1984 ਦੇ ਦੰਗਿਆਂ ਦੌਰਾਨ ਸਿੱਖਾਂ ਲਈ ਸਭ ਕੁਝ ਕੁਰਬਾਨ ਕਰਨ ਵਾਲੇ ਹਿੰਦੂ ਸਵ: ਸ਼੍ਰੀ ਬਜ਼ਰੰਗ ਸਿੰਘ ਦੇ ਪਰਿਵਾਰ ਲਈ ਅਸੀਂ ਕੀ ਕੀਤਾ………… ਲੇਖ / ਸੁਖਬੀਰ ਫਰੀਦਕੋਟ

ਹਰ ਸਾਲ ਨਵੰਬਰ ਮਹੀਨਾ ਸ਼ੁਰੂ ਹੰਦੇ ਸਾਰ ਹੀ ਸਿੱਖ ਮਨਾਂ ਅੰਦਰ ਅਤੀਤ ਦੇ ਕਾਲੇ ਦਿਨਾਂ ਨੂੰ ਯਾਦ ਕਰਕੇ ਗੁੱਸੇ ਦੀ ਲਹਿਰ ਦੌੜ ਜਾਂਦੀ ਹੈ।ਗੁੱਸਾ ਹੋਵੇ ਵੀ ਕਿਉ ਨਾ ? 26 ਸਾਲ ਬੀਤ ਜਾਣ ਦੇ ਬਾਵਜੂਦ ਵੀ ਉਨ੍ਹਾਂ ਲੋਕਾਂ ਨੂੰ ਅਜੇ ਤੱਕ ਕੋਈ ਇਨਸਾਫ ਨਹੀਂ ਮਿਲਿਆਜਿਨ੍ਹਾਂ ਨੇ ਸ਼੍ਰੀਮਤੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ 1984 ਦੇ ਭਿਆਨਕ ਦੰਗਿਆਂ ਦਾ ਦਰਦ ਹੰਢਾਇਆ ਹੈ।ਇਸ ਨੂੰ ਦੰਗੇ ਕਹਿਣਾ ਵੀ ਸ਼ਾਇਦ ਗਲਤ ਹੋਵੇਗਾ । ਕਿਉਂਕਿ ਦੰਗੇ ਤਾਂ ਦੋਹਾਂ ਧਿਰਾਂ ਵਿਚਕਾਰ ਹੋਇਆ ਕਰਦੇ ਨੇਇੱਥੇ ਤਾਂ ਕਹਿਰ ਕਰਨ ਵਾਲੀ ਇੱਕ ਹੀ  ਧਿਰ ਸੀ । ਮੁਕਾਬਲਾ ਤਾਂ ਪੀੜ੍ਹਤ ਧਿਰ ਨੇ ਕੀਤਾ ਹੀ ਨਹੀਂ। ਕਾਤਲ ਅਜੇ ਵੀ ਬੇਲਗਾਮ ਘੁੰਮ ਰਹੇ ਨੇਤੇ ਪੀੜ੍ਹਤ ਅਜੇ ਵੀ ਦਰ ਦਰ ਧੱਕੇ ਖਾਣ ਲਈ ਮਜਬੂਰ ਹਨ। ਭਵਿੱਖ ਵਿੱਚ ਵੀ ਕਿਸੇ ਇਨਸਾਫ ਪ੍ਰਾਪਤੀ ਦੀ ਮੰਜਿਲ ਅਜੇ ਬਹੁਤ ਦੂਰ ਜਾਪਦੀ ਹੈ। ਦੀਵਾਲੀ ਆਈ ਤੇ ਚਲੀ ਗਈਪਰ ਜਿਨ੍ਹਾਂ ਦੀ ਜਿੰਦਗੀ ਵਿੱਚ ਹਨੇਰਾ ਸੀਉਹ ਅਜੇ ਵੀ ਕਾਇਮ ਹੈ ਤੇ ਕਾਤਲ ਤੇ ਮੱਕਾਰ ਸਿਆਸਤਦਾਨ ਰੌਸ਼ਨੀਆਂ ਦੀ ਚਕਾਚੌਂਧ ਚੋਂ ਅਜੇ ਤੱਕ ਵੀ ਬਾਹਰ ਨਹੀ ਨਿਕਲ ਸਕੇ।
ਇਹ ਠੀਕ ਹੈ ਕਿ ਅਤੀਤ ਦੇ ਕਾਲੇ ਹਨੇਰਿਆ ਨੂੰ ਫਰੋਲਣ ਤੇ ਭਾਵੇ ਅਜੇ ਤੱਕ ਪੀੜ੍ਹਤਾਂ ਨੂੰ ਕੁਝ ਵੀ ਹੱਥ ਨਹੀਂ ਲੱਗਿਆ । ਖਾਸ ਕਰਕੇ ਉਦੋਂ ਜਦੋ ਹਜਾਰਾਂ ਹੀ ਬੇਗੁਨਾਹਿਆਂ ਦੀ ਚੀਕਾਂ ਸਮੇਂ ਦੇ ਹਾਕਮਾਂ ਵੱਲੋ ਜ਼ੋਰ ਨਾਲ ਦਬਾ ਦਿੱਤੀਆਂ ਗਈਆਂ ਹੋਣ। ਅਜਿਹਾ ਹੀ ਕੁਝ 1984 ਵਿੱਚ ਵਾਪਰਿਆ। ਸ਼੍ਰੀਮਤੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਬੇਦੋਸ਼ੇ ਸਿੱਖਾਂ ਨੂੰ ਬੇਘਰ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। 26 ਸਾਲ ਬੀਤ ਜਾਣ ਦੇ ਬਾਵਜੂਦ ਵੀ ਖਾਮੋਸ਼ ਤੇ ਲਾਚਾਰ ਅੱਖਾਂ ਅਜੇ ਤੱਕ ਇਨਸਾਫ ਪ੍ਰਾਪਤੀ ਦੀ ਰਾਹ ਤਲਾਸ਼ ਰਹੀਆਂ ਹਨ । ਉਨਾਂ ਵਿੱਚੋ ਅੱਥਰੂਆਂ ਦਾ ਵਗਣਾ ਨਿਰੰਤਰ ਜਾਰੀ ਹੈ ਤੇ ਕਈਆਂ ਦੇ ਅੱਥਰੂ ਪੂੰਝਣ ਵਾਲਾ ਵੀ ਸ਼ਾਇਦ ਕੋਈ ਨਹੀਂ ਬਚਿਆ । ਤੇ ਕਈ ਇਨਸਾਫ ਨੂੰ ਉਡੀਕਦੇ ਇਸ ਫਾਨੀ ਸੰਸਾਰ ਨੂੰ ਹੀ ਅਲਵਿਦਾ ਆਖ ਗਏ। ਉਸ ਸਮੇਂ ਪੈਦਾ ਹੋਏ ਬੱਚੇ ਵੱਡੇ ਹੋ ਗਏ ਹਨਪਰ ਹਾਕਮਾਂ ਦਾ ਇਨਸਾਫ ਦੇਣ ਤੋਂ ਟਾਲਾ ਵੱਟੀ ਰੱਖਣ ਦਾ ਤਰੀਕਾ ਅੱਜ ਵੀ ਉਹੀ ਹੈਜੋ 1984 ਵੇਲੇ ਸੀ।
ਪਰ ਇਨ੍ਹਾਂ ਸਰਦ ਤੇ ਕਾਲੀਆ ਰਾਤਾਂ ਵਿੱਚ ਵੀ ਕੁਝ ਕੁ ਵਿਅਕਤੀਆਂ ਨੇ ਸੱਚ ਦਾ ਪੱਲਾ ਨਹੀ ਛੱਡਿਆ । ਉਨਾਂ ਨੇ ਆਪਣੀ ਜਿੰਦਗੀ ਨੂੰ ਦਾਅ ਤੇ ਲਾ ਕੇ ਮਾਨਵਤਾ ਦੇ ਦੀਵੇ ਨੂੰ ਬੁਝਣ ਨਹੀ ਦਿੱਤਾ ਅਤੇ ਇਸ ਨੂੰ ਆਪਣੇ ਬਲੀਦਾਨ ਨਾਲ ਜਗਦੇ ਰੱਖਿਆ । ਮਾਨਵਤਾਂ ਦੇ ਸੇਵਾਦਾਰਾਂ ਨੇ ਇਨਾਂ ਬੁਰੇ ਦਿਨਾਂ ਵਿੱਚਨਾ ਕੇਵਲ ਪੀੜ੍ਹਤ ਸਿੱਖਾਂ ਨੂੰ ਬਚਾਇਆਉਨ੍ਹਾਂ ਨੂੰ ਆਸਰਾ ਦਿੱਤਾ ਸਗੋਂ ਉਨ੍ਹਾਂ ਦੀ ਖਾਤਰ ਗੁੰਡਾ ਅਨਸਰਾਂ ਨੂੰ ਸਦਾ ਲਈ ਅਪਣੇ ਦੁਸ਼ਮਣ ਵੀ ਬਣਾ ਲਿਆ।

ਇਨ੍ਹਾਂ ਹੀ ਕੁਝ ਕੁ ਗਿਣਤੀ ਤੇ ਪਰਿਵਾਰਾਂ ਵਿੱਚੋਂ ਇੱਕ ਹਿੰਦੂ ਧਰਮ ਨਾਲ ਸਬੰਧਤ ਪਰਿਵਾਰ ਸੀਸ਼੍ਰੀ ਬਜਰੰਗ ਸਿੰਘ ਦਾ ਪਰਿਵਾਰ । ਜੋ ਅਜੇ ਤੱਕ ਜ਼ੁਲਮ ਦੀਆਂ ਝੱਖੜ ਹਨੇਰੀਆਂ ਸਾਹਮਣੇ ਸੱਚ ਦੇ ਆਸਰੇ ਅਡੋਲ ਖੜ੍ਹਾ ਹੈ। ਇਹ ਗੱਲ ਵੱਖਰੀ ਹੈ ਕਿ ਸਮੇਂ ਦੀ ਮਾਰ ਨੇ ਇਸ ਹਰੇ ਭਰੇ ਪਰਿਵਾਰ ਨੂੰ ਵੀ ਰੁੰਡ ਮਰੁੰਡ ਦਿੱਤਾ ਹੈ।
ਇਸ ਪਰਿਵਾਰ ਦੀ ਕੁਰਬਾਨੀ ਅੱਗੇ ਸਿਰ ਆਪਣੇ ਆਪ ਹੀ ਸ਼ਰਧਾ ਨਾਲ ਝੁਕ ਜਾਂਦਾ ਹੈ। ਯਕੀਨ ਹੀ ਨਹੀਂ ਆਉਂਦਾ ਕਿ ਅੱਜ ਕੱਲ੍ਹ ਦੇ ਪਦਾਰਥਵਾਦੀ ਯੁੱਗ ਵਿੱਚ ਕੋਈ ਵਿਅਕਤੀ ਅਜਿਹਾ ਵੀ ਹੋ ਸਕਦਾ ਹੈਜੋ ਦੂਸਰੇ ਦੀ ਤਕਲੀਫ ਨੂੰ ਧੁਰ ਅੰਦਰੋ ਪ੍ਰਵਾਨ ਕਰਕੇ ਉਨਾਂ ਲਈ ਸਭ ਕੁਝ ਕੁਰਬਾਨ ਕਰ ਦੇਵੇ ਤੇ ਬਿਨ੍ਹਾਂ ਕੁਝ ਪ੍ਰਾਪਤ ਕੀਤਿਆਂ ਹੀ ਇਸ ਫਾਨੀ ਸੰਸਾਰ ਤੋਂ ਖਾਮੋਸ਼ੀ ਨਾਲ ਅਲਵਿਦਾ ਹੋ ਜਾਵੇ। ਸ਼ਾਇਦ ਇਤਿਹਾਸਕ ਹੀਰੋ ਅਜਿਹੇ ਹੀ ਹੋਇਆ ਕਰਦੇ ਹਨ । ਕਈ ਵਾਰ ਤਾਂ ਇਤਿਹਾਸ ਵੀ ਉਨ੍ਹਾਂ ਨਾਲ ਬੇਇਨਸਾਫੀ ਕਰਦਾ ਹੈ ਤੇ ਉਨ੍ਹਾਂ ਨੂੰ ਆਪਣੇ ਵਿੱਚ ਸ਼ਾਮਿਲ ਕਰਨ ਲਈ ਸਮਾਂ ਲਗਾ ਦਿੰਦਾ ਹੈ। ਇਹ ਪਰਿਵਾਰ ਵੀ ਅਜੇ ਤੱਕ ਗੁੰਮਨਾਮੀ ਦੇ ਹਨੇਰਿਆਂ ਵਿੱਚ ਰੁਲ ਰਿਹਾ ਹੈ ਤੇ ਬਹੁ ਗਿਣਤੀ ਇਨ੍ਹਾਂ ਦੀ ਬੇਮਿਸਾਲ ਕੁਰਬਾਨੀ ਤੋਂ ਅਣਜਾਣ ਹੈ। ਸ਼੍ਰੀ ਬਜਰੰਗ ਸਿੰਘ ਦਾ ਪਰਿਵਾਰ ਦਿੱਲੀ ਦੇ ਸਬਜੀ ਮੰਡੀ ਇਲਾਕੇ ਵਿੱਚ ਰਹਿੰਦਾ ਸੀ। ਇਹ ਇਲਾਕਾ ਵਿਵਾਦ ਗ੍ਰਸਤ ਸਾਬਕਾ ਮੰਤਰੀ ਅਤੇ ਪਾਰਲੀਮੈਂਟ ਮੈਂਬਰ ਜਗਦੀਸ਼ ਟਾਈਲਰ ਦਾ ਇਲਾਕਾ ਹੈ। ਇਸ ਇਲਾਕੇ ਦੇ ਆਸੇ-ਪਾਸੇ ਪੰਜਾਬੀਆਂ ਦੀ ਬਹੁ ਗਿਣਤੀ ਹੈ। ਸ਼੍ਰੀ ਬਜਰੰਗ ਸਿੰਘ ਦੇ ਪਰਿਵਾਰ ਵਿੱਚ ਉਸਦੇ ਪਿਤਾ ਚੌਧਰੀ ਦਲਜੀਤ ਸਿੰਘ ਅਤੇ ਭਰਾ ਧੁਰੇਂਦਰ ਸਿੰਘ ਵੀ ਨਾਲ ਹੀ ਸਨ। ਇਹ ਪਰਿਵਾਰ 'ਸਤਨਾਮੀ ਸੰਪਰਦਾਏਜਿਹੜਾ ਕਿ ਮਨੁੱਖੀ ਭਾਈਚਾਰੇ ਵਿੱਚ ਵਿਸ਼ਵਾਸ਼ ਰੱਖਦਾ ਹੈਨਾਲ ਸਬੰਧਤ ਹੈ। ਇਹਨਾਂ ਦੇ ਵੱਡੇ ਵਡੇਰਿਆਂ ਨੇ ਔਰੰਗਜੇਬ ਨੂੰ ਲੜਾਈ ਵਿੱਚ ਹਰਾਇਆ ਸੀ। ਇਸ ਤੋ ਬਿਨ੍ਹਾਂ ਬਜਰੰਗ ਸਿੰਘ ਦੇ ਪਿਤਾ ਚੌਧਰੀ ਦਲਜੀਤ ਸਿੰਘ ਨੇ ਮਿੰਟਗੁਮਰੀ ਜੇਲ੍ਹ ਤੋ ਜੇਲ੍ਹ ਸੁਪਰਡੈਂਟ ਦੀ ਨੌਕਰੀ ਤੋਂ ਅਸਤੀਫਾ ਦੇ ਅਜਾਦੀ ਦੀ ਲੜਾਈ ਲੜੀ ਸੀਯਾਨਿ ਇਸ ਪਰਿਵਾਰ ਦਾ ਪਿਛੋਕੜ ਸ਼ੁਰੂ ਤੋਂ ਹੀ ਮਾਣ ਮੱਤਾ ਰਿਹਾ ਹੈ। 