ਭੇਡ ਚਾਲ……… ਲੇਖ / ਮਨਜੀਤ ਸਿੰਘ ਔਜਲਾ ਐਮ.ਏ.ਬੀ.ਟੀ.

ਇਸ ਦਾ ਦੂਜਾ ਨਾਮ ‘ਰੀਸ’ ਹੈ ਅਤੇ ਭਾਰਤ ਦੇ ਸੂਬੇ ਪੰਜਾਬ ਵਿਚ ਅਤੇ ਪੰਜਾਬੀਆਂ ਵਿਚ ਇਹ ਆਮ ਹੀ ਦੇਖਣ ਨੂੰ ਮਿਲਦੀ ਹੈ। ਕਈ ਕੰਮਾਂ ਵਿਚ ਇਹ ਚੰਗੀ ਅਤੇ ਗੁਣਕਾਰੀ ਹੈ, ਪ੍ਰੰਤੂ ਆਮ ਤੌਰ ਤੇ ਇਸ ਨੂੰ ਬੁਰਾਈ ਦੀ ਜੜ੍ਹ ਹੀ ਸਮਝਿਆ ਜਾਂਦਾ ਹੈ, ਕਿਉਂਕਿ ਚੰਗੇ ਕੰਮ ਦੀ ਰੀਸ ਕਰਨ ਵਾਸਤੇ ਸਮਾਂ ਅਤੇ ਸੋਝੀ ਚਾਹੀਦੀ ਹੈ, ਪ੍ਰੰਤੂ ਬੁਰੇ ਕੰਮ ਦੀ ਰੀਸ ਸ਼ੌਕ ਨਾਲ ਅਤੇ ਜਲਦੀ ਹੀ ਪੰਜਾਬੀ ਦੀ ਆਦਤ ਵਿਚ ਬਦਲ ਜਾਦੀ ਹੈ। ਅੱਜ ਕਲ੍ਹ ਇਹ ਰੀਸ ਨੌਜਵਾਨ ਅਤੇ ਵੱਡੀ ਅਵਸਥਾ ਦੇ ਪੰਜਾਬੀਆਂ ਵਿਚ, ਔਖੇ ਹੋ ਕੇ, ਹਿੰਦੀ ਭਾਸ਼ਾ ਬੋਲਣ ਦੀ ਅਤੇ ਓਸਾਮਾ ਬਿਨ ਲਾਦਨ ਵਰਗੀ ਪੱਗ ਬੰਨ੍ਹਣ ਦੀ ਆਮ ਹੀ ਦੇਖਣ ਨੂੰ ਮਿਲਦੀ ਹੈ। ਪੰਜਾਬ ਵਿਚ ਹੀ ਨਹੀਂ ਦੁਨੀਆਂ ਭਰ ਵਿਚ ਇਕ ਪਾਸੇ ਤਾਂ ਗੁਰਦਾਸ ਮਾਨ ਅਤੇ ਹੋਰ ਪੰਜਾਬੀ ਗਾਇਕਾਂ, ਗੀਤਕਾਰਾਂ, ਧਾਰਮਿਕ ਸੰਸਥਾਵਾਂ ਅਤੇ ਬੁਧੀਜੀਵੀਆਂ ਦਾ ਪੂਰਾ ਟਿੱਲ ਲੱਗਾ ਹੋਇਆ ਹੈ ਕਿ ਪੰਜਾਬੀ ਪੜ੍ਹੋ, ਪੰਜਾਬੀ ਬੋਲੋ, ਪੰਜਾਬੀ ਸਿੱਖੋ ਅਤੇ ਪੰਜਾਬੀ ਬਣੋ ਤਾਂ ਦੂਸਰੇ ਪਾਸੇ ਪੰਜਾਬੀਆਂ ਵਿਚ ਦੌੜ ਲਗੀ ਹੋਈ ਹੈ ਅਤੇ ਉਹ ਔਖੇ ਹੋ ਕੇ ਅਤੇ ਕਈ ਤਰ੍ਹਾਂ ਦੇ ਮੂੰਹ ਬਣਾ ਕੇ ਹਿੰਦੀ ਬੋਲਣ ਅਤੇ ਮਰਦਮਸ਼ੁਮਾਰੀ ਵੇਲੇ ਆਪਣੀ ਬੋਲੀ ਹਿੰਦੀ ਲਿਖਵਾਉਣ ਦੇ ਆਦੀ ਹੁੰਦੇ ਜਾ ਰਹੇ ਹਨ। ਇਕ ਵਾਰ ਆਪਣੀ ਆਸਟ੍ਰੇਲੀਆ ਫੇਰੀ ਤੇ ਆਏ ਰੁਸਤਮੇ ਹਿੰਦ, ਪ੍ਰਸਿੱਧ ਪੰਜਾਬੀ ਪਹਿਲਵਾਨ ਅਤੇ ਸਫ਼ਲ ਕਲਾਕਾਰ ਦਾਰਾ ਸਿੰਘ ਦਾ ਕਹਿਣਾ ਸੀ ਕਿ ਜਦੋਂ ਉਹ ਫਿਲਮੀ ਦੁਨੀਆ ਵਿਚ ਗਏ ਤਾਂ ਉਹਨਾਂ ਨੂੰ ਹਿੰਦੀ ਅਤੇ ਉਰਦੂ ਸਿਖਾਉਣ ਵਾਸਤੇ ਅਧਿਆਪਕ ਲਗਾਏ ਗਏ। ਅਧਿਆਪਕਾਂ ਦੇ ਲੱਖ ਯਤਨ ਕਰਨ ਤੇ ਵੀ ਦਾਰਾ ਸਿੰਘ ਸਹੀ ਉਰਦੂ ਅਤੇ ਹਿੰਦੀ ਨਾ ਬੋਲ ਸਕਿਆ। ਜਦੋਂ ਉਹਨਾਂ ਦੀ ਮੇਹਨਤ ਸਫਲ ਨਾ ਹੋਈ ਤਾਂ ਫਿਲਮੀ ਦੁਨੀਆਂ ਵਿਚ ਇਹ ਕਹਾਵਤ ਆਮ ਚੱਲ ਪਈ ਸੀ:

ਦਾਰਾ ਸਿੰਘ ਤਾਂ ਹਿੰਦੀ ਅਤੇ ਉਰਦੂ ਨਹੀਂ ਸਿੱਖ ਸਕਿਆ ਪ੍ਰੰਤੂ ਅਧਿਆਪਕ ਪੰਜਾਬੀ ਬੋਲਣ ਲਗ ਪਏ ਹਨ।
ਆਸਟ੍ਰੇਲੀਆ ਵਿਚ ਜਦੋਂ 1991 ਦੀ ਮਰਦਮਸ਼ੁਮਾਰੀ ਹੋਈ ਸੀ; ਉਸ ਸਮੇ ਭਾਰਤੀ ਆਬਾਦੀ ਵੀ ਘੱਟ ਹੀ ਸੀ ਅਤੇ ਮੈਲਬੌਰਨ ਵਿਚ ਗੁਰਦੁਆਰੇ ਵੀ ਦੋ ਹੀ ਸਨ; ਫਿਰ ਵੀ ਬਹੁਤ ਕੋਸ਼ਿਸ਼ ਕੀਤੀ ਗਈ ਸੀ ਕਿ ਪੰਜਾਬ ਤੋਂ ਆਏ ਪ੍ਰਵਾਸੀ ਆਪਣੀ ਮਾਤ-ਭਾਸ਼ਾ ਪੰਜਾਬੀ ਲਿਖਵਾਉਣ। ਜਦੋਂ ਮਰਦਮਸ਼ੁਮਾਰੀ ਪਿਛੋਂ ਅੰਕੜੇ ਪ੍ਰਾਪਤ ਹੋਏ ਤਾਂ ਮੈਲਬੌਰਨ ਵਿਚ ਰਹਿਣ ਵਾਲੇ ਪੰਜਾਬੀਆਂ ਦੀ ਗਿਣਤੀ ਤੋਂ ਇਹ ਬਹੁਤ ਘੱਟ ਸਨ। 