ਪੰਜਾਬੀ ਕੌਮ ਦੀ ਸਾਂਝੀ ਵਿਰਾਸਤ / ਇਕ ਪੱਖ.......... ਕੇਹਰ ਸ਼ਰੀਫ਼

ਆਪਣੀ ਜਨਮ ਭੁਮੀ ਨੂੰ ਹਰ ਮਨੁੱਖ ਹੀ ਦਿਲੋਂ ਪਿਆਰ ਕਰਦਾ ਹੈ। ਅਸੀਂ ਵੀ ਲਗਾਤਾਰ ਸੋਚਦੇ ਹਾਂ - ਆਪਣੀ ਸਾਂਝੀ ਪੰਜਾਬੀ ਵਿਰਾਸਤ ਬਾਰੇ, ਉਹ ਵਿਰਾਸਤ ਜੋ ਮਿਹਨਤੀ ਤੇ ਕਿਰਤੀ ਲੋਕਾਂ ਅਤੇ ਸੂਰਮਿਆਂ ਦੀ ਵਿਰਾਸਤ ਹੈ ਜੋ ਆਪਣੇ ਪਿਆਰੇ ਪੰਜਾਬ ਨੂੰ ਪਿਆਰ ਕਰਨ ਵਾਲਿਆਂ ਦੀ ਵਿਰਾਸਤ ਹੈ, ਇਸ ਬਾਰੇ ਪੰਜਾਬ ਦੀਆਂ ਸਿਫਤਾਂ ਕਰਨ ਵਾਲੇ ਪੰਜਾਬੀ ਪਿਆਰੇ ਕਵੀ ਧਨੀ ਰਾਮ ਚਾਤ੍ਰਿਕ ਦੀਆਂ ਬੜੀ ਦੇਰ ਪਹਿਲਾਂ ਲਿਖੀਆਂ ਕੁੱਝ ਸਤਰਾਂ ਪੇਸ਼ ਹਨ । ਉਸਨੇ ਲਿਖਿਆ ਸੀ :

ਐ ਪੰਜਾਬ ਕਰਾਂ ਕੀ ਸਿਫਤ ਤੇਰੀ,  ਸ਼ਾਨਾਂ ਦੇ ਸਭ  ਸਾਮਾਨ ਤੇਰੇ।
ਜਲ ਪੌਣ ਤੇਰੇ ਹਰਿਔਲ ਤੇਰੀ,   ਦਰਿਆ, ਪਰਬਤ ਮੈਦਾਨ ਤੇਰੇ।
ਭਾਰਤ ਦੇ ਸਿਰ ’ਤੇ ਛਤਰ ਤੇਰਾ, ਤੇਰੇ ਸਿਰ  ਛਤਰ ਹਿਮਾਲਾ ਦਾ।
ਤੇਰੇ ਮੋਢੇ  ਚਾਦਰ  ਬਰਫਾਂ ਦੀ   ਸੀਨੇ  ਵਿਚ  ਸੇਕ  ਜੁਆਲਾ ਦਾ।