1984 ਵਿੱਚ ਇਹ ਤਿੰਨੇ ਪਿਓ ਪੁੱਤਰ ਬਤੌਰ ਵਕੀਲ ਸੁਪਰੀਮ ਕੋਰਟ ਵਿੱਚ ਸੇਵਾ ਨਿਭਾ ਰਹੇ ਸਨ। ਇਸ ਤੋ ਬਿਨਾਂ ਇਨ੍ਹਾਂ ਦੀਆਂ 12 ਮਿੰਨੀ ਬੱਸਾਂ ਅਤੇ 8 ਹੋਰ ਵਹੀਕਲ ਵੀ ਸਨ। ਘਰ ਦੇ ਨੇੜੇ ਹੀ 'ਸਤਨਾਮੀ ਚੌਂਕੀ ਸੀ। ਜਿੱਥੇ ਧਾਰਮਿਕ ਪ੍ਰੋਗਰਾਮ ਕੀਤੇ ਜਾਂਦੇ ਸਨ। ਇਸ ਤਰ੍ਹਾਂ ਇਹ ਇਲਾਕੇ ਦਾ ਕਾਫੀ ਅਮੀਰ ਤੇ ਸਰਦਾਰੱਜਦਾ ਪੁੱਜਦਾ ਪਰਿਵਾਰ ਸੀਜਿਸ ਨੂੰ ਇਲਾਕੇ ਵਿੱਚ ਕਾਫੀ ਮਾਣ ਸਤਿਕਾਰ ਨਾਲ ਦੇਖਿਆ ਜਾਂਦਾ ਸੀ।
31 ਅਕਤੂਬਰ 1984 ਨੂੰ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਇਹ ਤਿੰਨੇ ਪਿਓ ਪੁੱਤਰ ਆਪਣੇ ਘਰ ਬੈਠੇ ਸਨ। ਉਪਰ ਬੈਠਿਆਂ ਹੀ ਇਨ੍ਹਾਂ ਨੇ ਦੇਖਿਆ ਕਿ ਇਨ੍ਹਾਂ ਦੇ ਘਰ ਦੇ ਸਾਹਮਣੇ ਵਾਲੀ ਸਿੱਖ ਡਾਕਟਰ ਦੀ ਦੁਕਾਨ ਨੂੰ ਭੀੜ ਨੇ ਘੇਰ ਲਿਆ ਹੈ। ਉਸ ਸਿੱਖ ਡਾਕਟਰ ਦੇ ਨਾਲ ਉਸਦੇ ਦੋ ਨੌਜਵਾਨ ਬੇਟੇ ਵੀ ਸਨ। ਬਜਰੰਗ ਸਿੰਘ ਦੇ ਪਰਿਵਾਰ ਵਿੱਚ ਇੱਕ ਪਰੰਪਰਾ ਹੈ ਕਿ ਕੋਈ ਵੀ ਵੱਡਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਘਰ ਦੇ ਵੱਡੇ ਪੁਰਸ਼ ਮੈਂਬਰ ਦੀ ਰਾਇ ਲੈਣੀ ਜਰੂਰੀ ਹੁੰਦੀ ਹੈ। ਜਦੋਂ ਮੁਖੀ ਹਾਂ ਕਹਿ ਦਿੰਦਾ ਹੈ ਤਾਂ ਬਾਕੀ ਸਾਰੇ ਮੈਂਬਰ ਉਸਦੀ ਆਗਿਆ ਦਾ ਪਾਲਣ ਕਰਦੇ ਹਨ। ਉਸ ਸਮੇਂ ਜਦੋਂ ਬਜਰੰਗ ਸਿੰਘ ਸਿੰਘ ਨੇ ਆਪਣੇ ਪਿਤਾ ਚੌਧਰੀ ਦਲਜੀਤ ਸਿੰਘ ਤੋਂ ਪੁੱਛਿਆ, "ਪਿਤਾ ਜੀ ਇਹ ਸਭ ਕੁਝ ਠੀਕ ਹੋ ਰਿਹਾ ਹੈ"ਤਾਂ ਪਿਤਾ ਨੇ 'ਨਾਂਹਵਿੱਚ ਜਵਾਬ ਦਿੱਤਾ। ਬਜਰੰਗ ਸਿੰਘ ਨੇ ਫਿਰ ਆਪਣੇ ਪਿਤਾ ਤੋ ਪੁੱਛਿਆ,"ਕੀ ਆਪਾਂ ਨੂੰ ਕੁਝ ਕਰਨਾ ਚਾਹੀਦਾ ਹੈ"ਤਾਂ ਪਿਤਾ ਨੇ 'ਹਾਂਵਿੱਚ ਜਵਾਬ ਦਿੱਤਾ। ਸ਼੍ਰੀ ਬਜਰੰਗ ਸਿੰਘ ਜੋ ਮਨੋਂ ਪਹਿਲਾਂ ਹੀ ਕੁਝ ਕਰਨ ਨੂੰ ਉਤਾਵਲੇ ਸਨਤੁਰੰਤ ਦੂਸਰੇ ਮੈਂਬਰਾਂ ਨਾਲ ਥੱਲੇ ਗਏ ਤੇ ਸੈਂਕੜਿਆਂ ਦੀ ਭੀੜ ਵਿੱਚੋਂ ਕਾਫੀ ਬਹਿਸ ਪਿੱਛੋਂ ਡਾਕਟਰ ਤੇ ਉਸਦੇ ਦੋ ਬੇਟਿਆਂ ਨੂੰ ਬਚਾ ਕੇ ਆਪਣੇ ਘਰ ਲੈ ਆਏ। ਇਹ ਦੁਕਾਨ ਅੱਜ ਵੀ ਉਨ੍ਹਾਂ ਦੇ ਘਰ ਦੇ ਸਾਹਮਣੇ ਮੌਜੂਦ ਹੈ। ਇਸ ਸਮੇਂ ਕੋਈ ਵੀ ਆਮ ਵਿਅਕਤੀ ਡਰ ਕੇ ਬੈਠ ਜਾਂਦਾ ਹੈ ਕਿਉਂਕਿ ਹਿੰਸਕ ਭੀੜਾ ਦਾ ਸਾਹਮਣਾ ਕਰਨਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੁੰਦਾ। ਆਸੇ ਪਾਸੇ ਲੁੱਟਮਾਰ ਤੇ ਗੁੰਡਾ ਗਰਦੀ ਸ਼ੁਰੂ ਹੋ ਚੁੱਕੀ ਸੀ। ਬਜਰੰਗ ਸਿੰਘ ਦੇ ਚੇਤਨ ਮਨ ਨੂੰ ਪਤਾ ਲੱਗ ਚੁੱਕਾ ਸੀ ਕਿ ਸਿੱਖਾਂ ਲਈ ਅੱਜ ਦੀ ਰਾਤ ਮੌਤ ਦੇ ਸੁਨੇਹੇ ਲੈ ਕੇ ਆਉਣ ਵਾਲੀ ਹੈ। ਉਸੇ ਸਮੇਂ ਸਾਰੇ ਪਰਿਵਾਰ ਨੇ ਫੈਸਲਾ ਕਰ ਲਿਆ ਕਿ ਜਿਵੇਂ ਵੀ ਹੋਵੇ ਵੱਧ ਤੋ ਵੱਧ ਸਿੱਖਾਂ ਨੂੰ ਬਚਾਇਆ ਜਾਵੇ। 31 ਅਕਤੂਬਰ 1984 ਦੀ ਉਸ ਭਿਆਨਕ ਰਾਤ ਨੂੰ ਇਲਾਕੇ ਤੇ ਆਸੇ ਪਾਸਿਉਂ 58 ਸਿੱਖ ਪਰਿਵਾਰਾਂ ਨੂੰ ਆਪਣੇ ਘਰ ਵਿੱਚ ਸ਼ਰਨ ਦਿੱਤੀ ਗਈ। ਗੁੰਡਿਆਂ ਤੇ ਸ਼ਰਾਰਤੀ ਅਨਸਰਾਂ ਨੂੰ ਇਹ ਗੱਲ ਕਿਵੇਂ ਗੰਵਾਰਾ ਹੋ ਸਕਦੀ ਸੀ ਕਿ ਕੋਈ ਹਿੰਦੂ ਸਿੱਖਾਂ ਨੂੰ ਬਚਾਉਣ ਲਈ ਅੱਗੇ ਆਏਤੁਰੰਤ ਬਜਰੰਗ ਸਿੰਘ ਦੇ ਘਰ ਨੂੰ ਘੇਰ ਲਿਆ ਗਿਆ। ਪਰਿਵਾਰ ਨੂੰ ਵੰਗਾਰਿਆ ਗਿਆ ਕਿ ਪੁਰਸ਼ ਸਿੱਖ ਮੈਂਬਰਾਂ ਨੂੰ ਉਨ੍ਹਾਂ ਦੇ ਹਵਾਲੇ ਕਰ ਦੇਵੋ ਨਹੀਂ ਤਾਂ ਘਰ ਨੂੰ ਅੱਗ ਲਗਾ ਦਿੱਤੀ ਜਾਵੇਗੀ। ਇਸ ਦੁਚਿੱਤੀ ਵਾਲੀ ਸਥਿਤੀ ਵਿੱਚ ਵੀ ਪਰਿਵਾਰ ਡੋਲਿਆ ਨਹੀਂ । ਉਨ੍ਹਾਂ ਨੇ ਹਾਲਤਾਂ ਦੇ ਉਲਟ ਜਾਂਦੇ ਹੋਏ ਸਿੱਖਾਂ ਨੂੰ ਸੌਂਪਣ ਤੋਂ ਇਨਕਾਰ ਕਰ ਦਿੱਤਾ। ਫਿਰ ਕੀ ਸੀ ਜੋ ਹੋਣਾ ਸੀਉਹੀ ਹੋਇਆ । ਸਾਰੇ ਘਰ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ। ਪਰਿਵਾਰ ਨੇ ਬੜੀ ਮੁਸ਼ਕਿਲ ਨਾਲ ਅੱਗ ਤੇ ਕਾਬੂ ਪਾ ਕੇ ਆਪਣੇ ਪਰਿਵਾਰ ਤੇ ਸਿੱਖਾਂ ਦੀ ਜਾਨ ਬਚਾਈ।
ਇੱਥੋਂ ਹੀ ਸ਼ੁਰੂ ਹੁੰਦੀ ਹੈਮਾਨਵਤਾ ਦੇ ਪੁੰਜ ਸ਼੍ਰੀ ਬਜਰੰਗ ਸਿੰਘ ਤੇ ਹੈਵਾਨੀਅਤ ਦੇ ਵਿਚਕਾਰ ਸੰਘਰਸ਼। ਇਹ ਉਹ ਸੰਘਰਸ਼ ਹੈ ਜਿਹੜਾ 31 ਅਕਤੂਬਰ 1984 ਤੋਂ ਸ਼ੁਰੂ ਹੋਇਆ ਤੇ ਅਜੇ ਤੱਕ ਵੀ ਨਿਰੰਤਰ ਜਾਰੀ ਹੈ। ਇਹ ਗੱਲ ਵੱਖਰੀ ਹੈ ਕਿ ਇਸ ਦਾ ਸਰੂਪ ਚਲਾਕ ਤੇ ਮੱਕਾਰ ਸਿਆਸਤਦਾਨਾਂ ਨੇ ਕੁਝ ਕੁ ਹੱਦ ਤੱਕ ਬਦਲ ਦਿੱਤਾ ਹੈ। ਬਜੰਰਗ ਸਿੰਘ ਨੇ ਫੈਸਲਾ ਕਰ ਲਿਆ ਸੀਚਾਹੇ ਕੁਝ ਵੀ ਹੋਵੇ ਸਿੱਖਾਂ ਦੀ ਭਲਾਈ ਲਈ ਸਭ ਕੁਝ ਕੀਤਾ ਜਾਵੇਗਾ। ਇਹ ਦਿੱਲੀ ਦਾ ਉਹ ਪਹਿਲਾ ਪਰਿਵਾਰ ਸੀਜਿਸ ਨੇ ਸਿੱਖਾਂ ਲਈ ਰਾਹਤ ਕੈਂਪ ਲਾਉਣ ਦਾ ਫੈਸਲਾ ਕੀਤਾ। ਇਸ ਸਬੰਧੀ ਕਿਸੇ ਵੀ ਸੰਸਥਾਸਰਕਾਰ ਤੋਂ ਕੋਈ ਵੀ ਸਹਾਇਤਾ ਨਾ ਲੈਣ ਦਾ ਫੈਸਲਾ ਕੀਤਾ ਗਿਆ। ਉਸੇ ਰਾਤ ਏ.ਸੀ.