2001 ਅਤੇ 2011 ਵਿਚ ਵੀ ਇਹ ਕੋਸ਼ਿਸ਼ਾਂ ਹੋਈਆਂ ਹਨ, ਪ੍ਰੰਤੂ ਪਰਨਾਲਾ ਅਜੇ ਵੀ ਓਥੇ ਹੀ ਹੈ। ਅਜੇ ਕੱਲ੍ਹ ਦੀ ਹੀ ਗੱਲ ਹੈ ਕਿ ਕਿਸੇ ਭਾਰਤੀ ਨੂੰ ਦੋ-ਭਾਸ਼ੀਏ ਦੀ ਲੋੜ ਪਈ। ਭਾਰਤੀ ਪੰਜਾਬੀ ਮੂਲ ਦਾ ਨੌਜਵਾਨ ਸੀ ਜੋ ਸਪੌਂਸਰ ਸਪਾਊਜ਼ ਵੀਜ਼ੇ ਤੇ ਆਸਟ੍ਰੇਲੀਆ ਵਿਚ ਆਇਆ ਹੈ। ਜਦੋਂ ਉਸ ਨੇ ਦੋ-ਭਾਸ਼ੀਆ ਬੁੱਕ ਕਰਵਾਇਆ ਤਾਂ ਆਪ ਮੁਹਾਰੇ ਹੀ ਹਿੰਦੀ ਭਾਸ਼ਾ ਦਾ ਕਰਾਇਆ। ਜਦੋਂ ਉਸ ਨੂੰ ਹਿੰਦੀ ਦੋ-ਭਾਸ਼ੀਆ ਮਿਲਿਆ ਤਾਂ ਹੈਰਾਨੀ ਹੋਈ ਕਿ ਹਿੰਦੀ ਉਸ ਪਾਸੋਂ ਔਖੇ ਹੋ ਕੇ ਵੀ ਨਹੀਂ ਸੀ ਬੋਲੀ ਜਾਂਦੀ। ਵੈਸੇ ਵੀ ਪੰਜਾਬ ਦੀ ਹਿੰਦੀ ਭਾਰਤ ਦੀ ਹਿੰਦੀ (ਮੱਧ ਪ੍ਰਦੇਸ਼ ਅਤੇ ਯੂ.ਪੀ.) ਨਾਲੋਂ ਬਹੁਤ ਭਿੰਨ ਹੈ। ਪੰਜਾਬ ਦਾ ਬਹੁਤ ਤੇਜ਼ ਅਤੇ ਸ਼ੁੱਧ ਹਿੰਦੀ ਬੋਲਣ ਵਾਲਾ ਵੀ ਯੂ.ਪੀ. ਦੇ ਹਿੰਦੀ ਬੋਲਣ ਵਾਲੇ ਅਗੇ ਨਿਮਾਣਾ ਜਿਹਾ ਬਣ ਜਾਂਦਾ ਹੈ। ਜਿਵੇਂ ਕਿਵੇਂ ਵੀ ਉਸ ਨੇ ਔਖੇ ਹੋ ਕੇ ਬੁੱਤਾ ਜਿਹਾ ਸਾਰਿਆ। ਅਜਿਹੀ ਹੀ ਭੇਡ ਚਾਲ ਬਾਰੇ ਪੰਜਾਬ ਵਿਚ ਵੀ ਚਰਚਾ ਹੈ। ਪਿਛਲੇ ਹਫ਼ਤੇ ਖਬਰ ਸੀ ਕਿ 2011 ਦੀ ਮਰਦਮਸ਼ੁਮਾਰੀ ਵਿਚ ਸ਼ਹਿਰੀ ਪੰਜਾਬੀਆਂ ਨੇ ਆਪਣੀ ਮਾਂ ਬੋਲੀ ਹਿੰਦੀ ਲਿਖਵਾਈ ਹੈ। ਜਦੋਂ ਉਨ੍ਹਾਂ ਨੂੰ ਇਸ ਦਾ ਕਾਰਣ ਪੁੱਛਿਆ ਤਾਂ ਉਤਰ ਮਿਲਿਆ ਕਿ ਪੰਜਾਬੀ ਤਾਂ ਉਜੱਡਾਂ ਅਤੇ ਗਵਾਰਾਂ ਦੀ ਬੋਲੀ ਹੈ ਅਤੇ ਇਹ ਪਿੰਡਾਂ ਵਿਚ ਰਹਿਣ ਵਾਲਿਆਂ ਵਾਸਤੇ ਹੈ।
 
