ਸਿੱਖ ਧਰਮ ਵਿਚ ਇਸਤਰੀ ਦਾ ਸਥਾਨ ਬਨਾਮ ਕੰਨਿਆਂ ਭਰੂਣ ਹੱਤਿਆ.......... ਲੇਖ / ਗਿਆਨੀ ਅਮਰੀਕ ਸਿੰਘ, ਕੁਰੂਕਸ਼ੇਤਰ

ਸਿੱਖ ਧਰਮ ਦੀ ਆਰੰਭਤਾ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਮੰਨੀ ਜਾਂਦੀ ਹੈ। ਗੁਰੂ ਨਾਨਕ ਸਾਹਿਬ ਜੀ ਦੇ ਜਨਮ ਸਮੇਂ ਹਿੰਦੂਸਤਾਨ ਵਿਚ ਵੱਖ-ਵੱਖ ਧਰਮਾਂ ਵਿਚ ਔਰਤ ਦੀ ਸਥਿਤੀ ਬੜੀ ਹੀ ਤਰਸਯੋਗ ਸੀ। ਉਸ ਨੂੰ ਧਾਰਮਿਕ ਕਾਰਜਾਂ ਵਿਚ ਭਾਈਵਾਲੀ ਦਾ ਅਧਿਕਾਰ ਨਹੀਂ ਸੀ। ਹੋਰ ਤਾਂ ਹੋਰ ਔਰਤ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ। ਕੋਈ ਔਰਤ ਧਾਰਮਿਕ ਆਗੂ ਨਹੀਂ ਸੀ ਬਣ ਸਕਦੀ। ਮਰਦਾਂ ਦੇ ਧਰਮ ਸਥਾਨਾਂ ਤੇ ਔਰਤ ਨੂੰ ਜਾਣ ਦਾ ਅਧਿਕਾਰ ਨਹੀਂ ਸੀ।

ਜਿਸ ਇਸਤਰੀ ਦਾ ਪਤੀ ਮਰ ਜਾਂਦਾ ਸੀ ਤਾਂ ਉਸ ਔਰਤ ਨੂੰ ਜ਼ਬਰਦਸਤੀ ਉਸ ਦੇ ਪਤੀ ਦੇ ਨਾਲ ਜਿੰਦਾ ਹੀ ਸਾੜ ਦਿੱਤਾ ਜਾਂਦਾ ਸੀ। ਇਸ ਪ੍ਰਥਾ ਨੂੰ ਸਤੀਪ੍ਰਥਾ ਕਿਹਾ ਜਾਂਦਾ ਸੀ। ਇਸੇ ਪ੍ਰਕਾਰ ਔਰਤ ਨੂੰ ਸਿੱਖਿਆ ਦਾ ਅਧਿਕਾਰ ਨਹੀਂ ਸੀ। ਉਹ ਧਰਮ ਗ੍ਰੰਥ ਨਹੀਂ ਸੀ ਪੜ੍ਹ ਸਕਦੀ। ਉਹ ਧਰਮ ਸਥਾਨਾਂ ਤੇ ਆ ਕੇ ਪ੍ਰਾਥਨਾ ਆਦਿ ਨਹੀਂ ਸੀ ਕਰ ਸਕਦੀ।

ਸਿੱਖ ਧਰਮ ਦੇ ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆ ਕੇ ਸਭ ਤੋਂ ਪਹਿਲਾਂ ਔਰਤ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ। ਉਹਨਾਂ ਆਪਣੀ ਬਾਣੀ ਵਿਚ ਔਰਤ ਨੂੰ ਸਤਿਕਾਰ ਦਿੰਦਿਆਂ ਕਿਹਾ:-

“ਸੋ ਕਿਉਂ ਮੰਦਾ ਆਖੀਐ ਜਿਤੁ ਜੰਮੈ ਰਾਜਾਨ।।”

ਭਾਵ ਉਸ ਇਸਤਰੀ ਨੂੰ ਮਾੜਾ ਕਿਸ ਤਰ੍ਹਾਂ ਕਿਹਾ ਜਾ ਸਕਦਾ ਹੈ ਜਿਸ ਨੇ ਰਾਜਿਆਂ-ਮਹਾਂਰਾਜਿਆਂ, ਪੀਰਾਂ-ਫ਼ਕੀਰਾਂ, ਸਾਧੂ-ਸੰਤਾਂ, ਦਰਵੇਸ਼ਾਂ ਅਤੇ ਮਹਾਂਪੁਰਸ਼ਾਂ ਨੂੰ ਜਨਮ ਦਿੱਤਾ ਹੈ। ਜਿਸ ਦੀ ਕੁੱਖ ਤੋਂ ਪੈਦਾ ਹੋ ਕੇ ਮਰਦ ਰਾਜਾ-ਮਹਾਂਰਾਜਾ ਤਾਂ ਬਣ ਸਕਦਾ ਹੈ ਪਰ ਉਸ ਨੂੰ ਜਨਮ ਦੇਣ ਵਾਲੀ ਮਾਂ ਨੂੰ ਹੀਣ ਦ੍ਰਿਸ਼ਟੀ ਨਾਲ ਦੇਖਿਆ ਜਾਂਦਾ ਹੈ। ਗੁਰੂ ਸਾਹਿਬ ਨੇ ਕਿਹਾ ਕਿ ਔਰਤ ਦੀ ਹੋਂਦ ਤੋਂ ਬਿਨਾਂ ਸ੍ਰਿਸਟੀ ਦੀ ਕਲਪਣਾ ਵੀ ਨਹੀਂ ਕੀਤੀ ਜਾ ਸਕਦੀ।
ਇੱਥੇ ਧਿਆਨ ਦੇਣ ਵਾਲੀ ਗੱਲ ਇਹ ਵੀ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਮੰਨਣ ਵਾਲੀ ਸਭ ਤੋਂ ਪਹਿਲੀ ਸਿੱਖ ਹੀ ਔਰਤ ਹੋਈ ਹੈ ਅਤੇ ਉਹ ਹੈ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੀ ਵੱਡੀ ਭੈਣ ਬੀਬੀ ਨਾਨਕੀ ਜੀ। ਬੀਬੀ ਨਾਨਕੀ ਜੀ ਨੂੰ ਸਿੱਖ ਧਰਮ ਵਿਚ ਸਭ ਤੋਂ ਪਹਿਲੀ ਸਿੱਖ ਮੰਨਿਆਂ ਜਾਂਦਾ ਹੈ। ਸਭ ਤੋਂ ਪਹਿਲਾਂ ਉਹਨਾਂ ਹੀ ਗੁਰੂ ਨਾਨਕ ਸਾਹਿਬ ਦੀ ਪਹਿਚਾਣ ਕੀਤੀ ਕਿ ਇਹ ਰੱਬੀ ਅਵਤਾਰ ਹਨ।
ਇਸੇ ਤਰ੍ਹਾਂ ਸਿੱਖ ਇਤਿਹਾਸ ਵਿਚ ਅਨੇਕਾਂ ਸਿੱਖ ਬੀਬੀਆਂ ਦੀ ਕੁਰਬਾਨੀ ਅਤੇ ਬਹਾਦਰੀ ਦੇ ਕਿੱਸੇ ਪ੍ਰਚੱਲਤ ਹਨ। ਮਾਤਾ ਗੁਜਰੀ, ਮਾਈ ਭਾਗੋ, ਬੀਬੀ ਭਾਨੀ, ਮਾਤਾ ਖੀਵੀ, ਮਾਤਾ ਸਾਹਿਬ ਕੌਰ ਅਤੇ ਮਾਤਾ ਗੰਗਾ ਜੀ ਵਰਗੀਆਂ ਅਨੇਕਾਂ ਸਿੱਖ ਬੀਬੀਆਂ ਨੇ ਆਪਣੇ ਵੱਡਮੁੱਲੇ ਯੋਗਦਾਨ ਨਾਲ ਸਿੱਖ ਇਤਿਹਾਸ ਨੂੰ ਸ਼ਿੰਗਾਰਿਆ ਹੈ।
ਗੁਰੂ ਸਾਹਿਬਾਨ ਨੇ ਔਰਤ ਨੂੰ ਮਰਦ ਦੇ ਬਰਾਬਰ ਦੇ ਅਧਿਕਾਰ ਦਿੱਤੇ ਹਨ। ਔਰਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰ ਸਕਦੀ ਹੈ। ਉਹ ਪੰਜਾਂ ਪਿਆਰਿਆਂ ਵਿਚ ਸ਼ਾਮਲ ਹੋ ਕੇ ਅੰਮ੍ਰਿਤਪਾਨ ਕਰਵਾ ਸਕਦੀ ਹੈ ਅਤੇ ਮਰਦਾਂ ਦੀ ਤਰ੍ਹਾਂ ਅੰਮ੍ਰਿਤਪਾਨ ਕਰ ਵੀ ਸਕਦੀ ਹੈ। ਉਹ ਰਾਗੀ, ਗ੍ਰੰਥੀ, ਕਥਾਵਾਚਕ, ਢਾਡੀ, ਕਵੀਸ਼ਰ ਆਦਿ ਧਰਮ ਪ੍ਰਚਾਰਕ ਦੀ ਡਿਊਟੀ ਨਿਭਾ ਸਕਦੀ ਹੈ।
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ 30 ਮਾਰਚ 1699 ਈ. ਨੂੰ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਦੀ ਦਾਤ ਦਿੱਤੀ ਤਾਂ ਮਾਤਾ ਸਾਹਿਬ ਕੌਰ ਨੇ ਪਤਾਸੇ ਪਾ ਕੇ ਅੰਮ੍ਰਿਤ ਵਿਚ ਮਿਠਾਸ ਪਾਈ ਸੀ ਅਤੇ ਗਰੂ ਸਾਹਿਬ ਨੇ ਮਾਤਾ ਜੀ ਨੂੰ ਖਾਲਸੇ ਦੀ ਧਰਮ ਮਾਤਾ ਹੋਣ ਦਾ ਵਰ ਦਿੱਤਾ ਸੀ।
ਮਾਤਾ ਗੁਜਰੀ ਨੇ ਆਪਣੇ ਯੋਗਦਾਨ ਨਾਲ ਔਰਤ ਦੇ ਸਤਿਕਾਰ ਨੂੰ ਚਾਰ ਚੰਨ ਲਗਾਏ ਹਨ। ਉਹਨਾਂ ਆਪਣਾ ਪਤੀ, ਪੋਤਰੇ, ਪੁੱਤਰ ਅਤੇ ਨੂੰਹਆਂ ਸਾਰਾ ਪਰਿਵਾਰ ਧਰਮ ਦੇ ਲੇਖੇ ਲਾ ਦਿੱਤਾ ਪਰੰਤੂ ਕਦੇ ਮਨ ਨਹੀਂ ਡੋਲਾਇਆ ਬਲਕਿ ਵਾਹਿਗੁਰੂ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆਂ ਹੈ। ਉਹਨਾਂ ਆਪਣੇ ਛੋਟੇ ਪੋਤਰਿਆਂ ਨੂੰ ਧਰਮ ਦੀ ਰੱਖਿਆ ਖ਼ਾਤਰ ਸ਼ਹੀਦੀ ਦੇਣ ਲਈ ਪ੍ਰੇਰਿਤ ਕੀਤਾ ਅਤੇ ਧਰਮ ਦੀ ਰੱਖਿਆ ਕਰਦਿਆਂ ਖ਼ੁਦ ਆਪਣੀ ਵੀ ਸ਼ਹੀਦੀ ਦੇ ਦਿੱਤੀ। ਅਜਿਹੀ ਮਿਸਾਲ ਸ਼ਾਇਦ ਹੀ ਸੰਸਾਰ ਵਿਚ ਕਿਤੇ ਹੋਰ ਮਿਲੇ ਜਿਹੜੀ ਮਾਤਾ ਗੁਜਰੀ ਨੇ ਕਾਇਮ ਕੀਤੀ ਹੈ।
ਇਸੇ ਤਰ੍ਹਾਂ ਮਾਈ ਭਾਗੋ ਜੀ ਨੇ ਮਹਾਨ ਸਿੱਖ ਜਰਨੈਲ ਭਾਈ ਮਹਾਂ ਸਿੰਘ ਅਤੇ ਹੋਰ ਸਿੰਘਾਂ ਨੂੰ ਅਜਿਹੀ ਵੰਗਾਰ ਪਾਈ ਕਿ ਉਹ ਦਸ਼ਮੇਸ਼ ਪਿਤਾ ਜੀ ਦੀ ਸੇਵਾ ਵਿਚ ਜੰਗ ਨੂੰ ਚੱਲ ਪਏ। ਇਹਨਾਂ ਸਿੰਘਾਂ ਨੇ ਧਰਮ ਦੀ ਰੱਖਿਆ ਲਈ ਆਪਣੇ ਬਲੀਦਾਨ ਦੇ ਦਿੱਤੇ। ਇਹਨਾਂ ਨੂੰ ਕੁਰਬਾਨੀ ਦਾ ਪਾਠ ਪੜਾਉਣ ਵਾਲੀ ਔਰਤ ਹੀ ਸੀ। 
ਅੱਜ ਤੋਂ 300-350 ਸਾਲ ਪਹਿਲਾਂ ਰਾਜਸਥਾਨ ਦੇ ਕੁੱਝ ਰਾਜਪੂਤ ਕਬੀਲਿਆਂ ਵਿਚ ਕੰਨਿਆਂ ਨੂੰ ਪੈਦਾ ਹੋਣ ਉਪਰੰਤ ਜ਼ਮੀਨ ਵਿਚ ਜਿ਼ੰਦਾ ਹੀ ਦਫ਼ਨਾ ਦਿੱਤਾ ਜਾਂਦਾ ਸੀ ਕਿਉਂਕਿ ਇਹਨਾਂ ਕਬੀਲਿਆਂ ਵਿਚ ਕੰਨਿਆਂ ਨੂੰ ਮੰਦਭਾਗਾ ਸਮਝਿਆ ਜਾਂਦਾ ਸੀ। ਪਰਤੂੰ ਅਜੋਕੇ ਸਮੇਂ ਸਾਈਂਸ ਦੀ ਤਰੱਕੀ ਦੇ ਨਾਲ ਹੀ ਕੰਨਿਆਂ ਤੋਂ ਜਨਮ ਲੈਣ ਦਾ ਅਧਿਕਾਰ ਵੀ ਖੋਹ ਲਿਆ ਗਿਆ ਹੈ।
ਅੱਜ ਤਾਂ ਕੰਨਿਆ ਨੂੰ ਜਨਮ ਲੈਣ ਤੋਂ ਪਹਿਲਾਂ ਹੀ ਗਰਭ ਵਿਚ ਹੀ ਕਤਲ ਕਰ ਦਿੱਤਾ ਜਾਂਦਾ ਹੈ। ਇੱਥੇ ਧਿਆਨਦੇਣ ਵਾਲੀ ਗੱਲ ਇਹ ਹੈ ਕਿ ਪੂਰੇ ਭਾਰਤ ਵਿਚ ਸਾਡੇ ਉੱਤਰ ਰਾਜ ਜਿਵੇਂ ਹਰਿਆਣਾ, ਪੰਜਾਬ, ਹਿਮਾਚਲ-ਪ੍ਰਦੇਸ਼, ਰਾਜਸਥਾਨ ਅਤੇ ਜੰਮੂ-ਕਸ਼ਮੀਰ ਕੰਨਿਆਂ-ਭਰੂਣ ਹੱਤਿਆ ਵਿਚ ਸਭ ਤੋਂ ਮੌਹਰੀ ਹਨ।
ਕੰਨਿਆਂ ਭਰੂਣ ਹੱਤਿਆ ਦੇ ਮਾਮਲਿਆਂ ਵਿਚ ਪੰਜਾਬ ਪੂਰੇ ਭਾਰਤ ਵਿਚ ਪਹਿਲੇ ਥਾਂ ਤੇ ਹੈ। ਸਾਡੇ ਲਈ ਇਹ ਬੜੀ ਸ਼ਰਮ ਦੀ ਗੱਲ ਹੈ ਕਿ ਜਿਸ ਧਰਤੀ ਤੇ ਸਾਡੇ ਗੁਰੂਆਂ, ਪੀਰਾਂ-ਫ਼ਕੀਰਾਂ ਨੇ ਇਸਤਰੀ ਨੂੰ ਸਤਿਕਾਰ ਦੇਣ ਹਿੱਤ ਲੋਕਾਂ ਨੂੰ ਜਾਗਰੁਕ ਕੀਤਾ ਸੀ ਔਰਤ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ ਸੀ ਅੱਜ ਉਸੇ ਧਰਤੀ ਤੇ ਸਭ ਤੋਂ ਵੱਧ ਧੀਆਂ ਦੇ ਭਰੂਣ ਵਿਚ ਹੀ ਕਤਲ ਹੋ ਰਹੇ ਹਨ। 
ਦੁਨੀਆਂ ਵਿਚ ਮੌਜੂਦ ਸਾਰੇ ਧਰਮ ਗ੍ਰੰਥਾਂ ਅਤੇ ਗੁਰੂ ਸਾਹਿਬਾਨ ਦੀ ਸਿੱਖਿਆ ਇਹ ਹੈ ਕਿ ਕੰਨਿਆਂ ਵੀ ਆਪਣੇ ਫ਼ਰਜ ਮਰਦ ਵਾਂਗ ਹੀ ਚੰਗੇ ਢੰਗ ਨਾਲ ਨਿਭਾ ਸਕਦੀ ਹੈ। ਉਸ ਨੂੰ ਵੀ ਜਨਮ ਲੈਣ ਦਾ ਅਧਿਕਾਰ ਹੈ। 
ਕੀ ਪਤਾ ਤੁਹਾਡੇ ਘਰ ਪੈਦਾ ਹੋਣ ਵਾਲੀ ਲੜਕੀ ਕਲਪਣਾ ਚਾਵਲਾ, ਕਿਰਨ ਬੇਦੀ, ਪ੍ਰਤਿਭਾ ਪਾਟੀਲ, ਮਹਾਂਰਾਣੀ ਲਕਸ਼ਮੀ ਬਾਈ, ਮਾਈ ਭਾਗੋ, ਮਦਰ ਟੈਰੇਸਾ ਅਤੇ ਅੰਮ੍ਰਿਤਾ ਪ੍ਰੀਤਮ ਵਰਗੀ ਬਣ ਜਾਵੇ ਅਤੇ ਸਫ਼ਲਤਾ ਦੇ ਝੰਡੇ ਗੱਡ ਦੇਵੇ...?
ਅੱਜ ਕੁੜੀਆਂ ਹਰ ਖੇਤਰ ਵਿਚ ਮੁੰਡਿਆਂ ਦੇ ਬਰਾਬਰ ਕੰਮ ਕਰ ਰਹੀਆਂ ਹਨ। ਆਮਤੋਰ ਤੇ ਦੇਖਿਆ ਜਾ ਰਿਹਾ ਹੈ ਕਿ ਯੂਨੀਵਰਸਿਟੀਆਂ ਵਿਚ ਜਦੋਂ ਕਿਸੇ ਕਲਾਸ ਦਾ ਨਤੀਜਾ ਐਲਾਨ ਹੁੰਦਾ ਹੈ ਤਾਂ ਪਹਿਲੇ 9 ਸਥਾਨਾਂ ਤੇ ਕੁੜੀਆਂ ਦਾ ਹੀ ਕਬਜ਼ਾ ਹੁੰਦਾ ਹੈ। ਪੱਤਰਕਾਰਤਾ, ਧਰਮ, ਅਧਿਆਪਨ, ਸਾਈਂਸ, ਤਕਨੋਲਜੀ, ਮੈਡੀਕਲ, ਸਾਹਿਤ, ਵਿਗਿਆਨ, ਭੂਗੋਲ, ਅਰਥਸ਼ਾਸ਼ਤਰ, ਸੰਗੀਤ ਅਤੇ ਨਿਆਂ ਮਾਮਲਿਆਂ ਵਿਚ ਕੁੜੀਆਂ ਦੀ ਭਾਗੀਦਾਰੀ ਕਿਸੇ ਗੱਲੋਂ ਵੀ ਮੁੰਡਿਆਂ ਨਾਲੋਂ ਘੱਟ ਨਹੀਂ ਹੈ ਬਲਕਿ ਅੱਜ ਹਰ ਖੇਤਰ ਵਿਚ ਔਰਤਾਂ ਨੇ ਆਪਣੀ ਕਾਮਯਾਬੀ ਦੇ ਝੰਡੇ ਗੱਡੇ ਹਨ।
ਜਦੋਂ ਇਕ ਇਸਤਰੀ ਕਿਸੇ ਦੇਸ਼ ਦੀ ਰਾਸ਼ਟਰਪਤੀ, ਸੂਬੇ ਦੀ ਮੁੱਖਮੰਤਰੀ ਅਤੇ ਰਾਜਪਾਲ ਬਣ ਸਕਦੀ ਹੈ ਤਾਂ ਉਸ ਨੂੰ ਕਿਸੇ ਗੱਲੋਂ ਘੱਟ ਕਿਸ ਤਰ੍ਹਾਂ ਕਿਹਾ ਜਾ ਸਕਦਾ ਹੈ। ਦਿੱਲੀ ਵਿਖੇ ਹੁਣੇ ਹੋਏ ਰਾਸ਼ਟਮੰਡਲ ਖੇਡਾਂ ਵਿਚ ਕੁੜੀਆਂ ਨੇ ਕੁਸ਼ਤੀ ਅਤੇ ਮੁੱਕੇਬਾਜੀ ਵਿਚ ਮੁੰਡਿਆਂ ਦੇ ਮੁਕਾਬਲੇ ਵੱਧ ਸੋਨੇ ਦੇ ਮੈਡਲ ਜਿੱਤੇ ਹਨ।
ਕੋਈ ਧਰਮ ਔਰਤ ਦੇ ਜ਼ੁਲਮ ਕਰਨ ਲਈ ਨਹੀਂ ਕਹਿੰਦਾ ਹੈ। ਜਿੱਥੇ ਸਿੱਖ ਧਰਮ ਵਿਚ ਔਰਤ ਨੂੰ ਸਤਿਕਾਰ ਦੀ ਨਿਗ੍ਹਾਂ ਨਾਲ ਦੇਖਿਆ ਜਾਂਦਾ ਹੈ ਉੱਥੇ ਇਸਲਾਮ ਵਿਚ ਕਿਹਾ ਗਿਆ ਹੈ ਕਿ ਮਾਂ ਦੇ ਪੈਰਾਂ ਹੇਠ ਸਵਰਗ ਹੈ ਅਤੇ ਹਿੰਦੂ ਧਰਮ ਵਿਚ ਕੰਨਿਆਂ-ਪੂਜਨ ਕੀਤਾ ਜਾਂਦਾ ਹੈ। ਔਰਤ ਨੂੰ ਦੇਵੀ ਦਾ ਰੂਪ ਮੰਨਿਆਂ ਜਾਂਦਾ ਹੈ।
ਇਹ ਸਾਡੀ ਮਾੜੀ ਸੋਚ ਅਨਪੜਤਾ ਦਾ ਪ੍ਰਤੀਕ ਹੈ ਕਿ ਅਸੀਂ ਕਹਿੰਦੇ ਹਾਂ ਕਿ ਮੁੰਡਿਆਂ ਨਾਲ ਖਾਨਦਾਨ ਦਾ ਨਾਮ ਚੱਲਦਾ ਹੈ ਪਰੰਤੂ ਜੇਕਰ ਲੜਕੇ ਮਾੜੇ ਨਿਕਲ ਜਾਣ ਤਾਂ ਉਹੀ ਮਾਤਾ-ਪਿਤਾ ਸਭ ਤੋਂ ਜਿਆਦਾ ਦੁਖੀ ਹੁੰਦੇ ਹਨ ਜਿਨ੍ਹਾਂ ਨੇ ਪੁੱਤਰਾਂ ਦੇ ਜਨਮ ਤੇ ਜਸ਼ਨ ਮਨਾਏ ਹੁੰਦੇ ਹਨ।
ਇਸ ਤੋਂ ਇਲਾਵਾ ਕੰਨਿਆਂ ਭਰੂਣ ਹੱਤਿਆ ਲਈ ਇਕ ਹੋਰ ਕਾਰਨ ਵੀ ਹੈ ਅਤੇ ਉਹ ਹੈ ਦਾਜ ਪ੍ਰਥਾ। ਕੰਨਿਆਂ ਭਰੂਣ ਹੱਤਿਆ ਲਈ ਦਾਜ ਪ੍ਰਥਾ ਵੀ ਬਰਾਬਰ ਦੀ ਜਿੰ਼ਮੇਵਾਰ ਹੈ। ਲੜਕੀ ਦੇ ਵਿਆਹ ਤੇ ਲਾਲਚੀ ਸਾਹੁਰਿਆਂ ਵੱਲੋਂ ਚੋਖੇ ਦਾਜ ਦੀ ਮੰਗ ਕੀਤੀ ਜਾਂਦੀ ਹੈ। ਇਸ ਲਈ ਜਦੋਂ ਲੜਕੀ ਦਾ ਜਨਮ ਹੁੰਦਾ ਹੈ ਤਾਂ ਗ਼ਰੀਬ ਮਾਂ-ਬਾਪ ਦਾਜ ਪ੍ਰਥਾ ਦੇ ਚੱਲਦਿਆਂ ਕੰਨਿਆਂ ਨੂੰ ਕੁੱਖ ਵਿਚ ਹੀ ਕਤਲ ਕਰ ਦਿੰਦੇ ਹਨ ਤਾਂ ਕਿ ਉਹਨਾਂ ਨੂੰ ਦਾਜ ਨਾ ਦੇਣਾ ਪਵੇ। ਪਰ ਜੇਕਰ ਅਸੀਂ ਇਸੇ ਤਰ੍ਹਾਂ ਕੁੱਖ ਵਿਚ ਹੀ ਧੀਆਂ ਦਾ ਕਤਲ ਕਰਦੇ ਰਹੇ ਤਾਂ ਨੂੰਹਆਂ ਕਿੱਥੋਂ ਲੈ ਕੇ ਆਵਾਂਗੇ। ਅੱਜ ਜੇਕਰ ਨੌਜਵਾਨ ਵਰਗ ਦਾਜ ਨਾ ਲੈਣ ਦਾ ਪ੍ਰਣ ਕਰ ਲਵੇ ਤਾਂ ਸ਼ਾਇਦ ਇਹਨਾਂ ਕਤਲਾਂ ਦੀ ਗਿਣਤੀ ਘੱਟ ਹੋ ਸਕਦੀ ਹੈ। ਇਸ ਲਈ ਨੌਜਵਾਨਾਂ ਨੂੰ ਵੀ ਅੱਗੇ ਆਉਣਾ ਪਵੇਗਾ।
ਕੇਂਦਰ ਅਤੇ ਰਾਜ ਸਰਕਾਰ ਨੂੰ ਚਾਹੀਦਾ ਹੈ ਕਿ ਜੇਕਰ ਕੋਈ ਹਸਪਤਾਲ ਕੰਨਿਆਂ ਭਰੂਣ ਹੱਤਿਆ ਦੇ ਜ਼ੁਰਮ ਵਿਚ ਸ਼ਾਮਲ ਪਾਇਆ ਜਾਂਦਾ ਹੈ ਜਾਂ ਜਨਮ ਤੋਂ ਪਹਿਲਾਂ ਭਰੂਣ ਚੈੱਕ ਕੀਤਾ ਜਾਂਦਾ ਹੈ ਤਾਂ ਉਸ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਅਤੇ ਨਾਲ ਹੀ ਉਸ ਡਾਕਟਰ ਖਿਲਾਫ਼ ਵੀ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਜੋ ਇਸ ਜ਼ੁਰਮ ਵਿਚ ਸ਼ਾਮਲ ਹੁੰਦਾ ਪਾਇਆ ਜਾਂਦਾ ਹੈ।
ਅੱਜ ਔਰਤ ਹੀ ਔਰਤ ਦੀ ਸਭ ਤੋਂ ਵੱਡੀ ਦੁਸ਼ਮਣ ਬਣੀ ਹੋਈ ਹੈ। ਦਾਦੀ ਨੂੰ ਆਪਣੇ ਪੁੱਤਰ ਦੇ ਘਰ ਕੁੜੀ ਦਾ ਜਨਮ ਨਹੀਂ ਚਾਹੀਦਾ ਬਲਕਿ ਉਹ ਪੋਤਰੇ ਦਾ ਮੂੰਹ ਦੇਖਣਾ ਚਾਹੁੰਦੀ ਹੈ ਪਰ ਪੋਤਰੀ ਦਾ ਨਹੀਂ। ਇਕ ਧੀ ਤੋਂ ਬਾਅਦ ਜਦੋਂ ਦੂਜੀ ਵਾਰ ਚੈੱਕਅਪ ਕਰਵਾਇਆ ਜਾਂਦਾ ਤਾਂ ਜੇ ਕੁੜੀ ਹੋਵੇ ਤਾਂ ਮਾਂ ਖ਼ੁਦ ਹੀ ਆਪਣੀ ਬੱਚੀ ਨੂੰ ਕਤਲ ਕਰਵਾਉਣ ਦੀ ਪਹਿਲ ਕਰਦੀ ਹੈ ਸੋ ਔਰਤ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੁਕ ਹੋਣਾ ਪਵੇਗਾ। 

****
ਮੁੱਖ ਗ੍ਰੰਥੀ, ਗੁਰਦੁਆਰਾ 7ਵੀਂ ਪਾਤਸ਼ਾਹੀ, ਚੱਕਰਵਰਤੀ ਮੁਹੱਲਾ, ਥਾਨੇਸਰ, ਜਿ਼ਲ੍ਹਾ ਕੁਰੂਕਸ਼ੇਤਰ (ਹਰਿਆਣਾ)
ਮੋਬਾਈਲ +91 98961 61534



ਸੁਣੋ ! ਵਣਜਾਰਿਆਂ ਦੀ ਦਾਸਤਾਨ.......... ਲੇਖ / ਰਣਜੀਤ ਸਿੰਘ ਦੂਲੇ


ਹਾਂ ਜੀ, ‘ਵਣਜਾਰੇ‘ ਮੇਰਾ ਕਹਿਣ ਦਾ ਭਾਵ ਹੈ, ਸ਼ਿਕਲੀਗਰ ਵਣਜਾਰੇ! ਜਾਣੀ ਕਿ ‘ਸ਼ਿਕਲ‘ ਕਰਨ ਵਾਲੇ, ਲੋਹੇ ਤੋਂ ਜੰਗ ਲਾਹੁਣ ਵਾਲੇ ਅਤੇ ਵਣਜ, ਜਾਣੀ ਵਪਾਰ ਕਰਨ ਵਾਲੇ, ਹੱਥੀਂ ਮਿਹਨਤ ਮੁਸ਼ੱਕਤ ਕਰਨ ਵਾਲੇ, ਰੁੱਖੀ- ਮਿੱਸੀ ਖਾ ਕੇ ਗੁਰੂ ਦਾ ਸ਼ੁਕਰਾਨਾਂ ਕਰਨ ਵਾਲੇ, ਗੁਰੂ ਦੇ ਸਿੱਖ, ਸ਼ਿਕਲੀਗਰ ਵਣਜਾਰੇ! ਜਿਹਨਾਂ ਨੇ ਆਪਣੀਆਂ ਜਾਨਾਂ ਸਿੱਖ ਪੰਥ ਤੋਂ ਵਾਰ ਦਿੱਤੀਆਂ, ਜਿਹਨਾਂ ਨੇ ਗੁਰੂ ਸਾਹਿਬਾਂ ਦੇ ਸਮੇਂ ਆਪਣੇ ਤਨ ਮਨ ਧਨ ਦੀ ਪ੍ਰਵਾਹ ਕੀਤੇ ਬਿਨਾਂ ਹਰ ਵਕਤ ਗੁਰੂ ਜੀ ਚਰਨਾਂ ‘ਤੇ ਹਾਂ ਪੱਖੀ ਫੁੱਲ ਨਿਸ਼ਾਵਰ ਕੀਤੇ! ਤੇ ਉਸ ਸਮੇਂ ਗੁਰੂਆਂ ਨੂੰ ਵਧੀਆ ਤੋ ਵਧੀਆ ਹਥਿਆਰ ਬਣਾ ਕੇ ਦਿੰਦੇ ਰਹੇ ਅਤੇ ਹਰ ਸਮੇਂ ਗੁਰੂਆਂ ਨਾਲ ਮੋਢੇ ਨਾਲ ਮੋਢਾ ਲਾ ਕੇ ਜੰਗਾਂ ਵੀ ਲੜਦੇ ਰਹੇ ਅਤੇ ਸ਼ਹੀਦੀਆਂ ਵੀ ਪਾਉਂਦੇ ਰਹੇ ! ਗੁਰੂਆਂ ਦੀ ਬਾਣੀ ਦਾ ਪ੍ਰਚਾਰ ਵੀ ਕਰਦੇ ਰਹੇ। ਕੋਈ ਸਮਾਂ ਸੀ, ਜਿਸ ਵੇਲੇ ਇਸ ਜਾਤੀ ਨੂੰ ਸਭ ਤੋਂ ਵੱਧ ਮਾਣ ਸਤਿਕਾਰ ਦਿੱਤਾ ਜਾਂਦਾ ਸੀ ਅਤੇ ਅੱਜ ਵੀ ਤੁਸੀਂ ਪਿੰਡਾਂ ਸ਼ਹਿਰਾਂ ‘ਚ ਆਮ ਹੀ ਦੇਖ ਸਕਦੇ ਹੋ, ਜੋ ਵਿਚਾਰੇ ਲੋਹੇ ਦਾ ਛੋਟਾ ਮੋਟਾ ਕਿੱਤਾ, ਜਿਸ ਵਿੱਚ ਰੰਬੇ, ਦਾਤੀਆਂ, ਤਵੇ, ਲੋਹੇ ਦੇ ਬੱਠਲ ਆਦਿ ਬਣਾ ਕਰਕੇ ਆਪਣੀ ਜ਼ਿੰਦਗੀ ਬਸਰ ਕਰ ਰਹੇ ਨੇ! ਕਿਉਂਕਿ ਅੱਜ ਦੇ ਮਸ਼ੀਨੀ ਯੁੱਗ ਦੇ ਨਾਲ ਉਹ ਹਮਸਫਰ ਨਹੀਂ ਹੋ ਸਕਦੇ! ਗਰੀਬ ਕਿਰਤੀ ਰੋਜ਼ ਦੀ ਦਿਹਾੜੀ-ਦੱਪਾ ਕਰਕੇ ਦੋ ਡੰਗ ਦੀ ਰੋਟੀ ਤੋਂ ਵੀ ਮੁਥਾਜ ਨੇ।
“ਜਿਸ ਘਰ ਗੁਰੂ ਦੀ ਪੂਜਾ - ਉਥੇ ਨਾਮ ਨਹੀਂ ਕੋਈ ਦੂਜਾ” ਦੇ ਕਥਨ ਅਨੁਸਾਰ ਇਹਨਾਂ ਵਿਚੋਂ ਹੀ ਲਾਹੌਰ ਦਾ ਵਣਜਾਰਾ ਮਨਸੁਖ ਲਾਲ, ਗੁਰੂ ਨਾਨਕ ਦੀ ਸਿੱਖਿਆ ਤੋਂ ਪ੍ਰਭਾਵਿਤ ਹੋਕੇ ਸਿੱਖ ਸਜਿਆ ਸੀ ਅਤੇ ਜਿਸਦੀ ਪ੍ਰੇਰਨਾਂ ਸਦਕਾ ਲੰਕਾ ਦਾ ਉਸ ਵੇਲੇ ਦਾ ਰਾਜਾ ਸ਼ਿਵਲਾਤ ਵੀ ਸਿੱਖ ਧਰਮ ਅਪਨਾ ਗਿਆ ਸੀ! ਭਾਈ ਮੱਖਣ ਸ਼ਾਹ ਲੁਬਾਣਾ ਵੀ ਇਸੇ ਸ਼੍ਰੇਣੀ ਦਾ ਹੀ ਸਿੱਖ ਸੀ, ਜਿਸ ਨੇ ਉਸ ਵੇਲੇ ਦੇ ਪਾਖੰਡੀਆਂ ਵੱਲੋਂ ਨੌਵੇਂ ਗੁਰੂ, ਸ੍ਰੀ ਗੁਰੂ ਤੇਗ ਬਹਾਦਰ ਜੀ ਮੁਤੱਲਕ ਪਾਏ ਹੋਏ ਭੰਬਲਭੂਸੇ ਨੂੰ ਦੂਰ ਕੀਤਾ ਸੀ ਅਤੇ ਸੱਚੀ ਸ਼ਰਧਾ ਅਤੇ ਪ੍ਰੇਮ-ਭਾਵਨਾਂ ਨਾਲ ਅਸਲੀ ਗੁਰੂ ਦੀ ਪਹਿਚਾਣ ਕਰ ਲਈ ਅਤੇ "ਗੁਰ ਲਾਧੋ ਰੇ - ਗੁਰ ਲਾਧੋ ਰੇ" ਦਾ ਹੋਕਾ ਦਿੱਤਾ ਸੀ! ਮਸਤ ਹਾਥੀ ਦਾ ਮੂੰਹ ਭੁਆ ਦੇਣ ਵਾਲੇ ਭਾਈ ਬਚਿੱਤਰ ਸਿੰਘ ਦੀ ‘ਨਾਗਣੀ‘ ਬਾਰੇ ਅੱਜ ਵੀ ਸਾਡੇ ਢਾਡੀ, ਕਵੀਸ਼ਰ ਸੰਘ ਪਾੜ-ਪਾੜ ਕੇ ਗਾਉਂਦੇ ਨੀ ਥੱਕਦੇ, ਕਿ ਕਿਸ ਤਰ੍ਹਾਂ ਸੂਰਮੇਂ ਸਿੰਘ ਨੇ ਮੁਗਲਾਂ ਦੇ ਸ਼ਰਾਬੀ ਹਾਥੀਆਂ ਦੇ ਮੂੰਹ ਸੱਤ ਤਵੀਆਂ ਪਾੜ ਕੇ ਪੁੱਠੇ ਮੋੜੇ ਸੀ! ਇਤਿਹਾਸ ਨੂੰ ਜ਼ਰਾ ਫਰੋਲੀਏ ਤਾਂ ਪਤਾ ਲੱਗਦਾ ਹੈ ਕਿ ਭਾਈ ਦਿਆਲਾ ਜੀ, ਭਾਈ ਮਨੀ ਸਿੰਘ ਜੀ, ਭਾਈ ਜਗਤ ਸਿੰਘ ਜੀ, ਜਿਹਨਾਂ ਦੀ ਪੁੱਠੀ ਖੱਲ ਲਾਹੀ ਗਈ ਸੀ, ਤਿੰਨੇ ਹੀ ਸਕੇ ਭਰਾ ਸਨ ਅਤੇ ਇਹਨਾਂ ਦੇ ਬਾਕੀ 7 ਭਰਾਵਾਂ ਨੇ ਵੀ ਸਿੱਖ ਧਰਮ ਲਈ ਹੀ ਅਦੁਤੀ ਸ਼ਹੀਦੀਆਂ ਦਿੱਤੀਆਂ ਸਨ! ਜੇ ਸਾਰਿਆਂ ਦੇ ਨਾਮ ਵਰਨਣ ਕਰਨ ਲੱਗਾਂ ਤਾਂ ਇਹ ਕਈ ਸੈਂਕੜਿਆ ਦੀ ਗਿਣਤੀ ਵਿਚ ਹਨ! ਭਾਈ ਲੱਖੀ ਸ਼ਾਹ ਵਣਜਾਰਾ, ਜਿਸ ਨੇ ਨੌਵੇਂ ਗੁਰੂ ਸਾਹਿਬ ਜੀ ਦਾ ਅੰਤਿਮ ਸਸਕਾਰ ਆਪਣੇ ਘਰ ਨੂੰ ਅੱਗ ਲਾ ਕੇ ਕੀਤਾ ਸੀ ਅਤੇ ਅੱਜ ਵੀ ਜੇ ਦਿੱਲੀ ਵਿੱਚ ਪੁਰਾਣਾ ਰਿਕਾਰਡ ਦੇਖੀਏ ਤਾਂ ਗੁਰਦੁਆਰਾ ਚਾਂਦਨੀ ਚੌਕ, ਰਕਾਬ ਗੰਜ, ਪਾਰਲੀਮੈਂਟ ਹਾਊਸ ਅਤੇ ਹੋਰ ਸਾਰੀ ਨੇੜੇ-ਤੇੜੇ ਦੀ ਮਲਕੀਅਤ ਲੱਖੀ ਸ਼ਾਹ ਵਣਜਾਰੇ ਦੇ ਨਾਂ ਹੀ ਬੋਲਦੀ ਹੈ! ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸਾਜਿਆ, ਉਸ ਸਮੇਂ ਵੀ ਇਹਨਾਂ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ ਅਤੇ ਅੱਜ ਵੀ ਇਹ 95% ਸਿੱਖ ਹਨ ਅਤੇ ਸਿੱਖ ਮਰਿਆਦਾ ਵਿੱਚ ਰਹਿ ਕੇ ਹੀ ਉਸ ਵਾਹਿਗੁਰੂ ਦਾ ਸ਼ੁਕਰਾਨਾ
ਗਾਇਨ ਕਰ ਰਹੇ ਹਨ।
ਪਰ ਅੱਜ ਸਾਡੇ ਧਰਮ ਦੇ ‘ਵਣਜਾਰੇ‘ ਕੀ ਕਰ ਰਹੇ ਨੇ? ਅੱਜ ਧਰਮ ਅਤੇ ਸਿਆਸਤ ਦੇ ‘ਵਣਜਾਰੇ‘, ਕੀ ਇਹਨਾਂ ਦਾ ਕੰਮ ਹੁਣ ਆਪਸ ਵਿੱਚੀਂ ਇੱਕ ਦੂਜੇ ਦੀਆਂ ਲੱਤਾਂ ਖਿੱਚਣੀਆਂ, ਦਸਤਾਰਾਂ ਲਾਹੁੰਣੀਆਂ, ਜਾਂ ਆਪਸ ਵਿਚ ਸ਼੍ਰੀ ਸਾਹਿਬਾਂ ਚਲਾਉਣੀਆਂ ਹੀ ਰਹਿ ਗਿਆ ਹੈ? ਕਿਸੇ ਨੂੰ ‘ਤਲਬ‘ ਕਰ ਲਿਆ ਅਤੇ ਕਿਸੇ ਨੂੰ ਧਰਮ ‘ਚੋਂ ਛੇਕ ਦਿੱਤਾ? ਕੋਈ ਕਲੰਡਰ ਪਾੜ ਕੇ, ਚੋਲ੍ਹੇ ਨੂੰ ਪ੍ਰੈਸ ਕਰਾ-ਕਰਾ ਪਾ ਰਿਹੈ ਅਤੇ ਕੋਈ ਬਾਦਲ ਦੇ ਕਹਿਣ ‘ਤੇ “ਤੋਤਾ ਰਾਮ ਚੂਰੀ ਖਾਣੀ ਏ?” ਦੇ ਨਸ਼ੇ ਵਿਚ ਉਡਿਆ ਫਿਰਦੈ! ਕੋਈ ਦਸਮ ਗੰ੍ਰਥ ਦਾ ਅੜ੍ਹਾਟ ਪਾਈ ਜਾਂਦੈ! ਕਿਸੇ ‘ਤੇ ਕੋਈ ਅਦਾਲਤੀ ਕਾਰਵਾਈ ਕਰ ਰਿਹਾ ਹੈ ਅਤੇ ਕਿਸੇ ਤੇ ਕੋਈ...! ਕੀ ਇਹੀ ਲੜਨਾ-ਭਿੜਨਾ ਹੀ ਇਹਨਾਂ ਦੀ ਜ਼ਿੰਮੇਵਾਰੀ ਹੈ? ਇਕ ਦੂਜੇ ਨਾਲ ਪੱਗੋ-ਲੱਥੀ ਹੋਣਾ, ਕੀ ਇਹੀ ਸਿੱਖੀ ਦੀ ਪ੍ਰੰਪਰਾ ਹੈ? ਕੀ ਇਹ ਇਸ ਤਰ੍ਹਾਂ ਕੜ੍ਹੀ-ਕਲੇਸ਼ ਕਰਕੇ ਸਿੱਖ ਧਰਮ ਦੀ ‘ਸੇਵਾ‘ ਕਰ ਰਹੇ ਨੇ? ਇਸ ਤਰ੍ਹਾਂ ਦੇ ਬਹੁਤ ਸਾਰੇ
ਸਵਾਲਾਂ ਦਾ ਜਵਾਬ ਸਾਨੂੰ ਲੱਭਣਾ ਪਵੇਗਾ।
ਅੱਜ ਸਾਡੇ ਕੀਰਤਨੀਏਂ, ਕਥਾ ਵਾਚਕ, ਧਰਮ ਪ੍ਰਚਾਰਕ, ਬਾਹਰਲੀਆਂ ਸਟੇਜਾਂ ‘ਤੇ ਆ ਕੇ ਹੋਰ ਕੋਈ ਕੰਮ ਦੀ ਗੱਲ ਕਰਨ, ਚਾਹੇ ਨਾਂ ਕਰਨ, ਬੱਸ ਦੋ ਚਾਰ ਮਨਮਤਿ ਵਾਲੀਆਂ ਮਿਥਿਹਾਸਕ ਸਾਖੀਆਂ ਸੁਣਾਈਆਂ, ਦੋ ਚਾਰ ਕਿਸੇ ਵਧੀਆ ਜਿਹੀ ਤਰਜ਼ ‘ਤੇ ਸ਼ਬਦ ਪੜੇ, ਜਦੋਂ ਦੇਖਿਆ ਕਿ ਕਾਫੀ ਯੂਰੋ, ਪੌਂਡਾਂ, ਜਾਂ ਡਾਲਰਾਂ ਦੀ ਢੇਰੀ ਲੱਗ ਗਈ, ਆਖਰ ‘ਚ ਕਹਿਣਗੇ, "ਸੰਗਤਾਂ ਬੜੀਆਂ ਸ਼ਰਧਾਲੂ ਨੇ, ਬਾਹਰ ਆ ਕੇ ਵੀ ਆਪਣੀ ਮਿੱਟੀ, ਧਰਮ ਅਤੇ ਗੁਰੂਆਂ ਨੂੰ ਨਹੀਂ ਭੁੱਲੇ! .....ਤੇ ਅਸੀਂ ਤੁਹਾਨੂੰ ਬੇਨਤੀ ਕਰਦੇ ਆਂ ਕਿ ਕੇਸ ਰੱਖੋ, ਸਿੱਖੀ ਸਰੂਪ ‘ਚ ਆਓ ਤੇ ਗੁਰੂ ਵਾਲੇ ਜਹਾਜੇ ਚੜ੍ਹ ਕੇ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ! ਗੁਰੂ ਮਹਾਰਾਜ ਦੇ ਚਰਨਾਂ ‘ਚ ਵੀ ਇਹੋ ਅਰਦਾਸ ਬੇਨਤੀ ਹੈ ਕਿ ਸੰਗਤਾਂ ‘ਤੇ ਕਿਰਪਾ ਕਰੋ, ਆਪਣੇ ਲੜ ਲਾਓ ਜੀ!"
ਮੈਂ ਇਹ ਨੀ ਕਹਿੰਦਾ ਕਿ ਸਾਡੇ ਧਰਮ ਪ੍ਰਚਾਰਕ ਜਾਂ ਕੀਰਤਨੀਏਂ ਇਹ ਸਭ ਕੁਝ ਕਿਉਂ ਕਰਦੇ ਜਾਂ ਕਹਿੰਦੇ ਹਨ! ਪਰ ਉੱਥੇ ਉਹਨਾਂ ਵਣਜਾਰਿਆਂ ਕੋਲੇ ਕੋਈ ਪ੍ਰਚਾਰਕ, ਢਾਡੀ, ਕੀਰਤਨੀਆਂ ਕਿਉਂ ਨਹੀਂ ਜਾਂਦਾ? ਕੀ ਉਹ ਗੁਰੂ ਦੇ ਸਿੱਖ ਨਹੀਂ? ਉਹਨਾਂ ਨੂੰ ਸੰਗਤ ਅਤੇ ਪੰਗਤ ਦੀ ਲੋੜ ਨਹੀਂ? ਕੀ ਵਣਜਾਰਿਆਂ ਦੇ ਬੱਚੇ ਸਿੱਖੀ ਦੇ ਵਾਰਿਸ ਨਹੀਂ? ਉਹਨਾਂ ਨੂੰ ਗੁਰਬਾਣੀ ਅਤੇ ਪ੍ਰਚਾਰ ਦੀ ਲੋੜ ਨਹੀਂ? ਜੇ ਤੁਸੀਂ ਸਿੱਖੀ ਦੀ ਇਤਨੀ ਹੀ ਸੇਵਾ ਕਰ ਰਹੇ ਹੋ, ਤਾਂ ਫਿਰ ਭੇਦ ਭਾਵ ਕਿਉਂ? ਗੁਰੂਆਂ ਨੇ ਤਾਂ ਇਹਨਾਂ ਚੀਜ਼ਾਂ ਦਾ ਪੁਰਜ਼ੋਰ ਖੰਡਨ ਕੀਤਾ ਸੀ! ਫਿਰ ਇਹ, ਕਿਸੇ ਨੂੰ ਬਦਾਮ ਅਤੇ ਕਿਸੇ ਨੂੰ ਫੁੱਲੀਆਂ ਵੀ ਨਹੀਂ, ਦਾ ਪਾਖੰਡ ਕਿਉਂ ਕਰਦੇ ਨੇ? ਪਤੈ, ਬਈ ਉਹਨਾਂ ਤੋਂ ਮਿਲਣਾ ਕਰਨਾ ਤੇ ਕੁਛ ਹੈ ਨਹੀਂ, ਫਿਰ ਸੰਘ ਅੱਡਣ ਦਾ ਕੀ ਫਾਇਦਾ? ਪਰ ਮੈਂ ਇਤਨਾ ਕੁ ਜ਼ਰੂਰ ਪੁੱਛਾਂਗਾ ਕਿ ਜਿਹੜੇ ਉੱਥੇ 34, 35000 ਸਿੱਖ ਸਿੱਖੀ ਸਰੂਪ ‘ਚ (ਵਣਜਾਰੇ) ਤਰਸ ਰਹੇ ਨੇ ਕਿ ਭਾਈ ਅਸੀਂ ਦਸਾਂ ਨਹੁੰਆਂ ਦੀ ਕਿਰਤ ਕਰਕੇ ਖਾਣ ਵਾਲੇ ਹਾਂ, ਸਾਨੂੰ ਕੁਝ ਨਹੀਂ ਚਾਹੀਦਾ! ਬੱਸ, ਚਾਹੀਦਾ ਹੈ ਤਾਂ ਸਾਨੂੰ ਆਪਣੀ ਬੁੱਕਲ ‘ਚ ਲੈ ਕੇ ਇਨਾਂ ਹੀ ਕਹਿ ਦਿਓ ਕਿ ਤੁਸੀਂ ਵੀ ਸਾਡੇ ਭੈਣ-ਭਰਾ ਹੋ! ਅਤੇ ਤੁਸੀਂ ਵੀ ਸਾਡੇ ਵਾਂਗ ਗੁਰੂ ਨਾਨਕ ਦੇ ਹੀ ਸਿੱਖ ਹੋ, ਕੋਈ ਮਾੜੀ ਮੋਟੀ ਹਿੰਮਤ ਕਰ ਕੇ ਇਕ ਦੋ ਸਕੂਲਾਂ ਦਾ ਇੰਤਜ਼ਾਮ ਹੀ ਕਰ ਦਿਓ, ਕਿਉਕਿ ਉਹ ਕਮ-ਸੇ-ਕਮ ਪੰਜਾਬੀ ਨਾਲ ਤਾਂ ਜੁੜ ਸਕਣ! ਨਹੀਂ ਤੇ ਉਹ ਫਿਰ ਗੁਰਬਾਣੀ ਵੀ ਕਿਸੇ ਹੋਰ ਭਾਸ਼ਾ ‘ਚ ਹੀ ਪੜ੍ਹਨਗੇ ਅਤੇ ਹਰ ਭਾਸ਼ਾ ਆਪਣਾ ਅਸਰ ਤਾਂ ਛੱਡਦੀ ਹੀ ਹੈ, ਇਹ ਤਾਂ ਹਰ ਕੋਈ ਜਾਣਦੈ
ਸਿਆਸੀ ਅਤੇ ਧਾਰਮਿਕ ਬਾਬਿਓ...! ਕੋਈ ਫਰਕ ਨਹੀਂ ਪੈਣਾ, ਉਹ ਆ ਕੇ ਤੁਹਾਡੀ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨਹੀਂ ਲੜਨ ਲੱਗੇ! ਉਹ ਤਾਂ ਵਿਚਾਰੇ ਆਪਣਾ ਢਿੱਡ ਮਸੀਂ ਭਰਦੇ ਨੇ, ਫਿਰ ਤੁਹਾਡੇ ਕੋਲ ਤਾਂ ਅਰਬਾਂ ਦਾ ਬਜ਼ਟ ਹੈ! ਕਿੱਥੇ ਰਾਜਾ ਭੋਜ ਤੇ ਕਿੱਥੇ ਗੰਗੂ ਤੇਲੀ? ਸੋ ਇੰਨਾ ਵੀ ਡਰਨ ਦੀ ਲੋੜ ਨਹੀਂ! ਉਨ੍ਹਾਂ ‘ਚ ਕਮੀਂ ਹੀ ਕੀ ਹੈ? ਕੀ ਉਹ ਕਿਰਤ ਨਹੀਂ ਕਰਦੇ? ਵੰਡ ਕੇ ਨਹੀਂ ਛਕਦੇ? ਨਾਂਮ ਨਹੀਂ ਜਪਦੇ? ਕਮੀਂ ਹੈ, ਤਾਂ ਸਿਰਫ ਇੰਨੀ ਕਿ ਉਹ ਤੁਹਾਡੇ ਵਰਗੇ ਧਾਰਮਿਕ ਅਤੇ ਸਿਆਸੀ ਲੀਡਰਾਂ ਦੀਆਂ ਸਿਆਸੀ ਚੱਕੀ ‘ਚ ਪਿਸਣ ਦੀ, ਜਾਂ ਗਰੀਬ ਹੋਣ ਦੀ ‘ਸਜ਼ਾ‘ ਭੁਗਤ ਰਹੇ ਨੇ! ਅਜੇ ਵੀ ਸਮਾਂ ਹੈ, ਸੰਭਲ ਜਾਓ! ਇਹਨਾਂ ਨੂੰ ਆਪਣੇ ਧਰਮ ਦੀ ਬੁੱਕਲ ‘ਚ ਲੈਣ ਦੀ ਕੋਸ਼ਿਸ਼ ਕਰੋ! ਇਹ ਵਿਚਾਰੇ ਮਜਲੂਮ ਸਦੀਆਂ ਤੋਂ ਮੱਥੇ ‘ਤੇ ਹੱਥ ਰੱਖ ਕੇ ਤੁਹਾਡੀਆਂ ਰਾਹਾਂ ਤੱਕ ਰਹੇ ਨੇ! ਫਿਰ ਦੋਸ਼ ਨਾ ਦੇਣਾ ਕਿ ਇਹਨਾਂ ਨੇ ਕੋਈ ਵੱਖਰਾ ‘ਗ੍ਰੰਥ‘ ਤਿਆਰ ਕਰ ਲਿਆ, ਜਾਂ ਫਿਰ ਕਿਸੇ ਡੇਰੇ ਦੀ ਸ਼ਰਨ ਚਲੇ ਗਏ! ਡੇਰੇ, ਜੋ ਅੱਜ ਕੱਲ੍ਹ ਤੁਹਾਡੀ ‘ਕ੍ਰਿਪਾ‘ ਨਾਲ ਬਥੇਰੇ ਨੇ, ਉਹਨਾਂ ਨੂੰ ਕੋਈ ਬਹੁਤੀ
ਦੂਰ ਨਹੀਂ ਜਾਣਾ ਪੈਣਾ।
ਬਾਕੀ ਰਹੀ ਸਾਡੇ ਧਾਰਮਿਕ ਤੇ ਸਿਆਸੀ ਆਗੂਆਂ ਦੀ ਗੱਲ, ਇਨ੍ਹਾਂ ਤੋਂ ਆਸ ਰੱਖਣਾ ਤਾਂ ਸਿਪਾਹੀ ਤੋਂ ਅਫੀਮ ਮੰਗਣ ਵਾਲੀ ਗੱਲ ਹੈ! ਥੋੜ੍ਹੀ ਜਿਹੀ ਬੇਨਤੀ ਮੈ ਬਲਵੰਤ ਸਿੰਘ ਰਾਮੂਵਾਲੀਏ ਨੂੰ ਜਰੂਰ ਕਰਾਂਗਾ ਕਿ ਵੋਟਾਂ ਤੋਂ ਬਾਅਦ ਆਲੇ ‘ਚ ਮੂੰਹ ਦੇ ਕੇ ਰੋਂਦਾ ਰਹਿੰਦੈ, ਇਹ ਵੀ ਇਕ ਸੇਵਾ ਹੀ ਹੈ, ਨਾਲੇ 35, 40 000 ਸਿੱਖਾਂ ਦੀਆਂ ਵੋਟਾਂ ਪੱਕੀਆਂ! ਦੋ-ਦੋ ਕੰਮ, ਨਾਲੇ ਵਿਸਾਖੀ ਤੇ ਨਾਲੇ ਵਗੜ ਦਾ ਸੌਦਾ! ਆਖਰ ‘ਚ ਇਹੀ ਕਹਿਣਾ ਚਾਹਾਂਗਾ ਕਿ ਉਹ ਗੱਲ ਨਾ ਕਰੋ, “ਅੰਨ੍ਹੀ ਕੋ ਬੋਲਾ ਘੜ੍ਹੀਸੈ-ਨ ਉਸ ਸੁਣੈ ਨ ਉਸ ਦੀਸੈ!” ਵਣਜਾਰੇ ਭਰਾਵਾਂ ਦੀ ਆਰਥਿਕ ਮੱਦਦ ਤੋਂ ਲੈ ਕੇ ਪੱਕੇ ਵਸੇਬੇ ਤੱਕ ਦਾ ਕੋਈ ਸਾਰਥਿਕ ਹੱਲ ਲੱਭੋ, ਉਹਨਾਂ ਦੇ ਮਾਸੂਮ ਬੱਚਿਆਂ ਦੀ ਪੜ੍ਹਾਈ ਲਈ ਸਕੂਲੀ ਪ੍ਰਬੰਧ ਚਲਾਏ ਜਾਣ ਅਤੇ ਉਹਨਾਂ ਨੂੰ ਮੁਫਤ ਵਿੱਦਿਆ ਮੁਹੱਈਆ ਕਰਵਾ ਕੇ ਵਣਜਾਰੇ ਭਰਾਵਾਂ ਦਾ ਜੱਸ ਖੱਟਿਆ ਜਾਵੇ, ਵਾਹਿਗੁਰੂ ਤੁਹਾਨੂੰ ਆਪ ਖੁਸ਼ੀਆਂ ਬਖਸ਼ਿਸ਼ ਕਰਨਗੇ! 


