ਹਰ ਘਰ ਵਿੱਚ ਚਾਹੇ ਕੋਈ ਗਰੀਬ ਹੈ ਜਾਂ ਅਮੀਰ ਹੈ ਸਮਾਨ ਰੱਖਣ ਲਈ ਕੁਝ ਨਾ ਕੁਝ ਜਰੂਰ ਹੁੰਦਾ ਹੈ । ਸਮੇਂ ਦੇ ਬਦਲਾਅ ਦੇ ਨਾਲ ਨਾਲ ਸਮਾਨ ਵੀ ਬਦਲਦਾ ਰਹਿੰਦਾ ਹੈ ਅਤੇ ਸਮਾਨ ਰੱਖਣ ਵਾਲੀਆਂ ਚੀਜਾਂ ਵੀ । ਅੱਜ ਕੱਲ੍ਹ ਘਰ ਬਣਾਉਂਦੇ ਸਾਰ ਹੀ ਸੀਮੈਂਟ ਦੀ ਅਲਮਾਰੀਆਂ ਬਣਾ ਲਈਆਂ ਜਾਂਦੀਆਂ ਹਨ । ਲੋਹੇ ਦੀਆਂ ਚੱਕਵੀਆਂ ਅਲਮਾਰੀਆਂ ਵੀ ਮਿਲਦੀਆਂ ਹਨ, ਜੋ ਜਗ੍ਹਾ ਦੇ ਹਿਸਾਬ ਨਾਲ ਟਿਕਾ ਲਈਆਂ ਜਾਂਦੀਆਂ ਹਨ । ਪਰ ਕਿਸੇ ਵੇਲੇ ਘਰਾਂ ਵਿੱਚ ਲੱਕੜ ਦੇ ਸੰਦੂਕ ਹੋਇਆ ਕਰਦੇ ਸਨ, ਅੱਜ ਵੀ ਕਈ ਘਰਾਂ ਵਿੱਚ ਸੰਦੂਕ ਵੇਖਣ ਨੂੰ ਮਿਲਦੇ ਹਨ । ਜਿਵੇਂ ਕਿ ਅਸੀਂ ਪੁਰਾਣੀਆਂ ਚੀਜ਼ਾਂ ਦੀ ਸਾਂਭ-ਸੰਭਾਲ ਦੇ ਪੱਖੋਂ ਅਵੇਸਲੇ ਹਾਂ, ਇਸ ਕਰਕੇ ਬਹੁਤੇ ਲੋਕਾਂ ਨੇ ਆਪਣੇ ਆਪ ਨੂੰ ਮਾਡਰਨ ਦਿਖਾਉਣ ਲਈ ਸੰਦੂਕ ਨੂੰ ਇੱਕ ਫਾਲਤੂ ਚੀਜ਼ ਸਮਝ ਕੇ ਘਰੋਂ ਕੱਢ ਦਿੱਤਾ ਹੈ । ਸੰਦੂਕ ਆਮ ਹੀ ਦਿੱਤੇ ਜਾਣ ਵਾਲੇ ਦਾਜ ਵਿੱਚ ਹੁੰਦਾ ਸੀ ਅਤੇ ਘਰ ਦੀਆਂ ਸੁਆਣੀਆਂ ਇਸ ਨੂੰ ਆਪਣੇ ਪੇਕਿਆਂ ਦੀ ਦਿੱਤੀ ਚੀਜ਼ ਸਮਝ ਕੇ ਬੜਾ ਸਾਂਭ ਕੇ ਰੱਖਦੀਆਂ ਸਨ ।
ਲੱਗੇ ਖੂੰਜੇ ਬੇਬੇ ਮਗਰੋ, ਚਰਖਾ ਤੇ ਸੰਦੂਕ
ਕੌਣ ਕੱਤੇ ਸੂਤ,ਨਾਲੇ ਸਾਂਭੇ ਸੰਦੂਕ
ਬਣਾ ਕੇ ਖੇਸ, ਕਿਹੜਾ ਵੱਟੇ ਬੰਬਲ
ਮੁਕਾਉ ਸਿਆਪਾ, ਲਿਆਉ ਸ਼ਹਿਰੋਂ ਕੰਬਲ