ਪੀ. ਨੂੰ ਅਰਜ਼ੀ ਲਿਖ ਕੇ ਤੁਰੰਤ ਰਾਹਤ ਕੈਂਪ ਚਾਲੂ ਕਰਨ ਦਾ ਫੈਸਲਾ ਕੀਤਾ ਗਿਆ। ਚੰਗੇ ਭਾਗੀਂ ਰੁਟੀਨ ਵਿੱਚ ਹੀ ਕੈਂਪ ਲਗਾਉਣ ਦੀ ਆਗਿਆ ਮਿਲ ਗਈ ਤੇ ਇਹ ਕੈਂਪ 'ਸਿੰਘ ਰਿਲੀਫ ਕੈਂਪਦੇ ਨਾਂ ਹੇਠ ਸਬਜ਼ੀ ਮੰਡੀ ਪੁਲਿਸ ਸਟੇਸ਼ਨ ਵਿੱਚ ਹੀ ਲਗਾਇਆ ਗਿਆ। ਬਜਰੰਗ ਸਿੰਘ ਨੇ ਇਹ ਲਿਖਤੀ ਵਾਅਦਾ ਕੀਤਾ ਸੀ ਕਿ ਪੀੜ੍ਹਤਾਂ ਲਈ ਲੰਗਰਬਿਸਤਰੇਦਵਾਈਆਂਦੁੱਧ ਦਾ ਇੰਤਜਾਮ ਉਹ ਆਪ ਕਰਨਗੇ ਤੇ ਇਸ ਸਬੰਧੀ ਪੁਲਿਸ ਉਪਰ ਕੋਈ ਆਰਥਿਕ ਬੋਝ ਨਹੀਂ ਪੈਣ ਦਿੱਤਾ ਜਾਵੇਗਾ। ਬਜਰੰਗ ਸਿੰਘ ਨੇ ਅੰਦਾਜ਼ਾ ਲਾਇਆ ਸੀ ਕਿ ਕੁੱਲ 400 ਸਿੱਖ ਪਰਿਵਾਰਾਂ ਨੂੰ ਲਿਆਉਣ ਵਿੱਚ ਉਹ ਸਫਲ ਹੋਣਗੇ। ਸੁਰੱਖਿਆ ਦੇ ਮੱਦੇ ਨਜ਼ਰ ਹੀ ਕੈਂਪ ਸਬਜੀ ਮੰਡੀ ਪੁਲਿਸ ਥਾਣੇ ਵਿੱਚ ਲਗਾਇਆ ਗਿਆ ਸੀ। ਇਸ ਕੰਮ ਲਈ ਉਨ੍ਹਾਂ ਨੇ ਆਪਣੇ 20 ਵਹੀਕਲਾਂ ਦੀ ਪੇਸ਼ਕਸ਼ ਵੀ ਕਰ ਦਿੱਤੀ ਤਾਂ ਜੋ ਵੱਧ ਤੋਂ ਵੱਧ ਸਿਖਾਂ ਨੂੰ ਬਚਾ ਕੇ ਲਿਆਂਦਾ ਜਾ ਸਕੇ। ਹੁਣ ਸਾਰਾ ਪਰਿਵਾਰ ਹੀ ਸਿੱਖਾਂ ਨੂੰ ਰਾਹਤ ਕੈਂਪ ਵਿੱਚ ਲਿਆਉਣ ਲਈ ਜੁੱਟ ਗਿਆ। ਇਸ ਕੰਮ ਵਿੱਚ ਉਨ੍ਹਾਂ ਦੇ ਰਿਸ਼ਤੇਦਾਰ ਸਤਵੀਰ ਸਿੰਘ ਮਲਿਕ (ਜੀਜਾ)ਜਿਹੜੇ ਕਿ ਬੀ.ਐਸ.ਐਫ ਵਿੱਚ ਡੀ.ਐਸ.ਪੀ. ਸਨਨੇ ਬਹੁਤ ਮੱਦਦ ਕੀਤੀ। ਉਹ ਖੁਦ ਵਰਦੀ ਪਾ ਕੇ ਡਰਾਈਵਰ ਦੇ ਨਾਲ ਬੈਠ ਕੇ ਸਿੱਖਾਂ ਨੂੰ ਬਚਾਉਣ ਜਾਂਦੇ ਰਹੇ ਤਾਂ ਜੋ ਹਿੰਸਕ ਭੀੜਾਂ ਤੋਂ ਬਚਿਆ ਜਾ ਸਕੇ ਤੇ ਵੱਧ ਤੋਂ ਵੱਧ ਸਿੱਖ ਬਚਾ ਕੇ ਲਿਆਂਦੇ ਜਾ ਸਕਣ। ਜਿੱਥੇ ਅੰਦਾਜ਼ਾ 400 ਸਿੱਖ ਪਰਿਵਾਰਾਂ ਨੂੰ ਬਚਾਉਣ ਦਾ ਸੀਉੱਥੇ ਇਹ ਗਿਣਤੀ ਵੱਧ ਕੇ 2500 ਸਿੱਖ ਪਰਿਵਾਰਾਂ ਤੱਕ ਪਹੁੰਚ ਗਈ ਸੀ । ਸਰਕਾਰੀ ਰਿਕਾਰਡ ਵੀ ਬਕਾਇਦਾ ਇਸ ਗੱਲ ਦੀ ਗਵਾਹੀ ਭਰਦੇ ਹਨ। ਇਸ ਕੰਮ ਵਿੱਚ ਉਨ੍ਹਾਂ ਦਾ ਸਾਰਾ ਪਰਿਵਾਰਰਿਸ਼ਤੇਦਾਰਬੱਸਾਂ ਦੇ ਡਰਾਇਵਰਕੰਡਕਟਰ ਤੇ ਹੈਲਪਰ ਵੀ ਲੱਗ ਗਏ ਹਨ। ਨਤੀਜਾ ਕੀ ਨਿਕਲਿਆਸਿਆਸਤਦਾਨਾਂ ਤੇ ਪੁਲਿਸ ਦੇ ਇਸ਼ਾਰਿਆਂ ਤੇ ਉਨ੍ਹਾਂ ਦੀਆਂ 12 ਮਿੰਨੀ ਬੱਸਾਂ ਲੁੱਟ ਕੇ ਸਾੜ ਦਿੱਤੀਆਂ ਗਈਆਂਜਿਹੜੀਆਂ ਸਿੱਖਾਂ ਨੂੰ ਲਿਆਉਣ ਤੇ ਲੱਗੀਆਂ ਸਨ। ਜੋ 8 ਵਹੀਕਲ ਬਚੇ ਸਨਉਹ ਵੀ ਬਾਅਦ ਵਿੱਚ ਅੱਗ ਲਾ ਕੇ ਨਸ਼ਟ ਕਰ ਦਿੱਤੇ ਗਏ । ਇਹ ਬਜਰੰਗ ਸਿੰਘ ਦੇ ਵਿੱਤੀ ਤੇ ਨਿੱਜੀ ਨੁਕਸਾਨ ਦਾ ਸਮਾਂ ਸੀ ਤਾਂ ਜੋ ਉਹ ਪੀੜ੍ਹਤਾਂ ਦੀ ਮਦਦ ਨਾ ਕਰ ਸਕੇ । ਪਰ ਬਜਰੰਗ ਸਿੰਘ ਨੇ ਅਤੀ ਹੌਸਲਾ ਦਿਖਾਉਂਦੇ ਹੋਏ ਕਿਹਾ ਸੀ, "ਅਭੀ ਤੋਂ ਕੇਵਲ 50 ਲਾਖ ਕਾ ਘਰ ਕਾ ਸਮਾਨ ਜਲਾ ਹੈਹਮੇਸ਼ਾ ਤਨਮਨਧਨ ਸੇ ਦੀਨ ਦੁਖਿਓਂ ਕੀ ਸੇਵਾ ਕਰਤੇ ਰਹੇਗੇ"।(ਜਨਸੱਤਾ ਅਖਬਾਰ)
ਹੁਣ ਅਸਲ ਕੰਮ ਰਾਹਤ ਕੈਂਪ ਵਿਚਲੇ ਸਿੱਖਾਂ ਨੂੰ ਸੰਭਾਲਣ ਦਾ ਸੀ। ਉਨ੍ਹਾਂ ਲਈ ਰੋਟੀਦਵਾਈਆਂ ਤੇ ਸੌਣ ਦਾ ਪ੍ਰਬੰਧ ਕਰਨਾ ਸੀ। ਬਜਰੰਗ ਸਿੰਘ ਦੇ ਛੋਟੇ ਭਰਾ ਧੁਰੇਂਦਰ ਸਿੰਘ ਅਨੁਸਾਰ ਇਹ ਉਹ ਸਮਾਂ ਸੀਜਦੋਂ ਹਾਲਾਤ ਆਮ ਵਰਗੇ ਨਹੀਂ ਸਨ । ਹਰ ਪਾਸੇ ਹਾਹਾਕਾਰ ਮੱਚੀ ਹੋਈ ਸੀ। ਕਈ ਔਰਤਾਂ ਵਿਧਵਾ ਹੋ ਗਈਆਂ ਸਨ । ਕਈਆਂ ਦੇ ਪਰਿਵਾਰ ਦੇ ਸਾਰੇ ਪੁਰਸ਼ ਮੈਂਬਰ ਮਾਰ ਦਿੱਤੇ ਗਏ ਸਨ ਤੇ ਕਈ ਬੁਰੀ ਤਰ੍ਹਾਂ ਜ਼ਖਮੀ ਸਨ। ਫਿਰ ਉਹ ਕਿਵੇਂ ਆਮ ਵਾਂਗ ਖਾ ਪੀ ਸਕਦੇ ਸਨਸਰੀਰਕ ਜ਼ਖਮਾਂ ਵਾਂਗ ਉਹ ਮਾਨਸਿਕ ਰੂਪ ਵਿੱਚ ਜ਼ਖਮੀ ਸਨ । ਇਸ ਲਈ ਉਹ ਆਮ ਵਾਂਗ ਕਿਵੇਂ ਖਾ ਪੀ ਸਕਦੇ ਸਨ… ਕਿਵੇਂ ਆਰਾਮ ਕਰ ਸਕਦੇ ਸਨਇਸ ਕੈਂਪ ਨੂੰ ਚਲਾਉਣ ਲਈ ਆਰਗੇਨਾਈਜ਼ਰ ਸ਼੍ਰੀ ਬਜਰੰਗ ਸਿੰਘ ਖੁਦਕੈਂਪ ਇੰਚਾਰਜ ਸ਼੍ਰੀ ਧੁਰੇਂਦਰ ਸਿੰਘਸਕਿਊਰਿਟੀ ਅਫਸਰ ਐਸ.ਐਸ.ਮਲਿਕ (ਜੀਜਾ)ਸੂਚਨਾ ਅਫਸਰ ਮਿਸ ਊਸ਼ਾ ਸਿੰਘ (ਭੈਣ)ਲੰਗਰ ਇੰਚਾਰਜ ਸ਼੍ਰੀਮਤੀ ਚੰਚਲ ਸਿੰਘ ਅਤੇ ਚੌਧਰੀ ਦਲਜੀਤ ਸਿੰਘ (ਪਿਤਾ) ਤੇ ਹੋਰ ਪਰਿਵਾਰਕ ਮੈਂਬਰ ਸ਼ਾਮਿਲ ਸਨ। ਇਥੋਂ ਤੱਕ ਕਿ ਸਿੱਖਾਂ ਨੂੰ ਰਾਹਤ ਕੈਂਪ ਵਿੱਚ ਲਿਆਉਂਦੇ ਸਮੇਂ ਹਿੰਸਕ ਭੀੜਾਂ ਨੇ ਬਜਰੰਗ ਸਿੰਘ ਤੇ ਉਨ੍ਹਾਂ ਦੇ ਕਈ ਨਜ਼ਦੀਕੀ ਜਿਵੇਂ ਭੀਮ ਸਿੰਘਸਤਵੀਰ ਜਾਖੜਸੋਭਰਾਮਸੋਮਨਾਥ ਅਤੇ ਰੁਹਤਾਸ ਸਿੰਘ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਸੀਪਰ ਉਹ ਸੇਵਾ ਵਿੱਚ ਡਟੇ ਰਹੇ। ਸਿੱਖਾਂ ਨੂੰ ਵੰਡੇ ਜਾ ਰਹੇ ਭੋਜਨ ਨੂੰ ਵੀ ਲੰਗਰ ਦਾ ਨਾਮ ਦਿੱਤਾ ਗਿਆ । ਜਿਸ ਨੂੰ ਗਿਆਨੀ ਹਰਬੰਸ ਸਿੰਘ ਜੀ ਦੀ ਅਰਦਾਸ ਤੋਂ ਬਾਅਦ ਵਰਤਾਇਆ ਜਾਂਦਾ ਸੀ। ਇੱਥੋ ਤੱਕ ਕਿ ਸ਼੍ਰੀ ਬਜਰੰਗ ਸਿੰਘ ਨੇ ਦੁਬਾਰਾ ਅੰਮ੍ਰਿਤ ਛੱਕਣ ਲਈ ਵੀ ਖਾਸ ਪ੍ਰਬੰਧ ਕੀਤਾ ਅਤੇ ਇਸ ਸਬੰਧੀ ਕਕਾਰ ਵੀ ਪਰਿਵਾਰ ਵੱਲੋ ਮੁਫਤ ਦਿੱਤੇ ਗਏ। ਕੈਂਪ ਦਾ ਸਫਲਤਾ ਪੂਰਵਕ ਚੱਲਣਾ ਕੁਝ ਗੁੰਡਿਆਂ ਤੇ ਰਾਜਨੀਤਿਕ ਲੀਡਰਾਂ ਨੂੰ ਗਵਾਰਾ ਨਹੀਂ ਸੀ। ਹੁਣ ਸ਼ੁਰੂ ਹੋਈ ਪੀੜਿਤ ਸਿੱਖਾਂ ਨੂੰ ਭਜਾਉਣ ਤੇ ਕੈਂਪ ਨੂੰ ਖਤਮ ਕਰਨ ਦੀ ਸਾਜਿਸ਼ ਤਾਂ ਜੋ ਸਿੱਖਾਂ ਤੇ ਬਜਰੰਗ ਸਿੰਘ ਦੇ ਪਰਿਵਾਰ ਨੂੰ ਸਬਕ ਸਿਖਾਇਆ ਜਾ ਸਕੇ। ਭਾਵਂੇ ਬਜਰੰਗ ਸਿੰਘ ਦੇ ਘਰ ਤੇ ਵਹੀਕਲਾਂ ਦਾ ਕਾਫੀ ਨਿੱਜੀ ਨੁਕਸਾਨ ਕੀਤਾ ਗਿਆ ਸੀਪਰ ਇਸ ਗੁੰਡਾਗਰਦੀ ਦੇ ਬਾਵਜੂਦ ਪਰਿਵਾਰ ਪੀੜ੍ਹਤਾਂ ਦੀ ਮਦਦ ਲਈ ਹਿੱਕ ਤਾਣੀ ਖੜ੍ਹਾ ਸੀ।
ਲੀਡਰਾਂ ਤੇ ਪੁਲਿਸ ਨੂੰ ਡਰ ਸੀ ਕਿ ਰਾਹਤ ਕੈਂਪ ਵਿਚਲੇ ਵਿਅਕਤੀ ਉਨ੍ਹਾਂ ਵਿਰੁੱਧ ਗਵਾਹੀ ਨਾ ਦੇਣ। ਇਸ ਲਈ ਪੁਲਿਸ ਵੱਲੋਂ ਰਾਜਨੀਤਿਕ ਸ਼ਹਿ ਤੇ ਕੈਂਪ ਦੇ ਟੈਂਟ ਉਖਾੜ ਦਿੱਤੇ ਗਏ ਤੇ ਸ਼੍ਰੀ ਬਜਰੰਗ ਸਿੰਘ ਦੀ ਕੁੱਟਮਾਰ ਕੀਤੀ ਗਈ। ਸ਼੍ਰੀ ਬਜਰੰਗ ਸਿੰਘ ਨੇ ਆਪਣੇ ਕਿੱਤੇ ਦੀ ਵਰਤੋਂ ਕਰਦੇ ਹੋਏ ਸੁਪਰੀਮ ਕੋਰਟ ਵਿੱਚ ਰਿੱਟ ਨੰ: 1 ਆਫ 1985  ਦਾਖਲ ਕਰ ਦਿੱਤੀਜਿਸਦਾ ਫੈਸਲਾ 3 ਜਨਵਰੀ 1985 ਰਾਹੀਂ ਕਰਦੇ ਹੋਏ ਇਹ ਕੈਂਪ ਪਰਿਵਾਰ ਦੀ 'ਸਤਨਾਮੀ ਚੌਂਕੀਵਿਖੇ ਸ਼ਿਫਟ ਕਰ ਦਿੱਤਾ ਗਿਆ। ਇੱਥੋਂ ਵੀ ਗੁੰਡਾ ਅਨਸਰਾਂ ਨੂੰ ਸਬਰ ਨਾ ਹੋਇਆ ਤੇ ਉਹ ਉੱਥੇ ਜਾ ਕੇ ਔਰਤਾਂ ਵਿਧਵਾਵਾਂ ਤੇ ਬੱਚਿਆਂ ਨੂੰ ਤੰਗ ਕਰਦੇ ਰਹੇ। ਇੱਥੋ ਤੱਕ ਕਿ ਰੋਕਣ ਤੇ ਪੁਲਿਸ ਵਾਲੇ ਬਜਰੰਗ ਸਿੰਘ ਦੇ ਪਰਿਵਾਰਕ ਮੈਂਬਰਾਂ ਦੀ ਕੁੱਟਮਾਰ ਕਰਕੇ ਉਲਟਾ ਬਜਰੰਗ ਸਿੰਘ ਤੇ ਝੂਠਾ ਪਰਚਾ ਕਰਕੇ ਹਥਕੜੀ ਲਾ ਕੇ ਘਸੀਟਦੇ ਹੋਏ ਥਾਣੇ ਤੱਕ ਲੈ ਗਏ। ਉਸਦੇ ਪਿਤਾ ਅਤੇ ਭਰਾ ਨੂੰ ਵੀ ਗ੍ਰਿਫਤਾਰ ਕਰਕੇ ਕੁੱਟਮਾਰ ਕੀਤੀ ਗਈਪਰ ਆਪਣੇ ਪੇਸ਼ੇ ਸਦਕਾ ਉਹ ਇਸ ਜ਼ੁਲਮ ਦਾ ਵੀ ਟਾਕਰਾ ਕਰਦੇ ਰਹੇ ।
ਦੂਸਰੇ ਪਾਸੇ ਸ਼੍ਰੀ ਬਜਰੰਗ ਸਿੰਘ ਦੇ ਮਨ ਵਿੱਚ ਪੀੜਤਾਂ ਦੇ ਮੁੜ ਵਸੇਬੇ ਦੀ ਵੀ ਤੜਫ ਸੀ। ਉਹ ਚਾਹੁੰਦੇ ਸਨ ਕਿ ਦਿੱਲੀ ਡਿਵਲਮੈਂਟ ਅਥਾਰਟੀ (ਡੀ.ਡੀ.ਏ) ਤੇ ਸਰਕਾਰ ਉਹਨਾਂ ਪੀੜ੍ਹਤਾਂ ਨੂੰ ਸਸਤੇ ਰੇਟ ਤੇ ਮਕਾਨ ਬਣਾਕੇ ਦੇਵੇ। ਬਜਰੰਗ ਸਿੰਘ ਨੇ ਬਕਾਇਦਾ 10 ਦਸੰਬਰ 1984 ਨੂੰ ਮਨੁੱਖੀ ਅਧਿਕਾਰ ਦਿਵਸ ਤੇ ਵਿਧਵਾਵਾਂ ਤੇ ਪੀੜ੍ਹਤ ਪਰਿਵਾਰਾਂ ਨੂੰ ਅਪਣਾ ਲਿਆ ਸੀ । ਜਿਹੜੇ ਅਜੇ ਤੱਕ ਵੀ ਵਾਪਸ ਨਹੀ ਗਏ ਸਨ ਤੇ ਜਿਨਾਂ ਦਾ ਕੋਈ ਘਰ-ਘਾਟ ਨਹੀ ਰਿਹਾ ਸੀ। ਭਾਵੇਂ ਸਾਡੀਆਂ ਸਰਕਾਰਾਂ ਤੇ ਕਈ ਸੰਗਠਨ ਮਨੁੱਖੀ ਅਧਿਕਾਰ ਦਿਵਸ ਨੂੰ ਮਨਾਉਣ ਦਾ ਐਲਾਨ ਕਰਦੇ ਹਨਪਰ ਬਜਰੰਗ ਸਿੰਘ ਵੱਲੋਂ ਇਹਨਾਂ ਪਰਿਵਾਰਾਂ ਨੂੰ ਅਪਣਾ ਕੇ ਉਹਨਾਂ ਦੇ ਅਧਿਕਾਰਾਂ ਦੀ ਰਾਖੀ ਕਰਨ ਦਾ ਯਤਨ ਮਹਿਜ਼ ਦਿਖਾਵਾ ਨਹੀਂ ਬਲਕਿ ਇਸ ਦਿਸ਼ਾ ਵੱਲ ਪੁੱਟਿਆ ਇੱਕ ਸਕਾਰਾਤਮਕ ਕਦਮ ਸੀ । ਜਿਸ ਦੀ ਮਿਸਾਲ ਮਿਲਣੀ ਅਸੰਭਵ ਹੈ। ਬਜਰੰਗ ਸਿੰਘ ਨੇ ਇਹਨਾਂ ਨੂੰ ਫਲੈਟ ਲੈ ਕੇ ਦੇਣ ਲਈ ਕਾਫੀ ਯਤਨ ਕੀਤੇਬਹੁਤ ਅਵਾਜ਼ ਉਠਾਈਪਰ ਲਾਲ ਫੀਤਾਸ਼ਾਹੀ ਤੇ ਬੋਲੀਆਂ ਸਰਕਾਰਾਂ ਕਦ ਮੰਨਦੀਆਂ ਹਨਉਹ ਵੀ ਉਦੋਂ ਜਦੋਂ ਹਵਾਵਾਂ ਦੇ ਰੁੱਖ ਝੱਖੜ ਬਣ ਕੇ ਉਲਟ ਵਹਿ ਰਹੇ ਹੋਣ।
ਜਦੋਂ ਸ਼੍ਰੀ ਬਜਰੰਗ ਸਿੰਘ ਨੇ ਇਹ ਦੇਖਿਆ ਕਿ ਮੱਝ ਅੱਗੇ ਬੀਨ ਵਜਾਉਣ ਦਾ ਕੋਈ ਫਾਇਦਾ ਨਹੀਂ ਤਾਂ ਉਹ ਦੰਗਾ ਪੀੜਤਾਂ ਨੂੰ ਫਲੈਟ ਦਿਵਾਉਣ ਦੀ ਮੰਗ ਤੇ ਹੋਰ ਮੰਗਾਂ ਨੂੰ ਲੈ ਕੇ ਮਿਤੀ 13 ਦਸੰਬਰ 1984 ਨੂੰ ਮਰਨ ਵਰਤ ਤੇ ਬੈਠ ਗਏ। ਇਸ ਸਮੇਂ ਦੌਰਾਨ ਉਹਨਾਂ ਦਾ ਭਾਰ 18-1/2 ਕਿਲੋ ਘੱਟ ਗਿਆ ਤੇ ਇਹ ਮਰਨਵਰਤ 33 ਦਿਨ ਚੱਲਿਆ। ਪਰਿਵਾਰਕ ਮੈਂਬਰਾਂ ਨੇ ਰਾਸ਼ਟਰਪਤੀਪ੍ਰਧਾਨ ਮੰਤਰੀ ਤੱਕ ਤੇ ਹੋਰਨਾਂ ਕੋਲ ਵੀ ਗੁਹਾਰ ਲਗਾਈ ਪਰ ਕੋਈ ਫਾਇਦਾ ਨਾ ਹੋਇਆ। ਬਜਰੰਗ ਸਿੰਘ ਵੀ ਆਪਣੀ ਮੰਗ ਤੇ ਅਟੱਲ ਰਹੇ ਕਿ ਵਿਧਵਾਵਾਂ ਤੇ ਬੇਆਸਰਿਆਂ ਨੂੰ ਫਲੈਟ ਦੁਆਏ ਬਿਨਾਂ ਉਹ ਮਰਨਵਰਤ ਨਹੀ ਖੋਲਣਗੇ। ਇੱਥੇ ਪੁਲਸੀਆ ਤੰਤਰ ਨੇ ਫਿਰ ਆਪਣਾ ਰੰਗ ਦਿਖਾਇਆਉਹਨਾਂ ਤੇ ਆਤਮਹੱਤਿਆ ਦਾ ਕੇਸ ਪਾ ਕੇ ਉਹਨਾਂ ਨੂੰ ਏਮਜ਼ ਵਿਖੇ ਭਰਤੀ ਕਰਾ ਦਿੱਤਾ ਗਿਆ। ਜ਼ੁਲਮ ਦੀ ਇੱਥੇ ਹੀ ਬੱਸ ਨਹੀਂ ਹੋਈਜਦੋਂ ਉਹਨਾਂ ਨੇ ਆਪਣਾ ਮਰਨਵਰਤ ਨਾ ਤੋੜਿਆ ਤਾਂ ਪੁਲੀਸ ਵਾਲਿਆਂ ਨੇ ਉਹਨਾਂ ਨੂੰ ਹਸਪਤਾਲ ਤੋਂ ਵੀ ਚੁੱਕਣ ਦੀ ਕੋਸ਼ਿਸ਼ ਕੀਤੀ । 2 ਜਨਵਰੀ 1985 ਨੂੰ ਇਸ ਹੱਥੋ-ਪਾਈ ਤੇ ਮਾਰਕੁਟਾਈ ਵਿੱਚ ਬਜਰੰਗ ਸਿੰਘ ਦੇ ਤਿੰਨ ਦੰਦ ਤੋੜ ਦਿੱਤੇ ਗਏ। 9 ਫਰਵਰੀ ਨੂੰ ਇੱਕ ਏ.ਐਸ.ਆਈ. ਨੇ ਗਲਾ ਘੁੱਟ ਕੇ ਸੱਚ ਦੀ ਆਵਾਜ਼ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀਜਿਸ ਕਾਰਨ ਉਹਨਾਂ ਨੂੰ ਗਲੇ ਦੀ ਭਿਆਨਕ ਬਿਮਾਰੀ ਹੋ ਗਈ ਤੇ ਉਸ ਤੋਂ ਬਾਅਦ ਚੰਗੀ ਤਰਾਂ ਬੋਲ ਵੀ ਨਹੀਂ ਸਕੇ। ਬਜਰੰਗ ਸਿੰਘ ਵੱਲੋਂ ਇਸ ਸਮੇਂ ਦੌਰਾਨ ਪਾਈ ਰਿਟ ਉਸੇ ਦਿਨ ਹੀ ਮਾਨਯੋਗ ਸੁਪਰੀਮ ਕੋਰਟ ਦੇ ਜੱਜ ਮੁਰਤਜਾ ਫਜ਼ਲ ਅਲੀ ਵਲੋਂ 2 ਜਨਵਰੀ 1985 ਨੂੰ ਆਪਣੇ ਘਰ ਹੀ ਸੁਣੀ ਗਈ। ਅੰਤ ਦਿੱਲੀ ਡਿਵਲਮੈਂਟ ਅਥਾਰਟੀ ਝੁਕੀ। ਸਰਕਾਰ ਨੇ ਕਿਹਾ ਕਿ ਉਹ ਵਿਧਵਾਵਾਂ ਨੂੰ ਫਲੈਟ ਦੇਣ ਲਈ ਤਿਆਰ ਹੈ। ਇਸੇ ਤਰਾਂ ਬਜਰੰਗ ਸਿੰਘ ਨੇ ਸੁਪਰੀਮ ਕੋਰਟ ਦੇ ਉਸੇ ਜੱਜ ਮਾਨਯੋਗ ਮੁਰਤਜਾ ਫਜ਼ਲ ਅਲੀ ਦੇ ਮੂਹਰੇ ਆਪਣਾ ਮਰਨਵਰਤ ਤੋੜਿਆ। ਜਦੋਂ ਕਿ ਉਹਨਾਂ ਦੀ ਮੰਗ ਮੰਨ ਲਈ ਗਈ ਸੀ। ਇਸ ਤਰਾਂ ਵਿਧਵਾਵਾਂ ਨੂੰ ਫਲੈਟ ਮਿਲਣੇ ਸ਼ੂਰੁ ਹੋਏ। ਹੁਣ ਭਾਵੇ ਕੇਂਦਰ ਤੇ ਸੂਬਾ ਸਰਕਾਰਾਂ ਕੁਝ ਕਹਿਣ ਪਰ ਅਸਲੀਅਤ ਇਹ ਹੈ ਕਿ ਪੀੜ੍ਹਤਾਂ ਦੇ ਪੁਨਰ ਵਸੇਬੇ ਦਾ ਕਾਰਜ ਸ਼੍ਰੀ ਬਜਰੰਗ ਸਿੰਘ ਦੀ ਮਹਾਨ ਦੇਣ ਸੀ। ਇਸਦਾ ਮੁੱਢ ਸ਼੍ਰੀ ਬਜਰੰਗ ਸਿੰਘ ਨੇ ਹੀ ਬੰਨ੍ਹਿਆ ਸੀ।
ਬਜਰੰਗ ਸਿੰਘ ਦੀ ਜਿੰਦਗੀ ਦਾ ਇੱਕ ਹੀ ਮਕਸਦ ਰਹਿ ਗਿਆ ਸੀਇਹਨਾਂ ਪੀੜ੍ਹਤਾਂ ਦੀ ਸਹਾਇਤਾ ਲਈ ਵੱਧ ਤੋਂ ਵੱਧ ਯਤਨ ਕਰਨੇ। ਹੁਣ ਉਨ੍ਹਾਂ ਨੇ ਪੀੜ੍ਹਤ ਵਿਧਵਾਵਾਂ ਅਤੇ ਲੜਕੀਆਂ ਲਈ ਬਾਪ ਦਾ ਰੋਲ ਅਦਾ ਕੀਤਾ। ਉਹ ਚਾਹੁੰਦੇ ਸਨ ਕਿ ਵਿਧਵਾਵਾਂ ਤੇ ਲੜਕੀਆਂ ਦੇ ਜਲਦੀ ਵਿਆਹ ਕਰ ਦਿੱਤੇ ਜਾਣ। ਉਹਨਾਂ ਦੀ ਸੁਪਤਨੀ ਚੰਚਲ ਸਿੰਘ ਨੇ ਇਸ ਕਾਰਜ ਵਿੱਚ ਅਥਾਹ ਯੋਗਦਾਨ ਦਿੱਤਾ। ਲੜਕੀਆਂ ਲਈ ਅਖਬਾਰਾਂ ਵਿੱਚ ਵਿਆਹ ਸਬੰਧੀ ਮੈਟਰੀਮੋਨੀਅਲ ਦਿੱਤੇ ਗਏ। ਯੋਗ ਲੜਕਿਆਂ ਦੀ ਚੋਣ ਇੰਟਰਵਿਊ ਲੈ ਕੇ ਕੀਤੀ ਗਈ। ਇਸ ਤਰ੍ਹਾਂ ਉਹਨਾਂ ਨੇ ਦੋ ਵਾਰੀ ਕੁੱਲ 61 ਲੜਕੀਆਂ ਦੇ ਵਿਆਹ ਧੀਆਂ ਬਣਾ ਕੇ ਕੀਤੇ । ਇਸ ਸੰਬੰਧੀ ਉਹਨਾਂ ਵੱਲੋਂ ਬਾਪ ਦਾ ਰੋਲ ਅਦਾ ਕੀਤਾ ਗਿਆ। ਲੜਕੀਆਂ ਨੂੰ ਘਰੇਲੂ ਜ਼ਰੂਰਤ ਦਾ ਸਮਾਨ ਦਿੱਤਾ ਗਿਆ ਅਤੇ ਹਰ ਵਿਆਹ ਵਿੱਚ 50 ਮਹਿਮਾਨ ਸੱਦੇ ਗਏ ਤੇ ਪੂਰਨ ਧਾਰਮਿਕ ਰੀਤਾਂ ਅਨੁਸਾਰ ਵਿਆਹ ਕੀਤੇ ਗਏ। ਲੜਕਿਆਂ ਨੂੰ ਬੜੇ ਪਿਆਰ ਨਾਲ ਕਿਹਾ ਗਿਆ ਇਹ ਵਿਆਹ ਰਸਮ ਮਾਤਰ ਨਹੀ ਹਨਬਲਕਿ ਇਹ ਉਹਨਾਂ ਦੀਆਂ ਆਪਣੀਆਂ ਧੀਆਂ ਹਨ । ਜੇਕਰ ਉਹਨਾਂ ਨਾਲ ਕੋਈ ਵੀ ਮਾੜਾ ਵਿਵਹਾਰ ਕੀਤਾ ਗਿਆ ਤਾਂ ਉਸ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀ ਕੀਤਾ ਜਾਵੇਗਾ। ਇਥੋਂ ਤੱਕ ਕੀ ਉਹਨਾਂ ਦਾ ਖਿਆਲ ਰੱਖਣ ਲਈ ਉਹਨਾਂ ਨੂੰ ਸਾਲ ਵਿੱਚ ਦੋ ਵਾਰ ਤਿਉਹਾਰਾਂ ਤੇ ਘਰ ਸੱਦਿਆ ਜਾਂਦਾ ਤੇ ਉਹਨਾਂ ਨੂੰ ਤੋਹਫੇ ਦੇ ਕੇ ਵਾਪਸ ਭੇਜਿਆ ਜਾਂਦਾ। ਇਹਨਾਂ ਵਿਆਹਾਂ ਵਿੱਚ ਉਸ ਸਮੇਂ ਦੇ ਕਾਂਗਰਸ ਦੀ ਪਾਰਲੀਮਾਨੀ ਮਾਮਲਿਆਂ ਨਾਲ ਸੰਬੰਧਤ ਮੰਤਰੀ ਮਾਰਗਟ ਅਲਵਾ ਬਿਨਾਂ ਬੁਲਾਏ ਇਹਨਾਂ ਵਿਆਹਾਂ ਵਿੱਚ ਸ਼ਾਮਲ ਹੋਈ ਤੇ ਸ਼੍ਰੀਮਤੀ ਚੰਚਲ ਸਿੰਘ ਨੂੰ 'ਹੋਲੀ ਮਦਰਦਾ ਐਵਾਰਡ ਦੇਕੇ ਸਨਮਾਨਿਤ ਕੀਤਾ।
ਸ਼੍ਰੀ ਬਜਰੰਗ ਸਿੰਘ ਦਾ ਪਰਿਵਾਰ ਜਦੋਂ ਧਮਕੀਆਂ ਤੋਂ ਨਾ ਡਰਿਆ ਤਾਂ ਉਹਨਾਂ ਵਿਰੁੱਧ ਸ਼ਿਕਾਇਤਾਂ ਦਾ ਦੌਰ ਸ਼ੁਰੂ ਕਰ ਦਿੱਤਾ ਗਿਆ ਕਿ ਉਹਨਾਂ ਨੇ ਟੈਕਸ ਚੋਰੀ ਕਰਕੇਨਜਾਇਜ਼ ਧਨ ਦੀ ਵਰਤੋਂ ਕਰਕੇ ਸਿੱਖਾਂ ਦੀ ਮਦਦ ਕੀਤੀ ਹੈ। ਪਰ ਪਰਿਵਾਰ ਨੇ ਸਾਬਤ ਕਰ ਦਿੱਤਾ ਕਿ ਰਾਹਤ ਕੰਮ ਤੇ ਹੋਰ ਕਾਰਜਾਂ ਲਈ ਪਰਿਵਾਰ ਨੇ ਕੋਈ ਠੱਗੀ ਨਹੀਂ ਮਾਰੀ ਤੇ ਨਾ ਹੀ ਕੋਈ ਪੈਸਾ ਕਿਸੇ ਤੋਂ ਲਿਆ ਗਿਆ ਹੈ। ਇਹ ਸਭ ਕੁਝ ਤਾਂ ਪਰਿਵਾਰਕ ਮੈਂਬਰਾਂ ਨੇ ਆਪਣੀ ਜ਼ਮੀਨ ਗਹਿਣੇ ਰੱਖ ਕੇਇਸਤਰੀ ਮੈਂਬਰਾਂ ਦੇ ਗਹਿਣੇ ਵੇਚ ਕੇਆਪਣੇ ਬੈਂਕ ਫਿਕਸ ਡਿਪਾਜਟ ਤੁੜਵਾ ਕੇਰਿਸ਼ਤੇਦਾਰਾਂ ਤੋਂ ਉਧਾਰ ਲੈ ਕੇ ਕੀਤਾ ਹੈ। ਸ਼੍ਰੀਮਤੀ ਚੰਚਲ ਸਿੰਘ ਨੇ ਆਪਣੇ ਗਹਿਣੇ ਰੱਖ ਕੇ ਇੱਕ ਲੱਖ ਅੱਸੀ ਹਜ਼ਾਰਜ਼ਮੀਨ ਗਹਿਣੇ ਰੱਖ ਕੇ ਦੋ ਲੱਖ ਪੰਜਾਹ ਹਜ਼ਾਰ ਤੇ ਇਸੇ ਤਰਾਂ ਹੋਰ ਧਨ ਇਕੱਠਾ ਕੀਤਾ ਹੈ । ਇਸ ਤੋ ਬਿਨਾਂ ਪਰਿਵਾਰ ਉੱਪਰ ਸਿੱਖ ਲੜਕੀਆਂ ਵੇਚਣ ਦੇ ਬੇਬੁਨਿਆਦ ਦੋਸ਼ ਲਾ ਕੇ ਜ਼ਲੀਲ ਕਰਨ ਦੀ ਕੋਸ਼ਿਸ਼ ਕੀਤੀ। ਪਰ ਵਿਰੋਧੀ ਕੁਝ ਵੀ ਸਾਬਤ ਨਾ ਕਰ ਸਕੇ ਤੇ ਸੱਚ ਸੱਚ ਹੀ ਰਿਹਾਭੈੜੀਆਂ ਤਾਕਤਾਂ ਦੇ ਮਨਸੂਬੇ ਇੱਥੇ ਵੀ ਫ਼ੇਲ੍ਹ ਹੋਏ। ਖੁਸ਼ਵੰਤ ਸਿੰਘ ਜਿਹੇ ਨਿਰਪੱਖ ਪੱਤਰਕਾਰ ਨੇ ਤਾਂ ਸ਼੍ਰੀ ਬਜਰੰਗ ਸਿੰਘ ਨੂੰ ਬਜਰੰਗ ਬਲੀ ਕਹਿ ਕੇ ਨਿਵਾਜਿਆ ਹੈ ਤੇ ਉਸ ਦੀ ਅਥਾਹ ਪ੍ਰਸ਼ੰਸਾ ਕੀਤੀ ਹੈ। ਇੱਥੋਂ ਤੱਕ ਕਿ ਖੁਸ਼ਵੰਤ ਸਿੰਘ ਨੇ ਆਪਣੀ ਅੱਖੀ ਦੇਖੀ ਘਟਨਾ ਦਾ ਵਰਣਨ 18 ਨਵੰਬਰ 1989 ਦੇ ਹਿੰਦੁਸਤਾਨ ਟਾਇਮਜ਼ ਅਖਬਾਰ ਵਿੱਚ ਕੀਤਾ ਹੈ ਕਿ ਕਿਵੇਂ ਸਾਰੀਆਂ ਮਾੜੀਆਂ ਸ਼ਕਤੀਆਂ ਸ਼੍ਰੀ ਬਜਰੰਗ ਸਿੰਘ ਵਿਰੁੱਧ ਇੱਕਠੀਆਂ ਹੋ ਗਈ ਸਨ। ਖੁਸ਼ਵੰਤ ਸਿੰਘ ਲਿਖਦੇ ਹਨ ਕਿ "ਜਦੋਂ ਤੁਹਾਨੂੰ ਕਿਸੇ ਦੀ ਧਮਕੀ ਦਾ ਡਰ ਹੋਵੇ ਤਾਂ ਤੁਸੀਂ ਆਪਣੇ ਲਈ ਸਾਰਿਆਂ ਨਾਲੋਂ ਜ਼ਿਆਦਾ ਸੁਰੱਖਿਅਤ ਕਿਹੜੀ ਜਗ੍ਹਾ ਸਮਝਦੇ ਹੋ ਮੈਂ ਤਾਂ ਮੈਜਿਸਟਰੇਟ ਦੀ ਅਦਾਲਤ ਨੂੰ ਸਭ ਤੋਂ ਵੱਧ ਸੁਰੱਖਿਅਤ ਸਮਝਾਂਗਾ। ਉਹੀ ਅਜਿਹੇ ਵਿਅਕਤੀ ਹਨਜਿਨਾਂ ਤੋਂ ਇਸ ਗੱਲ ਦੀ ਉਮੀਦ ਕੀਤੀ ਜਾਂਦੀ ਹੈ ਕਿ ਉਹਨਾਂ ਦੀ ਮੌਜੂਦਗੀ ਵਿੱਚ ਕੋਈ ਵਿਅਕਤੀ ਨੁਕਸਾਨ ਪਹੁੰਚਾਉਣ ਨਹੀ ਆ ਸਕਦਾ ਅਤੇ ਵਿਵਸਥਾ ਨੂੰ ਬਚਾਉਣ ਲਈ ਪੁਲਿਸ ਤਾਂ ਹਰ ਸਮੇਂ ਉਹਨਾਂ ਨਾਲ ਤਿਆਰ ਰਹਿੰਦੀ ਹੈ । ਫਿਰ ਕੁਝ ਵਕੀਲ ਵੀ ਇਹ ਦੇਖਣ ਲਈ ਮੌਜੂਦ ਹੁੰਦੇ ਹਨ ਕਿ ਕੋਈ ਕਾਨੂੰਨ ਨਾ ਤੋੜੇ । ਫਿਰ ਵੀ ਮੈਨੂੰ ਬਹੁਤ ਹੈਰਾਨੀ ਹੋਈ ਜਦੋ ਮੇਰੇ ਦੇਖਣ ਵਿੱਚ ਇੱਕ ਅਜਿਹਾ ਮਾਮਲਾ ਆਇਆਜਦੋਂ ਸਰਵਉੱਚ ਅਦਾਲਤ ਦੇ ਤਿੰਨ ਵਕੀਲਾਂ ਨੂੰ ਅਦਾਲਤ ਵਿੱਚ ਹੀ ਘੇਰ ਲਿਆ ਅਤੇ ਰੱਜ ਕੇ ਕੁੱਟਿਆ । ਅਦਾਲਤ ਦੇ ਦਰਵਾਜ਼ੇ ਤੇ ਹੀ ਪੁਲੀਸ ਦਾ ਐਸ.ਐਚ.ਓ. ਹਾਜ਼ਰ ਸੀ । ਮੈਜਿਸਟਰੇਟ ਆਪਣੇ ਫਰਜ਼ ਦੀ ਪਾਲਣਾ ਕਰਨ ਦੀ ਬਜਾਏ ਜਲਦੀ ਨਾਲ ਆਪਣੇ ਚੈਂਬਰ ਵਿੱਚ ਚਲੇ ਗਏ ਤਾਂ ਕਿ ਉਹ ਮਾਮਲੇ ਦੀ ਲਪੇਟ ਵਿੱਚ ਨਾ ਆ ਜਾਣ। ਉੱਥੇ ਬਹੁਤ ਸਾਰੇ ਵਕੀਲ ਵੀ ਹਾਜ਼ਰ ਸਨਜਿਹਨਾਂ ਨੇ ਇਸ ਘਟਨਾ ਨੂੰ ਦੇਖਿਆ। ਸ਼ੈਸ਼ਨ ਅਦਾਲਤ ਵਿੱਚ ਨਿਆਂ ਨਾ ਮਿਲਣ ਕਰਕੇ ਤਿੰਨੋਂ ਵਕੀਲਾਂ ਨੇ ਉੱਚਤਮ ਅਦਾਲਤ ਵਿੱਚ ਨਿਆਂ ਲਈ ਦੁਹਾਈ ਦਿੱਤੀ। ਸੁਪਰੀਮ ਕੋਰਟ ਦੀ ਬਾਰ ਕੌਂਸਲ ਨੇ ਵੀ ਇਹ ਮਾਮਲਾ ਆਪਣੇ ਹੱਥ ਵਿੱਚ ਲੈ ਲਿਆ ਹੈ। ਜਿਨ੍ਹਾਂ ਵਕੀਲਾਂ ਬਾਰੇ ਦੱਸਿਆ ਗਿਆ ਹੈਉਹ ਹਨ ਚੌਧਰੀ ਦਲਜੀਤ ਸਿੰਘ ਦਲਾਲ ਤੇ ਉਹਨਾਂ ਦੇ ਦੋ ਪੁੱਤਰ ਬਜਰੰਗ ਸਿੰਘ ਅਤੇ ਧੁਰਿੰਦਰ ਸਿੰਘ। ਘਟਨਾ ਸ਼ੈਸ਼ਨ ਕੋਰਟ ਦੇ ਮੈਜਿਸਟਰੇਟ ਐਨ.