ਸਭਿਆਚਾਰਕ ਸ਼ਰਮਾਇਆ ਲੁਟਾ ਰਹੇ ਹਨ ਚਰਖੇ , ਡੀ.ਜੇ. ਵਾਲੇ………… ਲੇਖ / ਜਰਨੈਲ ਘੁਮਾਣ


ਗੀਤ ਸੰਗੀਤ ਪੰਜਾਬੀ ਸਭਿਆਚਾਰ ਦਾ ਇੱਕ ਅਨਿੱਖੜਵਾਂ ਅੰਗ ਹੈ । ਗੀਤ ਸਾਡੇ ਸਭਿਆਚਾਰ ਦੀਆਂ ਅਨੇਕਾਂ ਵੰਨਗੀਆਂ ਦੀ ਤਰਜ਼ਮਾਨੀ ਕਰਦੇ ਹਨ । ਟੱਪੇ , ਮਾਹੀਆ ,ਢੋਲਾ , ਸਿੱਠਣੀਆਂ ਵਿਚਲੇ ਬੋਲ ਸਾਡੇ ਰਿਸ਼ਤਿਆਂ ਅਤੇ ਰਿਸ਼ਤਿਆਂ ਵਿੱਚਲੀ ਨਿੱਘ ਨੂੰ ਪ੍ਰਤੱਖ ਰੂਪ ਵਿੱਚ ਬਿਆਨਦੇ ਹਨ । ਸਮੇਂ ਸਮੇਂ ’ਤੇ ਗੀਤ ਸੰਗੀਤ ਵਿੱਚ ਵੀ ਬਦਲਾਅ ਆਉਂਦਾ ਰਿਹਾ । ਪਿਛਲੇ ਚਾਰ ਦਹਾਕਿਆ ਵਿੱਚ ਗੀਤ ਸੰਗੀਤ ਵਿੱਚ ਆਈਆਂ ਤਬਦੀਲੀਆਂ ਨੇ ਪੰਜਾਬੀ ਗਾਇਕਾ ਨੂੰ ਭੋਇੰ ਤੋਂ ਚੁੱਕ ਆਸਮਾਨ ਨੂੰ ਛੂਹਣ ਲਗਾ ਦਿੱਤਾ । ਪੰਜਾਬੀ ਮਾਂ ਬੋਲੀ ਦਾ ਪਸਾਰਾ ਇਸ ਕਦਰ ਵੱਧ ਗਿਆ ਕਿ ਬਾਲੀਵੁੱਡ ਦੀਆਂ ਫ਼ਿਲਮਾਂ ਨੂੰ ਚਲਾਉਣ ਵਾਸਤੇ ਪੰਜਾਬੀ ਗਾਇਕਾਂ ਜਾਂ ਪੰਜਾਬੀ ਕਿਰਦਾਰਾਂ ਦਾ ਸਹਾਰਾ ਲਿਆ ਜਾਣ ਲੱਗਾ । ਇਹ ਗੱਲ ਸਮੁੱਚੇ ਪੰਜਾਬੀਆਂ ਲਈ ਫ਼ਖਰ ਵਾਲੀ ਹੋ ਨਿਬੜੀ ਅਤੇ ਹਰ ਪੰਜਾਬੀ ਆਪਣੀ ਮਾਂ ਬੋਲੀ ਦੇ ਸੇਵਾਦਾਰਾਂ ’ਤੇ ਮਾਣ ਮਹਿਸੂਸ ਕਰਨ ਲੱਗਾ । ਅਣਗਿਣਤ ਬੇਰੁਜ਼ਗਾਰਾਂ ਨੂੰ ਵੀ ਇਸ ਖੇਤਰ ਨੇ ਚੰਗੇ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਵਾਏ ਅਤੇ ਗਾਉਣਾ ਵਜਾਉਣਾ ਇੱਕ ਕਿੱਤੇ ਵਜੋਂ ਵਿਕਸਤ ਹੋ ਗਿਆ ।
ਪੰਜ ਕੁ ਵਰ੍ਹੇ ਪਹਿਲਾਂ ਤੱਕ ਸਭ ਠੀਕ ਠਾਕ ਚੱਲ ਰਿਹਾ ਸੀ ਕਿ ਅਚਾਨਕ ਇਸ ਕਿੱਤੇ ਵਿੱਚ ਇੱਕ ‘ਘਾਤਕ ਘੂਸਪੈਠ’ ਹੋਈ , ਜਿਸਨੇ ਪੰਜਾਬੀ ਗੀਤ ਸੰਗੀਤ ਦੀ ਅੰਬਰਾਂ ਨੂੰ ਛੂਹ ਰਹੀ ਪਤੰਗ ਨੂੰ ਐਸੀ ਕਾਟ ਮਾਰੀ ਕਿ ਉਹ ਭੂੰਜੇ ਡਿੱਗ, ਆਪਣੀ ਰੀਡ ਦੀ ਹੱਡੀ ਤੱਕ ਤੁੜਵਾ ਬੈਠਾ । ਪੰਜਾਬੀ ਅਖਾੜਿਆਂ ਅਤੇ ਗਾਇਕਾਂ ਦੀ ਸ਼ੋਹਰਤ ਰੂਪੀ ਰਿਆਸਤ ਤੇ ਅਸ਼ਲੀਲਵਾਦ ਦਾ ਇੱਕਦਮ ਕਬਜ਼ਾ ਹੋ ਗਿਆ । ਇਹ ਕਬਜ਼ਾ ਕਰਨ ਵਾਲੇ ਕੋਈ ਸੱਤ ਸਮੁੰਦਰ ਪਾਰ ਕਰਕੇ ਨਹੀਂ ਸਨ ਆਏ ,ਇਹ ਧਾੜਵੀ ਸਾਡੇ ਆਪਣੇ ਹੀ ਲੋਕ ਸਨ ,ਜਿਹਨਾਂ ਨੇ ਆਪਣੀ ਮਾਂ ਬੋਲੀ ਦੇ ਕਪੜੇ ਲੀਰੋ ਲੀਰ ਕਰਨ ਲੱਗਿਆਂ ਰੱਤੀ ਭਰ ਵੀ ਸ਼ਰਮ ਨਾ ਕੀਤੀ । ਹਲਕੀ ਫੁੱਲਕੀ ਛੇੜ ਛਾੜ ਤੋਂ ਗੱਲ ਕਪੜੇ ਫਾੜਨ ਜਾਂ ਉਤਾਰਨ ਤੱਕ ਪਹੁੰਚ ਗਈ । ਪੰਜਾਬਾਣ ਮੁਟਿਆਰਾਂ ਆਪਣੇ ਹੁਸਨ ਸੁਹੱਪਣ ਦਾ ਦਰੁਪਯੋਗ , ਫੋਕੀ ਸ਼ੋਹਰਤ ਹਾਸਿਲ ਕਰਨ ਵਾਸਤੇ ਕਰਨ ਲੱਗੀਆਂ । ਸੰਗੀਤਕ ਰੁਜ਼ਗਾਰ ਦੇ ਵਿੱਚੋਂ ‘ਵੇਸਵਾ ਗਮਨੀ’ ਵਰਗਾ ਨਵਾਂ ਵਿਉਪਾਰ ਜਨਮ ਲੈ ਬੈਠਾ । ਪਿੰਡਾਂ ਦੀ ਮੰਡੀਰ ਦਾ ਝੁੱਕਾ ਸੁਰੀਲੇ ਗਾਇਕਾਂ ਵਾਲੇ ਪਾਸਿਓ ਹੱਟਕੇ , ਸੋਹਣੀਆਂ ਡਾਂਸਰਾਂ ਵੱਲ ਹੋ ਗਿਆ । ਅੱਠ ਅੱਠ , ਦਸ ਦਸ ਜਵਾਨ ਮੁੰਡੇ ਕੁੜੀਆਂ ਦੇ ਅਣਗਿਣਤ ਗਰੁੱਪ ਜਿਹੇ ਬਣ ਗਏ । ਇੱਕ ਇੱਕ ਕਰਕੇ ਅਜਿਹੇ ਗਰੁੱਪ ਦਿਨਾਂ ਵਿੱਚ ਹੀ ਪੂਰੇ ਪੰਜਾਬ ਭਰ ਵਿੱਚ ਖੁੰਭਾਂ ਵਾਂਗੂੰ ਉਗ ਗਏ । ਪੰਜਾਬ ਭਰ ਵਿੱਚ ਤੂੜੀ ਵਾਲੇ ਕੋਠਿਆਂ ਵਿੱਚ ਸੁੱਟੇ ਪਏ ਚਰਖ਼ਿਆਂ ਦੀ ਕਦਰ ਪੈਣ ਲੱਗੀ ਅਤੇ ਉਹਨਾਂ ਨੂੰ ਰੰਗ ਰੋਗਨ ਕਰਵਾਕੇ , ਕਾਰਾਂ ਦੇ ਹੂਟੇ ਮਿਲਨ ਲੱਗੇ ।
ਇਹਨਾਂ ਗਰੁੱਪਾਂ ਦੀ ਚਕਾਚੌਹਦ ਨੇ ਸੈਂਕੜੇ ਗਾਇਕ ਕਲਾਕਾਰਾਂ ਅਤੇ ਹਜ਼ਾਰਾਂ ਸਾਜ਼ੀਆਂ ਦੇ ਰੁਜ਼ਗਾਰ ਨੂੰ ਬੂਰੀ ਤਰ੍ਹਾਂ ਪ੍ਰਭਾਵਿਤ ਕੀਤਾ । ਇਹ ਚਰਖ਼ੇ , ਡੀ.ਜੇ. ਵਾਲੇ ਪੰਜਾਬੀ ਕਲਾਕਾਰਾਂ ਦੇ ਗਾਣਿਆਂ ਉਪਰ ਹੀ ਡਾਂਸ ਕਰਕੇ ਨੋਟ ਕਮਾਉਣ ਲੱਗੇ ਅਤੇ ਗੀਤਾਂ ਦੇ ਗਾਇਕਾਂ ਨੂੰ ਭੁੱਖੇ ਮਰਨ ਤੱਕ ਦੀ ਨੌਬਤ ਆ ਜਾਣ ਦਾ ਖਤਰਾ ਮੰਡਰਾਉਣ ਲੱਗਾ ।
ਬੇਸ਼ੱਕ ਕੁੜੀਆਂ ਨੂੰ ਗਾਣਿਆਂ ਤੇ ਨਾਲ ਨਾਲ ਨਚਾਉਣ ਦੀ ਪਿਰਤ ਵੀ ਗਾਇਕਾ ਵਿੱਚੋ ਹੀ ਕੁੱਝ ਕੁ ਗਾਇਕਾ ਨੇ ਖ਼ੁਦ ਹੀ ਪਾਈ ਸੀ ਸ਼ਾਇਦ ਓਸ ਵੇਲੇ ਉਹ ਆਪਣੇ ਗਲੇ ਨੂੰ ਅਰਾਮ ਦਿਵਾਉਂਦੇ ਦਿਵਾਉਂਦੇ ਇੱਕ ਵੱਡੀ ਬਹੁਤ ਭੁੱਲ ਕਰ ਬੈਠੇ ਸਨ । ਸਮੇਂ ਨਾਲ ਇਹਨਾਂ ਦੀ ਕੀਤੀ ਭੁੱਲ, ਇਹਨਾਂ ਦੇ ਹੀ ਸੰਘ ਵਿੱਚ ਫਸੀ ਹੱਡੀ ਬਣ ਬੈਠੀ ।
ਕਲਾਕਾਰਾਂ ਦੀਆਂ ਜਥੇਬੰਦੀਆਂ ਦੇ ਵਿਰੋਧ ਦੇ ਬਾਵਜੂਦ ਚਰਖਾ ਚਲਦਾ ਰਿਹਾ ਅਤੇ ਅਸ਼ਲੀਲ ਪੂਣੀਆਂ ਨਾਲ ਕਾਮੁਕਤਾ ਦੇ ਗਲੋਟੇ ਗੂੰਦੇ ਜਾਂਦੇ ਰਹੇ । ਪੰਜਾਬਣ ਮੁਟਿਆਰ ਦਾ ਪਹਿਰਾਵਾ ਪਾ ਕੇ ਸਟੇਜ ਤੇ ਟਪੂਸੀਆਂ ਮਾਰਨ ਵਾਲੀਆਂ ਇਹਨਾਂ ‘ਜ਼ਾਅਲੀ ਪੰਜਾਬਣਾ’ ਨੂੰ ਸ਼ਾਇਦ ‘ਪੰਜਾਬਣ ਜੱਟੀ’ ਦੀ ਮੜਕ ਦਾ ਗਿਆਨ ਹੀ ਨਾ ਹੋਵੇ ਕਿ ਗਿੱਧੇ ਵਿੱਚ ਨੱਚਦੀ ਪੰਜਾਬਣ ਦੀ ਅੱਡੀ ਦੀ ਧਮਕ ਸੱਚਮੁਚ ਹੀ ਲਾਗਲੇ ਚਾਰ ਪਿੰਡਾਂ ਤੱਕ ਸੁਣਦੀ ਹੁੰਦੀ ਸੀ ਅਤੇ ਉਹ ਨੱਚ ਨੱਚਕੇ ਭੂਚਾਲ ਲਿਆ ਦਿੰਦੀ ਸੀ । ਉਸਨੂੰ ਨੱਚਦੀ ਵੇਖ ਮੁਟਿਆਰਾਂ ਤਾਂ ਮੁਟਿਆਰਾਂ ਹਰੇਕ ਬੁੱਢੀ ਠੇਰੀ ਮੇਲਣ ਦਾ ਵੀ ਜੀਅ ਮੋਲੋਮੱਲੀ ਨੱਚਣ ਨੂੰ ਕਰਨ ਲੱਗਦਾ ਸੀ । ਪੰਜਾਬਣ ਮੁਟਿਆਰ ਸਾਰੀ ਸਾਰੀ ਰਾਤ ਨੱਚ ਨੱਚਕੇ ਧਮਾਲਾਂ ਪਾਉਂਦੀ ਨਹੀਂ ਸੀ ਥੱਕਦੀ ਹੁੰਦੀ । ਇਸੇ ਤਰ੍ਹਾ ਦਾ ਹਾਲ ਹੀਲਾ ਭੰਗੜੇ ਦੇ ਮੋਹਰੀ ਪੰਜਾਬੀ ਗਭਰੂ ਜਵਾਨਾਂ ਦਾ ਵੀ ਹੁੰਦਾ ਸੀ ਕਿ ਢੋਲ ਤੇ ਡੱਗਾ ਵੱਜਦਿਆਂ ਹੀ ਸਭਨਾ ਦਾ ਪੱਬ ਉਠਣ ਲੱਗ ਜਾਂਦਾ ਸੀ । ਜੇ ਕਿਤੇ ਪੰਜਾਬਣ ਮੁਟਿਆਰ ਅਤੇ ਪੰਜਾਬੀ ਗਭਰੂ ਇੱਕੋ ਅਖਾੜੇ ਵਿੱਚ ਇਕੱਠੇ ਉਤਰ ਆਉਂਦੇ ਸਨ ਤਾਂ ਸਮਾਂ ਬੰਨ੍ਹ ਦਿੰਦੇ ਸਨ । ਪੌਣਾ ਉਹਨਾਂ ਦੀਆਂ ਧਮਾਲਾਂ ਵੇਖਣ ਵਾਸਤੇ ਰਾਸਤੇ ਬਦਲ ਲੈਂਦੀਆਂ ਸਨ ਅਤੇ ਚੰਦ ਗੋਡੀ ਮਾਰਦਾ ਮਾਰਦਾ ਕੁੱਝ ਪਲ ਰੁੱਕ ਜਾਂਦਾ ਸੀ ।
ਅੱਜ ਕੱਲ੍ਹ ਇਹਨਾਂ ਡੀ.ਜੇ. ਅਤੇ ਚਰਖ਼ੇ ਵਾਲਿਆਂ ਦੀਆਂ ਬੇਢੰਗੀਆਂ ਸਟੇਜਾ ਵੇਖਣ ਵਾਲੇ ਨੂੰ ਏਨਾਂ ਸ਼ਰਮਸਾਰ ਕਰ ਦਿੰਦੀਆਂ ਹਨ ਕਿ ਚਾਵਾਂ ਨਾਲ ਵਿਆਹ ਵਿੱਚ ਪ੍ਰੀਵਾਰ ਸਮੇਤ ਆਇਆ ਆਦਮੀ , ਵਿਆਹ ਨੂੰ ਵਿਚਾਲੇ ਹੀ ਛੱਡਕੇ , ਘਰ ਵਾਪਿਸ ਪਰਤ ਜਾਣ ਵਾਸਤੇ ਮਜਬੂਰ ਹੋ ਜਾਂਦਾ ਹੈ । ਕੁੱਝ ਕੁ ਗਰੁੱਪਾਂ ਨੂੰ ਛੱਡ ਜ਼ਿਆਦਾਤਰ ਗਰੁੱਪਾਂ ਦੇ ਡਾਂਸਰ ਅਤੇ ਡਾਂਸਰਾਂ ਪ੍ਰੀਵਾਰਾਂ ਦੇ ਵਿਚਕਾਰ ਲੱਗੀ ਸਟੇਜ ਉਪਰ ਅਜਿਹੀ ਹਰਕਤ ਕਰ ਜਾਂਦੇ ਹਨ ਕਿ ਧੀਆਂ ਭੈਣਾ ਨਾਲ ਬੈਠਾ ਆਦਮੀਂ ਆਪਮੁਹਾਰੇ ਮੂੰਹੋ ਕਹਿ ਉਠਦਾ ਹੈ ਕਿ ‘ਕੀ ਕੰਜਰਖਾਨਾ ਲਾ ਰੱਖਿਐ’ । ਸਚੁਮੱਚ ਹੀ ਇਹ ਕਲਾਕਾਰ ਇਸ ਤਰ੍ਹਾਂ ਆਪਣੇ ਆਪ ਨੂੰ ਸਟੇਜਾਂ ਤੇ ਪੇਸ਼ ਕਰਦੇ ਹਨ ਕਿ ਇਹਨਾਂ ਦਾ ਡਾਂਸ ਜਾਂ ਹਰਕਤਾਂ ਬਹੁਤ ਅਸਭਿਅਕ ਤੇ ਅਸ਼ਲੀਲ ਹੁੰਦੀਆਂ ਹਨ । ਇਹਨਾਂ ਗਰੁੱਪਾਂ ਵਿੱਚੋਂ ਹੀ ਹੁਣ ਤਾਂ ਕਈਆਂ ਗਰੁੱਪਾਂ ਨੇ ਵੀ ਆਪਣੇ ਨਾਵਾਂ ਨਾਲ ‘ਅਸਲੀ ਸਭਿਆਚਾਰਕ ਗਰੁੱਪ’ ਲਿਖਣਾ ਸ਼ੁਰੂ ਕਰ ਦਿੱਤਾ ਹੈ ਸ਼ਾਇਦ ਇਹਨਾਂ ਨੂੰ ਆਪਣੇ ਸਮਕਾਲੀ ਗਰੁੱਪਾਂ ਵਿੱਚ ਫੈਲੀ ‘ਅਸ਼ਲੀਲਤਾ ਦੀ ਕਾਲਨਿਗਾਰੀ’ ਦਾ ਅਹਿਸਾਸ ਹੋਣ ਲੱਗਾ ਹੋਵੇ ।

ਪਿਛਲੇ ਦਿਨੀਂ ਇਹਨਾਂ ਗਰੁੱਪਾਂ ਦੀ ਇੱਕ ਹੋਰ ਸ਼ਰਮਨਾਕ ਗੱਲ ਸੁਨਣ ਨੂੰ ਮਿਲੀ ਜਿਸ ਨਾਲ ਪੰਜਾਬੀ ਸਭਿਆਚਾਰ ਨਾਲ ਜੁੜਿਆ ਹਰ ਇਨਸਾਨ ਖ਼ੁਦ ਵ ਖ਼ੁਦ ,ਥਾਂ ਤੇ ਹੀ ਗਰਕ ਜਾਣ ਨੂੰ ਮਜਬੂਰ ਹੋ ਜਾਏਗਾ । ਉਹ ਇੱਕ ਲੰਬਾ ਹਉਂਕਾ ਲੈ ਕੇ ਬਸ ਇਹੋ ਹੀ ਕਹਿ ਸਕੇਗਾ ਕਿ ;
‘ਐ ਖ਼ੁਦਾ ਅਸਾਂ ਨੇ ਇਹ ਦਿਨ ਵੀ ਵੇਖਣੇ ਸਨ’
ਬੇਸ਼ੱਕ ਪੁਰਾਣੇ ਸਮਿਆਂ ਵਿੱਚ ਦੋਗਾਣਾ ਜੋੜੀਆਂ ਵੀ ਸਟੇਜਾਂ ਕਰਨ ਜਾਂਦੀਆਂ ਹੁੰਦੀਆਂ ਸਨ ਪਰੰਤੂ ਉਸ ਵੇਲੇ ਜੇ ਕੋਈ ਸ਼ਰਾਬੀ ਕਿਸੇ ਗਾਇਕਾ ਨੂੰ ਇਨਾਮ ਵਾਲੇ ਪੈਸੇ ,ਉਸ ਦੇ ਹੱਥ ਵਿੱਚ ਫੜਾਉਣ ਦੀ ਜ਼ਿੱਦ ਕਰ ਲੈਂਦਾ ਤਾਂ ਸ਼ਰਾਬੀ ਦੀ ਗਾਇਕ ਨਾਲ ਲੜਾਈ ਹੋ ਜਾਣ ਤੱਕ ਦੀ ਨੌਬਤ ਆ ਜਾਂਦੀ ਸੀ । ਗੱਲ ਵਧ ਜਾਣ ਤੇ ਗੋਲੀ ਵੀ ਚੱਲ ਜਾਂਦੀ ਸੀ । ਅੱਜ ਕੱਲ੍ਹ ਇਹਨਾਂ ‘ਡਾਂਸਰਾਂ ਉਰਫ਼ ਡੰਮੀ ਗਾਇਕਾਵਾਂ’ ਨੇ ਸ਼ਰਾਬੀਆਂ ਅਤੇ ਸੋਫ਼ੀਆਂ , ਦੋਹਾਂ ਦੀਆਂ ਜੇਬਾਂ ਵਿੱਚੋਂ ਨੋਟ ਕਢਵਾਉਣ ਦੇ ਕਈ ਅਸਭਿਅਕ ਢੰਗ ,ਤਰੀਕੇ ਲੱਭ ਲਏ ਹਨ ।
ਪਹਿਲਾਂ ਪਹਿਲਾਂ ਅਜਿਹੀਆਂ ਖ਼ਬਰਾਂ ਬੰਬਈ ਦੀਆਂ ਛੋਟੀਆਂ ਮੋਟੀਆਂ ਫਿਲਮੀ ਐਕਟਰੱਸਾ ਵਾਸਤੇ ਸੁਨਣ ਨੂੰ ਮਿਲਿਆ ਕਰਦੀਆਂ ਸਨ ਕਿ ਕਿਸੇ ਵਪਾਰੀ ਨਾਲ ਕੋਈ ਫਿਲਮੀ ਆਰਟਿਸਟ ਡੇਟਸ ਤੇਂ ਚਲੀ ਗਈ ।
ਅਫਸੋਸ ! ਹੁਣ ਇਹ ਖ਼ਬਰਾਂ ਪੰਜਾਬ ਦੇ ਪਿੰਡਾਂ , ਕਸਬਿਆਂ, ਸ਼ਹਿਰਾਂ ਵਿੱਚ ਥਾਂ ਥਾਂ ਫੱਟੇ ਟੰਗ ਕੇ ਬੈਠੇ ਇਹਨਾਂ ਪੰਜਾਬੀ ਸਭਿਆਚਾਰ ਦੇ ਨਵੇਂ ਵਾਰਿਸਾ ਬਾਰੇ ਸੁਨਣ ਨੂੰ ਆਮ ਮਿਲਦੀਆਂ ਹਨ ।
ਪਿਛਲੇ ਸਾਲ ਝੋਨੇ ਦੀ ਫਸਲ ਵੇਲੇ ਖੇਤਾਂ ਦੀਆਂ ਬੰਬੀਆਂ ਦੀ ਰਾਖੀ ਨੌਜਵਾਨ ਪੁੱਤਾਂ ਦੀ ਬਜਾਏ , ਪੇਂਡੂ ਬੁੜੀਆਂ ਔਰਤਾਂ ਨੇ ਆਪਣੇ ਬਜ਼ੁਰਗ ਪਤੀਆਂ ਨੂੰ ਭੇਜਣਾ ਮੁਨਾਸਿਬ ਸਮਝਿਆ ਕਿਉਂਕਿ ਇਹ ਸਭਿਆਚਾਰ ਦੀ ਰਖਵਾਲੀ ਕਰਦੀਆਂ ਡਾਂਸਰਾਂ ,ਸਭਿਆਚਾਰ ਦੀ ਸੇਵਾ ਕਰਨ ਦੇ ਨਾਲ ਨਾਲ ,ਵਿਹਲੇ ਸਮੇਂ ਵਿੱਚ ਰਾਤਾਂ ਨੂੰ ਖੇਤ ਦੇ ਰਖਵਾਲਿਆਂ ਨਾਲ ਬੰਬੀਆਂ ਦੀ ਰਖਵਾਲੀ ਕਰਨ ਜਾਂ ਉਹਨਾਂ ਦੀ ਸੇਵਾ ਕਰਨ ਵਾਸਤੇ ਕਿਰਾਏ ਤੇ ਵੀ ਆ ਜਾਂਦੀਆਂ ਸਨ । ਪੰਜਾਬੀ ਸਭਿਆਚਾਰ ਦੀ ਦੁਹਾਈ ਪਾਉਂਦੀਆਂ ਇਹ ਦੁਕਾਨਾਂ ਸਾਡੇ ਅਮੀਰ ਸਭਿਆਚਾਰਕ ਸ਼ਰਮਾਏ ਨੂੰ ਕਿੰਨਾਂ ਜ਼ਲੀਲ ਕਰ ਕਰ ਲੁਟਾ ਰਹੀਆਂ ਹਨ । ਇਹ ਗੱਲ ਹੁਣ ਬਹੁਤੀ ਦੇਰ ਛੁਪਕੇ ਰਹਿਣ ਵਾਲੀ 
ਨਹੀਂ । ਮੈਨੂੰ ਇੱਕੋ ਸਵਾਲ ਘੁਣ ਵਾਂਗ ਅੰਦਰੋ ਅੰਦਰੀ ਖਾਈਂ ਜਾ ਰਿਹਾ ਹੈ ਕਿ ਪੰਜਾਬ ਦੀ ਜਵਾਨੀ ਨੂੰ ਤਾਂ ਪਹਿਲਾਂ ਹੀ ‘ਨਸ਼ਿਆਂ ਦੀ ਲਤ’ ਨੇ ਬਰਬਾਦ ਕਰ ਦਿੱਤਾ ਹੈ । ਹੁਣ ਸਭਿਆਚਾਰ ਦੇ ਨਾਂ ’ਤੇ ਹੋ ਰਹੇ ਇਹਨਾਂ ਅਸਭਿਅਕ ਕੰਮਾਂ ਕਰਕੇ ਪੰਜਾਬ ਦੇ ਗਭਰੂ ਹੋਰ ਕੀ ਕੀ ਐਬ ਲਗਵਾ ਬੈਠਣਗੇ , ਇਹ ਗੱਲ ਤੁਹਾਡੇ ਸਾਡੇ ਵਾਸਤੇ ਚਿੰਤਾ ਕਰਨਯੋਗ ਹੈ ।
ਇਹਨਾਂ ‘ਅਸਭਿਆਚਾਰਕ ਗਰੁੱਪਾਂ’ ਨੂੰ ਹੁਣ ਕੌਣ ਨਕੇਲ ਪਾਏਗਾ ਸਰਕਾਰ ਜਾਂ ਲੋਕ ?
****

ਮੋਬਾਇਲ ਨੰਬਰ : 98885-05577

ਦੀਵਾਲੀ ਤੇ ਵਿਸ਼ੇਸ਼.......... ਲੇਖ / ਮੁਹਿੰਦਰ ਸਿੰਘ ਘੱਗ


ਦੀਵਾਲੀ ਜਾਂ ਦੀਪਾਵਲੀ ਇਕ ਮੋਸਮੀ ਮੇਲਾ ਸਦੀਆਂ ਤੋਂ ਸਾਡੇ ਪੂਰਬਲੇ ਮਨਾਉਂਦੇ ਆਏ ਹਨ। ਬਾਕੀ ਮੋਸਮੀ ਮੇਲਿਆਂ ਵਾਂਗ ਇਸ ਮੇਲੇ ਨਾਲ ਵੀ ਕਈ ਮਿਥਹਾਸਕ ਗਾਥਾਵਾਂ ਜੁੜਦੀਆਂ ਰਹੀਆਂ ਹਨ। ਥੋੜੀ ਬਹੁਤੀ ਅਦਲਾ ਬਦਲੀ ਨਾਲ ਦਿਵਾਲੀ ਮੇਲਾ ਕੋਈ ਪੰਜ ਦਿਨਾਂ ਲਈ ਤਿਓਹਾਰ ਦੇ ਰੂਪ ਵਿਚ ਸਾਰੇ ਭਾਰਤ ਵਿਚ ਮਨਾਇਆ ਜਾਂਦਾ ਹੈ। ਭਾਰਤੀਆਂ ਦੇ ਪ੍ਰਵਾਸ ਕਾਰਨ ਹੁਣ ਤਾਂ ਇਹ ਮੇਲਾ ਸੰਸਾਰ ਪੱਧਰ ਤੇ ਮਨਾਇਆ ਜਾਣ ਲੱਗਾ ਹੈ। ਇਸ ਮੇਲੇ ਦੀਆਂ ਖੁਸ਼ੀਆਂ ਮਾਨਣ ਲਈ ਉਮਰ ਦਾ ਤਕਾਜ਼ਾ ਨਹੀਂ ਇਹ ਤਾਂ ਮਰਦਾਂ ਔਰਤਾਂ ਬੱਚਿਆਂ ਬਜ਼ੁਰਗਾਂ ਦਾ ਸਾਂਝਾ ਮੇਲਾ ਹੈ। ਦੀਵਿਆਂ ਦੀਆਂ ਲੜੀਆਂ , ਭਾਂਤ ਭਾਂਤ ਦੀਆਂ ਮਠਿਆਈਆਂ ਨਾਲ ਸਜੀਆਂ ਦੁਕਾਨਾਂ , ਪਠਾਖਿਆਂ ਦਾ ਸ਼ੋਰ, ਆਸਮਾਨ ਵੱਲ ਨੂੰ ਉੜਾਨ ਭਰਦੀ ਆਤਸ਼ਬਾਜ਼ੀ ਅਤੇ ਜੂਏ ਦੀ ਹਾਰ ਜਿੱਤ । ਦੀਵਾਲੀ ਤੇ ਦੂਸਰੇ ਦਿਨ ਜਿੱਤੇ ਹਾਰੇ ਜੁਆਰੀਆਂ ਬਾਰੇ ਇਕ ਪ੍ਰਚਲਿਤ ਅਖਾਣ ਸਾਂਝਾ ਕਰਾਂਗਾ ( ਜੇ ਜੁਆਰੀਏ ਦੀ ਜਿੱਤ ਤਾਂ ਮੰਜੇ ਚਾਰ ਜੁਆਰੀਆ ਇਕ ਅਤੇ ਜੇ ਜੁਆਰੀਏ ਦੀ ਹਾਰ ਮੰਜਾ ਇਕ ਜੁਆਰੀਏ ਚਾਰ ) ਦੀਵਾਲੀ ਦੀ ਮਕਬੂਲੀਅਤ ਇਸ ਗੱਲ ਨਾਲ ਪ੍ਰਤੱਖ ਹੋ ਜਾਂਦੀ ਹੈ ਕਿ ਦੀਵਾਲੀ ਲੰਘਦਿਆਂ ਦੂਸਰੇ ਦਿਨ ਆਖਦੇ ਸੁਣੇ ਗਏ ਹਨ ਅੱਜ ਇਕ ਦਿਨ ਘੱਟ ਸਾਲ ਰਹਿ ਗਿਆ ਦੀਵਾਲੀ ਵਿਚ। 