ਛੋਟੇ ਸੰਦੂਕ ਨੂੰ ਸੰਦੂਕੜੀ ਕਿਹਾ ਜਾਂਦਾ ਸੀ, ਜਿਸ ਵਿੱਚ ਘਰੇਲੂ ਵਰਤੋਂ ਵਾਲਾ ਸਮਾਨ ਰੱਖਣ ਲਈ ਵਰਤਿਆ ਜਾਂਦਾ ਸੀ । ਸੰਦੂਕ ਨੂੰ ਪੰਜਾਬੀ ਬੋਲੀ ਵਿੱਚ ਸੰਦੂਕ ਵੀ ਕਿਹਾ ਜਾਂਦਾ ਹੈ ।
ਸੰਦੂਕ ਲੱਕੜ ਦਾ ਬਣਾਇਆ ਜਾਂਦਾ ਸੀ । ਜਿ਼ਆਦਾਤਰ ਨਿੰਮ, ਟਾਹਲੀ ਜਾਂ ਕਿੱਕਰ ਦੀ ਲੱਕੜ ਵਰਤੋਂ ਵਿੱਚ ਲਿਆਂਦੀ ਜਾਂਦੀ ਸੀ। ਕਿਉਂਕਿ ਇਹ ਲੱਕੜ ਹੰਡਣਸਾਰ ਅਤੇ ਘੁਣ ਆਦਿ ਤੋਂ ਬਚੀ ਰਹਿਣ ਵਾਲੀ ਲੱਕੜ ਹੋਣ ਕਰਕੇ ਇਸ ਦਾ ਸੰਦੂਕ ਬਣਾਇਆ ਜਾਂਦਾ ਸੀ । ਸੰਦੂਕ ਦੇ ਚਾਰ ਪਾਵੇ ਹੁੰਦੇ ਸਨ, ਇਸਨੂੰ ਢਾਂਚੇ ਵਿੱਚ ਫਿੱਟ ਕਰਕੇ ਇਸ ਦੀਆਂ ਲਰਾਂ ਵਿੱਚ ਚੌਰਸ ਫੱਟੀਆਂ ਨਾਲ ਮੁਕੰਮਲ ਕਰਕੇ ਇਸ ਨੂੰ ਅੰਤਮ ਰੂਪ ਦਿੱਤਾ ਜਾਂਦਾ ਸੀ । ਇਸਨੂੰ ਕਾਰੀਗਰ ਬੜੀ ਰੀਝ ਨਾਲ ਬਣਾਉਂਦੇ ਸਨ ਅਤੇ ਇਸ ਦੇ ਹਾਰ ਸਿ਼ੰਗਾਰ ਲਈ ਕਈ ਪ੍ਰਕਾਰ ਦੇ ਚਮਕਦਾਰ ਕੋਕੇ, ਨਿੱਕੇ ਨਿੱਕੇ ਸ਼ੀਸ਼ੇ ਅਤੇ ਪਿੱਤਲ ਦੀਆਂ ਮੇਖਾਂ ਲਾਉਂਦੇ ਸਨ । ਜੇ ਸੰਦੂਕ ਛੋਟਾ ਹੁੰਦਾ ਸੀ ਤਾਂ ਇਸਦੀ ਇੱਕ ਖਿੜਕੀ ਹੁੰਦੀ ਸੀ ਤੇ ਜੇਕਰ ਵੱਡਾ ਹੁੰਦਾ ਸੀ ਤਾਂ ਇਸ ਨੂੰ ਦੋ ਖਿੜਕੀਆਂ ਵੀ ਲਾਈਆਂ ਸਨ । ਸੰਦੂਕ ਵਿੱਚ ਘਰ ਦੀਆਂ ਸੁਆਣੀਆਂ ਹਰ ਪ੍ਰਕਾਰ ਦਾ ਸਮਾਨ ਜਿਵੇਂ ਗਹਿਣਾ ਗੱਟਾ, ਖੇਸ, ਚਾਦਰਾਂ, ਰਜਾਈਆਂ ਤਲਾਈਆਂ, ਦਰੀਆਂ, ਫੁਲਕਾਰੀ ਅਤੇ ਸਰਾਣੇ ਆਦਿ ਰੱਖਦੀਆਂ ਸਨ ।