ਅੱਜ ਅਸੀਂ ਇਹ ਵੀ ਭੁੱਲ ਗਏ ਹਾਂ ਕਿ ਪੰਜਾਬੀ ਦੀ ਪੈਂਤੀ ਅੱਖਰੀ ਦੀ ਰਚਨਾ ਗੁਰੂ ਅੰਗਦ ਦੇਵ ਜੀ ਦੇ ਸਮੇਂ ਤੋਂ ਆਰੰਭ ਹੋਈ ਸੀ ਅਤੇ ਗੁਰੂ ਅਰਜਨ ਦੇਵ ਜੀ ਦੁਆਰਾ ਪਹਿਲੀ ਪੋਥੀ ਸਾਹਿਬ ਦੀ ਰਚਨਾ ਪੰਜਾਬੀ, ਜਿਸ ਨੂੰ ਉਸ ਸਮੇਂ ਗੁਰਮੁਖੀ ਦੇ ਨਾਂ ਨਾਲ ਜਾਣਿਆਂ ਜਾਂਦਾ ਸੀ, ਵਿਚ ਹੋਈ ਸੀ। ਉਸ ਸਮੇ ਗੁਰਮੁਖੀ ਦਾ ਅਰਥ ਗੁਰੂ ਦੇ ਮੁੱਖ ਤੋਂ ਬੋਲੀ ਜਾਣ ਵਾਲੀ ਬੋਲੀ ਜਾਂ ਲਿੱਪੀ ਨੂੰ ਆਖਿਆ ਜਾਂਦਾ ਸੀ। ‘ਪੰਜਾਬੀ’ ਇਸ ਦਾ ਨਾਮ ਪੰਜਾਬ ਦੇ ਲੋਕਾਂ ਦੀ ਮਾਤ-ਭਾਸ਼ਾ ਬਣਨ ਤੋਂ ਬਾਅਦ ਪਿਆ। ਇਸ ਲਈ ਅਜ ਵੀ ਪੰਜਾਬੀ ਭਾਸ਼ਾ ਗੁਰਬਾਣੀ ਦੀ ਭਾਸ਼ਾ ਹੈ ਅਤੇ ਸਿੱਖ ਧਰਮ ਦਾ ਹਰ ਗ੍ਰੰਥ ਸਭ ਤੋਂ ਪਹਿਲਾਂ ਪੰਜਾਬੀ ਵਿਚ ਹੀ ਲਿਖਿਆ ਗਿਆ ਸੀ। ਰਹੀ ਗੱਲ ਉਜੱਡ ਅਤੇ ਗਵਾਰਾਂ ਦੀ ਬੋਲੀ ਦੀ; ਜੇਕਰ ਅਸੀਂ ਇਸ ਨੂੰ ਪਿੰਡਾਂ ਤੱਕ ਹੀ ਸੀਮਤ ਕਰਕੇ ਰਖਾਂਗੇ ਤਾਂ ਇਹ ਪਿੰਡਾਂ ਤੱਕ ਹੀ ਸੀਮਤ ਹੋ ਕੇ ਰਹਿ ਜਾਵੇਗੀ ਅਤੇ ਸ਼ਹਿਰੀ ਲੋਕ ਇਸ ਦੀ ਵਰਤੋਂ ਕਰਨੀ ਭੁੱਲ ਜਾਣਗੇ। ਬੱਸ ਫੇਰ ਕੀ, ਉਹ ਗੁਰੂ ਦੇ ਸ਼ਬਦ ਪੜ੍ਹਨ ਅਤੇ ਸਮਝਣ ਦੇ ਅਯੋਗ ਹੋ ਜਾਣਗੇ, ਜਿਸ ਨਾਲ ਉਹਨਾਂ ਦੀ ਧਾਰਮਿਕ ਸ਼ਰਧਾ ਖੰਭ ਲਾ ਕੇ ਉਡ ਜਾਵੇਗੀ। ਜੇਕਰ ਅਸੀਂ ਦੂਸਰੇ ਧਰਮਾਂ ਵਲ ਝਾਤ ਮਾਰੀਏ ਤਾਂ ਸਪਸ਼ਟ ਹੋ ਜਾਂਦਾ ਹੈ ਕਿ ਕਿਸੇ ਹੋਰ ਧਰਮ ਦੇ ਨਿਰਮਾਤਾ ਨੇ ਕਿਸੇ ਭਾਸ਼ਾ ਦੀ ਰਚਨਾ ਨਹੀਂ ਕੀਤੀ। ਹਿੰਦੂ ਧਰਮ ਸਭ ਤੋਂ ਪੁਰਾਤਨ ਧਰਮ ਹੈ ਪ੍ਰੰਤੂ ਸਭ ਤੋਂ ਪਹਿਲੀ ਭਾਗਵਤ ਗੀਤਾ ਸੰਸਕ੍ਰਿਤ ਭਾਸ਼ਾ ਵਿਚ ਸੀ, ਹਿੰਦੀ ਵਿਚ ਨਹੀਂ । ਨਾ ਹੀ ਹਿੰਦੀ ਭਾਸ਼ਾ ਦੀ ਰਚਨਾ ਕਿਸੇ ਦੇਵੀ ਦੇਵਤੇ ਨੇ ਹੀ ਕੀਤੀ ਹੈ, ਸਗੋਂ ਇਹ ਭਾਸ਼ਾ ਸੰਸਕ੍ਰਿਤ ਦਾ ਸਰਲ ਰੂਪ ਹੈ। ਏਸੇ ਹੀ ਤਰ੍ਹਾਂ ਅੰਗ੍ਰੇਜ਼ੀ ਅਤੇ ਫਾਰਸੀ ਬਾਈਬਲ ਅਤੇ ਕੁਰਾਨ ਸ਼ਰੀਫ ਲਿਖਣ ਤੋਂ ਪਹਿਲਾਂ ਹੋਂਦ ਵਿਚ ਸਨ। ਹੁਣ ਆਓ ਲੱਚਰ ਗੀਤਾਂ ਵੱਲ, ਜੋ ਗੀਤਕਾਰਾਂ ਨੇ ਲਿਖੇ ਹਨ ਅਤੇ ਗਾਇਕਾਂ ਨੇ ਗਾਏ ਹਨ, ਉਹਨਾਂ ਵੱਲ ਵੀ ਝਾਤ ਮਾਰੀਏ। ਹਿੰਦੀ ਗੀਤ ਫਿਲਮਾਂ ਵਾਸਤੇ ਅਤੇ ਨਿਰਦੇਸ਼ਕ ਦੇ ਇਸ਼ਾਰਿਆਂ ਉਤੇ ਲਿਖੇ ਗਏ ਹਨ ਇਸ ਲਈ ਜੇਕਰ ਉਹਨਾਂ ਨੂੰ ਲਿਖਣ ਅਤੇ ਗਾਉਣ ਵਿਚ ਕੋਈ ਲਚਰਤਾ ਹੈ ਵੀ ਤਾਂ ਉਹ ਆਮ ਜਨਤਾ ਦੇ ਧਿਆਨ ਵਿਚ ਹੀ ਨਹੀਂ ਆਈ, ਕਿਉਂਕਿ ਉਹ ਫਿਲਮੀ ਦੁਨੀਆਂ ਵਿਚ ਹੀ ਰਹਿ ਗਈ। ਲੋਕਾਂ ਨੇ ਮੰਦਰਾਂ ਵਿਚ ਕੇਵਲ ਧਾਰਮਿਕ ਗੀਤ ਅਤੇ ਭੇਟਾਂ ਹੀ ਸੁਣੀਆਂ ਜਦੋਂ ਕਿ ਪੰਜਾਬੀ ਗੀਤਕਾਰਾਂ ਨੇ ਆਪਣੇ ਆਪ ਨੂੰ ਮਾਰਕਿਟ ਵਿਚ ਲਿਆਉਣ ਵਾਸਤੇ ਸਮੇਂ ਅਤੇ ਸਰੋਤਿਆਂ ਦੀ ਚਾਹਤ ਦੇਖੀ ਅਤੇ ਇਸ ਕੰਮ ਲਈ ਉਹਨਾਂ ਨੂੰ ਗਾਇਕ ਵੀ ਮਿਲ ਗਏ ਕਿਉਂਕਿ ਪੰਜਾਬ ਵਿਚ ਬੇਰੁਜ਼ਗਾਰੀ ਹੋਣ ਕਰਕੇ ਅਤੇ ਆਬਾਦੀ ਦੀ ਘਣਤਾ (14253 ਪ੍ਰਤਿ ਮੀਲ) ਕਰਕੇ, ਪੈਸਾ ਕਮਾਉਣ ਲਈ ਕੋਈ ਵੀ ਕੁਝ ਵੀ ਕਰਨ ਨੂੰ ਤਿਆਰ ਬੈਠਾ ਹੈ। ਇਹ ਤਾਂ ਲਿਖਣ ਵਾਲਿਆਂ ਦੀ ਸੋਚ ਅਤੇ ਗਾਉਣ ਵਾਲਿਆਂ ਦੀ ਆਰਥਿਕ ਸਥਿਤੀ ਉਤੇ ਨਿਰਭਰ ਕਰਦਾ ਹੈ। ਇਸ ਦੇ ਉਲਟ ਪੰਜਾਬੀ ਫਿਲਮਾਂ ਦੀ ਗਿਣਤੀ ਹਿੰਦੀ ਦੇ ਟਾਕਰੇ ਬਹੁਤ ਘੱਟ ਹੈ ਅਤੇ ਉਤਪਾਦਕ ਪੈਸੇ ਅਤੇ ਸਫਲਤਾ ਦਾ ਜ਼ੋਖਮ ਲੈਣ ਵਾਸਤੇ ਤਿਆਰ ਨਹੀਂ ਹਨ; ਇਸ ਲਈ ਗਾਇਕਾਂ ਕੋਲ ਵੀ ਪੰਜਾਬੀ ਅਖਾੜਿਆਂ ਤੋਂ ਬਿਨਾਂ ਹੋਰ ਕੋਈ ਪਿੜ ਹੀ ਨਹੀਂ ਰਹਿ ਜਾਂਦਾ। ਸੋ ਇਹ ਤਾਂ ਸਭ ਕੁਝ ਪੰਜਾਬੀ ਦੀ ਕਹਾਵਤ, “ਭੁੱਖੀ ਮਹੀਂ ਤੇ ਗਿਲੀ ਤੂੜੀ” ਅਤੇ “ਮਰਦਾ ਕੀ ਨਹੀਂ ਕਰਦਾ” ਦੇ ਅਖਾਣਾਂ ਅਨੁਸਾਰ, ਗਾਇਕ ਅਤੇ ਗੀਤਕਾਰ ਰੋਟੀ ਖਾਤਰ, ਪੰਜਾਬ ਦੀ ਜਵਾਨੀ ਦਾਅ ਉਤੇ ਲਾਈ ਜਾ ਰਹੇ ਹਨ ਜਿਸ ਨੂੰ ਸ਼ਹਿਰੀ ਪੰਜਾਬੀ ਸ਼ਹਿ ਦੇ ਰਹੇ ਹਨ।

ਆਖਰ ਵਿਚ ਦੇਸ਼ ਅਤੇ ਪ੍ਰਦੇਸ ਵਸਦੇ ਸਮੁੱਚੇ ਪੰਜਾਬੀ ਭਾਈਚਾਰੇ ਨੂੰ ਪੁਰਜੋਰ ਸ਼ਬਦਾਂ ਵਿਚ ਅਪੀਲ ਹੈ ਕਿ ਆਪਣੀ ਪੰਜਾਬੀਅਤ ਕਾਇਮ ਰਖਣ ਵਾਸਤੇ ਭੇਡ ਚਾਲ ਨੂੰ ਛੱਡੋ ਅਤੇ ਆਪਣੀ ਮਾਂ-ਬੋਲੀ ਨੂੰ ਕਾਇਮ ਰੱਖਣ ਵਾਸਤੇ ਜਿਥੇ ਕਿਤੇ ਵੀ ਤੁਸੀਂ ਬੈਠੇ ਹੋ, ਆਪਣੀ ਮਾਂ ਬੋਲੀ ਦਾ ਸਿਰ ਉਚਾ ਕਰੋ, ਮਰਦਮਸ਼ੁਮਾਰੀ ਵੇਲੇ ਪੰਜਾਬੀ ਆਪਣੀ ਮਾਤ-ਭਾਸ਼ਾ ਲਿਖਾਓ ਅਤੇ ਜਿਥੇ ਕਿਤੇ ਤਰਜਮਾਨ ਦੀ ਲੋੜ ਪਵੇ, ਆਪਣੀ ਮਾਂ-ਬੋਲੀ ਦਾ ਤਰਜਮਾਨ ਮੰਗੋ। ਸਰਕਾਰ ਆਪਣੇ ਆਪ ਦੇਵੇਗੀ। ਇਸ ਦੇ ਨਾਲ ਨਾਲ ਸਰਕਾਰ ਨੂੰ ਸਾਡੀ ਗਿਣਤੀ ਅਤੇ ਬੋਲੀ ਬਾਰੇ ਵੀ ਪਤਾ ਲਗੇਗਾ ਜਿਸ ਨਾਲ ਉਸ ਦੇਸ਼ ਵਿਚ ਸਾਡਾ ਮਾਣ ਵੀ ਵਧੇਗਾ।
****