ਗੁਸਤਾਖੀ ਮੁਆਫ .......... ਲੇਖ / ਹਰਮਿੰਦਰ ਕੰਗ, ਸਿਡਨੀ (ਆਸਟ੍ਰੇਲੀਆ)


ਕਹਿੰਦੇ ਨੇਂ ਇਸ ਦੁਨੀਂਆਂ ਤੇ ਹਰ ਬਿਮਾਰੀ ਦਾ ਇਲਾਜ ਹੈ ਪਰ ਵਹਿਮ ਭਰਮ ਦਾ ਕੋਈ ਇਲਾਜ ਨਹੀਂ।ਬਾਬਾ ਫਰੀਦ ਜੀ ਦੇ “ਦੁੱਖ ਸਬਾਇਆ ਜੱਗ”ਬਚਨ ਅਨੁਸਾਰ ਇਸ ਦੁਨੀਂਆਂ ਵਿੱਚ ਹਰ ਮਨੁੱਖ ਨੂੰ ਕਿਸੇ ਨਾਂ ਕਿਸੇ ਪਕ੍ਰਾਰ ਦਾ ਦੁੱਖ ਚਿੰਬੜਿਆ ਹੋਇਆ ਹੈ ‘ਤੇ ਆਦਮੀਂ ਹਰ ਹੀਲਾ ਵਰਤ ਕੇ ਇਹਨਾਂ ਦੁੱਖਾਂ ਤੋਂ ਛੁਟਕਾਰਾ ਪਾਉਂਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ।ਮਨੁੱਖ ਦੀ ਇਸੇ ਕਮਜੋਰੀ ਦਾ ਹੀ ਲਾਭ ਕੁੱਝ ਸ਼ੈਤਾਨੀਂ ਦਿਮਾਗ ਵਾਲੇ ਲੋਕ ਉਠਾਉਂਦੇ ਹਨ ਜੋ ਦਾਅਵਾ ਕਰਦੇ ਹਨ ਕਿ ਉਹਨਾਂ ਕੋਲ ਅਜਿਹੀਆਂ ਗੈਬੀ ਸ਼ਕਤੀਆਂ ਹਨ ਜਿਨ੍ਹਾਂ ਦੁਆਰਾ ਉਹ ਸਾਡੀ ਹਰ ਮਰਜ ਦਾ ਇਲਾਜ ਕਰ ਸਕਦੇ ਹਨ।ਅਜਿਹੇ ਸ਼ੈਤਾਨੀਂ ਦਿਮਾਗ ਵਾਲੇ ਤਾਂਤਰਿਕ ਜੋਤਿਸ਼ੀ ਬਾਬੇ ਕਿਸੇ ਮੁਸੀਬਤ ‘ਚ ਫਸੇ ਭੋਲੇ ਭਾਲੇ ਲੋਕਾਂ ਨੂੰ ਆਪਣੇਂ ਜਾਲ ਵਿੱਚ ਅਜਿਹਾ ਫਸਾਉਂਦੇ ਹਨ ਕਿ ਆਦਮੀ ਚਾਹੁੰਦਾ ਹੋਇਆ ਵੀ ਇਹਨਾਂ ਦੇ ਮਕੜ ਜਾਲ ਚੋਂ ਨਿੱਕਲ ਨਹੀਂ ਸਕਦਾ ‘ਤੇ ਕਈ ਵਾਰੀ ਤਾਂ ਫਸਿਆ ਹੋਇਆ ਇਨਸਾਨ ਆਪਣਾਂ ਜਾਂਨੀ ਮਾਲੀ ਨੁਕਸਾਨ ਵੀ ਕਰਵਾ ਬੈਠਦਾ ਹੈ।