ਜਨਮਦਿਨ ਮੁਬਾਰਕ ਮੇਰੀ ਬੱਚੀ !!!..........ਰਿਸ਼ੀ ਗੁਲਾਟੀ, ਐਡੀਲੇਡ (ਆਸਟ੍ਰੇਲੀਆ)


ਤਨੀਸ਼ਾ ! ਮੇਰੀ ਬੱਚੀ !! ਆਪਣੀ ਵਾਅਦਾ ਖਿਲਾਫੀ ਕਰਕੇ ਅਸੀਂ ਤਾਂ ਤੇਰੇ ਕੋਲੋਂ ਮੁਆਫ਼ੀ ਮੰਗਣ ਦੇ ਵੀ ਹੱਕਦਾਰ ਨਹੀਂ ਹਾਂ । ਯਾਦ ਹੈ ਅੱਜ ਵੀ 24 ਦਸੰਬਰ 2008, ਦਿਨ ਬੁੱਧਵਾਰ ਦੀ ਸਵੇਰ ਦਾ ਕਰੀਬ ਸਾਢੇ ਚਾਰ ਦਾ ਸਮਾਂ, ਜਦ ਕਿ ਅਸੀਂ ਤੁਹਾਡੇ ਕੋਲੋਂ ਲੰਬੀ ਜੁਦਾਈ ਪਾ ਗਏ ਸਾਂ । ਜਦ ਵਿਦਾ ਹੋਣ ਦਾ ਸਮਾਂ ਸੀ ਤੇ ਤੈਨੂੰ ਸੁੱਤੀ ਪਈ ਨੂੰ ਜਗਾ ਕੇ ਕਿਹਾ ਸੀ ਕਿ “ਛੋਟੀ ਗਰਿਮਾ ਦਾ ਧਿਆਨ ਰੱਖੀਂ”, ਉਦੋਂ ਅਹਿਸਾਸ ਹੋਇਆ ਸੀ ਕਿ ਕਿੰਨੀ ਵੱਡੀ ਗ਼ਲਤੀ ਕਰ ਬੈਠੇ ਹਾਂ ? ਵੀਜ਼ਾ ਲੱਗਣ ਤੋਂ ਬਾਅਦ ਤੁਹਾਡੇ ਕੋਲੋਂ ਜੁਦਾ ਹੋਣ ਤੱਕ ਦਾ ਇੱਕ ਮਹੀਨੇ ਦਾ ਸਮਾਂ ਤਾਂ ਸਮੇਟਾ ਸਮਾਟੀ ‘ਚ ਕਦੋਂ ਬਿਨਾਂ ਖੰਭਾਂ ਤੋਂ ਕਿਧਰੇ ਉੱਡ ਗਿਆ, ਪਤਾ ਹੀ ਨਾ ਲੱਗਾ । ਮੁੜ ਜਦ ਇੱਕ ਅਣਜਾਣੀ ਧਰਤੀ ਤੇ ਆ ਕਦਮ ਧਰੇ ਤਾਂ ਅਣਜਾਣੇ ਲੋਕ, ਅਣਜਾਣਿਆ ਵਾਤਾਵਰਨ, ਅਣਜਾਣਿਆ ਮਾਹੌਲ । ਹਰ ਸ਼ੈਅ ਵੱਢ ਵੱਢ ਖਾਣ ਨੂੰ ਕਰੇ । ਪਰ ਕੁਝ ਵੀ ਵੱਸ ਨਹੀਂ ਸੀ । ਦਿਲ ਦੇ ਕੋਨੇ ‘ਚ ਇੱਕ ਆਸ ਸੀ ਕਿ ਚਲੋ ਛੇ ਮਹੀਨਿਆਂ ਬਾਅਦ ਮਾੜੇ ਮੋਟੇ ਸੈੱਟ ਹੋ ਕੇ ਤੁਹਾਨੂੰ ਬੁਲਾ ਹੀ ਲੈਣਾ ਹੈ । ਤੁਹਾਡੇ ਨਾਲ਼ ਵਾਅਦਾ ਵੀ ਤਾਂ ਕੀਤਾ ਸੀ ਕਿ ਕੁਝ ਮਹੀਨਿਆਂ ਬਾਅਦ ਮਈ ਜੂਨ ‘ਚ ਤੁਹਾਨੂੰ ਆਪਣੇ ਕੋਲ ਬੁਲਾ ਲਵਾਂਗੇ । ਛੇ ਮਹੀਨੇ... ਸਾਲ... ਸਵਾ ਸਾਲ... ਹੁਣ ਤਾਂ ਡੇਢ ਸਾਲ ਵੀ ਗੁਜ਼ਰ ਗਿਆ ਹੈ । ਪਰ ਤੁਹਾਨੂੰ ਮਿਲਣ ਦਾ ਕੋਈ ਹਿਸਾਬ ਕਿਤਾਬ ਨਜ਼ਰ ਨਹੀਂ ਆ ਰਿਹਾ । ਸਾਡਾ ਤਾਂ ਹਰ ਦਿਨ ਹੀ ਡੇਢ ਡੇਢ ਸਾਲ ਦਾ ਹੋ ਕੇ ਗੁਜ਼ਰ ਰਿਹਾ ਹੈ । ਪਰ ਕਰੀਏ ਤਾਂ ਕੀ ਕਰੀਏ ? ਬਹੁਤ ਮਜ਼ਬੂਰੀਆਂ ਵੀ ਨੇ ਤੇ ਕੋਈ ਦਰ ਵੀ ਨਹੀਂ ਛੱਡਿਆ ਜਿੱਥੇ ਕਿ ਤੁਹਾਨੂੰ ਮਿਲਣ ਲਈ ਜੋਦੜੀ ਨਾ ਕੀਤੀ ਹੋਵੇ । ਰੱਬ ਦੇ ਹਾੜ੍ਹੇ ਪਾ ਪਾ ਦੇਖ ਲਏ । ਪਰ ਸ਼ਾਇਦ ਅਜੇ ਵੀ ਲੰਬੀਆਂ ਜੁਦਾਈਆਂ ਬਾਕੀ ਨੇ । ਤੇਰੀ ਕੁਰਬਾਨੀ ਤਾਂ ਸਾਡੇ ਸਭ ਨਾਲੋਂ ਵਧ ਕੇ ਹੈ । ਗਰਿਮਾ ਨੂੰ ਤਾਂ ਅਜੇ ਕੋਈ ਸਮਝ ਹੀ ਨਹੀਂ ਸੀ । ਤੈਨੂੰ ਪਤਾ ਸੀ ਕਿ ਮੰਮੀ ਪਾਪਾ ਤੇਰੇ ਕੋਲੋਂ ਬਹੁਤ ਦੂਰ ਜਾ ਰਹੇ ਹਨ, ਪਰ ਤੂੰ ਸਬਰ ਰੱਖਿਆ । ਮੇਰੀ ਬੱਚੀ ! ਅਸੀਂ ਤੇਰੇ ਸਬਰ ਨੂੰ ਸਲਾਮ ਕਰਦੇ ਹਾਂ । ਅਸੀਂ ਬਹੁਤ ਖੁਸ਼ਨਸੀਬ ਹਾਂ ਜੋ ਤੂੰ ਸਾਡੀ ਬੇਟੀ ਹੈਂ । ਅੱਜ ਤੇਰੇ ਜਨਮ ਦਿਨ ਤੇ ਤੈਨੂੰ ਤੋਹਫ਼ੇ ਬਾਰੇ ਪੁੱਛਿਆ ਤਾਂ ਤੇਰੀ ਗੱਲ ਸੁਣ ਕੇ ਤਾਂ ਹੈਰਾਨ ਹੀ ਰਹਿ ਗਏ ਕਿ ਤੂੰ ਕਿਸੇ ਤੋਹਫ਼ੇ ਜਾਂ ਕੇਕ ਆਦਿ ਦੀ ਬਜਾਏ ਗਰੀਬ ਲੋਕਾਂ ਨੂੰ ਖਾਣਾ ਖੁਆਉਣਾ ਚਾਹੁੰਦੀ ਹੈਂ । ਇਸ ਨੰਨ੍ਹੀ ਜਿਹੀ ਉਮਰ ‘ਚ ਤੇਰੇ ਇਸ ਜ਼ਜ਼ਬੇ ਅੱਗੇ ਸਾਡਾ ਸਿਰ ਝੁਕਦਾ ਹੈ । ਤੈਨੂੰ ਜਨਮ ਦਿਨ ਦੀ ਬਹੁਤ ਬਹੁਤ ਮੁਬਾਰਕਬਾਦ ! ਰੱਬ ਅੱਗੇ ਅਰਦਾਸ ਹੈ ਕਿ ਤੇਰੀ ਨੇਕ ਨੀਅਤੀ ਨੂੰ ਫਲ ਲਾਵੇ । ਤੇਰੀਆਂ ਇੱਛਾਵਾਂ ਪੂਰੀਆਂ ਕਰੇ ਤੇ ਜਿੰਦਗੀ ‘ਚ ਕਾਮਯਾਬੀ ਤੇਰੇ ਕਦਮ ਚੁੰਮੇ ।

ਆਮੀਨ ! 

ਹਸਰਤਾਂ.......... ਗ਼ਜ਼ਲ / ਬਲਜੀਤ ਪਾਲ ਸਿੰਘ

ਕੀਤੀਆਂ ਜਿਹਨਾਂ ਕਦੇ ਮੁਹੱਬਤਾਂ
ਚਿਹਰਿਆਂ ਤੋਂ ਪੜ੍ਹਣ ਉਹ ਇਬਾਰਤਾਂ।

ਬੋਲਦੇ ਖੰਡਰ ਪੁਰਾਣੇ ਦੋਸਤੋ
ਖੂਬਸੂਰਤ ਸਨ ਕਦੇ ਇਮਾਰਤਾਂ।

ਸੱਸੀ ਸੋਹਣੀ, ਰੇਤ ਕੱਕੀ ਤੇ ਝਨਾਂ
ਆਪਣੇ ਹੱਥੀਂ ਆਪ ਘੜੀਆਂ ਕਿਸਮਤਾਂ।

ਉਮਰ ਭਰ ਕਰਦੇ ਰਹੇ ਲੱਖ ਕੋਸ਼ਿਸ਼ਾਂ
ਪੂਰੀਆਂ ਨਾ ਹੋਈਆਂ ਫਿਰ ਵੀ ਹਸਰਤਾਂ।

ਕੀ ਜਵਾਨੀ ਤੇ ਕੀ ਹੈ ਬੁਢਾਪਾ ਇਹ
ਹਾਏ ਬਚਪਨ ਹਾਏ ਉਹ ਸ਼ਰਾਰਤਾਂ।

ਕਰ ਲਈ ਵਿਗਿਆਨ ਨੇ ਉਨਤੀ ਬੜੀ
ਬਾਕੀ ਬੜੀਆਂ ਹਨ ਅਜੇ ਬੁਝਾਰਤਾਂ।

ਜਿੱਥੇ ਬੇਇਤਫਾਕੀਆਂ ਦੇ ਸਿਲਸਿਲੇ
ਖੇੜੇ ਖੁਸ਼ੀਆਂ ਕਰਨ ਓਥੋਂ ਹਿਜਰਤਾਂ।

ਸਦੀਆਂ ਮਗਰੋਂ ਵੀ ਨਾ ਮਿਲਿਆ ਉਹ ਕਦੇ
ਜਿਸ ਲਈ ਨਿੱਤ ਕੀਤੀਆਂ ਇਬਾਦਤਾਂ।

ਬਹੁਤੇ ਫਿਰਦੇ ਨੇ ਖਜ਼ਾਨੇ ਖੋਜਦੇ
ਕੁਝ ਕੁ ਫਿਰਦੇ ਭਾਲਦੇ ਨੇ ਸ਼ੁਹਰਤਾਂ।

ਖੋਟ.......... ਲੇਖ / ਮਨਜੀਤ ਸਿੰਘ ਔਜਲਾ


ਦੋ ਭਿੰਨ ਭਿੰਨ ਵਸਤੂਆਂ ਦੇ ਮੇਲ ਨੂੰ ਮਿਲਾਵਟ ਜਾਂ ਖੋਟ ਕਿਹਾ ਜਾਂਦਾ ਹੈ। ਆਲਮਾਂ (ਗਿਆਨੀਆਂ) ਦਾ ਕਹਿਣਾ ਹੈ ਕਿ ਇਹ ਮਿਲਾਵਟ ਦੋ ਪ੍ਰਕਾਰ ਦੀ ਹੁੰਦੀ ਹੈ। (1) ਵਿਜਾਤੀ ਮੇਲ ਅਤੇ (2) ਸਜਾਤੀ ਮੇਲ। ਵਿਜਾਤੀ ਮੇਲ ਨੁੰ ਉਹ ਖੋਟ ਆਖਦੇ ਹਨ ਪ੍ਰੰਤੂ ਸਜਾਤੀ ਮੇਲ ਨੂੰ ਕੋਈ ਨਾਂ ਨਹੀਂ ਦਿੰਦੇ ਕਿਉਂਕਿ ਸਜਾਤੀ ਮੇਲ ਦੁਆਰਾ ਮਿਲਣ ਵਾਲੀ ਵਸਤੂ ਆਪਣੇ ਮੂਲ ਵਿਚ ਅਭੇਦ ਹੋ ਜਾਂਦੀ ਹੈ ਜਿਵੇਂ ਪਾਣੀ ਵਿਚ ਪਾਣੀ ਦਾ ਮੇਲ, ਸੁਗੰਧੀ ਵਿਚ ਸੁਗੰਧੀ ਦਾ ਮੇਲ। ਏਸੇ ਤਰਾਂ ਸੁਰਤ ਅਤੇ ਸ਼ਬਦ ਦੇ ਮੇਲ ਨਾਲ ਆਤਮਾ ਦਾ ਪ੍ਰਮਾਤਮਾ ਨਾਲ ਮੇਲ, ਪਾਣੀ ਦੀ ਬੂੰਦ ਦਾ ਸਾਗਰ ਵਿਚ ਸਮਾਣਾ ਆਦਿ: (ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਨੀ ਸੰਗਿ ਪਾਨੀ॥ (253)
ਦੂਸਰਾ ਜੋ ਵਿਜਾਤੀ ਮੇਲ ਹੁੰਦਾ ਹੈ ਉਹ ਮਿਲਾਵਟ ਅਖਵਾਂਦਾ ਹੈ ਕਿਉਂਕਿ ਉਹ ਦੋ ਵਖ ਵਖ ਵਸਤੂਆਂ ਦੇ ਮਿਲਾਪ ਦਾ ਨਾਮ ਹੈ ਜਿਨ੍ਹਾਂ ਦੀ ਪਹਿਚਾਨ ਵਖਰੀ ਹੁੰਦੀ ਹੈ ਜਿਵੇਂ ਪਾਣੀ ਅਤੇ ਤੇਲ ਦਾ ਮੇਲ, ਸੋਨੇ ਅਤੇ ਤਾਂਬੇ ਦਾ ਮੇਲ, ਦੁਧ ਅਤੇ ਪਾਣੀ ਦਾ ਮੇਲ, ਸੁਗੰਧ ਅਤੇ ਦੁਰਗੰਧ ਦਾ ਮੇਲ ਆਦਿ। ਇਸ ਤਰ੍ਹਾਂ ਦੇ ਮੇਲ ਦੀ ਤੁਲਨਾ ਜਦੋਂ ਇਨਸਾਨੀ ਸੁਭਾ ਨਾਲ ਕੀਤੀ ਜਾਂਦੀ ਹੈ ਤਾਂ ਕਿਹਾ ਜਾਂਦਾ ਹੈ ਕਿ ਵਿਜਾਤੀ ਮੇਲ ਮੂਰਖ ਲੋਕਾਂ ਦੀ ਕਿਸਮ ਹੈ ਅਤੇ ਸਜਾਤੀ ਮੇਲ ਸਿਆਣੇ ਲੋਕਾਂ ਦੀ। ਫਿਰ ਏਥੇ ਇਹ ਵੀ ਰਾਏ ਹੈ ਕਿ ਮੂਰਖ ਸਾਰੇ ਇਕੋ ਕਿਸਮ ਦੇ ਲੋਕ ਹੁੰਦੇ ਹਨ ਜਦੋਂ ਕਿ ਸਿਆਣੇ ਅਲੱਗ ਅਲੱਗ ਕਿਸਮ ਦੇ ਹੁੰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ 100 ਮੂਰਖ ਇਕਠਾ ਕਰ ਲਵੋ ਸਾਰੇ ਇਕ ਹੀ ਬੋਲੀ ਬੋਲਣਗੇ ਅਤੇ ਉਹ ਹੈ ਕਿ ਉਨ੍ਹਾਂ ਵਿਚੋਂ ਕੋਈ ਵੀ ਸਿਅਣੀ ਗਲ ਨਹੀਂ ਕਰੇਗਾ, ਜਿਹੜਾ ਵੀ ਬੋਲੇਗਾ ਨਾਂ ਮੰਨਣ ਯੋਗ ਗਲ ਹੀ ਕਰੇਗਾ। ਦੂਸਰੇ ਪਾਸੇ ਦੋ ਸਿਆਣੇ ਬੈਠ ਜਾਣ ਤਾਂ ਦੋਨਾਂ ਦੀ ਸੋਚ ਆਪਣੇ ਢੰਗ ਦੀ ਹੋਵੇਗੀ, ਦੋਨਾਂ ਦੀ ਰਾਏ ਵਖਰੀ ਹੋਵੇਗੀ, ਦੋਵਾਂ ਦੇ ਸੁਭਾ ਵਖਰੇ ਹੋਣਗੇ ਪ੍ਰਤੂੰ ਦੋਨੋ ਹੀ ਸੱਚ ਦੇ ਪਾਂਧੀ ਹੋਣਗੇ ਅਤੇ ਦੋਨੋ ਹੀ ਧਰਮ ਅਤੇ ਨਿਆਂ ਦੀ ਗਲ ਨਾਲ ਸਹਿਮਤ ਹੋਣਗੇ। ਇਸ ਦਾ ਸਪਸ਼ਟੀਕਰਣ ਅਵਤਾਰੀ ਪੁਰਸ਼ਾਂ ਦੀ ਉਦਾਹਰਣ ਦੁਆਰਾ ਵੀ ਕੀਤਾ ਜਾ ਸਕਦਾ ਹੈ ਜਿਵੇਂ ਸ੍ਰੀ ਰਾਮ ਚੰਦਰ ਜੀ ਅਤੇ ਭਗਵਾਨ ਕ੍ਰਿਸ਼ਨ ਜੀ ਵੱਖ ਵੱਖ ਸਮੇਂ ਦੇ ਅਵਤਾਰ ਹੋਏ ਹਨ ਪ੍ਰੰਤੂ ਦੇਖਿਆ ਜਾਵੇ ਤਾਂ ਦੋਨਾਂ ਦੇ ਸੁਭਾ ਇਕ ਦੂਸਰੇ ਨਾਲ ਮੇਲ ਨਹੀਂ ਸਨ ਖਾਂਦੇ ਜਦੋਂ ਕਿ ਦੋਨੋ ਹੀ ਅਵਤਾਰੀ ਪੁਰਸ਼ ਅਤੇ ਧਰਮ, ਕਰਮ ਦੇ ਧਾਰਣੀ ਸਨ। ਰਾਮ ਚੰਦਰ ਜੀ ਆਗਿਆਕਾਰੀ ਅਤੇ ਸਾਮਰਾਜ ਦੇ ਪਾਂਧੀ ਸਨ ਏਸੇ ਕਾਰਣ ਜਦੋਂ ਧੋਬੀ ਦੀ ਅਗਵਾਈ ਹੇਠ ਉਸਦੀ ਪਰਜਾ ਨੇ ਇਹ ਕਹਿ ਦਿਤਾ ਕਿ ਉਹ ਰਾਮ ਚੰਦਰ ਜੀ ਨੂੰ ਰਾਜਾ ਮੰਨਦੇ ਹਨ ਪ੍ਰੰਤੂ ਮਾਤਾ ਸੀਤਾ ਨੂੰ ਰਾਣੀ ਸਵੀਕਾਰ ਨਹੀਂ ਕਰਨਗੇ ਕਿਉਂਕਿ ਉਹ ਰਾਵਣ ਦੇ ਰਾਜ ਵਿਚ ਇਕਲੀ ਰਹਿ ਕੇ ਆਈ ਹੈ ਤਾਂ ਰਾਮ ਚੰਦਰ ਜੀ ਨੇ ਸਭ ਕੁਝ ਜਾਣਦਿਆਂ ਅਤੇ ਗਰਭਵਤੀ ਅਵਸਥਾ ਵਿਚ ਓਸ ਸੀਤਾ ਨੂੰ ਆਪਣੇ ਤੋਂ ਦੂਰ ਕਰ ਦਿਤਾ ਜਿਸਨੂੰ ਅਜ ਵੀ ਲੋਕ ਮਾਤਾ ਸੀਤਾ ਕਹਿ ਕੇ ਯਾਦ ਕਰਦੇ ਹਨ ਅਤੇ ਸਤੀ ਸਵਿਤਰੀ ਦਾ ਰੁਤਬਾ ਦੇ ਕੇ ਸਤਿਕਾਰਦੇ ਹਨ। ਅਜਿਹਾ ਕਰਕੇ ਉਸਨੇ ਪ੍ਰਜਾ ਨੂੰ ਇਹ ਸਾਬਤ ਕਰ ਦਿਤਾ ਸੀ ਕਿ ਉਸਦਾ ਰਾਜ ਇਕ ਲੋਕ-ਰਾਜ ਹੈ ਅਤੇ ਉਹ ਉਸ ਲੋਕ ਰਾਜ ਦੇ ਪ੍ਰਜਾਪਤੀ ਹਨ। ਦੂਸਰੇ ਪਾਸੇ ਭਗਵਾਨ ਕ੍ਰਿਸ਼ਨ ਜੀ ਸਨ ਜਿਨ੍ਹਾਂ ਨੇ ਬਚਪਨ ਵਿਚ ਕਈ ਤਰਾਂ ਦੀ ਰਾਸ ਲੀਲਾ ਕੀਤੀ, ਜਵਾਨੀ ਵਿਚ ਵੀ ਅਤੇ ਮਹਾਂਭਾਰਤ ਦੇ ਯੁਧ ਸਮੇਂ ਜਦੋਂ ਉਹ ਪਾਂਡਵਾਂ ਦੇ ਰਥਵਾਨ ਬਣੇ ਜਿਥੇ ਉਨ੍ਹਾਂ ਨੇ ਭਾਗਵਤ ਗੀਤਾ ਦਾ ਉਚਾਰਣ ਵੀ ਕੀਤਾ, ਓਸੇ ਹੀ ਰਣਭੂਮੀਂ ਵਿਚ ਕੌਰਵਾਂ ਨੂੰ ਹਰਾਉਣ ਵਾਸਤੇ ਯੁਧਿਸ਼ਟਰ ਨੂੰ ਝੂਠ ਬੋਲਣ ਵਾਸਤੇ ਮਜਬੂਰ ਕੀਤਾ ਅਤੇ ਪਾਪ ਆਪਣੇ ਸਿਰ ਲੈਂਦਿਆਂ ਉਸ ਪਾਸੋਂ ਝੂਠ ਬੁਲਵਾਇਆ। ਕੇਵਲ ਇਹ ਹੀ ਨਹਂਿ ਇਸ ਯੁਧ ਵਿਚ ਭਗਵਾਨ ਕ੍ਰਿਸ਼ਨ ਜੀ ਨੇ ਸ਼ਸਤਰ ਨਾਂ ਚੁਕਣ ਦਾ ਵੀ ਪ੍ਰਣ ਕੀਤਾ ਸੀ ਪ੍ਰੰਤੂ ਜਦੋਂ ਪਾਂਡਵਾਂ ਦੀ ਹਾਰ ਹੁੰਦੀ ਨਜਰ ਆਈ ਤਾਂ ਉਨ੍ਹਾਂ ਇਹ ਪ੍ਰਣ ਵੀ ਤੋੜ ਦਿਤਾ। ਬੇਸ਼ਕ ਇਸ ਸਾਰੇ ਕੁਝ ਪਿਛੇ ਇਕ ਹੀ ਇਛਾ ਸੀ, ਪਾਂਡਵਾਂ ਨੂੰ ਇਨਸਾਫ (ਰਾਜ) ਦਿਵਾਉਣਾ ਅਤੇ ਉਹ ਵੀ ਨਿਰਸਵਾਰਥ, ਫਿਰ ਵੀ ਇਕ ਅਵਤਾਰ ਦਾ ਸੁਭਾ ਦੂਸਰੇ ਦੇ ਉਲਟ ਸੀ। ਕਹਿੰਦੇ ਹਨ ਕਿ ਮਹਾਤਮਾਂ ਗਾਂਧੀ ਵੀ ਇਕ ਆਤਮਾਂ ਵਿਚ ਦੋ ਵਖਰੇ ਸੁਭਾ ਰਖਦੇ ਸਨ। ਜਦੋਂ ਉਨ੍ਹਾਂ ਨੇ ਆਜਾਦੀ ਦੀ ਲੜਾਈ ਆਰੰਭ ਕੀਤੀ ਸੀ ਤਾਂ ਓਸੇ ਦਿਨ ਤੋਂ ਹੀ ਉਹ ਰਾਮਰਾਜ ਭਾਵ ਸਾਮਰਾਜ ਦੇ ਹਾਮੀ ਸਨ ਪ੍ਰੰਤੂ ਆਪਣੇ ਦੋ ਵੇਲੇ ਦੇ ਨਿਤਨੇਮ ਵਿਚ ਹਮੇਸ਼ਾਂ ਹੀ ਪਾਠ ਭਾਗਵਤ ਗੀਤਾ ਦਾ ਕਰਦੇ ਸਨ ਰਾਮਾਇਣ ਦਾ ਨਹੀਂ। ਇਸ ਤਰਾਂ ਆਪਣੇ ਨਿਜੀ ਜੀਵਨ ਵਿਚ ਉਹ ਭਗਵਾਨ ਕ੍ਰਿਸ਼ਨ ਦੇ ਪੁਜਾਰੀ ਸਨ।
ਹੁਣ ਦੂਸਰੇ ਮੇਲ ਦੀ ਗਲ ਕਰਦੇ ਹਾਂ ਜਿਸਨੂੰ ਗਿਆਨੀ ਪੁਰਸ਼ ਵਿਜਾਤੀ ਮੇਲ ਦਸਦੇ ਹਨ। ਇਸ ਵਿਜਾਤੀ ਮੇਲ ਦੀਆਂ ਵੀ ਅਨੇਕ ਉਦਾਹਰਣਾ ਹਨ ਜੋ ਮਨੁਖੀ ਸੁਭਾ ਨਾਲ ਮੇਲ ਖਾਂਦੀਆਂ ਹਨ। ਦੇਖਿਆ ਜਾਵੇ ਤਾਂ ਮਨੁਖ ਦੋ ਤੱਤਾਂ (ਭੌਤਿਕ ਅਤੇ ਅਭੌਤਿਕ) ਭਾਵ ਮਨ ਅਤੇ ਤਨ ਦੇ ਮਿਲਾਪ ਦਾ ਬਣਿਆ ਹੈ ਅਤੇ ਮਨ ਉਤੇ ਅਗੇ ਛੇ ਤੱਤਾਂ ਦਾ ਕਬਜਾ ਹੈ, ਜਿਨ੍ਹਾਂ ਵਿਚੋਂ ਸੁਰਤ ਦੈਵੀ ਸ਼ਕਤੀ ਹੈ ਜਿਸਨੂੰ ਦੁਨਿਆਵੀ ਸ਼ਕਤੀਆਂ (ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ) ਨੇ ਆਪਣੇ ਏਕੇ ਨਾਲ ਦਬਾ ਰਖਿਆ ਹੈ ਕਿਉਂਕਿ ਇਨ੍ਹਾਂ ਨੇ ਮਨ ਨੂੰ ਵੀ ਆਪਣਾ ਗੁਲਾਮ ਬਣਾਇਆ ਹੋਇਆ ਹੈ। ਪੰਜਾਂ ਤੱਤਾਂ ਵਿਚੋਂ ਮੋਹ ਅਤੇ ਕ੍ਰੋਧ ਸੰਸਾਰੀ ਜੀਵਾਂ ਦਾ ਸੁਭਾ ਬਣ ਚੁਕਿਆ ਹੈ ਪ੍ਰੰਤੂ ਹੰਕਾਰ, ਲੋਭ ਅਤੇ ਕਾਮ, ਵਾਸ਼ਨਾਵਾਂ ਹਨ ਜੋ ਕਦੇ ਮਰਦੀਆਂ ਨਹੀਂ। ਇਸ ਲਈ ਇਹ ਕਦੀ ਖਤਮ ਵੀ ਨਹੀਂ ਹੁੰਦੀਆਂ। ਆਲਮ ਲੋਕ ਕਹਿੰਦੇ ਹਨ ਕਿ ਜੇਕਰ ਵਾਸ਼ਨਾਵਾਂ ਮਰ ਜਾਣ ਤਾਂ ਇਨਸਾਨ ਜਾਂ ਤਾਂ ਮਰ ਜਾਂਦਾ ਹੈ ਜਾਂ ਫਿਰ ਆਪਣੇ ਕਰਤੇ (ਪ੍ਰਮਾਤਮਾਂ) ਵਿਚ ਅਭੇਦ ਹੋ ਜਾਂਦਾ ਹੈ। ਹੰਕਾਰ ਵਾਸ਼ਨਾ ਉਸ ਵਸਤੂ ਦੀ ਹੁੰਦੀ ਹੈ ਜੋ ਮਨੁਖ ਦੇ ਕੋਲ ਨਹੀਂ ਹੁੰਦੀ, ਮਿਸਾਲ ਦੇ ਤੌਰ ਤੇ ਜਿਸ ਰੁਤਬੇ ਤੇ ਮਨੁਖ ਹੁੰਦਾ ਹੈ ਉਸਦੀ ਮਹਾਨਤਾ ਨੂੰ ਭੁਲ ਜਾਂਦਾ ਹੈ ਅਤੇ ਉਸਤੋਂ ਉਪਰ ਵਲ ਜਾਣ ਦੀ ਹਮੇਸ਼ਾਂ ਤਾਂਗ ਰਖਦਾ ਹੈ। ਹੰਕਾਰ ਮਿਲੀ ਹੋਈ ਪਦਵੀ (ਵਸਤੂ) ਤੋਂ ਉਚੀ ਪਦਵੀ ਦੀ ਤਾਂਗ ਹੈ। ਲੋਭ ਵਾਸ਼ਨਾ ਹੋਰ ਹੋਰ ਮਾਇਆ ਅਤੇ ਤਾਕਤ ਇਕਠੀ ਕਰਕੇ ਬਲਵਾਨ ਬਣਨ ਦੀ ਤਾਂਗ ਹੈ। ਜਿਵੇਂ ਜਿਵੇਂ ਉਪਰ ਦਿਤੀਆਂ ਦੋ ਵਾਸ਼ਨਾਵਾਂ ਦੀ ਪੂਰਤੀ ਹੁੰਦੀ ਜਾਂਦੀ ਹੈ ਤਾਂ ਤੀਸਰੀ ਵਾਸ਼ਨਾਂ ਭਾਵ ਕਾਮ ਵਾਸ਼ਨਾ ਦੀ ਉਤਪਤੀ ਹੋਂਦ ਵਿਚ ਆਉਂਦੀ ਜਾਂਦੀ ਹੈ। ਗਰੀਬ ਇਕ ਵਿਆਹ ਨੂੰ ਤਰਸਦਾ ਮਰ ਜਾਂਦਾ ਹੈ ਜਦੋਂ ਕਿ ਅਮੀਰ ਸੈਂਕਿੜਆਂ ਨਾਲ ਵੀ ਤ੍ਰਿਪਤ ਨਹੀਂ ਹੁੰਦੇ। ਕਿਹਾ ਜਾਂਦਾ ਹੈ ਕਿ ਇਕ ਸਮੇਂ ਮਰਾਕੋ ਦੇ ਇਕ ਰਾਜੇ ਦੀਆਂ 1000 ਬੇਗਮਾਂ ਸਨ। ਏਸੇ ਤਰਾਂ ਹੈਦਰਾਬਾਦ ਦੇ ਇਕ ਨਿਜ਼ਾਮ ਦੀਆਂ 600 ਬੇਗਮਾਂ ਅਤੇ ਪੰਜਾਬ ਦੇ ਇਕ ਰਾਜੇ ਦੀਆਂ 400 ਰਾਣੀਆਂ ਸਨ। ਜਿਸ ਵਸਤੂ ਦਾ ਬਾਰ ਬਾਰ ਅਭਿਆਸ ਕੀਤਾ ਜਾਵੇ ਉਹ ਫਿਰ ਮਨੁਖ ਦਾ ਸੁਭਾ ਬਣ ਜਾਂਦੀ ਹੈ ਇਸ ਲਈ ਵਾਸ਼ਨਾਵਾਂ ਵੀ ਮਨ ਦਾ ਸੁਭਾ ਬਣ ਚੁਕੀਆਂ ਹਨ ਜਿਸ ਕਰਕੇ ਮਨ ਨੇ ਤਨ (ਸਰੀਰ) ਨੂੰ ਪੂਰੀ ਤਰ੍ਹਾਂ ਆਪਣੇ ਕਾਬੂ ਵਿਚ ਕਰ ਰਖਿਆ ਹੈ ਇਥੋਂ ਤਕ ਕਿ ਇਸਦਾ ਹੁਕਮ ਮੰਨ ਮੰਨ ਕੇ ਤਨ (ਸਰੀਰ) ਬੀਮਾਰ ਰਹਿਣ ਲਗ ਪਿਆ ਹੈ ਅਤੇ ਹਮੇਸ਼ਾਂ ਮਨ ਤੋਂ ਦੂਰ ਜਾਣ (ਮਰਨ) ਦੀ ਸੋਚਦਾ ਰਹਿੰਦਾ ਹੈ। ਬੀਮਾਰੀ ਦਾ ਕਾਰਣ ਵੀ ਮਨ ਦੀ ਵਾਸ਼ਨਾ ਹੀ ਹੈ। ਜੇਕਰ ਤਨ ਦੀ ਭੁਖ ਦੋ ਰੋਟੀਆਂ ਦੀ ਹੈ ਪ੍ਰੰਤੂ ਮਨ ਨੂੰ ਭੋਜਨ ਸਵਾਦ ਲਗਿਆ ਹੈ ਤਾਂ ਉਹ ਵਾਸਨਾਵਾਂ ਦਾ ਹੁਕਮ ਮਨਦਾ ਹੋਇਆ ਤਨ ਨੂੰ ਹੋਰ ਹੋਰ ਖਾਣ ਤੇ ਮਜਬੂਰ ਕਰਦਾ ਹੈ ਜਿਸ ਨਾਲ ਤਨ ਦੇ ਦੂਸਰੇ ਭਾਗਾਂ ਨੂੰ ਵਧ ਕੰਮ ਕਰਨਾਂ ਪੈਂਦਾ ਹੈ ਅਤੇ ਅੰਤ ਥਕ ਕੇ ਫੇਲ (ਖਤਮ) ਹੋ ਜਾਂਦੇ ਹਨ। 
ਅਸੀਂ ਅਕਸਰ ਸੁਣਦੇ ਹਾਂ ਕਿ ਕੁਝ ਆਤਮਾਵਾਂ ਭੂਤਾਂ ਪ੍ਰੇਤਾਂ ਅਤੇ ਨੇਕ ਇਨਸਾਨਾਂ ਦੇ ਰੂਪ ਵਿਚ ਭਟਕਦੀਆਂ ਰਹਿੰਦੀਆਂ ਹਨ ਅਤੇ ਕਈ ਮਨੁਖਾਂ ਨੂੰ ਸੁਪਨੇ ਵਿਚ ਮਿਲਦੀਆਂ ਹਨ। ਇਨ੍ਹਾਂ ਬਾਰੇ ਵੀ ਸਿਆਣਿਆਂ ਦਾ ਕਥਨ ਹੈ ਕਿ ਇਹ ਸਚ ਹੈ ਅਤੇ ਉਹ ਇਸ ਤਰਾਂ ਹੈ ਕਿ ਜਦੋਂ ਇਨਸਾਨ ਬੁਰੇ ਕੰਮ ਕਰਦਾ ਕਰਦਾ ਸਰੀਰ ਦਾ ਤਿਆਗ ਕਰ ਜਾਂਦਾ ਹੈ ਤਾਂ ਦੋਬਾਰਾ ਜਨਮ ਲੈਣ ਵਾਸਤੇ ਉਸਨੂੰ ਆਪਣੇ ਸੁਭਾ ਵਾਲੀ ਮਾਂ ਅਤੇ ਗਰਭ ਚਾਹੀਦਾ ਹੁੰਦਾ ਹੈ। ਜਦੋਂ ਤਕ ਉਸਨੂੰ ਅਜਿਹਾ ਗਰਭ ਨਹੀਂ ਮਿਲਦਾ ਉਸਦੀ ਆਤਮਾਂ ਭਟਕਦੀ ਰਹਿੰਦੀ ਹੈ। ਪੁਰਾਣੇ ਸਮੇਂ ਵਿਚ ਬੁਰੇ ਖਿਆਲਾਂ ਵਾਲੀਆਂ ਮਾਵਾਂ ਘਟ ਸਨ ਅਤੇ ਉਚੇ ਖਿਆਲਾਂ ਵਾਲੀਆਂ ਵਧ, ਇਸ ਲਈ ਭੂਤ ਪ੍ਰੇਤ ਆਤਮਾਵਾਂ ਵਧ ਭਟਕਦੀਆਂ ਸਨ ਅਤੇ ਨੇਕ ਆਤਮਾਵਾਂ ਘਟ ਪ੍ਰੰਤੂ ਅਜ ਕਲ ਇਸਦੇ ਉਲਟ ਹੋ ਰਿਾਹਾ ਹੈ ਇਸ ਲਈ ਅਜ ਕਲ ਨੇਕ ਆਤਮਾਵਾਂ ਵਧ ਭਟਕ ਰਹੀਆਂ ਹਨ ਕਿਉਂਕਿ ਖੋਟ ਦੇ ਕਾਰਣ ਉਨ੍ਹਾਂ ਨੂੰ ਜਨਮ ਦੇਣ ਵਾਲੀਆਂ ਮਾਵਾਂ ਦੀ ਘਾਟ ਹੁੰਦੀ ਜਾ ਰਹੀ ਹੈ ਜਿਸ ਕਾਰਣ ਨੇਕ ਆਤਮਾਵਾਂ ਇਧਰ ਓਧਰ ਅਤੇ ਕੀਰਤਨ ਦੇ ਪਿਛੋਕੜ ਵਿਚ ਰਹਿ ਕੇ ਆਪਣੀ ਭਟਕਣਾ ਦਾ ਸਮਾਂ ਬਤੀਤ ਕਰਦੀਆਂ ਹਨ।
ਕੇਵਲ ਤੇ ਕੇਵਲ ਖੋਟ ਦੇ ਕਾਰਣ ਹੀ ਉਪ੍ਰੋਕਤ ਸਾਰੀਆਂ ਗਲਾਂ ਅਤੇ ਤਥ ਹੋਂਦ ਵਿਚ ਆਉਂਦੇ ਹਨ ਅਤੇ ਏਸੇ ਹੀ ਸਬੰਧ ਵਿਚ ਪਾਠਕਾਂ ਸਾਹਮਣੇ ਪੇਸ਼ ਕੀਤੇ ਹਨ। ਇਕ ਜਰੂਰੀ ਅੰਸ਼ ਜੋ ਬਾਕੀ ਹੈ ਉਹ ਹੈ ਸਾਡੀ ਸਿਖੀ ਅਤੇ ਧਰਮ ਵਿਚ ਮਿਲੀ ਖੋਟ ਦਾ। ਇਸ ਵਿਚ ਵੀ ਅਜ ਕਲ ਇਤਨੀਂ ਖੋਟ ਮਿਲੀ ਹੋਈ ਹੈ ਅਤੇ ਹੋਰ ਮਿਲਦੀ ਜਾ ਰਹੀ ਹੈ ਕਿ ਧਰਮ ਵਰਗੀ ਸ੍ਰਵਸ੍ਰੇਸ਼ਟ ਅਤੇ ਅਮਰ ਹਸਤੀ ਨੂੰ ਘੁਣ ਵਾਂਗ ਖਾਈ ਜਾਰਹੀ ਹੈ। ਅਧਰਮੀਂ ਪੁਰਸ਼ ਇਸ ਵਿਚ ਵਾਧਾ ਕਰਦੇ ਜਾ ਰਹੇ ਹਨ ਜੋ ਆਪਣੀ ਈਗੋ-ਪੂਰਤੀ ਅਤੇ ਲਾਲਚ ਨੂੰ ਪੂਰਾ ਕਰਨ ਵਾਸਤੇ ਧਾਰਮਿਕ ਤੱਥਾਂ ਨੂੰ ਤੋੜ ਮਰੋੜ ਕੇ ਵਕਤੀ ਤੌਰ ਉਤੇ ਆਪਣੇ ਪਖ ਵਿਚ ਕਰਕੇ ਭੋਲੇ ਭਾਲੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ ਅਤੇ ਇਸ ਵਿਚ ਖੋਟ ਮਿਲਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ ਪ੍ਰੰਤੂ ਜਿਵੇਂ ਸੋਨਾਂ ਜਦੋਂ ਕੁਠਾਲੀ ਵਿਚ ਪਾਕੇ ਢਾਲਿਆ ਜਾਂਦਾ ਹੈ ਤਾਂ ਸਾਰੀਆਂ ਧਾਤਾਂ ਤੋਂ ਵਖਰਾ ਹੋ ਜਾਂਦਾ ਹ। ਏਸੇ ਤਰਾਂ ਧਰਮ ਵੀ, ਜਿਉਂ ਹੀ ਅਧਰਮੀਂ ਪੁਰਸ਼ ਤੋਂ ਥੋੜਾ ਪਰੇ ਹੁੰਦਾ ਹੈ, ਧਰਮੀਆਂ ਦੀ ਬਾਂਹ ਫੜ ਲੈਂਦਾ ਹੈ ਪ੍ਰੰਤੂ ਮੁਸ਼ਕਲ ਤਾਂ ਇਹ ਹੈ ਕਿ ਅਧਰਮੀਂਆਂ ਦੀ ਗਿਣਤੀ ਵਧ ਹੋਣ ਕਾਰਣ ਅਤੇ ਧਰਮੀਂ ਲੋਕਾਂ ਦੇ ਚੁਪ ਰਹਿਣ ਕਾਰਣ ਇਹ ਖੋਟ ਦਿਨ-ਬ-ਦਿਨ ਵਧਦੀ ਜਾ ਰਹੀ ਹੈ। ਅਜ ਦੇ ਸਿੱਖਾਂ ਵਿਚ ਇਹ ਖੋਟ ਦੋ ਪ੍ਰਕਾਰ ਬਣ ਚੁਕੀ ਹੈ। ਪਹਿਲੀ ਪ੍ਰਕਾਰ ਦੀ ਖੋਟ ਤਾਂ ਡੇਰਾਵਾਦ ਦੀ ਹੈ ਜੋ ਇਤਨੀ ਫੈਲ ਚੁਕੀ ਹੈ ਕਿ ਅਜ ਕਲ ਤਾਂ ਇਸਤੋਂ ਬਚਣਾ ਮੁਸ਼ਕਲ ਹੀ ਨਹੀਂ ਸਗੋਂ ਅਸੰਭਵ ਜਿਹਾ ਹੁੰਦਾ ਜਾ ਰਿਹਾ ਹੈ ਕਿਉਂਕਿ ਇਸ ਦੇ ਇਤਨੇ ਰੂਪ ਹੋਂਦ ਵਿਚ ਆ ਚੁਕੇ ਹਨ ਜਿਨ੍ਹਾਂ ਨੂੰ ਸਮਝਣਾ ਆਮ ਇਨਸਾਨ ਦੀ ਸੋਚ ਤੋਂ ਬਹੁਤ ਦੂਰ ਹੋ ਗਿਆ ਹੈ। ਫਿਰ ਵੀ ਇਸਤੋਂ ਤਾਂ ਥੋੜੀ ਹਿੰਮਤ ਕਰਕੇ ਬਚਿਆ ਜਾ ਸਕਦਾ ਹੈ ਪ੍ਰੰਤੂ ਇਹ ਹਿੰਮਤ ਵੀ ਆਮ ਸਿਖ ਦੇ ਵਸ ਵਾਲੀ ਗਲ ਨਹੀਂ ਰਹੀ। ਦੂਸਰੀ ਪ੍ਰਕਾਰ ਦੀ ਖੋਟ ਜੋ ਅਤਿ ਦੀ ਖਤਰਨਾਕ ਬਣਦੀ ਜਾ ਰਹੀ ਹੈ ਉਹ ਹੈ ਸਾਡੇ ਆਪਣਿਆਂ ਦੀ ਜਾਂ ਸਿੱਖੀ ਸਰੂਪ ਵਿਚ ਵਿਚਰਦਿਆਂ ਸਿੱਖੀ ਨੂੰ ਘੁਣ ਲਾਣ ਵਾਲਿਆਂ ਦੀ। ਅਜੇ ਕਲ ਦੀ (2ਮਈ) ਹੀ ਗਲ ਹੈ ਕਿ ਇਕ ਗੁਰੂ ਘਰ ਵਿਚ ਲੰਬੇ ਦਾਹੜੇ ਅਤੇ ਭਰਵੇਂ ਸਰੀਰ ਵਾਲਾ ਪੁਰਸ਼ ਆਇਆ ਜਿਸਨੇ ਗੁਰੂ ਅਰਜਨ ਦੇਵ ਜੀ ਮਹਾਂਰਾਜ ਦੇ ਆਗਮਨ ਪੁਰਬ ਦਾ ਲਾਭ ਉਠਾਉਂਦਿਆਂ ਕਮੇਟੀ ਪਾਸੋਂ ਕਥਾ ਕਰਨ ਦਾ ਸਮਾਂ ਲਿਆ। ਕਥਾ ਅਕਸਰ ਗੁਰਬਾਣੀ ਸ਼ਬਦ ਦੀ ਹੀ ਹੋਇਆ ਕਰਦੀ ਹੈ ਸੋ ਸਾਰੀ ਸੰਗਤ ਇਕ ਮਨ ਹੋ ਕੇ ਬੈਠ ਗਈ। ਉਸ ਗਿਆਨੀ ਜੀ ਨੇ ਕਥਾ ਕਰਨ ਦੀ ਥਾਂ ਗੁਰੂ ਸਹਿਬ ਦਾ ਬਚਪਨ ਦਸਣਾ ਆਰੰਭ ਕਰ ਦਿਤਾ ਅਤੇ ਉਹ ਵੀ ਇਸ ਤਰਾਂ ਬਿਆਨਿਆਂ ਜਿਵੇਂ ਉਹ ਗੁਰੂ ਸਹਿਬ ਨਾਲ ਖੇਡਦੇ ਰਹੇ ਹੁੰਦੇ ਹਨ। ਫਿਰ ਇਕ ਘੰਟੇ ਦੇ ਸਮੇਂ ਵਿਚ ਉਨ੍ਹਾਂ ਦੋ ਚਾਰ ਸ਼ਬਦ ਤਾਂ ਗੁਰਬਾਣੀ ਵਿਚੋਂ ਪੜੇ ਪ੍ਰੰਤੂ ਵਿਆਖਿਆ ਕਿਸੇ ਇਕ ਸ਼ਬਦ ਦੀ ਵੀ ਨਹੀਂ ਕੀਤੀ। ਬਾਹਰ ਕਿਸੇ ਸਿੱਖ ਨੇ ਜਦੋਂ ਉਨ੍ਹਾਂ ਪਾਸੋਂ ਸੱਤੇ ਬਲਵੰਡ ਬਾਰੇ ਕਹੀ ਗਲ ਦਾ ਸਪਸ਼ਟੀਕਰਣ ਲੈਣ ਲਈ ਬੇਨਤੀ ਕੀਤੀ ਤਾਂ ਉਸ ਦੇ ਸਮਰਥਕਾਂ ਨੇ ਗਲ ਰੌਲੇ ਵਿਚ ਪਾ ਕੇ ਝਗੜਾ ਕਰਨ ਦੀ ਕੋਸ਼ਿਸ਼ ਕੀਤੀ ਜੋ ਗੁਰਦਵਾਰੇ ਵਿਚ ਸ਼ੋਭਾ ਨਹੀਂ ਦਿੰਦਾ ਅਤੇ ਗਿਅਨੀ ਜੀ ਇਸਦੀ ਰੋਕ ਵਾਸਤੇ ਕਾਰ ਵਿਚੋਂ ਬਾਹਰ ਤਕ ਨਹੀਂ ਨਿਕਲੇ। ਸੋ ਇਸ ਨੂੰ ਜਿਥੇ ਅਸੀਂ ਉਸ ਗਿਆਨੀ ਵਿਚ ਹੰਕਾਰ ਵਾਸ਼ਨਾਂ ਦੀ ਮਿਲਾਵਟ ਕਹਾਂਗੇ ਓਥੇ ਉਸਦੇ ਸਮਰਥਕਾਂ ਵਿਚ ਅਗਿਆਨਤਾ ਦੀ ਮਿਲਾਵਟ ਵੀ ਜਰੂਰ ਕਹਾਂਗੇ ਜਿਨ੍ਹਾਂ ਨੇ ਧਾਰਮਕ ਸੋਚ ਨੂੰ ਛਿਕੇ ਟੰਗ ਕੇ ਗੁਰਦਵਾਰੇ ਵਿਚ ਹੀ ਉਸਦਾ ਪਖ ਪੂਰਿਆ। ਅਜ ਸਾਡੇ ਵਿਚ ਇਸ ਤਰਾਂ ਦੀ ਬਹੁਤ ਮਿਲਾਵਟ ਆ ਚੁਕੀ ਹੈ ਜਿਵੇਂ ਬਿਨਾਂ ਸੋਚਿਆਂ ਕਿਸੇ ਨੂੰ ਵੀ ਧਾਰਮਕ ਜਾਂ ਅਧਰਮੀਂ ਕਹਿ ਦੇਣਾ, ਦਿਖਾਵੇ ਦੀ ਮਿਲਾਵਟ ਜਿਵੇਂ ਬਗਲ ਵਿਚ ਛੁਰੀ, ਮੂੰਹ ਵਿਚ ਰਾਮ ਰਾਮ, ਰਹਿਤ ਵਿਚ ਪੂਰੇ ਕਰਮ ਵਿਚ ਅਧੂਰੇ, ਕਹਿਣੀ ਅਤੇ ਕਥਨੀਂ ਵਿਚ ਜਿਮੀਂ ਅਸਮਾਨ ਜਿਨਾਂ ਅੰਤਰ, ਕਰਮ ਕਾਂਡਾਂ ਦੇ ਪੁਜਾਰੀ, ਚਾਪਲੂਸੀ ਨਾਲ ਧਾਰਮਕ ਪਦਵੀਆਂ ਪ੍ਰਾਪਤ ਕਰਕੇ ਸਿੱਖਾਂ ਨੂੰ ਗੁਮਰਾਹ ਕਰਨਾ ਅਤੇ ਹੁਕਮਨਾਮੇ ਜਾਰੀ ਕਰਨੇ। ਅਜ ਸਿੱਖੀ ਵਿਚ ਇਤਨੀਂ ਖੋਟ ਮਿਲ ਚੁਕੀ ਹੈ ਜਿਸਨੂੰ ਦੂਰ ਕਰਨ ਦੇ ਸਾਰੇ ਉਪਾ ਫੇਲ ਹੁੰਦੇ ਜਾ ਰਹੇ ਹਨ ਅਤੇ ਸਿੱਖੀ ਡਾਵਾਂਡੋਲ ਹੁੰਦੀ ਜਾ ਰਹੀ ਹੈ। ਅਜ ਲੋੜ ਹੈ ਨਿਰ-ਸਵਾਰਥ, ਕਰਨ, ਸੁਣਨ ਅਤੇ ਮੰਨਣ ਵਾਲੇ ਅਤੇ ਨਿਰੋਲ ਸਿੱਖੀ ਦੇ ਪੁਜਾਰੀ ਅਤੇ ਸਿੱਖੀ ਦੇ ਭਿਖਾਰੀ ਸਿਖਾਂ ਦੀ। ਪ੍ਰਮਾਤਮਾਂ ਮੇਹਰ ਕਰੇ ਅਤੇ ਆਪਣੇ ਕਾਰਜ ਆਪ ਹੀ ਸਵਾਰੇ ਅਤੇ ਆਪਣੇ ਹਰ ਸਿੱਖ ਦੀ ਆਸ ਪੂਰੀ ਕਰੇ।
ਆਪੇ ਹਰਿ ਇਕ ਰੰਗੁ ਹੈ ਆਪੇ ਬਹੁ ਰੰਗੀ॥
ਜੋ ਤਿਸ ਭਾਵੇ ਨਾਨਕਾ ਸਾਈ ਗਲ ਚੰਗੀ॥ (726)

