ਜੇ ਤੂੰ ਅਕਲਿ ਲਤੀਫ਼ ਹੈ ਕਾਲ਼ੇ ਲਿਖ ਨਾ ਲੇਖ ।
ਆਪਨੜੇ ਗਿਰੀਵਾਨ ਮਹਿ ਸਿਰ ਨੀਵਾਂ ਕਰ ਦੇਖ ।।
-- ਬਾਬਾ ਸ਼ੇਖ਼ ਫ਼ਰੀਦ ਜੀ


ਥਾਈ ਯੱਕੇ ਦੀ ਸਵਾਰੀ.......... ਲੇਖ / ਰਿਸ਼ੀ ਗੁਲਾਟੀ

ਇਹ ਗੱਲ ਤਾਂ ਸੋਲਾਂ ਆਨੇ ਸੱਚੀ ਹੈ ਕਿ ਪੰਜਾਬੀ ਕਿਤੇ ਵੀ ਕਿਉਂ ਨਾ ਜਾਣ, ਆਪਣੀ ਪਹਿਚਾਣ ਬਰਕਰਾਰ ਰੱਖਦੇ ਹਨ । ਉਹ ਪਹਿਚਾਣ ਕਿਸ ਰੂਪ ਵਿੱਚ ਹੁੰਦੀ ਹੈ, ਇਹ ਗੱਲ ਜੁਦਾ ਹੈ । ਪਿਛਲੇ ਦਿਨਾਂ ਦੀ ਹੀ ਗੱਲ ਲੈ ਲਵੋ, ਥਾਈ ਏਅਰਲਾਈਨਜ਼ ਰਾਹੀਂ ਦਿੱਲੀ ਤੋਂ ਬੈਂਕਾਕ ਦੇ ਰਸਤੇ ਵਿੱਚ ਸਾਡੇ ਵੀਰਾਂ ਨੇ ਜੋ ਗੰਦ ਪਾਇਆ ਉਹ ਨਾ-ਭੁੱਲਣਯੋਗ ਹੈ....

“ਚੱਲ ਬਾਈ, ਸਟਾਰਟ ਕਰ ਲੈ”