ਇਸ ਮੋਸਮੀ ਮੇਲੇ ਦਾ ਸਭੰਧ ਚੰਦਰਮਾਂ ਅਤੇ ਸੂਰਜ ਦੋਵਾਂ ਨਾਲ ਹੈ। ਸੂਰਜ ਰੌਸ਼ਨੀ ਦਾ ਭੰਡਾਰ ਹੈ, ਜੋ ਹਰ ਸਮੇਂ ਰੌਸ਼ਨੀ ਵੰਡੀ ਜਾ ਰਿਹਾ ਹੈ। ਧਰਤੀ ਦਾ ਆਪਣੇ ਮਹਿਵਰ ਦੁਆਲੇ ਘੁੰਮਣ ਕਾਰਨ ਸਮਾਂ ਦਿਨ ਰਾਤ ਵਿਚ ਬਦਲਦਾ ਹੈ। ਦਿਨ ਦੇ ਚਾਨਣ ਵਿਚ ਭੱਜਾ ਜਾਂਦਾ ਹੈ ਸੰਸਾਰ ਅਤੇ ਅੰਧੇਰ ਚਾਨਣ ਦਾ ਮਿਲਗੋਭਾ ਰਾਤ , ਆਰਾਮ ਕਰਨ ਲਈ “ ਲੈਲਾ ਤੂਂ ਬੇਸ਼ਕ ਕਾਲੀ ਏਂ ਪਰ ਬੜੇ ਨਸੀਬਾਂ ਵਾਲੀ ਏਂ। ਥਕੇ ਟੁਟੇ ਰਾਹੀਆਂ ਨੂੰ ਆਰਾਮ ਪਹੁੰਚਾਵਣ ਵਾਲੀ ਏਂ “ ( ਧਨੀ ਰਾਮ ਚਾਤ੍ਰਿਕ ) ਵੱਧਦੇ ਚੰਦਰਮਾਂ ਨੂੰ ਰਾਧਾ ਪੱਖ ਜਾਂ ਸ਼ੁਦੀ ਪੱਖ ਆਖਿਆ ਜਾਂਦਾ ਹੈ ਅਤੇ ਪੁਰਨਮਾਸ਼ੀ ਤੋਂ ਲੈ ਕੇ ਮਸਿਆ ਤਕ ਨੂੰ ਕ੍ਰਿਸ਼ਨ ਪੱਖ ਜਾਂ ਬੱਦੀ ਪੱਖ ਕਿਹਾ ਜਾਂਦਾ ਹੈ । ਚੰਦਰਮਾਂ ਕੋਲ ਰੋਸ਼ਨੀ ਦਾ ਕੋਈ ਭੰਡਾਰ ਨਹੀਂ , ਸੂਰਜ ਦੀ ਰੌਸ਼ਨੀ ਇਸ’ ਤੇ ਪੈਂਦੀ ਹੈ ਤਾਂ ਉਸ ਦੀ ਚਮਕ ਨਾਲ ਸਾਡੀਆਂ ਰਾਤਾਂ ਵੀ ਰੌਸ਼ਨ ਹੋ ਜਾਂਦੀਆਂ ਹਨ। ਚੰਦਰਮਾਂ ਧਰਤੀ ਦੀ ਪ੍ਰਕਿਰਮਾ ਕਰਦਾ ਹੈ ਜਿਸ ਨਾਲ ਅੰਧੇਰ ਚਾਨਣ ਲੁਕਣਮੀਚੀ ਖੇਲਦਾ ਮਸਿਆ ਪੁੰਨਿਆ ਸਿਰਜਦਾ ਹੈ । ਧਰਤੀ ਸੂਰਜ ਦੀਆਂ ਪ੍ਰਿਕਰਮਾ ਕਰਦੀ ਹੈ ਜਿਸ ਨਾਲ ਮੌਸਮ ਬਦਲਦੇ ਹਨ ( ਸੂਰਜ ਏਕੋ ਰੁਤਿ ਅਨੇਕ ॥ ਨਾਨਕ ਕਰਤੇ ਕੇ ਕੇਤੇ ਵੇਸ॥) ਅਤੇ ਧਰਤੀ ਦੀ ਸੂਰਜ ਦੀ ਪ੍ਰਕਿਰਮਾ ਸਮੇਂ ਵਿਥ ਇਕੋ ਜਿਹੀ ਨਹੀਂ ਰਹਿੰਦੀ ਨਾਂ ਹੀ ਚੰਦਰਮਾਂ ਧਰਤੀ ਦੀ ਪ੍ਰਕਿਰਮਾਂ ਵਿਥ‘ਤੇ ਰਹਿ ਕੇ ਕਰਦਾ ਹੈ ਦੋਵਾਂ ਦਾ ਪ੍ਰਕਿਰਮਾ ਚੱਕਰ ਗੋਲ ਦੀ ਬਜਾਏ ਅੰਡਕਾਰੀ ਲੰਬੂਤਰਾ ਹੈ । ਕਤਕ ਦੀ ਮਸਿਆ ਵੇਲੇ ਧਰਤੀ ਦਾ ਉਤਰੀ ਹਿੱਸਾ ਜਿਸ ਵਿਚ ਸਾਡਾ ਭਾਰਤ ਵੀ ਹੈ ਸੂਰਜ ਤੋਂ ਸਾਰੇ ਸਾਲ ਨਾਲੋਂ ਜ਼ਿਆਦਾ ਵਿੱਥ’ਤੇ ਹੁੰਦਾ ਹੈ । ਇਸੇ ਕਾਰਨ ਕਤਕ ਦੀ ਮਸਿਆ ਜਿਸ ਨੂੰ ਦਿਵਾਲੀ ਵਜੋਂ ਮਨਾਇਆ ਜਾਂਦਾ ਹੈ, ਬਾਕੀ ਸਾਰੀਆਂ ਮਸਿਆ ਦੀਆਂ ਰਾਤਾਂ ਨਾਲੋਂ ਅੰਧੇਰੀ ਹੁੰਦੀ ਹੈ ( ਕਈਆਂ ਦਾ ਵਿਚਾਰ ਹੈ ਕਿ ਬਹੁਤ ਸਾਰੇ ਦੀਵੇ ਬਲਣ ਕਾਰਨ ਦਿਵਾਲੀ ਦੀ ਰਾਤ ਜ਼ਿਆਦਾ ਅੰਧੇਰੀ ਲੱਗਦੀ ਹੈ) ਮੱਨੁਖ ਬਾਕੀ ਪਸ਼ੂ ਪੰਛੀਆਂ ਵਾਂਗ ਕੁਦਰਤ ਨਾਲ ਸਹਿਮਤੀ ਨਹੀਂ ਕਰਦਾ, ਬਲਕਿ ਉਸਨੂੰ ਬਦਲਣ ਦੇ ਯਤਨ ਕਰਦਾ ਆਇਆ ਹੈ। ਜਦ ਉਸ ਨੂੰ ਖੌਫਨਾਕ ਹਨੇਰ ਦਾ ਐਹਸਾਸ ਹੋਇਆ ਤਾਂ ਉਸਨੇ ਅੱਗ ਦੀ ਮਦਦ ਨਾਲ ਉਸਨੂੰ ਚਾਨਣ ਵਿਚ ਬਦਲਣ ਦਾ ਯਤਨ ਕੀਤਾ। ਡੰਡੇ-ਸੋਟਿਆਂ ਨਾਲ ਖੜਾਕ ਕੀਤੇ ਉਚੀ-ਉਚੀ ਸ਼ੋਰ ਮਚਾਇਆ ਅੱਗ ਦਾ ਵੱਡਾ ਧੂਣਾ ਲਾ ਕੇ ਕਤਕ ਦੀ ਮਸਿਆ ਦੀ ਰਾਤ ਦੇ ਹਨੇਰੇ ਨੂੰ ਦੂਰ ਕਰਨ ਦਾ ਉਪਰਾਲਾ ਕੀਤਾ ਜੋ ਸਮੇਂ ਨਾਲ ਦੀਪਾਂ ਦੀਆਂ ਕਤਾਰਾਂ ਵਿਚ ਬਦਲਦਾ-ਬਦਲਦਾ ਮੋਮਬਤੀਆਂ ਅਤੇ ਬਿਜਲੀ ਦੇ ਲਾਟੂਆਂ ਤਕ ਦਾ ਸਫਰ ਤੈਅ ਕਰ ਚੁਕਾ ਹੈ। ਇਹ ਵਿਚਾਰ ਮੈਂ ਤਾਰਾ ਵਿਗਿਆਨ ਦੇ ਆਧਾਰ ਤੇ ਪਾਠਕਾਂ ਨਾਲ ਸਾਂਝੇ ਕੀਤੇ ਹਨ। ਜੇ ਕੋਈ ਵਿਦਵਾਨ ਕੋਈ ਹੋਰ ਵਿਚਾਰ ਪੇਸ਼ ਕਰੇਗਾ ਤਾਂ ਵਿਚਾਰ ਕੀਤੀ ਜਾ ਸਕਦੀ ਹੈ।
ਕੁਝ ਉਨਤੀ ਹੋਈ ਨਗਰ ਵਸ ਗਏ ਫਸਲਾਂ ਦੀ ਬੀਜ ਬਜਾਈ ਸ਼ੁਰੂ ਹੋ ਗਈ। ਪੁਰਾਣੇ ਜ਼ਮਾਨੇ ਵਿਚ ਨਾਂ ਤਾਂ ਨੈਹਰਾਂ ਸਨ ਅਤੇ ਨਾਂ ਹੀ ਟਿਊਬਵੈਲ, ਝੋਨਾ,ਮੱਕੀ, ਤਿਲ ਵਗੈਰਾ (ਸੌਣੀ ਦੀ ਫਸਲ ) ਲਈ ਲੋੜੀਂਦਾ ਪਾਣੀ ਬਰਸਾਤ ਹੀ ਪੂਰਾ ਕਰਦੀ ਸੀ । ਜੂਨ, ਜੁਲਾਈ, ਅਗਸਤ ਅਤੇ ਸਤੰਬਰ ਨੂੰ ਚੋਮਾਸਾ ਕਹਿੰਦੇ ਹਨ। ਜੂਨ ਮਹੀਨੇ ਤੋਂ ਮੌਨਸੂਨ ਆਉਣੀ ਸ਼ੁਰੂ ਹੋ ਜਾਂਦੀ ਹੈ ਅਤੇ ਜੁਲਾਈ ਅਗਸਤ ਅਤੇ ਕੁਝ ਹਿਸਾ ਸਤੰਬਰ ਦਾ ਵਰਖਾ ਰੁਤ ਸਦਾਉਂਦਾ ਹੈ ।ਜੇ ਇਹਨਾਂ ਦਿਨਾਂ ਵਿਚ ਬਰਸਾਤ ਨਾਂ ਪਵੇ ਤਾਂ ਗੋਹਾਰਾਲੀ ( ਜਾਨਵਰਾਂ ਦਾ ਗੋਹਾ ਘੋਲ ਕੇ ਇਕ ਦੂਸਰੇ’ਤੇ ਪਾਉਣਾ) ਖੇਲੀ ਜਾਂਦੀ ਸੀ। ਕੋਈ ਗੁੱਸਾ ਨਹੀਂ ਸੀ ਕਰਦਾ। ਦਰਅਸਲ ਪੁਰਾਣੇ ਬਜ਼ੁਰਗਾਂ ਦਾ ਰੱਬ ਨੂੰ ਸੁਨੇਹਾ ਭੇਜਣ ਦਾ ਇਹ ਅਨੋਖਾ ਢੰਗ ਸੀ। ਵਰਖਾ ਚਾਹੀਦੀ ਹੈ ਤਾਂ ਕਿ ਅਸੀਂ ਇਸ ਤਰਾਂ ਦੇ ਭਿੱਜੇ ਭਿੱਜੇ ਲੱਗੀਏ। ਚੰਗੀ ਬਰਸਾਤ ਹੋ ਗਈ ਸੌਣੀ ਦੀ ਫਸਲ ਘਰ ਆ ਗਈ ਅਤੇ ਕਣਕ ਛੋਲੇ ਜੌਂ ਸਰਸੋਂ ਤਾਰਾ ਮੀਰਾ (ਹਾੜੀ ਦੀ ਫਸਲ) ਬੀਜੀ ਜਾ ਚੁੱਕੀ ਹੈ । ਵੇਹਲ ਅਤੇ ਖੁਸ਼ੀ ਨੇ ਕਤਕ ਦੀ ਕਾਲੀ ਰਾਤ ਨੂੰ ਦੀਵਾਲੀ ਵਰਗੇ ਮੇਲੇ ਵਿਚ ਬਦਲ ਦਿੱਤਾ । ਅੱਗ ਦੀ ਥਾਂ ਦੀਵੇ ਖੜਾਕ ਕਰਨ ਲਈ ਪਟਾਖੇ ਅਤੇ ਖਾਣ ਪੀਣ ਲਈ ਭਾਂਤ-ਸੁਭਾਂਤਾ ਸਮਾਨ ਬਣਨ ਲਗਾ । ਖਾਣ ਪੀਣ ਦਾ ਫਿਕਰ ਨਾ ਹੋਵੇ ਤਾਂ ਫੇਰ ਮਸਤੀ ਦਾ ਹਾਜ਼ਰ ਹੋਣਾਂ ਤਾਂ ਸੁਭਾਵਕ ਹੀ ਹੈ, ਸੋ ਦੀਵਾਲੀ ਇਕ ਮੌਜ ਮਸਤੀ ਦਾ ਮੇਲਾ ਹੋ ਨਿਬੜਿਆ। 
ਅਜ ਵੱਧੀਆ ਸੜਕਾਂ ਅਤੇ ਚੰਗੇ ਆਵਾਜਾਈ ਦੇ ਸਾਧਨ ਰਹਾਇਸ਼ ਲਈ ਵਧੀਆ ਮਕਾਨ ਫੇਰ ਵੀ ਜਦ ਬਰਸਾਤ ਆਉਂਦੀ ਹੈ ਤਾਂ ਖੁਸ਼ਗਵਾਰ ਮੋਸਮ ਦੇ ਨਾਲ ਨਾਲ ਪਰੇਸ਼ਾਨੀਆਂ ਵਿਚ ਵੀ ਵਾਧਾ ਹੁੰਦਾ ਹੈ । ਸਿਆਣਿਆਂ ਦਾ ਅਖਾਣ ਹੈ ਕਿ ਇਕ ਦਿਨ ਦੀ ਮੋਲੇਧਾਰ ਬਰਸਾਤ ਨਾਲੋਂ ਇਕ ਸਾਲ ਦਾ ਸੋਕਾ ਝੱਲਣਾ ਸੌਖਾ ਹੈ । ਕਈ ਦਫਾ ਕਈ-ਕਈ ਦਿਨ ਬਦਲਵਾਈ ਅਤੇ ਕਿਣ-ਮਿਣ ਕਿਣ-ਮਿਣ ਰਹਿਣ ਕਾਰਨ ਹਰ ਪਾਸੇ ਸਲ੍ਹਾਬ ਕਪੜਿਆਂ ਵਿਚੋਂ ਹੱਮਕ, ਮੱਛਰ ਦੀ ਬੁਹਤਾਤ ਕਾਂਬੇ ਨਾਲ ਮਲੇਰੀਆ ਕੌੜੀ ਕੁਨੈਣ ਸੰਘੋਂ ਨਹੀ ਲਿੱਥਦੀ। ਜਿਸ ਬਰਸਾਤ ਨੂੰ ਮੰਨਤਾਂ ਕਰਕੇ ਮੰਗਿਆ ਸੀ ਉਸ ਤੋਂ ਛੁਟਕਾਰਾ ਪਾਉਣ ਨੂੰ ਜੀ ਕਰਦਾ ਹੈ । ਵਰਖਾ ਰੁਤ ਮੁੱਕੀ ਲੋਕਾਂ ਨੇ ਸ਼ੁਕਰ ਕੀਤਾ। ਹੁਣ ਸਮਾਂ ਆ ਗਿਆ ਸਲ੍ਹਾਬ ਕਾਰਨ ਵਿਕਸਤ ਹੋਏ ਬੀਮਾਰੀ ਦੇ ਕਿਟਾਣੂ ਨਸ਼ਟ ਕਰਨ ਦਾ । ਘਰਾਂ ਦੀ ਲੇਪਾ-ਪੋਚੀ ਕਰਨ ਨਾਲ ਬੀਮਾਰੀ ਦੇ ਕਿਟਾਣੂ ਤਾਂ ਨਸ਼ਟ ਹੁੰਦੇ ਹੀ ਹਨ ਨਾਲ ਨਾਲ ਬਰਸਾਤ ਦੇ ਪਾਣੀ ਨਾਲ ਥਾਂ-ਥਾਂ ਪਏ ਪਾਣੀ ਦੇ ਦਾਗ ਮਿਟ ਜਾਂਦੇ ਹਨ ,ਸਾਫ ਸੁਥਰਾ ਘਰ ਮਨ ਨੂੰ ਸਕੂਨ ਦਿੰਦਾ ਹੈ। ਬਰਸਾਤ ਦੇ ਦਿਨਾਂ ਵਿਚ , ਗਾਗਰਾਂ ਵਲਟੋਹੀਆਂ ਅਤੇ ਹੋਰ ਪਿੱਤਲ ਦੇ ਭਾਂਡੇ ਜੋ ਸਲ੍ਹਾਬ ਕਾਰਨ ਕਾਲੇ ਪੈ ਜਾਂਦੇ ਹਨ ਉਹਨਾਂ ਨੂੰ ਵੀ ਮਾਂਜ ਬਣਾ ਕੇ ਲਿਸ਼ਕਾ ਲਿਆ ਜਾਂਦਾ ਹੈ। ਸਾਫ ਸਫਾਈ ਕਰਨ ਨਾਲ ਸਾਰਾ ਚੁਗਿਰਦਾ ਸੁਥਰਾ ਲਗਣ ਲੱਗ ਜਾਂਦਾ ਹੈ । ਸਿਆਣੇ ਬਜ਼ੁਰਗ ਆਖਦੇ ਹਨ ਕਿ ਸਫਾਈ ਦਾ ਰੱਬ ਤੋਂ ਬਾਅਦ ਦੂਜਾ ਸਥਾਨ ਹੈ। ਯਾਦ ਹੋਵੇਗਾ ਕਿ ਬੀਮਾਰੀ ਠਮਾਰੀ ਸਮੇਂ ਘਰ ਦੀਆਂ ਸੁਆਣੀਆਂ ਘਰ ਅੰਦਰ ਚੱਪਣੀ ਵਿਚ ਕੋਲਾ ਰਖ ਕੇ ਉਸ ਤੇ ਥੋੜ੍ਹਾ ਘੇ ਪਾਕੇ ਘਰ ਦੇ ਵਾਤਾਵਰਣ ਨੂੰ ਸ਼ੁੱਧ ਕਰਨ ਲਈ ਸਾਰੇ ਘਰ ਵਿਚ ਫਿਰ ਜਾਂਦੀਆਂ ਸਨ।ਪੁਰਾਣੇ ਬਜ਼ੁਰਗਾਂ ਦਾ ਖਿਆਲ ਸੀ ਕਿ ਬਹੁਤ ਸਾਰੇ ਦੀਵਿਆਂ ਵਿਚ ਬਲਿਆ ਤੇਲ ਲੋ ਦੇ ਨਾਲ ਨਾਲ ਵਾਤਾ ਵਰਣ ਨੂੰ ਵੀ ਸ਼ੁਧ ਕਰਦਾ ਹੈ। ਇਹੋ ਜਿਹੀ ਇਕ ਕਹਾਵਤ ਹੈ ਕਿ ਦਿਵਾਲੀ ਵਾਲੇ ਦਿਨ ਤੇਲ ਜ਼ਰੂਰ ਲੂਹਿਆ ਜਾਵੇ ਭਾਵ ਤੇਲ ਵਿਚ ਕੁਝ ਨਾ ਕੁਝ ਪਕਾਇਆ ਜਾਵੇ। ਵਿੱਛੜ ਗਏ ਬਜ਼ੁਰਗਾਂ ਦੀ ਯਾਦ ਵਿਚ ਵੀ ਹਰ ਪ੍ਰਿਵਾਰ ਕਬਰਸਤਾਨ ਵਿਚ ਵੀ ਬਲਦਾ ਦੀਵਾ ਰੱਖ ਆਉਂਦਾ ਹੈ । ਬਸ ਹਰ ਸਾਲ ਕਤਕ ਦੀ ਮਸਿਆ ,ਦੀਵਿਆਂ ਭਰੀ ਇਹ ਕਾਲੀ ਰਾਤ , ਸੁਆਦਲੇ ਭੋਜਨ ਨਵੇਂ ਬਸਤਰ ਅਤੇ ਸਾਫ ਸੁਥਰੇ ਘਰ, ਪਠਾਖਿਆਂ ਦਾ ਸ਼ੌਰ ਇਕ ਮੌਸਮੀ ਮੇਲਾ ਹੀ ਸੀ ਜੋ ਬਾਅਦ ਵਿਚ ਕੁਝ ਮਿਥਿਹਾਸਕ ਗਾਥਾਵਾਂ ਜੁੜਨ ਕਾਰਨ ਇਹ ਪੰਜ ਦਿਨਾਂ ਤਿਉਹਾਰ ਹੋ ਨਿਬੜਿਆ ਹੈ। ਪੂਜਾ ਪਾਠ ਤਿਉਹਾਰ ਦਾ ਜ਼ਰੂਰੀ ਅੰਗ ਹੁੰਦਾ ਹੈ । 
ਕਤਕ ਮਹੀਨੇ ਦੇ ਕ੍ਰਿਸ਼ਨ ਪਖਸ਼ ਦੇ ਤੇਰਾਂ ਦਿਨਾਂ ਤੋਂ ਦੀਵਾਲੀ ਪੂਜਾ ਸ਼ੁਰੂ ਹੋ ਜਾਂਦੀ ਹੈ। ਇਸ ਦਿਨ ਨੂੰ ਧੰਨਵੰਤਰੀ ਤਿਰੋਦਸ਼ੀ ਆਖਦੇ ਹਨ। ਵਿਉਪਾਰੀ ਲੋਕ ਆਪਣੇ ਧੰਨ ਦੇ ਵਾਧੇ ਲਈ ਇਸ ਰਾਤ ਲਕਸ਼ਮੀ ਪੂਜਾ ਕਰਦੇ ਹਨ। ਵਹੀ ਖਾਤਿਆਂ ਨੂੰ ਧੂਫ ਦਿੰਦੇ ਹਨ । ਵਿਆਜ ਵਗੈਰਾ ਜੋੜ ਕੇ ਖਾਤਾ ਨਵਾਂ ਕਰ ਲੈਂਦੇ ਹਨ। ਉਹਨਾਂ ਲਈ ਦੀਵਾਲੀ ਤੋਂ ਨਵਾਂ ਸਾਲ ਸ਼ੁਰੂ ਹੋ ਜਾਂਦਾ ਹੈ । ਸੋਨੇ ਚਾਂਦੀ ਦੇ ਜ਼ੇਵਰਾਂ ਦੀ ਖਰੀਦ ਨੂੰ ਸ਼ੁਭ ਮੰਨਣ ਕਾਰਨ ਇਸ ਦਿਨ ਜ਼ੇਵਰਾਤ ਦੀਆਂ ਦੁਕਾਨਾਂ ਤੇ ਕਾਫੀ ਭੀੜ ਹੁੰਦੀ ਹੈ ।ਇਸ ਤਰਾਂ ਇਹ ਮੋਸਮੀ ਮੇਲਾ ਵਿਉਪਾਰਕ ਵੀ ਹੋ ਨਿਬੜਿਆ।
ਕਤਕ ਮਹੀਨੇ ਦੇ ਕ੍ਰਿਸ਼ਨ ਪੱਖ ਦਾ ਚੌਦਵਾਂ ਦਿਨ ਛੋਟੀ ਦੀਵਾਲੀ ਜਾਂ ਨਰਕ ਚੌਰਾਦਸੀ ਵਜੋਂ ਮਨਾਇਆ ਜਾਂਦਾ ਹੈ । ਇਸ ਨਾਲ ਜੁੜੀ ਗਾਥਾ ਦਾ ਸਭੰਧ ਦੁਆਪਰ ਅਵਤਾਰ ਸ਼੍ਰੀ ਕ੍ਰਿਸ਼ਨ ਜੀ ਨਾਲ ਹੈ। ਪੁਰਾਣੇ ਗਰੰਥਾਂ ਅਨੁਸਾਰ ਜਿਸ ਇਲਾਕੇ ਨੂੰ ਅੱਜ ਅਸਾਮ ਕਿਹਾ ਜਾਂਦਾ ਹੈ ਉਸ ਇਲਾਕੇ ਵਿਚ ਇਕ ਨਰਕਸੁਰ ਨਾਂਮ ਦਾ ਜਾਬਰ ਰਾਜੇ ਦਾ ਰਾਜ ਸੀ। ਉਸਨੇ ਦੇਵਤਿਆਂ ਰਿਸ਼ੀਆਂ ਮੁਨੀਆਂ ਦੀਆਂ ਵਰਪਰਾਪਤ 16,100 ਬੇਟੀਆਂ ਆਪਣੇ ਹਰਮ ਵਿਚ ਪਾ ਲਈਆਂ ਸਨ। ਨਾਲ ਹੀ ਉਸਨੇ ਸੁਰਲੋਕ ਦੀ ਮਲਕਾ ਅਦਿਤੀ ਦੀਆਂ ਕੀਮਤੀ ਮੁਰਕੀਆਂ ਵੀ ਖੋਹ ਲਿਆਂਦੀਆਂ ਸਨ। ਦੇਵਤਿਆਂ ਨੇ ਤੰਗ ਆ ਕੇ ਵਿਸ਼ਨੂੰ ਅਵਤਾਰ ਸ਼੍ਰੀ ਕ੍ਰਿਸ਼ਨ ਜੀ ਦੀ ਸਹਾਇਤਾ ਮੰਗੀ। ਸ਼੍ਰੀ ਕ੍ਰਿਸ਼ਨ ਜੀ ਨੇ ਆਪਣੀ ਪਤਨੀ ਸਤਿਆਭਾਮਾਂ ਨੂੰ ਮਨਾ ਲਿਆ ਕਿ ਉਹ ਨਰਕਸੁਰ ਦੀ ਲੜਾਈ ਵਿਚ ਉਸ ਦੀ ਰਥਵਾਨ ਬਣੇ। ਲੋੜਾਈ ਦੌਰਾਨ ਇਕ ਤੀਰ ਕ੍ਰਿਸ਼ਨ ਜੀ ਦੇ ਲੱਗਣ ਨਾਲ ਉਹ ਮੂਰਛਤ ਹੋ ਗਏ ਤਾਂ ਉਨ੍ਹਾਂ ਦੀ ਪਤਨੀ ਸਤਿਆਭਾਮਾਂ ਨੇ ਧੰਨੁਸ਼ ਸੰਭਾਲ ਕੇ ਨਰਕਸੁਰ ਦਾ ਵੱਧ ਕਰ ਦਿੱਤਾ। ਕ੍ਰਿਸ਼ਨ ਜੀ ਨੇ 16100 ਕੰਨਿਆਵਾਂ ਨੂੰ ਛੁੜਾ ਕੇ ਉਨ੍ਹਾਂ ਨੂੰ ਆਪਣਾ ਨਾਮ ਦਿੰਦਿਆ ਆਖਿਆ ਕਿ ਅੱਜ ਤੋਂ ਤੁਸੀਂ ਮੇਰੀਆਂ ਪਤਨੀਆਂ ਹੋ।( ਕ੍ਰਿਸ਼ਨ ਜੀ ਦਾ ਇਹ ਫੈਸਲਾ ੳਨ੍ਹਾਂ ਦੀ ਭਲਾਈ ਲਈ ਲਿਆ ਲੱਗਦਾ ਹੈ ਕਿ ਜੇ ੳਨ੍ਹਾਂ ਦੇ ਮਾਪਿਆਂ ਨੇ ਉਨ੍ਹਾਂ ਨੂੰ ਪਤਤ ਸਮਝ ਕੇ ਨਾ ਕਬੂਲਿਆ ਤਾਂ ਉਹ ਆਪਣੇ ਆਪ ਨੂੰ ਲਾਵਾਰਸ ਨਹੀਂ ਸਮਝਣਗੀਆਂ।) ਨਰਕਸੁਰ ਦਾ ਖੂਨ ਆਪਣੇ ਮੱਥੇ ਤੇ ਲਾ ਕੇ ਜਦ ਕ੍ਰਿਸ਼ਨ ਜੀ ਵਾਪਸ ਆਏ ਤਾਂ ਲੋਕਾਂ ਨੇ ਨਰਕਸੁਰ ਤੋਂ ਛੁਟਕਾਰਾ ਮਿਲਣ ਕਰਕੇ ਖੁਸ਼ੀਆਂ ਮਨਾਈਆਂ। 
ਹੁਣ ਇਕ ਰਲਦਾ ਮਿਲਦਾ ਇਤਹਾਸਕ ਪੱਖ ਪੇਸ਼ ਕਰਨ ਦੀ ਇਜਾਜ਼ਤ ਚਾਹਾਂਗਾ । ਅਬਦਾਲੀ ਨੇ ਭਾਰਤ’ਤੇ ਹਮਲਾ ਕੀਤਾ ਦੇਸ਼ ਦਿਆਂ ਮੰਦਰਾਂ ਵਿਚੋਂ ਹੀਰੇ ਮੋਤੀ ਸੋਨਾ ਅਤੇ ਨਾਲ ਹੀ ਦੇਸ਼ ਦਾ ਇਸਤ੍ਰੀ ਧੰਨ ਨੋਜਵਾਨ ਬੇਟੀਆਂ ਲੁੱਟ ਕੇ ਜਦ ਵਾਪਸ ਜਾ ਰਿਹਾ ਸੀ ਤਾਂ ਗੁਰੂ ਗੋਬੰਦ ਸਿੰਘ ਜੀ ਦੇ ਸਾਜੇ ਖਾਲਸੇ ਨੇ ਬਹੁਤ ਘੱਟ ਗਿਣਤੀ ਵਿਚ ਹੁੰਦਿਆਂ ਹੋਇਆਂ ਵੀ ਉਸ ਤੋਂ ਸਾਰਾ ਮਾਲ ਵੀ ਖੋਹ ਲਿਆ ਅਤੇ ਦੇਸ਼ ਦੀ ਬੇਟੀਆਂ ਨੂੰ ਵੀ ਅਬਦਾਲੀ ਦੀ ਗ੍ਰਿਫਤ ਵਿਚੋਂ ਛੁਡਾ ਲਿਆ। ਕੁਝ ਇਕ ਨੂੰ ਤਾਂ ਮਾਪਿਆਂ ਨੇ ਕਬੂਲ ਲਿਆ, ਜਿਨ੍ਹਾਂ ਨੂੰ ਮਾਪਿਆਂ ਨੇ ਭ੍ਰਿਸ਼ਟ ਹੋਈਆਂ ਸਮਝ ਕੇ ਕਬੂਲਣ ਤੋਂ ਇਨਕਾਰ ਕਰ ਦਿਤਾ ਉਹ ਬੇਟੀਆਂ ਖਾਲਸੇ ਦਾ ਹੀ ਇਕ ਅੰਗ ਬਣ ਗਈਆਂ। ਅਬਦਾਲੀ ਨਾਲ ਹੋਈਆਂ ਝੜਪਾਂ ਵਿਚ ਸ਼ਹੀਦੀਆਂ ਵੀ ਹੋਈਆਂ ਹੋਣਗੀਆਂ। ਇਤਹਾਸ ਦਾ ਇਹ ਸਬਕ ਨਵੀਂ ਪੀੜ੍ਹੀ ਨੂੰ ਪੜਾਉਣਾ ਤਾਂ ਇਕ ਪਾਸੇ ਉਨ੍ਹਾਂ ਸੂਰਵੀਰਾਂ ਦੇ ਵੱਡਮੁੱਲੇ ਕਾਰਨਾਮੇ ਦੀ ਯਾਦ ਵਿਚ ਕੀ ਕਦੇ ਕਿਸੇ ਨੇ ਇਕ ਵੀ ਦੀਵਾ ਬਾਲਿਆ ਹੈ। ਨਹੀਂ ਨਾਂ ! ਉਸ ਦੇ ਉਲਟ ਨਵੰਬਰ 1984 ਵਿਚ ਦਿੱਲੀ ਕਾਨਪੁਰ ਅਤੇ ਹੋਰ ਕਈ ਸ਼ਹਿਰਾਂ ਵਿਚ ਇਕ ਸੋਚੀ ਸਮਝੀ ਸਰਕਾਰੀ ਸਰਪ੍ਰਸਤੀ ਹੇਠ ਸਿੱਖਾਂ ਦੀ ਜਾਨ ਮਾਲ ਦੀ ਲੁੱਟ ,ਸਿੱਖ ਬੀਬੀਆ ਦੀ ਬੇਪਤੀ ਨੇ ਭਾਰਤ ਵਾਸੀਆਂ ਨੂੰ ਨਾਸੁਕਰਿਆਂ ਦੀ ਕਤਾਰ ਵਿਚ ਖੜ੍ਹਾ ਕਰ ਦਿਤਾ। ਭਾਰਤ ਮਹਾਨ ਦੀ ਸ਼ਵੀ ਕਲੰਕਤ ਹੋ ਗਈ। ਸਿੱਖ ਕੌਮ ਦੇ ਹਿਰਦੇ ਵਲੂੰਦਰੇ ਗਏ ਇਕ ਨਾ ਮਿਟਣ ਵਾਲਾ ਘਾਵ ਲੱਗਾ ਹੈ। 
ਦੀਵਾਲੀ ਦੀ ਰਾਤ ਨਾਲ ਕੁਝ ਮਿਥਹਾਸ ਤੇ ਕੁਝ ਇਤਹਾਸ ਜੁੜਿਆ ਹੋਇਆ ਹੈ । ਪਹਿਲਾਂ ਮਿਥਹਾਸ ਦੀ ਗੱਲ ਕਰਦੇ ਹਾਂ। ਇਕ ਵਿਸ਼ਵਾਸ ਹੈ ਕਿ ਸਮੁੰਦਰ ਮਥਨ ਕਰਨ ਸਮੇਂ ਹੋਰ ਵਸਤੂਆਂ ਨਾਲ ਇਕ ਅਤਿਅੰਤ ਸੁੰਦਰ ਇਸਤਰੀ ਵੀ ਪ੍ਰਗਟ ਹੋਈ ਸੀ। ਉਸਨੂੰ ਵਿਸਨੂੰ ਭਗਵਾਨ ਨੇ ਆਪਣੀ ਅਰਧਾਂਗਣੀ ਬਣਾ ਲਿਆ ਅਤੇ ਉਸ ਦਾ ਨਾਮ ਧੰਨ ਦੇਣ ਵਾਲੀ ਦੇਵੀ ਲੱਛਮੀ ਪ੍ਰਚਲਿਤ ਹੋ ਗਿਆ । ਧੰਨ ਦੀ ਪਰਾਪਤੀ ਲਈ ਦਿਵਾਲੀ ਵਾਲੀ ਰਾਤ ਉਸ ਦੀ ਪੂਜਾ ਕੀਤੀ ਜਾਂਦੀ ਹੈ । ਇਕ ਆਮ ਵਿਸ਼ਵਾਸ ਹੈ ਕਿ ਦੀਵਾਲੀ ਦੀ ਰਾਤ ਨੂੰ ਲਛਮੀ ਦੇਵੀ ਸਾਫ ਸੁਥਰੇ ਅਤੇ ਰੌਸ਼ਨ ਘਰਾਂ ਵਿਚ ਗੇੜਾ ਮਾਰਦੀ ਹੈ । ਸੋ ਘਰਾਂ ਦੀ ਲੇਪਾ ਪੋਚੀ ਕੀਤੀ ਜਾ ਚੁੱਕੀ ਹੈ ਦੀਵੇ ਬਲ ਰਹੇ ਹਨ ਬਸ ਸਾਰੀਆਂ ਖਿੜਕੀਆਂ ਖੋਹਲ ਦਿਤੀਆਂ ਜਾਂਦੀਆਂ ਹਨ ਤਾਂ ਕਿ ਲੱਛਮੀ ਦੇਵੀ ਧੰਨ ਦਾ ਛਟਾ ਦੇ ਜਾਵੇ।
ਦੂਸਰੀ ਮਿਥ ਰਾਮ ਚੰਦਰ ਦੇ ਚੌਦਾਂ ਸਾਲ ਬਨਵਾਸ ਤੋਂ ਪਰਤਣ ਨਾਲ ਜੁੜੀ ਹੋਈ ਹੈ । ਅਯੁਧਿਆ ਪਤੀ ਰਾਜਾ ਦਸ਼ਰਥ ਆਪਣੀ ਰਾਣੀ ਕੇਕੇਈ ਦੇ ਹੱਠ ਅੱਗੇ ਝੁਕ ਗਿਆ। ਨਤੀਜਾ ਰਾਣੀ ਕੁਸ਼ਲਿਆ ਦੀ ਕੁੱਖੋਂ ਰਾਜਾ ਦਸ਼ਰਥ ਦੇ ਵੱਡੇ ਪੁਤ੍ਰ ਰਾਮਚੰਦਰ ਨੂੰ ਰਾਜ ਤਿਲਕ ਦੀ ਥਾਂ ਚੌਦਾਂ ਸਾਲਾਂ ਦਾ ਬਨਵਾਸ। ਰਾਮਚੰਦਰ ਦੀ ਪਤਨੀ ਸੀਤਾ ਨੇ ਪਤੀ ਧਰਮ ਦਾ ਪਾਲਣ ਕਰਦਿਆਂ ਮਹਿਲਾਂ ਦੇ ਐਸ਼ੋ ਆਰਾਮ ਦੀ ਥਾਂ ਬਨਵਾਸ ਦੀ ਚੋਣ ਕੀਤੀ। ਰਾਣੀ ਸੁਮਿਤ੍ਰਾ ਦਾ ਪੁੱਤਰ ਲਛਮਣ ਵੀ ਨਾਲ ਜਾਣ ਲਈ ਬਜ਼ਿਦ ਸੀ । ਬਨਵਾਸ ਦੌਰਾਨ ਲੰਕਾ ਪਤੀ ਰਾਵਣ ਸੀਤਾ ਦਾ ਹਰਣ ਕਰ ਲੈਂਦਾ ਹੈ। ਜੰਗ ਹੁੰਦੀ ਹੈ ਰਾਵਣ ਹਾਰ ਜਾਂਦਾ ਹੈ। ਸੰਸਾਰ ਜਿੱਤਣ ਵਾਲਿਆਂ ਨੂੰ ਪੂਜਦਾ ਆਇਆ ਹੈ। ਸੀਤਾ ਜੀ ਖੁਸ਼ੀ ਨਾਲ ਨਹੀਂ ਸੀ ਗਈ, ਉਸ ਦੇ ਜਿਸਮ’ਤੇ ਉਸ ਦਾ ਕੋਈ ਬਸ ਨਹੀਂ ਸੀ ਪਰ ਉਸ ਦਾ ਮਨ ਹਰ ਵਕਤ ਸ਼੍ਰੀ ਰਾਮ ਨਾਲ ਜੁੜਿਆ ਰਹਿੰਦਾ ਸੀ । ਫੇਰ ਵੀ ਆਪਣੀ ਪਵਿੱਤਰਤਾ ਸਾਬਤ ਕਰਨ ਲਈ ਸੀਤਾ ਜੀ ਨੂੰ ਅਗਨੀ ਪ੍ਰੀਖਿਆ ਦੇਣੀ ਪਈ । ਰਾਮ ਵੱਲੋਂ ਰਾਵਣ ਦਾ ਵੱਧ ਨੇਕੀ ਦੀ ਬਦੀ’ਤੇ ਜਿੱਤ ਮੰਨਦਿਆਂ ਅਤੇ ਰਾਮ ਲਛਮਣ ਅਤੇ ਸੀਤਾ ਦੇ ਵਾਪਸ ਆਉਣ ਦੀ ਖੁਸ਼ੀ ਵਿਚ ਆਖਿਆ ਜਾਂਦਾ ਹੈ ਅਯੁਧਿਆ ਨਾਵਾਸੀਆਂ ਨੇ ਦੀਪਮਾਲਾ ਕੀਤੀ, ਜੋ ਅੱਜ ਤਕ ਦਿਪਾਵਲੀ ਦੇ ਰੂਪ ਵਿਚ ਹੋ ਰਹੀ ਹੈ। ਰਾਮਚੰਦਰ ਨੇ ਅਯੁਧਿਆ ਦਾ ਰਾਜ ਕਾਜ ਸੰਭਾਲ ਲਿਆ। ਸਮਾਂ ਅਤੇ ਇਨਸਾਨ ਦੀ ਸੋਚ ਬਦਲਦੀ ਰਹਿੰਦੀ ਹੈ । ਸੀਤਾ ਦੇ ਚਰਿੱਤਰ ਤੇ ਫੇਰ ਉਂਗਲੀ ਉਠਾਈ ਜਾਣ ਲੱਗੀ।(ਆਨੰਦਾ ਕੇ ਕੁਮਾਰਾ ਸੁਆਮੀ ਅਤੇ ਸਿਸਟਰ ਨਿਵਈ ਦਿਤਾ ) ਆਪਣੀ ਕਿਤਾਬ ਮਿਥਸ ਔਫ ਦਾ ਹਿੰਦੂਸ ਅਤੇ ਬੁਧਿਸਟ’ ਵਿਚ ਲਿਖਦੇ ਹਨ ਕਿ ਰਾਮਚੰਦਰ ਨੇ ਲਛਮਣ ਨੂੰ ਸੱਦ ਕੇ ਹੁਕਮ ਦਿੱਤਾ ਕਿ ਕਿਸੇ ਕਿਸਮ ਦਾ ਵਬਾਲ ਖੜਾ ਹੋਣ ਦੀ ਬਜਾਏ ਸੀਤਾ ਜੀ ਨੂੰ ਗੰਗਾ ਦੀ ਯਾਤਰਾ ਦੇ ਬਹਾਨੇ ਲੈ ਜਾਵੇ। ਗੰਗਾ ਦੇ ਦੂਸਰੇ ਪਾਰ ਜਾ ਕੇ ਸੀਤਾ ਨੂੰ ਦਸ ਦੇਵੇ ਕਿ ਉਸ ਦੇ ਪਤੀ ਰਾਮ ਨੇ ਉਸ ਨੂੰ ਤਿਆਗ ਦਿੱਤਾ ਹੈ ।ਅਤੇ ਸੀਤਾ ਨੂੰ ਛੱਡ ਕੇ ਵਾਪਸ ਆ ਜਾਵੇ।ਸੋ ਇਸੇ ਤਰ੍ਹਾਂ ਹੋਇਆ। ਗਰਭਵਤੀ ਸੀਤਾ ਜੀ ਨੇ ਰੁਦਨ ਕੀਤੇ, ਕੁਦਰਤੀ ਵਾਲਮੀਕਿ ਦੇ ਸੇਵਕ ਉਧਰ ਆ ਗਏ, ਜੋ ਸੀਤਾ ਜੀ ਨੂੰ ਵਾਲਮੀਕਿ ਆਸ਼ਰਮ ਵਿਚ ਲੈ ਗਏ। ਆਸ਼ਰਮ ਵਿਚ ਸੀਤਾ ਜੀ ਨੇ ਦੋ ਪੁੱਤਰਾਂ ਨੂੰ ਜਨਮ ਦਿੱਤਾ ਇਕ ਨੂੰ ਗੁੜ੍ਹਤੀ ਉਂਗਲੀ ਨਾਲ ਦਿੱਤੀ ਗਈ ਜੋ ਲਵੂ ਕਹਿਲਾਇਆ ਅਤੇ ਦੂਸਰੈ ਨੂੰ ਗੁੜ੍ਹਤੀ ਕਿਛਾ ਦੇ ਤੀਲੇ ਨਾਲ ਦਿੱਤੀ ਜੋ ਕਿਛੂ ਵਜੋਂ ਜਾਣਿਆ ਜਾਣ ਲੱਗਾ।
ਰਾਮ ਸੀਤਾ ਲਛਮਣ ਦੇ ਆਉਂਣ ਦੀ ਖੁਸ਼ੀ ਵਿਚ ਦੀਪਮਾਲਾ ਕੀਤੀ ਗਈ ਸੀ। ਪਰ ਸੀਤਾ ਨੂੰ ਘਰੋਂ ਕੱਢਣ ਲੱਗਿਆਂ ਸ਼ਾਇਦ ਹੀ ਕੋਈ ਅੱਖ ਛਲਕੀ ਹੋਵੇ। ਸ਼ਾਇਦ ਸੱਚਾਈ ਤੋਂ ਕੋਹਾਂ ਦੂਰ ਇਹ ਇਕ ਮਿਥ ਹੀ ਹੋਵੇ ਪਰ ਸਦੀਆਂ ਦੇ ਪ੍ਰਚਾਰ ਕਾਰਨ ਇਸ ਨੂੰ ਸੱਚ ਮੰਨਦਿਆਂ ਇਹ ਕਹਾਣੀ ਵਾਰ-ਵਾਰ ਦੁਹਰਾਈ ਜਾਂਦੀ ਹੈ। ਇੰਦਰਾ ਗਾਂਧੀ ਨੇ ਮੈਨਕਾ ਨੂੰ ਅਤੇ ਇੰਗਲੈਡ ਦੀ ਮਲਿਕਾ ਨੇ ਆਪਣੀ ਨੂੰਹ ਡਾਇਨਾ ਨੂੰ ਘਰੌਂ ਕੱਢ ਦਿੱਤਾ ਸੀ।“ ਯਥਾ ਰਾਜਾ ਤੱਥਾ ਪਰਜਾ “ ਦੇ ਅਖਾਣ ਅਨੁਸਾਰ ਜੇ ਰਾਜੇ ਹੀ ਇਹੋ ਜਿਹੇ ਕੁਕਰਮ ਕਰਨ ਤਾਂ ਪਰਜਾ ਕਿਵੇਂ ਪਿੱਛੇ ਰਹਿ ਸਕਦੀ ਹੈ । ਲੜਕੀਆਂ ਦਹੇਜ ਦੀ ਬਲੀ ਚੜ੍ਹ ਰਹੀਆਂ ਹਨ। ਅੱਜ ਦੇ ਟੇਕਨਾਲੋਜੀ ਦੇ ਯੁੱਗ ਵਿਚ ਗਰਭ ਵਿਚ ਹੀ ਲੜਕੀ ਬਾਰੇ ਪਤਾ ਲੱਗਦਿਆਂ ਹੀ ਉਸ ਨੂੰ ਪਾਰ ਬੁਲਾ ਦਿਤਾ ਜਾਂਦਾ ਹੈ । ਭਰੂਣ ਹੱਤਿਆ ਨੂੰ ਨੇਕੀ ਦੀ ਬਦੀ’ਤੇ ਜਿਤ ਸਮਝਦਿਆਂ ਹੋਇਆਂ ਸਾਡੇ ਧਰਮੀ ਰਾਮ ਖਾਮੌਸ਼ ਸਹਿਮਤੀ ਦੇ ਰਹੇ ਹਨ। ਸਮਾਜ ਦਾ ਆਤਮਕ ਦੀਵਾ ਤਾਂ ਕਦੋਂ ਦਾ ਬੁਝ ਚੁੱਕਿਆ ਹੈ । ਬਸ ਦਿਖਾਵੇ ਦੀ ਦੀਪਮਾਲਾ ਅਤੇ ਪਟਾਖਿਆਂ ਦੇ ਗੰਧਕੀ ਧੂਏਂ ਨਾਲ ਸਭ ਕੁਝ ਮਲੀਆਮੇਟ ਹੋ ਰਿਹਾ ਹੈ ।
ਹਰਮੰਦਰ ਸਾਹਿਬ ਅਮ੍ਰਤਸਰ ਵਿਚ ਦੀਵਾਲੀ ਨੂੰ ਬੰਦੀ ਛੋੜ ਦਿਵਸ ਵਜੋਂ ਮਨਾਇਆ ਜਾਂਦਾ ਹੈ। ਗੁਰੂ ਅਰਜਨ ਦੇਵ ਜੀ ਤਕ ਨਿਰਵੈਰ ਸਮਾਜ ਦੀ ਉਸਾਰੀ ਹੋ ਰਹੀ ਸੀ ਉਨ੍ਹਾਂ ਦੀ ਸ਼ਹਾਦਤ ਨੇ ਇਡੀ ਦੈਹਿਸ਼ਤ ਫੈਲਾਈ ਕਿ ਗੁਰੂ ਪ੍ਰੈਮੀ ਚੁੱਪ ਕਰਕੇ ਘਰੋ ਘਰੀਂ ਬੈਠ ਗਏ। ਸਮਾਂ ਆ ਗਿਆ ਸੀ ਕਿ ਨਿਰਵੈਰੁ ਸਮਾਜ ਨੂੰ ਨਿਰਭਉ ਵੀ ਕਰ ਦਿੱਤਾ ਜਾਵੇ ਇਸ ਲਈ ਗੁਰੂ ਹਰਗੋਬੀੰਦ ਜੀ ,ਬਾਬਾ ਬੁਢਾ ਜੀ ਅਤੇ ਭਾਈ ਗੁਰਦਾਸ ਜੀ ਨੇ ਮਿਲ ਕੇ ਹਰਮੰਦਰ ਦੇ ਲਾਗੇ ਹੀ ਅਕਾਲ ਬੁੰਗੇ ਦੀ ਉਸਾਰੀ ਕੀਤੀ ( ਅੱਜ ਕਲ ਉਸ ਦਾ ਨਾਮ ਅਕਾਲ ਤੱਖਤ ਹੈ ) ਏਡਾ ਉਚਾ ਥੜ੍ਹਾ ਬਣਾ ਦੇਣਾ ਅਤੇ ਸੇਵਕਾਂ ਨੂੰ ਹਥਿਆਰਬੰਦ ਕਰਨਾ ਮੁਗਲੀਆਂ ਹਕੂਮਤ ਦੇ ਖਿਲਾਫ ਖੁੱਲ੍ਹੀ ਬਗਾਵਤ ਸੀ। ਬਾਦਸ਼ਾਹ ਜਹਾਂਗੀਰ ਨੇ ਗੁਰੂ ਸਾਹਿਬ ਨੂੰ ਦਿੱਲੀ ਸਦ ਕੇ ਪੱਜ ਨਾਲ ਗਵਾਲੀਅਰ ਭੇਜ ਦਿੱਤਾ। ਉਸ ਕਿਲ੍ਹੇ ਵਿਚ 52 ਹਿੰਦੂ ਰਾਜੇ ਪਹਿਲਾਂ ਹੀ ਕੈਦ ਕੀਤੇ ਹੋਏ ਸਨ। ਗੁਰੂ ਮਹਾਰਾਜ ਕੋਈ ਡੇਢ ਸਾਲ ਉਸ ਕਿਲੇ ਵਿਚ ਰਹੇ । ਅਤੇ ਜਦ ਬਾਹਰ ਆਏ ਤਾਂ 52 ਹਿੰਦੂ ਰਾਜੇ ਵੀ ਉਹਨਾ ਦੇ ਚੋਲੇ ਦੀਆਂ ਕੰਨੀਆਂ ਫੜ ਕੇ ਰਿਹਾ ਹੋ ਗਏ। ਅਮ੍ਰਤਸਰ ਵਾਪਸ ਆਉਣ’ਤੇ ਖੁਸ਼ੀ ਵਿਚ ਦੀਪ ਮਾਲਾ ਕੀਤੀ ਗਈ ਜੋ ਅੱਜ ਤਕ ਬੜੀ ਸ਼ਾਨ ਸ਼ੌਕਤ ਨਾਲ ਮਨਾਈ ਜਾਂਦੀ ਹੈ। ਦੀਵਾਲੀ ਦੀ ਰਾਤ ਨੂੰ ਅਮ੍ਰਤਸਰ ਦੀ ਆਤਸ਼ਬਾਜ਼ੀ ਸਾਰੇ ਸੰਸਾਰ ਤੇ ਮਸ਼ਹੂਰ ਹੈ ਪਰ ਉਸ ਅਸਥਾਨ ਦੀ ਉਚਤਾ ਨੂੰ ਗ੍ਰਹਿਣ ਲਗ ਰਿਹਾ ਹੈ। ਗੁਰੂ ਮਹਾਰਾਜ ਵੱਲੋਂ ਸਾਜੇ ਅਕਾਲ ਬੁੰਗੇ ਨੂੰ ਅਕਾਲ ਤਖਤ ਦਾ ਨਾ ਦੇ ਕੇ ਉਸ ਨੂੰ ਸਿਆਸਤ ਦਾ ਕੇਂਦਰ ਬਣਾ ਦਿੱਤਾ ਹੈ । ਸਿੱਖੀ ਦੇ ਬਰਾਬਰਤਾ ਅਤੇ ਸੰਗਤ ਦੇ ਵੱਡਮੁੱਲੇ ਸਿਧਾਂਤ ਨੂੰ ਤਿਲਾਂਜਲੀ ਦੇ ਕੇ ਇਕ ਪੁਰਖੀ ਤਾਕਤ ਕਾਇਮ ਕੀਤੀ ਜਾ ਰਹੀ ਹੈ। ਹੁਕਮ ਸਾਦਰ ਕਰਨ ਵਾਲੇ ਆਪ ਹੀ ਹੁਕਮ ਅਦੂਲੀ ਕਰ ਰਹੇ ਹਨ। ਸਿੱਖ ਬੱਚਿਆਂ ਨੂੰ ਸਿੱਖ ਸਿਧਾਂਤਾਂ ਦੀ ਸੋਝੀ ਦੇਣ ਵਾਲੇ ਖੁਦ ਬ੍ਰਾਹਮਣੀ ਰੀਤਾਂ ਵਿਚ ਉਲਝ ਕਰ ਰਹਿ ਗਏ ਹਨ। 
ਦੀਵਾਲੀ ਤੋਂ ਦੂਜੇ ਦਿਨ ਨੂੰ ਬਾਲੀ ਪਾਰਤਪਦਾ ਦੇ ਨਾਮ ਨਾਲ ਮਨਾਇਆ ਜਾਂਦਾ ਹੈ । ਕਹਾਣੀ ਕੁਝ ਇਸ ਤਰਾਂ ਹੈ ਕਿ ਪਤਾਲਪੁਰੀ ਦਾ ਰਾਜਾ ਬਾਲੀ ਬਹੁਤ ਸ਼ਕਤੀਸ਼ਾਲੀ ਹੋ ਗਿਆ ਉਸਨੇ ਕਈ ਪ੍ਚਲਿਤ ਰਸਮਾਂ ਦਾ ਉਲੰਘਣ ਕੀਤੀ ਤਾਂ ਵਿਸ਼ਨੂੰ ਭਗਵਾਨ ਨੇ ਵਾਮਨ ਅਵਤਾਰ (ਗਿਠਮੁਠੀਆ ਬ੍ਰਾਹਮਣ ) ਦਾ ਰੂਪ ਧਾਰ ਕੇ ਰਾਜਨ ਤੋਂ ਭਿਖਿਆ ਵਜੋਂ ਤਿਨ ਕਦਮ ਜਗ੍ਹਾ ਦੀ ਮੰਗ ਕੀਤੀ । ਬਾਲੀ ਦੀ ਹਾਂ ਤੇ ਵਿਸਨੂੰ ਨੇ ਵਰਾਟ ਰੂਪ ਧਾਰਨ ਕਰਕੇ ਸਮੁਚੀ ਧਰਤੀ ਅਤੇ ਅਕਾਸ਼ ਦੋ ਕਦਮਾਂ ਵਿਚ ਹੀ ਸਮੇਟ ਕੇ ਕਿਹਾ ਰਾਜਨ ਦਸ ਤੀਸਰਾ ਕਦਮ ਕਿਥੇ ਰਖਾਂ ਤਾਂ ਬਾਲੀ ਨੇ ਸਿਰ ਅਗੇ ਕਰ ਦਿਤਾ। ਵਿਸ਼ਨੂੰ ਨੇ ਉਸ ਦੇ ਸਿਰ ਤੇ ਪੈਰ ਰਖ ਕੇ ਉਸ ਨੂੰ ਮੁੜ ਪਤਾਲ ਪੁਰੀ ਵਿਚ ਧਕ ਦਿਤਾ । ਬਾਲੀ ਨੇ ਦਾਨ ਦੇ ਇਵਜ਼ਾਨੇ ਵਿਚ ਵਿਸਨੂੰ ਨੂੰ ਆਪਣਾ ਦਰਬਾਨ ਬਣਾ ਲਿਆ । ਵਿਸ਼ਨੂੰ ਦੇ ਵਿਯੋਗ ਵਿਚ ਲਛਮੀ ਦੇਵੀ ਬੇਹਬਲ ਹੋ ਗਈ ਤਾਂ ਬਰਹਮਾ ਅਤੇ ਸ਼ਿਵ ਨੇ ਜਾ ਕੇ ਰਾਜਾ ਬਾਲੀ ਨੂੰ ਮਨਾਉਣ ਦਾ ਯਤਨ ਕੀਤਾ । ਬਾਲੀ ਨੇ ਵਿਸ਼ਨੂੰ ਨੂੰ ਇਕ ਸ਼ਰਤ ਤੇ ਮੁਕਤ ਕੀਤਾ ਕਿ ਉਹ ਸਾਲ ਵਾਚ ਦੀਵਾਲੀ ਤੋਂ ਦੁਸਰੇ ਦਿਨ ਇਕ ਦਿਨ ਲਈ ਧਰਤੀ ਤੇ ਆਇਆ ਕਰੇਗਾ ਇਹ ਦਿਨ ਉਸ ਯਾਦ ਵਜੌਂ ਮਨਾਇਆ ਜਾਂਦਾ ਹੈ । ਨੈਹਰੂ, ਗਾਂਧੀ ਪਟੇਲ ਵਲੋਂ ਸਿਖ ਆਗੂਆਂ ਨੂੰ ਛਲ ਲੈਣਾ ਤਾਂ ਪੁਰਾਤਨ ਪ੍ਮਪਰਾ ਦਾ ਹੀ ਦੁਹਰਾ ਸੀ । ਆਪਣੀ ਆਜ਼ਾਦੀ ਦਾਨ ਕਰਨ ਦੇ ਬਦਲੇ ਸਿਖ ਕੌਮ ਦੇ ਆਗੂਆਂ ਨੇ ਜਰਾਇਮ ਪੇਸ਼ਾ ਦਾ ਸਰਾਪ ਪਰਾਪਤ ਕੀਤਾ। 
ਪੰਜਵਾਂ ਦਿਨ ਭਾਈ ਦੂਜ ਹੈ। ਇਕ ਵਿਸ਼ਵਾਸ਼ ਅਨਸਾਰ ਸ਼੍ਰੀ ਕ੍ਰਿਸ਼ਨ ਜੀ ਨਰਕਸੁਰ ਨੂੰ ਮਾਰਨ ੳਤੁਪਰੰਤ ਆਪਣੀ ਭੈਣ ਸੁਭਦਰਾਂ ਨੂੰ ਮਿਲਣ ਗਏ ਸੀ। ਉਸ ਨੇ ਆਪਣੇ ਭਰਾ ਦੇ ਤਿਲਕ ਲਾਇਆ ਸੀ ।ਇਸ ਦਿਨ ਭਰਾ ਆਪਣੀਆਂ ਭੈਣਾ ਨੂੰ ਤੋਹਫੇ ਦਿੰਦੇ ਹਨ ਭੈਣਾ ਆਪਣੇ ਭਰਾਵਾਂ ਦੀਆਂ ਸ਼ੁਖਾਂ ਮਨਾਉਂਦੀਆਂ ਹਨ। ਇਸ ਤਰਾਂ ਭੈਣਾ ਅਤੇ ਭਰਾਵਾਂ ਦਾ ਪਿਆਰ ਬਣਿਆ ਰਹਿੰਦਾ ਹੈ । ਭਾਈ ਦੂਜ ਮਨਾਉਣ ਬਗੈਰ ਦਿਵਾਲੀ ਅਧੂਰੀ ਗਿਣੀ ਜਾਂਦੀ ਹੈ।
ਜੈਨ ਮਤ ਵਾਲੇ ਸੰਤ ਮਹਾਂਵੀਰ ਦੇ ਨਿਰਵਾਣ ਪਰਾਪਤ ਕਰਨ ਕਰਕੇ ਦੀਵਾਲੀ ਮਨਾਉਂਦੇ ਹਨ। ਬੰਗਾਲ ਵਿਚ ਦੁਰਗਾ ਪੂਜਾ ਹੁੰਦੀ ਹੈ । 
ਗੱਲ ਦਿਵਾਲੀ ਦੀ ਕਰ ਰਿਹਾ ਸੀ ਭਾਵਨਾ ਦੇ ਹੜ ਅਗੇ ਖੜੋ ਨਹੀਂ ਸਕਿਆ ਪਾਠਕਾਂ ਤੋਂ ਖਿਮਾ ਚਾਹੁੰਦਾ ਹਾਂ। 
2010 ਦੀ ਦਿਵਾਲੀ ਸਭ ਪਾਠਕਾਂ ਨੂੰ ਖੁਸ਼ੀਆਂ ਖੇੜੇ ਵੰਡੇ ਆਪਸੀ ਸਾਂਝ ਵਧੇ ਇਹੀ ਤਮੱਨਾ ਹੈ । ਦੀਵਾਲੀ ਦੀਆਂ ਲਖ ਲਖ ਵਧਾਈਆਂ।


ਮੈਂ, ਨਾ ਸਲਮਾਨ ਰਸ਼ਦੀ ਹਾਂ , ਨਾ ਹੁਸੈਨ.......... ਲੇਖ / ਤਸਲੀਮਾ ਨਸਰੀਨ (ਅਨੁਵਾਦ – ਕੇਹਰ ਸ਼ਰੀਫ਼)


ਬਹੁਤ ਸਾਰੇ ਲੋਕ ਮੇਰਾ ਨਾਮ ਸਲਮਾਨ ਰਸ਼ਦੀ ਦੇ ਨਾਂ ਨਾਲ ਜੋੜ ਦਿੰਦੇ ਹਨ, ਦੇਸ-ਵਿਦੇਸ਼ ਸਭ ਥਾਵ੍ਹੀਂ। ਪਰ, ਜਦੋਂ ਦੋ ਵਿਅਕਤੀਆਂ ਨੂੰ ਅਜਿਹੇ ਪੱਧਰ ’ਤੇ ਦੇਖਿਆ ਜਾਂਦਾ ਹੈ ਜਿਨ੍ਹਾਂ ਵਿਚ ਕਾਫੀ ਅਸਮਾਨਤਾ ਹੋਵੇ ਤਾਂ ਇਤਰਾਜ਼ ਸੁਭਾਵਕ ਹੈ। ਅੱਜ-ਕਲ ਧੜੱਲੇ ਨਾਲ ਮੈਨੂੰ ਔਰਤ ਰਸ਼ਦੀ ਕਹਿ ਦਿੱਤਾ ਜਾਂਦਾ ਹੈ। ਮੈਂ ਪੁੱਛਦੀ ਹਾਂ ਕਿ ਸਲਮਾਨ ਰਸ਼ਦੀ ਨੂੰ ਮਰਦ ਨਸਰੀਨ ਕਿਉਂ ਨਹੀਂ ਕਹਿ ਸਕਦੇ? ਇਕ ਫਤਵੇ ਨੂੰ ਛੱਡ ਦਿਉ ਤਾਂ ਸਾਡੇ ਵਿਚਕਾਰ ਕੋਈ ਸਮਾਨਤਾ ਨਹੀਂ ਹੈ। ਮਰਦ ਹੋਣ ਕਰਕੇ ਉਹ ਸੁਖ-ਸਹੂਲਤਾਂ ਭੋਗ ਰਹੇ ਹਨ, ਔਰਤ ਹੋਣ ਕਰਕੇ ਮੈਂ ਮੁਸ਼ਕਲਾਂ ਵਿਚ ਘਿਰੀ ਹੋਈ ਹਾਂ।



ਮੈਂ ਇਕ ਇਕ ਕਰਕੇ ਅਸਮਾਨਤਾਵਾਂ ਗਿਣਾਉਂਦੀ ਹਾਂ। ਫਤਵਾ ਜਾਰੀ ਹੋਣ ਤੋਂ ਬਾਅਦ ਉਨ੍ਹਾਂ ਨੇ ਕੱਟੜਪੰਥੀਆਂ ਤੋਂ ਮਾਫੀ ਮੰਗੀ। ਤੌਬਾ ਕਰਕੇ ਚੰਗੇ ਮੁਸਲਮਾਨ ਬਣੇ ਰਹਿਣ ਦੀ ਕਸਮ ਖਾਧੀ। ਮੈਂ ਮਾਫੀ ਨਹੀਂ ਮੰਗੀ ਮੁਸਲਮਾਨ ਵੀ ਨਹੀਂ ਹੋਣਾ ਚਾਹੁੰਦੀ। ਮੈਂ ਬਚਪਨ ਤੋਂ ਹੀ ਨਾਸਤਿਕ ਹਾਂ, ਭਾਵੇਂ ਕਿੰਨੀਆਂ ਹਨੇਰੀਆਂ-ਤੂਫਾਨ ਆਏ ਹਮੇਸ਼ਾ ਸਿਰ ਉੱਚਾ ਕਰਕੇ ਨਾਸਤਿਕ ਬਣੀ ਰਹੀ।


ਜਿਸ ਇਰਾਨ ਨੇ ਰਸ਼ਦੀ ਦੇ ਖਿਲਾਫ ਫਤਵਾ ਜਾਰੀ ਕੀਤਾ ਸੀ ਉਹ ਉਸ ਦੇਸ਼ ਵਿਚ ਕਦੇ ਨਹੀਂ ਰਹੇ। ਪਰ, ਜਿਸ ਦੇਸ਼ ਵਿਚ ਮੈਨੂੰ ਫਾਂਸੀ ’ਤੇ ਲਟਕਾਉਣ ਦੇ ਮਕਸਦ ਨਾਲ ਸਾਲਾਂ ਬੱਧੀ ਖਰੂਦੀਆਂ ਦੇ ਜਲੂਸ ਨਿਕਲਦੇ ਰਹੇ, ਜਿੱਥੇ ਅਸਹਿਣਸ਼ੀਲ ਮੁਸਲਮਾਨ ਮੇਰੀ ਹੱਤਿਆ ਕਰਨਾ ਚਾਹੁੰਦੇ ਸਨ, ਜਿੱਥੇ ਦੀ ਸਰਕਾਰ ਨੇ ਖੁਦ ਮੇਰੇ ਖਿਲਾਫ ਅਪੀਲ ਕੀਤੀ ਸੀ, ਜਿਸ ਦੇ ਚੱਲਦਿਆਂ ਮੇਰਾ ਹੁਲੀਆ ਜਾਰੀ ਕੀਤਾ ਗਿਆ ਅਤੇ ਮੈਨੂੰ ਮਹੀਨਿਆਂ ਬੱਧੀ ਹਨੇਰੇ ਵਿਚ ਲੁਕ-ਛਿਪ ਕੇ ਰਹਿਣਾ ਪਿਆ ਸੀ। ਜਿਸ ਦੇਸ਼ ਦੇ ਕੱਟੜਪੰਥੀ ਆਪਣੇ ਹੱਥਾਂ ਨਾਲ ਮੇਰੀ ਗਰਦਣ ਮਰੋੜਨ ਲਈ ਬਜਿਦ ਸਨ। ਉਸ ਦੇਸ਼ ਵਿਚ, ਅਜਿਹੇ ਹਿੰਸਕ ਮਹੌਲ ਵਿਚ ਵੀ ਮੈਂ ਵਿਅਕਤੀਗਤ (ਖੁਦ) ਤੌਰ ’ਤੇ ਉੱਥੇ ਹਾਜ਼ਰ ਰਹੀ। ਸਰਕਾਰ ਅਤੇ ਕੱਟੜਪੰਥੀਆਂ ਦੇ ਅੱਤਿਆਚਾਰ ਮੈਂ ਇਕੱਲੀ ਨੇ ਝੱਲੇ।

ਫਤਵੇ ਦੇ ਚੱਲਦਿਆਂ ਰਸ਼ਦੀ ਨੂੰ ਉਸਦੇ ਦੇਸ਼ ਵਿਚ ਕਿਸੇ ਨੇ ਤੰਗ ਨਹੀਂ ਕੀਤਾ। ਉਸਨੂੰ ਦੇਸ਼ ਨਿਕਾਲੇ ਦੀ ਸਜ਼ਾ ਨਹੀਂ ਦਿੱਤੀ ਗਈ। ਰਸ਼ਦੀ ਦਾ ਦੇਸ਼ ਹੈ ਇੰਗਲੈਂਡ । ਉਹ ਉੱਥੇ ਹੀ ਰਹੇ ਅਤੇ ਉੱਥੇ ਹੀ ਹਨ। ਉਨ੍ਹਾਂ ਦੇ ਖਿਲਾਫ ਸਿਰਫ ਇਕ ਫਤਵਾ ਜਾਰੀ ਹੋਇਆ। ਮੇਰੇ ਖਿਲਾਫ ਬੰਗਲਾਦੇਸ਼ ਵਿਚ ਤਿੰਨ ਅਤੇ ਭਾਰਤ ਵਿਚ ਪੰਜ ਫਤਵੇ ਜਾਰੀ ਹੋਏ। ਸਾਰਿਆਂ ਵਿਚ ਮੇਰੇ ਸਿਰ ਦੀ ਕੀਮਤ ਦਾ ਐਲਾਨ ਕੀਤਾ ਗਿਆ। ਰਸ਼ਦੀ ਨੂੰ ਤਾਂ ਕਿਸੇ ਦੇਸ਼ ਤੋਂ ਨਹੀਂ ਪਰ ਮੈਨੂੰ ਮੇਰੇ ਲਿਖਣ ਦੇ ਕਾਰਨ ਦੋ ਦੇਸ਼ਾਂ ਤੋਂ ਬਾਹਰ ਕੱਢ ਦਿੱਤਾ ਗਿਆ। ਉਸਦੀ ਇਕ ਕਿਤਾਬ ’ਤੇ ਪਾਬੰਦੀ ਲੱਗੀ ਹੈ ਪਰ ਮੇਰੀਆਂ ਪੰਜ ਕਿਤਾਬਾਂ ’ਤੇ ਪਾਬੰਦੀ ਹੈ,- ਲੱਜਾ, ਮੇਰਾ ਬਚਪਨ, ਉਤਾਲ ਹਵਾ, ਦਿਖੰਡਿਤ ਅਤੇ ਸਾਰਾ ਅੰਧਕਾਰ। ਧਰਮ ਦੀ ਨਿੰਦਿਆ ਕਰਨ ਦੇ ਬਾਵਜੂਦ ਰਸ਼ਦੀ ਕਿਸੇ ਵੀ ਧਰਮ-ਨਿਰਪੱਖ ਮਨੁੱਖੀ ਅਧਿਕਾਰ ਸੰਗਠਨ ਨਾਲ ਨਹੀਂ ਜੁੜੇ ਹੋਏ, ਮੈਂ ਸਰਗਰਮੀ ਨਾਲ ਜੁੜੀ ਹੋਈ ਹਾਂ।

ਉਹ ਵਿਅਕਤੀਗਤ ਜੀਵਨ ਵਿਚ ਅਤਿਅੰਤ ਸਾਮੰਤਵਾਦੀ (ਜਗੀਰੂ) ਹਨ। ਮੈਂ ਉਨ੍ਹਾਂ ਦੇ ਉਲਟ ਹਾਂ। ਰਸ਼ਦੀ ਇਕ ਤੋਂ ਬਾਅਦ ਇਕ ਲੜਕੀਆਂ ਨੂੰ ਪਕੜਦੇ , ਉਨ੍ਹਾਂ ਨੂੰ ਭੋਗਦੇ ਅਤੇ ਫੇਰ ਛੱਡ ਦਿੰਦੇ ਹਨ। ਬੁੱਢੀ ਉਮਰ ਵਿਚ ਉਨ੍ਹਾਂ ਦੀ ਇਸ ਕਾਮੁਕਤਾ (ਯੌਨ ਇੱਛਾ) ਨੂੰ ਕੋਈ ਬੁਢਾਪੇ ਦੇ ਸੁਪਨੇ ਵਜੋਂ ਨਹੀਂ ਦੇਖਦਾ ਸਗੋਂ ਉਸਨੂੰ ਵਧੇਰੇ ਸਮਰੱਥ, ਖੁਬਸੂਰਤ, ਪ੍ਰੇਮੀ ਦੇ ਰੂਪ ਵਿਚ ਸਨਮਾਨ ਦਿੱਤਾ ਜਾਂਦਾ ਹੈ ਅਤੇ ਬਹੁਤੇ ਮਰਦਾਂ ਵਾਸਤੇ ਉਹ ਈਰਖਾ ਦਾ ਵਿਸ਼ਾ ਬਣੇ ਹੋਏ ਹਨ। ਜਦੋਂ ਕਿ ਇਸ ਪਾਸੇ ਮਰਦ ਸਾਥੀ ਤੋਂ ਬਿਨਾਂ ਜੀਵਨ ਗੁਜ਼ਾਰਦੇ ਰਹਿਣ ਦੇ ਬਾਵਜੂਦ ਮੇਰੀ ਕਾਮੁਕਤਾ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੇ ਕਿੱਸੇ ਕਹਾਣੀਆਂ ਲਿਖੇ ਜਾਂਦੇ ਹਨ। ਮੈਨੂੰ ਵੇਸਵਾ ਅਤੇ ਵਿਗੜੀ ਹੋਈ ਔਰਤ ਦੱਸਣ ਵਾਲ਼ਿਆਂ ਦਾ ਵੀ ਕੋਈ ਘਾਟਾ ਨਹੀਂ ਹੈ।