****

ਕੁਝ ਸ਼ਬਦ ਡਾਕਟਰ ਹਰਭਜਨ ਸਿੰਘ ਦਿਓਲ ਬਾਰੇ..........ਸ਼ਬਦ ਚਿੱਤਰ / ਮੁਹਿੰਦਰ ਸਿੰਘ ਘੱਗ

ਡਾਕਟਰ ਹਰਭਜਨ ਸਿੰਘ ਦਿਓਲ ਨੇ ਆਪਣੇ ਜੀਵਨ ਦਾ ਇਕ ਪਲ ਵੀ ਅਜਾਈਂ ਨਹੀਂ ਜਾਣ ਦਿਤਾ। ਜੀਵਨ ਦੀ ਹਰ ਕਾਮਯਾਬੀ ਨੂੰ ਮੰਜ਼ਲ ਮਨ ਲੈਣ ਦੀ ਬਜਾਏ ਇਕ ਪੜਾ ਸਮਝ ਕੇ ਅਗੇ ਹੀ ਅਗੇ ਤੁਰੇ ਗਏ। ਕਾਲਜ ਅਧਿਆਪਕ ਤੋਂ ਸ਼ੁਰੂ ਹੋੲ ਪਰ ਹੋਰ ਜਾਨਣ ਦੀ ਇਛਾ ਇਡੀ ਪਰਬਲ ਹੋਈ ਕਿ 1965 ਤੋਂ ਲੈ ਕੇ 1972 ਤਕ ਇੰਗਲੈਂਡ ਵਿਚ ਉਚ ਵਿਦਿਆ ਪਰਾਪਤ ਕੀਤੀ, ਟਰੇਡ ਯੂਨੀਅਨ , ਪਬਲਿਕ ਸਰਵਿਸ ਕਮਿਸ਼ਨ ਦੇ ਮੈਂਬਰ ,ਪੰਜਾਬ ਰਾਜ ਬਿਜਲੀ ਬੋਰਡ ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਦੀ ਸੇਵਾ ਨਿੱਭਾ ਕੇ ਇਕ ਵੇਰ ਫੇਰ ਮੌੜ ਕਟ ਕੇ ਯੂਨੀਵਰਸਟੀ ਦੇ ਲੋਕ ਪ੍ਰਸ਼ਾਸਨ ਵਿਭਾਗ ਵਿਚ ਰੀਡਰ ਵਜੋਂ ਸੇਵਾ ਸੰਭਾਲੀ ਅਤੇ ਇਸੇ ਦੌਰਾਨ ਕੌਮੀ ਏਕਤਾ ਚੇਅਰ ਦੇ ਪ੍ਰੋਫੈਸਰ ਅਤੇ ਚੇਅਰ ਮੈਨ ਦੀ ਸੇਵਾ ਨਿੱਭਾ ਕੇ ਰਿਟਾਇਰ ਹੋਣ ਉਪਰੰਤ ਭਾਰਤ ਸਰਕਾਰ ਦੇ ਘਟ ਗਿਣਤੀ ਭਾਸ਼ਾਈ ਕਮਿਸ਼ਨ ਦੇ ਕਮਿਸ਼ਨਰ ਬਣੇ।। ਡਾਕਟਰ ਦਿਓਲ ਗੁਰਬਾਣੀ ਦੇ ਫੁਰਮਾਨ “ਸੁਕ੍ਰਿਤ ਕੀਤਾ ਰਹਿਸੀ ਮੇਰੇ ਜੀਅੜੇ ਬਹੁਰ ਨਾ ਆਵੈ ਵਾਰੀ” ਨੂੰ ਅਮਲ ਵਿਚ ਲਿਆਉਂਦੇ ਹੋਏ ਆਪਣੇ ਨਾਂ ਨਾਲ ਹੋਰ ਕੀ ਕੀ ਜੋੜਨਗੇ ਇਹ ਤਾਂ ਅਕਾਲ ਪੁਰਖ ਹੀ ਜਾਣਦਾ ਹੈ। ਮੈਨੂੰ ਉਹਨਾਂ ਦੀ ਪੁਸਤਕ ਤਾਰਿਆਂ ਦਾ ਕਾਫਲਾ ਪੜ੍ਹਨ ਦਾ ਸੁਭਾਗ ਪ੍ਰਾਪਤ ਹੋਇਆ। ਬੜਾ ਕੁਝ ਸਿਖਣ ਨੂੰ ਮਿਲਿਆ। ਪੁਸਤਕ ਨੂੰ ਕਈ ਵੇਰ ਪੜ੍ਹਨ ਉਪਰੰਤ ਮੈਂ ਡਾਕਟਰ ਸਾਹਿਬ ਦੀ ਲਿਖਣ ਕਲਾ ਬਾਰੇ ਪਾਠਕਾਂ ਨਾਲ ਸਾਂਝ ਪਾਉਣ ਤੋਂ ਆਪਣੇ ਆਪ ਨੂੰ ਨਹੀਂ ਰੋਕ ਸਕਿਆ।



ਤਾਰਿਆਂ ਦਾ ਕਾਫ਼ਲਾ ( ਰੇਖਾ ਚਿੱਤਰ)
ਲੇਖਕ ਹਰਭਜਨ ਸਿੰਘ ਦਿਓਲ
ਸਿ਼ਲਾ ਲੇਖ ਦਿਲੀ-32
ਮੁਲ: 100 ਰੁਪਏ ਪੰਨੇ 104

ਕੋਈ ਸਮਾਂ ਸੀ ਜਦ ਬਾਹਰਲੀ ਦਿਖ ਨੂੰ ਇਨੀ ਮਹਤੱਤਾ ਨਹੀਂ ਸੀ ਦਿਤੀ ਜਾਂਦੀ। ਚੁਗਿਰਦੇ ਵਿਚ ਸਾਦਗੀ ਹੀ ਸਾਦਗੀ ਸੀ। ਬੋਲਾਂ ਵਿਚ ਸਾਦਗੀ, ਸਾਦਾ ਪੋਸ਼ਾਕ ਅਤੇ ਸਾਦੀ ਖੌਰਾਕ। ਪੁਸਤਕਾਂ ਦੀ ਦਿਖ ਵੀ ਦਿਲਕਸ਼ ਨਹੀਂ ਸੀ ਹੁੰਦੀ। ਸਾਦੀ ਜਿਹੀ ਜਿਲਦ ਉਪਰ ਪੁਸਤਕ ਦਾ ਨਾਮ। ਪੁਸਤਕ ਵਿਕਦੀ ਸੀ ਲੇਖਕ ਦੇ ਨਾਮ ਤੇ। ਕੁਝ ਗਿਣਤੀ ਦੇ ਲੇਖਕ ਹੀ ਛੱਪਦੇ ਅਤੇ ਪੜ੍ਹੇ ਜਾਂਦੇ ਸਨ। ਪਛਮੀ ਪ੍ਰਭਾਵ ਨੂੰ ਕਬੂਲਦਿਆਂ ਭਾਰਤੀ ਸਮਾਜ ਵੀ ਬਾਹਰਲੀ ਦਿਖ ਨੂੰ ਪਹਿਲ ਦੇਣ ਲਗ ਪਿਆ ਹੈ। ਗੱਲ ਆਪਾਂ ਸਿਰਫ ਪੁਸਤਕ ਦੀ ਕਰਨੀ ਹੈ। ਅੱਜ ਜਦ ਕੋਈ ਪੁਸਤਕ ਖ੍ਰੀਦਣ ਜਾਂਦਾ ਹੈ ਤਾਂ ਰੰਗ ਬਰੰਗਾ ਕਵਰ ਅਤੇ ਅਲ ਬੱਲਲਾ ਨਾਂ ਖਿਚ ਦਾ ਕਾਰਨ ਬਣਦਾ ਹੈ। ਹਰਭਜਨ ਸਿੰਘ ਦਿਓਲ ਜੀ ਦੀ ਪੁਸਤਕ “ ਤਾਰਿਆਂ ਦਾ ਕਾਫਲਾ” ਸ਼ੈਲਫ ਤੇ ਪਈ ਪੁਸਤਕ ਦਾ ਰੰਗ ਬਰੰਗਾ ਕਵਰ ਖਿਚ ਦਾ ਕਾਰਨ ਬਣਿਆ। ਉਂਗਲੀ ਦੇ ਇਸ਼ਾਰੇ ਨਾਲ ਦੁਕਾਨਦਾਰ ਨੂੰ ਪੁਸਤਕ ਦਿਖਾਉਣ ਲਈ ਕਿਹਾ ਤਾਂ ਪੁਸਤਕ ਨੂੰ ਮੇਰੇ ਤਕ ਪੁੱਜਦਾ ਕਰਦਿਆਂ ਕਰਦਿਆਂ ਦੁਕਾਨਦਾਰ ਵਲੋਂ ਦਿਤੀ ਜਾਣਕਾਰੀ ਤੋਂ ਪਤਾ ਲਗਾ ਕਿ ਤਾਰਿਆਂ ਦਾ ਕਾਫ਼ਲਾ ਰੇਖਾ ਚਿੱਤਰ ਹੈ ਇਸ ਵਿਚ ਕੁਝ ਸ਼ਖਸ਼ੀਅਤਾਂ ਦੀ ਗੱਲ ਹੈ। ਆਕੱਰਸ਼ਕ ਕਵਰ ਅਤੇ ਨਾਮ ਅਤੇ ਦੁਕਾਨਦਾਰ ਵਲੋਂ ਦਿਤੀ ਜਾਣਕਾਰੀ ਪੁਸਤਕ ਖਰੀਦਣ ਦਾ ਕਾਰਨ ਬਣੀ।
ਪੁਸਤਕ ਹਥ ਵਿਚ ਹੈ ਆਰਟ ਅਤੇ ਰੰਗ ਦੇਖ ਰਿਹਾ ਹਾਂ । ਨਾਮ ਲਈ ਵਰਤੇ ਅਖਰਾਂ ਦੀ ਬਣਤਰ ਤੋਂ ਚਲਦੇ ਕਾਫ਼ਲੇ ਦੀ ਹਰਕਤ ਮਹਿਸੂਸ ਹੁੰਦੀ ਹੈ ਪਰ ਤਾਰਿਆਂ ਦੀ ਗੱਲ ਕਰਨ ਤੋਂ ਅਸਮਰਥ ਹੈ। ਤਾਰੇ ਰਾਤ ਰਾਣੀ ਦੀ ਦੇਣ ਹਨ ਅਤੇ ਰਾਤ ਦੇ ਬਦਲਾਂ ਵਿਚ ਸੁਰਖੀ ਨਹੀਂ ਹੁੰਦੀ ਅਤੇ ਪਿਲਤਣ ਤਾਂ ਕਦੇ ਵੀ ਦੇਖਣ ਵਿਚ ਨਹੀਂ ਆਈ। ਪੁਸਤਕ ਦੀ ਭੂਮਕਾ ਪੜ੍ਹਨ ਤੋਂ ਮੈਂ ਹਮੇਸ਼ਾ ਗਰੇਜ਼ ਕਰਦਾ ਹਾਂ ਮੇਰਾ ਵਿਚਾਰ ਹੈ ਕਿ ਭੁਮਕਾ ਮੇਰੀ ਆਜਾ਼ਦ ਸੋਚ ਤੇ ਹਾਵੀ ਰਹੇਗੀ ਜਿਸ ਕਾਰਨ ਮੈਂ ਆਪਣੀ ਨਿਜੀ ਰਾਏ ਦੇਣ ਵਿਚ ਸਫਲ ਨਹੀਂ ਹੋ ਸਕਾਗਾਂ।

ਪਹਿਲਾ ਰੇਖਾ ਚਿਤ੍ਰ ਜਿੰਮੀ ਦਾ ਹੈ ਪਰ ਸਿਰਲੇਖ ਰਿਸਦਾ ਜ਼ਖਮ ਕਹਾਣੀ ਵਰਗਾ ਹੋਣ ਕਾਰਨ ਪੜ੍ਹਨ ਲਈ ਉਤਸਕਤਾ ਵਧੀ। ਇਦਾਂ ਮਹਿਸੂਸ ਹੋਇਆ ਕਿ ਦਿਓਲ ਆਪਣੀ ਗੱਲ ਕਹਿਣ ਲਈ ਵਖਰੀ ਵਿਧੀ ਅਪਨਾਇਗਾ।

ਰਿਸਦਾ ਜਖ਼ਮ
ਜਿੰਮੀ 

ਦਿਓਲ ਜੀ ਨੇ ਬੜੇ ਹੀ ਵਿਸਥਾਰ ਵਿਚ ਜਿੰਮੀ ਦਾ ਕਹਾਣੀ ਨੁਮਾ ਰੇਖਾ ਚਿਤ੍ਰ ਉਲੀਕਿਆ ਹੈ। ਇਸ ਸਾਰੀ ਵਾਰਤਾ ਵਿਚ ਹਰਭਜਨ ਦਿਓਲ ਸਬਦਾਂ ਦੇ ਬੁਰਸ਼ ਨਾਲ ਰੰਗ ਰੂਪ ਬਸਤ੍ਰ ਅਤੇ ਹੋਰ ਬਹੁਤ ਸਾਰੀ ਤਫਸੀਲ ਦਿੰਦਾ ਦਿੰਦਾ ਇਕ ਮੁਲਾਕਾਤੀ ਅਤੇ ਇਕ ਸੂਝਵਾਨ ਪਛਮੀ ਪਰੈਸ ਰਿਪੋਰਟਰ ਵਾਂਗ ਬੜੇ ਹੀ ਸਹਿਜ ਵਿਚ ਖਾਸ ਖਾਸ ਨੁਕਤੇ ਆਪਣੇ ਪਾਤਰ ਦੀ ਜ਼ੁਬਾਨੀ ਉਜਾਗਰ ਕਰਦਾ ਹੈ । ਬੜਾ ਚੰਗਾ ਲਗਾ। ਪਛਮੀ ਪਤ੍ਰਕਾਰੀ ਅਤੇ ਭਾਰਤ ਦੀ ਪਤ੍ਰਕਾਰੀ ਵਿਚ ਇਹੋ ਅੰਤਰ ਹੈ ਕਿ ਪਛਮੀ ਪਤ੍ਰਕਾਰ ਨਿਊਜ਼ ਦਿੰਦਾ ਹੈ ਅਤੇ ਭਾਰਤੀ ਪਤ੍ਰਕਾਰ ਵਿਊਜ਼। ਇਦਾਂ ਕਰਨ ਨਾਲ ਦਿਓਲ ਕਟੜ ਸਮਾਜਵਾਦੀ ਆਲੋਚਕ ਦੀ ਮਾਰ ਤੋਂ ਬਚ ਜਾਂਦਾ ਹੈ । ਦਸ ਸ਼ਬਦਾਂ ਦੇ ਵਾਕ “ ਸਮਾਜਕ ਇਨਕਲਾਬ ਬਾਰੇ ਦਿਮਾਗ ਨਾਲ ਪੜ੍ਹਿਆ ਕਰ ਦਿਲ ਨਾਲ ਨਹੀਂ” ਇਕ ਅਟਲ ਸਚਾਈ ਵਲ ਇਸ਼ਾਰਾ ਹੈ। ਅਗੇ ਜਾ ਕੇ ਜਿੰਮੀ ਇਸ ਕਹੀ ਗੱਲ ਨੂੰ ਨਿਖਾਰਦਾ ਹੋਇਆ ਆਖਦਾ ਹੈ “ ਮੈਂ ਦਿਲ ਨੂੰ ਉਕਾ ਨਜ਼ਰ ਅੰਦਾਜ਼ ਨਹੀਂ ਕਰਦਾ ਪਰ ਮਾਰਕਸਵਾਦ ਨੂੰ ਦਿਮਾਗ ਨਾਲ ਪੜ੍ਹ ਕੇ ਹੀ ਮਾਰਕਸਵਾਦ ਦੀ ਸਿਖਿਆ ਹੈ । ਜਿਹਨਾਂ ਨੇ ਦਿਲ ਨਾਲ ਪੜ੍ਹਿਆ ਉਹ ਭਗੌੜੇ ਬਣ ਗਏ ਜਾਂ ਇਸ ਦੇ ਦਾਰਸ਼ਨਿਕ ਤਰਕ ਨੂੰ ਕਵਿਤਾ ਵਾਂਗ ਸੁਣਕੇ ਵਾਹ ਵਾਹ ਕਰਨ ਉਪਰੰਤ ਇਸ ਨੂੰ ਤੋੜ ਮਰੋੜ ਗਏ ।” ਇਕ ਹੋਰ ਸੋਨੇ ਵਰਗੀ ਸਚਾਈ ਦੀ ਗੱਲ ਦਿਓਲ ਜਿੰਮੀ ਤੋਂ ਕਹਾਂਊੁਦਾ ਹੈ। 
“ਜਿਥੇ ਮਾਰਕਸ ਨੇ ਆਰਥਕ ਤੇ ਦਾਰਸ਼ਨਕ ਦਸਤਾਵੇਜ਼ਾ ਵਿਚ ਪੂੰਜੀਵਾਦ ਤੇ ਕਟਾਖਸ਼ ਕੀਤਾ ਹੈ ਇਸ ਨੇ ਆਦਮੀ ਨੂੰ ਜਾਨਵਰ ਬਣਾ ਦਿਤਾ ਹੈ। ਉਸੇ ਤਰ੍ਹਾਂ ਮਾਰਕਸੀ ਫਿਲਾਸਫੀ ਦੇ ਨਾਮ ਤੇ ਚਲਦੀਆਂ ਸਰਕਾਰਾਂ ਨੇ ਸਮਾਜਵਾਦ ਦਾ ਬੁਰਜਵਾਕਰਨ ਕਰ ਦਿਤਾ ਹੈ।” ਦਿਓਲ ਦੀ ਇਹ ਵਿਧੀ ਨਵੀਂ ਅਤੇ ਸਲਾਹਣਯੋਗ ਹੈ।
ਬਹੁਗਿਣਤੀ ਵਿਚ ਸਾਡੇ ਲੇਖਕ ਆਪ ਖੋਜ ਕਰਨ ਦੀ ਜ਼ਹਿਮਤ ਨਹੀਂ ਕਰਦੇ ਬਸ ਕਿਸੇ ਇਕ ਨਾਮਵਰ ਲੇਖਕ ਦੀ ਲਿਖਤ ਤੇ ਹੀ ਮਖੀ ਤੇ ਮਖੀ ਮਾਰੀ ਜਾਣਗੇ। ਇਸੇ ਕਰਕੇ ਸਮਾਜਵਾਦ ਦਾ ਚਿਤ ਪਿਆ ਪਹਿਲਵਾਨ ਵੀ ਉਹਨਾਂ ਦੀਆਂ ਨਜ਼ਰਾਂ ਵਿਚ ਹਾਲੇ ਵੀ ਜੇਤੂ ਹੈ। “ਜਿੰਮੀ ਦੇ ਉਦ੍ਹਾਰਣ ਦਿੰਦਾ ਰਿਹਾ ਤਾਂ ਇਕ ਮਤਵਾਜ਼ੀ ਕਹਾਣੀ ਬਣ ਜਾਵੇਗੀ ਹੁਣ ਅਗਲੇ ਰੇਖਾ ਚਿਤ੍ਰ ਦੀ ਗੱਲ ਕਰਦੇ ਹਾ

ਗਜ਼ਾਲੀ ਪੁਲਾਂਘ
ਲੂਸੀ ਬਰਾਊਨ

ਲੂਸੀ ਬਰਾਊਨ ਨਾਮ ਦੀ ਸਕਾਟ ਇਸਤ੍ਰੀ ਅਤੇ ਦਿਓਲ ਇਕ ਡਬੇ ਵਿਚ ਸਫਰ ਕਰ ਰਹੇ ਹਨ। ਰੇਲ ਦੇ ਤੁਰਦਿਆਂ ਹੀ ਮਾਮੂਲੀ ਜਾਣਕਾਰੀ ਲਈ ਤੁਰੀ ਗੱਲ-ਬਾਤ ਰੇਲ ਦੀ ਰਫਤਾਰ ਦੇ ਨਾਲ ਨਾਲ ਤੇਜ਼ ਵੀ ਹੁੰਦੀ ਗਈ। ਜਾ਼ਤੀ ਜਾਣਕਾਰੀ ਦੀ ਹਦੂਦਬੰਦੀ ਤੋਂ ਪਾਰ ਹੋ ਕੇ ਗਲ ਬਾਤ ਸਭਿਆਚਾਰ ਦੇ ਘੇਰੇ ਵਿਚ ਆਂਉਂਦਿਆਂ ਹੀ ਦਿਓਲ ਇਕ ਪਤ੍ਰਕਾਰ ਬਣ ਜਾਂਦਾ ਹੈ ਲੁਸੀ ਬਰਾਉਨ ਦੀ ਜ਼ੁਬਾਨੀ ਉਹ ਇੰਗਲਸ਼ ਅਤੇ ਸਕਾਟ ਲੋਕਾਂ ਦੇ ਵਿਓਹਾਰ ਨੂੰ ਦਰਸਾਉਂਦਾ ਹੈ ( ਮਨੁੱਖੀ ਰਿਸ਼ਤੇ ਨੂੰ ਅਸੀਂ ਸਕਾਟਿਸ਼ ਲੋਕ ਬਹੁਤ ਮਹਾਨਤਾ ਦਿੰਦੇ ਹਾਂ ਅਤੇ ਇੰਗਲਸ਼ ਲੋਕਾਂ ਵਾਂਗ ਅਸੀਂ ਸੌੜੇ ਭਾਵ ਨਹੀਂ ਰਖਦੇ ) ਇਸ ਤੋਂ ਅਗੇ ਦਿਓਲ ਪੰਜਾਬੀ ਅਤੇ ਸਕਾਟਿਸ਼ ਦੀ ਆਪਸੀ ਸਮਾਨਤਾ ਦੀ ਗੱਲ ਕਰਦਾ ਹੈ “ ਸਕਾਟਿਸ਼ ਸੁਭਾਅ ਬਾਰੇ ਮੇਂ ਸੁਣਿਆ ਹੀ ਸੀ ਅਤੇ ਅੱਜ ਵੇਖ ਰਿਹਾ ਸਾਂ। ਇਨਾਂ ਦਾ ਸੁਭਾਅ ਪੰਜਾਬੀਆਂ ਵਰਗਾ ਹੁੰਦਾ ਹੈ ਜਾਂ ਖੁਲ੍ਹਦੇ ਨਹੀਂ ਖੁਲ੍ਹ ਜਾਣ ਤੇ ਸਭ ਨਿਛਾਵਰ ਕਰ ਦਿੰਦੇ ਹਨ” ਦਿਓਲ ਨੇ ਬੜੀ ਹੀ ਖੂਬਸੂਰਤੀ ਨਾਲ ਤਿੰਨ ਕਲਚਰ’ਸ ਦਾ ਮੁਕਾਬਲਾ ਕਰ ਦਿਤਾ। ਰਾਜਨੀਤੀ ਦੀ ਗੱਲ ਚਲੀ ਤਾ ਕੋਈ ਨਾਅਰੇ ਬਾਜ਼ੀ ਨਹੀ ਬੜੇ ਹੀ ਸਾਦੇ ਜਿਹੇ ਸ਼ਬਦਾਂ ਵਿਚ ਭਾਰਤ ਦੇਸ਼ ਦੀ ਰਾਜਨੀਤੀ ਦੀ ਤਸਵੀਰ ਪੇਸ਼ ਕਰਦਾ ਦਿਓਲ ਆਖਦਾ ਹੈ “ ਮੇਰੇ ਦੇਸ਼ ਦੀ ਰਾਜਨੀਤੀ ਵੀ ਕਿੱਤਾ ਬਣ ਚੁੱਕਾ ਹੈ। ਹੁਣ ਪੜ੍ਹਨ ਵਾਲਿਆਂ ਲਈ ਇਸ ਵਿਚ ਕੋਈ ਥ੍ਹਾਂ ਨਹੀਂ। ਵਿਹਲੇ , ਪੁਜਾਰੀ ਅਨਪੜ੍ਹ , ਕੁੱਰਪਟ ਲੋਕ ਇਸ ਵਿਚ ਅੱਗੇ ਹਨ “ 

ਅਗੇ ਚਲ ਕੇ ਦਿਓਲ ਪੰਜਾਬੀ ਕਲਚਰ ਦੀ ਪਿਠਪੂਰਤੀ ਕਰਦਾ ਨਜ਼ਰ ਆਉਂਦਾ ਹੈ। ਗਡੀ ਮਜ਼ਲ ਤੇ ਪੁਜਦੀ ਹੈ ਲੂਸੀ ਬਰਾਊਨ ਆਪਣੇ ਪਤੀ ਵਲ ਨੂੰ ਹਰਨੀ ਵਾਂਗ ਛਾਲਾਂ ਮਾਰਦੀ ਜਾਂਦੀ ਹੈ, ਗਲੇ ਮਿਲਦੀ ਹੈ ਇਕ ਦੂਜੇ ਨੂੰ ਚੁੰਮਣ ਦਿੰਦੇ ਹਨ ਸਾਡੇ ਪੁਰਾਤਨ ਸੰਗਾਊ ਕਲਚਰ ਵਿਚ ਇਹ ਮੁਮਕਨ ਨਹੀਂ ਸੀ। 
ਇਸ ਸਫਰ ਦਾ ਸਾਰ ਅੰਸ ਹੈ ਕਿ ਇਕ ਦੂਜੇ ਨੂੰ ਸਮਝਣ ਨਾਲ ਪਿਆਰ ਅਤੇ ਨਾ-ਸਮਝਣ ਕਾਰਨ ਨਫਰਤ ਪੈਦਾ ਹੁੰਦੀ ਹੈ 

ਪਛਮੀ ਦਿਲ ਪੂਰਬੀ ਧੜਕਣ
ਜਾਨ ਹੁਚਸਨ 

ਜਾਨ ਹੁਚਨਸਨ “ ਪਛਮੀ ਦਿਲ ਪੂਰਬੀ ਧੜਕਣ “ ਬਾਰੇ ਜਾਨਣ ਲਈ ਇਹ ਰੇਖਾ ਚਿਤ੍ਰ ਕਈ ਦਫਾ ਪੜ੍ਹਨ ਉੁਪਰੰਤ ਮੇਰੇ ਪਲੇ ਕੁਝ ਇਸ ਤਰ੍ਹਾਂ ਪਿਆ ਕਿ ਜਾਨ ਹੁਚਸਨ ਦਾ ਮਾਰਕਸੀ ਵਿਚਾਰ ਪੂਰਬ ਦੇ ਲੇਖਕਾਂ ਵਾਂਗ ਜਨੂੰਨ ਦੀ ਹਦ ਤਕ ਸੀ। ਧਾਰਮਕ ਜਨੂੰਨੀਆਂ ਅਤੇ ਮਾਰਕਸੀ ਜਨੂੰਨੀਆਂ ਵਿਚ ਇਕ ਸਾਂਝ ਹੈ ਕਿ ਉਹ” ਬੋਲਤ ਬੋਲਤ ਵੱਧੇ ਵਿਕਾਰ” ਦੇ ਫੁਰਮਾਨ ਤੇ ਮੋਹਰ ਲਾ ਦਿੰਦੇ ਹਨ। ਉਹਨਾਂ ਦੀ ਗੱਲ ਮਾਰਕਸ ਤੋਂ ਸ਼ੁਰੂ ਹੁੰਦੀ ਹੈ ਅਤੇ ਮਾਰਕਸ ਤੇ ਹੀ ਖਤਮ ਹੋ ਜਾਂਦੀ ਹੈ। ਇਸੇ ਕਰਕੇ ਉਹਨਾਂ ਦੀ ਸੋਚਣ ਸ਼ਕਤੀ ਇਕ ਸੀਮਾ ਵਿਚ ਸਿਮਟ ਕੇ ਰਹਿ ਜਾਂਦੀ ਹੈ। ਇਕ ਅਟਲ ਸਚਾਈ (ਅਦਰਸ਼ਵਾਦ ਕਿਸੇ ਹੱਦ ਤਕ ਹੋਵੇ ਤਾਂ ਠੀਕ ਰਹਿੰਦਾ ਹੈ , ਜਦੋਂ ਨਿਰਾ ਆਦਰਸ਼ਵਾਦ ਨਿਰੋਲ ਹੋ ਜਾਵੇ ਤਾਂ ਔਖਾ ਹੋ ਜਾਂਦਾ ਹੈ ) ਦਾ ਸਹਿਜ ਸੁਭਾ ਕੀਤਾ ਜਿ਼ਕਰ ਚੰਗਾ ਲਗਾ।

ਨਾਸੂਰ ਉਪਰ ਨਸ਼ਤਰ
ਡਾਕਟਰ ਰੇ ਆਸਬਰਨ

ਡਾਕਟਰ ਰੇ ਆਸਬਰਨ ਅਤੇ ਉਸਦੀ ਬੰਗਾਲੀ ਸਹੇਲੀ ਨਾਜ਼ਨੀਨ ਦੇ ਜਿਕਰ ਨਾਲ ਬੰਗਲਾ ਦੇਸ਼ ਦੀ ਉਸਾਰੀ ਦੀ ਵੀ ਗੱਲ ਚਲਦੀ ਹੈ। ਦੂਸਰੀ ਵਡੀ ਲੜਾਈ ਕਾਰਨ ਸਲਾਈਡ ਐਂਡ ਲੈਡਰ ਦੀ ਖੇਲ ਵਾਂਗ ਲੈਡਰ ਤੋਂ ਪੈਰ ਉੁਖੜਨ ਕਾਰਨ ਬਰਿਟਸ਼ ਸਰਕਾਰ ਸਿਖਰੋਂ ਤਿਲਕ ਕੇ ਧਰਤੀ ਤੇ ਪੁਜ ਗਈ ਸੀ। ਜਰਮਨ, ਫਰਾਂਸ ਅਤੇ ਬ੍ਰਿਟਨ ਦੇ ਕਮਜ਼ੋਰ ਹੋਣ ਨਾਲ ਰੂਸ ਅਤੇ ਚੀਨ ਆਪਣੀ ਸ਼ਕਤੀ ਵਧਾਉਣ ਦੇ ਆਹਰ ਵਿਚ ਜੁਟ ਗਏ ਰੂਸ ਨੇ ਕਈ ਛੋਟੇ ਛੋਟੇ ਮੁਲਕਾਂ ਨੂੰ ਧਕੇ ਨਾਲ ਆਪਣੇ ਅਧੀਨ ਕਰ ਲਿਆ ਚੀਨ ਨੇ ਤਿੱਬਤ ਵਿਚ ਫੌਜ ਭੇਜ ਦਿਤੀ ਅਤੇ ਭਾਰਤ ਦੇ ਇਲਾਕੇ ਹਥਿਆਉਣ ਲਈ ਵੀ ਹਿੰਦੀ ਚੀਨੀ ਭਾਈ ਭਾਈ ਦਾ ਨਾਹਰਾ ਦੇਣ ਵਾਲੇ ਨੈਹਰੂ ਐਂਡ ਕੰਪਨੀ ਦੇ ਵਖੀ ਵਿਚ ਛੁਰਾ ਮਾਰਿਆ। ਹਿਮਾਲੀਆ ਦੀਆਂ ਚੋਟੀਆਂ ਦੀ ਕਠਨਾਈ ਕਾਰਨ ਚੀਨ ਸਪਲਾਈ ਲਾਈਨ ਕਾਇਮ ਨਾ ਰਖ ਸਕਿਆ ਜਿਸ ਕਾਰਨ ਉਸਨੂੰ ਪਿਛੇ ਹੱਟਣਾ ਪਿਆ। ਚੀਨ ਨੇ ਸਬਕ ਸਿਖਦਿਆਂ ਛੋਟੇ ਛੋਟੇ ਮੁਲਕਾਂ ਵਿਚ ਅਰਾਜਕਤਾ ਫੈਲਾਉਣ ਲਈ ਮਾਓਵਾਦੀ ਤਾਕਤਾਂ ਨੂੰ ਹਥਿਆਰਬੰਦ ਕਰਨਾ ਸ਼ੁਰੂ ਕੀਤਾ । ਪੂਰਬੀ ਬੰਗਾਲ ਵਿਚ ਮੌਲਾਨਾ ਭਾਸ਼ਾਨੀ ਚੀਨੀ ਸਹਾਇਤਾ ਨਾਲ ਸਮਾਜਵਾਦ ਦਾ ਸੁਪਨਾ ਲੈ ਰਿਹਾ ਸੀ । ਉਸ ਦੀ ਰੋਕ ਥਾਂਮ ਲਈ ਆਈ ਪਾਕਸਤਾਨੀ ਫੋਜ ਨੇ ਆਪਣੇ ਦੁਰਵਿਵਹਾਰ ਨਾਲ ਜਲਦੀ ਤੇ ਤੇਲ ਪਾਇਆ ,ਬੰਗਾਲੀ ਉਪਰਾਮ ਹੋ ਕੇ ਆਪਣੇ ਸੁਪਨਿਆਂ ਦੇ ਦੇਸ ਪਾਕਸਤਾਨ ਨੂੰ ਅਲਵਿਦਾ ਕਹਿਣ ਲਈ ਮਜਬੂਰ ਹੋ ਗਏ । ਵਡੀ ਗਿਣਤੀ ਵਿਚ ਸ਼ਰਨਾਰਥੀਆਂ ਦੇ ਭਾਰਤ ਵਿਚ ਦਾਖਲ ਹੋਣ ਨਾਲ ਭਾਰਤ ਵਿਚ ਵੀ ਹਾਲਾਤ ਬਿਗੜੇ। ਆਸਾਮੀਆਂ ਦੇ ਤਸੱਦਦੀ ਵਿਓਹਾਰ ਨੇ ਬੰਗਾਲੀ ਸ਼ਰਨਾਰਥੀਆਂ ਦੀ ਹਾਲਤ ਆਸਾਮਾਨ ਸੇ ਗਿਰਾ ਖਜੂਰ ਮੇਂ ਅਟਕਾ ਵਰਗੀ ਕਰ ਦਿਤੀ। ਚੀਨ ਦੇ ਵੱਧਦੇ ਰਸੂਖ ਨੂੰ ਰੋਕਣ ਲਈ ਅਤੇ ਪਾਕਸਤਾਨ ਨੂੰ ਕਮਜ਼ੋਰ ਕਰਨ ਲਈ ਭਾਰਤੀ ਫੌਂਜਾਂ ਨੇ ਸਿਧੀ ਦਖਲਅੰਦਾਜ਼ੀ ਕੀਤੀ ਤਾਂ ਬੰਗਲਾ ਦੇਸ਼ ਹੋਂਦ ਵਿਚ ਆ ਗਿਆ। ਅਗਰ ਇਦਾਂ ਨਾ ਹੁੰਦਾ ਤਾਂ ਪਤਾ ਨਹੀਂ ਕਿਨਾ ਚਿਰ ਪਾਕਸਤਾਨੀ ਫੌਜਾਂ ਅਤੇ ਮਾਓਵਾਦੀ ਸੋਚ ਰਖਣ ਵਾਲਿਆਂ ਦੇ ਸਿੰਗ ਫਸੇ ਰਹਿਣੇ ਸਨ। ਬੰਗਲਾ ਦੇਸ਼ ਅਤੇ ਇਜ਼ਰਾਈਲ ਦੀ ਬਣਤਰ ਵਿਚ ਇਕ ਸਾਂਝ ਹੈ ਕਿਸੇ ਬੈਰੂਨੀ ਤਾਕਤਵਰ ਦੇਸ਼ ਦਾ ਸਿਧਾ ਦਖਲ। ਇਸ ਤੋਂ ਅਗੇ ਮੈਂ ਕੀ ਕਹਿਣਾ ਚਾਹੂੰਦਾ ਹਾਂ ਪਾਠਕ ਖੁਦ ਅੰਦਾਜ਼ਾ ਲਗਾ ਸਕਦੇ ਹਨ।
ਖਾਂਦੇ ਪੀਂਦੇ ਘਰਾਣੇ ਦਾ ਨੌਜਵਾਨ ਰੇ ਆਸਬਰਨ ਉਸ ਸਮੇਂ ਦੇ ਰਹਿਜਾਨ ਨੂੰ ਕਬੂਲਦਾ ਹੋੲਆਿ ਬਹੁਤ ਸਾਰੇ ਨੋਜਵਾਨਾਂ ਦੀ ਤਰ੍ਹਾਂ ਮਾਰਕਸੀ ਵਿਚਾਰਧਾਰਾ ਤੋਂ ਪ੍ਰਭਾਵਤ ਹੁੰਦਾ ਹੈ। ਕਮਿਊਨਸਟ ਸਟਡੀ ਸਰਕਲ ਦੇ ਘੇਰੇ ਵਿਚ ਆ ਕੇ ਭਾਰਤ ਵਿਚ ਵੀ ਚੁਪ ਚੁਪ ਰਹਿਣ ਵਾਲੇ ਸੰਗਾਊ ਬੰਦੇ ਵਡੀਆਂ ਵਡੀਆਂ ਤਕਰੀਰਾਂ ਕਰਨ ਲੱਗ ਪਏ ਸਨ। ਰੇ ਆਸਬਰਨ ਤਾਂ ਉਚ ਕੋਟੀ ਦੀ ਯੂਨੀਵਰਸਟੀ ਵਿਚ ਤਾਲੀਮ ਹਾਸਲ ਕਰ ਰਿਹਾ ਸੀ ਉਹ ਸ਼ਬਦਾਂ ਦਾ ਜਾਦੂਗਰ ਸੀ ਬਾਦਲੀਲ ਸ਼ਬਦਾ ਦਾ ਗੁਲਦਸਤਾ ਪੇਸ਼ ਕਰ ਸਕਦਾ ਸੀ। ਜਦ ਆਪਣੇ ਕਾਲਜ ਦੇ ਸਮੇਂ ਵਲ ਧਿਆਨ ਮਾਰਦਾ ਤਾਂ ਅਸੀਂ ਵੀ ਇਹੋ ਕੁਝ ਕਰਦੇ ਸੀ ਪਰਾਪਤੀ ਘੱਟ ਬਸ ਤਕਰੀਰਾਂ ਹੀ ਤਕਰੀਰਾਂ। ਰੇ ਆਸਬਰਨ ਨੂੰ ਸਮਾਜਕ ਅਤੇ ਰਾਜਨੀਤਕ ਬੀਮਾਰੀ ਦੀ ਸਮਝ ਸੀ ਪਰ ਨਸ਼ਤਰ ਸਿਰਫ ਸ਼ਬਦਾਂ ਦੀ ਸੀ ਮੇਰੀ ਜਾਚੇ ਇਸ ਰੇਖਾ ਚਿਤਰ ਦਾ ਨਾਂ ਨਾਸੂਰ ਉਪਰ ਸ਼ਬਦਾਂ ਦੀ ਨਸ਼ਤਰ ਜਿਆਦਾ ਢੁਕਮਾਂ ਹੋਵਿਗਾ। ਮੇਰੀ ਦਲੀਲ ਦੀ ਪੁਸ਼ਟੀ ਰੇ ਆਸਬਰਨ ਦੇ ਸ਼ਬਦ ਕਰਦੇ ਹਨ।
“ਰੇ ਆਸਬਰਨ ਆਸ ਬਨ੍ਹਾਉਂਦਾ ਕਿ ਲੋਕ ਜਦੋਂ ਆਪਸੀ ਦਵੰਦ ਦੀਆਂ ਦੀਵਾਰਾਂ ਉਲੰਘ ਕੇ ਕ੍ਰਾਂਤੀਕਾਰੀ ਵਿਚਾਰਧਾਰਾ ਦੀ ਸ਼ਕਤੀ ਨਾਲ ਭਵਿਖ ਨਿਰਮਾਣ ਦੇ ਯੋਗ ਹੋ ਜਾਣਗੇ, ਉਸ ਸਮੇਂ ਮਾਨਵੀ ਕਲਿਆਣ ਦੀ ਸਥਿਤੀ ਬਣ ਸਕੇਗੀ ਪਰੰਤੂ ਪ੍ਰਤੀਕ੍ਰਿਆਵਾਦੀ ਅਤੇ ਸਮਾਜਕ ਸਤਹ ਉਪਰ ਜੰਮੀਆਂ ਸਦੀਆਂ ਦੀਆਂ ਧਾਰਾਵਾਂ ਇਸ ਲਈ ਰੁਕਾਵਟ ਬਣਨਗੀਆ “ਰੇ ਆਸਬਰਨ ਮਾਰਕਸਵਾਦ ਨੂੰ ਇਲਾਹੀ ਹੁਕਮ ਵਾਂਗ ਮੰਨਦਾ ਤਾਂ ਹੈ ਪਰ ਨਾਲ ਹੀ ਜੇ ਜਕ ਦਾ ਸਿ਼ਕਾਰ ਵੀ ਹੈ” ਜੋ ਕੁਝ ਸੋਚ ਰਹੇ ਹਾਂ , ਕਰ ਰਹੇ ਹਾ ਜਾਂ ਫਿਰ ਸਮਾਜ ਵਿਚ ਜੋ ਵਾਪਰ ਰਿਹਾ ਹੈ ਜਾਂ ਵਰਤ ਰਿਹਾ ਹੈ ਕੀ ਇਹ ਸਭ ਕੁਝ ਦਰੁਸਤ ਹੈ ? ਅਸੀਂ ਕੀ ਕਰੀਏ………………ਕੀ ਇਤਹਾਸ ਨੂੰ ਅੱਗੇ ਤੋਰਨ ਲਈ ਢੁੱਡ ਮਾਰਨੀ ਪਵੇਗੀ ਜਾਂ ਇਹ ਆਪਣੀ ਧੀਮੀ ਤੋਰ ਤੁਰਿਆ ਜਾਵੇਗਾ? ਮੈਂ ਉਦਾਸ ਹੋ ਜਾਂਦਾ ਹਾਂ। “ ਮਾਰਕਸ ਵਾਦ ਇਕ ਨਵੀਂ ਫਿਲਾਸਫੀ ਸੀ ਖੜੋਤ ਵਿਚ ਆਏ ਸਮਾਜ ਲਈ ਇਕ ਨਵੀਂ ਦਿਸ਼ਾ ਹੋਣ ਕਾਰਨ ਚਰਚਾ ਦਾ ਵਿਸ਼ਾ ਬਣ ਗਈ। ਮਾਰਕਸਵਾਦੀ ਸੋਚ ਵਾਲਿਆਂ ਨੇ ਬਾਕੀ ਸਾਰਿਆਂ ਤੇ ਰੂੜੀ ਵਾਦੀ ਅਤੇ ਪਿਛ੍ਹਾਂ ਖਿਚੂ ਦਾ ਲੇਬਲ ਲਾ ਦਿਤਾ। ਮਾਰਕਸਵਾਦ ਜਾਂ ਪ੍ਰਗਤੀ ਵਾਦ ਸਰਮਾਏਦਾਰ ਦੇ ਇਕ ਝਟਕੇ ਨਾਲ 70 ਸਾਲ ਦੇ ਅੰਦਰ ਅੰਦਰ ਹੀ ਖੇਰੂੰ ਖੇਰੂੰ ਹੋਣਾ ਸ਼ੁਰੂ ਹੋ ਗਿਆ। ਸਰਮਾਏਦਾਰ ਨੇ ਅੰਦਰ ਗਤੀ ਆਗੂ ਖਰੀਦ ਲਏ ਮੀਡੀਆ ਖਰੀਦ ਲਿਆ। ਦਿਓਲ ਨੇ ਰੇ ਆਸਬਰਨ ਵਲੌ ਮਾਰਕਸਵਾਦ ਦੇ ਨਿਘਾਰ ਬਾਰੇ ਜੋ ਦਲੀਲ ਦਿਤੀ ਹੈ ਉਸ ਤੇ ਸੋਚ ਵਿਚਾਰ ਹੋਣੀ ਚਾਹੀਦੀ ਹੈ ਪਰ ਕਰੇਗਾ ਕੌਣ । ਸਾਰੇ ਸੰਸਾਰ ਤੇ ਕੁਝ ਇਕ ਨੂੰ ਛਡ ਕੇ ਹਰ ਬੁਧੀਜੀਵ ਗੱਲ ਵਿਚ ਫੌਰ ਸੇਲ ਦਾ ਫਟਾ ਪਾਈ ਖੜਾ ਹੈ। 

ਗੋਰੇ ਬਦਨ ਤੇ ਕਾਲਾ ਤਿਲ
ਲੌਰੀ ਬਲੂਅਰਟ

ਪਹਿਲੇ ਪਹਿਰੇ ਦੀ ਆਖਰੀ ਲਾਈਨ “ ਤੇ ਅਸੀਂ ਕਾਫੀ ਸ਼ਾਪ ਵਿਚ ਕਾਫੀ ਦੀ ਤੇ ਸੈਂਡਵਿੱਚ ਦੀ ਉਡੀਕ ਵਿਚ ਆਸਣ ਗ੍ਰਹਿਣ ਕਰ ਲਿਆ” ਆਸਣ ਸ਼ਬਦ ਬਹੁਪਖੀ ਹੈ । ਯੋਗ ਵਿਚ ਕਈ ਤਰਾਂ ਦੇ ਆਸਣ ਹਨ। ਇਸੇ ਤਰਾਂ ਕਾਮਸ਼ਾਸਤਰ ਵੀ ਵਖ ਵਖ ਆਸਣਾ ਦੀ ਗੱਲ ਕਰਦਾ ਹੈ। ਗੂਰੂ ਆਪਣੇ ਚੇਲਿਆਂ ਨੂੰ ਆਦੇਸ਼ ਦਿੰਦਾ ਹੈ ਅਪਨੇ ਅਪਨੇ ਆਸਣ ਗ੍ਰਹਿਣ ਕਰ ਲਓ ਭਾਵ ਨਿਸਚਤ ਅਸਥਾਨ ਮਲ ਲਓ ਇਥੇ ਥ੍ਹਾਂ ਨਿਸਚਤ ਨਹੀਂ ਇਸ ਲਈ ਆਸਣ ਸ਼ਬਦ ਰੜਕਦਾ ਹੈ। ਮੇਰੇ ਵਿਚਾਰ ਮੁਤਾਬਕ ਕੁਝ ਇਸ ਤਰ੍ਹਾਂ ਲਿਖਣਾ ਚਾਹੀਦਾ ਸੀ” ਤੇ ਅਸੀਂ ਕਾਫੀ ਅਤੇ ਸੈਂਡਵਿਚ ਦਾ ਆਰਡਰ ਕਰਕੇ ਇਕ ਨਿਵੇਕਲੀ ਥ੍ਹਾਂ ਜਾ ਬੈਠੇ।
“ਲੋਰੀ ਬਲੂਅਰਟ ਦੀ ਜ਼ੁਬਾਨੀ ਈਸਟ ਅਫਰੀਕਾ ਵਿਚ ਰਹਿੰਦੇ ਭਾਰਤੀਆਂ ਦੀ ਆਲੋਚਨਾ ਅਤੇ ਸਿਟੇ ਵਜੋਂ ਈਦੀ ਆਮੀਨ ਦਾਂ ਭਾਰਤੀਆਂ ਪਖੀ ਵਿਵਹਾਰ “ਆਪ ਬਾਹਰ ਰਹਿ ਕੇ ਆਪਣੇ ਪਾਤਰ ਰਾਹੀ ਸਚਾਈ ਪ੍ਰਗਟ ਕਰਨ ਨਾਲ ਦਿਓਲ ਇਕ ਨਵੀਂ ਪਿਰਤ ਪਾਉਂਦਾ ਹੈ। ਅਗੇ ਚਲ ਕੇ ਬਲੂਅਰਟ ਦੀ ਸਦੀ ਪਾਰਟੀ ਵਿਚ ਗੋਰੇ ਕਾਲੇ, ਪਾਕਸਤਾਨੀ ਜਮੀਕਨ ਕਠੇ ਹੋਕੇ ਰੰਗ, ਧਰਮ, ਜ਼ਾਤ ਨੂੰ ਅਖੋਂ ਪਰੋਖੇ ਕਰਕੇ ਨਚਦੇ ਗਾੳਂਦੇ ਹਨ ਤਾਂ ਅਨੇਕਤਾ ਵਿਚ ਕੁਦਰਤ ਰਾਣੀ ਵਰਗੀ ਏਕਤਾ ਅਨੰਦ ਮਈ ਸਮਾਂ ਪਰਦਾਨ ਕਰਦੀ ਹੈ “ ਉਥੇ ਇਹ ਵਿਚਾਰ ਵੀ ਖੁਲ ਕੇ ਸਾਹਮਣੇ ਆਇਆ ਕਿ ਰੰਗ ਜਾਂ ਚਮੜੀ ਦੇ ਰੰਗ ਤੇ ਚਲ ਰਹੀ ਸਿਆਸਤ ਖਤਰਨਾਕ ਹੈ ਪਿਛਾਖੜ ਵਾਲੀ ਹੈ , ਗੈਰ ਇਨਸਾਨੀ ਹੈ ਚੰਗਾ ਜਾਂ ਮਾੜਾ ਮਨੁੱਖ ਚਮੜੀ ਦੇ ਰੰਗ ਕਰਕੇ ਨਹੀਂ ਸਗੋਂ ਆਪਣੇ ਕਿਰਦਾਰ ਨਾਲ ਹੁੰਦਾ ਹੈ “ਇਹ ਸੋਚ ਹਰ ਜਦੋ ਜਹਿਦ ਵਿਚ ਵਿਸ਼ਾਲਤਾ ਲਿਆਉਦੀ ਹੈ “ਐਸ ਵੇਲੇ ਤਾਂ ਸਭੇ ਗੁਲਾਮ ਹੀ ਹੋ ਕਿਸ ਦੀਆਂ ਪਤਲੀਆਂ ਮੋਟੀਆਂ ਬੇੜੀਆ ਜੇ ਹੱਥ ਵਸ ਤਾਂ ਦੋਵਾਂ ਦੇ ਭੱਖ ਵੀ ਨਹੀਂ ਕਾਸਨੂੰ ਮੁਫਤ ਦੀਆ ਰਿਕਤਾਂ ਛੇੜੀਆਂ ਜੇ ……… ਪਹਿਲਾਂ ਸੋਨੇ ਦਾ ਭਾਂਡਾ ਤਿਆਰ ਕਰੀਏ ਦੁਧ ਸ਼ੇਰਨੀ ਦਾ ਆਪੇ ਚੁਆ ਲਮਾਂਗੇ” ਧੰਨੀ ਰਾਮ ਚਾਤ੍ਰਕ ਦੀਆਂ ਇਹ ਲਾਈਨਾਂ ਉਪਰ ਦਸੇ ਵਿਚਾਰਾਂ ਦੀ ਪ੍ਰੋੜਤਾ ਕਰਦੀਆਂ ਹਨ।