“ਤੁਰ ਪੈ ਹੁਣ ਤਾਂ” ਜਿਹੀਆਂ ਆਵਾਜਾਂ ਮੇਰੀ ਪਿਛਲੀ ਸੀਟ ਤੋਂ ਹੀ ਆ ਰਹੀਆਂ ਸਨ । ਸਹੀ ਟਾਈਮ ਤੇ ਜਹਾਜ਼ ਨੇ ਉਡਾਨ ਭਰੀ ਤੇ
“ਡਰਾਈਵਰ ਵੀਰ” ਨੇ ਸਾਵਧਾਨੀ ਭਰੀਆਂ ਗੱਲਾਂ ਦੱਸਣੀਆਂ ਸ਼ੁਰੂ ਕੀਤੀਆਂ ।
“ਬਾਈ ਪੰਜਾਬੀ ‘ਚ ਦੱਸ, ਇਉਂ ਨਹੀਂ ਸਮਝ ਆਉਂਦੀ”
ਇਥੋਂ ਤੱਕ ਦੀਆਂ ਗੱਲਾਂ ਤਾਂ ਪੰਜਾਬੀਆਂ ਦੇ ਹਸਮੁੱਖ ਤੇ ਖੁੱਲੇ ਸੁਭਾਅ ਦੀ ਪਹਿਚਾਣ ਲੱਗ ਰਹੀ ਸੀ, ਜਦ ਵੀ ਜਹਾਜ਼ ਗੜਗੜਾਹਟ ਪੈਦਾ ਕਰਦਾ ਜਾਂ ਹਿੱਲਦਾ ਤਾਂ ਜੋ ਕੁਝ ਸੁਣਿਆ ਉਹ ਸ਼ਰਮਸਾਰ ਕਰਦਾ ਸੀ, ਕਿਉਂ ਜੋ ਨਾਲ਼ ਦੀਆਂ ਸੀਟਾਂ ਤੇ ਹਰਿਆਣਾ, ਦਿੱਲੀ ਤੋਂ ਛੁੱਟ ਹੋਰ ਦੇਸ਼ਾਂ ਦੀਆਂ ਸਵਾਰੀਆਂ ਵੀ ਬੈਠੀਆਂ ਸਨ ਪਰ ‘ਵਾਜਾਂ ਕੇਵਲ ਸਾਡੇ ਸਪੂਤਾਂ ਦੀਆਂ ਆ ਰਹੀਆਂ ਸਨ ।
“ਇਹ ਤਾਂ ਡਿੱਗਣ ਲੱਗਾ ਬਾਈ”
“ਸਵਾਰੀ ਆਪਣੇ ਸਮਾਨ ਦੀ ਆਪ ਜੁੰਮੇਵਾਰ ਹੈ”
“ਰੱਬਾ ਰੱਖ ਲੈ”
“ਬਾਈ ਮੇਰਾ ਬੀਮਾ ਨਹੀਂ ਹੋਇਆ”
ਤੜਕੇ ਸਾਝਰੇ ਹੀ ਸਾਢੇ ਸੱਤ ਵਜੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਵਿੱਚ ਦਾਖ਼ਲ ਹੋ ਗਏ ਸਾਂ ਤਾਂ ਜੋ ਭੀੜ ਵਿੱਚ ਫਸ ਕੇ ਕੋਈ ਸਮੱਸਿਆ ਨਾ ਪੇਸ਼ ਆ ਜਾਵੇ । ਜਾ ਕੇ ਸਮਾਨ ਜਮ੍ਹਾਂ ਕਰਵਾਇਆ ਤੇ ਇਮੀਗਰੇਸ਼ਨ ਕਾਊਂਟਰ ਤੇ ਜਾ ਖੜ੍ਹੇ ਹੋਏ । ਕਲੀਅਰੈਂਸ ਤੋਂ ਬਾਅਦ ਡੇਢ ਘੰਟਾ ਵੇਟਿੰਗ ਹਾਲ ਵਿੱਚ ਗੁਜ਼ਾਰਿਆ । ਲੁਧਿਆਣੇ ਦਾ ਇੱਕ ਵੀਰ ਨਾਲ਼ ਦੀ ਕੁਰਸੀ ਤੇ ਆ ਬੈਠਿਆ । ਅਸੀਂ ਘਰੋਂ ਦੇਸੀ ਘਿਉ ਵਾਲੇ ਆਲੂ ਦੇ ਪਰੌਂਠੇ ਬਣਵਾ ਕੇ ਲੈ ਗਏ ਸਾਂ ।
“ਲੈ ਬਾਈ, ਪਰੌਂਠੇ ਖਾ ਲੈ”
“ਬੱਸ ਬਾਈ ਜੀ, ਤੁਸੀਂ ਖਾਓ, ਮੈਂ ਬਾਹਰ ਕੈਂਟੀਨ ਤੋਂ ਖਾ ਕੇ ਹੀ ਅੰਦਰ ਆਇਆ ਹਾਂ”
“ਖਾ ਲੈ ਵੀਰ, ਮਾਂ ਦੇ ਹੱਥ ਦੇ ਅਖੀਰਲੀ ਵਾਰ ਮਿਲ ਰਹੇ ਨੇ, ਮੁੜਕੇ ਪਤਾ ਨਹੀਂ ਕਦੋਂ ਨਸੀਬ ਹੋਣ”
ਗੱਲ ਸੱਚੀ ਵੀ ਸੀ ਤੇ ਕੌੜੀ ਸਚਾਈ ਵੀ, ਕੁਦਰਤੀ ਮੂੰਹੋਂ ਨਿੱਕਲ ਗਈ । ਇਸ ਕੌੜੀ ਸਚਾਈ ਦੇ ਅੱਗੇ ਆਉਂਦਿਆਂ ਹੀ ਅਸੀਂ ਤਿੰਨਾਂ ਨੇ ਚੁੱਪ-ਚਾਪ ਪਰੌਂਠੇ ਖਾ ਲਏ । ਸ਼ਾਇਦ ਸਭ ਨੂੰ ਭਵਿੱਖ ਵਿੱਚ ਆ ਰਹੇ ਸਮੇਂ ਬਾਰੇ ਅਹਿਸਾਸ ਹੋ ਰਿਹਾ ਸੀ । ਮੈਨੂੰ ਇਸ ਗੱਲ ਦਾ ਭਲੀ ਭਾਂਤ ਅੰਦਾਜ਼ਾ ਹੋ ਗਿਆ ਕਿ ਪਰਵਾਸੀ ਵੀਰ ਇਸ ਗੱਲ ਦੀ ਰਟ ਕਿਉਂ ਲਾਈ ਰੱਖਦੇ ਹਨ ਕਿ “ਬਾਹਰ ਕੁਝ ਨਹੀਂ ਰੱਖਿਆ, ਪੰਜਾਬ ਵਿੱਚ ਹੀ ਸਰਦਾਰੀ ਹੈ, ਆਪਣਾ ਪਰਿਵਾਰ ਹੈ ।” ਜਦ ਕੋਈ ਪਰਵਾਸੀ ਦੋਸਤ ਇਹ ਗੱਲ ਮੈਨੂੰ ਕਹਿੰਦਾ ਸੀ ਤਾਂ ਮੇਰਾ ਜੁਆਬ ਹੁੰਦਾ ਸੀ “ਸਾਲਿਆ ਜੇ ਤੈਨੂੰ ਏਨਾਂ ਚਾਅ ਹੈ ਇਸ ਮਿੱਟੀ ਦਾ ਤਾਂ ਇੱਥੇ ਕਿਉਂ ਨਹੀਂ ਰਹਿ ਜਾਂਦਾ, ਇਹ ਤਾਂ ਥੋਡੀਆਂ ਕਹਿਣ ਦੀਆਂ ਹੀ ਗੱਲਾਂ ਨੇ... ਘਰ... ਪਰਿਵਾਰ... ਵਤਨ... ਮਿੱਟੀ... ਚਾਰ ਦਿਨ ਇੱਥੇ ਲਗਾ ਕੇ ਮੁੜ ਉਡਾਰੀ ਮਾਰ ਜਾਂਦੇ ਹੋ”, ਪਰ ਇਸ ਨਾਲ ਹੀ ਇਸ ਗੱਲ ਦਾ ਵੀ ਅਹਿਸਾਸ ਸੀ ਕਿ ਉਹ ਲੋਕ ਕਿਉਂ ਆਪਣੀਆਂ ਸਰਦਾਰੀਆਂ ਛੱਡ ਕੇ ਦਿਹਾੜੀਆਂ ਕਰਨੀਆਂ ਮਨਜ਼ੂਰ ਕਰਦੇ ਨੇ । ਮੇਰਾ ਵੀ ਤਾਂ “ਸ਼ਾਹੀ ਕੰਮ” ਸੀ, ਆਪਣੇ ਸ਼ਹਿਰ ਫ਼ਰੀਦਕੋਟ ਵਿੱਚ । ਫਿਰ ਮੈਂ ਕਿਉਂ ਭਰਿਆ ਪੂਰਾ ਪਰਿਵਾਰ ਤੇ ਕੰਮ-ਕਾਰ ਛੱਡ ਕੇ, ਉਸੇ ਰਸਤੇ ਦਾ ਰਾਹੀ ਬਣ ਗਿਆ, ਜਿਸ ‘ਤੇ ਚੱਲਣ ‘ਤੇ ਹੋਰਨਾਂ ਨੂੰ ਟੋਕਦਾ ਸੀ, ਜ਼ਾਹਿਰ ਜਿਹਾ ਕਾਰਨ ਹੈ ਸਾਡਾ ਸਮਾਜਿਕ ਤਾਣਾ ਬਾਣਾ, ਜੋ ਇਤਨਾ ਜਿ਼ਆਦਾ ਉਲਝ ਚੁੱਕਾ ਹੈ ਕਿ ਹਰ ਕੋਈ ਖੁਦਗਰਜ਼ੀ, ਭ੍ਰਿਸ਼ਟਾਚਾਰ ਤੇ ਹੋਰ ਅਲਾਮਤਾਂ ‘ਚ ਏਨੀ ਬੁਰੀ ਤਰ੍ਹਾਂ ਉਲਝ ਚੁੱਕਾ ਹੈ ਕਿ ਕਿਸੇ ਦੇ ਆਜ਼ਾਦ ਹੋਣ ਦਾ ਕੋਈ ਰਸਤਾ ਨਜ਼ਰ ਨਹੀਂ ਆਉਂਦਾ । ਹਰ ਕੋਈ ਦੂਜੇ ਦੇ ਹੱਕ ਤੇ ਬੜੇ ਅਧਿਕਾਰ ਨਾਲ ਡਾਕਾ ਮਾਰ ਰਿਹਾ ਹੈ । ਕੋਈ ਆਪਣਾ ਫ਼ਰਜ਼ ਪਹਿਚਾਨਣ ਨੂੰ ਤਿਆਰ ਨਹੀਂ । ਚਾਹੇ ਸਰਕਾਰੀ ਅਫ਼ਸਰ ਹੈ, ਮੁਲਾਜ਼ਮ ਹੈ ਜਾਂ ਦੁਕਾਨਦਾਰ । ਮਿਲਾਵਟਖੋਰੀ ਤੇ ਰਿਸ਼ਵਤਖੋਰੀ ਵਿੱਚ ਸਾਡਾ ਪਹਿਲਾ ਨੰਬਰ ਹੈ । ਕੋਈ ਦੁਕਾਨਦਾਰ ਇਹ ਸੋਚਣ ਲਈ ਤਿਆਰ ਨਹੀਂ ਕਿ ਉਹਨਾਂ ਦੁਆਰਾ ਕੀਤੀ ਗਈ ਮਿਲਾਵਟ ਨਾਲ਼ ਕਿਨ੍ਹੇ ਕੁ ਲੋਕਾਂ ਦੀ ਸਿਹਤ ਨਾਲ਼ ਖਿਲਵਾੜ ਹੋ ਰਿਹਾ ਹੈ । ਖੁਰਾਕ ਕੁਆਲਟੀ ਕੰਟਰੌਲ ਨਾਲ਼ ਸਬੰਧਤ ਵਿਭਾਗਾਂ ਦੇ ਅਫ਼ਸਰ ਇਹ ਨਹੀਂ ਸੋਚਦੇ ਕਿ ਜਿਨ੍ਹਾਂ ਮਿਲਾਵਟ ਖੋਰ ਦੁਕਾਨਦਾਰਾਂ ਨੂੰ ਉਹ ਰਿਸ਼ਵਤ ਲੈ ਕੇ ਛੱਡ ਦਿੰਦੇ ਹਨ, ਉਨ੍ਹਾਂ ਦੁਆਰਾ ਕੀਤੀਆਂ ਗਈਆਂ ਮਿਲਾਵਟਾਂ ਨਾਲ਼ ਸਾਡੇ ਨੰਨੇ ਮੁੰਨੇ ਬੱਚੇ ਕਿੰਨੀਆਂ ਬਿਮਾਰੀਆਂ ਵਿੱਚ ਗ੍ਰਸਤ ਹੋ ਰਹੇ ਹਨ ।
ਖ਼ੈਰ ! ਇੰਤਜ਼ਾਰ ਖ਼ਤਮ ਹੋਈ ਤੇ ਸਵਾਰ ਹੋਣ ਦਾ ਇਸ਼ਾਰਾ ਮਿਲਦਿਆਂ ਹੀ ਸਭ ਲੋਕ ਲਾਈਨ ਬਣਾ ਕੇ ਜਹਾਜ਼ ਵਿੱਚ ਦਾਖ਼ਲ ਹੋਣ ਲੱਗੇ । ਗੇਟ ਤੇ “ਥਾਈ ਬੀਬੀਆਂ” ਸਭ ਨੂੰ ਹੱਥ ਜੋੜ, ਸਿਰ ਨਿਵਾ ਜੀ ਆਇਆਂ ਕਹਿ ਰਹੀਆਂ ਸਨ । ਅਸੀਂ ਵੀ ਕਿਸੇ ਚੰਗੇ ਲੀਡਰ ਵਾਂਗ ਛਾਤੀ ਫੁਲਾ ਕੇ ਤੇ ਧੋਣ ਅਕੜਾ ਕੇ, ਸਿਰ ਨੂੰ ਹਲਕੀ ਜਿਹੀ ਜੁੰਬਿਸ਼ ਦਿੰਦਿਆਂ ਉਨ੍ਹਾਂ ਦੀ ਜੀ ਆਇਆਂ ਪ੍ਰਵਾਨ ਕੀਤੀ । ਅੱਜ ਤੱਕ ਸਾਡੀ ਵੱਧ ਤੋਂ ਵੱਧ ਮਾਰ ਆਪਣਾ ਨੀਲਾ ਮੋਟਰਸਾਇਕਲ ਜਾਂ ਫਿਰੋਜ਼ਪੁਰ-ਦਿੱਲੀ ਪੰਜਾਬ ਮੇਲ ਹੀ ਸੀ, ਪਰ ਅੱਜ ਉਸ ਜਹਾਜ਼ ਵਿੱਚ ਸਵਾਰ ਹੋਣ ਦਾ ਮੌਕਾ ਮਿਲਿਆ ਸੀ, ਜਿਸਨੂੰ ਬਚਪਨ ਤੋਂ ਲੈ ਕੇ ਡੇਢ ਘੰਟਾ ਪਹਿਲਾਂ ਤੱਕ ਅੱਖਾਂ ਤੇ ਹੱਥ ਦੀ ਛਤਰੀ ਬਣਾ, ਮੂੰਹ ਉੱਚਾ ਚੁੱਕ ਕੇ ਹੀ ਦੇਖਿਆ ਸੀ । ਡੇਢ ਘੰਟਾ ਮੈਂ ਤਾਂ ਕਿਹਾ ਹੈ ਕਿ ਵੇਟਿੰਗ ਰੂਮ ‘ਚੋਂ ਸ਼ੀਸ਼ੇ ਥਾਣੀਂ ਬਾਹਰ ਖੜਾ ਜਹਾਜ਼ ਤੱਕਦਿਆਂ ਏਨਾ ਟਾਈਮ ਤੋਂ ਹੋ ਹੀ ਚੱਲਾ ਸੀ । “ਸਾਖ਼ਸ਼ਾਤ” ਪਲੇਨ ਵਿੱਚ ਬੈਠ ਕੇ ਨਾਲ ਬੈਠੀ ਘਰ ਵਾਲੀ ਦੇ ਚੂੰਢੀ ਵੱਢੀ ।
“ਹਟੋ ਜੀ! ਕੀ ਕਰਦੇ ਹੋ”
“ਭਾਗਵਾਨੇ ਮੈਂ ਤਾਂ ਦੇਖਦਾ ਸੀ ਕਿ ਸੱਚੀ ਮੁੱਚੀਂ ਜਹਾਜ਼ ਵਿੱਚ ਬੈਠੇ ਆਂ ਕਿ ਕੋਈ ਸੁਪਨਾਂ ਚੱਲ ਰਿਹੈ”
“ਚੰਗਾ... ਚੰਗਾ... ਇਉਂ ਕਰੋ ਪਈ ਮੰਮੀ ਹੋਰਾਂ ਨਾਲ਼ ਮੇਰੀ ਗੱਲ ਕਰਵਾਓ”