ਮਰਦ ਯੌਨ ਜੀਵਨ ਦਾ ਆਨੰਦ ਲੈ ਸਕਦਾ ਹੈ। ਪਰ ਔਰਤ ਜਦੋਂ ਅਜਿਹਾ ਕਰਦੀ ਹੈ ਜਾਂ ਕਰਨ ਦੇ ਅਧਿਕਾਰ ਦੀ ਗੱਲ ਕਰਦੀ, ਲਿਖਦੀ ਹੈ ਤਾਂ ਉਹ “ਵੇਸਵਾ” ਹੈ। ਜਦੋਂ ਤੋਂ ਲਿਖਣਾ ਸ਼ੁਰੂ ਕੀਤਾ ਹੈ ਤਾਂ ਲੋਕਾਂ ਦੀ ਨਿੰਦਿਆ ਸੁਣਦੀ ਆ ਰਹੀ ਹਾਂ। ਔਰਤ ਦੀ ਯੌਨ ਅਜਾਦੀ ਦਾ ਸਵਾਲ ਉਠਾ ਕੇ ਜਿਵੇਂ ਮੈਂ ਸਮਾਜ ਦੇ ਬਾਰਾਂ ਬਜਾ ਦਿੱਤੇ ਹੋਣ। ਰਸ਼ਦੀ ਅਤੇ ਮੇਰੇ ਵਿਚਕਾਰ ਇਕ ਹੋਰ ਅਜੀਬ ਸਮਾਨਤਾ ਜਾਂ ਅਸਮਾਨਤਾ ਇਹ ਹੈ ਕਿ ਜਿਹੜੇ ਰਸ਼ਦੀ ਨੂੰ ਚੰਗਾ ਲੇਖਕ ਮੰਨਦੇ ਹਨ ਉਨ੍ਹਾਂ ਵਿਚੋਂ ਬਹੁਤਿਆਂ ਨੇ ਉਨ੍ਹਾਂ ਦੀਆਂ ਲਿਖਤਾਂ ਨਹੀਂ ਪੜ੍ਹੀਆਂ ਹੋਈਆਂ ਅਤੇ ਜੋ ਲੋਕ ਮੈਨੂੰ ਖਰਾਬ ਲੇਖਕ ਮੰਨਦੇ ਹਨ ਉਨ੍ਹਾਂ ਵਿਚੋਂ ਬਹੁਤਿਆਂ ਨੇ ਮੇਰਾ ਲਿਖਿਆ ਪੜ੍ਹਿਆ ਹੀ ਨਹੀਂ। 

ਰਸ਼ਦੀ ਨਾਲ 1993 ਤੋਂ ਮੇਰਾ ਨਾਮ ਜੋੜਿਆ ਜਾ ਰਿਹਾ ਹੈ। ਇਰਾਨ ਵਲੋਂ ਫਤਵਾ ਜਾਰੀ ਹੋਣ ਤੋਂ ਬਾਅਦ ਰਸ਼ਦੀ ਇਕ ਬਹੁਤ ਵੱਡਾ ਨਾਮ ਹੋ ਗਿਆ ਸੀ। ਜਦੋਂ ਕਿ ਮੇਰੇ ਸਿਰ ਦੀ ਕੀਮਤ ਐਲਾਨੇ ਜਾਣ ਤੋਂ ਬਾਅਦ ਬੰਗਲਾ ਦੇਸ਼ ਅਤੇ ਭਾਰਤ ਦੀ ਸੀਮਾ ਨੇੜਲੇ ਕੁੱਝ ਲੋਕਾਂ ਨੇ ਮੇਰਾ ਨਾਮ ਜਾਣਿਆ। ਜਿਸ ਸਮੇਂ ਬੰਗਲਾ ਦੇਸ਼ ਵਿਚ ਮੈਂ ਨਜ਼ਰਬੰਦ ਸਥਿਤੀ ਵਿਚ ਸੀ ਉਸ ਵਕਤ ਮੇਰੇ ਹੱਕ ਵਿਚ ਖੁੱਲ੍ਹਾ ਖ਼ਤ ਲਿਖ ਕੇ ਅੰਦੋਲਨ ਚਲਾਉਣ ਵਾਲੇ ਯੂਰਪੀ ਲੇਖਕਾਂ ਵਿਚ ਰਸ਼ਦੀ ਵੀ ਸ਼ਾਮਲ ਸਨ। ਪਰਵਾਸ ਦੇ ਦੌਰਾਨ ਜਰਮਨੀ ਦੀ ਇਕ ਪੱਤ੍ਰਿਕਾ ਵਿਚ ਛਪੇ ਮੇਰੇ ਬਿਆਨ ਪੜ੍ਹਕੇ ਉਹ ਭੜਕ ਉੱਠੇ। ਉਸ ਪੱਤ੍ਰਿਕਾ ਵਿਚ ਮੈਂ ਗੁੱਸਾ ਪ੍ਰਗਟ ਕਰਦੇ ਹੋਏ ਕਿਹਾ ਸੀ ਕਿ ਜੇ ਫਤਵੇ ਦੇ ਡਰ ਤੋਂ ਰਸ਼ਦੀ ਨੇ ਮਾਫੀ ਮੰਗੀ ਹੈ ਤਾਂ ਇਹ ਉਸਦੀ ਕਾਇਰਤਾ ਹੈ।

ਫਿਲਹਾਲ ਰਸ਼ਦੀ ਨਿਊਯਾਰਕ ਸ਼ਹਿਰ ਵਿਚ ਰਹਿੰਦੇ ਹਨ, ਮੈਂ ਵੀ ਉੱਥੇ ਹੀ ਰਹਿੰਦੀ ਹਾਂ। ਫੇਰ ਸਾਡੇ ਦੋਹਾਂ ਵਿਚਕਾਰ ਮੁਲਾਕਾਤ ਦੀ ਕੋਈ ਸੰਭਾਵਨਾ ਨਹੀਂ ਹੈ। ਉਹ ਅਮਰੀਕੀ ਲੇਖਕਾਂ, ਕਵੀਆਂ ਦੇ ਵੱਡੇ ਸੰਗਠਨ ਪੈਨ ਕਲੱਬ ਦੇ ਪ੍ਰਧਾਨ ਹਨ। ਦੋ ਸਾਲ ਪਹਿਲਾਂ ਪੈਨ ਕਲੱਬ ਵਲੋਂ ਲਿਖਣ ਦੀ ਅਜਾਦੀ ਨੂੰ ਲੈ ਕੇ ਕਾਫੀ ਵੱਡਾ ਇਕੱਠ ਹੋਇਆ ਸੀ। ਉਸ ਵਿਚ ਏਸ਼ੀਆ, ਅਫਰੀਕਾ ਦੇ ਬਹੁਤ ਸਾਰੇ ਲੇਖਕ ਇਕੱਠੇ ਹੋਏ ਸਨ, ਸਾਰੇ ਹੀ ਅਣਜਾਣੇ। 

ਸਲਮਾਨ ਰਸ਼ਦੀ ਜਾਣਦੇ ਹਨ ਕਿ ਮੈਂ ਭਾਰਤ ਵਿਚੋਂ ਕੱਢੇ ਜਾਣ ਤੋਂ ਬਾਅਦ ਉੱਥੇ ਆਈ ਹਾਂ। ਮੇਰੀ ਲਿਖਣ ਦੀ ਅਜਾਦੀ ਉੱਤੇ ਹਮਲੇ ਹੋਏ ਹਨ ਉਸਦੇ ਪਿੱਛੇ ਨਫਰਤ ਅਤੇ ਅਵਿਸ਼ਵਾਸ ਹੈ। ਬੰਗਲਾ ਦੇਸ਼ ਵਿਚ ਮੇਰੀਆਂ ਸਾਰੀਆਂ ਕਿਤਾਬਾਂ ਸਮਾਜਿਕ ਭਾਵ ਤੋਂ ਨਹੀਂ ਸਰਕਾਰੀ ਤੌਰ ’ਤੇ ਪਾਬੰਦੀਸ਼ੁਦਾ ਹਨ। ਸਿਰਫ ਬੰਗਲਾਦੇਸ਼ ਤੋਂ ਹੀ ਨਹੀਂ ਪੱਛਮੀ ਬੰਗਾਲ ਤੋਂ ਵੀ ਮੈਨੂੰ ਕੱਢਿਆ ਜਾ ਚੁੱਕਾ ਹੈ। ਇੰਨਾ ਹੀ ਨਹੀਂ ਦੇਸ਼ ਵਿੱਚੋਂ ਬਾਹਰ ਕੱਢਣ ਤੋਂ ਪਹਿਲਾਂ ਸਾਢੇ ਸੱਤ ਮਹੀਨੇ ਤੱਕ ਮੈਨੂੰ ਕੋਲਕਤਾ ਅਤੇ ਦਿੱਲੀ ਵਿਖੇ ਨਜ਼ਰਬੰਦੀ ਦੀ ਹਾਲਤ ਵਿਚ ਰੱਖਿਆ ਗਿਆ ਪਰ ਮੇਰੇ ਇਤਿਹਾਸ ਨੂੰ ਧੋਖੇ, ਧੱਕੇ ਅਤੇ ਚਤਰਾਈ ਨਾਲ ਅਸਵੀਕਾਰ ਕਰਦੇ ਹੋਏ ਸਲਮਾਨ ਰਸ਼ਦੀ ਲੇਖਕ ਦੀ ਅਜਾਦੀ ਦਾ ਉਤਸਵ ਮਨਾ ਰਹੇ ਹਨ। 

ਉਹ ਜੋ ਚਾਹੁੰਦੇ ਹਨ ਕਰਦੇ ਹਨ। ਉਹਦੇ ਸੁਰੱਖਿਆ ਗਾਰਡਾਂ ਵਿਚੋਂ ਇਕ ਨੇ ਉਸਦੇ ਖਿਲਾਫ ਕਿਤਾਬ ਲਿਖੀ ਹੈ। ਉਹਨੇ ਪ੍ਰਕਾਸ਼ਕਾਂ ਨਾਲ ਗੱਲਬਾਤ ਕਰਕੇ ਉਸ ਨੂੰ ਨਾ ਛਪਣ ਦੇਣ ਦਾ ਪ੍ਰਬੰਧ ਕਰ ਲਿਆ ਹੈ। ਹਾਂ ! ਉਹ ਪੇਸ਼ਕਾਰੀ ਦੀ ਅਜਾਦੀ ਦਾ ਜਸ਼ਨ ਮਨਾ ਰਹੇ ਹਨ। ਉਹ ਸੱਠ ਪਾਰ ਕਰ ਚੁੱਕੇ ਹਨ ਪਰ ਲੜਕੀਆਂ ਨੂੰ ਲਲਚਾਈਆਂ ਨਜ਼ਰਾਂ ਨਾਲ ਦੇਖਦੇ ਹਨ ਤਾਂ ਉਨ੍ਹਾਂ ਨੂੰ ਕੋਈ ਬੁਰਾ ਨਹੀਂ ਕਹਿੰਦਾ। ਲੜਕੀਆਂ ਉਹਦੇ ’ਤੇ ਇਲਜ਼ਾਮ ਲਾ ਚੁੱਕੀਆਂ ਹਨ ਕਿ ਰਸ਼ਦੀ ਉਨ੍ਹਾਂ ਨੂੰ ਕਾਮੁਕ ਖਿਡੌਣੇ ਤੋਂ ਵੱਧ ਕੁੱਝ ਨਹੀਂ ਸਮਝਦੇ ਤਦ ਵੀ ਉਨ੍ਹਾਂ ਦੇ ਖਿਲਾਫ ਲੋਕਾਂ ਦੇ ਮਨਾਂ ਵਿਚ ਨਫਰਤ ਪੈਦਾ ਨਹੀਂ ਹੁੰਦੀ। ਇਸ ਪ੍ਰਚੰਡ ਮਰਦਵਾਦੀ ਲੇਖਕ ਦਾ ਖੂਬ ਨਾਮ ਹੈ, ਯਸ਼ ਹੈ। ਉਹਨੂੰ ਖੂਬ ਪ੍ਰਸਿੱਧੀ ਮਿਲ ਚੁੱਕੀ ਹੈ, ਪਰ ਹਕੀਕਤ ਇਹ ਹੈ ਕਿ ਇਕ ਫਤਵੇ ਨੂੰ ਛੱਡ ਕੇ ਉਸ ਨਾਲ ਮੇਰਾ ਕੋਈ ਮੇਲ ਨਹੀਂ ਹੈ।

ਪਿਛਲੇ ਲੱਗਭੱਗ ਦੋ ਸਾਲਾਂ ਤੋਂ ਇਕ ਹੋਰ ਵਿਅਕਤੀ ਨਾਲ ਮੇਰਾ ਨਾਮ ਜੋੜਿਆ ਜਾਣ ਲੱਗਾ ਹੈ, ਉਹ ਹਨ ਮਕਬੂਲ ਫਿਦਾ ਹੁਸੈਨ। ਉਹ ਵੱਡੇ ਚਿੱਤਰਕਾਰ ਹਨ। ਭਾਰਤ ਵਿਚ ਉਸਦੇ ਚਿੱਤਰ ਸਭ ਤੋਂ ਵੱਧ ਕੀਮਤ ’ਤੇ ਵਿਕਦੇ ਹਨ। ਬਹੁਤ ਸਾਰੇ ਲੋਕ ਉਸਨੂੰ ਭਾਰਤ ਦੇ ਨੰਬਰ ਇਕ ਚਿੱਤਰਕਾਰ ਦੇ ਰੂਪ ਵਿਚ ਵੇਖਦੇ ਹਨ। ਉਨ੍ਹਾਂ ਨੇ ਸਰਸਵਤੀ ਦੀ ਨੰਗੀ ਤਸਵੀਰ ਬਣਾ ਕੇ ਧਾਰਮਿਕ ਹਿੰਦੂ ਮਨ ’ਤੇ ਜ਼ਖ਼ਮ ਕੀਤਾ ਸੀ। ਹਿੰਦੂਆਂ ਨੇ ਉਸ ਦੇ ਚਿੱਤਰ ਨਸ਼ਟ ਕਰ ਦਿੱਤੇ। ਉਹਨੂੰ ਧਮਕੀ ਦਿੱਤੀ ਗਈ। ਉਹ ਦੇਸ਼ ਛੱਡਣ ਲਈ ਮਜਬੂਰ ਹੋਏ। ਮੈਂ ਰਚਨਾਕਾਰ ਦੀ ਅਜਾਦੀ ਵਿਚ ਸੌ ਫੀਸਦੀ ਵਿਸ਼ਵਾਸ ਰੱਖਦੀ ਹਾਂ। ਮੇਰਾ ਮੰਨਣਾ ਹੈ ਕਿ ਮਕਬੂਲ ਫਿਦਾ ਹੁਸੈਨ ਜੋ ਚਾਹੁੰਦੇ ਹਨ ਉਨ੍ਹਾਂ ਨੂੰ ਉਹ ਹੀ ਰਚਣ ਦੀ ਅਜਾਦੀ ਹੋਣੀ ਚਾਹੀਦੀ ਹੈ। ਇਸ ਪੱਖੋਂ ਉਨ੍ਹਾ ’ਤੇ ਅੱਤਿਆਚਾਰ ਕਰਨ ਦਾ ਕਿਸੇ ਨੂੰ ਅਧਿਕਾਰ ਨਹੀਂ ਹੈ।

ਜਦੋਂ ਹੁਸੈਨ ਵਰਗੇ ਵੱਡੇ ਚਿੱਤਰਕਾਰ ਨਾਲ ਮੇਰੇ ਵਰਗੇ ਇਕ ਛੋਟੇ ਇਨਸਾਨ ਦਾ ਨਾਮ ਜੋੜਿਆ ਜਾਂਦਾ ਹੈ ਤਾਂ ਮੈਂ ਬੇਚੈਨੀ ਮਹਿਸੂਸ ਕਰਦੀ ਹਾਂ। ਇਸ ਕਰਕੇ ਕਿ ਛੋਟੀ ਹੋਣ ਦੇ ਬਾਵਜੂਦ ਮੈਂ ਆਪਣੇ ਆਦਰਸ਼ਾਂ ਨੂੰ ਬਹੁਤ ਮੁੱਲਵਾਨ ਮੰਨਦੀ ਹਾਂ। ਮੇਰੇ ਆਦਰਸ਼ਾਂ ਦੀ ਤੁਲਨਾ ਕਿਸੇ ਦੂਸਰੇ ਵਿਅਕਤੀ ਨਾਲ ਨਹੀਂ ਕੀਤੀ ਜਾ ਸਕਦੀ ਭਾਵੇਂ ਕਿ ਉਹ ਇਸ ਦੁਨੀਆਂ ਦਾ ਕਿੰਨਾਂ ਹੀ ਪ੍ਰਸਿੱਧ ਵਿਅਕਤੀ ਕਿਉਂ ਨਾ ਹੋਵੇ, ਉਸ ਦੇ ਪ੍ਰਤੀ ਮੇਰੇ ਮਨ ਵਿਚ ਕੋਈ ਪੱਖਪਾਤ ਪੈਦਾ ਨਹੀਂ ਹੁੰਦਾ। ਉਹਦੇ ਨਾਲ ਮੇਰਾ ਨਾਮ ਲਿਆ ਜਾਂਦਾ ਹੈ ਤਾਂ ਮੈਂ ਸਨਮਾਨਿਤ ਨਹੀਂ ਹੁੰਦੀ। 

ਹੁਸੈਨ ਵਲੋਂ ਸਰਸਵਤੀ ਦੀ ਨੰਗੀ ਤਸਵੀਰ ਬਣਾਉਣ ਨੂੰ ਲੈ ਕੇ ਭਾਰਤ ਵਿਚ ਵਿਵਾਦ ਸ਼ੁਰੂ ਹੋਇਆ ਤਾਂ ਸੁਭਾਵਿਕ ਰੂਪ ਵਿਚ ਮੈਂ ਚਿੱਤਰਕਾਰ ਦੀ ਅਜਾਦੀ ਦੇ ਹੱਕ ਵਿਚ ਸੀ। ਮੁਸਲਮਾਨਾਂ ਵਿਚ ਨਾਸਤਕਾਂ ਦੀ ਗਿਣਤੀ ਬਹੁਤ ਥੋੜੀ ਹੈ। ਮੈਂ ਮਕਬੂਲ ਫਿਦਾ ਹੁਸੈਨ ਦੇ ਚਿੱਤਰਾਂ ਨੂੰ ਹਰ ਜਗ੍ਹਾ ਤੋਂ ਲੱਭ ਕੇ ਦੇਖਣ ਦੀ ਕੋਸਿ਼ਸ਼ ਕੀਤੀ ਕਿ ਹਿੰਦੂ ਧਰਮ ਤੋਂ ਬਿਨਾ ਕਿਸੇ ਹੋਰ ਧਰਮ ਖਾਸ ਕਰ ਆਪਣੇ ਧਰਮ ਇਸਲਾਮ ਨੂੰ ਲੈ ਕੇ ਉਨ੍ਹਾਂ ਨੇ ਕੋਈ ਵਿਅੰਗ ਕੀਤਾ ਹੈ ਕਿ ਨਹੀਂ। ਪਰ, ਦੇਖਿਆ ਕਿ ਬਿਲਕੁੱਲ ਨਹੀਂ ਕੀਤਾ ਪਰ ਉਹ ਕੈਨਵਸ ’ਤੇ ਅਰਬੀ ਵਿਚ ਲਫ਼ਜ਼ ਅੱਲਾਹ ਲਿਖਦੇ ਹਨ। ਮੈਂ ਇਹ ਵੀ ਸਪਸ਼ਟ ਰੂਪ ਵਿਚ ਦੇਖਿਆ ਕਿ ਉਨ੍ਹਾਂ ਦੀ ਇਸਲਾਮ ਦੇ ਪ੍ਰਤੀ ਡੂੰਘੀ ਸ਼ਰਧਾ ਅਤੇ ਵਿਸ਼ਵਾਸ ਹੈ। ਇਸਲਾਮ ਤੋਂ ਬਿਨਾ ਕਿਸੇ ਦੂਸਰੇ ਧਰਮ ਵਿਚ ਉਹ ਵਿਸ਼ਵਾਸ ਨਹੀਂ ਕਰਦੇ। ਹਿੰਦੂਤਵ ਵੱਲ ਅਵਿਸ਼ਵਾਸ ਦੇ ਚਲਦਿਆਂ ਹੀ ਉਨ੍ਹਾਂ ਨੇ ਲੱਛਮੀ ਅਤੇ ਸਰਸਵਤੀ ਨੂੰ ਨੰਗਿਆਂ ਚਿੱਤਰਿਆ। ਕੀ ਉਹ ਮੁਹੰਮਦ ਨੂੰ ਨੰਗਿਆਂ ਚਿਤਰ ਸਕਦੇ ਹਨ? ਮੈਨੂੰ ਯਕੀਨ ਹੈ ਨਹੀਂ ਕਰ ਸਕਦੇ। ਮੈਨੂੰ ਕਿਸੇ ਵੀ ਧਰਮ ਦੇ ਦੇਵੀ-ਦੇਵਤੇ ਜਾਂ ਪੈਗੰਬਰ ਬਗੈਰਾ ਨੂੰ ਨੰਗਾ ਚਿਤਰਨ ਵਿਚ ਕੋਈ ਹਿਚਕਚਾਹਟ ਨਹੀਂ ਹੈ।

ਦੁਨੀਆਂ ਦੇ ਹਰ ਧਰਮ ਪ੍ਰਤੀ ਮੇਰੇ ਮਨ ਵਿਚ ਬਰਾਬਰ ਦਾ ਅਵਿਸ਼ਵਾਸ ਹੈ। ਮੈਂ ਕਿਸੇ ਧਰਮ ਨੂੰ ਉੱਪਰ ਰੱਖ ਕੇ ਦੂਸਰੇ ਨਾਲ ਨਫਰਤ ਪ੍ਰਗਟ ਕਰਨ, ਕਿਸੇ ਵੱਲ ਲਗਾਉ ਜਾਂ ਵਿਸ਼ਵਾਸ ਵਿਖਾਉਣ ਦੀ ਕੋਸਿ਼ਸ਼ ਨਹੀਂ ਕਰਦੀ।

ਹੁਸੈਨ ਵੀ ਉਨ੍ਹਾਂ ਧਾਰਮਿਕ ਲੋਕਾਂ ਵਾਂਗ ਹਨ ਜੋ ਆਪਣੇ ਧਰਮ ਵਿਚ ਤਾਂ ਵਿਸ਼ਵਾਸ ਰੱਖਦੇ ਹਨ ਪਰ ਦੂਜੇ ਲੋਕਾਂ ਵਲੋਂ ਉਨ੍ਹਾਂ ਦੇ ਧਰਮ ਵਿਚ ਵਿਸ਼ਵਾਸ ਕਰਨ ਦੀ ਨਿੰਦਿਆ ਕਰਦੇ ਹਨ। ਫਿਦਾ ਹੁਸੈਨ ਨਾਲ ਮੇਰਾ ਨਾਮ ਲਿਆ ਜਾਂਦਾ ਹੈ ਕਿੱਥੇ ਉਹ ਵਿਸ਼ਾਲ ਵੱਡਾ ਦਰੱਖਤ ਅਤੇ ਕਿੱਥੇ ਮੈਂ ਛੋਟਾ ਜਿਹਾ ਤਿਣਕਾ। ਦੋਹਾਂ ਵਿਚ ਕੀ ਮੇਲ਼। ਕਿੱਥੇ ਮੈਂ ਨਾਸਤਿਕ ਅਤੇ ਕਿੱਥੇ ਉਹ ਆਸਤਿਕ ਨਾ ਸਹੀ ਪਰ ਆਪਣੇ ਰੱਬ ਪ੍ਰਤੀ ਤਾਂ ਆਸਤਿਕ ਹੈ। 

ਫਿਦਾ ਹੁਸੈਨ ਨਾਲ ਮੇਰੀ ਇਕ ਹੀ ਸਮਾਨਤਾ ਹੈ। ਧਰਮੀ ਲੋਕਾਂ ਵਲੋਂ ਹਮਲਾਵਰ ਹੋ ਜਾਣ ਤੋਂ ਬਾਅਦ ਲੱਗਭੱਗ ਇਕੋ ਹੀ ਸਮੇਂ ਸਾਨੂੰ ਦੋਹਾਂ ਨੂੰ ਦੇਸ਼ ਛੱਡਣ ਲਈ ਮਜਬੂਰ ਹੋਣਾ ਪਿਆ ਸੀ। ਇਸ ਤੋਂ ਬਿਨਾ ਬਾਕੀ ਸਭ ਅਸਮਾਨਤਾ ਹੈ। ਪਹਿਲੀ ਅਸਮਾਨਤਾ ਤਾਂ ਇਹ ਹੀ ਹੈ ਕਿ ਉਨ੍ਹਾਂ ਨੇ ਆਪਣੀ ਮਰਜ਼ੀ ਨਾਲ ਦੇਸ਼ ਛੱਡਿਆ ਹੈ, ਮੈਂ ਆਪਣੀ ਮਰਜ਼ੀ ਨਾਲ ਨਹੀਂ ਛੱਡਿਆ। ਫੇਰ ਮੈਨੂੰ ਆਪਣੇ ਕੋਲਕਤਾ ਵਾਲੇ ਘਰ ਤੋਂ ਹੀ ਨਹੀਂ ਸਮੁੱਚੇ ਭਾਰਤ ਤੋਂ ਹੀ ਬਾਹਰ ਕਰ ਦਿੱਤਾ ਗਿਆ ਹੈ ਕਿਸੇ ਕੱਟੜਪੰਥੀ ਨੇ ਨਹੀਂ ਖੁਦ ਸਰਕਾਰ ਨੇ ਮੈਨੂੰ ਬਾਹਰ ਕੱਢਿਆ। ਹੁਸੈਨ ਕੋਲ ਤਾਂ ਵਿਦੇਸ਼ ਵਿਚ ਰਹਿਣ ਲਈ ਆਪਣਾ ਘਰ ਹੈ, ਮੇਰਾ ਨਹੀਂ ਹੈ।

ਹੁਸੈਨ ਦੀ ਦੇਸ਼ ਵਾਪਸੀ ਲਈ ਸਰਕਾਰ ਪੂਰੀ ਕੋਸਿ਼ਸ਼ ਕਰ ਰਹੀ ਹੈ। ਮੈਨੂੰ ਤਾਂ ਨਾ ਭਾਰਤ ਸਰਕਾਰ ਵਾਪਸ ਪਰਤਣ ਦੇ ਰਹੀ ਹੈ ਨਾ ਬੰਗਲਾਦੇਸ਼ ਦੀ ਸਰਕਾਰ। ਭਾਰਤ ਵਿਚੋਂ ਕੱਢੇ ਜਾਣ ਤੋਂ ਬਾਅਦ ਮੈਂ ਜਿੰਨੀ ਵਾਰ ਵੀ ਉੱਥੇ ਵਾਪਸ ਜਾਣ ਦੀ ਕੋਸਿ਼ਸ਼ ਕੀਤੀ ਮੈਨੂੰ ਹੱਠਧਰਮੀ ਨਾਲ ਰੋਕ ਦਿੱਤਾ ਗਿਆ। ਹੁਸੈਨ ਤਾਂ ਇਕ ਧਰਮ ’ਤੇ ਹੀ ਵਿਅੰਗ ਕਰਦੇ ਹਨ ਮੈਂ ਔਰਤਾਂ ਦੇ ਅਧਿਕਾਰਾਂ ਦੀ ਗੱਲ ਕਰਦਿਆਂ ਦੁਨੀਆਂ ਦੇ ਸਾਰੇ ਧਰਮਾਂ ਵਿਚ ਵਰਨਣ ਕੀਤੇ ਗਏ ਔਰਤਾਂ ਦੇ ਵਿਰੋਧੀ ਸ਼ਲੋਕਾਂ ਦੀ ਆਲੋਚਨਾ ਕਰਦੀ ਹਾਂ। ਔਰਤਾਂ ਦੀ ਵਿਰੋਧੀ ਸੰਸਕ੍ਰਿਤੀ ਅਤੇ ਕਾਨੂੰਨ ਖਤਮ ਹੋਣੇ ਚਾਹੀਦੇ ਹਨ। ਜਦੋਂ ਧਰਮ ਦੀ ਆਲੋਚਨਾ ਕਰਦੀ ਹਾਂ ਤਾਂ ਸਾਰੇ ਧਰਮਾਂ ਦੀ ਕਰਦੀ ਹਾਂ। ਅਜਿਹਾ ਨਹੀਂ ਕਿ ਆਪਣੇ ਜਨਮ ਵਾਲੇ ਅਤੇ ਹੋਰਨਾਂ ਦੇ ਧਰਮ ਇਸਲਾਮ ਨੂੰ ਵੱਖ ਰੱਖਕੇ ਕਰਦੀ ਹਾਂ।

ਰਸ਼ਦੀ ਅਤੇ ਫਿਦਾ ਹੁਸੈਨ ਵਾਂਗ ਮੈਨੂੰ ਨਾਮ, ਪ੍ਰਸਿੱਧੀ ਅਤੇ ਵਿਸ਼ੇਸ਼ਤਾ ਪ੍ਰਾਪਤ ਨਹੀਂ। ਉਨ੍ਹਾਂ ਦੇ ਨਾਲ ਮੇਰਾ ਨਾਮ ਨਹੀਂ ਲਿਆ ਜਾਣਾ ਚਾਹੀਦਾ। ਜਿਸ ਤਰ੍ਹਾਂ ਲੰਮੇ ਸਮੇਂ ਤੱਕ ਮੈਂ ਧਾਰਮਿਕ ਕੱਟੜਵਾਦੀਆਂ ਅਤੇ ਤਾਕਤਵਰ ਸਰਕਾਰ ਦੇ ਅੱਤਿਆਚਾਰ ਸਹਿਣ ਕੀਤੇ ਹਨ ਉਹੋ ਜਿਹਾ ਇਨ੍ਹਾਂ ’ਚੋਂ ਕਿਸੇ ਨਹੀਂ ਝੱਲਿਆ। ਜਿਸ ਤਰ੍ਹਾਂ ਬੇ-ਘਰ ਹਾਲਤ ਵਿਚ ਬੇ-ਯਕੀਨੀ ਅਤੇ ਇਕੱਲਤਾ ਵਿਚ ਇਕੱਲੀ ਖੁਦ ਨੂੰ ਬਚਾਉਣ ਲਈ ਵਿਦੇਸ਼ ਵਿਚ ਰਹਿ ਕੇ ਦਿਨ ਪ੍ਰਤੀ ਦਿਨ ਸੰਘਰਸ਼ ਕਰਨਾ ਪੈ ਰਿਹਾ ਹੈ। ਜੇ ਕੋਈ ਨਾਲ ਹੈ ਤਾਂ ਉਹ ਮੇਰਾ ਆਦਰਸ਼ ਅਤੇ ਵਿਸ਼ਵਾਸ ਜਿਸਦੇ ਸਿਰੜ ਅਤੇ ਤਾਕਤ ਨਾਲ ਸੰਘਰਸ਼ ਕਰੀ ਜਾ ਰਹੀ ਹਾਂ। ਇਹ ਸਭ ਨਜ਼ਰ-ਅੰਦਾਜ਼ ਕਰਨ ਦੀ ਚੀਜ ਨਹੀਂ। ਰਸ਼ਦੀ ਅਤੇ ਹੁਸੈਨ ਨੂੰ ਇੰਨੀ ਦੱਖ ਭਰੀ ਸਥਿਤੀ ਵਿਚ ਕਦੇ ਦਿਨ ਨਹੀਂ ਗੁਜ਼ਾਰਨੇ ਪਏ।

ਉਨ੍ਹਾਂ ਦੋਹਾਂ ਦੀਆਂ ਰਚਨਾਵਾਂ ਦੇ ਪ੍ਰਤੀ ਅਥਾਹ ਸ਼ਰਧਾ ਰੱਖਦੇ ਹੋਏ ਕਹਿ ਰਹੀ ਹਾਂ ਕਿ ਇਨ੍ਹਾਂ ਦੋਹਾਂ ਮਰਦਾਂ ਨਾਲ ਇੱਕੋ ਪੱਧਰ ’ਤੇ ਮੇਰਾ ਨਾਮ ਰੱਖਣਾ ਠੀਕ ਨਹੀਂ ਹੈ। ਧਰਮ ਮੁਕਤ, ਨਫਰਤ ਤੋਂ ਮੁਕਤ, ਬਰਾਬਰੀ ਦੇ ਅਧਿਕਾਰਾਂ ਵਾਲੇ ਸਮਾਜ ਦੀ ਸਥਾਪਨਾ ਲਈ ਮੈਂ ਸੰਘਰਸ਼ ਕਰ ਰਹੀ ਹਾਂ ਜੇ ਉਹ ਕਿਸੇ ਨੂੰ ਵਿਖਾਈ ਨਹੀਂ ਦਿੰਦਾ ਤਾਂ ਉਹ ਭਾਵੇਂ ਕਿੰਨਾ ਵੱਡਾ ਰਚਨਾਕਾਰ ਕਿਉਂ ਨਾ ਹੋਵੇ ਮੇਰੇ ਆਦਰਸ਼ ਦੇ ਨੇੜੇ ਆਉਣ ਦੀ ਉਸ ਵਿਚ ਕੋਈ ਯੋਗਤਾ ਨਹੀਂ।

- ਜਨਸਤਾ ’ਚੋਂ ਧੰਨਵਾਦ ਸਹਿਤ

ਹਰਿਆਣੇ ਵਿਚ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੰਗ: ਸਹੀ ਜਾਂ ਗਲਤ.......... ਲੇਖ / ਨਿਸ਼ਾਨ ਸਿੰਘ ਰਾਠੌਰ

ਸਿੱਖਾਂ ਦੀ ਮਿੰਨੀ ਪਾਰਲੀਮੈਂਟ ਵੱਜੋਂ ਜਾਣੀ ਜਾਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮਟੀ ਅਨੇਕਾਂ ਕੁਰਬਾਨੀਆਂ ਬਾਅਦ ਹੋਂਦ ਵਿਚ ਆਈ ਸੀ। ਇਸ ਕਮੇਟੀ ਦੀ ਰੱਖਿਆ ਲਈ ਸ਼੍ਰੋਮਣੀ ਅਕਾਲੀ ਦਲ ਦਾ ਗਠਨ ਕੀਤਾ ਗਿਆ ਸੀ। ਆਜ਼ਾਦੀ ਤੋਂ ਬਾਅਦ ਭਾਰਤ ਦੇ ਵਿਕਾਸ ਲਈ ਜਿਵੇਂ-ਜਿਵੇਂ ਵੱਡੇ ਰਾਜਾਂ ਨੂੰ ਤੋੜ ਕੇ ਛੋਟੇ ਰਾਜਾਂ ਦਾ ਗਠਨ ਹੁੰਦਾ ਗਿਆ ਉਸੇ ਤਰ੍ਹਾਂ ਰਾਜਾਂ ਵਿਚ ਆਪਸੀ ਝਗੜੇ ਵੀ ਸਾਹਮਣੇ ਆਉਣੇ ਸ਼ੁਰੂ ਹੋ ਗਏ।

ਇਹਨਾਂ ਝਗੜਿਆਂ ਵਿਚ ਪੰਜਾਬ ਅਤੇ ਹਰਿਆਣਾ ਵੀ ਉਲਝਣ ਤੋਂ ਬੱਚ ਨਾ ਸਕੇ। ਪੰਜਾਬ ਰਾਜ ਵਿਚੋਂ 1 ਨਵੰਬਰ 1966 ਨੂੰ ਹਰਿਆਣਾ ਪ੍ਰਾਂਤ ਹੋਂਦ ਵਿਚ ਆਇਆ। ਪੰਜਾਬ ਦੇ ਨਾਲ-ਨਾਲ ਹਰਿਆਣੇ ਦੀ ਰਾਜਧਾਨੀ ਵੀ ਚੰਡੀਗੜ੍ਹ ਹੀ ਰਹੀ। ਦੋਹਾਂ ਪ੍ਰਦੇਸਾਂ ਦਾ ਹਾਈਕੋਰਟ ਵੀ ਸਾਂਝਾ ਰਿਹਾ ਅਤੇ ਇਸੇ ਤਰ੍ਹਾਂ ਗੁਰਦੁਆਰਿਆਂ ਦੇ ਸਾਂਭ-ਸੰਭਾਲ ਲਈ ਬਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮਟੀ ਵੀ ਇਕੋ ਹੀ ਰਹੀ।

ਮੌਜੂਦਾ ਸਮੇਂ ਵਿਚ ਹਰਿਆਣਾ ਅਤੇ ਪੰਜਾਬ ਵਿਚ ਜਿਸ ਤਰ੍ਹਾਂ ਰਾਜਧਾਨੀ ਚੰਡੀਗੜ੍ਹ ਲਈ ਲੜਾਈ ਹੋ ਰਹੀ ਹੈ ਉਸੇ ਤਰ੍ਹਾਂ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਵੀ ਦੋਹਾਂ ਰਾਜਾਂ ਵਿਚ ਆਪਸੀ ਮਤਭੇਦ ਉੱਭਰ ਕੇ ਸਾਹਮਣੇ ਆ ਗਏ ਹਨ। ਖਾਸ ਗੱਲ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮਟੀ ਨੇ ਪਿਛਲੇ 44 ਸਾਲਾਂ ਤੋਂ ਪੰਜਾਬ ਦੇ ਨਾਲ-ਨਾਲ ਹਰਿਆਣਾ ਦੇ ਗੁਰਦੁਆਰਿਆਂ ਦਾ ਪ੍ਰਬੰਧ ਵੀ ਸੰਭਾਲਿਆ ਹੋਇਆ ਹੈ।
ਹਰਿਆਣੇ ਵਿਚ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੰਗ ਸਾਲ 2000 ਵਿਚ ਆਰੰਭ ਹੋਈ ਸੀ। ਇਸ ਲਹਿਰ ਨੂੰ ਆਰੰਭ ਕਰਨ ਵਾਲੇ ਕਰਨਾਲ ਜਿ਼ਲ੍ਹੇ ਦੇ ਇਕ ਅਕਾਲੀ ਆਗੂ ਸਨ। ਇਸ ਤੋਂ ਬਾਅਦ ਕੁਰੂਕਸ਼ੇਤਰ ਦੇ ਸ੍ਰ. ਦੀਦਾਰ ਸਿੰਘ ਨਲਵੀ ਅਤੇ ਕਰਨਾਲ ਦੇ ਸ੍ਰ. ਜਗਦੀਸ਼ ਸਿੰਘ ਝੀਂਡਾ ਨੇ ਵੱਖਰੀ ਕਮੇਟੀ ਦੀ ਆਵਾਜ਼ ਨੂੰ ਬੁਲੰਦ ਕੀਤਾ।
ਇਸ ਮੰਗ ਨੂੰ ਕਾਂਗਰਸ ਪਾਰਟੀ ਨੇ ਹੋਰ ਹਵਾ ਦਿੱਤੀ। ਹਰਿਆਣਾ ਕਾਂਗਰਸ ਨੇ ਹਰਿਆਣੇ ਦੇ ਸਿੱਖਾਂ ਦੀ ਇਸ ਮੰਗ ਨੂੰ ਆਪਣੇ ਚੋਣ ਐਲਾਨਨਾਮੇ ਵਿਚ ਲਿਖਤੀ ਤੌਰ ਤੇ ਸ਼ਾਮਲ ਕਰ ਲਿਆ ਕਿ ਜੇਕਰ ਹਰਿਆਣੇ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਸਿੱਖਾਂ ਦੀ ਇਸ ਮੰਗ ਨੂੰ ਪੂਰਾ ਕਰ ਦਿੱਤਾ ਜਾਵੇਗਾ।
ਇਸ ਦਾ ਨਤੀਜਾ ਇਹ ਨਿਕਲਿਆ ਕਿ ਹਰਿਆਣੇ ਦੇ ਸਿੱਖ ਆਗੂਆਂ ਨੇ ਕਾਂਗਰਸ ਪਾਰਟੀ ਦੇ ਹੱਕ ਵਿਚ ਚੋਣ ਪ੍ਰਚਾਰ ਕਰਨਾ ਆਰੰਭ ਕਰ ਦਿੱਤਾ ਅਤੇ ਹਰਿਆਣਾ ਵਿਚ ਕਾਂਗਰਸ ਪਾਰਟੀ ਦੇ 90 ਵਿਚੋਂ 67 ਵਿਧਾਇਕ ਚੁਣੇ ਗਏ ਅਤੇ ਰਾਜ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣ ਗਈ।
ਇਸ ਸ਼ਾਇਦ ਪਹਿਲੀ ਵਾਰ ਸੀ ਜਦੋਂ ਹਰਿਆਣੇ ਵਿਚ ਕਾਂਗਰਸ ਪਾਰਟੀ ਨੂੰ ਇਤਨੀ ਜ਼ਬਰਦਸਤ ਸਫ਼ਲਤਾ ਹਾਸਲ ਹੋਈ ਹੋਵੇ। ਚੋਣਾਂ ਦੇ ਨਤੀਜਿਆਂ ਤੋਂ ਬਾਅਦ ਚੋਧਰੀ ਭੁਪਿੰਦਰ ਸਿੰਘ ਹੁੱਡਾ ਹਰਿਆਣਾ ਦੇ ਮੁੱਖਮੰਤਰੀ ਬਣ ਗਏ। ਵੱਖਰੀ ਕਮੇਟੀ ਦੇ ਹਿਮਾਇਤੀ ਆਗੂ ਮੁੱਖਮੰਤਰੀ ਨੂੰ ਆਪਣੀ ਮੰਗ ਤੋਂ ਜਾਣੂ ਕਰਵਾਉਣ ਲਈ ਅਤੇ ਕਾਂਗਰਸ ਪਾਰਟੀ ਵੱਲੋਂ ਕੀਤਾ ਗਿਆ ਵਾਅਦਾ ਯਾਦ ਕਰਵਾਉਣ ਲਈ ਮਿਲੇ ਤਾਂ ਹੁੱਡਾ ਸਰਕਾਰ ਨੇ ਹਰਿਆਣਾ ਦੇ ਸਿੱਖਾਂ ਨੂੰ ਕੋਈ ਹੱਥ-ਪੱਲਾ ਨਾ ਫੜਾਇਆ।
ਇਸ ਦਾ ਸਿੱਟਾ ਇਹ ਨਿਕਲਿਆ ਕਿ ਸਿੱਖਾਂ ਨੇ ਉਸ ਸਮੇਂ ਦੇ ਖੇਤੀ ਮੰਤਰੀ ਸ੍ਰ. ਹਰਮੋਹਿੰਦਰ ਸਿੰਘ ਚੱਠਾ ਦੇ ਕੁਰੂਕਸ਼ੇਤਰ ਸਥਿਤ ਘਰ ਅੱਗੇ ਧਰਨਾ ਲਗਾ ਦਿੱਤਾ। ਇਹ ਧਰਨਾ ਕੁੱਲ 111 ਦਿਨ ਚਲਿਆ ਅਤੇ ਹਰਿਆਣਾ ਸਰਕਾਰ ਦੇ ਕੁੱਝ ਮੰਤਰੀਆਂ ਦੇ ਕਹਿਣ ਤੇ ਧਰਨਾ ਖਤਮ ਕਰ ਦਿੱਤਾ ਗਿਆ ਕਿ ਜਲਦ ਹੀ ਹਰਿਆਣਾ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾ ਦਿੱਤੀ ਜਾਵੇਗੀ।
ਹੁੱਡਾ ਸਰਕਾਰ ਦਾ 4 ਸਾਲ ਦਾ ਲੰਮਾ ਅਰਸਾ ਬੀਤ ਗਿਆ ਪਰ ਸਰਕਾਰ ਨੇ ਸਿਵਾਏ ਖੇਤੀ ਮੰਤਰੀ ਸ੍ਰ. ਚੱਠਾ ਦੀ ਅਗੁਵਾਈ ਵਿਚ ਇਕ ਕਮੇਟੀ ਬਣਾਉਨ ਦੇ ਕੋਈ ਕਾਰਵਾਈ ਨਾ ਕੀਤੀ। ਇਸ ਕਮੇਟੀ ਨੇ ਹਰਿਆਣੇ ਦੇ ਸਿੱਖਾਂ ਤੋਂ ਹਲਫ਼ਨਾਮੇ ਲੈਣ ਦਾ ਮਨ ਬਣਾਇਆ ਤਾਂ ਕਿ ਪਤਾ ਲੱਗ ਸਕੇ ਕਿ ਹਰਿਆਣਵੀਂ ਸਿੱਖ ਵੱਖਰੀ ਕਮੇਟੀ ਚਾਹੁੰਦੇ ਵੀ ਹਨ ਜਾਂ ਨਹੀਂ।
ਇਸ ਲਈ ਬਕਾਇਦਾ ਹਲਫ਼ਨਾਮੇ ਤਿਆਰ ਕਰਵਾਏ ਗਏ ਅਤੇ ਹਰਿਆਣੇ ਦੇ 18 ਲੱਖ ਸਿੱਖਾਂ ਵਿਚੋਂ 3 ਲੱਖ ਸਿੱਖਾਂ ਨੇ ਵੱਖਰੀ ਕਮੇਟੀ ਦੇ ਹੱਕ ਵਿਚ ਹਲਫ਼ਨਾਮੇ ਦਿੱਤੇ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੱਕ ਵਿਚ ਇਕ ਵੀ ਹਲਫ਼ਨਾਮਾ ਨਾ ਆਇਆ।
ਇਸ ਤੋਂ ਬਾਅਦ ਵੀ ਹੁੱਡਾ ਸਰਕਾਰ ਨੇ ਕੋਈ ਪਹਿਲਕਦਮੀ ਨਹੀਂ ਕੀਤੀ। ਇਸ ਸਮੇਂ ਦੌਰਾਨ ਵੱਖਰੀ ਕਮੇਟੀ ਦੇ ਹਿਮਾਇਤੀ ਲੀਡਰ ਪ੍ਰਧਾਨਮੰਤਰੀ ਡਾ. ਮਨਮੋਹਨ ਸਿੰਘ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਸਮੇਤ ਤਮਾਮ ਵੱਡੇ ਲੀਡਰਾਂ ਨੂੰ ਮਿਲਦੇ ਰਹੇ ਅਤੇ ਆਪਣੀ ਮੰਗ ਨੂੰ ਪੂਰਾ ਕਰਵਾਉਣ ਦਾ ਯਤਨ ਕਰਦੇ ਰਹੇ। ਜਦੋਂ ਫਿਰ ਵੀ ਵੱਖਰੀ ਕਮੇਟੀ ਦੀ ਮੰਗ ਨਹੀਂ ਪੂਰੀ ਹੋਈ ਤਾਂ ਹਰਿਆਣੇ ਦੇ ਸਿੱਖਾਂ ਨੇ ਹਰਿਆਣਾ ਕਾਂਗਰਸ ਦੇ ਪ੍ਰਧਾਨ ਫੂਲਚੰਦ ਮੁਲਾਣਾ ਦੀ ਅੰਬਾਲਾ ਸਥਿਤ ਕੋਠੀ ਅੱਗੇ ਧਰਨਾ ਲਗਾ ਦਿੱਤਾ। ਇਸ ਧਰਨਾ ਵੀ ਕੁੱਝ ਦਿਨਾਂ ਬਾਅਦ ਚੁੱਕ ਲਿਆ ਗਿਆ। 
ਇਸ ਤੋਂ ਇਲਾਵਾ ਹਰਿਆਣੇ ਦੇ ਸਿੱਖਾਂ ਨੇ ਕਈ ਵਾਰ ਜੀ.ਟੀ. ਰੋਡ ਜਾਮ ਕੀਤਾ, ਧਰਨੇ ਲਗਾਏ, ਰੇਲਵੇ ਟਰੈਕ ਰੋਕੇ ਅਤੇ ਗ੍ਰਿਫ਼ਤਾਰੀਆਂ ਦਿੱਤੀਆਂ ਪਰ ਕਾਂਗਰਸ ਸਰਕਾਰ ਨੇ ਵੱਖਰੀ ਕਮੇਟੀ ਨਾ ਬਣਾਈ।
ਹਰਿਆਣਾ ਵਿਚ ਮੁੜ ਵਿਧਾਨ ਸਭਾ ਦੀਆਂ ਚੋਣਾਂ ਆ ਗਈਆਂ ਅਤੇ ਕਾਂਗਰਸ ਪਾਰਟੀ ਨੇ ਫਿਰ ਲਾਰਾ ਲਗਾ ਦਿੱਤਾ ਕਿ ਇਸ ਵਾਰੀ ਸਰਕਾਰ ਬਨਣ ਤੇ ਹਰਿਆਣਾ ਦੇ ਸਿੱਖਾਂ ਲਈ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਹਿਲ ਦੇ ਆਧਾਰ ਤੇ ਬਣਾ ਦਿੱਤੀ ਜਾਵੇਗੀ। ਕਾਂਗਰਸ ਪਾਰਟੀ’ਤੇ ਭਰੋਸਾ ਕਰਦਿਆਂ ਹਰਿਆਣੇ ਦੇ ਸਿੱਖ ਆਗੂਆਂ ਨੇ ਮੁੜ ਕਾਂਗਰਸ ਪਾਰਟੀ ਨੂੰ ਵੋਟਾਂ ਪਾਉਣ ਲਈ ਆਪਣਾ ਪ੍ਰਚਾਰ ਕਰਨਾ ਆਰੰਭ ਕਰ ਦਿੱਤਾ। ਪਰ ਇਸ ਵਾਰ ਕਾਂਗਰਸ ਨੂੰ ਪਿਛਲੀ ਵਾਰ ਦੀ ਤਰ੍ਹਾਂ ਵੱਡੀ ਸਫ਼ਲਤਾ ਨਾ ਮਿਲੀ ਅਤੇ ਚੋਧਰੀ ਭੁਪਿੰਦਰ ਸਿੰਘ ਹੁੱਡਾ ਬੜੀ ਮੁਸ਼ਕਲ ਨਾਲ ਜੋੜ-ਤੋੜ ਕਰਕੇ ਹੀ ਹਰਿਆਣੇ ਦੇ ਦੂਜੀ ਵਾਰ ਮੁੱਖਮੰਤਰੀ ਬਣ ਸਕੇ। 
ਇਸੇ ਸਮੇਂ ਦੌਰਾਨ ਹੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਿਮਾਇਤੀ ਆਗੂ ਆਪਸ ਵਿਚ ਵੰਡੇ ਗਏ। ਇਸ ਮੰਗ ਨੂੰ ਅੱਗੇ ਤੋਰਨ ਵਾਲੇ 2 ਧੜੇ ਬਣ ਗਏ। ਇਕ ਸ੍ਰ. ਜਗਦੀਸ਼ ਸਿੰਘ ਝੀਂਡਾ ਦੀ ਅਗੁਵਾਈ ਵਾਲਾ ਗਰਮ ਦਲ ਅਤੇ ਦੂਜਾ ਸ੍ਰ. ਦੀਦਾਰ ਸਿੰਘ ਨਲਵੀ ਦੀ ਅਗੁਵਾਈ ਵਿਚ ਕਾਨੂੰਨੀ ਲੜਾਈ ਲੜਣ ਵਾਲਾ ਦਲ।
ਵੱਖਰੀ ਕਮੇਟੀ ਲਈ ਝੀਂਡਾ ਧੜਾ ਜਿਆਦਾ ਸਰਗਰਮ ਹੈ ਅਤੇ ਇਸ ਲਈ ਇਸ ਧੜੇ ਨੇ ਕੁੱਝ ਸਮਾਂ ਪਹਿਲਾਂ ਐਲਾਨ ਕਰ ਦਿੱਤਾ ਕਿ ਜੇਕਰ ਹਰਿਆਣਾ ਸਰਕਾਰ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ ਬਣਾਉਂਦੀ ਤਾਂ ਉਹ 15 ਸਤੰਬਰ 2010 ਨੂੰ ਕੁਰੂਕਸ਼ੇਤਰ ਦੇ ਗੁਰਦੁਆਰਾ 6ਵੀਂ ਪਾਤਸ਼ਾਹੀ ਤੇ ਕਬਜ਼ਾ ਕਰ ਲੈਣਗੇ। ਇਸ ਐਲਾਨ ਤੋਂ ਬਾਅਦ ਹਰਿਆਣਾ ਸਰਕਾਰ ਹਰਕਤ ਵਿਚ ਆਈ।
ਸਰਕਾਰ ਨੇ ਕੁਰੂਕਸ਼ੇਤਰ ਦੇ ਗੁਰਦੁਆਰਾ 6ਵੀਂ ਪਾਤਸ਼ਾਹੀ ਦੇ ਨਾਲ-ਨਾਲ ਹਰਿਆਣੇ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਆਉਂਦੇ ਤਮਾਮ ਗੁਰਦੁਆਰਿਆਂ ਦੀ ਸੁਰੱਖਿਆ ਸਖ਼ਤ ਕਰ ਦਿੱਤੀ। ਗੁਰਦੁਆਰਿਆਂ ਵਿਚ ਵਰਦੀਧਾਰੀ ਪੁਲਿਸ ਮੁਲਾਜ਼ਮ ਤੈਨਾਤ ਕਰ ਦਿੱਤੇ ਗਏ ਅਤੇ ਨਾਲ ਹੀ ਪੰਜਾਬ ਦੇ ਗੁਰਦੁਆਰਾ ਸਾਹਿਬਾਨ ਤੋਂ ਸੇਵਾਦਾਰ ਵੀ ਲਗਾ ਦਿੱਤੇ ਗਏ। 
ਵੱਖਰੀ ਕਮੇਟੀ ਦੇ ਝੀਂਡਾ ਧੜੇ ਦੇ ਸਾਰੇ ਆਗੂਆਂ ਨੂੰ ਕਬਜ਼ਾ ਕਰਨ ਦੀ ਤੈਅ ਮਿਤੀ ਤੋਂ ਇਕ ਰਾਤ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਪਰ ਇਹਨਾਂ ਸਿੱਖਾਂ ਨੇ ਹਰ ਰੋਜ਼ 11 ਮੈਂਬਰਾਂ ਦੀ ਗ੍ਰਿਫ਼ਤਾਰੀ ਦਾ ਐਲਾਨ ਕਰ ਦਿੱਤਾ।
ਦੂਜੇ ਪਾਸੇ ਨਲਵੀ ਧੜਾ ਕਾਨੂੰਨੀ ਲੜਾਈ ਲੜ ਰਿਹਾ ਹੈ। ਨਲਵੀ ਅਨੁਸਾਰ ਜਦੋਂ ਹਰਿਆਣਾ ਪ੍ਰਾਂਤ ਹੋਂਦ ਵਿਚ ਆਇਆ ਸੀ ਤਾਂ ਪੰਜਾਬ ਪੁਨਰਗਠਨ ਐਕਟ ਦੀ ਧਾਰਾ 72-ਏ ਦੇ ਅਧੀਨ ਇਹ ਗੱਲ ਆਖੀ ਗਈ ਸੀ ਕਿ ਹਰਿਆਣਾ ਦੇ ਸਿੱਖ ਜਦੋਂ ਚਾਹੇ ਆਪਣੇ ਗੁਰੂਧਾਮਾਂ ਦੀ ਸੇਵਾ-ਸੰਭਾਲ ਲਈ ਵੱਖਰੀ ਕਮੇਟੀ ਬਣਾ ਸਕਦੇ ਹਨ ਪਰ ਪੰਜਾਬ ਦੇ ਅਕਾਲੀ ਹਰਿਆਣੇ ਦੇ ਗੁਰੂਧਾਮਾਂ ਦਾ ਪੈਸਾ ਪੰਜਾਬ ਦੇ ਵਿਕਾਸ ਲਈ ਖਰਚ ਕਰ ਰਹੇ ਹਨ ਅਤੇ ਹਰਿਆਣੇ ਵਿਚ ਕੋਈ ਪੈਸਾ ਖਰਚ ਨਹੀਂ ਕੀਤਾ ਜਾ ਰਿਹਾ। ਇਸ ਲਈ ਵੱਖਰੀ ਕਮੇਟੀ ਦੀ ਰਾਹ ਵਿਚ ਰੋੜੇ ਅਟਕਾਏ ਜਾ ਰਹੇ ਹਨ ਤਾਂ ਕਿ ਕਿਤੇ ਹਰਿਆਣੇ ਦੇ ਗੁਰਦੁਆਰਿਆਂ ਦੀ ਕਰੋੜਾਂ ਦੀ ਆਮਦਨ ਇਹਨਾਂ ਦੇ ਹੱਥੋਂ ਨਾ ਨਿਕਲ ਜਾਏ।
ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮਟੀ ਦੇ ਆਗੂਆਂ ਅਨੁਸਾਰ ਕਾਂਗਰਸ ਪਾਰਟੀ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿਚ ਜਾਣਬੁੱਝ ਕੇ ਦਖਲਅੰਦਾਜ਼ੀ ਕਰ ਰਹੀ ਹੈ। ਇਹਨਾਂ ਆਗੂਆਂ ਅਨੁਸਾਰ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮਟੀ ਦੋ-ਫਾੜ ਹੁੰਦੀ ਹੈ ਤਾਂ ਸਿੱਖਾਂ ਦੀ ਰਾਜਸੀ ਤਾਕਤ ਘੱਟ ਹੋ ਜਾਵੇਗੀ ਅਤੇ ਕਾਂਗਰਸ ਪਾਰਟੀ ਇਹੋ ਹੀ ਚਾਹੁੰਦੀ ਹੈ।
ਦੂਜੀ ਗੱਲ ਇਹ ਹਰਿਆਣੇ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੰਗ ਕੁੱਝ ਸ਼ਰਾਰਤੀ ਅਨਸਰ ਹੀ ਕਰ ਰਹੇ ਹਨ। ਸਮੁੱਚੇ ਹਰਿਆਣਵੀਂ ਸਿੱਖ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਅਗੁਵਾਈ ਵਿਚ ਹੀ ਰਹਿ ਕੇ ਆਪਣੇ ਗੁਰੂਧਾਮਾਂ ਦੀ ਸਾਂਭ-ਸੰਭਾਲ ਚਾਹੁੰਦੇ ਹਨ। ਅਕਾਲੀ ਆਗੂਆਂ ਅਨੁਸਾਰ ਹਰਿਆਣੇ ਵਿਚ 18 ਲੱਖ ਸਿੱਖ ਰਹਿੰਦੇ ਹਨ ਪਰ ਹਲਫ਼ਨਾਮੇ ਕੇਵਲ 3 ਲੱਖ ਸਿੱਖਾਂ ਨੇ ਦਿੱਤੇ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਹਰਿਆਣੇ ਦੇ ਸਿੱਖ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ ਚਾਹੁੰਦੇ।
ਅਕਾਲੀ ਆਗੂਆਂ ਅਨੁਸਾਰ ਹਰਿਆਣੇ ਦੇ ਗੁਰਦੁਆਰਿਆਂ ਦੀ ਆਮਦਨ ਹਰਿਆਣੇ ਵਿਚ ਹੀ ਖਰਚ ਕੀਤੀ ਜਾ ਰਹੀ ਹੈ ਅਤੇ ਗੁਰੂ ਘਰਾਂ ਵਿਚ ਹਰਿਆਣੇ ਦੇ ਸਿੱਖ ਨੌਜਵਾਨਾਂ ਨੂੰ ਹੀ ਭਰਤੀ ਕੀਤਾ ਜਾ ਰਿਹਾ ਹੈ। 
ਇੱਥੇ ਜਿ਼ਕਰਯੋਗ ਹੈ ਕਿ ਹਰਿਆਣੇ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮਟੀ ਦੇ ਕੁਲ 11 ਮੈਂਬਰ ਚੁਣੇ ਜਾਂਦੇ ਹਨ। ਪਿਛਲੀ ਵਾਰ ਹੋਈਆਂ ਸ਼੍ਰੋਮਣੀ ਕਮੇਟੀ ਚੋਣਾਂ ਵਿਚ 11 ਮੈਂਬਰਾਂ ਵਿਚੋਂ 7 ਮੈਂਬਰ ਵੱਖਰੀ ਕਮੇਟੀ ਦੀ ਮੰਗ ਕਰਨ ਵਾਲੇ ਜੇਤੂ ਰਹੇ ਸਨ। ਇਹਨਾਂ ਸੱਤਾਂ ਵਿਚੋਂ ਇਕ ਚੋਣਾਂ ਜਿੱਤਣ ਤੋਂ ਕੁੱਝ ਦਿਨ ਬਾਅਦ ਹੀ ਪਾਸਾ ਪਰਤ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਆ ਗਿਆ ਸੀ। ਇਸ ਲਈ ਹਰਿਆਣਾ ਵਿਚ ਅਕਾਲੀ ਦਲ ਦੇ 5 ਅਤੇ ਵੱਖਰੀ ਕਮੇਟੀ ਦੇ ਹਿਮਾਇਤੀ 6 ਮੈਂਬਰ ਹੋ ਗਏ ਸਨ।
ਦੋਹਾਂ ਪੱਖਾਂ ਦੀਆਂ ਦਲੀਲਾਂ ਨੂੰ ਜੇਕਰ ਧਿਆਨ ਨਾਲ ਦੇਖਿਆ ਜਾਵੇ ਤਾਂ ਵੱਖਰੀ ਕਮੇਟੀ ਵਾਲੇ ਆਗੂ ਵੀ ਆਪਣੀ ਜਗ੍ਹਾਂ ਠੀਕ ਜਾਪਦੇ ਹਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮਟੀ ਦੇ ਆਗੂ ਵੀ।
ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਪੰਜਾਬ ਨਾਲੋਂ ਹਰਿਆਣੇ ਦੇ ਵਿਕਾਸ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਕਾਮ ਰਹੀ ਹੈ। ਜਿਸ ਪ੍ਰਕਾਰ ਪੰਜਾਬ ਦੇ ਜਿ਼ਲ੍ਹਿਆਂ ਵਿਚ ਸ਼੍ਰੋਮਣੀ ਕਮਟੀ ਨੇ ਹਸਪਤਾਲ, ਕਾਲਜ ਅਤੇ ਸਕੂਲ ਬਣਵਾਏ ਹਨ ਉਸ ਗਿਣਤੀ ਵਿਚ ਹਰਿਆਣਾ ਕਾਫ਼ੀ ਪਿੱਛੇ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮਟੀ ਨੇ ਹਰਿਆਣਾ ਵਿਚ ਕੋਈ ਵੱਡਾ ਜਨਤਕ ਸੁਵਿਧਾ ਵਾਲਾ ਅਦਾਰਾ ਨਹੀਂ ਬਣਾਇਆ ਅਤੇ ਨਾ ਹੀ ਹਰਿਆਣਾ ਦੇ ਸਿੱਖ ਮੁੰਡਿਆਂ ਨੂੰ ਗੁਰਦੁਆਰਿਆਂ ਵਿਚ ਰੁਜ਼ਗਾਰ ਦਿੱਤਾ ਹੈ। ਜੇਕਰ ਕੁੱਝ ਨੌਜਵਾਨ ਭਰਤੀ ਵੀ ਕੀਤੇ ਹਨ ਤਾਂ ਸੇਵਾਦਾਰ/ਕਲਰਕ ਆਦਿ ਰੈਂਕ ਦੇ। ਵੱਡੀਆਂ ਪੋਸਟਾਂ ਤੇ ਪੰਜਾਬ ਦੇ ਅਕਾਲੀਆਂ ਦੇ ਹੀ ਹਿਮਾਇਤੀ ਕਾਬਜ਼ ਹਨ। ਇਸ ਲਈ ਹਰਿਆਣਾ ਦੇ ਸਿੱਖਾਂ ਦੀ ਮੰਗ ਜਾਇਜ਼ ਜਾਪਦੀ ਹੈ।
ਇਸ ਗੱਲ ਵਿਚ ਕੋਈ ਦੋ ਰਾਵਾਂ ਨਹੀਂ ਕਿ ਜਿਸ ਸਮੇਂ ਤੋਂ ਹਰਿਆਣੇ ਅੰਦਰ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੰਗ ਆਰੰਭ ਹੋਈ ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਰਿਆਣੇ ਵਿਚ ਕੁੱਝ ਵਿਕਾਰ ਕਾਰਜ ਕਰਨੇ ਸ਼ੁਰੂ ਕੀਤੇ ਹਨ। ਇਹਨਾਂ ਵਿਚ ਕੁਰੂਕਸ਼ੇਤਰ ਜਿ਼ਲ੍ਹੇ ਦੇ ਕਸਬਾ ਸ਼ਾਹਬਾਦ ਮਾਰਕੰਡਾ ਵਿਚ ਬਣ ਰਿਹਾ ਮੀਰੀ-ਪੀਰੀ ਮੈਡੀਕਲ ਕਾਲਜ ਜਿ਼ਕਰਯੋਗ ਹੈ ਪਰ ਪਿਛਲੇ 7-8 ਸਾਲਾਂ ਤੋਂ ਬਣ ਰਿਹਾ ਇਹ ਕਾਲਜ ਅਜੇ ਤੀਕ ਸੰਪੂਰਨ ਨਹੀਂ ਹੋਇਆ। ਇਸ ਤੋਂ ਇਲਾਵਾ ਕਰਨਾਲ ਵਿਚ ਬਣਾਇਆ ਗਿਆ ਮਾਤਾ ਸੁੰਦਰੀ ਕੁੜੀਆਂ ਦਾ ਕਾਲਜ ਅਤੇ ਗੁਰਮਤਿ ਸੰਗੀਤ ਅਕੈਡਮੀ। ਪਰ ਹਰਿਆਣੇ ਦੇ ਸਿੱਖਾਂ ਨੂੰ ਇਤਨਾ ਘਟ ਵਿਕਾਸ ਕਾਰਜ ਮਨਜੂਰ ਨਹੀਂ ਹੈ। ਹਰਿਆਣਾ ਦੇ ਸਿੱਖ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮਟੀ ਤੋਂ ਵੱਡੇ ਪੱਧਰ’ਤੇ ਵਿਕਾਸ ਕਾਰਜ ਚਾਹੁੰਦੇ ਹਨ ਜਿਸ ਤਰ੍ਹਾਂ ਦੇ ਵਿਕਾਸ ਕਾਰਜ ਪੰਜਾਬ ਵਿਚ ਕੀਤੇ ਗਏ ਹਨ।
ਦੂਜੇ ਪਾਸੇ ਅਕਾਲੀ ਆਗੂਆਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮਟੀ ਦੇ ਆਗੂਆਂ ਦਾ ਕਹਿਣਾ ਵੀ ਠੀਕ ਜਾਪਦਾ ਹੈ ਕਿ ਇਸ ਦੋ-ਫਾੜ ਨਾਲ ਸਿੱਖਾਂ ਦੀ ਸਿਆਸੀ ਤਾਕਤ ਘੱਟ ਹੋ ਜਾਵੇਗੀ। ਹਰਿਆਣਾ ਅਤੇ ਪੰਜਾਬ ਦੇ ਸਿੱਖ ਆਪਸ ਵਿਚ ਵੰਡੇ ਜਾਣਗੇ।
ਸਿੱਖ ਰਾਜਨੀਤੀ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਇਸ ਸਮੱਸਿਆ ਦਾ ਹੱਲ ਇਹ ਹੋ ਸਕਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮਟੀ ਆਪਣੇ ਅਧੀਨ ਹਰਿਆਣੇ ਵਿਚ ਇਕ ਸਬ-ਕਮੇਟੀ ਬਣਾ ਦੇਵੇ ਅਤੇ ਇੱਥੋਂ ਦੇ ਵਸਨੀਕ ਕਿਸੇ ਅਕਾਲੀ/ਵੱਖਰੀ ਕਮੇਟੀ ਦੀ ਹਿਮਾਇਤ ਵਾਲੇ ਆਗੂ ਨੂੰ ਇਸ ਦਾ ਚੇਅਰਮੈਨ ਬਣਾ ਦੇਵੇ। ਇਸ ਦੇ ਨਾਲ ਹੀ ਇਕ 11 ਮੈਂਬਰੀ ਕਮੇਟੀ ਦਾ ਗਠਨ ਵੀ ਕਰ ਦਿੱਤਾ ਜਾਵੇ ਜੋ ਹਰਿਆਣੇ ਦੇ ਗੁਰਦੁਆਰਿਆਂ ਦੀ ਆਮਦਨ ਹਰਿਆਣੇ ਦੇ ਵਿਕਾਸ’ਤੇ ਹੀ ਖਰਚ ਕਰਨ ਦੇ ਫੈਸਲੇ ਲੈਣ ਦੇ ਸਮਰੱਥ ਹੋਵੇ। ਇਸ ਲਈ ਪੰਜਾਬ ਦੇ ਕਿਸੇ ਅਕਾਲੀ ਤੋਂ ‘ਹੁਕਮ’ ਲੈਣ ਦੀ ਲੋੜ ਨਾ ਪਵੇ। ਹਰਿਆਣੇ ਵਿਚ ਸਥਿਤ ਗੁਰਦੁਆਰਿਆਂ ਅੰਦਰ ਹਰਿਆਣਾ ਦੇ ਸਿੱਖ ਮੁੰਡਿਆਂ ਨੂੰ ਹੀ ਭਰਤੀ ਕੀਤਾ ਜਾਵੇ।
ਹਰਿਆਣਾ ਵਿਚ ਧਰਮ ਪ੍ਰਚਾਰ ਦੀ ਲਹਿਰ ਨੂੰ ਵਧੀਆ ਢੰਗ ਨਾਲ ਚਲਾਉਣ ਲਈ ਇਕ ਸਿੱਖ ਮਿਸ਼ਨ ਸਥਾਪਿਤ ਕੀਤਾ ਜਾਵੇ ਅਤੇ ਇਸ ਦਾ ਪ੍ਰਬੰਧ ਹਰਿਆਣਾ ਦੀ ਸਬ-ਕਮਟੀ ਹੀ ਸੰਭਾਲੇ। ਇੱਥੇ ਹਰਿਆਣਾ ਦੇ ਧਰਮ ਪ੍ਰਚਾਰਕਾਂ, ਰਾਗੀਆਂ, ਢਾਡੀਆਂ ਅਤੇ ਗ੍ਰੰਥੀਆਂ ਨੂੰ ਹੀ ਭਰਤੀ ਕੀਤਾ ਜਾਵੇ।
ਇਹਨਾਂ ਕਾਰਜਾਂ ਲਈ ਬਕਾਇਦਾ ਇਕ ਸਬ-ਆਫਿ਼ਸ ਹਰਿਆਣੇ ਵਿਚ ਹੀ ਬਣਾ ਦਿੱਤਾ ਜਾਵੇ ਅਤੇ ਗੁਰਦੁਆਰਿਆਂ ਦਾ ਪੂਰਾ ਲੇਖਾ-ਜੋਖਾ ਇੱਥੇ ਹੀ ਕੀਤਾ ਜਾਵੇ। ਦਫ਼ਤਰੀ ਕੰਮਾਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਚੱਕਰ ਲਗਾਉਣ ਦੀ ਲੋੜ ਨਾ ਪਵੇ। ਪੰਜਾਬ ਦੀ ਤਰ੍ਹਾਂ ਹਰਿਆਣੇ ਵਿਚ ਸਕੂਲ, ਕਾਲਜ ਅਤੇ ਹੋਰ ਵਿੱਦਿਅਕ ਅਦਾਰੇ ਬਣਾਏ ਜਾਣ।
ਇਸ ਤਰ੍ਹਾਂ ਹਰਿਆਣਾ ਅਤੇ ਪੰਜਾਬ ਦੇ ਸਿੱਖਾਂ ਵਿਚ ਆਪਣੀ ਮਤਭੇਦ ਵੀ ਦੂਰ ਹੋ ਜਾਣਗੇ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਦੋ-ਫਾੜ ਹੋਣ ਤੋਂ ਬੱਚ ਜਾਵੇਗੀ। ਪਰ ਇਸ ਲਈ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਵੱਖਰੀ ਕਮੇਟੀ ਦੇ ਹਿਮਾਇਤੀ ਆਗੂਆਂ ਨੂੰ ਮਿਲ-ਬੈਠ ਕੇ ਗੱਲਬਾਤ ਕਰਨੀ ਪਵੇਗੀ। ਪਰ ਇਹ ਗੱਲਬਾਤ ਕਦੋਂ ਸ਼ੁਰੂ ਹੁੰਦੀ ਹੈ ਅਤੇ ਇਸ ਗੱਲਬਾਤ ਲਈ ਪਹਿਲ ਕੌਣ ਕਰਦਾ ਹੈ ਇਹ ਦੇਖਣ ਵਾਲੀ ਗੱਲ ਹੋਵੇਗੀ।