ਹੈਰਾਨੀਂ ਦੀ ਹੱਦ ਨਾਂ ਰਹੀ ਜਦ ਮੈ ਇੱਥੇ ਆਸਟ੍ਰੇਲੀਆ ਵਸਦੇ ਆਪਣੇ ਭਾਈਚਾਰੇ ਦੇ ਲੋਕਾਂ ਨੂੰ ਇਸ ਦਲਦਲ ਵਿੱਚ ਫਸੇ ਹੋਏ ਦੇਖਿਆ ‘ਤੇ ਨਾਲ ਹੀ ਆਸਟ੍ਰੇਲੀਆ ਤੋਂ ਹੀ ਛਪਦੇ ਇੱਕ ਮੈਗਜੀਨ ਵਿੱਚ ਅਜਿਹੇ ਤਾਂਤਰਿਕਾਂ ਜੋਤਿਸ਼ੀਆਂ ਦੇ ਕ੍ਰਮਵਾਰ 30-35 ਦੇ ਕਰੀਬ ਇਸ਼ਿਤਿਹਾਰ ਛਪੇ ਦੇਖੇ ਜੋ ਇੰਡੀਆ ਬੈਠੇ ਹੀ ਵਿਦੇਸ਼ਾਂ ਵਿੱਚ ਵਸਦੇ ਸਾਡੇ ਭਾਈਚਾਰੇ ਦੇ ਲੋਕਾਂ ਨੂੰ ਉਹਨਾਂ ਦੇ ਸਭ ਦੁੱਖ ਦੂਰ ਕਰਨ ਦੇ ੳਪਦੇਸ਼ ਨਾਲ ਲੁੱਟ ਖਸੁੱਟ ਕਰ ਰਹੇ ਹਨ।ਇਹਨਾਂ ਇਸ਼ਤਿਹਾਰਾਂ ਨੂੰ ਪੜ੍ਹ ਕੇ ਸਾਧਾਰਨ ਸੋਚ ਰੱਖਣ ਵਾਲਾ ਆਦਮੀਂ ਵੀ ਸਹਿਜੇ ਹੀ ਅੰਦਾਜਾ ਲਗਾ ਸਕਦਾ ਹੈ ਕਿ ਇਹਨਾਂ ਪਖੰਡੀਆਂ ਬੂਬਣਿਆਂ ਕੋਲ ਝੂਠ ਫਰੇਬ ਤੋਂ ਇਲਾਵਾ ਕੁੱਝ ਵੀ ਨਹੀਂ।ਇਹਨਾਂ ਇਸ਼ਤਿਹਾਰਾਂ ਵਿੱਚੋਂ ਇੱਕ ‘ਸਿੰਘ’ ਬਾਬੇ ਦਾ ਵੀ ਇਸ਼ਤਿਹਾਰ ਹੈ ਜੋ ਦਾਅਵਾ ਕਰਦਾ ਹੈ ਕਿ ਉਹ ਗੈਬੀ ਸ਼ਕਤੀਆਂ ਨਾਲ ਮੁਸ਼ਕਿਲ ਤੋਂ ਮੁਸ਼ਕਿਲ ਕੰਮ ਵੀ ਕਰਵਾ ਸਕਦਾ ਹੈ ਬਸ਼ਰਤੇ ਤੁਸੀਂ ਉਸ ਬਾਬੇ ਕੋਲ ਆਪਣੇਂ ਨਾਮ ਦੀ ਇੱਕ ਚੌਕੀਂ ਰਖਵਾਉਣੀਂ ਹੈ।ਇਸ ਬਾਬੇ ਦੀ ਫੀਸ ਹਜਾਰਾਂ ਡਾਲਰ ਹੈ’ਤੇ ਇਹ ਹਾਈਟੈਕ ਬਾਬਾ ਕਹਿੰਦਾ ਹੈ ਕਿ ਜਦ ਵੀ ਵਿਦੇਸ਼ਾਂ ਵਿੱਚੋਂ ਉਸ ਨੂੰ ਫੋਨ ਕਰੋਂ ਤਾਂ ਸਿਰ ਤੇ ਸਫੇਦ ਰੰਗ ਦਾ ਕੱਪੜਾ ਰੱਖ ਕੇ ਹੀ ਕਰੋ।ਨਾਲ ਹੀ ਇਸ ਬਾਬੇ ਨੇਂ ਇੰਡੀਆ ਦੇ ਤਿੰਨ ਫੋਨ ਨੰਬਰਾਂ ਦੇ ਨਾਲ ਨਾਲ ਆਪਣਾਂ ਈ ਮੇਲ ਆਈ.