“ਪਰ ਲੋਰੀ ਸੁਧਾਰਵਾਦੀ ਗੱਲ ਪਬਲਿਕ ਤੋਰ ਤੇ ਕਹਿਣੋ ਸੰਗਦਾ ਸੀ ਮਤਾ ਉਹ ਪਾਪੂਲਿਰਜ਼ਮ ਤੋਂ ਨਿਖੜ ਜਾਵੇ ਅਤੇ ਖਾੜਕੂ ਸ਼ਬਦਾਵਲੀ ਵਿਚ ਨਿਪੁੰਸਕ ਸਮਝਿਆ ਜਾਵੇ “ ਸੰਸਾਰ ਵਿਚ ਬਹੁਤ ਸਾਰੀਆ ਖਾੜਕੂ ਜਥੇਬੰਦੀਆ ਹੋਂਦ ਵਿਚ ਆ ਚੁਕੀਆਂ ਹਨ ਉਹਨਾਂ ਦੇ ਨਾਂ ਨਾਲ ਖਾੜਕੂ ਸ਼ਬਦ ਸਜਦਾ ਨਹੀਂ ਸ਼ੈਹ ਲਾ ਕੇ ਮਾਰਨ ਵਾਲੇ ਖਾੜਕੂ ਨਹੀਂ ਹੁੰਦੇ।

ਪਹਿਲਾਂ ਤਾਂ ਆਪਣੇ ਹਕਾਂ ਦੀ ਰਾਖੀ ਕਰੋ ਜਦ ਇਕ ਵੇਰ ਖੁਸ ਜਾਣ ਤਾਂ ਵਾਪਸ ਲੈਣ ਲਈ ਜਦੋ ਜਹਿਦ ਵਿਚ ਝਰੀਟਾਂ ਜ਼ਰੂਰ ਆਉਂਦੀਆਂ ਹਨ ਥਾਲੀ ਵਿਚ ਪਰੋਸ ਕੇ ਕਦੇ ਕਿਸੇ ਨੇ ਆਜ਼ਾਦੀ ਨਹੀਂ ਦਿਤੀ ਅਤੇ ਨਾ ਹੀ ਮਿਲੇਗੀ। ਅਫਰੀਕਨ ਲੋਕ ਜ਼ਰਖਰੀਦ ਗੁਲਾਮ ਸਨ ਇਹਨਾਂ ਨੂੰ ਅਮਰੀਕਨ ਸਿਟੀਜ਼ਨ ਮਨ ਕੇ ਵੋਟ ਦਾ ਹਕ ਦੇਣਾ ਸਿਆਸਤ ਸੀ। ਪ੍ਰਧਾਨ ਜੋਹਨ ਕੈਨੇਡੀ ਨੇ ਮਾਰਟਨ  ਲੂਥਰ ਕਿੰਗ ਨੂੰ ਕਿਹਾ ਕਿ ਆਪਣੇ ਸੰਘਰਸ਼ ਨੂੰ ਅਲਬਾਮਾ ਤੋਂ ਬਾਹਰ ਵੀ ਕੱਢ। ਨਿਊਯਾਰਕ ਵਿਚ ਪਰੇਡ ਦੋਰਾਨ ਜੋਹਨ ਕੈਨੇਡੀ ਅਪਾਰਟਮੈਂਟ ਵਿਚੋਂ ਉਤਰ ਕੇ ਕਿੰਗ ਨਾਲ ਹਥ ਮਿਲਾ ਕੇ ਚਲਾ ਗਿਆ ਕੋਈ ਐਲਾਨ ਨਹੀਂ ਪਰ ਇਸ ਨਾਲ ਜਦੋ ਜਹਿਦ ਨੂੰ ਸਾਈਕਲੋਜੀਕਲ ਹੁਲਾਰਾ ਮਿਲਿਆ। ਜੋਹਨ ਦੇ ਕਤਲ ਉਪਰੰਤ ਟੈਡ ਕੇਨੇਡੀ ਸੈਨਟ ਵਿਚ ਆਊਂਦਾ ਹੈ ਉਸਦੀ ਸੈਨਟ ਵਿਚ ਪਹਿਲੀ ਪਰਭਾਵਸ਼ਾਲੀ ਸਪੀਚ ਸਿਵਲ ਰੲਾਟਿ ਦੇ ਹਕ ਵਿਚ ਸੀ ਜਿਸ ਦਾ ਅਮਰੀਕਨ ਪਬਲਕ ਤੇ ਬੜਾ ਚੰਗਾ ਅਸਰ ਪਿਆ। ਅਫਰੀਕਨ ਗੁਲਾਮਾਂ ਦੀਆਂ ਵੋਟਾਂ ਲਈ ਆਈਜ਼ਨਹਾਵਰ ਨੇ ਬੜਾ ਕੰਮ ਕੀਤਾ ਉਸਤੋਂ ਬਾਅਦ ਜੋਹਨਸਨ ਨੇ ਆਪਣੀ ਪਾਰਟੀ ਦੇ ਗਵਰਨਰ ਜੋਰਜ ਵਾਲਸ ਨੂੰ ਸਲਾਹ ਦਿਤੀ ਕਿ ਜੇ ਤਾਂ ਸਧਾਰਨ ਕਬਰ ਬਣਾਉਣੀ ਚਾਹੂੰਦਾ ਹੈਂ ਤਾਂ ਆਪਣੀ ਮਰਜ਼ੀ ਕਰੀ ਚਲ, ਜੇ ਮਕਬਰਾ ਬਣਾਉਣ ਦਾ ਇਰਾਦਾ ਹੈ ਤਾਂ ਇਹਨਾਂ ਤੇ ਜਿਆਦਤੀਆਂ ਕਰਨੀਆਂ ਛਡ ਦੇ ਜਦ ਜੋਰਜ ਵਾਲਸ ਨੂੰ ਸੋਝੀ ਆਈ ਉਸ ਨੇ ਆਪਣੀਆਂ ਗਲਤੀਆਂ ਦੀ ਮੁਆਫੀ ਮੰਗੀ ਪਰ ਬਹੁਤ ਦੇਰ ਹੋ ਚੁਕੀ ਸੀ। ਇਸੇ ਤਰਾਂ ਨੈਲਸਨ ਮੰਡੇਲਾ ਦਾ ਹਠ ਅਤੇ ਅਮਰੀਕਾ ਦੀ ਪੁਲੀਟਕਲ ਪਾਰਟੀਆਂ ਵਲੋਂ ਕਾਲਿਆਂ ਦੀਆਂ ਵੋਟਾਂ ਦੀ ਦੋੜ ਵਿਚ ਮੰਡੇਲਾ ਦੀ ਜਿਤ ਹੋਈ। 

ਮਾਰਟਨ ਼ਲੂਥਰ ਅਤੇ ਨੈਲਸਨ ਮੰਡੇਲਾ ਗਾਂਧੀ ਜੀ ਨੂੰ ਜ਼ਰੂਰਤ ਨਾਲੋਂ ਜਿ਼ਆਦਾ ਕਰੈਡਟ ਦੇ ਗਏ। ਸਿਵਲ ਰਾਈਟ ਬਿਲ ਪਾਸ ਹੋਣ ਉੁਪਰੰਤ ਕਾਲਿਆਂ ਗੋਰਿਆਂ ਦੇ ਫਸਾਦਾਂ ਵਿਚ ਕਮੀ ਆ ਗਈ। ਤਾਕਤ ਨਾਲ ਨਹੀਂ ਦੇਸ਼ ਦੀ ਤਰਕੀ ਲਈ ਸਾਈਕੋਲੋਜੀ ਦੀ ਵਰਤੌਂ ਲਾਹੇਵੰਦ ਹੁੰਦੀ ਹੈ।

ਸ਼ਾਂਤ ਭੁਚਾਲ 
ਗੌਡਫਰੀ ਵੈਬਸਟਰ

ਅਸਲ ਵਿਚ ਗੋਡਫਰੀ ਇਕ ਸੁਚੇਤ ਕਾਮਾਂ ਸੀ ਪਾਰਟੀ ਲਈ ਸੁਹਿਰਦ ਸੀ। ਟੂ ਮੈਨੀ ਚੀਫਸ ਵਿਚ ਵਨ ਇੰਡੀਅਨ ਸੀ। ਤਾਕਤ ਹਥ ਆਉਣ ਤੇ ਗਲੀਂ ਬਾਤੀਂ ਕੜਾਹ ਬਣਾਓਣ ਵਾਲੇ ਤਾਂ ਮੇਹਨਤ ਕਸ਼ ਨੂੰ ਪਿਛੇ ਧਕ ਕੇ ਸਭ ਕਲੇ ਹੀ ਛਕ ਜਾਂਦੇ ਹਨ । ਭਾਰਤ ਦੀ ਤਾਜ਼ਾ ਮਿਸਾਲ ਸਾਹਮਣੇ ਹੈ। ਦੋ ਜੱਣਿਆਂ ਕੜਾਹ ਬਣਾਉਣ ਦਾ ਇਰਾਦਾ ਬਣਾਇਆਂ। ਚੱਤਰ ਆਖਣ ਲੱਗਾ ਘੇ ਗੁੜ ਆਟਾ ਤੇਰਾ ਜਲ ਫੂਕ ਬਸੰਤਰ ਮੇਰਾ। ਪਹਿਲਾਂ ਖਾਊਂ ਮੈਂ ਜੋ ਬਚ ਜਾਵੇ ਸੋ ਤੇਰਾ। ਲੋਕ ਤੰਤਰ ਵਿਚ ਗੋਡਫਰੀ ਦੀ ਕਹੀ ਗੱਲ “ ਜੋ ਚਾਹੀਦੇ ਹਨ, ਉਹ ਜਾ ਰਹੇ ਹਨ, ਜਿਨ੍ਹਾਂ ਬਗੈਰ ਸਰ ਸਕਦਾ ਹੈ, ਉਹ ਆਗੂ ਬਣ ਰਹੇ ਹਨ” ਅਜ ਦਾ ਲੋਕ ਤੰਤਰ ਇਸੇ ਰਾਹੇ ਪਿਆ ਹੋਇਆ ਹੈ।ਚੋਰ ਠੱਗ ਧੜਵੈਲ ਛੱਤ੍ਰ ਮੇਹਨਤਕਸ਼ ਸਿਰ ਤੋੜਾ ਹੋ ਨਿਬੜਿਆ ਹੈ ।

ਪੌਣ ਨਸ਼ੀਲੀ 
ਮੇਅਰੀ ਕਲੈਰਜ

ਮੇਅਰੀ ਕਲੇਰ ਦੀ ਕਹੀ ਗੱਲ “ ਸਦੀਆਂ ਦੀਆਂ ਘੂਕ ਸੁਤੀਆਂ ਕੌਮਾ ਇਕੋ ਹਲੂਣੇ ਨਾਲ ਨਹੀਂ ਜਾਗਦੀਆਂ “ ਬਿਲਕੁਲ ਦਰੁਸਤ ਹੈ ਸਿਖ ਤੋਂ ਸਿੰਘ ਬਣਨ ਤਕ ਕੋਈ 225 ਸਾਲ ਲਗੇ ਤਾਂ ਜਾ ਕੇ ਭੀੜ ਸਮੇਂ ਮੰਦਰਾਂ ਵਿਚ ਟੱਲੀਆਂ ਖੜਕਾ ਕੇ ਦੇਵੀ ਦੇਵਤਿਆਂ ਦੀ ਮਦਦ ਮੰਗਣ ਵਾਲਿਆਂ ਵਿਚ ਤੇਗ ਨੂੰ ਹਥ ਪਾਊਣ ਦੀ ਜੁਰਅਤ ਆਈ। ਨਤੀਜਾ ਸੰਸਾਰ ਦੇ ਸਾਹਮਣੇ ਹੈ। ਮੈਰੀ ਨੂੰ ਭਾਸ਼ਾ ਦੀ ਸੂਝ ਸੀ, ਭਾਸ਼ਾਂ ਦੀ ਸਹੀ ਵਰਤੋਂ ਕਰਨ ਨਾਲ ਤਾਣੀ ਘੱਟ ਉੁਲਝਦੀ ਹੈ। ਬਾਬਾ ਨਾਨਕ ਜੀ ਦੇ ਬਚਨ ਹਨ “ ਨਾਨਕ ਫਿਕੇ ਬੋਲਿਆਂ ਤਨ ਮਨ ਫਿਕਾ ਹੋਏ “ ਅਸੀਂ ਕਿਨਾ’ ਕ ਅਮਲ ਕੀਤਾ ਉਹ ਕਿਸੇ ਤੋਂ ਲੁਕਿਆ ਹੋਇਆ ਨਹੀਂ “ ਕਾਰਲ ਮਾਰਕਸ ਦੀ ਗੱਲ ਕਰਦੀ ਉਹ ਆਖਦੀ ਹੈ “ ਇਹੋ ਮਾਰਕਸੀ ਪ੍ਰੈਕਟਸ ਦਾ ਕੇਂਦਰ ਬਿੰਦੂ ਹੈ ਜਿਸ ਵਰਗ, ਕੌਮ ਗਰੁੱਪ ਨੇ ਆਜ਼ਾਦੀ ਲੇਣੀ ਹੁੰਦੀ ਹੈ ਉਸਨੂੰ ਆਪਣਾ ਸੰਘਰਸ਼ ਆਪ ਲੜਨਾ ਪੈਂਦਾ ਹੈ” ਕੀ ਇਹ ਬਾਬੇ ਨਾਨਕ ਦੇ ਕੱਥਨ”ਆਪਣੇ ਹਥੀਂ ਆਪਣਾ ਆਪੇ ਹੀ ਕਾਜ ਸਵਾਰੀਏ” ਦੀ ਵਿਆਖਿਆ ਨਹੀਂ। ਕਾਰਲ ਮਾਰਕਸ ਗੁਰੂ ਕਾਲ ਤੋਂ ਬਾਅਦ ਵਿਚ ਸਟੇਜ ਤੇ ਆਉਂਦਾ ਹੈ ਅਜ ਉਸ ਦੇ ਵਿਚਾਰਾਂ ਨੂੰ ਮੀਲ ਪਥਰ ਮੰਨਿਆ ਜਾਂਦਾ ਹੈ। ਇਸ ਦੀ ਖਾਸ ਵਜਾਹ ਹੈ ਸਿਖਾ ਨੇ ਗੁਰੂ ਬਾਬੇ ਨੂੰ ਜਟ ਜਫਾ ਮਾਰ ਲਿਆ ਹੈ। ਮੈਰੀ ਨੂੰ ਸ਼ੈਕਸਪੀਅਰ ਤੇ ਬਹੁਤ ਮਾਣ ਹੈ। ਉਹ ਸ਼ੇਕਸਪੀਅਰ ਨੂੰ ਮਸੀਹਾ ਸਮਝਦੀ ਹੈ ਉਸ ਨੇ ਉਸ ਦਾ ਅਧਿਐਨ ਕੀਤਾ ਹੈ। ਗੁਰਬਾਣੀ ਜੀਵਨ ਜਾਚ ਸਿਖਾਂਦੀ ਹੈ ਆਪਣੇ ਹਕਾਂ ਲਈ ਜੂਝਨ ਲਈ ਪਰੇਰਦੀ ਹੈ ਪਰ ਅਫਸੋਸ ਅਜ ਅਸੀਂ ਗੁਰਬਾਣੀ ਨੂੰ ਵਿਚਾਰਨ ਦੀ ਥ੍ਹਾ ਮੰਤਰ ਵਾਂਗ ਰਟਨ ਲਗ ਗਏ ਹਾਂ ਇਕ੍ਹੋਤਰੀਆਂ ਦੇ ਰਾਹੇ ਪੈ ਗਏ ਹਾਂ। ਹੋ ਸਕਦਾ ਹੈ ਮੇਂ ਵਿਸ਼ੇ ਤੋਂ ਬਾਹਰ ਚਲਾ ਗਿਆ ਹੋਮਾਂ ਕੀ ਕਰਾਂ ਮੇਰਾ ਪੇਸ਼ ਹੀ ਇਹੋ ਜਿਹਾ ਹੈ ਪਾੜੇ ਜਾਂ ਸਿਆੜੇ। ਮੇਰੀ ਗੰਗਾ ਰਾਮ ਨਹੀਂ, ਗਿਆਨਵਾਨ ਹੈ, ਕੁਝ ਕਰ ਗੁਜ਼ਰਨ ਦੀ ਸਮਰੱਥਾ ਰਖਦੀ ਹੈ। ਗੁਰੂ ਗੋਬਿੰਦ ਸਿੰਘ ਜੀ ਦੈ ਸੰਤ ਸਿਪਹੀਆਂ ਦੀ ਕਤਾਰ ਵਿਚ ਖੜੀ ਹੋ ਸਕਦੀ ਹੈ।

ਰੂਸੀ ਰਾਕਟ
ਤਵਾਰੀਸ਼ ਕਾਵਲੈਂਕੋ

ਕਾਵਲੈਂਕੋ ਵਲੋਂ ਲੇਖਕਾਂ ਅਤੇ ਕਵੀਆਂ ਦਾ ਸਤਕਾਰ ਬੜਾ ਚੰਗਾ ਲਗਾ। ਮੈਂ ਵੀ ਕਾਵਲੈਂਕੋ ਦੀ ਦਲੀਲ ਨਾਲ ਸੈਹਮਤ ਹਾਂ ਕਵੀ ਯੁਗ ਪਲਟਾਓਣ ਦੀ ਸਮਰੱਥਾ ਰਖਦਾ ਹੈ ਪਰ ਸ਼ਰਤ ਇਹ ਹੈ ਕਿ ਉਹ ਵਿਕਾਊ ਨਾ ਹੋਵੇ। ਕਲਮ ਬਾਰੇ ਦੋ ਢੁਕਵੀਆਂ ਲਾਈਨਾਂ ਅਰਜ਼ ਕਰਨਾ ਚਾਹਾਂਗਾ 

“ਘੱਗ” ਵਿਕੀ ਹੋਈ ਕਲਮ ਨਾ ਚੰਗੀ ਝੂਠੀ ਸ਼ੁਹਰਤ ਕਰਦੀ
ਪਾਬੰਦੀ ਵਿਚ ਰੁਕੀ ਹੋਈ ਵੀ ਸਚ ਕਹਿਣ ਤੋਂ ਡਰਦੀ
ਕਾਨੂਨਾਂ ਨਾਲ ਜਦੋਂ ਜਕੜੀੲੈ ਕਲਮਾਂ ਹੋਣ ਨਕਾਰਾ 
ਦੇਸ਼ ਕੋਮ ਦੀ ਬਣਤਰ ਵਿਚ ਫੇਰ ਲਾਉਣ ਨਾ ਇਟਾਂ ਗਾਰਾ
ਕਾਵਲੈਂਕੋ ਵਲੌਂ ਇਕ ਰੂਸੀ ਕਵਿਤਾ ਦਾ ਉਲਥਾ ਧਿਆਨ ਮੰਗਦਾ ਹੈ 

“ਰੱਬ ਨੂੰ ਅਸੀਂ ਮੰਨਦੇ ਨਹੀਂ ,ਮੱਨੁਖ ਨੂੰ ਅਸੀਂ ਜਾਣਦੇ ਨਹੀਂ,ਰੂਹ ਦਾ ਰਾਗ ਗਾਉਂਦੇ ਨਹੀਂ, ਅਸੀਂ ਮੁਰਦਾ ਹੁਸੀਨ ਔਰਤਾਂ ਦੇ ਆਸ਼ਕ ਹਾਂ,ਜਿਉਂਦੀਆਂ ਤੀਵੀਆਂ ਤੋਂ ਭਜਦੇ ਹਾਂ, ਫੇਰ ਅਸੀਂ ਕੀ ਹਾਂ ,ਕਿਧਰ ਜਾਂਦੇ ਹਾਂ-ਅਸੀਂ ਨਵੈਂ ਰਾਹ ਤੇ ਤੁਰੇ ,ਸੜਕਾਂ ਤੇ ਪਗਡੰਡੀਆਂ ਵਿਚਕਾਰ ਟੋਇਆ ਟਿੱਬਿਆਂ ਵਿਚ,ਦਲਦਲ ਵਿਚ,ਬਰੇਤੇ ਵਿਚ ਹਾਂ, ਅਸੀਂ ਸਾਰੇ ਹੀ ਤੁਰੇ ਇਕ ਦੂਜੇ ਦੇ ਮੋਢੇ ਦੇ ਨਾਲ ਮੋਢਾ ਖਹਿੰਦਾ ਰਿਹਾ। ਅਸੀਂ ਪੱਛਮ ਦੇ ਸ਼ਰੇਣੀ ਪ੍ਰਧਾਨ ਸਮਾਜ ਤੋਂ ਅੱਗੇ ਅਤੇ ਆਜ਼ਾਦ ਹੋ ਛਲਾਂਗਾਂ ਮਾਰੀਆ, ਪੱਛਮ ਵਿਚ ਲੋਕ ਸ਼੍ਰੇਣੀਆਂ ਵਿਚ ਤੁਰਦੇ ਹਨ ਰੂਸ ਵਿਚ ਸਭ ਲੋਕ ਇਕਠੇ ਤੁਰਦੇ ਭਾਵੈਂ ਉਨ੍ਹਾਂ ਦੀ ਅਗਵਾਈ ਕਰਦੀ ਕਮਿਊਨਿਸਟ ਪਾਰਟੀ ਆਪਹੁਦਰ ੇਪਣ ਵਿਚ ਸ਼ਖਸੀ ਪ੍ਰਭਾਵਾਂ ਹੇਠ ਗਲਤ ਕੱਦਮ ਵੀ ਚੁੱਕਦੀ ਰਹੀ। ਅਸੀ ਸਾਰੇ ਹੀ ਰਸਤਾ ਭੁੱਲ ਗਏ ਅਤੈ ਗ਼ੈਰਾਂ ਨੇ ਨਜ਼ਰਾਂ ਲਗਾ ਕੇ ਰਾਹੋਂ ਕੁਰਾਹੇ ਪਾ ਦਿੱਤਾ ਪਰ ਦੋਸਤਵਸਕੀ ਦਾ ਖੁਦਾ ਜੋ ਰੂਸੀ ਕਿਸਾਨ ਹੈ ਸਾਨੂੰ ਅਗਲੇ ਪੜਾ ਤੇ ਉਡੀਕ ਰਿਹਾ ਹੈ- ਅਸੀਂ ਹੁਣ ਮੁੜ ਪਿੰਡ ਨੂੰ ਮੁੜਾਂਗੇ ਕਿਊਂ ਕਿ ਅਸੀਂ ਮੂਜਿਕ ਹਾਂ।” ਉਪਰੋਕਤ ਕਵਿਤਾ ਬਾਰੇ ਦਿਓਲ ਦੀ ਦਲੀਲ “ ਰੂਸ ਵਿਚ ਧਰਮ ਤੇ ਨਾਸਤਿਕਤਾ ਦਾ ਸੰਤੁਲਨ ਐਸੀ ਅਵਸਥਾ ਉਤਪਨ ਕਰ ਗਿਆ ਜਿਸ ਵਿਚ ਨਾਸਤਕਤਾ ਧਰਮ ਬਣ ਗਈ ਅਤੇ ਧਰਮ ਇਨਕਲਾਬ।” ਵਿਚ ਅੰਤਾਂ ਦਾ ਵਜ਼ਨ ਹੈ।

ਕਹਾਣੀ ਦੇ ਨਿਚੋੜ ਵਜੋਂ ਕਾਵਲੈਂਕੋ ਦਾ ਕਥਨ “ ਸਥਾਨਕ ਭਾਸ਼ਾ ਤੇ ਸਭਿਆਚਾਰ ਨੂੰ ਰੂਸੀ ਕੇਂਦਰਵਾਦ ਪ੍ਰਫੁਲਤ ਹੋਣ ਤੇ ਰੁਕਾਵਟ ਪਾਉਂਦਾ ਰਿਹਾ ਹੈ ਜੋ ਕਿ ਗੈਰ ਮਾਰਕਸੀ ਅਤੇ ਗੈਰ ਸੋਸ਼ਲਿਸਟ ਪ੍ਰਕ੍ਰਿਆ ਹੈ ਜੋ ਕਿਸੇ ਵੇਲੇ ਵੀ ਸੌੜੀ ਕੌਮਪ੍ਰਸਤੀ ਨੂੰ ਉਭਾਰ ਦੇਵੇਗੀ ਅਤੇ ਸੋਵੀਅਤ ਪ੍ਰਣਾਲੀ ਸਦੀਵੀ ਨਹੀਂ ਰਹਿ ਸਕੇਗੀ “

ਸਿਆਣੇ ਕਿਹਾ ਕਰਦੇ ਸਨ “ਧੀਏ ਗੱਲ ਕਰ ਨੋਂਹੇਂ ਕੱਨ ਕਰ” ਕਾਵਲੈਂਕੋ ਦੀ ਪੈਸ਼ਨਗੋਈ ਨਾਲ ਦਿਓਲ ਭਾਰਤ ਦੇ ਕਟੜ ਪੰਥੀਆਂ ਨੂੰ ਨਸੀਹਤ ਕਰਦਾ ਲਗਦਾ ਹੈ।

ਉਰਦੂ ਦਾ ਇਹ ਸ਼ੇਅਰ “ਤੂ ਸ਼ਾਹੀਂ ਹੈ ਪਰਵਾਜ਼ ਹੈ ਕਾਮ ਤੇਰਾ ਤੇਰੇ ਸਾਮਨੇ ਆਸਮਾਨ ਔੌਰ ਵੀ ਹੈਂ “ ਡਾਕਟਰ ਦਿਓਲ ਦੇ ਜੀਵਨ ਤੇ ਇਨ ਬਿਨ ਢੁਕਦਾ ਹੈ। ਆਪਣੀ ਜਿੰਦਗੀ ਵਿਚ ਪੌਡਾ ਪੌਡਾ ਚੜ੍ਹਦਿਆਂ ਬਹੁਤ ਮਲਾਂ ਮਾਰੀਆਂ ਹਨ । ਜੀਵਨ ਵਿਚ ਆਈਆਂ ਦਸ਼ਵਾਰੀਆਂ ਕਠਨਾਈਆਂ ਨਾਲ ਜੂਝਦਿਆਂ ਜੋ ਤਜਰਬਾ ਹਾਸਲ ਕੀਤਾ ਉਸਨੂੰ ਇਕ ਵਿਲੱਖਣ ਗੁਲਦਸਤੇ ਦੇ ਰੂਪ ਵਿਚ ਸੰਭਾਲ ਕੇ ਪੰਜਾਬੀ ਪਾਠਕਾਂ ਨੂੰ ਪੇਸ਼ ਕੀਤਾ ਹੈ। 1965 ਤੋਂ ਲੈ ਕੇ 1972 ਤਕ ਦਿਓਲ ਇੰਗਲੈਂਡ ਵਿਚ ਰਹਿਣ ਸਮੇਂ ਕਦੇ ਵੀ ਸੋਲੀਬਲ ਨਹੀਂ ( ਜੋ ਆਪਣੀ ਹੋਂਦ ਗਵਾ ਕੇ ਦੂਸਰੇ ਵਿਚ ਘੁਲ ਜਾਵੇ,ਖੰਡ ਨਮਕ ਸੋਲੀਬਲ ਹੁੰਦੇ ਹਨ)ਬਣਿਆ ਬਲਕਿ ਉਸ ਨੇ ਇਕ ਸੋਲਵੈਂਟ ( ਜੋ ਦੁਸਰੀਆਂ ਵਸਤਾਂ ਨੂੰ ਆਪਣੇ ਵਿਚ ਸਮੋ ਲਵੇ ਪਾਣੀ ਆਦ )ਬਣ ਕੇ ਆਪਣੇ ਸੰਪਰਕ ਵਿਚ ਆਏ ਸਜਨਾਂ ਦੇ ਵਿਚਾਰਾਂ ਨੂੰ ਯਾਦਾਂ ਦੇ ਰੂਪ ਵਿਚ ਆਪਣੇ ਵਿਚ ਸਮੋ ਲਿਆ। ਲਿਖਣ ਦੀ ਜੁਗਤ ਅਤੇ ਦਿਲ ਨੂੰ ਟੁੰਬ ਲੈਣ ਵਾਲੀ ਸ਼ੈਲੀ ਆਪਣੀ ਮਿਸਾਲ ਆਪ ਹੈ। ਦੂਸਰੀ ਵਡੀ ਆਲਮਗੀਰ ਜੰਗ ਨੇ ਸੰਸਾਰ ਨੂੰ ਦੋ ਵਖਰੋ ਵਖਰੇ ਕੈੰਪਾ ਵਿਚ ਵੰਡ ਦਿਤਾ ਸਮਾਜਵਾਦ ਅਤੇ ਸਾਮਰਾਜਵਾਦ ਦੇ ਦੋ ਦੈਂਤ ਇਕ ਡੰਡੇ ਨਾਲ ਅਤੇ ਦੂਸਰਾ ਮਾਇਆ ਦੇ ਜ਼ੋਰ ਪਰਚਾਰ ਦੀ ਘੁਟੀ ਨਾਲ ਜਨਸਾਧਾਰਨ ਨੂੰ ਮਦਹੋਸ਼ ਕਰਕੇ ਪੈਰ ਪਸਾਰਨ ਲਗਾ। ਸਮਾਜਵਾਦ ਵਾਲੇ ਕਾਰਲਮਾਰਕਸ ਨੁੰ ਰਬ ਮੰਨ ਕੇ ਜੋ ਅੜੇ ਸੋ ਝੜੇ ਦੇ ਰਾਹੇ ਪੈ ਗਏ ਅਤੇ ਸਾਮਰਾਜਵਾਦ ਵਾਲਿਆਂ ਲੋਕ ਤੰਤਰ ਦਾ ਡੋਰੂ ਬਜਾਉਣਾ ਸ਼ੁਰੂ ਕੀਤਾ। ਡਾਕਟਰ ਦਿਓਲ ਦਾ ਸੰਪਰਕ ਮਾਰਕਸਵਾਦ ਦੇ ਪੈਰੋਕਾਰਾਂ ਨਾਲ ਰਿਹਾ ਤਾਰਿਆਂ ਦੇ ਕਾਫਲੇ ਪੁਸਤਕ ਦੇ ਸਾਰੇ ਪਾਤਰ ਮਾਰਕਸਵਾਦ ਨਾਲ ਜੁੜੇ ਹੋਏ ਹਨ । ਦਿਓਲ ਦੀ ਵਿਚਾਰਧਾਰਾ ਤੇ ਵੀ ਕਦੇ ਕਦੇ ਮਾਰਕਸਵਾਦ ਦਾ ਝੌਲਾ ਪੈਂਦਾ ਹੈ। ਪਰ ਇਸ ਪੁਸਤਕ ਦੇ ਪਾਤਰਾਂ ਜੁਬਾਨੀ ਜਿਸ ਢੰਗ ਨਾਲ ਡਾਕਟਰ ਦਿਓਲ ਨੇ ਮਾਰਕਸਵਾਦ ਦੀ ਸਹੀ ਤਸਵੀਰ ਪੇਸ਼ ਕੀਤੀ ਹੈ ਉਹ ਇਕ ਸੂਝਵਾਨ ਲੇਖਕ ਹੀ ਪੇਸ਼ ਕਰ ਸਕਦਾ ਹੈ। ਡਾਕਟਰ ਦਿਓਲ ਨੇ ਲੂਸੀ ਬਰਾਊਨ ਅਤੇ ਮੈਰੀ ਕਲੈਰਿਸ ਦੇ ਰੇਖਾ ਚਿੱਤਰ ਉਲੀਕਣ ਲਗਿਆਂ ਨਾਰੀ ਗੁਣ ਉਸ ਦੀ ਕੋਮਲਤਾ ਨੂੰ ਵੀ ਅਖੋਂ ਪਰੋਖੇ ਕੀਤਿਆਂ ਬਗੈਰ ਨਾਰੀ ਚੇਤਨਾ ਵਜੋਂ ਵੀ ਉਹਨਾਂ ਨੂੰ ਜਾਗਰੂਕ ਦਖਾਇਆ ਹੈ।

ਡਾਕਟਰ ਦਿਓਲ ਵੱਧਾਈ ਦਾ ਪਾਤਰ ਹੈ ਪੰਜਾਬੀ ਸਾਹਿਤ ਵਿਚ ਡਾਕਟਰ ਦਿਓਲ ਦੇ ਯੋਗਦਾਨ ਦੀ ਉਡੀਕ ਰਹੇਗੀ।

****



ਬੜੇ ਮੁੱਕ ਗਏ ਮੁਕਾਉਣ ਵਾਲੇ......... ਲੇਖ਼ / ਰਾਜੂ ਹਠੂਰੀਆ

ਰੋਕ ਟੋਕ ਕਿਸੇ ਨੂੰ ਵੀ ਚੰਗੀ ਨਹੀ ਲੱਗਦੀ, ਨਸ਼ਾ ਕਰਨ ਵਾਲਿਆਂ ਨੂੰ ਤਾਂ ਖਾਸ ਕਰਕੇ। ਉਹਨਾਂ ਨੂੰ ਤਾਂ ਰੋਕਣ ਟੋਕਣ ਵਾਲਾ ਬੰਦਾ ਦੁਸ਼ਮਣ ਵਾਂਗ ਲੱਗਦਾ ਹੈ। ਹਾਲਾਂਕਿ ਉਹ ਉਹਨਾਂ ਦੇ ਭਲੇ ਲਈ ਹੀ ਕਹਿ ਰਿਹਾ ਹੁੰਦਾ, ਪਰ ਫਿਰ ਵੀ ਉਹਨਾਂ ਨੂੰ ਲੱਗਦਾ ਜਿਵੇਂ ਉਹ ਉਹਨਾਂ ਦੀ ਮਸਤੀ ਭਰੀ ਜਿ਼ੰਦਗੀ ਤੋਂ ਸਾੜਾ ਕਰਦਾ ਇਸ ਤਰ੍ਹਾਂ ਕਹਿ ਰਿਹਾ ਹੋਵੇ। ਪਰ ਜਦੋਂ ਤੱਕ ਉਹਨਾਂ ਨੂੰ ਕਹੀ ਗੱਲ ਦਾ ਅਹਿਸਾਸ ਹੁੰਦਾ ਹੈ ਉਦੋਂ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ। ਮੇਰੀ ਸੋਚ ਤਾਂ ਇਹੋ ਹੈ ਕਿ ਜੇ ਕੋਈ ਨਜ਼ਦੀਕੀ ਕਿਸੇ ਗਲਤ ਰਾਸਤੇ ਵੱਲ ਜਾ ਰਿਹਾ ਹੈ, ਤਾਂ ਉਸ ਨੂੰ ਰੋਕਣਾ ਅਤੇ ਉਸ ਦੀਆਂ ਗਲਤ ਆਦਤਾਂ ਨੂੰ ਟੋਕਣਾ ਸਾਡਾ ਫਰਜ ਬਣਦਾ ਹੈ। ਵੱਧ ਤੋਂ ਵੱਧ ਉਹ ਥੋੜਾ ਬਹੁਤਾ ਗੁੱਸਾ ਹੀ ਕਰੇਗਾ। ਜੇ ਅਸੀਂ ਉਸ ਦੇ ਗੁੱਸੇ ਹੋਣ ਦੇ ਡਰੋਂ ਉਸ ਨੂੰ ਗਲਤ ਰਸਤੇ ਜਾਣ ਤੋਂ ਨਹੀਂ ਰੋਕਾਗੇ ਤਾਂ ਇਕ ਦਿਨ ਉਸਨੂੰ ਤਬਾਹ ਹੁੰਦਿਆਂ ਵੇਖ ਅਸੀਂ ਖੁਦ ਨੂੰ ਵੀ ਦੋਸ਼ੀ ਮਹਿਸੂਸ ਕਰਾਂਗੇ ਤੇ ਫਿਰ ਐਵੇਂ ਮੱਥੇ ‘ਤੇ ਹੱਥ ਮਾਰ ਕੇ “ਜੇ ਮੈਂ ਉਸ ਨੂੰ ਰੋਕ ਦਿੰਦਾ ਤਾਂ……, ਜੇ ਮੈਂ ਉਸ ਨੂੰ ਟੋਕ ਦਿੰਦਾ ਤਾਂ ਸ਼ਾਇਦ ……………, ਕਹਿਣ ਨਾਲ ਕੁੱਝ ਵੀ ਠੀਕ ਨਹੀਂ ਹੋ ਸਕਦਾ। ਕਿਉਂਕਿ ਲੰਘ ਗਏ ਸਮੇਂ ਨੇ ਵਾਪਿਸ ਮੁੜ ਕੇ ਨਹੀਂ ਆਉਣਾ ਹੁੰਦਾ ਹੈ। ਬਸ ਪਛਤਾਵਾ ਹੀ ਕਰਨਾ ਹੁੰਦਾ ਹੈ, ਚਾਹੇ ਥੋੜਾ ਕਰ ਲਓ, ਚਾਹੇ ਬਹੁਤਾ ਕਰ ਲਓ। ਇਸ ਲਈ ਬਾਅਦ ‘ਚ ਪਛਤਾਉਣ ਨਾਲੋਂ ਚੰਗਾ ਹੈ, ਜੋ ਕਹਿਣਾ ਪਹਿਲਾਂ ਹੀ ਕਹਿ ਦਿਓ। ਹੋ ਸਕਦਾ ਤੁਹਾਡੀ ਕਹੀ ਗੱਲ ਦਾ ਉਸ ‘ਤੇ ਅਸਰ ਹੋ ਜਾਵੇ ਤੇ ਉਹ ਉਜਾੜੇ ਵਾਲੇ ਰਾਹੇ ਤੋਂ ਕੰਨੀ ਕਰ ਜਾਵੇ।


ਕਿੰਨੇ ਤਰਾਂ ਦੇ ਨਸ਼ੇ ਕਰਕੇ, ਕਿੰਨ੍ਹੇ ਨੌਜਵਾਨ ਤਬਾਹ ਹੋ ਰਹੇ ਹਨ। ਇਹ ਗਿਣਤੀ ਤਾਂ ਅਸੰਭਵ ਹੈ, ਕਿਉਂਕਿ ਨਸ਼ਾ ਕਰਨ ਵਾਲੇ ਨਿੱਤ ਨਵੇਂ ਨਸ਼ੇ ਦੀ ਕਾਢ ਕੱਡ ਲੈਂਦੇ ਹਨ। ਜੀਹਦੇ ਕੋਲ ਜਿੰਨ੍ਹੇ ਕੁ ਪੈਸੇ ਹੁੰਦੇ ਹਨ ਉਹ ਉਹੋ ਜਿਹਾ ਨਸ਼ਾ ਕਰ ਲੈਂਦਾ ਹੈ। ਕਈ ਨੌਜਵਾਨ ਤਾਂ ਇਹੋ ਜਿਹੇ ਨਸ਼ੇ ਕਰਦੇ ਨੇ ਕਿ ਉਸ ਬਾਰੇ ਸੁਣ ਕੇ ਖਾਧਾ ਪੀਤਾ ਬਾਹਰ ਆਉਣ ਵਾਲਾ ਹੋ ਜਾਂਦਾ ਹੈ। ਜਿਹੜੇ ਨੋਜਵਾਨ ਘਰ ਬਣੀ ਦਾਲ, ਸ਼ਬਜੀ ਵਿੱਚ ਜੇ ਲੂਣ ਮਿਰਚ ਘੱਟ-ਵੱਧ ਹੋਵੇ ਤਾਂ ਉਹ ਰੋਟੀ ਵਾਲੀ ਥਾਲੀ ਵਿਹੜੇ ‘ਚ ਵਗਾਹ ਮਾਰਦੇ ਹਨ, ਪਰ ਉਹੀ ਨਸੇ਼ ਦੀ ਘਾਟ ਪੂਰੀ ਕਰਨ ਲਈ ਬਰਿੱਡਾਂ ਵਿਚ ਆਇਓਡੈਕਸ ਲਾ ਕੇ ਖਾਂਦੇ ਸੁਣੇ ਹਨ। ਉਹ ਪਤਾ ਨਹੀਂ ਇਨਾਂ ਦੇ ਅੰਦਰ ਕਿਵੇਂ ਲੰਘ ਜਾਂਦੀ ਹੈ, ਜਿਹੜੀ ਜੇ ਸਰੀਰ ਦੇ ਕਿਸੇ ਅੰਗ ਉੱਤੇ ਮਲ਼ੀ ਹੋਵੇ, ਤਾਂ ਵੀ ਰੋਟੀ ਖਾਣ ਨੂੰ ਜੀਅ ਨਹੀਂ ਕਰਦਾ। ਇਸ ਤਰਾਂ ਦੇ ਹੋਰ ਵੀ ਬਹੁਤ ਸਾਰੇ ਨਸੇ਼ ਹਨ। ਪਰ ਇਹਨਾਂ ਦਾ ਇਸਤੇਮਾਲ ਹਰ ਕੋਈ ਨਹੀਂ ਕਰਦਾ। ਮੈਂ ਗੱਲ ਕਰਨਾਂ ਚਾਹੁੰਦਾ ਉਸ ਨਸੇ਼ ਦੀ, ਜੀਹਦਾ ਇਸਤੇਮਾਲ ਤਕਰੀਬਨ ਹਰ ਕੋਈ ਨਸ਼ਈ ਕਰਦਾ ਹੈ। ਜੀਹਨੇ ਬਹੁਤ ਸਾਰੀਆਂ ਜਿ਼ੰਦਗੀਆਂ ਅਤੇ ਘਰ ਬਰਬਾਦ ਕੀਤੇ ਹਨ ਤੇ ਅੱਜ ਵੀ ਕਰ ਰਿਹਾ ਹੈ। ਇਸ ਦਾ ਇਸਤੇਮਾਲ ਪੰਜਾਬੀ ਬਹੁਤ ਜਿ਼ਆਦਾ ਕਰਦੇ ਹਨ। ਕਈਆਂ ਨੂੰ ਤਾਂ ਇਉ ਲੱਗਦਾ ਕਿ ਇਹਦੇ ਬਿਨਾਂ ਜਿ਼ੰਦਗੀ ਅਧੂਰੀ ਹੈ। ਮੈਂ ਬੜੇ ਚਿਰ ਤੋਂ ਇਸ ਉੱਪਰ ਕੁਝ ਲਿਖਣ ਬਾਰੇ ਸੋਚ ਰਿਹਾ ਸੀ ,ਕਿਉਂਕਿ ਇਸ ਨੂੰ ਕਈਆਂ ਦੀ ਬਰਬਾਦੀ ਦਾ ਕਾਰਨ ਬਣਦੇ ਸੁਣਿਆ ਜਾਂ ਵੇਖਿਆ ਹੈ। ਪਰ ਲਿਖਣ ਤੋ ਪਹਿਲਾਂ ਇਸ ਨਸ਼ੇ ਦਾ ਇਸਤੇਮਾਲ ਕਰਨ ਵਾਲਿਆਂ ਦੇ ਇਸ ਵਾਰੇ ਵਿਚਾਰ ਜਾਨਣੇ ਜ਼ਰੂਰੀ ਸਮਝੇ ਕਿ ਇਸ ਨਸੇ਼ ਦੀ ਆਦਤ ਉਹਨਾਂ ਨੂੰ ਕਿਵੇਂ ਪਈ? ਕੀ ਹੁਣ ਉਹ ਇਸ ਤੋਂ ਬਿਨਾਂ ਰਹਿ ਨਹੀਂ ਸਕਦੇ ਵਗੈਰਾ-ਵਗੈਰਾ………ਤਾਂ ਕਿ ਮੈਨੂੰ ਉਹਨਾਂ ਕਾਰਨਾ ਦਾ ਪਤਾ ਲੱਗ ਸਕੇ ਜਿਹਨਾਂ ਕਰਕੇ ਇਸ ਨਸੇ਼ ਦਾ ਇਸਤੇਮਾਲ ਐਨ੍ਹਾ ਜਿ਼ਆਦਾ ਹੋ ਰਿਹਾ ਹੈ ਤੇ ਆਏ ਦਿਨ ਕਈ-ਕਈ ਘਰ ਬਰਬਾਦ ਹੋ ਰਹੇ ਹਨ। ਇਹ ਸਭ ਜਾਨਣ ਲਈ ਮੈਂ ਦੋਸਤਾਂ, ਰਿਸ਼ਤੇਦਾਰਾਂ ਤੇ ਹੋਰ ਜਾਣ-ਪਹਿਚਾਣ ਵਾਲਿਆਂ ਨਾਲ ਇਸ ਵਾਰੇ ਗੱਲ ਕੀਤੀ, ਜਿੰਨ੍ਹਾਂ ਵਿਚ ਬਹੁਤੇ ਤਾਂ ਉਹ ਹਨ ਜਿਹੜੇ ਲੰਬੇ ਸਮੇਂ ਤੋਂ ਇਸ ਨਸ਼ੇ ਦਾ ਇਸਤੇਮਾਲ ਕਰਦੇ ਆ ਰਹੇ ਹਨ, ਕਈ ਉਹ ਹਨ ਜਿੰਨ੍ਹਾਂ ਨੇ ਇਸ ਦਾ ਇਸਤੇਮਾਲ ਕਰਕੇ ਛੱਡ ਦਿੱਤਾ ਹੈ ਤੇ ਕਈ ਉਹ ਹਨ ਜਿੰਨ੍ਹਾਂ ਦਾ ਦਾਅਵਾ ਹੈ ਕਿ ਉਹ ਇਸ ਨੂੰ ਮੁਕਾ ਕੇ ਛੱਡਣਗੇ। ਮੈਂ ਜਿਹੜੇ ਨਸ਼ੇ ਦੀ ਗੱਲ ਕਰਨਾ ਚਾਹੁੰਦਾ ਉਹ ਤਾਂ ਤੁਸੀਂ ਸਮਝ ਹੀ ਗਏ ਹੋਵੋਗੇ, ਪਰ ਫਿਰ ਵੀ ਖਾਨਾਂ ਪੂਰਤੀ ਲਈ ਲਿਖ ਦਿੰਦਾ ਹਾਂ ਕਿ ਇਹ ਨਸ਼ਾ ਹੈ ਸ਼ਰਾਬ। ਇਹ ਨਸ਼ਾ ਕਰਨ ਵਾਲੇ ਹਰ ਇਕ ਬੰਦੇ ਦਾ ਕਹਿਣਾ ਹੁੰਦਾ ਹੈ ਕਿ ਸ਼ਰਾਬ ਪੀਣ ਵਾਲੀ ਚੀਜ਼ ਹੈ ਪੀਣੀ ਚਾਹੀਦੀ ਹੈ। ਮੈਂ ਉਹਨਾਂ ਦੀ ਗੱਲ ਨਾਲ ਸੌ ਪ੍ਰਤੀਸਤ ਸਹਿਮਤ ਹਾਂ ਕਿ ਇਹ ਪੀਣ ਵਾਲੀ ਚੀਜ਼ ਹੈ, ਪੀ ਸਕਦੇ ਹੋ। ਪਰ ਗੱਲ ਸਿਰਫ ਇਸ ਨੂੰ ਪੀਣ ਦੀ ਨਹੀਂ, ਗੱਲ ਹੈ ਇਹਨੂੰ ਪੀ ਕੇ ਬਦਨਾਮੀ ਅਤੇ ਬਰਬਾਦੀ ਦੇ ਰਾਹ ਵੱਲ ਜਾਣ ਦੀ, ਇਹ ਬਦਨਾਮੀ ਅਤੇ ਬਰਬਾਦੀ ਦੇ ਰਾਹ ਉਦੋਂ ਲੈ ਕੇ ਜਾਂਦੀ ਹੈ, ਜਦੋਂ ਇਸ ਦਾ ਇਸਤੇਮਾਲ ਹੱਦ ਤੋਂ ਵੱਧ ਹੁੰਦਾ ਹੈ, ਹੱਦ ਤੋਂ ਵੱਧ ਖਾਧਾ ਤਾਂ ਘਿਉ ਵੀ ਅੰਦਰ ਹਿਲਾ ਕੇ ਰੱਖ ਦਿੰਦਾ, ਜੀਹਦੇ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ। ਫਿਰ ਨਸ਼ੇ ਨੇ ਤਾਂ ਨੁਕਸਾਨ ਕਰਨਾ ਹੀ ਕਰਨਾ ਹੈ। 