ਇੱਥੇ ਅਸੀਂ ਓਸ ਸੀਨੇ ਵਿਚ ਜੁਆਲਾ ਰੱਖਣ ਵਾਲੇ ਪੰਜਾਬ ਤੇ ਓਸ ਵਿਰਾਸਤ ਦੀ ਗੱਲ ਕਰਨੀ ਹੈ ਜੋ ਸਾਂਝਾਂ, ਪਿਆਰਾਂ ਤੇ ਮੁਹੱਬਤਾਂ ਦੀ ਵਿਰਾਸਤ ਹੈ। ਜੋ ਦੂਜੇ ਦਾ ਦੁੱਖ-ਦਰਦ ਮਹਿਸੂਸ ਕਰਨ ਅਤੇ ਦੁੱਖ ਵੇਲੇ ਦੂਜੇ ਨੂੰ ਆਪਣਾ ਮੋਢਾ ਪੇਸ਼ ਕਰਨ ਅਤੇ ਦੂਜੇ ਦੇ ਦੁੱਖ ਦੀ ਪੀੜ ਜਰਨ ਦੀ ਵਿਰਾਸਤ ਹੈ। ਜੋ ਪੱਗ ਵਟਾ ਕੇ – ਪੱਗ ਵਟ ਭਰਾ ਬਣ ਜਾਣ ’ਤੇ ਜਾਨ ਵਾਰ ਜਾਣ ਦੀ ਵਿਰਾਸਤ ਹੈ। ਜੋ ਸਭ ਨੂੰ ਆਪਣਾ ਸਮਝਣ ਦੀ ਵਿਰਾਸਤ ਹੈ। ਉੱਥੋਂ  ਦੇ ਜੰਮੇ ਸੂਰਮਿਆਂ ਦੀ ਅੱਜ ਗੱਲ ਕਰਨ ਦਾ ਜਤਨ ਕਰਨਾ ਹੈ। ਇਸਦਾ ਇਕ ਖਾਸ ਕਾਰਨ ਹੈ ਤੁਸੀਂ ਸਾਰੇ ਹੀ ਨਾਮ ਜਾਣਦੇ ਹੋ ਸ਼ਹੀਦ ਭਗਤ ਸਿੰਘ ਦਾ, ਜਿਸਨੇ ਮੁਲਕ ਨੂੰ ਗੋਰਿਆਂ ਦੀ ਗੁਲਾਮੀ ਤੋਂ ਅਜਾਦ ਕਰਵਾਉਣ ਅਤੇ  ਮੁਲਕ ਅੰਦਰ ਕਿਰਤੀ ਲੋਕਾਂ ਦੇ ਆਪਣੇ ਰਾਜ ਭਾਵ ਸਮਾਜਵਾਦੀ ਸਮਾਜ ਦੀ ਸਥਾਪਨਾ ਕਰਨ ਦੇ ਘੋਲ ਵਿਚ ਆਪਣੇ ਸਾਥੀਆਂ ਨਾਲ ਆਪਣੇ ਲੋਕਾਂ ਖਾਤਰ ਆਪਣਾ ਸਭ ਕੁੱਝ ਨਿਸ਼ਾਵਰ ਕਰ ਦਿੱਤਾ ਅਤੇ ਆਪਣੇ ਲੋਕਾਂ ਵਾਸਤੇ ਫਾਂਸੀ ਦੇ ਤਖਤੇ ਤੇ ਝੂਟ ਗਿਆ। ਭਗਤ ਸਿੰਘ ਦਾ ਜਨਮ 28 ਸਤੰਬਰ 1907 ਨੂੰ ਜੜ੍ਹਾਂਵਾਲੀ ਤਹਿਸੀਲ ਦੇ ਪਿੰਡ ਬੰਗਾ ਵਿਚ ਹੋਇਆ ਸੀ ਜੋ ਜਿਲਾ ਲਾਇਲਪੁਰ ਵਿਚ ਪੈਂਦਾ ਸੀ ਜਿਸਦਾ ਹੁਣ ਨਾਂ ਫੈਸਲਾਬਾਦ ਹੈ। 28 ਸਤੰਬਰ ਦੇ ਦਿਨ ਸ਼ਹੀਦ ਭਗਤ ਸਿੰਘ ਦਾ 105 ਵਾਂ ਜਨਮ ਦਿਹਾੜਾ ਸੀ। ਜਿਸਨੂੰ ਭਗਤ ਸਿੰਘ ਦੇ ਸਿਧਾਂਤਕ ਅਤੇ ਵਿਚਾਰਧਾਰਾ ਦੀ ਵਿਰਾਸਤ ਦੇ ਵਾਰਸਾਂ ਨੇ ਹਰ ਥਾਵੇਂ ਇਨਕਲਾਬੀ ਭਾਵਨਾ ਨਾਲ ਮਨਾਇਆ। ਸਭ ਤੋਂ ਵੱਡੀ ਗੱਲ ਕਿ ਇਸ ਦਿਹਾੜੇ ਨੂੰ ਲਹਿੰਦੇ ਪੰਜਾਬ ਦੇ ਪੰਜਾਬੀ ਭੈਣਾਂ-ਭਰਾਵਾਂ ਨੇ  ਬੜੇ ਹੀ ਜੋਸ਼–ਖਰੋਸ਼ ਨਾਲ ਲਹੌਰ ਵਿਚ ਮਨਾਇਆ। ਜਿਸ ਜੇਲ੍ਹ ਵਿਚ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ 23 ਮਾਰਚ 1931 ਦੇ ਦਿਹਾੜੇ ਅੰਗਰੇਜ਼ਾਂ ਵਲੋਂ ਫਾਂਸੀ ਦਿੱਤੀ ਗਈ ਸੀ ਦੇਸ਼ ਦੇ ਅਜਾਦ ਹੋਣ ਤੋਂ ਬਾਅਦ ਪਾਕਿਸਤਾਨੀ ਹਾਕਮਾਂ ਨੇ ਉਸ ਜੇਲ੍ਹ ਨੂੰ ਢਾਹ ਦਿੱਤਾ  ਅਤੇ ਸਾਡੇ ਸ਼ਹੀਦਾਂ ਨਾਲ ਸਬੰਧਤ ਯਾਦਗਾਰੀ ਸਥਾਨ ਨੂੰ ਰੋਲ਼ ਦਿੱਤਾ ਗਿਆ। ਉਹ ਜੇਲ ਕੋਠੜੀ ਵੀ ਨਾ ਸਾਂਭੀ ਗਈ ਜਿੱਥੇ ਇਹ ਦੇਸ਼ ਭਗਤ ਸੂਰਮਿਆਂ ਦੀ ਜੇਲਬੰਦੀ ਰਹੀ। ਜੇਲ੍ਹ ਨੂੰ ਢਾਹੁਣ ਤੋਂ ਬਾਅਦ ਇੱਥੇ ਨਵੀਂ ਅਬਾਦੀ ਉਸਾਰ ਦਿੱਤੀ ਗਈ ਅਤੇ ਜੇਲ ਦੀ ਭਗਤ ਸਿੰਘ ਵਾਲੀ ਜੇਲ ਕੋਠੜੀ ਵਾਲੇ ਥਾਵੇਂ ਇਕ ਚੌਰਾਹਾ ਭਾਵ ਚੌਕ ਉਸਾਰ ਦਿੱਤਾ ਗਿਆ ਅਤੇ ਉਸ ਚੌਕ ਦਾ ਨਾਂ ਰੱਖ ਦਿਤਾ ਗਿਆ ‘ਸ਼ਾਦਮਾਨ ਚੌਕ’ ।  ਯਾਦ ਰੱਖਿਆ ਜਾਵੇ ਕਿ ਸ਼ਾਦਮਾਨ ਦਾ ਮਤਲਬ ਹੁੰਦਾ ਹੈ ਖੁਸ਼ੀਆ ਵਾਲਾ ਘਰ ਜਾਂ ਖੁਸ਼ੀਆਂ ਵਾਲਾ ਵਿਹੜਾ। ਭਗਤ ਸਿੰਘ ਦੀ ਸੋਚ ਦੇ ਵਾਰਸਾਂ ਨੂੰ ਇਹ ਮੰਨਜ਼ੂਰ ਨਹੀਂ ਸੀ ਅਤੇ ਉਨ੍ਹਾਂ ਇਸ ਬਾਰੇ ਮੰਗ ਰੱਖ ਦਿੱਤੀ ਕਿ ਇਨਕਲਾਬੀਆਂ ਨਾਲ ਸਬੰਧਤ ਥਾਵੇਂ ਬਣੇ ਇਸ  ਯਾਦਗਾਰੀ ਚੌਕ ਦਾ ਨਾਂ ਸ਼ਾਦਮਾਨ ਚੌਕ ਨਹੀਂ ਸਗੋਂ ਭਗਤ ਸਿੰਘ ਚੌਕ ਰੱਖਿਆ ਜਾਵੇ ਕਿਉਂਕਿ ਇਹ ਸਾਡੀ ਸਾਂਝੀ ਇਤਿਹਾਕ ਥਾਂ ਹੈ। ਉਦੋਂ ਤੋਂ ਹੀ ਭਗਤ ਸਿੰਘ ਦੇ ਜਨਮ ਦਿਹਾੜੇ ਅਤੇ ਸ਼ਹੀਦੀ ਵਾਲੇ ਦਿਹਾੜੇ ਯਾਦ ਵਜੋਂ ਇੱਥੇ ਲੋਕ ਜੁੜਦੇ ਅਤੇ ਆਪਣੀ ਮੰਗ ਦੁਹਰਾ ਦਿੰਦੇ। ਇਹ ਪਾਕਿਸਤਾਨ ਵਿਚ ਹੀ ਨਹੀਂ ਭਾਰਤ ਵਿਚ ਅਤੇ ਬਾਹਰਲੇ ਮੁਲਕੀਂ ਵੀ ਇਸ ਮੰਗ ਨੂੰ ਦੁਹਰਾਇਆ ਜਾਂਦਾ ਰਿਹਾ। ਸਾਲਾਂ ਦੇ ਸਾਲ ਇਸ ਮੰਗ ਨੂੰ ਲੈ ਕੇ ਲੋਕ ਜੁੜਦੇ ਗਏ। ਇਸ ਵਾਰ ਵੀ ਹਿੰਦੁਸਤਾਨ ਅਤੇ ਪਾਕਿਸਤਾਨ ਸਿਵਲ ਸੋਸਾਇਟੀ ਦੇ ਲੋਕਾਂ ਨੇ ਫੈਸਲਾ ਕੀਤਾ ਕਿ ਦੋਵਾਂ ਪਾਸਿਆਂ ਤੋਂ ਸਿਵਲ ਸੋਸਾਇਟੀ ਦੇ ਲੋਕ ਜੁੜ ਕੇ ਲਾਹੌਰ ਵਿਚ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਉਣਗੇ। ਚੜ੍ਹਦੇ ਪੰਜਾਬ ਤੋਂ ਜਾਣ ਵਾਲੇ ਸਿਵਲ ਸੋਸਾਇਟੀ ਦੇ 32 ਮੈਂਬਰੀ ਵਫਦ ਦੇ ਵੀਜਿ਼ਆਂ ਨੂੰ ਮੰਨਜੂਰੀ ਨਾ ਮਿਲਣ ਕਾਰਨ ਉਹ ਨਾ ਜਾ ਸਕੇ। ਇੱਥੇ ਪਾਕਿਸਤਾਨ ਦੀਆਂ 24 ਸਿਆਸੀ ਅਤੇ ਗੈਰ ਸਿਆਸੀ ਜਥੇਬੰਦੀਆਂ ਨੇ ਇਕੱਠੇ ਹੋ ਕੇ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ । ਲਾਹੌਰ ਦੇ ਇਕ ਥੀਏਟਰ ਵਿਚ ਭਗਤ ਸਿੰਘ ਦੀ ਫਿਲਮ ਵਿਖਾਈ ਗਈ ਅਤੇ ਪਾਕਿਸਤਾਨ ਦੇ ਉੱਘੇ ਨਾਟਕ ਕਰਮੀਆਂ ਵਲੋਂ ਅਜੋਕਾ ਥੀਏਟਰ ਦੀ ਬੀਬੀ ਮਾਦੀਹਾ ਗੌਹਰ ਵਲੋਂ ਇਸ ਚੌਕ ਵਿਚ ‘ਰੰਗ ਦੇ ਬਸੰਤੀ’ ਨਾਮ ਦਾ ਨਾਟਕ ਪੇਸ਼ ਕੀਤਾ ਗਿਆ। ਯਾਦ ਰਹੇ ਇਸ ਜਨਮ ਦਿਹਾੜੇ ਲੋਕਾਂ ਵਲੋਂ ਵਰ੍ਹਿਆਂ ਤੋਂ ਕੀਤੀ ਜਾ ਰਹੀ ਮੰਗ ਨੂੰ ਪੂਰੀ ਕਰਦਿਆਂ ਪਾਕਿਸਤਾਨ ਸਰਕਾਰ ਨੇ ਇਸ ਚੌਕ ਦਾ ਨਾਂ ਸ਼ਾਦਮਾਨ ਚੌਕ ਦੀ ਥਾਂ ਹੁਣ ‘ਭਗਤ ਸਿੰਘ ਚੌਕ’ ਰੱਖ ਦਿੱਤਾ ਹੈ। ਲੋਕਾਂ ਦੀ ਹੋਈ ਇਹ ਜਿੱਤ, ਸਾਡੇ ਸਭ ਵਾਸਤੇ ਇਕ ਸਬਕ ਬਣਦਾ ਹੈ ਕਿ ਲੜੇ ਬਿਨਾਂ ਹੱਕ  ਪ੍ਰਾਪਤ ਨਹੀਂ ਹੁੰਦੇ-ਇਸ ਮੰਗ ਬਾਰੇ ਲੋਕ ਲੜੇ ਤੇ ਜਿੱਤ ਗਏ। ਖਾਸ ਗੱਲ ਕਿ ਪਾਕਿਸਤਾਨੀ ਸਰਕਾਰ ਵਲੋਂ ਵੀ ਇਸ ਦਿਹਾੜੇ ਸਦਭਾਵਨਾ ਭਰੀ ਸੋਚ ਦਾ ਅਮਲੀ ਪ੍ਰਗਟਾਵਾ ਕੀਤਾ ਗਿਆ ਇਸ ਵਾਸਤੇ ਲਹਿੰਦੇ ਪੰਜਾਬ ਦੀ ਸੂਬਾਈ ਸਰਕਾਰ ਤੇ ਪਾਕਿਸਤਾਨ ਸਰਕਾਰ ਅਤੇ ਉਨ੍ਹਾਂ ਅਧਿਕਾਰੀਆਂ ਦਾ ਧੰਨਵਾਦ ਕਰਨਾ ਬਣਦਾ ਹੈ ਜਿਨ੍ਹਾਂ ਨੇ ਮੌਕੇ ਦੀ ਨਜ਼ਾਕਤ ਜਾਣਦਿਆਂ ਸਹੀ ਫੈਸਲਾ ਲੈ ਕੇ ਲੋਕਾਂ ਦੀ ਸੋਚ ਦਾ ਸਨਮਾਨ ਕੀਤਾ ਅਤੇ ਪੰਜਾਬੀਆਂ ਦੇ ਇਨਕਲਾਬੀ ਵਿਰਸੇ ਨੂੰ ਕਬੂਲਦਿਆਂ ਇਹ ਸਹੀ ਕਦਮ ਚੁੱਕਿਆ ਅਤੇ ਉਸ ਜੇਲ੍ਹ ਵਾਲੀ ਥਾਵੇਂ ਉਸਰੇ ਚੌਕ ਦਾ ਨਾਂ ‘ਭਗਤ ਸਿੰਘ ਚੌਕ’ ਰੱਖ ਦਿੱਤਾ। ਇਸ ਨੂੰ ਅਮਲ ਵਿਚ ਲਿਆਉਣ ਵਾਲੇ ਸਭ ਲੋਕਾਂ ਦਾ ਸ਼ੁਕਰੀਆਂ ਅਤੇ ਸਾਲਾਂ ਬੱਧੀ ਇਸ ਮਸਲੇ ਬਾਰੇ ਘੋਲ ਕਰਨ ਵਾਲਿਆਂ ਨੂੰ ਜਿੱਤ ਦੀਆਂ ਮੁਬਾਰਕਾਂ।

ਜਿ਼ਕਰਯੋਗ ਹੈ ਕਿ ਜਿਲਾ ਮੁਖੀ ਨੁਰੂਲ ਅਮੀਨ ਮੇਂਗਲ ਨੇ ਹਾਲ ਹੀ ਵਿਚ ਜਿਲਾ ਪ੍ਰਸ਼ਾਸਨ ਨੂੰ ਇਕ ਹਫਤੇ ਦੇ ਅੰਦਰ ਚੌਕ ਦਾ ਨਾਂਅ ਭਗਤ ਸਿੰਘ ਦੇ ਨਾਂਅ ਤੇ ਰੱਖਣ ਦੀ ਤਿਆਰੀ ਕਰਨ ਵਾਸਤੇ ਕਿਹਾ ਸੀ। ਚੌਕ ਦਾ ਨਾਂ ਚੌਧਰੀ ਰਹਿਮਾਨ ਅਲੀ ਦੇ ਨਾਂਅ ’ਤੇ ਰੱਖਣ ਸਬੰਧੀ ਆਈ ਅਰਜ਼ੀ ’ਤੇ ਵਿਚਾਰ ਲਈ ਪ੍ਰਸ਼ਾਸਨ ਦੇ ਪ੍ਰਚਾਰ ਅਧਿਕਾਰੀ ਨਈਮ ਗਿਲਾਨੀ ’ਤੇ ਨਰਾਜ਼ਗੀ ਜ਼ਾਹਰ ਕਰਦਿਆਂ ਜਨਾਬ ਮੇਂਗਲ ਨੇ ਸਵਾਲ ਕੀਤਾ ‘ਕੀ ਤੁਹਾਨੂੰ ਪਤਾ ਹੈ ਭਗਤ ਸਿੰਘ ਕੌਣ ਸੀ? ਉਨ੍ਹਾਂ ਕਿਹਾ ਕਿ ਭਗਤ ਸਿੰਘ ਨੇ ਇਸ ਉਪ ਮਹਾਂਦੀਪ ਵਿਚ ਕਰਾਂਤੀ ਲਈ ਅਵਾਜ਼ ਬੁਲੰਦ ਕਰਕੇ ਅੰਗਰੇਜ਼ਾਂ ਨਾਲ ਲੋਹਾ ਲਿਆ ਸੀ ਅਤੇ ਇਸੇ ਥਾਂ ਉੱਤੇ ਸ਼ਹੀਦ ਹੋਏ ਸਨ। ਜਨਾਬ ਮੈਂਗਲ ਨੇ ਕਿਹਾ ਕਿ ਸੰਵਿਧਾਨ ਦੇ ਮੁਤਾਬਿਕ ਮੁਸਲਿਮ, ਸਿੱਖ, ਹਿੰਦੂ ਅਤੇ ਇਸਾਈਆਂ ਸਮੇਤ ਸਾਰੇ ਪਾਕਿਸਤਾਨੀ ਨਾਗਰਿਕਾਂ ਨੂੰ ਬਰਾਬਰ ਦੇ ਅਧਿਕਾਰ ਪ੍ਰਾਪਤ ਹਨ, ਅਤੇ ਕਿਸੇ ਨੂੰ ਵੀ ਚੌਕ ਦਾ ਨਾਂ ਭਗਤ ਸਿੰਘ ਦੇ ਨਾਂ ’ਤੇ ਰੱਖਣ ਬਾਰੇ ਇਤਰਾਜ਼ ਨਹੀਂ ਹੋਣਾ ਚਾਹੀਦਾ । ਉਨ੍ਹਾਂ ਅਧਿਕਾਰੀਆਂ ਨੂੰ ਚੌਕ ਵਿਚ ਬੋਰਡ ਲਾਉਣ ਦਾ ਹੁਕਮ ਦਿੱਤਾ  ਜਿਸ ’ਤੇ ‘ਭਗਤ ਸਿੰਘ ਚੌਕ’ ਲਿਖਿਆ ਹੋਵੇਗਾ।

