ਕਬੱਡੀ ਅਤੇ ਟੀਕਾ ਕਲਚਰ……… ਲੇਖ / ਰਾਜ ਖੱਖ

ਪੱਟ ਦੇਖਕੇ ਮਾਂ ਨੂੰ ਪੁੱਤ ਕਹਿੰਦਾ
ਮਾਂ, ਲੋਕੀ ਮੈਨੂੰ ਪਹਿਲਵਾਨ ਕਹਿੰਦੇ।
ਪਤਾ ਲੱਗਦਾ ਵਿੱਚ ਮੈਦਾਨਾ ਦੇ
ਜਦੋਂ ਜੱਫੇ ਬੇਗਾਨਿਆਂ ਦੇ ਨਾਲ ਪੈਂਦੇ।

ਪੰਜਾਬ ਵਿੱਚ ਇਨ੍ਹਾਂ ਦਿਨਾਂ ਵਿੱਚ ਸਰਦੀ ਦੀ ਰੁੱਤ ਹੈ। ਪਿੰਡ ਦੇ ਲੋਕ ਕਣਕ ਦੀ ਬਿਜਾਈ ਕਰਕੇ ਵਿਹਲੇ ਹਨ। ਇੰਨਾ ਵਿਹਲੇ ਦਿਨਾਂ ਵਿੱਚ ਤਿੰਨ ਚੀਜ਼ਾਂ ਉਹਨਾਂ ਦਾ ਮਨੋਰੰਜਨ ਕਰ ਰਹੀਆਂ ਹਨ, ਪਹਿਲਾ ਵਿਆਹ-ਸ਼ਾਦੀਆਂ, ਦੂਜਾ ਵਿਧਾਨ ਸਭਾ ਦੀਆਂ ਵੋਟਾਂ ਤੇ ਤੀਜਾ ਮਾਂ-ਖੇਡ ਕਬੱਡੀ ਦੇ ਟੂਰਨਾਮੈਂਟ।

ਜਿਹੜੀ ਗੱਲ ਅੱਜ ਤੁਹਾਡੇ ਨਾਲ ਸਾਂਝੀ ਕਰਨੀ ਹੈ, ਉਹ ਹੈ ਅਜੋਕੀ ਕਬੱਡੀ ਬਾਰੇ, ਅਜੋਕੀ ਕਬੱਡੀ ਮੈਂ ਇਸ ਕਰਕੇ ਕਿਹਾ ਕਿਉਂਕਿ ਜਿਵੇਂ-ਜਿਵੇਂ ਸਮਾਜ ਨੇ ਤਰੱਕੀ ਕੀਤੀ, ਤਿਵੇਂ-ਤਿਵੇਂ ਕਬੱਡੀ ਵੀ ਤਰੱਕੀ ਕਰ ਗਈ ਹੈ। ਕੌਡੀਆਂ ਦੀ ਕਬੱਡੀ ਕਰੋੜਾਂ ਦੀ ਹੋ ਗਈ ਹੈ। ਕਬੱਡੀ ਦੇ ਵਰਲਡ ਕੱਪ ਹੋਣ ਲੱਗ ਪਏ ਹਨ। ਕਿਸੇ ਵਕਤ ਬਲਦਾਂ-ਰੇਹੜੀਆਂ ਜਾਂ ਸਾਈਕਲਾਂ ਤੇ ਮੈਚ ਖੇਡਣ ਜਾਣ ਵਾਲੇ ਖਿਡਾਰੀ ਅੱਜ ਕਾਰਾਂ ਜਾਂ ਹਵਾਈ ਜਹਾਜ਼ਾਂ ਤੇ ਚੜ੍ਹਕੇ ਮੈਚ ਖੇਡਣ ਜਾਂਦੇ ਹਨ। ਖਿਡਾਰੀਆਂ ਦੀ ਦਿੱਖ ਵੀ ਪੁਰਾਣੇ ਖਿਡਾਰੀਆਂ ਦੇ ਮੁਕਾਬਲੇ ਸੋਹਣੀ ਹੋ ਗਈ ਹੈ।