ਸ਼ਰਾਬ ਪੀਣ ਦੀ ਸ਼ੁਰੂਆਤ ਕਰਨ ਦੀ ਵੀ ਹਰ ਇੱਕ ਦੀ ਵੱਖੋ-ਵੱਖਰੀ ਕਹਾਣੀ ਹੈ; ਕਈ ਤਾਂ ਵੱਡੇ ਭਰਾ ਜਾਂ ਪਿਉ ਦੇ ਖਾਲੀ ਕੀਤੇ ਅਧੀਏ, ਬੋਤਲਾਂ ‘ਚ ਰਹਿੰਦੀਆਂ ਕੁਝ ਕੁ ਬੂੰਦਾਂ ਵਿੱਚ ਪਾਣੀ ਭਰ-ਭਰ ਪੀ ਕੇ ਸੁਆਦ ਲੈਂਦੇ-ਲੈਂਦੇ ਇਸ ਦੇ ਆਦੀ ਹੋ ਗਏ, ਕਈਆਂ ਨੂੰ ਉਹਨਾਂ ਦੇ ਪਿਉ ਜਾਂ ਭਰਾਵਾਂ ਨੇ ਬਚਪਨ ਤੋਂ ਖੁਦ ਹੀ ਥੋੜ੍ਹੀ-ਥੋੜ੍ਹੀ ਪਿਲਾਉਂਦਿਆਂ ਆਦਤ ਪਾ ਦਿੱਤੀ ਤੇ ਕਈਆਂ ਦਾ ਕਹਿਣਾ ਹੈ ਕਿ ਉਹ ਜਦੋਂ ਕਿਸੇ ਪਾਰਟੀ ਵਿੱਚ ਜਾਂਦੇ ਜਾਂ ਕਿਤੇ ਉਹਨਾਂ ਦੇ ਯਾਰਾਂ ਦੀ ਮਹਿਫ਼ਲ ਜੁੜੀ ਹੁੰਦੀ ਤਾਂ ਮਹਿਫ਼ਲ ਵਿੱਚ ਬੈਠੇ ਦੋ-ਦੋ ਪੈੱਗ ਲਾ ਕੇ ਸੋਫੀ ਬੰਦੇ ਨੂੰ ਬੰਦਾ ਹੀ ਨਹੀਂ ਸਮਝਦੇ ਸੀ। ਇਸ ਤਰ੍ਹਾਂ ਨਾਹ ਚਾਹੁੰਦੇ ਹੋਏ ਵੀ ਇੱਕ ਦੋ ਪੈੱਗ ਲਾਉਂਦੇ ਇਸ ਦੇ ਆਦੀ ਹੋ ਗਏ। ਬਾਕੀ ਬਚਦੀ ਕਸਰ ਗੀਤਾਂ ਵਾਲੇ ਕੱਢ ਦਿੰਦੇ, ਗੀਤਾਂ ਦੇ ਬੋਲ ਐਹੋ ਜਿਹੇ ਹੁੰਦੇ ਹਨ ਕਿ ਜਿਹੜਾ ਨਹੀਂ ਵੀ ਪੀਂਦਾ ਉਹਦਾ ਵੀ ਪੈੱਗ ਲਾਉਣ ਨੂੰ ਜੀਅ ਕਰ ਆਉਂਦਾ ਤੇ ਜੀਹਦੀ ਪਹਿਲਾਂ ਹੀ ਪੀਤੀ ਹੁੰਦੀ ਆ ਤੇ ਰੁਮਾਲ ਦੀ ਬੀਨ ਬਣਾ ਕੇ ਅਮਰੀਸ਼ ਪੁਰੀ ਵਾਂਗੂੰ ਸੱਪਣੀ ਕੀਲਣ ਦੀ ਕੋਸਿ਼ਸ ਕਰ ਰਿਹਾ ਹੁੰਦਾ, ਉਹ ਲਾਚੜਿਆ ਹੋਇਆ ਝੱਟ ਦੇਣੇ ਇੱਕ ਲੰਡੂ ਜਿਹਾ ਪੈੱਗ ਹੋਰ ਅੰਦਰ ਸੁੱਟ ਲੈਂਦਾ ਹੈ, ਤੇ ਫਿਰ ਖੁਦ ਹੀ ਨਾਗਣ ਬਣ ਕੇ ਸ੍ਰੀ ਦੇਵੀ ਵਾਂਗੂੰ ਧਰਤੀ ‘ਤੇ ਪਿਆ ਮੇਲ ਰਿਹਾ ਹੁੰਦਾ। ਕਈ ਲੋਕ ਇਹੋ ਜਿਹੇ ਹਨ ਜਿਹੜੇ ਪੀਣੀ ਵੀ ਚਾਹੁੰਦੇ ਹਨ, ਪਰ ਖੁਦ ਨੂੰ ਸ਼ਰਾਬੀ ਨਹੀਂ ਕਹਾਉਣਾ ਚਾਹੁੰਦੇ। ਇਹੋ ਜਿਹੇ ਲੋਕ ਅਕਸਰ ਪਾਰਟੀਆਂ ਵਿੱਚ ਥੋੜ੍ਹੀ-ਥੋੜ੍ਹੀ ਕਰ ਕੇ ਪੀਂਦਿਆਂ ਟੱਲੀ ਹੋ ਜਾਂਦੇ ਹਨ ਤੇ ਬਾਅਦ ‘ਚ ਘਰ ਜਾਣ ਤੋਂ ਪਹਿਲਾਂ ਸ਼ਰਾਬ ਦਾ ਨਸ਼ਾ ਲਾਹੁਣ ਲਈ ਨਿੰਬੂ ਨਚੋੜ-ਨਚੋੜ ਪੀਂਦੇ ਵੇਖੇ ਨੇ। ਦੱਸੋ ਐਡੀ ਕੀ ਥੋਡੇ ਉੱਤੇ ਤਲਵਾਰ ਲਟਕ ਰਹੀ ਹੈ, ਜਿਹੜੀ ਕਹਿੰਦੀ ਹੈ ਕਿ ਬਈ ਪੀਣੀ ਵੀ ਜ਼ਰੂਰ ਹੈ ਤੇ ਚੜ੍ਹਨ ਵੀ ਨਹੀਂ ਦੇਣੀ, ਨਹੀਂ ਤਾਂ ਤੁਹਾਡਾ ਸਿਰ ਧੜ ਤੋਂ ਅਲੱਗ ਸਮਝੋ। ਬਸ ਜਦੋਂ ਪੀਣ ਦੀ ਆਦਤ ਪੈ ਜਾਵੇ ਫਿਰ ਕਿੱਥੇ ਰਹਿ ਹੁੰਦਾ, ਪੀਣ ਵਾਲੇ ਦਾ ਹਰ ਵਾਰ ਨਵਾਂ ਬਹਾਨਾ ਕਦੇ ਖੁਸ਼ੀ, ਕਦੇ ਗ਼ਮੀ ਜਾਂ ਕੋਈ ਹੋਰ……… ਖ਼ੈਰ ਮੈਂ ਜਿਵੇਂ ਪਹਿਲਾਂ ਵੀ ਲਿਖਿਆ ਪੀਣ ਵਾਲੀ ਚੀਜ ਹੈ ਪੀਤੀ ਜਾ ਸਕਦੀ ਹੈ ਪਰ ਹਰ ਇੱਕ ਨੂੰ ਆਪਣੀ ਪਚਾਉਣ ਦੀ ਹੈਸੀਅਤ ਜ਼ਰੂਰ ਵੇਖਣੀ ਚਾਹੀਦੀ ਹੈ। ਮੈਂ ਕੁਝ ਕੁ ਲੋਕਾ ਦਾ ਜਿ਼ਕਰ ਕਰਨਾ ਚਾਹਾਂਗਾ ਜਿਹਨਾਂ ਨੂੰ ਸ਼ਰਾਬ ਪੀ ਕੇ ਬਦਨਾਮ ਜਾਂ ਬਰਬਾਦ ਹੁੰਦੇ ਤੇ ਇਸ ਜਹਾਨੋਂ ਜਾਂਦੇ ਵੇਖਿਆ। ਉਸ ਤੋਂ ਬਾਅਦ ਫੈਸਲਾ ਤੁਹਾਡੇ ਹੱਥ ਕਿ ਤੁਸੀਂ ਕਿਹੜੇ ਰਾਹ ਜਾਣਾ ਚਾਹੁੰਦੇ ਹੋ। 

ਤਿੰਨ ਕੁ ਸਾਲ ਪਹਿਲਾਂ ਦੀ ਗੱਲ ਹੈ ਮੈਂ ਇੰਡੀਆ ਗਿਆ ਹੋਇਆ ਸੀ ਤੇ ਉੱਥੇ ਇੱਕ ਵਿਆਹ ‘ਚ ਜਾਣ ਦਾ ਮੌਕਾ ਮਿਲਿਆ। ਵਿਆਹ ਵਿੱਚ ਮੇਰੇ ਪਿੰਡ ਦਾ ਇੱਕ ਹੋਰ ਮੁੰਡਾ ਆਪਣੀ ਕਾਰ ‘ਤੇ ਤਿੰਨ ਚਾਰ ਦੋਸਤਾਂ ਨਾਲ ਆਇਆ ਹੋਇਆ ਸੀ, ਦੁਪਹਿਰ ਤੱਕ ਸਾਰੇ ਸ਼ਰਾਬ ਨਾਲ ਟੱਲੀ ਹੋ ਗਏ, ਉਹ ਖੁਦ ਤਾਂ ਇਹਨਾਂ ਜਿ਼ਆਦਾ ਸ਼ਰਾਬੀ ਹੋ ਗਿਆ ਕਿ ਬੈਠਾ-ਬੈਠਾ ਕੁਰਸੀ ਤੋਂ ਥੱਲੇ ਡਿੱਗ ਪਿਆ। ਉਸ ਦੀ ਹਾਲਤ ਵੇਖ ਕੇ ਆਸੇ ਪਾਸੇ ਖੜੇ ਲੋਕ ਹੱਸਣ ਲੱਗ ਪਏ। ਮੈਨੂੰ ਇਹ ਸਭ੍ਹ ਚੰਗਾ ਨਾ ਲੱਗਾ ਤੇ ਮੈਂ ਉਹਨਾਂ ਨੂੰ ਕਿਹਾ ਚਲੋ ਹੁਣ ਪਿੰਡ ਨੂੰ ਚੱਲੀਏ। ਪਰ ਉਹਨਾਂ ਵਿੱਚੋਂ ਕੋਈ ਵੀ ਕਾਰ ਚਲਾਉਣ ਦੀ ਹਾਲਤ ਵਿੱਚ ਨਹੀਂ ਸੀ। ਫਿਰ ਮੈਂ ਮੇਰੇ ਨਾਲ ਆਏ ਇੱਕ ਦੋਸਤ ਜਿਹੜਾ ਕਿ ਸੋਫੀ ਸੀ, ਨੂੰ ਉਹਦੀ ਕਾਰ ਚਲਾ ਕੇ ਲਿਜਾਣ ਲਈ ਕਿਹਾ। ਹੁਣ ਉਹਦੀ ਕਾਰ ਕਿੱਥੇ ਖੜੀ ਸੀ ਇਹ ਕਿਸੇ ਨੂੰ ਨਹੀਂ ਸੀ ਪਤਾ ਕਿਉਂਕਿ ਪਾਰਕਿੰਗ ਉਹ ਇਕੱਲਾ ਹੀ ਕਰ ਕੇ ਆਇਆ ਸੀ ਤੇ ਹੁਣ ਉਹ ਕੁਝ ਦੱਸਣ ਦੀ ਹਾਲਤ ਵਿੱਚ ਨਹੀਂ ਸੀ। ਦੋ ਜਾਣਿਆਂ ਉਹਨੂੰ ਆਸਰਾ ਦੇ ਕੇ ਪੈਲਿਸ ਤੋਂ ਬਾਹਰ ਪਾਰਕਿੰਗ ਕੋਲ ਲਿਆਂਦਾ ਤੇ ਉਹਨੂੰ ਪੁੱਛਿਆ ਕਾਰ ਕਿੱਥੇ ਖੜਾਈ ਆ। ਬੜੀ ਮੁਸਿ਼ਕਲ ਨਾਲ ਥੋੜੀਆਂ ਜਿਹੀਆਂ ਅੱਖਾਂ ਖੋਲ ਕੇ ਉਹਨੇ ਇੱਕ ਕਾਰ ਵੱਲ ਹੱਥ ਕਰ ਦਿੱਤਾ। ਮੈਂ ਉਹਦੀ ਜੇਬ ਚੋਂ ਚਾਬੀ ਕੱਡੀ ਤੇ ਕਾਰ ਦੇ ਲੌਕ ਖੋਹਲ ਕੇ ਹਜੇ ਉਹਨੂੰ ਪਿਛਲੀ ਸੀਟ ‘ਤੇ ਬਿਠਾਇਆ ਹੀ ਸੀ ਕਿ ਇੱਕ ਮੁੰਡਾ ਦੂਰੋਂ ਹੀ ਹੱਥ ਜਿਹਾ ਖੜਾ ਕਰ ਕੇ ਰੌਲਾ ਪਾਉਂਦਾ ਸਾਡੇ ਕੋਲ ਆ ਕਿ ਕਹਿਣ ਲੱਗਾ, ਕੀ ਕਰੀ ਜਾਨੇ ਓਂ ਯਾਰ? ਮੈਂ ਪੁੱਛਿਆ ਕਿਉਂ ਕੀ ਹੋਇਆ? ਕਹਿੰਦਾ ਯਾਰ ਤੁਸੀਂ ਮੇਰੀ ਕਾਰ ਖੋਹਲੀ ਫਿਰਦੇ ਓਂ। ਮੈਂ ਉਹਨੂੰ ਦੱਸਿਆ ਕਿ ਯਾਰ ਸਾਡਾ ਆਹ ਬੰਦਾ ਕਾਰ ਲੈ ਕੇ ਆਇਆ ਸੀ ਤੇ ਸ਼ਰਾਬੀ ਹੋ ਗਿਆ ਵਾਹਲਾ, ਮੈਨੂੰ ਇਹਦੀ ਕਾਰ ਦੀ ਕੋਈ ਪਹਿਚਾਣ ਨਹੀਂ। ਇਹਨੇ ਇਸ ਕਾਰ ਵੱਲ ਹੱਥ ਕੀਤਾ, ਮੈਂ ਚਾਬੀ ਲਾ ਕੇ ਵੇਖੀ ਤੇ ਲੌਕ ਖੁੱਲ ਗਏ। ਮੁੰਡਾ ਸਮਝਦਾਰ ਸੀ ਕਹਿੰਦਾ ਚਲੋ ਕੋਈ ਗੱਲ ਨਹੀਂ ਹੋ ਜਾਂਦਾ। ਜੇ ਉਹਦੀ ਜਗ੍ਹਾ ਹੁੰਦਾ ਕੋਈ ਹੋਰ ਤਾਂ ਐਵੇਂ ਲੜਾਈ ਨੂੰ ਥਾਂ ਹੋ ਜਾਣਾ ਸੀ। ਫਿਰ ਅਸੀਂ ਗੇੜ੍ਹਾ ਜਿਹਾ ਦਿੱਤਾ ਤੇ ਇੱਕ ਕਾਰ ਉੱਤੇ ਉਹਦਾ ਗੋਤ ਲਿਖਿਆ ਵੇਖਿਆ। ਥੋੜੀ ਦੇਰ ਪਹਿਲਾਂ ਲੱਗੇ ਝਟਕੇ ਨਾਲ ਦੋ ਕੁ ਦੀ ਤਾਂ ਲੱਗਦਾ ਸੀ ਕਿ ਪੀਤੀ ਲਹਿ ਗਈ ਸੀ। ਉਹ ਝੱਟ ਦੇਣੇ ਬੋਲ ਪਏ “ਹਾਂ ਬਾਈ ਆਹੀ ਕਾਰ ਆ, ਅਸੀਂ ਸਵੇਰੇ ਇਹਦੇ ‘ਚ ਹੀ ਆਏ ਸੀ।” ਮੈਂ ਹੱਸਦੇ ਹੋਏ ਕਿਹਾ ਹਜੇ ਵੀ ਧਿਆਨ ਨਾਲ ਵੇਖ ਲਵੋ ਹੋਰ ਨਾ ਬਾਅਦ ‘ਚ ਪੁਲਿਸ ਖਿੱਚੀ ਫਿਰੇ।

ਇਸ ਤਰ੍ਹਾਂ ਹੀ ਪਿੱਛੇ ਜਿਹੇ ਇੱਕ ਸਖਸ਼ ਇਟਲੀ ਘੁੰਮਣ ਆਇਆ। ਉਹਦੇ ਲਈ ਬਹੁਤ ਸਾਰੇ ਲੋਕਾਂ ਦੇ ਦਿਲਾਂ ਵਿੱਚ ਬੜਾ ਸਤਿਕਾਰ ਸੀ। ਇੱਕ ਪਰਿਵਾਰ ਨੇ ਉਸ ਨੂੰ ਆਪਣੇ ਘਰ ਖਾਣੇ ‘ਤੇ ਬੁਲਾ ਲਿਆ। ਕੌਲਿਆਂ ‘ਤੇ ਤੇਲ ਚੋ ਕੇ ਉਸ ਨੂੰ ‘ਜੀ ਆਇਆਂ’ ਆਖਿਆ। ਪਰਿਵਾਰ ਤੋਂ ਆਪਣੀ ਖੁਸ਼ੀ ਸੰਭਾਲੀ ਨਹੀਂ ਸੀ ਜਾ ਰਹੀ, ਉਹਨਾਂ ਦੇ ਚਿਹਰੇ ਤੋਂ ਵੇਖ ਲੱਗ ਰਿਹਾ ਸੀ ਜਿਵੇਂ ਉਹਨਾਂ ਨੂੰ ਇਸ ਘੜੀ ਦੀ ਸਦੀਆਂ ਤੋਂ ਉਡੀਕ ਹੋਵੇ। ਪਰ ਇਹ ਖੁਸ਼ੀ ਦੇ ਪਲ਼ ਓਦੋਂ ਤੱਕ ਹੀ ਸਲਾਮਤ ਰਹੇ ਜਦ ਤੱਕ ਉਸ ਨੂੰ ਸ਼ਰਾਬ ਦਾ ਨਸ਼ਾ ਨਹੀਂ ਹੋਇਆ, ਸ਼ਰਾਬ ਨੂੰ ਉਹ ਪਾਣੀ ਵਾਂਗ ਪੀ ਰਿਹਾ ਸੀ। ਬਸ ਕੁਝ ਦੇਰ ਬਾਅਦ ਉਸ ਨੂੰ ਨਾ ਬੋਲਣ ਦੀ ਕੋਈ ਤਾਮੀਜ਼ ਸੀ ਤੇ ਨਾ ਉਹ ਮਹਿਫ਼ਲ ਵਿੱਚ ਬਹਿਣ ਦੇ ਲਾਇਕ ਸੀ। ਇਹ ਸਭ੍ਹ ਕੁਝ ਉਹ ਜਾਣ ਬੁੱਝ ਕੇ ਕਰ ਰਿਹਾ ਸੀ ਜਾਂ ਸ਼ਰਾਬ ਦੇ ਨਸ਼ੇ ਵਿੱਚ। ਇਹ ਗੱਲ ਪੀਣ ਵਾਲੇ ਜਿ਼ਆਦਾ ਚੰਗੀ ਤਰ੍ਹਾਂ ਜਾਣਦੇ ਹੋਣਗੇ ਕਿ ਨਸ਼ੇ ਦੀ ਹਾਲਤ ਵਿੱਚ ਕੋਈ ਕਿੰਨਾ ਕੁ ਬੇਸੁਰਤ ਹੁੰਦਾ ਹੈ। ਪਰ ਮੈਨੂੰ ਤਾਂ ਐਨਾਂ ਪਤਾ ਕਿ ਜਿਹੜੇ ਉਹਦੀ ਕਈ ਵਰਿਆਂ ਤੋਂ ਇੱਜਤ ਕਰਦੇ ਆ ਰਹੇ ਸੀ, ਉਹ ਕੁਝ ਕੁ ਮਿੰਟਾਂ ਵਿੱਚ ਉਹਨਾਂ ਦੀਆਂ ਨਜਰਾਂ ਚੋਂ ਗਿਰ ਗਿਆ ਸੀ ਤੇ ਜਿਹੜੇ ਹੱਥ ਕੁਝ ਸਮਾਂ ਪਹਿਲਾਂ ਉਹਦੇ ਪੈਰ ਛੂਹ ਰਹੇ ਸਨ ੳਹ ਉਹਦੇ ਗਲ ਨੂੰ ਫੜਨ ਲਈ ਮਜਬੂਰ ਹੋ ਗਏ ਸਨ। ਗੱਲ ਕੀ ਮੇਜਬਾਨਾਂ ਤਾਂ ਤੇਲ ਚੋ ਕੇ ਘਰ ਅੰਦਰ ਦਾਖਲ ਕੀਤਾ, ਪਰ ਉਸ ਨੇ ਖੁਦ ਛਿੱਤਰ ਖਾਹ ਕੇ ਜਾਣ ਵਾਲੇ ਹਾਲਾਤ ਬਣਾ ਦਿੱਤੇ।

ਹੁਣ ਗੱਲ ਕਰੀਏ ਉਹਨਾਂ ਦੀ ਜਿਹੜੇ ਸ਼ਰਾਬ ਨੂੰ ਮੁਕਾਉਣ ਦੀ ਗੱਲ ਕਰਦੇ ਹਨ। ਮੈਂ ਕਈਆਂ ਨੂੰ ਸ਼ਰਾਬ ਨੂੰ ਮੁਕਾਉਂਦੇ-ਮੁਕਾਉਂਦੇ ਉਹਨਾਂ ਨੂੰ ਖੁਦ ਨੂੰ ਮੁਕਦੇ ਵੇਖਿਆ ਜਾਂ ਸੁਣਿਆ ਹੈ। ਇਹਨਾਂ ਵਿੱਚੋਂ ਇੱਕ ਵੀਰ ਨਾਲ ਜੋ ਬੀਤੀ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਾਂਗਾ, ਕਿਉਂਕਿ ਇਹ ਗੱਲ ਵਿਦੇਸ਼ਾ ਵਿੱਚ ਵੱਸਦੇ ਵੀਰਾਂ ਨਾਲ ਸਬੰਧਿਤ ਹੈ। ਇਹ ਮੈਂ ਇਸ ਲਈ ਸਾਂਝੀ ਕਰਨੀ ਚਾਹੁੰਦਾ ਹਾਂ ਕਿਉਂਕਿ ਮੈਂ ਹੋਰ ਵੀ ਬਹੁਤ ਸਾਰੇ ਵੀਰਾਂ ਨੂੰ ਉਸੇ ਰਸਤੇ ਜਾਂਦੇ ਵੇਖ ਰਿਹਾ ਹਾਂ। ਇੱਕ ਪੰਜਾਬੀ ਵੀਰ ਬਹੁਤ ਵਰਿਆਂ ਤੋਂ ਇਟਲੀ ਵਿੱਚ ਰਹਿ ਰਿਹਾ ਸੀ ਤੇ ਉਸ ਨੂੰ ਸ਼ਰਾਬ ਪੀਣ ਦੀ ਆਦਤ ਸੀ। ਜਿੱਥੇ ਕੰਮ ਕਰਦਾ ਸੀ ਰਹਾਇਸ਼ ਵੀ ਮੁਫਤ ਵਿੱਚ ਮਿਲੀ ਹੋਈ ਸੀ ਤੇ ਉਹਦੇ ਨਾਲ ਓਹਦਾ ਇੱਕ ਦੋਸਤ ਤੇ ਇੱਕ ਦੋ ਰਿਸ਼ਤੇਦਾਰ ਵੀ ਰਹਿੰਦੇ ਸਨ। ਇੱਕ ਦਿਨ ਪੀਦੇਂ-ਪੀਂਦੇ ਉਹ ਤੇ ਉਹਦਾ ਰਿਸ਼ਤੇਦਾਰ ਆਪਸ ਵਿੱਚ ਬਹਿਸ ਪਏ। ਉਹ ਕਹਿਣ ਲੱਗਿਆ ਮੈਂ ਮਾਲਕਾਂ ਨੂੰ ਦੱਸ ਕੇ ਆਉਨਾਂ ਤੇ ਥੋਨੂੰ ਇੱਥੋਂ ਬਾਹਰ ਕਢਾਉਨਾ, ਉਹਦੇ ਦੋਸਤ ਨੇ ਸਮਝਾਉਣ ਦੀ ਕੋਸਿ਼ਸ਼ ਕੀਤੀ ਕਿ ਇਹਨਾਂ ਨੂੰ ਆਪਾਂ ਆਪਣੀ ਮਰਜੀ ਨਾਲ ਰੱਖਿਆ ਐਵੇਂ ਮਾਲਕਾਂ ਕੋਲ ਜਾਣ ਦੀ ਕੀ ਲੋੜ ਪਈ ਆ, ਨਾਲੇ ਤੇਰੀ ਪੀਤੀ ਹੋਈ ਆ, ਸਵੇਰੇ ਗੱਲ ਕਰਾਂਗੇ। ਪਰ ਉਹਨੇ ਆਪਣੀ ਹਿੰਡ ਨਾ ਛੱਡੀ ਤੇ ਅੱਧੀ ਰਾਤੋਂ ਮਾਲਕ ਦੇ ਘਰ ਦੀ ਬਿੱਲ ਜਾ ਵਜਾਈ। ਮਾਲਕ ਨੇ ਬੂਹਾ ਖੋਹਲਿਆ ਤੇ ਉਹਦੀ ਹਾਲਤ ਵੇਖੀ, ਉਸ ਤੋਂ ਆਪਣੇ ਪੈਰਾਂ ‘ਤੇ ਖੜਾ ਨਹੀਂ ਸੀ ਹੋਇਆ ਜਾ ਰਿਹਾ। ਉਹਦੇ ਆਉਣ ਦਾ ਕਾਰਨ ਪੁੱਛਿਆ ਪਰ ਪੱਲੇ ਕੁਝ ਨਾ ਪਿਆ। ਬਿਨਾਂ ਵਜਾਹ ਅੱਧੀ ਰਾਤ ਨੂੰ ਪਰੇਸ਼ਾਨ ਕਰਨ ‘ਤੇ ਗੁੱਸੇ ਵਿੱਚ ਆਏ ਮਾਲਕ ਨੇ ਉਹਨੂੰ ਕੰਮ ਤੋਂ ਜਵਾਬ ਦੇ ਦਿੱਤਾ। ਉਸ ਦਿਨ ਤੋਂ ਉਹ ਸ਼ਰਾਬ ਪਹਿਲਾਂ ਤੋਂ ਵੀ ਜਿ਼ਆਦਾ ਪੀਣ ਲੱਗ ਗਿਆ। ਉਹਦੇ ਦੋਸਤਾਂ ਉਹਨੂੰ ਹੋਰ ਕਈ ਕੰਮਾਂ ‘ਤੇ ਲਵਾਇਆ ਪਰ ਹੁਣ ਉਸ ਨੂੰ ਕੰਮ ਨਾਲੋਂ ਸ਼ਰਾਬ ਜਿ਼ਆਦਾ ਪਿਆਰੀ ਹੋ ਗਈ ਸੀ। ਜੇ ਕੋਈ ਸ਼ਰਾਬ ਛੱਡਣ ਵਾਰੇ ਕਹਿੰਦਾ ਤਾਂ ਕਹਿ ਛੱਡਦਾ “ਹੁਣ ਤਾਂ ਓਹਦੋਂ ਹੀ ਛੱਡੂੰਂ, ਜਦੋਂ ਦੁਕਾਨਾ ਤੇ ਮਾਰਕੀਟਾਂ ਵਿੱਚ ਮੁੱਕ ਗਈ।” ਦੋਸਤਾਂ ਆਪਣੇ ਵੱਲੋਂ ਜਿੰਨੀ ਹੋ ਸਕਦੀ ਸੀ ਮੱਦਦ ਕੀਤੀ। ਪਰ ਵਿਦੇਸ਼ਾਂ ਵਿੱਚ ਸਭ੍ਹ ਨੂੰ ਪਤਾ ਕਿ ਕੀਹਦੇ ਕੋਲ ਕਿਸੇ ਲਈ ਕਿੰਨਾ ਕੁ ਸਮਾਂ। ਫਿਰ ਹੌਲੀ-ਹੌਲੀ ਹਰ ਕੋਈ ਉਸ ਨੂੰ ਘਰੇ ਵਾੜਨ ਦੀ ਗੱਲ ਤਾਂ ਦੂਰ, ਉਸ ਨੂੰ ਬੁਲਾਉਣ ਤੋਂ ਕੰਨੀ ਕਤਰਾਉਣ ਲੱਗਾ। ਉਹ ਸੜਕਾਂ ਉੱਪਰ ਰੁਲਣ ਤੇ ਸਟੇਸ਼ਨ ਜਾਂ ਪਾਰਕਾਂ ਵਿੱਚ ਸੌਣ ਲਈ ਮਜਬੂਰ ਹੋ ਗਿਆ। ਕੰਮ ਨਾ ਹੋਣ ਕਰਕੇ ਪੇਪਰ ਵੀ ਕੈਂਸਲ ਹੋ ਗਏ ਤੇ ਉਹਨੂੰ ਵਾਪਿਸ ਪੰਜਾਬ ਭੇਜ ਦਿੱਤਾ ਗਿਆ। ਤੇ ਹੁਣ ਸੁਨਣ ਵਿੱਚ ਆਇਆ ਸੀ ਕਿ ਸ਼ਰਾਬ ਨੂੰ ਮੁਕਾਉਣ ਦੇ ਦਾਅਵੇ ਕਰਨ ਵਾਲਾ ਇਹ ਵੀਰ ਖੁਦ ਹੀ ਮੁੱਕ ਗਿਆ ਹੈ। ਪਰ ਸ਼ਰਾਬ ਨਾਲ ਦੁਕਾਨਾਂ ਤੇ ਮਾਰਕੀਟਾਂ ਅੱਜ ਵੀ ਭਰੀਆਂ ਪਈਆਂ ਹਨ। 

ਹੁਣ ਇਸ ਰਾਹ ਤੇ ਤੁਰਨ ਵਾਲੇ ਵੀਰੋ ਫੈਸਲਾ ਤੁਹਾਡੇ ਹੱਥ ਹੈ। ਕੀ ਤੁਸੀਂ ਇਸ ਰਸਤੇ ‘ਤੇ ਤੁਰਦੇ-ਤੁਰਦੇ ਰੁਲਣਾ ਹੈ ਜਾਂ ਇਸ ਰਸਤੇ ਤੋਂ ਕਿਨਾਰਾ ਕਰਨਾ ਹੈ? ਕੀ ਤੁਸੀਂ ਅਗਲੀ ਪੀੜੀ ਨੂੰ ਵੀ ਇਸੇ ਰਸਤੇ ਤੋਰਨਾ ਚਾਹੁੰਦੇ ਹੋ ਜਾਂ ਮੋੜਨਾ? ਕੀ ਜੇ ਤੁਹਾਡਾ ਕੋਈ ਦੋਸਤ ਇਸ ਨਸ਼ੇ ਤੋਂ ਬਚਿਆ ਹੈ, ਉਸ ਨੂੰ ਵੀ ਮਿਹਣੇ ਮਾਰ ਕੇ ਇਸ ਦਲਦਲ ਵਿੱਚ ਸੁੱਟਣਾ ਚਾਹੁੰਦੇ ਹੋ? ਜੇ ਇਸ ਤਰ੍ਹਾਂ ਕਰਦੇ ਹੋ ਤਾਂ ਤੁਸੀਂ ਉਸ ਦੇ ਦੋਸਤ ਕਹਾਉਣ ਦੇ ਬਿਲਕੁਲ ਹੱਕਦਾਰ ਨਹੀਂ। ਤੁਸੀਂ ਵੀ ਚੰਗੀ ਤਰ੍ਹਾਂ ਜਾਣਦੇ ਹੋ ਕਿ ਇਸ ਨਸ਼ੇ ਵਿੱਚ ਬਦਨਾਮੀ ਤੇ ਬਰਬਾਦੀ ਤੋਂ ਸਿਵਾਏ ਕੁਝ ਨਹੀਂ ਰੱਖਿਆ। ਨਾ ਹੀ ਇਹ ਕੋਈ ਇਹੋ ਜਿਹੀ ਚੀਜ ਹੈ ਜੀਹਦੇ ਬਿਨਾਂ ਰਿਹਾ ਨਹੀਂ ਜਾ ਸਕਦਾ। ਜਿੰਨ੍ਹਾਂ ਨੇ ਕਈ-ਕਈ ਵਰੇ ਪੀ ਕੇ ਛੱਡੀ ਹੈ, ਉਹਨਾਂ ਦਾ ਵੀ ਇਹੋ ਕਹਿਣਾ ਕਿ ਇਸ ਵਿੱਚ ਕੁਝ ਨਹੀਂ ਰੱਖਿਆ। ਬਸ ਜਦੋਂ ਪੀਂਦੇ ਸੀ, ਸ਼ਾਮ ਨੂੰ ਇਸ ਤਰ੍ਹਾਂ ਲੱਗਣ ਲੱਗ ਪੈਂਦਾ ਸੀ ਜਿਵੇਂ ਕੋਈ ਕੰਮ ਕਰਨ ਵੱਲੋਂ ਰਹਿ ਗਿਆ ਹੈ। ਇਸ ਤੋਂ ਜਿ਼ਆਦਾ ਕੁਝ ਵੀ ਨਹੀਂ। ਜਦੋਂ ਪੀਣੀ ਛੱਡੀ ਹਫਤਾ ਕੁ ਤਾਂ ਇਸ ਤਰ੍ਹਾਂ ਹੀ ਲੱਗਦਾ ਰਿਹਾ, ਪਰ ਹੁਣ ਕੋਈ ਪਰਵਾਹ ਨਹੀਂ। ਬਾਕੀ ਵੀਰੋ ਜੇ ਤੁਸੀਂ ਪੀਣੀ ਹੀ ਪੀਣੀ ਹੈ ਤਾਂ ਇਹਦੇ ਗੁਲਾਮ ਹੋਣੋ ਬਚਿਓ। ਜਿਸ ਦਿਨ ਤੁਸੀਂ ਇਹਨੂੰ ਮਕਾਉਣ ਦੀ ਸਹੁੰ ਖਾਹ ਲਈ…ਸਮਝ ਲਿਓ ਕਿ ਇਸ ਨੇ ਤਹਾਨੂੰ ਮੁਕਾਉਣਾ ਸ਼ੁਰੂ ਕਰ ਦਿੱਤਾ ਹੈ। ਉਮੀਦ ਕਰਦਾ ਹਾਂ ਕਿ ਤੁਸੀਂ ਸਹੀ ਫੈਸਲਾ ਲਵੋਗੇ।
****