ਜਨਾਬ ਮੇਂਗਲ ਨੇ ਕਿਹਾ ਕਿ ਸ਼ਾਦਮਾਨ ਚੌਕ ਦਾ ਨਾਂਅ ਬਦਲਣ ਦਾ ਅਰਥ ਭਗਤ ਸਿੰਘ ਦੀ ਕ੍ਰਾਂਤੀਕਾਰੀ ਭਾਵਨਾ ਜਾਂ ਸੋਚ  ਨੂੰ ਮਾਨਤਾ ਦੇਣਾ ਹੈ।

ਯਾਦ ਰਹੇ ਕਿ ਲਾਹੌਰ ਤੋਂ 80 ਕਿਲੋਮੀਟਰ ਦੂਰ ਜੜ੍ਹਾਂਵਾਲਾ ਤਹਿਸੀਲ ਦਾ ਪਿੰਡ ਬੰਗਾ ਭਗਤ ਸਿੰਘ ਦਾ ਜੱਦੀ ਪਿੰਡ ਹੈ ਜਿੱਥੇ ਭਗਤ ਸਿੰਘ ਦੇ ਦਾਦੇ ਨੇ ਇਕ ਪ੍ਰਾਇਮਰੀ ਸਕੂਲ ਬਣਵਾਇਆ ਸੀ ਪਰ ਜਿਸਦੀ ਹਾਲਤ ਹੁਣ ਖਸਤਾ ਹੋ ਚੁੱਕੀ ਹੈ।

ਜਦੋਂ ਸ਼ਾਦਮਾਨ ਚੌਕ ਦਾ ਨਾਂ ਬਦਲ ਕੇ  ਭਗਤ ਸਿੰਘ ਚੌਕ  ਰੱਖਣ ਦੀ ਗੱਲ ਹੋਈ ਤਾਂ ਵਿਚ ਇਕ ਹੋਰ ਨਾਂ ਵੀ ਤਜਵੀਜ਼ ਕੀਤਾ ਗਿਆ ਸੀ ਚੌਧਰੀ ਰਹਿਮਤ ਅਲੀ ਦਾ ਨਾਂ। ਭਲਾਂ ਇਹ ਚੌਧਰੀ ਰਹਿਮਤ ਅਲੀ ਪਤਾ ਕੌਣ ਸੀ –1930 - 33 ਦੇ ਦੌਰਾਨ ਉਹਨੇ ਇੰਗਲੈਂਡ ਦੀਆਂ ਕੈਂਬਰਿਜ  ਅਤੇ ਡਬਲਿਨ ਯੂਨੀਵਰਸਿਟੀਆਂ ਤੋਂ ਵਿੱਦਿਆ ਪ੍ਰਾਪਤ ਕੀਤੀ ਸੀ। 28 ਜਨਵਰੀ 1933 ਨੂੰ ਉਹਨੇ ਇਕ ਯਾਦਗਾਰੀ ਕਿਹਾ ਜਾਂਦਾ ਪੈਂਫਲਿਟ ਵੰਡਿਆ ਸੀ ਜਿਸਦਾ ਮਜ਼ਮੂਨ ਸੀ  “ਂੋੱ ੋਰ ਂੲਵੲਰ : ਅਰੲ ੱੲ ਟੋ ਲਵਿੲ ੋਰ ਪੲਰਸਿਹ ਾੋਰ ੲਵੲਰ” ਅਤੇ ਇਸ ਪੈਂਫਲਿਟ ਵਿਚ ਪਹਿਲੀ ਵਾਰ ਲਫ਼ਜ਼ “ਪਾਕਿਸਤਾਨ” ਵਰਤਿਆ ਗਿਆ ਸੀ ਇਸ ਕਰਕੇ ਚੌਧਰੀ ਰਹਿਮਤ ਅਲੀ ਨੂੰ ਪਾਕਿਸਤਾਨੀ  ਰਾਜ ਜਾਂ ਰਾਸ਼ਟਰ ਦਾ ਨਿਰਮਾਤਾ ਵੀ ਆਖਿਆ ਜਾਂਦਾ ਹੈ। ਇਹ ਪਾਕਿਸਤਾਨ ਦੀ ਨੈਸ਼ਨਲ ਮੂਵਮੈਂਟ ਦਾ ਆਗੂ ਸੀ ਜਿਸਦਾ ਹੈਡਕੁਆਟਰ ਵੀ ਕੈਂਬਰਿਜ ਵਿਖੇ ਹੀ ਸੀ। ਇਸ ਕਰਕੇ ਹੀ ਜਨਾਬ ਮੈਂਗਲ ਨੇ ਚੌਧਰੀ ਦੇ ਨਾਂ ਦੀ ਤਜਵੀਜ ਕਰਨ ਵਾਲੇ ਡਾ: ਨਾਦੀਮ ਨੂੰ ਪੁੱਛਿਆ ਸੀ ਕੀ ਤੁਹਾਨੂੰ ਪਤਾ ਹੈ ਭਗਤ ਸਿੰਘ ਕੌਣ ਸੀ। ਜਨਾਬ ਮੈਂਗਲ ਨੇ ਕਿਹਾ ਕਿ ਭਗਤ ਸਿੰਘ ਨੇ ਇਸ ਉਪ ਮਹਾਂਦੀਪ ਵਿਚ ਕਰਾਂਤੀ ਲਈ ਅਵਾਜ਼ ਬੁਲੰਦ ਕਰਕੇ ਅੰਗਰੇਜ਼ਾਂ ਨਾਲ ਲੋਹਾ ਲਿਆ ਸੀ ਅਤੇ ਇਸੇ ਥਾਂ ਉੱਤੇ ਜਿੱਥੇ ਚੌਕ ਹੈ ਸ਼ਹੀਦ ਹੋਏ ਸਨ।