ਪਰ ਖੇਡ ਦੀ ਇਸ ਤਰੱਕੀ ਨੂੰ ਜਿਹੜੀ ਨਜ਼ਰ ਲੱਗੀ ਹੈ, ਉਹ ਹੈ ਟੀਕਾ-ਕਲਚਰ ਦਾ ਆਉਣਾ। ਟੀਕਾ ਕਲਚਰ ਤੋਂ ਭਾਵ ਖਿਡਾਰੀਆਂ ਦਾ ਟੀਕੇ ਲਾ ਕੇ ਖੇਡਣਾ। ਇਹ ਉਹ ਟੀਕੇ ਹੁੰਦੇ ਹਨ ਜਿਹੜੇ ਕਮਜ਼ੋਰ ਬਜ਼ੁਰਗਾਂ ਨੂੰ ਪਿਛਲੀ ਉਮਰੇ ਲਾਏ ਜਾਂਦੇ ਹਨ। ਇਹ ਟੀਕੇ ਸਰੀਰ ਵਿੱਚ ਖੂਨ ਦਾ ਦੌਰਾ ਤੇਜ਼ ਕਰਦੇ ਹਨ ਅਤੇ ਮਾਸ-ਪੇਸ਼ੀਆਂ ਦਾ ਦਰਦ ਘਟਾਉਂਦੇ ਹਨ। ਇਹ ਟੀਕਾ ਲਾਉਣ ਤੋਂ ਬਾਅਦ ਬਜ਼ੁਰਗ ਘੋੜੇ ਵਰਗਾ ਹੋ ਜਾਂਦਾ ਹੈ। ਇਸੇ ਕਰਕੇ ਪੇਂਡੂ ਭਾਸ਼ਾ ਵਿੱਚ ਇਹਨਾਂ ਨੂੰ ਘੋੜੇ ਵਾਲਾ ਟੀਕਾ ਵੀ ਕਹਿੰਦੇ ਹਨ। ਪਰ ਜਦੋਂ ਜਵਾਨ ਸਰੀਰ ਨੂੰ ਇਹ ਟੀਕਾ ਲਾ ਦਿੱਤਾ ਜਾਂਦਾ ਹੈ ਤਾਂ ਉਸ ਵਿੱਚ ਅੰਨਾ ਜ਼ੋਰ ਆ ਜਾਂਦਾ ਹੈ। ਸਰੀਰ ਵਿੱਚ ਖੂਨ ਦਾ ਦੌਰਾ ਤੇਜ਼ ਹੋ ਜਾਂਦਾ ਹੈ ਤੇ ਇਹ ਖਿਡਾਰੀ ਵਿਰੋਧੀ ਟੀਮ ਦੇ ਖਿਡਾਰੀਆਂ ਨੂੰ ਵਗਾਹ-ਵਗਾਹ ਮਾਰਦੇ ਹਨ। ਜੇ ਵਿਰੋਧੀਆਂ ਨੇ ਇਸ ਕੁੱਟ ਤੋਂ ਬਚਣਾ ਹੈ ਤਾਂ ਉਹਨਾਂ ਨੂੰ ਵੀ ਇਹ ਟੀਕੇ ਲਾਉਣੇ ਪੈਂਦੇ ਹਨ। ਇਸ ਤਰਾਂ ਇਹ ਟੀਕਾ ਕਲਚਰ ਦਿਨ-ਬ-ਦਿਨ ਆਪਣੇ ਪੈਰ ਪਸਾਰ ਰਿਹਾ ਹੈ।

ਸਾਡਾ ਇਲਾਕਾ ਕਬੱਡੀ ਦਾ ਗੜ੍ਹ ਮੰਨਿਆ ਜਾਂਦਾ ਹੈ। ਸਰਦੀ ਦੇ ਦਿਨਾਂ ਵਿੱਚ ਤਕਰੀਬਨ ਹਰ ਪਿੰਡ ਕਬੱਡੀ ਦਾ ਟੂਰਨਾਮੈਂਟ ਕਰਵਾਉਂਦਾ ਹੈ। ਆਸਟ੍ਰੇਲੀਆ ਆਉਣ ਤੋਂ ਪਹਿਲਾਂ ਮੈਂ ਸੈਂਕੜੇ ਕਬੱਡੀ ਮੈਚ ਦੇਖੇ ਤੇ ਖੇਡੇ ਵੀ। ਗਰਾਊਂਡ ਵਿੱਚ ਚਲਦੇ ਮੈਚਾਂ ਤੋਂ ਇਲਾਵਾ ਇੱਕ ਹੋਰ ਗੱਲ ਜਿਹੜੀ ਦਰਸ਼ਕਾਂ ਨੂੰ ਆਪਣੇ ਵੱਲ ਖਿੱਚਦੀ ਸੀ, ਉਹ ਸੀ ਖਿਡਾਰੀਆਂ ਦਾ ਮੈਚ ਤੋਂ ਪਹਿਲਾਂ ਤਿਆਰ ਹੋਣਾ। ਜਿਸ ਮੈਦਾਨ ਵਿੱਚ ਮੈਚ ਹੋਣੇ ਹੁੰਦੇ, ਉਸਦੇ ਨੇੜੇ ਵਾਲੀਆਂ ਮੋਟਰਾਂ ਦੇ ਕੋਠਿਆਂ ਵਿੱਚ ਇਹ ਖਿਡਾਰੀ ਆਪਣੇ ਕੱਪੜੇ ਲਾਹ ਕੇ ਡੰਡ ਮਾਰਦੇ। ਸਰੀਰ ਨੂੰ ਗਰਮ ਅਤੇ ਫੁਰਤੀਲਾ ਕਰਨ ਲਈ ਰੇਸ ਲਾਉਂਦੇ। ਪਰ ਪਿਛਲੇ ਕੁਝ ਸਾਲਾਂ ਤੋਂ ਇਹ ਖਿਡਾਰੀ ਸਰੀਰ ਗਰਮ ਕਰਨ ਲਈ ਰੇਸ ਦੀ ਜਗ੍ਹਾ ਤੇ ਟੀਕੇ ਲਾਉਣ ਲੱਗ ਪਏ ਨੇ ਤੇ ਜਿਸ ਖਿਡਾਰੀ ਨੂੰ ਇਹ ਟੀਕਾ ਇੱਕ ਵਾਰ ਲੱਗ ਗਿਆ, ਉਸ ਦਾ ਮੈਚ ਖੇਡਣਾ ਅਤੇ ਜ਼ੋਰ ਲਾਉਣਾ ਜ਼ਰੂਰੀ ਹੋ ਜਾਂਦਾ ਹੈ। ਨਹੀਂ ਤਾਂ ਖਿਡਾਰੀ ਨੂੰ ਹਰਟ-ਅਟੈਕ ਵੀ ਹੋ ਸਕਦਾ ਹੈ। ਕਬੱਡੀ ਦਾ ਚਮਕਦਾ ਸਿਤਾਰਾ ਅੰਬੀ ਹਠੂਰ ਵੀ ਇਸੇ ਕਾਰਨ ਡੁੱਬਿਆ ਸੀ।

ਜਿਹੜੀ ਸੂਈ ਇੱਕ ਖਿਡਾਰੀ ਵਰਤ ਲਵੇ ਉਹ ਦੂਜਾ ਨਹੀਂ ਵਰਤਦਾ। ਕਹਿੰਦੇ ਇੰਝ ਕਰਨ ਨਾਲ ਏਡਜ਼ ਫੈਲਦੀ ਹੈ। ਪਰ ਸਾਡੇ ਇਹਨਾਂ ਸਿਆਣੇ ਖਿਡਾਰੀਆਂ ਨੂੰ ਪੁੱਛੇ ਕਿ ਏਡਜ਼ ਤੋਂ ਤਾਂ ਤੁਸੀਂ ਬਚਾਅ ਕਰ ਲਿਆ ਪਰ ਜਿਹੜੀ ਹਾਲਤ ਤੁਹਾਡੀ ਚਾਰ-ਪੰਜ ਸਾਲ ਬਾਅਦ ਹੋਣੀ ਹੈ ਉਸਤੋਂ ਕਿਵੇਂ ਬਚੋਗੇ। ਇਹ ਟੀਕੇ ਲਾ ਕੇ ਖੇਡਣ ਵਾਲੇ ਖਿਡਾਰੀ ਚਾਰ-ਪੰਜ ਸਾਲਾਂ ਵਿੱਚ ਕਿਸੇ ਨਾ ਕਿਸੇ ਬਿਮਾਰੀ ਦਾ ਸ਼ਿਕਾਰ ਹੋ ਜਾਂਦੇ ਹਨ। ਇਹਨਾਂ ਨੂੰ ਜ਼ਿਆਦਾਤਰ ਜੋੜਾਂ ਅਤੇ ਮਾਸ਼-ਪੇਸ਼ੀਆਂ ਦਾ ਦਰਦ, ਬਲੈਡ ਪ੍ਰੈਸ਼ਰ ਅਤੇ ਸ਼ੂਗਰ ਵਰਗੀਆਂ ਬਿਮਾਰੀਆਂ ਹੁੰਦੀਆ ਹਨ। ਕਈਆਂ ਦੀ ਹਾਲਤ ਇੰਨੀ ਬੁਰੀ ਹੋ ਜਾਂਦੀ ਹੈ ਕਿ ਮੰਜੇ ਤੋਂ ਉਠਣਾ ਵੀ ਮੁਸ਼ਕਲ ਹੋ ਜਾਂਦਾ ਹੈ। 

ਜਿਹੜੀ ਘਟਨਾ ਮੇਰੇ ਨਾਲ ਵਾਪਰੀ, ਜਿਸਨੇ ਮੈਨੂੰ ਇਸ ਟੀਕਾ-ਕਲਚਰ ਬਾਰੇ ਲਿਖਣ ਲਈ ਮਜ਼ਬੂਰ ਕੀਤਾ ਉਸਦਾ ਜ਼ਿਕਰ ਮੈਂ ਜ਼ਰੂਰ ਕਰਨਾ ਚਾਹੁੰਦਾ ਹਾਂ। ਵਾਪਰਿਆ ਇਸ ਤਰ੍ਹਾਂ ਕਿ ਅਸੀਂ ਹਰ ਸਾਲ ਪਿੰਡ ਵਿੱਚ ਇੱਕ ਕਬੱਡੀ ਟੂਰਨਾਮੈਂਟ ਕਰਵਾਉਂਦੇ ਹਾਂ। ਪਿੰਡ ਦੇ ਕਬੱਡੀ ਕਲੱਬ ਦਾ ਸਰਪ੍ਰਸਤ ਹੋਣ ਕਰਕੇ, ਮੈਨੂੰ ਕਲੱਬ ਦੇ ਪ੍ਰਧਾਨ ਮੇਰੇ ਦੋਸਤ ਦਾ ਫੋਨ ਆਇਆ। ਹਾਲ-ਚਾਲ ਪੁਛਣ ਤੋਂ ਬਾਅਦ ਬੋਲਿਆ “ਬਾਈ ਜੀ ਇਸ ਵਾਰ ਕਬੱਡੀ ਟੂਰਨਾਮੈਂਟ ਹੋਣਾ ਮੁਸ਼ਕਲ ਹੈ”। ਮੈਂ ਪੁੱਛਿਆ “ਕੀ ਗੱਲ ਇਸ ਵਾਰ ਫੰਡ ਨੀਂ ‘ਕੱਠਾ ਹੋਇਆ”। ਅੱਗੋਂ ਕਹਿੰਦਾ “ਬਾਈ ਜੀ ਪੈਸਿਆਂ ਵਾਲੀ ਕੋਈ ਗੱਲ ਨੀ, ਅਸਲ ਵਿੱਚ ਜਿਹੜੇ ਜੱਟਾਂ ਦੀ ਜ਼ਮੀਨ ਗਰਾਊਂਡ ਦੇ ਨੇੜੇ ਹੈ, ਉਹ ਟੂਰਨਾਮੈਂਟ ਦਾ ਵਿਰੋਧ ਕਰ ਰਹੇ ਹਨ। ਜੱਟ ਕਹਿੰਦੇ ਹਨ ਕਿ ਆਹ ਕਬੱਡੀ ਵਾਲੇ ਮੁੰਡੇ ਟੀਕੇ ਲਾ ਕੇ ਸੂਈਆਂ ਸਾਡੇ ਖੇਤਾਂ ਵਿੱਚ ਸੁੱਟ ਦਿੰਦੇ ਹਨ। ਸਾਰਾ ਸਾਲ ਸਾਡੇ ਪੈਰਾਂ ਵਿੱਚ ਲੱਗਦੀਆਂ ਹਨ। ਸਾਡੇ ਤਾਂ ਭਈਏ ਜੀਰੀ ਵੀ ਨੀ ਲਾਉਂਦੇ, ਕਹਿੰਦੇ ਨੇ ‘ਸਰਦਾਰ ਜੀ ਆਪਕੇ ਖੇਤ ਮੇਂ ਸੋਈਆਂ ਹੈ’। ਬਾਈ ਕੋਈ ਹੱਲ ਦੱਸ। ਮੈਂ ਅੱਗੋਂ ਆਖਿਆ “ਮਿੱਤਰਾ ਇਹਨਾਂ ਕਬੱਡੀ ਵਾਲਿਆਂ ਨੇ ਆਪਣੇ ਕਹੇ ‘ਤੇ ਨੀ ਹਟਣਾ, ਤੂੰ ਇਕ ਕੰਮ ਕਰ, ਇਸ ਵਾਰ ਪੋਸਟਰਾਂ ਤੇ ਛਪਵਾ ਦੇ ਕਿ ਜਿਹੜੇ ਖਿਡਾਰੀਆਂ ਨੇ ਟੀਕੇ ਲਾਉਣੇ ਨੇ ਉਹ ਕ੍ਰਿਪਾ ਕਰਕੇ ਆਪਣੀਆਂ ਸੂਈਆਂ ਨਾਲ ਲੈ ਕੇ ਜਾਣ। ਇੱਧਰ-ਉਧਰ ਨਾ ਸੁੱਟਣ। ਇਹੀ ਅਨਾਊਂਸਮੈਂਟ ਮੈਚ ਵਾਲੇ ਦਿਨ ਸਪੀਕਰ ਵਿੱਚ ਕਰਵਾ ਦੇਵੀਂ”। ਮੇਰੀ ਦੋਸਤ ਨੇ ਹੱਸਕੇ ਫੋਨ ਕੱਟ ਦਿੱਤਾ ਪਰ ਮੇਰੇ ਦਿਲ ਤੇ ਇਸ ਗੱਲ ਨੇ ਬਹੁਤ ਅਸਰ ਕੀਤਾ।

ਪੰਜਾਬੀਆਂ ਨੇ ਮਾਂ ਖੇਡ ਕਬੱਡੀ ਅੰਤਰ ਰਾਸ਼ਟਰੀ ਪੱਧਰ ‘ਤੇ ਪ੍ਰਫੁੱਲਤ ਕੀਤੀ ਹੈ। ਪਰ ਇਸ ਲੰਘੇ ਵਰਲਡ ਕੱਪ ਵਿੱਚ ਤਕਰੀਬਨ ਸਾਰੇ ਹੀ ਦੇਸ਼ਾਂ ਦੇ (ਇੱਕ-ਦੋ ਦੇਸ਼ਾਂ ਨੂੰ ਛੱਡਕੇ) ਖਿਡਾਰੀਆਂ ਨੇ ਡੋਪਿੰਗ ਟੈਸਟ ਵਿੱਚ ਪੌਜਿਟਿਵ ਆ ਕੇ, ਕਾਫ਼ੀ ਮਿੱਟੀ ਪੱਟੀ ਹੈ। ਡੋਪਿੰਗ ਟੈਸਟ ਵਿੱਚ ਦੋਸ਼ੀ ਸਾਬਤ ਹੋਣ ਵਾਲੇ ਖਿਡਾਰੀਆਂ ਨੂੰ ਬਣਦੀ ਸ਼ਜਾ ਵੀ ਦਿੱਤੀ ਗਈ। ਕਹਿੰਦੇ ਇਹਨਾਂ ਖਿਡਾਰੀਆਂ ਨੇ ਤਾਕਤ ਵਧਾਊ ਦਵਾਈਆਂ ਖਾਧੀਆਂ ਸਨ। ਮੈਨੂੰ ਇਸ ਗੱਲ ਦਾ ਤਾਂ ਪਤਾ ਨੀ ਕਿ ਇੰਨਾ ਅੰਤਰ-ਰਾਸ਼ਟਰੀ ਪੱਧਰ ਦੇ ਖਿਡਾਰੀਆਂ ਨੇ ਜਿਹੜੀਆਂ ਦਵਾਈਆਂ ਖਾਧੀਆਂ ਨੇ ਉਹਨਾਂ ਦਾ ਉਹਨਾਂ ਦੇ ਸਰੀਰ ਨੂੰ ਕਿੰਨਾ ਕੁ ਨੁਕਸਾਨ ਪਹੁੰਚਣਾ ਹੈ। ਪਰ ਇਹਨਾਂ ਜ਼ਰੂਰ ਪਤਾ ਹੈ ਕਿ ਆਹ ਜਿਹੜੇ ਪੇਂਡੂ ਖੇਡ ਮੇਲਿਆਂ ਵਿੱਚ, ਬਜ਼ੁਰਗਾਂ ਨੂੰ ਲਾਉਣ ਵਾਲੇ ਟੀਕੇ, ਆਪਣੇ ਸਰੀਰ ਤੇ ਲਾਈ ਜਾਂਦੇ ਨੇ ਬਹੁਤ ਘਾਤਕ ਨੇ। ਇਹਨਾਂ ਟੀਕਿਆਂ ਨਾਲ ਬਜ਼ੁਰਗ ਤਾਂ ਇੱਕ-ਦੋ ਸਿਆਲ ਹੋਰ ਕੱਟ ਜਾਂਦਾ ਹੈ ਪਰ ਇਹ ਖਿਡਾਰੀ ਵੱਧੋ-ਵੱਧ ਚਾਰ-ਪੰਜ ਸੀਜ਼ਨ ਖੇਡਦਾ ਹੈ ਤੇ ਬਾਅਦ ਵਿੱਚ ਉਸਦੀ ਹਾਲਤ ਬਹੁਤ ਬੁਰੀ ਹੋ ਜਾਂਦੀ ਹੈ। ਕਬੱਡੀ ਨੂੰ ਪ੍ਰਫੁੱਲਤ ਕਰਨ ਲਈ ਐਨ.ਆਰ.ਆਈ ਵੀ ਆਪਣਾ ਪੂਰਾ ਯੋਗਦਾਨ ਪਾਉਂਦੇ ਨੇ। ਆਪਣੇ-ਆਪਣੇ ਪਿੰਡ ਵਿੱਚ ਹਰ ਕੋਈ ਟੂਰਨਾਮੈਂਟ ਕਰਵਾਉਣ ਦੀ ਕੋਸ਼ਿਸ਼ ਕਰਦਾ ਹੈ। ਵੱਧ ਤੋਂ ਵੱਧ ਇਨਾਮ ਦਿੱਤੇ ਜਾਂਦੇ ਨੇ। ਪਰ ਇਹਨਾਂ ਇਨਾਮਾਂ ਨੂੰ ਪ੍ਰਾਪਤ ਕਰਨ ਲਈ ਟੀਕਾ ਲਗਾਉਣ ਵਾਲੇ ਖਿਡਾਰੀਆਂ ਦੀ ਗਿਣਤੀ ਵਿੱਚ ਵੀ ਵਾਧਾ ਹੋ ਰਿਹਾ ਹੈ। ਦੇਖਿਓ ! ਕਿਤੇ ਇਹ ਟੀਕਾ ਕਲਚਰ ਕਿਤੇ ਕਬੱਡੀ ਤੋਂ ਅੱਗੇ ਨਾ ਨਿਕਲ ਜਾਵੇ। ਆਓ ! ਸਾਰੇ ਰਲ ਕੇ ਇਸ ਦਲਦਲ ਵਿੱਚ ਫਸ ਚੁੱਕੇ ਖਿਡਾਰੀਆਂ ਨੂੰ ਬਾਹਰ ਕੱਢਣ ਲਈ ਕੋਈ ਹੱਲ ਕੱਢੀਏ।

****