ਸਾਨੂੰ ਨਸਲਵਾਦ ਨਹੀਂ; ਅਸਲਵਾਦ ਨੇ ਮਾਰਿਆ.......... ਲੇਖ਼ / ਮਿੰਟੂ ਬਰਾੜ

ਅੱਜ ਫੇਰ ਤੁਹਾਡੇ ਮੂਹਰੇ ਉਹੀ ਕਹੀ ਤੇ ਕੁਹਾੜੀ ਲੈ ਕੇ ਬਹਿ ਗਿਆ ਹਾਂ। ਬਹੁਤ ਸਾਰੇ ਪਾਠਕ ਸੋਚਣਗੇ ਕਿ ਮੇਰੇ ਕੋਲ ਸ਼ਾਇਦ ਲਿਖਣ ਨੂੰ ਕੁੱਝ ਬਾਕੀ ਨਹੀਂ ਰਿਹਾ ਤੇ ਇਸੇ ਲਈ ਵਾਰ-ਵਾਰ ਉਹੀ ਘਸਿਆ-ਪੁਰਾਣਾ ਮੁੱਦਾ ਲੈ ਕੇ ਬਹਿ ਜਾਂਦਾ ਹਾਂ। ਪਰ ਦੋਸਤੋ ਲਿਖਣ ਨੂੰ ਤਾਂ ਬਹੁਤ ਕੁੱਝ ਹੈ। ਪਰ, ਜਿੰਨਾਂ ਕਹਾਣੀਆਂ ਨੇ ਕਿਸੇ ਦਾ ਕੁੱਝ ਸੰਵਾਰਨਾ ਹੀ ਨਹੀਂ ਉਹ ਪਾਉਣੀਆਂ ਵਕਤ ਦੀ ਬਰਬਾਦੀ ਤੋਂ ਵੱਧ ਹੋਰ ਕੁੱਝ ਵੀ ਨਹੀਂ ਹਨ ਅਤੇ ਦੂਜੀ ਗੱਲ ਜਦੋਂ ਅੱਖਾਂ ਦੇ ਸਾਹਮਣੇ ਹਕੀਕਤ ਦੇਖ ਰਹੇ ਹੋਈਏ ਤਾਂ ਕਲਪਨਾਵਾਂ ਕਰਨ ਦੀ ਕੀ ਲੋੜ ਹੈ? ਹਕੀਕਤ ਵੀ ਇਹੋ ਜਿਹੀ ਜਿਸ ਨੇ ਇਕ ਨਹੀਂ ਲੱਖਾਂ ਲੋਕਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੋਵੇ। ਸੋ ਦੋਸਤੋ ਭਾਵੇਂ ਮੁੱਦਾ ਉਹੀ ਪੁਰਾਣਾ ਆਸਟ੍ਰੇਲੀਆ ਵਿੱਚ ਚੰਗੇ ਭਵਿੱਖ ਦੀ ਭਾਲ ਚ ਆਏ ਲੱਖਾਂ ਭਾਰਤੀ ਵਿਦਿਆਰਥੀਆਂ ਦੇ ਉੱਤੇ ਹੀ ਘੁੰਮਦਾ ਹੈ ਪਰ ਹੁਣ ਜੋ ਮੋੜ ਇਹ ਮਾਮਲਾ ਲੈ ਚੁੱਕਿਆ ਹੈ ਉਸ ਦਾ ਵਿਸਥਾਰ ਤੁਹਾਡੇ ਨਾਲ ਸਾਂਝਾ ਕਰਨ ਲਈ ਇਹ ਲੇਖ ਲਿਖਣਾ ਮੇਰੀ ਮਜਬੂਰੀ ਬਣ ਗਿਆ ਸੀ।
ਆਸਟ੍ਰੇਲੀਆ ਪੜ੍ਹਨ ਆਉਣ ਤੋਂ ਪਹਿਲਾਂ ਇੰਡੀਆ ਵਿੱਚ ਆਈਲਟਸ ਦੀ ਤਿਆਰੀ ਵੇਲੇ ਇੰਟਰਵਿਊ ਦੀ ਪ੍ਰੈਕਟਿਸ ਕਰ ਰਹੇ ਹਰ ਵਿਦਿਆਰਥੀ ਤੋਂ ਇੱਕ ਸਵਾਲ ਪੁੱਛਿਆ ਜਾਂਦਾ ਹੈ ਕਿ, ਤੁਸੀ ਆਸਟ੍ਰੇਲੀਆ ਕੀ ਲੈਣ ਜਾ ਰਹੇ ਹੋ? ਤਾਂ ਹਰ ਇਕ ਦਾ ਇਕੋ ਜਵਾਬ ਹੁੰਦਾ ਹੈ ਕਿ ਚੰਗੇ ਭਵਿੱਖ ਲਈ । ਇਹ ਕੋਈ ਘੜਿਆ-ਘੜਾਇਆ ਜਵਾਬ ਨਹੀਂ ਹੁੰਦਾ ਬਲਕਿ ਇਕ ਨਿਰੋਲ ਸੱਚ ਹੁੰਦਾ ਹੈ। ਪਰ ਅੱਜ ਇਹੀ ਸੱਚ ਸਰਾਪ ਦਾ ਰੂਪ ਧਾਰਨ ਕਰਕੇ ਚੰਗੇ ਭਵਿੱਖ ਦੇ ਸੌਦਾਗਰਾਂ ਨੂੰ ਇਕ ਇਕ ਕਰਕੇ ਨਿਗਲ਼ ਰਿਹਾ ਹੈ। ਇਸ ਉਲਝ ਚੁੱਕੇ ਤਾਣੇ-ਬਾਣੇ ਨੂੰ ਸੁਲਝਣਾ ਸੁਖਾਲਾ ਨਹੀਂ ਜਾਪ ਰਿਹਾ। ਪਰ ਆਪਾਂ 'ਆਪਾਂ ਪੜਚੋਲ' ਜਰੂਰ ਕਰ ਸਕਦੇ ਹਾਂ ਕਿ ਅੱਜ ਜੋ ਹਾਲਾਤ ਬਣੇ ਹਨ ਉਸ ਪਿੱਛੇ ਦੋਸ਼ੀ ਕੋਣ ਹੈ?
ਦੋਸ਼ੀ ਦੱਸਣ ਦੀ ਲੋੜ ਨਹੀਂ ਕਿਉਂਕਿ ਉਹ ਤਾਂ ਇਸ ਲੇਖ ਦਾ ਸਿਰਲੇਖ ਹੀ ਦੱਸ ਰਿਹਾ ਹੈ ਕਿ 'ਸਾਨੂੰ ਨਸਲਵਾਦ ਨਹੀਂ ਅਸਲਵਾਦ ਨੇ ਮਾਰਿਆ'! ਸਭ ਤੋਂ ਪਹਿਲਾਂ ਨਸਲਵਾਦ ਤੇ ਅਸਲਵਾਦ ਦੇ ਅੱਖਰੀਂ ਅਰਥ ਜਾਣਨੇ ਬਹੁਤ ਜਰੂਰੀ ਹਨ। ਨਸਲਵਾਦ ਤਾਂ ਹਰ ਇਕ ਦੇ ਸਮਝ ਆਉਣ ਵਾਲਾ ਸ਼ਬਦ ਹੈ ਪਰ ਅਸਲਵਾਦ ਹਾਲੇ ਤਕ ਕਿਸੇ ਸ਼ਬਦ-ਕੋਸ਼ ਦਾ ਹਿੱਸਾ ਨਹੀਂ ਹੈ। ਪਰ ਕਈ ਬਾਰ ਕੁੱਝ ਖ਼ਾਸ ਹਾਲਾਤ ਨਵੇਂ ਸ਼ਬਦ ਦੀ ਉਤਪਤੀ ਕਰ ਦਿੰਦੇ ਹਨ। ਅੱਜ ਆਸਟ੍ਰੇਲੀਆ ਵਿੱਚ ਪੈਦਾ ਹੋਏ ਹਾਲਤਾਂ ਨੇ ਅਸਲਵਾਦ ਸ਼ਬਦ ਨੂੰ ਜਨਮ ਦਿਤਾ ਹੈ। ਸਰਲ ਭਾਸ਼ਾ ਵਿੱਚ ਇਸ ਦਾ ਅਰਥ 'ਆਪਣਿਆਂ ਵੱਲੋਂ ਕੀਤਾ ਦੁਰਵਿਹਾਰ' ਕਿਹਾ ਜਾ ਸਕਦਾ ਹੈ। ਕਿਉਂਕਿ ਇਸ ਲੇਖ ਵਿੱਚ ਸਾਨੂੰ ਇਹ ਸ਼ਬਦ ਵਾਰ-ਵਾਰ ਵਰਤਣਾ ਪਵੇਗਾ ਸੋ ਅਸੀਂ ਇਥੇ ਆਪਣਿਆਂ ਨੂੰ ਅਸਲੀ ਤੇ ਗ਼ੈਰਾਂ ਨੂੰ ਨਸਲੀ ਕਹਿ ਕੇ ਸੰਬੋਧਨ ਕਰਾਂਗੇ। ਭਾਵੇਂ ਮੇਰੇ ਧਰਮ ਵਿੱਚ ਇਹੋ ਜਿਹੇ ਸ਼ਬਦਾਂ ਲਈ ਕੋਈ ਥਾਂ ਨਹੀਂ ਕਿਉਂਕਿ ਸਾਡਾ ਧਰਮ ਤਾਂ ਕਹਿੰਦਾ ਹੈ ਕਿ, 'ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ' ਪਰ ਇਸ ਕਲਯੁਗੀ ਵਕਤ ਵਿੱਚ ਅਸੀਂ ਕਿੰਨਾ ਕੁ ਧਰਮ ਨਿਭਾ ਰਹੇ ਹਾਂ? ਜੇ ਇਕ ਹੋਰ ਕੁਤਾਹੀ ਕਰ ਲਵਾਂਗੇ ਤਾਂ ਕਿ ਫ਼ਰਕ ਪੈਣ ਲੱਗਾ। ਇਸ ਸਾਰੇ ਕਾਂਡ ਨੂੰ ਵਿਸਥਾਰ ਚ ਜਾਨਣ ਲਈ ਕੁੱਝ ਸਾਲ ਪਿੱਛੇ ਮੁੜ ਕੇ ਦੇਖਣਾ ਪਵੇਗਾ। ਜਦੋਂ ਤੋਂ ਆਸਟ੍ਰੇਲੀਆ ਵਿੱਚ ਸਟੂਡੈਂਟਸ ਦੀ ਆਮਦ ਸ਼ੁਰੂ ਹੋਈ ਹੈ ਉਸੇ ਦਿਨ ਤੋਂ ਇਹ ਨਸਲੀਆਂ ਦੀ ਅੱਖ ਵਿੱਚ ਭਾਵੇਂ ਇਹ ਰੜਕੇ ਹੋਣ ਜਾਂ ਨਾ ਪਰ ਅਸਲੀਆਂ ਦੀ ਅੱਖ ਵਿੱਚ ਰੋੜ੍ਹ ਵਾਂਗੂੰ ਚੁਭ ਰਹੇ ਹਨ। ਇਸ ਦਾ ਕਾਰਨ ਸੀ ਨਵੇਂ ਆਏ ਮੁੰਡਿਆਂ ਦਾ ਵਰਤਾਰਾ। ਜਿਸ ਦਾ ਅਸਲੀ ਕਾਰਨ ਦੋ ਸੱਭਿਆਚਾਰਾਂ ਦਾ ਫ਼ਰਕ ਸੀ। ਕਹਿੰਦੇ ਹਨ ਕਿ ਸਪਰਿੰਗ ਨੂੰ ਜਿਨ੍ਹਾਂ ਦੱਬੀ ਰੱਖੋਗੇ ਛੱਡਣ ਤੇ ਉਹ ਉਹਨਾਂ ਜਿਆਦਾ ਹੀ ਬੁੜ੍ਹਕਦਾ। ਇੰਡੀਆ ਵਿੱਚ 'ਲੋਕ ਕੀ ਕਹਿਣਗੇ' ਦੇ ਭਾਰ ਥੱਲੇ ਦੱਬਿਆ ਇਹ ਸਟੂਡੈਂਟ ਰੂਪੀ ਸਪਰਿੰਗ ਜਦ ਆਸਟ੍ਰੇਲੀਆ ਦੀ ਖੁੱਲ੍ਹੀ ਹਵਾ ਵਾਲੇ ਮੈਦਾਨ ਵੱਲ ਨੂੰ ਮੂੰਹ ਕਰਕੇ ਛਡਿਆ ਤਾਂ ਉਸ ਨੇ ਆਪਣੀ ਅਪਚਾਰਿਕਤਾ ਤਾਂ ਨਿਭਾਉਣੀ ਹੀ ਸੀ। ਜੋ ਸਾਡੇ ਇਥੇ ਸਥਾਪਿਤ ਹੋ ਚੁੱਕੇ ਸਮਾਜ ਨੂੰ ਚੰਗੀ ਨਹੀਂ ਲੱਗੀ ਤੇ ਪਹਿਲੇ ਦਿਨ ਤੋਂ ਹੀ ਦੋਹਾਂ ਦਰਮਿਆਨ ਪਾੜਾ ਪੈ ਗਿਆ। ਬੱਸ ਇਥੋਂ ਚੱਲੀ ਇਹ ਰੀਤ ਹਾਲੇ ਤਕ ਨਿਰਵਿਘਨ ਜਾਰੀ ਹੈ। ਅਸਲ ਵਿੱਚ ਇਹ ਸੀ ਵੀ ਨਾ ਹਜ਼ਮ ਹੋਣ ਵਾਲੀ ਗੱਲ ਪਰ ਇਸ ਦਾ ਹੱਲ ਕੱਢਿਆ ਜਾ ਸਕਦਾ ਸੀ।
ਤੁਹਾਨੂੰ ਰਾਹੇ ਵਗਾਹੇ ਜਾਂਦੇ ਇਹੋ ਜਿਹੇ ਇਨਸਾਨ ਆਮ ਮਿਲ ਜਾਣਗੇ ਜੋ ਇਹ ਕਹਿੰਦੇ ਆਮ ਸੁਣੇ ਜਾ ਸਕਦੇ ਹਨ ਕਿ 'ਬਈ ਸੁੱਖ ਨਾਲ ਬੜੀਆਂ ਰੌਣਕਾਂ ਲੱਗ ਗਈਆਂ ਹੁਣ ਤਾਂ ਆਸਟ੍ਰੇਲੀਆ ਵਿੱਚ ਆਪਣੇ ਲੋਕਾਂ ਦੀਆਂ ਕਿਆ ਬਾਤ ਹੈ' ਪਰ ਮੈਨੂੰ ਨਹੀਂ ਲਗਦਾ ਉਹ ਇਹ ਗੱਲ ਦਿਲੋਂ ਕਹਿ ਰਹੇ ਹੋਣ, ਕਿਉਂਕਿ ਜੇ ਉਹ ਇਹ ਦਿਲੋਂ ਕਹਿੰਦੇ ਹੁੰਦੇ ਤਾਂ ਇਹ ਕੋਈ ਖ਼ਾਸ ਮਸਲਾ ਨਹੀਂ ਸੀ। ਇਸ ਬੁੜ੍ਹਕਦੇ ਸਪਰਿੰਗ ਨੂੰ ਤਜਰਬੇਕਾਰ ਅਸਲੀ ਬੜੀ ਆਸਾਨੀ ਨਾਲ ਕਾਬੂ ਕਰ ਸਕਦੇ ਸਨ। ਪਰ ਕਿਸੇ ਨੇ ਵੀ ਇਕ ਦੂਜੇ ਨਾਲ ਗੱਲਾਂ ਕਰਨ ਤੋਂ ਬਿਨਾਂ ਇਸ ਦਾ ਹੱਲ ਕੱਢਣ ਦੀ ਕੋਸ਼ਸ਼ ਨਹੀਂ ਕੀਤੀ। ਉਹਨਾਂ ਵਿੱਚੋਂ ਕੁਝ ਨਵਿਆਂ ਨੂੰ ਨਿੰਦਣ ਤੋਂ ਪਹਿਲਾਂ ਆਪਣਾ ਵਕਤ ਭੁੱਲ ਗਏ ਜਦੋਂ ਉਹ ਇਥੇ ਆਏ ਸਨ।
ਕੁੱਝ ਇੰਜ ਹੀ ਰਲਦੀ ਮਿਲਦੀ ਗੱਲ ਜੋ ਮੇਰੇ ਨਾਲ ਵਾਪਰੀ ਮੈਂ ਉਹ ਇਥੇ ਲਿਖਣੀ ਚਾਹਾਂਗਾ। ਇਕ ਦਿਨ ਜਦੋਂ ਲੰਗਰ ਪਾਣੀ ਛੱਕ ਕੇ ਅਸੀਂ ਗੁਰਦੁਆਰਾ ਸਾਹਿਬ ਦੇ ਬਾਹਰ ਖੜ੍ਹੇ ਖੁੰਢ ਚਰਚਾ ਕਰ ਰਹੇ ਸੀ, ਤਾਂ ਇਕ ਨਵੇਂ ਆਏ ਮੁੰਡੇ ਨੂੰ ਇਕ ਪੁਰਾਣਾ ਬੰਦਾ ਬੜੇ ਹੀ ਅਟ-ਪਟੇ ਜਿਹੇ ਅੰਦਾਜ਼ ਵਿੱਚ ਕਹਿੰਦਾ FOB! ਜਿਸ ਦਾ ਮਤਲਬ ਬਹੁਤ ਸਾਰੇ ਵੀਰ ਜਾਣਦੇ ਹੋਣਗੇ ਤੇ ਬਾਕੀਆਂ ਲਈ FOB ਫਰੈੱਸ਼ ਆਫ਼ ਦੀ ਬੋਟ ਸਿੱਧੀ ਭਾਸ਼ਾ ਚ ਕਹੀਏ ਤਾਂ 'ਹਾਲੇ ਜਿਸ ਨੇ ਨਵੀਂ ਦੁਨੀਆ ਨਹੀਂ ਦੇਖੀ' ਇਹ ਸ਼ਬਦ ਜਾਂ ਇਸ ਦੇ ਅਰਥ ਇੰਨੇ ਮਾੜੇ ਨਹੀਂ ਸੀ, ਜਿਨ੍ਹਾਂ ਉਸ ਕਹਿਣ ਵਾਲੇ ਦਾ ਅੰਦਾਜ਼। ਮੇਰੇ ਤੋਂ ਵੀ ਚੁੱਪ ਰਹਿ ਨਾ ਹੋਇਆ। ਮੈਂ ਉਸ ਨੂੰ ਪੁੱਛਿਆ ਕਿ ਤੁਸੀ ਇਸ ਮੁੰਡੇ ਨੂੰ ਜਾਣਦੇ ਹੋ? ਅੱਗੋਂ ਕਹਿੰਦਾ ਨਹੀਂ ਐਵੇਂ ਲਲੀ-ਛੱਲੀ ਤੁਰੀ ਆਉਂਦੀ ਆ ਇਧਰ ਨੂੰ ਮੂੰਹ ਚੱਕੀ। ਮੈਂ ਗੱਲ ਬਦਲਦੇ ਹੋਏ ਉਸ ਭੱਦਰ ਪੁਰਸ ਨੂੰ ਪੁੱਛਿਆ ਜਦੋਂ ਤੁਸੀ ਇਥੇ ਆਏ ਸੀ ਉਸ ਵਕਤ ਮਾਹੌਲ ਕਿਵੇਂ ਸੀ? ਜਨਾਬ ਕਹਿੰਦੇ, ਅਸੀਂ ਇਕ ਗ੍ਰੀਕ ਸ਼ਿਪ ਤੋਂ ਉੱਤਰ ਕੇ ਲੁਕ ਗਏ ਸੀ। ਇਕ ਬੋਰੀ ਚ ਸਾਡੀ ਸਾਰੀ ਕਬੀਲਦਾਰੀ ਹੁੰਦੀ ਸੀ, ਇਮੀਗ੍ਰੇਸ਼ਨ ਤੋਂ ਡਰਦੇ ਇਕ ਰਾਤ ਕਿਤੇ ਤੇ ਇਕ ਰਾਤ ਕਿਤੇ। ਅੰਗਰੇਜ਼ੀ ਆਉਂਦੀ ਨਹੀਂ ਸੀ ਪਹਿਲੀ ਵਾਰ ਜਹਾਜ਼ ਚੜ੍ਹ ਕੇ ਬਰਫ਼ ਨੂੰ ਆਈਸ ਦੀ ਥਾਂ ਤੇ ਸਨੋ ਕਹਿ ਕੇ ਮੰਗਿਆ ਸੀ। ਜਨਾਬ ਆਪਣੀਆਂ ਭੱਦਰਕਾਰੀਆਂ ਇਕੋ ਸਾਹ ਦੱਸਦੇ ਹੋਏ ਅਖੀਰ ਨੂੰ ਕਹਿੰਦੇ ਸ਼ੁਕਰ ਹੈ ਗੋਰਿਆਂ ਦਾ ਜਿਨ੍ਹਾਂ ਇਕ ਮਤਾ ਪਾਸ ਕਰਕੇ ਇਕੋ ਦਿਨ ਚ ਸਾਰਿਆਂ ਨੂੰ ਪੱਕਾ ਕਰ ਦਿਤਾ। ਮੈਂ ਕਿਹਾ ਫੇਰ ਤਾਂ ਬੜਾ ਫ਼ਰਕ ਹੈ ਇਸ FOB ਤੇ ਤੁਹਾਡੇ ਵੇਲੇ ਦੇ FOB ਚ ਤਾਂ। ਉਹ ਕਹਿੰਦਾ ਉਹ ਕਿਵੇਂ? ਮੈਂ ਉਸ ਨੂੰ ਦੱਸਿਆ ਆਹ ਜਿਸਨੂੰ ਤੁਸੀ ਹੁਣੇ FOB ਕਿਹਾ ਸੀ ਇਸ ਨੇ ਮਾਸਟਰਸ ਕੀਤੀ ਹੋਈ ਹੈ। ਮੂਹਰੋਂ ਕਹਿੰਦਾ ਏਸ ਨੇ ਕੀਤੀ ਹੋਵੇਗੀ ਸਾਰਿਆਂ ਨੇ ਤਾਂ ਨਹੀਂ। ਮੈਂ ਉਸ ਨੂੰ ਪੁੱਛਿਆ ਕੇ ਤੁਸੀ ਇਕ ਗੱਲ ਤਾਂ ਮੰਨਦੇ ਹੋ ਕਿ ਨਵੇਂ ਆਏ ਬੰਦੇ ਨੂੰ ਦੂਜੇ ਦੀ ਮਦਦ ਦੀ ਲੋੜ ਹੁੰਦੀ ਹੈ? ਜੋ ਤੁਹਾਨੂੰ ਗ਼ੈਰਾਂ ਵੱਲੋਂ ਮਿਲੀ ਤੇ ਅੱਜ ਇਹਨਾਂ ਨੂੰ ਵੀ ਸਹਾਰਾ ਚਾਹੀਦਾ ਹੈ ? ਅੱਜ ਜਦੋਂ ਆਪਣੇ ਹੀ ਸਹਾਰਾ ਦੇਣ ਦੇ ਕਾਬਿਲ ਹਨ, ਤਾਂ ਉਹ ਆਪਣੇ ਫਰਜ਼ ਤੋਂ ਕੰਨੀ ਕਿਉਂ ਕਤਰਾ ਰਹੇ ਹਨ? ਅੱਗੋਂ ਕਹਿੰਦਾ ਅਸੀਂ ਕੀ ਇਹਨਾਂ ਨੂੰ ਕਾਰਡ ਦੇ ਕੇ ਬੁਲਾਇਆ ਸੀ। ਇਸ ਕਾਂਡ ਨਾਲ ਹੁਣ ਤੁਹਾਨੂੰ ਉਪਰੋਕਤ ਲਿਖੀ ਗੱਲ ਕਿ 'ਹੁਣ ਤਾਂ ਸੁੱਖ ਨਾਲ ਰੌਣਕਾਂ ਲਗ ਗਈਆਂ'ਕਹਿਣ ਵਾਲਿਆਂ ਦੇ ਅੰਦਰ ਦੀ ਆਵਾਜ਼ ਜਰੂਰ ਸੁਣ ਗਈ ਹੋਵੇਗੀ।
ਗੱਲ ਅੱਗੇ ਤੋਰਦੇ ਹਾਂ, ਸੰਖੇਪ ਵਿੱਚ ਦੇਖੋ ਪਿਛਲੇ ਹਾਦਸਿਆਂ ਨੂੰ ਜੋ ਕਿ ਪਰਮਾਣਿਤ ਹੋ ਚੁੱਕੇ ਹਨ। ਇਹ ਕਿੰਨੇ ਨਸਲੀ ਸਨ ਤੇ ਕਿੰਨੇ ਅਸਲੀ। ਇਸ ਕਾਰਜ ਦੀ ਸ਼ੁਰੂਆਤ ਮਾਈਗ੍ਰੇਸ਼ਨ ਦੇ ਏਜੰਟ ਤੋਂ ਹੁੰਦੀ ਹੈ। ਝੂਠੇ ਸੁਪਨੇ ਦਿਖਾਉਣ ਵਾਲੇ ਇਹ ਸ਼ਖਸ ਵੀ ਅਸਲੀ ਹੀ ਸਨ। ਜੇ ਸਟੂਡੈਂਟਸ ਨੇ ਨਾਅਰੇ-ਮੁਜ਼ਾਹਰਿਆਂ ਦਾ ਰਾਹ ਅਪਣਾਇਆ ਸੀ ਤਾਂ ਉਸ ਪਿੱਛੇ ਵੀ ਕੁੱਝ ਅਸਲੀਆਂ ਦਾ ਹੀ ਦਿਮਾਗ਼ ਸੀ ਤੇ ਉਹਨਾਂ ਦੀ ਇਹ ਸਕੀਮ ਕਾਮਯਾਬ ਵੀ ਹੋ ਗਈ ਸੀ। ਜਿਸ ਮੀਡੀਏ ਨੇ ਉਸ ਵਕਤ ਵੱਧ ਚੜ੍ਹ ਕੇ ਰੌਲਾ ਪਾਇਆ ਉਹ ਵੀ ਅਸਲੀ ਸੀ। ਕਤਲ ਹੋਣ ਤੇ ਕਤਲ ਕਰਨ ਵਾਲੇ ਵੀ ਜ਼ਿਆਦਾਤਰ ਅਸਲੀ ਹੀ ਸਨ। ਅੰਨ੍ਹੇਵਾਹ ਕਾਲਜ ਖੋਲ੍ਹਣ ਵਾਲੇ ਵੀ ਅਸਲੀ ਹੀ ਸੀ। ਮਜਬੂਰ ਸਟੂਡੈਂਟਸ ਤੋਂ ਮਹੀਨਾ-ਮਹੀਨਾ ਕੰਮ ਕਰਵਾ ਕੇ ਪੈਸੇ ਮਾਰਨ ਵਾਲੇ ਵੀ ਅਸਲੀ ਹੀ ਹਨ। ਝੂਠੇ ਤਜਰਬੇ ਦੇ ਸਰਟੀਫੀਕੇਟ ਦੇਣ ਲਈ ਹਜ਼ਾਰਾਂ ਡਾਲਰ ਲੈਣ ਵਾਲੇ ਵੀ ਅਸਲੀ ਹੀ ਹਨ। 5-5 ਡਾਲਰ ਘੰਟਾ ਕੰਮ ਕਰਵਾਉਣ ਵਾਲੇ ਵੀ ਅਸਲੀ ਹੀ ਹਨ।
ਇਸ ਤੋਂ ਵੀ ਅੱਗੇ ਦੀ ਗੱਲ ਸੁਣ ਲਵੋ ਜੋ ਤੁਸੀ ਸਭ ਨੇ ਕਈ ਕਈ ਵਾਰ ਕਹੀ ਸੁਣੀ ਹੋਵੇਗੀ, ਉਹ ਇਹ ਕਿ ਜਦੋਂ ਵੀ ਕੋਈ ਨਵਾਂ ਅਸਲੀ ਇਥੇ ਆਉਂਦਾ ਹੈ ਤਾਂ ਅਸੀਂ ਉਸ ਨੂੰ ਇਸ ਸੱਚ ਤੋਂ ਜਾਣੂ ਕਰਵਾਉਣ ਆਪਣਾ ਫਰਜ਼ ਸਮਝਦੇ ਹਾਂ, ਕਿ ਜਿਥੇ ਮਰਜ਼ੀ ਕੰਮ ਕਰ ਲਈਂ ਆਪਣੇ ਦੇਸੀ ਦੇ ਨਾ ਕਰੀ । ਕਿਉਂ? ਕਿਉਂ ਦਾ ਜਵਾਬ ਦੇਣ ਦੀ ਲੋੜ ਨਹੀਂ ਤੁਸੀ ਆਪ ਹੀ ਸਮਝਦਾਰ ਹੋ। ਪਰ ਮੈਂ ਆਪਣੀ ਜਿਗਿਆਸਾ ਮਿਟਾਉਣ ਲਈ ਅਕਸਰ ਹੀ ਇਹ ਸਵਾਲ ਨਵੇਂ ਤੇ ਪੁਰਾਣਿਆਂ ਨੂੰ ਕਰਦਾ ਰਹਿੰਦਾ ਹਾਂ ਤੇ ਇਹਨਾਂ ਸਾਰੀਆਂ ਦੇ ਜਵਾਬਾਂ ਦਾ ਨਿਚੋੜ ਇਕ ਦੂਜੇ ਤੇ ਚਿੱਕੜ ਸੁੱਟਣ ਤੋਂ ਜਿਆਦਾ ਕੁੱਝ ਨਹੀਂ ਹੁੰਦਾ। ਪੁਰਾਣੇ ਕਹਿੰਦੇ ਆ ਕੰਮ ਇਹਨਾਂ ਨੂੰ ਨਹੀਂ ਕਰਨਾ ਆਉਂਦਾ, ਕਸਟਮਰ ਸਰਵਿਸ ਇਹਨਾਂ ਨੂੰ ਨਹੀਂ ਆਉਂਦੀ ਤੇ ਜਦੋਂ ਨੂੰ ਕੁੱਝ ਸਿਖਾਉਂਦੇ ਹਾਂ ਤਾਂ ਇਹ ਕਿਤੇ ਹੋਰ ਭੱਜ ਜਾਂਦੇ ਹਨ। ਜਦੋਂ ਨਵਿਆਂ ਦੇ ਦੁਖੜੇ ਸੁਣਦੇ ਹਾਂ ਤਾਂ ਉਹ ਕਹਿੰਦੇ ਆ ਇਹ ਇਕੱਲਾ ਚੰਮ ਪੁੱਟਦੇ ਹਨ, ਦੇਣ ਲੈਣ ਨੂੰ ਕੁੱਝ ਹੁੰਦਾ ਨਹੀਂ। ਇਹ ਸਭ ਤਾਂ ਹੁਣ ਇਤਿਹਾਸ ਹੋ ਚੁੱਕਿਆ ਇਸ ਨੂੰ ਮਿਟਾਇਆ ਜਾ ਸੁਧਾਰਿਆ ਨਹੀਂ ਜਾ ਸਕਦਾ। ਹਾਂ ਇਸ ਤੋਂ ਸਿੱਖ ਜਰੂਰ ਸਕਦੇ ਸੀ। ਜੋ ਅਸੀਂ ਸਿੱਖਿਆ ਨਹੀਂ ਅਸਲਵਾਦ ਘਟਣ ਦੀ ਥਾਂ ਤੇ ਦਿਨੋ ਦਿਨ ਵੱਧ ਜਰੂਰ ਰਿਹਾ। ਜਿਸ ਦੀ ਤਾਜ਼ਾ ਮਿਸਾਲ ਐਡੀਲੇਡ ਵਿੱਚ ਇੱਕ ਅਸਲੀਆਂ ਦੇ ਕਾਲਜ ਦੀ ਦੇਖੀ ਜਾ ਸਕਦੀ ਹੈ। ਜਦੋਂ ਤੋਂ ਆਸਟ੍ਰੇਲੀਆ ਸਰਕਾਰ ਨੇ ਆਪਣੀ ਇਮੇਜ਼ ਸੁਧਾਰਨ ਲਈ ਥੋੜ੍ਹੀ ਜਿਹੀ ਸਖ਼ਤੀ ਕੀਤੀ ਹੈ ਉਸੇ ਦਿਨ ਤੋਂ ਕੋਈ ਨਾ ਕੋਈ ਨਵੀਂ ਗੱਲ ਸੁਣਨ ਨੂੰ ਮਿਲ ਰਹੀ ਹੈ। ਸਾਡੇ ਸੁਭਾਅ ਮੁਤਾਬਿਕ ਗੱਲ ਇਕ ਮੂੰਹੋਂ ਦੂਜੇ ਮੂੰਹ ਹੁੰਦੀ ਹੁੰਦੀ ਹੋਰ ਹੀ ਰੂਪ ਧਾਰਨ ਕਰ ਲੈਂਦੀ ਹੈ। ਇਹਨਾਂ ਅਫ਼ਵਾਹਾਂ ਨੇ ਲੋਕਾਂ ਨੂੰ ਸਾਰੀ ਟੈਕਨੀਕਲ ਭਾਸ਼ਾ ਸਿਖਾ ਦਿੱਤੀ ਹੈ। ਹੁਣ ਜਦੋਂ ਕੋਈ ਦੋ ਅਸਲੀ ਗੱਲ ਕਰਦੇ ਹਨ ਤਾਂ ਉਹਨਾਂ ਦੇ ਵਿਸ਼ੇ ਚ ਇਹ ਸ਼ਾਮਿਲ ਹੁੰਦਾ ਕਿ ਯਾਰ ਸੁਣਿਆ ਫ਼ਲਾਣੇ ਕਾਲਜ ਦੇ ਆਡਿਟ ਵਿੱਚ 14 ਵਿੱਚੋਂ 2 ਪੁਆਇੰਟ ਹੀ ਮਿਲੇ ਆ। ਭਾਵੇਂ ਇਸ ਕਾਂਡ ਬਾਰੇ ਬਹੁਤ ਸਾਰੇ ਲੋਕਾਂ ਨੂੰ ਪਤਾ ਹੀ ਹੋਵੇਗਾ ਪਰ ਮੈਂ ਜਿੰਨਾ ਕੁ ਨੇੜੇ ਤੋਂ ਇਹ ਕਾਂਡ ਦੇਖਿਆ ਜਾਂ ਪੀੜਤਾਂ ਦੀਆਂ ਗੱਲਾਂ ਸੁਣੀਆਂ ਉਹਨਾਂ ਦੇ ਆਧਾਰਿਤ ਪਹਿਲੀ ਨਜ਼ਰੇ ਵਿਦਿਆਰਥੀ ਹੀ ਪੀੜਤ ਨਜ਼ਰ ਆਉਂਦੇ ਹਨ। ਪਰ ਜੇ ਗਹਿਰਾਈ ਨਾਲ ਇਸ ਵਿਸ਼ੇ ਨੂੰ ਦੇਖੀਏ ਤਾਂ ਦੁੱਧ ਧੋਤਾ ਕੋਈ ਵੀ ਨਹੀਂ। ਚਲੋ ਮੈਂ ਤਾਂ ਜੋ ਮਹਿਸੂਸ ਕੀਤਾ ਉਹੀ ਲਿਖ ਰਿਹਾ ਹਾਂ। ਫ਼ੈਸਲਾ ਤਾਂ ਜਨਤਾ ਜਨਾਰਦਨ ਨੇ ਕਰਨਾ ਹੁੰਦਾ ਕੇ ਕੌਣ ਸਹੀ ਤੇ ਕੌਣ ਗ਼ਲਤ ਹੈ।
ਆਸਟ੍ਰੇਲੀਆ ਦੇ ਸਾਰੇ ਸ਼ਹਿਰਾਂ ਤੋਂ ਬਾਅਦ ਐਡੀਲੇਡ ਨੇ ਵੀ ਕਈ ਬਿਜਨੈੱਸ ਕਰਨ ਵਾਲਿਆਂ ਨੂੰ ਆਪਣੇ ਵੱਲ ਖਿੱਚਿਆ। ਦੇਖਦੇ ਹੀ ਦੇਖਦੇ ਇਥੇ ਕਈ ਕਾਲਜ ਹੋਂਦ ਚ ਆ ਗਏ। ਇਹਨਾਂ ਵਿੱਚੋਂ ਇਕ ਇਹ ਕਾਲਜ ਵੀ ਸੀ ਜਿਸ ਦੀ ਗੱਲ ਮੈਂ ਇਥੇ ਕਰ ਰਿਹਾ। ਸੂਤਰ ਦੱਸਦੇ ਹਨ ਕਿ ਜ਼ਿਆਦਾਤਰ ਕਾਲਜਾਂ ਵਾਲੇ ਸਟੂਡੈਂਟਸ ਨੂੰ ਆਕਰਸ਼ਿਤ ਕਰਨ ਲਈ ਦਾਖ਼ਲੇ ਵੇਲੇ ਇਹ ਲਾਲਚ ਦੇ ਦਿੰਦੇ ਹਨ ਕਿ ਸਾਡੇ ਕਾਲਜ ਵਿੱਚ ਦਾਖਲਾ ਲੈ ਲਓ ਬਹੁਤ ਘੱਟ ਟਾਈਮ ਕਲਾਸ ਲਾਉਣੀ ਪਵੇਗੀ ਤੇ ਬਾਕੀ ਅਸੀਂ ਕੰਮ ਦਾ ਵੀ ਆਪ ਇੰਤਜ਼ਾਮ ਕਰ ਕੇ ਦੇਵਾਂਗੇ। ਬਸ ਉਸੇ ਤਰਜ਼ ਤੇ ਇਸ ਕਾਲਜ ਵਾਲਿਆਂ ਨੇ ਵੀ ਸਟੂਡੈਂਟਸ ਨੂੰ ਕੁੱਝ ਛੁੱਟ ਦੇ ਦਿੱਤੀ ਤੇ ਹੁਣ ਤੁਸੀ ਦੱਸੋ ਕਿ ਜਵਾਨੀ ਚ ਪੈਰ ਧਰਨ ਵਾਲੇ ਇਹਨਾਂ ਨੌਜਵਾਨਾ ਨੂੰ ਹੋਰ ਕੀ ਚਾਹੀਦਾ ਸੀ ? ਬਾਕੀ ਇੱਕ ਗੱਲ ਕਿਸੇ ਤੋਂ ਛਿਪੀ ਨਹੀਂ ਕਿ ਪੜ੍ਹਾਈ ਕਰਨ ਇਥੇ ਕਿਹੜਾ ਭੜੂਆ ਆਇਆ ਹਰ ਇਕ ਨੂੰ ਬੱਸ ਪੀ ਆਰ ਹੀ ਦਿਸ ਰਹੀ ਸੀ। ਪਰ ਜਦੋਂ ਕਾਲਜ ਦੇ ਗੱਲ ਚ ਸਰਕਾਰ ਨੇ ਆ ਗਲਾਵਾਂ ਪਾ ਲਿਆ ਤਾਂ ਹੁਣ ਉਹਨੇ ਕਿਵੇਂ ਨਾ ਕਿਵੇਂ ਤਾਂ ਆਪਣੀ ਧੋਣ ਛੁਡਾਉਣੀ ਹੀ ਸੀ। ਬੱਸ ਉਹਨਾਂ ਜਿਹੜੀ ਜਬਾਨ ਨਾਲ ਇਹਨਾਂ ਸਟੂਡੈਂਟਾਂ ਨੂੰ ਕਿਹਾ ਸੀ ਕਿ ਹਾਜ਼ਰੀਆਂ ਦੀ ਕੋਈ ਪਰਵਾਹ ਨਹੀਂ। ਉਹੀ ਮੂੰਹ ਹੁਣ ਕਹਿ ਰਿਹਾ ਕਿ ਅਸੀਂ ਇਹਨਾਂ ਨੂੰ ਸੈਕਸ਼ਨ 20 ਇਸ ਲਈ ਜਾਰੀ ਕੀਤਾ ਕਿਉਂਕਿ ਇਹ ਕਾਲਜ ਹਾਜਿਰ ਨਹੀਂ ਹੁੰਦੇ ਸੀ। ਇਸ ਕਰਕੇ ਇਹਨਾਂ ਦੀਆਂ ਹਾਜ਼ਰੀਆਂ ਘੱਟ ਗਈਆਂ ਹਨ। ਭਾਵੇਂ ਇਸ ਇਕ ਗੱਲ ਨਾਲ ਕਾਲਜ ਦੇ 12 ਪੁਆਇੰਟ ਪੂਰੇ ਨਹੀਂ ਹੁੰਦੇ ਤੇ ਨਾ ਹੀ ਇਹ ਸਰਕਾਰ ਦੀ ਨਿਗਾਹ ਵਿੱਚ ਆਪਣਾ ਅਕਸ ਸਾਫ਼ ਕਰ ਸਕਦਾ ਹੈ। ਇਸ ਪਿੱਛੇ ਤਾਂ ਕਾਲਜ ਵਾਲਿਆਂ ਦੀ ਬੱਸ ਇਕ ਹੀ ਮਨਸ਼ਾ ਸੀ ਕਿ ਜਾਂਦੇ ਚੋਰ ਦੀ ਪੱਗ ਹੀ ਸਹੀ ।ਕਿਉਂਕਿ ਫੈਡਰਲ ਸਰਕਾਰ ਇਸ ਕਾਲਜ ਦੀ ਮਾਨਤਾ ਰੱਦ ਕਰ ਚੁੱਕੀ ਹੈ ਤੇ ਸਟੇਟ ਗੌਰਮਿੰਟ ਦਾ ਫ਼ੈਸਲਾ ਆਉਣਾ ਬਾਕੀ ਹੈ । ਸਟੇਟ ਵਾਲਿਆਂ ਤੋਂ ਕਿਸੇ ਚਮਤਕਾਰ ਦੀ ਆਸ ਨਹੀਂ ਕੀਤੀ ਜਾ ਸਕਦੀ। ਕਾਲਜ ਬੰਦ ਹੋਣ ਦੀ ਹਾਲਤ ਵਿੱਚ ਆਸਟ੍ਰੇਲੀਆ ਲਾਅ ਮੁਤਾਬਕ ਸਾਰੇ ਸਟੂਡੈਂਟਸ ਨੂੰ ਕਿਸੇ ਹੋਰ ਕਾਲਜ ਵਿੱਚ ਅਡਜਸਟ ਕਰਵਾਉਣ ਦੀ ਸ਼ਕਲ ਚ ਕਾਲਜ ਵਾਲਿਆਂ ਨੂੰ ਬਹੁਤ ਸਾਰਾ ਪੈਸਾ ਲਾਉਣਾ ਪੈਣਾ ਸੀ। ਸੋ ਹਿੰਦੁਸਤਾਨੀ ਦਿਮਾਗ਼ ਨੇ ਇਹ ਪੱਤਾ ਚੱਲ ਦਿਤਾ ਕਿ ਆਉਣ ਵਾਲੇ 28 ਦਿਨਾਂ ਚ ਇਹ ਸਟੂਡੈਂਟ ਆਪੋ-ਆਪਣੇ ਘਰਾਂ ਨੂੰ ਮੁੜ ਜਾਣਗੇ ਤੇ ਸਾਡੇ ਪੈਸੇ ਬਚ ਜਾਣਗੇ। ਆਸਟ੍ਰੇਲੀਆ ਵਿੱਚ ਜਦੋਂ ਕਿਸੇ ਸਟੂਡੈਂਟ ਨੂੰ ਸੈਕਸ਼ਨ 20 ਜਾਰੀ ਹੋ ਜਾਂਦਾ ਹੈ ਤਾਂ ਉਸ ਨੂੰ 28 ਦਿਨਾਂ ਦੇ ਵਿੱਚ ਆਸਟ੍ਰੇਲੀਆ ਛੱਡਣਾ ਪੈਂਦਾ। ਹੁਣ ਤੁਸੀ ਅਗਲਾ ਕਾਂਡ ਦੇਖੋ, ਇਕੋ ਵਕਤ ਇੰਨੇ ਸਟੂਡੈਂਟਸ ਨੂੰ ਸੈਕਸ਼ਨ 20 ਜਾਰੀ ਹੋਣ ਨਾਲ ਇਕੋ ਦਮ ਹੜਕੰਪ ਜਿਹਾ ਮੱਚ ਪਿਆ ਤੇ ਇਕ ਵਾਰ ਤਾਂ ਇਹਨਾਂ ਨੇ ਵੀ ਭੰਨ ਤੋੜ ਵਾਲਾ ਰਸਤਾ ਫੜਨ ਦੀ ਕੋਸ਼ਿਸ਼ ਕੀਤੀ ਪਰ ਕੁੱਝ ਇੱਕ ਸੂਝਵਾਨ ਬੰਦਿਆਂ ਇਹਨਾਂ ਨੂੰ ਇੰਜ ਕਰਨ ਤੋਂ ਵਰਜ ਲਿਆ ਤੇ ਇਹਨਾਂ ਆਸਟ੍ਰੇਲੀਆ ਦੇ ਕਾਨੂੰਨ ਰਾਹੀਂ ਚੱਲਣ ਨੂੰ ਪਹਿਲ ਦੇਣ ਦੀ ਸਲਾਹ ਦਿੱਤੀ। ਦੀਪਕ ਭਾਰਦਵਾਜ ਦੀ ਯੋਗ ਅਗਵਾਈ ਹੇਠ ਇਹਨਾਂ ਐਡੀਲੇਡ ਦੇ ਮਸ਼ਹੂਰ ਵਕੀਲ ਰਾਹੀਂ ਇਮੀਗ੍ਰੇਸ਼ਨ ਕੋਲ ਆਪਣੀ ਆਵਾਜ਼ ਪਹੁੰਚਾਈ। ਜਿਸ ਦੀ ਬੜੀ ਛੇਤੀ ਸੁਣਵਾਈ ਹੋਈ ਤੇ ਇਹਨਾਂ ਨੂੰ ਇਕ ਵਾਰ ਆਰਜ਼ੀ ਤੌਰ ਤੇ ਰਾਹਤ ਮਿਲ ਗਈ। ਪਰ ਹੁਣ ਫੇਰ ਅਸਲੀ ਮੁੱਦੇ ਤੇ ਆਉਂਦੇ ਹਾਂ ਇਸ ਸਾਰੇ ਕਾਂਡ ਵਿੱਚ ਵੀ ਅਸਲੀਆਂ ਨੇ ਜੋ ਲੱਤਾਂ ਖਿੱਚੀਆਂ ਉਹ ਵੀ ਸੁਣ ਲਓ; ਭਾਵੇਂ ਕਾਲਜ ਦੇ ਕੁਲ 150 ਸਟੂਡੈਂਟਸ ਵਿੱਚੋਂ 70 ਕੋਲ ਇਹ ਚਿੱਠੀਆਂ ਆ ਗਈਆਂ ਸਨ ਪਰ ਫੇਰ ਵੀ ਪਹਿਲੇ ਦਿਨ ਜੋ ਇਕੱਠ ਹੋਇਆ ਸੀ, ਹਰ ਅਗਲੀ ਮੀਟਿੰਗ ਵੇਲੇ ਇਹਨਾਂ ਦੀ ਸੰਖਿਆ ਘਟਦੀ ਗਈ ਤੇ ਅਖੀਰ ਜਿਸ ਦਿਨ ਇਮੀਗ੍ਰੇਸ਼ਨ ਵਾਲਿਆਂ ਨੇ ਸੱਦਿਆ ਉਸ ਦਿਨ ਇਹਨਾਂ ਵਿੱਚੋਂ ਕੇਵਲ 19 ਸਟੂਡੈਂਟ ਹੀ ਹਾਜਿਰ ਹੋਏ। ਏਕੇ ਚ ਬਰਕਤ ਵਾਲਾ ਬੂਹਾ ਢੋਹ ਕੇ ਇਹਨਾਂ ਕੱਲੇ-ਕੱਲੇ ਜੱਗ ਜਿੱਤਣ ਨੂੰ ਤਰਜੀਹ ਦਿੱਤੀ। ਇਸ ਸਾਰੇ ਕਾਂਡ ਦੌਰਾਨ ਇਕ ਕਾਲਜ ਦੇ ਮੁਅੱਤਲ ਡਾਇਰੈਕਟਰ ਕਾਲਜ ਨਾਲ ਆਪਣੀ ਕਿੜ ਕਢਨ ਲਈ ਸਟੂਡੈਂਟਾਂ ਦੇ ਮੋਢੇ ਤੇ ਬੰਦੂਕ ਧਰ ਕੇ ਚਲਾਉਣ ਲਈ ਬੜਾ ਤਰਲੋ ਮੱਛੀ ਹੁੰਦਾ ਦੇਖਿਆ ਗਿਆ। ਇਹ ਤਾਂ ਸ਼ੁਕਰ ਹੈ ਕਿ ਇਹ ਸਟੂਡੈਂਟ ਉਸ ਦੇ ਮਗਰ ਨਹੀਂ ਲੱਗੇ ਨਹੀਂ ਤੇ ਅਸਲਵਾਦ ਦਾ ਇਕ ਹੋਰ ਕਾਂਡ ਲਿਖਿਆ ਜਾਣਾ ਸੀ। ਉਂਜ ਤਾਂ ਬਰਸਾਤ ਦੇ ਮੌਸਮ ਚ ਖੁੰਬਾਂ ਵਾਂਗੂੰ ਉੱਘੇ ਇਹਨਾਂ ਕਾਲਜਾਂ ਵਿੱਚ ਜ਼ਿਆਦਾਤਰ ਬੱਸ ਪੈਸਾ ਇਕੱਠਾ ਕਰਨ ਲਈ ਹੀ ਖੋਲ੍ਹੇ ਗਏ ਸਨ। ਪਰ ਫੇਰ ਵੀ ਜੇ ਕੁੱਝ ਇੱਕ ਆਪਣੇ ਕੰਮ ਨੂੰ ਸਹੀ ਅੰਜ਼ਾਮ ਦੇ ਰਹੇ ਹਨ, ਉਹਨਾਂ ਦਾ ਅੱਜ ਕੱਲ ਜੀਣਾ ਦੁੱਭਰ ਹੋਇਆ ਪਿਆ ਹੈ। ਸਟੂਡੈਂਟ ਫ਼ੀਸ ਰੋਕੀ ਬੈਠੇ ਹਨ। ਕਿਉਂਕਿ ਅਫ਼ਵਾਹਾਂ ਦੇ ਬਜ਼ਾਰ ਹਰ ਰੋਜ ਇਹਨਾਂ ਕਾਲਜਾਂ ਨੂੰ ਸਵੇਰੇ ਸ਼ਾਮ ਬੰਦ ਕਰ ਦਿੰਦੇ ਹਨ। ਇਸ ਗੱਲੋਂ ਡਰਦਾ ਸਟੂਡੈਂਟ ਫ਼ੀਸ ਨਹੀਂ ਭਰ ਰਿਹਾ ਕਿ ਕਿਤੇ ਫ਼ੀਸ ਹੀ ਨਾ ਡੁੱਬ ਜਾਵੇ। ਜਿਸ ਦਾ ਤਾਜ਼ਾ ਉਦਾਹਰਨ ਕੁੱਝ ਇੱਕ ਕਾਲਜਾਂ ਦੇ ਪ੍ਰਬੰਧਕਾਂ ਵੱਲੋਂ ਗੁਰੂ ਘਰਾਂ ਵਿੱਚ ਜਾ ਕੇ ਭਾਈਚਾਰੇ ਨਾਲ ਨੁੱਕੜ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਜਿਸ ਨਾਲ ਕਿ ਅਫ਼ਵਾਹਾਂ ਨੂੰ ਰੋਕ ਲਾਈ ਜਾ ਸਕੇ। ਇਥੇ ਫੇਰ ਉਹੀ ਗੱਲ ਆ ਗਈ ਅਫਵਾਹਾਂ ਫੈਲਾਉਣ ਵਾਲੇ ਕੌਣ ਹਨ ? ਜੀ ਹਾਂ, ਉਹ ਵੀ ਆਪਣੇ ਅਸਲੀ ਹੀ ਹਨ। ਅੰਤ ਵਿੱਚ ਇੱਕ ਹੋਰ ਅਫ਼ਵਾਹ ਬਾਰੇ ਗੱਲ ਕਰਦੇ ਹਾਂ, ਸੁਣਿਆ ਹੈ ਕਿ ਇਮੀਗ੍ਰੇਸ਼ਨ ਦੇ ਨਵੇਂ ਆਏ ਰੂਲਸ ਦੇ ਵਿਰੋਧ ਵਿੱਚ ਆਉਣ ਵਾਲੇ ਦਿਨਾਂ ਚ ਮੈਲਬਰਨ 'ਚ ਧਰਨੇ, ਨਾਹਰੇ, ਮੁਜ਼ਾਹਰੇ ਦਾ ਦੌਰ ਫੇਰ ਸ਼ੁਰੂ ਹੋ ਰਿਹਾ। ਕਾਸ਼ ਇਹ ਇਕ ਅਫ਼ਵਾਹ ਹੀ ਹੋਵੇ। ਮੰਨਿਆ ਪੀ.ਆਰ. ਦੇ ਸਖ਼ਤ ਹੋਏ ਕਾਨੂੰਨ ਨਾਲ ਬੜੀ ਵੱਡੀ ਗਿਣਤੀ ਚ ਲੋਕ ਪ੍ਰਭਾਵਿਤ ਹੋਏ ਹਨ। ਪਰ ਦੋਸਤੋ ਇਸ ਵਾਰ ਆਪਣੀ ਗੱਲ ਸਰਕਾਰ ਤਕ ਪਹੁੰਚਾਉਣ ਲਈ ਪਹਿਲਾਂ ਵਾਲਾ ਰਾਹ ਜੇ ਨਾ ਅਪਨਾਇਓ ਤਾਂ ਹੀ ਚੰਗਾ ਹੈ। ਅੱਜ ਅਸੀਂ ਜਿਹੜੀ ਫ਼ਸਲ ਵੱਢ ਰਹੇ ਹਾਂ, ਇਹ ਪਿਛਲੇ ਸਾਲ ਅਸੀਂ ਆਪ ਹੀ ਬੀਜੀ ਸੀ। ਅਸੀਂ ਆਪ ਹੀ ਸ਼ੀਸ਼ੇ ਭੰਨ ਕੇ ਆਪਣੇ ਰਾਹਾਂ ਵਿੱਚ ਵਿਛਾਏ ਸਨ। ਜਿਸ ਕਰਕੇ ਸਾਡਾ ਰਾਹ ਇੰਨਾ ਔਖਾ ਹੋ ਗਿਆ। ਜਦੋਂ ਸਾਲ ਪਹਿਲਾਂ ਮੇਰਾ ਇਕ ਲੇਖ 'ਮੈਲਬਰਨ ਵਿੱਚ ਭੰਨੇ ਸ਼ੀਸ਼ੇ ਦੀ ਗੂੰਜ' ਦੁਨੀਆ ਭਰ ਚ ਛਪਿਆ ਸੀ ਤਾਂ ਉਸ ਵਕਤ ਕੁੱਝ ਲੋਕਾਂ ਨੂੰ ਇਹ ਫ਼ਾਲਤੂ ਦੀਆਂ ਗੱਲਾਂ ਲੱਗਿਆ ਸੀ। ਪਰ ਹੁਣ ਤੁਸੀ ਉਸ ਲੇਖ ਨੂੰ ਪੜ੍ਹ ਕੇ ਦੇਖੋ ਤੁਹਾਨੂੰ ਉਸ ਲੇਖ ਦਾ ਅੱਖਰ-ਅੱਖਰ ਸੱਚ ਹੋਇਆ ਜਾਪੇਗਾ। ਸੋ ਹੁਣ ਤਾਂ ਲੋੜ ਹੈ ਬਹੁਤ ਹੀ ਸੂਝ ਬੂਝ ਨਾਲ ਕਦਮ ਚੁੱਕਣ ਦੀ ਨਾ ਕਿ ਕੁੱਝ ਇੱਕ ਮੌਕਾ ਪ੍ਰਸਤਾਂ ਪਿੱਛੇ ਲਗ ਕੇ ਸਦਾ ਲਈ ਆਪਣੇ ਰਾਹ ਬੰਦ ਕਰਨ ਦੀ। ਹਾਲੇ ਵੀ ਆਸ ਦੀ ਕਿਰਨ ਦਿੱਖ ਰਹੀ ਹੈ ਬਸ ਲੋੜ ਹੈ ਇਸ ਮੁਲਕ ਦੇ ਕਾਨੂੰਨ ਦੀ ਕਦਰ ਕਰਦੇ ਹੋਏ ਆਪਣੀ ਗੱਲ ਸਰਕਾਰੇ ਦਰਬਾਰੇ ਪਹੁੰਚਾਉਣ ਦੀ। ਅਖੀਰ ਵਿੱਚ; ਇਸ ਸਚਾਈ ਨੂੰ ਖੁਲ੍ਹੇ ਦਿਲ ਨਾਲ ਮੰਨੋ ਕਿ ਸਾਡਾ ਉਨ੍ਹਾਂ ਨੁਕਸਾਨ ਨਸਲਵਾਦ ਨੇ ਨਹੀਂ ਕੀਤਾ ਜਿਨ੍ਹਾਂ ਅਸਲਵਾਦ ਨੇ ਕੀਤਾ ਤੇ ਕਰ ਰਿਹਾ। ਇਹ ਤਾਂ ਸ਼ੁਕਰ ਹੈ ਕਿ ਉਸ ਕੁਦਰਤ ਦਾ ਜਿਸ ਨੇ ਪੰਜਾਂ ਉਂਗਲਾਂ ਨੂੰ ਇਕੋ ਜਿਹਾ ਨਹੀਂ ਬਣਾਇਆ ਤੇ ਅੱਜ ਵੀ ਮੇਰੇ ਬਹੁਤ ਸਾਰੇ ਅਸਲੀ ਹਰ ਥਾਂ ਤੇ ਸਹਿਯੋਗ ਕਰ ਰਹੇ ਹਨ। ਆਸਟ੍ਰੇਲੀਆ ਦੀ ਪੰਜਾਬੀ ਪ੍ਰੈੱਸ ਤੁਹਾਡੀ ਗੱਲ ਸਰਕਾਰੇ ਦਰਬਾਰੇ ਪਹੁੰਚਾਉਣ ਲਈ ਹਰ ਸਮੇਂ ਤੁਹਾਡੀ ਮਦਦ ਕਰ ਰਹੀ ਹੈ। ਸੋ ਆਓ ਇਸ ਬਾਰ ਇਸ ਮੋਰਚੇ 'ਤੇ ਬਿਨਾਂ ਇਕ ਦੂਜੇ ਦੀਆਂ ਲੱਤਾਂ ਖਿੱਚੇ ਸਹਿਯੋਗ ਦੇਈਏ ਅਤੇ ਮੋਰਚਾ ਫਤਹਿ ਕਰ ਕੇ ਦੁਨੀਆ ਨੂੰ ਦਿਖਾ ਦੇਈਏ ਕਿ ਹੁਣ ਅਸੀਂ ਅਸਲਵਾਦ ਛੱਡ ਦਿਤਾ ਹੈ। ਪਰ ਇਸ ਸਾਰੇ ਲੇਖ ਦੌਰਾਨ ਜਸਵਿੰਦਰ ਭੱਲੇ ਦਾ ਇਹ ਵਿਅੰਗ ਮੇਰੇ ਜਿਹਨ ਚ ਹਰ ਵਕਤ ਘੁੰਮਦਾ ਰਿਹਾ ਤੇ ਉਮੀਦ ਹੈ ਤੁਸੀ ਵੀ ਇਸ ਵਿਅੰਗ ਨਾਲ ਸਹਿਮਤ ਹੋਵੋਗੇ ਕਿ; ਸਾਡੀ ਕਿਸ਼ਤੀ ਉੱਥੇ ਡੁੱਬੀ ਜਿਥੇ ਪਾਣੀ ਕਮ ਸੀ, ਸਾਨੂੰ ਆਪਣਿਆ ਹੀ ਵੱਡਿਆ, ਨਹੀਂ ਤਾਂ ਗ਼ੈਰਾਂ ਦੀ ਕੁੱਤੀ ਵਿੱਚ ਕਿੱਥੇ ਦਮ ਸੀ।