ਇਸਤੋਂ ਬਾਅਦ ਵੀ ਇਕ ਖਬਰ ਆਈ ਹੈ ਕਿ ਲਹੌਰ ਦੇ ਸਰਵਿਸਜ਼ ਹਸਪਤਾਲ ਦੇ ਨੇੜਲੇ ਜੇਲ ਰੋਡ ਚੌਕ ਦਾ ਨਾਂ ਹੁਣ ਰਹਿਮਤ ਅਲੀ ਚੌਕ ਰੱਖ ਦਿੱਤਾ ਗਿਆ ਹੈ।

ਸ਼ਾਦਮਾਨ ਚੌਕ ਤੋਂ ਭਗਤ ਸਿੰਘ ਚੌਕ ਬਣਨ ਦੀ ਇਹ ਸਾਰੀ ਕਹਾਣੀ ਕਿਵੇਂ ਚੱਲੀ  ਇਸ ਦੇ ਪਿਛੋਕੜ ਵੱਲ ਵੀ ਨਜ਼ਰ ਮਾਰ ਲੈਣੀ ਚਾਹੀਦੀ ਹੈ। ਇਸ ਵਾਸਤੇ ਘੋਲ਼ ਦੇਰ ਤੋਂ ਚੱਲ ਰਿਹਾ ਸੀ ਪਰ ਇਸੇ ਸਾਲ ਅਪਰੈਲ ਵਿਚ ਲਹਿੰਦੇ  ਪੰਜਾਬ ਦੀ ਸੂਬਾਈ ਅਸੈਬਲੀ ਦੇ ਚਕਵਾਲ ਤੋਂ ਚੁਣੇ ਹੋਏ ਮੈਂਬਰ ਜਨਾਬ ਜੁਲਫਕਾਰ ਗੋਂਦਲ ਨੇ ਪੰਜਾਬ ਅਸੈਬਲੀ ਵਿਚ ਇਸ ਸਬੰਧੀ ਇਕ ਮਤਾ ਰੱਖਿਆ ਸੀ ਕਿ ਸ਼ਾਦਮਾਨ ਚੌਕ ਦੀ ਥਾਵੇਂ ਇਸਦਾ ਨਾਂ ਭਗਤ ਸਿੰਘ ਚੌਕ ਹੋਵੇ ਕਿਉਂਕਿ ਇਹ ਸਾਡੇ ਵਿਰਸੇ ਨਾਲ ਸਬੰਧਤ ਇਤਿਹਾਸਕ ਥਾਂ ਹੈ, ਜਿੱਥੇ ਦੇਸ਼ ਭਗਤਾਂ ਨੂੰ ਅੰਗਰੇਜਾਂ ਵਲੋਂ ਫਾਹੇ ਲਾਇਆ ਗਿਆ ਸੀ। ਅਸੰਬਲੀ ਦੇ ਸਪੀਕਰ ਨੇ ਇਸ ਬਾਰੇ ਫੌਰੀ ਤਾਂ ਕੋਈ ਫੈਸਲਾ ਨਹੀਂ ਸੀ ਕਰ ਸਕਣਾ ਪਰ ਹੁਣ ਜਦੋਂ ਜਿਲੇ ਦੇ ਅਧਿਕਾਰੀਆਂ ਰਾਹੀਂ ਫੈਸਲਾ ਆਇਆ ਤਾਂ ਚੰਗਾ ਹੀ ਹੋਇਆ। ਲੋਕਾਂ ਦੇ ਅਜਿਹੇ ਚੁਣੇ ਹੋਏ ਜਨਾਬ ਗੋਂਦਲ ਵਰਗੇ ਮੈਂਬਰ ਵੀ ਇਸ ਹੋਏ ਅਮਲ ਵਾਸਤੇ ਮੁਬਾਰਕ ਦੇ ਹੱਕਦਾਰ ਹਨ। ਪੰਜਾਬ ਅਸੈਂਬਲੀ ਵਿਚ ਮਤਾ ਪੇਸ਼ ਕਰਨ ਵਾਲੇ ਇਸ ਜਨਾਬ ਗੋਂਦਲ ਦੇ ਵੱਡੇ ਭਰਾ ਨਜ਼ਰ ਗੋਂਦਲ ਵੀ ਪਾਕਿਸਤਾਨੀ ਨੈਸ਼ਨਲ ਅਸੰਬਲੀ ਦੇ ਮੈਂਬਰ ਹਨ। ਇਹ ਦੋਵੇਂ ਚਕਵਾਲ ਤੋਂ ਹਨ। ਸਾਡੇ ਭਾਰਤ ਦੇ ਪ੍ਰਧਾਨ ਮੰਤਰੀ ਸਰਦਾਰ ਮਨਮੋਹਣ ਸਿੰਘ ਵੀ ਚਕਵਾਲ ਤੋਂ ਹੀ ਆਏ ਹੋਏ ਹਨ।