ਸੰਦੂਕ ਦਾ ਸੰਬੰਧ ਸਾਡੇ ਸਭਿਆਚਾਰ ਨਾਲ ਵੀ ਬੜੀ ਨੇੜਤਾ ਵਾਲਾ ਹੈ, ਕਿਉਂਕਿ ਇਸ ਤੇ ਕਈ ਪ੍ਰਕਾਰ ਦੇ ਗੀਤ, ਬੋਲੀਆਂ ਤੇ ਟੱਪੇ ਆਦਿ ਵੀ ਸੱਭਿਆਚਾਰ ਦੇ ਸੰਗੀਤਕ ਪੱਖ ਨੂੰ ਚਾਰ ਚੰਨ ਲਾਉਂਦੇ ਹਨ । ਜਿਵੇਂ ਨੂੰਹ ਸੱਸ ਦੇ ਰਿਸ਼ਤੇ ਵਿੱਚ ਨੂੰਹ ਸੱਸ ਤੋਂ ਤੰਗ ਆ ਕੇ ਉਸ ਨੂੰ ਸੰਦੂਕ ਉਹਲੇ ਘੋਟਣੇ ਨਾਲ ਕੁੱਟਣਾ ਚਾਹੁੰਦੀ ਹੈ ਤਾਂ ਕਿ ਬਾਹਰ ਵੀ ਭਾਫ਼ ਨਾ ਨਿੱਕਲੇ
ਛੋਲੇ ਛੋਲੇ ਛੋਲੇ,ਨਿੰਮ ਦਾ ਘੜਾਇਆ ਘੋਟਣਾ,
‘ਨੀ ਮੈਂ ਸੱਸ ਕੁੱਟਣੀ, ਕੁੱਟਣੀ ਸੰਦੂਖਾਂ ਉਹਲੇ’
ਜਿਵੇਂ ਕਿ ਸਾਰੇ ਜਾਣਦੇ ਹੀ ਹਨ ਕਿ ਸਾਡੇ ਦਾਜ ਲੈਣਾ ਤੇ ਦੇਣਾ ਆਮ ਹੈ ਇਸ ਲਈ ਦਾਜ ਵਿੱਚ ਅੱਜ ਵਾਂਗ ਕਾਰਾਂ, ਸਕੂਟਰ ਜਾਂ ਟੀ ਵੀ ਫਰਿਜਾਂ ਆਦਿ ਦੀ ਜਗ੍ਹਾ ਕਿਸੇ ਵੇਲੇ ਪੀੜਾ, ਪਲੰਘ, ਚਰਖਾ ਤੇ ਸੰਦੂਕ ਹੀ ਮੁੱਖ ਹੁੰਦਾ ਸੀ । ਜਿਆਦਾ ਭਰਾਵਾਂ ਦੀ ਭੈਣ ਜਦੋਂ ਸਹੁਰੇ ਘਰ ਵਿਆਹੀ ਆਉਂਦੀ ਹੈ ਤਾਂ ਉਸਦਾ ਦਾਜ ਘੱਟ ਹੋਣ ਕਰਕੇ ਅਤੇ ਸੰਦੂਕ ਤੋਂ ਬਗੈਰ ਹੋਣ ਕਰਕੇ ਗੁਆਂਢਣਾਂ ਉਸ ਨੂੰ ਬੋਲੀ ਮਾਰਨ ਵੇਲੇ ਇੰਜ ਟਿੱਚਰ ਕਰਦੀਆਂ ਹਨ ।
ਪੰਜਾਂ ਨੀ ਭਰਾਵਾਂ ਵਾਲੀਏ,ਗੱਡਾ ਆਇਆ ਨੀ ਸੰਦੂਖੋਂ ਖਾਲੀ,
ਸੱਸ ਨੇ ਸੰਦੂਕ ਜੰਮਿਆ,ਸਹੁਰਾ ਜੰਮਿਆ ਰੁਪਈਆਂ ਵਾਲਾ ਰਖਨਾ,
ਨਿੰਮ ਦੇ ਸੰਦੂਕ ਵਾਲੀਏ ਕਿਹੜੇ ਪਿੰਡ ਮੁਕਲਾਵੇ ਜਾਣਾ।