****

ਗੁਸਤਾਖੀ ਮੁਆਫ .......... ਲੇਖ / ਹਰਮਿੰਦਰ ਕੰਗ, ਸਿਡਨੀ (ਆਸਟ੍ਰੇਲੀਆ)


ਕਹਿੰਦੇ ਨੇਂ ਇਸ ਦੁਨੀਂਆਂ ਤੇ ਹਰ ਬਿਮਾਰੀ ਦਾ ਇਲਾਜ ਹੈ ਪਰ ਵਹਿਮ ਭਰਮ ਦਾ ਕੋਈ ਇਲਾਜ ਨਹੀਂ।ਬਾਬਾ ਫਰੀਦ ਜੀ ਦੇ “ਦੁੱਖ ਸਬਾਇਆ ਜੱਗ”ਬਚਨ ਅਨੁਸਾਰ ਇਸ ਦੁਨੀਂਆਂ ਵਿੱਚ ਹਰ ਮਨੁੱਖ ਨੂੰ ਕਿਸੇ ਨਾਂ ਕਿਸੇ ਪਕ੍ਰਾਰ ਦਾ ਦੁੱਖ ਚਿੰਬੜਿਆ ਹੋਇਆ ਹੈ ‘ਤੇ ਆਦਮੀਂ ਹਰ ਹੀਲਾ ਵਰਤ ਕੇ ਇਹਨਾਂ ਦੁੱਖਾਂ ਤੋਂ ਛੁਟਕਾਰਾ ਪਾਉਂਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ।ਮਨੁੱਖ ਦੀ ਇਸੇ ਕਮਜੋਰੀ ਦਾ ਹੀ ਲਾਭ ਕੁੱਝ ਸ਼ੈਤਾਨੀਂ ਦਿਮਾਗ ਵਾਲੇ ਲੋਕ ਉਠਾਉਂਦੇ ਹਨ ਜੋ ਦਾਅਵਾ ਕਰਦੇ ਹਨ ਕਿ ਉਹਨਾਂ ਕੋਲ ਅਜਿਹੀਆਂ ਗੈਬੀ ਸ਼ਕਤੀਆਂ ਹਨ ਜਿਨ੍ਹਾਂ ਦੁਆਰਾ ਉਹ ਸਾਡੀ ਹਰ ਮਰਜ ਦਾ ਇਲਾਜ ਕਰ ਸਕਦੇ ਹਨ।ਅਜਿਹੇ ਸ਼ੈਤਾਨੀਂ ਦਿਮਾਗ ਵਾਲੇ ਤਾਂਤਰਿਕ ਜੋਤਿਸ਼ੀ ਬਾਬੇ ਕਿਸੇ ਮੁਸੀਬਤ ‘ਚ ਫਸੇ ਭੋਲੇ ਭਾਲੇ ਲੋਕਾਂ ਨੂੰ ਆਪਣੇਂ ਜਾਲ ਵਿੱਚ ਅਜਿਹਾ ਫਸਾਉਂਦੇ ਹਨ ਕਿ ਆਦਮੀ ਚਾਹੁੰਦਾ ਹੋਇਆ ਵੀ ਇਹਨਾਂ ਦੇ ਮਕੜ ਜਾਲ ਚੋਂ ਨਿੱਕਲ ਨਹੀਂ ਸਕਦਾ ‘ਤੇ ਕਈ ਵਾਰੀ ਤਾਂ ਫਸਿਆ ਹੋਇਆ ਇਨਸਾਨ ਆਪਣਾਂ ਜਾਂਨੀ ਮਾਲੀ ਨੁਕਸਾਨ ਵੀ ਕਰਵਾ ਬੈਠਦਾ ਹੈ।ਹੈਰਾਨੀਂ ਦੀ ਹੱਦ ਨਾਂ ਰਹੀ ਜਦ ਮੈ ਇੱਥੇ ਆਸਟ੍ਰੇਲੀਆ ਵਸਦੇ ਆਪਣੇ ਭਾਈਚਾਰੇ ਦੇ ਲੋਕਾਂ ਨੂੰ ਇਸ ਦਲਦਲ ਵਿੱਚ ਫਸੇ ਹੋਏ ਦੇਖਿਆ ‘ਤੇ ਨਾਲ ਹੀ ਆਸਟ੍ਰੇਲੀਆ ਤੋਂ ਹੀ ਛਪਦੇ ਇੱਕ ਮੈਗਜੀਨ ਵਿੱਚ ਅਜਿਹੇ ਤਾਂਤਰਿਕਾਂ ਜੋਤਿਸ਼ੀਆਂ ਦੇ ਕ੍ਰਮਵਾਰ 30-35 ਦੇ ਕਰੀਬ ਇਸ਼ਿਤਿਹਾਰ ਛਪੇ ਦੇਖੇ ਜੋ ਇੰਡੀਆ ਬੈਠੇ ਹੀ ਵਿਦੇਸ਼ਾਂ ਵਿੱਚ ਵਸਦੇ ਸਾਡੇ ਭਾਈਚਾਰੇ ਦੇ ਲੋਕਾਂ ਨੂੰ ਉਹਨਾਂ ਦੇ ਸਭ ਦੁੱਖ ਦੂਰ ਕਰਨ ਦੇ ੳਪਦੇਸ਼ ਨਾਲ ਲੁੱਟ ਖਸੁੱਟ ਕਰ ਰਹੇ ਹਨ।ਇਹਨਾਂ ਇਸ਼ਤਿਹਾਰਾਂ ਨੂੰ ਪੜ੍ਹ ਕੇ ਸਾਧਾਰਨ ਸੋਚ ਰੱਖਣ ਵਾਲਾ ਆਦਮੀਂ ਵੀ ਸਹਿਜੇ ਹੀ ਅੰਦਾਜਾ ਲਗਾ ਸਕਦਾ ਹੈ ਕਿ ਇਹਨਾਂ ਪਖੰਡੀਆਂ ਬੂਬਣਿਆਂ ਕੋਲ ਝੂਠ ਫਰੇਬ ਤੋਂ ਇਲਾਵਾ ਕੁੱਝ ਵੀ ਨਹੀਂ।ਇਹਨਾਂ ਇਸ਼ਤਿਹਾਰਾਂ ਵਿੱਚੋਂ ਇੱਕ ‘ਸਿੰਘ’ ਬਾਬੇ ਦਾ ਵੀ ਇਸ਼ਤਿਹਾਰ ਹੈ ਜੋ ਦਾਅਵਾ ਕਰਦਾ ਹੈ ਕਿ ਉਹ ਗੈਬੀ ਸ਼ਕਤੀਆਂ ਨਾਲ ਮੁਸ਼ਕਿਲ ਤੋਂ ਮੁਸ਼ਕਿਲ ਕੰਮ ਵੀ ਕਰਵਾ ਸਕਦਾ ਹੈ ਬਸ਼ਰਤੇ ਤੁਸੀਂ ਉਸ ਬਾਬੇ ਕੋਲ ਆਪਣੇਂ ਨਾਮ ਦੀ ਇੱਕ ਚੌਕੀਂ ਰਖਵਾਉਣੀਂ ਹੈ।ਇਸ ਬਾਬੇ ਦੀ ਫੀਸ ਹਜਾਰਾਂ ਡਾਲਰ ਹੈ’ਤੇ ਇਹ ਹਾਈਟੈਕ ਬਾਬਾ ਕਹਿੰਦਾ ਹੈ ਕਿ ਜਦ ਵੀ ਵਿਦੇਸ਼ਾਂ ਵਿੱਚੋਂ ਉਸ ਨੂੰ ਫੋਨ ਕਰੋਂ ਤਾਂ ਸਿਰ ਤੇ ਸਫੇਦ ਰੰਗ ਦਾ ਕੱਪੜਾ ਰੱਖ ਕੇ ਹੀ ਕਰੋ।ਨਾਲ ਹੀ ਇਸ ਬਾਬੇ ਨੇਂ ਇੰਡੀਆ ਦੇ ਤਿੰਨ ਫੋਨ ਨੰਬਰਾਂ ਦੇ ਨਾਲ ਨਾਲ ਆਪਣਾਂ ਈ ਮੇਲ ਆਈ.ਡੀ. ਵੀ ਦਿੱਤਾ ਹੋਇਆ ਹੈ।ਇਸੇ ਅਖਬਾਰ ਵਿੱਚ ਇੱਕ ਹੋਰ ਇਸ਼ਤਿਹਾਰ ਹੈ ਜਿਸ ਵਿੱਚ ਇੱਕ ਪੰਡਿਤ ਨੇ ਖੁੱਲਾ ਚੈਲ਼ਿੰਜ ਕੀਤਾ ਹੈ ਕਿ ਉਸ ਕੋਲ ਮੌਤ ਨੂੰ ਛੱਡ ਕੇ ਮਨੁੱਖ ਦੀ ਹਰ ਸਮੱਸਿਆ ਦਾ ਹੱਲ ਹੈ।ਉਹ ਦਾਅਵਾ ਕਰਦਾ ਹੈ ਕਿ ਉਹ ਸਿਰਫ ਫੋਨ ਤੇ ਹੀ ਮਨੁੱਖੀ ਉਲਝਣਾਂ ਜਿਵੇਂ ਔਲਾਦ ਦੀ ਪ੍ਰਾਪਤੀ,ਵਿਦੇਸ਼ਾਂ ‘ਚ ਪੱਕੇ ਹੋਣਾਂ,ਲਾਟਰੀ ਲੱਗਣਾਂ,ਗ੍ਰਿਹ ਕਲੇਸ਼,ਦੁਸ਼ਮਣ ਨੂੰ ਮਾਰਨਾਂ,ਕੋਟ ਕਚਿਹਿਰੀ ‘ਚ ਕੇਸ ਜਿਤਣਾਂ,ਵਸ਼ੀਕਰਨ,ਮਨ ਚਾਹੇ ਮਰਦ ਜਾਂ ਇਸਤਰੀ ਦੀ ਪ੍ਰਾਪਤੀ ਆਦਿ ਵਰਗੇ ਕੰਮ ਸਿਰਫ ਫੋਨ ਤੇ ਹੀ ਗੈਬੀ ਸ਼ਕਤੀਆਂ ਨਾਲ ਕਰਵਾ ਸਕਦਾ ਹੈ ‘ਤੇ ਉਹ ਵੀ ਸਿਰਫ ਪੰਜ ਘੰਟਿਆਂ ਵਿੱਚ।ਇਕ ਹੋਰ ਮੌਲਵੀ ਦਾ ਇਸ਼ਤਿਹਾਰ ਹੈ ਜਿਸ ਵਿੱਚ ਲਿਖਿਆ ਹੈ ਕਿ ਭਗਵਾਨ ਨੇਂ ਸਿਰਫ ਉਸੇ ਨੂੰ ਹੀ ਕਾਲਾ ਇਲਮ ਦਿੱਤਾ ਹੈ ‘ਤੇ ਹਰ ਕੰਮ ਸਿਰਫ ਉਹੀ ਕਰਵਾ ਸਕਦਾ ਹੈ ਜੇਕਰ ਕੋਈ ਹੋਰ ਉਸ ਤੋਂ ਪਹਿਲਾਂ ਕੰਮ ਕਰਵਾ ਕੇ ਦਿਖਾਵੇ ਤਾਂ 21 ਲੱਖ ਰੁਪਏ ਦਾ ਇਨਾਂਮ।ਇੱਕ ਹੋਰ ਇਸਤਰੀ ਤਾਂਤਰਿਕ ਦਾ ਇਸ਼ਤਿਹਾਰ ਹੈ ਜੋ ਕਹਿੰਦੀ ਹੈ ਕਿ ਉਸਨੇ ਤਪੱਸਿਆ ਦੁਆਰਾ ਦੈਵੀ ਸ਼ਕਤੀ ਗ੍ਰਹਿਣ ਕਰ ਲਈ ਹੈ,ਕਾਲੇ ਇਲਮ ਦੀ ਮਾਹਿਰ ਹੈ ਤੇ ਖਾਸ ਕਰ ਲਾਟਰੀ ਨੰਬਰ ਦੱਸਣ ਦੀ ਮਾਹਿਰ ਹੈ,ਕੰਮ ਇਹ ਵੀ ਫੋਨ ਤੇ ਹੀ ਕਰਵਾਉਂਦੀ ਹੈ।ਆਪਣੇ ਨਾਂਅ ਪਿੱਛੇ ‘ਕੌਰ’ਸ਼ਬਦ ਲਿਖ ਕੇ ਇੱਕ ਹੋਰ ਤਾਂਤਰਿਕ ਬੀਬੀ ਕਹਿੰਦੀ ਹੈ ਕਿ ਔਰਤ ਹੋਣ ਦੇ ਨਾਤੇ ਉਹ ਔਰਤਾਂ ਦੇ ਦੁੱਖਾਂ ਨੂੰ ਭਲੀ ਭਾਂਤ ਸਮਝਦੀ ਹੈ।ਇਹ ਬੀਬੀ ਔਰਤਾਂ ਦੇ ਗੁਪਤ ਰੋਗਾਂ ਤੱਕ ਦਾ ਇਲਾਜ ਸਿਰਫ ਇੱਕ ਫੋਨ ਕਾਲ ਤੇ ਹੀ ਕਰ ਸਕਦੀ ਹੈ।ਇੱਕ ਹੋਰ ਇਸੇ ਤਰ੍ਹਾਂ ਦੇ ਇਸ਼ਤਿਹਾਰ ਵਿੱਚ ਤਾਂ ਇੱਕ ਬਾਬੇ ਨੇਂ ਇੱਥੋਂ ਤੱਕ ਜਾਲ ਸੁੱਟਿਆ ਹੋਇਆ ਹੈ ਕਿ ਉਹ ਫੀਸ ਵੀ ਕੰਮ ਹੋਣ ਤੋਂ ਬਾਦ ਹੀ ਲਵੇਗਾ ਨਾਲ ਹੀ ਇਸ ਤਾਂਤਰਿਕ ਨੇ ਦਾਅਵਾ ਕੀਤਾ ਹੈ ਕਿ ਯੂ.ਕੇ ਅਤੇ ਕੈਨੇਡਾ ਦੇ ਚਾਰ ਪਰਿਵਾਰ ਉਸ ਤੋਂ ਲਾਟਰੀ ਨੰਬਰ ਪੁੱਛ ਕੇ ਕਰੋੜਾਂ ਪਤੀ ਬਣ ਚੁੱਕੇ ਹਨ।ਇਹਨਾਂ ਸਾਰੇ ਇਸ਼ਤਿਹਾਰਾਂ ਚੋਂ ਕਈ ਤਾਂਤਰਿਕ ਬਾਬੇ ਤਾਂ ਆਪਣੇਂ ਆਪ ਨੂੰ ਭਾਰਤ ਸਰਕਾਰ ਤੋਂ ਮਾਨਤਾ ਪ੍ਰਾਪਤ ਹੋਣ ਬਾਰੇ ਵੀ ਦੱਸਦੇ ਹਨ।ਕਈਆਂ ਨੇਂ ਆਪਣੇਂ ਆਪ ਨੂੰ ਗੋਲਡ ਮੈਡਲਿਸਟ ਦਰਸਾਇਆ ਹੈ।ਹੈਰਾਨੀਂ ਉਦੋਂ ਹੁੰਦੀ ਹੈ ਜਦ ਇਸ ਵਿਗਿਆਨਿਕ ਯੁੱਗ ਵਿੱਚ ਇਹ ਰੁਹਾਨੀ ਤਾਕਤਾਂ,ਗੈਬੀ ਸ਼ਕਤੀਆਂ,ਭੂਤਾਂ ਪ੍ਰੇਤਾਂ ਇਹਨਾਂ ਦੇ ਵੱਸ ਹੋਣ ਦੀ ਗੱਲ ਕਰਦੇ ਹਨ ਜਦ ਕਿ ਇਸ ਤਰ੍ਹਾਂ ਦੀ ਕੋਈ ਵੀ ਚੀਜ ਇਸ ਧਰਤੀ ਤੇ ਹੈ ਹੀ ਨਹੀਂ।

‘ਬਾਬਿਆਂ ਦੇ ਬੱਗ ਫਿਰਦੇ,ਕੀਹਦੇ ਕੀਹਦੇ ਪੈਰੀਂ ਹੱਥ ਲਾਈਏ’ ਦੇ ਕਥਨ ਨੂੰ ਸੁਲਝਾਉਣ ਲਈ ਅਤੇ ਸਿਰਫ ਸੱਚਾਈ ਜਾਨਣ ਦੀ ਮਨਸ਼ਾ ਨਾਲ ਆਪਣੇ ਆਪ ਨੂੰ ਇੱਕ ਦੁਖੀ ਇਨਸਾਨ ਦਰਸਾ ਕੇ ਜਦ ਇਹਨਾਂ ਵਿੱਚੋਂ ਇੱਕ ਤਾਂਤਰਿਕ ਬਾਬੇ ਨੂੰ ਇੰਡੀਆ ਫੋਨ ਕੀਤਾ ਤਾਂ ਉਸ ਦੇ ਇੱਕ ਚੇਲੇ ਨੇਂ ਮੈਨੂੰ ਇੱਕ ਇੰਡੀਅਨ ਬੈਂਕ ‘ਤੇ ਇੱਕ ਇੱਥੋਂ ਦੀ ਇੱਕ ਆਸਟ੍ਰੇਲੀਅਨ ਬੈਂਕ ਦਾ ਅਕਾਉਂਟ ਨੰਬਰ ਦੇਕੇ ਪਹਿਲਾਂ ਫੀਸ ਜਮਾਂ ਕਰਵਾਉਣ ਦਾ ਹੁਕਮ ਸੁਣਾ ਦਿੱਤਾ ਕਿ ਜੇ ਇੰਡੀਆ ਵਿੱਚ ਫੀਸ ਜਮ੍ਹਾਂ ਕਰਵਾਉਣੀ ਹੈ ਤਾਂ 48000 ਰੁਪਏ ਤੇ ਜੇਕਰ ਆਸਟ੍ਰੇਲੀਆਂ ਜਮ੍ਹਾਂ ਕਰਵਾਉਣੀਂ ਹੈ ਤਾਂ ਤਕਰੀਬਨ 1200 ਡਾਲਰ ।ਮੇਰੇ ਜੋਰ ਦੇ ਕੇ ਪੁੱਛਣ ਤੇ ਉਸ ਨੇਂ ਇੱਥੇ ਵਸਦੇ ਕਈ ਪੰਜਾਬੀ ਪਰਿਵਾਰਾਂ ਦੇ ਫੋਨ ਨੰਬਰ ਵੀ ਦੱਸ ਦਿੱਤੇ ਜੋ ਉਹਨਾਂ ਦੇ ਤਾਂਤਰਿਕ ਗੁਰੂ ਤੋਂ ਹਰ ਹਫਤੇ ਲਾਟਰੀ ਨੰਬਰ ਪੁੱਛਦੇ ਹਨ।ਇਹਨਾਂ ਚੋਂ ਇੱਕ ਪਰਿਵਾਰ ਔਲਾਦ ਦੀ ਪ੍ਰਾਪਤੀ ਲਈ ਇਹਨਾਂ ਦੇ ਚੁੰਗਲ ਵਿੱਚ ਫਸਿਆ ਹੋਇਆ ਹੈ।ਜਦ ਨਿੱਜੀ ਤੌਰ ‘ਤੇ ਹੋਰ ਖੋਜ ਕੀਤੀ ਤਾਂ ਅਜਿਹੇ ਅਨੇਕਾਂ ਪਰਿਵਾਰ ਲੱਭ ਗਏ ਜੋ ਇਹਨਾਂ ਦੇ ਇਸ਼ਤਿਹਾਰ ਪੜ੍ਹ ਕੇ ਇਹਨਾਂ ਦੇ ਮਕੜ ਜਾਲ ਵਿੱਚ ਫਸ ਕੇ ਹਜਾਰਾਂ ਡਾਲਰ ਬਰਬਾਦ ਕਰ ਚੁੱਕੇ ਹਨ ‘ਤੇ ਹੁਣ ਸ਼ਰਮ ਦੇ ਮਾਰੇ ਕਿਸੇ ਕੋਲ ਗੱਲ ਵੀ ਨਹੀਂ ਕਰਦੇ ਕਿ ਉਹਨਾਂ ਨਾਲ ਕੀ ਬੀਤੀ ਹੈ।
ਵਿਦੇਸ਼ੀ ਅਖਬਾਰਾਂ ਵਿੱਚ ਇਸ਼ਤਿਹਾਰ ਦੇਣ ਦਾ ਸਿੱਧਾ ਮਤਲਬ ਹੁੰਦਾ ਹੈ ਕਿ ਇਹਨਾਂ ਨੂੰ ਮੂੰਹ ਮੰਗੀ ਫੀਸ ਡਾਲਰਾਂ ਵਿੱਚ ਮਿਲਦੀ ਹੈ।ਹੈਰਾਨੀਂ ਦੇ ਨਾਲ ਦੁੱਖ ਵੀ ਹੁੰਦਾ ਹੈ ਕਿ ਇੱਥੇ ਵਿਦੇਸ਼ਾਂ ਵਿੱਚ ਆ ਕੇ ਵੀ ਜਿੱਥੇ ਸਾਰਾ ਸਿਸਟਮ ਹੀ ਵਿਗਿਆਨਕ ਢੰਗ ਨਾਲ ਚਲਦਾ ਹੈ, ਅਸੀਂ ਹਰ ਗੱਲ ਨੂੰ ਤਰਕ ਦੀ ਕਸੌਟੀ ਤੇ ਪਰਖ ਕੇ ਕਿਉਂ ਨਹੀਂ ਦੇਖਦੇ ਕਿ ਜੇ ਅਜਿਹੇ ਤਾਂਤਰਿਕ ਬਾਬਿਆਂ ਕੋਲ ਕੋਈ ਅਜਿਹੀ ਸ਼ਕਤੀ ਹੁੰਦੀ ਤਾਂ ਇਹ ਆਪ ਕਿਉਂ ਦਰ ਦਰ ਭਟਕਦੇ।ਦੁੱਖ ਇਸ ਗੱਲ ਦਾ ਵੀ ਹੈ ਕਿ ਚੰਦ ਪੈਸਿਆਂ ਦੀ ਖਾਤਰ ਅਖਬਾਰ ਵਾਲੇ ਅਜਿਹੇ ਪਖੰਡੀਆਂ ਦੇ ਇਸ਼ਤਿਹਾਰ ਛਾਪ ਕੇ ਭੋਲੇ ਲੋਕਾਂ ਦੀ ਇਹਨਾਂ ਤਾਂਤਰਿਕਾਂ ਹੱਥੋਂ ਲੁੱਟ ਕਰਵਾਉਣ ਦੇ ਭਾਗੀਦਾਰ ਬਣਦੇ ਹਨ।ਅਸਲ ਵਿੱਚ ਕਸੂਰ ਸਾਡਾ ਜਿਆਦਾ ਹੈ ਜੋ ਭਿੰਨ ਭਿੰਨ ਤਰ੍ਹਾਂ ਦੇ ਦੁਨਿਆਵੀ ਲਾਲਚਾਂ ਦੇ ਵੱਸ ਅਜਿਹੇ ਕਰਮਕਾਂਡਾ ਦੇ ਹਿੱਸੇਦਾਰ ਬਣਦੇ ਹਾਂ।ਸੋ ਮਿੱਤਰ ਪਿਆਰਿਓ ਗੱਲ ਜਰਾਂ ਕੌੜੀ ਹੈ,ਵਿਗਿਆਨਿਕ ਢੰਗ ਨਾਲ ਹਜਮ ਕਰ ਕੇ ਦੇਖਿਓ ਜੇਕਰ ਫਿਰ ਵੀ ਕਿਸੇ ਦੇ ਢਿੱਡ ‘ਚ ਪੀੜ ਹੋਣ ਲੱਗ ਪਵੇ ਹਜੂਰ ਗੁਸਤਾਖੀ ਮਾਫ। 

ਫੋਨ : 0061 434 288 301
E-mail : harmander.kang@gmail.com


ਕਿਸ ਤਰਾਂ ਦੇ ਸਮਾਜ ਦੀ ਸਿਰਜਨਾਂ ਕਰੇਗਾ ਸਮਲੈਂਗਿਕ ਸਬੰਧ ਕਨੂੰਨ?.......... ਲੇਖ / ਸੁਰਿੰਦਰ ਭਾਰਤੀ ਤਿਵਾੜੀ,

ਸਮਲੈਂਗਿਕ ਸਬੰਧਾਂ ਨੂੰ ਮਾਨਯੋਗ ਦਿੱਲੀ ਹਾਈਕੋਰਟ ਵੱਲੋਂ ਜਾਇਜ਼ ਕਰਾਰ ਦੇਣ ਨੇ ਨਵੀਂ ਬਹਿਸ ਨੂੰ ਜਨਮ ਦੇ ਦਿੱਤਾ ਹੈ। ਅਜਿਹੇ ਰਿਸ਼ਤੇ ਤਦ ਹੀ ਜਾਇਜ਼ ਮੰਨੇ ਜਾਣਗੇ ਜੇਕਰ ਦੋਵਾਂ ਪੱਖਾਂ ਦੀ ਸਹਿਮਤੀ ਹੋਵੇ। ਇਹ ਇੱਕ ਸਾਫ ਸਮਝ ਆਉਣ ਵਾਲੀ ਗੱਲ ਹੈ ਕਿ ਪ੍ਰਜਨਨ ਲਈ ਬਣਾਈ ਗਈ ਮਨੁੱਖੀ ਸਰੀਰ ਦੀ ਪ੍ਰਣਾਲੀ ਵੀ ਕੁਦਰਤ ਵੱਲੋਂ ਬਣਾਏ ਗਏ ਦੂਸਰੇ ਜਾਨਵਰਾਂ ਵਾਂਗ ਹੀ ਹੈ ਪ੍ਰੰਤੂ ਇਹ ਜਾਨਵਰ ਇਸ ਪ੍ਰਣਾਲੀ ਨੂੰ ਕੁਦਰਤ ਦੇ ਬਣਾਏ ਨਿਯਮਾਂ ਅਨੁਸਾਰ ਹੀ ਪ੍ਰਯੋਗ ਕਰਦੇ ਹਨ ਨਾਂ ਕਿ ਗੈਰ-ਕੁਦਰਤੀ ਢੰਗਾਂ ਨਾਲ।

ਮੂਲਰੂਪ ਵਿੱਚ, ਸ਼ਾਦੀ ਤੋਂ ਬਾਦ ਸੈਕਸ ਜਿਸ ਨੂੰ ‘ਗ੍ਰਹਿਸਥ’ ਵਜੋਂ ਸਮਝਿਆ ਜਾਂਦਾ ਹੈ। ਇਹ ਇਕ ਸਮਾਜਿਕ ਢਾਂਚੇ ਅਨੁਸਾਰ ਕੰਮ ਕਰਦਾ ਹੈ ਜੋ ਕਿ ਆਪਣੀ ਪ੍ਹੀੜ੍ਹੀ ਨੂੰ ਅੱਗੇ ਵਧਾਉਣ ਦੇ ਫਰਜ਼ ਵਜੋਂ ਸਮਝਿਆ ਜਾਂਦਾ ਹੈ ਅਤੇ ਇਸੇ ਲਈ ਅੱਜ ਤੱਕ ਪੁੱਤਰ ਨੂੰ ਬੇਟੀ ਨਾਲੋਂ ਜਿ਼ਆਦਾ ਤਰਜੀਹ ਦਿੱਤੀ ਜਾਂਦੀ ਹੈ (ਪ੍ਰੰਤੂ ਮੈਂ ਅਜਿਹੀ ਸੋਚ ਵਿੱਚ ਵਿਸ਼ਵਾਸ ਨਹੀਂ ਰੱਖਦਾ) ਕਿਉਂਕਿ ਪੁੱਤਰ ਪ੍ਹੀੜ੍ਹੀ ਨੂੰ ਅੱਗੇ ਵਧਾਉਂਦਾ ਹੈ। ਜੇਕਰ ਅਜਿਹੇ ਸਮਲੈਂਗਿਕ ਸਬੰਧ ਸ਼ਾਦੀ ਤੋਂ ਅਲਹਿਦਾ ਹੋਣ ਅਤੇ ਉਨਾਂ ਦਾ ਸਮਾਜ ਵਿੱਚ ਡਿੱਗ ਰਹੇ ਨੈਤਿਕ ਮਿਆਰ ਜਾਂ ਸਧਾਰਣ ਪਰਿਵਾਰਕ ਜਿੰਦਗੀ ਨਾਲ ਕੋਈ ਸਬੰਧ ਨਾਂ ਹੋਵੇ, ਤਾਂ ਵੀ ਕੁਝ ਸ਼ਰਤਾਂ ਤੇ ਅਜਿਹੇ ਸਬੰਧਾਂ ਨੂੰ ਜਾਇਜ਼ ਕਰਾਰ ਦੇਣ ਸੋਚਿਆ ਜਾਣਾ ਚਾਹੀਦਾ ਸੀ।(ਜਦੋਂ ਕਿ ਅਜਿਹਾ ਨਹੀਂ ਹੈ)
ਮੇਰੇ ਮਨ ਵਿੱਚ ਇੱਕ ਵਿਚਾਰ ਵਾਰ ਵਾਰ ਗਰਜਦਾ ਹੈ ਕਿ ਇੱਕ ਕੁੱਤਾ ਅਜਿਹਾ ਜਾਨਵਰ ਹੈ ਜਿਸ ਦਾ ਨਾਮ ਕਿਸੇ ਮਨੁੱਖ ਨੂੰ ਮਾੜਾ-ਚੰਗਾ ਕਹਿਣ ਲਈ ਵਰਤਿਆ ਜਾਂਦਾ ਹੈ, ਪ੍ਰੰਤੂ ਕਦੇ ਕਿਸੇ ਵਿਅਕਤੀ ਨੇ ਕਿਸੇ ਕੁੱਤੇ ਨੂੰ ਕਿਸੇ ਹੋਰ ਕੁੱਤੇ ਨਾਲ ਸਰੀਰਕ ਸਬੰਧ ਬਣਾਉਂਦੇ ਵੇਖਿਆ ਹੈ ਜਾਂ ਫਿਰ ਕਿਸੇ ਕੁੱਤੀ ਨੂੰ ਕਿਸੇ ਹੋਰ ਕੁੱਤੀ ਨਾਲ ਅਸ਼ਲੀਲ ਸੈਕਸੀ ਹਰਕਤਾਂ ਕਰਦੇ ਵੇਖਿਆ ਹੈ ਫਿਰ ਇਨਸਾਨ ਅਜਿਹੇ ਕੰਮਾ ਲਈ ਇੰਨਾਂ ਯਤਨਸ਼ੀਲ ਕਿਉਂ ਹੈ?

ਇੱਕ ਗੱਲ ਹੋਰ ਵਿਚਾਰਨਯੋਗ ਹੈ। ਮਨੁੱਖੀ ਸਰੀਰ ਇੱਕ ਵਿਕਸਤ ਮਸ਼ੀਨ ਹੈ ਅਤੇ ਇਸ ਦੇ ਅੰਦਰੂਨੀ ਤੇ ਬਾਹਰੀ ਹਿੱਸੇ ਇਸ ਨੂੰ ਠੀਕ-ਠਾਕ ਰੱਖਣ ਅਤੇ ਇਨਸਾਨ ਦੇ ਕਰਨ ਵਾਲੇ ਕੰਮਾਂ ਨੂੰ ਕਰਨ ਲਈ ਯੋਗ ਬਣਾਏ ਰੱਖਣ ਲਈ ਹਨ। ਮੇਰਾ ਸਵਾਲ ਇਹ ਹੈ : ਕੀ ਮੈਡੀਕਲ ਸਾਇੰਸ ਅਜਿਹੇ ਸਬੰਧਾ ਦੇ ਹੱਕ ਵਿੱਚ ਹੈ? ਕੀ ਅਜਿਹੇ ਸਬੰਧ ਏਡਜ਼ ਵਰਗੀਆਂ ਨਾਂਮੁਰਾਦ ਬਿਮਾਰੀਆਂ ਨੂੰ ਸੱਦਾ ਨਹੀਂ ਦੇਣਗੇ?

ਤੀਸਰਾ, ਪਰ ਆਖਰੀ ਨਹੀਂ, ਸਵਾਲ ਉੱਠਦਾ ਹੈ : ਕਿ ਸਰਕਾਰਾਂ ਅਤੇ ਸਮਾਜ ਨੇ ਅੱਜ ਤੱਕ ਅਜਿਹੇ ਸਬੰਧਾਂ ਤੇ ਕਿਉਂ ਪਬੰਦੀ ਲਾਈ ਹੋਈ ਸੀ ਅਤੇ ਹੁਣ ਕਿਹੜੀ ਅਜਿਹੀ ਨਵੀਂ ਖੋਜ ਹੋ ਗਈ ਜਾਂ ਬਦਲਾਅ ਆ ਗਿਆ ਕਿ ਅਜਿਹੇ ਸਬੰਧ ਜਾਇਜ਼ ਕਰਾਰ ਦੇਣ ਦੀ ਦਲੀਲ ਬਣ ਗਈ।
ਸ਼ਾਦੀ ਜਾਂ ‘ਸੱਚਾ ਪਿਆਰ’ ਜਿੰਦਗੀ ਦੇ ਅੰਤ ਤੱਕ ਚਲਦਾ ਹੈ। ਕਹਿੰਦੇ ਹਨ ਜੀਵਨ ਸਾਥੀ ਦੀ ਲੋੜ ਬੁੜ੍ਹਾਪੇ ਵਿੱਚ ਜਿਆਦਾ ਪੈਂਦੀ ਹੈ। ਸਵਾਲ ਹੈ ਕਿ ਕੀ ਅਜਿਹੇ ਸਬੰਧਾਂ ਨੂੰ ਜੇਕਰ ਸ਼ਾਦੀ ਦੇ ਬਰਾਬਰ ਦਰਜਾ ਦਿੱਤਾ ਜਾਂਦਾ ਹੈ ਤਾਂ ਇਹ ਜਿੰਦਗੀ ਦੇ ਅੰਤ ਤੱਕ ਬਣੇ ਰਹਿਣਗੇ ਜਾਂ ਫਿਰ ‘ਦੁਨੀਆਂ ਨਾਲੋਂ ਵੱਖਰਾ’ ਕਰਨ ਦੀ ਲਲਕ ਤੋਂ ਬਾਦ ਇੰਨਾਂ ਦਾ ਦੁਖਦਾਈ ਅੰਤ ਹੋਵੇਗਾ।

ਕੁਦਰਤ ਨਾਲ ਇਨਸਾਨ ਵੱਲੋਂ ਕੀਤੇ ਜਾ ਰਹੇ ਖਿਲਵਾੜਾਂ ਵਿੱਚ ਇੱਕ ਹੋਰ ਕੰਮ ਨੂੰ ਕਨੂੰਨੀ ਜਾਂਮਾ ਪਹਿਨਾਇਆ ਜਾ ਰਿਹਾ ਹੈ ਪ੍ਰੰਤੂ ਕੁਦਰਤ ਜਿਸ ਤਰਾਂ ਸਾਨੂੰ ‘ਗਲੋਬਲ ਵਾਰਮਿੰਗ’ ਵਰਗੇ ਬਾਕੀ ਖਿਲਵਾੜਾਂ ਦੀ ਸਜਾ ਦੇ ਰਹੀ ਹੈ ਉਸੇ ਤਰਾਂ ਇਸ ਵਾਰ ਵੀ ਮਾਫ ਨਹੀਂ ਕਰੇਗੀ।

ਪ੍ਰਮਾਤਮਾਂ ਨੇ ਸਾਨੂੰ ਇੱਕ ਵਿਕਸਤ ਦਿਮਾਗ ਦੇ ਕੇ ਨਿਵਾਜਿਆ ਹੈ ਅਤੇ ਅਸੀਂ ਇਸ ਦੀ ਗਲਤ ਵਰਤੋਂ ਕਰਨ ਵੱਲ ਤੁਰੇ ਹੋਏ ਹਾਂ। ਲੱਗਦਾ ਹੈ, ਰਾਜਨੀਤਿਕ ਪਾਰਟੀਆਂ ਰਾਜਨੀਤਿਕ ਲਾਭ ਲੈਣ ਵੱਲ ਤੁਰੀਆਂ ਹੋਈਆਂ ਹਨ ਅਤੇ ਅਜਿਹੇ ਲੋਕਾਂ ਦੀਆਂ ਵੋਟਾਂ ਤੇ ਨਿਗਾਹ ਰੱਖ ਰੱਹੀਆਂ ਹਨ ਜਦੋਂ ਕਿ ਸਮਲੈਂਗਿਕਤਾ ਨੂੰ ਕਨੂੰਨੀ ਮਾਨਤਾ ਮਿਲ ਜਾਣ ਤੋਂ ਬਾਦ ਅਜਿਹੇ ਲੋਕਾਂ ਦੀ ਸੰਖਿਆ ਵਿੱਚ ਭਾਰੀ ਵਾਧਾ ਹੋਣ ਦੀ ਸੰਭਾਵਨਾਂ ਹੈ।

ਸਮਾਜ ਵਿੱਚ ਸ਼ਾਇਦ ਕੁੱਝ ਲੋਕ ਅਜਿਹੇ ਹਨ ਜੋ ਕੁਝ ਪਲ ਦਾ ਆਨੰਦ ਲੈਣ ਬਾਰੇ ਹੀ ਸੋਚਦੇ ਹਨ ਅਤੇ ਉਨਾਂ ਨੂੰ ਆਉਂਦੀਆਂ ਪ੍ਹੀੜ੍ਹੀਆਂ ਦਾ ਕੋਈ ਫਿਕਰ ਨਹੀਂ ਹੈ ਜਾਂ ਫਿਰ ਉਹ ਜਾਨਵਰਾਂ ਨਾਲੋਂ ਕੁਝ ਵੱਖਰਾ ਕਰਨ ਦੇ ਯਤਨਾਂ ਸਦਕਾ ਹੀ ਅਜਿਹਾ ਕਰ ਰਹੇ ਹਨ।
ਜੇਕਰ ਭਾਰਤ ਦੀ ਸਰਕਾਰ ਸ਼ਾਹਬਾਨੋਂ ਕੇਸ ਵਰਗੇ ਅਦਾਲਤਾਂ ਦੇ ਕਈ ਅਹਿਮ ਫੈਸਲੇ ਜਿੰਨਾਂ ਦਾ ਸਮਾਜ ਉੱਪਰ ਮਾੜਾ ਪ੍ਰਭਾਵ ਪੈਣ ਦਾ ਖਤਰਾ ਸੀ, ਬਦਲ ਚੁੱਕੀ ਹੈ ਤਾਂ ਸਰਕਾਰ ਨੂੰ ਤੁਰੰਤ ਕਾਰਵਾਈ ਕਰਕੇ ਇਸ ਫੈਸਲੇ ਨੂੰ ਬਦਲ ਦੇਣਾ ਚਾਹੀਦਾ ਹੈ।

ਇੱਕ ਅਹਿਮ ਸਵਾਲ ਹੋਰ:
ਸਾਡੇ ਦੇਸ਼ ਦੀਆਂ ਮਹਾਨ ਸਮਾਜਿਕ, ਧਾਰਮਿਕ ਅਤੇ ਸੱਭਿਆਚਾਰਕ ਕਦਰਾਂ-ਕੀਮਤਾਂ ਕਿੱਥੇ ਹਨ ਅਤੇ ਉਨਾਂ ਦੀ ਰਾਖੀ ਕਰਨ ਦੇ ਦਾਅਵੇਦਾਰ?