ਚੌਕ ਦੇ ਇਸ ਮਸਲੇ ਬਾਰੇ ਜਰਮਨੀ ਵਿਚ ਵਸਦੇ ਪੰਜਾਬੀ ਵੀ ਪਿੱਛੇ ਨਹੀਂ ਰਹੇ। ਬੀਤੀ ਮਈ ਵਿਚ ਲਹਿੰਦੇ ਪੰਜਾਬ ਨਾਲ ਸਬੰਧਤ ‘ਚੰਗਾਰੀ ਫੋਰਮ ਜਰਮਨੀ’ ਅਤੇ ‘ਪਾਕਿ ਯੂਰੋ ਜਰਨਲਿਸਟ ਫੋਰਮ’ ਵਲੋਂ ਡਾਨੀਅਲ ਰਜ਼ਾ ਅਤੇ ਜਨਾਬ ਤਾਹਿਰ ਮਲਿਕ ਵਲੋਂ ਆਪਣੇ ਸਾਥੀਆਂ ਨਾਲ ਰਲਕੇ ਫਰੈਂਕਫਰਟ ਵਿਖੇ ਇਸ ਮਸਲੇ ਬਾਰੇ ਚੰਗਾ ਸਮਗਮ ਕੀਤਾ ਗਿਆ ਸੀ। ਮੈਂਨੂੰ ਇੱਥੇ ਇਹ ਦੱਸਦਿਆਂ ਵੀ ਖੁਸ਼ੀ ਹੋ ਰਹੀ ਹੈ ਕਿ ਇਨ੍ਹਾਂ ਭਰਾਵਾਂ ਨੇ ਮੈਨੂੰ ਵੀ ਭਗਤ ਸਿੰਘ ਦੇ ਜੀਵਨ ਅਤੇ ਵਿਚਾਰਧਾਰਾ ਸਬੰਧੀ ਬੋਲਣ ਲਈ ਸੱਦਿਆ ਸੀ। ਮੈਂ ਇੱਥੇ ਭਗਤ ਸਿੰਘ ਦੇ ਜੀਵਨ ਅਤੇ ਵਿਚਾਰਧਾਰਾ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ ਸਨ। ਇਸੇ ਤਰ੍ਹਾਂ ਹਾਈਡਲਬਰਗ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਤੋਂ ਪ੍ਰੋ: ਡਾਕਟਰ ਵਕਾਰ ਅਲੀ ਸ਼ਾਹ ਨੇ ਗਦਰ ਪਾਰਟੀ ਬਾਰੇ ਬਹੁਤ ਭਾਵਪੂਰਤ ਵਿਚਾਰ ਰੱਖੇ ਸਨ। ਪੰਜਾਬੀਆਂ ਦਾ ਇਹ ਸਾਂਝਾ ਇਕੱਠ ਚੰਗੇ ਵਿਚਾਰ ਪੇਸ਼ ਕਰ ਗਿਆ ਸੀ ਪਰ ਇੱਥੇ ਮੈਂ ਇਕ ਗੱਲ ਹੋਰ ਸਾਂਝੀ ਕਰਦਾ ਜਾਵਾਂ ਕਿ ਫਰੈਕਫਰਟ ਦੇ ਅੰਦਰ ਜਾਂ ਨੇੜਲੇ ਖੇਤਰ ਵਿਚ ਹਜਾਰਾਂ ਹੀ ਪੰਜਾਬੀ ਚੜ੍ਹਦੇ ਪੰਜਾਬ ਤੋਂ ਵੀ ਰਹਿ ਰਹੇ ਹਨ ਅਤੇ ਭਗਤ ਸਿੰਘ ਦੇ ਨਾਂ ਤੇ ਕੁੱਝ ਕੁ ਸੰਸਥਾਵਾਂ ਵੀ ਫਰੈਂਕਫਰਟ ਦੇ ਖੇਤਰ ਵਿਚ ਬਣੀਆਂ ਹੋਈਆਂ ਹਨ , ਪਰ ਉਨ੍ਹਾਂ ਵਿਚੋਂ ਕੋਈ ਵੀ ਇੱਥੇ ਨਹੀਂ ਸੀ ਪਹੁੰਚਿਆ। ਸਾਨੂੰ ਆਪਣੇ ਫਰਜਾਂ ਅਤੇ ਆਪਣੇ ਵਿਰਸੇ ਤੋਂ ਇੰਨੇ ਅਵੇਸਲੇ ਨਹੀਂ ਹੋਣਾ ਚਾਹੀਦਾ। ਆਪਣੇ ਵਿਰਸੇ ਅਤੇ ਆਪਣੀ ਵਿਰਾਸਤ ਨਾਲੋਂ ਟੁੱਟਿਆ ਮਨੁੱਖ ਦਰੱਖਤ ਤੋਂ ਟੁੱਟੇ ਪੱਤੇ ਵਰਗਾ ਹੀ ਹੁੰਦਾ ਹੈ ਜਿਸਦਾ ਕੋਈ ਟਿਕਾਣਾ ਨਹੀਂ ਹੁੰਦਾ।

ਇਸ ਸਮਾਗਮ ਵਿਚ ਭਗਤ ਸਿੰਘ ਬਾਰੇ, ਗਦਰ ਪਾਰਟੀ ਬਾਰੇ ਹੋਈਆਂ ਵਿਚਾਰਾਂ ਦੇ ਨਾਲ ਹੀ ਦੋ ਮਤੇ ਵੀ ਪਾਸ ਕਰਕੇ ਪਾਕਿਸਤਾਨ ਵਿਚ ਪੰਜਾਬ ਦੀ ਅਸੈਬਲੀ ਨੂੰ ਭੇਜੇ ਗਏ ਸਨ ਇਹ ਦੋਵੇਂ ਮਤੇ ਇਹ ਸਨ :

ਪਹਿਲਾ ਮਤਾ  :  ਕਿ ਲਹੌਰ ਦੇ ਸ਼ਾਦਮਾਨ ਚੌਕ ਦਾ ਨਾਂ ਸ਼ਹੀਦ ਭਗਤ ਸਿੰਘ ਚੌਕ ਰੱਖਿਆ ਜਾਵੇ ਅਤੇ ਇਨਕਲਾਬੀ ਵਿਰਸੇ ਨੂੰ ਚੇਤੇ ਕਰਨ ਵਾਸਤੇ ਇੱਥੇ ਸ਼ਹੀਦਾਂ ਨਾਲ ਸਬੰਧਤ ਯਾਦਗਾਰ ਕਾਇਮ ਕੀਤੀ ਜਾਵੇ।ਦੂਸਰੇ ਮਤੇ ਵਿਚ ਮੰਗ ਕੀਤੀ ਗਈ ਸੀ ਕਿ ਹਿੰਦ ਮਹਾਂਦੀਪ ਦੇ ਮੁਲਕਾਂ ਵਿਚ ਇਨਕਲਾਬੀ ਦੇਸ਼ ਭਗਤਾਂ ਨਾਲ ਸਬੰਧਤ ਸਾਰੀਆਂ ਥਾਵਾਂ ’ਤੇ ਉਨ੍ਹਾਂ ਦੇ ਨਾਵਾਂ ਦੀਆਂ  ਤਖਤੀਆਂ / ਪਲੇਟਾਂ ਲਾਈਆਂ ਜਾਣ ਜਿਨ੍ਹਾਂ ਉੱਤੇ ਉਨ੍ਹਾਂ ਦੇ ਦੇਸ਼ਭਗਤੀ ਦੇ ਕਾਰਜਾਂ ਦਾ ਉਲੇਖ ਦਰਜ ਕੀਤਾ ਜਾਵੇ ਤਾਂ ਕਿ ਸਾਡੇ ਅਮੀਰ ਇਨਕਲਾਬੀ ਵਿਰਸੇ ਤੋਂ ਹਰ ਕੋਈ ਜਾਣੂ ਹੋ ਸਕੇ। ਸਾਡੀਆਂ ਅਗਲੀਆਂ ਨਸਲਾਂ ਆਪਣੀ ਇਨਕਲਾਬੀ ਵਿਰਾਸਤ ਨਾਲ ਜੁੜੀਆਂ ਰਹਿ ਸਕਣ।

ਫਰੈਕਫਰਟ ਵਲੋਂ ਚੁੱਕੀ ਆਵਾਜ਼ ਦਾ ਪਹਿਲਾ ਮਤਾ ਤਾਂ ਪੂਰਾ ਹੋ ਗਿਆ, ਲੋਕਾਂ ਦੇ ਸੰਘਰਸ਼ ਕਰਕੇ  ਚੌਕ ਦਾ ਨਾਂ ‘ਭਗਤ ਸਿੰਘ ਚੌਕ’ ਰੱਖ ਦਿੱਤਾ ਗਿਆ।  ਦੂਜੇ ਮਤੇ ਬਾਰੇ ਸਰਕਾਰੀ ਐਲਾਨ ਤਾਂ ਅਜੇ ਕੋਈ ਨਹੀਂ ਆਇਆ ਪਰ ਭਗਤ ਸਿੰਘ ਦੇ ਵਾਰਸ ਜਾਗੇ ਹਨ ਡੇਲੀ ਟਾਈਮਜ਼ ਦੀ ਖਬਰ ਮੁਤਾਬਿਕ ਦੁਨੀਆਂ ਅੰਦਰ ਅਮਨ ਕਾਇਮ ਕਰਨ ਦੇ ਚਾਹਵਾਨ “ਇਸੰਟੀਚਿਊਟ ਆਫ ਪੀਸ ਐਂਡ ਸੈਕੂਲਰ ਸਟੱਡੀਜ਼’ ਨੇ ਇਕ ਬਿਆਨ ’ਚ ਕਿਹਾ ਹੈ ਕਿ ਇਹ ਫੈਸਲਾ ਉਨ੍ਹਾਂ ਲੋਕਾਂ ਦੀ ਜਿੱਤ ਹੈ ਜੋ ਇਸ ਮੁੱਦੇ ਨੂੰ ਲੈ ਕੇ ਲੰਮੇ ਸਮੇਂ ਤੋਂ ਰੈਲੀਆਂ ਅਤੇ ਸੰਘਰਸ਼ ਕਰ ਰਹੇ ਸਨ। ਜਥੇਬੰਦੀ ਨੇ ਕਿਹਾ ਕਿ ਉਨ੍ਹਾਂ ਦੀ ਯੋਜਨਾ ਭਗਤ ਸਿੰਘ ਚੌਕ ਵਿਖੇ ਸ਼ਹੀਦ-ਇ-ਆਜ਼ਮ ਭਗਤ ਸਿੰਘ ਦਾ ਬੁੱਤ ਲਾਉਣ ਅਤੇ ਉਨ੍ਹਾਂ ਦੀ ਲਿਖੀ ਇਕ ਕਵਿਤਾ ਅਤੇ ਜੀਵਨ ਵੇਰਵੇ ਬਾਰੇ  ਸਿ਼ਲਾਲੇਖ ਭਾਵ / ਤਖਤੀਆਂ ਲਾਉਣ ਦੀ ਹੈ। ਇਸ ਐਲਾਨ ਨਾਲ ਆਪਣੇ ਵਿਰਸੇ ਦੇ ਜਾਗਦੇ ਵਾਰਸਾਂ ਦੇ ਦਰਸ਼ਣ ਹੋਏ ਹਨ।