ਖੁਸ਼ੀਆਂ ਨਾਲ਼ ਫੁੱਲੀ ਘਰ ਵਾਲੀ ਨੇ ਵਾਰੀ ਸਿਰ ਸਾਰੇ ਪਰਿਵਾਰ ਨੂੰ “ਥਾਈ ਯੱਕੇ” ਵਿੱਚ ਸਵਾਰ ਹੋਣ ਬਾਰੇ ਦੱਸਿਆ ਤੇ ਸਾਰਿਆਂ ਨੇ ਫ਼ੋਨ ਤੇ ਇੱਕ ਦੂਜੇ ਤੋਂ ਅੱਗੇ ਵਧ ਕੇ ਵਧਾਈਆਂ ਦਿੱਤੀਆਂ । ਖ਼ੈਰ ਪਾਇਲਟ ਵੀਰ ਨੇ ਸੈਲਫ਼ ਮਾਰਿਆ ਤੇ ਯੱਕਾ ਅਸਮਾਨੀਂ ਚਾੜ੍ਹ ਲਿਆ । “ਬੀਬੀਆਂ” ਨੇ ਭੁੱਜੇ ਹੋਏ ਕਾਜੂ ਵਰਤਾ ਕੇ “ਖਾਓ-ਪੀਓ ਸਫ਼ਰ” ਦੀ ਸ਼ੁਰੂਆਤ ਕੀਤੀ । ਮੈਨੂੰ ਮੂੰਗਫਲੀਆਂ ਚੱਬਣ ਵਾਲੇ ਨੂੰ ਵਿਦੇਸ਼ੀ ਕਾਜੂਆਂ ਨੇ ਡਾਹਢਾ ਸੁਆਦ ਦਿੱਤਾ ਤੇ ਨਾਲ਼ ਦੀ ਨਾਲ਼ ਜੂਸ ਦੀ ਰੇਹੜੀ ਆ ਗਈ । ਅਸੀਂ ਦੋਹਾਂ ਜੀਆਂ ਨੇ ਸਟਾਈਲ ਮਾਰ-ਮਾਰ ਜੂਸ ਸਿੱਪ ਕੀਤਾ ਤੇ ਹਿੰਦੀ ਗੀਤਾਂ ਦਾ ਆਨੰਦ ਲੈਣ ਲੱਗੇ । ਬਾਹਰ ਦੇ ਨਜ਼ਾਰੇ ਤੱਕਦਿਆਂ ਕੁਝ ਦੇਰ ਬੀਤੇ ਸਮੇਂ ਤੇ ਵਿਚਾਰ ਕੀਤੀ ਤਾਂ ਯਾਦ ਆਇਆ ਕਿ ਸਾਡੇ ਕਿਆਂ ‘ਚੋਂ ਅਸੀਂ ਪਹਿਲੇ ਹੀ ਸਾਂ, ਜਿਨ੍ਹਾਂ “ਬਾਹਰ” ਆਉਣ ਦਾ ਹੰਭਲਾ ਮਾਰਿਆ ਸੀ । ਉਂਜ ਤਾਂ ਸਾਡੇ ਖ਼ਾਨਦਾਨ ਵਿੱਚ ਸਾਈਕਲਾਂ ਤੇ ਚਿੰਤਪੁਰਨੀ ਵੀ ਜਾਣ ਵਾਲਾ ਅੱਜ ਤੱਕ ਦਾ ਪਹਿਲਾ ਤੇ ਅਖ਼ੀਰਲਾ ਜੋੜਾ ਵੀ ਅਸੀਂ ਹੀ ਹਾਂ ।
ਨਾਲ਼ ਦਾ ਲੁਧਿਆਣੇ ਦਾ ਵੀਰ “ਮੁਫ਼ਤ ਦੀ ਬੀਅਰ” ਦਾ ਮੀਟਰ ਚੰਗੀ ਰਫ਼ਤਾਰ ਤੇ ਖਿੱਚੀ ਜਾਂਦਾ ਸੀ ।
“ਜੇ ਸਫ਼ਰ ‘ਚ ਬੀਅਰ ਪੀ ਕੇ “ਹੌਲੇ” ਹੋ ਆਈਏ ਤਾਂ ਮੂਡ ਫਰੈਸ਼ ਹੋ ਜਾਂਦਾ ਹੈ” ਲੁਧਿਆਣੇ ਵਾਲੇ ਵੀਰ ਨੇ ਖੁਲਾਸਾ ਕੀਤਾ ।
ਹੁਣ ਬੀਅਰ-ਸ਼ੀਅਰ ਆਪਣੇ ਵੱਸ ਦਾ ਰੋਗ ਤਾਂ ਹੈ ਨਹੀਂ, ਸੋ “ਬਾਥਰੂਮ ਜਾ ਕੇ ਮੂਡ ਫਰੈਸ਼ ਹੋਣ ਵਾਲੀ ਗੱਲ” ਆਪਣੀ ਸਮਝ ਤੋਂ ਬਾਹਰ ਸੀ । ਦੁਪਹਿਰ ਦੇ ਖਾਣੇ ਦਾ ਵਕਤ ਹੋ ਚੱਲਾ ਸੀ, ਇਸ ਸਮੇਂ ਥਾਈ ਭੋਜਨ ਮਿਲਿਆ, ਜਿਸ ਵਿੱਚ ਚਾਵਲ, ਸੁੱਕੇ ਰਾਜਮਾਂਹ ਨਾਲ ਗੋਭੀ ਦੀ ਉਬਲੀ ਸਬਜ਼ੀ ਸੀ । ਸਲਾਦ ਵਿੱਚ ਅੱਲ੍ਹੜ ਉਮਰ ਦੀਆਂ ਛੱਲੀਆਂ ਤੇ ਨਿਆਣਾ ਜਿਹਾ ਸਬੂਤਾ ਟਮਾਟਰ ਸੀ । ਕੱਚਾ ਥਾਈ ਸਾਗ ਕੁਝ ਕੌੜਾ ਲੱਗਿਆ ਪਰ ਇਹ ਸਭ ਪਹਿਲੀ ਵਾਰ ਚੱਖਿ਼ਆ ਸੀ ।
ਇਸ ਸਫ਼ਰ ਵਿੱਚ ਬੜੇ ਅਨੁਭਵ ਪਹਿਲੀ ਵਾਰ ਹੋ ਰਹੇ ਸਨ ਪਰ ਭੈੜੀ ਤਾਂ ਉਦੋਂ ਹੋਈ ਜਦੋਂ ਚੰਗੇ ਭਲੇ ਕਰੋੜਾਂ ਦੇ ਜਹਾਜ਼ ਵਿੱਚ “ਘੀਸੀ” ਕਰਨੀ ਪੈ ਗਈ । ਵੈਸੇ ਤਾਂ ਆਦਤ ਹੈ ਕਿ ਅਜਿਹੇ ਸਮੇਂ ਭਾਵੇ ਆਪਣਾ ਘਰ ਵੀ ਕਿਉਂ ਨਾ ਹੋਵੇ, ਪਹਿਲਾਂ ਪਾਣੀ ਦਾ ਇੰਤਜ਼ਾਮ ਚੈੱਕ ਕਰਦਾ ਹਾਂ । ਇੱਥੇ ਵੀ ਬੜੀ ਨਿਗ੍ਹਾ ਮਾਰੀ ਕਿ ਸ਼ਾਇਦ ਪਾਣੀ ਦਾ ਕੋਈ ਜੁਗਾੜ ਪਤਾ ਲੱਗ ਜਾਵੇ ਪਰ ਕਿੱਥੇ...? ਉੱਤੋਂ ਹੋਣੀ ਨੇ ਆਪਣਾ ਜ਼ੋਰ ਮਾਰਿਆ ਹੋਇਆ ਸੀ ਤੇ ਹੋਣੀ ਤਾਂ ਹੋ ਕੇ ਹੀ ਰਹਿੰਦੀ ਹੈ । ਹੁਣ ਹੱਥ ਧੋਣ ਵਾਲੇ ਵਾਸ਼ਬੇਸਨ ਤੇ ਕੋਈ ਜੁਗਾੜ ਲਾਉਣਾ ਮੈਨੂੰ ਨਹੀਂ ਸੀ ਆਉਂਦਾ । ਬੱਸ ਆ ਗਿਆ ਬਚਪਨ ਯਾਦ ਕਿ ਛੋਟੇ ਹੁੰਦਿਆਂ ਪਿੰਡ ਰਹਿੰਦਿਆਂ ਖੇਤਾਂ ‘ਚ ਮਿੱਟੀ ਦੇ ਡਲੇ ਨਾਲ਼ ਘੀਸੀ ਕਰਦੇ ਸੀ ਤੇ ਅੱਜ ਵਿਕਸਿਤ ਦੇਸ਼ਾਂ ਦੇ ਵਿਕਾਸ ਦਾ ਇੱਕ ਰੂਪ ਸਾਹਮਣੇ ਆ ਗਿਆ ਸੀ । ਧਿਆਨ ਆਉਂਦਾ ਹੈ ਕਿ ਅਸੀਂ ਤਾਂ ਵੈਸਟਰਨ ਸਟਾਈਲ ਫਲੱਸ਼ ‘ਚ ਬਹਿ ਕੇ ਟੂਟੀ ਚਲਾ ਪਾਣੀ ਦੀ ਤਤੀਰੀ ਨਾਲ਼ “ਹੱਥ” ਧੋਣ ਉਪਰੰਤ, ਦੋ ਵਾਰੀ ਸਾਬਣ ਲਾ ਕੇ “ਹੱਥ” ਧੋਂਦੇ ਹਾਂ ਤੇ ਇਹਨਾਂ ਲੋਕਾਂ ਨੇ ਕਿੰਨੇ ਜ਼ਰੂਰੀ ਕੰਮ ਨੂੰ ਕਿੰਨੀ ਘੱਟ ਅਹਿਮੀਅਤ ਦਿੱਤੀ ਸੀ ।
ਬੈਂਕਾਕ ਦੇ ਖੂਬਸੂਰਤ ਹਵਾਈ ਅੱਡੇ ਤੇ ਲੈਂਡ ਕਰਨ ਤੋਂ ਪਹਿਲਾਂ ਖਿੜਕੀ ‘ਚੋਂ ਨਜ਼ਰੀਂ ਪੈਂਦੇ ਕੁਦਰਤ ਦੇ ਖੂਬਸੂਰਤ ਨਜ਼ਾਰਿਆਂ ਨੇ ਮਨ ਮੋਹ ਲਿਆ । ਸੰਘਣੇ ਬੱਦਲਾਂ ਨੇ ਜਹਾਜ਼ ਦੇ ਥੱਲੇ ਵਾਲਾ ਆਸਮਾਨ ਆਪਣੇ ਆਗੋਸ਼ ਵਿੱਚ ਲਿਆ ਹੋਇਆ ਸੀ, ਜਾਪਦਾ ਸੀ ਜਿਵੇਂ ਬਰਫ਼ ਦੀਆਂ ਨਿੱਕੀਆਂ-ਨਿੱਕੀਆਂ ਪਹਾੜੀਆਂ ਹੋਣ । ਕੁਝ ਮਿੰਟਾਂ ‘ਚ ਜਹਾਜ਼ ਸੰਘਣੇ ਬੱਦਲਾਂ ਨੂੰ ਚੀਰਦਾ ਹੋਇਆ ਥੱਲੇ ਵੱਲ ਆਇਆ ਤਾਂ ਇੱਕ ਸਮੁੰਦਰੀ ਜਹਾਜ਼ ਨਜ਼ਰੀਂ ਪਿਆ ਤੇ ਬੱਦਲਾਂ ‘ਚੋਂ ਲੰਘਣ ਦਾ ਨਜ਼ਾਰਾ ਵੀ ਬੜਾ ਦਿਲਕਸ਼ ਸੀ । ਉੱਪਰ ਤਾਪਮਾਨ -56 ਡਿਗਰੀ ਸੀ ਤੇ ਥੱਲੇ 33 ਡਿਗਰੀ । ਇਹ ਸੰਯੋਗ ਵੀ ਪਹਿਲੀ ਵਾਰ ਦੇਖੇ ਸਨ । ਬੈਂਕਾਕ ਕਾਫ਼ੀ ਗਰਮੀ ਸੀ ਪਰ ਸਾਡੇ ਦੋ-ਦੋ ਕੋਟੀਆਂ ਚੜ੍ਹਾ ਕੇ ਉੱਪਰ ਜੈਕਟਾਂ ਪਾਈਆਂ ਹੋਈਆਂ ਸਨ । ਚੱਲੋ ਕਾਰਨ ਵੀ ਦੱਸ ਦਿੰਦਾ ਹਾਂ । ਹਾਲਾਂਕਿ ਦਿੱਲੀ ਏਨੀ ਸਰਦੀ ਨਹੀਂ ਸੀ ਪਰ ਜਦੋਂ ਬਾਹਰ ਜਾਣਾ ਹੋਵੇ ਤਾਂ ਬਾਹਰਲੇ ਮਹਿੰਗੇ ਸਮਾਨ ਨੂੰ ਮੱਦੇ-ਨਜ਼ਰ ਰੱਖਦਿਆਂ ਸਾਡੀ ਕੋਸਿ਼ਸ਼ ਵੱਧ ਤੋਂ ਵੱਧ ਸਮਾਨ ਲੈ ਕੇ ਜਾਣ ਦੀ ਹੁੰਦੀ ਹੈ । ਹੁਣ ਸਮਾਨ ਲੈ ਕੇ ਜਾਣ ਦੀ ਵੀ ਇੱਕ ਸੀਮਾ ਹੁੰਦੀ ਹੈ । ਆਪਾਂ ਭਾਵੇਂ ਦੋ-ਦੋ ਕੋਟੀਆਂ ਪਾਈਏ ਜਾਂ ਕੱਛੇ-ਬਨੈਣ ‘ਚ ਜਾਈਏ, ਆਪਣਾ ਵਜ਼ਨ ਤਾਂ ਹੋਣਾ ਨਹੀਂ, ਸੋ ਜਿਹੜਾ ਵਜ਼ਨ ਪਹਿਨੇ ਗਏ ਫਾਲਤੂ ਕੱਪੜਿਆਂ ਦਾ ਹੋਇਆ, ਉਤਨਾ ਵਜ਼ਨ ਅਸੀਂ ਬਰੀਫਕੇਸ ਵਿੱਚ ਹੋਰ ਪਾ ਕੇ ਲੈ ਜਾ ਸਕਦੇ ਹਾਂ ।
ਸੁਣਿਆ ਸੀ ਕਿ ਬੈਂਕਾਕ ਬੜਾ ਖੂਬਸੂਰਤ ਸ਼ਹਿਰ ਹੈ । ਇਹ ਸੁਣਿਆ ਹੀ ਰਹਿ ਗਿਆ ਕਿਉਂਕਿ ਏਅਰਪੋਰਟ ਤੋਂ ਬਾਹਰ ਜਾ ਕੇ ਘੁੰਮਣ ਦਾ ਵੀ ਟੈਕਸ ਲੱਗਦਾ ਹੈ । ਸੋ ਜਿੱਥੇ ਅਸੀਂ ਚੰਗਾ ਭਲਾ ਚਲਦਾ ਕੰਮਕਾਰ ਛੱਡ, ਸਭ ਕੁਝ ਵੇਚ ਵੱਟ ਕੇ ਡਾਲਰ ਕਮਾਉਣ ਦੀ ਦੌੜ ਵਿੱਚ ਸ਼ਾਮਲ ਹੋਣ ਲਈ ਵਿਦੇਸ਼ ਗਏ ਸਾਂ, ਉੱਥੇ ਇਹ ਖਰਚੇ ਕਰਨੇ ਮੁਨਾਸਿਬ ਨਾ ਲੱਗੇ । ਹੁਣ ਏਅਰਪੋਰਟ ਤੇ ਹੀ ਸੱਤ ਘੰਟੇ ਗੁਜ਼ਾਰਨੇ ਸਨ । ਸਭ ਤੋਂ ਪਹਿਲਾਂ ਲੋਕਲ ਸਮੇਂ ਮੁਤਾਬਿਕ ਘੜੀਆਂ ਡੇਢ ਘੰਟਾ ਅੱਗੇ ਕੀਤੀਆਂ ਤੇ ਸੋਚਿਆ ਕਿ ਕਿਉਂ ਨਾ ਮਾੜੀ ਮੋਟੀ ਕਲਮ ਘਸਾਈ ਕੀਤੀ ਜਾਵੇ । ਕਾਪੀ ਪੈਨ ਘਰੋਂ ਹੀ ਪੂਜਾ ਦੇ ਪਰਸ ਵਿੱਚ ਰੱਖ ਦਿੱਤਾ ਸੀ ਤਾਂ ਜੋ ਵਕਤ ਸਿਰ ਕੰਮ ਆ ਜਾਵੇ । ਕਲਮ ਘਸਾਈ ਕਰਦਿਆਂ ਜਿਸ ਚੀਜ਼ ਨੇ ਸਭ ਤੋਂ ਜਿ਼ਆਦਾ ਧਿਆਨ ਵੰਡਾਇਆ, ਉਹ ਸੀ ਉੱਚੀਆਂ ਅੱਡੀਆਂ ਦੀ ਠਕ-ਠਕ । ਕਦੇ ਏਧਰੋਂ ਓਧਰ ਠਕ-ਠਕ ਤੇ ਕਦੇ ਓਧਰੋਂ ਏਧਰ ਠਕ-ਠਕ । ਜੇ ਕਿਤੇ ਨਿਗ੍ਹਾ ਮਾੜੀ ਜਿਹੀ ‘ਤਾਂਹ ਚੁੱਕ ਲਵੋ ਤਾਂ ਚਿੱਟੀਆਂ ਲੱਤਾਂ ਨਜ਼ਰੀਂ ਪੈਂਦੀਆਂ ਹਨ । ਏਨੀਆਂ ਕੁ ਲੰਬੀਆਂ ਕਿ ਚੰਗੇ ਭਲੇ ਬੰਦੇ ਨੂੰ ਸਰਦੀ ਵਿੱਚ ਵੀ ਪਸੀਨਾ ਆ ਜਾਵੇ । ਸੱਤ ਘੰਟਿਆਂ ‘ਚ ਵਾਹਵਾ ਏਅਰਪੋਰਟ ਗਾਹ ਲਿਆ । ਚੀਜ਼ਾਂ ਤਾਂ ਸਾਰੀਆਂ ਹੀ ਚੰਗੀ ਕੁਆਲਟੀ ਦੀਆਂ ਸਨ ਪਰ ਜਦ ਵੀ ਕੋਈ ਪਸੰਦ ਜਿ਼ਆਦਾ ਜ਼ੋਰ ਮਾਰਦੀ ਤਾਂ ਫਰੀਦਕੋਟੋਂ ਤੁਰਨ ਲੱਗਿਆਂ ਮਿਲੀਆਂ ਹਦਾਇਤਾਂ ਠੋਕਰ ਮਾਰਦੀਆਂ “ਕਾਕਾ, ਚੱਲੇ ਤਾਂ ਹੋ, ਇੱਥੋਂ ਵਾਲੀਆਂ ਆਦਤਾਂ ਇੱਥੇ ਹੀ ਛੱਡ ਕੇ ਜਾਣਾ, ਇਉਂ ਨਾ ਹੋਵੇ ਕਿ ਜੋ ਪੱਲੇ ਹੈ, ਖ਼ਰਚ ਦਿਉਂ ਤੇ ਜੌਬ ਮਿਲਣ ਵਿੱਚ ਮਾੜੀ ਮੋਟੀ ਦੇਰ ਹੋ ਜਾਵੇ ।”