ਕੇ. ਸ਼ਰਮਾ ਦੀ ਅਦਾਲਤ ਵਿੱਚ ਵਾਪਰੀ ਹੈ। ਉਸ ਸਮੇਂ ਅਦਾਲਤ ਵਿੱਚ ਸਬਜ਼ੀ ਮੰਡੀ ਥਾਣੇ ਦਾ ਐਸ.ਐਚ.ਓ. ਈਸ਼ਵਰ ਸਿੰਘ ਵੀ ਪੁਲੀਸ ਦੀ ਵਰਦੀ ਵਿੱਚ ਮੌਜੂਦ ਸੀ। ਮੈਂ ਘਟਨਾ ਦੇ ਵਿਸਥਾਰ ਸਹਿਤ ਵਰਨਣ ਵਿੱਚ ਨਹੀਂ ਜਾਵਾਂਗਾਕਿੳਂੁਕਿ ਜਲਦੀ ਹੀ ਅਦਾਲਤ ਇਸ ਦੀ ਘੋਸ਼ਣਾ ਕਰੇਗੀ । ਲੇਕਿਨ ਇਸ ਨਾਲ ਉਹਨਾਂ ਸਾਰੇ ਸ਼ਾਂਤੀ ਪਸੰਦ ਨਾਗਰਿਕਾਂ ਵਿੱਚ ਹਲਚਲ ਹੋਈ ਹੈ। ਜੇਕਰ ਮੁਕੱਦਮਾ ਲੜਣ ਵਾਲੇ ਅਦਾਲਤ ਵਿੱਚ ਕੁੱਟੇ ਜਾ ਸਕਦੇ ਹਨ ਤਾਂ ਉਹ ਦਿਨ ਵੀ ਆ ਸਕਦਾ ਹੈ ਜਦੋਂ ਮੈਜਿਸਟਰੇਟ ਅਤੇ ਜੱਜ ਵੀ ਇਸ ਤਰ੍ਹਾਂ ਦੀ ਗੁੰਡਾਗਰਦੀ ਦਾ ਸ਼ਿਕਾਰ ਹੋ ਸਕਦੇ ਹਨ"। (ਟਾਈਮਜ਼ ਆਫ ਇੰਡੀਆਪੰਜਾਬ ਕੇਸਰੀ 18 ਨਵੰਬਰ 1989)। ਇਹ ਸਨ ਉਸ ਸਮੇਂ ਦੇ ਹਾਲਾਤਜਦੋ ਨਿਆਂ ਦੇਣ ਵਾਲੀਆਂ ਅਦਾਲਤਾਂ ਵਿੱਚ ਇਹ ਕੁਝ ਵਾਪਰ ਰਿਹਾ ਸੀ । ਅਦਾਲਤ ਤੋਂ ਬਾਹਰ ਹਾਲਾਤ ਕਿਹੋ ਜਿਹੇ ਹੋਣਗੇ,  ਇਸ ਪਰਿਵਾਰ ਤੇ ਜ਼ੁਲਮ ਦੀ ਹਨੇਰੀ ਕਿਵੇਂ ਝੁਲ ਰਹੀ ਹੋਵੇਗੀਤੁਸੀਂ ਆਪ ਹੀ ਅੰਦਾਜਾ ਲਗਾ ਸਕਦੇ ਹੋ ।
ਜਦੋਂ ਪੰਜਾਬ ਸਰਕਾਰ ਨੂੰ ਸ਼੍ਰੀ ਬਜਰੰਗ ਸਿੰਘ ਦੀਆਂ ਦਲੇਰਾਣਾ ਤੇ ਸੇਵਾ ਵਾਲੀਆਂ ਕਾਰਵਾਈਆਂ ਦਾ ਪਤਾ ਲੱਗਾ ਤਾਂ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ: ਹਰਚੰਦ ਸਿੰਘ ਲੋਂਗੋਵਾਲ ਤੇ ਮੁੱਖ ਮੰਤਰੀ ਪੰਜਾਬ ਸ੍ਰ: ਸੁਰਜੀਤ ਸਿੰਘ ਬਰਨਾਲਾ ਖੁਦ ਚੱਲ ਕੇ ਸ਼੍ਰੀ ਬਜਰੰਗ ਸਿੰਘ ਨੂੰ ਮਿਲਣ ਗਏ । ਉਸ ਦੇ ਯਤਨਾਂ ਦੀ ਰੱਜ ਕੇ ਸ਼ਲਾਘਾ ਕੀਤੀ ਤੇ ਮਾਇਕ ਸਹਾਇਤਾ ਦੇਣ ਦੀ ਕੋਸ਼ਿਸ਼ ਕੀਤੀ। ਪਰ ਉਹਨਾਂ ਨੇ ਨਿਰਮਤਾ ਸਹਿਤ ਰਕਮ ਵਾਪਸ ਕਰ ਦਿੱਤੀ। ਪੰਜਾਬ ਸਰਕਾਰ ਸ਼੍ਰੀ ਬਜਰੰਗ ਸਿੰਘ ਦੁਆਰਾ ਕੀਤੇ ਕੰਮਾਂ ਦੀ ਕਾਇਲ ਸੀ। ਸ਼੍ਰੀ ਬਜਰੰਗ ਸਿੰਘ ਨੂੰ ਸਨਮਾਨਿਤ ਕਰਨ ਲਈ ਦਿੱਲੀ ਵਿਖੇ 'ਮਾਨਵ ਸੇਵਾਅਵਾਰਡ ਦਾ ਸਨਮਾਨ ਸਮਾਰੋਹ ਰੱਖਿਆ ਗਿਆ ਤੇ ਸ਼੍ਰੀ ਬਜਰੰਗ ਸਿੰਘ ਨੂੰ 5 ਲੱਖ ਰੁਪਏ ਦਿੱਤੇ ਗਏ। ਇਹ ਰੁਪਏ ਉਸੇ ਵੇਲੇ ਬਜੰਰਗ ਸਿੰਘ ਨੇ ਪੀੜ੍ਹਤਾਂ ਲਈ ਬਣਾਏ ਟਰਸਟ ਦੇ ਹਵਾਲੇ ਕਰ ਦਿੱਤੇ।ਇਸ ਤੋ ਬਿਨਾਂ ਪੰਜਾਬ ਸਰਕਾਰ ਵੱਲੋਂ ਸ਼੍ਰੀ ਬਜਰੰਗ ਸਿੰਘ ਨਾਲ ਲਿਖਤੀ ਵਾਅਦਾ ਕੀਤਾ ਗਿਆ ਕਿ ਬਜਰੰਗ ਸਿੰਘ ਦੇ ਸਾੜੇ ਸਾਰੇ ਵਾਹਨਾਂ ਨੂੰ ਪੰਜਾਬ ਸਰਕਾਰ ਆਪਣੇ ਖਰਚੇ ਤੇ ਖਰੀਦ ਕੇ ਦੇਵੇਗੀ ਅਤੇ ਰੂਟ ਪਰਿਵਾਰ ਜਿਹੜੇ ਮੰਗੇਉਸ ਨੂੰ ਬਿਨਾਂ ਸ਼ਰਤ ਦਿੱਤੇ ਜਾਣਗੇ। ਪਰ ਸਰਕਾਰਾਂ ਬਦਲ ਗਈਆਂ ਤੇ ਇਹ ਵਾਅਦੇਵਾਅਦੇ ਹੀ ਰਹੇਵਫਾ ਨਾ ਹੋ ਸਕੇ।
ਸ਼੍ਰੀ ਬਜਰੰਗ ਸਿੰਘ ਨੂੰ ਇੱਕ ਗੱਲ ਬੜੀ ਹੀ ਤੰਗ ਕਰ ਰਹੀ ਸੀ ਕਿ ਜਿਨ੍ਹਾਂ ਰਾਜਨੀਤਿਕ ਲੀਡਰਾਂ ਨੇ ਹਜੂਮਾਂ ਕੋਲੋ ਸਿੱਖਾਂ ਦੇ ਗਲਾਂ ਵਿੱਚ ਟਾਇਰ ਪਾ ਕੇ ਉਹਨਾਂ ਨੂੰ ਸੜਵਾਇਆਜਿਹੜੀ ਪੁਲਿਸ ਨੇ ਆਪਣੇ ਸਰਵਿਸ ਰਿਵਾਲਵਰ ਦੇ ਕੇ ਸਿੱਖਾਂ ਦੇ ਕਤਲ ਕਰਾਏਉਹਨਾਂ ਨੂੰ ਸਜ਼ਾ ਨਾ ਮਿਲੇ ਤੇ ਉਹ ਖੁੱਲਾ ਘੁੰਮਣਇਹ ਕਿਵੇਂ ਹੋ ਸਕਦਾ ਹੈਇੱਥੋ ਸ਼ੁਰੂ ਹੁੰਦੀ ਹੈ ਬਜਰੰਗ ਸਿੰਘ ਦੀ ਰਾਜਨੀਤਿਕ ਲੀਡਰਾਂਪੁਲਿਸ ਅਫਸਰਾਂ ਤੇ ਗੁੰਡਾ ਅਨਸਰਾਂ ਨੂੰ ਦੁਸ਼ਮਣ ਬਣਾਉਣ ਦੀ ਕਹਾਣੀਉਹ ਕਹਾਣੀ ਜਿਹੜੀ ਕਿ ਸ਼੍ਰੀ ਬਜਰੰਗ ਸਿੰਘ ਦੇ ਨਾਲ ਅੰਤਲੇ ਸਮੇਂ ਤੱਕ ਪਰਛਾਵੇ ਵਾਂਗ ਉਹਨਾਂ ਦਾ ਪਿੱਛਾ ਕਰਦੀ ਰਹੀ। ਕੇਂਦਰ ਸਰਕਾਰ ਨੇ ਦੰਗਿਆਂ ਦੀ ਜਾਂਚ ਲਈ ਜਦੋਂ ਰੰਗਾਨਾਥ ਮਿਸ਼ਰਾ ਕਮਿਸ਼ਨ ਦੀ ਸਥਾਪਨਾ ਕੀਤੀ ਤਾਂ ਸ਼੍ਰੀ ਬਜਰੰਗ ਸਿੰਘ ਨੇ 69 ਸਫਿਆਂ ਦਾ ਹਲਫਨਾਮਾ 9-09-1985 ਨੂੰ ਦਾਇਰ ਕਰਕੇ ਕਾਤਲਾਂ ਤੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦਾ ਯਤਨ ਸ਼ੁਰੂ ਕਰ ਦਿੱਤਾ। ਰਾਜਨੀਤਿਕ ਲੀਡਰਾਂਗੁੰਡਾ ਅਨਸਰਾਂ ਅਤੇ ਪੁਲਿਸ ਦੀ ਮਿਲੀ ਭੁਗਤ ਕਿਸੇ ਤੋ ਵੀ ਛੁਪੀ ਹੋਈ ਨਹੀ ਹੈ। ਉਹਨਾਂ ਨੂੰ ਧਮਕੀਆਂ ਦਿੱਤੀਆਂ ਗਈਆਂ ਕਿ ਜੇਕਰ ਉਹ ਮਿਸ਼ਰਾ ਕਮਿਸ਼ਨ ਸਾਹਮਣੇ ਪੇਸ਼ ਹੋਏ ਤਾਂ  ਜਾਨੋਂ ਮਾਰ ਦਿੱਤਾ ਜਾਵੇਗਾ ਕਿਉਂਕਿ ਸ਼੍ਰੀ ਬਜਰੰਗ ਸਿੰਘ ਇਲਾਕੇ ਦੇ ਲੀਡਰਾਂ ਅਤੇ ਪੁਲਿਸ ਅਫਸਰਾਂ ਲਈ ਮੁਸੀਬਤ ਬਣਨ ਜਾ ਰਹੇ ਸਨ। ਇਸ ਲਈ ਮਿਤੀ 06-03-1986 ਨੂੰ ਜਦੋ ਉਹ ਰੰਗਨਾਥ ਮਿਸ਼ਰਾ ਕਮਿਸ਼ਨ ਸਾਹਮਣੇ ਗਵਾਹੀ ਦੇਣ ਜਾ ਰਹੇ ਸਨ ਤਾਂ ਪੁਲਿਸ ਮੋਟਰ ਸਾਇਕਲ ਸਵਾਰ ਵਿਅਕਤੀਆਂ ਨੇ ਉਹਨਾਂ ਦੀ ਚਿੱਟੀ ਫਿਏਟ ਕਾਰ ਨੰ: ਐਚ.ਆਰ.ਐਚ. 166 ਤੇ 6 ਗੋਲੀਆਂ ਚਲਾਈਆਂ। ਇੱਕ ਗੋਲੀ ਉਹਨਾਂ ਦੀ ਬਾਂਹ ਤੇ ਲੱਗੀ। ਹੈਰਾਨੀ ਦੀ ਗੱਲ ਇਹ ਹੈ ਕਿ ਹਸਪਤਾਲ ਜਾਣ ਦੀ ਬਜਾਏ ਉਹ ਮਿਸ਼ਰਾ ਕਮਿਸ਼ਨ ਸਾਹਮਣੇ ਪੇਸ਼ ਹੋਏ। ਕਮਾਲ ਦਾ ਜਜ਼ਬਾ ਸੀਆਪਣੀ ਜਾਨ ਦੀ ਕੋਈ ਪਰਵਾਹ ਨਹੀ ਸੀ । ਜੇ ਪਰਵਾਹ ਸੀ ਤਾਂ ਸਿੱਖਾਂ ਦੇ ਕਾਤਲਾਂ ਨੂੰ ਸਜਾ ਦਿਵਾਉਣ ਦੀਇਹ ਵੱਖਰੀ ਗੱਲ ਹੈ ਕਿ ਕਮਿਸ਼ਨ ਨੇ ਬਿਆਨ ਲੈਣ ਤੋ ਪਹਿਲਾਂ ਇਹਨਾਂ ਦਾ ਇਲਾਜ ਕਰਵਾਉਣ ਨੂੰ ਤਰਜੀਹ ਦਿੱਤੀ ਤੇ ਆਈ.ਪੀ.ਐਸ. ਅਧਿਕਾਰੀ ਸ਼੍ਰੀ ਮੀਨਾਏ.ਸੀ.