ਮੇਰੀ ਕੈਨੇਡਾ ਫ਼ੇਰੀ (ਕਿਸ਼ਤ 4) .......... ਸਫ਼ਰਨਾਮਾ / ਸਿ਼ਵਚਰਨ ਜੱਗੀ ਕੁੱਸਾ

ਸ਼ਾਮ ਅੱਠ ਵੱਜ ਕੇ ਵੀਹ ਕੁ ਮਿੰਟ 'ਤੇ ਫ਼ਲਾਈਟ ਟੋਰੌਂਟੋ ਦੇ ਪੀਅਰਸਨ ਏਅਰਪੋਰਟ ਦੇ ਟਰਮੀਨਲ ਇਕ 'ਤੇ ਜਾ ਉਤਰੀ। ਵੀਹ ਕੁ ਮਿੰਟ ਬਾਅਦ ਮੈਂ ਬਾਹਰ ਆ ਗਿਆ। ਮਿੰਟੂ ਚਾਹਲ ਅਤੇ ਉਹਨਾਂ ਦੇ ਸਤਿਕਾਰਯੋਗ ਪਿਤਾ, ਬਾਈ ਅਮਰਜੀਤ ਸਿੰਘ ਚਾਹਲ ਅੱਗੇ ਖੜ੍ਹੇ ਉਡੀਕ ਰਹੇ ਸਨ। ਬਾਈ ਅਮਰਜੀਤ ਸਿੰਘ ਚਾਹਲ ਦੇ ਪਿੰਡ ਰਾਮਗੜ੍ਹ, ਜਿਲ੍ਹਾ ਬਰਨਾਲ਼ਾ ਮੇਰੇ ਨਾਨਕੇ ਹਨ। ਇਹ ਪਿੰਡ ਪਹਿਲਾਂ ਸੰਗਰੂਰ ਜਿਲ੍ਹੇ ਵਿਚ ਪੈਂਦਾ ਸੀ। ਅਸੀਂ ਏਅਰਪੋਰਟ ਤੋਂ ਤਕਰੀਬਨ ਅੱਧੇ ਕੁ ਘੰਟੇ ਵਿਚ ਘਰ ਪਹੁੰਚ ਗਏ। ਸਾਡੇ ਜਾਣ ਤੋਂ ਪਹਿਲਾਂ ਹੀ ਘਰੇ ਬਾਈ ਦਾ ਛੋਟਾ ਮੁੰਡਾ ਪੀਟਰ ਅਤੇ ਜਵਾਈ ਪੂਰਨ ਸਿੰਘ ਧਾਲ਼ੀਵਾਲ਼ ਉਡੀਕ ਰਹੇ ਸਨ। ਪੂਰਨ ਧਾਲ਼ੀਵਾਲ਼ ਦਾ ਪਿੰਡ ਮੇਰੇ ਪਿੰਡ ਦੇ ਬਿਲਕੁਲ ਨਾਲ਼ 'ਰਾਮਾਂ' ਹੈ। ਪੰਮਾਂ ਟਰੱਕ ਲੈ ਕੇ ਕਿਸੇ ਲੰਬੇ ਟੂਰ 'ਤੇ ਦੂਰ ਨਿਕਲਿ਼ਆ ਹੋਇਆ ਸੀ। ਘਰ ਜਾ ਕੇ ਮਿੰਟੂ ਨੇ ਦੱਸਿਆ ਕਿ ਬਹੁਤ ਪ੍ਰਸ਼ੰਸਕ ਮਿੱਤਰਾਂ ਦੇ ਫ਼ੋਨ ਆ ਚੁੱਕੇ ਹਨ ਅਤੇ ਆਈ ਜਾ ਰਹੇ ਹਨ। ਦੋ ਵਾਰ 'ਅਜੀਤ ਵੀਕਲੀ' ਦੇ ਐਡੀਟਰ ਡਾਕਟਰ ਦਰਸ਼ਣ ਸਿੰਘ ਬੈਂਸ ਹੋਰਾਂ ਦਾ ਵੀ ਫ਼ੋਨ ਆ ਚੁੱਕਿਆ ਹੈ, ਪਰ ਹੁਣ ਆਪਾਂ ਸਾਰਿਆਂ ਨਾਲ਼ ਗੱਲ ਕੱਲ੍ਹ ਨੂੰ ਹੀ ਕਰਾਂਗੇ। ਪੂਰਨ, ਪੀਟਰ, ਮਿੰਟੂ ਅਤੇ ਬਾਈ ਅਮਰਜੀਤ ਸਿੰਘ ਚਾਹਲ ਨੇ ਬੋਤਲ ਖੋਲ੍ਹ ਲਈ ਅਤੇ ਮੇਰੇ ਲਈ ਚਾਹ ਆ ਗਈ। ਮੈਂ ਖ਼ਾਸ ਤੌਰ 'ਤੇ ਬਰੈਂਪਟਨ ਵਿਚ ਮਿੰਟਾ ਧਾਲ਼ੀਵਾਲ਼, ਅਜਾਇਬ ਟੱਲੇਵਾਲ਼ੀਆ, ਬਲਰਾਜ ਬਰਾੜ ਅਤੇ ਸਾਡੇ ਪਿੰਡ ਦੇ ਬਾਈ ਗੁਰਮੀਤ ਬਰਾੜ ਨੂੰ ਜ਼ਰੂਰ ਮਿਲਣਾ ਸੀ। 
ਅਗਲੇ ਦਿਨ ਅਸੀਂ ਮਿੰਟੂ ਚਾਹਲ ਦੇ ਸਹੁਰੀਂ, ਗਿਆਨੀ ਮੋਹਣ ਸਿੰਘ ਮਾਨ ਦੇ ਘਰ ਚਲੇ ਗਏ। ਗਿਆਨੀ ਮੋਹਣ ਸਿੰਘ ਮਾਨ ਗਲਿੱਡਨ ਗੁਰੂ ਘਰ ਦੇ ਸਾਬਕਾ ਹੈੱਡ-ਗ੍ਰੰਥੀ ਹਨ ਅਤੇ ਨਾਲ਼ ਦੀ ਨਾਲ਼ ਉਹ ਸੁਹਿਰਦ ਲੇਖਕ ਵੀ ਹਨ। ਇਕ 'ਸੜਕਨਾਮਾਂ' ਬਾਈ ਬਲਦੇਵ ਸਿੰਘ ਮੋਗਾ ਨੇ ਲਿਖਿਆ ਸੀ ਅਤੇ ਪ੍ਰਸਿੱਧ ਕਾਵਿੱਤਰੀ, ਮਰਹੂਮ ਅੰਮ੍ਰਿਤਾ ਪ੍ਰੀਤਮ ਜੀ ਨੇ 'ਨਾਗਮਣੀ' ਵਿਚ ਛਾਪਿਆ ਸੀ ਅਤੇ ਦੂਜਾ ਕੈਨੇਡਾ ਦਾ 'ਸੜਕਨਾਮਾਂ' ਸਤਿਕਾਰਯੋਗ ਗਿਆਨੀ ਮੋਹਣ ਸਿੰਘ ਜੀ ਮਾਨ ਨੇ ਲਿਖਿਆ ਸੀ ਅਤੇ ਕੈਨੇਡਾ ਦੇ ਪ੍ਰਮੁੱਖ ਅਖ਼ਬਾਰਾਂ ਵਿਚ ਲੜੀਵਾਰ ਛਪਿਆ ਸੀ। ਗਿਆਨੀ ਮੋਹਣ ਸਿੰਘ ਮਾਨ ਹੋਰਾਂ ਦੀ ਲੜਕੀ ਮਨਜੀਤ ਕੌਰ, ਮਿੰਟੂ ਚਾਹਲ ਦੀ ਸੁਪਤਨੀ ਹੈ। ਮਨਜੀਤ ਕੌਰ ਚਾਹਲ ਦੀ ਸ਼ਕਲ ਬਿਲਕੁਲ ਮੇਰੇ ਵੱਡੇ ਭੈਣ ਜੀ ਨਾਲ਼ ਮਿਲ਼ਦੀ ਹੋਣ ਕਾਰਨ ਮੈਂ ਮਨਜੀਤ ਕੌਰ ਚਾਹਲ ਨੂੰ 'ਭੈਣ ਜੀ' ਆਖ ਕੇ ਬੁਲਾਉਂਦਾ ਅਤੇ ਸਤਿਕਾਰਦਾ ਹਾਂ ਅਤੇ ਉਹ ਵੀ ਮੈਨੂੰ ਵੱਡੇ ਭਰਾਵਾਂ ਵਾਂਗ ਹੀ ਸਨੇਹ-ਸਤਿਕਾਰ ਦਿੰਦੀ ਹੈ। ਉਸ ਤੋਂ ਬਾਅਦ ਅਸੀਂ ਅਜਾਇਬ ਸਿੰਘ ਟੱਲੇਵਾਲ਼ੀਆ ਦੇ ਘਰ ਚਲੇ ਗਏ। ਅਜਾਇਬ ਦੇ ਘਰ ਅੰਦਰ ਜਦ ਦਾਖ਼ਲ ਹੋਣ ਲੱਗੇ ਤਾਂ ਮੈਨੂੰ ਇਕ ਪਲਾਸਟਿਕ ਦਾ ਪਿੰਜਰ ਜਿਹਾ ਟੰਗਿਆ ਨਜ਼ਰ ਆਇਆ। ਮੈਂ ਅਜਾਇਬ ਨੂੰ ਮਜ਼ਾਕ ਨਾਲ਼ ਪੁੱਛਿਆ, "ਬਾਈ..! ਕਿਤੇ ਭੂਤਾਂ ਤਾਂ ਨੀ ਕੱਢਣ ਲੱਗ ਪਿਆ..?" ਅਜਾਇਬ ਮੈਨੂੰ ਗਲਵਕੜੀ ਵਿਚ ਲੈਂਦਾ ਬੋਲਿਆ, "ਕਾਹਨੂੰ ਜੱਗੀ..! ਇਹ ਤਾਂ ਜੁਆਕਾਂ ਨੇ ਲਿਆ ਕੇ ਟੰਗ ਦਿੱਤਾ..!" ਅਸੀਂ ਚਾਹ ਪੀਂਦੇ ਪੀਂਦੇ ਅੱਜ ਦੇ ਅਤੇ ਪੁਰਾਣੇ ਸਾਹਿਤ ਬਾਰੇ ਵਿਚਾਰ ਵਟਾਂਦਰਾ ਕਰਦੇ ਰਹੇ। 
ਰਾਤ ਨੂੰ ਪੀਟਰ ਦੇ ਘਰੇ ਫਿ਼ਰ ਮਹਿਫ਼ਲ ਜੰਮੀ ਹੋਈ ਸੀ। ਪੀਟਰ ਲੋਕ ਭਲਾਈ ਪਾਰਟੀ ਦੇ ਪ੍ਰਧਾਨ ਸ. ਬਲਵੰਤ ਸਿੰਘ ਰਾਮੂਵਾਲ਼ੀਆ ਦੀਆਂ 'ਰੀਸਾਂ' ਲਾ ਕੇ ਸਾਡੀਆਂ ਸਭ ਦੀਆਂ ਵੱਖੀਆਂ ਤੁੜਾ ਰਿਹਾ ਸੀ। ਪੀਟਰ ਵਿਚ ਅਗਲੇ ਦੀ 'ਸਾਂਗ' ਲਾਉਣ ਦੀ ਐਨੀ ਕਲਾ ਹੈ ਕਿ ਜੇ ਉਹ ਕਿਸੇ ਸਮਰੱਥ ਕਮੇਡੀਅਨ ਦੇ ਹੱਥ ਲੱਗ ਜਾਵੇ ਤਾਂ ਮੇਰਾ ਦਾਅਵਾ ਅਤੇ ਗਰੰਟੀ ਹੈ ਕਿ ਕਮੇਡੀ ਦੇ ਖ਼ੇਤਰ ਵਿਚ ਤੜਥੱਲ ਮਚਾ ਦੇਵੇ! ਜਿਵੇਂ ਭਗਵੰਤ ਮਾਨ 'ਬੀਬੋ ਭੂਆ' ਅਤੇ ਭੋਟੂ ਸ਼ਾਹ 'ਭੱਈਆਂ' ਦੀ ਸਾਂਗ ਲਾਉਂਦੇ ਹਨ। ਉਸ ਤਰ੍ਹਾਂ ਪੀਟਰ ਬਲਵੰਤ ਸਿੰਘ ਰਾਮੂਵਾਲ਼ੀਆ ਦੀ 'ਰੀਸ' ਲਾ ਕੇ ਬੱਲੇ-ਬੱਲੇ ਕਰਵਾ ਦੇਵੇ! ਸ. ਬਲਵੰਤ ਸਿੰਘ ਰਾਮੂਵਾਲ਼ੀਆ ਮੇਰਾ ਜਿਗਰੀ ਮਿੱਤਰ ਹੈ ਅਤੇ ਮੈਂ ਬਲਵੰਤ ਸਿੰਘ ਰਾਮੂਵਾਲ਼ੀਆ ਨੂੰ ਫ਼ੁਰਮਾਇਸ਼ ਕਰੂੰਗਾ ਕਿ ਜਦ ਉਹ ਕੈਨੇਡਾ ਗੇੜਾ ਮਾਰੇ ਤਾਂ ਪੀਟਰ ਤੋਂ ਆਪਣੀ ਅਵਾਜ਼ ਜ਼ਰੂਰ ਸੁਣੇ! 
ਉਸੇ ਰਾਤ ਮੈਂ ਬਲਵੰਤ ਰਾਮੂਵਾਲੀਆ ਦੀ ਤਖ਼ਤੂਪੁਰੇ ਦੇ ਮੇਲੇ 'ਤੇ ਸੁਣਾਈ ਇਕ ਗੱਲ ਪੀਟਰ ਨੂੰ ਸੁਣਾਈ।
ਤਖ਼ਤੂਪੁਰਾ ਦੇ ਮਾਘੀ ਮੇਲੇ 'ਤੇ ਬਲਵੰਤ ਸਿੰਘ ਰਾਮੂਵਾਲ਼ੀਆ ਸਟੇਜ਼ 'ਤੇ ਖੜ੍ਹਾ ਭਾਸ਼ਣ ਦੇ ਰਿਹਾ ਸੀ, ਤਾਂ ਉਸ ਨੇ ਸਾਹਮਣੇ ਬੈਠੇ ਲੋਕਾਂ ਨੂੰ ਤਾਹਨਾਂ ਮਾਰਿਆ।
-"ਉਏ ਪੰਜਾਬ ਦੇ ਲੋਕੋ..! ਜੇ ਕਿਸੇ ਕੁੜੀ ਦਾ ਪਹਿਲਾ ਜਣੇਪਾ ਕੁਦਰਤੀਂ ਕਿਤੇ ਸਹੁਰੇ ਘਰ ਹੋ ਜਾਵੇ ਤਾਂ ਮੁੰਡਾ ਸਵਾ ਮਹੀਨੇ ਦਾ ਹੋਣ 'ਤੇ ਉਹ ਆਪਣਾ ਮੁੰਡਾ ਦਿਖਾਉਣ ਆਪਣੇ ਪੇਕੀਂ ਜਾਂਦੀ ਐ..! ਘਰੇ ਕੁੜੀ ਦਾ ਸੱਤਰ ਸਾਲਾਂ ਦਾ ਪਿਉ ਮੰਜੇ 'ਤੇ ਬੈਠਾ ਹੁੰਦੈ..! ਤੇ ਕੁੜੀ ਦਾ ਪਿਉ ਬੜੇ ਚਾਅ ਨਾਲ਼ ਕਹਿੰਦੈ, ਵਾਹ ਜੀ ਵਾਹ..! ਮੇਰਾ ਦੋਹਤਾ ਆ ਗਿਆ..! ਲਿਆ ਕੁੜ੍ਹੇ ਕੁੜੀਏ...! ਫ਼ੜਾ ਮੈਨੂੰ ਮੇਰਾ ਦੋਹਤਾ..! ਪਿਆਰ ਦੇਵਾਂ ਇਹਨੂੰ ਬੁੱਕਲ਼ 'ਚ ਲੈ ਕੇ..! ਤੇ ਉਹਦੀ ਕੁੜੀ ਪਤਾ ਕੀ ਕਹਿੰਦੀ ਐ..? ਨਹੀਂ ਬਾਪੂ..! ਤੂੰ ਸੱਤਰਾ ਬਹੱਤਰਾ ਹੋਇਆ ਪਿਐਂ..! ਮੈਂ ਨੀ ਫ਼ੜਾਉਣਾ ਤੈਨੂੰ ਮੁੰਡਾ..! ਸਿੱਟਦੇਂਗਾ..! ਕੋਈ ਸੱਟ ਫ਼ੇਟ ਵੱਜੂ ਜੁਆਕ ਦੇ...! ਕੁੜੀ ਆਪਣਾ ਨਿਆਣਾ ਜੁਆਕ ਆਪਣੇ ਸੱਤਰਾਂ ਸਾਲਾਂ ਦੇ ਬਾਪੂ ਨੂੰ ਨੀ ਡਰਦੀ ਫ਼ੜਾਉਂਦੀ...! ਉਏ ਪੰਜਾਬੀਓ...!! ਤੇ ਤੁਸੀਂ...?? ਤੇ ਤੁਸੀਂ, ਪੂਰੇ ਦਾ ਪੂਰਾ ਪੰਜਾਬ ਬਿਆਸੀ ਸਾਲਾਂ ਦੇ ਬਾਦਲ ਨੂੰ ਚੱਕ ਕੇ ਫ਼ੜਾ ਦਿੱਤਾ..! ਕੁੜੀ ਆਪਣਾ ਜੁਆਕ ਸੱਤਰਾਂ ਸਾਲਾਂ ਦੇ ਬਾਪੂ ਨੂੰ ਨੀ ਫ਼ੜਾਉਂਦੀ ਤੇ ਤੁਸੀਂ ਸਾਰਾ ਪੰਜਾਬ ਈ ਉਹਦੇ ਹੱਥਾਂ 'ਚ ਦੇਅਤਾ..!" ਉਸ ਦੀ ਇਸ ਗੱਲ 'ਤੇ ਹਾਸੜ ਪੈ ਗਈ।
ਅਗਲੇ ਦਿਨ ਸਾਨੂੰ ਬੌਡਿਆਂ ਵਾਲ਼ਾ ਭੋਲਾ ਮਿਲਣ ਆ ਗਿਆ। ਮੀਨੀਆਂ ਵਾਲ਼ੇ ਬੇਲੀ ਨੇ ਇਕ ਹੋਰ ਗੱਲ ਸੁਣਾਈ। ਉਸ ਦਾ ਕਹਿਣਾ ਸੀ ਕਿ ਬਾਈ ਜੀ ਜਦ ਅੱਗੇ ਕੋਈ ਸਾਡੇ ਪਿੰਡ ਬਾਰੇ ਪੁੱਛਦਾ ਸੀ, ਤਾਂ ਸਾਨੂੰ ਦੱਸਣ ਬਾਰੇ ਬਹੁਤ ਜੱਦੋਜਹਿਦ ਕਰਨੀ ਪੈਂਦੀ ਸੀ। ਪਰ ਹੁਣ ਜਦ ਅਗਲਾ ਪਿੰਡ ਪੁੱਛਦਾ ਹੈ, ਤਾਂ ਅਗਲੇ ਨੂੰ ਇੱਕੋ ਗੱਲ ਪੁੱਛ ਲਈਦੀ ਹੈ, ਜੱਗੀ ਕੁੱਸਾ ਨੂੰ ਜਾਣਦੇ ਹੋ..? ਜੇ ਅਗਲਾ 'ਹਾਂ' ਕਹਿੰਦਾ ਹੈ ਤਾਂ ਮੈਂ ਨਾਲ਼ ਦੀ ਨਾਲ਼ ਉੱਤਰ ਦੇ ਦਿੰਦਾ ਹਾਂ ਕਿ ਜੱਗੀ ਕੁੱਸਾ ਦੇ ਪਿੰਡ ਕੁੱਸਾ ਤੋਂ ਅਗਲਾ ਪਿੰਡ ਸਾਡੈ, ਮੀਨੀਆਂ..! 
ਦੁਪਿਹਰ ਵੇਲ਼ੇ ਮੈਂ ਅਤੇ ਮਿੰਟੂ ਗਿਆਨੀ ਮੋਹਣ ਸਿੰਘ ਮਾਨ ਦੇ ਘਰ ਫਿ਼ਰ ਚਲੇ ਗਏ। ਪੰਜਾਬ ਦੀ ਸਿਆਸਤ ਤੋਂ ਲੈ ਕੇ ਪਵਿੱਤਰ ਗੁਰਬਾਣੀ ਤੱਕ ਵਿਚਾਰ ਚਰਚਾ ਚੱਲੀ। ਜਦ ਅਸੀਂ ਮੁੜਨ ਲੱਗੇ ਤਾਂ ਉਹਨਾਂ ਨੇ ਮੈਨੂੰ ਸੌ ਡਾਲਰ ਦਾ 'ਸ਼ਗਨ' ਵੀ ਦਿੱਤਾ। ਇਕ ਗੱਲ ਹੋਰ ਸੀ। ਮੇਰੇ ਬਰੈਂਪਟਨ ਹੁੰਦਿਆਂ-ਹੁੰਦਿਆਂ ਦੋ ਗੁਰੂ ਘਰਾਂ ਵਿਚ ਗਹਿਗੱਚ ਲੜਾਈ ਹੋ ਚੁੱਕੀ ਸੀ। ਪੱਗਾਂ ਲੱਥੀਆਂ, ਸਿੰਘਾਂ ਦੇ ਸਿਰ ਵੀ ਪਾਟੇ ਸਨ ਅਤੇ ਕੁਝ ਗ੍ਰਿਫ਼ਤਾਰੀਆਂ ਵੀ ਹੋ ਚੁੱਕੀਆਂ ਸਨ। ਮੈਨੂੰ ਨਹੀਂ ਪਤਾ ਕਿ ਕੌਣ ਚੰਗਾ ਅਤੇ ਕੌਣ ਮਾੜਾ ਸੀ...? ਜਾਂ ਕਸੂਰ ਕਿਸ ਦਾ ਸੀ...? ਜਾਂ ਅਸਲ ਗੱਲ ਕੀ ਸੀ..? ਪਰ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਅੰਗ 763 'ਤੇ ਸੂਹੀ ਮਹਲਾ ਪੰਜਵਾਂ ਗੁਣਵੰਤੀ ਵਿਚ ਪੰਜਵੇਂ ਪਾਤਿਸ਼ਾਹ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਫ਼ੁਰਮਾਨ ਕਰਦੇ ਹਨ, "ਜੋ ਦੀਸੈ ਗੁਰਸਿਖੜਾ ਤਿਸੁ ਨਿਵਿ ਨਿਵਿ ਲਾਗਉ ਪਾਇ ਜੀਉ।।" ਪਵਿੱਤਰ ਗੁਰਬਾਣੀ ਦੀ ਇਹ ਪੰਗਤੀ ਮੇਰੇ ਜਿਹਨ ਵਿਚ ਵਾਰ ਵਾਰ ਚੱਕਰ ਕੱਟ ਰਹੀ ਸੀ। ਗੁਰੂ ਮਹਾਰਾਜ ਨੇ ਤਾਂ ਇੱਥੋਂ ਤੱਕ ਹੁਕਮ ਫ਼ੁਰਮਾਇਆ ਹੈ ਕਿ ਜੋ ਵੀ ਗੁਰੂ ਦਾ ਸਿੱਖ ਦਿਸੇ, ਉਸ ਦੇ ਨਿਉਂ ਨਿਉਂ ਕੇ ਪੈਰੀਂ ਲੱਗੋ! ਪਰ ਇਹ ਵੱਢ-ਟੁੱਕ...? ਆਪਣੇ ਹੀ ਗੁਰਸਿੱਖ ਭਰਾਵਾਂ ਦੀ...? ਫਿ਼ਰ ਕਿਸ ਗੁਰੂ ਨੂੰ ਮੰਨਦੇ ਹਾਂ ਅਸੀਂ..? ਗੁਰੂ ਮਹਾਰਾਜ ਦੇ ਉਪਦੇਸ਼ ਦਾ ਫ਼ਾਇਦਾ ਕੀ ਹੋਇਆ..? ਜੇ ਅਸੀਂ ਗੁਰੂ ਨੂੰ ਮੰਨਦੇ ਹਾਂ ਤਾਂ ਉਸ ਦੇ ਇਲਾਹੀ ਹੁਕਮ ਦੀ ਕੁਤਾਹੀ ਕਿਉਂ..? ਮੀਡੀਆ ਵਿਚ ਚੱਲਦੀ 'ਬਹਿਸ' ਅਤੇ 'ਚਰਚਾ' ਪੜ੍ਹ-ਸੁਣ ਕੇ ਮਨ ਅਤੀਅੰਤ ਪ੍ਰੇਸ਼ਾਨ ਹੋ ਉਠਿਆ। ਮੈਨੂੰ ਕਾਫ਼ੀ ਅਰਸਾ ਪਹਿਲਾਂ ਕਿਸੇ ਵਿਅਕਤੀ ਵੱਲੋਂ ਕਹੀ ਗੱਲ ਚੇਤੇ ਆਈ, "ਹਿੰਦੋਸਤਾਨ ਗੌਰਮਿੰਟ ਨੂੰ ਪੰਜਾਬ 'ਚ ਮਿਲਟਰੀ ਜਾਂ ਸੀ.ਆਰ.ਪੀ. ਲਾਉਣ ਦੀ ਕੀ ਲੋੜ ਐ..? ਉਹ ਖੁੱਲ੍ਹਾ ਐਲਾਨ ਕਰ ਦੇਵੇ ਕਿ ਸਰਕਾਰ ਸਿੱਖਾਂ ਨੂੰ ਖ਼ਾਲਿਸਤਾਨ ਦੇਣ ਲਈ ਬਿਲਕੁਲ ਤਿਆਰ ਐ..! ਤੇ ਖ਼ਾਲਿਸਤਾਨੀ ਵੀਰ ਆਪਣੇ ਬਣਨ ਵਾਲ਼ੇ ਲੀਡਰਾਂ ਦੀ ਸੂਚੀ ਸਾਨੂੰ ਦੋ ਸਾਲਾਂ ਦੇ ਵਿਚ ਵਿਚ ਪੇਸ਼ ਕਰ ਦੇਣ..! ਲੈ ਦੇਖ ਫ਼ੇਰ ਸੂਚੀ ਤਿਆਰ ਕਰਦੇ ਕਰਦੇ ਦੋ ਸਾਲਾਂ 'ਚ ਇਹ ਕਿਵੇਂ ਆਪਣਿਆਂ ਨੂੰ ਵੱਢ ਕੇ, ਖਿਲਾਰ ਖਿਲਾਰ ਸਿੱਟਦੇ ਐ..!" ਉਸ ਆਦਮੀ ਦੀ ਗੱਲ ਮੈਨੂੰ ਬਰੈਂਪਟਨ ਗੁਰੂ ਘਰਾਂ ਵਿਚ ਹੋਣ ਵਾਲ਼ੀ ਲੜਾਈ ਤੋਂ ਇਕ ਦਮ ਫਿ਼ਰ ਚੇਤੇ ਆਈ, ਕਿ ਕੀ ਉਸ ਬੰਦੇ ਨੇ ਇਹ ਗੱਲ ਸੱਚ ਆਖੀ ਸੀ ਕਿ ਝੂਠ..? ਇਕ ਹੋਰ ਇਤਿਹਾਸਕ ਉਦਾਹਰਣ ਦੇਣੀਂ ਚਾਹਾਂਗਾ ਕਿ ਇਤਿਹਾਸ ਦੇ ਇਕ ਹੋਰ ਕਾਂਡ ਨਾਲ਼ ਜੁੜ ਕੇ ਅਜੋਕੇ ਸਮੇਂ ਵਿਚ ਸੋਚਣ, ਸਮਝਣ ਅਤੇ ਸਿੱਖਣਯੋਗ ਗੱਲ ਹੈ ਕਿ ਸੰਨ 1710 ਵਿਚ ਸਥਾਪਤ ਹੋਇਆ 'ਖ਼ਾਲਸਾ ਰਾਜ' ਬਹੁਤੀ ਦੇਰ ਕਾਇਮ ਕਿਉਂ ਨਾ ਰਹਿ ਸਕਿਆ..? ਲੱਖਾਂ ਕੁਰਬਾਨੀਆਂ ਦੇਣ ਉਪਰੰਤ ਵੀ 'ਸਰਹਿੰਦ ਫ਼ਤਹਿ' ਤੋਂ 'ਦਿੱਲੀ ਫ਼ਤਹਿ' ਤੱਕ ਪੁੱਜਣ ਲਈ 73 ਸਾਲ ਦੀ ਲੰਬੀ ਉਡੀਕ ਕਿਉਂ ਕਰਨੀ ਪਈ..? ਸਿੱਖ ਕੌਮ ਦੀਆਂ ਪੂਰੀਆਂ ਦੋ ਪੀੜ੍ਹੀਆਂ ਇਸ ਸੰਘਰਸ਼ ਦੇ ਲੇਖੇ ਲਾ ਕੇ ਕੌਮੀ ਤੌਰ 'ਤੇ ਸ਼ਕਤੀ ਅਤੇ ਸਮਰੱਥਾ ਹੋਣ ਦੇ ਬਾਵਜੂਦ ਵੀ ਅਸੀਂ ਦੋ ਮਹੀਨੇ ਵੀ ਦਿੱਲੀ ਦੇ ਲਾਲ ਕਿਲ੍ਹੇ ਨੂੰ ਆਪਣੇ ਕਬਜ਼ੇ ਵਿਚ ਕਿਉਂ ਨਾ ਰੱਖ ਸਕੇ..? ਕੀ ਇਹ 'ਆਪਸੀ ਯੁੱਧ' ਦਾ ਨਤੀਜਾ ਨਹੀਂ? ਸੋ ਸਾਨੂੰ ਇਸ ਗੱਲੋਂ ਜ਼ਰੂਰ ਸੁਚੇਤ ਹੋਣ ਦੀ ਲੋੜ ਹੈ ਅਤੇ ਆਪਸੀ ਜੰਗ ਤੋਂ ਗੁਰੇਜ਼ ਕਰਨੀ ਚਾਹੀਦੀ ਹੈ! 
ਅਗਲੇ ਦਿਨ ਸਵੇਰੇ 8:50 'ਤੇ ਮੇਰੀ ਲੰਡਨ ਦੀ ਵਾਪਸੀ ਸੀ। ਪਰ ਪੀਟਰ ਨੇ ਇਕ ਨਵੀਂ ਹੀ ਗੱਲ ਸਾਡੇ ਕੰਨ 'ਚ ਪਾਈ। 
-"ਬਾਈ..! ਆਈਸਲੈਂਡ ਵਿਚ 'ਵੋਲਕੈਨੋ' ਫ਼ਟਣ ਕਾਰਨ ਯੂਰਪ ਦੇ ਸਾਰੇ ਏਅਰਪੋਰਟ ਬੰਦ ਕਰ ਦਿੱਤੇ ਐ!" ਪੀਟਰ ਨੇ ਕਿਹਾ ਸੀ।
-"ਕਦੋਂ..?" 
-"ਅੱਜ..!"
-"ਪਰ ਪੀਟਰ..! ਅਜੇ ਆਪਣੀ ਫ਼ਲਾਈਟ ਚੱਲਣ 'ਚ ਤਕਰੀਬਨ 24 ਘੰਟੇ ਬਾਕੀ ਐ, ਸਾਇੰਸ ਦਾ ਯੁੱਗ ਐ, ਉਦੋਂ ਤੱਕ ਕੋਈ ਨਾ ਕੋਈ ਸੱਪ ਸਾਇੰਸਦਾਨ ਕੱਢ ਲੈਣਗੇ!" ਮੈਂ ਨਿਸ਼ਚਿੰਤ ਹੁੰਦਿਆਂ ਕਿਹਾ। ਉਸ ਸ਼ਾਮ ਨੂੰ ਹੀ ਜਗਤ-ਪ੍ਰਸਿੱਧ ਗੀਤਕਾਰ ਮੱਖਣ ਬਰਾੜ ਵੀ ਮੈਨੂੰ ਮਿਲਣ ਲਈ ਆਇਆ। ਗੱਲਾਂ ਬਾਤਾਂ ਕਰਦੇ ਰਹੇ। ਪੰਜਾਬੀਆਂ ਵਿਚ ਹਰ ਜਗਾਹ ਗੁਰੂ ਘਰਾਂ ਵਿਚ ਹੋਈਆਂ ਲੜਾਈਆਂ ਬਾਰੇ ਹੀ 'ਚੁੰਝ-ਚਰਚਾ' ਚੱਲ ਰਹੀ ਸੀ। ਅਗਲੇ ਦਿਨ 16 ਅਪ੍ਰੈਲ ਨੂੰ ਮਿੰਟੂ ਮੈਨੂੰ ਅਤੇ ਅਜਾਇਬ ਟੱਲੇਵਾਲ਼ੀਆ ਨੂੰ ਏਅਰਪੋਰਟ 'ਤੇ ਉਤਾਰ ਗਿਆ। ਜਦ ਮੈਂ ਅਤੇ ਅਜਾਇਬ ਨੇ ਏਅਰ ਕੈਨੇਡਾ ਦੇ ਕਾਊਂਟਰ 'ਤੇ ਜਾ ਕੇ ਦੇਖਿਆ ਤਾਂ ਉਥੇ ਨਾ ਮੁੱਕਣ ਵਾਲ਼ੀ ਲੰਮੀ ਲਾਈਨ ਲੱਗੀ ਹੋਈ ਸੀ। ਤਮਾਮ ਫ਼ਲਾਈਟਾਂ ਬੰਦ ਸਨ ਅਤੇ ਯੂਰਪ ਭਰ ਦੇ 130 ਏਅਰਪੋਰਟ ਬੰਦ ਕਰ ਦਿੱਤੇ ਗਏ ਸਨ। ਮੀਡੀਆ ਵਾਲ਼ੇ ਤੋਪਾਂ ਵਾਂਗ ਆਪਣੇ ਕੈਮਰੇ ਗੱਡੀ ਖੜ੍ਹੇ ਸਨ ਅਤੇ ਏਅਰਪੋਰਟਾਂ 'ਤੇ ਫ਼ਸੇ ਮੁਸਾਫਿ਼ਰਾਂ ਦੀਆਂ ਮੁਲਾਕਾਤਾਂ ਕੀਤੀਆਂ ਜਾ ਰਹੀਆਂ ਸਨ। ਕੋਈ ਆਖ ਰਿਹਾ ਸੀ ਕਿ ਉਸ ਦੇ ਦਿਲ ਦੀ ਸਰਜਰੀ ਦੀ 'ਅਪਾਇੰਟਮੈਂਟ' ਸੀ। ਕੋਈ ਆਪਣੀ ਦੁਆਈ ਖ਼ਤਮ ਹੋ ਜਾਣ ਦੀ ਬਾਤ ਪਾ ਰਿਹਾ ਸੀ। ਇਕ 27-28 ਸਾਲ ਦੀ ਗੋਰੀ ਬੀਬੀ ਰੋ ਰਹੀ ਸੀ, "ਮੇਰੀ ਤਾਂ 18 ਅਪ੍ਰੈਲ ਨੂੰ ਸ਼ਾਦੀ ਹੈ..!" ਪਰ ਏਅਰਲਾਈਨਜ਼ ਵਾਲ਼ੇ ਬੇਵੱਸੀ ਜ਼ਾਹਿਰ ਕਰ ਰਹੇ ਸਨ। ਕਰ ਉਹ ਵੀ ਕੁਝ ਨਹੀਂ ਸਕਦੇ ਸਨ। ਜਦ ਯੂਰਪ ਦੇ ਕਿਸੇ ਏਅਰਪੋਰਟ ਨੂੰ ਫ਼ਲਾਈਟ ਹੀ ਨਹੀਂ ਜਾ ਰਹੀ ਸੀ, ਤਾਂ ਉਹ ਫ਼ਲਾਈਟ ਕਿੱਧਰ ਨੂੰ ਚਾੜ੍ਹ ਦਿੰਦੇ..? 
ਦੋ ਕੁ ਘੰਟੇ ਦੀ ਉਡੀਕ ਮਗਰੋਂ ਏਅਰ ਕੈਨੇਡਾ ਦੀ ਇਕ ਕਰਮਚਾਰੀ ਨੇ ਉਂਗਲ਼ ਹੇਠਾਂ ਵੱਲ ਕਰ ਦਿੱਤੀ ਕਿ ਹੇਠਾਂ ਜਾ ਕੇ ਜਾਣਕਾਰੀ ਲਵੋ! ਥੱਕੀ ਹਾਰੀ ਜਨਤਾ ਭੇਡਾਂ ਦੇ ਇੱਜੜ ਵਾਂਗੂੰ ਥੱਲੇ ਨੂੰ ਤੁਰ ਪਈ। ਹੇਠਾਂ ਜਾ ਕੇ ਏਅਰ ਕੈਨੇਡਾ ਨੇ ਦੋ ਟੁੱਕ ਫ਼ੈਸਲਾ ਸੁਣਾਇਆ ਕਿ ਖ਼ਬਰਾਂ ਦੇਖੀ ਚੱਲੋ ਅਤੇ ਜਦ ਏਅਰਪੋਰਟ ਖੁੱਲ੍ਹ ਗਏ ਤਾਂ ਫਿ਼ਰ ਫ਼ਲਾਈਟਾਂ ਚੱਲ ਪੈਣਗੀਆਂ। ਕੁਝ ਮੁਸਾਫਿ਼ਰ ਆਖ ਰਹੇ ਸਨ ਕਿ ਸਾਡੇ ਕੋਲ਼ ਕੋਈ ਪੈਸਾ ਨਹੀਂ। ਅਸੀਂ ਤਾਂ ਸੋਚਿਆ ਸੀ ਕਿ ਜਾਵਾਂਗੇ ਅਤੇ ਆਪਣੇ ਟਰਿੱਪ ਦਾ ਆਨੰਦ ਲੈ ਕੇ ਮੁੜ ਆਵਾਂਗੇ। ਉਹ ਕਿਸੇ ਹੋਟਲ ਵਿਚ ਕਮਰੇ ਦੀ ਮੰਗ ਕਰ ਰਹੇ ਸਨ। ਪਰ ਏਅਰ ਕੈਨੇਡਾ ਦੀ ਕਰਮਚਾਰੀ ਲੱਤ ਨਹੀਂ ਲਾ ਰਹੀ ਸੀ। ਉਸ ਦਾ ਕਹਿਣਾ ਸੀ ਕਿ ਨਾਂ ਤਾਂ ਇਹ "ਮੌਸਮ ਮਸਲਾ" ਸੀ ਅਤੇ ਨਾ ਹੀ ਕੋਈ "ਤਕਨੀਕੀ ਨੁਕਸ"! ਫਿ਼ਰ ਕਮਰਾ ਤੁਹਾਨੂੰ ਕਿਸ ਕਾਰਨ ਦੇਈਏ..? ਇਹਦੇ ਵਿਚ ਸਾਡਾ ਕਸੂਰ ਹੀ ਕੋਈ ਨਹੀਂ! ਉਸ ਨੇ ਇਹ ਵੀ ਦੱਸਿਆ ਕਿ 55000 ਤੋਂ ਵੀ ਉਪਰ ਮੁਸਾਫਿ਼ਰ ਲੰਡਨ ਜਾਣ ਦੀ ਉਡੀਕ ਵਿਚ ਹਨ। ਸਾਡੇ ਜੰਬੋ ਜਹਾਜ ਤਿਆਰ ਖੜ੍ਹੇ ਹਨ। ਜਦ ਵੀ ਲੰਡਨ ਏਅਰਪੋਰਟ ਖੁੱਲ੍ਹ ਗਿਆ, ਅਸੀਂ ਕੁਝ ਕੁ ਫ਼ਾਲਤੂ ਫ਼ਲਾਈਟਾਂ ਵੀ ਚਾੜ੍ਹਾਂਗੇ। ਹਾਰੇ ਹੁੱਟੇ ਸਾਹਣ ਵਾਂਗ ਮੈਂ ਅਤੇ ਅਜਾਇਬ ਟੱਲੇਵਾਲ਼ੀਆ ਉਸ ਦੇ ਘਰ ਮੁੜ ਆਏ। ਨਿਰਾਸ਼ਾ ਬੂਹੇ ਮੱਲ ਬੈਠੀ ਸੀ।
ਖ਼ਬਰਾਂ ਕੋਈ ਬਹੁਤੀਆਂ ਚੰਗੀਆਂ ਨਹੀਂ ਆ ਰਹੀਆਂ ਸਨ। 'ਵੋਲਕੈਨੋ' ਅਜੇ ਵੀ ਧੂੰਆਂ ਅਤੇ ਧੂੜ ਲੂੰਬੇ ਵਾਂਗ ਛੱਡੀ ਜਾ ਰਿਹਾ ਸੀ। ਦੱਸਿਆ ਜਾ ਰਿਹਾ ਸੀ ਕਿ 1819 ਵਿਚ ਵੀ ਇਕ 'ਵੋਲਕੈਨੋ' ਉਛਲਿ਼ਆ ਸੀ। ਉਸ ਦਾ ਮੂੰਹ ਦੋ ਸਾਲ ਬਾਅਦ ਬੰਦ ਹੋਇਆ ਸੀ। ਅਜਿਹੀਆਂ ਖ਼ਬਰਾਂ ਦੇ-ਦੇ ਕੇ ਵੱਖੋ-ਵੱਖ ਏਅਰਪੋਰਟਾਂ 'ਤੇ ਫ਼ਸੇ ਮੁਸਾਫਿ਼ਰਾਂ ਨੂੰ ਹੌਲ ਪਾਏ ਜਾ ਰਹੇ ਸਨ। ਮੀਡੀਆ ਦਾ ਪ੍ਰਾਪੇਗੰਡਾ ਸੀ। ਖ਼ਬਰਾਂ ਵਿਚ ਰਾਤ ਨੂੰ ਏਅਰਪੋਰਟਾਂ 'ਤੇ ਪਏ ਲੋਕ ਦਿਖਾਏ ਜਾ ਰਹੇ ਸਨ। ਪਰ ਮੈਂ ਫਿ਼ਰ ਵੀ ਅਰਾਮ ਵਿਚ ਸਾਂ। ਬਾਈ ਅਮਰਜੀਤ ਸਿੰਘ ਚਾਹਲ ਮੈਨੂੰ ਵਾਰ ਵਾਰ ਹਿੱਕ ਥਾਪੜ ਕੇ ਕਹਿ ਰਿਹਾ ਸੀ, "ਚਿੰਤਾ ਕਾਹਦੀ ਕਰਦੈਂ ਜੱਗੀ, ਤੇਰਾ ਆਪਣਾ ਨਾਨਕਾ ਘਰ ਐ..!" ਪਰ ਮੈਂ ਸਹੇ ਨਾਲ਼ੋਂ ਪਹੇ ਨੂੰ ਵੱਧ ਰੋ ਰਿਹਾ ਸੀ। ਪਤਾ ਨਹੀਂ ਸੀ ਕਿ ਇਹ ਧੰਦੂਕਾਰਾ ਕਿੰਨਾਂ ਚਿਰ ਚੱਲੇਗਾ..? ਇਸ ਲਈ ਮੈਂ ਹੀ ਨਹੀਂ, ਸਭ ਯਾਤਰੀ ਪ੍ਰੇਸ਼ਾਨ ਸਨ। ਮੈਂ ਅਤੇ ਮਿੰਟੂ ਟੈਲੀ ਦੁਆਲ਼ੇ ਹੀ ਬੈਠੇ ਰਹਿੰਦੇ। ਇਕ ਗੱਲ ਦਾਅਵੇ ਨਾਲ਼ ਕਹਾਂਗਾ ਕਿ ਜਿਤਨਾ ਮੇਰਾ ਮਿੰਟੂ ਚਾਹਲ ਨੇ ਕੀਤਾ ਹੈ, ਕੋਈ ਨਹੀਂ ਕਰ ਸਕਦਾ! ਇਸ ਲਈ ਮੈਂ ਇਸ ਵੀਰ ਦਾ, ਭੈਣ ਮਨਜੀਤ ਕੌਰ, ਪੀਟਰ ਅਤੇ ਇਸ ਦੇ ਸਮੁੱਚੇ ਪ੍ਰੀਵਾਰ ਦਾ ਤਹਿ ਦਿਲੋਂ ਧੰਨਵਾਦੀ ਹਾਂ। ਮਿੰਟੂ ਮੇਰੇ ਨਾਲ਼ ਸਵੇਰੇ ਦਸ ਕੁ ਵਜੇ ਬਾਹਰ ਨਿਕਲ਼ ਪੈਂਦਾ ਅਤੇ ਅਸੀਂ ਏਅਰਪੋਰਟ 'ਤੇ ਧੱਕੇ ਜਿਹੇ ਖਾ ਕੇ ਸ਼ਾਮ ਨੂੰ ਘਰੇ ਵੜਦੇ। ਮੇਰੇ ਕਰਕੇ ਉਸ ਨੇ ਕੰਮ ਕਾਰ ਵੀ ਛੱਡਿਆ ਹੋਇਆ ਸੀ। ਨਹੀਂ ਤਾਂ ਬਾਹਰਲੇ ਦੇਸ਼ਾਂ ਵਿਚ ਕੰਮ ਕਾਰ ਛੱਡਣਾ ਇਕ ਕਲੰਕ ਵਾਂਗ ਹੈ! 
ਅਗਲੇ ਦਿਨ ਅਸੀਂ 'ਹਮਦਰਦ ਵੀਕਲੀ' ਦੇ ਦਫ਼ਤਰ ਚਲੇ ਗਏ। ਅੰਦਰ ਵੜਦਿਆਂ ਸਾਰ ਮਿੰਟੂ ਕੁਝ ਬੋਲਣ ਹੀ ਲੱਗਿਆ ਸੀ ਕਿ ਉਥੇ ਕੰਮ ਕਰਦੀ ਕੁੜੀ ਕਿਰਨ ਬੋਲ ਉਠੀ, "ਤੁਸੀਂ ਜਿਹਨਾਂ ਬਾਰੇ ਕੁਛ ਕਹਿਣਾਂ ਚਾਹੁੰਦੇ ਸੀ ਭਾਅ ਜੀ, ਅਸੀਂ ਉਹਨਾਂ ਨੂੰ ਪਹਿਲਾਂ ਹੀ ਪਛਾਣ ਲਿਆ..!" ਕਿਰਨ ਮੈਨੂੰ ਪਹਿਚਾਣ ਕੇ ਉਠ ਖੜ੍ਹੀ ਹੋਈ। ਹਮਦਰਦ ਵੀਕਲੀ ਦਾ ਮੁੱਖ ਸੰਪਾਦਕ ਬਾਈ ਅਮਰ ਸਿੰਘ ਭੁੱਲਰ ਭਾਰਤ ਗਿਆ ਹੋਇਆ ਸੀ। ਅਸੀਂ ਵੱਡੇ ਵੀਰ ਢਿੱਲੋਂ ਸਾਹਿਬ ਨਾਲ਼ ਵਿਚਾਰ ਵਟਾਂਦਰਾ ਕੀਤਾ ਅਤੇ ਢਿੱਲੋਂ ਸਾਹਿਬ ਦੇ ਆਖਣ 'ਤੇ ਰੂਬੀ ਨੇ ਸਾਡੀਆਂ ਫ਼ੋਟੋਆਂ ਖਿੱਚੀਆਂ ਅਤੇ ਅਸੀਂ ਵਾਪਸ ਆ ਗਏ। ਅਮਰ ਸਿੰਘ ਭੁੱਲਰ ਦੀ ਗ਼ੈਰਹਾਜ਼ਰੀ ਵਿਚ ਵੀਰ ਢਿੱਲੋਂ ਸਾਹਿਬ ਹੀ ਹਮਦਰਦ ਵੀਕਲੀ ਦੇ ਕਰਤਾ ਧਰਤਾ ਹੁੰਦੇ ਹਨ। ਉਸ ਤੋਂ ਬਾਅਦ ਅਸੀਂ 'ਅਜੀਤ ਵੀਕਲੀ' ਦੇ ਦਫ਼ਤਰ ਪਹੁੰਚ ਗਏ। ਅੰਦਰ ਵੜਦਿਆਂ ਹੀ ਡਾਕਟਰ ਦਰਸ਼ਣ ਸਿੰਘ ਬੈਂਸ ਨੇ ਨਿੱਘਾ ਸੁਆਗਤ ਕੀਤਾ। ਡਾਕਟਰ ਦਰਸ਼ਣ ਸਿੰਘ ਬੈਂਸ ਮਿੰਟੂ ਚਾਹਲ ਵੱਲ ਦੇਖ ਕੇ ਹੱਸਦਿਆਂ ਬੋਲੇ, "ਸਟਾਰ ਬੰਦਿਆਂ ਦੇ ਨਾਲ਼ ਪ੍ਰਮੋਟਰ ਹੁੰਦੇ ਨੇ, ਕਿਤੇ ਤੁਸੀਂ ਜੱਗੀ ਕੁੱਸਾ ਦੇ ਪ੍ਰਮੋਟਰ ਤਾਂ ਨਹੀਂ..?" ਪਰ ਮਿੰਟੂ ਚੁੱਪ ਰਿਹਾ। ਡਾਕਟਰ ਸਾਹਿਬ ਆਖਣ ਲੱਗੇ ਕਿ ਆਓ ਤੁਹਾਨੂੰ ਹੋਰ ਕੰਮ ਦੇ ਬੰਦੇ ਮਿਲਾਈਏ। ਜਦ ਅਸੀਂ ਅੰਦਰ ਗਏ ਤਾਂ ਸਤਿਕਾਰਯੋਗ ਬਜ਼ੁਰਗ ਲੇਖਕ ਸ੍ਰੀ ਲੱਖ ਕਰਨਾਲਵੀ ਅਤੇ ਜਸਵੰਤ ਦੀਦ ਬੈਠੇ ਸਨ। ਮੈਂ ਸ੍ਰੀ ਲੱਖ ਕਰਨਾਲਵੀ ਦੇ ਗੋਡੀਂ ਹੱਥ ਲਾਏ ਅਤੇ ਜਸਵੰਤ ਦੀਦ ਨੂੰ ਜੱਫ਼ੀ ਪਾਈ। ਚਾਹ ਪੀਂਦਿਆਂ ਨੇ ਅਸੀਂ ਤਕਰੀਬਨ ਘੰਟਾ ਕੁ ਗੱਲਾਂ ਬਾਤਾਂ ਕੀਤੀਆਂ। ਉਸ ਤੋਂ ਬਾਅਦ ਜਰਮਨ ਵਸਦੇ ਲੇਖਕ ਅਤੇ ਮੇਰੇ ਪ੍ਰਮ-ਮਿੱਤਰ ਅਮਨਦੀਪ ਕਾਲਕਟ ਦੇ ਭਰਾ ਨੇ ਸਾਨੂੰ ਮਿਲਣ ਆਉਣਾ ਸੀ। ਅਸੀਂ ਡਾਕਟਰ ਸਾਹਿਬ ਤੋਂ ਇਜਾਜ਼ਤ ਲੈ ਕੇ 'ਅਜੀਤ' ਦੇ ਦਫ਼ਤਰ 'ਚੋਂ ਬਾਹਰ ਆ ਗਏ ਅਤੇ ਇਤਨੇ ਨੂੰ ਅਮਨਦੀਪ ਕਾਲਕਟ ਦਾ ਭਰਾ ਅਰਮਿੰਦਰ ਸਿੰਘ ਕਾਲਕਟ ਵੀ ਆ ਬਹੁੜਿਆ। ਤਕਰੀਬਨ ਅੱਧਾ ਕੁ ਘੰਟਾ ਸਾਡੀਆਂ ਉਸ ਨਾਲ਼ ਗੱਲਾਂ ਬਾਤਾਂ ਚੱਲਦੀਆਂ ਰਹੀਆਂ। 
ਸ਼ਨੀਵਾਰ ਨੂੰ ਦੁਪਿਹਰੇ ਅਸੀਂ ਅਜਾਇਬ ਟੱਲੇਵਾਲ਼ ਕੋਲ਼ ਆ ਗਏ। ਅੱਜ ਅਜਾਇਬ ਵਿਹਲਾ ਸੀ। ਉਸ ਦੇ ਘਰ ਅਸੀਂ ਦੋ ਕੁ ਘੰਟੇ ਗੁਜ਼ਾਰੇ ਅਤੇ ਅਜਾਇਬ ਸਾਨੂੰ ਚਾਹਲਾਂ ਦੇ ਰੈਸਟੋਰੈਂਟ ਤੋਂ ਛੋਲੇ ਭਟੂਰੇ ਖੁਆਉਣ ਤੁਰ ਪਿਆ। ਜਦ ਅਸੀਂ ਛੋਲੇ ਭਟੂਰੇ ਖਾ ਕੇ ਵਿਹਲੇ ਜਿਹੇ ਹੋਏ ਤਾਂ ਅਚਾਨਕ ਸਾਨੂੰ 'ਸੀਰਤ' ਦੇ ਸੰਪਾਦਕ ਬਾਈ ਹਰਚਰਨ ਸਿੰਘ ਰਾਮੂਵਾਲ਼ੀਆ ਮਿਲ਼ ਪਏ। ਮੈਂ ਬਾਈ ਹਰਚਰਨ ਸਿੰਘ ਰਾਮੂਵਾਲ਼ੀਆ ਦੇ ਗੋਡੀਂ ਹੱਥ ਲਾਏ ਅਤੇ ਉਹਨਾਂ ਨੇ ਮੈਨੂੰ ਜੱਫ਼ੀ ਵਿਚ ਲੈ ਲਿਆ। ਬਾਈ ਹਰਚਰਨ ਸਿੰਘ ਬਾਪੂ ਦੀ ਬਰਸੀ 'ਤੇ ਤਾਂ ਨਹੀਂ ਆ ਸਕੇ। ਪਰ ਉਹ ਮੈਨੂੰ ਭੋਗ ਤੋਂ ਇਕ ਦਿਨ ਪਹਿਲਾਂ ਪਿੰਡ ਜ਼ਰੂਰ ਮਿਲ਼ ਗਏ ਸਨ। ਉਹਨਾਂ ਨੇ ਸਾਡਾ ਫ਼ੋਨ ਨੰਬਰ ਲਿਆ ਅਤੇ ਆਪਣਾ ਦਿੱਤਾ। 'ਜ਼ਰੂਰ ਮਿਲਿ਼ਓ' ਦਾ ਵਾਅਦਾ ਲੈ ਕੇ ਉਹ ਚਲੇ ਗਏ ਅਤੇ ਅਸੀਂ ਫਿ਼ਰ ਅਜਾਇਬ ਟੱਲੇਵਾਲ਼ ਦੇ ਘਰ ਆ ਗਏ।
ਚਾਹ ਪਾਣੀ ਪੀਣ ਤੋਂ ਬਾਅਦ ਜਦ ਅਸੀਂ ਤੁਰਨ ਲੱਗੇ ਤਾਂ ਅਜਾਇਬ ਆਖਣ ਲੱਗਿਆ, "ਤੇਰੀ ਭਰਜਾਈ ਆਉਣ ਵਾਲ਼ੀ ਐ ਜੱਗੀ, ਉਹਨੂੰ ਤਾਂ ਮਿਲ਼ਦਾ ਜਾਹ..!"
-"ਗੋਰੇ ਰੰਗ ਦੀ ਵਾਸ਼ਨਾ ਆ ਕੇ ਜੇਠ ਨੂੰ ਕਿਤੇ ਜ਼ੁਕਾਮ ਨਾ ਹੋ ਜਾਵੇ..?" ਮੈਂ ਟਾਂਚ ਕੀਤੀ।
-"ਐਨਾਂ ਵੀ ਗੋਰਾ ਰੰਗ ਹੈਨ੍ਹੀ..! ਆਮ ਔਰਤਾਂ ਵਰਗਾ ਭੂਸਲ਼ਾ ਜਿਆ ਈ ਐ..!" ਅਜਾਇਬ ਨੇ ਅੱਗਾ ਵਲਿ਼ਆ।
ਇਤਨੇ ਨੂੰ ਕਾਰ ਲੈ ਕੇ ਭਰਜਾਈ ਜੀ ਵੀ ਆ ਗਏ। ਅਜਾਇਬ ਨੇ ਮੇਰਾ ਤੁਅੱਰਫ਼ ਕਰਵਾਇਆ। ਪੰਜਾਬੀ ਨਾਰੀ ਦੇ ਸੁਭਾਅ ਮੁਤਾਬਿਕ ਭਰਜਾਈ ਜੀ ਮੈਨੂੰ ਬੜੇ ਖਿੜੇ ਮੱਥੇ ਮਿਲ਼ੇ। ਮਿੰਟੂ ਨੂੰ ਉਹ ਪਹਿਲਾਂ ਤੋਂ ਹੀ ਜਾਣਦੇ ਸਨ। ਉਹ ਸਵੇਰ ਦੇ ਕੰਮ 'ਤੇ ਗਏ ਹੋਣ ਕਾਰਨ ਸਾਡਾ ਹਾਲ ਚਾਲ ਪੁੱਛ ਕੇ ਹੀ ਅੰਦਰ ਚਲੇ ਗਏ। ਅਸੀਂ ਫਿ਼ਰ ਲੰਡਨ ਦੀਆਂ ਫ਼ਲਾਈਟਾਂ ਮਗਰ ਪੈ ਗਏ। ਲੈਪਟੌਪ 'ਤੇ ਬੈਠੇ ਅਸੀਂ ਏਅਰ ਕੈਨੇਡਾ ਅਤੇ ਲੰਡਨ ਫ਼ਲਾਈਟਸ 'ਤੇ ਹੀ ਸਿ਼ਸ਼ਤ ਬੰਨ੍ਹ ਕੇ ਬੈਠ ਜਾਂਦੇ। ਲੰਡਨ ਏਅਰਪੋਰਟ ਅਥੌਰਟੀ ਕਦੇ ਸ਼ਾਮ ਸੱਤ ਵਜੇ ਅਤੇ ਕਦੇ ਦੁਪਿਹਰ ਇਕ ਵਜੇ ਤੱਕ ਉਡੀਕ ਕਰਨ ਦੀ ਅਨਾਊਂਸਮੈਂਟ ਕਰ ਦਿੰਦੀ। ਸਾਡੇ ਦਿਨ, ਦਿਨੋਂ-ਦਿਨ ਦੁੱਭਰ ਹੁੰਦੇ ਜਾ ਰਹੇ ਸਨ। ਲੰਡਨ ਏਅਰਪੋਰਟ ਅਥੌਰਟੀ ਇਸ ਕਰਕੇ ਇਕ ਅਤੇ ਸੱਤ ਵਜੇ ਦਾ 'ਲਾਰਾ' ਜਿਹਾ ਲਾ ਰਹੀ ਸੀ ਕਿ ਦੁਨੀਆਂ ਕਿਤੇ ਹਫ਼ੜਾ-ਦਫ਼ੜੀ 'ਤੇ ਨਾ ਆ ਜਾਵੇ। ਖ਼ੈਰ ਵੱਸ ਤਾਂ ਕਿਸੇ ਦੇ ਵੀ ਕੁਝ ਨਹੀਂ ਸੀ। ਪਰ ਖ਼ੁਆਰ ਹੁੰਦੇ ਮੁਸਾਫਿ਼ਰ ਬੜੇ ਅੱਕੇ ਪਏ ਸਨ। 
ਅਖ਼ੀਰ 21 ਅਪ੍ਰੈਲ ਨੂੰ ਖ਼ਬਰਾਂ ਵਿਚ ਕੁਝ ਏਅਰਪੋਰਟ ਖੁੱਲ੍ਹਣ ਦੀ ਘੋਸ਼ਣਾਂ ਹੋ ਗਈ ਅਤੇ ਲੋਕ ਭੇਡਾਂ-ਬੱਕਰੀਆਂ ਵਾਂਗ ਫਿ਼ਰ ਏਅਰਲਾਈਨਜ਼ ਵਾਲਿ਼ਆਂ ਦੀ ਜਾਨ ਦਾ ਸਿਆਪਾ ਕਰਨ ਲੱਗ ਪਏ। ਜਦ ਮੈਂ ਏਅਰਪੋਰਟ 'ਤੇ ਪਹੁੰਚਿਆ ਤਾਂ ਏਅਰ ਕੈਨੇਡਾ ਦੀ ਅੱਕੀ ਹੋਈ ਕਰਮਚਾਰੀ ਨੇ ਇਕ ਫ਼ੋਨ ਨੰਬਰ ਮੇਰੇ ਹੱਥ ਥੰਮਾ ਦਿੱਤਾ ਅਤੇ 'ਬੁੱਕਿੰਗ' ਕਰਵਾਉਣ ਲਈ ਆਖਿਆ। ਮੈਂ ਇਕ ਤਰ੍ਹਾਂ ਨਾਲ਼ ਹਾਰਿਆ ਹੰਭਿਆ ਪਿਆ ਸੀ। ਜਦ ਮੈਂ ਮੁੜ ਕੇ ਮਿੰਟੂ ਦੀ ਕਾਰ 'ਚ ਬੈਠਾ ਤਾਂ ਮੈਂ ਉਸ ਨੂੰ ਇੱਕੋ ਹੀ ਗੱਲ ਆਖੀ, "ਮਿੰਟੂ..! ਮਿੱਤਰਾ ਫ਼ਲਾਈਟਾਂ ਤਾਂ ਪਈਐਂ ਚੱਲ..! ਪਰ ਦੁਨੀਆਂ ਈ ਐਨੀ 'ਕੱਠੀ ਹੋਈ ਬੈਠੀ ਐ, ਹਫ਼ਤਾ ਆਪਣੀ ਵਾਰੀ ਆਉਣੀ ਮੁਸ਼ਕਿਲ ਈ ਲੱਗਦੀ ਐ..!" ਮੇਰੇ ਅੰਦਰ ਅਤੀਅੰਤ ਨਿਰਾਸ਼ਾ ਫ਼ੈਲੀ ਹੋਈ ਸੀ।
-"ਹੁਣ ਕੀ ਕਰ ਸਕਦੇ ਐਂ ਬਾਬਾ..?" ਅੱਗਿਓਂ ਮਿੰਟੂ ਵੀ ਉਤਸ਼ਾਹਿਤ ਨਹੀਂ ਸੀ।
-"ਇਕ ਹੱਲ ਐਂ..!"
-"ਉਹ ਕੀ..?"
-"ਮੈਨੂੰ ਅੱਜ ਗੁਰਮੀਤੇ ਕੋਲ਼ੇ ਛੱਡ..! ਜੇ ਕੋਈ ਬੇੜਾ ਬੰਨੇ ਲਾ ਸਕਦੈ ਤਾਂ ਗੁਰਮੀਤਾ ਹੀ ਲਾ ਸਕਦੈ..!" ਗੁਰਮੀਤਾ ਮੇਰੇ ਪਿੰਡੋਂ ਮੇਰੇ ਤਾਇਆ ਜੀ ਦਾ ਲੜਕਾ ਹੈ। ਨਾਂ ਤਾਂ ਉਸ ਦਾ ਗੁਰਮੀਤ ਬਰਾੜ ਹੈ। ਪਰ ਅਸੀਂ ਸ਼ੁਰੂ ਤੋਂ ਹੀ ਉਸ ਨੂੰ 'ਗੁਰਮੀਤਾ' ਆਖ ਕੇ ਬੁਲਾਉਂਦੇ ਹਾਂ। ਆਪਣੇ ਸਮੇਂ ਵਿਚ ਗੁਰਮੀਤਾ ਕਬੱਡੀ ਦਾ ਬੜਾ ਘੈਂਟ ਖਿਡਾਰੀ ਰਿਹਾ ਹੈ ਅਤੇ ਅੱਜ ਸੱਠਾਂ ਕੁ ਸਾਲਾਂ ਦਾ ਹੋ ਕੇ ਵੀ ਉਹ ਛੇ ਫ਼ੁੱਟੀ ਕੰਧ ਟੱਪਣ ਦੀ ਜੁਅਰਤ ਰੱਖਦੈ! ਸਾਡੀਆਂ ਪਿਛਲੀਆਂ ਤਿੰਨ ਪੀੜ੍ਹੀਆਂ ਉਹਨਾਂ ਨਾਲ਼ ਘਰਦਿਆਂ ਵਾਂਗ ਵਰਤਦੀਆਂ ਆ ਰਹੀਆਂ ਹਨ ਅਤੇ ਉਹ ਤਕਰੀਬਨ 30-32 ਸਾਲ ਤੋਂ ਏਅਰ ਕੈਨੇਡਾ ਵਿਚ ਕੰਮ ਕਰਦਾ ਆ ਰਿਹਾ ਹੈ। ਮੈਂ ਆਪਣੇ ਮੋਬਾਇਲ ਤੋਂ ਗੁਰਮੀਤੇ ਨੂੰ ਫ਼ੋਨ ਕੀਤਾ ਤਾਂ ਉਹ ਪੈਂਦੀ ਸੱਟੇ ਬੋਲਿਆ, "ਕਿੱਥੇ ਸੀ ਤੂੰ ਬਦਮਾਸ਼ਾ..? ਤੈਨੂੰ ਤਾਂ ਮੈਂ ਹਫ਼ਤੇ ਦਾ ਭਾਲ਼ਦਾ ਫਿ਼ਰਦੈਂ..! ਬਾਈ ਕਮਿੱਕਰ ਦਾ ਇੰਗਲੈਂਡ ਤੋਂ ਕਈ ਵਾਰੀ ਫ਼ੋਨ ਆ ਚੁੱਕਿਐ ਬਈ ਉਹਨੂੰ ਭਾਲ਼ ਕੇ ਘਰੇ ਲੈ ਕੇ ਆ..!"
-"ਬਾਈ ਗੁਰਮੀਤਿਆ..! ਮੈਂ ਤਾਂ ਬਹੁਤ ਕਸੂਤਾ ਫ਼ਸ ਗਿਆ ਯਾਰ..!" ਤੇ ਮੈਂ ਉਸ ਨੂੰ ਸਾਰੀ ਗੱਲ ਦੱਸ ਦਿੱਤੀ। 
-"ਤੂੰ ਮੇਰੇ ਕੋਲ਼ ਆ ਜਾਹ ਕੇਰਾਂ..! ਤੇਰੀ ਫ਼ਲਾਈਟ ਅੱਜ ਕੱਲ੍ਹ 'ਚ ਹੀ ਕਰਵਾ ਦਿੰਨੇ ਐਂ..!" ਉਸ ਦੀ ਆਖੀ ਗੱਲ ਤੋਂ ਮੈਂ ਕਾਫ਼ੀ ਸੁਖ਼ਾਲ਼ਾ ਜਿਹਾ ਹੋ ਗਿਆ। 
ਅਸੀਂ ਗੱਡੀ ਗੁਰਮੀਤੇ ਦੇ ਘਰ ਨੂੰ ਸਿੱਧੀ ਕਰ ਲਈ। ਮੇਰਾ ਸਮਾਨ ਅਜੇ ਵੀ ਮਿੰਟੂ ਦੇ ਘਰ ਹੀ ਪਿਆ ਸੀ। ਅਸੀਂ ਤਾਂ ਫ਼ਲਾਈਟਾਂ ਦੀ ਕਨਸੋਅ ਜਿਹੀ ਲੈਂਦੇ ਫਿ਼ਰਦੇ ਸਾਂ। ਮਿੰਟੂ ਨੇ ਇੱਕੋ ਗੱਲ ਹੀ ਆਖੀ ਸੀ, "ਜੇ ਫ਼ਲਾਈਟ ਜਾਂਦੀ ਹੋਈ ਬਾਬਾ, ਆਪਾਂ ਪਾਪਾ ਜੀ ਨੂੰ ਜਾਂ ਪੀਟਰ ਨੂੰ ਫ਼ੋਨ ਕਰ ਦਿਆਂਗੇ, ਅੱਧੇ ਘੰਟੇ ਦੇ ਵਿਚ ਵਿਚ ਆ ਕੇ ਉਹ ਸਮਾਨ ਫ਼ੜਾ ਜਾਣਗੇ..!" 
ਅੱਧੇ ਕੁ ਘੰਟੇ ਦੇ ਵਿਚ ਹੀ ਅਸੀਂ ਗੁਰਮੀਤੇ ਦੇ ਘਰੇ ਆ ਗਏ। ਚਾਹ ਪੀਂਦਿਆਂ ਪੀਂਦਿਆਂ ਹੀ ਗੁਰਮੀਤਾ ਫ਼ੋਨ ਨੂੰ ਚਿੰਬੜ ਗਿਆ ਅਤੇ ਉਸ ਨੇ ਏਅਰ ਕੈਨੇਡਾ ਦੀ ਕਰਮਚਾਰੀ ਵੱਲੋਂ ਦਿੱਤਾ ਨੰਬਰ ਘੁੰਮਾ ਲਿਆ। ਫ਼ੋਨ ਪਹਿਲਾਂ ਤਾਂ ਬਿਜ਼ੀ ਆ ਰਿਹਾ ਸੀ। ਪਰ ਫਿ਼ਰ 'ਆਨਸਰਿੰਗ ਮਸ਼ੀਨ' ਚੱਲ ਪਈ ਅਤੇ 'ਹੋਲਡ' ਕਰਨ ਦੀ ਰਟ ਲਾਉਣ ਲੱਗ ਪਈ। ਅਖੀਰ ਵੀਹ ਕੁ ਮਿੰਟ ਬਾਅਦ ਫ਼ੋਨ ਮਿਲ਼ ਗਿਆ। ਫ਼ਲਾਈਟਾਂ 'ਫ਼ੁੱਲ' ਜਾ ਰਹੀਆਂ ਸਨ। ਬਜ਼ੁਰਗ, ਬੱਚੇ ਅਤੇ ਬਿਮਾਰ ਲੋਕ ਚਾੜ੍ਹੇ ਜਾ ਰਹੇ ਸਨ। ਮੈਂ ਫ਼ਰਾਂਸ ਜਾਂ ਜਰਮਨ ਜਾਣ ਲਈ ਵੀ ਤਿਆਰ ਸੀ। ਸੋਚ ਰਿਹਾ ਸੀ ਕਿ ਉਥੋਂ ਟਰੇਨ ਜਾਂ 'ਫ਼ੈਰੀ' ਲੈ ਕੇ ਵੀ ਇੰਗਲੈਂਡ ਪਹੁੰਚ ਜਾਵਾਂਗਾ। ਪਰ ਜਰਮਨ ਅਤੇ ਫ਼ਰਾਂਸ ਜਾਣ ਵਾਲ਼ੇ ਲੋਕ ਕਿਹੜਾ ਘੱਟ ਸਨ? ਹਾਹਾਕਾਰ ਤਾਂ ਮੱਚੀ ਪਈ ਸੀ। 
ਗੱਲ ਗੁਰਮੀਤੇ ਨੇ ਕੱਲ੍ਹ 'ਤੇ ਛੱਡ ਦਿੱਤੀ।
ਸ਼ਾਮ ਨੂੰ ਪੀਟਰ ਮੇਰਾ ਸਮਾਨ ਗੁਰਮੀਤੇ ਦੇ ਘਰ ਛੱਡ ਗਿਆ ਅਤੇ ਉਹ ਰਾਤ ਮੈਂ ਗੁਰਮੀਤੇ ਕੋਲ਼ ਹੀ ਰਿਹਾ।
ਜਦ ਅਗਲੇ ਦਿਨ ਸਵੇਰੇ ਸਵੇਰੇ ਗੁਰਮੀਤੇ ਨੇ ਫ਼ੋਨ ਕੀਤਾ ਅਤੇ ਮੇਰੀਆਂ 'ਡੀਟੇਲਜ਼' ਦੇ ਦਿੱਤੀਆਂ, ਤਾਂ ਕੰਪਿਊਟਰ 'ਤੇ ਹੱਥ ਮਾਰਦਾ ਅੱਗਿਓਂ ਕੋਈ ਕਰਮਚਾਰੀ ਆਖ ਰਿਹਾ ਸੀ ਕਿ ਤੁਹਾਡੇ ਬੰਦੇ ਨੂੰ ਅਸੀਂ ਵਾਇਆ ਓਟਾਵਾ ਭੇਜ ਦਿੰਦੇ ਹਾਂ, ਤਾਂ ਗੁਰਮੀਤਾ ਆਖਣ ਲੱਗਿਆ ਕਿ ਓਟਾਵਾ ਤੁਸੀਂ ਕਿਸੇ ਨੂੰ ਹੋਰ ਭੇਜ ਦਿਓ। ਕਿਰਪਾ ਕਰਕੇ ਸਾਡਾ ਬੰਦਾ ਸਿੱਧਾ ਲੰਡਨ ਚਾੜ੍ਹੋ! ਖ਼ੈਰ, ਉਸ ਦੀ ਮਿਹਨਤ ਨੂੰ ਫ਼ਲ ਪੈ ਗਿਆ। ਉਸ ਆਦਮੀ ਨੇ ਗੁਰਮੀਤੇ ਦੀ 'ਈ-ਮੇਲ' ਆਈ.ਡੀ. ਮੰਗੀ ਅਤੇ ਆਖਿਆ ਕਿ ਮੈਂ ਤੁਹਾਨੂੰ ਨਵੀਂ ਟਿਕਟ ਮੇਲ ਕਰ ਦਿੰਦਾ ਹਾਂ ਅਤੇ ਤੁਸੀਂ ਸ਼ਾਮ ਚਾਰ ਵਜੇ ਏਅਰਪੋਰਟ ਪਹੁੰਚੋ, ਫ਼ਲਾਈਟ ਸ਼ਾਮ ਸਵਾ ਛੇ ਵਜੇ ਜਾ ਰਹੀ ਹੈ। ਪੰਜ ਕੁ ਮਿੰਟ ਬਾਅਦ ਜਦ ਗੁਰਮੀਤੇ ਨੇ ਆਪਣੀ ਈਮੇਲ ਖੋਲ੍ਹੀ ਤਾਂ ਟਿਕਟ ਆਈ ਪਈ ਸੀ। ਟਿਕਟ ਪ੍ਰਿੰਟ ਕਰਕੇ ਉਸ ਨੇ ਨਾਂ ਬਗੈਰਾ ਚੈੱਕ ਕੀਤਾ। ਸਭ ਠੀਕ ਸੀ।
-"ਲੈ ਬਈ ਛੋਟੇ ਭਾਈ..! ਹੁਣ ਦਸ ਵੱਜੇ ਐ, ਤੇ ਤੂੰ ਆਬਦਾ ਨਹਾ ਧੋ ਕੇ ਤਿਆਰ ਹੋ ਜਾਹ, ਆਪਾਂ ਐਥੋਂ ਢਾਈ ਵਜੇ ਤੁਰ ਪੈਣੈਂ..!" 
ਇਹ ਜਾਣਕਾਰੀ ਮੈਂ ਮਿੰਟੂ ਨੂੰ ਫ਼ੋਨ ਕਰਕੇ ਦੇ ਦਿੱਤੀ ਕਿ ਅੱਜ ਸ਼ਾਮ ਨੂੰ ਮੈਂ ਲੰਡਨ ਜਾ ਰਿਹਾ ਹਾਂ।
ਜਦ ਅਸੀਂ ਸ਼ਾਮ ਤਿੰਨ ਵਜੇ ਘਰੋਂ ਤੁਰਨ ਲੱਗੇ ਤਾਂ ਗੁਰਮੀਤੇ ਨੇ ਦੱਸਿਆ ਕਿ ਦੌਧਰ ਪਿੰਡ ਦਾ ਬਾਈ ਸੁਰਿੰਦਰ ਸਿੰਘ ਆਪਣੀ ਖ਼ਾਤਰ ਲਾਈਨ ਵਿਚ ਲੱਗਿਆ ਹੋਵੇਗਾ ਅਤੇ ਆਪਣੀ ਵਾਰੀ ਜਲਦੀ ਹੀ ਆ ਜਾਵੇਗੀ। ਜਦ ਮੈਂ ਬਾਈ ਦੀ ਪਹਿਚਾਣ ਪੁੱਛੀ ਤਾਂ ਗੁਰਮੀਤਾ ਆਖਣ ਲੱਗਿਆ ਕਿ ਦਾਹੜੀ ਰੱਖੀ ਹੋਈ ਹੈ ਅਤੇ ਬਾਈ ਪੱਗ ਬੰਨ੍ਹਦੈ। ਉਸ ਨੇ ਤੈਨੂੰ ਆਪੇ ਹੀ ਪਛਾਣ ਲੈਣਾ ਹੈ। ਗੁਰਮੀਤਾ ਮੈਨੂੰ ਏਅਰਪੋਰਟ ਦੇ ਬਾਹਰ ਲਾਹ ਕੇ ਕਾਰ ਪਾਰਕ ਕਰਨ ਚਲਾ ਗਿਆ।
ਜਦ ਮੈਂ ਚਾਰ ਵੱਜ ਕੇ ਸੱਤ ਕੁ ਮਿੰਟ 'ਤੇ ਲਿਫ਼ਟ 'ਚੋਂ ਨਿਕਲਿ਼ਆ ਤਾਂ ਪਹਿਚਾਣ ਕੇ ਬਾਈ ਸੁਰਿੰਦਰ ਸਿੰਘ ਦੌਧਰ ਨੇ ਮੈਨੂੰ ਹੱਥ ਮਾਰਨਾ ਸ਼ੁਰੂ ਕਰ ਦਿੱਤਾ। ਬਾਈ ਸੁਰਿੰਦਰ ਸਿੰਘ ਵੀ ਏਅਰ ਕੈਨੇਡਾ ਵਿਚ ਹੀ ਕੰਮ ਕਰਦਾ ਹੈ। ਅਸੀਂ ਗਲਵਕੜੀ ਪਾ ਕੇ ਮਿਲ਼ੇ ਅਤੇ ਪੰਜ ਕੁ ਮਿੰਟ ਬਾਅਦ ਮੇਰੀ ਵਾਰੀ ਆ ਗਈ। ਚੈੱਕ-ਇੰਨ ਹੋ ਗਈ ਅਤੇ ਮੈਂ ਬੋਰਡਿੰਗ ਪਾਸ ਫ਼ੜਦੇ ਨੇ ਫ਼ਲਾਈਟ ਦੇ ਸਮੇਂ ਬਾਰੇ ਪੁੱਛਿਆ।
-"ਔਨ ਟਾਈਮ..!" ਆਖ ਕੇ ਗੋਰਾ ਹੱਸ ਪਿਆ। ਜਿਵੇਂ ਮਾਲਵੇ ਵਿਚ ਕਹਾਵਤ ਹੈ ਕਿ ਗਧੀ ਡਿੱਗ ਪਈ ਸੀ ਭੱਠੇ 'ਚ ਤੇ ਦੀਵੇ ਵਾਲ਼ੇ ਘਰੇ ਨਹੀਂ ਸੀ ਵੜਦੀ! ਉਸੀ ਤਰ੍ਹਾਂ ਹਰ ਮੁਸਾਫਿ਼ਰ ਏਅਰ ਕੈਨੇਡਾ ਦੇ ਕਰਮਚਾਰੀਆਂ ਨੂੰ "ਫ਼ਲਾਈਟ ਸੱਚੀਂ ਜਾ ਰਹੀ ਐ ਨ੍ਹਾਂ..?" ਪੁੱਛ ਰਿਹਾ ਸੀ ਅਤੇ ਕਰਮਚਾਰੀ ਹੱਸ ਕੇ 'ਹਾਂ' ਵਿਚ ਉੱਤਰ ਦੇ ਰਹੇ ਸਨ। ਅਸਲ ਵਿਚ ਕਿਸੇ ਨੂੰ ਵੀ ਸੱਚ ਨਹੀਂ ਆ ਰਿਹਾ ਸੀ ਕਿ ਫ਼ਲਾਈਟਾਂ ਵਾਕਿਆ ਹੀ ਚੱਲ ਪਈਆਂ ਸਨ? ਹਰ ਬੰਦਾ ਸ਼ੱਕੀ ਹੋਇਆ ਪਿਆ ਸੀ ਅਤੇ ਰੱਬ ਦਾ ਨਾਂ ਜਪ ਰਿਹਾ ਸੀ। ਬੋਰਡਿੰਗ ਕਾਰਡ ਲੈਣ ਤੋਂ ਬਾਅਦ ਮੈਂ, ਗੁਰਮੀਤੇ ਅਤੇ ਬਾਈ ਸੁਰਿੰਦਰ ਸਿੰਘ ਦੌਧਰ ਨੇ ਚਾਹ ਪੀਤੀ। 
ਗੱਲਾਂ ਬਾਤਾਂ ਕਰਦਿਆਂ ਪੌਣੇ ਪੰਜ ਹੋ ਗਏ।
-"ਬਾਈ ਜੀ..! ਤੋਰਨ ਨੂੰ ਤਾਂ ਮਨ ਨਹੀਂ ਕਰਦਾ, ਪਰ ਥੋਡਾ ਟਾਈਮ ਹੋ ਚੱਲਿਆ..! ਆਪਾਂ ਚੱਲੀਏ..!" ਬਾਈ ਸੁਰਿੰਦਰ ਸਿੰਘ ਦੌਧਰ ਨੇ ਆਖਿਆ।
ਮੇਰੀ ਟੋਰੌਂਟੋ-ਲੰਡਨ ਏ.ਸੀ.0856 ਫ਼ਲਾਈਟ ਗੇਟ ਨੰਬਰ 172 ਤੋਂ ਜਾ ਰਹੀ ਸੀ। ਅਸੀਂ ਉਠ ਕੇ ਗੇਟ ਵੱਲ ਨੂੰ ਤੁਰ ਪਏ। ਸਕਿਊਰਿਟੀ ਗੇਟ ਕੋਲ਼ ਆ ਕੇ ਅਸੀਂ ਫਿ਼ਰ ਭਰਾਵਾਂ ਵਾਲ਼ੀਆਂ ਗਲਵਕੜੀਆਂ ਪਾਈਆਂ ਅਤੇ ਵਿਦਾਈ ਲੈ ਕੇ ਮੈਂ ਅੰਦਰ ਚਲਾ ਗਿਆ। ਮੇਰੇ ਨਾਲ਼ ਹੀ ਜਰਮਨ ਦੀ ਏਅਰਲਾਈਨ 'ਲੁਫ਼ਤਹਾਂਸਾ' ਦੇ ਸਟਾਫ਼ ਦੀ ਸਕਿਊਰਿਟੀ ਹੋ ਰਹੀ ਸੀ। ਮੈਂ ਉਸ ਦੇ ਪਾਇਲਟ ਨੂੰ ਪੁੱਛਿਆ ਕਿ ਕੋਈ ਖ਼ਤਰਾ ਸੀ ਵੀ ਕਿ ਐਵੇਂ ਹੀ ਲੋਕਾਂ ਦਾ ਜੀਣਾ ਹਰਾਮ ਕਰੀ ਰੱਖਿਆ..? ਤਾਂ ਪਾਇਲਟ ਹੱਸ ਕੇ ਕਹਿੰਦਾ, "ਮੈਨੂੰ ਲੱਗਦੈ ਮੀਡੀਆ ਪ੍ਰਾਪੇਗੰਡਾ ਜਿ਼ਆਦਾ ਸੀ..!" ਮੈਂ ਉਸ ਨੂੰ ਕਿਹਾ ਕਿ 'ਜਕਾਰਤਾ' ਵੱਲ ਨਿੱਤ ਦਿਹਾੜੇ ਅਜਿਹੇ 'ਵੋਲਕੈਨੋ' ਫ਼ਟਦੇ ਹੀ ਰਹਿੰਦੇ ਨੇ, ਉਹ ਫ਼ਲਾਈਟਾਂ ਬੰਦ ਕਿਉਂ ਨਹੀਂ ਕਰਦੇ? ਤਾਂ ਉਸ ਨੇ ਮੋਢੇ ਚੁੱਕ ਕੇ ਬੇਪ੍ਰਵਾਹੀ ਜਿਹੀ ਜ਼ਾਹਿਰ ਕੀਤੀ। 
-"ਸਾਡੇ ਨਾਲ਼ ਲੁਫ਼ਤਹਾਂਸਾ 'ਚ ਜਾ ਰਹੇ ਹੋ..?" ਪਾਇਲਟ ਨੇ ਮੈਨੂੰ ਪੁੱਛਿਆ।
-"ਨਹੀਂ, ਮੈਂ ਏਅਰ ਕੈਨੇਡਾ 'ਚ ਲੰਡਨ ਜਾ ਰਿਹੈਂ..!"
-"ਫ਼ੇਰ ਅਸੀਂ ਤੁਹਾਡੇ ਨਾਲ਼ ਗੱਲ ਨਹੀਂ ਕਰਨੀ..!" ਇਕ ਏਅਰ ਹੋਸਟਸ ਮੈਨੂੰ ਵਿਅੰਗਮਈ ਆਖਣ ਲੱਗੀ।
-"ਛੇ ਦਿਨ ਹੋ ਗਏ ਉਡੀਕ ਕਰਦਿਆਂ, ਪਰ ਥੋਡੇ ਲੁਫ਼ਤਹਾਂਸਾ ਨੇ ਵੀ ਨਹੀਂ ਸੀ ਚੁੱਕਿਆ..!" ਮੈਂ ਵੀ ਠੁਣਾਂ ਉਸ ਦੇ ਸਿਰ ਹੀ ਭੰਨਿਆਂ।
-"ਬਦਕਿਸਮਤੀ..!" ਏਅਰ ਹੋਸਟਸ ਹੱਸ ਕੇ ਸਕਿਊਰਿਟੀ ਚੈੱਕ ਲਈ ਅੱਗੇ ਹੋ ਗਈ ਅਤੇ ਮੈਂ ਦੂਜੇ ਪਾਸੇ ਹੋ ਲਿਆ।
ਫ਼ਲਾਈਟ ਸਹੀ ਸਮੇਂ 'ਤੇ ਹੀ ਜਾ ਰਹੀ ਸੀ। ਪਰ ਲੋਕਾਂ ਦੇ ਮਨ ਸ਼ੱਕੀ ਹੋਏ ਪਏ ਸਨ। ਕਿਸੇ ਨੂੰ ਵੀ ਸੱਚ ਨਹੀਂ ਆ ਰਿਹਾ ਸੀ। 
ਅਖ਼ੀਰ 21 ਅਪ੍ਰੈਲ ਦਿਨ ਬੁੱਧਵਾਰ, ਸ਼ਾਮ 6:25 'ਤੇ ਫ਼ਲਾਈਟ ਚੱਲੀ ਅਤੇ 22 ਅਪ੍ਰੈਲ ਵੀਰਵਾਰ ਨੂੰ ਲੰਡਨ ਦੇ ਟਾਈਮ ਸਵੇਰੇ 6:40 'ਤੇ ਹੀਥਰੋ ਏਅਰਪੋਰਟ ਆ ਉਤਰੀ। ਜਦ ਫ਼ਲਾਈਟ ਨੇ ਪੈਰ ਲੰਡਨ ਦੀ ਧਰਤੀ 'ਤੇ ਲਾਏ ਤਾਂ ਲੋਕਾਂ ਨੇ ਖ਼ੁਸ਼ੀ ਵਿਚ ਤਾੜੀਆਂ ਮਾਰੀਆਂ ਅਤੇ ਮੈਂ ਸਿਰ ਝੁਕਾ ਕੇ ਧੰਨ ਗੁਰੂ ਨਾਨਕ ਬਾਬਾ ਜੀ ਦਾ ਸ਼ੁਕਰਾਨਾਂ ਅਦਾ ਕੀਤਾ। ਜਿਉਂਦੇ ਵਸਦੇ, ਹੱਸਦੇ-ਖੇਡਦੇ ਰਹਿਣ ਕੈਨਡੇਾ ਵਿਚ ਵਸਦੇ ਪੰਜਾਬੀ, ਜਿੰਨ੍ਹਾਂ ਨੇ ਬੜਾ ਪਿਆਰ ਅਤੇ ਮਾਣ ਬਖ਼ਸਿ਼ਆ। ਗੁਰੂ ਬਾਬਾ ਨਾਨਕ ਤੁਹਾਡੇ ਵੱਲੋਂ ਠੰਢੀਆਂ ਸੀਤ ਹਵਾਵਾਂ ਹੀ ਭੇਜੇ! ਹੁਣ ਮੈਂ ਗੁਰੂ ਕਿਰਪਾ ਨਾਲ਼ ਲੰਡਨ ਪਹੁੰਚ ਗਿਆ ਹਾਂ ਅਤੇ ਆਪਣਾ ਨਵਾਂ ਨਾਵਲ "ਡਾਚੀ ਵਾਲਿ਼ਆ ਮੋੜ ਮੁਹਾਰ ਵੇ" ਅੱਗੇ ਤੋਰਾਂਗਾ, ਜਿਹੜਾ ਨੌਵੇਂ ਕਾਂਡ 'ਤੇ ਹੀ ਛੱਡ ਕੇ ਗਿਆ ਸੀ..! ਜਿਉਂਦੇ ਵਸਦੇ ਰਹੋ..!!


