ਰਿਸ਼ਤਿਆਂ ਦਾ ਹਿਸਾਬ.......... ਨਜ਼ਮ/ਕਵਿਤਾ / ਸ਼ੈਲੀ ਅਰੋੜਾ

ਤੂੰ ਵੀ ਸੋਚਦਾ ਹੋਵੇਂਗਾ ਕਿ ਕਿੰਨੀ
ਅਜੀਬ ਹਾਂ ਮੈਂ,
ਲੜਦੀ ਹਾਂ,
ਝਗੜਦੀ ਹਾਂ
ਤੇ ਫਿਰ
ਆਪ ਹੀ ਮੰਨ ਜਾਂਦੀ ਹਾਂ,
ਸੱਜਣਾ,
ਤੂੰ ਸ਼ਾਇਦ ਹਾਲੇ ਤੋਲ-ਤੋਲਾਈ
ਕੀਤੀ ਨਹੀ ਹੋਣੀ,
ਇਹ ਜੋ ਰਿਸ਼ਤੇ ਹੁੰਦੇ ਨੇ ਨਾਂ
ਅਕਸਰ
ਮਹਿੰਗੇ ਭਾਅ ਮਿਲਦੇ ਨੇ,
ਇਹਨਾਂ ਦਾ ਵਜ਼ਨ ਬੰਦੇ ਦੀ ਸਖ਼ਸ਼ੀਅਤ
ਤੋਂ ਵੀ ਵੱਧ ਕੇ ਹੁੰਦਾ ਏ,
ਤੈਨੂੰ ਪਤਾ ਈ ਏ ਕਿ ਕਿਤਾਬੀ
ਹਿਸਾਬ 'ਚ
ਹੱਥ ਤੰਗ ਏ ਮੇਰਾ,
ਪਰ ਤੂੰ ਫਿਕਰ ਨਾ ਕਰੀਂ
ਰਿਸ਼ਤਿਆ ਦੇ
ਜੋੜ-ਘਟਾਉ
ਜੁਬਾਨੀ ਯਾਦ ਨੇ ਮੈਨੂੰ,
ਲੱਖ ਅਨਪੜ ਸਹੀ ਮੈਂ,
ਪਰ
ਆਪਣੇ ਰਿਸ਼ਤੇ ਦੇ ਅੱਗੇ
ਘਟਾਉ ਦਾ ਨਿਸ਼ਾਨ ਨਾ ਪੈਣ
ਦਿਆਂਗੀ ਮੈਂ
ਤੇ ਜਦ ਵੀ ਜ਼ੀਰੋ ਆਇਆ ਹੱਲ 'ਚ
ਮੈਂ ਆਪ
ਇੱਕ ਬਣ ਕੇ ਖੜ ਜਾਵਾਂਗੀ
ਉਸ ਦੇ ਅੱਗੇ.....