ਰਾਤ ਦੇ ਖਾਣੇ ਦਾ ਟਾਈਮ ਹੋ ਚੱਲਾ ਸੀ । ਕਿਹੜਾ ਮਾਂ ਨੇ ‘ਵਾਜ਼ ਮਾਰਨੀ ਸੀ, “ਪੁੱਤ ਆ ਜੋ, ਰੋਟੀ ਤਿਆਰ ਹੈ ।” ਘੁੰਮ ਫਿਰ ਕੇ ਦੇਖਿਆ ਤਾਂ ਪਤਾ ਚੱਲਾ ਕਿ ਚਾਰੇ ਪਾਸੇ ਕੁੱਕੜਾਂ, ਕੁਕੜੀਆਂ, ਬੱਕਰਿਆਂ ਤੇ ਹੋਰ ਪਤਾ ਨਹੀਂ ਕਿਸ ਕਿਸ ਦਾ ਰਾਜ਼ ਸੀ । ਅੰਦਰੋਂ ਆਵਾਜ਼ ਆਈ “ਯਾਰੋ ! ਅਸੀਂ ਹੀ ਘਾਹ ਫੂਸ ਖਾਣ ਜੋਗੇ ਹਾਂ, ਸਾਰੀ ਦੁਨੀਆਂ ਤਾਂ ਫੱਟੇ ਚੁੱਕੀ ਤੁਰੀ ਜਾਂਦੀ ਹੈ । ਚੰਗਾ ਭਲਾ ਕੁੱਕੜ ਜਾਂ ਬੱਕਰਾ ਹੁੰਦਾ ਹੈ ਤੇ ਜਨਤਾ ਡਬਲਰੋਟੀ ‘ਚ ਲਾ ਲਾ ਕੇ ਖਾਈ ਜਾਂਦੀ ਹੈ ।” ਖੈ਼ਰ ! ਤੋਰਾ ਫੇਰਾ ਕਰਕੇ ਤੇ ਪੁੱਛ-ਪੁੱਛਾ ਕੇ ਇਕ ਦੁਕਾਨ ਤੇ ਪੈਟੀਜ਼ ਲੱਭ ਗਈਆਂ ।
“ਗਿਵ ਅਸ ਟੂ ਪੈਟੀਜ਼ ਪਲੀਜ਼” ਦੁਕਾਨ ਤੇ ਖੜ੍ਹੀ ਬੀਬੀ ਨੂੰ ਕਿਹਾ ।
“ਸੌਰੀ”
“ਵੂਈ ਨੀਡਜ਼ ਟੂ ਪੈਟੀਜ਼” ਸਾਡੀ ਭਾਗਵਾਨ ਨੇ ਚੱਬ-ਚੱਬ ਕੇ ਬੋਲਦਿਆਂ ਬੀਬੀ ਨੂੰ ਸਮਝਾਇਆ ।
“ਸੌਰੀ, ਸੇ ਅਗੇਨ” ਥਾਈ ਬੀਬੀ ਨੇ ਕੰਨ ਤੇ ਹੱਥ ਰੱਖਦਿਆਂ ਅੱਗੇ ਵੱਲ ਨੂੰ ਝੁਕਦਿਆਂ ਦੋਬਾਰਾ ਪੁੱਛਿਆ ।
ਕੁਦਰਤੀ ਮੇਰੀ ਨਿਗ੍ਹਾ ਕਾਊਂਟਰ ਵਿੱਚ ਪਈਆਂ ਪੈਟੀਜ਼ ਤੇ ਲਿਖੇ ਨਾਮ ਵਾਲੇ ਟੋਕਨ ਤੇ ਗਈ ।
“ਪਲੀਜ਼ ਗਿਵ ਅਸ ਟੂ ਵੈਜ ਪਾਈ ।”
“ਔ ਕੇ, ਔ ਕੇ” ਕਹਿੰਦਿਆਂ ਉਸਨੇ ਦੋ ਪੈਟੀਜ਼ ਕਾਊਂਟਰ ‘ਚੋਂ ਕੱਢ ਕੇ ਸਾਡੇ ਸਾਹਮਣੇ ਰੱਖ ਦਿੱਤੀਆਂ । ਸੱਤ ਘੰਟੇ ਗੁਜ਼ਾਰ ਮੈਲਬੌਰਨ ਲਈ ਜਹਾਜ਼ ਵਿੱਚ ਸਵਾਰ ਹੋਣ ਦਾ ਇਸ਼ਾਰਾ ਮਿਲਿਆ ਤੇ ਸਭ ਉੱਧਰ ਨੂੰ ਹੋ ਤੁਰੇ । ਜਹਾਜ਼ ਤੁਰਿਆ ਤੇ ਸਭ ਨੂੰ ਖਾਣਾ ਵਰਤਣਾ ਸ਼ੁਰੂ ਹੋ ਗਿਆ । ਅਸੀਂ ਏਅਰ ਹੋਸਟਸ ਨੂੰ ਸ਼ਾਕਾਹਾਰੀ ਖਾਣੇ ਲਈ ਕਿਹਾ ਤਾਂ ਉਸ ਸਿਰ ਮਾਰ ਦਿੱਤਾ ਕਿ ਸ਼ਾਕਾਹਾਰੀ ਖਾਣੇ ਲਈ ਫਲਾਈਟ ਤੋਂ ਘੱਟੋ-ਘੱਟ ਦੋ ਘੰਟੇ ਪਹਿਲਾਂ ਦੱਸਣਾ ਜਰੂਰੀ ਹੈ । ਚਾਹੀਦਾ ਤਾਂ ਇਹ ਹੈ ਕਿ ਟਿਕਟ ਬੁੱਕ ਕਰਵਾਉਣ ਲੱਗਿਆਂ ਹੀ ਲਿਖ ਦਿਉ ਕਿ ਕਿਸ ਪ੍ਰਕਾਰ ਦਾ ਭੋਜਨ ਚਾਹੀਦਾ ਹੈ । ਇੱਥੇ ਕੁਦਰਤ ਨੇ ਸਾਡਾ ਸਾਥ ਦਿੱਤਾ ਤੇ ਕੋਈ ਹੋਰ ਜੋੜਾ ਜਿਸਨੇ ਸ਼ਾਕਾਹਾਰੀ ਖਾਣਾ ਪਹਿਲਾਂ ਆਰਡਰ ਕੀਤਾ ਹੋਇਆ ਸੀ, ਐਨ ਟਾਈਮ ਤੇ ਨਾਂਹ ਕਰ ਦਿੱਤੀ ਤੇ ਸਾਨੂੰ ਉਹ ਖਾਣੇ ਦੇ ਪੈਕਟ ਮਿਲ ਗਏ । ਭਾਵੇਂ ਇਹ ਸ਼ਾਕਾਹਾਰੀ ਖਾਣਾ ਸੀ ਪਰ ਪੰਜਾਬੀਆਂ ਨੂੰ ਇਸ ਪ੍ਰਕਾਰ ਦੇ ਖਾਣੇ ਨਹੀਂ ਭਾਉਂਦੇ ਕਿਉਂਕਿ ਉਸ ਵਿੱਚੋਂ ਅਜੀਬ ਜਿਹੀ ਗੰਧ ਆ ਰਹੀ ਸੀ, ਸੋ ਕੇਵਲ ਸਲਾਦ ਤੇ ਫਰੂਟ ਨਾਲ ਕੋਕ ਲੈ ਕੇ ਕੋਟਾ ਪੂਰਾ ਕੀਤਾ । ਜਹਾਜ਼ ਵਿੱਚ ਕਾ਼ਫ਼ੀ ਸੀਟਾਂ ਖ਼ਾਲੀ ਪਈਆਂ ਸਨ, ਮੈਂ ਉੱਠ ਕੇ ਖਾਲੀ ਪਈਆਂ ਸੀਟਾਂ ਤੇ ਲੇਟ ਗਿਆ । ਜਹਾਜ਼ ਦੇ ਸ਼ੋਰ ਸ਼ਰਾਬੇ ਤੇ ਗੜਗੜਾਹਟ ਵਿੱਚ ਚੰਗੀ ਤਰ੍ਹਾਂ ਨੀਂਦ ਤਾਂ ਨਾ ਆਈ ਪਰ ਕੋਟਾ ਪੂਰਾ ਹੋ ਗਿਆ ।
ਅਗਲੀ ਸਵੇਰ ਅੱਖ ਖੁੱਲੀ ਤਾਂ ਦੁਪਹਿਰਾ ਹੋਇਆ ਪਿਆ ਸੀ । ਲੋਕ ਨਾਸ਼ਤਾ ਕਰ ਰਹੇ ਸਨ । ਟੁੱਥ ਪੇਸਟ ਤਾਂ ਬੈਂਕਾਕ ਹਵਾਈ ਅੱਡੇ ਤੇ ਤਲਾਸ਼ੀ ਵੇਲੇ ਹੀ ਕਢਵਾ ਦਿੱਤੀ ਗਈ ਸੀ । ਕੱਲਾ ਬੁਰਸ਼ ਦੰਦਾਂ ਤੇ ਫੇਰ ਕੇ ਟਾਈਮ ਜਿਹਾ ਪਾਸ ਕੀਤਾ ਤੇ ਮੁੜ ਉਹੀ ਏਸ਼ੀਅਨ ਸ਼ਾਕਾਹਾਰੀ ਖਾਣਾ ਪੱਲੇ ਪੈ ਗਿਆ । ਮੇਰੇ ਪੈਕ ਵਿੱਚ ਚਾਵਲ ਸਨ ਤੇ ਪੂਜਾ ਦੇ ਪੈਕ ਵਿੱਚ ਅਜੀਬ ਜਿਹੀਆਂ ਨੂਡਲਜ਼ । ਜਦ ਪੂਜਾ ਨੇ ਦੇਖਕੇ ਹੀ ਢਕ ਦਿੱਤੀਆਂ ਤਾਂ ਮੈਂ ਆਪਣਾ ਪੈਕ ਉਸਨੂੰ ਦੇ ਦਿੱਤਾ ਤੇ ਆਪ ਫਿਰ ਅੱਧੇ ਪੇਟ ਰਹਿ ਗਿਆ । ਇਹ ਉਹ ਸਮਾਂ ਸੀ ਜਦ ਕਿ ਮਾਂ ਦੇ ਪਰੌਂਠੇ ਬੜੇ ਯਾਦ ਆਏ । ਫਰੀਦਕੋਟ ਤਾਂ ਮੇਰੀ ਮਾਤਾ ਉੱਠਣ ਤੋਂ ਪਹਿਲਾਂ ਹੀ ਸਭ ਤਿਆਰ ਕਰ ਦਿੰਦੀ ਸੀ । ਅਜਿਹਾ ਗੱਚ ਭਰਿਆ ਕਿ ਕੁਝ ਨਾ ਖਾ ਸਕਿਆ ਤੇ ਪੈਕ ਢਕ ਕੇ ਚੁਕਵਾ ਦਿੱਤਾ । ਮੈਨੂੰ ਅਹਿਸਾਸ ਹੋਇਆ ਕਿ ਇਹ ਮੇਰੀ ਆਉਣ ਵਾਲੀ ਜਿੰਦਗੀ ਦੇ ਸੰਘਰਸ਼ ਦੀ ਪੌੜੀ ਦਾ ਪਹਿਲਾ ਡੰਡਾ ਹੈ । ਹੁਣ ਦੋ-ਢਾਈ ਸਾਲ ਜਿੰਨਾ ਚਿਰ ਵੀ ਆਸਟਰੇਲੀਆ ‘ਚ ਰਹਾਂਗਾ, ਉਤਨਾ ਹੀ ਖਾ ਕੇ ਗੁਜ਼ਾਰਾ ਕਰਨਾ ਹੋਵੇਗਾ ਜਿਸ ਨਾਲ਼ ਸਰੀਰ ਚਲਦਾ ਰਹਿ ਸਕੇ । ਸਾਰੇ ਸੁਆਦ, ਖਾਣ ਪੀਣ ਦੇ ਨਖ਼ਰੇ ਉਤਨੀ ਦੇਰ ਹੀ ਸਨ, ਜਿਨ੍ਹਾਂ ਚਿਰ ਥਾਈ ਯੱਕੇ ਵਿਚ ਸਵਾਰ ਨਹੀਂ ਹੋਇਆ ਸਾਂ ।
ਬਾਹਰ ਮੌਸਮ ਬੜਾ ਸੁਹਾਵਣਾ ਸੀ । ਥੱਲੇ ਬੱਦਲਾਂ ਦੀਆਂ ਖੂਬ ਸੰਘਣੀਆਂ ਪਹਾੜੀਆਂ ਸਨ । ਬਾਹਰਲਾ ਤਾਪਮਾਨ ਜਹਾਜ਼ ਵਿੱਚ ਲੱਗੀ ਸਕਰੀਨ ਅਨੁਸਾਰ ਕਰੀਬ -71 ਡਿਗਰੀ ਸੀ ਤੇ ਅਸੀਂ ਕਰੀਬ 37000 ਫੁੱਟ ਦੀ ਉਚਾਈ ਤੇ ਸਾਂ । ਮੈਲਬੌਰਨ ਪੁੱਜਣ ਵਿੱਚ ਕਰੀਬ ਅੱਧਾ ਘੰਟਾ ਬਾਕੀ ਸੀ । ਇਹ ਅੱਧਾ ਘੰਟਾ ਅਸੀਂ ਦੋਹਾਂ ਆਉਣ ਵਾਲੇ ਸਮੇਂ ਤੇ ਪਰਿਵਾਰ ਦੀਆਂ ਗੱਲਾਂ ਕਰਦਿਆਂ ਕਦੋਂ ਬਿਤਾ ਦਿੱਤਾ, ਪਤਾ ਹੀ ਨਾ ਚੱਲਿਆ । ਖੈ਼ਰ ! ਜਹਾਜ਼ ਲੈਂਡ ਹੋਇਆ ਤੇ ਜਹਾਜ਼ ਵਿੱਚੋਂ ਬਾਹਰ ਨਿਕਲਦਿਆਂ ਹੀ ਅਸੀਂ ਦੋਹਾਂ ਨੇ ਉਸ ਧਰਤੀ ਨੂੰ ਮੱਥਾ ਟੇਕਿਆ ਜੋ ਸਾਡੀ ਕਰਮਭੂਮੀ ਬਨਣ ਜਾ ਰਹੀ ਸੀ । ਮਨ ਹੀ ਮਨ ਸਤਿਗੁਰੂ ਅੱਗੇ ਅਰਦਾਸ ਬੇਨਤੀ ਤੇ ਸ਼ੁਕਰੀਆ ਕੀਤਾ ਤੇ ਇਮੀਗ੍ਰੇਸ਼ਨ ਕਾਊਂਟਰ ਤੇ ਆ ਪੁੱਜੇ । ਕੁਦਰਤੀ ਇੱਥੇ ਸਾਨੂੰ ਭਾਰਤੀ ਅਫ਼ਸਰ ਹੀ ਮਿਲਿਆ । ਉਸ ਦੋ-ਚਾਰ ਸੁਆਲ ਪੁੱਛੇ ਤੇ ਆਪਣੀ ਸਾਡੇ ਵੱਲ ਪਾਰਖੂ ਨਜ਼ਰਾਂ ਨਾਲ਼ ਤੱਕਿਆ । ਪਾਸਪੋਰਟ ਖੱਬੇ ਹੱਥ ਨਾਲ ਕਾਊਂਟਰ ਤੇ ਰੱਖਿਆ ਤੇ ਸੱਜੇ ਹੱਥ ਵਿੱਚ ਇੱਕ ਮੋਹਰ ਉੱਪਰ ਚੁੱਕੀ । ਅਚਾਨਕ ਉਸਨੇ ਪਾਸਪੋਰਟ ਵੱਲ ਦੇਖਦਿਆਂ ਸੱਜਾ ਹੱਥ ਪਾਸਪੋਰਟ ਤੇ ਮਾਰ ਕੇ ਪਾਸਪੋਰਟ ਤੇ ਲਾ ਦਿੱਤਾ.... “ਠਾ.... ਠੱਪਾ ।”

ਆਖਰੀ ਸਮਾਂ ਮਹਾਨ ਸ਼ਖਸੀਅਤਾਂ ਦਾ.......... ਲੇਖ / ਨਿੰਦਰ ਘੁਗਿਆਣਵੀ

ਕਈ ਲੋਕ ਆਖਰੀ ਸਮੇਂ ਤੱਕ ਜਿ਼ੰਦਾ-ਦਿਲੀ ਨੂੰ ਅਪਣੇ ਕਲ਼ਾਵੇ ਵਿਚ ਲਈ ਰੱਖਦੇ ਹਨ। ਉਹ ਅਪਣੀ ਉਮਰ ਦੇ ਕੁਝ ਖਾਸ ਪਲਾਂ ਸਮੇਂ ਹੀ ਉਦਾਸ ਜਾਂ ਨਿਰਾਸ਼ ਹੋਏ ਹੁੰਦੇ ਹਨ। ਉਹਨਾਂ ਨੇ ਅਪਣੀ ਸਾਰੀ ਹਯਾਤੀ ਹੱਸਦਿਆਂ ਖੇਲਦਿਆਂ ਤੇ ਕੁਦਰਤ ਦੀ ਰਜ਼ਾ ਮਾਣਦਿਆਂ ਕੱਟੀ ਹੁੰਦੀ ਹੈ। ਬਹੁਤੇ ਸ਼ਖ਼ਸ ਅਪਣੀ ਉਮਰ ਦੇ ਐਨ ਆਖਰੀ ਪੜਾਅ ਸਮੇਂ ਅਪਣੀ ਸੁਰਤ-ਬੁਧ ਖੋ ਬੈਠਦੇ ਹਨ ਤੇ ਬੇਹੋਸ਼ੀ ਵਿਚ ਲਿਪਟੇ ਹੋਏ ਹੀ ਮੌਤ ਦੀ ਬੁੱਕਲ਼ ਵਿਚ ਜਾ ਬਿਰਾਜਦੇ ਹਨ। ਅਜਿਹੇ ਬੰਦਿਆਂ ਕੋਲ਼ੋਂ ਜਿ਼ੰਦਾ-ਦਿਲੀ ਪੱਲਾ ਛੁਡਾ ਕੇ ਕਿਧਰੇ ਦੂਰ ਚਲੀ ਜਾਂਦੀ ਹੈ ਤੇ ਉਹ ਮੰਜੇ ਨਾਲ਼ ਮੰਜਾ ਹੋ ਜਾਂਦੇ ਹਨ।

ਸ਼੍ਰੋਮਣੀ ਕਵੀਸ਼ਰ ਮਰਹੂਮ ਕਰਨੈਲ ਸਿੰਘ ਪਾਰਸ ਰਾਮੂਵਾਲੀਆ 93 ਵਰ੍ਹੇ ਜਿ਼ੰਦਗੀ ਮਾਣ ਕੇ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ। ਉਨ੍ਹਾਂ ਨੇ ਜਿ਼ੰਦਾ-ਦਿਲੀ ਨਾਲ ਜੀਵਨ ਹੰਢਾਇਆ। ਉਨ੍ਹਾਂ ਦੀ ਨਿਗ੍ਹਾ ਪੂਰੀ ਤਰ੍ਹਾਂ ਕਾਇਮ ਰਹੀ।ਨਿਤ ਚਾਰ ਪੰਜ ਅਖਬਾਰ ਤੇ ਪੁਸਤਕਾਂ ਪੜ੍ਹਦੇ ਸਨ। ਗੋਡਿਆਂ ਦੀ ਸਮੱਸਿਆ ਕਾਰਨ ਵੀਲ੍ਹ ਚੇਅਰ ਤੇ ਸਨ। ਮੀਂਹ ਆਵੇ, ਨੇਰ੍ਹੀ ਆਵੇ, ਭਾਵੇਂ ਤੇਜ਼ ਬੁਖਾਰ ਵੀ ਕਿਓੁਂ ਨਾ ਹੋਵੇ, ਸ਼ਾਮ ਨੂੰ ਨਿੱਕੇ-ਨਿੱਕੇ ਦੋ ਪੈੱਗ ਸਕਾਚ ਦੇ ਲੈਣੇ ਹੀ ਲੈਣੇ ਹੁੰਦੇ ਸਨ। ਬਾਪੂ ਜੀ ਕਹਿੰਦੇ ਸਨ," ਮੌਤ ਦਾ ਮੈਨੂੰ ਕੋਈ ਡਰ ਨਹੀਂ...ਭੋਰਾ ਜਿੰਨਾ ਵੀ ਨਹੀਂ, ਭਾਵੇਂ ਹੁਣ ਆ ਜੇ ਇਕ ਸਕਿੰਟ ਨੂੰ... ਮੈਂ ਹੱਸ ਕੇ ਮੌਤ ਦਾ ਸਵਾਗਤ ਕਰਾਂਗਾ। ਮੇਰੇ ਸਾਰੇ ਸਾਰੇ ਚਾਅ ਲੱਥ ਗਏ ਐ...ਕੋਈ ਗ਼ਮ ਨੀ ਕੋਈ ਝੋਰਾ ਨੀ...ਸਿ਼ਕਵਾ ਨੀ ... ਸਿ਼ਕਾਇਤ ਨਹੀ... ਮੈਂ ਬਾਗੋ-ਬਾਗ ਆਂ।

ਦੇਸ਼ ਭਗਤ ਬਾਬਾ ਭਗਤ ਸਿੰਘ ਬਿਲਗਾ ਸੌ ਨੂੰ ਟੱਪ ਗਏ ਹਨ। ਅਨੰਦਮਈ ਅਵਸਥਾ ਵਿਚ ਹਨ। ਚੜ੍ਹਦੀ ਕਲਾ ਵਿਚ ਹਨ। ਕਰਤਾਰ ਸਿੰਘ ਦੁੱਗਲ, ਜਸਵੰਤ ਸਿੰਘ ਕੰਵਲ, ਗੁਰਦਿਆਲ ਸਿੰਘ, ਸੰਤੋਖ ਸਿੰਘ ਧੀਰ, ਰਾਮ ਸਰੂਪ ਅਣਖੀ ਹੁਰੀਂ ਸਰੀਰਕ ਪੱਖੋਂ ਮਾੜੇ ਮੋਟੇ ਭਾਵੇਂ ਢਿੱਲੇ ਰਹਿੰਦੇ ਹਨ, ਪਰ ਇਨ੍ਹਾਂ ਨੇ ਅਪਣੀ ਕਲਮ ਦੀ ਰਫ਼ਤਾਰ ਮੱਠੀ ਨਹੀਂ ਪੈਣ ਦਿੱਤੀ।

ਪੰਜਾਬੀ ਦਾ ਮਾਣਮੱਤਾ ਕਲਮਕਾਰ ਬਲਵੰਤ ਗਾਰਗੀ ਆਪਣੀਆਂ ਆਖਰੀ ਘੜੀਆਂ ਸਮੇਂ ਅਪਣੀ ਸੁਰਤ ਗੁਆ ਬੈਠਾ ਸੀ। ਬਸ ਉਹ ਮੂੰਹ ਅੱਡ ਕੇ ਅਪਣੀ ਅਹਿਲ ਅਵਸਥਾ ਵਿਚ, ਟਿਕੀ-ਟਿਕੀ ਲਗਾਈ ਸਾਹਮਣੇ ਵੱਲ ਦੇਖਦਾ ਰਹਿੰਦਾ ਸੀ। ਉਹਦੇ ਹੱਥ ਪੈਰ ਕੰਬਦੇ ਸਨ। ਦਸਤਖ਼ਤ ਵੀ ਠੀਕ ਤਰ੍ਹਾਂ ਕਰੇ ਨਹੀਂ ਸੀ ਜਾਂਦੇ ਉਸ ਤੋਂ। ਕਿਸੇ ਨੂੰ ਪਛਾਣਦਾ ਵੀ ਨਹੀਂ ਸੀ। ਚਾਹ ਦੀ ਪਿਆਲੀ ਵੀ ਕਈ ਵਾਰ ਕੱਪੜਿਆਂ ਉੱਤੇ ਡੁੱਲ੍ਹ ਜਾਂਦੀ ਸੀ।

ਮਹਾਨ ਖੋਜੀ ਅਤੇ ਵਿਦਵਾਨ ਲੇਖਕ ਡਾ. ਆਤਮ ਹਮਰਾਹੀ ਦੀ ਪਹਿਲਾਂ ਇਕ ਲੱਤ ਕੱਟੀ ਗਈ ਸੀ, ਫਿਰ ਸ਼ੂਗਰ ਦੇ ਵਧਣ ਕਾਰਨ ਦੂਸਰੀ ਵੀ ਕੱਟਣੀ ਪੈ ਗਈ। ਉਹ ਆਪਣੇ ਲਿਖਣ ਕਮਰੇ ਵਿਚ, ਦੀਵਾਨ ਉਤੇ ਬੈਠਾ ਕਿਤਾਬਾਂ ਨਾਲ਼ ਕਿਤਾਬ ਤੇ ਕਲਮ ਨਾਲ਼ ਕਲਮ ਹੋਇਆ,ਸਿਰ ਸੁੱਟ ਕੇ ਲਿਖੀ ਜਾਂਦਾ ਰਹਿੰਦਾ। ਉਹਨੂੰ ਖਿਝ ਵੀ ਬਹੁਤ ਆਉਣ ਲੱਗ ਪਈ ਸੀ। ਜੇ ਕੋਈ ਭੁੱਲਾ ਚੁੱਕਾ ਉਹਨੂੰ ਫੋਨ ਕਰ ਬੈਠਦਾ, ਤਾਂ ਉਹ ਅਗਲੇ ਦੀ ਬਸ ਕਰਾ ਕੇ ਛਡਦਾ ਸੀ, ਉਹਦੀ ਗੱਲ ਨਾ ਮੁੱਕਦੀ। ਲੋਕ ਡਰਦੇ ਮਾਰੇ ਉਹਨੂੰ ਫੋਨ ਕਰਨੋਂ ਹੀ ਹਟ ਗਏ। ਇਕ ਦਿਨ ਮੈਂ ਉਹਦੇ ਕੋਲ਼ ਬੈਠਾ ਸਾਂ, ਉਹਦਾ ਫੋਨ ਖੜਕਿਆ, ਉਹਨੇ ਰਸੀਵਰ ਕੰਨ ਨੂੰ ਲਾ ਕੇ ਕਿਹਾ, "ਹੈਲੋ ਮੈਂ ਆਤਮ ਹਮਰਾਹੀ ਬੋਲਦਾਂ...।" ਫੋਨ ਕਰਨ ਵਾਲ਼ੇ ਨੇ ਜਦੋਂ ਉਸਨੂੰ ਆਪਣੀ ਪਛਾਣ ਦੱਸੀ, ਤਾਂ ਹਮਰਾਹੀ ਉਸਨੂੰ ਪੈ ਨਿਕਲਿਆ। ਆਪਣੇ ਆਖਰੀ ਸਮੇਂ ਉਹ ਪੂਰਾ ਸਤਿਆ ਪਿਆ ਸੀ।