ਡੀ. ਵੀ ਦਿੱਤਾ ਹੋਇਆ ਹੈ।ਇਸੇ ਅਖਬਾਰ ਵਿੱਚ ਇੱਕ ਹੋਰ ਇਸ਼ਤਿਹਾਰ ਹੈ ਜਿਸ ਵਿੱਚ ਇੱਕ ਪੰਡਿਤ ਨੇ ਖੁੱਲਾ ਚੈਲ਼ਿੰਜ ਕੀਤਾ ਹੈ ਕਿ ਉਸ ਕੋਲ ਮੌਤ ਨੂੰ ਛੱਡ ਕੇ ਮਨੁੱਖ ਦੀ ਹਰ ਸਮੱਸਿਆ ਦਾ ਹੱਲ ਹੈ।ਉਹ ਦਾਅਵਾ ਕਰਦਾ ਹੈ ਕਿ ਉਹ ਸਿਰਫ ਫੋਨ ਤੇ ਹੀ ਮਨੁੱਖੀ ਉਲਝਣਾਂ ਜਿਵੇਂ ਔਲਾਦ ਦੀ ਪ੍ਰਾਪਤੀ,ਵਿਦੇਸ਼ਾਂ ‘ਚ ਪੱਕੇ ਹੋਣਾਂ,ਲਾਟਰੀ ਲੱਗਣਾਂ,ਗ੍ਰਿਹ ਕਲੇਸ਼,ਦੁਸ਼ਮਣ ਨੂੰ ਮਾਰਨਾਂ,ਕੋਟ ਕਚਿਹਿਰੀ ‘ਚ ਕੇਸ ਜਿਤਣਾਂ,ਵਸ਼ੀਕਰਨ,ਮਨ ਚਾਹੇ ਮਰਦ ਜਾਂ ਇਸਤਰੀ ਦੀ ਪ੍ਰਾਪਤੀ ਆਦਿ ਵਰਗੇ ਕੰਮ ਸਿਰਫ ਫੋਨ ਤੇ ਹੀ ਗੈਬੀ ਸ਼ਕਤੀਆਂ ਨਾਲ ਕਰਵਾ ਸਕਦਾ ਹੈ ‘ਤੇ ਉਹ ਵੀ ਸਿਰਫ ਪੰਜ ਘੰਟਿਆਂ ਵਿੱਚ।ਇਕ ਹੋਰ ਮੌਲਵੀ ਦਾ ਇਸ਼ਤਿਹਾਰ ਹੈ ਜਿਸ ਵਿੱਚ ਲਿਖਿਆ ਹੈ ਕਿ ਭਗਵਾਨ ਨੇਂ ਸਿਰਫ ਉਸੇ ਨੂੰ ਹੀ ਕਾਲਾ ਇਲਮ ਦਿੱਤਾ ਹੈ ‘ਤੇ ਹਰ ਕੰਮ ਸਿਰਫ ਉਹੀ ਕਰਵਾ ਸਕਦਾ ਹੈ ਜੇਕਰ ਕੋਈ ਹੋਰ ਉਸ ਤੋਂ ਪਹਿਲਾਂ ਕੰਮ ਕਰਵਾ ਕੇ ਦਿਖਾਵੇ ਤਾਂ 21 ਲੱਖ ਰੁਪਏ ਦਾ ਇਨਾਂਮ।ਇੱਕ ਹੋਰ ਇਸਤਰੀ ਤਾਂਤਰਿਕ ਦਾ ਇਸ਼ਤਿਹਾਰ ਹੈ ਜੋ ਕਹਿੰਦੀ ਹੈ ਕਿ ਉਸਨੇ ਤਪੱਸਿਆ ਦੁਆਰਾ ਦੈਵੀ ਸ਼ਕਤੀ ਗ੍ਰਹਿਣ ਕਰ ਲਈ ਹੈ,ਕਾਲੇ ਇਲਮ ਦੀ ਮਾਹਿਰ ਹੈ ਤੇ ਖਾਸ ਕਰ ਲਾਟਰੀ ਨੰਬਰ ਦੱਸਣ ਦੀ ਮਾਹਿਰ ਹੈ,ਕੰਮ ਇਹ ਵੀ ਫੋਨ ਤੇ ਹੀ ਕਰਵਾਉਂਦੀ ਹੈ।