ਅੱਜ ਸੰਦੂਕ ਪੰਜਾਬ ਦੇ ਘਰਾਂ ਵਿੱਚੋਂ ਆਪਣੀ ਹੋਂਦ ਗੁਆ ਚੁੱਕਾ ਹੈ । ਇਸ ਦੀ ਹੋਂਦ ਗੁਆਚਣ ਦੇ ਨਾਲ ਨਾਲ ਪੰਜਾਬੀ ਵਿਰਸੇ ਦਾ ਇੱਕ ਅਨਿੱਖੜਵਾਂ ਅੰਗ ਲੱਥ ਗਿਆ ਹੈ ਭਾਵ ਪੰਜਾਬੀ ਵਿਰਸਾ ਸੰਦੂਕ ਬਿਨਾ ਅੰਗਹੀਣ ਹੋ ਗਿਆ ਹੈ । ਸਿਵਾਏ ਅਜਾਇਬ ਘਰਾਂ ਦੇ ਸੰਦੂਕ ਲਭਣਾ ਬਹੁਤ ਮੁਸ਼ਕਿਲ ਹੈ । ਉਹ ਘਰ ਕਰਮਾਂ ਵਾਲੇ ਹਨ ਜਿਨਾਂ ਨੇ ਆਪਣੀਆਂ ਮਾਵਾਂ, ਦਾਦੀਆਂ, ਨਾਨੀਆਂ ਦੇ ਸੰਦੂਕ ਸੰਭਾਲੇ ਹੋਏ ਹਨ । ਇੱਥੇ ਮੈਂ ਇੱਕ ਗੱਲ ਸਾਂਝੀ ਕਰਨੀ ਚਾਹੁੰਦਾ ਹਾਂ ਕਿ ਮੇਰੀ ਮਾਂ ਦੇ ਦਾਜ ਵਿੱਚ ਸੰਦੂਕ ਦੀ ਥਾਂ ਤੇ ਲੋਹੇ ਦੀਆਂ ਪੇਟੀਆਂ ਸਨ ਤੇ ਮੇਰੀ ਮਾਂ ਹੁਣ ਕਈ ਵਾਰ ਆਖਦੀ ਹੁੰਦੀ ਹੈ ਕਿ ਕਾਸ਼ ਮੈਨੂੰ ਵੀ ਸੰਦੂਕ ਦਿੱਤਾ ਹੁੰਦਾ ਤੇ ਮੇਰੀ ਮਾਂ ਮੇਰੇ ਨਾਨੇ ਨਾਨੀ ਦੇ ਉਹਨਾਂ ਬੋਲਾਂ ਨੂੰ ਚੇਤੇ ਕਰਕੇ ਭਾਵੁਕ ਹੋ ਜਾਂਦੀ ਹੈ ਕਿ ਜਦੋਂ ਉਹ ਆਖ ਰਹੇ ਸਨ ਕਿ ਕੁੜੀਏ ਇੱਕ ਪੇਟੀ ਲੈ, ਇੱਕ ਸੰਦੂਕ ਲੈ ਲੈ ਪਰ ਮੈਂ ਪੇਟੀਆਂ ਲੈਣ ਤੇ ਹੀ ਅੜੀ ਰਹੀ । ਹੁਣ ਸੰਦੂਕ ਦੀ ਸਮਝ ਆਉਣ ਤੇ ਪਤਾ ਲੱਗਾ ਕਿ ਸੰਦੂਕ ਕੀ ਚੀਜ਼ ਹੈ । ਮੇਰੀ ਮਾਂ ਨੇ ਆਪਣੀਆਂ ਦੋਵਾਂ ਭਰਜਾਈਆਂ ਨੂੰ ਆਪਣੀ ਮਾਂ ਦਾ ਸੰਦੂਕ ਲੈਣ ਲਈ ਮਨਾ ਲਿਆ ਹੈ ਤੇ ਆਖਦੀ ਹੈ ਕਿ ਮੈਂ ਇੱਕ ਬਹੁਤ ਵੱਡੀ ਜਿੱਤ ਪ੍ਰਾਪਤ ਕਰ ਲਈ ।
****