ਸਾਲ 2005 ਦੀ ਕਨੇਡਾ ਫੇਰੀ ਸਮੇਂ ਐਡਮਿੰਟਨ ਵਿਖੇ ਗਿਆਨੀ ਕੇਸਰ ਸਿੰਘ ਨਾਵਲਿਸਟ ਦੇ ਦੋ ਵਾਰ ਦਰਸ਼ਨ ਕਰਨ ਦਾ ਮੌਕਾ ਮਿਲਿਆ। ਉਹਨਾ ਨੇ ਹਥਿਆਰਬੰਦ ਇਨਕਲਾਬ ਵਰਗੇ ਉੱਚ ਕੋਟੀ ਦੇ ਨਾਵਲ ਲਿਖੇ। ਉਹਨਾਂ ਨੂੰ ਹਾਲੋਂ ਬੇਹਾਲ ਪਏ ਦੇਖ ਕੇ ਮੇਰਾ ਮਨ ਉਦਾਸ ਹੋ ਗਿਆ। ਉਨ੍ਹਾਂ ਦੀ ਦੇਖਭਾਲ ਉਹਨਾਂ ਦੀ ਪਤਨੀ ਕਰਦੀ ਸ਼੍ਰੀਮਤੀ ਰਾਜ ਕਰਦੀ ਸੀ। ਗਿਆਨੀ ਜੀ ਨਾ ਉਠ ਸਕਦੇ ਸਨ, ਨਾ ਨਹਾ ਸਕਦੇ ਸਨ। ਨਹਾਉਣ ਤੋਂ ਉਹਨਾਂ ਨੂੰ ਬੜਾ ਡਰ ਆਉਣ ਲੱਗ ਪਿਆ ਸੀ। ਉਹ ਆਪਣੀ ਪਤਨੀ ਨੂੰ ਚੀਖ-ਚੀਖ ਕੇ ਆਖਦੇ, "ਏ ਨਾ...ਏ ਨਾ.. ਮੈਂ ਨਹੀਂ ਨਹਾਵਾਂਗਾ..ਮੈਨੂੰ ਪਾਣੀ ਦੀਆਂ ਧਾਰਾਂ ਤੋਂ ਡਰ ਆਉਂਦਾ ਏ...।" ਗਿਆਨੀ ਜੀ ਹੱਥ-ਪੈਰ ਮਾਰਨ ਲੱਗਦੇ, ਰਾਜ ਔਖੀ-ਸੌਖੀ ਉਹਨਾਂ ਨੂੰ ਨੁਹਾ ਦਿੰਦੀ। ਉਹ ਖੱਟੀਆਂ ਮਿੱਠੀਆਂ ਟਾਫੀਆਂ ਬਹੁਤ ਖਾਂਦੇ ਸਨ। ਹਰ ਵੇਲੇ ਸਾਗ ਤੇ ਮੱਕੀ ਦੀ ਰੋਟੀ ਦੀ ਮੰਗ ਕਰਦੇ, ਖਾਣ ਪਿੱਛੋਂ ਸੁੱਤੇ ਰਹਿੰਦੇ...ਜਦੋਂ ਜਾਗਦੇ.. ਰੌਲ਼ਾ ਪਾਉਂਦੇ। ਗਿਆਨੀ ਜੀ ਦੀ ਆਵਾਜ਼ ਦਾ ਗੜ੍ਹਕਾ ਉਵੇਂ ਹੀ ਕਾਇਮ ਰਿਹਾ। ਕਿਸੇ ਮਿਲਣ ਆਏ ਨੂੰ ਬੜੀ ਔਖੀ ਤਰ੍ਹਾਂ ਪਛਾਣਦੇ ਸਨ। ਨਾ ਹੀ ਉਹਨਾ ਦੀ ਕਿਸੇ ਗੱਲ ਦੀ ਸਮਝ ਹੀ ਪੈਂਦੀ ਸੀ, ਯਾਦ ਸ਼ਕਤੀ ਵੀ ਸਾਥ ਛੱਡ ਗਈ ਸੀ ਉਹਨਾਂ ਦਾ।

ਕਈ ਨਾਵਲ, ਕਹਾਣੀਆਂ ਤੇ ਅਲੋਚਨਾ ਦੀਆਂ ਪੁਸਤਕਾਂ ਦੇ ਰਚਣਹਾਰੇ ਪ੍ਰੋ. ਸੁਰਿੰਦਰ ਸਿੰਘ ਨਰੂਲਾ ਵੀ ਵ੍ਹੀਲ ਚੇਅਰ ਜੋਗੇ ਰਹਿ ਗਏ ਸਨ। ਉਨ੍ਹਾਂ ਨੂੰ ਕੈਂਸਰ ਜਿਹੀ ਨਾਮੁਰਾਦ ਬੀਮਾਰੀ ਨੇ ਘੇਰ ਲਿਆ ਸੀ, ਫੁਲਬਹਿਰੀ ਵੀ ਹੋ ਚੁੱਕੀ ਸੀ, ਸਿਰ ਦੇ ਵਾਲ਼ ਵੀ ਝੜ ਚੁੱਕੇ ਸਨ। ਫੁਲਬਹਿਰੀ ਦੇ ਵਾਲ਼ ਇਉਂ ਜਾਪਦੇ ਜਿਵੇਂ ਬੁੱਢੇ ਬ੍ਰਿਛ ਦਾ ਸੱਕ ਲਹਿ ਰਿਹਾ ਹੋਵੇ। ਉਹਨਾਂ ਦਾ ਮੂੰਹ ਅੱਡਿਆ ਰਹਿਣ ਲੱਗਿਆ। ਉਹ ਹੱਡੀਆਂ ਦੀ ਮੁੱਠ ਜਾਪਦੇ। ਉਹ ਅਪਣੀ ਸੇਵਾ ਸੰਭਾਲ਼ ਦੇ ਕਾਟੋ ਕਲੇਸ਼ ਤੋਂ ਬਹੁਤ ਦੁਖੀ ਸਨ। ਕਿਹਾ ਕਰਦੇ ਸਨ, "ਜਿੱਥੇ ਕੁੜ ਕੁੜੇਂਦੀ ਵੱਸੇ...ਉਥੇ ਘੜਿਉਂ ਪਾਣੀ ਨੱਸੇ...ਮੈਨੂੰ ਤੇ ਮੇਰੇ ਕਲੇਸ਼ ਨੇ ਮਾਰ ਲਿਆ...ਦੂਜਾ ਬੀਮਾਰੀਆਂ ਨੇ...ਮੈਂ ਤੇ ਹਾਲੇ ਬਹੁਤ ਕੁਝ ਲਿਖਣਾ ਸੀ...।" ਉਨ੍ਹਾਂ
ਦੀ ਇਹ ਇੱਛਾ ਪੂਰੀ ਨਹੀਂ ਹੋਈ...ਅੰਤ ਸਮੇਂ ਉਹਨਾਂ ਨੂੰ ਅਪਣਾ ਘਰ ਹੀ ਵੇਚਣਾ ਪਿਆ ਤੇ ਉਹ ਕਿਰਾਏ ਦੇ ਘਰ ਵਿਚ ਹੀ ਪੂਰੇ ਹੋ ਗਏ।

ਪੰਜਾਬ ਦੀ ਕੋਇਲ ਦਿੱਲੀਓਂ ਆ ਕੇ ਪੰਚਕੂਲੇ ਆਪਣੀ ਧੀ ਡੌਲੀ ਗੁਲੇਰੀਆ ਦੇ ਘਰ ਨੇੜੇ ਕਿਰਾਏ ਤੇ ਘਰ ਲੈ ਕੇ ਰਹਿਣ ਲੱਗ ਪਈ ਸੀ, ਉਹ ਬਹੁਤੀ ਬੀਮਾਰ ਹੋ ਗਈ। ਉਹਦੇ ਜੀਵਨ ਤੇ ਗਾਇਨ ਬਾਰੇ ਇਕ ਪੁਸਤਕ ਲਿਖ ਰਿਹਾ ਹੋਣ ਕਰਕੇ ਮੈਂ ਅਕਸਰ ਹੀ ਉਹਦੇ ਕੋਲ਼ ਜਾਂਦਾ। ਉਹ ਲੰਬਾ ਹਾਉਕਾ ਭਰਦੀ ਤੇ ਵਿਛੜ ਗਏ ਅਪਣੇ ਭੈਣ ਭਰਾਵਾਂ, ਪਤੀ ਤੇ ਵੱਡੇ ਵੱਡੇਰਿਆਂ ਨੂੰ ਚੇਤੇ ਕਰਕੇ ਰੋਂਦੀ। ਉਹ ਕਿਹਾ ਕਰਦੀ ਸੀ, " ਵੇ ਬੱਚਿਆ..ਮੇਰੀ ਤਾਂ ਇਕੋ-ਇਕ ਇੱਛਾ ਏ ਬਈ ਮੈਂ ਪੰਜਾਬ ਵਿਚ ਮਰਾਂ...ਮੇਰਾ ਆਖਰੀ ਸਾਹ ਪੰਜਾਬ ਵਿਚ ਨਿਕਲੇ਼... ਮੈਂ ਪੰਜਾਬਣ ਆਂ...ਪੰਜਾਬੀਆਂ ਲਈ ਗਾਇਆ ਏ...ਕਿਉਂ ਜੁਦਾ ਹੋਵਾਂ ਮੈਂ ਪੰਜਾਬ ਨਾਲੋ਼ਂ ...?" ਪਰ ਉਸਦੀ ਇਹ ਇਛਾ ਪੂਰੀ ਨਹੀਂ ਹੋਈ। ਸਖਤ ਬੀਮਾਰ ਹੋ ਜਾਣ 'ਤੇ ਉਸਦੀਆਂ ਅਮਰੀਕਾ ਵਸਦੀਆਂ ਧੀਆਂ ਨੰਦਨੀ ਤੇ ਪ੍ਰਮੋਦਨੀ ਉਸ ਨੂੰ ਅਮਰੀਕਾ ਲੈ ਗਈਆਂ। ਉਹਦੀ ਸਿਹਤ ਵਿਚ ਸੁਧਾਰ ਨਾ ਹੋਇਆ, ਹਸਪਤਾਲ ਪਈ ਹੀ ਪੰਜਾਬ ਨੂੰ ਚੇਤੇ ਕਰਦੀ ਕਰਦੀ ਸਦਾ ਲਈ ਅੱਖਾਂ ਮੀਟ ਗਈ।

ਤੂੰਬੀ ਦਾ ਬਾਦਸ਼ਾਹ ਉਸਤਾਦ ਲਾਲ ਚੰਦ ਯਮਲਾ ਜੱਟ ਆਪਣੇ ਘਰ ਵਿਚ ਹੀ, ਇਕ ਰਾਤ ਫ਼ਰਸ਼ ਉਤੋਂ ਤਿਲਕ ਕੇ ਡਿੱਗ ਪਿਆ। ਚੂਕਣਾ ਟੁੱਟ ਗਿਆ ਸੀ। ਮੋਹਨ ਦੇਵੀ ਓਸਵਾਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਉੱਥੇ ਦਿਲ ਦਾ ਦੌਰਾ ਪੈ ਗਿਆ। ਆਖਰੀ ਸਮੇਂ ਵੀ ਬਿਲਕੁਲ ਬੇਸੁਰਤ ਪਿਆ ਰਿਹਾ, ਇਲਾਜ ਲਈ ਇਧਰੋਂ ਉਧਰੋਂ ਮਿਲੇ ਰੁਪਈਏ ਝੱਟ ਦਵਾਈਆਂ ਉਤੇ ਖਰਚ ਹੋ ਗਏ। ਪਰਿਵਾਰ ਕੋਲ਼ ਖਰਚਣ ਲਈ ਫੁੱਟੀ ਕੌਡੀ ਵੀ ਨਾ ਬਚੀ। ਉਸਤਾਦ ਜੀ ਅਕਸਰ ਹੀ ਆਪਣੀਆਂ ਮੁਲਾਕਾਤਾਂ ਵਿਚ ਕਿਹਾ ਕਰਦੇ ਸਨ, ਮੈਂ ਸੱਚੇ ਮਨ ਨਾਲ਼ ਪੰਜਾਬ ਦੇ ਲੋਕਾਂ ਦੀ ਸੱਚੀ ਸੁੱਚੀ ਸੇਵਾ ਕੀਤੀ ਏ..ਪੰਜਾਬੀ ਮੇਰੀ ਕਲਾ ਦਾ ਮੁੱਲ ਜ਼ਰੂਰ ਪਾਉਣਗੇ,. ਓ ਲੋਕੋ..ਮੇਰੇ ਕੋਲ਼ ਸਿਵਾਏ ਨਾਮਣੇ ਤੇ ਸੁੱਚਤਾ ਤੋਂ ਹੋਰ ਕੁਝ ਨਹੀਂ ਏ..।" ਆਖਰੀ ਸਮੇਂ ਪਰਿਵਾਰ ਦੇ ਜੀਅ ਦਵਾਈਆਂ ਖਰੀਦਣ ਲਈ ਲੋਕਾਂ ਦੇ
ਮੂੰਹ ਵੱਲ ਦੇਖਦੇ ਰਹੇ ਸਨ।

