੂੰ ਖ਼ਤਮ ਕਰਨ ਦੀਆਂ ਯੋਜਨਾਵਾਂ ਕਿਸੇ ਘੜੇ-ਘੜਾਏ ਮਨਸੂਬੇ ਨੂੰ ਸਫਲ ਕਰਨ ਲਈ ਕੀਤੀਆਂ ਜਾ ਰਹੀਆਂ ਹਨ। ਇਹ ਸਰਕਾਰਾਂ ਇੱਕ-ਦੂਜੇ ਸਿਰ ਭਾਂਡਾ ਭੰਨਕੇ ਆਪਣੇ ਆਪ ਨੂੰ ਸਹੀ ਦਰਸਾ ਦਿੰਦੀਆਂ ਹਨ। ਪਰ ਅਸਲ ਵਿੱਚ ਦੋਵੇਂ ਹੀ ਦੋਸ਼ੀ ਹਨ। ਇੱਥੇ ਹੀ ਬੱਸ ਨਹੀਂ! ਪੰਜਾਬ ਦੀਆਂ ਸੜਕਾਂ ’ਤੇ ਨਿੱਤ ਦਿਨ ਹੋ ਰਹੇ ਹਾਦਸਿਆਂ ਵਿੱਚ ਪੰਜਾਬ ਦੀ ਜਵਾਨੀ ਖ਼ਤਮ ਹੋ ਰਹੀ ਹੈ, ਕਿਸੇ ਸਰਕਾਰ ਨੇ ਇਹ ਨਹੀਂ ਸੋਚਿਆ ਕਿ ਸੜਕਾਂ ’ਤੇ ਇੰਨੀਆਂ ਗੱਡੀਆਂ ਆ ਗਈਆਂ ਪਰ ਸੜਕਾਂ ਦੀ ਚੌੜਾਈ ਉਨੀ ਹੀ ਹੈ। ਬੇਸ਼ੱਕ ਕੁੱਝ ਕੁ ਸੜਕਾਂ ਚੌੜੀਆਂ ਹੋ ਰਹੀਆਂ ਹਨ, ਪਰ ਜਿਸ ਤੇਜ਼ ਰਫ਼ਤਾਰ ਨਾਲ ਵਾਹਨਾਂ ਦੀ ਗਿਣਤੀ ਵਧ ਰਹੀ ਹੈ, ਉਸ ਰਫ਼ਤਾਰ ਨਾਲ ਸੜਕਾਂ ਚੌੜੀਆਂ ਨਹੀਂ ਕੀਤੀਆਂ ਜਾ ਰਹੀਆਂ, ਹੋ ਸਕਦੈ ਇੱਥੇ ਵੀ ਇਹੀ ਨੀਤੀ ਕੰਮ ਕਰਦੀ ਹੋਵੇ ਕਿ ਬਿਨਾਂ ਬੰਦੂਕ, ਤਲਵਾਰ ਤੋਂ ਜਿੰਨੇ ਮਰਦੇ ਨੇ ਮਰ ਲੈਣ ਦਿਓ।

ਜਿਥੇ ਨਸ਼ੇ ਨੌਜਵਾਨਾਂ ਨੂੰ ਤਬਾਹ ਕਰ ਰਹੇ ਹਨ ਉਥੇ ਸਪਰੇਆਂ ਅਤੇ ਕੀਟਨਾਸ਼ਕਾਂ ਦੀ ਧੜਾਧੜ ਖੁੱਲ ਪੰਜਾਬ ਦੀ ਧਰਤੀ ਨੂੰ ਬਰਬਾਦ ਕਰ ਰਹੀ ਹੈ। ਪੰਜਾਬ ਦਾ ਪਾਣੀ ਦਿਨ-ਬ-ਦਿਨ ਨੀਵਾਂ ਹੋ ਰਿਹਾ ਹੈ। ਝੋਨੇ ਦੀ ਫਸਲ ਬੀਜਣ ਲਈ ਕਿਸਾਨਾਂ ਨੂੰ ਉਕਸਾਇਆ ਜਾ ਰਿਹਾ ਹੈ। ਹੋਰ ਫਸਲਾਂ ਮੱਕੀ, ਗੰਨਾ ਜਾਂ ਦਾਲਾਂ ਦਾ ਵਾਜਬ ਮੁੱਲ ਨਹੀਂ ਦਿੱਤਾ ਜਾ ਰਿਹਾ। ਇਸ ਦਾ ਸਪੱਸ਼ਟ ਕਾਰਨ ਹੈ ਕਿ ਪੰਜਾਬ ਦੀ ਕਿਸਾਨੀ ਨੂੰ ਖ਼ਤਮ ਕੀਤਾ ਜਾਵੇ। ਫਿਰ ਇਹ ਜ਼ਮੀਨਾਂ ਤੁਹਾਡੇ ਤੋਂ ਖੋਹ ਕੇ ਇਥੇ ਕਾਰਖਾਨੇ ਲਾਏ ਜਾਣ ਅਤੇ ਤੁਸੀਂ ਆਪਣੀ ਜ਼ਮੀਨ ਵਿੱਚ ਉਸਰੇ ਕਾਰਖਾਨਿਆਂ ਵਿੱਚ ਨੌਕਰ ਬਣਕੇ ਨੌਕਰੀ ਕਰੋ ਜਾਂ ਤੁਹਾਡੇ ਬੱਚੇ ਬਾਹਰਲੇ ਮੁਲਕਾਂ ਵਿਚ ਗੁਲਾਮ ਹੋਕੇ ਗੋਰਿਆਂ ਦਾ ਪਾਣੀ ਭਰਨ। ਸਿੱਖਿਆ ਪੱਖੋਂ ਤਾਂ ਪੰਜਾਬੀਆਂ ਨਾਲ ਮਾੜੀ ਹੋ ਰਹੀ ਹੈ। ਸਿੱਖਿਆਂ ਦਿਨ-ਬ-ਦਿਨ ਮਹਿੰਗੀ ਹੋ ਰਹੀ ਹੈ। ਆਮ ਆਦਮੀ ਆਪਣੇ ਬੱਚਿਆਂ ਨੂੰ ਪੜ੍ਹਾਉਣ ਦਾ ਸੁਪਨਾ ਵੀ ਨਹੀਂ ਲੈ ਸਕਦਾ। ਵਿਦਿਆ ਦਾ ਵਪਾਰੀਕਰਨ ਕਰਕੇ, ਸਿੱਖਿਆ ਵੀ ਆਮ ਆਦਮੀ ਦੀ ਪਹੁੰਚ ਤੋਂ ਦੂਰ ਹੋ ਗਈ ਹੈ। ਇੱਥੇ ਵੀ ਇੱਕ ਗੱਲ ਬੜੀ ਧਿਆਨ ਭਾਲਦੀ ਹੈ। ਸਰਕਾਰਾਂ ਕਦੋਂ ਚਾਹੁੰਦੀਆਂ ਹਨ ਕਿ ਸਾਰੇ ਲੋਕ ਪੜ੍ਹ ਲਿਖ ਜਾਣ, ਜੇਕਰ ਸਾਰੇ ਪੜ੍ਹ ਲਿਖ ਜਾਣਗੇ ਤਾਂ ਸਰਕਾਰ ਕੋਲੋਂ ਨੌਕਰੀਆਂ ਦੀ ਮੰਗ ਕਰਨਗੇ, ਸਰਕਾਰਾਂ ਨੂੰ ਫਿਰ ਖਤਰਾ ਭਾਂਪਦਾ ਹੈ। ਇਸੇ ਕਰਕੇ ਸਿੱਖਿਆ ਦਿਨੋ ਦਿਨ ਮਹਿੰਗੀ ਕੀਤੀ ਜਾ ਰਹੀ ਹੈ ਤਾਂ ਕਿ ਲੋਕਾਂ ਨੂੰ ਮਸਲਿਆਂ ਵਿੱਚ ਉਲਝਾ ਕੇ ਰੱਖਿਆ ਜਾਵੇ।

ਸਿਹਤ ਸਹੂਲਤਾਂ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹਨ। ਜ਼ਹਿਰਾਂ, ਸਪਰੇਆਂ ਨਾਲ ਲਬਰੇਜ਼ ਵਸਤਾਂ ਦਾ ਸੇਵਨ ਬੀਮਾਰੀਆਂ ਵਿੱਚ ਵਾਧਾ ਕਰ ਰਿਹਾ ਹੈ। ਇਨ੍ਹਾਂ ਬੀਮਾਰੀਆਂ ਦਾ ਇਲਾਜ ਕਰਵਾਉਣ ਲਈ ਵੱਡੇ-ਵੱਡੇ ਹਸਪਤਾਲਾਂ ਵਿੱਚ ਜਾਣਾ ਪੈਂਦਾ ਹੈ। ਜਿੱਥੇ ਸਿਵਾਏ ਲੁੱਟ ਤੋਂ ਹੋਰ ਕੁੱਝ ਪੱਲੇ ਨਹੀਂ ਪੈਂਦਾ। ਥਾਣੇ ਕਚਹਿਰੀਆਂ ਵਿੱਚ ਤਾਂ ਹੋਰ ਰੋਜ਼ ਖੱਜਲ ਖੁਆਰੀ ਹੁੰਦੀ ਹੈ। ਕੇਸਾਂ ਨੂੰ ਲੰਮਾ-ਲੰਮਾ ਸਮਾਂ ਉਲਝਾਇਆ ਜਾਂਦਾ ਹੈ। ਇੰਨੇ ਲੰਮੇ ਸਮੇਂ ਵਿੱਚ ਸਬੂਤਾਂ ਨੂੰ ਝੁਠਲਾਇਆ ਜਾਂਦਾ ਹੈ। ਅਸਲ ਦੋਸ਼ੀ ਬਚ ਜਾਂਦੇ ਹਨ, ਜਿੰਨਾਂ ਦਾ ਕੋਈ ਦੋਸ਼ ਨਹੀਂ ਉਨ੍ਹਾਂ ਸਿਰ ਦੋਸ਼ ਮੜ੍ਹੇ ਜਾਂਦੇ ਹਨ, ਇਹ ਹੈ ਸਾਡਾ ਹਾਲ।

ਪੰਜਾਬ ਨੂੰ ਖਤਮ ਕਰਨ ਲਈ ਇਸਦੀ ਮਾਂ ਬੋਲੀ ਲੋਕਾਂ ਕੋਲੋਂ ਖੋਹੀ ਜਾ ਰਹੀ ਹੈ। ਪੰਜਾਬੀ ਲਹਿੰਦੇ ਪੰਜਾਬ ਅਤੇ ਚੜ•ਦੇ ਪੰਜਾਬ ਦੀ ਮਾਣਮੱਤੀ ਬੋਲੀ ਹੈ। ਪਰ ਉਧਰਲਿਆਂ ਨੇ ਉਰਦੂ ਅਤੇ ਇਧਰਲਿਆਂ ਨੇ ਹਿੰਦੀ ਨੂੰ ਅਪਣਾ ਕੇ ਪੰਜਾਬੀ ਜ਼ੁਬਾਨ ਨਾਲ ਜੋ ਦਗਾ ਕਮਾਇਆ ਹੈ ਇਹ ਵੀ ਕਿਸੇ ਸਾਜਿਸ਼ ਦਾ ਨਤੀਜਾ ਹੈ। ਪਰ ਪਿਆਰੇ ਪੰਜਾਬੀਓ, ਆਪਣੇ ਹਿਤਾਂ ਤੋਂ ਉਪਰ ਉਠਕੇ ਪੰਜਾਬ ਨੂੰ ਬਚਾ ਲਓ, ਨਹੀ ਤਾਂ ਸਮਾਂ ਤੁਹਾਨੂੰ ਕਦੇ ਵੀ ਮੁਆਫ਼ ਨਹੀਂ ਕਰੇਗਾ। ਪੰਜਾਬੀ ਲੋਕੋ ਵਿਧਾਨ ਸਭਾ ਚੋਣਾਂ ਆਉਣ ਵਾਲੀਆਂ ਹਨ। ਇਹ ਲੀਡਰਾਂ ਦੀਆਂ ਡਾਰਾਂ ਫਿਰ ਤੁਹਾਡੇ ਬੂਹਿਆਂ ’ਤੇ ਦਸਤਕ ਦੇਣ ਲਈ ਆਉਣਗੀਆਂ। ਇਨ੍ਹਾਂ ਲੀਡਰਾਂ ਨੂੰ ਸਿਰ ਨਾ ਚੜ੍ਹਾਓ। ਅਗਰ ਤੁਸੀਂ ਪੰਜਾਬ ਦਾ ਭਲਾ ਲੋਚਦੇ ਹੋ ਤਾਂ ਵੋਟਾਂ ਤੋਂ ਪਹਿਲਾਂ-ਪਹਿਲਾਂ ਉਪਰੋਕਤ ਗੱਲਾਂ ਜੋ ਉਪਰ ਦੱਸੀਆਂ ਜਾ ਚੁੱਕੀਆਂ ਹਨ ਦਾ ਹੱਲ ਕਢਵਾਓ, ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਤੁਹਾਡੇ ਬੀਜੇ ਕੰਡੇ ਤੁਹਾਨੂੰ ਹੀ ਚੁਗਣੇ ਪੈਣਗੇ।
****