-ਸਮਾਪਤ-



1984 ਦੇ ਸ਼ਹੀਦਾਂ ਤੇ ਦੰਗਿਆਂ ਦੇ ਨਾਮ ਦੇ ਥੱਲੇ ਚੰਦਾ ਇੱਕਠਾ ਕਰਦੇ ਨੇ ਭਿਖਾਰੀ.......... ਲੇਖ਼ / ਸਤਵਿੰਦਰ ਕੌਰ ਸੱਤੀ (ਕੈਲਗਰੀ)

1984 ਦੇ ਸ਼ਹੀਦਾਂ ਤੇ ਦੰਗਿਆਂ ਦੇ ਨਾਮ ਤੇ ਵੀ ਭਿਖਾਰੀ ਭੀਖ ਮੰਗ ਰਹੇ ਹਨ। ਸਰਕਾਰ ਤੇ ਗੁੰਡਿਆਂ ਨੇ ਤਾਂ ਸਾਨੂੰ ਲੁੱਟਿਆ, ਕੁੱਟਿਆ, ਮਾਰਿਆ ਹੈ। ਹੁਣ ਕੌਮ ਦੇ ਵੱਡੇ ਆਗੂ ਕਮੇਟੀਆਂ ਦੇ ਪ੍ਰਧਾਨ ਕਹਾਉਣ ਵਾਲੇ, ਆਮ ਮੋਨੇ ਸਿੱਖਾਂ ਨੂੰ ਲੁੱਟਣ ਲਈ ਬਹੁਤ ਬਹਾਨੇ ਲੱਭ ਲੈਂਦੇ ਹਨ। ਇਨ੍ਹਾਂ ਨੇ ਸ਼ਹੀਦਾਂ ਤੇ ਦੰਗਾ ਪੀੜਤਾਂ ਦੀਆਂ ਧੀਆਂ ਵਿਆਹੁਣੀਆਂ ਹਨ, ਵਿਧਵਾ ਆਸ਼ਰਮ ਖੋਲਣੇ ਹਨ, ਬੱਚੇ ਪੜ੍ਹਾਉਣੇ ਹਨ। ਬੱਚਿਆਂ ਨੂੰ ਜੋ ਪੜ੍ਹਾਈ ਸਰਕਾਰ ਤੇ ਗੁੰਡਿਆ ਨੇ ਪੜ੍ਹਾਈ ਹੈ, ਉਹੀ ਨਹੀਂ ਭੁੱਲਣੀ। ਹੁਣ ਤਾਂ ਧੀਆਂ ਦੋਤੇ ਪੋਤਿਆਂ ਵਾਲੀਆਂ ਹੋ ਗਈਆਂ ਹੋਣਗੀਆ। ਕੌਣ ਕਿਸੇ ਦੀ ਧੀ ਨੂੰ ਆਪਣੀ ਸਮਝਦਾ ਹੈ? ਬੱਚਾ ਪਾਲਣਾ ਪੜ੍ਹਾਉਣਾਂ ਬਹੁਤ ਔਖਾ ਹੈ। ਕੋਈ ਵੀ ਸ਼ਹੀਦਾਂ ਤੇ ਦੰਗਾਂ ਪੀੜਤਾਂ ਤੱਕ ਨਹੀਂ ਪਹੁੰਚਦਾ। ਮੈਂ ਉਨ੍ਹਾਂ ਨੂੰ ਵੀ ਜਾਣਦੀ ਹਾਂ, ਜੋ ਹਰਿਮੰਦਰ ਸਾਹਿਬ ਵਿੱਚ ਸ਼ਹੀਦ ਹੋਏ। ਕਾਰਾਂ, ਟੱਰਕਾ, ਬੱਸਾਂ, ਰੇਲ ਗੱਡੀਆਂ, ਦੁਕਾਨਾਂ ਸਣੇ ਤੇ ਗਲਾਂ ਵਿੱਚ ਟਾਇਰ ਪਾ ਕੇ ਜਿਉਂਦੇ ਸਾੜ ਦਿੱਤੇ। ਵੱਡੇ ਸ਼ਹਿਰਾਂ ਦੇ ਵਸਨੀਕ, ਬਹੁਤੇ ਸਮਾਨ ਨਾਲ ਭਰੇ ਘਰ ਛੱਡ ਕੇ, ਪੰਜਾਬ ਵਾਪਸ ਚਲੇ ਗਏ। ਕੋਈ ਵੀ ਉਨ੍ਹਾਂ ਦੇ ਪਰਿਵਾਰਾਂ ਕੋਲ ਹਾਅ ਦਾ ਨਾਅਰਾ ਮਾਰਨ ਵੀ ਨਹੀਂ ਗਿਆ। ਭਨੋਹੜ ਪਿੰਡ ਦਾ ਸਣੇ ਟੱਰਕ ਹੀ ਸਾੜ ਦਿੱਤਾ। ਉਸ ਪਿਛੋ ਉਸ ਦੀ ਪਤਨੀ, ਤਿੰਨ ਕੁੜੀਆਂ ਤੇ ਦੋ ਮੁੰਡੇ ਭੁੱਖੇ, ਸਿਰੋਂ ਪੈਰੋਂ ਨੰਗੇ ਦੇਖੇ ਹਨ। ਧੂੜਕੋਟ ਦਾ ਗੁਰਮੀਤ ਸਿੰਘ 1979 ਵਿੱਚ ਪੁਲੀਸ ਨੇ ਕੇਸ, ਨਹੁੰ, ਮਾਸ ਨੋਚ ਕੇ ਸ਼ਹੀਦ ਕਰ ਦਿੱਤਾ। 22 ਸਾਲ ਦੀ ਪਤਨੀ ਵਿਧਵਾ ਹੋ ਗਈ। ਜਿਸ ਦਮਦਮੀ ਟਕਸਾਲ ਦੇ ਮੋਢੀਆਂ ਨੇ ਦਰਬਾਰਾ ਸਿੰਘ ਤੇ ਰਾਹੋਂ ਬੰਬ ਸਿੱਟਣ ਭੇਜਿਆ ਸੀ। ਉਨ੍ਹਾਂ ਨੇ ਜਾਂ ਕਿਸੇ ਹੋਰ ਨੇ ਬਗੈਰ ਬੱਚੇ ਤੋਂ ਵਿਧਵਾ ਨੂੰ ਆ ਕੇ ਨਹੀਂ ਦੇਖਿਆ। ਦਿੱਲੀ ਵਿੱਚ ਆਲਮਗੀਰ ਦੇ ਪਰਿਵਾਰ ਦਾ 23 ਸਾਲ ਦਾ ਮੁੰਡਾ ਗਲ ਵਿੱਚ ਟਾਇਰ ਪਾ ਕੇ ਮੁਹੱਲੇ ਵਿਚਕਾਰ ਮਾਪਿਆਂ ਸਾਹਮਣੇ ਜਿਉਂਦਾ ਸਾੜ ਦਿੱਤਾ। ਉਸ ਨੂੰ ਸੜਦਾ ਛੱਡ ਕੇ ਮਾਪੇ ਤੇ ਹੋਰ ਰਿਸ਼ਤੇਦਾਰ ਜਾਨਾਂ ਬਚਾ ਕੇ ਪਿੰਡ ਭੱਜ ਆਏ। ਨਾ ਪਿਛੇ ਕੁੱਝ ਬਚਿਆ, ਨਾ ਹੀ ਚੰਦਾ ਇੱਕਠਾ ਕਰਨ ਵਾਲਾ ਕੋਈ ਹੋਰ ਦੁਖੀਆਂ ਤੱਕ ਪਹੁੰਚਿਆ। ਪੁਲੀਸ ਨੇ ਪਿੰਡਾਂ ਵਾਲਿਆਂ ਨਾਲ ਜੋ ਖੱਜਲ ਖੁਆਰੀ ਕੀਤੀ ਹੈ, ਉਹ ਸਾਰੇ ਜਾਣਦੇ ਹਨ। ਇਹ ਮਗਰਮੱਛ ਕਦੋਂ ਤੱਕ ਜਨਤਾ ਨੂੰ ਨਿਗਲਣਗੇ। ਲੋਕ ਕਦੋ ਸਮਝਣਗੇ। 
ਸ਼ਹੀਦਾਂ ਤੇ ਦੰਗਾ ਪੀੜਤ ਤਾਂ ਭੁੱਖੇ ਧਿਆਏ ਮਰ ਗਏ। ਇਹ ਭੱਦਰ ਪੁਰਸ਼ ਲੋਕਾਂ ਨੂੰ ਰੈਸਟੋਰੈਂਟ ਵਿੱਚ ਬੁਲਾਕੇ ਡਿਨਰ ਲੰਚ ਦੀਆਂ ਪਾਰਟੀਆ ਕਰ ਕੇ ਚੰਦਾ ਮੰਗ ਰਹੇ ਹਨ। ਜੂਨ ਦੇ ਪਹਿਲੇ ਦੋ ਹਫ਼ਤੇ ਤੱਕ ਸਾਨੂੰ ਸੋਗ ਮਨਾਉਣਾ ਚਾਹੀਦਾ ਹੈ। ਜੇ ਰੋਣਾ ਨਾ ਵੀ ਆਏ, ਰੋਣ ਵਰਗਾ ਮੂੰਹ ਤਾਂ ਬਣਾ ਸਕਦੇ ਹਾਂ। ਲੋਕਾਂ ਨੂੰ ਲੁੱਟਣ ਲਈ ਹੋਰ ਦਿਨ ਬਥੇਰੇ ਹਨ। ਫੈਡਰੇਸ਼ਨ ਦੇ ਪ੍ਰਧਾਂਨ ਨੇ ਗੁਰਦੁਆਰਾ ਸਾਹਿਬ ਐਤਵਾਰ ਦੇ ਦੀਵਾਨ ਵਿੱਚ ਕਹਾਣੀ ਸੁਣਾਈ। ਬਲੂ ਸਟਾਰ ਅਟੈਕ ਸਮੇਂ ਇੱਕ ਅੰਮ੍ਰਿਤਧਾਰੀ ਔਰਤ ਨੇ ਜੂਠਾ ਪਾਣੀ ਪੀਣ ਤੋਂ ਇਨਕਾਰ ਕਰ ਦਿੱਤਾ। ਪਾਣੀ ਗੁਰੂ ਹੈ। ਸੁੱਚੇ ਜੂਠੇ ਦਾ ਨਿਰਣਾ ਨਹੀਂ ਕਰ ਸਕਦੇ। ਸਾਰੇ ਲਿਖਾਰੀਆਂ ਨੇ ਇਹ ਤਾਂ ਲਿਖਿਆ ਹੈ। ਫੱਟੜ ਜਖ਼ਮੀ ਖੂਨ, ਮਲ ਮੂਤਰ ਵਾਲਾ ਪਾਣੀ ਹਰਿਮੰਦਰ ਸਾਹਿਬ ਦੇ ਸਰੋਵਰ ਪਰਿਕਰਮਾ ਵਿੱਚੋਂ ਪੀਂਦੇ ਰਹੇ। ਅਸੀਂ ਨਹਾਉਣ ਵਾਲੇ ਸਰੋਵਰ, ਪੈਰ ਧੋਣ ਦੀ ਜਗ੍ਹਾ ਵਿੱਚੋ ਚਰਨਾਮ੍ਰਿਤ ਚੂਲੀਆਂ ਭਰ ਭਰ ਪੀਂਦੇ ਹਾਂ। ਫੈਡਰੇਸ਼ਨ ਦੇ ਪ੍ਰਧਾਨ ਨੂੰ ਇਹ ਵੀ ਨਹੀਂ ਪਤਾ ਪਾਣੀ ਪਵਿੱਤਰ ਹੈ। ਜੀਵਨ ਇਸੇ ਦੀ ਮੇਹਰ ਨਾਲ ਜੀਅ ਰਹੇ ਹਾਂ। ਇਹ ਫੈਡਰੇਸ਼ਨ ਦਾ ਪ੍ਰਧਾਨ ਜੋ 1984 ਦੇ ਅਟੈਕ ਦੀ ਖੁਸ਼ੀ ਵਿੱਚ ਲੋਕਾਂ ਨੂੰ ਰੈਸਟੋਰੈਂਟ ਵਿੱਚ ਬੁਲਾਕੇ ਡਿਨਰ ਲੰਚ ਦੀਆਂ ਪਾਰਟੀਆਂ ਕਰ ਰਿਹਾ ਹੈ। ਗੱਲ ਪੈਸੇ ਬਟੋਰਨ ਦੀ ਹੈ। ਚੰਦਾ ਆਪ ਆਪਣੇ ਹੱਥੀਂ ਕਿਸੇ ਲੋੜਵੰਦ ਨੂੰ ਦੇਈਏ। ਝੂਠਿਆਂ ਜੂਠਿਆਂ ਤੋਂ ਬਚੀਏ। ਇਸ ਨੂੰ ਪੁੱਛਿਆ ਜਾਵੇ, ਪਾਣੀ ਤੇ ਹੋਰ ਚੀਜ਼ਾਂ ਕਦੇ ਜੂਠੀਆਂ ਸੁੱਚੀਆਂ ਹੁੰਦੀਆਂ ਹਨ ? ਪਾਣੀ ਵਿੱਚ 42 ਲੱਖ ਜੂਨੀ ਰਹਿੰਦੀ ਹੈ। ਮੱਛੀਆਂ ਤੇ ਹੋਰ ਜੀਵ ਇੱਕ ਦੂਜੇ ਨੂੰ ਖਾਈ ਜਾਂਦੇ ਹਨ। ਪਾਣੀ ਵਿੱਚ ਮਰਦੇ, ਜੰਮਦੇ, ਮਲ ਮੂਤਰ ਵੀ ਕਰਦੇ ਹਨ। ਬਾਕੀ ਧਰਤੀ ਦੇ 42 ਲੱਖ ਜੂਨੀ ਵੀ ਸਾਰਾ ਕੁਝ ਧੋ ਕੇ ਇਸੇ ਪਾਣੀ ਵਿੱਚ ਮਿਲਾਉਂਦੇ ਹਨ। ਕੀ 84 ਲੱਖ ਜੂਨ ਦੇ ਅਣਗਿਣਤ ਜੀਵਾਂ ਦਾ ਗੰਦ ਧਰਤੀ, ਪਾਣੀ, ਹਵਾ ਨੂੰ ਜੂਠਾ ਸੁੱਚਾ ਰੱਖਦਾ ਹੈ। ਇਹ ਕੌਮ ਨੂੰ ਝੂਠ ਬੋਲ ਕੇ, ਜੂਠ ਸੁੱਚ ਵਿੱਚ ਉਲਝਾਈ ਫਿਰਦੇ ਹਨ। ਅਨਪੜ੍ਹ ਬੰਦਾ ਜਾਣਦਾ ਹੈ ਕਿ ਪਾਣੀ ਵਿੱਚ ਜੀਵ, ਦੁੱਧ ਨੂੰ ਵੱਛਾ, ਫੁੱਲ ਨੂੰ ਭੰਵਰਾ, ਖੁਸ਼ਬੂਦਾਰ ਕੇਸਰ ਨੂੰ ਸੱਪ ਲਿਪਟ ਕੇ ਜ਼ਹਿਰ ਨਾਲ ਜੂਠਾ ਕਰਦੇ ਹਨ। ਆਮ ਬੰਦੇ ਨੂੰ ਸਮਝ ਹੈ ਕਿ ਗੋਲ ਧਰਤੀ ਵਾਂਗ ਹੀ ਸਾਰੀਆਂ ਵਸਤੂਆਂ ਵੀ ਸੁੱਚੀਆਂ ਜੂਠੀਆਂ ਗੋਲ ਮੋਲ ਗੱਲਾਂ ਹੀ ਹਨ। ਇਸੇ ਤਰ੍ਹਾਂ ਦਾਨੀਆਂ ਵੱਲੋਂ ਦਾਨ ਦੇਣਾ ਤੇ ਲੁਟੇਰਿਆਂ ਵੱਲੋਂ ਲੁੱਟ ਕੇ ਖਾਣਾ ਦੁਨੀਆ ਤੇ ਚੱਲੀ ਜਾਣਾ ਹੈ। ਜਿੰਨੀ ਦੇਰ ਲੋਕ ਆਪ ਲੁੱਟਦੇ ਰਹਿਣਗੇ। ਫਿਰ ਵੀ ਲੋਕ ਇਹੋ ਜਿਹੇ ਦੇ ਮਗਰਮੱਛ ਦੇ ਹੁੰਝੂ ਦੇਖ ਕੇ ਜੇਬਾਂ ਖਾਲੀ ਕਰ ਦਿੰਦੇ ਹਨ। ਫੈਡਰੇਸ਼ਨ ਦੇ ਪ੍ਰਧਾਨ ਨੂੰ ਵੀ ਪਾਣੀ ਨਹੀਂ ਪੀਣਾ ਚਾਹੀਦਾ। ਇਸ ਨੇ ਕਦੇ ਬਾਣੀ ਨਹੀਂ ਪੜ੍ਹੀ, ਜਿਸ ਵਿੱਚ ਮਹਾਰਾਜ ਨੇ ਧੁਰ ਕੀ ਬਾਣੀ ਅਕਾਲ ਪੁਰਖ ਦੀ ਉਚਾਰੀ ਹੋਈ ਵਿੱਚ ਲਿਖਿਆ ਹੈ। ਫੁੱਕਰੇ ਬਾਜੀ ਛੱਡ ਕੇ ਅਸਲੀ ਖ਼ਸਮ ਨੂੰ ਵੀ ਪੜ੍ਹਿਆ ਕਰੋ। ਜੋ ਇਹੋ ਜਿਹੇ ਚਲਾਕਾਂ ਤੋਂ ਬਚਾ ਸਕਦਾ ਹੈ।

ਦੂਧੁ ਤ ਬਛਰੈ ਥਨਹੁ ਬਿਟਾਰਿਓ।। 
ਫੂਲੁ ਭਵਰਿ ਜਲੁ ਮੀਨਿ ਬਿਗਾਰਿਓ।।੧॥ 
ਮਾਈ ਗੋਬਿੰਦ ਪੂਜਾ ਕਹਾ ਲੈ ਚਰਾਵਉ।।
ਅਵਰੁ ਨ ਫੂਲੁ ਅਨੂਪੁ ਨ ਪਾਵਉ॥ ੧॥ਰਹਾਉ ॥ 
ਮੈਲਾਗਰ ਬੇਰ੍ਹੇ ਹੈ ਭੁਇਅੰਗਾ।। 
ਬਿਖੁ ਅੰਮ੍ਰਿਤੁ ਬਸਹਿ ਇਕ ਸੰਗਾ ॥੨॥ 
ਧੂਪ ਦੀਪ ਨਈਬਦਹਿ ਬਾਸਾ।। 
ਕੈਸੇ ਪੂਜ ਕਰਹਿ ਤੇਰੀ ਦਾਸਾ।।
ਦੂਧੁ ਤ ਬਛਰੈ ਥਨਹੁ ਬਿਟਾਰਿਓ ॥ 
ਫੂਲੁ ਭਵਰਿ ਜਲੁ ਮੀਨਿ ਬਿਗਾਰਿਓ ॥੧॥
ਮਾਈ ਗੋਬਿੰਦ ਪੂਜਾ ਕਹਾ ਲੈ ਚਰਾਵਉ ॥ 
ਅਵਰੁ ਨ ਫੂਲੁ ਅਨੂਪੁ ਨ ਪਾਵਉ ॥੧॥ ਰਹਾਉ ॥ 
ਮੈਲਾਗਰ ਬੇਰ੍ਹੇ ਹੈ ਭੁਇਅੰਗਾ ॥ 
ਬਿਖੁ ਅੰਮ੍ਰਿਤੁ ਬਸਹਿ ਇਕ ਸੰਗਾ ॥੨॥ 
ਧੂਪ ਦੀਪ ਨਈਬੇਦਹਿ ਬਾਸਾ ॥ 
ਕੈਸੇ ਪੂਜ ਕਰਹਿ ਤੇਰੀ ਦਾਸਾ ॥੩॥ 
ਤਨੁ ਮਨੁ ਅਰਪਉ ਪੂਜ ਚਰਾਵਉ ॥ 
ਗੁਰ ਪਰਸਾਦਿ ਨਿਰੰਜਨੁ ਪਾਵਉ ॥੪॥ 
ਪੂਜਾ ਅਰਚਾ ਆਹਿ ਨ ਤੋਰੀ ॥ 
ਕਹਿ ਰਵਿਦਾਸ ਕਵਨ ਗਤਿ ਮੋਰੀ ॥੫॥੧॥{ਪੰਨਾ 525}


ਮੇਰੀ ਕੈਨੇਡਾ ਫ਼ੇਰੀ (ਕਿਸ਼ਤ 3) .......... ਸਫ਼ਰਨਾਮਾ / ਸਿ਼ਵਚਰਨ ਜੱਗੀ ਕੁੱਸਾ


ਅਗਲੇ ਦਿਨ ਦੁਪਿਹਰੇ ਬਾਰਾਂ ਵਜੇ ਮੇਰੀ ਸ਼ੇਰੇ-ਪੰਜਾਬ ਰੇਡੀਓ ਵੈਨਕੂਵਰ 'ਤੇ ਹਰਜੀਤ ਗਿੱਲ ਨਾਲ਼ ਇੰਟਰਵਿਊ ਸੀ। ਛੋਟੇ ਵੀਰ ਗੁਰਮੇਲ ਬਦੇਸ਼ਾ ਦੀ ਹਰਜੀਤ ਗਿੱਲ ਵੱਲੋਂ ਡਿਊਟੀ ਲਾਈ ਗਈ ਸੀ ਕਿ ਬਾਈ ਜੱਗੀ ਕੁੱਸਾ ਨੂੰ ਹੋਟਲ 'ਸੁਪਰ-8' ਵਿਚੋਂ ਚੁੱਕ ਕੇ ਸਾਢੇ ਕੁ ਗਿਆਰਾਂ ਵਜੇ ਰੇਡੀਓ ਸਟੇਸ਼ਨ ਪਹੁੰਚਾਉਣਾ ਹੈ। ਗੁਰਮੇਲ ਬਦੇਸ਼ਾ ਮੇਰੇ ਕੋਲ਼ ਹੋਟਲ ਸੁਪਰ-8 ਪੂਰੇ ਗਿਆਰਾਂ ਵਜੇ ਹੀ ਪਹੁੰਚ ਗਿਆ। ਉਸ ਦੇ ਫ਼ੋਨ 'ਤੇ ਮੇਰੇ ਪੁਰਾਣੇਂ ਬੇਲੀ ਤੇਜ ਸੇਖੋਂ ਦਾ ਫ਼ੋਨ ਆ ਗਿਆ। ਤੇਜ ਸੇਖੋਂ ਮੇਰੇ ਜਿਗਰੀ ਮਿੱਤਰ ਸੁਖਮਿੰਦਰ ਸਿੰਘ ਚੀਮਾਂ ਨਾਲ਼ 'ਰੇਡੀਓ ਇੰਡੀਆ' 'ਤੇ ਪ੍ਰੋਗਰਾਮ ਦਿੰਦਾ ਹੈ। ਤੇਜ ਸੇਖੋਂ ਮਿਲਣ ਬਾਰੇ ਪੁੱਛ ਰਿਹਾ ਸੀ। ਮੈਂ ਉਸ ਨੂੰ ਕਿਹਾ ਕਿ ਰੇਡੀਓ ਇੰਟਰਵਿਊ ਤੋਂ ਬਾਅਦ ਮੈਂ ਤੈਨੂੰ ਫ਼ੋਨ ਕਰਦਾ ਹਾਂ। ਇੰਟਰਵਿਊ ਤੋਂ ਬਾਅਦ ਪ੍ਰਸਿੱਧ ਆਰਟਿਸਟ ਸ. ਜਰਨੈਲ ਸਿੰਘ ਅਤੇ ਬਾਈ ਗੁਰਚਰਨ ਸਿੰਘ ਟੱਲੇਵਾਲ਼ ਦੇ ਸਪੈਸ਼ਲ ਰੱਖੇ ਪ੍ਰੋਗਰਾਮ 'ਤੇ ਜਾਣਾ ਸੀ। ਪਿਛਲੇ ਦਿਨ ਸਮਾਗਮ ਹਾਲ ਵਿਚ ਹੀ ਬਾਈ ਗੁਰਚਰਨ ਟੱਲੇਵਾਲ਼ੀਆ ਅਤੇ ਜਰਨੈਲ ਸਿੰਘ ਆਰਟਿਸਟ ਨੇ ਮੈਨੂੰ ਵੱਡੇ ਭਰਾਵਾਂ ਵਾਲ਼ੇ 'ਦਬਕੇ' ਨਾਲ਼ ਕਿਹਾ ਸੀ, "ਜੱਗੀ ਕੱਲ੍ਹ ਨੂੰ ਆਉਣੈਂ!" ਅਤੇ ਮੈਂ "ਪੱਕਾ ਆਊਂਗਾ ਬਾਈ ਜੀ!" ਆਖ ਕੇ ਹੁੰਗਾਰਾ ਦੇ ਦਿੱਤਾ ਸੀ। ਉਹਨਾਂ ਦੇ ਪ੍ਰੋਗਰਾਮ ਤੋਂ ਬਾਅਦ 'ਪ੍ਰੈੱਸ-ਮਿਲਣੀ' ਸੀ ਅਤੇ ਅਸੀਂ ਬਾਈ ਜਗਦੀਪ ਸਿੰਘ ਸਿਵੀਆ ਦੇ ਹੁਕਮ 'ਤੇ 'ਮਸਕੀਨ ਗਰੁੱਪ' ਦੇ ਭਰਾਵਾਂ ਨੂੰ ਵੀ ਮਿਲਣਾ ਸੀ। ਉਥੇ ਸਾਡੇ ਪਿੰਡਾਂ ਦੇ ਲੇਖਕ ਅਤੇ 'ਲੋਹਮਣੀਂ ਦੇ ਸੰਪਾਦਕ ਬਾਈ ਨਛੱਤਰ ਗਿੱਲ, ਹਰਜੀਤ ਗਿੱਲ ਦੇ ਭਤੀਜ ਜਵਾਈ ਪਰਮਜੀਤ ਚੀਮਾਂ ਅਤੇ ਉਹਨਾਂ ਦੇ ਸਤਿਕਾਰਯੋਗ ਪਿਤਾ ਜੀ ਹੋਰਾਂ ਨਾਲ਼ ਮੇਲਾ-ਗੇਲਾ ਰੱਖਿਆ ਹੋਇਆ ਸੀ। 


ਜਦ ਮੈਂ ਅਤੇ ਗੁਰਮੇਲ ਬਦੇਸ਼ਾ ਉਸ ਦੀ ਕਾਰ ਵਿਚ ਹੋਟਲ 'ਸੁਪਰ-8' ਤੋਂ ਚੱਲੇ ਤਾਂ ਉਸ ਦੀ ਕਾਰ ਵਿਚ ਸ਼ੇਰੇ ਪੰਜਾਬ ਰੇਡੀਓ ਵੱਜ ਰਿਹਾ ਸੀ ਅਤੇ ਹਰਜੀਤ ਗਿੱਲ ਗੱਜ ਰਿਹਾ ਸੀ, "ਤੁਹਾਡੀ ਸੇਵਾ ਵਿਚ ਹਾਜ਼ਰ ਐ ਤੁਹਾਡਾ ਆਪਣਾ, ਹਰਜੀਤ ਸਿੰਘ ਗਿੱਲ...! ਸੁਆਗਤ ਕਰਦੈਂ ਮੈਂ ਤੁਹਾਡਾ ਸਾਡੇ ਪ੍ਰੋਗਰਾਮ 'ਚ...! ਅੱਜ ਆ ਰਿਹੈ ਇੰਟਰਵਿਊ ਦੇਣ ਪੰਜਾਬੀ ਨਾਵਲਕਾਰੀ ਦਾ ਹਰੀ ਸਿੰਘ ਨਲੂਆ, ਪੰਜਾਬ ਦਾ ਸਾਂਝਾ ਪੁੱਤ, ਬਾਈ ਸਿ਼ਵਚਰਨ ਜੱਗੀ ਕੁੱਸਾ...! ਬੱਸ ਬਾਰਾਂ ਵਜੇ ਤੁਹਾਡੇ ਸਾਹਮਣੇ ਹਾਜ਼ਰ ਕਰ ਦਿਆਂਗੇ ਬਾਈ ਜੱਗੀ ਕੁੱਸਾ ਨੂੰ..! ਜੀਹਦੀਆਂ ਰਚਨਾਵਾਂ 'ਚ ਸੱਘੇ ਅਮਲੀ, ਸੁੱਚੇ ਛੜੇ ਤੇ ਨਹਿੰਗ ਅਰਗੇ ਜਿਉਂਦੇ ਜਾਗਦੇ ਪਾਤਰ ਗੜ੍ਹਕਦੇ ਨੇ...!" ਹਰਜੀਤ ਗਿੱਲ ਮੇਰੇ ਹਨੂਮਾਨ ਵਾਲ਼ੀ 'ਪੂਛ' ਲਾ ਕੇ ਸਰੋਤਿਆਂ ਦਾ ਕਾਲ਼ਜਾ ਕੱਢੀ ਜਾ ਰਿਹਾ ਸੀ। ਇਹਦੇ ਵਿਚ ਕੋਈ ਸ਼ੱਕ ਨਹੀਂ ਕਿ ਹਰਜੀਤ ਗਿੱਲ ਦਾ ਬੋਲਣ ਦਾ ਅੰਦਾਜ਼ ਬੰਦੇ ਨੂੰ ਕੀਲ ਕੇ ਪਟਾਰੀ ਵਿਚ ਸੁੱਟਦਾ ਹੈ। ਉਸ ਦਾ ਗੱਲ ਕਰਨ ਦਾ ਅੰਦਾਜ਼ ਹੀ ਵੱਖਰਾ ਹੈ। ਪੰਜਾਬੀਆਂ ਵਾਲ਼ਾ ਖਾੜਕੂ ਲਹਿਜਾ! ਮੈਂ ਹੈਰਾਨ ਹਾਂ ਕਿ ਹਰਜੀਤ ਨੂੰ ਮੇਰੇ ਨਾਵਲਾਂ, ਵਿਅੰਗ ਅਤੇ ਕਹਾਣੀਆਂ ਦੇ ਪਾਤਰਾਂ ਦੇ ਨਾਂ ਜੁਬਾਨੀ ਯਾਦ ਹਨ ਅਤੇ ਹਰ ਕਹਾਣੀ ਦੇ 'ਪਲ� ਬਦੇਾ ਪਤਾ ਹੈ। ਉਸ ਦੀ ਇਸ ਸੁਰਤ-ਸੇਧ ਅਤੇ ਯਾਦਾਸ਼ਤ 'ਤੇ ਮੈਂ ਘੋਰ ਹੈਰਾਨ ਹਾਂ। 
ਮੈਂ ਅਤੇ ਗੁਰਮੇਲ ਬਦੇਸ਼ਾ ਦੁਪਿਹਰ 11:50 'ਤੇ ਸ਼ੇਰੇ ਪੰਜਾਬ ਰੇਡੀਓ ਸਟੇਸ਼ਨ ਪਹੁੰਚ ਗਏ ਅਤੇ ਰਿਸੈਪਸ਼ਨ 'ਤੇ ਬੈਠੀ ਕੁੜੀ ਜੈਸ ਗਿੱਲ ਅਤੇ ਜਸਬੀਰ ਸਿੰਘ ਰੋਮਾਣਾਂ ਸਾਨੂੰ ਉਸ ਕੈਬਨ ਵਿਚ ਛੱਡ ਆਏ, ਜਿੱਥੇ ਹਰਜੀਤ ਗਿੱਲ ਬੈਠਾ ਪ੍ਰੋਗਰਾਮ ਦੇ ਰਿਹਾ ਸੀ। ਸਾਨੂੰ ਦੇਖਣ ਸਾਰ ਹੀ ਹਰਜੀਤ ਗਿੱਲ ਆਪਣੇ ਸਰੋਤਿਆਂ ਨੂੰ ਫਿ਼ਰ ਸੰਬੋਧਨ ਹੋਇਆ, "ਰੱਖ ਲਓ ਦਿਲਾਂ 'ਤੇ ਹੱਥ..! ਪਹੁੰਚ ਗਿਐ ਬਾਈ ਜੱਗੀ ਕੁੱਸਾ ਸਾਡੇ ਸਟੂਡੀਓ ਵਿਚ ...! ਬੈਠੈ ਮੇਰੇ ਸਾਹਮਣੇ..! ਵੱਡੀਆਂ ਵੱਡੀਆਂ ਸੁਨੱਖੀਆਂ ਅੱਖਾਂ ਪਾਉਂਦੀਐਂ ਦਿਲ ਨੂੰ ਹੌਲ...! ਸਿਜਦਾ ਕਰਦੈਂ ਓਸ ਸਵਰਗਵਾਸੀ ਮਾਂ ਨੂੰ..! ਜਿਸ ਨੇ ਐਹੋ ਜਿਆ ਸੋਹਣਾ ਸੁਣੱਖਾ ਤੇ ਨਿਧੜਕ ਪੁੱਤ ਜੰਮਿਆਂ..!" ਆਖ ਕੇ ਉਸ ਨੇ ਮੇਰੇ ਨਾਲ਼ ਹੱਥ ਮਿਲ਼ਾਇਆ। "ਸੋਹਣਾ-ਸੁਨੱਖਾ" ਸੁਣ ਕੇ ਮੇਰਾ ਮਨ ਅੰਦਰੋਂ ਹੱਸਿਆ ਕਿ ਹਰਜੀਤ 45 ਸਾਲ ਦੇ ਅੱਧੇ ਬੁੱਢੇ ਨੂੰ ਹਰਜੀਤ ਅਜੇ ਵੀ 'ਸੋਹਣਾ-ਸੁਣੱਖਾ' ਦੱਸੀ ਜਾ ਰਿਹਾ ਸੀ।
ਇਤਨੇ ਨੂੰ ਹਰਜੀਤ ਗਿੱਲ ਦੇ ਫ਼ੋਨ 'ਤੇ ਦੁਨੀਆਂ ਦੇ ਪ੍ਰਸਿੱਧ ਗਾਇਕ ਤੇ ਮੇਰੇ ਛੋਟੇ ਵੀਰ ਗਿੱਲ ਹਰਦੀਪ, ਕੋਕਰੀ ਵਾਲ਼ੇ ਦਾ ਫ਼ੋਨ ਆ ਗਿਆ। 
-"ਬਾਈ ਜੀ ਸਾਸਰੀਕਾਲ..!" 
-"ਸਾਸਰੀਕਾਲ ਗਿੱਲਾ!"
-"ਕੀ ਹਾਲ ਐ ਬਾਈ..?"
-"ਚੜ੍ਹਦੀ ਕਲਾ - ਗੁਰੂ ਕਿਰਪਾ..!"
-"ਸਾਡੇ ਕੋਲ਼ ਕਦੋਂ ਆਉਣੈਂ...?" ਗਿੱਲ ਹਰਦੀਪ ਦਾ ਸੁਆਲ ਸੀ।
-"ਐਡੀ ਦੂਰੋਂ ਤੇਰੇ ਕੋਲ਼ ਚੱਲ ਕੇ ਆ ਗਿਐਂ, ਹੁਣ ਤੂੰ ਭੋਰਾ ਕੁ ਵਾਟ ਚੱਲ ਕੇ ਵੱਡੇ ਬਾਈ ਕੋਲ਼ ਨੀ ਆ ਸਕਦਾ..?" ਮੈਂ ਠੁਣਾਂ ਗਿੱਲ ਸਿਰ ਹੀ ਭੰਨਿਆਂ। 
-"ਦੱਸ ਬਾਈ ਕਿੱਥੇ ਮਿਲ਼ਦੈਂ..?" ਉਸ ਨੇ ਵੀ ਬੜ੍ਹਕ ਮਾਰੀ।
-"ਮੇਰੀ ਹੁਣ ਇੰਟਰਵਿਊ ਐ ਸ਼ੇਰੇ ਪੰਜਾਬ ਰੇਡੀਓ 'ਤੇ..!"
-"ਉਹ ਤਾਂ ਅਸੀਂ ਵੀ ਸੁਣੀਂ ਜਾਨੇ ਐਂ..!"
-"ਇੰਟਰਵਿਊ ਤੋਂ ਬਾਅਦ ਸਾਡੇ ਤਿੰਨ ਹੋਰ ਪ੍ਰੋਗਰਾਮ ਐਂ, ਉਸ ਤੋਂ ਬਾਅਦ ਪ੍ਰੋਗਰਾਮ ਬਣਾਉਨੇ ਆਂ ਗਿੱਲਾ..! ਮੈਂ ਤੈਨੂੰ ਇੰਟਰਵਿਊ ਤੋਂ ਬਾਅਦ ਫ਼ੋਨ ਕਰਦੈਂ..!" ਮੈਂ ਕਿਹਾ। ਮੈਂ ਤੇਜ਼ੀ ਵਿਚ ਇਸ ਕਰਕੇ ਸੀ ਕਿਉਂਕਿ ਮੇਰੀ ਇੰਟਰਵਿਊ ਸ਼ੁਰੂ ਹੋਣ ਵਾਲ਼ੀ ਸੀ। 
-"ਓ.ਕੇ. ਬਾਈ..! ਬਾਅਦ 'ਚ ਮਿਲ਼ਦੇ ਐਂ ਫ਼ੇਰ..!" ਆਖ ਕੇ ਗਿੱਲ ਨੇ ਫ਼ੋਨ ਕੱਟ ਦਿੱਤਾ।
ਪਰ ਹੱਦੋਂ ਵੱਧ ਹੀ ਮਸ਼ਰੂਫ਼ ਹੋਣ ਕਾਰਨ ਮੈਂ ਗਿੱਲ ਹਰਦੀਪ ਨੂੰ ਫ਼ੋਨ ਨਾ ਕਰ ਸਕਿਆ। ਜਿੰਨੇ ਦਿਨ ਵੀ ਮੈਂ ਵੈਨਕੂਵਰ ਰਿਹਾ, ਬੜਾ ਹੀ ਬੁਰੀ ਤਰ੍ਹਾਂ ਉਲ਼ਝਿਆ ਅਤੇ ਰੁੱਝਿਆ਼ ਰਿਹਾ। ਜਿਉਂਦੇ ਵਸਦੇ, ਹੱਸਦੇ-ਖੇਡਦੇ ਰਹਿਣ ਐਡਮਿੰਟਨ, ਵੈਨਕੂਵਰ ਅਤੇ ਸਰੀ ਦੇ ਪਾਠਕ-ਪ੍ਰਸ਼ੰਸਕ, ਦੋਸਤ ਅਤੇ ਭਰਾ, ਜਿੰਨ੍ਹਾਂ ਨੇ ਮੈਨੂੰ ਨਿਮਾਣੇ ਨੂੰ ਅੰਤਾਂ ਦਾ ਪ੍ਰੇਮ ਸਤਿਕਾਰ ਬਖ਼ਸਿ਼ਆ। ਸਵੇਰੇ ਛੇ ਕੁ ਵਜੇ ਫ਼ੋਨ ਆਉਣੇ ਸ਼ੁਰੂ ਹੋ ਜਾਂਦੇ ਅਤੇ ਇਹਨਾਂ ਫ਼ੋਨਾਂ ਦਾ ਸਿਲਸਲਾ ਰਾਤ ਦੇ ਦਸ-ਗਿਆਰਾਂ ਵਜੇ ਤੱਕ ਚੱਲਦਾ ਰਹਿੰਦਾ। ਕਈ ਵਾਰ ਤਾਂ ਮੈਨੂੰ ਰੋਟੀ ਖਾਣ ਦਾ ਟਾਈਮ ਵੀ ਨਹੀਂ ਮਿਲਿ਼ਆ। ਇਹਨਾਂ ਦੇ ਪ੍ਰੇਮ-ਭਾਵਨਾਂ ਵਾਲ਼ੇ ਫ਼ੋਨ ਸੁਣ ਕੇ ਮੈਂ ਕਈ ਵਾਰ ਭਾਵੁਕ ਹੋ ਜਾਂਦਾ ਅਤੇ ਗੁਰੂ ਬਾਬੇ ਅੱਗੇ ਅਰਦਾਸ ਕਰਦਾ ਕਿ ਹੇ ਸੱਚੇ ਪਾਤਿਸ਼ਾਹ! ਐਨਾਂ ਪ੍ਰੇਮ-ਪਿਆਰ ਹਰ ਕਿਸੇ ਲੇਖਕ ਦੇ ਹਿੱਸੇ ਆਵੇ, ਜਿੰਨਾਂ ਮੇਰੇ ਪਾਠਕ ਅਤੇ ਪ੍ਰਸ਼ੰਸਕ ਮੈਨੂੰ ਬਖ਼ਸ਼ ਰਹੇ ਹਨ! 
ਤਕਰੀਬਨ ਇਕ ਘੰਟਾ ਰੇਡੀਓ ਇੰਟਰਵਿਊ ਚੱਲੀ।
ਉਸ ਤੋਂ ਬਾਅਦ ਮੈਂ ਅਤੇ ਗੁਰਮੇਲ ਬਦੇਸ਼ਾ ਸ. ਜਰਨੈਲ ਸਿੰਘ ਆਰਟਿਸਟ ਅਤੇ ਬਾਈ ਗੁਰਚਰਨ ਸਿੰਘ ਟੱਲੇਵਾਲ਼ੀਆ ਦੇ ਉਲ਼ੀਕੇ ਪ੍ਰੋਗਰਾਮ ਉਪਰ 'ਜਰਨੈਲ ਆਟਰਸ ਸਟੂਡੀਓ' ਅਤੇ 'ਗੁਰਦੀਪ ਆਰਟਸ ਅਕੈਡਮੀ' ਸਰੀ ਗਏ। ਉਥੇ ਬੜੀਆਂ ਸਤਿਕਾਰਤ ਹਸਤੀਆਂ ਦੇ ਦਰਸ਼ਣ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਸਿੱਖ ਮਹਾਨ ਕੋਸ਼ ਦੇ ਕਰਤਾ ਡਾਕਟਰ ਰਘਬੀਰ ਸਿੰਘ ਬੈਂਸ, ਪ੍ਰਸਿੱਧ ਸ਼ਾਇਰ ਸ੍ਰੀ ਨਦੀਮ ਪਰਮਾਰ, ਸ. ਜਰਨੈਲ ਸਿੰਘ ਸੇਖਾ, ਡਾਕਟਰ ਦਰਸ਼ਣ ਸਿੰਘ ਗਿੱਲ, ਪ੍ਰੋਫ਼ੈਸਰ ਗੁਰਵਿੰਦਰ ਸਿੰਘ ਧਾਲ਼ੀਵਾਲ਼, ਸ. ਸੁਖਮਿੰਦਰ ਸਿੰਘ ਚੀਮਾਂ, ਬਾਈ ਗੁਰਚਰਨ ਸਿੰਘ ਟੱਲੇਵਾਲ਼ੀਆ, ਸ. ਦਰਸ਼ਣ ਸਿੰਘ ਮਾਨ, ਬੀਬੀ ਰਾਜਵੰਤ ਕੌਰ ਮਾਨ, ਟੈਲੀ ਅਦਾਕਾਰਾ ਅੰਮ੍ਰਿਤ ਕੌਰ ਮਾਨ, ਸ. ਗੁਰਦੀਪ ਸਿੰਘ ਭੁੱਲਰ, ਸ. ਗੁਰਮੇਲ ਬਦੇਸ਼ਾ, ਸ. ਹਰਦੇਵ ਸਿੰਘ ਗਰੇਵਾਲ਼ ਅਤੇ ਹੋਰ ਸਾਹਿਤਕ ਮਿੱਤਰ ਸ਼ਾਮਲ ਸਨ। ਇਸ ਸਮਾਗਮ ਮੌਕੇ ਸ. ਗਿਆਨ ਸਿੰਘ ਕੋਟਲ਼ੀ ਨੇ ਮੈਨੂੰ ਆਪਣੀਆਂ ਦੋ ਕਿਤਾਬਾਂ, "ਨਾਨਕ ਦੁਨੀਆਂ ਕੈਸੀ ਹੋਈ" ਅਤੇ "ਨਾਨਕ ਸ਼ਾਇਰ ਇਵ ਕਹਿਆ" ਅਤੇ ਦੋ ਡੀ.ਵੀ.ਡੀਜ਼ ਭੇਂਟ ਕੀਤੀਆਂ ਗਈਆਂ। 
ਇਹਨਾਂ ਪ੍ਰਮੁੱਖ ਹਸਤੀਆਂ ਦੇ ਦਰਸ਼ਣ ਕਰਨ ਅਤੇ ਆਸ਼ੀਰਵਾਦ ਲੈਣ ਤੋਂ ਬਾਅਦ ਮੈਂ ਅਤੇ ਗੁਰਮੇਲ ਬਦੇਸ਼ਾ ਬਾਈ ਜਗਦੀਪ ਸਿੰਘ ਸਿਵੀਆ ਦੇ ਸੱਦੇ 'ਤੇ 'ਮਸਕੀਨ ਗਰੁੱਪ' ਦੇ ਭਰਾਵਾਂ ਨੂੰ ਮਿਲਣ ਲਈ ਚੱਲ ਪਏ। ਉਥੇ ਜਾ ਕੇ ਅਸੀਂ ਚਾਹ ਪਾਣੀ ਪੀਤਾ, ਗੱਲਾਂ ਬਾਤਾਂ ਕੀਤੀਆਂ ਅਤੇ 'ਲੋਹਮਣੀਂ' ਦੇ ਸੰਪਾਦਕ ਬਾਈ ਨਛੱਤਰ ਗਿੱਲ, ਹਰਜੀਤ ਗਿੱਲ ਦੇ ਭਤੀਜ ਜਵਾਈ ਪਰਮਜੀਤ ਚੀਮਾਂ ਅਤੇ ਉਹਨਾਂ ਦੇ ਸਤਿਕਾਰਯੋਗ ਪਿਤਾ ਜੀ ਹੋਰਾਂ ਨਾਲ਼ ਵਿਚਾਰ ਵਟਾਂਦਰਾ ਕਰਨ ਦਾ ਸਬੱਬ ਬਣਿਆਂ। ਇੱਥੇ ਬਾਈ ਨਛੱਤਰ ਸਿੰਘ ਗਿੱਲ ਨੇ ਮੈਨੂੰ 'ਲੋਹਮਣੀਂ' ਦੇ ਦੋ ਅੰਕ ਅਤੇ ਆਪਣੀਆਂ ਪੰਜ ਕਿਤਾਬਾਂ ਮੈਨੂੰ ਭੇਂਟ ਕੀਤੀਆਂ ਅਤੇ ਵੱਡੇ ਭਰਾਵਾਂ ਵਾਲ਼ੀ ਅਸੀਸ ਅਤੇ ਥਾਪੜਾ ਦਿੱਤਾ। 
ਇਸ ਤੋਂ ਬਾਅਦ ਮੇਰੀ ਕੈਨੇਡਾ ਦੀ ਪ੍ਰੈੱਸ ਕਲੱਬ ਨਾਲ਼ 'ਗਰੈਂਡ ਤਾਜ ਬੈਂਕਿਉਟ ਹਾਲ' ਵਿਚ ਮਿਲਣੀ ਸੀ। ਮੈਂ ਅਤੇ ਹਰਜੀਤ ਗਿੱਲ ਉਥੇ ਪਹੁੰਚੇ। ਇੱਥੇ ਸ਼ੇਰੇ-ਪੰਜਾਬ ਦੀ ਹੋਸਟ ਕਿਰਨ ਕੌਰ ਔਲਖ, ਕੁਲਦੀਪ ਸਿੰਘ, ਪ੍ਰੋਫ਼ੈਸਰ ਗੁਰਵਿੰਦਰ ਸਿੰਘ ਧਾਲ਼ੀਵਾਲ਼, ਰੇਡੀਓ ਇੰਡੀਆ ਦੇ ਹੋਸਟ ਸ. ਸੁਖਮਿੰਦਰ ਸਿੰਘ ਚੀਮਾਂ, ਇੰਟਰਨੈਸ਼ਨਲ ਪੰਜਾਬੀ ਟ੍ਰਿਬਿਊਨ ਦੇ ਐਡੀਟਰ ਸ. ਗੁਰਲਾਲ ਸਿੰਘ, ਰਛਪਾਲ ਸਿੰਘ ਗਿੱਲ, ਸੱਚ ਦੀ ਅਵਾਜ਼ ਤੋਂ ਰਾਜਿੰਦਰ ਸਿੰਘ ਪੰਧੇਰ, ਖ਼ੁਸ਼ਪਾਲ ਸਿੰਘ ਗਿੱਲ, ਇੰਡੋ-ਕੈਨੇਡੀਅਨ ਟਾਈਮਜ਼ ਤੋਂ ਸੰਤੋਖ ਸਿੰਘ ਮੰਡੇਰ, ਰੇਡੀਓ ਪੰਜਾਬ ਤੋਂ ਕੁਲਜੀਤ ਕੌਰ, ਅਜਾਇਬ ਸਿੰਘ ਸਿੱਧੂ, ਜਰਨੈਲ ਸਿੰਘ ਆਰਟਿਸਟ, ਚੜ੍ਹਦੀ ਕਲਾ ਤੋਂ ਲੱਕੀ ਸਹੋਤਾ, ਅਕਾਲ ਗਾਰਡੀਅਨ ਤੋਂ ਗੁਰਸੇਵ ਸਿੰਘ ਪੰਧੇਰ, ਫ਼ੁੱਲਵਾੜੀ ਤੋਂ ਕੁਲਦੀਪ ਮੱਲ੍ਹੀ, ਡਾਕਟਰ ਮੇਜਰ ਸਿੰਘ ਰੰਧਾਵਾ 'ਦ੍ਰਿਸ਼ਟੀਕੋਣ', ਕੈਨੇਡਾ ਪੰਜਾਬ ਟਾਈਮਜ਼ ਤੋਂ ਅਮਰਪਾਲ ਸਿੰਘ ਸਸ਼ੋਭਿਤ ਸਨ। ਤਕਰੀਬਨ ਡੇੜ੍ਹ ਘੰਟਾ ਉਹਨਾਂ ਨਾਲ਼ ਖੁੱਲ੍ਹਾ ਵਿਚਾਰ ਵਟਾਂਦਾਰਾ ਹੋਇਆ। ਮੇਰੀ ਨਿੱਜੀ ਜਿ਼ੰਦਗੀ ਤੋਂ ਲੈ ਕੇ ਨਾਵਲਾਂ ਦੀ ਸਿਰਜਣਾ ਪ੍ਰਤੀ ਸੱਜਣਾਂ ਨੇ ਸੁਆਲ ਕੀਤੇ। ਇਹਨਾਂ ਨਾਲ਼ ਬੈਠ ਕੇ ਚਾਹ ਪੀਣ ਅਤੇ ਪਕੌੜੇ ਛਕਣ ਦਾ ਆਨੰਦ ਹੀ ਵੱਖਰਾ ਆਇਆ। ਇਸ ਪ੍ਰੈੱਸ ਕਲੱਬ ਦੇ ਰੂ-ਬ-ਰੂ ਹੋਣ ਤੋਂ ਬਾਅਦ ਕਿਰਨ ਕੌਰ ਔਲਖ ਨੇ ਮੈਨੂੰ ਪਾਸੇ ਲਿਜਾ ਕੇ ਕੁਝ ਨਿੱਜੀ ਸੁਆਲ ਵੀ ਕੀਤੇ ਅਤੇ ਕੁਲਜੀਤ ਕੌਰ ਨੇ ਮੇਰੇ ਭਾਸ਼ਣ ਦੀ ਸ਼ਲਾਘਾ ਵੀ ਕੀਤੀ। 
ਅਗਲੇ ਦਿਨ ਮੈਨੂੰ 'ਚੜ੍ਹਦੀ ਕਲਾ' ਦੇ ਮੁੱਖ ਸੰਪਾਦਕ, ਜੱਥੇਦਾਰ ਸਤਿੰਦਰਪਾਲ ਸਿੰਘ ਗਿੱਲ ਵੱਲੋਂ ਗੁਰੂ ਘਰ 'ਦਸ਼ਮੇਸ਼ ਦਰਬਾਰ' ਪਹੁੰਚਣ ਲਈ ਸੱਦਾ ਆ ਗਿਆ। ਉਥੇ ਵਿਸਾਖੀ ਦਾ ਪ੍ਰੋਗਰਾਮ ਸੀ। ਖ਼ਾਲਸੇ ਦਾ ਸਿਰਜਣਾ ਦਿਵਸ ਹੋਣ ਕਾਰਨ ਬੇਥਾਹ ਸੰਗਤ ਸੀ। ਉਸ ਗੁਰੂ ਘਰ ਮੈਨੂੰ ਸਨਮਾਨਿਤ ਕੀਤਾ ਗਿਆ ਅਤੇ ਇੱਥੇ ਹੀ ਇੰਟਰਨੈਸ਼ਨਲ ਪੰਥਕ ਢਾਡੀ ਗਿਆਨੀ ਸਰੂਪ ਸਿੰਘ ਕਡਿਆਣਾਂ ਦੇ ਜੱਥੇ ਦੇ ਦਰਸ਼ਣ ਕਰਨ ਦਾ ਮੌਕਾ ਮਿਲਿ਼ਆ। ਉਹਨਾਂ ਨਾਲ਼ ਉਹਨਾਂ ਦੇ ਸਾਥੀ ਸ. ਲਖਵੀਰ ਸਿੰਘ ਪ੍ਰੀਤ, ਰਛਪਾਲ ਸਿੰਘ ਖ਼ੁਸ਼ਦਿਲ ਅਤੇ ਸਾਰੰਗੀ ਮਾਸਟਰ ਹਰਦੀਪ ਸਿੰਘ ਦੀਪ ਨਾਲ਼ ਵਿਚਾਰ ਵੀ ਸਾਂਝੇ ਹੋਏ। ਇਸ ਗੁਰੂ ਘਰ ਮੈਨੂੰ ਦਸ ਕੁ ਮਿੰਟ ਲਈ ਸਟੇਜ਼ ਤੋਂ ਬੋਲਣ ਦਾ ਸੁਭਾਗ ਵੀ ਪ੍ਰਾਪਤ ਹੋਇਆ। ਇਸ ਗੁਰੂ ਘਰ ਮੈਨੂੰ ਮੇਰੇ ਪੁਰਾਣੇ ਬੇਲੀ ਅਤੇ ਅੱਜ ਕੱਲ੍ਹ ਇਟਲੀ ਵੱਸਦੇ ਮਿੱਤਰ ਅਵਤਾਰ ਸਿੰਘ ਸਿੱਧੂ ਦੇ ਮਾਤਾ ਜੀ ਅਤੇ ਮੇਰੇ ਭੂਆ ਜੀ, ਭੈਣ ਮੀਤੂ, ਪ੍ਰਾਹੁੰਣਾ ਸਾਹਿਬ ਅਤੇ ਬੱਚੇ ਵੀ ਆ ਮਿਲ਼ੇ। ਉਹਨਾਂ ਨਾਲ਼ ਚਾਹ ਪੀਤੀ ਗਈ ਅਤੇ ਜਲੇਬੀਆਂ ਵੀ ਖਾਧੀਆਂ ਗਈਆਂ। ਉਸ ਤੋਂ ਬਾਅਦ ਨਿਊ ਵੈਸਟ ਮਿਨਸਟਰ ਦੇ ਗੁਰਦੁਆਰਾ 'ਸੁਖ ਸਾਗਰ' ਸਾਹਿਬ ਲਿਜਾ ਕੇ ਵੀ ਮੈਨੂੰ ਉਥੋਂ ਦੇ ਮੁੱਖ ਸੇਵਾਦਾਰ ਸ. ਹਰਭਜਨ ਸਿੰਘ ਅਟਵਾਲ਼ ਹੋਰਾਂ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਸਟੇਜ਼ ਤੋਂ ਬੋਲਣ ਲਈ ਸਮਾਂ ਦਿੱਤਾ ਗਿਆ। ਮੇਰੇ ਕੋਲ਼ ਸਮਾਂ ਬਹੁਤ ਘੱਟ ਹੋਣ ਕਾਰਨ ਸਾਰੇ ਸਮਾਗਮ ਬੜੀ ਤੇਜ਼ੀ ਨਾਲ਼ ਨਿਪਟਾਏ ਜਾ ਰਹੇ ਸਨ। ਹਰਜੀਤ ਗਿੱਲ ਮੇਰੇ ਨਾਲ਼ 'ਊਰੀ' ਬਣਿਆਂ ਫਿ਼ਰਦਾ ਸੀ।
ਅਗਲੇ ਦਿਨ 13 ਅਪ੍ਰੈਲ ਨੂੰ ਮੇਰੀ ਵੈਨਕੂਵਰ ਤੋਂ ਟੋਰੌਂਟੋ ਦੀ ਫ਼ਲਾਈਟ ਸੀ। ਫ਼ਲਾਈਟ ਦੁਪਿਹਰ 12:30 'ਤੇ ਚੱਲਣੀ ਸੀ ਅਤੇ ਟੋਰੌਂਟੋ ਦੇ ਸਮੇਂ ਅਨੁਸਾਰ ਸ਼ਾਮ 7:53 'ਤੇ ਉਤਰਨੀ ਸੀ। 
ਰਾਤ ਨੂੰ ਮੈਂ ਅਤੇ ਹਰਜੀਤ ਗਿੱਲ ਨੇ ਪ੍ਰੋਗਰਾਮ ਬਣਾਇਆ ਕਿ ਸਵੇਰੇ ਨੌਂ ਵਜੇ ਮੈਂ ਤਿਆਰ ਰਹਾਂ। ਹਰਜੀਤ ਮੈਨੂੰ ਸਵੇਰੇ ਨੌਂ ਵਜੇ ਹੋਟਲ 'ਸੁਪਰ-8' ਵਿਚੋਂ ਚੁੱਕ ਕੇ 'ਪੰਜਾਬ ਗਾਰਡੀਅਨ' ਦੇ ਦਫ਼ਤਰ ਛੱਡ ਆਵੇਗਾ ਅਤੇ ਅੱਗੇ ਮੈਨੂੰ ਬਾਈ ਕਮਲਜੀਤ ਸਿੰਘ ਵੈਨਕੂਵਰ ਏਅਰਪੋਰਟ ਤੋਂ ਫ਼ਲਾਈਟ ਕਰਵਾ ਆਵੇਗਾ। ਹਰਜੀਤ ਨੇ ਦੁਪਿਹਰ ਗਿਆਰਾਂ ਵਜੇ ਤੋਂ ਇਕ ਵਜੇ ਤੱਕ ਰੇਡੀਓ 'ਤੇ ਪ੍ਰੋਗਰਾਮ ਦੇਣਾ ਸੀ। 
ਸੋ ਅਗਲੇ ਦਿਨ ਮੈਂ ਸਵੇਰੇ ਪੂਰੇ ਨੌਂ ਵਜੇ ਤਿਆਰ ਹੋ ਕੇ ਹੇਠਾਂ ਹੋਟਲ ਦੇ 'ਲੌਂਜ' ਵਿਚ ਆ ਗਿਆ ਅਤੇ ਹਰਜੀਤ ਵੀ ਸਹੀ ਟਾਈਮ 'ਤੇ ਹੀ ਪੁੱਜ ਗਿਆ। ਜਦ ਹਰਜੀਤ ਹੋਟਲ਼ ਦੀ ਰਿਸੈਪਸ਼ਨ 'ਤੇ 'ਹਿਸਾਬ-ਕਿਤਾਬ' ਕਰਨ ਲੱਗਿਆ ਤਾਂ ਰਿਸੈਪਸਨਿਸਟ ਚੀਨੀ ਮੂਲ ਦੀ ਕੁੜੀ ਆਖਣ ਲੱਗੀ ਕਿ ਤੁਹਾਡਾ ਸੁਈਟ ਤਾਂ 'ਕੰਪਲੀਮੈਂਟਰੀ' ਹੈ, ਸੋ ਅਸੀਂ ਕੋਈ ਪੈਸਾ ਨਹੀਂ ਲੈਣਾਂ! ਹਰਜੀਤ ਨੇ ਹੋਟਲ ਦੇ ਮਾਲਕ ਬਾਈ ਨਛੱਤਰ ਕੂਨਰ ਨੂੰ ਫ਼ੋਨ ਕੀਤਾ ਤਾਂ ਉਸ ਨੇ ਕਿਹਾ ਕਿ ਜੱਗੀ ਕੁੱਸਾ ਸਾਡੇ ਪਿੰਡਾਂ ਦਾ ਹੀ ਮੁੰਡਾ ਹੈ, ਅਸੀਂ ਇਹਦੀਆਂ ਰਚਨਾਵਾਂ ਪੜ੍ਹਦੇ ਹੀ ਰਹਿੰਦੇ ਹਾਂ, ਅਸੀਂ ਕੋਈ ਪੈਸਾ ਨਹੀਂ ਲੈਣਾ! ਸਾਨੂੰ ਤਾਂ ਸਗੋਂ ਖ਼ੁਸ਼ੀ ਹੈ ਕਿ ਇਹ ਬੰਦਾ ਸਾਡੇ ਹੋਟਲ ਵਿਚ ਆ ਕੇ ਰਿਹਾ। ਹਰਜੀਤ ਗਿੱਲ ਨੇ ਬਾਈ ਨਛੱਤਰ ਕੂਨਰ ਦਾ ਧੰਨਵਾਦ ਕੀਤਾ ਅਤੇ ਅਸੀਂ ਮੇਰਾ ਸਮਾਨ ਚੁੱਕ ਕੇ 'ਪੰਜਾਬ ਗਾਰਡੀਅਨ' ਦੇ ਦਫ਼ਤਰ ਆ ਗਏ। ਇੱਥੇ ਬਾਈ ਸੁਖਮਿੰਦਰ ਸਿੰਘ ਚੀਮਾਂ, ਇੰਟਰਨੈਸ਼ਨਲ ਹਿਊਮਨ ਰਾਈਟਸ ਦੇ ਚੇਅਰਮੈਨ, ਐਡਵੋਕੇਟ ਡੀ.ਐੱਸ. ਗਿੱਲ, ਬਾਈ ਕਮਲਜੀਤ ਸਿੰਘ ਅਤੇ ਹੋਰ ਸੱਜਣ ਮਿੱਤਰ ਹਾਜ਼ਰ ਸਨ। ਉਥੋਂ ਯਾਰਾਂ ਮਿੱਤਰਾਂ ਨਾਲ਼ ਚਾਹ ਪੀ ਕੇ ਗਲਵਕੜੀਆਂ ਪਾਈਆਂ, ਬਾਈ ਹਰਕੀਰਤ ਸਿੰਘ ਕੁਲਾਰ, ਮੁੱਖ ਸੰਪਾਦਕ ਪੰਜਾਬ ਗਾਰਡੀਅਨ ਦਾ ਧੰਨਵਾਦ ਕੀਤਾ ਅਤੇ ਬਾਈ ਕਮਲਜੀਤ ਸਿੰਘ ਅਤੇ ਮੈਂ ਵੈਨਕੂਵਰ ਏਅਰਪੋਰਟ ਨੂੰ ਤੁਰ ਪਏ। ਕਾਰ ਵਿਚ ਫਿ਼ਰ ਰੇਡੀਓ ਸ਼ੇਰੇ ਪੰਜਾਬ ਚੱਲ ਰਿਹਾ ਸੀ ਅਤੇ ਹਰਜੀਤ ਬੋਲ ਰਿਹਾ ਸੀ, "ਤਿੰਨ ਦਿਨ ਬਾਈ ਜੱਗੀ ਕੁੱਸਾ ਰਿਹਾ ਵੈਨਕੂਵਰ ਤੇ ਸਰੀ ਵਿਚ..! ਭੂਤਨੀ ਭੁੱਲੀ ਰਹੀ ਸਾਡੀ..! ਛੜਿਆਂ ਦੇ ਘਰੇ ਮਸਾਂ ਜੰਮੇ ਜੁਆਕ ਵਾਂਗੂੰ ਚੱਟ-ਚੱਟ ਕੇ ਲਾਲ ਰੱਤਾ ਕਰਤਾ ਉਹਦੇ ਪ੍ਰਸ਼ੰਸਕਾਂ ਨੇ..! ਭਾਲਿ਼ਆ ਨੀ ਥਿਆਇਆ ਕਿਤੇ..! ਉਹਦੇ ਪੇਂਡੂ ਮੈਨੂੰ ਉਲਾਂਭਾ ਦਿੰਦੇ ਰਹੇ..! ਅਖੇ ਮੈਂ ਜੱਗੀ ਕੁੱਸਾ ਨੂੰ 'ਕਿੱਡਨੈਪ' ਕਰ ਲਿਐਂ..! ਉਹਨੂੰ ਤਾਂ ਮੈਂ ਖ਼ੁਦ ਰਾਤ ਨੂੰ ਮਸਾਂ ਭਾਲ਼ਦਾ ਸੀ..! ਬਾਈ ਆਪ ਤਾਂ ਜਾ ਰਿਹੈ ਅੱਜ ਟੋਰੌਂਟੋ ਨੂੰ..! ਪਰ ਮੇਰਾ ਅੱਧਾ ਵੈਨਕੂਵਰ ਤੇ ਸਰੀ ਵੈਰੀ ਬਣਾ ਗਿਐ..! ਹੁਣ ਲਿਖੂਗਾ ਜਾ ਕੇ ਕੈਨੇਡਾ ਫ਼ੇਰੀ...!" ਮੈਂ ਅਤੇ ਕਮਲਜੀਤ ਉਸ ਦੇ ਇਹ ਬੋਲ ਸੁਣਦੇ ਉਚੀ-ਉਚੀ ਹੱਸ ਰਹੇ ਸਾਂ! 
ਸਵੇਰੇ ਗਿਆਰਾਂ ਕੁ ਵਜੇ ਵੈਨਕੂਵਰ ਏਅਰਪੋਰਟ ਪਹੁੰਚ ਕੇ ਮੈਂ 'ਚੈੱਕ-ਇੰਨ' ਕਰਵਾਈ। ਏਅਰ ਕੈਨੇਡਾ ਦੀ 064 ਫ਼ਲਾਈਟ ਗੇਟ 'ਸੀ-50' ਤੋਂ ਸਹੀ ਸਮੇਂ 'ਤੇ ਹੀ ਜਾ ਰਹੀ ਸੀ। ਬਾਈ ਕਮਲਜੀਤ ਸਿੰਘ ਨਾਲ਼ ਅਪਣੱਤ ਦੀਆਂ ਗਲਵਕੜੀਆਂ ਪਈਆਂ। ਕਮਲਜੀਤ ਦੇ ਫ਼ੋਨ ਤੋਂ ਹੀ ਮਿੰਟੂ ਚਾਹਲ ਨੂੰ ਫ਼ੋਨ ਕੀਤਾ ਅਤੇ ਮੈਂ ਬਾਈ ਕਮਲਜੀਤ ਨੂੰ ਫਿ਼ਰ ਜੱਫ਼ੀ ਵਿਚ ਲੈ ਕੇ ਧੰਨਵਾਦ ਕੀਤਾ ਅਤੇ ਏਅਰਪੋਰਟ ਦੇ ਅੰਦਰ ਤੁਰ ਪਿਆ...।

ਬਾਕੀ ਅਗਲੇ ਹਫ਼ਤੇ....