ਪੀ. ਪੁਲਿਸ ਦੀ ਅਗਵਾਈ ਹੇਠ ਉਹਨਾਂ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ ਗਿਆਕਿਉਂਕਿ ਸ਼੍ਰੀ ਬਜਰੰਗ ਸਿੰਘ ਰਾਜਨੀਤਿਕਾਂ ਵਿਰੁੱਧ ਪੂਰੀ ਤਰਾਂ ਡਟੇ ਹੋਏ ਸਨ । ਇਸ ਰੋਸ ਵਜੋਂ ਕੁਝ ਕੁ ਗੁੰਡਾ ਅਨਸਰਾਂ ਨੇ 06-07-1989 ਨੂੰ ਫਿਰ ਉਹਨਾਂ ਦੇ ਘਰ ਨੂੰ ਅੱਗ ਲਾ ਦਿੱਤੀ । ਉਹਨਾਂ ਦੇ ਬੇਟੇ ਹਿਮਾਂਸ਼ੂ ਤੇ ਬੇਟੀ ਅਵਾਂਤਿਕਾ ਨੂੰ ਦੂਸਰੀ ਮੰਜਿਲ ਤੋ ਛਾਲ ਮਾਰ ਕੇ ਜਾਨ ਬਚਾਉਣੀ ਪਈ। ਸ਼੍ਰੀਮਤੀ ਚੰਚਲ ਸਿੰਘ ਦੱਸਦੇ ਹਨ ਕਿ ਉਹਨਾਂ ਦੇ ਬੇਟੇ ਹਿਮਾਂਸ਼ੂ ਸਿੰਘ ਦੇ ਦਿਮਾਗ ਤੇ ਬਚਪਨ ਵੇਲੇ ਤੋਂ ਹੀ ਬੋਝ ਸੀ। ਜਦੋ ਬੇਟੇ ਨੂੰ ਪਤਾ ਲੱਗਾ ਕਿ ਸਾਡੇ ਦੁੱਖਾਂ ਦਾ ਕਾਰਨ ਪੀੜ੍ਹਤ ਸਿੱਖ ਹਨ ਤਾਂ ਉਹ ਮਾਂ ਤੋ ਅਕਸਰ ਹੀ ਪੁੱਛਿਆ ਕਰਦਾ ਸੀ ਕਿ ਮੰਮੀ ਇਹ ਸਿੱਖ ਆਪਣੇ ਘਰੋ ਕਦੋਂ ਜਾਣਗੇਪਰ ਮਾਂ ਗੱਲੀਂਬਾਤੀ ਉਸ ਨੂੰ ਟਾਲੀ ਰੱਖਦੀ। ਰਾਜਨੀਤਿਕ ਦੁਖਾਂਤ ਦਾ ਅੰਤ ਇੱਥੇ ਹੀ ਨਹੀਂ ਹੋਇਆ । ਉਹਨਾਂ ਦੇ ਘਰ ਨੂੰ ਵੀ ਸਰਕਾਰ ਨੇ ਆਨੇ-ਬਹਾਨੇ ਮਸ਼ੀਨਾਂ ਰਾਹੀ ਤੁੜਵਾ ਦਿੱਤਾ। ਇਸ ਦੇ ਬਾਹਰਲੇ ਹਿੱਸੇ ਤੇ ਕਬਜ਼ਾ ਕਰਵਾ ਦਿੱਤਾ ਗਿਆ। ਬੇਸ਼ਕ ਸ਼੍ਰੀ ਬਜਰੰਗ ਸਿੰਘ ਦੇ ਪਿਤਾ ਚੌਧਰੀ ਦਲਜੀਤ ਸਿੰਘ ਨੇ ਕਾਫੀ ਮੁਸੀਬਤਾਂ ਦਾ ਸਾਹਮਣਾ ਕੀਤਾ ਸੀ ਪਰ ਉਹ ਇਸ ਦੁੱਖ ਨੂੰ ਬਰਦਾਸ਼ਤ ਨਾ ਕਰ ਸਕੇ। ਹਸਪਤਾਲ ਵਿੱਚ ਭਰਤੀ ਹੋਣ ਤੋ ਬਾਅਦ ਉਹ ਸੁਰਗਵਾਸ ਹੋ ਗਏ। ਸ਼੍ਰੀਮਤੀ ਚੰਚਲ ਸਿੰਘ ਦੱਸਦੇ ਹਨ ਕਿ ਉਹਨਾਂ ਦੇ ਪਤੀ ਦ੍ਰਿੜ ਇਰਾਦੇ ਵਾਲੇ ਵਿਅਕਤੀ ਸਨਚੰਗੇ ਕਾਰਜ ਲਈ ਉਹਨਾਂ ਨੇ ਡੱਟ ਕੇ ਸਟੈਂਡ ਲਿਆ। ਇਹ ਗੱਲ ਵੱਖਰੀ ਹੀ ਕਿ ਉਹਨਾਂ ਮਗਰ ਕੋਈ ਵੀ ਰਾਜਨੀਤਿਕ ਤਾਕਤ ਜਾਂ ਪ੍ਰਭਾਵਸ਼ਾਲੀ ਵਿਅਕਤੀ ਨਹੀ ਖੜਾ ਸੀ ਜਿਸ ਕਰਕੇ ਉਹਨਾਂ ਨੂੰ ਮਾਰ ਖਾਣੀ ਪੈ ਰਹੀ ਸੀ।
ਸ਼੍ਰੀਮਤੀ ਚੰਚਲ ਸਿੰਘ ਅਨੁਸਾਰ ਉਹਨਾਂ ਵਿਰੁੱਧ ਸਾਜਿਸ਼ਾਂ ਦਾ ਦੌਰ 1984 ਤੋਂ ਸ਼ੁਰੂ ਹੋਇਆ ਤੇ ਉਹਨਾਂ ਦੇ ਪਤੀ ਸ੍ਰੀ ਬਜਰੰਗ ਸਿੰਘ ਦੀ ਮੌਤ 14-07-2005 ਤੱਕ ਸਿਖਰ ਤੇ ਰਿਹਾ। ਇਸ ਸਮੇਂ ਦੌਰਾਨ ਕਿਰਾਏ ਤੇ ਭੇਜੇ ਹੋਏ ਗੁੰਡੇ ਅਕਸਰ ਹੀ ਉਹਨਾਂ ਨੂੰ ਤੰਗ ਕਰਿਆ ਕਰਦੇ ਸਨ । ਉਹਨਾਂ ਦਾ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਸੀ। ਘਰ ਨੂੰ ਜਾਂਦੀ ਬਿਜਲੀਪਾਣੀ ਤੇ ਟੈਲੀਫੋਨ ਦੇ ਕੁਨੈਕਸ਼ਨ ਵੀ ਕੱਟ ਦਿੱਤੇ ਗਏ ਸਨ। ਅੱਕ ਕੇ ਸ਼੍ਰੀਮਤੀ ਚੰਚਲ ਸਿੰਘ ਨੂੰ ਬੱਚਿਆਂ ਸਮੇਤ ਘਰ ਛੱਡਕੇ ਦਿੱਲੀ ਦੇ ਉਸ ਕਾਲਜ ਵਿੱਚ ਜਾਣਾ ਪਿਆਜਿੱਥੇ ਉਹ ਨੌਕਰੀ ਕਰਦੇ ਸਨ। ਇਹ ਉਹ ਸਮਾਂ ਸੀ ਜਦੋਂ ਤਕੜੇ ਤੋ ਤਕੜਾ ਵਿਅਕਤੀ ਵੀ ਡੋਲ ਜਾਂਦਾ ਹੈਪਰ ਉਹ ਨਹੀ ਡੋਲੇ। ਪਰਿਵਾਰ ਨੇ ਇਹ ਸਭ ਕੁਝ ਬਰਦਾਸ਼ਤ ਕੀਤਾ।
ਹੁਣ ਇਸ ਪਰਿਵਾਰ ਵੱਲ ਬੈਂਕ ਦਾ ਲੋਨ ਖੜਾ ਹੈਜਿਸ ਨੂੰ ਲੈ ਕੇ ਉਹਨਾਂ ਨੇ ਮਿੰਨੀ ਬੱਸਾਂ ਪਾਈਆਂ ਸਨ । ਵਹੀਕਲਾਂ ਦਾ ਬਕਾਇਦਾ ਇੰਸੋਰੈਂਸ ਕੰਪਨੀ ਵੱਲੋਂ ਬੀਮਾ ਕੀਤਾ ਗਿਆ ਸੀ। ਅੱਜ ਹਾਲਤ ਇਹ ਹੈ ਕਿ ਬੈਂਕ ਲਗਾਤਾਰ ਲੋਨ ਵਾਪਸ ਕਰਨ ਤੇ ਜ਼ੋਰ ਦੇ ਰਿਹਾ ਹੈ ਪਰ ਬੀਮਾ ਕੰਪਨੀ ਵੱਲੋਂ ਕੀਤੇ ਬੀਮੇ ਦੀ ਰਕਮ ਦੀ ਅਦਾਇਗੀ ਨਹੀ ਕੀਤੀ ਜਾ ਰਹੀ । ਇਸ ਸਬੰਧੀ ਬਹਾਨੇ ਅਤੇ ਗਲਤ ਇਤਰਾਜ ਲਗਾ ਕੇ ਪਰਿਵਾਰ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਬੈਂਕ ਨੇ ਕਾਨੂੰਨ ਦਾ ਸਹਾਰਾ ਲਿਆ ਹੈ । ਲੋਨ ਅਦਾਇਗੀ ਨੂੰ ਲੈ ਕੇ ਘਰ ਅਤੇ ਜ਼ਮੀਨ ਆਦਿ ਵੀ ਵਿਕ ਸਕਦੀ ਹੈ। ਪਰਿਵਾਰ ਇਸ ਦੁਚਿੱਤੀ ਨੂੰ ਲੈ ਕੇ ਅਦਾਲਤ ਵਿੱਚ ਪਹੁੰਚਿਆ ਹੋਇਆ ਹੈ। ਭਵਿੱਖ ਵਿੱਚ ਕੀ ਹੋਵੇਗਾ ਪਰਮਾਤਮਾ ਹੀ ਜਾਣੇ।
ਜਦੋਂ ਅਸੀਂ ਕਿਸੇ ਅਖਬਾਰ ਰਾਹੀਂ ਇਸ ਪਰਿਵਾਰ ਬਾਰੇ ਪੜ੍ਹਿਆ ਤਾਂ ਅਜਿਹੇ ਪਰਿਵਾਰ ਦਾ ਫਰੀਦਕੋਟ (ਪੰਜਾਬ) ਵਿਖੇ ਸੱਦ ਕੇ ਸਨਮਾਨ ਕਰਨ ਦਾ ਫੈਸਲਾ ਕੀਤਾ ਅਤੇ ਇਹ ਵੀ ਫੈਸਲਾ ਕੀਤਾ ਕਿ ਜਿੱਥੋ ਤੱਕ ਵੀ ਹੋ ਸਕੇਇਸ ਪਰਿਵਾਰ ਦੀ ਲੜਾਈ ਲੜੀ ਜਾਵੇ। ਪਰਿਵਾਰ ਨੇ ਬੇਨਤੀ ਮੰਨ ਕੇ ਦਸੰਬਰ 2009 ਵਿੱਚ ਫਰੀਦਕੋਟ ਵਿਖੇ ਫੇਰਾ ਪਾਇਆ। ਸਵ: ਸ਼੍ਰੀ ਬਜਰੰਗ ਸਿੰਘ ਦੀ ਯਾਦ ਵਿੱਚ ਕਥਾ  ਕੀਰਤਨ ਕਰਵਾਇਆ ਗਿਆ । ਗੁਰਦੁਆਰਾ ਟਿੱਲਾ ਬਾਬਾ ਫਰੀਦਜਿਲ੍ਹਾ ਬਾਰ ਕੌਂਸਲ ਫਰੀਦਕੋਟ ਤੇ ਨਗਰ ਕੌਂਸਲ ਫਰੀਦਕੋਟ ਵਿਖੇ ਸਮੁੱਚੇ ਪਰਿਵਾਰ ਦੇ ਨਾਲ ਆਏ 'ਸਤਨਾਮੀ ਸੰਪ੍ਰਦਾਇਦੇ ਮੈਂਬਰਾਂ ਦਾ ਵੀ ਸਨਮਾਨ ਕੀਤਾ ਗਿਆ।
ਅਗਲੇ ਮਹੀਨੇ ਬਾਅਦ ਹੀ ਇੱਕ ਮਾੜੀ ਘਟਨਾ ਵਾਪਰੀ । 17-01-2010 ਨੂੰ ਸ਼੍ਰੀ ਬਜਰੰਗ ਸਿੰਘ ਦੇ ਨੌਜਵਾਨ ਤੇ ਇਕਲੌਤੇ ਪੁੱਤਰ ਸ਼੍ਰੀ ਹਿਮਾਂਸ਼ੂ ਸਿੰਘਜਿਸ ਨੇ ਅਜੇ ਜਵਾਨੀ ਦੀ ਦਹਿਲੀਜ਼ ਤੇ ਪੈਰ ਰੱਖਿਆ ਹੀ ਸੀਪੀਲੀਏ ਦੀ ਬਿਮਾਰੀ ਕਾਰਨ ਦਿੱਲੀ ਦੇ ਇੱਕ ਹਸਪਤਾਲ ਵਿੱਚ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਇਹ ਪਰਿਵਾਰ ਲਈ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਸੀ। ਦਿੱਲੀ ਜਾ ਕੇ ਪਰਿਵਾਰ ਦੇ ਦੁੱਖ ਵਿੱਚ ਫਰੀਦਕੋਟ ਵਾਸੀ ਵੀ ਸ਼ਰੀਕ ਹੋਏ । ਇਸ ਤੋ ਬਾਅਦ ਪਰਿਵਾਰ ਨਾਲ ਕੋਈ ਗੱਲ ਨਹੀ ਹੋਈ। ਕਾਰਣ ਸਾਫ ਹੈ ਕਿ ਜਿਹੜਾ ਇਨਸਾਫ ਅਸੀਂ ਪਰਿਵਾਰ ਨੂੰ ਲੈ ਕੇ ਦੇਣਾ ਚਾਹੁੰਦੇ ਸੀਉਸ ਦੀ ਅਜੇ ਤੱਕ ਵੀ ਪੂਰਤੀ ਨਹੀ ਹੋ ਸਕੀਕਿਹੜੇ ਮੂੰਹ ਨਾਲ ਪਰਿਵਾਰ ਕੋਲ ਜਾਈਏ?