ਨਿਘਾਰ ਦੀ ਹੱਦ ਤੱਕ ਜਾ ਪੁੱਜਾ ਵਪਾਰ – ਕੱਚੀ ਆੜ੍ਹਤ.......... ਲੇਖ / ਰਿਸ਼ੀ ਗੁਲਾਟੀ

ਅੱਜ ਪੂਰਾ ਵਿਸ਼ਵ ਆਰਥਿਕ ਮੰਦੀ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ । ਲੱਖਾਂ ਲੋਕ ਬੇਰੋਜ਼ਗਾਰ ਹੋ ਚੁੱਕੇ ਹਨ ਤੇ ਅਨੇਕਾਂ ਦੀ ਨੌਕਰੀ ਤੇ ਦੋ ਧਾਰੀ ਤਲਵਾਰ ਕੱਚੇ ਧਾਗੇ ਨਾਲ਼ ਬੰਨੀ ਲਟਕ ਰਹੀ ਹੈ । ਇਸ ਆਰਥਿਕ ਮੰਦੀ ਦਾ ਮਾਰੂ ਅਸਰ ਲਘੂ ਉਦਯੋਗ ਤੋਂ ਲੈ ਕੇ ਬਹੁ-ਰਾਸ਼ਟਰੀ ਕੰਪਨੀਆਂ ਤੱਕ ਸਭ ਤੇ ਪਿਆ ਹੈ । ਜਿਸ ਕਾਰੋਬਾਰ ਬਾਰੇ ਜਿ਼ਕਰ ਕਰਨ ਜਾ ਰਿਹਾ ਹਾਂ, ਉਹ ਅਜੋਕੀ ਮੰਦੀ ਦੇ ਪ੍ਰਭਾਵ ਹੇਠ ਆਉਣ ਤੋਂ ਪਹਿਲਾਂ ਹੀ ਨਿਘਾਰ ਵੱਲ ਤੁਰ ਪਿਆ ਸੀ । ਕਰੀਬ ਪੰਦਰਾਂ ਸਾਲ ਪਹਿਲਾਂ ਆੜ੍ਹਤ ਦੇ ਕਾਰੋਬਾਰ ਦਾ ਬੜਾ ਬੋਲ-ਬਾਲਾ ਸੀ । ਛੋਟੀ ਤੋਂ ਛੋਟੀ ਮੰਡੀ ਵਿੱਚ ਵੀ ਕਈ ਹਜ਼ਾਰ ਲੋਕਾਂ ਨੂੰ ਰੋਜ਼ਗਾਰ ਮਿਲਦਾ ਸੀ । ਉਸ ਸਮੇਂ ਕੋਟਕਪੂਰਾ (ਪੰਜਾਬ) ਏਸ਼ੀਆ ਦਾ, ਰੂੰ ਦੇ ਕਾਰੋਬਾਰ ਵਿੱਚ ਸਭ ਤੋਂ ਵੱਡਾ ਵਪਾਰਿਕ ਅਦਾਰਾ ਮੰਨਿਆ ਜਾਂਦਾ ਸੀ । ਗਲੀਆਂ ਵਿੱਚ ਨਰਮੇ ਤੇ ਕਪਾਹ ਦੇ ਵੱਡੇ-ਵੱਡੇ ਢੇਰ ਲੱਗੇ ਹੁੰਦੇ ਸਨ । ਏਨਾਂ ਰਸ਼ ਹੁੰਦਾ ਸੀ ਕਿ ਟਰੈਕਟਰ, ਕਾਰ ਤਾਂ ਛੱਡੋ, ਸਕੂਟਰ ਲੈ ਕੇ ਨਿੱਕਲਣਾ ਵੀ ਮੁਸ਼ਕਿਲ ਹੁੰਦਾ ਸੀ । ਕਿਸਾਨਾਂ ਨੂੰ ਅੱਠ-ਦਸ ਦਿਨ ਮੰਡੀ ਵਿੱਚ ਹੀ ਰਹਿਣਾ ਪੈਂਦਾ ਸੀ, ਕਿਉਂ ਜੋ ਪਹਿਲੀ ਗੱਲ ਤਾਂ ਜਲਦੀ ਫਸਲ ਵਿਕਦੀ ਹੀ ਨਹੀਂ ਸੀ ਤੇ ਜੇ ਵਿਕ ਜਾਂਦੀ ਤਾਂ ਤੁਲਦੀ ਨਹੀਂ ਸੀ । ਮੰਡੀ ਵਿੱਚ ਰਹਿਣ ਦੀ ਤੰਗੀ ਭਾਵੇਂ ਕਿੰਨੀ ਵੀ ਸੀ ਪਰ ਲੱਗਦਾ ਹੈ ਕਿ ਨਰਮੇ ਦੇ ਵੱਡੇ ਸਾਰੇ ਢੇਰ ਤੇ ਬੈਠ ਕੇ ਘਰੋਂ ਲਿਆਂਦੀ ਰੋਟੀ ਖਾਣ ਦਾ ਆਪਣਾ ਹੀ ਸੁਆਦ ਸੀ । ਸ਼ਾਮ ਨੂੰ ਕਿਸਾਨ, ਨਾਲ਼ ਦੀਆਂ ਢੇਰੀਆਂ ਵਾਲਿਆਂ ਨਾਲ਼ ਜੁੰਡਲੀ ਬਣਾ ਕੇ ਗਿਲਾਸੀ ਭਿੜਾਉਂਦੇ ਸਨ ਤੇ ਮੁੜ ਆੜ੍ਹਤੀਆਂ ਦੀਆਂ ਦਿੱਤੀਆਂ ਮੁਸ਼ਕੀਆਂ ਰਜਾਈਆਂ ਸਿਰ ਤੀਕ ਲੈ ਕੇ ਘੁਰਾੜੇ ਇਉਂ ਮਾਰਦੇ ਜਿਕੂੰ ਆਰਾ ਚੱਲਦਾ ਹੋਵੇ । ਸਾਰੀ ਦਿਹਾੜੀ ਮੂੰਗਫਲੀਆਂ ਖਾਂਦਿਆਂ, ਨਿੱਘੀ ਧੁੱਪ ਦਾ ਨਿੱਘ ਮਾਣਦਿਆਂ ਤੇ ਮੁਨੀਮ ਦੇ ਮਗਰ ਗੇੜੇ ਮਾਰਦਿਆਂ ਨਿੱਕਲ ਜਾਂਦੀ ਤੇ ਸਰਦ ਰਾਤ ਨਰਮੇ ਦੀ ਢੇਰੀ ਉੱਤੇ ।

ਮੰਡੀ ਵਿੱਚ ਬੜੀ ਕਿਸਮ ਦੇ ਲੋਕਾਂ ਨੂੰ ਰੋਜ਼ਗਾਰ ਮਿਲਦਾ ਸੀ । ਸਭ ਤੋਂ ਪਹਿਲਾਂ ਤਾਂ ਆੜ੍ਹਤੀਏ, ਜਿਨਾਂ ਨੂੰ ਕੱਚਾ ਆੜ੍ਹਤੀਆ ਵੀ ਕਿਹਾ ਜਾਂਦਾ ਹੈ । ਇਹਨਾਂ ਦਾ ਕੰਮ ਕਿਸਾਨ ਤੇ ਖਰੀਦਦਾਰ ਵਿੱਚ ਫਸਲ ਦਾ ਭਾਅ ਤੈਅ ਕਰਵਾਉਣਾ ਹੁੰਦਾ ਹੈ । ਟਰਾਲੀ ਮੰਡੀ ਵਿੱਚ ਆਉਣ ਤੋਂ ਬਾਦ ਫਸਲ ਦੀ ਤੁਲਾਈ ਤੱਕ ਸਾਂਭ ਸੰਭਾਲ ਕਰਨਾ ਆੜ੍ਹਤੀਏ ਦੀ ਜਿੰਮੇਵਾਰੀ ਹੁੰਦੀ ਹੈ । ਵੱਖ-ਵੱਖ ਖਰੀਦਦਾਰਾਂ ਨੂੰ ਫਸਲ ਵਿਕਰੀ ਲਈ ਦਿਖਾਉਣਾ, ਮੌਸਮ ਖਰਾਬ ਹੋਣ ਦੇ ਹਾਲਾਤਾਂ ਵਿੱਚ ਫਸਲ ਢਕਣਾ ਆਦਿ ਕੰਮ ਆੜ੍ਹਤੀਏ ਦੇ ਮੁਲਾਜ਼ਮ ਕਰਦੇ ਹਨ । ਫਸਲ ਤਾਂ ਹਾੜੀ-ਸਾਉਣੀ ਆਉਂਦੀ ਹੈ । ਇਨ੍ਹਾਂ ਦਿਨਾਂ ਵਿੱਚ ਕਿਸਾਨ ਵੀ ਸ਼ਾਹੂਕਾਰ ਹੁੰਦਾ ਹੈ । ਇਸ ਤੋਂ ਬਿਨਾਂ ਸਾਰਾ ਸਾਲ ਕਿਸਾਨ ਦੀਆਂ ਘਰੇਲੂ ਤੇ ਫਸਲ ਪਾਲਣ ਲਈ ਆਰਥਿਕ ਜ਼ਰੂਰਤਾਂ ਆੜ੍ਹਤੀਆ ਹੀ ਪੂਰੀਆਂ ਕਰਦਾ ਹੈ । ਆੜ੍ਹਤੀਏ ਦੀ ਆਮਦਨ ਦਾ ਜ਼ਰੀਆ ਕਿਸਾਨ ਨੂੰ ਦਿੱਤੇ ਗਏ ਰੁਪਏ ‘ਤੇ ਵਿਆਜ ਅਤੇ ਵਿਕੀ ਹੋਈ ਫਸਲ ਤੇ ਖਰੀਦਦਾਰ ਕੋਲੋਂ ਲਈ ਗਈ ਦਾਮੀ (ਕਮਿਸ਼ਨ) ਹੁੰਦੀ ਹੈ । ਆੜ੍ਹਤੀਏ ਤੇ ਕਿਸਾਨ ਦਾ ਰਿਸ਼ਤਾ ਨਹੁੰ-ਮਾਸ ਵਾਲਾ ਮੰਨਿਆ ਜਾਂਦਾ ਸੀ । ਦੋਹੇਂ ਇੱਕ ਦੂਜੇ ਦੇ ਪੂਰਕ ਹੁੰਦੇ ਸਨ । ਜਿਵੇਂ ਕਿਸੇ ਸ਼ਾਇਰ ਨੇ ਕਿਹਾ ਸੀ,

ਗੁਰੂ ਬਿਨਾਂ ਗਤ ਨਹੀਂ, ਸ਼ਾਹ ਬਿਨਾਂ ਪਤ ਨਹੀਂ

ਦੋਹੇਂ ਇੱਕ ਦੂਜੇ ਦਾ ਸਤਿਕਾਰ ਕਰਦੇ ਸਨ । ਜਦੋਂ ਕਿਤੇ ਆੜ੍ਹਤੀ ਕਿਸਾਨ ਦੇ ਪਿੰਡ ਚਲਿਆ ਜਾਂਦਾ ਸੀ ਤਾਂ ਰੋਟੀ ਤੇ ਲੱਸੀ ਨਾਲ ਉਸਦੀ ਆਓ-ਭਗਤ ਕੀਤੀ ਜਾਂਦੀ ਸੀ । ਪੋਲੀ ਗੱਦੀ ਤੇ ਬੈਠਣ ਦਾ ਗਿੱਝਿਆ ਆੜ੍ਹਤੀਆ, ਵਾਣ ਵਾਲੇ ਮੰਜੇ ਤੇ ਲੱਤਾਂ ਨਿਸਾਰ ਕੇ ਬੈਠਾ ਵੀ ਏਨਾ ਮਾਣ ਮਹਿਸੂਸ ਕਰਦਾ ਸੀ ਜਿਵੇਂ ਆਪਣੇ ਘਰ ਬੈਠਾ ਹੋਵੇ ਤੇ ਕਿਸਾਨ ਵੀ ਸੀਰੀ ਨੂੰ ‘ਵਾਜ ਮਾਰਨ ਦੀ ਬਜਾਏ ਅੰਦਰੋਂ ਕੰਗਣੀ ਵਾਲੇ ਗਿਲਾਸ ਵਿੱਚ ਪਾਣੀ ਖੁਦ ਲੈ ਕੇ ਆਉਂਦਾ ਸੀ । ਨਾਲ਼ ਹੀ ਕਦੇ-ਕਦੇ ਉਨ੍ਹਾਂ ਨਿਆਣਿਆਂ ਨੂੰ ਵੀ ਲਲਕਰਾ ਮਾਰ ਦਿੰਦਾ ਸੀ ਜੋ ਘਰ ਦੇ ਦਰਵਾਜ਼ੇ ਵਿੱਚ ਖੜੇ ਆੜ੍ਹਤੀਏ ਦੇ “ਰਾਜਦੂਤ/ਯਜਦੀ” ਮੋਟਰਸਾਇਕਲ ਜਾਂ ਟੇਢਾ ਕਰਕੇ ਸਟਾਰਟ ਹੋਣ ਵਾਲੇ ਪੁਰਾਣੇ ਬਦਰੰਗ ਸਕੂਟਰ ਨਾਲ਼ ਛੇੜਖਾਨੀ ਕਰਦੇ ਸਨ । ਨਿਆਣੇ ਵੀ ਖੜੇ ਸਕੂਟਰ ਦੀਆਂ ਰੇਸਾਂ ਮਰੋੜੀ ਜਾਂਦੇ ਜਾਂ ਗੇਅਰ ਬਦਲ-ਬਦਲ ਕੇ ਵੇਖੀ ਜਾਂਦੇ ਤੇ ਕਲੱਚ ਤੇ ਬਰੇਕ ਨੱਪ-ਨੱਪ ਕੇ ਤਾਰਾਂ ਢਿੱਲੀਆਂ ਕਰ ਦਿੰਦੇ । “ਵਿਹੜੇ” ਵਾਲੇ ਜੁਆਕਾਂ ਲਈ ਮਤੇ ਇਹ ਅਲੋਕਾਰ ਚੀਜ਼ ਹੁੰਦੀ ਸੀ । ਆੜ੍ਹਤੀ ਉਮਰ ਵਿੱਚ ਭਾਵੇਂ ਛੋਟਾ ਹੁੰਦਾ ਜਾਂ ਵੱਡਾ, ਕਿਸਾਨ ਦੀ “ਸ਼ਾਹ ਜੀ- ਸ਼ਾਹ ਜੀ” ਕਹਿੰਦਿਆਂ ਜ਼ੁਬਾਨ ਨਾ ਥੱਕਦੀ । ਜੇ ਕਦੇ ਸ਼ਾਹ ਜੀ ਦਾ ਸਕੂਲ ਜਾਂ ਕਾਲਜ ਪੜ੍ਹਦਾ ਮੁੰਡਾ ਆ ਜਾਂਦਾ ਤਾਂ ਉਸਨੂੰ “ਛੋਟੇ ਸ਼ਾਹ ਜੀ” ਦੀ ਉਪਾਧੀ ਮਿਲ ਜਾਂਦੀ ।

ਹੁਣ ਤਾਂ ਹਾਲਾਤ ਹੀ ਬਦਲ ਗਏ ਨੇ । ਦੋਹਾਂ ਧਿਰਾਂ ਨੂੰ ਇੱਕ ਦੂਜੇ ਤੇ ਵਿਸ਼ਵਾਸ ਨਹੀਂ ਰਿਹਾ । ਸੇਮ, ਸੁੰਡੀਆਂ ਤੇ ਮੌਸਮ ਦੀ ਮਾਰ ਹੇਠ ਆਈ ਕਿਰਸਾਨੀ, ਕਰਜਿ਼ਆਂ ਦੇ ਭਾਰ ਹੇਠਾਂ ਬੁਰੀ ਤਰ੍ਹਾਂ ਕੁਚਲੀ ਜਾ ਰਹੀ ਹੈ । ਨਕਲੀ ਦਵਾਈਆਂ, ਮਾੜੀਆਂ ਖਾਦਾਂ, ਫਸਲੀ ਚੱਕਰ ਤੇ ਧਰਤੀ ਦੀ ਘਟਦੀ ਉਪਜਾਊ ਸ਼ਕਤੀ ਕਾਰਨ ਫਸਲਾਂ ਜਿ਼ਆਦਾ ਮੁਨਾਫਾ ਨਹੀਂ ਦੇ ਰਹੀਆਂ । ਵਧਦੀ ਮਹਿੰਗਾਈ ਕਿਸਾਨ ਤਾਂ ਕੀ, ਹਰ ਤਬਕੇ ਦਾ ਲੱਕ ਤੋੜ ਰਹੀ ਹੈ । ਵਿਆਹਾਂ ਸ਼ਾਦੀਆਂ ਵਿੱਚ ਜ਼ਰੂਰਤ ਤੋਂ ਜਿ਼ਆਦਾ ਖ਼ਰਚ ਵੀ ਕਿਸਾਨ ਦੇ ਪਤਨ ਦਾ ਕਾਰਨ ਬਣ ਰਹੇ ਹਨ । ਜੇ ਵਿਆਹ ਵਿੱਚ “ਮਾਰੂਤੀ” ‘ਤੇ ਫੁਲਕਾਰੀ ਪਾਈ ਨਜ਼ਰ ਨਾ ਆਵੇ ਤਾਂ ਵਿਆਹ ਕਰਨ ਵਾਲੇ ਤੇ ਕਰਵਾਉਣ ਵਾਲੇ, ਕਿਸੇ ਨੂੰ ਸੁਆਦ ਨਹੀਂ ਆਉਂਦਾ । ਜੋ ਕਿਸਾਨ ਕਰਜਿ਼ਆਂ ਦੇ ਭਾਰ ਹੇਠ ਜਿ਼ਆਦਾ ਹੀ ਦੱਬੇ ਜਾਂਦੇ ਹਨ, ਉਨ੍ਹਾਂ ਨੂੰ ਮੁਸੀਬਤਾਂ ਤੋਂ ਖਹਿੜਾ ਛੁਡਾਉਣ ਲਈ ਖੁਦਕਸ਼ੀ ਤੋਂ ਸੌਖਾ ਰਾਹ ਨਜ਼ਰ ਨਹੀਂ ਆਉਂਦਾ । ਕਿੰਨੇ ਅਫਸੋਸ ਵਾਲੀ ਗੱਲ ਹੈ ਕਿ ਖੁਦਕਸ਼ੀ ਕਰਨੀ ਸੌਖੀ ਲੱਗਦੀ ਹੈ ਪਰ ਕਰਜ਼ੇ ਦਾ ਬੋਝ ਘਟਾਉਣ ਲਈ ਖ਼ਰਚ ਘੱਟ ਕਰਨੇ ਔਖੇ । ਕਈ ਕਿਸਾਨਾਂ ਦੀ ਸੋਚ ਹੈ ਕਿ “ਲਹਿਣਗੇ ਤਾਂ ਲਹਿਣਗੇ, ਨਹੀਂ ਤਾਂ ਵਹੀਆਂ ਨਾਲ ਖਹਿਣਗੇ ।” ਕਰਜ਼ਾ ਚਾਹੇ ਬੈਂਕ ਦੇ ਰਿਹਾ ਹੈ ਜਾਂ ਆੜ੍ਹਤੀਆ, ਇਹ ਕਰਜ਼ਦਾਰ ਨੂੰ ਦਿੱਤੀ ਜਾ ਰਹੀ ਇੱਕ ਸਹੂਲਤ ਹੈ, ਜਿਸ ਨਾਲ਼ ਉਹ ਆਪਣੀਆਂ ਜ਼ਰੂਰਤਾਂ ਪੂਰੀਆਂ ਕਰ ਸਕੇ, ਨਾ ਕਿ ਉਸਦਾ ਅਧਿਕਾਰ, ਜਿਸਨੂੰ ਉਹ ਕਾਠ ਮਾਰ ਕੇ ਬੈਠ ਜਾਵੇ । ਪਿਛਲੇ ਦਿਨੀਂ ਇੰਟਰਨੈੱਟ ‘ਤੇ ਪੰਜਾਬ ਦੀ ਪ੍ਰਮੁੱਖ ਪੰਜਾਬੀ ਅਖ਼ਬਾਰ ਵਿੱਚ ਇੱਕ ਖਬਰ ਪੜ੍ਹ ਰਿਹਾ ਸਾਂ ਕਿ “ਬੈਂਕ ਵੱਲੋਂ ਘਰ ਦੀ ਕੁਰਕੀ ਕਰਨ ਤੇ ਮਕਾਨ ਮਾਲਕ ਵੱਲੋਂ ਖੁਦਕਸ਼ੀ ਕੀਤੀ ਗਈ ।” ਇਸ ਖਬਰ ਮੁਤਾਬਿਕ ਉਸ ਸਖ਼ਸ਼ ਨੇ ਖੁਦਕਸ਼ੀ ਨੋਟ ਵਿੱਚ ਬੈਂਕ ਮੈਨੇਜਰ ਤੇ ਮਕਾਨ ਦੇ ਖਰੀਦਦਾਰ ਉੱਪਰ ਜ਼ਬਰਦਸਤੀ ਦਾ ਦੋਸ਼ ਲਾਇਆ ਸੀ । ਜਦ ਕਿ ਇਸ ਕੁਰਕੀ ਬਾਰੇ ਬੈਂਕ ਵੱਲੋਂ ਕਈ ਮਹੀਨੇ ਪਹਿਲਾਂ ਤੋਂ ਹੀ ਕਿਹਾ ਜਾ ਰਿਹਾ ਸੀ । ਅਸਲ ਗੱਲ ਕੀ ਹੈ, ਉਹ ਤਾਂ ਸਬੰਧਿਤ ਧਿਰਾਂ ਨੂੰ ਹੀ ਪਤਾ ਹੋਵੇਗਾ ਪਰ ਵਿਚਾਰ ਕਰਨ ਵਾਲੀ ਗੱਲ ਹੈ ਕਿ ਜੇਕਰ ਕੋਈ ਵੀ ਕਰਜ਼ਦਾਰ ਸਮੇਂ ਸਿਰ ਆਪਣੇ ਕਰਜ਼ੇ ਦੀ ਅਦਾਇਗੀ ਕਰੇ ਤਾਂ ਕੀ ਕਰਜ਼ਾ ਲੈਣ ਤੇ ਦੇਣ ਵਾਲੇ ਵਿੱਚ ਕੋਈ ਫਿੱਕ ਪਏਗੀ ? ਸ਼ਾਇਦ ਨਹੀਂ । ਇਹ ਨਹੀਂ ਕਿ ਸਿਰਫ਼ ਪੰਜਾਬ ਵਿੱਚ ਹੀ ਕਈ ਕਰਜ਼ਦਾਰਾਂ ਦੀ ਅਜਿਹੀ ਸੋਚ ਹੈ, ਆਸਟ੍ਰੇਲੀਆ ਵਿੱਚ ਵੀ ਇੱਕ ਅਜਿਹੀ ਮਹਾਨ ਹਸਤੀ ਨੂੰ ਮਿਲਣ ਦਾ ਮੌਕਾ ਮਿਲਿਆ । ਜਨਾਬ ਹੋਰਾਂ ਦੀ ਤਨਖਾਹ 2500 ਡਾਲਰ ਪ੍ਰਤੀ ਮਹੀਨਾ ਹੈ ਤੇ ਤਿੰਨ ਕ੍ਰੈਡਿਟ ਕਾਰਡ ਬਣਵਾ ਕੇ 50000 ਡਾਲਰ ਕਰਜ਼ਾ ਚੁੱਕਿਆ ਹੋਇਆ ਹੈ । ਸੋਚ ਕੀ ਹੈ ? ਆਪਾਂ ਕਿਹੜਾ ਵਾਪਸ ਕਰਨੇ ਹਨ । ਹੁਣ ਦੱਸੋ ! ਜੇਕਰ ਕ੍ਰੈਡਿਟ ਕਾਰਡ ਵਾਲੀਆਂ ਕੰਪਨੀਆਂ ਸਖ਼ਤੀ ਕਰਨਗੀਆਂ ਤਾਂ ਉਹ ਮਾੜੀਆਂ ਹਨ ? ਇਹੀ ਹਾਲਾਤ ਕਿਸਾਨ ਤੇ ਆੜ੍ਹਤੀਏ ਦੇ ਹਨ । ਜੇਕਰ ਕਿਸਾਨ ਕਰਜੇ਼ ਦੀ ਅਦਾਇਗੀ ਹੀ ਨਹੀਂ ਕਰੇਗਾ ਤਾਂ ਆੜ੍ਹਤੀਏ ਦਾ ਕਾਰੋਬਾਰ ਕਿੱਦਾਂ ਚੱਲੇਗਾ । ਗੱਲ ਮੁੱਕਦੀ ਕਿਦਾਂ ਹੈ ? ਵਿਆਜ ਤੇ ਵਿਆਜ, ਕਰਜ਼ੇ ਤੋਂ ਕਰਜ਼ੇ ਦੀ ਪੰਡ, ਪੁਲਿਸ-ਕਚਿਹਰੀ, ਕੁਰਕੀ, ਧਰਨੇ-ਮੁਜ਼ਾਹਰੇ, ਰਾਜਨੀਤੀ, ਅਖ਼ਬਾਰਾਂ ਵਿੱਚ ਦੋਹਾਂ ਦੀ ਤੋਏ-ਤੋਏ ਤੇ ਅੰਤ ਖੁਦਕਸ਼ੀ । ਕਿਸਾਨ ਤੇ ਕਿਰਸਾਨੀ ਦੇ ਹਾਲਤਾਂ ਬਾਰੇ ਤਾਂ ਸਭ ਨੂੰ ਪਤਾ ਵੀ ਹੈ ਤੇ ਨਿੱਤ ਦਿਹਾੜੀ ਅਖ਼ਬਾਰਾਂ ਵਿੱਚ ਪੜ੍ਹਦੇ ਵੀ ਹਾਂ ਪਰ ਆੜ੍ਹਤੀਏ ਦੇ ਪੱਖ ਤੋਂ ਜੋ ਗੱਲਾਂ ਮਹਿਸੂਸ ਹੁੰਦੀਆਂ ਹਨ, ਉਹ ਇਹ ਹਨ ਕਿ ਜੇਕਰ ਉਹ ਵਿਆਜ ਲੈਂਦੇ ਹਨ ਤਾਂ ਆਪਣੇ ਦਿੱਤੇ ਗਏ ਰੁਪਏ ਉੱਪਰ ਤੇ ਜੋ ਕਮਿਸ਼ਨ ਲੈਂਦੇ ਹਨ ਉਹ ਕਿਸਾਨ ਤੋਂ ਨਹੀਂ । ਸੋ ਜੇਕਰ ਉਹ ਆਪਣੇ ਦਿੱਤੇ ਗਏ ਰੁਪਏ ਦੀ ਵਸੂਲੀ ਲਈ ਸਖ਼ਤੀ ਕਰਦੇ ਹਨ ਤਾਂ ਗ਼ਲਤ ਕਿੱਥੇ ਹਨ ? ਅਗਲੀ ਗੱਲ ਇਹ ਹੈ ਕਿ ਵੱਡੇ ਜਿ਼ਮੀਦਾਰ ਪਿੰਡਾਂ ਵਿੱਚ ਜੋ ਰੁਪਇਆ ਕਰਜ਼ ਵਜੋਂ ਦਿੰਦੇ ਹਨ, ਉਸਦੀ ਵਿਆਜ ਦਰ ਆੜ੍ਹਤੀਏ ਤੋਂ ਕਾਫ਼ੀ ਜਿ਼ਆਦਾ ਹੁੰਦੀ ਹੈ ਤੇ ਕਈ ਲੋਕ ਆਪਣੇ ਸੀਰੀਆਂ ਦਾ ਸੋ਼ਸ਼ਣ ਕਰਦੇ ਹਨ, ਮੰਦਾ ਬੋਲਦੇ ਹਨ, ਉਹ ਸਭ ਪਰਦੇ ਦੇ ਪਿੱਛੇ ਹੈ । ਲੋੜ ਅਜਿਹੇ ਲੋਕਾਂ ਤੇ ਨਕੇਲ ਪਾਉਣ ਦੀ ਵੀ ਹੈ । ਮੁਆਫ਼ ਕਰਨਾ, ਸ਼ਾਇਦ ਵਿਸ਼ੇ ਤੋਂ ਥੋੜਾ ਭਟਕ ਗਿਆ ਪਰ ਇਹ ਵੀ ਇਸੇ ਤਸਵੀਰ ਦਾ ਦੂਜਾ ਰੁਖ਼ ਹੈ ।

ਮੰਡੀ ਵਿੱਚ ਰੋਜ਼ਗਾਰ ਪਾਉਣ ਵਾਲੇ ਲੋਕਾਂ ਦੀ ਅਗਲੀ ਕਿਸਮ ਮੁਨੀਮ ਹੁੰਦੇ ਹਨ । ਇਹ “ਪੋਸਟ” ਪੰਜਾਬੀਆਂ ਨੂੰ ਬਹੁਤ ਘੱਟ ਮਿਲਦੀ ਸੀ, ਕਿਉਂ ਜੋ ਉਨ੍ਹਾਂ ਨੂੰ ਸ਼ਾਮ ਵੇਲੇ ਘਰ ਜਾਣ ਦੀ ਜਲਦੀ ਹੁੰਦੀ ਸੀ ਤੇ ਦੁਪਹਿਰੇ ਰੋਟੀ ਵੀ ਘਰ ਜਾ ਕੇ ਖਾਣਾ ਪਸੰਦ ਕਰਦੇ ਸਨ । ਇਸਦੇ ਉਲਟ ਹਰਿਆਣਾ ਜਾਂ ਰਾਜਸਥਾਨ ਤੋਂ ਆਏ ਮੁਨੀਮਾਂ ਨੂੰ ਕਿਹੜੀ ਝਾਂਜਰਾਂ ਵਾਲੀ ਉਡੀਕਦੀ ਸੀ ? ਉਨ੍ਹਾਂ ਨੂੰ ਸਮੇਂ ਨਾਲ਼ ਕੋਈ ਖਾਸ ਫ਼ਰਕ ਨਹੀਂ ਸੀ ਪੈਂਦਾ ਤੇ ਉਹ ਦੇਰ ਰਾਤ ਤੱਕ ਫਸਲ ਦੀ ਤੁਲਾਈ ਕਰਵਾਉਂਦੇ ਰਹਿੰਦੇ ਸਨ । ਇਸ ਕਰਕੇ ਉਨ੍ਹਾਂ ਨੂੰ ਕਦੀ-ਕਦੀ “ਛਿੱਟ” ਵੀ ਲਾਉਣ ਨੂੰ ਮਿਲ ਜਾਇਆ ਕਰਦੀ ਸੀ । ਮੁਨੀਮਾਂ ਦੀਆਂ ਦੋ ਕਿਸਮਾਂ ਹੁੰਦੀਆਂ ਸਨ । ਪਹਿਲੇ ਤਾਂ ਉਹ ਜੋ ਮੰਡੀ ਵਿੱਚ ਫਸਲ ਨਾਲ਼ ਸੰਬੰਧਿਤ ਕੰਮ ਤੇ ਦੂਜੇ ਉਹ ਜੋ ਦੁਕਾਨਾਂ ਤੇ ਬੈਠ ਕੇ ਵਹੀ-ਖਾਤਿਆਂ ਦਾ ਕੰਮ ਕਰਦੇ ਸਨ । ਆਧੁਨਿਕ ਭਾਸ਼ਾ ਵਿੱਚ ਉਹਨਾਂ ਨੂੰ “ਮੰਡੀ ਕਲਰਕ” ਜਾਂ “ਅਕਾਊਂਟੈਂਟ” ਵੀ ਕਿਹਾ ਜਾ ਸਕਦਾ ਹੈ ਪਰ ਕਹਿੰਦੇ ਸਭ ਮੁਨੀਮ ਹੀ ਹਨ । ਵਹੀ-ਖਾਤਿਆਂ ਵਾਲੇ ਮੁਨੀਮ ਦੀ ਤਾਂ ਵੱਖਰੀ ਹੀ ਟੌਹਰ ਹੁੰਦੀ ਸੀ । ਗ੍ਰਾਹਕ ਤਾਂ ਛੱਡੋ, ਲਾਲਿਆਂ ਨਾਲ਼ ਵੀ ਸਿੱਧੇ ਮੂੰਹ ਗੱਲ ਕਰਨਾ ਉਨ੍ਹਾਂ ਦੀ ਕਿਤਾਬ ਵਿੱਚ ਨਹੀਂ ਸੀ ਲਿਖਿਆ ਹੁੰਦਾ । ਮਾਰਵਾੜੀ ਬਾਣੀਏਂ ਖਾਸ ਤੌਰ ਤੇ ਇਸ ਗੱਦੀ ਦੇ ਹੱਕਦਾਰ ਮੰਨੇ ਜਾਂਦੇ ਸਨ । ਜੇ ਕਦੇ ਹਿਸਾਬ ਕਰਦਿਆਂ ਮਾੜਾ ਜੱਟ ਮੁਨੀਮ ਦੇ ਨੇੜੇ ਹੋ ਜਾਂਦਾ ਤਾਂ “ਬੇ-ਨਹਾਤੇ” ਜੱਟ ‘ਚੋਂ ਆਉਂਦੀ ਮੁਸ਼ਕ ਉਸਨੂੰ ਪ੍ਰੇਸ਼ਾਨ ਕਰ ਦਿੰਦੀ ਸੀ ।

“ਅਰੈ ! ਪੀਛਾ ਨੈਂ ਹੋ ਕਰ ਬੈਠ ਨਾ, ਸਰ ਪੈ ਬੈਠੇਗਾ ਕੇ ?”

ਤੇ ਜੇ ਕੋਈ ਜੱਟ ਕੋਈ ਕਲਮ (ਐਂਟਰੀ) ਦੋਬਾਰਾ ਪੁੱਛ ਲੈਂਦਾ....

“ਈਭੀ ਸੇਠ ਆਜੈਗਾ, ਉਸੀ ਨੈ ਪੂਛ ਲੀਓ । ਮੇਰੇ ਕਨੈਂ ਔਰ ਭੀ ਘਣੈਂ ਕਾਮ ਹਂੈ”

ਗੰਦੀ ਜਿਹੀ ਧੋਤੀ ਵਾਲੇ, ਬੀੜੀ ਪੀਣੇ ਮੁਨੀਮ ਨੂੰ ਕਰੋੜਾਂ ਦੀ ਜ਼ਮੀਨ ਦੇ ਮਾਲਕ ਜੱਟ ਤੇ ਬਹੁ-ਲੱਖੀ ਕਾਰੋਬਾਰ ਦੇ ਮਾਲਕ ਸੇਠ ਤੁੱਛ ਜਾਪਦੇ ਸਨ । ਪਰ ਦੋਹਾਂ ਧਿਰਾਂ ਲਈ ਮੁਨੀਮ ਦੀ “ਓਏ” ਸਹਿਣਾ ਮਜ਼ਬੂਰੀ ਸੀ । ਜੱਟ ਨੂੰ ਤਾਂ ਮੁਨੀਮ ਸਮਝਦਾ ਹੀ ਕੁਝ ਨਹੀਂ ਸੀ ਕਿਉਂ ਜੋ ਉਸ ਤੱਕ ਮੁਨੀਮ ਨੂੰ ਕੋਈ ਗੌਂ ਨਹੀਂ ਸੀ ਤੇ ਆੜ੍ਹਤੀਆ, ਇੱਕ ਤਾਂ ਮੁਨੀਮ ਦੇ ਵਿਆਜ ਲਗਾਉਣ ਦੀ ਕਲਾ ਦਾ ਕਾਇਲ ਹੁੰਦਾ ਸੀ, ਤੇ ਦੂਜੇ ਮੁਨੀਮ ਉਸਦਾ ਰਾਜ਼ਦਾਰ ਵੀ ਹੁੰਦਾ ਸੀ, ਇਸ ਲਈ ਉਹ ਵੀ ਮੁਨੀਮ ਦੇ ਅੱਗੇ ਨਹੀਂ ਬੋਲਦਾ ਸੀ । ਇਨ੍ਹਾਂ ਕਲਾਵਾਂ ਕਰਕੇ ਅੱਜ ਦੇ ਮੰਦੀ ਦੇ ਦੌਰ ਵਿੱਚ ਕਈ ਪੁਰਾਣੇ ਮੁਨੀਮ, ਸੇਠਾਂ ਕੋਲ “ਪੱਕੀਆਂ ਨੌਕਰੀਆਂ” ਤੇ ਲੱਗੇ ਹੋਏ ਹਨ, ਬਾਕੀ ਅੱਜ ਕੰਪਿਊਟਰ ਦਾ ਯੁੱਗ ਹੈ ਤੇ ਜੱਟ ਵੀ ਹਿਸਾਬ ਕਰਨ ਤੋਂ ਪਹਿਲਾਂ ਕੰਪਿਊਟਰ ਤੇ ਵਿਆਜ ਲਗਵਾ ਲੈਂਦਾ ਹੈ ਜਾਂ ਲਗਵਾ ਲੈਣਾ ਚਾਹੀਦਾ ਹੈ ।

ਮੰਡੀ ਵਿੱਚ ਕੰਮ ਕਰਨ ਵਾਲੀ ਅਗਲੀ ਧਿਰ ਮਜ਼ਦੂਰਾਂ ਦੀ ਹੁੰਦੀ ਸੀ । ਜਿਨ੍ਹਾਂ ਨੂੰ ਅੱਗੇ ਕਈ ਕਿਸਮਾਂ ਵਿੱਚ ਵੰਡਿਆ ਜਾਂਦਾ ਸੀ, ਜਿਵੇਂ ਕਿ ਫਸਲ ਦੀ ਤੁਲਾਈ ਕਰਨ ਵਾਲੇ, ਪੱਲੀ ਜਾਂ ਬੋਰੀ ਭਰਨ ਵਾਲੇ, ਕੰਡੇ ਤੋਂ ਪੱਲੀ ਉਤਾਰਨ ਵਾਲੇ ਜਾਂ ਫਸਲ ਦੀ ਸਾਂਭ ਸੰਭਾਲ ਕਰਨ ਵਾਲੇ । ਤੁਲਾਈ ਕਰਨ ਵਾਲਿਆਂ ਨੂੰ “ਤੋਲਾ”, ਪੱਲੀ ਭਰਨ ਵਾਲੇ ਨੂੰ “ਭਰਈਆ” ਤੇ ਪੱਲੀ ਕੰਡੇ ਤੋਂ ਉਤਾਰ ਕੇ ਬੰਨਣ ਵਾਲੇ ਨੂੰ “ਬਨੰਈਆ” ਕਿਹਾ ਜਾਂਦਾ ਸੀ । ਇਹਨਾਂ ਸਭਨਾਂ ਮਜ਼ਦੂਰਾਂ ਨੂੰ ਪ੍ਰਤੀ ਨਗ (ਪੱਲੀ ਜਾਂ ਬੋਰੀ) ਮਜ਼ਦੂਰੀ ਮਿਲਦੀ ਸੀ । ਸਾਂਭ ਸੰਭਾਈ ਕਰਨ ਵਾਲੇ ਮਜ਼ਦੂਰ ਆੜ੍ਹਤੀਏ ਦੇ ਪੱਕੇ ਤੌਰ ਤੇ ਕੰਮ ਕਰਦੇ ਸਨ ਤੇ ਬਾਕੀਆਂ ਨੂੰ ਜੋ ਆੜ੍ਹਤੀਆ ਚਾਹੇ ਬੁਲਾ ਸਕਦਾ ਸੀ । ਸਾਂਭ ਸੰਭਾਈ ਕਰਨ ਵਾਲੇ ਮਜ਼ਦੂਰਾਂ ਨੂੰ ਕਿਸਾਨ ਦੀ ਕੀਤੀ ਗਏ ਸੇਵਾ ਬਦਲੇ ਪੰਜ-ਸੱਤ ਕਿਲੋ ਦਾਣੇ ਜਾਂ ਨਰਮਾ ਆਦਿ ਮਿਲ ਜਾਂਦਾ ਸੀ, ਜੋ ਕਿ ਬਾਅਦ ਵਿੱਚ ਵੇਚ ਕੇ ਪੈਸੇ ਵੰਡ ਲਏ ਜਾਂਦੇ ਸਨ । ਕਈ ਵਾਰ ਇਸ ਧਿਰ ਦਾ ਮੁਖੀ ਕਿਸਾਨ ਦੇ ਪਿਆਲੇ ਦਾ ਸਾਂਝੀ ਵੀ ਬਣ ਜਾਂਦਾ ਸੀ, ਕਿਉਂ ਜੋ ਸਾਰੇ ਮਜ਼ਦੂਰ ਇਸਦੇ ਹੁਕਮ ਅਨੁਸਾਰ ਚੱਲਦੇ ਹਨ ਤੇ ਘੱਟੋ-ਘੱਟ ਫਸਲ ਦੀ ਸਾਂਭ ਸੰਭਾਲ ਤੇ ਤੁਲਾਈ ਵਿੱਚ ਮੁਖੀ ਦਾ ਬਹੁਤ ਵੱਡਾ ਹੱਥ ਹੁੰਦਾ ਹੈ । ਇਹ ਧਿਰ ਕਈ ਵਾਰ ਮੁਨੀਮ ਨਾਲ਼ ਮਿਲਕੇ ਕਿਸਾਨ ਨੂੰ ਰਗੜਾ ਵੀ ਚਾੜ੍ਹ ਦਿੰਦੀ ਸੀ । ਹੰਢੀ ਵਰਤੀ ਉਮਰ ਵਾਲੇ ਕਿਸਾਨ ਤੁਲਾਈ ਦੇ ਮਾਮਲੇ ਵਿੱਚ ਕਿਸੇ ਤੇ ਵਿਸ਼ਵਾਸ ਨਹੀਂ ਕਰਦੇ ਸਨ । ਭਰੀਆਂ ਬੋਰੀਆਂ ਦੇ ਉੱਪਰ ਚੜ੍ਹਕੇ ਇੱਕ-ਇੱਕ ਬੋਰੀ ਤੇ ਪੈਰ ਧਰ ਕੇ ਗਿਣਤੀ ਕਰਦੇ ਸਨ ਤੇ ਉਸਦਾ ਕਾਲਜ ਪੜ੍ਹਦਾ ਮੁੰਡਾ ਕੀ ਕਰਦਾ ਹੈ, ਬਾਹਰ ਦੀ ਬੋਰੀਆਂ ਦੀ ਲਾਈਨ ਗਿਣ ਲਈ, ਦੇਖਿਆ ਦਸ ਦੀ ਲਾਈਨ ਹੈ । ਦੂਜੇ ਪਾਸੇ ਦੀ ਲਾਈਨ ਗਿਣ ਲਈ, ਬਾਰਾਂ ਹਨ । ਕੁੱਲ ਬੋਰੀਆਂ 10 ਗੁਣਾ 12=120 । ਬੋਰੀਆਂ ਦੀ ਤੀਜੀ ਲਾਈਨ ਤੇ ਚੜ੍ਹੇ ਫਿਰਦੇ ਬੁੜ੍ਹੇ ਨੂੰ ਦੇਖ ਮਨ ਹੀ ਮਨ ਹੱਸਦਾ ਹੈ ।

“ਲੈ, ਬੁੜ੍ਹਾ ਅਜੇ ਘੰਟਾ ਬੋਰੀਆਂ ਤੇ ਟਪੂਸੀਆਂ ਲਾਊ, ਆਪਾਂ ਗਿਣ ਕੇ ਅਹੁ ਮਾਰੀਆਂ”

ਹੁਣ “ਨੱਤੀਆਂ ਵਾਲੇ” ਨੂੰ ਕੌਣ ਸਮਝਾਏ ਕਿ ਵਿਚਾਲੇ ਕੋਈ ਲਾਈਨ ਦਸ ਦੀ ਬਜਾਏ ਗਿਆਰਾਂ ਦੀ ਹੋਈ ਤਾਂ ਫੇਰ ? ਲੱਗ ਗਈ ਨਾ ਇੱਕ ਬੋਰੀ ਦੀ ਕੁੰਡੀ । ਬੁੜ੍ਹਾ ਵਿਚਾਰਾ ਥੱਲੇ ਫਰਸ਼ ਤੇ ਨਰਮੇ ਦੀਆਂ ਫੁੱਟੀਆਂ ਚੁਗਦਾ ਫਿਰਦਾ ਹੈ ਤੇ ਮੁੰਡਾ, ਮਜ਼ਦੂਰਾਂ ਦੁਆਰਾ ਕੀਤੀ ਗਈ “ਕਾਕਾ ਜੀ” “ਕਾਕਾ ਜੀ” ਸੁਣ ਕੇ ਹੀ ਢਾਕਾਂ ਤੋਂ ਹੱਥ ਥੱਲੇ ਨਹੀਂ ਕਰਦਾ ।

ਅਗਲੀ ਧਿਰ ਜੋ ਮੰਡੀ ਵਿੱਚੋਂ ਕਮਾਈ ਕਰਦੀ ਸੀ, ਉਹ ਸੀ ਮੰਗਣ ਵਾਲੀਆਂ ਦੀ । ਫਸਲ ਆਉਣ ਦੀ ਖੁਸ਼ੀ ਆਉਣ ਦੀ ਖੁਸ਼ੀ ਵਿੱਚ ਨਸਿ਼ਆਇਆ ਜੱਟ ਇਹਨਾਂ ਨੂੰ ਰੁੱਗ ਭਰ ਕੇ ਦੇ ਵੀ ਦਿੰਦਾ ਸੀ । ਇਨ੍ਹਾਂ ਤੋਂ ਜ਼ਰਾ ਸਾਵਧਾਨ ਰਹਿਣ ਦੀ ਲੋੜ ਹੁੰਦੀ ਸੀ, ਕਿਉਂ ਜੋ ਢੇਰੀਆਂ ਵਿੱਚ ਤੁਰੇ ਜਾਂਦਿਆਂ ਜ਼ਰਾ ਝੁਕ ਕੇ ਰੁੱਗ ਭਰਨਾ ਤੇ ਆਪਣੀ ਝੋਲੀ ਜਾਂ ਬੋਰੀ ਵਿੱਚ ਸੁੱਟਣਾ, ਪਲਕ ਝਪਕਣ ਜੋਗੇ ਸਮੇਂ ਦਾ ਕੰਮ ਹੁੰਦਾ ਸੀ । ਕਈ ਵਾਰ ਤਾਂ ਤੜਕੇ ਪਤਾ ਚੱਲਦਾ ਕਿ ਵੱਡੇ ਢੇਰ ‘ਚੋਂ ਟੋਕਰੇ ਜਿੰਨ੍ਹਾਂ ਥਾਂ ਖਾਲੀ ਕੀਤਾ ਪਿਆ ਹੋਣਾ । ਕਈ ਵਾਰ “ਨੱਤੀਆਂ ਵਾਲੇ” ਵੀ ਸ਼ਾਮ ਨੂੰ ਝੋਲੀ ਨਰਮੇ/ਕਪਾਹ ਦੀ ਭਰਕੇ ਚੁੰਗ ਵਾਲੇ ਨੂੰ ਵੇਚਦੇ ਨਜ਼ਰ ਆਉਂਦੇ ਤਾਂ ਜੋ ਕੱਲੇ ਮੰਡੀ ‘ਚ ਹੋਣ ਦਾ ਫਾਇਦਾ ਉਠਾ ਸਕਣ । ਕਦੇ-ਕਦਾਈਂ ਕਿਸੇ ਢੇਰੀ ਤੇ ਰਜਾਈ ਹੇਠਾਂ ਮਹਿਸੂਸ ਹੁੰਦਾ ਜਿਵੇਂ ਕੁਸ਼ਤੀ ਚੱਲ ਰਹੀ ਹੋਵੇ । ਮੰਡੀ ਵਿੱਚ ਰਾਜਸਥਾਨੀਆਂ ਦੇ ਮੈਸੀ ਟਰੈਕਟਰ ਘੂਕਦੇ ਨਜ਼ਰੀਂ ਆਉਂਦੇ ਹੁੰਦੇ । ਕਈਆਂ ਨੇ ਟੈਂਟ ਲਾ ਕੇ ਚਾਹ-ਰੋਟੀ ਦੇ ਢਾਬੇ ਬਣਾ ਰੱਖੇ ਹੁੰਦੇ । ਚਾਹ ਨਾਲ਼ ਬੇਸਣ ਵਾਲੀ ਬਰਫ਼ੀ ਹੁੰਦੀ ਤੇ ਮੁਨੀਮ ਚਾਹ ਦੀ ਥਾਂ ਦੁੱਧ ‘ਚ ਪੱਤੀ ਪੀ ਕੇ, ਦੋ ਕੱਪ ਚਾਹ ਦੀ ਪਰਚੀ ਢਾਬੇ ਵਾਲੇ ਨੂੰ ਦਿੰਦੇ ।

ਅੱਜ ਹਾਲਾਤ ਬਦਲ ਚੁੱਕੇ ਹਨ । ਆੜ੍ਹਤੀਆਂ ਦੇ ਮੁੰਡੇ ਆਪ ਹੋਰ ਕਾਰੋਬਾਰ ਲੱਭ ਰਹੇ ਹਨ । ਜੋ ਪੁਰਾਣੇ ਆੜ੍ਹਤੀਏ ਹਨ, ਉਹਨਾਂ ਨੂੰ ਚੱਤੋ-ਪਹਿਰ ਉਗਰਾਈ ਦਾ ਫਿਕਰ ਪਿਆ ਰਹਿੰਦਾ ਹੈ । “ਸੱਪ ਦੇ ਮੂੰਹ ਕੋਹੜ-ਕਿਰਲੀ” ਵਾਲਾ ਹਿਸਾਬ ਹੋਇਆ ਪਿਆ ਹੈ । ਨਾ ਛੱਡ ਸਕਦੇ ਹਨ ਨਾ ਨਿਗਲ ਸਕਦੇ ਹਨ ਭਾਵ ਜੇ ਆੜ੍ਹਤ ਛੱਡਦੇ ਹਨ ਤਾਂ ਉਗਰਾਈ ਮਰਦੀ ਹੈ, ਜੇ ਕਰਦੇ ਹਨ ਤਾਂ ਰੁਪਇਆ ਡੁੱਬਣ ਦਾ ਖ਼ਤਰਾ ਹਮੇਸ਼ਾ ਰਹਿੰਦਾ ਹੈ । ਜੇ ਉਗਰਾਈ ਲਈ ਜ਼ਬਰਦਸਤੀ ਕਰਦੇ ਹਨ ਤਾਂ ਅਗਲਾ ਯੂਨੀਅਨ ਦਾ ਘਰ ਦਿਖਾ ਦਿੰਦਾ ਹੈ । ਕਰਜ਼ੇ ਵਿੱਚ ਡੁੱਬਿਆ ਕਿਸਾਨ ਫਸਲ ਕਿਤੇ ਹੋਰ ਵੇਚ ਜਾਂਦਾ ਹੈ । ਜੇ ਆੜ੍ਹਤੀਆ ਕਚਿਹਰੀ ਦਾ ਆਸਰਾ ਤੱਕਦਾ ਹੈ ਤਾਂ ਦੁਕਾਨ ਅੱਗੇ ਧਰਨੇ-ਮੁਜ਼ਾਹਰੇ ਸ਼ੁਰੂ ਹੋ ਜਾਂਦੇ ਹਨ । ਆੜ੍ਹਤੀਆਂ ਦੇ ਮੁੰਡੇ ਮੁਨੀਮੀ ਦਾ ਕੰਮ ਵੀ ਆਪ ਹੀ ਕਰਨ ਲੱਗ ਪਏ ਹਨ ਤਾਂ ਜੋ ਤਨਖਾਹ ਨਾ ਦੇਣੀ ਪਵੇ । ਹਰਿਆਣਵੀ ਜਾਂ ਰਾਜਸਥਾਨੀ ਮੰਡੀਆਂ ਦਾ ਰਸਤਾ ਜਿਵੇਂ ਭੁੱਲ ਹੀ ਗਏ ਹੋਣ । ਪੁਰਾਣੇ ਮੁਨੀਮ ਪਹਿਲੀ ਗੱਲ ਤਾਂ ਚੜ੍ਹਾਈ ਕਰ ਗਏ ਹਨ ਤੇ ਜੇ ਕੋਈ ਉਸ ਸਮੇਂ ਜਵਾਨੀ ਵਿੱਚ ਸੀ ਤਾਂ ਅੱਜ ਜਿਸ ਵੀ ਦੁਕਾਨ ਤੇ ਲੱਗਾ ਹੈ, ਆਪਣਾ ਟਾਈਮ ਪਾਸ ਕਰ ਰਿਹਾ ਹੈ । 31 ਮਾਰਚ ਨੂੰ ਮੁਲਾਜ਼ਮਾਂ ਦੀ ਹੋਣ ਵਾਲੀ ਉਥਲ ਪੁਥਲ ਤੇ ਤਨਖਾਹਾਂ ਦੇ ਵਾਧੇ ਜਾਂ ਵਾਧੇ ਦੇ ਲਾਰੇ ਬੀਤੇ ਸਮੇਂ ਦੀ ਗੱਲ ਬਣ ਚੁੱਕੇ ਹਨ । ਨਰਮੇ-ਕਪਾਹ ਦੀਆਂ ਫੈਕਟਰੀਆਂ ਅੱਵਲ ਤਾਂ ਬੰਦ ਹੋ ਚੁੱਕੀਆਂ ਹਨ ਤੇ ਜੋ ਹਨ, ਉਨ੍ਹਾਂ ਦੀ ਜਗ੍ਹਾ ਸ਼ੈਲਰਾਂ ਨੇ ਲੈ ਲਈ ਹੈ । ਕਾਰੋਬਾਰ ਖ਼ਤਮ ਹੋ ਰਹੇ ਹਨ । ਬਥੇਰੇ ਕਹਿੰਦੇ ਕਹਾਉਂਦੇ ਆੜ੍ਹਤੀਏ “ਉੱਡ” ਚੁੱਕੇ ਹਨ ਤੇ ਉਨ੍ਹਾਂ ਦੀਆਂ ਔਲਾਦਾਂ ਨੌਕਰੀ ਕਰ ਰਹੀਆਂ ਹਨ । ਕੱਲ ਤੱਕ ਜੋ ਫੈਕਟਰੀਆਂ ਦੇ ਮਾਲਕ ਸਨ, ਅੱਜ ਰੈਡੀਮੇਡ ਜਾਂ ਕਰਿਆਨੇ ਦੀਆਂ ਦੁਕਾਨਾਂ ਖੋਲੀ ਬੈਠੇ ਹਨ । ਮੰਡੀਆਂ ਤਾਂ ਵੱਡ-ਆਕਾਰੀ ਹਨ ਪਰ ਫਸਲਾਂ ਢੇਰ ਦੀ ਜਗ੍ਹਾ ਢੇਰੀਆਂ ਬਣ ਚੁੱਕੀਆਂ ਹਨ ।

ਹਾਅ ਦਾ ਨਾਅਰਾ.......... ਲੇਖ / ਮਿੰਟੂ ਬਰਾੜ

ਪਿਆਰੇ ਵੀਰ ਅਮਰਦੀਪ ਗਿੱਲ ਜੀਓ,

ਆਪਣੇ ਛੋਟੇ ਵੀਰ ਮਿੰਟੂ ਬਰਾੜ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਬੂਲ ਕਰਨਾ। ਆਪਣੀ ਸਾਂਝ ਤਾਂ ਬੱਸ ਇੰਨੀ ਕੁ ਹੈ ਕੇ ਤੁਸੀ ਵੀ ਬਚਪਨ ਤੇ ਜੁਆਨੀ ਬਠਿੰਡਾ ਸ਼ਹਿਰ ਦੀਆਂ ਗਲੀਆਂ ਚ ਗੁਜ਼ਾਰੀ, ਤੇ ਮੈਂ ਵੀ। ਦੋ ਚਾਰ ਬਾਰ ਆਪਣਾ ਮੇਲ ਕੁੱਝ ਸਾਂਝੇ ਮਿੱਤਰਾ ਕੋਲ ਹੋਇਆ ਤੇ ਹਰ ਬਾਰ ਹੀ ਤੁਹਾਡੇ ਹੁਨਰ ਅੱਗੇ ਮੇਰਾ ਸਿਰ ਇੰਜ ਝੁਕਿਆ ਕੇ ਕੋਈ ਖ਼ਾਸ ਵਾਰਤਾਲਾਪ ਨਾ ਕਰ ਸਕਿਆ।ਪਰ ਸਾਹਿਤ ਵਿੱਚ ਰੁਚੀ ਰੱਖਣ ਕਾਰਨ ਤੁਹਾਡੇ ਵੱਲੋਂ ਲਏ ਹਰ ਮੋੜ ਦੀ ਖ਼ਬਰ ਰੱਖਦਾ ਰਿਹਾ ਤੇ ਬੜੀ ਬੇਸਬਰੀ ਨਾਲ ਤੁਹਾਡੀਆਂ ਰਚਨਾਵਾਂ ਦੀ ਉਡੀਕ ਦਾ ਆਨੰਦ ਲੈਂਦਾ ਰਿਹਾ।ਸ਼ਾਇਦ ਦੁਨੀਆ ਅੱਗੇ ਤਾਂ ਅਸਲੀ ਅਮਰਦੀਪ ਬਹੁਤ ਪਿਛੋ ਯਾਨੀ ਕੇ “ਇਹ ਜੋ ਸਿੱਲੀ ਸਿੱਲੀ ਆਉਂਦੀ ਏ ਹਵਾ ਕਿਤੇ ਕੋਈ ਰੋਂਦਾ ਹੋਵੇਗਾ” ਜਿਹਾ ਗੀਤ ਰਚਣ ਤੋਂ ਬਾਅਦਂ ਆਇਆ ਪਰ ਮੈਂ ਤਾਂ ਬਹੁਤ ਪਹਿਲਾਂ ਹੀ ਆਪਣੇ ਸਾਂਝੇ ਮਿੱਤਰ ਤਰਨਜੀਤ ਸੋਢੀ ਉਰਫ਼ “ਲਾਲੀ” ਦੇ ਵਿਆਹ ਵਿੱਚ ਹੀ ਤੁਹਾਡਾ ਸੰਗ ਮਾਣ ਕੇ ਅਜ ਦੇ ਅਮਰਦੀਪ ਦਾ ਅਹਿਸਾਸ ਲੈ ਚੁੱਕਿਆ ਸੀ।ਤੁਹਾਡਾ ਤਹਿ ਦਿਲੋਂ ਪਰਸੰਸਕ ਹੋਣ ਕਰਕੇ ਤੁਹਾਡੀਆ ਹੁਣ ਤਕ ਛਪੀਆ ਸਾਰਿਆ ਕਿਤਾਬਾਂ ਤੇ ਰਿਕਾਰਡ ਹੋਏ ਗੀਤਾਂ ਦਾ ਆਨੰਦ ਲੈ ਚੁੱਕਿਆ ਹਾਂ। ਇਸੇ ਕਾਰਨ ਮੈਨੂੰ ਇਹ ਚੰਗੀ ਤਰ੍ਹਾਂ ਪਤਾ ਕੇ ਤੁਹਾਡੇ ਕੌਣ-ਕੌਣ ਤੇ ਕਿੰਨੇ ਖ਼ਾਸ ਮਿੱਤਰ ਹਨ ਤੇ ਮੈਨੂੰ ਇਹ ਵੀ ਪਤਾ ਕੇ ਹਜ਼ਾਰਾ ਦਿਲਾਂ ਦਾ ਇਹ ਚਹੇਤਾ ਆਪ ਕਿਸ ਦਾ ਕਦਰਦਾਨ ਹੈ।

ਸੋ ਉਸੇ ਕੜੀ ਦੇ ਤਹਿਤ ਮੈਨੂੰ ਇਹ ਚੰਗੀ ਤਰ੍ਹਾਂ ਪਤਾ ਕੇ ਤੁਸੀ ਸੂਫ਼ੀ ਤੇ ਦਰਵੇਸ਼ ਗਾਇਕ ਜਨਾਬ ਹੰਸ ਰਾਜ ਹੰਸ ਜੀ ਦੇ ਮੇਰੇ ਵਾਂਗੂੰ ਬਹੁਤ ਹੀ ਮੁਰੀਦ ਹੋ ਤੇ ਜੇ ਆਪਣੇ ਵਿੱਚ ਇਥੇ ਫ਼ਰਕ ਹੈ ਤਾਂ ਬੱਸ ਉਹ ਇਹ ਕੇ ਮੈਂ ਇਕੱਲਾ ਮੁਰੀਦ ਹਾਂ ਤੇ ਤੁਸੀ ਉਹਨਾਂ ਦੇ ਦਿਲ ਦੇ ਬੜੇ ਕਰੀਬ ਹੋ।ਅਜ ਮੇਰਾ ਇਹ ਖ਼ਤ ਲਿਖਣ ਦਾ ਸਬੱਬ ਵੀ ਤੁਹਾਡਾ ਤੇ ਹੰਸ ਜੀ ਦਾ ਇੰਨਾ ਕਰੀਬੀ ਰਿਸ਼ਤਾ ਹੋਣਾ ਹੀ ਬਣਿਆ।

ਬੜੇ ਅਫ਼ਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਜਦ ਕੋਈ ਇਸ ਫ਼ਾਨੀ ਜਹਾਨ ਤੋਂ ਰੁਖ਼ਸਤ ਕਰਦਾ ਹੈ ਤਾਂ ਦੁਨੀਆ ਉਸ ਨੂੰ ਭਾਵੇਂ ਮੋੜ ਕੇ ਨਹੀਂ ਲਿਆ ਸਕਦੀ ਪਰ ਉਸ ਦੇ ਨਜ਼ਦੀਕੀਆਂ ਕੋਲ ਅਫ਼ਸੋਸ ਕਰ ਕੇ ਕੁੱਝ ਦੁੱਖ ਵੰਡਾਉਣ ਦੀ ਕੋਸ਼ਸ਼ ਜਰੂਰ ਕਰਦੀ ਹੈ ਤੇ ਜਦ ਮੈਨੂੰ ਮੇਰੇ ਇਸ ਸਤਿਕਾਰ ਯੋਗ ਦਰਵੇਸ਼ ਦੇ ਇਕ ਅਵਤਾਰ ਦੀ ਮੌਤ ਬਾਰੇ ਪਤਾ ਚੱਲਿਆ ਤਾਂ ਇਕ ਬਾਰ ਤਾਂ ਸੀਨੇ ਵਿੱਚ ਸੱਲ ਜਿਹੇ ਪੈ ਗਏ ਪਰ ਹੋਲੀ ਹੋਲੀ ਆਪਣੇ ਆਪ ਨੂੰ ਸੰਭਾਲਿਆ ਤੇ ਸੋਚਿਆ ਕੇ ਹੁਣ ਦੁਨੀਆਦਾਰੀ ਦੇ ਫਰਜ਼ ਮੁਤਾਬਿਕ ਦੁੱਖ ਤਾਂ ਵੰਡਾਉਣਾ ਚਾਹੀਦਾ ਹੈ ਸੋ ਮੈਂ ਉਹਨਾਂ ਦੇ ਸਭ ਤੋਂ ਵੱਧ ਨਜ਼ਦੀਕੀਆਂ ਵਿੱਚੋਂ ਬਸ ਇਕ ਤੁਹਾਨੂੰ ਹੀ ਜਾਣਦਾ ਸੀ ਸੋ ਖਿਮਾ ਚਾਹੁੰਦਾ ਹਾਂ ਕੇ ਬੇਗਾਨੇ ਦੇਸ਼ ਵਿੱਚ ਬੈਠਾ ਹੋਣ ਕਾਰਨ ਅਜ ਤੁਹਾਡੇ ਕੋਲ ਆ ਕੇ ਤਾਂ ਗੋਡਾ ਨੀਵਾਂ ਨਹੀਂ ਸਕਦਾ ਸੋ ਸੋਚਿਆ ਖ਼ਤ ਲਿਖ ਕੇ ਹੀ ਕੁੱਝ ਦੁੱਖ ਵੰਡ ਲਵਾਂ।

ਥੋੜ੍ਹਾ ਟਾਈਮ ਪਹਿਲਾਂ ਇਸ ਸੂਫ਼ੀ ਗਾਇਕ ਜਿਸ ਦੀ ਕੇ ਮੈਂ ਪੂਜਾ ਕਰਦਾ ਸੀ ਦਾ ਉਹਨਾਂ ਦੇ ਖ਼ੁਦ ਦੇ ਮੂੰਹੋਂ ਆਤਮ ਹੱਤਿਆ ਕਰਨ ਦਾ ਸੁਣਿਆ ਜਿਸ ਵਿੱਚ ਉਹ ਕਹਿ ਰਹੇ ਸਨ ਹੁਣ ਤਕ ਮੈਂ ਇਕ ਗਾਇਕ ਦੇ ਰੂਪ ਵਿੱਚ ਤੁਹਾਡੀ ਸੇਵਾ ਕੀਤੀ ਤੇ ਹੁਣ ਮੈਂ ਇਹ ਚੋਲਾ ਬਦਲ ਕੇ ਇਕ ਸਿਆਸਤ ਦਾਨ ਦੇ ਰੂਪ ਵਿੱਚ ਤੁਹਾਡੀ ਸੇਵਾ ਕਰਾਂਗਾ ਇਹ ਸੁਣ ਕੇ ਇਕ ਬਾਰ ਸੁਨ ਜਿਹਾ ਹੋ ਗਿਆ ਸੀ। ਪਰ ਫੇਰ ਸੋਚਿਆ ਜਿਵੇਂ ਪਹਿਲਾਂ ਇਸ ਇਨਸਾਨ ਨੇ ਇਤਿਹਾਸ ਸਿਰਜਿਆ ਹੈ ਸ਼ਾਇਦ ਹੁਣ ਵੀ ਇਹ ਚੋਲਾ ਬਦਲ ਕੇ ਕੋਈ ਨਵਾਂ ਇਤਿਹਾਸ ਸਿਰਜ ਜਾਵੇ ਤੇ ਮੇਰੀ ਸੋਚ ਹੀ ਗ਼ਲਤ ਹੋਵੇ।

ਪਰ ਉਸ ਐਲਾਨ ਤੋਂ ਪਿਛੋਂ ਹਾਲੇ ਮੇਰੀ ਸੋਚਾਂ ਦੀ ਬੇੜੀ ਡਿੱਕ-ਡੋਲੇ ਜਿਹੇ ਖਾ ਰਹੀ ਸੀ ਤੇ ਰਹਿ ਰਹਿ ਕੇ ਉਹ ਦਿਨ ਯਾਦ ਆ ਰਹੇ ਸਨ ਜਦ ਪਹਿਲੀ ਬਾਰ ਇਸ ਗਾਇਕ ਨੂੰ ਦੂਰਦਰਸ਼ਨ ਦੇ ਜਲੰਧਰ ਕੇਂਦਰ ਤੋਂ ਬਾਜੇ ਤੇ ਬੈਠ ਕੇ ਗਾਉਂਦਾ ਸੁਣਿਆ ਸੀ ਤੇ ਪਹਿਲੀ ਹੀ ਤੱਕਣੀ ਨੇ ਇਸ ਭਵਿੱਖ ਦੇ ਦਰਵੇਸ਼ ਦੀ ਰੂਹ ਦੇ ਜਲਾਲ ਨੇ ਮੇਰੇ ਸਮੇਤ ਲੱਖਾਂ ਲੋਕਾਂ ਨੂੰ ਕੀਲ ਲਿਆ ਸੀ ਤੇ ਉਸ ਵਕਤ ਮੇਰੇ ਕੋਲ ਬੈਠੇ ਸਾਡੇ ਬਜ਼ੁਰਗਾਂ ਦੇ ਮੂੰਹੋਂ ਅਚਾਨਕ ਹੀ ਨਿਕਲ ਗਿਆ ਸੀ ਬਈ ਇਹ ਮੁੰਡਾ ਤਾਂ ਕੋਈ ਲੰਮੀ ਰੇਸ ਦਾ ਘੋੜਾ ਲੱਗਦਾ ਹੈ। ਬਜ਼ੁਰਗਾ ਦੇ ਉਹ ਸ਼ਬਦ ਅਖੀਰ ਸੱਚ ਵੀ ਹੋ ਨਿੱਬੜੇ ਜਦੋਂ ਇਕ ਛੋਟੇ ਜਿਹੇ ਪਿੰਡ ਚੋ ਉਠ ਕੇ ਇਸ ਇਨਸਾਨ ਨੇ ਸਾਰੀ ਦੁਨੀਆ ਚ ਪੰਜਾਬੀ ਤੇ ਗ਼ੈਰ ਪੰਜਾਬੀ ਜੋ ਚੰਗੇ ਸੰਗੀਤ ਦੀ ਸਮਝ ਰੱਖਦੇ ਹਨ ਦੇ ਦਿਲਾਂ ਵਿੱਚ ਆਪਣੀ ਇਕ ਖ਼ਾਸ ਥਾਂ ਬਣਾ ਲਈ ਸੀ ।ਫੇਰ ਇੱਕ ਦੌਰ ਇਹ ਆਇਆ ਜਦੋਂ ਇਸ ਦਰਵੇਸ਼ ਨੇ ਆਪਣੇ ਸੁਰਾਂ ਨਾਲ ਦੁਨਿਆਵੀ ਲੋਕਾਂ ਦੇ ਨਾਲ ਉਸ ਅਕਾਲ ਪੁਰਖ ਨੂੰ ਵੀ ਕੀਲ ਲਿਆ ਤੇ ਉਸ ਦੀਆਂ ਰਹਿਮਤਾਂ ਦਾ ਮੀਹ ਇਸ ਕਦਰ ਇਸ ਉੱਤੇ ਵਰ੍ਹਨ ਲੱਗਿਆ ਕੇ ਹਰ ਪਾਸੇ ਬੱਲੇ-ਬੱਲੇ ਹੋ ਗਈ।ਕਿਧਰੇ ਅਮਰੀਕਾ ਵਿੱਚ ਸਨਮਾਨ ਤੇ ਕਿਧਰੇ ਰਾਜ ਗਾਇਕ ਤੇ ਕਿਧਰੇ ਪਦਮ ਸ਼੍ਰੀ,ਤੇ ਕਿਧਰੇ ਦਰਵੇਸ਼ ਜਿਹੇ ਟਾਈਟਲ ਨਾਲ ਸਨਮਾਨ ਮਿਲਿਆ। ਜਦੋਂ ਹਰ ਪਾਸੇ ਰਹਿਮਤਾਂ ਹੋ ਰਹੀਆਂ ਸਨ ਤਾਂ ਅਚਾਨਕ ਇਕ ਦਿਨ ਇਸ ਦਰਵੇਸ਼ ਨੂੰ ਇਕ ਮਝਾਰ ਦਾ ਗੱਦੀ ਨਸ਼ੀਨ ਬਣਨ ਦੀ ਖ਼ਬਰ ਆਈ ਤਾਂ ਮੇਰੇ ਜਿਹੇ ਮੁਰੀਦ ਦੇ ਮਨ ਚ ਗਿਆ ਕੇ ਲਗਦਾ ਇਸ ਬੰਦੇ ਦੀ ਸਾਧਨਾ ਤੋਂ ਰੱਬ ਨੇ ਖ਼ੁਸ਼ ਹੋ ਕੇ ਇਸ ਨੂੰ ਏਸ ਸੇਵਾ ਨਾਲ ਨਿਵਾਜਿਆ ਹੈ ਤੇ ਲਗਦਾ ਹੁਣ ਸਾਡਾ ਇਹ ਦਰਵੇਸ਼ ਅਜ ਤੋਂ ਉਸ ਅਕਾਲ ਪੁਰਖ ਦੀਆਂ ਰਹਿਮਤਾਂ ਦਾ ਸ਼ੁਕਰੀਆ ਅਦਾ ਕਰਨ ਲਈ ਆਪਣੀ ਰਹਿੰਦੀ ਜ਼ਿੰਦਗੀ ਉਸ ਦੇ ਚਰਣਾ ਚ ਉਸ ਦੀ ਉਸਤਤ ਵਿੱਚ ਲਾਏਗਾ।ਪਰ ਇਹ ਤਾਂ ਕੁੱਝ ਹੋਰ ਹੀ ਨਿਕਲਿਆ,ਇਹ ਤਾਂ ਇਕ ਨਵੇਂ ਲੜੀਵਾਰ ਨਾਟਕ ਦੀ ਪਹਿਲੀ ਕਿਸ਼ਤ ਹੋ ਨਿੱਬੜਿਆ।

ਵੱਡੇ ਵੀਰ ਜੇ ਤਾਂ ਆਪਾਂ ਹੁਣ ਇਕ ਦੂਜੇ ਦੇ ਸਨਮੁਖ ਬੈਠੇ ਹੁੰਦੇ ਤਾਂ ਮੈਨੂੰ ਮੇਰੇ ਹਰ ਸ਼ੰਕੇ ਦਾ ਤੇ ਸਵਾਲ ਦਾ ਜਵਾਬ ਨਾਲ ਦੀ ਨਾਲ ਮਿਲ ਜਾਂਦਾ ਪਰ ਹੁਣ ਤਾਂ ਮੈਂ ਇਕੱਲੇ ਸਵਾਲ ਹੀ ਕਰ ਸਕਦਾ ਕੇ ਇੰਜ ਉਹਨਾਂ ਕਿਉਂ ਕੀਤਾ? ਇੰਜ ਕਿਉਂ ਨਹੀਂ ਕੀਤਾ? ਚਲੋ ਜੋ ਵੀ ਹੈ ਜੇ ਹੁਣ ਮਨ ਹੋਲਾ ਕਰਨਾ ਤਾਂ ਸਵਾਲ ਤਾਂ ਕਰਨੇ ਹੀ ਪੈਣੇ ਹਨ ਤੇ ਇਹ ਵੀ ਮੈਨੂੰ ਪਤਾ ਕੇ ਜਿਨ੍ਹਾਂ ਸਵਾਲਾਂ ਦਾ ਜਵਾਬ ਕਿਸੇ ਕੋਲ ਨਹੀਂ ਹੁੰਦਾ ਉਹਨਾਂ ਦਾ ਜਵਾਬ ਵਕਤ ਹੀ ਦੇ ਸਕਦਾ ਹੈ।ਪਰ ਇਥੇ ਮੈਂ ਆਸ ਕਰਦਾ ਹਾਂ ਕੇ ਮੇਰੇ ਇਹਨਾਂ ਸ਼ੰਕਿਆਂ ਦਾ ਹੱਲ ਤੁਸੀ ਮੇਰੀ ਇਸ ਚਿੱਠੀ ਦਾ ਜਵਾਬ ਦੇ ਕੇ ਜਰੂਰ ਕਰੋਗੇ।

ਮੇਰੇ ਸਵਾਲਾਂ ਦੀ ਲੜੀ ਚ ਸਭ ਤੋਂ ਪਹਿਲਾਂ ਤਾਂ ਇਕ ਹੀ ਸਵਾਲ ਆਉਂਦਾ ਹੈ ਕਿ ਇਹੋ ਜਿਹੀ ਕਿਹੜੀ ਖਿੱਚ ਸੀ ਜੋ ਇਕ ਦਰਵੇਸ਼ ਨੂੰ ਫੇਰ ਕਲਯੁਗ ਵੱਲ ਮੋੜ ਲਿਆਈ? ਕਿਉਂਕਿ ਦੁਨੀਆਦਾਰੀ ਛੱਡ ਕੇ ਦਰਵੇਸ਼ ਬਣਦੇ ਤਾਂ ਦੇਖੇ ਸੀ ਪਰ ਇਕ ਦਰਵੇਸ਼ ਨੂੰ ਦੁਨੀਆਦਾਰੀ ਦੇ ਖੂਹ ਵਿੱਚ ਡਿਗਦੇ ਪਹਿਲੀ ਵਾਰ ਦੇਖਿਆ ਹੈ ਜਾਂ ਫੇਰ ਕਹਿ ਸਕਦੇ ਹਾ ਕਿ ਕਾਂ ਨੂੰ ਤਾਂ ਹੰਸ ਦੀ ਨਕਲ ਕਰਦੇ ਦੇਖਿਆ ਸੀ ਪਰ ਕਦੇ ਹੰਸ ਅਜਿਹਾ ਕਰਦੇ ਨਹੀਂ ਦੇਖੇ ਸੀ। ਚਲੋ ਉਹਨਾਂ ਦੇ ਕਹਿਣ ਮੁਤਾਬਿਕ ਮੰਨ ਲੈਂਦੇ ਹਾਂ ਕੇ ਉਹ ਦੀਨ ਦੁਖੀਆ ਦੀ ਸੇਵਾ ਕਰਨੀ ਚਾਹੁੰਦੇ ਸਨ ਤਾਂ ਅਜ ਤਕ ਤਾਂ ਮੈਂ ਸਿਆਸਤ ਤੇ ਸੇਵਾ ਦਾ ਸੁਮੇਲ ਨਹੀਂ ਦੇਖਿਆ। ਸੇਵਾ ਤਾਂ ਭਗਤ ਪੂਰਨ ਸਿੰਘ ਬਣ ਕੇ ਕੀਤੀ ਜਾ ਸਕਦੀ ਸੀ ਜਾ ਫੇਰ ਮੈਂ ਆਪਣੇ ਬਠਿੰਡੇ ਦੀ ਹੀ ਉਦਾਹਰਣ ਦੇ ਕੇ ਕਹਿ ਸਕਦਾ ਹਾਂ ਕੇ ਸੇਵਾ ਤਾਂ ਵਿਜੇ ਗੋਇਲ(ਸਹਾਰਾ) ਬਣ ਕੇ ਵੀ ਕੀਤੀ ਜਾ ਸਕਦੀ ਸੀ ਜਦੋਂ ਉਹ ਇੰਨੇ ਸੀਮਤ ਸਾਧਨਾ ਨਾਲ ਆਪਣੇ ਇਲਾਕੇ ਦੀ ਸੇਵਾ ਕਰ ਸਕਦੇ ਹਨ ਤਾਂ ਹੰਸ ਜੀ ਤਾਂ ਆਪਣੇ ਸਾਧਨਾ ਨਾਲ ਸਾਰੇ ਪੰਜਾਬ ਚ ਸੇਵਾ ਕਰ ਸਕਦੇ ਸਨ।
ਅਗਲੀ ਗਲ ਇਹ ਕਿ ਹੰਸ ਜੀ ਕਹਿੰਦੇ ਕੇ ਬਾਦਲ ਸਾਹਿਬ ਚਾਹੁੰਦੇ ਸੀ ਕੇ ਮੈਂ ਗ਼ਰੀਬ ਦੀ ਆਵਾਜ਼ ਦੇਸ਼ ਦੀ ਸੰਸਦ ਵਿੱਚ ਪਹੁੰਚਾਵਾਂ।ਪਹਿਲੀ ਗਲ ਤਾਂ ਇਹ ਕੇ ਜਦੋਂ ਬਾਦਲ ਪਰਵਾਰ ਹੋਵੇ ਜਾਂ ਕੈਪਟਨ ਪਰਵਾਰ ਹੋਵੇ ਉਹ ਤਾਂ ਸਾਰੀ ਉਮਰ ਚ ਗ਼ਰੀਬ ਦੀ ਆਵਾਜ਼ ਨੂੰ ਸੰਸਦ ਤਕ ਨਹੀਂ ਪਹੁੰਚਾ ਸਕੇ ਤਾਂ ਉਹਨਾਂ ਇਹ ਨਿਸ਼ਾਨਾ ਲਾਉਣ ਲਈ ਤੁਹਾਡਾ ਮੋਢਾ ਹੀ ਕਿਉਂ ਚੁਣਿਆ। ਦੂਜੀ ਗਲ ਇਹ ਕੇ ਜੇ ਉਹ ਚਾਹੁੰਦੇ ਹੀ ਸਨ ਇੰਜ ਕਰਨਾ ਤਾਂ ਉਹ ਤੁਹਾਨੂੰ ਸੰਸਦ ਵਿੱਚ ਦੂਜੇ ਰਾਹ ਯਾਨੀ ਕੇ ਰਾਜ ਸਭਾ ਦਾ ਮੈਂਬਰ ਬਣਾ ਕੇ ਵੀ ਤਾਂ ਨਾਮਜ਼ਦ ਕਰ ਸਕਦੇ ਸਨ।

ਇਥੇ ਮੈਂ ਜਨਾਬ ਹੰਸ ਰਾਜ ਜੀ ਦੀ ਤੁਲਨਾ ਸਰਦਾਰ ਮਨਮੋਹਨ ਸਿੰਘ ਨਾਲ ਕਰ ਰਿਹਾ ਭਾਵੇਂ ਬਹੁਤ ਸਾਰੇ ਲੋਕਾਂ ਨੂੰ ਇਹ ਚੰਗੀ ਨਾ ਲੱਗੇ ਪਰ ਮੈਨੂੰ ਇਸ ਵਿੱਚ ਕੋਈ ਬੁਰਾਈ ਨਹੀਂ ਦਿਸ ਰਹੀ ਤੇ ਨਾ ਹੀ ਕਿਸੇ ਗੱਲੋਂ ਮੈਨੂੰ ਹੰਸ ਰਾਜ ਡਾਕਟਰ ਮਨਮੋਹਨ ਸਿੰਘ ਨਾਲੋਂ ਘੱਟ ਦਿੱਖ ਰਿਹਾ ਹੈ ਜੇ ਮਨਮੋਹਨ ਸਿੰਘ ਦੀ ਪਕੜ ਅਰਥਚਾਰੇ ਤੇ ਹੈ ਤੇ ਦੁਨੀਆ ਭਰ ਚ ਲੋਕ ਉਹਨਾਂ ਦੀ ਸੋਝੀ ਮੂਹਰੇ ਨਸ ਮਸਤਕ ਹੁੰਦੇ ਹਨ ਤਾਂ ਇਹ ਦਰਵੇਸ਼ ਵੀ ਆਪਣੀ ਫੀਲਡ ਚ ਉਨ੍ਹਾਂ ਹੀ ਸਤਿਕਾਰੀ ਸਨ। ਬੱਸ ਫ਼ਰਕ ਸਿਰਫ਼ ਏਨਾ ਕੇ ਮਨਮੋਹਨ ਸਿੰਘ ਅਜ ਵੀ ਆਪਣੇ ਆਪ ਨੂੰ ਸਿਆਸਤ ਦਾਨ ਨਹੀਂ ਮੰਨਦਾ ਤੇ ਇਸ ਨੂੰ ਇਕ ਹਾਦਸਾ ਕਹਿੰਦਾ ਤੇ ਨਾ ਹੀ ਉਸ ਨੇ ਆਪਣੀ ਮਸ਼ਹੂਰੀ ਦਾ ਫ਼ਤਵਾ ਲੋਕਾਂ ਤੋਂ ਲੈਣ ਦੀ ਕੋਸ਼ਸ਼ ਕੀਤੀ।ਇਕ ਵੇਲਾ ਉਹ ਵੀ ਸੀ ਜਦੋਂ ਇਸ ਦਰਵੇਸ਼ ਗਾਇਕ ਦੇ ਮੂੰਹੋਂ ਨਿਕਲੀ ਇਕ ਇਕ ਗਲ ਦੀ ਲੋਕੀ ਕਦਰ ਪਾਉਂਦੇ ਸੀ ਤੇ ਇਸ ਦੀ ਦੂਰ-ਅੰਦੇਸ਼ੀ ਦੀਆ ਗੱਲਾਂ ਪਤਾ ਨਹੀਂ ਕਿੰਨੇ ਕੇ ਲੱਖਾਂ ਲੋਕੀ ਕਰਦੇ ਸਨ ਜੋ ਹੁਣ ਸੀਮਤ ਹੋ ਕੇ ਜਲੰਧਰ ਤਕ ਰਹਿ ਗਈਆਂ ਹਨ।

ਹੁਣ ਗਲ ਆਉਂਦੀ ਹੈ ਉਸਤਤ ਕਰਨ ਦੀ ਕੋਣ ਨਹੀਂ ਜਾਣਦਾ ਕੇ ਇਹ ਦਰਵੇਸ਼ ਜਦੋਂ ਕਦੇ ਰੱਬ ਦੀ ਉਸਤਤ ਕਰਨ ਬੈਠ ਜਾਂਦਾ ਸੀ ਤਾਂ ਸਾਰੀ ਕਾਇਨਾਤ ਨੂੰ ਉਸ ਰੰਗ ਵਿੱਚ ਰੰਗ ਦਿੰਦਾ ਸੀ ਭਾਵੇਂ ਉਸ ਨੇ ਧੁਰ ਕੀ ਬਾਣੀ ਦੇ ਸ਼ਬਦ ਗਾਇਨ ਕੀਤੇ ਤੇ ਭਾਵੇਂ ਸਰਲ ਭਾਸ਼ਾ ਚ ਬਾਜਾਂ ਵਾਲੇ ਤੇ ਸਾਹਿਬਜ਼ਾਦਿਆਂ ਦੀਆਂ ਕੁਰਬਾਣਿਆ ਨੂੰ ਗਾਇਆ।ਹਰ ਬਾਰ ਲੋਕ ਅਸ-ਅਸ ਕਰ ਉਠੇ ਸਨ।ਪਰ ਅਜ ਜਦੋਂ ਇਸ ਨਵੇਂ ਅਵਤਾਰ ਚ ਕਲਯੁਗੀ ਨੇਤਾਵਾਂ ਦੇ ਗੁਣ-ਗਾਣ ਤੇ ਪਰਵਾਰ ਵਾਦ ਨੂੰ ਵਧਾਵਾ ਦੇਣ ਵਾਲੀਆਂ ਦੀ ਔਲਾਦ ਨੂੰ ਦਾਤੇ ਕਹਿ ਕੇ ਉਹਨਾਂ ਦੀ ਉਸਤਤ ਉਸੇ ਜਬਾਨ ਨੂੰ ਕਰਦਿਆਂ ਦੇਖਿਆ ਤਾਂ ਮੇਰੀਆਂ ਸਾਰਿਆ ਸ਼ੰਕਾਵਾ ਦੂਰ ਹੋ ਗਈਆਂ ਕੇ ਇਹ ਅਫ਼ਵਾਹ ਨਹੀਂ ਸੀ ਪੱਕੀ ਗਲ ਹੀ ਹੈ ਕੇ ਦਰਵੇਸ਼ ਗਾਇਕ ਹੰਸ ਰਾਜ ਹੰਸ ਦਾ ਉਹ ਅਵਤਾਰ ਹੁਣ ਇਸ ਦੁਨੀਆ ਵਿੱਚ ਨਹੀਂ ਹੈ ਜਿਸ ਨੂੰ ਕਦੇ ਲੋਕਾਂ ਪੂਜਿਆ ਸੀ।

ਕਦੇ-ਕਦੇ ਮਨ ਚ ਇਹ ਖ਼ਿਆਲ ਵੀ ਆਉਂਦਾ ਹੈ ਕੇ ਨਹੀਂ ਇਕ ਦਰਵੇਸ਼ ਦੀ ਜ਼ਮੀਰ ਏਨੀ ਛੇਤੀ ਨਹੀਂ ਮਰ ਸਕਦੀ ਕਿਤੇ ਇਹ ਤਾਂ ਨਹੀਂ ਸੀ ਕੇ ਹਾਥੀ ਦੇ ਦੰਦ ਦਿਖਾਉਣ ਲਈ ਹੋਰ ਤੇ ਖਾਣ ਨੂੰ ਹੋਰ ਹੋਣ ਤੇ ਅਸੀਂ ਹੀ ਸਿੱਕੇ ਦਾ ਦੂਜਾ ਪਾਸਾ ਨਾ ਦੇਖ ਸਕੇ ਹੋਈਏ। ਪਰ ਵੀਰ ਕਿ ਕਰੀਏ ਸਾਡਾ ਕੋਈ ਕਸੂਰ ਨਹੀਂ ਅਸੀਂ ਤਾਂ ਪਹਿਲੇ ਦਿਨ ਤੋਂ ਹੀ ਕਲਯੁਗੀ ਜੀ ਹਾਂ ਸੋ ਸਾਡਾ ਕੀ ਕਸੂਰ ਐਵੇਂ ਅਵਾ-ਧਵਾ ਸੋਚੀ ਜਾਣੇ ਹਾਂ।

ਭਾਵੇਂ ਕੁਝ ਕਾਰਣਾ ਕਰ ਕੇ ਹੰਸ ਜੀ ਨੂੰ ਨਵਾਂ ਅਵਤਾਰ ਲੈਣਾ ਪੈ ਗਿਆ ਹੋਵੇ ਪਰ ਵੀਰ ਤੁਹਾਨੂੰ ਨਹੀਂ ਲਗਦਾ ਕਿ ਸਸਤਾ ਆਟਾ ਦਾਲ ਤੇ ਮੁਫ਼ਤ ਬਿਜਲੀ ਆਦਿ ਦੇ ਗੀਤ ਹੰਸ ਜੀ ਨੂੰ ਖ਼ੁਦ ਗਾਉਣੇ ਲਾਜ਼ਮੀ ਸਨ? ਚਲੋ ਇਹ ਵੀ ਕੋਈ ਗਲ ਨਹੀਂ ਕੋਈ ਬੁਰਾਈ ਨਹੀਂ ਹੈ ਇਸ ਵਿੱਚ ਪਰ ਕੀ ਕਾਕਾ ਜੀ ਦੀ ਉਸਤਤ ਕਰਨੀ ਜਰੂਰੀ ਸੀ? ਕਿ ਇੰਜ ਕਰਨ ਲੱਗਿਆ ਉਹਨਾਂ ਨੂੰ ਆਪਣੇ ਕੱਦ ਦਾ ਅਹਿਸਾਸ ਨਹੀਂ ਹੋਇਆ?ਜਿਸ ਇਨਸਾਨ ਦਾ ਦਾਇਰਾ ਸਾਰੀ ਦੁਨੀਆ ਸੀ ਤੇ ਇਕ ਛੋਟੀ ਜਿਹੀ ਰਾਜਨੀਤਕ ਪਾਰਟੀ ਵਿੱਚ ਉਹ ਕਿਉਂ ਸਿਮਟ ਗਿਆ?

ਵੀਰ ਅਜ ਜਦੋਂ ਮੈਂ ਪੱਤਰ ਲਿਖ ਰਿਹਾ ਸੀ ਤਾਂ ਮੇਰਾ ਇਕ ਨਜਦੀਕੀ ਦੋਸਤ ਕੋਲ ਆ ਗਿਆ ਤੇ ਕਹਿਣ ਲੱਗਿਆ ਯਾਰ ਤੂੰ ਤਾਂ ਕੁੱਝ ਜਿਆਦਾ ਹੀ ਭਾਵੁਕ ਹੋ ਗਿਆ ਇਸ ਮਸਲੇ ਨੂੰ ਲੈ ਕੇ ਪਹਿਲਾਂ ਵੀ ਆਰਟੀਕਲ ਲਿਖ ਕੇ ਰੌਲਾ ਪਾਇਆ ਤੇ ਹੁਣ ਵੀ ਰੋਈ ਜਾਂਦਾ ਹੈ।ਪਰ ਵੀਰ ਇਸ ਵਿੱਚ ਮੇਰਾ ਕੋਈ ਕਸੂਰ ਨਹੀਂ ਜੇ ਕਿਸੇ ਨੂੰ ਆਪਾਂ ਦਿਲੋਂ ਚਾਹੁੰਦੇ ਹੋਈਏ ਤਾਂ ਇਹੋ ਜਿਹੀ ਸੱਟ ਝੱਲਣੀ ਕੁੱਝ ਔਖੀ ਹੀ ਹੁੰਦੀ ਹੈ।ਮਾਫ਼ ਕਰਨਾ ਵੀਰ ਮੈਂ ਕੁੱਝ ਆਪਣੀ ਔਕਾਤ ਤੋਂ ਜਿਆਦਾ ਹੀ ਲਿਖ ਗਿਆ ਲੱਗਦਾ ਹਾਂ ਤੇ ਤੁਹਾਡਾ ਕੀਮਤੀ ਵਕਤ ਲੈਣ ਲਈ ਵੀ ਮਾਫ਼ੀ ਮੰਗਦਾ ਹਾਂ। ਭਾਵੇਂ ਢਿੱਡ ਤਾਂ ਹਾਲੇ ਪਤਾ ਨਹੀਂ ਕਿੰਨੇ ਕੇ ਸਵਾਲਾਂ ਨਾਲ ਭਰਿਆ ਪਿਆ ਹੈ ਪਰ ਜੇ ਕਦੇ ਰੱਬ ਨੇ ਮਿਲਾਇਆ ਤਾਂ ਜਰੂਰ ਹੌਲਾ ਕਰਾਂਗਾ।

ਤੁਹਾਡਾ ਛੋਟਾ ਵੀਰ
ਮਿੰਟੂ ਬਰਾੜ
ਸਾਊਥ ਆਸਟ੍ਰੇਲੀਆ

ਆਸਟ੍ਰੇਲੀਆ ਚ ਭਾਰਤੀ ਵਿਦਿਆਰਥੀਆਂ ਤੇ ਹੋ ਰਹੇ ਹਮਲੇ ਪਿਛਲਾ ਸੱਚ..........ਮਿੰਟੂ ਬਰਾੜ

ਪਿਛਲੇ ਕੁੱਝ ਦਿਨਾਂ ਤੋਂ ਜੋ ਕੁੱਝ ਵੀ ਆਸਟ੍ਰੇਲੀਆ ਵਿੱਚ ਵਾਪਰ ਰਿਹਾ ਹੈ ਪੂਰੀ ਦੁਨੀਆ ਉਸ ਤੋਂ ਚੰਗੀ ਤਰ੍ਹਾਂ ਨਾਲ ਵਾਕਫ਼ ਹੈ। ਅਜ ਦੇ ਇਸ ਗਲੋਬਲ ਵਰਲਡ ਵਿੱਚ ਕੋਈ ਚੀਜ ਕਿਸੇ ਤੋਂ ਛਿਪੀ ਨਹੀਂ ਕਿਤੇ ਵੀ ਕੋਈ ਦੁਖਾਂਤ ਵਾਪਰਦਾ ਹੈ ਤਾਂ ਮਿੰਟੋ-ਮਿੰਟੀ ਗਲ ਸਾਰੇ ਜਹਾਨ ਵਿੱਚ ਪੁੱਜ ਜਾਂਦੀ ਹੈ।ਭਾਵੇਂ ਅਜ ਦਾ ਮੀਡੀਆ ਇਸ ਲਈ ਸ਼ਾਬਾਸ਼ ਦਾ ਹੱਕਦਾਰ ਹੈ ਪਰ ਕਹਿੰਦੇ ਹਨ ਕੇ ਜੇ ਕਿਸੇ ਚੀਜ ਦਾ ਫ਼ਾਇਦਾ ਹੁੰਦਾ ਹੈ ਤਾਂ ਉਹ ਕਿਸੇ ਨਾ ਕਿਸੇ ਪੱਖੋਂ ਖ਼ਤਰਨਾਕ ਵੀ ਹੁੰਦਾ ਹੈ ਕਿਉਂਕਿ ਅਜ ਦੇ ਇਸ ਕੰਪੀਟੀਸ਼ਨ ਯੁੱਗ ਵਿੱਚ ਜੇ ਤੁਸੀ ਮਾਰਕੀਟ ਨੂੰ ਆਪਣੇ ਵੱਲ ਆਕਰਸ਼ਿਤ ਕਰਨਾ ਤਾਂ ਕੁੱਝ ਨਾ ਕੁੱਝ ਖ਼ਾਸ ਤੇ ਮਸਾਲੇਦਾਰ ਲੋਕਾਂ ਸਾਹਮਣੇ ਪਰੋਸਣਾ ਪੈਂਦਾ ਹੈ ਤੇ ਇੰਜ ਕਰਨ ਲਈ ਖ਼ਬਰ ਦੇ ਨਾਲ ਮਸਾਲੇ ਲਾਉਣੇ ਵੀ ਜਰੂਰੀ ਹੋ ਜਾਂਦੇ ਹਨ।ਸੋ ਇਸੇ ਲੀਹ ਤੇ ਤੁਰ ਰਿਹਾ ਸਾਡਾ ਮੀਡੀਆ ਬਿਨਾਂ ਲੰਬੀ ਸੋਚੇ ਤੇ ਬਿਨਾਂ ਕਿਸੇ ਖ਼ਬਰ ਦੀ ਤਹਿ ਤਕ ਜਾ ਕੇ ਬੱਸ ਇਹ ਜਤਾਉਣ ਲਈ ਕਿ ਅਸੀਂ ਹੀ ਸਭ ਤੋਂ ਪਹਿਲਾ ਇਹ ਖ਼ਬਰ ਦਿਖਾਈ ਅਤੇ ਇਸ ਦਾ ਕਰੈਡਿਟ ਲੈਣ ਲਈ ਆਪਣੀਆਂ ਜ਼ਿੰਮੇਵਾਰੀਆਂ ਕਿਲ੍ਹੇ ਤੇ ਟੰਗ ਦਿੰਦਾ ਹਨ।

ਭਾਵੇਂ ਦੁਨੀਆ ਭਰ ਵਿੱਚ ਇਹਨਾਂ ਹਮਲਿਆਂ ਦੀ ਨਿਖੇਧੀ ਹੋ ਰਹੀ ਹੈ ਤੇ ਡਿਪਲੋਮੈਟਿਕ ਪੱਧਰ ਤੇ ਵੀ ਗੱਲਬਾਤ ਹੋ ਰਹੀ ਹੈ ਤੇ ਹੋਣੀ ਵੀ ਚਾਹੀਦੀ ਹੈ, ਮਸਲਾ ਬਹੁਤ ਗੰਭੀਰ ਹੈ।ਪਰ ਕਿਸੇ ਨੇ ਇਹ ਜਾਣਨ ਦੀ ਕੋਸ਼ਸ਼ ਨਹੀਂ ਕੀਤੀ ਕਿ ਇੰਜ ਹੋਣਾ ਕਿਉਂ ਸ਼ੁਰੂ ਹੋਇਆ?ਆਸਟ੍ਰੇਲੀਆ ਚ ਪਿਛਲੀ ਇਕ ਸਦੀ ਤੋਂ ਵੀ ਜਿਆਦਾ ਸਮੇਂ ਤੋਂ ਵਸਦੇ ਹਿੰਦੁਸਤਾਨੀਆਂ ਨਾਲ ਪਹਿਲਾ ਤਾਂ ਕਦੇ ਇਹੋ ਜਿਹਾ ਨਹੀਂ ਹੋਇਆ ਸੀ?ਇਸ ਦੇ ਪਿੱਛੇ ਅਸਲੀ ਦੋਸ਼ੀ ਕੋਣ ਹਨ?ਕਿਸੇ ਨੂੰ ਦੋਸ਼ ਦੇਣ ਤੋਂ ਪਹਿਲਾਂ ਕਿ ਕਦੇ ਅਸੀਂ ਆਪਣੇ ਉੱਤੇ ਝਾਤ ਵੀ ਮਾਰੀ ਕੇ ਨਹੀਂ?ਬਹੁਤ ਸਾਰੇ ਸਵਾਲ ਹਨ ਇਸ ਦੁਖਾਂਤ ਦੇ ਪਿੱਛੇ ਤੇ ਅਜ ਲੋੜ ਹੈ ਸਾਨੂੰ ਆਪਣਾ ਆਪ ਪੜਤਾਲਣ ਦੀ ਤਾਂ ਕੇ ਅੱਗੇ ਤੋਂ ਇਹੋ ਜਿਹਾ ਦੁਖਾਂਤ ਨਾ ਵਾਪਰੇ,ਨਾ ਕਿ ਐਵਂੇ ਜੋਸ਼ ਚ ਆ ਕੇ ਮਾਹੌਲ ਖ਼ਰਾਬ ਕਰਨਾ ਚਾਹੀਦਾ ਹੈ।ਸਭ ਤੋਂ ਖ਼ਾਸ ਗਲ ਇਥੇ ਇਹ ਹੈ ਕੇ ਜਦੋਂ ਵੀ ਕੋਈ ਹਾਦਸਾ ਹੁੰਦਾ ਹੈ ਉਦੋਂ ਸ਼ਰਾਰਤੀ ਅਨਸਰ ਤਾਂ ਬਚ ਨਿਕਲਦੇ ਹਨ ਤੇ ਸ਼ਰੀਫ਼ ਉਪਕਾਰ ਸਿੰਘ ਤੇ ਸਰਵਣ ਕੁਮਾਰ ਜਿਹੇ ਇਸ ਦੀ ਬਲੀ ਚੜ੍ਹ ਜਾਂਦੇ ਹਨ।ਇਥੇ ਇਹ ਵੀ ਜਿਕਰ ਯੋਗ ਹੈ ਹੁਣ ਤਕ ਦੇ ਸਾਰੇ ਪੀੜਤ ਕਰੇ ਕੋਈ ਤੇ ਭਰੇ ਕੋਈ ਦੇ ਸ਼ਿਕਾਰ ਹੋਏ ਹਨ।

ਆਂਕੜੇ ਦੱਸਦੇ ਹਨ ਕੇ ਇਸ ਵਕਤ ਸਾਰੇ ਆਸਟ੍ਰੇਲੀਆ ਵਿੱਚ ਨੱਬੇ ਹਜ਼ਾਰ ਦੇ ਕਰੀਬ ਭਾਰਤੀ ਵਿਦਿਆਰਥੀ ਉਚੇਰੀ ਵਿੱਦਿਆ ਅਤੇ ਸੁਨਹਿਰੀ ਭਵਿੱਖ ਲਈ ਬੜੇ ਜੋਰ ਸ਼ੋਰ ਨਾਲ ਮਿਹਨਤ ਕਰ ਰਹੇ ਹਨ।ਇਕ ਬਹੁਤ ਹੀ ਘੱਟ ਆਬਾਦੀ ਵਾਲੇ ਮੁਲਕ ਚ ਇਹ ਹਾਜ਼ਰੀ ਆਪਣੇ ਆਪ ਨੂੰ ਦਰਸੋਂਦੀ ਹੈ।ਜ਼ਿਆਦਾਤਰ ਵਿਦਿਆਰਥੀਆਂ ਦਾ ਮਕਸਦ ਇਥੇ ਇਕੱਲਾ ਪੜ੍ਹਨ ਆਉਣਾ ਨਹੀਂ ਬਲਕਿ ਪੱਕੇ ਤੋਰ ਤੇ ਰਹਿਣਾ ਹੀ ਹੈ।ਹੁਣ ਤਕ ਉਹ ਆਪਣੀ ਮਿਹਨਤ ਨਾਲ ਸਫ਼ਲ ਵੀ ਹੋ ਰਹੇ ਸਨ।ਪਰ ਪਿਛਲੇ ਕੁੱਝ ਸਮੇਂ ਤੇ ਵੀਜ਼ਾ ਸੌਖਾ ਮਿਲਣ ਕਰਕੇ ਪੰਜ-ਸਤ ਪ੍ਰਤੀਸ਼ਤ ਇਹੋ ਜਿਹੇ ਲੋਕ ਇਥੇ ਆਉਣ ਚ ਕਾਮਯਾਬ ਹੋ ਗਏ ਜਿਨ੍ਹਾਂ ਬਾਕੀ ਦੇ 95 ਪ੍ਰਤੀਸ਼ਤ ਲੋਕਾਂ ਦੇ ਮੂੰਹ ਤੇ ਕਾਲਖ ਮੱਲ ਦਿੱਤੀ ਹੈ।ਗ਼ਲਤੀ ਇਕ ਕਰਦਾ ਹੈ ਤੇ ਨਤੀਜੇ ਸਭ ਨੂੰ ਭੁਗਤਣੇ ਪੈਂਦੇ ਹਨ।ਹਰ ਵਿਦਿਆਰਥੀ ਨੂੰ ਇਥੇ ਆ ਕੇ ਦੁਨੀਆਦਾਰੀ ਦਾ ਪਤਾ ਚਲਦਾ ਕੇ ਬਾਪ ਦੀ ਕਮਾਈ ਤੇ ਆਪ ਦੀ ਕਮਾਈ ਚ ਕੀ ਫ਼ਰਕ ਹੁੰਦਾ ਹੈ।ਮੇਰੇ ਅੱਖੀਂ ਦੇਖਣ ਦੀ ਗਲ ਹੈ ਨਾ ਕੇ ਉਂਜ ਹੀ ਸੁਣੀ ਸੁਣਾਈ ਕਿ ਮੈਂ ਉਹ ਲੋਕ ਵੀ ਇਥੇ ਬਹੁਤ ਮਿਹਨਤ ਕਰਦੇ ਦੇਖੇ ਹਨ ਜਿਨ੍ਹਾਂ ਕਦੇ ਇੰਡੀਆ ਪਾਣੀ ਦਾ ਗਲਾਸ ਚੁੱਕ ਕੇ ਨਹੀਂ ਪੀਤਾ ਹੁੰਦਾ।ਪਰ ਬੜੇ ਅਫ਼ਸੋਸ ਨਾਲ ਕਹਿਣਾ ਪੈਂਦਾ ਹੈ ਕੇ ਕੁੱਝ ਲੋਕਾਂ ਨੂੰ ਇਹ ਸ਼ਾਂਤੀ ਭਰੀ ਜ਼ਿੰਦਗੀ ਤੇ ਇੰਜ ਮਿਹਨਤ ਕਰਨ ਦੀ ਗਲ ਭਾਉਂਦੀ ਨਹੀਂ ਉਹ ਅਜਿਹਾ ਮਾਹੌਲ ਇਥੇ ਚਾਹੁੰਦੇ ਹਨ ਜਿਸ ਵਿੱਚ ਅਸ਼ਾਂਤੀ ਹੋਵੇ।

ਮੈਂ ਕੁੱਝ ਇਹੋ ਜਿਹੀਆਂ ਘਟਨਾਵਾਂ ਆਪ ਦੇ ਸਾਹਮਣੇ ਲਿਆਉਣਾ ਚਾਹੁੰਦਾ ਹਾ ਕਿ ਕਿਉਂ ਸਾਡੇ ਪ੍ਰਤੀ ਨਫ਼ਰਤ ਪੈਦਾ ਹੋ ਰਹੀ ਹੈ।ਦੰਦ ਕਥਾਵਾਂ ਤਾਂ ਬਹੁਤ ਹਨ ਪਰ ਮੈਂ ਆਪਣਾ ਅਖ਼ਲਾਕੀ ਫਰਜ਼ ਸਮਝਦਾ ਹੋਇਆ ਇਥੇ ਬਸ ਉਹ ਹੀ ਬਿਆਨ ਕਰਾਂਗਾ ਜੋ ਮੈਂ ਅੱਖੀਂ ਦੇਖੀਆਂ ਹਨ।ਸੁਣੀ ਸੁਣਾਈ ਗਲ ਚ ਤਾਂ ਇਕ ਮੂੰਹ ਤੋਂ ਦੂਜੇ ਮੂੰਹ ਤਕ ਜਾਂਦੇ ਫ਼ਰਕ ਆ ਹੀ ਜਾਂਦਾ ਸੋ ਕੁੱਝ ਹੱਡ ਬੀਤਿਆ ਵਿੱਚੋਂ ਸਭ ਤੋਂ ਪਹਿਲਾਂ ਮੈਂ ਇਸ ਸਾਲ ਨਵੇਂ ਸਾਲ ਦਾ ਦ੍ਰਿਸ਼ ਤੁਹਾਨੂੰ ਦਿਖਾਉਣ ਦੀ ਕੋਸ਼ਸ਼ ਕਰਦਾ ਹਾਂ।