ਆਪਣੇ ਨਾਂਅ ਪਿੱਛੇ ‘ਕੌਰ’ਸ਼ਬਦ ਲਿਖ ਕੇ ਇੱਕ ਹੋਰ ਤਾਂਤਰਿਕ ਬੀਬੀ ਕਹਿੰਦੀ ਹੈ ਕਿ ਔਰਤ ਹੋਣ ਦੇ ਨਾਤੇ ਉਹ ਔਰਤਾਂ ਦੇ ਦੁੱਖਾਂ ਨੂੰ ਭਲੀ ਭਾਂਤ ਸਮਝਦੀ ਹੈ।ਇਹ ਬੀਬੀ ਔਰਤਾਂ ਦੇ ਗੁਪਤ ਰੋਗਾਂ ਤੱਕ ਦਾ ਇਲਾਜ ਸਿਰਫ ਇੱਕ ਫੋਨ ਕਾਲ ਤੇ ਹੀ ਕਰ ਸਕਦੀ ਹੈ।ਇੱਕ ਹੋਰ ਇਸੇ ਤਰ੍ਹਾਂ ਦੇ ਇਸ਼ਤਿਹਾਰ ਵਿੱਚ ਤਾਂ ਇੱਕ ਬਾਬੇ ਨੇਂ ਇੱਥੋਂ ਤੱਕ ਜਾਲ ਸੁੱਟਿਆ ਹੋਇਆ ਹੈ ਕਿ ਉਹ ਫੀਸ ਵੀ ਕੰਮ ਹੋਣ ਤੋਂ ਬਾਦ ਹੀ ਲਵੇਗਾ ਨਾਲ ਹੀ ਇਸ ਤਾਂਤਰਿਕ ਨੇ ਦਾਅਵਾ ਕੀਤਾ ਹੈ ਕਿ ਯੂ.ਕੇ ਅਤੇ ਕੈਨੇਡਾ ਦੇ ਚਾਰ ਪਰਿਵਾਰ ਉਸ ਤੋਂ ਲਾਟਰੀ ਨੰਬਰ ਪੁੱਛ ਕੇ ਕਰੋੜਾਂ ਪਤੀ ਬਣ ਚੁੱਕੇ ਹਨ।ਇਹਨਾਂ ਸਾਰੇ ਇਸ਼ਤਿਹਾਰਾਂ ਚੋਂ ਕਈ ਤਾਂਤਰਿਕ ਬਾਬੇ ਤਾਂ ਆਪਣੇਂ ਆਪ ਨੂੰ ਭਾਰਤ ਸਰਕਾਰ ਤੋਂ ਮਾਨਤਾ ਪ੍ਰਾਪਤ ਹੋਣ ਬਾਰੇ ਵੀ ਦੱਸਦੇ ਹਨ।ਕਈਆਂ ਨੇਂ ਆਪਣੇਂ ਆਪ ਨੂੰ ਗੋਲਡ ਮੈਡਲਿਸਟ ਦਰਸਾਇਆ ਹੈ।ਹੈਰਾਨੀਂ ਉਦੋਂ ਹੁੰਦੀ ਹੈ ਜਦ ਇਸ ਵਿਗਿਆਨਿਕ ਯੁੱਗ ਵਿੱਚ ਇਹ ਰੁਹਾਨੀ ਤਾਕਤਾਂ,ਗੈਬੀ ਸ਼ਕਤੀਆਂ,ਭੂਤਾਂ ਪ੍ਰੇਤਾਂ ਇਹਨਾਂ ਦੇ ਵੱਸ ਹੋਣ ਦੀ ਗੱਲ ਕਰਦੇ ਹਨ ਜਦ ਕਿ ਇਸ ਤਰ੍ਹਾਂ ਦੀ ਕੋਈ ਵੀ ਚੀਜ ਇਸ ਧਰਤੀ ਤੇ ਹੈ ਹੀ ਨਹੀਂ।