ਸਿੱਖ ਗੁਰੂਆਂ ਤੇ ਯੋਧਿਆਂ ਦੇ ਜੀਵਨ ਤੇ ਇਤਿਹਾਸਕ ਨਾਵਲ ਲਿਖਣ ਵਾਲ਼ਾ ਬਜ਼ੁਰਗ ਸਾਹਿਤਕਾਰ ਹਰਨਾਮ ਦਾਸ ਸਹਿਰਾਈ ਕਹਿੰਦਾ ਹੁੰਦਾ ਸੀ, "ਮੇਰੇ ਮਰਨ ਪਿੱਛੋਂ ਮੇਰੀਆਂ ਕਿਤਾਬਾਂ ਤੇ ਖਰੜੇ ਨਾ ਰੁਲਣ.. ਮੇਰੇ ਜੀਂਦੇ ਜੀਅ ਇਹਨਾਂ ਨੂੰ ਅਗਨ ਭੇਂਟ ਕਰ ਦਿਓ.. ਇਹਨਾਂ ਦੀ ਬੇਹੁਰਮਤੀ ਨਾ ਹੋਵੇ।" ਜਦੋਂ ਉਹਨੇ ਆਖਰੀ ਸਵਾਸ ਲਏ, ਉਹਦੇ ਚੁਬਾਰੇ ਵਿਚ ਉਹਦੀਆਂ ਕਿਤਾਬਾਂ ਤੇ ਖਰੜੇ ਮਿਟੀ ਘੱਟੇ ਵਿਚ ਖਿਲਰੇ ਪਏ ਸਨ। ਉਸਦੀ ਨੂੰਹ ਉਸਨੂੰ ਕਿਹਾ ਕਰਦੀ ਸੀ, "ਭਾਪਾ ਚੁਬਾਰਾ ਕਦੋਂ ਵਿਹਲਾ ਕਰਨਾ ਏ...?" ਸਹਿਰਾਈ ਮੈਨੂੰ ਕਹਿੰਦਾ ਹੁੰਦਾ ਸੀ,"ਓਏ ਮੇਰੀ ਗੱਲ ਸੁਣ.. ਮੇਰੇ ਮੁੰਡੇ ਕੁਲਦੀਪ ਨੂੰ ਕਹਿ ਕੇ ਮੇਰਾ ਸਾਰਾ ਲਿਟਰੇਚਰ ਕਿਸੇ ਲਾਇਬਰੇਰੀ ਜਾਂ ਭਾਸ਼ਾ ਵਿਭਾਗ ਨੂੰ ਦਾਨ ਕਰ ਦਿਆ ਜੇ..।" ਪਰ ਉਸ ਦੀ ਇਹ ਗੱਲ ਕੌਣ ਪੂਰੀ ਕਰੇ।

ਸਾਡੇ ਹਰਮਨ ਪਿਆਰੇ ਕਹਾਣੀਕਾਰ ਅਜੀਤ ਸਿੰਘ ਪੱਤੋ ਨੇ ਵੀ ਪਿਛਲੇ ਪਹਿਰ ਲੱਤ ਤੁੜਵਾ ਲਈ ਸੀ। ਦੇਸੀ ਦਾਰੂ ਦਾ ਖਹਿੜਾ ਨਹੀਂ ਸੀ ਛੱਡਿਆ। ਗਰਮੀਆਂ ਦੀ ਰੁੱਤੇ ਇਕ ਦਿਨ ਉਸ ਨੂੰ ਮਿਲਣ ਗਿਆ ਸਾਂ, ਉਹ ਵਰਾਂਡੇ ਵਿਚ ਪਿਆ ਹੋਇਆ ਸੀ। ਆਲ਼ੇ-ਦੁਆਲ਼ੇ ਮੱਖੀਆਂ ਭਿਣ-ਭਿਣਾ ਰਹੀਆਂ ਸਨ। ਉਹਨੂੰ ਦੇਖ ਕੇ ਮੇਰਾ ਮਨ ਢੱਠ ਗਿਆ ਸੀ। ਉਹਨੇ ਅੱਖਾਂ ਭਰ ਕੇ ਕਿਹਾ ਸੀ, "ਪੁੱਤ..ਹੁਣ ਬਸ..ਬਥੇਰੀ ਭੋਗ ਲੀ..ਮਰਨ ਨੂੰ ਜੀਅ ਕਰਦਾ ਐ,ਹੁਣ ਤਾਂ ਮੇਰਾ...।"

ਉਹਦੇ ਪਿੰਡੋਂ ਮਿੰਨੀ ਬੱਸ ਵਿਚ ਬੈਠਾ ਹੋਇਆ ਸੋਚਦਾ ਜਾ ਰਿਹਾ ਸਾਂ ਕਿ..ਕਿੰਨੇ ਚਿਰਾਂ ਤੋਂ ਸਾਡੀਆਂ ਸਾਰੀਆਂ ਮਹਾਨ ਸ਼ਖ਼ਸੀਅਤਾਂ ਨਾਲ਼ ਇੰਜ ਹੀ ਹੁੰਦੀ ਆਈ ਹੈ? ਕਿਉਂ ਹੁੰਦੀ ਹੈ ਇੰਜ ਇਹੋ-ਜਿਹੇ ਸਭਨਾਂ ਲੋਕਾਂ ਨਾਲ਼..? ਸਾਡੇ ਸਮਾਜ ਦਾ ਕਸੂਰ ਹੈ..ਜਾਂ ਇਸ ਵਿਚ ਇਹ ਆਪ ਕਸੂਰਵਾਰ ਹਨ? ਮੈਂ ਆਪਣੇ ਆਪ ਨਾਲ਼ ਖੌਜਲ਼ ਰਿਹਾ ਸਾਂ..ਕੁਝ ਸਮਝ ਨਹੀਂ ਸੀ ਆ ਰਹੀ ਮੈਨੂੰ!

ਪੰਜਾਬੀ ਜ਼ੁਬਾਨ ਦੇ ਸਹੀ ਉਚਾਰਨ ਦੀ ਲੋੜ.......... ਲੇਖ / ਪ੍ਰੀਤਮ ਪਰਵਾਜ਼

ਕਿਸੇ ਵੀ ਭਾਸ਼ਾ ਦੀ ਇਕਸੁਰਤਾ ਇਕਸਾਰਤਾ ਅਤੇ ਸੁੱਧਤਾ ਲਿਆਉਣ ਲਈ ਵਿਆਕਰਨ ਦਾ ਬਹੁਤ ਵੱਡਾ ਯੋਗਦਾਨ ਹੈ। ਵਿਆਕਰਨ ਸਾਡੇ ਲਈ ਨਿਯਮਬੱਧਤਾ ਅਤੇ ਸਪਸ਼ਟਤਾ ਵਾਸਤੇ ਸਹਾਈ ਹੈ। ਵਿਆਕਰਨ ਤੋਂ ਬਿਨਾਂ ਭਾਸ਼ਾ ਅਨੁਸ਼ਾਸਨਹੀਣ, ਬੇਤੁਕੀ ਅਤੇ ਦਿਸ਼ਾਹੀਣ ਹੋ ਕੇ ਰਹਿ ਜਾਂਦੀ ਹੈ।

ਜਿਵੇਂ ਸੰਗੀਤ ਵਿਚ ਸੱਤ ਸੁਰਾਂ ਦੀ ਸਰਗਮ ਨੂੰ ਨਿਯਮਾਂ ਅਤੇ ਬੰਦਸ਼ਾਂ ਵਿਚ ਤੇ ਰਾਗਾਂ ਦੀ ਉਤਪਤੀ ਅਤੇ ਵਿਕਾਸ ਕੀਤਾ ਜਾਂਦਾ ਹੈ,ਇਵੇਂ ਹੀ ਵਿਆਕਰਨ ਭਾਸ਼ਾ ਨੂੰ ਨਿਯਮਾਂ ਅਤੇ ਬੰਦਸ਼ਾਂ ਵਿਚ ਬੰਨ੍ਹ ਕੇ ਉਸ ਵਿਚ ਇਕਸਾਰਤਾ ਅਤੇ ਨਿਖਾਰ ਲਿਆਉਂਦੀ ਹੈ। ਪੰਜਾਬੀ ਭਾਸ਼ਾ ਵਿਚ ਪੰਜਾਬੀ ਵਿਆਕਰਨ ਦੀ ਇਕ ਖਾਸ ਮਹਾਨਤਾ ਹੈ। ਖਾਸ ਨਿਯਮਾਂ ਅਤੇ ਅਨੁਸ਼ਾਸਨ ਵਿਚ ਰਹਿ ਕੇ ਹੀ ਪੰਜਾਬੀ ਭਾਸ਼ਾ ਦਾ ਠੁੱਕ ਬੰਨਿਆ ਜਾ ਸਕਦਾ ਹੈ।

ਲਿਖਤੀ ਬੋਲੀ ਵਿਚ ਵਿਆਕਰਨ ਨਿਯਮਾਂ ਰਾਹੀਂ ਅਸੀਂ ਪੰਜਾਬੀ ਭਾਸ਼ਾ ਨੂੰ ਸ਼ੁਧ ਅਤੇ ਸਹੀ ਲਿਖਣ ਵਿਚ ਪ੍ਰਬੀਨਤਾ ਹਾਸਿਲ ਕਰ ਸਕਦੇ ਹਾਂ। ਪਰ ਭਾਸ਼ਾ ਦੀ ਬੋਲਚਾਲ ਦੀ ਸ਼ੁੱਧਤਾ ਨੂੰ ਕਿਵੇਂ ਸ਼ੁੱਧ ਬੋਲ ਸਕਦੇ ਹਾਂ। ਇਹ ਸਮੱਸਿਆ ਬੜੀ ਜਟਿਲ ਹੈ। ਭਾਸ਼ਾ ਵਿਚ ਤਲੱਫ਼ਜ਼ ਜਾਂ ਉਚਾਰਨ ਦੀ ਬਹੁਤ ਵੱਡੀ ਮਹੱਤਤਾ ਹੈ। ਜੇਕਰ ਸ਼ੁੱਧ ਉਚਾਰਣ ਨਹੀਂ ਹੋਵੇਗਾ ਤਾਂ ਅਸੀਂ ਪ੍ਰਭਾਵਹੀਣ ਹੋ ਕੇ ਰਹਿ ਜਾਵਾਂਗੇ। ਆਉਣ ਵਾਲ਼ੀ ਪੀੜ੍ਹੀ ਵਿਚ ਉਚਾਰਣ ਦੀਆਂ ਬਹੁਤ ਸਾਰੀਆਂ ਖਾਮੀਆਂ ਨਜ਼ਰ ਆ ਰਹੀਆਂ ਹਨ। ਇਹਨਾਂ ਦਾ ਮੈਂ ਮੋਟੇ ਤੌਰ ਤੇ ਜਿ਼ਕਰ ਕਰਾਂਗਾ।

ਅਜੋਕੇ ਪੰਜਾਬੀ ਉਚਾਰਨ ਦੀ ਜੋ ਸਮੱਸਿਆ ਬਣ ਗਈ ਹੈ ਉਹ ਬੜੀ ਗੁੰਝਲਦਾਰ ਤੇ ਉਲਝਣ ਵਾਲ਼ੀ ਹੈ। ਪੰਜਾਬੀ ਪੜ੍ਹਾਉਣ ਵਾਲ਼ੇ ਅਧਿਆਪਕ ਅਤੇ ਕਾਲਜਾਂ ਦੇ ਪ੍ਰਾ-ਅਧਿਆਪਕ ਪੰਜਾਬੀ ਦੇ ਗ਼ਲਤ ਉਚਾਰਨ ਵਿਚ ਗ੍ਰਸ ਚੁੱਕੇ ਹਨ। ਜੇਕਰ ਅਧਿਆਪਕ ਵਰਗ ਦਾ ਉਚਾਰਨ ਸ਼ੁੱਧ ਨਹੀਂ ਹੈ ਤਾਂ ਉਹ ਵਿਦਿਆਰਥੀ ਨੂੰ ਕੀ ਸੇਧ ਦੇਵੇਗਾ। ਅਸ਼ੁੱਧ ਉਚਾਰਨ ਪੰਜਾਬੀ ਭਾਸ਼ਾ ਲਈ ਇਕ ਮਾਰੂ ਸੱਟ ਹੈ। ਪੰਜਾਬੀ ਦੇ ਨਵੀਂ ਪੀੜ੍ਹੀ ਦੇ ਕਵੀਆਂ ਅਤੇ ਲੇਖਕਾਂ ਵਿਚ ਵੀ ਸੁ਼ੱਧ ਉਚਾਰਨ ਦੀ ਘਾਟ ਰੜਕ ਰਹੀ ਹੈ।