ਪੰਜਾਬੀਆਂ ਦੇ ਇਨਕਲਾਬੀ ਵਿਰਸੇ ਦਾ ਲੰਮਾ ਇਤਿਹਾਸ ਹੈ। ਕਦੇ ਗਦਰ ਪਾਰਟੀ, ਹੋਰ ਛੋਟੇ ਮੋਟੇ ਗਰੁੱਪ, ਭਗਤ ਸਿੰਘ ਦੇ ਸਾਥੀਆਂ ਦੀ ਤਹਿਰੀਕ, ਬਬਰ ਅਕਾਲੀਆਂ ਦੀ ਲਹਿਰ, ਕਿਰਤੀ ਪਾਰਟੀ ਦਾ ਯੋਗਦਾਨ, ਅਕਾਲੀਆਂ ਦੇ ਗੁਰਦੁਆਰਿਆਂ ਸਬੰਧੀ ਲਾਏ ਮੋਰਚੇ ਤੇ ਜਿੱਤਾਂ (ਮਾਫ ਕਰਨਾ  ਹੁਣ ਵਾਲੇ ਅਕਾਲੀ ਉਸ ਤਹਿਰੀਕ ਦੇ ਵਾਰਿਸ ਨਹੀਂ) ਇਹ ਸਾਰੀਆਂ ਗੱਲਾਂ ਸਾਡੇ ਅੰਦਰ ਉਤਸ਼ਾਹ ਪੈਦਾ ਕਰਦੀਆਂ। ਭਗਤ ਸਿੰਘ ਤੇ ਹੋਰ ਸ਼ਹੀਦ ਸਾਡੇ ਸਭ ਦੇ ਸਾਂਝੇ ਹਨ, ਅਸੀਂ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਪੰਜਾਬੀ ਇਸ ਸਾਂਝੀ ਵਿਰਾਸਤ ਦੇ ਵਾਰਿਸ ਹਾਂ। ਸਾਡੇ ਵਾਸਤੇ ਰਹਿਮਤ ਅਲੀ ਵਜੀਦਕੇ ਜਾਂ ਹੋਰ ਹਜਾਰਾਂ ਸ਼ਹੀਦ ਭਗਤ ਸਿੰਘ ਵਾਂਗ ਹੀ ਸਾਡੇ ਰੋਲ ਮਾਡਲ ਭਾਵ ਆਦਰਸ਼ ਜਾਂ ਪ੍ਰੇਰਨਾ ਦੇ ਸ੍ਰੋਤ ਬਣੇ ਰਹਿਣਗੇ।

ਪੈਦਾ ਹੋਏ ਇਸ ਚੰਗੇ ਵਾਤਾਵਾਰਣ ਦੇ ਮੌਕੇ ਅਸੀਂ ਭਾਰਤ ਅਤੇ ਪਾਕਿਸਤਾਨ ਸਰਕਾਰਾਂ ਨੂੰ ਬੇਨਤੀ ਕਰਨੀ ਚਾਹਾਂਗੇ ਕਿ ਦੋਵੇਂ ਸਰਕਾਰਾਂ ਦੋਵਾਂ ਮੁਲਕਾਂ ਦੇ ਨਾਗਰਿਕਾਂ ਵਾਸਤੇ ਵੀਜ਼ੇ ਦੀ ਥਾਂ ਐਂਟਰੀ ਦੀ ਪ੍ਰਣਾਲੀ ਭਾਵ ਸਿਸਟਮ ਲਾਗੂ ਕਰ ਦਿੱਤਾ ਜਾਵੇ। ਜੇ ਅਜੇ ਇੰਝ ਸੰਭਵ ਨਾ ਹੋਵੇ ਤਾਂ ਵੀਜ਼ੇ ਦੀਆਂ ਸ਼ਰਤਾਂ ਇੰਂਨੀਆਂ ਨਰਮ ਕਰ ਦਿੱਤੀਆਂ ਜਾਣ ਕਿ ਕਿਸੇ ਨੂੰ ਵੀਜ਼ੇ ਦੀ ਪ੍ਰਾਪਤੀ  ਲਈ ਕਿਸੇ ਕਿਸਮ ਦੀ ਔਖ ਨਾ ਆਵੇ। ਬਹੁਤ ਹੀ ਚੰਗਾ ਹੋਵੇ ਜੇ ਚੜ੍ਹਦੇ ਅਤੇ ਲਹਿੰਦੇ ਦੋਹਾਂ ਪੰਜਾਬਾਂ ਦੀਆਂ ਸਰਕਾਰਾਂ ਆਪੋ-ਆਪਣੀ ਕੇਦਰੀ ਸਰਕਾਰ ਤੇ ਜੋਰ ਪਾਉਣ ਕਿ ਅਜਿਹਾ ਹੋ ਜਾਵੇ। ਇਹ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਨ ਵਾਲਾ ਰਾਹ ਹੈ। ਪੰਜਾਬੀ ਖਾਸ ਕਰਕੇ ਚਾਹੁੰਦੇ ਹਨ ਕਿ ਉਹ ਇਕ ਦੂਜੇ ਪਾਸੇ ਆ–ਜਾ ਸਕਣ ਮਿਸਾਲ ਦੇ ਤੌਰ ਤੇ ਹੁਣ ਚੜ੍ਹਦੇ ਪੰਜਾਬ ਤੋਂ ਬਹੁਤ ਸਾਰੇ ਲੋਕ ਇਸ ਪਵਿੱਤਰ ਇਤਿਹਾਸਕ ਥਾਂ ਭਾਵ ਭਗਤ ਸਿੰਘ ਚੌਕ ਦੇ ਹੀ ਦਰਸ਼ਣ ਕਰਨਾ ਚਾਹੁਣਗੇ। ਦੋਹਾਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਲੋਕਾਂ ਦੀ ਇਸ ਦਿਲੀ ਉਮੰਗ ਦਾ ਨਿਰਾਦਰ ਨਾ ਕਰਨ – ਦਿਲਾਂ ਤੋਂ ਦਿਲਾਂ ਨੂੰ ਜਾਂਦੇ ਰਾਹ ਖੋਲ੍ਹ ਦੇਣ, ਇਹ ਦੋਹਾਂ ਮੁਲਕਾਂ ਦੇ ਅਤੇ ਲੋਕਾਂ ਦੇ ਭਲੇ ਦਾ ਰਾਹ ਹੈ । ਅਸੀਂ ਚਾਹਾਂਗੇ ਕਿ ਦੋਹਾਂ ਮੁਲਕਾਂ ਦੇ ਪੰਜਾਬੀ (ਪਰਦੇਸੀਂ ਵਸਦੇ ਪੰਜਾਬੀ ਵੀ) ਸਾਡੀ ਇਸ ਮੰਗ ਦੀ ਹਮਾਇਤ ਕਰਨ ਤੇ ਅਸੀਂ ਇਕ ਦੂਜੇ ਦੇ ਨੇੜੇ ਹੋ ਜਾਈਏ- ਦੇਵੇਂ ਦੇਸ਼ਾਂ ਦੇ ਬਾਸਿ਼ਦੇ  ਹੁੰਦੇ ਹੋਏ ਵੀ ਸਾਂਝੀ ਪੰਜਾਬੀ ਵਿਰਾਸਤ ਦੇ ਵਾਰਸਾਂ ਦਾ ਇਹ ਰਾਹ ਹੋਣਾ ਚਾਹੀਦਾ ਹੈ। ਆਉ ਇਕੱਠੇ ਹੋ ਕੇ ਇਕ ਦੂਜੇ ਦਾ ਹੱਥ ਫੜਕੇ ਅੱਗੇ ਵਧਣ ਦੇ ਰਾਹੇ ਤੁਰੀਏ। ਅਮਨ ਸ਼ਾਂਤੀ, ਸਾਂਝਾਂ ਤੇ ਮੁਹੱਬਤਾਂ ਦਾ ਸਾਂਝਾ ਰਾਹ – ਪੰਜਾਬੀ ਕੌਮ ਨੂੰ ਤਕੜਿਆਂ ਕਰਨ ਦਾ ਰਾਹ।