ਇਹ ਗੱਲ ਠੀਕ ਹੈ ਕਿ ਤਿੰਨ ਵਾਰ ਪੂਰੇ ਦਸਤਾਵੇਜ਼ਾਂ ਸਮੇਤ ਫਾਈਲ ਉੱਪ ਮੁੱਖ ਮੰਤਰੀ ਪੰਜਾਬ ਨੂੰ ਸੌਪੀ ਸੀ । ਉਹਨਾਂ ਨੇ ਹਾਂ ਵੀ ਕਹੀ ਪਰ ਅਜੇ ਤੱਕ ਵੀ ਪਰਿਵਾਰ ਨੂੰ ਕੋਈ ਸਹਾਇਤਾ ਨਹੀ ਮਿਲੀ। ਪਰਿਵਾਰ ਵੀ ਇਹਨਾਂ ਅਣਖੀ ਹੈ ਕਿ ਕਿਸੇ ਤੋਂ ਨਿੱਜੀ ਸਹਾਇਤਾ ਲੈਣ ਤੋ ਬਿਲਕੁਲ ਇਨਕਾਰੀ ਹੈ। ਇਹ ਪੱਕਾ ਪਤਾ ਹੈ ਕਿ ਨਾ ਤਾਂ ਅਜੇ ਤੱਕ ਬੈਂਕ ਦਾ ਲੋਨ ਲਾਹਿਆ ਗਿਆ ਤੇ ਨਾ ਹੀ ਇਨਸ਼ੋਰੈਂਸ ਕੰਪਨੀ ਨੇ ਪਰਿਵਾਰ ਨੂੰ ਕੋਈ ਕਲੇਮ ਦਿੱਤਾ ਹੈ।
ਇੱਥੇ ਸਵਾਲ ਉੱਠਦਾ ਹੈ ਕਿ ਸਰਕਾਰਾਂਸਿੱਖ ਤੇ ਧਾਰਮਿਕ ਜੱਥੇਬੰਦੀਆਂ ਨੇ ਪਰਿਵਾਰ ਲਈ ਕੀ ਕੀਤਾਸ਼ਾਇਦ ਕੁਝ ਵੀ ਨਹੀਂ। ਇਹ ਕੋਈ ਫਿਲਮੀ ਕਹਾਣੀ ਨਹੀਂ ਜਿਸ ਨੂੰ ਪੜ੍ਹਿਆਇੱਕ ਦੋ ਦਿਨ ਹਮਦਰਦੀ ਰੱਖੀ ਤੇ ਫਿਰ ਆਮ ਕਹਾਣੀਆ ਵਾਂਗ ਭੁਲਾ ਦਿੱਤਾ ਗਿਆ।
ਜਿੱਥੋਂ ਤੱਕ ਕੁਰਬਾਨੀ ਕਰਨ ਵਾਲੇ ਪਰਿਵਾਰ ਦਾ ਸਬੰਧ ਹੈਉਹਨਾਂ ਦਾ ਕਰਜ਼ ਜੇ ਅਸੀਂ ਚਾਹੀਏ ਤਾਂ ਵੀ ਨਹੀਂ ਲਾਹ ਸਕਦੇ। ਤੁਸੀ ਆਪ ਸੋਚੋ ਕਿ ਜਿਸ ਪਰਿਵਾਰ ਕੋਲ 1978 ਵਿੱਚ ਇੱਕ ਬੱਸ ਸੀ ਤੇ 1984 ਵਿੱਚ ਉਹਨਾਂ ਨੇ 12 ਬੱਸਾਂ ਮਿਹਨਤ ਸਦਕਾ ਬਣਾ ਲਈਆਂ ਹੋਣ । ਜੇ ਹਾਲਾਤ ਆਮ ਵਰਗੇ ਰਹਿੰਦੇ ਤਾਂ ਅੱਜ ਉਹਨਾਂ ਕੋਲ ਸੈਂਕੜੇ ਬੱਸਾਂ ਤੇ ਵਹੀਕਲ ਹੋਣੇ ਸਨ। ਜਿਹੜੀਆਂ ਬੱਸਾਂ ਲੋਨ ਲੈ ਕੇ ਪਾਈਆਂ ਸਨਉਹ ਸਾੜ ਦਿੱਤੀਆਂ ਗਈਆਂ। ਲੋਨ ਅਜੇ ਵੀ ਦੇਣਾ ਹੈ । ਇਨਸ਼ੋਰੈਂਸ ਕੰਪਨੀ ਪੈਸੇ ਨਹੀ ਦੇ ਰਹੀ । ਇਹ ਸ਼ਰੇਆਮ ਜ਼ਿਆਦਤੀ ਨਹੀ ਤਾਂ ਹੋਰ ਕੀ ਹੈਅਦਾਇਗੀ ਨਾ ਕਰਨ ਸਬੰਧੀ ਚਾਹੇ ਇੰਨਸ਼ੋਰੈਂਸ ਕੰਪਨੀ ਲੱਖ ਬਹਾਨੇ ਲਾਏ । ਕਾਗਜ਼ਾਂ ਦੀ ਖਾਨਾਪੂਰਤੀ ਸਬੰਧੀ ਇਤਰਾਜ਼ ਲਾਏ ਜਾਣ ਪਰ ਆਮ ਬੁੱਧੀ ਰੱਖਣ ਵਾਲੇ ਵਿਅਕਤੀ ਵੀ ਇਹ ਸੋਚ ਸਕਦੇ ਹਨ ਕਿ ਇਹ ਇਤਰਾਜ਼ ਕਿਉਂ ਲਾਏ ਜਾ ਰਹੇ ਹਨਸਾਫ ਹੈ ਕਿ ਮੱਕਾਰਲੀਡਰ ਅਜੇ ਵੀ ਪਰਿਵਾਰ ਨੂੰ ਝੁਕਾਉਣ ਅਤੇ ਤੰਗ ਕਰਨ ਵਾਲੇ ਪਾਸੇ ਤੁਰੇ ਹੋਏ ਹਨ ਤੇ ਛੁਪ ਕੇ ਵਾਰ ਕਰ ਰਹੇ ਹਨ। ਵਰਨਾ ਕਿਹੜੇ ਕਾਗਜ਼ ਹਨ ਜਿਹੜੇ ਪੂਰੇ ਨਹੀ ਕੀਤੇ ਜਾ ਸਕਦੇ ਜਾਂ ਕਿਹੜੇ ਇਤਰਾਜ਼ ਹਨ ਜਿਹੜੇ ਦੂਰ ਨਹੀ ਹੋ ਸਕਦੇ ਲੋੜ ਤਾਂ ਕੇਵਲ ਸੁਹਿਰਦਤਾ ਨਾਲ ਕੰਮ ਕਰਨ ਦੀ ਹੈ ਜਾਂ ਇਸ ਤੜਪ ਦੀ ਹੈ ਕਿ ਪਰਿਵਾਰ ਦੀ ਭਲਾਈ ਲਈ ਕੁਝ ਕਰਨਾ ਹੈ। ਸੂਬਾ ਸਰਕਾਰ ਕੋਲ ਵੀ ਅਨੇਕਾਂ ਸ਼ਕਤੀਆ ਹਨ । ਕੈਬਨਿਟ ਜਦ ਚਾਹੇ ਠੋਸ ਫੈਸਲਾ ਲੈ ਕੇ ਪਰਿਵਾਰ ਦੀ ਮਦਦ ਕਰ ਸਕਦੀ ਹੈ। ਪੰਜਾਬ ਸਰਕਾਰ ਨੂੰ ਆਪਣੇ ਲਿਖਤੀ ਵਾਅਦੇ ਮੁਤਾਬਿਕ 20 ਬੱਸਾਂ ਤਾਂ ਤੁਰੰਤ ਹੀ ਪਰਿਵਾਰ ਨੂੰ ਦੇਣੀਆਂ ਚਾਹੀਦੀਆਂ ਹਨ। ਇਹ ਕੋਈ ਅਹਿਸਾਨ ਨਹੀਂਫਰਜ਼ ਹੈ । ਜਿਸ ਦੀ ਪੂਰਤੀ ਹਰ ਹਾਲਤ ਵਿੱਚ ਹੋਣੀ ਚਾਹੀਦੀ ਹੈ।
ਅਸੀਂ ਪੰਜਾਬ ਸਰਕਾਰ ਦੇ ਮਾਨਯੋਗ ਮੁੱਖ ਮੰਤਰੀਉੱਪ ਮੁੱਖ ਮੰਤਰੀਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਦਿੱਲੀ ਸਿੱਖ ਗੁਰੁਦੁਆਰਾ ਪ੍ਰਬੰਧਕ ਕਮੇਟੀ ਤੇ ਖਾਸ ਤੋਰ ਤੇ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੂੰ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਕਿ ਪਰਿਵਾਰ ਦੇ ਦੁੱਖ ਨੂੰ ਸਮਝਦੇ ਹੋਏਉਹਨਾਂ ਦੇ ਬਣਦੇ ਹੱਕ ਤੁਰੰਤ ਦਿਵਾੳੇੁਣ ਲਈ ਅੱਗੇ ਆਉਣ ਤਾਂ ਜੋ ਇਨਸਾਨੀਅਤ ਦਾ ਝੰਡਾ ਅੱਗੇ ਤੋ ਵੀ ਬੁਲੰਦ ਰਹਿ ਸਕੇ।
ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਜੇਕਰ ਸੱਚਮੁਚ ਹੀ ਦੰਗਾ ਪੀੜ੍ਹਤਾਂ ਦੇ ਦਰਦ ਨੂੰ ਸਮਝਦੇ ਹਨਜਿਵੇਂ ਕਿ ਉੇਹਨਾਂ ਨੇ ਪਾਰਲੀਮੈਂਟ ਵਿੱਚ ਬਕਾਇਦਾ ਇਸ ਸਬੰਧੀ ਅਵਾਜ਼ ਵੀ ਉਠਾਈ ਹੈ ਤਾਂ ਉਹਨਾਂ ਨੂੰ ਤੁਰੰਤ ਇਸ ਪਾਸੇ ਵੱਲ ਧਿਆਨ ਦੇਣਾ ਚਾਹੀਦਾ ਹੈ। ਅਜਿਹੇ ਇਤਿਹਾਸਿਕ ਹੀਰੋ ਦੇ ਪਰਿਵਾਰ ਦਾ ਬਣਦਾ ਹੱਕ ਤੇ ਮਾਣ ਸਤਿਕਾਰ ਤੁਰੰਤ ਹੀ ਬਹਾਲ ਕਰਨਾ ਚਾਹੀਦਾ ਹੈ। ਸਰਕਾਰਾਂ ਤਾਂ ਆਉਂਦੀਆਂ ਜਾਂਦੀਆਂ ਹਨ ਪਰ ਸਰਕਾਰ ਵੱਲੋਂ ਕੀਤੇ ਗਏ ਚੰਗੇ ਕੰਮ ਅਤੇ ਦ੍ਰਿੜਤਾ ਨਾਲ ਲਏ ਗਏ ਫੈਸਲੇ ਹਮੇਸ਼ਾ ਹੀ ਯਾਦ ਰਹਿੰਦੇ ਹਨ।
ਪੈਸੇ ਤਾਂ ਪਹਿਲਾਂ ਵੀ ਅਨੇਕਾਂ ਕੋਲ ਸਨ ਤੇ ਹੁਣ ਵੀ ਹੋਣਗੇ । ਇਸ ਗੱਲ ਦੀ ਕੋਈ ਅਹਿਮੀਅਤ ਨਹੀਂ ਹੈ। ਇਤਿਹਾਸ ਦੇ ਪੰਨ੍ਹੇ ਖੋਲ ਕੇ ਦੇਖ ਲਓ ਕਿਤੇ ਵੀ ਅਮੀਰਾਂ ਦੇ ਨਾਮ ਨਜ਼ਰ ਨਹੀ ਆਉਣਗੇ। ਹਾਂਭਾਈ ਟੋਡਰ ਮੱਲ ਜਿਹੇ ਅਮੀਰ ਤੇ ਸ਼ਰਧਾਵਾਨਾਂ ਦਾ ਜ਼ਿਕਰ ਜਰੂਰ ਆਉਂਦਾ ਹੈ। ਉਹ ਵੀ ਉਹਨਾਂ ਦੀ ਅਮੀਰੀ ਕਰਕੇ ਨਹੀਂ ਬਲਕਿ ਇਸ ਕਰਕੇ ਹੈ ਕਿ ਉਹਨਾਂ ਨੇ ਆਪਣੇ ਪੈਸੇ ਦਾ ਉਪਯੋਗ ਸਹੀ ਕੰਮ ਲਈ ਕੀਤਾ ਸੀ। ਉਹਨਾਂ ਨੇ ਛੋਟੇ ਸਾਹਿਬਜ਼ਾਦਿਆਂ ਦੇ ਸੰਸਕਾਰ ਲਈ ਜਗ੍ਹਾ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਪ੍ਰਾਪਤ ਕੀਤੀ ਸੀਤਾਂ ਜੋ ਉਨ੍ਹਾਂ ਦਾ ਨਿਰਾਦਰ ਨਾ ਹੋ ਸਕੇ। ਵਰਨਾ ਉਸ ਸਮੇਂ ਅਮੀਰ ਤਾਂ ਹਜ਼ਾਰਾਂ ਹੋਣਗੇ ਪਰ ਕਿਸੇ ਇੱਕ ਦਾ ਨਾਂ ਵੀ ਇਤਿਹਾਸ ਦੇ ਪੰਨ੍ਹੇ ਫਰੋਲਣ ਤੇ ਨਹੀ ਮਿਲੇਗਾ। ਇਸ ਲਈ ਗੱਲ ਪੈਸੇ ਦੀ ਨਹੀਂ ਸਤਿਕਾਰ ਤੇ ਇੱਜ਼ਤ ਦੀ ਹੁੰਦੀ ਹੈ। ਇਸ ਪਰਿਵਾਰ ਦਾ ਸਤਿਕਾਰ ਤੇ ਮਾਣ ਵੀ ਪੰਜਾਬ ਸਰਕਾਰ ਤੇ ਸਿੱਖ ਸੰਸਥਾਵਾਂ ਨੂੰ ਅੱਗੇ ਆ ਕੇ ਬਚਾਉਣਾ ਚਾਹੀਦਾ ਹੈ ਵਰਨਾ ਇਤਿਹਾਸ ਉਹਨਾਂ ਨੂੰ ਕਦੇ ਵੀ ਮੁਆਫ਼ ਨਹੀ ਕਰੇਗਾ।
ਮਨ ਅੱਜ ਉਦਾਸ ਹੈਗੰਭੀਰ ਹੈ ਤੇ ਚਿੰਤਤ ਵੀ ਕਿ ਪਤਾ ਨਹੀਂ ਕਦੋਂ ਸਾਡੀ ਕੌਮ ਦੇ ਰਹਿਬਰ ਇਸ ਮਹਾਨ ਪਰਿਵਾਰ ਨੂੰ ਉਸਦਾ ਬਣਦਾ ਹੱਕ ਤੇ ਮਾਣ ਸਨਮਾਨ ਬਹਾਲ ਕਰਵਾਉਣ ਵਿੱਚ ਕਾਮਯਾਬ ਹੋਣਗੇ।
ਵਾਹਿਗੂਰੁ ! ਸਭਨਾਂ ਨੂੰ ਸੁਮੱਤ ਬਖਸ਼ੇ!
****
ਮੋਬਾਇਲ : 95015-88998