ਉਰਦੂ ਜ਼ੁਬਾਨ ਦਾ ਸਾਡੇ ਪੰਜਾਬੀ ਸਾਹਿਤ ਵਿਚ ਇਕ ਖ਼ਾਸ ਮੁਕਾਮ ਹੈ। ਇਸ ਮੁਕਾਮ ਨੂੰ ਅਸੀਂ ਅੱਖੋਂ ਪਰੋਖੇ ਨਹੀਂ ਕਰ ਸਕਦੇ। ਪੰਜਾਬੀ ਸਾਹਿਤ ਵਿਚ ਬਾਬਾ ਸ਼ੇਖ਼ ਫ਼ਰੀਦ, ਬਾਬਾ ਬੁੱਲ੍ਹੇ ਸ਼ਾਹ, ਦਮੋਦਰ, ਸ਼ਾਹ ਹੁਸੈਨ, ਸ਼ਾਹ ਮੁਹੰਮਦ, ਪੀਲੂ, ਹਾਸ਼ਮ, ਮਕਬੂਲ, ਫਜ਼ਲ ਸ਼ਾਹ ਤੇ ਸਯੀਅਦ ਵਾਰਸ ਸ਼ਾਹ ਦਾ ਉਚਾ ਸਥਾਨ ਹੈ। ਇਹਨਾਂ ਸਾਹਿਤਕਾਰਾਂ ਨੇ ਅਪਣੀ ਲਿਖਤ ਵਿਚ ਉਰਦੂ-ਫਾਰਸੀ ਦੇ ਸ਼ਬਦਾਂ ਦਾ ਪ੍ਰਯੋਗ ਕਰਕੇ ਪੰਜਾਬੀ ਸਾਹਿਤ ਨੂੰ ਅਮੀਰ ਬਣਾਇਆ ਹੈ ਅਤੇ ਸਾਹਿਤ ਦਾ ਖਜ਼ਾਨਾ ਭਰਪੂਰ ਕੀਤਾ ਹੈ। ਉਰਦੂ-ਫਾਰਸੀ ਨੂੰ ਮੁੱਖ ਰੱਖਦਿਆਂ ਸਾਡੇ ਵਿਦਵਾਨਾਂ ਨੇ ਪੰਜਾਬੀ ਵਰਣਮਾਲਾ ਵਿਚ ਕੁਝ ਬਿੰਦੀਆਂ ਵਾਲ਼ੇ ਅੱਖਰਾਂ ਦਾ ਵਾਧਾ ਕੀਤਾ ਹੈ ਤਾਂ ਕਿ ਫਾਰਸੀ ਵਿਚ ਆਏ ਸ਼ਬਦਾਂ ਦਾ ਸ਼ੁੱਧ ਅਤੇ ਸਹੀ ਉਚਾਰਨ ਹੋ ਸਕੇ ਇਹ ਅੱਖਰ ਹਨ- ਸ਼, ਖ਼, ਜ਼, ਗ਼, ਫ਼, ਲ਼ । ਹਜ਼ਾਰਾਂ ਸ਼ਬਦ ਪੰਜਾਬੀ ਨੇ ਫਾਰਸੀ ਵਿਚੋਂ ਹਜ਼ਮ ਕੀਤੇ ਹਨ। ਇਹਨਾਂ ਸ਼ਬਦਾਂ ਨੂੰ ਅਸੀਂ ਪੰਜਾਬੀ ਜ਼ੁਬਾਨ ਵਿਚੋਂ ਕਿਵੇਂ ਮਨਫੀ ਕਰ ਸਕਦੇ ਹਾਂ।

ਸਾਡੇ ਪ੍ਰਾਇਮਰੀ ਸਕੂਲਾਂ ਵਿਚ ਪੰਜਾਬੀ ਦੇ ਕਾਇਦੇ ਵਿਚ ਇਹ ਬਿੰਦੀਆਂ ਵਾਲ਼ੇ ਅੱਖਰ ਦਰਜ ਹਨ। ਫਾਰਸੀ ਸ਼ਬਦਾਂ ਦੇ ਸ਼ੁੱਧ ਉਚਾਰਨ ਲਈ ਇਹਨਾਂ ਅੱਖਰਾਂ ਦੇ ਪੈਰਾਂ ਵਿਚ ਬਿੰਦੀਆਂ ਲਾਈਆਂ ਗਈਆਂ ਹਨ। ਪ੍ਰੰਤੂ ਅਧਿਆਪਕਜਨ ਇਹਨਾਂ ਅੱਖਰਾਂ ਵੱਲ ਕੋਈ ਖਾਸ ਧਿਆਨ ਨਹੀਂ ਦਿੰਦੇ। ਪ੍ਰਾਇਮਰੀ ਤੋਂ ਹਾਈ ਸਕੂਲਾਂ ਅਤੇ ਫਿਰ ਕਾਲਜ ਦੇ ਵਿਦਿਆਰਥੀਆਂ ਨੂੰ ਵੀ ਉਚਾਰਨ ਦੀ ਸ਼ੁੱਧਤਾ ਵੱਲ ਪ੍ਰੇਰਿਆ ਨਹੀਂ ਜਾਂਦਾ। ਏਸੇ ਕਰਕੇ ਬੱਚਿਆਂ ਦਾ ਉਚਾਰਨ ਅਸ਼ੁੱਧ ਅਤੇ ਕੱਚ ਘਰੜ ਰਹਿ ਜਾਂਦਾ ਹੈ। ਭਾਸ਼ਾ ਦੀ ਬੋਲਚਾਲ ਵਿਚ ਇਕ ਠੁੱਕ, ਇਕ ਪ੍ਰਭਾਵ ਖਤਮ ਹੋ ਜਾਂਦਾ ਹੈ।

ਵਿਦਿਆਰਥੀਆਂ ਦੇ ਵਰਗ ਨੂੰ ਇਕ ਪਾਸੇ ਰੱਖਦੇ ਹੋਏ ਮੈਂ ਅਧਿਆਪਕ ਵਰਗ ਬਾਰੇ ਚਰਚਾ ਕਰਾਂਗਾ ਕਿ ਉਹ ਉਚਾਰਨ ਦੀ ਕਿਵੇਂ ਜੱਖਣਾ ਪੁੱਟਦੇ ਹਨ। ਕੁਝ ਉਦਾਹਰਣਾਂ ਦੇਵਾਂਗਾ ਜਿਵੇਂ ਜਿ਼ੰਦਗੀ ਨੂੰ (ਜਿੰਦਗੀ), ਜ਼ਮਾਨਾ ਨੂੰ (ਜਮਾਨਾ), ਜ਼ਮੀਨ ਨੂੰ (ਜਮੀਨ), ਗ਼ੇਰਤ ਨੂੰ (ਗੈਰਤ), ਗ਼ਜ਼ਲ ਨੂੰ (ਗਜਲ), ਬਾਗ਼ ਨੂੰ (ਬਾਗ), ਫ਼ਸਲ ਨੂੰ (ਫਸਲ), ਫ਼ਕੀਰ ਨੂੰ (ਫਕੀਰ), ਜਿ਼ਕਰ ਨੂੰ (ਜਿਕਰ), ਯਾਰੀ ਨੂੰ (ਜਾਰੀ), ਜਾਰੀ ਨੂੰ (ਯਾਰੀ) ਬੋਲਦੇ ਹਨ।

ਇਕ ਹੋਰ ਹਾਸੋਹੀਣਾ ਪੱਖ ਦੇਖੋ ਮਜਬੂਰੀ ਨੂੰ (ਮਜ਼ਬੂਰੀ), ਤਜਰਬਾ ਨੂੰ (ਤਜ਼ਰਬਾ) ਅਤੇ ਹਿਜਰ ਨੂੰ ਹਿਜ਼ਰ ਬੋਲਦੇ ਹਨ।

ਮੈਂ ਇਕ ਮਿਸਾਲ ਹੋਰ ਦਿਆਂਗਾ ਕਿ ਸਾਡਾ ਸ਼ਹਿਰੀ ਵਰਗ ਪੰਜਾਬੀ ਜ਼ੁਬਾਨ ਦਾ ਸੱਤਿਆਨਾਸ਼ ਕਿਵੇਂ ਕਰ ਰਿਹਾ ਹੈ। ਇਹ ਲੋਕ ਨ ਅਤੇ ਣ ਦੀ ਵਰਤੋਂ ਕਿਵੇਂ ਕਰਦੇ ਹਨ। "ਨੀ ਮੀਨਾ! ਤੂੰ ਪਾਨੀ ਪੀਨਾ ਏਂ ਕੂ ਨਹੀਂ ਪੀਨਾ। ਖਾਨਾ ਕਦੋਂ ਖਾਨਾ ਏਂ?" " ਨੀ ਗੀਤਾ! ਮੈਂ ਨਹੀਂ ਹਾਲੀ ਖਾਨਾ। ਮੈਂ ਤਾਂ ਹਾਲੀ ਬਸ ਪਾਨੀ ਹੀ ਪੀਨਾ ਏਂ।"

ਨਵੇਂ ਲੇਖਕ ਅਤੇ ਕਵੀ ਜੋ ਪੰਜਾਬੀ ਜ਼ੁਬਾਨ ਦੀ ਰੂਹ ਪਛਾਣਦੇ ਹਨ, ਦਾ ਉਚਾਰਨ ਕਾਫੀ ਹੱਦ ਤੱਕ ਸ਼ੁੱਧ ਅਤੇ ਸਹੀ ਹੁੰਦਾ ਹੈ। ਜਦੋਂ ਕਵੀ ਕਿਸੇ ਕਵੀ ਦਰਬਾਰ ਵਿਚ ਅਸ਼ੁੱਧ ਭਾਸ਼ਾ ਬੋਲਦਾ ਹੈ ਤਾਂ ਆਪਣਾ ਸਾਰਾ ਪ੍ਰਭਾਵ ਮਨਫ਼ੀ ਕਰ ਲੈਂਦਾ ਹੈ। ਅੱਜ ਕੱਲ੍ਹ ਟੀ.ਵੀ. ਚੈਨਲਾਂ 'ਤੇ ਬਹੁਤ ਹੀ ਅਸ਼ੁੱਧ ਪੰਜਾਬੀ ਬੋਲੀ ਅਤੇ ਲਿਖੀ ਜਾਂਦੀ ਹੈ।

ਪੁਰਾਣੇ ਸਮਿਆਂ ਵਿਚ ਮੌਲਵੀ ਪਾਸੋਂ ਲੋਕ ਉਰਦੂ ਅਤੇ ਫਾਰਸੀ ਦੀ ਤਾਲੀਮ ਹਾਸਿਲ ਕਰਦੇ ਸਨ। ਉਹ ਤਲੱਫ਼ਜ਼ ਜਾਂ ਉਚਾਰਨ ਉਤੇ ਬਹੁਤ ਜ਼ੋਰ ਦਿਆ ਕਰਦੇ ਸਨ। ਭੁੱਲ ਭੁਲੇਖੇ ਜੇ ਕਿਸੇ ਵਿਦਿਆਰਥੀ ਨੇ ਲੇਕਿਨ ਲਫ਼ਜ਼ ਨੂੰ ਲੇਕਨ ਆਖ ਦੇਣਾ ਜਾਂ ਮੁਸ਼ਕਿਲ ਨੂੰ ਮੁਸ਼ਕਲ ਬੋਲ ਦੇਣਾ ਤਾਂ ਉਸੇ ਲਫ਼ਜ਼ ਦੀ ਕਈ ਕਈ ਵਾਰ ਦੁਹਰਾਈ ਕਰਵਾਈ ਜਾਂਦੀ ਸੀ। ਮੈਂ ਆਪਣੇ ਪੰਜਾਬੀ ਪੜ੍ਹਾਉਣ ਦੇ 35 ਸਾਲਾਂ ਸਮੇਂ ਵਿਦਿਆਰਥੀਆਂ ਨੂੰ ਸੁੱਧ ਉਚਾਰਨ ਲਈ ਮਿਹਨਤ ਕਰਵਾਉਂਦਾ ਰਿਹਾ ਹਾਂ। ਕਾਫੀ ਵਿਦਿਆਰਥੀ ਨੂੰ ਇਸ ਪਾਸੇ ਸਫ਼ਲਤਾ ਦਿਵਾਈ ਹੈ। ਇਹ ਵਿਦਿਆਰਥੀ ਅੱਜ ਕੱਲ੍ਹ ਲਿਖਣ ਪ੍ਰਕਿਰਿਆ ਵਿਚ ਯੋਗਦਾਨ ਪਾ ਰਹੇ ਹਨ। ਕੁਲਵਿੰਦਰ ਕੌਰ ਮਠਾਰੂ, ਗੁਲਜ਼ਾਰ ਤਾਹਰਪੁਰੀ, ਸਤਨਾਮ ਦੁੱਗਲ ਅਤੇ ਕਮਲ ਕੇਸਰ ਜਿ਼ਕਰਯੋਗ ਹਨ।

ਮੇਰੇ ਇਹਨਾਂ ਵਿਚਾਰਾਂ ਤੋਂ ਪੰਜਾਬੀ ਪਿਆਰੇ ਅਤੇ ਪੰਜਾਬੀ ਪਾਠਕ ਸ਼ਾਇਦ ਕੁਝ ਸੇਧ ਲੈ ਸਕਣਗੇ ਤੇ ਆਪਣੇ ਜੀਵਨ ਵਿਚ ਸ਼ੁੱਧ ਉਚਾਰਨ ਦੀ ਮਹੱਤਤਾ ਨੂੰ ਬਰਕਰਾਰ ਰੱਖ ਸਕਣਗੇ।

ਐ ਮਾਂ ਬੋਲੀ! ਤੈਨੂੰ ਲੱਖ-ਲੱਖ ਪ੍ਰਣਾਮ।