ਭਗਤ ਸਿੰਘ ਦੇ ਦੱਸੇ ਰਾਹ ’ਤੇ ਤੁਰਨ ਵਾਸਤੇ ਇਕ ਆਸ  ਬਾਬਾ ਨਜ਼ਮੀ ਦੀ ਵੀ ਹੈ–ਸੁਣੋ, ਬਾਬਾ ਕੀ ਨਜ਼ਮੀ ਕਹਿੰਦਾ ਹੈ :

ਨੱਚਾਂ ਗਾਵਾਂ
ਭੰਗੜੇ ਪਾਵਾਂ
ਦੇਗਾਂ ਚਾੜ੍ਹਾਂ ਰਾਤ ਦਿਨੇ
ਮੇਰਾ ਪੁੱਤਰ ਮੇਰਾ ਵੀਰ
ਤੇ ਆਪਣੇ ਤਾਏ ਭਗਤ ਸਿੰਘ ਦੇ
ਪੈਰਾਂ ਉੱਤੇ ਪੈਰ ਧਰੇ
ਮੇਰੀ ਪੂਰੀ ਆਸ ਕਰੇ।

ਅੱਜ ਦੇ ਵਿਸ਼ਵੀਕਰਨ ਭਾਵ ਗਲੋਬਲਾਈਸੇਸ਼ਨ ਦੇ ਦੌਰ ਵਿਚ ਸਾਮਰਜੀ ਆਪਣੇ ਮੁਨਾਫਿਆਂ ਦੀ ਖਾਤਰ ਸਾਡਿਆਂ ਮੁਲਕਾਂ ਨੂੰ ਮੰਡੀ ਤੋਂ ਵੱਧ ਕੁੱਝ ਵੀ ਨਹੀਂ ਸਮਝ ਰਹੇ ਇਸ ਦੇ ਵਿਰੁੱਧ ਮੋਰਚੇ ਵਿਚ ਸਾਨੂੰ ਸ਼ਾਮਲ ਹੋਣਾ ਚਾਹੀਦਾ ਹੈ। ਕਿਉਂਕਿ ਅਸੀਂ ਦੁੱਲੇ, ਖਰਲ , ਸਰਾਭਿਆਂ ਦੇ ਵਾਰਸ ਹਾਂ ਜਿਨ੍ਹਾ ਕਿਸੇ ਦੀ ਈਨ ਨਹੀਂ ਮੰਨੀ- ਸਗੋਂ ਬਾਦਸ਼ਾਹਾਂ ਨੂੰ ਲਲਕਾਰਦਿਆਂ  ਆਖਿਆ ਸੀ : ਮੈਂ ਢਾਹਵਾਂ ਦਿੱਲੀ ਦੇ ਕਿੰਗਰੇ।
ਅਜਮੇਰ ਕਵੈਂਟਰੀ ਦਾ ਲਿਖਿਆ ਤੇ ਪੰਜਾਬੀ ਸੱਥ ਵਲੋਂ ਛਾਪਿਆਂ ਇਕ  ਛੋਟਾ ਜਿਹਾ ਕਿਤਾਬਚਾ ਹੈ ਜਿਸਦਾ ਨਾਂ ਹੈ ਦੁੱਲੇ -ਖਰਲ –ਸਰਾਭੇ ਇਸ ਵਿਚ ਅਜਮੇਰ ਹੋਰੀਂ ਲਿਖਦੇ ਹਨ ਕਿ : ਆਪਣੇ ਹੱਕਾਂ ਦੀ ਅੱਗ ਮੰਗਣ ਵਾਲੇ ਸਦਾ ਕਾਲ ਕੋਠੜੀਆਂ ਵਿਚ ਡੱਕੇ ਨਹੀਂ ਰੱਖੇ ਜਾ ਸਕਦੇ। ਸਰਫਰੋਸ਼ੀ ਦੀ ਰੀਝ ਦਿਲ ਵਿਚ ਰੱਖਣ ਵਾਲੇ ਜਾਲਮ ਲੋਕਾਂ ਦੀਆਂ ਬਾਹਾਂ ਤੋਂ ਨਹੀਂ ਡਰਿਆ ਕਰਦੇ । ਦੁੱਲੇ ਦਿੱਲੀ ਅਤੇ ਲਾਹੌਰ ਤੋਂ ਭੈ ਨਹੀਂ ਖਾਂਦੇ। ਦੁੱਲੇ , ਅਹਿਮਦ, ਖਰਲ ਅਤੇ ਸਰਾਭੇ ਗਿਰਝਾਂ ਅਤੇ ਸੰਗਲਾਂ ਤੋਂ ਨਹੀਂ ਡਰਦੇ।

ਦੁੱਲੇ, ਖਰਲ,  ਸਰਾਭੇ
ਦੱਤ , ਸੁਖਦੇਵ ਤੇ ਗਦਰੀ ਬਾਬੇ
ਫਾਂਸੀ ਰੰਡੀ ਹੋਣ ਨਾ ਦਿੰਦੇ

****