‘ਬਾਬਿਆਂ ਦੇ ਬੱਗ ਫਿਰਦੇ,ਕੀਹਦੇ ਕੀਹਦੇ ਪੈਰੀਂ ਹੱਥ ਲਾਈਏ’ ਦੇ ਕਥਨ ਨੂੰ ਸੁਲਝਾਉਣ ਲਈ ਅਤੇ ਸਿਰਫ ਸੱਚਾਈ ਜਾਨਣ ਦੀ ਮਨਸ਼ਾ ਨਾਲ ਆਪਣੇ ਆਪ ਨੂੰ ਇੱਕ ਦੁਖੀ ਇਨਸਾਨ ਦਰਸਾ ਕੇ ਜਦ ਇਹਨਾਂ ਵਿੱਚੋਂ ਇੱਕ ਤਾਂਤਰਿਕ ਬਾਬੇ ਨੂੰ ਇੰਡੀਆ ਫੋਨ ਕੀਤਾ ਤਾਂ ਉਸ ਦੇ ਇੱਕ ਚੇਲੇ ਨੇਂ ਮੈਨੂੰ ਇੱਕ ਇੰਡੀਅਨ ਬੈਂਕ ‘ਤੇ ਇੱਕ ਇੱਥੋਂ ਦੀ ਇੱਕ ਆਸਟ੍ਰੇਲੀਅਨ ਬੈਂਕ ਦਾ ਅਕਾਉਂਟ ਨੰਬਰ ਦੇਕੇ ਪਹਿਲਾਂ ਫੀਸ ਜਮਾਂ ਕਰਵਾਉਣ ਦਾ ਹੁਕਮ ਸੁਣਾ ਦਿੱਤਾ ਕਿ ਜੇ ਇੰਡੀਆ ਵਿੱਚ ਫੀਸ ਜਮ੍ਹਾਂ ਕਰਵਾਉਣੀ ਹੈ ਤਾਂ 48000 ਰੁਪਏ ਤੇ ਜੇਕਰ ਆਸਟ੍ਰੇਲੀਆਂ ਜਮ੍ਹਾਂ ਕਰਵਾਉਣੀਂ ਹੈ ਤਾਂ ਤਕਰੀਬਨ 1200 ਡਾਲਰ ।ਮੇਰੇ ਜੋਰ ਦੇ ਕੇ ਪੁੱਛਣ ਤੇ ਉਸ ਨੇਂ ਇੱਥੇ ਵਸਦੇ ਕਈ ਪੰਜਾਬੀ ਪਰਿਵਾਰਾਂ ਦੇ ਫੋਨ ਨੰਬਰ ਵੀ ਦੱਸ ਦਿੱਤੇ ਜੋ ਉਹਨਾਂ ਦੇ ਤਾਂਤਰਿਕ ਗੁਰੂ ਤੋਂ ਹਰ ਹਫਤੇ ਲਾਟਰੀ ਨੰਬਰ ਪੁੱਛਦੇ ਹਨ।ਇਹਨਾਂ ਚੋਂ ਇੱਕ ਪਰਿਵਾਰ ਔਲਾਦ ਦੀ ਪ੍ਰਾਪਤੀ ਲਈ ਇਹਨਾਂ ਦੇ ਚੁੰਗਲ ਵਿੱਚ ਫਸਿਆ ਹੋਇਆ ਹੈ।ਜਦ ਨਿੱਜੀ ਤੌਰ ‘ਤੇ ਹੋਰ ਖੋਜ ਕੀਤੀ ਤਾਂ ਅਜਿਹੇ ਅਨੇਕਾਂ ਪਰਿਵਾਰ ਲੱਭ ਗਏ ਜੋ ਇਹਨਾਂ ਦੇ ਇਸ਼ਤਿਹਾਰ ਪੜ੍ਹ ਕੇ ਇਹਨਾਂ ਦੇ ਮਕੜ ਜਾਲ ਵਿੱਚ ਫਸ ਕੇ ਹਜਾਰਾਂ ਡਾਲਰ ਬਰਬਾਦ ਕਰ ਚੁੱਕੇ ਹਨ ‘ਤੇ ਹੁਣ ਸ਼ਰਮ ਦੇ ਮਾਰੇ ਕਿਸੇ ਕੋਲ ਗੱਲ ਵੀ ਨਹੀਂ ਕਰਦੇ ਕਿ ਉਹਨਾਂ ਨਾਲ ਕੀ ਬੀਤੀ ਹੈ।