ਜਿਵੇਂ ਕਿ ਸਾਰੀ ਦੁਨੀਆ ਨੂੰ ਪਤਾ ਹੀ ਹੈ ਕੇ ਸਿਡਨੀ ਦਾ ਨਵਾਂ ਸਾਲ ਆਪਣੇ ਆਪ ਚ ਦੇਖਣ ਵਾਲਾ ਹੁੰਦਾ ਹੈ।ਇਸ ਨੂੰ ਮੌਕੇ ਤੇ ਦੇਖਣ ਲਈ ਹਰ ਸਾਲ ਇਕ ਮਿਲੀਅਨ ਲੋਕ ਦੂਰੋਂ-ਨੇੜੇ ਤੋਂ ਪਹੁੰਚਦੇ ਹਨ ਤੇ ਇਸ ਬਾਰ ਇਹ ਗਿਣਤੀ ਕੁੱਝ ਇਸ ਤੋਂ ਵੀ ਜਿਆਦਾ ਸੀ।ਮੇਰੇ ਮਨ ਚ ਬੜੇ ਚਿਰ ਤੋਂ ਇਸ ਨੂੰ ਨੇੜੇ ਤੋਂ ਦੇਖਣ ਦੀ ਲਾਲਸਾ ਸੀ ਸੋ ਇਸ ਬਾਰ ਮੈਂ ਵੀ ਕਿਵੇਂ ਨਾ ਕਿਵੇਂ ਸਿਡਨੀ ਜਾ ਪਹੁੰਚਿਆ।ਉੱਥੇ ਦੋ ਦਿਨ ਪਹਿਲਾਂ ਹੀ ਜਦੋਂ ਮੈਂ ਹਾਰਬਰ ਬ੍ਰਿਜ ਤੇ ਗਿਆ ਤਾਂ ਪ੍ਰਸ਼ਾਸਨ ਦੇ ਇੰਤਜ਼ਾਮ ਦੇਖ ਕੇ ਹੈਰਾਨ ਰਹਿ ਗਿਆ ਕਿ ਕਿਵੇਂ ਉਹਨਾਂ ਇਕ ਥੋੜ੍ਹੇ ਜਿਹੇ ਥਾਂ ਤੇ ਬਾਰਾਂ-ਤੇਰਾਂ ਲੱਖ ਇਨਸਾਨਾਂ ਨੂੰ ਬੜੇ ਸਲੀਕੇ ਨਾਲ ਸਾਂਭਣ ਦਾ ਇੰਤਜ਼ਾਮ ਕੀਤਾ ਹੋਇਆ ਸੀ।ਸਾਲ ਦੇ ਆਖਰੀ ਦਿਨ ਲੋਕਾਂ ਨੇ ਸਵੇਰੇ ਤੋਂ ਹੀ ਆਪਣੇ ਥਾਂ ਮਲਣੇ ਸ਼ੁਰੂ ਕਰ ਦਿੱਤੇ ਸੀ ਭਾਵੇਂ ਆਤਿਸ਼ਬਾਜ਼ੀ ਰਾਤ ਦੇ ਬਾਰਾਂ ਵਜੇ ਹੋਣੀ ਸੀ ਪਰ ਸ਼ਾਮ ਦੇ ਚਾਰ ਵੱਜਦੇ-ਵੱਜਦੇ ਇਸ ਸਾਰੇ ਏਰੀਏ ਵਿੱਚ ਕਿਤੇ ਤਿਲ ਧਰਨ ਨੂੰ ਥਾਂ ਨਹੀਂ ਸੀ ਬੱਸ ਇਕ ਐਮਰਜੈਂਸੀ ਵਰਤੋਂ ਲਈ ਛੋਟਾ ਜਿਹਾ ਰਾਹ ਰੱਖਿਆ ਹੋਇਆ ਸੀ।ਸਭ ਲੋਕੀ ਇਹ ਨਜ਼ਾਰਾ ਦੇਖਣ ਲਈ ਸ਼ਾਂਤੀ ਨਾਲ ਖੜ੍ਹੇ ਸਨ ਕਿਉਂਕਿ ਭੀੜ ਹੀ ਇੰਨੀ ਸੀ ਕਿ ਕੋਈ ਚਾਹੁੰਦਾ ਹੋਇਆ ਵੀ ਕਿਤੇ ਆ ਜਾ ਨਹੀਂ ਸੀ ਸਕਦਾ।ਪਰ ਜੇ ਕੋਈ ਚੀਜ ਪ੍ਰਭਾਵਿਤ ਕਰ ਰਹੀ ਸੀ ਤਾਂ ਉਹ ਸੀ ਸ਼ਾਂਤੀ ਇੰਨਾ ਇਕੱਠ ਹੋਣ ਦੇ ਬਾਵਜੂਦ ਕਿਤੇ ਕੋਈ ਰੌਲਾ ਨਹੀਂ ਸੀ ਪੈ ਰਿਹਾ।ਇਸ ਇਕੱਠ ਵਿੱਚ ਮੇਰੇ ਹਮ-ਵਤਨਾਂ ਦੀ ਗਿਣਤੀ ਵੀ ਘੱਟੋ ਘੱਟ ਹਜ਼ਾਰਾਂ ਚ ਹੋਵੇਗੀ।ਪਰ ਮੇਰੀ ਹੈਰਾਨੀ ਦੀ ਉਦੋਂ ਹੱਦ ਹੋ ਗਈ ਜਦੋਂ ਮੈਨੂੰ ਇਕ ਪਾਸੇ ਤੋਂ ਉਚੀ ਆਵਾਜ਼ਾਂ ਸੁਣਨ ਲੱਗੀਆਂ ਮੇਰੇ ਵਾਂਗ ਸਭ ਦਾ ਧਿਆਨ ਉਸ ਪਾਸੇ ਗਿਆ ਤਾਂ ਦੇਖਿਆ ਤੀਹ-ਚਾਲੀ ਕੁ ਮੇਰੇ ਹਮ-ਵਤਨੀ ਇਕੱਠ ਵਿੱਚ ਦੀ ਧੱਕੇ ਮਾਰਦੇ ਹੋਏ ਤੇ ਜੈਕਾਰੇ ਲਾਉਂਦੇ ਹੋਏ ਅੱਗੇ ਵੱਧ ਰਹੇ ਸੀ।ਇਹ ਮਾਜਰਾ ਦੇਖ ਕੇ ਸਾਰੇ ਹੈਰਾਨ ਸਨ ਤੇ ਮੇਰੇ ਜਿਹੇ ਹਿੰਦੁਸਤਾਨੀ ਸ਼ਰਮਸਾਰ ਸਨ। ਜਿਨ੍ਹਾਂ ਹਜ਼ਾਰਾ ਦਾ ਸਿਰ ਕੁੱਝ ਸਿਰ-ਫਿਰੇ ਲੋਕਾਂ ਨੇ ਆਪਣਿਆ ਅਸਭਿਅਕ ਹਰਕਤਾਂ ਨਾਲ ਝੁਕਾਅ ਦਿਤਾ ਸੀ।ਇਹ ਗਰੁੱਪ ਤਾਂ ਹਾਲੇ ਪਰਕਰਮਾ ਕਰ ਹੀ ਰਿਹਾ ਸੀ ਕੇ ਇੰਨੇ ਨੂੰ ਇਕ ਹੋਰ ਟੋਲਾ ਗਲਾਂ ਚ ਢੋਲਕੀਆਂ ਪਾ ਕੇ ਭੀੜ ਨੂੰ ਚੀਰਦਾ ਹੋਇਆ ਹਰੇ ਰਾਮਾ ਹਰੇ ਕ੍ਰਿਸਨਾ ਦੇ ਰਾਗ ਗਾਉਂਦਾ ਆ ਰਿਹਾ ਸੀ ਤੇ ਇਹ ਮਾਜਰਾ ਰਾਤ ਦੇ ਬਾਰਾਂ ਵਜੇ ਤਕ ਨਿਰਵਿਘਨ ਚਲਦਾ ਰਿਹਾ ਤੇ ਜੋ ਲੋਕ ਇਸ ਅਲੌਕਿਕ ਦ੍ਰਿਸ਼ ਨੂੰ ਦੇਖਣ ਮੋਟੇ ਡਾਲਰ ਖ਼ਰਚ ਕੇ ਆਏ ਸਨ ਉਹ ਪਛਤਾ ਰਹੇ ਸਨ ਕਿ ਕਿਉਂ ਨਾ ਟੀ.ਵੀ. ਮੂਹਰੇ ਬੈਠ ਕੇ ਇਹ ਦੇਖ ਲਿਆ? ਲੋਕਾਂ ਨੂੰ ਇੰਜ ਕਹਿੰਦੇ ਆਮ ਹੀ ਸੁਣਿਆ ਗਿਆ ਕੇ ਇਸ ਤੋ ਪਹਿਲਾਂ ਤਾਂ ਕਦੇ ਇੰਜ ਹੁੰਦਾ ਨਹੀਂ ਸੀ ਦੇਖਿਆ।ਇਥੇ ਇਹ ਜਿਕਰ ਯੋਗ ਹੈ ਕਿ ਆਸਟ੍ਰੇਲੀਆ ਚ ਇਕੱਲੇ ਇੰਡੀਅਨ ਹੀ ਨਹੀਂ ਆ ਰਹੇ ਇਥੇ ਤਕਰੀਬਨ ਸੋ ਮੁਲਕਾਂ ਤੋਂ ਲੋਕ ਆ ਰਹੇ ਹਨ ਪਰ ਇਹੋ ਜਿਹੀ ਹਰਕਤ ਕਿਸੇ ਹੋਰ ਮੁਲਕ ਦੇ ਲੋਕਾਂ ਨਹੀਂ ਕੀਤੀ।ਆਪਣੇ ਮੁਲਕ ਦੀ ਇਹ ਇੱਜ਼ਤ ਹਜ਼ਾਰਾਂ ਵਿੱਚੋਂ ਸਿਰਫ਼ ਇਹ ਦੋ ਟੋਲੀਆਂ ਨੇ ਹੀ ਬਣਾਈ ਪਰ ਬਲੱਡੀ ਇੰਡੀਅਨ ਸਾਰਿਆ ਨੂੰ ਕਹਾਉਣਾ ਪਿਆ।

ਪਰ ਇਹ ਐਪੀਸੋਡ ਇਥੇ ਹੀ ਖ਼ਤਮ ਨਹੀਂ ਹੋ ਗਿਆ।ਸਰਕਾਰ ਵੱਲੋਂ ਲੋਕਾਂ ਦੀ ਸੁਵਿਧਾ ਲਈ ਮੁਫ਼ਤ ਵਿੱਚ ਪਬਲਿਕ ਟ੍ਰਾਂਸਪੋਰਟ ਦਾ ਪ੍ਰਬੰਧ ਕੀਤਾ ਹੋਇਆ ਸੀ ਤੇ ਜਦੋਂ ਅੱਧੀ ਰਾਤ ਨੂੰ ਇਹ ਪ੍ਰੋਗਰਾਮ ਖ਼ਤਮ ਹੋਇਆ ਤਾਂ ਮੈਂ ਵੀ ਇਕ ਟ੍ਰੇਨ ਰਾਹੀ ਆਪਣੀ ਮੰਜ਼ਿਲ ਵੱਲ ਨੂੰ ਜਾ ਰਿਹਾ ਸੀ ਤਾਂ ਉਹੀ ਹਾਲਤ ਇੱਥੇ ਸਨ ਕੁੱਝ ਇੱਕ ਮੁੰਡੇ ਆਪਣੇ ਮੋਬਾਈਲ ਤੇ ਉਚੀ ਆਵਾਜ਼ ਚ ਗਾਣੇ ਲਾ ਕੇ ਟ੍ਰੇਨ ਵਿੱਚ ਭੜਥੂ ਪਾ ਰਹੇ ਸਨ ਇੰਨੇ ਨੂੰ ਕੁੱਝ ਸ਼ਰਾਬੀ ਗੋਰਿਆ ਤੇ ਗੋਰੀਆਂ ਨਾਲ ਤੂੰ-ਤੂੰ ਮੈਂ-ਮੈਂ ਹੋ ਗਈ ਕਿਉਂ ਕਿ ਇਥੋਂ ਦੇ ਕਲਚਰ ਮੁਤਾਬਿਕ ਇਹ ਲੋਕ ਨਾ ਕਿਸੇ ਨੂੰ ਕੁੱਝ ਕਹਿੰਦੇ ਹਨ ਤੇ ਨਾ ਸੁਣਦੇ ਹਨ ਤੇ ਖ਼ਾਸ ਕਰ ਕੇ ਗੋਰੇ ਨੌਜਵਾਨ ਆਪਣੀ ਗਰਲ ਫ੍ਰੈਂਡ ਦੇ ਮਾਮਲੇ ਚ ਕੁੱਝ ਵੀ ਬਰਦਾਸ਼ਤ ਨਹੀਂ ਕਰਦੇ ਤੇ ਇਥੇ ਇਕ ਕਹਾਵਤ ਵੀ ਹੈ ਕੇ ਗੋਰਿਆ ਦੀ ਮਾਂ ਭੈਣ ਨੂੰ ਭਾਵੇਂ ਕੁੱਝ ਕਹਿ ਦਿਓ ਪਰ ਉਹ ਆਪਣੀ ਗਰਲ ਫ੍ਰੈਂਡ ਨੂੰ ਕਿਹਾ ਕੁੱਝ ਵੀ ਬਰਦਾਸ਼ਤ ਨਹੀਂ ਕਰਦੇ।ਬੱਸ ਇਸੇ ਕਰਕੇ ਗਲ ਹਥੋ ਪਾਈ ਤਕ ਪਹੁੰਚ ਗਈ ਤੇ ਉਹ ਤਾਂ ਸ਼ੂਕਰ ਹੈ ਕਿ ਗੋਰਿਆਂ ਦਾ ਸਟੇਸ਼ਨ ਆ ਗਿਆ ਤੇ ਉਹ ਉੱਤਰ ਗਏ ਪਰ ਉਸ ਤੋਂ ਬਾਅਦ ਸਾਡੇ ਹਿੰਦੁਸਤਾਨੀ ਭਰਾਵਾਂ ਨੇ ਇਸ ਤਰ੍ਹਾਂ ਜਿੱਤ ਦੀ ਖ਼ੁਸ਼ੀ ਮਨਾਈ ਸ਼ਾਇਦ ਇੰਨੀ ਅੰਗਰੇਜ਼ਾਂ ਤੋਂ ਆਜ਼ਾਦ ਹੋਣ ਵੇਲੇ ਨਾ ਮਨਾਈ ਹੋਵੇ।

ਦੂਜਾ ਹਾਦਸਾ ਜੋ ਮੇਰੇ ਸਾਹਮਣੇ ਵਾਪਰਿਆ ਉਹ ਇਹ ਸੀ 2008 ਦੇ ਕ੍ਰਿਸਮਿਸ ਵਾਲੇ ਦਿਨ ਮੈਂ ਆਸਟ੍ਰੇਲੀਆ ਦਰਸ਼ਨ ਤੇ ਐਡੀਲੇਡ ਤੋਂ ਨਿਕਲਿਆ ਸੀ ਤਾਂ ਮਨ ਵਿੱਚ ਇਹ ਸੀ ਕੇ ਸਾਰੇ ਸਫ਼ਰ ਨੂੰ ਕਲਮ-ਬੰਧ ਕਰਕੇ ਪਾਠਕਾਂ ਨਾਲ ਸਾਂਝਾ ਕਰਾਂਗਾ ਪਰ ਇਸ ਟੂਰ ਦੀਆਂ ਮਿੱਠੀਆਂ ਯਾਦਾਂ ਤਾ ਕਿਸੇ ਕਾਰਨ ਪਾਠਕਾਂ ਦੇ ਨਾਲ ਹਾਲੇ ਸਾਂਝੀਆ ਨਹੀਂ ਕਰ ਸਕਿਆ ਸੀ ਪਰ ਇਸ ਦੌਰਾਨ ਹੋਏ ਆਪਣੇ ਕੋੜੇ ਅਨੁਭਵ ਅਜ ਜਰੂਰ ਤੁਹਾਡੇ ਨਾਲ ਮਜਬੂਰੀ ਵਸ ਸਾਂਝੇ ਕਰਨੇ ਪੈ ਰਹੇ ਹਨ।
ਚਲੋ ਜੋ ਵੀ ਹੈ ਅਜ ਸਮੇਂ ਦੀ ਨਜ਼ਾਕਤ ਨੂੰ ਦੇਖਦਿਆ ਆਪਣੀਆਂ ਕਮੀਆ ਦੀ ਪੜਤਾਲ ਕਰਨੀ ਜਰੂਰੀ ਹੋ ਗਈ ਸੀ।ਹੋਇਆ ਇੰਜ ਕੇ ਮੈਂ ਬ੍ਰਿਸਬੇਨ ਇਕ ਬੱਸ ਸਟਾਪ ਤੇ ਬੱਸ ਦੀ ਉਡੀਕ ਕਰ ਰਿਹਾ ਸੀ ਦਸ ਕੁ ਬੰਦੇ ਬੁੜ੍ਹੀਆਂ ਦੀ ਲਾਈਨ ਲੱਗੀ ਹੋਈ ਸੀ ਤੇ ਕੁੱਝ ਮੇਰੇ ਹਮ ਵਤਨੀ ਕੋਲ ਹੀ ਖੜੇ ਆਪਣੇ ਸੁਭਾਅ ਮੁਤਾਬਿਕ ਉਚੀ-ਉਚੀ ਰੌਲਾ ਪਾ ਰਹੇ ਸਨ ਤਾਂ ਇੰਨੇ ਨੂੰ ਬੱਸ ਆ ਗਈ ਬੱਸ ਰੁਕਣ ਦੀ ਦੇਰ ਸੀ ਕੇ ਉਹਨਾਂ ਵਿੱਚੋਂ ਇੱਕ ਛੇਤੀ ਦੇਣੇ ਲਾਈਨ ਦੀ ਪਰਵਾਹ ਕਰੇ ਬਿਨਾਂ ਬਸ ਅੰਦਰ ਚੜ੍ਹ ਗਿਆ ਸਾਰਿਆ ਨੇ ਉਸ ਨੂੰ ਇੰਜ ਕਰਦੇ ਦੇਖ ਕੇ ਹੈਰਾਨੀ ਜਿਹੀ ਪ੍ਰਗਟਾਈ ਪਰ ਕੋਈ ਕੁੱਝ ਨਾ ਬੋਲਿਆ ਪਰ ਉਹ ਮਹਾਸ਼ਾ ਇੰਨੇ ਨਾਲ ਸਵਰ ਕਰਨ ਵਾਲੇ ਕਿੱਥੇ ਸਨ ਤੇ ਕਰ ਲਿਆ ਆਪਣਾ ਮੋਬਾਈਲ ਆਨ ਤੇ ਲਗ ਪਏ ਉਚੀ ਆਵਾਜ਼ ਚ ਗੱਲਾਂ ਕਰਨ ਉਸੇ ਬਸ ਵਿੱਚ ਮੇਰੇ ਤੋਂ ਬਿਨਾਂ ਚਾਰ ਕੁ ਇੰਡੀਅਨ ਹੋਰ ਸਨ।ਪਰ ਇਸ ਨੌਜਵਾਨ ਨੂੰ ਇੰਨਾ ਗੱਲਾਂ ਦਾ ਕੋਈ ਫ਼ਰਕ ਨਹੀਂ ਸੀ। ਉਹ ਆਪਣੇ ਸਾਥੀ ਨੂੰ ਬਸ ਦਾ ਅੱਖੀਂ ਦੇਖਿਆ ਹਾਲ ਸੁਣਾ ਰਿਹਾ ਸੀ।ਉਸ ਨੇ ਪਹਿਲਾ ਤਾਂ ਕਿਹਾ ਕੇ ਸਾਰੀ ਬਸ ਵਾਲੇ ਮੇਰੇ ਵੱਲ ਇੰਜ ਦੇਖ ਰਹੇ ਹਨ ਜਿਵੇਂ ਮੈਂ ਇੰਨਾ ਦੀ ਕੁੜੀ ਛੇੜ ਦਿੱਤੀ ਹੋਵੇ ਤੇ ਉਸ ਤੋਂ ਬਾਅਦ ਤਾਂ ਹੱਦ ਹੀ ਹੋ ਗਈ ਜਦੋਂ ਉਸ ਨੇ ਸਾਹਮਣੇ ਬੈਠੀਆਂ ਦੋ ਗੋਰੀਆਂ ਤੇ ਕਮੈਂਟਰੀ ਕਰਨੀ ਸ਼ੁਰੂ ਕਰ ਦਿੱਤੀ।ਭਾਵੇਂ ਕੋਈ ਤੁਹਾਡੀ ਭਾਸ਼ਾ ਨਹੀਂ ਸਮਝ ਰਿਹਾ ਹੋਵੇ ਪਰ ਰੱਬ ਨੇ ਸਭ ਨੂੰ ਹਾਵ-ਭਾਵ ਸਮਝਣ ਦੀ ਸਮਝ ਦਿੱਤੀ ਹੈ।ਸੋ ਸਾਰੀ ਬਸ ਨਾ ਸਮਝਦੇ ਹੋਏ ਵੀ ਸਭ ਸਮਝ ਰਹੀ ਸੀ ਕੇ ਕੀ ਹੋ ਰਿਹਾ ਹੈ।ਜਦੋਂ ਜਨਾਬ ਹੋਰੀਂ ਹੱਦਾਂ ਬੰਨੇ ਹੀ ਟੱਪ ਗਏ ਤਾਂ ਪਿਛੇ ਬੈਠੀ ਇਕ ਪੰਜਾਬਣ ਕੁੜੀ ਨੇ ਜੇਰਾ ਕਰ ਕੇ ਉਸ ਨੂੰ ਸਮਝਾਉਣਾ ਚਾਹਿਆ ਪਰ ਉਹ ਤਾਂ ਇੰਝ ਭੂਤਰ ਗਿਆ ਜਿਵੇਂ ਕਿਸੇ ਉਸ ਦੇ ਰਾਜ-ਕਾਜ ਚ ਵਿਘਨ ਪਾ ਦਿਤਾ ਹੋਵੇ ਤੇ ਲਗ ਪਿਆ ਉਸ ਕੁੜੀ ਨੂੰ ਬੁਰਾ ਭਲਾ ਕਹਿਣ, ਕਿਹਾ ਤਾਂ ਉਸ ਨੇ ਇਹੋ ਜਿਹਾ ਜਿਸ ਨੂੰ ਅਜ ਮੇਰੀ ਕਲਮ ਲਿਖਣ ਲੱਗਿਆ ਵੀ ਸ਼ਰਮ ਮਹਿਸੂਸ ਕਰ ਰਹੀ ਹੈ ਪਰ ਜੋ ਇਕ ਖ਼ਾਸ ਇਲਜ਼ਾਮ ਉਸ ਨੇ ਇਸ ਹਿੰਮਤ ਵਾਲੀ ਤੇ ਸ਼ਰੀਫ਼ ਕੁੜੀ ਤੇ ਲਾਇਆ ਉਹ ਇਹ ਸੀ ਕੇ ਤੁਹਾਨੂੰ ਹੁਣ ਗੋਰੇ ਹੀ ਚੰਗੇ ਲਗਦੇ ਆ ਪੰਜਾਬੀ ਮੁੰਡੇ ਨਹੀਂ।ਉਸ ਦੀਆਂ ਇਹਨਾਂ ਗੱਲਾਂ ਤੋਂ ਤੰਗ ਹੋ ਕੇ ਅਸੀਂ ਅੱਗੇ ਆਏ ਹੀ ਸੀ ਕੇ ਗੋਰੇ ਵੀ ਸਮਝ ਗਏ ਕਿ ਮਸਲਾ ਕੀ ਹੈ।ਸੋ ਸਾਨੂੰ ਤਾਂ ਕੋਈ ਖੇਚਲ ਨਹੀਂ ਕਰਨੀ ਪਈ ਕੁੱਝ ਗੋਰਿਆਂ ਹੀ ਉਸ ਦੀ ਮੁਰੰਮਤ ਕਰ ਦਿੱਤੀ ਤੇ ਅਸੀਂ ਆਪਣੇ ਸਾਹਮਣੇ ਆਪਣੇ ਹਿੰਦੁਸਤਾਨੀ ਭਰਾ ਤੇ ਛਿੱਤਰ ਵਰ੍ਹਦੇ ਦੇਖ ਰਹੇ ਸੀ ਤੇ ਅਖੀਰ ਉਸੇ ਕੁੜੀ ਨੇ ਫੇਰ ਹਿੰਮਤ ਕਰਕੇ ਉਸ ਨੂੰ ਗੋਰਿਆਂ ਤੋਂ ਛਡਵਾਇਆ ਤੇ ਜਨਾਬ ਹੋਰੀਂ ਬਸ ਚੋ ਉੱਤਰ ਦੇ ਉਚੀ-ਉਚੀ ਗਾਲ਼ਾਂ ਕੱਢ ਕੇ ਆਪਣੀ ਹੋਈ ਮੁਰੰਮਤ ਨੂੰ ਝਾੜ ਰਹੇ ਸਨ ਤੇ “ਫੇਰ ਦੇਖੁਗਾ ਤੁਹਾਨੂੰ ਤਾਂ” ਦੀਆਂ ਗਿੱਦੜ ਭਬਕੀਆਂ ਦੇ ਰਹੇ ਸਨ।

ਲਉ ਜੀ ਹੁਣ ਤੁਸੀ ਹੀ ਮੈਨੂੰ ਦੱਸੋ ਕੇ ਇਕੱਲੇ ਬ੍ਰਿਸਬੇਨ ਵਿੱਚ ਹਜ਼ਾਰਾ ਦੀ ਗਿਣਤੀ ਵਿੱਚ ਸਟੂਡੈਂਟ ਰਹਿੰਦੇ ਹਨ ਤੇ ਤਕਰੀਬਨ 95 ਪ੍ਰਤੀਸ਼ਤ ਨੂੰ ਆਪਣੇ ਭਵਿੱਖ ਦੀ ਸੋਚ ਹੈ।ਪਰ ਇਹੋ ਜਿਹੇ ਮੁੱਠੀ ਭਰ ਬੰਦਿਆ ਨੇ ਸਾਰੇ ਦੇ ਸਾਰੇ ਇੰਡੀਅਨ ਭਾਈਚਾਰੇ ਨੂੰ ਬਦਨਾਮ ਕਰ ਕੇ ਰੱਖ ਦਿਤਾ ਹੈ।ਹਾਲੇ ਤਾਂ ਇਹ ਬਹੁਤ ਛੋਟਿਆ ਜੇਹੀਆ ਘਟਨਾਵਾਂ ਹਨ ਜੋ ਮੈਂ ਬਿਆਨ ਕਰ ਰਿਹਾ ਹਾਂ ਕਿਉਂਕਿ ਮੈਂ ਸ਼ੁਰੂ ਵਿੱਚ ਹੀ ਕਿਹਾ ਕੇ ਮੈਂ ਇਥੇ ਉਹ ਹੀ ਬਿਆਨ ਕਰਾਂਗਾ ਜੋ ਮੈਂ ਖ਼ੁਦ ਦੇਖਿਆ ਨਹੀਂ ਤਾਂ ਜੇ ਹੋਰਾਂ ਦੇ ਹਵਾਲੇ ਨਾਲ ਗਲ ਲਿਖਾ ਤਾਂ ਪਿਛਲੇ ਦਿਨੀਂ ਬ੍ਰਿਸਬੇਨ ਚ ਛਪਦੇ “ਦੀ ਕੌਰਿਅਰ ਮੇਲ” ਨੂੰ ਚੱਕ ਕੇ ਪੜ੍ਹ ਲਵੋ ਪੂਰੇ ਪੰਦਰਾਂ ਦਿਨ ਅਸੀਂ ਸੁਰਖ਼ੀਆਂ ਵਿੱਚ ਰਹੇ ਤੇ ਇਹੋ ਜਿਹਾ ਅਪਰਾਧ ਵੀ ਕੀਤਾ ਜਿਸ ਨੂੰ ਇੰਡੀਆ ਵਿੱਚ ਵੀ ਕਬੂਲ ਨਹੀਂ ਕੀਤਾ ਜਾ ਸਕਦਾ ਸੀ ਅਖ਼ਬਾਰ ਨੇ ਦੱਸਿਆ ਕਿ ਇਕ ਵੀਹ ਸਾਲਾ ਮੁੰਡੇ ਨੇ ਇਕ ਨਾਬਾਲਗ਼ ਨਾਲ ਰੇਪ ਕੀਤਾ।ਇਕ ਹੋਰ ਖ਼ਬਰ ਅਨੁਸਾਰ ਇਕ ਇੰਡੀਅਨ ਮੁੰਡੇ ਨੇ ਗ਼ਲਤ ਢੰਗ ਨਾਲ ਟੈਕਸੀ ਚਲਾ ਕੇ ਇਕੋ ਪਰਵਾਰ ਦੇ ਤਿੰਨ ਜੀ ਮਾਰ ਦਿੱਤੇ।ਪਰ ਉਸ ਵਕਤ ਸਾਡਾ ਮੀਡੀਆ ਪਤਾ ਨਹੀਂ ਕਿੱਥੇ ਚਲਿਆ ਜਾਂਦਾ?ਕਿਸੇ ਹਿੰਦੁਸਤਾਨੀ ਅਖ਼ਬਾਰ ਤੇ ਟੀ.ਵੀ. ਨੇ ਇਸ ਖ਼ਬਰ ਨੂੰ ਦਿਖਾਉਣ ਚ ਦਿਲਚਸਪੀ ਨਹੀਂ ਦਿਖਾਈ।ਖ਼ਾਸ ਕਰਕੇ ਮੈਨੂੰ ਗਿਲਾ ਮੇਰੇ ਉਹਨਾਂ ਪੱਤਰਕਾਰ ਵੀਰਾਂ ਨਾਲ ਹੈ ਜੋ ਆਸਟ੍ਰੇਲੀਆ ਚ ਰਹਿ ਕੇ ਪਲ ਪਲ ਦੀ ਖ਼ਬਰ ਇੰਡੀਆ ਭੇਜਦੇ ਹਨ ਪਰ ਪਤਾ ਨਹੀਂ ਕਿਉਂ ਇਹਨਾਂ ਦੀ ਨਿਗਾਹ ਇਹੋ ਜਿਹੀਆਂ ਖ਼ਬਰਾਂ ਤੇ ਨਹੀਂ ਜਾਂਦੀ?ਜੇ ਉਹ ਇਸ ਨੂੰ ਜਾਣ ਕੇ ਅੱਖੋਂ ਉਹਲੇ ਕਰਦੇ ਹਨ ਤੇ ਸੋਚਦੇ ਹਨ ਕੇ ਉਹ ਆਪਣੇ ਭਾਈਚਾਰੇ ਦਾ ਭਲਾ ਕਰ ਰਹੇ ਹਨ ਤਾਂ ਉਹਨਾਂ ਦੀ ਇਹ ਸੋਚ ਮੇਰੇ ਤਾਂ ਹਜ਼ਮ ਨਹੀਂ ਹੁੰਦੀ ਕਿਉਂਕਿ ਸਾਨੂੰ ਸਾਡੇ ਬਜ਼ੁਰਗਾ ਤਾਂ ਇਹ ਹੀ ਸਿੱਖਿਆ ਦਿੱਤੀ ਹੈ ਕੇ ਜੇ ਕਿਸੇ ਚੀਜ ਨੂੰ ਦੱਬਣ ਦੀ ਕੋਸ਼ਸ਼ ਕਰੋਗੇ ਤਾਂ ਉਹ ਵਕਤ ਨਾਲ ਧਮਾਕੇ ਦੇ ਰੂਪ ਚ ਤੁਹਾਡੇ ਸਾਹਮਣੇ ਹੋਵੇਗੀ।

ਚਲੋ ਛੱਡੋ ਜੀ ਆਪਾਂ ਫੇਰ ਆਪਣੇ ਅਸਲੀ ਮੁੱਦੇ ਤੇ ਆਉਣੇ ਹਾਂ।ਮੇਰਾ ਇਹ ਲੇਖ ਲਿਖਣਾ ਨਾ ਤਾਂ ਆਪਣੇ ਦੇਸ਼ ਨੂੰ ਭੰਡਣਾ ਤੇ ਨਾ ਜਿਹੜੇ ਮੁਲਕ ਦਾ ਖਾ ਰਿਹਾ ਉਸਨੂੰ ਵੇ-ਵਜ੍ਹਾ ਸਲਾਹੁਣਾ ਹੈ।ਮੇਰਾ ਤਾਂ ਇਥੇ ਫਰਜ਼ ਸੱਚ ਨੂੰ ਲੋਕਾਂ ਦੇ ਸਾਹਮਣੇ ਰੱਖਣਾ ਹੈ ਤੇ ਉਸੇ ਸੱਚ ਦੇ ਤਹਿਤ ਮੈਂ ਇਥੇ ਦੱਸਣਾ ਚਾਹੁੰਦਾ ਹਾਂ ਕੇ ਕਈ ਲੋਕ ਇਹ ਵੀ ਕਹਿੰਦੇ ਹਨ ਕਿ ਆਸਟ੍ਰੇਲੀਆ ਵਿੱਚ ਗੋਰੇ ਫੇਰ ਇੰਡੀਅਨਾਂ ਨੂੰ ਗ਼ੁਲਾਮੀ ਕਰਵਾਉਂਦੇ ਹਨ ਕਿਉਂਕਿ ਉਹਨਾਂ ਦੇ ਦਿਲਾਂ ਚ ਹਾਲੇ ਵੀ ਉਹੀ ਨਫ਼ਰਤ ਹੈ ਜੋ ਸਾਡੇ ਆਜ਼ਾਦ ਹੋਣ ਵੇਲੇ ਸੀ। ਪਰ ਇਹ ਗੱਲਾਂ ਆਧਾਰ ਹੀਣ ਹਨ ਕਿਉਂਕਿ ਆਸਟ੍ਰੇਲੀਆ ਨਾ ਤਾਂ ਗੋਰਿਆਂ ਦਾ ਆਪਣਾ ਮੁਲਕ ਹੈ ਤੇ ਨਾ ਹੀ ਇਕੱਲੇ ਗੋਰੇ ਹੀ ਇਥੇ ਰਹਿੰਦੇ ਹਨ। ਇਥੇ ਤਾਂ ਦੁਨੀਆ ਦੇ ਹਰ ਖ਼ਿੱਤੇ ਚੋਂ ਆ ਕੇ ਲੋਕ ਵੱਸੇ ਹਨ। ਲੋਕਾਂ ਦਾ ਇਕ ਦੂਜੇ ਪ੍ਰਤੀ ਵਤੀਰਾ ਬੜਾ ਮਦਦ ਭਰਪੂਰ ਹੈ,ਇਹ ਇਕ ਅਸਲੀ ਧਰਮ ਨਿਰਪੱਖ ਮੁਲਕ ਹੈ,ਸਮਾਨਤਾ ਜਿਸ ਦਾ ਨਾਅਰਾ ਹੈ,ਨਾ ਕੋਈ ਜਾਤ-ਪਾਤ ਹੈ,ਨਾ ਕੋਈ ਵੱਡਾ-ਛੋਟਾ ਹੈ,ਸਭ ਵਾਸਤੇ ਇਕ ਸਮਾਨ ਕਾਨੂੰਨ ਹੈ ਭਾਵੇਂ ਉਹ ਇਸ ਮੁਲਕ ਦਾ ਪ੍ਰਧਾਨ ਮੰਤਰੀ ਹੀ ਕਿਉਂ ਨਾ ਹੋਵੇ।ਹਾਲੇ ਤਕ ਕਿਤੇ ਭਰਿਸ਼ਟਾਚਾਰ ਦੇਖਣ ਨੂੰ ਨਹੀਂ ਮਿਲਦਾ, ਹਰ ਇਕ ਆਪਣੇ ਰਾਸ਼ਟਰ ਪ੍ਰਤੀ ਵਫ਼ਾਦਾਰ ਹੈ।ਸਭ ਤੋਂ ਵੱਡੀ ਗਲ ਇਹ ਹੈ ਕੇ ਇਹ ਲੋਕ ਇੰਨੇ ਜਿੰਮੇਵਾਰ ਹਨ ਕਿ ਇਹ ਲਿਖੇ ਹੋਏ ਹਰ ਸਾਈਨ ਨੂੰ ਮੰਨਦੇ ਹਨ ਭਾਵੇਂ ਉੱਥੇ ਉਹਨਾਂ ਨੂੰ ਕੋਈ ਦੇਖਣ ਵਾਲਾ ਨਹੀਂ ਹੁੰਦਾ ਪਰ ਜੇ ਕਿਤੇ ਇਹ ਲਿਖਿਆ ਕੇ ਇਥੇ ਤੁਹਾਡੀ ਕਾਰ ਦੀ ਸਪੀਡ ਪੰਜਾਹ ਕਿਲੋਮੀਟਰ ਪ੍ਰਤੀ ਘੰਟਾ ਹੋਣੀ ਚਾਹੀਦੀ ਹੈ ਤਾਂ ਇਹ ਉੱਥੇ ਕਾਰ ਦੀ ਸਪੀਡ ਪੰਜਾਹ ਤੇ ਹੀ ਰੱਖਣਗੇ।“ਸੌ ਹੱਥ ਰੱਸਾ ਸਿਰੇ ਤੇ ਗੰਢ” ਇਹ ਮੁਲਕ ਚ ਰਹਿ ਕੇ ਕਈ ਬਾਰ ਤਾਂ ਇੰਝ ਲੱਗਦਾ ਕੇ ਇਹ ਲੋਕ ਬਾਬਾ ਗੁਰੂ ਨਾਨਕ ਦੇਵ ਜੀ ਦੇ ਅਸੂਲਾਂ ਦੇ ਸਾਡੇ ਨਾਲੋਂ ਜਿਆਦਾ ਨੇੜੇ ਹਨ ਕਿਉਂਕਿ ਜੇ ਅਸੀਂ ਕੁਰੀਤੀਆਂ ਨੂੰ ਗਿਣਨ ਲਗ ਜਾਈਏ ਤਾਂ ਇੰਨਾ ਨਾਲੋਂ ਸਾਡੇ ਵਿੱਚ ਕਈ ਗੁਣਾ ਜਿਆਦਾ ਕੁਰੀਤੀਆਂ ਮਿਲਣ ਗਈਆਂ।

ਇਕ ਛੋਟੀ ਜਿਹੀ ਪਰ ਅਹਿਮ ਘਟਨਾ ਹੋਰ ਲਿਖਣੀ ਚਾਹੁਣਾ ਹਾ ਕਿਉਂਕਿ ਇਸ ਘਟਨਾ ਨੇ ਵੀ ਬਹੁਤ ਸ਼ਰਮਸਾਰ ਕੀਤਾ ਹੈ। ਇਕ ਦਿਨ ਅਸੀਂ ਕੰਮ ਤੇ ਆਪਣਾ ਲੰਚ ਕਰ ਰਹੇ ਸੀ ਤਾਂ ਉੱਥੇ ਕੁੱਝ ਗ੍ਰੀਕ,ਕੁੱਝ ਤੁਰਕੀ,ਤੇ ਕੁੱਝ ਗੋਰੇ ਹਰ ਰੋਜ ਵਾਂਗ ਆਪੋ ਆਪਣੇ ਕਲਚਰ ਨੂੰ ਇਕ ਦੂਜੇ ਨਾਲ ਸਾਂਝਾ ਕਰ ਰਹੇ ਸੀ ਤਾਂ ਮੇਰਾ ਇਕ ਇੰਡੀਅਨ ਵੀਰ ਇਕ ਗੋਰੇ ਨੂੰ ਦੱਸ ਰਿਹਾ ਸੀ ਕਿ ਇੰਡੀਆ ਵਿੱਚ ਏਨੀ ਭੁੱਖ ਮਰੀ ਹੈ ਕੇ ਦੋ-ਦੋ ਡਾਲਰ ਚ ਤੁਸੀ ਕਿਸੇ ਤੋਂ ਕੁੱਝ ਵੀ ਕਰਵਾ ਸਕਦੇ ਹੋ।ਇਥੋਂ ਤਕ ਕਿ ਇੰਡੀਆ ਚ ਔਰਤਾਂ ਆਪਣਾ ਸਰੀਰ ਤਕ ਦੇਣ ਨੂੰ ਤਿਆਰ ਹੋ ਜਾਂਦੀਆਂ ਹਨ।ਇਹੋ ਜਿਹੀ ਗਲ ਸੁਣ ਕੇ ਸਾਰਿਆ ਨੇ ਧੋਣਾ ਚੁੱਕ ਲਈਆ ਤੇ ਉਹ ਜਨਾਬ ਇੰਜ ਉੱਧੜ ਰਿਹਾ ਸੀ ਜਿਵੇਂ ਕਿਤੇ ਇੰਨਾ ਗੱਲਾਂ ਨਾਲ ਉਸ ਦਾ ਕੱਦ ਇੰਨਾ ਲੋਕਾਂ ਚ ਹੋਰ ਉੱਚਾ ਹੋ ਜਾਵੇਗਾ।ਜਦੋਂ ਤਕ ਮੈਂ ਉਸ ਨੂੰ ਰੋਕਣ ਦੀ ਕੋਸ਼ਸ਼ ਕਰਦਾ ਉਦੋਂ ਤਕ ਇਸ ਜਨਾਬ ਨੇ ਇਹ ਵੀ ਕਹਿ ਦਿਤਾ ਕੇ ਅਜ ਕਲ ਜੋ ਕੁੜੀਆਂ ਸਟੂਡੈਂਟ ਵੀਜ਼ੇ ਤੇ ਇਥੇ ਆ ਰਹੀਆਂ ਹਨ ਤੁਸੀ ਉਹਨਾਂ ਨੂੰ ਪੱਕਾ ਕਰਵਾ ਦਿਓ ਭਾਵੇਂ ਉਹਨਾਂ ਨਾਲ ਜੋ ਮਰਜ਼ੀ ਕਰੀ ਜਾਓ। ਕਿਵੇਂ ਨਾ ਕਿਵੇਂ ਇਸ ਇਨਸਾਨ ਨੂੰ ਚੁੱਪ ਕਰਵਾਇਆ।ਹੁਣ ਤੁਸੀ ਹੀ ਦੱਸੋ ਅਸੀਂ ਆਪਣੇ ਮੁਲਕ ਦੀ ਕਿਹੋ ਜਿਹੀ ਪਿਕਚਰ ਦਿਖਾ ਰਹੇ ਹਾਂ ਦੂਜੇ ਲੋਕਾਂ ਨੂੰ?ਤੇ ਜੇ ਕੱਲ੍ਹ ਨੂੰ ਇਹਨਾਂ ਕਿਸੇ ਸਾਡੀ ਧੀ ਭੈਣ ਨੂੰ ਰਾਹ ਜਾਂਦੇ ਰੋਕ ਲਿਆ ਤੇ ਉਸ ਨੂੰ ਦੋ ਡਾਲਰ ਦੇ ਕੇ ਮੰਦਾ ਚੰਗਾ ਬੋਲਿਆ ਤਾਂ ਕਿ ਕਸੂਰ ਉਸ ਗੋਰੇ ਦਾ ਹੋਵੇਗਾ ਕੇ ਸਾਡੇ ਆਪਣੇ ਇਸ ਕਲਯੁਗੀ ਸਪੂਤ ਦਾ ਜਿਸ ਨੇ ਆਪਣਿਆ ਧੀ-ਭੈਣਾ ਦੀ ਇਹ ਪਰਵਾਸ਼ਾ ਦੱਸੀ ਹੈ?ਇਹੋ-ਜਿਹੀ ਘਟਨਾਵਾਂ ਨਾਲ ਅਜ ਮੈਂ ਪੂਰੀ ਇਕ ਕਿਤਾਬ ਲਿਖ ਸਕਦਾ ਹਾਂ।ਪਰ ਮੈਂ ਤਾਂ ਮਹਿਸੂਸ ਕਰਦਾ ਹਾਂ ਕਿ ਆਪਣਾ ਪੱਲਾ ਚੁੱਕਿਆਂ ਢਿੱਡ ਆਪਣਾ ਹੀ ਨੰਗਾ ਹੋਵੇਗਾ।

ਵਿਦੇਸ਼ ਵਿੱਚ ਰਹਿਣ ਵੇਲੇ ਹਰ ਇਨਸਾਨ ਦੀ ਪਹਿਲੀ ਪਹਿਚਾਣ ਇਹ ਨਹੀਂ ਹੁੰਦੀ ਕਿ ਤੁਸੀ ਫ਼ਲਾਣਾ ਸਿਉਂ ਦੇ ਪੁੱਤਰ ਹੋ ਇਥੇ ਤਾਂ ਤੁਸੀ ਆਪਣੇ ਮੁਲਕ ਦੀ ਨੁਮਾਇੰਦਗੀ ਕਰ ਰਹੇ ਹੁੰਦੇ ਹੋ ਤੇ ਜੇ ਕਦੇ ਤੁਸੀ ਕੁੱਝ ਚੰਗਾ ਮਾੜਾ ਕਰਦੇ ਹੋ ਤਾਂ ਸਭ ਤੋਂ ਪਹਿਲਾਂ ਤੁਹਾਡੇ ਮੁਲਕ ਦਾ ਨਾ ਫੇਰ ਕੋਮ ਤੇ ਰਾਜ ਦਾ ਨਾ ਤੇ ਫੇਰ ਜਿੱਲ੍ਹੇ ਤੇ ਪਿੰਡ ਦਾ ਨਾ ਬਦਨਾਮ ਹੁੰਦਾ,ਖ਼ਾਨਦਾਨ ਦਾ ਨਾ ਤਾਂ ਇੰਨਾ ਸਾਰਿਆ ਤੋਂ ਬਾਅਦ ਆਉਂਦਾ ਹੈ।ਸੋ ਜਦੋਂ ਇੰਨੀ ਜਿੰਮੇਵਾਰੀ ਤੁਹਾਡੇ ਤੇ ਹੈ ਤਾਂ ਕਿ ਤੁਹਾਡਾ ਫਰਜ਼ ਨਹੀਂ ਬਣਦਾ ਕੁੱਝ ਜ਼ੁੰਮੇਵਾਰ ਹੋਣ ਦਾ? ਇਹਨਾਂ ਗੱਲਾਂ ਦਾ ਨਤੀਜਾ ਹੀ ਅਜ ਉਪਕਾਰ ਸਿੰਘ ਤੇ ਸਰਵਣ ਕੁਮਾਰ ਹੋਰਾਂ ਨੇ ਭੋਗਿਆ ਉਹਨਾਂ ਤੇ ਹਮਲੇ ਇਸ ਲਈ ਨਹੀਂ ਹੋਏ ਕੇ ਉਹਨਾਂ ਨੇ ਕੋਈ ਜਾਤੀ ਕਸੂਰ ਕੀਤਾ ਸੀ ਇਹ ਤਾਂ ਉਹਨਾਂ ਦੇ ਇੰਡੀਅਨ ਹੋਣ ਕਰਕੇ ਹੀ ਹੋਏ ਕਿਉਂਕਿ ਮੁੱਠੀ ਭਰ ਲੋਕਾਂ ਨੇ ਨਵੇਂ ਪੁਰਾਣੇ ਸਭ ਇੰਡੀਅਨ ਤੇ ਮੋਹਰ ਲਾ ਦਿੱਤੀ ਹੈ ਕਿ ਇਹ ਸਭਿਅਕ ਨਹੀਂ ਹਨ।ਸਾਰੇ ਪੁਰਾਣੇ ਬੰਦਿਆ ਨੂੰ ਡਰ ਤਾਂ ਸੀ ਕੁੱਝ ਮੰਦਭਾਗਾ ਹੋਣ ਦਾ ਪਰ ਇਹ ਉਮੀਦ ਨਹੀਂ ਸੀ ਕੇ ਇਹੋ-ਜਿਹਾ ਏਨੀ ਛੇਤੀ ਹੋਣ ਲਗ ਪਵੇਗਾ।

ਆਸਟ੍ਰੇਲੀਆ ਹਾਲੇ ਤਕ ਆਪਣੀ ਸ਼ਾਂਤੀ ਭਾਰੀ ਜ਼ਿੰਦਗੀ ਲਈ ਮਸ਼ਹੂਰ ਸੀ ਪਰ ਜੇ ਹਾਲੇ ਵੀ ਆਪਣਾ ਆਪ ਨੂੰ ਨਾ ਸੰਭਾਲਿਆ ਗਿਆ ਤਾਂ ਲਗਦਾ ਉਹ ਦਿਨ ਦੂਰ ਨਹੀਂ ਜਦੋਂ ਕਨੇਡਾ ਵਾਂਗੂੰ ਤੀਜੇ ਦਿਨ ਕਤਲ ਤੇ ਹਰ ਰੋਜ ਗੈਂਗ ਵਾਰ ਦੀ ਲੜਾਈ ਦੀਆਂ ਖ਼ਬਰਾਂ ਸਾਨੂੰ ਪੜ੍ਹਨ ਨੂੰ ਮਿਲਣ ਗਈਆਂ।ਇਥੇ ਮੈਂ ਇਹ ਵੀ ਦੱਸ ਦੇਣਾ ਚਾਹੁੰਦਾ ਹਾਂ ਕੇ ਜੇ ਨਾ ਸੰਭਲਿਆ ਗਿਆ ਤਾਂ ਇਸ ਮੁਲਕ ਚ ਕਾਨੂੰਨ ਬਣਦੇ ਤੇ ਲਾਗੂ ਹੁੰਦੇ ਦੇਰ ਨਹੀਂ ਲਗਦੀ ਤੇ ਇਹ ਨਾ ਹੋਵੇ ਕੇ ਅਸੀਂ ਆਪਣੇ ਰਾਹ ਆਪ ਹੀ ਬੰਦ ਕਰ ਲਈਐ ਕਿਉਂਕਿ ਆਸਟ੍ਰੇਲੀਆ ਨੂੰ ਸਟੂਡੈਂਟਾਂ ਦਾ ਘਾਟਾ ਨਹੀਂ। ਹੋਰ ਬਹੁਤ ਮੁਲਕ ਹਨ ਜੋ ਆਸਟ੍ਰੇਲੀਆ ਦੀ ਇਸ ਇੰਡਸਟਰੀ ਨੂੰ ਚਲਾ ਸਕਦੇ ਹਨ।ਕੱਲ੍ਹ ਦੀ ਮੈਲਬੋਰਨ ਰੈਲੀ ਚ ਕੁੱਝ ਸ਼ਰਾਰਤੀ ਲੋਕਾਂ ਜਿਸ ਤਰ੍ਹਾਂ ਅਮਨ ਅਮਾਨ ਨਾਲ ਚੱਲ ਰਹੀ ਰੋਸ ਰੈਲੀ ਵਿੱਚ ਭੰਗ ਪਾਉਣ ਦੀ ਕੋਸ਼ਸ਼ ਕੀਤੀ ਉਸ ਤੋਂ ਇੰਜ ਲਗਦਾ ਹੈ ਕਿ ਅਸੀਂ ਕਿਸੇ ਡੂੰਘੀ ਸਿਆਸਤ ਦਾ ਸ਼ਿਕਾਰ ਹੋ ਰਹੇ ਹਾਂ ਤੇ ਕੋਈ ਇਕ ਖ਼ਾਸ ਤਬਕਾ ਸਾਨੂੰ ਕਾਮਯਾਬ ਹੁੰਦੀਆਂ ਨਹੀਂ ਦੇਖ ਸਕਦਾ ਤੇ ਉਹ ਇਹੋ ਜਿਹੀਆਂ ਕੋਝਿਆਂ ਚਾਲਾ ਚੱਲ ਰਿਹਾ।ਮੇਰੀ ਤਾਂ ਇਕੋ ਇਕ ਇਹੀ ਤਮੰਨਾ ਹੈ ਕੇ ਜੋ ਵੀ ਘਾਲਣਾ-ਘਾਲ ਕੇ ਅਤੇ ਆਪਣੇ ਸੁਨਹਿਰੀ ਭਵਿੱਖ ਦੇ ਸੁਪਨੇ ਸਜੋ ਕੇ ਆਸਟ੍ਰੇਲੀਆ ਪਹੁੰਚਣ ਵਿੱਚ ਕਾਮਯਾਬ ਹੋ ਗਿਆ ਉਸ ਨੂੰ ਇਹੋ ਜਿਹਾ ਦਿਨ ਨਾ ਦੇਖਣਾ ਪਵੇ ਜਦੋਂ ਉਸਨੂੰ ਖ਼ਾਲੀ ਹਾਥੀ ਵਾਪਿਸ ਪਰਤਣਾ ਪਵੇ। ਕਿਉਂਕਿ ਜਿਥੋਂ ਤਕ ਮੈਨੂੰ ਆਸਟ੍ਰੇਲੀਅਨ ਕਾਨੂੰਨਾਂ ਦਾ ਪਤਾ ਉਸ ਮੁਤਾਬਿਕ ਪਤਾ ਨਹੀਂ ਕਦੋਂ ਇਹ ਕੋਈ ਇਹੋ ਜਿਹਾ ਕਾਨੂੰਨ ਲੈ ਆਉਣ ਜਿਸ ਨਾਲ ਕੇ ਇਥੇ ਪੱਕਾ ਹੋਣਾ ਮੁਸ਼ਕਲ ਹੋ ਜਾਵੇ ਕੀਓ ਕਿ ਇਹ ਮੁਲਕ ਕਦੇ ਜਬਾਨੀ ਲੜਾਈ ਨਹੀਂ ਲੜਦੇ ਇਹ ਤਾਂ ਡਿਪਲੋਮੈਟਿਕ ਮਾਰ ਮਾਰਦੇ ਹਨ। ਇਹ ਨਾ ਹੋਵੇ ਕੇ ਮੈਲਬੋਰਨ ਵਿੱਚ ਭੰਨੇ ਇਕ ਸ਼ੀਸ਼ੇ ਦੀ ਗੂੰਜ ਸਾਡੀਆਂ ਆਉਣ ਵਾਲੀਆ ਚਾਰ ਪੀੜ੍ਹੀਆਂ ਤਕ ਨੂੰ ਸੁਣਾਈ ਪਵੇ।

ਮੇਰੇ ਵਾਂਗ ਪਹਿਲਾ ਵੀ ਕੁੱਝ ਲੇਖਕਾਂ ਨੇ ਇਹਨਾਂ ਮਸਲਿਆ ਨੂੰ ਉਠਾਇਆ ਸੀ ਪਰ ਉਹਨਾਂ ਨੂੰ ਇਹ ਮੁੱਠੀ ਭਰ ਲੋਕਾਂ ਦੀ ਨਰਾਜ਼ਗੀ ਦਾ ਸ਼ਿਕਾਰ ਹੋਣਾ ਪਿਆ ਸੀ। ਸੋ ਮੈਨੂੰ ਵੀ ਇਹਨਾਂ ਤੋਂ ਇਹੀ ਉਮੀਦ ਹੈ।ਪਰ ਕੋਈ ਪਰਵਾਹ ਨਹੀਂ, ਸੱਚ ਤੇ ਰਸਤੇ ਤੇ ਚਲਦਿਆਂ ਔਕੜਾਂ ਆਉਣੀਆਂ ਤਾਂ ਸੁਭਾਵਿਕ ਹੀ ਹਨ।ਪਰ ਮੈਂ ਤਾਂ ਨਿਮਰਤਾ ਨਾਲ ਹੱਥ ਜੋੜ ਕੇ ਇਹਨਾਂ ਮੇਰੇ ਵੀਰਾਂ ਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਬਾਕੀ ਦੇ 95 ਪ੍ਰਤੀਸ਼ਤ ਲੋਕਾਂ ਤੇ ਤਰਸ ਖਾਓ ਤੇ ਜਿਨ੍ਹਾਂ ਆਸਾਂ ਨਾਲ ਤੁਹਾਨੂੰ ਤੁਹਾਡੇ ਮਾਂ ਬਾਪ ਨੇ ਇਥੇ ਭੇਜਿਆ ਉਹਨਾਂ ਨੂੰ ਧਿਆਨ ਚ ਰੱਖ ਕੇ ਆਪਣੀ ਤੇ ਆਪਣੇ ਮੁਲਕ ਦੀ ਲਾਜ ਰੱਖੋ।ਕਿਸੇ ਨੂੰ ਬੁਰਾ ਕਹਿਣ ਤੋਂ ਪਹਿਲਾਂ ਆਪਣੀ ਪੀੜੀ ਥੱਲੇ ਸੋਟਾ ਜਰੂਰ ਮਾਰੋ ਕਿਉਂਕਿ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਦੱਸਿਆ ਹੈ ਕਿ "ਹਮ ਨਹੀ ਚੰਗੇ ਬੁਰਾ ਨਹੀ ਕੋਇ"

ਮਿਟੂੰ ਬਰਾੜ
ਸਾਊਥ ਆਸਟ੍ਰੇਲੀਆ