ਵਿਦੇਸ਼ੀ ਅਖਬਾਰਾਂ ਵਿੱਚ ਇਸ਼ਤਿਹਾਰ ਦੇਣ ਦਾ ਸਿੱਧਾ ਮਤਲਬ ਹੁੰਦਾ ਹੈ ਕਿ ਇਹਨਾਂ ਨੂੰ ਮੂੰਹ ਮੰਗੀ ਫੀਸ ਡਾਲਰਾਂ ਵਿੱਚ ਮਿਲਦੀ ਹੈ।ਹੈਰਾਨੀਂ ਦੇ ਨਾਲ ਦੁੱਖ ਵੀ ਹੁੰਦਾ ਹੈ ਕਿ ਇੱਥੇ ਵਿਦੇਸ਼ਾਂ ਵਿੱਚ ਆ ਕੇ ਵੀ ਜਿੱਥੇ ਸਾਰਾ ਸਿਸਟਮ ਹੀ ਵਿਗਿਆਨਕ ਢੰਗ ਨਾਲ ਚਲਦਾ ਹੈ, ਅਸੀਂ ਹਰ ਗੱਲ ਨੂੰ ਤਰਕ ਦੀ ਕਸੌਟੀ ਤੇ ਪਰਖ ਕੇ ਕਿਉਂ ਨਹੀਂ ਦੇਖਦੇ ਕਿ ਜੇ ਅਜਿਹੇ ਤਾਂਤਰਿਕ ਬਾਬਿਆਂ ਕੋਲ ਕੋਈ ਅਜਿਹੀ ਸ਼ਕਤੀ ਹੁੰਦੀ ਤਾਂ ਇਹ ਆਪ ਕਿਉਂ ਦਰ ਦਰ ਭਟਕਦੇ।ਦੁੱਖ ਇਸ ਗੱਲ ਦਾ ਵੀ ਹੈ ਕਿ ਚੰਦ ਪੈਸਿਆਂ ਦੀ ਖਾਤਰ ਅਖਬਾਰ ਵਾਲੇ ਅਜਿਹੇ ਪਖੰਡੀਆਂ ਦੇ ਇਸ਼ਤਿਹਾਰ ਛਾਪ ਕੇ ਭੋਲੇ ਲੋਕਾਂ ਦੀ ਇਹਨਾਂ ਤਾਂਤਰਿਕਾਂ ਹੱਥੋਂ ਲੁੱਟ ਕਰਵਾਉਣ ਦੇ ਭਾਗੀਦਾਰ ਬਣਦੇ ਹਨ।ਅਸਲ ਵਿੱਚ ਕਸੂਰ ਸਾਡਾ ਜਿਆਦਾ ਹੈ ਜੋ ਭਿੰਨ ਭਿੰਨ ਤਰ੍ਹਾਂ ਦੇ ਦੁਨਿਆਵੀ ਲਾਲਚਾਂ ਦੇ ਵੱਸ ਅਜਿਹੇ ਕਰਮਕਾਂਡਾ ਦੇ ਹਿੱਸੇਦਾਰ ਬਣਦੇ ਹਾਂ।ਸੋ ਮਿੱਤਰ ਪਿਆਰਿਓ ਗੱਲ ਜਰਾਂ ਕੌੜੀ ਹੈ,ਵਿਗਿਆਨਿਕ ਢੰਗ ਨਾਲ ਹਜਮ ਕਰ ਕੇ ਦੇਖਿਓ ਜੇਕਰ ਫਿਰ ਵੀ ਕਿਸੇ ਦੇ ਢਿੱਡ ‘ਚ ਪੀੜ ਹੋਣ ਲੱਗ ਪਵੇ ਹਜੂਰ ਗੁਸਤਾਖੀ ਮਾਫ। 

ਫੋਨ : 0061 434 288 301
E-mail : harmander.kang@gmail.com